.

“ਰਾਗਮਾਲਾ ਬਾਰੇ ਵਿਚਾਰ ਚਰਚਾ”

ਅਵਤਾਰ ਸਿੰਘ ਮਿਸ਼ਨਰੀ (510-432-5827)

ਰਾਗਮਾਲਾ ਦਾ ਵਿਵਾਦ ਬਹੁਤ ਪੁਰਾਨਾ ਹੈ ਸਮੇਂ ਸਮੇਂ ਸਿਰ ਇਸ ਤੇ ਪਹਿਲੇ ਵੀ ਚਰਚਾ ਹੁੰਦੀ ਰਹੀ ਹੈ। ਭਾਈ ਰਣਧੀਰ ਸਿੰਘ ਅਤੇ ਭਾਈ ਵੀਰ ਸਿੰਘ ਵੇਲੇ ਤਾਂ ਇਹ ਚਰਚਾ ਸਿਖਰਾਂ ਤੇ ਸੀ ਅਤੇ ਸਿੱਖ ਰਹਿਤ ਮਰਯਾਦਾ ਬਣਨ ਵੇਲੇ ਬਕਾਇਦਾ ਰਾਗਮਾਲਾ ਦਾ ਸਖਤ ਵਿਰੋਧ ਹੋਇਆ। ਉਸ ਤੋਂ ਬਾਅਦ ਵੀ ਹੁਣ ਤੱਕ ਵਿਦਵਾਨ ਗਾਹੇ ਬਗਾਹੇ ਇਸ ਤੇ ਚਰਚਾ ਕਰਦੇ ਰਹਿੰਦੇ ਹਨ। ਹੁਣੇ ਹੀ ਕੁਝ ਦਿਨ ਪਹਿਲੇ ਇੱਕ ਵਿਦਵਾਨ ਸੱਜਨ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਨੇ ਇਸ ਬਾਰੇ ਆਪਣੇ ਲੇਖ ਵਿੱਚ ਬੜੇ ਵਿਸਥਾਰ ਨਾਲ ਦਲੀਲਾਂ ਅਤੇ ਇਤਹਾਸਕ ਹਵਾਲਿਆਂ ਨਾਲ ਚਰਚਾ ਛੇੜੀ ਹੈ। ਦਾਸ ਵੀ ਗੁਰਮਤਿ ਸਿਧਾਂਤਾਂ ਅਤੇ ਉਸ ਚਰਚਾ ਨੂੰ ਮੁੱਖ ਰੱਖਕੇ ਇਸ ਬਾਰੇ ਕੁਝ ਵਿਚਾਰ ਲਿਖ ਰਿਹਾ ਹੈ। ਆਸ ਕਰਦਾ ਹਾਂ ਕਿ ਪਾਠਕ, ਪੰਥਕ ਸੱਜਨ ਅਤੇ ਵਿਦਵਾਂਨ ਇਸ ਨੂੰ ਗਹੁ ਨਾਲ ਵਿਚਾਰਨਗੇ।

ਮਹਾਂਨ ਕੋਸ਼ ਅਨੁਸਾਰ ਰਾਗਮਾਲਾ ਭਾਵ ਰੰਗੀਨ ਮਾਲਾ, ਰੰਗ-ਬਰੰਗੀ ਮਾਲਾ, ਜੜਾਊ ਹਾਰ ਜਾਂ ਐਸੀ ਰਚਨਾਂ ਜਿਸ ਵਿੱਚ ਰਾਗਾਂ ਦੀ ਨਾਮਾਵਲੀ ਹੋਵੇ। ਮਾਧਵਾਨਲ ਸੰਗੀਤਕ ਆਲਮ ਦੀ ਕ੍ਰਿਤ ਹਿੰਦੀ ਅਨੁਵਾਦ ਵਿੱਚ 63ਵੇਂ ਛੰਦ ਤੋਂ 72ਵੇਂ ਛੰਦ ਤੀਕ ਦਾ ਪਾਠ, ਜਿਸ ਵਿੱਚ ਛੇ ਰਾਗਾਂ ਦੀਆਂ ਪੰਜ ਪੰਜ ਰਾਗਣੀਆਂ ਅਤੇ ਅੱਠ ਅੱਠ ਪੁੱਤ੍ਰ ਦੱਸੇ ਹਨ। ਵਿਦਵਾਨ ਕਵੀ ਭਾਈ ਸੰਤੋਖ ਸਿੰਘ ਜੀ ਵੀ ਲਿਖਦੇ ਹਨ ਕਿ-ਰਾਗਮਾਲਾ ਗੁਰ ਕੀ ਕ੍ਰਿਤ ਨਾਹਿ ਮੁੰਦਾਵਣੀ ਲਗਿ ਗੁਰ ਬੈਣ॥ (ਗੁਰ ਪ੍ਰਤਾਪ ਸੂਰਜ) ਜੇ ਰਾਗ ਮਾਲਾ ਕਿਸੇ ਗੁਰੂ, ਭਗਤ, ਭੱਟ ਜਾਂ ਗੁਰਸਿੱਖ ਦੀ ਲਿਖੀ ਹੁੰਦੀ ਤਾਂ ਇਸ ਦੇ ਸਿਰਲੇਖ ਤੇ ਮਹੱਲਾ, ਭਗਤ, ਭੱਟ ਜਾਂ ਗੁਰਸਿੱਖ ਦਾ ਨਾਮ ਜਾਂ ਅਖੀਰ ਤੇ "ਨਾਨਕ" ਨਾਮ ਦੀ ਮੋਹਰ ਆਉਣੀ ਸੀ। ਜੇ ਰਾਗਾਂ ਦਾ ਤਤਕਰਾ ਹੁੰਦਾ ਤਾਂ ਕ੍ਰਮਵਾਰ ਗੁਰੂ ਗ੍ਰੰਥ ਸਾਹਿਬ ਵਿਖੇ ਲਿਖੇ ਰਾਗ ਆਉਣੇ ਸੀ। ਗੁਰੂ ਗ੍ਰੰਥ ਸਾਹਿਬ ਵਿਖੇ ਤਾਂ ਸ੍ਰੀ ਰਾਗ ਨੂੰ ਪਹਿਲ ਹੈ-ਰਾਗਾਂ ਵਿਚਿ ਸ੍ਰੀ ਰਾਗ ਹੈ॥ (ਗੁਰੂ ਗ੍ਰੰਥ) ਪਰ ਰਾਗਮਾਲਾ ਕਹਿੰਦੀ ਹੈ-ਪ੍ਰਥਮ ਰਾਗ ਭੈਰਉਂ ਵੈ ਕਰਹੀਂ॥ (ਰਾਗਮਾਲਾ)

ਬਾਕੀ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਨੇ ਆਪਣੇ ਲੇਖ ਵਿੱਚ ਦਲੀਲਾਂ ਤੇ ਇਤਹਾਸਕ ਹਵਾਲਿਆਂ ਨਾਲ ਸ਼ਪਸ਼ਟ ਕਰ ਦਿੱਤਾ ਹੈ ਕਿ ਮਾਧਵਾ ਨਲ ਅਤੇ ਕਾਂਮ ਕੰਧਲਾ ਜੋ ਆਸ਼ਕ ਗਵੱਈਏ ਹੋਏ ਹਨ ਜੋ ਰਾਜ ਦਰਬਾਰਾਂ ਵਿੱਚ ਕਾਮਕ ਨਾਚ ਕਰਦੇ ਅਤੇ ਗਾਉਂਦੇ ਸਨ, ਰਾਗਮਾਲਾ ਉਨ੍ਹਾਂ ਦੀ ਰਚਨਾ ਹੈ। ਗੁਰੂ ਗ੍ਰੰਥ ਵਿਖੇ ਪਾ ਦਿੱਤੀ ਗਈ ਰਾਗਮਾਲਾ ਨਾਲ ਉਨ੍ਹਾਂ ਦੀ ਰਚਨਾ ਦੇ ਬੰਦ ਹੂ-ਬਾਹੂ ਮਿਲਦੇ ਹਨ। ਬਾਕੀ ਭਾ. ਕਾਨ੍ਹ ਸਿੰਘ ਨਾਭਾ ਵੀ ਲਿਖਦੇ ਹਨ ਕਿ ਸਮਾਪਤੀ ਦੀ ਮੋਹਰ ਮੁੰਦਾਵਣੀ ਹੈ। ਉਹ ਲਿਖਦੇ ਹਨ ਕਿ ਪੁਰਾਤਨ ਸਮੇਂ ਰਾਜੇ ਲਈ ਜੋ ਭੋਜਨ ਰਾਜ ਦਰਬਾਰਾ ਵਿੱਚ ਜਾਂਦਾ ਸੀ ਉਹ ਸੀਲ ਮੋਹਰ ਕਰਕੇ ਭਾਵ (ਮੁੰਦ ਕੇ) ਜਾਂਦਾ ਸੀ ਤਾਂ ਕਿ ਕੋਈ ਦੁਸ਼ਮਣ ਦੋਖੀ ਉਸ ਵਿੱਚ ਜ਼ਹਿਰ ਨਾਂ ਰਲਾ ਦੇਵੇ। ਇਵੇਂ ਹੀ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ, ਗੁਰਬਾਣੀ ਰੂਪ ਆਤਮ ਭੋਜਨ ਜੋ ਹੈ ਉਸ ਵਿੱਚ ਕੋਈ ਗੁਰੂ ਦੋਖੀ ਕੱਚੀ ਬਾਣੀ ਦਾ ਜ਼ਹਿਰ ਨਾਂ ਰਲਾ ਦੇਵੇ, ਇਸ ਲਈ "ਮੁੰਦਾਵਣੀ" ਦੀ ਮੋਹਰ ਲਗਾ ਦਿੱਤੀ।

ਸਿੱਖ ਰਹਿਤ ਮਰਯਾਦਾ ਬਣਨ ਵੇਲੇ ਵੀ ਵਿਦਵਾਨਾਂ ਨੇ ਖੋਜ ਕਰਕੇ ਸਾਬਤ ਕਰ ਦਿੱਤਾ ਕਿ ਇਹ ਰਚਨਾ ਗੁਰੂ ਕ੍ਰਿਤ ਨਹੀਂ ਹੈ ਪਰ ਸ਼੍ਰੋਮਣੀ ਕਮੇਟੀ ਵਿੱਚ ਸਾਧ-ਸੰਪ੍ਰਦਾਈ ਵੜ ਜਾਣ ਕਰਕੇ, ਇਹ ਅਧੂਰਾ ਫੈਸਲਾ ਕਰ ਦਿੱਤਾ ਗਿਆ ਕਿ ਪਾਠ ਦੀ ਸਮਾਪਤੀ ਤੇ ਕੋਈ ਰਾਗਮਾਲਾ ਪੜੇ ਜਾਂ ਨਾਂ ਪੜੇ। ਇਹ ਤਾਂ ਹੁਣ ਜਾਗਰੂਕ ਪੰਥ ਨੇ ਸੋਚਣਾ ਹੈ ਕਿ ਜੇ ਰਾਗਮਾਲਾ ਗੁਰਬਾਣੀ ਨਹੀਂ ਤਾਂ ਸਿੱਖ ਪੜ੍ਹੇ ਹੀ ਕਿਉਂ? ਅਤੇ ਗੁਰੂ ਗ੍ਰੰਥ ਸਾਹਿਬ ਵਿਖੇ ਐਸੀ ਆਸ਼ਕਾਂ ਦੀ ਕੱਚੀ ਰਚਨਾ ਛਾਪੀ ਹੀ ਕਿਉਂ ਜਾਵੇ? ਹੁਣ ਵੀ ਅਖੰਡ ਕੀਰਤਨੀ ਜਥਾ ਅਤੇ ਜਾਗਰਤ ਜਥੇਬੰਦੀਆਂ ਰਾਗਮਾਲਾ ਨਹੀਂ ਪੜ੍ਹਦੀਆਂ। ਇਸ ਰਾਗਮਾਲਾ ਦਾ ਸਾਰਾ ਝਗੜਾ ਪਾਠਾਂ ਦੇ ਭੋਗ ਪੌਣ ਤੇ ਹੀ ਪੈਂਦਾ ਹੈ। ਜੇ ਬ੍ਰਾਹਮਣੀ ਤਰੀਕੇ ਨਾਲ ਤੋਤਾ ਰਟਨੀ ਪਾਠਾਂ ਜਾਂ ਅਖੰਡ ਪਾਠਾਂ ਦੇ ਭੋਗ ਹੀ ਨਾਂ ਪਾਏ ਜਾਣ ਸਗੋਂ ਗੁਰਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਦਾ ਪ੍ਰਵਾਹ ਹੀ ਜਾਰੀ ਰੱਖਿਆ ਜਾਵੇ ਤਾਂ "ਰਾਗਮਾਲਾ ਰੂਪ ਆਸ਼ਕਾਂ ਦੀ ਰਚਨਾਂ" ਤੋਂ ਪੰਥ ਦਾ ਖਹਿੜਾ ਛੁੱਟ ਸਕਦਾ ਹੈ।

ਸਿੱਖ ਰਹਿਤ ਮਰਯਾਦਾ ਵਿਖੇ ਅਧੂਰੇ ਫੈਸਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਸੋਧਣ ਦੀ ਅਤਿਅੰਤ ਲੋੜ ਹੈ। ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਭਾੜੇ ਦੇ ਪਾਠੀਆਂ ਜਾਂ ਪੁਜਾਰੀਆਂ ਤੋਂ ਪਾਠ ਕਰਾਉਣ ਦੀ ਬਜਾਏ ਆਪ ਪੜ੍ਹ, ਸਮਝ, ਵਿਚਾਰ ਅਤੇ ਧਾਰ ਕੇ ਜੀਵਨ ਵਿੱਚ ਲਾਗੂ ਕੀਤਾ ਜਾਵੇ ਤਾਂ ਹੀ ਹੋ ਸਕਦਾ ਹੈ ਵਰਨਾ ਪੁਜਾਰੀਆਂ ਅਤੇ ਅੰਧਵਿਸ਼ਵਾਸ਼ੀਆਂ ਦੇ ਡਰ ਨਾਲ ਪਾਣੀ ਵਿੱਚ ਮਧਾਣੀ ਹੀ ਪਈ ਰਹਿਣੀ ਹੈ। ਸਿੱਖਾਂ ਨੂੰ ਇਹ ਗੱਲ ਪੱਕੀ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਸਾਡੇ ਸਰਬ ਸ੍ਰੇਸ਼ਟ ਗਿਆਨ ਦਾਤਾ ਸਰੋਤ ਗੁਰੂ ਗ੍ਰੰਥ ਸਾਹਿਬ ਜੀ ਹਨ ਨਾਂ ਕਿ ਕੋਈ ਸਾਧ, ਸੰਤ, ਡੇਰਦਾਰ, ਸੰਪ੍ਰਦਾਈ, ਟਕਸਾਲੀ, ਧਰਮ ਅਸਥਾਨਾਂ ਦੇ ਬਣਾ ਦਿੱਤੇ ਗਏ ਜਾਂ ਆਪੂੰ ਬਣ ਬੈਠੇ ਪੁਜਾਰੀ ਜੋ ਆਏ ਦਿਨ ਗੁਰਮਤਿ ਨੂੰ ਕਰਮਕਾਂਢੀ ਬਣਾ ਕੇ ਇਸ ਦਾ ਭਗਵਾਕਰਨ ਕਰੀ ਕਰਾਈ ਜਾ ਰਹੇ ਹਨ। ਜੇ ਸਿੱਖ ਸੱਚੇ ਦਿਲੋਂ "ਗੁਰੂ ਗ੍ਰੰਥ ਸਾਹਿਬ" ਦੀ ਸੱਚੀ ਬਾਣੀ ਤੇ ਅਮਲ ਕਰਨ ਲੱਗ ਜਾਣ ਤਾਂ ਗੁਰਮਤਿ ਸਿਧਾਂਤਾਂ ਵਿਰੋਧੀ ਕੱਚੀਆਂ ਰਚਨਾਵਾਂ ਜਾਂ ਗ੍ਰੰਥਾਂ ਦੀਆਂ ਮਾਲਾਵਾਂ ਤੋਂ ਛੁਟਕਾਰਾ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਰੂਪ ਰੱਬੀ ਮਾਲਾ ਦੇ ਸੁਨਹਿਰੀ ਮਣਕੇ ਬਣਕੇ ਇਸ ਦੀ ਸਿਖਿਆ ਰੂਪ ਆਭਾ ਨੂੰ ਸੰਸਾਰ ਵਿੱਚ ਫੈਲਾ ਸਕਦੇ ਹਨ।

(ਨੋਟ:- ਰਾਗਮਾਲਾ ਬਾਰੇ ਸ: ਸਰਬਜੀਤ ਸਿੰਘ ਦਾ ਲੇਖ ਪਿਛਲੇ ਸਾਲ ਦਾ ਸਿੱਖ ਮਾਰਗ ਤੇ ਛਪਿਆ ਹੋਇਆ ਹੈ ਅਤੇ ਹੋਰ ਵੀ ਕਈ ਲੇਖ ਇਸ ਬਾਰੇ ਪਹਿਲਾਂ ਛਪੇ ਹੋਏ ਹਨ। ਜਿਹਨਾ ਦੇ ਕੁੱਝ ਕੁ ਲਿੰਕ ਹੇਠਾਂ ਦਿੱਤੇ ਜਾ ਰਹੇ ਹਨ-ਸੰਪਾਦਕ)
http://www.sikhmarg.com/2012/0805-ragmala-da-sarot.html

http://www.sikhmarg.com/2011/0102-poori-ragmala.html

http://www.sikhmarg.com/2013/0901-raagmala.html

http://www.sikhmarg.com/rag-mala01.html

http://www.sikhmarg.com/2006/0528-ragmala-parchol01.html

http://www.sikhmarg.com/2006/0604-ragmala-parchol02.html

http://www.sikhmarg.com/2006/0611-ragmala-parchol03.html

http://www.sikhmarg.com/2006/0618-ragmala-parchol04.html

http://www.sikhmarg.com/2006/0625-ragmala-parchol05.html




.