.


06/25/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ–੩੦

ਗੁਰਬਾਣੀ ਦੇ ਚਾਨਣ ਵਿੱਚ ਮੋਹ ਦੀ ਵਿਆਖਿਆ

ਪੰਜ ਵਿਸ਼ਿਆਂ ਚੋਂ ਮੋਹ ਚੌਥੇ ਥਾਂ ਤੇ ਹੈ। ਮੋਹ ਦੇ ਕੋਸ਼ ਅਨੁਸਾਰ ਅੱਖਰੀ ਅਤੇ ਸਮ-ਅਰਥ ਇਹ ਹਨ-ਸਨੇਹ, ਖਿੱਚ, ਮੁਹੱਬਤ, ਬੇਹੋਸ਼ੀ ਅਤੇ ਅੰਗ੍ਰੇਜੀ ਵਿੱਚ ਅਟੈਚਮਿੰਟ। ਮੋਹ, ਖਿੱਚ, ਸ਼ੁਦਾਉ, ਲਗਨਤਾ ਜਾਂ ਦੀਵਾਨਾਪਣ ਮਨ ਅਤੇ ਸਰੀਰ ਦਾ ਇੱਕ ਮਿਜ਼ਾਜ ਹੈ ਜਿਹਨੂੰ ਆਮ ਤੌਰ ਉੱਤੇ ਪਿਆਰ ਦੀ ਭਾਵਨਾ ਜਾਂ ਕਿਸਮ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਪਿਆਰ ਜਾਂ ਪ੍ਰੇਮ ਨੂੰ ਆਮ ਤੌਰ ਤੇ ਮੋਹ (ਜੋ ਕਾਮ, ਕ੍ਰੋਧ, ਲੋਭ ਤੇ ਹੰਕਾਰ ਦਾ ਹੀ ਅੰਗ ਹੈ) ਨਾਲ ਰਲਾ ਦਿੱਤਾ ਜਾਂਦਾ ਹੈ ਪਰ ਅਸਲ ਵਿੱਚ ਇਹ ਦੋਵੇਂ ਧਿਰਾਂ ਆਪਾ ਵਿਰੋਧੀ ਹਨ। ਜਿਥੇ ਮੋਹ ਹੈ ਉਥੇ ਪ੍ਰੇਮ ਨਹੀਂ ਤੇ ਜਿਥੇ ਪ੍ਰੇਮ ਹੈ ਉਥੇ ਮੋਹ ਨਹੀਂ ਹੋ ਸਕਦਾ। ਪ੍ਰੇਮ-ਪਿਆਰ ਦਾ ਦ੍ਹਾਵਾ ਤਾਂ ਹਰ ਕੋਈ ਕਰਦੈ ਪਰ ਗੁਰੂ ਦੀ ਨਜ਼ਰ ਵਿੱਚ ਇਹ ਕਿਸੇ ਵਿਰਲੇ ਦੇ ਹੀ ਹਿੱਸੇ ਆਇਆ ਹੈ-ਪ੍ਰੇਮ ਸੁਧਾ ਰਸੁ ਪੀਵੈ ਕੋਇ॥ (੩੪੩)

ਆਪੇ ਨੂੰ ਭੁਲਾ ਕੇ ਕਿਸੇ ਦੇ ਪਿਆਰ ਵਿੱਚ ਗਵਾਚ ਜਾਣਾ, ਡੁੱਬ ਜਾਣਾ, ਮਿਟ ਜਾਣਾ ਹੀ ਪ੍ਰੇਮ ਹੈ, ਗੀਤਕਾਰ ਗੀਤ, ਭਗਤ ਭਗਤੀ, ਚਿਤ੍ਰਕਾਰ ਖੁਦ ਚਿਤ੍ਰ ਦਾ ਰੂਪ ਹੋ ਜਾਵੇ, ਉਸੇ ਅਵੱਸਥਾ ਦਾ ਨਾਮ ਪਿਆਰ ਜਾਂ ਪ੍ਰੇਮ ਹੈ। ਜਿਸ ਨੇ ਪਿਆਰ ਵਿੱਚ ਮਿਟਣ, ਗਵਾਚਣ ਜਾਂ ਡੁੱਬਣ, ਆਪਾ ਵਾਰਨ ਅਤੇ ਸਮਰਪਣ ਦੀ ਕਲਾ ਨਹੀਂ ਸਿੱਖੀ ਉਹ ਪਿਆਰ ਨੂੰ ਕੀ ਸਮਝੇਗਾ? ਮਨੁੱਖ ਰੱਬ ਨਾਲ ਪਿਆਰ ਦੇ ਭੁਲੇਖੇ, ਮੰਦਰਾਂ ਵਿੱਚ ਟੱਲ ਖੜਕਾਈ ਜਾਵੇ, ਜੋਤਾਂ ਜਗਾਈ ਜਾਵੇ, ਮਸੀਤਾਂ ਵਿੱਚ ਬਾਂਗਾਂ ਦੇਵੇ ਅਤੇ ਨਿਮਾਜ਼ਾਂ ਪੜੀ ਜਾਵੇ, ਚਰਚਾਂ ਵਿੱਚ ਪਿਆਨੋ ਨਾਲ ਗੀਤ ਗਾਵੇ, ਗੁਰਦੁਆਰੇ, ਠਾਠਾਂ ਅਤੇ ਟਕਸਾਲਾਂ ਵਿੱਚ ਜਿਨੀਆਂ ਮਰਜ਼ੀ ਢੋਲਕੀਆਂ ਚਿਮਟੇ, ਤਬਲੇ ਤੇ ਢੱਡਾਂ ਕੁੱਟੇ, ਆਰਤੀਆਂ ਕਰੇ ਪਰ ਆਪਾ ਸੌਂਪੇ ਬਿਨਾ ਪਿਆਰ ਨਹੀਂ ਪੈ ਸਕਦਾ। ਪ੍ਰੇਮ ਕਿਸੇ ਤੇ ਕਬਜ਼ਾ ਜਮਾਉਣਾ ਨਹੀਂ ਸਗੋਂ ਦੇਣਾ, ਕਿਸੇ ਨੂੰ ਆਪਣੇ ਅਧੀਨ ਕਰਨਾ ਨਹੀ ਸਗੋਂ ਉਸ ਦੇ ਅਧੀਨ ਹੋਣਾ, ਮਾਲਕ ਨਹੀਂ ਸਗੋਂ ਦਾਸ ਬਣਨਾ ਹੈ। ਇਸ ਲਈ ਪ੍ਰੇਮ ਵਿੱਚ ਕਦੇ ਝਗੜਾ ਨਹੀ ਹੋ ਸਕਦਾ ਕਿਉਂਕਿ ਝਗੜੇ ਦਾ ਕਾਰਨ ਤਾਂ ਅੰਦਰ ਪਏ ਵਿਰੋਧੀ ਵਿਕਾਰ ਨੇ ਜਿਨ੍ਹਾਂ ਦੇ ਹੁੰਦਿਆਂ ਪਿਆਰ ਸੰਭਵ ਹੀ ਨਹੀਂ।

ਦੇਖੋ!ਮੌਜੂਦਾ ਅਖੌਤੀ ਧਰਮ ਦਾ ਸਾਰਾ ਝਗੜਾ ਹੀ ਦੂਜੇ ਪਰ ਕਾਬਜ ਹੋ, ਉਸ ਨੂੰ ਆਪਣੇ ਅਧੀਨ ਕਰਨ ਹੈ। ਪੱਖ ਪਾਤ ਤੇ ਊਚ ਨੀਚ ਦੇ ਵਿਤਕਰਿਆਂ ਨਾਲ ਆਪ ਹੁਕਮਰਾਨ ਬਣਨ ਦਾ ਜੋ ਪਿਆਰ ਹੈ ਉਹ ਪ੍ਰੇਮ ਨਹੀਂ ਸਗੋਂ ਵਿਰੋਧੀ ਮੋਹ ਹੈ। ਧਰਮ ਅਸਥਾਨਾਂ ਉੱਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵੱਸ ਹੋਏ ਮਨੁੱਖ ਦੇ ਤਲਵਾਰਾਂ, ਬਰਛਿਆਂ, ਲਾਠੀਆਂ ਅਤੇ ਧਨ ਦੇ ਜ਼ੋਰ ਨਾਲ ਕਬਜ਼ਾ ਕਰਨ ਵਾਲਿਆਂ ਦੇ ਮਨਾਂ ਵਿੱਚ ਲੋਭ, ਮੋਹ ਜਾਂ ਹੰਕਾਰ ਤਾਂ ਹੋ ਸਕਦੈ ਪਰ ਅਸਲੀ ਪਿਆਰ ਨਹੀਂ ਕਿਉਂਕਿ ਪਿਆਰ ਵਿੱਚ ਧੱਕਾ ਨਹੀਂ ਚਲਦਾ, ਧੱਕਾ ਕਰਨਾ ਜ਼ੁਲਮ ਹੈ-ਕਬੀਰ ਜੋਰੁ ਕੀਆ ਸੋ ਜੁਲਮੁ ਹੈ...॥(੧੩੭੫)

ਮੋਹ ਅਤੇ ਪ੍ਰੇਮ ਵਿੱਚ ਫਰਕ-ਮੋਹ ਵਿੱਚ ਵਿਤਕਰਾ ਅਤੇ ਪ੍ਰੇਮ ਵਿੱਚ ਬਰਾਬਰਤਾ ਹੈ। ਨਿੱਜੀ ਸੁਆਰਥ ਮੋਹ ਅਤੇ ਸਰਬ ਸੁਆਰਥ ਪ੍ਰੇਮ ਹੈ। ਨਿੱਜੀ ਮੋਹ ਤੰਗਦਿਲ ਬਣਾਉਂਦਾ ਅਤੇ ਸਰਬਤ ਦਾ ਭਲਾ ਵਿਸ਼ਾਲਤਾ, ਖੁਲਦਿਲੀ ਤੇ ਪਿਆਰ ਪੈਦਾ ਕਰਦਾ ਹੈ। ਨਿੱਜੀ ਮੋਹ ਵਖਰੇਵੇਂ, ਪੱਖਪਾਤ ਅਤੇ ਸਾਂਝੀਵਾਲਤਾ ਪਿਆਰ ਪੈਦਾ ਕਰਦੀ ਹੈ। ਮਨੁੱਖ ਆਪਣੀਆਂ ਨਿਜੀ ਲੋੜਾਂ ਲਈ ਰੱਬ ਨਾਲ ਪ੍ਰੇਮ ਕਰਦਾ ਪਰ ਆਪਾ ਸੌਂਪਣ ਤੋਂ ਡਰਦਾ ਹੈ। ਆਪਾ ਮਿਟਾਏ ਬਿਨਾ ਉਸ ਦਾ ਪਿਆਰਾ ਨਹੀਂ ਬਣ ਸਕਦਾ। ਮੋਹ ਦਾ ਚਿਕੜ ਨਿਜੀ ਸੁਆਰਥੀ ਅਤੇ ਪ੍ਰੇਮ ਦਾ ਮਾਰਗ ਵੰਡਣਾ ਸਿਖਾਉਂਦਾ ਹੈ।

ਚਤੁਰ ਮਨੁੱਖ ਨੇ ਮੋਹ ਨੂੰ ਹੀ ਪਿਆਰ ਦਾ ਨਾਮ ਦੇ ਦਿੱਤਾ। ਦੇਖੋ! ਇੱਕ ਪਿਉ ਵੀ ਆਪਣੇ ਪੁੱਤ੍ਰ ਨੂੰ ਪਿਆਰ ਕਰਦੈ ਪਰ ਕਦੇ ਵੀ ਪੁੱਤ੍ਰ ਵਿੱਚ ਗਵਾਚਦਾ ਨਹੀਂ, ਸਗੋਂ ਉਸ ਨੂੰ ਆਪਣੇ ਕਦਮਾਂ ਤੇ ਚਲਾਉਣਾ, ਹੁਕਮ ਥੱਲੇ ਰੱਖ, ਆਪਣੇ ਅਧੀਨ ਕਰਕੇ ਉਸ ਤੋਂ ਨਿਜੀ ਲਾਭ ਲੈਣਾ ਚਹੁੰਦੈ ਜੋ ਪ੍ਰੇਮ ਨਹੀਂ ਮੋਹ ਹੈ। ਇਸ ਲਈ ਵੱਖਰੇਵੇਂ ਵਾਲਾ ਮੋਹ ਸੱਚੇ ਪ੍ਰੇਮ ਦਾ ਵਿਰੋਧੀ ਹੈ।

ਸੋ ਗੁਰਮਤਿ ਵਿੱਚ ਗੁਰੂ ਨੇ ਸਿੱਖ ਨੂੰ ਦੁਨਿਆਵੀ ਪ੍ਰਵਾਰਕ ਮੋਹ ਤੋਂ ਉੱਪਰ ਉੱਠ ਸੰਸਾਰਕ ਪ੍ਰੇਮ ਕਰਨ ਦੀ ਸਿਖਿਆ ਦਿੱਤੀ ਹੈ। ਸਿੱਖ ਨੇ ਮੋਹ ਮਾਇਆ ਦੇ ਲੁਭਾਵਣੇ ਚਿੱਕੜ ਵਿੱਚ ਫਸਣਾ ਨਹੀਂ ਸਗੋਂ ਕੌਲ ਫੁੱਲ ਵਾਂਗ ਉੱਪਰ ਤੈਰਨਾ ਹੈ। ਮੋਹ ਨੂੰ ਰੱਬੀ ਪ੍ਰੇਮ ਵਿੱਚ ਬਦਲ ਦੇਣਾ ਹੈ। ਦੇਖੋ! ਗੁਰੂ ਨੇ ਸਿੱਖ ਨੂੰ ਸਭ ਤਰ੍ਹਾਂ ਦੇ ਮੋਹ ਤੋਂ ਉੱਪਰ ਚੁੱਕਿਆ ਪਰ ਅਜੋਕੇ ਬਹੁਤੇ ਪ੍ਰਚਾਰਕ ਅਤੇ ਸਾਧ ਸੰਤ ਸੰਪ੍ਰਦਾਈ ਆਪੋ ਆਪਣੇ ਡੇਰੇ, ਟਕਸਾਲ ਅਤੇ ਆਪੋ ਆਪਣੇ ਸੰਤਾਂ ਗ੍ਰੰਥਾਂ ਅਤੇ ਮਾਇਆਜਾਲ ਦੇ ਮੋਹ ਵਿੱਚ ਫਸੇ ਪਏ ਹਨ। ਇਹ ਨਿਜੀ ਮੋਹ ਹੀ ਅੱਜ ਬਹੁਤੇ ਲੜਾਈ ਝਗੜਿਆਂ ਦਾ ਕਾਰਨ ਹੈ। ਸਾਰੇ ਸੰਸਾਰ ਨੂੰ ਪੰਜਾਂ ਦੂਤਾਂ ਨੇ ਮੋਹਿਆ ਹੋਇਆ ਹੈ-ਪੰਚ ਦੂਤ ਮੁਹਹਿ ਸੰਸਾਰਾ॥ ਮਨਮੁਖ ਅੰਧੇ ਸੁਧਿ ਨ ਸਾਰਾ॥ (ਗੁਰੂ ਗ੍ਰੰਥ) ਸਿੱਖੋ! ਆਪੋ ਆਪਣੇ ਘਰ, ਪ੍ਰਵਾਰਾਂ, ਡੇਰੇ, ਟਕਸਾਲਾਂ ਅਤੇ ਜਥਿਆਂ ਦੇ ਮੋਹ ਵਿੱਚੋਂ ਬਾਹਰ ਨਿਕਲ ਗੁਰਮਤਿ ਦੇ ਪ੍ਰੇਮ ਨੂੰ ਧਾਰਨ ਕਰਕੇ, ਸਭ ਨਾਲ ਪਿਆਰ ਕਰਨਾ ਸਿੱਖੋ ਨਾ ਕਿ ਵਿਚਾਰ ਨਾ ਮਿਲਣ ਕਰਕੇ ਨਫਰਤਾਂ ਹੀ ਪਾਲੀ ਜਾਓ। ਇਸ ਦੂਜੇ ਭਾਉ ਭਾਵ ਨਿਜੀ ਸੁਆਰਥ ਮੋਹ ਵਾਲੀ ਨਫਰਤ ਨੇ ਬਹੁਤੇ ਘਰ ਗਾਲ ਦਿੱਤੇ ਹਨ-ਦੂਜੈ ਭਾਇ ਬਹੁਤ ਘਰ ਗਾਲੇ॥(੧੧੬੦)


06/25/17
ਗਿਆਨੀ ਅਵਤਾਰ ਸਿੰਘ

ਗੁਰਬਾਣੀ ਲਿਖਤ ਬਨਾਮ ਅਜੋਕੀ ਪੰਜਾਬੀ ਭਾਸ਼ਾ (ਭਾਗ ਤੀਜਾ)

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)-94650-40032

ਪਿਛਲੇ ਦੋ ਭਾਗਾਂ ’ਚ ‘ਗੁਰਬਾਣੀ ਲਿਖਤ’ ਤੇ ‘ਗੁਰਬਾਣੀ ਉਚਾਰਨ’ ਬਾਰੇ ਸੰਖੇਪ ਵਿਚਾਰ ਕੀਤੀ ਗਈ ਸੀ। ‘ਗੁਰਬਾਣੀ ਲਿਖਤ’ ਨਿਯਮ ’ਚ ਕੇਵਲ ‘ਨਾਂਵ, ਪੜਨਾਂਵ, ਸੰਬੰਧਕ’, ਆਦਿਕ ਸ਼ਬਦ ਹੀ ਵਿਚਾਰੇ ਗਏ ਸਨ। ਇਸ ਹਥਲੇ ਲੇਖ ’ਚ ‘ਕਿਰਿਆ’ (verb) ਬਾਰੇ ਥੋੜ੍ਹੀ ਵਿਚਾਰ ਕੀਤੀ ਜਾ ਰਹੀ ਹੈ।

ਸਵਾਲ: ‘ਕਿਰਿਆ’ (ਸ਼ਬਦ) ਕਿਸ ਨੂੰ ਆਖਦੇ ਹਨ ?

ਜਵਾਬ: ਕਿਸੇ ਵਸਤੂ ਜਾਂ ਜੀਵ ਦੇ ਕੰਮ ਨੂੰ ਕਾਲ ਸਹਿਤ ਦੱਸਣ ਵਾਲ਼ੇ ਸ਼ਬਦ ‘ਕਿਰਿਆ’ ਅਖਵਾਉਂਦੇ ਹਨ।

‘ਕਿਰਿਆ’ ਦੀ ਮਹੱਤਤਾ: ਅਗਰ ਕਿਸੇ ਵਾਕ ’ਚ ‘ਕਿਰਿਆ’ ਸ਼ਬਦ ਨਾ ਹੋਵੇ ਤਾਂ ਵਾਕ ਅੰਸ਼ ਦਾ ਭਾਵਾਰਥ ਸਮਝਣ ’ਚ ਵਖਰੇਵਾਂ ਵਧ ਜਾਂਦਾ ਹੈ; ਜਿਵੇਂ ਕਿ ‘ਜਪੁ’ ਬਾਣੀ ’ਚ ‘ਸੁਣਿਐ’ ਵਾਲ਼ੀਆਂ 4 (8-11) ਪਉੜੀਆਂ ’ਚ 20 ਤੁਕਾਂ ਹਨ, ਜਿਨ੍ਹਾਂ ’ਚੋਂ ‘ਕਿਰਿਆ’ ਸਮੇਤ ਕੇਵਲ (ਹੇਠਲੀਆਂ) 5 ਤੁਕਾਂ ਹੀ ਹਨ:

ਸੁਣਿਐ; ‘ਪੋਹਿ ਨ ਸਕੈ’ ਕਾਲੁ ॥ (ਇਸ ਤੁਕ ’ਚ ‘ਪੋਹਿ ਸਕੈ’ ਕਿਰਿਆ ਹੈ, ਜਿਸ ਦਾ ਅਰਥ ਹੈ: ‘ਛੂਹ ਸਕਦਾ’; ਵਰਤਮਾਨ ਕਾਲ, ਇੱਕ ਵਚਨ ਕਿਰਿਆ)

ਸੁਣਿਐ; ਪੜਿ ਪੜਿ ‘ਪਾਵਹਿ’ ਮਾਨੁ ॥ (ਕਿਰਿਆ ‘ਪਾਵਹਿ’ ਦਾ ਅਰਥ ਹੈ: ‘ਪਾਉਂਦੇ ਹਨ’; ਵਰਤਮਾਨ ਕਾਲ, ਬਹੁ ਵਚਨ ਕਿਰਿਆ)

ਸੁਣਿਐ; ‘ਲਾਗੈ’ ਸਹਜਿ ਧਿਆਨੁ ॥ (ਕਿਰਿਆ ‘ਲਾਗੈ’ ਦਾ ਅਰਥ ਹੈ: ‘ਲੱਗ ਜਾਂਦਾ ਹੈ’; ਵਰਤਮਾਨ ਕਾਲ, ਇੱਕ ਵਚਨ ਕਿਰਿਆ)

ਸੁਣਿਐ; ਅੰਧੇ ‘ਪਾਵਹਿ’ ਰਾਹੁ ॥ (ਕਿਰਿਆ ‘ਪਾਵਹਿ’ ਦਾ ਅਰਥ ਹੈ: ‘ਪਾਉਂਦੇ ਹਨ’; ਵਰਤਮਾਨ ਕਾਲ, ਬਹੁ ਵਚਨ ਕਿਰਿਆ)

ਸੁਣਿਐ; ਹਾਥ ‘ਹੋਵੈ’ ਅਸਗਾਹੁ ॥ (ਕਿਰਿਆ ‘ਹੋਵੈ’ ਦਾ ਅਰਥ ਹੈ: ‘ਹੋ ਜਾਂਦਾ ਹੈ’; ਵਰਤਮਾਨ ਕਾਲ, ਇੱਕ ਵਚਨ ਕਿਰਿਆ)

ਉਪਰੋਕਤ ਪੰਜੇ ਪੰਕਤੀਆਂ ’ਚ ਦਰਜ ‘ਕਿਰਿਆਵਾਚੀ’ ਸ਼ਬਦਾਂ ਨੇ ਪੰਕਤੀ ਦੇ ਭਾਵਾਰਥਾਂ ਨੂੰ ਕਾਲ ਸਹਿਤ ਸਪਸ਼ਟ ਕਰ ਦਿੱਤਾ ਹੈ ਪਰ ‘ਸੁਣਿਐ’ ਦੀਆਂ ਬਾਕੀ 15 ਤੁਕਾਂ ’ਚ ‘ਕਿਰਿਆ’ ਸ਼ਬਦ ਨਾ ਹੋਣ ਕਾਰਨ ਭਿੰਨ-ਭਿੰਨ ਅਰਥ ਕੀਤੇ ਜਾ ਰਹੇ ਹਨ; ਜਿਵੇਂ

(1). ਸੁਣਿਐ; ਧਰਤਿ ਧਵਲ ਆਕਾਸ ॥ ਭਾਵ ‘ਗੁਰੂ ਉਪਦੇਸ਼ ਸੁਣਨ ਨਾਲ਼’ ‘‘ਧਰਤਿ ਧਵਲ ਆਕਾਸ ॥’’ ਨੂੰ ਬਣਾਉਣ ਵਾਲ਼ਾ ਅਕਾਲ ਪੁਰਖ ਸਾਬਤ (ਸਿੱਧ) ਹੋ ਜਾਂਦਾ ਹੈ ਜਾਂ ‘‘ਧਰਤਿ ਧਵਲ ਆਕਾਸ ॥’’ ਰੱਬੀ ਹੁਕਮ ਅਧੀਨ ਹਨ, ਬਾਰੇ ਜਾਣਕਾਰੀ ਮਿਲਦੀ ਹੈ ਜਾਂ ‘ਧਰਤੀ’ ਵਾਙ ਸਹਿਨਸ਼ੀਲਤਾ, ‘ਧਵਲ’ (ਸਫ਼ੈਦ ਬਲਦ) ਵਾਙ ਨਿਰਮਲਤਾ ਤੇ ‘ਆਕਾਸ’ ਵਾਙ ਖੁੱਲ੍ਹ ਦਿਲੀ ਆ ਜਾਂਦੀ ਹੈ ?

(2). ਸੁਣਿਐ; ਈਸਰੁ ਬਰਮਾ ਇੰਦੁ ॥ ਭਾਵ ‘ਗੁਰੂ ਸਿੱਖਿਆ ਸੁਣਨ ਨਾਲ਼’ ‘ਈਸਰੁ ਬਰਮਾ ਇੰਦੁ’ ਬਣ ਜਾਈਦਾ ਹੈ ਜਾਂ ਇਨ੍ਹਾਂ ਦੇ ਚਰਿੱਤਰ ਬਾਰੇ ਬੋਧ ਹੋ ਜਾਂਦਾ ਹੈ ?, ਆਦਿ।

(ਨੋਟ: ‘ਜਪੁ’ ਬਾਣੀ ’ਚ ਦਰਜ ‘ਸੁਣਿਐ’ ਤੇ ‘ਮੰਨੈ’ ਕਿਰਦੰਤ (ਕਰਣ ਕਾਰਕ) ਹਨ, ਜਿਨ੍ਹਾਂ ਦੇ ਅਰਥ ਹਨ: ‘ਸੁਣਨ ਨਾਲ਼, ਮੰਨਣ ਨਾਲ਼’; ਇਨ੍ਹਾਂ ਨੂੰ ‘ਕਿਰਿਆ’ ਮੰਨਣਾ ਗ਼ਲਤ ਹੋਏਗਾ।)

‘ਕਿਰਿਆ ਤੇ ਕਿਰਦੰਤ’ ਸ਼ਬਦਾਂ ਦਾ ਸਰੋਤ ਜਾਂ ਇਨ੍ਹਾਂ ਸ਼ਬਦਾਂ ਦਾ ਮੂਲ ‘ਧਾਤੂ’ (root) ਹੁੰਦਾ ਹੈ ਜਾਂ ਇਉਂ ਸਮਝ ਲਈਏ ਕਿ ‘ਕਿਰਿਆ ਤੇ ਕਿਰਦੰਤ’; ਕਿਸੇ ‘ਧਾਤੂ’ ਦਾ ਵਿਸਥਾਰ ਹੁੰਦੇ ਹਨ; ਜਿਵੇਂ ਕਿ ‘ਹੋ’ (ਧਾਤੂ) ਦਾ ਗੁਰਬਾਣੀ ’ਚ ਵਿਸਥਾਰ (ਭਾਵ ਕਿਰਿਆ) ਹੈ: ‘ਹੋ, ਹੋਊ, ਹੋਆ, ਹੋਇ, ਹੋਇਓ, ਹੋਇਆ, ਹੋਇਐ, ਹੋਇਸੀ, ਹੋਇਹੈ, ਹੋਇਗਾ, ਹੋਇਗੀ, ਹੋਇਗੋ, ਹੋਇਬਾ, ਹੋਇਬੋ, ਹੋਇਲਾ, ਹੋਈ, ਹੁੋਈ, ਹੋਈਅਹਿ, ਹੋਈਆ, ਹੋਈਐ, ਹੋਏ, ਹੋਸਾ (ਹੋਵਾਂਗਾ), ਹੋਸੀ (ਹੋਏਗਾ), ਹੋਹਾ, ਹੋਹਿ, ਹੋਹੀ, ਹੋਹੁ, ਹੋਹੇ, ਹੋਹੈ, ਹੋਗ (ਹੋਵੇਗਾ), ਹੋਗੁ, ਹੋਗੀ (ਹੋਏਗਾ; ਭਵਿੱਖ ਕਾਲ), ਹੋਤ, ਹੋਤੁ, ਹੋਤਿ, ਹੋਤਾ, ਹੋਤੀ, ਹੋੁਤੇ, ਹੋਤੇ, ਹੋਤੋ, ਹੋਤੌ, ਹੋਦਾ, ਹੋਦੀ, ਹੋਦੇ, ਹੋਦੈ, ਹਾਧੋ (ਹੋ ਜਾਂਦਾ), ਹੋਣਾ, ਹੋਣੀ (ਹੋ ਗਿਆ), ਹੋਨ (ਹੋਏਗਾ), ਹੋਨਿ (ਹੁੰਦੇ ਹਨ, ਬਹੁ ਵਚਨ, ਵਰਤਮਾਨ), ਹੋਨੁ, (ਹੋ ਸਕਦਾ; ਇੱਕ ਵਚਨ, ਵਰਤਮਾਨ), ਹੋਨਾ (ਹੋ ਗਿਆ; ਭੂਤ ਕਾਲ, ਪਰ ‘ਹੋਨਾ ਹੈ’ ਭਾਵ ਵਾਪਰਨਾ ਹੈ; ਭਵਿੱਖ ਕਾਲ), ਹੋਨੀ (ਹੋਏਗਾ; ਭਵਿੱਖ ਕਾਲ), ਹੋਵਾਂ, ਹੋਵੈ (ਵਰਤਮਾਨ, ਇੱਕ ਵਚਨ), ਹੋਵੀ (ਭੂਤਕਾਲ), ਹੋਮੈ (ਸਾੜੇ, ਭੇਟ ਕਰੇ), ਹੋਯੋ (ਹੈ ਸੀ, ਕਾਇਮ ਸੀ; ਭੂਤ ਕਾਲ), ਹੋਰੀ (ਰੋਕੀ ਹੋਈ), ਹੋਰੇ (ਰੋਕਦਾ), ਹੋਰੈ’, ਆਦਿ; ਪਰ ਅਜੋਕੀ ਪੰਜਾਬੀ ਭਾਸ਼ਾ ’ਚ ਇਸੇ ‘ਹੋ’ (ਧਾਤੂ) ਤੋਂ ਬਣੀ ਕਿਰਿਆ, ‘ਹੋਊ, ਹੋਊਗਾ, ਹੋਇਓ, ਹੋਇਆ, ਹੋਈ, ਹੋਈਆਂ, ਹੋਈਦਾ, ਹੋਏ, ਹੋਏਗਾ, ਹੋਣਾ, ਹੋਂਦਾ, ਹੋਵਾਂ, ਹੋਵਾਂਗਾ, ਹੋਵੋ, ਹੋੜਦਾ (ਰੋਕਦਾ), ਹੋੜਨਾ, ਹੋੜਾਂਗਾ (ਰੋਕਾਂਗਾ)’, ਆਦਿ ਹਨ, ਜਿਨ੍ਹਾਂ ਨੂੰ ਗੁਰਬਾਣੀ ਲਿਖਤ ਦੇ ਮੁਕਾਬਲੇ ਬਹੁਤ ਹੀ ਸੀਮਤ ਕਿਹਾ ਜਾ ਸਕਦਾ ਹੈ।

‘ਕਿਰਦੰਤ’ (ਕਾਰਦੰਤਕ) ਸ਼ਬਦ; ‘ਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ’ ਵਿੱਚੋਂ ਕਿਸੇ ਇੱਕ ਸ਼੍ਰੇਣੀ ਵਿੱਚ ਜ਼ਰੂਰੀ ਹੁੰਦੇ ਹਨ, ਇਸ ਲਈ ‘ਨਾਂਵ’ ਨਾਲ਼ ਸੰਧੀ ਕਰਨ ਵਾਲ਼ਾ ਕਿਰਦੰਤ, ‘ਵਿਸ਼ੇਸ਼ਣ’ ਵੀ ਹੁੰਦਾ ਹੈ ਅਤੇ ‘ਵਿਸ਼ੇਸ਼ਣ’ ਨਾਲ਼ ਸੰਧੀ ਕਰਨ ਵਾਲ਼ਾ ‘ਕਿਰਦੰਤ’, ਨਾਂਵ ਵੀ ਹੁੰਦਾ ਹੈ। ਇੱਥੇ ਇਹ ਸਵਾਲ ਪੈਦਾ ਹੋ ਸਕਦਾ ਹੈ ਕਿ ਅਗਰ ‘ਨਾਂਵ, ਵਿਸ਼ੇਸ਼ਣ’ ਨੂੰ ਹੀ ‘ਕਿਰਦੰਤ’ ਕਿਹਾ ਜਾਂਦਾ ਹੈ ਤਾਂ ਇਸ ਨੂੰ ‘ਕਿਰਦੰਤ’ ਨਾਂ ਕਿਉਂ ਦਿੱਤਾ ? ਇਸ ਸਵਾਲ ਦਾ ਇਹ ਜਵਾਬ ਹੈ ਕਿ ‘ਕਿਰਦੰਤ’ ਨਾਂ ਪੈਣ ਦਾ ਕਾਰਨ ਇਸ ਦਾ ਸਰੋਤ (ਧਾਤੂ) ਵੀ ਕਿਰਿਆ ਦੇ ‘ਧਾਤੂ’ ਨਾਲ਼ ਮੇਲ਼ ਖਾਂਦਾ ਹੈ, ਪਰ ਤਮਾਮ ‘ਨਾਂਵ ਤੇ ਵਿਸ਼ੇਸ਼ਣਾਂ’ ਦਾ ਸਰੋਤ ‘ਧਾਤੂ’ ਨਹੀਂ ਹੁੰਦਾ।

ਜਦ ‘ਕਿਰਦੰਤ’; ਨਾਂਵ ਜਾਂ ਵਿਸ਼ੇਸ਼ਣ ਰੂਪ ਵਿੱਚ ਹੋਵੇ ਤਾਂ ਗੁਰਬਾਣੀ ਲਿਖਤ ਮੁਤਾਬਕ ‘ਇੱਕ ਵਚਨ ਪੁਲਿੰਗ ਨਾਉਂ’ ਵਾਲ਼ੇ ਸਾਰੇ ਹੀ ਨਿਯਮ ਇਸ ਉੱਤੇ ਲਾਗੂ ਹੁੰਦੇ ਹਨ, ਇਸ ਲਈ ‘ਨਾਂਵ+ਕਿਰਦੰਤ’ (ਵਿਸ਼ੇਸ਼ਣ) ਅਤੇ ‘ਵਿਸ਼ੇਸ਼ਣ+ਕਿਰਦੰਤ’ (ਨਾਂਵ) ਦੀ ਸੰਧੀ ਕੀਤੀ ਹੋਈ ਮਿਲਦੀ ਹੈ; ਜਿਵੇਂ ਕਿ

(1). ਤੀਰਥੁ ਤਪੁ ਦਇਆ ‘ਦਤੁ+ਦਾਨੁ’ ॥ (ਜਪੁ) (ਇਸ ਤੁਕ ’ਚ ‘ਦਾਨੁ’ (ਨਾਂਵ) ਨਾਲ਼ ‘ਦਤੁ’ ਭਾਵ ‘ਦਿੱਤਾ ਹੋਇਆ’ ਕਿਰਦੰਤ (ਵਿਸ਼ੇਸ਼ਣ) ਦੀ ਸੰਧੀ ਹੋਈ ਹੈ।

(ਨੋਟ: ਉਕਤ ਤੁਕ ’ਚ ‘ਦਤੁ’ (ਕਿਰਦੰਤ) ਤੇ ‘ਦਾਨੁ’ (ਨਾਂਵ) ਦੀ ਸੰਧੀ ਦਾ ਕਾਰਨ; ਦੋਵਾਂ ਦੇ ਅੰਤ ਔਂਕੜ (ਭਾਵ ਸਮਾਨੰਤਰ ਨਿਯਮ) ਦਾ ਹੋਣਾ ਹੈ।)

(2). ਆਈ ਪੰਥੀ ਸਗਲ ਜਮਾਤੀ; ‘ਮਨਿ+ਜੀਤੈ’ ‘ਜਗੁ+ਜੀਤੁ’ ॥ (ਜਪੁ)

(ਨੋਟ: ਉਕਤ ਤੁਕ ’ਚ ‘ਜੀਤੁ’ (ਕਿਰਦੰਤ) ਤੇ ‘ਜਗੁ’ (ਨਾਂਵ); ਦੋਵਾਂ ਦੇ ਅੰਤ ਔਂਕੜ ਹੋਣ ਕਾਰਨ ਨਿਯਮ ਸਾਂਝੇ ਹਨ ਅਤੇ ‘ਜੀਤੈ’ (ਕਿਰਦੰਤ, ਅੰਤ ਦੁਲਾਵਾਂ) ਤੇ ‘ਮਨਿ’ (ਨਾਂਵ, ਅੰਤ ਸਿਹਾਰੀ) ਵੀ ਸਾਂਝੇ ਨਿਯਮ ਮੰਨੇ ਜਾਂਦੇ ਹਨ। ਗੁਰਬਾਣੀ ’ਚ ‘ਅੰਤ ਸਿਹਾਰੀ’ ਤੇ ‘ਅੰਤ ਦੁਲਾਵਾਂ’ ਵਾਲ਼ੇ ਨਿਯਮ ਸਾਂਝੇ ਹਨ, ਇਸੇ ਕਾਰਨ ਇਹ ਸੰਧੀ ਹੋਈ ਹੈ।)

(3). ਹੋਵੈ ਸੁਖੁ ਘਣਾ; ‘ਦਯਿ+ਧਿਆਇਐ’ ॥ (ਮ: ੫/੫੨੦)

(ਨੋਟ: ਉਕਤ ਤੁਕ ’ਚ ‘ਧਿਆਇਐ’ (ਕਿਰਦੰਤ, ਅੰਤ ਦੁਲਾਵਾਂ, ਅਰਥ ਹਨ: ‘ਧਿਆਉਣ ਨਾਲ਼’, ਕਰਣ ਕਾਰਕ) ਤੇ ‘ਦਯਿ’ (ਨਾਂਵ, ਅੰਤ ਸਿਹਾਰੀ, ਅਰਥ ਹਨ: ‘ਦਈ ਦੀ ਯਾਦ ਰਾਹੀਂ ’, ਕਰਣ ਕਾਰਕ) ਦੋਵਾਂ ਦੀ ਸੰਧੀ ਉਪਰੰਤ ਅਰਥ ਬਣ ਗਏ: ‘ਦਈ ਨੂੰ ਯਾਦ ਕਰਨ ਨਾਲ਼ ਜਾਂ ਜੇ ਦਈ ਨੂੰ ਯਾਦ ਕਰ ਲਈਏ’)

ਜਿਸ ਤਰ੍ਹਾਂ ‘ਕਿਰਦੰਤ’ ਤੇ ‘ਨਾਂਵ’ ਦੇ ਲਿਖਤੀ ਨਿਯਮ ਇੱਕ ਸਮਾਨ ਹੋਣ ਕਾਰਨ ਸੰਧੀ ਹੋ ਗਈ, ਉਸੇ ਤਰ੍ਹਾਂ ‘ਪੜਨਾਂਵ’ ਤੇ ‘ਕਿਰਿਆ’ ਦੀ ਵੀ ਸੰਧੀ ਕੀਤੀ ਹੋਈ ਮਿਲਦੀ ਹੈ; ਜਿਵੇਂ ਕਿ

ਮਨ ਬਾਂਛਤ ਫਲ ‘ਦਿਤਿਅਨੁ’ (ਉਸ ਨੇ ਦਿੱਤੇ); ਨਾਨਕ ਬਲਿਹਾਰੀ ॥ (ਮ: ੫/੮੨੦)

ਅਵਖਧ ਸਭੇ ‘ਕੀਤਿਅਨੁ’ (ਉਸ ਨੇ ਕੀਤੇ); ਨਿੰਦਕ ਕਾ ਦਾਰੂ ਨਾਹਿ ॥ (ਮ: ੪/੩੧੫)

ਆਪਿ ਵਡਾਈ ‘ਦਿਤੀਅਨੁ’ (ਉਸ ਨੇ ਦਿੱਤੀ); ਗੁਰਮੁਖਿ ਦੇਇ ਬੁਝਾਇ ॥ (ਮ: ੩/੩੬)

ਮੋਹ ਠਗਉਲੀ ‘ਪਾਈਅਨੁ’ (ਉਸ ਨੇ ਪਾਈ); ਵਿਸਰਿਆ ਗੁਣਤਾਸੁ ॥ (ਮ: ੩/੬੪੩)

ਭੀੜਹੁ ਮੋਕਲਾਈ ‘ਕੀਤੀਅਨੁ’ (ਉਸ ਨੇ ਕੀਤੀ); ਸਭ ਰਖੇ ਕੁਟੰਬੈ ਨਾਲਿ ॥ (ਮ: ੫/੯੫੭), ਆਦਿ।

(ਨੋਟ: ਉਕਤ ਪੰਜੇ ਤੁਕਾਂ ’ਚ ‘ਅਨੁ’ ਪਿਛੇਤਰ ਤੋਂ ਪਹਿਲਾਂ ਅੰਤ ਸਿਹਾਰੀ (ਦਿਤਿ+ਅਨੁ, ਕੀਤਿ+ਅਨੁ) ਵਾਲ਼ੇ ‘ਕਿਰਿਆ’ ਸ਼ਬਦ ਵਾਕ ’ਚ ਪੁਲਿੰਗ ਦੇ ਸੂਚਕ ਹਨ; ਜੈਸਾ ਕਿ ‘ਦਿਤਿ’ ਭਾਵ ‘ਫਲ਼’ (ਪੁਲਿੰਗ) ਦਿੱਤੇ ਅਤੇ ‘ਕੀਤਿ’ ਭਾਵ ‘ਅਵਖਧ’ (ਪੁਲਿੰਗ, ਦਵਾ-ਦਾਰੂ) ਦਿੱਤੇ ਪਰ ‘ਅਨੁ’ ਪਿਛੇਤਰ ਤੋਂ ਪਹਿਲਾਂ ਅੰਤ ਬਿਹਾਰੀ (ਦਿਤੀ+ਅਨੁ, ਪਾਈ+ਅਨੁ, ਕੀਤੀ+ਅਨੁ) ਵਾਲ਼ੇ ਕਿਰਿਆਵਾਚੀ ਸ਼ਬਦ ਇਸਤਰੀ ਲਿੰਗ ਦੇ ਪ੍ਰਤੀਕ ਹਨ; ਜਿਵੇਂ ਕਿ ‘ਦਿਤੀ’ ਭਾਵ ‘ਵਡਾਈ’ (ਇਸਤਰੀ ਲਿੰਗ) ਉਸ ਨੇ ਦਿੱਤੀ, ‘ਪਾਈ’ ਭਾਵ ‘ਮੋਹ ਦੀ ਠਗਬੂਟੀ’ (ਇਸਤਰੀ ਲਿੰਗ) ਉਸ ਨੇ ਪਾਈ, ‘ਕੀਤੀ’ ਭਾਵ ਤੰਗ ਰਸਤੇ ਤੋਂ ਖੁੱਲ੍ਹੀ ਜਗ੍ਹਾ (ਮੁਕਲਾਈ, ਇਸਤਰੀ ਲਿੰਗ) ਉਸ ਨੇ ਕੀਤੀ।)

‘ਕਿਰਿਆ’ ਤੇ ‘ਕਿਰਦੰਤ’ ਸ਼ਬਦਾਂ ਦੇ ਸਰੋਤ (ਧਾਤੂ) ਦੀ ਪਰਖ-ਪੜਚੋਲ ਲਈ ਇਸ ਦੇ ਅੱਗੇ ‘ਤੂੰ’ ਲਗਾ ਕੇ ਹੁਕਮੀ ਭਵਿੱਖ ਕਾਲ ਵਾਕ ਬਣਾਉਣਾ ਜ਼ਰੂਰੀ ਹੈ; ਜਿਵੇਂ ‘ਤੂੰ ਪੜ੍ਹ, ਤੂੰ ਨ੍ਹਾ (ਨਹਾ), ਤੂੰ ਖਾ, ਤੂੰ ਸੌਂ, ਤੂੰ ਪੀ’, ਆਦਿ ’ਚ ‘ਪੜ੍ਹ, ਨਹਾ, ਖਾ, ਸੌਂ, ਪੀ’‘ਧਾਤੂ’ ਹਨ।

ਅਜੋਕੀ ਪੰਜਾਬੀ ’ਚ ‘ਧਾਤੂ’ ਸ਼ਬਦ ਹਨ: ‘ਉੱਸਰ (ਬਣਾਉਣਾ), ਉਕਸਾ, ਉੱਗ, ਉਜੜ, ਉਛਲ, ਉੱਡ, ਉੱਠ, ਉਤਰ (ਉਤਰਨਾ), ਉਧੇੜ, ਉਬਲ਼, ਉਬਾਲ਼, ਉਭਰ, ਉਲਝ, ਉਲ਼ਟ (ਪਲਟਣਾ), ਅੜ (ਜ਼ਿੱਦ ਕਰਨੀ), ਆ, ਇੱਚ (ਇੱਚਣਾ, ਖੇਡਣ ਲਈ ਆਪਣੀ ਵਾਰੀ ਨਿਸ਼ਚਿਤ ਕਰਨੀ), ਇੱਛ (ਇੱਛਣਾ, ਚਾਹਤ ਰੱਖਣੀ), ਸਹਿ (ਸਹਾਰਨਾ), ਸਮਝ (ਸਮਝਣਾ), ਸਤਾ (ਸਤਾਉਣਾ, ਤੰਗ ਕਰਨਾ), ਸਿਊਂ (ਸਿਲਾਈ ਕਰਨਾ), ਸਿਲ (ਕੱਪੜੇ ਸਿਲਣਾ), ਸੁੱਕ (ਸੁੱਕਣਾ), ਸੁੱਟ, ਸੌਂ, ਹੱਸ, ਹਿੱਲ, ਹੂਕ (ਪੁਕਾਰ), ਹੋ, ਕਸ, ਕੱਤ, ਕਮਾ, ਕੁੱਦ, ਕੰਬ (ਕੰਬਣਾ), ਕਰ, ਖੱਟ, ਖ਼ਰਚ, ਖਾ, ਖਿੜ, ਖਿਲ, ਖਿੱਚ, ਖਿੱਝ, ਖੁਆ, ਖੁੰਝ, ਖੇਡ, ਗੰਢ, ਗਾ, ਗਾਹ (ਗਾਹੁਣਾ), ਗੁਆ (ਗੁੰਮ ਕਰਨਾ), ਗੁੰਦ, ਘੁੰਮ, ਘੁਲ਼ (ਮਿਲ਼), ਘੋਲ਼ (ਘੋਲ਼ਨਾ), ਚੜ੍ਹ, ਚੱਲ, ਚੁੱਕ, ਚੀਕ, ਚੁੱਭ, ਚੁਰਾ, ਛਕ, ਛਾ (ਪ੍ਰਭਾਵ ਪਾਉਣਾ, ਛਾ ਜਾਣਾ), ਛਿੱਲ (ਸ਼ਬਜੀ ਛਿੱਲਣਾ), ਛੂਹ, ਜਪ (ਪਾਠ ਕਰ), ਜੰਮ (ਪੈਦਾ ਹੋਣਾ), ਜਲ਼ (ਸੜ), ਜਾ, ਜਾਗ, ਜੁਟ, ਜੋਖ, ਜੁੜ, ਝੰਮ (ਝਾੜਨਾ, ਕੁੱਟਣਾ), ਝੁਕ, ਝੁਰ, ਝੂਮ, ਝੂਲ, ਟਿਕ, ਟਾਲ਼ (ਕਿਸੇ ਦੀ ਗੱਲ ਟਾਲਣਾ), ਟਲ਼ (ਆਪ ਟਲਣਾ), ਟੁੱਕ (ਵੱਢਣਾ), ਟੋਕ, ਟੋਲ (ਲੱਭਣਾ), ਠੱਗ, ਠਿਲ (ਰਿੜਨਾ), ਠੂਸ (ਤੁੰਨ ਲੈਣਾ), ਡਰ, ਡਿਠ, ਡੁੱਬ, ਡੁੱਲ, ਡੇਗ, ਢਕ, ਢਹਿ, ਢੰਢੋਲ, ਢਾਲ਼, ਢੂੰਡ, ਤੱਕ (ਵੇਖਣਾ), ਤਰ, ਤਾਂਘ, ਤੁਰ, ਤੋਲ, ਥੱਕ, ਥਮ੍ਹਾ (ਫੜਾ), ਥੁੱਕ, ਥਿੜਕ, ਦੱਸ, ਦੱਬ, ਦੇਹ, ਦੇਖ, ਧਰ (ਟਿਕਾ), ਧਾਰ (ਮਨ ’ਚ ਵਸਾ), ਧਿਆ, ਧੋ (ਧੋਣਾ), ਧੁੱਖ (ਸੜ), ਧੂਹ (ਖਿੱਚ), ਨੱਚ, ਨੱਪ (ਦਬਾਅ), ਨਹਾ, ਨੱਠ, ਨੂੜ, ਪੱਕ, ਪਚ (ਹਜ਼ਮ ਹੋਣਾ), ਪਲ਼ (ਪਲ਼ਨਾ), ਪਲਟ, ਪੜ੍ਹ, ਪਾ (ਕੱਪੜੇ ਪਾਉਣੇ), ਪਿਆ, ਪੀ, ਪੁੱਛ, ਪੀਹ (ਪੀਹਣਾ), ਪੈ, ਫਸ, ਫੜ, ਫੁੱਲ (ਖਿੜਨਾ, ਚੌੜਾ ਹੋ), ਫੂਕ (ਜਲ਼ਾ ਦੇਣਾ), ਫੋਲ (ਫਰੋਲਣਾ), ਬਕ, ਬਚ, ਬੋਲ, ਬੋਚ, ਬੁੱਝ, ਬੈਠ, ਬਹਿ, ਬੰਨ੍ਹ, ਬੋਹ (ਬੀਜਣਾ), ਬੀਜ, ਬੁਣ, ਭਖ, ਭਟਕ, ਭੰਨ, ਭੁੱਲ, ਭੋਰ (ਬਰੀਕ ਕਰਨਾ), ਭਿਓਂ, ਭੁੰਨ, ਭੌਂਕ, ਮਸਲ (ਰਗੜ), ਮੱਚ, ਮਰ, ਮਲ਼ (ਮਲ਼ਨਾ), ਮਿਲ, ਮੁਕਰ, ਮੁੱਕ, ਮੇਲ, ਮੋੜ, ਯਰਕ (ਯਰਕਣਾ, ਡਰਨਾ), ਰੱਖ, ਰਗੜ, ਰਚ, ਰੱਜ, ਰੋ, ਰੁਸ, ਰਲ਼, ਰੁੜ, ਰੇੜ, ਰਿਸ (ਟਪਕਣਾ), ਰਿੜਕ, ਲੱਭ, ਲੜ, ਲਿਖ, ਲੈ, ਲੋਚ (ਇੱਛਾ ਕਰਨੀ), ਲੂਹ (ਲੂਹਣਾ), ਲਿਫ (ਝੁਕਣਾ), ਵਸ (ਟਿਕਾਣਾ ਮਲ਼ਨਾ), ਵਹਿ, ਵਗ, ਵੱਜ, ਵਾਹ (ਹਲ਼ ਵਾਹੁਣਾ), ਵੱਟ (ਰੱਸੀ ਨੂੰ ਵੱਟ ਚਾੜ੍ਹਨਾ), ਵੜ, ਵਿਛ, ਵੇਖ, ਵੇਚ’, ਆਦਿ। ਧਿਆਨ ਰਹੇ ਕਿ ‘ਙ, ਞ, ਣ, ੜ’ ਅੱਖਰਾਂ ਨਾਲ਼ ਕੋਈ ‘ਧਾਤੂ’ ਨਹੀਂ ਬਣਿਆ ਹੈ।

(ਨੋਟ: (1). ਜੈਸੇ ਅਜੋਕੀ ਪੰਜਾਬੀ ਦੇ ਮੁਕਾਬਲੇ ਗੁਰਬਾਣੀ ’ਚ ‘ਧਾਤੂ’ ਤੋਂ ਬਹੁਤ ਹੀ ਜ਼ਿਆਦਾ ਕਿਰਿਆਵਾਚੀ ਸ਼ਬਦ ਬਣੇ ਹਨ, ਉਸੇ ਤਰ੍ਹਾਂ ਗੁਰਬਾਣੀ ਦੇ ਮੁਕਾਬਲੇ ਪੰਜਾਬੀ ’ਚ ‘ਧਾਤੂ’ ਵੀ ਬਹੁਤ ਘੱਟ ਹਨ ਕਿਉਂਕਿ ਗੁਰਬਾਣੀ, ਕਈ ਭਾਸ਼ਾਵਾਂ ਦਾ ਸੰਗ੍ਰਹਿ ਹੈ, ਜਿਸ ਕਾਰਨ ‘ਧਾਤੂ’ ਸ਼ਬਦ ਵੀ ਵਧ ਗਏ; ਜਿਵੇਂ ‘ਉਚਰ’ (ਉਚਾਰਨਾ), ‘ਸਿਝ’ ਜਾਂ ‘ਸੀਝ’ (ਸਿਝਸੀ/ਸੀਝਸਿ ਭਾਵ ਕਾਮਯਾਬ ਹੋਣਾ), ‘ਗੁੜ’ (ਗੁੜਣਾ ਭਾਵ ਸਮਝਣਾ), ‘ਗੁਨ’ (ਗੁਨਣਾ ਭਾਵ ਵਿਚਾਰਨਾ), ਆਦਿ ‘ਧਾਤੂ’ ਅਜੋਕੀ ਪੰਜਾਬੀ ਵਿੱਚ ਨਹੀਂ ਹਨ।

(2). ‘ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ’ ਹਰ ਭਾਸ਼ਾ ’ਚ ਸੀਮਤ ਹੁੰਦੇ ਹਨ, ਜਿਨ੍ਹਾਂ ਦੇ ਮੁਕਾਬਲੇ ਕੇਵਲ ‘ਨਾਂਵ’ ਹੀ ‘ਅਸੰਖ’ ਕਹੇ ਜਾ ਸਕਦੇ ਹਨ: ‘ਅਸੰਖ ਨਾਵ’; ਅਸੰਖ ਥਾਵ ॥ ਜਪੁ॥)

ਇੱਕ-ਇੱਕ ‘ਧਾਤੂ’ ਤੋਂ ਕਈ ਕਿਰਿਆਵਾਚੀ ਸ਼ਬਦ ਬਣ ਜਾਂਦੇ ਹਨ, ਪਰ ਸਭ ਤੋਂ ਸੰਖੇਤ ‘ਧਾਤੂ’ ਰੂਪ ਹੈ: ‘ਕੇਵਲ ਅੰਤ ਔਂਕੜ ਜਾਂ ਅੰਤ ਸਿਹਾਰੀ’; ਜਿਵੇਂ ‘ਸੁਣ, ਮਿਲ’ ਤੋਂ ‘ਸੁਣਿ, ਮਿਲੁ’ ਬਣਨਾ। ਗੁਰਬਾਣੀ ਵਿਆਕਰਨ ਅਨੁਸਾਰ ਇਸ ਸੰਖੇਪ ਰੂਪ ਨੂੰ ‘ਹੁਕਮੀ ਭਵਿੱਖ ਕਾਲ ਕਿਰਿਆ’ ਕਿਹਾ ਜਾਂਦਾ ਹੈ, ਜੋ ਦੂਜਾ ਪੁਰਖ, ਇੱਕ ਵਚਨ ਲਈ ਹੁਕਮ ਹੁੰਦਾ ਹੈ ਕਿ ਤੂੰ ਬਾਕੀ ਰਹਿੰਦਾ ਆਪਣਾ ਕਾਰਜ ਮੁਕੰਮਲ ਕਰ; ਜਿਵੇਂ ਕਿ

‘ਸੁਣਿ’ ਮਨ ਮਿਤ੍ਰ ਪਿਆਰਿਆ ! ‘ਮਿਲੁ’ ਵੇਲਾ ਹੈ ਏਹ ॥ (ਮ: ੧/੨੦) ਭਾਵ ਹੇ ਪਿਆਰੇ ਸਨੇਹੀ ਮਨ ! ਤੂੰ ਸੁਣ, ਤੂੰ (ਅਕਾਲ ਪੁਰਖ ਨੂੰ) ਮਿਲ, ਇਹ (ਮਨੁੱਖਾ ਜਨਮ ਹੀ) ਢੁੱਕਵਾਂ ਸਮਾਂ ਹੈ।

ਕਰਤਾ ਕਰਮ: ਕਿਸੇ ਵਾਕ ’ਚ ਕੰਮ ਕਰਨ ਵਾਲ਼ੇ ਨੂੰ ‘ਕਰਤਾ’ ਕਿਹਾ ਜਾਂਦਾ ਹੈ ਅਤੇ ਜਿਸ ਉੱਤੇ ਉਹ ਕੰਮ ਕੀਤਾ ਜਾਏ ਉਸ ਨੂੰ ‘ਕਰਮ’ ਕਿਹਾ ਜਾਂਦਾ ਹੈ; ਜਿਵੇਂ ‘ਗੁਰਮੁਖ ਨੇ ਪਾਠ ਕੀਤਾ’, ਵਾਕ ’ਚ ‘ਗੁਰਮੁਖ’ ਕਰਤਾ ਅਤੇ ‘ਪਾਠ’ ਕਰਮ ਹੈ।

ਵਾਕ ਬਣਤਰ ਲਈ ਤੱਤਾਂ ਦੇ ਆਧਾਰ ’ਤੇ ਕਿਰਿਆ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ (ੳ) ਅਕਰਮਕ ਕਿਰਿਆ (ਅ) ਸਕਰਮਕ ਕਿਰਿਆ।

(ੳ). ਅਕਰਮਕ ਕਿਰਿਆ: ਕਿਸੇ ਕੰਮ ਨੂੰ ਕਾਲ ਸਹਿਤ ਬਿਆਨ ਕਰਨ ਵਾਲ਼ਾ ਸ਼ਬਦ ‘ਕਿਰਿਆ’ ਅਖਵਾਉਂਦਾ ਹੈ, ਪਰ ਜਿਸ ਵਾਕ ’ਚ ‘ਕਰਮ’ ਨਾ ਹੋਵੇ ਅਤੇ ਕਿਰਿਆ ਦਾ ਕੇਵਲ ਕਰਤਾ ਹੋਵੇ ਉਸ ਨੂੰ ‘ਅਕਰਮਕ’ ਕਿਰਿਆ ਕਿਹਾ ਜਾਂਦਾ ਹੈ; ਜਿਵੇਂ

ਗੁਰਮੁਖ ਪੜ੍ਹਦਾ ਹੈ। (ਇਸ ਵਾਕ ’ਚ ‘ਕਿਤਾਬ’ ਦਾ ਜ਼ਿਕਰ ਨਹੀਂ, ਜੋ ‘ਕਰਮ’ ਸੀ।)

ਕਰਤਾਰ ਖੇਡਦਾ ਹੈ। (ਇਸ ਵਾਕ ’ਚ ‘ਖੇਡ’ ਬਾਰੇ ਜ਼ਿਕਰ ਨਹੀਂ, ਜੋ ਕਰਮ ਸੀ।)

‘ਆ, ਹੱਸ, ਸੌਂ, ਘੁੰਮ, ਚੱਲ, ਚੜ੍ਹ, ਜਾ, ਤੁਰ, ਦੌੜ, ਨਹਾ, ਭੱਜ, ਰੋ’, ਆਦਿ ‘ਧਾਤੂ’ ਦਾ ਕੇਵਲ ‘ਕਰਤਾ’ ਹੈ, ‘ਕਰਮ’ ਨਹੀਂ, ਇਸ ਲਈ ਇਹ ਸਭ ‘ਅਕਰਮਕ ਕਿਰਿਆ’ ਹਨ।

(ਅ). ਸਕਰਮਕ ਕਿਰਿਆ: ‘ਸਕਰਮਕ’ ਦਾ ਅਰਥ ਹੈ: ‘ਕਰਮ ਸਹਿਤ’। ਵਾਕ ’ਚ ਜਿਸ ‘ਕਿਰਿਆ’ ਦਾ ਕਰਤਾ ਤੇ ਕਰਮ (ਦੋਵੇਂ) ਮੌਜੂਦ ਹੋਣ, ਉਸ ਨੂੰ ‘ਸਕਰਮਕ ਕਿਰਿਆ’ ਕਿਹਾ ਜਾਂਦਾ ਹੈ; ਜਿਵੇਂ

ਗੁਰਮੁਖ ‘ਕਿਤਾਬ’ ਪੜ੍ਹਦਾ ਹੈ।

ਕਰਤਾਰ ‘ਹਾਕੀ’ ਖੇਡਦਾ ਹੈ।, ਇਨ੍ਹਾਂ ਵਾਕਾਂ ’ਚ ‘ਗੁਰਮੁਖ ਤੇ ਕਰਤਾਰ’ ਕਰਤਾ ਹਨ ਅਤੇ ‘ਕਿਤਾਬ ਤੇ ਹਾਕੀ’ ਕਰਮ।

‘ਖਾ, ਗਾ, ਪੀ, ਲਿਖ, ਮਾਰ’, ਆਦਿ ‘ਧਾਤੂ’; ‘ਸਕਰਮਕ ਕਿਰਿਆ’ ਬਣ ਸਕਦੇ ਹਨ ਕਿਉਂਕਿ ਇਨ੍ਹਾਂ ’ਚ ਕਿਰਿਆ ਦੇ ਕਰਤੇ ਸਮੇਤ ‘ਕਰਮ’ ਵੀ ਪ੍ਰਗਟ ਹੋ ਸਕਦਾ ਹੈ।

‘ਕਿਰਿਆ’(Verb) ਬਨਾਮ ‘ਕਿਰਦੰਤ’ (Participles)

ਕੁੱਤਾ ‘ਭੌਂਕਦਾ’ ਹੈ। (ਇਸ ਵਾਕ ’ਚ ‘ਭੌਂਕਦਾ’ ਕਿਰਿਆ ਹੈ, ਜੋ ਵਰਤਮਾਨ ਸਮੇਂ ਨੂੰ ਨਿਸ਼ਚਿਤ ਕਰਦੀ ਹੈ।)

ਕੁੱਤਾ ‘ਭੌਂਕਦਾ ਭੌਂਕਦਾ’ ਚਲਾ ਗਿਆ। (ਇਸ ਵਾਕ ’ਚ ‘ਭੌਂਕਦਾ ਭੌਂਕਦਾ’ ਕਿਰਦੰਤ (ਕਿਰਿਆ ਵਿਸ਼ੇਸ਼ਣ) ਹੈ, ਜੋ ‘ਭੌਂਕਣ’ ਦੇ ਸਮੇਂ ਨੂੰ ਨਿਰਧਾਰਿਤ ਨਹੀਂ ਕਰਦਾ।)

‘ਧਾਤੂ’ ਤੋਂ ‘ਕਿਰਦੰਤ’ (ਕਾਰਦੰਤਕ) ਅਤੇ ‘ਕਿਰਿਆ’ ਬਣਦੇ ਹਨ। ‘ਕਿਰਿਆ’; ਵਸਤੂ ਜਾਂ ਜੀਵ ਦੇ ਕੰਮ ਨੂੰ ਕਾਲ ਸਹਿਤ ਬਿਆਨ ਕਰਦੀ ਹੈ ਜਦ ਕਿ ‘ਕਿਰਦੰਤ’ ਕੰਮ ਦਾ ਸਮਾਂ ਨਹੀਂ ਦੱਸਦੇ।

‘ਕਿਰਦੰਤ’ ਦੇ ਰੂਪ; ‘ਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ’ ਵਿੱਚੋਂ ਹੋਣੇ ਲਾਜ਼ਮੀ ਹਨ ਤੇ ਇਹ ਚਾਰ ਪ੍ਰਕਾਰ ਦੇ ਹੁੰਦੇ ਹਨ:

(1). ਭਾਵਾਰਥ ਕਿਰਦੰਤ (Infinitive Participle): ‘ਧਾਤੂ’ ਦੇ ਅੰਤ ’ਚ ‘ਣਾ’ ਜਾਂ ‘ਨਾ’ ਵਧਾ ਕੇ ਜੋ ਸ਼ਬਦ ਬਣਦਾ ਹੈ, ਉਸ ਨੂੰ ‘ਭਾਵਾਰਥ ਕਿਰਦੰਤ’ ਕਿਹਾ ਜਾਂਦਾ ਹੈ; ਜਿਵੇਂ ‘ਜਾ’ ਤੋਂ ਜਾਣਾ, ‘ਖਾ’ ਤੋਂ ‘ਖਾਣਾ’, ‘ਡਰ’ ਤੋਂ ‘ਡਰਨਾ’, ‘ਪੜ੍ਹ’ ਤੋਂ ‘ਪੜ੍ਹਨਾ’।

ਇਹ ਨਿਯਮ ਗੁਰਬਾਣੀ ’ਚ ਇਉਂ ਦਰਜ ਹੈ:

‘ਪੜਣਾ ਗੁੜਣਾ’, ਸੰਸਾਰ ਕੀ ਕਾਰ ਹੈ; ਅੰਦਰਿ ਤ੍ਰਿਸਨਾ ਵਿਕਾਰੁ ॥ (ਮ: ੩/੬੫੦)

‘ਕਿਰਦੰਤ’ ਦਾ ਅੰਤ ਕੰਨਾ ਹਟਾ ਕੇ ‘ਵਾਲ਼ਾ’ ਲਗਾਉਣ ਉਪਰੰਤ ‘ਨਾਂਵ’ ਬਣ ਜਾਂਦਾ ਹੈ; ਜਿਵੇਂ ‘ਜਾਣਾ’ ਤੋਂ ‘ਜਾਣ ਵਾਲ਼ਾ’, ‘ਖਾਣਾ’ ਤੋਂ ‘ਖਾਣ ਵਾਲ਼ਾ’, ‘ਡਰਨਾ’ ਤੋਂ ‘ਡਰਨ ਵਾਲ਼ਾ’, ਆਦਿ, ਪਰ ਇਸ ‘ਨਾਂਵ’ ਸਰੂਪ ‘ਵਿਸ਼ੇਸ਼ਣ’ ਵੀ ਹੋ ਸਕਦਾ ਹੈ; ਜਿਵੇਂ ਕਿ

‘ਜਾਣ ਵਾਲ਼ਾ’ ਕਦੇ ਵਾਪਸ ਨਹੀਂ ਆਇਆ। (ਇਸ ਵਾਕ ’ਚ ‘ਜਾਣ ਵਾਲ਼ਾ’ ਨਾਂਵ ਹੈ।) ਪਰ

‘ਜਾਣ ਵਾਲ਼ਾ’ ਬੰਦਾ ਕਦੇ ਵਾਪਸ ਨਹੀਂ ਆਇਆ। (ਇਸ ਵਾਕ ’ਚ ‘ਜਾਣ ਵਾਲ਼ਾ’ ਵਿਸ਼ੇਸ਼ਣ ਹੈ।)

ਇਹ ਨਿਯਮ ਗੁਰਬਾਣੀ ’ਚ ਇਉਂ ਦਰਜ ਹੈ:

‘ਆਖਣ ਵਾਲਾ’; ਕਿਆ ਵੇਚਾਰਾ ?॥ (ਸੋ ਦਰੁ/ਮ: ੧)

‘ਰੰਙਣ ਵਾਲਾ’ ਜੇ ਰੰਙੈ, ਸਾਹਿਬੁ; ਐਸਾ ਰੰਗੁ ਨ ਡੀਠ ॥ (ਮ: ੧/੭੨੨), ਆਦਿ।

(2). ਭੂਤ ਕਿਰਦੰਤ (Past Participle): ‘ਧਾਤੂ’ ਦੇ ਅੰਤ ’ਚ ‘ ਿ ਆ’ ਜਾਂ ‘ਇਆ’ ਵਧਾ ਕੇ ਜੋ ਸ਼ਬਦ ਬਣਦਾ ਹੈ, ਉਸ ਨੂੰ ‘ਭੂਤ ਕਿਰਦੰਤ’ ਕਿਹਾ ਜਾਂਦਾ ਹੈ; ਜਿਵੇਂ ‘ਪੜ੍ਹ’ ਤੋਂ ‘ਪੜ੍ਹਿਆ’, ‘ਲਿਖ’ ਤੋਂ ‘ਲਿਖਿਆ’, ‘ਖਾ’ ਤੋਂ ‘ਖਾਇਆ’, ‘ਕਮਾ’ ਤੋਂ ‘ਕਮਾਇਆ’

ਇਸ ਕਿਰਦੰਤ ਦੀ ਵਰਤੋਂ ਵੀ ‘ਨਾਂਵ’ ਤੇ ‘ਵਿਸ਼ੇਸ਼ਣ’ (ਦੋਹਾਂ) ਰੂਪਾਂ ’ਚ ਕੀਤੀ ਜਾਂਦੀ ਹੈ; ਜਿਵੇਂ

‘ਪੜ੍ਹਿਆ-ਲਿਖਿਆ’ ਵੀ ਮੂਰਖ ਹੈ। (ਇਸ ਵਾਕ ’ਚ ‘ਪੜ੍ਹਿਆ-ਲਿਖਿਆ’ ਸ਼ਬਦ ‘ਨਾਂਵ’ ਹੈ।) ਪਰ

‘ਪੜ੍ਹਿਆ-ਲਿਖਿਆ’ ਬੰਦਾ ਵੀ ਮੂਰਖ ਹੈ। (ਇਸ ਵਾਕ ’ਚ ‘ਪੜ੍ਹਿਆ-ਲਿਖਿਆ’ ਸ਼ਬਦ ‘ਵਿਸ਼ੇਸ਼ਣ’ ਹੈ।)

ਇਹ ਨਿਯਮ ਗੁਰਬਾਣੀ ਵਿੱਚ ਇਉਂ ਦਰਜ ਹੈ:

ਹਰਣਾਂ ਬਾਜਾਂ ਤੈ (ਅਤੇ) ਸਿਕਦਾਰਾਂ; ਏਨ੍ਾ ‘ਪੜਿ੍ਆ’ ਨਾਉ ॥ (ਮ: ੧/੧੨੮੮) (ਪੜ੍ਹਿਆ-ਵਿਸ਼ੇਸ਼ਣ; ਇੱਥੇ ‘ਪੜ੍ਹਿਆ’ ਦਾ ਅਰਥ ਹੈ: ‘ਗਿਆਨੀ, ਸਮਝਦਾਰ’ ਭਾਵ ‘ਹਰਣਾਂ ਬਾਜਾਂ ਤੈ ਸਿਕਦਾਰਾਂ’ ਦਾ ਨਾਉ ‘ਵਿਦਵਾਨ ਮੰਡਲੀ’ ਵਿੱਚ ਆਉਂਦਾ ਹੈ।)

‘ਪੜਿਆ’ ਅਣਪੜਿਆ; ਪਰਮ ਗਤਿ ਪਾਵੈ ॥ (ਮ: ੫/੧੯੭) (ਪੜ੍ਹਿਆ-ਨਾਂਵ)

(ਨੋਟ: ਜਦ ‘ਕਿਰਦੰਤ’ ਨੂੰ ਉਕਤ ਨਿਯਮ ਵਾਙ ‘ਨਾਂਵ’ ਦੇ ਰੂਪ ’ਚ ਵਰਤਿਆ ਜਾਏ ਤਾਂ ਇਸ ਨੂੰ ‘ਕਿਰਿਆ ਫਲ਼’ (Gerund) ਵੀ ਕਹਿੰਦੇ ਹਨ ਕਿਉਂਕਿ ਇਹ ਬੰਦੇ ਦੀ ਕਮਾਈ ਨੂੰ ਦਰਸਾਉਂਦਾ ਹੈ।)

(3). ਵਰਤਮਾਨ ਕਿਰਦੰਤ (Present Participle): ‘ਧਾਤੂ’ ਦੇ ਅੰਤ ’ਚ ‘ਦਾ’ ਵਧਾ ਕੇ ਜੋ ਸ਼ਬਦ ਬਣੇ ਉਸ ਨੂੰ ‘ਵਰਤਮਾਨ ਕਿਰਦੰਤ ਕਿਹਾ ਜਾਂਦਾ ਹੈ; ਜਿਵੇਂ ‘ਹੱਸ’ ਤੋਂ ‘ਹੱਸਦਾ’, ‘ਤਰ’ ਤੋਂ ‘ਤਰਦਾ’। ਇਸ ‘ਕਿਰਦੰਤ’ ਦੀ ਵਰਤੋਂ ‘ਵਿਸ਼ੇਸ਼ਣ’ ਤੇ ‘ਕਿਰਿਆ ਵਿਸ਼ੇਸ਼ਣ’ ਦੇ ਰੂਪ ’ਚ ਹੁੰਦੀ ਹੈ; ਜਿਵੇਂ

‘ਹੱਸਦਾ’ ਬੱਚਾ ਚੰਗਾ ਲਗਦਾ ਹੈ। (ਇਸ ਵਾਕ ’ਚ ‘ਹੱਸਦਾ’ ਵਿਸ਼ੇਸ਼ਣ’ ਹੈ।) ਪਰ ਬੱਚਾ ‘ਹੱਸਦਾ’ ਰਹਿੰਦਾ ਹੈ। (ਇਸ ਵਾਕ ’ਚ ‘ਹੱਸਦਾ’ ਕਿਰਿਆ ਵਿਸ਼ੇਸ਼ਣ’ ਹੈ ਕਿਉਂਕਿ ਪਹਿਲੇ ਵਾਕ ’ਚ ‘ਹੱਸਦਾ’; ‘ਬੱਚਾ’ (ਨਾਂਵ) ਤੋਂ ਪਹਿਲਾਂ ਹੈ ਤੇ ਹੁਣ ‘ਹੱਸਦਾ’; ‘ਰਹਿੰਦਾ’ (ਕਿਰਿਆ) ਤੋਂ ਪਹਿਲਾਂ ਹੈ।)

‘ਤਰਦਾ’ ਫੁੱਲ ਦੂਰ ਚਲਾ ਗਿਆ। (ਇਸ ਵਾਕ ’ਚ ‘ਤਰਦਾ’ ਵਿਸ਼ੇਸ਼ਣ’ ਹੈ ਕਿਉਂਕਿ ‘ਫੁੱਲ’ (ਨਾਂਵ) ਤੋਂ ਅੱਗੇ ਹੈ।)

ਫੁੱਲ ‘ਤਰਦਾ’ ਜਾ ਰਿਹਾ ਹੈ। (ਇਸ ਵਾਕ ’ਚ ‘ਤਰਦਾ’ ਕਿਰਿਆ ਵਿਸ਼ੇਸ਼ਣ’ ਹੈ ਕਿਉਂਕਿ ‘ਜਾ ਰਿਹਾ ਹੈ’ (ਕਿਰਿਆ) ਤੋਂ ਪਹਿਲਾਂ ਹੈ।)

(ਨੋਟ: (1). ਉਕਤ ਕਿਰਦੰਤ ਨਿਯਮ ਮੁਤਾਬਕ ਜਦ ‘ਧਾਤੂ’ ਦੇ ਅੰਤ ਵਿੱਚ ਕੋਈ ਲਗ ਲੱਗੀ ਹੋਵੇ ਤਾਂ ‘ਦਾ’ ਤੋਂ ਪਹਿਲਾਂ ‘ਬਿੰਦੀ’ ( ਂ ) ਜਾਂ‘ਉਂ’ ਲਗਦਾ ਹੈ; ਜਿਵੇਂ ‘ਖਾ’ ਤੋਂ ‘ਖਾਂਦਾ’, ‘ਪੀ’ ਤੋਂ ‘ਪੀਂਦਾ’, ‘ਨ੍ਹਾ’ ਤੋਂ ‘ਨ੍ਹਾਉਂਦਾ’, ‘ਸਤਾ’ ਤੋਂ ‘ਸਤਾਉਂਦਾ’

(2). ‘ਵਰਤਮਾਨ ਕਿਰਦੰਤ’ ਦੇ ਅੱਗੇ ਸੰਬੰਧਕੀ ਚਿੰਨ੍ਹ ਆਉਣ ਉਪਰੰਤ ‘ਕਿਰਦੰਤ’ ਦਾ ਅੰਤ ਕੰਨਾ ਹਟਾ ਕੇ ‘ ਿ ਆਂ’ ਵੀ ਵਧਾ ਲਿਆ ਜਾਂਦਾ ਹੈ; ਜਿਵੇਂ

ਮੋਹਨ ਦੇ ‘ਹੱਸਦਿਆਂ’ (ਹੱਸਦਾ+ ਿ ਆਂ) ਮਾਹੌਲ ਖ਼ੁਸ਼ਗਵਾਰ ਹੋ ਜਾਂਦਾ ਹੈ।

‘ਹੱਸਦਾ’ ਤੋਂ ‘ਹੱਸਦਿਆਂ’, ‘ਖਾਂਦਾ’ ਤੋਂ ‘ਖਾਂਦਿਆਂ’, ‘ਪੀਂਦਾ’ ਤੋਂ ‘ਪੀਂਦਿਆਂ’।)

(4). ਪੂਰਵ-ਪੂਰਨ ਕਿਰਦੰਤ (Past Perfect Participle): ‘ਧਾਤੂ’ ਨਾਲ਼ ‘ਕੇ’ ਵਾਧੂ ਲਗਾ ਕੇ, ਜੋ ਸ਼ਬਦ ‘ਕਿਰਿਆ ਵਿਸ਼ੇਸ਼ਣ’ ਬਣਦਾ ਹੈ ਉਸ ਨੂੰ ‘ਪੂਰਵ-ਪੂਰਨ ਕਿਰਦੰਤ’ ਕਿਹਾ ਜਾਂਦਾ ਹੈ; ਜਿਵੇਂ ‘ਆ’ ਤੋਂ ‘ਆ ਕੇ’, ‘ਜਾ’ ਤੋਂ ‘ਜਾ ਕੇ’, ‘ਪੀ’ ਤੋਂ ‘ਪੀ ਕੇ’

ਗੁਰਮੁਖ ਪਾਠ ‘ਸੁਣ ਕੇ’ ਸਮਝਦਾ ਹੈ।, ਵਾਕ ’ਚ ਕ੍ਰਮਵਾਰ ਸ਼ਬਦ ‘ਗੁਰਮੁਖ’ (ਕਰਤਾ) ‘ਪਾਠ’ (ਕਰਮ) ‘ਸੁਣ ਕੇ’ (ਕਿਰਿਆ ਵਿਸ਼ੇਸ਼ਣ, ਪੂਰਵ-ਪੂਰਨ ਕਿਰਦੰਤ) ‘ਸਮਝਦਾ’ (ਮੂਲ ਕਿਰਿਆ) ‘ਹੈ’ (ਸਹਾਇਕ ਕਿਰਿਆ) ਹਨ।

ਉਕਤ ਵਾਕ ’ਚ ਸ਼ਾਮਲ ‘ਸੁਣ ਕੇ’ ਨੂੰ ਗੁਰਬਾਣੀ ਲਿਖਤ ਮੁਤਾਬਕ ‘ਸੁਣਿ’ (ਕਿਰਿਆ ਵਿਸ਼ੇਸ਼ਣ) ਲਿਖਿਆ ਜਾਂਦਾ ਹੈ।

(ਨੋਟ: ਧਿਆਨ ਰਹੇ ਕਿ ‘ਸੁਣਿ’ ਮਨ ਮਿਤ੍ਰ ਪਿਆਰਿਆ ! ‘ਮਿਲੁ’ ਵੇਲਾ ਹੈ ਏਹ ॥, ਤੁਕ ਦੀ ਕੀਤੀ ਗਈ ਵਿਚਾਰ ਅਨੁਸਾਰ ‘ਸੁਣਿ’ ਹੁਕਮੀ ਭਵਿੱਖ ਕਾਲ ਕਿਰਿਆ ਹੈ ਕਿਉਂਕਿ

(1). ‘ਮਨ’ (ਇੱਕ ਵਚਨ ਪੁਲਿੰਗ ਨਾਉਂ) ਸੰਬੋਧਨ ਰੂਪ ਵਿੱਚ ਮੌਜੂਦ ਹੈ, ਜੋ ਕਿ ‘ਗੁਰਮੁਖ ਪਾਠ ਸੁਣ ਕੇ ਸਮਝਦਾ ਹੈ।’ ਵਾਕ ਵਿੱਚ ਨਹੀਂ।

(2). ‘ਸੁਣਿ’ ਮਨ ਮਿਤ੍ਰ ਪਿਆਰਿਆ ! ‘ਮਿਲੁ’ ਵੇਲਾ ਹੈ ਏਹ ॥, ਵਾਕ ’ਚ ‘ਸੁਣਿ’ ਤੇ ‘ਮਿਲੁ’ ਮੂਲ ਕਿਰਿਆਵਾਂ ਹਨ, ਜਿਨ੍ਹਾਂ ਨੂੰ ‘ਹੁਕਮੀ ਭਵਿੱਖ ਕਾਲ’ ਕਿਹਾ ਗਿਆ। ਅਗਰ ‘ਸੁਣਿ’ ਨੂੰ ਕਿਰਿਆ ਵਿਸ਼ੇਸ਼ਣ ਮੰਨ ਕੇ ‘ਸੁਣ ਕੇ’ ਅਰਥ ਕਰੀਏ ਤਾਂ ‘ਸੁਣਿ’ (ਕੇ) ਮਨ ਮਿਤ੍ਰ ਪਿਆਰਿਆ ! ‘ਮਿਲੁ’ ਵੇਲਾ ਹੈ ਏਹ ॥, ਵਾਲ਼ੇ ਅਰਥ, ਗੁਰਬਾਣੀ ਲਿਖਤ ਮੁਤਾਬਕ ਨਹੀਂ ਹੋਣਗੇ।)

ਸੋ, ਗੁਰਬਾਣੀ ਲਿਖਤ ਮੁਤਾਬਕ ਜਦ ਵਾਕ ਵਿੱਚ ਕੋਈ ‘ਇੱਕ ਵਚਨ ਪੁਲਿੰਗ ਨਾਉਂ’ ਸੰਬੋਧਨ ਨਾ ਹੋਵੇ ਤਾਂ ਅੰਤ ਸਿਹਾਰੀ ਵਾਲ਼ਾ ‘ਹੁਕਮੀ ਭਵਿੱਖ ਕਾਲ ਕਿਰਿਆ’ ਸ਼ਬਦ ਹੀ ‘ਕਿਰਿਆ ਵਿਸ਼ੇਸ਼ਣ’ ਬਣ ਜਾਂਦਾ ਹੈ ਅਤੇ ਇਸ ਦੀ ‘ਅੰਤ ਸਿਹਾਰੀ’ ਵਿੱਚੋਂ ‘ਕੇ’ ਅਰਥ ਮਿਲਦੇ ਹਨ; ਜਿਵੇਂ ਕਿ

‘ਸੁਣਿ’ (ਕੇ) ਵਡਾ; ਆਖੈ ਸਭੁ ਕੋਇ ॥ (ਮ: ੧/ਸੋ ਦਰੁ)

‘ਸੁਨਿ’ (ਕੇ) ਅੰਧਾ; ਕੈਸੇ ਮਾਰਗੁ ਪਾਵੈ ?॥ (ਮ: ੫/੨੬੭)

———–ਸਮਾਪਤੀ——–


06/25/17
ਸੁਖਵਿੰਦਰ ਕੌਰ ਹਰਿਆਓ

ਰਾਜ ਨਹੀਂ ਸੇਵਾ

ਸਰਕਾਰ ਕਹਿੰਦੀ ਹਰੀ ਕ੍ਰਾਂਤੀ ਲਿਆਵਾਂਗੇ।
ਰੁੱਖ ਕੱਟ ਕੇ ਸਾਰੇ ਨਵੀਂ ਸੜਕ ਬਨਾਵਾਂਗੇ।

ਠੇਕੇ ਖੋਲ੍ਹ ਕੇ ਖਜ਼ਾਨਾ ਭਰਨਾ ਨੱਕੋ-ਨੱਕ,
ਘਰ ਦੀ ਕੋਈ ਕੱਢੇ ਕੇਸ ਉਸ ਤੇ ਪਾਵਾਂਗੇ।

ਪੋਸਟਿੰਗ ਤਾਂ ਹੋਣੀ ਚਾਚੇ-ਤਾਏ ਦੇ ਮੁੰਡੇ ਦੀ,
ਪੋਸਟਾਂ ਪੁਲਿਸ ਦੀਆਂ ਜਨਤਾ ਲਈ ਕਢਵਾਂਗੇ।

ਪੜ੍ਹਾਈ ਤੇ ਈ.ਟੀ.ਟੀ. ਦੇ ਸੁਪਨੇ ਵੇਖਣ ਵਾਲਿਆਂ,
ਨੂੰ ਕੋਰਸਾਂ ਤੋਂ ਬਾਅਦ ਟੈਂਕੀਆਂ 'ਤੇ ਚੜਾਵਾਂਗੇ।

ਕਰਾਂ ਦੇਈਏ ਜਮਾਨਤਾਂ ਪਹਿਲਾਂ ਕਾਕਿਆਂ ਦੀਆਂ,
ਫਿਰ ਜਨਤਾ ਨਾਲ ਰਲ ਕੇ ਮੋਮਬੱਤੀਆਂ ਜਲਾਵਾਂਗੇ।

ਮੋਦੀ ਕਹਿੰਦਾ ਨਵੇਂ ਨੋਟ ਚਲਾ ਠੱਗਾਂ ਨੂੰ ਫੜਾਂਗਾ,
ਠੱਗ ਕਹਿੰਦੇ ਅਸਲੀ ਇੱਕ ਨਕਲੀ ਦਸ ਬਣਾਵਾਂਗੇ।

ਮੋਟੇ ਪੈਸੇ ਲੇ ਕੇ ਕਰਾਂਗੇ ਭਰੂਣ ਹੱਤਿਆ ਨਿੱਤ,
ਨੰਨ੍ਹੀਆਂ ਛਾਂਵਾਂ ਨੂੰ ਧੁੱਪਾਂ ਤੋਂ ਅਸੀਂ ਬਚਾਵਾਂਗੇ।

ਕਰ ਨਾ ਫਿਕਰ ਪੁੱਤਾ ਵੋਟਾਂ ਦਾ ਰੱਬ ਦਾ ਆਸਰਾ ਮਿਲੂ,
ਜੇ ਹਾਰਦੇ ਵਿਖੇ ਤਾਂ ਕਿਸੇ ਡੇਰੇ ਜਾ ਕੇ ਡੇਰਾ ਲਾਵਾਂਗੇ।

ਸੋਚ ਤੇ ਜੋਸ਼ ਨੂੰ ਖਾ ਲਿਆ ਨਸ਼ਿਆਂ ਨੇ,
ਪੱਗ ਬੰਨ੍ਹ ਕਿਥੋਂ ਭਗਤ ਸਿੰਘ ਬਣ ਜਾਵਾਂਗੇ।

ਲਿਖਵਾ ਕੇ ਅਖ਼ਬਾਰ 'ਚ ਵਾਰਸ ਹਾਂ ਸ਼ਹੀਦਾਂ ਦੇ,
ਸਾਲ ਵਿੱਚ ਇੱਕ ਦਿਨ ਬੁੱਤ ਨੂੰ ਹਾਰ ਪਾ ਆਵਾਂਗੇ।

ਰੁਕੂ ਰਾਹ 'ਚ ਗੱਡੀ ਜੇ ਤਰੱਕੀਆਂ ਦੀ,
ਨੋਟਾਂ ਨੂੰ ਪੈਰ ਲਾ ਕੇ ਸਪੀਡ 'ਤੇ ਭਜਾਵਾਂਗੇ।

ਦਿਨ ਤੇ ਰਾਤ ਹੋਣੇ ਫਿਰ ਆਪਣੀ ਮੁੱਠੀ ਵਿੱਚ,
ਕਾਲੇ ਚੋਲੇ ਪਾ ਕੇ ਚਿੱਟੇ ਦਾ ਧੰਦਾ ਚਲਾਵਾਂਗੇ।

ਕੁੱਝ ਦਸ ਨੰਬਰੀਏ ਮਾਲ-ਪੱਤੇ ਤੇ ਰੱਖੇ ਚਮਚੇ ਨੇ,
ਵਿਚਾਰੀ ਜਨਤਾ ਨੂੰ ਲਾਰਿਆਂ ਨਾਲ ਪਰਚਾਵਾਂਗੇ।

'ਰਾਜ ਨਹੀਂ ਸੇਵਾ' ਹੈ ਅਸਲੀ ਸਾਡਾ ਮਕਸਦ,
ਬਣ ਕੇ ਮੰਤਰੀ ਸੇਵਾ ਆਪਣੀ ਖੂਬ ਕਰਾਵਾਂਗੇ।

- ਸੁਖਵਿੰਦਰ ਕੌਰ 'ਹਰਿਆਓ'
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-84274-05492


06/18/17
ਗਿ: ਸੰਤੋਖ ਸਿੰਘ

ਬੜੇ ਮੀਆਂ ਸੋ ਬੜੇ ਮੀਆਂ
ਬੜੇ ਸਮੇ ਤੋਂ ਇਹ ਉਰਦੂ ਦੀ ਲੋਕੋਕਤੀ ਸੁਣਦੇ ਆ ਰਹੇ ਹਾਂ: ਬੜੇ ਮੀਆਂ ਸੋ ਬੜੇ ਮੀਆਂ, ਛੋਟੇ ਮੀਆਂ, ਸੁਭਾਨ ਅਲਾਹ!
ਰਾਤੀਂ ਇਸ ਦਾ ਅਮਲੀ ਤਜਰਬਾ ਹੋਇਆ। ਗੱਲ ਇਉਂ ਹੋਈ: ਕੁੱਝ ਸਾਲ ਪਹਿਲਾਂ ਪੁੱਤਰ ਸੰਦੀਪ ਸਿੰਘ ਨੇ ਲੈਪਟੌਪ ਖ਼ਰੀਦ ਕੇ ਦਿਤਾ ਸੀ ਤੇ ਉਸ ਪਾਸੋਂ ਸਮੇ ਸਮੇ ਪੁੱਛ ਪੁੱਛ ਕੇ, ਹੌਲ਼ੀ ਹੌਲ਼ੀ ਉਸ ਲੈਪਟੌਪ ਤੋਂ ਆਪਣੀ ਨੋੜ ਅਨੁਸਾਰ ਕੰਮ ਲੈਣ ਦੀ ਮਾੜੀ ਮੋਟੀ ਜਾਚ ਆ ਗਈ ਸੀ ਜਿਸ ਨਾਲ਼ ਮੈਂ ਅਖ਼ਬਾਰਾਂ ਪੜ੍ਹ ਲੈਣੀਆਂ, ਈ-ਮੇਲ ਮੇਲ ਲੈਣੀ, ਵਰਡ ਡਾਕੂਮੈਂਟ ਰਾਹੀਂ ਲੇਖ ਲਿਖ ਲੈਣੇ ਤੇ ਕੁੱਝ ਸਮੇ ਤੋਂ ਫੇਸਬੁੱਕ ਵਿੱਚ ਫਸਣ ਦੀ ਮਾੜੀ ਮੋਟੀ ਜਾਚ ਵੀ ਆ ਹੀ ਗਈ; ਨਿਕਲਣ ਦਾ ਰਾਹ ਅਜੇ ਭਾਵੇਂ ਲਭਦਾ ਨਹੀਂ ਦੀਹਦਾ।
ਫਿਰ ਕੁੱਝ ਮਹੀਨੇ ਪਹਿਲਾਂ ਪੁੱਤਰ ਨੇ ਇਹ ਕਹਿ ਕੇ ਚੌਦਾਂ ਸੌ ਡਾਲਰ ਦਾ ਪਹਿਲੇ ਨਾਲ਼ੋਂ ਨਿੱਕਾ, ਹੌਲ਼ਾ ਤੇ ਵਧੇਰੇ ਸੋਹਣਾ ਦਿਸਣ ਵਾਲ਼ਾ, ਚਿੱਟੇ ਰੰਗ ਦਾ ਨਵਾਂ ਲੈਪਟੌਪ ਖ਼ਰੀਦ ਦਿਤਾ, ਇਹ ਆਖ ਕੇ ਕਿ ਪਹਿਲਾਂ ਵਾਲ਼ਾ ਬਹੁਤ ਪੁਰਾਣਾ ਹੋ ਗਿਆ ਹੈ ਤੇ ਇਹ ਬਿਨਾ ਵਾਰਨਿੰਗ ਦਿਤਿਆਂ ਤੋਂ, ਕਿਸੇ ਸਮੇ ਵੀ ਚੱਲਣ ਤੋਂ ਅੜੀ ਕਰ ਸਕਦਾ ਹੈ ਤੇ ਇਸ ਅੜੀ ਕਾਰਨ ਮੇਰੇ ਹੁਣ ਤੱਕ ਦੇ ਲਿਖੇ ਸਾਰੇ ਹੀ ਕਾਲ਼ੇ ਲੇਖ ਗੁੰਮ ਹੋ ਸਕਦੇ ਹਨ। ਹੁਣ ਸਮੱਸਿਆ ਮੇਰੇ ਲਈ ਇਹ ਪੈਦਾ ਹੋ ਗਈ ਹੈ ਕਿ ਤਕਰੀਬਨ ਪੌਣੇ ਕੁ ਦਹਾਕੇ ਤੋਂ ਮੈਂ ਜੇਹੜਾ ਲੈਪਟੌਪ ਵਰਤ ਰਿਹਾ ਸਾਂ, ਉਹ ਕਈ ਸਾਲ ਪੁਰਾਣਾ ਹੋਣ ਕਰਕੇ ਮੇਰੇ ਹੱਥੀਂ ਚੜ੍ਹਿਆ ਹੋਇਆ ਸੀ ਤੇ ਮੈਂ ਬੜੀ ਸਰਲਤਾ ਨਾਲ਼ ਉਸ ਨਾਲ਼ ਆਪਣਾ ਬੁੱਤਾ ਸਾਰੀ ਜਾਂਦਾ ਸਾਂ। ਇਹ ਨਵਾਂ ਲੇਟੈਸਟ ਮੌਡਲ ਦਾ ਹੋਣ ਕਰਕੇ ਮੇਰੀ ਸਮਝ ਦੇ ਵਲ਼ੇਵੇਂ ਵਿੱਚ ਨਹੀਂ ਆਉਂਦਾ। ਸਮੇ ਸਮੇ ਫ਼ੋਨ ਰਾਹੀਂ ਪੁੱਤਰ ਤੋਂ ਪੁੱਛਣਾ ਪੈਂਦਾ ਹੈ ਕਿ ਹੁਣ ਮੈਂ ਇਹ ਕਾਰਜ ਕਿਵੇਂ ਕਰਾਂ। ਬੱਚੇ ਭਾਵੇਂ ਰਹਿੰਦੇ ਤਾਂ ਸਿਡਨੀ ਵਿੱਚ ਹੀ ਨੇ ਪਰ ਕਿਸੇ ਦੇ ਵੀ ਘਰ ਜਾਣ ਵਾਸਤੇ ਕਾਰ ਦੀ ਲੋੜ ਪੈਂਦੀ ਹੈ ਤੇ ਕਾਰ ਚਲਾਉਣ ਤੋਂ ਮੈਂ ਇਵੇਂ ਹੀ ਚੱਲਦਾ ਹਾਂ ਜਿਵੇਂ ਕਾਂ ਗੁਲੇਲੇ ਤੋਂ। ਕਦੀ ਕਦੀ ਜੇ ਕਿਤੇ ਛਨਿਛਰਵਾਰ ਜਾਂ ਐਤਵਾਰ ਨੂੰ ਮੈਂ ਖ਼ੁਦ ਕਾਰ ਚਲਾ ਕੇ ਗੁਰਦੁਆਰਾ ਸਾਹਿਬ ਚਲਿਆ ਜਾਵਾਂ ਤਾਂ ਵੇਖਣ ਵਾਲ਼ੇ ਹੈਰਾਨੀ ਨਾਲ਼ ਵੇਖਦੇ ਨੇ। ਉਹਨਾਂ ਦੇ ਦਿਲ ਵਿੱਚ ਅਜਿਹਾ ਵਿਚਾਰ ਸੁਭਾਵਕ ਹੀ ਆ ਜਾਂਦਾ ਹੈ, “ਹੈਂ ਗਿਆਨੀ ਵੀ ਕਾਰ ਚਲਾ ਲੈਂਦਾ ਵਾ?” ਪਰਵਾਰ ਦੇ ਮੁੜ ਮੁੜ ਜੋਰ ਦੇਣ ਤੇ ੧੯੮੨ ਵਿੱਚ ਜਦੋਂ ਮੈਂ ਪਹਿਲੀ ਕਾਰ ਖ਼ਰੀਦੀ ਸੀ ਤਾਂ ਇੱਕ ਬਹੁਤ ਹੀ ਮੈਚਿਉਰ ਸੱਜਣ, ਜੋ ਕਿ ਸੁਭਾ ਦਾ ਗਹਿਰ ਗੰਭੀਰ ਅਤੇ ਕਦੀ ਵੀ ਉਸਨੂੰ ਮੈਂ ਕਿਸੇ ਨਾਲ਼ ਹਾਸਾ ਮਜ਼ਾਕ ਕਰਦਿਆਂ ਨਹੀਂ ਸੀ ਵੇਖਿਆ, ਨੇ ਮੇਰੇ ਛੋਟੇ ਭਰਾ ਸ. ਹਰਜੀਤ ਸਿੰਘ ਨੂੰ ਇੱਕ ਦਿਨ ਪੁੱਛਿਆ, “ਗਿਆਨੀ ਜੀ ਕਾਰ ਦੇ ਵਿੱਚ ਬਹਿ ਕੇ ਕਾਰ ਚਲਾਉਂਦੇ ਨੇ ਜਾਂ ਬਾਹਰ ਖਲੋ ਕੇ?”
ਗੱਲ ਤਾਂ ਮੈ ਹੋਰ ਦੱਸਣੀ ਸੀ ਪਰ ਤੁਰ ਕਾਰ ਵੱਲ ਹੀ ਪਿਆ। ਕਲ੍ਹ ਸ਼ਾਮੀ ਪੁੱਤਰ ਦਾ ਫ਼ੋਨ ਆਇਆ ਤਾਂ ਮੈਂ ਉਸ ਤੋਂ ਫ਼ੇਸਬੁੱਕ ਬਾਰੇ ਕੁੱਝ ਜਾਣਕਾਰੀ ਲੈਣੀ ਚਾਹੀ ਤਾਂ ਉਸ ਨੇ ਅੱਗੋਂ ਆਪਣੇ ਟੀਨ ਏਜਰ (ਕਿਸ਼ੋਰ) ਪੁੱਤਰ ਅਤੇ ਮੇਰੇ ਪੋਤਰੇ ਨੂੰ ਆਵਾਜ਼ ਮਾਰ ਕੇ, ਉਸ ਤੋਂ ਜਾਣਕਾਰੀ ਲਈ। ਮੈਂ ਹੈਰਾਨੀ ਵਿੱਚ ਪੁੱਛਿਆ ਕਿ ਕੀ ਜੋਸ਼ ਸਿੰਘ ਤੇਰੇ ਨਾਲ਼ੋ ਵਧੇਰੇ ਕੰਪਿਊਟਰ ਬਾਰੇ ਜਾਣਕਾਰੀ ਰੱਖਦਾ ਹੈ! ਹਾਲਾਂ ਕਿ ਪੁੱਤਰ ਨੇ ਕੰਪਿਊਟਰ ਦੀ, ਸਿਡਨੀ ਯੁਨੀਵਰਸਿਟੀ ਤੋਂ ਮਾਸਟਰ ਡਿਗਰੀ ਕੀਤੀ ਹੋਈ ਹੈ ਤੇ ਬੀ. ਐਸ. ਸੀ. ਦੇ ਸਮੇ ਤੋਂ ਹੀ ਉਹ ਕੰਪਿਊਟਰ ਵਾਲ਼ੀ ਨੌਕਰੀ, ਪਹਿਲਾਂ ਕਿਸੇ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਹੁਣ ਵੈਸਟਪੈਕ ਬੈਂਕ ਵਿੱਚ ਕੰਮ ਕਰ ਰਿਹਾ ਹੈ। ਉਸ ਨੇ ਜਵਾਬ ਦਿਤਾ ਕਿ ਉਹ ਫ਼ੇਸਬੁੱਕ ਵਿੱਚ ਫਸਣ ਤੋਂ ਬਚਿਆ ਹੋਇਆ ਹੈ ਤੇ ਜੋਸ਼ ਸਿੰਘ ਨੂੰ ਇਸ ਬਾਰੇ ਉਸ ਨਾਲ਼ੋਂ ਵਧੇਰੇ ਜਾਣਕਾਰੀ ਹੈ। ਇਸ ਵਾਕਿਆ ਤੋਂ ਚੇਤਾ ਆ ਗਿਆ ਕਿ ਵਾਕਿਆ ਹੀ ਉਹ, “ਬੜੇ ਮੀਆਂ ਸੋ ਬੜੇ ਮੀਆਂ, ਛੋਟੇ ਮੀਆਂ, ਸੁਭਾਨ ਅਲਾਹ। “ਵਾਲ਼ੀ ਅਖੌਤ ਕਦੀ ਕਦੀ ਢੁਕ ਹੀ ਜਾਂਦੀ ਹੈ। ਪੰਜਾਬੀ ਦੀ ਕਹਾਵਤ ਵੀ ਸੁਣਦੇ ਸਾਂ “ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ।” ਵੈਸੇ ਵੀ ਬੱਚੇ ਜਾਂ ਟੀਨ ਏਜਰ ਜਿੰਨੀ ਛੇਤੀ ਇਹ ਇਕੀਵੀਂ ਸਦੀ ਦੇ ‘ਜੰਘ-ਪਲਾਂਘਿਆਂ’ ਬਾਰੇ ਵਾ-ਵਰੋਲ਼ੇ ਵਾਂਙ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ। ਅਸੀਂ ਜੋ ਵੀਹਵੀਂ ਸਦੀ ਦੇ, ਵੇਲ਼ਾ ਵਿਹਾ ਚੁੱਕੇ ਵਿਅਕਤੀ ਹਾਂ, ਸਾਡੇ ਵਾਸਤੇ ਏਨੀ ਸੁਖੈਨਤਾ ਨਾਲ਼ ਇਹ ਸਭ ਸਿੱਖ ਸੱਕਣ ਵਾਲ਼ਾ ਕਾਰਜ ਸਹਿਲਾ ਨਹੀਂ ਹੈ। ਅੰਗ੍ਰੇਜ਼ੀ ਬੋਲਣ ਵਾਲ਼ਿਆਂ ਦਾ ਵੀ ਵਿਚਾਰ ਹੈ, “ਬੁਢੇ ਕੁੱਤੇ ਨੂੰ ਨਵੀਆਂ ਗਲਾਂ ਸਿਖਾਉਣੀਆਂ ਕੋਈ ਸੌਖਾ ਕਾਰਜ ਨਹੀਂ।
It isn’t easy to teach new tricks to an old dog.
ਕਈ ਸਾਲ ਲਾ ਕੇ ਜਿੰਨਾ ਕੁ ਕੰਮ ਮੈਂ ਲੈਪਟੌਪ ਤੋਂ ਪੜ੍ਹਨ ਅਤੇ ਲਿਖਣ ਦਾ ਲੈ ਲੈਂਦਾ ਸੀ ਹੁਣ ਉਸ ਤੋਂ ਵੀ ਵੰਚਤ ਹੋ ਗਿਆ ਹਾਂ। ਇਹ ਲੇਖ ਭਾਵੇਂ ਮੈਂ ਨਵੇਂ ਲੈਪਟੌਪ `ਤੇ ਹੀ ਟਾਈਪ ਕਰ ਰਿਹਾ ਹਾਂ ਪਰ ਪੁਰਾਣੇ ਜਿੰਨੀਆਂ ਕਮਾਂਡਾਂ ਦੀ ਇਸ ਉਪਰ ਮੈਨੂੰ ਸਮਝ ਨਹੀਂ ਆ ਰਹੀ।
“ਵੇਲ਼ੇ ਦਾ ਰਾਹ ਕੁਵੇਲ਼ੇ ਦੀਆਂ ਟੱਕਰਾਂ।” ਵਾਲ਼ੀ ਗੱਲ ਹੀ ਹੈ, ਮੇਰੇ ਵਰਗਿਆਂ ਵਾਸਤੇ। ਵੈਸੇ ਕਰਦੇ ਵੀ ਕੀ, ਸਾਡੇ ਵੇਲ਼ੇ ਅਜਿਹਾ ਕੁੱਝ ਹੁੰਦਾ ਹੀ ਨਹੀਂ ਸੀ। ਯਾਦ ਹੈ ਮੈਨੂੰ ੧੯੬੪ ਦਾ ਸਮਾ। ਮੈਂ ਓਦੋਂ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਦਾ ਸਾਂ। ਮੇਰੀ ਜਾਣਕਾਰੀ ਦਾ ਦਾਇਰਾ ਪੰਜਾਬੀ ਤੇ ਹਿੰਦੀ ਦੇ ਰਿਸਾਲਿਆਂ, ਅਖ਼ਬਾਰਾਂ ਆਦਿ ਵਿੱਚ ਛਪਣ ਵਾਲ਼ੀ ਜਾਣਕਾਰੀ ਤੱਕ ਹੀ ਸੀਮਤ ਹੁੰਦਾ ਸੀ। ਦੁਨੀਆਂ ਦੀ ਚਲੰਤ ਜਾਣਕਾਰੀ ਪ੍ਰਾਪਤ ਕਰਨ ਦਾ ਮੈਨੂੰ ਬੜਾ ਸ਼ੌਕ ਹੁੰਦਾ ਸੀ। ਇੱਕ ਦਿਨ ਕਿਸੇ ਆਪਣੇ ਨਾਲ਼ੋਂ ਵਧੇਰੇ ਗਿਆਨ ਰੱਖਣ ਵਾਲ਼ੇ ਸੱਜਣ ਨੂੰ ਮੈਂ ਪੁੱਛਿਆ ਕਿ ਕੋਈ ਕਿਤਾਬ ਨਹੀਂ ਇਹੋ ਜਿਹੀ ਮਿਲ਼ ਸਕਦੀ, ਜਿਸ ਤੋਂ ਇਹ ਜਾਣਕਾਰੀ ਪ੍ਰਾਪਤ ਹੋ ਸਕੇ! ਉਸ ਨੇ ਦੱਸਿਆ ਕਿ ਮਿਲ਼ ਸਕਦੀ ਹੈ ਪਰ ਇਹੋ ਜਿਹੀ ਜਾਣਕਾਰੀ ਵਾਲ਼ੀਆਂ ਕਿਤਾਬਾਂ ਅੰਗ੍ਰੇਜ਼ੀ ਵਿੱਚ ਹੁੰਦੀਆਂ ਹਨ। ਭਾਵੇਂ ਕਿ ਉਸ ਸਮੇ ਮੈਨੂੰ ਅੰਗ੍ਰੇਜ਼ੀ ਦੇ ਅੱਖਰ ਉਠਾਲਣੇ ਨਹੀਂ ਸੀ ਆਉਂਦੇ ਪਰ ਮੈਂ ਕਾਹਲ਼ੀ ਨਾਲ਼ ਉਸ ਨੂੰ ਪੁੱਛਿਆ ਕਿ ਉਹ ਕਿਤਬ ਕਿਥੋਂ ਮਿਲ਼ਦੀ ਹੈ! ਉਸ ਨੇ ਦੱਸਿਆ ਕਿ ਅਦਾਲਤ ਬਜ਼ਾਰ ਵਿੱਚ ਅੰਗ੍ਰੇਜ਼ੀ ਕਿਤਾਬਾਂ ਦੀ ਦੁਕਾਨ ਤੋਂ ਮਿਲ਼ ਸਕਦੀ ਹੈ। ਮੈਂ ਪਹਿਲੀ ਫੁਰਸਤ ਵਿੱਚ ਹੀ ਅਦਾਲਤ ਬਾਜ਼ਾਰ ਵਿਚੋਂ ਜਾ ਕੇ ਇੱਕ ਪੇਪਰ ਬੈਕ ਕਿਤਾਬ ਅੰਗ੍ਰੇਜ਼ੀ ਦੀ ਖ਼੍ਰੀਦ ਲਿਆਇਆ ਤੇ ਨਾਲ਼ ਹੀ ਅੰਗ੍ਰੇਜ਼ੀ ਦੇ ਅੱਖਰ, ਕਮੇਟੀ ਦੇ ਮੁਲਾਜ਼ਮ ਆਪਣੇ ਇੱਕ ਸਾਥੀ ਕਲੱਰਕ, ਸ. ਹਰਨਾਮ ਸਿੰਘ ਪਾਸੋਂ ਸਿੱਖਣੇ ਸੁਰੂ ਕਰ ਦਿਤੇ।


06/11/17
ਬੀ ਐੱਸ ਢਿੱਲੋਂ

ਅੱਜ ਫਿਰ ਬਲਿਊ ਸਟਾਰ ਦੀ ਚਰਚਾ ਹੋ ਰਹੀ ਹੈ। ਦੋਸਤੇ ਹਮਾਂਮ 'ਚ ਸਾਰੇ ਨੰਗੇ ਹਨ। ਜੇ ਉਸ ਡੇਢ ਦਹਾਕੇ ਦੇ ਬਰਬਾਦੀ ਦੇ ਦੌਰ ਦੀ ਗੱਲ ਕਰਨੀ ਹੋਵੇ ਤਾਂ ਸਿੱਟਾ ਇਹੀ ਨਿੱਕਲਦਾ ਕਿ ਇਹ ਘਾਗ ਸਿਆਸਤਦਾਨਾਂ ਵੱਲੋਂ ਨਰੋਲ ਸਿਆਸੀ ਖੇਡ ਖੇਡੀ ਗਈ ਸੀ। ਜਿਸ ਵਿੱਚ ਭਾਰਤ ਵਿੱਚ ਸਾਰੇ ਵਰਗਾਂ ਦੇ ਪੰਜਾਹ ਕੁ ਹਜਾਰ ਲੋਕ ਮਾਰੇ ਗਏ ਅਤੇ ਪੰਜਾਬ ਦੀ ਉਹ ਤਬਾਹੀ ਹੋਈ ਕਿ ਅੱਜ ਤੱਕ ਪੈਰ ਨਹੀਂ ਲੱਗੇ। ਗੈਰਜਿੰਮੇਂਵਾਰ ਲੋਕਾਂ ਨੇ ਧਰਮਾਂ ਦੇ ਅਜਿਹੇ ਜਹਿਰੀਲੇ ਤੀਰ ਛੱਡੇ ਕਿ ਆਂਮ ਆਦਮੀਂ ਦੀ ਤਾਂ ਗੱਲ ਹੀ ਛੱਡੋ, ਧਰਮ ਨੂੰ ਅਫੀਂਮ ਕਹਿਣ ਵਾਲੇ ਨਾਸਤਿਕ ਕਹਾਉਂਦੇ ਕਾਂਮਰੇਡ ਵੀ ਸਿੱਖ ਕਾਂਮਰੇਡ ਤੇ ਹਿੰਦੂ ਕਾਂਮਰੇਡ ਬਣ ਗਏ ਸਨ । ਇਸ ਦੌਰ ਦੀ ਸ਼ੁਰੂਆਤ ਵੋਟ ਨੀਤੀ ਨਾਲ ਸ਼ੁਰੂ ਹੋਈ ਤੇ ਜਦੋਂ ਪੰਜਾਬ ਪੱਤੇ ਦੀ ਲੋੜ ਨਾ ਰਹੀ ਤਾਂ ਇਸ ਦੋਰ ਦਾ ਖਾਤਮਾਂ ਕਰ ਦਿੱਤਾ ਗਿਆ। ਇਸ ਸਾਰੇ ਦੌਰ ਵਿੱਚ ਬਹੁਤੇ ਸਿੱਖ ਲੀਡਰਾਂ ਦਾ ਰੋਲ 'ਸਮੱਸਿਆਵਾਂ' ਨੂੰ ਸੁਲਝਾਉਣ ਦੀ ਥਾਂ, ਖੁਦਗਰਜ ਅਤੇ ਇੱਕ ਦੂਜੇ ਨੂੰ ਵਰਤਣ ਅਤੇ ਠਿੱਬੀ ਲਾਉਣ ਵਾਲਾ ਰਿਹਾ। ਜਿਨਹਾਂ ਮੁੱਦਿਆਂ ਨਾਲ ਲੋਕਾਂ ਦੇ ਜਜਬਾਤ ਭੜਕਾਕੇ ਪੰਜਾਬ ਨੂੰ ਅੱਗ ਲਾਈ ਸੀ ਉਨਾਂ ਚੋ ਕੋਈ ਵੀ ਹੱਲ ਨਹੀ ਹੋਇਆ ਤੇ ਨਾਂ ਹੀ ਕਿਸੇ ਨੇ ਗੱਲ ਕੀਤੀ। ਜਵਾਂਨ ਹੁੰਦੀ ਪੀਹੜੀ ਨੂੰ ਦੁਨਿਆਵੀ ਸੱਚ ਜਾਣ ਲੈਣਾ ਚਾਹੀਦਾ ਕਿ ਪੱਠੇ ਕੁਤਰਣ ਵਾਲੇ ਹੋਰ ਤੇ ਦੁੱਧ ਪੀਣ ਵਾਲੇ ਹੋਰ ਤੇ ਉਂਗਲਾਂ ਲਾਉਣ ਵਾਲੇ ਹੋਰ ਹੁੰਦੇ ਹਨ । ਨੌਜਵਾਂਨਾਂ ਨੂੰ ਇਹ ਸਬਕ ਲੈਣਾ ਚਾਹੀਦਾ ਕਿ ਕਿਸੇ ਪਿੱਛੇ ਲੱਗਣ ਤੋਂ ਪਹਿਲਾਂ ਦਸ ਵਾਰ ਸੋਚਣ ।
---ਬੀ ਐੱਸ ਢਿੱਲੋਂ
9988091463
146/49-a Chandigarh-160047


05/28/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥–੨੯

ਗੁਰਬਾਣੀ ਦੇ ਚਾਨਣ ਵਿੱਚ ਲੋਭ ਦੀ ਵਿਆਖਿਆ

ਕਾਮ, ਕ੍ਰੋਧ, ਲੋਭ ਮੋਹ ਅਤੇ ਹੰਕਾਰ ਚੋਂ ਲੋਭ ਦਾ ਤੀਜੇ ਥਾਂ ਤੇ ਹੈ। ਲੋਭ ਦੇ ਅਰਥ-ਲੱਬ, ਲਾਲਚ, ਦੂਸਰੇ ਦੇ ਪਦਾਰਥਾਂ ਦੀ ਇਛਾ, ਹਿਰਸ, ਲਬ, ਕਿਸੇ ਸ਼ੈ ਦੇ ਲੈਣ ਦੀ ਇੰਨੀ ਤਿੱਖੀ ਤੇ ਤੀਬਰ ਚਾਹ ਕਿ ਉਸ ਦਾ ਲੈਣਾ ਠੀਕ ਹੈ ਕਿ ਨਹੀਂ, ਇਹ ਵਿਚਾਰ ਵੀ ਨਾ ਕਰਨੀ, ਲਾਭ ਅਤੇ ਮਤਲਵ ਆਦਿਕ ਹਨ। ਗੁਰਬਾਣੀ ਵਿਖੇ ਲੋਭ ਦੀ ਪ੍ਰਭਾਸ਼ਾ ਇਸ ਪ੍ਰਕਾਰ ਹੈ-
ਹੇ ਨਾਨਕ! ਭੈੜੀਆਂ ਵਾਸ਼ਨਾਵਾਂ ਵੱਲ ਲੱਗੇ ਮੂਰਖ ਲੋਕ ਝੂਠੇ ਵਿਕਾਰਾਂ ਦੇ ਮੋਹ ਲਾਲਚ ਵਿੱਚ ਖਚਤ ਹੋ ਜਾਂਦੇ ਹਨ
-ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ॥ ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ॥੧॥(੨੫੨) ਮਾਇਆ ਮੋਹ ਵਿੱਚ ਅੰਨ੍ਹਿਓਂ ਝੂਠਾ ਲੋਭ ਛੱਡ ਦਿਓ ਕਿਉਂਕਿ ਇਸ ਵਿੱਚ ਭਾਰੀ ਦੁੱਖ ਸਹਿਣਾ ਪੈਂਦਾ ਹੈ-ਲਾਲਚੁ ਛੋਡਹੁ ਅੰਧਿਹੁ ਲਾਲਚਿ ਦੁਖੁ ਭਾਰੀ॥(੪੧੯) ਲੋਭ ਆਦਮੀ ਨੂੰ ਇਉਂ ਵਿਗਾੜ ਦਿੰਦਾ ਹੈ ਜਿਵੇਂ ਪਾਣੀ ਨੂੰ ਬੂਰ-ਲਬੁ ਵਿਣਾਹੇ ਮਾਣਸਾਂ! ਜਿਉਂ ਪਾਣੀ ਬੂਰੁ॥(ਗੁਰੂ ਗ੍ਰੰਥ) ਲਾਲਚੀ ਅੰਦਰ ਲੋਭ ਟਿਕਆ ਰਹਿੰਦਾ ਹੈ ਜਿਵੇਂ ਕੁੱਤੇ ਨੂੰ ਹਲਕ ਹੋਣ ਤੇ ਉਹ ਆਪ ਵੀ ਦੁਖੀ ਅਤੇ ਲੋਕਾਂ ਨੂੰ ਵੀ ਦੁਖੀ ਕਰਦਾ ਹੈ। ਬਿਨਾ ਗਿਆਨ ਵਾਲੀ ਬੁੱਧ ਭਾਵ ਚੰਗੇ ਮੰਦੇ ਦੀ ਪਰਖ ਨ ਕਰ ਸਕਣ ਕਰਕੇ, ਉਹ ਮਾਇਆ ਦੀ ਖਾਤਰ ਭਟਕਦਾ ਫਿਰਦਾ ਹੈ। ਲੋਭ ਦੇ ਹਨੇਰੇ ਕੈਦਖਾਨੇ ਵਿੱਚ ਇਸ ਦੇ ਆਪਣੇ ਕਮਾਏ ਪਾਪ ਪੈਰਾਂ ਵਿੱਚ ਲੋਹੇ ਦੀ ਬੇੜੀ ਬਣੇ ਪਏ ਹਨ-ਲਬੁ ਅੰਧੇਰਾ ਬੰਦੀਖਾਨਾ ਅਉਗਣ ਪੈਰਿ ਲੋਹਾਰੀ॥(੧੧੯੧) ਹੇ ਫਰੀਦ ਲਾਲਚਵਸ ਕੀਤੀ ਬੰਦਗੀ ਝੂਠਾ ਪਿਆਰ ਹੈ ਜਿਵੇਂ ਟੁੱਟੇ ਛੱਪਰ ਤੇ ਮੀਂਹ ਪੈਂਦਿਆਂ ਕਦ ਤਾਈਂ ਸਮਾ ਨਿਕਲ ਸੱਕੇਗਾ ਭਾਵ ਜਦ ਦੁਨੀਆਂ ਵਾਲੀ ਗਰਜ ਪੂਰੀ ਨਾ ਹੋਈ ਤਾ ਪਿਆਰ ਟੁੱਟ ਜਾਵੇਗਾ-ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ॥੧੮॥(੧੩੭੮) ਜਿਵੇਂ ਹਲਕਾ ਕੁੱਤਾ ਸਭ ਪਾਸੇ ਵੱਲ ਭਜਦਾ ਹੈ ਤਿਵੇਂ ਲੋਭੀ ਜੀਵ ਨੂੰ ਕੁਝ ਵੀ ਨਹੀਂ ਸੁਝਦਾ ਚੰਗੀ-ਮੰਦੀ (ਹਲਾਲ-ਹਰਾਮ) ਹਰੇਕ ਚੀਜ਼ ਖਾ ਲੈਂਦਾ ਹੈ-ਜਿਉ ਕੂਕਰਿ ਹਰਕਾਇਆ ਧਾਵੈ ਦਹ ਦਿਸ ਝਾਇ॥ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥(ਗੁਰੂ ਗ੍ਰੰਥ)

ਲੋੜ ਤੋਂ ਵੱਧ ਧੋਖੇ ਧੜੀ ਨਾਲ ਦੁਨਿਆਵੀ ਪਦਾਰਥ ਇਕੱਠੇ ਕਰਕੇ ਉਨ੍ਹਾਂ ਦੀ ਦੁਰਵਰਤੋਂ ਕਰਨੀ ਹੀ ਲੋਭ ਹੈ। ਲੋਭ ਮਨੁੱਖ ਨੂੰ ਚੋਰ, ਡਾਕੂ, ਜ਼ਾਲਮ, ਕਪਟੀ, ਈਰਖਾਲੂ, ਅਖ੍ਰਿਤਘਣ, ਦੁਰਾਚਾਰੀ, ਧੋਖੇਬਾਜ ਅਤੇ ਬੇਸਬਰਾ ਬਣਾ ਦਿੰਦਾ ਹੈ। ਲੋਭੀ ਆਪਣੇ ਸੁਆਰਥ ਲਈ ਇਤਬਾਰੀ ਮਿਤਰਾਂ ਨਾਲ ਵੀ ਧੋਖਾ ਕਰਦਾ ਹੈ। ਉਹ ਲਾਲਚ ਵੱਸ ਭੱਖ-ਅਭੱਖ ਖਾ ਕੇ ਆਪਣੇ ਸਰੀਰ ਨੂੰ ਵੀ ਰੋਗੀ ਕਰ ਲੈਂਦਾ ਹੈ। ਲੋਭੀ ਲਾਲਚੀ ਮਨੁੱਖ ਸਾਰੀ ਉਮਰ ਹੇਰਾ ਫੇਰੀਆਂ ਅਤੇ ਸਖਤ ਮਿਹਨਤਾਂ ਕਰਕੇ ਪੈਸਾ ਪਦਾਰਥ ਜੋੜਦਾ ਥੈਲੀਆਂ ਨਾਲ ਖਜ਼ਾਨੇ ਭਰਦੈ ਪਰ ਮਰਨ ਉਪ੍ਰੰਤ ਉਸ ਨੂੰ ਹੋਰ ਹੀ ਵਰਤਦੇ ਹਨ-ਸੰਚਤ ਸੰਚਤ ਥੈਲੀ ਕੀਨੀ॥ ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨੀ॥੧॥(੩੯੨) ਲਾਲਚੀ ਕੁੱਤੇ ਮਾਸ ਦੀ ਬੋਟੀ ਦੇ ਲੋਭ ਵਿੱਚ ਆਪਣੀ ਜਾਨ ਗਵਾ ਲੈਂਦੇ ਹਨ।

ਲੋਭੀ ਮਨੁੱਖ ਤੋਂ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ ਭਾਵੇਂ ਉਹ ਪ੍ਰਵਾਰ ਦਾ ਮੁਖੀ, ਡੇਰੇ ਸਮਾਜ ਦਾ ਮੁਖੀ, ਸਭਾ ਸੁਸਾਇਟੀ, ਸਕੂਲ ਕਾਲਜ ਦਾ ਮੁਖੀ, ਗੁਰਦੁਆਰੇ ਮੰਦਰ ਮਸਜਿਦ ਦਾ ਮੁਖੀ, ਪਿੰਡ ਦਾ ਮੁਖੀ, ਜਿਲ੍ਹੇ ਦਾ ਮੁਖੀ, ਸਟੇਟ ਦਾ ਮੁਖੀ ਅਤੇ ਦੇਸ਼ ਦਾ ਮੁਖੀ ਕਿਉਂ ਨਾ ਹੋਵੇ ਜਿੱਥੋਂ ਤੱਕ ਹੋ ਸੱਕੇ ਇਨ੍ਹਾਂ ਦਾ ਵੇਸਾਹ ਨਹੀਂ ਕਰਨਾ-ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ॥(੧੪੧੭) ਅੱਜ ਦੁਨੀਆਂ ਆਰਥਕ, ਸਾਮਾਜਿਕ, ਰਾਜਨੀਤਕ ਅਤੇ ਧਾਰਮਿਕ ਤੌਰ ਤੇ ਅਤਿ ਲੋਭੀ ਸੁਆਰਥੀ ਆਗੂਆਂ ਕਰਕੇ ਖਜਲ ਖੁਆਰ ਹੋ ਰਹੀ ਹੈ।


05/28/17
ਫੈਡਰੇਸ਼ਨ ਔਫ ਸਿੱਖ ਸੁਸਾਇਟੀ ਔਫ ਕੈਨੇਡਾ

ਲੋਅਰ ਮੇਨਲੈਂਡ ਬੀ. ਸੀ. ਦੀਆਂ ਸਿੱਖ ਸੰਸਥਾਵਾਂ ਵਲੋਂ
ਪ੍ਰੈਸ ਰੀਲੀਜ਼

ਅੱਜ ਮਿਤੀ 22 ਮਈ 2017 ਦਿਨ ਸੋਮਵਾਰ ਨੂੰ ਲਵਲੀ ਬੈਂਕੁਇਟ ਹਾਲ ਸਰੀ ਬੀ. ਸੀ. ਵਿਖੇ ਲੋਅਰ ਮੇਨਲੈਂਡ ਦੇ ਸਮੁੱਚੇ ਗਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਦੀ ਫਰੈਂਕਫਰਟ ਜਰਮਨੀ ਵਿਖੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਮੰਦਭਾਗੀ ਘਟਨਾ ਦੇ ਸਬੰਧ `ਚ ਵਿਸ਼ੇਸ ਇਕੱਤਰਤਾ ਹੋਈ। ਮੀਟੰਗ ਦੀ ਸ਼ੁਰੂਆਤ ਗੁਰਮੱਤ ਅਨੁਸਾਰ ਅਰਦਾਸ ਕਰਕੇ ਕੀਤੀ ਗਈ। ਖੁੱਲੀ ਵਿਚਾਰ ਉਪਰੰਤ ਹੇਠ ਲਿਖੇ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ:
1. ਜੋ ਭਾਈ ਪੰਥਪ੍ਰੀਤ ਸਿੰਘ ਦੇ ਪ੍ਰਚਾਰ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਹੁੱਲੜਬਾਜ਼ੀ ਕੀਤੀ ਗਈ, ਗੁਰਦੁਆਰਾ ਸਾਹਿਬ ਜੀ ਦੀ ਮਰਯਾਦਾ ਨੂੰ ਭੰਗ ਕੀਤਾ ਗਿਆ, ਪੁਲਿਸ ਬੂਟਾਂ ਸਮੇਤ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਈ, ਉਸ ਦੀ ਸਮੂਹ ਹਾਜ਼ਰ ਸੰਸਥਾਵਾਂ ਵਲੋਂ ਕਰੜੇ ਸ਼ਬਦਾਂ ਵਿੱਚ ਨਖੇਧੀ ਕੀਤੀ ਗਈ।
2. ਸਮੂਹ ਹਾਜ਼ਰ ਸੰਸਥਾਵਾਂ ਵਲੋਂ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਸਾਹਿਬ ਅੰਦਰ ਨਿਰੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹੀ ਵਿਚਾਰ, ਕੀਰਤਨ ਤੇ ਵਿਆਖਿਆ ਕੀਤੀ ਜਾਵੇ।
3. ਇਹ ਫੈਸਲਾ ਵੀ ਕੀਤਾ ਗਿਆ ਕਿ ਉਨ੍ਹਾਂ ਹੀ ਪ੍ਰਚਾਰਕਾਂ ਨੂੰ ਸਪਾਂਸਰ ਕੀਤਾ ਜਾਵੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਠੀਕ ਵਿਆਖਿਆ ਕਰਨ ਦੀ ਯੋਗਤਾ ਰੱਖਦੇ ਹੋਣ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਦੀ ਜ਼ਿਮੇਵਾਰੀ ਸੰਬੰਧਿਤ ਗੁਰਦੁਆਰਾ ਸਾਹਿਬ ਦੀ ਕਮੇਟੀ ਹੀ ਕਰੇ ਅਤੇ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇ। ਜੇ ਕੋਈ ਵਿਅੱਕਤੀ ਹੁੱਲੜਬਾਜ਼ੀ ਕਰਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
4. ਹਾਜ਼ਰ ਸੰਸਥਾਵਾਂ ਵਲੋਂ ਇਹ ਫੈਸਲਾ ਲਿਆ ਗਿਆ ਕਿ ਭਵਿਖ ਵਿੱਚ ਗੁਰਦੁਆਰਾ ਕਮੇਟੀਆਂ ਦੇ ਆਪਸੀ ਤਾਲ-ਮੇਲ ਲਈ ਸਿੱਖ ਭਾਈਚਾਰੇ ਨਾਲ ਸੰਬੰਧਿਤ ਧਾਰਮਿਕ/ਸੋਸ਼ਲ ਗੰਭੀਰ ਮਸਲਿਆਂ ਨੂੰ ਸਮੇ ਸਿਰ, ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ, ਸੁਲਝਾਉਣ ਲਈ ਹੇਠ ਲਿਖੇ ਚਾਰ ਸਜਨਾਂ ਦੀ ਕਮੇਟੀ ਬਣਾਈ ਗਈ:
ੳ. ਸ੍ਰ: ਜਰਨੈਲ ਸਿੰਘ ਭੰਡਾਲ, ਸਕੱਤਰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ;
ਅ. ਸ੍ਰ: ਸਤਨਾਮ ਸਿੰਘ ਜੌਹਲ, ਪ੍ਰਧਾਨ ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵੈਨਕੂਵਰ;
ਸਹਿਯੋਗ ਲਈ:
ੲ. ਪ੍ਰੀਤਮ ਸਿੰਘ ਔਲਖ, ਵੈਨਕੂਵਰ;
ਸ. ਪੂਰਨ ਸਿੰਘ ਗਿੱਲ ਵੈਨਕੂਵਰ;
5. ਇਸ ਇਕੱਤਰਤਾ `ਚ ਇਟਲੀ ਵਿੱਚ ਸਿੱਖ ਕਕਾਰ ਕਿਰਪਾਨ ਤੇ ਪਾਬੰਦੀ ਲੱਗਣ ਤੇ ਚਿੰਤਾ ਪ੍ਰਗਟ ਕੀਤੀ ਗਈ।
6. ਜਦੋਂ ਕਦੀ ਵੀ ਪੰਥਕ ਮਸਲਾ ਪੈਦਾ ਹੋਵੇ ਉਸ ਵਾਰੇ ਤੁਰੰਤ ਸੁਸਾਇਟੀਆਂ ਬੈਠਕੇ ਵਿਚਾਰ ਕਰਨ।
7. ਇਸ ਪ੍ਰੈਸ ਰੀਲੀਜ਼ ਨੂੰ ਸਮੂਹ ਪੇਪਰਾਂ ਨੂੰ ਭੇਜਿਆ ਜਾਵੇ।
ਸਿੱਖ ਪੰਥ ਦੇ ਸੇਵਾਦਾਰ
1. ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਬੀ. ਸੀ. ।
2. ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਬੀ. ਸੀ. ।
3. ਬੀ. ਸੀ. ਖਾਲਸਾ ਦਰਵਾਰ ਵੈਨਕੂਵਰ।
4. ਗੁਰਦੁਆਰਾ ਦਸ਼ਮੇਸ ਦਰਬਾਰ ਸਰੀ ਬੀ. ਸੀ. ।
5. ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸ਼ਰੀ ਬੀ. ਸੀ. ।
6. ਖਾਲਸਾ ਦੀਵਾਨ ਸੁਸਾਇਟੀ ਸਰੀ ਬੀ. ਸੀ. ।
7. ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵੈਨਕੂਵਰ ਬੀ. ਸੀ।
8. ਫੈਡਰੇਸ਼ਨ ਔਫ ਸਿੱਖ ਸੁਸਾਇਟੀ ਔਫ ਕੈਨੇਡਾ।
9. ਗੁਰੂ ਨਾਨਕ ਸਪਿਰਚੂਅਲ ਸੈਂਟਰ ਸਰੀ ਬੀ. ਸੀ. ।
23 ਮਈ 2017


05/28/17
ਬੀ ਐੱਸ ਢਿੱਲੋਂ

ਲੋਕ ਸਾਥ ਆਤੇ ਗਏ ਕਾਰਵਾਂ ਬਨਤਾ ਗਿਆ ।
………ਬੀ ਐੱਸ ਢਿੱਲੋਂ

ਜਦੋਂ ਕੋਈ ਲਹਿਰ ਚਲਾਉਣ ਲਈ ਕੋਈ ਸਿਆਸੀ ਪਾਰਟੀ ਬਣਦੀ ਹੈ ਤਾਂ ਮੁੱਢਲੇ ਤੌਰ ਤੇ ਇਸਦੇ 3-4 ਜਾਂ 5-7 ਮੋਢੀ ਹੀ ਹੁੰਦੇ ਹਨ ।ਬਾਕੀ ਬਾਅਦ ਵਿੱਚ ਰਲਦੇ ਰਹਿੰਦੇ ਹਨ। ਲੋਗ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ। ਰੂਸ ਦੀ ਕਮਿਉਨਸਿਟ ਪਾਰਟੀ ਦੇ ਮੋਢੀ ਲੈਨਿਨ, ਟਰਾਟਸਕੀ, ਸਟਾਲਨ,ਲਿਵ ਕਾਮੇਨੇਵ ਤੇ ਨਿਕੋਲਾਈ ਕਰਿਸਟਿਨਸਕੀ 5 ਜਣੇ ਸਨ। ਲੈਨਿਨ ਦੀ ਮੌਤ ਪਿੱਛੋਂ ਸਟਾਲਨ ਨੇ ਬਾਕੀ ਤਿੰਨੇ ਮਾਰ ਦਿੱਤੇ ਸਨ। ਪਾਰਟੀ ਗਿਣਤੀ 2ਕਰੋੜ ਹੋ ਗਈ! ਹਿਟਲਰ ਦੀ ਨਾਜੀ ਪਾਰਟੀ ਦੇ ਮੋਢੀ ਅਡੋਲਫ ਹਿਟਲਰ,ਹਰਮਨ ਗੋਰਿੰਗ,ਐਨਟੋਨ ਡਰੈਕਸਲਰ ਤੇ ਡਾਇਟਰਿਚ ਏਕਾਰਟ ਕੁੱਲ 4 ਜਣੇ ਸਨ।ਪਿੱਛੋਂ ਗਿਣਤੀ 85 ਲੱਖ ਹੋ ਗਈ ਸੀ! ਚੀਨ ਦੀ ਕਮਿਉਨਿਸਟ ਪਾਰਟੀ ਦੇ ਮੋਢੀ ਮਾਓ ਜੇ ਤੁੰਗ,ਚਾਉ ਇਨ ਲਾਈ, ਚੇਨ ਡੁਕਸਿਉ ਤੇ ਲੀ ਡੇਜਾਉ 4 ਜਣੇ ਸਨ।ਪਿੱਛੋਂ ਗਿਣਤੀ 9 ਕਰੋੜ ਹੋ ਗਈ! ਕਾਂਗਰਸ ਪਾਰਟੀ ਦੇ ਮੋਢੀ ਏ ਓ ਹਿਉਮ,ਵਿਲੀਅਮ ਵੈਡਰਬਰਨ ਤੇ ਫਿਰੋਜਸ਼ਾਹ ਮਹਿਤਾ 3 ਜਣੇ ਸਨ । ਪਿੱਛੋਂ ਗਿਣਤੀ 2 ਕਰੋੜ ਹੋ ਗਈ ਸੀ!ਨਹਿਰੂ ਦੀ ਕੈਬਨਟ ਤੋਂ ਅਸਤੀਫਾ ਦੇ ਕੇ ਸ਼ਿਆਮਾਂ ਪਰਸ਼ਾਦ ਮੁਖਰਜੀ ਨੇ ਜਨਸੰਘ ਬਣਾਈ ਸੀ! ਜਿਸਦੇ ਹੁਣ ਬੀ ਜੇ ਪੀ ਰੂਪ ਦੀ ਪਾਰਟੀ ਦੇ 11 ਕਰੋੜ ਮੈਂਬਰ ਹਨ! ਤੇ ਹੁਣ ਇੰਡੀਆ ਦੀ ਸੱਭ ਤੋਂ ਨਵੀਂ ਪਾਰਟੀ ਦੇ ਮੋਢੀ ਆਵਿੰਦ ਕੇਜਰੀਵਾਲ,ਮਨੀਸ਼ ਸਸੋਦੀਆ,ਗੋਪਾਲ ਰਾਏ,ਪ੍ਰਸ਼ਾਂਤ ਭੂਸ਼ਨ, ਪੰਕਜ ਗੁਪਤਾ ਕੁਮਾਰ ਵਿਸ਼ਵਾਸ਼ ਤੇ ਜੋਗਿੰਦਰ ਯਾਦਵ 7 ਜਣੇ ਸਨ। ਪਿੱਛੋਂ ਗਿਣਤੀ 1 ਕਰੋੜ ਹੋ ਗਈ! ਇਹਨਾ ਪਾਰਟੀਆਂ ਨਾਲ ਬਾਅਦ ਵਿੱਚ ਰਲਣ ਵਾਲਿਆਂ ਵਿੱਚ ਕਈ ਪਾਰਟੀ ਦੇ ਸਿਧਾਂਤ ਨੂੰ ਮੰਨਣ ਵਾਲੇ, ਕੁੱਝ ਇਮਾਨਦਾਰ,ਕੁੱਝ ਚੰਗਾ ਕਰਨ ਦੇ ਚਾਹਵਾਂਨ,ਕਈ ਠੱਗੀ ਠੋਰੀ ਵਾਲੇ, ਕੁੱਝ ਤਮਾਸ਼ਬੀਨ ਤੇ ਬਹੁਤੇ ਦਾਅ ਲਾਉਣ ਵਾਲੇ ਲੋਕ ਹੁੰਦੇ ਹਨ। ਇੰਜ ਮੁੱਢਲੇ 5-4 ਲੋਕਾਂ ਦੇ ਕਾਫਲੇ ਵਿੱਚ ਪਿੱਛੋਂ ਲੱਖਾ ਕਰੋੜਾਂ ਲੋਕ ਰਲ ਜਾਂਦੇ ਹਨ। ਜੋ ਸਾਰੇ ਸਿਧਾਂਤਕ ਤੌਰ ਤੇ ਉਸ ਪਾਰਟੀ ਨੂੰ ਪ੍ਰਣਾਏ ਹੋਏ ਨਹੀਂ ਹੁੰਦੇ | ਬਹੁਤੇ ਤਪਦੇ ਤੰਦੂਰ ਤੇ ਰੋਟੀ ਸੇਕਣ ਆਏ ਦੋ ਨੰਬਰੀਏ ਹੁੰਦੇ ਹਨ! ਪਰ ਪਾਰਟੀਆ ਦੀ ਆਪਣਾ ਅਧਾਰ ਵਧਾਉਣ ਲਈ ਇਹ ਵਿਸਥਾਰ ਕਰਨਾ ਮਜਬੂਰੀ ਹੁੰਦੀ ਹੈ।ਤੇ ਜਦੋਂ ਕੋਈ ਪਾਰਟੀ ਲੋਕਾਂ ਵੱਲੋਂ ਰੱਦ ਹੋ ਜਾਂਦੀ ਹੈ ਤਾਂ ਮੁੜ ਤੋਂ ਹਜਾਰਾਂ ਚ ਸਿਮਟਕੇ ਰਹਿ ਜਾਂਦੀ ਹੈ! ਪਾਰਟੀ ਦਾ ਫੈਲਣਾ, ਸੁੰਗੜਣਾਂ ਪਾਰਟੀ ਦੇ ਮੁਖੀ ਦਾ ਕੰਟਰੌਲ ਤੇ ਇਸ ਕਾਫਲੇ ਵਿੱਚ ਰਲੇ ਲੋਕਾਂ ਦੀ ਸੁਹਿਰਦਤਾ ਤੇ ਨਿਰਭਰ ਕਰਦਾ ਹੈ।
ਬੀ ਐੱਸ ਢਿੱਲੋਂ
9988091463
dhillonak@yahoo.com
B. S. Dhillon Advocate
Mobile : 9988091463
e-mail: dhillonak@yahoo.com
# 146/ 49-A Chandigarh


05/28/17
ਗਿਆਨੀ ਅਵਤਾਰ ਸਿੰਘ

ਗੁਰਬਾਣੀ ਲਿਖਤ ਬਨਾਮ ਅਜੋਕੀ ਪੰਜਾਬੀ ਭਾਸ਼ਾ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)-94650-40032

ਪਿਛਲੇ ਲੇਖ ’ਚ ‘ਪੰਜਾਬੀ ਭਾਸ਼ਾ’ ਅਤੇ ‘ਗੁਰਬਾਣੀ ਲਿਖਤ’ ਦੇ ਲਿਖਤੀ ਨਿਯਮ ’ਚ ਬੁਨਿਆਦੀ ਅੰਤਰ ਬਾਰੇ ਕੁਝ ਵਿਚਾਰ ਕੀਤੀ ਗਈ ਸੀ, ਜਿਸ ਨੂੰ ਕੇਵਲ ਇੱਕ ਵਚਨ ਪੁਲਿੰਗ ਨਾਂਵ (ਪੜਨਾਂਵ ਜਾਂ ਵਿਸ਼ੇਸ਼ਣ) ਦੇ ਲਿਖਤ ਨਿਯਮਾਂ ਤੱਕ ਹੀ ਸਮਝਿਆ ਜਾਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ’ਚ ਬਹੁ ਵਚਨ ਪੁਲਿੰਗ ਨਾਂਵ ਅਤੇ ਇਸਤ੍ਰੀ ਲਿੰਗ ਨਾਂਵ ਵਾਲ਼ੇ ਤਮਾਮ ਸ਼ਬਦ; ਅਜੋਕੀ ਪੰਜਾਬੀ ਭਾਸ਼ਾ ਵਾਙ ਹੀ (ਅੰਤ ਮੁਕਤ) ਲਿਖੇ ਜਾਂਦੇ ਹਨ ਜਾਂ ਕੁਝ ਕੁ ਅਨ੍ਯ ਭਾਸ਼ਾਵਾਂ ਦੇ ਸ਼ਬਦ ਹੋਣ ਕਾਰਨ ਅੰਤ ਸਿਹਾਰੀ (ਸੁਰਤਿ, ਭਗਤਿ, ਹਰਿ ਵਾਙ) ਦਰਜ ਹੁੰਦੇ ਹਨ। ਹਥਲੇ ਵਿਸ਼ੇ ਦੀ ਸੰਖੇਪਤਾ ਲਈ ਇਨ੍ਹਾਂ (ਅੰਤ ਮੁਕਤ ਤੇ ਅੰਤ ਸਿਹਾਰੀ ਵਾਲ਼ੇ) ਸ਼ਬਦਾਂ ਨੂੰ ਵਿਚਾਰ ਦਾ ਭਾਗ ਨਹੀਂ ਬਣਾਇਆ ਗਿਆ ਹੈ।

ਕਿਸੇ ਭਾਸ਼ਾ ਲਿਖਤ ਦੀ ਵਿਚਾਰ ਲਈ ਉਸ ਨੂੰ ਦੋ ਭਾਗਾਂ ’ਚ ਵੰਡਣਾ ਲਾਜ਼ਮੀ ਹੁੰਦਾ ਹੈ:

(ੳ) ਵਿਆਕਰਨ ਜਾਂ ਲਿਖਤ ਨਿਯਮ ।

(ਅ) ਭਾਸ਼ਾਈ ਉਚਾਰਨ ਨਿਯਮ ।

(ੳ). ਲਿਖਤ ਨਿਯਮ ਜਾਂ ਵਿਆਕਰਨ : ਇਸ ਭਾਗ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਬਾਣੀ ਲਿਖਤ ਮੁਤਾਬਕ ‘ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ’ (ਭਾਵ 10 ਲਗਾਂ) ਸ਼ਾਮਲ ਹਨ; ਜਿਵੇਂ ਕਿ ‘ਸ, ਸਾ, ਸਿ, ਸੀ, ਸੁ, ਸੂ, ਸੇ, ਸੈ, ਸੋ, ਸੌ’; ਪਰ ਤਿੰਨ ਸਵਰ ਅੱਖਰਾਂ (ੳ, ਅ, ੲ) ਨੂੰ 10-10 ਲਗਾਂ ਨਹੀਂ ਲਗਦੀਆਂ। ਕੇਵਲ ‘ਉ, ਊ, ਓ (3), ਅ, ਆ, ਐ, ਔ (4), ਇ, ਈ, ਏ (3) ਲਗਾਂ ਹੀ ਲੱਗਦੀਆਂ ਹਨ ਅਤੇ ਬਾਕੀ 32 (35-3=32) ਅੱਖਰ ਵਿਅੰਜਨ ਹੁੰਦੇ ਹਨ, ਜਿਨ੍ਹਾਂ ਨੂੰ ਇਹ ਤਮਾਮ 10-10 ਲਗਾਂ ਲੱਗਦੀਆਂ ਹਨ।

(ਨੋਟ: ਭਾਸ਼ਾਈ ਨਿਯਮਾਂ ਮੁਤਾਬਕ ‘ਸਵਰ’ ਉਹ ਧੁਨੀ ਹੈ, ਜੋ ਮੂੰਹ ਵਿੱਚ ਬਿਨਾਂ ਕਿਸੇ ਰੁਕਾਵਟ ਪਿਆਂ ਉਚਾਰੀ (ਬੋਲੀ) ਜਾਂਦੀ ਹੈ, ਜਦ ਕਿ ‘ਵਿਅੰਜਨ’ ਉਹ ਅੱਖਰ ਧੁਨੀ ਹੈ, ਜੋ ‘ਸਵਰ’ ਧੁਨੀ ਦੇ ਸਹਿਯੋਗ ਅਤੇ ਮੂੰਹ ਦੀ ਮਦਦ ਨਾਲ਼ ਉਚਾਰਨ ਹੁੰਦੀ ਹੈ। ਇਸ ਧੁਨੀ ਉਚਾਰਨ ਮੁਤਾਬਕ ਹੀ ‘ਕਵਰਗ (ਕ ਖ ਗ ਘ ਙ), ਚਵਰਗ (ਚ ਛ ਜ ਝ ਞ), ਟਵਰਗ (ਟ ਠ ਡ ਢ ਣ), ਤਵਰਗ (ਤ ਥ ਦ ਧ ਨ), ਪਵਰਗ (ਪ ਫ ਬ ਭ ਮ)’ ਸ਼੍ਰੇਣੀ ਵੰਡ (ਵਰਣਮਾਲਾ) ਬਣੀ, ਜਿਨ੍ਹਾਂ ਦੇ ਤਮਾਮ ਅਖੀਰਲੇ ਅੱਖਰਾਂ (ਙ, ਞ, ਣ, ਨ, ਮ) ਰਾਹੀਂ ਅਨੁਨਾਸਕ (ਨਾਸਿਕੀ) ਧੁਨੀ ਵੀ ਪ੍ਰਗਟ ਕੀਤੀ ਜਾਂਦੀ ਹੈ। ‘ਯ ਰ ਲ ੜ ਸ’ ਅੱਖਰ ਵੰਡ ਵੀ ਸਮਾਨ ਧੁਨੀ ਦੇ ਪ੍ਰਤੀਕ ਵਜੋਂ ਹਨ। ‘ਵ ਹ’ ਅੱਖਰਾਂ ਦੀ ਵਿਅੰਜਨ ਧੁਨੀ ਸਮਾਨੰਤਰ ਹੋਣ ਕਾਰਨ ਅਰਧ ਸਵਰ ਧੁਨੀ ਵੀ ਮੰਨ ਲਈ ਜਾਂਦੀ ਹਨ; ਜਿਵੇਂ ‘ਪਉੜੀ ਤੇ ਪਵੜੀ’ ਜਾਂ ‘ਗਾਵਹਿ ਤੇ ਗਾਵੈ’ (‘ਗਾਵੈ’ ’ਚ ‘ਗ+ ਆ + ਵ + ਐ’ ਹੈ) ਅਤੇ ਕੁਝ ਖ਼ਾਸ ਜਗ੍ਹਾ ‘ਯ’ ਵਿਅੰਜਨ ਧੁਨੀ ਵੀ ਸਵਰ ਧੁਨੀ ਪ੍ਰਗਟ ਕਰ ਜਾਂਦੀ ਹੈ; ਜਿਵੇਂ ‘ਗਿਆਨ ਤੇ ਗ੍ਯਾਨ’

ਇਹੀ ਵਰਣਮਾਲਾ ਪੰਜਾਬੀ ਭਾਸ਼ਾ ’ਚ 35 ਅੱਖਰੀ ਅਖਵਾਉਂਦੀ ਹੈ। ਪੰਜਾਬੀ ਐਸੀ ਅਨੋਖੀ ਭਾਸ਼ਾ ਹੈ ਜਿਸ ਦੇ ਉਚਾਰਨ ਲਈ ਕੇਵਲ ਤਿੰਨ ਹੀ ਸਵਰ ਅੱਖਰ (ੳ, ਅ, ੲ) ਕਾਫ਼ੀ ਹਨ, ਜਿਨ੍ਹਾਂ ਰਾਹੀਂ 10 ਸਵਰ ਧੁਨੀਆਂ (ਅ, ਆ, ਇ, ਈ, ਉ, ਊ, ਏ, ਐ, ਓ, ਔ) ਪ੍ਰਗਟ ਹੋ ਜਾਂਦੀਆਂ ਹਨ।)

(ਅ). ਭਾਸ਼ਾਈ ਉਚਾਰਨ ਨਿਯਮ: ਇਸ ਭਾਗ ’ਚ ਆਪਣੀ ਗੱਲ ਨੂੰ ਵਧੇਰੇ ਸਪੱਸ਼ਟ ਕਰਨ ਲਈ ਵਿਸਰਾਮ ਚਿੰਨ੍ਹਾਂ ਸਮੇਤ ‘ਬਿੰਦੀ, ਟਿੱਪੀ, ਅੱਧਕ’ (ਲਗਾਖਰ/ਲਗ + ਅੱਖਰ) ਲੈ ਲਏ ਜਾਂਦੇ ਹਨ। ਗੁਰਬਾਣੀ ਕਈ ਭਾਸ਼ਾਵਾਂ ਦਾ ਸੰਗ੍ਰਹਿ ਹੋਣ ਕਾਰਨ ‘ਸ਼, ਖ਼, ਗ਼, ਜ਼, ਫ਼, ਲ਼’ ਅੱਖਰ ਵੀ ਧੁਨੀ ਦੇ ਉਚਾਰਨ ਢੰਗ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹਨ।

ਪੰਜਾਬੀ ਭਾਸ਼ਾ ’ਚ ‘ਬਿੰਦੀ’ ਦੀ ਵਰਤੋਂ ‘ਕੰਨਾ (ਾ), ਬਿਹਾਰੀ ( ੀ ), ਲਾਂ ( ੇ ), ਦੁਲਾਵਾਂ ( ੈ ), ਹੋੜਾ ( ੋ ), ਕਨੌੜਾ ( ੌ )’ (6 ਲਗ ਚਿੰਨ੍ਹਾਂ) ਨਾਲ਼ ਹੁੰਦੀ ਹੈ ਜਦ ਕਿ ਬਾਕੀ ਰਹੀਆਂ 4 ਲਗਾਂ (ਮੁਕਤਾ, ਸਿਹਾਰੀ ‘ ਿ’, ਔਂਕੜ ‘ ੁ’ , ਦੁਲੈਂਕੜ ‘ ੂ’ ) ਨਾਲ਼ ਟਿੱਪੀ ਚਿੰਨ੍ਹ ਦਾ ਪ੍ਰਯੋਗ ਹੁੰਦਾ ਹੈ, ਪਰ ‘ਉ, ਊ’ (ਸਵਰ) ਨਾਲ਼ ਟਿੱਪੀ ਦੀ ਬਜਾਇ ਬਿੰਦੀ ਲਗਦੀ ਹੈ। ‘ਬਿੰਦੀ’ ਅਤੇ ‘ਟਿੱਪੀ’ ਦੀ ਅਨੁਨਾਸਕ ਧੁਨੀ ਇੱਕ ਸਮਾਨ ਹੀ ਹੁੰਦੀ ਹੈ।

ਗੁਰਬਾਣੀ ਲਿਖਤ ’ਚ ਕਈ ਜਗ੍ਹਾ ‘ਬਿਹਾਰੀ ( ੀ ), ਉ, ਊ’ ਨੂੰ ਵੀ ਪੰਜਾਬੀ ਭਾਸ਼ਾ ਤੋਂ ਵਿਪਰੀਤ ਭਾਵ ਬਿੰਦੀ ਦੀ ਬਜਾਇ ਟਿੱਪੀ ਲੱਗੀ ਹੋਈ ਮਿਲਦੀ ਹੈ; ਜਿਵੇਂ ਕਿ ‘ਕਰੰਉ, ੲੰੀਧਨ’, ਆਦਿ :

ਨਾਨਕ ! ਦਾਸੁ ਸਦਾ ਸੰਗਿ ਸੇਵਕੁ; ਤੇਰੀ ਭਗਤਿ ‘ਕਰੰਉ’ ਲਿਵ ਲਾਏ ॥ (ਮ: ੫/੫੭੭)

(ਨੋਟ: ਉਕਤ ਤੁਕ ’ਚ ‘ਕਰੰਉ’ ਸ਼ਬਦ ’ਚ ‘ਰ’ ਅੱਖਰ ਨੂੰ ਟਿੱਪੀ ‘ਰੰ’ ਨਹੀਂ ਬਲਕਿ ‘ਉ’ ਨਾਲ਼ ‘ ੰਉ’ ਹੈ।)

‘ੲੰੀਧਨ’ ਤੇ ਬੈਸੰਤਰੁ (ਲੱਕੜ ਤੋਂ ਅੱਗ) ਭਾਗੈ ॥ ਮਾਟੀ ਕਉ; ਜਲੁ ਦਹ ਦਿਸ ਤਿਆਗੈ ॥ (ਮ: ੫/੯੦੦), ਆਦਿ।

‘ਅੱਧਕ’ (ਚਿੰਨ੍ਹ); ਕੇਵਲ ਪੰਜਾਬੀ ਭਾਸ਼ਾ ਦਾ ਪ੍ਰਤੀਕ ਹੈ ਕਿਉਂਕਿ ਇਸ ਵਿੱਚ ਦੂਹਰਾ (ਦੁੱਤ) ਅੱਖਰ ਨਹੀਂ ਹੁੰਦਾ। ਇਹ ‘ਅੱਧਕ’ ਹੀ ਆਪਣੇ ਤੋਂ ਅਗਲੇ ਅੱਖਰ ਦਾ ਦੁੱਤੀਕਰਨ (ਦੂਹਰਾਪਣ) ਕਰ ਦਿੰਦੀ ਹੈ; ‘ਦਿਲ੍ਲੀ’ ਨੂੰ ‘ਦਿੱਲੀ’, ‘ਮਸ਼ਕ੍ਕਤ’ ਨੂੰ ‘ਮਸ਼ੱਕਤ’।

ਪਿਛਲੇ ਲੇਖ (ਭਾਗ 1) ’ਚ ਗੁਰਬਾਣੀ ਲਿਖਤ ਅਤੇ ਪੰਜਾਬੀ ਭਾਸ਼ਾ ਦੇ ਵਿਆਕਰਨ (ਲਿਖਤ) ਨਿਯਮ ਭਾਵ 10 ਲਗਾਂ ਦੀ ਅੰਸ਼ਿਕ ਵਿਚਾਰ ਕੀਤੀ ਗਈ ਸੀ ਅਤੇ ਇਸ ਹਥਲੇ ਲੇਖ ’ਚ ਪੰਜਾਬੀ ਭਾਸ਼ਾ ਅਤੇ ਗੁਰਬਾਣੀ ਦਾ ‘ਭਾਸ਼ਾਈ ਉਚਾਰਨ ਨਿਯਮ’ ਵਿਚਾਰਨ ਦਾ ਯਤਨ ਕੀਤਾ ਜਾਏਗਾ।

ਗੁਰਬਾਣੀ ਪਾਠ ਦੌਰਾਨ ਇੱਕ ਜਗ੍ਹਾ ਤੋਂ ਨਾਸਿਕੀ ਉਚਾਰਨ ਦੀ ਸੇਧ ਲੈ ਕੇ ਸਮਾਨੰਤਰ ਅਰਥਾਂ ਵਾਲ਼ੇ ਦੂਸਰੇ ਸ਼ਬਦਾਂ ਦਾ ਵੀ ਨਾਸਿਕੀ ਉਚਾਰਨ ਕਰਨ ਵਾਲ਼ੇ ਗੁਰਸਿੱਖਾਂ ਨਾਲ਼ ਅਸਹਿਮਤ ਕੁਝ ਗੁਰਸਿੱਖ ਸੱਜਣ, ਜੋ ਗੁਰਮੁਖੀ ਲਿਖਤ ਨੂੰ ਗਹੁ ਨਾਲ਼ ਵਿਚਾਰਨ ਦਾ ਯਤਨ ਵੀ ਕਰਦੇ ਹਨ ਭਾਵ ਖੋਜੀ ਬਿਰਤੀ ਦੇ ਮਾਲਕ ਵੀ ਅਖਵਾਉਂਦੇ ਹਨ, ਉਹ ਆਮ ਤੌਰ ’ਤੇ ਦੋ ਸਵਾਲ ਕਰਦੇ ਵੇਖੇ ਗਏ ਹਨ:

(ਨੋਟ: ਜ਼ਿਆਦਾਤਰ ਸਿੱਖ; ‘ਗੁਰਬਾਣੀ ਲਿਖਤ ਨਿਯਮ’ ਤੇ ‘ਗੁਰਬਾਣੀ ਉਚਾਰਨ ਨਿਯਮ’ ਦੀ ਵਿਚਾਰ ਦਾ ਇਸ ਲਈ ਵਿਰੋਧ ਕਰਦੇ ਵੇਖੇ ਗਏ ਕਿਉਂਕਿ ਉਨ੍ਹਾਂ ਮੁਤਾਬਕ ਵਿਸ਼ਾ ਕਠਿਨ ਹੁੰਦਾ ਹੈ, ਜੋ ਉਨ੍ਹਾਂ ਦੀ ਬੁੱਧੀ ਦੀ ਪਕੜ ’ਚੋਂ ਬਾਹਰ ਰਹਿਣ ਕਾਰਨ ਆਪਣੀ ਕਮਜੋਰੀ ਨੂੰ ਛੁਪਾਉਣ ਲਈ ਵਿਰੋਧ ਕਰ ਬੈਠਦੇ ਹਨ। ਇਸ ਲਈ ਅਜਿਹੀ ਸੋਚ ਨੂੰ ਖੋਜੀ ਬਿਰਤੀ ਨਹੀਂ ਕਿਹਾ ਜਾ ਸਕਦਾ।)

ਸਵਾਲ ਨੰਬਰ 1. ਜਦ ਆਧੁਨਿਕ ਭਾਸ਼ਾ; ਗੁਰਮੁਖੀ ਲਿਖਤ ਤੋਂ ਭਿੰਨ ਹੈ ਤਾਂ ਇਸ ਦਾ ਉਚਾਰਨ; ਅਜੋਕੀ ਭਾਸ਼ਾ ਵਾਙ (ਨਾਸਿਕੀ) ਕਿਉਂ ਕੀਤਾ ਜਾਂਦਾ ਹੈ ?

ਸਵਾਲ ਨੰਬਰ 2. ਜਦ ਗੁਰਬਾਣੀ ’ਚ ਕੁਝ ਕੁ ਸ਼ਬਦਾਂ ਨੂੰ ਬਿੰਦੀ ਲੱਗੀ ਹੋਈ ਹੈ ਭਾਵ ਤਦ ਬਿੰਦੀ ਪ੍ਰਚਲਿਤ ਸੀ, ਜੋ ਜ਼ਰੂਰਤ ਮੁਤਾਬਕ ਲਗਾਈ ਵੀ ਗਈ, ਫਿਰ ਹੁਣ ਵਾਧੂ ਹੋਰ ਬਿੰਦੀਆਂ ਦਾ ਪ੍ਰਯੋਗ ਕਰਨਾ ਉਚਿਤ ਕਿਵੇਂ ?

ਧਿਆਨ ਰਹੇ ਕਿ

(1). ਪੰਜਾਬੀ ਭਾਸ਼ਾ ਦਾ ‘ਨੂੰ’ ਸ਼ਬਦ; ਗੁਰਬਾਣੀ ਲਿਖਤ ’ਚ ਨਹੀਂ ਮਿਲਦਾ, ਇਸ ਦੀ ਬਜਾਇ ‘ਨੋ’ (437 ਵਾਰ) ਅਤੇ ‘ਕਉ’ (1607 ਵਾਰ) ਦਰਜ ਹੈ, ਜਿਨ੍ਹਾਂ ਦੇ ਅਰਥਾਂ ’ਚ ਕੋਈ ਭਿੰਨਤਾ ਨਹੀਂ।

(2). ਗੁਰਬਾਣੀ ਵਿੱਚ ਕਿਸੇ ਵੀ ਅੱਖਰ ਦੇ ਪੈਰ ’ਚ ਬਿੰਦੀ ਅਤੇ ਅੱਧਕ ਦਾ ਪ੍ਰਯੋਗ ਨਹੀਂ ਕੀਤਾ ਗਿਆ।

(3). ਅਜੋਕੀ ਪੰਜਾਬੀ ਦੇ ਸ਼ਬਦ ‘ਵਿੱਚ ਅਤੇ ’ਚ’ ਦੀ ਜਗ੍ਹਾ ਗੁਰਬਾਣੀ ’ਚ ‘ਬਿਚਿ (5 ਵਾਰ, ਮਲਵਈ) ਬੀਚਿ (3 ਵਾਰ, ਮਲਵਈ), ਵਿਚਿ (336 ਵਾਰ), ਮਹਿ (1160 ਵਾਰ), ਮਾਹਿ’ (333 ਵਾਰ) ਸ਼ਬਦ ਮੌਜੂਦ ਹਨ। ਜਿਵੇਂ ਪੰਜਾਬੀ ’ਚ ‘ਵਿੱਚ’ਦੀ ਜਗ੍ਹਾ ਜ਼ਿਆਦਾਤਰ ‘ ’ਚ ’ (ਸੰਖੇਤ ਸ਼ਬਦ) ਦਾ ਪ੍ਰਯੋਗ ਹੁੰਦਾ ਹੈ, ਵੈਸੇ ਹੀ ਗੁਰਬਾਣੀ ’ਚ ‘ਮਾਹਿ’ (333 ਵਾਰ) ਦੇ ਮੁਕਾਬਲੇ ‘ਮਹਿ’ (1160 ਵਾਰ, ਸੰਖੇਪ) ਸ਼ਬਦ ਦਾ ਪ੍ਰਯੋਗ ਵਧੀਕ ਹੈ।

ਧਿਆਨ ਰਹੇ ਕਿ ਗੁਰਬਾਣੀ ’ਚ ‘ਵਿਚੁ (3 ਵਾਰ), ਬੀਚੁ (5 ਵਾਰ)’ ਦਾ ਅਰਥ (‘ਵਿਚਿ, ਬਿਚਿ, ਬੀਚਿ’ ਵਾਙ ਸੰਬੰਧਕੀ ਨਹੀਂ ਬਲਕਿ) ਵਿਚੋਲਾ, ਵਕੀਲ, ਪਰਦਾ, ਵਿੱਥ, ਆਦਿ (ਇੱਕ ਵਚਨ ਪੁਲਿੰਗ ਨਾਂਵ) ਹੈ; ਜਿਵੇਂ ਕਿ

‘ਵਿਚੁ’ ਨ ਕੋਈ ਕਰਿ ਸਕੈ; ਕਿਸ ਥੈ ਰੋਵਹਿ ਰੋਜ ॥ (ਮ: ੫/੧੩੫)

‘ਬੀਚੁ’ ਨ ਕੋਇ ਕਰੇ; ਅਕ੍ਰਿਤਘਣੁ ਵਿਛੁੜਿ ਪਇਆ ॥ (ਮ: ੫/੫੪੬), ਆਦਿ।)

ਉਕਤ ਪਹਿਲਾ ਸਵਾਲ ਕਿ ਗੁਰਮੁਖੀ ਲਿਖਤ ਨੂੰ ਨਵੀਨਤਮ ਭਾਸ਼ਾ ਵਾਙ (ਬਿੰਦੀ ਸਹਿਤ) ਕਿਉਂ ਉਚਾਰਨ ਕੀਤਾ ਜਾਂਦਾ ਹੈ ? ਦੇ ਜਵਾਬ ਲਈ ਗੁਰਬਾਣੀ ’ਚੋਂ ‘ਕਾਇਆ’ ਸ਼ਬਦ ਮਿਸਾਲ ਵਜੋਂ ਲਿਆ ਗਿਆ ਹੈ, ਜਿਸ ਦੀ ਮੌਜੂਦਗੀ ਗੁਰਬਾਣੀ ’ਚ ‘ਕਾਂਇਆ’ (12 ਵਾਰ), ‘ਕਾਇਆਂ’ (1 ਵਾਰ) ਅਤੇ ‘ਕਾਇਆ’ (174 ਵਾਰ) ਹੈ। ‘ਕਾਇਆ’, ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਜੋਕਾ ਸਰੂਪ ‘ਕਾਯਮ੍’ (ਨਪੁੰਸਕ ਲਿੰਗ) ਹੈ ਭਾਵ ਇਸ ਸ਼ਬਦ ’ਚ ਅਜੋਕੀ ਕੋਈ ਅਨੁਨਾਸਕ ਧੁਨੀ ਨਹੀਂ।

ਕੀਤੇ ਜਾਂਦੇ ਪਹਿਲੇ ਸਵਾਲ ਮੁਤਾਬਕ ਅਗਰ ਗੁਰਬਾਣੀ ’ਚ ਦਰਜ ਪੁਰਾਤਨ ਸ਼ਬਦਾਂ ਨੂੰ ਆਧੁਨਿਕ ਭਾਸ਼ਾ ਵਾਙ ਉਚਾਰਨ ਕਰੀਏ ਤਾਂ ਗੁਰਬਾਣੀ ’ਚ ਮੌਜੂਦ ਬਿੰਦੀ ਸਹਿਤ ‘ਕਾਂਇਆ (12 ਵਾਰ) ਅਤੇ ਕਾਇਆਂ’ (1 ਵਾਰ) ਨੂੰ ਵੀ ‘ਕਾਇਆ’ (174 ਵਾਰ) ਵਾਙ ਬਿੰਦੀ ਰਹਿਤ ਹੀ ਉਚਾਰਨ ਕਰਨਾ ਪਏਗਾ ਜਦ ਕਿ ਗੁਰਬਾਣੀ ਉਚਾਰਨ ਸੰਬੰਧੀ ‘ਕਾਇਆ’ (174 ਵਾਰ) ਨੂੰ ਵੀ ‘ਕਾਇਆਂ (12 ਵਾਰ) ਜਾਂ ਕਾਂਇਆ’ (1 ਵਾਰ) ਵਾਙ ਨਾਸਿਕੀ ਧੁਨੀ ਬੋਲਣ ਦੀ ਸੇਧ ਦਿੱਤੀ ਜਾ ਰਹੀ ਹੈ।

ਗੁਰਬਾਣੀ ਲਿਖਤ ਬਾਬਾ ਫ਼ਰੀਦ ਜੀ (ਜਨਮ ਸੰਨ 1173) ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ (ਸ਼ਹੀਦੀ ਸੰਨ 1675) ਤੱਕ ਲਗਭਗ 5 ਸਦੀਆਂ ਦੀ ਸਾਹਿਤਕ ਰਚਨਾ ਹੈ; ਜਿਸ ਵਿੱਚ ਪਹਿਲੀ ਵਾਰ ‘ਕਾਂਇਆ’ (ਬਿੰਦੀ ਸਹਿਤ) ਉਚਾਰਨ ਭਗਤ ਕਬੀਰ ਜੀ ਨੇ ਕੀਤਾ ਹੈ, ਜਿਨ੍ਹਾਂ ਉਪਰੰਤ ‘ਗੁਰੂ ਨਾਨਕ ਜੀ, ਗੁਰੂ ਅਮਰ ਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਜੀ’ ਨੇ ਵੀ ‘ਕਾਂਇਆ’ (ਬਿੰਦੀ) ਸਮੇਤ ਗੁਰਬਾਣੀ ਦੀ ਰਚਨਾ ਕੀਤੀ; ਜਿਵੇਂ ਕਿ

ਕਾਂਇਆ ਮਾਂਜਸਿ ਕਉਨ ਗੁਨਾਂ ? ॥ ਜਉ ਘਟ ਭੀਤਰਿ ਹੈ ਮਲਨਾਂ ॥ (ਭਗਤ ਕਬੀਰ/੬੫੬)

ਕਾਂਇਆ ਹੰਸ ਥੀਆ (ਹੋ ਗਿਆ) ਵੇਛੋੜਾ, ਜਾਂ ਦਿਨ ਪੁੰਨੇ (ਮੁੱਕ ਗਏ) ਮੇਰੀ ਮਾਏ ! ॥ (ਅਲਾਹਣੀਆ/ਮ: ੧/੫੭੯)

ਪਵਣੈ ਪਾਣੀ ਜਾਣੈ ਜਾਤਿ ॥ ‘ਕਾਇਆਂ’ ਅਗਨਿ ਕਰੇ ਨਿਭਰਾਂਤਿ ॥ (ਮ: ੧/੧੨੫੬)

ਕਾਂਇਆ ਸਾਧੈ, ਉਰਧ ਤਪੁ ਕਰੈ, ਵਿਚਹੁ ਹਉਮੈ ਨ ਜਾਇ ॥ (ਮ: ੩/੩੩)

ਨਾਨਕ ! ਹਟ ਪਟਣ ਵਿਚਿ ਕਾਂਇਆ, ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥ (ਮ: ੪/੯੫)

ਗੋਬਿੰਦ ਕੀ ਟਹਲ, ਸਫਲ ਇਹ ਕਾਂਇਆ ॥ (ਮ: ੫/੨੦੧)

ਜਬ ਹੀ ਹੰਸ ਤਜੀ ਇਹ ਕਾਂਇਆ, ਪ੍ਰੇਤ ਪ੍ਰੇਤ ਕਰਿ ਭਾਗੀ ॥ (ਮ: ੯/੬੩੪), ਆਦਿ।

ਸੋ, ਉਕਤ ਕੀਤਾ ਜਾਂਦਾ ਪਹਿਲਾ ਸਵਾਲ (ਕਿ ਗੁਰਮੁਖੀ ਨੂੰ ਅਜੋਕੀ ਭਾਸ਼ਾ ਵਾਙ ਉਚਾਰਨ ਕੀਤਾ ਜਾਂਦਾ ਹੈ) ਨਿਰਮੂਲ, ਨਿਰਾਧਾਰ ਅਤੇ ਬੇਦਲੀਲ ਜਾਪਦਾ ਹੈ।

ਦੂਸਰਾ ਸਵਾਲ ਇਹ ਹੈ ਕਿ ਗੁਰਬਾਣੀ ਵਿੱਚ ਜਿੱਥੇ ਬਿੰਦੀ ਦਰਜ ਹੋਵੇ ਉੱਥੇ ਉਚਾਰਨ ਵੀ ਨਾਸਿਕੀ ਕੀਤਾ ਜਾਵੇ ਅਤੇ ਬਾਕੀ ਸਮਾਨੰਤਰ ਸ਼ਬਦਾਰਥ ਹੋਣ ਦੇ ਬਾਵਜੂਦ ਵੀ ਬਿੰਦੀ ਰਹਿਤ ਉਚਾਰਨ ਕਰਨਾ ਗੁਰਬਾਣੀ ਦਾ ਦਰੁਸਤ ਪਾਠ ਹੈ।

ਇਸ ਸਵਾਲ ਦੇ ਜਵਾਬ ਲਈ ਗੁਰਬਾਣੀ ’ਚੋਂ ‘ਵਡਿਆਈਆ’ ਸ਼ਬਦ ਮਿਸਾਲ ਵਜੋਂ ਲਿਆ ਗਿਆ ਹੈ, ਜੋ ਗੁਰਬਾਣੀ ’ਚ ‘ਵਡਿਆਈਆ’ (32 ਵਾਰ), ‘ਵਡਿਆਈਆਂ’ (3 ਵਾਰ), ‘ਵਡਿਆਂਈਆ’ (1 ਵਾਰ) ਮੌਜੂਦ ਹੈ।

ਗੁਰਬਾਣੀ ਦੀ ਪੁਰਾਤਨ ਲਿਖਤ ਸੰਗਲੀ ਰੂਪ (ਪਦ ਛੇਦ ਰਹਿਤ) ਸੀ, ਜਿਸ ਦਾ ਉਤਾਰਾ (ਕਾਪੀ) ਕਰਦਿਆਂ ਗ਼ਲਤੀਆਂ ਦੀ ਗੁੰਜਾਇਸ਼ ਵਧ ਜਾਂਦੀ ਹੈ; ਜਿਵੇਂ ਕਿ

ਜਾਤੂੰਵਡਾਸਭਿਵਡਿਆਂਈਆਚੰਗੈਚੰਗਾਹੋਈ॥ਜਾਤੂੰਸਚਾਤਾਸਭੁਕੋਸਚਾਕੂੜਾਕੋਇਨਕੋਈ॥ (ਮਾਝ ਕੀ ਵਾਰ/ਮ:੧/੧੪੫)

ਇਸ ਤੁਕ ’ਚ ਸ਼ਾਮਲ ‘ਵਡਿਆਂਈਆ’ ਸ਼ਬਦ ਦੇ ਵਿਚਕਾਰਲੇ ‘ਆ’ ਨੂੰ ‘ਆਂ’ ਲਿਖਣਾ ਉਤਾਰੇ ਦੀ ਗ਼ਲਤੀ ਜਾਪਦੀ ਹੈ, ਜੋ ਕਿ ਗੁਰਬਾਣੀ ਅਤੇ ਨਵੀਨਤਮ ਪੰਜਾਬੀ ਅਨੁਸਾਰ ਦਰੁਸਤ ਨਹੀਂ।

ਸੋਚੋ, ਅਗਰ ਗੁਰੂ ਜੀ ਵਾਰ-ਵਾਰ ਸਮਾਨੰਤਰ ਅਰਥਾਂ ਵਾਲ਼ੇ ਸਬਦਾਂ ਲਈ ਸੰਕੇਤਕ ਚਿੰਨ੍ਹਾਂ ਦੀ ਵਰਤੋਂ ਕਰਨ ਦੀ ਬਜਾਇ ਸਾਰੇ ਹੀ ਸ਼ਬਦਾਂ ਦੇ ਤਤਕਾਲੀਨ (ਪ੍ਰਚਲਿਤ) ਉਚਾਰਨ ਦੇ ਗਏ ਹੁੰਦੇ ਤਾਂ ਹੱਥ ਲਿਖਤ ਉਤਾਰੇ ਦੌਰਾਨ ਵਿਖਾਈ ਦੇ ਰਹੀ ਉਕਤ ਗ਼ਲਤੀ (ਵਡਿਆਂਈਆ) ਵਾਙ ਤਰੁਟੀਆਂ ’ਚ ਹੋਰ ਵੀ ਵਾਧਾ ਹੋਣਾ ਸੀ, ਜੋ ਕਿ ਸ਼ਬਦਾਰਥਾਂ ਦੇ ਭਾਵਾਰਥਾਂ ਨੂੰ ਹੀ ਬਦਲ ਦਿੰਦਾ।

ਗੁਰਬਾਣੀ ਸ਼ਬਦ ਵਿਚਾਰ ਕਰਦਿਆਂ ਗੁਰੂ ਸਾਹਿਬਾਨ ਜੀ ਦੀ ਦੀਰਘ ਸੋਚ ਦੀ ਝਲਕ ਪ੍ਰਤੱਖ ਵਿਖਾਈ ਦਿੰਦੀ ਹੈ, ਜਿਸ ਨੂੰ ਸੰਕੇਤਕ ਹਦਾਇਤਾਂ ਵੀ ਕਹਿ ਸਕਦੇ ਹਾਂ; ਜਿਵੇਂ ਕਿ

(1). ਗੁਰਬਾਣੀ ’ਚ ਸ਼ਬਦ ਵੰਡ, ਅਸਟਪਦੀ ਵੰਡ, ਪਉੜੀ ਵੰਡ, ਵਾਰ ਵੰਡ, ਸਲੋਕ ਵੰਡ, ਗੁਰੂ ਬਾਣੀ ਵੰਡ, ਭਗਤ ਬਾਣੀ ਵੰਡ, ਰਾਗ ਵੰਡ, ਘਰੁ ਵੰਡ’ ਆਦਿ ਤਰਤੀਬ ਬਣਾਈ ਗਈ ਹੈ। ਗੁਰੂ ਨਾਨਕ ਜੀ ਨੂੰ ਪਹਿਲ ਦੇ ਆਧਾਰ ’ਤੇ ਪ੍ਰਮੁੱਖਤਾ ਦਿੱਤੀ ਗਈ, ਜਿਨ੍ਹਾਂ ਉਪਰੰਤ ਤੀਜੇ, ਚੌਥੇ, ਪੰਜਵੇਂ ਤੇ ਨਾਵੇਂ ਪਾਤਿਸ਼ਾਹ ਜੀ ਦੀ ਬਾਣੀ ਦਰਜ ਕੀਤੀ ਗਈ, ਇਨ੍ਹਾਂ ਉਪਰੰਤ ਭਗਤ ਬਾਣੀ ਤਰਤੀਬ ਬਣਾਈ ਗਈ ਹੈ। ਇਸ ਸਿਧਾਂਤ ਨੂੰ ਮਿਲਗੋਭਾ (ਰਲਗੱਡ) ਤੋਂ ਸਦੀਵੀ ਬਚਾਏ ਰੱਖਣ ਲਈ ਅੰਕ ਤਾਲਿਕਾ (ਸੂਚੀ) ਬੜਾ ਹੀ ਮਹੱਤਵ ਪੂਰਨ ਯੋਗਦਾਨ ਪਾਉਂਦੀ ਹੈ, ਜੋ ਕਿ ਗੁਰਬਾਣੀ ’ਚ ਹਰ ਸ਼ਬਦ ਦੀ ਸਮਾਪਤੀ ’ਤੇ ਅੰਕਿਤ ਹੈ। ਇਸ ਵੇਰਵੇ ਬਾਰੇ ਅੰਸ਼ਿਕ ਸੰਕੇਤਕ ਹਦਾਇਤ ਵੀ ਨਾਲ਼ ਹੀ ਦਰਜ ਕੀਤੀ ਗਈ; ਜਿਵੇਂ

ਹਮ ਪਾਪੀ ਨਿਰਗੁਣ ਕਉ; ਗੁਣੁ ਕਰੀਐ ॥ ਪ੍ਰਭ ਹੋਇ ਦਇਆਲੁ; ਨਾਨਕ ! ਜਨ ਤਰੀਐ ॥੮॥੧੬॥ ‘ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥’ (ਮ: ੧/੨੨੮)

(ਨੋਟ: ਉਕਤ ਅਸਟਪਦੀ (ਅੱਠ ਪਦਿਆਂ ਵਾਲ਼ੇ ਸ਼ਬਦ) ਦੇ ਅੱਠਵੇਂ ਪਦੇ ਦੀ ਸਮਾਪਤੀ ’ਚ ਦਰਜ ਕੀਤੇ ਗਏ ਅੰਕ ੮॥ ੧੬ ਨੂੰ ਸਮਝਾਉਣ ਲਈ ‘ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥’ ਰਾਗ ਵੰਡ ਅਤੇ ਅਸਟਪਦੀ ਵੰਡ ਬਾਬਤ ਸੰਕੇਤ ਕੀਤਾ ਗਿਆ ਹੈ।)

(2). ਗੁਰਬਾਣੀ ’ਚ ‘ਮਹਲਾ’ ਸ਼ਬਦ ਕੁੱਲ 2631 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 2621 ਵਾਰ ਕੇਵਲ ਸਿਰਲੇਖ ਵਜੋਂ ਹੈ, ਜਿੱਥੇ ‘ਮਹਲਾ’ ਦੇ ਨਾਲ਼ ਅੰਕ ‘੧, ੨, ੩, ੪, ੫, ੯’ ਵੀ ਵਰਤਿਆ ਗਿਆ ਹੈ, ਜਿਨ੍ਹਾਂ ਦਾ ਉਚਾਰਨ ‘ਇੱਕ, ਦੋ, ਤਿੰਨ’, ਆਦਿ ਕਰਨਾ ਹੈ ਜਾਂ ‘ਪਹਿਲਾ, ਦੂਜਾ, ਤੀਜਾ’ ਆਦਿ, ਬਾਰੇ ਵੀ ਸੰਕੇਤ ਸਪੱਸ਼ਟ ਹੈ ਕਿਉਂਕਿ ਗੁਰਬਾਣੀ ’ਚ 568 ਵਾਰ ‘ੴ’ ਸ਼ਬਦ ’ਚ ਵੀ ‘੧’ ਅੰਕ ਮੌਜੂਦ ਹੈ, ਤਾਂ ਜੋ ਇਸ ਦੇ ਉਚਾਰਨ ਵਾਙ ਸਿਰਲੇਖ (ਮਹਲਾ ੧ ਨੂੰ ਮਹਲਾ ਇੱਕ) ਨਾ ਪੜ੍ਹਿਆ ਜਾਏ।

(ੳ). ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਤ ਗੁਰਬਾਣੀ ’ਚ 977 ਸ਼ਬਦ ਹਨ। ਇੰਨੇ ਸਿਰਲੇਖਾਂ ’ਚ ‘ਮਹਲਾ ੧’ ਦਾ ਉਚਾਰਨ ਵਾਰ-ਵਾਰ ਦੱਸਣ ਦੀ ਬਜਾਇ ਮਾਤਰ 2 ਸਿਰਲੇਖਾਂ ’ਚ ਹੀ ‘੧’ ਦੇ ਨਾਲ਼ ਵਾਧੂ ‘ਪਹਿਲਾ’ ਵੀ ਦਰਜ ਕੀਤਾ ਗਿਆ। ਇਹ (ਪਹਿਲਾ) ਸੰਕੇਤਕ ਚਿੰਨ੍ਹ ਇੱਕ ਵਾਰ ਅੰਕ ‘੧’ ਦੇ ਅਗੇਤਰ (ਮਹਲਾ ‘ਪਹਿਲਾ ੧’) ਅਤੇ ਦੂਜੀ ਵਾਰ ਪਿਛੇਤਰ (ਮਹਲਾ ‘੧ ਪਹਿਲਾ’) ਦਰਜ ਕੀਤਾ ਗਿਆ; ਜਿਵੇਂ ਕਿ

ਰਾਗੁ ਸਿਰੀਰਾਗੁ ‘ਮਹਲਾ ਪਹਿਲਾ ੧’ ਘਰੁ ੧ ॥ ਮੋਤੀ ਤ ਮੰਦਰ ਊਸਰਹਿ; ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ; ਲੀਪਿ ਆਵੈ ਚਾਉ ॥ ਮਤੁ ਦੇਖਿ ਭੂਲਾ, ਵੀਸਰੈ; ਤੇਰਾ ਚਿਤਿ ਨ ਆਵੈ ਨਾਉ ॥ (ਮ: ੧/੧੪)

ਸੋਰਠਿ ‘ਮਹਲਾ ੧ ਪਹਿਲਾ’ ਦੁਤੁਕੀ ॥ ਤੂ ਗੁਣਦਾਤੌ ਨਿਰਮਲੋ ਭਾਈ ! ਨਿਰਮਲੁ ਨਾ ਮਨੁ ਹੋਇ ॥ ਹਮ ਅਪਰਾਧੀ ਨਿਰਗੁਣੇ ਭਾਈ ! ਤੁਝ ਹੀ ਤੇ ਗੁਣੁ ਸੋਇ ॥ (ਮ: ੧/੬੩੬)

(ਅ). ਗੁਰੂ ਅਮਰ ਦਾਸ ਜੀ ਦੁਆਰਾ ਰਚਿਤ ਗੁਰਬਾਣੀ ਵਿੱਚ 869 ਸ਼ਬਦ ਹਨ, ਪਰ ‘ਮਹਲਾ ੩’ ਲਈ ਸੰਕੇਤਕ ਹਦਾਇਤ ‘ਤੀਜਾ’ ਮਾਤਰ ਤਿੰਨ ਵਾਰ ਹੀ ਦਰਜ ਹੈ; ਜਿਵੇਂ ਕਿ

ਗੂਜਰੀ ‘ਮਹਲਾ ੩ ਤੀਜਾ’ ॥ ਏਕੋ ਨਾਮੁ ਨਿਧਾਨੁ ਪੰਡਿਤ ! ਸੁਣਿ ਸਿਖੁ ਸਚੁ ਸੋਈ ॥ ਦੂਜੈ ਭਾਇ ਜੇਤਾ ਪੜਹਿ; ਪੜਤ ਗੁਣਤ ਸਦਾ ਦੁਖੁ ਹੋਈ ॥ (ਮ: ੩/੪੯੨)

ਧਨਾਸਰੀ ‘ਮਹਲਾ ੩ ਤੀਜਾ’ ॥ ਜਗੁ ਮੈਲਾ; ਮੈਲੋ ਹੋਇ ਜਾਇ ॥ ਆਵੈ ਜਾਇ; ਦੂਜੈ ਲੋਭਾਇ ॥ (ਮ: ੩/੬੬੪)

ਬਸੰਤੁ ‘ਮਹਲਾ ੩ ਤੀਜਾ’ ॥ ਬਸਤ੍ਰ ਉਤਾਰਿ; ਦਿਗੰਬਰੁ ਹੋਗੁ ॥ ਜਟਾਧਾਰਿ, ਕਿਆ ਕਮਾਵੈ ਜੋਗੁ ? ॥ ਮਨੁ ਨਿਰਮਲੁ ਨਹੀ; ਦਸਵੈ ਦੁਆਰ ॥ ਭ੍ਰਮਿ ਭ੍ਰਮਿ ਆਵੈ; ਮੂੜ੍ਾ ਵਾਰੋ ਵਾਰ ॥ (ਮ: ੩/੧੧੬੯)

(ੲ). ਗੁਰੂ ਰਾਮਦਾਸ ਜੀ ਦੁਆਰਾ ਰਚਿਤ ਗੁਰਬਾਣੀ ਵਿੱਚ 638 ਸ਼ਬਦ ਹਨ, ਪਰ ‘ਮਹਲਾ ੪’ ਲਈ ਸੰਕੇਤਕ ਹਦਾਇਤ ‘ਚਉਥਾ’ ਮਾਤਰ ਦੋ ਵਾਰ ਹੀ ਦਰਜ ਹੈ; ਜਿਵੇਂ ਕਿ

ਗਉੜੀ ਗੁਆਰੇਰੀ ‘ਮਹਲਾ ੪ ਚਉਥਾ’ ਚਉਪਦੇ ੴ ਸਤਿ ਗੁਰ ਪ੍ਰਸਾਦਿ ॥ ਪੰਡਿਤੁ; ਸਾਸਤ ਸਿਮਿ੍ਰਤਿ ਪੜਿਆ ॥ ਜੋਗੀ; ਗੋਰਖੁ ਗੋਰਖੁ ਕਰਿਆ ॥ ਮੈ ਮੂਰਖ, ਹਰਿ ਹਰਿ ਜਪੁ ਪੜਿਆ ॥ (ਮ: ੪/੧੬੩)

ਸੋਰਠਿ ‘ਮਹਲਾ ੪ ਚਉਥਾ’ ॥ ਆਪੇ ਅੰਡਜ ਜੇਰਜ ਸੇਤਜ ਉਤਭੁਜ; ਆਪੇ ਖੰਡ, ਆਪੇ ਸਭ ਲੋਇ ॥ ਆਪੇ ਸੂਤੁ, ਆਪੇ ਬਹੁ ਮਣੀਆ; ਕਰਿ ਸਕਤੀ ਜਗਤੁ ਪਰੋਇ ॥ (ਮ: ੪/੬੦੫)

ਗੁਰਬਾਣੀ ’ਚ ਰਾਗ ਵੰਡ ਦੇ ਨਾਲ਼-ਨਾਲ਼ ‘ਘਰੁ ਵੰਡ’ ਦੀ ਗਿਣਤੀ ਵੀ ੧੭ ਤੱਕ ਅੰਕਿਤ ਹੈ, ਜੋ ਤਬਲੇ ਨਾਲ਼ ਸੰਬੰਧਿਤ ਹੈ। ‘ਘਰੁ’ ਸ਼ਬਦ ਨਾਲ਼ ਵੀ ਉਹੀ ਅੰਕ ਤਾਲਿਕਾ (੧, ੨, ੩, ੪, ੫, ੬, ਆਦਿ) ਦਰਜ ਹੈ, ਜਿਨ੍ਹਾਂ ਦੇ ਉਚਾਰਨ ਬਾਬਤ ਸੰਕੇਤਕ ਹਦਾਇਤ ਵੀ ਦਰਜ ਹੈ।

ਗੁਰੂ ਜੀ ਨੇ ਇਨ੍ਹਾਂ ੧੭ ‘ਘਰੁ’ ’ਚੋਂ ਕੇਵਲ ‘ਘਰੁ ੨’ ਨੂੰ ਹੀ ਮਿਸਾਲ ਵਜੋਂ 3 ਵਾਰ (ਘਰੁ ਦੂਜਾ ੨/ਘਰੁ ੨ ਦੂਜਾ/ ਘਰੁ ਦੂਜਾ) ਕਰ ਕੇ ਦਰਜ ਕੀਤਾ ਹੈ ਕਿਉਂਕਿ :

(1). ‘ਮਹਲਾ ੧’ ਅਤੇ ‘ਮਹਲਾ ੩’ ਵਿਚਕਾਰ ‘ਮਹਲਾ ੨’ ਰਹਿ ਗਿਆ, ਜਿਨ੍ਹਾਂ ਦੁਆਰਾ ਰਚਿਤ 63 ਸਲੋਕ ਹਨ।

(2). ਅੰਕ ੨ ਦਾ ਪ੍ਰਯੋਗ ਸਿਰਲੇਖ ’ਚ ‘ਘਰੁ ੨’ ਵੰਡ ਤੋਂ ਇਲਾਵਾ ਸ਼ਬਦ ਵੰਡ ਬਾਬਤ ਵੀ ਦਰਜ ਹੈ; ਜਿਵੇਂ ਕਿ

ਰਾਗੁ ਆਸਾਵਰੀ ‘ਘਰੁ ੧੬ ਕੇ ੨’; ਮਹਲਾ ੪, ਸੁਧੰਗ ੴ ਸਤਿ ਗੁਰ ਪ੍ਰਸਾਦਿ ॥ ਹਉ ਅਨਦਿਨੁ; ਹਰਿ ਨਾਮੁ ਕੀਰਤਨੁ ਕਰਉ ॥ ਸਤਿਗੁਰਿ, ਮੋ ਕਉ ਹਰਿ ਨਾਮੁ ਬਤਾਇਆ; ਹਉ, ਹਰਿ ਬਿਨੁ, ਖਿਨੁ ਪਲੁ ਰਹਿ ਨ ਸਕਉ ॥ (ਮ: ੪/੩੬੯)

ਉਕਤ ਸ਼ਬਦ ਦੇ ਸਿਰਲੇਖ ’ਚ ਦਰਜ ਅੰਕ ੨, ਕਿਸੇ ‘ਘਰੁ’ ਵੰਡ ਦਾ ਸੂਚਕ ਨਹੀਂ ਕਿਉਂਕਿ ‘ਘਰੁ’ ਤਾਂ ੧੬ਵਾਂ ਚੱਲ ਰਿਹਾ ਹੈ। ਇਸ ੨ ਅੰਕ ਦਾ ਮਤਲਬ ਅਗਾਂਹ ਆਉਣ ਵਾਲ਼ੇ ‘ਘਰੁ ੧੬’ ਕੇ ੨ ਸ਼ਬਦ ਹਨ। ਅਜਿਹੇ ਸ਼ਬਦਿਕ ਅੰਕਾਂ ਨੂੰ ਗੁਰਬਾਣੀ ਪਾਠ ਦੌਰਾਨ ਉਚਾਰਨ ਕਰਨਾ ਉਚਿਤ ਨਹੀਂ ਜਾਪਦਾ ਕਿਉਂਕਿ ਇਹ ਪਾਠ ਦੀ ਲੈ (ਚਾਲ, ਸੁਰ) ਉੱਤੇ ਪ੍ਰਭਾਵ ਪਾਉਂਦੇ ਹਨ।

ਧਿਆਨ ਰਹੇ ਕਿ ‘ਘਰੁ ੧੬’ ਲਿਖਣ ਨਾਲ਼ ‘ਘਰੁ’ ਬਹੁ ਵਚਨ ਨਹੀਂ ਬਣ ਜਾਂਦਾ ਕਿਉਂਕਿ ਹਰ ‘ਘਰੁ’ ਕੇਵਲ ਇੱਕ ਹੀ ਹੁੰਦਾ ਹੈ, ੧੬ ਤਾਂ ਗਿਣਤੀ ਹੈ।

ਹੇਠਾਂ ਦਿੱਤੇ ਜਾ ਰਹੇ ਤਿੰਨ ਸ਼ਬਦਾਂ ਦੇ ਸਿਰਲੇਖਾਂ ’ਚ ‘ਘਰੁ ੨’ ਦੇ ਉਚਾਰਨ ਲਈ ਸੰਕੇਤਕ ਹਦਾਇਤ ‘ਦੂਜਾ’; ਇੱਕ ਵਾਰ ਅਗੇਤਰ (ਘਰੁ ਦੂਜਾ ੨), ਇੱਕ ਵਾਰ ਪਿਛੇਤਰ (ਘਰੁ ੨ ਦੂਜਾ) ਅਤੇ ਇੱਕ ਵਾਰ ਅੰਕ ਤੋਂ ਬਿਨਾਂ ਹੀ (ਘਰੁ ਦੂਜਾ) ਦਰਜ ਕੀਤਾ ਗਿਆ ਹੈ; ਜਿਵੇਂ ਕਿ

ਸਿਰੀ ਰਾਗੁ ਮਹਲਾ ੧, ‘ਘਰੁ ਦੂਜਾ ੨’ ॥ ਆਪੇ ਰਸੀਆ, ਆਪਿ ਰਸੁ; ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ; ਆਪੇ ਸੇਜ ਭਤਾਰੁ ॥ (ਮ: ੧/੨੩)

ਰਾਗੁ ਗੂਜਰੀ ਭਗਤਾ ਕੀ ਬਾਣੀ, ੴ ਸਤਿ ਗੁਰ ਪ੍ਰਸਾਦਿ ॥ ਸ੍ਰੀ ਕਬੀਰ ਜੀਉ ਕਾ ਚਉਪਦਾ ‘ਘਰੁ ੨ ਦੂਜਾ’ ॥ ਚਾਰਿ ਪਾਵ, ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ ?॥ ਊਠਤ ਬੈਠਤ ਠੇਗਾ ਪਰਿਹੈ; ਤਬ ਕਤ ਮੂਡ ਲੁਕਈਹੈ ॥ (ਭਗਤ ਕਬੀਰ ਜੀ/੫੨੪)

ਧਨਾਸਰੀ ਮਹਲਾ ੧ ‘ਘਰੁ ਦੂਜਾ’ ੴ ਸਤਿ ਗੁਰ ਪ੍ਰਸਾਦਿ ॥ ਕਿਉ ਸਿਮਰੀ ? ਸਿਵਰਿਆ ਨਹੀ ਜਾਇ ॥ ਤਪੈ ਹਿਆਉ ; ਜੀਅੜਾ ਬਿਲਲਾਇ ॥ (ਮ: ੧/੬੬੧)

(ਨੋਟ: ਗੁਰੂ ਜੀ ਨੇ ‘ਘਰੁ ੧੭’ ’ਚੋਂ ਮਾਤਰ ‘ਘਰੁ ੨’ (ਅੰਕ) ਦੇ ਉਚਾਰਨ ਬਾਰੇ ਜਾਣਕਾਰੀ ਦੇ ਕੇ ‘ਸ਼ਬਦ ਵੰਡ’ ਤੇ ‘ਘਰੁ ਵੰਡ’ (ਦੋਵੇਂ) ਵਿਸ਼ੇ ਇਕੱਠੇ ਹੀ ਹਦਾਇਤ (ਸੰਕੇਤਕ) ਵਜੋਂ ਸ਼ਾਮਲ ਕਰ ਲਏ ਜਾਪਦੇ ਹਨ।)

(3). ਉਕਤ ਕੀਤੀ ਗਈ ਵਿਚਾਰ ਕਿ ਗੁਰਬਾਣੀ ਸਿਰਲੇਖਾਂ ’ਚ ‘ਮਹਲਾ’ ਸ਼ਬਦ 2621 ਵਾਰ ਦਰਜ ਹੈ, ਪਰ ਕੀ ਕਾਰਨ ਹੈ ਕਿ ਹਜ਼ਾਰਾਂ ਵਾਰ ਸਿਰਲੇਖ ’ਚ ‘ਮਹਲਾ’ ਸ਼ਬਦ ਦਰਜ ਕਰਨ ਦੇ ਬਾਵਜੂਦ, ਕੇਵਲ 4 ਵਾਰ ‘ਮਹਲੁ, ਮਹਲ’ ਸ਼ਬਦ ਵੀ ਦਰਜ ਕੀਤਾ ਗਿਆ ? ਕੀ ਗੁਰੂ ਜੀ ‘ਮਹਲੁ’ ਸ਼ਬਦ ਦੇ ਉਚਾਰਨ ਰਾਹੀਂ ‘ਮਹਲਾ’ ਦੇ ਉਚਾਰਨ ਬਾਰੇ ਕੋਈ ਸੰਕੇਤ ਤਾਂ ਨਹੀਂ ਕਰ ਰਹੇ ? ਜਿਵੇਂ ਕਿ

ਸਿਰੀ ਰਾਗੁ ‘ਮਹਲੁ ੧’ ॥ ਜਾਲਿ ਮੋਹੁ, ਘਸਿ ਮਸੁ ਕਰਿ; ਮਤਿ ਕਾਗਦੁ ਕਰਿ ਸਾਰੁ ॥ ਭਾਉ ਕਲਮ ਕਰਿ, ਚਿਤੁ ਲੇਖਾਰੀ; ਗੁਰ ਪੁਛਿ ਲਿਖੁ ਬੀਚਾਰੁ ॥ (ਮ: ੧/੧੬)

ਸਿਰੀ ਰਾਗੁ ‘ਮਹਲੁ ੧’ ॥ ਧਾਤੁ ਮਿਲੈ ਫੁਨਿ ਧਾਤੁ ਕਉ; ਸਿਫਤੀ ਸਿਫਤਿ ਸਮਾਇ ॥ (ਮ: ੧/੧੮)

ਸਿਰੀ ਰਾਗੁ ‘ਮਹਲ ੧’ ॥ ਤਨੁ ਜਲਿ ਬਲਿ ਮਾਟੀ ਭਇਆ; ਮਨੁ ਮਾਇਆ ਮੋਹਿ ਮਨੂਰੁ ॥ ਅਉਗਣ ਫਿਰਿ ਲਾਗੂ ਭਏ; ਕੂਰਿ ਵਜਾਵੈ ਤੂਰੁ ॥ (ਮ: ੧/੧੯)

(ਨੋਟ: ਇਸ ਸਿਰਲੇਖ ਵਿੱਚ ਵੀ ‘ਮਹਲ’ ਦੇ ਅੰਤ ’ਚ ਔਂਕੜ ਨਾ ਹੋਣਾ, ਉਤਾਰੇ ਦੀ ਤਰੁਟੀ ਜਾਪਦੀ ਹੈ।)

ਬਸੰਤ ਕੀ ਵਾਰ ‘ਮਹਲੁ ੫’ .. ॥ ਹਰਿ ਕਾ ਨਾਮੁ ਧਿਆਇ ਕੈ; ਹੋਹੁ ਹਰਿਆ ਭਾਈ ! ॥ ਕਰਮਿ ਲਿਖੰਤੈ ਪਾਈਐ; ਇਹ ਰੁਤਿ ਸੁਹਾਈ ॥ (ਮ: ੫/੧੧੯੩)

ਸ਼ਬਦ ਕੋਸ਼ਾਂ ’ਚ ‘ਮਹਲਾ’ ਸ਼ਬਦ ਦੇ ਕਈ ਅਰਥ ਕੀਤੇ ਹੋਏ ਮਿਲਦੇ ਹਨ, ਪਰ ਇਨ੍ਹਾਂ ਸਭ ਅਰਥਾਂ ਦਾ ਮੂਲ ਆਧਾਰ ਸਮਝਣ ਲਈ ਇੱਕ ਗੁੱਜਰ ਦੀ ਕਿਰਤ ਵੱਲ ਧਿਆਨ ਦੇਣਾ ਜ਼ਰੂਰੀ ਹੈ, ਜੋ ਕਿ ਇੱਕ ਪਸ਼ੂ-ਪਾਲਕ ਜਾਤੀ ਹੈ।

ਪੰਛੀਆਂ ਵਾਙ ਗੁੱਜਰ ਲੋਕ ਵੀ ਆਪਣੇ ਪਸ਼ੂਆਂ ਨੂੰ ਚਾਰਨ ਲਈ ਦੂਰ-ਦੁਰਾਡੇ (ਬਹੁਤ ਦੂਰ) ਨਿਕਲ ਜਾਂਦੇ ਹਨ, ਜਿਨ੍ਹਾਂ ਦਾ ਅਸਥਾਈ ਘਰ ਖੁੱਲ੍ਹੇ ਅਸਮਾਨ ਹੇਠਾਂ ਆਰਜੀ ਹੁੰਦਾ ਹੈ, ਜੋ ਕੁਝ ਘੰਟਿਆਂ ਲਈ ਹੀ ਮੱਲਿਆ ਜਾਂਦਾ ਹੈ, ਜਿਸ ਨੂੰ ‘ਮਹੱਲਾ ਜਾਂ ਮਹਲਾ’ ਕਹਿੰਦੇ ਹਨ। ਅਜਿਹੇ ਕਬੀਲੇ ਪੂਰੀ ਧਰਤੀ ਦਾ ਭ੍ਰਮਣ ਕਰਦੇ ਰਹਿਣ ਕਾਰਨ ਇਹ ਸ਼ਬਦ ਕਈ ਬੋਲੀਆਂ ਦੇ ਸ਼ਬਦ ਕੋਸ਼ਾਂ ’ਚ ਦਰਜ ਹੋ ਗਿਆ; ਜਿਵੇਂ ਕਿ ਸੰਸਕ੍ਰਿਤ, ਅਰਬੀ, ਫ਼ਾਰਸੀ, ਆਦਿ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਰੰਭ ਕੀਤੇ ਗਏ ‘ਹੋਲੇ ਮਹੱਲੇ’ ਦਾ ਅਰਥ ਵੀ ਕਿਸੇ ਜ਼ਮੀਨ ’ਤੇ ਕਬਜ਼ਾ ਕਰਨ ਬਾਬਤ ਹੈ। ਗੁਰੂ ਜੋਤ ਨੇ ਵੀ ਆਪਣੇ ਉੱਤਰਾਧਿਕਾਰੀ ਗੁਰੂ ਸਰੀਰ ਰੂਪ ਜ਼ਮੀਨ ਨੂੰ ਕੁਝ ਸਮੇਂ ਲਈ ਕਾਬਜ਼ ਰੱਖਿਆ ਹੈ।

ਸ਼ਬਦ ਕੋਸ਼ਾਂ ਵਿੱਚ ‘ਮਹਲੁ’ (ਅਰਬੀ) ਦਾ ਅਰਥ ਤਾਂ ਉਕਤ (ਮਹਲਾ/ਮਹੱਲਾ) ਅਰਥਾਂ ਦੇ ਅਨੁਕੂਲ ਹੀ ਹੈ ਪਰ ‘ਮਹੱਲ’ ਉਚਾਰਨ ਕਰਨ ਨਾਲ਼ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦਾ (ਮਹੱਲ/ਮਹੱਲਕ) ਰਹਿ ਜਾਂਦਾ ਹੈ, ਜਿਸ ਦਾ ਅਰਥ ਹੈ ‘ਹੀਜੜਾ, ਕਿੰਨਰ, ਖੁਸਰਾ’। ਜਦ ਰਾਜੇ ਮਹਾਰਾਜੇ ਆਪਣੀ ਹਵਸ (ਕਾਮ) ਪੂਰਤੀ ਲਈ ਕਈ-ਕਈ ਸ਼ਾਦੀਆਂ ਕਰਵਾ ਲੈਂਦੇ ਸਨ ਤਾਂ ਉਨ੍ਹਾਂ ਔਰਤਾਂ ਦੀ ਦੇਖਭਾਲ ਲਈ ਹੀਜੜੇ (ਮਹੱਲ) ਤਾਇਨਾਤ ਕੀਤੇ ਜਾਂਦੇ, ਜਿਸ ਕਾਰਨ ਸੰਸਕ੍ਰਿਤ ਭਾਸ਼ਾ ’ਚ ‘ਮਹੱਲ’ ਦੇ ਅਰਥ ‘ਰੱਖਿਅਕ, ਪਹਿਰੇਦਾਰ, ਸਿਪਾਹੀ’, ਆਦਿ ਵੀ ਹੋ ਗਏ, ਜੋ ਕਿ ਗੁਰਬਾਣੀ ਸਿਰਲੇਖ ’ਚ ਦਰਜ ‘ਮਹਲੁ ੧’ ਦੇ ਅਰਥਾਂ ਦੇ ਬਿਲਕੁਲ ਅਨੁਕੂਲ ਨਹੀਂ ਮੰਨੇ ਜਾ ਸਕਦੇ।

ਸੋ, ਗੁਰਬਾਣੀ ’ਚ ਸਿਰਲੇਖ ਵਜੋਂ ਹਜ਼ਾਰਾ ਵਾਰ ਦਰਜ ‘ਮਹਲਾ’ ਸ਼ਬਦ ਨੂੰ ਕੇਵਲ 4 ਵਾਰ ‘ਮਹਲੁ ਜਾਂ ਮਹਲ’ ਸਰੂਪ ’ਚ ਦਰਜ ਕਰਨਾ, ਕਿਸੇ ਸੰਕੇਤ ਤੋਂ ਘੱਟ ਨਹੀਂ ਲੈਣਾ ਚਾਹੀਦਾ। ਇਹ ਵੀ ਕੋਈ ਸਮਝਦਾਰੀ ਨਹੀਂ ਕਿ ‘ਮਹਲਾ’ ਦਾ ਉਚਾਰਨ ‘ਮਹੱਲਾ’ ਕਰ ਲਈਏ ਤੇ ‘ਮਹਲੁ’ ਦਾ ਉਚਾਰਨ ‘ਮਹਲ’। ਜਦ ਸ਼ਬਦ ਇੱਕੋ ਭਾਵਾਰਥ ਦੇ ਰਹੇ ਹੋਣ ਤਾਂ ਉਚਾਰਨ ਇੱਕ ਸਮਾਨ ਕਿਉਂ ਨਹੀਂ ?

ਉਕਤ ਕੀਤੀ ਗਈ ਤਮਾਮ ਵਿਚਾਰ ਦਾ ਤੱਤ-ਸਾਰ ਇਹ ਹੈ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਅੰਸ਼ਿਕ ਸੰਕੇਤਕ ਚਿੰਨ੍ਹਾਂ ਨੂੰ ਆਧਾਰ ਬਣਾ ਕੇ ਅਗਰ ‘ਮਹਲਾ ੧, ਮਹਲਾ ੩, ਮਹਲਾ ੪, ਘਰੁ ੨’ ਆਦਿ ਨੂੰ ਹਜ਼ਾਰਾਂ ਵਾਰ ‘ਮਹਲਾ ਪਹਿਲਾ, ਮਹਲਾ ਤੀਜਾ, ਮਹਲਾ ਚਉਥਾ, ਘਰ ਦੂਜਾ’, ਆਦਿ ਪੜ੍ਹਿਆ ਜਾ ਸਕਦਾ ਹੈ ਤਾਂ ‘ਮਹਲੁ ੧, ਮਹਲੁ ੫, ਬਿੰਦੀ, ਟਿੱਪੀ’, ਪੈਰ ਚਿੰਨ੍ਹ, ਆਦਿ ਨੂੰ ਆਧਾਰ ਬਣਾ ਕੇ ਬਾਕੀ ਹਜ਼ਾਰਾਂ ਜਗ੍ਹਾ ਦਰਜ ਸਮਾਨੰਤਰ ਅਰਥਾਂ ਵਾਲ਼ੇ ਸ਼ਬਦਾਂ ਨੂੰ (ਮਹਲਾ ਪਹਿਲਾ, ਮਹਲਾ ਦੂਜਾ, ਮਹਲਾ ਤੀਜਾ, ਮਹਲਾ ਚੌਥਾ, ਮਹਲਾ ਪੰਜਵਾਂ, ਮਹਲਾ ਨਾਵਾਂ ਸਮੇਤ) ਦਰੁਸਤ ਉਚਾਰਨ ਕਰਨਾ ਗ਼ਲਤ ਨਹੀਂ ਹੋ ਸਕਦਾ।

ਗੁਰਬਾਣੀ ’ਚ ‘ਜੀਵਾਂ’ (12 ਵਾਰ) ਤੇ ‘ਜੀਵਾ’ (75 ਵਾਰ) ਦਰਜ ਹੈ। ‘ਆਖਾਂ’ (5 ਵਾਰ) ਤੇ ‘ਆਖਾ’ (24 ਵਾਰ) ਦਰਜ ਹੈ (ਵਿਚਾਰਨਯੋਗ ਹੈ ਕਿ ਮਿਸਾਲ ਵਜੋਂ ਹਦਾਇਤਾਂ ਘੱਟ ਅਤੇ ਉਨ੍ਹਾਂ ਰਾਹੀਂ ਬਾਕੀ ਜਗ੍ਹਾਂ ਦਰੁਸਤ ਉਚਾਰਨ ਕਰਨ ਵਾਲ਼ੇ ਸ਼ਬਦ ਵਧੇਰੇ ਅੰਕਿਤ ਕੀਤੇ ਹੋਏ ਹਨ); ਜਿਵੇਂ

(ੳ). ਨਾਨਕ ! ਨਾਮੁ ਮਿਲੈ, ਤਾਂ ‘ਜੀਵਾਂ’; ਤਨੁ ਮਨੁ ਥੀਵੈ ਹਰਿਆ ॥ (ਮ: ੫/੧੪੨੯)

ਆਖਾ ‘ਜੀਵਾ’; ਵਿਸਰੈ ਮਰਿ ਜਾਉ ॥ (ਮ: ੧/੯)

ਮੇਰੇ ਪ੍ਰੀਤਮਾ ! ਹਉ ‘ਜੀਵਾ’ ਨਾਮੁ ਧਿਆਇ ॥ (ਮ: ੪/੪੦)

ਸੁਣਿ ਸੁਣਿ ‘ਜੀਵਾ’; ਸੋਇ (ਸ਼ੋਭਾ) ਤੁਮਾਰੀ ॥ (ਮ: ੫/੧੦੪)

ਨਾਮ ਬਿਨਾ; ਕਿਉ ‘ਜੀਵਾ’ ਮਾਇ ! ॥ (ਮ: ੧/੨੨੬), ਆਦਿ।

(ਅ). ਰਾਹੁ ਦਸਾਈ (ਪੁੱਛਦੀ ਹਾਂ, ਪਰ), ਨ ਜੁਲਾਂ (ਚੱਲਾਂ); ‘ਆਖਾਂ’ ਅੰਮੜੀਆਸੁ (ਪਹੁੰਚ ਗਈ)॥ (ਮ: ੧/੫੫੭)

ਹੋਰੁ ਸਰੀਕੁ ਹੋਵੈ ਕੋਈ ਤੇਰਾ; ਤਿਸੁ ਅਗੈ ਤੁਧੁ ‘ਆਖਾਂ’ ॥ (ਮ: ੧/੧੨੪੨)

ਜੇ ਹਉ ਜਾਣਾ, ‘ਆਖਾ’ ਨਾਹੀ; ਕਹਣਾ ਕਥਨੁ ਨ ਜਾਈ ॥ (ਜਪੁ)

ਕਿਵ ਕਰਿ ‘ਆਖਾ’ ? ਕਿਵ ਸਾਲਾਹੀ ? ਕਿਉ ਵਰਨੀ ? ਕਿਵ ਜਾਣਾ ? ॥ (ਜਪੁ)

ਭੀ ਤੇਰੀ ਕੀਮਤਿ ਨਾ ਪਵੈ; ਹਉ ਕੇਵਡੁ ‘ਆਖਾ’ ਨਾਉ ? ॥ (ਮ: ੧/੧੪), ਆਦਿ।

ਗੁਰਬਾਣੀ ਵਿੱਚ ਅਨੇਕਾਂ ਸ਼ਬਦ ‘ਨ੍ਾਇ ਤੇ ਨਾਇ, ਸੰਮ੍ਲਿ ਤੇ ਸੰਮਲਿ, ਨ੍ਾਈ ਤੇ ਨਾਈ, ਤੁਮ੍ਾਰਾ ਤੇ ਤੁਮਾਰਾ’, ਆਦਿ ਦਰਜ ਹਨ। ਕੀ ਇਨ੍ਹਾਂ ਤਮਾਮ ਸ਼ਬਦਾਂ ਦਾ ਉਚਾਰਨ ਇੱਕ ਜੈਸਾ ਕਰਨਾ ਗੁਰਮਤਿ ਅਨੁਸਾਰੀ ਨਹੀਂ ? ਜਿਵੇਂ ਕਿ

ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ‘ਸੰਮ੍ਾਲਿ’ ॥ (ਭਗਤ ਕਬੀਰ ਜੀ/੧੩੭੫)

ਰੋਵੈ ਕੰਤ ‘ਸੰਮਾਲਿ’; ਸਦਾ ਗੁਣ ਸਾਰਿ; ਨਾ ਪਿਰੁ ਮਰੈ, ਨ ਜਾਏ (ਜੰਮਦਾ)॥ (ਮ: ੩/੫੮੩)

ਨੇੜਾ ਹੈ, ਦੂਰਿ ਨ ਜਾਣਿਅਹੁ; ਨਿਤ ਸਾਰੇ ‘ਸੰਮ੍ਾਲੇ’ ॥ (ਮ: ੧/੪੮੯)

ਨਾਨਕ ! ਜੰਤ ਉਪਾਇ ਕੈ; ‘ਸੰਮਾਲੇ’ ਸਭਨਾਹ ॥ (ਮ: ੧/੪੬੭)

ਲਉਕੀ, ਅਠਸਠਿ ਤੀਰਥ ‘ਨ੍ਾਈ’ ॥ (ਭਗਤ ਕਬੀਰ ਜੀ/੬੫੬)

ਜੂਠਿ ਨ ਅੰਨੀ; ਜੂਠਿ ਨ ‘ਨਾਈ’ (ਨ੍ਹਹਾ ਕੇ ਉਤਰਦੀ) ॥ (ਮ: ੧/੧੨੪੦)

ਤੀਰਥਿ ਅਠਸਠਿ ਮਜਨੁ ‘ਨਾਈ’ ॥ (ਮ: ੪/੧੨੬੩)

ਦੇਖਿ ‘ਤੁਮ੍ਾਰਾ’ ਦਰਸਨੋ; ਮੇਰਾ ਮਨੁ ਧੀਰੇ ॥ (ਮ: ੫/੩੯੮)

ਜਿਸੁ ਤੂੰ ਦੇਹਿ, ਸੁ ਤ੍ਰਿਪਤਿ ਅਘਾਵੈ; ਸੋਈ ਭਗਤੁ ‘ਤੁਮਾਰਾ’ ਜੀਉ ॥ (ਮ: ੫/੯੭), ਆਦਿ।

ਜਿਸ ਕੌਮ ਦਾ ‘ਗੁਰੂ’; ਪੱਥਰ ਜਾਂ ਮੂਰਤੀ (ਚਿਤਰ) ਵਾਙ ਅਸਿੱਖਿਅਕ ਨਾ ਹੋ ਕੇ ਗਿਆਨ (ਬਿਬੇਕ) ਹੋਵੇ ਤੇ ਉਸ ਦੇ ਅਨੁਯਾਈਆਂ ਨੇ ਅਸਿੱਖਿਆ ਨੂੰ ਚੰਗੀ ਤਰ੍ਹਾਂ ਪਕੜ ਕੇ ਸੰਭਾਲ਼ਿਆ ਹੋਵੇ ਉਸ ਨੂੰ ਸਿੱਖ ਕਹਿਣ ਨਾਲ਼ ਵੀ ਸੰਦੇਹ ਪੈਦਾ ਹੋ ਜਾਂਦਾ ਹੈ।

ਰੁਜ਼ਾਨਾ ਨਿਤਨੇਮ ਦੌਰਾਨ ਪੜ੍ਹੀ ਜਾਣ ਵਾਲ਼ੀ ਤੁਕ ਹੈ: ‘‘ਆਖਾ ਜੀਵਾ; ਵਿਸਰੈ ਮਰਿ ਜਾਉ ॥’’, ਜਿਸ ਦੇ ਅਰਥ ਹਨ: ‘ਰੱਬੀ ਉਸਤਤ ਆਖਦਾ ਹਾਂ ਤਾਂ ਆਤਮਿਕ ਜੀਵਨ ਪ੍ਰਫੁਲਿਤ ਮਹਿਸੂਸ ਕਰਦਾ ਹਾਂ ਅਤੇ ਜਦ ਰੱਬੀ ਯਾਦ ਭੁੱਲ ਜਾਂਦੀ ਹੈ ਤਾਂ ਮੇਰੀ ਆਤਮਿਕ ਮੌਤ (ਵਿਕਾਰਾਂ ਦੇ ਮੁਕਾਬਲੇ ਹਾਰ) ਹੋ ਜਾਂਦੀ ਹੈ।’

ਅਗਰ ਇਸ ਨੂੰ ਗੁਰਬਾਣੀ ਵਿੱਚੋਂ ਹੀ ਸੇਧ ਲੈ ਕੇ ਬਿੰਦੀ ਸਹਿਤ (ਆਖਾਂ ਜੀਵਾਂ; ਵਿਸਰੈ ਮਰਿ ਜਾਉਂ ॥) ਨਾ ਉਚਾਰਨ ਕਰੀਏ ਤਾਂ ‘ਜਾਉ’ ਦੇ ਅਰਥ ਬਣ ਜਾਂਦੇ ਹਨ ‘ਤੁਸੀਂ ਮਰ ਜਾਓ’ ਭਾਵ ਰੱਬੀ ਨਾਮ ਮੈਨੂੰ ਭੁੱਲਦਾ ਹੈ, ਪਰ ਮਰ ਜਾਓ ਤੁਸੀਂ ?

ਇੱਕ ਹੋਰ ਨਿਤਨੇਮ ’ਚ ਹੀ ਤੁਕ ਹੈ ‘‘ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ ! ਸੰਤ ਟਹਲ ਕੀ ਬੇਲਾ ॥’’ (ਸੋਹਿਲਾ ਗਉੜੀ /ਮ: ੫/੧੩) ਅਗਰ ਇਸ ਪੰਕਤੀ ਨੂੰ ਵੀ ‘‘ਨਾਨਕ ! ਦਾਸੁ ਸਦਾ ਸੰਗਿ ਸੇਵਕੁ; ਤੇਰੀ ਭਗਤਿ ‘ਕਰੰਉ’ ਲਿਵ ਲਾਏ ॥’’ (ਮ: ੫/੫੭੭) ਤੁਕ ’ਚ ਦਰਜ ‘ਕਰੰਉ’ ਤੋਂ ਸੇਧ ਲੈ ਕੇ ‘ਕਰਉਂ’ ਉਚਾਰਨ ਨਾ ਕੀਤਾ ਗਿਆ ਤਾਂ ਇਸ ਦੇ ਅਰਥ ਵੀ ਬਣ ਜਾਣਗੇ ‘ਤੁਸੀਂ ਹੀ ਬੇਨਤੀ ਕਰੋ ਅਤੇ ਤੁਸੀਂ ਹੀ ਸੁਣੋ ਕਿ ਇਹ ਮਨੁੱਖਾ ਜਨਮ ਗੁਰੂ ਉਪਦੇਸ਼ ਕਮਾਉਣ ਦਾ ਸਮਾਂ ਹੈ। ਅਜਿਹਾ ਉਚਾਰਨ ਅਤੇ ਅਰਥ ਕਰਨਾ ਅਜੋਕੇ ਯੁੱਗ ’ਚ ਗੁਰਸਿੱਖ ਆਦਰਸ਼ ਜੀਵਨ ਪ੍ਰਤੀ ਗ਼ਲਤ ਪ੍ਰਭਾਵ ਪਾਏਗਾ।

ਸੋ, ਗੁਰਬਾਣੀ ’ਚ ਦਰਜ ਸੰਕੇਤਕ ਚਿੰਨ੍ਹ (ਹਦਾਇਤਾਂ) ਸਾਡੇ ਲਈ ਹੀ ਹਨ, ਇਨ੍ਹਾਂ ਦਾ ਸਦਪ੍ਰਯੋਗ ਕਰਨਾ ਦਰੁਸਤ ਗੁਰਬਾਣੀ ਉਚਾਰਨ ਜਾਪਦਾ ਹੈ। ਇੱਕ ਜਗ੍ਹਾ ਹਦਾਇਤ ਮੰਨ ਲੈਣੀ ਤੇ ਦੂਸਰੀ ਜਗ੍ਹਾ ਵਿਰੋਧ ਕਰਨਾ ਕੋਈ ਸਿਆਣਪ ਦੀ ਗੱਲ ਨਹੀਂ।

ਪੰਜਾਬੀ ਭਾਸ਼ਾ ਅਤੇ ਗੁਰਬਾਣੀ ਲਿਖਤ ’ਚ ਭਾਸ਼ਾਈ ਉਚਾਰਨ ਨਿਯਮ ਪੱਖੋਂ ਬੁਨਿਆਦੀ ਅੰਦਰ ਇਹੀ ਵੇਖਿਆ ਗਿਆ ਹੈ ਕਿ ਅਜੋਕੀ ਪੰਜਾਬੀ ’ਚ ਲੋੜ ਅਨੁਸਾਰ ਵਿਸਰਾਮ, ਪੈਰ ਚਿੰਨ੍ਹ ਤੇ ਅਨੁਨਾਸਕੀ ਧੁਨੀ ਦਾ ਲਿਖਤ ਰੂਪ ’ਚ ਪ੍ਰਯੋਗ ਕਰ ਲਿਆ ਜਾਂਦਾ ਹੈ ਜਦ ਕਿ ਗੁਰਬਾਣੀ ਵਿੱਚ ਅੰਸ਼ਿਕ ਸੰਕੇਤਕ ਚਿੰਨ੍ਹਾਂ ਤੋਂ ਸਹਾਇਤਾ ਲੈਣੀ ਪੈਂਦੀ ਹੈ, ਜੋ ਕਿ ਸ਼ਬਦ ਵਿਚਾਰ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।


05/21/17
ਗੁਰਇੰਦਰ ਸਿੰਘ ਪਾਲ

* ‘ਅਕਾਲ ਤਖ਼ਤ’ ਦੇ ‘ਜਥੇਦਾਰ’ ਦਾ ਇੱਕ ਤਾਜ਼ਾ ਬਿਆਨ ਜਿਹੜਾ ਉਸ ਨੇ ਫਰੈਂਕਫ਼ਰਟ ਦੇ ਗੁਰੂਦਵਾਰੇ ਵਿੱਚ ਹੋਏ ਸਿੰਘਾਂ ਦੇ ਆਪਸੀ ਫ਼ਸਾਦ ਦੇ ਪ੍ਰਤਿਕਰਮ ਵਜੋਂ ਦਿੱਤਾ:- “……ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਸਿਰਫ਼ ਅੰਮ੍ਰਿਤਧਾਰੀ ਸਿੰਘਾਂ ਨੂੰ ਹੀ ਸ਼ਾਮਲ ਕੀਤਾ ਜਾਵੇ….”। ‘ਜਥੇਦਾਰ ਸਾਬ’ ਨੂੰ ਇਤਨਾ ਵੀ ਨਹੀਂ ਪਤਾ ਕਿ ਗੁਰੂਦਵਾਰਿਆਂ ਵਿੱਚ ਹੁੰਦੀ ਹਿੰਸਕ ਹੁੱਲੜਬਾਜ਼ੀ, ਜ਼ਿਆਦਾਤਰ, ‘ਅੰਮ੍ਰਿਤਧਾਰੀ ਸਿੰਘ’ ਹੀ ਕਰਦੇ/ਕਰਵਾਉਂਦੇ ਹਨ! ਆਪਸੀ ਮੁੱਠ-ਭੇੜਾਂ ਤੇ ਹਿੰਸਕ ਵਾਰਦਾਤਾਂ ਕਰਨ ਵਾਲੇ ਦੰਗਈਆਂ ਨੂੰ ਸ਼ਹਿ ਤੇ ਸਮਰਥਨ ਮਿਲਦਾ ਹੈ ਜਥੇਦਾਰਾਂ ਤੇ ਹੋਰ ਅੰਮ੍ਰਿਤਧਾਰੀ ਲੀਡਰਾਂ ਵੱਲੋਂ! ਇਸ ਸੱਚ ਦੇ ਕੁੱਝ ਪ੍ਰਮਾਣ ਹੇਠਾਂ ਪੇਸ਼ ਹਨ:-
੧. ਛੇ ਜੂਨ ੨੦੧੪ ਨੂੰ ਅਕਾਲ ਤਖ਼ਤ ਉੱਤੇ ਹੋਈ ਹਿੰਸਕ ਮੁੱਠ-ਭੇੜ ਕਰਨ ਵਾਲੇ ਦੋਹੀਂ ਪਾਸੀਂ ਅੰਮ੍ਰਿਤਧਾਰੀ ਸਿੰਘ ਹੀ ਸਨ! ਇੱਕ ਧਿਰ ਅਕਾਲ ਤਖ਼ਤ ਦੇ ਅੰਮ੍ਰਿਤਧਾਰੀ ਜਥੇਦਾਰ ਦੀ ਸਮਰਥਕ ਸੀ! ! ਜਾਂ ਇਉਂ ਕਹਿ ਲਵੋ ਕਿ ਇਸ ਧਿਰ ਨੂੰ ਜਥੇਦਾਰ ਦਾ ਸਮਰਥਨ ਪ੍ਰਾਪਤ ਸੀ! ! !
੨.’ਗੁਰਮੁਖੀ ਦਾੜ੍ਹਾ’ ਪੁੱਟਦੇ ਤੇ ਘਸੁੰਨ-ਮੁੱਕੀ ਹੋ ਰਹੇ ਅੰਮ੍ਰਿਤਧਾਰੀ ਸਿੰਘ ਜਥੇਦਾਰ ਨੰਦਗੜ੍ਹ ਦੀ ਤਸਵੀਰ ਸੰਸਾਰ ਭਰ ਵਿੱਚ ਦੇਖੀ ਗਈ ਹੈ! ! !
੩. ਪਟਨੇ ਦੇ ਅੰਮ੍ਰਿਤਧਾਰੀ ਜਥੇਦਾਰ ਇਕਬਾਲ ਸਿੰਘ ਦੀ ਪੱਗ ਲਾਹੁਣ ਤੇ ਸਿਰ ਪਾੜਨ ਵਾਲੇ ਵੀ ਅੰਮ੍ਰਿਤਧਾਰੀ ਸਿੰਘ ਹੀ ਸਨ!
੪. ਸਾਬਕਾ ਜਥੇਦਾਰ ਰਾਗੀ ਦਰਸ਼ਨ ਸਿੰਘ ਅੰਮ੍ਰਿਤਧਾਰੀ ਅਤੇ ਉਸ ਨੂੰ ‘ਛੇਕਣ’ ਅਤੇ ਉਸ ਉੱਤੇ ਹਮਲੇ ਕਰਨ ਵਾਲੇ ਵੀ ਅੰਮ੍ਰਿਤਧਾਰੀ ਸਿੰਘ!
੫. ਹਰਚੰਦ ਸਿੰਘ ਲੌਂਗੋਵਾਲ ਅੰਮ੍ਰਿਤਧਾਰੀ ਸੀ ਤੇ ਉਸ ਦਾ ਕਤਲ ਕਰਨ ਵਾਲੇ ਵੀ ਅੰਮ੍ਰਿਤਧਾਰੀ ਸਿੰਘ ਹੀ ਸਨ!
੬. ਰਣਜੀਤ ਸਿੰਘ ਢਡਰੀਆਂਵਾਲਾ ਤੇ ਉਸ ਦੇ ਸਾਥੀ ਅੰਮ੍ਰਿਤਧਾਰੀ ਸਿੰਘ, ਤੇ ਉਸ ਉੱਤੇ ਕਾਤਲਾਨਾ ਹਮਲਾ ਕਰਕੇ ਉਸ ਦੇ ਇੱਕ ਸਾਥੀ ਦਾ ਖ਼ੂਨ ਕਰਨ ਵਾਲੇ ਵੀ ਅੰਮ੍ਰਿਤਧਾਰੀ ਸਿੰਘ!
੭. ਪ੍ਰੋ: ਇੰਦਰ ਸਿੰਘ ਘੱਗਾ ਅੰਮ੍ਰਿਤਧਾਰੀ ਅਤੇ ਉਸ ਉੱਤੇ ਹਮਲੇ ਕਰਕੇ ਉਸਦੀ ਪੱਗ ਉਤਾਰਨ, ਦਾੜ੍ਹਾ ਪੁੱਟਣ ਤੇ ਜ਼ਖ਼ਮੀ ਕਰਨ ਵਾਲੇ ਵੀ ਸਿੰਘ!
੮. ਪ੍ਰਚਾਰਕ ਪੰਥਪ੍ਰੀਤ ਸਿੰਘ ਅੰਮ੍ਰਿਤਧਾਰੀ ਸਿੰਘ ਅਤੇ ਉਸ ਦਾ ਹਿੰਸਕ ਵਿਰੋਧ ਕਰਨ ਵਾਲੇ ਵੀ, ਵਧੇਰੇ ਕਰਕੇ, ਅੰਮ੍ਰਿਤਧਾਰੀ ਸਿੰਘ! ! … … … ….
ਪਾਠਕ ਸਜਣ ਆਪ ਸੋਚ-ਵਿਚਾਰ ਲੈਣ ਕਿ ਜਥੇਦਾਰ ਦੇ ਬਿਆਨ ਵਿੱਚ ਕਿਤਨਾ ਕੁ ਵਜ਼ਨ ਹੈ! ! !


05/21/17
ਫੈਡਰੇਸ਼ਨ ਔਫ ਸਿੱਖ ਸੁਸਾਇਟੀਜ਼ ਔਫ ਕੈਨੇਡਾ

ੴਸਤਿ ਗੁਰ ਪ੍ਰਸਾਦਿ॥
ਪਰੈਸ ਰਲੀਜ਼

ਫੈਡਰੇਸ਼ਨ ਔਫ ਸਿੱਖ ਸੁਸਾਇਟੀਜ਼ ਔਫ ਕੈਨੇਡਾ ਵਲੋਂ ਇੱਕ ਖਾਸ ਮੀਟਿੰਗ ਬੁਲਾ ਕੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ:
ਜੋ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿੱਚ ਭਾਈ ਪੰਥਪ੍ਰੀਤ ਸਿੰਘ ਖਾਲਸਾ ਤੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਹਮਲਾ ਕੀਤਾ ਗਿਆ ਜਦੋਂ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਗੁਰਦਵਾਰਾ ਸਾਹਿਬ ਵਿੱਚ ਪ੍ਰਚਾਰ ਕਰ ਰਹੇ ਸਨ। ਫੈਡਰੇਸ਼ਨ ਔਫ ਸਿੱਖ ਸੁਸਾਇਟੀਜ਼ ਔਫ ਕੈਨੇਡਾ ਵਲੋਂ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਖੇਧੀ ਕੀਤੀ ਜਾਂਦੀ ਹੈ। ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਸਿੱਖੀ ਦੀ ਸ਼ਾਨ “ਪਗੜੀ” ਨੂੰ ਰੋਲਿਆ ਹੈ ਜਿਸ ਨੂੰ ਕਿ ਸਿੱਖ ਜਗਤ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ॥ ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਪੁਲੀਸ ਨੂੰ ਜੁਤੀਆਂ ਸਮੇਤ ਦਰਬਾਰ ਹਾਲ ਵਿੱਚ ਆਉਣ ਲਈ ਮਜ਼ਬੂਰ ਕੀਤਾ।
ਅਸੀਂ ਸਿਖ ਜਗਤ ਨੂੰ ਅਪੀਲ ਕਰਦੇ ਹਾਂ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਵਿੱਚ ਪੂਰਾ ਪੂਰਾ ਸਹਿਯੋਗ ਦੇਣ ਤਾਂ ਕਿ ਲੋਕਤੰਤਰ ਮੁਲਕਾਂ ਵਿੱਚ ਅਸੀਂ ਸਭਿਅਕ ਤਰੀਕੇ ਨਾਲ ਰਹਿ ਕੇ ਜੀਵਨ ਬਤਾ ਸਕੀਏ ਅਤੇ ਇੱਕ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇ ਸਕੀਏ। ਸਿੱਖ ਜਗਤ ਦਾ ਗੁਰੂ ਸਿਰਫ “ਗੁਰੂ ਗ੍ਰੰਥ ਸਾਹਿਬ” ਹੀ ਹੈ। ਇਸ ਲਈ ਸਮੂੰਹ ਸਿੱਖ ਜਗਤ ਪਾਸ ਬੇਨਤੀ ਹੈ ਕਿ ਜੋ ਭੀ ਪ੍ਰਚਾਰਕ ਗੁਰਦਆਰਿਆਂ ਵਿੱਚ ਬਲਾਏ ਜਾਣ ਨਿਰੋਲ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਚਾਰ ਕਰਦੇ ਹੋਣ ਤਾ ਕਿ ਕੌਮ ਵਿੱਚ ਏਕਤਾ ਬਣ ਸਕੇ।
ਮਿਤੀ: ੧੭ ਮਈ ੨੦੧੭


05/21/17
ਹਰਲਾਜ ਸਿੰਘ ਬਹਾਦਰਪੁਰ

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਨਾ ਕਿ ਕਿਸੇ ਤਖਤ ਜਾਂ ਬੰਦੇ ਦੇ । ਸਿੱਖ ਕੌਮ ਲਈ ਸਰਵਉੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਸਿੱਖ ਕੌਮ ਨੇ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ । ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਹੈ । ਸਿੱਖ ਕੌਮ ਲਈ ਮਹਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਸਿੱਖ ਕੌਮ ਦੀ ਸ਼ਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਇਸ ਲਈ ਸਿੱਖਾਂ ਦੀ ਸ਼ੀਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ । ਨਾ ਕਿ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਸਿਆਸੀ ਹੁਕਮਨਾਮਿਆਂ ਅੱਗੇ । ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ । ਪਰ ਜਦ ਮਸੰਦਾਂ ਵਿੱਚ ਗਿਰਾਵਟ ਆ ਗਈ ਤਾਂ ਜਿੱਥੇ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਉੱਥੇ ਅੱਗੇ ਤੋਂ ਮਸੰਦ ਪ੍ਰਥਾ ਵੀ ਖਤਮ ਕਰ ਦਿੱਤੀ ਸੀ । ਪਰ ਅਸੀਂ ਆਪਣੇ ਵੱਲੋਂ ਬਣਾਏ ਗਏ ਅਕਾਲ ਤਖਤ ਦੇ ਜਥੇਦਾਰੀ ਦੇ ਅਹੁਦੇ ਨੂੰ ਸਿਰੇ ਦੀ ਹੱਦ ਤੱਕ ਗਿਰ ਜਾਣ ਤੇ ਵੀ ਖਤਮ ਕਰਨ ਦੀ ਥਾਂ ਸਗੋਂ ਹੋਰ ਉੱਚਾ, ਸਰਵਉੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਬਣਾ ਰਹੇ ਹਾਂ । ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੇ ਰਹਾਂਗੇ, ਉਨਾ ਚਿਰ ਅਸੀਂ ਚੜ੍ਹਦੀਕਲਾ ਦੀ ਥਾਂ ਗਿਰਾਵਟ ਵੱਲ ਹੀ ਗਰਕਦੇ ਜਾਵਾਂਗੇ । ਸਿੱਖ ਕੌਮ ਅਕਾਲ ਤਖਤ ਦੇ ਨਾਮ ’ਤੇ ਗੁਮਰਾਹ ਹੋ ਕੇ ਗੂੜ੍ਹੀ ਨੀਂਦ ਸੋ ਚੁੱਕੀ ਹੈ। ਹੋ ਸਕਦੈ ਇਹ ਹੁਣ ਜਾਗ ਵੀ ਨਾ ਸਕੇ, ਪਰ ਆਉਣ ਵਾਲੇ ਸਮੇਂ ਵਿੱਚ ਜਦੋਂ ਖੋਜੀ ਵਿਦਵਾਨ ਖੋਜਾਂ ਕਰਨਗੇ ਤਾਂ ਇਹ ਗੱਲ ਵਿਸ਼ੇਸ਼ ਖੋਜ ਦਾ ਵਿਸ਼ਾ ਹੋਵੇਗੀ ਕਿ ਜਿੰਨ੍ਹਾਂ ਨੂੰ ਅਕਾਲ ਤਖਤ ਤੋਂ ਮਾਨ ਸਨਮਾਨ ਮਿਲਦੇ ਰਹੇ ਹਨ ਉਨ੍ਹਾਂ ਨੇ ਸਿੱਖ ਕੌਮ ਨਾਲ ਕੀ-ਕੀ ਗੱਦਾਰੀਆਂ ਕੀਤੀਆਂ ਹਨ, ਅਤੇ ਜਿੰਨ੍ਹਾਂ ਨੂੰ ਅਕਾਲ ਤਖਤ ਦੇ ਨਾਮ ਤੇ ਪੰਥ ਵਿੱਚੋਂ ਛੇਕਿਆ ਜਾਂਦਾ ਰਿਹਾ ਹੈ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀ-ਕੀ ਘਾਲਣਾ ਤੇ ਕੁਰਬਾਨੀਆਂ ਹਨ । ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਤਖਤ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ ।
ਹਰਲਾਜ ਸਿੰਘ ਬਹਾਦਰਪੁਰ


05/14/17
ਗਿ: ਸੰਤੋਖ ਸਿੰਘ

ਪਹਿਲੀ ਯਾਤਰਾ ਸ੍ਰੀ ਪਟਨਾ ਸਾਹਿਬ ਜੀ ਦੀ
ਪਾਠਕ ਜੀ,
ਜੋ ਬੇਮਿਸਾਲ, ਬਿਹਾਰ ਦੇ ਮੁਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਜੀ ਵੱਲੋਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਵਸ ਸਬੰਧੀ, ਬਿਹਾਰ ਦੇ ਸਰਕਾਰੀ ਖ਼ਜ਼ਾਨੇ ਵਿਚੋਂ ਬੇਅੰਤ ਧਨ ਖ਼ਰਚ ਕਰਕੇ, ੨੧ ਸਤੰਬਰ ੨੦੧੬ ਤੋਂ ਲੈ ਕੇ, ੭ ਜਨਵਰੀ ੨੦੧੭ ਤੱਕ ਸਮਾਗਮ ਕੀਤੇ ਗਏ ਹਨ, ਉਹਨਾਂ ਦੀਆਂ ਖ਼ਬਰਾਂ ਆਪ ਜੀ ਨੇ ਸੰਸਾਰ ਭਰ ਦੇ ਮੀਡੀਏ ਤੋਂ ਸੁਣ ਅਤੇ ਵੇਖ ਹੀ ਲਈਆਂ ਹਨ। ਮੈਂ ਇਹਨਾਂ ਸਤਰਾਂ ਰਾਹੀਂ ਕੇਵਲ ਏਨਾ ਹੀ ਦੱਸਣਾ ਚਾਹੁੰਦਾ ਹਾਂ ਕਿ ਇਸ ਵਿਸ਼ਾਲ ਸਮਾਗਮ ਦੇ ਜਿੰਨੇ ਹਿੱਸੇ ਵਿੱਚ ਮੈਂ ਸ਼ਾਮਲ ਹੋਇਆ ਅਤੇ ਜੋ ਕੁੱਝ ਮੇਰੀਆਂ ਅੱਖ਼ਾਂ ਦੇ ਸਾਹਮਣੇ ਵਾਪਰਿਆ, ਉਸ ਦੀ ਇੱਕ ਛੋਟੀ ਜਿਹੀ ਝਲਕ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਸਕਾਂ। ਇਹ ਝਲਕ ਉਹਨਾਂ ਸਾਰੇ ਸਮਾਗਮਾਂ ਵਿਚੋਂ ਚੌਲ਼ਾਂ ਦੀ ਦੇਗ ਵਿਚੋਂ ਕੇਵਲ ਇੱਕ ਦਾਣਾ ਟੋਹਣ ਸਮਾਨ ਹੀ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼੍ਰੀ ਨਿਤੀਸ਼ਕੁਮਾਰ ਜੀ ਦੀ ਧਰਮ ਨਿਰਪੱਖ ਅਤੇ ਸੁਚੱਜੀ ਅਗਵਾਈ ਹੇਠ, ਬਿਹਾਰ ਸਰਕਾਰ ਨੇ, ਇਹਨਾਂ ਸਾਰੇ ਸਮਾਗਮਾਂ ਦੀ ਆਰੰਭਤਾ ਅਤੇ ਸੰਪੂਰਨਤਾ ਕਿਸ ਸ਼ਰਧਾ, ਉਤਸ਼ਾਹ ਅਤੇ ਕਾਬਲੀਅਤ ਨਾਲ਼ ਸਿਰੇ ਚੜ੍ਹਾਈ ਹੈ। ਇਤਿਹਾਸ ਵਿੱਚ ਇਹ ਇੱਕ ਅਨੋਖੀ ਘਟਨਾ ਘਟੀ ਹੈ ਜਿਸ ਦੀ ਮਿਸਾਲ ਆਉਣ ਵਾਲ਼ੀਆਂ ਪੀਹੜੀਆਂ ਵੀ ਦਿੰਦੀਆਂ ਰਹਿਣਗੀਆਂ।
ਵਾਰੀ ਵਾਰੀ ਪੰਜਾਬ ਟਾਈਮਜ਼ ਵਾਲ਼ੇ ਸ. ਹਰਪ੍ਰੀਤ ਸਿੰਘ, ਪੰਜਾਬੀ ਟ੍ਰਿਬਿਊਨ ਵਾਲ਼ੇ ਸ. ਗੁਰਚਰਨ ਸਿੰਘ ਕਾਹਲੋਂ ਅਤੇ ਸ. ਹਰਮੋਹਨ ਸਿੰਘ ਵਾਲੀਆ ਜੀ ਦੇ ਫ਼ੋਨ ਆਏ ਕਿ ਕੈਨਬਰਾ ਤੋਂ ਭਾਰਤ ਦੇ ਹਾਈ ਕਮਿਸ਼ਨਰ ਵੱਲੋਂ ਪੁੱਛਿਆ ਗਿਆ ਹੈ ਕਿ ਬਿਹਾਰ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ, ੩੫੦ਵੇਂ ਪ੍ਰਕਾਸ਼ ਉਤਸ਼ਵ ਸਬੰਧੀ ਰਚਾਏ ਜਾ ਰਹੇ ‘ਸਿੱਖ ਕਨਕਲੇਵ’ ਵਿੱਚ ਸ਼ਾਮਲ ਹੋਣ ਵਾਸਤੇ, ਆਸਟ੍ਰੇਲੀਆ ਵਿਚੋਂ ਕਿਸ ਵਿੱਦਵਾਨ ਦਾ ਨਾਂ ਭੇਜਿਆ ਜਾਵੇ! ਉਸ ਸਮਾਗਮ ਦੀਆਂ ਤਿਆਰੀਆਂ ਵਾਸਤੇ, ਸਾਰੇ ਸੰਸਾਰ ਤੋਂ ਸਿੱਖ ਵਿਦਵਾਨਾਂ ਨੂੰ ਸ਼ਾਮਲ ਹੋਣ ਵਾਸਤੇ ਸੱਦਿਆ ਜਾ ਰਿਹਾ ਹੈ। ਉਹਨਾਂ ਤਿੰਨਾਂ ਸੱਜਣਾਂ ਨੇ ਮੇਰਾ ਨਾਂ ਸੁਝਾਇਆ ਹੈ।
ਓਥੇ ਪਹੁੰਚੇ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨਾਂ ਨਾਲ਼ ਸੰਪਰਕ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਮੇਰਾ ਨਾਂ ਸੁਝਾਇਆ ਗਿਆ ਸੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਜਣਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਦਿਤੀ ਗਈ ਲਿਸਟ ਅਨੁਸਾਰ ਹੀ ਵਿਦਵਾਨ ਬੁਲਾਏ ਗਏ ਸਨ ਤੇ ਮੇਰਾ ਨਾਂ ਵੀ ਉਸ ਲਿਸਟ ਵਿੱਚ ਸ਼ਾਮਲ ਸੀ।
ਮੈਂ ਸੋਚਦਾ ਸੀ ਕਿ ਉਹਨੀਂ ਦਿਨੀਂ ਏਥੇ ਭਾਰਤ ਦੇ ਹਾਈ ਕਮਿਸ਼ਨਰ, ਪ੍ਰਸਿਧ ਪੰਜਾਬੀ ਸਾਹਿਤਕਾਰ, ਸ. ਨਾਨਕ ਸਿੰਘ ਜੀ ਦੇ ਪੋਤਰੇ ਸਨ। ਪਿਛਲੇਰੀ ਮੇਰੀ ਅੰਮ੍ਰਿਤਸਰ ਦੀ ਯਾਤਰਾ ਦੌਰਾਨ, ਨਾਰੀ ਚੇਤਨਾ ਮੰਚ ਅੰਮ੍ਰਿਤਸਰ ਵੱਲੋਂ, ਅੰਮ੍ਰਿਤਸਰ ਦੀਆਂ ਵਿੱਦਵਾਨ ਅਤੇ ਸੁਘੜ ਬੀਬੀਆਂ ਦਾ ਇਕੱਠ ਕਰਕੇ, ਮੇਰੇ ਨਾਲ਼ ਰੂਬਰੂ ਕੀਤਾ ਗਿਆ ਸੀ। ਉਸ ਮੰਚ ਦੀ ਮੁਖੀਆ ਬੀਬੀ ਅਤਰਜੀਤ ਕੌਰ ਜੀ ਨਾਲ਼ ਗੱਲ ਬਾਤ ਦੌਰਾਨ ਪਤਾ ਲੱਗਾ ਕਿ ਉਹ ਸ. ਨਾਨਕ ਸਿੰਘ ਜੀ ਦੀ ਨੋਂਹ ਹਨ। ਮੈਂ ਕਿਹਾ ਕਿ ਸ. ਨਾਨਕ ਸਿੰਘ ਜੀ ਦੇ ਪੋਤਰੇ ਸਾਡੇ ਦੇਸ਼ ਵਿੱਚ ਹਾਈ ਕਮਿਸ਼ਨਰ ਹਨ ਤਾਂ ਉਹਨਾਂ ਨੇ ਦੱਸਿਆ ਕਿ ਉਹ ਉਹਨਾਂ ਦਾ ਹੀ ਪੁੱਤਰ ਹੈ। ਮੈਂ ਸੋਚਿਆ ਕਿ ਸ਼ਾਇਦ ਉਸ ਬੀਬੀ ਜੀ ਵੱਲੋਂ ਆਪਣੇ ਪੁੱਤਰ ਨੂੰ ਮੇਰੀ ਦੱਸ ਪਾਈ ਗਈ ਹੋਵੇ ਤੇ ਉਹਨਾਂ ਨੇ ਬਿਹਾਰ ਸਰਕਾਰ ਨੂੰ ਮੇਰਾ ਨਾਂ ਭੇਜ ਦਿਤਾ ਹੋਵੇ!
ਕਿਸੇ ਵੀ ਤਰ੍ਹਾਂ ਹੋਇਆ ਤੇ ਜਿਸ ਕਿਸੇ ਵੀ ਸੰਸਥਾ ਜਾਂ ਸੱਜਣ ਨੇ ਇਸ ਮਹਾਨ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਮੇਰੇ ਨਾਂ ਦੀ ਪ੍ਰਬੰਧਕਾਂ ਨੂੰ ਦੱਸ ਪਾਈ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਇਸ ਤੋਂ ਇਹ ਤਾਂ ਪਤਾ ਲੱਗ ਗਿਆ ਕਿ ਏਨੇ ਲੋਕ ਅਤੇ ਸੁਪ੍ਰੀਮ ਸੰਸਥਾਵਾਂ ਵੱਲੋਂ ਮੈਨੂੰ ਅਜਿਹੇ ਸਮਾਗਮ ਵਿੱਚ ਹਿੱਸਾ ਲੈਣ ਦੇ ਯੋਗ ਸਮਝਿਆ ਗਿਆ।
ਵਾਹਵਾ ਸਮਾ ਬੀਤ ਗਿਆ। ਗੱਲ ਆਈ ਗਈ ਹੋ ਗਈ। ਸੋਚ ਵੀ ਸੀ, “ਆਹ ਮੂੰਹ ਤੇ ਮਸਰਾਂ ਦੀ ਦਾਲ਼?” ਮੇਰੇ ਵਰਗੇ `ਚੱਕੀਰਾਹ’ ਦੀ ਅਜਿਹੇ ਮਹੱਤਵਪੂਰਨ ਮੇਲੇ ਵਿੱਚ ਕੀ ਵੱਟੀ ਜਾਵੇਗੀ! ਇਸ ਲਈ ਇਸ ਆਸ ਨੂੰ ‘ਹੁੜਕ’ ਸਮਝ ਕੇ ਭੁਲਾ ਛੱਡਣ ਵਿੱਚ ਹੀ ਭਲਾ ਜਾਣਿਆਂ। ਇਸ ਗੱਲ ਬਾਤ ਹੋਈ ਨੂੰ ਵਾਹਵਾ ਦਿਨ ਲੰਘ ਗਏ ਤਾਂ ਇੱਕ ਦਿਨ, ਬ੍ਰਿਸਬਿਨ ਦੇ ਵਾਸੀ ਸ. ਗੁਰਜੀਤ ਸਿੰਘ ਬੈਂਸ ਦਾ ਫ਼ੋਨ ਆਇਆ ਕਿ ਬਿਹਾਰ ਸਰਕਾਰ ਦੇ ਮਹਿਕਮਾ ਸੈਰ ਸਪਾਟਾ ਦੀ ਪ੍ਰਿੰਸੀਪਲ ਸੈਕਟਰੀ, ਬੀਬੀ ਹਰਜੋਤ ਕੌਰ ਆਈ. ਏ. ਐਸ. ਜੀ, ਮੇਰਾ ਸਿਰਨਾਵਾਂ ਲਭ ਰਹੇ ਨੇ ਤਾਂ ਕਿ ਮੈਨੂੰ ਉਸ ਮਹਾਨ ਸਮਾਗਮ ਵਿੱਚ ਭਾਗ ਲੈਣ ਲਈ, ਬਿਹਾਰ ਸਰਕਾਰ ਵੱਲੋਂ ਸੱਦਾ-ਪੱਤਰ ਭੇਜਿਆ ਜਾ ਸਕੇ ਪਰ ਉਹਨਾਂ ਨੂੰ ਲਭ ਨਹੀਂ ਰਿਹਾ। ਇਹ ਸੁਘੜ ਅਤੇ ਉਤਸ਼ਾਹੀ ਬੀਬਾ ਜੀ, ਬਿਹਾਰ ਸਰਕਾਰ ਦੇ ਮਹਿਕਮਾ, ਸੈਰ ਸਪਾਟਾ ਵਿੱਚ ਪ੍ਰਿੰਸੀਪਲ ਸੈਕਟਰੀ ਹੋਣ ਦੇ ਨਾਲ਼ ਨਾਲ਼, ਇਸ ਸਾਰੇ ਸਮਾਗਮ ਦੇ ਪ੍ਰਬੰਧਾਂ ਦੇ ਮੁਖੀ ਵਜੋਂ, ਡਾਇਰੈਕਟਰ ਦੇ ਰੂਪ ਵਿੱਚ ਸਾਰੇ ਸਮਾਗਮਾਂ ਨੂੰ ਨੇਪਰੇ ਚਾੜ੍ਹਨ ਦਾ ਕਾਰਜ ਕਰ ਰਹੇ ਸਨ। ਬੈਂਸ ਸਾਹਿਬ ਨੇ ਉਹਨਾਂ ਨੂੰ ਮੇਰਾ ਪਤਾ ਤੇ ਉਹਨਾਂ ਦਾ ਮੈਨੂੰ ਦੇ ਦਿਤਾ। ਉਹਨਾਂ ਵੱਲੋਂ ਬੜੇ ਸਨਮਾਨ ਪੂਰਤ ਸ਼ਬਦਾਂ ਵਿੱਚ ਲਿਖੇ ਗਏ ਸੱਦਾ-ਪੱਤਰ ਵਿਚ, ੨੨ ਤੋਂ ੨੪ ਸਤੰਬਰ ਤੱਕ ਦੇ ਸਮਾਗਮਾਂ ਵਿੱਚ ਭਾਗ ਲੈਣ ਵਾਸਤੇ ਮੈਨੂੰ ਸੱਦਿਆ ਗਿਆ ਤੇ ਨਾਲ਼ ਹੀ ਗੁਰੂ ਸਾਹਿਬਾਨ ਬਾਰੇ ਸਰੋਤਿਆਂ ਨਾਲ਼ ਸਾਂਝ ਪਾਉਣ ਲਈ ਵੀ ਆਖਿਆ ਗਿਆ। ਇਹ ਵੀ ਜਾਣਕਰੀ ਮੰਗੀ ਗਈ ਕਿ ਮੈਂ ਕਿਸ ਸਮੇ ਤੇ ਕਿਸ ਦਿਨ ਆਵਾਂਗਾ ਤੇ ਕਿਸ ਵਿਸ਼ੇ ਬਾਰੇ ਬੋਲਾਂਗਾ! ਇਸ ਦੇ ਜਵਾਬ ਵਿੱਚ ਮੈਂ ਉਹਨਾਂ ਨੂੰ ਜਾਣਕਾਰੀ ਭੇਜ ਦਿਤੀ ਤੇ ਫਿਰ ਭੁੱਲ ਗਿਆ ਕਿ ਉਹਨਾਂ ਦੇ ਜਵਾਬ ਵਿੱਚ ਮੈਂ ਇਹ ਜਾਣਕਾਰੀ ਲਿਖ ਦਿਤੀ ਸੀ।
ਮੈਂ ਇਤਿਹਾਦ ਏਅਰ ਲਾਈਨ ਦੇ ਜਹਾਜ ਉਪਰ ਸਵਾਰ ਹੋ ਕੇ, ਸਿਡਨੀ ਤੋਂ ੧੮ ਸਤੰਬਰ ਨੂੰ ਚੱਲ ਕੇ ਆਬੂਧਾਬੀ ਰਾਹੀਂ, ੧੯ ਨੂੰ ਦਿੱਲੀ ਤੇ ਦਿੱਲੀਉਂ ਪਟਨੇ ਵਾਲ਼ੇ ਜਹਾਜ ਤੇ ਜਾ ਬੈਠਾ। ਮੇਰੇ ਨਾਲ਼ ਦੀ ਸੀਟ ਉਪਰ ਇੱਕ ਚੰਗੀ ਸ਼ਖ਼ਸੀਅਤ ਵਾਲ਼ਾ ਬਿਹਾਰੀ ਸੱਜਣ ਬੈਠਾ ਹੋਇਆ ਸੀ। ਚੱਲਦੀ ਵਾਰਤਾ ਵਿੱਚ ਉਸ ਨੇ ਪੁੱਛਿਆ ਕਿ ਕੀ ਅੱਗੋਂ ਮੈਨੂੰ ਕੋਈ ਲੈਣ ਲਈ ਆ ਰਿਹਾ ਹੈ! ਫਿਰ ਮੈਨੂੰ ਖਿਆਲ ਆਇਆ ਕਿ ਇਹ ਸਮੱਸਿਆ ਵੀ ਆ ਸਕਦੀ ਹੈ! ਇਸ ਪਿੱਛੋਂ ਮੈਂ ਸੋਚਿਆ ਕਿ ਪਹਿਲਾਂ ਪਟਨਾ ਸਾਹਿਬ ਗੁਰਦੁਆਰੇ ਵਿੱਚ ਚਲਿਆ ਜਾਵਾਂਗਾ ਤੇ ਓਥੋਂ ਫਿਰ ਪਤਾ ਕਰਕੇ ੨੨ ਸਤੰਬਰ ਤੋਂ ਪਹਿਲਾਂ ਪਹਿਲਾਂ ਹਰਜੋਤ ਕੌਰ ਜੀ ਨਾਲ ਸੰਪਰਕ ਕਰਕੇ, ਜਿਥੇ ਆਖਣਗੇ ਓਥੇ ਪਹੁੰਚ ਜਾਵਾਂਗਾ।
ਪਟਨਾ ਹਵਾਈ ਅੱਡੇ ਉਪਰ ਉਤਰ ਕੇ, ਬਿਨਾ ਆਲ਼ੇ ਦੁਆਲ਼ੇ ਵੇਖਣ ਦੇ, ਸਾਮਾਨ ਵਾਲ਼ੀ ਬੈਲ਼ਟ ਵੱਲ ਸਿਧਾ ਹੀ ਚੱਲਿਆ ਗਿਆ। ਜਹਾਜ ਵਾਲ਼ਾ ਸਾਥੀ ਸੱਜਣ ਹਿੰਦੀ ਵਿੱਚ ਬੋਲਿਆ, “ਸਰਦਾਰ ਜੀ, ਆਹ ਤੁਹਾਨੂੰ ਰਸੀਵ ਕਰਨ ਲਈ ਖੜ੍ਹੇ ਨੇ। “ਅਟੈਚੀ ਲੈ ਕੇ ਜਦੋਂ ਮੈਂ ਓਧਰ ਵਧਿਆ ਤਾਂ ਬਿਹਾਰ ਸਰਕਾਰ ਦੇ ਤਿੰਨ ਕਰਮਚਾਰੀ ਖਲੋਤੇ ਦਿਸੇ। ਦੋਹਾਂ ਦੇ ਹੱਥਾਂ ਵਿੱਚ ਗੁਲਦਸਤੇ ਅਤੇ ਇੱਕ ਡਰਾਈਵਰ ਬਿਨਾ ਗੁਲਦਸਤੇ ਤੋਂ। ਗੁਲਦਸਤੇ ਮੈਨੂੰ ਫੜਾ ਕੇ ਕੁੱਝ ਸਵਾਗਤੀ ਸ਼ਬਦ ਬੋਲ਼ ਕੇ ਮੈਨੂੰ ਬਾਹਰ ਲੈ ਆਏ। ਓਥੇ ਕਾਰ ਲਾਗੇ ਇੱਕ ਉਚੇਰਾ ਅਫ਼ਸਰ ਇੱਕ ਹੋਰ ਗੁਲਦਸਤਾ ਲੈ ਕੇ ਖਲੋਤਾ ਸੀ। ਉਸ ਨੇ ਗੁਲਦਸਤਾ ਮੈਨੂੰ ਫੜਾ ਕੇ ਕਾਰ ਦਾ ਦਰਵਾਜਾ ਖੋਹਲ ਦਿਤਾ ਤੇ ਮੈਂ ਕਾਰ ਵਿੱਚ ਬੈਠ ਗਿਆ। ਉਹ ਤਿੰਨੇ ਸਰਕਾਰੀ ਅਧਿਕਾਰੀ ਇੱਕ ਹੋਰ ਕਾਰ ਵਿੱਚ ਬੈਠ ਗਏ। ਡਰਾਈਵਰ ਮੈਨੂੰ ਮੌਰੀਆ ਹੋਟਲ ਵਿੱਚ ਲੈ ਆਇਆ। ਓਥੇ ਇੱਕ ਸਾਹੜੀਧਾਰੀ ਬੀਬੀ ਗੁਲਦਸਤਾ ਲਈ ਖਲੋਤੀ ਸੀ। “ਜੀ ਆਇਆਂ ਨੂੰ” ਆਖ ਕੇ ਤੇ ਗੁਲਦਸਤਾ ਮੈਨੂੰ ਫੜਾ ਕੇ, ਉਸ ਨੇ ਹੋਟਲ ਦੇ ਕਰਮਚਾਰੀਆਂ ਨੂੰ ਹਿਦਾਇਤ ਕਰ ਦਿਤੀ ਕਿ ਸਰਦਾਰ ਜੀ ਦਾ ਸਾਮਾਨ ੪੦੬ ਨੰਬਰ ਕਮਰੇ ਵਿੱਚ ਲੈ ਜਾਓ। ਮਤਲਬ ਕਿ ਚੌਥੀ ਮੰਜ਼ਲ ਉਪਰ ੬ ਨੰਬਰ ਵਾਲ਼ਾ ਕਮਰਾ।
ਜਾਂ ਮੈਂ ਕਮਰੇ ਵਿੱਚ ਪ੍ਰਵੇਸ਼ ਕੀਤਾ ਤਾਂ ਵੇਖ ਕੇ ਹੈਰਾਨ ਰਹਿ ਗਿਆ ਕਿ ਕੇਹੜੀ ਲੋੜੀਂਦੀ ਚੀਜ ਸੀ ਜੇਹੜੀ ਕਿ ਓਥੇ ਮੌਜੂਦ ਨਹੀਂ ਸੀ! ਇੱਕ ਇਕ ਵਸਤੂ ਦਾ ਜੇ ਵੇਰਵਾ ਵਰਨਿਆ ਜਾਵੇ ਤਾਂ ਇਸ ਉਪਰ ਸਮਾ ਵੀ ਲੱਗੇਗਾ ਤੇ ਸ਼ਾਇਦ ਉਹ ਬੇਲੋੜਾ ਵੀ ਲੱਗੇ। ਚਾਹ ਬਣਾਉਣ ਦਾ ਸਾਮਾਨ ਤੇ ਨਾਲ਼ ਛਕਣ ਵਾਸਤੇ ਹਰੇਕ ਪ੍ਰਕਾਰ ਦਾ ਨਿਕ ਸੁਕ ਕਮਰੇ ਵਿੱਚ ਮੌਜੂਦ ਸੀ। ਇਹ ਵੀ ਦੱਸਿਆ ਗਿਆ ਕਿ ਚਾਹ ਏਥੇ ਵੀ ਬਣਾਈ ਜਾ ਸਕਦੀ ਹੈ ਤੇ ਥੱਲਿਉਂ ਰੈਸਟੋਰੈਂਟ ਤੋਂ ਵੀ ਕਮਰੇ ਵਿੱਚ ਮੰਗਵਾਈ ਜਾ ਸਕਦੀ ਹੈ ਤੇ ਓਥੇ ਜਾ ਕੇ ਵੀ ਪੀਤੀ ਜਾ ਸਕਦੀ। ਲੰਚ ਤੇ ਡਿਨਰ ਚਾਹੋ ਤਾਂ ਕਮਰੇ ਵਿੱਚ ਮੰਗਵਾ ਲਵੋ ਤੇ ਚਾਹੋ ਤਾਂ ਓਥੇ ਜਾ ਕੇ ਖਾ ਲਵੋ। ਮੈਂ ਦੂਜਾ ਵਿਕਲਪ ਹੀ ਚੁਣਿਆਂ।
ਮੈਂ ਸਭ ਤੋਂ ਪਹਿਲਾਂ ਜਾਣ ਵਾਲ਼ਾ ਹੋਣ ਕਰਕੇ ਤੇ ਏਨੀ ਅਣਕਿਆਸੀ ਆਉ ਭਗਤ ਮਿਲ਼ੀ ਹੋਣ ਕਰਕੇ, ਦੋ ਕੁ ਦਿਨ ਤਾਂ ਉਦਾਸ ਜਿਹਾ ਹੀ ਰਿਹਾ। ਫਿਰ ਹੌਲ਼ੀ ਹੌਲ਼ੀ ਦੂਜੇ ਮੁਲਕਾਂ ਤੋਂ ਸੱਜਣ ਆਉਣ ਲੱਗ ਪਏ ਤੇ ਉਹਨਾਂ ਨਾਲ਼ ਗੱਪ ਸ਼ਪ ਮਾਰਨ ਨਾਲ਼ ਕੁੱਝ ਧਰਵਾਸ ਜਿਹਾ ਮਹਿਸੂਸ ਹੋਣ ਲੱਗ ਪਿਆ।
ਗਰਾਊਂਡ ਫਲੋਰ ਤੇ ਵਿਸ਼ਾਲ ਰੈਸਟੋਰੈਂਟ ਵਿੱਚ ਹਰ ਪ੍ਰਕਾਰ ਦਾ ਤੇ ਕਈ ਪ੍ਰਕਾਰ ਦਾ ਭੋਜਨ ਮੌਜੂਦ ਹੁੰਦਾ ਸੀ ਜੋ ਖ਼ੁਦ ਵੀ ਪਲੇਟਾਂ ਵਿੱਚ ਪਾਇਆ ਜਾ ਸਕਦਾ ਸੀ ਤੇ ਟੇਬਲ ਉਪਰ ਵੀ ਸਰਵ ਕੀਤਾ ਜਾਂਦਾ ਸੀ। ਮੈਨੂੰ ਜਦੋਂ ਬਟਲਰ (ਸੀਨੀਅਰ ਮੋਸਟ ਸਰਵਿਸ ਕਰਨ ਵਾਲ਼ਾ) ਨੇ ਕੀ ਖਾਵਾਂਗਾ ਬਾਰੇ ਪੁੱਛਿਆ ਤਾਂ ਮੈ ਇੱਕ ਰੋਟੀ ਤੇ ਦਾਲ਼ ਦੀ ਮੰਗ ਕੀਤੀ। ਨੌਂ ਦਿਨ ਮੈਂ ਓਥੇ ਰਿਹਾ ਤੇ ਨੌਵਾਂ ਦਿਨਾਂ ਵਿੱਚ ਪਹਿਲਾਂ ਦਾਲ ਤੇ ਇੱਕ ਰੋਟੀ ਖਾਂਦਾ ਰਿਹਾ ਤੇ ਫਿਰ ਜਦੋਂ ਪਤਾ ਲੱਗਾ ਕਿ ਸੂਪ ਵੀ ਮਿਲ਼ਦਾ ਹੈ ਤਾਂ ਫਿਰ ਦਾਲ਼ ਦੀ ਥਾਂ ਸੂਪ ਦੇ ਪਿਆਲੇ ਵਿੱਚ ਭੇਂ ਭੇਂ ਕੇ ਇੱਕ ਰੋਟੀ ਖਾ ਲੈਣੀ। ਉਹ ਭਲਾ ਪੁਰਸ਼ ਹੈਰਾਨੀ ਨਾਲ਼ ਬਾਕੀ ਸਟਾਫ਼ ਨੂੰ ਤੇ ਹੋਰਨਾਂ ਗੈਸਟਾਂ ਨੂੰ ਇਹ ਹੈਰਾਨੀ ਭਰੀ ਖ਼ਬਰ ਹਰ ਰੋਜ਼ ਦਿੰਦਾ ਰਿਹਾ, “ਇਹ ਸਰਦਾਰ ਜੀ ਸਿਰਫ ਦਾਲ਼ ਨਾਲ਼ ਇੱਕ ਰੋਟੀ ਖਾਂਦੇ ਹਨ, ਉਹ ਵੀ ਦਿਹਾੜੀ ਵਿੱਚ ਇੱਕ ਵਾਰ!” ਇਹ ਸੁਣ ਕੇ ਕਿਸੇ ਨੇ ਹੈਰਾਨ ਹੋਣਾ ਤੇ ਕਿਸ ਨੇ ਨਜ਼ਰਅੰਦਾਜ਼ ਕਰ ਛੱਡਣਾ।
ਨੌਂ ਦਿਨ ਓਥੇ ਰਿਹਾ ਤੇ ਸਾਰੇ ਦਿਨ ਹੀ ਸਵੇਰੇ ੬ ਵਜੇ ਡਰਾਈਵਰ ਨੇ ਕਾਰ ਲੈ ਆਉਣੀ ਤੇ ਬਿਹਾਰ ਵਿੱਚ ਕਿਸੇ ਵੀ ਥਾਂ ਜਾਣਾ ਹੋਵੇ, ਉਸ ਨੇ ਲੈ ਜਾਣਾ। ਰਾਤ ਨੂੰ ਅੱਠ ਨੌਂ ਵਜੇ ਦੱਸ ਕੇ ਜਾਣਾ। ਜਾਣਾ ਮੈਂ ਕਿਥੇ ਸੀ, ਹਰ ਰੋਜ਼ ਵੱਡਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੇ ਜਾਣਾ ਤੇ ਇੱਕ ਇਕ ਵਾਰ ਕੁੱਝ ਹੋਰ ਗੁਰਦੁਆਰਿਆਂ ਦੀ ਯਾਤਰਾ ਕੀਤੀ। ਨਾਲੰਦਾ ਯੂਨੀਵਰਸਿਟੀ ਦੇ ਖੰਡਰਾਤ, ਕੁੱਝ ਹੋਰ ਬੁਧ ਧਰਮ ਤੇ ਸਿੱਖ ਧਰਮ ਨਾਲ਼ ਸਬੰਧਤ ਸਥਾਨਾਂ ਦੀ ਯਾਤਰਾ ਕੀਤੀ। ਪਟਨੇ ਸ਼ਹਿਰ ਤੋਂ ਬਾਹਰਵਾਰ ਉਹ ਖੂਹ ਵੀ ਵੇਖਿਆ ਜਿਸ ਦਾ ਨਾਂ ‘ਅਗਮ ਖੂਹ’ ਹੈ ਤੇ ਗਾਈਡ ਨੇ ਦੱਸਿਆ ਕਿ ਇਸ ਖੂਹ ਦਾ ਥੱਲਾ ਨਹੀਂ ਲਭਦਾ। ਇਸ ਖੂਹ ਵਿੱਚ ਮਹਾਨ ਅਸ਼ੋਕ ਨੇ ਆਪਣਾ ਆਖਰੀ ਤੇ ਨੜ੍ਹਿਨਵਾਂ ਭਰਾ ਵੱਢ ਕੇ ਸੁੁੱਟਿਆ ਸੀ ਤੇ ਫਿਰ ਮਗਧ ਦੀ ਰਾਜ ਗੱਦੀ ਉਪਰ ਬੈਠਾ ਸੀ। ਇਉਂ ਕੁੱਝ ਸਮਾ ਸਿੱਖ ਧਰਮ ਤੇ ਬੁਧ ਧਰਮ ਅਤੇ ਪੁਰਾਤਨ ਵਿਦਿਅਕ ਸਥਾਨਾਂ ਦੀ ਯਾਤਰਾ ਵਿੱਚ ਬੀਤਿਆ।
੨੧ ਸਤੰਬਰ ਨੂੰ ਬਿਹਾਰ ਦੇ ਮੁਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਜੀ ਨੇ, ਮੌਰੀਆ ਹੋਟਲ ਦੇ ਗਰਾਊਂਡ ਫਲੋਰ ਉਪਰ ਮੀਡੀਆ ਕਾਨਫ਼੍ਰੰਸ ਬੁਲਾਈ। ਪ੍ਰੋਫ਼ੈਸ਼ਨਲ ਪੱਤਰਕਾਰਾਂ ਨੇ ਕਈ ਤਿੱਖੇ ਤਿੱਖੇ ਸਵਾਲ ਕੀਤੇ ਅਤੇ ਮੁਖਮੰਤਰੀ ਜੀ ਨੇ ਬੜੇ ਸਹਿਜ ਨਾਲ਼ ਉਹਨਾਂ ਦੇ ਜਵਾਬ ਦਿਤੇ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਆਪਣੀ ਜਾਣਕਾਰੀ ਦੇਣ ਪਿੱਛੋਂ ਏਨਾ ਹੀ ਆਖਿਆ ਕਿ ਮੈਂ ਸਵਾਲ ਕੋਈ ਨਹੀਂ ਕਰਨਾ। ਸਿਰਫ ਤੁਹਾਨੂੰ ਸ਼ਾਵਾਸ਼ੇ ਹੀ ਦੇਣੀ ਹੈ ਇਸ ਬਹੁਤ ਹੀ ਚੰਗੇ ਉਦਮ ਦੀ ਤੇ ਆਸਟ੍ਰੇਲੀਆ ਵਾਪਸ ਜਾ ਕੇ ਮੈਂ ਓਥੋਂ ਦੇ ਮੀਡੀਆ ਰਾਹੀਂ, ਦੂਸਰੇ ਲੋਕਾਂ ਤੱਕ ਵੀ ਇਸ ਚੰਗੇ ਉਦਮ ਬਾਰੇ ਜਾਣਕਾਰੀ ਪੁੱਜਦੀ ਕਰਾਂਗਾ। ਕਾਨਫ਼੍ਰੰਸ ਦੇ ਅੰਤ ਉਪਰ ਜਦੋਂ ਮੈਂ ਸ਼੍ਰੀ ਨਿਤੀਸ਼ ਕੁਮਾਰ ਵੱਲ ਹੱਥ ਵਧਾਇਆ ਤਾਂ ਉਹਨਾਂ ਨੇ ਮੈਨੂੰ ਜੱਫੀ ਵਿੱਚ ਲੈ ਲਿਆ। ਇਸ ਜੱਫੀ ਦੌਰਾਨ ਹੀ ਮੈਂ ਉਹਨਾਂ ਦੇ ਕੰਨ ਕੋਲ਼ ਮੂੰਹ ਲਿਜਾ ਕੇ ਕਿਹਾ, “ਵਾਪਸ ਜਾ ਕਰ ਬੜੇ ਗੌਰਵ ਸੇ ਅਪਨੇ ਬੱਚੋਂ ਕੋ ਬਤਾਊਂਗਾ ਕਿ ਮੈਂ ਬ੍ਹਾਰਤ ਕੇ ਬ੍ਹਾਵੀ ਪ੍ਰਧਾਨ ਮੰਤਰੀ ਸੇ ਮਿਲ ਕਰ ਆਇਆ ਹੂੰ।” ਅੰਦਰੋਂ ਤਾਂ ਨਿਤਿਸ਼ ਜੀ ਨੇ ਖ਼ੁਸ਼ ਹੀ ਹੋਣਾ ਸੀ ਪਰ ਉਪਰੋਂ ਬੁਲ੍ਹਾਂ ਉਪਰ ਉਂਗਲ਼ ਰੱਖ ਕੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਦਿਤਾ।
ਅਗਲੇ ਦਿਨ ੨੨ ਸਤੰਬਰ ਨੂੰ, ਖਚਾ ਖਚ ਭਰੇ ਵਿਸ਼ਾਲ ਹਾਲ ਵਿੱਚ ‘ਸਿੱਖ ਕਨਕਲੇਵ’ ਦਾ ਉਦਘਾਟਨੀ ਸਮਾਗਮ ਹੋਇਆ। ਇਸ ਵਿੱਚ ਸਾਰੇ ਸੰਸਾਰ ਤੋਂ ਆਏ ਬੁਧੀਜੀਵੀ, ਸਿਆਸਤਦਾਨ, ਵਿੱਦਵਾਨ, ਪੱਤਰਕਾਰ, ਸਮਾਜ ਸੇਵੀ, ਧਾਰਮਿਕ ਮੁਖੀਆਂ ਨੇ ਹਾਜਰੀ ਭਰੀ। ਹੋਸਟ ਬਿਹਾਰ ਦੇ ਮੁਖ ਮੰਤਰੀ ਸਨ ਤੇ ਇਹਨਾਂ ਤੋਂ ਇਲਾਵਾ ਉਪ ਮੁਖ ਮੰਤਰੀ ਅਤੇ ਦੂਜੇ ਅਧਿਕਾਰੀ ਵੀ ਹਾਜਰ ਸਨ। ਫਿਰ ਵੱਖ ਵੱਖ ਸੂਬਾਈ ਸਰਕਾਰਾਂ ਦੇ ਆਗੂਆਂ ਨੇ ਹਾਜਰੀ ਲਵਾਈ। ਪੰਜਾਬ ਤੋਂ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਗਵਾਈ ਕੀਤੀ। ਉਹਨਾਂ ਨੇ ਸ਼੍ਰੀ ਨਿਤਿਸ਼ ਕੁਮਾਰ ਦੀ ਇਸ ਉਦਮ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਜੋ ਇਹਨਾਂ ਨੇ ਕੀਤਾ ਹੈ, ਮੈਂ ਵੀ ਨਹੀਂ ਕਰ ਸਕਿਆ। ਪੰਜਾਬ ਸਰਕਾਰ ਵੱਲੋਂ ਬਾਦਲ ਜੀ ਨੇ ਇਸ ਸਮਾਗਮ ਦੇ ਖ਼ਰਚਾਂ ਵਿੱਚ ਪੰਜਾਬ ਵੱਲੋਂ ਹਿੱਸਾ ਪਾਉਣ ਵਾਸਤੇ, ਦਸ ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਯੂ. ਪੀ. ਸਰਕਾਰ ਦੀ ਪ੍ਰਤੀਨਿਧਤਾ ਸ. ਬਲਵੰਤ ਸਿੰਘ ਰਾਮੂਵਾਲੀਆ ਜੀ ਨੇ ਕੀਤੀ। ਸਾਰੇ ਮੁਖੀ ਸੱਜਣਾਂ ਦੀਆਂ ਸਪੀਚਾਂ `ਚੋਂ ਸਭ ਤੋਂ ਵਧੇਰੇ ਪ੍ਰਭਾਵਸ਼ਾਲੀ ਸਪੀਚ ਸ. ਬਲਵੰਤ ਸਿੰਘ ਰਾਮੂਵਾਲੀਆ ਦੀ ਸੀ। ਉਹਨਾਂ ਦੀ ਸਪੀਚ ਦੌਰਾਨ ਤਾਂ ਵਿਸ਼ਾਲ ਹਾਲ ਤਾੜੀਆਂ ਅਤੇ ਜੈਕਾਰਿਆਂ ਨਾਲ਼ ਗੂੰਜ ਉਠਿਆ ਸੀ। ਭਾਸ਼ਨ ਤੋਂ ਪਿਛੋਂ ਰਾਮੂਵਾਲੀਆ ਜੀ ਨੇ ਪੁੱਛਿਆ, “ਸੰਤੋਖ ਜੀ, ਮੇਰਾ ਲੈਕਚਰ ਕੈਸਾ ਰਿਹਾ?” ਮੈਂ ਕਿਹਾ, “ਤੇਰੇ ਪੀਸੇ ਦਾ ਕੀ ਛਾਨਣਾ ਬਾਈ ਜੀ, ਤੁਸੀਂ ਤਾਂ ਅਧੀ ਸਦੀ ਪਹਿਲਾਂ ਤਰਨ ਤਾਰਨ ਦੀ ਮੱਸਿਆ ਦੀ ਚੌਦੇਂ ਵਾਲ਼ੀ ਰਾਤ ਚੇਤੇ ਕਰਵਾ ਦਿਤੀ। ਏਸੇ ਤਰ੍ਹਾਂ ਓਥੇ ਵੀ ਜੈਕਾਰੇ ਛਡਵਾਉਂਦੇ ਹੁੰਦੇ ਸੀ ਸਰੋਤਿਆਂ ਤੋਂ ਤੇ ਅੱਜ ਏਥੇ ਵੀ ਜੈਕਾਰੇ ਛਡਵਾ ਕੇ ਹਾਲ ਵਿੱਚ ਗੂੰਜਾਂ ਪਵਾ ਦਿਤੀਆਂ। “
ਇਸ ਉਦਘਾਟਨੀ ਦੀਵਾਨ ਦੀ ਸਮਾਪਤੀ ਤੇ ਸਾਰੇ ਲੋਕਾਂ ਨੇ ਵਿਸ਼ਾਲ ਸ਼ਾਮਿਆਨਿਆਂ ਰਾਹੀਂ ਸਿਰਜੇ ਗਏ ਸਥਾਨ ਉਪਰ ਰਾਤ ਦਾ ਪ੍ਰਸ਼ਾਦਾ ਛਕਿਆ। ਉਪ੍ਰੰਤ ਸਾਰੇ ਆਪੋ ਆਪਣੇ ਟਿਕਾਣਿਆਂ ਉਪਰ ਚਲੇ ਗਏ। ਇਸ ਡਿੱਨਰ ਦੌਰਾਨ ਬਹੁਤ ਸਾਰੇ ਵਿੱਦਵਾਨਾਂ ਨਾਲ਼ ਸੰਪਰਕ ਹੋਇਆ; ਖਾਸ ਕਰਕੇ ਇੱਕ ਸਰਦਾਰ ਜੀ, ਜੋ ਕਿ ਮਗਧ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਨ ਤੇ ਇਸ ਸਮੇ ਦਿੱਲੀ ਵਿੱਚ ਰਹਿ ਰਹੇ ਹਨ, ਵੀ ਮਿਲ਼ੇ। ਅਗਲੇ ਦਿਨ ਸੈਮੀਨਾਰ ਵਿੱਚ ਇਹਨਾਂ ਨੇ ਮੈਨੂੰ ਆਪਣੀ ਇੱਕ ਆਪਣੀ ਬਹੁਮੁੱਲੀ ਕਿਤਾਬ ਭੇਟਾ ਕੀਤੀ। ਮੇਰੇ ਇਹ ਪੁੱਛਣ ਤੇ ਕਿ ਏਨੇ ਧੁਰੰਤਰ ਵਿੱਦਵਾਨਾਂ ਨੂੰ ਛੱਡ ਕੇ ਤੁਸੀਂ ਕਿਸ ਪ੍ਰੇਰਨਾ ਅਧੀਨ ਮੇਰੇ ਤੇ ਇਹ ਕਿਰਪਾ ਕੀਤੀ ਹੈ ਤਾਂ ਉਹਨਾਂ ਦਾ ਉਤਰ ਸੀ ਕਿ ਜਦੋਂ ਮੈਂ ਉਹਨਾਂ ਨੂੰ ਰਾਤ ਦੇ ਖਾਣੇ ਸਮੇ ਮਿਲ਼ਿਆ ਸਾਂ ਤਾਂ ਉਹਨਾਂ ਨੇ ਓਦੋਂ ਹੀ ਵਿਚਾਰ ਬਣਾ ਲਿਆ ਸੀ ਕਿ ਮੈਨੂੰ ਕਿਤਾਬ ਭੇਟਾ ਕਰਨਗੇ।
ਅਗਲੇ ਦਿਨ ੨੩ ਸਤੰਬਰ ਨੂੰ ਸਾਰੀ ਦੁਨੀਆਂ ਦੇ ਦੇਸਾਂ ਤੋਂ ਆਏ ਵੱਖ ਵੱਖ ਵਿਦਵਾਨਾਂ ਦਾ ਸੈਮੀਨਾਰ, ਮੌਰੀਆ ਹੋਟਲ ਦੇ ਗਰਾਊਂਡ ਫ਼ਲੋਰ ਦੇ ਵਿਸ਼ਾਲ ਹਾਲ ਵਿੱਚ ਹੋਇਆ। ਸਵੇਰ ਦੇ ਸਮਾਗਮ ਦੀ ਪ੍ਰਧਾਨਗੀ, ਪ੍ਰਸਿਧ ਵਿਦਵਾਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾ. ਜਸਪਾਲ ਸਿੰਘ ਜੀ ਨੇ ਕੀਤੀ। ਅਤੇ ਪ੍ਰਸ਼ਾਦੇ ਛਕਣ ਉਪ੍ਰੰਤ, ਪਿਛਲੇ ਪਹਿਰ ਦੇ ਸਮਾਗਮ ਦੀ ਆਰੰਭਤਾ, ਸਾਰੇ ਸਮਾਗਮਾਂ ਵਾਂਙ, ਇਹਨਾਂ ਸਮਾਗਮਾਂ ਦੇ ਸਾਰੇ ਪ੍ਰੋਗਰਾਮ ਦੀ ਡਾਇਰੈਕਟਰ, ਬੀਬਾ ਹਰਜੋਤ ਕੌਰ ਜੀ, ਮਾਈਕ ਉਪਰ ਆ ਗਏ। ਉਹਨਾਂ ਨੇ ਪ੍ਰਧਾਨਗੀ ਮੰਡਲ ਵਾਸਤੇ ਸਭ ਤੋਂ ਪਹਿਲਾਂ ਮੇਰਾ ਨਾਂ ਲਿਆ ਤਾਂ ਮੋਹਰਲੀ ਕਤਾਰ ਵਿੱਚ ਬੈਠੇ ਹੋਣ ਦੇ ਬਾਵਜੂਦ ਵੀ ਮੈਨੂੰ ਪਤਾ ਨਾ ਲੱਗਿਆ। ਇਸ ਦੇ ਦੋ ਕਾਰਨ ਸਨ: ਇੱਕ ਤਾਂ ਇਹ ਸੀ ਕਿ ਮੇਰੀ ਸੁਣਨ ਸ਼ਕਤੀ ਵੀ ਕਾਫੀ ਕਮਜ਼ੋਰ ਹੈ; ਦੂਜੀ ਗੱਲ ਇਹ ਕਿ ਮੈਂ ਤਾਂ ਕਦੀ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਮੈਨੂੰ ਏਨਾ ਮਾਣ ਮਿਲ਼ ਸਕਦਾ ਹੈ! ਮੈਂ ਤੇ ਮੰਚ ਉਪਰ ਬੋਲਣ ਦਾ ਸਮਾ ਮਿਲ਼ਣ ਦੀ ਵੀ ਆਸ ਨਹੀਂ ਸੀ ਰੱਖਦਾ ਭਾਵੇਂ ਕਿ ਦਿਲੋਂ ਮੈਂ ਇਸ ਦਾ ਇੱਛਕ ਹੀ ਸਾਂ। ਇਹ ਤਾਂ ਮੇਰੇ ਵਾਸਤੇ ਮੇਰੇ ਪਾਤਿਸ਼ਾਹ ਸਤਿਗੁਰੂ ਦੀ ਅਪਾਰ ਕਿਰਪਾ ਅਤੇ ਪ੍ਰਬੰਧਕਾਂ ਦੀ ਉਦਾਰਤਾ ਹੀ ਸੀ। ਜਦੋਂ ਆਲ਼ੇ ਦੁਆਲ਼ੇ ਬੈਠੇ, ਵਿੱਦਵਾਨ ਸੱਜਣਾਂ ਵੱਲੋਂ ਮੈਨੂੰ ਕੂਹਣੀਆਂ ਵੱਜਣੀਆਂ ਸ਼ੁਰੂ ਹੋਈਆਂ ਤੇ ਨਾਲ਼ੇ ਆਖਿਆ ਗਿਆ ਕਿ ਤੈਨੂੰ ਸੱਦਿਆ ਜਾ ਰਿਹਾ ਹੈ; ਤਾਂ ਮੈਨੂੰ ਸਮਝ ਆਈ ਤੇ ਮੈਂ ਉਠ ਕੇ ਮੰਚ ਦੀਆਂ ਪਉੜੀਆਂ ਚੜ੍ਹਿਆ ਤੇ ਉਹ ਵੀ ਡਰਦਾ ਡਰਦਾ। ਮੰਚ ਸੰਚਾਲਕ ਬੀਬੀ ਹਰਜੋਤ ਕੌਰ ਜੀ ਦੇ ਇਸ਼ਾਰੇ ਤੇ ਮੰਚ ਉਪਰ ਡਠੀਆਂ ਕੁਰਸੀਆਂ ਵਿਚੋਂ ਵਿਚਕਾਰਲੀ ਕੁਰਸੀ ਤੇ ਸੁੰਗੜ ਕੇ ਬੈਠ ਗਿਆ। ਫਿਰ ਪ੍ਰਧਾਨਗੀ ਮੰਡਲ ਨੂੰ ਭਾਗ ਲਾਉਣ ਲਈ ਅੰਮ੍ਰਿਤਸਰੋਂ ਡਾ. ਜਸਬੀਰ ਸਿੰਘ ਸਾਬਰ, ਸ. ਗੁਰਜੀਤ ਸਿੰਘ ਬੈਂਸ, ਪ੍ਰੋ. ਕੁਲਵੰਤ ਸਿੰਘ, ਡਾਕਟਰ ਚੀਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਾਰਮਿਕ ਵਿਭਾਗ ਦੇ ਮੁਖੀ ਦੇ ਨਾਂ ਬੋਲੇ ਗਏ। ਮੈਨੂੰ ਪੁੱਛ ਕੇ ਇਸ ਸਮਾਗਮ ਦੇ ਮੰਚ ਸੰਚਾਲਣ ਦੀ ਸੇਵਾ ਡਾ. ਚੀਮਾ ਜੀ ਨੂੰ ਸੌਂਪੀ ਗਈ। ਸਦਾ ਦੀ ਤਰ੍ਹਾਂ, ਮੰਚ ਨੂੰ, ਮੰਚ ਸੰਚਾਲਕ ਦੇ ਹਵਾਲੇ ਕਰਕੇ, ਬੀਬਾ ਹਰਜੋਤ ਕੌਰ ਜੀ ਸਾਹਮਣੇ ਸਰੋਤਿਆਂ ਦੀ ਮੋਹਰਲੀ ਕਤਾਰ ਵਾਲ਼ੀਆਂ ਕੁਰਸੀਆਂ ਵਿਚੋਂ ਇੱਕ ਉਪਰ ਜਾ ਸਜੇ। ਉਹ ਹਰੇਕ ਸਮਾਗਮ ਸਮੇ, ਸਮਾਗਮ ਸ਼ੁਰੂ ਕਰਕੇ ਪ੍ਰਧਾਨਗੀ ਮੰਡਲ ਵਿਚੋਂ ਇੱਕ ਵਿਦਵਾਨ ਨੂੰ ਮੰਚ ਸੰਚਾਲਣ ਦੀ ਜੁੰਮੇਵਾਰੀ ਸੌਂਪ ਕੇ ਆਪ ਸਰੋਤਿਆਂ ਵਿੱਚ ਜਾ ਬੈਠਦੇ ਸਨ।
ਦੂਰੋਂ ਦੂਰੋਂ ਆਏ ਵਿਦਵਾਨਾਂ ਨੇ ਸਦਾ ਦੀ ਤਰ੍ਹਾਂ ਹੀ ਆਪਣੇ ਤਿਆਰ ਕੀਤੇ ਹੋਏ ਲਿਖਤੀ ਭਾਸ਼ਨ ਪੜ੍ਹਨੇ ਸ਼ੁਰੂ ਕਰ ਦਿਤੇ। ਇਹ ਸਾਰਾ ਕਾਰਜ ਫਿੱਕਾ ਫਿੱਕਾ ਜਿਹਾ ਲੱਗ ਰਿਹਾ ਸੀ। ਕਾਰਨ ਇਹ ਸੀ ਕਿ ਜਿਸ ਵੀ ਵਿਦਵਾਨ ਨੂੰ ਸੱਦਾ ਗਿਆ ਸੀ ਉਸ ਨੇ ਏਹੀ ਸਮਝਿਆ ਕਿ ਉਸ ਨੂੰ ਹੀ ਸੁਣਨ ਲਈ ਬਾਕੀ ਸਾਰੇ ਲੋਕ ਆਏ ਹਨ ਤੇ ਇਸ ਲਈ ਮਹੀਂਿਨਆਂ ਦਾ ਸਮਾ ਲਾ ਕੇ, ਦਰਜਨਾਂ ਕਿਤਾਬਾਂ ਫੋਲ ਫੋਲ ਕੇ, ਉਹਨਾਂ ਨੇ ਆਪਣੇ ਭਾਸ਼ਨ/ਪਰਚੇ ਤਿਆਰ ਕਰਕੇ ਲਿਆਂਦੇ ਸਨ ਤੇ ਕਲਾਸ ਵਿੱਚ ਪੜ੍ਹਾਉਣ ਵਾਲ਼ੀ ਪੱਕੀ ਹੋਈ ਆਦਤ ਅਨੁਸਾਰ, ਚਾਲ਼ੀ ਮਿੰਟ ਤੋਂ ਘੱਟ ਕਿਸੇ ਦਾ ਵੀ ਪਰਚਾ ਨਹੀਂ ਸੀ, ਜਦੋਂ ਕਿ ਉਹਨਾਂ ਨੂੰ ਬੋਲਣ ਵਾਸਤੇ ਪੰਜ ਤੋਂ ਸੱਤ ਮਿੰਟ ਦਿਤੇ ਜਾ ਰਹੇ ਸਨ। ਇੱਕ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਆਏ ਪ੍ਰੋਫ਼ੈਸਰ ਨੇ ਤਾਂ ਮੈਨੂੰ ਦੱਸਿਆ ਕਿ ਉਸ ਨੇ ਤਾਂ ਇੱਕ ਘੰਟਾ ਬੋਲਣ ਵਾਸਤੇ ਤਿਆਰੀ ਕੀਤੀ ਹੋਈ ਸੀ। ਨਤੀਜਾ ਕੀ ਹੋਣਾ ਸੀ! ਨਾ ਤੇ ਬੋਲਣ ਵਾਲ਼ਾ ਕੁੱਝ ਦੱਸ ਸਕਿਆ ਤੇ ਨਾ ਹੀ ਸਰੋਤਿਆਂ ਦੇ ਕੁੱਝ ਪੱਲ ਪੈ ਰਿਹਾ ਸੀ। ਲਿਖਤੀ ਭਾਸ਼ਨ ਪੜ੍ਹਨ ਵਾਲ਼ਿਆਂ ਵਾਸਤੇ ਇਹ ਮੁਸ਼ਕਲ ਹੋ ਜਾਂਦਾ ਹੈ ਕਿ ਉਹ ਤਿਆਰ ਕੀਤੇ ਗਏ ਭਾਸ਼ਨ ਵਿਚੋਂ ਕੀ ਛੱਡਣ ਤੇ ਕੀ ਬੋਲਣ! ਇਸ ਲਈ ਨਾ ਤੇ ਬੋਲਣ ਵਾਲ਼ਾ ਕੋਈ ਖ਼ੁਸ਼ ਸੀ ਤੇ ਨਾ ਹੀ ਸਰੋਤੇ। ਸਰੋਤਿਆਂ ਵਿੱਚ ਊਂਘਣ ਜਿਹੀ ਵਾਲ਼ੀ ਅਸਵਥਾ ਛਾ ਰਹੀ ਸੀ।
ਇਹੋ ਜਿਹੇ ਵਾਤਾਵਰਣ ਵਿੱਚ ਮੇਰਾ ਨਾਂ ਬੋਲਿਆ ਗਿਆ। ਆਪਣੇ ਦਲਿੱਦਰੀ ਸੁਭਾ ਕਾਰਨ ਮੈਂ ਕੋਈ ਆਪਣਾ ਲਿਖਤੀ ਭਾਸ਼ਨ ਜਾਂ ਉਚੇਚੀ ਤਿਆਰੀ ਕਰਕੇ ਨਹੀਂ ਸੀ ਗਿਆ ਕਿਉਂਕਿ ਜੇ ਬੋਲਣ ਦੀ ਤਿਆਰੀ ਕੀਤੀ ਹੋਵੇ ਤੇ ਫਿਰ ਬੋਲਣ ਲਈ ਸਮਾ ਨਾ ਮਿਲ਼ੇ ਤਾਂ ਨਿਰਾਸਤਾ ਹੁੰਦੀ ਹੈ। ਪਹਿਲਾਂ ਤਾਂ ਮੈਨੂੰ ਆਸ ਹੀ ਨਹੀਂ ਸੀ ਕਿ ਓਥੇ ਮੇਰਾ ਨਾਂ ਵੀ ਸਟੇਜੀ ਬੁਲਾਰਿਆਂ ਵਿੱਚ ਆ ਸਕਦਾ ਹੈ ਤੇ ਜੇ ਫਿਰ ਕਿਤੇ ਕਿਸੇ ਨੇ ਗ਼ਲਤੀ ਨਾਲ਼ ਮੇਰਾ ਨਾਂ ਲੈ ਵੀ ਦਿੱਤਾ ਤਾਂ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੦੦ ਸਾਲਾ ਪ੍ਰਕਾਸ਼ ਪੁਰਬ ਸਮੇ, ੧੯੬੬ ਵਿੱਚ ਲਿਖੇ ਗਏ ਆਪਣੇ ਲੇਖ ਉਪਰ ਆਧਾਰਤ ਕੁੱਝ ਗੱਲਾਂ, ਸਰੋਤਿਆਂ ਨਾਲ਼ ਸਾਂਝੀਆਂ ਕਰਕੇ ਡੰਗ ਸਾਰ ਲਵਾਂਗਾ। ਹੋਰ ਵੀ ਹੈਰਾਨੀ ਵਾਲ਼ੀ ਗੱਲ ਹੋਈ ਕਿ ਇੱਕ ਨੌਜਵਾਨ ਸੱਜਣ ਨੇ ਸਟੇਜ ਸਕੱਤਰ ਦੇ ਕੰਨ ਵਿੱਚ ਫੂਕ ਮਾਰੀ ਕਿ ਉਸ ਦਾ ਸਮਾ ਇੱਕ ਪ੍ਰਸਿਧ ਹਸਤੀ ਨੂੰ ਦੇ ਦਿਤਾ ਜਾਵੇ। ਸਟੇਜ ਸਕੱਤਰ ਨੇ ਮੰਨ ਲਿਆ ਤੇ ਉਸ ਪ੍ਰਸਿਧ ਸਿੱਖ ਘਰਾਣੇ ਦੇ ਮੁਖੀ ਦਾ ਨਾਂ ਬੋਲ ਦਿਤਾ ਤੇ ਸਿਰਫ ਪੰਜ ਮਿੰਟ ਦਾ ਸਮਾ ਦਿਤਾ ਪਰ ਜਦੋਂ ਮਾਈਕ ਹੱਥ ਵਿੱਚ ਆ ਗਿਆ ਤੇ ਫਿਰ ਉਸ ਨੇ ਹਟਣਾ ਕਾਹਨੂੰ ਸੀ! ਇੱਕ ਤੋਂ ਵਧੇਰੇ ਵਾਰ ਸਲਿਪਾਂ ਵੀ ਉਸ ਦੇ ਅੱਗੇ ਰੱਖੀਆਂ ਗਈਆਂ ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਜਦੋਂ ਉਹ ਨਾ ਹੀ ਹਟਿਆ ਤਾਂ ਮੈਂ ਸਟੇਜ ਸਕੱਤਰ ਨੂੰ ਕਿਹਾ ਕਿ ਇਸ ਨੂੰ ਹਟਾਉ। ਸਕੱਤਰ ਬਿਲਕੁਲ ਉਸ ਦੇ ਨਾਲ਼ ਲੱਗ ਕੇ ਖਲੋ ਗਿਆ ਪਰ ਉਹ ਫਿਰ ਵੀ ਨਾ ਹਟਿਆ। ਉਸ ਦੇ ਅੱਗੋਂ ਮਾਈਕ ਹਟਾਉਣਾ ਪਿਆ ਤੇ ਫਿਰ ਉਹ ਕੁਰਸੀ ਤੇ ਬੈਠਾ। ਉਸ ਦੇ ਚੇਲੇ ਨੇ ਵੀ ਆਪਣਾ ਸਮਾ ਨਹੀਂ ਛੱਡਿਆ; ਉਸ ਨੇ ਵੀ ਪੂਰੇ ਤੋਂ ਵਧੇਰੇ ਸਮਾ ਲਿਆ। ਉਹ ਬਜ਼ੁਰਗ ਸੱਜਣ ਫਿਰ ਕਿਸੇ ਕਾਰਨ ਮਾਈਕ ਵੱਲ ਅਹੁਲ਼ਿਆ ਪਰ ਮੈਂ ਸਖ਼ਤੀ ਨਾਲ਼ ਸਟੇਜ ਸੱਕਤਰ ਨੂੰ ਆਖ ਦਿਤਾ ਕਿ ਉਹ ਇਸ ਨੂੰ ਮਾਈਕ ਦੇ ਨੇੜੇ ਨਾ ਲੱਗਣ ਦੇਵੇ। ਅਜਿਹੇ ਵਾਤਾਵਰਣ ਵਿੱਚ ਮੰਚ ਸੰਚਾਲਕ ਵੱਲੋਂ ਮੇਰਾ ਨਾਂ ਬੋਲ ਦਿਤਾ ਗਿਆ ਤੇ ਸਮਾ ਦੂਜੇ ਬੁਲਾਰਿਆਂ ਵਾਂਙ ਹੀ ਪੰਜ ਤੋਂ ਸੱਤ ਮਿੰਟ ਦਾ ਅਨਾਊਂਸਿਆ।
ਮੈਂ ਮਾਈਕ ਤੇ ਜਾਂਦਿਆਂ ਹੀ ਮੰਚ ਉਪਰ ਬੈਠੇ ਸੱਜਣਾਂ ਵੱਲ਼ ਇਸ਼ਾਰਾ ਕਰਕੇ ਆਖਿਆ, “ਮੇਰੇ ਏਧਰ ਖੱਬੇ ਪਾਸੇ ਕੁਰਸੀਆਂ ਉਪਰ ਸੁਭਾਇਮਾਨ ਵਿੱਦਵਾਨ ਸੱਜਣੋ ਅਤੇ ਮੇਰੇ ਸਾਹਮਣੇ ਸੁਸ਼ੋਭਤ, ਕਿਸੇ ਤਰ੍ਹਾਂ ਵੀ ਇਹਨਾਂ ਨਾਲ਼ੋਂ ਨਾ ਘੱਟ ਵਿਦਵਾਨੋ, ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ, “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। “ਮੇਰੇ ਇਸ ਤਰ੍ਹਾਂ ਦੂਜੇ ਬੁਲਾਰਿਆਂ ਨਾਲ਼ੋਂ ਹਟਵੇਂ ਤਰੀਕੇ ਨਾਲ਼ ਸੰਬੋਧਨ ਕਰਨ ਕਰਕੇ ਹੀ ਸਾਰਿਆਂ ਦਾ ਧਿਆਨ ਮੇਰੇ ਵੱਲ ਖਿੱਚਿਆ ਗਿਆ। ਮੈਂ ਕੁੱਝ ਇਉਂ ਆਪਣੀ ਗੱਲ ਸ਼ੁਰੂ ਕੀਤੀ:
ਸਾਰੇ ਸਜਣਾਂ ਦਾ ਬਹੁਤ ਬਹੁਤ ਧੰਨਵਾਦ ਕਿ ਏਨੇ ਵਿੱਦਵਾਨਾਂ ਦੀ ਸੰਗਤ ਦੇ ਸਾਹਮਣੇ ਮੈਨੂੰ ਬੋਲਣ ਦਾ ਸ਼ੁਭ ਅਵਸਰ ਪ੍ਰਾਪਤ ਕਰਵਾਇਆ ਜਾ ਰਿਹਾ ਹੈ। ਦੁਨੀਆਂ ਦੇ ਦੂਰ ਦੁਰਾਡੇ ਦੇਸ਼ਾਂ ਤੋਂ, ਵੱਖ ਵੱਖ ਵੱਡੇ ਵੱਡੇ ਵਿੱਦਿਅਕ ਅਹੁਦਿਆਂ ਉਪਰ ਬਿਰਾਜੇ ਚੁੱਕ ਅਤੇ ਬਿਰਾਜਮਾਨ ਸੱਜਣ ਏਥੇ ਬਿਹਾਰ ਸਰਕਾਰ ਦੇ ਸੱਦੇ ਉਪਰ ਆਏ ਹਨ। ਸੱਦਾ ਪੱਤਰ ਪ੍ਰਾਪਤ ਹੋਣ ਪਿੱਛੋਂ, ਵਿਦਵਾਨਾਂ ਨੇ ਮਹੀਨਿਆਂ ਬਧੀ, ਦਰਜਨਾਂ ਕਿਤਾਬਾਂ ਦੀ ਫੋਲਾ ਫਾਲੀ ਕਰਨ ਉਪ੍ਰੰਤ, ਨਿਚੋੜ ਕਢ ਕੇ ਸਰੋਤਿਆਂ ਸਾਹਮਣੇ ਪ੍ਰੋਸਣ ਦਾ ਯਤਨ ਕੀਤਾ ਹੈ। ਇਹਨਾਂ ਵਿਦਵਾਨਾਂ ਦੀ ਸੰਗਤ ਵਿਚ, “ਇਕ ਦੂ ਇੱਕ ਚੜੰਦੀਆਂ ਕਉਣ ਜਾਣੈ ਮੇਰਾ ਨਾਉ ਜੀਉ॥” ਵਾਲ਼ੀ ਗੱਲ ਹੈ। ਸਾਰੇ ਹੀ ਵਿੱਦਵਾਨਾਂ ਨੇ, ਬਾਵਜੂਦ ਸਮੇ ਦੀ ਘਾਟ ਦੇ ਆਪਣੇ ਆਪਣੇ ਪਰਚੇ ਪੜ੍ਹਨ ਦਾ ਯਤਨ ਕੀਤਾ ਹੈ। ਅਜਿਹੀ ਸਮੇ ਦੀ ਘਾਟ ਕਾਰਨ ਅਧੂਰੇ ਪੜ੍ਹੇ ਗਏ ਪਰਚਿਆਂ ਵਿਚੋਂ ਸਾਡੇ ਪੱਲੇ ਘੱਟ ਹੀ ਕੁੱਝ ਪਿਆ ਹੈ। ਇਸ ਕਾਰਨ ਇਹਨਾਂ ਨੂੰ ਸੁਣਦੇ ਹੋਏ ਮੈਂ ਤਾਂ ਥੱਕ ਗਿਆ ਹਾਂ ਤੇ ਤੁਹਾਡਾ ਵੀ ਏਹੀ ਹਾਲ ਹੋਇਆ ਹੋਵੇਗਾ।
ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਢੇ ਤਿੰਨ ਸੌ ਸਾਲਾ ਪ੍ਰਕਾਸ਼ ਉਤਸ਼ਵ ਦੇ ਸਬੰਧ ਵਿਚ, ਉਹਨਾਂ ਦੀਆਂ ਸਿਫ਼ਤਾਂ, ਕੁਰਬਾਨੀਆਂ, ਇਤਿਹਾਸਕ ਸਾਖੀਆਂ ਆਦਿ ਨੂੰ ਦੁਹਰਾ ਕੇ, ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਆਏ ਹਾਂ। ਸਾਰੇ ਵਿਦਵਾਨਾਂ ਨੇ ਉਹਨਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਨ ਦਾ ਯਤਨ ਕੀਤਾ ਹੈ ਪਰ ਗੁਰੂ ਜੀ ਦੇ ਸਮਕਾਲੀ, ਸ਼ਰਧਾਵਾਨ ਕਵੀ ਦਾ ਕਿਸੇ ਵਿਦਵਾਨ ਦੇ ਪਰਚੇ ਵਿੱਚ ਜ਼ਿਕਰ ਨਹੀਂ ਹੋਇਆ। ਉਹ ਕਵੀ ਸਨ ਭਾਈ ਨੰਦ ਲਾਲ ਜੀ ਗੋਇਆ। ਉਹਨਾਂ ਨੇ ਗੁਰੂ ਜੀ ਦੀਆਂ ਸਿਫ਼ਤਾਂ ਦਾ ਵਰਨਣ ਕਰਦਿਆਂ ਹੋਇਆਂ ਸਤਾਈ ਸੌ ਸਿਫ਼ਤਾਂ ਬਿਆਨੀਆਂ ਹਨ ਤੇ ਫਿਰ ਆਖਿਆ ਹੈ ਕਿ ਏਨੀਆ ਕੁ ਦੀ ਉਹਨਾਂ ਨੂੰ ਸਮਝ ਆਈ ਹੈ। ਏਥੇ ਸਿਫ਼ਤਾਂ ਦੀ ਸਮਾਪਤੀ ਨਹੀਂ ਹੋ ਜਾਂਦੀ। ਏਥੇ ਮੈਂ ਭਾਈ ਨੰਦ ਲਾਲ ਜੀ ਦੀ ਕਵਿਤਾ.”ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ॥ ਏਜ਼ਦੀ ਮਨਜ਼ੂਰ ਗੁਰ ਗੋਬਿੰਦ ਸਿੰਘ॥ … ….” ਵਾਲ਼ੀਆਂ ਦਸ ਪੰਦਰਾਂ ਲਾਈਨਾਂ ਦੁਹਰਾ ਦਿਤੀਆਂ। ਫਿਰ ਆਖਿਆ ਕਿ ਅਸੀਂ ਇਸ ਤੋਂ ਵਧੇਰੇ ਗੁਰੂ ਜੀ ਦੀ ਵਡਿਆਈ ਕੀ ਕਰ ਸਕਦੇ ਹਾਂ! ਜਿਥੋਂ ਤੱਕ ਕਿਸੇ ਦੀ ਸਮਝ ਦੀ ਪਹੁੰਚ ਹੈ ਹਰੇਕ ਯਤਨ ਕਰਦਾ ਹੈ ਤੇ ਇਹਨਾਂ ਵਿੱਦਵਾਨਾਂ ਨੇ ਕੀਤਾ ਵੀ ਹੈ। ਇਸ ਲਈ ਉਹਨਾਂ ਗੱਲਾਂ ਨੂੰ ਮੈਂ ਵੀ ਦੁਹਰਾਵਾਂ ਇਸ ਦਾ ਲਾਭ ਕੋਈ ਨਹੀਂ।
ਮੈਨੂੰ ਮਿਲ਼ਿਆ ਪੰਜ ਤੋਂ ਸੱਤ ਮਿੰਟ ਦਾ ਸਮਾ ਅਧੇ ਤੋਂ ਵਧੇਰੇ ਬੀਤ ਚੁੱਕਿਆ ਸੀ ਤੇ ਮੈਂ ਆਪਣੇ ਹਸਮੁਖੀ ਸੁਭਾ ਅਨੁਸਾਰ ਹਲਕੀ ਫੁਲਕੀ ਗੱਲ ਕਰਨ ਬਾਰੇ ਸੋਚਿਆ ਤੇ ਕੁੱਝ ਇਹੋ ਜਿਹੇ ਸ਼ਬਦ ਬੋਲੇ:
ਆਓ ਆਪਾਂ ਕੁੱਝ ਲੀਹ ਤੋਂ ਹੱਟ ਕੇ ਵੱਖਰੀ ਗੱਲ ਕਰ ਲਈਏ: ਦੁਨੀਆ ਭਰ ਦੇ ਪੰਜਾਬੀ ਮੀਡੀਆ ਦੇ ਐਂਕਰਾਂ ਨੇ ਕੁੱਝ ਸਾਲਾਂ ਤੋਂ ਮੈਨੂੰ ਤਾਇਆ ਆਖਣਾ ਸ਼ੁਰੂ ਕਰ ਦਿਤਾ ਹੋਇਆ ਹੈ ਕਿਉਂਕਿ ਮੈਂ ਆਪਣੇ ਸਾਰੇ ਭਤੀਜੇ ਭਤੀਜੀਆਂ ਦਾ ਤਾਇਆ ਲੱਗਦਾ ਹਾਂ ਤੇ ਇਸ ਰਿਸ਼ਤੇ ਵੱਜੋਂ ਹੀ, ਆਪਣੀਆਂ ਸਾਰੀਆਂ ਭਰਜਾਈਆਂ ਦਾ ਜੇਠ ਲੱਗਦਾ ਹਾਂ। ਮੇਰੀ ਗੱਲ ਸੁਣ ਕੇ ਹਾਲ ਵਿੱਚ ਹਾਸਾ ਪੈ ਗਿਆ। ਆਪਣੀ ਗੱਲ ਜਾਰੀ ਰੱਖਦਿਆਂ ਮੈਂ ਅੱਗੇ ਕਿਹਾ: ਆਪਣੇ ਇਸ ਦਰਜੇ ਅਤੇ ਉਮਰ ਦਾ ਨਾਜ਼ਾਇਜ਼ ਲਾਭ ਉਠਾਉਂਦਾ ਹੋਇਆ ਮੈਂ ਅੱਜ ਖ਼ੁਦ ਨੂੰ ਬੀਬਾ ਹਰਜੋਤ ਕੌਰ ਜੀ ਦਾ ਵੀ ਤਾਇਆ ਡਿਕਲੇਅਰ ਕਰਦਾ ਹਾਂ। ਇਸ ਤੇ ਹਾਲ ਹਾਸਿਆਂ ਨਾਲ਼ ਗੂੰਜ ਉਠਿਆ। ਬੀਬਾ ਜੀ ਤਾਂ ਆਪਣੀ ਕੁਰਸੀ ਉਪਰ ਹੀ ਹਾਸੇ ਨਾਲ਼ ਲੋਟ ਪੋਟ ਹੋ ਗਏ ਤੇ ਉਚੀ ਸਾਰੀ ਬੋਲ ਉਠੇ: ਤਾਇਆ ਜੀ, ਯੂ ਆਰ ਇੰਟਰਨੈਸ਼ਨਲ ਤਾਇਆ; ਯੂ ਆਰ ਗਲੋਬਲ ਤਾਇਆ।”

ਏਨਾ ਕੁੱਝ ਆਖ ਕੇ, ਹਾਸੇ ਦੀ ਛਹਿਬਰ ਦੌਰਾਨ ਹੀ ਮੈਂ ਫ਼ਤਿਹ ਬੁਲਾ ਕੇ ਆਪਣੀ ਕੁਰਸੀ ਉਪਰ ਆ ਬੈਠਾ। ਹਾਲ ਵਿਚੋਂ ਅਜੇ ਵੀ ਹਾਸੇ ਦੀਆਂ ਫੁਹਾਰਾਂ ਆ ਰਹੀਆ ਸਨ। ਮੰਚ ਸੰਚਾਲਕ ਡਾਕਟਰ ਚੀਮਾ ਜੀ ਉਠ ਕੇ ਹੱਸਦੇ ਹੋਏ ਕੁੱਝ ਇਉਂ ਬੋਲੇ, “ਤੁਸੀਂ ਤਾਂ ਗਿਆਨੀ ਸੰਤੋਖ ਸਿੰਘ ਜੀ, ਸਟੇਜ ਦਾ ਰੁਖ ਹੀ ਬਦਲ ਦਿਤਾ ਹੈ। ਹੁਣ ਅਸੀਂ ਅੱਗੇ ਕੀ ਗੱਲ ਕਰੀਏ!” ਆਦਿ।
ਖੈਰ ਸਮਾਗਮ ਖ਼ੁਸ਼ੀ ਖ਼ੁਸ਼ੀ ਸਮਾਪਤ ਹੋਇਆ। ਅੰਤ ਤੇ ਬੀਬਾ ਹਰਜੋਤ ਕੌਰ ਜੀ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਹੋਇਆਂ ਅਗਲੇ ਦਿਨ, ੨੪ ਸਤੰਬਰ ਦਾ ਪ੍ਰੋਗਰਾਮ ਅਨਾਊਂਸ ਕੀਤਾ। ਉਹਨਾਂ ਨੇ ਦੱਸਿਆ ਕਿ ਭਲਕੇ ਸਵੇਰ ਵੇਲ਼ੇ ਦਾ ਸੈਸ਼ਨ ਏਥੇ ਹੀ ਲੱਗੇਗਾ ਤੇ ਲੰਚ ਪਿਛੋਂ ਨਾਲੰਦਾ ਯੂਨੀਵਰਸਿਟੀ ਅਤੇ ਕੁੱਝ ਹੋਰ ਬੋਧੀ ਅਤੇ ਸਿੱਖ ਧਾਰਮਿਕ ਸਥਾਨਾਂ ਦੀ ਯਾਤਰਾ ਵਾਸਤੇ ਜਾਇਆ ਜਾਵੇਗਾ। ਸਿਰੋਪੇ, ਮੋਮੈਂਟੋ ਆਦਿ ਪ੍ਰਦਾਨ ਕੀਤੇ ਗਏ। ਫ਼ੋਟੋ ਲਈਆਂ ਗਈਆਂ। ਇੱਕ ਦੂਜੇ ਨੂੰ ਸਟੇਜ ਉਪਰ ਖ਼ੁਸ਼ੀ ਖ਼ੁਸੀ ਮਿਲ਼ੇ।
ਬਾਅਦ ਵਿੱਚ ਸਰੋਤੇ ਮੈਨੂੰ ਆਖਣ ਕਿ ਜਦੋਂ ਤੁਹਾਨੂੰ ਬੋਲਣੋ ਹਟਣ ਲਈ ਆਖਿਆ ਨਹੀਂ ਸੀ ਗਿਆ ਤੁਸੀਂ ਕਿਉਂ ਹੱਟੇ! ਤੁਸੀਂ ਤਾਂ ਸਾਡੀ ਸਾਰੀ ਥਕਾਵਟ ਹੀ ਲਾਹ ਦਿਤੀ। ਸਾਨੂੰ ਤਰੋ ਤਾਜਾ ਕਰ ਦਿਤਾ। ਮੈਂ ਕਿਹਾ ਕਿ ਮੇਰਾ ਸੁਭਾ ਹੀ ਹੈ ਕਿ ਦਿਤੇ ਸਮੇ ਅਨੁਸਾਰ ਹੀ ਮੈਂ ਆਪਣੀ ਗੱਲ ਸਮਾਪਤ ਕਰ ਦਿੰਦਾ ਹਾਂ ਤਾਂ ਕਿ ਸਟੇਜ ਸਕੱਤਰ ਨੂੰ ਉਠ ਕੇ ਮੈਨੂੰ ਹਟਾਉਣਾ ਨਾ ਪਵੇ।
ਅੰਗ੍ਰੇਜ਼ੀ ਤੇ ਹਿੰਦੀ ਮੀਡੀਏ ਵਾਲ਼ੇ ਵੀ ਪੁੱਛਣ ਲੱਗੇ ਕਿ ਮੈਂ ਕੀ ਬੋਲਿਆ ਸੀ, ਕਿਉਂਕਿ ਮੇਰੇ ਬੋਲਣ ਸਮੇ ਸਰੋਤਿਆਂ ਵਿੱਚ ਹਿੱਲ ਜੁੱਲ ਹੋਈ ਹੋਣ ਕਰਕੇ, ਉਹਨਾਂ ਵਿੱਚ ਦਿਲਚਸਪੀ ਜਾਗੀ ਕਿ ਪਤਾ ਨਹੀਂ ਇਹ ਕੀ ਬੋਲਿਆ ਜਿਸ ਦਾ ਸਰੋਤਿਆਂ ਤੇ ਏਨਾ ਚੰਗਾ ਰੀਐਕਸ਼ਨ ਹੋਇਆ।
ਅਗਲੇ ਦਿਨ ਦੁਪਹਿਰ ਤੋਂ ਬਾਅਦ ਸਾਨੂੰ ਬੱਸਾਂ ਉਪਰ ਨਾਲੰਦਾ ਯੂਨੀਵਰਸਿਟੀ ਵਗੈਰਾ ਦੀ ਯਾਤਰਾ ਕਰਵਾਉਣ ਲਈ ਲੈ ਗਏ ਪਰ ਮੀਂਹ ਅਤੇ ਹਨੇਰਾ ਹੋ ਜਾਣ ਕਾਰਨ ਬਹੁਤਾ ਕੁੱਝ ਨਾ ਵੇਖ ਸਕੇ। ਅਗਲੇ ਦਿਨ ਫਿਰ ਮੈਂ ਇਕੱਲਾ ਹੀ ਕਾਰ ਤੇ ਜਾ ਕੇ, ਇਹਨਾਂ ਵਿਚੋਂ ਕੁੱਝ ਸਥਾਨਾਂ ਦੀ ਯਾਤਰਾ ਕਰ ਆਇਆ। ਸਾਰਿਆਂ ਸਿੱਖ, ਹਿੰਦੂ, ਬੋਧੀ ਧਾਰਮਿਕ ਅਤੇ ਪੁਰਾਤਨ ਵਿੱਦਿਅਕ ਸਥਾਨਾਂ ਦਾ ਵੇਰਵਾ ਦੇਣਾ ਏਥੇ ਸੌਖਾ ਕਾਰਜ ਨਹੀਂ ਹੈ। ਇੱਕ ਇਕ ਸਥਾਨ ਬਾਰੇ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ ਤੇ ਫਿਰ ਵੀ ਸਾਰਾ ਕੁੱਝ ਨਹੀਂ ਦੱਸਿਆ ਜਾ ਸਕਦਾ।
‘ਸਿੱਖ ਕਨਕਲੇਵ’ ਦਾ ਕਾਰਜ ਤਾਂ ਭਾਵੇਂ ੨੪ ਸਤੰਬਰ ਨੂੰ ਹੀ ਸੰਪੂਰਨ ਹੋ ਗਿਆ ਸੀ ਤੇ ਆਏ ਹੋਏ ਵਿੱਦਵਾਨ ੨੫ ਤੋਂ ਹੀ ਵਾਪਸ ਜਾਣੇ ਸ਼ੁਰੂ ਹੋ ਗਏ ਸਨ ਪਰ ਮੈਨੂੰ ੨੭ ਸਤੰਬਰ ਤੱਕ ਰਹਿਣਾ ਪਿਆ। ੨੬ ਤੱਕ ਸਾਰੇ ਜਾ ਚੁੱਕੇ ਸਨ ਤੇ ਇਸ ਲਈ ਅਖੀਰਲਾ ੨੬ ਵਾਲ਼ਾ ਦਿਨ ਮੇਰੇ ਲਈ ਕੱਟਣਾ ਔਖਾ ਹੋ ਗਿਆ। ਰਹਿਣ ਦਾ ਕਾਰਨ ਸੀ ਕਿ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਸੀ ਕਿ ਕੁੱਝ ਵਿਚਾਰਾਂ ਵਾਸਤੇ ੨੬ ਦੀ ਰਾਤ ਦੀ ਰੋਟੀ ਉਪਰ ਇੱਕਠੇ ਹੋਣਾ ਹੈ, ਇਸ ਲਈ ਮੈਂ ਰੁਕਾਂ। ਇਹ ਰਾਤ ਦੀ ਰੋਟੀ ਵਾਲ਼ਾ ਕਾਰਜ ਵੀ ਨਿੱਬੜ ਗਿਆ। ਸਤਾਈ ਸਤੰਬਰ ਨੂੰ ਭਾਵੇਂ ਕਿ ਮੇਰੀ ਦਿੱਲ਼ੀ ਫਲਾਈਟ ਦੋ ਵਜੇ ਦੀ ਸੀ ਪਰ ਮੈਂ ਸਵੇਰੇ ਹੀ ਡਰਾਈਵਰ ਨੂੰ ਆਉਣ ਲਈ ਆਖ ਦਿਤਾ। ਉਹ ਸਮੇ ਸਿਰ ਆ ਗਿਆ। ਮੈਂ ਚਾਹ ਪੀ ਕੇ ਉਸ ਨੂੰ ਕਿਹਾ ਕਿ ਵੱਡੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕਣ ਪਿੱਛੋਂ ਮੈਨੂੰ ਹਵਾਈ ਅੱਡੇ ਤੇ ਛੱਡ ਦੇਹ ਤੇ ਫਿਰ ਤੈਨੂੰ ਛੁੱਟੀ। ਉਹ ਮੈਨੂੰ ਛੇਤੀ ਹੀ ਅੱਡੇ ਉਪਰ ਲੈ ਗਿਆ। ਮੈਂ ਉਸ ਨੂੰ ਬੱਚਿਆਂ ਵਾਸਤੇ ਥੋਹੜੀ ਕੁ ਮਾਇਆ ਦਿਤੀ। ਨਾਂਹ ਨਾਂਹ ਕਰਦੇ ਨੇ ਉਸ ਨੇ ਲੈ ਲਈ।
ਓਥੋਂ ਛੇਤੀ ਉਪ੍ਰਾਮ ਹੋਣ ਦਾ ਕਾਰਨ ਇਹ ਸੀ ਕਿ ਮੈਂ ੧੯ ਸਤੰਬਰ ਦਾ ਗਿਆ ਹੋਇਆ ਸਾਂ ੨੭ ਨੂੰ ਓਥੋਂ ਅੰਮ੍ਰਿਤਸਰ ਨੂੰ ਜਾਣ ਦਾ ਸਬੱਬ ਬਣਿਆਂ। ਇਸ ਤਰ੍ਹਾਂ ਨੌਂ ਦਿਨ ਇੱਕ ਸਥਾਨ ਉਪਰ ਹੀ ਰੁਕਣਾ ਪਿਆ।
ਦੇਸ ਦੀ ਇਸ ਯਾਤਰਾ ਦੀਆਂ ਅਗਲੀਆਂ ਗੱਲਾਂ ਫਿਰ ਕਿਸੇ ਲੇਖ ਵਿੱਚ ਸਾਂਝੀਆਂ ਕਰਾਂਗੇ। ਕਿਵੇਂ ਮੋਦੀ ਨੇ ਨੋਟਬੰਦੀ ਕਰਕੇ ਦੇਸ਼ ਦੇ ਤਬਲੇ ਮੂਧੇ ਮਾਰੇ ਤੇ ਉਸ ਦਾ ਮੇਰੇ ਤੇ ਕੀ ਅਸਰ ਪਿਆ! ਹਾਲੀ ਏਨਾ ਹੀ ਠੀਕ ਰਹੇਗਾ।


05/14/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥–੨੮

ਗੁਰਬਾਣੀ ਦੇ ਚਾਨਣ ਵਿੱਚ ਕਰੋਧ ਦੀ ਵਿਆਖਿਆ

ਗੁਰਬਾਣੀ ਵਿਖੇ ਕਰੋਧ ਦੇ ਵੱਖ ਵੱਖ ਰੂਪ-ਕਰੋਧ, ਕਰੋਧੁ ਕਰੋਧਿ, ਕ੍ਰੋਧ, ਕ੍ਰੋਧਿ ਅਤੇ ਅਰਥ-ਕਰੋਧ, ਕਰੋਧੁ, ਕ੍ਰੋਧ ਅਤੇ ਕ੍ਰੋਧੁ ਬਰਾਬਰ ਅਰਥ ਗੁੱਸਾ ਤੇ ਰੋਸ ਹਨ। ਕਰੋਧ-ਕ੍ਰੋਧ ਬਹੁਵਚਨੀ ਕ੍ਰਿਆ, ਕਰੋਧੁ-ਕ੍ਰੋਧੁ ਇੱਕਵਚਨੀ ਕ੍ਰਿਆ ਅਤੇ ਕਰੋਧਿ-ਕ੍ਰੋਧਿ, ਕ੍ਰੋਧ ਵਿੱਚ, ਕ੍ਰੋਧ ਕਰਕੇ ਜਾਂ ਕ੍ਰੋਧ ਵਾਲੀ ਕ੍ਰਿਆ ਹੈ। ਕ੍ਰਿਆ ਇਸ ਕਰਕੇ ਕਿ ਕੁਝ ਚੰਗਾ ਮੰਦਾ ਕੀਤਾ ਜਾ ਰਿਹਾ ਹੈ। ਪੰਜ ਵਿਸ਼ੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਕ੍ਰੋਧ ਇਨ੍ਹਾਂ ਚੋਂ ਦੂਜੇ ਨੰਬਰ ਤੇ ਹੈ।

ਕਰੋਧ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼-ਜਿੰਨ੍ਹਾਂ ਅੰਦਰ ਕ੍ਰੋਧ ਚੰਡਾਲ ਹੱਦੋਂ ਵੱਧ ਸਵਾਰ ਹੁੰਦਾ ਹੈ ਉਨ੍ਹਾਂ ਨੂੰ ਦੂਜੀ ਵਾਰ ਨਾ ਮਿਲੀਏ-ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ॥ (੪੦) ਆਪਣੇ ਵਰਗਾ ਸਭ ਨੂੰ ਵਿਚਾਰੋ (ਸਮਝੋ) ਭਾਵ ਦੂਜਿਆਂ ਤੇ ਗੁੱਸੇ ਹੋਣ ਦੀ ਥਾਂ ਆਪਣੇ ਗਿਰੇਵਾਨ ਵਿੱਚ ਨੀਵੇਂ ਹੋ ਕੇ ਦੇਖੋ-ਰੋਸ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ॥ (੨੫੯) ਕਾਮ ਅਤੇ ਕ੍ਰੋਧ ਆਦਿਕ ਵਿਸ਼ੇ ਸਰੀਰ ਨੂੰ ਇਵੇਂ ਗਾਲਦੇ (ਬਰਬਾਦ) ਕਰਦੇ ਹਨ ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਹੈ-ਕਾਮੁ ਕ੍ਰੋਧੁ ਕਾਇਆ ਕਉ ਗਾਲੈ ਜਿਉ ਕੰਚਨ ਸੋਹਾਗਾ ਢਾਲੈ॥ (੯੩੨) ਵੱਸ ਵਿੱਚ ਨਾਂ ਆ ਸੱਕਣ ਵਾਲਾ ਕ੍ਰੋਧ ਵੀ, ਹਿਰਦੇ ਵਿੱਚ ਹੀ ਵੱਸਦਾ ਹੈ, ਜਿਸ ਨੇ ਮਨੁੱਖ ਦੀ ਭਲੇ ਪਾਸੇ ਦੀ ਸਾਰੀ ਹੋਸ਼ ਭੁਲਾ ਦਿੱਤੀ ਹੈ-ਕਠਨ ਕਰੋਧ ਘਟ ਹੀ ਕੇ ਭਿਤਰਿ ਜਿਹ ਸੁਧਿ ਸਭ ਬਿਸਰਾਈ॥(੨੧੯) ਹੇ ਝਗੜੇ ਦੇ ਮੂਲ ਕ੍ਰੋਧ ਤੇਰੇ ਅੰਦਰ ਕਦੇ ਦਇਆ ਨਹੀਂ ਉਪਜਦੀ। ਤੂੰ ਵਿਸ਼ਈ ਜਿਵਾਂ ਨੂੰ ਆਪਣੇ ਵੱਸ ਕਰ ਲੈਂਦਾ ਅਤੇ ਤੇਰੇ ਵੱਸ ਆਇਆ ਜੀਵ ਫਿਰ ਬਾਂਦਰ ਵਾਂਗ ਨਚਦਾ ਹੈ-ਹੇ ਕਲਿ ਮੂਲ ਕ੍ਰੌਧੰ ਕਦੰਚ ਕਰੁਣਾ ਨ ਉਪਰਜਤੇ॥ਬਿਖਯੰਤ ਜੀਵੰ ਵਸਯੰ ਕਰੋਤਿ ਨਿਰਤਯੰ ਕਰੋਤਿ ਜਥਾ ਮਰਕਟਹ॥ (੧੩੫੮)

ਭਾਈ ਗੁਰਦਾਸ-ਭਾਈ ਗੁਰਦਾਸ ਜੀ ਵੀ ਕ੍ਰੋਧ ਬਾਰੇ ਲਿਖਦੇ ਹਨ ਕਿ ਦੁਰਮਤੀਆਂ ਦੇ ਮਨ ਵਿਖੇ ਅਗਿਆਨ ਦਾ ਵਾਸਾ ਹੋਣ ਕਰਕੇ ਵੈਰ, ਵਿਰੋਧ ਅਤੇ ਕ੍ਰੋਧ ਦੇ ਖੋਟੇ (ਅਰਥਹੀਨ) ਲੇਖੇ ਕਰਦੇ ਹਨ-ਦੁਰਮਤਿ ਦੂਜਾ ਭਾਉ ਹੈ ਵੈਰੁ ਵਿਰੋਧੁ ਕਰੋਧ ਕੁਲੇਖੈ। (ਵਾਰ ੩੧, ਪੌੜੀ-੬)

ਸੂਰਜ ਪ੍ਰਕਾਸ਼-ਕ੍ਰੋਧੀ ਜੀਵ ਕਿਹੜਾ ਪਾਪ ਨਹੀਂ ਕਰ ਸਕਦਾ? ਮਾਂ ਬਾਪ ਜੋ ਆਦਰਯੋਗ ਨੇ ਉਨ੍ਹਾਂ ਦੀ ਅਵੱਗਿਆ ਕਰ ਟਿੱਚ ਸਮਝਦਾ ਹੈ। ਨਾ ਮਾਰਨ ਵਾਲੇ ਨੂੰ ਮਾਰਦਾ ਅਤੇ ਕੌੜੇ ਕਠਨ ਬਚਨ ਬੋਲਦਾ ਹੈ। ਇੱਥੋਂ ਤੱਕ ਕੇ ਕ੍ਰੋਧੀ ਖੁਦਕੁਸ਼ੀ ਵੀ ਕਰ ਲੈਂਦਾ ਹੈ-ਜਬਿ ਨਰ ਕੋ ਉਰ ਕ੍ਰੋਧ ਉਪਾਇ। ਕੋ ਅਸ ਪਾਪ ਜੋ ਕਰ ਨਾ ਸਕਾਇ॥੩੬॥ਮਾਤ ਪਿਤਾ ਗੁਰਦੇਵ ਮਹਾਨੇ।ਕਰਤ ਅਵੱਗਯਾ ਕਛੂ ਨ ਜਾਨੈ।ਜੋ ਹੈ ਅਬਧ ਬਧਹਿ ਤਿਨ ਤਾਈਂ।ਨਿਸ਼ਠੁਰ ਬਾਕ ਕਹੈ ਸਮੁਦਾਈ॥੩੭॥ਉਪਜੇ ਕ੍ਰੋਧ ਅਪਰ ਕਿਆ ਕਹਿਨੋ।ਪ੍ਰਾਨ ਬਿਨਾਸਹਿ ਜਾਇ ਨ ਸਹਿਨੋ॥(ਗੁ.ਪ੍ਰ.ਸੂਰਜ, ਰਾਸਿ-੧੧, ਅੰਸੂ ੧੭)

ਗੁੱਸੇਖੋਰ ਕ੍ਰੋਧੀ ਕਦੇ ਵੀ ਕਿਸੇ ਦਾ ਭਲਾ ਨਹੀਂ ਕਰ ਸਕਦੇ ਸਗੋਂ ਆਪਣਾ ਵੀ ਝੁੱਗਾ ਚੌੜ ਕਰ ਲੈਂਦੇ ਹਨ। ਜਿਵੇਂ ਤੌੜੀ ਉਬਲਦੀ ਤੇ ਆਪਣੇ ਹੀ ਕੰਢ੍ਹੇ ਸਾੜਦੀ ਹੈ ਇਵੇਂ ਹੀ ਕ੍ਰੋਧੀ ਲੋਗ ਆਪਣੇ ਸ਼ੁਭ ਗੁਣਾਂ ਦੇ ਕੰਢ੍ਹਿਆਂ ਨੂੰ ਸਾੜ ਲੈਂਦੇ ਹਨ। ਕ੍ਰੋਧੀ ਮਨੁੱਖ ਵਿਚਾਰਵਾਨ ਨਹੀਂ ਹੋ ਸਕਦਾ ਸਗੋਂ ਲੜਾਕਾ ਹੁੰਦਾ ਹੈ। ਬਹੁਤੇ ਧਰਮ ਗ੍ਰੰਥ ਪੜ੍ਹਨ ਵਾਲਾ ਵੀ ਵਿਦਵਾਨ ਨਹੀਂ ਹੋ ਸਕਦਾ ਸਗੋਂ ਉਹ ਕੋਰੜੂ ਮੋਠ ਵਰਗਾ ਹੈ ਜੋ ਰਿੰਨਿਆਂ ਵੀ ਨਹੀਂ ਗਲਦਾ। ਉਸ ਦੇ ਅੰਦਰਲਾ ਮੋਹ ਪ੍ਰਬਲ ਅਤੇ ਉਸ ਦੀ ਭਟਕਣਾ ਨਹੀਂ ਮਿਟਦੀ। ਉਸ ਦੀ ਵਿਦਿਆ ਵਾਲੀ ਸਾਰੀ ਦੌੜ ਭੱਜ ਠੱਗੀ ਵਾਲੀ ਅਤੇ ਉਸ ਨੂੰ ਸਦਾ ਮਾਇਆ ਦੀ ਝਾਕ ਲੱਗੀ ਰਹਿੰਦੀ ਹੈ। ਜੇ ਕੋਈ ਉਸ ਨੂੰ ਅਸਲੀਅਤ ਦੱਸੇ ਤਾਂ ਉਹ ਖਿਝਦਾ ਹੈ ਕਿਉਂਕਿ ਧਰਮ ਗ੍ਰੰਥ ਪੜ ਕੇ ਵੀ ਅੰਦਰ ਹਉਮੈ ਤੇ ਈਰਖਾ ਦਾ ਗੁੱਸਾ ਬਹੁਤਾ ਗੁੱਸਾ ਹੁੰਦਾ ਹੈ। ਅਸਲ ਵਿੱਚ ਅਜਿਹੇ ਭੈੜੀ ਮਤ ਵਾਲੇ ਮੂਰਖ ਦੇ ਮਨ ਵਿੱਚ ਮਾਇਆ ਦਾ ਮੋਹ ਬਲਵਾਨ ਹੁੰਦਾ ਹੈ। ਅਜਿਹੇ ਠੱਗ ਨਾਲ ਹੋਰ ਅਜਿਹੇ ਠੱਗ ਸਾਥੀ ਰਲ ਜਾਂਦੇ ਹਨ। ਜਦ ਸਤਿਗੁਰੂ ਗਹੁ ਨਾਲ ਪ੍ਰਖਦਾ ਹੈ ਤਾਂ ਇਸ ਸੋਨੇ ਵਰਗੇ ਮੁਲੰਮਾਧਾਰੀ ਵਿਦਵਾਨ ਦਾ ਅੰਦਰਲਾ ਲੋਹਾ ਉੱਘੜ ਆਉਂਦਾ ਅਤੇ ਚੰਗਿਆਂ ਨਾਲ ਰਲੇ ਦਾ ਵੀ ਪਾਜ ਖੁੱਲ੍ਹ ਜਾਂਦਾ ਹੈ। ਜੇ ਅਜਿਹਾ ਲਕੀਰ ਦਾ ਫਕੀਰ ਭਰਮ ਗਿਆਨੀ ਸਤਿਗੁਰੂ ਦੀ ਸ਼ਰਨ ਆ ਜਾਵੇ ਤਾਂ ਲੋਹੇ ਤੋਂ ਸੋਨਾ ਬਣ ਜਾਂਦਾ ਹੈ ਕਿਉਂਕਿ ਸਤਿਗੁਰੂ ਦਾ ਕਿਸੇ ਨਾਲ ਵੈਰ ਨਹੀਂ ਉਸ ਨੂੰ ਪੁੱਤ੍ਰ ਵੈਰੀ ਸਮਾਨ ਤੇ ਗੁਰੂ ਔਗੁਣ ਕੱਟ ਕੇ ਸ਼ੁੱਧ ਕਰ ਦਿੰਦਾ ਹੈ। ਪਰ ਹੇ ਨਾਨਕ ਜਿਸਦੇ ਮਸਤੱਕ ਤੇ ਗੁਰੂ ਗਿਆਨ ਧੁਰੇ ਦਾ ਲੇਖ ਲਿਖਿਆ ਹੋਵੇ ਭਾਵ ਸੱਚੀ ਪ੍ਰੀਤ ਨਾਲ ਗੁਰੂ ਗਿਆਨ ਵਾਚਦਾ ਹੋਵੇ ਉਸ ਦਾ ਹੀ ਗੁਰੂ ਨਾਲ ਪ੍ਰੇਮ ਬਣਦਾ ਹੈ-ਪੰਡਿਤ ਅਖਾਏ ਬਹੁਤੀ ਰਾਹੀ ਕੋਰੜ ਮੋਠ ਜਨੇਹਾ॥ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ॥ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ॥ ਸਾਚ ਕਹੈ ਤਾਂ ਛੋਹੋ ਆਵੈ ਅੰਤਰਿ ਬਹੁਤਾ ਰੋਹਾ॥ ਵਿਆਪਿਆ ਦੁਰਮਤਿ ਕੁਬੁਧਿ ਕਮੂੜਾ ਮਨਿ ਲਾਗਾ ਤਿਸੁ ਮੋਹਾ॥ਠਗੈ ਸੇਤੀ ਠਗੁ ਰਲਿ ਆਇਆ ਸਾਥਿ ਭਿ ਇਕੋ ਜੇਹਾ॥...ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਗਣ ਕਟੇ ਕਰੇ ਸੁਧੁ ਦੇਹਾ॥ ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲ ਸਨੇਹਾ॥(੯੬੧)

ਕ੍ਰੋਧ ਕਦੋਂ ਚੰਗਾ ਅਤੇ ਇਸ ਕਾਬੂ ਕਿਵੇਂ ਪਾਇਆ ਜਾ ਸੱਕੇ?-ਕ੍ਰੋਧ ਨੂੰ ਭਲੇ ਕੰਮਾਂ ਲਈ ਬੀਰ ਰਸ ਵਿੱਚ ਬਦਲ ਕੇ ਉਸਾਰੂ ਕੰਮ ਕਰਨੇ, ਮਜਲੂਮਾਂ ਦੀ ਰੱਖਿਆ ਕਰਨੀ, ਬਹਾਦਰੀ ਵਾਲੇ ਪਾਸੇ ਲਾਉਣਾ ਅਤੇ ਬੁਰੇ ਕੰਮਾਂ ਵਿਰੁੱਧ ਬੀਰ ਰਸ ਧਾਰਨ ਕਰਨਾ। ਗੁਰਬਾਣੀ ਵਿਚਾਰ ਕੇ ਪੜ੍ਹਨੀ ਅਤੇ ਜੀਵਨ ਵਿੱਚ ਧਾਰਨੀ, ਨਿਮਰਤਾ ਹਲੀਮੀ ਆਦਿਕ ਸ਼ੁਭ ਗੁਣ ਧਾਰਨ ਕਰਨੇ, ਬਿਨਾਂ ਵਿਚਾਰੇ ਸੁਣੀ ਸੁਣਾਈ ਗੱਲ ਤੇ ਭੜਕਨਾ ਨਾਂ, ਦੂਜੇ ਦੀ ਗੱਲ ਠਰੰਮੇ ਨਾਲ ਸੁਣਨੀ ਤੇ ਆਪਣੀ ਸੁਨਾਉਣੀ। ਚੰਗੀ ਸੰਗਤ ਕਰਨੀ, ਚੰਗਾ ਸੋਚਣਾ, ਚੰਗਾ ਪੜ੍ਹਨਾ, ਪਰਉਪਕਾਰੀ ਹੋਣਾ, ਲੋੜਵੰਦਾਂ ਦੀ ਮਦਦ ਤੇ ਸੇਵਾ ਕਰਨੀ, ਬਲੱਡ ਪ੍ਰੈਸ਼ਰ ਹਾਈ ਕਰਨ ਵਾਲੇ ਪਦਾਰਥਾਂ ਤੋਂ ਪ੍ਰਹੇਜ ਕਰਨਾਂ ਅਤੇ ਨੇਮ ਨਾਲ ਹਰ ਰੋਜ ਕਸਰਤ ਕਰਨੀ। ਮਨ ਅਤੇ ਸਰੀਰ ਨੂੰ ਚੰਗੇ ਪਾਸੇ, ਨੈਗਟਿਵ ਛੱਡ ਪਾਜਟਿਵ ਪਾਸੇ ਲੌਣਾ ਤੇ ਬਿਜੀ ਰੱਖਣਾ। ਮਨ ਨੀਵਾਂ ਅਤੇ ਮਤਿ ਉੱਚੀ ਰੱਖਣੀ ਗੁੱਸਾ ਆਉਣ ਤੇ ਢੰਡਾ ਪਾਣੀ ਪੀਣਾਂ ਆਦਿਕ ਕ੍ਰੋਧ ਤੇ ਕਾਬੂ ਪਾਉਣ ਦੇ ਸਾਧਨ ਹਨ।


05/14/17
ਗਿ. ਜਾਚਕ

ਬਿਹਾਰੀਆਂ ਦੀ ਥਾਂ ਸਿਕਲੀਗਰ ਸਿੱਖ ਭਰਾਵਾਂ ਨੂੰ ਪੰਜਾਬ ਲਿਆਉਣ ਤੇ ਵਸਾਉਣ ਸਿੱਖ ਕਿਸਾਨ : ਗਿ. ਜਾਚਕ
….12 ਮਈ (……) ਹਿੰਦੂ-ਰਾਸ਼ਟਰਵਾਦ ਦੇ ਹਕੂਮਤੀ ਦੌਰ ਵਿੱਚ ਪੰਜਾਬ ਦੀ ਜਨ-ਗਣਨਾ ਤੇ ਰਾਜਨੀਤਕ ਸਥਿਤੀ ਅਤੇ ਮੱਧਪ੍ਰਦੇਸ਼ ਆਦਿਕ ਇਲਾਕਿਆਂ ਵਿੱਚ ਵੱਸਦੇ ਕ੍ਰੋੜਾਂ ਸਿਕਲੀਗਰ ਸਿੱਖਾਂ ਦੀ ਆਰਥਕ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਦੇ ਸਿੱਖ ਕਿਸਾਨ ਤੇ ਇੰਡਸਟ੍ਰੀਅਲ ਸੱਜਣ ਹੁਣ ਬਿਹਾਰੀ ਕਾਮਿਆਂ ਦੀ ਥਾਂ ਸਿਕਲੀਗਰ ਸਿੱਖ ਭਰਾਵਾਂ ਨੂੰ ਲਿਆਉਣ ਅਤੇ ਉਨ੍ਹਾਂ ਨੂੰ ਇਥੇ ਵਸਾਉਣ ਦਾ ਯਤਨ ਕਰਨ । ਕਿਉਂਕਿ, ਸ਼ੀਘਰਕਾਲੀ ਤੇ ਸੁਖਾਲਾ ਇਹੀ ਇੱਕ ਢੰਗ ਸੁੱਝਦਾ ਹੈ, ਜਿਸ ਸਦਕਾ ਪੰਜਾਬ ਸਿੱਖ ਸੂਬਾ ਬਣਿਆ ਰਹਿ ਸਕਦਾ ਹੈ ਅਤੇ ਮੱਧਪ੍ਰਦੇਸ਼ ਦੇ ਸਿਕਲੀਗਰ-ਭਰਾ ਆਰਥਕ ’ਤੌਰ ’ਤੇ ਮਜ਼ਬੂਤ ਹੋ ਕੇ ਹਿੰਦੂਤਵ ਦੀ ਔਰੰਗਜ਼ੇਬੀ-ਚੱਕੀ ਵਿੱਚ ਪਿੱਸਣ ਤੋਂ ਬਚ ਸਕਦੇ ਹਨ । ਸ਼੍ਰੋਮਣੀ ਕਮੇਟੀ ਅਤੇ ਪਿੰਡਾਂ ਦੀਆਂ ਪੰਚਾਇਤਾਂ ਕੋਲ ਬੇਅੰਤ ਜ਼ਮੀਨ ਹੈ, ਜਿਥੇ ਉਨ੍ਹਾਂ ਨੂੰ ਵਸਾਇਆ ਜਾ ਸਕਦਾ ਹੈ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਸਪੋਕਸਮੈਨ ਨੂੰ ਭੇਜੇ ਆਪਣੇ ਪ੍ਰੈਸ-ਨੋਟ ਵਿੱਚ ਕਹੇ ।
ਉਨ੍ਹਾਂ ਦੱਸਿਆ ਕਿ ਮੱਧਪ੍ਰਦੇਸ਼ ਦੇ ਜ਼ਿਲਾ ਬਰਹਾਨਪੁਰ ਦੇ ਪਿੰਡ ਪਚੌਰੀ ਦੇ ਜਿਹੜੇ 150 ਸਿਕਲੀਗਰ ਸਿੱਖਾਂ ਨੇ ਗ਼ਰੀਬੀ ਅਤੇ ਪੁਲੀਸ ਤਸ਼ੱਦਦ ਤੋਂ ਦੁਖੀ ਹੋ ਕੇ ਧਰਮ ਪ੍ਰੀਵਰਤਨ ਕਰਨ ਦਾ ਐਲਾਨ ਕੀਤਾ ਸੀ, ਉਨ੍ਹਾਂ ਨੂੰ ਹੁਣ ਤਾਂ ਬ੍ਰਿਟਿਸ਼ ਸਿੱਖ ਕੌਂਸਲ ਦੇ ਗੁਰਬਚਨ ਸਿੰਘ ਬਹਾਦਰਗੜ ਅਤੇ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਕੁਝ ਪਤਵੰਤੇ ਸੱਜਣਾਂ ਸਮਝਾ ਕੇ ਤੇ ਸਹਾਇਤਾ ਦਾ ਦਿਲਾਸਾ ਦੇ ਕੇ ਹਿੰਦੂ ਹੋਣ ਤੋਂ ਰੋਕ ਲਿਆ ਹੈ । ਪਰ, ਲੋੜ ਹੈ ਕੋਈ ਪੱਕਾ ਬਾਨ੍ਹਣੂ ਬੰਨ੍ਹਣ ਦੀ । ਮੱਧਪ੍ਰਦੇਸ਼ ਵਿਖੇ ਗੁਰਮਤ ਪ੍ਰਚਾਰ ਦੌਰੇ ’ਤੇ ਪਹੁੰਚੇ ਗਿ. ਸੁਰਿੰਦਰ ਸਿੰਘ ਨਿਊਜ਼ੀਲੈਂਡ ਅਤੇ ਅਤੇ ਸ੍ਰ. ਸੁਰਜੀਤ ਸਿੰਘ ਮੈਕਸੀਕੋ ਵਾਲਿਆਂ ਮੁਤਾਬਿਕ ਉਥੇ ਸ਼ੀਘਰਲੋੜ ਹੈ ਗੁਰੂ ਕਾ ਲੰਗਰ ਚਲਾਉਣ ਦੀ । ਕਿਉਂਕਿ ਉਸ ਇਲਾਕੇ ਵਿੱਚ ਮੁਖ ਲੋੜ ਹੈ ਰੋਟੀ । ਜੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਮਿਲ ਕੇ ਉਥੇ ਛੇ ਮਹੀਨੇ ਲਈ ਨਿਰੰਤਰ ਰਾਸ਼ਨ ਦੀ ਰਸਦ ਭੇਜਣ, ਤਾਂ ਉਨ੍ਹਾਂ ਲਈ ਇਹ ਇੱਕ ਬਹੁਤ ਵੱਡਾ ਕੌਮੀ ਦਿਲਾਸਾ ਤੇ ਸਹਾਇਤਾ ਹੋਏਗੀ । ਇਸ ਤੋਂ ਇਲਾਵਾ ਦਸਤਾਰਾਂ, ਕਛਿਹਰੇ, ਰੈਡੀਮੇਡ ਸ਼ਰਟਾਂ, ਜ਼ੀਨਾ ਅਤੇ ਸਾੜੀਆਂ ਆਦਿਕ ਵੀ ਭੇਜੀਆਂ ਜਾ ਸਕਦੀਆਂ ਹਨ ।
ਗਿਆਨੀ ਜੀ ਦੱਸਿਆ ਕਿ ਸ੍ਰ. ਸੁਰਜੀਤ ਸਿੰਘ ਮੈਕਸੀਕੋ ਵਾਲਿਆਂ ਨੇ ਅਰੰਭਕ ਪੂੰਜੀ ਲਾ ਕੇ ਉਥੋਂ ਦੇ 20 ਨੌਜਵਾਨਾਂ ਨੂੰ ਰੈਡੀਮੇਡ ਕਪੜੇ ਦੀਆਂ ਦੁਕਾਨਾਂ ਖੋਲ ਦਿੱਤੀਆਂ ਹਨ, ਜੋ ਦਿੱਲੀ ਤੋਂ ਹੋਲਸੇਲ ਕਪੜੇ ਲਿਜਾ ਕੇ ਵੇਚਣਗੇ । ਦੇਸ਼ ਵਿਦੇਸ਼ ਦੇ ਅਮੀਰਾਂ ਵੱਲੋਂ ਕੁਝ ਅਜਿਹੇ ਢੰਗ ਵੀ ਅਪਨਾਏ ਜਾ ਸਕਦੇ ਹਨ ਉਨ੍ਹਾਂ ਦੀ ਆਰਥਕ ਖੁਸ਼ਹਾਲੀ ਲਈ । ਉਮੀਦ ਹੈ ਕਿ ਸਿੱਖ ਜਥੇਬੰਦੀਆਂ ਤੇ ਡੇਰੇਦਾਰ ਸਿੱਖ ਬਾਬੇ ਇਸ ਪਾਸੇ ਸ਼ੀਘਰ ਧਿਆਨ ਦੇਣਗੇ ਅਤੇ ਇੱਕ ਸਾਂਝੀ ‘ਸਿਕਲੀਗਰ ਸਿੱਖ ਵਸੇਬਾ’ ਕਮੇਟੀ ਬਣਾ ਕੇ ਬਿਨਾ ਦੇਰੀ ਯਤਨਸ਼ੀਲ ਹੋਣਗੇ ।


05/07/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥-੨੭

ਗੁਰਬਾਣੀ ਦੇ ਚਾਨਣ ਵਿੱਚ ਕਾਮ ਵਿਸ਼ੇ ਦੀ ਵਿਆਖਿਆ

ਪੰਜ ਵਿਸ਼ੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਮੰਨੇ ਗਏ ਹਨ। ਆਪਾਂ ਸਿਲਸਲੇ ਵਾਰ ਇਨ੍ਹਾਂ ਦੀ ਵਿਆਖਿਆ ਕਰਦੇ ਹਾਂ। ਕਾਮ ਦੇ ਅੱਖਰੀ ਅਰਥ ਵੱਖ ਵੱਖ ਹਨ ਜਿਵੇਂ-ਆਹਰ, ਕੰਮ, ਕਾਰਜ, ਹਿੱਤ, ਲਾਭ, ਕਾਮਨਾ, ਮਨੋਰਥ, ਸੰਕਲਪ, ਸੁੰਦਰਤਾ, ਇਛਾ, ਵਾਸ਼ਨਾ, ਭੋਗ, ਬਿੰਦ, ਵੀਰਜ ਅਤੇ ਵਿਭਚਾਰਕ ਆਦਿਕ।

ਕੰਮ, ਕਾਰਜ ਅਤੇ ਆਹਰ-ਗੁਰ ਸਤਿਗੁਰ ਸੇਵਾ ਲਾਇ ਹਮ ਕਾਮ॥ (੧੬੬) ਬੁਰੇ ਕਾਮ ਕਉ ਊਠਿ ਖਲੋਇਆ॥ ਨਾਮ ਕੀ ਬੇਲਾ ਪੈ ਪੈ ਸੋਇਆ॥(੭੩੯) ਹਿੱਤ ਤੇ ਲਾਭ-ਅਵਰਿ ਕਾਜ ਤੇਰੈ ਕਿਤੈ ਨ ਕਾਮ॥(੧੨) ਤੇਰੇ ਹਿੱਤ ਜਾਂ ਲਾਭ ਵਿੱਚ ਨਹੀਂ। ਮਨੋਰਥ, ਇਛਾ ਤੇ ਸੰਕਲਪ-ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ॥(੪੬) ਪੂਰਨ ਹੋਏ ਸਗਲੇ ਕਾਮ॥(੧੯੫) ਅਤੇ ਪੂਰਨ ਹੋਵਹਿ ਮਨ ਕੇ ਕਾਮ॥(੭੪੩) ਇਨ੍ਹਾਂ ਪੰਗਤੀਆਂ ਵਿੱਚ ਕਾਮ ਦੇ ਅਰਥ ਮਨੋਰਥ, ਇਛਾ ਤੇ ਸੰਕਲਪ ਹਨ। ਭੋਗ, ਕਾਮਨਾ, ਮੈਥਨੁ-ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ॥(੫੦) ਮੂਰਖ ਭੋਗੇ ਭੋਗੁ ਦੁਖ ਸਬਾਇਆ॥(੧੩੯) ਇਸਤਰੀ ਪੁਰਖ ਦਾ ਵਿਲਾਸੀ ਸੰਗਮ-ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥(੧੬) ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ॥(੧੪੨) ਨਾਮੁ ਬਿਸਾਰਿ ਕਰੇ ਰਸ ਭੋਗ॥ ਸੁਖੁ ਸੁਪਨੈ ਨਹੀ ਤਨ ਮਹਿ ਰੋਗ॥(੨੪੦) ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ॥(੩੯੮) ਖਸਮੁ ਵਿਸਾਰਿ ਕੀਏ ਰਸ ਭੋਗ॥ ਤਾਂ ਤਨਿ ਉਠਿ ਖਲੋਏ ਰੋਗ॥(੧੨੫੬) ਭੋਗ ਵਿਲਾਸ ਕਰਕੇ-ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ।(ਵਾਰ ੩੫, ਭਾ.ਗੁ) ਬਿੰਦ, ਵੀਰਜ-ਬਨਵਾਸ, ਡੂਗਰਵਾਸ, ਹਠ, ਨਿਗ੍ਰਹ ਅਤੇ ਤੀਰਥ ਇਸ਼ਨਾਨ ਆਦਿਕ ਜਤਨ ਮਨੁੱਖ ਕਰਦਾ ਹੈ ਪਰ ਅਜਿਹੇ ਕਿਸੇ ਵੀ ਤਰੀਕੇ ਨਾਲ ਕਾਮ-ਵਾਸ਼ਨਾ ਰੋਕੀ ਨਹੀਂ ਜਾ ਸਕਦੀ-ਜਤਨ ਕਰੈ ਬਿੰਦੁ ਕਿਵੇਂ ਨ ਰਹਾਈ॥(੯੦੬) ਬਿੰਦ ਨੂੰ ਜਿੰਨ੍ਹਾਂ ਮਰਜੀ ਦਬਾਈਏ, ਸਾਂਭ ਕੇ ਰੱਖੀਏ, ਇਸ ਨਾਲ ਪਰਮਗਤੀ ਪ੍ਰਾਤਪ ਨਹੀਂ ਹੁੰਦੀ-ਬਿੰਦੁ ਰਾਖਿ ਜੌ ਤਰੀਐ ਭਾਈ ਖੁਸਰੈ ਕਿਉਂ ਨ ਪਰਮ ਗਤਿ ਪਾਈ॥(੩੨੪)

ਆਪਾਂ ਅੱਜ ਜਿਸ ਵਿਸ਼ੇ ਦੀ ਗੱਲ ਕਰ ਰਹੇ ਹਾਂ ਉਹ ਕਾਮ-ਵਿਸ਼ੇ ਨਾਲ ਸਬੰਧਤ ਅਤੇ ਇਸ ਦੇ ਦੋ ਪੱਖ ਹਨ। ਪਹਿਲਾ ਪ੍ਰਵਾਰਕ ਤੇ ਦੂਜਾ ਵਿਭਚਾਰਕ। ਦੁਨੀਆਂ ਦੇ ਹਰੇਕ ਨਰ ਮਾਦਾ ਵਿੱਚ ਇਹ ਵਿਸ਼ਾ ਪਾਇਆ ਜਾਂਦਾ ਹੈ। ਭਾਵੇਂ ਉਹ ਬਨਾਸਪਤੀ, ਜਾਨਵਰ, ਪਸ਼ੂ ਅਤੇ ਇਨਸਾਨ ਹੋਵਣ। ਕਰਤਾ ਖੁਦ ਸੰਸਾਰ ਨੂੰ ਪੈਦਾ ਕਰਨ ਵਾਲਾ ਅਤੇ ਉਸ ਦੀ ਕੁਦਰਤ ਵੀ ਅੱਗੇ ਉਸ ਦੇ ਹੁਕਮ ਵਿੱਚ ਇਹ ਕੰਮ ਕਰ ਰਹੀ ਹੈ। ਸੰਸਾਰ ਨੂੰ ਅੱਗੇ ਚਲਦਾ ਰੱਖਣ ਲਈ, ਇਹ ਵਿਸ਼ਾ ਜਾਂ ਜਜਬਾ ਉਸ ਨੇ ਹਰੇਕ ਜੀਵ ਅੰਦਰ ਪਾਇਆ, ਨਰ ਅਤੇ ਮਾਦਾ ਪੈਦਾ ਕੀਤੇ। ਨਰ ਅਤੇ ਮਾਦਾ ਸਮਿਲਤ ਹੋ, ਇਸ ਵਿਸ਼ੇ ਅਨੰਦ ਰਾਹੀਂ ਅੱਗੇ ਬੱਚੇ ਪੈਦਾ ਕਰਦੇ ਹਨ। ਪਸ਼ੂ-ਪੰਛੀਆਂ ਵਿੱਚ ਪਤੀ-ਪਤਨੀ ਵਾਲੀ ਬੰਦਸ਼ ਨਹੀਂ ਪਰ ਇਨਸਾਨ ਜਦ ਦਾ ਸਭਿਅਕ ਹੋਇਆ, ਉਸ ਨੇ ਇਸ ਵਿਸ਼ੇ ਨੂੰ ਕੰਟਰੋਲ ‘ਤੇ ਇਸ ਦੀ ਠੀਕ ਵਰਤੋਂ ਕਰਨ ਵਾਸਤੇ, ਪ੍ਰਵਾਰਕ ਵਾਧੇ ਅਤੇ ਇਸ ਦੀ ਯੋਗ ਵਰਤੋਂ ਕਰਨ ਲਈ, ਗ੍ਰਿਹਸਤ ਦੀ ਮਰਯਾਦਾ ਬਣਾਈ ਹੈ। ਇਸ ਨਾਲ ਸੰਸਾਰ ਦਾ ਬੈਲੰਸ ਬਣਿਆਂ ਰਹਿੰਦਾ ਹੈ।

ਇਸ ਦਾ ਦੂਜਾ ਪਾਸਾ ਵਿਭਚਾਰਕ ਹੈ-ਲੋੜ ਤੋਂ ਵੱਧ ਵਿਸ਼ੇ ਭੋਗਣਾ, ਇਸ ਲੜੀ ਵਿੱਚ ਆਉਂਦਾ ਹੈ। ਪਾਮਰ ਮਨੁੱਖ ਅੱਗੇ ਲੱਖਾਂ ਮਰਦਾਂ ਇਸਤਰੀਆਂ ਨਾਲ, ਮਨ ਚਾਹੇ ਵਿਸ਼ੇ ਭੋਗਦਾ ਪਰ ਫਿਰ ਵੀ ਰੱਜਦਾ ਨਹੀਂ ਭਾਵ ਤ੍ਰਿਪਤ ਨਹੀਂ ਹੁੰਦਾ-ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥ ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ॥(੧੬) ਕਾਮ ਵਿਸ਼ੇ ਦੀ ਦੁਰ-ਵਰਤੋਂ ਕਰਨ ਨਾਲ, ਇਨਸਾਨ ਜਿੱਥੇ ਸਭਿਅਕ ਸਮਾਜ ਵਿੱਚ ਸ਼ਰਮਿੰਦਾ ਹੁੰਦਾ ਤੇ ਕਈ ਵਾਰ ਮੂੰਹ ਵਿਖਾਉਣ ਜੋਗਾ ਨਹੀਂ ਰਹਿੰਦਾ ਓਥੇ ਅਨੇਕ ਤਰ੍ਹਾਂ ਦੇ ਰੋਗ ਵੀ ਸਹੇੜ ਲੈਂਦਾ ਜਿਨ੍ਹਾਂ ਚੋਂ ਏਡਜ ਇੱਕ ਮਾਰੂ ਰੋਗ ਹੈ। ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਬਹੁਤੇ ਧਰਮ ਆਗੂਆਂ ਨੇ ਗ੍ਰਿਹਸਤ ਮਾਰਗ ਨੂੰ ਅਪਣਾਇਆ। ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣੈ (ਭਾ.ਗ) ਨੂੰ ਮਾਣਤਾ ਦਿੱਤੀ। ਸਿੱਖ ਰਹਿਤ ਮਰਯਾਦਾ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੋਇਆ ਹੈ ਕਿ ਸਿੱਖ ਆਮ ਹਾਲਤਾਂ ਵਿੱਚ ਇੱਕ ਇਸਤਰੀ ਦੇ ਹੁੰਦਿਆਂ ਦੂਜੀ ਨਾਲ ਵਿਆਹ ਨਾ ਕਰਵਾਏ ਸਗੋਂ-ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੈ॥(ਭਾ.ਗੁ) ਪਰ-ਇਸਤਰੀ ਜਾਂ ਪਰ-ਮਰਦ ਭੋਗਣ ਵਾਲਾ ਜਾਂ ਵਾਲੀ ਪਤਿਤ ਹੋ ਜਾਂਦੇ ਹਨ।

ਅੱਜ ਪਛਮੀ ਚਮਕ-ਦਮਕ ਦੇ ਮਗਰ ਲੱਗ, ਸਾਡੇ ਬਹੁਤਿਆਂ ਵਿੱਚ ਵੀ, ਇਹ ਵਿਕਾਰ-ਵਿਭਚਾਰ ਭਾਰੂ ਹੁੰਦਾ ਜਾ ਰਿਹਾ ਹੈ। ਕੁਝ ਪੁਰਾਣਕ ਗ੍ਰੰਥਾਂ ਦੀਆਂ ਵਿਸ਼ੇ-ਵਿਕਾਰਾਂ ਵਾਲੀਆਂ ਕਾਮਕ ਕਥਾ-ਕਹਾਣੀਆਂ ਅਤੇ ੧੮ਵੀਂ ਸਦੀ ਦੇ ਪੈਦਾ ਕੀਤੇ ਗਏ ਬਚਿਤ੍ਰ ਨਾਟਕ (ਦਸਮ ਗ੍ਰੰਥ) ਵਿੱਚ ਇਸ ਵਿਸ਼ੇ ਨੂੰ ਹੱਦੋਂ ਵੱਧ, ਮਾਰੂ ਨਸ਼ੇ ਸੇਵਨ ਕਰਕੇ, ਨੰਗੇ ਨਾਚ ਦੇ ਅਤਿ ਨਿੰਦਣੀਯ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਸਿੱਖਾਂ ਵਿੱਚੋਂ ਇਸ ਬਚਿਤ੍ਰ ਨਾਟਕ ਦੇ ਪੁਜਾਰੀ ਏਨੀਆਂ ਹੱਦ ਬੰਦੀਆਂ ਟੱਪ ਗਏ ਕਿ ਸਿੱਖ ਨੇ "ਤੁਰਕਨੀ ਨਾਲ ਯੁੱਧ ਨਹੀਂ ਕਰਨਾ" ਬਾਕੀ ਭਾਵੇਂ ਕੋਈ ਇਸਤ੍ਰੀ ਹੋਵੇ ਪ੍ਰਵਾਨ ਹੈ। ਕਈ ਰਹਿਤਨਾਮੇ ਵੀ ਇਹੀ ਪ੍ਰਚਾਰ ਕਰਦੇ ਹਨ। ਅੱਜ ਸਾਡੇ ਡੇਰੇ ਤੇ ਟਕਸਾਲ ਸੰਪ੍ਰਦਾਵਾਂ ਵੀ ਇਸ ਗ੍ਰੰਥ ਦਾ ਹੱਦੋਂ ਵੱਧ ਪ੍ਰਚਾਰ ਕਰਨ ਲੱਗ ਪਈਆਂ ਹਨ। ਕਈ ਇਸ ਵਿਸ਼ੇ ਤੇ ਕਾਬੂ ਪਾਉਣ ਲਈ ਮਾਸ-ਮਛਲੀ ਖਾਣਾ ਬੰਦ ਕਰਨ ‘ਤੇ ਜੋਰ ਦਿੰਦੇ ਹਨ ਪਰ ਇਸ ਦਾ ਮਾਸ-ਮਛਲੀ ਨਾਲ ਕੋਈ ਸਬੰਧ ਨਹੀਂ ਕਿਉਂਕਿ ਹਾਥੀ ਕਦੇ ਮਾਸ-ਮਛਲੀ ਨਹੀਂ ਖਾਂਦਾ ਪਰ ਸਭ ਤੋਂ ਵੱਧ ਕਾਮੀ ਹੈ। ਦੂਜੇ ਪਾਸੇ ਹਰ ਵੇਲੇ ਮਾਸ ਖਾਣ ਵਾਲਾ ਸ਼ੇਰ ਕਾਮੀ ਨਹੀਂ। ਅਜੋਕੇ ਬਹੁਤੇ ਵੈਸ਼ਨੂੰ ਸਾਧ ਇਸ ਵਿਸ਼ੇ ਦੀ ਗ੍ਰਿਫਤ ਵਿੱਚ ਹਨ, ਜਿੰਨ੍ਹਾਂ ਦੇ ਡੇਰਿਆਂ ‘ਤੇ ਮੁੰਡੇਬਾਜੀ ਅਤੇ ਪਰਾਈਆਂ ਔਰਤਾਂ ਨਾਲ ਵਿਭਚਾਰ ਹੋ ਰਹੇ ਹਨ। ਪਛਮੀ ਮੁਲਕਾਂ ਨੇ ਇਸ ਵਿਸ਼ੇ ਦੇ ਸੁਧਾਰ ਲਈ, ਸਕੂਲਾਂ ਕਾਲਜਾਂ ਵਿੱਚ ਇਸ ਦੀ ਦੁਰ-ਵਰਤੋਂ ਤੇ ਹਾਨ-ਲਾਭ ਦੀ ਸਿਖਿਆ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਅਸੀਂ ਬਹੁਤੇ ਤੇ ਸਾਡੇ ਅੱਲੜ ਮੁੰਡੇ ਕੁੜੀਆਂ ਨਸ਼ਿਆਂ ਅਤੇ ਤ੍ਰੀਆ-ਚਰਿਤ੍ਰਾਂ ਕਰਕੇ, ਇਸ ਵਿੱਚ ਹੱਦੋਂ ਵੱਧ ਖਚਤ ਹੁੰਦੇ ਜਾ ਰਹੇ ਹਨ। ਇਸੇ ਵਿਸ਼ੇ ਦੀ ਪਰਬਲਤਾ ਕਰਕੇ ਹੀ ਆਏ ਦਿਨ ਅਬਲਾਵਾਂ ਤੇ ਨਾਬਾਲਗ ਧੀਆਂ-ਕੁੜੀਆਂ ਅਤੇ ਪਰਾਈਆਂ ਔਰਤਾਂ ਨਾਲ ਸ਼ਰੇਆਮ ਬਲਾਤਕਾਰ ਹੋ ਰਹੇ ਹਨ।

ਵਿਵਾਹਿਤ ਅਨੰਦ ਅਤੇ ਪ੍ਰਵਾਰਕ ਵਾਦੇ ਲਈ "ਕਾਮ" ਦੀ ਯੋਗ ਵਰਤੋਂ ਠੀਕ ਪਰ ਹੱਦੋਂ ਵੱਧ, ਬੇਹਿਆਈ ਵਿੱਚ ਜਾ, ਇਖਲਾਕ ਤੋਂ ਡਿੱਗ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਛਿੱਕੇ ‘ਤੇ ਟੰਗ ਵਿਭਚਾਰੀ ਹੋ ਜਾਣਾ, ਆਪਣੇ ਸਰੀਰ, ਪ੍ਰਵਾਰ ਅਤੇ ਮਨੁੱਖਤਾ ਲਈ ਅਤਿਅੰਤ ਹਾਨੀਕਾਰਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਅਤੇ ਸੱਚੇ ਸੁੱਚੇ ਮਹਾਂ ਪੁਰਖਾਂ ਦੇ ਉਪਦੇਸ਼ ਸਾਨੂੰ ਸਦਾਚਾਰਕ ਬਣਾਉਂਦੇ ਪਰ ਸਾਕਤਮੱਤੀਆਂ ਦੇ ਗ੍ਰੰਥ ਬਚਿਤ੍ਰ ਨਾਟਕ ਵਗੈਰਾ ਸਾਨੂੰ ਵਿਭਚਾਰ ਦੀ ਡੂੰਗੀ ਤੇ ਵਿਕਾਰਾਂ ਦੀ ਗੰਦੀ ਖੱਡ ਵਿੱਚ ਧਕੇਲਦੇ ਹਨ। ਸੋ ਕਿਸੇ ਵੀ ਬਿਰਤੀ, ਵਿਸ਼ੇ, ਚੀਜ ਜਾਂ ਪਦਾਰਥ ਦੀ ਲੋੜ ਤੋਂ ਵੱਧ ਵਰਤੋਂ ਮਾੜੀ ਹੁੰਦੀ ਅਤੇ ਉਸ ਦੇ ਨਤੀਜੇ ਵੀ ਮਾੜੇ ਨਿਕਲਦੇ ਹਨ। ਅਸੀਂ ਡੇਰੇਦਾਰ ਸਾਧਾਂ ਮਗਰ ਲੱਗ ਵੈਸ਼ਨੂੰ ਹੋ ਕੇ ਨਹੀਂ ਸਗੋਂ ਸਦਾਚਾਰੀ ਜੀਵਨ ਅਪਣਾ ਅਤੇ ਸੰਜਮ ਵਿੱਚ ਰਹਿ ਕੇ ਹੀ, ਇਸ ਵਿਸ਼ੇ ‘ਤੇ ਕਾਬੂ ਪਾ ਸਕਦੇ ਹਾਂ।

**********************************************

ਅਵਤਾਰ ਸਿੰਘ ਮਿਸ਼ਨਰੀ (5104325827)

ਬਿਲਕੁਲ ਸਹੀ ਕਿਹਾ ਦਵਿੰਦਰਜੀਤ ਸਿੰਘ ਜਰਮਨ ਸਿੱਖ ਮੀਡੀਆ ਵਾਲਿਆਂ ਨੇ ਕਿ ਜੇ ਤੁਸੀਂ ਟਕਸਾਲੀ ਦਸਮ ਗ੍ਰੰਥ ਬਿਨਾ ਨਹੀਂ ਰਹਿ ਸਕਦੇ ਇਹ ਤੁਹਾਡਾ ਰਸਤਾ ਹੈ ਪਰ ਮੇਰਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੈ ਮੈਂ ਉਸ ਤੋਂ ਬਿਨਾ ਕਿਸੇ ਹੋਰ ਸੰਤ ਤੇ ਗ੍ਰੰਥ ਨੂੰ ਨਹੀਂ ਮੰਨਦਾ, ਤੁਸੀਂ ਮੈਨੂੰ ਬਚਿਤ੍ਰ ਨਾਟਕ ਉਰਫ ਅਖੌਤੀ ਦਸਮ ਗ੍ਰੰਥ ਦਾ ਜਬਰੀ ਉਪਾਸ਼ਕ ਨਹੀਂ ਬਣਾ ਸਕਦੇ। ਜੋਰ ਤੇ ਜਬਰ ਧੱਕੇ ਨਾਲ ਕੀਤੇ ਜਾਂਦੇ ਜੋ ਜੁਲਮ ਹੁੰਦੇ ਹਨ-ਕਬੀਰ ਜੋਰੁ ਕੀਆ ਸੋ ਜੁਲਮੁ ਹੈ...॥ (1275) ਇਨ੍ਹਾਂ ਅਖੌਤੀ ਟਕਸਾਲਿਆਂ ਨੇ ਇਟਲੀ ਵਿੱਚ ਖਾਹ-ਮਖਾਹ ਭਾਈ ਪੰਥਪ੍ਰਿਤ ਸਿੰਘ ਜੀ ਦਾ ਵੀ ਲਾਲਾ ਲਾਲਾ ਕਰਕੇ ਵਿਰੋਧ ਕੀਤਾ। ਕੋਈ ਸਵਾਲ ਨਹੀਂ, ਕੋਈ ਵਜਾ ਨਹੀਂ, ਕੋਈ ਮੁੱਦਾ ਨਹੀਂ ਅਖੇ ਅਸੀਂ ਫਲਾਨੇ ਦੇ ਕਹੇ ਤੇ ਆਏ ਹਾਂ ਅਤੇ ਸੰਤ ਭਿੰਡਰਾਂਵਾਲੇ ਇਹ ਕਰਦੇ ਸੀ ਓਹ ਕਰਦੇ ਸੀ। ਇਨ੍ਹਾਂ ਵਾਸਤੇ 10 ਗੁਰੂ, 15 ਭਗਤ, 11 ਭੱਟ ਤੇ 3 ਗੁਰਸਿੱਖ ਅਤੇ ਗੁਰੂ ਗ੍ਰੰਥ ਸਾਹਿਬ ਸਾਰੇ ਭਿੰਡਰਾਂਵਾਲੇ ਤੋਂ ਥੱਲੇ ਹਨ। ਗੁਰੂ ਗ੍ਰੰਥ ਸਾਹਿਬ ਤਾਂ ਇਨ੍ਹਾਂ ਸਿਰਫ ਮੱਥੇ ਟੇਕਣ ਅਤੇ ਪੈਸੇ ਕਮਾਉਣ ਨੂੰ ਪ੍ਰਕਾਸ਼ ਕੀਤਾ ਹੈ। ਸੋ ਐਸ ਵੇਲੇ ਸਾਰੇ ਜਾਗਰੂਕ ਤੇ ਮਿਸ਼ਨਰੀਆਂ ਨੂੰ ਇੱਕਮੁੱਠ ਹੋ ਕੇ, ਅਖੌਤੀ ਦਸਮ ਗ੍ਰੰਥ, ਭਗਾਉਤੀ ਅਤੇ ਦੇਹ ਸ਼ਿਵਾ ਬਰ ਵਾਲਾ ਮਖੌਟਾ ਲਾਹ ਦੇਣਾ ਚਾਹੀਦਾ ਹੈ ਅਤੇ ਇਸ ਭਾਈ ਦਵਿੰਦਰਜੀਤ ਸਿੰਘ ਜਰਮਨ ਵਰਗੇ ਜਾਗਰੂਕ ਸਿੱਖਾਂ ਨਾਲ ਖੜਨਾ ਚਾਹੀਦਾ ਹੈ। ਹੁਣ ਤਾਂ ਮਹਾਕਾਲ, ਕਾਲਕਾ ਅਤੇ ਭਗਾਉਤੀਆਂ ਦਾ ਖਹਿੜਾ ਛੱਡੀਏ ਜਾਂ ਜਦ ਮਰ ਮੁੱਕ ਗਏ ਫਿਰ ਹੀ ਛੱਡਾਂਗੇ?


05/07/17
‘ਤੱਤ ਗੁਰਮਤਿ ਪਰਿਵਾਰ ਬਿਉਰੋ’

ਮਨਮੱਤ ਤੋਂ ਗੁਰਮਤਿ ਵੱਲ ਵਾਪਸੀ ਦੇ ਸਫਰ ਵਿੱਚ ਇੱਕ ਹੋਰ ਕਦਮ
ਸਿਰਸਾ ਵਿਖੇ ਰਸਮੀ ਪਾਠ ਸਮੇਤ ਪੁਜਾਰੀਵਾਦ ਰਹਿਤ ਮ੍ਰਿਤਕ ਸਮਾਗਮ
‘ਤੱਤ ਗੁਰਮਤਿ ਪਰਿਵਾਰ ਬਿਉਰੋ’ (03 ਮਈ 2017 ਈਸਵੀ)

ਬਾਬਾ ਨਾਨਕ ਜੀ ਨੇ ਪੁਜਾਰੀਵਾਦੀ ਤਾਕਤਾਂ ਵਲੋਂ ਹਿੰਦੂ, ਇਸਲਾਮ ਆਦਿ ਦੇ ਨਾਂ ਤੇ ਸਮਾਜ ਵਿੱਚ ਪੈਦਾ ਕਰ ਦਿਤੀਆਂ ਫਿਰਕੂ ਵੰਡੀਆਂ ਨੂੰ ਸਮਝਦਿਆਂ, ਪ੍ਰਭੂ ਦੇ ਮੂਲ ਅਤੇ ਇਕੋ ਇੱਕ ਅਸਲ ਮਾਨਵੀ ਧਰਮ ਦੀ ਪਛਾਣ ਲੋਕਾਂ ਨੂੰ ਕਰਾਉਣ ਖਾਤਿਰ ‘ਗੁਰਮਤਿ ਇਨਕਲਾਬ’ ਦੀ ਸ਼ੁਰੂਆਤ ਕੀਤੀ। ਪਰ ਸਮੇਂ ਦੀ ਚਾਲ ਨਾਲ ਪੁਜਾਰੀਵਾਦੀ ਤਾਕਤਾਂ ਨੇ ਇਸ ਇਨਕਲਾਬ ਦੇ ਉਪਰ ਅਪਣਾ ਕਾਲਾ ਪ੍ਰਛਾਵਾਂ ਪਾ ਹੀ ਦਿਤਾ ਅਤੇ ਐਸੇ ਲਾਸਾਨੀ ਇਨਕਲਾਬ ਨੂੰ ਇੱਕ ਸੌੜੇ ਫਿਰਕੇ ਦਾ ਰੂਪ ਦੇ ਕੇ ਪੁਜਾਰੀਵਾਦੀ ਰਸਮਾਂ-ਰੀਤਾਂ ਦਾ ਮਾਨਸਿਕ ਗੁਲਾਮ ਬਣਾ ਦਿਤਾ। ਅੱਜ ਐਸਾ ਮਾਹੌਲ ਹੈ ਕਿ ਜੇ ਕੋਈ ਜਾਗਦੀ ਜ਼ਮੀਰ, ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰਮਤਿ ਇਨਕਲਾਬ ਤੇ ਸੂਖਮ ਹੱਦ ਤੱਕ ਛਾਏ ਪੁਜਾਰੀਵਾਦ ਦੀ ਪਛਾਣ ਕਰਾਉਣ ਦਾ ਯਤਨ ਕਰਦੀ ਹੈ ਤਾਂ ਪੁਜਾਰੀਵਾਦ ਦਾ ਮਾਨਸਿਕ ਗੁਲਾਮ ਬਣੇ ਸਿੱਖ ਫਿਰਕੇ ਵਿਚੋਂ ਹੀ ਉਸ ਨੂੰ ਧਮਕੀਆਂ ਅਤੇ ਫਤਵੇ ਮਿਲਣੇ ਸ਼ੁਰੂ ਹੋ ਜਾਂਦੇ ਹਨ।
ਅੱਜ ਸਮਾਜ ਵਿੱਚ ਕਈਂ ਸੱਜਣ ਹਨ ਜੋ ਇਸ ਮਜ਼ਬੀ ਫਿਰਕਾਪ੍ਰਸਤੀ ਨੂੰ ਪਛਾਣਦੇ ਹਨ ਅਤੇ ਇਸ ਬਾਰੇ ਗੱਲ ਵੀ ਕਰਦੇ ਹਨ, ਪਰ ਜਦੋਂ ਸਮਾਜ ਵਿੱਚ ਵਿਚਰਦਿਆਂ ਇਸ ਬਾਰੇ ਕੋਈ ਮਿਸਾਲ ਬਨਣ ਦਾ ਸਮਾਂ ਆਉਂਦਾ ਹੈ ਤਾਂ ਉਹ ‘ਲੋਕ ਲਾਜ’ ਆਦਿਕ ਬਹਾਨੇ ਬਣਾ ਕੇ ਸੱਚ ਤੇ ਅਮਲ ਤੋਂ ਕੰਨੀ ਕਤਰਾ ਜਾਂਦੇ ਹਨ। ‘ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੀਉ ਰੀ’ ਦੀ ਤਰਜ਼ ਤੇ ਸਮਾਜ ਵਿੱਚ ਹਾਲੀਂ ਵੀ ਚੰਦ ਕੁ ਐਸੇ ਚੇਤੰਨ ਸੱਜਣ ਹਨ ਜੋ ਸੱਚ ਤੇ ਠੋਕ ਕੇ ਪਹਿਰਾ ਦੇਣ ਦਾ ਦਮ ਰੱਖਦੇ ਹਨ ਅਤੇ ਪੁਜਾਰੀਵਾਦੀ ਮਾਨਤਾਵਾਂ ਨੂੰ ਰੱਦ ਕਰਨ ਲਈ ਕਮਰਕੱਸੇ ਕਰੀ ਰੱਖਦੇ ਹਨ।
ਬਾਬਾ ਨਾਨਕ ਦੀ ਦੇਣ ‘ਗੁਰਬਾਣੀ’ ਦੀ ਰੋਸ਼ਨੀ ਵਿੱਚ ‘ਤੱਤ ਗੁਰਮਤਿ ਪਰਿਵਾਰ’ ਵਲੋਂ ਸ਼ੁਰੂ ਕੀਤੇ, ਫਿਰਕੂ ਸੋਚ ਤੋਂ ਗੁਰਮਤਿ ਇਨਕਲਾਬ ਵੱਲ ‘ਵਾਪਸੀ ਦੇ ਸਫਰ’ ਵਿੱਚ ਇੱਕ ਹੋਰ ਐਸਾ ਮੁਕਾਮ ਗੁਰਮੀਤ ਸਿੰਘ ਜੀ ਸਿਰਸਾ ਵਲੋਂ ਆਪਣੀ ਭੂਆ ਦੇ ਚਲਾਣੇ ਵੇਲੇ ਆਇਆ। ਗੁਰਮੀਤ ਸਿੰਘ ਸਪੋਕਸਮੈਨ, ਤੱਤ ਗੁਰਮਤਿ ਪਰਿਵਾਰ ਸਮੇਤ, ਸਮਾਜ ਨੂੰ ਪੁਜਾਰੀ ਮੁਕਤ, ਸਹੀ ਰਾਹ ਪਾਉਣ ਦੇ ਆਹਰੇ ਲਗੇ ਕਈਂ ਹੋਰ ਮੰਚਾਂ ਅਤੇ ਸੰਸਥਾਵਾਂ ਨਾਲ ਕਾਫੀ ਪਹਿਲਾਂ ਤੋਂ ਜੁੜੇ ਹੋਏ ਹਨ। ਉਹ ਕਈਂ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਸਰਗਰਮ ਰੂਪ ਵਿੱਚ ਜੁੜੇ ਹੋਏ ਹਨ।
ਗੁਰਮੀਤ ਸਿੰਘ ਦੀ ਆਪਣੀ ਭੂਆ ਜੋਗਿੰਦਰ ਕੌਰ ਜੀ ਨਾਲ ਸਾਂਝ ਵੀ ਸਮਾਜ ਲਈ ਇੱਕ ਮਿਸਾਲ ਤੋਂ ਘੱਟ ਨਹੀਂ ਸੀ। ਅੱਜ ਦੇ ਸਮਾਜ ਵਿੱਚ ਔਲਾਦ ਵਲੋਂ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਸੰਭਾਲ ਵੀ ਇੱਕ ਬੋਝ ਹੀ ਸਮਝਿਆ ਜਾਂਦਾ ਹੈ। ਐਸੇ ਮਾਹੌਲ ਵਿੱਚ ਗੁਰਮੀਤ ਸਿੰਘ ਅਤੇ ਉਹਨਾਂ ਦੀ ਪਤਨੀ ਆਪਣੀ ਭੂਆ ਅਤੇ ਫੁਫੜ ਜੀ ਨੂੰ ਕਾਫੀ ਸਾਲ ਪਹਿਲਾਂ ਆਪਣੇ ਨਾਲ ਰਹਿਣ ਲਈ ਲੈ ਕੇ ਆ ਗਏ ਸਨ। ਕਿਉਂਕਿ ਇਨ੍ਹਾਂ ਦੀ ਭੂਆ ਜੀ ਦੇ ਘਰ ਕੋਈ ਔਲਾਦ ਨਹੀਂ ਸੀ। ਜਿਸ ਕਾਰਨ ਬਜ਼ੁਰਗੀ ਦੀ ਹਾਲਤ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਗੁਰਮੀਤ ਸਿੰਘ ਦਾ ਆਪਣੀ ਭੂਆ ਜੀ ਨਾਲ ਲਗਾਵ ਵੀ ਬਹੁਤ ਸੀ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵਿਚਾਰਧਾਰਕ ਪੱਖੋਂ ਵੀ ਭੂਆ ਜੀ, ਗੁਰਮੀਤ ਸਿੰਘ ਦੀ ਇਨਕਲਾਬੀ ਸੋਚ ਨਾਲ ਸਹਿਮਤ ਸਨ ਅਤੇ ਸਮਾਜ ਵਿੱਚ ਹੁੰਦੇ ਵਿਰੋਧ ਵੇਲੇ ਉਨ੍ਹਾਂ ਦਾ ਸਾਥ ਦੇਂਦੇ ਸਨ। ਇਸ ਬਜ਼ੁਰਗ ਜੋੜੀ ਦੀ ਨਿਸ਼ਕਾਮ ਅਤੇ ਨਿਘ ਭਰੀ ਸਾਂਭ-ਸੰਭਾਲ ਵਿੱਚ ਗੁਰਮੀਤ ਸਿੰਘ ਜੀ ਦੀ ਪਤਨੀ ਬੀਬੀ ਸੁਖਵਿੰਦਰ ਕੌਰ ਅਤੇ ਮਾਤਾ ਬੀਬੀ ਭੁਪਿੰਦਰ ਕੌਰ ਜੀ ਦਾ ਬਹੁਤ ਹੀ ਸਹਿਯੋਗ ਰਿਹਾ।
ਬੀਬੀ ਜੋਗਿੰਦਰ ਕੌਰ ਜੀ 80 ਕੁ ਸਾਲ ਦੀ ਉਮਰ ਵਿੱਚ 22 ਅਪ੍ਰੈਲ 2017 (ਈਸਵੀ) ਨੂੰ ਕੁਦਰਤੀ ਨਿਯਮਾਂ ਅਧੀਨ ਚਲਾਣਾ ਕਰ ਗਏ। ਐਸੇ ਮੌਕੇ ਮੌਤ ਨਾਲ ਹੀ ਘਰ ਵਿੱਚ ਬ੍ਰਾਹਮਣੀ ਕਰਮਕਾਂਡ ਦਾ ਖਿਲਾਰ ਸ਼ੁਰੂ ਹੋ ਜਾਂਦਾ ਹੈ। ਹਰ ਕੋਈ ਕਰਮਕਾਂਡੀ ਰਸਮਾਂ ਨੂੰ ਲੈ ਕੇ ਆਪਣੀਆਂ ਸਲਾਹਾਂ ਦੇਣ ਲਗ ਜਾਂਦਾ ਹੈ। ਪਰ ਇਸ ਪਰਿਵਾਰ ਨੇ ਪੁਜਾਰੀ ਖਿਲਾਰ ਨੂੰ ਬਹੁਤ ਹੱਦ ਤੱਕ ਕੰਟਰੋਲ ਵਿੱਚ ਰੱਖਿਆ। 23 ਅਪ੍ਰੈਲ ਨੂੰ ਸਵੇਰੇ ਹੀ ਮ੍ਰਿਤਕ ਸ਼ਰੀਰ ਨੂੰ ਕਰਮਕਾਂਡ ਰਹਿਤ ਤਰੀਕੇ ਨਾਲ ਅਗਨ-ਭੇਟ ਕਰ ਦਿਤਾ ਗਿਆ। ਸ਼ਮਸ਼ਾਨ ਘਾਟ ਵਿਖੇ ਅਰਦਾਸ ਵੀ ਭਗੌਤੀ ਪੂਜਾ ਰਹਿਤ, ਬਹੁਤ ਸੰਖੇਪ ਢੰਗ ਨਾਲ ਗੁਰਮੀਤ ਸਿੰਘ ਜੀ ਨੇ ਆਪ ਕੀਤੀ। ਸਮਾਜ ਵਲੋਂ ਇਸ ਮੌਕੇ ਕੀਤੇ ਜਾਂਦੇ ਕਿਸੇ ਵੀ ਤਰਾਂ ਦੇ ਬ੍ਰਾਹਮਣੀ ਕਰਮਕਾਂਡ ਨਹੀਂ ਕੀਤੇ ਗਏ। ਮ੍ਰਿਤਕ ਦੀ ਯਾਦ ਵਿੱਚ ਕੋਈ ਰਸਮੀ ਅਖੰਡ/ਸਪਤਾਹ/ਸਹਿਜ ਪਾਠ ਆਦਿ ਨਹੀਂ ਰਖਾਇਆ ਗਿਆ। ਆਮ ਸਿੱਖ ਸਮਾਜ ਵਿੱਚ ਐਸੇ ਕਰਮਕਾਂਡੀ ਪਾਠ ਦਾ ਫਲ ਮ੍ਰਿਤਕ ਨੂੰ ਮਿਲਣ ਦਾ ਵਹਿਮ ਆਮ ਪ੍ਰਚਲਿਤ ਹੈ। ਐਸੇ ਮੌਕੇ ਕੀਤੀ ਜਾਂਦੀਆਂ ਪੁਜਾਰੀ ਅਰਦਾਸਾਂ ਦੀ ਸ਼ਬਦਾਵਲੀ ਵੀ ਸਪਸ਼ਟ ਇਸ ਅੰਧ-ਵਿਸ਼ਵਾਸ ਦੀ ਗਵਾਹੀ ਭਰਦੀ ਹੈ। ਹੋਰ ਤਾਂ ਹੋਰ ਪੰਥਕ ‘ਸਿੱਖ ਰਹਿਤ ਮਰਿਯਾਦਾ’ ਵੀ ਐਸੇ ਕਰਮਕਾਂਡੀ ਪਾਠ ਨੂੰ ਲਾਜ਼ਮੀ ਮੰਨਦੀ ਹੈ।
ਮ੍ਰਿਤਕ ਸੰਬੰਧੀ ਇੱਕ ਹੋਰ ਵੱਡਾ ਕਰਮਕਾਂਡ ਹੈ ਸ਼ਰੀਰ ਦੇ ਜਲਣ ਤੋਂ ਬਾਅਦ ਬੱਚੀਆਂ ਅਸਥੀਆਂ ਨੂੰ, ਰਾਖ ਤੋਂ ਅਲਗ ਚੁਣ ਕੇ, ਹਰਿਦੁਆਰ/ਪਤਾਲਪੁਰੀ ਆਦਿ ਕਿਸੇ ਥਾਂ ਵਿਸ਼ੇਸ਼ ਪਾਣੀ ਵਿੱਚ ਪ੍ਰਵਾਹ ਕਰ ਕੇ ਮੁਕਤੀ ਦਾ ਵਹਿਮ। ਪਰ ਇਸ ਪਰਿਵਾਰ ਵਲੋਂ ਐਸਾ ਕੋਈ ਅੰਧਵਿਸ਼ਵਾਸ ਨਹੀਂ ਨਿਭਾਇਆ ਗਿਆ। 24 ਅਪ੍ਰੈਲ ਨੂੰ ਸਵੇਰੇ ਹੀ ਰਾਖ ਸਮੇਤ ਸਾਰੀਆਂ ਅਸਥੀਆਂ ਇਕੱਠੀਆਂ ਕਰਕੇ ਨਜ਼ਦੀਕ ਵਗਦੀ ਨਹਿਰ ਵਿੱਚ ਪ੍ਰਵਾਹ ਕਰ ਦਿਤੀਆਂ ਗਈਆਂ। ਹੋਰ ਕਰਮਕਾਂਡਾਂ ਦੇ ਨਾਲ ਨਾਲ ਸਮਾਜ ਵਿੱਚ ਤੇਰਵੀਂ ਜਾਂ ਦਸਵੇਂ ਦਾ ਵਹਿਮ ਪਾਲ ਕੇ 13ਵੇਂ, 17ਵੇਂ ਜਾਂ 10ਵੇਂ ਦਿਨ ਮ੍ਰਿਤਕ ਪ੍ਰਥਾਏ ਕਰਮਕਾਂਡੀ ਸਮਾਗਮ ਕੀਤਾ ਜਾਂਦਾ ਹੈ। ਪਰ ਐਸੇ ਸਾਰੇ ਰਸਮੀ ਵਹਿਮਾਂ ਨੂੰ ਤਿਆਗਦੇ ਹੋਏ 24 ਅਪਰੈਲ਼ ਨੂੰ ਹੀ (ਭਾਵ ਤੀਜੇ-ਚੌਥੇ ਦਿਨ ਹੀ) ਸਮਾਜ ਵਿੱਚ ਜਾਗ੍ਰਤੀ ਲਿਆਉਣ ਖਾਤਿਰ ‘ਗੁਰਮਤਿ ਸਮਾਗਮ’ ਕਰਾਇਆ ਗਿਆ। ਇਸ ਸਮਾਗਮ ਵਿੱਚ ਰਸਮੀ ਸਮਾਗਮਾਂ ਵਾਂਗੂ ਪੁਜਾਰੀ ਖਿਲਾਰ ਬਹੁੱਤ ਹੀ ਘੱਟ ਸੀ। ਸੁਚੇਤ ਕਿਰਤੀ ਪ੍ਰਚਾਰਕ ਗੁਰਸੇਵਕ ਸਿਘ ਜੀ ਮੱਦਰਸਾ ਨੇ ਗੁਰਬਾਣੀ ਵਿਚਾਰ ਰਾਹੀਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੰਗਤਾਂ ਨੂੰ ਮ੍ਰਿਤਕ ਸੰਬੰਧੀ ਪਾਲੇ ਜਾਂਦੇ ਵਹਿਮਾਂ ਭਰਮਾਂ ਬਾਰੇ ਸੱਚ ਸਾਹਮਣੇ ਰੱਖਿਆ। ਸਮਾਗਮ ਦੀ ਸਮਾਪਤੀ ਤੇ, ਗੁਰਮਤਿ ਅਨੁਸਾਰੀ ਅਰਦਾਸ ਲਈ ਪਹਿਲਾਂ ਤੋਂ ਤਿਆਰ ਸੱਜਣ ਵਲੋਂ ਅਚਾਨਕ ਕੰਨੀ ਕਤਰਾਉਣ ਦੀ ਵਜਹ ਕਰਕੇ, ਭਾਈ ਰੂਪੀ ਪੁਜਾਰੀ ਵਲੋਂ ਭਗੌਤੀ ਦੀ ਪ੍ਰਚਲਿਤ ਮਨਮੱਤੀ ਅਰਦਾਸ ਹੀ ਕਰ ਦਿਤੀ ਗਈ। ਇਸ ਕਮੀ ਦਾ ਵੀਰ ਗੁਰਮੀਤ ਸਿੰਘ ਜੀ ਨੂੰ ਬਹੁਤ ਅਫਸੋਸ ਹੈ। ਕਰਮਕਾਂਡਾਂ ਨਾਲ ਨੱਕੋ-ਨੱਕ ਭਰੇ ਸਮਾਜ ਵਿੱਚ ਐਸੀ ਹਿੰਮਤ ਵਿਖਾ ਪਾਉਣਾ ਹੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ।
ਤੱਤ ਗੁਰਮਤਿ ਪਰਿਵਾਰ ਵੀਰ ਗੁਰਮੀਤ ਸਿੰਘ ਜੀ ਸਿਰਸਾ ਅਤੇ ਉਨ੍ਹਾਂ ਦੇ ਪਰਿਵਾਰ ‘ਮਨਮੱਤ ਤੋਂ ਗੁਰਮਤਿ ਵੱਲ ਵਾਪਸੀ ਦੇ ਸਫਰ’ ਦੇ ਇਸ ਕਾਫਲੇ ਦੇ ਵਿੱਚ ਐਸੇ ਇਨਕਲਾਬੀ ਸਮਾਗਮ ਰਾਹੀਂ ਯੋਗਦਾਨ ਪਾਉਣ ਲਈ ਵਧਾਈਆਂ ਦਿੰਦਾ ਹੈ। ਨਾਲ ਹੀ ਅਸੀਂ ਇਸ ਕਾਫਲੇ ਨਾਲ ਸਹਿਮਤ ਅਤੇ ਜੁੜਨ ਦੇ ਚਾਹਵਾਨਾਂ ਨੂੰ ਬੇਨਤੀ ਰੂਪੀ ਸਲਾਹ ਦੇਣਾ ਚਾਹੁੰਦੇ ਹਾਂ ਕਿ ਅਸੀਂ ਮ੍ਰਿਤਕ ਦੇਹ ਨੂੰ ਸਸਕਾਰ ਜਾਂ ਦਬਾਉਣ ਆਦਿ ਦੀ ਪ੍ਰਚਲਿਤ ਪੱਧਤੀ ਰਾਹੀਂ ਬਰਬਾਦ ਕਰਨ ਦੀ ਥਾਂ ਉਸ ਦੇ ਕੰਮ ਆਉਣ ਯੋਗ ਅੰਗਾਂ ਜਾਂ ਸਮੁੱਚੀ ਦੇਹ ਨੂੰ ਹੀ ਖੋਜ-ਕਾਰਜਾਂ ਲਈ ਦਾਨ ਕਰਨ ਵਾਲੇ ਪਾਸੇ ਤੁਰੀਏ। ਇਹ ਗੁਰਮਤਿ ਇਨਕਲਾਬ ਦੇ ਇੱਕ ਮਜ਼ਬੂਤ ਥੰਮ ‘ਮਾਨਵਤਾ’ ਅਨੁਸਾਰ ਸਮਾਜ ਲਈ ਬਹੁਤ ਫਾਇਦੇਮੰਦ ਪਹੁੰਚ ਹੈ। ਇਸ ਲਈ ਲੌੜੀਂਦੇ ਇੰਤਜ਼ਾਮ ਆਪਣੀ ਜ਼ਿੰਦਗੀ ਦੌਰਾਣ ਹੀ ਕਰ ਲੈਣੇ ਚਾਹੀਦੇ ਹਨ ਤਾਂ ਕਿ ਮੌਤ ਵੇਲੇ ਇਸ ਸੰਬੰਧੀ ਪਰੇਸ਼ਾਨੀਆਂ ਘੱਟ ਆਉਣ। ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸੰਬੰਧੀ ਸਭ ਕੁੱਝ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਹੈ। ‘ਤੱਤ ਗੁਰਮਤਿ ਪਰਿਵਾਰ’ ਵਲੋਂ ਕੈਲੰਡਰ ਰੂਪ ਵਿੱਚ ਛਾਪੀ ‘ਇਕ ਗੁਰਸਿੱਖ ਦੀ ਵਸੀਅਤ’ ਬਹੁਤ ਹੀ ਕਾਰਗਾਰ ਸਾਬਿਤ ਹੋ ਸਕਦੀ ਹੈ। ਹਰ ਸਚਿਆਰਾ ਮਨੁੱਖ ਬਨਣ ਦੇ ਚਾਹਵਾਨ ਨੂੰ ਇਸ ਵਸੀਅਤ ਨੂੰ ਭਰ ਕੇ ਆਪਣੇ ਡਰਾਇੰਗ ਰੂਮ ਦਾ ਸ਼ਿੰਗਾਰ ਬਣਾਉਣਾ ਚਾਹੀਦਾ ਹੈ ਤਾਂ ਕੇ ਘਰ ਆਉਣ ਵਾਲੇ ਮਹਿਮਾਨਾਂ ਨੂੰ ਵੀ ਪ੍ਰੈਰਣਾ ਮਿਲ ਸਕੇ।


05/07/17
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

ਸ੍ਰੀ ਸ ਸ ਮਾਨ ਅਤੇ ਉਸ ਦੇ ਭਊਂਕੁਆਂ ਨੂੰ ਜਵਾਬ : 'ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥ ਕੂੜੁ ਬਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥'

ਸ. ਕੁਲਦੀਪ ਸਿੰਘ ਜੀ ਆਪਣੇ "ਰੇਡੀਉ ਸ਼ੇਰੇ ਪੰਜਾਬ" ਅਤੇ ਸ. ਸੁਰਿੰਦਰ ਸਿੰਘ ਜੀ ਆਪਣੇ "ਟੀ ਵੀ ਟਾਕ ਸ਼ੌ ਗਲੋਬਲ ਟੀ ਵੀ" ਇਹ ਪ੍ਰੋਗਰਾਮ ਲਾਈਵ ਦੇਣ ਲਈ ਦਾਸ ਨੂੰ ਸਹਿਮਤੀ ਵੀ ਦੇ ਚੁੱਕੇ ਹਨ। ਹੁਣ ਸ੍ਰੀ ਸ ਸ ਮਾਨ ਨੂੰ ਆਪਣੇ ਵੱਲੋਂ ਦਿੱਤੇ ਚੈਲੰਜ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੇ ਥੁੱਕ ਕੇ ਆਪ ਹੀ ਚੱਟ ਕੇ ਭੱਜਣਾ ਨਹੀਂ ਚਾਹੀਦਾ । ਮੈਂ ਫੇਰ ਸ੍ਰੀ ਸ ਸ ਮਾਨ ਨੂੰ ਕਹਿ ਰਿਹਾ ਹਾਂ ਕਿ ਤੂੰ ਸਾਹਮਣੇ ਬੈਠ ਕੇ ਲਾਈਵ ਗੱਲ ਕਰਨ ਦਾ ਚੈਲੰਜ ਭਿਜਵਾਇਆ ਸੀ , ਮੈਂ ਸਵੀਕਾਰ ਕੀਤਾ ਹੈ ਤੇ ਆ ਸਾਹਮਣੇ ਬੈਠ ਕੇ ਹੁਣ ਗੱਲ ਕਰੀਏ ......; ਸ ਸ ਮਾਨ; ਇਨ੍ਹਾਂ ਦੋਹਾਂ ਸੱਜਣਾਂ ਨੂੰ ਸਿੱਧਾਂ ਟਾਈਮ ਫਿਕਸ ਕਰ ਲੈ ਮੈਂ ਹਰ ਵਕਤ ਤਿਆਰ ਹਾਂ।
ਪੂਰੀ ਚਿੱਠੀ ਲਈ ਕਲਿਕ ਕਰਨ ਦੀ ਕਿਰਪਾ ਕਰੋ-

http://www.atinderpalsingh.com/article.php?entry_id=1493916829&title=%E0%0%A8%B0%E0%A9%81-%E0%A5%A5#.WQtmho-A2ts.gmail


05/07/17
ਮਿੰਟੂ ਬਰਾੜ ਆਸਟ੍ਰੇਲੀਆ

ਮਿੰਟੂ ਬਰਾੜ ਆਸਟ੍ਰੇਲੀਆ
mintubrar@gmail.com
+61 434 289 905
ਢਿੱਡੋਂ ਭੁੱਖੇ ਰੂਹ ਦੇ ਰੱਜੇ ‘ਹਰੀ ਸਿੰਘ ਦਿਲਬਰ’ ਦੇ ਤੁਰ ਜਾਣ 'ਤੇ
ਜਦੋਂ ਵੀ ਦੁਨੀਆ ਦੇ ਕਿਸੇ ਖ਼ਿੱਤੇ 'ਤੇ ਲੀਕ ਵਾਹੀ ਜਾਂਦੀ ਹੈ ਤਾਂ ਵੰਡ ਸਿਰਫ਼ ਧਰਤੀ ਦੀ ਨਹੀਂ ਹੁੰਦੀ। ਵੰਡ ਸਰੀਰਾਂ ਦੀ ਵੀ ਹੁੰਦੀ ਹੈ, ਵੰਡ ਖ਼ੂਨ ਦੀ ਵੀ ਹੁੰਦੀ ਹੈ ਅਤੇ ਵੰਡ ਵਿਰਸੇ ਦੀ ਵੀ ਹੁੰਦੀ ਹੈ। ਜੇ ਬਿਨਾਂ ਵੰਡਿਆਂ ਰਹਿ ਜਾਂਦੀ ਹੈ ਤਾਂ ਉਹ ਹੈ 'ਰੂਹ'। ਲੱਖ ਲੀਕਾਂ ਖਿੱਚੀਆਂ ਜਾਣ ਤਾਂ ਵੀ ਉਹ ਰੂਹ ਨੂੰ ਡੱਕ ਨਹੀਂ ਸਕਦੀਆਂ। ਵਿਛੋੜਿਆਂ ਦੇ ਦਰਦਾਂ ਚੋਂ ਅਕਸਰ ਬਿਰਹਾ ਉਪਜਦੀ ਦੇਖੀ ਜਾਂਦੀ ਹੈ। ਪਰ ਇਹ ਇਕ ਅਜੀਬ ਇਤਫ਼ਾਕ ਹੈ ਕਿ ਭਾਰਤ ਪਾਕਿਸਤਾਨ ਵੰਡ ਨੂੰ ਪਿੰਡੇ ਤੇ ਹੰਢਾਉਣ ਵਾਲੀ ਇਕ ਰੂਹ ਨੇ ਦਰਦ ਨੂੰ ਟਿੱਚ ਕਰ ਜਾਣਿਆ ਤੇ ਵਾਹਿਗੁਰੂ ਦੇ ਭਾਣੇ ਨੂੰ ਮੰਨ, ਹਾਕਮਾਂ ਤੋਂ ਮਿਲੇ ਦਰਦ ਦੇ ਬਦਲੇ ਪਰਜਾ 'ਚ ਹਾਸੇ ਬਿਖੇਰਨ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ। ਪਰ ਅਫ਼ਸੋਸ ਗ਼ੁਰਬਤ ਨੇ ਉਸ ਦੇ ਅਣਗਿਣਤ ਇਮਤਿਹਾਨ ਲਏ ਤੇ ਹਰ ਮੋੜ 'ਤੇ ਉਸ ਨੂੰ ਰੁਲਾਉਣਾ ਚਾਹਿਆ। ਪਰ ਕਹਿੰਦੇ ਹਨ ਜਦੋਂ ਇਰਾਦੇ ਲੋਹੇ ਦੇ ਹੋਣ ਤਾਂ ਤੂਤ ਦੀਆਂ ਛਮਕਾਂ ਵੀ ਚਮੜੀ ਨਹੀਂ ਉਧੇੜ ਸਕਦੀਆਂ। ਸੋ ਕੁਝ ਇਹੋ ਜਿਹੀ ਜ਼ਿੰਦਗੀ ਦਾ ਮਾਲਕ ਹੋ ਨਿੱਬੜਿਆ 'ਬਾਬਾ ਹਰੀ ਸਿੰਘ ਦਿਲਬਰ'।
ਦੁਨੀਆ 'ਚ ਅਣਗਿਣਤ ਅਚੰਭਿਤ ਵਰਤਾਰੇ ਹਰ ਰੋਜ਼ ਹੁੰਦੇ ਹਨ, ਪਰ ਭੁੱਖੇ ਢਿੱਡ ਹੱਸਣ ਤੇ ਹਸਾਉਣ ਵਰਗਾ ਵਰਤਾਰਾ ਘੱਟ ਹੀ ਦੇਖਣ ਨੂੰ ਮਿਲਦਾ। ਸ਼ਮਸ਼ਾਨ ਜਿਹੀ ਖ਼ਾਮੋਸ਼ੀ ਅਤੇ ਵੀਰਾਨਗੀ ਜਿਹੀ ਦਹਿਲੀਜ਼ ਤੇ ਬਹਿ ਕੇ ਵੀ ਲੋਕਾਂ ਲਈ ਹਾਸੇ ਬਿਖੇਰਨ ਦਾ ਕੰਮ ਪੰਜਾਬੀ ਜਗਤ ਦੇ ਪ੍ਰਸਿੱਧ ਹਾਸਰਸ ਕਵੀ ਹਰੀ ਸਿੰਘ ਦਿਲਬਰ ਦੇ ਹਿੱਸੇ ਆਇਆ। ਇੱਕੋ ਜ਼ਿਲ੍ਹੇ ਦੇ ਹੋਣ ਕਾਰਨ ਉਨ੍ਹਾਂ ਨਾਲ ਮੇਰਾ ਕਾਫ਼ੀ ਪੁਰਾਣਾ ਵਾਹ ਵਾਸਤਾ ਰਿਹਾ। ਲੰਮਾ ਵਕਤ ਤਾਂ ਉਨ੍ਹਾਂ ਨੂੰ ਸਮਝ ਹੀ ਨਹੀਂ ਸਕਿਆ ਸੀ। ਹੁਣ ਉਨ੍ਹਾਂ ਦੇ ਤੁਰ ਜਾਣ 'ਤੇ ਬਹੁਤ ਦੁਖੀ ਹਾਂ। ਜਿੰਨਾ ਕੁ ਉਨ੍ਹਾਂ ਨੂੰ ਸਮਝ ਸਕਿਆ ਅਤੇ ਉਨ੍ਹਾਂ ਨਾਲ ਗੁਜ਼ਾਰੇ ਕੁਝ ਵਕਤ ਅਤੇ ਕੁਝ ਯਾਦਾਂ ਨੂੰ ਆਪ ਜੀ ਨਾਲ ਇਸ ਲੇਖ ਰਾਹੀਂ ਸਾਂਝਾ ਕਰ ਰਿਹਾ ਹਾਂ।
ਗੱਲ ਪੰਜਾਬ ਦੇ ਮਾੜੇ ਦੌਰ ਤੋਂ ਸ਼ੁਰੂ ਕਰਦੇ ਹਾਂ। ਹਰ ਪਾਸੇ ਸਹਿਮ ਦੀ ਹਨੇਰੀ ਝੁੱਲ ਰਹੀ ਸੀ। ਸਾਡੇ ਜਿਹਾ ਨੌਜਵਾਨ ਵਰਗ ਗ਼ੁੱਸੇ 'ਚ ਤੇ ਜੋਸ਼ 'ਚ ਤੜਪ ਰਿਹਾ ਸੀ। ਮਾਂ ਬਾਪ ਚਿੰਤਤ ਸਨ ਖੌਰੇ ਸਾਡੇ ਜੁਆਕ ਕਿਸੇ ਅਣਹੋਣੀ ਦਾ ਸ਼ਿਕਾਰ ਨਾ ਹੋ ਜਾਣ। ਖ਼ੁਸ਼ੀ ਤੇ ਹਾਸੇ ਦੇ ਪਲ ਤਾਂ ਭਾਲਿਆਂ ਵੀ ਨਹੀਂ ਸੀ ਲੱਭਦੇ। ਉਸ ਵਕਤ ਹਰਿਆਣੇ ਦੀ ਇਕ ਛੋਟੀ ਜਿਹੀ ਮੰਡੀ ਕਾਲਾਂਵਾਲੀ ਵਿਚ ਪੰਜਾਬੀ ਸਾਹਿਤ ਸਭਾ ਵੱਲੋਂ ਭੁਪਿੰਦਰ ਪੰਨੀਵਾਲੀਆ ਬਾਈ ਹੋਰਾਂ ਨੇ ਇਕ ਕਵੀ ਦਰਬਾਰ ਰੱਖਿਆ। ਮੈਨੂੰ ਪਹਿਲੀ ਵਾਰ ਕੋਈ ਕਵੀ ਦਰਬਾਰ ਸੁਣਨ ਦਾ ਮੌਕਾ ਮਿਲਿਆ ਸੀ। ਜਵਾਨੀ ਉਮਰੇ ਕੁਝ ਜ਼ਿਆਦਾ ਪੱਲੇ ਨਹੀਂ ਪਿਆ। ਬੱਸ ਇਕ ਕਵੀ ਦੀਆਂ ਕੁਝ ਹਸਾਉਣ ਵਾਲੀਆਂ ਗੱਲਾਂ ਨੇ ਜ਼ਰੂਰ ਜ਼ਿਹਨ 'ਚ ਥਾਂ ਬਣਾ ਲਈ। ਮਹਿਫ਼ਲ 'ਚ ਆਏ ਹਰ ਬੰਦੇ ਦੀ ਜ਼ਬਾਨ ਤੇ ਹਰੀ ਸਿੰਘ ਦਿਲਬਰ ਦੇ ਚੌਕੇ ਛੱਕੇ ਸਨ। ਬੱਸ ਉਸ ਦਿਨ ਤੋਂ ਬਾਅਦ ਦਿਮਾਗ਼ 'ਚ ਇਸ ਛੋਟੇ ਜਿਹੇ ਕੱਦ ਅਤੇ ਮੋਟੇ ਸ਼ੀਸ਼ੇ ਦੀ ਐਨਕ, ਵਾਂਡੀਆਂ ਲੱਤਾਂ, ਖੁੱਲ੍ਹੇ ਜਿਹੇ ਪਜਾਮੇ ਅਤੇ ਜ਼ਿਆਦਾਤਰ ਹਲਕੇ ਜਿਹੇ ਮੂੰਗੀਆ ਰੰਗ ਦੀ ਪੱਗ ਬੰਨੇ ਇਸ ਬਾਬੇ ਨੂੰ ਦੁਨੀਆ ਦਾ ਸਭ ਤੋਂ ਖ਼ੁਸ਼ ਇਨਸਾਨ ਹੋਣ ਦਾ ਭਰਮ ਮੈਂ ਪਾਲ ਲਿਆ ਸੀ।
ਵਕਤ ਬੀਤਦਾ ਗਿਆ ਕਈ ਥਾਈਂ ਬਾਬਾ ਜੀ ਨੂੰ ਸੁਣਨ ਦਾ ਮੌਕਾ ਮਿਲਿਆ। ਪਰ ਕਦੇ ਵੀ ਉਸ ਹਾਸਿਆਂ ਦੇ ਵਣਜਾਰੇ ਦੇ ਆਰ-ਪਾਰ ਝਾਕਣ ਦੀ ਸੋਚ ਨਹੀਂ ਆਈ ਤੇ ਨਾ ਹੀ ਕੋਈ ਸਬੱਬ ਬਣਿਆ। 2007 'ਚ ਦਾਣਾ ਪਾਣੀ ਆਸਟ੍ਰੇਲੀਆ ਲੈ ਆਇਆ ਤੇ ਫੇਰ ਇਸ ਹਾਸਿਆਂ ਦੇ ਵਣਜਾਰੇ ਨਾਲ ਯੂ ਟਿਊਬ ਤੇ ਇਕ ਅੱਧੀ ਮੁਲਾਕਾਤ ਹੋਈ ਜਦੋਂ ਕਿਸੇ ਨੇ ਇਹਨਾਂ ਦੇ ਛੋਟੇ ਮੋਟੇ ਕਲਿੱਪ ਜਿਹੇ ਪਾਏ। 2010 ਦਾ ਜਨਵਰੀ ਮਹੀਨਾ ਸੀ ਮੈਂ ਆਪਣੇ ਪਹਿਲੇ ਇੰਡੀਆ ਦੌਰੇ ਤੇ ਸੀ ਤਾਂ ਇਕ ਦਿਨ ਸਰਸੇ ਐਫ.ਐੱਮ. ਰੇਡੀਉ ਤੇ ਇਕ ਇੰਟਰਵਿਊ ਦੇਣ ਤੋਂ ਬਾਅਦ ਜਦੋਂ ਮੈਂ ਤੇ ਬਾਈ ਭੁਪਿੰਦਰ ਬਾਹਰ ਆਏ ਤਾਂ ਅਚਨਚੇਤ ਮੈਂ ਬਾਈ ਨੂੰ ਕਿਹਾ ਕਿ ਦਿਲਬਰ ਸਾਹਿਬ ਕਿੱਥੇ ਕੁ ਰਹਿੰਦੇ ਹਨ? ਕਿਉਂ ਨਾ ਉਨ੍ਹਾਂ ਨੂੰ ਮਿਲ ਆਇਆ ਜਾਵੇ। ਉਹ ਕਹਿੰਦੇ ਚਲੋ ਦੇਖਦੇ ਹਾਂ ਜੇ ਘਰ ਹੋਏ, ਨਹੀਂ ਤਾਂ ਬੱਸ ਅੱਡੇ ਤੇ ਆਪਣੀ ਰੇਹੜੀ ਤੇ ਹੋਣਗੇ। ਮੈਂ ਉਨ੍ਹਾਂ ਦੀ ਇਹ ਗੱਲ ਸੁਣ ਕੇ ਠਠੰਬਰ ਜਿਹਾ ਗਿਆ। ਕਿਉਂਕਿ ਮੈਂ ਤਾਂ ਮੁਸ਼ਾਇਰਿਆਂ 'ਤੇ ਉਨ੍ਹਾਂ ਦੀ ਪਛਾਣ ਕਰਾਉਣ ਵਾਲੇ ਸਟੇਜ ਸਕੱਤਰਾਂ ਵੱਲੋਂ ਪੜ੍ਹੇ ਉਨ੍ਹਾਂ ਦੇ ਕੱਸੀਦੇ ਕਿ ਬਾਬਾ ਜੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਹਰ ਪ੍ਰਧਾਨ ਮੰਤਰੀ ਦੀ ਪ੍ਰਾਹੁਣਚਾਰੀ ਦਾ ਲੁਤਫ਼ ਲੈ ਚੁੱਕੇ ਹਨ। ਦੱਸਦੇ ਸਨ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਆਜ਼ਾਦੀ ਦਿਵਸ ਦੀ ਪਹਿਲੀ ਸ਼ਾਮ ਨੂੰ ਹੁੰਦੇ ਮੁਸ਼ਾਇਰੇ ਵਿਚ ਸਿਰਫ਼ ਦੋ ਸਾਲ ਹੀ ਇਹੋ ਜਿਹੇ ਹੋਏ ਹਨ ਜਿਨ੍ਹਾਂ 'ਚ ਬਾਬਾ ਜੀ ਨੇ ਸ਼ਿਰਕਤ ਨਾ ਕੀਤੀ ਹੋਵੇ। ਜਿਗਿਆਸਾ ਜਾਗੀ ਤੇ ਅਸੀਂ ਮੋੜ ਲਈ ਆਪਣੀ ਕਾਰ ਸਰਸੇ ਦੀ ਇਕ ਭੀੜੀ ਜਿਹੀ ਗਲੀ 'ਚ। ਥੋੜ੍ਹੀ ਦੂਰ ਜਾ ਕੇ ਸਾਨੂੰ ਕਾਰ ਠੱਲ੍ਹਣੀ ਪਈ ਕਿਉਂਕਿ ਅੱਗੇ ਕਾਰ ਦੇ ਜਾਣ ਲਾਇਕ ਰਾਹ ਨਹੀਂ ਸੀ। ਜਿਵੇਂ-ਜਿਵੇਂ ਗਲੀ 'ਚ ਅਗਾਂਹ ਨੂੰ ਜਾਈ ਜਾਈਏ ਗ਼ੁਰਬਤ ਆਪਣੇ ਪੈਰ ਪਸਾਰੀ ਜਾਵੇ। ਗਲੀ ਦੇ ਅਖੀਰ 'ਚ ਰੇਲਵੇ ਲਾਈਨ ਦੇ ਉੱਤੇ ਇਕ ਤਿੰਨ ਖੂੰਜੇ ਨਿੱਕੇ ਜਿਹੇ ਪਲਾਟ ਦੀ ਅੱਧੀ ਢਹੀ ਕੰਧ ਅਤੇ ਚੂਲ ਉੱਤਰੀ ਵਾਲਾ ਇਕ ਲੱਕੜ ਦਾ ਤਖ਼ਤਾ, ਜਿਹੜਾ ਕਿ ਸੇਬਾਂ ਦੀਆਂ ਖ਼ਾਲੀ ਪੇਟੀਆਂ ਨਾਲ ਬਣਾਇਆ ਹੋਇਆ ਸੀ, ਨੂੰ ਜਦੋਂ ਅਸੀਂ ਖੜਕਾਇਆ ਤਾਂ ਮੂਹਰੋਂ ਬੜੇ ਗੜ੍ਹਕੇ ਜਿਹੇ ਜਵਾਬ ਆਇਆ ਕੌਣ ਆ ਵੀਰ ਲੰਘ ਆਓ ਲੰਘ ਆਓ। ਆਵਾਜ਼ ਜਾਣੀ ਪਛਾਣੀ ਸੀ, ਦਿਲਬਰ ਸਾਹਿਬ ਦੀ। ਇਕ ਭੁੱਖ ਦੀ ਮਾਰੀ ਝੋਟੀ ਬੰਨ੍ਹੀ ਹੋਈ ਸੀ। ਦੋ ਕੁ ਬੱਕਰੀਆਂ ਇਕ ਖੂੰਜੇ 'ਚ ਬੈਠੀਆਂ ਸਨ। ਇਕ ਨਿੱਕੇ ਜਿਹੇ ਕਮਰੇ ਦੀ ਅੱਧੀ ਛੱਤ ਡਿੱਗੀ ਹੋਈ ਸੀ ਤੇ ਬਚਦੀ ਛੱਤ ਹੇਠ ਦਿਲਬਰ ਸਾਹਿਬ ਆਪਣਾ ਸਿੰਘਾਸਣ ਲਾਈ ਬੈਠੇ ਸਨ। ਮੇਰਾ ਇੱਥੇ ਸਿੰਘਾਸਣ ਲਿਖਣਾ ਕੋਈ ਮਜ਼ਾਕ ਕਰਨਾ ਨਹੀਂ ਹੈ, ਅਸਲ 'ਚ ਮੇਰਾ ਵੀ ਇਕ ਬਾਰ ਦੇਖ ਕੇ ਤ੍ਰਾਹ ਨਿਕਲ ਗਿਆ ਸੀ।. ਪਰ ਜਦੋਂ ਉਨ੍ਹਾਂ ਨਾਲ ਘੰਟਾ ਕੁ ਗੁਜ਼ਾਰ ਕੇ ਜਾਣ ਲੱਗੇ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਦਿਲ ਦਾ ਬਾਦਸ਼ਾਹ ਆਪਣੇ ਸਿੰਘਾਸਣ ਤੇ ਬਿਰਾਜਮਾਨ ਉਦਾਸੀ 'ਚ ਡੁੱਬ ਰਹੀ ਦੁਨੀਆ ਨੂੰ ਹਸਾ ਹਸਾ ਕੇ ਰੱਬ ਨੂੰ ਟੀਚਰਾਂ ਕਰ ਰਿਹਾ ਹੈ। ਟੁੱਟੀ ਛੱਤ ਵਾਲੇ ਕਮਰੇ 'ਚ ਬੈਠਾ ਇਹ ਬਜ਼ੁਰਗ ਉਸ ਵਕਤ ਆਪਣੀ ਜ਼ਿੰਦਗੀ ਦੇ ਤਕਰੀਬਨ 80 ਤੋਂ ਉੱਤੇ ਵਰ੍ਹੇ ਗੁਜ਼ਾਰ ਚੁੱਕਿਆ ਸੀ। ਕਮਰੇ ਦੀਆਂ ਕੰਧਾਂ ਦਿਲਬਰ ਤੇ ਕਿੱਤੇ ਦੀ ਗਵਾਹੀ ਭਰ ਰਹੀਆਂ ਸਨ। ਤੇਲ ਦੀ ਚਿਕਨਾਹਟ ਅਤੇ ਉਹ ਖ਼ਾਸ ਮਹਿਕ ਦੱਸ ਰਹੀ ਸੀ ਕਿ ਦਿਲਬਰ ਸਮੋਸਿਆਂ ਦਾ ਕਾਰੀਗਰ ਹੈ। ਜਦੋਂ ਅਸੀਂ ਫ਼ਤਿਹ ਬੁਲਾ ਕੇ ਹਾਲ ਪੁੱਛਿਆ ਕਿ ਬਾਬਾ ਜੀ ਕਿ ਹਾਲ ਚਾਲ ਹੈ? ਮੂਹਰੋਂ ਕਹਿੰਦੇ ਹਾਲ ਵਧੀਆ ਤੇ ਚਾਲ ਮਸਤ ਆ। ਅਸੀਂ ਕਿਹਾ ਚਲੋ ਸ਼ੁਕਰ ਆ। ਕਹਿੰਦੇ ਲੈ! ਤੁਸੀਂ ਇਹ ਨਹੀਂ ਪੁੱਛਿਆ ਕਿ ਚਾਲ ਮਸਤ ਕਿਵੇਂ ਆ? ਮੈਂ ਕਿਹਾ ਚਲੋ ਦੱਸ ਦਿਓ? ਕਹਿੰਦੇ ਬਹਿ-ਬਹਿ ਕੇ ਖੁਰਚਣੇ ਮਾਰਦੇ-ਮਾਰਦੇ ਦੇ ਗੋਡੇ ਜੁੜ ਗਏ ਤੇ ਹੁਣ ਫੇਰ ਮਸਤੀ ਨਾਲ ਹੀ ਤੁਰੀ ਦਾ! ਇਹ ਕਹਿ ਕੇ ਠਹਾਕਾ ਮਾਰ ਕੇ ਹੱਸ ਪਏ। ਹਾਸੀ ਉਤਲੀ ਨਹੀਂ ਸੀ ਧੁਰ ਅੰਦਰੋਂ ਨਿਕਲੀ ਸੀ। ਜੁਆਕ ਨੂੰ ਆਵਾਜ਼ ਮਾਰੀ ਤੇ ਉਹ ਇਕ ਪਲਾਸਟਿਕ ਦੀ ਕੁਰਸੀ ਲੈ ਆਇਆ ਤੇ ਬਾਈ ਪੰਨੀਵਾਲੀਆ ਉਸ ਤੇ ਬੈਠ ਗਏ ਤੇ ਮੈਂ ਤੇ ਪੰਜਾਬੀ ਸਤਿਕਾਰ ਸਭਾ ਵਾਲਾ ਪ੍ਰਦੀਪ ਸਚਦੇਵਾ ਬਾਬਾ ਜੀ ਦੀ ਮੰਜੀ 'ਤੇ ਬੈਠ ਗਏ। ਬਾਰ-ਬਾਰ ਮੇਰੀ ਨਿਗਾਹ ਟੁੱਟੀ ਹੋਈ ਛੱਤ ਵੱਲ ਜਾ ਰਾਹੀਂ ਸੀ। ਮੇਰੇ ਮੂੰਹ ਤੇ ਤਰਸ ਦੀਆਂ ਭਾਵਨਾਵਾਂ ਨੂੰ ਭਾਂਪਦੇ ਦਿਲਬਰ ਸਾਹਿਬ ਨੇ ਜੜ੍ਹ ਦਿੱਤਾ ਚੌਕਾ, ਜਿਨ੍ਹਾਂ ਲਈ ਉਹ ਮਸ਼ਹੂਰ ਨੇ ਤੇ ਕਵਿਤਾ ਦੀ ਇਕ ਵਿਦਾ ਚੌਕੇ ਅਤੇ ਛੱਕੇ ਦੇ ਬਾਨੀ ਵੀ ਹਨ। ਕਹਿੰਦੇ! ਯਾਰ ਇਹ ਤਾਂ ਮੇਰੀ ਰੱਬ ਨਾਲ ਸਿੱਧੀ ਗੱਲਬਾਤ ਲਈ ਰੱਖੀ ਖਿੜਕੀ ਹੈ। ਅਕਸਰ ਇੱਥੋਂ ਦੀ ਸਾਡੀਆਂ ਲੰਮੀਆਂ-ਲੰਮੀਆਂ ਵਾਰਤਾਵਾਂ ਹੁੰਦੀਆਂ ਹਨ। ਮੇਰੇ ਮੂੰਹੋਂ ਨਿਕਲਿਆ ਕਿਹੋ ਜਿਹੀਆਂ ਵਾਰਤਾਵਾਂ? ਕਹਿੰਦੇ! "ਬੱਸ ਮੈਂ ਉਸ ਦਾ ਸ਼ੁਕਰੀਆ ਕਰੀ ਜਾਨਾਂ ਤੇ 'ਉਹ' ਕਹੀ ਜਾਂਦਾ ਦੱਸ ਹੋਰ ਤੈਨੂੰ ਕੀ ਚਾਹੀਦਾ? ਮੈਨੂੰ ਲੱਗਿਆ ਜਿਵੇਂ ਉਹ ਆਪਣੇ ਅੰਦਾਜ਼ 'ਚ ਗਿਲਾ ਕਰ ਰਹੇ ਹੋਣ ਰੱਬ ਨਾਲ। ਮੈਂ ਬਾਬਾ ਜੀ ਨੂੰ ਪੁੱਛਿਆ ਫੇਰ ਅੱਜਕੱਲ੍ਹ ਕੁਝ ਲਿਖਣ ਪੜ੍ਹਨ ਦਾ ਕਿਵੇਂ ਚੱਲ ਰਿਹਾ? ਮੰਜੇ ਦੇ ਪਾਵੇ ਨਾਲ ਸਰ੍ਹੋਂ ਦੇ ਤੇਲ ਨਾਲ ਚਿੱਪ ਚਿੱਪ ਕਰਦੇ ਝੋਲੇ ਵਿਚੋਂ ਚਾਰ ਕਿਤਾਬਾਂ ਕੱਢ ਕੇ ਕਹਿੰਦੇ ਹਾਲੇ ਤਾਂ ਇਹੀ ਚੱਲ ਰਹੀਆਂ ਹਨ, ਪਰ ਇਕ ਹੋਰ ਛਪਵਾਉਣੀ ਹੈ। ਮੈਂ ਕਿਹਾ ਸਾਡੀ ਪੀੜ੍ਹੀ 'ਚ ਵੀ ਇਕ ਬਜ਼ੁਰਗ ਦਾ ਨਾਂ ਹਰੀ ਸਿੰਘ ਸੀ। ਬੜੀ ਹਾਜ਼ਰ ਜਵਾਬੀ ਨਾਲ ਕਹਿੰਦੇ "ਨਾਂ 'ਚ ਕੀ ਰੱਖਿਆ? ਚਲੋ ਇਸੇ ਤੇ ਇਕ 1943 'ਚ ਲਿਖਿਆ ਚੌਕਾ ਸੁਣੋ";
ਵੱਡਾ ਨਾਮ ਰੱਖਣ ਦੀ ਰਸਮ ਨੂੰ ਜਾਣਦਾ ਹਾਂ
ਗੁਰੂ ਪੀਰਾਂ ਦੇ ਨਾਂ ਮੁੰਡਿਆਂ ਦੇ ਨਾਂ ਸੰਗ ਸਾਂਜਦਾ ਹਾਂ
ਇਕ ਹਰੀ ਸਿੰਘ ਨਲਵਾ ਜੀ ਨੇ ਮਾਂਜੇ ਸੀ ਜ਼ਾਲਮ
ਦਿਲਬਰ ਮੈਂ ਹਰੀ ਸਿੰਘ ਕੜਾਹਿਆਂ ਮਾਂਜਦਾ ਹਾਂ|
ਚੌਕਾ ਲਾ ਕੇ ਇੰਜ ਖਿੜ ਖਿੜਾ ਕੇ ਹੱਸ ਪਏ ਜਿਵੇਂ 67 ਸਾਲ ਪੁਰਾਣਾ ਲਿਖਿਆ ਨਾ ਹੋ ਕੇ ਪਹਿਲੀ ਵਾਰ ਸੁਣਿਆ ਸੁਣਾਇਆ ਹੋਵੇ। ਨਾਲੇ ਸਾਨੂੰ ਚੌਕੇ ਛੱਕੇ ਸੁਣਾਈ ਜਾਣ, ਨਾਲ ਹੀ ਆਪਣੀ ਪੋਤੀ ਨੂੰ ਆਵਾਜ਼ ਮਾਰ ਕੇ ਕਹਿੰਦੇ ਦੇਖ ਪੁੱਤ ਆਸਟ੍ਰੇਲੀਆ ਤੋਂ ਮਹਿਮਾਨ ਆਏ ਹਨ ਜਾ ਭੱਜ ਕੇ ਦੁਕਾਨ ਤੋਂ ਦੁੱਧ ਫੜ ਕੇ ਲਿਆ ਤੇ ਕਰੜੀ ਜਿਹੀ ਚਾਹ ਬਣਾ ਕੇ ਪਿਆ। ਅਸੀਂ ਸੁੰਨ ਜਿਹੇ ਹੋ ਕੇ ਉਨ੍ਹਾਂ ਦੇ ਚੌਕੇ ਛੱਕੇ ਸੁਣਦੇ ਰਹੇ। ਦਿਲਬਰ ਸਾਹਿਬ ਦੇ ਕੋਲੋਂ ਵਾਪਸ ਜਾਂਦੇ ਅਸੀਂ ਰਾਹ 'ਚ ਇਕ ਦੂਜੇ ਨਾਲ ਕੁਝ ਨਹੀਂ ਬੋਲੇ ਪਰ ਜਦੋਂ ਰਾਤ ਨੂੰ ਸੌਣ ਲੱਗਿਆਂ ਦਿਨ ਦਾ ਲੇਖਾ ਜੋਖਾ ਕੀਤਾ ਤਾਂ ਆਪਣੇ ਆਪ ਤੋਂ ਘਿਰਨਾ ਜਿਹੀ ਹੋਈ ਕਿ ਅਸੀਂ ਐਵੇਂ ਆਪਣੇ ਆਪ ਨੂੰ ਦੁਖੀ ਕਹੀ ਜਾਂਦੇ ਹਾਂ! ਦਿਲ 'ਚ ਬਹੁਤ ਉਬਾਲੇ ਆਏ ਤੇ ਦਿਲਬਰ ਸਾਹਿਬ ਲਈ ਕੁਝ ਕਰਨ ਨੂੰ ਮਨ ਨੇ ਹਲੂਣੇ ਮਾਰੇ, ਪਰ ਖ਼ੁਦ ਵੀ ਹਾਲੇ ਬੇਗਾਨੇ ਮੁਲਕ 'ਚ ਜੜ੍ਹਾਂ ਲਾਉਣ ਦੀ ਕੋਸ਼ਿਸ਼ 'ਚ ਸਾਂ ਸੋ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਪਾ ਰਹੇ ਸੀ।
ਵਾਪਸ ਆਸਟ੍ਰੇਲੀਆ ਆ ਗਿਆ ਪਰ ਇਸ ਬਾਰ ਕੁਝ ਬਦਲਿਆ ਬਦਲਿਆ ਸੀ। ਬਿਨਾਂ ਮਤਲਬ ਦੇ ਸ਼ਿਕਵੇ ਕਰਨ ਦੀ ਆਦਤ ਦੂਰ ਹੋ ਚੁੱਕੀ ਸੀ ਸਿਰਫ਼ ਤੇ ਸਿਰਫ਼ ਦਿਲਬਰ ਸਾਹਿਬ ਦੀ ਛੋਟੀ ਜਿਹੀ ਸੰਗਤ ਨਾਲ।
2011 'ਚ ਵਾਰਿਸ ਭਰਾ ਆਸਟ੍ਰੇਲੀਆ ਦੇ ਦੌਰੇ ਤੇ ਸੀ ਤੇ ਐਡੀਲੇਡ ਵਿਖੇ ਉਨ੍ਹਾਂ ਦੇ ਸ਼ੋ 'ਚ ਜਾਣ ਦਾ ਮੌਕਾ ਮਿਲਿਆ ਤਾਂ ਸ਼ੋ ਦੌਰਾਨ ਮਨਮੋਹਨ ਵਾਰਿਸ ਹੋਰਾਂ ਨੇ ਕੁਝ ਸ਼ੇਅਰ ਬੋਲੇ ਜਿਨ੍ਹਾਂ ਨਾਲ ਸਾਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਮੈਂ ਬੜਾ ਹੈਰਾਨ ਸਾਂ ਕਿ ਇਹ ਸ਼ੇਅਰ ਤਾਂ ਦਿਲਬਰ ਹੋਰਾਂ ਦੇ ਹਨ। ਹਾਲੇ ਮੈਂ ਗਿਲਾ ਕਰਨ ਦੇ ਮੋਡ 'ਚ ਹੀ ਜਾ ਰਿਹਾ ਸੀ ਤਾਂ ਮਨਮੋਹਨ ਕਹਿੰਦੇ ਕਿ ਇਹ ਹਰੀ ਸਿੰਘ ਦਿਲਬਰ ਹੋਰਾਂ ਦੇ ਸ਼ੇਅਰ ਹਨ। ਮੈਨੂੰ ਕੁਝ ਸਕੂਨ ਮਿਲਿਆ ਕਿ ਚਲੋ ਉਨ੍ਹਾਂ ਨੂੰ ਬਣਦਾ ਕਰੈਡਿਟ ਤਾਂ ਦਿੱਤਾ ਗਿਆ। ਪਰ ਫੇਰ ਵੀ ਮੇਰਾ ਮਨ ਹਲੂਣੇ ਲਵੇ ਕਿ ਕੀ ਵਾਰਿਸ ਭਰਾਵਾ ਨੂੰ ਪਤਾ ਹੈ ਕਿ ਜਿਸ ਦੇ ਸ਼ੇਅਰ ਸੁਣ ਕੇ ਲੋਕ ਬਾਗੋ ਬਾਗ਼ ਹੋ ਗਏ ਤੇ ਉਹ ਕਿਹੜੇ ਹਾਲਤਾਂ 'ਚ ਜ਼ਿੰਦਗੀ ਬਸਰ ਕਰ ਰਿਹਾ ਹੈ? ਮੈਂ ਸਟੇਜ ਦੇ ਪਿੱਛੇ ਚਲਾ ਗਿਆ ਤੇ ਬਰੇਕ ਦੌਰਾਨ ਜਦੋਂ ਵਾਰਿਸ ਭਰਾਵਾਂ ਨੂੰ ਪੁੱਛਿਆ ਕਿ ਤੁਸੀਂ ਦਿਲਬਰ ਸਾਹਿਬ ਬਾਰੇ ਕਿਥੋਂ ਤੱਕ ਜਾਣਦੇ ਹੋ? ਤਾਂ ਉਹ ਕਹਿੰਦੇ! "ਜ਼ਿਆਦਾ ਨਹੀਂ ਪਤਾ ਬੱਸ ਯੂ ਟਿਊਬ ਤੇ ਸੁਣਿਆ ਦੇਖਿਆ। ਕੋਈ ਦੱਸ ਰਿਹਾ ਸੀ ਕੀ ਉਹ ਹੁਣ ਇਸ ਜਹਾਨ 'ਚ ਨਹੀਂ ਹਨ।" ਜਦੋਂ ਮੈਂ ਉਨ੍ਹਾਂ ਬਾਰੇ ਵਿਸਤਾਰ 'ਚ ਦੱਸਿਆ ਕਿ ਅਸਲ ਹਾਲਾਤ ਕੀ ਹਨ ਤਾਂ ਉਨ੍ਹਾਂ ਮੇਰੇ ਨਾਲ ਵਾਅਦਾ ਕੀਤਾ ਕਿ ਕੋਈ ਨਾ ਤੁਸੀਂ ਉਪਰਾਲਾ ਸ਼ੁਰੂ ਕਰੋ ਅਸੀਂ ਵੀ ਮਦਦ ਦੇਵਾਂਗੇ।
ਚਲੋ ਇਸੇ ਦੌਰਾਨ ਹਰਮਨ ਰੇਡੀਉ ਰਾਹੀਂ ਮੁਹਿੰਮ ਵਿੱਢੀ, ਸਰੋਤਿਆਂ ਨੇ ਖੁੱਲ੍ਹਦਿਲੀ ਨਾਲ ਸਹਿਯੋਗ ਦਿੱਤਾ ਤੇ ਦੇਖਾ-ਦੇਖੀ ਦਿਲਬਰ ਸਾਹਿਬ ਦੇ ਘਰ ਦਾ ਕੰਮ ਸ਼ੁਰੂ ਹੋ ਗਿਆ। ਦੋ ਚਾਰ ਖ਼ਬਰਾਂ ਅਖ਼ਬਾਰਾਂ 'ਚ ਲੱਗੀਆਂ ਤੇ ਬਾਈ ਪੰਨੀਵਾਲੀਆ ਦੇ ਉੱਦਮ ਸਦਕਾ ਜ਼ਿਲ੍ਹੇ ਦੇ ਡੀ.ਸੀ. ਮਾਨਯੋਗ ਗਣੇਸ਼ਨ ਜੀ ਨੇ ਵੀ ਆਪਣੇ ਹੱਥ ਅੱਗੇ ਕੀਤੇ ਤੇ ਉਨ੍ਹਾਂ ਦਾ ਇਕ ਨਿੱਕਾ ਜਿਹਾ ਆਲ੍ਹਣਾ ਉੱਸਰ ਗਿਆ। 2014 'ਚ ਫੇਰ ਮਿਲਣ ਗਿਆ ਤਾਂ ਉਹੀ ਖ਼ੁਸ਼ੀ ਸੀ ਨਾਲ ਬਾਰ ਬਾਰ ਧੰਨਵਾਦ ਕਰ ਰਹੇ ਸਨ ਉਨ੍ਹਾਂ ਸਾਰੀਆਂ ਰੂਹਾਂ ਦਾ ਜਿਨ੍ਹਾਂ ਨੇ ਘਰ ਬਣਾਉਣ 'ਚ ਮਦਦ ਕੀਤੀ। ਮਾਣਮੱਤੀ ਸ਼ਖ਼ਸੀਅਤ ਤੇ ਉੱਘੇ ਲੇਖਕ, ਚਿੰਤਕ ਪ੍ਰੋ ਹਰਪਾਲ ਸਿੰਘ ਪੰਨੂ ਜੀ ਹੋਰਾਂ ਨੂੰ ਜਦੋਂ ਸਾਰੀ ਵਿਥਿਆ ਸੁਣਾਈ ਤਾਂ ਉਨ੍ਹਾਂ ਨੇ ਪੱਚੀ ਹਜ਼ਾਰ ਰੁਪਿਆ ਹੱਥ ਫੜਾ ਦਿੱਤਾ ਕਹਿੰਦੇ ਮੈਂ ਵੀ ਦਿਲਬਰ ਸਾਹਿਬ ਦੇ ਚਾਹੁਣ ਵਾਲਿਆਂ ਦੀ ਕਤਾਰ 'ਚੋਂ ਹਾਂ। 2015 ਫਰਵਰੀ ਮਹੀਨੇ ਉਨ੍ਹਾਂ ਨਾਲ ਲੰਮੀ ਚੌੜੀ ਗੱਲਬਾਤ ਦੀ ਵੀਡੀਓ ਰਿਕਾਰਡ ਕੀਤੀ ਜਿਸ ਵਿਚ ਉਨ੍ਹਾਂ ਨੇ ਆਪਣੇ ਜੀਵਨ ਬਾਰੇ ਵਿਸਥਾਰ 'ਚ ਸਾਂਝ ਪਾਈ ਜੋ ਹੂਬਹੂ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ।

- ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਜਨਮ ਸਥਾਨ ਬਾਰੇ ਚਾਨਣਾ ਪਾਓ......
“ਪਾਕਿਸਤਾਨ ਦਾ ਜਨਮ ਐ ਜੀ ਮੇਰਾ.... ਲਾਇਲਪੁਰ ਤੋਂ, ਆਜ਼ਾਦੀ ਤੋਂ ਬਾਅਦ ਇਸ ਦਾ ਨਾਮ ਫ਼ੈਸਲਾਬਾਦ ਰੱਖ ਲਿਆ ਗਿਆ।“
- 1947 ਵਾਲੀ ਗਾਜ ਤੁਹਾਡੇ ਪਰਿਵਾਰ ਤੇ ਵੀ ਗਿਰੀ?
“ਪੂਰੀ ਤਰਾਂ ਗਿਰੀ ਜੀ...... ਗਾਜ ਸਾਡੇ ਪੂਰੇ ਪਰਿਵਾਰ ’ਤੇ”
- ਉੱਥੇ ਤੁਹਾਡੇ ਪਰਿਵਾਰ ਦਾ ਕੀ ਕੰਮ ਧੰਦਾ ਸੀ?
“ਮੇਰੇ ਬਾਬਾ ਜੀ ਫ਼ੌਜੀ ਸਨ ਤੇ ਰਿਟਾਇਰ ਹੋਣ ਤੋਂ ਬਾਅਦ ਸਾਡੀ ਥੋੜ੍ਹੀ ਜਿਹੀ ਜ਼ਮੀਨ ਇਸ ਪਾਸੇ ਸੀ, ਜਿਲ੍ਹਾ ਕਪੂਰਥਲਾ ਵਿੱਚ। ਫੇਰ ਉੱਧਰ ਵੀ ਜ਼ਮੀਨ ਠੇਕੇ ਤੇ ਲੈ ਲਈ ਸੀ 55 ਚੱਕ ਤੇ 60 ਚੱਕ ਵਿੱਚ.... ਉਹ ਵਾਹੀ ਕਰਦੇ ਸੀ ਜੀ..... ਤੇ ਮੇਰੇ ਪਿਤਾ ਜੀ ਫਰੀਡਮ ਫਾਈਟਰ ਸਨ ਤੇ ਭਰਤ ਰਾਮ ਰਾਓ ਦੀ ਕੰਟੀਨ ਜੋ ਕਿ ਅੰਗਰੇਜ਼ਾਂ ਨਾਲ ਸਾਂਝੀ ਸੀ ਤੇ ਉਹ ਅੱਜ ਵੀ ਚੱਲ ਰਹੀ ਹੈ... ਵਿੱਚ ਕੰਮ ਕਰਦੇ ਸਨ।“
- 1947 ਦੀ ਵੰਡ ਵੇਲੇ ਤੁਸੀਂ ਜਦੋਂ ਉੱਥੋਂ ਸਭ ਕੁੱਝ ਛੱਡ ਕੇ ਆਏ ਤਾਂ ਸਭ ਤੋਂ ਪਹਿਲਾਂ ਕਿੱਥੇ ਆ ਕੇ ਰੁਕੇ?
“ਅਸੀਂ ਆਏ ਜੀ ਬਾਬੇ ਨਾਨਕ ਦੇ ਪਿੰਡ ਸੁਲਤਾਨ ਪੁਰ ਲੋਧੀ... ਸਾਡੇ ਨਾਨਕੇ ਵੀ ਸਨ ਇੱਥੇ ਹੀ... ਪਿੰਡ ਸੈਦਪੁਰ ਵਿਖੇ.... ਥੋੜ੍ਹਾ ਬਹੁਤਾ ਕੰਮ ਸ਼ੁਰੂ ਕੀਤਾ ਹੀ ਸੀ ਕਿ 1952 ਵਿੱਚ ਹੜ੍ਹ ਆ ਗਿਆ ਤੇ ਸਾਡਾ ਸਾਰਾ ਕੁੱਝ ਫੇਰ ਤੋਂ ਤਬਾਹ ਹੋ ਗਿਆ।
ਕਿਉਂਕਿ ਚੌਧਰੀ ਦੇਵੀ ਲਾਲ ਨਾਲ ਮੇਰੇ ਪਿਤਾ ਜੀ ਨੇ ਜੇਲ੍ਹ ਯਾਤਰਾ ਸਾਂਝੀ ਕੀਤੀ ਹੋਈ ਸੀ ਤਾਂ ਉਹ ਜਦੋਂ ਇੱਧਰ ਆਏ ਤਾਂ ਅਸੀਂ ਫੇਰ ਤੋਂ ਆਪਣਾ ਕਾਰੋਬਾਰ ਉਨ੍ਹਾਂ ਦੀ ਮਦਦ ਨਾਲ ਸ਼ੁਰੂ ਕੀਤਾ, ਹਲਵਾਈ ਦਾ.... ਸੋਹਣ ਸਿੰਘ ਨਾਮਧਾਰੀਆ ਜਲੇਬੀਆਂ ਬਣਾਉਂਦਾ ਸੀ..... ਜਦੋਂ ਮੈਂ ਇੱਥੇ ਜਲੇਬੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਬਹੁਤ ਹੀ ਪਸੰਦ ਕੀਤੀਆਂ ਗਈਆਂ... ਕਿਉਂਕਿ ਇੱਥੇ ਪਹਿਲਾਂ ਮੈਦੇ ਵਿੱਚ ਖ਼ਮੀਰ ਪਾ ਕੇ ਜਲੇਬੀਆਂ ਬਣਾਈਆਂ ਜਾਂਦੀਆਂ ਸਨ ਅਤੇ ਮੈਂ ਸ਼ੁਰੂ ਕੀਤੀਆਂ.... ਅਸੀਂ ਇੱਥੇ ਜਲੰਧਰੀ ਸਟਾਈਲ ਦੀਆਂ ਜਲੇਬੀਆਂ ਬਣਾ ਕੇ ਵੇਚੀਆਂ ਤਾਂ ਲੋਕਾਂ ਦੀ ਲਾਇਨ ਲੱਗੀ ਰਹਿੰਦੀ ਸੀ ਖ਼ਰੀਦਣ ਵਾਸਤੇ।
ਮੈਂ ਇੱਕ ਸਾਲ ਕੰਮ ਕੀਤਾ। ਮੇਰੇ ਬਾਅਦ ਸੋਹਣ ਸਿੰਘ ਰਿਹਾ ਤੇ ਫੇਰ ਪੰਡਤ ਚੂਨੀ ਲਾਲ ਨੇ ਮੈਨੂੰ ਰੱਖ ਲਿਆ ਤੇ ਫੇਰ ਮਨੀ ਰਾਮ ਰਿਖੀ ਰਾਮ ਦੇ ਕੰਮ ਕੀਤਾ ਤੇ ਫੇਰ ਅਗਲੇ ਸਾਲ ਚਾਵਲਾ ਸਵੀਟਸ ਵਾਲੇ ਜੋ ਕਿ ਉਸ ਵੇਲੇ ਸੀ ਉਨ੍ਹਾਂ ਨੇ ਵੀ ਮੇਰੇ ਨਾਲ ਗੱਲਬਾਤ ਕਰਕੇ ਕੰਮ ਸ਼ੁਰੂ ਕੀਤਾ। ਹਰੀ ਸਿੰਘ ਨਾਂ ਦਾ ਬੰਦਾ ਵੀ ਸੀ ਤੇ ਲਕਸ਼ਮੀ ਸਵੀਟਸ ਨਾਂ ਦੀ ਦੁਕਾਨ ਉਸ ਦੀ..... ਉਸ ਨੇ ਵੀ ਮੇਰੇ ਕੋਲੋਂ ਕੰਮ ਸਿੱਖਿਆ।“
- ਜਿਵੇਂ ਕਿ ਤੁਹਾਡੀ ਗੱਲਬਾਤ ਤੋਂ ਹੀ ਪਤਾ ਲੱਗਦਾ ਹੈ ਕਿ ਦੋ ਤਿੰਨ ਵਾਰੀ ਉਜਾੜਾ ਸਹਿੰਦਿਆਂ ਤੁਸੀਂ ਆਪਣਾ ਸ਼ੁਰੂਆਤੀ ਜੀਵਨ ਸ਼ੁਰੂ ਕੀਤਾ... ਹਲਵਾਈ ਦਾ ਕੰਮ ਕਰਨਾ ਤੇ ਆਪਣੀ ਖ਼ੁਦ ਦੀ ਰੇਹੜੀ ਲਗਾਉਣਾ.... ਤਕਰੀਬਨ ਤੁਸੀਂ 16-17 ਸਾਲ ਦੇ ਹੋਵੋਗੇ ਜਦੋਂ ਤੁਸੀਂ ਇੱਧਰ ਆਏ......?
“ਹਾਂ ਜੀ 17 ਸਾਲ ਦਾ ਸੀ ਜੀ ਮੈਂ...."
-ਤੇ ਲਿਖਣ ਪੜ੍ਹਨ ਦਾ ਸ਼ੌਕ ਤੁਹਾਨੂੰ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਜਾਂ ਬਾਅਦ ਵਿੱਚ ਇੱਥੇ ਆ ਕਿ ਸ਼ੁਰੂ ਹੋਇਆ?
“ਨਾਂ ਜੀ ਲਿਖਣ ਪੜ੍ਹਨ ਦਾ ਸ਼ੌਕ ਤਾਂ ਜੀ ਮੈਨੂੰ ਪਹਿਲਾਂ ਤੋਂ ਹੀ ਸੀ..... ਸਾਡੇ ਪਿਤਾ ਦੀ ਤੇ ਦੋਸਤ ਸਨ ਸੁੰਦਰ ਦਾਸ ਆਸੀ ਜੋ ਕਿ ਲਾਲ ਚੰਦ ਯਮ੍ਹਲਾ ਜੱਟ ਦੇ ਉਸਤਾਦ ਸਨ ਤੇ ਉਹ ਮੇਰੇ ਉਸਤਾਦ ਚਿਰਾਗ਼ ਦੀਨ ਦਾਮਨ ਦੇ ਗੁਰੂ ਭਾਈ ਸਨ... ਮਾਸਟਰ ਜੀ ਸਿਗੇ ਓਥੇ.. ਵੈਸੇ ਲੁਧਿਆਣੇ ਤੋਂ ਸਨ ਤੇ ਉੱਧਰ ਕੰਮਕਾਰ ਕਰਦੇ ਸਨ। ਉਨ੍ਹਾਂ ਦਾ ਤੇ ਸਾਡਾ ਕੁਆਰਟਰ ਨਾਲ ਨਾਲ ਸਨ ਤੇ ਉਨ੍ਹਾਂ ਦੇ ਕਰਕੇ ਦੋਸਤੀ ਹੋਗੀ .... ਮੈਨੂੰ ਲਗਨ ਲੱਗ ਹੀ ਚੁੱਕੀ ਸੀ ਤੇ ਪਹਿਲੀ ਵਾਰੀ ਦਾਮਨ ਸਾਬ ਨੇ ਲਾਹੌਰ ਦੇ ਕੋਲ ਬਾਗ਼ਬਾਨ ਪਿੰਡ ਐ.... ਤੇ ਸਾਵਣ ਕਵੀ ਦਰਬਾਰ ਵਿੱਚ ਮੇਰੇ ਕੋਲੋਂ ਬੁਲਵਾਇਆ ਸੀ।“
- ਹਾਸ ਵਿਅੰਗ ਦਾ ਵਿਸ਼ਾ ਤੁਸੀਂ ਪਹਿਲੇ ਤੋਂ ਹੀ ਚੁਣ ਚੁੱਕੇ ਸੀ ਜਾਂ......?
ਪਹਿਲਾਂ ਮੈਂ ਸੰਜੀਦਾ ਹੀ ਲਿਖਦਾ ਸੀ ਪਰੰਤੂ ਮਗਰੋਂ ਹਾਸਰਸ ਦੀਆਂ ਸਟੇਜਾਂ ਜ਼ਿਆਦਾ ਹੋਣ ਕਰਕੇ ਇਸ ਪਾਸੇ ਵੱਲ ਧਿਆਨ ਪੈ ਗਿਆ। ਪਾਕਿਸਤਾਨ ਕੁੱਝ ਲੋਕ ਗਏ ਤਾਂ ਮੇਰਾ ਇੱਕ ਚੌਕਾ ਉਨ੍ਹਾਂ ਸੁਣਾਇਆ ਉੱਥੇ.....
ਅੱਖਾਂ ਸਾਹਮਣੇ ਅੱਗ ਜੇ ਲੱਗੀ ਹੋਵੇ.... ਦਰਦਮੰਦ ਜ਼ਬਾਨ ਨਹੀਂ ਸੀ ਹੁੰਦੀ.....
ਸੱਟਾਂ ਖਾਧੀਆਂ ਜਿਨ੍ਹਾਂ ਉਹੀ ਜਾਣਦਾ ਹੈ .. ਕਿਸ ਤਰਾਂ ਹੈ ਜ਼ਿੰਦਗੀ ਜੀ ਹੁੰਦੀ....
ਜਿਹਦੀ ਪੱਗ ਨੂੰ ਕਿਸੇ ਨਾ ਕਰੀ ਉਂਗਲ.... ਉਹ ਕੀ ਜਾਣਦਾ ਇੱਜ਼ਤ ਕੀ ਹੁੰਦੀ....
ਦਿਲਬਰ ਵਾਰਸ ਨਾ ਕਦੇ ਵੀ ਹੀਰ ਲਿਖਦਾ.... ਹੀਰ ਉਸ ਦੀ ਭੈਣ ਜਾਂ ਧੀ ਹੁੰਦੀ...
ਸਵਰਨ ਡਰਾਈਵਰ ਹੁੰਦਾ ਸੀ ਉਹ ਹਰ ਸਾਲ ਜਾਂਦਾ ਸੀ ਪਾਕਿਸਤਾਨ ਤੇ ਉਸ ਨੇ ਉੱਥੋਂ ਦੇ ਸਰੋਤਿਆਂ ਨਾਲ ਫ਼ੋਨ ਤੇ ਮੇਰੀਆਂ ਗੱਲਾਂ ਵੀ ਕਰਵਾਈਆਂ।
- ਜੋ ਤੁਹਾਨੂੰ ਤ੍ਰਾਸਦੀਆਂ ਹੰਢਾਉਣੀਆਂ ਪਈਆਂ ਜਿਵੇਂ ਕਿ 1947 ਦੀ ਜਾਂ 1952 ਦੀ ਤਾਂ ਕੀ ਤੁਹਾਡੇ ਲਿਖਣ ਪੜ੍ਹਨ ਵਿੱਚ ਕਦੇ ਦੂਰੀ ਵੀ ਮਹਿਸੂਸ ਹੋਈ ਕਿਸੇ ਵੇਲੇ.......?
“ਨਾ ਜੀ ਲਿਖਣ ਪੜ੍ਹਨ ਤੋਂ ਕਦੇ ਮੈਂ ਦੂਰੀ ਨੀ ਪੈਣ ਦਿੱਤੀ..... ਚਾਹੇ ਕਿੱਦਾਂ ਦਾ ਵੀ ਮਾਹੌਲ ਰਿਹਾ ਹੋਵੇ। ਮੈਂ ਤੁਹਾਨੂੰ ਇੱਕ ਹਕੀਕਤ ਦੱਸਦਾ...... ਮੈਂ ਚਾਵਲਾ ਸਵੀਟਸ ਤੇ ਕੰਮ ਕਰਦਾ ਸੀ ਹਲਵਾਈ ਦਾ ਤੇ ਮੈਂ ਖੋਆ ਮਾਰ ਰਿਹਾ ਸੀ ਤੇ ਖੋਆ ਮਾਰਦੇ ਮਾਰਦੇ ਲਿਖਿਆ ਕਰਾਂ.... ਤੇ ਉਹ ਜਿਹੜਾ ਮਾਲਕ ਸੀ ਖਿਝਣ ਲੱਗ ਪਿਆ ਕਰੇ ਕਿ ਖੋਆ ਖ਼ਰਾਬ ਹੋ ਰਿਹਾ... ਤੇ ਕਈ ਵਾਰੀ ਦੁੱਧ ਵੀ ਦਾਗ਼ੀ ਹੋਜਿਆ ਕਰੇ.... ਤੇ ਫੇਰ ਉਸ ਨੇ ਖਿਝ ਕੇ ਕਹਿਣਾ ਕਿ ਹਰੀ ਸਿੰਘ ਸੰਭਾਲ ਹੁਣ ਤਾਂ.... ਮੈਂ ਫਿਰ ਦੁੱਧ ਬਾਹਰ ਕੱਢ ਕੇ ਥੱਲੇ ਲੱਗਿਆ ਦੁੱਧ ਖੁਰਚ ਕੇ ਉਤਾਰਨਾ... ਕੜਾਹੀ ਸਾਫ਼ ਕਰਨੀ ਤੇ ਫੇਰ ਖੋਆ ਮਾਰਨਾ ਸ਼ੁਰੂ ਕਰ ਦੇਣਾ। ਪਰ ਫੇਰ ਓਦਾਂ ਹੀ ਹੋਇਆ ਕਰਨਾ ਤੇ ਦਾਗ਼ੀ ਦੁੱਧ ਜਾਂ ਸੜਿਆ ਹੋਇਆ ਖੋਆ ਇਕੱਠਾ ਹੋ ਗਿਆ। ਤਾਂ ਮੈਂ ਉਸ ਵਿੱਚ ਸੰਧੂਰੀ ਰੰਗ ਪਾ ਕੇ ਤੇ ਥੋੜ੍ਹੀ ਜਿਹੀ ਕਾਫ਼ੀ ਦਾ ਪਾਊਡਰ ਪਾ ਕੇ ਬਰਫ਼ੀ ਬਣਾ ਦਿੱਤੀ। ਉਹ ਲੋਕਾਂ ਨੂੰ ਪਸੰਦ ਆਉਣ ਲੱਗ ਪਈ ਤੇ ਉਹ ਦਾਗ਼ੀ ਖੋਆ ਵੀ ਵਿਕਣ ਲੱਗ ਪਿਆ। ਡਿਮਾਂਡ ਤਾਂ ਵੱਧ ਗੀ ਪਰ ਫੇਰ ਉਹ ਬਣਿਆ ਨਾ ਕਰੇ ਸਾਡੇ ਤੋਂ.....”
- ਹਾਂ ਜੀ ਉਸ ਵਿੱਚ ਕਵਿਤਾ ਰਲ਼ੀ ਹੋਣ ਕਾਰਨ ਜ਼ਿਆਦਾ ਮਿੱਠੀ ਹੋ ਗਈ ਹੋਣੀ ਐ...... ਤੁਹਾਡੀ ਇੱਕ ਕਵਿਤਾ ਪੜ੍ਹੀ ਸੀ ਮੈਂ ਕਿ ਹਰੀ ਸਿੰਘ ਨਾਂ ਰੱਖ ਲੈਂਦੇ ਆ ਲੋਕ... ਤੇ ਕਿਵੇਂ ਸੀ ਉਹ ਕਵਿਤਾ......?
“1942 - 43 ਦੀ ਗੱਲ ਐ ਜੀ... ਆਹ ਚੌਕਾ ਸੁਣਾਇਆ ਸੀ ਮੈਂ.....
ਵੱਡਾ ਨਾਂ ਰੱਖਣ ਦੀ ਰਸਮ ਨੂੰ ਜਾਣਦਾ ਹਾਂ...... ਗੁਰੂ ਪੀਰਾਂ ਦੇ ਨਾਂ ਨਾਲ ਮੁੰਡਿਆਂ ਦੇ ਨਾਂ ਸੰਗ ਸਾਜਦਾ ਹਾਂ....
ਇੱਕ ਹਰੀ ਸਿੰਘ ਨਲੂਆ ਜੀ ਨੇ ਮਾਂਜੇ ਸੀ ਜ਼ਾਲਮ..... 'ਦਿਲਬਰ' ਮੈਂ ਹਰੀ ਸਿੰਘ ਹਾਂ ਕੜਾਹੀਆਂ ਮਾਂਜਦਾ ਹਾਂ.....”
- ਬਾਬਾ ਜੀ ਗੱਲ ਨੂੰ ਅੱਗੇ ਤੋਰਦਿਆਂ ਮੈਂ ਪੁੱਛਣਾ ਚਾਹਾਂਗਾ ਕਿ ਲਾਲ ਕਿਲ੍ਹੇ ਤੇ ਤੁਹਾਨੂੰ ਕਾਫ਼ੀ ਵਾਰੀ ਬੋਲਣ ਦਾ ਸਬੱਬ ਬਣਿਆ... ਉਸ 'ਤੇ ਚਾਨਣਾ ਪਾਓ ਜਰਾ......?
“1953-54 ਵਿੱਚ ਹੀ ਜਦੋਂ ਚੌਧਰੀ ਦੇਵੀ ਲਾਲ ਕਾਂਗਰਸ ਵਿੱਚ ਹੁੰਦੇ ਸੀ ਤਾਂ ਬੜੀ ਸਰਦਾਰੀ ਹੁੰਦੀ ਸੀ ਜੀ ਉਨ੍ਹਾਂ ਦੀ..... ਮੈਂ ਪਹਿਲਾਂ ਦੋ ਵਾਰੀ ਗਿਆ ਤਾਂ ਕਿਸੇ ਨੇ ਮੈਨੂੰ ਸੰਮੇਲਨ ਵਿੱਚ ਖੜਨ ਨਾ ਦਿੱਤਾ ਤਾਂ ਮੈਂ ਚੌਧਰੀ ਦੇਵੀ ਲਾਲ ਦੀ ਚਿੱਠੀ ਲੈ ਕੇ ਗਿਆ। ਉਦੋਂ ਸਾਰਾ ਮੁਸ਼ਾਇਰਾ ਮਤਲਬ ਪੰਜਾਬੀ, ਉਰਦੂ ਤੇ ਹਿੰਦੀ ਦਾ ਇਕੱਠਾ ਹੀ ਹੁੰਦਾ ਸੀ। ਉਦੋਂ ਫੁੱਟਬਾਲ ਚੌਂਕ ਲਾਲ ਕਿਲ੍ਹੇ ਦੇ ਅੰਦਰ ਹੀ ਹੁੰਦਾ ਸੀ ਹੁਣ ਤੇ ਆਸੇ ਪਾਸੇ ਕਰਨ ਲੱਗ ਪਏ ਨੇ। ਬ੍ਰਹਮ ਪ੍ਰਕਾਸ਼ ਮੁੱਖ ਮੰਤਰੀ ਸੀ ਤੇ ਮੈਂ ਜਾ ਕੇ ਚਿੱਠੀ ਦਿੱਤੀ ਤਾਂ ਉਸ ਨੇ ਓਲਡ ਵਿੱਚ ਭੇਜ ਦਿੱਤਾ ਜਿੱਥੇ ਦਫ਼ਤਰ ਸੀਗਾ.... ਪ੍ਰੀਸ਼ਦ ਨਾਂ ਦੀ ਸੰਸਥਾ ਦਾ ਜੋ ਕਿ ਉਹ ਮੁਸ਼ਾਇਰਾ ਚਲਾਉਂਦੀ ਸੀ .. ਦਰਿਆਗੰਜ ਵਿੱਚ ਦਫ਼ਤਰ ਸੀ ਉਨ੍ਹਾਂ ਦਾ.... ਬੱਸ ਉਨ੍ਹਾਂ ਨੇ ਮੈਨੂੰ ਮੁਸ਼ਾਇਰੇ ਵਿੱਚ ਸ਼ਾਮਲ ਕਰ ਲਿਆ ਤੇ ਫਿਰ ਉਹ ਦਿਨ ਤੇ ਆਹ ਦਿਨ... ਅੱਜ ਤੱਕ ਮੈਨੂੰ ਉੱਥੋਂ ਬੁਲਾਵੇ ਆਉਂਦੇ ਨੇ ਤੇ ਦਰਸ਼ਕਾਂ ਨੇ ਭਰਪੂਰ ਪਿਆਰ ਸਤਿਕਾਰ ਦਿੱਤਾ। ਬੱਸ ਫਿਰ ਸਿਰਫ਼ ਦੋ ਹੀ ਨਾਗ਼ੇ ਪਏ ਇੱਕ ਵਾਰੀ ਤਾਂ ਮਸਕਟ ਗਿਆ ਸੀ ਤੇ ਦੂਜੀ ਵਾਰੀ ਗੱਡੀ ਲੇਟ ਹੋ ਗੀ ਸੀ ਮੈਂ ਕਲਕੱਤੇ ਤੋਂ ਆਇਆ ਸੀ ਤਾਂ ਪਹੁੰਚ ਨੀ ਸਕਿਆ। ਪਰ ਚਿੱਠੀਆਂ ਤਾਂ ਵੀ ਆਈਆਂ ਪਈਆਂ ਸੀ। ਤਕਰੀਬਨ 117-118 ਪ੍ਰੋਗਰਾਮ ਹੋ ਚੁੱਕੇ ਨੇ ਹੁਣ ਤੱਕ.... ਕੁੱਲ ਮਿਲਾ ਕੇ।“
- ਸੋ ਇਹ ਮੁਸ਼ਾਇਰੇ ਆਜ਼ਾਦੀ ਦਿਹਾੜੇ ਵੇਲੇ ਤੇ ਗਣਤੰਤਰ ਦਿਵਸ ਵੇਲੇ ਹਰ ਸਾਲ ਕਰਵਾਏ ਜਾਂਦੇ ਹਨ ਤੇ ਤੁਹਾਡੇ ਦੱਸਣ ਅਨੁਸਾਰ ਇਹਨਾਂ ਨੇ ਸਾਰਿਆਂ ਮੁਸ਼ਾਇਰਿਆਂ ਵਿੱਚ ਹਿੱਸਾ ਲਿਆ ਤੇ ਸਿਰਫ਼ 2 ਹੀ ਨਾਗ਼ੇ ਪਏ?
“ਜੀ ਬਿਲਕੁਲ, ਮੈਂ ਦੋ ਚੌਕੇ ਸੁਣਾ ਰਿਹਾਂ ਆਜ਼ਾਦੀ ਤੇ....
ਆਜ਼ਾਦੀ ਤਾਂ ਆਈ ਏ... ਪਰ ਆਉਂਦੀ ਚੜ੍ਹ ਗਈ ਕਾਰਾਂ ਅੰਦਰ.....
ਇਨਕਲਾਬ ਖੜ੍ਹਾ ਹੈ ਅੱਜ ਵੀ... ਰਾਸ਼ਨ ਦੀਆਂ ਕਤਾਰਾਂ ਅੰਦਰ.....
ਅੱਜਕੱਲ੍ਹ ਟਿਕਟ ਲੈਣ ਨੂੰ ਨੇਤਾ ਇੱਦਾਂ ਆਉਂਦੇ ਨੇ ਦਰਬਾਰਾਂ ਅੰਦਰ....
ਜਿਸ ਤਰਾਂ ਪੱਗ ਬੰਨ੍ਹ ਕੇ ਖੁਸਰੇ ਬੈਠ ਜਾਣ ਸਰਦਾਰਾਂ ਅੰਦਰ.....
ਤੁਹਾਡੀ ਕਾਬਲੀਅਤ ਅਤੇ ਮੁਸ਼ਾਇਰਿਆਂ ਵਿਚਲੀ ਹਾਜ਼ਰੀ ਨੂੰ ਮੁੱਖ ਰੱਖ ਕੇ ਕਿਸੇ ਸਰਕਾਰੀ ਅਦਾਰੇ ਨੇ ਤੁਹਾਨੂੰ ਨੋਟਿਸ ਕੀਤਾ?
“ਨਾ ਜੀ ... ਸਰਕਾਰੀ ਅਦਾਰਿਆਂ ਨੇ ਤਾਂ ਕੀ ਪੁੱਛਣੈ.... ਉਨ੍ਹਾਂ ਦੀ ਤਾਂ ਆਪ ਦੀ ਹੀ ਪੂਰੀ ਨੀ ਪੈਂਦੀ...... ਪਹਿਲਾਂ ਆਸਟ੍ਰੇਲੀਆ ਤੋਂ ਮੈਨੂੰ ਹਰਮਨ ਰੇਡੀਉ ਵੱਲੋਂ ਮਾਣ ਸਨਮਾਨ ਮਿਲਿਆ.... ਉਸ ਦੀ ਖ਼ਬਰ ਪੜ੍ਹ ਕੇ ਇੱਥੇ ਡੀ.ਸੀ. ਹੁੰਦਾ ਸੀ ਕਰਨਾਟਕਾ ਦਾ ਸ੍ਰੀ ਗਣੇਸ਼ਣ ਜੀ.... ਉਨ੍ਹਾਂ ਨੇ ਮੈਨੂੰ ਬੁਲਾ ਲਿਆ.... ਕੁੱਝ ਸੱਜਣ ਉਨ੍ਹਾਂ ਨੇ ਬੁਲਾਏ ਹੋਏ ਸੀ ਤੇ 3 ਲੱਖ ਰੁਪਿਆ ਇਕੱਠਾ ਕਰਕੇ ਮੈਨੂੰ ਦਿੱਤਾ ਤੇ ਆਹ ਸਾਡਾ ਕੋਠਾ ਪੈ ਗਿਆ। ਤੁਸੀਂ ਹੁਣ ਮਿੰਟੂ ਬਰਾੜ ਜੀ ਆਏ ਹੋ ਤੇ ਜਾਂ ਫੇਰ ਸਾਡੇ ਇੱਥੇ ਸਰਸੇ ਤੋਂ ਮੀਡੀਆ ਦੇ ਸਰਤਾਜ ਭੁਪਿੰਦਰ ਪੰਨੀਵਾਲੀਆ ਜੀ... ਬੱਸ ਇਹਨਾਂ ਸਾਰਿਆਂ ਨੇ ਮਿਲ ਕੇ ਆਹ ਦੋ ਮੰਜ਼ਿਲਾਂ ਬਿਲਡਿੰਗ ਬਣਾ ਕੇ ਮੇਰੀ ਮੌਜ ਬਣਾ ਦਿੱਤੀ।“
- ਇਹ ਤਾਂ ਜੀ ਚਲੋ ਸਾਡਾ ਫ਼ਰਜ਼ ਸੀ ਜਿੰਨੇ ਕੁ ਜੋਗੇ ਅਸੀਂ ਸੀ ਅਸੀਂ ਨਿਭਾਈ.... ਪਰ ਇਹ ਗੱਲ ਕਿਤੇ ਨਾ ਕਿਤੇ ਖਲਦੀ ਐ ਕਿ ਇੱਕ ਬੰਦਾ ਤਕਰੀਬਨ ਸੱਠਾਂ ਸਾਲਾਂ ਤੋਂ ਸਰਕਾਰੀ ਜਸ਼ਨਾਂ ਵਿੱਚ ਬੋਲ ਰਿਹੈ ਤੇ ਉਸ ਦੀ ਸੁਣਵਾਈ ਕਿਤੇ ਮੁਕਾਮ ਤੇ ਨਾ ਪੁੱਜੇ..... ਫੇਰ ਨਵੇਂ ਬੰਦੇ ਦੀ ਤਾਂ ਗੱਲ ਹੀ ਕਰਨੀ!!!.... ਕਦੇ ਤੁਹਾਨੂੰ ਆਪਣੀ ਜ਼ਿੰਦਗੀ ਤੇ ਮਲਾਲ ਵੀ ਆਇਆ ਕਿ ਮੈਂ ਜੇ ਆਹ ਕੰਮ ਨਾ ਕੀਤਾ ਹੁੰਦਾ ਜਾਂ ਹੋਰ ਕੁੱਝ ਕੀਤਾ ਹੁੰਦਾ ਤਾਂ ਮੈਂ ਵੀ ਕੁੱਝ ਆਪਣੇ ਵਾਸਤੇ ਬਣਾ ਸਕਦਾ ਸੀ.....?
ਮੈਂ ਜੀ ਆਪਣੀ ਜ਼ਮੀਰ ਮਾਰ ਕੇ ਜਾਂ ਚਮਚਾਗੀਰੀ ਕਰਕੇ ਕੁੱਝ ਨੀ ਕਰ ਸਕਦਾ। ਮੇਰੀਆਂ ਤਿੰਨ ਕਿਤਾਬਾਂ ਛਪੀਆਂ ਨੇ ਤੇ ਮੈਂ ਆਪਣੀ ਇੱਕ ਵੀ ਕਿਤਾਬ ਇਨਾਮ ਵਾਸਤੇ ਨੀ ਭੇਜੀ। ਬਾਕੀ ਜਦੋਂ ਕਿ ਹਰ ਕਿਸੇ ਨੂੰ ਮੇਰੀਆਂ ਮੁਸੀਬਤਾਂ ਦਿਖਦੀਆਂ ਨੇ ਪਰ ਕੀਤਾ ਕਿਸੇ ਨੇ ਕੁੱਝ ਨੀ। ਇਸ ਵਾਸਤੇ ਮੰਗਾਂ ਵੀ ਤੇ ਕੀ ਮੰਗਾਂ... ਰੱਬ ਨੇ ਬਹੁਤ ਕੁੱਝ ਦਿੱਤੈ...... ਮੈਨੂੰ ਤਾਂ ਜੀ ਸਰੋਤਿਆਂ ਦਾ ਭਰਪੂਰ ਪਿਆਰ ਤੇ ਸਨਮਾਨ ਮਿਲਿਆ... ਇਸ ਤੋਂ ਵੱਧ ਮੈਨੂੰ ਕੀ ਚਾਹੀਦੈ......?
- ਅੱਜ ਵੀ ਇਸ 86(ਇਹ ਮੁਲਾਕਾਤ ਫਰਵਰੀ 2015 ਕੀਤੀ ਗਈ ਹੈ) ਸਾਲਾਂ ਦੀ ਉਮਰ ਵਿੱਚ ਜਦੋਂ ਤੁਹਾਨੂੰ ਮੁਸ਼ਾਇਰੇ ਦਾ ਸੱਦਾ ਆਉਂਦੈ ਤਾਂ ਤੁਸੀਂ ਪੈਰੀਂ ਜੁੱਤੀ ਪਾਉਣੇ ਹੋ ਜਾਂ ਬਿਨਾਂ ਜੁੱਤੀ ਹੀ ਤੁਰ ਪੈਣੇ ਹੋ ....?
“ਨਹੀਂ ਜੀ.... ਜੁੱਤੀ ਤਾਂ ਪਾਉਣੀ ਹੀ ਪੈਂਦੀ ਐ... ਮਨ ਤਾਂ ਕਰਦੈ ਇੰਜ ਈ ਭੱਜ ਲਈਏ ਪਰ... ਜੁੱਤੀ ਤਾਂ....... “
- ਤਾਂ ਅੱਜ ਵੀ ਤੁਸੀਂ ਪੂਰੀ ਤਰਾਂ ਨਾਲ ਤਤਪਰ ਹੋ ਮੁਸ਼ਾਇਰਿਆਂ ਵਾਸਤੇ......
“ਬਿਲਕੁਲ ਜੀ....”
- ਜੋ ਪਹਿਲਾਂ ਇੱਕ ਕਾਵਿ ਦਰਬਾਰਾਂ ਤੇ ਮੁਸ਼ਾਇਰਿਆਂ ਦੀ ਰੀਤ ਹੁੰਦੀ ਸੀ... ਇਹ ਓਦਾਂ ਈ ਐ ਕਿ ਪਹਿਲਾਂ ਨਾਲੋਂ ਨਿਘਾਰ ਵਿੱਚ ਐ.... ਕਿ ਕੁੱਝ ਵਧੀ ਵੀ ਐ....?
“ਓ ਤਾਂ ਇੰਜ ਐ ਜੀ ਕਿ ਜਿਵੇਂ ਲਾਫਟਰ ਵਾਲੇ ਪਾਸੇ ਦੀ ਗੱਲ ਕਰੀਏ ਤਾਂ ਸਭ ਇੱਕ ਦੂਜੇ ਦੀਆਂ ਚੁੱਕ ਚੁੱਕ ਕੇ ਸੁਣਾਈ ਜਾਂਦੇ ਨੇ... ਕੋਈ ਕੇਸ ਕੂਸ ਤਾਂ ਹੋ ਨੀ ਸਕਦਾ..... ਤੇ ਕਵੀ ਦਰਬਾਰਾਂ ਵਿੱਚ ਵੀ ਕੁੱਝ ਕਵੀ ਇਹੋ ਕੰਮ ਕਰਨ ਲੱਗ ਪਏ ਨੇ।“
- ਅੱਜ ਕੱਲ੍ਹ ਜੋ ਲਾਫਟਰ ਦੇ ਨਾਮ ਤੇ ਹੋ ਰਿਹਾ ਹੈ ਜਿਵੇਂ ਕਿ ਲਾਫਟਰ ਚੈਨਲ ਵੀ ਚੱਲਦੇ ਨੇ, ਉਨ੍ਹਾਂ ਵਿੱਚ ਮੈਨੂੰ ਨੀ ਲੱਗਦਾ ਕਿ ਕੁੱਝ ਇੰਜ ਦਾ ਹੁੰਦਾ ਹੋਵੇ ਕਿ ਸਣੇ ਪਰਿਵਾਰ ਉਨ੍ਹਾਂ ਨਾਲ ਮਨੋਰੰਜਨ ਕੀਤਾ ਜਾ ਸਕੇ..... ਗਾਣਿਆਂ ਵਿੱਚ ਵੀ ਇਹੀ ਕੁੱਝ ਐ... ਲੱਚਰਤਾ ਤੇ ਚੁਟਕਲਿਆਂ ਵਿੱਚ ਵੀ....?
“ਤੁਹਾਨੂੰ ਮੈਂ ਗੱਲ ਦੱਸਦਾ ਜੀ... ਇਹ ਤਾਂ ਸਭ ਕੁੱਝ ਆਮ ਹੋ ਗਿਆ.... 50 ਪ੍ਰਤੀਸ਼ਤ ਤਾਂ ਸਾਰੇ ਲੋਕ ਮੇਰੇ ਹੀ ਪੰਚ ਇਸਤੇਮਾਲ ਕਰ ਰਹੇ ਨੇ... ਮੇਰੇ ਹੀ ਲਿਖੇ ਹੋਏ ... ਬੱਸ ਮੇਰਾ ਨਾਮ ਲਏ ਬਗੈਰ..... ਆਹ ਕਪਿਲ ਸ਼ਰਮਾ ਹੀ ਦੇਖ ਲਓ.... ਮੇਰੇ ਨਾਲ ਹੀ ਹੁੰਦਾ ਸੀ ਐਮ.ਐਚ.1 ਤੇ..... 500 ਰੁਪਿਆ ਦਿਹਾੜੀ ਲੈਂਦੇ ਸੀ ਅਸੀਂ ਦੋਵੇਂ... ਤੇ ਅੱਜ ਉਹ ਕਰੋੜਾਂ ਰੁਪਿਆ ਕਮਾ ਰਿਹੈ... ਤੇ ਬਾਕੀ ਦੋ ਮੇਰੇ ਹੋਰ ਸ਼ਾਗਿਰਦ ਨੇ.... ਇੱਕ ਤਾਂ ਜਗਜੀਤ ਸੂਫ਼ੀ ਅੰਬਾਲਾ .... ਦੂਜਾ ਪ੍ਰਤਾਪ ਫ਼ੌਜਦਾਰ.... ਦੋਵੇਂ ਸ਼ਾਗਿਰਦ ਨੇ ਮੇਰੇ..... ਪ੍ਰਤਾਪ ਫ਼ੌਜਦਾਰ ਤਾਂ ਪਹਿਲਾਂ ਇੱਥੇ ਹੀ ਰਹਿੰਦਾ ਸੀ ਕਿੱਲ੍ਹਿਆਂਵਾਲੀ ਤੇ ਫੇਰ ਉਹ ਆਗਰੇ ਚਲਾ ਗਿਆ ਤੇ ਅੱਜ ਕੱਲ੍ਹ ਦਿੱਲੀ ਆਇਆ ਹੋਇਆ.... ਇਹ ਤਾਂ ਜੀ ਅਲੀ ਬਾਬਾ ਚਾਲੀ ਚੋਰਾਂ ਵਾਲੀ ਗੱਲ ਐ....”
- ਮੈਂ ਸਨੇਹਾ ਦੇਣਾ ਚਾਹਾਂਗਾ ਕਪਿਲ ਸ਼ਰਮਾ ਨੂੰ ਕਿ ਜੇ ਉਸ ਦੀ ਜ਼ਮੀਰ ਗਵਾਰਾ ਕਰੇ ਤਾਂ ਉਹ ਦਿਲਬਰ ਸਾਬ ਨੂੰ ਇੱਕ ਵਾਰੀ ਯਾਦ ਜ਼ਰੂਰ ਕਰੇ..... ਮੈਨੂੰ ਇਹ ਵੀ ਵਿਸ਼ਵਾਸ ਐ ਕਿ ਇੱਕ ਕਲਾਕਾਰ ਦੀ ਜ਼ਮੀਰ ਸੁੱਤੀ ਬੇਸ਼ੱਕ ਹੋਵੇ ਪਰ ਮਰਦੀ ਨੀ... ਤੇ ਕਦੇ ਨਾ ਕਦੇ ਉਹ ਜਾਗਦੀ ਹੈ.... ਬਾਕੀ ਹੁਣ ਜਾਂਦੇ ਜਾਂਦੇ ਸਾਡੇ ਸਰੋਤਿਆਂ ਵਾਸਤੇ ਕੋਈ ਨਵਾਂ ਚੌਕਾ ਛੱਕਾ ਯਾਦ ਐ ਤਾਂ ਸਾਂਝ ਪਾਓ....
ਜੀ ਇੱਕ ਛੱਕਾ ਅਰਜ਼ ਕਰ ਰਿਹਾਂ:
“ਕਹਿਣ ਪੁਰਸ਼ ਪ੍ਰਧਾਨ ਸਮਾਜ ਹੈ..... ਇਸ ਵਿੱਚ ਸੱਚ ਚਵੰਨੀ ਹੀ ਨਹੀਂ.....
ਬੜੇ ਬੜਿਆਂ ਕੋਲ ਜਾ ਜਾ ਰੋਇਆਂ... ਕਿਸੇ ਮੇਰੀ ਗੱਲ ਮੰਨੀ ਹੀ ਨਹੀਂ.....
ਇੱਕ ਪਤੀ ਮਰ ਜੇ ਜਿਸਦਾ... ਉਹ ਦੀ ਵਿਧਵਾ ਪੈਨਸ਼ਨ ਬੰਨ੍ਹ ਦਿੰਦੇ ਨੇ.....
ਮੇਰੀਆਂ ਦੋ ਮਰ ਗਈਆਂ.. ਕਿਸੇ ਨੇ.. ਰੰਡਾ ਪੈਨਸ਼ਨ ਬੰਨ੍ਹੀ ਨਹੀਂ.....”

“ਕੀਹਦੀ ਮਾਂ ਨੂੰ ਮਾਸੀ ਆਖਾਂ.... ਕਿਹੜੇ ਢੱਠੇ ਖੂਹ ਵਿੱਚ ਜਾਵਾਂ.....
ਜਦ ਦੀਆਂ ਗਈਐਂ... ਪੁੱਛਦਾ ਰਹਿਨਾਂ.... ਦੱਸੋ ਮੰਜੀ ਕਿੱਥੇ ਡਾਹਵਾਂ.... ਦੱਸੋ ਮੰਜੀ ਕਿੱਥੇ ਡਾਹਵਾਂ....
ਮੇਰਾ ਮੰਜਾ ਉਹ ਦੇ ਨਾਲ ਸੜ ਗਿਐ.... ਉਹ ਦੀ ਮੰਜੀ ਮੇਰੇ ਨਾਲ ਸੜੇਗੀ....
ਉੱਠ ਉੱਠ ਕੇ ਪੁੱਛਦਾ ਰਹਿਨਾਂ.... ਕਿੱਦਣ ਮੇਰੀ ਬਾਰਾਤ ਚੜ੍ਹੇਗੀ.....
ਪੁੱਤਰ ਉਹ ਦੇ... ਨੂੰਹਾਂ ਉਹ ਦੀਆਂ..... ਮੰਜੀ ਉਹ ਦੀ.... ਮੈਂ ਝੁੱਡੂ ਦਿਲਬਰ... ਆਪਣੇ ਘਰ 'ਚ ਪੁੱਛਦਾ ਰਹਿਨਾਂ....
ਦੱਸੋ ਮੰਜੀ ਕਿੱਥੇ ਡਾਹਵਾਂ.... ਦੱਸੋ ਮੰਜੀ ਕਿੱਥੇ ਡਾਹਵਾਂ.... “
“ਇਸੇ ਨਾਮ ਦੀ ਮੇਰੀ ਕਿਤਾਬ ਆ ਰਹੀ ਐ...”
- ਸੋ ਬਹੁਤ ਬਹੁਤ ਮਿਹਰਬਾਨੀ ਜੀ ਤੇ ਉਮੀਦ ਕਰਦੇ ਆਂ ਕਿ ਤੁਹਾਡੀ ਕਿਤਾਬ ਨੂੰ ਵੀ ਇੱਦਾਂ ਹੀ ਹੁੰਗਾਰਾ ਤੇ ਪਿਆਰ ਮਿਲੇਗਾ.... ਸਤਿ ਸ੍ਰੀ ਅਕਾਲ ਜੀ.....
ਦਿਲਬਰ ਹੋਰਾਂ ਨਾਲ ਮੇਰੀ ਇਹ ਮੁਲਾਕਾਤ ਅਖੀਰੀ ਹੋ ਨਿੱਬੜੀ ਬੱਸ ਇਕ ਬਾਰ ਕੁਝ ਕੁ ਮਹੀਨੇ ਪਹਿਲਾਂ ਉਸ ਵਕਤ ਉਨ੍ਹਾਂ ਨਾਲ ਫ਼ੋਨ ਤੇ ਗੱਲ ਹੋਈ ਜਦੋਂ ਪ੍ਰੋ ਪੰਨੂ ਜੀ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਅਮਰੀਕਾ ਤੋਂ ਇਕ ਖ਼ਾਸ ਸਦਾ ਪੱਤਰ ਆਇਆ। ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਆਪਣੇ ਉਸੇ ਚਿੱਤ ਪਰੀਚਿਤ ਅੰਦਾਜ਼ 'ਚ ਕਹਿੰਦੇ! "ਉਹ ਮੇਰਾ ਤਾਂ ਪਾਸਪੋਰਟ ਹੀ ਮੁੱਕ ਗਿਆ ਹੈ ਯਾਰ।" ਜਦੋਂ ਮੈਂ ਕਿਹਾ ਨਵਾਂ ਬਣਵਾ ਲੈਂਦੇ ਹਾਂ ਤਾਂ ਕਹਿੰਦੇ! "ਬਣਵਾ ਸਕਦੇ ਤਾਂ ਹੁਣ ਅਗਾਂਹ ਦਾ ਹੀ ਬਣਵਾ ਦਿਓ।" ਏਨਾ ਕਹਿ ਕੇ ਉੱਚੀ ਦੇਣੇ ਹੱਸ ਪਏ ਸਨ। ਬੱਸ ਇਹੀ ਅਖੀਰੀ ਸ਼ਬਦ ਸਨ ਮੇਰੇ ਨਾਲ ਉਨ੍ਹਾਂ ਦੀ ਸਾਂਝ ਦੇ।{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.