.

ਕੈਲੰਡਰ ਵਿਵਾਦ- ਝੂਠ ਬਨਾਮ ਸੱਚ

ਸਰਵਜੀਤ ਸਿੰਘ

ਫੇਸ ਬੁਕ, ਜਿਸ ਨੂੰ ਅਲ਼ਸੇਟ ਬੁਕ ਕਹਿਣਾ ਹੀ ਜਿਆਦਾ ਢੁੱਕਵਾਂ ਹੈ, ਰਾਹੀ ਇਕ ਸਾਂਝੇ ਸੱਜਣ ਨੇ ਪ੍ਰੋ ਅਨੁਰਾਗ ਸਿੰਘ ਦਾ ਇਕ ਲੇਖ, “IHRO Fresh Note on So-called Nanakshahi Calendar (Purewal) in Response to Dr Harpal Singh Pannu's Views”, ਭੇਜਿਆ ਅਤੇ ਇਤਿਹਾਸਕ ਤਾਰੀਖਾਂ ਬਾਰੇ ਕੀਤੇ ਗਏ ਸ਼ੰਕਿਆਂ ਬਾਰੇ ਜਾਣਕਾਰੀ ਮੰਗੀ। ਪ੍ਰੋ: ਅਨੁਰਾਗ ਸਿੰਘ ਨੇ ਆਪਣਾ ਇਹ ਲੇਖ ਡਾ: ਹਰਪਾਲ ਸਿੰਘ ਪੰਨੂ ਦੇ ਲੇਖ, “ਨਾਨਕਸ਼ਾਹੀ ਕੈਲੰਡਰ ਵਿਵਾਦ” ਜੋ ਹਫਤਾਵਾਰੀ ਅਖ਼ਬਾਰ ਵਿੱਚ ਜਨਵਰੀ 17 ਨੂੰ ਛਪਿਆ ਸੀ ਅਤੇ ਇਸ ਲੇਖ ਦੀ ਚਰਚਾ ਸੋਸ਼ਲ ਮੀਡੀਏ ਤੇ ਲਗਾਤਾਰ ਚਲਦੀ ਰਹੀ ਹੈ, ਦੇ ਸਬੰਧ ਵਿਚ ਲਿਖਿਆ ਹੈ। ਡਾ ਪੰਨੂ ਆਪਣੇ ਲੇਖ ਵਿੱਚ, ਕੁਝ ਇਕ ਇਤਿਹਾਸਕ ਹਵਾਲੇ ਦੇ ਕੇ ਕੈਲੰਡਰ ਵਿਵਾਦ ਦੇ ਮੌਜੂਦਾ ਕਾਰਨਾਂ ਦਾ ਜਿਕਰ ਕਰਦੇ ਹੋਏ ਲਿਖਦੇ ਹਨ, “ਭਵਿੱਖ ਵਿਚ ਇਕ ਦਿਨ ਆਏਗਾ ਜਦੋਂ ਲੋਕ ਹੱਸਿਆ ਕਰਨਗੇ ਕਿ ਕੈਲੰਡਰ ਦੇ ਵਿਗਿਆਨਕ ਮਸਲੇ ਦਾ ਵਿਗਿਆਨੀਆਂ ਦੀ ਮਦਦ ਨਾਲ ਹੱਲ ਕਰਨ ਦੀ ਥਾਂ ਖਾਲਸੇ ਆਪਸ ਵਿਚ ਜੂਝਣ ਲੱਗ ਪਏ ਅਤੇ ਜੱਥੇਦਾਰਾਂ ਦੀਆਂ ਬਰਤਰਫੀਆਂ ਹੋ ਗਈਆਂ ਸਨ। ਗੁਰੂ ਘਰਾਂ ਵਿਚ ਏ ਸੀ ਕਰੰਟ ਠੀਕ ਰਹੇਗਾ ਜਾਂ ਡੀ ਸੀ ਕਰੰਟ ਠੀਕ ਰਹੇਗਾ, ਇਸ ਦਾ ਫੈਸਲਾ ਇੰਜੀਨੀਅਰ ਕਰਨ ਕਿ ਸਿੰਘ ਸਾਹਿਬ? ਕੈਲੰਡਰ ਦਾ ਨਿਰਣਾ ਅਰਾਮ ਨਾਲ ਨਹੀ ਹੋਏਗਾ ਕਿਉਂਕਿ ਜੇ ਮਸਲਾ ਉਲਝਿਆ ਹੀ ਨਾ ਤਾਂ ਸੁਲਝਾਉਣ ਲਈ ਲੀਡਰਾਂ ਦੀ ਅਹਿਮੀਅਤ ਨਹੀ ਰਹੇਗੀ” ਆਦਿ ਬੇਬਾਕ ਟਿੱਪਣੀਆਂ ਸ਼ਾਇਦ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਚੰਗੀਆਂ ਨਹੀ ਲੱਗੀਆਂ, ਕਿ ਇਕ ਹੋਰ ਵਿਦਵਾਨ ਜੋ ਗੁੱਝੀਆਂ ਰਮਜ਼ਾਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹੈ, ਕੈਲੰਡਰ ਵਿਵਾਦ ਦੇ ਵਿਗਿਆਨਿਕ ਹੱਲ ਲਈ ਸੁਝਾਓ ਦੇ ਰਿਹਾ ਹੈ। ਭਾਵੇਂ ਡਾ ਪੰਨੂ ਨੇ ਆਪਣੇ ਲੇਖ ਵਿੱਚ ਤਕਨੀਕੀ ਨੁਕਤਿਆਂ ਨੂੰ ਨਹੀ ਸੀ ਛੋਇਆ ਪਰ ਪ੍ਰੋ ਅਨੁਰਾਗ ਸਿੰਘ ਨੇ ਆਪਣੇ 15 ਸਾਲ ਪੁਰਾਣੇ ਰਾਗ ਕਿ “ਨਾਨਕਸ਼ਾਹੀ ਕੈਲੰਡਰ ਵਿੱਚ ਇਤਿਹਾਸਕ ਤਾਰੀਖਾਂ ਗਲਤ ਹਨ” ਹੀ ਛੇੜ ਲਿਆ। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀਆਂ ਕੁਝ ਤਾਰੀਖਾਂ ਦਾ ਹਵਾਲਾ ਦੇ ਕੇ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖਾਂ ਨੂੰ ਗਲਤ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਵੀ ਕੀਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਇਕ ਕਿਤਾਬ, “History of the Sikhs and Their Religion," ਜਿਸ ਦਾ ਕੇ ਡਾ ਪੰਨੂ ਨੇ ਆਪਣੇ ਲੇਖ ਵਿਚ ਕਿਤੇ ਵੀ ਜਿਕਰ ਨਹੀ ਸੀ ਕੀਤਾ, ਦਾ ਹਵਾਲਾ ਦੇ ਕੇ ਪ੍ਰੋ ਅਨੁਰਾਗ ਸਿੰਘ ਨੇ ਆਪਣਾ ਨਜ਼ਲਾ ਬਹੁਤ ਸਾਰੇ ਵਿਦਵਾਨਾਂ ਤੇ ਝਾੜ ਦਿੱਤਾ ਹੈ। ਖੈਰ! ਇਹ ਆਪਣਾ ਵਿਸ਼ਾ ਨਹੀ ਹੈ। ਆਓ ਇਨ੍ਹਾ ਵੱਲੋਂ ਦਿੱਤੀਆਂ ਗਈਆਂ ਇਤਿਹਾਸਕ ਤਾਰੀਖਾਂ ਦੀ ਪੜਤਾਲ ਕਰੀਏ।

ਪ੍ਰੋ ਅਨੁਰਾਗ ਸਿੰਘ ਜੀ ਲਿਖਦੇ ਹਨ,
“The Guru breathed his last on Asu Vadi 10, 1539 Bk/ September 7,1539 CE." (pp. 99,101). But in the so-called Nanakshahi Calendar, the date of death of Guru Nanak is fixed 22nd September and the date of succession of Guru Angad is fixed 18th September, not to be found in any source. It means that Guru Nanak installed Guru Angad (18th Sep) eleven days after his death (7th Sep)”।
ਪ੍ਰੋ ਅਨੁਰਾਗ ਸਿੰਘ ਦੀ ਲਿਖਤ ਮੁਤਾਬਕ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10, 1539 ਬਿ: 7 ਸਤੰਬਰ 1539 ਸੀ ਈ ਹੈ। ਪਰ ਨਾਨਕ ਸ਼ਾਹੀ ਕੈਲੰਡਰ ਵਿੱਚ ਇਹ 22 ਸਤੰਬਰ ਨਿਸ਼ਚਿਤ ਕੀਤੀ ਗਈ ਹੈ ਜੋ ਗਲਤ ਹੈ। ਇਸ ਤੋਂ ਪਹਿਲਾ ਕਿ ਪੜਤਾਲ ਨੂੰ ਅੱਗੇ ਤੋਰਿਆ ਜਾਵੇ, ਇਨ੍ਹਾਂ ਵੱਲੋਂ ਜਾਣੇ-ਅਣਜਾਣੇ ਲਿਖੀਆਂ ਗਈਆਂ ਗਲਤ ਤਾਰੀਖਾਂ ਨੂੰ ਦਰੁਸਤ ਕਰਨਾ ਜਰੂਰੀ ਹੈ। ਪ੍ਰੋ ਅਨੁਰਾਗ ਸਿੰਘ ਵੱਲੋਂ ਦਿੱਤੀ ਗਈ ਤਾਰੀਖ
“Asu Vadi 10, 1539 Bk/September 7,1539 CE”. ਵਿੱਚ ਉਕਾਈ ਹੈ, 1539Bk ਦੀ ਥਾਂ 1596 ਬਿਕ੍ਰਮੀ ਚਾਹੀਦਾ ਹੈ ਅਤੇ September 7, 1539 CE, 7 ਸਤੰਬਰ 1539 ਜੂਲੀਅਨ ਕੈਲੰਡਰ ਦੀ ਤਾਰੀਖ ਹੈ।

ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਇਹ ਗੱਲ ਬਹੁਤ ਹੀ ਸਪੱਸ਼ਟ ਲਿਖੀ ਹੋਈ ਹੈ ਕਿ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁਖ ਰਖਿਆ ਜਾਵੇਗਾ”। ਅੱਸੂ ਵਦੀ 10, 1596 ਬਿ: ਮੁਤਾਬਕ, ੮ ਅੱਸੂ, 7 ਸਤੰਬਰ (ਜੂਲੀਅਨ) ਸੀ। ਕੈਲੰਡਰ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 8 ਅੱਸੂ ਨੂੰ ਮੁਖ ਰੱਖਿਆ ਗਿਆ ਹੈ ਅਤੇ ਨਾਨਕਸ਼ਾਹੀ ਕੈਲੰਡਰ ਵਿਚ ਅੱਜ ਵੀ 8 ਅੱਸੂ ਹੀ ਦਰਜ ਹੈ। ਜੋ ਕੇ ਹਰ ਸਾਲ 22 ਸਤੰਬਰ ਨੂੰ ਆਉਂਦੀ ਹੈ। ਅਨੁਰਾਗ ਸਿੰਘ ਜੀ, ਤੁਹਾਨੂੰ ਪਿਛਲੇ 15 ਸਾਲਾਂ ਵਿਚ ਇਹ ਸਮਝ ਨਹੀ ਆਈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 7 ਸਤੰਬਰ ਜੂਲੀਅਨ ਤੋਂ 8 ਅੱਸੂ/ 22 ਸਤੰਬਰ ਨਾਨਕਸ਼ਾਹੀ ਕਿਵੇਂ ਹੋ ਗਈ ਹੈ। ਤੁਸੀਂ ਇਸ ਨੂੰ ਅੱਜ ਤਾਈ ਅੱਸੂ ਸੁਦੀ 10 ਮੁਤਾਬਕ 22 ਸਤੰਬਰ ਜੂਲੀਅਨ ਸਮਝ ਕੇ ਹੀ ਨਾਨਕਸ਼ਾਹੀ ਕੈਲੰਡਰ ਦਾ ਅੰਨਾ ਵਿਰੋਧ ਕਰ ਰਹੇ ਹੋ। ਤੁਹਾਡੀ ਸੋਚ ਮੁਤਾਬਕ ਜੇ ਇਹ ਤਾਰੀਖ ਅੱਸੂ ਸੁਦੀ 10 ਹੁੰਦੀ ਤਾਂ ਇਹ 23 ਅੱਸੂ ਬਣਦੀ ਹੈ ਜੋ ਨਾਨਕਸ਼ਾਹੀ ਵਿੱਚ 23ਅੱਸੂ/7 ਅਕਤੂਬਰ ਹੋਣੀ ਸੀ।

ਤੁਹਾਡੀ ਦੂਜੀ ਤਾਰੀਖ
“the date of succession of Guru Angad is fixed 18th September, not to be found in any source” ਸਬੰਧੀ ਬੇਨਤੀ ਹੈ ਕਿ ਪੁਰਾਤਨ ਇਤਿਹਾਸਿਕ ਵਸੀਲਿਆਂ ਵਿਚ ਇਹ ਤਾਰੀਖ ਅੱਸੂ ਵਦੀ 5 ਦਰਜ ਹੈ। ਜਿਸ ਮੁਤਾਬਕ ਇਹ 4 ਅੱਸੂ, 3 ਸਤੰਬਰ (ਜੂਲੀਅਨ) ਬਣਦੀ ਹੈ। ਕੈਲੰਡਰ ਕਮੇਟੀ ਦੇ ਫੈਸਲੇ ਮੁਤਾਬਕ 4 ਅੱਸੂ ਨੂੰ ਨਾਨਕ ਸ਼ਾਹੀ ਕੈਲੰਡਰ ਵਿੱਚ ਦਰਜ ਕੀਤਾ ਗਿਆ ਹੈ ਜੋ 18 ਸਤੰਬਰ ਨੂੰ ਆਉਂਦੀ ਹੈ। (ਯਾਦ ਰਹੇ ਅੱਸੂ ਵਦੀ 10 ਨੂੰ 8 ਅੱਸੂ ਸੀ ਪਰ ਅੱਸੂ ਵਦੀ 5 ਨੂੰ 4 ਅੱਸੂ ਹੈ। ਇਥੇ ਇਕ ਦਿਨ ਦਾ ਫਰਕ ਪੈ ਗਿਆ ਹੈ, ਜੋ ਚੰਦ ਦੇ ਕੈਲੰਡਰ ਦੀ ਇਕ ਬਹੁਤ ਵੱਡੀ ਖ਼ਾਮੀ ਹੈ) ਅਨੁਰਾਗ ਸਿੰਘ ਜੀ ਅੱਗੇ ਲਿਖਦੇ ਹਨ, “It means that Guru Nanak installed Guru Angad (18th Sep) eleven days after his death (7th Sep)”। ਪ੍ਰੋ ਅਨੁਰਾਗ ਸਿੰਘ ਜੀ ਕੀ ਤੁਸੀਂ ਜਾਣਬੁਝ ਕੇ ਝੂਠ ਲਿਖ ਰਹੇ ਹੋ ਜਾਂ ਤੁਹਾਨੂੰ ਇਹ ਸਮਝ ਹੀ ਨਹੀ ਕਿ ਤੁਸੀਂ ਕੀ ਲਿਖ ਰਹੇ ਹੋ? ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਪ੍ਰੋ ਸਾਹਿਬ ਨੇ ਇਥੇ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 7 ਸਤੰਬਰ ਤਾਂ ਜੂਲੀਅਨ ਦੀ ਲਿਖ ਦਿੱਤੀ ਅਤੇ ਗੁਰੂ ਅੰਗਦ ਜੀ ਦੀ ਗੁਰਗੱਦੀ ਦੀ ਤਾਰੀਖ 18 ਸਤੰਬਰ ਗਰੈਗੋਰੀਅਨ ਦੀ (ਜਿਸ ਨੂੰ ਅੱਜ ਸੀ ਈ ਕਿਹਾ ਜਾਂਦਾ ਹੈ) ਲਿਖ ਦਿੱਤੀ। ਜਿਨ੍ਹਾਂ ਨੂੰ ਜੂਲੀਅਨ ਅਤੇ ਗਰੈਗੋਰੀਅਨ ਦੇ ਫਰਕ ਦਾ ਹੀ ਨਹੀ ਪਤਾ ਉਹ ਪਿਛਲੇ 15 ਸਾਲਾਂ ਤੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹਨ। ਗੁਰੂ ਅੰਗਦ ਜੀ ਦੀ ਗੁਰਗੱਦੀ ਦੀ ਤਾਰੀਖ ਅੱਸੂ ਵਦੀ 5, 4 ਅੱਸੂ, 3 ਸਤੰਬਰ ਜੂਲੀਅਨ ਅਤੇ ਅੱਜ 4 ਅੱਸੂ/18 ਸਤੰਬਰ ਨਾਨਕਸ਼ਾਹੀ ਅਤੇ ਗੁਰੂ ਨਾਨਕ ਜੀ ਦੇ ਜੋਤੀ ਜੋਤ ਦੀ ਤਾਰੀਖ ਅੱਸੂ ਵਦੀ 10, 8 ਅੱਸੂ, 7 ਸਤੰਬਰ ਜੂਲੀਅਨ ਅਤੇ ਅੱਜ 8 ਅੱਸੂ/22 ਸਤੰਬਰ ਨਾਨਕਸ਼ਾਹੀ ਹੈ। ਪ੍ਰੋ ਅਨੁਰਾਗ ਸਿੰਘ ਜੀ ਹੁਣ ਦੱਸੋ ਤੁਹਾਡੇ “It means that Guru Nanak installed Guru Angad (18th Sep) eleven days after his death (7th Sep) ਦਾ ਕੀ ਬਣਿਆ?

ਆਓ ਹੁਣ ਤੁਹਾਡੇ ਅਗਲੇ ਦਾਵੇ ਦੀ ਪੜਤਾਲ ਕਰੀਏ,
“Ethe Sri Guru Amar Das Ji, Bhadron Sudi 15, 1631Bk mutabak 1 September,1574, ate Sri Guru Ram Das Ji Bhadron Sudi 3,1638 Bk/mutabak September 2,1581 nu joti-joti samae. (See the photo). But in the so-called Nanakshahi Calendar these two different dates have been wrongly fixed on the same day: 16th September, i.e. Difference of 15 and 14 days.


ਅਨੁਰਾਗ ਸਿੰਘ ਜੀ , ਤੁਸੀਂ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਭਾਂਦੋ ਸੁਦੀ 15, ਸੰਮਤ 1631 ਬਿ: ਮੁਤਾਬਕ 1 ਸਤੰਬਰ 1574 ਜੂਲੀਅਨ ਅਤੇ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਭਾਂਦੋ ਸੁਦੀ 3 ਸੰਮਤ 1638 ਬਿ 2 ਸਤੰਬਰ 1581 ਜੂਲੀਅਨ ਲਿਖੀ ਹੈ। ਤੁਹਾਡਾ ਇਤਰਾਜ਼ ਇਹ ਹੈ ਕਿ ਭਾਂਦੋ ਸੁਦੀ 15 ਅਤੇ ਭਾਂਦੋ ਸੁਦੀ 3, ਜਿਨ੍ਹਾਂ `ਚ 12 ਦਿਨਾਂ ਦਾ ਫਰਕ ਹੈ ਦੋਵੇਂ ਤਾਰੀਖਾਂ 16 ਸਤੰਬਰ ਕਿਵੇਂ ਹੋ ਗਈਆਂ? ਅਨੁਰਾਗ ਸਿੰਘ ਜੀ ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਪੜ੍ਹੀ ਹੁੰਦੀ ਤਾਂ ਤੁਹਾਨੂੰ ਇਹ ਇਤਰਾਜ਼ ਕਰਨ ਦੀ ਲੋੜ ਨਹੀ ਸੀ ਪੈਣੀ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਭਾਂਦੋ ਸੁਦੀ 15, 1 ਸਤੰਬਰ ਜੂਲੀਅਨ ਮੁਤਾਬਕ 2 ਅੱਸੂ ਬਣਦੀ ਹੈ। ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਭਾਂਦੋ ਸੁਦੀ 3, 1 ਸਤੰਬਰ ਜੂਲੀਅਨ (ਤੁਹਾਡੇ ਵੱਲੋਂ ਲਿਖੀ 2 ਸਤੰਬਰ ਠੀਕ ਨਹੀ ਹੈ) ਮੁਤਾਬਕ 2 ਅੱਸੂ ਬਣਦੀ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਇਹ ਦੋਵੇਂ ਤਾਰੀਖਾਂ 2 ਅੱਸੂ /16 ਸਤੰਬਰ ਦਰਜ ਹਨ।

ਤੁਹਾਡੀ ਆਖਰੀ ਤਾਰੀਖ,
“In another shrine the Inscription reads: "Janam Asthan Guru Arjan Dev Ji: Ethe Sri Guru Arjan Dev Ji da Janam Vaisakh Vadi 7, 1620 Bk mutabak April 15, 1563 nu Hoya. (See photo). But in the so-called Nanakshahi Calendar it is fixed 2nd May, with a difference of 17 days, not to be found in any source/history books”।
ਤੁਸੀਂ ਗੁਰੂ ਅਰਜਨ ਦੇਵ ਜੀ ਦੀ ਜਨਮ ਤਾਰੀਖ ਵੈਸਾਖ ਵਦੀ 7 ਬਿ: 1620, 15 ਅਪ੍ਰੈਲ 1563 ਜੂਲੀਅਨ ਲਿਖੀ ਹੈ। ਆਓ ਹੁਣ ਇਸ ਦਿਨ ਦੀ ਸੂਰਜੀ ਤਾਰੀਖ ਵੇਖੀਏ। ਵੈਸਾਖ ਵਦੀ 7, 15 ਅਪ੍ਰੈਲ ਨੂੰ 19 ਵੈਸਾਖ ਸੀ ਅਤੇ ਇਹ 19 ਵੈਸਾਖ/2 ਮਈ ਹੀ ਨਾਨਕ ਸ਼ਾਹੀ ਕੈਲੰਡਰ ਵਿੱਚ ਦਰਜ ਹੈ। ਹੁਣ ਦੱਸੋ ਤੁਹਾਡੇ ਵੱਲੋਂ ਦੱਸੀਆਂ ਗਈਆਂ ਤਾਰੀਖਾਂ ਮੁਤਾਬਕ ਨਾਨਕਸ਼ਾਹੀ ਵਿੱਚ ਕਿਹੜੀ ਤਾਰੀਖ ਗਲਤ ਹੈ? ਵੈਸੇ ਤਾ ਦੇਗ `ਚ ਇਕ ਦਾਣਾ ਹੀ ਟੋਹਿਆ ਕਾਫੀ ਹੁੰਦਾ ਹੈ ਪਰ ਜੇ ਅਜੇ ਵੀ ਤੁਹਾਡੀ ਤਸੱਲੀ ਨਾ ਹੋਈ ਹੋਵੇ ਤਾਂ ਹੋਰ ਤਾਰੀਖਾਂ ਲਿਖ ਭੇਜਿਓ ਤਾ ਜੋ ਉਨ੍ਹਾਂ ਦੀ ਵੀ ਪੜਤਾਲ ਵੀ ਕੀਤੀ ਜਾ ਸਕੇ।

ਪ੍ਰੋ: ਅਨੁਰਾਗ ਸਿੰਘ ਜੀ, ਕਿੰਨਾ ਚੰਗਾ ਹੁੰਦਾ ਜੇ ਤੁਸੀਂ ਬਿਨਾ ਸੋਚੇ-ਸਮਝੇ ਨਾਨਕਸ਼ਾਹੀ ਕੈਲੰਡਰ ਦਾ ਅੰਨਾ ਵਿਰੋਧ ਕਰਨ ਤੋਂ ਪਹਿਲਾਂ ਨਾਨਕ ਸ਼ਾਹੀ ਕੈਲੰਡਰ ਦੀ ਭੂਮਿਕਾ ਹੀ ਧਿਆਨ ਨਾਲ ਪੜ੍ਹ ਲੈਂਦੇ ਤਾਂ ਜੋ ਤੁਹਾਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਦਾ। ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਪੜ੍ਹੀ ਹੁੰਦੀ ਤਾਂ ਤੁਹਾਨੂੰ ਅਜੇਹੀਆਂ ਗਲਤ ਬਿਆਨੀਆਂ
“not to be found in any source” ਨਹੀ ਸੀ ਕਰਨੀਆਂ ਪੈਣੀਆਂ। ਅਨੁਰਾਗ ਸਿੰਘ ਜੀ, ਅੱਜ ਇੰਟਰਨੈਟ ਦਾ ਜ਼ਮਾਨਾ ਸਮਾਂ ਹੈ, ਇਹ ਕਿਸੇ ਡੇਰੇ ਦੀ ਸਟੇਜ ਨਹੀ ਹੈ ਜਿਥੇ ਪੁੰਨਿਆ ਮਨਾਉਣ ਆਈ ਸੰਗਤ (5 ਜਨਵਰੀ) ਜਾਂ ਨਿਹੰਗ ਬਾਬਿਆਂ ਦੇ ਸਾਹਮਣੇ ਜੋ ਮਰਜ਼ੀ ਬੋਲੀ ਜਾਓ ਉਨ੍ਹਾਂ ਨੇ ਤਾਂ ਜੈਕਾਰੇ ਹੀ ਛੱਡਣੇ ਹਨ। ਤੁਸੀਂ 5 ਜਨਵਰੀ 2015 ਨੂੰ ਕਿਹਾ ਸੀ ਕਿ ਨਾਨਕਸ਼ਾਹੀ ਕੈਲੰਡਰ `ਚ ਦਰਜ ਸਾਰੀਆਂ ਹੀ ਤਾਰੀਖਾਂ ਗਲਤ ਹਨ ਜਦੋਂ ਕਿ ਤੁਸੀਂ ਸੰਤ ਸਿਪਾਹੀ ਵਿੱਚ ਲਿਖੇ ਲੇਖ (ਮਈ 2003 ਪੰਨਾ 24) ਵਿੱਚ 6 ਤਾਰੀਖਾਂ ਨੂੰ ਸਹੀ ਲਿਖਿਆ ਸੀ, ਕੀ ਉਹ 6 ਤਾਰੀਖਾਂ ਵੀ ਹੁਣ ਬਦਲ ਦਿੱਤੀਆਂ ਗਈਆਂ ਹਨ ਜਾਂ ਤੁਹਾਨੂੰ ਆਪਣੇ ਲਿਖੇ ਦਾ ਚੇਤਾ ਭੁਲ ਗਿਆ ਹੈ? ਤੁਸੀਂ ਪਿਛਲੇ 15 ਸਾਲਾਂ ਵਿੱਚ ਇਹ ਕਿਓ ਨਹੀ ਸਪੱਸ਼ਟ ਕਰ ਸਕੇ ਕਿ 354 ਦਿਨਾਂ ਵਾਲੇ ਸਾਲ ਦੀਆਂ ਤਾਰੀਖਾਂ ਨੂੰ 365 ਦਿਨਾਂ ਵਾਲੇ ਸਾਲ ਵਿੱਚ ਕਿਵੇਂ ਬਦਲਿਆ ਜਾਣਾ ਚਾਹੀਦਾ ਹੈ? ਤੁਸੀਂ 1999 ਤੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹੋ। ਕੀ ਕਾਰਨ ਹੈ ਕਿ ਤੁਸੀਂ, ਇਕ ਕੈਲੰਡਰ ਦੀਆਂ ਤਾਰੀਖਾਂ ਨੂੰ ਦੂਜੇ ਵਿੱਚ ਬਦਲ ਕੇ, ਸਹੀ ਤਰੀਖਾਂ ਵਾਲਾ ਕੈਲੰਡਰ ਬਣਾ ਕੇ ਅਜੇ ਤੱਕ ਕੌਮ ਦੇ ਸਾਹਮਣੇ ਪੇਸ਼ ਨਹੀ ਕਰ ਸਕੇ? ਕੀ 15 ਸਾਲ ਦਾ ਸਮਾਂ ਕਾਫੀ ਨਹੀ ਹੈ ਇਕ ਕੈਲੰਡਰ ਬਣਾਉਣ ਲਈ? ਜਦੋਂ ਕਿ ਦੂਜਿਆਂ ਲਈ ਤੁਸੀਂ ਲਿਖਦੇ ਹੋ, ਉਨ੍ਹਾਂ ਨੇ ਕੈਲੰਡਰ ਦੋ ਘੰਟਿਆਂ ਵਿੱਚ ਤਿਆਰ ਕਰ ਲਿਆ ਸੀ। ਅਨੁਰਾਗ ਸਿੰਘ ਜੀ, ਹੁਣ ਤੁਸੀਂ ਇਹ ਮੰਨ ਕਿਓ ਨਹੀਂ ਲੈਂਦੇ ਕੇ ਕੈਲੰਡਰ ਬਣਾਉਣਾ, ਤੁਹਾਡੇ ਵੱਸ ਦਾ ਰੋਗ ਨਹੀ ਹੈ?




.