.


07/23/17
ਸਰਵਜੀਤ ਸਿੰਘ ਸੈਕਰਾਮੈਂਟੋ

ਸ. ਅਨੁਰਾਗ ਸਿੰਘ ਦੇ ਸ਼ੰਕਿਆਂ ਦਾ ਜਵਾਬ
ਸ. ਅਨੁਰਾਗ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਆਪ ਦੀ ਇਕ ਲਿਖਤ (21 ਜੁਲਾਈ) ਪੜ੍ਹਨ ਨੂੰ ਮਿਲੀ, ਜਿਸ ਵਿੱਚ ਆਪ ਨੇ ਦੋ ਤਾਰੀਖ਼ਾਂ ( ਗੁਰੂ ਨਾਨਕ ਜੀ ਦੇ ਜੋਤੀ ਜੋਤ ਅਤੇ ਗੁਰੂ ਅੰਗਦ ਜੀ ਦੀ ਗੁਰਗੱਦੀ ਦੀ ਤਾਰੀਖ) ਦਾ ਜਿਕਰ ਕੀਤਾ ਹੈ। ਇਸੇ ਲਿਖਤ ਵਿਚ ਤੁਸੀਂ ਮੇਰੇ ਸਮੇਤ ਸ. ਸਤਪਾਲ ਸਿੰਘ ਪੁਰੇਵਾਲ ਅਤੇ ਸ. ਇਕਬਾਲ ਸਿੰਘ ਦਾ ਨਾਮ ਵੀ ਦਰਜ ਕੀਤਾ ਹੈ। ਸ. ਇਕਬਾਲ ਸਿੰਘ ਕੌਣ ਹਨ? ਇਸ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ। ਰਹੀ ਗੱਲ ਤੁਹਾਡੀ ਸ਼ਬਦਾਵਲੀ ਦੀ! ਇਸ ਬਾਰੇ ਤਾਂ ਮੈਂ ਸਮਝਦਾ ਹਾਂ ਕਿ ਤੁਹਾਡਾ ਕੋਈ ਦੋਸ਼ ਨਹੀ ਹੈ। ਜਿਹੋ ਜਿਹੀ ਸਿੱਖਿਆ ਤੂਹਾਨੂੰ, ਤੁਹਾਡੇ ਮਾਤਾ-ਪਿਤਾ ਨੇ ਦਿੱਤੀ ਹੈ ਉਹੋ ਜਿਹੀ ਬੋਲੀ ਹੀ ਤੁਸੀਂ ਲਿਖ ਅਤੇ ਬੋਲ ਰਹੇ ਹੋ।
ਤੁਹਾਡੀ ਲਿਖਤ ਦਾ ਸਬੰਧਿਤ ਹਿੱਸਾ ਉਨ੍ਹਾਂ ਪਾਠਕਾਂ ਦੀ ਜਾਣਕਾਰੀ ਲਈ ਪੇਸਟ ਕਰ ਰਿਹਾ ਹਾਂ ਜਿਨ੍ਹਾਂ ਨੇ ਇਸ ਲਿਖਤ ਨੂੰ ਨਹੀ ਪੜਿਆ।
ATTENTION BLUE TURBANED COMRADE PUREWAL IS PLAYING THE LAST GAMBLE OF HIS LIFE: Part:1
-------------------------------------------------------------
Mr.Sarabjit Singh Sacramento, Satpal Singh Purewal, Iqbal Singh and other for you to respond:
Your Calendar God has given Fake Dates Of Ascension of Guru Nanak Dev Ji and Accession (Gurgaddi Diwas of Guru Angad Dev Ji as follows in his plagiarised version of Indian National Saka Calendar, encased in the sacred name of Guru Nanak Dev Ji:
(1)Date of Ascension(Joti-Jot) of Guru Nanak Dev Ji:22nd September.
(2)Date of Accession(Gurgadi) of Guru Angad Dev Ji:18th September.

Now see the date of Ascension of Guru Nanak Dev Ji, recorded in an old Codex of Guru Granth Sahib(Har Sudi 2,1762Bk/ June 12,1705CE), recorded in Bikrami Samvat:Asu Vadi 10,1596Bk/September 7 1539CE.This calculation is according to Purewal's Jantari 500 Years.(Copies of Relevant pages of Guru Granth Sahib and Purewal's Jantari 500 Years enclosed).
Bhai Gurdas clearly states:"Thapia Lenina jivandia ", but wonders of wonders your magician has fixed imaginary dates of both the events, not available in any historical record. Historically Guru Nanak Dev JI'S Ascension took place on September 7,1539CE and surprisingly he installs Guru Angad as his successor 11 days after his Joti-Joti Divas.

ਸ. ਅਨੁਰਾਗ ਸਿੰਘ ਜੀ, ਆਪ ਦਾ ਮੰਨਣਾ ਹੈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਅਤੇ ਗੁਰੂ ਅੰਗਦ ਜੀ ਦੀ ਗੁਰਗੱਦੀ ਦੀਆਂ ਤਾਰੀਖ਼ਾਂ ਗਲਤ ਹਨ। ਆਓ ਇਨ੍ਹਾਂ ਬਾਰੇ ਵਿਚਾਰ ਕਰੀਏ।
ਤੁਸੀਂ ਮੰਨਦੇ ਹੋ ਕਿ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ,
“Asu Vadi 10,1596Bk/September 7 1539CE” ਹੈ। (1539 ਈ:, ਸੀ: ਈ: ਨਹੀ ਜੂਲੀਅਨ ਹੈ) ਮੈਂ ਵੀ ਇਸ ਤਾਰੀਖ ਨਾਲ ਸਹਿਮਤ ਹਾਂ। ਸ ਪਾਲ ਸਿੰਘ ਜੀ ਵੱਲੋਂ ਬਣਾਈ 500 ਸਾਲਾਂ ਜੰਤਰੀ ਦੇ ਪੰਨੇ ਦੀ ਆਪ ਨੇ ਫ਼ੋਟੋ ਵੀ ਭੇਜੀ ਹੈ ਉਸ ਉਪਰ ਵੀ ਅੱਸੂ ਵਦੀ 10 ਦੇ ਨਾਲ 7 ਸਤੰਬਰ (ਜੂਲੀਅਨ) ਹੀ ਛਪਿਆ ਹੋਇਆ ਹੈ। ਪਰ! ਇਸ ਦੇ ਨਾਲ ਹੀ ਉਥੇ 8 ਅੱਸੂ ਵੀ ਛਪਿਆ ਹੋਇਆ ਹੈ। ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਜੇ ਆਪ ਨੇ ਪੜੀ ਹੁੰਦੀ ਤਾਂ ਤੁਹਾਨੂੰ ਇਨ੍ਹਾਂ ਤਾਰੀਖ਼ਾਂ ਬਾਰੇ ਗਲਤ ਬਿਆਨੀ ਨਹੀਂ ਸੀ ਕਰਨੀ ਪੈਣੀ। ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਇਹ ਗੱਲ ਬਹੁਤ ਹੀ ਸਪੱਸ਼ਟ ਲਿਖੀ ਹੋਈ ਹੈ ਕਿ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰਖਿਆ ਜਾਵੇਗਾ”। ਅੱਸੂ ਵਦੀ 10, 1596 ਬਿ: ਮੁਤਾਬਕ, ੮ ਅੱਸੂ, 7 ਸਤੰਬਰ (ਜੂਲੀਅਨ) ਸੀ। ਕੈਲੰਡਰ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 8 ਅੱਸੂ ਨੂੰ ਮੁੱਖ ਰੱਖਿਆ ਗਿਆ ਹੈ ਅਤੇ ਨਾਨਕਸ਼ਾਹੀ ਕੈਲੰਡਰ ਵਿਚ ਅੱਜ ਵੀ 8 ਅੱਸੂ ਹੀ ਦਰਜ ਹੈ। ਜੋ ਕੇ ਹਰ ਸਾਲ 22 ਸਤੰਬਰ ਨੂੰ ਆਉਂਦੀ ਹੈ।
ਸ. ਅਨੁਰਾਗ ਸਿੰਘ ਜੀ, ਤੁਹਾਨੂੰ ਪਿਛਲੇ ਦੋ ਦਹਾਕਿਆਂ ਵਿਚ ਇਸ ਨੁਕਤੇ ਦੀ ਸਮਝ ਨਹੀ ਆਈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 7 ਸਤੰਬਰ ਜੂਲੀਅਨ ਤੋਂ 22 ਸਤੰਬਰ ਗਰੈਗੋਰੀਅਨ ਕਿਵੇਂ ਹੋ ਗਈ ਹੈ। ਪਾਠਕਾਂ ਦੀ ਜਾਣਕਾਰੀ ਬੇਨਤੀ ਹੈ ਮਈ 2003 ਦੇ ਸੰਤ ਸਿਪਾਹੀ ਵਿਚ ਪੰਨਾ 23 ਤੇ ਛਪੇ ਇਕ ਲੇਖ ਵਿਚ ਵੀ ਅਨੁਰਾਗ ਸਿੰਘ ਨੇ ਇਹ ਹੀ ਗੱਲ ਲਿਖੀ ਸੀ , ਉਸ ਤੋਂ ਪਿੱਛੋਂ ਕਈ ਵਾਰ ਇਹ ਲਿਖ ਚੁਕੇ ਹਨ। ਇਸ ਦਾ ਜਵਾਬ ਮੈਂ ਫਰਵਰੀ 2015 ਨੂੰ ਦਿੱਤਾ ਸੀ। ਅੱਜ ਫੇਰ ਬੇਹੀ ਕੜੀ `ਚ ਉਬਾਲ ਆਇਆ ਹੈ। ਅਨੁਰਾਗ ਸਿੰਘ ਜੀ ਤੁਸੀਂ ਅੱਜ ਤਾਈ ਅੱਸੂ ਸੁਦੀ 10 ਮੁਤਾਬਕ 22 ਸਤੰਬਰ ਜੂਲੀਅਨ ਸਮਝ ਕੇ ਹੀ ਨਾਨਕਸ਼ਾਹੀ ਕੈਲੰਡਰ ਦਾ ਅੰਨਾ ਵਿਰੋਧ ਕਰ ਰਹੇ ਹੋ। ਜੇ ਇਹ ਤਾਰੀਖ ਅੱਸੂ ਸੁਦੀ 10 ਹੁੰਦੀ ਤਾਂ ਇਹ 23 ਅੱਸੂ ਬਣਦੀ ਹੈ ਜੋ ਨਾਨਕਸ਼ਾਹੀ ਵਿੱਚ 23 ਅੱਸੂ/7 ਅਕਤੂਬਰ ਹੋਣੀ ਸੀ। ਮੈਂ ਪਹਿਲਾ ਵੀ ਬੇਨਤੀ ਕੀਤੀ ਸੀ ਕਿ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਨੂੰ ਧਿਆਨ ਨਾਲ ਪੜ੍ਹੋ ਤਾਂ ਜੋ ਤੂਹਾਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਪਰ ਆਪ ਨੇ ਇਸ ਵੱਲ ਧਿਆਨ ਹੀ ਨਹੀ ਦਿੱਤਾ। ਮੇਰਾ ਇਹ ਲੇਖ ਅੱਜ ਵੀ ਸਿੱਖ ਮਾਰਗ ਤੇ ਪੜ੍ਹਿਆ ਜਾਂ ਸਕਦਾ ਹੈ।
http://www.sikhmarg.com/2015/0208-calendar-vivad.html


ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਦੀ ਤਾਰੀਖ ਅੱਸੂ ਵਦੀ 5 / 4 ਅੱਸੂ ਹੈ। ਇਹ 4 ਅੱਸੂ ਹੀ ਨਾਨਕਸ਼ਾਹੀ ਕੈਲੰਡਰ ਵਿਚ ਦਰਜ ਹੈ ਜੋ ਹਰ ਸਾਲ 18 ਸਤੰਬਰ ਨੂੰ ਆਵੇਗੀ। ਕੀ ਤੁਹਾਨੂੰ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਦਰਜ ਇਹ ਬਹੁਤ ਹੀ ਸਧਾਰਨ ਨੁਕਤਾ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁਖ ਰਖਿਆ ਜਾਵੇਗਾ” ਸਮਝ ਨਹੀ ਆਇਆ ਜਾਂ ਤੁਸੀਂ ਜਾਣਬੁਝ ਕੇ, ਸੰਗਤਾਂ ਨੂੰ ਭੜਕਾਉਣ ਲਈ ਝੂਠ ਲਿਖ ਅਤੇ ਬੋਲ ਰਹੇ ਹੋ?

ਆਪਣੇ 22 ਜੁਲਾਈ ਦੇ ਲੇਖ ਵਿਚ ਤੁਸੀਂ ਲਿਖਿਆ ਹੈ, “ਹੁਣ ਪਾਲ ਸਿੰਘ ਪੁਰੇਵਾਲ ਦੇ ਕਾਮਰੇਡ ਸਮਰਥਕ ਹੁਣ ਦੱਸਣ ਦੀ ਖੇਚਲ ਕਰਨ ਕਿ ਕਿਵੇਂ: (1) ਗੁਰੂ ਨਾਨਕ ਦੇਵ ਜੀ 7 ਸਤੰਬਰ 1539 ਈ: ਨੂੰ ਜੋਤੀ-ਜੋਤਿ ਸਮਾਉਣ ਤੋਂ ਬਾਅਦ, ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇਣ ਲਈ 14 ਜੂਨ 1539 ਈ: ਨੂੰ ਮੁੜ ਧਰਤੀ ਤੇ ਪਹੁੰਚੇ ?”
ਅਨੁਰਾਗ ਸਿੰਘ ਜੀ, ਜੇ ਇਜਾਜ਼ਤ ਹੋਵੇ ਤਾਂ ਇਕ ਹੋਰ ਸਵਾਲ ਪੁੱਛਾਂ? ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਜੀ ਕਿ 14 ਜੂਨ ਪਹਿਲਾ ਆਉਂਦੀ ਹੈ 7 ਸਤੰਬਰ? ਜੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ 14 ਜੂਨ 1539 ਈ: (ਜੂਲੀਅਨ) ਨੂੰ ਦੇ ਦਿੱਤੀ ਸੀ ਅਤੇ ਗੁਰੂ ਨਾਨਕ ਜੀ 7 ਸਤੰਬਰ 1539 ਈ: (ਜੂਲੀਅਨ) ਨੂੰ ਜੋਤੀ ਜੋਤ ਸਮਾਏ ਸਨ ਤਾਂ ਗੁਰੂ ਨਾਨਕ ਜੀ ਮੁੜ ਧਰਤੀ ਤੇ ਆਉਣ ਦੀ ਕੀ ਲੋੜ ਸੀ?
ਆਪ ਜੀ ਲਿਖਦੇ ਹੋ,
“Historically Guru Nanak Dev JI'S Ascension took place on September 7,1539CE and surprisingly he installs Guru Angad as his successor 11 days after his Joti-Joti Divas”।
ਸ. ਅਨੁਰਾਗ ਸਿੰਘ ਜੀ, ਮੈਨੂੰ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਈ ਕਿ ਤੁਸੀਂ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੇ ਫਰਕ ਨੂੰ ਸਮਝਣ ਤੋਂ ਵੀ ਅਸਮਰੱਥ ਹੋ! 7 ਸਤੰਬਰ 1539 ਈ: ਇਹ ਜੂਲੀਅਨ ਦੀ ਤਾਰੀਖ ਹੈ। 18 ਸਤੰਬਰ ਗਰੈਗੋਰੀਅਨ ਦੀ ਤਾਰੀਖ ਹੈ। ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਦੀ ਤਾਰੀਖ ਅੱਸੂ ਵਦੀ 5 / 4 ਅੱਸੂ ਮੁਤਾਬਕ 3 ਸਤੰਬਰ ਜੂਲੀਅਨ ਬਣਦੀ ਹੈ। ਜੋ ਕਿ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ (7 ਸਤੰਬਰ ਜੂਲੀਅਨ) ਤੋਂ ਪਹਿਲਾ ਦੀ ਬਣਦੀ ਹੈ। ਨਾਨਕਸ਼ਾਹੀ ਕੈਲੰਡਰ ਵਿਚ ਇਹ ਤਾਰੀਖ , 4 ਅੱਸੂ/ 18 ਸਤੰਬਰ (ਗਰੈਗੋਰੀਅਨ) ਦਰਜ ਹੈ ਜਦੋਂ ਕਿ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 8 ਅੱਸੂ/ 22 ਸਤੰਬਰ (ਗਰੈਗੋਰੀਅਨ) ਦਰਜ ਹੈ।
ਸ. ਅਨੁਰਾਗ ਸਿੰਘ ਜੀ, ਬਹੁਤ ਹੀ ਅਫ਼ਸੋਸ ਨਾਲ ਮੈਨੂੰ ਲਿਖਣਾ ਪੈ ਰਿਹਾ ਹੈ ਤੁਹਾਨੂੰ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੇ ਫਰਕ ਦੀ ਤਾਂ ਸਮਝ ਹੈ ਨਹੀਂ, ਤੁਸੀਂ ਅਲੋਚਨਾ ਕਰ ਰਹੇ ਹੋ ਸ. ਪਾਲ ਸਿੰਘ ਪੁਰੇਵਾਲ ਦੀ। ਧੰਨ ਹੋ ਤੁਸੀਂ ਅਤੇ ਧੰਨ ਹਨ ਤੁਹਾਨੂੰ ਵਿਦਵਾਨ ਸਮਝਣ ਵਾਲੇ।
ਸਰਵਜੀਤ ਸਿੰਘ ਸੈਕਰਾਮੈਂਟੋ
7 ਸਾਵਣ 549 ਨਾਨਕਸ਼ਾਹੀ (7/22/2017)


07/23/17
ਆਤਮਜੀਤ ਸਿੰਘ, ਕਾਨਪੁਰ

ਨਾਮ ਜਪੋ - ਕਿਰਤ ਕਰੋ - ਵੰਡ ਛਕੋ
-------------------------
ਕੋਈ ਵਿਰਲਾ ਹੀ ਹੋਵੇਗਾ ਜੋ ਇਸ ਸਿਧਾਂਤ ਤੋਂ ਵਾਕਿਫ ਨਾ ਹੋਵੋ। ਹਰ ਕੋਈ ਇਸ ਸਿਧਾਂਤ ਨੂੰ ਜਾਂਣਦਾ ਅਤੇ ਸਮਝਦਾ ਹੈ ਆਉ ਇਸ ਸਿਧਾਂਤ ਨੂੰ ਗੁਰਮਤਿ ਦੀ ਦ੍ਰਿਸਟੀ ਵਿਚ ਸਮਝਣ ਦਾ ਜਤਨ ਕਰੀਏ।

ਨਾਮ ਜਪੋ -
ਅਕਸਰ ਵੇਖਣ ਵਿਚ ਆਉਂਦਾ ਹੈ ਕਿ ਇਕ ਅੱਖਰ ਦੇ ਵਾਰ ਵਾਰ ਰਟਨ ਨੂੰ ਨਾਮ ਆਖਿਆ ਜਾਂਦਾ ਹੈ, ਜਦ ਕਿ 'ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਨਾ ਹੀ ਅਸਲ ਵਿਚ 'ਨਾਮ ਹੈ। ਇਕਲੇ ਇਕ ਅੱਖਰ ਦੇ ਵਾਰ ਵਾਰ ਰਟਨ ਵਾਲੀ ਪ੍ਰਣਾਲੀ ਗੁਰਬਾਣੀ ਅਨੁਸਾਰ ਖਰੀ ਨਹੀਂ ਉਤਰਦੀ।
ਗੁਰਬਾਣੀ ਅਨੁਸਾਰ ਨਾਮੁ ਦੀ ਪਰਿਭਾਸ਼ਾ ਇਹ ਹੈ ਕੇ …
ਜੇਹਾ ਡਿਠਾ ਮੈ ਤੇਹੋ ਕਹਿਆ ॥ ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੯੭}

ਜੇ ਕਿਸੇ ਨੇ ਸਾਹਿਬ ਨੂੰ ਦਿਆਲੂ ਆਖਿਆ ਤਾ ਸਾਹਿਬ ਦੀ ਦਿਆਲਤਾ ਵੇਖ ਦਿਆਲੂ ਆਖਿਆ। ਜੇ ਕਿਸੇ ਨੇ ਸਾਹਿਬ ਨੂੰ ਗੋਬਿੰਦ ਆਖਿਆ ਤਾ ਸਾਹਿਬ ਦੀ ਸਾਰੀ ਕਾਇਨਾਤ ਦੀ ਬਣਤਰ ਨੂੰ ਵੇਖ ਕੇ ਗੋ-ਬਿੰਦ ਆਖਿਆ। ਜੇ ਕਿਸੇ ਨੇ ਸਾਹਿਬ ਨੂੰ ਕ੍ਰਿਪਾਲੂ ਆਖਿਆ ਤਾ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਕ੍ਰਿਪਾਲੂ ਆਖਿਆ।
ਇਸ ਲਈ ਗੁਰਬਾਣੀ ਨੇ ਨਾਮੁ ਬਾਰੇ ਆਖ ਦਿੱਤਾ
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੨੩੯}


ਸਾਰੀ ਗੁਰਬਾਣੀ ਅਸਲ ਵਿਚ ਨਾਮੁ ਹੈ।

ਕਿਰਤ ਕਰੋ -
ਕਿਰਤ ਕਰੋ ਦੇ ਅੱਖਰੀ ਅਰਥ ਹਨ ਕੰਮ ਕਰਨਾ, ਕਾਜ ਕਰਨਾ ।
ਹੁਣ ਇਥੇ ਲੋੜ ਹੈ ਕਾਜ ਦੀ ਪਛਾਣ ਦੀ ਕਿਉ ਕੇ ਕਾਜ ਤਾ ਵਿਕਰਮੀ ਵਾਲਾ ਵੀ ਕਰਦਾ ਹੈ ਅਤੇ ਸੁਕਰਮੀ ਵਾਲਾ ਵੀ ਕਰਦਾ ਹੈ। ਹੋਰ ਸੌਖੇ ਲਵਜਾ ਵਿਚ ਚੋਰ ਦੀ ਚੋਰੀ ਕਰਨਾ ਵੀ ਤਾ ਉਸਦਾ ਕਾਜ ਹੈ।
ਸੋ ਆਉ ਗੁਰੂ ਜੀ ਕੋਲੋਂ ਪੁੱਛਦੇ ਹਾਂ ਕੇ ਕਿਹੜੀ ਕਿਰਤ ਕਰਨੀ ਹੈ
ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥ ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੪੬੬}


ਦਰਅਸਲ ਸਿੱਖੀ ਦੇ ਵਿਹੜੇ ਵਿਚ "ਸੁਕ੍ਰਿਤ" ਪ੍ਰਧਾਨ ਹੈ ਕਿਉਂਕਿ ਸੁਕ੍ਰਿਤ ਪਿੱਛੇ ਸੁਕਰਮ ਖੜਾ ਹੋਂਦਾ ਹੈ।

ਵੰਡ ਛਕੋ -
ਵੰਡ ਛਕੋ ਤੋਂ ਭਾਵ ਹੈ ਵੰਡ ਕੇ ਛਕਣਾ, ਪਰ ਵੰਡ ਛਕਣ ਦਾ ਸਬੰਧ ਦਸਵੰਦ ਨਾਲ ਜਿਆਦਾ ਜੋੜ ਕੇ ਵੇਖਿਆ ਜਾਂਦਾ ਹੈ ਇਥੇ ਇਕ ਗੱਲ ਹੋਰ ਵਿਚਾਰਨ ਯੋਗ ਹੈ ਕੇ ਜੋ ਕਮਾਈ ਅਸੀਂ ਕੀਤੀ ਹੈ ਭਾਵ ਗੁਰਬਾਣੀ ਅਭਿਆਸ ਤੇ ਗੁਰਬਾਣੀ ਦੇ ਧਾਰਨੀ ਹੋਣ ਦੀ ਸੁਕ੍ਰਿਤ ਕਮਾਈ ਹੈ ਇਹਨਾਂ ਨੂੰ ਅਗੇ ਵੰਡਣਾ ਬਹੁਤ ਲਾਜਮੀ ਹੈ।
ਗੁਰਬਾਣੀ ਦਾ ਫੁਰਮਾਨ ਹੈ
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੭੬੫}

ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਅਾਵੈ ਵਧਦੋ ਜਾਈ ॥
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੮੬}


ਆਤਮਜੀਤ ਸਿੰਘ, ਕਾਨਪੁਰ


07/23/17
ਕੁਲਵੰਤ ਸਿੰਘ ਟਿੱਬਾ

ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਨਾ ਕਰੋ

ਹਰ ਦੇਸ਼ਵਾਸੀ ਨੂੰ ਭਾਰਤ ਦਾ ਸੰਵਿਧਾਨ ਆਪਣੀ ਗੱਲ ਕਹਿਣ ਜਾਂ ਲਿਖਣ ਦਾ ਅਧਿਕਾਰ ਦਿੰਦਾ ਹੈ। ਪਰ ਕੇਂਦਰ ਵਿੱਚ ਭਾਜਪਾ ਦੇ ਸੱਤਾ ਸੰਭਾਲਣ ਪਿੱਛੋਂ ਕਹਿਣ ਅਤੇ ਲਿਖਣ ਦੀ ਆਜ਼ਾਦੀ ਤੇ ਤੇਜ਼ੀ ਨਾਲ ਹਮਲੇ ਹੋਣ ਅਤੇ ਵਿਰੋਧੀ ਆਵਾਜ਼ ਨੂੰ ਕੁਚਲ ਦੇਣ ਦੀ ਪ੍ਰਥਾ ਵਿੱਚ ਅਥਾਹ ਵਾਧਾ ਹੋਇਆ ਹੈ। ਵਿਰੋਧੀ ਸੁਰ ਨੂੰ ਸੁਨਨ ਦਾ ਮਾਦਾ ਭਾਜਪਾ ਆਗੂਆਂ ਕੋਲ ਨਹੀ ਹੈ, ਜਿਸ ਕਾਰਣ ਸਮੇਂ ਸਮੇਂ ਅਮੀਰ ਖਾਨ, ਸ਼ਾਹਰੁਖ਼ ਖਾਨ, ਕਨ੍ਹਈਆ ਕੁਮਾਰ ਜਾਂ ਗੁਰਮੇਹਰ ਕੌਰ ਆਦਿ ਦੇ ਮਾਮਲੇ ਉੱਭਰਦੇ ਹਰੇ ਹਨ। 18 ਜੁਲਾਈ 2017 ਨੂੰ ਭਾਰਤ ਦੀ ਉੱਪਰਲੀ ਸਾਂਸਦ ਰਾਜ ਸਭਾ ਅੰਦਰ ਬਸਪਾ ਮੁਖੀ ਬੀਬੀ ਮਾਇਆਵਤੀ ਵੱਲੋਂ ਦੇਸ ਦੀ 33 ਫ਼ੀਸਦੀ ਵਸੋਂ ਤੇ ਹੋ ਰਹੇ ਜਾਤੀ ਹਮਲਿਆਂ ਦੇ ਗੱਲ ਕਹਿਣ ਸਮੇਂ ਸੱਤਾਧਾਰੀ ਦੇ ਸਾਂਸਦ ਮੈਂਬਰਾਂ ਵੱਲੋਂ ਕੀਤੀ ਹੂਟਿੰਗ ਨੂੰ ਕਿਸੇ ਤਰਾਂ ਜਾਇਜ਼ ਨਹੀ ਕਿਹਾ ਜਾ ਸਕਦਾ। ਭਾਜਪਾ ਸਾਂਸਦ ਅਤੇ ਮੰਤਰੀ ਵਿਰੋਧੀ ਅਵਾਜਾ ਨੂੰ ਸੁਨਨ ਲਈ ਤਿਆਰ ਹੀ ਨਹੀਂ, ਜੋ ਭਾਰਤੀ ਲੋਕਤੰਤਰ ਲਈ ਠੀਕ ਨਹੀਂ ਹੈ। ਬੀਬੀ ਮਾਇਆਵਤੀ ਨਾਲ ਅਜਿਹਾ ਵਤੀਰਾ ਪਹਿਲੀ ਵਾਰ ਨਹੀ ਹੋਇਆ ਸਗੋਂ ਇਸ ਤੋਂ ਪਹਿਲਾ ਵੀ ਗੁਜਰਾਤ ਦੇ ਊਨਾ ਕਾਂਡ ਨੂੰ ਰਾਜ ਸਭਾ ਅੰਦਰ ਜ਼ੋਰਦਾਰ ਤਰੀਕੇ ਨਾਲ ਪੇਸ਼ ਕਰਨ ਤੋਂ ਤੰਗ ਭਾਜਪਾ ਦੇ ਰੂੜ੍ਹੀਵਾਦੀ ਸੋਚ ਰੱਖਣ ਵਾਲੇ ਸਾਂਸਦ ਦਿਆਸੰਕਰ ਸਿੰਘ ਨੇ ਮਾਇਆਵਤੀ ਨੂੰ ਸਦਨ ਅੰਦਰ ਅਪਸ਼ਬਦ ਕਹਿ ਦਿੱਤੇ ਸਨ। ਜਿਸ ਉੱਪਰ ਬਾਅਦ ਵਿੱਚ ਪਰਚਾ ਦਰਜ ਹੋ ਗਿਆ ਸੀ। ਬੀਤੇ ਮੰਗਲਵਾਰ ਨੂੰ ਮਾਇਆਵਤੀ ਉਤਰ ਪ੍ਰਦੇਸ ਦੇ ਜ਼ਿਲ੍ਹਾ ਸਹਾਰਨਪੁਰ ਦੇ ਪਿੰਡ ਸੱਬੀਰਪੁਰ ਵਿਖੇ 50 ਦਲਿਤ ਪਰਿਵਾਰ ਦੇ ਘਰ ਫੂਕਣ ਉਪਰੰਤ ਜੁਲਮ ਕਰਨ ਦੇ ਮਾਮਲੇ ਨੂੰ ਸਦਨ ਅੰਦਰ ਰੱਖ ਰਹੀ ਸੀ ਪਰ ਤਿੰਨ ਮਿੰਟ ਦੇ ਸਮੇਂ ਦੀ ਗੱਲ ਕਹਿ ਕੇ ਸਭਾ ਦੇ ਉਪ ਚੇਅਰਮੈਨ ਨੇ ਬੀਬੀ ਮਾਇਆਵਤੀ ਨੂੰ ਰੁਕਣ ਲਈ ਕਿਹਾ ਜਦਕਿ ਮਾਇਆਵਤੀ ਨੇ ਕਿਹਾ ਕਿ ਉਸ ਦੀ ਗੱਲ ਅਜੇ ਪੂਰੀ ਨਹੀਂ ਹੋਈ । ਇਸ ਬਹਿਸ ਵਿੱਚ ਹੀ ਲਗਭਗ 10 ਮਿੰਟ ਖ਼ਰਾਬ ਕਰ ਦਿੱਤੇ ਗਏ , ਜਦਕਿ ਇੰਨੇ ਟਾਈਮ ਵਿੱਚ ਮਾਇਆਵਤੀ ਆਪਣੀ ਗੱਲ ਕਰ ਸਕਦੀ ਸੀ। ਮਾਇਆਵਤੀ ਵੱਲੋਂ ਰਾਜ ਸਭਾ ਦੇ ਸਭਾਪਤੀ ਨੂੰ ਤਿੰਨ ਪੇਜ ਦੇ ਭੇਜੇ ਅਸਤੀਫ਼ੇ ਵਿੱਚ ਦੱਸਿਆ ਕਿ ਬਸਪਾ ਨੇ ਕਾਨੂੰਨ ਅਨੁਸਾਰ ਰੂਲ 267 ਤਹਿਤ ਦਲਿਤ ਅੱਤਿਆਚਾਰ ਦੇ ਮੁੱਦੇ ਤੇ ਸਦਨ ਅੰਦਰ ਬਹਿਸ ਕਰਵਾਉਣ ਦੀ ਮੰਗ ਕੀਤੀ ਗਈ ਸੀ। ਰਾਜ ਸਭਾ ਅੰਦਰ ਕਿਸੇ ਨੋਟਿਸ ਤੇ ਸਿਰਫ਼ ਤਿੰਨ ਮਿੰਟ ਦਾ ਸਮਾਂ ਹੀ ਦਿੱਤਾ ਜਾਣਾ ਹੈ, ਇਹ ਕਾਨੂੰਨ ਜਾਂ ਨਿਯਮ ਰਾਜ ਸਭਾ ਦੀ ਰੂਲ ਬੁੱਕ ਵਿੱਚ ਕਿਤੇ ਵੀ ਦਰਜ ਨਹੀ ਹੈ। ਜੇਕਰ ਦੇਸ ਦੀ ਸੰਸਦ ਕੋਲ ਦੇਸ ਦੀ 33 ਫ਼ੀਸਦੀ ਦਲਿਤ ਸਮਾਜ ਦੀ ਗੱਲ ਸੁਨਨ ਦਾ ਸਮਾਂ ਨਹੀਂ ਹੈ ਤਾਂ ਇਸ ਗੱਲ ਦਾ ਅੰਦਾਜਾ ਸਹਿਜੇ ਹੀ ਲੱਗ ਜਾਂਦਾ ਹੈ ਕਿ ਦੇਸ ਦੀ ਭਾਜਪਾ ਸਰਕਾਰ ਦਲਿਤਾਂ ਪ੍ਰਤੀ ਕਿੰਨਾ ਕੁ ਗੰਭੀਰ ਹੈ ? ਦੇਸ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਦਲਿਤ ਉਮੀਦਵਾਰ ਰਾਮ ਨਾਥ ਕੋਵਿੰਦ ਦਾ ਨਾਂ ਪੇਸ਼ ਕਰਕੇ ਦਲਿਤਾਂ ਦੀ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਵੱਲੋਂ ਦਲਿਤਾਂ ਤੇ ਗੰਭੀਰ ਅੱਤਿਆਚਾਰਾਂ ਤੇ ਚਰਚਾ ਕਰਨ ਦਾ ਟਾਈਮ ਤੱਕ ਨਹੀਂ ਹੈ। ਮਾਇਆਵਤੀ ਨੂੰ ਦੇਸ ਦੀ 33 ਫ਼ੀਸਦੀ ਦਲਿਤ ਸਮਾਜ ਦੀ ਗੱਲ ਕਰਨ ਤੋਂ ਰੋਕਣਾ ਲੋਕਤੰਤਰੀ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ। ਜੇਕਰ ਮਾਇਆਵਤੀ ਆਪਣੀ ਗੱਲ ਪੂਰੀ ਕਰ ਲੈਂਦੀ, ਉਸਨੂੰ ਨਾ ਰੋਕਿਆ ਜਾਂਦਾ ਤਾਂ ਪਰਲੋ ਨਹੀਂ ਸੀ ਆਉਣ ਲੱਗੀ। ਹਰ ਇੱਕ ਗੱਲ ਕਹਿਣ ਦੀ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ। ਜੇਕਰ ਕੋਈ ਸਾਂਸਦ ਦੇਸ ਦੀ ਪਾਰਲੀਮੈਂਟ ਵਿੱਚ ਗੱਲ ਨਹੀਂ ਕਰ ਸਕਦਾ ਤਾਂ ਹੋਰ ਕਿੱਥੇ ਕਰੇਗਾ। ਦੇਸ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ ਦੀ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੀ ਅਤੇ ਰਾਜ ਸਭਾ ਮੈਂਬਰ ਤੋਂ ਇਲਾਵਾ ਦੇਸ ਦੀ ਤੀਜੀ ਸਭ ਤੋਂ ਵੱਡੀ ਰਾਸ਼ਟਰੀ ਪਾਰਟੀ ਦੀ ਮੁਖੀ ਮਾਇਆਵਤੀ ਨੇ ਅਜਿਹੇ ਵਰਤਾਰਾ ਤੋਂ ਤੰਗ ਹੋ ਕੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਨਾ ਪਿਆ। ਬਸਪਾ ਪ੍ਰਧਾਨ ਦਾ ਕੋਈ ਲੁਕਵਾਂ ਸਿਆਸੀ ਏਜੰਡਾ ਹੋ ਸਕਦਾ ਹੈ, ਕਿਉਂਕਿ ਹਰ ਕੋਈ ਆਪੋ ਆਪਣੀ ਸਿਆਸਤ ਅਨੁਸਾਰ ਫ਼ੈਸਲਾ ਲੈਂਦਾ ਹੈ ਪਰ ਇਸ ਘਟਨਾ ਨੂੰ ਸਿਰਫ਼ ਸਿਆਸੀ ਸਟੰਟ ਕਹਿ ਕੇ ਛੁਟਿਆਇਆ ਨਹੀ ਜਾ ਸਕਦਾ। ਕਿਉਂਕਿ ਕੌਮਾਂਤਰੀ ਪੱਧਰ ਤੇ ਭਾਰਤ ਦਾ ਮਾੜਾ ਪ੍ਰਭਾਵ ਗਿਆ ਹੈ। ਸਾਨੂੰ ਫ਼ਰਾਖ਼-ਦਿਲੀ ਨਾਲ ਵੱਡੇ ਸਟੇਟਸਮੈਨ ਪੈਦਾ ਕਰਨੇ ਚਾਹੀਦੇ ਹਨ, ਜੋ ਵੱਖ ਵੱਖ ਰਾਸ਼ਟਰੀ ਪਾਰਟੀਆਂ ਅਤੇ ਖੇਤਰੀ ਪਾਰਟੀਆਂ ਦੇ ਮੁਖੀ ਹੋ ਸਕਦੇ ਹਨ ਤਾਂ ਅੰਤਰ ਰਾਸ਼ਟਰੀ ਪੱਧਰ ਤੇ ਭਾਰਤ ਦਾ ਪੱਖ ਮਜ਼ਬੂਤ ਹੋ ਸਕੇ। ਇਸ ਤੋਂ ਇਲਾਵਾ ਦਲਿਤਾਂ ਤੇ ਅੱਤਿਆਚਾਰ ਦਾ ਮੁੱਦਾ ਚੁੱਕਣਾ ਇਕੱਲੇ ਦਲਿਤ ਆਗੂਆਂ ਦਾ ਕੰਮ ਨਹੀਂ ਹੈ ਸਗੋਂ ਹਰ ਭਾਰਤੀ ਆਗੂ ਦਾ ਫ਼ਰਜ਼ ਬਣਦਾ ਹੈ ਕਿ ਉਹ ਦੇਸ ਦੀ ਵਸੋਂ ਦੇ ਇੱਕ ਵੱਡੇ ਹਿੱਸੇ ਦੀਆਂ ਦੁੱਖਾਂ ਤਕਲੀਫ਼ਾਂ ਨੂੰ ਦੇਸ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਰੱਖ ਕੇ ਉਨ੍ਹਾਂ ਦੇ ਹੱਲ ਲਈ ਸੰਜੀਦਾ ਯਤਨ ਕਰਨ। ਭਾਰਤ ਦੇ ਹਰ ਆਗੂ ਦਾ ਫ਼ਰਜ਼ ਹੈ ਕਿ ਜੇਕਰ ਕਿਤੇ ਵੀ ਮਨੁੱਖਤਾ ਦਾ ਘਾਣ ਹੁੰਦਾ ਹੈ ਤਾਂ ਉਸ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ ਹੈ, ਇਸ ਦੀ ਲੋਕਤੰਤਰਿਕ ਰਵਾਇਤਾਂ ਨੂੰ ਢਾਹ ਨਹੀਂ ਲੱਗਣੀ ਚਾਹੀਦੀ ਅਤੇ ਭਾਰਤੀ ਲੋਕਤੰਤਰ ਨੂੰ ਸਰਮਸਾਰ ਨਹੀ ਕਰਨਾ ਚਾਹੀਦਾ।
-ਕੁਲਵੰਤ ਸਿੰਘ ਟਿੱਬਾ
ਸੰਪਰਕ -92179 -71379


07/16/17
ਤੱਤ ਗੁਰਮਤਿ ਪਰਿਵਾਰ

ਸੁਰਜੀਤ ਗੱਗ ਦੀ ਤਾਜ਼ਾ ਕਵਿਤਾ ਰਾਹੀਂ ਨੰਗਾ ਹੋਇਆ ‘ਕਾਮਰੇਡੀ ਪੁਜਾਰੀਵਾਦ’।
ਸਿੱਖ ਫਿਰਕੇ ਦਾ ਵਿਰੋਧ ਹਮੇਸ਼ਾਂ ਵਾਂਗ ਫਿਰ ਬਾਬਾ ਨਾਨਕ ਦੀ ਸੇਧ ਤੋਂ ਭਟਕਿਆ।

ਮਾਰਕਸਵਾਦੀ ਸੋਚ ਤੋਂ ਪ੍ਰਭਾਵਿਤ ਕਵਿਤਾ ਜਿਥੇ ਆਮ ਮਨੁੱਖ ਦੀ ਹੱਕਾਂ ਦੀ ਲੜਾਈ ਦਾ ਝਲਕਾਰਾ ਦੇਂਦੀ ਹੈ ਤਾਂ ਨਾਲ ਹੀ ਇਹ ਧਰਮ ਦੇ ਨਾਮ ਤੇ ਫੈਲਾਏ ਜਾ ਰਹੇ ਭਰਮਜਾਲ ਬਾਰੇ ਸੁਚੇਤ ਕਰਨ ਦਾ ਕੰਮ ਵੀ ਕਰਦੀ ਜਾਪਦੀ ਹੈ। ਜ਼ਿਆਦਾਤਰ ਮਾਰਕਸੀਵਾਦੀ ਸੱਜਣ ਰੱਬ ਦੀ ਹੋਂਦ ਤੋਂ ਮੁਨਕਰ ਹਨ ਅਤੇ ਐਸੀ ਵਿਚਾਰਧਾਰਾ ਰੱਖਣ ਦਾ ਕਿਸੇ ਨੂੰ ਵੀ ਮੁੱਢਲਾ ਮਨੁੱਖੀ ਹੱਕ ਹੈ। ਇਸ ਲਈ ਜੇ ਕੋਈ ਨਾਸਤਿਕ ਹੈ ਤਾਂ ਸਿਰਫ ਉਸ ਦਾ ਇਸ ਲਈ ਹੀ ਨਿੱਜੀ ਵਿਰੋਧ ਜ਼ਾਇਜ ਨਹੀਂ ਮੰਨਿਆ ਜਾ ਸਕਦਾ।
‘ਪੁਜਾਰੀਵਾਦ’ ਵਿਸ਼ੇਸ਼ਨ ਹੁਣ ਤੱਕ ਸਿਰਫ ਧਰਮ ਦੇ ਨਾਮ ‘ਤੇ ਲੋਕਾਂ ਦੀ ਸਰਬਪੱਖੀ ਲੁੱਟ ਕਰਨ ਵਾਲੀ ਪੁਜਾਰੀ ਸ਼੍ਰੇਣੀ ਲਈ ਹੀ ਵਰਤਿਆ ਜਾਂਦਾ ਰਿਹਾ ਹੈ, ਜਿਸ ਵਿਚ ਪਾਦਰੀ, ਮੌਲਵੀ, ਪੰਡਿਤ ਤੇ ਭਾਈ ਆਦਿ ਸਾਰੇ ਆ ਜਾਂਦੇ ਹਨ। ਇਹ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਨਾਸਤਿਕ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜੇ ‘ਪੁਜਾਰੀਵਾਦ’ ਨੂੰ ਆਪਣੇ ਚਿੰਤਨ ਦਾ ਵਿਸ਼ਾ ਬਣਾ ਰਿਹਾ ਹੈ। ਅਗਲੀ ਪੜਚੋਲ ਰਾਹੀਂ ਇਸ ‘ਕਾਮਰੇਡੀ ਪੁਜਾਰੀਵਾਦ’ ਦੀ ਤਸਵੀਰ ਕਾਫੀ ਸਾਫ ਹੋ ਜਾਏਗੀ।
ਪੁਜਾਰੀਵਾਦ ਇਕ ਬਹੁ-ਆਯਾਮੀ ਪ੍ਰਵਿਰਤੀ ਹੈ। ਧਰਮ ਦੇ ਨਾਮ ਤੇ ਲੋਕਾਂ ਨੂੰ ਕਰਮਕਾਂਡਾਂ ਅਤੇ ਅੰਧ-ਵਿਸ਼ਵਾਸਾਂ ਵਿਚ ਉਲਝਾ ਕੇ ਲੁੱਟ ਕਰਨਾ ਇਸਦਾ ਇਕ ਆਯਾਮ ਹੈ। ਇਸਦਾ ਇਕ ਦੂਜਾ ਤੇ ਮੁੱਖ ਆਯਾਮ ਇਹ ਹੈ ਕਿ ਪੁਜਾਰੀ ਸ਼੍ਰੇਣੀ ਇਖਲਾਕੀ ਤੌਰ ਤੇ ਆਪ ਜਿਨ੍ਹਾਂ ਕਮਜ਼ੋਰੀਆਂ ਦਾ ਸ਼ਿਕਾਰ ਹੁੰਦੀ ਹੈ, ਉਨ੍ਹਾਂ ਕਮਜ਼ੋਰੀਆਂ ਨੂੰ ਉਹ ਕਾਲਪਨਿਕ ਕਹਾਣੀਆਂ ਰਾਹੀਂ ਉਸ ਫਿਰਕੇ ਦੇ ਅਵਤਾਰਾਂ, ਪੈਗੰਬਰਾਂ ਆਦਿ ਨਾਲ ਜੋੜ ਦਿੰਦੀ ਹੈ ਤਾਂ ਕਿ ਆਪਣੀਆਂ ਕਮਜ਼ੋਰੀਆਂ ਨੂੰ ਕੁੱਝ ਹੱਦ ਤੱਕ ਜਸਟੀਫਾਈ ਕੀਤਾ ਜਾ ਸਕੇ। ਕਿਸੇ ਵੀ ਪ੍ਰਚਲਿਤ ਫਿਰਕੇ ਦਾ ਇਤਿਹਾਸ ਪੜਚੋਲ ਕੇ ਵੇਖ ਲਵੋ, ਇਹ ਪ੍ਰਵਿਰਤੀ ਸਪਸ਼ਟ ਨਜ਼ਰ ਆਵੇਗੀ। ਈਸਾਈ ਮੱਤ ਦੀ ਧਰਮ-ਪੁਸਤਕਾਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਸ ਵਿਚ ਸਮੇਂ ਨਾਲ ਕਈਂ ਬਦਲਾਵ ਕੀਤੇ ਗਏ ਕਿਉਂਕਿ ਇਸ ਵਿਚ ਕਈਂ ਗੱਲਾਂ ਅਸ਼ਲੀਲ਼ ਸਨ ਜਾਂ ਵਿਗਿਆਨ ਦੀ ਕਸਵੱਟੀ ਤੇ ਰੱਦ ਹੋ ਗਈਆਂ। ਹਿੰਦੂ ਮੱਤ ਵਿਚਲੇ ਦੇਵੀ ਦੇਵਤਿਆਂ ਨਾਲ ਜੁੜੀਆਂ ਅਸ਼ਲੀਲ ਅਤੇ ਗੈਰ-ਇਖਲਾਕੀ ਗੱਲਾਂ ਵੀ ਉਨ੍ਹਾਂ ਦੇ ਗ੍ਰੰਥਾਂ ਵਿਚ ਆਮ ਮਿਲ ਜਾਂਦੀਆਂ ਹਨ। ਇਸਲਾਮ ਵਿਚ ਵੀ ਸ਼ਾਇਦ ਬਹੁ-ਪਤਨੀ ਪ੍ਰਥਾ ਨੂੰ ਜ਼ਾਇਜ ਠਹਿਰਾਉਣ ਲਈ ਪੈਗੰਬਰ ਦੇ ਅਨੇਕਾਂ ਵਿਆਹ ਕੀਤੇ ਹੋਣ ਦਾ ਜ਼ਿਕਰ ਮਿਲਦਾ ਹੈ। ਇਨ੍ਹਾਂ ਮੱਤਾਂ ਦੇ ਪੈਗੰਬਰਾਂ ਵਲੋਂ ਆਪਣੇ ਹੱਥੀ ਲਿਖਿਆ ਕੁਝ ਵੀ ਹੁਣ ਉਪਲਬਦ ਨਹੀਂ ਹੈ, ਸੋ ਇਹ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਬਿਲਕੁਲ ਵੈਸੇ ਹੀ ਸਨ ਜਾਂ ਨਹੀਂ, ਜੈਸਾ ਇਹਨਾਂ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ। ਪਰ ਜਾਪਦਾ ਇਵੇਂ ਹੀ ਹੈ ਕਿ ਪੁਜਾਰੀ ਸ਼੍ਰੇਣੀ ਨੇ ਹੀ ਇਨ੍ਹਾਂ ਨਾਲ ਐਸੀਆਂ ਗੈਰ-ਇਖਲਾਕੀ ਕਹਾਣੀਆਂ ਜੋੜ ਦਿਤੀਆਂ ਹਨ । ਸਿੱਖ ਫਿਰਕਾ ਸਭ ਤੋਂ ਨਵੀਨ ਪ੍ਰਚਲਿਤ ਫਿਰਕਾ ਮੰਨਿਆ ਜਾਂਦਾ ਹੈ ਅਤੇ ਇਸ ਦਾ ਮੁੱਢ ਬਾਬਾ ਨਾਨਕ ਜੀ ਨਾਲ ਜੋੜਿਆ ਜਾਂਦਾ ਹੈ। ਇਸ ਮੱਤ ਦੇ ਪੁਜਾਰੀਵਾਦੀ ਲੇਖਕਾਂ ਨੇ ਲਗਭਗ ੫੦੦ ਸਾਲ ਦੇ ਸਮੇਂ ਵਿਚ ਹੀ ਉਨ੍ਹਾਂ ਦੇ ਜੀਵਨ ਨਾਲ ਉਹ ਕਹਾਣੀਆਂ ਜੋੜ ਦਿਤੀਆਂ ਜੋ ਉਨ੍ਹਾਂ ਨੂੰ ਗੈਰ-ਇਖਲਾਕੀ ਦਰਸਾਉਂਦੀਆਂ ਹਨ। ਮਿਸਾਲ ਲਈ ਕੁਲਬੀਰ ਸਿੰਘ ਕੌੜਾ ਦੀ ਬਹੁ-ਚਰਚਿਤ ਪੁਸਤਕ ‘’ਤੇ ਸਿੱਖ ਵੀ ਨਿਗਲਿਆ ਗਿਆ’ ਵਿਚ ਭਾਈ ਬਾਲੇ ਵਾਲੀ ਇਕ ਜਨਮਸਾਖੀ ਦਾ ਹਵਾਲਾ ਦਿਤਾ ਮਿਲਦਾ ਹੈ, ਜਿਸ ਵਿਚ ਬਾਬਾ ਨਾਨਕ ਨੂੰ ਆਪਣੇ ਇਕ ਸ਼ਰਧਾਲੂ ਦੀ ਬੇਟੀ ਨਾਲ ਸੰਭੋਗ ਕਰਨ ਦੀ ਸਾਖੀ ਹੈ। ਇਸੇ ਤਰਾਂ ਗੁਰਬਿਲਾਸ ਪਾਤਸ਼ਾਹੀ ੬ਵੀਂ ਵਿਚ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨਾਲ ਕਈਂ ਗੈਰ-ਇਖਲਾਕੀ ਕਹਾਣੀਆਂ ਜੋੜੀਆਂ ਮਿਲਦੀਆਂ ਹਨ। ਛੇਵੇਂ ਅਤੇ ਦਸਵੇਂ ਪਾਤਸ਼ਾਹ ਨੂੰ ਬਹੁ-ਪਤਨੀ ਪ੍ਰਥਾ ਦਾ ਧਾਰਨੀ ਦੱਸਿਆ ਗਿਆ। ਹੈ। ਕੁਝ ਨਾਨਕ ਸਰੂਪਾਂ ਨੂੰ ਨਸ਼ੇ ਪਾਣ ਕਰਨ ਵਾਲਾ ਦਸਦੀਆਂ ਵੀ ਲਿਖਤਾਂ ਸਿੱਖ ਜਗਤ ਵਿਚ ਹਰਮਨ-ਪਿਆਰੀਆਂ ਰਹੀਆਂ ਹਨ। ਅਖੌਤੀ ਦਸਮ ਗ੍ਰੰਥ ਵਿਚਲੀ ਇਕ ਕਹਾਨੀ ਵਿਚ ਕਿਸੇ ਕੋਠੇ ਤੇ ਜਾਕੇ ਵੇਸਵਾ ਕੋਲੋਂ ਮੰਤਰ ਸਿੱਖਣ ਦੀ ਕਹਾਨੀ ਨੂੰ ਕਈਂ ਦਸਮ ਗ੍ਰੰਥ ਹਿਮਾਇਤੀ ਵਿਦਵਾਨ ਦਸ਼ਮੇਸ਼ ਪਾਤਸ਼ਾਹ ਜੀ ਦੀ ਆਪ-ਬੀਤੀ ਦੱਸਣ ਤੋਂ ਵੀ ਸੰਕੋਚ ਨਹੀਂ ਕਰਦੇ।
ਸਾਡੀ ਵਿਚਾਰ ਦਾ ਕੇਂਦਰ ਸੀ ‘ਕਾਮਰੇਡੀ ਪੁਜਾਰੀਵਾਦ’ ਦੀ ਰੁਚੀ, ਜਿਸ ਦੀ ਤਾਜ਼ਾ-ਤਰੀਨ ਮਿਸਾਲ ਸੁਰਜੀਤ ਗੱਗ ਦੀ ਵਿਵਾਦਿਤ ਕਵਿਤਾ ਹੈ। ਇਸ ਸੱਜਣ ਨੇ ਇਸ ਤੋਂ ਪਹਿਲਾਂ ਵੀ ਕਈਂ ਕਵਿਤਾਵਾਂ ਲਿਖਿਆਂ ਹਨ ਜਿਸ ਵਿਚ ਬਹੁਤਾਤ ਸਿੱਖ ਫਿਰਕੇ ਵਿਚਲੀਆਂ ਮਨਮੱਤਾਂ ਅਤੇ ਕਰਮਕਾਂਡਾਂ ਦਾ ਜ਼ਿਕਰ ਹੈ। ਉਸ ਵਿਚ ਕੋਈ ਇਤਰਾਜ਼ ਸੁਚੇਤ ਲੋਕ ਨਹੀਂ ਕਰਦੇ। ਪਰ ਉਨ੍ਹਾਂ ਦੇ ਇਖਲਾਕ ਵਿਚ ਸ਼ਰਾਬਨੋਸ਼ੀ ਸਮੇਤ ਹੋਰ ਕਈਂ ਇਖਲਾਕੀ ਕਮਜ਼ੋਰੀਆਂ ਹਨ ਜੋ ਉਨ੍ਹਾਂ ਨੇ ਤਾਜ਼ਾਤਰੀਨ ਕਵਿਤਾ “ਮੈਂ ਤੇ ਨਾਨਕ’ ਵਿਚ ਬਾਬਾ ਨਾਨਕ ਜੀ ਦੇ ਨਾਲ ਜੋੜਣ ਦੀ ਕੁ-ਚੇਸ਼ਟਾ ਕੀਤੀ ਹੈ। ਬੇਸ਼ਕ ਬਾਬਾ ਨਾਨਕ ਜੀ ਦੀ ਬਾਣੀ ਦੀ ਕਸਵੱਟੀ ‘ਤੇ ਸਿੱਖ ਫਿਰਕੇ ਵਿਚ ਪ੍ਰਚਲਿਤ ਕਿਸੇ ਵੀ ਗਲਤ ਮਾਨਤਾ ਦੀ ਰੱਜ-ਰੱਜ ਆਲੋਚਣਾ ਕਰੇ, ਕੋਈ ਇਮਾਨਦਾਰ ਸੁਚੇਤ ਸਿੱਖ ਇਸ ਤੇ ਇਤਰਾਜ਼ ਨਹੀਂ ਕਰੇਗਾ। ਪਰ ਬਾਬਾ ਨਾਨਕ ਜੀ ਦੀ ਬਾਣੀ ਜਿਨ੍ਹਾਂ ਇਖਲਾਕੀ ਕਮਜ਼ੋਰੀਆਂ ਨੂੰ ਡੰਕੇ ਦੀ ਚੋਟ ‘ਤੇ ਰੱਦ ਕਰਦੀ ਹੈ, ਉਨ੍ਹਾਂ ਨੂੰ ਬਾਬਾ ਨਾਨਕ ਜੀ ਨਾਲ ਜੋੜਨਾ ਬੇਸ਼ਕ ‘ਪੁਜਾਰੀਵਾਦੀ’ ਪ੍ਰਵਿਰਤੀ ਹੇਠ ਕੀਤੀ ‘ਸਾਹਿਤਕ ਬੇਈਮਾਨੀ’ ਹੈ। ਕੀ ਕਿਸੇ ਬੇਈਮਾਨ ਵਿਅਕਤੀ ਵਲੋਂ ‘ਸਮਾਜ ਸੁਧਾਰ’ ਦਾ ਦਮ ਭਰਨ ਦਾ ਦਾਅਵਾ ਹਕੀਕਤ ਮੰਨਿਆ ਜਾ ਸਕਦਾ ਹੈ?
ਸੁਰਜੀਤ ਗੱਗ ਨੂੰ ਸ਼ਰਾਬ ਪੀਣ ਦਾ ਸ਼ੋਕ ਹੋਵੇਗਾ ਇਸ ਲਈ ਉਸ ਨੇ ਬਾਬਾ ਨਾਨਕ ਨੂੰ ਆਪਣੇ ਨਾਲ ਪੈੱਗ ਲਾਉਂਦਾ ਵਿਖਾ ਦਿਤਾ। ਕੁਦਰਤ ਦੇ ਨਿਜ਼ਾਮ ਖਿਲਾਫ ਜਾ ਕੇ ‘ਸਿਰਗੁੰਮ’ ਹੁੰਦਾ ਦਰਸਾ ਦਿਤਾ। ਲਗਦਾ ਹੈ ਕਵਿਤਾ ਲਿਖਦੇ ਸਮੇਂ ਇਕ ਦੋ ਪੈਗ ਘੱਟ ਰਹਿ ਗਏ ਹੋਣੇ ਨਹੀਂ ਤਾਂ ਉਹ ਬਾਬਾ ਨਾਨਕ ਆਪਣੇ ਨਾਲ ਕੋਠੇ ਤੇ ਜਾਂਦਾ ਜਾਂ ਸਿਰਗਟ ਦੇ ਸੂਟੇ ਲਾਉਂਦਾ ਵੀ ਕਲਪਿਤ ਕਰ ਦਿੰਦਾ? ਆਪਣੇ ਗੈਰ-ਇਖਲਾਕੀ ਕਾਰਿਆਂ ਨੂੰ ਰਹਿਬਰਾਂ ਨਾਲ ਜੋੜਣ ਦੀ ਪੁਜਾਰੀ ਪ੍ਰਵਿਰਤੀ ਤਾਂ ਕਿਸੇ ਵੀ ਹੱਦ ਤੱਕ ਗਿਰਾ ਸਕਦੀ ਹੈ, ਫੇਰ ਉਹ ਭਾਂਵੇਂ ਨਾਸਤਕ ਸੱਜਣ ਵਿਚ ਹੋਵੇ ਜਾਂ ਧਰਮ ਦੇ ਨਾਂ ਹੇਠ ਗੁੰਮਰਾਹ ਕਰਨ ਵਾਲੇ ਅਖੌਤੀ ਵਿਚੋਲਿਆਂ ਵਿਚ। ਸੁਰਜੀਤ ਗੱਗ ਦੀ ਇਸ ਲਿਖਤ ਤੇ ਪੰਜਾਬ ਵਿਚ ਕਾਮਰੇਡੀ ਸਾਹਿਤਕਾਰਾਂ ਦੀ ਉਸ ਇਖਲਾਕੀ ਕਮਜ਼ੋਰੀ ਦੀ ਯਾਦ ਇਕ ਵਾਰ ਫੇਰ ਤਾਜ਼ਾ ਕਰ ਦਿਤੀ, ਜੋ ਦਾਅਵਾ ਤਾਂ ਮਨੁੱਖੀ ਹੱਕਾਂ ਦੇ ਝੰਡਾ-ਬਰਦਾਰ ਹੋਣ ਦਾ ਕਰਦੀ ਹੈ ਪਰ, ਜਿਸਨੇ ਖਾੜਕੁਵਾਦ ਦੇ ਦੌਰ ਵਿਚ ਸਰਕਾਰੀ ਤੰਤਰ ਰਾਹੀਂ ਸ਼ਰੇਆਮ ਹੁੰਦੇ ਆਮ ਮਨੁੱਖੀ ਹੱਕਾਂ ਦੇ ਦਮਨ ਦਾ ਕਦੇ ਵਿਰੋਧ ਨਹੀਂ ਕੀਤਾ।
ਗੱਗ ਦਾ ਸਿੱਖ ਫਿਰਕੇ ਵਲੋਂ ਵਿਰੋਧ ਵੀ ਨਾਨਕ ਸੇਧ ਤੋਂ ਭਟਕਿਆ
ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਬਾ ਨਾਨਕ ਦੇ ਗੱਗ ਵਲੋਂ ਜੋੜੀਆਂ ਗੈਰ-ਇਖਲਾਕੀ ਗੱਲਾਂ ਨਾਲ ਸ਼ਰਧਾਲੂ ਸਿੱਖਾਂ ਦੇ ਨਾਲ ਨਾਲ ਸੁਚੇਤ ਸਿੱਖਾਂ ਨੂੰ ਵੀ ਦੁੱਖ ਪਹੁੰਚਿਆ ਹੈ। ਸ਼ਰਧਾਲੂ ਸਿੱਖਾਂ ਦਾ ਮਨ ਤਾਂ ਸੁਧਾਰ ਦੀ ਗੱਲਾਂ ਨਾਲ ਵੀ ਅਕਸਰ ਦੁੱਖੀ ਹੋ ਜਾਂਦਾ ਹੈ, ਕਿਉਂਕਿ ਉਹ ਮਾਨਸਿਕ ਤੌਰ ਤੇ ਪੁਜਾਰੀਵਾਦ ਦੀ ਗੁਲਾਮੀ ਹੰਡਾ ਰਹੇ ਹਨ। ਐਸੇ ਸੱਜਣ ਦੁਖੀ ਹਿਰਦੇ ਨਾਲ ਮਾਂ-ਭੈਣ ਦੀ ਗਾਲਾਂ ਦੀ ਬੌਛਾਰ ਅਤੇ ਲੇਖਕ/ਪ੍ਰਚਾਰਕ/ਸੁਧਾਰਕ ਨਾਲ ਮਾਰ-ਕੁੱਟ/ਕਤਲੇਆਮ ਕਰਦੇ ਹੋਏ ‘ਵੱਡੇ ਧਰਮੀ’ ਹੋਣ ਦਾ ਭਰਮ ਪਾਲਦੇ ਸਿਖਾਂ ਸਮੇਤ ਹਰ ਫਿਰਕੇ ਵਿਚ ਮਿਲ ਜਾਂਦੇ ਹਨ। ਪਰ ਗੱਗ ਦਾ ਵਿਰੋਧ ਜਿਸ ਤਰਾਂ ਸੁਚੇਤ ਮੰਨੇ ਜਾਂਦੇ ਸਿੱਖਾਂ ਵਲੋਂ ਕੀਤਾ ਜਾ ਰਿਹਾ ਹੈ, ਉਹ ਵੀ ਨਾਨਕ ਫਲਸਫੇ ਤੋਂ ਪ੍ਰੇਰਿਤ ਨਹੀਂ ਕਿਹਾ ਜਾ ਸਕਦਾ। ਸੁਰਜੀਤ ਗੱਗ ਨੂੰ ਧਾਰਾ ‘੨੯੫-ਏ’ (ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼) ਹੇਠ ਗ੍ਰਿਫਤਾਰ ਕਰ ਲਏ ਜਾਣ ਨੂੰ ਇਹ ਸੱਜਣ ਸਹੀ ਦੱਸ ਰਹੇ ਹਨ। ਕੁੱਝ ਸਮਾਂ ਪਹਿਲਾਂ ਕਿਸੇ ਈਸਾਈ ਬੀਬੀ ਵਲੋਂ ‘ਗੁਰਬਾਣੀ’ ਦੇ ਧੱਕੇ ਨਾਲ ਕੀਤੇ ਜਾ ਰਹੇ ਗਲਤ ਅਰਥਾਂ ਨੂੰ ਲੈ ਕੇ ਵੀ ਅਨੇਕਾਂ ਸੱਜਣਾਂ ਨੇ ਉਸ ਖਿਲਾਫ ਇਹੀ ਧਾਰਾ ਵਰਤਣ ਦੀ ਮੰਗ ਲਗਾਤਾਰ ਕੀਤੀ। ਇਹ ਬਹੁਤ ਹੀ ਭਟਕੀ ਹੋਈ, ਗੁਰਮਤਿ ਵਿਰੋਧੀ, ਪਹੁੰਚ ਹੈ।
ਤੱਤ ਗੁਰਮਤਿ ਪਰਿਵਾਰ ਪਹਿਲਾਂ ਵੀ ਕਈਂ ਵਾਰ ਕਹਿ ਚੁੱਕਾ ਹੈ ਅਤੇ ਹੁਣ ਫੇਰ ਇਹ ਹਕੀਕਤ ਖੁੱਲ ਕੇ ਪੇਸ਼ ਕਰਨਾ ਚਾਹੁੰਦਾ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ ‘੨੯੫-ਏ’ ‘ਬੋਲਣ ਦੀ ਆਜ਼ਾਦੀ’ ਦੇ ਮੁੱਢਲੇ ਮਨੁੱਖੀ ਹੱਕ ਦਾ ਨੰਗਾ-ਚਿੱਟਾ ਵਿਰੋਧ ਹੈ। ਇਸ ਧਾਰਾ ਨੂੰ ਸੰਵਿਧਾਨ ਵਿਚੋਂ ਖਤਮ ਕਰਨ ਲਈ ਜਿਤਨੀ ਜਲਦੀ ਅੰਦੋਲਣ ਚਲਾਇਆ ਜਾਵੇ, ਉਤਨਾ ਅੱਛਾ ਹੈ। ਇਸ ਧਾਰਾ ਦੀ ਵਰਤੋਂ ਕਿਸੇ ਨੂੰ ਵੀ ਸਮਾਜ ਸੁਧਾਰ ਦੇ ਹੱਕ ਵਿਚ ਬੋਲਣ ਤੋਂ ਰੋਕਣ ਲਈ ਆਸਾਣੀ ਨਾਲ ਕੀਤੀ ਜਾ ਸਕਦੀ ਹੈ। ਜੇ ਇਸ ਧਾਰਾ ਨੂੰ ਭਾਰਤੀ ਸੰਵਿਧਾਨ ਦਾ ਇਕ ‘ਕਾਲਾ ਬਾਬ’ ਕਿਹਾ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ।
ਖਾਸਕਰ ਜਿਹੜੇ ਸਿੱਖ ਇਸ ਧਾਰਾ ਦੀ ਵਰਤੋਂ ਹਰ ਛੋਟੀ-ਵੱਡੀ ਆਲੋਚਣਾ ਤੇ ਕਰਨ ਦੀ ਵਾਰ ਵਾਰ ਮੰਗ ਕਰ ਰਹੇ ਹਨ, ਉਨ੍ਹਾਂ ਦੀ ਮੂਰਖਤਾ ਤੇ ਤਰਸ ਅਤੇ ਅਫਸੋਸ ਤੋਂ ਸਿਵਾ ਹੋਰ ਕੀਤਾ ਕੀ ਜਾ ਸਕਦਾ ਹੈ? ਉਹ ਇਹ ਭੁੱਲ ਜਾਂਦੇ ਹਨ ਕਿ ‘ਸ਼ਬਦ ਗੁਰੁ ਗ੍ਰੰਥ ਸਾਹਿਬ’ ਜੀ ਵਿੱਚ ਹੋਰਨਾਂ ਫਿਰਕਿਆਂ ਦੀਆਂ ਅਨੇਕਾਂ ਮਾਨਤਾਵਾਂ/ਵਿਸ਼ਵਾਸਾਂ ਦਾ ਨੰਗਾ-ਚਿੱਟਾ ਖੰਡਨ ਕੀਤਾ ਗਿਆ ਹੈ। ਅਨਮੱਤਾਂ ਦੀ ਐਸੀ ਖੰਡਨਮਈ ਆਲੋਚਣਾ ਕਿਸੇ ਹੋਰ ਫਿਰਕੇ ਦੇ ਗ੍ਰੰਥ ਵਿਚ ਸ਼ਾਇਦ ਨਹੀਂ ਮਿਲਦੀ। ਇਹ ਖੰਡਨ ਬੇਸ਼ਕ ਹਾਂ-ਪੱਖੀ ਹੈ। ਪਰ ਅਗਰ ਕਲ ਨੂੰ ਕੋਈ ਇਨ੍ਹਾਂ ਨੁਕਤਿਆਂ ਨੂੰ ਲੈ ਕੇ ਅਦਾਲਤ ਵਿਚ ‘ਧਾਰਾ ੨੯੫ ਏ’ ਦਾ ਕੇਸ ਲੈ ਕੇ ਚਲਾ ਗਿਆ ਤਾਂ ਸਿੱਖਾਂ ਲਈ ਬਹੁਤ ਵੱਡੀ ਕਾਨੂੰਨਨ ਮੁਸ਼ਕਿਲ ਖੜੀ ਹੋ ਜਾਵੇਗੀ, ਜਿਸ ਦਾ ਹੱਲ ਫੋਕੇ ਜੈਕਾਰਿਆਂ ਨਾਲ ਨਹੀਂ ਨਿਕਲਣ ਵਾਲਾ। ਸੋ ਸਿੱਖਾਂ ਅਤੇ ਹੋਰਨਾਂ ਫਿਰਕਿਆਂ ਦੇ ਸੁਚੇਤ ਸੱਜਣਾਂ ਨੂੰ ਭਾਰਤੀ ਸੰਵਿਧਾਨ ਵਿਚੋਂ ‘ਧਾਰਾ ੨੯੫-ਏ’ ਨੂੰ ਖਤਮ ਕਰਵਾਉਣ ਲਈ ਆੰਦੋਲਣ ਚਲਾਉਣਾ ਚਾਹੀਦਾ ਹੈ।
ਇਸ ਤਰਾਂ ਦੀ ਹਲਕੇ ਪੱਧਰ ਦੀ ਆਲੋਚਣਾ/ਨਿੰਦਾ ਆਦਿ ਦੇ ਮਸਲੇ ਤੇ ਕੀਤਾ ਕੀ ਜਾਣਾ ਚਾਹੀਦਾ ਹੈ? ਇਸ ਦੀ ਸੇਧ ਬਾਬਾ ਨਾਨਕ ਜੀ ਦੀ ‘ਸੰਵਾਦ ਕਲਾ’ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਨੇ ਆਪਣੇ ਆਲੋਚਕਾਂ ਨਾਲ ਹਾਂ-ਪੱਖੀ ਸੰਵਾਦ ਰਚਾ ਕੇ ਉਨ੍ਹਾਂ ਦਾ ਢੁਕਵਾਂ ਜਵਾਬ ਦਿਤਾ ਨਾ ਕਿ ਅਜੌੇਕੇ ‘ਵੱਡੇ ਸਿਖਾਂ’ ਵਾਂਗੂ ਆਲੋਚਕ ਦੀ ਮਾਂ-ਭੈਣ ਇਕ ਕਰਕੇ ਜਾਂ ਕੁੱਤੇਖਾਣੀ ਕਰ ਕੇ। ਸਾਡੇ ਕੌਲ ਅੱਜ ਦੇ ਜਮਾਨੇ ਵਿਚ ਮੀਡੀਆ ਰੂਪੀ ਪ੍ਰਭਾਵਸ਼ਾਲੀ ਹਥਿਆਰ ਹੈ। ਸੋ ਬਜਾਇ ਉਸ ਆਲੋਚਕ ਦੀ ਗ੍ਰਿਫਤਾਰੀ ਜਾਂ ਮਾਰ-ਕੁੱਟ ਦੀ ਥਾਂ ਉਸ ਨਾਲ ਉਸਾਰੂ ਸੰਵਾਦ ਰਚਾਉਣ ਦਾ ਮੀਡੀਆ ਤੇ ਪ੍ਰਬੰਧ ਕੀਤਾ ਜਾਵੇ। ਸਾਡਾ ਦਾਅਵਾ ਹੈ ਕਿ ਸਾਡੇ ਕੌਲ ਵੱਡੇ ਵੱਡੇ ਵਿਦਵਾਨ ਹਨ। ਫੇਰ ਉਨ੍ਹਾਂ ਨੂੰ ਉਸ ਆਲੋਚਕ ਨਾਲ ਸੰਵਾਦ ਰਚਾ ਕੇ ਉਸ ਦੇ ਝੂਠ ਅਤੇ ਕਪਟ ਨੂੰ ਨੰਗਾ ਕਰਨਾ ਚਾਹੀਦਾ ਹੈ ਜਾਂ ਉਸ ਦੇ ਸਵਾਲਾਂ ਦੇ ਜਵਾਬ ਦੇ ਕੇ ਉਸ ਨੂੰ ਸੰਤੁਸ਼ਟ ਕਰਨਾ ਚਾਹੀਦਾ ਹੈ। ਜੇ ਈਸਾਈ ਬੀਬੀ ਅਤੇ ਸੁਰਜੀਤ ਗੱਗ ਦੇ ਤਾਜ਼ਾ ਮਸਲਿਆਂ ਤੇ ਐਸਾ ਕੀਤਾ ਗਿਆ ਹੁੰਦਾ ਤਾਂ ਨਾਨਕ ਸੇਧ ਦੀ ਬਹੁਤ ਵਧੀਆ ਮਿਸਾਲ ਬਣ ਜਾਣੀ ਸੀ, ਜਿਸ ਨੇ ਹੋਰ ਫਿਰਕਿਆਂ ਲਈ ਵੀ ਮਾਰਗ-ਦਰਸ਼ਕ ਦਾ ਕੰਮ ਕਰਨਾ ਸੀ। ਪਰ ਅਸੀਂ ਤਾਂ ਸ਼ਾਇਦ ਧਮਕੀਆਂ/ਡਰਾਵਿਆਂ/ਧੌਂਸਾਂ ਵਿਖਾ ਕੇ ਮਾਫੀ ਮੰਗਵਾ ਲੈਣ ਨੂੰ ਹੀ ਹਾਲੀਂ ਸਿੱਖੀ ਮੰਨੀ ਬੈਠੇ ਹਾਂ ਅਤੇ ਬਾਬਾ ਨਾਨਕ ਦੀ ਸੇਧ ਨਾਲ ਸਾਨੂੰ ਕੋਈ ਵਾਸਤਾ ਨਹੀਂ ਰਿਹਾ, ਸਿਰਫ ਂਾ ਨਾਂ ਵਰਤਨਾ ਹੁੰਦਾ ਹੈ।
ਸਿੱਖ ਫਿਰਕੇ ਦੇ ਸੰਬੰਧ ਵਿਚ ਇਕ ਹੋਰ ਗੱਲ ਵਿਚਾਰਨ ਯੋਗ ਹੈ। ਅੱਜ ਦੇ ਸਮੇਂ ਵਿਚ ਕਿਸੇ ਆਲੋਚਕ ਵਲੋਂ ਕੀਤੀ ਹਰ ਛੋਟੀ ਵੱਡੀ ਆਲੋਚਣਾ ਆਦਿ ਤੇ ਉਹ ਆਸਮਾਨ ਸਿਰ ਤੇ ਉਠਾ ਲੈਂਦੇ ਹਨ ਪਰ ਉਪਰ ਵਿਚਾਰੀਆਂ ‘ਪੰਥਕ ਲਿਖਤਾਂ/ਗ੍ਰੰਥਾਂ’ ਵਿਚ ਨਾਨਕ ਸਰੂਪਾਂ ਨੂੰ ਬਦ-ਇਖਲਾਕ ਦਿਖਾਉਂਦਾ ਮਸਾਲਾ ਉਨ੍ਹਾਂ ਦੀ ‘ਸ਼ਰਧਾ’ ਨੂੰ ਚੋਟ ਨਹੀਂ ਕਰਦਾ? ਬਲਕਿ ਉਨ੍ਹਾਂ ਗ੍ਰੰਥਾਂ/ਲਿਖਤਾਂ ਦੀ ਵਿਆਖਿਆ/ਕਥਾ ਤਾਂ ਉਹ ਗੁਰਦਵਾਰਿਆਂ ਵਿਚ ਬਹੁਤ ‘ਸ਼ਰਧਾ’ ਨਾਲ ਸੁਣਦੇ ਵੇਖੇ ਜਾਂਦੇ ਹਨ। ਕੀ ਉਹ ਐਸੀਆਂ ਲਿਖਤਾਂ ਨੂੰ ਰੱਦ ਕਰਨ ਦੀ ਮਾਨਸਿਕ ਅਤੇ ਸੁਚੇਤਕ ਦਲੇਰੀ ਵਿਖਾਉਣ ਦੇ ਰਾਹ ਤੇ ਤੁਰਨ ਬਾਰੇ ਵੀ ਸੋਚਣਗੇ?
ਅੰਤ ਵਿਚ ਅਸੀਂ ਗੱਗ ਜਿਹੇ ਸੱਜਣਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਵੀਰੋ! ਜੇ ਤੁਸੀ ਸਚਮੁੱਚ ਸਮਾਜ ਸੁਧਾਰ ਦਾ ਇਰਾਦਾ ਰੱਖਦੇ ਹੋ ਤਾਂ ਉਸਾਰੂ ਆਲੋਚਣਾ ਦਾ ਮਿਆਰ ਸਿੱਖਣ ਲਈ ਇਨਕਲਾਬੀ ਲੇਖਕ ਦਰਸ਼ਨ ਸਿੰਘ ਅਵਾਰਾ ਦੀ ਆਲੋਣਨਾਤਮਕ ਕਵਿਤਾਵਾਂ (ਖਾਸਕਰ ‘ਰੱਬ ਗੁਰੂ ਨਾਨਕ ਨੂੰ’) ਦਾ ਅਧਿਐਨ ਕਰ ਸਕਦੇ ਹੋ। ਅਗਰ ਤੂਸੀ ਫਿਰਕੂਆਂ ਵਾਂਗ ਮਨ ਵਿਚ ਫਿਰਕਿਆਂ ਪ੍ਰਤੀ ਨਫਰਤ ਪਾਲ ਕੇ ਲਿਖੋਗੇ ਤਾਂ ਤੁਹਾਡੀ ਕਲਮ ਉਸ ‘ਸਾਹਿਤਕ ਬੇਈਮਾਨੀ ਅਤੇ ਬਦ-ਇਖਲਾਕੀ’ ਦੇ ਗਲਤ ਰਾਹ ਤੇ ਪੈ ਜਾਵੇਗੀ, ਜਿਸ ਦੀ ਮਜ਼ਬੂਤ ਮਿਸਾਲ ਸੁਰਜੀਤ ਗੱਗ ਦੀ ਤਾਜ਼ਾ ਕਵਿਤਾ ਹੈ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
੧੪ ਜੁਲਾਈ ੨੦੧੭ ਈਸਵੀ


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


07/16/17
ਹਰਪਾਲ ਸਿੰਘ ਫਿਰੋਜ਼ਪੁਰੀਆ

ਸਿੱਖ ਧਰਮ ਦੀ ਹੋਂਦ ਬਚਾਉਣ ਲਈ ਜਾਤੀ ਵਿਤਕਰੇ ਘਟਾਉਣੇ ਜਰੂਰੀ....

ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਕਾਲ ਵਿੱਚ ਸਖੀ ਸਰਵਰੀਆਂ ਦਾ ਜਿਕਰ ਕਰਦੇ ਸਮੇਂ ਪ੍ਰੋ ਸਾਹਿਬ ਸਿੰਘ ਜੀ ਨੇ ਜਿਕਰ ਕੀਤਾ ਹੈ।
ਕਿ ਹਿੰਦੂ ਧਰਮ ਵਿੱਚ ਜਾਤਪਾਤ ਦਾ ਬੋਲਬਾਲਾ ਹੋਣ ਕਰਕੇ ਬਹੁਤ ਸਾਰੇ ਦਲਿਤ ਲੋਕ ਮੁਸਲਮਾਨ ਧਰਮ ਵੱਲ ਜਾ ਰਹੇ ਸੀ। ਸਿੱਖ ਧਰਮ ਵਿੱਚ ਜਾਤਪਾਤ ਦਾ ਵਿਤਕਰਾ ਨਾ ਹੋਣ ਕਰਕੇ ਤੇ ਗੁਰੂ ਸਾਹਿਬਾਨਾਂ ਦੇ ਪ੍ਰਚਾਰ ਸਦਕਾ ਉਹ ਸਿੱਖ ਧਰਮ ਨਾਲ ਜੁੜਨ ਲੱਗ ਪਏ।


ਕਿਉਂਕਿ ਹਰ ਬੰਦਾ ਸਮਾਜ ਵਿੱਚ ਮਾਨ ਸਤਿਕਾਰ ਨਾਲ ਰਹਿਣਾ ਚਾਹੁੰਦਾ ਹੈ। ਮੇਰੇ ਹਿਸਾਬ ਨਾਲ ਜਾਤੀ ਵਿਤਕਰਿਆਂ ਨੂੰ ਬਰਦਾਸ਼ਤ ਕਰਨਾ ਬੜਾ ਮੁਸ਼ਕਿਲ ਹੈ, ਕਿਉਂਕਿ ਜਦੋਂ ਅਸੀਂ ਕਿਸੇ ਤੇ ਜਾਤੀ ਟਿਪਣੀ ਕਰਦੇ ਹਾਂ ਤਾਂ ਕਿਸੇ ਇੱਕ ਨੂੰ ਨਹੀ, ਉਸਦੇ ਸਾਰੇ ਖਾਨਦਾਨ ਨੂੰ ਨੌਲਦੇ ਹਾਂ(ਮਾੜਾ ਕਹਿੰਦੇ ਹਾ) ਕੋਈ ਆਪਣੇ ਬਾਰੇ ਤਾਂ ਮਾੜੇ ਬੋਲ ਸੁਣ ਸਕਦਾ ਹੈ, ਪਰ ਆਪਣੇ ਭੈਣਾਂ ਭਰਾਵਾਂ, ਜੰਮਣ ਵਾਲੇ ਮਾਂ ਬਾਪ ਤੇ ਬਾਕੀ ਰਿਸਤੇਦਾਰਾਂ ਬਾਰੇ ਨਹੀ ਸੁਣ ਸਕਦਾ। ਇਹੋ ਕਾਰਨ ਹੈ ਕਿ ਜਦੋਂ ਮੌਕਾ ਮਿਲਿਆ, ਉਨ੍ਹਾਂ ਹਿੰਦੂ ਧਰਮ ਛੱਡ ਦਿੱਤਾ।


ਪਿੱਛਲੇ 150 ਕੋ ਸਾਲ ਤੋਂ ਸਿੱਖ ਧਰਮ ਵਿੱਚ ਵੀ ਜਾਤਪਾਤ ਦਾ ਬੋਲਬਾਲਾ ਚੱਲ ਰਿਹਾ ਹੈ। ਭਾਈ ਦਿੱਤ ਸਿੰਘ ਨਾਲ ਕੀਤੇ ਗਏ ਵਿਤਕਰੇ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜਾਤਪਾਤ ਅਧਾਰਿਤ ਕੜਾਹ ਦੀ ਪ੍ਰਸ਼ਾਦਿ ਦੀ ਅਰਦਾਸ ਦੇ ਸਮੇਂ ਦੀ ਵੰਡ ਕੁਝ 1900 ਦੇ ਲਾਗੇ ਬੰਨੇ ਦੀਆਂ ਉਦਾਹਰਣਾਂ ਹਨ।
ਬਜੁਰਗ ਦੱਸਦੇ ਨੇ ਕਿ ਥੋਡ਼ਾ ਕੁ ਸਮਾਂ ਪਹਿਲਾ ਸਿੱਖ ਪਰਿਵਾਰਾਂ ਵਲੋਂ ਵੀ ਦਲਿਤਾਂ ਦੇ ਭਾਂਡੇ ਵੱਖਰੇ ਰੱਖੇ ਜਾਂਦੇ ਸੀ ਤੇ ਹਰ ਤਰ੍ਹਾਂ ਦਾ ਵਿਤਕਰਾ ਕੀਤਾ ਜਾਂਦਾ ਸੀ। ਮੌਜੂਦਾ ਸਮੇਂ ਵਿੱਚ ਕੁਝ ਫਰਕ ਪਿਆ ਹੈ ਪਰ ਅਜੇ ਵੀ ਜਾਤੀ ਵਿਤਕਰਿਆਂ ਦਾ ਬੀਜ ਨਾਸ਼ ਨਹੀ ਹੋਇਆ । ਕਈ ਥਾਵਾਂ ਤੇ ਅੱਜ ਵੀ ਵਿਤਕਰੇ ਹੋ ਰਹੇ ਨੇ। ਜਿਸਦੀ ਤਾਜ਼ਾ ਮਿਸਾਲ ਪਿੰਡ ਜੀਉਣਵਾਲਾ ਫਰੀਦਕੋਟ ਵਿੱਚ ਵੀਰ ਗੁਰਦਿੱਤ ਸਿੰਘ ਨਾਲ ਵਾਪਰੀ ਘਟਨਾ ਹੈ।


ਜਿਹਡ਼ੇ ਦਲਿਤ ਲੋਕ ਸਿੱਖ ਪਰਿਵਾਰਾਂ ਵਿੱਚ ਪੈਦਾ ਹੋਣ ਦੇ ਬਾਵਜੂਦ ਸਿੱਖ ਧਰਮ ਨੂੰ ਛੱਡ ਚੁੱਕੇ ਨੇ ਜਾਂ ਹੌਲੀ ਹੌਲੀ ਛੱਡਦੇ ਜਾਂ ਰਹੇ ਨੇ ਜਾਂ ਸਿੱਖ ਧਰਮ ਵਿੱਚ ਹੁੰਦਿਆਂ ਵੀ ਧਰਮ ਤੋਂ ਅਵੇਸਲੇ ਹੋਏ ਬੈਠੇ ਨੇ, ਉਹਨਾਂ ਵਿਚੋਂ ਬਹੁਤ ਸਾਰੇ ਕਰੀਬ 150 ਸਾਲ ਤੋਂ ਲੈ ਕੇ ਹੁਣ ਤੱਕ ਹੋ ਰਹੇ ਜਾਤੀ ਵਿਤਕਰਿਆਂ ਦੇ ਝੰਬੇ ਹੋਏ ਨੇ, ਜਿਸ ਕਰਕੇ ਉਹਨਾਂ ਦਾ ਸਿੱਖੀ ਤੋਂ ਮੋਹ ਭੰਗ ਹੋ ਚੁੱਕਾ ਹੈ।

ਇਸਦੇ ਨਾਲ ਕੁਝ ਕੁ ਲੋਕਾਂ ਵਲੋਂ ਕਿਸੇ ਸਾਜ਼ਿਸ਼ ਦੇ ਤਹਿਤ ਜਾਂ ਸਚਮੁਚ ਵਿਤਕਰਿਆਂ ਦਾ ਦਰਦ ਹੰਡਾਇਆ ਹੋਣ ਕਰਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿੱਖ ਧਰਮ ਵਿੱਚ ਜਰਨਲ ਲੋਕਾਂ ਨੇ ਕਦੇ ਵੀ ਸਾਨੂੰ ਬਣਦਾ ਮਾਨ ਸਤਿਕਾਰ ਨਹੀ ਦੇਣਾ ਤੇ ਨਾ ਹੀ ਕਦੇ ਦਿੱਤਾ ਹੈ। ਜਿਸ ਕਰਕੇ ਦਲਿਤਾਂ ਵਿਚੋਂ ਬਹੁਤ ਸਾਰੇ ਲੋਕ ਡੇਰਿਆਂ ਨਾਲ ਜੁਡ਼ ਗਏ ਤੇ ਕੁਝ ਜੁਡ਼ ਰਹੇ ਹਨ, ਕੁਝ ਨੇ ਆਪਣਾ ਨਵਾਂ ਧਰਮ ਸਥਾਪਿਤ ਕਰ ਲਿਆ ਤੇ ਕੁਝ ਇਸਾਈ ਬਣ ਗਏ ਨੇ ਤੇ ਕੁਝ ਬਣ ਰਹੇ ਹਨ।
(ਮੈ ਇਹ ਨਹੀ ਕਹਿੰਦਾ ਕਿ ਡੇਰਿਆਂ ਨਾਲ ਜੁੜਨ ਵਾਲੇ ਤੇ ਇਸਾਈ ਬਣਨ ਵਾਲੇ ਸਾਰੇ ਲੋਕ ਜਾਤਪਾਤ ਦੇ ਵਿਤਕਰੇ ਕਰਕੇ ਸਿੱਖੀ ਨਾਲੋਂ ਟੁੱਟੇ ਨੇ, ਕਿਉਂਕਿ ਇਹਨਾਂ ਵਿੱਚ ਜਰਨਲ ਕੈਟਾਗਿਰੀ ਦੇ ਵੀ ਨੇ। ਪਰ ਫਿਰ ਵੀ ਬਹੁਤ ਹੈਗੇ ਨੇ।)
ਨਾਲੇ ਅੱਜ ਬਹੁਤ ਸਾਰੇ ਦਲਿਤ ਪਰਿਵਾਰਾਂ ਨਾਲ ਸਬੰਧਤ ਲੋਕ ਚੰਗਾ ਪੜ ਲਿਖ ਕੇ ਚੰਗੇ ਸਰਕਾਰੀ ਤੇ ਗੈਰ ਸਰਕਾਰੀ ਅਹੁਦਿਆਂ ਤੇ ਚੰਗੀਆਂ ਤਨਖਾਹਾਂ ਲੈ ਕੇ ਕੰਮ ਕਰ ਰਹੇ ਨੇ। ਕਈਆਂ ਕੋਲ ਆਪਣੀਆਂ ਜਮੀਨਾਂ ਨੇ, ਕਈ ਨੇ ਛੋਟੇ ਪੱਧਰ ਤੇ ਤੇ ਕਈਆਂ ਵੱਡੇ ਪੱਧਰ ਤੇ ਆਪਣੇ ਕੰਮ ਕਾਜ ਚਲਾ ਲਏ ਨੇ। ਬਹੁਤ ਸਾਰੇ ਵਿਦੇਸ਼ਾਂ ਵਿੱਚ ਜਾ ਕੇ ਡਾਲਰ ਪੌਡ ਤੇ ਯੂਰੋ ਆਦਿ ਕਮਾ ਰਹੇ ਨੇ। ਹੁਣ ਉਹ ਸਿੱਖ ਧਾਰਮਿਕ ਥਾਵਾਂ ਤੇ ਕਾਬਜ਼ ਉੁੱਚੀਆਂ ਜਾਤਾਂ ਵਾਲਿਆ ਦਾ ਰੋਹਬ ਹੋਰ ਨਹੀ ਸਹਿਣਗੇ। ਜਾਤੀ ਟਿਪਣੀਆਂ ਨਹੀ ਸੁਣਨਗੇ।


ਸੋਹਣ ਸਿੰਘ ਸੀਤਲ ਦੀ ਕਿਤਾਬ "ਮੇਰੇ ਇਤਿਹਾਸਕ ਲੈਕਚਰ" ਦੇ ਲੇਖ "ਸਭ ਤੇ ਵੱਡਾ ਸਤਿਗੁਰ ਨਾਨਕ " ਵਿੱਚੋਂ ਇੱਕ ਗੱਲ ਪੱਲੇ ਪੈਂਦੀ ਹੈ ਕਿ ਭਗਤ ਸਾਹਿਬਾਨਾਂ ਨੇ ਵੀ ਜਾਤਪਾਤ ਦਾ ਵੱਡੀ ਪੱਧਰ ਤੇ ਵਿਰੋਧ ਕੀਤਾ, ਪਰ ਉੱਚ ਜਾਤੀਆਂ ਤੇ ਉਹਨਾਂ ਦੇ ਪ੍ਰਚਾਰ ਦਾ ਜਿਆਦਾ ਅਸਰ ਨਹੀ ਹੋਇਆ। ਪਰ ਜਦੋਂ ਉਚ ਜਾਤੀ ਖੱਤਰੀ ਪਰਿਵਾਰ ਵਿੱਚ ਵਿਚੋਂ ਗੁਰੂ ਨਾਨਕ ਸਾਹਿਬ ਜੀ ਨੇ ਜਾਤ ਪਾਤ ਦੀ ਵਿਰੋਧਤਾ ਕੀਤੀ ਤਾਂ ਸੰਗਤ ਤੇ ਪੰਗਤ ਦੀ ਉਹ ਪਰੰਪਰਾਵਾਂ ਸ਼ੁਰੂ ਹੋਈਆ ਜਿੱਥੇ ਵੱਖ ਵੱਖ ਜਾਤਾਂ ਦੇ ਲੋਕ ਇਕੱਠੇ ਬੈਠ ਕੇ ਅਾਤਮਿਕ ਤੇ ਸਰੀਰਿਕ ਭੋਜਨ ਛੱਕਦੇ ਨੇ।


ਮੌਜੂਦਾ ਸਮੇਂ ਵਿਚ ਗੁਰਬਾਣੀ ਦੇ ਸਹੀ ਪ੍ਰਚਾਰ ਦੇ ਵਾਧੇ ਕਰਕੇ ਅੱਜ ਬਹੁਤ ਸਾਰੇ ਜਰਨਲ ਪਰਿਵਾਰਾਂ ਨਾਲ ਸਬੰਧਤ ਪ੍ਰਚਾਰਕ ਵੀਰ ਤੇ ਗੁਰਬਾਣੀ ਦਾ ਗਿਆਨ ਰੱਖਣ ਵਾਲੇ ਆਮ ਲੋਕ ਜਾਤਪਾਤ ਦੇ ਨਾਂ ਤੇ ਹੋ ਰਹੇ ਵਿਤਕਰਿਆਂ ਦੀ ਵੱਡੀ ਪੱਧਰ ਤੇ ਵਿਰੋਧਤਾ ਕਰ ਰਹੇ ਨੇ ਤੇ ਦਲਿਤ ਭਾਈਚਾਰੇ ਦੇ ਲੋਕਾਂ ਨਾਲ (ਜਿਹਡ਼ੇ ਬੀੜੀਆਂ ਸਿਗਰਟਾਂ ਸ਼ਰਾਬ ਆਦਿ ਨਸ਼ਿਆਂ ਤੇ ਹੋਰ ਭੈਡ਼ੀਆਂ ਵਾਦੀਆਂ ਤੋਂ ਬਚੇ ਨੇ, ਕਿਉਂਕਿ ਨਸ਼ੇ ਤੇ ਹੋਰ ਗਲਤ ਰਾਹ ਤੇ ਤੁਰਨ ਵਾਲੇ ਨੂੰ ਤਾਂ ਕੋਈ ਵੀ ਮੂੰਹ ਲਾਉਣਾ ਪਸੰਦ ਨਹੀ ਕਰਦਾ, ਚਾਹੇ ਗਲਤ ਬੰਦਾ ਉਚ ਜਾਤੀ ਦਾ ਹੀ ਕਿਉਂ ਨਾ ਹੋਵੇ) ਬਹੁਤ ਚੰਗਾ ਮਿਲਵਰਤਣ ਕਰ ਰਹੇ ਨੇ। ਪ੍ਰਚਾਰਕ ਵੀਰ ਦਲਿਤ ਭਰਾਵਾਂ ਵਿੱਚ ਧਰਮ ਦਾ ਗਿਆਨ ਵੀ ਵੰਡ ਰਹੇ ਨੇ।


ਇਹ ਇੱਕ ਚੰਗੀ ਸ਼ੁਰੂਆਤ ਹੈ। ਅਜੇ ਹੋਰ ਅੱਗੇ ਵਧਣ ਦੀ ਲੋੜ ਹੈ।
ਮੈਂ ਸੋਹਣ ਸਿੰਘ ਜੀ ਸੀਤਲ ਦੀ ਕਿਤਾਬ ਦੇ ਹਵਾਲੇ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਥ ਦਾ ਦਰਦ ਰੱਖਣ ਵਾਲੇ ਤੇ ਪੰਥ ਦੇ ਇਸਤਰ੍ਹਾਂ ਖੇਰੂੰ ਖੇਰੂੰ ਹੋਣ ਤੋਂ ਦੁਖੀ ਹੋ ਰਹੇ ਸਾਰੇ ਜਰਨਲ ਵੀਰਾਂ ਭੈਣਾਂ ਨੂੰ ਸਿੱਖ ਧਰਮ ਵਿਚੋਂ ਜਾਤੀ ਵਿਤਕਰਿਆਂ ਨੂੰ ਖਤਮ ਕਰਨ ਲਈ ਆਪੋ ਆਪਣੇ ਤਰੀਕੇ ਨਾਲ ਮੈਦਾਨ ਵਿੱਚ ਆਉਣਾ ਪਵੇਗਾ, ਜੇ ਅਸੀਂ ਸਚਮੁਚ ਹੀ ਕੌਮ ਦਾ ਦਰਦ ਰੱਖਦੇ ਹਾਂ। ਮੌਜੂਦਾ ਸਮੇਂ ਪੰਜਾਬ ਵਿੱਚ ਇਸਾਈ ਧਰਮ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਸਾਨੂੰ ਮਿਹਨਤ ਕਰਨੀ ਹੀ ਪਵੇਗੀ, ਸਿਰਫ ਮਾਨ ਸਤਿਕਾਰ ਹੀ ਬਹਾਲ ਨਹੀ ਕਰਵਾਉਣਾ, ਦਲਿਤ ਭਰਾਵਾਂ ਨੂੰ ਦੁਨਿਆਵੀ ਵਿਦਿਆ ਤੇ ਵਿਗਿਆਨ ਤੇ ਧਰਮ ਦਾ ਗਿਆਨ ਵੀ ਦੇਣਾ ਪਵੇਗਾ।
ਅਸੀਂ ਸਾਰੇ ਜਾਣਦੇ ਕਿ ਸਾਡੇ ਬਹੁਤ ਸਾਰੇ ਭੈਣ ਭਰਾ ਰਾਧਾ ਸੁਆਮੀ, ਨੂਰਮਹਿਲੀਏ, ਸਰਸੇ ਵਾਲੇ ਤੇ ਭਨਿਆਰੇ ਵਾਲੇ ਵਰਗੇ ਹੋਰ ਸਿੱਖਾਂ ਨਾਲ ਦੁਸ਼ਮਣੀ ਦੀ ਹੱਦ ਤੱਕ ਜਾਣ ਵਾਲਿਆਂ ਦੇ ਘੇਰੇ ਵਿੱਚ ਆ ਜਾਣ ਕਰਕੇ ਸਾਡੀ ਗਿਣਤੀ ਆਟੇ ਵਿੱਚ ਲੂਣ ਜਿੰਨੀ ਰਹਿ ਗਈ ਹੈ। ਜੇ ਇਸਾਈ ਧਰਮ ਵੀ ਆਪਣਾ ਜਾਲ ਏਸੇ ਤਰ੍ਹਾਂ ਵਿਛਾਉਂਦਾ ਗਿਆ ਤਾਂ ਫੇਰ ਤਾਂ ਸਾਡਾ ਰੱਬ ਹੀ ਰਾਖਾ।


ਜਿਹੜੇ ਸੋਚਦੇ ਨੇ ਕਿ ਦਲਿਤ ਹੀ ਜਾਂਦੇ ਨੇ ਜਾਂਦੇ ਤੇ ਜਾਣ ਦਿਉ, ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਜਨਾਲਾ ਤੇ ਜਲੰਧਰ ਦੇ ਬਹੁਤ ਸਾਰੇ ਏਰੀਏ ਦੇ ਜਰਨਲ ਪਰਿਵਾਰ ਦਲਿਤਾਂ ਦੇ ਸੰਪਰਕ ਵਿੱਚ ਹੋਣ ਕਰਕੇ ਇਸਾਈ ਬਣ ਗਏ ਨੇ ਤੇ ਹੁਣ ਉਹ ਜਰਨਲ ਲੋਕ ਆਪਣੇ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਇਸਾਈ ਬਨਣ ਲਈ ਪ੍ਰੇਰ ਰਹੇ ਹਨ।


ਜਾਤਪਾਤ ਦੇ ਨਸ਼ੇ ਵਿੱਚ ਗੜੁਚ ਰਹਿਣ ਵਾਲੇ ਲੋਕਾਂ ਨੂੰ ਬੇਨਤੀ ਆ ਕਿ ਜੇ ਤੁਸੀਂ ਆਪਣੇ ਜਾਤਪਾਤ ਦੇ ਕੋਹਡ਼ ਦਾ ਇਲਾਜ ਨਾ ਕੀਤਾ ਤਾਂ ਪੰਜਾਬ ਇਸਾਈਸਤਾਨ ਬਣ ਜਾਣਾ ਏ, ਜਿਹਡ਼ੇ ਤੁਸੀਂ ਆਕੜੇ ਫਿਰਦੇ ਹੋ ਨਾ ਤੁਹਾਡੇ ਨੱਕ ਵਿੱਚ ਦਮ ਕਰ ਦੇਣਾ, ਸੰਭਲ ਜਾਉ ਅਜੇ ਵੀ ਵੇਲਾ ਹੈ, ਨਹੀ ਤੁਹਾਡੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਤੁਹਾਡੇ ਬੱਚਿਆਂ ਨੂੰ ਦੰਦਾਂ ਨਾਲ ਖੋਹਲੀਆਂ ਪੈਣੀਆਂ।
ਸਾਨੂੰ ਗੁਰੂ ਅਮਰਦਾਸ ਜੀ ਦੇ ਇਹ ਬੋਲ ਭੁਲਣੇ ਨਹੀ ਚਾਹੀਦੇ,,
"ਜਾਤਿ ਕਾ ਗਰਬੁ ਨਾ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥" ਮ:੩-1127ਸਾਨੂੰ ਪੰਜਾਬ ਵਿੱਚ ਰਹਿਣ ਵਾਲਿਆਂ ਨੂੰ ਇਹ ਨਹੀ ਪਤਾ ਹੋਣਾ ਕਿ ਪੰਜਾਬ ਵਿੱਚ ਸਿੱਖ ਕਿੰਨੇ ਪ੍ਰਤੀਸ਼ਤ ਨੇ, ਇਸਾਈ ਪੰਜਾਬ ਵਿੱਚ ਰਹਿਣ ਵਾਲੇ ਹਿੰਦੂ,ਮੁਸਲਿਮ, ਸਿੱਖ, ਜੈਨੀ, ਬੋਧੀ ਆਦਿ ਧਰਮਾਂ ਦੇ ਅੰਕੜੇ ਇਕੱਠੇ ਕਰੀ ਫਿਰਦੇ ਨੇ। ਗਰੁੱਪ ਬਣਾ ਕਿ ਪ੍ਰਚਾਰ ਕਰ ਰਹੇ ਨੇ।
ਅਸੀਂ ਤੇ ਚੌਕੀਦਾਰ ਹਾਂ, ਸਾਡਾ ਕੰਮ ਹੈ ਹੋਕਾ ਦੇਣਾ।
ਅੱਗੋਂ ਤੁਹਾਡੀ ਮਰਜ਼ੀ ।

ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


07/16/17
ਕੁਲਵੰਤ ਸਿੰਘ ਟਿੱਬਾ

ਭਾਰਤੀ ਸੰਵਿਧਾਨ ਦੀ 370 ਬਾਰੇ ਅਹਿਮ ਜਾਣਕਾਰੀ
ਜੰਮੂ ਕਸ਼ਮੀਰ ਭਾਰਤ ਦਾ ਇੱਕ ਅਜਿਹਾ ਸੂਬਾ ਹੈ, ਜਿੱਥੇ ਭਾਰਤ ਸਰਕਾਰ ਜਾਂ ਭਾਰਤ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਦੇ ਫ਼ੈਸਲੇ ਲਾਗੂ ਨਹੀਂ ਹੁੰਦੇ। ਕੇਂਦਰ ਸਰਕਾਰ ਕੋਲ ਵੀ ਜੰਮੂ ਕਸ਼ਮੀਰ ਸਬੰਧੀ ਸੀਮਤ ਸ਼ਕਤੀਆਂ ਹਨ, ਜਿਨ੍ਹਾਂ ਵਿੱਚ ਰੱਖਿਆ, ਵਿੱਤ, ਦੂਰਸੰਚਾਰ ਅਤੇ ਵਿਦੇਸ਼ ਮਾਮਲੇ ਆਉਂਦੇ ਹਨ। ਇਨ੍ਹਾਂ ਤੋਂ ਬਿਨਾਂ ਹੋਰ ਕਿਸੇ ਵੀ ਵਿਭਾਗ ਸਬੰਧੀ ਕੇਂਦਰ ਸਰਕਾਰ ਦਾ ਕੋਈ ਵੀ ਕਾਨੂੰਨ ਉਦੋਂ ਤੱਕ ਲਾਗੂ ਨਹੀਂ ਹੁੰਦਾ, ਜਦੋਂ ਤੱਕ ਜੰਮੂ ਕਸ਼ਮੀਰ ਦੀ ਐਸੰਬਲੀ ਉਸ ਕਾਨੂੰਨ ਨੂੰ ਮਾਨਤਾ ਨਹੀਂ ਦਿੰਦੀ। ਇਸ ਤੋਂ ਇਲਾਵਾ ਹੋਰ ਅਨੇਕ ਵਿਸ਼ੇਸ਼ ਅਧਿਕਾਰ ਜੰਮੂ ਕਸ਼ਮੀਰ ਕੋਲ ਹਨ, ਜੋ ਭਾਰਤ ਦੇ ਕਿਸੇ ਹੋਰ ਸੂਬੇ ਕੋਲ ਨਹੀਂ ਹਨ। ਅਜਿਹਾ ਭਾਰਤ ਦੇ ਸੰਵਿਧਾਨ ਦੀ ਧਾਰਾ 370 ਕਾਰਣ ਹੈ, ਜੋ ਸੰਵਿਧਾਨ ਅੰਦਰ ਬਾਅਦ ਵਿੱਚ ਵਿਸ਼ੇਸ਼ ਕਾਰਨਾਂ ਕਰਕੇ ਦਰਜ ਕੀਤੀ ਗਈ ਸੀ ਅਤੇ ਇਹ ਧਾਰਾ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ। ਸੰਵਿਧਾਨ ਦੀ ਇਸ ਧਾਰਾ ਦੀ ਚਰਚਾ ਆਮ ਹੁੰਦੀ ਰਹਿੰਦੀ ਹੈ ਕਿਉਂਕਿ ਸੰਘ ਅਤੇ ਸੱਤਾਧਾਰੀ ਧਿਰ ਭਾਜਪਾ ਦੇ ਜ਼ਿਆਦਾਤਰ ਆਗੂ ਇਸ ਧਾਰਾ ਨੂੰ ਖ਼ਤਮ ਕਰਨ ਦੀ ਵਕਾਲਤ ਕਰਦੇ ਰਹਿੰਦੇ ਹਨ, ਜਦਕਿ ਨੈਸ਼ਨਲ ਕਾਨਫ਼ਰੰਸ ਦੇ ਆਗੂ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਮੰਨਣਾ ਹੈ ਕਿ ਸੰਵਿਧਾਨ ਦੀ ਧਾਰਾ 370 ਕਰਕੇ ਹੀ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਹੈ। ਸੰਵਿਧਾਨ ਦੀ ਇਸ ਸਬੰਧੀ ਵੱਖ ਵੱਖ ਸਰਕਾਰੀ ਵਿਭਾਗਾਂ ਦੀ ਭਰਤੀ ਸਬੰਧੀ ਆਯੋਜਿਤ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ। ਭਾਰਤ ਦੀ ਆਜ਼ਾਦੀ ਸਮੇਂ ਅਖੰਡ ਭਾਰਤ ਵਿੱਚ ਦੇਸੀ ਰਿਆਸਤਾਂ ਸਨ ਅਤੇ ਜੰਮੂ ਕਸ਼ਮੀਰ ਦੀ ਰਿਆਸਤ ਵੀ ਸ਼ਾਮਿਲ ਸੀ। ਬਰਤਾਨੀਆ ਸਰਕਾਰ ਨੇ ਰਿਆਸਤਾਂ ਨੂੰ ਉਨ੍ਹਾਂ ਦੀ ਪਸੰਦ ਮੁਤਾਬਿਕ ਹੀ ਭਾਰਤ ਜਾਂ ਪਾਕਿਸਤਾਨ ਵਿੱਚ ਸ਼ਾਮਿਲ ਕੀਤਾ ਗਿਆ। ਇਸ ਤੋਂ ਦੂਜਾ ਨੁਕਤਾ ਇਹ ਸੀ ਕਿ ਜਿੱਥੇ ਮੁਸਲਿਮ ਵਸੋਂ 50 ਫ਼ੀਸਦੀ ਤੋਂ ਜ਼ਿਆਦਾ ਹੈ, ਉਹ ਪਾਕਿਸਤਾਨ ਦਾ ਹਿੱਸਾ ਹੋਵੇਗਾ। ਪਰ ਜੰਮੂ ਕਸ਼ਮੀਰ ਵਿੱਚ ਮੁਸਲਿਮ ਵਸੋਂ 77 ਫ਼ੀਸਦੀ ਹੋਣ ਦੇ ਬਾਵਜੂਦ ਵੀ ਉਸ ਸਮੇਂ ਜੰਮੂ ਕਸ਼ਮੀਰ ਦੇ ਰਾਜਾ ਹਰੀ ਸਿੰਘ ਨੇ ਆਜ਼ਾਦ ਰਿਆਸਤ ਵਜੋਂ ਰਹਿਣ ਦਾ ਫ਼ੈਸਲਾ ਕੀਤਾ। ਰਾਜਾ ਹਰੀ ਸਿੰਘ ਦੇ ਫ਼ੈਸਲੇ ਜੰਮੂ ਕਸ਼ਮੀਰ ਭਾਰਤ ਜਾਂ ਪਾਕਿਸਤਾਨ ਦਾ ਹਿੱਸਾ ਹੋਣ ਦੀ ਥਾਂ ਆਪਣੀ ਆਜ਼ਾਦ ਹਸਤੀ ਰਹੇਗਾ। ਰਾਜਾ ਹਰੀ ਸਿੰਘ ਨੇ ਪਾਕਿਸਤਾਨ ਨਾਲ ਇੱਕ ਸਮਝੌਤਾ ਕੀਤਾ ਕਿ ਉਹ ਸਥਿਤੀ ਨੂੰ ਜਿਉਂ ਦੀ ਤਿਉਂ ਰੱਖੇਗਾ, ਪਾਕਿਸਤਾਨ ਨਾਲ ਵਪਾਰ ਕਰੇਗਾ ਅਤੇ ਸੜਕੀ ਆਵਾਜਾਈ ਲਈ ਕੋਈ ਬੰਦਿਸ਼ ਨਹੀਂ ਹੋਵੇਗੀ। ਇਸ ਤਰਾਂ ਦਾ ਸਮਝੌਤਾ ਰਾਜਾ ਹਰੀ ਸਿੰਘ ਭਾਰਤ ਨਾਲ ਵੀ ਕਰਨਾ ਚਾਹੁੰਦਾ ਸੀ ਪਰ ਰਾਜਾ ਦੇ ਇਸ ਫ਼ੈਸਲੇ ਨਾਲ ਕਸ਼ਮੀਰ ਵਿੱਚ ਬਗ਼ਾਵਤ ਹੋ ਗਈ ਅਤੇ ਪਾਕਿਸਤਾਨ ਨੇ ਕਸ਼ਮੀਰ ਤੇ ਹਮਲਾ ਕਰ ਦਿੱਤਾ। ਰਾਜਾ ਹਰੀ ਸਿੰਘ ਦੀ ਫ਼ੌਜੀ ਸਕਤੀ ਕਮਜ਼ੋਰ ਹੋਣ ਕਾਰਣ ਉਸ ਨੂੰ ਭਾਰਤ ਤੋਂ ਸਹਿਯੋਗ ਦੀ ਮੰਗ ਕੀਤੀ ਪਰ ਭਾਰਤ ਨੇ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਿਲ ਕਰਨ ਦੀ ਸ਼ਰਤ ਤੇ ਰਾਜਾ ਹਰੀ ਸਿੰਘ ਮਦਦ ਕੀਤੀ। ਇਸ ਪਿੱਛੋਂ ਜੰਮੂ ਕਸ਼ਮੀਰ ਰਿਆਸਤ ਨੂੰ ਕੁੱਝ ਵਿਸ਼ੇਸ਼ ਅਧਿਕਾਰ ਦੇ ਕੇ ਭਾਰਤ ਵਿੱਚ ਸ਼ਾਮਿਲ ਕੀਤਾ। ਇਹ ਵਿਸ਼ੇਸ਼ ਅਧਿਕਾਰ ਭਾਰਤ ਦੇ ਸੰਵਿਧਾਨ ਦੀ ਧਾਰਾ 370 ਰਾਹੀਂ ਪ੍ਰਦਾਨ ਕੀਤੇ ਗਏ। ਪਰ ਇਹ ਧਾਰਾ ਆਰਜ਼ੀ ਤੌਰ ਤੇ ਲਿਖਿਆ ਹੋਇਆ ਹੈ ਜਦਕਿ ਉਸ ਸਮੇਂ ਇਸ ਧਾਰਾ ਦੀ ਪੱਕੇ ਤੌਰ ਤੇ ਮੰਗ ਕੀਤੀ ਗਈ ਸੀ। ਇਸ ਧਾਰਾ ਤਹਿਤ ਜੰਮੂ ਕਸ਼ਮੀਰ ਦੇ ਨਾਗਰਿਕਾਂ ਕੋਲ ਦੋਹਰੀ ਨਾਗਰਿਕਤਾ ਹੁੰਦੀ ਹੈ। ਪਹਿਲੀ ਨਾਗਰਿਕਤਾ ਕਸ਼ਮੀਰ ਅਤੇ ਦੂਜੀ ਨਾਗਰਿਕਤਾ ਭਾਰਤ ਦੀ। ਭਾਰਤ ਦੇ ਕਿਸੇ ਹੋਰ ਰਾਜ ਦਾ ਵਸਨੀਕ ਜੰਮੂ ਕਸ਼ਮੀਰ ਵਿੱਚ ਜ਼ਮੀਨ ਨਹੀਂ ਖ਼ਰੀਦ ਸਕਦਾ ਅਤੇ ਨਾ ਹੀ ਕੋਈ ਉਦਯੋਗ ਲਗਾ ਸਕਦਾ ਹੈ। ਜੰਮੂ ਕਸ਼ਮੀਰ ਦਾ ਆਪਣਾ ਖ਼ੁਦ ਦਾ ਕੌਮੀ ਝੰਡਾ ਹੈ, ਜੇਕਰ ਜੰਮੂ ਕਸ਼ਮੀਰ ਵਿੱਚ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦਾ ਅਪਮਾਨ ਹੋ ਜਾਂਦਾ ਹੈ ਤਾਂ ਉਸ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ। ਇਸ ਧਾਰਾ ਕਾਰਣ ਹੀ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ ਜਦਕਿ ਭਾਰਤ ਦੇ ਬਾਕੀ ਰਾਜਾਂ ਅੰਦਰ ਪੰਜ ਸਾਲ ਦੀ ਟਰਨ ਹੁੰਦੀ ਹੈ। ਜੇਕਰ ਜੰਮੂ ਕਸ਼ਮੀਰ ਦੀ ਲੜਕੀ ਭਾਰਤ ਦੇ ਕਿਸੇ ਹੋਰ ਰਾਜ ਦੇ ਲੜਕੇ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਉਸ ਲੜਕੀ ਦੀ ਕਸ਼ਮੀਰ ਦੀ ਨਾਗਰਿਕਤਾ ਰੱਦ ਹੋ ਜਾਂਦੀ ਹੈ ਪਰ ਜੇਕਰ ਇਸ ਦੇ ਉਲਟ ਕਸ਼ਮੀਰ ਦੀ ਲੜਕੀ ਪਾਕਿਸਤਾਨ ਦੇ ਲੜਕੇ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਉਸ ਲੜਕੀ ਦੀ ਨਾਗਰਿਕਤਾ ਵੀ ਬਰਕਰਾਰ ਰਹਿੰਦੀ ਹੈ ਸਗੋਂ ਪਾਕਿਸਤਾਨੀ ਲਾੜੇ ਨੂੰ ਵੀ ਕਸ਼ਮੀਰ ਦੀ ਨਾਗਰਿਕਤਾ ਮਿਲ ਜਾਂਦੀ ਹੈ। ਜਿਸਦੇ ਸਿੱਟੇ ਵਜੋਂ ਉਹ ਪਾਕਿਸਤਾਨੀ ਲਾੜਾ ਆਪਣੇ ਆਪ ਹੀ ਭਾਰਤ ਦਾ ਨਾਗਰਿਕ ਵੀ ਬਣ ਜਾਂਦਾ ਹੈ। ਜੰਮੂ ਕਸ਼ਮੀਰ ਵਿੱਚ ਭਾਰਤੀ ਰਾਸ਼ਟਰੀ ਸੰਵਿਧਾਨ ਦੀ ਧਾਰਾ 360 ਅਧੀਨ ਵਿੱਤੀ ਐਮਰਜੈਂਸੀ ਨਹੀਂ ਲਗਾ ਸਕਦਾ। ਇਸ ਤੋਂ ਇਲਾਵਾ ਰਾਸ਼ਟਰਪਤੀ ਕਸ਼ਮੀਰ ਵਿੱਚ ਧਾਰਾ 356 ਅਧੀਨ ਨੈਸ਼ਨਲ ਐਮਰਜੈਂਸੀ ਲਾਗੁ ਨਹੀਂ ਹੋ ਸਕਦੀ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਜਾਂ ਵਜੀਰ ਏ ਆਲ੍ਹਾ ਕਿਹਾ ਜਾਂਦਾ ਹੈ। ਭਾਰਤ ਸਰਕਾਰ ਦੇ ਅਹਿਮ ਕਾਨੂੰਨ ਆਰ. ਟੀ. ਆਈ (ਸੂਚਨਾ ਦਾ ਅਧਿਕਾਰ), ਆਰ. ਟੀ. ਈ. (ਸਿੱਖਿਆ ਦਾ ਅਧਿਕਾਰ) ਅਤੇ ਕੈਗ ਆਦਿ ਜੰਮੂ ਕਸ਼ਮੀਰ ਵਿੱਚ ਲਾਗੁ ਨਹੀਂ ਹਨ। ਇੱਥੋਂ ਤੱਕ ਕਿ ਸੁਪਰੀਮ ਕੋਰਟ ਦਾ ਆਦੇਸ਼ ਵੀ ਜੰਮੂ ਕਸ਼ਮੀਰ ਵਿੱਚ ਲਾਗੂ ਨਹੀਂ ਹੁੰਦਾ।
ਕੁਲਵੰਤ ਸਿੰਘ ਟਿੱਬਾ
ਸੰਪਰਕ 9217971379


07/09/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ–੩੧

ਗੁਰਬਾਣੀ ਦੇ ਚਾਨਣ ਵਿੱਚ "ਹੰਕਾਰ" ਦੀ ਵਿਆਖਿਆ

ਹੰਕਾਰ, ਅਹੰਕਾਰ, ਹਉਮੈ, ਮਾਨ, ਗੁਮਾਨ, ਅਭਿਮਾਨ, ਗਰਬ, ਅਹੰ, ਅਹੰਮੇਉ, ਅਹੰਬੁਧ ਅਤੇ ਖ਼ੁਦੀ ਅਹੰਕਾਰ ਦੇ ਸਮਾਨਾਰਥਕ ਹਨ। ਹੰਕਾਰ ਇਕ ਅਜਿਹਾ ਔਗੁਣ ਹੈ ਜੋ ਸਾਰਿਆਂ ਨੂੰ ਗੰਭੀਰ ਖ਼ਤਰੇ ਵਿਚ ਪਾ ਸਕਦਾ ਹੈ।  ਇਕ ਹੰਕਾਰੀ ਮਨੁੱਖ ਨਾਜਾਇਜ਼ ਖੁੱਲ੍ਹ ਲੈ ਕੇ ਉਹ ਕੰਮ ਕਰਦਾ ਹੈ ਜੋ ਉਸ ਦੇ ਅਧਿਕਾਰ ਵਿੱਚ ਨਹੀਂ ਹੁੰਦਾ, ਇਸ ਦੇ ਨਤੀਜੇ ਬੁਰੇ ਨਿਕਲਦੇ ਹਨ। ਵਿਰਲਿਆਂ ਨੂੰ ਛੱਡ ਕੇ, ਮੰਨੇ ਗਏ ਵੱਡੇ ਵੱਡੇ ਦੇਵੀ ਦੇਵਤੇ, ਰਿਸ਼ੀ ਮੁਨੀ, ਰਾਜੇ, ਮਹਾਂਰਾਜੇ ਵੀ ਇਸ ਹੰਕਾਰ ਦੀ ਮਾਰ ਤੋਂ ਬਚ ਨਹੀਂ ਸੱਕੇ। ਇਸ ਕਰਕੇ ਵੱਡੇ-ਵੱਡੇ ਸਾਮਰਾਜ ਮਿੱਟੀ ਵਿੱਚ ਮਿਲ ਗਏ-ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥(੨੭੯)

ਸੰਸਾਰ ਦਾ ਹਰ ਕੰਮ ਕੁਦਰਤ ਦੇ ਨਿਯਮਾਂ ਤੇ ਤਰੀਕਿਆਂ ਨਾਲ ਹੀ ਹੁੰਦਾ ਹੈ ਪਰ ਹੰਕਾਰ ਵਿੱਚ ਡੁੱਬੇ ਲੋਕ ਅਜਿਹਾ ਮੰਨਦੇ ਹਨ ਕਿ ਸਭ ਕੁਝ ਉਹੀ ਕਰ ਰਹੇ ਹਨ। ਜੇ ਇੱਕ ਬੈਲ ਗੱਡੀ ਥੱਲੇ ਤੁਰਿਆ ਜਾਂਦਾ ਕੁੱਤਾ ਜਾਂ ਕੋਈ ਜਾਨਵਰ ਇਹ ਸੋਚੇ ਕਿ ਬੈਲ ਗੱਡੀ ਮੈਂ ਹੀ ਖਿੱਚ ਜਾਂ ਚਲਾ ਰਿਹਾ ਹਾਂ ਤਾਂ ਇਹ ਉਸ ਦਾ ਵੱਡਾ ਭੁਲੇਖਾ ਅਤੇ ਹੰਕਾਰ ਹੈ। ਇਵੇਂ ਹੀ ਹੰਕਾਰੀ ਸੋਚਦਾ ਹੈ ਕਿ ਇਹ ਸਭ ਮੈਂ ਕਰ ਰਿਹਾ ਹਾਂ ਪਰ ਜਿਉਂ ਹੀ ਇਨਸਾਨ ਇਹ ਭੇਦ ਜਾਣ ਲੈਂਦਾ ਹੈ, ਉਸ ਦਾ ਹੰਕਾਰ ਟੁੱਟ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਖੇ ਅਹੰਕਾਰ ਬਾਰੇ ਹੋਰ ਵੀ ਦਰਸਾਇਆ ਹੈ ਕਿ-ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ॥ ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸ੍ਤੀਰਨਹ॥ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ॥ ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ॥ ਬੈਦ੍ਯ੍ਯੰ ਪਾਰਬ੍ਰਹਮ ਪਰਮੇਸ੍ਵਰ ਆਰਾਧਿ ਨਾਨਕ ਹਰਿ ਹਰਿ ਹਰੇ॥ ੪੯॥ (੧੩੫੮) ਭਾਵ ਹੇ ਪਾਪੀ ਅਹੰਕਾਰ! ਤੂੰ ਜੀਵਾਂ ਦੇ ਜਨਮ ਮਰਨ ਦਾ ਮੂਲ ਕਾਰਨ ਹੈਂ। ਸੰਸਾਰਕ ਮਾਇਆ ਰਾਹੀਂ ਤੂੰ ਮਿੱਤ੍ਰਾਂ ਛੱਡ, ਵੈਰੀ ਦ੍ਰਿੜ ਕਰਾਈ ਜਾਂਦਾ ਹੈਂ। ਤੇਰੇ ਵੱਸ ਵਿੱਚ ਹੋ ਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਅਨੇਕਾਂ ਦੁਖ ਸੁਖ ਭੋਗਦੇ ਹਨ। ਭਟਕਣਾ ਵਿੱਚ ਪੈ ਕੇ, ਮਾਨੋ, ਡਰਾਉਣੇ ਜੰਗਲ ਵਿਚੋਂ ਦੀ ਲੰਘਦੇ, ਭਿਆਨਕ ਰੋਗਾਂ ਵਿੱਚ ਫਸ ਜਾਂਦੇ ਹਨ। ਹੇ ਨਾਨਕ! ਉਸ ਪ੍ਰਭੂ ਵੈਦ ਨੂੰ ਹਰ ਵੇਲੇ ਸਿਮਰ ਜੋ ਤੈਨੂੰ ਇਸ ਰੋਗ ਤੋਂ ਬਚਾ ਸਕਦਾ ਹੈ। ਮਨੁਖ ਵਿੱਚ ਸਭ ਤੋਂ ਵੱਧ ਮਾਨਸਿਕ ਰੋਗ ਹਉਮੈ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਇਸ ਨੂੰ ਦੀਰਘ ਰੋਗ ਦਰਸਾਇਆ ਗਿਆ ਹੈ ਪਰ ਨਾਲ ਹੀ ਇਸ ਦਾ ਇਲਾਜ ਵੀ ਦੱਸਿਆ ਹੈ-ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਇ॥੨॥(੪੬੬)
ਬਾਕੀ ਜੀਵਾਂ ਵਿੱਚ ਇੱਕ ਇੱਕ ਰੋਗ ਭਾਰੂ ਹੈ ਜਿਵੇਂ ਕਿ ਕਾਮ ਦਾ ਹਾਥੀ, ਜੀਭ ਦਾ ਮੱਛੀ, ਕੰਨ ਦਾ ਮ੍ਰਿਗ ਅਤੇ ਦ੍ਰਿਸ਼ਟੀ ਦਾ ਰੋਗ ਪਤੰਗੇ ਨੂੰ ਪਰ ਮਨੁੱਖ ਪੰਜਾਂ ਵਿੱਚ ਗ੍ਰਸਤ ਹੈ-ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥ ਪੰਚ ਦੋਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ॥੧॥(੪੮੬) ਉਪ੍ਰੋਕਤ ਗੁਰਬਾਣੀ ਪੰਕਤੀ ਵਿੱਚ ਦਰਸਾਇਆ ਗਿਆ ਹੈ ਕਿ ਇਨ੍ਹਾਂ ਜੀਵਾਂ ਵਿੱਚ ਇੱਕ ਇੱਕ ਦੋਖ ਹੋਣ ਕਰਕੇ ਬਿਨਾਸ ਹੋ ਰਹੇ ਹਨ। ਜਿਸ ਮਨੁਖ ਵਿੱਚ ਨਾ ਸਾਧੇ ਜਾ ਸਕਣ ਵਾਲੇ ਪੰਜੇ ਦੋਖ ਹਨ ਉਸ ਦੇ ਬਚਣ ਦੀ ਕਿਥੋਂ ਤੱਕ ਆਸ ਕੀਤੀ ਜਾ ਸਕਦੀ ਹੈ। ਹੰਕਾਰ ਰੱਬ ਨੂੰ ਨਹੀਂ ਭਾਂਉਂਦਾ-ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ॥(੧੦੮੯) ਹੰਕਾਰੀ ਸਦਾ ਮਾਰ ਖਾਂਦੇ ਹਨ-ਹੰਕਾਰਿਆ ਸੋ ਮਾਰਿਆ (ਕਹਾਵਤ)

ਗੁਰਸਿਖ ਸਵੈਮਾਨੀ ਹੁੰਦਾ ਹੈ ਨਾ ਕਿ ਅਭਿਮਾਨੀ ਅਤੇ ਉਹ ਹਰ ਵੇਲੇ ਸਵੈਮਾਣਤਾ ਨਾਲ ਇਹ ਹੀ ਅਰਦਾਸ ਕਰਦਾ ਹੈ-ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ ਰਹਾਉ॥ (੬੪੧) ਗੁਰਸਿੱਖ ਨੇ ਹੰਕਾਰ ਨੂੰ ਸਵੈਮਾਨ ਵਿੱਚ ਬਦਲਣਾ ਹੈ। ਹੰਕਾਰ ਵਿਨਾਸ਼ਕਾਰੀ ਹੋਣ ਕਰਕੇ ਬਹੁਤੇ ਵਿਦਵਾਨ ਤੇ ਧਰਮ ਗ੍ਰੰਥ ਹੰਕਾਰ ਨੂੰ ਬੁਰਾ ਮੰਨਦੇ ਹਨ। ਇਸ ਲਈ ਸਾਨੂੰ ਆਪਣੀ ਕਿਸੇ ਵੀ ਚੰਗੀ ਗੱਲ 'ਤੇ ਹੰਕਾਰ ਕਰਨਾ ਅਤੇ ਆਪ ਨੂੰ ਦੂਜੇ ਤੋਂ ਉੱਚਾ ਨਹੀਂ ਸਮਝਣਾ ਚਾਹੀਦਾ। ਦੇਖੋ! ਜੇ ਕੁਦਰਤ ਨੇ ਸਾਡੇ ਅੰਦਰ ਹੰਕਾਰ ਪੈਦਾ ਕੀਤੈ ਤਾਂ ਉਸਦੀ ਕੋਈ ਨਾ ਕੋਈ ਲੋੜ ਜ਼ਰੂਰ ਹੈ। ਜਿਵੇਂ ਬਾਕੀ ਕਾਂਮ, ਕ੍ਰੋਧ, ਲੋਭ ਅਤੇ ਮੋਹ ਵੀ ਆਤਮਿਕ ਤੇ ਆਰਥਕ ਵਿਕਾਸ ਲਈ ਸਹਾਈ ਹੁੰਦੇ ਨੇ, ਉਸੇ ਤਰ੍ਹਾਂ ਹੰਕਾਰ ਵੀ ਆਪਣੇ ਆਤਮਿਕ ਤੇ ਆਰਥਕ ਵਿਕਾਸ ਲਈ ਸਹਾਈ ਹੋ ਸਕਦਾ ਹੈ। ਹੁਣ ਜੇ ਆਪਾਂ ਹੰਕਾਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਸਲ ਵਿੱਚ ਇਹ ਹੈ ਕੀ, ਤਾਂ ਡੂੰਘੀ ਵਿਚਾਰ ਤੋਂ ਪਤਾ ਚਲੇਗਾ ਕਿ ਹੰਕਾਰ ਸਿਰਫ ਹਉਂਮੈ ਬਿਰਤੀ ਹੈ। ਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਬਹੁਤ ਸਿਆਣਾ, ਤਾਕਤਵਰ, ਦਿਮਾਗੀ, ਕਾਰੋਬਾਰੀ, ਚੰਗਾ ਅਧਿਆਪਕ ਅਤੇ ਵਿਗਿਆਨੀ ਆਦਿਕ ਹਾਂ, ਉਸ  ਵੇਲੇ ਮੈਂ-ਮੇਰੀ ਹਉਂਮੈ-ਹੰਕਾਰ ਦੀ ਭਾਵਨਾ ਭਾਰੂ ਹੁੰਦੀ ਹੈ। ਹੰਕਾਰੀ ਮਨੁੱਖ ਜੀਂਦਾ ਮੁਰਦਾ ਹੈ-ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧੰਨਵੰਤ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ॥(੨੫੩) ਅਜਿਹਾ ਹੰਕਾਰ ਖਤਰਨਾਕ ਹੋ ਸਕਦਾ ਹੈ ਜੋ ਕਿਸੇ ਨਾਲ ਸਿੱਧੇ ਮੂੰਹ ਗਲ ਹੀ ਨਾ ਕਰਨ-ਸੁਣਨ ਦੇਵੇ ਅਤੇ ਆਪਣੇ ਮੂੰਹੋਂ ਕੁੱਝ ਐਸਾ ਬੋਲੇ ਜੋ ਦੂਜਿਆਂ ਨੂੰ ਦੁੱਖ ਦੇਵੇ। ਮਤਲਵ ਜਦ ਆਪਣੇ ਆਪ ‘ਤੇ ਇੰਨ੍ਹਾਂ ਜ਼ਿਆਦਾ ਗੁਮਾਨ ਹੋ ਜਾਵੇ ਕਿ ਲੋਕਾਂ ਨੂੰ ਨਖਿੱਧ ਜਾਣੇ ਤਾਂ ਹੰਕਾਰ ਆਪਣੇ ਭਵਿੱਖ ਲਈ ਬਹੁਤ ਹੀ ਹਾਨੀਕਾਰਕ ਸਾਬਤ ਹੋ ਸਕਦਾ ਹੈ। ਜੇ ਅਸੀਂ ਆਪਣੇ ਆਪ ਨੂੰ ਜ਼ਿਆਦਾ ਹੀ ਸਿਆਣੇ ਸਮਝਦੇ ਦੂਜਿਆਂ ਦੀ ਗਲ ਹੀ ਨਹੀਂ ਸੁਣਾਗੇ ਤਾਂ ਫਿਰ ਆਪਣੇ ਜੀਵਨ ਵਿੱਚ ਤਰੱਕੀ ਕਿਵੇਂ ਕਰ ਸਕਾਂਗੇ? ਜਦੋਂ ਅਸੀਂ ਕਿਸੇ ਦੀ ਗਲ ਨੂੰ ਨਖਿੱਧ ਅਣਗੌਲਿਆ ਕਰਾਂਗੇ, ਤਾਂ ਦੂਸਰੇ ਨੂੰ ਸਾਡੇ ‘ਤੇ ਗੁੱਸਾ ਆਵੇਗਾ। ਅਜਿਹੇ ਹੰਕਾਰੀ ਵਤੀਰੇ ਕਾਰਨ ਕਈ ਰਿਸ਼ਤੇ ਨਾਤੇ ਟੁੱਟਣਗੇ ਅਤੇ ਅਸੀਂ ਜੀਵਨ ਵਿੱਚ ਅੱਗੇ ਤਰੱਕੀ ਨਹੀਂ ਕਰ ਸਕਾਂਗੇ। ਜੇ ਮਨੁੱਖ ਹੰਕਾਰ ‘ਤੇ ਕਾਬੂ ਪਾ ਲਵੇ ਤਾਂ ਇਸ ਦੇ ਫਾਇਦੇ ਬਹੁਤ ਹਨ। ਸਵੈਮਾਣਤਾ ਸਾਨੂੰ ਉੱਦਮ ਦਾ ਬਲ ਬਖਸ਼ਦੀ ਹੈ ਜਿਸ ਨਾਲ ਅਸੀਂ ਔਖੇ ਤੋਂ ਔਖਾ ਕੰਮ ਵੀ ਸਹਿਜ ਸੁਭਾਅ ਕਰ ਜਾਂਦੇ ਹਾਂ। ਆਪਣੇ ਅੰਦਰ ਸ਼ੁੱਧ ਅਹੰਕਾਰ ਸਵੈਮਾਨ ਪੈਦਾ ਕਰਕੇ ਚੰਗੇ ਕੰਮ ਕਰੀਏ ਤਾਂ ਅਜਿਹੇ ਹੰਕਾਰ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ। ਇਸ ਤਰ੍ਹਾਂ ਜ਼ਿੰਦਗੀ ਵਿੱਚ ਕਈ ਮੌਕਿਆਂ ‘ਤੇ ਅਸੀਂ ਹੰਕਾਰ ਨੂੰ ਸਵੈਮਾਨਤਾ ਵਿੱਚ ਬਦਲ ਕੇ ਚੰਗੇ ਕੰਮ ਕਰ ਸਕਦੇ ਹਾਂ, ਜਿੰਨ੍ਹਾਂ ਦਾ ਸਮਾਜ ਨੂੰ ਵੀ ਲਾਭ ਹੁੰਦਾ ਹੈ। ਹੰਕਾਰ ਨੂੰ ਮਾਰਨ ਦਾ ਮਤਲਵ ਕਿ ਆਪਣਾ ਆਤਮ ਬਲ ਵਧਾ, ਵਿਕਾਰਾਂ ‘ਤੇ ਕਾਬੂ ਪਾ ਉਨ੍ਹਾਂ ਦੀ ਤਾਕਤ ਦੀ ਯੋਗ ਵਰਤੋਂ ਕਰ ਸਮਾਜ ਭਲੇ ਲਈ ਵਰਤੀਏ। ਜਰਾ ਸੋਚੋ! ਅਸੀਂ ਵਿਕਾਰ ਨਹੀਂ ਹਾਂ, ਵਿਕਾਰਾਂ ਦੀ ਸ਼ਕਤੀ ਕੁਦਰਤ ਨੇ ਸਾਡੇ ਲਈ ਬਣਾਈ ਹੈ ਤਾਂ ਜੋ ਅਸੀਂ ਉਸ ਸ਼ਕਤੀ ਨੂੰ ਵਰਤ ਸਕੀਏ। ਜਦ ਤੱਕ ਅਸੀਂ ਆਪਣੀ ਅੰਦਰਲੀ ਸਵੈਮਾਨ ਵਾਲੀ ਸ਼ਕਤੀ ਨੂੰ ਨਹੀਂ ਪਛਾਣਦੇ ਅਤੇ ਇਸ ਦੀ ਯੋਗ ਵਰਤੋਂ ਠੀਕ ਤਰ੍ਹਾਂ ਨਹੀਂ ਕਰਦੇ ਤਦ ਅਸੀਂ ਵਿਕਾਰਾਂ ਅਧੀਨ ਹੋ ਪੁੱਠੇ ਕੰਮ ਕਰਦੇ ਹਾਂ। ਜੇਕਰ ਪੰਜਾਂ ਵਿਕਾਰਾਂ ਦੀ ਸਹੀ ਵਰਤੋਂ ਕਰੀਏ ਤਾਂ ਸਵੈਮਾਨਤਾ ਨਾਲ ਆਪਣੇ ਅਤੇ ਕਈ ਹੋਰਾਂ ਦੇ ਕਾਜ ਸਵਾਰ ਸਕਦੇ ਹਾਂ।

ਸਾਡਾ ਸਰੀਰ ਇੱਕ ਰਥ ਅਤੇ ਪੰਜ ਕਾਂਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਸ ਦੇ ਘੋੜੇ ਹਨ। ਇਨ੍ਹਾਂ ਨੂੰ ਕਾਬੂ ਕਰਨ ਲਈ ਘਰ ਬਾਰ ਛੱਡ ਕੇ ਜੰਗਲੀਂ ਜਾਣ ਦੀ ਲੋੜ ਨਹੀਂ। ਗੁਰ ਫੁਰਮਾਨ ਹੈ-ਦੇਸੁ ਛੋਡਿ ਪਰਦੇਸਹਿ ਧਾਇਆ॥ ਪੰਚ ਚੰਡਾਲ ਨਾਲੇ ਲੈ ਆਇਆ॥(੧੩੪੮) ਧਿਆਨ ਦਿਉ! ਜੇ ਘੋੜੇ ਹੀ ਮਾਰ ਦਿੱਤੇ ਜਾਣ ਤਾਂ ਰਥ ਕਿਵੇਂ ਚੱਲੇਗਾ? ਜੇ ਮਾਰਨ ਦੀ ਬਜਾਏ ਅਥਰੇ ਘੋੜਿਆਂ ਨੂੰ ਲਗਾਂਮ ਪਾ ਲਈ ਜਾਏ ਤਾਂ ਕੰਟਰੋਲ ਵਿੱਚ ਵਧੀਆ ਕੰਮ ਕਰਦੇ ਹਨ। ਗੁਰੂ ਸ਼ਬਦ ਦੀ ਲੁਗਾਂਮ ਅਤੇ ਸੰਜਮ ਦਾ ਅੰਕੁਰ ਲਗਾ ਲਿਆ ਜਾਵੇ ਤਾਂ ਜਿੰਦਗੀ ਦੇ ਸਫਰ ਵਿੱਚ, ਸਰੀਰ ਰੂਪੀ ਰਥ ਵਧੀਆ ਚੱਲ ਸਕਦਾ ਹੈ। ਸਿੱਖ ਨੇ ਕਾਮ ਨੂੰ ਪ੍ਰਵਾਰਕ ਵਾਧੇ, ਕ੍ਰੋਧ ਨੂੰ ਅਣਖ, ਲੋਭ ਨੂੰ ਲੋਕ ਭਲਾਈ ਵਾਲੀ ਤਰੱਕੀ, ਮੋਹ ਨੂੰ ਮਨੁੱਖਤਾ ਦੇ ਪ੍ਰੇਮ ਅਤੇ ਅਹੰਕਾਰ ਨੂੰ ਸਵੈਮਾਣਤਾ ਵਿੱਚ ਬਦਲ ਕੇ, ਸੰਸਾਰਕ ਵਾਧਾ, ਪਿਆਰ, ਅਣਖ, ਨਿਮਰਤਾ, ਆਪਣੀ ਤੇ ਦੂਜਿਆਂ ਦੀ ਤਰੱਕੀ, ਮੋਹ ਤੋਂ ਉੱਪਰ ਉੱਠ ਸਮੁੱਚੀ ਮਨੁੱਖਤਾ ਨਾਲ ਪ੍ਰੇਮ ਕਰਕੇ, ਆਪਣੀ ਅਤੇ ਦੁਨੀਆਂ ਦੀ ਭਲਿਆਈ ਕਰਦੇ ਆਪਣਾ ਮਨੁੱਖਾ ਜੀਵਨ ਸਫਲ ਕਰਨਾ ਹੈ। ਸੋ ਪੰਜ ਵਿਸ਼ੇ ਗੁਰੂ ਸ਼ਬਦ ਦੀ ਲੁਗਾਂਮ ਅਤੇ ਕਰਤੇ ਦੀ ਮਿਹਰ ਦੇ ਚਾਬਕਾਂ ਨਾਲ ਹੀ ਕਾਬੂ ਰੱਖੇ ਜਾ ਸਕਦੇ ਹਨ। ਇਹ ਸੀ ਪੰਜਾਂ ਵਿਸ਼ਿਆਂ ਦੀ ਲੜੀਵਾਰ ਵਿਸਥਾਰਥ ਵਿਆਖਿਆ।


07/09/17
ਆਤਮਜੀਤ ਸਿੰਘ, ਕਾਨਪੁਰ

ਅਖੌਤੀ ਦਸਮ ਗ੍ਰੰਥ ਦਾ ਰੱਬ ਮਹਾਂ ਕ੍ਰੋਧੀ, ਨਿਰਬਲ, ਬਿਮਾਰੀਆਂ ਪੈਦਾ ਕਰਨ ਵਾਲਾ, ਜਿਸ ਨੂੰ ਪਸੀਨਾ ਵੀ ਆਉਂਦਾ ਹੈ :
---------------------------
---------------------------
'ਜਿਸ ਗ੍ਰੰਥ ਦਾ ਰੱਬ ਹੀ ਮਹਾਂ ਕ੍ਰੋਧੀ, ਨਿਰਬਲ, ਬਿਮਾਰੀਆਂ ਪੈਦਾ ਕਰਨ ਵਾਲਾ ਹੋਵੇ ਉਹ ਅਪਣੇ ਭਗਤਾਂ ਵਿਚ ਕਿਸ ਤਰਾਂ ਬੀਰ ਰਸ ਪੈਦਾ ਕਰ ਸਕਦਾ ਹੈ'
ਅੱਜ ਜਿਹੜੇ ਅਖੌਤੀ ਆਗੂ ਜਿਸ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਜੋਰਾਂ ਸ਼ੋਰਾਂ ਤੇ ਕਰ ਰਹੇ ਹਨ ਉਸ ਦਾ ਰੱਬ ਮਹਾਂ ਕ੍ਰੋਧੀ, ਡਰਪੋਕ, ਭੰਗ ਤੇ ਸ਼ਰਾਬ ਦੀ ਸਿੱਖਿਆ ਦੇਣ ਵਾਲਾ ਹੈ, ਅਤੇ ਇਸ ਰੱਬ ਨੂੰ ਪਸੀਨਾ ਵੀ ਆਉਂਦਾ ਹੈ। ਇਸ ਮਹਾਂਕਾਲ ਨਾਂ ਦੇ ਰੱਬ ਜੀ ਨੂੰ ਅਸਿਧੁਜ, ਖੜਗਕੇਤ, ਅਸਿਕੇਤ, ਗਰੀਬ ਨਿਵਾਜਾ, ਲੋਗਨ ਕੇ ਰਾਜਾ, ਜਗਤ ਕੇ ਈਸਾ, ਸਭ ਰਾਜਨ ਕੇ ਰਾਜਾ ਆਦਿ ਦੇ ਨਾਵਾਂ ਨਾਲ ਕਵੀ ਰਾਮ ਸਿਆਮ ਕਈ ਥਾਵਾਂ ’ਤੇ ਇਸ ਗ੍ਰੰਥ ਵਿਚ ਸੰਬੋਧਨ ਕਰਦੇ ਹਨ।
ਇਸ ਗ੍ਰੰਥ ਦਾ ਰੱਬ ਮਹਾਕਾਲ ਇੰਨ੍ਹਾਂ ਨਿਰਬਲ ਤੇ ਕਮਜ਼ੋਰ ਹੈ ਕਿ, ਜਿੰਨੇ ਦੈਤਾਂ ਨੂੰ ਮਾਰਦਾ ਹੈ ਉਨ੍ਹੇ ਹੋਰ ਪੈਦਾ ਹੋ ਜਾਂਦੇ ਹਨ ਤੇ ਮਹਾਂ ਕਾਲ ਰੱਬ ਜੀ ਨੂੰ ਘੇਰ ਲੈਂਦੇ ਹਨ। ਪਰ ਜਦੋਂ ਮਹਾਂਕਾਲ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਦੈਂਤਾਂ ਨੂੰ ਕੇਸਾਂ ਤੋਂ ਪਕੜ ਕੇ ਧਰਤੀ ਤੇ ਪਟਕਾ ਪਟਕਾ ਕੇ ਮਾਰਦਾ ਹੈ ਤਾਂ ਵੀ ਉਹ ਨਹੀਂ ਮਰਦੇ ਜਦ ਇਹ ਮਹਾਂਕਾਲ ਦੈਂਤਾਂ ਨੂੰ ਮਾਰ ਮਾਰ ਕੇ ਥੱਕ ਜਾਂਦਾ ਹੈ ਤਾਂ ਉਹ ਧੋਖੇ ਨਾਲ ਆਧਿ ਬਿਆਧਿ ਰੋਗ ਪੈਦਾ ਕਰ ਦਿੰਦਾ ਹੈ ਇਨ੍ਹਾਂ ਭਿਆਨਕ ਬਿਮਾਰੀਆਂ ਦਾ ਤਾਪ ਦੈਂਤਾਂ ਨੂੰ ਚਿੰਬੜ ਜਾਂਦਾ ਹੈ।
ਹੁਅੰ ਸਬਦ ਅਸਿਧੁਜਹਿ ਉਚਾਰਾ । ਤਿਹ ਤੇ ਆਧਿ ਬ੍‍ਯਾਧਿ ਬਪੁ ਧਾਰਾ । ਸੀਤ ਜਵਰ ਅਰ ਉਸਨ ਤਾਪ ਭਨੇ । ਛਈ ਰੋਗ ਅਰ ਸੰਨਯਪਾ੍‍ਤ ਗਨ ।੨੩੪।
ਬੇਨਤੀ ਚੌਪਈ ਦਾ ਕਵੀ ਕਹਿੰਦਾ ਹੈ ਕਿ ਮਹਾਂਕਾਲ ਰੱਬ ਜੀ ਇੰਨੀਆਂ ਸਾਰੀਆਂ ਬਿਮਾਰੀਆਂ ਪੈਦਾ ਕਰ ਦਿੰਦਾ ਹੈ ਕਿ ਜੇ ਮੈਂ (ਕਵੀ) ਉਸ ਦਾ ਵੇਰਵਾ ਦੇਣ ਲਗਾਂ ਤਾਂ ਡਰਦਾ ਹਾਂ ਕਿ ਲਿਖਣ ਲਗਿਆ ਕਿਤੇ ਗ੍ਰੰਥ ਵੱਡਾ ਨਾ ਹੋ ਜਾਏ। ਇਸ ਤਰ੍ਹਾਂ ਧੋਖੇ ਨਾਲ ਅਖੌਤੀ ਦਸਮ ਗ੍ਰੰਥ ਦੇ ਮਹਾਂਕਾਲ ਜੀ ਨੇ ਦੈਂਤਾਂ ਦਾ ਨਾਸ਼ ਕੀਤਾ।
ਦੂਜੇ ਪਾਸੇ ਜਿਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਆਪ ਗੁਰਆਈ ਬਖਸ਼ ਗਏ ਹਨ, ਗੁਰੂ ਗ੍ਰੰਥ ਸਾਹਿਬ ਜੀ ਵਿਚ ਰੱਬ ਦਾ ਸਰੂਪ ਮਿਠ ਬੋਲੜਾ, ਨਿਰਭਉ, ਨਿਰਵੈਰ, ਸੈਭੰ, ਅਤੇ ਅਕ੍ਰਿਤਘਣਾ ਦੀ ਪਾਲਣਾ ਕਰਣ ਵਾਲਾ ਹੈ ਜਿਸਦਾ ਕੋਈ ਵੈਰੀ ਨਹੀਂ ਫਿਰ ਉਸਦਾ ਝਗੜਾ ਕਿਸ ਨਾਲ?
ਓਇ ਭਲਿਓ ਹੁਣ ਫੈਸਲਾ ਤੁਹਾਡੇ ਹੱਥ ਹੈ ਤੁਸੀ ਕਿਸ ਗ੍ਰੰਥ ਨਾਲ ਜੁੜਨਾ ਜਿਸ ਦਾ ਰੱਬ ਮਹਾਂ ਕ੍ਰੋਧੀ, ਨਿਰਬਲ, ਬਿਮਾਰੀਆਂ ਪੈਦਾ ਕਰਨ ਵਾਲਾ ਅਤੇ ਸ਼ਤ੍ਰੂਆਂ ਨੂੰ ਚੁਣ ਚੁਣ ਕੇ ਮਾਰਨ ਵਾਲਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜਿਸ ਵਿਚ ਰੱਬ ਦਾ ਸਰੂਪ ਮਿੱਠ ਬੋਲੜਾ, ਨਿਰਭਉ, ਨਿਰਵੈਰ, ਸੈਭੰ, ਅਤੇ ਅਕ੍ਰਿਤਘਣਾ ਦੀ ਪਾਲਣਾ ਕਰਣ ਵਾਲਾ ਹੈ ਜਿਸਦਾ ਕੋਈ ਵੈਰੀ ਨਹੀਂ।
ਆਤਮਜੀਤ ਸਿੰਘ, ਕਾਨਪੁਰ


07/09/17
ਲਖਵਿੰਦਰ ਸਿੰਘ ਗੰਭੀਰ

ਨਿਰਾ ਸ਼ਕਲੋ ਹੀ ਨਹੀਂ ਆਓ ਅਕਲੋ ਵੀ ਸਿੱਖ ਬਣੀਏ


ਗੁਰਬਾਣੀ ਮੁਤਾਬਕ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਜੀਵਨ ਵਿੱਚ ਧਾਰਨ ਕਰਨ ਵਾਲੇ ਮਨੁੱਖ ਨੂੰ ਹੀ ਸਿੱਖ ਆਖਿਆ ਜਾਂਦਾ ਹੈ।ਪਰ ਜੋ ਕੇ ਵਲ ਸਿੱਖੀ ਸਰੂਪ ਰੱਖੇ ਪਰ ਅਕਲੋ ਖਾਲ਼ੀ ਹੋਵੇ ਉਸਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ,ਇਸ ਪ੍ਰਥਾਏ ਪ੍ਰਿਥੀ ਚੰਦ,ਮਹਾਂਦੇਵ,ਵਡਭਾਗ ਸਿੰਘ,ਜਾਂ ਹੋਰ ਬਹੁਤ ਨਾਮ ਦਿੱਤੇ ਜਾ ਸਕਦੇ ਨੇ,ਪਰ ਪ੍ਰਵਾਨਤਾ ਕੇਵਲ ਉਹਨਾਂ ਦੀ ਜੋ ਬਾਬੇ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਮਲੀ ਜਾਮਾਂ ਪਹਿਨਾਂ ਗਏ। ਸ਼੍ਰੀ ਚੰਦ ਨੂੰ ਪਰਵਾਨ ਨਹੀਂ ਕੀਤਾ ਬਾਬੇ ਨੇ ਭਾਈ ਲਹਿਣਾਂ ਪਸੰਦ ਆ ਗਿਆ ਭਲਾ ਕਿਉ?

ਕਿਉਕਿ ਸਿੱਖ ਸਿਧਾਂਤਾਂ ਉਤੇ ਪਹਿਰਾ ਦੇਣ ਦੀ ਕੁਰਬਾਨੀ ਭਾਈ ਲਹਿਣਾ ਜੀ ਦੇ ਹਿੱਸੇ ਹੀ ਆਈ। ਅੱਜ ਜਦੋਂ ਸਿੱਖਾਂ ਦਾ ਸਾਰਾ ਜ਼ੋਰ ਗੁਰੂ ਘਰਾਂ ਦੀਆਂ ਆਲੀਸ਼ਾਨ ਬਿਲਡਿੰਗਾਂ ਬਣਾਉਣ ਉਤੇ ਲੱਗਾ ਹੋਇਆ ਹੈ,ਜਾਂ ਆਪਸੀ ਝਗੜਿਆਂ ਵਿੱਚ ਉਲਝੇ ਪਏ ਆਂ,ਦੂਜੇ ਪਾਸੇ ਸਾਡੀ ਇਸੇ ਕਮਜ਼ੋਰੀ ਦਾ ਫਾਇਦਾ ਅੱਜ ਇਸਾਈ ਲੋਕ ਜਾਂ ਆਰ ਐਸ ਐਸ ਲੈ ਜਾ ਰਹੀ ਆ,ਗੁਰਬਾਣੀ ਦੇ ਗਲਤ ਅਰਥ ਤੇ ਇਤਿਹਾਸ ਦੀ ਬਣਤਰ ਵਿਗਾੜੀ ਜਾ ਰਹੀ ਹੈ,ਮੇਰੇ ਵਰਗੇ ਹਜ਼ਾਰਾਂ ਪ੍ਰਚਾਰਕ ਜਾਂ ਵਿਦਵਾਨ ਇਸ ਸਭ ਨੂੰ ਦੇਖ ਚਿੰਤਤ ਨੇ।ਪਰ ਹੈਰਾਨੀ ਇਸ ਗੱਲ ਦੀ ਆ ਕਿ ਸਾਡੀ ਕੌਮ ਦੇ ਬਾਬੇ ਬੋਹੜ ਅਖਵਾਉਣ ਵਾਲੇ ਨਿਕੰਮੇ ਲੀਡਰ ਅੱਜ ਵੀ ਘੂਕ ਸੁੱਤੇ ਪਏ ਨਜ਼ਰ ਆ ਰਹੇ ਆ,ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲ ਦੇ ਨਾਲ ਰਾਜਸੀ ਧਰਨਿਆਂ ਚ ਬੈਠਾ ਨਜ਼ਰ ਆ ਰਿਹਾ ਹੈ,ਦਮਦਮੀ ਟਕਸਾਲ ਦਾ ਅਖੌਤੀ ਮੁਖੀ ਧੁੰਮਾਂ ਬਾਦਲ ਦੀ ਚੁਮਚਾਗਿਰੀ ਤੇ ਬ੍ਰਾਹਮਣਵਾਦ ਨੂੰ ਬੜਾਵਾ ਦੇਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ,ਕਿਤੇ ਫੈਡਰੇਸ਼ਨ ਦਾ ਆਗੂ ਗਲ ਵਿੱਚ ਮਾਤਾ ਦੀ ਚੁੰਨੀ ਪਾਕੇ ਜਗਰਾਤੇ ਚ ਭੇਟਾਂ ਗਾਕੇ ਮਾਤਾ ਦੀਆਂ ਖੁਸ਼ੀਆਂ ਲੈ ਰਿਹਾ ਹੈ ਪਰ ਕਮਾਲ ਦੀ ਗੱਲ ਇਹ ਸਾਰੇ ਲੋਕ ਫਿਰ ਵੀ ਕੌਮ ਦੇ ਆਗੂ ਕਹਿਲਾਉਦੇ ਆ।

ਗੁਰਦੁਆਰਿਆਂ ਦਾ ਹਾਲ ਅੱਜ ਕੱਲ ਇਹ ਬਣ ਗਿਆਂ ਹੈ ਕਿ ਉਹ ਗਿਣਤੀ ਵਧਾਉਣ ਤੇ ਲੱਗੇ ਆ,ਤਾਹੀ ਮੰਦਰਾਂ ਵਾਲੇ ਬਹੁਤ ਸਾਰੇ ਕੰਮ ਹੁਣ ਗੁਰਦੁਆਰਿਆਂ ਚ ਹੋਣ ਲੱਗ ਪਏ ਆ,ਬਾਬਾ ਨਾਨਕ ਜੀ ਵੀ ਕਹਿੰਦੇ ਹੋਣੇ ਆਂ ਕਿ ਕਿੰਨਾਂ ਜੱਬਲਾਂ ਨੂੰ ਮੈਂ ਹੀਰੇ ਰਤਨ ਦੇ ਗਿਆਂ ਇਹ ਤਾਂ ਕਮਲੇ ਉਹਨਾਂ ਦੀ ਕਦਰ ਹੀ ਨਹੀਂ ਜਾਣਦੇ ਸਗੋਂ ਉਹਨਾਂ ਨੂੰ ਪੈਰਾਂ ਚ ਲਤਾੜੀ ਬੈਠੇ ਆ......

ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ।।

ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਗੇ ਜਾਇ।।


ਮੈਂ ਤਾਂ ਹੱਥ ਜੋੜ ਕੇ ਆਹੀ ਕਹਾਂਗਾ ਭਾਈ ਨਿਰਾ ਪੁਰਾ ਸ਼ਕਲੋ ਹੀ ਨਹੀਂ ਆਉ ਅਸੀਂ ਸਭ ਅਕਲੋ ਵੀ ਬਾਬੇ ਨਾਨਕ ਦੇ ਸਿੱਖ ਬਣੀਏ।ਸੁੰਦਰ ਦੁਮਾਲੇ ਸਜਾਉ ਭਾਵੇਂ ਲੱਖ ਵਾਰੀ ਪਰ ਇਹਨਾਂ ਸੁੰਦਰ ਦੁਮਾਲਿਆਂ ਦੇ ਹੇਠਾਂ ਜੋ ਦਿਮਾਗ ਆ ਕਿਰਪਾ ਕਰਕੇ ਉਸਨੂੰ ਤੂੜੀ ਨਾਲ ਭਰਨ ਦੀ ਬਜਾਏ ਵੀਰੋ ਆਪਾਂ ਗੁਰਬਾਣੀ ਗਿਆਨ ਨਾਲ ਭਰੀਏ ਨਹੀਂ ਤਾਂ ਗੁਰੂ ਸਾਹਿਬ ਦੀ ਆਹ ਗੱਲ ਜਰੂਰ ਨੋਟ ਕਰ ਲਿਓ,,

ਗੁਰਮਤਿ ਸੁਨ ਕਛੁ ਗਿਆਨੁ ਨ ਉਪਜਿਓ

ਪਸੁ ਜਿਉ ਉਦਰੁ ਭਰਉ।।

ਹੇ ਭਾਈ ਗੁਰੂ ਦੀ ਮਤਿ ਸੁਣਕੇ ਮੇਰੇ ਅੰਦਰ ਆਤਮਿਕ ਜੀਵਨ ਦੀ ਕੁਝ ਭੀ ਸੂਝ ਪੈਦਾ ਨਹੀਂ ਹੋਈ ਮੈਂ ਪਸ਼ੂ ਵਾਂਗ ਨਿੱਤ ਆਪਣਾਂ ਢਿੱਡ ਭਰ ਲੈਂਦਾ ਹਾਂ।

ਕੁਝ ਪੱਲੇ ਪਿਆ ਵੀਰੋ ਇਸ ਸ਼ਬਦ ਤੋਂ? ਕੀਰਤਨ ਬਹੁਤ ਕੀਤਾ ਵਾਹਿਗੁਰੂ ਵਾਹਿਗੁਰੂ ਕਰਨ ਤੇ ਵੀ ਪੂਰੀ ਵਾਹ ਲਾ ਛੱਡੀ,ਕੀਰਤਨ ਕਰਦਿਆਂ ਸਿਮਰਨ ਦੇ ਨਾਂ ਤੇ ਚੀਕਾਂ ਵੀ ਪੂਰੀਆਂ ਮਾਰੀਆਂ,ਕਥਾ ਦੇ ਨਾਂ ਤੇ ਲੋਕਾਂ ਨੂੰ ਗੁਰਬਾਣੀ ਗਿਆਨ ਦੀ ਬਜਾਏ ਇਹ ਕਹਿੰਦੇ ਰਹੇ ਕਿ ਮੇਰੀ ਕਥਾ ਸੁਣਨ ਲਈ ਰੂਹਾਂ (ਭੂਤ) ਆਉਦੀਆਂ।(ਮਸਕੀਨ ਜੀ ਕਹਿੰਦੇ ਰਹੇ) ਅਖੌਤੀ ਸੰਤਾਂ ਮਹੰਤਾਂ ਦੇ ਡੇਰਿਆਂ ਨਾਲ ਮਾਤਾ ਕੌਲਾਂ ਟਕਸਾਲ ਦੇ ਨਾਂ ਤੇ ਜੋੜਦੇ ਰਹੇ।ਕਦੇ ਗੁਰਬਾਣੀ ਦੀ ਗੱਲ ਲੋਕਾਂ ਨੂੰ ਪੂਰੀ ਇਮਾਨਦਾਰੀ ਨਾਲ ਦੱਸੀ ਹੁੰਦੀ ਤੇ ਅੱਜ ਲੋਕ ਧੜਾ ਧੜ ਇਸਾਈ ਨਾਂ ਬਣਦੇ। ਲੋਕ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਸਹੀ ਮਾਇਨੇ ਚ ਸਮਝ ਹੀ ਨਹੀਂ ਸਕੇ,ਜਾਂ ਮੈਂ ਇਸ ਤਰਾਂ ਕਹਾਂ ਕਿ ਅਸੀਂ ਇਮਾਨਦਾਰੀ ਨਾਲ ਕੰਮ ਹੀ ਨਹੀਂ ਕੀਤਾ।ਧਰਮ ਦੀ ਦੁਨੀਆਂ ਚ ਰਾਜਸੀ ਭੁੱਖ ਨਹੀਂ ਹੋਣੀ ਚਾਹੀਦੀ ਸੀ ਪਰ ਅੱਜ ਵੀ ਸਾਡੇ ਲੀਡਰਾਂ ਚ ਭਰਪੂਰ ਆ ਤੇ ਪਹਿਲਾ ਵੀ ਰਹੀ ਆ,ਜਿਸ ਕਾਰਨ ਸਿੱਖੀ ਦਾ ਨੁਕਸਾਨ ਪਹਿਲਾ ਵੀ ਬਹੁਤ ਹੋਇਆ ਤੇ ਹੋ ਹੁਣ ਵੀ ਬਹੁਤ ਰਿਹਾ ਹੈ।

ਅਖੀਰ ਚ ਮੈਂ ਬੇਨਤੀ ਕਰਾਂ ਵੀਰੋ ਜਦੋਂ ਤੱਕ ਅਸੀਂ ਸਭ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੁੰਦੇ ਤੱਕ ਨਾਂ ਸਾਡੀ ਏਕਤਾ ਹੋਣੀ ਆਂ ਤੇ ਨਾਂ ਹੀ ਸਾਡੇ ਤੇ ਬਾਹਰੀ ਧਰਮਾਂ ਦੇ ਹਮਲੇ ਬੰਦ ਹੋਣੇ ਆਂ......ਭੁੱਲ ਚੁੱਕ ਖਿਮਾ ਕਰਨੀ

ਲਖਵਿੰਦਰ ਸਿੰਘ ਗੰਭੀਰ

(ਕਥਾਵਾਚਕ)


07/09/17
ਹਰਪਾਲ.ਸਿੰਘ.ਫਿਰੋਜਪੁਰੀਆ

ਜੇ ਇੱਕ ਸ਼ਹੀਦ ਵਾਲੇ ਇਸਾਈ ਤਰੱਕੀ ਦੇ ਰਾਹ ਤੇ ਤੇ ਲੱਖਾਂ ਸ਼ਹੀਦਾਂ ਵਾਲੇ ਅਸੀਂ ਕਿਉਂ ਨਹੀ ??


ਗਿਆਨੀ ਦਿੱਤ ਸਿੰਘ ਨੇ ਆਪਣੇ ਲੇਖ ਵਿੱਚ ਲਿਖਿਆ ਹੈ "ਈਸਾਈ ਕੌਮ ਦੇ ਬਨਾਉਣ ਵਾਲੇ ਹਜ਼ਰਤ ਮਸੀਹ ਕੋਈ ਧਨੀ ਅਤੇ ਆਲਮ ਨਹੀਂ ਸਨ । ਅਰ ਉਹਨਾਂ ਦੇ ਸ਼ਗਿਰਦ ਮੱਛੀਆਂ ਫੜਨੇ ਵਾਲੇ ਮਣੁਏ ਅਤੇ ਟਿੱਡੀਆਂ ਖਾਣ ਵਾਲੇ ਗਰੀਬ ਆਦਮੀ ਸਨ । ਉਹਨਾਂ ਤੋਂ ਮਗਰੋਂ ਇਸ ਕੌਮ ਦੇ ਆਦਮੀਆਂ ਨੂੰ ਕੱਪਡ਼ਾ ਤੱਕ ਪਹਿਨਣ ਦੀ ਅਕਲ ਨਹੀਂ ਸੀ । ਜਿਸ ਤੇ ਉਹ ਜਾਨਵਰਾਂ ਦੇ ਕੱਚੇ ਚਮੜੇ ਕੱਪਡ਼ੇ ਦੀ ਜਗ੍ਹਾ ਪਿੰਡੇ ਪਰ ਲਪੇਟਦੇ ਸਨ । ਮਿੱਟੀ ਦੇ ਪੋਚੇ ਦੇ ਕੇ ਆਪਣੇ ਅੰਗਾਂ ਨੂੰ ਢੱਕਦੇ ਸਨ । ਖਾਣੇ ਦੇ ਵਾਸਤੇ ਜੰਗਲੀ ਜਾਨਵਰਾਂ ਦੇ ਕੱਚੇ ਮਾਸ ਅਤੇ ਭੁੰਨੇ ਹੋਏ ਆਲੂ ਖਾ ਕੇ ਗੁਜ਼ਾਰਾ ਕਰਦੇ ਸਨ । ਪ੍ੰਤੂ ਉਹਨਾਂ ਦੇ ਸਿਦਕੀ ਅਤੇ ਵਿਸ਼ਵਾਸ਼ੀਆਂ ਦੀ ਲਗਾਤਾਰ ਮਿਹਨਤ ਅਤੇ ਤਾਕਤ ਨੇ ਐਥੋਂ ਤੱਕ ਆਪਣੀ ਸਮੱਰਥਾ ਦਿਖਾਈ ਜੋ ਦੁਨੀਆਂ ਦੀਆਂ ਸਾਰੀਆਂ ਕੌਮਾਂ ਵਿਚੋਂ ਸੁਭਾਗ ਸਮਝੀ ਜਾਂਦੀ ਹੈ।" ਉਹ ਆਪਣੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹਰ ਸਮੇਂ ਸੁਚੇਤ ਹੋ ਕੇ ਵਿਚਰਦੇ ਨੇ, ਉਨ੍ਹਾਂ ਦੇ ਜਿੰਨੇ ਵੀ ਪ੍ਰਚਾਰਕ ਨੇ , ਉਨ੍ਹਾਂ ਦੀਆਂ ਜਿੰਨੀਆਂ ਵੀ ਕਿਤਾਬਾਂ ਨੇ ਉਹ ਸਿਰਫ ਬਾਇਬਲ ਤੇ ਯਿਸੂ ਦੀ ਗੱਲ ਕਰਦੀਆਂ ਨੇ, ਉਨ੍ਹਾਂ ਵਿੱਚ ਸਿਰਫ ਇੱਕ ਵਿਅਕਤੀ ਨੂੰ ਮਹੱਤਤਾ ਦਿੱਤੀ ਗਈ ਹੈ, ਜਿਸਨੂੰ ਉਹ ਪੋਪ ਕਹਿੰਦੇ ਨੇ, ਬਾਕੀ ਸਾਰੇ ਆਲਮ ਫਾਜਲ ਲੋਕ ਆਮ ਨਾਗਰਿਕਾਂ ਵਾਂਗ ਸਮਾਜ ਵਿੱਚ ਵਿਚਰ ਕੇ ਸਮਾਜ ਦੀ ਸੇਵਾ ਦੇ ਨਾਲ ਨਾਲ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ, ਕਿਸੇ ਦੀ ਬਹੁਤ ਜਿਆਦਾ ਘਾਲਣਾ ਦੀ ਬਾਅਦ ਸਾਰੇ ਪੱਖਾਂ ਨੂੰ ਵਿਚਾਰ ਕੇ ਕਿਸੇ ਨੂੰ ਸੰਤ ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ।
ਉਦਾਹਰਣ ਦੇ ਤੌਰ ਤੇ ਅਸੀਂ ਦੇਖ ਸਕਦੇ ਹਾਂ ਕਿ
ਮਦਰ ਟਰੇਸਾ ਸਵਰਗ ਜਿਹੀ ਧਰਤੀ ਛੱਡ, ਸਾਰੀ ਉਮਰ ਕਲਕੱਤਾ ਵਿੱਚ ਨਰਕ ਜਿਹੀ ਜਿੰਦਗੀ ਜੀਅ ਰਹੇ, ਗਰੀਬ ਤੇ ਬਿਮਾਰ ਲੋਕਾਂ ਦੀ ਸੇਵਾ ਕਰਦੀ ਰਹੀ।ਲੂਲੇ ਪਿੰਗਲਿਆਂ ਤੇ ਬਿਮਾਰਾਂ ਦੇ ਮੂੰਹ ਵਿੱਚ ਆਪਣੇ ਹੱਥਾਂ ਨਾਲ ਖਾਣਾ ਪਾਉਂਦੀ ਰਹੀ।
ਉਸ ਦੇ ਮਰਨ ਤੋਂ 19 ਸਾਲਾਂ ਬਾਅਦ ਉਸ ਨੂੰ ਸੰਤ ਦੀ ਉਪਾਧੀ ਦਿੱਤੀ ਗਈ ਉਸਨੂੰ ਸੰਤ ਦੀ ਉਪਾਧੀ ਦੇਣ ਦੀ ਵੀ ਵਿਰੋਧਤਾ ਹੋ ਰਹੀ ਹੈ ।
ਦੂਜੇ ਪਾਸੇ ਸਾਡੇ ਸਿੱਖਾਂ ਵਿੱਚ ਜਿਸਦੇ ਨਾਲ ਚਾਰ ਚੇਲੇ ਜੁਡ਼ ਜਾਂਦੇ ਨੇ, ਜਿਸਨੂੰ ਦੋ ਚਾਰ ਨਾਸਮਝ ਲੋਕ ਮੱਥਾ ਟੇਕ ਦੇਂਦੇ ਨੇ, ਜਿੰਨੂ ਵਾਜੇ ਦੇ ਚਾਰ ਕੱਚੀਆਂ ਧਾਰਨਾਂ ਦਾ ਕੀਰਤਨ ਕਰਨਾ ਆ ਜਾਵੇ , ਜਿਹਨੂੰ ਬਿਨਾ ਸਿਰ ਪੈਰ ਤੋਂ ਕਰਾਮਾਤੀ ਕਹਾਣੀਆਂ ਸੁਣਾਉਣੀਆਂ ਆ ਜਾਣ, ਉਹੋ ਹੀ ਕਿਸੇ ਵਿਸ਼ੇਸ਼ ਰੰਗ ਦਾ ਜਾਂ ਵਿਸ਼ੇਸ਼ ਤਰ੍ਹਾਂ ਦਾ ਲੰਮਾ ਚੋਲਾ ਪਾ ਕੇ ਕਾਰਡਾਂ ਤੇ ਇਸਤਿਹਾਰਾਂ ਵਿੱਚ ਆਪਣੇ ਆਪ ਨੂੰ ਸੰਤ ਲਿਖਵਾਉਣ ਲੱਗ ਪੈਂਦਾ ਹੈ।ਕਿਸੇ ਮਰ ਗਏ ਸੰਤ ਦੀ ਗੱਦੀ ਤੇ ਬਹਿਣ ਵਾਲਾ(ਚੰਗਾ ਮਾੜਾ)ਜਿਹੋ ਜਿਹਾ ਮਰਜ਼ੀ ਹੋਵੇ, ਧਰਮ ਦੀ ਘਾਲਣਾ ਘਾਲੇ ਬਗੈਰ ਹੀ ਆਪਣੇ ਆਪ ਨੂੰ ਸੰਤ ਸਮਝਣ ਲੱਗ ਪੈਂਦਾ ਹੈ ਤੇ ਸ਼ਰਧਾਲੂ ਅੱਖਾਂ ਮੀਟ ਕੇ ਨਵੇ ਸੰਤ ਦੇ ਗੁਣ ਗਾਉਂਣ ਲੱਗ ਪੈਂਦੇ ਨੇ, ਕਈ ਸੰਤਾਂ ਦੇ ਮਰਨ ਪਿੱਛੋਂ ਦੋ ਤਿੰਨ ਜਣੇ ਸੰਤਾਂ ਦੀ ਗੱਦੀ ਦੇ ਦਾਅਵੇਦਾਰ ਖੜੇ ਹੋ ਜਾਂਦੇ ਨੇ, ਜਿਨਾਂ ਨੂੰ ਗੱਦੀ ਨਹੀ ਮਿਲੀ ਉਹ ਆਪਣਾ ਨਵਾਂ ਡੇਰਾ ਬਣਾ ਲੈਂਦੇ ਨੇ, ਫਿਰ ਥੋਡ਼ੇ ਸਮੇਂ ਬਾਅਦ ਜਿੰਨਾ ਨੂੰ ਗੱਦੀ ਨਹੀ ਮਿਲੀ ਸੀ, ਉਹ ਵੀ ਸੰਤ ਜੀ ਹੋ ਜਾਂਦੇ ਨੇ ।
ਇਹਨਾਂ ਨੇ ਸਮਾਜ ਦੀ ਸੇਵਾ ਤਾਂ ਕੀ ਕਰਨੀ, ਇਹਨਾਂ ਨੂੰ ਆਪਣੀ ਸੇਵਾ ਲਈ ਨਾਲ ਗੜਵਈ ਰੱਖਣੇ ਪੈਂਦੇ ਨੇ।
ਕਈ ਲੋਕ ਨਾਸਮਝ ਤੇ ਸਿੱਧੇ ਸਾਧੇ ਜਿਹੇ ਬੰਦਿਆਂ ਨੂੰ ਜੀੳਂਦਿਆਂ ਜਾ ਮਰਨ ਤੋਂ ਬਾਅਦ ਸੰਤ ਬ੍ਰਹਮਗਿਆਨੀ ਦੀ ਪਦਵੀ ਨਾਲ ਨਿਵਾਜ ਦੇਂਦੇ ਨੇ। ਅੱਜ ਕਲ ਤਾਂ ਕੁੱਝ ਬਹੁਤ ਛੋਟੀ ਉਮਰ ਦੇ ਸੰਤ ਵੀ ਉਭਰ ਰਹੇ ਨੇ, ਜਿੰਨਾਂ ਬਾਰੇ ਪ੍ਰਚਾਰਿਆ ਜਾ ਰਿਹਾ ਕਿ ਇਹਨਾਂ ਦੀ ਪਿਛਲੇ ਜਨਮ ਦੀ ਭਗਤੀ ਆ, ਆਹੋ ਪਿਛਲਾ ਜਨਮ ਕਿਹਡ਼ਾ ਕਿਸੇ ਨੇ ਵੇਖਣ ਜਾਣਾ । ਮੈਨੂੰ ਸਮਝ ਨਹੀ ਆਉਂਦੀ ਕਿ ਇਹਨਾਂ ਸੰਤਾਂ ਦੇ ਚੇਲਿਆਂ ਨੂੰ ਗੁਰਬਾਣੀ ਦੇ ਇਨ੍ਹਾਂ ਵਾਕਾਂ ਦੀ ਕਦੋਂ ਸਮਝ ਆਵੇਗੀ।
1. ਹਿਰਦੈ ਜਿਨੑ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥
ਮਹਲਾ ੩ , ੪੯੧
2. ਆਪਸ ਕਉ ਜੋ ਭਲਾ ਕਹਾਵੈ ॥
ਤਿਸਹਿ ਭਲਾਈ ਨਿਕਟਿ ਨ ਆਵੈ ॥
( ਸੰਤ ਮਤਲਬ ਭਲਾ ਆਦਮੀ )
3.ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥
ਦੇਵਨ ਕਉ ਏਕੈ ਭਗਵਾਨ ॥
ਗਉਡ਼ੀ ਸੁਖਮਨੀ ਮ: ੫, ੨੭੮

ਸਿੱਖ ਕੌਮ ਆਪਣੀ ਸਾਰੀ ਸ਼ਰਧਾ,ਸਮਾਂ ਤੇ ਪੈਸਾ ਜੀਉਂਦੇ ਸੰਤਾਂ ਦੇ ਡੇਰੇ ਬਣਵਾੳਂਣ, ਮਹਿਗੀਆਂ ਗੱਡੀਆਂ ਲੈ ਕੇ ਦੇਣ, ਉਨ੍ਹਾਂ ਵਲੋਂ ਰੱਖੇ ਗਏ ਪ੍ਰੋਗਰਾਮਾਂ ਨੂੰ ਸਫਲ ਬਣਾਉਣ ,ਹੋਰ ਐਸ਼ੋ ਅਰਾਮ ਦੇ ਸਾਧਨ ਮੁਹੱਈਆ ਕਰਵਾਉਣ ਤੇ ਮਰ ਜਾਣ ਤੋਂ ਬਾਅਦ ਸੰਤਾਂ ਦੇ ਜਨਮ ਦਿਨ ਤੇ ਬਰਸੀਆਂ ਮਨਾਉਣ ਤੇ ਬਰਬਾਦ ਕਰ ਰਹੀ ਏ। ਜੇ ਕੱਲੇ ਇਹਨਾਂ ਸੰਤਾਂ ਤੇ ਹੋਣ ਵਾਲੇ ਖਰਚੇ ਦਾ ਹਿਸਾਬ ਲਾਇਆ ਜਾਵੇ, ਤਾਂ ਇੱਕ ਸਾਲ ਦੀ ਰਕਮ ਪੰਜਾਬ ਸਰਕਾਰ ਦੇ ਸਾਲਾਨਾ ਬਜਟ ਨਾਲੋਂ ਵੀ ਵੱਧ ਜਾਣੀ ਹੈ।
ਦੂਜੇ ਪਾਸੇ ਇਸਾਈ ਆਪਣੇ ਮੁਲਕਾਂ ਵਿੱਚ ਆਪਣੇ ਬੱਚੇ ਪੜਾ ਰਹੇ ਨੇ, ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ, ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਨੇ ਤੇ ਇੱਥੇ ਪੰਜਾਬ ਸਮੇਤ ਸਾਰੇ ਭਾਰਤ ਵਿੱਚ ਇਸਾਈ ਬਨਣ ਵਾਲਿਆਂ ਦੇ ਬੱਚਿਆਂ ਨੂੰ ਵੀ ਧਰਮ ਦੇ ਨਾਂ ਤੇ ਇਕੱਠੇ ਹੋਏ ਪੈਸੇ ਨਾਲ ਉੱਚੀਆਂ ਪੜਾਈਆਂ ਕਰਵਾ ਰਹੇ ਨੇ, (ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਚੰਗੀਆਂ ਸਰਕਾਰੀ ਪੋਸਟਾਂ ਤੇ ਇਸਾਈ ਹੋਣਗੇ) ਲੋੜਵੰਦ ਲੋਕਾਂ ਨੂੰ ਰੋਟੀ, ਕਪਡ਼ਾ ,ਮਕਾਨ ਤੇ ਦਵਾ ਦਾਰੂ ਦੇ ਰਹੇ ਨੇ।
ਸਿੱਖ ਪ੍ਰਚਾਰਕ ਸਟੇਜਾਂ ਤੇ ਰੌਲਾ ਪਾ ਰਹੇ ਨੇ, ਇਸਾਈਆਂ ਦਾ ਇੱਕ ਸ਼ਹੀਦ ਹੋਇਆ, ਉਹ ਸਾਰੀ ਦੁਨੀਆਂ ਨੂੰ ਇਸਾਈ ਬਣਾਉਂਣ ਦੀਆਂ ਸਕੀਮਾਂ ਘੜ ਰਹੇ ਨੇ, ਤੇ ਸਾਡੇ ਕੋਲੋਂ ਪੰਜਾਬ ਨਹੀ ਸਾਂਭਿਆ ਜਾਂਦਾ । ਕਿਉਂ ??
ਉਨ੍ਹਾਂ ਪ੍ਰਚਾਰਕਾਂ ਦੇ ਸਵਾਲ ਦੇ ਜਵਾਬ ਵਿੱਚ ਮੈਂ ਤਾਂ ਇਹੋ ਕਹਾਂਗਾ ਕਿ ਜੇ ਸਿੱਖਾਂ ਨੂੰ ਸੰਤ ਸਾਂਭਣ ਤੋਂ ਵਿਹਲ ਮਿਲੇਗਾ ਤਾਂ ਕੌਮ ਨੂੰ ਸਾਂਭਣਗੇ।


ਹਰਪਾਲ.ਸਿੰਘ.ਫਿਰੋਜਪੁਰੀਆ


07/09/17
ਹਰਮਿੰਦਰ ਸਿੰਘ ਭੱਟ

ਮਿੰਨੀ ਕਹਾਣੀ
ਸੀਬੋ
ਪਿੰਡ ਵਿਚ ਰੋਲਾ ਸੀ ਕਿ ਸਰਦਾਰਾਂ ਦੇ ਮੁੰਡੇ ਨੇ ਦਵਾਈ ਖਾ ਲਈ ਬਚਣ ਦੀ ਕੋਈ ਉਮੀਦ ਨਹੀਂ । ਕੁੱਝ ਚਿਰ ਮਗਰੋਂ ਉਸ ਦੀ ਲਾਸ ਹਵੇਲੀ ਦੇ ਵਿਹੜੇ ਵਿਚ ਪਈ ਸੀ । ਸਾਰਾ ਪਿੰਡ ਦਵਾਈ ਪੀਣ ਦੇ ਕਾਰਨ ਬਾਰੇ ਚਰਚਾ ਕਰ ਰਿਹਾ ਸੀ। ਸੀਬੋ ਦੇ ਖ਼ਿਆਲਾਂ ਦੀ ਲੜੀ ਅਚਾਨਕ ਪਈ ਕਾਂਵਾਂ ਰੋਲ਼ੀ ਨੇ ਤੋੜ ਦਿੱਤੀ । ਸੀਬੋ ਵੀ ਉੱਥੇ ਪਹੁੰਚੀ ਜਿਸ ਦਾ ਪੁੱਤਰ ਇਹਨਾਂ ਸਰਦਾਰਾਂ ਦੀ ਭੇਟ ਚੜ ਗਿਆ ਸੀ ਉਸ ਦਾ ਪੁੱਤਰ ਸਰਦਾਰਾਂ ਦੀ ਜੀਰੀ ਨੂੰ ਸਪਰੇ ਕਰਦੇ ਨੂੰ ਦਵਾਈ ਚੜ ਗਈ ਸੀ। ਜਿਸ ਤੇ ਸਰਦਾਰਾਂ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਅਗਲੇ ਸਾਲ ਤੱਕ ਹੋਰ ਸੀਰੀ ਰੱਖ ਲਵਾਂਗੇ ਕਿਉਂਕਿ ਉਹ ਗ਼ਰੀਬ ਦਾ ਪੁੱਤਰ ਸੀ। ਜਿਵੇਂ ਅੱਜ ਸੀਬੋ ਸਰਦਾਰਾਂ ਨੂੰ ਕਹਿ ਰਹੀ ਸੀ ਕਿ ”ਸਰਦਾਰ ਜੀ ਕੋਈ ਗੱਲ ਨਹੀਂ ਪੈਸੇ ਨਾਲ ਜਿਵੇਂ ਦੂਸਰਾ ਸੀਰੀ ਖ਼ਰੀਦ ਲਿਆ ਸੀ ਹੁਣ ਪੁੱਤਰ ਵੀ ਖ਼ਰੀਦ ਲੈਣਾ”।
ਹਰਮਿੰਦਰ ਸਿੰਘ ਭੱਟ, ਪਿੰਡ:- ਬਿਸਨਗੜ੍ਹ, ਜ਼ਿਲ੍ਹਾ:- ਸੰਗਰੂਰ, 09914062205


07/02/17
ਅਮਨਦੀਪ ਸਿੰਘ ਸਿੱਧੂ/ਮਿੰਟੂ ਬਰਾੜ

ਇਹ ਹਨ ਸ. ਬਲਵੰਤ ਸਿੰਘ ਉੱਪਲ।
ਸੰਨ 2008 ਵਿਚ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਿਚ ਸਾਲਾਨਾ ਸਿੱਖ ਖੇਡਾਂ ਸਨ। ਮੈਂ ਅਤੇ ਰਣਜੀਤ ਖੇੜਾ ਸਿਡਨੀ ਤੋਂ ਫਲਾਈਟ ਅਤੇ ਚਰਨਾਮਤ ਸਿੰਘ ਮੈਲਬੋਰਨ ਤੋਂ ਜਹਾਜ਼ ਰਾਹੀਂ ਪਰਥ ਏਅਰ ਪੋਰਟ ਤੇ ਪਹੁੰਚ ਕੇ ਇਕੱਠੇ ਹੋਏ। ਪਹਿਲੀ ਰਾਤ ਨੂੰ ਆਪਸ ਵਿਚ ਅਗਲੇ ਦਿਨਾ ਦੀਆਂ ਸਲਾਹਾਂ ਕਰ ਰਹੇ ਸੀ। ਮੈਂ ਚਰਨਾਮਤ ਭਾਜੀ ਨੂੰ ਕਿਹਾ ਕਿ ਕਮੈਂਟਰੀ ਦੌਰਾਨ ਤੁਸੀਂ ਅਨਾਊਂਸਮੈਂਟ ਕਰ ਦਿਓ ਕਿ ਅਸੀਂ ਸ. ਬਲਵੰਤ ਸਿੰਘ ਉੱਪਲ ਨੂੰ ਮਿਲਣਾ ਚਾਹੁੰਦੇ ਹਾਂ। ਉਨ੍ਹਾਂ ਪੁੱਛਿਆ ਕਿ ਇਹ ਕੌਣ ਹਨ। ਮੈਂ ਸੰਖੇਪ ਵਿਚ ਦੱਸਿਆ ਕਿ ਇਹ ਉਹ ਸ਼ਖ਼ਸ ਹਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੀ ਵਾਰ ਕੰਪਿਊਟਰ ਵਿਚ ਪੰਜਾਬੀ ਫੌਂਟ ਬਣਾ ਕੇ ਟਾਈਪ ਕੀਤਾ ਹੈ ਅਤੇ ਫ਼ਲੌਪੀ ਡਿਸਕਾਂ ਰਾਹੀਂ ਹੋਰਨਾਂ ਵਾਸਤੇ ਉਪਲਬਧ ਕਰਵਾਇਆ ਹੈ। ਬਹੁਤ ਹੀ ਵੱਡਾ ਕਾਰਜ ਕੀਤਾ ਹੈ।

ਦੂਸਰੇ ਦਿਨ ਮੈਚ ਸ਼ੁਰੂ ਹੋ ਗਏ। ਪਹਿਲੇ ਹੀ ਮੈਚ ਵਿਚ ਚਰਨਾਮਤ ਸਿੰਘ ਨੇ ਮੈਨੂੰ ਸੰਬੋਧਨ ਕਰ ਕੇ ਅਨਾਊਂਸਮੈਂਟ ਕੀਤੀ ਕਿ ਅਮਨਦੀਪ ਜਿੱਥੇ ਵੀ ਮੇਰੀ ਆਵਾਜ਼ ਸੁਣਦਾ ਹੋਵੇ ਤਾਂ ਗਰਾਊਂਡ ਦੇ ਲਾਗੇ ਖੜੇ ਸੋਨਾਲੀਕਾ ਟਰੈਕਟਰ ਕੋਲ ਆ ਜਾਵੇ, ਉਸ ਨੂੰ ਇੱਕ ਪਰਵਾਰ ਮਿਲਣਾ ਚਾਹੁੰਦਾ ਹੈ। ਮੈਂ ਉਤਸੁਕ ਹੋ ਕੇ ਤੁਰ ਪਿਆ ਕਿਉਂਕਿ ਮੈਨੂੰ ਕੋਈ ਵੀ ਪਰਵਾਰ ਇਸ ਸੂਬੇ ਵਿਚ ਜਾਣਦਾ ਨਹੀਂ ਸੀ। ਜਦੋਂ ਲਾਗੇ ਪਹੁੰਚਿਆ ਤਾਂ ਮੈਂ ਆਪਣੇ ਮਾਤਾ ਪਿਤਾ ਦੇ ਹਮ ਉਮਰ ਸ਼ਖ਼ਸੀਅਤਾਂ ਨੂੰ ਸੱਤ ਸ਼੍ਰੀ ਅਕਾਲ ਬੁਲਾਈ ਅਤੇ ਉਨ੍ਹਾਂ ਨੇ ਕਿਹਾ ਕਿ ਪੁੰਨੂਮਜਾਰੇ (ਸਾਡਾ ਪਿੰਡ) ਵਾਲਾ ਅਮਰਜੀਤ ਸਾਡਾ ਭਤੀਜਾ ਲੱਗਦਾ ਹੈ ਅਤੇ ਉਸ ਨੇ ਫ਼ੋਨ ਕੀਤਾ ਸੀ ਕਿ ਤੂੰ ਆ ਰਿਹਾ ਹੈਂ। ਮੁੱਢਲੀ ਜਾਣ ਪਹਿਚਾਣ ਹੋਈ। ਆਂਟੀ ਜੀ ਨੇ ਕਿਹਾ ਕਿ ਮੇਰਾ ਨਾਮ ਨਵਤੇਜ ਉੱਪਲ ਹੈ ਅਤੇ ਇਹ ਹਨ ਤੇਰੇ ਅੰਕਲ ਬਲਵੰਤ। ਸੁਣਦੇ ਸਾਰ ਹੀ ਮੇਰੇ ਅੰਦਰ ਝੁਣਝੁਣੀ ਪੈਦਾ ਹੋਈ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਉਹ ਸਾਫ਼ਟਵੇਅਰ ਵਾਲੇ ਉੱਪਲ ਅੰਕਲ ਤਾਂ ਨਹੀਂ? ਉਨ੍ਹਾਂ ਨੇ ਹਾਂ ਪੱਖੀ ਸਿਰ ਹਿਲਾ ਦਿੱਤਾ। ਮੈਂ ਦੁਬਾਰਾ ਉਨ੍ਹਾਂ ਦੇ ਪੈਰੀਂ ਹੱਥ ਲਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਦੇਖੋ ਰੰਗ ਕਰਤਾਰ ਦੇ, ਲੱਭਣਾ ਸਾਨੂੰ ਚਾਹੀਦਾ ਹੈ ਪਰ ਲੱਭ ਤੁਸੀਂ ਸਾਨੂੰ ਰਹੇ ਹੋ! ਮੈਂ ਚਰਨਾਮਤ ਅਤੇ ਰਣਜੀਤ ਭਾਜੀ ਨੂੰ ਵੀ ਦੱਸਿਆ, ਉਨ੍ਹਾਂ ਦੀ ਵੀ ਖ਼ੁਸ਼ੀ ਦੀ ਹੱਦ ਨਾ ਰਹੀ।

ਸ਼ਾਮ ਨੂੰ ਹੀ ਅੰਕਲ ਆਂਟੀ ਸਾਨੂੰ ਆਪਣੇ ਘਰ ਲੈ ਗਏ। ਕਾਰ ਵਿਚੋਂ ਉੱਤਰਦੇ ਸਾਰ ਹੀ ਜਾਮਣਾ ਦਾ ਦਰਖ਼ਤ ਸੀ। ਪਹਿਲਾਂ ਤਾਂ ਅਸੀਂ ਰੱਜ ਕੇ ਜਾਮਣਾ ਖਾਧੀਆਂ, ਫਿਰ ਅੰਕਲ ਨੇ ਬੈਕ ਯਾਰਡ(ਗਾਰਡਨ) ਵਿਚ ਲੱਗੀ ਬੰਬੀ ਚਲਾ ਦਿੱਤੀ ਅਤੇ ਆਲ਼ੇ-ਦੁਆਲੇ ਲੱਗੇ ਅਨੇਕ ਫਲ ਫਰੂਟ ਦੇਖ ਕੇ ਮਹਿਸੂਸ ਕੀਤਾ ਕਿ ਇਹ ਕੁਦਰਤ ਨੂੰ ਕਿੰਨਾ ਪਿਆਰ ਕਰਦੇ ਹਨ। ਫਿਰ ਸ਼ੁਰੂ ਹੋਈ ਸਾਫ਼ਟਵੇਅਰ ਦੀ ਗੱਲ।

"1986 ਜਾਂ 87 ਦੀ ਗੱਲ ਹੈ ਕਿ ਮਨ ਵਿਚ ਵਿਚਾਰ ਆਇਆ ਕਿ ਅੰਗਰੇਜ਼ੀ ਭਾਸ਼ਾ ਵਾਂਗ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਕੰਪਿਊਟਰ ਦੇ ਨਵੀਨ ਮਾਧਿਅਮ ਵਿਚ ਅੰਕਿਤ ਕੀਤਾ ਜਾਵੇ। ਇਸ ਕਾਰਜ ਨੂੰ ਪੂਰਾ ਕਰਨ ਲਈ ਪਹਿਲਾਂ ਕੰਪਿਊਟਰ ਭਾਸ਼ਾ ਡੌਸ
(DOS), ਅਸੈਂਬਲੀ, ਬੇਸਿਕ, ਟਰਬੋ-ਬੇਸਿਕ ਅਤੇ ਸੀ ਭਾਸ਼ਾ ਸਿੱਖੀ। ਹਾਲਾਂਕਿ ਕੁੱਝ ਪੰਜਾਬੀ ਦੇ ਫੌਂਟ ਛਾਪਣ ਲਈ ਉਪਲਬਧ ਸਨ ਪਰ ਇਸ ਕਾਰਜ ਵਾਸਤੇ ਸਕਰੀਨ ਫੌਂਟ ਦੀ ਜ਼ਰੂਰਤ ਸੀ। ਇਸ ਕਰ ਕੇ ਪਹਿਲਾਂ ਕੰਮ ਫੌਂਟ ਬਣਾਉਣਾ ਅਤੇ ਉਸ ਉਪਰੰਤ ਪੰਜਾਬੀ ਦਾ ਐਡੀਟਰ ਬਣਾਉਣਾ ਸੀ। ਫੌਂਟ ਵਿਚ ਲਾਗਾ-ਮਾਤਰਾ ਨੂੰ ਦਿਖਾਉਣ ਦੀ ਬਹੁਤ ਵੱਡੀ ਸਮੱਸਿਆ ਸੀ ਕਿਉਂਕਿ ਅੰਗਰੇਜ਼ੀ ਵਿਚ ਇਹਨਾਂ ਦੀ ਵਰਤੋਂ ਨਹੀਂ ਹੁੰਦੀ। ਜਦੋਂ ਅੱਖਰ ਟਾਈਪ ਕਰ ਕੇ ਉਸ ਨਾਲ ਮਾਤਰਾ ਟਾਈਪ ਹੁੰਦੀ ਸੀ ਤਾਂ ਪਹਿਲਾ ਅੱਖਰ ਮਿਟ ਜਾਂਦਾ ਸੀ। ਇਸ ਸਮੱਸਿਆ ਦਾ ਹੱਲ ਅਸੈਂਬਲੀ ਭਾਸ਼ਾ ਦੀ ਪ੍ਰੋਗਰਾਮਿੰਗ ਨਾਲ ਹੋਇਆ ਜਿਸ ਵਿਚ ਇੱਕ ਫੰਕਸ਼ਨ ਐਕਸ.ੳ.ਆਰ (XOR) ਹੁੰਦਾ ਹੈ। ਇਹ ਭਾਸ਼ਾ ਬਹੁਤ ਹੀ ਔਖੀ ਹੈ ਪਰ ਇਸ ਵਿਚ ਵਿਸ਼ਾਲਤਾ ਬਹੁਤ ਹੈ। ਹੁਣ ਇਸ ਦੀ ਵਰਤੋਂ ਕਰ ਕੇ ਫੌਂਟ ਅਤੇ ਐਡੀਟਰ ਦੋਵੇਂ ਤਿਆਰ ਹੋ ਚੁੱਕੇ ਸਨ। ਫਿਰ ਅੱਖਰਾਂ ਦੇ ਅਰਥ ਲੱਭਣ ਲਈ ਸਰਚ ਦਾ ਇੰਜਨ ਬਣਾਇਆ ਗਿਆ। ਇਸ ਤੋਂ ਉਪਰੰਤ ਇਸ ਸਾਰੇ ਤਾਣੇ-ਬਾਣੇ ਨੂੰ ਟਰਬੋ-ਬੇਸਿਕ (Turbo Basic) ਵਿਚ ਕੰਮਪਾਈਲ ਕਰ ਕੇ ਇੱਕ ਐਕਸੀ(.exe) ਫਾਈਲ ਬਣਾਈ ਗਈ ਜਿਸ ਨੂੰ ਕਿਸੇ ਵੀ ਕੰਪਿਊਟਰ ਉੱਤੇ ਚਲਾਇਆ ਜਾ ਸਕਦਾ ਸੀ। ਸਾਰੇ ਕਾਰਜ ਲਈ ਤਕਰੀਬਨ ਅੱਠ ਸਾਲ ਲੱਗੇ।"

"ਇਸ ਉਪਰੰਤ ਅਸੀਂ ਦੋਨਾਂ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਟਾਈਪਿੰਗ ਦਾ ਕੰਮ ਆਰੰਭ ਕੀਤਾ। ਕੁੱਝ ਹੋਰ ਗੁਰਮੁਖਾਂ ਨੇ ਟਾਈਪਿੰਗ ਵਿਚ ਮਦਦ ਕੀਤੀ। ਘਰ ਦੇ ਇੱਕ ਕਮਰੇ ਵਿਚ ਗੁਰੂ ਸਾਹਿਬ ਅਤੇ ਲੈਪਟਾਪ ਰੱਖ ਦਿੱਤੇ ਗਏ। ਜਿਸ ਦਾ ਵੀ ਸਮਾ ਲੱਗਦਾ, ਆ ਕੇ ਟਾਈਪ ਕਰਦਾ।"

ਨਵਤੇਜ ਜੀ ਨੇ ਦੱਸਿਆ ਕਿ ਛੇ ਮਹੀਨੇ ਵਾਸਤੇ ਉਹ ਘਰ ਤੋਂ ਬਾਹਰ ਨਹੀਂ ਗਏ। ਨਵਾਂ ਸਾਧਨ ਹੋਣ ਕਰ ਕੇ ਗ਼ਲਤੀਆਂ ਬਹੁਤ ਹੋ ਜਾਂਦੀਆਂ ਸਨ ਅਤੇ ਉਹ ਹਰ ਪੰਕਤੀ ਦੇ ਅੱਖਰ ਅਤੇ ਮਾਤਰਾਵਾਂ ਗਿਣ ਕੇ ਫਿਰ ਟਾਈਪ ਹੋਈ ਪੰਕਤੀ ਨਾਲ ਮੇਲਦੇ। ਇਸ ਤਰਾਂ ਸਖ਼ਤ ਮਿਹਨਤ ਤੋਂ ਬਾਅਦ ਸਾਰਾ ਖਰੜਾ
1.44mb ਦੀਆਂ ਚਾਰ ਫ਼ਲੌਪੀ ਡਿਸਕਾਂ ਵਿਚ ਪਾਇਆ ਗਿਆ।

ਬਲਵੰਤ ਸਿੰਘ ਜੀ ਦੱਸਦੇ ਹਨ ਕਿ ਉਨ੍ਹਾਂ ਨੂੰ ਬੜਾ ਮਾਨ ਮਹਿਸੂਸ ਹੋ ਰਿਹਾ ਸੀ ਪਰ ਮਨ ਵਿਚ ਇੱਕ ਡਰ ਵੀ ਸੀ ਕਿ ਸਿੱਖ ਜਗਤ ਇਸ ਕਾਰਜ ਪ੍ਰਤੀ ਕੀ ਰਵੱਈਆ ਅਪਣਾਉਂਦਾ ਹੈ। ਹੋ ਸਕਦਾ ਹੈ ਕਿ ਕੁੱਝ ਸੰਪਰਦਾਵਾਂ ਇਸ ਨੂੰ ਬਾਣੀ ਦੀ ਬੇਅਦਬੀ ਨਾ ਕਰਾਰ ਦੇ ਦੇਣ। ਕੁੱਝ ਸਲਾਹ ਮਸ਼ਵਰਿਆਂ ਉਪਰੰਤ ਇਹ ਫ਼ੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਨੂੰ ਸੰਪਰਕ ਕੀਤਾ ਜਾਵੇ। ਉਹ ਜਹਾਜ਼ ਫੜ ਕੇ ਅੰਮ੍ਰਿਤਸਰ ਪਹੁੰਚੇ। ਉਸ ਸਮੇਂ ਟੌਹੜਾ ਸਾਹਿਬ ਪ੍ਰਧਾਨ ਸਨ ਅਤੇ ਆਪਣੇ ਘਰ ਗਏ ਹੋਏ ਸਨ। ਪਹਿਲੀ ਮਿਲਣੀ ਉਨ੍ਹਾਂ ਦੇ ਘਰ ਹੀ ਹੋਈ। ਉਨ੍ਹਾਂ ਦਾ ਘਰ ਅਤੇ ਰਹਿਣੀ ਸਹਿਣੀ ਬੜੀ ਸਾਦਾ ਸੀ ਪਰ ਟੌਹੜਾ ਸਾਹਿਬ ਨੇ ਕਾਰ ਅਤੇ ਡਰਾਈਵਰ ਦੇ ਕੇ ਬਲਵੰਤ ਸਿੰਘ ਜੀ ਨੂੰ ਪ੍ਰੋਫੈਸਰ ਮਨਜੀਤ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਭੇਜਿਆ। ਪ੍ਰੋ ਮਨਜੀਤ ਸਿੰਘ ਨੇ ਸਾਰਾ ਕੁੱਝ ਦੇਖਿਆ ਪਰਖਿਆ ਅਤੇ ਕਿਹਾ ਕਿ ਉਹ ਟੌਹੜਾ ਸਾਹਿਬ ਨਾਲ ਸਲਾਹ ਕਰ ਕੇ ਅਗਲੀ ਕਾਰਵਾਈ ਦੱਸਣਗੇ। ਅਗਲੇ ਹੀ ਦਿਨ ਸ. ਬਲਵੰਤ ਸਿੰਘ ਜੀ ਨੂੰ ਸੁਨੇਹਾ ਆਇਆ ਕਿ ਕਮੇਟੀ ਦੀ ਮੀਟਿੰਗ ਵਿਚ ਇਸ ਪ੍ਰਣਾਲੀ ਨੂੰ ਪ੍ਰਵਾਨਗੀ ਮਿਲ ਗਈ ਹੈ ਅਤੇ ਉਨ੍ਹਾਂ ਦੇ ਇਸ ਉੱਦਮ ਨੂੰ ਮਨਜ਼ੂਰੀ ਅਤੇ ਉਪਰੰਤ ਸਰੋਪੇ ਨਾਲ ਸਨਮਾਨਿਆ ਜਾਵੇਗਾ। ਇਹ ਗੱਲ ਸੰਨ 1993 ਦੀ ਹੈ।

ਇਸ ਉੱਦਮ ਨੂੰ ਬਹੁਤ ਸਲਾਹਿਆ ਗਿਆ। ਦੇਸ਼ ਵਿਦੇਸ਼ ਤੋਂ ਇਹਨਾਂ ਡਿਸਕਾਂ ਦੀ ਮੰਗ ਆਉਂਦੀ ਸੀ। ਸ. ਬਲਵੰਤ ਸਿੰਘ ਜੀ ਦੱਸਦੇ ਹਨ ਕਿ ਇੱਕ ਵਾਰੀ ਉਹ ਟੋਰਾਂਟੋ ਗੁਰੂ ਘਰ ਵਿਚ ਪੇਸ਼ਕਾਰੀ ਕਰ ਕੇ ਕਾਰ ਪਾਰਕ ਵਿਚ ਜਾ ਰਹੇ ਸਨ ਤਾਂ ਇੱਕ ਸਿੰਘ ਨੇ ਉਨ੍ਹਾਂ ਨੂੰ ਘੇਰ ਲਿਆ। ਉਸ ਨੇ ਕਿਹਾ;
"ਤੁਸੀਂ ਤਾਂ ਬਾਣੀ ਦੀ ਬੇਅਦਬੀ ਕਰ ਰਹੇ ਹੋ"

"ਉਹ ਕਿਵੇਂ?"
"ਤੁਸੀਂ ਬਾਣੀ ਨੂੰ ਡਿਸਕਾਂ ਵਿਚ ਪਾ ਦਿੱਤਾ, ਪ੍ਰਕਾਸ਼ ਕਿਸ ਤਰਾਂ ਕਰਨਾ ਹੈ, ਸੰਤੋਖਣਾ ਕਿਵੇਂ ਹੈ? ਰਹਿਤ ਮਰਿਆਦਾ ਕੀ ਹੈ? ਸੁੱਚਮ ਦਾ ਕਿਵੇਂ ਖਿਆਲ ਰੱਖਿਆ ਜਾਵੇਗਾ?" ਇੱਕ ਹੀ ਸਾਹ ਵਿਚ ਉਸ ਨੇ ਕਈ ਸਵਾਲ ਦਾਗ਼ ਦਿੱਤੇ।
"ਦੇਖੋ ਸਿੰਘ ਸਾਹਿਬ, ਡਿਸਕ ਵਿਚ ਬਾਣੀ ਬਹੁਤ ਹੀ ਸੂਖਮ ਰੂਪ ਵਿਚ ਹੈ, ਜਿਵੇਂ ਇਲੈਕਟਰੌਨ ਪੱਧਰ ਤੇ, ਜੇ ਇਸ ਨੂੰ ਦ੍ਰਿਸ਼ਟਮਾਨ ਕਰਨਾ ਹੈ ਤਾਂ ਕੰਪਿਊਟਰ ਚਾਲੂ ਕਰ ਕੇ ਫਿਰ ਸਕਰੀਨ ਉੱਤੇ ਇਹ ਇਲੈਕਟਰੌਨ ਅੱਖਰ ਬਣ ਕੇ ਬਾਣੀ ਦਾ ਪ੍ਰਕਾਸ਼ ਕਰਨਗੇ। ਇਸ ਨਾਲ ਬਾਣੀ ਦਾ ਪਾਸਾਰ ਬਹੁਤ ਜ਼ਿਆਦਾ ਹੋਵੇਗਾ ਅਤੇ ਸੁੱਚਮ, ਸ਼ਰਧਾ ਦੇ ਵੀ ਸਾਧਨ ਬਣ ਜਾਣਗੇ"। ਮੇਰੀ ਕੋਸ਼ਿਸ਼ ਸੀ ਠਰਮੇ ਨਾਲ ਉਸ ਨੂੰ ਜਵਾਬ ਦਿੱਤਾ ਜਾਵੇ।
ਉਹ ਸਿੰਘ "ਮੈਂ ਨਾ ਮਾਨੋ" ਵਾਲੀ ਜ਼ਿੱਦ ਕਰ ਰਿਹਾ ਸੀ ਅਤੇ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਮੈਂ ਵੀ ਥੋੜ੍ਹੀ ਤਲਖ਼ੀ ਵਿਚ ਆ ਗਿਆ।
"ਮੇਰਾ ਤਾਂ ਤੂੰ ਪੁੱਛ ਲਿਆ ਪਰ ਪਹਿਲਾਂ ਇਹ ਦੱਸ ਕਿ ਤੂੰ ਗੁਰਬਾਣੀ ਦੇ ਕਿਤਨਾ ਕੁ ਨੇੜੇ ਏ?"
"ਮੈਨੂੰ ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਮੂੰਹ ਜ਼ੁਬਾਨੀ ਆਉਂਦੀਆਂ" ਉਸ ਨੇ ਵੀ ਤਲਖ਼ੀ ਵਿਚ ਕਿਹਾ।
"ਅੱਛਾ, ਲੈ ਜਵਾਬ ਤੂੰ ਆਪ ਹੀ ਦੇ ਦਿੱਤਾ। ਹੁਣ ਤੂੰ ਮੈਨੂੰ ਇਹ ਦੱਸ ਕਿ ਜਦੋਂ ਤੂੰ ਟਾਇਲਟ ਜਾਨਾਂ, ਉਦੋਂ ਪੰਜ ਪਉੜੀਆਂ ਕਿੱਥੇ ਰੱਖਦਾ? ਉਦੋਂ ਨੀ ਬੇਅਦਬੀ ਹੁੰਦੀ? ਤੇਰੇ ਦਿਮਾਗ਼ ਵਿਚ ਵੀ ਤਾਂ ਨਿਉਰੋਨ ਇਲੈਕਟਰੌਨ ਪੱਧਰ ਤੇ ਚੱਲਦੇ ਹਨ।"
ਸਾਡੇ ਸੁਰ ਉੱਚੀ ਹੋ ਗਏ ਸਨ ਅਤੇ ਸਿੰਘ ਦੇ ਕੁੱਝ ਸਾਥੀ ਵੀ ਏਨੇ ਨੂੰ ਆ ਗਏ ਸੀ। ਇਹ ਦੇਖ ਕੇ ਮੈਂ ਨੇ ਆਪਣੇ ਸਾਥੀ ਨੂੰ ਸਮਾਨ ਫੜਾ ਕੇ ਕਾਰ ਵਿਚ ਰੱਖਣ ਨੂੰ ਕਿਹਾ ਅਤੇ ਉਸ ਸਿੰਘ ਵੱਲ ਨੂੰ ਥੋੜ੍ਹਾ ਤੜ ਕੇ ਬੋਲਿਆ;
"ਦੇਖ ਸਿੰਘਾ, ਬਹੁਤ ਹੋ ਗਿਆ। ਇਸ ਤਰਾਂ ਕੋਈ ਫ਼ੈਸਲਾ ਨਹੀਂ ਹੁੰਦਾ ਦਿਸਦਾ। ਹੁਣ ਐਦਾਂ ਕਰਦੇ ਆਂ ਕਿ ਆਪਾਂ ਦੋਵੇਂ ਇੱਥੇ ਹੀ ਘਸੁੰਨ-ਮੁੱਕੀ ਤੇ ਗੁੱਥਮਗੁੱਥਾ ਹੋ ਲੈ ਨੇ ਆ। ਜਿਹੜਾ ਢਹਿ ਗਿਆ, ਉਹ ਗ਼ਲਤ ਦੂਜਾ ਸਹੀ।"
ਇਹ ਸੁਣ ਕੇ ਸਿੰਘ ਦੇ ਸਾਥੀਆਂ ਨੇ ਮੈਨੂੰ ਨਿਮਰਤਾ ਨਾਲ ਠੰਢੇ ਕਰਦੇ ਹੋਏ ਕਿਹਾ, "ਸ਼੍ਰੀ ਮਾਨ ਜੀ, ਤੁਸੀਂ ਆਪਣਾ ਵਕਤ ਖ਼ਰਾਬ ਨਾ ਕਰੋ, ਤੁਸੀਂ ਬਹੁਤ ਮਹਾਨ ਕਾਰਜ ਕੀਤਾ ਹੈ। ਇਸ ਦੀ ਤਾਂ ਆਦਤ ਹੀ ਪੈ ਚੁੱਕੀ ਹੈ ਕਿ ਕੋਈ ਵੀ ਗੁਰੂ ਘਰ ਆਵੇ, ਉਸ ਦੇ ਗਲ ਇਸ ਨੇ ਪੈਣਾ ਹੀ ਹੁੰਦਾ ਹੈ" ਅਤੇ ਉਹ ਬਾਂਹ ਫੜ ਕੇ ਆਪਣੇ ਸਾਥੀ ਨੂੰ ਉਸ ਦੀ ਕਾਰ ਤੱਕ ਛੱਡ ਆਏ।

ਸ ਬਲਵੰਤ ਸਿੰਘ ਜੀ ਜ਼ਿਲ੍ਹਾ ਜਲੰਧਰ ਵਿਚ ਪਿੰਡ ਗੱਦੋਵਾਲੀ ਦੇ ਰਹਿਣ ਵਾਲੇ ਹਨ। ਪੱਛਮੀ ਆਸਟ੍ਰੇਲੀਆ ਵਿਚ 1978 ਵਿਚ ਆਪ ਜੀ ਨੇ ਬਤੌਰ ਇਲੈਕਟ੍ਰੀਕਲ ਇੰਜੀਨੀਅਰ ਦੀ ਨੌਕਰੀ ਤੋਂ ਸ਼ੁਰੂਆਤ ਕੀਤੀ ਅਤੇ ਸੂਬੇ ਦੇ ਅਸਿਸਟੈਂਟ ਚੀਫ਼ ਇੰਜੀਨੀਅਰ ਵਜੋਂ ਰਿਟਾਇਰ ਹੋਏ। ਆਪਣੇ ਸੁਫਨੇ ਨੂੰ ਸੱਚ ਕਰਨ ਲਈ ਹੁਣ ਉਹ ਆਪਣੇ ਜੱਦੀ ਪਿੰਡ ਦੇ ਲਾਗੇ ਤਕਰੀਬਨ 900 ਬੱਚਿਆਂ ਲਈ ਸਕੂਲ ਸਥਾਪਿਤ ਕਰ ਕੇ ਉਸ ਨੂੰ ਸੁਚੱਜੇ ਢੰਗ ਨਾਲ ਚਲਾ ਰਹੇ ਹਨ। ਸਕੂਲ ਵਿਚ ਤਕਰੀਬਨ 35 ਅਧਿਆਪਕ ਹਨ ਅਤੇ ਸੋਲ੍ਹਾਂ ਬੱਸਾਂ 33 ਪਿੰਡਾਂ ਤੋਂ ਬੱਚੇ ਲੈ ਕੇ ਆਉਂਦੀਆਂ ਹਨ। ਆਪਣੀ ਸਾਰੀ ਪੂੰਜੀ ਇਸ ਸਕੂਲ ਵਿਚ ਲਗਾ ਦਿੱਤੀ ਹੈ। ਕਈ ਵਾਰੀ ਤਾਂ ਆਪਣੀ ਪੈਨਸ਼ਨ ਵੀ ਖ਼ਰਚ ਕਰਨੀ ਪੈਂਦੀ ਹੈ। ਉਨ੍ਹਾਂ ਦੀ ਇੱਛਾ ਹੈ ਕਿ ਇਸ ਸਕੂਲ ਦੇ ਨਾਲ ਕਾਲਜ ਵੀ ਬਣਾ ਦਿੱਤਾ ਜਾਵੇ।{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.