.


10/29/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ–੩੭

ਗੁਰਮਤਿ ਵਿੱਚ ਉਦਾਸ ਅਤੇ ਉਦਾਸੀ ਦੀ ਵਿਆਖਿਆ

ਉਦਾਸ ਸੰਸਕ੍ਰਿਤ ਦਾ ਸ਼ਬਦ ਅਤੇ ਮਹਾਨ ਕੋਸ਼ ਅਨੁਸਾਰ ਉਦਾਸੀ ਦੇ ਅਰਥ ਹਨ-ਕਿਨਾਰੇ ਬੈਠਨਾ, ਪਾਸਦੀਂ ਗੁਜਰਨਾ, ਵਿਰੱਕਤ, ਉਪਰਾਮ, ਮੋਹ ਰਹਿਤ,ਵੈਰਾਗਵਾਨ (ਘਰ ਹੀ ਮਾਹਿ ਉਦਾਸ) ਇਸ ਦੀ ਸੰਗਿਆ ਉਦਾਸੀਪਨ, ਸੰਨਿਆਸ, ਅਤੇ ਤਿਆਗ ਹੈ। ਉਦਾਸੀ ਦੇ ਅਰਥ ਹਨ-ਉਦਾਸੀਨਤਾ, ਉਪਰਾਮਤਾ, ਵਿਰੱਕਤਤਾ ਅਤੇ ਨਿਰਾਸਤਾ ਹੈ। ਉਦਾਹਰਣ-ਉਸ ਦੇ ਮੂੰਹ ਤੇ ਉਦਾਸੀ ਛਾਈ ਹੋਈ ਹੈ। ਉਦਾਸੀਨ-ਉਪਰਾਮ, ਵਿਰੱਕਤ-ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ॥(੯੯੨) ਉਦਾਸ-ਸਭ ਕੈ ਮਧਿ ਸਗਲ ਤੇ ਉਦਾਸ॥(੨੯੬) ਪ੍ਰੇਮ ਭਗਤਿ ਨਹੀ ਊਪਜੈ ਤਾਂ ਤੇ ਰਵਿਦਾਸ ਉਦਾਸ॥੮॥(੩੪੬) ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ॥(੪੯੬) ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ॥(੧੨੪੯) ਗੁਰਮਤਿ ਸਤਿ ਕਰਿ ਜੀਵਨ ਮੁਕਤ ਭਏ, ਮਾਇਆ ਮਹਿ ਉਦਾਸ ਬਾਸ ਬੰਧ ਨਿਰਬੰਧ ਹੈ॥(ਕਬਿਤ-੨੭ ਭਾਈ ਗੁਰਦਾਸ) ਉਦਾਸੀ-ਕਈ ਕੋਟਿ ਬਨ ਭ੍ਰਮਹਿ ਉਦਾਸੀ॥ (੨੭੬) ਇਕਿ ਫਿਰਹਿ ਉਦਾਸੀ ਤਿਨ੍ ਕਾਮਿ ਵਿਆਪੈ॥ (੩੭੦) ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ॥ (੫੨੬) ਕੋਈ ਅੰਨੁ ਤਜਿ ਭਇਆ ਉਦਾਸੀ॥(੯੧੩) ਭਾਂਵੇਂ ਘਰ ਬਾਰ ਸੰਸਾਰ ਤੋਂ ਉਪਰਾਮ ਹੋ ਕੇ ਜੰਗਲਾਂ ਬੀਆ ਬਾਨਾਂ ਵਿੱਚ ਚਲਾ ਗਿਆ ਪਰ ਮਨ ਦੀ ਨੱਠ-ਭੱਜ ਛੱਡੀ ਨਹੀਂ-ਹੋਇ ਉਦਾਸੀ ਘ੍ਰਿਹੁ ਤਜਿ ਚਲਿਓ, ਛੁਟਕੈ ਨਾਹੀ ਨਾਠਾ॥(੧੦੦੩) ਹਉਂ ਸਦਕੇ ਤਿਨ੍ਹਾਂ ਗੁਰਸਿੱਖਾਂ ਕਰਨ ਉਦਾਸੀ ਅੰਦਰਿ ਮਾਇਆ॥ (ਵਾਰ-੧੨, ਪਉੜੀ-੬ ਭਾਈ ਗੁਰਦਾਸ)

ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ-ਉਦਾਸੀ ਦਾ ਭਾਵ ਹੈ ਨਿਰਾਸ਼ਾ, ਮਾਯੂਸੀ ਤੇ ਦਿਲਗੀਰੀ। ਉਦਾਸ, ਦਿਲਗੀਰ ਭਾਵ ਸਿੱਖ ਨੂੰ ਸੰਸਾਰ ਤੋਂ ਨਿਰਲੇਪ ਰਹਿ ਕੇ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਦੀਆਂ ਚਾਰ ਯਾਤਰਾਵਾਂ ਜਿੰਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ, ਇਨ੍ਹਾਂ ਅਰਥਾਂ ਵਿੱਚ ਹੀ ਹਨ। ਗੁਰਮਤਿ ਦਰਸਾਉਂਦੀ ਹੈ ਕਿ ਕਿਸੇ ਨੂੰ ਨਿਰਾਸ਼ਾ ਜਾਂ ਉਦਾਸੀ ਦੇ ਆਲਮ ਵਿੱਚ ਨਹੀਂ ਰਹਿਣਾ ਚਾਹੀਦਾ ਪਰ ਸੰਸਾਰ 'ਚ ਨਿਰਲੇਪ ਰਹਿਣਾ ਚਾਹੀਦਾ ਅਤੇ ਗੁਰਮਤਿ ਅਨੁਸਾਰ ਇਹ ਦੁਨੀਆਂ ਝੂਠ ਨਹੀਂ ਸਗੋਂ ਸੱਚ ਹੈ। ਮਨੁੱਖ ਇੱਕ ਯਾਤਰੀ ਹੈ ਅਤੇ ਉਸ ਨੂੰ ਦੁਨੀਆਂ ਦੇ ਪਦਾਰਥਾਂ ਜਾਂ ਇੱਕ ਜਗਾ ਨਾਲ ਮੋਹ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਇਸ ਦਾ ਮਤਲਵ ਇਹ ਵੀ ਹੈ ਕਿ ਸੰਸਾਰ ਨੂੰ ਤਿਆਗਣਾ ਨਹੀਂ ਸਗੋਂ ਕੰਵਲ ਫੁੱਲ ਵਾਂਗ ਨਿਰਲੇਪ ਰਹਿਣਾ ਚਾਹੀਦਾ ਹੈ ਜਿਵੇਂ ਕੰਵਲ ਚਿੱਕੜ ਵਿੱਚ ਨਿਰਲੇਪ ਰਹਿੰਦਾ ਹੈ। 

ਸਿੱਖ, ਉਦਾਸੀ ਲਫਜ਼ ਗੁਰੂ ਨਾਨਕ ਸਾਹਿਬ ਵੱਲੋਂ ੧੫੧੭-੧੫੨੧ ਈਸਵੀ ਤੱਕ ਕੀਤੀ ਪ੍ਰਚਾਰ ਯਾਤਰਾ ਵਾਸਤੇ ਵਰਤਦੇ ਹਨ। ਇਸ ਸਮੇਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਗੁਰੂ ਨਾਨਕ ਸਾਹਿਬ ਕਈ ਦੇਸ਼ਾਂ ਵਿੱਚ ਗਏ, ਜਿਵੇਂ ਸਉਦੀ ਅਰਬ,ਇਰਾਕ, ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਤਿੱਬਤ, ਅਸਾਮ ਅਤੇ ਸ੍ਰੀਲੰਕਾ ਆਦਿਕ। ਇਸ ਸਮੇਂ ਦੌਰਾਨ ਗੁਰੂ ਜੀ ਨੇ ਵੱਖ ਵੱਖ ਮਤਾਂ ਦੇ ਵਿਦਵਾਨਾਂ, ਧਰਮ ਤੇ ਰਾਜਨੀਤ ਆਗੂਆਂ ਨਾਲ ਵਿਚਾਰ ਵਿਟਾਂਦਰਾ ਕੀਤਾ। ਸੰਨ ੧੫੦੭-੧੫, ੧੫੧੭-੧੮, ੧੫੧੮-੨੧ ਅਤੇ ੧੫੩੦ ਦੀ ਇੱਕ ਛੋਟੀ ਉਦਾਸੀ ਆਦਿਕ ਹਨ। ਉਦਾਸੀ ਇੱਕ ਫਿਰਕਾ ਵੀ ਹੈ ਜਿਸ ਨੂੰ ਸ੍ਰੀ ਚੰਦ ਨੇ ਚਲਾਇਆ ਤੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ (੧੬੨੪) ਵਿੱਚ ਉਦਾਸੀ ਲਹਿਰ ਦਾ ਮੁਖੀ ਬਾਬਾ ਗੁਰਦਿੱਤਾ ਜੀ ਨੂੰ ਬਣਾਇਆ। ਬਾਬਾ ਗੁਰਦਿੱਤਾ ਨੇ ਬਾਅਦ ਵਿੱਚ ਉਦਾਸੀ ਮਿਸ਼ਨ ਨੂੰ ਸਿੱਖ ਧਰਮ ਵਿੱਚ ਮਿਲਾ ਕੇ ਸਾਰੇ ਉਦਾਸੀਆਂ ਨੂੰ ਗੁਰਮਤਿ ਦੀ ਸਿਧਾਂਤਕ ਮਰਯਾਦਾ ਅਤੇ ਅਸੂਲਾਂ ਵਾਸਤੇ ਵਫਾਦਾਰ ਰਹਿਣ ਲਈ ਆਖਿਆ। ਸਿੱਖਾਂ ‘ਤੇ ਔਖੇ ਸਮੇਂ ਦੌਰਾਨ ਕੁਝ ਹਿੰਦੂ ਸਾਧੂ ਜੋ ਇਨ੍ਹਾਂ ਉਦਾਸੀਆਂ ਹੇਠਲੇ ਅਦਾਰਿਆਂ ਦੀ ਦੇਖਭਾਲ ਕਰਨ ਲੱਗ ਪਏ ਸਨ। ਉਨ੍ਹਾਂ ਨੇ ਮੁਗਲਾਂ ਦੇ ਜ਼ੁਲਮਾਂ ਤੋਂ ਬਚਨ ਵਾਸਤੇ ਆਪਣੇ ਆਪ ਨੂੰ ਹਿੰਦੂ ਸਾਧੂ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਇਸ ਤੋਂ ਬਾਅਦ ਕਾਂਸੀ ਬਨਾਰਸ ਦੀ ਸੰਸਕ੍ਰਿਤ ਅਤੇ ਹਿੰਦੂ ਗ੍ਰੰਥਾਂ ਦਾ ਪ੍ਰਭਾਵ ਹੋਣ ਕਾਰਨ ਇਹ ਬ੍ਰਾਹਮਣੀ ਕਰਮਕਾਂਡੀ ਚਿੱਟੇ, ਭਗਵੇ ਤੇ ਗੇਰੂਏ ਸਾਧੂ ਬਣ ਗਏ।

ਅੱਜ ਹਰੇਕ ਜਾਗਰੂਕ ਸਿੱਖ ਜਾਣਦਾ ਤੇ ਮੰਨਦਾ ਹੈ ਕਿ ਬ੍ਰਾਹਮਣਵਾਦੀ ਤਾਕਤਾਂ ਵਲੋਂ ਸਿੱਖ ਇਤਿਹਾਸ ਅਤੇ ਫਲਸਫੇ ਵਿੱਚ ਬਹੁਤ ਮਿਲਾਵਟ ਕੀਤੀ ਗਈ ਤਾਂ ਕਿ ਕੌਮ ਨੂੰ ਗੁਰਮਤਿ ਦੇ ਰਾਹ ਤੋਂ ਭਟਕਾਇਆ ਜਾ ਸਕੇ। ਸੋ ਲੋੜ ਹੈ ਐਸੇ ਮਿਲਾਵਟੀ ਅੰਸ਼ਾਂ ਬਾਰੇ ਜਾਗ੍ਰਿਤੀ ਲਿਆਂਦੀ ਜਾਵੇ। ਜੇ ਪੂਰਾ ਸੱਚ ਬੋਲਣ ਜਾਂ ਲਿਖਣ ਵਿੱਚ ਕਿਸੇ ਨੂੰ ਦਿੱਕਤ ਮਹਿਸੂਸ ਹੁੰਦੀ ਹੋਵੇ ਤਾਂ ਘੱਟੋ-ਘੱਟ ਇਹ ਤਾਂ ਕੀਤਾ ਹੀ ਜਾ ਸਕਦਾ ਹੈ ਕਿ ਗੁਰਮਤਿ ਸਿਧਾਂਤਾਂ 'ਤੇ ਪੂਰੇ ਉਤਰਦੇ ਇਤਿਹਾਸਕ ਤੱਥ ਹੀ ਪਾਠਕਾਂ ਸਾਹਮਣੇ ਰੱਖੇ ਜਾਣ। ਇਹ ਗੱਲ ਤਾਂ ੧੦੦% ਸੱਚ ਹੈ ਕਿ ਨਾਨਕ ਜਾਮੇ (ਸੰਨ ੧੪੬੯ ਤੋਂ ੧੭੦੮ ਤੱਕ) ਕੋਈ ਵੀ ਗੁਰਮਤਿ ਸਿਧਾਂਤ ਵਿਰੋਧੀ ਕਰਮ ਨਹੀਂ ਕਰ ਸਕਦੇ ਸਨ। ਉਸ ਤੋਂ ਬਾਅਦ ਸਿੱਖਾਂ ਵਿੱਚ ਭਾਂਵੇ ਕੁੱਝ ਆ ਚੁਕੀਆਂ ਕਮਜ਼ੋਰੀਆਂ ਕਾਰਨ ਪ੍ਰਚਲਿਤ ਇਤਿਹਾਸਕ ਸਾਖੀਆਂ, ਨਾਨਕ ਜਾਮਿਆਂ ਨੂੰ ਗੁਰਮਤਿ ਵਿਰੁਧ ਕਰਮ ਕਰਦੇ ਦਰਸਾਉਂਦੀਆਂ ਨੇ, ਉਹ ਬਿਨਾ ਸ਼ੱਕ ਮਿਲਾਵਟ ਹੈ। ਉਦਾਹਰਣ ਵਾਸਤੇ ਨਾਨਕ ਜਾਮਿਆਂ ਵਲੋਂ ਕਰਾਮਾਤਾਂ ਵਿਖਾਉਣਾ, ਇੱਕ ਤੋਂ ਵੱਧ ਵਿਆਹ ਕਰਨਾ ਆਦਿ। ਇਨ੍ਹਾਂ ਇਤਿਹਾਸਕ ਤੱਥਾਂ ਤੋਂ ਵੀ ਹਰ ਜਾਗਰੂਕ ਸਿੱਖ ਜਾਣੂੰ ਹੈ ਕਿ ਬਾਬਾ ਨਾਨਕ ਜੀ ਦੇ ਬਿੰਦੀ ਪੁੱਤਰ ਸ੍ਰੀ ਚੰਦ ਹੀ ਉਹਨਾਂ ਦੇ ਦੱਸੇ ਰਾਹ ਤੋਂ ਬਾਗੀ ਹੋ ਗਏ ਸਨ। ਇਸ ਬਾਰੇ ਜਾਣਕਾਰੀ ਦਿੰਦਾ ਗੁਰਵਾਕ ਹੈ-ਸਚੁ ਜੇ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥ ਪੁਤ੍ਰੀ ਕਉਲ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ॥ ਦਿਲਿ ਖੋਟੈ ਆਕੀ ਫਿਰਨਿੑ ਬੰਨਿੑ ਭਾਰੁ ਉਚਾਇਨਿੑ ਛਟੀਐ॥(੯੬੭) ਗੁਰੂ ਨਾਨਕ ਵਿਚਾਰਧਾਰਾ ਤੋਂ ਬਾਗੀ ਹੋ ਕੇ ਸ੍ਰੀ ਚੰਦ ਜੀ ਨੇ ਉਦਾਸੀ ਮੱਤ ਅਪਣਾ ਲਿਆ। ਇਸ ਮੱਤ ਦੇ ਜ਼ਿਆਦਾਤਰ ਸਿਧਾਂਤ ਗੁਰਮਤਿ ਸਿਧਾਂਤਾਂ ਦੇ ਵਿਪਰੀਤ ਹਨ। ਇਸ ਮੱਤ ਨੂੰ ਗੁਰਮਤਿ ਵਲੋਂ ਕਦੇ ਵੀ ਪ੍ਰਵਾਨਗੀ ਨਹੀਂ ਸੀ ਮਿਲ ਸਕਦੀ ਪਰ ਵਿਰੋਧੀ ਤਾਕਤਾਂ ਨੇ ਇਤਿਹਾਸ ਵਿੱਚ ਮਿਲਾਵਟ ਕਰਦੇ ਹੋਏ, ਕਈ ਐਸੀਆਂ ਸਾਖੀਆਂ ਪ੍ਰਚਲਿਤ ਕਰ ਦਿਤੀਆਂ ਜਿਸ ਰਾਹੀਂ ਕੌਮ ਨੂੰ (ਉਦਾਸੀ ਮੱਤ) ਦੇ ਬ੍ਰਾਹਮਣਵਾਦੀ ਸਾਗਰ ਵਿੱਚ ਡੁਬੋਇਆ ਜਾ ਸੱਕੇ। ਐਸੀ ਹੀ ਇੱਕ ਸਾਖੀ ਗੁਰੂ ਰਾਮਦਾਸ ਪਾਤਸ਼ਾਹ ਨਾਲ ਵੀ ਜੋੜੀ ਗਈ, ਜਿਸ ਦਾ ਸੰਬੰਧ ਸ੍ਰੀ ਚੰਦ ਨਾਲ ਹੈ। ਪ੍ਰਚਾਰੀ ਗਈ ਸਾਖੀ ਅਨੁਸਾਰ ਸ੍ਰੀ ਚੰਦ ਜੀ ਨੇ ਰਾਮਦਾਸ ਪਾਤਸ਼ਾਹ ਜੀ ਦਾ ਲੰਮਾ ਦਾਹੜਾ ਵੇਖ ਕੇ ਪੁੱਛਿਆ ਕਿ ਇਹ ਕਿਸ ਲਈ ਵਧਾਇਆ ਤਾਂ ਉਨ੍ਹਾਂ ਜਾਵਾਬ ਦਿਤਾ ਕਿ ਆਪ ਜੀ ਵਰਗੇ ਮਹਾਪੁਰਖਾਂ ਦੇ ਚਰਨ ਝਾੜਣ ਵਾਸਤੇ। ਜੇਕਰ ਕੋਈ ਵੀ ਜਾਗਰੂਕ ਸਿੱਖ ਇਸ ਸਾਖੀ ਦੀ ਪੜਚੋਲ ਕਰੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਾਖੀ ਕੇਵਲ ਇਹ ਗੱਲ ਪ੍ਰਚਾਰਨ ਵਾਸਤੇ ਰਚੀ ਗਈ ਸੀ ਕਿ ਸ੍ਰੀ ਚੰਦ ਵਾਲਾ 'ਉਦਾਸੀ ਮੱਤ' ਗੁਰਮਤਿ ਵਿੱਚ ਪ੍ਰਵਾਨ ਸੀ। ਨਾਲ ਹੀ ਅਸਿੱਧੇ ਤੌਰ ਤੇ ਇਹ ਸਾਖੀ ਅਖੌਤੀ ਸੰਤ-ਬਾਬਿਆਂ ਨੂੰ ਮਾਨਤਾ ਦੇਣ ਵਾਲੀ ਹੈ। ਤਾਂ ਹੀ ਸੰਪ੍ਰਦਾਈ ਸੋਚ ਵਾਲੇ ਅਖੌਤੀ ਸੰਤ ਬਾਬੇ ਐਸੀਆਂ ਗੁਰਮਤਿ ਵਿਰੋਧੀ ਸਾਖੀਆਂ ਹੀ ਸੁਣਾਉਂਦੇ ਹਨ। ਪਰ ਅਸਲ ਸੱਚਾਈ ਇਹ ਹੈ ਕਿ ਉਦਾਸੀ ਮੱਤ ਪੂਰੀ ਤਰਾਂ ਗੁਰਮਤਿ ਸਿਧਾਂਤਾਂ ‘ਤੇ ਖਰਾ ਨਾ ਉਤਰਨ ਕਰਕੇ ਗੁਰਮਤਿ ਵਿੱਚ ਪ੍ਰਵਾਨ ਨਹੀਂ ਸੀ।

ਹੁਣ ਧੂਣਿਆਂ ਬਾਰੇ ਵਿਚਾਰ ਕਰਦੇ ਹਾਂ ਕਿ ਕਿਹਾ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ, ਧਰਮ ਪ੍ਰਚਾਰ ਲਈ ਚਾਰ ਧੂਣੇ ਕਾਇਮ ਕੀਤੇ ਸਨ। ਦੱਸਿਆ ਜਾਂਦਾ ਹੈ ਕਿ 6ਵੇਂ ਗੁਰੂ ਵਲੋਂ ਹੁਕਮ ਮਿਲਣ ਤੇ ਬਾਬਾ ਗੁਰਦਿਤਾ ਜੀ ਨੇ 'ਉਦਾਸੀ ਮਹਾਪੁਰਖਾਂ' ਨੂੰ ਸਿੱਖ ਧਰਮ ਦੇ ਪ੍ਰਚਾਰ ਵਿੱਚ ਲਾ ਦਿਤਾ। ਬਾਬਾ ਗੁਰਦਿੱਤਾ ਜੀ ਨੇ ਇਨ੍ਹਾਂ ਉਦਾਸੀ ਮਹਾਤਮਾਵਾਂ ਦੀ ਦੇਖ ਰੇਖ ਵਿੱਚ ਚਾਰ ਮੁੱਖ ਕੇਂਦਰ (ਧੂਣੇ) ਕਾਇਮ ਕੀਤੇ। ਪਹਿਲੇ ਧੂਣੇ ਦੇ ਪ੍ਰਚਾਰਕ ਭਾਈ ਅਲਮਸਤ ਜੀ ਬਾਰੇ ਦਿਤੀ ਜਾਣਕਾਰੀ ਵਿੱਚ ਲਿਖਿਆ ਹੈ ਕਿ ਅਲਮਸਤ ਜੀ ਦਾ ਜਨਮ ਭਾਈ ਹਰੀਦੱਤ (ਬ੍ਰਾਹਮਣ) ਦੇ ਘਰ ਸ੍ਰੀਨਗਰ (ਕਸ਼ਮੀਰ) ਵਿੱਚ ਹੋਇਆ। ਸੰਨ ੧੫੭੪ ਵਿੱਚ ਆਪ ਡੇਰਾ ਬਾਬਾ ਨਾਨਕ ਗਏ ਅਤੇ ਉੱਥੇ ਬਾਬਾ ਸ੍ਰੀ ਚੰਦ ਜੀ ਦੇ ਸੇਵਕ ਬਣ ਗਏ। ਇਸ ਤੋਂ ਸਪੱਸ਼ਟ ਹੈ ਕਿ ਇਹ ਉਦਾਸੀ ਸ੍ਰੀ ਚੰਦ ਜੀ ਦੇ ਚੇਲੇ ਸਨ। ਇਨ੍ਹਾਂ ਦਾ ਅਪਣਾ ਜੀਵਨ ਗੁਰਮਤਿ ਸਿਧਾਂਤਾਂ ਤੋਂ ਉਲਟ ਸੀ। ਫੇਰ ਇਨ੍ਹਾਂ ਨੂੰ ਗੁਰਮਤਿ ਪ੍ਰਚਾਰਕ ਕਿਵੇਂ ਥਾਪਿਆ ਜਾ ਸਕਦਾ ਸੀ? ਤੇ ਜੇ ਕਰ ਥਾਪਣਾਂ ਹੀ ਸੀ ਤਾਂ ਸ੍ਰੀ ਚੰਦ ਜੀ ਵਿੱਚ ਕੀ ਬੁਰਾਈ ਸੀ? ਆਖਰ ਬਾਬਾ ਨਾਨਕ ਜੀ ਦੇ ਪੁੱਤ੍ਰ ਸਨ ਅਤੇ ਜੇਕਰ ਗੁਰੂ ਪਾਤਸ਼ਾਹ ਜੀ ਦੇ ਪੁੱਤ੍ਰ ਹੁੰਦਿਆਂ ਵੀ ਨਹੀਂ ਥਾਪਿਆ ਗਿਆ ਤਾਂ ਕੇਵਲ ਇਹ ਕਾਰਨ ਕਿ ਇਨ੍ਹਾਂ ਦਾ ਪ੍ਰਚਾਰ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਸੀ ਕਿ-ਅਵਰ ਉਪਦੇਸੈ ਆਪਿ ਨ ਕਰੈ, ਆਵਤ ਜਾਵਤ ਜਨਮੈ ਮਰੈ॥(੨੬੯)

"ਧੂਣੇ" ਦੇ ਅਰਥ ਮਹਾਨ ਕੋਸ਼ ਦੇ ਹਵਾਲੇ ਨਾਲ ਕਰਦੇ ਲਿਖਿਆ ਹੈ ਕਿ ਤਪੱਸਵੀ ਸਾਧੂ ਦੀ ਗੱਦੀ ਦਾ ਅਸਥਾਨ। ਕੀ ਗੁਰਮਤਿ ਵਿੱਚ ਐਸੀ ਤਪੱਸਿਆ ਪ੍ਰਵਾਨ ਹੈ? ਬਲਕਿ ਗੁਰਮਤਿ ਵਿੱਚ ਥਾਂ ਥਾਂ ਖੰਡਨ ਕੀਤਾ ਜ਼ਰੂਰ ਮਿਲਦਾ ਹੈ। ਹਰ ਜਾਗਰੂਕ ਸਿੱਖ ਇਹ ਜਾਣਦਾ ਹੈ ਕਿ ਕੌਮ ਦੇ ਬਿਖੜੇ ਸਮੇਂ ਦੌਰਾਨ ੧੭੨੦ ਈ. ਤੋਂ ਬਾਅਦ, ਹਾਲਾਤ ਦਾ ਫਾਇਦਾ ਚੁੱਕਦੇ ਹੋਏ, ਬ੍ਰਾਹਮਣਵਾਦੀ ਸੋਚ ਵਾਲੇ (ਉਦਾਸੀ ਅਤੇ ਨਿਰਮਲੇ) ਸਿੱਖ ਅਸਥਾਨਾਂ 'ਤੇ ਹਮਦਰਦ ਬਣਕੇ ਕਾਬਜ਼ ਹੋ ਗਏ। ਇਨ੍ਹਾਂ ਨੇ ਹੀ ਸਿੱਖ ਇਤਿਹਾਸ ਅਤੇ ਫਲਸਫੇ ਨੂੰ ਬ੍ਰਾਹਮਣਵਾਦੀ ਰੰਗਤ ਦੇ ਕੇ ਸਿੱਖ ਸਮਾਜ ਨੂੰ ਨਿਰੋਲ ਗੁਰਮਤਿ ਫਲਸਫੇ ਦੇ ਰਾਹ ਤੋਂ ਭਟਕਾ ਦਿਤਾ ਕਿ-ਮਜ਼ਬੂਰਨ ਸਿੱਖ ਗੁਰਧਾਮਾਂ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿਚੋਂ ਨਿਕਲ ਕੇ ਹੁਕੂਮਤ ਦੇ ਕਰਿੰਦਿਆਂ, ਉਦਾਸੀ ਮਹੰਤਾਂ ਅਤੇ ਨਿਰਮਲਿਆਂ ਦੇ ਹੱਥ ਆ ਗਿਆ ‘ਤੇ ਗੁਰਦੁਆਰਿਆਂ ਵਿੱਚ ਮਨਮਰਜ਼ੀ ਦੀਆਂ ਮਰਯਾਦਾਵਾਂ ਚੱਲਣ ਲੱਗੀਆਂ। 
ਮਹਾਨ ਕੋਸ਼ ਦੇ ਪੰਨਾ ੨੦੦ ਅਤੇ ੨੫੧ ਤੇ ਸ੍ਰੀ ਚੰਦ ਜੀ ਦਾ ਦਿਹਾਂਤ ੧੫ ਅਸੂ ਸੰਮਤ ੧੬੬੯ ਨੂੰ ਲਿਖਿਆ ਮਿਲਦਾ ਹੈ। ਇਸੇ ਮਹਾਨ ਕੋਸ਼ ਦੇ ਪੰਨਾ ੪੧੬ ਤੇ ਬਾਬਾ ਗੁਰਦਿਤਾ ਜੀ ਦਾ ਜਨਮ ਕੱਤਕ ਸੁਦੀ ੧੫ ਸੰਮਤ ੧੬੭੦ ਵਿੱਚ ਹੋਇਆ ਲਿਖਿਆ ਹੈ। ਭਾਵ ਬਾਬਾ ਗੁਰਦਿਤਾ ਜੀ ਦਾ ਜਨਮ ਸ੍ਰੀ ਚੰਦ ਦੇ ਦੇਹਾਂਤ ਤੋਂ ਪੂਰੇ ੧੩ ਮਹੀਨੇ ਬਾਅਦ ਹੋਇਆ। ਸੋ ਸਪਸ਼ਟ ਹੈ ਕਿ ਸ੍ਰੀ ਚੰਦ ਜੀ ਬਾਬਾ ਗੁਰਦਿੱਤਾ ਜੀ ਨੂੰ ਕਦੇ ਵੀ ਨਹੀਂ ਮਿਲੇ। ਸੋ ਇਹ ਪੂਰੀ ਸਾਖੀ ਹੀ ਝੂਠ ਦਾ ਪੁਲੰਦਾ ਸਾਬਿਤ ਹੋ ਜਾਂਦੀ ਹੈ ਕਿ ਬਾਬਾ ਗੁਰਦਿੱਤਾ ਸ੍ਰੀ ਚੰਦ ਦੇ ਚੇਲੇ ਸਨ।

ਉਦਾਸੀ ਮੱਤ ਦੇ ਸਿਧਾਂਤ ਕਿੰਨੇਂ ਗੁਰਮਤਿ ਅਨੁਸਾਰੀ ਹਨ ਜੇ ਇਸ ਦੇ ਦਰਸ਼ਨ ਕਰਨੇ ਹੋਣ ਤਾਂ ਕਿਸੇ ਵੀ ਉਦਾਸੀ ਮੱਤ ਨਾਲ ਸੰਬੰਧਤ ਸਥਾਨ 'ਤੇ ਦੇਖੇ ਜਾ ਸਕਦੇ ਹਨ। ਇਨ੍ਹਾਂ ਦੇ ਡੇਰਿਆਂ ਤੇ ਬੇਸ਼ਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਮਿਲ ਜਾਵੇਗਾ ਪਰ ਨਾਲ ਹੀ ਦੇਵੀ ਦੇਵਤਿਆਂ ਦੀ ਕੀਤੀ ਜਾਂਦੀ ਮੂਰਤੀ ਪੂਜਾ ਦਾ ਨਜ਼ਾਰਾ ਵੀ ਵੇਖਣ ਨੂੰ ਮਿਲੇਗਾ। ਸ੍ਰੀ ਚੰਦ ਅਤੇ ਉਨ੍ਹਾਂ ਦੇ ਉਦਾਸੀ ਮੱਤ ਦੇ ਗੁਰਮਤਿ ਵਿਰੋਧੀ ਸਰੂਪ ਦੀ ਜ਼ਿਆਦਾ ਜਾਣਕਾਰੀ ਲਈ ਗੁਰਮਤਿ ਦੇ ਉਘੇ ਵਿਦਵਾਨ ਸ੍ਰ. ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਪੁਸਤਕ "ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ-੪" ਪੜ੍ਹਿਆ ਜਾ ਸਕਦਾ ਹੈ। ਇਸ ਪੁਸਤਕ ਦੇ ਪੰਨਾ ੨੫੫ ਤੋਂ ਲੈ ਕੇ ਪੰਨਾ ੨੯੪ ਤੱਕ ਵਿਦਵਾਨ ਅਫਗਾਨਾ ਜੀ ਨੇ ਇਸ ਦੀ ਗੁਰਮਤਿ ਆਧਾਰਿਤ ਖੁੱਲ੍ਹੀ ਪੜਚੋਲ ਕੀਤੀ ਹੈ।

ਉਪ੍ਰੋਕਤ ਹਵਾਲਿਆਂ ਤੋਂ ਉਦਾਸ, ਉਦਾਸੀ ਅਤੇ ਉਦਾਸੀ ਮੱਤ ਬਾਰੇ ਪਤਾ ਚਲ ਜਾਂਦਾ ਹੈ ਕਿ ਇਹ ਇੱਕ ਵੱਖਰਾ ਮੱਤ ਸੀ ਜੋ ਗੁਰੂ ਨਾਨਕ ਦੀ ਗੁਰਮਤਿ ਤੋਂ ਬਾਗੀ ਹੋ, ਸ੍ਰੀ ਚੰਦ ਨੇ ਚਲਾਇਆ ਸੀ ਪਰ ਅਜੋਕੇ ਪੁਜਾਰੀਨੁਮਾ ਜਥੇਦਾਰ ਅਤੇ ਸੰਪ੍ਰਦਾਈ ਆਗੂ ਕਹਿੰਦੇ ਹਨ ਕਿ ਸਾਨੂੰ ਸ੍ਰੀ ਚੰਦ ਦੇ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ। ਦੇਖੋ! ਕਿਰਤ ਕਰਨੀ ਛੱਡ ਕੇ ਸ੍ਰੀ ਚੰਦ ਤਾਂ ਗ੍ਰਿਹਸਤ ਤੋਂ ਭਗੌੜਾ ਉਦਾਸ ਹੋ ਗਿਆ, ਕਪੜੇ ਛੱਡ ਕੇ ਲੰਗੋਟੀ ਧਾਰਨ ਕਰ ਲਈ, ਸਿਰ ਦੇ ਵਾਲ ਧੋਣ ਤੇ ਵਾਹੁਣ ਦੀ ਥਾਂ ਜਟਾਂ ਵਧਾ ਲਈਆਂ, ਸਾਰੇ ਸਰੀਰ ਤੇ ਸਿਰ ਵਿੱਚ ਸਵਾਹ ਮਲਣ ਲੱਗਾ ਅਤੇ ਬ੍ਰਾਹਮਣੀ ਮਤ ਦੇ ਮਨੋ ਕਲਪਿਤ ਦੇਵੀ ਦੇਵਤਿਆਂ ਤੇ ਅਵਤਾਰਾਂ ਦੀ ਪੂਜਾ ਕਰਨ ਲੱਗ ਪਿਆ। ਕੀ ਅੱਜ ਅਕਾਲ ਪੁਰਖ ਦੇ ਅਨੁਯਾਈ ਸਿੱਖਾਂ ਨੂੰ ਸ੍ਰੀ ਚੰਦ ਦੀ ਉਪ੍ਰੋਕਤ ਬ੍ਰਾਹਮਣੀ ਸਿਖਿਆ ਲੈਣੀ ਚਾਹੀਦੀ ਹੈ? ਜੇ ਨਹੀਂ ਤਾਂ ਸਾਰੇ ਗੁਰਮਤਿ ਵਿਰੋਧੀ ਜਥੇਦਾਰ, ਸੰਪ੍ਰਦਾਈ, ਡੇਰੇਦਾਰ ਅਤੇ ਸੰਤ-ਗ੍ਰੰਥ ਤੇ ਬਾਬੇ ਰੱਦ ਕਰਨੇ ਚਾਹੀਦੇ ਹਨ। ਸਿੱਖ ਨੇ ਗ੍ਰਿਹਸਤ ਵਿੱਚ ਰਹਿੰਦੇ ਹੀ ਉਦਾਸ ਭਾਵ ਮੋਹ ਮਾਇਆ ਤੋਂ ਨਿਰਲੇਪ ਰਹਿਣਾ ਹੈ ਜਿਵੇਂ ਕੰਵਲ ਚਿੱਕੜ ਨਿਰਲੇਪ ਰਹੇ ਸਦਾ ਪਾਣੀ ਦੇ ਉਪਰ ਤੈਰਦਾ ਹੈ ਨਾ ਕਿ ਗੁਰਮਤਿ ਸਿਧਾਂਤ ਛੱਡ ਕੇ, ਜਾਂ ਨਾਲ ਨਾਲ ਗੁਰਮਤਿ ਵਿਰਧੀ ਉਦਾਸੀ-ਸਾਧਾਂ ਨੂੰ ਵੀ ਮਾਣਤਾ ਦੇਣੀ ਚਾਹੀਦੀ ਹੈ।


10/29/17
ਗਿ: ਸੰਤੋਖ ਸਿੰਘ ਅਸਟ੍ਰੇਲੀਆ

ਯਾਤਰਾ ਮੇਰੀ ਸਿਡਨੀ ਦੇ ਤਿੰਨ ਹਸਪਤਾਲਾਂ ਦੀ
ਕਦੀ ਉਹ ਵੀ ਦਿਨ ਸਨ ਜਦੋਂ ਮੈਂ ਹਸਪਤਾਲ ਨੂੰ ਡਾਕਖਾਨਾ ਆਖਿਆ ਕਰਦੇ ਸਾਂ। ਹੋ ਸਕਦਾ ਹੈ ਕਿ ਇਹ ਸ਼ਬਦ ਦਵਾਖਾਨਾ ਤੋਂ ਘਸਦਾ ਘਸਦਾ ਡਾਕਖਾਨਾ ਬਣ ਗਿਆ ਹੋਵੇ!
ਇਸ ਸਾਲ, ੨੦੧੭ ਦੇ ਮਾਰਚ ਮਹੀਨੇ ਦੇ ਇੱਕ ਦਿਨ ਮੈਂ ਆਪਣੀ ਡਾਕਟਰ ਕੋਲੋਂ, ਡਾਇਆਫ਼ੌਰਮਨ ਦੀ ਪ੍ਰਿਸਕ੍ਰਿਪਸ਼ਨ ਲੈਣ ਗਿਆ ਤਾਂ ਸਹਿਜ ਸੁਭਾ ਹੀ ਉਸ ਨੂੰ ਦੱਸ ਬੈਠਾ ਕਿ ਬਚਪਨ ਅਤੇ ਚੜ੍ਹਦੀ ਜਵਾਨੀ ਦੌਰਾਨ ਨੱਠਣ ਸਮੇ ਜੋ ਕੁੱਝ ਅਜੀਬ ਜਿਹਾ ਮੈਨੂੰ ਆਪਣੀ ਛਾਤੀ ਵਿੱਚ ਮਹਿਸੂਸ ਹੁੰਦਾ ਸੀ ਓਹੋ ਕੁੱਝ ਹੁਣ ਤੁਰਨ ਸਮੇ ਵੀ ਹੋਣ ਲੱਗ ਪਿਆ ਹੈ। ਉਸ ਨੇ ਕੁੱਝ ਕੁ ਅਜਿਹੇ ਸਵਾਲ ਪੁੱਛੇ ਕਿ ਕੀ ਸਾਹ ਚੜ੍ਹਦਾ ਹੈ? ਦਿਲ ਧੜਕਦਾ ਹੈ? ਮੈਂ ਆਖਿਆ ਇਹਨਾਂ ਵਿਚੋਂ ਕੁੱਝ ਵੀ ਨਹੀਂ ਹੁੰਦਾ। ਪਰ ਜੋ ਕੁੱਝ ਹੁੰਦਾ ਹੈ ਮੈਂ ਉਸ ਨੂੰ ਕੋਈ ਨਾਂ ਨਹੀਂ ਦੇ ਸਕਦਾ। ਉਸ ਨੇ ਫਟਾ ਫਟ ਦਿਲ ਦੇ ਮਾਹਰ ਡਾਕਟਰ ਵੱਲ ਚਿੱਠੀ ਲਿਖ ਦਿਤੀ।
ਸ਼ਾਇਦ ਕਿਸੇ ਸ਼ੁਭਚਿੰਤਕ ਸੱਜਣ ਦੇ ਦਿਲ ਵਿੱਚ ਆਵੇ ਕਿ ਏਥੇ ਏਨੇ ਪੰਜਾਬੀ ਡਾਕਟਰਾਂ ਨੂੰ ਛੱਡ ਕੇ ਮੈਂ ਕਿਸੇ ਗ਼ੈਰ ਪੰਜਾਬੀ ਲੇਡੀ ਡਾਕਟਰ ਕੋਲ਼ ਕਿਉਂ ਜਾਂਦਾ ਹਾਂ! ਬੇਨਤੀ ਇਉਂ ਹੈ ਕਿ ਮੈਨੂੰ ਆਪਣੀ ਅੰਗ੍ਰੇਜ਼ੀ ਬਾਰੇ ਊਣੇ ਗਿਆਨ ਦਾ ਵਹਿਮ ਜਿਹਾ ਹੋਣ ਕਰਕੇ, ਮੈਂ ਪੰਜਾਬੀ, ਹਿੰਦੀ ਜਾਂ ਉਰਦੂ ਬੋਲ ਸਕਣ ਵਾਲ਼ੇ ਸੱਜਣਾਂ ਨਾਲ਼ ਹੀ ਵਾਹ ਪਾ ਕੇ ਖ਼ੁਸ਼ ਹਾਂ। ਡਾ. ਸੁਰਜੀਤ ਸਿੰਘ ਰਾਣਾ ਜੀ ਇਸ ਮੈਡੀਕਲ ਸੈਂਟਰ ਵਿੱਚ ਹੁੰਦੇ ਸਨ। ਮੈਂ ਕੁੱਝ ਸਾਲਾਂ ਤੋਂ ਉਹਨਾਂ ਪਾਸ ਜਾਣਾ ਸ਼ੁਰੂ ਕਰ ਦਿਤਾ ਸੀ। ਇੱਕ ਦਿਨ ਓਥੇ ਜਾਣ ਤੇ ਸੈਂਟਰ ਦੀ ਰੀਸੈਪਸ਼ਨਿਸਟ ਤੋਂ ਪਤਾ ਲੱਗਾ ਕਿ ਉਹ ਤਾਂ ਰਿਟਾਇਰ ਹੋ ਗਏ ਹਨ। ਫਿਰ ਓਥੇ ਇੱਕ ਅਫ਼੍ਰੀਕਨ ਡਾਕਟਰ ਡੇਮੀਅਨ ਨੂੰ ਵੇਖਣਾ ਸ਼ੁਰੂ ਕਰ ਦਿਤਾ ਪਰ ਸਾਨੂੰ ਇੱਕ ਦੂਜੇ ਦੀ ਗੱਲ ਸਮਝਣ ਵਿੱਚ ਸੌਖ ਨਾ ਰਿਹਾ। ਉਂਜ ਉਹ ਡਾਕਟਰ ਬੜਾ ਭਲਾ ਲੋਕ ਹੈ ਤੇ ਉਸ ਨੂੰ ਛੱਡਣ ਬਾਰੇ ਮੈਂ ਨਾ ਸੋਚਿਆ। ਇੱਕ ਦਿਨ ਉਹ ਸੈਂਟਰ ਵਿੱਚ ਮੌਜੂਦ ਨਾ ਹੋਣ ਕਰਕੇ ਮੈਂ ਆਖਿਆ ਕਿ ਕਿਸੇ ਇੰਡੀਅਨ ਡਾਕਟਰ ਪਾਸ ਭੇਜ ਦਿਓ। ਉਹਨਾਂ ਨੇ ਇਸ ਬੰਗਲਾ ਦੇਸ਼ੀ ਲੇਡੀ ਡਾਕਟਰ ਵੱਲ ਭੇਜ ਦਿਤਾ। ਉਹ ਉਰਦੂ ਜਾਣਦੀ ਹੈ ਤੇ ਰਵੱਈਆ ਵੀ ਉਸ ਦਾ ਮੈਨੂੰ ਭਾਇਆ ਤੇ ਫਿਰ ਮੈਂ ਲੋੜ ਪੈਣ ਤੇ ਉਸ ਵੱਲ ਹੀ ਜਾਣਾ ਸ਼ੁਰੂ ਕਰ ਦਿਤਾ ਤੇ ਡਾਕਟਰ ਡੇਮੀਅਨ ਨੂੰ ਇਸ ਦਾ ਕਾਰਨ ਵੀ ਦੱਸ ਦਿਤਾ।
ਉਸ ਦੀ ਚਿੱਠੀ ਲੈ ਕੇ ਮੈਂ ਦਿਲ ਦੇ ਮਾਹਰ ਡਾਕਟਰ ਕੋਲ਼ ਚਲਿਆ ਗਿਆ। ਉਸ ਦੀਆਂ ਸਹਾਇਕਾਂ ਨੇ ਦਿਲ ਦੇ ਮਾਮਲੇ ਨੂੰ ਜਾਨਣ ਵਾਸਤੇ, ਮੈਨੂੰ ਮਸ਼ੀਨਾਂ ਉਪਰ ਚਾਹੜ ਕੇ ਆਪਣੀ ਤਸੱਲੀ ਕੀਤੀ ਪਰ ਉਹਨਾਂ ਦੇ ਚੇਹਰਿਆਂ ਉਪਰ ਕੋਈ ਉਤਸ਼ਾਹ ਨਾ ਮੈਨੂੰ ਦਿਸਿਆ। ਮੇਰੇ ਇਹ ਪੁੱਛਣ ਤੇ ਕੀ ਸਭ ਕੁੱਝ ਠੀਕ ਹੈ, ਉਹਨਾਂ ਨੇ ਕਿਹਾ ਕਿ ਡਾਕਟਰ ਹੀ ਤੁਹਾਨੂੰ ਦੱਸੂ ਗਾ। ਮੈਨੂੰ ਆਪਣੇ ਤੰਦਰੁਸਤ ਹੋਣ ਤੇ ਏਨਾ ਯਕੀਨ ਸੀ ਕਿ ਮੈਂ ਸਮਝਦਾ ਸਾਂ ਕਿ ਸਭ ਕੁੱਝ ਠੀਕ ਠਾਕ ਹੈ; ਮੈਨੂੰ ਕੁੱਝ ਵੀ ਨਹੀਂ ਹੋਇਆ। ਡਾਕਟਰ ਨੇ ਫੌਰਨ ਹੀ ਮੈਨੂੰ ਐਂਜੋਗਰਾਫ਼ੀ ਕਰਨ ਵਾਸਤੇ ਨੇਪੀਅਨ ਹਸਪਤਾਲ ਭੇਜ ਦਿਤਾ। ਸਮੇ ਸਿਰ ਮੇਰਾ ਵੱਡਾ ਪੁੱਤਰ ਮੈਨੂੰ ਵੱਡੀ ਸਾਰੀ ਕਾਰ ਵਿੱਚ ਹਸਪਤਾਲ ਲੈ ਗਿਆ। ਮੈਂ ਏਹੀ ਸੋਚਦਾ ਰਿਹਾ ਕਿ ਇਹ ਆਪਣਾ ਰਾਂਝਾ ਰਾਜੀ ਕਰ ਲੈਣ; ਅਖੀਰ ਵਿੱਚ ਇਹਨਾਂ ਨੇ ਏਹੀ ਆਖਣਾ ਹੈ ਕਿ ਤੂੰ ਠੀਕ ਹੈਂ। ਉਹਨਾਂ ਨੇ ਮੇਰੇ ਤੋਂ ਆਗਿਆ ਲੈ ਲਈ ਕਿ ਜੇ ਲੋੜ ਹੋਵੇ ਤਾਂ ਮੇਰੀ ਬੇਹੋਸ਼ੀ ਦੌਰਾਨ, ਲੋੜ ਪੈਣ ਤੇ ਉਹ ਮੇਰੇ ਕਲੇਜੇ ਵਿੱਚ ਸਟੰਟ ਪਾ ਸਕਦੇ ਹਨ! ਮੈਂ ਤੇ ਹਮੇਸ਼ਾਂ ਹੀ ਡਾਕਟਰਾਂ ਨੂੰ ਏਹੀ ਜਵਾਬ ਦਿੰਦਾ ਹਾਂ ਕਿ ਜੋ ਉਹ ਠੀਕ ਸਮਝਣ ਕਰ ਸਕਦੇ ਹਨ। ਮੈਂ ਤਾਂ ਇਸ ਸਾਰੀ ਮਗ਼ਜ਼ ਖਪਾਈ ਤੋਂ ਛੇਤੀ ਵੇਹਲਾ ਹੋਣਾ ਚਾਹੁੰਦਾ ਸਾਂ ਤੇ ਮੇਰੇ ਕੰਨ ਵੀ ਇਹ ਸੁਣਨ ਲਈ ਉਡੀਕ ਰਹੇ ਸਨ ਕਿ ਸਭ ਕੁੱਝ ਠੀਕ ਹੈ; ਕਿਸੇ ਕਿਸਮ ਦੇ ਫਿਕਰ ਦੀ ਲੋੜ ਨਹੀਂ।
ਉਹਨਾਂ ਨੇ ਮੈਨੂੰ ਬੇਹੋਸ਼ ਕਰਕੇ ਮੇਰੀ ਐਂਜੋਗਰਾਫ਼ੀ ਕਰ ਲਈ। ਹੋਸ਼ ਆਉਣ ਤੇ ਉਹਨਾਂ ਨੇ ਦੱਸਿਆ ਕਿ ਮੇਰੀਆਂ ਤਿੰਨ ਨਾੜਾਂ ੭੦% ਬੰਦ ਹਨ ਤੇ ਚੌਥੀ ਦੋ ਥਾਵਾਂ ਤੋਂ ਡੈਮਿਜ ਹੈ। ਮੇਰੇ ਇਹ ਪੁੱਛਣ ਤੇ ਕੀ ਕਰੋਗੇ ਤਾਂ ਉਹਨਾਂ ਨੇ ਆਖਿਆ ਕਿ ਬਾਰਾਂ/ਤੇਰਾਂ ਡਾਕਟਰਾਂ ਦਾ ਪੈਨਲ ਬੈਠੇ ਗਾ ਤੇ ਉਹ, ਮੇਰੀ ਉਮਰ ਤੇ ਸ਼ੂਗਰ ਦਾ ਮਰੀਜ਼ ਹੋਣਾ, ਧਿਆਨ ਵਿੱਚ ਰੱਖ ਕੇ, ਫੈਸਲਾ ਕਰਨ ਗੇ ਕਿ ਕੀ ਓਪ੍ਰੇਸ਼ਨ ਕਰਨਾ ਸਫ਼ਲ ਰਹੇ ਗਾ ਕਿ ਨਹੀਂ। ਇਹਨਾਂ ਦੋ ਕਾਰਨਾਂ ਕਰਕੇ ਓਪ੍ਰੇਸ਼ਨ ਕਰਨਾ ਏਨਾ ਸੌਖਾ ਨਹੀਂ ਹੈ।
ਓਥੋਂ ਕਾਗਜ਼ ਪੱਤਰ ਲੈ ਕੇ ਮੈਂ ਸਪੈਸ਼ਲਿਸਟ ਕੋਲ਼ ਪਹੁੰਚ ਗਿਆ। ਉਸ ਨੇ ਦੱਸਿਆ ਕਿ ਵੀਰਵਾਰ ਨੂੰ ਡਾਕਟਰਾਂ ਦਾ ਬੋਰਡ ਬੈਠੇ ਗਾ ਤੇ ਉਹ ਫੈਸਲਾ ਕਰਨਗੇ। ਮੈਂ ਸ਼ੁੱਕਰਵਾਰ ਨੂੰ ਪਤਾ ਕਰਾਂ। ਚਾਰ ਦਵਾਈਆਂ ਤੇ ਇੱਕ ਪਫ਼ ਖ਼ਰੀਦਣ ਵਾਲੀਆਂ ਪ੍ਰਿਸਕਿਪਸ਼ਨਜ਼ ਮੇਰੇ ਹੱਥ ਫੜਾਈਆਂ ਤੇ ਮੈਨੂੰ ਤੋਰ ਦਿਤਾ। ਸ਼ੁੱਕਰਵਾਰ ਮੈਂ ਸਵੇਰ ਤੋਂ ਸ਼ਾਮ ਤੱਕ ਫ਼ੋਨ ਦੇ ਕੋਲ਼ ਵੀ ਬੈਠਾ ਰਿਹਾ ਤੇ ਖ਼ੁਦ ਵੀ ਰਿੰਗ ਕਰਦਾ ਰਿਹਾ। ਅਖੀਰ ਸ਼ਾਮ ਨੂੰ ਰਿਸੈਪਨਿਸ਼ਟ ਨੇ ਦੱਸਿਆ ਕਿ ਕੁੱਝ ਨਹੀਂ ਕਰਨਾ ਪੈਣਾ। ਮੈਂ ਤੇ ਇੱਕ ਦਮ ਬੇਫਿਕਰ ਹੋ ਗਿਆ ਤੇ ਜੇਹੜਾ ਰੋਜ਼ਾਨਾ ਕਰਨ ਵਾਲ਼ਾ ਫੇਰਾ ਤੋਰਾ ਤੇ ਕਸਰਤ, ਡਰ ਕਾਰਨ ਬੰਦ ਕਰ ਦਿਤੀ ਹੋਈ ਸੀ, ਉਹ ਵੀ ਸ਼ੁਰੂ ਕਰ ਦਿਤੀ। ਇਹ ਖ਼ੁਸ਼ੀ ਥੋਹੜ ਚਿਰੀ ਹੀ ਸੀ। ਪਤਾ ਲੱਗਾ ਕਿ ਉਸ ਵੀਰਵਾਰ ਨਹੀਂ ਉਸ ਤੋਂ ਅਗਲੇ ਵੀਰਵਾਰ ਬੋਰਡ ਨੇ ਬੈਠਣਾ ਸੀ। ਅਗਲੇ ਹਫ਼ਤੇ ਸ਼ੁੱਕਰਵਾਰ ਸ਼ਾਮ ਨੂੰ ਪਤਾ ਲੱਗਾ ਕਿ ਡਾਕਟਰਾਂ ਦੇ ਬੋਰਡ ਨੇ ਓਪ੍ਰੇਸ਼ਨ ਕਰਨ ਦਾ ਫਤਵਾ ਦੇ ਦਿਤਾ ਹੈ।
ਅਜੇ ਇਸ ਪੱਖ ਤੇ ਵਿਚਾਰ ਚੱਲ ਹੀ ਰਿਹਾ ਸੀ ਕਿ ਓਪ੍ਰੇਸ਼ਨ ਕਦੋਂ ਕਰਵਾਇਆ ਜਾਵੇ! ਕੁੱਝ ਦਿਨਾਂ ਬਾਅਦ ਇੱਕ ਰਾਤ ਨੂੰ ਮੈਨੂੰ ਬੜਾ ਤੇਜ ਬੁਖ਼ਾਰ ਚੜ੍ਹਿਆ ਤੇ ਸਵੇਰੇ ਹਟ ਗਿਆ। ਅਗਲੀ ਰਾਤ ਫਿਰ ਚੜ੍ਹਿਆ। ਤੀਜੀ ਰਾਤ ਫਿਰ ਚੜ੍ਹਿਆ। ਚੌਥੇ ਦਿਨ ਮੈਂ ਡਾਕਟਰ ਕੋਲ਼ ਗਿਆ ਤੇ ਉਸ ਨੇ ਮੈਨੂੰ ਮਾਊਂਟ ਡਰੂਟ ਹਸਪਤਾਲ ਭੇਜ ਦਿਤਾ। ਓਥੇ ਸ਼ਾਮ ਪੈਂਦਿਆਂ ਹੀ ਫਿਰ ਚੜ੍ਹ ਗਿਆ। ਉਹਨਾਂ ਨੇ ਪੈਨਾਡੋਲ ਦੇ ਦਿਤੀ ਤੇ ਮੈਂ ਸੌਂ ਗਿਆ। ਉਸ ਤੋਂ ਬਾਅਦ ਬੁਖ਼ਾਰ ਨਹੀਂ ਚੜ੍ਹਿਆ। ਫਿਰ ਡਾਕਟਰਾਂ ਦੀ ਦੌੜ ਭੱਜ ਸ਼ੁਰੂ ਹੋਈ ਕਿ ਬੁਖ਼ਾਰ ਨੇ ਇਹ ਕਿਉਂ ਚੜ੍ਹਨਾ ਤੇ ਉਤਰਨਾ ਕੀਤਾ! ਜਦੋਂ ਉਹਨਾਂ ਦੇ ਪੱਲੇ ਕੁੱਝ ਨਾ ਪਿਆ ਤਾਂ ਉਹਨਾਂ ਨੇ ਮੈਨੂੰ ਆਪਣੇ ਗਲ਼ੋਂ ਲਾਹੁਣ ਲਈ ਬਲੈਕਟਾਊਨ ਹਸਪਤਾਲ ਭੇਜ ਦਿਤਾ। ਏਥੇ ਨੌਂ ਦਿਨ ਮੈਨੂੰ ਕਦੀ ਇੱਕ ਮਸ਼ੀਨ ਵਿਚੋਂ ਕਢਣ ਤੇ ਦੂਜੀ ਵਿੱਚ ਪਾ ਦੇਣ। ਓਥੋਂ ਕੁੱਝ ਨਾ ਲਭੇ ਤੇ ਫੇਰ ਤੀਜੀ ਵਿੱਚ ਪਾ ਦੇਣ। ਅਖੀਰ ਡਾਕਟਰ ਗਿੱਲ ਸਾਹਿਬ ਕਹਿਣ ਲੱਗੇ ਕਿ ਜੇਹੜੀ ਜੇਹੜੀ ਗੱਲ ਦਾ ਸਾਨੂੰ ਸ਼ੱਕ ਸੀ, ਉਸ ਨੂੰ ਅਸੀਂ ਦੋ ਦੋ ਵਾਰ ਚੈਕ ਕਰ ਲਿਆ ਹੈ ਪਰ ਸਾਨੂੰ ਕੁੱਝ ਨਹੀਂ ਲਭਿਆ। ਹੁਣ ਇੱਕ ਟੈਸਟ ਹੋਰ ਰਹਿ ਗਿਆ ਹੈ ਪਰ ਉਸ ਦੇ ਕਰਨ ਦਾ ਇਸ ਹਸਪਤਾਲ ਵਿੱਚ ਕੋਈ ਪ੍ਰਬੰਧ ਨਹੀਂ, ਇਸ ਲਈ ਮੈਨੂੰ ਅਗਲੇ ਸ਼ੁੱਕਰਵਾਰ ਵੈਸਟਮੀਡ ਹਸਪਤਾਲ ਵਿੱਚ ਐਂਡੋਸਕੋਪੀ ਕਰਵਾਉਣ ਵਾਸਤੇ ਜਾਣਾ ਪਵੇ ਗਾ। ਡਾਕਟਰ ਜੀ ਨੇ ਓਥੇ ਦੀ ਐਪਾਇੰਟ ਬਣਾ ਦਿਤੀ ਤੇ ਨੌਵੇਂ ਦਿਨ ਮੈਨੂੰ ਘਰ ਨੂੰ ਤੋਰ ਦਿਤਾ।
ਦਿਤੇ ਗਏ ਸਮੇ ਤੇ ਵੈਸਟਮੀਡ ਹਸਪਤਾਲ ਪਹੁੰਚ ਗਏ। ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਲਿਵਰ ਦੀ ਪਰਖ ਕੀਤੀ ਜਾਵੇ ਗੀ। ਜੇ ਲਿਵਰ ਵਿੱਚ ਸਟੰਟ ਪਾਉਣ ਦੀ ਲੋੜ ਹੋਵੇ ਤਾਂ ਕੀ ਉਹ, ਮੇਰੀ ਬੇਹੋਸ਼ੀ ਦੌਰਾਨ ਪਾ ਸਕਦੇ ਹਨ! ਮੈਂ ਸਦਾ ਵਾਂਙ ਹੀ ਆਖਿਆ ਕਿ ਜੋ ਕਰਨਾ ਜਰੂਰੀ ਸਮਝੋ, ਕਰੋ। ਤੁਸੀਂ ਮੇਰੇ ਨਾਲ਼ੋਂ ਵਧੇਰੇ ਜਾਣਦੇ ਹੋ। ਮੈਨੂੰ ਬੇਹੋਸ਼ ਕਰਕੇ ਉਹਨਾਂ ਨੇ ਆਪਣੀ ਕਾਰਵਾਈ ਪੂਰੀ ਕਰ ਲਈ ਤੇ ਮੈਨੂੰ ਦੱਸਿਆ ਕਿ ਮੇਰੇ ਲਿਵਰ ਵਿੱਚ ਕੁੱਝ ਕਮੀ ਦਿਸੀ ਸੀ ਤੇ ਉਸ ਵਿੱਚ ਮੋਰੀ ਕੱਢ ਕੇ ਸਟੰਟ ਪਾ ਦਿਤਾ ਗਿਆ ਹੈ। ਇਹ ਦੋ ਕੁ ਹਫ਼ਤੇ ਤਕ ਆਪੇ ਹੀ ਨਿਕਲ਼ ਜਾਵੇ ਗਾ।
ਇਸ ‘ਸਟੰਟਬਾਜੀ’ ਦਾ ਲਾਭ ਇਹ ਹੋਇਆ ਕਿ ਜੇਹੜੀ ਡੇਢ ਦੋ ਸਾਲ ਤੋਂ ਮੇਰੀ ਭੁਖ ਮਰ ਚੁੱਕੀ ਹੋਈ ਸੀ ਤੇ ਮੈਂ ਰੋਟੀ ਨਹੀਂ ਸੀ ਖਾ ਰਿਹਾ ਉਹ ਮਸਲਾ ਹੱਲ ਹੋ ਗਿਆ। ਮੈਂ ਦੋ ਰੋਟੀਆਂ ਖਾਣ ਲੱਗ ਪਿਆ। ਹੁਣ ਭਾਵੇਂ ਫਿਰ ਇੱਕ ਰੋਟੀ ਤੇ ਆ ਗਿਆ ਹਾਂ। “ਆਗੇ ਆਗੇ ਦੇਖੀਏ ਹੋਤਾ ਹੈ ਕਿਆ!” ਕੁੱਝ ਸਮੇ ਤੋਂ ਹਰੇਕ ਸ਼ੁਭਚਿੰਤਕ ਮੇਰੇ ਵੱਲ ਵੇਖ ਕੇ ਮੈਨੂੰ ਆਖਿਆ ਕਰਦਾ ਸੀ ਕਿ ਮੈਂ ਬਹੁਤ ਮਾੜਾ ਹੋਈ ਜਾ ਰਿਹਾ ਹਾਂ, ਕੁੱਝ ਕਰਾਂ। ਮੈਨੂੰ ਸਮਝ ਨਾ ਆਵੇ ਕਿ ਮੈਂ ਕੀ ਕਰਾਂ। ਉਹ ਆਖਣ ਕਿ ਮੈਂ ਸੁੰਗੜਦਾ ਜਾ ਰਿਹਾ ਹਾਂ। ਮੈਂ ਅੱਗੋਂ ਹੱਸ ਕੇ ਆਖਣਾ ਕਿ ਸਗੋਂ ਮੇਰਾ ਭਾਰ ਹੌਲ਼ਾ ਹੋ ਰਿਹਾ ਹੈ। ਉਹ ਵੀ ਸੱਚੇ ਸਨ; ਇਸ ਗੱਲ ਦਾ ਗਿਆਨ ਮੈਨੂੰ ਬਲੈਕ ਟਾਊਨ ਹਸਪਤਾਲ ਵਿਚੋਂ ਹੀ ਹੋਇਆ ਕਿ ਜਦੋਂ ਦਾਖਲੇ ਸਮੇ ਉਹਨਾਂ ਨੇ ਮੇਰਾ ਭਾਰ ਜੋਖਿਆ ਤਾਂ ਉਹ ਸੱਠ ਕਿਲੋ ਤੋਂ ਵੀ ਘਟ ਹੋਇਆ ਜਦੋਂ ਕਿ ਮੈਂ ਕਈ ਸਾਲਾਂ ਤੋਂ ਆਪਣਾ ਭਾਰ ੬੭ ਕਿਲੋ ਸਮਝਦਾ ਸਾਂ।
ਡਾਕਟਰ ਗਿੱਲ ਨੇ ਦਿਤੀ ਤਰੀਕ ਉਪਰ ਜਦੋਂ ਮੇਰਾ ਐਕਸ ਰੇ ਵੇਖਿਆ ਤਾਂ ਸਟੰਟ ਅਜੇ ਲਿਵਰ ਵਿੱਚ ਹੀ ਬਿਰਾਜਮਾਨ ਸੀ ਜੋ ਕਿ ਦੋ ਕੁ ਹਫ਼ਤਿਆਂ ਬਾਅਦ ਆਪੇ ਹੀ ਨਿਕਲ਼ ਜਾਣਾ ਚਾਹੀਦਾ ਸੀ। ਉਸ ਨੇ ਫਿਰ ਦਿਤੀ ਤਰੀਕ ਤੇ ਮੈਨੂੰ ਬੇਹੋਸ਼ ਕਰਕੇ ਉਹ ਸਟੰਟ ਕਢ ਕੇ ਮੇਰਾ ਇਸ ‘ਸਟੰਟਬਾਜੀ’ ਤੋਂ ਖਹਿੜਾ ਛੁਡਾਇਆ ਪਰ ਇਹ ਕਿਸੇ ਹਸਪਤਾਲ ਦੀ ਮਸ਼ੀਨ ਨਹੀਂ ਲਭ ਸਕੀ ਕਿ ਮੈਨੂੰ ਬੁਖਾਰ ਕਿਉਂ ਚੜ੍ਹਨਾ ਸ਼ੁਰੂ ਹੋਇਆ ਤੇ ਕਿਉਂ ਚੜ੍ਹਨੋ ਹਟ ਗਿਆ! ਬੁਖਾਰ ਵਾਸਤੇ ਹੋਰ ਕੋਈ ਦਵਾਈ ਵੀ ਨਾ ਦਿਤੀ ਗਈ ਸਿਵਾਇ ਪਹਿਲੀ ਸ਼ਾਮ ਨੂੰ ਦੋ ਡਿਸਪ੍ਰੀਨ ਦੀਆਂ ਗੋਲ਼ੀਆਂ ਤੋਂ।
ਇਹ ਤਾਂ ਗੱਲ ਵਿਚੋਂ ਗੱਲ ਨਿਕਲਣ ਵਾਂਙ, ਬੀਮਾਰੀ ਵਿਚੋਂ ਬੀਮਾਰੀ ਨਿਕਲ਼ ਆਈ, ਅਸਲੀ ਮਸਲਾ ਤਾਂ ਦਿਲ ਦਾ ਮਾਮਲਾ ਸੀ। ਮਾਰਚ ਮਹੀਨੇ ਤੋਂ ਸ਼ੁਰੂ ਹੋਈ ਇਸ ਦਿਲ ਦੇ ਮਾਮਲੇ ਵਾਲ਼ੀ ਕਵਾਇਦ ਦੇ ਚੱਲਦਿਆਂ ਮਈ ਆ ਗਿਆ। ਮੈਂ ਆਪ ਹੀ ਇਸ ਨੂੰ ਅੱਗੇ ਤੋਂ ਅੱਗੇ ਪਾਈ ਜਾਂਦਾ ਸਾਂ ਇਸ ਕਰਕੇ ਕਿ ਐਡੀਲੇਡ ਵਾਲ਼ੀਆਂ ਸਾਲਾਨਾ ਸਿੱਖ ਖੇਡਾਂ ਤੇ ਮੈਂ ਜਾ ਨਹੀ ਸੀ ਸਕਿਆ ਕਿਉਂਕਿ ਉਸ ਸਮੇ ਮੈਂ ਬਲੈਕ ਟਾਊਨ ਹਸਪਤਾਲ ਵਿੱਚ ਜਮ੍ਹਾ ਸਾਂ। ਫ਼ੋਨ ਉਪਰ ਹੀ ਅਮਨਦੀਪ ਸਿੰਘ ਸਿਧੂ ਅਤੇ ਮਿੰਟੂ ਬਰਾੜ ਰਾਹੀਂ ਉਹਨਾਂ ਗੇਮਾਂ ਬਾਰੇ ਹਸਪਤਾਲ ਵਿਚੋਂ ਹੀ ਜਾਣਕਾਰੀ ਲੈ ਕੇ ਦਿਲ ਨੂੰ ਧਰਵਾਸ ਦਿੰਦਾ ਰਿਹਾ ਸਾਂ ਪਰ, “ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ਼ ਥੋਹੜੀ ਲਹਿ ਜਾਂਦੀ ਹੈ!” ਇਸ ਲਈ ਜੂਨ ਦੇ ਪਹਿਲੇ ਹਫ਼ਤੇ ਗ੍ਰਿਫ਼ਿਥ ਵਿੱਚ ਹੋਣ ਵਾਲ਼ੇ ਸ਼ਹੀਦੀ ਟੂਰਨਾਮੈਂਟ ਤੋਂ ਮੈਂ ਵਾਂਝਾ ਨਹੀਂ ਸੀ ਰਹਿਣਾ ਚਾਹੁੰਦਾ।
ਗ੍ਰਿਫ਼ਿਥ ਵਾਲ਼ੇ ਸ਼ਹੀਦੀ ਮੇਲੇ ਵਿੱਚ ਹਾਜਰੀ ਭਰਨ ਪਿੱਛੋਂ, ਦਿਲ ਦੀ ਚੀਰ ਫਾੜ ਕਰਨ ਵਾਲ਼ੇ ਡਾਕਟਰ ਈਅਨ ਨਿਕਲਸਨ ਨਾਲ਼ ਬਣਾਈ ਹੋਈ ਅਪਾਇੰਟਮੈਂਟ ਵੀ ਜੂਨ ਦੇ ਅਖੀਰ ਜਿਹੇ ਵਿੱਚ ਆ ਗਈ। ਉਸ ਨੂੰ ਮਿਲ਼ੇ। ਉਸ ਨੇ ਕੁੱਝ ਕਾਗਜ਼ਾਂ ਤੇ ਘੁੱਗੀ ਜਿਹੀ ਮਾਰੀ। ਕੁੱਝ ਹੌਸਲਾ ਵਧਾਊ ਗੱਲਾਂ ਕੀਤੀਆਂ ਤੇ ਪੁੱਛਿਆ ਕਿ ਕਦੋਂ ਓਪ੍ਰੇਸ਼ਨ ਕਰਾਂ! ਮੈਂ ਆਖਿਆ ਕਿ ਜਿੰਨੀ ਛੇਤੀ ਹੋ ਸਕੇ। ਉਸ ਨੇ ਆਖਿਆ ਕਿ ਚਾਰ ਤੋਂ ਛੇ ਹਫ਼ਤੇ ਲੱਗ ਜਾਣ ਗੇ। ੨੦੦ ਡਾਲਰ ਆਪਣੀ ਉਸ ਨੇ ਫ਼ੀਸ ਲਈ ਤੇ ਸਾਨੂੰ ਹੌਸਲਾ ਦੇ ਕੇ ਘਰ ਨੂੰ ਤੋਰ ਦਿਤਾ।
ਓਪ੍ਰੇਸ਼ਨ ਵਾਸਤੇ ੨੪ ਜੁਲਾਈ ਦੀ ਤਰੀਕ ਮਿਲ਼ ਗਈ। ਉਸ ਤੋਂ ਪਹਿਲਾਂ ਇੱਕ ਦਿਨ ਵੈਸਟਮੀਡ ਹਸਪਤਾਲੋਂ ਸੱਦਾ ਆਇਆ ਕਿ ਆਓ ਤੇ ਓਪ੍ਰੇਸ਼ਨ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਹਾਸਲ ਕਰੋ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੇ ਮੇਰੀ ਤੇ ਕੁੱਝ ਹੋਰਨਾਂ ਮੇਰੇ ਵਰਗਿਆਂ ਦੀ ਖ਼ੂਬ ਪਰੇਡ ਕਰਵਾਈ। ਇੱਕ ਹਿਦਾਇਤ ਤੋਂ ਬਾਅਦ ਦੂਜੀ ਤੇ ਇੱਕ ਮਸ਼ੀਨ ਤੋਂ ਬਾਅਦ ਦੂਜੀ। ਅਖੀਰ ਸ਼ਾਮ ਦੇ ਪੰਜ ਕੁ ਵਜੇ ਹਿਦਾਇਤਾਂ ਵਾਲ਼ੇ ਵਾਹਵਾ ਸਾਰੇ ਛਪੇ ਹੋਏ ਕਾਗਜ਼ ਦੇ ਕੇ ਸਾਨੂੰ ਤੋਰ ਦਿਤਾ।
ਓਪ੍ਰੇਸ਼ਨ ਵਾਲ਼ੀ ਤਰੀਕ ਤੋਂ ਕੁੱਝ ਦਿਨ ਪਹਿਲਾਂ, ਰਾਤ ਸੱਤ ਵਜੇ ਤੋਂ ਪਿੱਛੋਂ ਹਸਪਤਾਲੋਂ ਇੱਕ ਲੇਡੀ ਦਾ ਫ਼ੋਨ ਆਇਆ ਕਿ ਸਵੇਰੇ ਮੇਰਾ ਓਪ੍ਰੇਸ਼ਨ ਹੈ ਤੇ ਮੈਂ ਸਭ ਤਿਆਰੀਆਂ ਕਰਕੇ ਅੱਠ ਵਜੇ ਪਹੁੰਚ ਜਾਵਾਂ। ਮੈਂ ਤਾਂ ਖ਼ੁਦ ਨੂੰ ਚੌਵੀ ਤਰੀਕ ਵਾਸਤੇ ਮਾਨਸਿਕ ਤੌਰ ਤੇ ਤਿਆਰ ਕਰ ਰਿਹਾ ਸੀ; ਇਹ ਕੀ ਹੋ ਗਿਆ! ਮੈਂ ਸੋਚਾਂ ਕਿ ਸ਼ਾਇਦ ਸਾਡੀ ਗੱਲ ਇੱਕ ਦੂਜੇ ਦੇ ਸਮਝ ਵਿੱਚ ਨਹੀਂ ਆ ਰਹੀ। ਇਹ ਕਿਵੇਂ ਹੋ ਸਕਦਾ ਹੈ ਕਿ ਦਿਤੀ ਤਰੀਕ ਤੋਂ ਪਹਿਲਾਂ ਅਚਾਨਕ ਸਵੇਰੇ ਓਪ੍ਰੇਸ਼ਨ ਕਰਨਾ ਪੈ ਗਿਆ! ਮੈਂ ਫ਼ੋਨ ਘਰ ਵਾਲ਼ੀ ਨੂੰ ਫੜਾ ਦਿਤਾ ਕਿ ਸ਼ਾਇਦ ਏਹੀ ਉਸ ਬੀਬੀ ਨੂੰ ਸਮਝਾਵੇ ਕਿ ਮੇਰੀ ਅਪਾਇੰਟਮੈਂਟ ੨੪ ਤਰੀਕ ਦੀ ਹੈ ਪਰ ਲੰਮਾ ਸਮਾ ‘ਬਕ ਬਕ ਝਕ ਝਕ’ ਤੋਂ ਵੀ ਉਹ ਬੀਬੀ ਟੱਸ ਤੋਂ ਮੱਸ ਨਾ ਹੋਈ। ਏਸੇ ਹੀ ਗੱਲ ਤੇ ਅੜੀ ਰਹੀ, ਮੇਰੇ ਕੋਲ਼ ਆਈ ਲਿਸਟ ਵਿੱਚ ਤੁਹਾਡਾ ਨਾਂ ਹੈ ਤੇ ਜੇ ਤੁਸੀਂ ਨਹੀਂ ਆਉਣਾ ਤਾਂ ਮੈਂ ਕੈਂਸਲ ਕਰ ਦਿਆਂ? ਬਾਕੀ ਸਵਾਲ ਤੁਸੀਂ ਸਵੇਰੇ ਡਾਕਟਰ ਨਾਲ਼ ਕਰ ਲੈਣੇ। “ਕੈਂਸਲ ਦਾ ਖ਼ਤਰਾ ਮੈਂ ਨਹੀਂ ਸੀ ਲੈਣਾ ਚਾਹੁੰਦਾ। ਇਸ ਲਈ ਹਸਪਤਾਲ ਜਾਣਾ ਹੀ ਠੀਕ ਸਮਝ ਕੇ ਹਾਂ ਕਰ ਦਿਤੀ। ਆਖਰ ਸੋਚ ਸੋਚ ਕੇ ਘਰ ਵਾਲ਼ੀ ਨੇ ਆਖਿਆ ਕਿ ਸ਼ਾਇਦ ਕਿਸੇ ਹੋਰ ਮਰੀਜ਼ ਨੇ ਆਪਣੇ ਓਪ੍ਰੇਸ਼ਨ ਦੀ ਤਰੀਕ ਬਦਲ ਲਈ ਹੋਵੇ ਤੇ ਉਸ ਦੀ ਖਾਲੀ ਥਾਂ ਤੇ ਮੇਰੀ ਵਾਰੀ ਲਾ ਦਿਤੀ ਗਈ ਹੋਵੇ! ਇਹ ਦਲੀਲ ਮੈਨੂੰ ਮੰਨਣ ਯੋਗ ਲੱਗੀ।
ਅਸੀਂ ਪੂਰੀ ਤਿਆਰੀ ਸਹਿਤ, ਡਾਕਟਰਾਂ ਵੱਲੋਂ ਕੀਤੀ ਜਾਣ ਵਾਲ਼ੀ ਚੀਰ ਫਾੜ ਲਈ ਤਿਆਰ ਹੋ ਕੇ, ਸਵੇਰੇ ਹਸਪਤਾਲ ਪਹੁੰਚ ਗਏ। ਲਉ, “ਪੁੱਟਿਆ ਪਹਾੜ ਤੇ ਨਿਕਲ਼ਿਆ ਚੂਹਾ!” ਓਥੇ ਮੈਨੂੰ ਸਰੀਰ ਵਿੱਚ ਖ਼ੂਨ ਦੀ ਘਾਟ ਹੋਣ ਕਰਕੇ, ਖ਼ੂਨ ਚੜ੍ਹਾਉਣ ਲਈ ਸੱਦਿਆ ਗਿਆ ਸੀ ਨਾ ਕਿ ਓਪ੍ਰੇਸ਼ਨ ਲਈ। ਗੁਲੂਕੋਜ਼ ਵਾਲ਼ੀ ਬੋਤਲ ਰਾਹੀਂ ਮੈਨੂੰ ਦੋ ਟੀਕਿਆਂ ਦਾ ਖ਼ੂਨ ਚੜ੍ਹਾ ਕੇ ਤੋਰ ਦਿਤਾ। ਉਸ ਫ਼ੋਨ ਕਰਨ ਵਾਲ਼ੀ ਬੀਬੀ ਨੇ ਸਾਰੀ ਰਾਤ ਮੈਨੂੰ ਟੰਗਣੇ ਤੇ ਟੰਗੀ ਰੱਖਿਆ।
“ਦੂਰ ਸੁਣੀਦੇ ਨੇੜੇ ਆਏ। “ਉਡੀਕ ਉਡੀਕ ਕੇ ਆਖਰ ਉਹ, ਚੌਵੀ ਜੁੁਲਾਈ ੨੦੧੭ ਵਾਲ਼ਾ ‘ਭਾਗਾਂ ਭਰਿਆ’ ਦਿਨ ਵੀ ਆ ਪੁੱਜਾ। ਇੱਕ ਹੈਰਾਨੀ ਭਰੀ ਦਿਲਚਸਪ ਘਟਨਾ ਇਹ ਹੋਈ ਕਿ ੨੩ ਜੁਲਾਈ ਦੀ ਰਾਤ ਨੂੰ ਮੈਨੂੰ ਸੁਪਨਾ ਆਇਆ ਕਿ ਹਸਪਤਾਲ ਵਿੱਚ ਮੇਰਾ ਖੱਬਾ ਪੱਟ ਡਾਕਟਰ ਨੇ ਬਾਹਰ ਵਾਲ਼ੇ ਪਾਸੇ ਤੋਂ ਚੀਰਿਆ ਹੈ ਤੇ ਉਸ ਨੂੰ ਸਾਫ਼ ਕਰਕੇ, ਸਾਹਮਣੇ ਵਾਲ਼ੇ ਕੁੱਝ ਉਚੇਰੇ ਕਮਰੇ ਵੱਲ ਨੂੰ ਤੁਰ ਗਿਆ, ਸ਼ਾਇਦ ਕੋਈ ਹੋਰ ਸੰਦ ਲੈਣ, ਪਰ ਵਾਹਵਾ ਸਮਾ ਬੀਤਣ ਪਿੱਛੋਂ ਵੀ ਨਹੀਂ ਮੁੜਿਆ। ਫਿਰ ਜਿਵੇਂ ਆਮ ਹੀ ਸੁਪਨਿਆਂ ਵਿੱਚ ਹੁੰਦਾ ਹੈ ਕਿ ਹਰੇਕ ਸੁਪਨਾ ਅਧੂਰਾ ਹੀ ਰਹਿੰਦਾ ਹੈ। ਮੌਕਾ ਮੇਲ ਇਉਂ ਸਮਝੋ ਕਿ ਮੇਰੇ ਦਿਲ ਵਿੱਚ ਪਾਉਣ ਵਾਸਤੇ ਚਾਰ ਨਾੜਾਂ ਵੀ ਮੇਰਾ ਖੱਬਾ ਪੱਟ ਚੀਰ ਕੇ ਹੀ ਕਢੀਆਂ ਗਈਆਂ। ਫਰਕ ਸਿਰਫ ਏਨਾ ਪਿਆ ਕਿ ਸੁਪਨਾ ਬਾਹਰ ਵਾਲ਼ੇ ਪਾਸੇ ਤੋਂ ਚੀਰਨ ਦਾ ਆਇਆ ਸੀ ਪਰ ਚੀਰਿਆ ਅੰਦਰਲੇ ਪਾਸੇ ਤੋਂ ਗਿਆ।
ਇਸ ਸੁਪਨੇ ਤੋਂ ਅਗਲੀ ਅਰਥਾਤ ਚੌਵੀ ਜੁਲਾਈ ਨੂੰ ਸਵੇਰੇ ਸਵੇਰੇ ਹੀ ਅਸੀਂ ਹਸਪਤਾਲ ਪਹੁੰਚ ਗਏ। ਮੈਨੂੰ ਸਵੇਰੇ ਨੌਂ ਵਜੇ ਅੰਦਰ ਵਾੜ ਲਿਆ। ਉਹ ਆਪਣੀ ਕਰਵਾਈ ਕਰਦੇ ਰਹੇ ਤੇ ਅਗਲੇ ਦਿਨ ੩ ਵਜੇ ਲੌਢੇ ਵੇਲ਼ੇ ਤੋਂ ਪਿੱਛੋਂ ਮੈਨੂੰ ਜਾਗ ਓਦੋਂ ਆਈ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਕੋਈ ਜਣਾ ਮੇਰਾ ਸੱਜਾ ਹੱਥ ਪਲੋਸ ਰਿਹਾ ਹੈ। ਗਹੁ ਨਾਲ਼ ਮਹਿਸੂਸ ਕੀਤਾ ਤਾਂ ਉਹ ਮੇਰੀ ਵੱਡੀ ਧੀ ਰਵੀਨ ਕੌਰ ਸੀ। ਕੁੱਝ ਹੀ ਮਿੰਟਾਂ ਪਿੱਛੋਂ ਮੇਰਾ ਖੱਬਾ ਹੱਥ ਵੀ ਪਲੋਸਿਆ ਜਾਣ ਲੱਗਾ ਤਾਂ ਪਤਾ ਲੱਗਾ ਕਿ ਉਹ ਮੇਰੀ ਘਰ ਵਾਲ਼ੀ ਸੀ। ਜਦੋਂ ਹਸਪਤਾਲ ਵਾਲ਼ਿਆਂ ਨੂੰ ਪਤਾ ਲੱਗਾ ਕਿ ਮੇਰੀ ਅੱਖ ਖੁਲ੍ਹ ਗਈ ਹੈ ਤਾਂ ਇੱਕ ਬੀਬੀ ਆ ਕੇ ਮੇਰੇ ਦੁਆਲ਼ੇ ਹੋ ਗਈ। ਉਸ ਨੇ ਮੇਰੇ ਉਪਰ ਸਵਾਲਾਂ ਦੀ ਬੁਛਾੜ ਸ਼ੁਰੂ ਕਰ ਦਿਤੀ, “ਤੂੰ ਕਿਥੇ ਹੈਂ, ਤੇਰਾ ਨਾਂ ਕੀ ਹੈ, ਤੇਰੀ ਜਨਮ ਤਰੀਕ ਕੀ ਹੈ, ਅੱਜ ਦਿਨ ਕੀ ਹੈ। ਤਰੀਕ ਮਹੀਨਾ ਅਤੇ ਸਾਲ ਕੇਹੜਾ ਹੈ?” ਆਦਿ ਪਰ ਹਰੇਕ ਸਵਾਲ ਦਾ ਜਵਾਬ ਲੈ ਕੇ ਹੀ ਉਹ ਦੂਜਾ ਸਵਾਲ ਕਰਦੀ ਰਹੀ। ਜਦੋਂ ਮੈਂ ਦਿਨ ਤੇ ਸਮਾ ਦੱਸਿਆ ਤਾਂ ਉਹ ਹਾਸੇ ਵਿੱਚ ਬੋਲ ਉਠੀ, “ਯੂ ਆਰ ਚੀਟਿੰਗ। ਯੂ ਆਰ ਰੀਡਿੰਗ ਫਰੌਮ ਦੀ ਵਾਲ। “ਕਾਰਨ ਇਹ ਸੀ ਕਿ ਤਰੀਕ, ਸਮਾ ਤੇ ਦਿਨ ਸਾਹਮਣੀ ਕੰਧ ਉਪਰ ਵੀ ਲਿਖਿਆ ਹੋਇਆ ਸੀ ਤੇ ਜੋ ਮੇਰੀਆਂ ਅੱਖਾਂ ਦੇ ਸਾਹਮਣੇ ਹੋਣ ਕਰਕੇ, ਮੈਂ ਪੜ੍ਹ ਵੀ ਸਕਦਾ ਸੀ ਤੇ ਉਸ ਸਮੇ ਪੜ੍ਹ ਵੀ ਰਿਹਾ ਸੀ। ਅਜਿਹੇ ਸਵਾਲ ਇਸ ਲਈ ਪੁੱਛੇ ਜਾ ਰਹੇ ਸਨ ਕਿ ਏਡੇ ਵੱਡੇ ਓਪ੍ਰੇਸ਼ਨ ਪਿਛੋਂ ਵੀ ਮੈਂ ਹੋਸ਼ ਵਿੱਚ ਹੀ ਹਾਂ ਤੇ ਪੁੱਛੇ ਜਾ ਰਹੇ ਸਵਾਲਾਂ ਦੇ ਸਹੀ ਜਵਾਬ ਦੇ ਸਕਦਾ ਹਾਂ ਕਿ ਨਹੀਂ! ਉਸ ਨੂੰ ਯਕੀਨ ਹੋ ਗਿਆ ਕਿ ਮੇਰੀ ਮੱਤ ਟਿਕਾਣੇ ਹੀ ਹੈ।
ਤਿੰਨ ਦਿਨ ਇਨਟੈਂਸਿਵ ਕੇਅਰ ਯੂਨਿਟ ਵਿੱਚ ਰੱਖ ਕੇ ਫਿਰ ਮੈਨੂੰ ਵਾਰਡ ਵਿੱਚ ਭੇਜ ਦਿਤਾ। ਸੇਵਾ ਸੰਭਾਲ਼ ਤਾਂ ਉਹਨਾਂ ਨੇ ਬਹੁਤ ਕੀਤੀ ਪਰ ਉਹਨਾਂ ਵੱਲੋਂ ਦਿਤੇ ਜਾਂਦੇ ਭੋਜਨ ਦੇ ਥਾਂ ਮੈਂ ਘਰੋਂ ਆਈ ਖਿਚੜੀ ਹੀ ਕੁੱਝ ਚਿਮਚੇ ਖਾਂਦਾ ਰਿਹਾ; ਜਾਂ ਫਿਰ ਕਿਸੇ ਮਿੱਠੀ ਵਸਤੂ ਨੂੰ ਮੂੰਹ ਮਾਰ ਲੈਣਾ। ਵਾਰਡ ਵਿੱਚ ਦੋ ਨੌਜਵਾਨ ਡਾਕਟਰ ਹਰ ਰੋਜ਼ ਹਾਜਰ ਰਹਿੰਦੇ ਸਨ। ਇੱਕ ਤਾਂ ਲਾਹੌਰ ਤੋਂ ਸੁਐਬ ਨਾਮੀ ਡਾਕਟਰ ਸੀ ਜੋ ਕਿ ਲਾਹੌਰੀ ਹੁੰਦਾ ਹੋਇਆ ਵੀ ਪੰਜਾਬੀ ਨਹੀਂ ਸੀ ਬੋਲ ਸਕਦਾ; ਉਰਦੂ ਤੇ ਅੰਗ੍ਰੇਜ਼ੀ ਹੀ ਬੋਲਦਾ ਸੀ। ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਦੇ ਮਾਪੇ ਪੰਜਾਬੀ ਬੋਲਦੇ ਹਨ ਪਰ ਉਹ ਨਹੀਂ ਬੋਲ ਸਕਦਾ। ਦੂਸਰਾ ਸਵੱਰਗਵਾਸੀ ਡਾ. ਤੇਜਪਾਲ ਸਿੰਘ ਜੀ ਦਾ ਪੋਤਰਾ ਤੇ ਸ. ਗੁਰਵਿਜੈ ਸਿੰਘ ਦਾ ਪੁੱਤਰ, ਜੈਰਾਜ ਸਿੰਘ ਵੀ ਸੀ। ਸਾਰੀਆਂ ਨਰਸਾਂ ਦੇ ਉਪਰ ਇੱਕ ਸਰਦਾਰ ਅਤੇ ਸਰਦਾਰਨੀ ਹਰਜੀਤ ਕੌਰ ਅਤੇ ਗੁਰਦਿਆਲ ਸਿੰਘ ਜੀ ਦੀ ਸਪੁੱਤਰੀ, ਬੀਬਾ ਦਵਿੰਦਰ ਕੌਰ ਵੀ ਸੀ ਜੋ ਕਿ ਮੇਰਾ ਹਾਲ ਚਾਲ ਪੁੱਛ ਕੇ ਅਤੇ ਯੋਗ ਸਲਾਹ ਦੇ ਕੇ, ਹੌਸਲਾ ਅਫ਼ਜ਼ਾਈ ਕਰਦੇ ਰਹੇ। ਸੱਜਣਾਂ ਮਿੱਤਰਾਂ ਅਤੇ ਪਰਵਾਰਕ ਜੀਆਂ ਤੋਂ ਇਲਾਵਾ, ਹਰਮਨ ਫਾਊਂਡੇਸ਼ਨ ਦੀ ਇਨਚਾਰਜ ਬੀਬਾ ਹਰਿੰਦਰ ਕੌਰ ਅਤੇ ਡਾ. ਮਨਿੰਦਰ ਸਿੰਘ ਜੀ ਦੇ ਭੇਜੇ ਹੋਏ, ਸ. ਮੁਖਤਿਆਰ ਸਿੰਘ ਜੀ ਵੀ ਆਏ ਤੇ ਮੇਰੀ ਤੰਦਰੁਸਤੀ ਵਾਸਤੇ ਅਰਦਾਸ ਕਰਕੇ ਗਏ। ਫੇਰ ਵੀ ਆਉਂਦੇ ਰਹੇ।
ਵਾਰਡ ਵਿੱਚ ਰਹਿਣ ਸਮੇ ਇੱਕ ਦਿਲਚਸਪ ਬੰਦੇ ਨੂੰ ਰੋਜ ਆਪਣੇ ਨਾਲ਼ੋਂ ਤੇਜ ਤੇਜ ਤੁਰਦਿਆਂ ਵੇਖਣਾ। ਹਰ ਰੋਜ਼ ਸਾਨੂੰ ਵਾਰਡ ਵਿੱਚ ਹੀ ਤੁਰਨ ਲਈ ਆਖਿਆ ਜਾਂਦਾ ਸੀ। ਇੱਕ ਮਧਰੇ ਕੱਦ ਅਤੇ ਫੁਰਤੀਲੇ ਸਰੀਰ ਵਾਲ਼ਾ, ਕਿਸੇ ਯੂਰਪੀ ਮੁਲਕ ਤੋਂ ਏਥੇ ਆਇਆ ਹੋਇਆ ਸੱਜਣ, ਜੋ ਕਿ ਮੇਰੇ ਨਾਲ਼ ਹੀ ਭਰਤੀ ਹੋਇਆ ਸੀ ਤੇ ਕਸਰ ਵੀ ਉਸ ਨੂੰ ਮੇਰੇ ਵਾਲ਼ੀ ਹੀ ਸੀ। ਪਤਲੇ ਜਿਹੇ ਸਰੀਰ ਅਤੇ ਕਤਰੀਆਂ ਹੋਈਆਂ ਚਿੱਟੀਆਂ ਮੁਛਾਂ ਉਸ ਦੇ ਨਿੱਕੇ ਮੂੰਹ ਦੀ ਬਣਤਰ ਨਾਲ਼ ਢੁਕਦੀਆਂ ਸਨ। ਇੱਕ ਸ਼ਾਮ ਨੂੰ ਆਪਣੀ ਘਰ ਵਾਲ਼ੀ ਨਾਲ਼ ਬੈਠਾ ਵ੍ਹੀਲ ਚੇਅਰ ਦੀ ਉਡੀਕ ਕਰ ਰਿਹਾ ਸੀ ਤਾਂ ਕਿ ਉਹ ਉਸ ਉਪਰ ਬੈਠ ਕੇ, ਥੱਲੇ ਜਾ ਕੇ ਆਪਣੇ ਘਰ ਜਾ ਸਕੇ। ਉਸ ਨੂੰ ਹਸਪਤਾਲੋਂ ਛੁੱਟੀ ਮਿਲ਼ ਗਈ ਸੀ। ਮੈਂ ਤੇ ਮੇਰੀ ਘਰ ਵਾਲ਼ੀ ਵੀ ਤੁਰਦੇ ਹੋਏ ਓਧਰ ਗਏ। ਉਸ ਨੂੰ ਮੈਂ ਮੇਰੇ ਨਾਲ਼ੋਂ ਵਾਹਵਾ ਤੇਜ ਤੁਰਨ ਦਾ ਕਾਰਨ ਪੁੱਛਿਆ ਤੇ ਆਖਿਆ ਕਿ ਮੈਂ ਕਿਉਂ ਨਹੀਂ ਉਸ ਜਿੰਨਾ ਤੇਜ ਤੁਰ ਸਕਦਾ! ਜਵਾਬ ਵਿੱਚ ਉਸ ਨੇ ਕਿਹਾ, “ਕੋਈ ਸੋਹਣੀ ਜਿਹੀ ਕੁੜੀ ਲਭੋ ਤੇ ਉਸ ਦਾ ਪਿੱਛਾ ਕਰੋ। ਆਪੇ ਤੇਜ ਤੁਰਨ ਲੱਗ ਪਵੋਗੇ। “ਨਾਲ਼ ਬੈਠੀ ਉਸ ਦੀ ਘਰ ਵਾਲ਼ੀ ਵੀ ਮੁਸਕਰਾ ਪਈ ਤੇ ਅਸੀਂ ਦੋਵੇਂ ਵੀ ਮੁਸਕਰਾਉਂਦੇ ਹੋਏ ਅੱਗੇ ਨੂੰ ਤੁਰ ਪਏ। ਇਹ ਉਸ ਦੀ ਸੈਂਸ ਆਫ਼ ਹਿਊਮਰ ਸਮਝ ਲਵੋ।
ਇਕ ਸ਼ਾਮ ਨੂੰ ਵੱਡੀ ਡਾਕਟਰ ਆਈ। ਮੇਰਾ ਓਪ੍ਰੇਸ਼ਨ ਕਰਨ ਵਾਲ਼ਾ ਡਾਕਟਰ ਈਅਨ ਨਿਕਲਸਨ ਤਾਂ, ਮੇਰੀ ਚੀੜ ਫਾੜ ਕਰਕੇ, ਛਾਤੀ ਦੀਆਂ ਵੱਢੀਆਂ ਗਈਆਂ ਹੱਡੀਆਂ ਨੂੰ ਸੁਪਰ ਗਲੂ ਨਾਲ਼ ਜੋੜ ਕੇ ਤੇ ਉਤੋਂ ਉਹਨਾਂ ਦੁਆਲ਼ੇ ਤਾਰਾਂ ਦਾ ਜਕੜਬੰਦ ਮਾਰ ਕੇ ਅਤੇ ਉਤਲੇ ਚਮੜੇ ਨੂੰ ਤੋਪੇ ਲਾ ਕੇ, ਸਮੁੰਦਰੋਂ ਪਾਰ ਜਾ ਚੁੱਕਾ ਸੀ। ਉਸ ਵੱਡੀ ਡਾਕਟਰ ਨੇ ਦੱਸਿਆ ਕਿ ਭਲ਼ਕੇ ਮੈਨੂੰ ਘਰ ਭੇਜ ਦੇਣਾ ਹੈ। ਅਗਲੇ ਦਿਨ ਇੱਕ ਫ਼ਿਜ਼ਿਓਥਰੈਪਿਸਟ ਯੰਗ ਲੇਡੀ, ਜੋ ਮਰੀਜ਼ਾਂ ਦੀ ਸਰੀਰਕ ਕਸਰਤ ਕਰਵਾਉਂਦੀ ਸੀ, ਉਸ ਨੇ ਮੇਰੀ ਹਾਲਤ ਵੇਖ ਕੇ ਆਖਿਆ ਕਿ ਜਿੰਨਾ ਚਿਰ ਮਰੀਜ਼ ਖ਼ੁਦ ਮੰਜੇ ਤੋਂ ਨਹੀਂ ਉਠ ਸਕਦਾ, ਓਨਾ ਚਿਰ ਇਸ ਨੂੰ ਘਰ ਨਹੀਂ ਭੇਜਿਆ ਜਾ ਸਕਦਾ। ਉਸ ਤੋਂ ਅਗਲੇ ਦਿਨ ਉਸ ਲੇਡੀ ਦੇ ਥਾਂ ਉਹਨਾਂ ਨੇ ਇੱਕ ਲੇਡਾ ਫ਼ਿਜ਼ਿਓਥਰੈਪਿਸਟ ਭੇਜ ਦਿਤਾ ਜਿਸ ਨੇ ਮੈਨੂੰ ਮੰਜੇ ਤੋਂ ਉਠਣ ਦੀ ਜਾਚ ਸਿਖਾ ਦਿਤੀ ਅਤੇ ਅਗਲੇ ਦਿਨ, ਨੌਵੇਂ ਦਿਨ ਮੈਨੂੰ ਹਸਪਤਾਲੋਂ ਕਢ ਦਿਤਾ ਗਿਆ। ਮੈਨੂੰ ਇਉਂ ਲੱਗੇ ਕਿ ਜਿਵੇਂ ਉਹ ਦਿਲੋਂ ਆਖਦੇ ਹੋਣ ਕਿ ਅੱਗੇ ਨੂੰ ਤੇ ਤੂੰ ਤੁਰਦਾ ਨਹੀਂ ਹੁਣ ਪਿੱਛੇ ਨੂੰ ਹੀ ਤੁਰ ਜਾਹ ਤਾਂ ਕਿ ਤੇਰਾ ਮੰਜਾ ਅਸੀਂ ਕਿਸੇ ਹੋਰ ਨੂੰ ਦੇ ਸਕੀਏ! ਸੋ ਅਸੀਂ ਬੇਆਬਰੂ ਹੋਕਰ ਕਿਸੇ ਦੇ ਕੂਚੇ ਵਿਚੋਂ ਤਾਂ ਨਹੀਂ ਪਰ ਆਪਣਾ ਦਿਲ ਓਵਰਹਾਲ ਕੀਤਾ ਹੋਇਆ ਸਾਬਤ ਹੀ ਲੈ ਕੇ, ਵੈਸਟਮੀਡ ਹਸਪਤਾਲੋਂ ਜਰੂਰ ਨਿਕਲ਼ ਆਏ।
ਇਸ ਸਾਰੇ ਸਮੇ ਦੌਰਾਨ ਹਸਪਤਲ ਦਾ ਸਟਾਫ਼, ਪਰਵਾਰਕ ਜੀ ਅਤੇ ਸੱਜਣਾਂ ਮਿੱਤਰਾਂ ਨੇ ਬਹੁਤ ਸੇਵਾ, ਸੰਭਾਲ਼ ਅਤੇ ਹੌਸਲਾ ਅਫਜ਼ਾਈ ਕੀਤੀ। ਇਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਡਾਕਟਰ ਅਤੇ ਬਾਕੀ ਸਟਾਫ਼ ਵੀ ਇਹ ਆਖ ਕੇ ਮੇਰਾ ਹੌਸਲਾ ਵਧਾਉਂਦਾ ਰਿਹਾ ਕਿ ਦੂਜਿਆਂ ਦੇ ਮੁਕਾਬਲੇ ਮੇਰੀ ਪ੍ਰਾਗਰੈਸ ਚੰਗੇਰੀ ਹੈ। ਮੇਰੀ ਬੇਹੋਸ਼ੀ ਦੌਰਾਨ ਹੀ ਡਾਕਟਰ ਨਿਕਲਸਨ ਅਤੇ ਉਸ ਦੀ ਟੀਮ ਨੇ ਮੈਨੂੰ ਬੇਹੋਸ਼ ਕਰਕੇ, ਆਪਣੀ ਕਾਰਵਾਈ ਨੂੰ ਸਰੰਜਾਬ ਦੇ ਦਿਤਾ। ਮੇਰੀ ਹੋਸ਼ ਪਰਤਣ ਤੇ ਡਾਕਟਰਾਂ ਨੇ ਆਖਿਆ ਕਿ ਮੇਰਾ ਉਹਨਾਂ ਨੇ ਇੰਞਣ ਬੰਨ੍ਹ ਦਿਤਾ ਹੈ ਤੇ ਹੁਣ ਮੈਂ ਇੱਕ ਦਹਾਕਾ ਹੋਰ ਨਹੀਂ ਲਈਦਾ।
ਹਸਪਤਾਲ ਵਿੱਚ ਇੱਕ ਦਿਨ ਡਾਕਟਰਾਂ ਨੂੰ ਮੈਂ ਪੁੱਛਿਆ ਕਿ ਇਹ ਤਾਂ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਆਰੀ ਨਾਲ਼ ਮੇਰੀ ਹਿੱਕ ਇਸ ਲਈ ਚੀਰੀ ਸੀ ਤਾਂ ਕਿ ਮੇਰਾ ਕਲੇਜਾ ਦਰੁਸਤ ਕਰਨ ਲਈ ਅੰਦਰੋਂ ਬਾਹਰ ਕਢਿਆ ਜਾ ਸਕੇ। ਖੱਬੇ ਪੱਟ ਉਪਰ ਵੀ ਅੱਠ ਚੀਰੇ ਦਿਤੇ ਤਾਂ ਕਿ ਓਥੋਂ ਚਾਰ ਚੰਗੀਆਂ ਨਾੜਾਂ ਕਢ ਕੇ, ਬੋਦੀਆਂ ਹੋ ਚੁੱਕੀਆਂ ਨਾੜਾਂ ਦੇ ਥਾਂ ਪਾਈਆਂ ਜਾ ਸਕਣ। ਢਿਡ ਉਪਰ ਵੀ ਮੋਰੀ ਕਢ ਕੇ ਪਾਈਪ ਇਸ ਲਈ ਪਾਈ ਕਿ ਪਿਸ਼ਾਬ ਆਉਂਦਾ ਰਹੇ ਪਰ ਆਹ ਮੇਰੇ ਸੱਜੇ ਕੰਨ ਦੇ ਥੱਲੇ, ਮੇਰੀ ਧੌਣ ਵਿੱਚ ਮੋਰੀ ਕਰਕੇ, ਪਾਈਪ ਕਾਹਦੇ ਲਈ ਪਾਈ ਹੈ! ਇਸ ਦਾ ਜਵਾਬ ਉਹਨਾਂ ਨੇ ਇਹ ਦਿਤਾ ਕਿ ਇਸ ਰਾਹੀਂ ਦਵਾਈ ਤੇਰੇ ਦਿਲ ਨੂੰ ਸਿਧੀ ਪੁਚਾਈ ਜਾਂਦੀ ਸੀ।
ਘਰ ਆਣ ਕੇ ਪਹਿਲੇ ਛੇ ਹਫ਼ਤੇ ਤਾਂ ਜਿਵੇਂ ਛਿਲੇ ਵਾਂਙ ਹੀ ਕੱਟੇ। ਬਹੁਤ ਇਹਤਿਆਤ ਵਰਤਣੀ ਪਈ। ਨਾਲ਼ ਨਾਲ਼ ਰੀਹੈਬਲੀਟੇਸ਼ਨ ਦੇ ਛੇ ਹਫ਼ਤੇ ਵੀ ਚੱਲਦੇ ਰਹੇ। ਹੁਣ ਉਹ ਵੀ ਪੂਰੇ ਹੋ ਗਏ ਹਨ ਤੇ ਉਹਨਾਂ ਨੇ ਮੈਨੂੰ ਸੰਪੂਰਣਤਾ ਦਾ ਸਰਟੀਫ਼ਿਕੇਟ ਅਤੇ ਬਹੁਤ ਸਾਰਾ ਹੌਸਲਾ ਦੇ ਕੇ ਘਰ ਨੂੰ ਤੋਰ ਦਿਤਾ ਹੈ। ਸਾਵਧਾਨੀ ਵਰਤਣ ਲਈ ਵੀ ਆਖ ਦਿਤਾ ਹੈ। ਡਾਕਟਰਾਂ ਦੇ ਦੱਸਣ ਅਨੁਸਾਰ ਛੇ ਮਹੀਨੇ ਲੱਗ ਜਾਣ ਪਿੱਛੋਂ ਹੀ ਮੈਂ ਪਹਿਲੇ ਵਾਂਙ ‘ਉਛਲ ਕੁੱਦ’ ਕਰਨ ਦੇ ਕਾਬਲ ਹੋ ਸਕਾਂ ਗਾ।
ਇਹ ਤੇ ਪਤਾ ਹੀ ਸੀ ਕਿ ਬੀਮਾਰੀ ਤਾਂ ਆਪਣੀਆਂ ਕੁਦਰਤ ਦੇ ਖ਼ਿਲਾਫ਼ ਕੀਤੀਆਂ ਗਈਆਂ ਗ਼ਲਤੀਆਂ/ਦਰੁਸਤੀਆਂ ਜਾਂ ਪੁਰਖਿਆਂ ਦੀ ਵਿਰਾਸਤ ਦਾ ਨਤੀਜਾ ਹੈ ਜੋ ਕਿ ਸਰੀਰ ਨੂੰ ਭੁਗਤਣਾ ਹੀ ਪੈਣਾ ਹੈ। ਇਸ ਦਾ ਇਲਾਜ ਡਾਕਟਰਾਂ ਨੇ ਕਰਨਾ ਹੈ ਤੇ ਸੇਵਾ ਸੰਭਾਲ਼ ਦੀ ਖੇਚਲ ਪਰਵਾਰਕ ਮੈਂਬਰਾਂ ਅਤੇ ਸ਼ੁਭਚਿੰਤਕ ਸੱਜਣਾਂ ਨੂੰ ਕਰਨੀ ਪੈਣੀ ਹੈ। ਸਾਹ ਤਾਂ ਓਨੇ ਲੈਣੇ ਹੀ ਪੈਣੇ ਹਨ ਜਿੰਨੇ ਕਰਤੇ ਦੀ ਕੁਦਰਤ ਦੇ ਨੇਮਾਂ ਅਨੁਸਾਰ ਸਰੀਰ ਵਿੱਚ ਪਾ ਕੇ ਇਸ ਸੰਸਾਰ ਤੇ ਭੇਜਿਆ ਗਿਆ ਹੈ; ਫਿਰ ਫਿਕਰ ਕਾਹਦਾ?
ਇਸ ਦੌਰਾਨ ਇੱਕ ਹੋਰ ਗੱਲ ਵੀ ਸਾਬਤ ਹੋ ਗਈ ਜੇਹੜੀ ਹਾਸੇ ਦੇ ਰਉਂ ਵਿੱਚ ਮੈਂ ਅਕਸਰ ਹੀ ਆਖਿਆ ਕਰਦਾ ਹਾਂ ਕਿ ਡਾਕਟਰਾਂ ਤੇ ਤਖਾਣਾਂ ਦਾ ਕਾਰਜ ਇਕੋ ਜਿਹਾ ਹੀ ਹੈ। ਉਹ ਲੱਕੜ ਨੂੰ ਕੱਟ ਵਢ ਕੇ ਜੋੜ ਦਿੰਦੇ ਹਨ ਤੇ ਡਾਕਟਰ ਸਰੀਰ ਨੂੰ। ਇਹ ਮਰੀਜ਼ ਦੀ ਖ਼ੁਸ਼ਕਿਸਮਤੀ ਹੈ ਕਿ ਉਸ ਦਾ ਸਰੀਰ ਠੀਕ ਥਾਂ ਤੇ ਜੁੜ ਜਾਵੇ ਜਾਂ। ਜੇ ਨਾ ਜੁੜੇ ਤਾਂ ਤਖਾਣਾਂ ਦੇ ਕਾਣੋ ਕਢਣ ਵਾਂਙ ਡਾਕਟਰ ਵੀ ਦੋਬਾਰਾ ਕੱਟ ਵਢ ਕਰਕੇ, ਜੋੜਨ ਦਾ ਯਤਨ ਕਰਦੇ ਹਨ। ਮੇਰੇ ਕੇਸ ਵਿੱਚ ਤਾਂ ਨਿਰੰਕਾਰ ਨੇ ਡਾ. ਨਿਕਲਸਨ ਦੇ ਹੱਥਾਂ ਵਿੱਚ ਆਪ ਵਰਤ ਕੇ ਕਾਰਜ ਰਾਸ ਕੀਤਾ ਹੈ।
ਅਉਖਦ ਅਤੇ ਰਾਸਿ ਵਿਚਿ ਆਪ ਖਲੋਇਆ॥

******************************************************

ਨੋਟਬੰਦੀ
ਇਸ ਤੋਂ ਪਹਿਲੇ ਲੇਖ ਵਿਚ ਪਟਨਾ ਸਾਹਿਬ ਵਿਚਲੀਆਂ ਸਰਗਰਮੀਆਂ ਦਾ ਸੰਖੇਪ ਵਿਚ ਜ਼ਿਕਰ ਕੀਤਾ ਜਾ ਚੁੱਕਾ ਹੈ। ਨੌਂ ਦਿਨ ਓਥੋਂ ਦੀਆਂ ਸਰਗਰਮੀਆਂ ਵਿਚ ਸ਼ਾਮਲ ਰਹਿਣ ਪਿੱਛੋਂ ਅੰਮ੍ਰਿਤਸਰ ਨੂੰ ਚਾਲੇ ਪਾ ਦਿਤੇ। ਦੋ ਕਿਤਾਬਾਂ ਛਪਵਾਉਣ ਦਾ ਉਦਮ ਕੀਤਾ। "ਉਮਰੇ ਦਰਾਜ਼ ਮਾਂਗ ਕਰ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇਂ ਗੁਜ਼ਰ ਗਏ ਦੋ ਇੰਤਜ਼ਾਰ ਮੇਂ।" ਵਾਲ਼ੀ ਗੱਲ ਤਾਂ ਭਾਵੇਂ ਮੇਰੇ ਨਾਲ਼ ਨਹੀਂ ਵਾਪਰਦੀ ਪਰ ਅੰਮ੍ਰਿਤਸਰ ਕਿਆਮ ਦੌਰਾਨ ਕਿਤਾਬਾਂ ਦੀ 'ਛਾਪਾ ਛਪਾਈ' ਵਿਚ ਏਨੇ ਦਿਨ ਲੰਘ ਜਾਂਦੇ ਹਨ ਕਿ ਫੇਰ ਹੋਰ ਸਮਾ ਘੱਟ ਹੀ ਬਚਦਾ ਹੈ ਸੱਜਣਾਂ ਮਿੱਤਰਾਂ ਨੂੰ ਮਿਲਣ ਮਿਲਾਉਣ ਦਾ। ਹੋਰ ਵੀ ਚੰਗਾ ਕਾਰਜ ਇਕ ਇਸ ਵਾਰੀਂ ਇਹ ਹੋ ਗਿਆ ਕਿ ਬਹੁਤ ਸਾਲਾਂ ਤੋਂ ਹਰਭਜਨ ਸਿੰਘ ਬਾਜਵਾ ਫ਼ੋਟੋਗਰਾਫ਼ਰ ਆਖ ਰਿਹਾ ਸੀ ਕਿ ਮੈਨੂੰ ਉਸ ਨੇ ਕੁੱਲੂ ਵਾਲ਼ਾ ਦੁਸਹਿਰਾ ਵਿਖਾਲਣਾ ਹੈ। ਇਸ ਵਾਰ ਇਹ ਇੱਛਾ ਵੀ ਸਾਡੀ ਦੋਹਾਂ ਦੀ ਪੂਰੀ ਹੋ ਗਈ। ਦੋ ਹੋਰ ਸੱਜਣਾਂ ਨਾਲ਼ ਅਸੀਂ ਚਾਰ ਜਣਿਆਂ ਨੇ ਹਿਮਾਚਲ ਦੀ ਸੈਰ ਕਰ ਲਈ ਤੇ ਕੁੱਲੂ ਦੇ ਦੁਸਹਿਰੇ ਦੀਆਂ ਰੌਣਕਾਂ ਵੀ ਵੇਖ ਲਈਆਂ। ਅੰਮ੍ਰਿਤਸਰ ਦੇ ਪ੍ਰਸਿਧ ਪੱਤਰਕਾਰ ਅਤੇ ਸੁਹਿਰਦ ਸੱਜਣ ਵੱਲੋਂ, ਪਟਨਾ ਸਾਹਿਬ ਦੇ ਸਮਾਗਮ ਦੌਰਾਨ ਖਿੱਚ ਕੇ ਮੈਨੂੰ ਦਿਤੀਆਂ ਗਈਆਂ ਬਹੁਤ ਸਾਰੀਆਂ ਫ਼ੋਟੋਜ਼ ਵਾਂਙ ਹੀ, ਬਹੁਤ ਸਾਰੀਆਂ ਬਾਜਵਾ ਜੀ ਨੇ ਵੀ, ਹਿਮਾਚਲ ਦੀ ਯਾਤਰਾਂ ਦੀਆਂ ਖਿੱਚੀਆਂ ਹੋਈਆਂ ਫ਼ੋਟੋਜ਼ ਮੈਨੂੰ ਦਿਤੀਆਂ ਪਰ ਮੈਂ ਪਤਾ ਨਹੀਂ ਉਹਨਾਂ ਦੋਹਾਂ ਸੱਜਣਾਂ ਦੀਆਂ ਫ਼ੋਟੋਜ਼ ਨੂੰ ਕਿੱਥੇ ਰੱਖ ਬੈਠਾ ਹਾਂ। ਹੋ ਸਕਦਾ ਹੈ ਇਹ ਮੇਰੇ ਬੁਢੇ ਹੋ ਜਾਣ ਕਰਕੇ, ਭੁਲੱਕੜਪੁਣੇ ਦੀ ਨਿਸ਼ਾਨੀ ਹੋਵੇ ਜਾਂ ਮੁਫ਼ਤ ਮਿਲਣ ਵਾਲ਼ੀ ਵਸਤੂ ਪ੍ਰਤੀ ਸਾਡੀ ਅਣਗਹਿਲੀ ਵਾਲ਼ੀ ਸੋਚ ਇਸ ਦਾ ਕਾਰਨ ਹੋਵੇ!
ਖੈਰ, ਮੈਂ ਗੁਰਧਾਮਾਂ ਦੀ ਯਾਤਰਾ ਦਾ ਆਰੰਭ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੀਤਾ। ਆਸ਼ਾ ਇਹੀ ਹੁੰਦੀ ਹੈ ਕਿ ਅਜਿਹੀ ਯਾਤਰਾ ਦੌਰਾਨ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਨਾਲ਼ ਨਾਲ਼ ਨਵੇਂ ਪੁਰਾਣੇ ਸੱਜਣਾਂ ਮਿੱਤਰਾਂ ਨਾਲ਼ 'ਸਾਹਬ ਸਲਾਮਤ' ਹੋ ਜਾਂਦੀ ਹੈ ਤੇ ਨਾਲ਼ੇ ਉਹਨਾਂ ਨੂੰ ਆਪਣੀਆਂ ਨਵੀਆਂ ਛਪੀਆਂ ਕਿਤਾਬਾਂ ਭੇਟਾ ਹੋ ਜਾਂਦੀਆਂ ਹਨ। ਗੁਰਦੁਆਰਾ ਸਾਹਿਬ ਦੀ ਸਰਾਂ ਵਿਚ ਠਹਿਰਾ ਸਮੇ ਮੇਰੀ ਨਿਗਾਹ ਇਕ ਅਜਿਹੇ ਵਿਅਕਤੀ ਦੇ ਫ਼ੋਨ ਨੰਬਰ ਤੇ ਪੈ ਗਈ ਜੋ ਇਸ ਸਮੇ ਚੰਡੀਗੜ੍ਹ ਵਿਚ, ਬਹੁਤ ਵੱਡੀ ਸਰਕਾਰੀ ਪਦਵੀ ਉਪਰ ਸੇਵਾ ਕਰ ਰਿਹਾ ਹੈ ਤੇ ਮੇਰੀਆਂ ਲਿਖਤਾਂ ਦਾ, ਅੰਮ੍ਰਿਤਸਰ ਦੇ ਸਮੇ ਤੋਂ ਹੀ ਪ੍ਰਸੰਸਕ ਹੈ। ਉਮਰ ਵਿਚ ਮੇਰੇ ਤੋਂ ਅਗਲੀ ਪੀਹੜੀ ਦਾ ਹੈ। ਮੈਂ ਫ਼ੋਨ ਕੀਤਾ ਤਾਂ ਅੱਗੋਂ ਉਹ ਸੱਜਣ ਖ਼ੁਦ ਹੀ ਬੋਲ ਪਏ। ਫ਼ਤਿਹ ਤੋਂ ਬਾਅਦ ਕਹਿਣ ਲੱਗੇ ਕਿ ਮੈਂ ਤਾਂ ਤੁਹਾਡੀਆਂ ਕਿਤਾਬਾਂ ਲੈਣ ਵਾਸਤੇ ਉਚੇਚਾ ਅੰਮ੍ਰਿਤਸਰ ਜਾਣਾ ਸੀ। ਚੰਗਾ ਹੋਇਆ ਤੁਸੀਂ ਨੇੜੇ ਹੀ ਆ ਗਏ ਹੋ ਤੇ ਹੁਣ ਜਰੂਰ ਮਿਲ਼ ਕੇ ਜਾਓ। ਅਗਲੇ ਦਿਨ ਮੈਂ ਬੱਸ ਤੇ ਬੈਠ ਕੇ ਅਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਪਹੁੰਚ ਗਿਆ। ਅੱਗੇ ਬੱਸ ਅੱਡੇ ਉਪਰ ਉਹਨਾਂ ਦਾ ਭੇਜਿਆ ਹੋਇਆ ਇਕ ਅਫ਼ਸਰ ਉਡੀਕ ਰਿਹਾ ਸੀ। ਅਸੀਂ ਉਸ ਸੱਜਣ ਦੇ ਦਫ਼ਤਰ ਪਹੁੰਚ ਗਏ। ਅੱਗੇ ਉਹ ਲੰਚ ਕਰਨ ਲਈ ਘਰ ਗਏ ਹੋਏ ਸਨ। ਸਟਾਫ਼ ਨੇ ਮੈਨੂੰ ਚਾਹ ਪਾਣੀ ਪੁੱਛਿਆ ਪਰ ਮੈਂ ਕਿਹਾ ਕਿ ਉਹਨਾਂ ਦੇ ਆਉਣ ਤੇ ਹੀ ਪੀਆਂਗੇ। ਨਾਂ ਮੈਂ ਉਸ ਚੰਗੇ ਸੱਜਣ ਦਾ ਜਾਣ ਬੁਝ ਕੇ ਨਹੀਂ ਲਖਿ ਰਿਹਾ।
ਥੋਹੜੇ ਸਮੇ ਪਿੱਛੋਂ ਲੰਚ ਕਰਕੇ ਉਹ ਵੀ ਆ ਗਏ। ਚਾਹ ਪਾਣੀ ਸਮੇ ਵਿਚਾਰ ਵਟਾਂਦਰਾ ਹੋਇਆ। ਮੈਂ ਆਪਣੀਆਂ ਨਵੀਆਂ ਛਪੀਆਂ ਦੋਵੇਂ ਕਿਤਾਬਾਂ ਉਹਨਾਂ ਦੀ ਸੇਵਾ ਵਿਚ ਭੇਟਾ ਕਰ ਦਿਤੀਆਂ। ਸਦਾ ਵਾਂਙ ਉਹਨਾਂ ਨੇ ਆਪਣੇ ਇਕ ਸੁਬਾਰਡੀਨੇਟ ਤੋਂ ਲਫ਼ਾਫ਼ੇ ਵਿਚ ਪੰਜ ਸੌ ਰੁਪਇਆ ਪੁਆਇਆ ਤੇ ਮੈਨੂੰ ਦੇ ਦਿਤਾ ਜੋ ਮੈਂ ਸਦਾ ਹੀ ਉਹਨਾਂ ਕੋਲ਼ੋਂ, ਬਿਨਾ ਨਾਂਹ ਨੁੱਕਰ ਕਰਨ ਦੇ ਲੈ ਲੈਂਦਾ ਹਾਂ; ਇਸ ਵਾਰੀ ਵੀ ਲੈ ਲਿਆ। ਫਿਰ ਮੈਂ ਆਖਿਆ ਕਿ ਅਧੀ ਸਦੀ ਬਾਅਦ ਚੰਡੀਗੜ੍ਹ ਆਇਆ ਹਾਂ ਤੇ ਭਲ਼ਕੇ ਸਾਰਾ ਦਿਨ ਮੈਂ ਏਥੇ ਘੁੰਮਣਾ ਹੈ। ਮੇਰਾ ਰਾਤ ਰਹਿਣ ਦਾ ਪ੍ਰਬੰਧ ਕਰ ਦਿਓ। ਉਸ ਸੋਹਣੇ ਸੱਜਣ ਨੇ ਪੋਲੀਸ ਆਫ਼ੀਸਰਜ਼ ਮੈਸ ਵਿਚ ਮੇਰਾ ਟਿਕਾਣਾ ਕਰਵਾ ਦਿਤਾ ਤੇ ਇਕ ਕਾਰ ਵਾਲ਼ੇ ਦੀ ਡਿਊਟੀ ਲਗਾ ਦਿਤੀ ਕਿ ਉਹ ਸਵੇਰੇ ਮੈਨੂੰ ਸਾਰੀ ਦਿਹਾੜੀ ਚੰਡੀਗੜ੍ਹ ਦੀ ਯਾਤਰਾ ਕਰਵਾਏਗਾ। ਇਹ ਰਿਹਾਇਸ਼ ਵੀ ਪਟਨੇ ਸਾਹਿਬ ਵਾਲ਼ੇ, ਪਤਾ ਨਹੀਂ ਕਿੰਨੇ ਤਾਰਾ ਹੋਟਲ 'ਮੌਰੀਆ' ਵਰਗੀ ਹੀ ਸੀ।
ਅੱਠ ਨਵੰਬਰ ਦੀ ਰਾਤ ਨੂੰ ਮੈਸ ਵਿਚੋਂ ਰੋਟੀ ਖਾ ਕੇ ਮੈਂ ਜਦੋਂ ਮੰਜੇ ਉਪਰ ਪਿਆ ਟੀਵੀ ਤੋਂ ਖ਼ਬਰਾਂ ਵੇਖ ਰਿਹਾ ਸਾਂ ਤਾਂ ਸਵਾ ਕੁ ਅੱਠ ਵਜੇ ਮੋਦੀ ਸਾਹਿਬ ਨੇ, ਇਕੋ ਝਟਕੇ ਨਾਲ਼ ਮੈਨੂੰ ਕੰਗਾਲ ਕਰ ਦਿਤਾ। ਉਸ ਨੇ ਪੰਜ ਸੌ ਤੇ ਹਜ਼ਾਰ ਰੁਪਏ ਵਾਲ਼ੇ ਨੋਟਾਂ ਉਪਰ ਲਾਲ ਲਕੀਰ ਫੇਰ ਦਿਤੀ। ਸਵੇਰੇ ਜੇਬ ਵਿਚ ਬਾਕੀ ਪੈਸੇ ਗਿਣੇ ਤਾਂ ਉਹ ਕੁੱਲ ਇਕ ਸੌ ਕੁਝ ਹੀ ਰੁਪਏ ਮਿਲ਼ੇ। ਮੇਹਰਬਾਨ ਸੱਜਣ ਜੀ ਦਾ ਭੇਜਿਆ ਹੋਇਆ ਕਾਰ ਵਾਲ਼ਾ ਸੱਜਣ ਵੀ ਆ ਗਿਆ ਜਿਸ ਨੇ ਮੈਨੂੰ ਸਾਰਾ ਦਿਨ ਚੰਡੀਗੜ੍ਹ ਵਿਚ ਘੁਮਾਉਣਾ ਸੀ। ਚਲੋ, ਕਾਰ ਤਾਂ ਮੁਫ਼ਤ ਸੀ ਤੇ ਸ਼ਾਇਦ ਪੈਟਰੌਲ ਵੀ ਇਸ ਵਿਚ ਨਾ ਪਾਉਣਾ ਪੈਂਦਾ ਪਰ ਸਾਰਾ ਦਿਨ ਖਾਣਾ, ਪੀਣਾ, ਰੋਟੀ, ਕੁਝ ਸਥਾਨਾਂ ਦੀਆਂ ਟਿਕਟਾਂ ਦੇ ਪੈਸੇ ਤਾਂ ਲੋੜੀਂਦੇ ਹੀ ਸਨ! ਇਸ ਲਈ ਕਾਰ ਵਾਲ਼ੇ ਸੱਜਣ ਨੂੰ ਤਾਂ ਮੈਂ ਵਿਦਾ ਕਰ ਦਿਤਾ ਪਰ ਉਸ ਨੇ ਆਖਿਆ ਕਿ ਉਹ ਮੈਨੂੰ ਬੱਸ ਅੱਡੇ ਉਪਰ ਛੱਡ ਦਿੰਦਾ ਹੈ। ਜਲੰਧਰ ਵਾਲ਼ੀ ਬੱਸ ਦੀ ਉਡੀਕ ਵਿਚ, ਸਿਡਨੀ ਵਿਚ ਆਪਣੇ ਪੁੱਤਰ ਕੋਲ਼ ਆਏ ਹੋਏ ਵਿੱਦਵਾਨ ਲੇਖਕ, ਖੱਬੇ ਪੱਖੀ ਵਿਚਾਰਧਾਰਾ ਵਾਲ਼ੇ ਸੱਜਣ, ਸ. ਨਿਰਮਲ ਸਿੰਘ ਨੋਕਵਾਲ਼ ਨੇ, ਪੰਚਕੂਲਾ ਦੇ ਵਸਨੀਕ ਆਪਣੇ ਦਾਮਾਦ ਦਾ ਫ਼ੋਨ ਮੈਨੂੰ ਦਿਤਾ ਹੋਇਆ ਸੀ ਤੇ ਆਖਿਆ ਸੀ ਉਸ ਨੂੰ ਜਰੂਰ ਮਿਲਣਾ। ਉਹ ਮੈਨੂੰ ਸਾਰੇ ਪਾਸੇ ਘੁਮਾ ਦੇਵੇਗਾ। ਉਸ ਨੂੰ ਬੱਸ ਅੱਡੇ ਤੋਂ ਫ਼ੋਨ ਲਾਇਆ ਤੇ ਉਸ ਦਾ ਜਵਾਬ ਆਇਆ, "ਉਡੀਕੋ, ਮੈਂ ਹੁਣੇ ਆਇਆ।" ਪਰ ਮੈਂ ਜੇਬੋਂ ਖਾਲੀ ਹੋਣ ਕਰਕੇ ਉਸ ਬੱਚੇ ਨੂੰ ਖੇਚਲ਼ ਦੇਣੀ ਠੀਕ ਨਾ ਸਮਝੀ ਤੇ ਉਸ ਨੂੰ ਆਉਣ ਤੋਂ ਰੋਕ ਦਿਤਾ ਤੇ ਆਖਿਆ ਕਿ ਫੇਰ ਕਿਸੇ ਸਮੇ ਸਹੀ। ਇਹ ਪੈਸੇ, ਜਿਸ ਨੂੰ ਮਾਇਆ ਵੀ ਆਖਿਆ ਜਾਂਦਾ ਹੈ ਤੋਂ ਬਿਨਾ ਕਿਤੇ ਵੀ ਨਹੀਂ ਸਰਦਾ। ਇਸ ਦੌਲਤ ਦੇ ਹੌਸਲੇ ਨਾਲ਼ ਹੀ ਮਨੁਖ ਤੁਰਿਆ ਫਿਰਦਾ ਹੈ ਤੇ ਮੈਂ ਵੀ ਇਸ ਮਸਲੇ ਵਿਚ ਕੋਈ ਅਪਵਾਦ ਨਹੀਂ ਹਾਂ। ਧਨ ਚਾਹੇ ਤਿਜੌਰੀ ਵਿਚ ਹੋਵੇ ਤੇ ਚਾਹੇ ਜ਼ਮੀਨ ਵਿਚ ਦੱਬਿਆ ਹੋਇਆ ਜਾਂ ਬੈਂਕ ਵਿਚ ਜਮ੍ਹਾ ਹੋਵੇ, ਮਨੁਖ ਦੇ ਚੇਹਰੇ, ਤੋਰੇ ਫੇਰੇ, ਬੋਲ ਚਾਲ ਤੇ ਡੀਲ ਡੌਲ ਤੋਂ ਹੀ ਪਰਗਟ ਹੋ ਜਾਂਦਾ ਹੈ। ਗੁਰਬਾਣੀ ਵੀ ਆਖਦੀ ਹੈ, "ਨਿਰਧਨ ਆਦਰ ਕੋਇ ਨ ਦੇਇ॥" ਸੱਜਣ ਠੱਗ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੇਹਰੇ ਦੀ ਆਭਾ ਵੇਖ ਕੇ ਹੀ ਗੁਰੂ ਜੀ ਦੇ ਧੰਨਵਾਨ ਹੋਣ ਦਾ ਅੰਦਾਜ਼ਾ ਲਾ ਕੇ, ਉਹਨਾਂ ਨੂੰ ਲੁੱਟਣ ਲਈ ਉਚੇਚਾ ਤਰੱਦਦ ਕੀਤਾ ਸੀ ਪਰ ਉਸ ਭੋਲ਼ੇ ਨੂੰ ਨਹੀਂ ਸੀ ਪਤਾ ਕਿ ਗੁਰੂ ਜੀ ਦੇ ਮੁਖ ਦੀ ਇਹ ਆਭਾ ਨਾਮ ਧਨ ਦੀ ਹੈ ਨਾ ਕਿ ਸੰਸਾਰੀ ਧਨ ਦੀ।
ਮੇਰੀ ਤਾਂ ਮੋਦੀ ਨੇ ਸਾਰੀ ਫੂਕ ਹੀ ਕਢ ਦਿਤੀ। ਮੈਂ ਤਾਂ ਜਦੋਂ ਹਿੰਦੁਸਤਾਨ, ਪਾਕਿਸਤਾਨ ਤੇ ਅਫ਼੍ਰੀਕਨ ਮੁਲਕਾਂ ਦੀ ਯਾਤਰਾ ਤੇ ਹੋਵਾਂ ਤਾਂ ਪੈਸੇ ਵਰਤਣ ਸਮੇ ਗਿਣਤੀਆਂ ਮਿਣਤੀਆਂ ਵਿਚ ਨਹੀਂ ਪੈਂਦਾ। ਉਤਲੀਆਂ ਜੇਬਾਂ ਵਿਚ ਲੋਕਲ ਕਰੰਸੀ ਗਿਣਤੀ ਤੋਂ ਬਿਨਾ ਹੀ ਰੱਖਦਾ ਹਾਂ। ਜਿਥੇ ਲੋੜ ਹੋਵੇ, ਬੇਫਿਕਰੀ ਨਾਲ਼ ਵਰਤ ਲਈ ਜਾਂਦੀ ਹੈ। ਕਾਰਨ ਇਹ ਹੈ ਕਿ ਸਾਡੇ ਇਕ ਡਾਲਰ ਦੇ ਉਹਨਾਂ ਮੁਲਕਾਂ ਵਿਚ ਬਹੁਤ ਸਾਰੇ ਰੁਪਏ ਬਣ ਜਾਂਦੇ ਹਨ ਤੇ ਖ਼ਰਚਣ ਸਮੇ ਅਸੀਂ ਡਾਲਰ ਹੀ ਗਿਣਦੇ ਹਾਂ। ਏਥੇ ਭਾਵੇਂ ਖਰਚਣ ਸਮੇ ਅਸੀਂ ਉਹਨਾਂ ਦਾ ਤਸੱਵਰ ਰੁਪਇਆਂ ਵਿਚ ਕਰਦੇ ਹਾਂ। ਇਹ ਵੀ ਕਾਰਨ ਹੈ ਕਿ ਸਾਡੇ ਵਿਚੋਂ ਬਹੁਤੇ ਲੋਕ ਬਾਹਰੋਂ ਆਪਣੇ ਦੇਸ ਜਾ ਕੇ, ਖ਼ੁਦ ਨੂੰ ਖੁਲ੍ਹਾ ਖ਼ਰਚ ਕਰ ਸਕਣ ਦੇ ਸਮਰੱਥ ਸਮਝਦੇ ਹਨ। ਜਦੋਂ ਮੈਂ ਆਪਣੇ ਸੱਜਣਾਂ ਤੇ ਰਿਸ਼ਤੇਦਾਰਾਂ ਕੋਲ਼ ਜਾਂਦਾ ਹਾਂ ਤਾਂ ਇਹ ਉਲ਼ਟ ਹੋ ਜਾਂਦਾ ਹੈ। ਉਹ ਮੈਨੂੰ, ਗੁਰੂ ਦੀ ਕਿਰਪਾ ਸਦਕਾ, ਮਾਇਕ ਪੱਖੋਂ ਮੇਰੇ ਨਾਲ਼ੋਂ ਕਿਤੇ ਵਧੇਰੇ ਸਮਰੱਥਾਵਾਨ ਦਿਸਦੇ ਹਨ ਤੇ ਮੈਂ ਉਹਨਾਂ ਦੇ ਸਾਹਮਣੇ ਖ਼ੁਦ ਨੂੰ ਕਿਤੇ ਘੱਟ।
ਮੁੱਕਦੀ ਗੱਲ ਕਿ ਮੈਂ ਚੰਡੀਗੜ੍ਹੋਂ ਜਲੰਧਰ ਵਾਲ਼ੀ ਬੱਸ ਵਿਚ ਬਹਿ ਗਿਆ। ਕੰਡਕਟਰ ਨਾਲ਼ ਵੱਡੇ ਛੋਟੇ ਨੋਟਾਂ ਬਾਰੇ ਕੁਝ ਤਕਰਾਰ ਹੋਇਆ। ਮੈਂ ਉਸ ਨੂੰ ਜਦੋਂ ਪੰਜ ਸੌ ਦਾ ਨੋਟ ਜਲੰਧਰ ਦੀ ਟਿਕਟ ਲੈਣ ਵਾਸਤੇ ਦਿਤਾ ਤਾਂ ਉਹ ਛੋਟੇ ਨੋਟ ਮੰਗੇ ਜੋ ਕਿ ਮੇਰੇ ਕੋਲ਼ ਇਕ ਸੌ ਕੁਝ ਰੁਪਏ ਹੀ ਸਨ ਤੇ ਮੈਂ ਕੰਜੂਸ ਵਾਂਙ ਉਹਨਾਂ ਨੂੰ ਹੱਥੋਂ ਛੱਡਣਾ ਨਹੀਂ ਸੀ ਚਾਹੁੰਦਾ। ਅਖੀਰ ਉਸ ਵਿਚਾਰੇ ਨੇ ਪੰਜ ਸੌ ਦਾ ਨੋਟ ਮੇਰੇ ਤੋਂ ਲੈ ਲਿਆ ਤੇ ਟਿਕਟ ਦੇ ਨਾਲ਼ ਭਾਨ ਵੀ ਮੋੜ ਦਿਤਾ। ਏਥੋਂ ਤੱਕ ਕਿ ਪੰਜਾਬ ਦੇ ਕੰਡਕਰਾਂ ਵੱਲੋਂ ਵਰਤੇ ਜਾਂਦੇ ਆਮ ਰਿਵਾਜ਼ ਅਨੁਸਾਰ, ਉਸ ਨੇ ਮੇਰੇ ਟਿਕਟ ਉਪਰ ਵੀ ਨਹੀਂ ਲਿਖਿਆ, ਬਚਦੇ ਰੁਪਏ ਓਸੇ ਸਮੇ ਟਿਕਟ ਦੇ ਨਾਲ਼ ਹੀ ਮੋੜ ਦਿਤੇ। ਸ਼ਾਇਦ ਉਸ ਨੇ ਮੇਰੀ ਚਿੱਟੀ ਦਾਹੜੀ ਤੇ ਨੀਲੀ ਪੱਗ ਦਾ ਲਿਹਾਜ਼ ਕਰ ਲਿਆ ਜਾਂ ਵੈਸੇ ਹੀ ਇਹ ਉਸ ਦੀ ਸ਼ਰਾਫ਼ਤ ਸੀ। ਉਹਨਾਂ ਦਿਨਾਂ ਵਿਚ ਸਰਕਾਰ ਵੀ ਪੰਜਾਬ ਵਿਚ ਨੀਲਿਆਂ ਦੀ ਹੀ ਸੀ। ਜਲੰਧਰ ਜਾ ਕੇ ਅੰਮ੍ਰਿਤਸਰ ਦੀ ਬੱਸ ਵਿਚ ਵੀ ਏਹੋ ਕੁਝ ਦੁਹਰਾਇਆ ਗਿਆ। ਨੌਂ ਨਵੰਬਰ ਨੂੰ ਮੈਂ ਅੰਮ੍ਰਿਤਸਰ ਛੋਟੇ ਭਰਾ ਸ. ਸੇਵਾ ਸਿੰਘ ਦੇ ਘਰ ਪਹੁੰਚ ਗਿਆ।
ਘਰ ਪਹੁੰਚ ਕੇ ਛੋਟੇ ਭਰਾ ਨਾਲ਼ ਇਸ ਨੋਟਬੰਦੀ ਵਾਲ਼ੀ ਅਲੋਕਾਰੀ ਰੱਬੋਂ ਪਈ ਮੁਸੀਬਤ ਬਾਰੇ ਵਿਚਾਰ ਵਟਾਂਦਰਾ ਹੋਇਆ। ਉਸ ਦਾ ਵਿਚਾਰ ਸੀ ਕਿ ਇਸ ਦਾ ਕੁਝ ਵੀ ਲਾਭ ਨਹੀਂ ਹੋਣਾ। ਮੇਰੇ ਵਿਚਾਰ ਸਨ ਕਿ ਜੇਹੜੇ ਨਕਲੀ ਇਸ ਸਮੇ ਨੋਟ ਚੱਲ ਰਹੇ ਹਨ ਉਹ ਤਾਂ ਇਕ ਦਮ ਬੇਕਾਰ ਹੋ ਗਏ ਨਾ! ਉਸ ਦਾ ਵਿਚਾਰ ਸੀ ਕਿ ਫੇਰ ਨਾ ਨਕਲੀ ਛਪਣਗੇ! ਮੇਰਾ ਵਿਚਾਰ ਸੀ ਕਿ ਕੁਝ ਸਮਾ ਤਾਂ ਲੱਗੇਗਾ ਹੀ ਨਵੇਂ ਨਕਲੀ ਨੋਟ ਛਾਪਣ ਵਿਚ ਪਰ ਭਰਾ ਦੀਆਂ ਦਲੀਲਾਂ ਇਸ ਨੋਟਾਂ ਦੀ ਬਦਲੀ ਵਾਲ਼ੇ ਨਿਕੰਮੇ ਕੰਮ ਦੇ ਪੂਰੀ ਤਰ੍ਹਾਂ ਵਿਰੁਧ ਸਨ। ਬੱਸ ਦੋ ਚਾਰ ਦਿਨਾਂ ਵਿਚ ਹੀ ਮਿਲੀਅਨਜ਼ ਦੀ ਗਿਣਤੀ ਵਿਚ ਨਵੇਂ ਦੋ ਹਜ਼ਾਰ ਦੇ ਨਕਲੀ ਨੋਟਾਂ ਦੇ ਫੜੇ ਜਾਣ ਦੀਆਂ ਖ਼ਬਰਾਂ ਛਪਣ ਲੱਗ ਪਈਆਂ। ਨਵੇਂ ਨੋਟ ਵੀ ਪੰਜ ਸੌ ਜਾਂ ਇਕ ਹਜ਼ਾਰ ਦੇ ਛਪਣ ਦੀ ਬਜਾਇ, ਦੋ ਹਜਾਰ ਦੇ ਹੀ ਸ਼ੁਰੂ ਹੋਏ ਤੇ ਉਹ ਵੀ, ਦਿਹਾੜੀਆਂ ਭੰਨ ਕੇ, ਭੁੱਖੇ ਤਿਹਾਏ ਕਤਾਰਾਂ ਵਿਚ ਖਲੋ ਕੇ, ਕਿਸੇ ਵਿਰਲੇ ਹੀ ਸ਼ਰੀਫ ਬੰਦੇ ਦੇ ਹਿੱਸੇ ਆਉਂਦੇ। ਜੇ ਮਿਲ਼ ਵੀ ਜਾਣ ਤਾਂ ਉਸ ਨੇ ਦੋ ਜਾਂ ਤਿੰਨ ਸੌ ਰੁਪਏ ਦੀ ਸਬਜ਼ੀ ਜੇ ਖ਼ਰੀਦਣੀ ਹੋਵੇ ਤਾਂ ਬਾਕੀ ਸਤਾਰਾਂ ਅਠਾਰਾਂ ਸੌ ਦੁਕਾਨਦਾਰ ਉਸ ਨੂੰ ਕਿਥੋਂ ਮੋੜੂ! ਹਾਂ, ਬੇਈਮਾਨਾਂ ਦੀ ਚਾਂਦੀ ਨਹੀਂ, ਸੋਨਾ ਬਣ ਗਈ। ਉਹਨਾਂ ਪਾਸ ਨਕਲੀ ਵੀ ਤੇ ਅਸਲੀ ਵੀ ਨੋਟਾਂ ਦੀ ਭਰਮਾਰ ਹੋ ਗਈ। ਉਹਨਾਂ ਆਪਣਾ ਸਾਰਾ ਕਾਲ਼ਾ ਧਨ ਚਿੱਟਾ ਕਰ ਲਿਆ। ਕੇਹੜੇ ਕੇਹੜੇ ਤਰੀਕਿਆਂ ਨਾਲ਼ ਕੀਤਾ, ਇਹ ਵਰਨਣ ਬਹੁਤ ਵਿਸਥਾਰ ਮੰਗਦਾ ਹੈ।
ਆਲ਼ੇ ਦੁਆਲ਼ੇ ਵੀ ਇਸ ਦਾ ਮਾਰੂ ਅਸਰ ਵੇਖਣ ਵਿਚ ਆਇਆ। ਬਾਜ਼ਾਰਾਂ ਦੀ ਸਾਰੀ ਰੌਣਕ ਹੀ ਜਾਂਦੀ ਰਹੀ। ਰਿਕਸ਼ੇ ਵਾਲ਼ਿਆਂ, ਰੇਹੜੀਆਂ, ਫੜ੍ਹੀਆਂ, ਛੋਟੇ ਦੁਕਾਨਦਾਰਾਂ, ਫੇਰੀ ਵਾਲ਼ਿਆਂ, ਮੰਗਤਿਆਂ, ਆਦਿ ਨਾਲ਼ ਗਰੀਬ ਮਾਰ ਹੋ ਗਈ। ਧਰਮਸਥਾਨ ਵੀ ਇਸ ਦੀ ਮਾਰ ਤੋਂ ਨਾ ਬਚ ਸਕੇ। ਮੇਰੇ ਭਰਾ ਦੇ ਘਰ ਨੂੰ ਜਾਣ ਸਮੇ ਰਾਹ ਵਿਚ ਸਬਜ਼ੀਆਂ ਤੇ ਫਲ ਵੇਚਣ ਵਾਲ਼ਿਆਂ ਦੀਆਂ ਰੇਹੜੀਆਂ ਤੇ ਫੜ੍ਹੀਆਂ ਦੀ ਭਰਮਾਰ ਹੁੰਦੀ ਸੀ। ਦੁਪਹਿਰ ਤੋਂ ਬਾਅਦ ਓਥੇ ਮੇਲੇ ਵਰਗਾ ਮਾਹੌਲ ਹੁੰਦਾ ਸੀ। ਰੋਜ ਸ਼ਾਮ ਨੂੰ ਲੋਕ ਸਬਜ਼ੀ ਤੇ ਫਲ ਖ਼ਰੀਦਦੇ ਸਨ। ਓਥੇ ਹੁਣ ਚੁੱਪ ਚਾਂਦ ਹੋ ਗਈ। ਜਦੋਂ ਖ਼ਰੀਦਣ ਵਾਲ਼ਾ ਹੀ ਨਾ ਆਇਆ ਤਾਂ ਵੇਚਣ ਵਾਲ਼ੇ ਵਿਚਾਰੇ ਕਿਸ ਵਾਸਤੇ ਆਉਂਦੇ! ਗਾਹਕ ਕੋਈ ਤਾਂ ਹੀ ਆਉਂਦਾ ਜੇ ਉਸ ਕੋਲ਼ ਕੁਝ ਖ਼ਰੀਦਣ ਲਈ ਪੈਸੇ ਹੁੰਦੇ। ਪੈਸੇ ਤਾਂ ਇਕੋ ਐਲਾਨ ਨਾਲ਼ ਮੋਦੀ ਨੇ ਸਾਰੇ ਰੱਦੀ ਕਾਗਤ ਬਣਾ ਦਿਤੇ ਸਨ। ਮੈਂ ਆਪਣੀ ਮਿਸਾਲ ਦਿੰਦਾ ਹਾਂ ਕਿ ਜਦੋਂ ਵੀ ਮੈਂ ਅੰਮ੍ਰਿਤਸਰ ਜਾਂਦਾ ਹਾਂ ਤੇ ਓਥੇ ਟਿਕਣ ਸਮੇ ਸਵੇਰੇ ਦਰਬਾਰ ਜਾਂਦਾ ਹਾਂ। ਕੁਝ ਨਾ ਕੁਝ ਤਿਲ ਫੁੱਲ ਮੱਥਾ ਵੀ ਟੇਕਣਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਸੰਗ ਸੁਣਾ ਰਹੇ ਢਾਡੀ ਜਥੇ ਅੱਗੇ ਵੀ ਸੌ/ਪੰਜਾਹ ਦਾ ਨੋਟ ਰੱਖਣਾ। ਫਿਰ ਮੁੜਦਿਆਂ ਹੋਇਆਂ ਕੋਈ ਮਨਪਸੰਦ ਫਲ਼ ਜਾਂ ਸਬਜ਼ੀ ਵੀ ਖ਼ਰੀਦਣੀ। ਇਹ ਸਭ ਕੁਝ ਬੰਦ ਹੋ ਗਿਆ ਤੇ ਇਉਂ ਹੀ ਬਾਕੀ ਲੋਕਾਂ ਦਾ ਹਾਲ ਵੀ ਹੋਇਆ ਹੋਵੇਗਾ। ਲੋਕੀਂ ਰਿਕਸ਼ੇ ਦੇ ਵੀ ਦਸ ਦਸ ਵੀਹ ਵੀਹ ਰੁਪਏ ਬਚਾਉਣ ਲੱਗ ਪਏ। ਮੇਰਾ ਇਕ ਆਰਥਿਕ ਪੱਖੋਂ ਸਮਰੱਥਾਵਾਨ ਮਿੱਤਰ ਹੈ ਜੋ ਕਿ ਮੇਰੀ ਹਰੇਕ ਦੇਸ ਯਾਤਰਾ ਸਮੇ, ਖਾਣ ਪੀਣ ਤਾਂ ਕਿਧਰੇ ਰਿਹਾ ਕਾਰ ਤੱਕ ਵੀ ਉਹਨਾਂ ਦੀ ਡਰਾਈਵਰ ਸਣੇ ਮੈਂ ਸਮੇ ਸਮੇ ਵਰਤ ਲੈਂਦਾ ਸਾਂ। ਉਹ ਕਿਤੇ ਵੀ ਮੈਨੂੰ ਕੁਝ ਖ਼ਰਚਣ ਨਹੀਂ ਸਨ ਦਿੰਦੇ। ਮੋਦੀ ਦੀ ਕਿਰਪਾ ਦਾ ਇਹ ਅਸਰ ਹੋਇਆ ਕਿ ਇਕ ਦਿਨ ਅਸੀਂ ਦੋਵੇਂ ਘੰਟਾਘਰ ਤੋਂ ਰਿਕਸ਼ੇ ਉਪਰ ਬੈਠ ਕੇ ਸੁਲਤਾਨ ਵਿੰਡ ਗੇਟ ਤੱਕ ਆਏ ਤੇ ਰਿਕਸ਼ੇ ਦੇ ਵੀਹ ਰੁਪਏ ਬਣੇ। ਮੈਂ ਆਖਿਆ ਕਿ ਮੇਰੇ ਪਾਸ ਭੱਜੇ ਹੋਏ ਹਨ, ਮੈਂ ਦੇ ਦਿੰਦਾ ਹਾਂ। ਉਸ ਨੇ ਇਕ ਵਾਰ ਵੀ ਨਹੀਂ ਆਖਿਆ ਕਿ ਉਹ ਦੇ ਦਿੰਦਾ ਹੈ। ਉਸ ਦੇ ਘਰ ਦੀ ਰਸੋਈ ਗੁਰੂ ਕੇ ਲੰਗਰ ਵਾਂਙ ਹੀ ਖੁਲ੍ਹੀ ਚੱਲਦੀ ਹੈ। ਮੈਂ ਇਕ ਦਿਨ ਰਸੋਈ ਉਪਰ ਰੋਜ਼ਾਨਾ ਆਉਣ ਵਾਲ਼ੇ ਖ਼ਰਚ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਨੌਕਰਾਣੀ ਦਾ ਜਵਾਈ ਬੈਂਕ ਵਿਚ ਨੌਕਰੀ ਕਰਦਾ ਹੈ ਤੇ ਉਹ ਹਰ ਰੋਜ ਬੈਂਕ ਵਿਚ ਜਾ ਕੇ ਦੋ ਹਜ਼ਾਰ ਰੁਪਏ ਉਸ ਦੀ ਰਾਹੀਂ ਲਿਆ ਕੇ ਦਿੰਦੀ ਹੈ। ਤੀਹ ਰੁਪਏ ਉਸ ਨੂੰ, ਬੈਂਕ ਵਿਚ ਜਾਣ ਆਉਣ ਲਈ ਰਿਕਸ਼ੇ ਦਾ ਕਰਾਇਆ ਵੀ ਦਿਤਾ ਜਾਂਦਾ ਹੈ। ਰਾਸ਼ਣ ਵਾਲ਼ੇ ਦੁਕਾਨਦਾਰਾਂ ਨਾਲ਼ ਦਹਾਕਿਆਂ ਤੋਂ ਬਣੀ ਹੋਈਹੋਣ ਕਰਕੇ, ਕੁਝ ਹੁਦਾਰ ਵੀ ਚੱਲ ਜਾਂਦਾ ਹੈ।
ਮੇਰਾ ਭਰਾ ਤੇ ਉਸ ਦਾ ਪੁੱਤਰ ਸਵੇਰੇ ਸਵੇਰੇ ਘਰੋਂ ਨਿਕਲ਼ ਜਾਇਆ ਕਰਨ। ਜਦੋਂ ਇਕ ਤਕਾਲ਼ਾਂ ਨੂੰ ਮੁੜੇ ਤਾਂ ਮੈਂ ਪੁੱਛਿਆ ਕਿ ਉਹ ਸਾਰੀ ਦਿਹਾੜੀ ਕਿਥੇ ਰਹਿੰਦੇ ਹਨ! ਤਾਂ ਭਰਾ ਨੇ ਜਵਾਬ ਦਿਤਾ, "ਅਸੀਂ ਰਾਸ਼ਣ ਦਾ ਪ੍ਰਬੰਧ ਕਰਨ ਜਾਂਦੇ ਹਾਂ। ਤੂੰ ਤੇ ਭਾਊ ਕਿਤਾਬਾਂ ਪੜ੍ਹੀ ਜਾਂਦਾ ਹੈਂ, ਅਸੀਂ ਦੋਵੇ ਪਿਉ ਪੁੱਤ ਸਵੇਰ ਤੋਂ ਬੈਂਕ ਦੀ ਕਤਾਰ ਵਿਚ ਖਲੋਂਦੇ ਹਾਂ।" ਮੈ ਸੋਚਿਆ ਕਿ ਪੰਜਾਬ ਐਂਡ ਸਿੰਧ ਬੈਂਕ ਵਿਚ ਜਾ ਕੇ ਮੈਂ ਵੀ ਆਪਣੀ ਕਿਸਮਤ ਅਜਮਾਈ ਕਰਾਂ ਪਰ ਜਦੋਂ ਓਥੇ ਜਾ ਕੇ ਸ਼ੈਤਾਨ ਦੀ ਆਂਤ ਜਿੰਨੀ ਲੰਮੀ ਕਤਾਰ ਵੇਖੀ ਤਾਂ ਹੌਸਲਾ ਹੀ ਨਾ ਪਿਆ ਉਸ ਵਿਚ ਖਲੋਣ ਦਾ। ਹਰ ਰੋਜ ਪਿਓ ਪੁੱਤਾਂ ਨੂੰ ਤੀਸਰੇ ਦਿਨ ਸ਼ਾਮ ਸਮੇ ਬੈਂਕ ਵਿਚੋਂ ਦੋ ਹਜ਼ਾਰ ਰੁਪਏ ਮਿਲ਼ੇ। ਇਕ ਦਿਨ ਮੈਂ ਡਾਲਰ ਤੁੜਵਾਉਣ ਬੈਂਕ ਵਿਚ ਗਿਆ ਤਾਂ ਡੀਲ ਕਰਨ ਵਾਲ਼ੀ ਕੁੜੀ ਨੇ ਨਾਂਹ ਕਰ ਦਿਤੀ। ਨਾਲ਼ ਹੀ ਆਖਿਆ ਕਿ ਉਸ ਦਾ ਭਰਾ ਬਾਹਰੋਂ ਆਇਆ ਹੈ। ਉਸ ਨਾਲ਼ ਬੈਂਕ ਤੋਂ ਬਾਹਰੋਂ ਬਾਹਰ ਵਟਾਂਦਰਾ ਕਰ ਲਵਾਂ। ਇਹ ਕੁਝ ਮੈਂ ਕਰ ਨਾ ਸਕਿਆ। ਸ਼ਾਇਦ ਇਸ ਲਈ ਨਾ ਇਸ ਪੰਗੇ ਵਿਚ ਪਿਆ ਕਿ ਭਰਾ ਦੀ ਹਿੰਮਤ ਨਾਲ਼ ਮੈਨੂੰ ਖ਼ਰਚ ਪੱਠੇ ਦੀ ਕੋਈ ਮਜਬੂਰੀ ਨਹੀਂ ਸੀ ਕਿਉਂਕਿ ਭਰਾ ਦੇ ਘਰੋਂ ਪ੍ਰਸ਼ਾਦਾ ਪਾਣੀ ਮਿਲ਼ਦਾ ਸੀ। ਬਾਕੀ ਜੋ ਮੈਂ ਬਾਹਰ ਖ਼ਰਚ ਕਰਦਾ ਸੀ, ਉਸ ਤੋਂ ਆਪਣਾ ਹੱਥ ਖਿੱਚ ਲਿਆ।
ਇਹਨਾਂ ਦਿਨਾਂ ਵਿਚ ਹੀ ਮੇਰੇ ਮਿੱਤਰ ਸਿਡਨੀ ਦੇ ਵਸਨੀਕ, ਸ. ਸੁਰਿੰਦਰ ਸੋਹੀ ਜੀ ਦੇ ਪਰਵਾਰਕ ਘਰ ਜਗਰਾਉਂ ਵਿਖੇ, ਸਾਲਾਨਾ ਧਾਰਮਿਕ ਸਮਾਗਮ ਸੀ। ਸ. ਸੁਰਿੰਦਰ ਸਿੰਘ ਜੀ ਆਪਣੇ ਗੁਰਸਿੱਖ ਪਰਵਾਰ ਤੇ ਦੋ ਭਰਾਵਾਂ ਸਮੇਤ ਸਿਡਨੀ ਵਿਚ ਵਸਦੇ ਹਨ ਤੇ ਮੇਰੇ ਨਾਲ਼ ਸਨੇਹ ਰੱਖਦੇ ਹਨ। ਸਾਡੀ ਵਿਚਾਰਾਂ ਦੀ ਸਾਂਝ ਹੈ। ਉਸ ਸਮਾਗਮ ਵਿਚ ਜਾਣ ਲਈ ਮੈਂ ਭਰਾ ਕੋਲ਼ੋਂ ਪਹਿਲਾਂ ਦੀ ਤਰ੍ਹਾਂ ਹੀ ਖੁਲ੍ਹੇ ਗੱਫੇ ਦੀ ਆਸ ਰੱਖਦਾ ਸੀ ਪਰ ਉਸ ਨੇ ਪੈਸੇ ਦੇਣ ਸਮੇ ਵਾਹਵਾ ਝਿਜਕ ਵਿਖਾਈ। ਕਾਰਨ ਮੋਦੀ ਜੀ ਦੀ ਕਿਰਪਾ ਨਾਲ਼ ਹੋਈ ਨੋਟਬੰਦੀ ਹੀ ਸੀ। ਗਿਆਨੀ ਇਕਬਾਲ ਸਿੰਘ ਜੀ ਮੀਰਾਂਕੋਟ, ਸਾਬਕਾ ਹੈਡ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ, ਅਸੀਂ ਸਮੇ ਸਿਰ ਉਹਨਾਂ ਦੇ ਘਰ ਜਗਰਾਉਂ ਪਹੁੰਚ ਗਏ। ਧਾਰਮਿਕ ਸਮਾਗਮ ਦੀ ਹਾਜਰੀ ਭਰੀ। ਸ. ਸੁਰਿੰਦਰ ਸਿੰਘ ਜੀ ਦੇ ਘਰੋਂ ਸਤਿਕਾਰ ਯੋਗ ਭੈਣ ਜੀ, ਮਨਜੀਤ ਕੌਰ ਅਤੇ ਵੱਡੇ ਭਰਾ ਭਰਜਾਈ, ਸਰਦਾਰਨੀ ਪਰਮਜੀਤ ਕੌਰ ਅਤੇ ਸ. ਮਹਿੰਦਰ ਸਿੰਘ ਜੀ ਨੇ ਬਹੁਤ ਹੀ ਆਦਰ ਮਾਣ ਕੀਤਾ। 'ਧੰਨਵਾਦ' ਸ਼ਬਦ ਐਵੇਂ ਰਸਮੀ ਜਿਹਾ ਹੀ ਹੈ ਏਥੇ। ਧਾਰਮਿਕ ਸਮਾਗਮ ਦੀ ਸਮਾਪਤੀ ਪਿੱਛੋਂ ਮੀਰਾਂਕੋਟ ਜੀ ਨੇ ਤਾਂ ਵਾਪਸ ਅੰਮ੍ਰਿਤਸਰ ਨੂੰ ਚਾਲੇ ਪਾ ਦਿਤੇ ਪਰ ਮੈਂ ਅੱਗੇ ਰਾਜਪੁਰੇ ਨੂੰ ਜਾਣਾ ਸੀ।
ਸਵੇਰੇ ਸ. ਸੁਰਿੰਦਰ ਸਿੰਘ ਜੀ ਤੋਂ ਵਿਦਿਆ ਲੈਣ ਸਮੇ ਉਹਨਾਂ ਨੇ ਮਾਇਆ ਦੀ ਗੱਲ ਕੀਤੀ ਤਾਂ, "ਅੰਨ੍ਹਾ ਕੀ ਭਾਲ਼ੇ, ਦੋ ਅੱਖਾਂ?" ਮੈਂ ਖ਼ੁਸ਼ੀ ਸਹਿਤ ਆਖਿਆ ਕਿ ਜੇ ਨਵੀਂ ਕਰੰਸੀ ਵਿਚ ਕੁਝ ਮਾਇਆ ਦਾ ਪ੍ਰਬੰਧ ਹੋ ਸਕੇ ਤਾਂ ਕਿਆ ਕਹਿਣੇ! ਸ. ਸੁਰਿੰਦਰ ਸਿੰਘ ਜੀ ਨੇ ਇਕ ਦੁਕਾਨਦਾਰ ਦੇ ਕੰਨ ਵਿਚ ਪਤਾ ਨਹੀਂ ਕੀ ਫੂਕ ਮਾਰੀ ਕਿ ਉਸ ਨੇ ਦਸ ਦਸ ਵਾਲ਼ੇ ਨੋਟਾਂ ਦੇ ਡੇਢ ਹਜ਼ਾਰ ਰੁਪਏ ਉਹਨਾਂ ਨੂੰ ਫੜਾ ਦਿਤੇ ਤੇ ਉਹਨਾਂ ਨੇ ਅੱਗੋਂ ਮੈਨੂੰ ਫੜਾ ਕੇ ਕਿਹਾ, "ਲਵੋ, ਇਹਨਾਂ ਨਾਲ਼ ਚੱਲੂਗਾ ਕਿ ਹੋਰ ਪ੍ਰਬੰਧ ਕਰਾਂ!" ਮੈਂ ਆਖਿਆ, "ਦੌੜੂਗਾ।" ਹੈਰਾਨੀ ਇਸ ਗੱਲ ਦੀ ਹੈ ਕਿ ਆਮ ਹਾਲਤ ਵਿਚ ਦੁਕਾਨਦਾਰ, ਸਵੇਰ ਦੇ ਸਮੇ ਕਿਸੇ ਨੂੰ ਹੁਦਾਰ ਸੌਦਾ ਨਹੀਂ ਦਿੰਦਾ ਕਿ ਅਜੇ ਬੋਹਣੀ ਨਹੀਂ ਕੀਤੀ; ਸਵੇਰੇ ਸਵੇਰੇ ਪੰਦਰਾਂ ਸੌ ਰੁਪਏ ਸ. ਸੁਰਿੰਦਰ ਸਿੰਘ ਨੂੰ ਗੱਲੇ ਵਿਚੋਂ ਕਢ ਕੇ ਫੜਾ ਦਿਤੇ ਤੇ ਦੂਜੀ ਗੱਲ ਹੀ ਨਹੀਂ ਕੀਤੀ। ਭਾਵੇਂ ਕਿ ਸ. ਸੁਰਿੰਦਰ ਸਿੰਘ ਜੀ ਨੇ ਇਹ ਪੈਸੇ ਹੁਦਾਰ ਵਜੋਂ ਨਹੀਂ ਸਨ ਦਿਤੇ ਪਰ ਆਪਣੇ ਦਿਲੋਂ ਮੈਂ ਇਹ ਪੰਦਰਾਂ ਸੌ ਰੁਪਏ ਹੁਦਾਰ ਸਮਝ ਕੇ ਹੀ ਲਏ ਜੋ ਕਿ ਡੁਬਈ ਪਹੁੰਚ ਕੇ, ਓਥੋਂ ਦੀ ਕਰੰਸੀ ਵਿਚ ਮੋੜ ਦਿਤੇ।
ਜਗਰਾਵਾਂ ਤੋਂ ਬੱਸ ਫੜੀ ਤੇ ਮੈਂ ਰਾਜਪੁਰੇ ਜਾ ਉਤਰਿਆ। ਓਥੇ "ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ" ਵੱਲੋਂ ਮੈਨੂੰ ਉਚੇਚਾ ਸੱਦਿਆ ਗਿਆ ਸੀ। ਮੈਨੂੰ ਸੱਦਣ ਵਾਲ਼ੇ ਭੈਣ ਜੀ, ਮਨਜੀਤ ਕੌਰ ਅੰਬਾਲਵੀ ਰਾਜਪੁਰੇ ਨਹੀਂ, ਅੰਬਾਲ਼ੇ ਰਹਿੰਦੇ ਹੋਣ ਕਰਕੇ, ਮੈਂ ਆਪਣੇ ਪੁਰਾਣੇ ਮਿੱਤਰ, ਪੰਡਿਤ ਸੱਤ ਦੇਵ ਸ਼ਰਮਾ ਸ਼ਾਸਤਰੀ ਜੀ ਦੇ ਘਰ ਡੇਰਾ ਲਾਇਆ। ਏਥੇ ਪਿਛਲੀ ਯਾਤਰਾ ਸਮੇ ਮੈਂ ਆਪਣਾ ਕਛਹਿਰਾ, ਬੁਨੈਣ ਤੇ ਪਰਨਾ ਭੁੱਲ ਆਇਆ ਸਾਂ। ਉਹ ਤਾਂ ਨਹੀਂ ਮਿਲਣੇ ਸਨ ਕਿਉਂਕਿ ਮੈਂ ਓਦੋਂ ਹੀ, ਜਦੋਂ ਉਹਨਾਂ ਨੇ ਮੈਨੂੰ ਇਹਨਾਂ ਬਸਤਰਾਂ ਦੇ, ਉਹਨਾਂ ਦੇ ਘਰ ਰਹਿ ਜਾਣ ਦੀ ਫ਼ੋਨ ਰਾਹੀਂ, ਸੂਚਨਾ ਦਿਤੀ ਤਾਂ ਸੱਤ ਦੇਵ ਜੀ ਨੂੰ ਆਖ ਦਿਤਾ ਸੀ ਕਿ ਕਿਵੇਂ ਉਹਨਾਂ ਨੂੰ ਬਿਲੇ ਲਾਇਆ ਜਾਵੇ। ਮੈਨੂੰ ਬੱਸ ਅੱਡੇ ਤੋਂ ਲਭ ਕੇ ਘਰ ਲਿਆਉਣ ਵਾਸਤੇ ਸੱਤ ਦੇਵ ਜੀ ਨੂੰ ਬੀਮਾਰੀ ਦੀ ਹਾਲਤ ਵਿਚ ਖਾਸੀ ਜਦੋ ਜਹਿਦ ਕਰਨੀ ਪਈ। ਯਾਦ ਰਹੇ ਕਿ ਉਮਰ ਵਿਚ ਵੀ ਉਹ ਮੇਰੇ ਤੋਂ ਬਹੁਤੇ ਛੋਟੇ ਨਹੀਂ ਹਨ ਐਵੇਂ ਦੋ ਚਾਰ ਸਾਲ ਦਾ ਹੀ ਫਰਕ ਹੋਵੇਗਾ। ਸੱਤ ਦੇਵ ਜੀ ਆਪਣੀ ਕਾਰ ਤੇ ਮੈਨੂੰ ਸਮਾਗਮ ਵਾਲ਼ੇ ਸਥਾਨ ਤੇ ਲੈ ਗਏ। ਮੇਰੇ ਸਨਮਾਨ ਅਤੇ ਰੂਬਰੂ ਵਾਲ਼ੇ ਸਮਾਗਮ ਵਿਚ, "ਕਿਛੁ ਸੁਣੀਐ ਕਿਛੁ ਕਹੀਐ" ਅਨੁਸਾਰ, ਲੋਕ ਸਾਹਿਤ ਸੰਗਮ ਵਾਲ਼ੇ ਸਮਾਗਮ ਦਾ ਸਮਾ ਭੁਗਤਾ ਕੇ ਰਾਤ ਮਿੱਤਰ ਜੀ ਦੇ ਘਰ ਆ ਗਏ। ਏਥੇ ਹੀ ਪੁਆਧੀ ਲੇਖਕ ਸ. ਮਨਜੀਤ ਸਿੰਘ ਜੀ, ਅਲੀ ਰਾਜਪੁਰਾ ਜੀ ਆਦਿ ਸੱਜਣਾਂ ਨੇ ਦਰਸ਼ਨ ਦਿਤੇ। ਅਗਲੇ ਦਿਨ, ਪਟਿਆਲੇ ਜਾਣ ਦੀ ਪ੍ਰਬਲ ਇੱਛਾ ਨੂੰ ਅੰਦਰ ਹੀ ਅੰਦਰ ਦਬਾ ਕੇ, ਅੰਮ੍ਰਿਤਸਰ ਦੀ ਬੱਸ ਉਪਰ ਸਵਾਰੀ ਕਰ ਲਈ ਕਿਉਂਕਿ ਕਰਾਏ ਜੋਗੇ ਪੈਸੇ ਤਾਂ ਮੇਰੇ ਕੋਲ਼ ਸਨ ਪਰ ਹੋਰ ਏਧਰ ਓਧਰ ਖ਼ਰਚ ਕਰਨ ਲਈ ਖੁਲ੍ਹੀ ਮਾਇਆ ਨਹੀਂ ਸੀ ਹੈਗੀ।
ਅੰਮ੍ਰਿਤਸਰ ਪਹੁੰਚ ਕੇ ਦੋ ਕਿਤਾਬਾਂ ਦੇ ਪ੍ਰਕਾਸ਼ਕ ਸ. ਕੁਲਦੀਪ ਸਿੰਘ ਆਜ਼ਾਦ ਬੁੱਕ ਡਿਪੋ, ਹਾਲ ਬਾਜ਼ਾਰ ਅੰਮ੍ਰਿਤਸਰ, ਨਾਲ਼ ਕਿਤਾਬਾਂ ਦੀ ਪ੍ਰਕਾਸ਼ਨਾ ਅਤੇ ਸਿਡਨੀ ਭੇਜਣ ਦਾ ਡਾਕ ਖ਼ਰਚ ਵਗੈਰਾ ਦਾ ਹਿਸਾਬ ਕੀਤਾ। ਚੰਗੀ ਗੱਲ ਇਹ ਹੋਈ ਕਿ ਉਹਨਾਂ ਨੇ ਮੇਰੇ ਕੋਲ਼ੋਂ ਪੁਰਾਣੀ ਕਰੰਸੀ ਵਿਚ ਹੀ ਪੈਸੇ ਲੈਣ ਦੀ ਕਿਰਪਾ ਕਰ ਦਿਤੀ। ਜੇਹੜੀਆਂ ਮੈਂ ਹਰੇਕ ਵਾਰ ਅਧੀਆਂ ਕਿਤਾਬਾਂ ਪੰਜਾਬ ਦੇ ਕੁਝ ਸ਼ਹਿਰਾਂ ਅਤੇ ਪਿੰਡਾਂ ਵਿਚਲੇ ਸੱਜਣਾਂ, ਪਾਠਕਾਂ, ਵਿੱਦਵਾਨਾਂ ਲਾਇਬ੍ਰੇਰੀਆਂ ਆਦਿ ਵਿਚ ਭੇਟਾ ਕਰ ਆਉਂਦਾ ਸਾਂ, ਨਵੇਂ ਨੋਟਾਂ ਦੀ ਅਣਹੋਂਦ ਕਾਰਨ ਉਹ ਕਾਰਜ ਸਿਰਫ ਅੰਮ੍ਰਿਤਸਰ ਸ਼ਹਿਰ ਤੱਕ ਹੀ ਸੀਮਤ ਰਹਿ ਗਿਆ। ਸਦਾ ਦੀ ਤਰ੍ਹਾਂ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਸੁਘੜ ਪ੍ਰਿੰਸੀਪਲ ਸਾਹਿਬ ਸ. ਬਲਦੇਵ ਸਿੰਘ ਜੀ ਵੱਲੋਂ ਦਿਤੇ ਗਏ ਉਤਸ਼ਾਹ ਸਦਕਾ, ਵਿਦਿਆਰਥੀਆਂ ਦੇ ਸਨਮੁਖ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਕੁਝ ਨਵੀਆਂ ਦੋਹਾਂ ਕਿਤਾਬਾਂ ਦੀਆਂ ਕਾਪੀਆਂ ਮੈਂ ਆਪਣੇ ਨਾਲ਼ ਲੈ ਗਿਆ ਸਾਂ ਤੇ ਉਹ ਓਥੇ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭੇਟਾ ਕਰ ਦਿਤੀਆਂ ਤੇ ਨਾਲ਼ ਇਹ ਵੀ ਆਖ ਦਿਤਾ ਕਿ ਆਜ਼ਾਦ ਬੁੱਕ ਡਿਪੋ ਹਾਲ ਬਾਜ਼ਾਰ ਜਾਂ ਬਾਜ਼ਾਰ ਮਾਈ ਸੇਵਾਂ ਵਿਚਲੇ ਸਿੰਘ ਬ੍ਰਦਰਜ਼ ਦੀ ਦੁਕਾਨ ਤੋਂ, ਪੜ੍ਹਨ ਦਾ ਸ਼ੌਕ ਰੱਖਣ ਵਾਲ਼ੇ ਵਿਦਿਆਰਥੀ ਮੇਰਾ ਨਾਂ ਲੈ ਕੇ, ਭੇਟਾ ਰਹਿਤ ਕਿਤਾਬ ਪ੍ਰਾਪਤ ਕਰ ਸਕਦੇ ਹਨ। ਇਹਨਾਂ ਦੋ ਦੁਕਾਨਾਂ ਤੇ ਮੈਂ ਕੁਝ ਕਾਪੀਆਂ ਯੋਗ ਪਾਠਕਾਂ ਨੂੰ, ਭੇਟਾ ਰਹਿਤ ਭੇਟਾ ਕਰਨ ਵਾਸਤੇ ਸਦਾ ਵਾਂਙ ਰੱਖ ਆਇਆ।
ਇਸ ਵਾਰ ਦੋ ਕਿਤਾਬਾਂ ਇਕੱਠੀਆਂ ਸ. ਕੁਲਦੀਪ ਸਿੰਘ ਜੀ ਨੇ ਕਰੀਅਰ ਰਾਹੀਂ ਭੇਜ ਦਿਤੀਆਂ। ਬਹੁਤ ਸਮਾ ਉਡੀਕਣ ਪਿੱਛੋਂ ਵੀ ਉਹ ਮੇਰੇ ਤੱਕ ਨਾ ਪਹੁੰਚੀਆਂ ਤਾਂ ਮੈਂ ਸ. ਕੁਲਦੀਪ ਸਿੰਘ ਪਾਸ ਇਸ ਬਾਰੇ ਫ਼ੋਨ ਰਾਹੀਂ ਚਿੰਤਾ ਪ੍ਰਗਟਾਈ ਤਾਂ ਉਹਨਾਂ ਨੇ ਖੋਜ ਕਰਕੇ ਪਤਾ ਕੀਤਾ ਕਿ ਉਹ ਸਾਰੇ ਬਾਰਾਂ ਬੰਡਲ ਸਿਡਨੀ ਦੇ ਕਸਟਮ ਵਾਲ਼ਿਆਂ ਕੋਲ਼ ਪਏ ਹਨ। ਫਿਰ ਮੈਂ ਉਹਨਾਂ ਦੇ ਮਗਰ ਪਿਆ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਕਰਕੇ ਸਬੂਤ ਮੰਗੇ। ਮੈਂ ਉਹਨਾਂ ਦੀ ਹਰ ਪ੍ਰਕਾਰ ਤਸੱਲੀ ਕਰਵਾਈ ਪਰ ਕਿਤਾਬਾਂ ਫੇਰ ਵੀ ਨਾ ਆਈਆਂ। ਫਿਰ ਉਹਨਾਂ ਦੇ ਸੇਂਟ ਮੇਰੀ ਸਥਿਤ ਗੋਦਾਮ ਤੋਂ ਜਾ ਕੇ ਖ਼ੁਦ ਲਿਆਂਦੀਆਂ ਪਰ ਬਾਰਾਂ ਬੰਡਲ ਹੀ ਲਭੇ ਤੇ ਯਾਰਾਂ ਨੰਬਰ ਦਾ ਇਕ ਬੰਡਲ ਕਿਧਰੇ ਗੁੰਮ ਹੋ ਗਿਆ ਪਰ ਮੈਂ ਉਹਨਾਂ ਦੇ ਮਗਰ ਪਿਆ ਰਿਹਾ। ਅਖੀਰ ਵਾਹਵਾ ਸਮੇ ਪਿੱਛੋਂ ਉਹ ਯਾਰਾਂ ਨੰਬਰ ਵਾਲ਼ਾ ਬੰਡਲ ਵੀ ਲਭ ਕੇ ਮੇਰੇ ਘਰ ਦੇ ਗਏ। ਮੇਰਾ ਖਿਆਲ ਹੈ ਕਿ ਇਸ ਵਾਰੀ ਕਿਤਾਬਾਂ ਦਾ ਭਾਰ ਅਤੇ ਗਿਣਤੀ ਵਧ ਜਾਣ ਕਰਕੇ, ਸ਼ਾਇਦ ਕਸਟਮ ਵਾਲ਼ਿਆਂ ਦੇ ਮਨ ਵਿਚ ਕੋਈ ਸ਼ੱਕ ਪੈਦਾ ਹੋ ਗਿਆ ਹੋਵੇ ਕਿ ਮੈਂ ਏਨੀ ਮਾਤਰਾ ਵਿਚ ਕਿਤਾਬਾਂ ਮੰਗਵਾ ਕੇ, ਆਸਟ੍ਰੇਲੀਆ ਦੇ ਕਿਸੇ ਕਾਨੂੰਨ ਦੀ ਉਲੰਘਣਾ ਨਾ ਕਰ ਰਿਹਾ ਹੋਵਾਂ! ਮੈਂ ਬਹੁਤ ਸਾਲਾਂ ਤੋਂ ਕਿਤਾਬਾਂ ਆਪਣੇ ਵਾਸਤੇ ਵੀ ਅਤੇ ਦੂਸਰਿਆਂ ਵਾਸਤੇ ਵੀ ਮੰਗਵਾਉਂਦਾ ਆ ਰਿਹਾ ਹਾਂ ਪਰ ਪਹਿਲਾਂ ਕਦੀ ਅਜਿਹੀ ਸਮੱਸਿਆ ਨਹੀਂ ਸੀ ਆਈ।
ਇਸ ਯਾਤਰਾ ਦੀ ਸਮਾਪਤੀ ਤੇ ਫਿਰ ਵਾਪਸੀ ਚਾਲੇ ਪਾ ਦਿਤੇ ਗਏ। ਤੁਰਨ ਤੋਂ ਪਹਿਲਾਂ ਸ. ਸੁਰਿੰਦਰ ਸਿੰਘ ਜੀ ਨਾਲ਼ ਵਿਚਾਰ ਬਣਿਆ ਕਿ ਅਸੀ ਦੋਵੇਂ, ਉਹਨਾਂ ਦੇ ਗੁਰਸਿੱਖ ਮਿੱਤਰ, ਸ. ਹਰਜਿੰਦਰ ਸਿੰਘ ਜੀ ਹੋਰਾਂ ਪਾਸ ਕੁਝ ਦਿਨ ਲਈ ਡੁਬਈ ਰੁਕੀਏ। ਵਾਹਵਾ ਸਮੇ ਤੋਂ ਸ. ਸੁਰਿੰਦਰ ਸਿੰਘ ਹੋਰੀਂ ਮੇਰੇ ਨਾਲ਼ ਵਿਚਾਰਾਂ ਕਰਦੇ ਸਨ ਕਿ ਉਸ ਇਲਾਕੇ ਵਿਚ ਕੁਝ ਦਿਨ ਇਕੱਠੇ ਵਿਚਰੀਏ। ਮੈਂ ਵੀ ਦਿੱਲੀ ਤੋਂ ਯੂ.ਏ.ਈ. ਦੀ ਰਾਜਧਾਨੀ ਆਬੂ ਧਾਬੀ ਵਾਲ਼ੇ ਜਹਾਜ ਉਪਰ ਸਵਾਰ ਹੋ ਗਿਆ ਤੇ ਉਹ ਵੀ ਡੁਬਈ ਵਾਲ਼ੇ ਜਹਾਜ ਉਪਰ ਸਵਾਰ ਹੋ ਕੇ ਓਥੇ ਪਹੁੰਚ ਗਏ। ਪੁੱਜੇ ਤਾਂ ਭਾਵੇਂ ਅਸੀਂ ਇਕੋ ਦਿਨ ਹੀ ਪਰ ਵੱਖ ਵੱਖ ਜਹਾਜਾਂ ਵਿਚ ਜਾ ਕੇ ਵੱਖ ਵੱਖ ਹਵਾਈ ਅੱਡਿਆਂ ਉਪਰ ਉਤਰੇ। ਸ. ਸੁਰਿੰਦਰ ਸਿੰਘ ਜੀ ਨੂੰ ਤੇ ਓਥੋਂ ਦੇ ਪ੍ਰਸਿਧ ਕਾਰੋਬਾਰੀ ਗੁਰਸਿੱਖ, ਸ. ਸੁਰਿੰਦਰ ਸਿੰਘ ਗੌਰੀ ਜੀ ਲੈਣ ਆ ਗਏ ਤੇ ਮੇਰੇ ਵਾਸਤੇ ਗੌਰੀ ਜੀ ਨੇ ਇਕ ਹੋਰ ਸਿੰਘ ਦੀ ਡਿਊਟੀ ਲਗਾ ਦਿਤੀ ਗਈ ਜੋ ਮੈਨੂੰ ਹਵਾਈ ਅੱਡੇ ਤੋਂ ਲੈਣ ਆ ਗਿਆ। ਇਸ ਤਰ੍ਹਾਂ ਅਸੀਂ ਸ. ਹਰਜਿੰਦਰ ਸਿੰਘ ਜੀ ਹੋਰਾਂ ਦੇ ਕੈਂਪ ਵਿਚ ਪਹੁੰਚ ਗਏ ਜਿਥੇ ਸੈਂਕੜੇ ਵਰਕਰਾਂ ਵਾਸਤੇ ਬੈਰਕਾਂ, ਲੰਗਰ ਅਤੇ ਗੁਰਦੁਆਰਾ ਸਾਹਿਬ ਬਣੇ ਹੋਏ ਸਨ। ਨਾਲ਼ ਹੀ ਸਰਦਾਰ ਜੀ ਨੇ ਸਮੇ ਸਮੇ ਆਪਣੇ ਠਹਿਰਨ ਵਾਸਤੇ ਅਤੇ ਆਏ ਮਹਿਮਾਨਾਂ ਵਾਸਤੇ ਯੋਗ ਰਿਹਾਇਸ਼ ਅਤੇ ਰਸੋਈ ਦਾ ਵੱਖਰਾ ਪ੍ਰਬੰਧ ਕੀਤਾ ਹੋਇਆ ਹੈ। ਅਜਿਹੇ ਪ੍ਰਬੰਧ ਉਹਨਾਂ ਦੇ ਹਰੇਕ ਕੈਂਪ ਵਿਚ ਹੀ ਹੁੰਦੇ ਹਨ। ਓਥੋਂ ਦਾ ਵਰਨਣ ਅਗਲੇ ਲੇਖ ਵਿਚ ਕੀਤਾ ਜਾਵੇਗਾ।


10/22/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ–੩੬

ਪੰਜ ਗਿਆਨ ਇੰਦਰਿਆਂ ਚੋਂ ਤਵੱਚਾ (ਚਮੜੀ) ਦਾ ਕਰਮ

ਤੁਚਾ, ਤੁਵੱਚਾ ਦੋਵੇਂ ਸੰਸਕ੍ਰਿਤ, ਚਮੜਾ, ਚਮੜੀ, ਖੱਲ ਅਤੇ ਖਲੜੀ ਪੰਜਾਬੀ ਦੇ ਸ਼ਬਦ ਹਨ। ਇਸ ਗਿਆਨ ਇੰਦਰੇ ਵਿੱਚ ਸਪੱਰਸ਼ ਕਰਨ ਦਾ ਅਨਭਵੀ ਗੁਣ ਹੈ। ਇਹ ਚਮੜੀ ਸਰੀਰ ਦੇ ਅੰਗਾਂ ਦਾ ਬਾਹਰੀ ਹਿੱਸਾ ਹੈ। ਇਸ ਖੱਲ ਜਾਂ ਚਮੜੀ ਨੇ ਸਾਰੇ ਸਰੀਰ ਨੂੰ ਲਪੇਟਿਆ ਹੁੰਦਾ ਹੈ-ਬਿਸਟਾ ਅਸਤ ਰਕਤੁ ਪਰੇਟੇ ਚਾਮ॥ ਇਸ ਊਪਰਿ ਲੇ ਰਾਖਿਓ ਗੁਮਾਨ॥੩॥ (੩੭੪) ਇਹ ਚਮੜੀ ਜਾਂ ਤਵੱਚਾ ਸਰੀਰ ਦੇ ਨਾਲ ਹੀ ਪੈਦਾ ਹੁੰਦੀ ਸਰੀਰ ਦੇ ਵਧਣ ਨਾਲ ਨਰਮ ਤੋਂ ਸਖਤ ਵੀ ਹੁੰਦੀ ਜਾਂਦੀ ਹੈ। ਇਹ ਸਾਡੇ ਸਰੀਰ ਤੇ ਚੜ੍ਹੀ ਹੁੰਦੀ ਅਤੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਜਕੜ ਕੇ ਰੱਖਦੀ ਹੈ। ਇਸ ਵਿੱਚ ਮੁਸਾਮ (ਬਰੀਕ ਛੇਕ) ਵੀ ਹੁੰਦੇ ਹਨ ਜਿੰਨ੍ਹਾਂ ਰਾਹੀਂ ਪਸੀਨੇ ਨਾਲ ਸਰੀਰ ਸਾਫ ਅਤੇ ਹਲਕਾ ਹੋ ਜਾਂਦਾ ਹੈ। ਚਮੜੀ ਨੂੰ ਬਹੁਤੀ ਸਰਦੀ ਅਤੇ ਬਹੁਤੀ ਗਰਮੀ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਗਰਮੀਆਂ ਵਿੱਚ ਬਹੁਤਾ ਧੁੱਪ ਵਿੱਚ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਸ ਨਾਲ ਸੰਨ ਬਰਨ ਹੋ ਜਾਂਦੀ ਹੈ। ਬੇਲੋੜੇ ਲੋਸ਼ਨ ਤੇ ਪਰਫਿਊਮ ਚਮੜੀ ਨੂੰ ਅਲਰਜੀ ਵੀ ਦੇ ਸਕਦੇ ਹਨ। ਸਰੋਂ ਦੇ ਤੇਲ ਨਾਲ ਮਾਲਸ਼ ਕਰਨ ਨਾਲ ਚਮੜੀ ਨਰਮ, ਚਮਕੀਲੀ, ਲਚਕੀਲੀ ਅਤੇ ਹੈਲਥੀ ਰਹਿੰਦੀ ਹੈ।

ਕਿਸੇ ਦੀ ਚਮੜੀ ਕਾਲੀ, ਗੋਰੀ ਅਤੇ ਕਿਸੇ ਦੀ ਕਣਕਵੰਨੀ ਹੁੰਦੀ ਹੈ। ਇਹ ਸਾਰਾ ਵਾਤਾ ਵਰਨ ਅਤੇ ਨਸਲ ਤੇ ਅਧਾਰਤ ਹੁੰਦਾ ਹੈ। ਆਮ ਤੌਰ ਤੇ ਜਿਆਦਾ ਗਰਮ ਇਲਾਕਿਆਂ ਵਿੱਚ ਰਹਿਣ ਵਾਲਿਆਂ ਦੀ ਚਮੜੀ ਕਾਲੀ ਅਤੇ ਜਿਆਦਾ ਠੰਡ ਵਿੱਣ ਰਹਿਣ ਵਾਲਿਆਂ ਦੀ ਚਮੜੀ ਗੋਰੀ ਹੁੰਦੀ ਹੈ। ਚਮੜੀ ਦਾ ਰੰਗ ਕੋਈ ਵੀ ਹੋਵੇ ਪਰ ਚਮੜੀ ਸਰਦੀ-ਗਰਮੀ, ਤੱਤੇ-ਠੰਡੇ, ਸ਼ਪੱਰਸ਼ ਕਰਨ, ਚੋਟ ਲੱਗਣ ਅਤੇ ਪੀੜਾ ਦਾ ਗਿਆਨ ਇੱਕਸਾਰ ਹੀ ਦਿੰਦੀ ਹੈ। ਜਿਆਦਾ ਤੌਰ ਤੇ ਚਮੜੀ ਸ਼ਪੱਰਸ ਰਸ ਨਾਲ ਸਬੰਧ ਰੱਖਦੀ ਅਤੇ ਇਸ ਵਿੱਚ ਆਦਮੀ ਤੇ ਔਰਤ ਦੀਆਂ ਜਨਨ ਇੰਦੀਆਂ ਵੀ ਆ ਜਾਂਦੀਆਂ ਅਤੇ ਇਨ੍ਹਾਂ ਦੇ ਸ਼ਪੱਰਸ਼ ਨਾਲ ਕਾਮਵਾਸ਼ਨਾ ਉਤੇਜਿਤਾ ਹੁੰਦੀ ਹੈ। ਗਿਆਨ ਇੰਦ੍ਰੇ ਚਮੜੀ ਨੂੰ ਰੋਗਾਂ ਤੋਂ ਬਚਾ ਅਤੇ ਭੋਗਾਂ ਤੋਂ ਸੰਜਮ ਵਿੱਚ ਰੱਖਣਾ ਚਾਹੀਦਾ ਹੈ। ਗੁਰਬਾਣੀ ਫੁਰਮਾਂਦੀ ਹੈ ਸੁਹਣੀ ਚਮੜੀ ਵਾਲੇ ਵੀ ਪਸ਼ੂ ਹਨ ਜੇ ਅੰਦਰਹੁ ਕਾਲੇ ਹਨ-ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ॥(੧੨੮੪) ਕਈ ਅਗਿਆਨੀ ਅਤੇ ਵਹਿਮੀ ਲੋਕ ਚਮੜੇ ਜਾਂ ਚਮੜੇ ਦੀਆਂ ਬਣੀਆਂ ਵਸਤੂਆਂ ਆਦਿਕ ਨੂੰ ਸ਼ਪੱਰਸ਼ (ਟੱਚ) ਨਹੀਂ ਕਰਦੇ ਕਿ ਭਿੱਟੇ ਜਾਂ ਅਪਵਿੱਤ੍ਰ ਹੋ ਜਾਵਾਂਗੇ। ਚਮੜੇ ਦੀ ਬੈਲਟ ਜਾਂ ਪਰਸ ਨੂੰ ਹੱਥ ਨਹੀਂ ਲਾਉਣਗੇ ਪਰ ਚਮੜੀ ਸਮੇਤ ਵਾਲਾਂ ਵਾਲੀ ਚੌਰ ਗੁਰੂ ਗ੍ਰੰਥ ਸਾਹਿਬ ਜਾਂ ਹੋਰਨਾਂ ਸਾਧਾਂ ਤੇ ਮੂਰਤੀਆਂ ਨੂੰ ਕਰੀ ਜਾਂਣਗੇ। ਭਲਿਓ ਚਮੜੀ ਨੂੰ ਸਾਫ ਤੇ ਹੈਲਥੀ ਰੱਖਣ ਦੀ ਲੋੜ ਹੈ ਨਾਂ ਕਿ ਹੱਥ ਲੱਗਣ ਤੋਂ ਡਰਨ ਦੀ, ਐਂ ਤਾਂ ਸਾਰਾ ਸਰੀਰ ਹੀ ਚੰਮ ਦਾ ਬਣਿਆਂ ਹੋਇਆ ਹੈ। ਚਮਾਰ ਸ਼ਬਦ ਵੀ ਚਮੜੀ ਨਾਲ ਸਬੰਧਤ ਹੈ ਨਾ ਕਿ ਕਿਸੇ ਜਾਤ ਬਰਾਦਰੀ ਨਾਲ ਵਾਸਤਵ ਵਿੱਚ ਚੰਮ ਤੋਂ ਬਣੇ ਸਾਰੇ ਸਰੀਰ ਹੀ ਚਮਾਰ ਹਨ। ਬਾਹਰੀ ਚਮੜੀ ਤਾਂ ਧੋ ਕੇ ਸਾਫ ਹੋ ਜਾਂਦੀ ਹੈ ਪਰ ਕਾਮਕ ਚਮੜੀ ਦੀ ਜੂਠ ਬਾਹਰ ਦੀ ਸੁੱਚ-ਭਿੱਟ ਆਦਿਕ ਅੱਗ ਨਾਲ ਨਹੀਂ ਉੱਤਰਦੀ-ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ॥(੧੧੯੫)

ਸੋ ਸਾਨੂੰ ਗਿਆਨ ਇੰਦਰਿਆਂ ਤੋਂ ਸਾਰਥਕ ਕੰਮ ਲੇਣਾ ਅਤੇ ਸੰਜਮ ਵਿੱਚ ਰਹਿਣਾ ਚਾਹੀਦਾ ਹੈ। ਜਿਸ ਦੇ ਹਿਰਦੇ ਵਿੱਚ ਰੱਬ ਨਾਲ ਸੱਚੀ ਪ੍ਰੀਤ ਪੈ ਜਾਂਦੀ ਹੈ ਉਹ ਇੰਦਰਿਆਂ ਦੇ ਦੁਸ਼ ਕਰਮਾਂ ਤੋਂ ਮੁਕਤ ਹੋ ਜਾਂਦਾ ਅਤੇ ਇਨ੍ਹਾਂ ਨੂੰ ਵੱਸ ਕਰਨ ਲਈ ਸੰਜਮੀ ਜੁਗਤੀ ਵਰਤਦਾ ਹੈ-ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ॥ ਇੰਦ੍ਰੀ ਵਸਿ ਸਚ ਸੰਜਮਿ ਜੁਗਤਾ॥ (੧੨੨) ਸੋ ਹਰੇਕ ਕਰਮ ਅਤੇ ਗਿਆਨ ਇੰਦਰਾ ਕੁਦਰਤੀ ਆਪੋ ਆਪਣਾ ਕੰਮ ਕਰਦਾ ਹੈ, ਸਾਨੂੰ ਇੰਨ੍ਹਾਂ ਤੋਂ ਮੰਦੇ ਕਰਮ ਨਹੀਂ ਕਰਾਉਣੇ ਚਾਹੀਦੇ। ਦਿਮਾਗ ਤੇ ਬੁੱਧੀ ਕੋਲ ਸਾਰਾ ਕੰਟਰੋਲ ਹੈ, ਸਰੀਰ ਰਥ ਦੇ ਇੰਰਦਿਆਂ ਰੂਪੀ ਘੋੜਿਆ ਨੂੰ ਗਿਆਨ ਦੀ ਲੁਗਾਮ ਪਾ ਕੇ ਹੀ ਵੱਸ ਕੀਤਾ ਜਾ ਸਕਦਾ ਹੈ।

************************************************************

ਵਿਦਿਆ ਦੇ ਦੀਵੇ ਅਤੇ ਗਿਆਨ ਦੇ ਗੋਲੇ ਅਸਲ ਦੀਵਾਲੀ

ਦੀਪ ਸੰਸਕ੍ਰਿਤ, ਦੀਪਕ ਹਿੰਦੀ, ਦੀਵਾ, ਦਿਵਾਲੀ ਪੰਜਾਬੀ ਅਤੇ ਲਛਮੀ ਤੇ ਪੂਜਾ ਸੰਸਕ੍ਰਿਤ ਦੇ ਸ਼ਬਦ ਹਨ। ਹਿੰਦੀ ਵਿੱਚ ਦੀਪਾਵਲੀ ਅਤੇ ਪੰਜਾਬੀ ਵਿੱਚ ਦੀਵਾਲੀ ਕਿਹਾ ਜਾਂਦਾ ਹੈ। ਲਛਮੀ ਧੰਨ ਦੌਲਤ ਅਤੇ ਪੂਜਾ ਪੂਜਨ ਨੂੰ ਕਹਿੰਦੇ ਹਨ। ਦੀਵੇ ਓਦੋਂ ਤੋਂ ਹੀ ਜਗਾਏ ਜਾ ਰਹੇ ਹਨ ਜਦੋਂ ਤੋਂ ਤੇਲ ਜਾਂ ਘਿਉ ਹੋਂਦ ਵਿੱਚ ਆਏ ਨੇ ਕਿਉਂਕਿ-ਬਿਨ ਤੇਲ ਦੀਵਾ ਕਿਉਂ ਜਲੇ (੨੫) ਚਾਰ ਥਾਈਂ ਬੱਤੀਆਂ ਵਾਲੇ ਦੀਵੇ ਨੂੰ ਚਰਾਗ ਕਿਹਾ ਜਾਂਦਾ ਹੈ। ਗੁਰਬਾਣੀ ਵਿੱਚ ਵੀ ਚਰਾਗ ਦਾ ਜਿਕਰ ਹੈ-ਬਲਿਓ ਚਰਾਗੁ ਅੰਧਿਆਰ ਮਹਿ (੧੩੮੭) ਚਰਾਗ ਰੋਸ਼ਨੀ ਅਤੇ ਅੰਧਿਆਰ ਹਨੇਰੇ ਦਾ ਪ੍ਰਤੀਕ ਹੈ। ਅੰਧਕਾਰ ਅਤੇ ਚਰਾਗ ਦੀਵੇ ਵੀ ਕਈ ਪ੍ਰਕਾਰ ਦੇ ਹਨ। ਇੱਕ ਕੁਦਰਤੀ ਹਨੇਰਾ ਜੋ ਸੂਰਜ-ਚੰਦ ਅਤੇ ਰੋਸ਼ਨੀ ਦੀ ਅਣਹੋਂਦ, ਦਿਨ ਤੋਂ ਬਾਅਦ ਰਾਤ ਸਮੇਂ ਹੁੰਦਾ ਹੈ। ਦੂਜੇ ਅੰਧੇਰੇ, ਅਗਿਆਨਤਾ, ਵਹਿਮ-ਭਰਮ, ਕਰਮਕਾਂਡ, ਬੇਅਕਲ, ਹੰਕਾਰ, ਬਲਹੀਨਤਾ, ਮੰਦੇ ਕਰਮ, ਔਰਤ-ਵਿਤਕਰਾ, ਕਲਪਿਤ ਨਰਕ-ਸਵਰਗ, ਅੰਧ-ਵਿਸ਼ਵਾਸ਼, ਮਿਥਿਹਾਸ, ਜਾਤ-ਪਾਤ, ਅਤੇ ਛੂਆ-ਛਾਤ ਆਦਿ ਹਨ। ਦੀਵਾ ਬਲਣਾ ਜਾਂ ਜਗਣਾ ਰੋਸ਼ਨੀ ਦਾ ਪ੍ਰਤੀਕ ਹੈ। ਗੁਰੂ ਨਾਨਕ ਗਿਆਨ ਦਾ ਸੂਰਜ, ਸੱਚ ਦਾ ਚਰਾਗ, ਤਰਕ ਦਾ ਦਿਨ ਅਤੇ ਸ਼ੁਭ ਕਰਮਾਂ ਦਾ ਚਾਨਣ ਸਨ ਤਾਂ ਹੀ ਉਨ੍ਹਾਂ ਨੂੰ "ਬਲਿਓ ਚਰਾਗੁ ਅੰਧਿਆਰ ਮਹਿ" ਕਿਹਾ ਗਿਆ ਹੈ। ਦੀਵਾਲੀ-ਦੀਵਿਆਂ ਵਾਲੀ, ਦੀਵਿਆਂ ਦੀ ਪਾਲ ਜੋ ਇਕੱਠੇ ਬਲ ਕੇ ਵੱਧ ਰੋਸ਼ਨੀ ਕਰਦੇ ਹਨ। ਵਿਦਿਆ ਵੀ ਚਾਨਣ ਅਤੇ ਤੀਜਾ ਨੇਤਰ ਹੈ। ਦੁਨੀਆਂ ਦੀਆਂ ਸਾਰੀਆਂ ਕੌਮਾਂ ਅਤੇ ਬੋਲੀਆਂ ਵੀ ਵਿਦਿਆ ਦੀ ਪਾਲ, ਸਰਬਸਾਂਝੀਵਾਲਤਾ ਦੀ ਰੋਸ਼ਨੀ ਦਾ ਪ੍ਰਤੀਕ ਹਨ। ਇਸ ਕਰਕੇ ਜਦੋਂ ਤੋਂ ਵੀ ਮਨੁੱਖ ਨੂੰ ਸੋਝੀ ਆਈ ਹੈ, ਉਸ ਨੇ ਰੋਸ਼ਨੀ ਦੇ ਦੀਵੇ ਬਾਲੇ ਹਨ। ਰੋਸ਼ਨੀ ਚਾਨਣ ਲਈ ਨਾਂ ਕਿ ਪੂਜਨ ਵਾਸਤੇ ਹੈ।

ਮਿਥਿਹਾਸਕ ਤੌਰ ਤੇ ਹਿੰਦੂਆਂ ਵਿੱਚ ਦੀਵਾਲੀ, ਸ੍ਰੀ ਰਾਮ ਚੰਦਰ ਦੇ ੧੪ ਸਾਲ ਦਾ ਬਨਵਾਸ ਕੱਟ ਕੇ, ਅਯੁੱਧਿਆ ਆਉਣ ਦੀ ਖੁਸ਼ੀ ਵਿੱਚ ਮਨਾਈ ਜਾਂਦੀ ਅਤੇ ਲਸ਼ਮੀ ਪੂਜਨ ਕੀਤਾ ਜਾਂਦਾ ਹੈ। ਜਰਾ ਸੋਚੋ! ਕੀ ਰਾਮ ਚੰਦਰ ਦੇ ਬਨਵਾਸ ਕੱਟ ਕੇ ਆਉਣ ਤੋਂ ਪਹਿਲਾਂ, ਲੋਕ ਖੁਸ਼ੀ ਦੇ ਦੀਵੇ ਨਹੀਂ ਬਾਲਦੇ ਸਨ? ਹਾਂ ਪਹਿਲੇ ਵੀ ਲੋੜ ਅਤੇ ਖੁਸ਼ੀ ਵੇਲੇ ਦੀਵਾਲੀਆਂ ਜਗਦੀਆਂ ਸਨ। ਮਿਥਿਹਾਸਿਕ ਮਨੌਤ ਅਨੁਸਾਰ ਲਛਮੀ ਧੰਨ ਦੌਲਤ ਦੀ ਦੇਵੀ ਜੋ ਪੁਰਾਣਾ ਵਿੱਚ ਵਿਸ਼ਨੂੰ ਦੀ ਇਸਤਰੀ ਲਿਖੀ ਹੈ, ਇਸ ਨੂੰ ਕਾਮ ਦੀ ਮਾਤਾ ਮੰਨਿਆਂ ਅਤੇ ਸਮੁੰਦਰ ਰਿੜਕਣ ਤੋਂ ਇਸ ਦਾ ਪ੍ਰਗਟ ਹੋਣਾ ਕਲਪਿਆ ਗਿਆ, ਇਸੇ ਲਈ ਇਸ ਦਾ ਨਾਮ ਇੰਦਰਾ ਅਤੇ ਜਲਧਿਜਾ ਵੀ ਹੈ। ਇਸ ਦੇ ਹੱਥ ਵਿੱਚ ਕਮਲ ਹੋਣ ਕਰਕੇ ਇਸ ਦਾ ਨਾਂ ਪਦਮਾਂ ਵੀ ਪ੍ਰਸਿੱਧ ਹੈ (ਮਹਾਨ ਕੋਸ਼-੧੦੫੫) ਡਾ. ਰਤਨ ਸਿੰਘ ਜੱਗੀ "ਗੁਰੂ ਗ੍ਰੰਥ ਵਿਸ਼ਵਕੋਸ਼" ਦੇ ਸਫਾ ੪੬੧ ਤੇ ਲਿਖਦੇ ਹਨ ਕਿ ਲਛਮੀ ਚਾਰ ਭੁਜਾਵਾਂ ਵਾਲੀ ਸੁੰਦਰਤਾ ਦੀ ਸਾਕਾਰ ਮੂਰਤੀ ਹੈ। ਇਸਦੇ ਹੱਥ ਵਿੱਚ ਕਮਲ ਫੜਿਆ ਹੁੰਦਾ ਅਤੇ ਇਸ ਦਾ ਆਪਣਾ ਕੋਈ ਮੰਦਿਰ ਜਾਂ ਧਰਮ-ਧਾਮ ਨਹੀਂ ਪਰ ਇਸ ਨੂੰ ਧੰਨ ਅਤੇ ਚੰਗੀ ਕਿਸਮਤ ਦੀ ਦੇਵੀ ਮੰਨ ਲੈਣ ਨਾਲ, ਇਸ ਦੀ ਪੂਜਾ ਹੁੰਦੀ ਰਹਿੰਦੀ ਹੈ। ਦੀਵਾਲੀ ਵਾਲੇ ਦਿਨ ਤਾਂ ਇਸ ਦੀ ਉਚੇਚੀ ਪੂਜਾ ਹੁੰਦੀ ਏ ਕਿਉਂਕਿ ਇਹ ਵਿਸ਼ਵਾਸ਼ ਕੀਤਾ ਜਾਂਦੈ ਕਿ ਦਿਵਾਲੀ ਵਾਲੇ ਦਿਨ, ਲਛਮੀ ਦੇਵੀ ਹਰ ਘਰ ਦੇ ਅੰਦਰ ਜਾਂਦੀ ਹੈ। ਇਸ ਲਈ ਲੋਕੀਂ ਆਪਣਾ ਘਰ-ਬਾਰ ਸਜਾ, ਸਾਰੀ ਰਾਤ ਦੀਵੇ ਬਾਲ, ਇਸ ਦੇ ਆਉਣ ਦੀ ਇੰਤਜਾਰ ਕਰਦੇ ਅਤੇ ਵਕਤ ਪਾਸ ਕਰਨ ਲਈ ਜੂਆ ਆਦਿ ਵੀ ਖੇਡਦੇ ਹਨ। ਇਸ ਮਿਥਿਹਾਸ ਦਾ ਨਕਾਰਾਤਮਕ ਜ਼ਿਕਰ ਭਗਤ ਤ੍ਰਿਲੋਚਨ ਜੀ ਨੇ ਵੀ ਕੀਤਾ ਹੈ-ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥੧॥(ਗੁਰੂ ਗ੍ਰੰਥ) 

ਸਿੱਖਾਂ ਵਿੱਚ ਵੀ ਇਹ ਪ੍ਰਚੱਲਤ ਕਰ ਦਿੱਤਾ ਗਿਆ ਹੈ ਕਿ ਜਦ ਛੇਵੇਂ ਗੁਰੂ ਹਰਗੋਬਿੰਦ ਸਾਹਿਬ, ਗੁਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ, ਅੰਮ੍ਰਿਤਸਰ ਆਏ ਤਾਂ ਸਿੱਖਾਂ ਨੇ ਇਸ ਖੁਸ਼ੀ ਵਿੱਚ ਦੀਪਮਾਲਾ ਕੀਤੀ। ਅੱਜ ਕੱਲ੍ਹ ਇਸ ਦਿਨ ਨੂੰ, ਬੰਦੀ ਛੋੜ ਦਿਵਸ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਇਤਿਹਾਸ ਨੂੰ ਪੜ੍ਹਨ ਅਤੇ ਵਾਚਨ ਵਾਲੇ ਲੋਕ ਜਾਣਦੇ ਨੇ ਕਿ ਭੱਟ ਵਹੀਆਂ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਤਾਂ ਦੀਵਾਲੀ ਤੋਂ ਕਈ ਮਹੀਨੇ ਪਿੱਛੋਂ, ਜੋ ਫਰਵਰੀ ਦੇ ਅੰਤ ‘ਤੇ ਅੰਮ੍ਰਿਤਸਰ ਪੁੱਜੇ ਸਨ। ਦੂਜਾ ਬਾਬਰ ਦੀ ਕੈਦ ਵਿੱਚ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੂੰ ਰੱਖਿਆ ਗਿਆ ਜਿੱਥੇ ਚੱਕੀਆਂ ਪੀਹਣ ਦੀ ਸਜਾ ਭੁਗਤ ਰਹੇ ਲੋਕਾਂ ਨੂੰ, ਬਾਬਰ ਦੀ ਬੰਦੀ ਵਿੱਚੋਂ ਛੁਡਾਇਆ ਸੀ। ਪਹਿਲੇ ਬੰਦੀ ਛੋੜ ਤਾਂ "ਜ਼ਾਹਰ ਪੀਰ ਜਗਤ ਗੁਰ ਬਾਬਾ" ਗੁਰੂ ਨਾਨਕ ਸਾਹਿਬ ਹਨ। ਓਸ ਪਹਿਲੇ ਬੰਦੀ ਛੋੜ ਦਾਤੇ ਦਾ "ਬੰਦੀ ਛੋੜ ਦਿਵਸ" ਕਿਉਂ ਵਿਸਾਰ ਦਿੱਤਾ ਗਿਆ ਹੈ? ਸਿੱਖਾਂ ਦੇ ਤਿਉਹਾਰ ਅਤੇ ਗੁਰ ਪੁਰਬ ਹਿੰਦੂਆਂ ਨਾਲ ਮਿਲਗੋਭਾ ਕਿਉਂ ਕੀਤੇ ਗਏ ਹਨ? ਜਿਵੇਂ ਗੁਰੂ ਨਾਨਕ ਸਹਿਬ ਦਾ ਪ੍ਰਕਾਸ਼ ਵੈਸਾਖ ਦੀ ਥਾਂ ਕੱਤਕ ਦੀ ਪੂਰਨਮਾਸ਼ੀ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਦੀ ਥਾਂ, ਹਜ਼ੂਰ ਸਾਹਿਬ ਦਸਹਿਰਾ ਮਨੌਣਾ, ਸ੍ਰੀ ਕੇਸਗੜ੍ਹ ਸਾਹਿਬ ਵੈਸਾਖੀ ਦੀ ਥਾਂ ਹੋਲਾ ਅਤੇ ਸ੍ਰੀ ਮੁਕਤਸਰ ਸਾਹਿਬ ਗਰਮੀਆਂ ਵਿਖੇ ਹੋਏ ਯੁੱਧ ਦਾ ਦਿਨ ਛੱਡ ਕੇ, ਮਾਘੀ ਮਨਾਉਣਾ ਆਦਿਕ। ਹੋਰ ਤਾਂ ਹੋਰ ਅੱਜ ਬਹੁਤੇ ਗੁਰਦੁਆਰਿਆਂ ਵਿੱਚ-ਥਿਤਿ ਵਾਰ ਸੇਵਹਿ ਮੁਗਧ ਗਵਾਰ (੮੪੩) ਗੁਰੂ ਦੇ ਅਕੱਟ ਹੁਕਮ ਉੱਲਟ ਪੂਰਨਮਾਸ਼ੀ, ਮੱਸਿਆ ਅਤੇ ਸੰਗ੍ਰਾਂਦ ਆਦਿ ਹਿੰਦੂ ਪੁਰਬ ਬੜੀ ਧੂੰਮ-ਧਾਮ ਨਾਲ ਮਨਾਏ ਜਾਂਦੇ ਹਨ। ਮਿਲਗੋਭਾ ਕੀਤੇ ਗਏ ਇਤਿਹਾਸ ਨੂੰ, ਗੁਰਮਤਿ ਦੀ ਰੋਸ਼ਨੀ ਵਿੱਚ ਦੁਬਾਰਾ ਵਾਚਨ ਅਤੇ ਲਿਖਣ ਦੀ ਅਤਿਅੰਤ ਲੋੜ ਹੈ। ਸਿੱਖ ਨੇ ਗੁਰੂ ਤੋਂ ਰੋਸ਼ਨੀ ਲੈਣੀ ਹੈ ਨਾਂ ਕਿ ਮਿਥਿਹਾਸਕ ਗ੍ਰੰਥਾਂ ਅਤੇ ਸੋ ਕਾਲਡ ਕਹਾਣੀਆਂ ਦੇ ਅੰਧੇਰੇ ਵਿੱਚ ਹੀ ਫਸੇ ਰਹਿਣਾ ਹੈ। ਗੁਰਮਤਿ ਵਿੱਚ ਲਛਮੀ ਪੂਜਾ ਨੂੰ ਕੋਈ ਥਾਂ ਨਹੀਂ ਸਗੋਂ ਅਕਾਲ ਦੀ ਪੂਜਾ ਦਾ ਵਿਧਾਨ ਹੈ (ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਅਤੇ ਦਿਦਾਰ ਖਾਲਸੇ ਕਾ ਨਾਂ ਕਿ ਕਿਸੇ ਭੇਖੀ ਸਾਧ ਦਾ) ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਂ ਹਰ ਵੇਲੇ ਗੁਰਬਾਣੀ ਗਿਆਨ ਦੀ ਦੀਵਾਲੀ ਜਗਦੀ ਰਹਿੰਦੀ ਅਤੇ ਵਾਤਵਰਣ ਸਵੱਸ਼ ਤੇ ਸਾਫ ਹੁੰਦਾ ਹੈ। ਗੁਰਬਾਣੀ ਮਨ ਨੂੰ ਸ਼ਾਤ ਕਰਦੀ ਤੇ ਉਖੜਿਆ ਮਨ ਵੀ ਟਿਕ ਜਾਂਦਾ ਹੈ। ਇਸੇ ਕਰਕੇ ਗੁਰੂ ਸਾਹਿਬਾਨਾਂ ਨੇ ਆਪਣੇ ਮਜੂਦਾ ਸਰੀਰਕ ਜੀਵਨ ਸਮੇਂ, ਇਸ ਪਵਿੱਤ੍ਰ, ਗਿਆਨ ਦੇ ਸੋਮੇਂ ਅਤੇ ਸਰਬਸਾਂਝੇ ਅਸਥਾਨ ਨੂੰ, ਯੁੱਧ ਦਾ ਅਖਾੜਾ ਨਹੀਂ ਬਣਾਇਆ ਸਗੋਂ ਸਾਰੇ ਜੰਗ-ਯੁੱਧ ਬਾਹਰ ਹੀ ਲੜੇ ਹਨ। ਫਿਰ ਕੀ ਐਸੇ ਸਾਫ-ਸੁਥਰੇ ਅਤੇ ਮਨ ਦੇ ਟਿਕਾ ਵਾਲੇ ਪਵਿਤ੍ਰ ਥਾਂ ਤੇ ਅਤਸ਼ਬਾਜੀ ਦਾ ਜ਼ਹਿਰ ਅਤੇ ਵਾਤਾਵਰਣ ਨੂੰ ਗੰਧਲਾ ਕਰਨ ਵਾਲੇ ਪਟਾਕੇ ਚਲਾਉਣੇ ਸਿਆਣਪ ਹਨ? ਕੀ ਸਿੱਖਾਂ ਨੂੰ ਇਸ ਦਿਨ ਕਰੋੜਾਂ ਰੁਪਿਆ ਭੰਗ ਦੇ ਭਾੜੇ ਫੂਕਣਾ ਚਾਹੀਦੈ? ਜਦ ਕਿ ਗੁਰੂ ਤਾਂ ਲੋੜਵੰਦਾਂ ਦੀ ਮਦਦ ਕਰਦੇ ਸਨ। ਇਸੇ ਕਰਕੇ ਧੜਾ-ਧੜ ਲੋਕ, ਅਧੁਨਿਕ ਵਿਗਿਆਨਕ ਅਤੇ ਅਗਾਂਹ ਵਧੂ ਸਿੱਖ ਧਰਮ ਨੂੰ ਅਪਣਾਈ ਜਾ ਰਹੇ ਸਨ। ਕੀ ਗੁਰੂ ਜੀ ਅਜਿਹੇ ਦੀਵਾਲੀਆਂ, ਦਸਹਿਰਿਆਂ ਵਾਲੇ ਅਡੰਬਰ ਰਚ, ਲੋਕਾਂ ਨੂੰ ਪ੍ਰਭਾਵਿਤ ਕਰਕੇ ਸਿੱਖ ਬਣਾਉਂਦੇ ਸਨ? ਹਾਂ ਜੇ ਥੋੜੇ ਬਹੁਤੇ ਪਟਾਕੇ ਚਲਾਉਣੇ ਹੀ ਨੇ ਤਾਂ ਸ਼ਹਿਰ ਦੇ ਬਾਹਰਵਾਰ, ਕੋਈ ਨਵੇਕਲੀ ਜਗ੍ਹਾ ਹੋਣੀ ਚਾਹੀਦੀ ਹੈ। ਦੇਖੋ ਅਮਰੀਕਾ ਵਿਖੇ ਵੀ ਲੋਕ ਫੋਰਥ ਜੁਲਾਈ ਨੂੰ, ਸ਼ਪੈਸ਼ਲ ਅਬਾਦੀ ਤੋਂ ਦੂਰ, ਸੁਰੱਖਿਅਤ ਥਾਵਾਂ ਤੇ ਸੌਫਟ ਅਤਸ਼ਬਾਜੀ ਚਲਾਉਂਦੇ ਹਨ ਜੋ ਧੂੰਆਂ ਤੇ ਖੜਕਾ ਘੱਟ ਅਤੇ ਰੋਸ਼ਨੀ ਵੱਧ ਕਰਦੀ ਹੈ।

ਜੇ ਦੀਵਾਲੀ ਬਾਲਣੀ ਹੀ ਹੈ ਤਾਂ ਸਭਿਅਕ ਢੰਗ ਅਪਨਾਉਣਾ ਚਾਹੀਦਾ ਹੈ। ਪੈਸੇ ਦਾ ਬਚਾ ਕਰਕੇ, ਲੋੜਵੰਦ ਜੋ ਢਿੱਡੋਂ ਭੁੱਖੇ, ਸਰੀਰੋਂ ਨੰਗੇ, ਛੱਤ ਤੋਂ ਵਾਂਝੇ, ਫੁੱਟ ਪਾਥਾਂ ਜਾਂ ਹਨੇਰੀਆਂ ਝੁੱਗੀਆਂ ਵਿੱਚ, ਦਿਨ ਕਟੀ ਕਰ ਰਹੇ ਨੇ, ਓਥੇ ਭੋਜਨ, ਪਾਣੀ ਅਤੇ ਰੋਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਮਠਾਈਆਂ ਵਿੱਚ ਰਹਿੰਦ-ਖੂੰਹਦ ਦੀ ਥਾਂ ਸ਼ੁੱਧ ਅਤੇ ਨਰੋਏ ਪਦਾਰਥ ਹੀ ਵਰਤਨੇ ਚਾਹੀਦੇ ਹਨ। ਇਸ ਦਿਨ ਸ਼ਰਾਬਾਂ ਪੀਣੀਆਂ ਅਤੇ ਜੂਏ ਖੇਲ੍ਹਣੇ ਕਿੱਧਰ ਦੀ ਖੁਸ਼ੀ ਅਤੇ ਸਭਿਅਤਾ ਹੈ? ਸਿੱਖਾਂ ਨੂੰ ਇਹ ਦਿਨ ਗਿਆਨ ਦੇ ਚਰਾਗ ਵਜੋਂ ਹੀ ਮਨਾਉਣਾ ਚਾਹੀਦਾ ਹੈ ਕਿਉਂਕਿ ਗਿਆਨ ਦੇ ਚਰਾਗ ਹੀ ਬੁਝੇ ਹੋਏ ਮਨ ਦੇ ਦੀਵਿਆਂ ਨੂੰ ਜਗਾ ਸਕਦੇ ਹਨ। ਜਿਵੇਂ ੧੦੦੦ ਵਾਟ ਦੇ ਬਲਬ ਸਾਹਮਣੇ, ੧੦੦ ਵਾਟ ਦੀ ਕੀ ਵੁਕਤ ਹੈ, ਚਰਾਗ ਦੀ ਥਾਂ ਛੋਟੇ ਦੀਵੇ ਦੀ, ਇਵੇਂ ਹੀ "ਗੁਰੂ ਗ੍ਰੰਥ ਰੂਪ ਗਿਆਨ ਸੂਰਜ" ਦੀ ਥਾਂ ਹੋਰ ਕਿੱਸੇ-ਕਹਾਣੀਆਂ, ਕੋਈ ਵੁਕਤ ਨਹੀਂ ਰੱਖਦੀਆਂ। ਸਿੱਖਾਂ ਨੂੰ ਇਸ ਦਿਨ ਗੁਰਬਾਣੀ ਅਰਥਾਂ ਦੀਆਂ ਪੋਥੀਆਂ, ਗੁਰਮਤਿ ਫਿਲਾਸਫੀ ਦੀਆਂ ਕਿਤਾਬਾਂ ਅਤੇ ਗੁਰਬਾਣੀ ਦੀ ਕਸਵੱਟੀ ਤੇ ਪਰਖੇ ਸ਼ੁੱਧ ਇਤਿਹਾਸ ਦੀਆਂ ਪੁਸਤਕਾਂ, ਸੀਡੀਆਂ ਅਤੇ ਅਧੁਨਿਕ ਮੀਡੀਏ ਦੇ ਦੀਵੇ, ਮਹਿੰਗੇ-ਮਹਿੰਗੇ ਪਟਾਕਿਆਂ ਅਤੇ ਵੰਨ-ਸੁਵੰਨੀਆਂ ਮਠਿਆਈਆਂ ਦੀ ਥਾਂ ਵੰਡਣੇ ਚਾਹੀਦੇ ਹਨ ਨਾਂ ਕਿ "ਦੀਵਾਲੀ ਕੀ ਰਾਤ ਦੀਵੇ ਬਾਲੀਅਨ" ਵਾਲੀ ਤੁਕ ਹੀ ਰਟੀ ਜਾਣੀ ਚਾਹੀਦੀ ਹੈ, ਜੋ ਭਾਈ ਗੁਰਦਾਸ ਜੀ ਨੇ ਕਿਸੇ ਹੋਰ ਭਾਵ ਵਿੱਚ ਅਜਿਹੀਆਂ ਕਈ ਹੋਰ ਉਦਾਹਰਣਾਂ ਦੇ ਕੇ ਸਮਝਾਉਂਦਿਆਂ ਉਚਾਰੀ ਅਤੇ ਲਿਖੀ ਸੀ। ਸੋ ਗੁਰਮਤਿ ਨਾਲ, ਲਛਮੀ ਪੂਜਨ ਵਾਲੀ ਦੀਵਾਲੀ ਦਾ ਕੋਈ ਸਬੰਧ ਨਹੀਂ ਸਗੋਂ ਕਿਰਤ ਕਰਕੇ ਲਛਮੀ ਪੈਦਾ ਕਰਨੀ ਜਾਂ ਕਮਾਉਣੀ ਚਾਹੀਦੀ ਹੈ। ਲਛਮੀ ਤਾਂ ਹੱਥਾਂ ਦੀ ਕਿਰਤ ਏ ਨਾਂ ਕਿ ਕੋਈ ਮਿਥਿਹਾਸਕ ਦੇਵੀ, ਜੋ ਸਾਡੇ ਰਾਤ ਨੂੰ ਘਰ ਦੇ ਦਰਵਾਜੇ ਖੁੱਲ੍ਹੇ ਰੱਖਣ ਨਾਲ ਹੀ ਅੰਦਰ ਆਉਂਦੀ ਹੈ। ਐਸਾ ਹੁੰਦਾ ਹੋਵੇ ਤਾਂ ਗਰੀਬ ਲੋਕ ਜਿਨ੍ਹਾਂ ਦੇ ਕੋਈ ਘਰ ਘਾਟ ਨਹੀਂ ਜਾਂ ਟੁੱਟੀਆਂ-ਫੁੱਟੀਆਂ ਖੁੱਲ੍ਹੀਆਂ ਝੁੱਗੀਆਂ ਹੀ ਹੁੰਦੀਆਂ ਨੇ, ਕਥਿਤ ਲਛਮੀ ਓਥੇ ਪਹਿਲੇ ਕਿਉਂ ਨਹੀਂ ਜਾਂਦੀ? ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਜੀ ਗਰੀਬ ਬਿਦਰ ਦੇ ਘਰ ਅਤੇ ਸ੍ਰੀ ਰਾਮ ਚੰਦ ਜੀ ਗਰੀਬ ਭੀਲਣੀ ਕੋਲ ਗਏ ਸਨ। ਗੁਰੂ ਨਾਨਕ ਸਾਹਿਬ ਜੀ ਦਾ ਤਾਂ ਅਕੱਟ ਸਬੂਤ ਇਤਿਹਾਸ ਹੈ ਕਿ ਉਹ ਮਲਕ ਭਾਗੋ ਦੇ ਮਹਿਲ ਤੇ ਪਕਵਾਨ ਛੱਡ ਕੇ, ਇੱਕ ਗਰੀਬ ਕਿਰਤੀ ਭਾਈ ਲਾਲੋ ਦੇ ਘਰ ਗਏ। ਉਨ੍ਹਾਂ ਨੇ ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ-ਨੀਚਾਂ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥ ਨਾਨਕ ਤਿਨ ਕੇ ਸੰਗਿ ਸਾਥ ਵਡਿਆਂ ਸਿਉਂ ਕਿਆ ਰੀਸ॥(੧੫)

ਲਛਮੀ ਕੋਈ ਦੇਵੀ ਨਹੀਂ ਸਗੋਂ ਹੱਥੀਂ ਕੀਤੀ ਕਿਰਤ ਜੋ ਮਿਹਨਤ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ ਨਾਂ ਕਿ ਘਰ ਦੇ ਦਰਵਾਜੇ ਖੁੱਲ੍ਹੇ ਰੱਖਣ ਦੇ ਵਹਿਮ ਨਾਲ। ਖੁੱਲ੍ਹੇ ਦਰਵਾਜਿਆਂ ਵਿੱਚ ਤਾਂ ਸਗੋਂ ਕਈ ਵਾਰ ਕੁੱਤੇ ਬਿੱਲੇ ਅਤੇ ਚੋਰ ਆ ਵੜਦੇ ਹਨ, ਜੋ ਖਾ ਪੀ ਕੇ ਘਰ ਵਿੱਚ ਪਈ ਲਛਮੀ ਨੂੰ ਵੀ ਲੁੱਟ ਲੈ ਜਾਂਦੇ ਹਨ। ਪਾਠਕ ਜਨੋ! ਗੁਰਮਤਿ ਇੱਕ ਆਲਮਗੀਰ ਮੱਤ ਹੈ ਜੋ ਮਿੱਥਾਂ ਦੀ ਤਾਂ ਤੱਥਾਂ ਨੂੰ ਮਾਨਤਾ ਦਿੰਦਾ ਹੈ। ਆਓ ਗੁਰਬਾਣੀ ਗਿਆਨ ਦੇ ਦੀਵੇ ਬਾਲ ਕੇ ਮਨ ਦੀਆਂ ਬੁਝੀਆਂ ਬੱਤੀਆਂ ਨੂੰ ਬਾਲੀਏ ਜੋ ਹੋਰਨਾਂ ਨੂੰ ਵੀ ਗਿਆਨ ਦੀ ਰੋਸ਼ਨੀ ਦੇ ਸੱਕਣ। ਪੰਜਾਬੀ ਦੀ ਕਹਾਵਤ ਹੈ "ਸਦਾ ਦੀਵਾਲੀ ਸਾਧ ਕੀ ਅੱਠੇ ਪਹਿਰ ਬਸੰਤ" ਸਾਧ ਭਾਵ ਭਲਾ ਪੁਰਖ ਨਾਂ ਕਿ ਭੇਖਧਾਰੀ। ਇਹ ਸੀ ਥੋੜੀ ਜਿਹੀ ਵਿਚਾਰ ਦੀਵੇ, ਦੀਵਾਲੀ, ਲਛਮੀ ਪੂਜਾ ਅਤੇ ਗੁਰਮਤਿ ਬਾਰੇ ਜਿਸ ਨੂੰ ਪਾਠਕ ਜਨ, ਗੁਰਬਾਣੀ ਅਤੇ ਗੁਰ ਇਤਿਹਾਸ ਦੇ ਸੰਦਰਭ ਵਿੱਚ ਵਾਚਣ ਦੀ ਕ੍ਰਿਪਾਲਤਾ ਕਰਨ। ਗੁਰੂ ਗਿਆਨ ਦੀ ਰੋਸ਼ਨੀ ਨਾਲ, ਆਪਣੇ ਦਿਲਾਂ ਦੇ ਦੀਵੇ ਜਗਾਉਣ ਜੋ ਮਾਇਕ ਪਦਾਰਥਾਂ ਦੀ ਹਵਾ ਤੇ ਵਿਸ਼ੇ ਵਿਕਾਰਾਂ ਦੇ ਝੱਖੜਾਂ ਨੇ ਬੁਝਾਏ ਨੇ ਨਾਂ ਕਿ ਲਛਮੀ ਪੂਜਾ ਲਈ ਬੂਹੇ ਖੁੱਲ੍ਹੇ ਰੱਖ ਕੇ ਜਗਾਏ ਬਾਹਰੀ ਦੀਵਿਆਂ, ਬਰੂਦੀ ਪਟਾਕਿਆਂ, ਮਿਲਾਵਟੀ ਬਜਾਰੀ ਜਹਿਰੀਲਆਂ ਮਿਠਿਆਈਆਂ ਅਤੇ ਮਾਰੂ ਨਸ਼ਿਆਂ ਦਾ ਸੇਵਨ, ਲੱਖਾਂ ਕਰੋੜਾਂ ਰੁਪਈਆ ਹਰ ਸਾਲ ਬਰਬਾਦ ਕਰਕੇ, ਹਾਦਸਿਦਆਂ ਵਿੱਚ ਗਰੀਬਾਂ ਦੀਆਂ ਝੁੱਗੀਆਂ ਤੇ ਕਿਰਸਾਨਾਂ ਦੀਆਂ ਅਨਾਜ ਨਾਲ ਭਰੀਆਂ ਫਸਲਾਂ ਸਾੜਨ ਦਾ ਕਾਰਨ ਬਣਨਾ ਦੀਵਾਲੀ ਮਨਾਉਣੀ ਹੈ। ਸੋ ਆਓ ਘਰ ਘਰ ਵਿਦਿਆ ਦੇ ਦੀਵੇ ਬਾਲੀਏ ਅਤੇ ਗਿਆਨ ਦੇ ਗੋਲੇ ਚਲਾਈਏ-ਗੋਲਾ ਗਿਆਨ ਚਲਾਇਆ॥(ਗੁਰੂ ਗ੍ਰੰਥ)


10/22/17
ਰੇਣੁਕਾ ਸਰਬਜੀਤ ਸਿੰਘ

ਸਾਦੇ ਵਿਆਹ ਸਾਦੇ ਭੋਗ
ਨਾ ਕਰਜ਼ਾ ਨਾ ਚਿੰਤਾ ਰੋਗ

ਰੇਣੁਕਾ ਸਰਬਜੀਤ ਸਿੰਘ
09814612004

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਪਿਛਲੇ ਦਿਨੀਂ ਗੋਲਡਨ ਜੁਬਲੀ ਕਿਸਾਨ ਮੇਲੇ ਸਮੇਂ ਦਿੱਤੇ ਮੁੱਖ ਥੀਮ – ‘ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’ ਨੂੰ ਕਿਸਾਨਾਂ ਅਤੇ ਆਮ ਲੋਕਾਂ ਵਲੋਂ ਬੇਮਿਸਾਲ ਉਤਸ਼ਾਹ ਵਿਖਾਇਆ ਗਿਆ। ਇਸਨੂੰ ਵੇਖ ਕੇ ਯੂਨੀਵਰਸਿਟੀ ਅਧਿਕਾਰੀਆਂ ਅਤੇ ਸਮਾਜ ਚਿੰਤਕਾਂ ਵਿੱਚ ਹੈਰਾਨੀ ਦੀ ਲਹਿਰ ਦੌੜ ਗਈ। ਇਸ ਮੇਲੇ ਵਿੱਚ 5000 ਤੋਂ ਵੱਧ ਲੋਕਾਂ ਨੇ ਵੱਡੇ-ਵੱਡੇ ਬੈਨਰਾਂ ਤੇ ਹਸਤਾਖਰ ਕਰਕੇ ਐਲਾਨ ਕੀਤਾ ਕਿ- ਅਸੀਂ ਸਮਾਜਿਕ ਕਾਰਜਾਂ ਤੇ ਬੇਲੋੜਾ ਖਰਚਾ ਘਟਾਵਾਂਗੇ ਅਤੇ ਸਾਦੇ ਵਿਆਹ ਸਾਦੇ ਭੋਗ ਦੀ ਲਹਿਰ ਨੂੰ ਆਪੋ ਆਪਣੇ ਪਿੰਡ/ਨਗਰ ਵਿੱਚ ਵੀ ਫੈਲਾਵਾਂਗੇ। ਲਗਭਗ 1000 ਤੋਂ ਵੱਧ ਲੋਕਾਂ ਨੇ ਇਸ ਸੰਬੰਧੀ ਕਰਵਾਏ ਗਏ ਸਰਵੇਖਣ ਵਿੱਚ ਬੜੇ ਚਾਅ ਨਾਲ ਸ਼ਮੂਲੀਅਤ ਕੀਤੀ।
ਖੇਤੀ ਪੱਤਰਕਾਰੀ, ਭਾਸ਼ਾਵਾਂ ਤੇ ਸੱਭਿਆਚਾਰ ਵਿਭਾਗ ਵੱਲੋਂ ‘ਸਾਦੇ ਵਿਆਹ ਸਾਦੇ ਭੋਗ’ ਨਾਮ ਦੀ ਇੱਕ ਪੁਸਤਕ ਵੀ ਰਿਲੀਜ਼ ਕੀਤੀ ਗਈ। ਦੋ ਦਿਨਾਂ ਦੇ ਮੇਲੇ ਦੌਰਾਨ ਇਸ ਪੁਸਤਕ ਦੇ ਸਟਾਲ ਤੇ ਲਗਾਤਾਰ ਭੀੜ ਬਣੀ ਰਹੀ। ਕੁੱਝ ਸਮਾਜ ਸੇਵੀ ਸੰਸਥਾਵਾਂ ਤੇ ਵਾਪਾਰਕ ਅਦਾਰਿਆਂ ਨੇ ਰਲ ਕਿ ਇਸ ਪੁਸਤਕ ਤੇ ਸਬਸਿਡੀ ਦਿੱਤੀ ਤੇ ਇਹ ਕੇਵਲ 10 ਰੁਪਏ ਵਿੱਚ ਵੰਡੀ ਗਈ। ਕਈ ਲੋਕ ਤਾਂ 5-5, 10-10 ਪੁਸਤਕਾਂ ਲਿਜਾਂਦੇ ਵੀ ਵੇਖੇ ਗਏ। ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਲਗਾਏ ਮੇਲੇ ਦੌਰਾਨ ਤਾਂ ਕੇਵਲ 3 ਘੰਟਿਆਂ ਵਿੱਚ 550 ਪੁਸਤਕਾਂ ਦੀ ਵਿਕਰੀ ਹੋ ਗਈ।
ਇਸ ਤੋਂ ਇਲਾਵਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪ੍ਰਾਜੈਕਟ ‘ਉਤਸ਼ਾਹ’ ਦੇ ਵੰਲਟੀਅਰਾਂ ਵਲੋਂ ਮਾਰਚ ਵੀ ਕੱਢਿਆ ਗਿਆ ਜਿਸ ਦੌਰਾਨ ਨਾਅਰੇ ਲਗਾਏ ਗਏ – “ਵਿਖਾਵੇ ਵਾਲੇ ਵਿਆਹ, ਕਰਦੇ ਘਰ ਤਬਾਅ……”। ਵੰਲਟੀਅਰ ਨੌਜਵਾਨਾਂ ਨੇ ਕਾਰਾਂ/ਬਸਾਂ ਤੇ ਸਾਦੇ ਵਿਆਹ ਸਾਦੇ ਭੋਗ ਦੇ ਸਟੀਕਰ ਵੀ ਮੁਫਤ ਲਗਾਏ ਗਏ। ਲੋਕ ਅਵਾਜਾਂ ਮਾਰ-ਮਾਰ ਕੇ ਕਹਿ ਰਹੇ ਸਨ ਕਿ ਸਾਡੀ ਕਾਰ ਤੇ ਵੀ ਇਹ ਸਟੀਕਰ ਲਗਾਓ। ਕਿਸਾਨ ਵੀਰਾਂ ਤੇ ਪਰਿਵਾਰਾਂ ਵਲੋਂ ਮਿਲੇ ਇਸ ਅਥਾਹ ਜੋਸ਼ ਲਈ ਧੰਨਵਾਦ। ਪਰ ਇਹ ਲਹਿਰ ਚਿਰ ਸਥਾਈ ਕਿਵੇਂ ਬਣੇ? ਇਸ ਲਈ ਕੁੱਝ ਨੁਕਤੇ ਵੀ ਸਾਂਝੇ ਕਰਨੇ ਜ਼ਰੂਰੀ ਹਨ –
ਸਾਦੇ ਵਿਆਹ ਦਾ ਮਤਲਬ
ਸਾਦੇ ਵਿਆਹ ਦਾ ਇਹ ਮਤਲਬ ਨਹੀਂ ਕਿ ਬਿਲਕੁਲ ਹੀ ਬੇਰੌਣਕਾ ਵਿਆਹ। ਕੇਵਲ 5-7 ਬੰਦਿਆਂ ਦੀ ਸ਼ਮੂਲੀਅਤ ਵਾਲਾ ਵਿਆਹ। ਅਸਲ ਵਿੱਚ ਅੱਜ ਦੇ ਸੰਦਰਭ ਵਿੱਚ ਸਾਦੇ ਵਿਆਹ ਦਾ ਮਤਲਬ ਹੈ ਬਿਨਾਂ ਵਿਖਾਵਿਆਂ ਦੇ, ਬਿਨਾਂ ਫ਼ਜੂਲੀ ਖਰਚੀ ਵਾਲਾ ਵਿਆਹ। ਇਸ ਵਿੱਚ ਇਹ 3 ਗੱਲਾਂ ਬੇਹੱਦ ਜ਼ਰੂਰੀ ਹਨ – 1. ਘੱਟ ਦਿਨਾਂ ਦੇ ਸਮਾਗਮ, 2. ਘੱਟ ਮਿਹਮਾਨ, 3. ਘੱਟ ਪਕਵਾਨ।
ਅੱਜ ਰੋਕਾ, ਕੱਲ੍ਹ ਚੁੰਨੀ, ਹੁਣ ਮੁੰਦਰੀ, ਹੁਣ ਸ਼ਗਨ, ਹੁਣ ਸੰਗੀਤ, ਫਿਰ ਵਿਆਹ, ਫਿਰ ਰਿਸੈਪਸ਼ਨ……। ਜੇ ਵਿਆਹ ਦਾ ਇੱਕ ਹੀ ਦਿਨ ਰੱਖਿਆ ਜਾਵੇ ਤਾਂ ਖਰਚੇ ਘਟ ਸਕਦੇ ਹਨ। ਜੇਕਰ ਕਿਸੇ ਸਮਾਜ, ਬਿਰਾਦਰੀ ਵਿੱਚ ਬਾਕੀ ਰਸਮਾਂ ਵੀ ਹੋਣ ਤਾਂ ਉਹ ਕੇਵਲ ਘਰਦੇ 5-10 ਮੈਬਰਾਂ ਨਾਲ ਹੀ ਕੀਤੀਆਂ ਜਾਣ, ਉਥੇ ਵੱਡਾ ਇੱਕਠ ਨਾ ਕੀਤਾ ਜਾਵੇ।
ਦੂਜੀ ਗੱਲ ਹੈ- ਘੱਟ ਮਿਹਮਾਨ। ਮੇਰੀ ਜਾਚੇ ਜੇ ਵਿਆਹ ਸਮੇਂ ਕੇਵਲ ਮਿਹਮਾਨਾਂ ਦੀ ਗਿਣਤੀ ਹੀ ਕੰਟਰੋਲ ਕਰ ਲਈ ਜਾਵੇ ਤਾਂ ਬਹੁਤ ਖਰਚੇ ਘਟਾਏ ਜਾ ਸਕਦੇ ਹਨ। ਵਿਆਹ ਤੇ ਰਿਸ਼ਤੇਦਾਰਾਂ ਤੋਂ ਇਲਾਵਾਂ ਕੇਵਲ ਉਹੀ ਦੋਸਤ-ਮਿੱਤਰ ਬੁਲਾਏ ਜਾਣ ਜਿਹਨਾਂ ਦਾ ਤੁਹਾਡੇ ਘਰ ਜਾਂ ਤੁਹਾਡਾ ਉਹਨਾਂ ਦੇ ਘਰ ਜਾਣਾ-ਆਣਾ ਹੈ। ਜੋ ਮੇਰੇ ਬੱਚੇ ਨੂੰ ਕਦੇ ਮਿਲਿਆ ਹੀ ਨਹੀਂ ਉਹ ਮੇਰੇ ਬੱਚੇ ਦੇ ਵਿਆਹ ਤੇ ਕਿਉਂ ਬੁਲਾਇਆ ਜਾਵੇ? ਜੇ ਇਹ ਮਾਪਦੰਡ ਰੱਖ ਲਈਏ ਤਾਂ ਬੇਲੋੜੇ ਇੱਕਠ ਘਟਾਏ ਜਾ ਸਕਦੇ ਹਨ। ਹੁਣ ਸਮਾਜ ਵਿੱਚ ਇਹ ਗੱਲ ਬਣ ਗਈ ਹੈ ਕਿ ਫਲਾਂਣੇ ਦੇ ਘਰ ਵਿਆਹ ਸਮੇਂ 1000 ਬੰਦਿਆਂ ਦਾ ਇੱਕਠ ਸੀ। ਇਹ ਨਿਰਾ ਵਿਖਾਵਾਂ ਹੈ, ਡੰਫ ਹੈ, ਹੋਛਾਪਨ ਹੈ। ਆਓ! ਹੁਣ ਉਸ ਪਰਿਵਾਰ ਦਾ ਸਨਮਾਨ ਕਰੀਏ ਜੋ ਘੱਟ ਮਿਹਮਾਨ ਬੁਲਾਦਾਂ ਹੈ। ਲੋਕ ਕਹਿਣ ਉਸਦੇ ਵਿਆਹ ਸਮੇਂ ਤਾਂ ਬੜਾ ਚੌਣਵਾਂ
(selected) ਇੱਕਠ ਸੀ। ਬਹੁਤ ਸਾਰੇ ਵੱਡੇ ਲੋਕ ਹੁਣ ਇੰਝ ਕਰਨ ਵੀ ਲਗ ਪਏ ਹਨ।
ਤੀਜਾ ਹੈ- ਘੱਟ ਪਕਵਾਨ। ਅੰਨ ਦੀ ਸਭ ਤੋਂ ਵੱਧ ਬੇਕਦਰੀ ਤੇ ਨੁਕਸਾਨ ਵਿਆਹ ਸਮੇਂ ਹੁੰਦਾ ਹੈ। ਗੁਆਢੀ ਮੁਲਕ ਪਾਕਿਸਤਾਨ ਵਿੱਚ ਸਰਕਾਰ ਵਲੋਂ ਬੈਨ ਹੈ ਕਿ ਵਿਆਹ ਸਮੇਂ ਕੇਵਲ ਇੱਕ ਹੀ ਮੁਖ ਪਕਵਾਨ ਹੋਵੇਗਾ। ਬਹੁਤ ਖਰਚ ਅਤੇ ਬਹੁਤ ਅੰਨ ਇੰਝ ਵੀ ਬਚਾਇਆ ਜਾ ਸਕਦਾ ਹੈ।
ਕੁਝ ਜਰੂਰੀ ਅੰਕੜੇ
ਇੱਕ ਸਰਵੇ ਮੁਤਾਬਕ ਭਾਰਤ ਵਿੱਚ ਸਾਲਾਨਾਂ ਇੱਕ ਲੱਖ ਕਰੋੜ ਤੋਂ ਤਿੰਨ ਲੱਖ ਕਰੋੜ ਰੁਪਏ ਕੇਵਲ ਵਿਆਹ ਸਮੇਂ ਖਰਚ ਕੀਤੇ ਜਾਂਦੇ ਹਨ। ਇਸ ਵਿੱਚ ਵੀ ਹਰ ਸਾਲ 25 ਤੋਂ 30 ਫੀਸਦੀ ਦਾ ਵਾਧਾ ਹੋ ਰਿਹਾ ਹੈ। ਇੱਕ ਮੱਧ-ਵਰਗੀ ਪਰਿਵਾਰ ਦੀ ਆਰਖਿਕਤਾ ਵਿਆਹ ਉਪਰੰਤ 10 ਸਾਲ ਪਿੱਛੇ ਪੈ ਜਾਂਦੀ ਹੈ। ਨੌਕਰੀ ਕਰਨ ਵਾਲੇ ਆਪਣੇ 2 ਸਾਲਾਂ ਦੀ ਤਨਖਾਹ ਵਿਆਹ ਲਈ ਹੀ ਖਰਚ ਕਰ ਦਿੰਦੇ ਹਨ।
ਇਹ ਅੰਕੜੇ ਦਿਲ ਕੰਬਾਊ ਹਨ। ਜੇ ਇੰਝ ਹੀ ਜਾਰੀ ਰਿਹਾ ਤਾਂ ਡਰ ਹੈ ਕਿ ਵਿਆਹ ਬਹੁਤੇ ਪਰਿਵਾਰਾਂ ਲਈ ਖੁਸ਼ੀ ਦਾ ਨਹੀਂ ਸਗੋਂ ਘਬਰਾਹਟ ਦਾ ਚਿੰਨ੍ਹ ਬਣ ਜਾਣਗੇ। ਵਿਆਹ ਹਊਆ ਬਣ ਜਾਂਣਗੇ।
ਲੋੜ ਹੈ ਬੇਲੋੜੇ ਖਰਚੇ ਘਟਾਉਣ ਦੀ
ਇਸ ਲਹਿਰ ਨੂੰ ਚਿਰ ਸਥਾਈ ਬਣਾਉਣ ਲਈ ਹਰੇਕ ਨੂੰ ਯੋਗਦਾਨ ਪਾਉਣਾ ਹੋਵੇਗਾ, ਖਰਚੇ ਘਟਾਉਣੇ ਹੋਣਗੇ। ਸਭ ਤੋਂ ਪਹਿਲਾਂ ਖਰਚਾ ਹੁੰਦਾ ਹੈ ਵਿਆਹ ਦੇ ਸੱਦਾ-ਪੱਤਰ
(invitation card) ਤੇ। ਇਸ ਸੰਬਧੀ ਬਹੁਤ ਵਧੀਆ ਰੁਝਾਨ ਸ਼ੁਰੂ ਹੋ ਗਿਆ ਹੈ ਕਿ ਵਾਟਸਐਪ/ ਈ ਮੇਲ ਰਾਹੀਂ ਸੱਦਾ ਪੱਤਰ ਭੇਜਣੇ। ਕਾਰਡ ਦਾ ਖੂਬਸੂਰਤ ਡਿਜ਼ਾਇਨ ਬਣਵਾ ਕਿ ਛਾਪਣ ਦੀ ਥਾਂ ਇੰਟਰਨੈਟ ਰਾਹੀਂ ਭੇਜਣਾ। ਇੰਝ ਕਾਗਜ ਵੀ ਬਚਦਾ ਹੈ ਤੇ ਜਾਣ-ਆਣ ਦਾ ਸਮਾਂ ਤੇ ਪੈਟਰੋਲ ਵੀ। ਮਿਠਾਈ ਦੇ ਡੱਬੇ ਭੇਜਣ ਤੋਂ ਵੀ ਸਿਆਣੇ ਕੰਨੀ ਕਤਰਾਉਣ ਲੱਗ ਪਏ ਹਨ। ਇਹ ਇੱਕ ਫ਼ਜ਼ੂਲ ਰੀਤ ਕੇਵਲ ਉੱਤਰੀ ਭਾਰਤ ਵਿੱਚ ਹੀ ਚਲਦੀ ਹੈ ਕਿ ਕਾਰਡ ਦੇ ਨਾਲ ਡੱਬਾ ਭੇਜਿਆ ਜਾਵੇ। ਕਿਉਂ ਬਈ? ਅਖੇ! ਇੰਝ ਉਹ ਸ਼ਗਨ ਦੇਣ ਲਈ ਸ਼ਰਮੋ ਬਸ਼ਰਮੀ ਆਏਗਾ ਹੀ। ਹਾਂ, ਸੁੱਕੀ ਮਠਿਆਈ ਜੇ ਦੇਣੀ ਹੈ ਤਾਂ ਵਿਆਹ ਤੇ ਆਏ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ। ਪਰ ਸੱਦਾ ਪੱਤਰ ਆਪ ਦੇਣ ਜਾਣਾ ਬੜੀ ਵੱਡੀ ਮੁਸੀਬਤ ਹੈ। ਇਸ ਤੋਂ ਬਚਿਆ ਜਾ ਸਕਦਾ ਹੈ। ਇੰਟਰਨੈੱਟ ਤੇ ਤਾਂ ਵਿਆਹ ਦੇ ਸੱਦਾ ਪੱਤਰ ਭੇਜਣ ਲਈ ਇਕ-ਡੇਢ ਮਿਨਟ ਦੇ ਵੀਡਿਉ ਕਲਿੱਪ ਵੀ ਉਪਲੱਬਧ ਹਨ ਤੇ ਲੋਕ ਹੁਣ ਇਹ ਭੇਜਣ ਲੱਗ ਪਏ ਹਨ। ਸ਼ਾਬਾਸ਼, ਚੰਗੀ ਸ਼ੁਰੂਆਤ ਹੈ।
ਅਗਲਾ ਖਰਚਾ ਹੈ- ਸਜਾਵਟਾਂ ਤੇ ਬਿਊਟੀ ਪਾਰਲਰ ਦਾ। ਅੱਜ ਕਲ ਮੈਰਿਜ ਪੈਲੇਸ ਵਾਲਿਆ ਨੇ ਸਜਾਵਟਾਂ ਲਈ ਵੱਖਰਾ ਪੈਸਾ ਲੈਣਾ ਸ਼ੁਰੂ ਕਰ ਦਿੱਤਾ ਹੈ। 50 ਹਜ਼ਾਰ ਤੋਂ 5 ਲੱਖ ਤੱਕ ਦੀਆਂ ਸਜਾਵਟਾਂ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇੱਕ ਫੰਕਸ਼ਨ ਲਈ ਅਜਿਹਾ ਖ਼ਰਚਾ ਕਰਨਾ ਕੋਈ ਸਿਆਣਪ ਨਹੀਂ। ਇਸੇ ਤਰ੍ਹਾਂ ਬਿਊਟੀ ਪਾਰਲਰ ਵਿੱਚ 20 ਤੋਂ 50 ਹਜ਼ਾਰ ਤੱਕ ਦਾ ਖ਼ਰਚਾ ਕਰਕੇ ਚੰਗੇ ਭਲੇ ਨੂੰ ‘ਡਰਾਮਾ’ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਵੇਖਾ-ਵੇਖੀ ਸਭ ਇਸ ਦੌੜ ਵਿੱਚ ਸ਼ਾਮਲ ਹੋਈ ਜਾ ਰਹੇ ਹਨ। ਅਜਿਹੇ ਹੋਰ ਵੀ ਕਈ ਖਰਚੇ ਹਨ ਜਿਹਨਾਂ ਤੋਂ ਬੱਚਣ ਦੀ ਲੋੜ ਹੈ।
ਇਸ ਲਹਿਰ ਦਾ ਵਿਰੋਧ ਕਿਉਂ?
ਪਰ ਕੁੱਝ ਲੋਕ ਇਸ ਦਾ ਵਿਰੋਧ ਕਿਉਂ ਕਰ ਰਹੇ ਹਨ ਇਹ ਸਮਝ ਤੋਂ ਬਾਹਰ ਹੈ। ਕੀ ਉਹ ਕਿਸਾਨਾਂ ਦੇ ਹਿਤੈਸ਼ੀ ਨਹੀਂ? ਜੇ ਕਿਸਾਨ ਦਾ ਖਰਚਾ ਬਚਦਾ ਹੈ ਤਾਂ ਉਸ ਵਿੱਚ ਕਿਸਾਨ ਦਾ ਹੀ ਲਾਭ ਹੈ। ਨਾਲੇ ਜੇ ਇਹ ਕਿਸਾਨਾਂ ਦੇ ਹਿਤ ਵਿੱਚ ਨਾ ਹੁੰਦਾ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕਦੇ ਵੀ ਨਹੀਂ ਸੀ ਇਹ ਮੁਹਿੰਮ ਚਲਾਉਣੀ ਤੇ ਨਾ ਹੀ ਕਿਸਾਨ ਮੇਲਿਆਂ ਤੇ ਇਸ ਨੂੰ ਏਨਾ ਹੁੰਗਾਰਾ ਮਿਲਦਾ। ਡਾ. ਬਲਦੇਵ ਸਿੰਘ ਢਿਲੋਂ, ਵਾਈਸ ਚਾਸਲਰ ਦਾ ਇਹ ਬੜ੍ਹਾ ਹੀ ਦਲੇਰੀ ਭਰਿਆ ਤੇ ਦੂਰਅੰਦੇਸ਼ੀ ਫੈਸਲਾ ਹੈ। ਹਾਂ! ਵਾਪਾਰਕ ਅਦਾਰੇ ਮੈਰਿਜ ਪੈਲੇਸਾਂ ਵਾਲੇ ਇਸ ਦਾ ਵਿਰੋਧ ਕਰਨ ਤਾਂ ਗੱਲ ਸਮਝ ਆਂਦੀ ਹੈ ਪਰ ਕਿਸਾਨਾਂ ਦੇ ਹਿਤੈਸ਼ੀ ਵਿਰੋਧ ਕਰਨ ਤਾਂ ਇਸ ਵਿੱਚ ਉਹਨਾਂ ਦੀ ਨੀਅਤ ਤੇ ਵਿਦਵਤਾ ਤੇ ਸਵਾਲੀਆ ਚਿਨ੍ਹ ਜ਼ਰੂਰ ਲੱਗ ਜਾਂਦਾ ਹੈ। ਮਾਮਲਾ ਆਮ ਲੋਕਾਂ ਦੀ ਕਚਹਿਰੀ ਵਿੱਚ ਹੈ। ਯੂਨੀਵਰਸਿਟੀ ਨੂੰ ਨਿੱਤ ਵਧਾਈ ਦੇ ਫੋਨ ਮਿਲ ਰਹੇ ਹਨ। ਸਪਸ਼ਟ ਹੈ, ਕਿਸਾਨ ਖੁਸ਼ ਹਨ। ਹਾਂ, ਇਹ ਲਹਿਰ ਕੇਵਲ ਕਿਸਾਨਾਂ ਲਈ ਨਹੀਂ ਸਗੋਂ ਸਾਰੇ ਸਮਾਜ ਲਈ ਹੈ ਖਾਸਕਰ ਅਮੀਰ ਲੋਕ ਸਾਦੇ ਸਮਾਗਮ ਕਰਕੇ ਵਧੀਆ ਮਾਡਲ ਪੇਸ਼ ਕਰਨ।
ਕੁਝ ਨਾਅਰੇ
ਇਸ ਲਹਿਰ ਨੂੰ ਪ੍ਰਚੰਡ ਕਰਨ ਲਈ ਇਹ ਨਾਅਰੇ ਸਹਾਈ ਹੋ ਸਕਦੇ ਹਨ। ਪਿੰਡਾ, ਸ਼ਹਿਰਾਂ ਦੀਆਂ ਦੀਵਾਰਾਂ ਭਰ ਦੇਈਏ।
1. ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ।
2. ਵਿਖਾਵੇ ਵਾਲੇ ਵਿਆਹ, ਕਰਦੇ ਘਰ ਤਬਾਹ।
3. ਵਿਆਹਾਂ ਸਮੇਂ ਵਿਖਾਵਾ ਦਿਨ ਚਾਰ ਦਾ, ਕਰਜ਼ਾ ਤੇ ਪਛਤਾਵਾ ਉਮਰ ਭਰ ਦਾ।
4. ਕਰਜ਼ੇ ਤੋਂ ਜੇ ਬਚ ਕੇ ਰਹਿਣਾ, ਵਿਖਾਵਾ ਫਿਰ ਛੱਡਣਾ ਹੀ ਪੈਣਾ।
5. ਚਾਦਰ ਵੇਖ ਕੇ ਪੈਰ ਪਸਾਰੋ, ਲੋਕਾਂ ਦੀ ਰੀਸੇ ਆਪਣੇ ਘਰ ਨਾ ਉਜਾੜੋ।
6. ਵਿਆਹ ਵਾਸਤੇ ਲਿਆ ਕਰਜ਼, ਬਣ ਜਾਂਦਾ ਜੀਵਨ ਮਰਜ਼।
7. ਪ੍ਰਣ! ਮੇਰੇ ਵਿਆਹ ਸਮੇਂ ਸ਼ਰਾਬ ਨਹੀਂ ਵੰਡੀ ਜਾਏਗੀ।
8. ਰਵਾਇਤੀ ਵਿਆਹ ਕਰੀਏ - ਜੀਵਨ ਵਿੱਚ ਅਨੰਦ ਭਰੀਏ।
9. ਅਮੀਰਾਂ ਦੀ ਰੀਸ ਨਾ ਕਰੀਏ, ਇਹ ਵਿਆਹ ਰਾਹੀਂ ਵੀ ਤੁਹਾਡਾ ਹੀ ਖੂਨ ਚੂਸ ਜਾਂਦੇ ਹਨ।
10. ਵਿਆਹ ਕੀਤਾ ਗੱਜ ਵੱਜ ਕੇ, ਹੁਣ ਨੰਗ ਹੋ ਗਏ।
11. ਜੋ ਵਿਆਹਾਂ ਤੇ ਕਰੇ ਵਾਧੂ ਇਕੱਠ, ਜਾਣੋ ਉਹ ਨਿਲੱਜ, ਫੁਕਰਾ ਤੇ ਢੀਠ।
12. ਜੋ ਵਿਆਹ ਤੇ ਬੇਲੋੜਾ ਅਡੰਬਰ ਰਚਾਵੇ, ਜਾਣੋ ਉਹ ਸਮਾਜ ਕੁਰਾਹੇ ਪਾਵੇ।
13. ਵਿਆਹ ਖੁਸ਼ੀ ਦਾ ਮੌਕਾ ਹੈ, ਇਸਨੂੰ ਜੰਜਾਲ ਨਾ ਬਣਾਈਏ।
14. ਮਾਣ ਕਰੀਏ! ਅਸੀਂ ਸਾਦੇ ਵਿਆਹ ਕਰਦੇ ਹਾਂ।
15. ਸਾਦੇ ਵਿਆਹ ਰਚਾਈਏ, ਅੰਤਰ ਮਨ ਰੁਸ਼ਨਾਈਏ।


10/22/17
ਗਿ: ਸੰਤੋਖ ਸਿੰਘ ਅਸਟ੍ਰੇਲੀਆ

ਕਬਹੂੰ ਜੀਅੜਾ ਊਭਿ ਚੜਤੁ ਹੈ ਕਬਹੂੰ ਜਾਇ ਪਇਆਲੇ॥
ਕਦੀ ਤਾਂ ਮਨੁਖ ਦੀ ਸੋਚ ਹਿਮਾਲੀਆ ਪਰਬਤ ਵਾਂਙ ਉਚੀ ਹੋ ਜਾਂਦੀ ਹੈ ਪਰ ਓਸੇ ਮਨੁਖ ਦੀ ਸੋਚ ਕਿਸੇ ਸਮੇ ਪਾਤਾਲ ਜਿੰਨੀ ਨੀਵੀ ਹੋ ਜਾਂਦੀ ਹੈ। ਕਦੀ ਤੇ ਮਨੁਖ ਦੂਸਰੇ ਲਈ ਆਪਣੀ ਜਾਨ ਤੱਕ ਵਾਰ ਦਿੰਦਾ ਹੈ ਤੇ ਕਦੀ ਤੜਫਦੇ ਦੇ ਮੂੰਹ ਵਿੱਚ ਪਾਣੀ ਵੀ ਨਹੀਂ ਪਾਉਂਦਾ। ਮਤਲਬ ਕਿ ਕਦੀ ਧਰਮੀ ਬਣ ਜਾਂਦਾ ਹੈ ਤੇ ਕਦੀ ਪਾਪੀ; ਇਸ ਦਾ ਵਿਸਾਹ ਕੋਈ ਨਹੀਂ।
ਬਹੁਤ ਸਮਾ ਪਹਿਲਾਂ ਈਸਰ ਸਿੰਘ ਭਾਈਆ ਜੀ ਦੀ ਇੱਕ ਕਵਿਤਾ ਸੀ ਕਿ ਭਾਈਏ ਦੇ ਘਰ ਵਾਲ਼ੀ ਵੱਲੋਂ, ਭਾਈਏ ਨੂੰ ਬਾਜ਼ਾਰੋਂ ਧੜੀ ਆਲੂ ਲੈਣ ਭੇਜਿਆ ਗਿਆ। ਰਸਤੇ ਵਿੱਚ ਉਸ ਨੂੰ ਕਿਸੇ ਦੀ ਡਿੱਗੀ ਹੋਈ ਥੈਲੀ ਲੱਭੀ। ਵੇਖਿਆ ਤਾਂ ਉਸ ਵਿੱਚ ਪੰਜ ਸੌ ਚਾਂਦੀ ਦੇ ਰੁਪਏ ਸਨ। ਭਾਈਆ ਉਹ ਥੈਲੀ ਲੈ ਕੇ ਠਾਣੇ ਚਲਿਆ ਗਿਆ। ਅੱਗੇ ਓਥੇ ਠਾਣੇ ਵਿੱਚ ਭਾਈਏ ਦੇ ਸਾਲ਼ੇ ਦਾ ਸਾਲ਼ਾ ਮੁਣਛੀ ਦੀ ਕੁਰਸੀ ਉਪਰ ਬੈਠਾ ਸੀ। ਭਾਈਏ ਨੇ ਜਾ ਥੈਲੀ ਉਸ ਦੇ ਅੱਗੇ ਰੱਖੀ ਤੇ ਆਖਿਆ, “ਆਹ ਥੈਲੀ ਮੈਨੂੰ ਰਾਹ ਵਿਚੋਂ ਲਭੀ ਹੈ ਤੇ ਇਸ ਨੂੰ ਤੁਸੀਂ ਜਮ੍ਹਾ ਕਰ ਲਵੋ ਤੇ ਜਿਸ ਦੀ ਹੋਵੇ ਉਸ ਨੂੰ ਦੇ ਦੇਣੀ”।
ਅੱਗੋਂ ਮੁਣਛੀ ਆਖਣ ਲੱਗਾ, “ਓਇ ਭਾਈਆ, ਤੇਰੀ ਮੱਤ ਮਾਰੀ ਗਈ ਹੈ? ਚੁੱਪ ਕਰਕੇ ਇਸ ਨੂੰ ਚੁੱਕ ਤੇ ਘਰ ਵਾਲ਼ੀ ਨੂੰ ਜਾ ਕੇ ਫੜਾ; ਨਾਲ਼ੇ ਉਹ ਖ਼ੁਸ਼। ਵੇਖਿਆ ਤੈਨੂੰ ਕਿਸੇ ਨੇ ਨਹੀਂ”। ਭਾਈਆ ਆਂਹਦਾ, “ਨਾ ਮੁਣਛੀ ਜੀ, ਇਹ ਮੇਰੇ ਨਹੀਂ ਹਨ ਤੇ ਮੈਂ ਆਪਣੇ ਘਰ ਨੂੰ ਨਹੀਂ ਖੜਨੇ”। ਹਾਰ ਕੇ, ਭਾਈਏ ਦੀ ਅੜੀ ਅੱਗੇ ਕੋਈ ਚਾਰਾ ਨਾ ਚੱਲਦਾ ਵੇਖ ਕੇ ਮੁਣਛੀ ਨੇ ਉਹ ਥੈਲੀ ਜਮ੍ਹਾ ਕਰ ਲਈ।
ਥੈਲੀ ਜਮ੍ਹਾ ਕਰਵਾ ਕੇ ਭਾਈਆ ਸਬਜੀ ਵਾਲ਼ੀ ਦੁਕਾਨ ਤੇ ਚਲਿਆ ਗਿਆ। ਰੁਪਏ ਦੇ ਧੜੀ ਆਲੂ ਜੁਖਵਾ ਕੇ ਚਾਦਰ ਵਿੱਚ ਪਵਾ ਲਏ ਤੇ ਦੁਕਾਨ ਵਾਲ਼ੇ ਨੂੰ ਇੱਕ ਰੁਪਇਆ ਫੜਾਇਆ। ਜਦੋਂ ਦੁਕਾਨਦਾਰ ਰੁਪਇਆ ਆਪਣੇ ਗਲੇ ਵਿੱਚ ਪਾਉਣ ਲੱਗਾ ਤਾਂ ਉਸ ਦਾ ਧਿਆਨ ਲਾਂਭੇ ਹੋਇਆ ਵੇਖ ਕੇ, ਭਾਈਏ ਨੇ ਆਲੂਆਂ ਦੀ ਢੇਰੀ ਵਿਚੋਂ ਇੱਕ ਆਲੂ ਚੁੱਕ ਕੇ ਆਪਣੀ ਝੋਲ਼ੀ ਵਿੱਚ ਪਾ ਲਿਆ। ਦੁਕਾਨਦਾਰ ਨੇ ਭਾਈਏ ਨੂੰ ਓਸੇ ਸਮੇ ਗੁੱਟੋਂ ਫੜ ਲਿਆ। ਬੁਰਾ ਭਲਾ ਬੋਲਦਾ ਹੋਇਆ ਭਾਈਏ ਨੂੰ ਠਾਣੇ ਲੈ ਆਇਆ ਤੇ ਮੁਣਛੀ ਕੋਲ਼ ਭਾਈਏ ਦੀ ਸ਼ਿਕਾਇਤ ਲਾਈ। ਮੁਣਛੀ ਮੰਨੇ ਨਾ ਕਿ ਭਾਈਆ, ਜੇਹੜਾ ਕਿ ਹੁਣੇ ਹੁਣੇ ਪੰਜ ਸੌ ਰੁਪਏ ਜਮ੍ਹਾ ਕਰਵਾ ਕੇ ਗਿਆ ਹੈ, ਉਹ ਇੱਕ ਆਲੂ ਦੀ ਚੋਰੀ ਕਰ ਸਕਦਾ ਹੈ! ਅਖੀਰ ਆਲੂ ਜੋਖੇ ਗਏ ਤਾਂ ਇੱਕ ਆਲੂ ਧੜੀ ਤੋਂ ਵਧ ਨਿਕਲ਼ਿਆ। ਪੰਜ ਸੌ ਦੀ ਈਮਾਨਦਾਰੀ ਵਾਲ਼ਾ ਇੱਕ ਆਲੂ ਤੇ ਡੁਲ੍ਹ ਗਿਆ। ਨਤੀਜਾ ਇਹ ਨਿਕਲ਼ਿਆ ਕਿ ਕੋਈ ਪਤਾ ਨਹੀਂ ਬੰਦੇ ਦੀ ਮਾਨਸਿਕ ਅਵਸਥਾ ਕਿਸ ਸਮੇ ਕਿਹੋ ਜਿਹੀ ਹੋ ਜਾਵੇ!
ਬਹੁਤ ਸਾਲਾਂ ਦੀ ਗੱਲ ਹੈ: ਓਦੋਂ ਮੇਰੀ ਘਰ ਵਾਲ਼ੀ ਕੰਮ ਕਰਦੀ ਸੀ ਤੇ ਮੈਂ ਵੇਹਲਾ ਸਾਂ। ਇੱਕ ਮੈਂਬਰ ਦੀ ਕਮਾਈ ਨਾਲ਼, ਮਕਾਨ ਦੀ ਕਿਸ਼ਤ ਭਰ ਕੇ, ਛੇ ਜੀਆਂ ਦੇ ਟੱਬਰ ਦੀ ਮਸਾਂ ਦਾਲ਼ ਰੋਟੀ ਹੀ ਚੱਲਦੀ ਸੀ। ਜਿਵੇਂ ਮੇਰਾ ਅੰਗ੍ਰੇਜ਼ੀ ਵੱਲੋਂ ਹੱਥ ਤੰਗ ਹੈ ਓਵੇਂ ਓਹਨੀਂ ਦਿਨੀਂ ਮਾਇਆ ਵੱਲੋਂ ਵੀ ਮੇਰੇ ਨਾਲ਼ ਅਜਿਹਾ ਹੀ ਵਰਤਾ ਕੀਤਾ ਜਾਂਦਾ ਸੀ। ਹੁਣ ਤਾਂ ਗੁਰੂ ਦੀ ਕਿਰਪਾ ਨਾਲ਼ ਬੁਢੇਪੇ ਦੀ ਪੈਨਸ਼ਨ ਮਿਲਦੀ ਹੈ ਪਰ ਓਦੋਂ ਮਾਇਆ ਮੈਨੂੰ ਪੁਰਾਣੇ ਸਮੇ ਦਾ ਜੇਠ ਸਮਝ ਕੇ, ਮੇਰੇ ਕੋਲ਼ੋਘੁੰਡ ਹੀ ਕਢੀ ਰਖਦੀ ਸੀ। ਓਦੋਂ ਅਜੇ ਕੰਧ ਵਿਚੋਂ ਪੈਸੇ ਕਢਣ ਵਾਲ਼ੀ ਮਸ਼ੀਨ ਦੀ ਵਰਤੋਂ ਦਾ ਬਹੁਤਾ ਰਿਵਾਜ਼ ਨਹੀਂ ਸੀ ਚੱਲਿਆ। ਸ਼ਾਇਦ ਕਿਤੇ ਕਿਤੇ ਇਹ ਮਸ਼ੀਨ ਹੋਵੇ ਗੀ।
ਇਸ ਮਸ਼ੀਨ ਤੋਂ ਗੱਲ ਚੇਤੇ ਆ ਗਈ। ੧੯੭੮ ਵਿੱਚ ਮੈਂ ਵਲੈਤ, ਅਮ੍ਰੀਕਾ ਤੇ ਕੈਨੇਡਾ ਵਿਚਾਲ਼ੇ ਘੁੰਮਦਿਆਂ ਹੋਇਆਂ, ਵੈਨਕੂਵਰ ਸ਼ਹਿਰ ਵਿੱਚ ਆਪਣੇ ਪਰਮ ਮਿੱਤਰ, ਸ. ਹਰਦਿਆਲ ਸਿੰਘ ਜੌਹਲ ਪਾਸ ਠਹਿਰਿਆ ਹੋਇਆ ਸਾਂ। ਦੋਹਾ ਦੇਸਾਂ ਦੀ ਸਰਹੱਦ ਤੋਂ ਦੂਜੇ ਪਾਸੇ ਸਿਆਟਲ ਸ਼ਹਿਰ ਪੈਂਦਾ ਹੈ। ਓਥੇ ਸ. ਹਰਦਿਆਲ ਸਿੰਘ ਦੇ ਭੂਆ ਜੀ ਦੀ ਧੀ ਭੈਣ ਜੀ ਨਵੇਂ ਨਵੇਂ ਹੀ ਮਾਈਗਰੇਟ ਹੋ ਕੇ ਆਏ ਸਨ। ਇੱਕ ਦਿਨ ਲੌਢੇ ਵੇਲ਼ੇ ਉਹਨਾਂ ਪਾਸ ਜਾਣ ਦਾ ਪ੍ਰੋਗਰਾਮ ਬਣ ਗਿਆ ਤੇ ਸਿਆਟਲ ਪਹੁੰਚ ਗਏ। ਸ਼ਾਮ ਦਾ ਸਮਾ ਸੀ। ਹਰਦਿਆਲ ਸਿੰਘ ਜੀ ਨੇ ਬਾਜ਼ਾਰ ਵਿੱਚ ਕਾਰ ਰੋਕੀ ਤੇ ਆਖਿਆ ਕਿ ਉਹ ਬੈਂਕ `ਚੋਂ ਪੈਸੇ ਕਢਵਾ ਕੇ ਆਉਂਦਾ ਹੈ ਤੇ ਅਸੀਂ ਥੋਹੜਾ ਉਡੀਕੀਏ। ਮੈਨੂੰ ਹੈਰਾਨੀ ਹੋ ਰਹੀ ਸੀ ਇਸ ਸਮੇ ਕੇਹੜੀ ਬੈਂਕ ਖੁਲ੍ਹੀ ਹੋਵੇ ਗੀ! ਮੇਰੀਆਂ ਅੱਖਾਂ ਨੇ ਉਸ ਦਾ ਪਿੱਛਾ ਕੀਤਾ। ਮੈਂ ਕੀ ਵੇਖਦਾ ਹਾਂ ਕਿ ਉਸ ਨੇ ਬੈਂਕ ਦੀ ਕੰਧ ਵਿੱਚ ਇੱਕ ਕਾਰਡ ਪਾਇਆ ਤੇ ਪੈਸੇ ਕਢ ਕੇ ਸਾਡੇ ਵੇਂਹਦੇ ਵੇਂਹਦੇ ਹੀ ਮੁੜ ਆਇਆ। ਮੈਨੂੰ ਬੜੀ ਹੈਰਾਨੀ ਹੋਈ ਕਿ ਅਮ੍ਰੀਕਾ ਵਿੱਚ ਕੰਧ ਵਿਚੋਂ ਵੀ ਪੈਸੇ ਨਿਕਲ਼ ਆਉਂਦੇ ਹਨ! ਮੇਰਾ ਤਾਂ ਵਾਹ ਰਿਹਾ ਸੀ ਉਹਨਾਂ ਬੈਂਕਈ ਲੋਕਾਂ ਨਾਲ਼ ਜੇਹੜੇ ਸਾਡੇ ਆਪਣੇ ਪੈਸੇ ਤੇ ਸਾਡੇ ਕੋਲ਼ ਪਾਸਬੁੱਕ ਹੋਣ ਤੇ ਵੀ, ਪੈਸੇ ਕਢਵਾਉਣ ਸਮੇ, ਆਖਿਆ ਕਦੇ ਸਨ ਕੋਈ ਅਜਿਹਾ ਬੰਦਾ ਲਿਆਓ ਜੇਹੜਾ ਤੁਹਾਨੂੰ ਵੀ ਤੇ ਸਾਨੂੰ ਵੀ ਜਾਣਦਾ ਹੋਵੇ। ਪਰ ਏਥੇ ਨਾ ਕਿਸੇ ਨੇ ਵਾਕਫ਼ੀ ਮੰਗੀ, ਨਾ ਦਸਤਖ਼ਤਾਂ ਦੇ ਅੱਖਰਾਂ ਨੂੰ ਮੇਲ਼ਿਆ ਤੇ ਫਟਾ ਫਟ ਕੰਧ ਰਾਹੀਂ ਪੈਸੇ ਦੇ ਦਿਤੇ; ਉਹ ਵੀ ਬੈਂਕ ਬੰਦ ਹੋ ਜਾਣ ਪਿੱਛੋਂ।
ਮੈਂ ਫਿਰ ਜਦੋਂ ੯ ਨਵੰਬਰ ੧੯੮੧ ਨੂੰ ਏਥੇ ਸਿਡਨੀ ਵਿੱਚ ਬੈਂਕ ਦੀ ਨੌਕਰੀ ਤੇ ਲੱਗਾ ਤਾਂ ਸਭ ਤੋਂ ਪਹਿਲਾਂ ਮੈਂ ਕੰਧ ਵਿਚੋਂ ਪੈਸੇ ਕਢਣ ਵਾਲ਼ਾ ਕਾਰਡ ਬਣਵਾਇਆ।
ਹਾਂ, ਓਥੇ ਚੱਲੀਏ। ਰੂਟੀ ਹਿੱਲ ਰੋਡ ਸਾਊਥ ਦੇ ਸ਼ੁਰੂ ਵਿੱਚ ਹੀ ਕਾਮਨਵੈਲ਼ਥ ਬੈਂਕ ਦੀ ਬਰਾਂਚ ਹੁੰਦੀ ਸੀ। ਮਸ਼ੀਨ ਹੁਣ ਯਾਦ ਨਹੀਂ ਉਸ ਦੀ ਕੰਧ ਵਿੱਚ ਹੁੰਦੀ ਸੀ ਜਾਂ ਨਹੀਂ। ਇੱਕ ਦਿਨ ਮੈਂ ਇਸ ਬਰਾਂਚ ਵਿਚੋਂ ਕੁੱਝ ਡਾਲਰ ਕਢਵਾਏ। ਬੈਂਕ ਦੇ ਅੰਦਰੋਂ ਡਾਲਰ ਗਿਣਦਾ ਤੇ ਤੁਰਦਾ ਤੁਰਦਾ ਬਾਹਰ ਆ ਗਿਆ। ਜਦੋਂ ਵੀ ਮੈਂ ਗਿਣਾਂ ਤਾਂ ਇੱਕ ਪੰਜਾਹਾਂ ਦਾ ਨੋਟ ਵਧ ਹੋ ਜਾਵੇ। ਮੁੜ ਮੁੜ ਗਿਜ਼ਾਂ ਇਹ ਸੋਚ ਕੇ ਕਿ ਜਰੂਰ ਮੈਨੂੰ ਭੁਲੇਖਾ ਲੱਗ ਰਿਹਾ ਹੈ, ਬੈਂਕ ਵਾਲੈ ਕਿਵੇਂ ਗ਼ਲਤੀ ਕਰ ਸਕਦੇ ਹਨ! ਮੁੜ ਮੁੜ ਗਿਣਨ ਤੇ ਵੀ ਜਦੋਂ ਹਰ ਵਾਰ ਇੱਕ ਪੰਜਾਹਾਂ ਦਾ ਲੋਟ ਵਧ ਨਿਕਲ਼ਿਆ ਤਾਂ ਯਕੀਨ ਹੋ ਗਿਆ ਕਿ ਬੈਂਕ ਵਾਲ਼ੀ ਬੀਬੀ ਨੇ ਗ਼ਲਤੀ ਨਾਲ਼ ਮੈਨੂੰ ਪੰਜਾਹ ਡਾਲਰ ਵਧ ਦੇ ਦਿਤੇ ਹਨ। ਹੁਣ ਮੇਰੇ ਧਰਮ ਸੰਕਟ ਖੜ੍ਹਾ ਹੋ ਗਿਆ। ਜਿਵੇਂ ਕਿ ਪਹਿਲਾਂ ਦੱਸਿਆ ਹੈ ਕਿ ਉਸ ਸਮੇ ਮੇਰਾ ਮਾਇਆ ਵੱਲੋਂ ਹੱਥ ਤੰਗ ਹੀ ਰਹਿੰਦਾ ਸੀ। ਸੋਚਿਆ ਕਿ ਮੈਨੂੰ ਕਿਸੇ ਨੇ ਵੇਖਿਆ ਤੇ ਹੈ ਨਹੀਂ ਤੇ ਬਾਹਰ ਸੜਕ ਉਪਰ ਵੀ ਮੈਂ ਆ ਗਿਆ ਹਾਂ। ਚੁੱਪ ਕਰਕੇ ਇਸ ਨੂੰ ‘ਮਾਲੇ ਗ਼ਨੀਮਤ’ ਸਮਝ ਕੇ ਹਜਮ ਕਰ ਜਾਵਾਂ। ਫਿਰ ਵਿਚਾਰ ਆਇਆ ਕਿ ਮੇਰਾ ਤਾਂ ਏਨੇ ਨਾਲ਼ ਮਕਾਨ ਫਰੀ ਨਹੀਂ ਹੋ ਜਾਣਾ ਪਰ ਉਸ ਵਿਚਾਰੀ ਦੀ ਨੌਕਰੀ ਗਵਾਚ ਸਕਦੀ ਹੈ। ਬੈਂਕ ਵਿੱਚ ਇਸ ਗ਼ਲਤੀ ਨੂੰ ਬੜੀ ਗੰਭੀਰਤਾ ਨਾਲ਼ ਲਿਆ ਜਾਂਦਾ ਹੈ। ਕੁਦਰਤੀ ਸ਼ਕਲੋਂ ਉਹ ਬੀਬੀ ਲੱਗਦੀ ਵੀ ਹਿੰਦੁਸਤਾਨੀ ਸੀ। ਮੈਂ ਸੜਕ ਤੋਂ ਮੁੜਿਆ ਤੇ ਲਾਈਨ ਵਿੱਚ ਨਾ ਲੱਗ ਕੇ, ਸਿਧਾ ਹੀ ਉਸ ਦੇ ਸਾਹਮਣੇ ਜਾ ਕੇ ਉਸ ਨੂੰ ਪੰਜਾਹਾਂ ਦਾ ਨੋਟ ਦੇ ਕੇ ਆਖਿਆ ਕਿ ਇਹ ਤੁਸੀਂ ਗ਼ਲਤੀ ਨਾਲ਼ ਮੈਨੂੰ ਵਧ ਦੇ ਦਿਤਾ ਹੈ। ਉਸ ਸਮੇ ਉਸ ਵਿਚਾਰੀ ਦਾ ਚੇਹਰਾ ਵੇਖਣ ਹੀ ਵਾਲ਼ਾ ਸੀ; ਮੈਂ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਉਹ ਮੇਰੇ ਮੂੰਹ ਵੱਲ ਹੀ ਵੇਖਦੀ ਰਹਿ ਗਈ ਤੇ ਏਥੋਂ ਦੇ ਰਿਵਾਜ਼ ਅਨੁਸਾਰ ਮੇਰਾ ਧੰਨਵਾਦ ਵੀ ਨਾ ਕਰ ਸਕੀ। ਮੈ ਨੋਟ ਉਸ ਦੇ ਸਾਹਮਣੇ ਕਾਊਂਟਰ ਉਪਰ ਰੱਖ ਕੇ ਬੈਂਕੋਂ ਬਾਹਰ ਆ ਗਿਆ।


10/22/17
ਹਰਪਾਲ.ਸਿੰਘ.ਫਿਰੋਜਪੁਰੀਆ

ਜੇ ਇੱਕ ਸ਼ਹੀਦ ਵਾਲੇ ਇਸਾਈ ਤਰੱਕੀ ਦੇ ਰਾਹ ਤੇ ਤੇ ਅਸੀਂ ਕਿਉਂ ਨਹੀ ?
ਗਿਆਨੀ ਦਿੱਤ ਸਿੰਘ ਨੇ ਆਪਣੇ ਲੇਖ ਵਿੱਚ ਲਿਖਿਆ ਹੈ "ਈਸਾਈ ਕੌਮ ਦੇ ਬਨਾਉਣ ਵਾਲੇ ਹਜ਼ਰਤ ਮਸੀਹ ਕੋਈ ਧਨੀ ਅਤੇ ਆਲਮ ਨਹੀਂ ਸਨ । ਅਰ ਉਹਨਾਂ ਦੇ ਸ਼ਗਿਰਦ ਮੱਛੀਆਂ ਫੜਨੇ ਵਾਲੇ ਮਣੁਏ ਅਤੇ ਟਿੱਡੀਆਂ ਖਾਣ ਵਾਲੇ ਗਰੀਬ ਆਦਮੀ ਸਨ । ਉਹਨਾਂ ਤੋਂ ਮਗਰੋਂ ਇਸ ਕੌਮ ਦੇ ਆਦਮੀਆਂ ਨੂੰ ਕੱਪਡ਼ਾ ਤੱਕ ਪਹਿਨਣ ਦੀ ਅਕਲ ਨਹੀਂ ਸੀ । ਜਿਸ ਤੇ ਉਹ ਜਾਨਵਰਾਂ ਦੇ ਕੱਚੇ ਚਮੜੇ ਕੱਪਡ਼ੇ ਦੀ ਜਗ੍ਹਾ ਪਿੰਡੇ ਪਰ ਲਪੇਟਦੇ ਸਨ । ਮਿੱਟੀ ਦੇ ਪੋਚੇ ਦੇ ਕੇ ਆਪਣੇ ਅੰਗਾਂ ਨੂੰ ਢੱਕਦੇ ਸਨ । ਖਾਣੇ ਦੇ ਵਾਸਤੇ ਜੰਗਲੀ ਜਾਨਵਰਾਂ ਦੇ ਕੱਚੇ ਮਾਸ ਅਤੇ ਭੁੰਨੇ ਹੋਏ ਆਲੂ ਖਾ ਕੇ ਗੁਜ਼ਾਰਾ ਕਰਦੇ ਸਨ । ਪ੍ੰਤੂ ਉਹਨਾਂ ਦੇ ਸਿਦਕੀ ਅਤੇ ਵਿਸ਼ਵਾਸ਼ੀਆਂ ਦੀ ਲਗਾਤਾਰ ਮਿਹਨਤ ਅਤੇ ਤਾਕਤ ਨੇ ਐਥੋਂ ਤੱਕ ਆਪਣੀ ਸਮੱਰਥਾ ਦਿਖਾਈ ਜੋ ਦੁਨੀਆਂ ਦੀਆਂ ਸਾਰੀਆਂ ਕੌਮਾਂ ਵਿਚੋਂ ਸੁਭਾਗ ਸਮਝੀ ਜਾਂਦੀ ਹੈ।" ਉਹ ਆਪਣੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹਰ ਸਮੇਂ ਸੁਚੇਤ ਹੋ ਕੇ ਵਿਚਰਦੇ ਨੇ, ਉਨ੍ਹਾਂ ਦੇ ਜਿੰਨੇ ਵੀ ਪ੍ਰਚਾਰਕ ਨੇ , ਉਨ੍ਹਾਂ ਦੀਆਂ ਜਿੰਨੀਆਂ ਵੀ ਕਿਤਾਬਾਂ ਨੇ ਉਹ ਸਿਰਫ ਬਾਇਬਲ ਤੇ ਯਿਸੂ ਦੀ ਗੱਲ ਕਰਦੀਆਂ ਨੇ, ਉਨ੍ਹਾਂ ਵਿੱਚ ਸਿਰਫ ਇੱਕ ਵਿਅਕਤੀ ਨੂੰ ਮਹੱਤਤਾ ਦਿੱਤੀ ਗਈ ਹੈ, ਜਿਸਨੂੰ ਉਹ ਪੋਪ ਕਹਿੰਦੇ ਨੇ, ਬਾਕੀ ਸਾਰੇ ਆਲਮ ਫਾਜਲ ਲੋਕ ਆਮ ਨਾਗਰਿਕਾਂ ਵਾਂਗ ਸਮਾਜ ਵਿੱਚ ਵਿਚਰ ਕੇ ਸਮਾਜ ਦੀ ਸੇਵਾ ਦੇ ਨਾਲ ਨਾਲ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ, ਕਿਸੇ ਦੀ ਬਹੁਤ ਜਿਆਦਾ ਘਾਲਣਾ ਦੀ ਬਾਅਦ ਸਾਰੇ ਪੱਖਾਂ ਨੂੰ ਵਿਚਾਰ ਕੇ ਕਿਸੇ ਨੂੰ ਸੰਤ ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ।
ਉਦਾਹਰਣ ਦੇ ਤੌਰ ਤੇ ਅਸੀਂ ਦੇਖ ਸਕਦੇ ਹਾਂ ਕਿ
ਮਦਰ ਟਰੇਸਾ ਸਵਰਗ ਜਿਹੀ ਧਰਤੀ ਛੱਡ, ਸਾਰੀ ਉਮਰ ਕਲਕੱਤਾ ਵਿੱਚ ਨਰਕ ਜਿਹੀ ਜਿੰਦਗੀ ਜੀਅ ਰਹੇ, ਗਰੀਬ ਤੇ ਬਿਮਾਰ ਲੋਕਾਂ ਦੀ ਸੇਵਾ ਕਰਦੀ ਰਹੀ।ਲੂਲੇ ਪਿੰਗਲਿਆਂ ਤੇ ਬਿਮਾਰਾਂ ਦੇ ਮੂੰਹ ਵਿੱਚ ਆਪਣੇ ਹੱਥਾਂ ਨਾਲ ਖਾਣਾ ਪਾਉਂਦੀ ਰਹੀ।
ਉਸ ਦੇ ਮਰਨ ਤੋਂ 19 ਸਾਲਾਂ ਬਾਅਦ ਉਸ ਨੂੰ ਸੰਤ ਦੀ ਉਪਾਧੀ ਦਿੱਤੀ ਗਈ ਉਸਨੂੰ ਸੰਤ ਦੀ ਉਪਾਧੀ ਦੇਣ ਦੀ ਵੀ ਵਿਰੋਧਤਾ ਹੋ ਰਹੀ ਹੈ ।
ਦੂਜੇ ਪਾਸੇ ਸਾਡੇ ਸਿੱਖਾਂ ਵਿੱਚ ਜਿਸਦੇ ਨਾਲ ਚਾਰ ਚੇਲੇ ਜੁਡ਼ ਜਾਂਦੇ ਨੇ, ਜਿਸਨੂੰ ਦੋ ਚਾਰ ਨਾਸਮਝ ਲੋਕ ਮੱਥਾ ਟੇਕ ਦੇਂਦੇ ਨੇ, ਜਿੰਨੂ ਵਾਜੇ ਦੇ ਚਾਰ ਕੱਚੀਆਂ ਧਾਰਨਾਂ ਦਾ ਕੀਰਤਨ ਕਰਨਾ ਆ ਜਾਵੇ , ਜਿਹਨੂੰ ਬਿਨਾ ਸਿਰ ਪੈਰ ਤੋਂ ਕਰਾਮਾਤੀ ਕਹਾਣੀਆਂ ਸੁਣਾਉਣੀਆਂ ਆ ਜਾਣ, ਉਹੋ ਹੀ ਕਿਸੇ ਵਿਸ਼ੇਸ਼ ਰੰਗ ਦਾ ਜਾਂ ਵਿਸ਼ੇਸ਼ ਤਰ੍ਹਾਂ ਦਾ ਲੰਮਾ ਚੋਲਾ ਪਾ ਕੇ ਕਾਰਡਾਂ ਤੇ ਇਸਤਿਹਾਰਾਂ ਵਿੱਚ ਆਪਣੇ ਆਪ ਨੂੰ ਸੰਤ ਲਿਖਵਾਉਣ ਲੱਗ ਪੈਂਦਾ ਹੈ।ਕਿਸੇ ਮਰ ਗਏ ਸੰਤ ਦੀ ਗੱਦੀ ਤੇ ਬਹਿਣ ਵਾਲਾ(ਚੰਗਾ ਮਾੜਾ)ਜਿਹੋ ਜਿਹਾ ਮਰਜ਼ੀ ਹੋਵੇ, ਧਰਮ ਦੀ ਘਾਲਣਾ ਘਾਲੇ ਬਗੈਰ ਹੀ ਆਪਣੇ ਆਪ ਨੂੰ ਸੰਤ ਸਮਝਣ ਲੱਗ ਪੈਂਦਾ ਹੈ ਤੇ ਸ਼ਰਧਾਲੂ ਅੱਖਾਂ ਮੀਟ ਕੇ ਨਵੇ ਸੰਤ ਦੇ ਗੁਣ ਗਾਉਂਣ ਲੱਗ ਪੈਂਦੇ ਨੇ, ਕਈ ਸੰਤਾਂ ਦੇ ਮਰਨ ਪਿੱਛੋਂ ਦੋ ਤਿੰਨ ਜਣੇ ਸੰਤਾਂ ਦੀ ਗੱਦੀ ਦੇ ਦਾਅਵੇਦਾਰ ਖੜੇ ਹੋ ਜਾਂਦੇ ਨੇ, ਜਿਨਾਂ ਨੂੰ ਗੱਦੀ ਨਹੀ ਮਿਲੀ ਉਹ ਆਪਣਾ ਨਵਾਂ ਡੇਰਾ ਬਣਾ ਲੈਂਦੇ ਨੇ, ਫਿਰ ਥੋਡ਼ੇ ਸਮੇਂ ਬਾਅਦ ਜਿੰਨਾ ਨੂੰ ਗੱਦੀ ਨਹੀ ਮਿਲੀ ਸੀ, ਉਹ ਵੀ ਸੰਤ ਜੀ ਹੋ ਜਾਂਦੇ ਨੇ ।
ਇਹਨਾਂ ਨੇ ਸਮਾਜ ਦੀ ਸੇਵਾ ਤਾਂ ਕੀ ਕਰਨੀ, ਇਹਨਾਂ ਨੂੰ ਆਪਣੀ ਸੇਵਾ ਲਈ ਨਾਲ ਗੜਵਈ ਰੱਖਣੇ ਪੈਂਦੇ ਨੇ।
ਕਈ ਲੋਕ ਨਾਸਮਝ ਤੇ ਸਿੱਧੇ ਸਾਧੇ ਜਿਹੇ ਬੰਦਿਆਂ ਨੂੰ ਜੀੳਂਦਿਆਂ ਜਾ ਮਰਨ ਤੋਂ ਬਾਅਦ ਸੰਤ ਬ੍ਰਹਮਗਿਆਨੀ ਦੀ ਪਦਵੀ ਨਾਲ ਨਿਵਾਜ ਦੇਂਦੇ ਨੇ। ਅੱਜ ਕਲ ਤਾਂ ਕੁੱਝ ਬਹੁਤ ਛੋਟੀ ਉਮਰ ਦੇ ਸੰਤ ਵੀ ਉਭਰ ਰਹੇ ਨੇ, ਜਿੰਨਾਂ ਬਾਰੇ ਪ੍ਰਚਾਰਿਆ ਜਾ ਰਿਹਾ ਕਿ ਇਹਨਾਂ ਦੀ ਪਿਛਲੇ ਜਨਮ ਦੀ ਭਗਤੀ ਆ, ਆਹੋ ਪਿਛਲਾ ਜਨਮ ਕਿਹਡ਼ਾ ਕਿਸੇ ਨੇ ਵੇਖਣ ਜਾਣਾ । ਮੈਨੂੰ ਸਮਝ ਨਹੀ ਆਉਂਦੀ ਕਿ ਇਹਨਾਂ ਸੰਤਾਂ ਦੇ ਚੇਲਿਆਂ ਨੂੰ ਗੁਰਬਾਣੀ ਦੇ ਇਨ੍ਹਾਂ ਵਾਕਾਂ ਦੀ ਕਦੋਂ ਸਮਝ ਆਵੇਗੀ।
1. ਹਿਰਦੈ ਜਿਨੑ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥
ਮਹਲਾ ੩ , ੪੯੧
2. ਆਪਸ ਕਉ ਜੋ ਭਲਾ ਕਹਾਵੈ ॥
ਤਿਸਹਿ ਭਲਾਈ ਨਿਕਟਿ ਨ ਆਵੈ ॥

( ਸੰਤ ਮਤਲਬ ਭਲਾ ਆਦਮੀ )
3.ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥
ਦੇਵਨ ਕਉ ਏਕੈ ਭਗਵਾਨ ॥

ਗਉਡ਼ੀ ਸੁਖਮਨੀ ਮ: ੫, ੨੭੮
ਸਿੱਖ ਕੌਮ ਆਪਣੀ ਸਾਰੀ ਸ਼ਰਧਾ,ਸਮਾਂ ਤੇ ਪੈਸਾ ਜੀਉਂਦੇ ਸੰਤਾਂ ਦੇ ਡੇਰੇ ਬਣਵਾੳਂਣ, ਮਹਿਗੀਆਂ ਗੱਡੀਆਂ ਲੈ ਕੇ ਦੇਣ, ਉਨ੍ਹਾਂ ਵਲੋਂ ਰੱਖੇ ਗਏ ਪ੍ਰੋਗਰਾਮਾਂ ਨੂੰ ਸਫਲ ਬਣਾਉਣ ,ਹੋਰ ਐਸ਼ੋ ਅਰਾਮ ਦੇ ਸਾਧਨ ਮੁਹੱਈਆ ਕਰਵਾਉਣ ਤੇ ਮਰ ਜਾਣ ਤੋਂ ਬਾਅਦ ਸੰਤਾਂ ਦੇ ਜਨਮ ਦਿਨ ਤੇ ਬਰਸੀਆਂ ਮਨਾਉਣ ਤੇ ਬਰਬਾਦ ਕਰ ਰਹੀ ਏ। ਜੇ ਕੱਲੇ ਇਹਨਾਂ ਸੰਤਾਂ ਤੇ ਹੋਣ ਵਾਲੇ ਖਰਚੇ ਦਾ ਹਿਸਾਬ ਲਾਇਆ ਜਾਵੇ, ਤਾਂ ਇੱਕ ਸਾਲ ਦੀ ਰਕਮ ਪੰਜਾਬ ਸਰਕਾਰ ਦੇ ਸਾਲਾਨਾ ਬਜਟ ਨਾਲੋਂ ਵੀ ਵੱਧ ਜਾਣੀ ਹੈ।
ਦੂਜੇ ਪਾਸੇ ਇਸਾਈ ਆਪਣੇ ਮੁਲਕਾਂ ਵਿੱਚ ਆਪਣੇ ਬੱਚੇ ਪੜਾ ਰਹੇ ਨੇ, ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ, ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਨੇ ਤੇ ਇੱਥੇ ਪੰਜਾਬ ਸਮੇਤ ਸਾਰੇ ਭਾਰਤ ਵਿੱਚ ਇਸਾਈ ਬਨਣ ਵਾਲਿਆਂ ਦੇ ਬੱਚਿਆਂ ਨੂੰ ਵੀ ਧਰਮ ਦੇ ਨਾਂ ਤੇ ਇਕੱਠੇ ਹੋਏ ਪੈਸੇ ਨਾਲ ਉੱਚੀਆਂ ਪੜਾਈਆਂ ਕਰਵਾ ਰਹੇ ਨੇ, (ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਚੰਗੀਆਂ ਸਰਕਾਰੀ ਪੋਸਟਾਂ ਤੇ ਇਸਾਈ ਹੋਣਗੇ) ਲੋੜਵੰਦ ਲੋਕਾਂ ਨੂੰ ਰੋਟੀ, ਕਪਡ਼ਾ ,ਮਕਾਨ ਤੇ ਦਵਾ ਦਾਰੂ ਦੇ ਰਹੇ ਨੇ।
ਸਿੱਖ ਪ੍ਰਚਾਰਕ ਸਟੇਜਾਂ ਤੇ ਰੌਲਾ ਪਾ ਰਹੇ ਨੇ, ਇਸਾਈਆਂ ਦਾ ਇੱਕ ਸ਼ਹੀਦ ਹੋਇਆ, ਉਹ ਸਾਰੀ ਦੁਨੀਆਂ ਨੂੰ ਇਸਾਈ ਬਣਾਉਂਣ ਦੀਆਂ ਸਕੀਮਾਂ ਘੜ ਰਹੇ ਨੇ, ਤੇ ਸਾਡੇ ਕੋਲੋਂ ਪੰਜਾਬ ਨਹੀ ਸਾਂਭਿਆ ਜਾਂਦਾ । ਕਿਉਂ ??
ਉਨ੍ਹਾਂ ਪ੍ਰਚਾਰਕਾਂ ਦੇ ਸਵਾਲ ਦੇ ਜਵਾਬ ਵਿੱਚ ਮੈਂ ਤਾਂ ਇਹੋ ਕਹਾਂਗਾ ਕਿ ਜੇ ਸਿੱਖਾਂ ਨੂੰ ਸੰਤ ਸਾਂਭਣ ਤੋਂ ਵਿਹਲ ਮਿਲੇਗਾ ਤਾਂ ਕੌਮ ਨੂੰ ਸਾਂਭਣਗੇ।

ਹਰਪਾਲ.ਸਿੰਘ.ਫਿਰੋਜਪੁਰੀਆ 88722-19051


10/22/17
ਹਰਲਾਜ ਸਿੰਘ ਬਹਾਦਰਪੁਰ

ਦਾਲ ਰੋਟੀ ਘਰ ਦੀ, ਦਿਵਾਲੀ ਅੰਬਰਸਰ ਦੀ?

ਦਾਲ ਰੋਟੀ ਘਰ ਦੀ, ਦਿਵਾਲੀ ਅੰਬਰਸਰ ਦੀ। ਇਹ ਸਬਦ ਕਿੰਨਾ ਕੁ ਪੁਰਾਣਾ ਹੈ ਇਸ ਵਾਰੇ ਤਾਂ ਮੈਨੂੰ ਜਾਣਕਾਰੀ ਨਹੀਂ ਹੈ, ਹਾਂ ਇੰਨਾ ਕੁ ਜਰੂਰ ਲੱਗਦਾ ਹੈ ਗੁਰੂ ਕਾਲ ਵਿੱਚ ਇਹ ਸਬਦ ਪ੍ਰਚਲਤ ਨਹੀਂ ਹੋਣਾ, ਹਾਂ ਮਹਾਂਰਾਜਾ ਰਣਜੀਤ ਸਿੰਘ ਦੇ ਸਮੇ ਪ੍ਰਚੱਲਤ ਹੋਇਆ ਹੋ ਸਕਦਾ ਹੈ। ਜਦੋਂ ਮੈਂ ਇਸ ਵਾਰੇ ਸੋਚਿਆ ਤਾਂ ਮੈਨੂੰ ਲੱਗਿਆ ਕਿ ਇਸ ਛੋਟੇ ਜਿਹੇ ਸ਼ਬਦ ਨੇ ਸਾਨੂੰ ਰੱਜ ਕੇ ਮੂਰਖ ਬਣਾਇਆ ਹੈ, ਜਿਸ ਰਾਹੀਂ ਸਾਡੀ ਅਸਲੀਅਤ ਨੂੰ ਤਾਂ ਕੱਟਿਆ ਗਿਆ ਹੈ ਅਤੇ ਬੇਗਾਨੀ ਪ੍ਰੰਪਰਾ ਨੂੰ ਸਾਡੇ ਗੱਲ ਪਾਇਆ ਗਿਆ ਹੈ। ਭਾਵ ਕੇ ਜੋ ਗੁਰੂ ਕੇ ਲੰਗਰ (ਦਾਲ ਰੋਟੀ) ਦੀ ਪ੍ਰਸਿੱਧੀ ਸੀ ਅਤੇ ਹੈ, ਜੋ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਲੋੜਬੰਦਾਂ ਦਾ ਪੇਟ ਭਰ ਰਹੀ ਹੈ ਅਤੇ ਜਾਤ ਦੀ ਊਚ ਨੀਚਤਾ ਨੂੰ ਖਤਮ ਕਰਕੇ ਬਰਾਬਰਤਾ ਦੀ ਸੇਧ ਦਿੰਦੀ ਹੈ, ਜਿਸ ਨੂੰ ਦੁਨੀਆਂ ਧੰਨ ਧੰਨ ਕਰਦੀ ਹੈ, ਗੁਰੂਆਂ ਦੇ ਉਸ ਲੰਗਰ ਪ੍ਰਬੰਧ ਦੀ ਤਾਂ ਗੱਲ ਹੀ ਨਹੀਂ ਕੀਤੀ, ਕਿ ਦਾਲ ਰੋਟੀ ਅੰਬਰਸਰ ਦੀ (ਜਾਂ ਗੁਰੂ ਕੇ ਲੰਗਰ ਦੀ)। ਇਸ ਅਸਲੀਅਤ ਨੂੰ ਤਾਂ ਕੱਟ ਦਿੱਤਾ ਗਿਆ, ਕਿਹਾ ਗਿਆ ਕਿ ਦਾਲ ਰੋਟੀ ਤਾਂ ਘਰ ਦੀ ਹੀ ਚੰਗੀ ਹੈ। ਜੋ ਸਾਡੀ ਹੈ ਨਹੀਂ ਸੀ ਜਿਸ ਵਿੱਚ ਸਾਨੂੰ ਘੜੀਸ ਕੇ ਜੋੜਿਆ ਗਿਆ ਹੈ, ਉਸ ਨੂੰ ਸਾਡੀ ਬਣਾਉਂਦਿਆਂ ਕਿਹਾ ਗਿਆ ਕਿ ਦਿਵਾਲੀ ਅੰਬਰਸਰ ਦੀ। ਅਸੀਂ ਖੁਸ਼ ਹੋ ਗਏ ਕਿ ਅੰਬਰਸਰ ਦੀ (ਸਾਡੀ) ਦਿਵਾਲੀ ਬਹੁਤ ਪ੍ਰਸਿੱਧ ਹੈ, ਜਦ ਕਿ ਦਿਵਾਲੀ ਸਾਡੀ ਹੈ ਹੀ ਨਹੀਂ। ਹੈ ਨਾ ਕਮਾਲ ਦੀ ਗੱਲ। ਇਹ ਮੇਰੀ ਆਪਣੀ ਸੋਚ ਹੈ, ਗਲਤ ਵੀ ਹੋ ਸਕਦੀ ਹੈ, ਇਸ ਨੂੰ ਮੈਂ ਕਿਸੇ ਉੱਤੇ ਥੋਪ ਵੀ ਨਹੀਂ ਰਿਹਾ, ਸਿਰਫ ਆਪਣੀ ਵਿਚਾਰ ਸਾਂਝੀ ਕਰ ਰਿਹਾਂ ਹਾਂ ਜੀ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
mobwiel-94170-23911
harlajsingh7@gmail.com


10/22/17
ਅਮਨਦੀਪ ਸਿੰਘ ਸਿੱਧੂ

(ਨੋਟ:- ਲੇਖਕ ਨੇ ਇਸ ਲੇਖ ਵਿੱਚ ਲਿਖਿਆ ਹੈ ਕਿ “ਗੁਰੂ ਗ੍ਰੰਥ ਸਾਹਿਬ ਵਿਚ ‘ਲੰਗਰ’ ਸ਼ਬਦ ਕਿਧਰੇ ਵੀ ਨਹੀਂ ਆਉਂਦਾ”। ਇਹ ਗੱਲ ਸਹੀ ਨਹੀਂ ਹੈ। ਇਹ ਦੋ ਵਾਰੀ ਆਉਂਦਾ ਹੈ। ਇੱਕ ਵਾਰੀ ਰਾਰੇ ਨੂੰ ਸਿਹਾਰੀ ਨਾਲ ਅਤੇ ਇੱਕ ਵਾਰੀ ਔਂਕੜ ਨਾਲ। ਇੱਕ ਥਾਂ ਤੇ ਇਸ ਦਾ ਅਰਥ ਲੰਗਰ ਹੀ ਹੈ ਅਤੇ ਦੂਸਰੇ ਥਾਂ ਤੇ ਸ਼ਬਦ ਦਾ ਲੰਗਰ-ਸੰਪਾਦਕ)

ਕੀ ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ?
ਕੀ ਪਹਿਲੇ ਗੁਰਾਂ ਦੀ ਪੰਗਤ ਵਿਚ ਭੋਜਨ ਛਕ ਰਹੇ ਸਾਧੂ ਭੁੱਖੇ ਜਾਂ ਲੋੜਵੰਦ ਸਨ?
ਵਿਦਵਾਨ ਅਤੇ ਪ੍ਰਚਾਰਕ ਅਕਸਰ ‘ਲੰਗਰ’ ਦੇ ਨਾਲ ਲੋੜਵੰਦ ਸ਼ਬਦ ਜੋੜ ਕੇ ਇਸ ਦੇ ਡੂੰਘੇ ਭਾਵਾਂ ਨੂੰ ਭੋਜਨ ਤਕ ਹੀ ਸੀਮਤ ਕਰਨਾ ਚਾਹੁੰਦੇ ਹਨ। ਵਿਸ਼ਾਲ ਭੰਡਾਰੇ ਜਾਂ ਭੋਜ ਤਾਂ ਪਹਿਲਾਂ ਵੀ ਬਹੁਤ ਚੱਲਦੇ ਸਨ ਜਿਨ੍ਹਾਂ ਨੂੰ ਸਮਾਜਿਕ ਸੇਵਾ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਹਨਾਂ ਭੋਜਾਂ ਅਤੇ ਲੰਗਰ ਵਿਚਲੇ ਬਹੁਤ ਹੀ ਸੂਖਮ ਫ਼ਰਕ ਦੀ ਪੜਚੋਲ ਇਸ ਲੇਖ ਵਿਚ ਕਰਾਂਗੇ।
ਗੁਰੂ ਗ੍ਰੰਥ ਸਾਹਿਬ ਵਿਚ ‘ਲੰਗਰ’ ਸ਼ਬਦ ਕਿਧਰੇ ਵੀ ਨਹੀਂ ਆਉਂਦਾ। ਜੇ ਇਸ ਦੀ ਸ਼ਾਬਦਿਕ ਬਣਤਰ ਵਲ ਜਾਈਏ ਤਾਂ ਇਹ ਸ਼ਬਦ ਸਮੁੰਦਰੀ ਜਹਾਜ਼ ਦੇ ਲੰਗਰ(ਐਂਕਰ) ਨਾਲ ਮਿਲਦਾ ਹੈ ਜਿਸ ਦਾ ਅਰਥ ਹੁੰਦਾ ਹੈ ਉਹ ਭਾਰੀ ਵਸਤੂ ਜੋ ਸਾਰੇ ਹੀ ਬੇੜੇ ਨੂੰ ਪਾਣੀ ਹੇਠਲੇ ਧਰਾਤਲ ਨਾਲ ਜੋੜ ਕੇ ਉਸ ਨੂੰ ਸਥਿਰ ਕਰਦੀ ਹੈ ਅਤੇ ਬੇੜਾ ਹਵਾ ਜਾਂ ਪਾਣੀ ਦੇ ਵਹਿਣ ਵਿਚ ਨਹੀਂ ਥਿੜਕਦਾ। ਲੰਗਰ ਸੁੱਟਣ ਨਾਲ ਬੇੜਾ ਵਿਸ਼ਰਾਮ ਜਾਂ ਸ਼ਾਂਤ ਅਵਸਥਾ ਵਿਚ ਆ ਜਾਂਦਾ ਹੈ। ਲੰਗਰ ਸੁੱਟਣਾ, ਬੇੜੇ ਦਾ ਆਪਣੇ ਨਿਜ ਸਥਾਨ ਤੇ ਆਉਣ ਦੀ ਵੀ ਨਿਸ਼ਾਨੀ ਮੰਨੀ ਜਾਂਦੀ ਹੈ। ਜਦੋਂ ਬੇੜਾ ਬੰਦਰਗਾਹ ਉੱਤੇ ਲੱਗਦਾ ਹੈ ਤਾਂ ਉਹ ਉਸ ਦਾ ਨਿਜ ਘਰ ਹੁੰਦਾ ਹੈ ਜਿਸ ਸਮੇਂ ਦੌਰਾਨ ਸਫ਼ਰ ਤੋਂ ਥੱਕੇ ਅਤੇ ਅੱਕੇ ਆਰਾਮ ਕਰਦੇ ਹਨ, ਸਫ਼ਾਈ ਹੁੰਦੀ ਹੈ, ਰਾਸ਼ਨ ਭਰਿਆ ਜਾਂਦਾ ਹੈ, ਟੁੱਟ-ਭੱਜ ਠੀਕ ਕੀਤੀ ਜਾਂਦੀ ਹੈ ਅਤੇ ਅਗਲੇ ਸਫ਼ਰ ਦੀ ਤਿਆਰੀ ਹੁੰਦੀ ਹੈ।
ਸਮੁੰਦਰੀ ਜਹਾਜ਼ ਦਾ ਲੰਗਰ ਲੋਹੇ ਦਾ ਹੁੰਦਾ ਹੈ ਅਤੇ ਇਸ ਦੀ ਬਣਤਰ ਪੰਜਾਬੀ ਦੇ ਅੱਖਰ ‘ਲ’ ਨਾਲ ਮਿਲਦੀ ਜੁਲਦੀ ਹੈ। ਜੇ ਜੋਗ ਦੀ ਤੰਤਰ ਵਿੱਦਿਆ ਤੇ ਗ਼ੌਰ ਕਰੀਏ ਤਾਂ ਸਰੀਰ ਦੇ ਬਿਲਕੁਲ ਹੇਠਾਂ ਵਾਲੇ ਮੂਲਧਾਰ ਚੱਕਰ ਦਾ ਮੰਤਰ ‘ਲੰਗ’ ਨਿਰਾਧਾਰਿਤ ਹੈ। ਇਉਂ ਜਾਪਦਾ ਹੈ ਕਿ ਲੰਗ + ਘਰ(ਸਥਾਨ) ਸ਼ਬਦਾਂ ਦੀ ਸੰਧੀ ਬਣਾ ਕੇ ਲੰਗਰ ਸ਼ਬਦ ਦੀ ਉਤਪਤੀ ਹੋਈ ਹੈ। ਸਿਧਾਂਤਿਕ ਤੌਰ ਤੇ ਵੀ ਠੀਕ ਜਾਪਦਾ ਹੈ ਕਿਉਂਕਿ ਸਰੀਰ ਵਿਚ ਮੂਲਧਾਰ ਚੱਕਰ ਧਰਤੀ ਤੱਤ ਦਾ ਸੰਚਾਲਨ ਕਰਦਾ ਹੈ ਅਤੇ ਇਹ ਜਲ ਨਾਲ ਘਿਰਿਆ ਹੋਇਆ ਹੈ। ਇਸ ਤਰਾਂ ਦੀ ਬਣਤਰ(ਟਾਪੂ) ਨੂੰ ਲੰਕ ਵੀ ਕਹਿੰਦੇ ਹਨ।
ਜਦੋਂ ਅਸੀਂ ਗੁਰੂ ਸਾਹਿਬਾਂ ਵੱਲੋਂ ਚਲਾਏ ਅਭਿਆਨ ਨੂੰ ਗ਼ੌਰ ਨਾਲ ਵਾਚਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਲੰਗਰ ਸਿਰਫ਼ ਭੋਜਨ ਖਾਣ ਵਾਲੀ ਪ੍ਰਕਿਰਿਆ ਨੂੰ ਹੀ ਨਹੀਂ ਮੰਨਿਆ ਜਾ ਸਕਦਾ। ਕੀ ਭੋਜਨ ਹੀ ਮਨੁੱਖ ਨੂੰ ਸਥਿਰ ਕਰਦਾ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਦੱਸਦੀ ਹੈ ਕਿ ਸਾਧ ਨੂੰ ਕੋਈ ਭੁੱਖ ਨਹੀਂ ਹੁੰਦੀ। ਉਹ ਤ੍ਰਿਪਤ ਹੋ ਕੇ ਹੀ ਸਾਧ ਦੀ ਅਵਸਥਾ ਤੱਕ ਪਹੁੰਚਦਾ ਹੈ। ਪਹਿਲੇ ਗੁਰਾਂ ਨੇ ਸਾਧੂਆਂ ਲਈ ਲੰਗਰ ਲਗਾਇਆ ਅਤੇ ਭੋਜਨ ਛਕਾਇਆ। ਕੀ ਭੋਜਨ ਛਕਣਾ ਅਤੇ ਛਕਾਉਣਾ ਹੀ ਮੰਤਵ ਸੀ? ਮੇਰੀ ਸਮਝੇ ਨਹੀਂ। ਬਾਲ ਗੁਰੂ ਅਤੇ ਗਿਆਨਵਾਨ ਸਾਧੂਆਂ ਦਾ ਇਕੱਠੇ ਭੋਜਨ ਛਕਣਾ ਸਾਂਝੀਵਾਲਤਾ ਦਾ ਮੁਜ਼ਾਰਾ ਸੀ ਜਿਸ ਉਪਰੰਤ ਬ੍ਰਹਮ ਗਿਆਨ ਗੋਸ਼ਟ ਹੋਈ ਹੋਵੇਗੀ। ਵੱਡੇ-ਛੋਟੇ, ਊਚ-ਨੀਚ ਵਰਗੇ ਮਾਨਸਿਕ ਪਰਦੇ ਤੋੜ ਕੇ ਹੀ ਗਿਆਨ ਦੀ ਸਾਂਝ ਪੈ ਸਕਦੀ ਹੈ ਜੋ ਕਿ ਕਈ ਹਜ਼ਾਰਾਂ ਸਾਲਾਂ ਤੋਂ ਭਾਰਤੀ ਗਿਆਨ ਪ੍ਰਣਾਲੀ ਵਿਚੋਂ ਲੁਪਤ ਕਰ ਦਿੱਤੀ ਗਈ ਸੀ। ਗਿਆਨ ਦੀ ਸਾਂਝ ਪਾਉਣ ਦੀ ਪਿਰਤ ਨੂੰ ਮੁੜ ਸੁਰਜੀਤ ਕਰਨ ਦਾ ਇਹ ਇੱਕ ਨੁਕਤਾ ਪੇਸ਼ ਕੀਤਾ ਗਿਆ। ਇਸੇ ਹੀ ਸਿਧਾਂਤ ਨੂੰ ਦੂਜੇ ਗੁਰੂ ਸਾਹਿਬ ਨੇ ਅੱਗੇ ਤੋਰਿਆ। ਤੀਸਰੇ ਗੁਰਾਂ ਨੇ ਇਸ ਨੂੰ ਹੋਰ ਯੋਜਨਾ ਬੱਧ ਤਰੀਕੇ ਨਾਲ ਦ੍ਰਿੜ੍ਹ ਕੀਤਾ। ਰਾਜੇ ਅਤੇ ਰੰਕ ਦੀ ਬਰਾਬਰੀ ਦੀ ਮਿਸਾਲ ਕਾਇਮ ਕਰ ਕੇ ਜਾਤਾਂ-ਪਾਤਾਂ ਜਾਂ ਵਿਤਕਰੇ ਦੇ ਅੰਤ ਦੀ ਸ਼ੁਰੂਆਤ ਕਰ ਦਿੱਤੀ। ਦੇਸ਼ ਵਾਸੀਆਂ ਨੂੰ ਵਿਤਕਰਿਆਂ ਦੀਆਂ ਜ਼ੰਜੀਰਾਂ ਵਿਚੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ।
ਇੱਕ ਸਮਾ ਇਹ ਸੀ ਕਿ ਉੱਚ ਜਾਤ ਵਾਲੇ ਜਾਂ ਅਮੀਰ ਰਾਜੇ ਜਦੋਂ ਭੋਜ ਕਰਿਆ ਕਰਦੇ ਸਨ ਤਾਂ ਨੀਵੀਂ ਜਾਤੀ ਲਈ ਉੱਧਰ ਨੂੰ ਤੱਕਣ ਦੀ ਵੀ ਆਗਿਆ ਨਹੀਂ ਸੀ ਹੁੰਦੀ। ਉੱਚੇ-ਅਮੀਰ ਆਪਸ ਵਿਚ ਰਲ ਬੈਠਦੇ। ਜੇ ਕਿਧਰੇ ਗ਼ਰੀਬ ਜਾਂ ਨੀਚ ਜਾਤ ਨੂੰ ਦਾਨ ਕਰਦੇ ਤਾਂ ਵੀ ਉਸ ਵਿਚ ਕੋਈ ਅਮੀਰ ਰਲ਼ ਕੇ ਨਾ ਬੈਠਦਾ। ਹਜ਼ਾਰਾਂ ਸਾਲ ਇਸ ਤਰਾਂ ਚੱਲਣ ਨਾਲ ਗਿਆਨ ਅਤੇ ਵਿਚਾਰਾਂ ਦੀ ਉੱਤਮਤਾ ਵਿਚ ਫ਼ਰਕ ਪੈਂਦਾ ਰਿਹਾ। ਸਮਾਜ ਛਲ਼ਨੀ ਹੋ ਗਿਆ ਅਤੇ ਅਖੀਰ ਨੂੰ ਗ਼ੁਲਾਮ ਹੋ ਗਿਆ। ਜਦੋਂ ਗੁਰੂ ਘਰ ਰਾਹੀਂ ਇਹ ਜੰਜਾਲ ਟੁੱਟਣ ਦੀ ਸੂਚਨਾ ਸਮਾਜ ਨੂੰ ਮਿਲੀ ਤਾਂ ਸਿੱਖ ਅਤੇ ਹੋਰ ਚਾਹਵਾਨ ਗੁਰੂ ਘਰ ਆਉਣ ਲੱਗੇ। ਆਉਂਦੇ ਹੀ ਪਹਿਲਾਂ ਪੰਗਤ ਵਿਚ ਬੈਠ ਕੇ ਭੋਜਨ ਛਕਣਾ ਅਤੇ ਫਿਰ ਗੁਰੂ ਦੀ ਸੰਗਤ ਕਰ ਕੇ ਬ੍ਰਹਮ ਗਿਆਨ ਸਰਵਣ ਕਰਨਾ, ਮਾਨੋ ਇਸ ਤਰਾਂ ਹੋਇਆ ਜਿਵੇਂ ਮਾਰੂਥਲ ਵਿਚ ਕਈ ਵਰ੍ਹਿਆਂ ਦੇ ਸੋਕੇ ਉਪਰੰਤ ਘਣੇ ਬੱਦਲ ਦੀਆਂ ਬੂੰਦਾਂ ਡਿੱਗੀਆਂ ਹੋਣ। ਇਸ ਦੀ ਸੋਭਾ ਇਉਂ ਫੈਲੀ ਜਿਵੇਂ ਪਹਿਲੇ ਮੀਂਹ ਦੀਅਾਂ ਕਣੀਅਾਂ ਦੀ ਛੋਹ ਨਾਲ ਮਿੱਟੀ ਦੀ ਮਹਿਕ ਫੈਲਦੀ ਹੈ। ਸੋ ਲੰਗਰ ਸਿਰਫ਼ ਭੋਜਨ ਨਹੀਂ ਹੈ, ਰਸੋਈ ਵਿਚੋਂ ਸਾਦਗੀ ਨਾਲ ਪੱਕ ਰਹੇ ਭੋਜਨ ਦੀ ਮਹਿਕ ਹੈ, ਇਹ ਪੰਗਤ ਵਿਚ ਬੈਠਣ ਦੀ ਸਾਂਝੀਵਾਲਤਾ ਹੈ ਅਤੇ ਉਪਰੰਤ ਸੰਗਤ ਵਿਚ ਇਕੱਠੇ ਬੈਠ ਕੇ ਹਰੀ ਦਾ ਜੱਸ ਹੈ। ਜੇ ਇਹ ਤਿੰਨ ਸਿਧਾਂਤ ਇਕੱਠੇ ਨਹੀਂ ਹਨ ਤਾਂ ਗੁਰਮਤ ਸਿਧਾਂਤ ਅਨੁਸਾਰ ਲੰਗਰ ਦੀ ਕਸਵੱਟੀ ਤੇ ਸਹੀ ਨਹੀਂ।
ਕਈ ਵਿਦਵਾਨ ਲੰਗਰ ਨੂੰ ਸਿਰਫ਼ ਭੋਜਨ ਤੱਕ ਸੀਮਤ ਨਜ਼ਰੀਆ ਦਿੰਦੇ ਹਨ ਅਤੇ ਇਸ ਪ੍ਰਥਾ ਨੂੰ ਸਿਰਫ਼ ਸਮਾਜਿਕ ਪੱਖ ਤੋਂ ਹੀ ਦੇਖਣਾ ਚਾਹੁੰਦੇ ਹਨ। ਉਹ ਇਉਂ ਸੋਚਦੇ ਹਨ ਕਿ ਲੋੜਵੰਦ ਸਿਰਫ਼ ਗ਼ਰੀਬ ਹੁੰਦਾ ਹੈ ਅਤੇ ਲੰਗਰ ਸਿਰਫ਼ ਗ਼ਰੀਬਾਂ ਲਈ ਸੀ। ਅਸਲ ਵਿਚ ਨਾਸਤਿਕ ਵਿਚਾਰਧਾਰਾ ਗੁਰੂ ਸਾਹਿਬਾਨ ਨੂੰ ਸਿਰਫ਼ ਸਮਾਜ ਸੁਧਾਰਕ ਜਾਂ ਤਰਕਸ਼ੀਲ ਹੋਣ ਤੱਕ ਹੀ ਮੰਨਦੀ ਹੈ। ਜੋ ਉਹ ਦੇਖਣਾ ਚਾਹੁੰਦੇ ਹਨ, ਬਲਦ ਦੇ ਲੱਗੇ ਖੋਪਿਆਂ ਵਾਂਗ, ਉਤਨਾ ਵੀ ਉਨ੍ਹਾਂ ਨੂੰ ਬਿਲਕੁਲ ਠੀਕ ਹੀ ਲੱਗ ਰਿਹਾ ਹੈ। ਸਿੱਖੀ ਸਿਧਾਂਤਾ ਨਾਲ ਸਮਾਜਿਕ ਪੱਧਰ ਉੱਤੇ ਆਏ ਬਦਲਾਵਾਂ ਨੂੰ ਜੇ ੲਿਹਨਾਂ ਦੇ ਹੀ ਨਜ਼ਰੀੲੇ ਨਾਲ ਦੇਖ ਲਿਆ ਜਾਵੇ ਤਾਂ ਹੋਰ ਕੋਈ ਪੁਰਖ ਨੇੜੇ ਤੇੜੇ ਵੀ ਨਹੀਂ ਖੜਦਾ। ਗੁਰੂਆਂ ਦੀ ਰੌਸ਼ਨੀ ਵਿਚ ਉਨ੍ਹਾਂ ਲਈ ਹੋਰ ਮਿਸਾਲ ਲੱਭਣੀ ਮੁਸ਼ਕਿਲ ਹੈ। ਉਹ ਰੂਹਾਨੀਅਤ ਨੂੰ ਬਿਲਕੁਲ ਮਨਫ਼ੀ ਕਰਦੇ ਹਨ। ਲੰਗਰ ਦੇ ਤਿੰਨਾ ਸਿਧਾਂਤਾਂ ਵਿਚੋਂ ਤੀਸਰਾ ਨਹੀਂ ਮੰਨਣਾ ਚਾਹੁੰਦੇ ਹਾਲਾਂਕਿ ਤੀਸਰੇ ਤੋਂ ਬਿਨਾ ਬਾਕੀ ਸਭ ਕਰਮ ਕਾਂਡ ਹੀ ਰਹਿ ਜਾਣਗੇ। ਕੀ ਗੋਇੰਦਵਾਲ ਸਾਹਿਬ ਸਿਰਫ਼ ਗ਼ਰੀਬ ਜਾਂ ਭੁੱਖੇ ਵੱਸਦੇ ਸਨ? ਮੇਰੀ ਸਮਝੇ ਤਾਂ ਉਸ ਸਮੇਂ ਦੇ ਦੁਨੀਆ ਦੇ ਸਭ ਤੋ ਰੱਜੇ ਅਤੇ ਸਿਸ਼ਟੀ ਦੇ ਪਾਤਸ਼ਾਹ ਉਸ ਧਰਤੀ ਤੇ ਬਿਰਾਜਮਾਨ ਸਨ ਜਿਨ੍ਹਾਂ ਨੂੰ ਦੇਸ਼ ਦਾ ਬਾਦਸ਼ਾਹ ਆਪ ਚੱਲ ਕੇ ਮਿਲਣ ਆਇਆ। ਸਿਰਫ਼ ਭੁੱਖਿਆਂ ਲਈ ਲੰਗਰ ਦੀ ਪ੍ਰਥਾ ਸ਼ੁਰੂ ਕਰ ਕੇ ਕਿਤਨੀ ਕੁ ਲੁਕਾਈ ਨੂੰ ਰਜਾਇਆ ਜਾ ਸਕਦਾ ਸੀ। ਅਸਲ ਵਿਚ ਗ਼ਰੀਬ ਨੂੰ ਭੋਜਨ ਖੁਆ ਕੇ ਉਸ ਦੀ ਭੁੱਖ ਦੂਰ ਨਹੀਂ ਸੀ ਕਰਦੇ ਗੁਰੂ ਸਾਹਿਬ। ਉਪਰੰਤ ਉਸ ਨੂੰ ਨਾਮ ਨਾਲ ਜੋੜ ਕੇ ਕਿਰਤ ਕਰਨ ਦਾ ਸਿਧਾਂਤ ਦ੍ਰਿੜਾਉਂਦੇ ਸਨ। ਇਹੀ ਸਿਧਾਂਤ ਤਾਂ ਸਿੱਖਾਂ ਦੀ ਹਰ ਗ਼ਰੀਬੀ ਨੂੰ ਅੱਜ ਵੀ ਦੂਰ ਕਰ ਰਿਹਾ ਹੈ।
ਸਾਂਝੀਵਾਲਤਾ ਨੂੰ ਹੋਰ ਪ੍ਰਫੁਲਿਤ ਕਰਨ ਲਈ ਗੁਰੂ ਅਮਰਦਾਸ ਜੀ ਨੇ ਬਾਉਲ਼ੀ ਬਣਵਾਈ ਜਿਸ ਦੇ ਜਲ ਨਾਲ ਹਰ ਕੋਈ ਇਸ਼ਨਾਨ ਕਰ ਸਕਦਾ ਸੀ। ਲੰਗਰ ਪਹਿਲਾਂ ਹੀ ਚੱਲਦਾ ਸੀ। ਉਨ੍ਹਾਂ ਦੀ ਹਿਦਾਇਤ ਉੱਤੇ ਗੁਰੂ ਰਾਮ ਦਾਸ ਜੀ ਨੇ ‘ਗੁਰੂ ਕੇ ਚੱਕ – ਅੰਮ੍ਰਿਤਸਰ’ ਦੀ ਮੋੜ੍ਹੀ ਗੱਡੀ। ਸਰੋਵਰ ਬਣਾਏ ਗਏ। ਪੰਜਵੇਂ ਗੁਰਾਂ ਨੇ ਦੋ ਗੁਰਧਾਮ ਤਿਆਰ ਕਰਵਾਏ, ਹਰਿਮੰਦਰ ਅਤੇ ਗੁਰਦੁਆਰਾ ਤਰਨਤਾਰਨ ਸਾਹਿਬ। ਦੋਨਾਂ ਗੁਰਧਾਮਾਂ ਵਿਖੇ ਵਿਸ਼ਾਲ ਸਰੋਵਰ ਹਨ ਅਤੇ ਦਰਬਾਰ ਸਾਹਿਬ। ਇਹ ਨਕਸ਼ਾ ਗੁਰਮਤ ਸਿਧਾਂਤ ਅਨੁਸਾਰ ਸੰਪੂਰਨ ਹੈ।
ਰੂਹਾਨੀ ਸਿਧਾਂਤ ਇਹ ਕਹਿੰਦਾ ਹੈ ਜਦੋਂ ਸਾਡੀ ਰੂਹ ਵੈਰਾਗ ਦੀ ਭੁੱਖ ਨਾਲ ਤੜਫਦੀ ਹੈ ਤਾਂ ਅਸੀਂ ਦੂਰ ਦੂਰ ਤੱਕ ਗੁਰੂ ਦੀ ਭਾਲ ਕਰਦੇ ਹਨ। ਦੱਸ ਪੈਣ ਤੇ ਚੱਲ ਕੇ ਉਸ ਵੱਲ ਨੂੰ ਤੁਰ ਪੈਂਦੇ ਹਾਂ ਅਤੇ ਪੈਂਡਾ ਤਹਿ ਕਰ ਕੇ ਉਸ ਦੇ ਦੁਆਰੇ ਪਹੁੰਚਦੇ ਹਾਂ ਤਾਂ ਅੱਗੋਂ ਇੱਕ ਸਿੱਖ ਉਸ ਦਾ ਸਵਾਗਤ ਕਰਦਾ ਹੈ ਅਤੇ ਜੀ ਆਇਆਂ ਕਹਿੰਦਾ ਹੈ। ਪਰ ਯਾਤਰੀ ਸਫ਼ਰ ਅਤੇ ਵੈਰਾਗ ਤੋਂ ਵਿਆਕੁਲ ਹੋਇਆ ਹੈ, ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਸਿੱਖ ਜਾਣਦਾ ਹੈ ਕਿ ਜਿਸ ਤਰਾਂ ਸਮੁੰਦਰੀ ਬੇੜੇ ਨੂੰ ਬੰਦਰਗਾਹ ਨਾਲ ਜੁੜਨ ਲਈ ਲੰਗਰ ਦੀ ਲੋੜ ਹੈ, ਉਸੇ ਹੀ ਤਰਾਂ ਇਸ ਯਾਤਰੀ ਨੂੰ ਵੀ ਪਹਿਲਾ ਠਹਿਰਾਓ ਦੀ ਲੋੜ ਹੈ। ਉਹ ਉਸ ਨੂੰ ਰਸਤੇ ਦੀ ਥਕਾਨ ਤੋਂ ਨਿਰਮਲ ਹੋਣ ਲਈ ਸਰੋਵਰ ਵਿਚ ਇਸ਼ਨਾਨ ਕਰਨ ਲਈ ਪ੍ਰੇਰਦਾ ਹੈ। ਸਰੋਵਰ ਵਿਚ ਹੋਰ ਕਿਤਨੇ ਪ੍ਰਾਣੀ ਇਸ਼ਨਾਨ ਕਰ ਰਹੇ ਦੇਖ ਵਿਸਮਾਦ ਹੋ ਜਾਂਦਾ ਹੈ ਕਿ ਸਾਰੇ ਇੱਕੋ ਹੀ ਥਾਂ ਪਵਿੱਤਰ ਹੋ ਰਹੇ ਹਨ? ਉਪਰੰਤ ਉਹ ਸਿੱਖ ਯਾਤਰੀ ਨੂੰ ਪੰਗਤ ਵਿਚ ਬਿਠਾ ਕੇ ਲੰਗਰ ਛਕਾਉਂਦਾ ਹੈ ਅਤੇ ਉਸ ਦੇ ਪੇਟ ਦੀ ਭੁੱਖ-ਪਿਆਸ ਨੂੰ ਮਿਟਾਉਂਦਾ ਹੈ। ਉਪਰੰਤ ਉਸ ਨੂੰ ਆਰਾਮ ਕਰ ਕੇ ਰਹਿਰਾਸ ਵੇਲੇ ਸੰਗਤ ਵਿਚ ਆ ਕੇ ਗੁਰੂ ਦਰਸ਼ਨ ਕਰਨ ਲਈ ਕਹਿੰਦਾ ਹੈ। ਹੁਣ ਤਕ ਸਰੀਰ ਨਿਰਮਲ ਹੋ ਚੁੱਕਾ ਸੀ ਪਰ ਵੈਰਾਗ ਹੋਰ ਪ੍ਰਚੰਡ ਹੋ ਰਿਹਾ ਸੀ ਕਿ ਜੇ ਗੁਰੂ ਕਾ ਸਿੱਖ ਇਹੋ ਜਿਹਾ ਹੈ ਤਾਂ ਗੁਰੂ ਦਾ ਕੀ ਰੂਪ ਹੋਵੇਗਾ? ਸ਼ਾਮ ਨੂੰ ਗੁਰੂ-ਦਰਬਾਰ ਵਿਚ ਪਹੁੰਚ ਕੇ ਜਿਵੇਂ ਹੀ ਗੁਰੂ ਦੇ ਮੁੱਖ ਵੱਲ ਤੱਕਦਾ ਹੈ ਤਾਂ ਉਹ ਵਿਸਮਾਦ ਵਿਚ ਸੁੰਨ ਹੋ ਜਾਂਦਾ ਹੈ। ਇਹ ਤਾਂ ਉਹ ਸਿੱਖ ਹੀ ਸੀ ਜੋ ਉਸ ਦੀ ਸਵੇਰੇ ਤੋਂ ਸੇਵਾ ਕਰ ਰਿਹਾ ਸੀ। ਇਤਨਾ ਮਹਾਨ ਹੈ ਗੁਰੂ! ਜੀ, ਇਹ ਪੰਜਵੇਂ ਗੁਰਾਂ ਦੀ ਵਾਰਤਾ ਹੈ। ਸਿੱਖ ਤਾਂ ਪਹਿਲੇ ਦੋ ਸਿਧਾਂਤਾਂ ਤੋਂ ਹੀ ਵਾਰੇ-ਵਾਰੇ ਜਾਂਦੇ ਸਨ, ਰੂਹਾਨੀਅਤ ਦੀ ਵਾਰਤਾ ਤਾਂ ਮੈਂ ਅਜੇ ਬਿਆਨ ਹੀ ਨਹੀਂ ਕੀਤੀ।
ਉਹ ਯਾਤਰੀ ਤਾਂ ਕਿਨਾਰੇ ਤੇ ਲੱਗ ਗਿਆ। ਗੁਰੂ ਦੀ ਸ਼ਰਨ ਵਿਚ ਆ ਗਿਆ ਅਤੇ ਉਸ ਦਾ ਹੀ ਹੋ ਕੇ ਰਹਿ ਗਿਆ। ਸੇਵਾ ਕਰਨ ਲੱਗਿਆ ਅਤੇ ਲੰਗਰ ਵਿਚੋਂ ਹੀ ਛੱਕ ਲੈਂਦਾ। ਇੱਕ ਦਿਨ ਗੁਰੂ ਸਾਹਿਬ ਕਹਿਣ ਲੱਗੇ ਕੇ ਇੱਥੋਂ ਛਕ ਕੇ ਇੱਥੇ ਹੀ ਸੇਵਾ ਕਰ ਲਈ, ਅੱਗੇ ਵਾਸਤੇ ਕੀ ਕਰ ਰਿਹਾ ਹੈ ਤਾਂ ਉਸ ਨੂੰ ਹਲੂਣਾ ਲੱਗਿਆ। ਉਸ ਨੇ ਸੰਗਤ ਦੀ ਬਚੀ ਜੂਠ ਇਕੱਤਰ ਕਰ ਲੈਣੀ ਅਤੇ ਪੇਟ ਭਰ ਲੈਣਾ। ਕੁੱਝ ਸਮੇਂ ਬਾਅਦ ਗੁਰੂ ਜੀ ਨੇ ਫਿਰ ਫ਼ਰਮਾਇਆ ਕਿ ਚਾਹੇ ਇਹ ਜੂਠ ਹੀ ਹੈ ਪਰ ਹੈ ਤਾਂ ਲੰਗਰ ਹੀ। ਫਿਰ ਸੋਝੀ ਰੌਸ਼ਨ ਹੋਈ। ਲੰਗਰ ਲਈ ਲੱਕੜਾਂ ਲਿਆਉਣ ਦੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ। ਵਾਧੂ ਲੱਕੜਾਂ ਵੇਚ ਕੇ ਗੁਰੂ ਦੀ ਗੋਲਕ ਵਿਚ ਭੇਟ ਕਰਨ ਲੱਗਿਆ। ਇੱਕ ਦਿਨ ਉਸ ਸਿੱਖ ਨੂੰ ਹਨੇਰੀ ਤੋਂ ਬਾਅਦ ਗ਼ੈਰਹਾਜ਼ਰ ਦੇਖ ਕੇ ਗੁਰੂ ਨੇ ਉਸ ਦੀ ਆਪ ਭਾਲ ਕੀਤੀ। ਇਸ ਤਰਾਂ ਗੁਰ-ਸਿੱਖੀ ਸਿਰੇ ਚੜ੍ਹੀ। ਪਹਿਲਾਂ ਸਿੱਖ ਗੁਰੂ ਨੂੰ ਲੱਭਦਾ ਹੈ ਅਤੇ ਘਾਲਣਾ ਪੂਰੀ ਹੋਣ ਤੇ ਗੁਰੂ ਸਿੱਖ ਨੂੰ ਆਪ ਭਾਲ ਕੇ ਸੰਪੂਰਨ ਕਰਦਾ ਹੈ। ਇਤਨਾ ਮਹਾਨ ਹੈ ਗੁਰੂ! ਜੀ ਹਾਂ, ਇਹ ਭਾਈ ਮੰਝ ਦੀ ਵਾਰਤਾ ਹੈ।
ਕੀ ਅੱਜ ਵੀ ਲੰਗਰ ਦੀ ਅਹਿਮੀਅਤ ਹੈ? ਜੀ ਬਿਲਕੁਲ, ਉਤਨੀ ਹੀ ਜਿਤਨੀ ਗੁਰੂ ਸਾਹਿਬ ਵਕਤ ਸੀ। ਅੱਜ ਇਕੱਲੇ ਹਰਮਿੰਦਰ ਸਾਹਿਬ ਵਿਖੇ ਦੋ ਲੱਖ ਪ੍ਰਾਣੀ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਹਨ ਅਤੇ ਰੂਹਾਨੀਅਤ ਨਾਲ ਜੁੜਦੇ ਹਨ। ਦੁਨੀਆ ਦੇ ਹਰ ਕੋਨੇ ਵਿਚ ਗੁਰ ਘਰਾਂ ਵਿਚ ਜਾ ਕੇ ਕਰੋੜਾਂ ਪ੍ਰਾਣੀ ਬਾਣੀ ਨਾਲ ਜੁੜਦੇ ਹਨ ਅਤੇ ਲੋੜ ਮੁਤਾਬਿਕ ਲੰਗਰ ਵੀ ਛਕਦੇ ਹਨ ਅਤੇ ਲੋੜ ਪੈਣ ਤੇ ਲੰਗਰ ਲਾਉਂਦੇ ਵੀ ਹਨ। ਲੱਖਾਂ ਭਾਈ ਮੰਝ ਹਨ ਜੋ ਬਿਨਾ ਸਵਾਲ ਗੁਰੂ ਦੀ ਗੋਲਕ ਵਿਚ ਦਸਵੰਧ ਪਾਉਂਦੇ ਹਨ।
ਆਪਣੇ ਪਿੰਡਾ ਜਾਂ ਵਿਦੇਸ਼ਾਂ ਵਿਚ ਗੁਰੂ ਘਰਾਂ ਦੀ ਲੰਗਰ ਵਿਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਬਿਲਕੁਲ ਗੁਰਮਤ ਵਾਲੀ ਅਤੇ ਛਕਣ ਵਾਲੇ ਭਾਈ ਮੰਝ ਵਰਗੇ। ਕਈ ਥਾਵਾਂ ਤੇ ਸੁਣਨ ਅਤੇ ਦੇਖਣ ਨੂੰ ਮਿਲਿਆ ਹੈ ਕਿ ਕੁੱਝ ਕੁ ਪ੍ਰਾਣੀ ਗੁਰੂ ਘਰ ਸਿਰਫ਼ ਲੰਗਰ ਛਕਣ ਹੀ ਜਾਂਦੇ ਹਨ ਅਤੇ ਕੁੱਝ ਕੁ ਆਪਣੇ ਨਾਲ ਕਈ ਦਿਨਾਂ ਦਾ ਲੰਗਰ ਡੱਬਿਆਂ ਵਿਚ ਬੰਨ੍ਹ ਕੇ ਲੈ ਜਾਂਦੇ ਹਨ। ਇਹ ਸਰਾਸਰ ਮਨਮੁੱਖਤਾ ਹੈ ਅਤੇ ਉਹਨਾ ਨੂੰ ਬਿਲਕੁਲ ਵੀ ਜਚਦਾ ਨਹੀਂ। ਕਈ ਵਾਰੀ ਇਹੋ ਜਿਹੀ ਸਥਿਤੀ ਆ ਸਕਦੀ ਹੈ ਪਰ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਢੁਕਵੀਂ ਸੇਵਾ ਜ਼ਰੂਰ ਕੀਤੀ ਜਾਵੇ। ਹਾਂ ਜੇ ਕੋਈ ਭਾਈਚਾਰੇ ਵਿਚੋਂ ਬਿਮਾਰ ਹੋ ਜਾਵੇ ਜਾਂ ਅਤਿ ਲੋੜ ਪੈ ਜਾਵੇ ਤਾਂ ਪ੍ਰਬੰਧਕਾਂ ਨੂੰ ਦੱਸ ਕੇ ਉਸ ਤੱਕ ਲੰਗਰ ਉੱਪੜਦਾ ਕਰਨਾ ਪੁੰਨ ਹੋਵੇਗਾ। ਜੇ ਕੋਈ ਬੇਅਦਬੀ ਕਰੇ ਤਾਂ ਉਸ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਸਿਧਾਂਤ ਨਾਲ ਜੋੜਨਾ ਚਾਹੀਦਾ ਹੈ।
ਇਸ ਗੱਲ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਭੁੱਖੇ ਪੇਟ ਕਦੇ ਵੀ ਭਗਤੀ ਨਹੀਂ ਹੁੰਦੀ। ਸੰਗਤ ਨੂੰ ਭੁੱਖਿਆਂ ਦਰਬਾਰ ਵਿਚ ਬਿਠਾਈ ਰੱਖਣਾ ਅਤੇ ਸਮੇਂ ਸਿਰ ਲੰਗਰ ਨਾ ਵਰਤਾਉਣਾ ਵੀ ਗੁਰ-ਸੰਗਤ ਸਿਧਾਂਤ ਨੂੰ ਕਮਜ਼ੋਰ ਕਰਦਾ ਹੈ। ਸੋ ਲੰਗਰ ਸਮੇਂ ਸਿਰ ਹੀ ਵਰਤਾ ਦੇਣਾ ਚਾਹੀਦਾ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਲੰਗਰ ਸਾਦਾ ਹੋਵੇ ਅਤੇ ਸਮੇਂ ਦੀਆਂ ਘਰੇਲੂ ਪ੍ਰਚੱਲਿਤ ਵੰਨਗੀਆਂ ਹੋਣ। ਲੰਗਰ ਅਤਿ ਪੌਸ਼ਟਿਕ ਹੋਣਾ ਚਾਹੀਦਾ ਹੈ ਅਤੇ ਸਥਾਨਿਕ ਭੋਜਨ ਕਾਨੂੰਨਾਂ(ਫੂਡ ਸੇਫ਼ਟੀ ਲਾਅ) ਅਧੀਨ ਸਾਂਭ ਅਤੇ ਵਰਤਾਉਣਾ ਚਾਹੀਦਾ ਹੈ। ਹਰ ਗੁਰੂ ਘਰ ਵਿਚ ਮਨਜ਼ੂਰਸ਼ੁਦਾ ਭੋਜਨ ਨਿਗਰਾਨ(ਫੂਡ ਸੁਪਰਵਾਇਸਰ) ਜ਼ਰੂਰੀ ਹੈ। ਜੇ ਹੋ ਸਕੇ ਤਾਂ ਭੋਜਨ ਵਿੱਦਿਆ ਵਿਚ ਪੜ੍ਹਿਆ-ਲਿਖਿਆ ਨਿਗਰਾਨ(ਕੁੱਕ, ਕੁਆਲੀਫ਼ਾਈਡ ਸ਼ੈਫ) ਲੰਗਰ ਵੇਲੇ ਮੌਜੂਦ ਅਤੇ ਜ਼ੁੰਮੇਵਾਰ ਹੋਣਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ ਲੰਗਰ ਵਿਚ ਬੇਲੋੜੇ ਅਤੇ ਹਾਨੀਕਾਰਕ ਪਦਾਰਥਾਂ ਦੀ ਰੋਕ ਹੋਵੇਗੀ ਅਤੇ ਨਵੀਂ ਪੀੜੀ ਦਾ ਵਿਸ਼ਵਾਸ ਹੋਰ ਵਧੇਗਾ।
Amandeep Singh Sidhu
Australia
M: +61431197305
E: harmanradio@gmail.com


10/22/17
ਸਿੱਖ ਕੋਆਰਡੀਨੇਸ਼ਨ ਕਮੇਟੀ

ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਆਰਐਸਐਸ ਦੇ 25 ਅਕਤੂਬਰ ਵਾਲੇ ਸਮਾਗਮ ਦੇ ਬਾਈਕਾਟ ਦਾ ਸੱਦਾ
ਸੰਘ ਵਲੋਂ ਦਸਮ ਪਿਤਾ ਦੇ ਮਨਾਏ ਜਾ ਰਹੇ 350ਵੇਂ ਪ੍ਰਕਾਸ਼ ਦਿਹਾੜੇ ’ਚ ਪੁੱਜਣ ਵਾਲੇ ਸਿੱਖ ਕੌਮ ਦੇ ਗ਼ੱਦਾਰ ਹੋਣਗੇ : ਹਿੰਮਤ ਸਿੰਘ
ਨਿਊਯਾਰਕ 22 ਅਕਤੂਬਰ
‘‘ਸਿੱਖ ਹਿੰਦੂ ਧਰਮ ਦਾ ਅਭਿੰਨ ਅੰਗ ਹਨ, ਜੋ ਇਸ ਨੂੰ ਪ੍ਰਵਾਨ ਨਹੀਂ ਕਰਦੇ ਉਹ ਦੇਸ਼ ਧਰੋਹੀ ਤੇ ਅੱਤਵਾਦੀ ਹਨ’’ ਵਰਗੇ ਕਹਿਰ ਭਰੇ ਸ਼ਬਦ ਸਿੱਖ ਧਰਮ ਪ੍ਰਤੀ ਕਹਿਣ ਵਾਲੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵੱਲੋਂ ਸ੍ਰੀ ਗੁਰੂ ਗੋਬਿੰਦ ਜੀ ਦੇ 350ਵੇਂ ਪ੍ਰਕਾਸ਼ ਪੁਰਬ ਵਜੋਂ ਮਨਾਉਣਾ ਸੰਕੇਤ ਦੇ ਰਿਹਾ ਹੈ ਕਿ ਇਹ ਸੰਸਥਾ ਮੁੜ ਪੰਜਾਬ ਨੂੰ ਲਾਂਬੂ ਲਾਉਣਾ ਚਾਹੁੰਦੀ ਹੈ। ਇਸ ਲਈ ਸਾਰੀ ਸਿੱਖ ਸੰਗਤ ਦਿਲੀ ਵਿਚ 25 ਅਕਤੂਬਰ ਨੂੰ ਆਰਐਸਐਸ ਦੀ ਇਕਾਈ ਰਾਸ਼ਟਰੀ ਸਿੱਖ ਸੰਗਤ ਵੱਲੋਂ ਕਰਾਏ ਜਾ ਰਹੇ ਸਮਾਗਮ ਦਾ ਬਾਈਕਾਟ ਕਰੇ ਤੇ ਜੋ ਵੀ ਸਿੱਖ ਇਸ ਸਮਾਗਮ ਵਿਚ ਜਾਂਦਾ ਹੈ ਉਸ ਦੀ ਸ਼ਨਾਖ਼ਤ ਕਰਕੇ ਉਸ ਨੂੰ ਸਿੱਖ ਧਰਮ ਦਾ ਗ਼ੱਦਾਰ ਕਰਾਰ ਦਿੱਤਾ ਜਾਵੇ। ਇਹ ਬਿਆਨ ਅੱਜ ਨਿਊਯਾਰਕ ਤੋਂ ਅਮਰੀਕਾ ਦੇ 85 ਦੇ ਕਰੀਬ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੁਆਰਾ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਅੱਜ ਟੈਲੀਕਾਨਫਰੰਸ ਰਾਹੀਂ ਹੰਗਾਮੀ ਮੀਟਿੰਗ ਕਰਕੇ ਗਹਿਰ ਗੰਭੀਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਾਰੀ ਕੀਤਾ।
ਬਿਆਨ ਜਾਰੀ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਤੇ ਹੋਰ ਆਗੂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਆਰਐਸਐਸ ਦੀਆਂ ਸ਼ਾਤਰ ਚਾਲਾਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ 23 ਨਵੰਬਰ 1986 ਨੂੰ ਅੰਮ੍ਰਿਤਸਰ ਵਿਖੇ ਜਦੋਂ ਦੀ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਕੀਤੀ ਗਈ ਸੀ ਤੇ ਇਸ ਦੇ ਮੁਖੀ ਚਿਰੰਜੀਵ ਸਿੰਘ ਨੇ ਕਿਹਾ ਸੀ ਕਿ ‘ਸਿੱਖ ਹਿੰਦੂ ਹੀ ਹਨ’ ਤਾਂ ਇਹ ਸਪਸ਼ਟ ਹੋ ਗਿਆ ਸੀ ਕਿ ਸਿੱਖਾਂ ਦੇ ਭੇਸ ਵਿਚ ਇਹ ਲੋਕ ਸਾਰੇ ਧਰਮਾਂ ਤੋਂ ਨਿਆਰੇ ਤੇ ਸਾਨਾਮੱਤੇ ਇਤਿਹਾਸ ਵਾਲੇ ਸਿੱਖ ਧਰਮ ਵਿਚ ਦਖ਼ਲ ਅੰਦਾਜ਼ੀ ਕਰਨ ਦੀ ਕੋਝੀ ਸੋਚ ਸੋਚੀਂ ਬੈਠੇ ਹਨ, ਜਦੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਹਮਲਾ ਕਰਕੇ ਹਿੰਦੂਤਵ ਦੀ ਸਰਕਾਰ ਨੇ ਸਿੱਖਾਂ ਦੇ ਹਿਰਦਿਆਂ ’ਤੇ ਗਹਿਰੀ ਸੱਟ ਮਾਰੀ ਤਾਂ ਆਰਐਸਐਸ ਦੇ ਪੱਖ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਰੂਪ ਕਿਹਾ ਸੀ।ਗੁਰੂ ਸਾਹਿਬਾਨ ਬਾਰੇ ਰਾਸ਼ਟਰ ਨਾਇਕ ਸ਼ਬਦ ਵਰਤਿਆ ਜਾਂਦਾ ਹੈ, ਇਹਨਾਂ ਦੀਆਂ ਕਿਤਾਬਾਂ ਵਿਚ ਗੁਰਬਾਣੀ ਨੂੰ ਵੇਦਾਂ ਦਾ ਅਤੇ ਜਪੁਜੀ ਸਾਹਿਬ ਨੂੰ ਗੀਤਾ ਦਾ ਸਾਰ ਲਿਖਿਆ ਜਾਂਦਾ, ਗੁਰੂ ਸਾਹਿਬਾਨ ਨੂੰ ਲਵ ਕੁਛ ਦੀ ਔਲਾਦ ਦਰਸਾਉਂਦੀਆਂ ਇਤਰਾਜ਼ਯੋਗ ਤਸਵੀਰਾਂ ਛਾਪੀਆਂ ਜਾਂਦੀਆਂ ਹਨ, ਇਹਨਾਂ ਅਧੀਨ ਚਲਦੇ ਸਕੂਲਾਂ ਦੇ ਵਿਸ਼ਿਆਂ ਵਿਚ ਗੁਰੂ ਸਾਹਿਬਾਨ ਬਾਰੇ ਗ਼ਲਤ ਜਾਣਕਾਰੀ ਦਿੱਤੀ ਜਾਂਦੀ ਹੈ, ਸਾਡੀ ਗੁਰਮੁਖੀ ਪੰਜਾਬੀ ਭਾਸ਼ਾ ਦਾ ਵਿਰੋਧ ਕੀਤਾ ਜਾਂਦਾ। ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਪੁਲਿਸ ਅਫ਼ਸਰਾਂ ਦੀ ਪਿੱਠ ਥਾਪੀ ਜਾਂਦੀ ਹੈ, ਹਰ ਸਾਲ ਜਦੋਂ ਸਿੱਖ ਘੱਲੂਘਾਰਾ ਦਿਵਸ ਮਨਾਉਂਦੇ ਹਨ ਤਾਂ ਇਹ ਵਿਜੈ ਦਿਵਸ ਮਨਾਉਂਦੇ ਹਨ। ਬਹਰਹਾਲ ਦਿਲੀ ਵਿਚ 25 ਅਕਤੂਬਰ ਨੂੰ ਦਿਲੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ 350ਵੇਂ ਪ੍ਰਕਾਸ਼ ਦਿਹਾੜੇ ਵਿਚ ਪੁੱਜਣ ਵਾਲੇ ਲੋਕਾਂ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ, ਸਿੱਖਾਂ ਦੇ ਭੇਸ ਵਿਚ ਸਿੱਖ ਧਰਮ ਦੇ ਗ਼ੱਦਾਰ ਲੋਕਾਂ ਦੀ ਸ਼ਨਾਖ਼ਤ ਕਰਕੇ ਇਨ੍ਹਾਂ ਦਾ ਸਾਰੇ ਸਿੱਖ ਸਮਾਜ ਨੂੰ ਬਾਈਕਾਟ ਕਰਨ ਦਾ ਸੱਦਾ ਦਿੱਤਾ ਜਾਵੇਗਾ। ਸ. ਹਰਜਿੰਦਰ ਸਿੰਘ ਪਾਇਨਹਿੱਲ ਤੇ ਕੇਵਲ ਸਿੰਘ ਸੰਧੂ ਨੇ ਕਿਹਾ ਕਿ 25 ਅਕਤੂਬਰ ਨੂੰ ਰਾਸ਼ਟਰੀ ਸਿੱਖ ਸੰਗਤ ਵੱਲੋਂ ਦਿਲੀ ਵਿਚ ਕਰਾਏ ਜਾ ਰਹੇ ਇਸ ਸਮਾਗਮ ਦਾ ਸਾਰੀ ਸਿੱਖ ਸੰਗਤ ਬਾਈਕਾਟ ਕਰੇ। ਆਗੂਆਂ ਨੇ ਇਹ ਵੀ ਕਿਹਾ ਕਿ 23 ਜੁਲਾਈ 2004 ਨੂੰ ਆਰਐਸਐਸ ਦੇ ਸਮਾਗਮਾਂ ਦਾ ਬਾਈਕਾਟ ਕਰਨ ਦੇ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ। ਉਨ੍ਹਾਂ ਦਿਲੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਸਮਾਗਮ ਕੀਤਾ ਜਾਂਦਾ ਹੈ ਤਾਂ ਉਹ ਰਾਸ਼ਟਰੀ ਸਿੱਖ ਸੰਗਤ ਤੇ ਇਸ ਦੇ ਆਗੂਆਂ ਵਿਰੁੱਧ ਵਿਸ਼ਵ ਭਰ ਵਿਚ ਇਕ ਮੁਹਿੰਮ ਚਲਾ ਕੇ ਸਖ਼ਤ ਫ਼ੈਸਲਾ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰ ਭਾਰਤ ਦੀ ਕੇਂਦਰ ਸਰਕਾਰ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਸਿੱਖ ਧਰਮ ਵਿਚ ਕਿਸੇ ਵੀ ਦਖ਼ਲ ਅੰਦਾਜ਼ੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਅਖਿਰ ਵਿਚ ਬਾਦਲ ਦਲ ਤੇ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੀ ਸਰਕਾਰ ਮੌਕੇ ਰਾਸ਼ਟਰੀ ਸਿੱਖ ਸੰਗਤ ਨੂੰ ਵਧਣ ਫੁੱਲਣ ਦਿੱਤਾ ਹੈ, ਜਿਸ ਕਰਕੇ ਇਹ ਦਲ ਵੀ ਇਸ ਦਾ ਬਰਾਬਰ ਦਾ ਦੋਸ਼ੀ ਹੈ।


10/15/17
ਅਵਤਾਰ ਸਿੰਘ ਮਿਸ਼ਨਰੀ

ਦੇਹਧਾਰੀ ਬਨਾਮ ਸ਼ਬਦ ਗੁਰੂ

ਅਵਤਾਰ ਸਿੰਘ ਮਿਸ਼ਨਰੀ (5104325827)

ਸ਼ਬਦ ਦੇ ਅਰਥ ਧੁਨਿ, ਅਵਾਜ਼, ਸੁਰ, ਪਦ, ਲਫਜ਼, ਗੁਫਤਗੂ, ਗੁਰ-ਉਪਦੇਸ਼, ਕਰਤਾਰ, ਧਰਮ, ਮਜ਼ਹਬ, ਪੈਗਾਮ, ਸੁਨੇਹਾ ਅਤੇ ਗਿਆਨ ਆਦਿਕ ਹਨ। ਗੁਰੂ ਵੀ ਬਹੁ ਅਰਥੀ ਲਫਜ਼ ਤੇ ਅਰਥ ਹਨ ਗੁਰ ਦੱਸਣ ਵਾਲਾ, ਗਿਆਨ ਦਾਤਾ, ਪ੍ਰਕਰਣ ਅਨੁਸਾਰ ਜੋ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ, ਗਿਆਨ ਦਾ ਪ੍ਰਕਾਸ਼ ਕਰ ਦੇਵੇ। ਸਕੂਲਾਂ ਕਾਲਜਾਂ ਵਿੱਚ ਜੋ ਦੁਨਿਆਵੀ ਗਿਆਨ ਦੇਵੇ ਉਸ ਨੂੰ ਅਧਿਆਪਕ, ਆਚਾਰੀਆ, ਪ੍ਰੋਫੈਸਰ ਜਾਂ ਪ੍ਰਿੰਸੀਪਲ ਆਖਦੇ ਹਨ। ਦੂਜੇ ਪਾਸੇ ਰੂਹਾਨੀ ਗੁਰੂ, ਪ੍ਰਮਾਰਥ ਦਾ ਗਿਆਨ ਦਿੰਦਾ ਹੈ। ਜਦ ਦਾ ਮਨੁੱਖ ਬੋਲਣ ਚੱਲਣ ਲੱਗਿਆ ਤੇ ਉਸ ਦਾ ਮਨ ਵਿਗਸਤ ਹੋਇਆ, ਸਿੱਖਣ ਸਿਖਾਉਣ ਵੱਲ ਵਧਿਆ ਤਦ ਤੋਂ ਹੀ ਸਿਖਿਆ ਦਾਤਿਆਂ ਦੀ ਲੋੜ ਪਈ। ਦੁਨਿਆਵੀ ਵਿਦਿਆ ਵਿੱਚ ਮੁਹਾਰਤ ਰੱਖਣ ਵਾਲੇ ਅਧਿਆਪਕ ਤੇ ਪ੍ਰਮਾਰਥਕ ਵਿਦਿਆ ਦੇ ਗਿਆਨੀ, ਗੁਰੂ ਥਾਪੇ ਗਏ। ਬਾਬਾ ਨਾਨਕ ਜੀ ਤੋਂ ਪਹਿਲੇ ਦੇਹਧਾਰੀ ਗੁਰੂ ਪ੍ਰਥਾ ਪ੍ਰਚਲਤ ਸੀ। ਦੇਹਾਂ ਨੂੰ ਖਾਣ, ਪੀਣ, ਪਹਿਨਣ, ਓਡਣ, ਰਹਿਣ, ਸਹਿਣ ਤੇ ਅਰਾਮ ਲਈ ਨੀਂਦ ਦੀ ਲੋੜ ਹੁੰਦੀ ਹੈ। ਬਾਬੇ ਨਾਨਕ ਨੇ ਗਿਆਨ ਦਿੱਤਾ ਕਿ ਦੇਹਾਂ ਬਿਨਸਣਹਾਰ ਨੇ ਜੋ ਸਖਸ਼ੀ ਪੂਜਾ ਦਾ ਪ੍ਰਤੀਕ ਬਣਾ ਲਈਆਂ ਜਾਂਦੀਆਂ ਹਨ। ਅਵਤਾਰ ਪੀਰਾਂ ਤੋਂ ਬਾਅਦ ਗੱਦੀਦਾਰ, ਗੁਰੂ ਜਾਂ ਵਾਰਸ ਬਣ ਜਾਂਦੇ ਹਨ। ਫਿਰ ਗੱਦੀ ਜਾਂ ਪਦਵੀ ਹਾਸਲ ਕਰਨ ਲਈ ਜਦੋ-ਜ਼ਹਿਦ ਸ਼ੁਰੂ ਹੋ ਜਾਂਦੀ ਜੋ ਲੜਾਈ ਝਗੜਿਆਂ ਦਾ ਕਾਰਨ ਬਣਦੀ ਹੈ।

ਇਸ ਲਈ ਬਾਬੇ ਨਾਨਕ ਨੇ "ਸ਼ਬਦ-ਗੁਰੂ" ਦਾ ਸਿਧਾਂਤ ਲੋਕਾਈ ਨੂੰ ਦਰਸਾਇਆ ਤੇ ਦ੍ਰਿੜਾਇਆ। ਜਦ ਪ੍ਰਚਾਰਕ ਦੌਰਿਆਂ ਸਮੇਂ ਸਿੱਧਾਂ, ਜੋਗੀਆਂ ਜਾਂ ਵਕਤੀ ਧਰਮ ਆਗੂਆਂ ਨੇ ਬਾਬਾ ਨਾਨਕ ਜੀ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥? ਤਾਂ ਬਾਬੇ ਫੁਰਮਾਇਆ ਸ਼ਬਦ ਮੇਰਾ ਗੁਰੂ ਤੇ ਸੁਰਤਿ ਮੇਰੀ ਉਸ ਦਾ ਚੇਲਾ ਹੈ-ਸਬਦ ਗੁਰੂ ਸੁਰਤਿ ਧੁਨਿ ਚੇਲਾ॥ (੯੪੩) ਬਾਬਾ ਨਾਨਕ ਜੀ ਦੇ ਉਤ੍ਰਾਧਿਕਾਰੀਆਂ ਨੇ ਵੀ ਦਰਸਾਇਆ ਕਿ ਸਤਿਗੁਰੂ ਕਦੇ ਆਉਂਦਾ-ਜਾਂਦਾ ਭਾਵ ਜੰਮਦਾ ਮਰਦਾ ਨਹੀਂ, ਉਹ ਨਾਸ਼ ਰਹਿਤ ਅਤੇ ਸਰਬ-ਵਿਆਪਕ ਹੈ-ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥ ਓਹੁ ਅਭਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥੧੩॥(੭੫੯) ਸ਼ਬਦ ਹੀ ਗੁਰੂ, ਪੀਰ, ਗਹਿਰ ਗੰਭੀਰ ਏ, ਉਸ ਤੋਂ ਬਿਨਾਂ ਜਗਤ ਦੁਨਿਆਵੀ ਪਦਾਰਥਾਂ ਤੇ ਬਿਨਸਨਹਾਰ ਛਲਾਵਿਆਂ ਵਿੱਚ ਕਮਲਾ ਹੋਇਆ ਫਿਰਦਾ ਹੈ-ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗ ਬਉਰਾਨੰ॥ (੬੩੫) ਭਾਈ ਗੁਰਦਾਸ ਜੀ ਵੀ ਜਿਕਰ ਕਰਦੇ ਹਨ-ਸਬਦ ਗੁਰੂ, ਗੁਰੁ ਜਾਣੀਐ, ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ।(੨੦/੭) ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ।(ਭਾ.ਗੁ.)

"ਸ਼ਬਦ ਗੁਰੂ" ਦਾ ਅਸਲ ਗਿਆਨ ਨਾ ਹੋਣ ਕਰਕੇ ਬਹੁਤੇ ਦੇਹਧਾਰੀ ਗੁਰੂ ਵੀ ਅੰਧ-ਸਾਗਰ ਵਿੱਚ ਉਲਝ ਗਏ ਤੇ ਚੇਲੇ ਭਾਵ ਸਿਖਿਆਰਥੀ ਵੀ ਰੋੜ ਦਿੱਤੇ-ਕਬੀਰ ਮਾਏ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥ ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ॥ (੧੩੭੦) ਬਹੁਤੇ ਦੇਹਧਾਰੀ ਗੁਰੂ, "ਸ਼ਬਦ ਗੁਰੂ" ਨੂੰ ਵਿਸਾਰ ਕੇ, ਖੁਦ ਰੱਬ ਜਾਂ ਪ੍ਰਮਾਤਮਾਂ ਕਹਾਉਣ ਲੱਗ ਪਏ। ਜਰਾ ਸੋਚੋ! ਭਾਵੇਂ "ਸ਼ਬਦ ਗੁਰੂ" ਦੇਹਾਂ ਰਾਹੀਂ ਪ੍ਰਗਟ ਹੁੰਦਾ ਤੇ ਸਦੀਵ ਹੈ ਪਰ ਦੇਹਾਂ ਰੂਪੀ ਚੋਲੇ ਬਦਲਦੇ ਤੇ ਖਤਮ ਹੁੰਦੇ ਰਹਿੰਦੇ ਹਨ। ਜਿਵੇਂ ਸਾਫ ਭਾਂਡਿਆਂ ਵਿੱਚ ਦੁੱਧ ਫਟਦਾ ਨਹੀਂ ਇਵੇਂ ਹੀ ਸਾਫ ਹਿਰਦਿਆਂ ਵਿੱਚ ਸੱਚਾ ਸ਼ਬਦ ਸਮਾਉਂਦਾ ਹੈ ਪਰ ਉੱਚੇ-ਸੁੱਚੇ ਆਚਰਣ ਵਾਲੇ ਵਿਰਲੇ ਹੁੰਦੇ ਹਨ। ਬਾਬਾ ਨਾਨਕ ਖੁਦ ਫੁਰਮਾਂਦੇ ਹਨ ਕਿ ਨਾਨਕ ਉਸ ਉੱਚੇ ਸੁੱਚੇ ਸ਼ਬਦ ਗੁਰੂ ਦੀ ਸ਼ਰਣ ਆਇਆ ਹੈ ਜੋ ਜੀਵ ਆਤਮਾਂ ਨੂੰ ਪ੍ਰਮਾਤਮਾਂ ਨਾਲ ਮਿਲਾ ਦਿੰਦਾ ਹੈ-ਸੂਚੈ ਭਾਂਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ॥ ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ॥(੫੯੭)

"ਸ਼ਬਦ ਗੁਰੂ" ਆਦਿਕਾਲੀ ਤੇ ਸਦੀਵਕਾਲ ਅਮਰ, ਕਦੇ ਜੰਮਦਾ, ਮਰਦਾ, ਖਾਂਦਾ ਪੀਂਦਾ, ਰੋਂਦਾ-ਸੌਂਦਾ ਅਤੇ ਸਰਦੀ ਗਰਮੀ ਮਹਿਸੂਸ ਨਹੀਂ ਕਰਦਾ। "ਸ਼ਬਦ ਗੁਰੂ" ਵਿਕਾਰਾਂ ਰਹਿਤ ਤੇ ਅਭੁੱਲ ਹੁੰਦਾ ਹੈ-ਭੁਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰ॥ (੬੧) ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ॥ (੧੩੪੪) ਇਹ ਸ਼ਬਦ, ਗੁਰੂ ਬਾਬਾ ਨਾਨਕ ਜੀ ਦਾ ਉਚਾਰਣ ਹੈ ਜੋ ਸ਼ਬਦ ਨੂੰ ਸਦੀਵ ਗੁਰੂ ਮੰਨਦੇ ਸਨ ਤੇ ਉਨ੍ਹਾਂ ਦਾ ਕੋਈ ਦੇਹਧਾਰੀ ਗੁਰੂ ਨਹੀਂ ਸੀ। ਅਸਲੀ ਗੁਰੂ ਨਾ ਕਦੇ ਭੁੱਲਦਾ ਅਤੇ ਨਾਂ ਹੀ ਗਲਤ ਫੈਂਸਲੇ ਲੈਂਦਾ ਹੈ। ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਦੇ ਜੀਵਨ ਨਾਲ ਜੋੜੀਆਂ ਗਈਆਂ ਗੁਰਮਤਿ ਵਿਰੋਧੀ ਮਨਘੜਤ ਸਾਖੀਆਂ ਜਾਂ ਕਥਾ ਕਹਾਣੀਆਂ ਹੀ ਗਲਤ ਨੇ ‘ਤੇ ਉਨ੍ਹਾਂ ਦਾ ਸਹਾਰਾ ਲੈ ਕੇ ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ‘ਤੇ ਚਿੱਕੜ ਨਹੀਂ ਸੁੱਟਣਾ ਚਾਹੀਦਾ।

ਦੂਜੇ ਪਾਸੇ ਉਹ ਦੇਹਾਂ ਵੀ ਸਤਿਕਾਰਯੋਗ ਹਨ ਜੋ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿਕ ਵਿਕਾਰਾਂ ਤੇ ਕਾਬੂ ਪਾ, ਉੱਚੇ-ਸੁੱਚੇ ਆਚਰਣ ਵਾਲੀਆਂ ਹੋ ਜਾਂਦੀਆਂ ਹਨ। ਫਰਕ ਇਨ੍ਹਾਂ ਹੈ ਕਿ ਦੇਹਾਂ ਦੁਨਿਆਵੀ ਕਰਿਆਵਾਂ ਕਰਦੀਆਂ ਪਰ "ਸ਼ਬਦ ਗੁਰੂ" ਇਨ੍ਹਾਂ ਤੋਂ ਮੁਕਤ ਹੁੰਦਾ ਹੈ। ਦੇਹਧਾਰੀ ਰੱਬੀ ਭਗਤ ਅਤੇ ਸਿੱਖ ਗੁਰੂ ਸਹਿਬਾਨ "ਸ਼ਬਦ ਗੁਰੂ" ਦੀ ਸ਼ਰਣ ਵਿੱਚ ਓਤ-ਪੋਤ ਹੋਏ, ਉਨ੍ਹਾਂ ਦੀ ਸੁਰਤ ਬਹੁਤ ਉੱਚੀ-ਸੁੱਚੀ ਹੋ ਚੁੱਕੀ ਸੀ। ਗੁਰੂ ਸ਼ਰਣ ਆਉਣ ਤੋਂ ਪਹਿਲਾਂ ਉਹ ਵੀ ਆਮ ਦੁਨਿਆਵੀ ਇਨਸਾਨ ਸਨ ਪਰ ਸ਼ਬਦ ਗੁਰੂ ਦਰ ਆ ਮਹਾਨ ਹੋ ਗਏ। ਉਨ੍ਹਾਂ ਦੇ ਸਦੀਵੀ ਤੇ ਸ਼ਬਦੀ ਉਪਦੇਸ਼, "ਸ਼ਬਦ ਗੁਰੂ" ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹਨ। ਸਾਨੂੰ ਰੱਬੀ ਭਗਤਾਂ, ਸਿੱਖ ਗੁਰੂ ਸਹਿਬਾਨਾਂ ਨਾਲ ਅਖੌਤੀ ਸਾਧਾਂ, ਸੰਤਾਂ, ਡੇਰਾਵਾਦੀਆਂ ਸੰਪ੍ਰਦਾਈਆਂ ਅਤੇ ਉਨ੍ਹਾਂ ਦੇ ਉਤ੍ਰਾਧਿਕਾਰੀ ਜਾਂ ਵਿਸ਼ਵਾਸ਼ੀ ਲਿਖਾਰੀਆਂ ਵੱਲੋਂ ਮਨਘੜਤ ਦੰਦ ਕਥਾਵਾਂ ਅਤੇ ਜੋੜੀਆਂ ਗਈਆਂ ਕਥਾ ਕਹਾਣੀਆਂ ਉੱਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ਜੋ ਸਾਡੇ ਵਿੱਚ ਕਈ ਤਰ੍ਹਾਂ ਦੀਆਂ ਉਲਝਣਾ ਪੈਦਾ ਕਰਕੇ, ਭਰਾ ਮਾਰੂ ਜੰਗ ਦਾ ਸਾਧਨ ਬਣ ਰਹੀਆਂ ਹਨ।

ਦੇਹ ਅਤੇ "ਸ਼ਬਦ ਗੁਰੂ" ਦਾ ਸਬੰਧ ਇਉਂ ਹੈ ਜਿਵੇਂ ਰੂਹ-ਸਰੀਰ, ਸ਼ਿਆਹੀ-ਕਾਗਦ, ਮਲਾਹ-ਬੇੜੀ, ਡ੍ਰਾਈਵਰ-ਗੱਡੀ, ਕ੍ਰਿਪਾਨ-ਮਿਆਨ ਅਤੇ ਅਧਿਆਪਕ-ਸਕੂਲ ਆਦਿਕ ਦਾ ਹੈ। ਸੋ ਸਰੀਰ, ਬੇੜੀ, ਗੱਡੀ, ਮਿਆਨ ਅਤੇ ਸਕੂਲ ਮਨਫੀ ਨਹੀਂ ਕੀਤੇ ਜਾ ਸਕਦੇ ਪਰ ਉਨ੍ਹਾਂ ਨੂੰ ਰੂਹ, ਸ਼ਿਆਹੀ, ਮਲਾਹ, ਡ੍ਰਾਈਵਰ, ਕ੍ਰਿਪਾਨ ਅਤੇ ਅਧਿਆਪਕ ਨਹੀਂ ਮੰਨਿਆਂ ਜਾ ਸਕਦਾ, ਉਹ ਆਪਣੀ ਥਾਂ ਸਤਿਕਾਰਤ ਹਨ। ਇਵੇਂ ਜਿੰਨ੍ਹਾਂ ਦੇਹਾਂ ਵਿੱਚ "ਸ਼ਬਦ ਗੁਰੂ" ਦਾ ਪ੍ਰਕਾਸ਼ ਹੋ ਗਿਆ ਜਾਂ ਜਿੰਨ੍ਹਾਂ ਦੇਹਾਂ ਰਾਹੀਂ "ਸ਼ਬਦ ਗੁਰੂ" ਪ੍ਰਗਟ ਹੋਇਆ ਅਤੇ ਪ੍ਰਚਾਰਿਆ ਗਿਆ, ਉਹ ਵੀ ਆਪਣੀ ਥਾਂ ਸਤਿਕਾਰਤ ਹਨ। ਬਾਬਾ ਗੁਰੂ ਨਾਨਕ ਦਾ ਭਾਵ ਵੀ ਇਹ ਹੈ ਕਿ ਬਾਬੇ ਦੀ ਦੇਹ ਵਿੱਚ "ਸ਼ਬਦ ਗੁਰੂ" ਪ੍ਰਕਾਸ਼। ਦੇਹ ਬਿਨਸ ਜਾਂਦੀ ਤੇ "ਸ਼ਬਦ ਗੁਰੂ" ਸਦਾ ਪ੍ਰਕਾਸ਼ ਰਹਿੰਦਾ ਹੈ। ਇਸੇ ਲਈ ਇਤਿਹਾਸ ਵਿੱਚ ਮਿਲਦਾ ਹੈ ਕਿ "ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗਿ ਮਿਲੀ" ਲਹਿਣੇ ਪਾਈ ਨਾਨਕੋਂ (ਭਾ.ਗੁ.) ਉਹ ਗਿਆਨ ਦਾ ਪ੍ਰਕਾਸ਼ ਸ਼ਬਦ, ਅੱਗੇ ਉਨ੍ਹਾਂ ਦੇ ਨੌਂ ਉਤ੍ਰਾਧਿਕਾਰੀਆਂ ਵਿੱਚ ਵਰਤਿਆ ਪਰ ਚਲਾਕ ਤੇ ਅਗਿਆਨੀ ਲੋਕ ਦੇਹਾਂ ਨੂੰ ਹੀ ਗੁਰੂ ਤੇ ਰੱਬ ਮੰਨਣ ਲੱਗ ਪਏ। ਇਸ ਲਈ ਬਾਬਾ ਗੁਰੂ ਨਾਨਕ ਸਾਹਿਬ ਦੇ ਆਖਰੀ ਉਤ੍ਰਾਧਿਕਾਰੀ ਦਸ਼ਮੇਸ਼ ਜੀ ਵੱਲੋਂ ਪੱਕੇ ਤੌਰ ਤੇ ਸਦੀਵ ਕਾਲ ਲਈ "ਸ਼ਬਦ ਗੁਰੂ" ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਆਗਿਆ ਕਰ ਦਿੱਤੀ ਗਈ ਕਿ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥ ਯਾਦ ਰਹੇ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੱਖਰ, ਪੱਤਰੇ, ਜਿਲਦ ਅਤੇ ਰੁਮਾਲੇ ਗੁਰੂ ਸ਼ਬਦ ਨਹੀਂ ਸਗੋਂ ਇਨ੍ਹਾਂ ਰਾਹੀਂ ਦਿੱਤਾ ਗਿਆ ਸੰਸਾਰੀ ਅਤੇ ਨਿਰੰਕਾਰੀ ਗਿਆਨ ਹੀ "ਸ਼ਬਦ ਗੁਰੂ" (ਰੱਬੀ ਨਿਯਮ) ਦੀ ਵਿਆਖਿਆ ਅਤੇ ਇਹ ਅੱਖਾਂ ਮੀਟ ਸਮਾਧੀਆਂ ਜਾਂ ਮੰਤ੍ਰ ਜਾਪਾਂ ਰਾਹੀਂ ਸਮਝਿਆਂ ਨਹੀਂ ਜਾ ਸਕਦਾ-ਅਖੀ ਤ ਮੀਟਹਿ ਨਾਕ ਪਕਰਹਿ ਠਗਣ ਕਉ ਸੰਸਾਰੁ॥੧॥...ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ॥ ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ॥੪॥(੬੬੩) ਗਾਇ ਸੁਣੇ ਆਖੇ ਮੀਟੇ ਪਾਈਏ ਨ ਪਰਮਪਦ, ਗੁਰ ਉਪਦੇਸ਼ ਗਹਿ ਜਉ ਲਉ ਨ ਕਮਾਈਐ॥ (ਭਾ.ਗੁ) ਹੁਣ ਸਾਡੇ ਪਾਸ ਗੁਰੂ ਗ੍ਰੰਥ ਸਾਹਿਬ ਹੀ ਅਸਲੀ ਪਰਖ ਦੀ ਕਸਵੱਟੀ ਹਨ। ਇਸ ਲਈ ਸਾਨੂੰ ਲਿਖੀਆਂ ਗਈਆਂ ਮਨਘੜਤ ਸਾਖੀਆਂ, ਇਤਿਹਾਸ ਅਤੇ ਭਗੌਤੀ-ਦੁਰਗਾ ਆਦਿਕ, ਇਤਿਹਾਸ ਤੇ ਮਰਯਾਦਾ ਚੋਂ ਸੋਧ ਲੈਣੀਆਂ ਚਾਹੀਦੀਆਂ ਹਨ।

ਯਾਦ ਰਹੇ ਕਿ ਰੱਬੀ ਭਗਤਾਂ, ਬਾਬੇ ਨਾਨਕ ਅਤੇ ਉਨ੍ਹਾਂ ਦੇ ਉਤ੍ਰਾਧਿਕਾਰੀਆਂ ਨੇ ਕਦੇ ਦਾਹਵਾ ਨਹੀਂ ਕੀਤਾ ਕਿ ਦੇਹਾਂ ਸਦੀਵੀ ਗੁਰੂ ਜਾਂ ਰੱਬ ਹਨ। ਉਨ੍ਹਾਂ ਇਹ ਜਰੂਰ ਕਿਹਾ ਕਿ ਜਿਨਾ ਕੁ ਸਾਨੂੰ ਰੱਬੀ ਗਿਆਨ ਸਮਝ ਆਇਆ, ਅਸੀਂ ਲੋਕਾਈ ਨੂੰ ਦਰਸਾਇਆ ਤੇ ਵਰਤਾਇਆ ਹੈ। ਜੋ ਭਗਤਾਂ ਦੇ ਵਾਰਸ਼ਾਂ ਤੋਂ ਬਾਣੀ ਲੈ, ਖੁਦ ਉਚਾਰ ਅਤੇ ਹੱਥੀਂ ਲਿਖ ਗਿਆਨ ਸਾਗਰ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਕਰ ਦਿੱਤਾ, ਉਹ ਹੀ "ਸ਼ਬਦ ਗੁਰੂ" ਹੈ। "ਸ਼ਬਦ ਗੁਰੂ" ਦੀ ਮਹਾਂਨਤਾ ਤੋਂ ਮਨੁੱਕਰ ਬਹੁਤੇ ਅਖੌਤੀ ਸਾਧ, ਸੰਤ, ਡੇਰੇਦਾਰ ਅਤੇ ਸੰਪ੍ਰਦਾਈ ਆਪੋ ਆਪਣੇ ਵੱਡੇ ਵਡੇਰਿਆਂ ਤੇ ਆਪਣੀਆਂ ਦੇਹਾਂ ਦੀ ਸ਼ਖਸ਼ੀ ਪੂਜਾ ਕਰਾਉਂਦੇ ਤੇ ਉਨ੍ਹਾਂ ਦੀਆਂ ਸਮਾਧਾਂ ਬਣਾ ਬਣਾ ਮੱਥੇ ਟੇਕਦੇ-ਟਿਕਾਉਂਦੇ ਅਤੇ ਅੱਗੇ ਤੋਂ ਅੱਗੇ ਗੱਦੀਦਾਰ ਥਾਪਦੇ ਹਨ। "ਸ਼ਬਦ ਗੁਰੂ", ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮੰਨਣ ਦੀ ਬਜਾਏ, ਆਪੋ ਆਪਣੇ ਬਣਾਏ ਗਏ ਮਹਾਂਪੁਰਖਾਂ ਦੀਆਂ ਮਨਘੜਤ ਕਥਾ ਕਹਾਣੀਆਂ ‘ਤੇ ਵੱਧ ਯਕੀਨ ਕਰਦੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਵਿਆਖਿਆ ਕਰਨ ਵਾਲਿਆਂ ਦੇ ਰਾਹ ਰੋਕਦੇ, ਗਾਲ੍ਹਾਂ ਕੱਢਦੇ, ਪੱਗਾਂ ਲਾਹੁੰਦੇ ਅਤੇ ਕਤਲ ਕਰਨ ਤੱਕ ਜਾਂਦੇ ਹਨ।

ਦਾਸ ਨੇ ਉਪ੍ਰੋਕਤ ਲੇਖ, ਗੁਰਮਤਿ ਦੀ ਰੌਸ਼ਨੀ ਵਿੱਚ ਵਿਚਾਰਨ ਦਾ ਯਤਨ ਕੀਤਾ ਹੈ। ਵਿਚਾਰ ਲਈ ਸਾਨੂੰ ਸਾਰਥਕ ਸ਼ਬਦ ਵਰਤਣੇ ਅਤੇ ਭੱਦੀ ਸ਼ਬਦਾਵਲੀ ਵਰਤ ਕੇ ਤਲਖੀ ਨਹੀਂ ਪੈਦਾ ਕਰਨੀ ਚਾਹੀਦੀ। ਅਜਿਹੇ ਸ਼ਬਦ ਵਿਚਾਰ ਯਤਨ ਸਦਾ ਚਲਦੇ ਰਹਿਣੇ ਚਾਹੀਦੇ ਹਨ। ਖੋਜ ‘ਚੋਂ ਕੁਝ ਨਾਂ ਕੁਝ ਉਪਜਦਾ, ਲੱਭਦਾ ਅਤੇ ਬਾਦਾਂ ਵਿੱਚ ਬਿਨਸਦਾ, ਇਸ ਲਈ ਮੈਂ ਤਾਂ ਗਿਆਨ ਦਾਤੇ ਗੁਰੂ ਕਰਤਾਰ ਤੋਂ ਬਲਿਹਾਰ ਜਾਂਦਾ ਹਾਂ-ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ॥ (੧੨੫੫) ਸੋ ਦੇਹਾਂ ਤੋਂ ਉੱਪਰ ਉੱਠ ਚੁੱਕੇ ਲੋਕ ਹੀ "ਸ਼ਬਦ ਗੁਰੂ" ਦੇ ਸਿਧਾਂਤ ਨੂੰ ਸਮਝ ਸਕਦੇ ਅਤੇ ਦੇਹਾਂ ਨਾਲ ਜੁੜੇ (ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ) ਪੜ੍ਹਦੇ ਹੋਏ ਅੱਜ ਵੀ ਪਾਖੰਡੀ ਸਾਧਾਂ-ਸੰਤਾਂ ਦੇ ਖਰੌੜੇ ਧੋ ਧੋ ਪੀਂਦੇ ਹੋਏ ਹੋਰ ਹੋਰ ਸੰਤਾਂ ਤੇ ਗ੍ਰੰਥਾਂ ਨੂੰ ਮੰਨੀ ਜਾ ਰਹੇ ਹਨ।


10/15/17
ਹਰਪਾਲ ਸਿੰਘ ਫਿਰੋਜ਼ਪੁਰੀਆ

" ਬੱਸ ਵਿੱਚ ਨਸ਼ੇ ਤੇ ਚਰਚਾ "
ਮੈਂ ਬੱਸ ਤੇ ਜਲੰਧਰ ਨੂੰ ਆ ਰਿਹਾ ਸਾਂ। ਲੋਕਾਂ ਵਿੱਚ ਨਸ਼ੇ ਤੇ ਗੱਲਬਾਤ ਹੋ ਰਹੀ ਸੀ। ਇੱਕ ਕਹਿ ਰਿਹਾ ਸੀ, ਸਰਕਾਰ ਨੇ ਸਖਤੀ ਕੀਤੀ ਏ ਕੋਈ ਵੈਸਾਖ ਵਿੱਚ ਝੋਨਾ ਲਾ ਕੇ ਦਿਖਾਵੇ ਸਾਂ, ਨਸ਼ੇ ਕਿਉਂ ਨਹੀ ਬੰਦ ਹੋ ਸਕਦੇ। ਇੱਕ ਹੋਰ ਕਹਿ ਰਿਹਾ ਸੀ, ਦਵਾਈ ਲੈਣ ਲਈ ਹਸਪਤਾਲ ਵਿੱਚ ਧੱਕੇ ਖਾਣੇ ਪੈਂਦੇ ਆ, ਚਿੱਟੇ ਦਾ ਜਹਿਰ ਓਹ ਘਰੇ ਦੇ ਜਾਂਦੇ ਨੇ, ਵੱਡੇ ਸਮੱਗਲਰਾਂ ਨੂੰ ਕੋਈ ਹੱਥ ਨਹੀ ਪਾਉਂਦਾ। ਇੱਕ ਮਾਤਾ ਜੋ ਬਹੁਤ ਦੁਖੀ ਨਜ਼ਰ ਆ ਰਹੀ ਸੀ, ਬਹੁਤ ਰੌਲਾ ਪਾ ਰਹੀ ਸੀ। 'ਇਹ ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ, ਲੋਕਾਂ ਦੀਆਂ ਕੁੜੀਆਂ ਤਲਾਕ ਲੈ ਲੈ ਕੇ ਘਰਾਂ ਨੂੰ ਆ ਰਹੀਆਂ ਨੇ, ਸਾਡੇ ਘਰ ਚਾਹ ਨਹੀ ਬਣਦੀ ਸੀ, ਅੱਜ ਸਾਰੇ ਸ਼ਰਾਬ ਪੀ ਰਹੇ ਨੇ, ਪਿੰਡ ਵਿੱਚ ਚਾਰ ਚਾਰ ਸ਼ਰਾਬ ਦੇ ਠੇਕੇ ਖੁਲੇ ਨੇ, ਮੈ ਆਪ ਬਹੁਤ ਦੁੱਖੀ ਆਂ, ਆਂਦਰਾਂ ਬਲਦੀਆਂ ਨੇ ਚਾਵਾਂ ਨਾਲ ਪਾਲੇ ਹੋਏ ,ਮਾਵਾਂ ਦੇ ਜਵਾਨ ਪੁੱਤ ਨਸ਼ਿਆਂ ਵਿੱਚ ਗਰਕ ਹੁੰਦੇ ਵੇਖ ਕੇ। ਸਾਰੇ ਆਪੋ ਆਪਣੀਆਂ ਦਲੀਲਾਂ ਨਾਲ ਸਰਕਾਰ ਦੇ ਸਿਰ ਤੇ ਭਾਂਡਾ ਭੰਨ ਰਹੇ ਸੀ। ਅੱਗੇ ਬੈਠਾ 55 ਕੁ ਸਾਲ ਦਾ ਪੈਂਟ ਕਮੀਜ਼ ਤੇ ਪੱਗ ਵਾਲਾ ਆਦਮੀ ਪਿੱਛੇ ਨੂੰ ਮੂੰਹ ਕਰਕੇ ਕਹਿੰਦਾ, ਮਾਤਾ ਗੁੱਸਾ ਨਾ ਕਰੀਂ । " ਕੋਈ ਵੀ ਨਸ਼ਾ ਸਾਡੇ ਮੂੰਹ ਵਿੱਚ ਨਹੀ ਪਾਉਂਦਾ, ਸਾਡਾ ਆਪਣਾ ਹੀ ਕਸੂਰ ਆ, ਮੇਰੇ ਕੋਲ ਕੱਖ ਨਹੀ ਸੀ। ਮੈਂ ਮਿਹਨਤ ਕਰਕੇ ਦਿੱਲੀ ਵਿੱਚ ਆਪਣਾ ਕਾਰੋਬਾਰ ਖੜਾ ਕੀਤਾ ਏ, ਜਿੰਦਗੀ ਵਿੱਚ ਅਨੇਕਾਂ ਝੱਖੜ ਝੁੱਲੇ, ਪਰ ਮੈਂ ਕਦੇ ਵੀ ਬਾਣੀ ਤੇ ਬਾਣੇ ਦਾ ਲੜ ਨਹੀ ਛੱਡਿਆ । ਮੇਰੇ ਦੋ ਜਵਾਨ ਪੁੱਤ ਨੇ ਦੋਵਾਂ ਨੇ ਆਪੇ ਅੰਮ੍ਰਿਤ ਛੱਕ ਲਿਆ, ਮੈਂ ਇੱਕ ਵਾਰ ਨਹੀ ਕਿਹਾ। ਅਸੀਂ ਦੋਵੇਂ ਜੀਅ ਬਚਪਨ ਤੋਂ ਹੀ ਹਰ ਐਤਵਾਰ ਉਨ੍ਹਾਂ ਨੂੰ ਦਿੱਲੀ ਦੇ ਕਿਸੇ ਨਾ ਕਿਸੇ ਗੁਰਦੁਆਰੇ ਲੈ ਕੇ ਜਾਂਦੇ ਰਹੇ ਹਾਂ। ਉੁੱਥੇ ਜਾ ਕੇ ਕਥਾ ਕੀਰਤਨ ਨਾਲੇ ਆਪ ਸੁਨਦੇ ਰਹੇ ਨਾਲੇ ਬੱਚਿਆਂ ਨੂੰ ਸੁਣਾਉਂਦੇ ਰਹੇ। ਸੇਵਾ ਨਾਲੇ ਆਪ ਕਰਦੇ ਰਹੇ ਨਾਲੇ ਬੱਚਿਆਂ ਨੂੰ ਕਹਿ ਕੇ ਕਰਵਾਉਂਦੇ ਰਹੇ। ਆਪਣੇ ਇਲਾਕੇ ਵਾਲੇ ਗੁਰਦੁਆਰੇ ਵਿੱਚ ਵੀ ਰੋਜ਼ ਸਵੇਰੇ ਜਾਂਦੇ ਹਾਂ, ਹੁਣ ਸਾਡੇ ਬੱਚੇ ਵੀ ਜਾਂਦੇ ਨੇ। ਪੰਜਾਬ ਵਿੱਚ ਕੀ ਆ, ਗੁਰਦੁਆਰੇ ਕੋਈ ਵੜਦਾ ਨਹੀ, ਭਾਈ ਕੱਲਾ ਹੀ ਸਵੇਰ ਸ਼ਾਮ ਦਾ ਪਾਠ ਕਰਕੇ ਘਰਾਂ ਨੂੰ ਤੁਰ ਜਾਂਦਾ ਏ। ਕੋਈ ਕਥਾ ਕੀਰਤਨ ਨਹੀ, ਜੇ ਕਿਤੇ ਕਥਾ ਕੀਰਤਨ ਹੋਵੇ ਵੀ ਤਾਂ ਕੋਈ ਵੜਦਾ ਨਹੀ , ਨਾ ਬੀਬੀਆਂ ਨਾ ਬੰਦੇ। ਨਾ ਸਾਡਾ ਬਾਣੀ ਨਾਲ ਤੇ ਨਾ ਹੀ ਸਾਡਾ ਬਾਣੇ ਨਾਲ ਪਿਆਰ ਏ। ਭਾਲਦੇ ਨੇ ਸਾਡੇ ਘਰ ਭਗਤ ਪੈਦਾ ਹੋਣ। ਜਿੱਥੇ ਸਿੱਖੀ ਪੈਦਾ ਹੋਈ, ਉੁੱਥੇ ਸਿੱਖ ਕੋਈ ਲੱਭਦਾ ਨਹੀ । ਦਿੱਲੀ ਵਿੱਚ ਕੋਈ ਵੀ ਸਰਦਾਰਾਂ ਦਾ ਮੁੰਡਾ ਤੁਹਾਨੂੰ ਮੋਨਾ ਨਹੀ ਮਿਲੂਗਾ, ਪੰਜਾਬ ਵਿੱਚ ਕੀ ਹਾਲ ਤੁਹਾਨੂੰ ਮੇਰੇ ਨਾਲੋਂ ਜਿਆਦਾ ਪਤਾ ਏ। ਗੁਰੂ ਨੇ ਪੁੱਤ ਵਾਰਕੇ ਸਰਦਾਰੀਆਂ ਦਿੱਤੀਆਂ ਸੀ, ਕੌਡੀ ਮੁੱਲ ਨਹੀ ਪਾਇਆ ਪੰਜਾਬੀਆਂ ਨੇ " ਉਹ ਆਦਮੀ ਆਪਣੀ ਲੋਰ ਵਿੱਚ ਦੁਖੀ ਜਿਹੇ ਹਿਰਦੇ ਨਾਲ ਕਿੰਨਾ ਚਿਰ ਬੋਲੀ ਗਿਆ। ਬੱਸ ਵਿੱਚ ਬੈਠੇ ਰੌਲਾ ਪਾ ਰਹੇ ਮਰਦਾ ਤੇ ਔਰਤਾਂ ਵਿੱਚੋਂ ਜਿਹਡ਼ੇ ਅੱਗੇ ਵੱਧ ਵੱਧ ਕੇ ਆਪਣੀ ਗੱਲ ਲੋਕਾਂ ਵਿੱਚ ਰੱਖ ਰਹੇ ਸੀ, ਕੋਈ ਕੁਸਕਿਆ ਤੱਕ ਨਹੀ। ਕਿਉਂਕਿ ਉਹ ਸਾਰੇ ਗੈਰ ਅੰਮ੍ਰਿਤਧਾਰੀ ਸਨ ਤੇ ਕਈ ਮੋਨੇ ਸਨ। ਦਿੱਲੀ ਵਾਲੇ ਆਦਮੀ ਦੇ ਚੁਪ ਹੋ ਜਾਣ ਤੋਂ ਬਾਦ ਇੱਕ ਘੰਟਾ ਬੱਸ ਚਲਦੀ ਰਹੀ, ਸਾਰੇ ਪਾਸੇ ਸੰਨਾਟਾ ਛਾਇਆ ਰਿਹਾ।
ਹਰਪਾਲ ਸਿੰਘ ਫਿਰੋਜ਼ਪੁਰੀਆ


10/15/17
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ )

ਰੱਬ ਦੇ ਦਾਸ !

ਹੁਕਮ-ਨਿਯਮ ਦੀ ਸਿੱਖਿਆ ਪੜ੍ਹਕੇ,
ਬਦਲਨ ਦੀ ਕਰਦੇ ਅਰਦਾਸ ।
ਫਿਰ ਅਖਵਾਉਂਦੇ ਰੱਬ ਦੇ ਦਾਸ ।।

'ਇਕਾ ਬਾਣੀ ਇਕੁ ਗੁਰੁ' ਕਹਿਕੇ,
ਸੋਚ ਨਾ ਛੱਡਣ ਬਿਪਰੀ ।
ਬਚਿੱਤਰੀ ਬੜੇ ਚਲਿੱਤਰੀ ।।


ਗੁਰ ਸਿੱਖਿਆ ਨੂੰ ਬੇਚਣ ਖਾਤਿਰ,
ਧਰਮ ਬਣਾਇਆ ਧੰਦਾ ।
ਪੁਜਾਰੀ ਸਦਾ ਹੀ ਗੰਦਾ ।।


ਸਿੱਖ ਇਤਿਹਾਸਿਕ ਯਾਦਾਂ ਢਾਹਕੇ,
ਉੱਪਰ ਲਾਤਾ ਸੰਗਮਰਮਰ ।
ਦੁਸ਼ਮਣ ਦਾ ਹੁਣ ਕੀ ਏ ਡਰ ।।


ਗੁਰਮਤਿ ਦੇ ਸਕੂਲ ਬਣਾਤੇ,
ਬਿਪਰੀ ਪੂਜਾ-ਘਰ ।
ਕਿੰਝ ਆਖੀਏ ਗੁਰੂ ਦੇ ਦਰ ।।


ਹਨੂਮਾਨ ਦੇ ਆਖ ਕਛਹਿਰੇ,
ਵਾਂਗ ਜਨੇਊਆਂ ਪਾਏ ।
ਗੁਰ ਸਿੱਖਿਆ ਨੂੰ ਬਾਏ-ਬਾਏ ।।


ਬਿਪਰ ਨੂੰ ਇਹ ਸਿੱਖ ਨੇ ਕਹਿੰਦੇ,
ਸਿੱਖ ਨੂੰ ਕਾਮਰੇਡ ।
ਬਿੱਜੂ-ਬੂਝੜ-ਧੂਤੇ-ਭੇਡ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ )


10/15/17
ਮੇਜਰ ਸਿੰਘ ਬੁਢਲਾਡਾ

ਕੰਮ ਲੁੱਚਾ ਨਾਮ 'ਸੁੱਚਾ

ਵਾਹ!ਜੀ ਵਾਹ!!

ਸੁੱਚਾ ਸਿੰਘ ਲੰਗਾਹ।

ਵੀਡੀਓ ਤੇਰੀ ਦੱਸਦੀ,

ਦਿੱਤਾ ਨਵਾਂ ਚੰਦ ਚੜਾਅ।

ਕਹਿੰਦੇ “ਮਜਬੂਰ ਔਰਤ ਦਾ ,

ਫਾਇਦਾ ਨਜਾਇਜ਼ ਉਠਾਅ।”

ਉਹਦੀ ਇੱਜ਼ਤ ਨਾਲ ਰਿਹਾ ਖੇਡਦਾ,

ਤੂੰ ਹੋਕੇ ਬੇ-ਪ੍ਰਵਾਹ।

ਕਰਤੂਤ ਵੇਖਕੇ ਤੇਰੀ ਸੁੱਚਿਆ,

ਲੋਕ ਰਹੇ ਲਾਹਨਤਾਂ ਪਾ।

ਕੰਮ ਲੁੱਚਾ ਨਾਮ 'ਸੁੱਚਾ',

ਦਿੱਤੀ ਨਾਮ ਨੂੰ ਲਾਜ ਲਵਾ।

ਵੈਸੇ ਤੂੰ ਬਣਕੇ ਸਿੱਖ ਗੁਰੁ ਦਾ,

ਪੈ ਗਿਆ ਸੀ ਪੁੱਠੇ ਰਾਹ।

ਮੇਜਰ ਸੱਚ ਸਿਆਣੇ ਆਖਦੇ,

"ਕੀਤਾ, ਜਾਂਦਾ ਅੱਗੇ ਆ"।

***************************************
'ਚੰਦ' 'ਮਾਮਾ'

'ਚੰਦ' ਨੂੰ 'ਮਾਮਾ' ਸਾਰੇ ਆਖਦੇ,
ਦੋਸਤੋ ! ਮੈਂ ਹਾਂ ਬੜਾ ਹੈਰਾਨ !
ਇਹ 'ਸਾਲਾ' ਲੱਗਦਾ ਕਿਸ ਦਾ?

ਜਰਾ ਦੇਵੋ ਮੇਜਰ ਨੂੰ ਗਿਆਨ।

ਮੇਜਰ ਸਿੰਘ 'ਬੁਢਲਾਡਾ'
94176 42327

********************************

'ਹਨੀਪ੍ਰੀਤ' ਫੜੀ ਗਈ ……..

'ਹਨੀਪ੍ਰੀਤ' ਫੜੀ ਗਈ ਆਖਰ ਨੇੜਿਓ ਹੀ,

ਪੁਲਿਸ ਭਾਲਦੀ ਰਹੀ ਦੂਰ-ਦੂਰ ਯਾਰੋ!

ਲੱਗੇ ਚਿੰਤਾ ਖਾ ਗਈ ਘੁੱਣ ਵਾਗੂੰ,

ਦਿਸੇ ਨਾ ਚਿਹਰੇ ਤੇ ਨੂਰ ਯਾਰੋ!

ਦਿੱਲੀ ਕੋਰਟ ਦੇ ਕਹਿਣ ਤੇ ਵੀ,

ਜੋ ਰਹੀ ਕਨੂੰਨ ਦੇ ਕੋਲੋ ਦੂਰ ਯਾਰੋ!

ਜਦ ਭੱਜਣ ਦਾ ਰਿਹਾ ਨਾ ਹੋਰ ਫਾਇਦਾ,

ਸਰੰਡਰ ਕਰਨ ਲਈ ਹੋ ਗਈ ਮਜਬੂਰ ਯਾਰੋ!

ਫਿਰ ਰੋ ਰੋ ਕੇ ਅੱਖੀਓਂ ਨੀਰ ਕੇਰੇ,

ਦੱਸੇ ਆਪਣੇ-ਆਪ ਨੂੰ ਬੇ-ਕਸੂਰ ਯਾਰੋ!

ਕੇਸ ਰਿੜਕਕੇ ਕੱਢੇ ਫੈਂਸਲੇ ਨੂੰ ਗਲਤ ਦੱਸੇ,

ਮੇਜਰ 'ਹਨੀ' ਪਾਪਾ ਦਾ ਰਹੀ ਪੱਖ ਪੂਰ ਯਾਰੋ!

ਮੇਜਰ ਸਿੰਘ 'ਬੁਢਲਾਡਾ'

94176 42327

********************************

'ਸੱਚ-ਝੂਠ ਦੀ ਸਿੱਖੋ ਪਰਖ ਕਰਨੀ '

"ਸਵਦੇਸ਼ੀ ਅਪਣਾਓ ‘ਤੇ ਦੇਸ਼ ਬਚਾਓ "
ਐਸਾ ਕੁਝ ਲੋਕ ਕਰਨ ਪ੍ਰਚਾਰ ਲੋਕੋ!

ਇਹਨਾਂ ਵਿਚ ਨੇ ਕੁਝ ਬੇ-ਸਮਝ,
ਕੁਝ ਨੇ ਬੜੇ ਹੁਸ਼ਿਆਰ ਲੋਕੋ!

ਸਰਕਾਰੀ ਫੈਸਲਿਆਂ ਮੁਤਾਬਕ ਲੋੜ ਖਾਤਰ,
ਸਮਾਨ ਆਉਂਦਾ ਤੇ ਜਾਂਦਾ ਬਾਹਰ ਲੋਕੋ!

ਭਾਰਤ ਵਿੱਚ ਹੀ ਨਹੀਂ ਲੈਣ-ਦੇਣ ਇਹ
ਚਲਦਾ ਪੂਰੇ ਵਿੱਚ ਸੰਸਾਰ ਲੋਕੋ !

ਕਿਉਂਕਿ ਲੋੜੀਦਾ ਹਰ ਸਮਾਨ ਸਾਰੇ,
ਸ਼ਾਇਦ ਕਿਤੇ ਨਹੀਂ ਹੁੰਦਾ ਤਿਆਰ ਲੋਕੋ!

ਜਹਾਜ਼ ਤੋਪਾਂ ਅਤੇ ਹੋਰ ਬੜਾ ਕੁਝ ,
ਬਾਹਰੋ ਲਿਆਉਣਾ ਪੈਂਦਾ ਕਈ ਵਾਰ ਲੋਕੋ!

'ਤੇਲ' ਤੇ ਚੱਲੇ ਵੱਡਾ ਕਾਰੋਬਾਰ ਸਾਡਾ,
ਕਿਵੇਂ ਲਵਾਂਗੇ ਇਸ ਬਿਨ ਸਾਰ ਲੋਕੋ!

ਲੇਵਲ ਭਾਰਤ ਦਾ ਬਹੁਤੇ ਸਮਾਨ ਉਤੇ,
ਹੁੰਦਾ ਭਾਰਤ ਤੋਂ ਬਾਹਰ ਤਿਆਰ ਲੋਕੋ !

ਗੁਮਰਾਹ ਕਰ ਰਿਹਾ ਭਾਰਤ ਵਾਸੀਆਂ ਨੂੰ
ਸਾਡੇ ਦੇਸ਼ ਦਾ ਚੋਰ ਬਜ਼ਾਰ ਲੋਕੋ!

ਬੜੀ ਤੇਜੀ ਨਾਲ ਫੈਲਦਾ ਝੂਠ ਇਥੇ
ਬਹੁਤੇ ਕਰਦੇ ਨਹੀ ਸੋਚ-ਵਿਚਾਰ ਲੋਕੋ!

ਇਥੇ ਆਮ ਹੀ ਭੰਬਲਭੂਸਿਆ ਵਿੱਚ
ਜੰਨਤਾ ਖਾ ਜਾਂਦੀ ਆ ਮਾਰ ਲੋਕੋ!

ਮੇਜਰ ਸੱਚ-ਝੂਠ ਦੀ ਸਿੱਖੋ ਪਰਖ ਕਰਨੀ,
ਫਿਰ ਕਿਤੇ ਨੀ ਖਾਓਂਗੇ ਮਾਰ ਲੋਕੋ!

ਮੇਜਰ ਸਿੰਘ 'ਬੁਢਲਾਡਾ'
94176 42327


10/01/17
ਅਮਰੀਕ ਸਿੰਘ ਰਾਜਪੁਰਾ

ਸਿੱਖ ਮਾਰਗ ਦੇ ਸਾਰੇ ਵੀਰਾਂ ਨੂੰ ,
ਵਾਹਿਗੁਰੂ ਜੀ ਕਾ ਖਾਲਸਾ ll
ਵਾਹਿਗੁਰੂ ਜੀ ਕੀ ਫਤਹਿ ll


ਇੱਕ ਪੋਸਟ ਆਮ ਕਰਕੇ ਪਾਈ ਜਾਂਦੀ ਹੈ ਕੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲਾ ਕੋਈ ਵੀ 153 ਦਿੰਨ ਤੋਂ ਪਹਿਲਾਂ ਖਤਮ ਕਰ ਦਿੱਤਾ ਗਿਆ ! ਇਸ ਗੱਲ ਦੀ ਪੂਰੀ ਸਚਾਈ ਕੀ ਹੈ ? ਮੇਹਰਬਾਨੀ ਕਰਕੇ ਤੱਥਾਂ ਦੇ ਅਧਾਰਤ ਦੱਸੀ ਜਾਣ ਦੀ ਕੋਈ ਵੀ ਸੱਜਣ ਕਿਰਪਾਲਤਾ ਕਰਨੀ ਜੀ -

ਧੰਨਵਾਦ ਅਮਰੀਕ ਸਿੰਘ ਰਾਜਪੁਰਾ


(ਸੰਪਾਦਕ ਵਲੋਂ ਜਵਾਬ:-ਸ: ਅਮਰੀਕ ਸਿੰਘ ਜੀ ਇਸ ਤਰ੍ਹਾਂ ਦੀਆਂ ਬੇਥਵੀਆਂ ਉਹ ਲੋਕ ਮਾਰ ਰਹੇ ਹਨ ਜਿਹਨਾ ਨੂੰ ਝੂਠ ਬੋਲ ਕੇ ਗੁਮਰਾਹ ਕਰਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੈ। ਹੁਣ ਤੱਕ ਬਹੁਤ ਸਾਰੇ ਲੋਕ ਇਸ ਤਰ੍ਹਾਂ ਲਿਖ ਕੇ ਸਿੱਖ ਮਾਰਗ ਨੂੰ ਭੇਜਦੇ ਰਹੇ ਹਨ। ਇਹ ਬੇਥਵੀਆਂ ਹੋਣ ਕਾਰਨ ਅਸੀਂ ਕੋਈ ਬਹੁਤਾ ਧਿਆਨ ਨਹੀਂ ਦਿੰਦੇ। ਪਰ ਜਦੋਂ ਸਿੱਖ ਮਾਰਗ ਦਾ ਰੈਗੂਲਰ ਪਾਠਕ ਪੁੱਛਦਾ ਹੈ ਤਾਂ ਉਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀ ਦੀ ਹੈ। ਕੋਈ ਅੱਠ ਕੁ ਸਾਲ ਪਹਿਲਾਂ ਵੀ ਮੈਂ ਇਸ ਦਾ ਜਵਾਬ ਦੇ ਚੁੱਕਾ ਹਾਂ ਜੋ ਕਿ ਪਾਠਕਾਂ ਦੇ ਪੰਨੇ ਤੇ ਪੜ੍ਹਿਆ ਜਾ ਸਕਦਾ ਹੈ। ਉਸ ਦਾ ਕੁੱਝ ਭਾਗ ਅਗਾਂਹ ਕਾਪੀ ਪੇਸਟ ਕਰ ਰਿਹਾ ਹਾਂ। ਬਰਨਾਲਾ ਅਤੇ ਕੇ. ਪੀ. ਐੱਸ. ਗਿੱਲ ਆਪਣੀ ਕੁਦਰਤੀ ਮੌਤੇ ਮਰੇ ਹਨ। ਕੀ ਇਹਨਾ ਤੇ ਇਹ ਗੱਲ ਲਾਗੂ ਹੋਈ ਹੈ। ਨੀਲਾ ਤਾਰਾ ਦੀ ਸਾਰੀ ਕਾਰਵਈ ਕੇ. ਐੱਸ. ਬਰਾੜ ਨੇ ਨਿਭਾਈ ਸੀ, ਉਹ ਹਾਲੇ ਵੀ ਜਿਉਂਦਾ ਹੈ। ਉਸ ਦੇ ਨਾਮ ਤੇ ਜਾਹਲੀ ਕਿਤਾਬਾਂ ਹੀ ਨਹੀਂ ਛਪਵਾਈਆਂ ਬਲਕਿ ਯੂ. ਕੇ ਵਿੱਚ ਉਸ ਨੂੰ ਮਾਰਨ ਲਈ ਹਮਲਾ ਵੀ ਹੋਇਆ ਸੀ। ਉਸ ਹਮਲੇ ਬਾਰੇ ਝੂਠੇ ਲੋਕਾਂ ਨੇ ਰੱਜ ਕੇ ਝੂਠ ਬੋਲਿਆ ਸੀ। ਅਗਾਂਹ ਅੱਠ ਸਾਲ ਪਹਿਲਾਂ ਦੇ ਜਵਾਬ ਦਾ ਕੁੱਝ ਹਿੱਸਾ ਕਾਪੀ ਪੇਸਟ ਕਰ ਰਿਹਾ ਹਾਂ।
1984 ਤੋਂ ਬਾਅਦ ਡੇਰਾਵਾਦੀਆਂ ਵਲੋਂ ਇਸ ਤਰ੍ਹਾਂ ਦੀਆਂ ਕਈ ਗੱਲਾਂ ਦਾ ਝੂਠਾ ਪਰਾਪੇਗੰਡਾ ਕੀਤਾ ਜਾਂਦਾ ਰਿਹਾ ਹੈ। ਕਈ ਮਨ ਘੜਤ ਸੌ ਸਾਖੀਆਂ ਦੇ ਰੂਪ ਵਿੱਚ ਕਿਤਾਬਾਂ ਛਪਵਾਈਆਂ ਗਈਆਂ ਕਿ ਇਹ ਗੁਰੂ ਸਾਹਿਬ ਜੀ ਨੇ ਭਵਿੱਖਤ ਬਾਣੀਆਂ ਕੀਤੀਆਂ ਸਨ ਕਿ ਹੁਣ ਆ ਹੋ ਜਾਣਾ ਹੈ ਜਾਂ ਇਤਨੇ ਚਿਰ ਨੂੰ ਔਹ ਹੋ ਜਾਣਾ ਹੈ। ਕਦੀ ਗੁਰਬਾਣੀ ਵਿਚਲੇ 78 ਅਤੇ 97 ਵਾਲੇ ਸੰਕੇਤਾਂ ਨੂੰ 1978 ਦੀ ਵਿਸਾਖੀ ਨਾਲ ਜੋੜ ਕੇ 97 ਵਿੱਚ ਕਥਿਤ ਖ਼ਾਲਿਸਤਾਨ ਬਣਨ ਦੇ ਸੁਪਨੇ ਲੈਂਦੇ ਰਹੇ ਸਨ।
ਹੁਣ ਮੈਂ --- ਸਿੰਘ ਦੀ ਚਿੱਠੀ ਦੀਆਂ ਅਖੀਰਲੀਆਂ ਦੋ ਗੱਲਾਂ ਜੋ ਕਿ ਇੰਦਰਾ ਗਾਂਧੀ ਅਤੇ ਅਹਿਮਦਸ਼ਾਹ ਅਬਦਾਲੀ ਬਾਰੇ ਹਨ ਸਿਰਫ ਉਹਨਾ ਬਾਰੇ ਹੀ ਸੰਖੇਪ ਜਿਹੀ ਜਾਣਕਾਰੀ ਸਾਂਝੀ ਕਰਾਂਗਾ। ਸਮੇਂ ਦੀ ਮਜਬੂਰੀ ਕਰਕੇ ਸਾਰੀਆਂ ਗੱਲਾਂ ਦੀਆਂ ਤਰੀਕਾ ਬਾਰੇ ਸਹੀ ਜਾਣਕਾਰੀ ਦੇਣੀ ਕੁੱਝ ਮੁਸ਼ਕਲ ਹੈ। ਹੋ ਸਕਦਾ ਹੈ ਕਿ ਕੋਈ ਇੱਕ ਅੱਧੀ ਗੱਲ ਠੀਕ ਵੀ ਹੋਵੇ। ਇਹ ਤਾਂ ਸਭ ਜਾਣਦੇ ਹਨ ਕਿ 1984 ਦਾ ਅਟੈਕ 3-6 ਜੂਨ ਨੂੰ ਹੋਇਆ ਸੀ ਅਤੇ ਇਸ ਨੂੰ ਮਨਾਉਂਦੇ ਵੀ ਬਹੁਤੇ 6 ਜੂਨ ਨੂੰ ਹੀ ਹਨ। ਪਰ ਇਹਨਾ ਨੇ 153 ਦਿਨ ਪੂਰੇ ਕਰਨ ਲਈ ਆਪਣੇ ਕੋਲੋਂ ਹੀ ਦੋ ਦਿਨ ਜੋੜ ਕੇ ਇਸ ਨੂੰ 1 ਜੂਨ ਲਿਖ ਦਿੱਤਾ ਹੈ। ਚਲੋ ਇਹ ਤਾਂ ਕੋਈ ਖਾਸ ਗੱਲ ਨਹੀਂ। ਅਹਿਮਦਸ਼ਾਹ ਅਬਦਾਲੀ ਬਾਰੇ ਇਹ ਤਰੀਕ 5 ਫਰਵਰੀ 1762 ਦੀ ਦਿੰਦੇ ਹਨ ਕਿ ਉਸ ਨੇ ਇਸ ਤਾਰੀਕ ਨੂੰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਜੋ ਕਿ ਸਰਾਸਰ ਗਲਤ ਹੈ। ਇਹ ਤਾਰੀਕ ਤਾਂ ਸਿੱਖਾਂ ਨਾਲ ਹੋਏ ਸਭ ਤੋਂ ਵੱਡੇ ਘੱਲੂਘਾਰੇ ਦੀ ਹੈ ਜਦੋਂ ਅਬਦਲੀ ਨੇ ਕਤਲੇਆਮ ਕਰਕੇ ਸਿੱਖਾਂ ਦੀ ਅੱਧੀ ਕੌਮ ਨੂੰ ਇੱਕ ਦਿਨ ਵਿੱਚ ਹੀ ਕਤਲ ਕਰ ਦਿੱਤਾ ਸੀ ਇਹ ਗਿਣਤੀ 25 ਤੋਂ 30 ਹਜ਼ਾਰ ਦੀ ਕਹਿੰਦੇ ਹਨ ਅਤੇ ਇਹ ਵਾਕਿਆ ਕੁੱਪ ਰਹੀੜਾ ਅਤੇ ਕੁਤਬਾ ਬਾਹਮਣੀਆਂ ਵਿੱਚ ਹੋਇਆ ਸੀ ਜੋ ਕਿ ਮਾਲਵੇ ਵਿੱਚ ਹੈ (ਇਹ ਮੈਂ ਯਾਦਦਾਸਤ ਦੇ ਅਧਾਰ ਤੇ ਹੀ ਲਿਖਿਆ ਹੈ ਹੋ ਸਕਦਾ ਹੈ ਸਪੈਲਿੰਗ ਕੁੱਝ ਗਲਤ ਵੀ ਹੋਣ) ਕਹਿੰਦੇ ਹਨ ਕਿ ਹਾਲੇ ਵੀ ਉਥੇ ਧਰਤੀ ਵਿਚੋਂ ਹੱਡੀਆਂ ਮਿਲਦੀਆਂ ਹਨ। ਇਸ ਤੋਂ ਬਾਅਦ ਅਪ੍ਰੈਲ 1762 ਵਿੱਚ ਉਹ ਦਰਬਾਰ ਸਾਹਿਬ ਢਾਹੁੰਦਾ ਹੈ। ਇਸ ਤੋਂ 6 ਕੁ ਮਹੀਨੇ ਬਾਅਦ ਫਿਰ ਉਸ ਦੀ ਸਿੱਖਾਂ ਨਾਲ ਲੜਾਈ ਹੁੰਦੀ ਹੈ। ਸੰਨ 1765 ਵਿੱਚ ਸਿੱਖ ਲਹੌਰ ਤੇ ਕਬਜ਼ਾ ਕਰਦੇ ਹਨ ਉਹ ਹਾਲੇ ਵੀ ਜਿੰਦਾ ਹੈ ਪਰ ਸਿੱਖਾਂ ਨਾਲ ਲੜਨ ਤੋਂ ਕੰਨੀ ਕਤਰਾਂਉਂਦਾ ਹੈ। ਅਹਿਮਦਸ਼ਾਹ ਅਬਦਾਲੀ ਨੇ ਅਖੀਰਲਾ ਹਮਲਾ ਪੰਜਾਬ ਤੇ ਸੰਨ 1767 ਵਿੱਚ ਕੀਤਾ ਸੀ ਪਰ ਇਹ 153 ਦਿਨਾਂ ਵਾਲੇ ਗੱਪੀ ਉਸ ਨੂੰ ਪੰਜ ਸਾਲ ਪਹਿਲਾਂ ਹੀ ਸੰਨ 1762 ਵਿੱਚ ਹੀ ਮਾਰ ਦਿੰਦੇ ਹਨ। ਹੈ ਨਾ ਕਮਾਲ!)


10/01/17
ਪ੍ਰਭਜੀਤ ਸਿੰਘ ‘ਧਵਨ`

ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ

੨੫ ਅਗਸਤ ੨੦੧੭ ਦਿਨ ਸ਼ੁਕਰਵਾਰ ਡੁਬਈ ਆਵੀਰ ਗੁਰਦੁਆਰਾ ਵਿਖੇ ਸਟੇਜ ਤੋਂ ਅਨਾਉਂਸ ਹੋਇਆ ਕਿ ੧ ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਤਿ ਦੀਵਾਨ ਸਜਣਗੇ ਅਤੇ ਦਿੱਲੀ ਤੋਂ ਆਏ ਕਥਾ ਵਾਚਕ ਭਾਈ ਅਮ੍ਰਿਤਪਾਲ ਸਿੰਘ ਜੀ ਇੱਕ ਘੰਟੇ ਲਈ ਹਾਜ਼ਰੀ ਭਰਨਗੇ।

ਘਰ ਵਾਪਸੀ ਦੌਰਾਨ ਮੇਰੀ ਸਿੰਘਣੀ ਨੇ ਪੁਛਿਆ ਕਿ ੨੩ ਅਗਸਤ ੨੦੧੭ ਨੂੰ ਕਿਸ ਦਾ ਪਹਿਲਾ ਪ੍ਰਕਾਸ਼ ਦਿਵਸ ਸੀ? ਮੈਂ ਹੱਸ ਪਿਆ ਤੇ ਪੁਛਿਆ ਕੀ ਦੱਸਾਂ? ਮੇਰੀ ਸਿੰਘਣੀ ਕਹਿਣ ਲੱਗੀ ਦੋਹਾਂ ਵਿੱਚੋਂ ਕਿਹੜਾ ਠੀਕ ਹੈ, ਦੱਸੋ? ਮੈਂ ਫਿਰ ਜ਼ੋਰ ਦੀ ਹੱਸ ਪਿਆ ਤੇ ਕਿਹਾ ਦੋਨੋ ਹੀ ਗਲਤ ਹਨ। ਮੇਰੀ ਸਿੰਘਣੀ ਨੇ ਇਸ ਦੀ ਜਾਣਕਾਰੀ ਲਈ ਬਹੁਤ ਉਤਸ਼ਾਹ ਦਿਖਾਇਆ। ਮੈ ਕਿਹਾ ਘਰ ਦੋ ਖੋਜ਼ੀ ਸਿੰਘਾਂ ਨੂੰ ਬੁਲਾਉਂਦਾ ਹਾਂ ਅਤੇ ਇਸ ਵਿਸ਼ੇ ਉਪਰ ਸਾਂਝੇ ਤੌਰ ਤੇ ਵਿਚਾਰ ਕਰਾਂਗੇ।

ਸੋ ੨੬ ਅਗਸਤ ੨੦੧੭ ਸ਼ਨਿਚਰਵਾਰ ਨੂੰ ਭਾਈ ਗੁਰਸ਼ਰਨ ਸਿੰਘ ਜੀ, ਕਿਰਤੀ ਸਿੰਘ ਜੋ ਡੁਬਈ ਆਵੀਰ ਗੁਰਦੁਆਰੇ ਵਿੱਚ ਸੰਥਿਆ ਅਤੇ ਸ਼ਬਦ ਵਿਚਾਰ ਦੀ ਸੇਵਾ ਸੰਭਾਲਦੇ ਹਨ ਅਤੇ ਭਾਈ ਪਰਮਜੀਤ ਸਿੰਘ ‘ਕੋਹਲੀ` ਅਤੇ ਉਹਨਾਂ ਦੀ ਸਿੰਘਣੀ ਸਾਡੇ ਘਰ ਸ਼ਾਰਜਹ ਵਿਖੇ ਮਿੱਥੇ ਸਮੇਂ ਤੇ ਰਲ ਮਿਲ ਬੈਠ ਕੇ ਵਿਚਾਰਾਂ ਸ਼ੁਰੂ ਕੀਤੀਆਂ।

ਮੈਂ ਆਪਣੀ ਸਿੰਘਣੀ ਨਾਲ ਹੋਈ ਗੱਲ-ਬਾਤ ਨਾਲ ਸਭ ਨੂੰ ਵਾਕਿਫ਼ ਕਰਵਾਇਆ ਤੇ ਵਿਚਾਰ ਗੋਸ਼ਟੀ ਸ਼ੁਰੂ ਹੋ ਗਈ। ਮੈਂ ਕਿਹਾ, ਦੇਖੋ ਅਸੀਂ ਕਹਿੰਦੇ ਹਾਂ ਕਿ ਬਾਬਾ ਬੁੱਢਾ ਜੀ, ਪਹਿਲੇ ਗ੍ਰੰਥੀ ਹਨ, ਸੋ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਤਾਂ ਤਾਬਿਆ ਵਿੱਚ ਕੌਣ ਬੈਠਾ ਸੀ? ਸਾਰੇ ਬੋਲੇ ਬਾਬਾ ਬੁੱਢਾ ਜੀ, ਹੋਰ ਕੌਣ? ਮੈਂ ਕਿਹਾ ਠੀਕ ਹੈ ਅਤੇ ਹੁਣ ਦੱਸੋ ਪੰਚਮ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਿੱਥੇ ਬੈਠੇ ਹੋਣਗੇ? ਸਭ ਨੇ ਕਿਹਾ ਸੰਗਤ ਵਿਚ, ਮੈਂ ਕਿਹਾ ਠੀਕ ਹੈ, ਹੁਣ ਦੱਸੋ ਇੱਕ ਸਿੱਖ ਜਦੋਂ ਦਰਬਾਰ ਵਿੱਚ ਆਏਗਾ ਤਾਂ ਪਹਿਲਾਂ ਕਿਸ ਨੂੰ ਮੱਥਾ ਟੇਕੇਗਾ? ਸਾਰਿਆ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਮੈਂ ਕਿਹਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸੀਨਾ-ਬਸੀਨਾ ਪੋਥੀਆਂ ਜੋ ਉਹਨਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਤੋਂ ਮਿਲੀਆਂ ਸਨ ਨੂੰ ਇੱਕ ਗ੍ਰੰਥ ਦੀ ਸੰਪਾਦਨਾ ਕੀਤੀ ਸੀ ਪਰ ਓਸ ਪੋਥੀ (ਗ੍ਰੰਥ) ਨੂੰ ਗੁਰੂ ਘੋਸ਼ਿਤ ਨਹੀਂ ਕੀਤਾ ਸੀ। ਗੁਰੂ ਦੀ ਪਦਵੀ ਤਾਂ ਦਸਮ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੋਥੀ (ਗ੍ਰੰਥ) ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਨਾਲ ਜੋੜਿਆ ਸੀ। ਭਾਵੇਂ ਕਿ:-

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। ੫।। (ਪੰਨਾ ੯੮੨)

ਸੰਪਾਦਨਾ ਕੀਤੇ ਗ੍ਰੰਥ ਵਿੱਚ ਮੌਜੂਦ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਸੰਪਾਦਨਾ ਵਾਲੇ ਗ੍ਰੰਥ ਵਿੱਚ ਭੱਟਾਂ ਦੇ ਸਵਈਏ:-

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ।।

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ।। ੭।। ੧੯।। (ਪੰਨਾ ੧੪੦੯)

ਵੀ ਮੌਜੂਦ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਕੀ ਇਹ ਕਹਾਣੀ ਪਹਿਲਾ ਪ੍ਰਕਾਸ਼ ਦਿਵਸ ਹੀ ਅੱਜ ਪੰਜਾਬ ਵਿੱਚ ਅਖੌਤੀ ਬਾਬਿਆਂ ਦੇ ਡੇਰਿਆਂ ਦੀ ਕਾਢ ਤਾਂ ਨਹੀਂ? ਸਾਰੇ ਅਖੌਤੀ ਬਾਬਿਆਂ ਦੇ ਡੇਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਪਰ ਅਖੌਤੀ ਬਾਬੇ ਅਪਣਾ ਆਸਣ ਗੁਰੂ ਦੇ ਬਰਾਬਰ ਜਾਂ ਓਸ ਤੋਂ ਵੀ ਸੋਹਣਾ ਬਣਾਇਆ ਹੋਇਆ ਤੁਸੀਂ ਆਮ ਦੇਖ ਸਕਦੇ ਹੋ।

ਹੋਰ ਗੁਰਮਤਿ ਵਿਚਾਰਾਂ ਵੀ ਹੁੰਦੀਆਂ ਰਹੀਆਂ ਪਰ ਇਸ ਵਿਸ਼ੇ ਬਾਰੇ ਲੇਖ ਲਿਖਣ ਤੋਂ ਪਹਿਲਾਂ ੧ ਸਤੰਬਰ ੨੦੧੭ਨੂੰ ਭਾਈ ਅਮ੍ਰਿਤਪਾਲ ਸਿੰਘ ਜੀ ਵਲੋਂ ਕਥਾ ਤੋਂ ਬਾਦ ਹੀ ਲਿਖਣ ਦਾ ਫੈਸਲਾ ਹੋਇਆ।

ਭਾਈ ਅਮ੍ਰਿਤਪਾਲ ਸਿੰਘ ਜੀ ਚੜ੍ਹਦੀ ਜਵਾਨੀ ਵਿੱਚ ਹਨ ਅਤੇ ਪੰਥ ਦੇ ਉਭਰਦੇ ਦਲੇਰ ਬੁਲਾਰੇ ਹਨ। ੧ ਸਤੰਬਰ ੨੦੧੭ ਉਹਨਾਂ ਨੇ:-

ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ।।

ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ।। ੧।। (ਪੰਨਾ ੭੨੧-੭੨੨)

ਸ਼ਬਦ ਦੀ ਵਿਆਖਿਆ ਕੀਤੀ ਅਤੇ ਪਹਿਲੇ ਪ੍ਰਕਾਸ਼ ਦੀ ਕਥਾ ਸਾਰੀ ‘ਗੁਰ ਬਿਲਾਸ ਪਾਤਸ਼ਾਹੀ ੬` ਪੁਸਤਕ ਵਾਲੀ ਹੀ ਦੁਹਰਾਈ, ਕੋਈ ਨਵੀਂ ਗੱਲ ਸੰਗਤਾਂ ਨਾਲ ਸਾਂਝੀ ਨਹੀਂ ਕੀਤੀ।

ਸਮਾਪਤੀ ਤੋਂ ਬਾਦ ੨੬ ਅਗਸਤ ਨੂੰ ਘਰ ਵਿੱਚ ਹੋਈ, ਵਿਚਾਰ ਗੋਸ਼ਟਿ, ਭਾਈ ਅਮ੍ਰਿਤਪਾਲ ਸਿੰਘ ਜੀ ਨਾਲ ਸਾਂਝੀ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਇਸ ਵਿਸ਼ੇ ਤੇ ਕੋਈ ਖੋਜ਼ ਨਹੀਂ ਕੀਤੀ ਪਰ ਜੋ ਸੁਣਾਇਆ ਹੈ, ਸਾਰਾ ਸੁਣਿਆ ਸੁਣਾਇਆ ਹੀ ਹੈ ਜੀ। ਜਦੋਂ ਦਾਸ ਨੇ ਉਹਨਾਂ ਨੂੰ ਦੱਸਿਆ ਕਿ ਆਪ ਜੀ ਨੇ ਜੋ ਵਿਚਾਰ ਸੰਗਤਾਂ ਸਾਮ੍ਹਣੇ ਰੱਖੇ ਹਨ ਉਹ ਸਾਰੇ ਹੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਹੀ ਛਾਪੀ ਕਿਤਾਬ ‘ਗੁਰ ਬਿਲਾਸ ਪਾਤਸ਼ਾਹੀ ੬`ਕਿਤਾਬ ਦਾ ਸੰਗਤਾਂ ਦੇ ਵਿਰੋਧ ਕਾਰਨ ਬਜ਼ਾਰ (Market) ਚੋਂ ਕਿਤਾਬਾਂ ਵਾਪਿਸ ਲੈਣੀਆਂ ਪੈ ਗਈਆਂ ਸਨ, ਦੇ ਵਿੱਚ ਹੀ ਹੈ ਤਾਂ ਉਹਨਾਂ ਨੇ ਕਿਹਾ, ਕਿਤਾਬ ‘ਗੁਰੂ ਬਿਲਾਸ ਪਾਤਸ਼ਾਹੀ ੬` ਪੁਸਤਕ ਉਹਨਾਂ ਨੇ ਨਹੀਂ ਪੜ੍ਹੀ।

ਮੇਰੀ ਹੈਰਾਨੀ ਦੀ ਤਦੋਂ ਹੱਦ ਹੋ ਗਈ ਜਦੋਂ ਡੁਬਈ ਦੀ ਸੰਗਤਾਂ ਨਾਲ ਇਹ ਵੀਚਾਰ ਸਾਂਝੇ ਕਰਨ ਦੌਰਾਨ ਕਿਸੀ ਇੱਕ ਨੇ ਵੀ ਖੁਲ੍ਹ ਕੇ ਆਪਣੇ ਨਿਰਪੱਖ ਵਿਚਾਰ ਦਾਸ ਨਾਲ ਸਾਂਝੇ ਨਹੀਂ ਕੀਤੇ। ਇੱਕ ਗੁਰਮੁਖਿ ਪਿਆਰੇ ਨੇ ਤਾਂ ‘ਗੁਰੂ ਦੀ ਗੁਰੂ ਹੀ ਜਾਣੇ` ਕਹਿ ਕੇ ਪਾਸੇ ਹੋ ਗਏ। ਮੈਂ ਕਿਹਾ ਗੁਰੂ ਦੀ ਗੁਰੂ ਹੀ ਜਾਣੇ ਨਾਲ ਤਾਂ ਮੈਂ ਸਹਮਿਤ ਹਾਂ, ਪਰ ਗੁਰੂ ਦੀ ਕੋਈ (ਮਜ਼ਾਕ) ਉਡਾਏ ਇਹ ਕਿਸ ਤਰ੍ਹਾਂ ਗਲੇ ਤੋਂ ਥੱਲੇ ਉਤਰ ਜਾਂਦਾ ਹੈ । ਮੈਂ ਹੋਰ ਉਤਸ਼ਾਹਿਤ ਹੋ ਕੇ ਇਸ ਲੇਖ ਦੀ ਖੋਜ ਹੋਰ ਡੂੰਘਾਈ ਨਾਲ ਸ਼ੁਰੂ ਕਰ ਦਿੱਤੀ ।

ਗੁਰੂ ਪਿਆਰਿਓ, ਪੋਥੀ ਸਾਹਿਬ ਤੋਂ ਗ੍ਰੰਥ ਦੀ ਸੰਪਾਦਨਾ, ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਤੇ ਫਿਰ ਪਹਿਲਾ ਪ੍ਰਕਾਸ਼, ਅਤੇ ਹੋਰ ਬਹੁਤ ਗੁਰਮਤਿ ਵਿਰੋਧੀ ਗੁਰਦੁਆਰਿਆਂ ਦੀ ਸਟੇਜਾਂ ਤੋਂ ਸੰਗਤਾਂ ਨਾਲ ਸਾਂਝ ਕਰਦੀਆਂ ਸਾਖੀਆਂ, ਸਾਰਾ ਹੀ ‘ਗੁਰ ਬਿਲਾਸ ਪਾਤਿਸ਼ਾਹੀ ੬` ਕਿਤਾਬਚੇ ਤੋਂ ਇਲਾਵਾ ਕਿਸੀ ਵੀ ਇਤਿਹਾਸਕ ਪੁਸਤਕ ਵਿਚੋਂ ਦੇਖਣ ਨੂੰ ਨਹੀਂ ਮਿਲਦਾ। ‘ਗੁਰ ਬਿਲਾਸ ਪਾਤਿਸ਼ਾਹੀ ੬` ਕਿਤਾਬ ਦਾ ਨਾ ਕੋਈ ਲਿਖਾਰੀ ਦਾ ਪਤਾ ਹੈ ਤੇ ਨਾ ਹੀ ਉਸ ਕਿਤਾਬ ਵਿੱਚ ਦੋ ਕਲਪਨਿਕ ਪਾਤਰ, ਇੱਕ ਸਿੱਖ ਭਗਤ ਸਿੰਘ ਅਤੇ ਦੂਸਰਾ ਅਖੌਤੀ ਭਾਈ ਮਨੀ ਸਿੰਘ ਦੀ ਵਾਰਤਲਾਪ ਕਦੋਂ ਤੇ ਕਿੱਥੇ ਹੋਈ ਦਾ ਥਾਂ ਪਤਾ ਲਿਖਿਆ ਹੈ? ਭਾਈ ਮਨੀ ਸਿੰਘ ਜੀ ਦਾ ਨਾਂ ਵਰਤ ਕੇ ਇਸ ਚਪਲ-ਬੁੱਧੀ ਲਿਖ਼ਾਰੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਜੁੜੇ ਸਿੱਖਾਂ ਦੇ ਪਿਆਰ ਦਾ ਦੁਰ-ਉਪਯੋਗ ਕੀਤਾ ਹੈ। ਇਸ ਚਪਲ-ਬੁੱਧੀ ਲਿਖ਼ਾਰੀ ਨੇ ਈਸਵੀ ੧੬੦੪ ਵਿਚ ਹੀ (ਗੁਰਿਆਈ ਮਿਲਣ ਤੋਂ ੧੦੪ ਸਾਲ ਪਹਿਲਾਂ ਹੀ) ਪ੍ਰਕਾਸ਼ਮਾਨ ਹੋਇਆ ਦਰਸਾਇਆ ਹੈ। ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਮਹਤੱਤਾ ਕੇਵਲ ਸ਼੍ਰੀ ਦਰਬਾਰ ਸਾਹਿਬ ਵਿਚ ਪ੍ਰਕਾਸ਼ਮਾਨ ਹੋਣ ਨਾਲ ਜੋੜਣ ਦਾ ਭਰਮ ਪੱਕਾ ਕਰਾਇਆ ਹੈ? ਇਹੀ ਕਾਰਨ ਹੈ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਰਬਾਰ ਸਾਹਿਬ ਵਿੱਚ ਸਸ਼ੋਭਿਤ ਹੋਏ ਨੂੰ ਸਿੱਖ ਸੰਗਤ ਮਹਤੱਤਾ ਦਿੰਦੀ ਹੈ, ਉਹੀ ਸਨਮਾਨ ਦਰਸ਼ਨੀ ਡਿਉੜੀ ਦੇ ਕਮਰਿਆਂ ਵਿੱਚ ਚਲ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਸਵਰੂਪਾਂ ਨੂੰ ਸਿੱਖ ਉਹੀ ਮਹਤੱਤਾ ਨਹੀਂ ਦਿੰਦਾ।

ਹਰਿਮੰਦਰ (ਦਰਬਾਰ ਸਾਹਿਬ) ਦੀ ਉਸਾਰੀ ਦੀ ਕਹਾਣੀ, ਕੋਠਾ ਸਾਹਿਬ ਅਤੇ ਅਕਾਲ ਤਖ਼ਤ ਦੀ ਉਸਾਰੀ, ਦੀ ਗਾਥਾ ਵੀ ਇਸ ਅਦਭੁਤ ਪੁਸਤਕ ‘ਗੁਰ ਬਿਲਾਸ ਪਾਤਿਸ਼ਾਹੀ ੬` ਤੋਂ ਹੀ ਮਿਲਦਾ ਹੈ। ਇਹ ਪੁਸਤਕ ੧੭੧੮ ਈਸਵੀ ਵਿਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੧੭੦੮ ਈਸਵੀ ਵਿੱਚ ਪ੍ਰਗਟ ਹੋਣ ਦੇ ੧੦ ਸਾਲ ਬਾਅਦ, ਅਚਨ-ਚੇਤ ਜੰਗਲਾਂ ਦੇ ਵਿੱਚ ਵਿਚਰਦੇ ਸਿੰਘਾਂ ਦੇ ਜੱਥਿਆਂ ਅੰਦਰ ਇਹਨਾਂ ਦੀਆਂ ਕਥਾਵਾਂ ਅਰੰਭੀਆਂ ਗਈਆਂ। ਇਸ ਤੋਂ ਪੁਰਾਣੀ ਪਹਿਲਾਂ ਕੋਈ ਪੁਸਤਕ ਸਿੱਖ ਇਤਿਹਾਸ ਵਿੱਚ ਨਹੀਂ ਲੱਭਦੀ ਜੋ ਇਹ ਪ੍ਰ੍ਰੋੜਤਾ ਕਰੇ ਕਿ ਪੰਚਮ ਗੁਰੂ ਨਾਨਕ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਪੋਥਿਆਂ ਤੋਂ ਗੁਰਬਾਣੀ ਸੰਪਾਦਨਾ ਕਰਕੇ ਗ੍ਰੰਥ ਸਾਜਿਆ ਸੀ।

ਪੋਥੀ, ਕਿ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ?

ਪੋਥੀਆਂ ਜੋ ਪੰਚਮ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਜੀ ਨੂੰ ਚੌਥੇ ਗੁਰੂ ਨਾਨਕ, ਗੁਰੂ ਰਾਮਦਾਸ ਜੀ ਤੋਂ ਸੀਨਾ-ਬਸੀਨਾ ਪ੍ਰਾਪਤ ਹੋਈਆਂ ਸਨ, ਉਹਨਾਂ ਦੀ ਸੰਪਾਦਨਾ ਗ੍ਰੰਥ ਰੂਪ ਵਿੱਚ ਵੀ ਇਸੀ ਪੁਸਤਕ ਤੋਂ ਮਿਲਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਪ੍ਰਬੰਧ ਦਾ ਵਰਨਣ:-

ਸਵੈਯਾ।।

ਸ੍ਰੀ ਗੁਰ ਲਾਇ ਦੀਵਾਨ ਤਬੈ, ਅਤਿ ਅਨੰਦ ਸੋਂ ਇਹ ਭਾਂਤ ਅਲਾਈ।

ਭਾਈ ਗੁਰਦਾਸ ਸੁਨੋ ਚਿਤ ਦੈ, ਅਬ ਸੇਤ ਰਚੋ ਭਵ ਸਿੰਧੁ ਤਰਾਈ।

ਗ੍ਰਿੰਥ ਜਹਾਜ ਕਰੋ ਇਨ ਪੋਥੀਅਨ, ਪੜ੍ਹ ਹੈ ਸੁਨਿ ਹੈ ਨਰੁ ਜੋ ਦਰਸਾਈ।

ਮ੍ਰਿਤੰ ਭਵ ਤਾਹਿ ਮਿਟੈ ਨਰ ਕੀ, ਪੁਨਿ ਅੰਤ ਸਮੇ ਗੁਰ ਸਿਮ੍ਰਿਤਿ ਪਾਈ।। ੩੦੯।।

(ਗੁਰ ਬਿਲਾਸ ਪਾਤਿਸ਼ਾਹੀ ੬)

ਭਾਵ ਇਹ ਤਜ਼ਰਬੇਕਾਰ ਗੁੰਮਨਾਮ ਵਿਦਵਾਨ ਪ੍ਰੋਹਿਤ ਜੀ, ਗਿਆਨਦਾਤਾ ਪੰਚਮ ਪਾਤਸ਼ਾਹ ਜੀ ਦੇ ਹੀ ਮੁਖਾਰਬਿੰਦ ਵਿੱਚ ਇਹ ਬਚਨ, ਗ੍ਰਿੰਥ ਜਹਾਜ ਕਰੋ ਇਨ ਪੋਥੀਅਨ, ਪੜ੍ਹ ਹੈ ਸੁਨਿ ਹੈ ਨਰੁ ਜੋ ਦਰਸਾਈ। ਮ੍ਰਿਤੰ ਭਵ ਤਾਹਿ ਮਿਟੈ ਨਰ ਕੀ ਪੁਨਿ ਅੰਤ ਸਮੇ ਗੁਰ ਸਿਮ੍ਰਿਤਿ ਪਾਈ।। ੩੦੯।। ਪਾ ਕੇ ਗੁਰੂ-ਸ਼ਬਦ ਗਿਆਨ ਨੂੰ ਸਮਝ ਕੇ ਉਸ ਅਨੁਸਾਰ ਜੀਵਨ-ਜੁਗਤ ਸੁਆਰਨ ਦੀ ਲੋੜ ਦਾ ਭੋਗ ਪਾ ਦਿੱਤਾ? ਇਹ ਦੁੱਖਦਾਈ ਉਪਦਰ ਵੀ ਪੰਚਮ ਪਾਤਸ਼ਾਹ ਜੀ ਦੀ ਜ਼ਬਾਨੀ?

(ਗੁਰੂ) ਗਰੰਥ (ਸਾਹਿਬ) ਜੀ ਦਾ ਪਹਿਲਾ ਹੁਕਮਨਾਮਾ?

ਦੋਹਰਾ।। ਏਕ ਘਰੀ ਨਿਸਿ ਜਬ ਰਹੀ ਸ੍ਰੀ ਗੁਰ ਆਗਿਯਾ ਪਾਇ।

ਸਾਹਿਬ ਬੁਢੇ ਅਦਬ ਸੋਂ ਖੋਲਯੋ ਗ੍ਰਿੰਥ ਬਾਨਇ।। ੨੫।।

ਆਪ ਚੌਰ ਸ੍ਰੀ ਗੁਰ ਕਰਤ ਬੁਢੇ ਲਈ ਅਵਾਜ।

ਏਕ ਚਿਤ ਸੰਗਤਿ ਸੁਨੈ ਸਭਿ ਮਨਿ ਸ਼ਾਂਤਿ ਬਿਰਾਜ।। ੨੬।।

ਅਰਥ:- ਇੱਕ ਘੜੀ ਰਾਤ ਰਹਿੰਦੀ ਸੀ ਕਿ, ਸਤਿਗੁਰੂ ਜੀ ਦੀ ਆਗਿਆ ਲੈ ਕੇ ਬਾਬਾ ਬੁੱਢਾ ਜੀ ਨੇ ਬੜੇ ਸਤਕਾਰ ਨਾਲ ਗ੍ਰੰਥ ਸਾਹਿਬ ਜੀ ਨੂੰ ਖੋਲਿਆ। ਸਤਿਗੁਰੂ ਜੀ ਚੌਰ ਕਰਦੇ ਰਹੇ ਜਦ ਕਿ ਬਾਬਾ ਜੀ ਨੇ ਹੁਕਮਨਾਮਾ ਲਿਆ ਜਿਸ ਨੂੰ ਸੰਗਤਿ ਨੇ ਸਾਂਤ ਚਿਤ ਹੋ ਸੁਣਿਆ। (੨੫ੱ੨੬)

ਚੌਪਈ।। ਐਸ ਅਵਾਜ ਗ੍ਰਿੰਥ ਗੁਰ ਲਈ। ਸੁਨਿ ਗੁਰਸਿੱਖ ਮਨਿ ਅਨੰਦ ਪਾਈ।

ਸੰਤ ਕੇ ਕਾਰਜ ਆਪਿ ਖਲੋਯਾ। ਕਾਰ ਕਢਨ ਹਿਤ ਕਾਮਾ ਹੋਆ।। ੨੭।।

ਅਰਥ:- ਗੁਰੂ ਗ੍ਰੰਥ (ਸਾਹਿਬ) ਤੋਂ ਅਜੇਹਾ ਮੁਖਵਾਕ ਆਇਆ ਜਿਸ ਨੂੰ ਸੁਣ ਕੇ ਸੰਗਤਿ ਬੜੀ ਪ੍ਰਸੰਨ ਹੋਈ। ਸੰਤ ਦੇ ਕਾਰਜ ਸੁਆਰਨ ਲਈ ਸਰੋਵਰ ਵਿਚੋਂ ਮਿਟੀ ਗਾਰਾ ਕੱਢਣ ਦੀ ਕਾਰ ਕਰਨ ਲਈ (ਪ੍ਰਭੂ) ਸੇਵਾਦਾਰ ਦਾ ਰੂਪ ਧਾਰ ਕੇ ਆ ਹਾਜ਼ਰ ਹੋਇਆ? । ੨੭।

ਅਦਭੁੱਤ ਲਿਖਾਰੀ ਨੇ ਪੂਰਾ ਸ਼ਬਦ ਉਚਾਰਨ ਦੇ ਵਜਾਇ ਸ਼ਰਧਾਲੂ ਸੱਜਣ ਭਗਤ ਸਿੰਘ ਜੀ ਨੇ ਇਕੋ ਪੰਗਤੀ ਤੋਂ ਹੀ ਪ੍ਰਸ਼ਨ ਕਰ ਦਿੱਤਾ?

ਭਗਤ ਸਿੰਘ ਸੁਨਿ ਸੰਸਾ ਪਾਯੋ। ਹੇ ਪ੍ਰਭ ਕਿਹ ਪਰਥਾਇ ਸੁਨਾਯੋ।

ਯਾ ਕਾ ਅਰਥ ਕਹੇ ਸੁਖ ਪਾਏ। ਕਾਰ ਕਥਨ ਹਿਤਿ ਕਿਮਪ੍ਰਭ ਆਏ।। ੨੮।।

ਟੂਕ ਵਿੱਚ ਸਿੰਘ ਸਾਹਿਬ ‘ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ` ਨੇ ਲਕੀਰ ਵਾਲੇ (Under line) ਤਿੰਨ ਲਫ਼ਜ਼ਾ ਦੇ ਅਰਥ ਇਸ ਤਰ੍ਹਾਂ ਲਿਖੇ ਹੋਏ ਹਨ:- ਹੇ = ਹੇ ਪੁਜਾਰੀ ਭਾਈ ਮਨੀ ਸਿੰਘ ਜੀ। ਯਾ ਕਾ = ਉਸ ਦਾ। ਕਾਰ = ਇਸ ਤਰ੍ਹਾਂ ਪ੍ਰਭੂ ਜੀ ਮਿੱਟੀ ਕੱਢਣ ਲਈ ਆਏ।

ਅਰਥ:- ਭਗਤ ਸਿੰਘ (ਸ਼ਹੀਦ) ਭਾਈ ਮਨੀ ਸਿੰਘ ਜੀ ਕੋਲੋਂ ਇਉਂ ਪੁਛਿਆ, ਹੇ ਪੂਜਨੀਕ ਭਾਈ ਮਨੀ ਸਿੰਘ ਜੀ। ਹੇ ਪ੍ਰਭੂ ਪਹਿਲਾਂ ਮੇਰਾ ਇਹ ਸੰਸਾ (ਭਰਮ) ਦੂਰ ਕਰ ਲਵੋ ਕਿ ਇਹ ਬਚਨ ਕਿਸ ਪ੍ਰਥਾਇ ਹਨ? ਇਸ ਦੇ ਅਰਥ ਕਹਿ ਸੁਣਾਉ ਤਾਂ (ਹਿਰਦਾ) ਸੁਖੀ ਹੋਵੇ ਕਿ (ਵਿਸ਼ਨੂੰ ਭਗਵਾਨ, ਹਰਿ ਜੀ, ਸੇਵਾਦਾਰਾਂ ਵਾਲਾ ਭੇਸ ਬਣਾ ਕੇ ਸਰੋਵਰ ਵਿਚੋਂ) ਮਿੱਟੀ ਕੱਢਣ ਦੀ ਸੇਵਾ ਤੇ ਕਿਵੇਂ ਆ ਲੱਗੇ ਸਨ? ਇਸ ਕਥਨ ਦਾ ਪੂਰਾ ਪਿਛੋਕੜ ਕੀ ਹੈ?

ਪੂਰਾ ਗੁਰੂ ਸ਼ਬਦ ਪੜ੍ਹਨਾਂ-ਸੁਣਨਾ ਤਾਂ ਦੂਰ ਰਿਹਾ, ਪਾਵਨ ਹੁਕਮਨਾਮੇ ਵਾਲਾ ਛੰਤ ਵੀ ਪੂਰਾ ਨਾ ਹੋਣ ਦਿੱਤਾ?

ਗੁਰਮਤਿ ਵਿਰੋਧੀ ਇਸ ਕਾਹਲ ਬਾਰੇ ਵੀ ਵੇਦਾਂਤੀ ਜੀ ਚੁੱਪ?

ਭਗਤ ਸਿੰਘ ਤੋਂ ਉਪਰੋਕਤ ਪ੍ਰਸ਼ਨ ਸੁਣਿਆ ਤਾਂ ਮਨੀ ਸਿੰਘ ਜੀ ਦੇ ਮੂੰਹੋਂ ਧੰਨ ਧੰਨ ਬਚਨਾਂ ਦੇ ਨਾਲ ਇਉਂ ਫੁਰਮਾਉਂਦੇ ਦਰਸਾ ਦਿੱਤੇ, - ਹੇ ਪਰਉਪਕਾਰੀ ਗੁਰਸਿਖ ਜੀ! ਤੁਸਾਂ ਠੀਕ ਪ੍ਰਾਚੀਨ ਨਿਰਣੈ ਪੂਰਵਕ ਗੱਲ ਪੁੱਛੀ ਹੈ। ਮੈਂ ਬਿਨਾ ਸੰਕੋਚ ਸਭ ਸੱਚ ਦੱਸਦਾ ਹਾਂ ਤੁਸੀ ਮਨ ਲਾ ਕੇ ਸ੍ਰਵਨ ਕਰੋ। ਇੱਕ ਸਮੇਂ ਜਦ ਗੁਰੁ ਅਰਜਨ ਸਾਹਿਬ ਜੀ ਸਰੋਵਰ ਤਿਆਰ ਕਰਵਾਉਣ ਲਈ ਮਿਟੀ ਪੁਟਵਾ ਰਹੇ ਸਨ ਤਾਂ ਵਿਸ਼ਨੂੰ ਭਗਵਾਨ ਜੀ ਨੂੰ ਫੁਰਨਾ ਫੁਰਿਆ ਤੇ ਉਨ੍ਹਾਂ (ਸਮੁੰਦਰ ਰਿੜਕਣ ਸਮੇਂ ਧੱਕੇ ਨਾਲ ਪਰਾਪਤ ਕੀਤੀ ਆਪਣੀ ਪਤਨੀ) ਲਛਮੀ ਜੀ ਨੂੰ ਆਖਿਆ ਕਿ, ਗੁਰੁ ਰਾਮਦਾਸ ਜੀ ਮੇਰਾ ਹੀ ਰੂਪ ਸਨ ਤੇ ਹੁਣ ਉਨ੍ਹਾਂ ਦਾ ਸਪੁੱਤਰ ਗੁਰੂ ਅਰਜਨ ਵੀ ਮੇਰਾ ਰੂਪ ਹੈ, ਉਸ ਵਿੱਚ ਮੇਰੇ ਵਿੱਚ ਕੋਰੀ ਭੇਤ ਨਹੀਂ ਹੈ। (ਚੌਪਈ ੨੯ ਤੋਂ ੩੨ ਤੱਕ)

ਚੌਪਈ।। ਤਿਹ ਸੁਤ ਗੁਰ ਅਮਰਦਾਸ ਸੁਖਕਾਰੀ। ਮਮ ਸਰੂਪ ਸੋ ਪ੍ਰਗਟ ਨਿਹਾਰੀ।

ਬਨਾਵਨ ਮਮ ਮੰਦਰ ਹੈ ਲਾਗਾ। ਸੁਧਾ ਸਰੋਵਰ ਰਚਿ ਵਡਭਾਗਾ।। ੩੩।।

ਅਰਥ:- ਉਸ ਦਾ ਸੁਖਕਾਰੀ ਪੁਤਰ ਗੁਰੂ ਅਰਜਨ ਜੋ ਵੇਖਣ ਨੂੰ ਮੇਰਾ ਹੀ ਰੂਪ ਹੈ। ਉਹ ਮੇਰਾ ਮੰਦਰ ਬਣਾਉਣ ਦੇ ਨਾਲ ਵੱਡਿਆਂ ਭਾਗਾਂ ਵਾਲਾ ਇੱਕ ਅੰਮ੍ਰਿਤ ਸਰੋਵਰ ਵੀ ਬਣਾ ਰਿਹਾ ਹੈ। ੩੩।

ਵਿਸ਼ਨੂੰ ਜੀ ਆਪਣੀ ਪਤਨੀ ਲਛਮੀ ਨੂੰ ਕਹਿੰਦੇ ਹਨ ਕਿ ਚਲੋ ਅਸੀਂ ਵੀ ਚਲ ਵੇਖੀਏ ਕਿ ਉਹ ਅਜੇਹੇ ਉਪਕਾਰ ਵਾਲਾ ਕੰਮ ਕਿਵੇਂ ਕਰਵਾ ਰਹੇ ਹਨ? ਜਿਸ ਬੇਅੰਤ ਪ੍ਰਭੂ ਦਾ ਜਸ ਵੇਦ ਵੀ ਗਾ ਰਹੇ ਹਨ, ਉਸ ਹਰਿ ਜੀ ਨੇ ਲਛਮੀ ਨੂੰ ਆਖਿਆ ਕਿ, ਸਾਨੂੰ ਆਪਣੇ ਏਸੇ ਰੂਪ ਵਿੱਚ ਉਸ ਥਾਂ ਨਹੀਂ ਜਾਣਾ ਚਾਹੀਦਾ। ਸੋ ਭਗਵਾਨ ਜੀ ਨੇ ਮਜ਼ਦੂਰਾਂ ਵਾਲਾ ਵੇਸ ਬਣਾ ਲਿਆ ਅਤੇ ਲਛਮੀ ਜੀ ਨੇ ਵੀ ਹੋਰ ਰੂਪ ਧਾਰਨ ਕਰ ਲਿਆ।

ਏਕ ਠੋਰ ਲਛਮੀ ਬੈਠਾਈ। ਕੌਤਕ ਕੀਨੁ ਆਪਿ ਸਾਂਈ।

ਕਹੀ ਕੰਧ ਟੋਕੀ ਸਿਰਿ ਧਾਰੈ। ਮਜੂਰ ਬਨਯੋ ਇਹ ਭਾਤ ਮੁਰਾਰੇ।। ੩੬।

ਜਗਤ ਦੇ ਭਗਵਾਨ ਜੀ ਨੇ ਮੋਢੇ ਤੇ ਕਹੀ ਤੇ ਸਿਰ ਤੇ ਟੋਕਰੀ ਚੁੱਕੀ ਤੇ ਸਰੋਵਰ ਵਿਚੋਂ ਮਿੱਟੀ ਪੁਟਣ ਜਾ ਲੱਗੇ। ਉਹ ਦੂਜਿਆਂ ਮਜ਼ਦੂਰਾਂ ਨਾਲੋਂ ਸੌ ਗੁਣਾ ਵੱਧ ਮਿੱਟੀ ਪੁੱਟ ਕੇ ਇੱਕ ਛਿਣ ਵਿੱਚ ਟੋਕਰੀ ਭਰ ਰਹੇ ਸਨ। ਭਗਤਾਂ ਦੇ ਵੱਸ ਵਿੱਚ ਆ ਟਿਕਣ ਵਾਲਾ ਭਗਵਾਨ ਕਿਵੇਂ ਕੌਤਕ ਆ ਕਰਦਾ ਹੈ? (ਚੌਪਈ ੩੪ ਤੋਂ ੩੯ ਤੱਕ)

ਚੌਪਈ।। ਗੁਰ ਅਰਜਨ ਦਿਖਿ ਬਿਸਮੈ ਪਾਯੋ। ਇਹ ਮਜੂਰ ਨੌਤਨ ਆਯੋ।

ਯਾ ਕੇ ਤਨ ਛਾਯਾ ਨਹਿ ਪਰੈ। ਇਹਭਗਵੰਤ ਹੈ ਔਰੁ ਨ ਨਰੈ।। ੪੦।।

ਅਰਥ:- ਗੁਰੂ ਅਰਜਨ ਜੀ ਵੇਖ ਕੇ ਹੈਰਾਨ ਹੋਏ ਕਿ, ਇਹ ਨਵਾਂ ਮਜ਼ਦੂਰ ਜਿਸ ਦਾ ਪਰਛਾਵਾਂ ਨਹੀਂ ਪੈ ਰਿਹਾ, ਸਿਵਾਏ ਭਗਵੰਤ ਦੇ ਕੋਈ ਮਨੁੱਖ ਤਾਂ ਹੋ ਹੀ ਨਹੀਂ ਸਕਦਾ। ੪੦।

ਇਹ ਕਹਿਣਾ ਕਿ ਨਜ਼ਰਾਂ ਨਾਲ ਵੇਖੇ ਜਾ ਰਹੇ ਕਿਸੇ ਅਕਾਰ ਦਾ ਪ੍ਰਛਾਵਾਂ ਨਾ ਹੋਵੇ ਕੁਦਰਤ ਵਿਰੋਧੀ ਫ਼ਜ਼ੂਲ ਭਰਮ ਹੈ।

ਤਬ ਭਗਵੰਤ ਕੀ ਉਸਤਤਿ ਗਾਏ। ਦਸਵਾਂ ਛੰਤ ਸੂਹੀ ਉਚਰਾਏ।

ਸੰਤਨ ਕਾਰਜ ਆਪਿ ਖਲੋਆ। ਕੰਮ ਪਰਾਵਣ ਕਾਮਾ ਹੋਆ।। ੪੧

ਅਚੁਤ ਪੁਰਖ ਬੇਦ ਜਸੁ ਗਾਵੈ। ਆਪਨਾ ਬਿਰਦ ਆਪ ਇਹ ਭਾਵੈ।

ਭਗਵੰਤ ਸੁਨੀ ਉਸਤਤਿ ਸੁਖੁ ਪਾਏ। ਅਨੰਦ ਵਸਿ ਹੈ ਦੇਹ ਭੁਲਾਏ।। ੪੨।।

ਜਿਹੜਾ ਗੁਰੂ ਸ਼ਬਦ ਪਹਿਲਾਂ ਹੁਕਮਨਾਮੇ ਵਜੋਂ ਦਰਸਾਇਆ ਸੀ, ਉਸੇ ਦਾ ਨਵਾਂ ਰੂਪ ਭਾਵ, ਗੁਰੂ ਬਾਣੀ ਦੀ ਦੋਬਾਰਾ ਖੰਡਨਾ? ਇਤਿਹਾਸ ਤਾਂ ਲਿਖਿਆ ਜਾ ਰਿਹਾ ਹੈ ਗਰਬਾਣੀ ਵਿਚੋਂ ਖੋਟ ਦੂਰ ਕਰਕੇ ਸ਼ੁੱਧ ਸਰੂਪ ਵਿੱਚ ਇਕੱਤ੍ਰ ਕਰਨ ਦਾ, ਪਰ ਕੁਟਲ ਲਿਖਾਰੀ ਆਪ ਗੁਰੂਬਾਣੀ ਦਾ ਰੂਪ ਵਿਗਾੜ ਰਿਹਾ ਹੈ। ਹਰਮਿੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਹਿਬ (ਅਜੋਕੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਸੰਬਰ ੨੦੦੨) ਗੁਰਬਾਣੀ ਤੋਂ ਅਗਿਆਨੀ ਪਾਠਕਾਂ ਨੂੰ ਭੁਲੇਖੇ ਵਿੱਚ ਪੈ ਜਾਣ ਤੋਂ ਰੋਕਣ ਲਈ ਕੋਈ ਉਚੇਚਾ ਨੋਟ ਨਹੀਂ ਦੇ ਰਹੇ। ਟੂਕ ਵਿੱਚ ੪ ਲਫ਼ਜਾਂ ਦੇ ਪਦ ਅਰਥ ਲਿਖ ਕੇ ਸਗੋਂ ਅਣਜਾਣ ਪਾਠਕਾਂ ਲਈ ਇਨ੍ਹਾਂ ਚੌਪਈਆਂ ਦੀ ਲਿਖਤ ਨੂੰ ਵੀ ਗੁਰਬਾਣੀ ਹੀ ਬਣਾ ਰਹੇ ਹਨ।

ਪਟਿਆਲੇ ਵਾਲੀ ਪੁਸਤਕ ਵਿੱਚ – "ਸੂਹੀ ਮਹਲਾ ੫ ਛੰਦ" –ਸਿਰਲੇਖ ਦੇ "ਛੰਦ" ਪਦ ਤੋਂ ਬਿਨਾਂ ਬਾਕੀ ਸੂਹੀ ਰਾਗ ਦੇ ਦਸਵੇਂ ਗੁਰੂ ਸ਼ਬਦ ਦਾ ਪਹਿਲਾ ਛੰਤ ਲਿਖਿਆ ਹੈ। ਸ੍ਰੀ ਗੁਰੂ ਗ੍ਰੰਥ ਸਹਿਬ ਅਨੁਸਾਰ ਉਹ ਪਾਵਨ ਛੰਤ ਇਉਂ ਹੈ:-

ਸੂਹੀ ਮਹਲਾ ੫।। ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ।।

ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ।।

ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ।।

ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ।।

ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ।। ੧।। (੭੮੩)

ਹਰਿਮੰਦਰ ਕੋ ਚਾਰ ਦਰ ਸੁੰਦਰ ਰਚੋ ਅਪਾਰ।

 

ਤਲਾਵ ਮਧਿ ਮੰਦਰੁ ਰਚੋ ਕਰਿਹੋ ਪੁਲ ਸੁਖੁ ਧਾਰਿ।। ੪੪।।

ਇਹ ਮੰਦਰ ਮਮ ਰੂਪ ਹੈ ਹਰਿਮੰਦਰ ਇਹੁ ਨਾਮੁ।

ਰਿਧਿ ਸਿਧਿ ਇਹ ਨਾਂ ਰਹੈ ਨਿਸ ਦਿਨ ਆਠੋਜਾਮ।। ੪੫।।

ਇਹ ‘ਮੰਦਰ` ਅਸਲ ਵਿੱਚ ਮੇਰਾ (ਵਿਸ਼ਨੂੰ) ਦਾ ਹੀ ਸਾਖਸ਼ਾਤ ਰੂਪ ਹੈ। (ਭਾਵ, ਹਰਿਮੰਦਰ ਦੇ ਰੂਪ ਵਿੱਚ ਮੈਂ ਆਪ ਉਵੇਂ ਹੀ ਅਸਥਿਤ ਹਾਂ, ਜਿਵੇਂ ਭਾਰਤ ਦੇ ਬਾਕੀ ਹਿਦੂੰ ਦੇਵ-ਮੰਦਰਾਂ ਵਿੱਚ ਮੂਰਤੀ ਰੂਪ ਵਿੱਚ ਸਥਾਪਤ ਹੋ ਕੇ ਪੂਜਿਆ ਜਾ ਰਿਹਾ ਹਾਂ। ਰਾਤ ਦਿਨ ਅਠੇ ਪਹਿਰ ਰਿਧੀਆਂ ਸਿਧੀਆਂ ਇਸ ਥਾਂ ਤੇ ਹਾਜ਼ਿਰ ਰਹਿਣਗੀਆਂ।। ੪੫।। ਸੁਜਾਨ ਪਾਠਕ ਨੂੰ ਜਪੁ ਸਾਹਿਬ ਦੀ ੨੯ਵੀਂ ਪਉੜੀ ਦੀ ਇਸ ਪੰਗਤੀ ਵਿਚਲਾ ਗੁਰਮਤਿ-ਸਿਧਾਂਤ ਰੂਪ ਫੁਰਮਾਨ ਵੀ ਜਰੂਰ ਯਾਦ ਹੋਵੇਗਾ- "ਰਿਧਿ ਸਿਧਿ ਅਵਰਾ ਸਾਦ" ਭਾਵ ਰਿਧੀਆਂ ਸਿਧੀਆਂ ਮਨੁੱਖ ਨੂੰ ਪ੍ਰਭੂ ਨਾਮ ਤੋਂ ਹਟਾ ਕੇ ਮਾਇਆ ਦੇ ਸੁਆਦ ਵਲ ਨੂੰ ਧੂ ਖੜਦੀਆਂ ਹਨ। ਸੋ ਜੋਗੀਆਂ ਵਾਲੀਆਂ ਇਨ੍ਹਾਂ ਰਿਧੀਆਂ ਸਿਧੀਆਂ ਦਾ ਗੁਰੂ ਦਰਬਾਰ ਦੇ ਨੇੜੇ ਆਉਣ ਦਾ ਕੀ ਕੰਮ ਸੀ?

ਗੁਰੂ ਨਾਨਕ ਸਾਹਿਬ ਜੀ ਦੇ ਧਰਮਸ਼ਾਲਾ ਸੰਕਲਪ ਨੂੰ ਮੰਦਰ ਦਾ ਰੂਪ ਦੇਣ ਦੀ ਸਿਰਫ਼ ਇਸੀ ਕਿਤਾਬਚੇ ‘ਗੁਰ ਬਿਲਾਸ ਪਾਤਿਸ਼ਾਹੀ ੬` ਦੀ ਹੀ ਦੇਣ ਹੈ। ਦਰਬਾਰ ਸਾਹਿਬ ਚ ਸ਼ਸ਼ੋਬਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਮੰਦਰ ਵਾਂਗ ਪੈਸੇ ਰੱਖ ਮੱਥਾ ਟੇਕਦੇ ਹਨ ਅਤੇ ਪਿੱਛੋਂ ਸੇਵਾਦਾਰ ਬਾਹਰ ਦਾ ਰਸਤੇ ਵੱਲ ਨੂੰ ਵਧਣ ਲਈ ਕਹਿ ਰਹੇ ਹੁੰਦੇ ਹਨ, ਖੜ੍ਹੋਨ ਜਾਂ ਬੈਠਣ ਦੀ ਕਮੀ? ਸੇਵਾਦਾਰ ਇਹ ਸੇਵਾ ਨਿਭਾਉਂਦੇ ਅੱਜ ਵੀ ਟੈਲੀਵਿਯਨ ਤੇ ਦੇਖਿਆ ਜਾ ਸਕਦਾ ਹੈ।

ਪਾਠਕ ਜੀ ਨੋਟ ਕਰਿਓ, ਕਿ ੧) ਪੰਚਮ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਜੀ ਨੇ ਸੀਨਾ-ਬਸੀਨਾ ਪਹਿਲੇ ਚਾਰ ਗੁਰੂ ਸਾਹਿਬਾਨਾਂ ਵਲੋਂ ਮਿਲੀ ਗੁਰਬਾਣੀ ਦੇ ਨਾਲ ਆਪਣੀ ਬਾਣੀ ਦੀ ਸੰਪਾਦਨਾ ਇੱਕ ਗ੍ਰੰਥ ਰੂਪ ਪੋਥੀ ੨) ਇਸ ਪੋਥੀ ਦਾ ਪਹਿਲਾ ਪ੍ਰਕਾਸ਼ ਅਤੇ ੩) ਪਹਿਲਾ ਹੁਕਮਨਾਮਾ (ਅਤੇ ਹੋਰ ਬਹੁਤ ਕੁਝ) ਸਿਰਫ਼ ਤੇ ਸਿਰਫ਼ ਇਸ ‘ਗੁਰ ਬਿਲਾਸ ਪਾਤਿਸ਼ਾਹੀ ੬` ਪੁਸਤਕ, ਜਿਹੜਾ ਕਿਸੇ ਗੁੰਮਨਾਮ ਲਿਖਾਰੀ ਨੇ ਸੰਨ੧੭੧੮ ਵਿਚ ਲਿਖਿਆ ਸੀ ਅਤੇ ਜੋ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ੪੦੦ ਸਾਲਾ ਜਨਮ ਦਿਵਸ ਤੇ ਜੂਨ ੧੯੯੮ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੋਹਰ ਹੇਠ ਪੰਥਕ ਤੌਰ ਤੇ ਜ਼ਾਰੀ ਕੀਤਾ ਗਿਆ ਸੀ। ਜਿਸ ਦੀ ਪੁਨਰ-ਸੰਪਾਦਨਾ ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਸੀਨੀਅਰ ਗ੍ਰੰਥੀ ਹਰਿਮੰਦਰ ਸਾਹਿਬ ਅਤੇ ਪ੍ਰੋਫੈਸਰ ਅਮਰਜੀਤ ਜੀ ਦੇ ਨਾਮ ਹੇਠ ੧੨ ਸਿਰਮੌਰ ਵਿਦਵਾਨਾਂ ਨੇ ‘ਸਿਰਲੇਖਾਂ` ਤੇ ਪ੍ਰਸੰਸਾ-ਪੱਤਰਾਂ ਦੁਆਰਾ ਛਪਿਆ।

ਇਸ ਪੁਸਤਕ ਨੂੰ ਜਦੋਂ ਗੁਰੂ ਬਾਣੀ ਦੀ ਕਸਵੱਟੀ ਉੱਪਰ ਸਰਦਾਰ ਗੁਰਬਖਸ਼ ਸਿੰਘ ਜੀ ‘ਕਾਲ਼ਾ ਅਫ਼ਗਾਨਾ` ਨੇ ਪਰਖਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਪੰਥ ਚੋਂ ਛੇਕ ਦਿੱਤਾ ਗਿਆ। ਜਦੋਂ ਹਰਮਨ ਪਿਆਰੇ ਰੋਜ਼ਾਨਾ ਸਪੋਕਸਮੈਨ ਦੇ ਚੀਫ਼Editior ਸਰਦਾਰ ਜੋਗਿੰਦਰ ਸਿੰਘ ਜੀ ਨੇ ਕਾਲ਼ਾ ਅਫ਼ਗਾਨਾ ਜੀ ਦੀ ਬੇ-ਖੌਫ਼ ਹਿਮਾਇਤ ਕੀਤੀ ਤਾਂ ਉਹਨਾਂ ਨੂੰ ਵੀ ਪੰਥ ਚੋਂ ਛੇਕ ਦਿੱਤਾ ਗਿਆ।

ਹੁਕਮ ਨਾ ਮੰਨਣਾ ਹੁਕਮ ਅਦੁੱਲੀ ਹੁੰਦਾ ਹੈ ਪਰ ਹੁਕਮ ਤੋਂ ਵੀ ਅੱਗੇ ਤੁਰ ਪੈਣਾ ਵੀ ਹੁਕਮ ਅਦੂਲੀ ਹੁੰਦਾ ਹੈ। ਦਸਮ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ‘ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ` ਜੋ ਉਹਨਾਂ ਨੇ ੧੭੦੮ ਈਸਵੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਸੌਂਪਣ ਤੇ ਉਚਾਰਿਆ ਸੀ, ਉਹਨਾਂ ਤੋਂ ੧੦੪ ਸਾਲ ਪਹਿਲਾਂ ਇੱਕ ਅਗਿਆਤ ਲਿਖਾਰੀ ਦੇ ਲਿਖਣ ਤੇ ੧੬੦੪ ਸੰਨ ਵਿੱਚ (ਗੁਰੂ) ਗ੍ਰੰਥ (ਸਾਹਿਬ) ਦਾ ਪਹਿਲਾ ਪ੍ਰਕਾਸ਼ ਦਿਵਸ ਅੱਜ ਤੱਕ ਮਨਾ ਰਹੇ ਹਾਂ। ਕੀ ਇਹ ਹੁਕਮ ਤੋਂ ਵੀ ਅੱਗੇ ਤੁਰ ਪੈਣ ਵੱਲ ਘੋਰ ਹੁਕਮ ਅਦੂਲੀ ਤਾਂ ਨਹੀਂ ਕਰ ਰਹੇ?

ਪਾਠਕ ਜੀ, ਜਿਸ ਵਿੱਚ ਨੋਵੇਂ ਪਾਤਸ਼ਾਹ ਦੀ ਬਾਣੀ ਅੰਕਤਿ ਹੀ ਨਹੀਂ ਅਤੇ ਗੁਰੁ ਅਰਜਨ ਪਾਤਸ਼ਾਹ ਜੀ ਨੇ ਗ੍ਰੰਥ ਨੂੰ ਗੁਰੂ ਉਪਾਧੀ ਵੀ ਨਹੀਂ ਦਿੱਤੀ, ਕੀ ਓਸ ਪੋਥੀ ਨੂੰ ਗੁਰੂ ਦਾ ਨਾਮ ਦੇ ਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਤਾਂ ਨਹੀਂ ਦੇ ਰਹੇ? ਕੀ ਅਸੀਂ ਜਦੋਂ ਪਹਿਲਾ ਪ੍ਰਕਾਸ਼ ਦਿਵਸ ਮਨਾਉਂਦੇ ਹਾਂ ਤਾਂ ਅਸੀਂ ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਜੀ ਨੂੰ ਪਿੱਠ ਨਹੀਂ ਦੇ ਰਹੇ ਹੁੰਦੇ ਜੀ।

ਆਖਿਰ ਵਿੱਚ ਸੁਹਿਰਦ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹਾਂਗਾ। ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ੯ ਮਹੀਨੇ ੧੩ ਦਿਨ ਸਾਬੋ ਕੀ ਤਲਵੰਡੀ ਵਿਖੇ ਸ਼ਾਂਤ ਮਹੌਲ (ਜ਼ੰਗਾਂ-ਯੁੱਧਾਂ ਤੋਂ ਬਾਦ) ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਸੀਨਾ-ਬਸੀਨਾ ਨੌਵੇਂ ਗੁਰੂ ਨਾਨਕ ਸ੍ਰੀ ਗੁਰੁ ਤੇਗ ਬਹਾਦਰ ਤੋਂ ਮਿਲੀ ਗੁਰੂ ਬਾਣੀ ਨੂੰ ਗ੍ਰੰਥ ਰੂਪ ਵਿੱਚ ਲਿਖਵਾਇਆ ਸੀ। ਇਹ ਗ੍ਰੰਥ ਜੋ ਕਿ ਨੰਦੇੜ (ਦੱਖਣੀ ਭਾਰਤ) ਆਪਣੇ ਜੀਵਨ ਕਾਲ ਦੇ ਅੰਤਿਮ ਦਿਨਾਂ ਵਿੱਚ ੧੭੦੮ ਈਸਵੀ ਇਸੇ ਹੀ ਗੁਰੂ-ਬਾਣੀ ਗ੍ਰੰਥ ਨੂੰ ਪ੍ਰਕਾਸ਼ ਕਰਕੇ ਆਪਣਾ ਬਰਕਤਾਂ ਵਾਲਾ ਸੀਸ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਸੀ ਅਤੇ ‘ਗੁਰੂ` ਘੋਸ਼ਿਤ ਕੀਤਾ ਸੀ। ਇਸ ਦਿਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਰੂਪ ਹੋਏ ਸੀ। ਇਸ ਤੋਂ ਪਹਿਲਾਂ ਸਾਰੇ ਜਗਤ ਦੇ ਕਿਸੇ ਵੀ ਮਨੁੱਖ ਦੇ ਖ਼ੁਆਬੋ-ਖਿਆਲ ਵਿੱਚ ਹੀ ਨਹੀਂ ਸੀ ਕਿ ਗ੍ਰੰਥ ਵੀ ਗੁਰੂ ਰੂਪ ਹੋ ਸਕਦੇ ਹਨ। ਇਸ ਤੋਂ ਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਉਤਾਰੇ ਹੋਏ ਅਤੇ ਗੁਰੂ ਘਰ ਦਾ ਵੈਰੀ ਅਤੇ ਗੁਰਮਤਿ ਵਿਰੋਧੀ ਇਸ ਗੁੰਮਨਾਮ ਲਿਖਾਰੀ ਨੇ ੧੭੧੮ ਈਸਵੀ ਵਿੱਚ ‘ਗੁਰ ਬਿਲਾਸ ਪਾਤਸ਼ਾਹੀ ੬` ਜੋ ਇਹ ੧੭੦੮ ਤੋਂ ਹੀ ਲਿਖਦਾ ਆ ਰਿਹਾ ਸੀ ਨੂੰ ੧੭੧੮ ਵਿੱਚ ਸਿੰਘਾਂ ਦੇ ਜੱਥਿਆਂ ਵਿੱਚ ਇਸ ਦੀਆਂ ਕਥਾਵਾਂ ਕਰਵਾਉਣ ਵਿੱਚ ਕਾਮਯਾਬ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਡੂੰਘੀ ਘਾਤ ਲਾ ਦਿੱਤੀ ਅਤੇ ਪੰਥ ਖ਼ਾਲਸਾ ਨੂੰ ਪੁੱਠੇ ਰਸਤੇ (ਭਟਕਨਾ) ਪਾ ਦਿੱਤਾ।

ਸੁਹਿਰਦ ਪਾਠਕ ਜੀ, ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਦੋਂ ਪਹਿਲੀ ਵਾਰ ਸਿੱਖ ਸੰਗਤਾਂ ਨੇ ਕੀਤੇ ਤਾਂ ਇਸ ਦੀ ਲਿਖਣ ਸ਼ੈਲੀ ਤੋਂ ਸੁਭਾਵਿਕ ਹੀ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਤੋਂ ਬਿਨਾ ਬਾਕੀ ਸਾਰੀ ਗੁਰਬਾਣੀ ਦੀ ਸੰਪਾਦਨਾ ਪੰਚਮ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੁਆਰਾ ਇੱਕ ਗ੍ਰੰਥ ਰੂਪ ਵਿੱਚ ਸੰਪਾਦਨਾ ਕਰਕੇ ਸੰਭਾਲ ਲਈ ਸੀ। ਇਸ ਦੀ ਪ੍ਰੋੜਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤਾਂ ਦੀ ਬਾਣੀ ਦੇ ਨਾਲ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਅਤੇ ਪੰਚਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਜੋੜ ਕੇ ਭਗਤਾਂ ਦੀ ਬਾਣੀ ਦੇ ਕੁੱਝ ਸ਼ਬਦਾਂ ਨੂੰ ਸਪੱਸ਼ਟਤਾ ਦਿੱਤੀ ਅਤੇ ਇਸ ਸੰਪਦਨਾ ਕੀਤੇ ਗ੍ਰੰਥ ਨੂੰ ਛੇਵੀਂ ਪਾਤਸ਼ਾਹੀ ਜੀ ਦੇ ਸਪੁਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਫਿਰ ਛੇਵੀਂ ਪਾਤਸ਼ਾਹੀ ਜੀ ਨੇ ਇਸ ਗੁਰਬਾਣੀ ਗ੍ਰੰਥ ਨੂੰ ਸੱਤਵੀਂ ਪਾਤਸ਼ਾਹੀ ਜੀ ਦੇ ਸੁਪਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਫਿਰ ਸਤਵੀ ਪਾਤਸ਼ਾਹੀ ਜੀ ਨੇ ਇਸ ਗੁਰਬਾਣੀ ਗ੍ਰੰਥ ਨੂੰ ਅੱਠਵੀਂ ਪਾਤਸ਼ਾਹੀ ਜੀ ਦੇ ਸੁਪਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਫਿਰ ਅੱਠਵੀਂ ਪਾਤਸ਼ਾਹੀ ਨੇ ਇਸ ਗੁਰਬਾਣੀ ਗ੍ਰੰਥ ਨੂੰ ਦਿੱਲੀ ਚਾਲੇ ਪਾਉਣ ਤੋਂ ਪਹਿਲਾਂ ਬਟਾਲੇ ਅੰਦਰ ਇਸ ਗੁਰਬਾਣੀ ਗ੍ਰੰਥ ਨੂੰ ਨੌਵੀਂ ਪਾਤਸ਼ਾਹੀ ਜੀ ਦੇ ਸੁਪਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ, ਅੰਤ ਵਿੱਚ ਨੌਵੀਂ ਪਾਤਸ਼ਾਹੀ ਨੇ ਇਸ ਗੁਰਬਾਣੀ ਗ੍ਰੰਥ ਦੇ ਨਾਲ ਆਪਣੀ ਲਿਖੀ ਗੁਰਬਾਣੀ ਸਮੇਤ ਦਸਵੇਂ ਪਾਤਸ਼ਾਹ ਜੀ ਦੇ ਸਪੁਰਦ ਕਰਕੇ ਗੁਰੂ ਦਾ ਰੁੱਤਬਾ ਦਿੱਤਾ।

ਅਗਿਆਤ ਲਿਖਾਰੀ ਜੋ ਕਿ ਗੁਰਮਤਿ ਦਾ ਵਿਰੋਧੀ ਸੀ ਨੇ ਇਹ ਅੰਦਾਜ਼ਾ ੧੭੦੮ ਈਸਵੀ ਵਿੱਚ ਹੀ ਲਗਾ ਲਿਆ ਸੀ ਅਤੇ ‘ਗੁਰ ਬਿਲਾਸ ਪਾਤਸ਼ਾਹੀ ੬` ਪੁਸਤਕ ਦੀ ਰਚਨਾ ਅਰੰਭ ਕਰ ਦਿੱਤੀ ਅਤੇ ੧੭੧੮ ਈਸਵੀ ਵਿੱਚ ਇਸ ਦੀਆਂ ਕਥਾਵਾਂ ਜੰਗਲਾਂ ਵਿੱਚ ਵਿਚਰਦੇ ਸਿੰਘਾਂ ਦੇ ਜੱਥਿਆਂ ਵਿੱਚ ਕਥਾਵਾਂ ਕਰਵਾਉਣ ਵਿੱਚ ਸਫਲ ਹੋ ਗਿਆ।

ਸੁਹਿਰਦ ਪਾਠਕ ਜੀ, ‘ਗੁਰ ਬਿਲਾਸ ਪਾਤਸ਼ਾਹੀ ੬` ਪੁਸਤਕ ਦੇ ਗੁੰਮਨਾਮ ਵਿਦਵਾਨ ਪ੍ਰੋਹਿਤ ਨੂੰ ਪੰਚਮ ਗੁਰੂ ਨਾਨਕ ਅਤੇ ਦਸਮ ਗੁਰੂ ਨਾਨਕ ਦੇ ਵਿਚਕਾਰਲੇ ਸਮੇਂ ਦੇ ਪੂਰਨ ਇਤਿਹਾਸ ਨਾਲ ਚੰਗੀ ਤਰ੍ਹਾਂ ਵਾਕਿਫ਼ ਸੀ ਅਤੇ ਇਸ ਸਮੇਂ ਦੌਰਾਨ ਗੁਰੂ ਨਾਨਕ ਦੀ ਸਿੱਖੀ ਅਤੇ ਸਿੱਖਾਂ ਦਾ ਗੁਰੂ ਨਾਨਕ ਜੀ ਅਤੇ ੯ ਗੁਰੂਆਂ ਦੇ ਸਿਧਾਂਤਾਂ ਤੋਂ ਜਾਨ ਵਾਰਨ ਤੋਂ ਵੀ ਨਾ ਸੰਕੋਚਨਾ, ਇਸ ਵਿਦਵਾਨ ਪ੍ਰੋਹਿਤ ਦੀ ਜੁਂਢਲੀ ਨੂੰ ਆਪਣੀ ਰੋਜ਼ੀ ਰੋਟੀ ਦੀ ਦੁਕਾਨ ਦਾ ਖ਼ਤਰਾ ਸੀ। ਸੋ ਇਸ ਦੂਰ ਅੰਦੇਸੀ ਤਜ਼ੁਰਬੇਕਾਰ ਜੁਂਢਲੀ ਨੇ ਸਿੱਖਾਂ ਨੂੰ ਗੁਰਬਾਣੀ ਤੋਂ ਤੋੜਣ ਲਈ ਘੋਰ ਗੁਰਮਤਿ ਵਿਰੋਧੀ ਕਥਾਵਾਂ ਨਾਲ ਭਰੀ ਇਸ ‘ਗੁਰ ਬਿਲਾਸ ਪਾਤਸ਼ਾਹੀ ੬` ਪੁਸਤਕ ਨੂੰ ੧੭੦੮ ਤੋਂ ੧੭੧੮ ਈਸਵੀ ਵਿੱਚ ਸੰਪੂਰਨ ਕਰਕੇ ਕਾਮਯਾਬੀ ਹਾਸਲ ਕਰਦਾ ਅੱਜ ਤੱਕ ਸਿੱਖਾਂ ਤੋਂ ਬਾਹਰ ਬੈਠਾ ਸਾਰੇ ਸਿੱਖ ਪੰਥ ਨੂੰ ਆਪਣੇ ਉਸਾਰੇ ਨਕਸ਼ੇ ਕਦਮ ਵਿੱਚ ਲੜਦੇ ਮਰਦੇ ਦੇਖ ਕੇ ਇਹ ਜੁਂਢਲੀ ਖੁਸ਼ ਹੋ ਰਹੀ ਹੈ।

ਸ਼ਬਦ ਵਿਚਾਰ ਨਾਲ ਜੁੜੇ ਸਿੱਖਾਂ ਦੀ ਚਰਣ ਧੂੜ।

ਪ੍ਰਭਜੀਤ ਸਿੰਘ ‘ਧਵਨ`

ਡੁਬਈ (ਯੂ. ਏ. ਈ.)

ਸੰਪਰਕ ਨੰ. +੯੭੧-੫੦-੮੯੫੪੨੯੪

E-Mail :psdhawan2@gmail.com


10/01/17
ਹਰਪਾਲ ਸਿੰਘ ਫਿਰੋਜ਼ਪੁਰੀਆ

ਬਾਬਾ ਕੌਮ ਦੀ ਸੇਵਾ ਕਰ ਰਿਹਾ ਜਾਂ ਕੌਮ ਤੋਂ ਆਪਣੀ ਕਰਵਾ ਰਿਹਾ ਏ ??
ਗਿਆਨ ਸਿੰਘ ਬਾਜ਼ ਦੀ ਅੱਖ ਵਾਲਾ ਆਪਣੇ ਪੋਤਰੇ ਨਾਲ ਪੱਕਾ ਡਰਾਇਵਰੀ ਲਾਇਸੰਸ ਬਣਾਉਣ ਲਈ ਜਿੱਥੇ ਕਾਰਾਂ ਤੇ ਮੋਟਰਸਾਈਕਲਾਂ ਦੀ ਟਰਾਈ ਲੈਂਦੇ ਆ, ਉੁੱਥੇ ਗਿਆ । ਉੁੱਥੇ ਅੱਠਾਂ ਨੌਵਾਂ ਕਾਰਾਂ ਵਿਚੋਂ ਇੱਕ ਸਭ ਤੋਂ ਮਹਿਗੀ ਨਵੇਂ ਮਾਡਲ ਦੀ ਕਾਰ ਖੜੀ ਸੀ, ਉਸਦੀ ਦਿੱਖ ਐਨੀ ਸੋਹਣੀ ਸੀ ਕਿ ਬਾਬਾ ਉਸਨੂੰ ਰੀਝ ਨਾਲ ਦੇਖਣ ਲਈ ਨੇਡ਼ੇ ਚਲਾ ਗਿਆ। ਕੀ ਵੇਖਦਾ ! ਕਿ ਸਾਹਮਣੇ ਸੀਸੇ ਦੇ ਸਾਇਡਾਂ ਤੇ ਲਿਖਿਆ ਕਾਰ ਸੇਵਾ।
ਵਿਚਕਾਰ ਲਿਖਿਆ ਸੰਤ ਮਹਾਰਾਜ ਬਾਬਾ ,,,,,, ਸਿੰਘ ਜੀ ਕਾਰ ਸੇਵਾ ਵਾਲੇ ।
ਬਾਬਾ ਹੁਣ ਇਸ ਗੱਡੀ ਨੂੰ ਲੈ ਕੇ ਆਉਣ ਵਾਲੇ ਨੂੰ ਲੱਭਣ ਲੱਗਾ। ਇੱਕ ਨੌਜਵਾਨ ਤੇ ਨਜ਼ਰ ਪਈ,
ਜੋ ਬਾਬੇ ਨੂੰ ਗੱਡੀ ਦੇ ਆਲੇ ਦੁਆਲੇ ਘੁੰਮਦਿਆਂ ਨੂੰ ਬੜੀ ਨੀਝ ਨਾਲ ਦੇਖ ਰਿਹਾ ਸੀ।
ਬਾਬੇ ਜਾ ਫਤਹਿ ਬੁਲਾਈ ਤੇ ਪੁੱਛਿਆ
'ਕਾਕਾ ਮੈਂ ਆਹ ਮਹਾਂਪੁਰਸ਼ਾਂ ਦਾ ਪਹਿਲੀ ਵਾਰੀ ਨਾਂ ਸੁਣਿਆ,ਇਨ੍ਹਾਂ ਬਾਰੇ ਦੱਸੋ ਕੁੱਝ ?
ਨੌਜਵਾਨ ਨੇ ਦੱਸਿਆ ਕਿ, "ਇਹ ਬਾਬਾ ਜੀ ਹੁਣ ਤੱਕ ਇਨ੍ਹਾਂ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਦੀ ਸੇਵਾ ਕਰਵਾ ਚੁੱਕੇ ਨੇ।""
ਬਾਬਾ ਜੀ ਕਹਿਣ ਲੱਗੇ, ਕੁੱਝ ਹੋਰ ਦੱਸੋ, ਇਨ੍ਹਾਂ ਬਾਰੇ ?
ਨੌਜਵਾਨ ਕਹਿਣ ਲੱਗਾ,
"ਇਹ ਮਹਾਂਪੁਰਸ਼ ਬਹੁਤ ਕਰਨੀ ਤੇ ਸੇਵਾ ਭਾਵਨਾ ਵਾਲੇ ਨੇ, ਬਾਬਾ ਜੀ ਨੇ ਜਵਾਨੀ ਵਿੱਚ ਹੀ ਆਪਣਾ ਘਰ ਬਾਰ ਛੱਡ ਕੇ ਕੌਮ ਦੀ ਸੇਵਾ ਕਰਨ ਦਾ ਮਨ ਬਣਾ ਲਿਆ ਸੀ। ਬਾਬਾ ਜੀ ਹੁਣੀ ਤਿੰਨ ਭਰਾਂ ਨੇ, ਬਾਬਾ ਜੀ ਹੁਣਾ ਨੂੰ ਦੋ ਦੋ ਕਿਲੇ ਜਮੀਨ ਦੇ ਆਉਂਦੇ ਸੀ, ਬਾਬਾ ਜੀ ਨੇ ਉਹ ਦੋ ਕਿਲੇ ਦੀ ਆਪਣੇ ਭਰਾਵਾਂ ਨੂੰ ਦੇ ਦਿੱਤੇ ਤੇ ਆਪ ਕੌਮ ਦੀ ਸੇਵਾ ਵਿੱਚ ਲੱਗ ਗਏ।"
ਬਾਬਾ ਜੀ ਨੇ ਫੇਰ ਪੁੱਛਿਆ,ਕਾਕਾ ਆਹ ਗੱਡੀ ਕਿੰਨੇ ਕੁ ਦੀ ਆ ?
ਨੌਜਵਾਨ ਕਹਿੰਦਾ,
" ਪੱਕਾ ਤਾ ਪਤਾ ਨਹੀ, ਮੇਰੇ ਹਿਸਾਬ ਨਾਲ 14-15 ਲੱਖ ਤੋਂ ਥੱਲੇ ਨਹੀ ਹੋਵੇਗੀ। ਬਾਬਾ ਜੀ ਨੇ ਦੂਰ ਤੱਕ ਆਉਣਾ ਜਾਣਾ ਹੁੰਦਾ ਏ, ਦੂਰ ਦਾ ਸਫਰ ਕਰਨ ਵਿੱਚ ਪਰੇਸ਼ਾਨੀ ਨਾ ਹੋਵੇ, ਇਸ ਲਈ ਸੰਗਤਾਂ ਨੇ ਰਲ ਮਿਲ ਕੇ ਲੈ ਕੇ ਦਿੱਤੀ ਏ।"
ਬਾਬਾ ਜੀ ਕਹਿਣ ਲੱਗੇ,
"ਫਿਰ ਏ ਕੌਮ ਦੀ ਸੇਵਾ ਨਹੀ ਕਰਦਾ, ਕੌਮ ਤੋਂ ਆਪਣੀ ਸੇਵਾ ਕਰਵਾ ਰਿਹਾ ਏ ।"
ਨੌਜਵਾਨ ਕਹਿਣ ਲੱਗਾ ਬਾਬਾ ਜੀ, ਮੈਂ ਕੁੱਝ ਸਮਝਿਆ ਨਹੀ ?
ਬਾਬਾ ਕਹਿਣ ਲੱਗਾ " ਦੇਖ ਪੁੱਤਰਾ, ਦੋ ਕਿਲੇ ਵਾਲਾ ਕਿਸਾਨ ਤਾਂ ਅੱਜ ਦੇ ਮਹਿਗਾਈ ਦੇ ਜਮਾਨੇ ਵਿੱਚ ਆਪਣੇ ਪੁਰਾਣੇ ਲਏ ਮੋਟਰਸਾਈਕਲ, ਸਕੂਟਰ ਦੀ ਸਰਵਿਸ ਵੀ ਛਿਆਂ ਮਹੀਨਿਆਂ ਦੀ ਬਜਾਏ, ਸਾਲ ਬਾਅਦ ਕਰਵਾਉਂਦਾ ਏ, ਕਿਉਂਕਿ ਘਰਦੇ ਹੋਰ ਖਰਚੇ ਨਹੀ ਪੂਰੇ ਹੁੰਦੇ।
ਇਹ ਬਾਬਾ ਕੌਮ ਦੇ ਪੈਸੇ ਨਾਲ 14-15 ਲੱਖ ਦੀ ਬਰਾਂਡਡ ਗੱਡੀ ਲੈ ਕੇ ਘੁੰਮ ਰਿਹਾ ਏ।
ਤੂੰ ਪੜਿਆ ਲਿਖਿਆ ਲੱਗਦਾ ਏ, ਬਾਕੀ ਤੂੰ ਆਪ ਸੋਚ ਲਾ, ਸੇਵਾ ਕਰ ਰਿਹਾ ਏ ਜਾਂ ਕਰਵਾ ਰਿਹਾ ਏ ? "

ਬਾਬਾ ਕਹਿਣ ਲੱਗਾ, " ਪੁੱਤਰਾ ਦੇ ਤਰੇ ਦੀ ਬਿਲਡਿੰਗਾਂ ਬਣਾਈ ਹੀ ਬਣਾਈ ਜਾਣੀਆਂ ਕੌਮ ਦੀ ਸੇਵਾ ਨਹੀ ਏ,
ਕੌਮ ਦੀ ਸੇਵਾ ਆਪਣੇ ਧਾਰਮਿਕ ਫਲਸਫ਼ੇ ਦਾ ਆਪਣੇ ਤੇ ਦੂਜੇ ਲੋਕਾਂ ਵਿੱਚ ਸਹੀ ਢੰਗ ਨਾਲ ਪਰਚਾਰ ਕਰਨਾ, ਕੌਮ ਨੂੰ ਵਹਿਮਾਂਭਰਮਾਂ ਤੋਂ ਬਚਾਉਣਾ, ਸੁਚੱਜੀ ਜਿੰਦਗੀ ਜੀਣ ਲਈ ਪ੍ਰੇਰਿਤ ਕਰਨਾ,
ਆਪਣੀ ਨਿੱਕੀ ਪੀਡ਼੍ਹੀ ਨੂੰ ਕੈਂਪ ਲਵਾ ਕੇ, ਕਲਾਸਾਂ ਲਵਾ ਕੇ ਧਰਮ ਨਾਲ ਜੋੜਨ ਲਈ ਉੁਪਰਾਲੇ ਕਰਨੇ। ਬੱਚਿਆਂ ਦੀ ਪੜਾਈ ਲਈ ਸਕੂਲ ਕਾਲਜ ਖੋਲ ਬਹੁਤ ਘੱਟ ਖਰਚੇ ਤੇ ਚੰਗੀ ਵਿਦਿਆ ਦਿਵਾਉਣੀ ਤੇ ਕੌਮ ਦੇ ਗਰੀਬ ਵਰਗ ਦੇ ਬੱਚੇ ਮੁਫਤ ਜਾਂ ਬਹੁਤ ਹੀ ਘੱਟ ਖਰਚ ਤੇ ਪੜਾਂਉਣੇ, ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਭੈੜੀਆਂ ਅਲਾਮਤਾਂ ਤੋਂ ਬਚਾਉਣ ਲਈ ਪ੍ਰੋਗਰਾਮ ਉਲੀਕਨੇ ਤੇ ਰੁਜ਼ਗਾਰ ਲਈ ਕਾਰਖਾਨੇ ਤੇ ਫੈਕਟਰੀਆਂ ਲਾਉਣੀਆ ਜਾਂ ਸਮੇਂ ਤੇ ਸਥਿਤੀ ਅਨੁਸਾਰ ਹੋਰ ਰੋਜਗਾਰ ਦੇ ਸਾਧਨ ਮੁਹੱਈਆ ਕਰਵਾਉਣੇ ਜਿੰਨਾਂ ਦਾ ਮੁਨਾਫਾ ਕੌਮੀ ਕਾਰਜਾਂ ਵਿੱਚ ਲੱਗੇ ਤੇ ਲੋਕਾਂ ਨੂੰ ਰੁਜ਼ਗਾਰ ਮਿਲੇ, ਚੰਗੀਆਂ ਮੈਡੀਕਲ ਸਹੂਲਤਾਂ ਦਿਵਾਉਣੀਆਂ ਆਦਿ।
ਯਾਦ ਰੱਖੀ,,,, ਜੇ ਆਹ ਸਾਰੇ ਕੰਮ ਨਾ ਕੀਤੇ ਨਾ ਤੇ ਬਿਲਡਿੰਗਾਂ ਹੀ ਰਹਿ ਜਾਣੀਆ ਵਿੱਚ ਬਹਿਣ ਵਾਲਾ ਕੋਈ ਨਹੀ ਲੱਭਣਾ।
ਨੌਜਵਾਨ ਕੋਲ ਕੋਈ ਜਵਾਬ ਨਹੀ ਸੀ।
ਬਾਬਾ ਗਿਆਨ ਸਿੰਘ ਬਾਜ ਦੀ ਅੱਖ ਵਾਲੇ ਦੀਆਂ ਗੱਲਾਂ ਦਾ।

ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


10/01/17
ਮੇਜਰ ਸਿੰਘ ਬੁਢਲਾਡਾ

'ਬਾਦਲ ਕਿੱਡਾ ਕੁ ਘਾਘ'
ਪ੍ਰਕਾਸ਼ 'ਬਾਦਲ' ਨਾਲ ਵਿਸ਼ੇਸ਼ਣ ਲਾਏ ਬਹੁਤੇ
ਕਹਿੰਦੇ "ਇਹ ਬੜਾ 'ਘਾਘ' ਸਿਆਸਤਦਾਨ ਲੋਕੋ!"
ਜਿਹੜਾ ਗੱਠਜੋੜ ਤੋਂ ਬਿਨਾਂ ਨਾ ਚੋਣ ਲੜਦਾ,
ਵੇਖਲੋ ਪੰਜਾਬ ਕਿੱਡਾ ਕੁ ਹੈ ਮਹਾਨ ਲੋਕੋ!
ਨਾਲ ਦੇ ਸਾਥੀਆਂ ਨੂੰ ਰਗੜਨ ਤੇ ਰੱਖਿਆ

ਜਿਸਨੇ ਹੁਣ ਤੱਕ ਸਾਰਾ ਧਿਆਨ ਲੋਕੋ!

ਜੋ ਦਸ ਸਾਲ ਚਲਾਕੇ ਸਰਕਾਰ ਫਿਰ ਵੀ,
ਗਵਾ ਬੈਠਾ ਮੁੱਖ ਵਿਰੋਧੀ ਧਿਰ ਵਾਲੀ ਸ਼ਾਨ ਲੋਕੋ!

ਮੇਜਰ ਹੁਣ ਆਪੇ ਹੀ ਤੁਸੀਂ ਵੇਖਲੋ,

ਬਾਦਲ ਕਿੱਡਾ ਕੁ ਘਾਘ ਸਿਆਸਤਦਾਨ ਲੋਕੋ!
ਮੇਜਰ ਸਿੰਘ 'ਬੁਢਲਾਡਾ'

94176 42327

*********************************

'ਹਨੀ' ਫਿਰਦੀ ਆ ਵਕੀਲ ਕਰਦੀ,

‘ਹਨੀਪ੍ਰੀਤ’ ਨੂੰ ਫੜਨ ਲਈ ਪੁਲਿਸ ਬੜੀ ,

ਰਹੀ ਥਾਂ – ਥਾਂ ਛਾਪੇ ਮਾਰ ਲੋਕੋ!

ਕਰਫਿਊ ਵਿਚ ਜੋ ਸੁਨਾਰੀਆਂ ਜੇਲ ਵਿਚੋਂ,

ਪਹੁੰਚੀ ਡੇਰੇ ਸਰਸੇ ਸ਼ਰੇ-ਬਜਾਰ ਲੋਕੋ!

ਜਿਥੇ ਕੋਈ ਨਹੀਂ ਸੀ ਆ ਜਾਹ ਸਕਦਾ

ਫਿਰ ਹਨੀ ਕਿਵੇਂ ਗਈ ਤੇ ਆਈ ਬਾਹਰ ਲੋਕੋ!

ਉਥੇ ਜੋ ਕਰਨਾ ਸੀ ਉਹ ਕਰਕੇ,

ਜੋ ਲਿਆਉਣਾ ਸੀ ਲਿਆਈ ਬਾਹਰ ਲੋਕੋ!

ਅੱਖੀਂ ਘੱਟਾ ਲੋਕਾਂ ਦੇ ਫਿਰੇ ਪਾਉਂਦੀ,

ਮਿਲੀ ਹੋਈ ਆ ਨਾਲ ਸਰਕਾਰ ਲੋਕੋ!

'ਹਨੀ' ਫਿਰਦੀ ਆ ਮੇਜਰ ਵਕੀਲ ਕਰਦੀ,

ਜ਼ਮਾਨਤ ਕਰਾਉਣ ਲਈ ਬਾਹਰ ਦੀ ਬਾਹਰ ਲੋਕੋ!


ਮੇਜਰ ਸਿੰਘ ‘ਬੁਢਲਾਡਾ’

94176 42327


09/24/17
ਹਰਪਾਲ ਸਿੰਘ ਫਿਰੋਜ਼ਪੁਰੀਆ

ਜਗਨਨਾਥ ਦੇ ਸਿੱਖ
ਬਾਬਾ ਗਿਆਨ ਸਿੰਘ ਬਾਜ ਦੀ ਅੱਖ ਵਾਲੇ ਕੋਲ ਜਾਗਰ ਸਿਓ ਆ ਕੇ ਕਹਿਣ ਲੱਗਾ
ਬਾਬਾ ਸਾਡੇ ਪਿੰਡ ਇਕ ਕਥਾਵਾਚਕ ਆਇਆ ਸੀ,,
ਓਹ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਤੋਂ ਉਚਾਰਣ ਕੀਤੀ "ਸੋਹਿਲਾ" ਸਾਹਿਬ ਦੀ ਬਾਣੀ ਵਿੱਚ ਆਏ ਸ਼ਬਦ "ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਦੀ ਵਿਆਖਿਆ ਕਰਦਿਆਂ ਹੋਇਆ ਸਾਖੀ ਸੁਣਾ ਰਿਹਾ ਸੀ,
ਗੁਰੂ ਨਾਨਕ ਸਾਹਿਬ ਜੀ ਜਦੋਂ ਜਗਨਨਾਥਪੁਰੀ ਗਏ ਤਾਂ ਓਥੋਂ ਦੇ ਪਾਡਿਆਂ ਨੂੰ ਸਮਝਾਇਆ ਕਿ " ਏਦਾਂ ਥਾਲ ਵਿੱਚ ਦੀਵੇ ਬਾਲ ਕੇ, ਧੂਪਾਂ ਧੁਖਾ ਕੇ ਰੱਬ ਦੀ ਆਰਤੀ ਅਸੀਂ ਨਹੀ ਕਰ ਸਕਦੇ, ਇਹ ਸਾਰੀ ਕੁਦਰਤ ਰੱਬ ਦੀ ਆਰਤੀ ਹੀ ਕਰ ਰਹੀ ਏ। ਅਸੀਂ ਰੱਬ ਦੀ ਰਜ਼ਾ ਵਿੱਚ ਚੱਲ ਕੇ ਆਰਤੀ ਵਿੱਚ ਸ਼ਾਮਿਲ ਹੋ ਸਕਦੇ ਹਾਂ
ਜੋ ਤਿਸੁ ਭਾਵੈ ਸੋ ਆਰਤੀ ਹੋਇ ॥"
ਭਗਤ ਰਵਿਦਾਸ ਜੀ ਦੇ ਸ਼ਬਦ
ਨਾਮ ਤੇਰੋ ਆਰਤੀ ਮਜਨ ਮੁਰਾਰੇ॥
ਦੀ ਵਿਆਖਿਆ ਕਰਦਿਆਂ,
"ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹਿ ਪਸਾਰੇ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਸਗਲ ਭਵਨਾਰੇ ॥
ਦੀ ਖੁਲ ਕੇ ਵਿਚਾਰ ਕੀਤੀ।
ਜਾਗਰ ਸਿੰਘ ਕਹਿਣ ਲੱਗਾ, ਬਾਬਾ ਜੀ ਕਥਾ ਵਿੱਚ ਦਿੱਤੇ ਗੁਰਬਾਣੀ ਦੇ ਪਰਮਾਣਾ ਤੋਂ ਮੈਨੂੰ ਤਾਂ ਇਹ ਪੱਕਾ ਵਿਸ਼ਵਾਸ ਹੋ ਗਿਆ ਕਿ ਸਿੱਖ ਧਰਮ ਵਿੱਚ ਦੀਵੇ ਬਾਲ ਕੇ ਕੀਤੀ ਜਾਣ ਵਾਲੀ ਆਰਤੀ ਦੀ ਕੋਈ ਥਾਂ ਨਹੀ।
ਬਾਬਾ ਗਿਆਨ ਸਿੰਘ ਕਹਿਣ ਲੱਗਾ, ਹਾਂ ਜਾਗਰ ਸਿਆ, ਤੂੰ ਬਿਲਕੁਲ ਸਹੀ ਸਮਝਿਆ ਏ।
ਜਾਗਰ ਸਿੰਘ ਕਹਿਣ ਲੱਗਾ, ਬਾਬਾ ਜੀ ਇੱਕ ਗੱਲ ਦੱਸੋ,
ਗੁਰਬਾਣੀ ਦੇ ਐਨੇ ਸਪੱਸ਼ਟ ਪਰਮਾਣ ਹੋਣ ਦੇ ਬਾਵਜੂਦ ਵੀ ਉਦਾਸੀਆਂ ਨਿਰਮਲਿਆਂ ਤੇ ਡੇਰਿਆਂ ਦੇ ਬਾਬਿਆਂ ਵੱਲੋਂ ਦੀਵੇ ਬਾਲ ਕੇ ਆਰਤੀ ਕੀਤੀ ਜਾਂਦੀ ਹੈ, ਅਖੰਡ ਜੋਤ ਜਾਂ ਸਵੇਰੇ ਸ਼ਾਮ ਜੋਤਾਂ ਵੀ ਜਗਾਈਆਂ ਜਾਂਦੀਆਂ ਨੇ, ਆਪਣੇ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਏ, ਕਿਉਂ ?
ਬਾਬਾ ਗਿਆਨ ਸਿੰਘ ਕਹਿਣ ਲੱਗਾ,
ਜਾਗਰ ਸਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਇਹਨਾਂ ਨੇ ਗੁਰਬਾਣੀ ਗਿਆਨ ਤੋਂ ਕੋਰੇ ਨਾਸਮਝ ਸਿੱਖਾਂ ਨੂੰ ਆਪਣੇ ਮਗਰ ਲਾ ਕੇ ਉਨ੍ਹਾਂ ਤੋਂ ਆਪਣੀ ਪੂਜਾ ਕਰਵਾਉਣ ਤੇ ਮਾਇਆ ਬਟੋਰਨ ਲਈ ਕੀਤਾ ਏ,
ਅਸਲ ਵਿੱਚ ਤਾਂ ਇਹ ਜਗਨਨਾਥ ਦੇ ਸਿੱਖ ਨੇ ।
ਜਗਨਨਾਥ ਦੇ ਸਿੱਖ !!!! ??
ਜਾਗਰ ਸਿਓ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ,
ਨਹੀ ਨਹੀ ਬਾਬਾ, ਕਈ ਡੇਰਿਆਂ ਵਾਲਿਆਂ ਨੇ ਤਾਂ ਅੰਮ੍ਰਿਤ ਵੀ ਛਕਿਆ ਏ, ਉਹ ਜਗਨਨਾਥ ਦੇ ਸਿੱਖ ਕਿਵੇਂ ਹੋ ਗਏ ?
ਬਾਬਾ ਕਹਿਣ ਲੱਗਾ, ਗੁਰੂ ਨਾਨਕ ਸਾਹਿਬ ਜਗਨਨਾਥ ਦੇ ਪਾਡਿਆਂ ਨੂੰ ਸਮਝਾਉਣ ਲਈ, ਕਿੰਨੀ ਦੂਰੋਂ ਚੱਲ ਕੇ ਗਏ ਸੀ,
ਕੀ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਮੰਨੀ ?
ਉੁੱਥੇ ਆਰਤੀ ਅੱਜ ਵੀ ਓਸੇ ਤਰ੍ਹਾਂ ਹੋ ਰਹੀ ਏ, ਕੀ ਉਹਨਾਂ ਗੁਰੂ ਜੀ ਦੀ ਗੱਲ ਮੰਨੀ ?
ਜਾਗਰ ਸਿਓ ਕਹਿੰਦਾ, ਨਹੀ ਮੰਨੀ , ਕਿਉਂਕਿ ਉਹ ਗੁਰੂ ਨਾਨਕ ਸਾਹਿਬ ਨੂੰ ਸੱਚ ਦਾ ਹੋਕਾ ਦੇਣ ਵਾਲਾ ਸੱਚਾ ਗੁਰੂ ਨਹੀ ਮੰਨਦੇ ਸੀ ।
ਉਹ ਤਾਂ ਜਗਨਨਾਥ ਨੂੰ ਮੰਨਦੇ ਸੀ ।
ਬਾਬਾ ਗਿਆਨ ਸਿੰਘ ਕਹਿਣ ਲੱਗਾ,
ਏ ਵੀ ਜਗਨਨਾਥ ਦੇ ਮੰਦਿਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਕਰਦੇ ਨੇ, ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨਹੀ ਮੰਨਦੇ।
ਫਿਰ ਇਹ ਕਿਸਦੇ ਸਿੱਖ ਹੋਏ ??
ਜਾਗਰ ਸਿੰਘ ਨੇ ਝੱਟ ਕਹਿ ਦਿੱਤਾ ,
ਜਗਨਨਾਥ ਦੇ ।

ਹਰਪਾਲ ਸਿੰਘ ਫਿਰੋਜ਼ਪੁਰੀਆ


09/24/17
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

ਸ਼ਰਧਾ ਅਤੇ ਤਰਕ !
ਸ਼ਰਧਾ ਤਾਂ ਸ਼ਰਧਾਲੂ ਘੜਦੀ,
ਸੱਚ, ਨਿਯਮ ਦੇ ਸਿਖਰ ਖੜਾ ਹੈ ।
ਗੁਰਮਤਿ ਖੜਦੀ ਸੱਚ-ਤਰਕ ਤੇ,
ਸ਼ਰਧਾ ਤੇ ਤਾਂ ਬਿਪਰ ਖੜਾ ਹੈ ।।


ਸ਼ਬਦ ਗੁਰੂ ਦਾ ਬਣਕੇ ਚੇਲਾ,
ਗਿਆਨ ਰਤਨ ਤੋਂ ਖਾਲੀ ਫਿਰਦਾ ।
ਜਿਸ ਨੂੰ ਨਿੱਤ ਅਰਦਾਸੀਂ ਮੰਗੇ,
ਉਸ ਬਿਬੇਕ ਨੂੰ ਵਿਸਰ ਖੜਾ ਹੈ ।।


ਸਿੱਖ ਦੀ ਪੂਜਾ ਸੇਵਾ ਜੱਗ ਦੀ,
ਬਿਪਰੀ ਪੂਜਾ ਝਾਕ ਖਿਆਲੀ ।
ਅੰਧ-ਵਿਸ਼ਵਾਸ ਵਧਾਵਣ ਵਾਲਾ,
ਮਿਥਿਹਾਸਿਕ ਜੋ ਜ਼ਿਕਰ ਖੜਾ ਹੈ ।।


ਸਿੱਖ ਦੀ ਰਹਿਤ ਹੈ ਸਭ ਤੋਂ ਵੱਖਰੀ,
ਸਿੱਖ ਦੀ ਪੂਜਾ ਜੱਗੋਂ ਨਿਆਰੀ ।
ਹਿੰਦ-ਸਾਗਰ ਵਿੱਚ ਡੁੱਬਣ ਵਾਲਾ,
ਫਿਰ ਭੀ ਕਾਹਤੋਂ ਫਿਕਰ ਖੜਾ ਹੈ ।।


ਅੱਜ ਦੇ ਇਸ ਵਿਗਿਆਨਿਕ ਯੁੱਗ ਵਿੱਚ,
ਬੋਲੇ ਜਿਹੜਾ ਗੱਪ-ਕਥਾਵਾਂ ।
ਗਿਆਨ-ਤਰਕ ਦੇ ਤੀਰਾਂ ਵਰਗੇ,
ਸਮਝੋ ਖਾਈਂ ਛਿੱਤਰ ਖੜਾ ਹੈ ।।


ਧਰਮ ਆਖਕੇ ਸ਼ਰਧਾਵਾਨਾਂ,
ਮਜਹਬੀਂ-ਵਰਗੀਂ ਉਲਝੀ ਜਾਣਾਂ ।
ਸੁਰਤ ਦੀ ਥਾਂ ਤੇ ਸ਼ਰਧਾ-ਉੱਲੂ,
ਅੱਖਾਂ ਮੀਚੀ ਜਿੱਚਰ ਖੜਾ ਹੈ ।।


ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)


09/17/17
ਆਤਮਜੀਤ ਸਿੰਘ, ਕਾਨਪੁਰ

"ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ"


ਧਰਤੀ ਦੀ 'ਹਿਕ ਪਾੜ ਕੇ ਜੋ ਉਸ ਵਿਚ ਬੀਜੋਗੇ ਉਹ ਹੀ ਮਿਲੇਗਾ … ਚਾਹੇ ਉਹ ਧਰਤੀ ਸਰੀਰਿਕ ਹੋਵੇ ਜਾਂ 'ਕੌਮ ਰੂਪੀ ਧਰਤੀ … ਜੋ ਉਸ ਵਿਚ ਬੀਜਿਆ ਜਾਇਗਾ ਉਹ ਹੀ ਮਿਲੇਗਾ।

ਅਸੀ ਬੀਜਣਾ ਤਾ ਬਿਖੁ ਚਾਹੁੰਦੇ ਹਾਂ ਪਰ ਆਸ ਅੰਮ੍ਰਿਤ ਤੇ ਲਾ ਰੱਖੀ ਹੈ … ਹੁਣ ਦਸੋਂ ਇਕ ਅਮਲੀ ਬਾਪ ਅਪਣੇ ਬੱਚੇ ਨੂੰ ਕੀ ਦੇਵੇਗਾ ਗੁੜਤੀ ਵਿਚ … ਬਾਪ ਬੀਜ 'ਬਿਖੁ' ਰਿਹਾ … ਪਰ ਔਲਾਦ ਤੋਂ 'ਅੰਮ੍ਰਿਤ' ਦੀ ਆਸ ਰੱਖ ਰਿਹਾ ਹੈ … ਇਹ ਕਿਵੇਂ ਹੋ ਸਕਦਾ ਹੈ ਬੀਜਿਆ 'ਬਿਖੁ' ਜਾਏ ਤੇ ਆਸ 'ਅੰਮ੍ਰਿਤ' ਦੀ … ਗੁਰੂ ਕਹਿੰਦੇ ਹਨ ਇਹ ਕਿੱਧਰ ਦਾ 'ਨਿਆਉ' ਹੈ।

ਹੁਣ ਜੇ ਧਰਮੀ ਅਖਵਾਣ ਵਾਲੇ 'ਆਗੂ' 'ਪ੍ਰਚਾਰਕ' ਆਉਣ ਵਾਲੀ ਪਨੀਰੀ ਨੂੰ "ਗੁਰੂ ਗ੍ਰੰਥ ਸਾਹਿਬ" ਜੀ ਦੀ ਅੰਮ੍ਰਿਤ ਰੂਪੀ ਬਾਣੀ ਦੀ ਥਾਂ ਤੇ 'ਦੁਰਗਾ, ਭਗਉਤੀ, ਮਹਾਕਾਲ, ਕਾਲਕਾ ਅਤੇ ਚਰਿਤ੍ਰੋ ਪਾਖਯਾਨ' ਵਰਗੀ ਕਾਹਣੀਆਂ ਦਾ 'ਬਿਖੁ' ਪਰੋਸਂਗੇ 'ਤੇ ਕੀ ਆਸ ਰੱਖ ਸਕਦੇ ਹਾਂ ਆਉਣ ਵਾਲੀ ਪਨੀਰੀ ਤੋਂ …

ਇਹ ਕਿਵੇਂ ਹੋ ਸਕਦਾ ਹੈ ਕਿ ਅਸੀ ਆਉਣ ਵਾਲੀ ਪਨੀਰੀ ਨੂੰ ਵੰਡੀਏ ਬਿਖੁ 'ਤੇ ਆਸ ਰੱਖੀਏ ਉਨਾਂ ਕੋਲ ਅੰਮ੍ਰਿਤ ਦੀ … ਜਦੋਂ ਅੰਮ੍ਰਿਤ ਰੂਪੀ ਬਾਣੀ ਅੰਦਰ ਗਈ ਹੀ ਨਹੀਂ … ਜਦੋਂ ਗਇਆ ਹੀ ਇਹ ਕੀ 'ਚੁਨ ਚੁਨ ਸ਼ੱਤ੍ਰ ਹਮਾਰੇ ਮਾਰਿਯਹਿ' ਤੇ ਕਿਵੇਂ ਆਸ ਰੱਖੀਏ ਉਨਾਂ ਕੋਲ ਅੰਮ੍ਰਿਤ ਦੀ …

ਓਇ ਭਲਿਓ! ਤਰਸ ਕਰੋ ਆਉਣ ਵਾਲੀ ਪਨੀਰੀ ਤੇ ਉਨਾਂ ਨੂੰ 'ਦੁਰਗਾ, ਭਗਉਤੀ, ਮਹਾਕਾਲ, ਕਾਲਕਾ ਅਤੇ ਚਰਿਤ੍ਰੋ ਪਾਖਯਾਨ' ਦੇ 'ਬੀਜ' ਵੰਡਣ ਦੀ ਥਾਂ 'ਤੇ "ਗੁਰੂ ਗ੍ਰੰਥ ਸਾਹਿਬ" ਜੀ ਦੀ ਅੰਮ੍ਰਿਤ ਰੂਪੀ ਬਾਣੀ ਦੀ ਨਿਰੋਲ ਵਿਚਾਰ ਵੰਡੋ ਤਾਂ ਕਿ ਉਨ੍ਹਾਂ ਦਾ ਜੀਵਨ ਸਫਲ ਹੋ ਸਕੇ, ਉਸ ਅਧਾਰ ਤੇ ਉਨ੍ਹਾਂ ਦਾ ਜੀਵਨ ਬਣ ਸਕੇ ਅਤੇ ਅੰਦਰਹੁ ਵੈਰ ਵਿਰੋਧ ਦੀ ਭਾਵਣਾ ਖਤਮ ਹੋ ਸਕੇ …

ਭਲਿਓ ਜਦ ਗੁਰੂ ਨੇ ਸਾੱਨੂੰ ਇਕੋ ਥਾਲ ਵਿਚ ਸਭ ਕੁੱਝ ਪਰੋਸ ਕੇ ਦੇ ਦਿੱਤਾ 'ਤੇ ਸਾੱਨੂੰ ਬਾਹਰ ਭਟਕਣ ਦੀ ਕੀ ਲੋੜ … ਗੁਰੂ ਹੁਕਮ …

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਏਹ ਵਸਤੁ ਤਜੀ ਨਹੀ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥

ਆਤਮਜੀਤ ਸਿੰਘ, ਕਾਨਪੁਰ


09/17/17
ਰਵਿੰਦਰ ਸਿੰਘ ਪਿੰਜੌਰ

ਆਉ! ਇਕ ਐਸਾ ਨਗਰ ਵਸਾਈਏ, ਜਿਥੇ ਬੰਦਾ ਤੇ ਬੱਸ ਅੱਲਾ
ਰਵਿੰਦਰ ਸਿੰਘ ਪਿੰਜੌਰ

ਆਉ! ਇਕ ਐਸਾ ਨਗਰ ਵਸਾਈਏ, ਜਿਥੇ ਬੰਦਾ ਤੇ ਬੱਸ ਅੱਲਾ
ਵਿੱਚ ਵਿਚਾਲੇ ਕੋਈ ਨਾ ਹੋਵੇ, ਪੰਡਿਤ ਭਾਈ ਨਾ ਮੁੱਲਾ
ਜਨਮ ਮਰਨ ਵਿਆਹ ਸੰਸਕਾਰਾਂ, ਉਲਝਾਈ ਐਸੀ ਤਾਣੀ
ਕੁੱਖ ਤੋਂ ਕਬਰ ਤੱਕ ਦੇ ਸਫਰ ਵਿਚ, ਬੰਦਾ ਕੀਤਾ ਝੱਲਾ
ਦੰਗੇ ਫਸਾਦ ਨਫਰਤ ਦੇ ਸ਼ੋਲੇ ਨਾ ਹੋਵਣ ਵਿਚ ਹਵਾਵਾਂ
ਮੋਢੇ ਨਾਲ ਮੋਢਾ ਹੋਏ ਜੁੜਿਆ, ਦਿਲ ਹਰ ਬੰਦੇ ਦਾ ਖੁੱਲਾ
ਪਗ ਪਗ ਡਰਨਾ ਪਗ ਪਗ ਝੁਕਣਾ ਜ਼ਮੀਰ ਰਹੇ ਤ੍ਰਾਹਿਆ
ਧਰਮ ਹੈ ਕਿ ਹੈਵਾਨ ? ਬਣਾਇਆ ਧਰਮੀ ਜਿਸ ਨਿਠੱਲਾ
ਵਹਿਮ ਭਰਮ ਰੂੜੀਆਂ ਦਾ ਜਿਥੇ ਨਾਮੋ-ਨਿਸ਼ਾਨ ਦਾ ਹੋਵੇ
ਨਾਨਕ ਵਰਗਾ ਤਰਕ ਇਮਾਨ, ਹਰ ਕੋਈ ਬੇਬਾਕੀ ਵਿਚ ਬੁੱਲ੍ਹਾ
ਸੁਰਗ ਸਚਖੰਡ ਹੁਰਾਂ ਦੇ ਲਾਲਚ, ਡਰ ਬੜੇ ਨਰਕਾਂ ਦੇ
ਸੱਚ ਤੋਂ ਭਟਕਾ, ਸੁਫਨੇ ਪਿਆ ਵੇਚੇ, ਇਹ ਪੁਜਾਰੀ ਦੱਲਾ
ਬੇ-ਪ੍ਰਵਾਹ ਬੇਖੌਫ ਬੇਲਾਗ ਹਸ ਉਹ ਸੂਲੀ ਤੇ ਚੜ੍ਹ ਜਾਂਦੈ
ਲਗ ਜਾਂਦਾ ਇਕ ਵਾਰ ਜਿਨ੍ਹਾਂ ਨੂੰ, ਸੱਚ ਦਾ ਸ਼ੌਕ ਅਵੱਲਾ
ਮੋਨ ਰੁੱਖਾ ਗੁੰਮ ਸੁੰਮ ਗੂਸੈਲ ਸਰੂਪ ਹੋਇਆ ਇਹ ਕੈਸਾ
ਧਰਮੀ ਦੀ ਪਛਾਣ ਬਣਾਈ, ਕੋਈ ਬੰਦਾ ਜਿਵੇਂ ਜੱਲ੍ਹਾ
ਹਾਸੇ ਗੱਲ-ਵਕੜੀਆਂ ਦੇ ਮੇਲੇ ਸਾਂਝ ਗਮਾਂ ਖੁਸ਼ੀਆਂ ਦੀ
ਹਰ ਦਿਲ ਹੋਵੇ ਉਮਾਹ ਭਰਿਆ, ਮਹਿਸੂਸ ਕਰੇ ਨਾ ਕੱਲਾ
ਮੰਨਤਾਂ, ਸੁਖਣਾ ਚੜਾਵਿਆਂ ਦੀ ਨਿੱਤ ਰਿਸ਼ਵਤ ਸੌਦੇਬਾਜ਼ੀ
ਰੱਬ ਸਮਝਿਆ ਅਪਣੇ ਵਰਗਾ, ਬੇਥਵੀਆਂ ਤੇ ਡੁੱਲ੍ਹਾ
ਰੱਬ ਨਹੀਂ ਬੰਦਾ ਖੁਸ਼ ਕਰਨਾ, ਰੱਬ ਬੰਦੇ ਵਿਚ ਵੇਖੇ
ਸਾਰੇ ਭੇਦ ਭਾਵ ਮਿਟਾ ਕੇ, ਉਥੇ ਫੜਣਾ ਸੱਚ ਦਾ ਪੱਲ੍ਹਾ
ਵਰਤ ਨਮਾਜ਼ਾਂ ਫੜ੍ਹ ਸਿਮਰਨੇ, ਕਿਸਨੂੰ ਪਿਆ ਖੁਸ਼ ਕਰਨੈ?
ਇਨ੍ਹਾਂ ਮੋਮੇਠੱਗਨੀਆਂ ਨੂੰ ਸਮਝੇ, ਰੱਬ ਨਹੀਂ ਹੈ ਭੁੱਲਾ।
ਹੱਕ ਸੱਚ ਦੀ ਕਿਰਤ ਕਮਾ ਕੇ, ਲੋੜਵੰਦ ਦਾ ਹੱਥ ਫੜਣਾ
ਰੱਬ ਹੋਇਆ ਖੁਸ਼ ਸਮਝ, ਜਿਥੇ ਹਰ ਕੋਈ ਹੋਏ ਸੁਖੱਲਾ ।
ਆਉ! ਇਕ ਐਸਾ ਨਗਰ ਵਸਾਈਏ, ਜਿਥੇ ਬੰਦਾ ਤੇ ਬੱਸ ਅੱਲਾ
ਵਿੱਚ ਵਿਚਾਲੇ ਕੋਈ ਨਾ ਹੋਵੇ, ਪੰਡਿਤ ਭਾਈ ਨਾ ਮੁੱਲਾ।
ਰਵਿੰਦਰ ਸਿੰਘ ਪਿੰਜੌਰ


09/17/17
ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)

ਸਾਂਝ ਗੁਣਾਂ ਦੀ !

ਸਾਂਝ ਗੁਣਾਂ ਦੀ ਕਰਦਾ ਜਾਹ ।

ਚੁੱਗ-ਚੁੱਗ ਝੋਲੀ ਭਰਦਾ ਜਾ ।।

ਅੱਗ ਤਰਕ ਦੀ ਬਾਲੀ ਰੱਖ,

ਗਿਆਨ ਬਿਨਾਂ ਨਾ ਠਰਦਾ ਜਾ ।।

ਬੰਦਿਆਂ ਦਾ ਨਾ ਧੜਾ ਬਣਾਈਂ ।

ਸ਼ਬਦ ਰਤਨ ਸਭ ਸਾਂਭੀ ਜਾਈਂ ।

ਦੁਸ਼ਮਣ ਤੋਂ ਵੀ ਸਿੱਖਣਾ ਸਿੱਖਕੇ,

ਹਉਮੇ ਲਾਹ-ਲਾਹ ਧਰਦਾ ਜਾ ।।

ਛੱਡ ਵਿਸਾਹ ਤਕਦੀਰਾਂ ਦਾ ।

ਆਸ਼ਕ ਬਣ ਤਦਬੀਰਾਂ ਦਾ ।

ਇੱਕੋ ਵਾਰੀ ਮਰਨਾ ਸਿੱਖ ਲੈ,

ਵਾਰ-ਵਾਰ ਨਾ ਮਰਦਾ ਜਾ ।।

ਨਾ ਕਰਨਾ ਨਾ ਸਹਿਣਾ ਹੈ ।

ਜੁਲਮ ਵਿਰੋਧੀ ਰਹਿਣਾ ਹੈ ।

ਰਾਜ-ਮਜ਼ਹਬ ਦੀਆਂ ਚਾਲਾਂ ਨੂੰ,

ਚੁੱਪ ਕਰਕੇ ਨਾ ਜਰਦਾ ਜਾ ।।

ਆਪਣੇ ਅਤੇ ਬੇਗਾਨੇ ਨਾਲ ।

ਸੱਚ ਦੇ ਫੜੇ ਪੈਮਾਨੇ ਨਾਲ ।

ਝੂਠੀ ਦੁਨੀਆਂ ਦਾਰੀ ਲਈ,

ਦਿਲ ਹੱਥੋਂ ਨਾ ਹਰਦਾ ਜਾ ।।

ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)


09/17/17
ਭਾਈ ਹਰਪਾਲ ਸਿੰਘ ਫਿਰੋਜ਼ਪੁਰੀਆ

ਸ਼ਰਾਧਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਕਹਿੰਦੀ ਹੈ ??


ਗੁਰੂ ਸਾਹਿਬਾਨਾਂ ਤੇ ਭਗਤ ਸਾਹਿਬਾਨਾਂ ਨੇ ਉਹਨਾਂ ਧਾਰਮਿਕ ਕਰਮਕਾਂਡਾਂ ਦੀ ਰੱਜ ਕੇ ਵਿਰੋਧਤਾ ਕੀਤੀ। ਜਿਹੜੇ ਕਰਮਕਾਂਡ ਲੋਕਾਂ ਨੂੰ ਲੁੱਟਣ ਦੀ ਮਨਸਾ ਨਾਲ ਧਾਰਮਿਕ ਪਹਿਰਾਵਾ ਪਾ ਕੇ, ਪੁਜਾਰੀ ਦਾ ਰੂਪ ਧਾਰੀ ਬੈਠੇ ਠੱਗ ਲੋਕਾਂ ਨੇ ਸਮਾਜ ਨੂੰ ਲੁੱਟਣ ਲਈ, ਧਰਮ ਦੇ ਕਰਮ ਹੋਣ ਦਾ ਭੁਲੇਖਾ ਪਾ ਕੇ ਸਮਾਜ ਵਿੱਚ ਲਾਗੂ ਕੀਤੇ ਸਨ। ਉਨ੍ਹਾਂ ਵਿਚੋਂ ਇੱਕ ਕਰਮਕਾਂਡ ਹੈ ਸ਼ਰਾਧ।


ਸ਼ਰਾਧ ਦਾ ਅਰਥ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਇੰਜ ਕੀਤਾ ਹੈ_
ਸੰਗਯਾ -ਸ਼ਰਧਾ ਨਾਲ ਕੀਤਾ ਕਰਮ।
2_ਪਿਤਰਾਂ ਵਾਸਤੇ ਸਰਧਾ ਨਾਲ ਕੀਤਾ ਅੰਨ ਵਸਤਰ ਆਦਿ ਦਾਨ ।
ਹਿੰਦੂ ਮੱਤ ਵਿੱਚ ਸ਼ਰਾਧ ਦੇ ਚਾਰ ਭੇਦ ਹਨ_
1. ਨਿਤਯ ਸ਼ਰਾਧ- ਜੋ ਨਿੱਤ ਹੀ ਦੇਵਤਾ ਪਿੱਤਰਾਂ ਆਦਿ ਨੂੰ ਜਲ ਆਦਿ ਦੇਣਾ ।
2.ਪਾਰਵਣ- ਜੋ ਅਮਾਵਸ ਆਦਿ ਪਰਵਾ ਪੁਰ ਕਰਨਾ ।
3.ਕਯਾਹ- ਜੋ ਮੋਏ ਹੋਏ ਪਿੱਤਰਾਂ ਦੇ ਦੇਹਾਂਤ ਵਾਲੇ ਦਿਨ ਕਰਨਾ ।
4.ਮਹਾਲਯਾ-ਜੋ ਅੱਸੂ ਦੇ ਪਹਿਲੇ ਪੱਖ ਵਿੱਚ ਕਰਨਾ( ਜੋ ਅੱਜਕੱਲ ਚਲ ਰਹੇ ਹਨ)


ਸ਼ਰਾਧਾਂ ਵਿੱਚ ਜਿੱਥੇ ਪੁਜਾਰੀ ਪੰਡਿਤ ਨੂੰ (ਅੱਜਕੱਲ ਗ੍ਰੰਥੀ, ਪਾਠੀਆਂ ਨੂੰ) ਚੰਗਾ ਭੋਜਨ ਛਕਾਉਣ ਤੇ ਅੰਨ ਬਸਤਰ ਦੇਣ ਦਾ ਮਹਾਤਮ (ਫਲ) ਮਿੱਥਿਆਂ ਗਿਆ ਹੈ। ਉੁੱਥੇ ਆਪਣੇ ਬਜੁਰਗਾਂ ਦੇ ਨਾਮ ਦਾ ਭੋਜਨ ਕਾਵਾਂ ਤੇ ਕੁੱਤਿਆਂ ਨੂੰ ਛਕਾਉਣਾ ਦਾ ਬਹੁਤ ਮਹਾਤਮ ਮੰਨਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਸੁਚੇਤ ਕਰਦਿਆਂ ਸਮਝਾਇਆ ਹੈ---
"ਆਇਆ ਗਇਆ ਮੁਇਆ ਨਾਉ॥
ਪਿਛੈ ਪਤਲ ਸਦਿਹੁ ਕਾਵ॥
ਨਾਨਕ ਮਨਮੁਖਿ ਅੰਧੁ ਪਿਆਰੁ॥
ਬਾਝੁ ਗੁਰੂ ਡੁਬਾ ਸੰਸਾਰੁ॥"

ਅਰਥ- ਜੀਵ ਜਗਤ ਵਿਚ ਆਇਆ ਤੇ ਤੁਰ ਗਿਆ, (ਜਗਤ ਵਿਚ ਉਸ ਦਾ) ਨਾਮ ਭੀ ਭੁੱਲ ਗਿਆ, (ਉਸ ਦੇ ਮਰਨ) ਪਿਛੋਂ ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁਝ ਨਹੀਂ ਅੱਪੜਦਾ) ।
ਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ, ਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ 'ਅੰਧ ਪਿਆਰ' ਵਿਚ) ਡੁੱਬ ਰਿਹਾ ਹੈ।2।


ਗੁਰੂ ਨਾਨਕ ਸਾਹਿਬ ਜੀ ਨੇ ਅਾਸਾ ਦੀ ਵਾਰ ਵਿੱਚ ਇੱਕ ਵਿਅੰਗ ਰਾਹੀਂ ਇਸ ਕਰਮਕਾਂਡ ਤੇ ਚੋਟ ਮਾਰੀ ਹੈ।
"ਸਲੋਕੁ ਮਃ ੧ ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥
ਅਰਥ: ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ) । (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ। ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ।1।


ਇੱਕ ਹੋਰ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਜੀ ਪੁਜਾਰੀ ਦੀ ਠੱਗੀ ਦਾ ਭਾਂਡਾ ਭੰਨਦੇ ਨੇ ,
"ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥" {ਪੰਨਾ 358}

ਅਰਥ -ਬ੍ਰਾਹਮਣ (ਜਵਾਂ ਜਾਂ ਚੌਲਾਂ ਦੇ ਆਟੇ ਦਾ) ਪਿੰਨ ਵੱਟ ਕੇ ਇਕ ਪਿੰਨ ਦੇਵਤਿਆਂ ਨੂੰ ਭੇਟਾ ਕਰਦਾ ਹੈ ਤੇ ਦੂਜਾ ਪਿੰਨ ਪਿਤਰਾਂ ਨੂੰ, (ਪਿੰਨ ਵੱਟਣ ਤੋਂ ਪਿਛੋਂ) ਉਹ ਆਪ (ਖੀਰ-ਪੂਰੀ ਆਦਿਕ ਜਜਮਾਨਾਂ ਦੇ ਘਰੋਂ) ਖਾਂਦਾ ਹੈ। (ਪਰ) ਹੇ ਨਾਨਕ! (ਬ੍ਰਾਹਮਣ ਦੀ ਰਾਹੀਂ ਦਿੱਤਾ ਹੋਇਆ ਇਹ ਪਿੰਨ ਕਦ ਤਕ ਟਿਕਿਆ ਰਹਿ ਸਕਦਾ ਹੈ? ਹਾਂ) ਪਰਮਾਤਮਾ ਦੀ ਮੇਹਰ ਦਾ ਪਿੰਨ ਕਦੇ ਮੁੱਕਦਾ ਹੀ ਨਹੀਂ।4।2। 32।


ਬਾਬਾ ਕਬੀਰ ਜੀ ਵੀ ਸਮਝਾਉਂਦੇ ਹਨ ,
ਰਾਗੁ ਗਉੜੀ ਬੈਰਾਗEਣਿ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥
"ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥"
ਮੋ ਕਉ ਕੁਸਲੁ ਬਤਾਵਹੁ ਕੋਈ ॥
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥
ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥
ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥
ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥ {ਪੰਨਾ 332}ਅਰਥ: ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ। ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ।1।
ਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ। ਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ।1। ਰਹਾਉ।
ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ, (ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ।2।
ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ, ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ (ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ।3।
ਕਬੀਰ ਆਖਦਾ ਹੈ– (ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ 'ਕੁਸ਼ਲ' ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ, ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ।4।1। 45।


ਸ਼ਬਦ ਦਾ ਭਾਵ: ਘਰ ਵਿਚ ਹਰ ਤਰ੍ਹਾਂ ਦਾ ਸੁਖ-ਆਨੰਦ ਬਣੇ ਰਹਿਣ ਦੀ ਖ਼ਾਤਰ ਭਰਮੀ ਲੋਕ ਪਿਤਰਾਂ ਨਿਮਿਤ ਸਰਾਧ ਕਰਦੇ ਹਨ, ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਉਹਨਾਂ ਦੇ ਅੱਗੇ ਕੁਰਬਾਨੀ ਦੇਂਦੇ ਹਨ; ਵਿਆਹਾਂ-ਸ਼ਾਦੀਆਂ ਸਮੇ 'ਵੱਡੇ ਅੱਡਦੇ ਹਨ', ਪਰ ਫਿਰ ਭੀ ਸਹਿਮ ਬਣਿਆ ਹੀ ਰਹਿੰਦਾ ਹੈ, ਕਿਉਂਕਿ ਸੁਖ ਅਨੰਦ ਦੇ ਸੋਮੇ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ। 45।


ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੇ ਮਰ ਚੁੱਕੇ ਵੱਡੇ ਵਡੇਰਿਆਂ (ਜਠੇਰਿਆਂ) ਦੇ ਨਾਮ ਤੇ ਉਹਨਾਂ ਕੋਲ ਭੇਜਣ ਲਈ ਜੋ ਵੀ ਸ਼ਰਾਧਾਂ ਵਾਲੇ ਦਿਨ ਜਾ ਅੱਗੋਂ ਪਿੱਛੋਂ ਪੁਜਾਰੀਆਂ ਨੂੰ ਦੇਂਦੇ ਹਾਂ, ਉਹ ਚੀਜ਼ਾਂ ਤਾ ਜੀਉਂਦੇ ਸਰੀਰ ਦੀਆਂ ਲੋਡ਼ਾਂ ਹਨ। ਮਰ ਚੁੱਕੇ ਪ੍ਰਾਣੀ ਦਾ ਤਾਂ ਇਹਨਾਂ ਚੀਜ਼ਾਂ ਨਾਲ ਸਬੰਧ ਹੀ ਕੋਈ ਨਹੀ ਹੈ। ਅਸੀਂ ਇਹ ਵੀ ਸਾਰੇ ਜਾਣਦੇ ਹਾਂ ਕਿ ਇਹ ਚੀਜ਼ਾਂ ਪੁਜਾਰੀ ਦੇ ਕੋਲ ਹੀ ਰਹਿ ਜਾਂਦੀਆਂ ਨੇ।
ਅਸੀਂ ਸਾਰੇ ਆਪ ਹੀ ਕਹਿੰਦੇ ਹਾਂ ਕਿ ਆਤਮਾ ਇੱਕ ਹਵਾ ਹੈ। ਹਵਾ ਕੋਲ ਕਿਹਡ਼ਾ ਮੂੰਹ ਹੈ ਜਿਸ ਨਾਮ ਨਾਲ ਉਹ ਭੋਜਨ ਛਕੇਗੀ। ਆਤਮਾ ਕੋਲ ਕਿਹਡ਼ਾ ਸਰੀਰ ਹੈ ਜਿਸ ਤੇ ਕੱਪੜੇ ਪਾਵੇਗੀ।
ਜੇ ਮੰਨ ਵੀ ਲਈਏ ਕਿ ਅਾਤਮਾ ਪੁਜਾਰੀ ਦੇ ਰਾਹੀ ਭੋਜਨ ਖਾਂਦੀ ਹੈ, ਤਾਂ ਅਸੀਂ ਤਾਂ ਇੱਕ ਦਿਨ ਵਿੱਚ ਕਈ ਵਾਰ ਤਿੰਨ ਟਾਈਮ ਭੋਜਨ ਕਰਦੇ ਹਾਂ, ਵੱਡੇ ਵਡੇਰਿਆਂ ਦੀ ਅਾਤਮਾ ਨੂੰ ਮਹੀਨੇ ਜਾਂ ਸਾਲ ਬਾਅਦ ਕਿਉਂ। ਉਹ ਤਾਂ ਫਿਰ ਸਾਰੇ ਕੁਪੋਸਣ ਦੇ ਮਰੀਜ਼ ਹੋਣਗੇ।
ਬੇਅੰਤ ਸੁਆਲ ਨੇ ਜਿਹਡ਼ੇ ਕੀਤੇ ਜਾ ਸਕਦੇ ਨੇ, ਪਰ ਸਿਆਣੇ ਕਹਿੰਦੇ ਨੇ ਸਮਝਦਾਰ ਨੂੰ ਇੱਕ ਇਸ਼ਾਰਾ ਕਾਫੀ ਹੁੰਦਾ ਹੈ।
ਸੋ ਆਉ, ਸਾਰੇ ਗੁਰੂ ਦੀ ਮੱਤ ਲੈ ਕੇ ਸਿਆਣੇ ਬਣੀਏ, ਵਹਿਮਾਂ ਭਰਮਾਂ ਦਾ ਖਹਿਡ਼ਾ ਛੱਡੀਏ ਤੇ ਵਹਿਮਾਂਭਰਮਾਂ ਅਧੀਨ ਇਹ ਪੈਸਾ ਧਾਰਮਿਕ ਪੁਜਾਰੀ ਨੂੰ ਲੁਟਾਉਂਣ ਦੀ ਥਾਂ ਤੇ ਆਪਣੇ ਘਰ ਪਰਿਵਾਰ ਤੇ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਰਤੀਏ ।


✍ ਭਾਈ ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


09/17/17
ਹਰਲਾਜ ਸਿੰਘ ਬਹਾਦਰਪੁਰ

ਭੇਡਾਂ ਅਤੇ ਸ਼ੈਤਾਨਾਂ ਦੀ ਮਾਨਸਿਕਤਾ
ਆਪਣੇ ਨਾਮ ਤੇ ਮੁਜਲੂਮਾਂ ਉਤੇ ਹੁੰਦੇ ਅਜਿਹੇ ਜੁਰਮ ਵੇਖ ਕੇ ਰੱਬ ਵੀ ਹੁਣ ਖੁਦਕਸ਼ੀ ਕਰਨੀ ਚਾਹੁੰਦਾ ਹੈ।
ਇੱਕ ਜੰਗਲ ਵਿੱਚ ਬਹੁਤ ਸਾਰੀਆਂ ਭੇਡਾਂ ਇੱਕ ਝੁੰਡ ਵਿੱਚ ਇਕੱਠੀਆਂ ਰਹਿੰਦੀਆਂ ਸਨ। ਜੋ ਰੰਗ ਦੀਆਂ ਚਿੱਟੀਆਂ, ਕਾਲੀਆਂ, ਡੱਬ ਖੜੱਬੀਆਂ, ਅਤੇ ਕੱਦ ਵਿੱਚ ਛੋਟੀਆਂ ਵੱਡੀਆਂ ਵੀ ਸਨ। ਪਰ ਸਾਰੀਆਂ ਇੱਕ ਨਸਲ ਦੀਆਂ ਹੋਣ ਕਾਰਨ ਅਤੇ ਇੱਕ ਸਾਂਝੇ ਜੰਗਲ ਵਿੱਚ ਰਹਿਣ ਕਾਰਨ ਬਿਨਾ ਵਿਤਕਰੇ ਤੋਂ ਇੱਕੋ ਪ੍ਰੀਵਾਰ ਦੇ ਜੀਆਂ ਵਾਂਗ ਖੁਸ਼ੀ-ਖੁਸ਼ੀ ਪਿਆਰ ਨਾਲ ਰਹਿੰਦੀਆਂ ਸਨ। ਉਹਨਾ ਦੇ ਇੱਕ ਵੱਡੇ ਝੁੰਡ ਵਿੱਚ ਰਹਿਣ ਕਾਰਨ ਉਹਨਾ ਉਤੇ ਹਮਲੇ ਵੀ ਘੱਟ ਹੁੰਦੇ ਸਨ। ਜੇ ਕਿਤੇ ਹਮਲਾ ਹੋ ਵੀ ਜਾਂਦਾ ਤਾਂ ਉਹ ਸਾਰੀਆਂ ਇਕੱਠੀਆਂ ਹੋ ਕੇ ਉਸ ਦਾ ਮੁਕਾਬਲਾ ਕਰਦੀਆਂ ਜਿਸ ਕਾਰਨ ਜਿੱਥੇ ਉਹਨਾ ਦਾ ਨੁਕਸਾਨ ਬਹੁਤ ਘੱਟ ਹੁੰਦਾ ਉਥੇ ਹਮਲਾਵਰ ਨੂੰ ਵੀ ਆਪਣੀ ਜਾਨ ਬਚਾਉਣੀ ਮੁਸਕਲ ਹੋ ਜਾਂਦੀ ਸੀ। ਸਾਂਝੇ ਜੰਗਲ ਵਿੱਚ ਸੁਖੀ ਵਸਦੇ ਇਸ ਵੱਡੇ ਝੁੰਡ ਉਤੇ ਇੱਕ ਦਿਨ ਕੁੱਝ ਸੈਤਾਨਾਂ ਦੀ ਨਜਰ ਪੈ ਗਈ। ਉਹਨਾ ਸੋਚਿਆ ਕਿ ਕਿਉਂ ਨਾ ਇਹਨਾ ਦੀ ਕੀਮਤੀ ਉਨ ਲਾਹ ਕੇ ਬੇਚੀ ਜਾਵੇ ਅਤੇ ਇਹਨਾ ਦੇ ਲੇਲਿਆਂ ਨੂੰ ਖੁਰਾਕ ਦੇ ਰੂਪ ਵਿੱਚ ਬੇਚ ਕੇ ਮੋਟੀ ਕਮਾਈ ਕੀਤੀ ਜਾਵੇ, ਵੱਡਾ ਝੁੰਡ ਹੋਣ ਕਾਰਨ ਉਹਨਾ ਦਾ ਇਹ ਹੌਂਸਲਾ ਨਾ ਪਵੇ, ਪਰ ਉਹ ਇਸ ਕਮਾਈ ਨੂੰ ਛੱਡਣਾ ਵੀ ਨਹੀਂ ਸੀ ਚਾਹੁੰਦੇ। ਇਸ ਲਈ ਉਹਨਾ ਨੇ ਇੱਕ ਵਿਚਾਰ ਕਰਕੇ ਫੈਂਸਲਾ ਕੀਤਾ ਕਿ ਉਹ ਇੱਕ ਤਾਂ ਇਸ ਝੁੰਡ ਉੱਤੇ ਹਮਲਾਵਰ ਹੋ ਕੇ ਕਦੇ ਵੀ ਹਮਲਾ ਨਹੀਂ ਕਰਨਾ, ਦੂਜਾ ਆਪਣੀ ਕਮਾਈ ਨੂੰ ਕਮਾਈ ਦੀ ਥਾਂ ਭਲਾਈ ਦਾ ਨਾਮ ਦੇ ਕੇ ਕੁੱਝ ਕੁ ਸਮੇ ਲਈ ਭਲਾਈ ਦੇ ਕੰਮ ਕੀਤੇ ਜਾਣ, ਬਿਨਾ ਲੋੜ ਤੋਂ ਭੇਡਾਂ ਨੂੰ ਖਾਣ ਲਈ ਘਾਹ, ਪੀਣ ਲਈ ਪਾਣੀ ਅਤੇ ਰਹਿਣ ਲਈ ਛੱਤ ਜਾਂ ਵਾੜਿਆਂ ਦਾ ਪ੍ਰਬੰਧ ਕੀਤਾ ਜਾਵੇ। ਅਗਲੇ ਦਿਨ ਉਹਨਾ ਨੇ ਇਸੇ ਤਰਾਂ ਹੀ ਕੀਤਾ। ਉਹ ਇਕੱਠੇ ਇੱਕੋ ਰੂਪ ਵਿੱਚ ਇੱਕੋ ਪਾਸੇ ਦੀ ਹਮਲਾਵਰ ਹੋ ਕੇ ਜਾਣ ਦੀ ਵਜਾਏ ਵੱਖਰੇ-ਵੱਖਰੇ ਪਾਸਿਆਂ ਤੋਂ ਵੱਖਰੇ-ਵੱਖਰੇ ਰੂਪਾਂ ਵਿੱਚ ਸੇਵਾਦਾਰ ਬਣ ਕੇ ਸ਼ਾਂਤ ਵਸਦੇ ਝੁੰਡ ਕੋਲ ਜਾ ਪਹੁੰਚੇ। ਰੋਜ ਆਪਣੀ ਲੋੜ ਅਨੁਸਾਰ ਰੱਜ ਕੇ ਖਾਂਦੀਆਂ ਪੀਦੀਆਂ ਅਤੇ ਸੁਰੱਖਿਅਤ ਰਹਿੰਦੀਆਂ ਭੇਡਾਂ ਨੂੰ ਕਹਿਣ ਲੱਗੇ ਅਸੀਂ ਤੁਹਾਡੇ ਹੀ ਭੈਣ ਭਰਾ ਹਾਂ ਤੁਹਾਡੀ ਭਲਾਈ ਲਈ ਤੁਹਾਨੂੰ ਮਿਲਣ ਆਏ ਹਾਂ, ਤੁਹਾਡਾ ਪ੍ਰੀਵਾਰ ਬਹੁਤ ਵੱਡਾ ਹੈ ਇਸ ਲਈ ਤੁਹਾਨੂੰ ਖਾਣ ਪੀਣ ਅਤੇ ਰਹਿਣ ਲਈ ਸਮੱਸਿਆ ਆਂਉਂਦੀ ਹੋਵੇਗੀ। ਅਸੀਂ ਤੁਹਾਡੇ ਲਈ ਖਾਣ ਲਈ ਕੁੱਝ ਘਾਹ, ਪੀਣ ਲਈ ਸਾਫ ਪਾਣੀ ਲੈ ਕੇ ਆਏ ਹਾਂ ਬੇਸ਼ੱਕ ਇਹ ਬਹੁਤ ਘੱਟ ਹੈ ਪਰ ਤੁਸੀਂ ਸਾਡੀ ਇਹ ਸੇਵਾ ਮੰਨਜੂਰ ਕਰੋ, ਕੱਲ ਨੂੰ ਅਸੀਂ ਇਸ ਤੋਂ ਹੋਰ ਵੱਧ ਲੈ ਕੇ ਆਵਾਂਗੇ।

ਰੋਜਾਨਾ ਆਪਣਾ ਖਾਣ ਵਾਲੀਆਂ ਭੋਲੀਆਂ ਭੇਡਾਂ ਸੈਤਾਨਾਂ ਦੀ ਚਾਲ ਨੂੰ ਸਮਝ ਨਾ ਸਕੀਆਂ, ਉਹਨਾ ਨੇ ਆਪਣਾ ਖਾਣ ਦੀ ਥਾਂ ਸੈਤਾਨਾਂ ਦਾ ਖਾਣਾ ਸ਼ੁਰੂ ਕਰ ਦਿੱਤਾ। ਆਲਸੀ ਹੋਈਆਂ ਭੇਡਾਂ ਨੂੰ ਆਪਣੇ ਕਬਜੇ ਵਿੱਚ ਕਰਨ ਲਈ ਸੁਰੱਖਿਆ ਦੇ ਨਾਮ ਹੇਠ ਉਹਨਾ ਦੇ ਦੁਆਲੇ ਵਾੜ ਕਰਨੀ ਸ਼ੁਰੂ ਕਰ ਦਿੱਤੀ। ਆਪਣੀ ਰਾਖੀ ਆਪ ਕਰਨ ਵਾਲੀਆਂ ਭੇਡਾਂ ਸੁਰੱਖਿਆ ਦੇ ਨਾਮ ਹੇਠ ਸ਼ੈਤਾਨਾਂ ਵੱਲੋਂ ਕੀਤੀ ਗੁਲਾਮੀ ਦੀ ਵਾੜ ਵਿੱਚ ਬੇਫਿਕਰ ਹੋ ਕੇ ਸੌਣ ਲੱਗ ਗਈਆਂ। ਤਾਂ ਸ਼ੈਤਾਨਾਂ ਨੂੰ ਪਤਾ ਲੱਗ ਗਿਆ ਕਿ ਉਹ ਹੁਣ ਆਪਣੀ ਕਮਾਈ ਸ਼ੁਰੂ ਕਰ ਸਕਦੇ ਹਨ। ਆਪਣੀ ਕਮਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਾਲ ਨੂੰ ਵੰਡਣ ਲਈ ਉਹਨਾ ਕਿਹਾ ਇੰਨੇ ਵੱਡੇ ਪ੍ਰੀਵਾਰ ਨੂੰ ਇੱਕ ਵਾੜੇ ਵਿੱਚ ਰਹਿਣਾ ਬਹੁਤ ਮੁਸਕਲ ਹੈ ਇਸ ਲਈ ਅਸੀਂ ਤੁਹਾਡੇ ਲਈ ਵੱਖ ਵੱਖ ਵਾੜਿਆਂ ਦਾ ਪ੍ਰਬੰਧ ਕੀਤਾ ਹੈ, ਜਿੱਥੇ ਤੁਹਾਡੀ ਸੰਭਾਲ ਹੋਰ ਵੀ ਚੰਗੀ ਤਰਾਂ ਹੋ ਸਕੇਗੀ। ਇਸ ਦਾ ਕੁੱਝ ਕੁ ਭੇਡਾਂ ਨੇ ਵਿਰੋਧ ਕੀਤਾ ਕਿ ਅਸੀਂ ਵੰਡੇ ਜਾਣ ਨੂੰ ਪਸੰਦ ਨਹੀਂ ਕਰਦੀਆਂ, ਇਸ ਲਈ ਅਸੀਂ ਇਕੱਠੀਆਂ ਹੀ ਰਹਾਂਗੀਆਂ। ਤਾਂ ਸ਼ੈਤਾਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਵੰਡ ਨਹੀਂ ਰਹੇ ਇਹ ਤਾਂ ਸਿਰਫ ਤੁਹਾਡੀ ਭਲਾਈ ਲਈ ਹੀ ਹੈ। ਆਪਣੀ ਭਲਾਈ ਅਤੇ ਸਹੂਲਤਾਂ ਦੀ ਗੱਲ ਸੁਣ ਕੇ ਭੇਡਾਂ ਨੇ ਵੰਡੇ ਜਾਣ ਨੂੰ ਵੀ ਹਾਂ ਕਰ ਦਿੱਤੀ। ਇੱਕੋ ਨਸਲ ਦੀਆਂ ਭੇਡਾਂ ਨੂੰ ਆਪੋ ਆਪਣੇ ਵਾੜਿਆਂ ਵਿੱਚ ਕੈਦ ਕਰਕੇ ਸ਼ੈਤਾਨਾਂ ਨੇ ਉਹਨਾ ਦੇ ਵੱਖਰਾ ਵੱਖਰਾ ਰੰਗ ਲਗਾ ਕੇ ਪੱਕਾ ਕਬਜਾ ਕਰ ਲਿਆ। ਬੱਸ ਫਿਰ ਕੀ ਸੀ ਸਾਂਝੇ ਪ੍ਰੀਵਾਰ ਵਿੱਚ ਰਹਿਣ ਵਾਲੀਆਂ ਭੇਡਾਂ ਆਪਣੀ ਸਾਂਝ ਵਾਲੀ ਅਸਲੀ ਅਜਾਦ ਜਿੰਦਗੀ ਛੱਡ ਕੇ ਵੱਖਰੇ ਵਾੜਿਆਂ (ਸ਼ੈਤਾਨਾਂ ਦੀਆਂ ਦੁਕਾਨਾਂ) ਦੀ ਗੁਲਾਮੀ ਨੂੰ ਹੀ ਅਜਾਦੀ ਸਮਝਣ ਲੱਗ ਪਈਆਂ। ਆਪਣੇ ਵਾੜਿਆਂ ਨੂੰ ਹੀ ਆਪਣੇ-ਆਪਣੇ ਦੇਸ਼ (ਘਰ) ਮੰਨਣ ਲੱਗ ਗਈਆਂ, ਸ਼ੈਤਾਨਾਂ ਵੱਲੋਂ ਆਪਣੀ ਮਾਲਕੀ ਦੀ ਨਿਸ਼ਾਨੀ ਲਈ ਲਾਏ ਰੰਗ ਕਾਰਨ ਆਪਣੇ ਰੰਗ ਨੂੰ ਉਤਮ ੳਤੇ ਦੂਜੇ ਦੇ ਰੰਗ ਨੂੰ ਨੀਚ ਸਮਝ ਕੇ ਇੱਕ ਦੂਜੇ ਦੀਆਂ ਦੁਸ਼ਮਣ ਬਣ ਗਈਆਂ। ਸ਼ੈਤਾਨ ਵੀ ਇਹੀ ਕੁੱਝ ਚਾਹੁੰਦਾ ਸੀ। ਹੁਣ ਉਹ ਜਦੋਂ ਮਰਜੀ ਉਹਨਾ ਦੀ ਉਨ ਲਾਹ ਕੇ ਬੇਚ ਦਿੰਦਾ, ਜਦੋਂ ਮਰਜੀ ਉਹਨਾ ਦੇ ਲੇਲਿਆਂ ਨੂੰ ਕਸਾਈ ਕੋਲ ਬੇਚ ਦਿੰਦਾ। ਜਿਹੜੇ ਲੇਲਿਆਂ ਨੂੰ ਉਹ ਸ਼ੇਰਾਂ ਬਘਿਆੜਾਂ ਤੋਂ ਵੀ ਬਚਾ ਲੈਦੀਆਂ ਸਨ ਹੁਣ ਕਸਾਈ ਇਕੱਲਾ ਹੀ ਮੌਜ ਨਾਲ ਉਹਨਾ ਦੇ ਸਾਹਮਣੇ ਹੀ ਤਿੰਨ ਚਾਰ ਲੇਲ਼ੇ ਚੁੱਕ ਕੇ ਤੁਰ ਜਾਂਦਾ, ਉਹ ਵਾੜੇ ਵਿੱਚ ਖੜੀਆਂ ਵੇਖਦੀਆਂ ਤੇ ਬਿਆ ਬਿਆ ਕਰਦੀਆਂ ਰਹਿ ਜਾਂਦੀਆਂ ਪਰ ਕਰ ਕੁੱਝ ਵੀ ਨਹੀਂ ਸੀ ਸਕਦੀਆਂ। ਕਿਉਂਕਿ ਉਹ ਹੁਣ ਏਕਤਾ ਦੀ ਥਾਂ ਅਨੇਕਤਾ ਵਿੱਚ ਵੰਡੀਆਂ ਜਾ ਚੁੱਕੀਆਂ ਸਨ ਅਤੇ ਕਿਸੇ ਦੇ ਕਬਜੇ ਵਿੱਚ ਸਨ। ਉਹਨਾ ਨੇ ਅਜਾਦ ਜੀਵਨ ਨੂੰ ਭੁੱਲ ਕੇ ਗੁਲਾਮੀ ਨੂੰ ਹੀ ਅਜਾਦੀ ਮੰਨ ਲਿਆ ਹੋਇਆ ਸੀ। ਸ਼ੈਤਾਨਾਂ ਨੂੰ ਇਹ ਗੱਲ ਬਹੁਤ ਵਧੀਆ ਲੱਗੀ। ਉਹਨਾ ਨੇ ਅੱਗੇ ਤੋਂ ਇਹਨਾ ਦੋ ਸ਼ਬਦਾਂ (ਕਮਾਈ ਨੂੰ ਭਲਾਈ ਅਤੇ ਗੁਲਾਮੀ ਨੂੰ ਅਜਾਦੀ ਪ੍ਰਚਾਰਨ) ਨੂੰ ਹੀ ਆਪਣੀ ਜਿੰਦਗੀ ਦਾ ਅਧਾਰ ਬਣਾ ਲਿਆ। ਬੱਸ ਇਹਨਾ ਦੋ ਸ਼ਬਦਾਂ ਨੇ ਜਿੱਥੇ ਸੈਤਾਨ ਸੋਚ ਨੂੰ ਪੂਰੇ ਜੰਗਲ ਦੀ ਮਾਲਕ ਬਣਾ ਦਿੱਤਾ, ਉੱਥੇ ਭੇਡ ਸੋਚ ਨੂੰ ਸਦਾ ਲਈ ਸ਼ੈਤਾਨਾ ਦੀ ਗੁਲਾਮ ਅਤੇ ਕਮਾਈ ਦਾ ਸਾਧਨ ਬਣਾ ਦਿੱਤਾ। ਜਿਸ ਤਰਾਂ ਮਾਨਸਿਕ ਤੌਰ ਤੇ ਭੇਡ ਸੋਚ ਨੇ ਗੁਲਾਮੀ ਨੂੰ ਭਲਾਈ ਸਮਝ ਲਿਆ ਉਸੇ ਤਰਾਂ ਸ਼ੈਤਾਨ ਸੋਚ ਨੇ ਵੀ ਭੇਡਾਂ ਨੂੰ ਗੁਲਾਮ ਬਣਾ ਕੇ ਰੱਖਣ ਨੂੰ ਹੀ ਆਪਣਾ ਹੱਕ ਸਮਝ ਲਿਆ। ਭੇਡਾਂ ਅਤੇ ਸ਼ੈਤਾਨਾ ਦੀ ਪ੍ਰਪੱਕ ਹੋਈ ਅਜਿਹੀ ਮਾਨਸਿਕਤਾ ਨੂੰ ਵੇਖ ਕੇ ਰੱਬ ਵੀ ਦੁਖੀ ਹੈ। ਦੁਖੀ ਹੋਏ ਰੱਬ ਨੇ ਸੋਚਿਆ ਕਿ ਬੇਚਾਰੀਆਂ ਭੇਡਾਂ ਨੂੰ ਸ਼ੈਤਾਨਾ ਤੋਂ ਅਜਾਦ ਕਰਵਾਕੇ ਪਹਿਲਾਂ ਵਰਗਾ ਕੁਦਰਤੀ ਜੀਵਨ ਜਿਉਣਾ ਸਿਖਾਈਏ, ਇਹਨਾ ਨੂੰ ਸ਼ੈਤਾਨਾ ਵੱਲੋਂ ਬਣਾਏ ਜੇਲਾਂ ਰੂਪੀ ਵਾੜਿਆਂ ਵਿੱਚੋਂ ਅਜਾਦ ਕਰਵਾਕੇ ਆਪਣਾ ਕਮਾ ਕੇ ਖਾਣਾ, ਇਕੱਠੇ ਅਤੇ ਅਜਾਦ ਰਹਿਣਾ ਸਿਖਾਈਏ। ਰੱਬ ਨੇ ਸ਼ੈਤਾਨਾਂ ਵਾਲੇ ਰੂਪ ਵਿੱਚ ਆ ਕੇ ਭੇਡਾਂ ਨੂੰ ਕਿਹਾ ਕਿ ਤੁਸੀਂ ਅਜਾਦ ਨਹੀਂ ਹੋਂ, ਇਹ ਜੋ ਲੋਕ ਤੁਹਾਨੂੰ ਸੁੱਖ ਸਹੂਲਤਾਂ ਦੇਣ ਅਤੇ ਵਾੜਿਆਂ ਵਿੱਚ ਸੁਰੱਖਿਅਤ ਅਜਾਦ ਰੱਖਣ ਦੇ ਨਾਹਰੇ ਮਾਰ ਰਹੇ ਹਨ ਇਹ ਸੱਭ ਲੁਟੇਰੇ ਹਨ, ਤੁਸੀਂ ਹਿੰਮਤ ਕਰਕੇ ਇਹਨਾ ਦੀਆਂ ਜੇਲ਼ਾਂ ਵਿੱਚੋਂ ਬਾਹਰ ਆਓ, ਤੁਹਾਨੂੰ ਕੁੱਝ ਨਹੀਂ ਹੋਵੇਗਾ। ਇਹਨਾ ਦਾ ਦਿੱਤਾ ਘਾਹ ਪਾਣੀ ਖਾਣਾ ਬੰਦ ਕਰਕੇ ਆਪਣਾ ਕਮਾ ਕੇ ਖਾਓ, ਇਹਨਾ ਤੋਂ ਸੁਰੱਖਿਆ ਲੈਣ ਦੀ ਥਾਂ ਆਪਣੀ ਰਾਖੀ ਆਪ ਕਰੋ, ਤੁਸੀਂ ਸੱਭ ਇੱਕ ਬਰਾਬਰ ਹੋਂ ਤੁਹਾਡੇ ਵਿੱਚ ਵੱਖਰੇ ਵਾੜਿਆਂ ਅਤੇ ਰੰਗਾਂ ਕਾਰਨ ਕੋਈ ਉਤਮ ਜਾਂ ਨੀਚ ਨਹੀਂ ਹੈ, ਇਹ ਵਾੜੇ ਅਤੇ ਰੰਗ ਤੁਹਾਨੂੰ ਗੁਮਰਾਹ ਕਰਨ ਲਈ ਬਣਾਏ ਗਏ ਹਨ। ਤੁਹਾਡੇ ਵਡੇਰੇ ਇੱਕ ਵੱਡੇ ਝੁੰਡ ਵਿੱਚ ਰਹਿੰਦੇ ਸਨ, ਉਹ ਖੁਦ ਕਮਾ ਕੇ ਖਾਂਦੇ ਸੀ, ਆਪਣੀ ਰਾਖੀ ਵੀ ਖੁਦ ਹੀ ਕਰਦੇ ਸੀ, ਉਹਨਾ ਦਾ ਜੀਵਨ ਖੁਸ਼ ਅਤੇ ਅਸਲ ਵਿੱਚ ਅਜਾਦ ਸੀ। ਕੋਈ ਉਹਨਾ ਦੀ ਉਨ ਨਹੀਂ ਸੀ ਲਾਹੁਦਾ, ਵੱਡਾ ਸਾਂਝਾ ਪ੍ਰੀਵਾਰ ਹੋਣ ਕਰਕੇ ਸ਼ੇਰ ਤੇ ਬਘਿਆੜ ਵੀ ਉਹਨਾ ਤੋਂ ਡਰਦੇ ਸਨ।

ਰੱਬ ਤਾਂ ਸੈਤਾਨਾਂ ਵੱਲੋਂ ਵੱਖਰੇ-ਵੱਖਰੇ ਵਾੜਿਆਂ ਅਤੇ ਵੱਖੋ ਵੱਖਰੇ ਰੰਗਾਂ ਵਿੱਚ ਰੰਗੀਆਂ, ਆਪਣੀ ਹੀ ਨਸਲ ਦੀਆਂ ਦੁਸ਼ਮਣ ਬਣੀਆਂ ਭੇਡਾਂ ਨੂੰ ਜਗਾਉਣ ਲਈ ਸਾਂਝੀਵਾਲਤਾ ਦਾ ਹੋਕਾ ਦੇ ਕੇ ਚਲਿਆ ਗਿਆ। ਇੱਕ ਦੋ ਨੇ ਰੱਬ ਦੀ ਗੱਲ ਨੂੰ ਸਮਝਿਆ ਉਹ ਤਾਂ ਆਪਣੀ ਜਿੰਦਗੀ ਆਪ ਜਿਉਣ ਲਈ ਝੱਟ ਵਾੜੇ ਵਿੱਚੋਂ ਬਾਹਰ (ਬਾਗੀ) ਹੋ ਗਈਆਂ। ਪਰ ਮਾਨਸਿਕ ਤੌਰ ਤੇ ਗੁਲਾਮੀ ਦੀ ਮੌਤ ਵਰਗੀ ਨੀਂਦ ਵਿੱਚ ਸੁਤੀਆਂ ਬਹੁਤੀਆਂ ਭੇਡਾਂ ਨੇ ਰੱਬ ਦੇ ਬੋਲਾਂ ਨੂੰ ਸੁਣ ਤਾਂ ਲਿਆ ਪਰ ਉਨਾ ਨੂੰ ਵਿਚਾਰ ਕੇ ਅਮਲ ਕਰਨ ਵਾਰੇ ਸੋਚਿਆ ਤੱਕ ਨਹੀਂ। ਉਲਟਾ ਕੁੱਝ ਸਿਆਣੀਆਂ ਭੇਡਾਂ ਰੱਬ ਵੱਲੋਂ ਦਿੱਤੀ ਸਿੱਖਿਆ ਦੀਆਂ ਕਹਾਣੀ ਸ਼ੈਤਾਨਾਂ ਨੂੰ ਸੁਣਾਉਣ ਲੱਗ ਪਈਆਂ ਕਿ ਅੱਜ ਰੱਬ ਆਇਆ ਸੀ ਉਹ ਸਾਨੂੰ ਇਸ ਤਰਾਂ ਦੀ ਸਿੱਖਿਆ ਦੇ ਕੇ ਗਿਆ ਹੈ, ਕੁੱਝ ਭੇਡਾਂ ਉਸ ਦੀ ਗੱਲ ਸੁਣ ਕੇ ਵਾੜੇ ਨੂੰ ਛੱਡ ਕੇ ਚਲੀਆਂ ਵੀ ਗਈਆਂ ਹਨ। ਇਹ ਸੁਣ ਕੇ ਸ਼ੈਤਾਨਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਉਹਨਾ ਨੂੰ ਆਪਣਾ ਰਾਜ ਖੁਸਦਾ ਨਜਰ ਆਇਆ। ਉਹਨਾ ਨੇ ਤੁਰੰਤ ਇਕੱਠੇ ਹੋ ਕੇ ਇਸ ਦੇ ਹੱਲ ਲਈ ਵਿਚਾਰ ਕਰਕੇ ਮਸਲੇ ਦਾ ਹੱਲ ਕੱਢਦਿਆਂ, ਕਹਾਣੀਆਂ ਸੁਣਾਉਣ ਵਾਲੀਆਂ ਨੂੰ ਵਫਾਦਾਰ ਅਤੇ ਵਾੜੇ ਛੱਡ ਕੇ ਜਾਣ ਵਾਲੀਆਂ ਨੂੰ ਬਾਗੀਆਂ ਦਾ ਖਿਤਬ ਦੇ ਕੇ, ਬਾਗੀਆਂ ਲਈ ਰੱਬ ਦੇ ਨਾਮ ਤੇ ਹੀ ਇੱਕ ਹੋਰ ਵਾੜਾ ਅਤੇ ਰੰਗ ਪੈਦਾ ਕਰਕੇ, ਬਾਗੀ ਹੋਈਆਂ ਭੇਡਾਂ ਨੂੰ ਉਸ ਰੰਗ ਵਿੱਚ ਰੰਗ ਕੇ ਵੱਖਰੇ ਵਾੜੇ ਵਿੱਚ ਕੈਦ ਕਰ ਲਿਆ। ਬੱਸ ਫਿਰ ਤਾਂ ਕੀ ਸੀ ਰੱਬ ਜਿੰਨੇ ਵਾਰੀਂ ਗੁਲਾਮ ਭੇਡਾਂ ਨੂੰ ਸਮਝਾਉਣ ਆਂਉਂਦਾ ਸੈਤਾਨ ਉਨੇ ਹੀ ਵੱਖਰੇ ਵਾੜੇ ਅਤੇ ਰੰਗ ਸਿਰਜ ਕੇ ਆਪਣੀਆਂ ਨਵੀਆਂ ਦੁਕਾਨਾਂ (ਜੇਲ਼ਾਂ) ਦੀ ਗਿਣਤੀ ਵਧਾਉਂਦਾ ਗਿਆ। ਨਿਰਾਸ਼ ਹੋਏ ਰੱਬ ਨੇ ਜੰਗਲ ਵਿੱਚ ਆਉਣਾ ਅਤੇ ਭੇਡਾਂ ਨੂੰ ਸਮਝਾਉਣਾ ਹੀ ਬੰਦ ਕਰ ਦਿੱਤਾ ਕਿਉਂਕਿ ਸ਼ੈਤਾਨਾਂ ਨੇ ਇੱਕ ਰੱਬ ਦੇ ਨਾਮ ਤੇ ਹੋਰ ਹੀ ਇੰਨੇ ਵਾੜੇ ਅਤੇ ਰੰਗ ਪੈਦਾ ਕਰ ਦਿੱਤੇ, ਜੋ ਭੇਡਾਂ ਤਾਂ ਕੀ ਰੱਬ ਦੀ ਵੀ ਸਮਝ ਤੋਂ ਬਾਹਰ ਹੋ ਗਏ। ਸਕਤੀ ਹੀਣ ਹੋਈਆਂ ਭੇਡਾਂ ਕਦੇ ਕਦੇ ਰੱਬ ਨੂੰ ਯਾਦ ਕਰਦੀਆਂ ਕਿ ਉਹ ਆ ਕੇ ਉਹਨਾ ਨੂੰ ਅਜਾਦ ਕਰਵਾਏਗਾ। ਰੱਬ ਤਾਂ ਆਪਣੀ ਨਾਕਾਮੀ ਕਾਰਨ ਮੁੜ ਨਾ ਆਉਣ ਦਾ ਫੈਂਸਲਾ ਕਰ ਚੁਕਿਆ ਸੀ, ਕਿਉਂਕਿ ਉਹ ਸ਼ੈਤਾਨਾਂ ਵੱਲੋਂ ਆਪਣੇ ਨਾਮ ਤੇ ਫੈਲਾਏ ਜਾਲ਼ ਨੂੰ ਵੇਖ ਚੁਕਿਆ ਸੀ। ਪਰ ਭੇਡਾਂ ਦੀ ਮਾਨਸਿਕਤਾ ਨੂੰ ਸਮਝਦਾ ਸਮਝਦਾ ਸ਼ੈਤਾਨ ਹੁਣ ਇੰਨਾ ਚਲਾਕ ਹੋ ਗਿਆ ਸੀ ਕਿ ਰੱਬ ਦੇ ਨਾ ਆਉਣ ਵਾਰੇ ਪਤਾ ਹੋਣ ਦੇ ਬਾਵਜੂਦ ਵੀ ਉਹ ਹੁਣ ਰੱਬ ਦੀ ਆਸ ਵਿੱਚ ਬੈਠੀਆਂ ਭੇਡਾਂ ਨੂੰ ਵੀ ਨਿਰਾਸ ਨਹੀਂ ਹੋਣ ਦੇਣਾ ਚਾਹੁੰਦਾ। ਉਸ ਨੇ ਹੁਣ ਕੁੱਝ ਕੁ ਸਮੇਂ ਬਾਅਦ ਰੱਬ ਦੇ ਨਾਮ ਤੇ ਆਪ ਹੀ ਭੇਸ ਬਦਲ ਕੇ ਆਉਣਾ ਸ਼ੁਰੂ ਕਰਕੇ ਆਪਣੇ ਆਪ ਨੂੰ ਹੀ ਰੱਬ ਕਹਾਉਣਾ ਸ਼ੁਰੂ ਕਰ ਦਿੱਤਾ। ਹੁਣ ਉਹ ਨਵਾਂ ਰੰਗ ਅਤੇ ਨਵੇਂ ਵਾੜੇ ਦਾ ਪ੍ਰਬੰਧ ਕਰਕੇ ਆਉਂਦਾ ਹੈ, ਪੁਰਾਣੇ ਵਾੜਿਆਂ ਵਿੱਚ ਉਦਾਸ ਬੈਠੀਆਂ ਭੇਡਾਂ ਖੁਦ ਹੀ ਨਵਾਂ ਰੰਗ ਲਵਾ ਕੇ ਨਵੇਂ ਵਾੜੇ ਵਿੱਚ ਖੁਸ਼ੀ ਖੁਸ਼ੀ ਕੈਦ ਹੋ ਜਾਦੀਆਂ ਹਨ। ਜਿੱਥੇ ਭੇਡਾਂ ਦੀ ਗੁਲਾਮ ਮਾਨਸਿਕਤਾ ਅਤੇ ਸ਼ੈਤਾਨਾਂ ਦੀਆਂ ਸ਼ੈਤਾਨੀਆਂ ਤੋਂ ਰੱਬ ਵੀ ਦੁਖੀ ਹੈ, ਉੱਥੇ ਸੈਤਾਨ ਖੁਦ ਰੱਬ ਬਣਕੇ ਭੇਡਾਂ ਦੀ ਉਨ ਲਾਹੁਣ, ਲੇਲ਼ੇ ਕਸਾਈਆਂ ਨੂੰ ਬੇਚਣ, ਆਪਣੀ ਮੌਤ ਮਰੀਆਂ ਭੇਡਾਂ ਦੇ ਸਰੀਰਾਂ ਦੇ ਅੰਗ ਬੇਚਣ, ਰੰਗਾਂ ਅਤੇ ਵਾੜਿਆਂ ਦੇ ਨਾਮ ਤੇ ਦੰਗੇ ਭੜਕਾਅ ਕੇ ਮਰਵਾੳਣ ਤੋਂ ਇਲਾਵਾ ਭੇਡਾਂ ਦੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਦੀਆਂ ਇੱਜਤਾਂ ਨਾਲ ਵੀ ਖੇਡਣ ਲੱਗ ਗਿਆ ਹੈ। ਆਪਣੇ ਨਾਮ ਤੇ ਮੁਜਲੂਮਾਂ ਉਤੇ ਹੁੰਦੇ ਅਜਿਹੇ ਜੁਰਮ ਵੇਖ ਕੇ ਰੱਬ ਵੀ ਹੁਣ ਖੁਦਕਸ਼ੀ ਕਰਨੀ ਚਾਹੁੰਦਾ ਹੈ, ਪਰ ਅਫਸੋਸ ਕਿ ਇਸ ਸਾਰੇ ਕੁੱਝ ਨੂੰ ਭੇਡਾਂ ਰੱਬ ਦੀ ਮੇਹਰ ਅਤੇ ਆਪਣੇ ਕਰਮ ਸਮਝ ਕੇ ਸ਼ੈਤਾਨਾਂ ਅੱਗੇ ਸੀਸ ਝੁਕਾਅ ਰਹੀਆਂ ਹਨ। ਜੇ ਕਿਤੇ ਅਸੀਂ ਭੇਡ ਸੋਚ ਅਤੇ ਰੰਗਾਂ, ਵਾੜਿਆਂ ਦੇ ਭੇਦਭਾਵ ਨੂੰ ਛੱਡ ਕੇ ਸਾਂਝੇ ਪ੍ਰੀਵਾਰ ਵਾਂਗ ਪਿਆਰ ਨਾਲ ਬਰਾਬਰਤਾ ਦਾ ਜੀਵਨ ਅਜਾਦ ਜਿਉਣਾ ਸਿੱਖ ਲਈਏ ਤਾਂ ਕੋਈ ਵੀ ਸ਼ੈਤਾਨ ਸਾਡੇ ਨਾਲ ਅਜਿਹਾ ਨਾ ਕਰ ਸਕੇ।

ਮਿਤੀ 16-09-2017
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
mobwiel-94170-23911
harlajsingh7@gmail.com


09/10/17
ਕੁਲਵੰਤ ਸਿੰਘ ਟਿੱਬਾ

ਸਿੱਖੀ, ਡੇਰਾਵਾਦ ਅਤੇ ਦਲਿਤ
ਬੀਤੇ ਦਿਨੀਂ ਹਰਿਆਣਾ ਦੇ ਪ੍ਰਸਿੱਧ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਜੱਜ ਜਗਦੀਪ ਸਿੰਘ ਵੱਲੋਂ ਵੀਹ ਸਾਲ ਦੀ ਕੈਦ ਅਤੇ ਤੀਹ ਲੱਖ ਰੂਪੈ ਦਾ ਜੁਰਮਾਨਾ ਕਰਨ ਦੀ ਸਜਾ ਅਤੇ ਡੇਰਾ ਪੈਰੋਕਾਰਾਂ ਵੱਲੋਂ ਸਜ਼ਾ ਦੇ ਐਲਾਨ ਉਪਰੰਤ ਹਿੰਸਕ ਹੋਣ ਕਾਰਣ ਡੇਰਾਵਾਦ ਦੇ ਵਧਦਾ ਪ੍ਰਭਾਵ ਦੇ ਕਾਰਨਾਂ ਤੇ ਵੱਡੀ ਬਹਿਸ ਛਿੜ ਗਈ ਹੈ। ਇਹ ਇੱਕ ਕੌੜਾ ਸੱਚ ਹੈ ਕਿ ਪੰਜਾਬ ਅੰਦਰ ਸਿੱਖ ਧਰਮ ਨਾਲ ਸਬੰਧਿਤ ਸਮਾਜਿਕ ਅਤੇ ਆਰਥਿਕ ਤੌਰ ਤੇ ਪਛੜੇ ਦਲਿਤ ਲੋਕਾਂ ਦਾ ਰੁਝਾਨ ਡੇਰਿਆਂ ਵੱਲ ਬੜੀ ਤੇਜ਼ੀ ਨਾਲ ਵਧਿਆ ਹੈ,ਕਿਉਂਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਗਰੀਬ ਸਿੱਖਾਂ ਵੱਲ ਧਿਆਨ ਹੀ ਨਹੀਂ ਦਿੱਤਾ ਹੈ ਅਤੇ ਜਾਤ ਪਾਤ ਅਤੇ ਛੂਆਛਾਂਤ ਰਹਿਤ ਸਿੱਖ ਫ਼ਲਸਫ਼ੇ ਅਤੇ ਗੁਰੂ ਸਾਹਿਬਾਨ ਦੀ ਸੋਚ ਨੂੰ ਅਮਲੀ ਤੌਰ ਤੇ ਆਪਣੇ ਜੀਵਨ ਵਿੱਚ ਲਾਗੂ ਨਹੀਂ ਕੀਤਾ। ਅਜੋਕੇ ਦੌਰ ਵਿੱਚ ਸਿੱਖਾਂ ਦੀਆਂ ਇਹ ਦੋਵੇਂ ਸਿਰਮੌਰ ਸੰਸਥਾਵਾਂ ਨੂੰ ਆਤਮ ਚਿੰਤਨ ਦੀ ਅਤਿਅੰਤ ਲੋੜ ਹੈ। ਪੰਜਾਬ ਅੰਦਰ ਡੇਰਾਵਾਦ ਦੇ ਫੈਲਾਓ ਦਾ ਮੁੱਖ ਕਾਰਣ ਗਰੀਬ ਸਿੱਖਾਂ ਨੂੰ ਮਾਣ ਸਨਮਾਨ ਦੀ ਅਣਹੋਂਦ ਮੰਨਿਆ ਜਾ ਸਕਦਾ ਹੈ। ਪੰਜਾਬ ਦੇ ਪਿੰਡਾਂ ਵਿੱਚ ਬਣੇ ਜਾਤੀ ਆਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਇਸਦੀ ਪੁਸ਼ਟੀ ਕਰਦੇ ਹਨ ਪਰ ਹੈਰਾਨੀਜਨਕ ਪਹਿਲੂ ਤਾਂ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਕਦੇ ਵੀ ਇਨ੍ਹਾਂ ਦੇ ਨਿਰਮਾਣ ਵਿਰੁੱਧ ਜਾਂ ਗੁਰੂਘਰ, ਸ਼ਮਸ਼ਾਨਘਾਟ ਇੱਕ ਕਰਨ ਲਈ ਹੁਕਮਨਾਮਾ ਜਾਰੀ ਨਹੀ ਕੀਤਾ। ਧਰਮ ਨੂੰ ਸਿਆਸਤ ਲਈ ਵਰਤੇ ਜਾਣ ਦੀ ਬਿਰਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਪ੍ਰਕਿਰਿਆ ਨੇ ਵੀ ਸਿੱਖੀ ਨੂੰ ਵੱਡੀ ਢਾਹ ਲਾਈ ਹੈ। ਹਥਲੇ ਲੇਖ ਦਾ ਮੰਤਵ ਡੇਰਾਵਾਦ ਦੇ ਫੈਲਾਓ ਦੇ ਕਾਰਣ ਅਤੇ ਸਿੱਖ ਸੰਸਥਾਵਾਂ ਦੀ ਭੂਮਿਕਾ ਦੀ ਪੜਚੋਲ ਕਰਨਾ ਹੈ। ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਮਾਜਿਕ ਅਤੇ ਵਿਚਾਰਧਾਰਕ ਤੌਰ ਤੇ ਠੋਸ ਹਸਤੀ, ਸਿੱਖ ਧਰਮ ਤੋਂ ਇਲਾਵਾ ਹੋਰਨਾਂ ਧਰਮਾਂ ਬਾਰੇ ਪਰਪੱਕ ਸਮਝ ਦਾ ਹੋਣਾ ਲਾਜ਼ਮੀ ਹੈ। ਜਥੇਦਾਰ ਦੀ ਵਿਅਕਤੀਗਤ ਜੀਵਨ ਦੋਸ਼ ਰਹਿਤ, ਪਰਿਵਾਰ ਅਤੇ ਰਿਸ਼ਤੇਦਾਰ ਸਿੱਖ ਪਰੰਪਰਾਵਾਂ ਵਿੱਚ ਸਾਬਤ ਸੂਰਤ ਹੋਣ ਦੇ ਨਾਲ ਨਾਲ ਉਸਦਾ ਸਮਾਜਿਕ ਵਰਤਾਰਾ ਕਿੰਨਾ ਲੋਕਾਂ ਨਾਲ ਹੈ, ਆਦਿ ਗੱਲਾਂ ਵੀ ਜਥੇਦਾਰ ਦੀ ਹਸਤੀ ਨੂੰ ਠੋਸ ਬਣਾਉਂਦੀਆਂ ਹਨ। ਗੁਰਮਤਿ ਸਿਧਾਂਤ ਅਤੇ ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਜਾਣੇ ਜਾਂਦੇ ਸ੍ਰ.ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰਾਂ ਦੀ ਲੋੜ ਹੈ, ਜਿਨ੍ਹਾਂ ਨੇ ਸਿੱਖ ਹੁਕਮਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਕੁਹਾਹਿਤਾਂ ਕਾਰਣ ਕੋਹੜੇ ਮਾਰਨ ਦੀ ਸਜਾ ਦਿੱਤੀ ਸੀ। ਪਰ ਜਥੇਦਾਰ ਦੀ ਨਿਯੁਕਤੀ ਸਮੇਂ ਅਜਿਹੇ ਪਹਿਲੂ ਵਿਚਾਰਨ ਦੀ ਥਾਂ ਸਿੱਖ ਸੰਸਥਾਵਾਂ ਤੇ ਕਾਬਜ਼ ਧਿਰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਫ਼ਾਦਾਰੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ। ਪਿਛਲੇ ਦੋ ਦਹਾਕਿਆਂ ਤੋਂ ਜਥੇਦਾਰਾਂ ਪ੍ਰਤੀ ਆਮ ਲੋਕਾਂ ਦੀ ਲੋਕਾਂ ਦੀ ਸੋਚ ਅਕਾਲੀ ਦਲ ਅਤੇ ਉਸਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੇ ਯੈੱਸ ਮੈਨ ਕਰਕੇ ਹੈ। ਜਥੇਦਾਰ ਨੂੰ ਜ਼ਿੰਮੇਵਾਰੀ ਤੋਂ ਮੁਕਤ ਵੀ ਇਸ ਤਰਾਂ ਕੀਤਾ ਜਾਂਦਾ ਹੈ ਜਿਵੇਂ ਕੋਈ ਜੱਟ ਆਪਣੇ ਸੀਰੀ ਨੂੰ ਕੰਮ ਤੋਂ ਹਟਾਉਂਦਾ ਹੈ। ਸ੍ਰੀ ਆਕਲ ਤਖਤ ਤੋਂ ਬੇਲੋੜੇ ਅਤੇ ਵਿਵਾਦਪੂਰਨ ਹੁਕਮਨਾਮੇ ਬਿਨ੍ਹਾ ਸੋਚੇ ਸਮਝੇ ਤੋਂ ਸੁਣਾ ਦਿੱਤੇ ਜਾਂਦੇ ਹਨ , ਸਿੱਖ ਇਨ੍ਹਾਂ ਹੁਕਮਨਾਮਿਆਂ ਨੂੰ ਕਿੰਨਾ ਕੁ ਮੰਨਦੇ ਹਨ, ਇਸਦੀ ਪੜਚੋਲ ਕੋਈ ਮਹੱਤਵ ਨਹੀਂ ਰੱਖਦੀ। ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਵਾਪਰਿਆ। ਸਿੱਖਾਂ ਨੂੰ ਵਾਰ ਵਾਰ ਇਹੀ ਦੁਹਾਈ ਦਿੱਤੀ ਜਾਂਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਿਸਾਹ ਦਾ ਬਣਾਇਆ ਹੋਇਆ ਪਰ ਇਸ ਪਹਿਲੂ ਤੇ ਕੋਈ ਗ਼ੌਰ ਨਹੀਂ ਕਿ ਇਹ ਸਭ ਉਦੋਂ ਹੀ ਅਰਥਸ਼ੀਲ ਬਣੇਗਾ, ਜਦੋਂ ਵਰਤਮਾਨ ਸਮੇਂ ਵਿੱਚ ਜਥੇਦਾਰ ਦੀ ਸ਼ਖ਼ਸੀਅਤ ਆਮ ਸਿੱਖਾਂ ਦੇ ਮਨਾਂ ਤੇ ਆਪਣਾ ਪ੍ਰਭਾਵ ਪਾਵੇਗੀ। ਕਿਉਂਕਿ ਛੇਵੇਂ ਪਾਤਿਸਾਹ ਸਮੇਂ ਉਨ੍ਹਾਂ ਦਾ ਵਿਅਕਤੀਗਤ ਜੀਵਨ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਸੀ ਕਿ ਆਮ ਸਿੱਖ ਉਨ੍ਹਾਂ ਵੱਲ ਖਿੱਚੇ ਚਲੇ ਜਾਂਦੇ ਸੀ।
ਵਿਚਾਰਨਯੋਗ ਗੱਲ ਹੈ ਕਿ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਿੰਨੀ ਵੱਡੀ ਪਰੰਪਰਾ ਅਤੇ ਸੁਨਾਰਿਹੀ ਇਤਿਹਾਸ ਹੈ, ਪਰ ਵਰਤਮਾਨ ਵਿੱਚ ਜਥੇਦਾਰ ਦੀ ਕਮਜ਼ੋਰ ਸ਼ਖ਼ਸੀਅਤ ਅਤੇ ਚੋਣ ਵਿਧੀ ਸਹੀ ਨਾ ਹੋਣ ਕਾਰਣ ਡੇਰਾਵਾਦ ਤੇਜ਼ੀ ਨਾਲ ਫੈਲ ਰਿਹਾ ਹੈ ਜਦਕਿ ਡੇਰਿਆਂ ਦਾ ਸਿਧਾਂਤ ਅਤੇ ਸੋਚ ,ਸਿੱਖ ਸਿਧਾਂਤਾਂ ਅਤੇ ਫ਼ਿਲਾਸਫ਼ੀ ਦੇ ਨੇੜੇ ਤੇੜੇ ਵੀ ਨਹੀ ਹੈ। ਡੇਰਾਵਾਦ ਦੇ ਫੈਲਾਓ ਦਾ ਮੁੱਖ ਕਾਰਣ ਇਹੀ ਹੈ ਕਿ ਅਸੀਂ ਸਿੱਖ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨੂੰ ਵਿਹਾਰਕ ਤੌਰ ਤੇ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾ ਸਕੇ। ਮੌਜੂਦਾ ਦੌਰ ਵਿੱਚ ਅਸੀਂ ‘ਗਰੀਬ ਦਾ ਮੂੰਹ,ਗੁਰੂ ਦੀ ਗੋਲਕ’,ਕਿਰਤੀਆਂ ਕੰਮੀਆਂ-ਕਮੀਨੀਆਂ ਦੇ ਸਿਰ ਪਾਤਿਸਾਹੀ ਸਜਾਉਣ ਦੇ ਸੰਕਲਪ ਤੋਂ ਮੂੰਹ ਮੋੜ ਲਿਆ ਹੈ। ਬੇਸ਼ੱਕ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਅੰਦਰਲਾ ਪੱਖ ਨਕਾਰਤਮਕ, ਨਿੰਦਣਯੋਗ ਅਤੇ ਸ਼ਰਮਨਾਕ ਹੈ ਪਰ ਉਸਦਾ ਬਾਹਰੀ ਪੱਖ ਬੇਹੱਦ ਸਕਾਰਾਤਮਿਕ ਅਤੇ ਮਜ਼ਬੂਤ ਹੈ, ਜਿਸ ਕਾਰਣ ਗਰੀਬ ਸਿੱਖ ਵੀ ਡੇਰੇ ਦੇ ਪੈਰੋਕਾਰ ਬਣ ਗਏ। ਖ਼ੂਨਦਾਨ, ਅੰਗ ਦਾਨ, ਪੌਦੇ ਲਗਾਉਣ ਵਰਗੇ ਸਮਾਜ ਭਲਾਈ ਦੇ ਕੰਮਾਂ ਵਿੱਚ ਡੇਰਾ ਸਿਰਸਾ ਦੇ ਨਾਂ ਕੁੱਲ 53 ਰਿਕਾਰਡ ਦਰਜ ਹਨ, ਜਿਨ੍ਹਾਂ ਵਿੱਚ ਗਿੰਨੀਜ ਬੁੱਕ ਵਰਲਡ ਰਿਕਾਰਡ ਵਿੱਚ 17 ਰਿਕਾਰਡ, ਏਸ਼ੀਆ ਬੁੱਕ ਰਿਕਾਰਡ ਵਿੱਚ 17, ਇੰਡੀਆ ਬੁੱਕ ਰਿਕਾਰਡ ਵਿੱਚ 7 ਅਤੇ ਲਿਮਕਾ ਬੁੱਕ ਰਿਕਾਰਡ ਵਿੱਚ 2 ਰਿਕਾਰਡ ਜ਼ਿਕਰਯੋਗ ਹੈ। ਅਜਿਹੇ ਕਿਹੜੇ ਕੰਮ ਹਨ ਜੋ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਤਾਂ ਕਰ ਸਕਦਾ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕਰ ਸਕਦੀ ਹੋਵੇ। ਜੇਕਰ ਅਸੀਂ ਸਿੱਖ ਧਰਮ ਵਿੱਚ ਆ ਚੁੱਕੀਆਂ ਗਿਰਵਟਾਂ ਅਤੇ ਡੇਰਾਵਾਦ ਦੇ ਫੈਲਾਓ ਦੀ ਸੱਚੀ ਪੜਚੋਲ ਨਹੀਂ ਕਰਦੇ ਤਾਂ ਅਸੀ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਡੇਰਾ ਮੁਖੀ ਰਾਮ ਰਹੀਮ ਨੂੰ ਸਜਾ ਹੋਣ ’ਤੇ ਖ਼ੁਸ਼ ਹੋਈ ਜਾਣ ਨਾ ਕੁੱਝ ਨਹੀਂ ਹੋਣ ਲੱਗਿਆ। ਪੰਜਾਬ ਅੰਦਰ ਹੋਰ ਵੀ ਸੈਂਕੜੇ ਡੇਰੇ ਹਨ, ਜਿਨ੍ਹਾਂ ਦੀ ਆਪਣੀ ਵੱਖਰੀ ਪਰੰਪਰਾ ਹੈ, ਇਹੀ ਲੋਕ ਕਿਸੇ ਹੋਰ ਡੇਰੇ ਦੇ ਪੈਰੋਕਾਰ ਬਣ ਜਾਣਗੇ। ਜਿਸ ਤਰਾਂ ਸਿੱਖ ਗੁਰੂ ਸਾਹਿਬਾਨ ਨੇ ਕੰਮੀਆਂ, ਕਿਰਤੀਆਂ ਨੂੰ ਆਪਣੀ ਹਿੱਕ ਨਾਲ ਲਾਇਆ, ਇੱਜ਼ਤ, ਮਾਣ-ਸਨਮਾਨ ਅਤੇ ਪਾਤਿਸਾਹੀਆ ਬਖ਼ਸ਼ੀਆਂ,ਉਸੇ ਤਰਾਂ ਹੀ ਮੌਜੂਦਾ ਦੌਰ ਵਿੱਚ ਕਾਰਜ ਵਿੱਢਣ ਦਾ ਲੋੜ ਹੈ। ਇਕੱਲੇ ਸੰਗਮਰਮਰ ਦੇ ਗੁਰੂਘਰ ਉਸਾਰਨ ਨਾਲ ਸਿੱਖੀ ਦਾ ਪ੍ਰਚਾਰ ਨਹੀ ਹੋਣ ਲੱਗਿਆ ਸਗੋਂ ਸਾਨੂੰ ਆਪਣੇ ਜੀਵਨ ਵਿੱਚ ਸਿੱਖੀ ਨੂੰ ਪ੍ਰੈਕਟੀਕਲ ਰੂਪ ਵਿੱਚ ਲਾਗੂ ਕਰਨਾ ਪਵੇਗਾ। ਸ਼੍ਰੋਮਣੀ ਕਮੇਟੀ ਨੂੰ ਧਰਮ ਪ੍ਰਚਾਰ ਦੀ ਸਿੱਖਿਆ ਦੇ ਨਾਲ ਨਾਲ ਕੁੱਲ ਸਿੱਖਿਆ, ਰਾਜਨੀਤਿਕ-ਸੱਭਿਆਚਾਰਕ ਗਿਆਨ,ਨੈਤਿਕ ਕਦਰਾਂ ਕੀਮਤਾਂ ਤੋਂ ਇਲਾਵਾ ਗਰੀਬ ਸਿੱਖਾਂ ਦੀ ਸਾਰ ਲੈਣ ਦੀ ਲੋੜ ਹੈ। ਇਹ ਸਵਾਲ ਵੀ ਮਹੱਤਵਪੂਰਨ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ 11 ਸੌ ਕਰੋੜ ਰੂਪੈ ਦਾ ਸਾਲਾਨਾ ਬਜਟ ਦਾ ਕਿੰਨਾ ਪੈਸੇ ਗਰੀਬ ਸਿੱਖਾਂ ਦੀ ਭਲਾਈ ਲਈ ਵਰਤਦੀ ਹੈ ?
ਪੰਜਾਬੀ ਗੀਤ ‘ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ’ ਵਾਂਗ ਸਾਨੂੰ ਡੇਰਾ ਸਿਰਸਾ ਦੇ ਚੰਗੇ ਮਾੜੇ ਕਾਰਜਾਂ ਦੀ ਪੜਚੋਲ ਕਰਨੀ ਚਾਹੀਦੀ ਹੈ। ਮਾੜਿਆਂ ਨੂੰ ਛੱਡ ਦੇਣਾ ਚਾਹੀਦਾ ਅਤੇ ਚੰਗਿਆਂ ਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰ ਲੈਣਾ ਚਾਹੀਦਾ ਹੈ। ਦੁਖੀ ਅਤੇ ਨਿਰਾਸ ਮਨੁੱਖ ਆਸਰਾ ਭਾਲਦਾ, ਜਿੱਥੋਂ ਵੀ ਉਸਨੂੰ ਪਿਆਰ ਜਾਂ ਸਤਿਕਾਰ ਮਿਲਦਾ ਹੈ ਤਾਂ ਉਹ ਭਾਵਨਾ ਦੇ ਵਹਿਣ ਵਿੱਚ ਵਹਿ ਜਾਂਦਾ ਹੈ। ਡੇਰਾ ਸਿਰਸਾ ਦੇ ਪੈਰੋਕਾਰਾਂ ਦਾ ਡੇਰਾ ਸਿਰਸਾ ਵਿੱਚ ਆਸਥਾ ਵੀ ਇਸ ਵਰਤਾਰੇ ਦਾ ਸਿੱਟਾ ਹੈ। ਡੇਰਿਆਂ ਨੇ ਜਿਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਸਵਾਰ ਦਿੱਤੀਆਂ, ਉਨ੍ਹਾਂ ਲਈ ਉਹ ਸਦਾ ਹੀ ਆਸਥਾ ਦਾ ਕੇਂਦਰ ਰਹਿਣਗੇ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ ਵੱਖ ਜਾਤਾਂ ਧਰਮਾਂ ਦੇ ਲੋਕ ਖ਼ੁਦ ਮਜ਼ਦੂਰੀ ਕਰਕੇ ਘੰਟਿਆਂ ਵਿੱਚ ਹੀ ਕਿਸੇ ਬੇਘਰ ਦਾ ਘਰ ਬਣਾ ਕੇ ਚਲੇ ਜਾਂਦੇ ਹਨ। ਡੇਰਾ ਸਿਰਸਾ ਅੰਦਰ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੁੰਦੇ ਹਨ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਨਸਾ ਰਹਿਤ ਹੁੰਦੇ ਹਨ। ਪਰ ਕੀ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਸੂਬੇ ਅੰਦਰ ਦਸ ਹਜਾਰ ਲੋਕਾਂ ਦਾ ਇਕੱਠ ਕਰ ਸਕਦੀ ਜਿੰਨਾਂ ਬਾਰੇ ਦਾਅਵਾ ਕੀਤਾ ਜਾ ਸਕੇ ਕਿ ਇਹ ਸਾਰੇ ਲੋਕ ਨਸਾ ਰਹਿਤ ਹਨ। ਬਿਲਕੁਲ ਨਹੀਂ ਕਿਉਂਕਿ ਅਸੀਂ ਇਨ੍ਹਾਂ ਸਮਾਜਿਕ ਪਹਿਲੂਆਂ ਵੱਲ ਧਿਆਨ ਹੀ ਨਹੀਂ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਣ ਡੇਰਿਆਂ ਵਿੱਚ ਆਸਥਾ ਰੱਖਣ ਵਾਲੇ ਗਰੀਬ ਲੋਕਾਂ ਨੂੰ ਮੁੜ ਸਿੱਖ ਧਰਮ ਵਿੱਚ ਘਰ ਵਾਪਸੀ ਦੀ ਅਪੀਲ ਦਾ ਸਵਾਗਤ ਕਰਨਾ ਬਣਦਾ ਹੈ ਪਰ ਕੀ ਸਿੱਖ ਧਰਮ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਉਹ ਸਾਰੇ ਕਾਰਣ ਜਾਂ ਘਾਟਾਂ ਦੂਰ ਕਰ ਲਈਆਂ ਹਨ, ਜਿਸ ਕਰਕੇ ਗਰੀਬ ਲੋਕ ਸਿੱਖੀ ਦੀ ਥਾਂ ਡੇਰਿਆਂ ਦੇ ਪੈਰੋਕਾਰ ਬਣ ਗਏ ਸਨ ? ਸਿੱਖ ਧਰਮ ਦੀ ਨੀਂਹ ਅਸਲ ਵਿੱਚ ਗਰੀਬ ਕਿਰਤੀ ਲੋਕਾਂ ਦੀ ਪੁੱਛ ਪ੍ਰਤੀਤ ਬਹਾਲ ਕਰਨ ਅਤੇ ਬਣਦਾ ਮਾਣ ਸਤਿਕਾਰ ਦੇਣ ਦੇ ਮੰਤਵ ਨਾਲ ਰੱਖੀ ਗਈ ਸੀ। ਜਾਤੀ ਮੁਕਤ ਅਤੇ ਆਰਥਿਕ ਬਰਾਬਰੀ ਵਾਲਾ ਸਮਾਜ ਸਿਰਜਣਾ ਗੁਰੂ ਸਾਹਿਬਾਨ ਦਾ ਮੁੱਖ ਟੀਚਾ ਸੀ। ਇਹੀ ਕਾਰਣ ਹੈ ਕਿ ਸਿੱਖ ਇਤਿਹਾਸ ਅੰਦਰ ਕਿਰਤੀ ਲੋਕਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਮਿਲਦਾ ਹੈ। ਪਰ ਮੌਜੂਦਾ ਦੌਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅੱਜ ਤੱਕ ਸਮਾਜਿਕ ਅਤੇ ਆਰਥਿਕ ਤੌਰ ਤੇ ਹਾਸੀਆਂ ਤੇ ਧੱਕੇ ਗਏ ਗਰੀਬ ਸਿੱਖਾਂ ’ਚੋਂ ਨਿਯੁਕਤ ਨਹੀਂ ਕੀਤਾ ਗਿਆ। ਕਿਸੇ ਗਰੀਬ ਸਿੱਖ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ ਸਿਆਸੀ ਧਿਰ ਦਾ ਮੁਖੀ ਕਿਉਂ ਨਹੀਂ ਬਣਾਇਆ ਗਿਆ ? ਸ਼੍ਰੋਮਣੀ ਕਮੇਟੀ ਅਧੀਨ ਕੰਮ ਕਰਨ ਵਾਲੇ ਗੁਰੂ ਘਰਾਂ ਅੰਦਰ ਕਿੰਨੇ ਮੈਨੇਜਰ ਦਲਿਤ ਵਰਗ ਨਾਲ ਸਬੰਧਿਤ ਹਨ ? ਜਦੋਂ ਇਸਾਈ ਆਪਣੇ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮੁਫ਼ਤ ਪੜਾਈ ਦਾ ਪ੍ਰਬੰਧ ਕਰ ਸਕਦੇ ਹਨ ਤਾਂ ਸ਼੍ਰੋਮਣੀ ਕਮੇਟੀ ਕਿਉਂ ਨਹੀਂ? ਮੈਂ ਅਕਸਰ ਹੀ ਗੁਰੂ ਘਰਾਂ, ਬੱਸ ਜਾਂ ਟਰੇਨ ਅਤੇ ਹੋਰ ਜਨਤਕ ਥਾਵਾਂ ਤੇ ‘ਸਿੱਖ ਦੀ ਕੋਈ ਜਾਤ ਨਹੀ, ਜਿਸ ਦੀ ਜਾਤ ਹੈ ਉਹ ਸਿੱਖ ਨਹੀਂ ’ਦਾ ਸਲੋਗਨ ਲਿਖਿਆ ਪੜਦਾ ਹਾਂ ਪਰ ਇਸਨੂੰ ਗੰਭੀਰਤਾ ਨਾਲ ਵਿਚਾਰ ਕਰਿਉ। ਕਿਉਂਕਿ ਅਜੋਕੇ ਦੌਰ ਵਿੱਚ ਤਾਂ ਸਿੱਖਾਂ ਦੀ ਜਾਤ ਹੈ, ਗੋਤ ਹਨ। ਇੰਨਾ ਹੀ ਨਹੀਂ ਸਿੱਖਾਂ ਨੂੰ ਆਪਣੀ ਅਖੌਤੀ ਜਾਤ ਅਤੇ ਗੋਤ ’ਤੇ ਮਾਣ ਹੈ। ਬੜੇ ਹੀ ਸਾਨ੍ਹੋ ਸ਼ੌਕਤ ਨਾਲ ਆਪਣੀਆਂ ਮਹਿੰਗੀਆਂ ਗੱਡੀਆਂ ਕਾਰਾਂ ’ਤੇ ਗੋਤ ਅਤੇ ਜਾਤ ਦਾ ਦਿਖਾਵਾ ਕਰਦੇ ਹਾਂ। ਪਰ ਅਸਲ ਵਿੱਚ ਇਹ ਵਿਖਾਵਾ ਨਹੀਂ ਹੈ ਸਗੋਂ ਸਾਡਾ ਇਹ ਸਾਬਤ ਕਰਨ ਦਾ ਢੰਗ ਹੈ ਕਿ ਅਸੀਂ ਨੀਚ ਮੰਨੀਆਂ ਜਾਣ ਵਾਲੀਆਂ ਅਖੌਤੀ ਜਾਤਾਂ ਵਿੱਚ ਪੈਦਾ ਨਹੀਂ ਹੋਏ। ਸਾਡੀ ਕੁੱਲ ਉੱਚੀ ਹੈ, ਸਾਡੀ ਜਾਤ ਉੱਚੀ ਹੈ, ਅਸੀ ਇਹ ਦੱਸਣ ਲਈ ਆਪਣੀ ਜਾਤ ਅਤੇ ਗੋਤ ਦਾ ਪ੍ਰਚਾਰ ਕਰਦੇ ਹਾਂ। ਫਿਰ ਸਿੱਖੀ ਕਿੱਥੇ ਰਹਿ ਗਈ? ਜੇ ਅਜੇ ਵੀ ਮੇਰਾ ਦਾਅਵਾ ਓਪਰਾ ਲੱਗਦਾ ਹੋਵੇ ਤਾਂ ਸਨਿੱਚਰਵਾਰ ਅਤੇ ਐਤਵਾਰ ਦੇ ਪੰਜਾਬੀ ਅਖ਼ਬਾਰ ਚੁੱਕ ਕੇ ਰਿਸ਼ਤਿਆਂ ਦੀ ਲੋੜ ਵਾਲੇ ਪੰਨੇ ’ਤੇ ਨਜ਼ਰ ਮਾਰਿਓ,ਇਨ੍ਹਾਂ ਅਖ਼ਬਾਰਾਂ ਅੰਦਰ ਵਰ ਜਾਂ ਕੰਨਿ੍ਹਆਂ ਦੀ ਲੋੜ ਵਾਲੇ ਕਾਲਮਾਂ ਵਿੱਚ ਤੁਹਾਨੂੰ ਜੱਟ ਸਿੱਖ, ਰਮਦਾਸੀਆ ਸਿੱਖ, ਮਜ਼੍ਹਬੀ ਸਿੱਖ ਆਦਿ ਤਾਂ ਮਿਲ ਜਾਣਗੇ ਪਰ ਜੇਕਰ ਕੋਈ ਗੁਰੂ ਦਾ ਸਿੱਖ ਮਿਲਿਆ ਤਾਂ ਦੱਸਿਓ ਜ਼ਰੂਰ।
-ਕੁਲਵੰਤ ਸਿੰਘ ਟਿੱਬਾ
ਸੰਪਰਕ -92179-71379


09/10/17
ਆਤਮਜੀਤ ਸਿੰਘ, ਕਾਨਪੁਰ

ਵਿਚਾਰ ਜਾਂ ਹਥਿਆਰ :

ਅਜੋਕੇ ਹਲਾਤਾਂ ਵੱਲ ਜੇ ਝਾਤ ਮਾਰੀਏ ਤਾਂ ਵਿਚਾਰ ਨਾਲੋਂ ਜਿਆਦਾ ਹਥਿਆਰ ਨੂੰ ਪ੍ਰਮੁਖਤਾ ਦਿੱਤੀ ਗਈ ਹੈ। ਸਮਾਂ ਹੁੰਦਾ ਸੀ ਜਦੋਂ ਮਨੁੱਖ ਦੁਬਿਧਾ ਵਿਚ ਹੁੰਦਾ ਸੀ ਤੇ ਉਹ ਵਿਚਾਰ ਕਰਦਾ ਸੀ, ਦੁਬਿਧਾ ਤੋਂ ਬਾਹਰ ਨਿਕਲਣ ਲਈ ਵਿਚਾਰ ਗੋਸ਼ਟੀ ਕਰਦਾ ਸੀ, ਪਰ ਅੱਜ ਮਨੁੱਖ ਇੰਨਾ ਸਿਆਣਾ ਹੋ ਗਿਆ ਹੈ ਕਿ ਉਹ ਵਿਚਾਰ ਦੀ ਥਾਂ ਤੇ ਹਥਿਆਰ ਨਾਲ ਗੱਲ ਕਰਦਾ ਹੈ … ਪਾਉਂਦਾ ਤਾ ਗੁਰਾ ਦਿੱਤੀ ਵਰਦੀ ਏ ਪਰ ਵਿਚਾਰ ਪੱਖੋਂ ਟੁੰਡਾ ਹੋ ਗਿਆ ਹੈ … ਵਿਚਾਰ ਵਾਲਾ ਖਾਨਾ ਹੀ ਖਾਲੀ ਹੋ ਗਿਆ ਹੈ, ਸਿਰਫ ਇਕੋਂ ਪਾਸੇ ਚਿਤ ਲਾ ਕੇ ਸਾਜਿਸ਼ਾਂ ਘੜਦਾ ਰਹਿੰਦਾ ਹੈ ਕੀ ਕਿਵੇਂ ਸੱਚ ਬੋਲਣ ਵਾਲੇ ਤੇ ਹਮਲਾ ਕਰਾਂ … ਇਹ ਹੀ ਕਾਰਨ ਨਿਤ ਹਮਲੇ ਹੋਣ ਦਾ।

ਅੱਜ ਸਾੱਨੂੰ ਵਿਚਾਰ ਪੱਖੋਂ ਹੀਣਾ ਕਰ ਦਿੱਤਾ ਗਿਆ, ਅਸੀ ਨਾ ਆਪ ਪੜ੍ਹਨਾ ਚਾਹੁੰਦੇ ਤੇ ਨਾ ਹੀ ਦੂਜਿਆਂ ਦੇ ਮੁਖੋ ਸੱਚ ਸੁਣਣਾ ਚਾਹੁੰਦੇ ਹਾਂ, ਸਿਰਫ ਅਪਣੀ ਹੀ ਈਨ ਮਨਵਾਉਣਾ ਚਾਹੁੰਦੇ ਹੈ ਜੋ ਅਸੀ ਕਹਿ ਦਿੱਤਾ ਉਹ ਹੀ ਸਹੀ ਹੈ ਸਾਹਮਣੇ ਵਾਲੇ ਨੇ ਜੋ ਕਹਿਆ ਉਹ ਗਲਤ, ਸੱਚ ਬੋਲਣ ਵਾਲੇ ਤੇ ਹਮਲਾ ਕਰ ਦਿਓ, ਜਿਸ ਨਾਲ ਵਿਚਾਰ ਨਾ ਮਿਲਣ ਉਸ ਤੇ ਹਮਲਾ ਕਰ ਦਿਓ …

ਸੱਚ ਜਾਣਿਓ ਭਲਿਓ ਵਿਚਾਰ ਨਾ ਮਿਲਣ ਤੇ ਅਸਹਿਮਤੀ ਪ੍ਰਗਟ ਕੀਤੀ ਜਾ ਸਕਦੀ ਹੈ ਪਰ ਹਮਲਾ ਕਰਨਾ ਕਿਥੇ ਦੀ ਸਿਆਣਪ ਹੈ … ਅਸਹਿਮਤੀ ਲਈ ਗੋਸ਼ਟੀ ਹੈ … ਵਿਚਾਰ ਚਰਚਾ ਹੈ … ਹਮਲਾ ਨਹੀਂ … ਗੁਰੂ ਦਾ ਹੁਕਮ ਹੈ

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥

ਅਤੇ ਭਲਿਓ ਜਿਥੇ ਗੱਲ ਹੀ ਗੁਰੂ ਦੀ ਹੋਵੇ ਉਸ ਨੂੰ ਭਲਾ ਹੀ ਸਮਝਣਾ ਚਾਹੀਦਾ ਹੈ, ਗੁਰੂ ਹੁਕਮ ਹੈ "ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ"। ਭਲਿਓ ਜੇ ਉਸ ਦੇ ਹੁਕਮ ਤੋਂ ਬਾਹਰ ਉਲਟ ਨਿਤ ਹਮਲੇ ਹੀ ਕਰੋਗੇ ਤਾਂ ਚੋਟਾਂ ਹੀ ਖਾਵੋਗੇ, ਭਾਵ ਨਿਤ ਹੋਰ ਆਤਮਕ ਮੌਤੇ ਮਰੋਗੇ …

ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥

ਆਤਮਜੀਤ ਸਿੰਘ, ਕਾਨਪੁਰ


09/03/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ–੩੫

ਪੰਜ ਗਿਆਨ ਇੰਦਰਿਆਂ ਚੋਂ ਰਸਨਾ (ਜੀਭ) ਦੀ ਮਹੱਤਤਾ

ਰਸਨਾ ਤੇ ਜਿਹਬਾ ਸੰਸਕ੍ਰਿਤ, ਜੀਭ ਪੰਜਾਬੀ, ਜ਼ੁਬਾਨ ਫਾਰਸੀ ਅਤੇ ਟੰਗ ਅੰਗ੍ਰੇਜੀ ਦੇ ਪਰ ਸਮਰਥਕ ਸ਼ਬਦ ਹਨ। ਫਾਰਸੀ ਵਿੱਚ ਜ਼ਬਾਨ ਬੋਲੀ ਜਾਂ ਭਾਸ਼ਾ ਨੂੰ ਵੀ ਕਹਿੰਦੇ ਹਨ। ਗੁਰਮਤਿ ਮਾਰਤੰਡ ਅਨੁਸਾਰ ਰਸਨਾ ਜਾਂ ਜੀਭ ਪੰਜ ਗਿਆਨ ਇੰਦ੍ਰਿਆਂ ਚੋਂ ਇੱਕ ਹੈ। ਇਹ ਜੀਭ, ਮੁੱਖ ਵਿੱਚ ਦੰਦਾਂ ਦੇ ਦੋਹਾਂ ਪੀੜਾਂ ਵਿਚਕਾਰਲਾ ਸਰੀਰਕ ਅੰਗ ਹੈ। ਰਸਨਾ ਦਾ ਮੁੱਖ ਕੰਮ ਬੋਲਣ, ਗੌਣ ਤੇ ਰਸ, ਸਵਾਦ ਆਦਿ ਚੱਖਣ ਦਾ ਹੈ। ਇਸੇ ਰਸਨਾ ਜਾਂ ਜੀਭ ਨਾਲ ਮਿੱਠਾ ਬੋਲ ਕੇ ਬਹੁਤ ਸਾਰੇ ਮਿੱਤ੍ਰ, ਸਬੰਧੀ ਅਤੇ ਮਦਦਗਾਰ ਅਤੇ ਕੌੜਾ ਬੋਲ ਕੇ ਵੈਰੀ, ਸਬੰਧ ਤੋੜਨ ਵਾਲੇ ਅਤੇ ਨਿੰਦਕ ਬਣਾਏ ਜਾ ਸਕਦੇ ਹਨ। ਜੀਭ ਖੱਟੇ, ਮਿੱਠੇ, ਲੂਣੇ, ਕੜਵੇ ਅਤੇ ਕੁਸੈਲੇ ਦਾ ਗੁਣ ਦਸਦੀ ਹੈ। ਜਿਵੇਂ ਅਸੀਂ ਦੰਦਾਂ ਨੂੰ ਨਿਰੋਗ ਰੱਖਣ ਲਈ ਰੋਜਾਨਾ ਦਾਤਨ ਜਾਂ ਬਰੱਸ਼ ਕਰਦੇ ਹਾਂ ਇਵੇਂ ਹੀ ਜੀਭ ਨੂੰ ਵੀ ਉਪਰੋਂ ਸਾਫ ਰੱਖਣਾ ਚਾਹੀਦਾ ਹੈ। ਖਾਂਦੇ ਸਮੇਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਕਈ ਵਾਰ ਜੀਭ ਦੰਦਾਂ ਹੇਠ ਆ ਕੇ ਕੱਟੀ ਜਾਂਦੀ ਹੈ। ਰਸਨਾਂ ਨਾਲ ਫਿਕਾ, ਮੰਦਾ ਜਾਂ ਮਾੜਾ ਬੋਲਣ ਨਾਲ ਇਹ ਗੰਦੀ ਹੋ ਜਾਂਦੀ ਹੈ। ਚੰਗੇ, ਮਿੱਠੇ ਬੋਲ ਬੋਲਣ ਤੇ ਨਾਮ ਜਪ ਗਿਆਨ ਪੜ੍ਹਨ ਨਾਲ ਰਸਨਾ ਪਵਿੱਤ੍ਰ ਹੁੰਦੀ ਹੈ-ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ॥ (੮੧੧)

ਰਸਨਾ ਜਾਂ ਜ਼ਬਾਨ ਨਾਲ ਮੁਹਾਵਰੇ ਵੀ ਜੁੜੇ ਹੋਏ ਹਨ। ਜਬਾਨ ਦੇਣੀ, ਜ਼ਬਾਨ ਕਰਨੀ, ਚਸਕੋ ਦੇ ਚਸਕੇ, ਲਤਰੋ, ਲਤਰ ਲਤਰ ਕਰਨਾ, ਜ਼ਬਾਨ ਤੋੜਨਾ ਜਾਂ ਬਦਲਣਾ ਅਤੇ ਜੀਭ ਦਾ ਰਸ ਚੋਣਾਂ, ਫਲਾਨੇ ਦੀ ਜ਼ਬਾਨ ਤਾਂ ਕੈਂਚੀ ਵਾਂਗ ਚਲਦੀ ਆ ਆਦਿਕ।

ਰਸਨਾ ਦੀ ਮਹੱਤਤਾ ਬਾਰੇ ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਭਾਈ ਗੁਰਦਾਸ ਜੀ ਦੇ ਵਿਚਾਰ-ਉਹ ਜੀਭ ਭਾਗਾਂ ਵਾਲੀ ਹੈ ਜੋ ਸਦਾ ਪ੍ਰਮਾਤਮਾਂ ਦੇ ਗੁਣ ਹੀ ਗਾਉਂਦੀ ਹੈ-ਸਾ ਰਸਨਾ ਧੰਨੁ ਧੰਨੁ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ॥ (੫੪੦) ਹੇ ਮੇਰੀ ਰਸਨਾ ਤੂੰ ਪ੍ਰਭੂ ਦੀ ਕੀਰਤੀ ਹੀ ਗਾਇਆ ਕਰ ਕਿਉਂਕਿ ਉਹ ਕਰਤਾ ਏ ਤੇ ਕੀਰਤੀ (ਸਿਫਤ) ਵੀ ਉਸੇ ਦੀ ਕਰਨੀ ਚਾਹੀਦੀ ਹੈ-ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ।।(੧੨੯੮) ਕਬੀਰ ਜੀ ਵਿਖਾਵੇ ਦੀ ਪਾਖੰਡ ਵਾਲੀ ਮਾਲਾ ਦਾ ਖੰਡਨ ਕਰਦੇ, ਰਸਨਾ ਨੂੰ ਹੀ ਅਸਲ ਮਾਲਾ ਦਰਸਾਉਂਦੇ ਹਨ-ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ॥ (੧੩੬੪) ਰਸਨਾਂ ਜਿੱਥੇ ਚੁਗਲੀ ਨਿੰਦਿਆ ਕਰਦੀ ਓਥੇ ਸਰੀਰ ਤੇ ਆਤਮਾਂ ਨੂੰ ਦੁਖੀ ਕਰਨ ਵਾਲੇ ਰਸਾਂ ਕਸਾਂ ਵਿੱਚ ਵੀ ਗਲਤਾਨ ਹੋ ਜਾਂਦੀ ਹੈ-ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ॥ ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ॥ (੯੨੧) ਰਸਨਾ ਆਪ ਕੁਝ ਨਹੀਂ ਕਰ ਸਕਦੀ ਜਿਵੇਂ ਪੁਤਲੀਆਂ ਨੂੰ ਮਦਾਰੀ ਨਚਾਉਂਦਾ ਹੈ ਇਵੇਂ ਆਪਣੇ ਮਨ ਮਗਰ ਲੱਗਣ ਵਾਲਾ ਮਨਮੁੱਖ ਅਗਿਆਨੀ ਮਨੁੱਖ, ਰਸਨਾਂ ਤੋਂ ਝੂਠ ਬੁਲਾਉਂਦਾ ਹੈ-ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ॥ (੫੧੨) ਹੇ ਜਿਹਬਾ ਮੈਂ ਤੇਰੇ ਸੌ ਟੁਕੜੇ ਕਰ ਦਿਆਂ ਜੇ ਤੂੰ ਪ੍ਰਭੂ ਨੂੰ ਨਾ ਉਚਾਰੇਂ ਭਾਵ ਹੋਰ ਹੋਰ ਹੀ ਕੂੜ ਕਬਾੜ ਉਚਰੀ ਜਾਵੇਂ-ਰੇ ਜਿਹਬਾ ਕਰਉ ਸਤ ਖੰਡ॥ ਜਾਮਿ ਨ ਉਚਰਸਿ ਸ੍ਰੀ ਗੋਬਿੰਦ॥੧॥(੧੧੬੩) 

ਭਾਈ ਗੁਰਦਾਸ ਜੀ ਵੀ ਰਸਨਾ ਬਾਰੇ ਦਰਸਾਉਂਦੇ ਹਨ ਕਿ ਰਸਨਾਂ ਤੋਂ ਬੋਲੇ ਮਿੱਠੇ ਬਚਨ ਪਿਆਰੇ ਅਤੇ ਕੌੜੇ ਬੋਲ ਹਿਰਦੇ ਵਿੱਚ ਬਾਨ ਵਾਂਗ ਲਗਦੇ ਹਨ-ਮਧੁਰ ਬਚਨ ਤਾਹੀ ਰਸਨਾ ਸੈ ਪਯਾਰੋ ਲਾਗੈ, ਕੌਰਕ ਸ਼ਬਦ ਸੁਨ ਲਾਗੈ ਉਰ ਬਾਨ ਸੋਂ॥(ਕਬਿੱਤ-੬੪੪) ਵੱਖ ਵੱਖ ਸਵਾਦਾਂ ਦੇ ਭੋਗਾਂ ਨਾਲ ਕਦੇ ਜੀਭ ਨਹੀਂ ਰਜਦੀ-ਸਾਦੀਂ ਜੀਭ ਨ ਰਜੀਆ ਕਰਿ ਭੋਗ ਬਿਲਾਸੇ।(ਵਾਰ-੨੭) ਜੀਭ ਦੇ ਹੁੰਦਿਆਂ ਜੋ ਗੁਰ ਉਪਦੇਸ਼ ਰੱਬੀ ਸ਼ਬਦ ਨਹੀਂ ਗਾਉਂਦਾ, ਉਹ ਗੁਰ ਗਿਆਨ ਪੱਖੋਂ ਗੂੰਗਾ ਹੈ-ਗੁਰਮੁਖਿ ਸਬਦੁ ਨ ਗਾਵਈ ਹੋਂਦੀ ਜੀਭੈ ਗੁੰਗਾ ਹੋਈ॥(ਵਾਰ-੩੨) ਜੀਭ ਵਿੱਚ ਬੜੀ ਤਾਕਤ ਹੈ ਇਸ ਦਾ ਇੱਕ ਬੋਲ ਹੀ ਬਹੁਤ ਕੁਝ ਵਿਗਾੜ ਤੇ ਸਵਾਰ ਸਕਦਾ ਹੈ-ਬੋਲੀ ਕਾਜ ਵਿਗਾੜਿਆ ਸਣ ਮੂਲੀ ਪਤਾ। ਇਸ ਲਈ ਜੀਭ ਤੋਂ ਨਾਪ-ਤੋਲ ਕੇ ਹੀ ਬੋਲਣਾ ਚਾਹੀਦਾ ਹੈ। ਸੋ ਉਪ੍ਰੋਕਤ ਵਿਆਖਿਆ ਤੋਂ ਜੀਭ, ਰਸਨਾ ਜਾਂ ਜਿਹਬਾ ਦੀ ਮਹੱਤਤਾ ਬਾਰੇ ਕਾਫੀ ਕੁਝ ਪਤਾ ਲੱਗ ਜਾਂਦਾ ਹੈ। ਇਸ ਲਈ ਰਸਨਾਂ ਜਾਂ ਜੀਭਾ 'ਤੇ ਵੀ ਕਾਬੂ (ਕੰਟਰੋਲ) ਰੱਖਣ ਦੀ ਅਤਿਅੰਤ ਲੋੜ ਹੈ।

ਅਵਤਾਰ ਸਿੰਘ ਮਿਸ਼ਨਰੀ

510-432-5827


ਗੁਰੂ ਗਰੰਥ ਸਾਹਿਬ ਅਤੇ ਨਾਮੁ

ਇਹ ਪੁਸਤਕ ਡਾ: ਸਰਬਜੀਤ ਸਿੰਘ ਮੁੰਬਈ ਦੀ ਲਿਖੀ ਹੋਈ ਹੈ ਅਤੇ ਇਸ ਨੂੰ ਪੀ. ਡੀ. ਐੱਫ. ਫਾਈਲ ਵਿੱਚ ਸਾਨੂੰ ਭੇਜਿਆ ਹੈ। ਇਸ ਪੁਸਤਕ ਵਿਚਲੇ ਲੇਖ ‘ਸਿੱਖ ਮਾਰਗ’ ਤੇ ਛਪੇ ਹੋਏ ਹਨ। ਜੇ ਕਰ ਕੋਈ ਪਾਠਕ ਇਸ ਨੂੰ ਕਿਤਾਬ ਰੂਪ ਵਿੱਚ ਪੜ੍ਹਨਾ ਚਾਹੁੰਦਾ ਹੈ ਜਾਂ ਹੋਰਨਾ ਨਾਲ ਸ਼ੇਅਰ/ਸਾਂਝ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਨੂੰ ਹੇਠ ਲਿਖੇ ਲਿੰਕ ਤੇ ਕਲਿਕ ਕਰਕੇ ਪੜ੍ਹ ਸਕਦਾ ਹੈ ਜਾਂ ਸੇਵ ਕਰ ਸਕਦਾ ਹੈ।
ਗੁਰੂ ਗਰੰਥ ਸਾਹਿਬ ਅਤੇ ਨਾਮੁ (ਪੀ. ਡੀ. ਐੱਫ. ਫਾਈਲ ਵਿਚ)


09/03/17
ਤੱਤ ਗੁਰਮਤਿ ਪਰਿਵਾਰ

ਡੇਰਾ ਸੱਚਾ ਸੌਦਾ ਕਾਂਡ- ਫਿਰਕਾਪ੍ਰਸਤੀ ਦਾ ਇਕ ਹੋਰ ਤਾਂਡਵ
ਤੱਤ ਗੁਰਮਤਿ ਪਰਿਵਾਰ

ਪੁਰਾਤਨ ਸਮੇਂ ਤੋਂ ਹੀ ‘ਧਰਮ’ ਦੇ ਨਾਮ ‘ਤੇ ਗੁੰਮਰਾਹ ਕਰਕੇ ਪੁਜਾਰੀ ਸ਼ੇ੍ਰਣੀ ਵਲੋਂ ਲੋਕਾਂ ਦੇ ਜ਼ਹਿਨ ਵਿਚ ਫਿਰਕਾਪ੍ਰਸਤੀ ਦਾ ਜ਼ਹਿਰ ਨਕੋ-ਨੱਕ ਭਰ ਦਿਤਾ ਗਿਆ ਹੈ। ਇਸ ਜ਼ਹਿਰ ਦੇ ਪ੍ਰਭਾਵ ਹੇਠ ਹਰ ਫਿਰਕੇ ਦੇ ਸ਼ਰਧਾਲੂ ਦਿਮਾਗੀ ਤੌਰ ਤੇ ਇਤਨੇ ਅੰਨ੍ਹੇ ਹੋ ਜਾਂਦੇ ਹਨ ਕਿ ਹਰ ਵੇਲੇ ਸ਼ਾਂਤੀ ਅਤੇ ਸਹਿਨਸ਼ੀਲਤਾ ਦਾ ਤੋਤਾ-ਰੱਟਨ ਕਰਨ ਵਾਲੇ ਸ਼ਰਧਾਲੂ, ਆਪਣੇ ਮੱਤ ਨਾਲ ਜੁੜਿਆ ਕੋਈ ਵਿਵਾਦ ਜਾਂ ਸਨਸਨੀਖੇਜ਼ ਖੁਲਾਸੇ ‘ਤੇ ਆਪਾ ਖੋ ਬੈਠਦੇ ਹਨ ਅਤੇ ਇਹੀ ਅਖੌਤੀ ‘ਸ਼ਾਂਤੀ-ਦੂਤ’ ਐਸੇ ਨਾਜ਼ੁਕ ਮੌਕੇ ਹਿੰਸਾ, ਅੱਗਜ਼ਨੀ ਅਤੇ ਲੁੱਟ-ਖੋਹ ਦਾ ਤਾਂਡਵ ਕਰਦੇ ਆਮ ਵੇਖੇ ਜਾ ਸਕਦੇ ਹਨ। ਐਸਾ ਨਹੀਂ ਹੈ ਕਿ ਕਿਸੇ ਵੀ ਮਹਾਂ-ਪੁਰਸ਼ ਨੇ ਇਸ ਜ਼ਹਿਰ ਬਾਰੇ ਲੋਕਾਂ ਨੂੰ ਸੁਚੇਤ ਕਰਨ ਦੇ ਜਤਨ ਨਹੀਂ ਕੀਤੇ। ਭਾਰਤੀ ਉਪ ਮਹਾਂਦੀਪ ਵਿਚ ਹੀ ਮਹਾਤਮਾ ਬੁੱਧ, ਬਾਬਾ ਨਾਨਕ, ਭਗਤ ਕਬੀਰ, ਭਗਤ ਰਵੀਦਾਸ, ਭਗਤ ਨਾਮਦੇਵ, ਸੂਫੀ ਬੁੱਲੇਸ਼ਾਹ ਵਰਗੇ ਸੱਜਣਾਂ ਦੇ ਐਸੇ ਠੋਸ ਜਤਨਾਂ ਦਾ ਇਤਿਹਾਸ ਗਵਾਹ ਹੈ। ਪਰ ਅਫਸੋਸਜਨਕ ਸੱਚਾਈ ਇਹ ਹੈ ਕਿ ਇਨ੍ਹਾਂ ਮਹਾਂ-ਪੁਰਖਾਂ ਦੇ ਇਨਕਲਾਬੀ ਸੁਨੇਹੇ ਨੂੰ ਸਮੇਂ ਦੇ ਗੇੜ ਨਾਲ ਪੁਜਾਰੀ ਸ਼੍ਰੇਣੀ ਨੇ ਆਪਣੇ ਸਾਹ-ਘੋਟੂ ਕਲਾਵੇ ਵਿਚ ਜਕੜ ਕੇ ਫਿਰਕਿਆਂ/ਪੰਥਾਂ ਦਾ ਰੂਪ ਦੇ ਦਿਤਾ। ਐਸੇ ਫਿਰਕਿਆਂ ਵਲੋਂ ਭੜਕਾਹਟ ਵਿਚ ਆ ਕੇ ਕ੍ਰੌਧ ਅਤੇ ਹਿੰਸਾ ਦੇ ਪ੍ਰਗਟਾਵੇ ਰਾਹੀਂ ਮਨੁੱਖਤਾ ਨੂੰ ਲਹੂ-ਲੁਹਾਨ ਕਰਨ ਦੇ ਕਾਲੇ ਬਾਬਾਂ ਨਾਲ ਇਤਿਹਾਸ ਭਰਿਆ ਪਿਆ ਹੈ।
ਤਾਜ਼ਾ ਮਿਸਾਲ ਡੇਰਾ ਸੱਚਾ-ਸੌਦਾ ਸਿਰਸਾ ਦੇ ਨਾਮ ਹੇਠ ਫਿਰਕੇ ਦਾ ਰੂਪ ਧਾਰਨ ਕਰ ਬੈਠੇ ਸਮੂਹ ਵਲੋਂ ਅੰਨ੍ਹੀ ਸ਼ਰਧਾ ਦੇ ਬਹਕਾਵੇ ਹੇਠ ਪੰਚਕੂਲਾ ਵਿਖੇ ਕੀਤਾ ਗਿਆ ਹਿੰਸਾ ਦਾ ਤਾਂਡਵ ਹੈ। ਮਾਨਸਿਕ ਗੁਲਾਮੀ ਭੋਗ ਰਹੀ ਫਿਰਕੂ ਭੀੜ ਵਲੋਂ ਕੀਤੇ ਇਸ ਭਿਆਨਕ ਨਾਚ ਵਿਚ ਜਿਥੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਰੋਜ਼ ਟੀ ਵੀ ਚੈਨਲਾਂ ਤੇ ਮਨੁੱਖੀ ਕਦਰਾਂ-ਕੀਮਤਾਂ ਦਾ ਰੌਲਾ ਪਾ ਰਹੇ ਇਨ੍ਹਾਂ ਅਖੌਤੀ ‘ਧਰਮ-ਗੁਰੂਆਂ’ ਦੇ ਪ੍ਰਚਾਰ ਦਾ ਵੀ ਭਾਂਡਾ-ਫੋੜ ਹੋ ਗਿਆ ਹੈ।
ਇਹ ਫਿਰਕੂ ਫਸਾਦ ਆਮ ਵਾਂਗ ਦੋ ਵੱਖ ਵੱਖ ਫਿਰਕਿਆਂ ਵਿਚ ਨਹੀਂ ਸੀ, ਬਲਕਿ ਇਥੇ ਇਕ ਧਿਰ ਅਦਾਲਤ ਸੀ। ਇਸ ਵਿਵਾਦ ਦਾ ਕਾਰਨ ਤਾਂ ਕਈਂ ਦਿਨਾਂ ਤੋਂ ਮੀਡੀਆ ਰਾਹੀਂ ਵਿਸਥਾਰ ਵਿਚ ਵਿਖਾਇਆ ਜਾ ਰਿਹਾ ਹੈ। ਇਸ ਡੇਰੇ ਦੇ ਮੁੱਖੀ ‘ਗੁਰਮੀਤ ਰਾਮ ਰਹੀਮ ਇੰਸਾ’ ਤੇ ਪਿਛਲੇ ਲੰਮੇ ਸਮੇਂ ਤੋਂ ਚਲ ਰਹੇ ਬਲਾਤਕਾਰ ਦੇ ਮੁੱਕਦਮੇ ਦਾ ਫੈਸਲਾ ਆਉਣ ਦੀ ਘੜੀ ਸੀ। ਡੇਰੇ ਅਤੇ ਸ਼ਰਧਾਲੂਆਂ ਵਲੋਂ ਆਪਣੀ ਤਾਕਤ ਦਾ ਪ੍ਰਭਾਵ ਵਿਖਾ ਕੇ ਸਰਕਾਰ ਅਤੇ ਅਦਾਲਤ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹਰਿਆਣਾ ਸਰਕਾਰ ਤਾਂ ਇਨ੍ਹਾਂ ਦੇ ਦਬਾਅ ਹੇਠ ਆਉਂਦੀ ਸਪਸ਼ਟ ਨਜ਼ਰ ਵੀ ਆਈ, ਪਰ ਅਦਾਲਤ ਨੇ ਇਸ ਦਬਾਅ ਨੂੰ ਭੋਰਾ ਵੀ ਨਾ ਕਬੂਲਿਆ। ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੋਲ ਬਹੁਤ ਹੀ ਵਧੀਆ ਰਿਹਾ।
ਇਸ ਰੋਲ ਨੇ ਇਹ ਗੱਲ ਇਕ ਵਾਰ ਫੇਰ ਸਪਸ਼ਟ ਕਰ ਦਿਤਾ ਕਿ ਜਿਸ ਦੇਸ਼ ਦੀ ਨਿਆਂ-ਪਾਲਿਕਾ ਜ਼ਿਤਨੀ ਮਜ਼ਬੂਤ ਅਤੇ ਸੁਤੰਤਰ ਹੁੰਦੀ ਹੈ, ਉਸ ਦੇਸ਼ ਵਿਚ ਵਿਚ ਲੋਕ-ਭਲਾਈ ਦਾ ਪੱਖ ਉਤਨਾ ਹੀ ਮਜ਼ਬੂਤ ਹੂੰਦਾ ਹੈ। ਭਾਰਤ ਵਿਚ ਸਮੇਂ ਦੀਆਂ ਸਰਕਾਰਾਂ ਨੂੰ ਨਿਆਂ-ਪਾਲਿਕਾ ਦੀ ਇਹ ਸੁਤੰਤਰਤਾ ਅਤੇ ਮਜ਼ਬੂਤੀ ਫੱੂਟੀ ਅੱਖ ਨਹੀਂ ਭਾਉਂਦੀ, ਪਰ ਕੁਝ ਸੰਵਿਧਾਨਿਕ ਮਜ਼ਬੂਰੀਆਂ ਕਾਰਨ ਉਹ ਨਿਆਂ-ਪਾਲਿਕਾ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਨਹੀਂ ਕਰ ਪਾਉਂਦੀ। ਹਾਂ, ਸਮੇਂ ਸਮੇਂ ਤੇ ਸਰਕਾਰਾਂ ਵਲੋਂ ਨਿਆਂ-ਪਾਲਿਕਾ ਨੂੰ ਕਮਜ਼ੋਰ ਕਰਕੇ ਆਪਣੀ ਪਕੜ ਹੇਠ ਲਿਆਉਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਮੋਜੂਦਾ ਭਾਜਪਾ ਸਰਕਾਰ ਵਲੋਂ ਵੀ ਨਿਆਂ-ਪਾਲਿਕਾ ਵਿਚ ਨਿਯੁਕਤੀ ਦਾ ‘ਕੋਲਿਜ਼ਮ ਸਿਸਟਮ’ ਬਦਲ ਕੇ ਆਪਣੇ ਚਹੇਤਿਆਂ ਨੂੰ ਸ਼ਾਮਿਲ ਕਰਨ ਦੀਆਂ ਕੋਸ਼ਿਸ਼ਾਂ, ਉਨ੍ਹਾਂ ਦੀ ਬਦਨੀਅਤ ਜ਼ਾਹਰ ਕਰ ਚੁੱਕੀਆਂ ਹਨ। ਭਾਰਤ ਦੇ ਚੰਗੇ ਭਾਗਾਂ ਨੂੰ ਮੌਜੂਦਾ ਸਰਕਾਰ ਇਸ ਵਿਚ ਫਿਲਹਾਲ ਕਾਮਯਾਬ ਨਹੀਂ ਹੋ ਪਾਈ, ਪਰ ਅੰਦਰੂਨੀ ਤੌਰ ਤੇ ਇਹ ਕੋਸ਼ਿਸ਼ਾਂ ਹਾਲੀਂ ਵੀ ਜ਼ਾਰੀ ਹਨ।
ਇਸ ਵਿਵਾਦ ਵਿਚ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਡੇਰਾ ਮੁੱਖੀ ਤੇ ਇਹ ਮਾਮਲਾ 15 ਸਾਲ ਤੋਂ ਚੱਲ ਰਿਹਾ ਹੈ। ਪਰ ਫੇਰ ਵੀ ਲਗਭਗ ਹਰ ਰਾਜਨੀਤਕ ਦਲ ਦੇ ਨੇਤਾ ਉਸ ਦੇ ਡੇਰੇ ਤੇ ਜਾ ਕੇ ਨਤ-ਮਸਤਕ ਹੁੰਦੇ ਰਹੇ ਹਨ, ਸਮੇਤ ਅਕਾਲੀ ਦਲ ਦੇ। ਜਿਸ ਬੰਦੇ ਤੇ ਇਤਨੇ ਸੰਗੀਨ ਇਲਜ਼ਾਮ ਦਾ ਮਾਮਲਾ ਅਦਾਲਤ ਵਿਚ ਚਲ ਰਿਹਾ ਹੋਵੇ, ਉਸ ਨੂੰ ਸ਼ਰੇਆਮ ਜਾਕੇ ਨਤਮਸਤਕ ਹੋਣਾ ਅਤੇ ਖੁੱਲੇਆਮ ਵੋਟਾਂ ਲਈ ਉਸ ਅੱਗੇ ਲਿਲੜੀਆਂ ਕੱਡਣੀਆਂ, ਇਹ ਸਪਸ਼ਟ ਕਰਦਾ ਹੈ ਕਿ ਇਸ ਨਾਪਾਕ ‘ਹਾਕਮ-ਪੁਜਾਰੀ’ ਗਠਜੋੜ ਦਾ ਹਮੇਸ਼ਾਂ ਤੋਂ ਹੀ ਮਕਸਦ ਆਮ ਲੋਕਾਂ ਨੂੰ ਬੇਵਕੂਫ ਬਣਾ ਕੇ, ਆਪਣੀ ਸਵਾਰਥ-ਸਿੱਧੀ ਕਰਨਾ ਰਿਹਾ ਹੈ।
ਇਸ ਡੇਰੇ ਦੇ ਵਿਚਾਰਧਾਰਕ ਪ੍ਰਚਾਰ ਦਾ ਦੀਵਾਲੀਆਪਨ ਵੀ ਇਸ ਦੇ ਸ਼ਰਧਾਲੂਆਂ ਨੇ ਹੁੜਦੰਗ ਰਾਹੀਂ ਆਪ ਹੀ ਜਗ-ਜ਼ਾਹਿਰ ਕਰ ਦਿਤਾ। ਇਸ ਡੇਰਾ ਮੁੱਖੀ ਵਲੋਂ ਪ੍ਰਚਲਤਿ ਸਾਰੇ ਫਿਰਕਿਆਂ ਦਾ ਸਤਿਕਾਰ ਕਰਨ ਦਾ ਦਾਅਵਾ ਕਰਕੇ ‘ਸੈਕਲੁਰਜ਼ਿਮ’ ਦਾ ਵਿਖਾਵਾ ਆਪਣੇ ਪ੍ਰਚਾਰ ਵਿਚ ਆਮ ਹੀ ਕੀਤਾ ਜਾਂਦਾ ਹੈ। ਡੇਰਾ ਮੁੱਖੀ ਵਲੋਂ ਆਪਣੇ ਨਾਂ ਨਾਲ ‘ਰਾਮ ਰਹੀਮ’ ਅਤੇ ‘ਇੰਸਾ’ ਆਦਿ ਜੁਮਲੇ ਵੀ ਹਿੰਦੂ, ਮੁਸਲਿਮ ਆਦਿ ਫਿਰਕਿਆਂ ਦੀ ਸਾਂਝ ਪੈਦਾ ਕਰਨ ਦੇ ਵਿਖਾਵੇ ਦਾ ਹਿੱਸਾ ਹਨ। ਪਰ ਉਸ ਨੂੰ ਕਾਨੂੰਨਨ ਦੋਸ਼ੀ ਠਹਿਰਾਏ ਜਾਣ ਤੇ ਉਸਦੇ ਸ਼ਰਧਾਲੂਆਂ ਵਲੋਂ ਕੀਤੇ ਤਾਂਡਵ ਨੇ ਇਹ ਸਪਸ਼ਟ ਕਰ ਦਿਤਾ ਹੈ ਕਿ ਜੋ ਉਸ ਵਲੋਂ ਵਿਖਾਵੇ ਮਾਤਰ ਸ਼ਾਂਤੀ ਅਤੇ ਸਦਭਾਵ ਦਾ ਪ੍ਰਚਾਰ ਇਤਨੇ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੀ, ਉਸ ਦਾ ਕਿਤਨਾ ਪ੍ਰਭਾਵ ਉਨ੍ਹਾਂ ਦੇ ਜੀਵਨ ਤੇ ਅਸਲ ਵਿਚ ਹੈ?
ਇਹ ਸੱਚ ਤੋਂ ਭਟਕੀ ਪਹੁੰਚ ਸਿਰਫ ਡੇਰਾ ਸੱਚਾ ਸੌਦਾ ਦੀ ਹੀ ਨਹੀਂ, ਧਰਮ ਦੇ ਨਾਂ ਹੇਠ ਪ੍ਰਚਲਿਤ ਹਰ ਫਿਰਕੇ ਦੀ ਹੈ, ਉਹ ਭਾਂਵੇ ਹਿੰਦੂ, ਇਸਲਾਮ, ਸਿੱਖ, ਈਸਾਈ, ਵੱਖ ਵੱਖ ਡੇਰਾਵਾਦੀ ਆਦਿ ਕੋਈ ਵੀ ਹੋਵੇ। ਇਹ ਸਾਰੇ ਫਿਰਕੇ ਵਿਵਹਾਰ ਵਿਚ ‘ਅਸਲ ਧਰਮ’ ਤੋਂ ਕੋਹਾਂ ਦੂਰ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੇ ਫਿਰਕੇ ਹੀ ਆਪਣੀ ਧਾਰਮਿਕ ਪੁਸਤਕਾਂ ਵਿਚ ਮਾਨਵਤਾ, ਸ਼ਾਂਤੀ-ਸਦਭਾਵ ਆਦਿ ਦੇ ਸੰਦੇਸ਼ ਹੋਣ ਦੇ ਵੱਡੇ-ਵੱਡੇ ਦਮਗਜ਼ੇ ਮਾਰਣ ਤੋਂ ਜ਼ਰਾ ਵੀ ਸੰਕੋਚ ਨਹੀਂ ਕਰਦੇ। ਪਰ ਜਦੋਂ ਕਦੀਂ ਵੀ ਇਨ੍ਹਾਂ ਨਾਲ ਸੰਬੰਧਿਤ ਕੋਈ ਐਸਾ ਨਾਜ਼ੁਕ ਮਸਲਾ ਸਾਹਮਣੇ ਆਉਂਦਾ ਹੈ, ਇਨ੍ਹਾਂ ਦੀ ਵਿਵਹਾਰਿਕ ਪਹੁੰਚ ਸ਼ਕਤੀ ਪ੍ਰਦਰਸ਼ਨ, ਰੋਸ ਮੁਜ਼ਾਹਿਰਆਂ, ਹਿੰਸਾ, ਅਗਜ਼ਨੀ, ਤੋੜ-ਫੋੜ ਦਾ ਨੰਗਾ ਨਾਚ ਕਰਦੇ ਹੋਏ ‘ਧਰਮ ਪੁਸਤਕਾਂ’ ਦੇ ਸ਼ਾਂਤੀ ਸੰਦੇਸ਼ ਨੂੰ ਪਰ੍ਹਾਂ ਵਗਾਹ ਮਾਰਨ ਵਿਚ ਦੇਰ ਨਹੀਂ ਲਾਉਂਦੀ।
ਪੁਜਾਰੀ-ਹਾਕਮ ਗਠਜੋੜ ਦੀ ਐਸੀ ਮਾਨਸਿਕ ਗੁਲਾਮੀ ਵਿਚ ਜੀ ਰਹੇ ਐਸੇ ਫਿਰਕਿਆਂ ਨੂੰ ਗਉ ਹੱਤਿਆ, ਸੂਰ ਹੱਤਿਆ, ਗ੍ਰੰਥ ਦੇ ਪੱਤਰੇ ਪਾੜ ਕੇ, ਕਿਸੇ ਰਹਿਬਰ ਦੀ ਨਕਲ ਕਰਨ ਆਦਿ ਦੀਆਂ ਕਰਤੂਤਾਂ ਨਾਲ ਬਹੁਤ ਆਸਾਣੀ ਨਾਲ ਭੜਕਾਇਆ ਜਾ ਸਕਦਾ ਹੈ। ਐਸੀ ਭੜਕਾਹਟ ਵਿਚ ਆਈ ਭੇਡਾਂ ਰੂਪੀ ਭੀੜ ਨੂੰ ‘ਵੱਡੇ ਧਰਮੀ’ ਹੋਣ ਦਾ ਭਰਮ ਪਾਲਦੇ ਹੋਏ ਸਮਾਜ ਵਿਚ ਖਰੂਦ ਪਾਉਂਦੇ (ਐਸੇ ਨਾਜ਼ੁਕ ਮੌਕਿਆਂ ਤੇ) ਆਮ ਹੀ ਵੇਖਿਆ ਜਾ ਸਕਦਾ ਹੈ। ਉਨ੍ਹਾਂ ਦੀ ਗੁਲਾਮ ਮਾਨਸਿਕਤਾ ਉਨ੍ਹਾਂ ਨੂੰ ਇਹ ਸੱਚ ਸਮਝਣ ਅਤੇ ਅਪਨਾਉਣ ਦੇ ਕਾਬਿਲ ਹੀ ਨਹੀਂ ਛੱਡਦੀ ਕਿ ਜਿਨ੍ਹਾਂ ਧਾਰਮਿਕ ਪੁਸਤਕਾਂ/ਰਹਿਬਰਾਂ ਨੂੰ ਉਹ ‘ਪੂਜਨੀਕ’ ਮੰਨਦੇ ਹੋਏ ‘ਵੱਡੇ ਧਰਮੀ’ ਹੋਣ ਦਾ ਭਰਮ ਪਾਲੀ ਬੈਠੇ ਹਨ, ਉਹ ਤਾਂ ਇਸ ਫਿਰਕੂ ਵਿਵਹਾਰ ਨੂੰ ਠੀਕ ਨਹੀਂ ਮੰਨਦੀਆਂ।
ਚਰਚਾ ਤੁਰੀ ਹੈ ਤਾਂ ਇਹ ਵੀ ਚਿੰਤਨ ਜ਼ਰੂਰੀ ਹੈ ਕਿ ਸਮਾਜ ਵਿਚ ਸਾਰੇ ਫਿਰਕਿਆਂ ਦੀ ਮਾਨਤਾਵਾਂ ਦੇ ਸਤਿਕਾਰ ਦੇ ਨਾਂ ਹੇਠ ਦਿਤਾ ਜਾ ਰਿਹਾ ‘ਸਾਂਝੀਵਾਲਤਾ’ ਦਾ ਹੋਕਾ ਸਮਾਜ ਲਈ ਕਿਤਨਾ ਲਾਭਦਾਇਕ ਹੈ। ਇਸ ਹੋਕੇ ਵਿਚ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਸਾਰੇ ਫਿਰਕਿਆਂ ਦੀ ਪ੍ਰਚਲਿਤ ਮਾਨਤਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦਲੀਲ ਇਹ ਦਿਤੀ ਜਾਂਦੀ ਹੈ ਕਿ ਇਸ ਨਾਲ ਸਮਾਜ ਵਿਚ ਆਪਸੀ ਸਦਭਾਵ ਬਹੁਤ ਵੱਧ ਜਾਏਗਾ।
ਤੱਤ ਗੁਰਮਤਿ ਪਰਿਵਾਰ ਦੇ ਚਿੰਤਨ ਅਨੁਸਾਰ ਇਹ ਪਹੁੰਚ ਬਹੁਤ ਹੀ ਗਲਤ ਅਤੇ ਸੱਚਾਈ ਤੋਂ ਮੁੰਹ ਮੋੜਣ ਵਾਲੀ ਹੈ। ਇਸ ਬੇਹੂਦੇ ਢੰਗ ਨਾਲ ਪੈਦਾ ਕੀਤੀ ਕਮਜ਼ੋਰ ‘ਸਾਂਝੀਵਾਲਤਾ’ ਦੀਆਂ ਤੰਦਾਂ ਉਸ ਵੇਲੇ ਖਿਲਰ ਜਾਂਦੀਆਂ ਹਨ, ਜਦੋਂ ਐਸਾ ਕੋਈ ਨਾਜ਼ੁਕ ਮੌਕਾ ਆਉਂਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹ ‘ਸਾਂਝੀਵਾਲਤਾ’ ਸੱਚਾਈ ਤੋਂ ਕੋਹਾਂ ਦੂਰ ਹੁੰਦੀ ਹੈ। ਜਿਸ ਸ਼ੈ ਦਾ ਆਧਾਰ ਹੀ ਝੂਠ ਹੋਵੇ, ਉਸਦਾ ਟਿਕਾਊ ਅਤੇ ਕਾਰਗਾਰ ਹੋਣਾ ਅਸੰਭਵ ਹੈ। ਅਸਲ ਲੋੜ ਹੈ, ਸੱਚ ਨੂੰ ਇਮਾਨਦਾਰੀ ਨਾਲ ਸਮਝਣ ਦੀ। ਸੱਚ ਦੀ ਇਮਾਨਦਾਰੀ ਨਾਲ ਕੀਤੀ ਖੋਜ ਇਹ ਸਪਸ਼ਟ ਕਰ ਦਿੰਦੀ ਹੈ ਕਿ ਸਾਰੇ ਫਿਰਕਿਆਂ ਦੀ ਬਹੁਤੀਆਂ ਮਾਨਤਾਵਾਂ ਵਹਿਮ ਅਤੇ ਅੰਧ-ਵਿਸ਼ਵਾਸ ਤੇ ਆਧਾਰਿਤ ਹਨ। ਇਨ੍ਹਾਂ ਮਾਨਤਾਵਾਂ ਦੇ ਪਿੱਛੇ ਸਾਰਾ ਦਿਮਾਗ ਪੁਜਾਰੀ ਸ਼ੈ੍ਰਣੀ ਦਾ ਹੈ। ਇਨ੍ਹਾਂ ਫਿਰਕਿਆਂ ਨਾਲ ਚਿਪਕਾਵ ਰੱਖਣ ਵਾਲੇ ਸਾਰੇ ਸ਼ਰਧਾਲੂ ਅਸਲ ਵਿਚ ਪੁਜਾਰੀ ਸ਼੍ਰੇਣੀ ਦੀ ਮਾਨਸਿਕ ਗੁਲਾਮੀ ਹੀ ਭੋਗ ਰਹੇ ਹਨ। ਇਹ ਮਾਨਸਿਕ ਗੁਲਾਮੀ ਇਤਨੀ ਸੂਖਮ ਹੱਦ ਤੱਕ ਲੋਕ ਜ਼ਹਿਨਾਂ ਵਿਚ ਭਰ ਦਿਤੀ ਗਈ ਹੈ ਕਿ ਆਮ ਲੋਕ ਕੀ, ਆਪਣੇ ਆਪ ਨੂੰ ਬਹੁਤ ਸਚੇਤ ਅਤੇ ਚੇਤੰਨ ਮੰਨਣ ਵਾਲੇ ਵਿਦਵਾਨ ਪੜੇ ਲਿਖੇ ਲੋਕ ਵੀ ਇਸ ਗੁਲਾਮੀ ਤੋਂ ਆਜ਼ਾਦ ਨਹੀਂ ਹੋ ਪਾ ਰਹੇ। ਉਨ੍ਹਾਂ ਦੇ ਫਿਰਕੇ ਦੀਆਂ ਪੱਕ ਚੁੱਕੀਆਂ ਮਾਨਤਾਵਾਂ ਤੇ ਕਿੰਤੂ ਹੁੰਦੇ ਹੀ ਉਹ ਇਕ ਆਮ ਸ਼ਰਧਾਲੂ ਵਾਂਗੂ ‘ਫਤਵੇਬਾਜ਼’ ਬਣ ਜਾਂਦੇ ਹਨ। ਸਿੱਖ ਫਿਰਕੇ ਵਿਚ ਬਹੁਤਾ ਵਿਚਰਨ ਕਰਕੇ ਇਕ ਆਪਬੀਤੀ ਦਸ ਰਹੇ ਹਾਂ ਤਾਂ ਕਿ ਨੁਕਤਾ ਵਧੇਰੇ ਸਪਸ਼ਟ ਹੋ ਸਕੇ। ਕਨੇਡਾ ਰਹਿੰਦੇ ਸਿੱਖ ਫਿਰਕੇ ਨਾਲ ਜੁੜੇ ਇਕ ਬਹੁਤ ਜਾਗਰੂਕ ‘ਮੰਨੇ ਜਾਂਦੇ’ ਵਿਦਵਾਨ ਦੇ ਤੱਤ ਗੁਰਮਤਿ ਪਰਿਵਾਰ ਅਤੇ ਕੁਝ ਹੋਰ ਵਿਦਵਾਨਾਂ ਨੂੰ ਸਿਰਫ ਇਸ ਕਰਕੇ ਨਾਸਤਿਕ ਹੋਣ ਦਾ ਫਤਵਾ ਜ਼ਾਰੀ ਕਰ ਦਿਤਾ ਕਿ ਇਨ੍ਹਾਂ ਨੇ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ‘ਪੁਸਤਕ ਜਾਂ ਕਿਤਾਬ’ ਕਹਿ/ਲਿਖ ਦਿਤਾ। ਇਥੋਂ ਸਮਝਿਆ ਜਾ ਸਕਦਾ ਹੈ ਕਿ ਵੱਖ ਵੱਖ ਫਿਰਕਿਆਂ ਦੇ ਸੁਚੇਤ ਮੰਨੇ ਜਾਂਦੇ ਵਿਦਵਾਨ ਵੀ ਕਿਤਨੇ ਸੂਖਮ ਪੱਧਰ ਤੇ ਪੁਜਾਰੀਆਂ ਦੀ ਮਾਨਸਿਕ ਗੁਲਾਮੀ ਹੰਡਾ ਰਹੇ ਹਨ।
ਤੱਤ ਗੁਰਮਤਿ ਪਰਿਵਾਰ ਇਹ ਗੱਲ ਮਜ਼ਬੂਤੀ ਨਾਲ ਪੇਸ਼ ਕਰਨਾ ਚਾਹੁੰਦਾ ਹੈ ਕਿ ਸਮੁੱਚੇ ਸਮਾਜ ਨੂੰ ਇਨ੍ਹਾਂ ਫਿਰਕਿਆਂ ਦੀ ਵੱਲਗਣ ਦੇ ਚਿੱਕੜ ਦੇ ਬਾਹਰ ਕੱਡਣ ਕੇ ‘ਇਕੋ ਇਕ ਅਸਲ ਧਰਮ’ ਵੱਲ ਲਿਜਾਉਣ ਦੇ ਇਨਕਲਾਬ ਦਾ ਬਾਨਣੂੰ ਸਿਰਫ ਉਹ ਹੀ ਸੱਜਣ ਬਣ ਸਕਦੇ ਹਨ ਜੋ ਆਪ ਮਾਨਸਿਕ ਤੌਰ ਤੇ ਇਸ ਫਿਰਕੂ ਅਤੇ ਪੁਜਾਰੀ ਗੁਲਾਮੀ ਤੋਂ ਪੂਰੀ ਤਰਾਂ ਆਜ਼ਾਦ ਹੋਣ। ਬੇਸ਼ਕ ਅਜੌਕੇ ਸਮਾਜ ਵਿਚ ਐਸੇ ਲੋਕ ਬਹੁਤ ਘੱਟ ਹਨ ਪਰ ਐਸਾ ਨਹੀਂ ਕਿ ਐਸੇ ਲੋਕ ਬਿਲਕੁਲ ਵੀ ਨਹੀਂ ਹਨ। ਆਪਣੇ ਸਮੇਂ ਵਿਚ ਮਹਾਤਮਾ ਬੁੱਧ, ਬਾਬਾ ਨਾਨਕ, ਭਗਤ ਕਬੀਰ ਆਦਿ ਮਹਾਂ-ਪੁਰਖਾਂ ਨੇ ਇਸ ਇਨਕਲਾਬ ਨੂੰ ਲਿਆਉਣ ਵਿਚ ਬਹੁਤ ਯੋਗਦਾਨ ਪਾਇਆ। ਪਰ ਹੁਣ ਉਨ੍ਹਾਂ ਦੇ ਨਾਂ ਤੇ ਸ਼ੁਰੂ ਕਰ ਦਿਤੇ ਫਿਰਕਿਆਂ ਤੋਂ ਐਸੇ ਇਨਕਲਾਬ ਨੂੰ ਲਿਆਉਣ ਦੀ ਆਸ ਕਰਨਾ ਮੂਰਖਤਾ ਤੋਂ ਵੱਧ ਕੁਝ ਨਹੀਂ, ਕਿਉਂਕਿ ਐਸੇ ਪੈਰੋਕਾਰ ਤਾਂ ਇਹ ਹੀ ਸਮਝ ਨਹੀਂ ਪਾਏ ਕਿ ਇਹ ਮਹਾਂ-ਪੁਰਖ ਐਸੇ ਫਿਰਕਿਆਂ ਦੀ ਵਲਗੱਣ ਤੋਂ ਬਹੁਤ ਉਤਾਂਹ ਸਨ। ਬਾਬਾ ਨਾਨਕ ਜੀ ਦੇ ਸੰਬੰਧ ਵਿਚ ਇਹ ਗੱਲ ਫਾਇਦੇਮੰਦ ਹੈ ਕਿ ਉਨ੍ਹਾਂ ਦਾ ਆਪਣਾ ਲਿਖੇ ਉਪਦੇਸ਼ ਮੂਲ਼ ਰੂਪ ਵਿਚ ਉਨ੍ਹਾਂ ਦੀ ਬਾਣੀ ਦੇ ਰੂਪ ਵਿਚ ਅੱਜ ਵੀ ਮੌਜੂਦ ਹੈ। ਮਹਾਤਮਾ ਬੁੱਧ ਜਾਂ ਕਿਸੇ ਹੋਰ ਅੇਸੇ ਇਨਕਲਾਬੀ ਮਹਾਂਪੁਰਖ ਦਾ ਆਪਣਾ ਲਿਖਿਆ ਕੋਈ ਸੰਦੇਸ਼ ਮੂਲ ਰੂਪ ਵਿਚ ਨਹੀਂ ਮਿਲਦਾ।
ਡੇਰਾ ਸੱਚਾ ਸੌਦਾ ਕਾਂਡ ਨਾਲ ਪੈਦਾ ਹੋਈ ਫਿਰਕਾਪ੍ਰਸਤੀ ਨਾਲ ਹੋਏ ਸਮਾਜ ਦੇ ਨੁਕਸਾਨ ਤੋਂ ਸੇਧ ਲੈਂਦੇ ਹੋਏ, ਤੱਤ ਗੁਰਮਤਿ ਪਰਿਵਾਰ ਚਾਹੁੰਦਾ ਹੈ ਕਿ ਵਿਸ਼ਵ ਵਿਚ ਕਿਧਰੇ ਵੀ ਵਸਦੇ ਐਸੇ ਸੋਚ ਵਾਲੇ ਮਰਜੀਵੜਿਆਂ ਨੂੰ ਇਕ ਮੰਚ ਤੇ ਇਕੱਠਾ ਹੋ ਕੇ, ਸਮੁੱਚੀ ਮਾਨਵਤਾ ਨੂੰ ਪੁਜਾਰੀ ਫਿਰਕਾਪ੍ਰਸਤੀ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਇਨਕਲਾਬ ਨੂੰ ਇਕਸੁਰ ਕਰਨ ਦੇ ਜਤਨ ਆਰੰਭ ਕਰਨ ਚਾਹੀਦੇ ਹਨ। ਯਾਦ ਰਹੇ ਇਸ ਇਨਕਲਾਬ ਦੇ ਨਾਲ ਉਹੀ ਸੱਜਣ ਜੁੜਣ ਜੋ ਆਪ ਐਸੀ ਫਿਰਕੂ ਸੋਚ ਤੋਂ ਪੂਰੀ ਤਰਾਂ ਆਜ਼ਾਦ ਹੋਣ ਅਤੇ ਕਿਸੇ ਖਾਸ ਫਿਰਕੇ ਦੀਆਂ ਪ੍ਰਚਲਿਤ ਮਾਨਤਾਵਾਂ ਨਾਲ ਜ਼ਹਿਨੀ ‘ਚਿਪਕਾਵ’ ਨਾ ਰੱਖਦੇ ਹੋਵਨ। ਐਸੇ ਸੱਜਣ ਹੀ ਸੱਚ ਦੀ ਖੋਜ ਦੇ ਰਾਹ ਤੇ ਤੁਰ ਸਕਦੇ ਹਨ। ਨਹੀਂ ਤਾਂ ਕਿਸੇ ਫਿਰਕੇ ਦਾ ਚਿਪਕਾਵ ਉਨ੍ਹਾਂ ਨੂੰ ਕਿਸੇ ਨਾ ਕਿਸੇ ਪੱਧਰ ਤੇ ਖੋਜ ਰਾਹੀਂ ਪੈਦਾ ਹੋਏ ਕਿੰਤੂ/ਸਵਾਲ ਤੋਂ ਨਰਾਜ਼ ਕਰ ਸਕਦਾ ਹੈ। ਐਸਾ ਇਨਕਲਾਬ ਹੀ ਸਮੁੱਚੀ ਮਾਨਵਤਾ ਨੂੰ ਇਕੋ ਇਕ ਅਸਲ ਧਰਮ ਦੇ ਸੱਚੇ ਰਾਹ ਤੋਰ ਸਕਦਾ ਹੈ। ਤਦੋਂ ਤੱਕ ਪੁਜਾਰੀਆਂ ਦੇ ਬਣਾਏ ਅਖੌਤੀ ਧਰਮਾਂ ਦੇ ਪੈਰੋਕਾਰਾਂ ਵਲੋਂ ਫਿਰਕਾਪ੍ਰਸਤੀ ਦਾ ਖਰੂਦੀ ਤਾਂਡਵ ਸਮਾਜ ਨੂੰ ਨੁਕਸਾਨ ਪਹੁੰਚਾਂਦਾ ਹੀ ਰਹੇਗਾ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
26 ਅਗਸਤ 2017


09/03/17
ਜਗਤਾਰ ਸਿੰਘ ਜਾਚਕ

ਰੰਘਰੇਟੇ ਵੀਰਾਂ ਦਾ ਪੰਥਕ ਪਿਆਰ, ਸਤਿਕਾਰ ਤੇ ਸੇਵਾ-ਸੰਭਾਲ

ਮਹਾਨਕੋਸ਼ ਮੁਤਾਬਕ ਰੰਘਰੇਟਾ ਲਫ਼ਜ਼ ‘ਰੰਘੜੇਟਾ’ ਦਾ ਵਿਗੜਿਆ ਹੋਇਆ ਰੂਪ ਹੈ ਅਤੇ ਇਸ ਦਾ ਅਰਥ ਹੈ – ਰੰਘੜ ਦਾ ਬੇਟਾ । ਗੁਰੂ ਕਾਲ ਵੇਲੇ ‘ਰੰਘੜ’ ਭਾਵੇਂ ਉਨ੍ਹਾਂ ਰਾਜਪੂਤਾਂ ਨੂੰ ਕਿਹਾ ਜਾਂਦਾ ਸੀ, ਜਿਹੜੇ ਇਸਲਾਮ ਮਤ ਧਾਰਨ ਕਰ ਲੈਂਦੇ ਸਨ । ਜਿਵੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰਨ ਵਾਲਾ ਮੰਡਿਆਲਾ ਨਿਵਾਸੀ ਸ੍ਰੀ ਅੰਮ੍ਰਿਤਸਰ ਪਰਗਣੇ ਦਾ ਚੌਧਰੀ ‘ਮੱਸਾ ਰੰਘੜ’।
ਪ੍ਰੰਤੂ ਜਦੋਂ ਤੋਂ ਖ਼ਾਲਸੇ ਦੇ ਸੁਆਮੀ ਦਸਵੇਂ ਪਾਤਸ਼ਾਹ ਨੇ ਪਿਆਰ ਤੇ ਸਤਿਕਾਰ ਸਹਿਤ ਭਾਈ ਜੈਤਾ ਜੀ ਨੂੰ ‘ਰੰਘਰੇਟਾ, ਗੁਰੂ ਕਾ ਬੇਟਾ’ ਕਹਿ ਕੇ ਨਿਵਾਜਿਆ ; ਤਦੋਂ ਤੋਂ ਗੁਰੂ ਕੇ ਸਿੱਖਾਂ ਵੱਲੋਂ ਉਨ੍ਹਾਂ ਸਾਰੇ ਗੁਰਸਿੱਖ ਭਰਾਵਾਂ ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਦੀ ਮਜ਼ਬੂਰੀ ਵੱਸੋਂ ‘ਰੰਘਰੇਟੇ’ ਨਾਂ ਦੀ ਵਰਤੋਂ ਕੀਤੀ ਜਾਣ ਲੱਗੀ, ਜਿਨ੍ਹਾਂ ਨੂੰ ਮੰਨੂਵਾਦੀ ਦ੍ਰਿਸ਼ਟੀਕੋਨ ਤੋਂ ਸ਼ੂਦਰਾਂ ਵਿੱਚੋਂ ਵੀ ਅਤਿ ਨੀਚ ਤੇ ਅਛੂਤ ਮੰਨ ਕੇ ਬਹੁਤ ਹੀ ਘ੍ਰਿਣਤ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ । ਜਿਵੇਂ ਰੰਘੜ, ਚੂਹੜੇ, ਚਮਾਰ ਤੇ ਚੰਡਾਲ । ਕਿਉਂਕਿ ਸੂਝਵਾਨ ਗੁਰਸਿੱਖਾਂ ਨੇ ਦਸ਼ਮੇਸ਼ ਗੁਰੂ ਦੀ ਬਖ਼ਸ਼ਿਸ਼ ਭਰੀ ਰਮਜ਼ ਨੂੰ ਸਮਝ ਲਿਆ ਸੀ । ਉਹ ਜਾਣ ਗਏ ਸਨ ਕਿ ਗੁਰੂ ਦ੍ਰਿਸ਼ਟੀ ਵਿੱਚ ‘ਰੰਘਰੇਟਾ’ ਲਫ਼ਜ਼ ਦੇ ਅਰਥ ਹੁਣ ‘ਰੰਘੜ ਦਾ ਬੇਟਾ’ ਨਹੀਂ, ਸਗੋਂ ‘ਗੁਰੂ ਕਾ ਬੇਟਾ’ ਹੋ ਗਏ ਹਨ । ਭਾਵੇਂ ਕਿ 19ਵੀਂ ਸਦੀ ਦੇ ਆਰੰਭ ਤੋਂ ਇਨ੍ਹਾਂ ਨੇ ਆਪਣੇ ਆਪ ਨੂੰ ਮਜ਼ਹਬੀ, ਰਵਿਦਾਸੀਏ, ‘ਰਾਮਦਾਸੀਏ’ ਤੇ ਰਾਮਗੜ੍ਹੀਏ ਸਦਾਉਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਇਹੀ ਉਪਨਾਮ ਵਧੇਰੇ ਪ੍ਰਚਲਿਤ ਹਨ ।
ਕਿਉਂਕਿ ਸਹਿਜੇ ਸਹਿਜੇ ਇਹ ਪੱਖ ਵੀ ਸਿੱਖਾਂ ਦੀ ਸਮਝ ਗੋਚਰਾ ਹੋ ਗਿਆ ਸੀ ਕਿ ਸਤਿਗੁਰਾਂ ਨੇ ਭਾਈ ਜੈਤਾ ਜੀ ਨੂੰ ਜੋ ਪਿਆਰ ਤੇ ਸਤਿਕਾਰ ਬਖ਼ਸ਼ਿਆ ਹੈ, ਉਸ ਪਿੱਛੇ ਕੇਵਲ ਭਾਈ ਜੀ ਦੀ ਸ਼ਹੀਦ ਪਿਤਾ ਗੁਰੂ ਦੇ ਸੀਸ ਨੂੰ ਜਾਨ ’ਤੇ ਖੇਲ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਣ ਦੀ ਦਲੇਰੀ ਤੇ ਕੁਰਬਾਨੀ ਹੀ ਨਹੀਂ । ਸਗੋਂ ਵਿਸ਼ੇਸ਼ ਕਾਰਣ ਗੁਰੂ ਨਾਨਕ ਪਾਤਸ਼ਾਹ ਦਾ ਉਹ ਦੁਨੀਆਂ ਤੋਂ ਵਿਲੱਖਣ ਗ਼ਰੀਬ-ਨਿਵਾਜ਼ੀ ਰੱਬੀ-ਦ੍ਰਿਸ਼ਟੀਕੋਨ ਹੈ; ਜਿਸ ਅਧੀਨ ਉਨ੍ਹਾਂ ਨੇ ਰਬਾਬੀ ਮਿਰਾਸੀ ਮਰਦਾਨੇ ਨੂੰ ‘ਭਾਈ’ ਕਹਿ ਕੇ ਆਪਣਾ ਸਾਥੀ ਬਣਾਇਆ ਅਤੇ “ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ ॥” –{ਗੁ.ਗ੍ਰੰ.-ਪੰ.15} ਦਾ ਦੈਵੀ ਐਲਾਨ ਕੀਤਾ ਸੀ ।
ਕਮਾਲ ਦੀ ਗੱਲ ਇਹ ਹੈ ਕਿ ਜੇ ਗ਼ਰੀਬ-ਨਿਵਾਜ਼ ਸਤਿਗੁਰਾਂ ਨੇ ਕਥਿਤ ਸ਼ੂਦਰ ਭਗਤਾਂ ਨੂੰ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਆਪਣੇ ਬਰਾਬਰ ਰੂਹਾਨੀ ਸਿੰਘਾਸਣ ’ਤੇ ਵਿਰਾਜਮਾਨ ਕਰਕੇ “ਨੀਚਹ ਊਚੁ ਕਰੇ ਮੇਰਾ ਗੋਬਿੰਦ” ਦਾ ਰੱਬੀ-ਸੱਚ ਪ੍ਰਕਾਸ਼ਮਾਨ ਕੀਤਾ । ਅਤੇ ਫਿਰ ਗੁਰੂ ਦੇ ਸਾਜੇ-ਨਿਵਾਜੇ ਖ਼ਾਲਸਾ ਪੰਥ ਨੇ ਉਨ੍ਹਾਂ ਦੇ ਭਾਈਚਾਰਿਆਂ ਦੇ ਅਠਾਰਵੀਂ ਸਦੀ ਵਿੱਚਲੇ ਸੂਰਬੀਰਾਂ ਅਤੇ ਅਜੋਕੇ ਆਗੂਆਂ ਨੂੰ ਸੱਤਾਧਾਰੀ ਸਿੰਘਾਸਣਾਂ ’ਤੇ ਬੈਠਾਅ ਕੇ ਵਿਸ਼ੇਸ਼ ਸਰਦਾਰੀਆਂ ਬਖਸ਼ੀਆਂ । ਕਿਉਂਕਿ, ਖ਼ਾਲਸੇ ਦੇ ਸੁਆਮੀ ਨੇ ਇਹ ਦ੍ਰਿੜ ਸਕੰਲਪ ਲਿਆ ਸੀ ਕਿ “ਜਿਨ ਕੀ ਜਾਤ ਵਰਣ ਕੁਲ ਮਾਹੀਂ । ਸਰਦਾਰੀ ਨਹਿਂ ਭਈ ਕਦਾਹੀਂ । ਇਨਹੀਂ ਕੋ ਸਰਦਾਰ ਬਨਾਵਊਂ । ਤਬੈ ਗੋਬਿੰਦ ਸਿੰਘ ਨਾਮ ਕਹਾਵਊਂ ।”-{ਪੰਥ ਪ੍ਰਕਾਸ਼-ਗਿ. ਗਿਆਨ ਸਿੰਘ} ਤਾਂ ਅਜਿਹੇ ਗ਼ਰੀਬ ਸਿੱਖੜਿਆਂ ਨੇ ਵੀ ਭਗਤ ਰਵਿਦਾਸ ਜੀ ਨਾਲ ਆਤਮਕ-ਸਾਂਝ ਪਾ ਕੇ “ਐਸੀ, ਲਾਲ ! ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ ਗੁਸਈਆ ਮੇਰਾ, ਮਾਥੈ ਛਤ੍ਰੁ ਧਰੈ ॥”-{ਗੁ.ਗ੍ਰੰ.-ਪੰ.1106} ਦਾ ਇਲਾਹੀ-ਗੀਤ ਗਾਉਂਦਿਆਂ ਗੁਰੂ ਤੇ ਪੰਥ ਤੋਂ ਆਪਣੀਆਂ ਜਿੰਦੜੀਆਂ ਅਤੇ ਆਪਣੇ ਪਰਵਾਰਾਂ ਨੂੰ ਘੋਲ ਘੁਮਾਇਆ ।
ਇਸ ਪੱਖੋਂ ‘ਪੰਜ ਪਿਆਰਿਆਂ’ ਦਾ ਸਦੀਵੀ ਰੁਤਬਾ ਹਾਸਲ ਕਰਨ ਵਾਲੇ ਦਿੱਲੀ ਤੋਂ ਭਾਈ ਧਰਮ (ਜੱਟ), ਜਗੰਨਾਥਪੁਰੀ ਤੋਂ ਹਿੰਮਤ ਸਿੰਘ (ਝੀਵਰ), ਦੁਵਾਰਕਾ ਤੋਂ ਮੁਹਕਮ ਸਿੰਘ (ਛੀਂਬਾ) ਤੇ ਬਿਦਰ ਤੋਂ ਭਾਈ ਸਾਹਿਬ (ਨਾਈ) ਸਿੰਘ ਜੀ ਦਾ ਸਿੱਖੀ ਸਿਦਕ ਸਿੱਖੀ ਦੇ ਅਕਾਸ਼ ਉੱਤੇ ਧ੍ਰੂ ਤਾਰੇ ਵਾਂਗ ਸਦਾ ਚਮਕਦਾ ਰਹੇਗਾ । ਇਸੇ ਤਰ੍ਹਾਂ ਗੁਰੂ ਦੇ ਪਿਆਰ, ਸਤਿਕਾਰ ਨੂੰ ਪ੍ਰਗਟਾਉਣ ਲਈ ਰੰਘਰੇਟੇ ਸ਼ਹੀਦ ਭਾਈ ਜੀਵਨ ਸਿੰਘ, ਰੰਘਰੇਟੇ ਪਿਉ ਪੁਤਰ ਭਾਈ ਬੀਰ ਸਿੰਘ ਤੇ ਧੀਰ ਸਿੰਘ ਦਾ ਨਾਂ ਸਦਾ ਸੇਧ ਬਖ਼ਸ਼ਦਾ ਰਹੇਗਾ । ਸਿੱਖ ਕੌਮ ਦੀ ਅਜ਼ਾਦ ਹਸਤੀ ਪ੍ਰਗਟਾਉਣ ਲਈ ਭਾਈ ਬੋਤਾ ਸਿੰਘ (ਸੰਧੂ ਜੱਟ) ਦਾ ਸਾਥੀ ਬਣੇ ਰੰਗਰੇਟੇ ਭਾਈ ਗਰਜਾ ਸਿੰਘ ਅਤੇ ਗੁਰੂ ਦਰਬਾਰ ਦੀ ਪਵਿਤ੍ਰਤਾ ਤੇ ਸਤਿਕਾਰ ਨੂੰ ਬਹਾਲ ਰੱਖਣ ਲਈ ਮੱਸੇ ਰੰਘੜ ਨੂੰ ਸੋਧਣ ਵਾਲੇ ਭਾਈ ਮਹਿਤਾਬ ਮੀਰਾਂ ਕੋਟ (ਭੰਗੂ ਜੱਟ) ਦਾ ਸਾਥ ਦੇਣ ਵਾਲੇ ਕਿੰਬੋਕੀ ਮਾੜੀ ਪਿੰਡ ਦੇ ਭਾਈ ਸੁੱਖਾ ਸਿੰਘ (ਕਲਸੀ ਤਰਖਾਣ) ਦਾ ਹਵਾਲਾ ਸਿੱਖੀ ਦੀ ਫੁਲਵਾੜੀ ਵਿੱਚ ਹਮੇਸ਼ਾਂ ਲਈ ਟਹਿਕਦਾ ਹੋਇਆ ਕੁਰਬਾਨੀ ਦੀ ਮਹਿਕ ਵੰਡਦਾ ਰਹੇਗਾ ।
ਇਸੀ ਤਰਜ਼ ’ਤੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਤੇ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿੱਚ ਤਰਣਾ ਦਲ ਦੇ ਜਰਨੈਲਾਂ ਵੱਜੋਂ ਰੰਘਰੇਟੇ ਆਗੂ ਸ੍ਰ. ਜੀਊਣ ਸਿੰਘ, ਮਦਨ ਸਿੰਘ ਤੇ ਬੀਰੂ ਸਿੰਘ ਤੋਂ ਇਲਾਵਾ ਰਾਮਗੜੀਏ ਸ੍ਰ. ਜੱਸਾ ਸਿੰਘ, ਸੁੱਖਾ ਸਿੰਘ ਕੰਬੋਕੀ ਮਾੜੀ ਅਤੇ ਸ਼ਹੀਦ ਭਾਈ ਮਨੀ ਸਿੰਘ ਦੇ ਭਤੀਜੇ ਭਾਈ ਅਘੜ ਸਿੰਘ (ਕੰਬੋਅ) ਦੇ ਨਾਂ ਵੀ ਸਦੀਵ ਕਾਲ ਵਾਸਤੇ ਸਿੱਖਾਂ ਨੂੰ ਕੌਮੀ ਅਜ਼ਾਦੀ ਲਈ ਜੂਝਣ ਦਾ ਚਾਅ ਬਖ਼ਸ਼ਦੇ ਰਹਿਣਗੇ । ਇਹੀ ਕਾਰਣ ਹੈ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਈ ਰਾਜ ਵਿੱਚ ਇਨ੍ਹਾਂ ਦਲਿਤ ਭਰਾਵਾਂ ਨੇ ਸਰਦਾਰੀਆਂ ਮਾਣੀਆਂ ਤੇ ਸਰਬਪੱਖੀ ਸਨਮਾਨ ਹਾਸਲ ਕੀਤਾ ।
ਆਪਣੇ ਆਪ ਨੂੰ ਰੰਘਰੇਟੇ ਸ਼ਹੀਦ ਭਾਈ ਜੀਵਨ ਸਿੰਘ ਤੇ ਅਠਾਰਵੀਂ ਸਦੀ ਦੇ ਜਥੇਦਾਰ ਬੀਰ ਸਿੰਘ ਦੇ ਵਾਰਸ ਸਦਾਉਣ ਵਾਲੇ ਕੁਝ ਲੋਕ ਧੜੇਬੰਦੀ ਤੇ ਸੁਆਰਥ ਵੱਸ ਦਲਿਤ-ਵਿਰੋਧੀ ਤੇ ਪੰਥ-ਵਿਰੋਧੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ । ਅਜਿਹਾ ਖ਼ਤਰਨਾਕ ਪ੍ਰਚਾਰ ਕਰ ਰਹੇ ਹਨ ਕਿ ਪਟਿਆਲਾ ਰਿਆਸਤ ਦੇ ਬਾਨੀ ਸ੍ਰ. ਆਲਾ ਸਿੰਘ ਅਤੇ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸ੍ਰ ਚੜ੍ਹਤ ਸਿੰਘ ਸ਼ੁਕਰਚਕੀਏ ਨੇ 2 ਸਤੰਬਰ 1764 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਧੋਖੇ ਨਾਲ ਜਥੇਦਾਰ ਬੀਰ ਸਿੰਘ ਬੰਗਸ਼ੀ ਸਮੇਤ 500 ਰੰਘਰੇਟੇ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜੋ ਕਿ ਬਿਲਕੁਲ ਕੋਰਾ ਤੇ ਕਲਪਤ ਝੂਠ ਹੈ । ਪੰਥ-ਦਰਦੀ ਵਿਦਵਾਨਾਂ ਦੀ ਰਾਇ ਹੈ ਕਿ ਇਹ ਖ਼ਾਲਸਾ ਪੰਥ ਨੂੰ ਦੁਫਾੜ ਕਰਕੇ ਸਿੱਖੀ ਦੇ ਰਾਜਨੀਤਕ ਵਿਕਾਸ ਨੂੰ ਰੋਕਣ ਦੀ ਕੋਈ ਢੂੰਘੀ ਤੇ ਕੁਟਿਲ ਸਾਜ਼ਿਸ਼ ਹੈ । ਕਿਉਂਕਿ, ਉਹ ਸਮਝਦੇ ਹਨ ਕਿ ਉਪਰੋਕਤ ਰਾਜ-ਘਰਾਣਿਆਂ ਦੀ ਯਾਦ ਸਿੱਖਾਂ ਅੰਦਰ ਆਪਣਾ ਰਾਜ-ਭਾਗ ਸਥਾਪਤ ਕਰਨ ਦੀ ਰੀਝ ਪੈਦਾ ਕਰਦੀ ਹੈ । ਸਮਾਜਕ ਦ੍ਰਿਸ਼ਟੀਕੋ

ਇਹ ਵੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਅਜੋਕੇ ਪੰਥਕ ਆਗੂਆਂ ਨੇ ਦਲਿਤ ਸਿੱਖ ਪ੍ਰਵਾਰਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਉਪਰਾਲੇ ਨਹੀਂ ਕੀਤੇ । ਜੱਟ ਲੋਕ ਸਾਨੂੰ ਅਜੇ ਚੂਹੜੇ ਚਮਾਰ ਕਹਿ ਕੇ ਦੁਰਕਾਰਦੇ ਹਨ । ਪਰ, ਇਥੇ ਦੋ ਪੱਖ ਸਮਝਣ ਯੋਗ ਹਨ । ਪਹਿਲਾ ਇਹ ਕਿ ਜੱਟਾਂ ਨੂੰ ਵੀ ਹਿੰਦੂ ਸ਼ਾਸਤਰਾਂ ਨੇ ਕੋਈ ਉੱਤਮ ਜਾਤੀ ਨਹੀਂ ਮੰਨਿਆ । ਇਹ ਹਲਵਾਹਕ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਨਾਲ ਜ਼ਮੀਨਾਂ ਦੇ ਮਾਲਕ ਬਣੇ ਹਨ । ਦੂਜਾ, ਸਾਰੇ ਜੱਟ ਸਿਧਾਂਤਕ ਦ੍ਰਿਸ਼ਟੀਕੋਨ ਤੋਂ ਸਿੱਖ ਨਹੀਂ ਮੰਨੇ ਜਾ ਸਕਦੇ । ਕਿਉਂਕਿ, ਸਿੱਖ ਓਹੀ ਹੈ, ਜਿਸ ਨੇ ਗੁਰਮਤ ਸਿਧਾਂਤਾਂ ਨੂੰ ਸਮਝਿਆ ਤੇ ਜੀਵਨ ਵਿਹਾਰ ਵਿੱਚ ਧਾਰਨ ਕੀਤਾ ਹੈ । ਇਸ ਲਈ ਉਨ੍ਹਾਂ ਦੇ ਬਿਪਰਵਾਦੀ ਗ਼ਲਤ ਵਿਹਾਰ ਸਿੱਖਾਂ ਦੇ ਗਲ਼ ਨਹੀਂ ਮੜ੍ਹਣਾ ਚਾਹੀਦਾ । ਇਹ ਕਹਿਣਾ ਵੀ ਦਿਨ ਨੂੰ ਰਾਤ ਕਹਿਣ ਵਾਂਗ ਝੂਠਾ ਤੇ ਗ਼ਲਤ ਹੈ ਕਿ ਪੰਥਕ ਆਗੂਆਂ ਨੇ ਕੁਝ ਨਹੀਂ ਕੀਤਾ ।
ਕਿਉਂਕਿ, ਸੰਨ 1925 ਵਿਚ ਗੁਰਦੁਆਰਾ ਐਕਟ ਬਣਨ ਉਪਰੰਤ ਜਦੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ ਵਿੱਚ ਆਈ ਤਾਂ ਦਲਿਤ ਪਿਛੋਕੜ ਵਾਲੇ ਸਿੱਖ ਭਾਈਚਾਰੇ ਦੀ ਸੇਵਾ ਸੰਭਾਲ, ਸਤਿਕਾਰ ਅਤੇ ਉਨ੍ਹਾਂ ਦੀ ਸਰਬਪੱਖੀ ਉਨਤੀ ਲਈ ਚਿੰਤਾ ਪ੍ਰਗਟਾਉਂਦਿਆਂ ਜੋ ਗੁਰਮਤੇ ਪਹਿਲ ’ਤੇ ਅਧਾਰਿਤ ਪਾਸ ਕੀਤੇ ਅਤੇ ਅਮਲ ਵਿੱਚ ਲਿਆਂਦੇ । ਉਨ੍ਹਾਂ ਦੀ ਬਦੌਲਤ ਹੀ ਰਾਜਨੀਤਕ ਖੇਤਰ ਵਿੱਚ ਦਲਿਤ ਤੇ ਪਛੜੀਆਂ ਸ਼੍ਰੇਣੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਕੇ ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ, ਜਥੇਦਾਰ ਉਜਾਗਰ ਸਿੰਘ ਰੰਘਰੇਟਾ ਤੇ ਸ੍ਰ. ਕੇਵਲ ਸਿੰਘ ਬਾਦਲ ਵਾਂਗ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲੈ ਕੇ ਪੰਜਾਬ ਵਿਧਾਨ ਸਭਾ ਦੇ ਮੁਖ ਮੰਤ੍ਰੀ ਅਤੇ ਐਮ ਪੀ ਬਣ ਕੇ ਲੋਕ ਸਭਾ ਦੇ ਸਪੀਕਰ, ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਦੇ ਅਹੁਦਿਆਂ ਤੱਕ ਪਹੁੰਚੇ ਤੇ ਸਰਦਾਰੀਆਂ ਮਾਣੀਆਂ । ਜਿਵੇਂ ਸ਼੍ਰੋਮਣੀ ਕਮੇਟੀ ਦੇ ਖਰਚੇ ’ਤੇ ਪਲੇ ਤੇ ਪੜ੍ਹੇ ਗਿਆਨੀ ਜੈਲ ਸਿੰਘ ਅਤੇ ਸ੍ਰ ਬੂਟਾ ਸਿੰਘ ਤੋਂ ਇਲਾਵਾ ਸ੍ਰ. ਧੰਨਾ ਸਿੰਘ ‘ਗੁਲਸ਼ਨ’, ਡਾ. ਚਰਨਜੀਤ ਸਿੰਘ ਅਟਵਾਲ ਅਤੇ ਗੁਲਜ਼ਾਰ ਸਿੰਘ ਰਣੀਕੇ ਤੇ ਸਰਵਣ ਸਿੰਘ ਫਲੌਰ ਆਦਿਕ ।
ਕਿਉਂਕਿ 12 ਨਵੰਬਰ 1936 ਦੇ ਜਨਰਲ ਸਮਾਗਮ ਵਿਖੇ ਮਾ. ਤਾਰਾ ਸਿੰਘ ਜੀ ਦੀ ਪ੍ਰਧਾਨਗੀ ਹੇਠ ਅਪੀਲ ਰੂਪ ਮਤਾ ਹੋਇਆ ਕਿ “ਸ਼੍ਰੋਮਣੀ ਗੁ: ਪ੍ਰ: ਕਮੇਟੀ ਸਮੂਹ ਗੁ: ਪ੍ਰ: ਕਮੇਟੀਆਂ ਦਾ ਧਿਆਨ ਇਸ ਪਾਸੇ ਦਿਵਾਉਂਦੀ ਹੋਈ ਉਨ੍ਹਾਂ ਪਾਸੋਂ ਆਸ ਰੱਖਦੀ ਹੈ ਕਿ ਗੁਰਦੁਆਰਿਆਂ ਵਿੱਚ ਸੇਵਾਦਾਰ ਰੱਖਣ ਵੇਲੇ ਨਾਮਧਰੀਕ ਅਛੂਤਾਂ ਵਿੱਚੋਂ ਸਜੇ ਸਿੰਘਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਇਆ ਕਰੇਗਾ ।”
11 ਜੂਨ 1939 ਦਾ ਮਤਾ ਹੈ ਕਿ “ਗ਼ੈਰ ਸਿੱਖਾਂ ਦੇ ਗੁੰਮਰਾਹ ਕਰਨ ਵਾਲੇ ਪ੍ਰਚਾਰ ਦੇ ਕਾਰਨ ਪੰਜਾਬ ਦੇ ਅਖੌਤੀ ਅਛੂਤਾਂ ਵਿੱਚ ਸਿੱਖ ਬਣਨ ਦੀ ਲਹਿਰ ਵਿੱਚ ਰੋਕ ਪੈ ਗਈ ਹੈ ਅਤੇ ਇਸ ਰੋਕ ਦਾ ਕਾਰਨ ਹਿੰਦੂ ਅਛੂਤਾਂ ਨੂੰ ਵੱਖਰੀਆਂ ਸੀਟਾਂ ਦਾ ਮਿਲਣਾ ਹੈ । ਇਨ੍ਹਾਂ ਹਾਲਾਤ ਨੂੰ ਮੁਖ ਰੱਖ ਕੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਪੰਜਾਬ ਗਵਰਨਮੈਂਟ, ਹਕੂਮਤ ਹਿੰਦ ਅਤੇ ਬ੍ਰਿਟਿਸ਼ ਪਾਰਲੀਮੈਂਟ ’ਤੇ ਜ਼ੋਰ ਦਿੰਦੀ ਹੈ ਕਿ ਸ਼ਡੂਲਡ ਜਾਤੀਆਂ ਵਿੱਚੋਂ ਸਜੇ ਸਿੰਘਾਂ ਲਈ ਸਿੱਖ ਸੀਟਾਂ ਵਿੱਚੋਂ ਤਿੰਨ ਸੀਟਾਂ ਰੀਜ਼ਰਵ ਕਰ ਦੇਵੇ ਅਤੇ ਸ਼ਡੂਲ ਜਾਤੀਆਂ ਵਿੱਚੋਂ ਸਜੇ ਸਿੰਘਾਂ ਲਈ ਵੋਟਰ ਬਣਨ ਦੇ ਗੁਣ (ਕੁਆਲੀਫੀਕੇਸਨਜ਼) ਉਹੋ ਨੀਯਤ ਕੀਤੇ ਜਾਣ ਜੋ ਹੋਰ ਸ਼ਡੂਲਡ ਜਾਤੀਆਂ ਨੀਯਤ ਕੀਤੇ ਗਏ ਹਨ । ਇਹ ਸੀਟਾਂ ਦਸ ਸਾਲਾਂ ਵਾਸਤੇ ਰੀਜ਼ਰਵ ਰਹਿਣ ਤੇ ਫਿਰ ਆਪਣੇ ਆਪ ਰੀਜ਼ਰਵੇਸ਼ਨ ਹਟ ਜਾਏ ।”
28 ਮਈ 1948 ਦਾ ਮਤਾ ਹੈ - “ਪਛੜੀਆਂ ਸਿੱਖ ਸ਼੍ਰੇਣੀਆਂ, ਜਿਨ੍ਹਾਂ ਵਿੱਚ ਮਜ਼ਹਬੀ, ਰਵਿਦਾਸੀਏ ਤੇ ਕਬੀਰ ਪੰਥੀ ਆਦਿਕ ਸ਼੍ਰੇਣੀਆਂ ਸ਼ਾਮਲ ਹਨ, ਪ੍ਰਾਚੀਨ ਕਾਲ ਤੋਂ ਅਛੂਤ ਜਾਤੀਆਂ ਨਾਲ ਸਬੰਧਿਤ ਹੋਣ ਕਰਕੇ ਸਮਾਜਿਕ ਤੇ ਮਾਲੀ ਕਮਜ਼ੋਰੀ ਦੇ ਕਾਰਨ ਪਿੰਡਾਂ ਵਿੱਚ ਆਮ ਤੌਰ ’ਤੇ ਹਕਾਰਤ ਦੀ ਨਿਗਾਹ ਨਾਲ ਦੇਖੇ ਜਾਂਦੇ ਹਨ । ਇਸ ਲਈ ਸ਼੍ਰੋ: ਗੁ: ਪ੍ਰ: ਕਮੇਟੀ ਨੇ ਇਨ੍ਹਾਂ ਨੂੰ ਧਾਰਮਿਕ ਤੇ ਸਮਾਜਿਕ ਬਰਾਬਰੀ ਦੇਣ ਲਈ ਗੁਰਦੁਆਰਾ ਤਰਤੀਮ ਬਿੱਲ ਰਾਹੀਂ ਕਮੇਟੀ ਦੀਆਂ 12 ਸੀਟਾਂ ਇਨ੍ਹਾਂ ਵਾਸਤੇ ਰੀਜ਼ਰਵ ਕਰ ਦਿੱਤੀਆਂ ਤੇ ਇਹ ਕਰੜੀ ਰੋਕ ਲਾ ਦਿੱਤੀ ਕਿ ਇਨ੍ਹਾਂ ਪਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੂੰ ਹਰੀਜਨ ਕੋਈ ਨਾ ਆਖੇ । ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਚੁਣੇ ਹੋਏ ਪਛੜੀਆਂ ਸ਼੍ਰੇਣੀਆਂ ਦੇ 12 ਤੇ ਇੱਕ ਨਾਮਜ਼ਦ ਮੈਂਬਰ, ਕੁੱਲ 13 ਮੈਂਬਰ ਉਸ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਅੰਗ ਬਣ ਗਏ । ਸਰਦਾਰ ਗੁਰਬਖਸ਼ ਸਿੰਘ ‘ਰਾਹੀ’ ਜ਼ਿਲਾ ਲੁਧਿਆਣਾ ਨੂੰ ਕਮੇਟੀ ਵੱਲੋਂ ਇਤਫ਼ਾਕ ਰਾਇ ਨਾਲ ਅੰਤ੍ਰਿੰਗ ਕਮੇਟੀ ਦਾ ਮੈਂਬਰ ਚੁਣਿਆ ਗਿਆ ਤੇ ਇਸ ਦੇ ਨਾਲ ਹੀ ਇਨ੍ਹਾਂ ਸ਼੍ਰੇਣੀਆਂ ਵਿੱਚ ਕਮੇਟੀ ਵੱਲੋਂ ਬਾਕਾਇਦਾ ਗੁਰਮਤਿ ਪ੍ਰਚਾਰ ਦੀ ਲਹਿਰ ਚਲਾਈ ਗਈ ।” ਇਥੇ ਨੋਟ ਕਰਨ ਵਾਲਾ ਵਿਸ਼ੇਸ਼ ਨੁਕਤਾ ਹੈ ਕਿ 10 ਮਾਰਚ 1945 ਦੇ ਮਤੇ ਮੁਤਾਬਿਕ ਅੰਮ੍ਰਿਤ ਸੰਚਾਰ ਲਈ ਪੰਜ ਪਿਆਰੇ ਤੇ ਪ੍ਰਚਾਰਕ ਵੀ ਮਜ਼ਹਬੀਆਂ ਤੇ ਰਵਿਦਾਸੀਆਂ ਵਿੱਚੋਂ ਰੱਖੇ ਗਏ ।
ਇਹੀ ਕਾਰਣ ਹੈ ਕਿ ਹੁਣ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੇ ਗ੍ਰੰਥੀ ਸਿੰਘ ਸਹਿਬਾਨਾਂ, ਕੀਰਤਨੀਆਂ ਤੇ ਲਾਂਗਰੀਆਂ ਸਮੇਤ ਸੰਸਾਰ ਭਰ ਦੇ ਗੁਰਦੁਆਰਿਆਂ ਵਿੱਚ ਸਭ ਤੋਂ ਵਧੇਰੇ ਸੇਵਾਦਾਰ ਉਪਰੋਕਤ ਕਿਸਮ ਦੀਆਂ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਸਿੱਖ ਹੀ ਨਿਯੁਕਤ ਹਨ ਅਤੇ ਉਹ ਹਰ ਪ੍ਰਕਾਰ ਦਾ ਆਦਰ ਮਾਣ ਪ੍ਰਾਪਤ ਕਰ ਰਹੇ ਹਨ । ਜਥੇਦਾਰ ਸ੍ਰੀ ਅਕਾਲ ਤਖ਼ਤ ਵਜੋਂ ਗਿ. ਸਾਧੂ ਸਿੰਘ ‘ਭੌਰਾ’, ਮੁਖ ਗ੍ਰੰਥੀ ਭਾਈ ਭਗਵਾਨ ਸਿੰਘ ਅਤੇ ਸ੍ਰੀ ਦਰਬਾਰ ਦੇ ਮੁਖ ਗ੍ਰੰਥੀ ਵਜੋਂ ਗਿ. ਚੈਂਚਲ ਸਿੰਘ ਜੀ ਤੇ ਪ੍ਰਸਿੱਧ ਕੀਰਤਨੀਆਂ ਵਜੋਂ ਭਾਈ ਸੰਤਾ ਸਿੰਘ, ਭਾਈ ਬਖ਼ਸ਼ੀਸ਼ ਸਿੰਘ, ਭਾਈ ਗੁਰਮੇਲ ਸਿੰਘ ਅਤੇ ‘ਪਦਮ ਸ੍ਰੀ’ ਭਾਈ ਨਿਰਮਲ ਸਿੰਘ ਜੀ ਦੇ ਨਾਂ ਵਰਨਣ ਯੋਗ ਹਨ ।
ਸੋ ਸਪਸ਼ਟ ਹੈ ਕਿ ਬਿਪਰਵਾਦੀ ਸ਼ੂਦਰ ਤੇ ਦਲਿਤ ਪ੍ਰਵਾਰਾਂ ਦੇ ਪਿਛੋਕੜ ਵਾਲੇ ਗੁਰਸਿੱਖਾਂ ਨੂੰ ਜਿਤਨਾ ਮਾਣ ਸਤਿਕਾਰ ਤੇ ਪਿਆਰ ਗੁਰੂ ਸਾਹਿਬਾਨ, ਸਿੱਖ ਸੰਸਥਾਵਾਂ ਤੇ ਸਿੱਖ ਭਾਈਚਾਰੇ ਨੇ ਸੰਸਾਰ ਭਰ ਵਿੱਚ ਬਖ਼ਸ਼ਿਆ ਹੈ, ਉਸ ਦੇ ਬਰਾਬਰ ਦੀ ਕੋਈ ਹੋਰ ਮਿਸਾਲ ਲਭਣੀ ਅਸੰਭਵ ਹੈ । ਪਰ, ਅਤਿਅੰਤ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਦੇ ਮੂਲ ਨਿਵਾਸੀਆਂ ਨੂੰ ਪੈਰਾਂ ਹੇਠ ਰੋਲ ਕੇ ‘ਨੀਚੀਂ ਹੂੰ ਅਤਿ ਨੀਚ’ ਦਲਿਤ ਤੇ ਅਛੂਤ ਬਣਾਇਆ । ਸ਼ੂਦਰ ਕਹਿ ਕੇ ਮੰਦਰਾਂ ਚੋਂ ਧੱਕੇ ਮਾਰੇ ਅਤੇ ਇਨ੍ਹਾਂ ਦਾ ਪ੍ਰਛਾਵਾਂ ਵੀ ਭਿੱਟਣਯੋਗ ਮੰਨਿਆ । ਹੁਣ ਉਨ੍ਹਾਂ ਲੋਕਾਂ ਦੀਆਂ ਹੀ ਪੰਥ ਵਿਰੋਧੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਸਾਡੇ ਹੀ ਕੁਝ (ਦਲਿਤ) ਭਰਾਵਾਂ ਨੇ ਖ਼ਾਲਸਾ-ਪੰਥ ਨੂੰ ਕਮਜ਼ੋਰ ਕਰਣ ਲਈ ਬਹੁਤ ਖ਼ਤਰਨਾਕ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ । ਪੰਥ-ਦਰਦੀ ਭੈਣ ਭਰਾਵਾਂ ਤੇ ਵਿਦਵਾਨਾਂ ਦਾ ਫਰਜ਼ ਹੈ ਅਜਿਹੇ ਲੋਕਾਂ ਨੂੰ ਗੁਰੂ ਸਾਹਿਬਾਨ ਤੇ ਖ਼ਾਲਸੇ ਉਪਕਾਰਾਂ ਨੂੰ ਚੇਤੇ ਕਰਾਉਣ, ਸਮਝਾਉਣ ਤੇ ਅਰਦਾਸ ਕਰਨ ਕਿ ਅਕਾਲ ਪੁਰਖ ਇਨ੍ਹਾਂ ਭੁੱਲੜ ਵੀਰਾਂ ਨੂੰ ਬਿਬੇਕ-ਬੁੱਧੀ ਬਖ਼ਸ਼ਣ ।
ਭੁੱਲ-ਚੁੱਕ ਮੁਆਫ਼ । ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ ।
ਮਿਤੀ 27 ਅਗਸਤ 2017 । ਮੁਬਾਈਲ : 1-516-323-9188

********************************************************

ਰੰਘਰੇਟੇ ਸਿੱਖ ਜਰਨੈਲ ਸ੍ਰ. ਬੀਰੂ ਸਿੰਘ ਦਾ ਕਿਰਦਾਰ ਅਤੇ ਪੰਥਕ ਵਿਹਾਰ ਤੇ ਸਤਿਕਾਰ


ਗੁਰਬਾਣੀ ਤੇ ਗੁਰਇਤਿਹਾਸ ਦੀ ਰੌਸ਼ਨੀ ਵਿੱਚ ਵੈਸੇ ਤਾਂ ਹਰੇਕ ‘ਗੁਰਸਿੱਖ’ ਗੁਰੂ ਕਾ ਬੇਟਾ ਹੈ । ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਮੂਹ ਗੁਰਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਦੇ ‘ਗੁਰਸਿੱਖ ਪੁੱਤਰੋ’ ਕਹਿ ਕੇ ਸੰਬੋਧਨ ਕੀਤਾ ਹੈ । ਜਿਵੇਂ ਗੁਰਵਾਕ ਹੈ “ਜਨ ਨਾਨਕ ਕੇ ‘ਗੁਰਸਿਖ ਪੁਤਹਹੁ’ ਹਰਿ ਜਪਿਅਹੁ ਹਰਿ ਨਿਸਤਾਰਿਆ ॥” {ਗੁ.ਗ੍ਰੰ.-ਪੰ.312} ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਪਰੰਤ ਦਿੱਲੀ ਦਾ ਇੱਕ ਗੁਰਸਿੱਖ ਭਾਈ ਜੈਤਾ ਉਨ੍ਹਾਂ ਦਾ ਲਹੂ-ਲੁਹਾਨ ਪਾਵਨ ਸੀਸ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚਾ ਤਾਂ ਪ੍ਰੰਪਰਾਗਤ ਇਤਿਹਾਸ ਮੁਤਾਬਿਕ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਨੇ ਭਾਈ ਜੀ ਨੂੰ ਗਲ਼ੇ ਲਗਾਇਆ ਅਤੇ ਨਿਵਾਜ਼ਿਸ਼ ਭਰਿਆ ਵਿਸ਼ੇਸ਼ ਬਚਨ ਕੀਤਾ ‘ਰੰਘਰੇਟਾ, ਗਰੂ ਕਾ ਬੇਟਾ’ ।
ਸਭ ਤੋਂ ਪਹਿਲਾਂ ਮਾਨਵ ਦਰਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਿੰਡ ਦੇ ਮਿਰਾਸੀ ਮਰਦਾਨੇ ਨੂੰ ‘ਭਾਈ’ ਕਹਿ ਕੇ ਨਿਵਾਜਿਆ । ਉਸ ਦੀ ਰਬਾਬ ਦੇ ਸੰਗੀਤਕ ਸਹਿਯੋਗ ਸਦਕਾ ਗੁਰਬਾਣੀ ਵਿੱਚ ਜੋ “ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ ॥” –{ਗੁ.ਗ੍ਰੰ.-ਪੰ.15} ਦਾ ਦੈਵੀ ਐਲਾਨ ਕੀਤਾ; ਉਸ ਵਿੱਚ ਭਾਰਤੀ ਮੂਲ ਦੇ ਜਿਨ੍ਹਾਂ ਗ਼ਰੀਬਾਂ ਨੂੰ ਬ੍ਰਾਹਮਣ ਨੂੰ ‘ਨੀਚੀ ਹੂ ਅਤਿ ਨੀਚੁ’ ਕਹਿ ਕੇ ਦੁਰਕਾਰਿਆ ਤੇ ਪੈਰਾਂ ਹੇਠ ਲਿਤਾੜਿਆ ਸੀ, ਉਹ ਬਿਪਰਵਾਦੀ ਜਾਤੀਆਂ ਹਨ ਚੂਹੜੇ, ਚਮਾਰ, ਚੰਡਾਲ ਤੇ ਰੰਘੜ । ਮਨੂ-ਸਿਮ੍ਰਤੀ ਆਦਿਕ ਹਿੰਦੂ ਸ਼ਾਸਤਰਾਂ ਦੀ ਵਰਣਵੰਡ ਮੁਤਾਬਿਕ ਚੂਹੜਿਆਂ ਦਾ ਕੰਮ ਸੀ ਬਾਕੀ ਸਾਰੇ ਵਰਗਾਂ ਦੀ ਗੰਦਗੀ ਨੂੰ ਸਾਫ਼ ਕਰਨਾ, ਚਮਾਰਾਂ ਦਾ ਕੰਮ ਸੀ ਮਰੇ ਪਸ਼ੂ ਢੋਣਾ ਅਤੇ ਉਨ੍ਹਾਂ ਦੇ ਚੰਮੜੇ ਨੂੰ ਉਤਾਰਨਾ ਤੇ ਸੰਭਾਲਣਾ । ‘ਚੰਡਾਲ’ ਉਨ੍ਹਾਂ ਲੋਕਾਂ ਨੂੰ ਆਖਿਆ ਗਿਆ ਹੈ, ਜਿਹੜੇ ਬ੍ਰਾਹਮਣੀ ਦੀ ਕੁੱਖੋਂ ਕਿਸੇ ਸ਼ੂਦਰ ਦੀ ਸੰਤਾਨ ਹੋਣ (ਵੇਖੋ- ਔਸ਼ਨਸੀ ਸਿਮ੍ਰਤੀ ਸ਼ਃ8) ਅਤੇ ਰੰਘੜ ਉਨ੍ਹਾਂ ਨੂੰ, ਜਿਹੜੇ ਹਿੰਦੂ ਰਾਜਪੂਤ ਇਸਲਾਮ ਮਜ਼ਹਬ ਧਾਰਨ ਕਰਕੇ ਮੁਸਲਮਾਨ ਬਣ ਜਾਂਦੇ ਸਨ । ਜਿਵੇਂ ਅਠਾਰਵੀਂ ਸਦੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਬੇਅਦਬੀ ਕਰਨ ਵਾਲਾ ਮੰਡਿਆਲਾ ਨਿਵਾਸੀ ਸ੍ਰੀ ਅੰਮ੍ਰਿਤਸਰ ਪਰਗਣੇ ਦਾ ਚੌਧਰੀ ‘ਮੱਸਾ ਰੰਘੜ’; ਜਿਸ ਦਾ ਸਿਰ ਵੱਡਿਆ ਸੀ ਭਾਈ ਮਹਿਤਾਬ ਸਿੰਘ ‘ਮੀਰਾਂਕੋਟ’ ਅਤੇ ਭਾਈ ਸੁੱਖਾ ਸਿੰਘ ‘ਮਾੜੀ ਕੰਬੋ’ ਨੇ ।
ਪ੍ਰੰਤੂ ਜਦੋਂ ਤੋਂ ਖ਼ਾਲਸੇ ਦੇ ਸੁਆਮੀ ਦਸਵੇਂ ਪਾਤਸ਼ਾਹ ਨੇ ਪਿਆਰ ਤੇ ਸਤਿਕਾਰ ਸਹਿਤ ਭਾਈ ਜੈਤਾ ਜੀ ਨੂੰ ‘ਰੰਘਰੇਟਾ, ਗੁਰੂ ਕਾ ਬੇਟਾ’ ਕਹਿ ਕੇ ਨਿਵਾਜਿਆ ; ਤਦੋਂ ਤੋਂ ਗੁਰੂ ਕੇ ਸਿੱਖਾਂ ਨੇ ਉਪਰੋਕਤ ਸ਼੍ਰੇਣੀ ਦੇ ਸਾਰੇ ਗੁਰਸਿੱਖ ਭਰਾਵਾਂ ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਦੀ ਮਜ਼ਬੂਰੀ ਵੱਸੋਂ ‘ਰੰਘਰੇਟੇ’ ਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ । ਭਾਵੇਂ ਕਿ ਪਿਛੋਂ ਜਾ ਕੇ ‘ਚੂਹੜਾ’ ਬਿਰਾਦਰੀ ਦੇ ਪਿਛੋਕੜ ਵਾਲੇ ਗੁਰਸਿੱਖ ਭਰਾਵਾਂ ਨੇ ਰੰਘਰੇਟੇ ਲਫ਼ਜ਼ ਦੀ ਥਾਂ ‘ਮਜ਼ਹਬੀ’ ਕਹਿਲਾਉਣ ਅਤੇ ਚਮਾਰ ਪਿਛੋਕੜ ਵਾਲਿਆਂ ਨੇ ਆਪਣੇ ਆਪ ਨੂੰ ਰਵਿਦਾਸੀਏ ਅਖਵਾਉਣ ਵਿੱਚ ਮਾਣ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ । ਕਿਉਂਕਿ ਇਹ ਸਮਝਣ ਲੱਗ ਪਏ ਸਨ ਕਿ ਇਸ ਢੰਗ ਨਾਲ ਅਸੀਂ ਆਪਣੇ ਤੋਂ ਵੀ ਨੀਚ ਮੰਨੇ ਜਾਂਦੇ ਮੁਸਲਮਾਨ ਪਿਛੋਕੜ ਵਾਲੇ ਰੰਘੜਾਂ ਤੇ ਚੰਡਾਲਾਂ ਤੋਂ ਵੱਖਰੇ ਹੋ ਜਾਂਦੇ ਹਾਂ ।
ਇਹੀ ਕਾਰਣ ਹੈ ਕਿ ਮਿਸਲਾਂ ਦਾ ਰਾਜ-ਕਾਲ ਸਮੇਂ ਜਦੋਂ ਮਿਸਲਦਾਰ ਸਰਦਾਰਾਂ ਤੇ ਹੋਰ ਵੱਖ ਵੱਖ ਇਲਾਕਾ ਨਿਵਾਸੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਰਹਾਇਸ਼ੀ ਬੁੰਗੇ ਬਣਾਏ ਤਾਂ ਗੰਘਰੇਟੇ ਆਗੂਆਂ ਨੂੰ ਆਪਣੀ ਵਖਰੀ ਹੋਂਦ ਪ੍ਰਗਟਾਉਣ ਲਈ ਜੋ ਬੰਗਾ ਉਸਾਰਿਆ, ਉਸ ਦਾ ਨਾਂ ਰੱਖਿਆ ‘ਬੁੰਗਾ ਮਜ਼ਹਬੀ ਸਿੱਖਾਂ’ । ਭਾਵੇਂ ਕਿ ਇਹ ਦੋਵੇਂ ਨਾਂ ਵੀ ਪੰਜਾਬ ਵਿੱਚ ਖ਼ਾਲਸੇ ਦਾ ਦਬਦਬਾ ਕਾਇਮ ਹੋਣ ਉਪਰੰਤ ਜਾਤ ਅਭਿਮਾਨੀ ਲੋਕਾਂ ਦੇ ਓਵੇਂ ਹੀ ਦਿੱਤੇ ਹੋਏ ਹਨ । ਜਿਵੇਂ ਕਿ ਗਾਂਧੀ ਭਗਤ ਕਾਂਗਰਸੀਆਂ ਨੇ ਵੋਟਾਂ ਦੀ ਖ਼ਾਤਰ ਉਪਰੋਕਤ ਬਿਰਾਦਰੀਆਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ‘ਹਰੀਜਨ’ ਕਹਿਣਾ ਸ਼ੁਰੂ ਕਰ ਦਿੱਤਾ ਸੀ । ‘ਮਜ਼ਹਬੀ’ ਪਦ ਦਾ ਅਰਥ ਹੈ – (ਖ਼ਾਲਸਾ) ਮਜ਼ਹਬ ਨੂੰ ਧਾਰਨ ਕਰਨ ਵਾਲਾ ਅਤੇ ‘ਰਵਿਦਾਸੀਏ’ ਦਾ ਅਰਥ ਹੈ –ਭਗਤ ਰਵਿਦਾਸ ਜੀ ਦੀ ਕੁਲ ਦਾ ।
ਇਸੇ ਲਈ ਸੂਝਵਾਨ ਗੁਰਸਿੱਖ ਕਿਸੇ ਐਸੇ ਭਰਾ ਦੇ ਪਿਛੋਕੜ ਦੀ ਪਹਿਚਾਣ ਕਰਵਾਉਣ ਵਾਸਤੇ ਮਜ਼ਬੂਰੀ ਵੱਸ ਵੀ ‘ਚੂਹੜਾ’ ਜਾਂ ‘ਮਜ਼ਹਬੀ’ ਕਹਿਣ ਦੀ ਥਾਂ ਹੁਣ ਤਕ ‘ਰੰਘਰੇਟਾ ਸਿੰਘ’ ਕਹਿਣਾ ਹੀ ਯੋਗ ਸਮਝਦੇ ਹਨ । ਕਿਉਂਕਿ, ਇਸ ਪ੍ਰਕਾਰ ਰੰਘਰੇਟੇ ਗੁਰੂ ਕੇ ਬੇਟੇ ਜਾਣਦਿਆਂ ਉਸ ਅੰਦਰ ਭਰਾਤ੍ਰੀ ਭਾਵ ਵੀ ਵਧਦਾ ਹੈ । ਇਹੀ ਕਾਰਣ ਕਿ 19ਵੀਂ ਸਦੀ ਦੇ ਪੰਜਵੇਂ ਦਾਹਕੇ ਵਿੱਚ ਸੰਨ 1841 ਵਿਖੇ ਲਿਖੇ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿੱਚ ਇਤਹਿਾਸਕ ਦ੍ਰਿਸ਼ਟੀਕੋਨ ਤੋਂ ਸਿੱਖ ਜਰਨੈਲ ਸ੍ਰ. ਬੀਰੂ ਸਿੰਘ (ਬੀਰ ਸਿੰਘ) ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਲਈ ‘ਰੰਘਰੇਟਾ’ ਵਿਸ਼ੇਸ਼ਣ ਵਰਤਿਆ ਹੈ, ਨਾ ਕਿ ‘ਚੂਹੜਾ’ ਜਾਂ ‘ਮਜ਼ਹਬੀ’ । ਹਾਂ ਇਹ ਜਾਣਕਾਰੀ ਜ਼ਰੂਰ ਦਿੱਤੀ ਹੈ ਅਨਮਤੀ ਲੋਕ (ਗੈਰ ਸਿੱਖ) ਉਸ ਨੂੰ ‘ਚੂਹੜਾ’ ਕਹਿੰਦੇ ਸਨ । ਉਸ ਪਾਸ 1300 ਘੋੜ ਸਵਾਰ ਸਿੰਘਾਂ ਦਾ ਜਥਾ ਸੀ ਅਤੇ ਉਹ ਆਪਣੇ ਜਥੇ ਨਿਸ਼ਾਨ ਤੇ ਨਗਾਰਾ ਵਖਰਾ ਰੱਖਦਾ ਸੀ । ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਪ੍ਰਕਾਸ਼ਤ ਸੰਨ 1993 ਦੀ ਨਵੀਂ ਐਡੀਸ਼ਨ ਦੀ ਲਿਖਤ ਹੈ :-
ਹੁਤ ਰੰਘਰੇਟੋ, ਚੂਹੜੋ ਕਹਿਂ, ਬੀਰੂ ਸਿੰਘ ਜਵਾਨ ।
ਸੰਗ ਤੇਰਾਂ ਸੌ ਘੋੜਾ ਚੜ੍ਹੈ, ਹੁਤ ਨਗਾਰੋ ਜੁਦੋ ਨਿਸ਼ਾਨ ।{ਪੰ.469}
ਇਹ ਵੀ ਜ਼ਿਕਰ ਹੈ ਕਿ ਕਿਸੇ ਵੇਲੇ ਤੁਰਕਾਂ ਦੀ ਚਾਲ ਵਿੱਚ ਫਸ ਕੇ ਜਥੇ ਸਮੇਤ ਉਹ ਤੁਰਕਾਂ ਨਾਲ ਜਾ ਰਲਿਆ ਤੇ ਉਨ੍ਹਾਂ ਦੀ ਨੌਕਰੀ ਕਬੂਲ ਕੇ ਆਪਣੇ ਪੰਥਕ ਭਰਾਵਾਂ ਨਾਲ ਟਕਰਨ ਲਈ ਤਿਆਰ ਹੋ ਗਿਆ । ਭਾਵੇਂ ਕਿ ਪੰਥਕ ਆਗੂਆਂ ਵੱਲੋਂ ਪਤ੍ਰਕਾ ਰਾਹੀਂ ਸਮਝਾਉਣ ਉਪਰੰਤ ਉਹ ਜੱਸਾ ਸਿੰਘ ਰਾਮਗੜੀਏ ਵਾਂਗ ਛੇਤੀ ਹੀ ਸੰਭਲ ਗਿਆ ਅਤੇ ਖ਼ਾਲਸਈ ਸਨੇਹ ਪ੍ਰਗਟਾਉਂਦਾ ਹੋਇਆ ਵਾਪਸ ਆ ਗਿਆ :
ਏਕ ਸਮੇਂ ਬੀਰੂ ਸਿੰਘ ਭੀ, ਜਾਇ ਰਲਯੋ ਤੁਰਕਨ ਕੇ ਨਾਲ ।
ਤੇਰਾਂ ਸੌ ਘੋੜ ਉਨੈਂ, ਰਖਯੋ ਚਾਕਰ ਤਤਕਾਲ ।{ਪੰ.469}
ਪਰ ਅਜਿਹਾ ਹੋਣ ਦੇ ਬਾਵਜੂਦ ਵੀ ਉਸ ਦਾ ਖ਼ਾਲਸਾ ਪੰਥ ਵਿੱਚ ਕਿੰਨਾ ਸਤਿਕਾਰ ਸੀ, ਇਸ ਸਬੰਧ ਵਿੱਚ ਇੱਕ ਬੜੀ ਮਹਤਵ ਪੂਰਨ ਘਟਨਾ ਦਾ ਵਰਨਣ ਹੈ ‘ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ । ਲਿਖਿਆ ਹੈ ਜਦੋਂ ਕਿਤੇ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਰਾਜੇ ਰਾਜੇ ਆਲਾ ਸਿੰਘ ਪਟਿਆਲੇ ਵਾਲੇ ਨੂੰ ਕਿਸੇ ਰਾਜਨੀਤਕ ਭੁੱਲ ਕਾਰਨ ਬਖ਼ਸ਼ਿਆ ਤਾਂ ਉਸ ਨੇ ਪੰਥਕ ਖੁਸ਼ੀ ਲਈ ਸਿੱਖ ਜਰਨੈਲਾਂ ਨੂੰ ਵਧੀਆ ਘੋੜੇ ਵੰਡੇ । ਅਜਿਹੀ ਵੰਡ ਸਮੇਂ ਜੱਸਾ ਸਿੰਘ ਆਹਲੂਵਾਲੀਆ ਵਰਗੇ ਮੋਢੀ ਤੇ ਮੁੱਖੀ ਸਰਦਾਰਾਂ ਨੂੰ ਛੱਡ ਕੇ ਸਭ ਤੋਂ ਪਹਿਲਾ ਘੋੜਾ ਸ੍ਰ. ਬੀਰੂ ਸਿੰਘ ਰੰਘਰੇਟੇ ਦੇ ਹੱਥ ਫੜਾਇਆ ਅਤੇ ਬਾਕੀਆਂ ਨੂੰ ਉਸ ਤੋਂ ਪਿੱਛੋਂ ਵੰਡੇ ਗਏ । ਉਨ੍ਹਾਂ ਦਾ ਅਜਿਹਾ ਸਤਿਕਾਰ ਸਦਾ ਇਸ ਲਈ ਕੀਤਾ ਜਾਂਦਾ ਸੀ । ਕਿਉਂਕਿ ਇਹ ਤੁਰਕਾਂ ਨਾਲ ਹੋਣ ਵਾਲੇ ਜੁੱਧਾਂ ਵਿੱਚ ਸਭ ਤੋਂ ਮੂਹਰੇ ਹੋ ਕੇ ਲੜਦਾ ਸੀ । ਉਨ੍ਹਾਂ ਦੀ ਇਸ ਦਲੇਰੀ ਨੂੰ ਪੰਥ ਕਦੇ ਵੀ ਭੁੱਲਦਾ ਨਹੀਂ ਸੀ । ਭੰਗੂ ਜੀ ਦੇ ਲਫ਼ਜ਼ ਹਨ :
ਪਹਿਲੋਂ ਘੋੜੋ ਉਸੈ ਫੜਵਾਯੋ । ਪਾਛੈ ਔਰ ਸੁ ਪੰਥ ਬਰਤਾਯੋ ।
ਸੋ ਜੰਗ ਦੌੜ ਮਧ ਮੁਹਰੇ ਰਹੇ । ਉਸ ਯਾਦ ਕਰ ਪੰਥ ਪਹਿਲੋਂ ਦਏ ।{ਪੰ.469}

ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਆਪਣੇ ਆਪ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਤੇ ਸ੍ਰ ਬੀਰੂ ਸਿੰਘ (ਉਰਫ਼ ਬੀਰ ਸਿੰਘ ਬੰਗਸ਼ੀ) ਦੇ ਵਾਰਸ ਸਦਾਉਣ ਵਾਲੇ ਕੁਝ ਲੋਕ ਧੜੇਬੰਦੀ ਤੇ ਸੁਆਰਥ ਵੱਸ ਦਲਿਤ-ਵਿਰੋਧੀ ਤੇ ਪੰਥ-ਵਿਰੋਧੀ ਸਾਜਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ । ਅਜਿਹਾ ਖ਼ਤਰਨਾਕ ਪ੍ਰਚਾਰ ਕਰ ਰਹੇ ਹਨ ਕਿ ਪਟਿਆਲਾ ਰਿਆਸਤ ਦੇ ਬਾਨੀ ਸ੍ਰ. ਆਲਾ ਸਿੰਘ ਅਤੇ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸ੍ਰ ਚੜ੍ਹਤ ਸਿੰਘ ਸ਼ੁਕਰਚਕੀਏ ਨੇ 2 ਸਤੰਬਰ 1764 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਧੋਖੇ ਨਾਲ ਜਥੇਦਾਰ ਬੀਰ ਸਿੰਘ ਬੰਗਸ਼ੀ ਸਮੇਤ 500 ਰੰਘਰੇਟੇ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜੋ ਕਿ ਬਿਲਕੁਲ ਕੋਰਾ ਤੇ ਕਲਪਤ ਝੂਠ ਹੈ । ਇਹ ਵੀ ਲਿਖਿਆ ਹੈ ਕਿ ਇਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰਦਿਆਂ ਨਕਲੀ ਚਿੱਠੀ ਲਿਖ ਕੇ ਬੁਲਾਇਆ ਸੀ ਬੀਰ ਸਿੰਘ ਨੂੰ ਸ੍ਰੀ ਅੰਮ੍ਰਿਤਸਰ । ਪ੍ਰਸਿੱਧ ਇਤਿਹਾਸਕਾਰ ਡਾ. ਦਿਲਗੀਰ ਨੇ ਲਿਖਿਆ ਹੈ ਕਿ ਇਹ ਫੁੱਟ-ਪਾਊ ਗੱਪ ਕਿਸੇ ਗੁਰਨਾਮ ਸਿੰਘ ਮੁਕਤਸਰ ਨਾਂ ਦੇ ਲੇਖਕ ਨੇ ‘ਬ੍ਰੀਫ਼ ਹਿਸਟਰੀ ਆਫ਼ ਮਜ਼ਹਬੀ ਸਿਖਜ਼’ (ਮਜ਼ਹਬੀ ਸਿੱਖਾਂ ਦਾ ਇਤਿਹਾਸ) ਨਾਂ ਦੀ ਪੁਸਤਕ ਵਿੱਚ ਲਿਖੀ ਹੈ । ਸੱਚ ਤਾਂ ਇਹ ਹੈ ਕਿ ਉਸ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਜਿਹੜੇ ਅੰਤਲੇ ਦੋ ਪੰਨਿਆ ਦੀ ਲਿਖਤ ਨੂੰ ਅਧਾਰ ਬਣਾਇਆ ਹੈ, ਉਥੇ ਉਪਰੋਕਤ ਕਿਸਮ ਦਾ ਕੋਈ ਵਰਨਣ ਨਹੀਂ ਹੈ । ਨਾ ਸਥਾਨ ਦਾ, ਨਾ ਹੀ ਸ੍ਰ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸੇ ਆਗੂ ਵੱਲੋਂ ਬਲਾਉਣ ਦਾ ਅਤੇ ਨਾ ਹੀ ਜਥੇਦਾਰ ਬੀਰੂ ਸਿੰਘ ਸਮੇਤ ਕਤਲ ਹੋਣ ਵਾਲੇ 500 ਸਿੰਘਾਂ ਦੀ ਗਿਣਤੀ ਦਾ । ਇਥੇ ਨੋਟ ਕਰਨ ਵਾਲਾ ਇੱਕ ਹੋਰ ਨੁਕਤਾ ਹੈ ਕਿ ਸਿੱਖ ਇਤਹਾਸ ਵਿੱਚ ਜਥੇਦਾਰ ਬੀਰੂ ਸਿੰਘ ਨਾ ਕਿਧਰੇ ‘ਬੰਗਸ਼ੀ’ ਲਿਖਿਆ ਹੈ ਅਤੇ ਨਾ ਹੀ ‘ਬੰਗੇਸ਼ਰੀ’ ।
ਇਸ ਪੱਖੋਂ ਸਭ ਤੋਂ ਪਹਿਲਾ ਤੇ ਅਹਿਮ ਸੁਆਲ ਇਹ ਖੜ੍ਹਾ ਹੁੰਦਾ ਹੈ ਕਿ ਫਰਵਰੀ 1762 ਵਿੱਚ ਜਾਂ ਇਉਂ ਕਹੀਏ ਕਿ ਉਪਰੋਕਤ ਘਟਨਾ ਦੇ ਦਿੱਤੇ ਹੋਏ ਨਕਲੀ ਸੰਨ ਤੋਂ ਅਜੇ ਦੋ ਸਾਲ ਪਹਿਲਾਂ 30000 ਤੋਂ ਵੱਧ ਲਗਭਗ ਅੱਧੀ ਸਿੱਖ ਕੌਮ ਦੁਸ਼ਮਣਾਂ ਵੱਲੋਂ ਸ਼ਹੀਦ ਕਰ ਦਿੱਤੀ ਗਈ ਹੋਵੇ, ਉਸ ਵੇਲੇ ਕਿਹੜਾ ਮੁਖੀ ਸਿੱਖ ਆਗੂ ਅਜਿਹਾ ਮੂਰਖਤਾ ਭਰਿਆ ਨਿਰਦਈ ਕਾਰਾ ਕਰ ਸਕਦਾ ਹੈ ? ਫਿਰ 500 ਸੂਰਬੀਰ ਵੀ ਉਹ ਜਿਹੜੇ ਸਭ ਤੋਂ ਮੂਹਰੇ ਹੋ ਕੇ ਜੂਝਣ ਵਾਲੇ ਹੋਣ ਅਤੇ ਜਿਨ੍ਹਾਂ ਦੀ ਸੂਰਮਗਤੀ ਪੱਖੋਂ ਰਾਜਾ ਆਲਾ ਸਿੰਘ ਸਮੇਤ ਸਾਰਾ ਪੰਥ ਉਨ੍ਹਾਂ ਦਾ ਸਤਿਕਾਰ ਕਰਦਾ ਹੋਵੇ । ਫਿਰ ਅਸਥਾਨ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਰਗਾ, ਜਿਥੇ ਸਾਰੇ ਸਿੱਖ ਜਰਨੈਲ ਇੱਕ ਦੂਜੇ ਨਾਲ ਸਿਰ ਵੱਢਵੇਂ ਵੈਰ ਹੋਣ ਦੇ ਬਾਵਜੂਦ ਵੀ ਇਤਨਾ ਵਿਸ਼ਵਾਸ਼ ਕਰਦੇ ਹੋਣ ਕਿ ਇਥੇ ਕੋਈ ਵੀ ਗੁਰਸਿੱਖ ਭਰਾ ਕਿਸੇ ਦੂਜੇ ਭਰਾ ’ਤੇ ਮਾਰੂ ਵਾਰ ਨਹੀਂ ਕਰਦਾ । ਉਪਰੋਕਤ ਕਿਸਮ ਦੀਆਂ ਪੰਥ ਵਿਰੋਧੀ ਤੇ ਦਲਿਤ ਵਿਰੋਧੀ ਬਿਪਰਵਾਦੀ ਸਰਕਾਰੀ ਸਾਜ਼ਸ਼ਾਂ ਦਾ ਸ਼ਿਕਾਰ ਹੋਣ ਵਾਲੇ ਰੰਘਰੇਟੇ ਵੀਰਾਂ ਨੂੰ ਗ਼ਰੀਬ ਨਿਵਾਜ਼ ਸਤਿਗੁਰੂ ਸਾਹਿਬਾਨ ਅਤੇ ਖ਼ਾਲਸਾ ਪੰਥ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਆਪਣੇ ਪ੍ਰਤੀ ਖ਼ਾਲਸਈ ਉਪਕਾਰਾਂ ਨੂੰ ਚੇਤੇ ਕਰਕੇ ਜ਼ਰਾ ਬਿਬੇਕ ਬੁਧੀ ਨਾਲ ਵਿਚਾਰਨ ਦੀ ਲੋੜ ਹੈ ਕਿ ਉਹ ਵੇਲਾ ਸਾਰੇ ਮਿਸਲਦਾਰ ਸਰਦਾਰਾਂ ਦਾ ਆਪਸੀ ਇਲਾਕਿਆਂ ਦੇ ਕਬਜ਼ਿਆਂ ਦੀ ਖਹਿਬਾਜ਼ੀ ਤੇ ਧੜੇਬੰਦਕ ਵੈਰ-ਭਾਵ ਤਿਆਗ ਕੇ ਇਕੱਠੇ ਹੋ ਕੇ ਦੁਸ਼ਮਣਾਂ ਨੂੰ ਮੂੰਹ ਭੰਨਵਾਂ ਜਵਾਬ ਦੇਣ ਦਾ ਸੀ ਜਾਂ ਆਪਣੇ ਸੂਰਬੀਰ ਭਰਾਵਾਂ ਨੂੰ ਧੋਖੇ ਨਾਲ ਮਾਰਨ ਦਾ, ਜਿਨ੍ਹੇ ਦੇ ਹਾਕਮਾਂ ਵੱਲੋਂ ਪਹਿਲਾਂ ਹੀ ਸਿਰਾਂ ਦੇ ਇਨਾਮ ਰੱਖ ਕੇ ਜਾਨਵਰਾਂ ਵਾਂਗ ਸ਼ਿਕਾਰ ਖੇਲਿਆ ਜਾ ਰਿਹਾ ਸੀ ।
ਦੂਜੀ ਗੱਲ ਵਿਚਾਰਨ ਵਾਲਾ ਨੁਕਤਾ ਹੈ ਕਿ ਹੈ ਐਸੀ ਕੋਈ ਕੌਮ ਹੈ, ਜਿਸ ਦੇ ਆਗੂਆਂ ਵਿੱਚ ਮੁੱਢ ਤੋਂ ਹੀ ਰਾਜਨੀਤਕ ਸੱਤਾ ਦੀ ਲਾਲਸਾ ਅਤੇ ਨਿੱਜੀ ਜਾਂ ਜਾਤੀ ਹਉਮੈ ਵੱਸ ਖਹਿਬਾਜ਼ੀ ਦੀਆਂ ਆਪਸੀ ਲੜਾਈਆਂ ਸਦਾ ਤੋਂ ਨਾ ਚੱਲਦੀਆਂ ਆ ਰਹੀਆਂ ਹੋਣ ? ਇਹ ਝਗੜੇ ਸਾਡੇ ਮੁੱਢਲੇ ਪੰਥਪ੍ਰਸਤ ਬਜ਼ੁਰਗ ਆਗੂਆਂ ਵਿੱਚ ਵੀ ਸਨ ਤੇ ਅਜੋਕਿਆਂ ਵਿੱਚ ਵੀ । ਐਸਾ ਵੀ ਨਹੀਂ ਕਿ ਜੱਟਾਂ ਦੀ ਈਰਖਾ ਕੇਵਲ ਦਲਿਤਾਂ ਤੇ ਭਾਪਿਆਂ ਨਾਲ ਹੀ ਹੋਵੇ ਅਤੇ ਇਨ੍ਹਾਂ ਦੋਵਾਂ ਦੀ ਜੱਟਾਂ ਨਾਲ । ਪੰਜਾਬੀ ਲਕੋਕਤੀ ਮੁਤਾਬਿਕ ਸੱਚ ਤਾਂ ਇਹ ਹੈ ‘ਰਾਜ ਪਿਆਰੇ ਰਾਜਿਆਂ, ਵੀਰ ਦੁਪਰਆਰੇ’ । ਜੇ ਹੁਣ ਦੀ ਕਾਂਗਰਸ ਪਾਰਟੀ ਵੱਲ ਝਾਕੀਏ ਤਾਂ ਗਿਆਨੀ ਜ਼ੈਲ ਸਿੰਘ, ਸ੍ਰ. ਦਰਬਾਰਾ ਸਿੰਘ ਤੇ ਸ੍ਰ. ਬੂਟਾ ਸਿੰਘ ਵਰਗੇ ਅਤੇ ਜੇ ਅਕਾਲੀਆਂ ਵੱਲ ਤੱਕੀਏ ਤਾਂ ਬਾਦਲ, ਬਰਨਾਲਾ, ਟੋਹੜਾ ਤੇ ਤਲਵੰਡੀ ਆਦਿਕ ਸਾਰੇ ਹੀ ਇੱਕ ਦੂਜੇ ਦੀਆਂ ਲੱਤਾਂ ਹੀ ਖਿਚਦੇ ਆ ਰਹੇ ਹਨ । ਇਸ ਲਈ ਅਜਿਹੇ ਝਗੜਿਆਂ ਨੂੰ ਮਜ਼ਹਬ ਤੇ ਸਮਾਜ ਨਾਲ ਜੋੜ ਕੇ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ ।
ਅਠਾਰਵੀਂ ਸਦੀ ਦੇ ਇਤਿਹਾਸ ਨੂੰ ਨਿਰਪੱਖ ਹੋ ਕੇ ਜੇ ਗਹੁ ਨਾਲ ਵੀਚਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਰੰਗਰੇਟਾ ਬੀਰੂ ਸਿੰਘ ਹਮੇਸ਼ਾ ਯਤਨਸ਼ੀਲ ਰਿਹਾ ਕਿ ਮਜ਼ਹਬੀ ਸਿੱਖਾਂ ਦਾ ਜਥਾ ਵਖਰੀ ਹੋਂਦ ਵਿੱਚ ਕਾਇਮ ਰਹੇ । ਪਰ ਦਸਮ ਪਾਤਸ਼ਾਹ ਦੇ ਨਿਵਾਜੇ ਹੋਣ ਕਰਕੇ ਗੁਰਮਤਿ ਦੀ ਗਹਿਰੀ ਸੂਝ ਰੱਖਣ ਵਾਲੇ ਤੇ ਸਰਬ-ਪ੍ਰਵਾਨਤ ਆਗੂ ਨਵਾਬ ਕਪੂਰ ਸਿੰਘ ਅਤੇ ਉਨ੍ਹਾਂ ਦੀ ਗੁਰਮੁਖੀ ਸੰਗਤ ਵਿੱਚ ਪਲੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਇਸ ਹੱਕ ਵਿੱਚ ਨਹੀਂ ਸਨ । ਕਿਉਂਕਿ ਉਹ ਸਮਝਦੇ ਸਨ ਕਿ ਅਜਿਹਾ ਕਰਨ ਨਾਲ ਸਿੱਖੀ ਵਿੱਚ ਬਿਰਾਦਰੀਵਾਦ ਮੁੜ ਉਭਰੇਗਾ । ਇਹ “ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥” {ਗੁ.ਗ੍ਰੰ.-ਪੰ.1127} ਵਰਗੇ ਤਾੜਣਾ ਭਰੇ ਗੁਰਵਾਕਾਂ ਦੀ ਉਲੰਘਣਾ ਅਤੇ ਇੱਕੋ ਬਾਟੇ ਵਿੱਚ ਖੰਡੇ ਕੀ ਪਾਹੁਲ ਛਕਾਉਣ ਦੇ ਮਨੋਰਥ ਤੋਂ ਉੱਲਟ ਹੈ । ਇਸ ਕ੍ਰਿਆ ਦਾ ਇੱਕੋ-ਇੱਕ ਸੰਦੇਸ਼ ਸੀ ਕਿ ਅੱਜ ਤੋਂ ਸਿੱਖ ਆਪਸ ਵਿੱਚ ਊਚ-ਨੀਚ ਤੇ ਜਾਤ-ਪਾਤ ਦੇ ਭਿੰਨ-ਭੇਦ ਮਿਟਾ ਕੇ ਮਾਂ ਜਾਏ ਭਰਾਵਾਂ ਵਾਗ ਮਿਲ ਕੇ ਰਹਿਣਗੇ । ਮਿਸਲਾਂ ਕਾਇਮ ਹੋਣ ਵੇਲੇ ਵਧੇਰੇ ਰੰਘਰੇਟੇ ਸਿੰਘ ਨਿਸ਼ਾਨ-ਵਾਲੀਆ ਮਿਸਲ ਵਿੱਚ ਸਮਿਲਤ ਹੋ ਗਏ । ਪ੍ਰੰਤੂ ਸ੍ਰ. ਬੀਰੂ ਸਿੰਘ ਰੰਘਰੇਟੇ ਨੇ ਆਪਣਾ ਨਿਸ਼ਾਨ ਤੇ ਨਗਾਰਾ ਵੱਖਰਾ ਰੱਖਿਆ । ਅਜਿਹਾ ਵਿਚਾਰਧਾਰਕ ਤੇ ਜਥੇਬੰਦਕ ਵਖਰੇਵਾਂ ਹੋਣ ਦੇ ਬਾਵਜੂਦ ਇੱਕ ਵੀ ਅਜਿਹੀ ਉਦਾਹਰਣ ਨਹੀਂ ਮਿਲਦੀ, ਜਦੋਂ ਬਾਕੀ ਦੇ ਮਿਸਲਦਾਰ ਸਰਦਾਰਾਂ ਨੇ ਇਨ੍ਹਾਂ ਦਾ ਸਤਿਕਾਰ ਨਾ ਕੀਤਾ ਹੋਵੇ ਅਤੇ ਸਿੱਖੀ ਤੇ ਕੌਮੀ ਅਜ਼ਾਦੀ ਦੇ ਸਾਂਝੇ ਦੁਸ਼ਮਣਾਂ ਖ਼ਿਲਾਫ਼ ਇੱਕ ਦੂਜੇ ਨਾਲ ਮਿਲ ਕੇ ਮੂਹਰੇ ਹੋ ਕੇ ਨਾ ਲੜੇ ਹੋਣ ।
ਹਾਂ ਫਿਰ ਵੀ ਜੇ ਕਿਸੇ ਵੇਲੇ ਸਿੰਘਾਂ ਦੀ ਭਾਸ਼ਾ ਵਿੱਚ ਮਾਰਾ-ਬਿਕਾਰਾ ਹੋ ਵੀ ਗਿਆ ਹੋਵੇ ਤਾਂ ਉਸ ਘਟਨਾ ਨੂੰ ਓਵੇਂ ਹੀ ਲੈਣ ਦੀ ਲੋੜ ਹੈ, ਜਿਵੇਂ ਦੋ ਸਕੇ ਭਰਾ ਕਿਸੇ ਪ੍ਰਕਾਰ ਦੀ ਹਉਮੈ ਵੱਸ ਆਪਸ ਵਿੱਚ ਖਹਿ ਪਏ ਹੋਣ ਜਾਂ ਸੰਪਤੀ ਤੇ ਰਾਜ-ਸੱਤਾ ਲਈ ਝਗੜੇ ਹੋਣ । ਐਸੀਆਂ ਲੜਾਈਆਂ ਬਾਬਾ ਬੰਦਾ ਸਿੰਘ ਦੇ ਰਾਜ ਵੇਲੇ ਵੀ ਹੋਈਆਂ, ਮਿਸਲਾਂ ਵੇਲੇ ਵੀ ਹੋਈਆਂ ਅਤੇ ਹੋਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ-ਭਾਗ ਦਾ ਸੂਰਜ ਵੀ ਇਨ੍ਹਾਂ ਲੜਾਈਆਂ ਕਰਣ ਹੀ ਛਿਪਿਆ । ਐਸਾ ਵੀ ਨਹੀਂ ਕੇਵਲ ਜੱਟਾਂ ਦੀਆਂ ਰੰਘਰੇਟਿਆਂ ਜਾਂ ਰਾਮਗੜੀਆਂ ਨਾਲ ਹੀ ਹੋਈਆਂ, ਸਗੋਂ ਵਧੇਰੇ ਕਰਕੇ ਜੱਟਾਂ ਦੀਆਂ ਜੱਟਾਂ ਨਾਲ ਹੀ ਹੋਈਆਂ । ਇਥੋਂ ਤੱਕ ਕਿ ਇਸ ਖਹਿਬਾਜ਼ੀ ਕਾਰਨ ਜੱਸਾ ਸਿੰਘ ਰਾਮਗੜੀਆ ਕਾਂਗੜੇ ਦੇ ਰਾਜੇ ਨਾਲ ਮਿਲਕੇ ਰਾਣੀ ਸਦਾ ਕੌਰ ਵਾਲੀ ਕਨ੍ਹਈਆ ਮਿਸਲ ਵਿਰੁਧ ਗੋਂਦਾ ਗੁੰਦਦਾ ਰਿਹਾ ਅਤੇ ਕਰੋੜੀਆ ਮਿਸਲ ਦਾ ਸਰਦਾਰ ਬਘੇਲ ਸਿੰਘ ਮੁਗਲਾਂ ਨਾਲ ਮਿਲ ਕੇ ਪਟਿਆਲਾ ਪਤੀ ਸ੍ਰ. ਆਲਾ ਸਿੰਘ ਤੇ ਵੀ ਇੱਕ ਸਮੇਂ ਹਮਲਾਵਰ ਵੀ ਹੋਇਆ । ਭਾਵੇਂ ਕਿ ਜੰਗਜੂ ਨੀਤੀਵਾਨਾਂ ਦੀ ਰਾਇ ਹੈ ਕਿ ਇਹ ਸ੍ਰ. ਬਘੇਲ ਸਿੰਘ ਦੀ ਮੁਗਲਾਂ ਨੂੰ ਸਿੰਘਾਂ ਦੇ ਘੇਰੇ ਵਿੱਚ ਲਿਆ ਕੇ ਵੱਡੇ ਘਲੂਘਾਰੇ ਦਾ ਬਦਲਾ ਲੈਣ ਦੀ ਇੱਕ ਜੁਝੀ ਚਾਲ ਸੀ ਅਤੇ ਇਸ ਵਿੱਚ ਉਹ ਕਾਮਯਾਬ ਵੀ ਹੋਇਆ, ਸੱਚ ਜਾਪਦੀ ਹੈ । ਇਸ ਲਈ ਦੱਬੇ ਹੋਏ ਮੁਰਦੇ ਪੁੱਟਦਿਆਂ ਰਾਈ ਦਾ ਪਹਾੜ ਬਣਾ ਕੇ ਕਿਸੇ ਐਸੇ ਛੋਟੇ-ਮੋਟੇ ਝਗੜੇ ਨੂੰ ‘ਰੰਘਰੇਟਾ ਕਤਲਿਆਮ’ ਦੱਸਣਾ ਤੇ ਪੰਥ ਵਿੱਚ ਦੁਫੇੜ ਪੈਦਾ ਕਰਨੀ ਕਿਥੋਂ ਦੀ ਸਿਆਣਪ ਹੈ ? ਇਹ ਪੰਥ-ਦਰਦੀ ਗੁਰਸਿੱਖਾਂ ਦਾ ਵਰਤਾਰਾ ਨਹੀਂ । ਕਿਉਂਕਿ ਅਜਿਹਾ ਦੁਸ਼ਮਣੀ ਭਾਵ ਸਿੱਖ ਕੌਮ ਵਿੱਚ ਕਿਸੇ ਵੇਲੇ ਵੀ ਭਰਾ-ਮਾਰੂ ਲੜਾਈ ਦਾ ਕਾਰਣ ਬਣ ਸਕਦਾ ਹੈ । ਹੋ ਸਕਦਾ ਹੈ ਕਿ ਕਿਸੇ ਪੰਥ-ਵਿਰੋਧੀ ਸਾਜਸ਼ੀ ਨੇ ਇਤਿਹਾਸ ਵਿੱਚ ਐਸਾ ਕੋਈ ਫੁੱਟ-ਪਾਊ ਬੀਜ ਬੀਜਿਆ ਹੋਵੇ । ਭਾਈ ਵੀਰ ਸਿੰਘ ਜੀ ਨੇ ‘ਪ੍ਰਾਚੀਨ ਪੰਥ ਪ੍ਰਕਾਸ਼’ ਦੀ ਭੂਮਿਕਾ ਵਿੱਚ ਮੰਨਿਆ ਹੈ ਕਿ ਇਹ ਪੋਥੀ ਵੀ ਰਲੇ ਤੋਂ ਬਚ ਨਹੀਂ ਸਕੀ ।
ਮੁਕਦੀ ਗੱਲ ! ਹੁਣ ਜਦੋਂ ਭਾਜਪਾ ਦੀ ਹਿੰਦੂਤਵੀ ਕੇਂਦਰੀ ਹਕੂਮਤ ਹਿੰਦੂ-ਰਾਸ਼ਟਰ ਦੇ ਏਜੰਡੇ ਤਹਿਤ ਭਾਰਤ ਨੂੰ ਹਿੰਦੋਸਤਾਨ ਵਿੱਚ ਬਦਲਣ ਲਈ ਪੱਬਾਂ ਭਾਰ ਹੋਈ ਪਈ ਹੈ ਅਤੇ ਭਾਰਤੀ ਘਟ-ਗਿਣਤੀਆਂ ਨੂੰ ਆਪਸ ਵਿੱਚ ਉਲਝਾਉਂਦਿਆਂ ਕਮਜ਼ੋਰ ਕਰਕੇ ਆਪਣਾ ਮਨੋਰਥ ਪੂਰਾ ਕਰਨਾ ਚਹੁੰਦੀ ਹੈ । ਇਸ ਵੇਲੇ ਲੋੜ ਤਾਂ ਹੈ ਕਿ ਅਸੀਂ ਗੁਰਮਤ ਦੀ ਰੌਸ਼ਨੀ ਵਿੱਚ ਰੰਘਰੇਟੇ, ਰਵਿਦਾਸੀਏ ਅਤੇ ਮਜ਼ਹਬੀ, ਰਾਮਦਾਈਏ ਆਦਿਕ ਦੇ ਬਿਪਰਵਾਦੀ ਵਿਤਕਰੇ ਛੱਡ ਕੇ ਸਾਰੇ ਗੁਰਸਿੱਖ ਇੱਕ-ਮੁੱਠ ਹੁੰਦੇ ਅਤੇ ਭਾਰਤ ਦੇ ਮੂਲ-ਵਾਸੀ ਤੇ ਹੋਰ ਘਟ ਗਿਣਤੀਆਂ ਨੂੰ ਨਾਲ ਲੈ ਕੇ ਉਪਰੋਕਤ ਕਿਸਮ ਦੀ ਰਾਜਾਸ਼ਾਹੀ ਵਾਲੀ ਔਰੰਗਜ਼ੇਬੀ ਸੰਕੀਰਨ ਸੋਚ ਦਾ ਮੁਕਾਬਲਾ ਕਰਦੇ । ਪਰ, ਬਦਕਿਸਮਤੀ ਨਾਲ ਇੱਕ-ਮੁੱਠ ਹੋਣ ਦੀ ਥਾਂ ਫੁੱਟ ਵਲ ਵਧ ਰਹੇ ਹਾਂ । ਕਿਉਂਕਿ ਜਦੋਂ ਤੋਂ ਘਟ ਗਿਣਤੀਆਂ ਦੇ ਆਗੂ ਇਕੱਠੇ ਹੋਣ ਲਈ ਯਤਨਸ਼ੀਲ ਹੋਏ ਹਨ, ਉਦੋਂ ਤੋਂ ਹਕੂਮਤੀ ਏਜੰਸੀਆਂ ਵੀ ਉਨਾਂ ਨੂੰ ਰੋਕਣ ਲਈ ਸਰਗਰਮ ਹੋ ਗਈਆਂ ਹਨ । ਸ਼ਨੀਵਾਰ 2 ਸਤੰਬਰ 2017 ਨੂੰ ਚੌਕ ਮਹਿਤਾ ਨੇੜੇ ਪਿੰਡ ਚਾਟੀਵਿੰਡ ਵਿਖੇ ਹੋਇਆ ‘ਰੰਘਰੇਟਾ ਕਤਲਿਆਮ ਦਿਵਸ’ ਨਾਂ ਹੇਠ ਹੋਇਆ ਇੱਕ ਸਮਾਗਮ ਵੀ ਉਨ੍ਹਾਂ ਹਕੂਮਤੀ ਸਾਜਸ਼ਾਂ ਦੀ ਇੱਕ ਖ਼ਤਰਨਾਕ ਕੜੀ ਹੈ । ਇਸ ਪ੍ਰਤੀ ਖ਼ਾਲਸਾ ਪੰਥ ਸਮੇਤ ਸਾਰੇ ਮਾਨਵ-ਦਰਦੀ ਤੇ ਸਰਬੱਤ ਦੇ ਭਲੇ ਦੀ ਸੋਚ ਵਾਲੇ ਸੱਜਣਾਂ ਨੂੰ ਸੁਚੇਤ ਹੋਣ ਦੀ ਲੋੜ ਹੈ; ਤਾਂ ਕਿ ਉਪਰੋਕਤ ਕਿਸਮ ਦੇ ਸਾਜ਼ਿਸ਼ੀ ਲੋਕ ਆਪਣੇ ਭੈੜੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ । ਭੁੱਲ-ਚੁੱਕ ਮੁਆਫ਼ ।
ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ । ਮਿਤੀ-1 ਸਤੰਬਰ 2017 ।
ਮੁਬਾਈਲ: 1-516 323 9188


09/03/17
ਹਰਪਾਲ ਸਿੰਘ ਫਿਰੋਜ਼ਪੁਰੀਆ

ਆਉ, ਦੰਭੀ ਤੇ ਪਾਖੰਡੀ ਗੁਰੂਆਂ ਦੀ ਲੁੱਟ ਤੋਂ ਬਚਾਉਣ ਲਈ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਈਏ

ਸਮਾਜ ਦੇ ਲੋਕ ਸਰਧਾ ਦੇ ਵਿੱਚ ਭਿੱਜ ਕੇ ਆਪਣਾ ਮੁਕਤੀ ਦਾਤਾ ਲੱਭਣ ਲਈ ਬੜੀ ਮਿਹਨਤ ਨਾਲ ਪਹਾੜ ਖੋਦਦੇ ਨੇ ,ਪਰ ਪਹਾੜ ਵਿਚੋਂ ਅਕਸਰ ਹੀ ਕਦੇ ਬਾਬਾ ਇੱਛਾਧਾਰੀ (ਦਿੱਲੀ ਵਾਲਾ) ਵਰਗਾ ਜਿਸਮਫਰੋਸੀ ਦਾ ਧੰਦਾ ਕਰਨ ਵਾਲਾ ,ਕਦੇ ਨਿੱਤਿਆ ਨੰਦ ਵਰਗਾ ਫਿਲਮੀ ਹੀਰੋਇਨਾਂ ਨਾਲ ਮਸਤੀ ਕਰਨ ਵਾਲਾ, ਕਦੇ ਗੁਰਮੀਤ ਰਾਮ ਰਹੀਮ ਵਰਗਾ ਭੇਟਾ ਦੇ ਨਾਂ ਤੇ ਸਰੀਰਿਕ ਸ਼ੋਸ਼ਣ ਕਰਨ ਵਾਲਾ ਤੇ ਕਦੇ ਆਸਾ ਰਾਮ ਤੇ ਰਾਮਪਾਲ ਵਰਗਾ ਅੰਧਵਿਸ਼ਵਾਸਾਂ ਵਿੱਚ ਫਸਾ ਕੇ ਲੋਕਾਂ ਦਾ ਸਰੀਰਿਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰਨ ਵਾਲਾ ਪਾਖੰਡੀ, ਗੁਰੂ ਦੇ ਬਾਣੇ ਵਿੱਚ ਬੈਠਾ ਚੂਹਾ ਮਿਲਦਾ ਹੈ (ਵੈਸੇ ਤਾਂ ਇਹਨਾਂ ਨੂੰ ਸੱਪ ਕਹਿਣਾ ਚਾਹੀਦਾ) ।
ਸਮਾਜ ਦੇ ਲੋਕ ਫਿਰ ਵੀ ਦੇਹਧਾਰੀ ਗੁਰੂਆਂ ਦੇ ਜਾਲ ਵਿਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ।
ਬਹੁਤ ਸਾਰੇ ਲੋਕ ਪਰੇਸ਼ਾਨ ਨੇ, ਪਰ, ਕੀ ਕਰਨ ?
ਕਿਉਂਕਿ ਉਹਨਾਂ ਕੋਲ ਕੋਈ ਬਦਲ ਨਹੀਂ ਹੈ ।
ਹਰ ਆਦਮੀ ਜੀਵਨ ਵਿੱਚ ਧਰਮ ਨਾਲ ਜੁੜਨਾ ਚਾਹੁੰਦਾ ਹੈ, ਕਿਸੇ ਨਾ ਕਿਸੇ ਰੂਪ ਵਿੱਚ ਰੱਬ ਨਾਲ ਜੁੜਨਾ ਚਾਹੁੰਦਾ ਹੈ। ਸਾਡੇ ਸਮਾਜ ਵਿੱਚ ਜੋਰਾਂ ਸ਼ੋਰਾਂ ਨਾਲ ਇਸ ਇਸ ਗੱਲ ਦਾ ਪਰਚਾਰ ਹੋਇਆ ਹੈ ਕਿ "ਸ਼ਾਹ ਬਿਨਾ ਪੱਤ ਨਹੀ ਤੇ ਗੁਰੂ ਬਿਨਾ ਗੱਤ ਨਹੀ।"
ਇਸ ਲਈ ਹਰ ਇੱਕ ਦਾ ਮੰਨਣਾ ਹੈ ਕਿ ਗੁਰੂ ਤੋਂ ਬਿਨਾ ਨਾ ਹੀ ਧਰਮੀ ਬਣਿਆ ਜਾ ਸਕਦਾ ਤੇ ਨਾ ਹੀ ਰੱਬ ਨਾਲ ਜੁੜਿਆ ਜਾ ਸਕਦਾ। ਇਹ ਸੱਚ ਵੀ ਹੈ। ਸਿੱਖਾਂ ਤੋਂ ਇਲਾਵਾ ਹੋਰ ਕਿਸੇ ਕੋਲ ਸ਼ਬਦ ਗੁਰੂ ਨਹੀਂ ਹੈ। ਜਿਸ ਕਰਕੇ ਦੇਹਧਾਰੀ ਗੁਰੂਆਂ ਅੱਗੇ ਝੁਕਣਾ ਉਹਨਾਂ ਦੀ ਮਜਬੂਰੀ ਹੈ। ਹੋਰ ਲੋਕ ਸਮਝਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਸਿੱਖਾਂ ਦੇ ਹੀ ਗੁਰੂ ਹਨ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਨਹੀ ਕਰ ਸਕਦੇ । ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਅਗਵਾਈ ਨਹੀ ਲੈ ਸਕਦੇ।
ਜਦਕਿ ਸਚਾਈ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਦੇ ਗੁਰੂ ਹਨ, ਇੱਥੇ ਜਾਤਾਂਪਾਤਾਂ, ਮਜਬਾਂ, ਕੌਮਾਂ ਜਾਂ ਦੇਸ਼ਾਂ ਦਾ ਕੋਈ ਵਿਤਕਰਾ ਨਹੀਂ ਹੈ ,ਇੱਥੇ " ੳੁਪਦੇਸੁ ਚਹੁ ਵਰਨਾ ਕੳੁ ਸਾਝਾ॥"ਦਾ ਹੋਕਾ ਦਿੱਤਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਜੋ ਪੰਜਾਬ ਤੋਂ ਹਨ, ਤੇ ਬ੍ਰਾਹਮਣ ਦੀ ਵਰਨ ਵੰਡ ਅਨੁਸਾਰ ਖੱਤਰੀ ਹਨ। 11 ਭੱਟਾਂ ਦੇ ਸਵੱਯੀਏ ਹਨ, ਜੋ ਬ੍ਰਾਹਮਣ ਹਨ। 15 ਭਗਤ ਸਾਹਿਬਾਨਾਂ ਦੀ ਬਾਣੀ ਹੈ, ਜਿੰਨਾਂ ਵਿੱਚ ਭਗਤ ਕਬੀਰ ਜੀ ਬਨਾਰਸ ਤੋਂ, ਭਗਤ ਨਾਮਦੇਵ ਮਹਾਰਾਸ਼ਟਰ ਤੋਂ, ਭਗਤ ਰਵਿਦਾਸ ਜੀ ਬਨਾਰਸ ਤੋਂ ਤੇ ਕੁੱਝ ਹੋਰ ਭਗਤ ਸ਼ੂਦਰ ਹਨ। ਬਾਬਾ ਫਰੀਦ ਜੀ ਪਾਕਪਟਨ ਪਾਕਿਸਤਾਨ ਤੋਂ ਤੇ ਭਗਤ ਭੀਖਣ ਜੀ ਲਖਨਊ ਤੋਂ ਮੁਸਲਮਾਨ ਹਨ। ਭਗਤ ਤ੍ਰਲੋਚਨ ਜੀ, ਭਗਤ ਪਰਮਾਨੰਦ ਜੀ ਮਹਾਰਾਸ਼ਟਰ ਤੋਂ, ਭਗਤ ਰਾਮਾਨੰਦ ਕਰਨਾਟਕ ਤੋਂ ਬ੍ਰਾਹਮਣ ਸਨ।
ਕਹਿਣ ਤੋਂ ਭਾਵ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਰੂਪ ਵਿੱਚ ਸਮਾਜ ਦੀ ਅਗਵਾਈ ਕਰਨ ਵਾਲੇ ਗਿਆਨ ਨੂੰ ਇਕੱਤਰ ਕਰਨ ਸਮੇਂ, ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਦੇ ਸਮੇਂ ਕਿਸੇ ਤਰ੍ਹਾਂ ਭੇਦ ਨਹੀ ਕੀਤਾ। ਬਿਲਕੁਲ ਇਸੇ ਤਰ੍ਹਾਂ ਇਸ ਤੋਂ ਗੁਰੂ ਰੂਪ ਵਿੱਚ ਸੇਧ ਲੈਣ ਸਮੇਂ ਵੀ ਕਿਸੇ ਨਾਲ ਕੋਈ ਵਿਤਕਰਾ ਨਹੀ ਕੀਤਾ ਗਿਆ। ਹੋਕਾ ਦਿੱਤਾ ਗਿਆ
"ਸਲੋਕੁ ਮਃ ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ॥" 647
ਅਸੀਂ ਇਹ ਗੱਲ ਹੋਰਾਂ ਨੂੰ ਸਮਝਾਈਏ ਕਿ ਸਿੱਖ ਧਰਮ ਸਾਰੀ ਮਨੁੱਖਤਾ ਦਾ ਸਾਂਝਾ ਧਰਮ ਹੈ, ਗੁਰੂ ਗਰੰਥ ਸਾਹਿਬ ਜੀ ਸਭ ਦੇ ਸਾਂਝੇ ਗੁਰੂ ਹਨ ।
ਸਾਨੂੰ ਲੋੜ ਹੈ ਕਿ ਅਸੀਂ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਚਾਰ ਵੱਲ ਧਿਆਨ ਦਈਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੋਸ਼ਲ ਮੀਡੀਆ ਫੇਸਬੁੱਕ, ਵਟਸਐਪ ਤੇ ਟਵਿਟਰ ਆਦਿ ਤੇ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਰਵਉਚ ਤੇ ਸਰਬਸਾਝੀਆਂ ਸਿੱਖਿਆਵਾਂ ਵੱਖ ਵੱਖ ਭਾਸ਼ਾਵਾਂ ਵਿੱਚ ਲੋਕਾਂ ਨਾਲ ਸਾਝੀਆਂ ਕਰੀਏ,
ਜੇ ਸਾਨੂੰ ਲਿਖਣਾ ਨਹੀਂ ਆਉਂਦਾ ਤਾਂ ਅਸੀਂ ਕੁੱਝ ਚੰਗੇ ਲੇਖਕਾਂ ਦੀਆਂ ਲਿਖਤਾਂ ਨੂੰ , ਉਹਨਾਂ ਦੇ ਫੇਸਬੁੱਕ ਵਾਲ ,ਧਾਰਮਿਕ ਪੇਜਾਂ ,ਫੇਸਬੁੱਕ ਤੇ ਵਟਸਐਪ ਗਰੁੱਪਾਂ ਤੋਂ ਜਾਂ ਸਿੱਖ ਵੈਬਸਾਇਟਾਂ ਤੋਂ ਲੇਖਕ ਦੇ ਨਾਂ ਸਮੇਤ ਕਾਪੀ ਕਰਕੇ ਵੀ ਸ਼ੇਅਰ ਕਰੀਏ ) ,,ਵੱਖ ਭਾਸ਼ਾਵਾਂ ਵਿੱਚ ਲਿਟ੍ਰੇਚਰ ਵੰਡ ਕੇ, ਕਥਾ, ਲੈਕਚਰਾਂ, ਧਾਰਮਕਿ ਫਿਲਮਾਂ, ਬੱਸਾਂ, ਰੇਲ ਗੱਡੀਆਂ ਤੇ ਹਵਾਈ ਜਹਾਜਾਂ ਵਿੱਚ ਮੁਸਾਫਿਰਾਂ ਨਾਲ ਵਿਚਾਰ ਚਰਚਾ ਕਰਕੇ ਤੇ ਹੋਰ ਸਾਧਨਾਂ ਰਾਹੀਂ (ਜੋਂ ਸਾਨੂੰ ਆਪਣੇ ਏਰੀਏ ਤੇ ਲੋਕਾਂ ਅਨੁਸਾਰ ਵਾਜਬ ਲੱਗਦੇ ਹੋਣ) ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਾਜ ਦੇ ਸਾਹਮਣੇ ਲੈ ਕੇ ਆਈਏ।
ਇਸਦੇ ਵਾਸਤੇ ਜਰੂਰੀ ਹੈ ਕਿ ਅਸੀਂ ਖੁਦ ਸਿੱਖ ਧਰਮ ਤੋਂ ਜਾਣੂੰ ਹੋਈਏ, ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਦੋ ਸ਼ਬਦਾਂ ਨੂੰ ਰੋਜ਼ ਵੀਚਾਰੀਏ, ਇਤਿਹਾਸ ਲਈ ਥੋੜਾ ਬਹੁਤਾ ਸਮਾਂ ਕੱਢੀਏ। ਇਸ ਉੱਦਮ ਦੀ ਅੱਜ ਬਹੁਤ ਲੋੜ ਹੈ । ਭੁੱਲੇ ਭਟਕਿਆਂ ਨੂੰ ਹਨੇਰੇ ਵਿਚੋਂ ਕੱਢ ਕੇ ਪ੍ਕਾਸ਼ ਦੇ ਰੂਬਰੂ ਕਰਨਾ ਸਭ ਤੋਂ ਵੱਡੀ ਸੇਵਾ ਹੈ ,ਜਿਸ ਸੇਵਾ ਨੂੰ ਕਰਨਾ ਸਾਡੇ ਸਾਰਿਆਂ ਦਾ ਨੈਤਿਕ ਫਰਜ਼ ਹੈ। ਜਿਹੜੇ ਵੀਰ ਪਰਚਾਰ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਸ ਲਗਨ ਨੂੰ ਮੱਠੀ ਨਾ ਪੈਣ ਦੇਣ , ਉਹ ਵੀਰ ਧੰਨਤਾ ਦੇ ਯੋਗ ਹਨ ।

ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


ਉਹ ਗੁੰਮਨਾਮ ਚਿੱਠੀ ਜਿਸ ਨੇ ਡੇਰਾ ਮੁਖੀ ਦਾ ਚਿੱਠਾ ਖੋਲ੍ਹਿਆ
ਵੱਲ
ਪ੍ਰਧਾਨ ਮੰਤਰੀ
ਸ੍ਰੀ ਅਟਲ ਬਿਹਾਰੀ ਵਾਜਪਾਈ
ਵਿਸ਼ਾ: ਸੱਚੇ ਸੌਦੇ ਵਾਲੇ ਮਹਾਰਾਜ ਵੱਲੋਂ ਸੈਂਕੜੇ ਕੁੜੀਆਂ ਨਾਲ ਕੀਤੇ ਬਲਾਤਕਾਰਾਂ ਦੀ ਜਾਂਚ ਸਬੰਧੀ।

ਸ੍ਰੀਮਾਨ ਜੀ,
ਮੈਂ ਪੰਜਾਬ ਦੀ ਰਹਿਣ ਵਾਲੀ ਹਾਂ। ਮੈਂ ਡੇਰਾ ਸੱਚਾ ਸੌਦਾ ਸਿਰਸਾ (ਹਰਿਆਣਾ) ਵਿਚ ਸਾਧਵੀ ਦੇ ਤੌਰ ‘ਤੇ ਪਿਛਲੇ ਪੰਜ ਸਾਲ ਤੋਂ ਸੇਵਾ ਕਰ ਰਹੀ ਹਾਂ। ਮੈਥੋਂ ਬਿਨਾਂ ਇਸ ਡੇਰੇ ਵਿਚ ਹੋਰ ਵੀ ਸੈਂਕੜੇ ਕੁੜੀਆਂ ਹਨ, ਜਿਹੜੀਆਂ ਹਰ ਰੋਜ਼ 18 ਘੰਟੇ ਸੇਵਾ ਕਰਦੀਆਂ ਹਨ, ਪਰ ਸਾਡਾ ਇਥੇ ਸਰੀਰਕ ਸ਼ੋਸ਼ਣ ਹੁੰਦਾ ਹੈ। ਡੇਰੇ ਦੇ ਮਹਾਰਾਜ ਗੁਰਮੀਤ ਸਿੰਘ ਕੁੜੀਆਂ ਨਾਲ ਬਲਾਤਕਾਰ ਕਰਦੇ ਹਨ। ਮੈਂ ਬੀ.ਏ. ਪਾਸ ਹਾਂ। ਮੇਰੇ ਪਰਿਵਾਰ ਦੀ ਮਹਾਰਾਜ ਵਿਚ ਅੰਨ੍ਹੀ ਸ਼ਰਧਾ ਹੈ। ਉਨ੍ਹਾਂ ਦੇ ਕਹਿਣ ‘ਤੇ ਹੀ ਮੈਂ ਸਾਧਵੀ ਬਣੀ। ਸਾਧਵੀ ਬਣਨ ਤੋਂ ਦੋ ਸਾਲ ਬਾਅਦ ਮਹਾਰਾਜ ਗੁਰਮੀਤ ਦੀ ਖਾਸ ਚੇਲੀ ਸਾਧਵੀ ਗੁਰਜੋਤ ਰਾਤੀਂ 10 ਵਜੇ ਮੇਰੇ ਕੋਲ ਆਈ ਅਤੇ ਕਿਹਾ ਕਿ ਮਹਾਰਾਜ ਨੇ ਮੈਨੂੰ ਆਪਣੀ ਗੁਫਾ ਵਿਚ ਬੁਲਾਇਆ ਹੈ। ਮੈਂ ਬੜੀ ਖੁਸ਼ ਹੋਈ ਕਿ ਮਹਾਰਾਜ ਨੇ ਖ਼ੁਦ ਮੈਨੂੰ ਬੁਲਾਇਆ ਹੈ। ਮੈਂ ਪਹਿਲੀ ਵਾਰ ਉਨ੍ਹਾਂ ਕੋਲ ਜਾ ਰਹੀ ਸੀ। ਮੈਂ ਜਦੋਂ ਪੌੜੀਆਂ ਉਤਰ ਕੇ ਥੱਲੇ ਗਈ ਅਤੇ ਮਹਾਰਾਜ ਦੀ ਗੁਫਾ ਵਿਚ ਦਾਖਲ ਹੋਈ ਤਾਂ ਦੇਖਿਆ ਕਿ ਮਹਾਰਾਜ ਬੈੱਡ ‘ਤੇ ਬੈਠੇ ਸਨ। ਉਨ੍ਹਾਂ ਦੇ ਹੱਥ ਵਿਚ ਟੀ.ਵੀ. ਦਾ ਰਿਮੋਟ ਫੜਿਆ ਹੋਇਆ ਸੀ ਤੇ ਉਹ ਅਸ਼ਲੀਲ ਫਿਲਮ ਦੇਖ ਰਹੇ ਸਨ। ਉਨ੍ਹਾਂ ਦੇ ਸਿਰਹਾਣੇ ਦੇ ਨਾਲ ਬੈੱਡ ‘ਤੇ ਰਿਵਾਲਵਰ ਪਿਆ ਸੀ। ਇਹ ਸਾਰਾ ਕੁਝ ਦੇਖ ਕੇ ਮੈਂ ਘਬਰਾ ਗਈ। ਮੈਂ ਮਹਾਰਾਜ ਦੇ ਅਜਿਹੇ ਕਿਰਦਾਰ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਮਹਾਰਾਜ ਨੇ ਟੀ.ਵੀ. ਬੰਦ ਕਰ ਦਿੱਤਾ ਤੇ ਮੈਨੂੰ ਆਪਣੇ ਕੋਲ ਬਿਠਾ ਲਿਆ। ਮਹਾਰਾਜ ਨੇ ਮੈਨੂੰ ਪਾਣੀ ਪਿਲਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਇਸ ਕਰ ਕੇ ਬੁਲਾਇਆ ਹੈ ਕਿ ਉਹ ਮੈਨੂੰ ਆਪਣੇ ਕਰੀਬ ਸਮਝਦੇ ਹਨ। ਮੇਰਾ ਇਹ ਪਹਿਲਾ ਅਨੁਭਵ ਸੀ।
ਮਹਾਰਾਜ ਨੇ ਮੈਨੂੰ ਆਪਣੀ ਜਕੜ ਵਿਚ ਲੈ ਲਿਆ ਅਤੇ ਕਿਹਾ ਕਿ ਉਹ ਮੈਨੂੰ ਆਪਣੇ ਦਿਲ ਦੀ ਗਹਿਰਾਈ ‘ਚੋਂ ਪਿਆਰ ਕਰਦੇ ਹਨ। ਮਹਾਰਾਜ ਨੇ ਇਹ ਵੀ ਕਿਹਾ ਕਿ ਉਹ ਮੇਰੇ ਨਾਲ ਪਿਆਰ ਕਰਨਾ ਚਾਹੁੰਦੇ ਹਨ। ਮਹਾਰਾਜ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਚੇਲੀ ਬਣਨ ਵੇਲੇ ਆਪਣਾ ਤਨ ਮਨ ਧਨ ਉਨ੍ਹਾਂ ਨੂੰ ਸੌਂਪ ਚੁੱਕੀ ਹਾਂ ਅਤੇ ਉਨ੍ਹਾਂ ਨੇ ਮੇਰੀ ਭੇਟਾ ਸਵੀਕਾਰ ਕਰ ਲਈ ਹੈ। ਜਦੋਂ ਮੈਂ ਇਸ ‘ਤੇ ਇਤਰਾਜ਼ ਕੀਤਾ ਤਾਂ ਮਹਾਰਾਜ ਬੋਲੇ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਮੈਂ ਰੱਬ ਹਾਂ’। ਜਦੋਂ ਮੈਂ ਪੁੱਛਿਆ ਕਿ, ‘ਕੀ ਰੱਬ ਵੀ ਅਜਿਹੇ ਕੰਮ ਕਰਦਾ ਹੈ?’ ਤਾਂ ਮਹਾਰਾਜ ਬੋਲੇ:
1) ਸ੍ਰੀ ਕ੍ਰਿਸ਼ਨ ਵੀ ਭਗਵਾਨ ਸਨ ਤੇ ਉਨ੍ਹਾਂ ਕੋਲ 360 ਗੋਪੀਆਂ ਸਨ ਜਿਨ੍ਹਾਂ ਨਾਲ ਉਹ ਪ੍ਰੇਮ ਲੀਲ੍ਹਾ ਰਚਾਉਂਦੇ ਸਨ। ਤਾਂ ਵੀ ਲੋਕ ਉਨ੍ਹਾਂ ਨੂੰ ਰੱਬ ਮੰਨਦੇ ਸਨ। ਇਸ ਵਿਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ।
2) ਮੈਂ ਤੈਨੂੰ ਇਸ ਰਿਵਾਲਵਰ ਨਾਲ ਮਾਰ ਸਕਦਾ ਹਾਂ ਤੇ ਇਥੇ ਹੀ ਤੇਰੀ ਲਾਸ਼ ਦਬਾ ਸਕਦਾ ਹਾਂ। ਤੇਰੇ ਪਰਿਵਾਰ ਵਾਲੇ ਮੇਰੇ ਪੱਕੇ ਸ਼ਰਧਾਲੂ ਹਨ ਤੇ ਉਨ੍ਹਾਂ ਨੂੰ ਮੇਰੇ ‘ਤੇ ਅੰਨ੍ਹਾ ਵਿਸ਼ਵਾਸ ਹੈ। ਤੈਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਤੇਰੇ ਪਰਿਵਾਰ ਵਾਲੇ ਮੇਰੇ ਵਿਰੁਧ ਨਹੀਂ ਜਾ ਸਕਦੇ।

3) ਸਰਕਾਰਾਂ ‘ਤੇ ਵੀ ਮੇਰਾ ਚੰਗਾ ਅਸਰ ਹੈ। ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਕੇਂਦਰੀ ਮੰਤਰੀ ਮੈਨੂੰ ਮੱਥਾ ਟੇਕਣ ਆਉਂਦੇ ਹਨ। ਸਿਆਸਤਦਾਨ ਲੋਕ ਸਾਥੋਂ ਮਦਦ ਲੈਂਦੇ ਹਨ। ਉਹ ਸਾਥੋਂ ਪੈਸਾ ਵੀ ਲੈਂਦੇ ਹਨ। ਉਹ ਮੇਰੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ। ਅਸੀਂ ਤੇਰੇ ਪਰਿਵਾਰ ਵਾਲਿਆਂ ਨੂੰ ਨੌਕਰੀਆਂ ਤੋਂ ਕਢਵਾ ਦਿਆਂਗੇ ਅਤੇ ਆਪਣੇ ਸੇਵਾਦਾਰਾਂ ਤੋਂ ਮੈਂ ਉਨ੍ਹਾਂ ਨੂੰ ਕਿਤੇ ਮਰਵਾ-ਖਪਾ ਦਿਆਂਗਾ। ਅਸੀਂ ਉਨ੍ਹਾਂ ਦੇ ਕਤਲ ਦਾ ਕੋਈ ਸਬੂਤ ਵੀ ਨਹੀਂ ਛੱਡਾਂਗੇ। ਤੈਨੂੰ ਇਹ ਪਤਾ ਹੈ ਕਿ ਪਹਿਲਾਂ ਵੀ ਅਸੀਂ ਡੇਰੇ ਦੇ ਮੈਨੇਜਰ ਫਕੀਰ ਚੰਦ ਨੂੰ ਗੁੰਡਿਆਂ ਕੋਲੋਂ ਮਰਵਾ ਚੁੱਕੇ ਹਾਂ। ਅੱਜ ਤੱਕ ਉਸ ਦੇ ਕਤਲ ਦੀ ਉਘ-ਸੁਘ ਨਹੀਂ ਨਿਕਲੀ। ਡੇਰੇ ਨੂੰ ਹਰ ਰੋਜ਼ ਇਕ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ। ਇਸ ਨਾਲ ਅਸੀਂ ਲੀਡਰਾਂ, ਪੁਲਿਸ ਅਤੇ ਜੱਜਾਂ ਨੂੰ ਖਰੀਦ ਸਕਦੇ ਹਾਂ।
ਇਸ ਤੋਂ ਬਾਅਦ ਮਹਾਰਾਜ ਨੇ ਮੇਰੇ ਨਾਲ ਖੇਹ ਖਾਧੀ। ਮਹਾਰਾਜ ਪਿਛਲੇ ਤਿੰਨ ਸਾਲ ਤੋਂ ਮੇਰੇ ਨਾਲ ਇਹ ਕੁਝ ਕਰਦੇ ਆ ਰਹੇ ਹਨ। ਹਰ 25-30 ਦਿਨਾਂ ਬਾਅਦ ਮੇਰੀ ਵਾਰੀ ਆਉਂਦੀ ਹੈ। ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਮਹਾਰਾਜ ਨੇ ਮੈਥੋਂ ਪਹਿਲਾਂ ਵੀ ਡੇਰੇ ਵਿਚ ਮੌਜੂਦ ਜਿਹੜੀਆਂ ਕੁੜੀਆਂ ਨੂੰ ਬੁਲਾਇਆ, ਉਨ੍ਹਾਂ ਨਾਲ ਵੀ ਇਹੀ ਕੁਝ ਕੀਤਾ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਕੁੜੀਆਂ ਦੀ ਉਮਰ 35-40 ਸਾਲ ਹੈ ਅਤੇ ਉਹ ਵਿਆਹ ਦੀ ਉਮਰ ਵੀ ਲੰਘਾ ਚੁੱਕੀਆਂ ਹਨ। ਉਨ੍ਹਾਂ ਕੋਲ ਇਸ ਹਾਲਤ ਵਿਚ ਰਹਿਣ ਤੋਂ ਸਿਵਾ ਹੋਰ ਕੋਈ ਰਾਹ ਵੀ ਨਹੀਂ ਬਚਿਆ। ਜ਼ਿਆਦਾਤਰ ਕੁੜੀਆਂ ਪੜ੍ਹੀਆਂ ਲਿਖੀਆਂ ਹਨ ਅਤੇ ਉਨ੍ਹਾਂ ਕੋਲ ਬੀ.ਏ., ਐਮ.ਏ., ਬੀ.ਐਡ. ਆਦਿ ਡਿਗਰੀਆਂ ਹਨ, ਪਰ ਉਹ ਡੇਰੇ ਵਿਚ ਨਰਕ ਭੋਗ ਰਹੀਆਂ ਹਨ। ਸਿਰਫ ਇਸ ਕਰ ਕੇ, ਕਿਉਂਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਮਹਾਰਾਜ ਵਿਚ ਅੰਨ੍ਹੀ ਸ਼ਰਧਾ ਹੈ। ਅਸੀਂ ਚਿੱਟੇ ਕੱਪੜੇ ਪਹਿਨਦੀਆਂ, ਸਿਰ ‘ਤੇ ਪਟਕਾ ਬੰਨ੍ਹਦੀਆਂ, ਮਰਦਾਂ ਵੱਲ ਨਹੀਂ ਦੇਖ ਸਕਦੀਆਂ ਅਤੇ ਮਹਾਰਾਜ ਦੇ ਆਦੇਸ਼ ਮੁਤਾਬਕ, ਬੰਦਿਆਂ ਨਾਲ 5-10 ਫੁੱਟ ਦੀ ਦੂਰੀ ‘ਤੇ ਖਲੋ ਕੇ ਗੱਲ ਕਰਦੀਆਂ ਹਾਂ। ਅਸੀਂ ਦੇਖਣ ਵਾਲਿਆਂ ਨੂੰ ਦੇਵੀਆਂ ਲਗਦੀਆਂ ਹਾਂ, ਪਰ ਅਸੀਂ ਵੇਸਵਾਵਾਂ ਦੀ ਜੂਨ ਭੋਗ ਰਹੀਆਂ ਹਾਂ। ਕਈ ਵਾਰ ਮੈਂ ਆਪਣੇ ਘਰ ਵਾਲਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਡੇਰੇ ਵਿਚ ਸਭ ਕੁਝ ਅੱਛਾ ਨਹੀਂ, ਪਰ ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਡਾਂਟ ਦਿੱਤਾ ਤੇ ਕਿਹਾ ਕਿ ਡੇਰੇ ਤੋਂ ਅੱਛੀ ਥਾਂ ਹੋਰ ਕੋਈ ਨਹੀਂ, ਕਿਉਂਕਿ ਇਥੇ ਅਸੀਂ ਭਗਵਾਨ (ਮਹਾਰਾਜ) ਦੀ ਸੰਗਤ ਵਿਚ ਹਾਂ। ਉਨ੍ਹਾਂ ਕਿਹਾ ਕਿ ਮੈਂ ਡੇਰੇ ਬਾਰੇ ਆਪਣੇ ਮਨ ਵਿਚ ਮੰਦੀ ਸੋਚ ਪੈਦਾ ਕਰ ਲਈ ਹੈ। ਉਨ੍ਹਾਂ ਨੇ ਮੈਨੂੰ ਸਤਿਗੁਰੂ ਦਾ ਜਾਪ ਕਰਨ ਲਈ ਕਿਹਾ।
ਮੈਂ ਇਥੇ ਮਜਬੂਰ ਹਾਂ, ਕਿਉਂਕਿ ਮੈਨੂੰ ਮਹਾਰਾਜ ਦੇ ਹਰ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। ਕਿਸੇ ਕੁੜੀ ਨੂੰ ਦੂਜੀ ਕੁੜੀ ਨਾਲ ਗੱਲ ਕਰਨ ਦੀ ਆਗਿਆ ਨਹੀਂ। ਮਹਾਰਾਜ ਦੇ ਆਦੇਸ਼ਾਂ ਮੁਤਾਬਕ ਕੁੜੀਆਂ ਆਪਣੇ ਘਰਦਿਆਂ ਨਾਲ ਵੀ ਟੈਲੀਫੋਨ ‘ਤੇ ਗੱਲ ਨਹੀਂ ਕਰ ਸਕਦੀਆਂ। ਜੇ ਕੋਈ ਕੁੜੀ ਡੇਰੇ ਦੀ ਅਸਲੀਅਤ ਬਾਰੇ ਕਿਤੇ ਗੱਲ ਕਰੇ ਤਾਂ ਮਹਾਰਾਜ ਦੇ ਆਦੇਸ਼ਾਂ ਮੁਤਾਬਕ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਪਿਛੇ ਜਿਹੇ ਬਠਿੰਡੇ ਦੀ ਇਕ ਕੁੜੀ ਨੇ ਮਹਾਰਾਜ ਦੀਆਂ ਕਰਤੂਤਾਂ ਬਾਰੇ ਦੱਸ ਦਿੱਤਾ। ਇਸ ਤੋਂ ਬਾਅਦ ਸਾਰੀਆਂ ਚੇਲੀਆਂ ਨੇ ਉਸ ਨੂੰ ਕੁਟਾਪਾ ਚਾੜ੍ਹਿਆ। ਰੀੜ੍ਹ ਦੀ ਹੱਡੀ ਵਿਚ ਫਰੈਕਚਰ ਕਾਰਨ ਉਹ ਹਾਲੇ ਵੀ ਬੈੱਡ ‘ਤੇ ਪਈ ਹੋਈ ਹੈ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਡੇਰੇ ਦੀ ਸੇਵਾਦਾਰੀ ਛੱਡ ਦਿੱਤੀ ਅਤੇ ਆਪਣੇ ਘਰ ਚਲੇ ਗਏ। ਉਹ ਮਹਾਰਾਜ ਦੇ ਡਰ ਅਤੇ ਆਪਣੀ ਬਦਨਾਮੀ ਕਾਰਨ ਕਿਸੇ ਨੂੰ ਕੁਝ ਨਹੀਂ ਦੱਸ ਰਿਹਾ।
ਇਸੇ ਤਰ੍ਹਾਂ ਕੁਰੂਕਸ਼ੇਤਰ ਦੀ ਇਕ ਕੁੜੀ ਵੀ ਡੇਰਾ ਛੱਡ ਕੇ ਆਪਣੇ ਘਰ ਚਲੀ ਗਈ। ਜਦੋਂ ਉਸ ਨੇ ਸਾਰੀ ਕਹਾਣੀ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਉਸ ਦੇ ਭਰਾ ਨੇ ਡੇਰਾ ਛੱਡ ਦਿੱਤਾ, ਉਹ ਡੇਰੇ ਵਿਚ ਸੇਵਾਦਾਰ ਵਜੋਂ ਕੰਮ ਕਰਦਾ ਸੀ। ਜਦੋਂ ਸੰਗਰੂਰ ਦੀ ਇਕ ਕੁੜੀ ਡੇਰਾ ਛੱਡ ਕੇ ਆਪਣੇ ਘਰ ਗਈ ਤਾਂ ਉਸ ਡੇਰੇ ਦੇ ਹਥਿਆਰਬੰਦ ਸੇਵਾਦਾਰ/ਗੁੰਡੇ ਕੁੜੀ ਦੇ ਘਰ ਪਹੁੰਚ ਗਏ। ਦਰਵਾਜ਼ਾ ਅੰਦਰ ਬੰਦ ਕਰਨ ਤੋਂ ਬਾਅਦ ਉਨ੍ਹਾਂ ਕੁੜੀ ਨੂੰ ਮਾਰ ਦੇਣ ਦੀ ਧਮਕੀ ਦਿੱਤੀ। ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਕੋਈ ਗੱਲ ਨਹੀਂ ਨਿਕਲਣੀ ਚਾਹੀਦੀ। ਇਸੇ ਤਰ੍ਹਾਂ ਮਾਨਸਾ, ਫ਼ਿਰੋਜ਼ਪੁਰ, ਪਟਿਆਲਾ ਅਤੇ ਲੁਧਿਆਣੇ ਜ਼ਿਲ੍ਹਿਆਂ ਦੀਆਂ ਹੋਰ ਵੀ ਕੁੜੀਆਂ ਹਨ ਜਿਹੜੀਆਂ ਡੇਰੇ ਬਾਰੇ ਕੁਝ ਵੀ ਦੱਸਣ ਤੋਂ ਡਰ ਰਹੀਆਂ ਹਨ। ਉਹ ਭਾਵੇਂ ਡੇਰਾ ਛੱਡ ਚੁੱਕੀਆਂ ਹਨ, ਪਰ ਉਹ ਆਪਣੀ ਜਾਨ ਨੂੰ ਖ਼ਤਰੇ ਦੇ ਡਰੋਂ ਕੁਝ ਵੀ ਨਹੀਂ ਦੱਸ ਰਹੀਆਂ। ਇਸੇ ਤਰ੍ਹਾਂ ਸਿਰਸਾ, ਹਿਸਾਰ, ਫ਼ਤਿਆਬਾਦ, ਹਨੂਮਾਨਗੜ੍ਹ ਅਤੇ ਮੇਰਠ ਜ਼ਿਲ੍ਹਿਆਂ ਦੀਆਂ ਕੁੜੀਆਂ ਡੇਰੇ ਦੇ ਗੁੰਡਿਆਂ ਕਾਰਨ ਆਪਣੇ ਨਾਲ ਹੋਈਆਂ ਕਹਾਣੀਆਂ ਬਾਹਰ ਨਹੀਂ ਕੱਢ ਰਹੀਆਂ।
ਜੇ ਮੈਂ ਆਪਣਾ ਨਾਂ ਦੱਸ ਦੇਵਾਂ ਤਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਮੈਂ ਆਮ ਲੋਕਾਂ ਨੂੰ ਇਹ ਸਚਾਈ ਦੱਸਣਾ ਚਾਹੁੰਦੀ ਹਾਂ, ਕਿਉਂਕਿ ਮੈਂ ਅਜਿਹੀ ਪਰੇਸ਼ਾਨੀ ਬਰਦਾਸ਼ਤ ਨਹੀਂ ਕਰ ਸਕਦੀ, ਪਰ ਮੈਨੂੰ ਆਪਣੀ ਜਾਨ ਦਾ ਖ਼ਤਰਾ ਹੈ। ਜੇ ਪ੍ਰੈੱਸ ਜਾਂ ਕਿਸੇ ਹੋਰ ਏਜੰਸੀ ਜ਼ਰੀਏ ਜਾਂਚ ਕਰਵਾਈ ਜਾਵੇ ਤਾਂ ਡੇਰੇ ਵਿਚ ਰਹਿ ਰਹੀਆਂ 40-50 ਕੁੜੀਆਂ ਸਚਾਈ ਬਿਆਨ ਕਰਨ ਲਈ ਸਾਹਮਣੇ ਆ ਜਾਣਗੀਆਂ। ਸਾਡੀ ਮੈਡੀਕਲ ਜਾਂਚ ਵੀ ਹੋ ਸਕਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਅਸੀਂ ਕੁਆਰੀਆਂ ਚੇਲੀਆਂ ਹਾਂ, ਜਾਂ ਨਹੀਂ। ਜੇ ਅਸੀਂ ਕੁਆਰੀਆਂ ਨਹੀਂ ਤਾਂ ਇਸ ਦੀ ਪੜਤਾਲ ਕੀਤੀ ਜਾਵੇ ਕਿ ਕਿਸ ਨੇ ਸਾਡਾ ਕੁਆਰਾਪਨ ਭੰਗ ਕੀਤਾ। ਇਹ ਗੱਲ ਸਾਹਮਣੇ ਆਏਗੀ ਕਿ ਮਹਾਰਾਜ ਗੁਰਮੀਤ ਰਾਮ ਰਹੀਮ ਸਿੰਘ ਡੇਰਾ ਸੱਚਾ ਸੌਦਾ ਨੇ ਸਾਡੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ। -ਇਕ ਦੁਖੀ ਅਬਲਾ

(ਨੋਟ:- ਇਹ ਚਿੱਠੀ ਪਹਿਲਾਂ ਵੀ ਕਈ ਵਾਰੀ ਅਖਬਾਰਾਂ ਵਚ ਛਪ ਚੁੱਕੀ ਹੈ ਅਤੇ ਹੁਣ ਫਿਰ ਛਪੀ ਹੈ। ਅਸੀਂ ਪਾਠਕਾਂ ਦੀ ਜਾਣਕਾਰੀ ਲਈ ਪੰਜਾਬ ਟਾਈਮਜ਼ ਤੋਂ ਲੈ ਕੇ ਛਾਪ ਰਹੇ ਹਾਂ-ਸੰਪਾਦਕ)

{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.