.


11/27/2022
ਮੇਜਰ ਸਿੰਘ ਬੁਢਲਾਡਾ

'ਸੇਵਾ ਬਨਾਮ ਸਜ਼ਾ'


ਸੇਵਾਦਾਰ ਗੁਰੂ ਘਰ ਜਾਕੇ,
ਸੇਵਾ ਕਰਨ ਲਈ ਤਾਂਘਦਾ ਏ।
ਕੋਈ ਲੰਗਰ ਬਣਾਵੇ ਕੋਈ ਵਰਤਾਵੇ,
ਕੋਈ ਭਾਂਡੇ ਇਥੇ ਮਾਂਜਦਾ ਏ।
ਕੋਈ ਜੁੱਤੀਆਂ ਇਥੇ ਸਾਫ਼ ਕਰਦਾ,
ਕੋਈ ਪੋਚੇ ਇਥੇ ਲਗਾਂਵਦਾ ਏ।
ਕੋਈ ਬਾਣੀ ਸੁਣੇ ਪੜ੍ਹੇ ਇਥੇ,
ਅਨੇਕਾਂ ਕੰਮਾਂ ਵਿੱਚ ਹੱਥ ਵਟਾਂਵਦਾ ਏ।
ਕੋਈ ਧਾਰਮਿਕ ਕੰਮਾਂ ਖਾਤਰ,
ਮਾਇਆ ਦੀ ਰਸ਼ੀਦ ਕਟਾਂਵਾਦਾ ਏ।
ਪਰ 'ਜਥੇਦਾਰ' ਅਪਰਾਧੀਆਂ ਨੂੰ ਮਾਫ਼ੀ ਖਾਤਰ,
ਇਹ 'ਸੇਵਾ' ਕਰਨ ਨੂੰ 'ਸਜ਼ਾ' ਬਤਾਂਵਦਾ ਏ।


ਮੇਜਰ ਸਿੰਘ ਬੁਢਲਾਡਾ
94176 42327


11/05/2022
ਮੇਜਰ ਸਿੰਘ ਬੁਢਲਾਡਾ

 'ਦੂਧੁ ਪੀਉ ਗੋਬਿੰਦੇ ਰਾਇ'

ਦੂਧੁ ਕਟੋਰੈ ਗਡਵੈ ਪਾਨੀ॥
ਕਪਲ ਗਾਇ ਨਾਮੈ ਦੁਹਿ ਆਨੀ॥ 1॥
ਦੂਧੁ ਪੀਉ ਗੋਬਿੰਦੇ ਰਾਇ॥
ਦੂਧੁ ਪੀਉ ਮੇਰੋ ਮਨੁ ਪਤੀਆਇ॥
ਨਾਹੀ ਤ ਘਰ ਕੋ ਬਾਪੁ ਰਿਸਾਇ॥ 1॥ ਰਹਾਉ॥
(ਗੁ.ਗ੍ਰ.ਪੰਨਾ 1163)
ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਐਸੇ ਸ਼ਬਦ ਹਨ, ਜਿਹਨਾਂ ਦੀ ਵਿਆਖਿਆ ਕਰਨ ਵੇਲੇ ਸਾਡੇ ਵੱਡੇ ਵੱਡੇ ਵਿਦਵਾਨ ਵੀ ਚੱਕਰਾਂ ਵਿੱਚ ਪੈ ਗ‌ਏ ਜਾਂਦੇ ਹਨ। ਇਥੋਂ ਤੱਕ ਕਿ ਸਾਡੇ ਸਨਮਾਨਯੋਗ ਮਹਾਨ ਵਿਦਵਾਨ ਵੀ ਕਿਤੇ ਨਾ ਕਿਤੇ ਉਕਾਈ ਖਾ ਗਏ ਨਜ਼ਰ ਆਉਂਦੇ ਹਨ।
ਛੇਤੀ ਕੀਤੇ ਸਮਝ ਵਿੱਚ ਨਾ ਆਉਣ ਵਾਲੇ ਇਹਨਾਂ ਸ਼ਬਦਾਂ ਵਿਚ ਭਗਤ ਨਾਮਦੇਵ ਜੀ ਦੇ ਵੀ ਕਈ ਸ਼ਬਦ ਹਨ, ਜਿੰਨਾ ਵਿਚੋਂ ਉਪਰੋਕਤ ਸ਼ਬਦ (ਪੂਰਾ ਹੇਠ ਲਿਖਿਆ ਹੈ) ਵੀ ਇਕ ਹੈ, ਜਿਸ ਨੂੰ 'ਗੁਰ ਭਗਤ ਮਾਲ' ਅਤੇ ਹੋਰ ਕਈ ਲੇਖਕਾਂ ਦੀਆਂ ਕਿਤਾਬਾਂ ਵਿੱਚ ਦਰਜ਼ ਸਾਖੀਆਂ ਨੂੰ ਗੁਰਮਤਿ ਨਾਲ ਮੇਲ ਨਾ ਖਾਣ ਦੇ ਬਾਵਜੂਦ ਕਥਾਵਾਚਕ ਪ੍ਰਚਾਰਕਾਂ ਵੱਲੋਂ ਅਕਸਰ ਕਰਾਮਾਤ ਦਾ ਪਲੇਥਣ ਲਾਕੇ ਪ੍ਰਚਾਰਿਆ ਜਾ ਰਿਹਾ ਹੈ।
ਕਿਉਂਕਿ ਇਹ ਲੋਕ ਸੁਣੀ ਸੁਣਾਈ ਗੱਲ ਅੱਗੇ ਪ੍ਰਚਾਰਨ ਦੇ ਆਦੀ ਹੋ ਚੁੱਕੇ ਹਨ, ਸੱਚ ਝੂਠ ਦਾ ਨਿਖੇੜਾ ਕਰਨ ਵਾਲਾ ਵੱਡਾ ਕੰਮ ਕਰਨਾ ਬਹੁਤਿਆਂ ਦੇ ਵੱਸ ਦੀ ਗੱਲ ਨਹੀਂ, ਕੁੱਝ ਕਰਨਾ ਨਹੀਂ ਚਾਹੁੰਦੇ।
ਇਸ ਲਈ ਇਹਨਾਂ ਪ੍ਰਚਾਰਕਾਂ ਵੱਲੋਂ ਕੀਤਾ ਜਾ ਰਿਹਾ ਕਰਾਮਾਤੀ ਮਨਘੜਤ ਪ੍ਰਚਾਰ ਗੁਰਮਤਿ ਮੁਤਾਬਿਕ ਹੈ ਜਾਂ ਨਹੀਂ, ਇਸ ਗੱਲ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ ਹੈ।
ਹੈਰਾਨੀ ਦੀ ਗੱਲ ਵੇਖੋ,ਜਦ ਉਪਰੋਕਤ ਸ਼ਬਦ ਦੀ ਵਿਆਖਿਆ ਕਰਦੇ ਹੋਏ ਇਕ ਪਾਸੇ ਭਗਤ ਨਾਮਦੇਵ ਜੀ ਨੂੰ ਮੂਰਤੀ ਨੂੰ ਦੁੱਧ ਪਿਲਾਉਣ ਦੀ ਗੱਲ ਕਰਦੇ ਹਨ, ਦੂਜੇ ਪਾਸੇ ਸਤਿਗੁਰ ਨਾਮਦੇਵ ਜੀ ਦੇ ਹੇਠ ਲਿਖੇ ਸ਼ਬਦ ਰਾਹੀਂ ਮੂਰਤੀ ਪੂਜਾ ਦਾ ਖੰਡਨ ਕਰਦੇ ਹਨ -
" ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥"
(ਗੁ.ਗ੍ਰ. ਪੰਨਾ 485)
ਅਗੇ ਹੋਰ ਸੁਣੋ -
ਏਕੈ ਪਾਥਰ ਕੀਜੈ ਭਾਉ ॥
ਦੂਜੈ ਪਾਥਰ ਧਰੀਐ ਪਾਉ ॥
ਜੇ ਓਹੁ ਦੇਉ ਤ ਓਹੁ ਭੀ ਦੇਵਾ ॥
ਕਹਿ ਨਾਮਦੇਉ ਹਮ ਹਰਿ ਕੀ ਸੇਵਾ
(ਗੁ.ਗ੍ਰ.ਪੰਨਾ 525)
ਇਹ ਕਿਡੀ ਹਾਸੋਹੀਣੀ ਗੱਲ ਹੈ! ਕੁੱਝ ਲੋਕ ਇਹ ਵੀ ਦਲੀਲ ਦਿੰਦੇ ਹਨ, "ਕਿ ਦੁੱਧ ਪਿਲਾਉਣ ਵਾਲੀ ਗੱਲ ਦੀ ਰਵਿਦਾਸ ਜੀ ਵੀ ਗਵਾਹੀ ਭਰਦੇ ਹਨ।"
ਰਵਿਦਾਸ ਜੀ ਕੀ ਕਹਿੰਦੇ ਹਨ ?
"ਨਿਮਤ ਨਾਮਦੇਉ ਦੂਧੁ ਪੀਆਇਆ॥
ਤਉ ਜਗ ਜਨਮ ਸੰਕਟ ਨਹੀ ਆਇਆ॥
ਜਨ ਰਵਿਦਾਸ ਰਾਮ ਰੰਗਿ ਰਾਤਾ॥
ਇਉ ਗੁਰ ਪਰਸਾਦਿ ਨਰਕ ਨਹੀ ਜਾਤਾ॥"
(ਗੁ. ਗ੍ਰ.ਪੰਨਾ 487)
ਜਿਵੇਂ ਬਾਬਾ ਨਾਮਦੇਵ ਜੀ ਦੇ ਸ਼ਬਦ ਦੀ ਗੁਰਮਤਿ ਦੇ ਉਲਟ ਵਿਆਖਿਆ ਕੀਤੀ ਗਈ,ਉਸੇ ਤਰਾਂ ਗੁਰੂ ਰਵਿਦਾਸ ਜੀ ਦੇ ਸ਼ਬਦ ਦੀ ਵੀ ਗੁਰਮਤਿ ਦੇ ਉਲਟ ਵਿਆਖਿਆ ਕੀਤੀ ਗਈ ਹੈ।
ਭਗਤ ਰਵਿਦਾਸ ਜੀ ਦੇ ਇਸ ਸ਼ਬਦ ਵਿੱਚ
"ਨਿਮਤ ਨਾਮਦੇਉ ਦੂਧੁ ਪੀਆਇਆ॥"
ਸ਼ਬਦ- 'ਪੀਆਇਆ' ਮਤਲਬ 'ਪੀ ਆਇਆ' ਹੈ, ਨਾ ਕਿ ਕਿਸੇ ਨੂੰ 'ਪਿਆਇਆ'। ਭਗਤ ਨਾਮਦੇਵ ਜੀ ਨੇ ਇਥੇ ਅੰਮ੍ਰਿਤ ਰੂਪੀ 'ਨਾਮ' ਦੇ ਦੁੱਧ ਦੀ ਗੱਲ ਕੀਤੀ ਗਈ ਹੈ ਨਾ ਕਿ ਕਿਸੇ ਪੱਥਰ ਦੀ ਮੂਰਤੀ ਨੂੰ ਦੁੱਧ ਪਿਆਉਣ ਦੀ ਗੱਲ ਹੈ।
ਹੋਰ ਵਿਚਾਰ ਕਰੋ, ਕੀ ਗੁਰੂ ਰਵਿਦਾਸ ਜੀ ਇਹ ਮੰਨ ਜਾ ਕਹਿ ਸਕਦੇ ਹਨ ਕਿ ਸਤਿਗੁਰੂ ਨਾਮਦੇਵ ਜੀ ਵੱਲੋਂ ਮੂਰਤੀ ਨੂੰ ਦੁੱਧ ਪਿਆਉਣ ਕਰਕੇ ਕੋਈ ਸੰਕਟ ਨਹੀਂ ਆਵੇਗਾ ਜਾਂ ਨਰਕ ਨਹੀਂ ਜਾਵੇਗਾ ?
ਇਥੇ ਇਕ ਹੋਰ ਧਿਆਨ ਤੇ ਵਿਚਾਰਨ ਵਾਲੀ ਵਿਸ਼ੇਸ਼ ਗੱਲ ਇਹ ਹੈ, ਨਾਮਦੇਵ ਜੀ ਦੇ ਉਪਰੋਕਤ ਦੋ ਸ਼ਬਦ ਹਨ, ਪਹਿਲੇ ਸ਼ਬਦ ਨੂੰ ਮੂਰਤੀ ਪੂਜਾ ਦੇ ਹੱਕ ਵਿੱਚ ਮੰਨਿਆ ਜਾ ਰਿਹਾ ਹੈ, ਦੂਜੇ ਨੂੰ ਵਿਰੋਧ ਵਿੱਚ।
ਇਹ ਤਾਂ ਫਿਰ ਆਪਾਂ ਵਿਰੋਧੀ ਗੱਲ ਹੋਈ, ਗੁਰਮਤਿ ਵਿੱਚ ਐਸਾ ਹੋ ‌ਨਹੀਂ ਸਕਦਾ।
ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਬਾਣੀ ਗੁਰਮਤਿ ਅਨੁਸਾਰ ਹੈ, ਗੁਰਮਤਿ ਅਨੁਸਾਰ 'ਮੂਰਤੀ ਪੂਜਾ' ਫੋਕਟ ਕਰਮਕਾਂਡ ਕਰਮ ਹਨ, ਬਾਣੀ ਵਿੱਚ ਇਹਨਾਂ ਦੀ ਰੱਜਕੇ ਵਿਰੋਧਤਾ ਕੀਤੀ ਗਈ ਹੈ।
ਫਿਰ ਇਸ ਦੀ ਸਹੀ ਵਿਆਖਿਆ ਕੀ ਹੈ? ਇਸ ਸ਼ਬਦ ਰਾਹੀਂ ਨਾਮਦੇਵ ਜੀ ਕਹਿਣਾ ਕੀ ਚਾਹੁੰਦੇ ਹਨ ?
ਇਸ ਸ਼ਬਦ ਦੀ ਸਹੀ ਵਿਆਖਿਆ ਦੀ ਖੋਜ ਵਿੱਚ ਦਾਸ ਨੇ ਲੰਮੇ ਸਮੇਂ ਤੋਂ ਕਾਫ਼ੀ ਸਾਰੇ ਵਿਦਵਾਨਾਂ ਦੀਆਂ ਲਿਖਤਾਂ ਨੂੰ ਪੜ੍ਹਿਆ ਤੇ ਵਿਚਾਰਿਆ ਹੈ, ਜਿਸ ਤੋਂ ਬਾਅਦ ਪ੍ਰਚਲਤ ਕਰਾਮਾਤੀ ਸਾਖੀ ਦੇ ਉਲਟ ਜ਼ੋ ਸਾਹਮਣੇ ਆਇਆ ਹੈ, ਉਹ ਇਹ ਹੈ, ਨਾ ਤਾਂ ਨਾਮਦੇਵ ਜੀ ਦੇ ਪਿਤਾ ਜੀ ਨੇ ਘਰ ਅੰਦਰ ਕਿਸੇ ਦੇਵਤੇ ਦੀ ਮੂਰਤੀ ਨਹੀਂ ਰੱਖੀ ਸੀ ਅਤੇ ਨਾ ਹੀ ਕਿਸੇ ਮੰਦਰ ਪੂਜਾ ਕਰਨ ਦੀ ਖੁੱਲ੍ਹ ਸੀ।
ਜਦ ਘਰ ਅੰਦਰ ਮੂਰਤੀ ਹੀ ਨਹੀਂ ਸੀ, ਫਿਰ ਦੁੱਧ ਪਿਆਉਣ ਲਈ ਭਗਤ ਨਾਮਦੇਵ ਜੀ ਨੂੰ ਕਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਨਾਮਦੇਵ ਜੀ ਇਸ ਸ਼ਬਦ ਰਾਹੀਂ ਆਪਣੀ ਅਵਸਥਾ ਬਿਆਨ ਕਰ ਰਹੇ ਹਨ , ਇਸ ਸ਼ਬਦ ਨੂੰ ਸਹੀ ਸਮਝਣ ਲਈ ਸ੍ਰ. ਬਲਦੇਵ ਸਿੰਘ 'ਟੋਰਾਂਟੋ' ਵੱਲੋਂ ਹੇਠ ਲਿਖੀ ਵਿਆਖਿਆ ਬਹੁਤ ਸਹਾਈ ਹੋਵੇਗੀ।
"ਦੂਧੁ ਕਟੋਰੈ ਗਡਵੈ ਪਾਨੀ॥
ਕਪਲ ਗਾਇ ਨਾਮੈ ਦੁਹਿ ਆਨੀ॥ 1॥
ਦੂਧੁ ਪੀਉ ਗੋਬਿੰਦੇ ਰਾਇ॥
ਦੂਧੁ ਪੀਉ ਮੇਰੋ ਮਨੁ ਪਤੀਆਇ॥
ਨਾਹੀ ਤ ਘਰ ਕੋ ਬਾਪੁ ਰਿਸਾਇ॥ 1॥ ਰਹਾਉ॥
ਸ+ਇਨ ਕਟੋਰੀ ਅੰਮ੍ਰਿਤ ਭਰੀ॥
ਲੈ ਨਾਮੈ ਹਰਿ ਆਗੈ ਧਰੀ॥ 2॥
ਏਕੁ ਭਗਤੁ ਮੇਰੇ ਹਿਰਦੇ ਬਸੈ॥
ਨਾਮੇ ਦੇਖਿ ਨਰਾਇਨੁ ਹਸੈ॥ 3॥
ਦੂਧੁ ਪੀਆਇ ਭਗਤ ਘਰਿ ਗਇਆ॥
ਨਾਮੇ ਹਰਿ ਕਾ ਦਰਸਨੁ ਭਇਆ॥ 4॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1163
ਪਦ ਅਰਥ
ਦੂਧੁ – ਆਤਮਿਕ ਤੌਰ ਤੇ ਬਲਵਾਨ ਕਰ ਦੇਣ ਵਾਲਾ ਨਾਮ ਰੂਪੀ ਦੁੱਧ
ਕਟੋਰੈ – ਹਿਰਦੇ ਰੂਪੀ ਕਟੋਰੇ ਵਿੱਚ
ਗਡਵੈ – ਗਡ ਤੋਂ ਗਡਵੈ ਹੈ – ਗਡ ਦਾ ਅਰਥ ਹੈ ਗਿਆਨ – ਗਿਆਨ ਦੇ ਰਾਹੀ
ਪਾਨੀ – ਪਾਨ ਤੋਂ ਹੈ - ਪਾਨ ਦਾ ਮਤਲਬ ਜਿੱਤ, ਫ਼ਤਿਹ – ਫ਼ਤਿਹ ਪ੍ਰਾਪਤ ਕਰਨੀ, ਪ੍ਰਾਪਤ ਕੀਤੀ
ਕਪਲ – ਆਤਮਿਕ
ਗਾਇ – ਗਿਆਨ
ਕਪਲ ਗਾਇ – ਆਤਮਿਕ ਗਿਆਨ
ਨਾਮੈ – ਨਾਮ ਦੀ ਬਖ਼ਸ਼ਿਸ਼ ਦੁਆਰਾ
ਦੁਹਿ – ਦੋਹਣ ਕਿਰਿਆ ਭਾਵ ਪ੍ਰਾਪਤੀ
ਗੋਬਿੰਦੇ ਰਾਇ – ਪਾਲਕ ਅਤੇ ਰੱਖਿਅਕ
ਨਾਮੈ ਦੁਹਿ – ਨਾਮ ਦੁਆਰਾ ਪ੍ਰਾਪਤੀ
ਪਤੀਆਇ – ਤ੍ਰਿਪਤ ਹੋ ਜਾਣਾ
ਆਨੀ – ਆਨ ਤੋਂ ਹੈ (ਸਵਾਦ, ਲੱਜਤ, ਸੁੰਦਰਤਾ)
ਘਰ ਕੋ ਬਾਪੁ – ਹਿਰਦੇ ਰੂਪੀ ਘਰ ਦਾ ਮਾਲਕ
ਰਿਸਾਇ – ਨਰਾਜ ਕਰਨਾ
ਸ+ਇਨ ਕਟੋਰੀ – ਹਿਰਦੇ ਰੂਪੀ ਪਵਿੱਤਰ ਕਟੋਰੀ
ਅੰਮ੍ਰਿਤ ਭਰੀ – ਅੰਮ੍ਰਿਤ ਨਾਲ ਭਰਪੂਰ
ਏਕੁ ਭਗਤੁ – ਇਕੁ ਦੀ ਬੰਦਗੀ, ਸਿਮਰਨ
ਬਸੈ – ਵਸ ਜਾਣਾ
ਨਰਾਇਨੁ ਹਸੈ – ਪ੍ਰਭੂ ਦਾ ਪ੍ਰਸੰਨ ਹੋਣਾ
ਪ੍ਰਭ ਹਸਿ ਬੋਲੇ ਕੀਏ ਨਿਆਂਏਂ
ਗੁਰੂ ਗ੍ਰੰਥ ਸਾਹਿਬ, ਪੰਨਾ 1347
ਭਗਤ – ਸਿਮਰਨ
ਘਰਿ ਆਇਆ – ਹਿਰਦੇ ਰੂਪੀ ਘਰ ਵਿੱਚ ਟਿਕ ਗਿਆ
ਪੀਆਇ – ਅਰਥ ਬਖ਼ਸ਼ਿਸ਼ ਰੂਪ ਲੈਣੇ ਹਨ ਕਿਉਂਕਿ ਨਾਮ ਰੂਪੀ ਦੁੱਧ ਬਖ਼ਸ਼ਿਸ਼ ਦੁਆਰਾ ਹੀ ਪ੍ਰਾਪਤ ਹੁੰਦਾ ਹੈ, ਪੀਤਾ ਜਾ ਸਕਦਾ ਹੈ।
ਅਰਥ
ਹਿਰਦੇ ਰੂਪੀ ਕਟੋਰੇ ਵਿੱਚ ਜੋ ਆਤਮਿਕ ਗਿਆਨ ਰੂਪੀ ਦੁੱਧ ਹੈ, ਆਤਮਿਕ ਗਿਆਨ ਰਾਹੀਂ ਹੀ ਇਸ ਦੀ ਪ੍ਰਾਪਤੀ ਹੋ ਸਕਦੀ ਹੈ। ਆਤਮਿਕ ਗਿਆਨ ਰਾਹੀਂ ਹੀ ਇਹ ਸਵਾਦ, ਨਾਮ ਦੀ ਬਖ਼ਸ਼ਿਸ਼ ਦੁਆਰਾ ਚੱਖਿਆ ਜਾ ਸਕਦਾ ਹੈ। ਇਸ ਕਰਕੇ ਨਾਮਦੇਵ ਤਾਂ ਇਹੀ ਪ੍ਰੇਰਨਾ ਹੋਰਨਾਂ ਨੂੰ ਵੀ ਕਰਦੇ ਹਨ ਕਿ ਪਾਲਕ, ਰੱਖਿਅਕ ਪ੍ਰਭੂ ਦੀ ਬਖ਼ਸ਼ਿਸ਼ ਦੁਆਰਾ ਬਖ਼ਸ਼ਿਸ਼ ਰੂਪੀ ਦੁੱਧ ਪੀਉ। ਉਸ ਪਾਲਕ, ਰੱਖਿਅਕ ਦੀ ਬਖ਼ਸ਼ਿਸ਼ ਦੇ ਨਾਮ ਰੂਪੀ ਦੁੱਧ ਪੀਣ ਨਾਲ ਮੇਰਾ ਮਨ ਤ੍ਰਿਪਤ ਹੋ ਗਿਆ ਹੈ। ਅਜਿਹਾ ਨਾਂਹ ਕਰਨ ਤੋਂ ਬਗ਼ੈਰ ਉਸ ਹਿਰਦੇ ਰੂਪੀ ਘਰ ਦੇ ਮਾਲਕ ਬਾਪੁ ਬੀਠੁਲ ਸੁਆਮੀ ਦੀ ਨਰਾਜ਼ਗੀ ਸਹੇੜਨ ਦੇ ਬਰਾਬਰ ਹੈ। ਨਾਮਦੇਵ ਨੇਂ ਤਾਂ ਹਿਰਦੇ ਰੂਪੀ ਕਟੋਰੀ ਜੋ ਅੰਮ੍ਰਿਤ ਰੂਪੀ ਦੁੱਧ ਨਾਲ ਭਰਪੂਰ ਹੈ, ਆਤਮਿਕ ਗਿਆਨ ਰਾਹੀਂ ਪ੍ਰਾਪਤ ਕਰਕੇ ਵਾਹਿਗੁਰੂ ਨਰਾਇਣ ਅੱਗੇ ਆਪਾ ਭੇਟ ਕਰਕੇ ਅਰਦਾਸ ਕੀਤੀ ਕਿ ਤੇਰੀ ਇਕੁ ਦੀ ਬੰਦਗੀ ਸਿਮਰਨ ਮੇਰੇ ਹਿਰਦੇ ਰੂਪੀ ਕਟੋਰੀ ਵਿੱਚ ਟਿਕ ਜਾਵੇ। ਫਿਰ ਨਾਮਦੇਵ ਦੀ ਇਹ ਅਰਦਾਸ ਦੇਖ ਕੇ ਨਾਰਾਇਣ ਨਾਮਦੇਵ ਤੇ ਪ੍ਰਸੰਨ ਹੋਇਆ ਅਤੇ ਉਸ ਦੀ ਪ੍ਰਸੰਨਤਾ ਨਾਲ ਹਿਰਦੇ ਰੂਪੀ ਕਟੋਰੀ ਜੋ ਅੰਮ੍ਰਿਤ ਰੂਪੀ ਦੁੱਧ ਨਾਲ ਭਰਪੂਰ ਹੈ, ਵਿੱਚ ਸਿਮਰਨ ਟਿਕ ਗਿਆ। ਇਸ ਤਰਾਂ ਨਾਮਦੇਵ ਜੀ ਨੂੰ ਹਰੀ ਦਰਸ਼ਨ ਹੋਏ ਭਾਵ ਨਾਮਦੇਵ ਜੀ ਨੇ ਸੱਚ ਨੂੰ ਜਾਣ ਲਿਆ।
ਨੋਟ – ਨਾਮਦੇਵ ਜੀ ਵਲੋਂ ਪ੍ਰੇਰਨਾ ਹੈ ਕਿ ਜੇਕਰ ਇਹ ਆਤਮਿਕ ਗਿਆਨ ਰੂਪੀ ਬਖ਼ਸ਼ਿਸ਼ ਅਸੀਂ ਪ੍ਰਾਪਤ ਨਹੀਂ ਕਰਦੇ ਤਾਂ ਉਹ ਨਰਾਜ਼ ਹਨ। ਜੇਕਰ ਅਤਾਮਿਕ ਗਿਆਨ ਦਾ ਬਖ਼ਸ਼ਿਸ਼ ਰੂਪੀ ਦੁੱਧ ਤੁਸੀ ਪੀਉਗੇ ਤਾਂ ਉਹ ਪ੍ਰਸੰਨ ਹਨ।"
ਮੇਜਰ ਸਿੰਘ 'ਬੁਢਲਾਡਾ'
94176 42327


10/15/2022
ਹਜ਼ਾਰਾ ਸਿੰਘ

ਕੁੱਕੀ ਗਿੱਲ ਵਲੋਂ ਸਿੱਖ ਨੌਜਵਾਨਾਂ ਨੂੰ ਬੀਤੇ ਤੋਂ ਸਬਕ ਸਿੱਖਣ ਲਈ ਗੁਹਾਰ ਪੰਜਾਬ ਲਈ ਨਰੋਇਆ ਸਿਆਸੀ ਬਿਰਤਾਂਤ ਸਿਰਜਣ ਦੀ ਕਾਮਨਾ


ਹਜ਼ਾਰਾ ਸਿੰਘ
ਮਿਸੀਸਾਗਾ, ਕੈਨੇਡਾ
647-685-5997
ਕੁੱਕੀ ਗਿੱਲ ਨੇ ਆਪਣੇ ਜਿੰਦਗੀ ਭਰ ਦੇ ਕੜਵੇ ਤਜਰਬੇ ਦੇ ਆਧਾਰ `ਤੇ ਬਣੀ ਸਮਝ ਨਾਲ ਪੰਜਾਬ ਵਿਚਲੇ ਹਾਲਾਤਾਂ ਬਾਰੇ ਜਿਸ ਬੇਬਾਕੀ ਨਾਲ ਬੋਲਿਆ ਹੈ, ਇਹ ਉਸਦੀ ਇਸ ਖਿੱਤੇ ਦੇ ਲੋਕਾਂ ਵਾਸਤੇ ਪਰਉਪਕਾਰ ਵਰਗੀ ਸੇਵਾ ਹੈ। ਵਗ ਰਹੇ ਜਜ਼ਬਾਤੀ ਵਹਿਣ ਦੇ ਰੋੜ੍ਹ ਨੂੰ ਠਰੰਮੇ ਦੀ ਅਹਿਮੀਅਤ ਯਾਦ ਕਰਾਉਣ ਵਾਲੇ ਕੁੱਕੀ ਕੋਲ ਐਸਾ ਕਰਨ ਦੀ ਜੁਅੱਰਤ ਦੇ ਨਾਲ ਨਾਲ ਇਖਲਾਕੀ ਆਧਾਰ ਵੀ ਹੈ। ਕੁੱਕੀ ਤੋਂ ਬਿਨਾ ਇਹ ਦੋਵੇਂ ਸ਼ਰਤਾਂ ਪੂਰੀਆਂ ਕਰਨ ਵਾਲੇ ਬੰਦੇ ਵੀ ਵਿਰਲੇ-ਟਾਂਵੇਂ ਹੀ ਰਹਿ ਗਏ ਹਨ। ਕੁੱਕੀ ਨੇ ਪੰਜਾਬ ਦੇ ਦਰਦ ਦੀਆਂ ਜੜ੍ਹਾਂ ਫਰੋਲਣ ਦੀ ਵੰਗਾਰ ਪਾ ਕੇ ਨੌਜੁਆਨੀ ਨੂੰ ਭਾਵੁਕ ਵਹਿਣ ਤੋਂ ਬਚ ਕੇ ਕੁੱਝ ਠੋਸ ਸਿਰਜਣ ਦੀਆਂ ਤਰਬਾਂ ਛੇੜੀਆਂ ਹਨ। ਉਹ ਅਜੋਕੇ ਅਤਿ ਗੰਭੀਰ ਸੰਕਟ ਦੇ ਅਸਲ ਡੂੰਘੇ ਸਮਾਜਕ-ਰਾਜਨੈਤਿਕ ਕਾਰਨਾਂ ਬਾਰੇ ਅਜੇ ਵੀ ਕਿਤੇ-ਕਿਤੇ ਅਸਪਸ਼ਟਤਾ ਦੇ ਬਾਵਜੂਦ ਇੱਕੋ ਵੇਲੇ ਮਸਲੇ ਦੀਆਂ ਕਈ ਪਰਤਾਂ ਨਾਲ ਬੌਧਿਕ ਭੇੜ ਛੇੜ ਕੇ ਪੰਥਕ ਰਾਜਨੀਤੀ ਦੇ ਪੈਂਤੜਿਆਂ ‘ਤੇ ਐਸੇ ਸਵਾਲ ਚੁੱਕਦਾ ਹੈ, ਜੋ ਪਿਛਲੇ ਸੌ ਸਾਲ ਦੀ ਸਿੱਖ ਰਾਜਨੀਤੀ ਨੂੰ ਸਿਰ-ਪਰਨੇ ਖੜ੍ਹਾ ਕਰ ਦਿੰਦੇ ਹਨ।
ਲੋਕਾਂ ਨੂੰ ਭਾਵੁਕ ਕਰਨ ਲਈ ਸਿੱਖ ਆਗੂਆਂ ਵੱਲੋਂ ਘੜੇ ਗਏ ਖੋਖਲੇ ਪ੍ਰਵਚਨਾਂ ਕਾਰਨ ਵੀ ਪੰਜਾਬ ਦਾ ਕੋਈ ਸਪੱਸ਼ਟ ਸਿਆਸੀ ਬਿਰਤਾਂਤ ਸਿਰਜਿਆ ਨਹੀ ਜਾ ਸਕਿਆ। ਕੁੱਕੀ ਨੇ ‘ਕੌਮ ਗੁਲਾਮ ਹੈ’ ਵਾਲਾ ਪ੍ਰਵਚਨ ਉਸਾਰਨ ਵਾਲਿਆਂ ਨੂੰ ਗੁਲਾਮੀ ਅਤੇ ਗੁਲਾਮਾਂ ਦੇ ਅਰਥ ਸਮਝਣ ਲਈ ਸਵਾਲ ਕੀਤਾ ਹੈ ਕਿ ਉਹ ਗੁਲਾਮੀ ਵਾਲਾ ਗਲਤ ਪ੍ਰਵਚਨ ਕਿਉਂ ਉਸਾਰ ਰਹੇ ਹਨ। ਜੇਕਰ ਸਿੱਖਾਂ ਨੂੰ ਉਨ੍ਹਾਂ ਦੀ ਪਸੰਦ ਦਾ ਰਾਜ ਨਹੀਂ ਮਿਲਿਆ ਤਾਂ ਕੀ ਸਿੱਖ ਗੁਲਾਮ ਹੋ ਗਏ? ਗੁਲਾਮੀ ਵਾਲਾ ਪ੍ਰਵਚਨ ਸਿੱਖਾਂ ਦੇ ਜਜ਼ਬਾਤਾਂ ਨੂੰ ਵਕਤੀ ਤੌਰ ‘ਤੇ ਤਾਅ ਦੇਣ ਲਈ ਵਰਤਿਆ ਗਿਆ ਹੈ ਅਤੇ ਵਰਤਿਆ ਜਾ ਰਿਹਾ ਹੈ। ਇਹ ਆਪਣੇ ਲੋਕਾਂ ਨਾਲ ਧੋਖਾ ਹੈ ਅਤੇ ਸਿਆਸੀ ਸੂਝ ਬੂਝ ਦੀ ਘਾਟ ਦਾ ਸਬੂਤ ਹੈ। ‘ਸਿੱਖ ਕੌਮ ਇਕ ਗੁਲਾਮੀ ਤੋਂ ਦੂਸਰੀ ਗੁਲਾਮੀ ਤਕ’ ਬਿਰਤਾਂਤ ਸਿਰਜਣ ਵਾਲੇ ਕਥਿਤ ਚਿੰਤਨੀ ਬਰਿਗੇਡ ਨੂੰ ਪੁਰਾਣੇ ਰੋਮਨ ਗੁਲਾਮਾਂ ਜਾਂ ਅਮਰੀਕਾ ਦੇ ਕਾਲੇ ਗੁਲਾਮਾਂ ਦੀ ਭਿਆਨਕ ਕਥਾ ਦਾ ਕੀ ਪਤਾ ਨਹੀਂ ਹੈ ਕਿ ਅਸਲ ਗੁਲਾਮੀ ਕੀ ਹੁੰਦੀ ਹੈ? ਸਿੱਖਾਂ ਦੀ ਗੁਲਾਮੀ ਦਾ ਬਿਰਤਾਂਤ ਸਿਰਜਣ ਵਾਲੇ ਚਿੰਤਕ/ਇਤਿਹਾਸਕਾਰ ਨੇ ਸਾਰਾ ਜੋਰ ਲਗਾ ਕੇ ਕੁੱਕੀ ਦੀ ਜਿਵੇਂ ਬੇਸਿਰ ਤੇ ਬੇਅਸੂਲੀ ਆਲੋਚਨਾ ਕੀਤੀ ਹੈ ਉਹ ਗੈਰਜਿੰਮੇਵਾਰੀ ਦੀ ਹੱਦ ਹੈ, ਪਰੰਤੂ ਤਸੱਲੀ ਦੀ ਗੱਲ ਹੈ ਕਿ ਇਸ ਮੌਕੇ ਅਜਮੇਰ ਸਿੰਘ ਦੇ ਪੁਰਾਣੇ ਸਾਥੀ ਅਤੇ ਭੇਤੀ ਮਾਲਵਿੰਦਰ ਸਿੰਘ ਮਾਲੀ ਨੇ ਉਸ ਦੀ ਇਸ ਸ਼ਰਾਰਤ ਦਾ ਇਕ ਵਾਰ ਮੁੜ ਸਮੇਂ ਸਿਰ ਸਖਤ ਨੋਟਿਸ ਲੈਂਦਿਆਂ ਨੌਜਵਾਨੀ ਨੂੰ ਆਤਮਘਾਤੀ ਰਾਹ ਪੈਣ ਤੋਂ ਬਚਾਉਣ ਲਈ ਉਸੇ ਤਰ੍ਹਾਂ ਦਾ ਪਰਉਪਕਾਰ ਕੀਤਾ ਹੈ, ਜਿਸ ਤਰ੍ਹਾਂ ਦਾ ਪਰਉਪਕਾਰ ਉਸਨੇ ਇਤਿਹਾਸਕ ਕਿਰਸਾਨੀ ਅੰਦੋਲਨ ਦੇ ਪ੍ਰਵਚਨੀ ਬਿਰਤਾਂਤਕ ‘ਬਾਗ’ ਦੀ ਮਾਲੀ ਵਾਂਗ ਲਗਾਤਾਰ ਪਹਿਰੇਦਾਰੀ ਕਰਕੇ ਕੀਤਾ ਸੀ। ਕੁੱਕੀ ਅਤੇ ਮਾਲੀ ਦੋਹਾਂ ਦਾ ਨੌਜੁਆਨਾਂ ਨੂੰ ਸੁਝਾਅ ਹੈ ਕਿ ਉਹ ਨਾਹਰੇ-ਨੁਮਾ ਨਿਰਆਧਾਰ ਪ੍ਰਵਚਨਾਂ ਨੂੰ ਅੱਖਾਂ ਮੀਟ ਕੇ ਅੰਤਿਮ ਸੱਚ ਮੰਨਣ ਦੀ ਥਾਂ ਇਨ੍ਹਾਂ ਬਾਰੇ ਡੂੰਘਾ ਅਧਿਐਨ ਕਰਨ, ਸੰਵਾਦ ਰਚਾਉਣ ਅਤੇ ਕੋਈ ਠੋਸ ਸਿਆਸੀ ਬਿਰਤਾਂਤ ਘੜਨ।
ਪਿਛਲੇ ਲੰਮੇ ਸਮੇ ਤੋਂ, ‘ਨਿੱਤ ਤਰਥੱਲ ਰਹੇ ਜਿੰਦਾਬਾਦ ਗਾਜਕੇ’ ਦੇ ਵਰਤਾਰੇ ਅਨੁਸਾਰ ਚੱਲ ਰਹੀ ਸਿੱਖ ਰਾਜਨੀਤੀ ਵਿੱਚ ਟਕਰਾ ਦੀ ਭਾਵਨਾ ਭਾਰੂ ਰਹੀ ਹੈ। ਕੁੱਕੀ ਅਨੁਸਾਰ ਰਾਜਨੀਤੀ ਵਿੱਚ ਕਦੇ-ਕਦਾਈਂ ਕੋਈ ਮੌਕਾ ਟਕਰਾ ਵਾਲਾ ਆ ਵੀ ਸਕਦਾ ਪਰ ਹਮੇਸ਼ਾਂ ਟਕਰਾ ਦੀ ਰਾਜਨੀਤੀ ਠੀਕ ਨਹੀ। ਕੁੱਕੀ ਜ਼ੋਰ ਦੇ ਕੇ ਕਹਿ ਰਿਹਾ ਹੈ, ਹੁਣ ਟਕਰਾ ਦੀ ਥਾਂ ਵਿਚਾਰ ਦੀ ਰਾਜਨੀਤੀ ਉਭਾਰਨ ਦੀ ਜ਼ਰੂਰਤ ਹੈ, ਹੁਣ ਟਕਰਾ ਦਾ ਸਮਾਂ ਨਹੀ ਹੈ। ਜੋ ਲੋਕ ਹੁਣ ਵੀ ਨੌਜੁਆਨਾਂ ਨੂੰ ਟਕਰਾ ਦੇ ਰਾਹ ਤੋਰਨ ਦੀ ਗੱਲ ਕਰ ਰਹੇ ਹਨ, ਉਹ ਅਨਾੜੀ ਹਨ। ਟਕਰਾ ਦੇ ਰਸਤੇ ‘ਤੇ ਕੌਮ ਨੂੰ ਝੋਕਣਾ ਸਿਆਣੇ ਲੀਡਰ ਦਾ ਕੰਮ ਨਹੀਂ ਹੈ। ਗਲਤ ਬੁਣੇ ਸਿਆਸੀ ਬਿਰਤਾਂਤ ਕੌਮਾਂ ਦੀ ਖੁਆਰੀ ਦਾ ਕਾਰਨ ਬਣਦੇ ਹਨ। ਸਿੱਖ ਰਾਜ ਪ੍ਰਾਪਤ ਕਰਨ ਦੀ ਲੋਚਾ ਰੱਖਣ ਵਾਲਿਆਂ ਅੱਗੇ ਗੰਭੀਰ ਪ੍ਰਸ਼ਨ ਰੱਖਦਾ ਹੋਇਆ ਕੁੱਕੀ ਪੁੱਛਦਾ ਹੈ ਕਿ ਕੀ ਕਾਰਨ ਹੈ ਕਿ ਨਾਗਾਲੈਂਡ ਦੇ ਲੋਕਾਂ ਨੂੰ ਤਾਂ 1832 ਵਿੱਚ ਖੁੱਸਿਆ ਰਾਜ ਹਾਸਿਲ ਕਰਨ ਲਈ ਆਪਣਾ ਰਾਜਸੀ ਬਿਰਤਾਂਤ ਯਾਦ ਹੈ ਪਰ ਕੌਮ ਕੁਟਵਾਉਣ ਵਾਲੇ ਸਿੱਖ ਆਗੂਆਂ ਨੇ 1849 ਭੁਲਾ ਦਿੱਤਾ? ਹੁਣ ਰਾਜ ਦੀ ਗੱਲ ਕਰਨ ਵਾਲਿਆਂ ਨੂੰ ਪੰਜਾਬ ਸਿਰਜਣ ਵਾਸਤੇ ਸਿਧਾਂਤਕ ਬਿਰਤਾਂਤ ਬੁਣਨ ਦੀ ਲੋੜ ਹੈ, ਉਹ ਪੰਜਾਬ ਜਿਸ ਵਿੱਚ ਸਿੱਖਾਂ ਤੋਂ ਬਿਨਾਂ ਹੋਰ ਭਾਈਚਾਰਿਆਂ ਦੇ ਲੋਕ ਵੀ ਰਹਿੰਦੇ ਹਨ।
ਕੁੱਕੀ ਅਕਾਲੀ ਦਲ ਵੱਲੋਂ ਸਿੱਖ ਪੰਥ ਦੇ ਨਾਂ ਤੇ ਕੀਤੀ ਟਕਰਾ ਵਾਲੀ ਸਵਾਰਥੀ ਰਾਜਨੀਤੀ ਦੀ ਸਿਧਾਂਤਕ ਕਾਣ ਤੇ ਡੂੰਘਾ ਸਵਾਲ ਕਰਦਾ ਹੋਇਆ ਪੁੱਛਦਾ ਹੈ ਕਿ ਐਮਰਜੈਂਸੀ ਖਿਲਾਫ ਮੋਰਚਾ ਲਾ ਕੇ ਵੈਰ ਸਹੇੜਨ ਦੀ ਕੀ ਲੋੜ ਸੀ? ਐਮਰਜੈਂਸੀ ਤੋਂ ਬਾਅਦ ਬਣੀ ਸਰਕਾਰ ਤੋਂ ਪੰਜਾਬ ਲਈ ਕੀ ਹਾਸਿਲ ਕੀਤਾ? ਜੇ ਗੱਲ ਸਿਧਾਂਤ ਦੀ ਸੀ ਤਾਂ ਹੁਣ ਅਣਐਲਾਨੀ ਐਮਰਜੈਂਸੀ ਬਾਰੇ ਅਕਾਲੀ ਦਲ ਚੁੱਪ ਕਿਉਂ ਹੈ?
ਅਕਾਲੀ ਦਲ ਵੱਲੋਂ 1849 ਭੁਲਾ ਕੇ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੀਹ ਨੂੰ ਕੁੱਕੀ ਅਨਾੜੀ ਰਾਜਨੀਤੀ ਸਮਝਦਾ ਹੈ। ਅਕਾਲੀ ਦਲ ਨੇ ਸਪੱਸ਼ਟ ਰਾਜਨੀਤਕ ਬਿਰਤਾਂਤ ਸਿਰਜਣ ਦੀ ਬਜਾਇ ਜਿਸ ਸਵਾਰਥੀ ਤੇ ਗੈਰ ਸਿਧਾਂਤਕ ਰਾਜਨੀਤੀ ਦਾ ਖੇਲ੍ਹ ਖੇਲ੍ਹਿਆ ਹੈ, ਕੁੱਕੀ ਉਸਨੂੰ ਪੰਥ ਅਤੇ ਪੰਜਾਬ ਨਾਲ ਗਦਾਰੀ ਗਰਦਾਨਦਾ ਹੈ। ਉਹ ਲੋਕਾਂ ਨੂੰ 1984 ਦੀ ਪੀੜ ਵਿੱਚ ਧੱਕ ਕੇ ਲੌਂਗੋਵਾਲ ਵੱਲੋਂ ਕੀਤੇ ਸਮਝੌਤੇ ਨੂੰ ਪੰਜਾਬ ਵੇਚਣ ਤੁੱਲ ਸਮਝਦਾ ਹੈ ਅਤੇ ਲੌਂਗੋਵਾਲ ਦੀ ਫੋਟੋ ਸਿੱਖ ਅਜਾਇਬ ਘਰ ਵਿੱਚ ਲਗਵਾਉਣ ਵਾਲੇ ਸਿੱਖ ਪੰਥ ਦੇ ਚੌਧਰੀਆਂ ਦੀ ਅਸਪਸ਼ਟ ਸਮਝ ‘ਤੇ ਪ੍ਰਸ਼ਨਚਿੰਨ੍ਹ ਲਗਾਉਂਦਾ ਹੈ। ਬਾਦਲ ਤੇ ਜਥੇਦਾਰ ਟੌਹੜਾ ਸਿੱਖ ਕੌਮ ਦੇ ਕਿਸ ਕਿਸਮ ਦੇ ਰਹਿਨੁਮਾ ਸਨ, ਜੋ ਇਕ ਪਾਸੇ ਰਾਜੀਵ-ਲੋਂਗੋਵਾਲ ਸਮਝੌਤੇ ਨੂੰ ਪੰਜਾਬ ਦੇ ਹਿੱਤਾਂ ਨਾਲ ਗੱਦਾਰੀ ਆਖੀ ਗਏ ਅਤੇ ਨਾਲ ਹੀ ਸਮਝੌਤੇ ‘ਤੇ ਸਹੀ ਪਾ ਕੇ ਸੁਰਜੀਤ ਸਿੰਘ ਬਰਨਾਲਾ ਵਰਗੇ ਪਹਾੜਾ ਸਿੰਘ ਨਾਲੋਂ ਵੀ ਵਡੇ ਗੱਦਾਰ ਦੀ ਅਗਵਾਈ ਹੇਠ ਚੋਣ ਮੈਦਾਨ ਅੰਦਰ ਵੀ ਕੁਦ ਪਏ।
ਪੰਥ ਦੇ ਨਾਂ `ਤੇ ਰਾਜਨੀਤੀ ਕਰਨ ਵਾਲੇ ਅਕਾਲੀ ਚੌਧਰੀਆਂ ਦੀ ਸਿਧਾਂਤਕ ਕੰਗਾਲੀ ‘ਤੇ ਸਵਾਲ ਉਠਾਉਂਦਾ ਕੁੱਕੀ ਪੁਛਦਾ ਹੈ ਕਿ ਅਨੰਦਪੁਰ ਦੇ ਮਤੇ ਅਨੁਸਾਰ ਰਾਜਾਂ ਲਈ ਵੱਧ ਅਧਿਕਾਰਾਂ ਦਾ ਮੋਰਚਾ ਲਾਉਣ ਵਾਲੇ ਜੰਮੂ ਕਸ਼ਮੀਰ ਦਾ ਸੂਬਾ ਤੋੜੇ ਜਾਣ ‘ਤੇ ਵਧਾਈਆਂ ਕਿਸ ਮੂੰਹ ਨਾਲ ਦੇ ਰਹੇ ਸਨ? ਇੱਥੇ ਇਹ ਜਿ਼ਕਰ ਕਰਨ ਯੋਗ ਹੋਵੇਗਾ ਕਿ ਅਕਾਲੀ ਦਲ ਵੱਲੋਂ ਲਗਾਏ ਧਰਮ ਯੁੱਧ ਮੋਰਚੇ ਵਿੱਚ ਜੰਮੂ ਕਸ਼ਮੀਰ ਤੋਂ ਡਾ: ਫਾਰੂਖ ਅਬਦੁੱਲਾ ਮੋਰਚੇ ਦੀ ਹਮਾਇਤ ਕਰਨ ਅੰਮ੍ਰਿਤਸਰ ਵੀ ਆਇਆ ਸੀ, ਪਰ ਸੁਖਬੀਰ ਬਾਦਲ ਨੇ ਧਾਰਾ 370 ਤੋੜੇ ਜਾਣ ਦੀ ਹਮਾਇਤ ਕੀਤੀ ਸੀ।
ਆਮ ਆਦਮੀ ਪਾਰਟੀ ਦੀ ਸਰਕਾਰ ਜਿਵੇਂ ਦਿੱਲੀ ਹਾਈ ਕਮਾਨ ਵੱਲੋਂ ਚਲਾਈ ਜਾ ਰਹੀ ਹੈ, ਕੁੱਕੀ ਇਸਨੂੰ ਪੰਜਾਬ ਦੀ ਹੇਠੀ ਸਮਝਦਾ ਹੋਇਆ ਇਸਨੂੰ ਦਿੱਲੀ ਦਰਬਾਰੀਆਂ ਦੀ ਸਰਕਾਰ ਆਖਦਾ ਹੈ। ਪੰਜਾਬ ਦੇ ਸਵੈਮਾਣ ‘ਤੇ ਮਾਰੀ ਜਾ ਰਹੀ ਇਸ ਸੱਟ ਕਾਰਨ ਉਹ ਪੰਜਾਬੀਆਂ ਨੂੰ ਸਵਾਲ ਕਰਦਾ ਹੈ ਕਿ ਕੀ ਅਸੀਂ ਦਿੱਲੀ ਦਰਬਾਰੀਆਂ ਦੀ ਸਰਕਾਰ ਚੁਣੀ ਸੀ ਜਾਂ ਪੰਜਾਬੀਆਂ ਦੀ। ਕੁੱਕੀ ਆਸਵੰਦ ਹੈ ਕਿ ਪੰਜਾਬ ਸਿਰਜਣ ਵਾਲੇ ਜਜ਼ਬੇ ਦਾ ਸਮੁੰਦਰ ਫਿਰ ਭਰੇਗਾ ਅਤੇ ਸਾਡੇ ਕਿਨਾਰਿਆਂ ‘ਤੇ ਘਰ ਬਣਾਉਣ ਦੀ ਲੋਚਾ ਰੱਖਣ ਵਾਲੇ ਦਿੱਲੀ ਦਰਬਾਰੀਆਂ ਨੂੰ ਭਾਜੜਾਂ ਪੈਣਗੀਆਂ। ਪੰਜਾਬ ਉਸਾਰਨ ਲਈ ਉਹ ਨੌਜੁਆਨਾਂ ਨੂੰ ਗੰਭੀਰ ਸੰਵਾਦ ਰਚਾਉਣ ਦੀ ਪ੍ਰੇਰਣਾ ਕਰਦਾ ਹੋਇਆ ਹਥਿਆਰਾਂ ਦੀ ਜੰਗ ਦੀ ਥਾਂ ਵਿਚਾਰਾਂ ਦੀ ਜੰਗ ਛੇੜਨ ਦਾ ਸੁਝਾ ਦਿੰਦਾ ਹੈ।
ਕੁੱਕੀ ਨੌਜੁਆਨਾਂ ਨੂੰ ਸੁਚੇਤ ਕਰਦਾ ਹੋਇਆ ਆਖਦੈ ਕਿ 1984 ਵਿੱਚ ਹਥਿਆਰ ਚੁੱਕਣ ਦੀ ਜੋ ਅਣਸਰਦੀ ਲੋੜ ਸੀ ਉਹ ਹੁਣ ਨਹੀਂ ਹੈ। ਕੁੱਕੀ ਨਹੀਂ ਚਾਹੁੰਦਾ, ਕੋਈ ਆਪਣੇ ਰਾਜਸੀ ਮਨੋਰਥ ਲਈ ਨੌਜੁਆਨਾਂ ਨੂੰ ਬਲੀ ਦੇ ਬੱਕਰਿਆਂ ਵਾਂਗ ਵਰਤ ਜਾਏ। ਕਈ ਜੋਸ਼ੀਲੇ ਨੌਜੁਆਨ ਕੁੱਕੀ ਦੀ ਇਸ ਗੱਲੋਂ ਆਲੋਚਨਾ ਵੀ ਕਰਦੇ ਹਨ। ਐਸੇ ਨੌਜੁਆਨਾਂ ਨੂੰ ਸਮਝਾਉਣ ਲਈ ਕੁੱਕੀ ਇਸ ਬਿਖੜੇ ਪੈਂਡੇ ਦੀਆਂ ਦੁਸ਼ਵਾਰੀਆਂ ਬਾਰੇ ਦੱਸਦਾ ਹੈ ਅਤੇ ਸਮੇ ਦੀ ਲੋੜ ਅਨੁਸਾਰ ਚਿੰਤਨ-ਮੰਥਨ ਕਰਕੇ ਕੋਈ ਪਾਏਦਾਰ ਪੰਜਾਬ ਪੱਖੀ ਧਿਰ ਖੜ੍ਹੀ ਕਰਨ ਵੱਲ ਤੁਰਨ ਦਾ ਬਦਲ ਸੁਝਾਉਂਦਾ ਹੈ। ਭਾਈ ਕੁੱਕੀ ਵਾਂਗ ਕਿਸੇ ਸਮੇ ਸਿਰਦਾਰ ਕਪੂਰ ਸਿੰਘ ਨੇ ਵੀ ਸਰਦਾਰ ਗਜਿੰਦਰ ਸਿੰਘ ਹੁਰਾਂ ਨੂੰ ਜਹਾਜ਼ ਅਗਵਾ ਕਰਨ ਵਰਗੀ ਮਾਅਰਕੇਬਾਜ਼ੀ ਤੋਂ ਵਰਜਿਆ ਸੀ। ਪਰ, “ਸ਼ਾਹ ਮੁਹੰਮਦਾ ਵਰਜ ਨਾਂ ਜਾਂਦਿਆਂ ਨੂੰ, ਫੌਜਾਂ ਹੋਇ ਮੁਹਾਣੀਆਂ ਕਦ ਮੁੜੀਆਂ”, ਸਰਦਾਰ ਗਜਿੰਦਰ ਸਿੰਘ ਹੁਰੀਂ ਜਹਾਜ਼ ਅਗਵਾ ਕਰਨੋ ਨਾਂ ਟਲੇ। ਸਿਰਦਾਰ ਕਪੂਰ ਸਿੰਘ ਜਿਨ੍ਹਾਂ ਨੂੰ ਕੌਮ ਵਾਸਤੇ ਕੁੱਝ ਕਰਨ ਲਈ ਤਿਆਰ ਕਰਨ ਵਾਸਤੇ ਰਾਜਸੀ ਫਲਸਫੇ ਦੇ ਡੂੰਘੇ ਭੇਦ ਸਮਝਾ ਰਿਹਾ ਸੀ, ਉਹ ਜਹਾਜ਼ ਅਗਵਾ ਕਰਕੇ ਜਲਾਵਤਨੀ ਦੀ ਖੁਆਰੀ ਸਹੇੜ ਕੇ ਬੈਠ ਗਏ। ਸਿਰਦਾਰ ਨੇ ਇਸਨੂੰ ਬਚਕਾਨਾ ਕੰਮ ਆਖਿਆ ਸੀ। ਹੁਣ 41 ਸਾਲਾਂ ਬਾਅਦ ਪਾਕਿਸਤਾਨ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਗਜਿੰਦਰ ਸਿੰਘ ਨੂੰ ਰਾਜਸੀ ਸ਼ਰਨ ਦੇ ਦੇਵੇ।
ਟਕਰਾ ਦੀ ਰਾਜਨੀਤੀ ਦੀ ਥਾਂ ਕੋਈ ਸਿਧਾਂਤਕ ਬਿਰਤਾਂਤ ਵਾਲੀ ਰਾਜਨੀਤੀ ਉਸਾਰਨ ਲਈ ਕੁੱਕੀ ਵਾਂਗ ਸਿਰਦਾਰ ਕਪੂਰ ਸਿੰਘ ਵੀ ਅਕਾਲੀਆਂ ਉੱਪਰ ਜ਼ੋਰ ਪਾਉਂਦਾ ਰਿਹਾ। ਉਸਦਾ ਵੀ ਇਹੋ ਕਹਿਣਾ ਸੀ ਕਿ ਜੇਕਰ ਸਿੱਖ ਸੋਚਦੇ ਹੋਣ ਕਿ ਉਹ ਡਰਾ-ਧਮਕਾ ਕੇ ਜਾਂ ਚਾਲਾਕੀ ਨਾਲ ਕੁੱਝ ਪ੍ਰਾਪਤ ਕਰ ਲੈਣਗੇ ਤਾਂ, ‘ਉਹ ਦਿਨ ਡੁਬਾ ਜਦ ਘੋੜੀ ਚੜ੍ਹਿਆ ਕੁੱਬਾ’ । ਸਿਰਦਾਰ ਕਪੂਰ ਸਿੰਘ ਦਾ ਇਹੋ ਮੱਤ ਸੀ ਕਿ ਕੁਰਬਾਨੀਆਂ ਨਾਲ ਰਾਜ ਲੈਣ ਦੀ ਗੱਲ ਕਰਨ ਦੀ ਥਾਂ ਰਾਜਨੀਤੀ ਵਿੱਚ ਉਹ ਲੋਕ ਲੈ ਕੇ ਆਓ ਜੋ ਇਸ ਖੇਲ੍ਹ ਨੂੰ ਸਮਝਦੇ ਹੋਣ। ਸਮਝ ਵਿਹੂਣੇ ਤੱਤੇ ਅਨਸਰਾਂ ਨੂੰ ਉਨ੍ਹਾਂ ਇਹ ਗੱਲ ਯਾਦ ਰਖਣ ਲਈ ਕਿਹਾ ਸੀ ਕਿ ਜੇ ਸਿਰ ਦਿੱਤਿਆਂ ਹੀ ‘ਕੌਮੀ ਘਰ’ ਬਣਨੇ ਹੁੰਦੇ ਤਾਂ ਹੁਣ ਤਕ ਇਕ ਨਹੀਂ ਅਣਗਿਣਤ ‘ਬਕਰਸਿਤਾਨ’ ਬਣ ਗਏ ਹੁੰਦੇ।
ਪੰਜਾਬ ਅਤੇ ਪੰਜਾਬੀਆਂ ਦੀ ਮੌਜੂਦਾ ਮਾੜੀ ਹਾਲਤ ਦਾ ਕਾਰਨ ਕਹਿਣੀ ਅਤੇ ਕਰਨੀ ਵਿਚਲਾ ਫਰਕ ਹੈ। ਗੁਮਰਾਹਕੁਨ ਨਾਹਰੇ ਲਾ ਕੇ ਲੁੱਟ ਮਚਾਉਣ ਵਾਲੇ ਜਾਈ ਜਾ ਰਹੇ ਹਨ ਅਤੇ ਨਵੇਂ ਆ ਰਹੇ ਹਨ। ਰਵਾਇਤੀ ਧਿਰਾਂ ਦੀ ਥਾਂ ਖਾਲਿਸਤਾਨ ਦੇ ਨਾਹਰੇ ਤੇ ਰਾਜਨੀਤੀ ਕਰਨ ਵਾਲੇ ਵੀ ਨਾਹਰਿਆਂ ਤੋਂ ਅੱਗੇ ਨਹੀ ਗਏ। ਹਰ ਮਸਲੇ ਵਿੱਚ ਯੂ ਐਨ ਓ ਦਾ ਦਖਲ ਮੰਗਣ ਵਾਲਾ ਸਿਮਰਨਜੀਤ ਮਾਨ ਐਮ ਪੀ ਦੀ ਚੋਣ ਵੇਲੇ ਦੀਪ ਸਿੱਧੂ ਅਤੇ ਮੂਸੇਵਾਲੇ ਦੇ ਕਤਲ ਦੀ ਜਾਂਚ ਵੀ ਯੂ ਐਨ ਓ ਤੋਂ ਕਰਾਉਣ ਦੀ ਵੱਡੀ ਗੱਲ ਕਰਦਾ ਸੀ। ਕੁੱਕੀ ਪੁੱਛਦਾ ਹੈ ਕਿ ਹੁਣ ਐਮ ਪੀ ਬਣ ਕੇ ਲੋਕ ਸਭਾ ਵਿੱਚ ਜਾਂਚ ਦੇ ਮੁੱਦਿਆਂ ਬਾਰੇ ਮਾਨ ਕਿਉਂ ਨਹੀ ਬੋਲਿਆ? ਗੱਲ ਸਾਫ ਹੈ ਯੂ ਐਨ ਓ ਵਰਗੀਆਂ ਵੱਡੀਆਂ ਗੱਲਾਂ ਵੀ ਲੋਕਾਂ ਨੂੰ ਭਰਮਾਉਣ ਲਈ ਕੀਤੀਆਂ ਜਾਂਦੀਆਂ ਹਨ। ਭਲਾ ਕਿਸੇ ਐਕਸੀਡੈਂਟ ਦੀ ਯੂ ਐਨ ਓ ਕੀ ਜਾਂਚ ਕਰੂ? ਕੁੱਕੀ ਨੌਜੁਆਨਾਂ ਨੂੰ ਐਸੀ ਭਰਮਾਊ ਸਿਆਸਤ ਤੋਂ ਸਾਵਧਾਨ ਰਹਿਣ ਲਈ ਆਖਦਾ ਹੈ।
ਰੈਫਰੈਂਡਮ ਵਾਲਿਆਂ ਦੀ ਜਥੇਬੰਦੀ ਤੇ ਭਾਰਤ ਵਿੱਚ ਗੈਰਕਨੂੰਨੀ ਹੈ। ਪਰ ਉਹ ਚੋਰੀ-ਛੁਪੇ ਕਿਸੇ ਨਾਂ ਕਿਸੇ ਕੰਧ ‘ਤੇ ਨਾਹਰੇ ਲਿਖ ਕੇ ਖਾਲਿਸਤਾਨ ਲੈਣ ਦਾ ਭਰਮ ਸਿਰਜ ਰਹੇ ਹਨ। ਕੁੱਕੀ ਸਵਾਲ ਕਰਦਾ ਹੈ ਕਿ ਕੀ ਇਸ ਤਰਾਂ ਕੰਧਾਂ ਕਾਲੀਆਂ ਕਰਨ ਨਾਲ ਖਾਲਿਸਤਾਨ ਬਣ ਜਾਊ? ਇਸ ਵਾਸਤੇ ਕਿਸੇ ਪਾਏਦਾਰ ਜਥੇਬੰਦੀ ਦੀ ਲੋੜ ਹੈ ਜਿਸਦਾ ਕੋਈ ਠੋਸ ਰਾਜਨੀਤਕ ਨਜ਼ਰੀਆ ਅਤੇ ਆਧਾਰ ਹੋਵੇ।
ਕੁੱਕੀ ਕਿਸੇ ਜਥੇਬੰਦੀ ਵੱਲੋਂ ਔਰਤਾਂ-ਮਰਦਾਂ ਦੀ ਨਿੱਜੀ ਆਜ਼ਾਦੀ ਵਿੱਚ ਕਿਸੇ ਦਖਲਅੰਦਾਜ਼ੀ ਦਾ ਹਾਮੀ ਨਹੀ ਹੈ। ਮੁੜ ਸਿਰਜਿਆ ਜਾਣ ਵਾਲਾ ਪੰਜਾਬ ਸਾਰੇ ਪੰਜਾਬੀਆਂ ਦਾ ਹੈ, ਨਾਂ ਕੇਵਲ ਸਿੱਖਾਂ ਦਾ। ਕੁੱਕੀ ਦੇ ਨਜ਼ਰੀਏ ਤੋਂ ਬਾਬੇ ਨਾਨਕ ਦੇ ਸਰਬ ਸਾਂਝੀਵਾਲਤਾ ਵਾਲੇ ਸਮਾਜ, ਗੁਰਾਂ ਦੇ ਨਾਂ ਤੇ ਵਸਦੇ ਪੁਰਨ ਸਿੰਘ ਦੇ ਪੰਜਾਬ, ‘ਜਿੱਥੇ ਨਾਂ ਵੈਰ ਕੋਈ, ਜਿੱਥੇ ਨਾਂ ਗੈਰ ਕੋਈ’, ਦੀ ਝਲਕ ਪੈਂਦੀ ਹੈ।
ਕੁੱਲ ਮਿਲਾ ਕੇ ਕੁੱਕੀ ਅਤੇ ਮਾਲੀ ਇੱਕੋ ਵੇਲੇ ਪੰਜਾਬ ਵਿਚਲੀਆਂ ਕਈ ਬੇਤੁਕੀਆਂ ਧਾਰਾਵਾਂ, ਬੇਸਿਰ ਪੈਰ ਧਾਰਨਾਵਾਂ, ਭਾਵੁਕ ਵਹਿਣ ਦਾ ਲਾਹਾ ਲੈਣ ਵਾਲੀਆਂ ਧਿਰਾਂ ਨੂੰ ਆਪਣੇ ਇਖਲਾਕੀ ਧਰਾਤਲ ਤੋਂ ਸਵਾਲਾਂ ਜ਼ਰੀਏ ਵੰਗਾਰ ਰਹੇ ਹਨ ਅਤੇ ਭਾਵੁਕ ਹੋ ਕੇ ਵਰਤੇ ਜਾਣ ਵਾਲੇ ਨੌਜੁਆਨਾਂ ਨੂੰ ਵਿਚਾਰਾਂ ਦੀ ਦੁਨੀਆਂ ਵਿੱਚ ਠਿੱਲ ਕੇ ਨਰੋਆ ਪੰਜਾਬ ਸਿਰਜਣ ਵਾਸਤੇ ਸੰਵਾਦ ਜ਼ਰੀਏ ਕੋਈ ਜਥੇਬੰਦਕ ਬਾਨਣੂੰ ਬੰਨ੍ਹਣ ਦੀ ਸੇਧ ਵੱਲ ਇਸ਼ਾਰਾ ਕਰ ਰਹੇ ਹਨ।
ਅੰਤਿਕਾ: ਅੰਮ੍ਰਿਤਪਾਲ ਸਿੰਘ ਦੇ ਵਰਤਾਰੇ ਪਿਛੇ ਕੇਂਦਰੀ ਹਕੂਮਤ ਦੀ ਕਿਸੇ ਸਾਜਿਸ਼ ਦਾ ਖੁਫੀਆ ਏਜੰਸੀਆ ਦਾ ਹੱਥ ਹੋਣ ਬਾਰੇ ਕਿਆਸਆਰਾਈਆਂ ਲਾਉਣ ਦੀ ਕੋਈ ਤੁਕ ਨਹੀਂ ਹੈ, ਉਸ ਪਿਛੇ ਜਿਹੜੀਆਂ ਧਿਰਾਂ ਹੋ ਸਕਦੀਆਂ ਹਨ, ਉਨ੍ਹਾਂ ਦੀ ਚੀਰ-ਫਾੜ੍ਹ ਪੰਜਾਬੀ ਬਾਗ ਦੇ ਮਾਲੀ ਨੇ ਕਿਸੇ ਤਜਰਬੇਕਾਰ ਸੱਜਣ ਵਾਗੂੰ ਬਾਖੂਬੀ ਕਰ ਦਿਤੀ ਹੈ। ਬਾਦਲ /ਕੈਪਟਨ ਤੇ ਹੁਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਦਾ ਨੰਗ ਵੀ ਇਨ੍ਹਾਂ ਸੱਜਣਾਂ ਨੇ ਬੜੀ ਬੇਬਾਕੀ ਨਾਲ ਨੰਗਾ ਕੀਤਾ ਹੈ। ਵੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਨੌਜਵਾਨ ਇਨ੍ਹਾਂ ਸੱਜਣਾਂ ਦੀਆਂ ਨਸੀਹਤਾਂ ਵਲ ਕੋਈ ਧਿਆਨ ਦਿੰਦੇ ਹਨ ਕਿ ਨਹੀਂ।

(ਧੰਨਵਾਦ ਸਹਿਤ ਪੰਜਾਬ ਟਾਈਮਜ਼ ਵਿਚੋਂ)


09/25/2022
ਅਵਤਾਰ ਸਿੰਘ ਮਿਸ਼ਨਰੀ

ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਮਰਹੂਮ ਸ੍ਰ. ਪਾਲ ਸਿੰਘ ਪੁਰੇਵਾਲ ਨੂੰ ਨਿੱਘ੍ਹੀ ਸ਼ਰਧਾਂਜਲੀ!


ਵੀਹਵੀਂ ਸਦੀ ਦੇ ਅਸਲੀ ਖੋਜੀ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ, ਸਿੱਖ ਕੈਲੰਡਰ ਰਾਹੀਂ ਸਿੱਖ ਕੌਮ ਦੀ ਵੱਖਰੀ ਨੈਸ਼ਲਟੀ ਦਰਸਾਉਣ ਵਾਲੇ ਗੁਰਮੁਖ ਵਿਦਵਾਨ, ਫਖਰੇ ਕੌਮ ਸਰਦਾਰ ਪਾਲ ਸਿੰਘ ਪੁਰੇਵਾਲ ਦੇ ਅਕਾਲ ਚਲਾਣੇ ਤੇ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਐ ਜੋ ਆਪਣੀ ਘਾਲ ਕਮਾਈ ਰਾਹੀਂ ਇਤਿਹਾਸ ‘ਚ ਸਦਾ ਅਮਰ ਰਹਿਣਗੇ! ਸ਼੍ਰੋਮਣੀ ਕਮੇਟੀ ਨੂੰ ਡੇਰੇਦਾਰਾਂ ਦੀ ਥਾਂ ਐਸੇ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸੱਚਖੰਡ ਵਾਸੀ ਮਰਹੂਮ ਵਿਦਵਾਨ ਸ੍ਰ. ਪਾਲ ਸਿੰਘ ਪੁਰੇਵਾਲ ਦੀ ਯਾਦਗਾਰੀ ਤਸਵੀਰ ਕੇਂਦਰੀ ਸਿੱਖ ਅਜਾਇਬ-ਘਰ ‘ਚ ਸ਼ਸ਼ੋਭਤ ਕਰਨੀ ਚਾਹੀਦੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਕੇ ਕੌਮੀ ਏਕਤਾ ਤੇ ਨਿਰਾਲੀ ਸ਼ਾਨ ਪੈਦਾ ਕਰਨੀ ਚਾਹੀਦੀ ਹੈ।

ਕੁਝ ਵਿਦੇਸ਼ੀ ਸੁਹਿਰਦ ਸਿੱਖ ਜਥੇਬੰਦੀਆਂ, ਵਿਦਵਾਨ ਆਗੂਆ ਤੇ ਲਿਖਾਰੀਆਂ ਜਿਵੇਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ, ਵਰਲਡ ਸਿੱਖ ਫੈਡਰੇਸ਼ਨ, ਸਿੰਘ ਸਭਾ ਅਮਰੀਕਾ, ਪੰਜਾਬੀ ਰੇਡੀਓ ਕਨੇਡਾ, ਮਿਸ਼ਨਰੀ ਸਰਕਲਾਂ ਆਦਿਕ ਦੇ ਸੇਵਕਾਂ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ, ਸ੍ਰ. ਚਮਕੌਰ ਸਿੰਘ ਫਰਿਜਨੋ, ਡਾ. ਗੁਰਦੀਪ ਸਿੰਘ ਹੋਮਿਓਪੈਥਿਕ, ਸ੍ਰ. ਤ੍ਰਿਲੋਚਨ ਸਿੰਘ ਦੁਪਾਲਪੁਰ, ਮਿਸ਼ਨਰੀ ਕਾਲਜ ਰੋਪੜ ਦੇ ਫਾਊਂਡਰ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ, ਭਾਈ ਪ੍ਰਕਾਸ਼ ਸਿੰਘ ਫੀਰੋਜਪੁਰੀ ਤੇ ਰਾਗੀ ਜਸਵਿੰਦਰ ਸਿੰਘ ਇੰਡੀਆਨਾ, ਸ੍ਰ. ਹਰਬਖਸ਼ ਸਿੰਘ ਰਾਓਕੇ, ਡਾ. ਗੁਰਮੀਤ ਸਿੰਘ ਬਰਸਾਲ, ਪ੍ਰੋ. ਮੱਖਨ ਸਿੰਘ ਤੇ ਨਾਨਕਸ਼ਾਹੀ ਕੈਲੰਡਰ ਦੇ ਮਾਹਰ ਵਿਦਵਾਨ ਚਿੰਤਕ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ. ਜਸਮਿੱਤਰ ਸਿੰਘ ਮੁਜੱਫਰਪੁਰ, ਸ਼ਬਦ ਸੱਚੀ ਟਕਸਾਲ ਦੇ ਸ੍ਰ ਜੁਗਰਾਜ ਸਿੰਘ ਤੇ ਭਾਈ ਸੁਖਦੇਵ ਸਿੰਘ ਪਹੂਵਿੰਡ ਸਾਰਿਆਂ ਵੱਲੋਂ ਸੱਚਖੰਡਵਾਸੀ ਸ੍ਰ. ਪਾਲ ਸਿੰਘ ਪੁਰੇਵਾਲ ਨੂੰ ਨਿੱਘ੍ਹੀ ਸ਼ਰਧਾਂਜਲੀ ਭੇਟ ਕਰਦੇ ਹੋਏ ਕਾਮਨਾ ਕਰਦੇ ਹਾਂ ਕਿ ਸਤਿਗੁਰੂ ਉਨ੍ਹਾਂ ਦੇ ਸਰੀਰਕ ਵਿਛੋੜੇ ਦਾ ਪ੍ਰਵਾਰ, ਸਬੰਧੀਆਂ ਤੇ ਦੋਸਤਾਂ ਮਿੱਤਰਾਂ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਸਿੱਖ ਆਗੂ ਤੇ ਵਿਦਵਾਨ ਕੌਮ ਦੇ ਅਸਲੀ ਨਾਨਕਸ਼ਾਹੀ ਕੈਲੰਡਰ ਦੀ ਅਹਿਮੀਅਤ ਨੂੰ ਸਮਝ ਕੇ ਇਸ ਨੂੰ ਲਾਗੂ ਕਰਨ!


09/03/2022
ਮੇਜਰ ਸਿੰਘ ਬੁਢਲਾਡਾ

"ਭਗਤਿ ਕਰਤ ਨਾਮਾ ਪਕਰਿ ਉਠਾਇਆ"

ਹਸਤ ਖੇਲਤ ਤੇਰੇ ਦੇਹੁਰੇ ਆਇਆ॥
ਭਗਤਿ ਕਰਤ ਨਾਮਾ ਪਕਰਿ ਉਠਾਇਆ॥ ੧॥
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥
ਛੀਪੇ ਕੇ ਜਨਮਿ ਕਾਹੇ ਕਉ ਆਇਆ॥ ੧॥ ਰਹਾਉ॥
ਲੈ ਕਮਲੀ ਚਲਿਓ ਪਲਟਾਇ॥
ਦੇਹੁਰੈ ਪਾਛੈ ਬੈਠਾ ਜਾਇ॥ ੨॥
ਜਿਉ ਜਿਉ ਨਾਮਾ ਹਰਿ ਗੁਣ ਉਚਰੈ॥
ਭਗਤ ਜਨਾਂ ਕਉ ਦੇਹੁਰਾ ਫਿਰੈ॥ ੩॥(ਪੰਨਾ 1164)

ਗੁਰੂ ਗ੍ਰੰਥ ਸਾਹਿਬ ਅੰਦਰ ਉਪਰੋਕਤ ਸ਼ਬਦ, ਪ੍ਰਚਾਰਕਾ ਵੱਲੋਂ ਇਸ ਤਰਾਂ ਪ੍ਰਚਾਰਿਆ ਜਾ ਰਿਹਾ ਕਿ " ਭਗਤ ਨਾਮਦੇਵ ਜੀ, ਉਂਝ ਮੰਦਰ ਤਾਂ ਨਹੀਂ ਜਾਂਦੇ ਸੀ,ਪਰ ਇਕ ਦਿਨ ਮੌਜ ਵਿਚ ਆਕੇ ਕਿਤੇ ਮੰਦਰ ਵਿੱਚ ਚਲੇ ਗਏ, ਤਾਂ ਪੰਡਤਾਂ ਨੇ ਨਾਮਦੇਵ ਜੀ ਨੂੰ ਧੱਕੇ ਮਾਰਕੇ ਮੰਦਰ ਵਿਚੋਂ ਬਾਹਰ ਕੱਢ ਦਿੱਤਾ ਅਤੇ ਨੀਚ ਨੀਚ ਕਹਿਕੇ ਬੜਾ ਅਪਮਾਨਿਤ ਕੀਤਾ ਗਿਆ। ਨਾਮਦੇਵ ਜੀ, ਨਿਰਾਸ਼ ਹੋਕੇ ਮੰਦਰ ਦੇ ਮਗਰਲੇ ਪਾਸੇ ਆਕੇ ਬੈਠ ਗਏ, ਪ੍ਰਮਾਤਮਾ ਅਕਾਲ ਪੁਰਖ ਅੱਗੇ ਬੇਨਤੀ ਕੀਤੀ, ਤਾਹਨੇ ਮਿਹਣੇ ਵੀ ਮਾਰੇ। ਆਖਿਰ ਪ੍ਰਮਾਤਮਾ ਨੇ ਨਾਮਦੇਵ ਜੀ ਦੀ ਬੇਨਤੀ ਮਨਜ਼ੂਰ ਕਰਕੇ ਇਸ ਮੰਦਰ ਦੇਹੁਰੇ ਨੂੰ ਘੁਮਾ (ਫੇਰ) ਦਿਤਾ, ਮੰਦਰ ਦਾ ਮੂੰਹ ਨਾਮਦੇਵ ਜੀ ਵੱਲ ਅਤੇ ਪਿੱਛਾ ਪੰਡਿਆਂ ਵੱਲ ਹੋ ਗਿਆ।"
ਇਹ ਪ੍ਰਚਲਤ ਸਾਖੀ ਨੂੰ ਪੜ੍ਹ ਸੁਣਕੇ ਇਸ ਤਰਾਂ ਮਹਿਸੂਸ ਹੁੰਦਾ, ਜਿਵੇਂ ਨਾਮਦੇਵ ਜੀ ਇਕ ਮਾਸੂਮ ਜਾ, ਭੋਲਾ-ਭਾਲਾ, ਸਿੱਧਾ-ਸਾਧਾ ਜਿਹਾ ਆਮ ਇਨਸਾਨ ਹੋਵੇ।
ਪਰ ਜਦੋਂ ਸਤਿਗੁਰੂ ਨਾਮਦੇਵ ਜੀ ਦੀ ਹੋਰ ਬਾਣੀ ਪੜ੍ਹਦੇ ਹਾਂ, ਤਾਂ ਪਤਾ ਲਗਦਾ ਹੈ, ਨਾਮਦੇਵ ਜੀ,ਇਕ ਉੱਚ ਕੋਟੀ ਦਾ ਮਹਾਨ ਵਿਦਵਾਨ,ਜ਼ੁਲਮ ਨਾਲ ਮੱਥਾ ਲਾਉਣ ਵਾਲਾ ਸੰਘਰਸ਼ਸ਼ੀਲ ਯੋਧਾ ਹੋਇਆ ਹੈ।
ਜਿਹੜਾ ਇਹ ਕਹਿਣ ਦੀ ਹਿੰਮਤ ਰੱਖਦਾ ਸੀ -
ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ।। (ਪੰਨਾ 525)
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥ ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥
ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ (ਪੰਨਾ 874-875)
ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥(ਪੰਨਾ 1159)
'ਮਨੂੰਵਾਦੀ' ਲਾਣੇ ਤੇ ਇਸ ਤਰਾਂ ਕੀਤੀ ਗਈ ਚੋਟ ਕੋਈ ਛੋਟੀ ਗੱਲ ਨਹੀਂ ਹੈ, ਜਵਾਂ ਅਗਲੇ ਦੇ ਹੱਡ ਤੇ ਮਾਰੀ ਆ।
ਦੁਸ਼ਮਣ ਨੂੰ ਚੈਲੰਜ ਕਰਨ ਵਾਲਾ ਅਤੇ ਮਨੂੰਵਾਦ ਦੀਆਂ ਧੱਜੀਆਂ ਉਡਾਉਣ ਵਾਲਾ ਨਾਮਦੇਵ ਜੀ, ਮੌਜ ਵਿੱਚ ਆਕੇ ਮੰਦਰ ਚਲਾ ਗਿਆ ਹੋਵੇ; ਇਹ ਗੱਲ ਮੰਨੀ ਨਹੀਂ ਜਾ ਸਕਦੀ।
ਸੱਚ ਅਤੇ ਝੂਠ ਦੀ ਅਸਲੀਅਤ ਸ਼ਰੇਆਮ ਲੋਕਾਂ ਸਾਹਮਣੇ ਰੱਖਣ ਵਾਲੇ ਸੂਰਬੀਰ ਸੰਤ ਨਾਮਦੇਵ ਜੀ ਦੇ ਇਸ ਸ਼ਬਦ ਨੂੰ ਫਿਰ ਤੋਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ-
*ਹਸਤ ਖੇਲਤ ਤੇਰੇ ਦੇਹੁਰੇ ਆਇਆ॥
ਭਗਤਿ ਕਰਤ ਨਾਮਾ ਪਕਰਿ ਉਠਾਇਆ॥"
ਨਾਮਦੇਵ ਜੀ,ਅਕਾਲ ਪੁਰਖ ਨੂੰ ਕਹਿ ਰਹੇ ਹਨ,
ਤੇਰੇ ਦੇਹੁਰੇ ਆਇਆ।
ਪੰਡਤਾਂ ਵਾਲੇ ਦੇਹੁਰੇ (ਮੰਦਰ) ਵਾਰੇ ਤਾਂ ਸਤਿਗੁਰੂ ਨਾਮਦੇਵ ਜੀ ਕਹਿ ਰਹੇ ਨੇ-
"ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ।"
ਨਾਮਦੇਵ ਜੀ ਤਾਂ ਪੰਡਿਆਂ ਵਾਲੇ ਦੇਹੁਰੇ ਨੂੰ ਮੰਨਦੇ ਹੀ ਨਹੀਂ, ਫਿਰ ਉਥੇ ਜਾਣ ਦਾ ਕੀ ਮਤਲਬ ?
'ਭਗਤਿ'-ਬੰਦਗੀ,
'ਕਰਤ' ਦਾ ਮਤਲਬ ਟੋਆ ਨੌਬਤ ਆਦਿ (ਮਹਾਨ ਕੋਸ਼ ਪੰਨਾ 302)
ਹੇ ਮਾਲਕ ਤੁਸੀਂ ਮੇਰੀ ਬੰਦਗੀ ਤੋਂ ਖੁਸ਼ ਹੋਕੇ, ਨੌਬਤ (ਦੁੱਖਾਂ) ਦੇ ਟੋਏ ਵਿਚੋਂ ਮੈਨੂੰ ਬਾਂਹ ਪਕੜਕੇ ਉਠਾ ਲਿਆ।
*ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥
ਛੀਪੇ ਕੇ ਜਨਮਿ ਕਾਹੇ ਕਉ ਆਇਆ॥ ੧॥ ਰਹਾਉ॥
ਹੇ ਜਾਦਿਮ ਰਾਇਆ,ਹੇ ਮੇਰੇ ਮਾਲਕਾ! ਤੂੰ ਨਾ ਤਾਂ ਮੇਰੀ ਹੀਨੜੀ (ਨੀਵੀਂ)ਜਾਤ ਵਾਰੇ ਤਾਂ ਪੁੱਛਿਆ ਹੀ ਨਹੀਂ, ਨਾ ਇਹ ਪੁੱਛਿਆ ਤੇਰਾ ਜਨਮ ਛੀਪੇ( ਛੀਬੇ) ਦਾ ਘਰ ਦਾ ਹੈ,ਇਥੇ ਕਾਹਦੇ ਵਾਸਤੇ ਆਇਆਂ?
*ਲੈ ਕਮਲੀ ਚਲਿਓ ਪਲਟਾਇ॥
ਦੇਹੁਰੈ ਪਾਛੈ ਬੈਠਾ ਜਾਇ॥"
'ਕਮਲੀ' ਦਾ ਮਤਲਬ, ਦੀਵਾਨੀ, ਸਿਰੜੀ,ਦ੍ਰਿੜ੍ਹ ਵਿਸ਼ਵਾਸ ਕਰਨਾ। (ਮਹਾਨ ਕੋਸ਼ 299)
ਲੈ ਕਮਲੀ ; ਦ੍ਰਿੜ੍ਹ ਵਿਸ਼ਵਾਸ ਕਰਕੇ ਚਲਣ ਵਾਲੀ ਜਿੰਦ।
ਜ਼ੋ ਵੀ ਜਿੰਦ ਮਾਲਕ (ਪ੍ਰਮਾਤਮਾ) ਤੇ ਦ੍ਰਿੜ੍ਹ ਵਿਸ਼ਵਾਸ ਕਰਕੇ ਚੱਲ ਪੈਂਦੀ/ਪੈਂਦਾ ਹੈ, ਉਸ ਦੇ ਜੀਵਣ ਵਿੱਚ ਪਲਟਾ ਆ ਜਾਂਦਾ ਹੈ।
*ਜਿਉ ਜਿਉ ਨਾਮਾ ਹਰਿ ਗੁਣ ਉਚਰੈ॥
ਭਗਤ ਜਨਾਂ ਕਉ ਦੇਹੁਰਾ ਫਿਰੈ॥"
ਜਿਉਂ ਜਿਉਂ ਹਰਿ ਦਾ ਸਿਮਰਨ, ਪ੍ਰਮਾਤਮਾ ਦੇ ਗੁਣ ਉਚਾਰੇ ਜਾਂਦੇ ਹਨ, ਤਿਉਂ ਤਿਉਂ ਭਗਤ ਜਨਾਂ ਨੂੰ ਸੋਝੀ ਅਤੇ ਇਹਨਾਂ ਦੀ ਸੋਚ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਪ੍ਰਮਾਤਮਾ ਦਾ ਘਰ (ਦੇਹੁਰਾ) ਫਿਰਕੇ ਭਗਤ ਜਨਾਂ ਦੇ ਸਾਹਮਣੇ ਆ ਜਾਂਦਾ ਹੈ।
ਹੁਣ ਜੇ ਮੰਦਰ ਘੁਮਾਉਣ ਵਾਲੀ ਪ੍ਰਚਲਤ ਸਾਖੀ ਇਥੇ ਇਕ ਮਿੰਟ ਲਈ ਮੰਨ ਲ‌ਈਏ, "ਮੰਦਰ ਘੁਮਾ ਦਿਤਾ ਗਿਆ" ਫਿਰ ਉਸਦਾ ਨਾਮਦੇਵ ਜੀ ਨੂੰ ਕੀ ਫਾਇਦਾ ਹੋਇਆ ? ਪੰਡਤ ਪੁਜਾਰੀਆਂ ਨੂੰ ਕੀ ਨੁਕਸਾਨ ਹੋਇਆ ? ਮੰਦਰ ਦਾ ਦਰਵਾਜ਼ਾ ਉੱਤਰ ਵੱਲ ਹੋਵੇ ਚਾਹੇ ਦੱਖਣ ਵੱਲ ਚਾਹੇ ਕਿਸੇ ਹੋਰ ਦਿਸ਼ਾ ਵੱਲ, ਸਰਦਾਰੀ ਤਾਂ ਮੰਦਰ ਵਿੱਚ ਪੰਡਤਾਂ ਦੀ ਹੀ ਕਾਇਮ ਰਹੀ।
ਮੰਦਰ ਘੁਮਾਉਣ ਦਾ ਫਾਇਦਾ ਤਾਂ ਤਾਹੀਂ ਸੀ,ਜੇ ਮੰਦਰ ਘਮਾਉਣ ਨਾਲ ਨਾਮਦੇਵ ਜੀ ਦੇ ਭਾਈਚਾਰੇ ਦੀ ਤਾਂ ਗੱਲ ਛੱਡੋ, ਨਾਮਦੇਵ ਜੀ ਦੇ ਇਹ ਮੰਦਰ ਅਧੀਨ ਹੋ ਗਿਆ ਹੋਵੇ ਜਾਂ ਇਹਨਾਂ ਮੰਦਰਾਂ ਅੰਦਰ ਨਾਮਦੇਵ ਜੀ ਨੂੰ ਜਾਣ ਦੀ ਇਜਾਜ਼ਤ ਮਿਲ ਗਈ ਹੁੰਦੀ।
ਅਗਲੀ ਗੱਲ, ਜੇ ਐਡਾ ਵੱਡਾ ਚਮਤਕਾਰ ਹੋਇਆ ਹੁੰਦਾ,ਕੀ ਨਾਮਦੇਵ ਜੀ ਇਸ ਨੂੰ ਅਣਡਿੱਠ ਕਰ ਸਕਦੇ ਸੀ? ਉਹਨਾਂ ਤਾਂ ਪੁਕਾਰ ਪੁਕਾਰ ਕੇ ਆਪਣੀ ਬਾਣੀ ਇਸ ਦੀ ਗਵਾਹੀ ਭਰਨੀ ਸੀ ,ਪਰ ਐਸੀ ਗਵਾਹੀ ਨਾ ਖ਼ੁਦ ਨਾਮਦੇਵ ਜੀ ਨੇ ਅਤੇ ਨਾ ਇਹਨਾਂ ਦੇ ਕਿਸੇ ਸਮਕਾਲੀ ਕਿਸੇ ਸੰਤ ਪੁਰਸਾਂ ਨੇ ਬਾਣੀ ਵਿੱਚ ਦਿਤੀ ਹੈ ।
ਕਿਉਂਕਿ ਨਾਮਦੇਵ ਜੀ ਐਸੇ ਕਿਸੇ ਮੰਦਰ ਦੀ ਗੱਲ ਹੀ ਨਹੀਂ ਕਰ ਰਹੇ, ਜਿਥੇ ਛੂਆ ਛਾਤ, ਜਾਤ ਪਾਤ ਕਰਕੇ ਕਿਸੇ ਨਾਲ ਭੇਦ ਭਾਵ ਕੀਤਾ ਜਾਂਦਾ ਹੋਵੇ।
ਭਗਤ ਨਾਮਦੇਵ ਜੀ ਤਾਂ ਉਸ ਮੰਦਰ ਦੇ ਫਿਰਨ ਦੀ ਅਤੇ ਬੀਠਲੁ, ਗੌਬਿੰਦ,ਰਾਮ,ਰਾਮ‌ਈਆ ਆਦਿ ਦੀ ਗੱਲ ਕਰਦੇ ਹਨ, ਜ਼ੋ ਕਣ ਕਣ ਵਿਚ ਮੌਜੂਦ ਹੈ,ਜਿਸ ਵਾਰੇ ਗੁਰਬਾਣੀ ਅੰਦਰ ਕਿਹਾ ਗਿਆ ਹੈ,
"ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ।" (ਪੰਨਾ 1346)
ਕਹਾ ਕਰਉ ਜਾਤੀ ਕਹ ਕਰਉ ਪਾਤੀ॥ ਰਾਮ ਕੋ ਨਾਮੁ ਜਪਉ ਦਿਨ ਰਾਤੀ॥ ੧॥ ਰਹਾਉ॥ (੪੮੫)
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥ (੪੮੫)
ਸੋ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਐਸੇ ਹਨ, ਜਿਸ ਵਿੱਚ ਇਹੋ ਜਿਹੀਆਂ ਨਾ ਹੋਣ ਵਾਲੀਆਂ ਕਰਾਮਾਤਾਂ ਨੂੰ ਪ੍ਰਚਾਰਿਆ ਜਾ ਰਿਹਾ ਹੈ, ਜਦੋਂ ਕਿ ਐਸੀਆਂ ਕਰਾਮਾਤਾਂ ਨੂੰ ਗੁਰਬਾਣੀ ਅੰਦਰ ਕੋਈ ਥਾਂ ਨਹੀਂ ਹੈ।
ਗੁਰਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ,ਜਦ ਕੋਈ ਕਥਾਵਾਚਕ ਪ੍ਰਚਾਰਕ ਗੁਰਬਾਣੀ ਦੇ ਕਿਸੇ ਵੀ ਸ਼ਬਦ ਰਾਹੀਂ ਕਿਸੇ ਅਜਿਹੀ ਕਰਾਮਾਤ ਦੀ ਗੱਲ ਕਰਦਾ ਹੈ ਤਾਂ ਸਮਝ ਲਵੋ,ਉਸ ਸ਼ਬਦ ਦੀ ਉਸ ਕੋਲ ਜਾਣਕਾਰੀ ਅਜੇ ਅਧੂਰੀ ਹੈ।
ਮੇਜਰ ਸਿੰਘ ਬੁਢਲਾਡਾ
94176 42327


08/31/2022
ਪ੍ਰੀਤਮ ਸਿੰਘ ਕੁਮੇਦਾਨ

ਪ੍ਰੀਤਮ ਸਿੰਘ ਕੁਮੇਦਾਨ ਦਾ ਖਾਲਿਸਤਾਨ ਬਾਰੇ ਕੀ ਕਹਿਣਾ ਸੀ?
ਸ. ਪ੍ਰੀਤਮ ਸਿੰਘ ਕੁਮੇਦਾਨ ਨੇ ਖਾਲਿਸਤਾਨ ਬਾਰੇ ਇਹ ਵਿਚਾਰ ਨਿਊਜ਼-18 ਚੈਨਲ ਦੇ ਰਿਪੋਰਟਰ ਨਪਿੰਦਰ ਸਿੰਘ ਨਾਲ ਰਿਫਰੈਂਡਮ-2020 ਬਾਰੇ ਗੱਲ-ਬਾਤ ਕਰਦਿਆਂ ਤਿੰਨ ਕੁ ਸਾਲ ਪਹਿਲਾਂ ਪ੍ਰਗਟਾਏ ਸਨ। ਸ਼ ਕੁਮੇਦਾਨ ਪੰਜਾਬ ਦੇ ਪਾਣੀਆਂ ਦੇ ਮਸਲੇ ਬਾਰੇ ਆਪਣੇ ਵਿਚਾਰ ਬੜੇ ਧੜੱਲੇ ਨਾਲ ਰੱਖਦੇ ਰਹੇ ਹਨ। ਇਸ ਲੇਖ ਵਿੱਚ ਉਨ੍ਹਾਂ ਖਾਲਿਸਤਾਨ ਦੀ ਹਕੀਕਤ ਬਾਰੇ ਵਿਚਾਰ ਸਾਂਝੇ ਕੀਤੇ ਹਨ।
ਅਖਬਾਰਾਂ ਵਿੱਚ ਛਪੀਆਂ ਰਿਪੋਰਟਾਂ ਮੁਤਾਬਿਕ ਅਮਰੀਕਾ ਆਧਾਰਿਤ ਸੰਸਥਾ ‘ਸਿੱਖਸ ਫਾਰ ਜਸਟਿਸ’ ਲੰਡਨ ਵਿੱਚ 12 ਅਗਸਤ 2018 ਨੂੰ ਪਾਕਿਸਤਾਨ ਦੇ ਭਾਰਤ ਤੋਂ ਵੱਖ ਹੋਣ ਦੇ ਨਕਸ਼ੇ-ਕਦਮ `ਤੇ ਖਾਲਿਸਤਾਨ ਦੀ ਪ੍ਰਾਪਤੀ ਦੇ ਉਦੇਸ਼ ਨੂੰ ਲੈ ਕੇ ਰਾਇਸ਼ੁਮਾਰੀ ‘ਰੈਫਰੈਂਡਮ 2020’ ਕਰ ਰਹੀ ਹੈ।
ਇਹ ਇਸ ਸੰਸਥਾ ਅਤੇ ਖਾਲਿਸਤਾਨ ਦੇ ਹੋਰ ਹਮਾਇਤੀਆਂ ਦਾ ਫਰਜ਼ ਬਣਦਾ ਹੈ ਕਿ ਉਹ ਪਹਿਲਾਂ, ਹੁਣੇ ਹੀ, ਦੁਨੀਆਂ ਭਰ ਦੇ ਸਿੱਖਾਂ ਤੇ ਹੋਰ ਲੋਕਾਂ ਨੂੰ ਆਜ਼ਾਦ ਖਾਲਿਸਤਾਨ ਰਾਜ ਦੀ ਪ੍ਰਾਪਤੀ ਤੋਂ ਮਗਰੋਂ ਖਾਲਿਸਤਾਨ ਅਤੇ ਇਸ ਦੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸੰਭਾਵੀ ਮੁਸ਼ਕਿਲਾਂ ਤੇ ਔਖਿਆਈਆਂ ਬਾਰੇ ਦੱਸਣ ਅਤੇ ਇਹ ਵੀ ਦੱਸਣ ਕਿ ਖਾਲਿਸਤਾਨ ਉਨ੍ਹਾਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਕਿਵੇਂ ਹੱਲ ਕਰੇਗਾ। ਫਰਜ਼ ਕਰੋ ਕਿ ਭਾਰਤ ਫੈਸਲਾ ਕਰਦਾ ਹੈ ਕਿ ਰਾਤੋਰਾਤ ‘ਖਾਲਿਸਤਾਨ ਹੁਣੇ ਦਿੱਤਾ ਜਾਂਦਾ ਹੈ’ ਅਤੇ ਨਾਲ ਹੀ ਇਹ ਦੱਸ ਦਿੰਦਾ ਹੈ ਕਿ ਹੁਣ ਤੋਂ ਮਗਰੋਂ ਭਾਰਤ ਦਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੋਵੇਗਾ, ਸਭ ਗੱਲਬਾਤ ਬੰਦ, ਸਾਰੇ ਸਬੰਧ ਖਤਮ। ਖਾਲਿਸਤਾਨ ਨੇਪਾਲ ਵਾਂਗ ਸਭ ਪਾਸਿਆਂ ਤੋਂ ਘਿਰਿਆ ਅਜਿਹਾ ਮੁਲਕ ਹੋਵੇਗਾ, ਜਿਸ ਦੀ ਬਾਕੀ ਦੁਨੀਆਂ ਤੱਕ ਪਹੁੰਚ ਕੇਵਲ ਪਾਕਿਸਤਾਨ ਰਾਹੀਂ ਹੀ ਹੋ ਸਕਦੀ ਹੋਵੇਗੀ। ਭਾਰਤ ਸੰਚਾਰ ਦੇ ਸਾਰੇ ਸਾਧਨ, ਸੜਕਾਂ, ਰੇਲ, ਟੈਲੀਫੋਨ, ਇਥੋਂ ਤੱਕ ਕਿ ਹਵਾਈ ਸੰਪਰਕ ਵੀ ਬੰਦ ਕਰ ਦਿੰਦਾ ਹੈ। ਬਾਰਡਰ ਸੀਲ, ਵੀਜ਼ਾ ਸਿਸਟਮ ਲਾਗੂ ਹੋ ਜਾਂਦਾ ਹੈ।
ਸੰਭਾਵੀ ਮੁਸ਼ਕਿਲਾਂ ਅਤੇ ਸਮੱਸਿਆਵਾਂ:- ਸਭ ਤੋਂ ਪਹਿਲੀਆਂ ਚੀਜ਼ਾਂ ਜਿਨ੍ਹਾਂ ਬਾਰੇ ਭਾਰਤ ਅਤੇ ਖਾਲਿਸਤਾਨ ਸਰਕਾਰਾਂ ਨੂੰ ਫੈਸਲਾ ਕਰਨਾ ਪਵੇਗਾ, ਉਹ ਇਹ ਹੋਣਗੀਆਂ:
ਇਲਾਕਾਈ ਵੰਡ: ਹਿੰਦੂ ਬਹੁਗਿਣਤੀ ਵਾਲੇ ਜਿਲੇ ਤੇ ਤਹਿਸੀਲਾਂ ਵਿਚੋਂ ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਪਠਾਨਕੋਟ ਤੇ ਫਾਜ਼ਿਲਕਾ ਜਿਲੇ ਅਤੇ ਅਨੰਦਪੁਰ ਤੇ ਨੰਗਲ ਤਹਿਸੀਲਾਂ ਭਾਰਤ ਨੂੰ ਮਿਲਣਗੇ। ਬਾਕੀ ਰਹਿੰਦਾ ਪੰਜਾਬ ਖਾਲਿਸਤਾਨ ਨੂੰ ਮਿਲ ਜਾਵੇਗਾ। ਨਹਿਰੀ ਹੈੱਡਵਰਕਸ ਅਤੇ ਹਾਈਡਲ ਪਾਵਰ ਪ੍ਰਾਜੈਕਟ, ਜੋ ਇਨ੍ਹਾਂ ਇਲਾਕਿਆਂ ਵਿੱਚ ਸਥਿਤ ਹਨ, ਭਾਰਤ ਨੂੰ ਮਿਲ ਜਾਣਗੇ। ਰੋਪੜ ਅਤੇ ਹਰੀਕੇ ਹੈੱਡਵਰਕਸ ਖਾਲਿਸਤਾਨ ਨੂੰ ਮਿਲਣਗੇ। ਕੋਈ ਹਾਈਡਲ ਪਾਵਰ ਹਾਊਸ ਖਾਲਿਸਤਾਨ ਵਿੱਚ ਨਹੀਂ ਹੋਵੇਗਾ।
ਵੰਡ ਦਾ ਢੰਗ-ਤਰੀਕਾ: ਇਹ ਪਾਕਿਸਤਾਨ ਦੀ ਤਰਜ਼ `ਤੇ ਹੋ ਸਕਦੀ ਹੈ, ਜਦੋਂ ਦੋਹਾਂ ਪਾਸਿਆਂ ਤੋਂ ਦਸ ਲੱਖ ਲੋਕ ਮਾਰੇ ਗਏ ਸਨ, ਲੱਖਾਂ ਔਰਤਾਂ ਅਗਵਾ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਨਾਲ ਬਲਾਤਕਾਰ ਕੀਤੇ ਗਏ ਸਨ। ਬਹੁਤ ਸਾਰੀ ਜਾਇਦਾਦ ਅਤੇ ਹੋਰ ਨੁਕਸਾਨ ਹੋਏ ਸਨ। ਹੁਣ ਮਰਜ਼ੀ ਖਾਲਿਸਤਾਨੀਆਂ ਦੀ ਹੈ। ਜੇ ਸ਼ਾਂਤੀਪੂਰਨ ਤਬਾਦਲੇ ਦੀ ਵੀ ਕਲਪਨਾ ਕੀਤੀ ਜਾਂਦੀ ਹੈ, ਕੀ ਕੋਈ ਜਣਾ ਗਾਰੰਟੀ ਦੇ ਸਕਦਾ ਹੈ ਕਿ ਇਹ ਵੰਡ ਤੇ ਰਾਹਾਂ ਦਾ ਅੱਡ-ਅੱਡ ਹੋਣਾ ਹਿੰਸਕ ਨਹੀਂ ਹੋਵੇਗਾ ਅਤੇ ਦੋਹਾਂ ਸਰਕਾਰਾਂ ਦੀਆਂ ਸਰਬੋਤਮ ਕੋਸ਼ਿਸ਼ਾਂ ਦੇ ਬਾਵਜੂਦ ਇਹ ਹਿੰਸਕ ਤੇ ਸਰਕਾਰ ਦੇ ਕੰਟਰੋਲ ਤੋਂ ਬਾਹਰ ਨਹੀਂ ਹੋ ਜਾਵੇਗਾ?
ਆਬਾਦੀ ਦਾ ਆਦਾਨ-ਪ੍ਰਦਾਨ: ਜੇ ਇਥੇ ਆਬਾਦੀ ਦਾ ਆਦਾਨ-ਪ੍ਰਦਾਨ ਹੋਣਾ ਹੈ, ਜਿਵੇਂ ਪਾਕਿਸਤਾਨ ਦੇ ਮਾਮਲੇ ਵਿੱਚ ਹੋਇਆ ਸੀ, 50 ਲੱਖ, ਜ਼ਿਆਦਾਤਰ ਰੱਜੇ ਪੁੱਜੇ, ਸਿੱਖਾਂ ਨੂੰ ਅਥਾਹ ਜਾਇਦਾਦ ਅਤੇ ਸੰਪਤੀ ਭਾਰਤ `ਚ ਛੱਡ ਕੇ ਖਾਲਿਸਤਾਨ ਵੱਲ ਪਰਵਾਸ ਕਰਨਾ ਪੈ ਸਕਦਾ ਹੈ। ਬਰਾਬਰ ਦੀ ਹਿੰਦੂਆਂ ਦੀ ਗਿਣਤੀ, ਬਹੁਤੇ ਕੰਮਕਾਰੀ ਵਰਗ ਦੇ ਹਰੀਜਨ ਹਿੰਦੂਆਂ ਅਤੇ ਮਜ਼ਦੂਰਾਂ ਨੂੰ ਭਾਰਤ ਜਾਣਾ ਪਵੇਗਾ ਤੇ ਭਾਰਤ ਵਿੱਚ ਅਮੀਰ ਸਿੱਖਾਂ ਦੁਆਰਾ ਛੱਡੇ ਮਕਾਨਾਂ `ਤੇ ਕਬਜ਼ਾ ਕਰਨਾ ਪਵੇਗਾ, ਜਿਵੇਂ 1947 ਦੀ ਵੰਡ ਵੇਲੇ ਹੋਇਆ ਸੀ।
ਇੱਥੇ ਭਾਵੇਂ ਹੋਰ ਵੀ ਬਹੁਤ ਸਾਰੀਆਂ ਗੱਲਾਂ, ਸਮੱਸਿਆਵਾਂ ਅਤੇ ਮੁਸ਼ਕਿਲਾਂ ਬਾਰੇ ਦੱਸਣ ਦੀ ਲੋੜ ਹੈ, ਪਰ ਉਨ੍ਹਾਂ ਸੈਂਕੜੇ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਪਾਸੇ ਛੱਡ ਕੇ ਅਸੀਂ ਸੰਪਤੀਆਂ ਅਤੇ ਦੇਣਦਾਰੀਆਂ ਦੀ ਵੰਡ ਤੇ ਹੋਰ ਅਜਿਹੀਆਂ ਮਹੱਤਵਪੂਰਨ ਸਮੱਸਿਆਵਾਂ ਬਾਰੇ ਗੌਲਦੇ ਹਾਂ। ਭਾਰਤ ਸਾਰੇ ਸਿੱਖਾਂ ਨੂੰ ਸੈਨਾ, ਏਅਰਫੋਰਸ, ਕੇਂਦਰੀ ਪੁਲਿਸ ਬਲਾਂ ਅਤੇ ਅਜਿਹੀਆਂ ਹੋਰ ਸੇਵਾਵਾਂ ਸਮੇਤ ਕੇਂਦਰੀ ਸੇਵਾਵਾਂ ਤੋਂ ਮੁਕਤ ਕਰ ਦਿੰਦਾ ਹੈ ਤੇ ਉਨ੍ਹਾਂ ਨੂੰ ਖਾਲਿਸਤਾਨ ਜਾਣ ਲਈ ਕਹਿ ਦਿੰਦਾ ਹੈ। ਖਾਲਿਸਤਾਨ ਨੂੰ ਏਅਰ ਫੋਰਸ ਸਮੇਤ ਸਾਰੇ ਮਿਲਟਰੀ ਸਟੋਰਾਂ ਵਿਚੋਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵਿਚੋਂ ਕਰੀਬ 1% ਹਿੱਸਾ ਮਿਲਦਾ ਹੈ। ਸਿਰਫ ਇੱਕੋ ਹਲਵਾਰਾ ਦਾ ਹਵਾਈ ਅੱਡਾ ਹੀ ਖਾਲਿਸਤਾਨ ਵਿੱਚ ਰਹਿੰਦਾ ਹੈ।
ਹਾਈਡਲ ਬਿਜਲੀ: ਭਾਖੜਾ, ਪੌਂਗ, ਦੇਹਰ ਜੋਗਿੰਦਰ ਨਗਰ ਪਹਿਲਾਂ ਹੀ ਭਾਰਤ ਵਿੱਚ ਹੋਣਗੇ। ਇਲਾਕਾਈ ਤਬਾਦਲੇ ਨਾਲ ਥੀਨ ਡੈਮ, ਅਨੰਦਪੁਰ ਸਾਹਿਬ, ਹਾਈਡਲ ਚੈਨਲ, ਕੋਟਲਾ, ਗੰਗੂਵਾਲ, ਮੁਕੇਰੀਆਂ ਵੀ ਭਾਰਤ ਨੂੰ ਚਲੇ ਜਾਂਦੇ ਹਨ।
ਥਰਮਲ ਬਿਜਲੀ: ਸਾਰੇ ਥਰਮਲ ਪਾਵਰ ਸਟੇਸ਼ਨ ਖਾਲਿਸਤਾਨ ਵਿੱਚ ਰਹਿੰਦੇ ਹਨ, ਪਰ ਭਾਰਤ ਕੋਲੇ ਦੀ ਸਪਲਾਈ ਬੰਦ ਕਰ ਦਿੰਦਾ ਹੈ। ਕੋਲੇ ਦੀ ਦਰਾਮਦ ਸੰਭਵ ਨਹੀਂ ਹੋਵੇਗੀ। ਖਾਲਿਸਤਾਨ ਵਿਚਲੇ ਸਾਰੇ ਥਰਮਲ ਪਲਾਂਟ ਕੋਲੇ ਦੀ ਉਪਲਬਧੀ ਨਾ ਹੋਣ ਕਾਰਨ ਬੰਦ ਹੋ ਜਾਣਗੇ।
ਨਤੀਜਾ: ਟਿਊਬਵੈੱਲ ਚਲਾਉਣ ਲਈ ਬਿਜਲੀ ਨਹੀਂ ਹੋਵੇਗੀ, ਖਾਲਿਸਤਾਨ ਦੇ ਸਾਰੇ ਟਿਊਬਵੈੱਲ ਨਾਕਾਮ; ਨਾ ਘਰਾਂ ਲਈ ਬਿਜਲੀ ਹੋਵੇਗੀ, ਨਾ ਪੱਖੇ, ਨਾ ਏਅਰਕੰਡੀਸ਼ਨਰ, ਨਾ ਫਰਿੱਜ, ਨਾ ਫੈਕਟਰੀਆਂ ਚਲਾਉਣ ਲਈ ਬਿਜਲੀ। ਖਾਲਿਸਤਾਨ ਵਿੱਚ ਸਾਰੇ ਨਿਰਮਾਣ ਰੁਕ ਜਾਣਗੇ। ਖਾਲਿਸਤਾਨ ਦੇ ਜਸ਼ਨ ਮਨਾਉਣ ਲਈ ਵੀ ਬਿਜਲੀ ਨਹੀਂ ਹੋਵੇਗੀ।
ਉਦਯੋਗ: ਫੈਕਟਰੀਆਂ ਚਲਾਉਣ ਲਈ ਕੋਈ ਬਿਜਲੀ ਨਹੀਂ, ਕੋਈ ਡੀਜ਼ਲ ਨਹੀਂ ਹੋਵੇਗਾ। ਸਾਰੇ ਨਿਰਮਾਣ ਰੁਕ ਜਾਣਗੇ। ਫੈਕਟਰੀਆਂ ਬੰਦ ਹੋ ਜਾਣਗੀਆਂ। ਮਜ਼ਦੂਰ ਘਰਾਂ ਨੂੰ ਚਲੇ ਜਣਗੇ। ਸ਼ੂਗਰ ਮਿੱਲਾਂ ਕੰਮ ਕਰਨਾ ਬੰਦ ਕਰ ਦੇਣਗੀਆਂ। ਗੰਨੇ ਦੀ ਫਸਲ ਖੇਤਾਂ ਵਿੱਚ ਸੜ ਜਾਵੇਗੀ। ਨਾਜਾਇਜ਼ ਸ਼ਰਾਬ ਬਣਾਉਣ ਲਈ ਬਹੁਤ ਸਾਰਾ ਗੁੜ ਨਹੀਂ ਹੋਵੇਗਾ। ਲੁਧਿਆਣੇ ਦਾ ਸਾਈਕਲ ਉਦਯੋਗ, ਹੌਜ਼ਰੀ ਉਦਯੋਗ ਬੰਦ ਹੋ ਜਾਣਗੇ। ਕੱਚੇ ਮਾਲ ਦੀ ਕੋਈ ਦਰਾਮਦ ਨਹੀਂ ਹੋਵੇਗੀ ਅਤੇ ਪਹਿਲਾਂ ਤੋਂ ਇਕੱਠੇ ਹੋਏ ਸਟਾਕਾਂ ਦੀ ਕੋਈ ਬਰਾਮਦ ਨਹੀਂ ਹੋਵੇਗੀ।
ਆਵਾਜਾਈ: ਭਾਰਤ ਸਾਰੇ ਟਰੱਕਾਂ, ਸਿੱਖ ਟਰਾਂਸਪੋਰਟ ਮਾਲਕਾਂ ਅਤੇ ਟਰੱਕ ਡਰਾਈਵਰਾਂ ਨੂੰ ਵਾਪਸ ਖਾਲਿਸਤਾਨ ਭੇਜ ਦੇਵੇਗਾ। ਸੜਕਾਂ `ਤੇ ਲੱਖਾਂ ਟਰੱਕ ਹੋਣਗੇ, ਪਾਰਕਿੰਗ ਲਈ ਕੋਈ ਜਗ੍ਹਾ ਉਪਲਬਧ ਨਹੀਂ ਹੋਵੇਗੀ। ਟਰੱਕ ਚਲਾਉਣ ਲਈ ਕੋਈ ਡੀਜ਼ਲ ਨਹੀਂ। ਬੱਸਾਂ ਚਲਾਉਣ ਲਈ ਕੋਈ ਡੀਜ਼ਲ ਨਹੀਂ। ਕਾਰਾਂ, ਸਕੂਟਰ ਆਦਿ ਚਲਾਉਣ ਲਈ ਪੈਟਰੋਲ ਨਹੀਂ ਹੋਵੇਗਾ। ਸਾਰੀ ਸੜਕੀ ਆਵਾਜਾਈ ਖੜ੍ਹੀ ਹੋ ਜਾਵੇਗੀ। ਇੱਥੋਂ ਤੱਕ ਕਿ ਦਫਤਰਾਂ ਵਿੱਚ ਜਾਣ ਲਈ ਵੀ ਵਾਹਨ ਨਹੀਂ ਹੋਣਗੇ। ਲੋਕ ਘਰਾਂ ਵਿੱਚ ਵਿਹਲੇ ਬੈਠਣਗੇ। ਟੈਲੀਵਿਜ਼ਨ, ਪੱਖੇ ਅਤੇ ਹੋਰ ਘਰੇਲੂ ਕੰਮਾਂ ਲਈ ਬਿਜਲੀ ਨਹੀਂ ਹੋਵੇਗੀ।
ਸਿੰਜਾਈ: ਸਿੰਜਾਈ ਲਈ ਕੋਈ ਪਾਣੀ ਉਪਲਬਧ ਨਹੀਂ ਹੋਣਾ। ਪਹਿਲਾਂ ਤੋਂ ਬੀਜੀਆਂ ਫਸਲਾਂ ਸੁੱਕੀਆਂ ਜਾਣਗੀਆਂ। ਨਾ ਕਿਸੇ ਨਵੀਂ ਫਸਲ ਦੀ ਬਿਜਾਈ ਹੋਵੇਗੀ, ਕਿਉਂਕਿ ਨਾ ਪਾਣੀ, ਨਾ ਟਰੈਕਟਰ, ਨਾ ਟਿਊਬਵੈੱਲ, ਨਾ ਡੀਜ਼ਲ ਹੋਣਾ ਹੈ। ਭਾਰਤ ਮਾਧੋਪੁਰ ਹੈਡਵਰਕਸ, ਨੰਗਲ, ਪੌਂਗ ਆਦਿ ਤੋਂ ਨਹਿਰੀ ਪਾਣੀ ਦੀ ਸਪਲਾਈ ਬੰਦ ਕਰ ਦੇਵੇਗਾ; ਜਿਵੇਂ ਅਸੀਂ ਪਹਿਲੀ ਅਪਰੈਲ 1948 ਨੂੰ ਅੱਪਰ ਬਾਰੀ ਦੁਆਬ ਅਤੇ ਦਿਪਾਲਪੁਰ ਨਹਿਰਾਂ ਬੰਦ ਕਰ ਕੇ ਪਾਕਿਸਤਾਨ ਨਾਲ ਕੀਤਾ ਸੀ।
ਅਨਾਜ: ਪੰਜਾਬ ਬਾਕੀ ਭਾਰਤ ਨੂੰ ਅਨਾਜ ਸਪਲਾਈ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ। ਪੰਜਾਬ ਹਰ ਸਾਲ ਕੇਂਦਰੀ ਭੰਡਾਰ ਵਿੱਚ ਕਰੀਬ 3 ਕਰੋੜ ਟੰਨ ਕਣਕ ਅਤੇ ਝੋਨੇ ਦਾ ਯੋਗਦਾਨ ਪਾਉਂਦਾ ਹੈ। ਭਾਰਤ ਖਰੀਦਣ ਤੋਂ ਇਨਕਾਰ ਕਰ ਦੇਵੇਗਾ। ਫਿਰ ਕੋਈ ਖਰੀਦਦਾਰ ਨਹੀਂ ਹੋਵੇਗਾ। ਅਗਲੇ ਸਾਲ ਅਨਾਜ ਵੇਚਣ ਦੀ ਕੋਈ ਸਮੱਸਿਆ ਨਹੀਂ, ਕਿਉਂਕਿ ਖਾਲਿਸਤਾਨ ਵਿੱਚ ਕੋਈ ਦਾਣਾ ਨਹੀਂ ਉੱਗੇਗਾ।
ਜਲ ਸਪਲਾਈ: ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਸਿਸਟਮ ਚੌਪਟ ਹੋ ਜਾਵੇਗਾ, ਕਿਉਂਕਿ ਬਿਜਲੀ ਦੀ ਅਣਹੋਂਦ ਵਿੱਚ ਸਾਰੇ ਟਿਊਬਵੈੱਲ ਕੰਮ ਕਰਨਾ ਬੰਦ ਕਰ ਦੇਣਗੇ। ਖੂਹ ਅਤੇ ਨਲਕੇ ਸਾਰੇ ਪੰਜਾਬ ਵਿੱਚ ਪਾਣੀ ਦੇ ਸਥਲ ਬਹੁਤ ਥੱਲੇ ਚਲੇ ਜਾਣ ਕਾਰਨ ਪਹਿਲਾਂ ਹੀ ਬੇਕਾਰ ਹੋਏ ਪਏ ਹਨ। ਨਹਿਰਾਂ ਸੁੱਕੀਆਂ ਹਨ। ਸਾਰੇ ਪੰਜਾਬ ਵਿੱਚ ਪੀਣ ਵਾਲਾ ਪਾਣੀ ਮਿਲਦਾ ਨਹੀਂ। ਸਾਰੇ ਪੰਜਾਬ ਵਿੱਚ ਪਾਣੀ ਦੀ ਸਪਲਾਈ ਦਾ ਇੱਕੋ-ਇੱਕ ਸਰੋਤ ਟਿਊਬਵੈਲ ਦਾ ਪਾਣੀ ਹੈ ਅਤੇ ਸਾਰੇ ਰਾਜ ਵਿੱਚ ਪਾਣੀ ਦੇ ਸਥਲ ਬਹੁਤ ਹੇਠਾਂ ਚਲੇ ਜਾਣ ਕਾਰਨ ਰਾਜ ਵਿੱਚ ਇੱਕ ਵੀ ਖੂਹ ਜਾਂ ਨਲਕਾ ਕੰਮ ਨਹੀਂ ਕਰ ਰਿਹਾ।
ਪਾਕਿਸਤਾਨ ਨਾਲ ਸਬੰਧ: ਖਾਲਿਸਤਾਨ ਨਾਲ ਚੰਗੇ ਸਬੰਧ ਰੱਖਣ ਵਾਲਾ ਸਿਰਫ ਇੱਕ ਹੀ ਦੇਸ਼ ਪਾਕਿਸਤਾਨ ਹੋਵੇਗਾ, ਜਿਸ ਦੀ ਸਹਾਇਤਾ `ਤੇ ਖਾਲਿਸਤਾਨ ਨੂੰ ਨਿਰਭਰ ਕਰਨਾ ਪਏਗਾ। ਪਾਕਿਸਤਾਨ ਪਹਿਲਾਂ ਹੀ ਹਰ ਮੁਹਾਜ਼ `ਤੇ ਆਪਣੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਦਦ ਕਰਨ ਤੋਂ ਇਨਕਾਰ ਕਰ ਸਕਦਾ ਹੈ। ਉਹ ਖਾਲਿਸਤਾਨ ਨੂੰ ਕੋਈ ਸਹਾਇਤਾ ਦੇਣ ਦੇ ਯੋਗ ਨਹੀਂ।
ਸਿੱਖਸ ਫਾਰ ਜਸਟਿਸ ਨੂੰ ਬੇਨਤੀ: ਕਿਰਪਾ ਕਰ ਕੇ ਕਿਸੇ ਇੱਕ ਵੀ ਔਖਿਆਈ ਦਾ ਹੱਲ ਦੱਸੋ ਜਾਂ ਫਿਰ ਇਹ ਤਮਾਸ਼ਾ ਬੰਦ ਕਰ ਦਿਉ ਅਤੇ ਆਪਣੇ ਗੁਰੂਆਂ ਕੋਲੋਂ ਮੁਆਫੀ ਮੰਗ ਲਉ, ਜਿਵੇਂ ਅਸੀਂ ਰੋਜ਼ ਅਰਦਾਸ ਕਰਦੇ ਹਾਂ: ‘ਅਬ ਕੀ ਬਾਰ ਬਖਸਿ ਬੰਦੇ ਕਉ’ ਅਤੇ ਮੁੜ ਕਦੇ ਉਵੇਂ ਨਾ ਕਹਿਉ। ਅਮਰੀਕਾ ਪਰਤਣ `ਤੇ ਸਾਰੀ ਦੁਨੀਆਂ ਨੂੰ ਦੱਸੋ, ਜਿਵੇਂ ਕਬੀਰ ਸਾਹਿਬ ਗੁਰਬਾਣੀ `ਚ ਆਖਦੇ ਹਨ, “ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰ ਸਕੈ ਸਰੀਰੁ॥”
ਪ੍ਰੀਤਮ ਸਿੰਘ ਕੁਮੇਦਾਨ
(ਧੰਨਵਾਦ ਸਹਿਤ ਪੰਜਾਬ ਟਾਈਮਜ਼ ਵਿਚੋਂ)


08/13/2022
ਜਰਨੈਲ ਸਿੰਘ ਅਸਟ੍ਰੇਲੀਆ

ਸਿੱਖਾਂ ਦਾ ਧਰਮ ਪਰਿਵਰਤਨ
ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ

www.understandingguru.com

ਪਿੱਛੇ ਜਿਹੇ ਇੱਕ ਈਸਾਈ ਪਾਦਰੀ ਅੰਕੁਰ ਨਰੂਲਾ ਵਲੋਂ ਅੰਮ੍ਰਿਤਸਰ ਵਿਖੇ ਈਸਾਈ ਧਰਮ ਦੇ ਪ੍ਰਚਾਰ ਹਿੱਤ ਇੱਕ ਦੀਵਾਨ ਸਜਾਇਆ ਗਿਆ ਜਿਸ ਵਿੱਚ ਲੱਖਾਂ ਲੋਕਾਂ ਨੇ, ਜਿਸ ਵਿੱਚ ਬਹੁਤਾਤ ਦਲਿਤ ਸਿੱਖਾਂ ਦੱਸੇ ਜਾਂਦੇ ਨੇ, ਸ਼ਮੂਲੀਅਤ ਕੀਤੀ।ਇਸ ਕਾਰਨ ਇਸ ਦੀਵਾਨ ਨੇ ਸਿੱਖਾਂ ਵਿੱਚ ਕਾਫੀ ਬੇਚੈਨੀ ਪੈਦਾ ਕੀਤੀ। ਧਰਮ ਤਬਦੀਲੀ ਜਮਹੂਰੀ ਹੱਕ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਸੰਵੇਦਨਸ਼ੀਲ ਮਸਲਾ ਵੀ ਹੈ।ਵੈਸੇ ਸਿਧਾਂਤਿਕ ਤੌਰ ਤੇ ਧਰਮ ਤਬਦੀਲੀ ਇਨਸਾਨ ਦੇ ਵਿਚਾਰਾਂ ਦੀ ਤਬਦੀਲੀ ਹੀ ਹੈ।ਹਰ ਧਰਮ ਦਾ ਜਨਮ ਇਸ ਤਬਦੀਲੀ ਨਾਲ ਹੀ ਹੋਇਆ ਹੈ।ਆਉਣ ਵਾਲੇ ਸਮੇ ਵਿੱਚ ਵੀ ਇਹ ਵਰਤਾਰਾ ਜਾਰੀ ਰਹੇਗਾ।ਜੋ ਲੋਕ ਧਰਮ ਨੂੰ ਛੱਡ ਨਾਸਤਿਕ ਬਣਦੇ ਨੇ ਉਹ ਵੀ ਵੀਚਾਰਾਂ ਦੀ ਤਬਦੀਲ਼ੀ ਕਾਰਨ ਹੀ ਬਣਦੇ ਨੇ।ਸਿੱਖਾਂ ਦੀ ਇਸ ਬੇਚੈਨੀ ਨੂੰ ਦੋ ਪਹਿਲੂਆਂ ਤੋਂ ਵੀਚਾਰਿਆ ਜਾ ਸਕਦਾ ਹੈ।
ਕਾਰਨ
ਇਹ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਦਲਿਤ ਸਿੱਖ ਹੀ ਆਪਣਾ ਧਰਮ ਤਿਆਗ ਰਹੇ ਨੇ ਅਤੇ ਇਸ ਧਰਮ ਪਰਿਵਰਤਨ ਦੇ ਮੁਖ ਕਾਰਨ ਇਹ ਦੱਸੇ ਜਾਂਦੇ ਨੇ।
• ਧਰਮ ਤਬਦੀਲੀ ਲਈ ਦਿੱਤੇ ਜਾਂਦੇ ਲਾਲਚ।
• ਕਰਾਮਾਤਾਂ ਨਾਲ ਭਰਮਾਉਣਾ।
• ਦਲਿਤ ਸਿੱਖਾਂ ਨਾਲ ਹੋ ਰਿਹਾ ਵਿਤਕਰਾ।
ਇੱਕ ਸਵਾਲ ਉੱਠਦਾ ਹੈ।ਕੀ ਅਗਰ ਈਸਾਈ ਧਰਮ ਦੀ ਵਜਾਏ ਇਹ ਹਿੰਦੂ ਧਰਮ ਦਾ ਕੋਈ ਸਮਾਗਮ ਹੁੰਦਾ ਤਾਂ ਕੀ ਫਿਰ ਵੀ ਸਿੱਖ ਇਸ ਤਰ੍ਹਾਂ ਹੀ ਚਿੰਤਤ ਹੁੰਦੇ। ਇਸ ਦਾ ਜਵਾਬ ਨਾਂਹ ਵਿੱਚ ਹੀ ਹੋਣਾ ਹੈ।ਕਿਉਂਕਿ ਸਿੱਖਾਂ ਦਾ ਹਿੰਦੂਕਰਣ ਤਾਂ ਬਹਤ ਦੇਰ ਤੋਂ ਹੋ ਰਿਹਾ ਹੈ।ਇਹ ਵੀ ਦਲਿਤ ਸਿੱਖਾਂ ਨਾਲ ਇੱਕ ਵਿਤਕਰਾ ਹੀ ਹੈ ਕਿ ਜਦੋਂ ਬ੍ਰਾਹਮਣ ਅਤੇ ਖੱਤਰੀ ਸਿੱਖੀ ਛੱਡ ਹਿੰਦੂ ਬਣਦੇ ਨੇ ਉਦੋਂ ਕੋਈ ਰੌਲਾ ਨਹੀਂ ਪੈਂਦਾ ਪਰ ਦਲਿਤਾਂ ਵਾਰੀ ਸਾਰੇ ਰੌਲਾ ਪਾਂਦੇ ਨੇ।ਬ੍ਰਾਹਮਣ ਤਾਂ ਬਹੁਤ ਪਹਿਲਾਂ ਹੀ ਹਿੰਦੂ ਧਰਮ ਵਿੱਚ ਵਾਪਸ ਜਾ ਚੁੱਕੇ ਨੇ ਅਤੇ ਖੱਤਰੀ ਵੀ ਹੌਲ਼ੀ ਹੌਲੀ ਸਿੱਖੀ ਛੱਡ ਰਹੇ ਨੇ ਕਿਉਂਕਿ ਅਜੋਕੀ ਸਿੱਖੀ ਅਤੇ ਹਿੰਦੂ ਧਰਮ ਵਿੱਚ ਕੋਈ ਫਰਕ ਵੀ ਨਹੀਂ ਰਿਹਾ। ਵੈਸੇ ਸਿੱਖ ਇਸ ਹਿੰਦੂਕਰਣ ਦੇ ਆਦੀ ਵੀ ਹੋ ਗਏ ਨੇ।ਜਲੰਧਰ ਜ਼ਿਲੇ ਵਿੱਚ ਹੀ ਆਸ਼ੂਤੋਸ਼ ਨੇ ਆਪਣਾ ਡੇਰਾ ਖੋਲ ਰੱਖਿਆ ਹੈ।ਉਸ ਵਾਰੇ ਤਾਂ ਏਨਾ ਰੋਲ਼ ਰੱਪਾ ਨਹੀ ਪਿਆ।ਪੰਜਾਬ ਵਿੱਚ ਜਿੰਨੇ ਵੀ ਛੋਟੇ ਵੱਡੇ ਡੇਰੇ ਨੇ ਸਭ ਸਿੱਖਾ ਨੂੰ ਹਿੰਦੂ ਬਣਾ ਰਹੇ ਨੇ।ਅਸੀੰ ਭਾਵੇਂ ਮੰਨੀਏ ਜਾਂ ਨਾ ਮੰਨੀਏ ਅੱਜ 99% ਸਿੱਖ ਕਰਾਮਾਤਾਂ ਵਿੱਚ ਯਕੀਨ ਕਰਦੇ ਨੇ, ਸਵਰਗ ਨਰਕ ਨੂੰ ਮੰਨਦੇ ਨੇ, ਪੁਨਰ ਜਨਮ ਵਿੱਚ ਯਕੀਨ ਕਰਦੇ ਨੇ, ਹਰ ਤਰ੍ਹਾਂ ਦੇ ਕਰਮ ਕਾਂਡ ਕਰਦੇ ਨੇ, ਦੇਹਧਾਰੀ ਗੁਰੁ ਨੂੰ ਮੰਨਦੇ ਨੇ।ਇਹਨਾਂ ਸਾਧਾਂ ਨੇ ਦੋ ਸਦੀਆਂ ਤੋਂ ਵੱਧ ਸਮਾ ਲਾ ਕੇ ਸਿੱਖਾਂ ਨੂੰ ਸਿੱਖੀ ਨਾਲੋਂ ਤੋੜ ਇੱਕ ਐਸੇ ਚੁਰਾਹੇ ਤੇ ਲਿਆ ਖੜਾ ਕੀਤਾ ਜਿਥੋਂ ਕੋਈ ਰਾਧਾ ਸੁਆਮੀ ਬਣ ਰਿਹਾ, ਕੋਈ ਰਾਮ ਰਹੀਮ ਦਾ ਚੇਲਾ ਬਣ ਰਿਹਾ, ਕੋਈ ਈਸਾਈ ਬਣ ਰਿਹਾ।ਦਰਅਸਲ ਗੁਰੂ ਨਾਲੋਂ ਟੁੱਟਣਾ ਹੀ ਇਸ ਧਰਮ ਪਰਿਵਰਤਨ ਅਤੇ ਬੇਚੈਨੀ ਦਾ ਅਸਲ ਕਾਰਨ ਹੈ।ਅਣਗਿਣਤ ਉੱਚ ਜਾਤੀ ਦੇ ਅਮੀਰ ਸਿੱਖ ਹਿੰਦੂ ਬਣ ਚੁੱਕੇ ਨੇ।ਉਹਨਾਂ ਨੂੰ ਤਾਂ ਕਿਸੇ ਨੇ ਲਾਲਚ ਨਹੀਂ ਦਿੱਤਾ।

ਇਲਾਜ਼
ਅਗਰ ਕਾਰਨ ਲਾਲਚ, ਵਿਤਕਰਾ ਜਾਂ ਕਰਾਮਾਤਾਂ ਹੀ ਹਨ ਤਾਂ ਇਹਨਾ ਕਾਰਨਾਂ ਦਾ ਇਲਾਜ਼ ਸੌਖਿਆਂ ਹੀ ਸਿੱਖ ਵਿਚਾਰਧਾਰਾ ਨਾਲ ਕੀਤਾ ਜਾ ਸਕਦਾ ਹੈ ।ਅਗਰ ਇਲਾਜ਼ ਸੰਭਵ ਹੈ ਤਾਂ ਸਿੱਖ ਬੇਚੈਨ ਕਿਉਂ ਨੇ? ਅਗਰ ਇਲਾਜ਼ ਸੰਭਵ ਨਹੀ ਹੈ ਤਾਂ ਫਿਰ ਸਿੱਖ iਸੱਖ ਕਿਵੇ ਹੋਏ।ਕਿਉਂਕਿ ਸਿੱਖੀ ਵਿਤਕਰਾ ਨਹੀ ਸਿਖਾਉਂਦੀ ਅਤੇ ਵੰਡ ਛਕਣ ਦਾ ਵੀ ਹੁਕਮ ਦਿੰਦੀ ਹੈ।ਸਿੱਖੀ ਕਰਮਾਤਾਂ ਨੂੰ ਵੀ ਮੁੱਢੋਂ ਨਕਾਰਦੀ ਹੈ।ਪਰ ਅਗਰ ਅਸਲ ਕਾਰਨ ਗੁਰੁ ਨਾਲੋਂ ਟੁਟਣਾ ਹੈ ਤਾਂ ਇਲਾਜ਼ ਵੀ ਗੁਰੁ ਨਾਲ ਜੁੜਣਾ ਹੀ ਹੋਏਗਾ। ਇਹ ਗਲ ਕਹਿਣੀ ਸੌਖੀ ਏ ਪਰ ਕਰਨੀ ਬਹੁਤ ਹੀ ਔਖੀ ਏ।ਗੁਰੁ ਨਾਲੋਂ ਟੁਟਣ ਦੇ ਕਾਰਨ ਲੱਭਣੇ ਹੋਣ ਤਾਂ ਇਹ ਨੇ।
• ਸਿੱਖੀ ਦਾ ਸੋਮਾ ਗੁਰੁ ਗਰੰਥ ਸਾਹਿਬ ਨੇ।ਡੇਰਿਆਂ ਵਲੋਂ ਆਮ ਸਿੱਖ ਵਿੱਚ ਇਹ ਡਰ ਪੈਦਾ ਕੀਤਾ ਗਿਆ ਹੈ ਕਿ ਉਹ ਗੁਰੁ ਗਰੰਥ ਸਾਹਿਬ ਨੂੰ ਪੜ੍ਹਨਗੇ ਤਾਂ ਬੇਅਦਬੀ ਹੋ ਸਕਦੀ ਹੈ ਜਿਸਦਾ ਬਹੁਤ ਪਾਪ ਲੱਗੇਗਾ।ਆਮ ਸਿਖ ਨੂੰ ਗੁਰੁ ਤੋਂ ਡਰਾ ਕੇ ਦੂਰ ਭਜਾ ਦਿੱਤਾ ਗਿਆ।
• ਪੰਜਾਬੀ ਵਾਰੇ ਇਹ ਭੰਡੀ ਪ੍ਰਚਾਰ ਕੀਤਾ ਗਿਆ ਕਿ ਇਹ ਅਨਪੜ, ਪੈਂਡੂ ਅਤੇ ਗਵਾਰ ਲੋਕਾਂ ਦੀ ਬੋਲੀ ਹੈ।ਇਸ ਨਾਲ ਪੰਜਾਬੀ ਬੋਲੀ ਦਾ ਗਿਆਨ ਲੋਕਾਂ ਵਿੱਚ ਘਟਦਾ ਗਿਆ ਜਿਸ ਕਾਰਨ ਅਗਰ ਕੋਈ ਸਿੱਖ ਗੁਰੁ ਗ੍ਰੰਥ ਸਾਹਿਬ ਨੂੰ ਪੜਦਾ ਵੀ ਹੈ ਤਾਂ ਵੀ ਉਸਨੁੰ ਵੀ ਸਮਝਣ ਵਿੱਚ ਮੁਸ਼ਕਿਲ ਆਉਣੀ ਸ਼ੁਰੂ ਹੋ ਗਈ।
• ਸਮੇਂ ਦਾ ਗੇੜ ਕੁਝ ਅਜਿਹਾ ਚੱਲਿਆ ਕਿ ਸਾਡੇ ਵਿਦਿਅਕ ਢਾਂਚੇ ਵਿਚੋਂ ਅਰਬੀ, ਫਾਰਸੀ, ਸੰਸਕ੍ਰਿਤ ਆਦਿ ਭਾਸ਼ਾਵਾਂ ਅਲੋਪ ਹੋ ਗਈਆਂ।ਇਹਨਾਂ ਭਾਸ਼ਾਂਵਾਂ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਿੱਚ ਸਹਾਈ ਹੁੰਦਾ ਸੀ ਕਿਉਂਕਿ ਇਹਨਾਂ ਭਾਸ਼ਾਵਾਂ ਦਾ ਪੰਜਾਬੀ ਬੋਲੀ ਅਤੇ ਸੱਭਿਆਚਾਰ ਤੇ ਬਹੁਤ ਗਹਿਰਾ ਅਸਰ ਹੈ।
• ਬਹੁਤੇ ਸਿੱਖ ਪ੍ਰਵਾਸ ਕਰਕੇ ਪੰਜਾਬ ਛੱਡ ਗਏ ਨੇ।ਉਹਨਾਂ ਦੇ ਬੱਚੇ ਮਜਬੂਰਨ ਪੰਜਾਬੀ ਬੋਲੀ ਦੇ ਗਿਆਨ ਤੋਂ ਸੱਖਣੇ ਰਹਿ ਗਏ ਨੇ।ਉਹਨਾਂ ਨੂੰ ਜੋ ਦੱਸਿਆ ਜਾਂਦਾ ਉਹ ਉਹੀ ਸਿੱਖੀ ਸਮਝਦੇ ਨੇ।

ਫਿਰ ਕੀ ਕੀਤਾ ਜਾਵੇ?

ਅੱਜ ਹਾਲ ਇਹ ਹੈ ਕਿ 99% ਪ੍ਰਚਾਰਕ ਉਹਨਾਂ ਡੇਰਿਆਂ ਤੋਂ ਹੀ ਸਿੱਖ ਕੇ ਆਉਂਦੇ ਨੇ ਜਿਹਨਾਂ ਦਾ ਗੁਝਾ ਮੰਤਵ ਸਿੱਖ ਨੂੰ ਗੁਰੂ ਨਾਲੋਂ ਤੋੜ ਆਪਣੇ ਨਾਲ ਜੋੜਨਾ ਹੈ।ਸ਼੍ਰੋਮਣੀ ਕਮੇਟੀ ਸਮੇਤ ਸਿੱਖਾਂ ਦੀਆ ਸਾਰੀਆਂ ਸੰਸਥਾਵਾਂ ਤੇ ਇਹਨਾਂ ਦਾ ਹੀ ਕਬਜ਼ਾ ਹੈ।ਸੋ ਅਸੀਂ ਇਹਨਾਂ ਤੋਂ ਆਸ ਨਹੀ ਕਰ ਸਕਦੇ ਕਿ ਇਹ ਸਿੱਖ ਨੂੰ ਗੁਰੁ ਨਾਲ ਜੋੜਨਗੇ।ਸਾਨੂੰ ਹੇਠ ਲਿਖੇ ਕਦਮ ਚੁਕਣੇ ਚਾਹੀਦੇ ਨੇ।
1. ਗੁਰੁ ਗ੍ਰੰਥ ਸਾਹਿਬ ਸਾਨੂੰ ਬਿਬੇਕੀ ਤੇ ਤਰਕਸ਼ੀਲ ਬਣਾਉਂਦੇ ਨੇ।ਇਸ ਕਰਕੇ ਸਾਨੂੰ ਵਿਗਿਆਨ ਦੀ ਸਿਖਿਆ ਤੇ ਜ਼ੋਰ ਦੇਣਾ ਚਾਹੀਦਾ ਹੈ।ਇਹ ਸਾਡੇ ਲਈ ਸਹਾਈ ਹੋ ਸਕਦਾ ਹੈ।ਵਿਗਿਆਨ ਦੀ ਸਿਖਿਆ ਪ੍ਰਾਪਿਤ ਇਨਸਾਨ ਬਿਬੇਕੀ ਬਣਦਾ ਹੈ ਉਹ ਫਿਰ ਕਿਸੇ ਵੀ ਡੇਰੇ ਜਾਂ ਈਸਈ ਜਾਂ ਹੋਰ ਕਿਸੇ ਵੀ ਧਰਮ ਦੀਆ ਕਰਾਮਾਤਾਂ ਜਾਂ ਕਰਮ ਕਾਂਢ ਤੋਂ ਪ੍ਰਭਾਵਤ ਨਹੀਂ ਹੋਏਗਾ।
2. ਇਸ ਦੇ ਨਾਲ ਹੀ ਸਾਨੂੰ ਗੁਰੁ ਗ੍ਰੰਥ ਸਾਹਿਬ ਦੇ ਬਿਬੇਕ ਪੂਰਨ ਗਿਆਨ ਨੂੰ ਦੁਨੀਆਂ ਅੱਗੇ ਪੇਸ਼ ਕਰਨਾ ਚਾਹੀਦਾ ਹੈ।ਵਿਗਿਆਨ ਦੀ ਸਿਖਿਆ ਪ੍ਰਾਪਤ ਸ਼ਖਸ ਸੁਤੇ ਸਿਧ ਹੀ ਗੁਰੁ ਸਾਹਿਬ ਦੀ ਬਿਬੇਕੀ ਸਿਖਿਆ ਵਲ ਆਪਣੇ ਆਪ ਖਿਚਿਆ ਜਾਵੇਗਾ।ਇਸ ਤਰ੍ਹਾਂ ਬੁਧ ਧਰਮ ਦੀ ਤਰ੍ਹਾਂ ਸਿਖ ਧਰਮ ਵੀ ਵਿਗਿਆਨੀਆ ਦਾ ਚਹੇਤਾ ਧਰਮ ਬਣ ਸਕਦਾ ਹੈ।
3. ਪ੍ਰੋ ਸਾਹਿਬ ਸਿੰਘ ਦਾ ਕੀਤਾ ਕੰਮ ਅੱਗੇ ਤੋਰਨ ਦੀ ਲੋੜ ਹੈ।ਗੁਰੁ ਗ੍ਰੰਥ ਸਾਹਿਬ ਦੇ ਬਿਬੇਕੀ ਅਤੇ ਤਰਕ ਸੰਗਤ ਅਰਥਾਂ ਵਾਲੇ ਟੀਕੇ ਬਣਨੇ ਚਾਹੀਦੇ ਨੇ।
4. ਗੁਰੁ ਗਰੰਥ ਸਾਹਿਬ ਦੇ ਅੰਗਰੇਜ਼ੀ ਵਿੱਚ ਸਹੀ ਅਨੁਵਾਦ ਦੀ ਬਹੁਤ ਲੋੜ ਹੈ ਤਾਂ ਜੋ ਵਿਦੇਸ਼ਾਂ ਵਿੱਚ ਵਸਦੇ ਸਿੱਖ ਅਤੇ ਬਾਕੀ ਦੁਨੀਆਂ ਇਸ ਨੂੰ ਸਮਝ ਅਤੇ ਅਪਣਾ ਸਕਣ।

ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਕਦੇ ਵੀ ਗਰੀਬੀ ਕਾਰਣ ਸਿੱਖੀ ਨਹੀਂ ਛੱਡੀ।ਨਾਂ ਹੀ ਜੁਲਮ ਤੋਂ ਡਰ ਕੇ ਸਿੱਖੀ ਤਿਆਗੀ।ਉਸਦੀ ਵਜਾ ਇਹ ਹੀ ਸੀ ਕਿ ਉਹ ਬਿਬੇਕੀ ਸਿੱਖ ਸਨ, ਗੁਰੁ ਨਾਲ ਜੁੜੇ ਹੋਏ ਸਨ।ਸਿੱਖ ਦਾ ਗੁਰੂ ਵੀ ਬਿਬੇਕ ਹੈ ਅਤੇ ਉਸਦੀ ਬਿਰਤੀ ਵੀ ਬਿਬੇਕ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਸਿੱਖ ਹੀ ਨਹੀ ਬਣ ਸਕਦਾ।ਪਰ ਸਿੱਖ ਸਿੱਖੀ ਨੂੰ ਤਾਂ ਗੁਰੁ ਗਰੰਥ ਸਾਹਿਬ ਤੋਂ ਬਾਹਰ ਲੱਭ ਰਹੇ ਨੇ।ਬਾਹਰ ਉਹਨਾਂ ਨੂੰ ਪਹਿਲਾ ਸਬਕ ਹੀ ਬਿਬੇਕ ਅਤੇ ਤਰਕ ਤਿਆਗ ਕੇ ਅੰਨ੍ਹੀ ਸ਼ਰਧਾ ਦਾ ਪੱਲਾ ਫੜਨ ਵਾਲਾ ਦਿੱਤਾ ਜਾਂਦਾ ਹੈ।ਜਦ ਕਿ ਗੁਰੁ ਦਾ ਫੁਰਮਾਨ ਹੈ ਕਿ “ਬੁਝੇ ਦੇਖੈ ਕਰੈ ਬਿਬੇਕ॥” ਬਸ ਇਹੀ ਕਰਨਾ ਸਿੱਖ ਨੇ ਛੱਡ ਦਿੱਤਾ ਹੈ।ਜਦੋਂ ਗੁਰੁ ਨੂੰ ਹੀ ਤਿਆਗ ਦਿੱਤਾ ਤਾਂ ਬਹੁਤ ਸ਼ਿਕਾਰੀ ਬੇਠੇ ਨੇ ਨਿਸ਼ਾਨਾ ਸਾਧ ਕੇ।ਕੋਈ ਵੀ ਫੁੰਡ ਸਕਦਾ ਹੈ।ਚਾਹੇ ਉਹ ਅੰਕੁਰ ਨਰੂਲਾ ਹੋਏ ਜਾਂ ਰਾਮ ਰਹੀਮ ਜਾਂ ਕੋਈ ਹੋਰ।
ਸਾਨੂੰ ਕੁਦਰਤ ਦਾ ਇੱਕ ਅਸੂਲ ਯਾਦ ਰੱਖਣਾ ਚਾਹੀਦਾ ਹੈ।ਅਗਰ ਸਰੀਰ ਦੀ ਰੋਗ ਰੋਕੂ ਸ਼ਕਤੀ ਜਾਂ ਇਮੂਯਨਟੀ ਪੂਰੀ ਕਾਇਮ ਹੈ ਤਾਂ ਕਿਸੇ ਵੀ ਬੀਮਾਰੀ ਦੇ ਜੀਵਾਣੂ ਸਾਡਾ ਕੁਝ ਨਹੀਂ ਬਿਗਾੜ ਸਕਦੇ।ਇਸ ਕਰਕੇ ਅਗਰ ਸਿੱਖ ਨੂੰ ਅਗਰ ਸਿੱਖੀ ਦੀ ਪੂਰੀ ਸੋਝੀ ਹੈ ਤਾਂ ਕੋਈ ਲਾਲਚ ਤਾਂ ਇੱਕ ਪਾਸੇ ਉਹ ਤਾਂ ਬੰਦ ਬੰਦ ਕਟਵਾ ਕੇ ਵੀ ਸਿੱਖੀ ਸਿਦਕ ਨਿਭਾਉਂਦਾ ਹੈ।ਇਸ ਵਿੱਚ ਕੋਈ ਛੱਕ ਨਹੀਂ ਕਿ ਦਲਿਤ ਸਿੱਖਾਂ ਨੂੰ ਲਾਲਚ ਦਿੱਤੇ ਗਏ ਹੋਣਗੇ ਅਤੇ ਉਹ ਲਾਲਚ ਵਿੱਚ ਆਏ ਵੀ ਹੋਣਗੇ ਪਰ ਸਵਾਲ ਇਹ ਹੈ ਉਹ ਲਾਲਚ ਵਿੱਚ ਕਿਉਂ ਆਏ।ਉਹਨਾਂ ਦੇ ਪੁਰਖੇ ਤਾਂ ਇਸ ਲਾਲਚ ਵਿੱਚ ਨਹੀਂ ਆਏ।ਲਲਚਾਉਣ ਦੀ ਵਜ੍ਹਾ ਗੁਰੁ ਨਾਲੋਂ ਟੁਟਣਾ ਹੀ ਹੈ।ਇਸ ਦਾ ਇਲਾਜ਼ ਗੁਰੂ ਨਾਲ ਜੁੜਨਾ ਹੈ।
ਅਗਸਤ 13, 2022


06/05/2022
ਬੀਰਪਾਲ ਸਿੰਘ ਅਸਟ੍ਰੇਲੀਆ

ਸਤਿਕਾਰ ਯੋਗ ਸੰਪਾਦਕ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿਚ ਜੋ ੧ਓ ਲਿਖਿਆ ਹੁੰਦਾ ਹੈ ਜੀ ਇਸ ਦਾ ਕੀ ਅਰਥ ਹੈ ਜੀ।
(ਮਾਫ ਕਰਨਾ ਜੀ ੧ਓ ਨੂੰ ਉਸ ਤਰੀਕੇ ਨਹੀਂ ਲਿਖ ਸਕਿਆ ਹਾਂ ਜੀ ਜਿਵੇਂ ਕਿ ਗੁਰਬਾਣੀ ਵਿੱਚ ਲਿਖਿਆ ਹੁੰਦਾ ਹੈ, ਕਿਉਂਕ ਮੋਬਾਇਲ ਵਿੱਚ ਇਸ ਦਾ ਕੋਈ ਫੌਂਟ ਨਹੀਂ ਹੁੰਦਾ ਹੈ ਜੀ)
ਕੀ ਇਹ ਸਿਰਫ ਇੱਕ ਚਿੰਨ ਹੈ ਜੀ, ਜਾਂ ਕੇ ਇਹ ਮੂਲ ਮੰਤਰ ਹੈ ਜੀ
(ਮੇਰਾ ਜਵਾਬ:-ਵਿਦਵਾਨਾ ਨੇ ਆਪਣੀ ਸੋਚਣੀ ਅਨੁਸਾਰ ਇਸ ਬਾਰੇ ਵੱਖ-ਵੱਖ ਬਿਚਾਰ ਦਿੱਤੇ ਹਨ। ਮੇਰੇ ਖਿਆਲ ਅਨੁਸਾਰ ਨਾ ਤਾਂ ਇਹ ਕੋਈ ਚਿੰਨ ਹੈ ਅਤੇ ਨਾ ਹੀ ਕੋਈ ਮੂਲ ਮੰਤਰ। ਇਹ ਮੰਗਲਾ ਚਰਨ ਦਾ ਇਕ ਹਿੱਸਾ ਹੈ।
ਧੰਨਵਾਦ।)
ਆਪ ਜੀ ਦਾ ਬਹੁਤ ਹੀ ਸਤਿਕਾਰ ਸਹਿਤ ਧੰਨਵਾਦ ਜੀ, ਜੋ ਆਪ ਜੀ ਨੇ ਆਪਣੇ ਵਿਚਾਰ ਦੱਸੇ ਹਨ ।

ਦਾਸ ਨੇ ਵੀ ਬਹੁਤ ਹੀ ਜਾਨੇਮਾਣੇ ਅਤੇ ਸਨਮਾਨਿਤ ਮਹਾਂਪੁਰਸ਼ਾਂ ਦੇ ਪਾਸੋ ਇਸ ੧ਓ ਦੇ ਸਾਰ ਨੂੰ ਜਾਨਣ ਦੀ ਕਾਫੀ ਚੇਸ਼ਟਾ ਕੀਤੀ ਸੀ, ਪਰ ਕੋਈ ਵੀ ਇਸ ਦੇ ਸਹੀ ਅਰਥ ਜਾਂ ਅਸਲ ਭਾਵ ਨਹੀਂ ਦੱਸ ਸਕਿਆ ਸੀ।

ਪ੍ਰੋ ਸਾਹਿਬ ਸਿੰਘ ਜੀ ਦੇ ਕੀਤੇ ਹੋਏ ਟੀਕੇ ਨੂੰ ਵੀ ਕਾਫੀ ਵਿਚਾਰਿਆ ਜਾਂ ਖੰਘਾਲਿਆ ਸੀ। ਅਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਆਦਿ ਵਰਗੇ ਮਹਾਂਪੁਰਸ਼ਾਂ ਦੇ ਵੀਡੀਓ ਵੀ ਦੇਖੇ ਜਾ ਸੁਣੇ ਸਨ। ਪਰ ਕਤੋਂ ਵੀ ਸਹੀ ਜਾਣਕਾਰੀ ਨਹੀਂ ਮਿਲ ਸਕੀ ਸੀ

ਮੇਰੀ ਇਸ ੧ਓ ਸ਼ਬਦ ਦੇ ਪ੍ਰਤੀ ਜਗਿਆਸਾ ਦਾ ਕਾਰਨ ਇਹ ਹੈ ਜੀ ਕੇ, ਕਿਉਂਕਿ ਇਹ ਗਲ ਤਾਂ ਸਪਸ਼ਟ ਹੀ ਹੈ, ਕੇ ਇਹ ੧ਓ ਸ਼ਬਦ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਹੀ ਬਾਣੀ ਦਾ ਆਰੰਭਿਕ ਪਦਾ ਜਾ ਮੂਲ (ਮੁੱਢ) ਹੈ। ਅਗਰ ਸਾਨੂੰ ਗੁਰਬਾਣੀ ਦੇ ਇਸ ਆਰੰਭਿਕ ਇੱਕ ਅੱਖਰ ਦਾ ਇਲਮ ਹੀ ਨਹੀਂ ਹੋਵੇਗਾ ਤਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਕੀ ਸਾਰੀ ਬਾਣੀ ਨੂੰ ਕੀ ਸਮਝ ਸਕਾਂ ਗੇ।

ਦਾਸ ਦੀ ਸੋਚਣੀ ਇਹ ਹੈ ਜੀ ਕੇ ਆਪ ਸਾਡੇ ਸਿੱਖ ਧਰਮ ਦੇ ਸਾਰੇ ਵਿਦਵਾਨ,ਪੀ.ਐਚ.ਡੀ., ਪ੍ਰਚਾਰਕ, ਕਥਾਵਾਚਕ, ਕੀਰਤਨੀਏ, ਸੰਪਰਦਾਈ, ਡੇਰੇਦਾਰ, ਆਦਿ ਆਦਿ ਹਰ ਤਰਾਂ ਦੇ ਬੁੱਧੀ ਜੀਵੀਆਂ ਤੋਂ ਭਲੀ ਭਾਂਤ ਪਰਿਚਿਤ ਹੋ ਜੀ।

ਇਸ ਗੱਲ ਦਾ ਭੇਦ ਦਾਸ ਨੂੰ ਆਪ ਜੀ ਦੀ ਵੈੱਬਸਾਈਟ ਦੇ ਕਾਫੀ ਅਧਿਯਨ ਤੋਂ ਪਤਾ ਲੱਗਾ ਹੈ ਜੀ। ਕਿ ਆਪ ਜੀ ਸਾਡੇ ਧਰਮ ਦੇ ਕਿਸੇ ਵੀ ਬੁੱਧੀ ਜੀਵੀ ਤੋਂ ਅਪਰਿਚਿਤ ਜਾਂ ਅਣਜਾਣ ਨਹੀਂ ਹੋ ਜੀ। ਕਿਰਪਾ ਕਰਕੇ ਕੀ ਆਪ ਜੀ ਕਿਸੇ ਐਸੇ ਬੁੱਧੀਜੀਵੀ ਤੋਂ ਦਾਸ ਨੂੰ ਪਰਿਚਿਤ ਕਰਵਾ ਸਕਦੇ ਹੋ, ਜੋ ਕੇ ਦਾਸ ਦੀ ੧ਓ ਦੇ ਇਸ ਪਵਿੱਤਰ ਸ਼ਬਦ (ਅੱਖਰ) ਦੇ ਭੇਦ ਤੋਂ ਜਾਣੂੰ ਕਰਵਾ ਸੱਕਦਾ ਹੋਵੇ। ਅਤੇ ਦਾਸ ਦੀ ਇਸ ਜਗਿਆਸਾ ਨੂੰ ਪੂਰੀ ਕਰ ਸੱਕਦਾ ਹੋਵੇ। ਹੋ ਸੱਕਦਾ ਹੈ ਕੇ ਇਸ ਭੇਦ ਨੂੰ ਜਾਨਣ ਵਾਸਤੇ ਹੋਰ ਵੀ ਕਈ ਜਾਂ ਬਹੁਤ ਸਾਰੇ ਜਗਿਆਸੂ ਹੋਣ ਜੀ

ਜੇ ਹੋ ਸਕੇ ਜਾਂ ਠੀਕ ਸਮਝੋ ਤਾਂ ਦਾਸ ਦੀ ਇਸ ਬੇਨਤੀ ਨੂੰ ਆਪਣੀ ਵੈਬਸਾਈਟ ਤੇ ਪ੍ਰਕਾਸ਼ਿਤ ਕਰ ਕੇ ਸਾਰੇ ਹੀ ਵਿਦਵਾਨਾਂ ਜਾਂ ਬੁੱਧੀਜੀਵੀਆਂ ਤੱਕ ਦਾਸ ਦੀ ਇਹ ਬੇਨਤੀ ਪਹੁੰਚਾ ਦੇਵੋ ਜੀ। ਮੇਰੇ ਖਿਆਲ ਵਿੱਚ ਇਹ ਹੀ ਸਭ ਤੋਂ ਆਸਾਨ ਤਰੀਕਾ ਹੋ ਸੱਕਦਾ ਹੈ ਜੀ।

ਮੇਰੀ ਖੋਜ ਅਤੇ ਮਿਹਨਤ ਅਤੇ ਜਗਿਆਸਾ ਦੇ ਅਧਾਰ ਤੇ ਦਾਸ ਸਮਝਦਾ ਹੈ, ਇਹ ਕੰਮ ਮਾਨਵਤਾ ਦੇ ਭਲੇ ਅਤੇ ਕਲਿਆਣ, ਵਾਸਤੇ ਸਭ ਤੋਂ ਵਡਾ ਕਾਰਜ ਹੈ ਜੀ।
ਧੰਨਵਾਦ ਜੀ।
ਦਾਸ
ਬੀਰਪਾਲ ਸਿੰਘ
ਅਸਟ੍ਰੇਲੀਆ


04/26/2022
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਮਹਾਦਾਨੀ

ਭੂਰੋ ਅਤੇ ਭੋਲੀ ਸਰਦਾਰ ਕਰਨੈਲ ਸਿਓਂ ਦੇ ਖੇਤ ਵਿੱਚੋਂ ਖੜੇ ਕਣਕ ਦੇ ਗਾਹੜ `ਚੋਂ ਬੱਲੀਆਂ ਚੁੱਗ ਰਹੀਆਂ ਸਨ। ਇੰਨੇ ਨੂੰ ਕਰਨੈਲ ਸਿਓਂ ਆ ਗਿਆ। “ਨੀ ਆ ਕਿਹੜੀਆਂ ਤੁਸੀਂ, ਖੇਤ `ਚੋਂ ਬਾਹਰ ਨਿਕਲੋ। ਇੱਥੇ ਹੀ ਕਰੋ ਖਾਲੀ ਬੋਰੀਆਂ। ਕਿਵੇਂ ਉਜਾੜਾ ਕੀਤਾ ਐ। ਕੰਪਾਈਨ ਮਗਰੋਂ ਵੱਢ ਕੇ ਨਿਕਲਦੀ ਐ, ਕਤੀੜ ਪਹਿਲਾਂ ਆ ਜਾਂਦੀ ਐ”, ਕਰਨੈਲ ਸਿਓਂ ਨੇ ਦਬਕਾਉਂਦਿਆਂ ਕਿਹਾ।
“ਸਰਦਾਰਾ ਕਣਕ ਤਾਂ ਤੇਰੀ ਵੱਢੀ ਪਈ ਐ। ਤੇਰੇ ਕਾਹਦਾ ਘਾਟਾ, ਸਾਡੇ ਦੋ ਸੇਰ ਦਾਣੇ ਕੰਮ ਆ ਜਾਣਗੇ। ਤੈਨੂੰ ਜਵਾਕ ਵੀ ਅਸੀਸਾਂ ਦੇਣਗੇ”, ਭੂਰੋ ਨੇ ਤਰਲੇ ਨਾਲ ਕਿਹਾ।
“ਸਿਟੋ ਬੋਰੀਆਂ, ਜਾਤ ਕਿਹੜਾ ਸੁਣਦੀ ਹੈਗੀ। ਤੁਸੀਂ ਬੀਜ ਕੇ ਗਈਆਂ ਸੀ। ਦਿਹਾੜੀ ਕਰਕੇ ਖਾਵੋ। ਬਾਹਰ ਨਿਕਲੋ…”, ਕਰਨੈਲ ਸਿਓਂ ਨੇ ਗੁੱਸੇ ਨਾਲ ਕਿਹਾ। ਭੁਰੋ ਤੇ ਭੋਲੀ ਨੇ ਬੋਰੀਆਂ ਵਿਚਲੀਆਂ ਬੱਲੀਆਂ ਉੱਥੇ ਹੀ ਢੇਰੀ ਕਰ ਦਿੱਤੀਆਂ।
“ਨਹੀਂ ਭੋਲੀ ਕੱਲ੍ਹ ਗੁਰਦੁਆਰੇ ਬਾਬਾ ਬੋਲਿਆ ਸੀ ਬਈ ਕਰਨੈਲ ਸਿਓਂ ਨੇ ਗੁਰਦੂਆਰੇ ਪੰਜ ਕੁਆਂਟਲ ਕਣਕ ਦਾਨ ਕੀਤੀ ਐ। ਜੇ ਆਪਣੀਆਂ ਚੁੱਗੀਆਂ ਬੱਲੀਆਂ ਆਪਾਂ ਨੂੰ ਹੀ ਦੇ ਦਿੰਦਾ ਆਪਣੇ ਢਿੱਡ ਵੀ ਅਸੀਸਾਂ ਦਿੰਦੇ”।
“ਨੀ ਭੂਰੋ ਤੂੰ ਤਾਂ ਕਮਲੀ ਐ। ਹੁਣ ਉਹ ਲੋਕ ਨਾ ਰਹੇ। ਚੌਧਰ ਦਾ ਟੈਮ ਐ। ਗੁਰਦੁਆਰੇ ਕਣਕ ਤਾਂ ਦਿੱਤੀ ਉੱਥੇ ਤਾਂ ਸਰਦਾਰ ਦਾ ਨਾਂਓ ਪੱਥਰ `ਤੇ ਲਿਖਿਆ ਜਾਵੇਗਾ। ਆਪਣੀਆਂ ਅਸੀਸਾਂ ਦਾ ਉਹਨੇ ਅਚਾਰ ਪਾਣਾ। ਆਪਾਂ ਗਰੀਬ, ਉੱਥੇ ਸਾਰੀ ਦੁਨੀਆ `ਚ ਦਾਨੀ ਕਹਾਉਣਾ। ਪੱਥਰ `ਤੇ ਨਾਂਓ ਸਾਰੀ ਦੁਨੀਆ ਪੜ੍ਹੇਗੀ ਤੇ ਆਪਾਂ ਨੂੰ ਤਾਂ ਰੇਤੇ `ਤੇ ਵੀ ਨਹੀਂ ਲਿਖਣਾ ਆਉਂਦਾ। ਤੁਰ ਆ ਚੁਪ ਕਰਕੇ, ਰੱਬ ਤੇ ਡੋਰੀਆਂ ਰੱਖ”, ਭੋਲੀ ਨੇ ਕਿਹਾ।
“ਨੀ ਰੱਬ ਕਿਹੜਾ… ਹੁਣ ਤਾਂ ਰੱਬ ਵੀ ਪੱਥਰਾਂ ਤੇ ਨਾਂਓ ਪੜ੍ਹ ਕੇ ਹੀ ਭਲਾ ਕਰਦਾ ਐ। ਰੱਬ ਤਾਂ ਖਰੀਦ ਲਿਆ ਇਨ੍ਹਾਂ ਪੈਸੇ ਵਾਲਿਆਂ ਨੇ”, ਭੂਰੋ ਨੇ ਉੱਥੇ ਖਾਲੀ ਬੋਰੀ ਸੁੱਟਦਿਆਂ ਕਿਹਾ `ਤੇ ਪੈਰ ਘਸੀੜਦੀ ਹੋਈ ਪਿੰਡ ਵੱਲ ਤੁਰ ਪਈ।
-ਸੁਖਵਿੰਦਰ ਕੌਰ ‘ਹਰਿਆਓ’
ਉਭੱਵਾਲ, ਸੰਗਰੂਰ
8427405492


03/25/2022
ਜਰਨੈਲ ਸਿੰਘ ਅਸਟ੍ਰੇਲੀਆ

ਪੰਜਾਬ ਦੀ ਨਵੀਂ ਸਰਕਾਰ - ਸੰਭਾਵਨਾਵਾਂ ਤੇ ਚਨੌਤੀਆਂ
ਜਰਨੈਲ ਸਿੰਘ
www.understandingguru.com

ਹਾਲ ਹੀ ਵਿੱਚ ਪੰਜਾਬ ਵਿੱਚ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣੀ ਹੈ।ਇਸ ਸਰਕਾਰ ਦੇ ਹੋਂਦ ਵਿੱਚ ਆਉਣ ਦਾ ਵੱਡਾ ਕਾਰਨ ਕੇਜ਼ਰੀਵਾਲ ਦਾ ਜਾਦੂ ਨਹੀਂ ਬਲਕਿ ਕਿਸਾਨ ਅੰਦੋਲਨ ਹੈ।ਕੇਜ਼ਰੀਵਾਲ ਤਾਂ 2017 ਵਿੱਚ ਵੀ ਮੌਜ਼ੂਦ ਸੀ ਜਦੋਂ ਹਰ ਕੋਈ ਕਹਿੰਦਾ ਸੀ ਕਿ ਆਪ ਦੇ ਹੱਕ ਵਿੱਚ ਹਵਾ ਹੀ ਨਹੀ ਬਲਕਿ ਹਨੇਰੀ ਵਗ ਰਹੀ ਹੈ।ਪਰ ਉਦੋਂ ਆਮ ਆਦਮੀ ਪਾਰਟੀ ਕਾਮਯਾਬ ਨਹੀਂ ਹੋਈ।ਇਸ ਵਾਰ ਜੋ ਨਵਾਂ ਹੋਇਆ ਹੈ ਉਹ ਹੈ ਕਿਸਾਨ ਅੰਦੋਲਨ।ਕਿਸਾਨ ਅੰਦੋਲਨ ਨੇ ਸਾਬਤ ਕੀਤਾ ਕਿ ਲੋਕ ਚੇਤਨਾ ਲਈ ਕਿਸੇ ਵੀ ਰਾਜਨੀਤਕ ਪਾਰਟੀ ਵਲੋਂ ਲਾਮਬੰਦੀ ਕਰਨ ਦੀ ਲੋੜ ਨਹੀ ਹੈ ਬਲਕਿ ਇਮਾਨਦਾਰੀ ਨਾਲ ਲੋਕ ਮਸਲੇ ਉਠਾੳਣ ਦੀ ਲੋੜ ਹੈ।ਪਹਿਲੀ ਵਾਰ ਲੋਕ ਇੱਕ ਤਰ੍ਹਾਂ ਨਾਲ ਰਾਜਨੀਤਕ ਪਾਰਟੀਆਂ ਤੋ ਹਟ ਕੇ ਸੋਚਣ ਲਗ ਪਏ।ਇਹ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਜਾਤ ਜਾਂ ਧਰਮ ਦੇ ਅਧਾਰ ਤੇ ਵੰਡ ਕੇ ਵੋਟਾਂ ਵਟੋਰਦੀਆਂ ਸਨ/ਹਨ।ਇਹ ਇਸ ਵਾਰ ਵੀ ਚੋਣ ਪ੍ਰਚਾਰ ਦੌਰਾਨ ਸਾਫ ਜ਼ਾਹਰ ਸੀ।ਕਾਗਰਸ ਵਲੋਂ ਦਲਿਤ ਮੁੱਖ ਮੰਤਰੀ ਚਿਹਰਾ, ਭਾਜਪਾ ਵਲੋਂ ਸਾਰੇ ਧਰਮਾਂ ਦੇ ਡੇਰੇਦਾਰਾਂ ਦਾ ਸਮਰਥਨ ਹਾਸਲ ਕਰਨਾ, ਅਕਾਲੀਆਂ ਵਲੋ ਸਿੱਖ ਮੁੱਦੇ ਪੇਸ਼ ਕਰਨਾ ਇਸ ਗੱਲ ਦੀ ਗਵਾਹੀ ਹੈ।ਪਰ ਇਸ ਵਾਰ ਕਿਸਾਨ ਅੰਦੋਲਨ ਬਦੌਲਤ ਉਪਜੀ ਲੋਕ ਚੇਤਨਾ ਕਾਰਨ ਲੋਕ ਇਸ ਧੋਖੇ ਵਿੱਚ ਨਹੀਂ ਆਏ ਬਲਕਿ ਲੋਕਾਂ ਨੇ ਜਾਤ ਜਾਂ ਧਰਮ ਤੋਂ ਉਪਰ ਉੱਠ ਕੇ ਵੋਟਾਂ ਪਾਈਆਂ।ਲੋਕਾਂ ਸਾਹਮਣੇ ਸਿਰਫ ਆਮ ਆਦਮੀ ਪਾਰਟੀ ਹੀ ਜੋ ਉਹਨਾਂ ਨਹੀ ਸੀ ਅਜਮਾਈ।ਸੋ ਇਸ ਵਾਰ ਉਹਨਾਂ ਦੀ ਸਰਕਾਰ ਬਣ ਗਈ।ਪਰ ਕਹਿੰਦੇ ਨੇ ਕਿ ਗੱਲਾਂ ਕਰਨੀਆਂ ਤਾਂ ਸੌਖੀਆਂ ਹੁੰਦੀਆਂ ਹਨ ਪਰ ਅਮਲੀ ਤੌਰ ਤੇ ਕੰਮ ਕਰ ਕੇ ਵਿਖਾਉਣਾ ਹੋਰ ਗੱਲ ਹੁੰਦੀ ਹੈ।ਇਸਦੀ ਤਾਜ਼ਾ ਮਿਸਾਲ ਗੁਆਡੀ ਮੁਲਕ ਪਾਕਿਸਤਾਨ ਦੀ ਇਮਰਾਨ ਖਾਨ ਦੀ ਸਰਕਾਰ ਹੈ।2018 ਵਿੱਚ ਉਹ ਭ੍ਰਿਸ਼ਟ ਨੇਤਾਵਾਂ ਨੂੰ ਸਜਾ ਦੇਣ ਅਤੇ ਲੁਟਿਆ ਮਾਲ ਵਾਪਸ ਲੈਣ ਦੇ ਅਤੇ ਹੋਰ ਅਨੇਕਾਂ ਬੜੇ ਬੜੇ ਵਾਅਦੇ ਕਰਕੇ ਤਾਕਤ ਵਿੱਚ ਆਏ ਪਰ ਹੁਣ ਤਕ ਕਿਸੇ ਇੱਕ ਵੀ ਭ੍ਰਿਸ਼ਟ ਨੇਤਾ ਨੂੰ ਵੀ ਸਜਾ ਨਹੀਂ ਹੋਈ ਅਤੇ ਨਾ ਹੀ ਕੋਈ ਪੈਸਾ ਵਾਪਸ ਖਜ਼ਾਨੇ ਵਿੱਚ ਆਇਆ।ਇਸ ਦਾ ਕਾਰਨ ਇਮਰਾਨ ਖਾਨ ਦੀ ਨੀਅਤ ਜਾਂ ਇਮਾਨਦਾਰੀ ਨਹੀਂ ਬਲਕਿ ਉਹ ਸਿਸਟਮ ਹੈ ਜਿਸ ਅੰਦਰ ਮਜ਼ਬੂਰਨ ਇਮਰਾਨ ਖਾਨ ਨੂੰ ਕੰਮ ਕਰਨਾ ਪੈ ਰਿਹਾ ਹੈ। ਇਸ ਸਰਕਾਰ ਨੇ ਵੀ ਕਈ ਵਾਅਦੇ ਕੀਤੇ ਹਨ।ਇਹ ਵੀ ਇੱਕ ਤਹਿਸ਼ੁਦਾ ਸਿਸਟਮ ਅਧੀਨ ਹੀ ਕੰਮ ਕਰੇਗੀ।ਕੀ ਇਹ ਆਪਣੀ ਕਹਿਣੀ ਤੇ ਕਰਨੀ ਨੂੰ ਇੱਕ ਕਰ ਪਾਏਗੀ? ਕੀ ਇਹ ਇਸ ਸਿਸਟਮ ਨੂੰ ਬਦਲ ਪਾਏਗੀ? ਇਹ ਬਹੁਤ ਵੱਡਾ ਕੰਮ ਹੈ।
ਪਰੋਫੈਸ਼ਨਲ ਜਾਣੀ ਪੇਸ਼ਾਵਰ ਲੋਕ ਕਿਸੇ ਵੀ ਪਰਾਜੈਕਟ ਜਾਂ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਾਮਯਬੀ ਹਾਸਲ ਕਰਨ ਲਈ ਉਸਦੀ ਸਵੌਟ
(SWOT) ਪੜਚੋਲ ਕਰਦੇ ਨੇ।ਸਵੌਟ ਅੰਗਰੇਜ਼ੀ ਦੇ ਚਾਰ ਲਫ਼ਜ਼ਾਂ ਦੇ ਪਹਿਲੇ ਅੱਖਰਾਂ ਦੇ ਜੋੜ ਤੋਂ ਬਣਿਆ ਇੱਕ ਲ਼ਫ਼ਜ਼ ਹੈ।ਇਹ ਪੜਚੋਲ ਕਿਸੇ ਵੀ ਪਰਾਜੈਕਟ ਦੀ ਸਟਰੈਂਥ ਭਾਵ ਤਾਕਤ, ਵੀਕਨੈਸ ਭਾਵ ਕਮਜ਼ੋਰੀ, ਅਪਰਚਿਉਨਟੀ ਭਾਵ ਮੌਕਾ ਤੇ ਥਰੈੱਟ ਭਾਵ ਖਤਰੇ ਦਾ ਲੇਖਾ ਜੋਖਾ ਕਰਦੀ ਹੈ।ਪੰਜਾਬੀ ਵਿੱਚ ਅਸੀਂ ਇਸ ਨੂੰ ਤਾਕਮੋਖੀ ਛਾਣ ਬੀਣ ਦਾ ਨਾਂ ਦੇ ਸਕਦੇ ਹਾਂ।ਆਉ ਆਪਾਂ ਇਸ ਸਰਕਾਰ ਦੀ ਵੀ ਤਾਕਮੋਖੀ ਪੜਚੋਲ ਕਰਕੇ ਵੇਖੀਏ।
ਤਾਕਤ- ਇਸ ਸਰਕਾਰ ਦੀਆਂ ਤਾਕਤਾਂ ਇਸ ਤਰ੍ਹਾਂ ਹਨ।
1. ਇਸ ਸਰਕਾਰ ਕੋਲ ਦੋ ਤਿਹਾਈ ਤੋਂ ਵੀ ਵੱਧ ਬਹੁ ਮੱਤ ਹੈ।ਆਪਣੇ ਬਲਬੂਤੇ ਤੇ ਕੋਈ ਵੀ ਫੈਸਲਾ ਕਰ ਸਕਦੀ ਹੈ।
2. ਇਸ ਸਰਕਾਰ ਕੋਲ ਲੋਕਾਂ ਦੇ ਹਰ ਵਰਗ ਦਾ ਸਮਰਥਨ ਹਾਸਲ ਹੈ।ਇਹ ਇਹਨਾਂ ਦੀ ਵੋਟ ਪ੍ਰਤੀਸ਼ਤ ਤੋਂ ਸਾਫ ਜਾਹਰ ਹੈ।
3. ਇਸ ਸਰਕਾਰ ਦਾ ਲੀਡਰ ਭਗਵੰਤ ਮਾਨ ਬੇਦਾਗ ਹੈ।
4. ਇਸ ਸਰਕਾਰ ਦੇ ਲੀਡਰ ਨੂੰ ਕਿਸੇ ਕਿਸਮ ਦੀ ਕੋਈ ਚਣੌਤੀ ਨਹੀਂ ਹੈ।ਉਹ ਬੇਖੌਫ ਆਪਣੇ ਕੰਮ ਤੇ ਤਵੱਜੋ ਦੇ ਸਕਦਾ ਹੈ।
5. ਇਸ ਸਰਕਾਰ ਨੂੰ ਪਿਛਲੀ ਕਾਰਗੁਜ਼ਾਰੀ ਦਾ ਵੀ ਕੋਈ ਮਿਹਣਾ ਤਾਹਨਾ ਨਹੀਂ ਦੇ ਸਕਦਾ।ਇਸਦੇ ਕੋਲ ਕੋਰੀ ਸਲੇਟ ਹੈ ਜਿਸ ਤੇ ਇਸ ਨੇ ਆਪਣਾ ਲੇਖਾ ਜੋਖਾ ਲਿਖਣਾ ਹੈ।
6. ਇਸ ਸਰਕਾਰ ਕੋਲ ਇਹਨਾਂ ਦੀ ਪਾਰਟੀ ਦੀ ਦਿੱਲੀ ਵਿਖੇ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਹੋਣ ਦਾ ਲਾਭ ਵੀ ਹੈ।ਇਸਦੀ ਇਹ ਹਰ ਵਕਤ ਮਿਸਾਲ ਵੀ ਦਿੰਦੇ ਨੇ।
ਕਮਜ਼ੋਰੀ- ਇਸ ਸਰਕਾਰ ਦੀਆਂ ਕਮਜ਼ੋਰੀਆਂ ਇਸ ਤਰ੍ਹਾਂ ਹਨ।
1. ਇਸ ਸਰਕਾਰ ਨੂੰ ਵੀ ਜੋ ਸਿਸਟਮ ਵਿਰਸੇ ਵਿੱਚ ਮਿਲਿਆ ਹੈ ਉਸੇ ਤਹਿਤ ਚਲਣਾ ਪਏਗਾ।ਬਹੁਤੇ ਕੰਮਾ ਲਈ ਇਸਨੂੰ ਕੇਂਦਰ ਵਲ ਝਾਕਣਾ ਪਏਗਾ ਜੋ ਆਪਣੀਆਂ ਸ਼ਰਤਾਂ ਤੇ ਹੀ ਕੰਮ ਕਰੇਗਾ।
2. ਇਸ ਸਰਕਾਰ ਦੇ ਕਈ ਅੇਮ ਅੇਲ ਏ ਦੂਜੀਆਂ ਪਾਰਟੀਆਂ ਵਿੱਚੋਂ ਦਲ ਬਦਲ ਕੇ ਆਏ ਨੇ।ਕੀ ਇਹ ਪਾਰਟੀ ਇਹਨਾਂ ਦਲਬਦਲੂਆਂ ਨੂੰ, ਜਿਹਨਾਂ ਦਾ ਪਿਛੋਕੜ ਕੋਈ ਬਹੁਤਾ ਚੰਗਾ ਨਹੀਂ ਹੈ,ਸੰਭਾਲ ਸਕੇਗੀ।
3. ਇਸ ਸਰਕਾਰ ਦੇ ਲਗਭਗ ਅੱਧੇ ਵਿਧਾਇਕਾਂ ਖਿਲਾਫ ਅਦਾਲਤਾਂ ਵਿੱਚ ਕੇਸ ਦਰਜ ਨੇ।
4. ਇਸ ਸਰਕਾਰ ਕੋਲ ਕੋਈ ਤਜ਼ਰਬਾ ਨਹੀਂ ਹੈ।ਬਹੁਤੇ ਵਿਧਾਇਕ ਪਹਿਲੀ ਵਾਰ ਚੁਣੇ ਗਏ ਨੇ।
5. ਇਸ ਸਰਕਾਰ ਨੂੰ ਵਿਰਸੇ ਵਿੱਚ ਖਾਲੀ ਖਜ਼ਾਨਾ ਤੇ ਬੇਸ਼ੁਮਾਰ ਸਮੱਸਿਆਵਾਂ ਮਿਲੀਆਂ ਹਨ।
6. ਇਸ ਸਰਕਾਰ ਦਾ ਲੀਡਰ ਨ ਤਜ਼ਰਬਾਕਾਰ ਹੈ।ਲੋਕ ਸਭਾ ਦਾ ਮੈਂਬਰ ਹੋਣ ਅਤੇ ਸੂਬੇ ਦੇ ਮੁੱਖ ਮੰਤਰੀ ਹੋਣ ਵਿੱਚ ਬਹੁਤ ਫਰਕ ਹੈ।ਭਗਵੰਤ ਮਾਨ ਨੇ ਹੁਣ ਤੱਕ ਸਿਰਫ ਸਰਕਾਰਾਂ ਦੀ ਭੰਡੀ ਹੀ ਕੀਤੀ ਹੈ।ਭੰਡ ਦੇ ਤੌਰ ਤੇ ਵੀ ਅਤੇ ਲੋਕ ਸਭਾ ਦੇ ਮੈਂਬਰ ਦੇ ਤੌਰ ਤੇ ਵੀ।ਉਸਨੇ ਕਦੇ ਖੁਦ ਸਰਕਾਰ ਨਹੀਂ ਚਲਾਈ।
7. ਇਸ ਸਰਕਾਰ ਦਾ ਦਿੱਲੀ ਮਾਡਲ ਪੰਜਾਬ ਵਿੱਚ ਸ਼ਾਇਦ ਲਾਗੂ ਕਰਨਾ ਮੁਸ਼ਕਲ ਹੋਵੇ।ਪੰਜਾਬ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀ ਫਿਤਰਤ ਦਿੱਲੀ ਨਾਲੋਂ ਵੱਖਰੀਆਂ ਹਨ।
ਮੌਕੇ- ਇਸ ਸਰਕਾਰ ਕੋਲ ਇਹ ਮੌਕੇ ਹਨ।
1. ਅਗਰ ਪੰਜਾਬ ਵਿੱਚ ਸਫਲ ਹੁੰਦੀ ਹੈ ਤਾਂ ਇਸ ਪਾਰਟੀ ਕੋਲ ਪੂਰੇ ਦੇਸ਼ ਵਿੱਚ ਪੈਰ ਜਮਉਣੇ ਸੌਖੇ ਹੋ ਜਾਣਗੇ।
2. ਇਸ ਪਾਰਟੀ ਦੇ ਮੁਖ ਕੇਜ਼ਰੀਵਾਲ ਦਾ ਟੀਚਾ ਪ੍ਰਧਾਨ ਮੰਤਰੀ ਦੀ ਕੁਰਸੀ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਕਾਮਯਾਬ ਹੋਏ ਅਤੇ ਉਹ ਆਪਣੇ ਇਸ ਟੀਚੇ ਦੀ ਪ੍ਰਾਪਤੀ ਵਲ ਵਧੇ।
3. ਇਹ ਸਰਕਾਰ ਅੇਸੇ ਮੌਕੇ ਤੇ ਹੋਂਦ ਵਿੱਚ ਆਈ ਹੈ ਜਦੋਂ ਪੰਜਾਬ ਦੇ ਲੋਕ ਸਾਰੀਆਂ ਰਾਜਨੀਤਕ ਪਾਰਟੀਆਂ ਤੋਂ ਨਿਰਾਸ਼ ਹੋ ਚੁੱਕੇ ਨੇ।ਇਹਨਾਂ ਦੀ ਚੰਗੀ ਕਾਰਗੁਜ਼ਾਰੀ ਲੋਕਾਂ ਦਾ ਮਨ ਮੋਹਣ ਲਈ ਦੇਰ ਨਹੀਂ ਲਾਏਗੀ।ਇੱਕ ਤਰ੍ਹਾਂ ਨਾਲ ਇਹ ਹਾਰੀ ਹੋਈ ਧਿਰ ਨਾਲ ਖੇਡ ਰਹੇ ਨੇ।
4. ਇਹ ਸਰਕਾਰ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਤੋਂ ਬਹੁਤ ਕੁਝ ਸਿੱਖ ਸਕਦੀ ਹੈ ਤੇ ਲਾਭ ਵੀ ਲੈ ਸਕਦੀ ਹੈ।ਇਸਦੀ ਥੋੜੀ ਜਿੰਨੀ ਚੰਗਿਆਈ ਵੀ ਪਿਛਲੀਆਂ ਸਰਕਾਰਾਂ ਦੀ ਮਾੜੀ ਕੁਰਗੁਜ਼ਾਰੀ ਦੇ ਮੁਕਾਬਲੇ ਵੱਡੀ ਪ੍ਰਾਪਤੀ ਲੱਗੇਗੀ।
5. ਅਗਰ ਇਸ ਸਰਕਾਰ ਦੀ ਕਾਰਗੁਜ਼ਾਰੀ ਠੀਕ ਰਹਿੰਦੀ ਹੈ ਤਾਂ ਬੇਸ਼ੁਮਾਰ ਚੰਗੀ ਸੋਚ ਵਾਲੇ ਪੜੇ੍ ਲਿਖੇ ਪੰਜਾਬੀ ਸਰਕਾਰ ਦਾ ਸਾਥ ਦੇਣ ਲਈ ਅੱਗੇ ਆ ਜਾਣਗੇ।ਇਸ ਨਾਲ ਇਸ ਸਰਕਾਰ ਨੂੰ ਹਰ ਪੱਖੋਂ ਬਹੁਤ ਫਾਇਦਾ ਹੋਏਗਾ।ਇਹ ਸਾਫ ਸੁਥਰੇ ਕਿਰਦਾਰ ਵਾਲੇ ਸਾਊ ਅਤੇ ਕਾਬਲ ਸ਼ਖਸ ਪਿਛਲੀਆਂ ਸਰਕਾਰਾਂ ਦੇ ਗੰਦੇ ਕਿਰਦਾਰ ਕਾਰਨ ਅੱਗੇ ਨਹੀਂ ਆ ਰਹੇ।
ਖਤਰੇ- ਇਸ ਸਰਕਾਰ ਲਈ ਇਹ ਖਤਰੇ ਵੀ ਹਨ।
1. ਇਸ ਸਰਕਾਰ ਨੂੰ ਹਾਰੀਆਂ ਹੋਈਆਂ ਰਾਜਨੀਤਕ ਪਾਰਟੀਆਂ ਨਾਕਾਮ ਕਰਨ ਦੀ ਹਰ ਜ਼ਾਇਜ਼ ਨਜ਼ਾਇਜ਼ ਕੋਸ਼ਿਸ਼ ਕਰਨਗੀਆਂ।ਵਿਰੋਧੀ ਰਾਜਨੀਤਕ ਪਾਰਟੀਆਂ ਕਦੇ ਨਹੀਂ ਚਾਹੁਣਗੀਆਂ ਕਿ ਕਲ ਦੀ ਜੰਮੀ ਆਮ ਆਦਮੀ ਪਾਰਟੀ ਉਹਨਾਂ ਦੇ ਮੁਕਾਬਲੇ ਖੜ ਉਹਨਾਂ ਨੂੰ ਚਨੌਤੀ ਦੇਵੇ।
2. ਅਕਾਲੀ ਦਲ ਬਾਦਲ ਆਪਣੀ ਹੋਂਦ ਬਚਾਉਣ ਲਈ ਆਪਣਾ ਪੈਂਤੜਾ ਬਦਲ ਪੰਜਾਬੀ ਪਾਰਟੀ ਤੋਂ ਮੁੜ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਬਣਨ ਦੀ ਕੋਸ਼ਿਸ਼ ਵਿੱਚ ਅਕਾਲ ਤਖਤ ਦੀ ਵਰਤੋ ਵੀ ਕਰ ਸਕਦਾ ਹੈ ਅਤੇ ਸਿੱਖਾਂ ਨਾਲ ਸਬੰਧਤ ਜ਼ਜ਼ਬਾਤੀ ਮਸਲੇ ਵੀ ਖੜੇ ਕਰ ਸਕਦਾ ਹੈ।
3. ਭਾਜਪਾ ਜੋ ਕੇਂਦਰ ਵਿੱਚ ਤਾਕਤ ਸੰਭਾਲ ਰਹੀ ਹੈ ਇਸ ਸਰਕਾਰ ਨੂੰ ਸਫਲ ਹੁੰਦਿਆਂ ਦੇਖਣਾ ਪਸੰਦ ਨਹੀਂ ਕਰੇਗੀ।ਭਾਜਪਾ ਦਾ ਹਿੰਦੁਤਵ ਦਾ ਪੈਂਤੜਾਂ ਆਮ ਆਦਮੀ ਪਾਰਟੀ ਦੇ ਲਾ ਦੀਨੀ ਜਾਂ ਧਰਮ ਨਿਰਪੱਖ ਪੈਂਤੜੇ ਨਾਲ ਮੇਲ ਨਹੀਂ ਖਾਂਦਾ।
4. ਖਾਲਸਤਾਨ ਦਾ ਭੂਤ ਫਿਰ ਤੋਂ ਪੈਦਾ ਕੀਤਾ ਜਾ ਸਕਦਾ ਹੈ।
5. ਅੱਤਵਾਦ ਦਾ ਮਸਲਾ ਫਿਰ ਤੋਂ ਖੜਾ ਕੀਤਾ ਜਾ ਸਕਦਾ ਹੈ।
6. ਪੰਜਾਬ ਅਤੇ ਦਿੱਲੀ ਦੇ ਹਿੱਤ ਪਾਣੀ ਬਿਜਲੀ ਦੇ ਮਸਲਿਆਂ ਵਿੱਚ ਆਪਸ ਵਿੱਚ ਟਕਰਾਉਂਦੇ ਨੇ।ਦੇਖਣ ਵਾਲੀ ਗੱਲ ਇਹ ਹੈ ਕਿ ਇਸ ਟਕਰਾ ਨੂੰ ਦੋਹਾਂ ਰਾਜਾਂ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਕਿਵੇਂ ਸੁਲਝਾਉਂਣਗੀਆਂ।
ਕਾਮਯਾਬ ਪ੍ਰੋਫੈਸ਼ਨਲ ਉਹ ਹੁੰਦਾ ਹੈ ਜੋ ਆਪਣੀਆਂ ਕਮਜ਼ੋਰੀਆਂ ਨੂੰ ਤਾਕਤ ਵਿੱਚ ਬਦਲ ਲਏ ਅਤੇ ਉਸਦੇ ਰਾਹ ਵਿੱਚ ਜੋ ਖਤਰੇ ਦਰਪੇਸ਼ ਨੇ ਉਹਨਾਂ ਵਿਚੋਂ ਕਾਮਯਾਬੀ ਦੇ ਮੌਕੇ ਪੈਦਾ ਕਰੇ।ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦਾ ਹੈ ਅਤੇ ਸਿਰ ਤੇ ਪੱਗ ਵੀ ਸ਼ਹੀਦ ਭਗਤ ਸਿੰਘ ਦੇ ਪਸੰਦੀਦਾ ਰੰਗ ਢੰਗ ਦੀ ਬੰਨਦਾ ਹੈ।ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਤਾਂ ਸਲਾਮ ਕਰਨੀ ਬਣਦੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਉਸ ਦੀ ਸੋਚ ਪੰਜਾਬ ਨੂੰ ਦਰਪੇਸ਼ ਮਸਲਿਆਂ ਨੂੰ ਹੱਲ ਕਰਨ ਲਈ ਕਿਵੇਂ ਕਾਰਗਰ ਸਿੱਧ ਹੋਏਗੀ।ਅਸੀਂ ਸਭ ਜਾਣਦੇ ਹਾਂ ਕਿ ਭਗਤ ਸਿੰਘ ਲੈਨਿਨ ਅਤੇ ਮਾਰਕਸਵਾਦੀ ਵਿਚਾਰਧਾਰਾ ਤੋ ਮੁਤਾਸਿਰ ਸੀ।ਇਹ ਵਿਚਾਰਧਾਰਾ ਜਿਸ ਜਗ੍ਹਾ ਪੈਦਾ ਹੋਈ ਉਥੇ ਵੀ ਕੁਝ ਦੇਰ ਪਨਪਣ ਤੋ ਬਾਅਦ ਖਤਮ ਹੋ ਗਈ।ਲੈਨਿਨ ਦੇ ਬੁੱਤ ਉਸ ਦੇ ਦੇਸ਼ ਰੂਸ ਵਿੱਚ ਵੀ ਢਾਹ ਢੇਰੀ ਕਰ ਦਿੱਤੇ ਗਏ।ਸੋ ਭਗਤ ਸਿੰਘ ਤੋਂ ਦੇਸ਼ ਭਗਤੀ ਦਾ ਜਜਬਾ ਤਾਂ ਲਿਆ ਸਕਦਾ ਹੈ ਪਰ ਪੰਜਾਬ ਦੇ ਮਸਲੇ ਹਲ ਕਰਨ ਲਈ ਭਗਵੰਤ ਮਾਨ ਨੂੰ ਕਿਸੇ ਹੋਰ ਪਾਸੇ ਦੇਖਣਾ ਪਏਗਾ।ਅਗਰ ਮਸਲੇ ਹਲ ਨਹੀ ਹੁੰਦੇ ਤਾ ਲੋਕ ਇਹੀ ਸਮਝਣਗੇ ਕਿ ਜਿਵੇਂ ਬਾਕੀ ਪਾਰਟੀਆਂ ਧਰਮ ਜਾਂ ਜਾਤ ਦੇ ਨਾਂ ਤੇ ਵੋਟਾਂ ਵਟੋਰਦੀਆਂ ਨੇ, ਭਗਵੰਤ ਮਾਨ ਨੇ ਵੀ ਭਗਤ ਸਿੰਘ ਦੀ ਸ਼ਹੀਦੀ ਦਾ ਮੁੱਲ ਵੱਟਿਆ ਹੈ।
ਸਿਡਨੀ ਅਸਟ੍ਰੇਲੀਆ
25 ਮਾਰਚ 2022


02/14/2022
ਜਰਨੈਲ ਸਿੰਘ ਅਸਟ੍ਰੇਲੀਆ

ਕਿਸਾਨ ਅਤੇ ਚੋਣਾਂ

ਜਰਨੈਲ ਸਿੰਘ
www.understandingguru.com


ਕਿਸਾਨਾਂ ਨੇ ਸਰਕਾਰ ਵਿਰੁੱਧ ਇੱਕ ਸਫਲ ਮੋਰਚਾ ਲਾਇਆ ਜਿਸ ਦੀ ਸਫਲਤਾ ਪਿੱਛੇ ਪੰਜਾਬ ਦੇ ਬੱਚੇ ਬੱਚੇ ਦਾ ਯੋਗਦਾਨ ਰਿਹਾ।ਹੁਣ ਕੁਝ ਕਿਸਾਨ ਚੋਣ ਮੈਦਾਨ ਵਿੱਚ ਵੀ ਕੁੱਦ ਪਏ ਨੇ।ਇਹ ਉਹਨਾਂ ਦੀ ਇੱਕ ਤਰ੍ਹਾਂ ਮਜ਼ਬੂਰੀ ਸੀ ਜਾਂ ਕੁਝ ਹੋਰ ਇਸ ਵਾਰੇ ਤਾਂ ਹਾਲ ਦੀ ਘੜੀ ਕੁਝ ਕਹਿਣਾ ਮੁਸ਼ਕਿਲ ਹੈ।ਪਰ ਇਸ ਰਸਤੇ ਉਹਨਾਂ ਲਈ ਕਈ ਅੋਕੜਾਂ ਦਰਪੇਸ਼ ਨੇ।ਹੋ ਸਕਦਾ ਹੈ ਸਰਕਾਰ ਜਾਂ ਮੌਜੂਦਾ ਤਾਕਤ ਦੇ ਜੋ ਬੁਧੀਜੀਵੀ ਸਲਾਹਕਾਰ ਹਨ ਉਹਨਾਂ ਨੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਇਹਨਾਂ ਅੋਕੜਾਂ ਨਾਲ ਹੀ ਚਾਰ ਹੱਥ ਹੋਣ ਲਈ ਮਜਬੂਰ ਕਰਨ ਲਈ ਉਨ੍ਹਾ ਦੀਆਂ ਮੰਗਾਂ ਮੰਨਣ ਦਾ ਮਸ਼ਵਰਾ ਦਿੱਤਾ ਹੋਵੇ।ਖੈਰ ਇਹ ਭੇਤ ਤਾਂ ਸਮਾਂ ਪਾ ਕੇ ਹੀ ਖੁਲੇਗਾ।ਮੰਗਾ ਮੰਨਣ ਤੇ ਚੋਣ ਇਲਾਨ ਤੋਂ ਬਾਅਦ ਜੋ ਸੂਰਤੇ ਹਾਲ ਹੈ ਉਸ ਤੋਂ ਕੁਝ ਸਵਾਲ ਖੜੇ ਹੁੰਦੇ ਨੇ।
1. ਕਿਸਾਨਾਂ ਵਿੱਚ ਫੁੱਟ ਪੈ ਗਈ ਹੈ।ਕੀ ਇਹ ਫੁੱਟ ਸਿਰਫ ਚੋਣਾਂ ਤਕ ਮਹਿਦੂਦ ਰਹੇਗੀ ਜਾਂ ਹੋਰ ਡੂੰਘੀ ਹੋ ਜਾਏਗੀ।ਕੀ ਕਿਸਾਨ ਭਵਿੱਖ ਵਿੱਚ ਹੋਣ ਵਾਲੇ ਸੰਘਰਸ਼ ਲਈ ਫਿਰ ਤੋਂ ਇੱਕਜੁਟ ਹੋ ਸਕਣਗੇ।
2. ਇਹ ਕਿਸਾਨ ਸੰਘਰਸ਼ ਪੰਜਾਬ ਜਾਂ ਹਿੰਦੁਸਤਾਨ ਦੀਆਂ ਹੱਦਾਂ ਪਾਰ ਕਰਕੇ ਪੂਰੀ ਦੁਨੀਆਂ ਦੀ ਕਾਰਪੋਰੇਟ ਤਾਨਾਸ਼ਾਹੀ ਦੇ ਖਿਲਾਫ ਸੰਘਰਸ਼ ਦਾ ਬਿਗਲ ਬਣ ਰਿਹਾ ਸੀ।ਕੀ ਇਸ ਬਿਗਲ ਦੀ ਅਵਾਜ਼ ਹੁਣ ਬੰਦ ਹੋ ਜਾਏਗੀ ਜਾਂ ਮੱਧਮ ਪੈ ਜਾਏਗੀ।
3. ਕਿਸਾਨ ਪੰਜਾਬ ਦੀਆਂ ਚੋਣਾਂ ਜਿੱਤ ਕੇ (ਜਿਸ ਦੀ ਬਹੁਤ ਘਟ ਸੰਭਾਵਨਾ ਹੈ) ਵੀ ਕੀ ਹਿੰਦੁਸਤਾਨ ਦੀ ਕੇਂਦਰਲੀ ਸਰਕਾਰ ਤੇ ਕੋਈ ਦਬਾਅ ਪਾ ਸਕਣਗੇ।
4. ਅਗਰ ਉਹ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰਦੇ ਨੇ ਜਾਂ ਬਾਹਰੋਂ ਸਮਰਥਨ ਕਰਦੇ ਨੇ ਤਾਂ ਉਹਨਾਂ ਦੀ ਮੁਸ਼ਕਲਾਂ ਇੱਕ ਵੱਖਰਾ ਰੂਪ ਧਾਰਨ ਕਰ ਲੈਣਗੀਆਂ।ਅਜਿਹੇ ਹਾਲਾਤ ਵੀ ਪੈਦਾ ਹੋ ਸਕਦੇ ਨੇ ਕਿ ਖਾਵੇ ਤਾਂ ਕੋਹੜੀ ਛੱਡੇ ਤਾਂ ਕਲੰਕੀ।
5. ਇਹ ਚੋਣਾਂ ਮੂਜ਼ੁਦਾ ਲੋਕਤੰਤਰੀ ਢਾਂਚੇ ਤਹਿਤ ਹੋ ਰਹੀਆਂ ਹਨ ਜੋ ਕਿ ਪੂਰੀ ਤਰ੍ਹਾਂ ਗਲ ਸੜ੍ਹ ਚੁੱਕਾ ਹੈ।ਇੱਕ ਸਰਵੇ ਮੁਤਾਬਿਕ ਪੰਜਾਬ ਦੀਆਂ ਚੋਣਾਂ ਲੜ ਰਹੇ ਕੁਲ ਉਮੀਦਵਾਰਾਂ ਵਿੱਚੋਂ ਚੋਥਾ ਹਿੱਸਾ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਨੇ।ਆਪਣੇ ਆਪ ਨੂੰ ਪੰਥਿਕ ਕਹਾਉਂਦੀ ਅਕਾਲੀ ਦਲ (ਬਾਦਲ) ਪਾਰਟੀ ਦੇ 68 ਫੀ ਸਦੀ ਉਮੀਦਵਾਰਾਂ ਉੱਪਰ ਅਪਰਾਧਿਕ ਕੇਸ ਦਰਜ ਨੇ।40 ਫੀ ਸਦੀ ਤੋਂ ਵੱਧ ਉਮੀਦਵਾਰ ਕਰੋੜਪਤੀ ਹਨ।ਅਗਰ ਅਜਾਦ ਉਮੀਦਵਾਰ ਇੱਕ ਪਾਸੇ ਰੱਖ ਦੇਈਏ ਤਾ ਇਹ ਗਿਣਤੀ 80 ਫੀ ਸਦੀ ਤੋਂ ਵੀ ਵੱਧ ਹੋ ਜਾਂਦੀ ਹੈ।ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਮੌਜ਼ੂਦਾ ਢਾਂਚਾ ਸਿਰਫ ਅਮੀਰ ਤੇ ਅਪਰਾਧੀ ਨੂੰ ਹੀ ਤਰਜੀਹ ਦੇ ਰਿਹਾ ਹੈ।ਇਸ ਢਾਂਚੇ ਵਿੱਚ ਕੀ ਕਿਸਾਨ ਕਾਮਯਾਬ ਹੋ ਸਕਣਗੇ।ਇਹ ਢਾਂਚਾ ਕਾਰੋਪੋਰੇਟ ਦੁਨੀਆਂ ਦੀ ਉਪਜ ਹੈ ਤੇ ਉਸਦੇ ਹਿੱਤਾਂ ਦੀ ਹੀ ਰਾਖੀ ਕਰੇਗਾ।ਬਰੀਕੀ ਨਾਲ ਦੇਖੀਏ ਤਾਂ ਕਿਸਾਨਾਂ ਦਾ ਸ਼ੰਘਰਸ਼ ਇਸੇ ਖਿਲਾਫ ਸੀ।
6. ਲੋਕਤੰਤਰੀ ਢਾਂਚੇ ਨੂੰ ਸੰਭਾਲਣ ਵਾਲੇ ਸਾਰੇ ਅਦਾਰੇ ਵੀ , ਖਾਸਕਰਕੇ ਹਿੰਦੁਸਤਾਨ ਵਿੱਚ, ਗਲ ਸੜ੍ਹ ਚੁੱਕੇ ਨੇ।ਚਾਹੇ ਉਹ ਮੀਡੀਆ ਹੋਏ ਜਾਂ ਅਦਾਲਤਾਂ। ਦੋਨੋਂ ਹਾਕਮ ਦੀ ਬੋਲੀ ਬੋਲਦੇ ਨੇ, ਹਾਕਮ ਦਾ ਤੋਲਿਆ ਤੋਲਦੇ ਨੇ।ਇਸ ਦੀ ਤਾਜਾ ਮਿਸਾਲ ਇੱਕ ਮੁਸਲਮਾਨ ਕੁੜੀ ਵਲੋਂ ਕਰਨਾਟਕਾ ਵਿੱਚ ਹਿਜਾਬ ਜਾਂ ਬੁਰਕਾ ਪਾ ਕੇ ਜਾਣ ਤੇ ਰੌਲਾ ਪੈਣਾ ਹੈ।ਕੁੜੀ ਨੂੰ ਦੇਖ ਕੁਝ ਵਿਦਿਆਰਤੀ ਜਿਸ ਵਿੱਚ ਉਸਦੇ ਸਹਿਪਾਠੀ ਵੀ ਸਨ ਉਸ ਉਦਾਲੇ ਜੈ ਸ੍ਰੀ ਰਾਮ ਦੇ ਨਾਹਰੇ ਲਾਉਣ ਲਗ ਪਏ ਤਾਂ ਕੁੜੀ ਨੇ ਵੀ ਅਗਿਓਂ ਅੱਲਾ ਹੂ ਅਕਬਰ ਦੇ ਨਾਹਰੇ ਲਾਏ।ਇਹ ਘਟਨਾ ਆਪਣੇ ਆਪ ਵਿੱਚ ਹਿੰਦੁਸਤਾਨੀ ਸਮਾਜ ਵਿੱਚ ਫੈਲੀ (ਦਰਅਸਲ ਸਿਆਸਤਾਨਾਂ ਵਲੋਂ ਜਾਣ ਬੁਝ ਕੇ ਫੈਲਾਈ) ਅਸਿਹਣਸ਼ੀਲਤਾ ਦੀ ਮਿਸਾਲ ਹੈ।ਕਿਸੇ ਦੇ ਧਰਮ ਨਾਲ ਸਹਿਮਤ ਅਸਹਿਮਤ ਹੋਣਾ ਤਾਂ ਹਰ ਇੱਕ ਦਾ ਹੱਕ ਹੈ ਪਰ ਉਸ ਦੇ ਧਰਮ ਜਾਂ ਧਾਰਮਿਕ ਚਿੰਨਾਂ ਤੇ ਇਤਰਾਜ਼ ਕਰਨਾ ਕਿਸੇ ਲਿਹਾਜ਼ ਨਾਲ ਵੀ ਜ਼ਾਇਜ਼ ਨਹੀਂ ਹੈ।ਕਰਨਾਟਕਾ ਦੀ ਹਾਈ ਕੋਰਟ ਨੇ ਅਗਲੇ ਫੈਸਲੇ ਤਕ ਧਾਰਮਿਕ ਚਿੰਨਾਂ ਤੇ ਪਬੰਦੀ ਲਗਾ ਦਿੱਤੀ ਜੋ ਹਕੀਕਤ ਵਿੱਚ ਹਿਜ਼ਾਬ ਤੇ ਹੀ ਪਬੰਦੀ ਹੈ।ਸੁਪਰੀਮ ਕੋਰਟ ਨੇ ਇਸ ਫੈਸਲੇ ਤੇ ਨਜ਼ਰਸਾਨੀ ਕਰਨ ਤੋਂ ਇਨਕਾਰ ਕਰ ਦਿੱਤਾ।ਇਹ ਹੈ ਸਾਡੀਆਂ ਅਦਾਲਤਾਂ ਦਾ ਹਾਲ।ਇਸ ਤੋਂ ਬਾਅਦ ਕੁੱਝ ਨੌਜੁਆਨਾਂ ਨੇ ਉਸ ਵਿਦਿਅਕ ਅਦਾਰੇ ਤੋਂ ਕੌਮੀ ਝੰਡਾ ਉਤਾਰ ਕੇ ਭਗਵਾਂ ਝੰਡਾ ਲਗਾ ਦਿੱਤਾ।ਜਿਸ ਦਾ ਮੀਡੀਆ ਵਿੱਚ ਕੋਈ ਖਾਸ ਵਿਰੋਧ ਨਹੀਂ ਹੋਇਆ ਜਦ ਕਿ ਜਦੋਂ ਪਿਛਲੇ ਸਾਲ ਜਨਵਰੀ ਵਿੱਚ ਕੁਝ ਨੌਜੁਆਨਾਂ ਵਲੋਂ ਅਜਿਹੀ ਕਾਰਵਾਈ ਕਿਸਾਨ ਅੰਦੋਲਨ ਦੌਰਾਨ ਹੋਈ ਸੀ ਤਾਂ ਉਹਨਾਂ ਨੂੰ ਮੀਡੀਆ ਨੇ ਪਾਣੀ ਪੀ ਪੀ ਕੇ ਕੋਸਿਆ ਤੇ ਅਤੰਕਵਾਦੀ ਕਿਹਾ।ਕਿਸਾਨਾਂ ਨੂੰ ਚੋਣਾਂ ਜਿੱਤਕੇ ਵੀ ਅਤੇ ਹਾਰ ਕੇ ਵੀ, ਚੋਣਾਂ ਲੜ ਕੇ ਵੀ ਚੋਣਾ ਨ ਲੜ ਕੇ ਵੀ ਇਹਨਾਂ ਗਲੇ ਸੜ੍ਹੇ ਅਦਾਰਿਆਂ ਦਾ ਸਾਹਮਣਾ ਕਰਨਾ ਪਏਗਾ।
ਇਹਨਾਂ ਸਾਰੇ ਸਵਾਲਾਂ ਤੋਂ ਤਾਂ ਨਿਰਾਸ਼ਾਂ ਹੀ ਝਲਕਦੀ ਹੈ ਪਰ ਜਿਵੇਂ ਗੁਰੂ ਅਰਜਨ ਸਾਹਿਬ ਨੇ ਕਿਹਾ ਹੈ ਕਿ “ਦਾਵਾ ਅਗਨਿ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ॥” ਪੰਨਾ 384।ਜਦੋਂ ਜੰਗਲ ਚ ਅੱਗ ਲਗਦੀ ਏ ਕੋਈ ਹਰਾ ਬੂਟਾ ਬਚ ਹੀ ਜਾਂਦਾ ਏ ਜੋ ਫਿਰ ਤੋਂ ਜੰਗਲ ਨੂੰ ਹਰਾ ਭਰਾ ਕਰ ਦਿੰਦਾ ਏ।ਅਸੀਂ ਦੇਖਦੇ ਹਾਂ ਕਿ ਹਿੰਦੁਸਤਾਨ ਦੇ ਮੌਜ਼ਦਾ ਮਹੌਲ ਵਿੱਚ ਹਾਲਾਂ ਵੀ ਸੱਚ ਦੀ ਅਵਾਜ ਉਠਾਉਣ ਵਾਲੇ ਹੈਨ।ਚੰਗਾ ਹੁੰਦਾ ਅਗਰ ਕਿਸਾਨ ਪੂਰੇ ਦੇਸ਼ ਵਿੱਚ ਹੀ ਇੱਕ ਜੁੱਟ ਹੋਕੇ ਚੋਣਾਂ ਵਿੱਚ ਹਿੱਸਾ ਲੈਣ ਦਾ ਕੋਈ ਫੇਸਲਾ ਕਰਦੇ।ਪਰ ਸ਼ਾਇਦ ਇਹ ਮੁਮਕਿਨ ਹੀ ਨਹੀਂ ਸੀ।

ਸਿਡਨੀ ਅਸਟ੍ਰੇਲੀਆ
12/02/2022


(ਨੋਟ:- ਸਿੱਖ ਮਾਰਗ ਦੇ ਪਾਠਕਾਂ ਨੂੰ ਬੇਨਤੀ ਹੈ ਕਿ ਗੁਰਬਾਣੀ ਅਤੇ ਇਤਿਹਾਸ ਸੰਬੰਧੀ ਮੇਰੇ ਕੋਲੋਂ ਕੋਈ ਵੀ ਸਵਾਲ ਈ-ਮੇਲ ਕਰਕੇ ਨਾ ਪੁੱਛੇ ਜਾਣ। ਕਿਉਂਕਿ ਜਦੋਂ ਮੈਂ ਸਿੱਖ ਧਰਮ ਨੂੰ ਛੱਡ ਹੀ ਚੁੱਕਾ ਹਾਂ ਤਾਂ ਸਵਾਲ ਪੁੱਛਣ ਦੀ ਕੋਈ ਤੁਕ ਨਹੀਂ ਬਣਦੀ। ਉਂਜ ਵੀ ਮੈਂ ਆਪਣੇ ਘਰ ਦੇ ਨਿੱਜੀ ਕੰਮ ਵਿੱਚ ਹਾਲੇ ਕੁੱਝ ਹੋਰ ਸਮਾ ਬਹੁਤ ਹੀ ਰੁਝੇਵੇਂ ਵਿੱਚ ਹਾਂ। ਇਨਸਾਨੀਅਤ ਅਤੇ ਸਮਾਜ ਨੂੰ ਚੰਗੀ ਸੇਧ ਦੇਣ ਲਈ ਕਦੀ ਕਤਾਂਈ ਕੋਈ ਲਿਖਤ ਪੋਸਟ ਕਰ ਸਕਦਾ ਹਾਂ-ਸੰਪਾਦਕ. 02-14-2022)


12/03/2021
ਜਰਨੈਲ ਸਿੰਘ ਅਸਟ੍ਰੇਲੀਆ

ਗੁਰੂ ਗ੍ਰੰਥ ਸਾਹਿਬ ਦੇ ਪੰਨਾ 156 ਤੇ ਇੱਕ ਸ਼ਬਦ ਹੈ ਜੋ ਇਸ ਤੁੱਕ ਨਾਲ ਸ਼ੁਰੂ ਹੁੰਦਾ ਏ “ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥”ਇਸ ਸ਼ਬਦ ਨੂੰ ਅਕਸਰ ਗੁਰੂ ਸਾਹਿਬ ਵਲੋਂ ਜੂਨਾਂ ਦੇ ਗੇੜ ਦੇ ਸਮਰਥਨ ਦੇ ਸਬੂਤ ਵਜੋਂ ਪੇਸ਼ ਕੀਤਾ ਜਾਂਦਾ ਹੈ।ਕੀ ਇਹ ਸੱਚ ਹੈ? ਜਾਂ ਫਿਰ ਇਸ ਦੇ ਪ੍ਰਚਲਤ ਅਰਥ ਗਲਤ ਨੇ। ਇਸ ਸਵਾਲ ਦੇ ਜਵਾਬ ਲਈ ਹੇਠਾਂ ਦਿੱਤੇ ਲਿੰਕ ਤੇ ਮੇਰਾ ਲੇਖ “ਕਾਹੇ ਕੰਮਿ ਉਪਾਏ”ਪੜੋ। ਧੰਨਵਾਦੀ ਹੋਵਾਂਗਾ।
www.understandingguru.com


With regards
Jarnail Singh


12/03/2021
ਮੇਜਰ ਸਿੰਘ ਬੁਢਲਾਡਾ

'ਗੁਰਮਤਿ' ਦੇ 'ਵਿਰੋਧੀ' ਹੋਏ ਭਾਰੂ'.

ਗੁਰਦਵਾਰਿਆਂ ਦਾ ਪ੍ਰਬੰਧ, ਲੰਮਾ ਸਮਾਂ 'ਬਿਪਰਨ' ਦੀ ਸੋਚ ਦੇ ਧਾਰਨੀ ਲੋਕਾਂ ਦੇ ਕਬਜ਼ੇ ਹੇਠ ਰਿਹਾ ਹੋਣ ਕਰਕੇ, ਗੁਰਦਵਾਰਿਆਂ ਅੰਦਰ 'ਬਿੱਪਰਾਂ' ਵਾਲੇ ਸਾਰੇ ਕਰਮਕਾਂਡ ਹੁੰਦੇ ਰਹੇ ਅਤੇ ਬਹੁਤ ਸਾਰੇ ਗੁਰਦਵਾਰਿਆਂ ਅੰਦਰ ਅੱਜ ਵੀ ਹੋ ਰਹੇ ਹਨ, ਕਈ ਥਾਵਾਂ ਤੇ ਤਾਂ ਜ਼ਾਤ ਦੇ ਅਧਾਰ ਉੱਤੇ ਵਿਤਕਰਾ ਵੀ ਕੀਤਾ ਜਾ ਰਿਹਾ ਹੈ, ਜਿਸ ਦੀਆਂ ਅਖ਼ਬਾਰਾਂ ਵਿੱਚ ਸੁਰਖੀਆਂ ਲੱਗਦੀਆਂ ਰਹਿੰਦੀਆਂ ਹਨ।
ਇਹਨਾਂ ਬਿਪਰਵਾਦੀ ਲੋਕਾਂ ਨੇ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਵੀ ਆਪਣੀ (ਬਿਪਰਨ ਦੀ) ਮੱਤ ਮੁਤਾਬਿਕ ਹੀ ਕਰਨੀ ਸੀ, ਕੀਤੀ ਵੀ ਅਤੇ ਕਰ ਵੀ ਰਹੇ ਹਨ। ਇਹਨਾਂ ਵੱਲੋਂ ਗੁਰਬਾਣੀ ਸ਼ਬਦਾਂ ਨਾਲ ਬੇਹੱਦ ਮਨਘੜਤ ਕਰਾਮਾਤੀ ਕਹਾਣੀਆਂ ਸਾਖੀਆਂ ਜੋੜਕੇ ਲਿਖੀਆਂ 'ਤੇ ਪ੍ਰਚਾਰੀਆਂ ਗਈਆਂ।
ਲੰਮੇ ਸੰਘਰਸ਼ ਤੋਂ ਬਾਅਦ ਇਹਨਾਂ ਕੇਸਾਂ ਧਾਰੀ ਬਿਪਰਵਾਦੀ ਲੋਕਾਂ ਤੋਂ ਗੁਰਦਵਾਰੇ ਤਾਂ ਅਜ਼ਾਦ ਕਰਵਾ ਲ‌ਏ ਗ‌ਏ, ਪਰ ਸਿੱਖ, ਬਿੱਪਰਵਾਦੀ ਸੋਚ ਤੋਂ ਮਨਘੜਤ ਕਰਾਮਾਤੀ ਕਹਾਣੀਆਂ ਸਾਖੀਆਂ,ਲਿਖਤਾਂ ਤੋਂ ਹੁਣ ਤੱਕ ਵੀ (ਬਹੁਤੇ ਲੋਕ) ਖਹਿੜਾ ਨਹੀਂ ਛੁਡਵਾ ਸਕੇ। ਕਰਮਕਾਂਡਾਂ ਵਿੱਚ ਫਸੀ ਸਿੱਖਾਂ ਦੀ ਬਹੁਗਿਣਤੀ ਨੂੰ ਕੱਢਣ ਲਈ ਸਚਿਆਰੇ ਸਿੱਖਾਂ ਅਤੇ ਵਿਦਵਾਨਾਂ ਨੇ ਕਾਫ਼ੀ ਮਿਹਨਤ ਕੀਤੀ 'ਤੇ ਕਰ ਵੀ ਰਹੇ ਹਨ।ਸਿੱਖ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਜੀ 'ਡੀ.ਲਿੱਟ' ਨੇ ਲੰਮਾ ਸਮਾਂ ਲਾਕੇ ਪੂਰੇ ਗੁਰੂ ਗ੍ਰੰਥ ਦਾ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ 'ਟੀਕਾ' ਕੀਤਾ, ਹਰ ਸ਼ਬਦ ਨੂੰ ਗੁਰਮਤਿ ਅਨੁਸਾਰ ਵਿਆਖਿਆ ਕਰਕੇ ਸਿੱਖਾਂ ਨੂੰ ਸਮਝਾਉਣ ਲਈ ਵੱਡੇ ਯਤਨ ਕੀਤੇ।
ਇਹਨਾਂ ਤੋਂ ਬਾਅਦ ਹੋਰ ਬਹੁਤ ਸਾਰੇ ਵਿਦਵਾਨਾਂ ਤੇ ਪ੍ਰਚਾਰਕਾਂ ਨੇ ਸਿੱਖਾਂ ਨੂੰ ਗੁਰਮਤਿ ਅਨੁਸਾਰ ਚੱਲਣ ਲਈ ਯਤਨ ਕੀਤੇ ਜੋ ਅੱਜ ਵੀ ਇਹ ਯਤਨ ਜਾਰੀ ਹਨ, ਫਿਰ ਵੀ ਬਹੁਗਿਣਤੀ ਸਿੱਖਾਂ ਨੇ ਬਿਪਰਵਾਦੀ ਸਾਧਾਂ ਮਗਰ ਲੱਗਕੇ ਗੁਰੂ ਵੱਲ ਪਿੱਠ ਕਰ ਛੱਡੀ ਹੈ।
ਇਸ ਤੋਂ ਵੱਧ ਦੁੱਖ ਇਸ ਗੱਲ ਦਾ ਵੀ ਹੈ, ਗੁਰੂ ਦੀ ਗੋਲਕ ਤੇ ਪਲਣ ਅਤੇ ਐਸ਼ਾਂ ਕਰਨ ਵਾਲੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੀ ਮੁੱਖ ਜ਼ਿੰਮੇਵਾਰੀ ਸੀ, ਪਹਿਲਾ ਫਰਜ਼ ਸੀ, ਗੁਰਸਿੱਖਾਂ ਨੂੰ ਗੁਰਮਤਿ ਅਨੁਸਾਰ ਸੇਧ ਦੇਕੇ ਗੁਰੂ ਨਾਲ ਜੋੜਨ ਦਾ। ਇਹਨਾਂ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜਕੇ, ਗੁਰੂ ਨਾਲ ਧ੍ਰੋਹ ਕਮਾਇਆ ਅਤੇ ਖ਼ੁਦ ਬਿਪਰਵਾਦੀ ਸੋਚ ਦੀ ਦਲ-ਦਲ ਫਸ ਗਏ। ਜਿਸ ਕਰਕੇ ਹੁਣ ਇਹਨਾਂ ਜਥੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰਮਤਿ ਦੇ ਹੱਕ ਵਿੱਚ ਵੱਡੇ ਤੇ ਸਹੀ ਫ਼ੈਸਲੇ ਲੈਣ ਦੀ ਕੋਈ ਉਮੀਦ ਵੀ ਨਹੀਂ ਰਹੀ। ਜਿਸ ਕਰਕੇ ਸਿੱਖੀ ਵਿੱਚ ਆਏ ਵੱਡੇ ਨਿਘਾਰ ਕਰਕੇ, ਲੋਕ ਡੇਰਿਆਂ ਵੱਲ ਹੋਰ ਧੱਕੇ ਗਏ।
ਥੋੜੀ ਗਿਣਤੀ ਦੇ ਸਚਿਆਰੇ ਗੁਰਸਿੱਖਾਂ ਦੀ ਗੱਲ ਮੰਨਣ ਦੀ ਬਜਾਇ ਸਿੱਖਾਂ ਦੀ ਬਹੁਗਿਣਤੀ ਇਧਰੋਂ ਸੁਣਕੇ ਉਧਰੋਂ ਕੱਢ ਛੱਡਦੀ ਹੈ।
ਦੂਜੇ ਪਾਸੇ ਗੁਰਮਤਿ ਦੇ ਧਾਰਨੀ ਸਿੱਖ ਵਿਦਵਾਨ, ਪ੍ਰਚਾਰਕ ਆਪੋ-ਆਪਣੇ ਸਾਧਨਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਤਾਂ ਕਰ ਰਹੇ ਹਨ, ਪਰ ਗੁਰੂ ਸਾਹਿਬ ਦੇ ਹੁਕਮ:-
ਨਿਵੈ ਸੁ ਗਉਰਾ ਹੋਇ ॥ (ਪੰਨਾ 470)
ਮੁਤਾਬਿਕ ਇਕੱਠੇ ਹੋਕੇ ਚੱਲਣ ਦੇ ਯਤਨ ਕਿਧਰੇ ਦਿਖਾਈ ਨਹੀਂ ਦਿੰਦੇ, ਸਗੋਂ ਕਿਤੇ ਕਿਤੇ ਆਪਸ ਵਿੱਚ ਭਿੜਦੇ ਵੀ ਨਜ਼ਰ ਆਉਂਦੇ ਹਨ। ਜਿਸ ਨਾਲ ਗੁਰਮਤਿ ਵਿਚਾਰਧਾਰਾ ਨੂੰ ਵਧਣ ਫੁੱਲਣ ਲਈ ਕੀਤੀ ਜਾ ਰਹੀ ਮਿਹਨਤ ਦਾ ਉਹ ਫਾਇਦਾ ਨਹੀਂ ਹੋ ਰਿਹਾ,ਜ਼ੋ ਹੋਣਾ ਚਾਹੀਦਾ ਸੀ।
ਫਿਰ ਕੀ ਕੀਤਾ ਜਾਵੇ ?
ਨਤੀਜਾ ਸਾਹਮਣੇ ਹੈ, ਜੇ ਸ਼ਾਂਤਮਈ ਢੰਗ ਦੇ ਨਾਲ ਦੇਸ਼ ਦਾ ਹੁਕਮਰਾਨ ਤਾਨਾਸ਼ਾਹ ਝੁਕਾਇਆ ਜਾ ਸਕਦਾ ਹੈ, ਤਾਂ ਸਿੱਖੀ ਤੇ ਕਾਬਜ਼ ਗੁਰਮਤਿ ਵਿਰੋਧੀ ਜੁੰਡਲੀ ਦੀ ਹੈਸੀਅਤ ਤਾਂ ਕੁੱਝ ਵੀ ਨਹੀਂ,ਹੋਵੇ ਵੀ, ਫਿਰ ਵੀ ਇਹ ਲੋਕ ਸੱਚ ਅੱਗੇ ਟਿਕ ਨਹੀਂ ਸਕਣਗੇ,ਸੋ ਲੋੜ ਹੈ ਅੱਜ ਇਕੱਠੇ ਹੋਕੇ ਸਿੱਖੀ ਨੂੰ ਬਚਾਉਣ ਦੀ। ਗੁਰੂ ਦੇ ਸਿੱਖਾਂ ਦਾ ਵੱਡੇ ਕਾਰਨਾਮਿਆਂ ਨਾਲ ਇਤਿਹਾਸ ਭਰਿਆ ਪਿਆ ਹੈ, ਜਿਸ ਨੂੰ ਦੁਨੀਆਂ ਜਾਣਦੀ ਹੈ।
ਅੰਤ ਵਿਚ ਇਹੋ ਕਹਾਂਗਾ -
'ਗੁਰਮਤਿ' ਦੇ ਵਿਰੋਧੀ ਹੋ ਗਏ ਭਾਰੂ,
ਜਾਗੋ ਉਠੋ ਤੁਸੀਂ ਫਿਰ ਦਲੇਰ ਸਿੱਖੋ।
ਇਤਿਹਾਸ ਵਿੱਚ ਫਿਟਕਾਰਾਂ ਪੈਣੀਆਂ ਨੇ,
ਜੇ ਕਰ ਦਿੱਤੀ ਤੁਸੀਂ ਦੇਰ ਸਿੱਖੋ।
ਸਿੱਖੀ ਦਾ ਕਰ ਰਹੇ ਨੁਕਸਾਨ ਵੱਡਾ,
ਛੇਤੀ ਲ‌ਓ ਇਹਨਾਂ ਨੂੰ ਘੇਰ ਸਿੱਖੋ।
ਜਾਗਦੀਆਂ ਜ਼ਮੀਰਾਂ ਵਾਲਿਓ ਹੋ ਇਕੱਠੇ,
ਤੁਸੀਂ ਦਿਉ ਦੁਸ਼ਮਣ ਤਾਈਂ ਖਦੇੜ ਸਿੱਖੋ।
ਮੇਜਰ ਸਿੰਘ ਬੁਢਲਾਡਾ
94176 42327,


11/18/2021
ਮੇਜਰ ਸਿੰਘ ਬੁਢਲਾਡਾ

'ਬਾਬਾ ਨਾਨਕ'
ਇਕ ਬਾਬਾ 'ਨਾਨਕ' ਆਇਆ ਸੀ।
ਜਿਸਨੇ ਸੱਚ ਦਾ ਪਾਠ ਪੜ੍ਹਾਇਆ ਸੀ।
ਪੰਡਤ, ਮੌਲਵੀ, ਜੋਗੀਆਂ ਦਰ ਜਾਕੇ,
ਬੇਖੌਫ ਹੋ ਕੇ ਸੱਚ ਸੁਣਾਇਆ ਸੀ।
ਇਥੇ ਕੁਰਾਹੇ ਪ‌ਏ ਹੋਏ ਲੋਕਾਂ ਨੂੰ
ਉਹਨੇ ਸਿੱਧੇ ਰਸਤੇ ਪਾਇਆ ਸੀ।
ਅਗਿਆਨਤਾ ਦੇ ਹਨੇਰੇ ਭਟਕਦਿਆਂ ਲਈ,
ਗਿਆਨ ਦਾ ਦੀਪ ਜਲਾਇਆ ਸੀ।
ਫ਼ਰਕ ਕਿਸੇ ਨਾਲ ਰੱਖਿਆ ਨਾ,
ਸਭ ਨੂੰ ਗਲ਼ ਨਾਲ ਲਾਇਆ ਸੀ।
ਜ਼ਾਤ-ਪਾਤ ਦਾ ਕਰਕੇ ਖੰਡਨ,
ਛੂਆ-ਛਾਤ ਦਾ ਭਰਮ ਮਿਟਾਇਆ ਸੀ।
"ਨਾਨਕ ਉਤਮੁ ਨੀਚੁ ਨ ਕੋਇ"
ਲੋਕਾਂ ਨੂੰ ਸਮਝਾਇਆ ਸੀ।
ਸਮਝਿਆ ਜਾਂਦਾ ਸੀ ਮੰਦਾ 'ਔਰਤ' ਨੂੰ,
'ਬਾਬੇ' ਨੇ ਖੂਬ ਵਡਿਆਇਆ ਸੀ।
"ਕਿਰਤ ਕਰੋ,ਨਾਮ ਜਪੋ,ਵੰਡ ਛਕੋ"
ਮੇਜਰ 'ਬਾਬੇ' ਨੇ ਸਿਧਾਂਤ ਚਲਾਇਆ ਸੀ।
ਮੇਜਰ ਸਿੰਘ ਬੁਢਲਾਡਾ
-----------------------
'ਪ੍ਰਣਾਮ ਤੈਨੂੰ ਅਨਕ ਵਾਰ ਬਾਬਾ'

ਪ੍ਰਣਾਮ ਤੈਨੂੰ ਅਨਕ ਵਾਰ ਬਾਬਾ!
ਤੇਰੇ ਉੱਚੇ-ਸੁੱਚੇ ਵਿਚਾਰ ਬਾਬਾ!

ਸੱਚ ਨੂੰ ਸੱਚ, ਝੂਠ ਨੂੰ ਝੂਠ ਕਿਹਾ,
ਤੁਰ-ਫਿਰਕੇ ਵਿਚ ਸੰਸਾਰ ਬਾਬਾ।

ਕਿਹਾ, ਰਾਜੇ ਸੀਂਹ ਮੁਕੱਦਮ ਕੁੱਤੇ,
'ਬਾਬਰ' ਨੂੰ ਜਾਬਰ ਸ਼ਰੇ-ਬਜ਼ਾਰ ਬਾਬਾ।

'ਮਲਕ ਭਾਗੋ' ਦੇ ਛੱਤੀ ਪਕਵਾਨ ਛੱਡਕੇ,
ਰੋਟੀ 'ਲਾਲੋ' ਦੀ ਕਰੀ ਸਵਿਕਾਰ ਬਾਬਾ।

ਤੇਰੇ ਨਾਮ ਤੇ ਬੜੇ ਪਖੰਡ ਕਰਦੇ,
ਹੋਈ ਸਿੱਖ ਪਖੰਡੀਆਂ ਦੀ ਭਰਮਾਰ ਬਾਬਾ।

ਜਿਹਨਾਂ ਕੰਮਾਂ ਤੋਂ ਸਿੱਖਾਂ ਨੂੰ ਰੋਕਿਆ ਸੀ,
ਨਹੀਂ ਰੁਕਣ ਨੂੰ ਹੁਣ ਇਹ ਤਿਆਰ ਬਾਬਾ।

ਹੋ ਗ‌ਏ ਸਿੱਖੀ ਤੇ ਕਾਬਜ਼ 'ਮਲਕ ਭਾਗੋ'
ਭਾਈ ਲਾਲੋ ਹੁਣ ਵੀ ਬੜੇ ਲਾਚਾਰ ਬਾਬਾ।
------------------------
'ਭਾਈ ਮਰਦਾਨਾ'

'ਭਾਈ ਮਰਦਾਨਾ' ਰਾਇ ਭੋਇ ਦੀ ਤਲਵੰਡੀ ਦਾ ਰਹਿਣ ਵਾਲਾ,
ਮਾਤਾ 'ਲੱਖੋ' ਪਿਤਾ 'ਮੀਰ ਬਾਦਰੇ' ਦੀ ਸੀ ਸੰਤਾਨ ਭਾਈ।
ਗੁਰੂ ਨਾਨਕ ਸਾਹਿਬ ਜੀ ਦਾ 'ਸੰਤਾਲੀ ਸਾਲ' ਸਾਥ ਦੇਕੇ,
ਸੇਵਾ ਗੁਰੂ ਸਾਹਿਬ ਦੀ ਕੀਤੀ ਬੜੀ ਮਹਾਨ ਭਾਈ।
'ਰਬਾਬ' ਐਸੀ ਵਜਾਉਂਦਾ ਸਰੋਤੇ ਮੰਤਰ-ਮੁਗਧ ਹੋ ਜਾਂਦੇ,
ਗੁਰੂ ਸਾਹਿਬ ਜਦ ਕਰਦੇ ਸੀ ਸ਼ਬਦ ਬਿਆਨ ਭਾਈ।
ਉਹਨਾਂ ਦਾ ਰਹਿੰਦੀ ਦੁਨੀਆਂ ਤੱਕ ਚਮਕਦਾ ਨਾਮ ਰਹਿਦਾ,
ਮੇਜਰ ਚੰਗੇ ਕੰਮ ਕਰ ਜਾਂਦੇ ਜੋ ਵਿੱਚ ਜਹਾਨ ਭਾਈ।
ਮੇਜਰ ਸਿੰਘ ਬੁਢਲਾਡਾ
94176 42327


11/15/2021
ਜਰਨੈਲ ਸਿੰਘ

ਮੇਲਾ ਯੂਬਾ ਸਿਟੀ ਦਾ

ਮੇਲਾ ਯੂਬਾ ਸਿਟੀ ਦਾ
ਮੈਂ ਮੇਲੇ ਵਿੱਚ ਗੁਆਚ ਗਿਆ
ਸਿੱਖ ਨੂੰ ਐਸੀ ਦਿੱਤੀ ਭੁਆਂਟਣੀ
ਗੁਰੂ ਦੀ ਉਂਗਲ ਛੁੱਟ ਗਈ, ਸਿੱਖ ਮੇਲੇ ਵਿੱਚ ਗੁਆਚ ਗਿਆ
ਮੇਲਾ ਭਰਿਆ ਨੱਕੋ ਨੱਕ
ਕੋਈ ਵੇਚ ਰਿਹਾ ਸੀ ਖਾਲਸਤਾਨ
ਕੋਈ ਕਹੇ ਗੁਰਧਾਮ ਮੁਰੰਮਤ ਮੰਗਦੇ ਹੈਨ ਜੋ ਪਾਕਸਤਾਨ
ਕੋਈ ਮੁਫਤ ਕਿਤਾਬਾਂ ਵੰਡਦਾ ਪਰ ਲੈਂਦਾ ਖੁੱਲ ਕੇ ਦਾਨ
ਖੋਲ ਕਿਤਾਬ ਮੈ ਦੇਖਿਆ, ਨ ਲੱਭਿਆ ਗੁਰੂ ਗਿਆਨ
ਸਿਰਫ ਇੱਕ ਸਾਧ ਦੀ ਕਰਾਮਾਤ ਦਾ ਬਿਆਨ
ਲੰਗਰ ਭਾਂਤ ਸੁਭਾਂਤ ਦਾ ਮਿਲਦਾ ਹਰ ਪਕਵਾਨ
ਗੁਰੂ ਦੀ ਗੋਲਕ ਭੁੱਲ ਕੇ ਕਰਨ ਕੁਥਾਵੇਂ ਦਾਨ
ਰੱਜੇ ਲੋਕੀ ਖਾਂਵਦੇ ਕਹਿੰਦੇ ਗੁਰੂ ਬੜਾ ਮਿਹਰਬਾਨ
ਰਾਗੀ ਰਾਗ ਅਲਾਪਦਾ ਅੰਦਰ ਗੁਰ ਦਰਬਾਰ
ਖੋਟ ਮਿਲਾ ਗੁਰ ਸ਼ਬਦ ਵਿੱਚ ਗਾਵੇ ਸੁਰ ਤੇ ਤਾਲ
ਅੱਖਾਂ ਮੀਚ ਲੋਕ ਝੂਮਦੇ ਭੁਲ ਗਏ ਗੁਰੂ ਗਿਆਨ
ਰੱਬ ਰਾਗੀ ਨਾਦੀ ਨਹੀ ਭਿੱਜਦਾ, ਭਿੱਜਦਾ ਅਮਲਾਂ ਨਾਲ
ਗਾਵਿਆ ਸੁਣਿਆ ਹਰਿ ਥਾਇ ਪਾਵੈ ਜੇ ਚੱਲੀਏ ਗੁਰੂ ਦੱਸੀ ਚਾਲ
ਭੀੜ ਭੜੱਕਾ ਜੂਝਦੇ ਲੈ ਮਾਇਆ ਮੱਥਾ ਟੇਕਣ ਜਾਣ
ਭੁੱਲੜ ਸਿੱਖ ਨ ਜਾਣਦੇ ਗੁਰੂ ਪੈਸਾ ਨਹੀ ਸਿਰ ਲੋੜਦਾ
ਮਨਮਤ ਦਾ ਸਿਰ ਕੱਟ ਕੇ ਗੁਰਮੱਤ ਦਾ ਸਿਰ ਜੋੜਦਾ
ਗੁਰ ਬੱਧੀ ਧਰਮਸਾਲ ਸੀ ਬਣ ਗਏ ਪੂਜਾ ਥਾਨ
ਘੜਨੀ ਸੁਰਤ ਮੱਤ ਮਨ ਬੁੱਧ ਸੀ ਹੁਣ ਸਿੱਖ ਮੰਗਣ ਮਾਇਆ ਦਾਨ
ਮਾਇਆ ਗੋਲਕ ਪਾਂਵਦੇ ਗੁਰ ਨਾਲ ਕਰਨ ਬਿਉਪਾਰ
ਦੇ ਦੇ ਮੰਗੇ ਸਹਸਾ ਗੁਣਾ ਨਾਲੇ ਸੋਭ ਕਰਨ ਸੰਸਾਰ
ਮੈਂ ਬੁੱਧ ਬਿਬੇਕ ਨਾਲ ਵੇਖਿਆ ਗੁਰ ਤਾਂ ਮੇਰੇ ਨਾਲ
ਗੁਰ ਮੈਨੂੰ ਸਮਝਾਇਆ ਇਹ ਖੇਡ ਰਚੀ ਕਰਤਾਰ
ਅਮਲ ਗਲੋਲਾ ਕੂੜ ਦਾ ਦਿੱਤਾ ਦੇਵਣਹਾਰ
ਮੱਤੀਂ ਗੁਰੂ ਵਿਸਾਰਿਆ ਮੇਲਾ ਲਾਇਆ ਦਿਨ ਚਾਰ
ਇਹ ਮੇਲਾ ਹਰ ਥਾਂ ਸਜਦਾ, ਹਰ ਧਰਮ, ਹਰ ਦੇਸ਼
ਹਰ ਧਰਮ ਦਾ ਸਿੱਖ ਗੁਆਚਦਾ ਇਸ ਮੇਲੇ ਵਿੱਚ ਆ
ਕੋਈ ਲੁੱਟਦਾ ਕੋਈ ਲੁੱਟ ਹੋ ਰਿਹਾ ਸਭ ਰਹੇ ਨੇ ਘਾਟਾ ਖਾ
ਪੱਲਾ ਗੁਰੂ ਦਾ ਛੱਡ ਕੇ ਤੜਪਨ ਦਿਨ ਤੇ ਰਾਤ
ਖਾ ਕੇ ਇੱਕ ਭੁਆਂਟਣੀ ਜਾਂਦੇ ਮੇਲੇ ਵਿੱਚ ਗੁਆਚ
ਕਦੇ ਛੱਡੋ ਨ ਲੜ ਬਿਬੇਕ ਦਾ ਇਹ ਸਿਰੇ ਦੀ ਬਾਤ
ਜੇ ਲੜ ਫੜੇਂ ਬਿਬੇਕ ਦਾ ਗੁਰ ਰਹੇ ਸੰਗ ਤੇਰੇ ਨਾਲ
ਗੁਰਪਰਸਾਦੀ ਸਹਿਜ ਉਪਜੇ ਸਹਸਾ ਮਨ ਦਾ ਜਾਵੇ
ਨ ਫਿਰ ਡਰੇਂ ਡਰਾਵੇਂ ਕਾਸ ਤੋਂ ਨ ਲੁੱਟੇਂ ਨ ਲੁੱਟ ਖਾਵੇਂ
ਉਂਗਲ ਗੁਰੂ ਦੀ ਫੜ ਕੇ ਮੇਲੇ ਵਿੱਚ ਫਿਰ ਜਾਵੇਂ

ਜਰਨੈਲ ਸਿੰਘ
www,understandingguru.com
ਨਵੰਬਰ 15, 2021


11/15/2021
ਮੇਜਰ ਸਿੰਘ ਬੁਢਲਾਡਾ

 'ਗਾਥਾ'
'ਨਿਹੰਗ ਖਾਨ ਅਤੇ ਬੀਬੀ ਮੁਮਤਾਜ'ਜਦ 'ਬਚਿੱਤਰ ਸਿੰਘ' ਜ਼ਖ਼ਮੀ ਹੋ ਗਿਆ,
ਦਿੱਤਾ 'ਨਿਹੰਗ ਖਾਨ' ਦੇ 'ਕਿਲੇ' ਪਹੁੰਚਾ।
ਜੋ ਮੁਰੀਦ ਸੀ 'ਗੁਰੂ ਗੋਬਿੰਦ ਸਿੰਘ' ਦਾ,
ਜਿਸਦਾ 'ਗੁਰੂ' ਨਾਲ ਸੀ ਪ੍ਰੇਮ ਅਥਾਹ।
ਕੀਤੀ ਕਿਸੇ ਸੂਹੀਏ ਨੇ ਮੁਖ਼ਬਰੀ,
ਲਿਆ 'ਕਿਲੇ' ਨੂੰ ਘੇਰਾ ਪਾ।
'ਨਿਹੰਗ ਖਾਨ' ਨੇ ਧੀ 'ਮੁਮਤਾਜ' ਨੂੰ
'ਸਿੰਘ' ਦੀ ਸੇਵਾ ਦੇ ਵਿੱਚ ਲਾ।
ਇਕ ਕਮਰੇ ਅੰਦਰ ਬਿਠਾਕੇ
ਦਿੱਤਾ ਅੰਦਰੋਂ ਕੁੰਡਾ ਲਵਾ।
ਪੁਲਿਸ ਨੇ ਸਾਰਾ 'ਕਿਲ੍ਹਾ' ਫਰੋਲਤਾ,
ਕਿਤੋਂ ਕੁਝ ਵੀ ਨਾ ਮਿਲ਼ਿਆ।
ਇਕ ਬੰਦ ਕਮਰੇ ਨੂੰ ਵੇਖਕੇ,
'ਨਿਹੰਗ ਖਾਨ' ਨੂੰ ਪੁੱਛਿਆ ਬੁਲਾਅ।
ਫਿਰ 'ਨਿਹੰਗ ਖਾਨ' ਨੇ ਦੱਸਿਆ,
ਤੁਸੀਂ ਵੇਖ ਲਓ ਭਾਵੇਂ ਜਾ।
ਇਥੇ ਮੇਰੀ 'ਧੀ' ਅਤੇ 'ਦਾਮਾਦ' ਹੈ,
ਉਹ ਰਹੇ ਨੇ ਆਰਾਮ ਫ਼ਰਮਾ।
ਕਰ ਯਕੀਨ 'ਨਿਹੰਗ ਖਾਨ' ਤੇ,
ਫਿਰ ਹੋਈ ਪੁਲਿਸ ਵਿਦਾ।
'ਮੁਮਤਾਜ' ਦੇ ਬੋਲ ਕੰਨਾਂ ਵਿਚ ਪੈ ਗਏ,
ਉਹਨੇ ਮਨ ਵਿਚ ਧਾਰ ਲਿਆ।
ਮੰਨ ਲਿਆ 'ਪਤੀ' ਬੱਚਿਤਰ ਸਿੰਘ ਨੂੰ,
ਕਹਿੰਦੀ "ਨਹੀਂ ਕਰਾਉਣਾ ਹੋਰ ਨਿਕਾਹ।"
ਕੁੱਝ ਦਿਨਾਂ ਬਾਅਦ ਬੱਚਿਤਰ ਸਿੰਘ ਜੀ,
ਇਹ ਦੁਨੀਆਂ ਤੋਂ ਤੁਰ ਗਿਆ।
ਇਕ ਦਿਨ ਘਰੇ 'ਨਿਹੰਗ ਖਾਨ' ਨੇ,
ਮੁਮਤਾਜ ਦੇ ਵਿਆਹ ਦੀ ਕਰੀ ਸਲਾਹ।
'ਮੁਮਤਾਜ' ਨੇ ਝੱਟ 'ਪਿਤਾ' ਨੂੰ ਆਖਿਆ,
"ਨਹੀਂ ਕਰਾਉਣਾ ਦੂਜਾ ਵਿਆਹ।
ਤੁਸੀਂ ਭੁੱਲ ਗ‌ਏ ਉਦੇਂ ਕੀ ਸੀ ਆਖਿਆ?"
ਦਿੱਤਾ ਪਿਤਾ ਨੂੰ ਯਾਦ ਕਰਾ।
"ਹੁਣ ਮੈਂ ਏਦਾਂ ਹੀ ਉਮਰ ਗੁਜਾਰਨੀ,
ਇਹ ਜਿੰਦਗੀ ਉਸਦੇ ਦਿੱਤੀ ਲੇਖੇ ਲਾ।"
'ਮੁਮਤਾਜ' ਪੱਕੀ ਰਹੀ ਸਿਦਕ ਦੀ,
ਜੋ ਗਈ ਆਪਣੇ ਬੋਲ ਪੁਗਾ।
ਲੋਕੀ ਉਸਦੀ ਯਾਦਗਾਰ 'ਤੇ ਜਾਕੇ,
ਮੇਜਰ ਰਹੇ ਨੇ ਸੀਸ ਨਿਵਾਅ
ਲੋਕ ਰਹੇ ਨੇ ਸੀਸ ਨਿਵਾਅ...।
ਮੇਜਰ ਸਿੰਘ ਬੁਢਲਾਡਾ
94176 42327


(ਸੰਪਾਦਕੀ ਨੋਟ:- ਕੁੱਝ ਦਿਨ ਪਹਿਲਾਂ ਅਕਤੂਬਰ 25, 2021 ਨੂੰ ਮੈਂ ਇੱਕ ਲੇਖ ਲਿਖਿਆ ਸੀ, “ਧਰਮ ਦੇ ਨਾਮ ਤੇ ਅਧਰਮ ਫੈਲਾਉਣ ਵਾਲਿਆਂ ਤੋਂ ਸੁਚੇਤ ਰਹੋ”। ਇਹ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਜੂਨ 2020 ਤੋਂ ਮੈਂ ਪਸ਼ੂ ਬਿਰਤੀ ਵਾਲੇ ਗੁੰਡਿਆਂ ਦਾ ਧਰਮ ਤਿਆਗ ਚੁੱਕਾ ਹਾਂ। ਪਰ ਜਿਹੜੇ ਲੋਕ ਆਪਣੀ ਗੁੰਡਾ ਬਿਰਤੀ ਅਧੀਨ ਸਮਾਜ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਉਨ੍ਹਾਂ ਬਾਰੇ ਸਮਾਜ ਨੂੰ ਜਾਗਰਤ ਕਰਨਾ ਵੀ ਥੋੜੀ ਬਹੁਤ ਸੂਝ ਰੱਖਣ ਵਾਲੇ ਵਿਆਕਤੀਆਂ ਨੂੰ ਆਪਣਾ ਥੋੜਾ ਜਿਹਾ ਫਰਜ ਨਿਭਾਉਣਾ ਚਾਹੀਦਾ ਹੈ। ਵਿਰਲੇ-ਵਿਰਲੇ ਇਸ ਤਰ੍ਹਾਂ ਕਰਦੇ ਰਹਿੰਦੇ ਹਨ। ਹੇਠ ਲਿਖੀਆਂ ਦੋ ਲਿਖਤਾਂ ਵੀ ਇਸੇ ਤਰ੍ਹਾਂ ਦੀਆਂ ਹੀ ਹਨ ਜੋ ਕਿ ਨਵੰਬਰ 6, 2021 ਦੇ ਪੰਜਾਬ ਟਾਈਮਜ਼ ਦੇ ਅੰਕ ਵਿਚੋਂ ਲੈ ਕੇ ਪਾਠਕਾਂ ਦੀ ਜਾਣਕਾਰੀ ਲਈ ਪਾ ਰਿਹਾ ਹਾਂ। ਸਮਾਜ ਨੂੰ ਗੰਧਲਾ ਕਰਨ ਵਾਲੇ ਲੋਕ ਆਪ ਤਾਂ ਇੱਕੀਵੀਂ ਸਦੀ ਵਿੱਚ ਜੀਅ ਰਹੇ ਹਨ ਅਤੇ ਸਹੂਲਤਾਂ ਵੀ ਸਾਰੀਆਂ ਨਵੀਨ ਮਾਣਦੇ ਹਨ ਪਰ ਲੋਕਾਈ ਨੂੰ ਬੇਵਕੂਫ ਬਣਾਉਣ ਲਈ ਦਲੀਲਾਂ ਸਦੀਆਂ ਪਹਿਲਾਂ ਦੀਆਂ ਦਿੰਦੇ ਹਨ। ਕਿਸੇ ਵਿਰਲੇ ਨੂੰ ਛੱਡ ਕੇ ਬਹੁਤੇ ਪਗੜੀਧਾਰੀ ਲੋਕ ਇਸੇ ਤਰ੍ਹਾਂ ਦੀ ਹੀ ਮਾਨਸਿਕਤਾ ਰੱਖਦੇ ਹਨ)

11/06/2021
ਜਤਿੰਦਰ ਕੌਰ ਤੁੜ

ਸਿੰਘੂ ਕਾਂਡ: ਪਿੰਡ ਵਾਸੀਆਂ ਨੇ ਮੁੱਖ ਮੁਲਜ਼ਮ ਪਛਾਣਿਆ
ਜਤਿੰਦਰ ਕੌਰ ਤੁੜ (ਅਨੁਵਾਦ: ਬੂਟਾ ਸਿੰਘ)

ਲਖਬੀਰ ਸਿੰਘ ਜਿਸ ਨੂੰ ਦਿੱਲੀ ਦੇ ਸਿੰਘੂ ਬਾਰਡਰ `ਤੇ ਕਤਲ ਕਰ ਦਿੱਤਾ ਗਿਆ ਸੀ, ਦੇ ਪਿੰਡ ਚੀਮਾ ਕਲਾਂ ਦੇ ਦੋ ਬੰਦਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਤਲ ਦੇ ਦੋਸ਼ੀ ਨਿਹੰਗ ਸਿੱਖ ਸਰਬਜੀਤ ਸਿੰਘ ਨੂੰ ਕਤਲ ਤੋਂ ਪਹਿਲੇ ਮਹੀਨਿਆਂ ਵਿਚ ਅਕਸਰ ਪਿੰਡ ਆਉਂਦੇ ਦੇਖਿਆ ਸੀ। ਇਕ ਵਸਨੀਕ ਜੋ ਆਪਣਾ ਨਾਂ ਗੁਪਤ ਰੱਖਣਾ ਚਾਹੁੰਦਾ ਸੀ, ਨੇ ਸਿੰਘੂ ਬਾਰਡਰ ‘ਤੇ ਲਖਬੀਰ ਦੇ ਮਾਰੇ ਜਾਣ ਤੋਂ ਤਿੰਨ ਦਿਨ ਪਹਿਲਾਂ 12 ਅਕਤੂਬਰ ਨੂੰ ਉਸ ਦੀ ਆਮਦੋ-ਰਫਤ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਉਸ ਨੂੰ ਉਸ ਦਿਨ ਦੋ ਨਿਹੰਗਾਂ ਦੇ ਨਾਲ ਬੋਲੈਰੋ ਕੈਂਪਰ ਗੱਡੀ ਵਿਚ ਦੇਖਿਆ ਗਿਆ ਸੀ। ਉਸ ਵਾਸੀ ਨੇ ਦੱਸਿਆ ਕਿ ਸਰਬਜੀਤ ਨੂੰ ਪਿਛਲੇ ਦੋ-ਤਿੰਨ ਮਹੀਨਿਆਂ ਵਿਚ ਕਈ ਮੌਕਿਆਂ `ਤੇ ਪਿੰਡ ਵਿਚ ਬੋਲੇਰੋ ਕੈਂਪਰ ਲੈ ਕੇ ਇੱਧਰਉਧਰ ਜਾਂਦੇ ਨੂੰ ਦੇਖਿਆ ਗਿਆ ਸੀ। ਜਿਵੇਂ ‘ਦੀ ਕਾਰਵਾਂ’ ਨੇ ਪਹਿਲਾਂ ਰਿਪੋਰਟ ਕੀਤੀ ਸੀ, ਲਖਬੀਰ ਦੀ ਭੈਣ ਰਾਜ ਕੌਰ ਨੇ ਵਾਰ-ਵਾਰ ਕਿਹਾ ਹੈ ਕਿ ਉਸ ਦਾ ਭਰਾ ਇਕੱਲਾ ਸਿੰਘੂ ਬਾਰਡਰ ਨਹੀਂ ਜਾ ਸਕਦਾ ਸੀ ਅਤੇ ਕੋਈ ਉਸ ਨੂੰ ਭਰਮਾ ਕੇ ਉਥੇ ਲੈ ਕੇ ਗਿਆ ਹੋਵੇਗਾ। ਰਾਜ ਕੌਰ ਸਮੇਤ ਪਿੰਡ ਦੇ ਜਿਨ੍ਹਾਂ ਲੋਕਾਂ ਨਾਲ ਮੈਂ ਗੱਲ ਕੀਤੀ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਦੋਸ਼ ਲਖਬੀਰ ਉਪਰ ਲਗਾਇਆ ਗਿਆ ਅਤੇ ਜਿਸ ਲਈ ਉਸ ਨੂੰ ਕਤਲ ਕੀਤਾ ਗਿਆ, ਉਹ ਬੇਅਦਬੀ ਨੂੰ ਅੰਜਾਮ ਦੇਣ ਜੋਗਾ ਨਹੀਂ ਸੀ।
ਸਰਬਜੀਤ ਨੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ 15 ਅਕਤੂਬਰ ਦੀ ਰਾਤ ਨੂੰ ਹਰਿਆਣਾ ਪੁਲਿਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਅਗਲੇ ਦਿਨ, ਇਕ ਹੋਰ ਨਿਹੰਗ ਸਿੱਖ ਨਰਾਇਣ ਸਿੰਘ ਨੂੰ ਪੁਲਿਸ ਨੇ ਆਤਮ-ਸਮਰਪਣ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਅਮਰਕੋਟ ਪਿੰਡ ਤੋਂ ਗ੍ਰਿਫਤਾਰ ਕਰ ਲਿਆ। ਨਰਾਇਣ ਨੂੰ ਗ੍ਰਿਫਤਾਰ ਕਰਨ ਵਾਲੇ ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਸੁਪਰਡੈਂਟ ਰਾਕੇਸ਼ ਕੌਸ਼ਲ ਨੇ ਕਿਹਾ ਕਿ ਨਿਹੰਗ ਸਿੱਖ ਨੇ ਦਾਅਵਾ ਕੀਤਾ ਕਿ ਉਸ ਨੇ ਖੁਦ ਕੋਈ ਬੇਅਦਬੀ ਹੁੰਦੀ ਨਹੀਂ ਦੇਖੀ ਸੀ ਪਰ ਉਸ ਨੇ ਸਰਬਜੀਤ ਦੀ ਗੱਲ ਨੂੰ ਸੱਚ ਮੰਨ ਲਿਆ ਸੀ। ਕੌਸ਼ਲ ਨੇ ਦੱਸਿਆ ਕਿ 15 ਅਕਤੂਬਰ ਨੂੰ ਸਵੇਰੇ 5.30 ਵਜੇ ਦੇ ਕਰੀਬ, ਨਰਾਇਣ ਉਸ ਥਾਂ `ਤੇ ਪਹੁੰਚ ਗਿਆ ਸੀ ਜਿੱਥੇ ਸਰਬਜੀਤ ਲਖਬੀਰ ਦੀ ਕੁੱਟਮਾਰ ਕਰ ਰਿਹਾ ਸੀ। ਕੌਸ਼ਲ ਨੇ ਕਿਹਾ ਕਿ ਸਰਬਜੀਤ ਅਤੇ ਇਕ ਹੋਰ ਮੁਲਜ਼ਮ ਨੇ ਪਹਿਲਾਂ ਨਰਾਇਣ ਨੂੰ ਫਤਹਿ ਬੁਲਾਈ ਅਤੇ ਫਿਰ ਕਥਿਤ ਬੇਅਦਬੀ ਬਾਰੇ ਦੱਸਿਆ। “ਨਰਾਇਣ ਸਿੰਘ ਨੇ ਸਾਨੂੰ ਦੱਸਿਆ ਕਿ ਉਦੋਂ ਤੱਕ ਸਰਬਜੀਤ ਨੇ ਲਖਬੀਰ ਦਾ ਗੁੱਟ ਵੱਢ ਦਿੱਤਾ ਸੀ ਅਤੇ ਫਿਰ ਨਾਰਾਇਣ ਨੇ ਉਸ ਦੀ ਸੱਜੀ ਲੱਤ ਵੱਢ ਦਿੱਤੀ।” ਕੌਸ਼ਲ ਅਨੁਸਾਰ ਨਾਰਾਇਣ ਨੇ ਦਾਅਵਾ ਕੀਤਾ ਕਿ ਬੇਅਦਬੀ ਸੁਣ ਕੇ ਉਹ ਸੁੱਧਬੁੱਧ ਗੁਆ ਬੈਠਾ ਅਤੇ ਉਸ ਨੇ ਲਖਬੀਰ ਉਪਰ ਹਮਲਾ ਕਰ ਦਿੱਤਾ।
ਚੀਮਾ ਕਲਾਂ ਦੇ ਇਕ ਹੋਰ ਵਸਨੀਕ ਜੋ ਆਪਣੀ ਪਛਾਣ ਨਸ਼ਰ ਨਹੀਂ ਕਰਨਾ ਚਾਹੁੰਦਾ ਸੀ, ਨੇ ਦੱਸਿਆ ਕਿ ਉਨ੍ਹਾਂ ਨੇ ਸਰਬਜੀਤ ਨੂੰ ਪਿੰਡ ਵਿਚ ਪਹਿਲੀ ਵਾਰ ਤਕਰੀਬਨ ਤਿੰਨ ਮਹੀਨੇ ਪਹਿਲਾਂ ਸਰਾਏ ਅਮਾਨਤ ਖਾਂ ਥਾਣੇ ਦੇ ਨੇੜੇ ਦੇਖਿਆ ਸੀ। “ਇਹ ਬਾਬਾ ਜੀ ਸਰਬਜੀਤ ਸਿੰਘ ਜੋ ਗ੍ਰਿਫਤਾਰ ਹੋਏ, ਅਸੀਂ ਇਸ ਬੰਦੇ ਨੂੰ ਇੱਥੇ ਆਪਣੇ ਪਿੰਡ ਵਿਚ ਦੇਖਿਆ ਸੀ। ਉਹ ਕਿਸੇ ਦੀ ਕਾਰ ਚਲਾਉਂਦਾ ਸੀ।” ਨਿਵਾਸੀ ਨੇ ਕਿਹਾ ਕਿ ਉਸ ਨੂੰ ਸਰਬਜੀਤ ਨੂੰ ਦੇਖਦਿਆਂ ਹੀ ਯਾਦ ਆ ਗਿਆ ਕਿਉਂਕਿ ਨਿਹੰਗ ਨੇ ਉਸ ਕਾਰ ਵਿਚ ਉਨ੍ਹਾਂ ਦਾ ਪਿੱਛਾ ਕੀਤਾ ਸੀ ਜਿਸ ਨੂੰ ਉਹ ਚਲਾ ਰਿਹਾ ਸੀ।
“ਜਦੋਂ ਅਸੀਂ ਉਸ ਨੂੰ ਸਾਡਾ ਪਿੱਛਾ ਕਰਦੇ ਦੇਖਿਆ, ਅਸੀਂ ਥਾਣੇ ਤੋਂ ਕੁਝ ਦੂਰੀ `ਤੇ ਰੁਕ ਗਏ। ਜਦੋਂ ਮੈਂ ਇਸ ਬੰਦੇ ਦਾ ਵੀਡੀਓ ਦੇਖ ਰਿਹਾ ਸੀ, ਉਦੋਂ ਹੀ ਮੈਨੂੰ ਲੱਗਿਆ ਕਿ ਮੈਂ ਇਸ ਆਦਮੀ ਨੂੰ ਆਪਣੇ ਪਿੰਡ ਵਿਚ ਕਿਸੇ ਦੀ ਗੱਡੀ ਚਲਾਉਂਦੇ ਹੋਏ ਦੇਖਿਆ ਹੈ, ਹਾਲਾਂਕਿ ਮੈਨੂੰ ਨਹੀਂ ਪਤਾ ਕਿ ਉਹ ਗੱਡੀ ਕਿਸ ਦੀ ਸੀ।”
ਇਕ ਹੋਰ ਵਸਨੀਕ ਨੇ ਮੈਨੂੰ ਦੱਸਿਆ ਕਿ ਉਸ ਨੇ ਅਤੇ ਕਈ ਹੋਰ ਪਿੰਡ ਵਾਸੀਆਂ ਨੇ ਸਰਬਜੀਤ ਨੂੰ ਚੀਮਾ ਕਲਾਂ ਵਿਚ ਕਈ ਮੌਕਿਆਂ `ਤੇ ਦੇਖਿਆ ਸੀ ਅਤੇ ਉਹ ਆਮ ਤੌਰ` ਤੇ ਬੋਲੈਰੋ ਕੈਂਪਰ ਚਲਾ ਰਿਹਾ ਹੁੰਦਾ ਸੀ। ਵਸਨੀਕ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਪਿੰਡ ਵਾਸੀਆਂ ਨੇ ਸਰਬਜੀਤ ਨੂੰ ਕਈ ਵਾਰ ਪਿੰਡ ਦੇ ਬੱਸ ਅੱਡੇ ਲਾਗੇ ਬਣਾਏ ਜਾ ਰਹੇ ਲੰਗਰ ਹਾਲ ਦੇ ਨੇੜੇ ਦੇਖਿਆ ਸੀ। ਪਹਿਲੇ ਵਸਨੀਕ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਸਰਬਜੀਤ ਨੂੰ ਪਿੰਡ ਦੇ ਬਾਹਰਵਾਰ ਘਰਾਂ ਦੇ ਸਾਹਮਣੇ ਵਗਦੇ ਨਾਲੇ ਦੇ ਕੋਲ ਇਕ ਨਲਕੇ `ਤੇ ਨਹਾਉਂਦੇ ਹੋਏ ਦੇਖਿਆ ਸੀ - ਸਰਬਜੀਤ ਕੁਝ ਹਫਤਿਆਂ ਤੋਂ ਇਨ੍ਹਾਂ ਵਿਚੋਂ ਘੱਟੋ-ਘੱਟ ਦੋ ਘਰਾਂ ਵਿਚ ਰਹਿ ਰਿਹਾ ਸੀ। ਕੁਝ ਪਿੰਡ ਵਾਸੀਆਂ ਨੇ ਮੈਨੂੰ ਦੱਸਿਆ ਕਿ ਸਰਬਜੀਤ ਨੇ ਉਨ੍ਹਾਂ ਦੇ ਪਿੰਡ ਆਉਣ ਤੋਂ ਬਾਅਦ ਆਪਣੇ ਵਾਲ ਵਧਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਪਿੰਡ ਵਾਸੀਆਂ ਨੂੰ ਇਹ ਵੀ ਕਹਿੰਦਾ ਸੀ ਕਿ ਉਹ ਗੁਜਰਾਤੀ, ਮਰਾਠੀ ਅਤੇ ਕੁਝ ਹੋਰ ਭਾਸਾਵਾਂ ਜਾਣਦਾ ਹੈ।
12 ਅਕਤੂਬਰ ਦੀ ਘਟਨਾ ਨੂੰ ਯਾਦ ਕਰਦਿਆਂ ਪਹਿਲੇ ਪਿੰਡ ਵਾਸੀ ਨੇ ਮੈਨੂੰ ਦੱਸਿਆ ਕਿ ਉਸ ਦਿਨ ਲਖਬੀਰ ਨੇੜਲੀ ਅਨਾਜ ਮੰਡੀ ਵਿਚ ਕੰਮ ਲੱਭਣ ਗਿਆ ਸੀ। ਭੈਣ ਰਾਜ ਕੌਰ ਨੇ ਵੀ ਇਸ ਦੀ ਤਸਦੀਕ ਕੀਤੀ। ਵਾਸੀ ਅਨੁਸਾਰ ਇਕ ਕਿਸਾਨ ਜਿਸ ਨੂੰ ਉਸ ਨੇ ਗੁਰਸਿੱਖ ਦੱਸਿਆ, ਨੇ ਲਖਬੀਰ ਨੂੰ ਕੰਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਨਸ਼ੇੜੀ ਸੀ। “ਲਖਬੀਰ ਮੰਡੀਓਂ ਨਿਕਲ ਗਿਆ ਅਤੇ ਪੈਦਲ ਤੁਰ ਪਿਆ। ਇਕ ਬਾਈਕ ਸਵਾਰ ਵਿਅਕਤੀ ਨੇ ਨੇੜਲੇ ਸ਼ਮਸ਼ਾਨ ਘਾਟ ਦੇ ਚੁਰਸਤੇ ਤੋਂ ਲਖਬੀਰ ਨੂੰ ਆਪਣੇ ਨਾਲ ਬਿਠਾਇਆ ਅਤੇ ਉਸ ਨੂੰ ਦੋ ਨਿਹੰਗਾਂ ਦੇ ਹਵਾਲੇ ਕਰ ਦਿੱਤਾ ਜਿਨ੍ਹਾਂ ਦੇ ਦੁਮਾਲੇ ਸਜਾਏ ਹੋਏ ਸਨ ਅਤੇ ਉਨ੍ਹਾਂ ਨੇ ਵੱਡੀਆਂ ਤਲਵਾਰਾਂ ਅਤੇ ਚੋਲੇ ਪਹਿਨੇ ਹੋਏ ਸਨ ਜੋ ਨਿਹੰਗਾਂ ਦਾ ਵਿਸ਼ੇਸ਼ ਪਹਿਰਾਵਾ ਹੈ। ਵਾਸੀ ਨੇ ਦੱਸਿਆ ਕਿ ਉਸ ਰਾਤ ਬਾਦ ਵਿਚ ਲਖਬੀਰ ਨੂੰ ਸਥਾਨਕ ਗਊਸ਼ਾਲਾ ਵਿਚ ਪਸ਼ੂਆਂ ਨੂੰ ਪੱਠੇ ਪਾਉਂਦੇ ਹੋਏ ਦੇਖਿਆ ਗਿਆ। ਅਗਲੀ ਸਵੇਰ ਲਖਬੀਰ ਨੂੰ ਮੁੜ ਪਿੰਡ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਦੇਖਿਆ ਜੋ ਅਨਾਜ ਮੰਡੀ ਵਿਚ ਇਕ ਪ੍ਰਾਈਵੇਟ ਬੈਂਕ ਵਿਚ ਕੰਮ ਕਰਦਾ ਹੈ। ਅੰਮ੍ਰਿਤਪਾਲ ਨੇ ਮੈਨੂੰ ਦੱਸਿਆ, “ਮੈਂ ਉਸ ਨੂੰ ਦੂਰੋਂ ਦੇਖਿਆ।” ਇਹ ਆਖਰੀ ਵਾਰ ਸੀ ਜਦੋਂ ਪਿੰਡ ਦੇ ਕਿਸੇ ਬੰਦੇ ਨੇ ਲਖਬੀਰ ਨੂੰ ਦੇਖਿਆ ਸੀ ਅਤੇ ਕੋਈ ਨਹੀਂ ਜਾਣਦਾ ਸੀ ਕਿ ਉਹ 14 ਅਕਤੂਬਰ ਦੀ ਰਾਤ ਨੂੰ ਸਿੰਘੂ ਬਾਰਡਰ ਉਪਰ ਕਿਵੇਂ ਪਹੁੰਚਿਆ।
14 ਅਤੇ 15 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਸਰਬਜੀਤ ਅਤੇ ਹੋਰ ਨਿਹੰਗਾਂ ਦੇ ਟੋਲੇ ਨੇ ਲਖਬੀਰ ਨੂੰ ਕਤਲ ਕਰ ਦਿੱਤਾ। ਕੌਸ਼ਲ ਨੇ ਉਹ ਸਬੂਤ ਦੱਸੇ ਜੋ ਪੁਲਿਸ ਵੱਲੋਂ ਸੁਖਬੀਰ ਅਤੇ ਨਾਰਾਇਣ ਤੋਂ ਕਢਵਾਏ ਗਏ ਸਨ। ਕੌਸ਼ਲ ਨੇ ਦੱਸਿਆ ਕਿ ਜਦੋਂ ਲਖਬੀਰ `ਤੇ ਹਮਲਾ ਕੀਤਾ ਜਾ ਰਿਹਾ ਸੀ, “ਸੜਕ ਤੋਂ ਕੁਝ ਮੀਟਰ ਦੀ ਦੂਰੀ` ਤੇ, ਨਿਹੰਗ ਸਰਬਜੀਤ ਸਿੰਘ ਨੇ ਮਿਸਲ ਸ਼ਹੀਦ ਬਾਬਾ ਬਾਜ ਸਿੰਘ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਮੁਖੀ ਨਰਾਇਣ ਸਿੰਘ ਤੱਕ ਪਹੁੰਚ ਕੀਤੀ ਅਤੇ ਉਚੀ ਆਵਾਜ਼ ਵਿਚ ਕਿਹਾ, ‘ਬੇਅਦਬੀ ਕਰ ਦਿੱਤੀ, ਗੁਰੂ ਸਾਹਿਬ ਦੀ ਬੇਅਦਬੀ ਹੋ ਗਈ। ਅੰਗ ਵੱਢ `ਤੇ, ਵੱਢੋ ਇਹਨੂੰ’।” ਕੌਸ਼ਲ ਅਨੁਸਾਰ ਨਰਾਇਣ ਸਿੰਘ ਨੇ ਉਸ ਨੂੰ ਦੱਸਿਆ ਕਿ “ਬੇਅਦਬੀ ਦੇ ਵਿਰਲਾਪ ਦਾ ਪ੍ਰਭਾਵ ਕਰੰਟ ਵਾਂਗ ਸੀ ਅਤੇ ਉਸ ਦਾ ਆਪਣੇ ਦਿਮਾਗ ਉਪਰ ਕਾਬੂ ਨਾ ਰਿਹਾ ਅਤੇ ਉਹ ਵੀ ਸਿੰਘੂ ਬਾਰਡਰ `ਤੇ ਤਰਨਤਾਰਨ ਦੇ ਚੀਮਾ ਕਲਾਂ ਦੇ ਲਖਬੀਰ ਸਿੰਘ ਦੇ ਹਜੂਮੀ ਕਤਲ ਵਿਚ ਸਰਗਰਮੀ ਨਾਲ ਸ਼ਾਮਿਲ ਹੋ ਗਿਆ।”
ਕੌਸ਼ਲ ਅਨੁਸਾਰ, 13 ਅਕਤੂਬਰ ਦੀ ਰਾਤ ਨੂੰ, ਨਾਰਾਇਣ ਅਤੇ ਉਸ ਦਾ ਪੁੱਤਰ ਅਤੇ ਚਾਰ ਹੋਰ ਲੋਕ ਸਿੰਘੂ ਬਾਰਡਰ `ਤੇ ਦੁਸਹਿਰਾ ਮਨਾਉਣ ਲਈ ਆਪਣੇ ਪਿੰਡੋਂ ਗਏ ਸਨ। ਕੌਸ਼ਲ ਨੇ ਦੱਸਿਆ ਕਿ ਨਿਹੰਗ 15 ਅਕਤੂਬਰ ਨੂੰ ਸਵੇਰੇ ਕਰੀਬ 5.30 ਵਜੇ ਸਿੰਘੂ `ਤੇ ਪਹੁੰਚਿਆ, ਜਦੋਂ ਸਰਬਜੀਤ ਅਤੇ ਹੋਰ ਕਥਿਤ ਦੋਸ਼ੀਆਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ। ਕਥਿਤ ਬੇਅਦਬੀ ਦੀ ਗੱਲ ਸੁਣ ਕੇ ਉਸ ਨੂੰ ਗੁੱਸਾ ਆ ਗਿਆ - ਸਰਬਜੀਤ ਨੇ ਉਨ੍ਹਾਂ ਨੂੰ ਦੱਸਿਆ ਕਿ ਲਖਬੀਰ ਨੇ ਨਿਹੰਗਾਂ ਦੇ ਸਤਿਕਾਰਤ ਗ੍ਰੰਥ ਸਰਬਲੋਹ ਨੂੰ ਚੁੱਕ ਕੇ ਖੇਤਾਂ ਵਿਚ ਲਿਜਾ ਕੇ ਸੁੱਟ ਦਿੱਤਾ ਸੀ ਅਤੇ ਇਕ ਹੋਰ ਪਵਿੱਤਰ ਗ੍ਰੰਥ ਚੁੱਕਣ ਲਈ ਵਾਪਸ ਆਇਆ ਸੀ। ਕੌਸ਼ਲ ਅਨੁਸਾਰ, ਨਾਰਾਇਣ ਨੇ ਕਿਹਾ ਕਿ ਉਹ ਤੁਰੰਤ ਹਿੰਸਾ ਵਿਚ ਸ਼ਾਮਿਲ ਹੋ ਗਿਆ ਅਤੇ ਉਸ ਨੇ ਲਖਬੀਰ ਦੀ ਲੱਤ ਵੱਢ ਦਿੱਤੀ ਜੋ ਪਹਿਲਾਂ ਹੀ ਖੂਨ ਨਾਲ ਲੱਥਪੱਥ ਸੀ। ਨਾਰਾਇਣ ਨੇ ਫਿਰ ਲਖਬੀਰ ਉਪਰ ਤਲਵਾਰ ਨਾਲ ਤਿੰਨ ਵਾਰ ਕੀਤੇ। ਨਰਾਇਣ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਪਹਿਲਾਂ ਕਦੇ ਵੀ ਸਰਬਜੀਤ ਨੂੰ ਨਹੀਂ ਮਿਲਿਆ ਸੀ।
ਬਟਾਲਾ ਜ਼ਿਲ੍ਹੇ ਦੇ ਐਸ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 35 ਸਾਲਾ ਸਰਬਜੀਤ ਪੰਜ ਜਾਂ ਛੇ ਸਾਲ ਦੀ ਉਮਰ ਤੋਂ ਖੁਜਾਲਾ ਪਿੰਡ ਵਿਚ ਆਪਣੇ ਮਾਮੇ ਕੋਲ ਰਹਿੰਦਾ ਸੀ। ਉਸ ਨੇ 10 ਵੀਂ ਜਮਾਤ ਸੰਨ 2000 `ਚ ਧੰਦੋਈ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਬਾਅਦ ਵਿਚ ਚਾਰ-ਪੰਜ ਸਾਲ ਦੁਬਈ ਵਿਚ ਲਾਏ। ਪੁਲਿਸ ਨੇ ਦੱਸਿਆ ਕਿ ਸਰਬਜੀਤ ਨੇ ਫਿਰ ਆਪਣੇ ਮਾਮੇ ਨਾਲ ਬਟਾਲਾ ਦੀ ਸੁਖਮਨੀ ਕਲੋਨੀ ਵਿਚ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਉਸ ਨੇ 2007 ਵਿਚ ਵਿਆਹ ਕਰਵਾ ਲਿਆ ਅਤੇ 2017 ਵਿਚ ਉਸ ਦਾ ਤਲਾਕ ਹੋ ਗਿਆ। ਸਰਬਜੀਤ ਫਿਰ ਮਹਾਰਾਸਟਰ ਵਿਚ ਨਾਂਦੇੜ ਸਾਹਿਬ ਵਿਖੇ ਚਲਾ ਗਿਆ ਜੋ ਸਿੱਖਾਂ ਦੇ ਪੰਜਾਂ ਤਖਤਾਂ ਵਿਚੋਂ ਇਕ ਹੈ। ਉਹ ਨਿਹੰਗ ਸੱਜ ਗਿਆ ਅਤੇ ਨਿਹੰਗਾਂ ਦਾ ਰਵਾਇਤੀ ਬਾਣਾ ਪਹਿਨਣਾ ਸ਼ੁਰੂ ਕਰ ਦਿੱਤਾ। ਪੁਲਿਸ ਅਨੁਸਾਰ, ਉਸ ਨੂੰ ਆਖਰੀ ਵਾਰ ਦੋ ਸਾਲ ਪਹਿਲਾਂ ਬਟਾਲਾ ਵਿਚ ਦੇਖਿਆ ਗਿਆ ਸੀ।
ਕਤਲ ਨੂੰ ਲੈ ਕੇ ਵਿਵਾਦ ਵਧਣ ਨਾਲ 20 ਅਕਤੂਰ ਨੂੰ ਰਾਜ ਦੇ ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਆਦੇਸ਼ਾਂ `ਤੇ ਵਿਸ਼ੇਸ਼ ਜਾਂਚ ਟੀਮ ਬਣਾਈ। ਸਿੱਟ ਨੂੰ ਲਖਬੀਰ ਦੀ ਭੈਣ ਰਾਜ ਕੌਰ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਵਧੀਕ ਡੀ.ਜੀ.ਪੀ. ਅਤੇ ਜਾਂਚ ਬਿਊਰੋ ਪੰਜਾਬ ਦੇ ਨਿਰਦੇਸ਼ਕ ਵਰਿੰਦਰ ਕੁਮਾਰ ਸਿੱਟ ਦੇ ਮੁਖੀ ਹਨ। ਫਿਰੋਜ਼ਪੁਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਇੰਦਰਬੀਰ ਸਿੰਘ ਅਤੇ ਤਰਨ ਤਾਰਨ ਦੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਇਸ ਦੇ ਮੈਂਬਰ ਹਨ।
ਇਸ ਦੌਰਾਨ, ਪਿੰਡ ਦੇ ਸਾਬਕਾ ਸਰਪੰਚ ਸੋਨੂੰ ਚੀਮਾ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਸਥਾਨਕ ਸਿਆਸੀ ਹਸਤੀਆਂ ਅਤੇ ਅਫਸਰਾਂ ਵੱਲੋਂ ਚੁੱਪ ਰਹਿਣ ਲਈ ਦਬਾਅ ਪਾਇਆ ਜਾ ਰਿਹਾ ਹੈ। ਚੀਮਾ ਨੇ ਕਿਹਾ, “ਪਿੰਡ ਵਾਸੀ ਸੱਚ ਦੱਸਣਗੇ ਬਸ਼ਰਤੇ ਕੋਈ ਉਨ੍ਹਾਂ ਨੂੰ ਸੁਰੱਖਿਆ ਤੇ ਨਿਆਂ ਦਾ ਭਰੋਸਾ ਦੇਵੇ।”


11/06/2021
ਹਰਚਰਨ ਸਿੰਘ ਪਰਹਾਰ

ਬੇਅਦਬੀਆਂ ਦਾ ਮੰਦਭਾਗਾ ਵਰਤਾਰਾ ਅਤੇ ਸਿੱਖ ਚਿੰਤਕ
ਸਿੰਘੂ ਬਾਰਡਰ ‘ਤੇ ਚੱਲ ਰਹੇ ਵਿਵਾਦ ਦੇ ਪ੍ਰਸੰਗ ਵਿਚ

ਹਰਚਰਨ ਸਿੰਘ ਪਰਹਾਰ
ਮੁੱਖ ਸੰਪਾਦਕ ‘ਸਿੱਖ ਵਿਰਸਾ’
ਫੋਨ: 403-681-8689

"15 ਅਕਤੂਬਰ 2021 ਨੂੰ ਸਿੰਘੂ ਬਾਰਡਰ'ਤੇ ਹੋਇਆ ਕਤਲ ਕਰੂਰ ਹੱਤਿਆ ਹੈ ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ, ਘੱਟ ਹੈ। ਇਸ ਘਟਨਾ ਨੇ ਪੰਜਾਬ ਤੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੋਰਚੇ ਦਾ ਇਹ ਭਿਅੰਕਰ ਕਾਰਾ ਕਰਨ ਵਾਲਿਆਂ ਨਾਲ ਨਾ ਤਾਂ ਕੋਈ ਸਬੰਧ ਹੈ ਤੇ ਨਾ ਹੀ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੀ ਨਿਹੰਗ ਜਥੇਬੰਦੀ ਸੰਯੁਕਤ ਮੋਰਚੇ ਦਾ ਹਿੱਸਾ ਹੈ। ਧਰਮ 'ਦਇਆ` 'ਤੇ ਆਧਾਰਿਤ ਹੁੰਦਾ ਹੈ। ਜਿਹੜੇ ਬੰਦੇ ਧਰਮ 'ਚੋਂ ਦਇਆ ਜਾਂ ਰਹਿਮ ਮਨਫੀ ਕਰ ਦਿੰਦੇ ਹਨ, ਉਹ ਉਸ ਧਰਮ ਦੇ ਪੈਰੋਕਾਰ ਨਹੀਂ, ਵਿਰੋਧੀ ਹੁੰਦੇ ਹਨ। ਜਿਹੜੇ ਲੋਕ ਧਰਮ ਦੇ ਨਾਂ 'ਤੇ ਕਰੂਰ ਹੱਤਿਆਵਾਂ ਕਰਦੇ ਹਨ, ਉਨ੍ਹਾਂ ਦੀ ਤੁਲਨਾ ਤਾਲਿਬਾਨ ਅਤੇ ਹੋਰ ਕੱਟੜਪੰਥੀ ਜਥੇਬੰਦੀਆਂ ਨਾਲ ਹੀ ਹੋ ਸਕਦੀ ਹੈ। ਕਰੂਰਤਾ ਚਾਹੇ ਉਹ ਧਰਮ ਦੇ ਨਾਂ 'ਤੇ ਕੀਤੀ ਗਈ ਹੋਵੇ ਜਾਂ ਕਿਸੇ ਵਿਚਾਰਧਾਰਾ ਦੇ ਨਾਂ 'ਤੇ, ਨੂੰ ਸਭਿਅਕ ਸਮਾਜ ਵਿਚ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਹੜੇ ਲੋਕਾਂ ਨੇ ਇਹ ਹੱਤਿਆ ਕੀਤੀ ਹੈ, ਉਹ ਸਮੁੱਚੀ ਮਨੁੱਖਤਾ ਦੇ ਨਾਲ-ਨਾਲ ਕਿਸਾਨ ਸੰਘਰਸ਼ ਦੇ ਵੀ ਗੁਨਾਹਗਾਰ ਹਨ, ਕਿਉਂਕਿ ਕਿਸਾਨ ਅੰਦੋਲਨ ਨੇ ਸ਼ਾਂਤਮਈ ਲੀਹਾਂ'ਤੇ ਸੰਘਰਸ਼ ਕਰਕੇ ਉੱਚੇ ਨੈਤਿਕ ਮਿਆਰ ਕਾਇਮ ਕੀਤੇ ਹਨ ਜਦਕਿ ਇਹ ਘਟਨਾ ਅਨੈਤਿਕ, ਅਧਾਰਮਿਕ ਅਤੇ ਜ਼ਾਲਮਾਨਾ ਹੈ। ਇਸ ਘਟਨਾ ਦੇ ਜਿਸ ਪੱਖ ਤੋਂ ਪੰਜਾਬੀ ਭਾਈਚਾਰਾ ਜ਼ਿਆਦਾ ਉਦਾਸ ਤੇ ਸ਼ਰਮਸਾਰ ਹੋਇਆ ਹੈ, ਉਹ ਇਸ ਕਾਰੇ ਨੂੰ ਕਰਨ ਵਾਲੇ ਵਿਅਕਤੀਆਂ ਦਾ ਸਿੰਘੂ ਬਾਰਡਰ ਤੇ ਕਿਸਾਨ ਮੋਰਚੇ ਦੇ ਨਜ਼ਦੀਕ ਹੀ ਬੈਠੇ ਹੋਣਾ ਹੈ ਅਤੇ ਉਹ ਆਪਣੇ ਆਪ ਨੂੰ ਕਿਸਾਨ ਮੋਰਚੇ ਦੇ ਹਮਾਇਤੀ ਦੱਸਦੇ ਰਹੇ ਹਨ। ਪੰਜਾਬੀਆਂ ਨੂੰ ਚਿੰਤਾ ਹੈ ਕਿ ਕਿਤੇ ਅਜਿਹੀ ਕਰੂਰ ਘਟਨਾ ਦਾ ਪ੍ਰਛਾਵਾਂ ਲਗਾਤਾਰ ਸ਼ਾਂਤਮਈ ਢੰਗ ਨਾਲ ਚਲਾਏ ਜਾ ਰਹੇ ਕਿਸਾਨ ਅੰਦੋਲਨ 'ਤੇ ਨਾ ਪੈ ਜਾਵੇ ...।
ਦੋਸ਼ ਲਗਾਇਆ ਜਾ ਰਿਹਾ ਹੈ ਕਿ ਮਾਰੇ ਗਏ ਵਿਅਕਤੀ ਨੇ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਸੀ। ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨਾ ਮੰਦਭਾਗੀ ਘਟਨਾ ਹੈ ਜਿਸ ਦੀ ਹਰ ਇੱਕ ਨੂੰ ਨਿੰਦਾ ਕਰਨੀ ਚਾਹੀਦੀ ਹੈ। ਅਜਿਹਾ ਕਰਨ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਲਈ ਦੇਸ਼ ਵਿਚ ਪੁਲਿਸ, ਤਫਤੀਸ਼ੀ ਏਜੰਸੀਆਂ ਅਤੇ ਨਿਆਂ ਪ੍ਰਣਾਲੀ ਮੌਜੂਦ ਹੈ। ਇਹੀ ਨਹੀਂ, ਧਾਰਮਿਕ ਸੰਸਥਾਵਾਂ ਕੋਲ਼ ਵੀ ਅਜਿਹੇ ਗਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੇ ਢੰਗਤਰੀਕੇ ਅਤੇ ਰਵਾਇਤਾਂ ਮੌਜੂਦ ਹਨ। ਕਤਲ ਕਰਨ ਨਾਲ ਬੇਅਦਬੀ ਦੂਰ ਨਹੀਂ ਹੁੰਦੀ ਸਗੋਂ ਕਤਲ ਖੁਦ ਧਾਰਮਿਕ ਅਕੀਦਿਆਂ ਅਤੇ ਰਵਾਇਤਾਂ ਦੀ ਬੇਅਦਬੀ ਹੈ। ਧਾਰਮਿਕ ਸੰਸਥਾਵਾਂ ਨੂੰ ਕਾਨੂੰਨ ਹੱਥ ਵਿਚ ਲੈਣ ਵਾਲੇ ਅਜਿਹੇ ਵਿਅਕਤੀਆਂ ਅਤੇ ਗਰੁੱਪਾਂ ਵਿਰੁਧ ਸਖਤ ਸਟੈਂਡ ਲੈਣਾ ਚਾਹੀਦਾ ਹੈ।" ਇਹ ਵਿਚਾਰ ਰੋਜ਼ਾਨਾ 'ਪੰਜਾਬੀ ਟ੍ਰਿਬਿਊਨ` ਅਖਬਾਰ ਦੇ ਸੰਪਾਦਕ ਸਵਰਾਜਬੀਰ ਨੇ 16 ਅਕਤੂਬਰ ਦੀ ਸੰਪਾਦਕੀ 'ਸਿੰਘੂ ਬਾਰਡਰ ਤੇ ਕਤਲ: ਕਰੂਰ ਤੇ ਕਾਇਰਾਨਾ ਕਾਰਾ` ਵਿਚ ਪ੍ਰਗਟ ਕੀਤੇ ਹਨ। ਇਸ ਸੰਪਾਦਕੀ ਦੇ ਜਵਾਬ ਵਿਚ ਲੰਮਾ ਸਮਾਂ ਇਸੇ ਅਖਬਾਰ ਦੇ ਸਾਬਕਾ ਅਸਿਸਟੈਂਟ ਐਡੀਟਰ ਰਹੇ ਕਰਮਜੀਤ ਸਿੰਘ ਨੇ ਇੱਕ ਚਿੱਠੀ 'ਪੰਜਾਬੀ ਟ੍ਰਿਬਿਊਨ` ਨੂੰ ਲਿਖੀ ਹੈ ਜਿਸ ਵਿਚ ਉਹ ਸਿੰਘੂ ਬਾਰਡਰ 'ਤੇ ਹੋਏ ਕਤਲ ਬਾਰੇ ਇਵੇਂ ਲਿਖਦੇ ਹਨ:"ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਜਿਊਂਦੀ ਜਾਗਦੀ ਪਰਮ ਹਕੀਕਤ ਹੈ। ਸੁਪਰੀਮ ਕੋਰਟ ਦਾ ਵੀ ਫੈਸਲਾ ਇਹੋ ਹੀ ਹੈ। ਸਿੱਖ ਉਸ ਨੂੰ ਆਪਣਾ ਪਿਓ ਮੰਨਦੇ ਹਨ। ਜਦੋਂ ਇਸ ਰੂਹਾਨੀ ਬਾਪੂ ਦੇ ਅੰਗਾਂ ਨੂੰ ਗਲੀਆਂ ਵਿਚ ਰੋਲਿਆ ਗਿਆ, ਗੰਦੇ ਨਾਲਿਆਂ ਵਿਚ ਸੁੱਟਿਆ ਗਿਆ, ਜਦੋਂ ਕੋਈ ਉਸ ਅਸਥਾਨ ਤੇ ਸ਼ਰ੍ਹੇਆਮ ਸਿਗਰਟ ਦਾ ਧੂੰਆਂ ਛੱਡ ਰਿਹਾ ਹੈ ਜਿਸ ਥਾਂ ਤੇ ਖਾਲਸਾ ਪੰਥ ਦੀ ਸਿਰਜਣਾ ਹੋਈ ਤਾਂ ਫਿਰ ਇਸ ਭਿਆਨਕ ਗੁਨਾਹ ਦਾ ਹਿਸਾਬ ਕਿਤਾਬ ਲੈਣ ਲਈ'ਸਿੱਧਾ' ਟੱਕਰਿਆ ਜਾਵੇ, ਜਾਂ ਉਸ ਥਾਂ ਵੱਲ ਰੁਖ ਕੀਤਾ ਜਾਵੇ ਜਿਸ ਨੂੰ ਸੰਪਾਦਕੀ ਵਿਚ 'ਪੁਲਿਸ, ਤਫਤੀਸ਼ੀ ਏਜੰਸੀਆਂ ਅਤੇ ਨਿਆਂ ਪ੍ਰਣਾਲੀ' ਕਿਹਾ ਗਿਆ ਹੈ ਪਰ ਨੈਤਿਕਤਾ ਦੀਆਂ ਇਹ ਖੋਜੀ ਸੰਸਥਾਵਾਂ ਕਿਤੇ ਵੀ ਤਾਂ ਨਹੀਂ ਲੱਭ ਰਹੀਆਂ ਅਤੇ ਮੀਡੀਏ ਦਾ ਵੱਡਾ ਹਿੱਸਾ ਵੀ ਇਨ੍ਹਾਂ ਸੰਸਥਾਵਾਂ ਦੀ ਪੁੱਛ-ਗਿੱਛ ਕਰਨ ਵਿਚ ਦਿਲਚਸਪੀ ਨਹੀਂ ਲੈ ਰਿਹਾ। ਸਮੁੱਚੀ ਸੰਪਾਦਕੀ ਵਿਚ ਸਵਰਾਜਬੀਰ ਆਪਣੇ ਗੁੱਸੇ ਦੇ ਇੱਕੋ ਪੱਖ ਉੱਤੇ ਜ਼ੋਰ ਦਿੰਦੇ ਹੋਏ ਗੁੱਸੇ ਦੇ ਨਵੇਂ ਨਿਯਮ ਕਾਇਮ ਕਰ ਰਹੇ ਜਾਪਦੇ ਹਨ।"
ਸ. ਕਰਮਜੀਤ ਸਿੰਘ 1984 ਵਾਲੇ ਸਿੱਖ ਸੰਘਰਸ਼ ਨਾਲ ਬੜੇ ਨੇੜਿਉਂ ਜੁੜੇ ਰਹੇ ਹਨ ਤੇ ਪਿਛਲੇ ਦਿਨੀਂ ਆਪਣੀ ਇੱਕ ਇੰਟਰਵਿਊ ਵਿਚ ਉਨ੍ਹਾਂ ਮੰਨਿਆ ਸੀ ਕਿ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਵੈਦਿਆ ਨੂੰ ਮਾਰਨ ਵਾਲੇ ਜਿੰਦਾ ਅਤੇ ਸੁੱਖਾ ਵਲੋਂ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਅਸਲ ਵਿਚ ਉਨ੍ਹਾਂ ਹੀ ਡਰਾਫਟ ਕੀਤੀ ਸੀ। ਕਰਮਜੀਤ ਸਿੰਘ ਖਾੜਕੂ ਧਿਰਾਂ ਦੀ ਤਰਜਮਾਨੀ ਕਰਨ ਵਾਲੀ ਡਾ.ਸੋਹਣ ਸਿੰਘ ਵਾਲ਼ੀ ਪੰਥਕ ਕਮੇਟੀ ਨੇੜਲੇ ਸਹਿਯੋਗੀ ਰਹੇ ਹਨ। ਸਾਡੇ ਸਿੱਖ ਵਿਦਵਾਨਾਂ ਨੂੰ ਇੱਕ ਪਾਸੇ ਲਗਦਾ ਹੈ ਕਿ 'ਪੰਜਾਬੀ ਟ੍ਰਿਬਿਊਨ' ਉਤੇ ਸਿੱਖ ਵਿਰੋਧੀ ਮਹਾਸ਼ਾ ਸੋਚ ਹਾਵੀ ਹੈ ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਕਰਮਜੀਤ ਸਿੰਘ ਵਰਗੇ ਕਈ ਖਾੜਕੂ ਸਮਰਥਕ ਉਥੇ ਸਾਰੀ ਉਮਰ ਪੱਤਰਕਾਰੀ ਕਿਵੇਂ ਕਰਦੇ ਰਹੇ?
1984 ਦੇ ਸਿੱਖ ਸੰਘਰਸ਼ ਦੇ ਆਪਣੇ-ਆਪ ਨੂੰ ਇੱਕੋ-ਇੱਕ ਸਿਧਾਂਤਕ ਵਿਆਖਿਆਕਾਰ ਵਜੋਂ ਸਥਾਪਿਤ ਕਰ ਰਹੇ ਸਿੱਖ ਵਿਦਵਾਨ ਸ. ਅਜਮੇਰ ਸਿੰਘ ਨੇ ਸਿੰਘੂ ਬਾਰਡਰ ਦੀ ਘਟਨਾ ਬਾਰੇ ਯੂਟਿਊਬ ਵੀਡੀਓ 'ਜੈਕਾਰੁ ਕੀਓ ਧਰਮੀਆ ਕਾ ਪਾਪੀ ਕੋ ਡੰਡ ਦੀਓਇ…` ਦੇ ਸਿਰਲੇਖ ਹੇਠ ਪਾਈ ਹੈ ਜਿਸ ਵਿਚ ਉਹ ਕਹਿੰਦੇ ਹਨ: 'ਨਿਹੰਗਾਂ ਨੇ ਸਿੰਘੂ ਬਾਰਡਰ 'ਤੇ ਬੇਅਦਬੀ ਕਰਨ ਵਾਲੇ ਲਖਬੀਰ ਸਿੰਘ ਦਾ ਕਤਲ ਕਰਕੇ 'ਮਿਸਾਲੀ ਸਜ਼ਾ` ਦਿੱਤੀ ਹੈ ਅਤੇ ਭਵਿੱਖ ਵਿਚ ਅਜਿਹੀਆਂ ਹੋਰ 'ਮਿਸਾਲੀ ਸਜ਼ਾਵਾਂ` ਦਿੱਤੀਆਂ ਜਾਣ ਤਾਂ ਬੇਅਦਬੀਆਂ ਨੂੰ ਠੱਲ੍ਹ ਪੈ ਸਕਦੀ ਹੈ?` ਉਸ ਅਨੁਸਾਰ ਸਿੱਖਾਂ ਵਿਚ ਬੇਅਦਬੀਆਂ ਕਰਕੇ ਜੋ ਬੇਚੈਨੀ ਪਾਈ ਜਾ ਰਹੀ ਸੀ, ਇਸ ਘਟਨਾ ਨਾਲ ਸਿੱਖ ਪੰਥ ਨੇ ਤਸੱਲੀ ਨਾਲ਼ ਸੁੱਖ ਦਾ ਸਾਹ ਲਿਆ ਹੈ।`
ਅਜਮੇਰ ਸਿੰਘ ਅਨੁਸਾਰ ਸਿੱਖਾਂ ਦੇ ਇੱਕ ਸੈਕਸ਼ਨ ਨਾਲ ਲੰਮੇ ਸਮੇਂ ਤੋਂ ਅਸਹਿਣਸ਼ੀਲਤਾ ਤੇ ਜਬਰ ਹੋ ਰਿਹਾ ਹੈ, ਇਸ ਘਟਨਾ ਨੂੰ ਉਸੇ ਪ੍ਰਸੰਗ ਵਿਚ ਦੇਖਣ ਦੀ ਲੋੜ ਹੈ। ਇਸੇ ਵੀਡੀਓ ਵਿਚ ਅਜਮੇਰ ਸਿੰਘ ਕਿਸਾਨ ਆਗੂਆਂ ਨੂੰ ਸਿੱਖੀ ਦੇ ਦੁਸ਼ਮਣ ਗਰਦਾਨਦਾ ਹੋਇਆ ਪੇਸ਼ਗਨੋਈ ਕਰਦਾ ਕਹਿੰਦਾ ਹੈ: "ਕਿਸਾਨ ਅੰਦੋਲਨ ਵਾਲੀ ਥਾਂ ਇਹ ਘਟਨਾ ਵਾਪਰੀ ਹੈ ਅਤੇ ਕਿਸਾਨ ਆਗੂਆਂ ਦਾ ਪ੍ਰਤੀਕਰਮ ਸਿੱਖਾਂ ਲਈ ਖਤਰੇ ਦੀ ਘੰਟੀ ਹੈ। ਅਲਟੀਮੇਟਲੀ ... ਜਿਵੇਂ ਲੈਫਟ 84 ਦੇ ਸੰਘਰਸ਼ ਦੌਰਾਨ ਸਿੱਖਾਂ ਖਿਲਾਫ ਸਟੇਟ ਦਾ ਦਸਤਾ ਬਣਿਆ, ਕਿਸਾਨ ਆਗੂ ਉਸ ਰੋਲ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਦਾ ਕਿਸਾਨੀ ਸੰਘਰਸ਼ ਨਾਲ ਆਧਾਰ ਤੇ ਸਮਰਥਨ ਵਧਿਆ ਹੈ। ਉਹ ਸਿੱਖਾਂ ਦੀ ਮਦਦ ਨਾਲ ਤਾਕਤ ਬਣ ਚੁੱਕੇ ਹਨ। ਜੋ ਉਹ ਗੱਲਾਂ ਕਰ ਰਹੇ ਹਨ ... ਦੱਸਦਾ ਹੈ ਕਿ ਉਨ੍ਹਾਂ ਨੇ ਵਿਕਟਮ (ਨਿਹੰਗਾਂ) ਨਾਲ ਨਹੀਂ ਸਗੋਂ ਉਹ ਵਿਕਟੇਮਾਈਜ਼ ਕਰਨ ਵਾਲੇ (ਇੰਡੀਅਨ ਸਟੇਟ) ਨਾਲ ਖੜ੍ਹਨਗੇ।" ਉਹ ਨਿਹੰਗ ਆਗੂ ਬਾਬਾ ਅਮਨ ਸਿੰਘ ਕਹਿੰਦਾ ਹੈ: "ਨਿਹੰਗਾਂ ਨੇ ਇਹ ਕਾਰਵਾਈ ਕਿਸੇ ਤੈਸ਼ ਜਾਂ ਰੋਹ ਵਿਚ ਆ ਕੇ ਨਹੀਂ ਕੀਤੀ, ਇਹ ਗੁੱਸਾ ਜਮ੍ਹਾਂ ਹੋਇਆ ਪਿਆ ਸੀ ... ਬੇਅਦਬੀ ਦੀਆਂ ਘਟਨਾਵਾਂ ਤਾਂ 1947 ਤੋਂ ਹੀ ਹੋ ਰਹੀਆਂ ਹਨ। ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਰਹੀ ਸੀ ਅਤੇ ਸਿੱਖਾਂ ਵਿਚ ਚਿੰਤਾ ਸੀ ਕਿ ਕੀ ਕਰੀਏ? ਹੁਣ ਇੱਕ ਆਸ ਜਾਗੀ ਹੈ ਕਿ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਠੱਲ੍ਹ ਪਾਈ ਜਾਵੇਗੀ?" ਉਹ ਅੱਗੇ ਇਸ ਬੇਰਹਿਮ ਕਤਲ ਨੂੰ ਜਾਇਜ਼ ਠਹਿਰਾਉਣ ਲਈ ਗੁਰਬਾਣੀ ਤੇ ਇਤਿਹਾਸ ਦਾ ਸਹਾਰਾ ਲੈਂਦਾ ਹੋਇਆ ਕਹਿੰਦਾ ਹੈ: "ਸਿੱਖਾਂ ਦੀ ਰਵਾਇਤ ਹੈ, ਪਾਪੀ ਕੋ ਡੰਡ ਦਿਓ। ਸਿੱਖਾਂ ਨੇ ਇਸ ਘਟਨਾ ਰਾਹੀਂ ਆਪਣੇ ਵਿਰਸੇ ਦੀ ਲਾਜ਼ ਰੱਖੀ ਹੈ...। ਸਿੱਖ ਬਹੁਤ ਘੱਟ ਗਿਣਤੀ ਵਿਚ ਹਨ। 18ਵੀਂ ਸਦੀ ਵਿਚ ਵੀ ਸਨ ਪਰ ਕਦੇ ਡਰੇ ਨਹੀਂ, ਨਾ ਡਰਨਗੇ। ਘੱਟ ਗਿਣਤੀ ਦੇ ਡਰਾਵੇ ਦੇਣੇ, ਸਿੱਖਾਂ ਤੇ ਨਾ ਕਾਰਗਰ ਹੋਏ ਹਨ, ਨਾ ਹੋਣਗੇ। ਸਵਾ ਲਾਖ ਸੇ ਇੱਕ ਲੜਾਊਂ ਦੀ ਸਪਿਰਟ ਜੋ ਦਸਮ ਗੁਰੂ ਭਰ ਗਏ ਹਨ, ਉਹ ਸਦਾ ਰਹੇਗੀ।"
ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ 2015 ਤੋਂ ਵਾਪਰ ਰਹੀਆਂ ਹਨ ਜਿਸ ਦੀ ਹਰ ਹੋਸ਼ਮੰਦ ਵਿਅਕਤੀ ਨਿੰਦਾ ਕਰਦਾ ਹੈ, ਬੇਸ਼ਕ ਉਸ ਦਾ ਕਿਸੇ ਵੀ ਧਰਮ ਵਿਚ ਯਕੀਨ ਹੋਵੇ ਜਾਂ ਨਾ ਹੋਵੇ। ਜਦੋਂ 2015 ਵਿਚ ਬੁਰਜ ਜਵਾਹਰ ਸਿੰਘ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਕੇ ਗਲੀਆਂ ਵਿਚ ਖਿਲਾਰੇ ਗਏ ਤਾਂ ਉਸ ਤੋਂ ਬਾਅਦ ਦੇਸ਼ਵਿਦੇਸ਼ ਵਿਚ ਸਿੱਖ ਜਗਤ ਅੰਦਰ ਵਿਆਪਕ ਰੋਸ ਦੇਖਣ ਨੂੰ ਮਿiਲ਼ਆ ਸੀ। ਇਸ ਤੋਂ ਬਾਅਦ ਕੁਝ ਪੰਥਕ ਜਥੇਬੰਦੀਆਂ ਨੇ ਇਨਸਾਫ ਲਈ ਮੋਰਚਾ ਵੀ ਲਗਾਇਆ ਜਿਸ ਵਿਚ ਪੁਲਿਸ ਗੋਲੀ ਨਾਲ ਬਰਗਾੜੀ ਵਿਚ ਦੋ ਨੌਜਵਾਨ ਵੀ ਮਾਰੇ ਗਏ ਸਨ। ਇਸ ਤੋਂ ਬਾਅਦ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਬੇਅਦਬੀਆਂ ਦੇ ਦੋਸ਼ੀਆਂ ਜਾਂ ਉਸ ਦੇ ਸਾਜ਼ਿਸ਼ਕਾਰ ਲੱਭਣ ਲਈ ਕਮਿਸ਼ਨ ਬਿਠਾਏ, ਫਿਰ 2017 ਵਿਚ ਸਰਕਾਰ ਬਦਲ ਗਈ ਤਾਂ ਨਵੀਂ ਕਾਂਗਰਸ ਸਰਕਾਰ ਨੇ ਵੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕਮਿਸ਼ਨ ਬਿਠਾਏ ਪਰ ਅਜੇ ਤੱਕ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਜਿਸ ਨਾਲ ਸਿੱਖਾਂ ਦੇ ਇੱਕ ਖਾਸ ਵਰਗ ਵਲੋਂ ਅਕਸਰ ਸਰਕਾਰਾਂ ਪ੍ਰਤੀ ਰੋਸ ਪ੍ਰਗਟ ਕੀਤਾ ਜਾਂਦਾ ਹੈ। ਪਿਛਲ਼ੇ 6 ਸਾਲਾਂ ਵਿਚ ਇਨ੍ਹਾਂ ਧਿਰਾਂ ਨੇ ਕਈ ਵਾਰ ਮੋਰਚੇ ਲਾਏ ਤੇ ਕਈ ਵਾਰ ਉਠਾਏ ਜਿਸ ਨਾਲ ਉਨ੍ਹਾਂ ਪ੍ਰਤੀ ਲੋਕਾਂ ਵਿਚ ਬੇਭਰੋਸਗੀ ਵਧੀ ਹੈ ਪਰ ਇਸ ਵਰਤਾਰੇ ਬਾਰੇ ਸਿੱਖ ਜਥੇਬੰਦੀਆਂ ਜਾਂ ਲੀਡਰਸ਼ਿਪ ਨੇ ਕਦੇ ਵੀ ਗੰਭੀਰਤਾ ਨਾਲ ਵਿਚਾਰ ਨਹੀਂ ਕੀਤੀ ਕਿ ਆਖਿਰ ਅਜਿਹੀਆਂ ਘਟਨਾਵਾਂ ਸਿੱਖਾਂ ਨਾਲ ਹੀ ਕਿਉਂ ਵਾਪਰ ਰਹੀਆਂ ਹਨ? ਹਰ ਕੋਈ ਜਜ਼ਬਾਤੀ ਰੌਂਅ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਜਾਂ ਇਨ੍ਹਾਂ ਘਟਨਾਵਾਂ ਪਿਛੇ ਜੇ ਕੋਈ ਸਾਜ਼ਿਸ਼ ਹੈ ਤਾਂ ਉਨ੍ਹਾਂ ਸਾਜ਼ਿਸ਼ਕਾਰਾਂ ਨੂੰ ਸਾਹਮਣੇ ਲਿਆਉਣ ਲਈ ਸਿਰਫ ਬਿਆਨਬਾਜੀ ਕਰਦਾ ਨਜ਼ਰ ਆਉਂਦਾ ਹੈ। ਇਨ੍ਹਾਂ ਘਟਨਾਵਾਂ ਪਿਛਲੇ ਕਾਰਨ ਲੱਭਣ ਲਈ ਕੋਈ ਸੁਹਿਰਦ ਯਤਨ ਹੁੰਦਾ ਨਜ਼ਰ ਨਹੀਂ ਆਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਨੇ ਵੀ ਆਪਣੇ ਤੌਰ 'ਤੇ ਇਨ੍ਹਾਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਨ, ਘਟਨਾਵਾਂ ਦੇ ਕਾਰਨ ਲੱਭਣ, ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਲਈ ਗੁਰਦੁਆਰਿਆਂ ਨੂੰ ਹਦਾਇਤਾਂ ਦੇਣ ਆਦਿ ਬਾਰੇ ਕੋਈ ਕਾਰਵਾਈ ਕੀਤੀ ਨਜ਼ਰ ਨਹੀਂ ਆਉਂਦੀ। ਕੀ ਸਵਰਾਜਬੀਰ ਦੇ ਉਠਾਏ ਇਤਰਾਜ਼ ਜਾਇਜ਼ ਨਹੀਂ ਕਿ ਜੇ ਸਿੰਘੂ ਬਾਰਡਰ 'ਤੇ ਬੇਅਦਬੀ ਹੋਈ ਸੀ ਤਾਂ ਉਸ ਦੀ ਪਹਿਲਾਂ ਜਾਂਚ ਹੋਣੀ ਚਾਹੀਦੀ ਸੀ? ਸ਼ੱਕ ਦੇ ਆਧਾਰ 'ਤੇ ਕਿਸੇ ਬੰਦੇ ਨੂੰ ਕੋਹ-ਕੋਹ ਕੇ ਮਾਰਨਾ ਸਿੱਖੀ ਦੀ ਪ੍ਰੰਪਰਾ ਨਹੀਂ ਹੋ ਸਕਦੀ। ਕੀ ਉਨ੍ਹਾਂ ਦਾ ਇਹ ਕਹਿਣਾ ਵਾਜਿਬ ਨਹੀਂ ਲਗਦਾ ਕਿ ਕਤਲ ਨਾਲ ਬੇਅਦਬੀ ਦੂਰ ਨਹੀਂ ਹੁੰਦੀ ਸਗੋਂ ਕਤਲ ਖੁਦ ਧਾਰਮਿਕ ਅਕੀਦਿਆਂ ਅਤੇ ਰਵਾਇਤਾਂ ਦੀ ਬੇਅਦਬੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰਾਂ ਜਾਂ ਜਾਂਚ ਏਜੰਸੀਆਂ ਦੋਸ਼ੀਆਂ ਨੂੰ ਫੜਨ ਜਾਂ ਸਜ਼ਾ ਦੇਣ ਵਿਚ ਨਾਕਾਮ ਰਹੀਆਂ ਹਨ ਪਰ ਜੇ ਕਿਸੇ ਨੂੰ ਸਮੇਂ ਸਿਰ ਇਨਸਾਫ ਨਾ ਮਿਲੇ ਤਾਂ ਕੀ ਇਸ ਦਾ ਮਤਲਬ ਇਹ ਲਿਆ ਜਾਣਾ ਚਾਹੀਦਾ ਹੈ ਕਿ ਸ਼ੱਕ ਦੇ ਆਧਾਰ 'ਤੇ ਕਿਸੇ ਨੂੰ ਵੀ ਦੋਸ਼ੀ ਗਰਦਾਨ ਕੇ ਲੋਕ ਕਤਲ ਕਰਨ ਲੱਗ ਜਾਣ? ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਆਧੁਨਿਕ ਯੁੱਗ ਵਿਚ ਸਾਰੀ ਦੁਨੀਆ ਦੇ ਕਾਨੂੰਨ ਇਹ ਕਹਿੰਦੇ ਹਨ ਕਿ 99 ਦੋਸ਼ੀ ਬੇਸ਼ਕ ਬਚ ਜਾਣ ਪਰ ਕਿਸੇ ਇੱਕ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਦੂਜਾ ਅੱਜ ਦੁਨੀਆ ਦੇ ਤਕਰੀਬਨ ਤਿੰਨ ਚੌਥਾਈ ਮੁਲਕਾਂ ਵਿਚ ਕਾਨੂੰਨੀ ਤੌਰ 'ਤੇ ਦੋਸ਼ੀ ਵਿਅਕਤੀਆਂ ਨੂੰ ਫਾਂਸੀ ਲਗਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਤੇ ਬਾਕੀ ਮੁਲਕ ਵੀ ਇਸੇ ਦਿਸ਼ਾ ਵੱਲ ਵਧ ਰਹੇ ਹਨ ਤਾਂ ਕਿ ਜੇ ਕਿਸੇ ਬੇਗੁਨਾਹ ਨੂੰ ਕੋਰਟਾਂ ਦੀ ਗਲਤੀ ਜਾਂ ਗਲਤ ਸਬੂਤਾਂ ਦੇ ਆਧਾਰ 'ਤੇ ਸਜ਼ਾ ਦੇ ਦਿੱਤੀ ਜਾਵੇ ਤਾਂ ਜੇਲ੍ਹ ਵਿਚ ਬੈਠਾ ਬੰਦਾ ਆਪਣਾ ਕੇਸ ਦੁਬਾਰਾ ਲੜ ਕੇ ਬਰੀ ਹੋ ਸਕੇ ਪਰ ਜੇ ਮੌਤ ਦੀ ਸਜ਼ਾ ਹੀ ਦੇ ਦਿੱਤੀ ਜਾਵੇ ਤਾਂ ਬੰਦੇ ਕੋਲ ਆਪਣਾ ਪੱਖ ਰੱਖਣ ਦਾ ਹੱਕ ਨਹੀਂ ਰਹੇਗਾ। ਦੁਨੀਆ ਵਿਚ ਅਜਿਹੇ ਅਨੇਕਾਂ ਕੇਸ ਸਾਹਮਣੇ ਆ ਚੁੱਕੇ ਹਨ ਜਦੋਂ ਅਦਾਲਤਾਂ ਨੇ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਵਾਲੇ ਕੈਦੀ ਜਿਹੜੇ ਕਈ ਸਾਲਾਂ ਬਾਅਦ ਬੇਕਸੂਰ ਸਾਬਤ ਹੋਏ ਤਾਂ ਉਨ੍ਹਾਂ ਨੂੰ ਮੁਆਵਜ਼ੇ ਸਹਿਤ ਬਰੀ ਕੀਤਾ। ਸਾਨੂੰ ਆਪਣੀ ਧਾਰਮਿਕ ਜਾਂ ਮਧਯੁਗੀ ਕਬੀਲਾ ਪ੍ਰੰਪਰਾ ਤੋਂ ਬਾਹਰ ਨਿਕਲ ਕੇ ਇਹ ਵਿਚਾਰਨ ਦੀ ਲੋੜ ਹੈ ਕਿ ਸਾਰੀ ਦੁਨੀਆ ਵਿਚ ਇਹ ਵਿਧਾਨ ਹੈ ਕਿ ਜਦੋਂ ਪੁਲਿਸ ਕਿਸੇ ਕਥਿਤ ਦੋਸ਼ੀ ਨੂੰ ਫੜਦੀ ਹੈ ਤਾਂ ਉਸ ਨੂੰ ਆਪਣੀ ਪੈਰਵੀ ਲਈ ਵਕੀਲ ਕਰਨ ਦਾ ਪੂਰਾ ਅਧਿਕਾਰ ਦਿੱਤਾ ਜਾਂਦਾ ਹੈ ਅਤੇ ਜੇ ਕੋਈ ਆਰਥਿਕ ਕਾਰਨਾਂ ਕਰਕੇ ਵਕੀਲ ਨਾ ਕਰ ਸਕੇ ਤਾਂ ਸਰਕਾਰਾਂ ਉਸ ਨੂੰ ਮੁਫਤ ਵਕੀਲ ਮਹੱਈਆ ਕਰਾਉਂਦੀਆਂ ਹਨ ਤਾਂ ਕਿ ਕਿਸੇ ਬੇਗੁਨਾਹ ਨੂੰ ਕੋਈ ਝੂਠੇ ਕੇਸਾਂ ਵਿਚ ਫਸਾ ਕੇ ਦੋਸ਼ੀ ਨਾ ਬਣਾ ਦੇਵੇ। ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਸਾਡੀ ਕਮਿਉਨਿਟੀ ਵਿਚ ਇੱਕ ਅਜਿਹਾ ਵਰਗ ਮੌਜੂਦਾ ਹੈ ਜੋ ਆਪਣੇ ਨਾਲ ਹੋਏ ਹਰ ਧੱਕੇ, ਜਬਰ-ਜ਼ੁਲਮ ਲਈ ਇਨਸਾਫ ਦੀ ਗੁਹਾਰ ਲਗਾਉਂਦਾ ਹੈ, ਉਸ ਲਈ ਮੁਲਕਾਂ ਦੇ ਕਾਨੂੰਨਾਂ ਅਨੁਸਾਰ ਪੁਲਿਸ ਜਾਂ ਅਦਾਲਤਾਂ ਦਾ ਲਾਭ ਵੀ ਉਠਾਉਂਦਾ ਹੈ ਪਰ ਸਿੰਘੂ ਬਾਰਡਰ 'ਤੇ ਹੋਈ ਘਟਨਾ ਨੂੰ ਪਤਾ ਨਹੀਂ ਕਿਸ ਆਧਾਰ 'ਤੇ ਜਾਇਜ਼ ਠਹਿਰਾ ਰਿਹਾ ਹੈ? ਜਿੱਥੇ ਕਥਿਤ ਦੋਸ਼ੀ ਨੂੰ ਕੁਝ ਲੋਕਾਂ ਨੇ ਹਨੇਰੇ ਦੀ ਆੜ ਵਿਚ ਆਪੇ ਦੋਸ਼ ਲਗਾ ਕੇ ਕਤਲ ਕਰ ਦਿੱਤਾ। ਉਹ ਵੀ ਉਸ ਪੋਥੀ ਦੀ ਬੇਅਦਬੀ ਦੇ ਦੋਸ਼ਾਂ ਵਿਚ ਜਿਸ ਬਾਰੇ ਦੁਨੀਆ ਤਾਂ ਕੀ, 70-80% ਸਿੱਖਾਂ ਨੇ ਇਸ ਪੋਥੀ ਦਾ ਨਾਮ ਪਹਿਲੀ ਵਾਰ ਇਸ ਘਟਨਾ ਤੋਂ ਬਾਅਦ ਸੁਣਿਆ ਹੈ।
ਕਈ ਕਹਿੰਦੇ ਹਨ ਕਿ ਨਿਹੰਗਾਂ ਦੀ ਉਸ ਪੋਥੀ ਵਿਚ ਸ਼ਰਧਾ ਹੈ, ਫਿਰ ਇਸ ਤਰ੍ਹਾਂ ਤਾਂ ਕੋਈ ਵੀ ਆਪਣੀ ਕਿਸੇ ਕਿਤਾਬ ਵਿਚ ਸ਼ਰਧਾ ਦੱਸ ਕੇ ਕਿਸੇ ਨੂੰ ਵੀ ਕਤਲ ਨੂੰ ਜਾਇਜ਼ ਠਹਿਰਾ ਸਕਦਾ ਹੈ! ਹੁਣ ਤਾਂ ਦੁਨੀਆ ਦੇ ਜਿਨ੍ਹਾਂ ਮੁਲਕਾਂ ਵਿਚ ਦੋਸ਼ੀਆਂ ਨੂੰ ਫਾਂਸੀ ਵੀ ਦਿੱਤੀ ਜਾਂਦੀ ਹੈ, ਉਥੇ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਫਾਂਸੀ ਲੱਗਣ ਵਾਲੇ ਨੂੰ ਮਰਨ ਵਕਤ ਜ਼ਿਆਦਾ ਦਰਦ ਨਾ ਹੋਵੇ ਤੇ ਝੱਟ-ਪੱਟ ਮੌਤ ਹੋ ਜਾਵੇ। ਇਥੋਂ ਤੱਕ ਕਿ ਵਿਕਸਤ ਮੁਲਕਾਂ ਵਿਚ ਪਸ਼ੂਆਂ ਦੇ ਮੀਟ ਪਲਾਂਟਾਂ ਵਿਚ ਵੀ ਅਜਿਹੇ ਪ੍ਰਬੰਧ ਕੀਤੇ ਹੋਏ ਹਨ ਕਿ ਮਰਨ ਵਾਲੇ ਪਸ਼ੂ ਨੂੰ ਕੋਈ ਤਕਲੀਫ ਨਾ ਹੋਵੇ ਪਰ ਜਿਹੜੇ ਲੋਕ ਅਜਿਹੇ ਕਤਲਾਂ ਦੀ ਵਕਾਲਤ ਕਰ ਰਹੇ ਹਨ, ਕੀ ਉਨ੍ਹਾਂ ਅੰਦਰ ਮਨੁੱਖਤਾ ਲਈ ਕੋਈ ਦਰਦ ਨਹੀਂ? ਸੋਚੋ, ਜਿਸ ਬੰਦੇ ਦੀ ਇੱਕ ਬਾਂਹ ਅਤੇ ਇੱਕ ਲੱਤ ਵੱਢ ਕੇ ਟੰਗ ਦਿੱਤਾ ਗਿਆ ਤੇ ਕਈ ਘੰਟੇ ਉਸ ਦੇ ਸਰੀਰ ਦੇ ਖੂਨ ਦੀ ਇੱਕ-ਇੱਕ ਬੂੰਦ ਨਿਕਲਦੀ ਰਹੀ, ਉਹ ਕਿੰਨੇ ਦਰਦ ਵਿਚ ਮਰਿਆ ਹੋਵੇਗਾ?
ਜੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਜਾਣ ਤੋਂ ਬਾਅਦ ਦੇ 150 ਸਾਲਾਂ ਦਾ ਨਿਹੰਗਾਂ ਦਾ ਇਤਿਹਾਸ ਦੇਖੋ ਤਾਂ ਤੁਹਾਨੂੰ ਕੁਝ ਵੀ ਅਜਿਹਾ ਨਹੀਂ ਮਿਲਦਾ ਜਿਸ 'ਤੇ ਮਾਣ ਕੀਤਾ ਜਾ ਸਕੇ। ਅੰਗਰੇਜਾਂ ਖਿਲਾਫ ਆਜ਼ਾਦੀ ਦੀ ਲੜਾਈ, ਗੁਰਦੁਆਰਾ ਸੁਧਾਰ ਲਹਿਰ ਤੇ ਉਸ ਤੋਂ ਬਾਅਦ ਅਕਾਲੀਆਂ ਦੇ ਮੋਰਚਿਆਂ ਵਿਚ ਕਿਤੇ ਵੀ ਇਨ੍ਹਾਂ ਦੀ ਭੂਮਿਕਾ ਬਹੁਤੀ ਨਜ਼ਰ ਨਹੀਂ ਆਉਂਦੀ। ਜੇ ਜ਼ਿਆਦਾ ਪਿੱਛੇ ਨਾ ਵੀ ਜਾਈਏ ਤਾਂ 1984 ਦੇ ਘੱਲੂਘਾਰੇ ਮੌਕੇ ਢਾਹੇ ਗਏ ਅਕਾਲ ਤਖਤ ਦੀ ਇਮਾਰਤ ਦੀ ਮੁਰੰਮਤ ਦਾ ਕੰਮ ਕਾਂਗਰਸ ਸਰਕਾਰ ਦੀ ਹਦਾਇਤ 'ਤੇ ਵੱਡੀ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਸੰਤਾ ਸਿੰਘ ਨੇ ਸ਼ੁਰੂ ਕਰਾਇਆ ਸੀ। ਇਸੇ ਤਰ੍ਹਾਂ ਨਿਹੰਗਾਂ ਦੇ ਦੂਜੇ ਵੱਡੇ ਗਰੁਪ ਤਰਨਾ ਦਲ ਦੇ ਮੁਖੀ ਬਾਬਾ ਕਾਹਨ ਸਿੰਘ ਦੇ'ਫਰਜ਼ੰਦ` ਨਿਹੰਗ ਅਜੀਤ ਸਿੰਘ ਪੂਹਲਾ ਨੇ ਖਾੜਕੂ ਲਹਿਰ ਨੂੰ ਖਤਮ ਕਰਨ ਲਈ ਪੁਲਿਸ ਨਾਲ ਰਲ ਕੇ ਜੋ ਗੁਲ ਖਿਲਾਏ, ਉਹ ਕਿਸੇ ਤੋਂ ਲੁਕੇ ਨਹੀਂ। ਹੈਰਾਨੀ ਉਨ੍ਹਾਂ ਲੋਕਾਂ 'ਤੇ ਹੈ ਜੋ ਆਪਣੇ ਆਪ ਨੂੰ ਸਿੱਖਾਂ ਦੇ ਰਾਹ ਦਸੇਰਾ ਬਣੇ ਹੋਏ ਹਨ ਅਤੇ ਉਹ ਕਿਵੇਂ ਇਨ੍ਹਾਂ ਨਿਹੰਗਾਂ ਦਲਾਂ ਤੇ ਆਪਣੀ ਸੌੜੀ ਸਿਆਸਤ ਲਈ ਯਕੀਨ ਕਰ ਰਹੇ ਹਨ!
ਇਸ ਸਬੰਧੀ ਪਿਛਲੇ ਦਿਨੀਂ ਸੋਸ਼ਲ ਮੀਡੀਆ'ਤੇ ਛਪੇ ਕੁਝ ਲੇਖਾਂ ਦਾ ਜ਼ਿਕਰ ਵਾਜਿਬ ਹੋਵੇਗਾ। ਦੋ ਦਹਾਕਿਆਂ ਤੋਂ ਟੋਰਾਂਟੋ ਏਰੀਏ ਤੋਂ ਹਫਤਾਵਾਰੀ ਅਖਬਾਰ 'ਖਬਰਨਾਮਾ` ਦੇ ਸੰਪਾਦਕ ਬਲਰਾਜ ਦਿਉਲ ਆਪਣੇ ਇੱਕ ਲੇਖ 'ਬਚ ਸਕਦੇ ਹੋ ਤਾਂ ਬਚ ਜਾਓ!! ਤੀਲਾਂ ਦੀ ਡੱਬੀ ਅਤੇ ਪੈਟਰੋਲ ਚੁੱਕੀ ਫਿਰਦੈ ਸਿੱਖ ਵਿਦਵਾਨ ਅਜਮੇਰ ਸਿੰਘ!` ਵਿਚ ਲਿਖਦੇ ਹਨ: 'ਦੇਸ਼-ਵਿਦੇਸ਼ ਵਿਚ ਕਈ ਅਜਿਹੇ ਸਿੱਖ ਬੈਠੇ ਹਨ ਜੋ ਇਸ ਕਤਲ ਨੂੰ ਜਾਇਜ਼ ਠਹਿਰਾ ਰਹੇ ਹਨ। ਇੱਕ ਸਿੱਖ ਵਿਦਵਾਨ ਅਜਮੇਰ ਸਿੰਘ ਧਰਮ ਦੇ ਨਾਮ ਉਤੇ ਐਸੀ ਮਿੱਠੀ ਚਾਸ਼ਨੀ ਬਣਾਉਂਦਾ ਹੈ ਕਿ ਇਸ ਵਿਚ ਵਲੇਟੀ ਜ਼ਹਿਰ ਖਾਣ ਵਾਲੇ ਨੂੰ ਕੁੜੱਤਣ ਦਾ ਅਹਿਸਾਸ ਤੱਕ ਨਹੀਂ ਹੁੰਦਾ। ਕਦੇ ਖੱਬੀ ਅਤੇ ਨਕਸਲੀ ਸੋਚ ਦਾ ਧਾਰਨੀ ਰਿਹਾ ਅਜਮੇਰ ਸਿੰਘ ਅੱਜ ਖਾਲਿਸਤਾਨੀ ਧਿਰਾਂ ਦਾ ਰਾਹ-ਦਸੇਰਾ ਅਤੇ ਫਿਲਾਸਫਰ ਬਣਿਆ ਹੋਇਆ ਹੈ। ਨਿਹੰਗਾਂ ਵਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ, ਗਰੀਬ ਲਖਬੀਰ ਸਿੰਘ ਜੋ ਤਿੰਨ ਬੱਚੀਆਂ ਦਾ ਬਾਪ ਅਤੇ ਨਸ਼ੇ ਦਾ ਆਦੀ ਸੀ, ਉਸ ਦੇ ਜਾਣਕਾਰ ਦੱਸਦੇ ਹਨ ਕਿ ਉਹ ਐਸਾ ਕੰਮ ਕਰਨ ਵਾਲਾ ਬੰਦਾ ਨਹੀਂ ਸੀ ਪਰ ਸਿੱਖ ਫਿਲਾਸਫਰ ਅਜਮੇਰ ਸਿੰਘ ਨੇ ਆਪਣੀ ਆਦਤ ਮੁਤਾਬਿਕ ਲੱਗਦੇ ਹੱਥ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਸਿੰਘਾਂ ਨੇ "ਮਿਸਾਲੀ ਸਜ਼ਾ ਦਿੱਤੀ ਹੈ।" ਅਜਮੇਰ ਸਿੰਘ ਇਸ ਨੰਗੇ ਚਿੱਟੇ ਕਤਲ ਨੂੰ'ਮਿਸਾਲੀ ਸਜ਼ਾ' ਦੱਸਦਾ ਹੈ। ਉਸ ਅਨੁਸਾਰ ਨਿਹੰਗਾਂ ਨੇ ਲਖਬੀਰ ਸਿੰਘ ਨੂੰ 'ਸਿੱਖ ਵਿਰਸੇ` ਮੁਤਾਬਿਕ ਸਜ਼ਾ ਦਿੱਤੀ ਹੈ। ਕੀ ਅਜਮੇਰ ਸਿੰਘ ਦੱਸੇਗਾ ਕਿ ਇਹ ਕਿਹੜਾ ਸਿੱਖ ਵਿਰਸਾ ਹੈ ਜੋ ਅਜਿਹੇ ਕਾਰੇ ਕਰਨ ਲਈ ਪ੍ਰੇਰਦਾ ਹੈ?'
ਉਘੇ ਥੀਏਟਰ ਕਲਾਕਾਰ, ਫਿਲਮੀ ਐਕਟਰ, ਡਾਇਰੈਕਟਰ ਤੇ ਨਾਟਕਕਾਰ ਸਾਹਿਬ ਸਿੰਘ ਨੇ ਵੀ ਆਪਣੇ ਵਿਚਾਰ ਸੋਸ਼ਲ ਮੀਡੀਆ 'ਤੇ ਦਿੱਤੇ ਹਨ ਜਿਸ ਵਿਚ ਉਹ ਅਜਮੇਰ ਸਿੰਘ ਤੇ ਦੀਪ ਸਿੱਧੂ ਨੂੰ ਸੰਬੋਧਨ ਹੋ ਕੇ ਲਿਖਦੇ ਹਨ: 'ਅਜਮੇਰ ਸਿੰਘ ਜੀ, ਹਾਰ ਮੰਨ ਲਈਦੀ ਹੁੰਦੀ ਐ... ਜ਼ਿੰਦਗੀ ਵਿਚ ਕਿੰਨੀ ਵਾਰ ਤੁਸੀਂ ਗੇਮ ਖੇਡਣ ਦੀ ਕੋਸ਼ਿਸ਼ ਕੀਤੀ, ਕਦੀ ਵੀ ਕਾਮਯਾਬ ਨਹੀਂ ਹੋਈ... ਹੁਣ ਵੀ ਨਹੀਂ ਹੋ ਰਹੀ... ਅੱਗੇ ਵੀ ਨਹੀਂ ਹੋਣੀ... ਲੋਕ ਹੁਣ ਐਨੇ ਬੇਵਕੂਫ ਰਹੇ ਨਹੀਂ ਜਿੰਨੇ ਤੁਸੀਂ ਸਮਝਦੇ ਹੋ... ਪੰਜਾਬੀ ਜਜ਼ਬਾਤੀ ਜ਼ਰੂਰ ਹਨ... ਸਿੱਖ ਧਰਮ ਨੂੰ ਲੈ ਕੇ ਭਾਵੁਕ ਹਨ... ਪਰ ਅੱਖਾਂ ਤੋਂ ਅੰਨ੍ਹੇ ਨਹੀਂ... ਉਹ ਸਭ ਦੇਖ ਰਹੇ ਹਨ ਕਿ ਕੌਣ ਕੀ ਕਰ ਰਿਹਾ ਹੈ... ਉਹ ਅੱਕੇ ਹੋਏ ਹਨ, ਅਜੇ ਥੋੜ੍ਹਾ ਉਲਝੇ ਹੋਏ ਹਨ... ਉਲਝਾਉਣ ਵਾਲੀਆਂ ਤਾਕਤਾਂ ਵੱਡੀਆਂ ਹਨ... ਉਨ੍ਹਾਂ ਕੋਲ ਤਾਕਤ ਵੱਡੀ ਹੈ...ਪਰ ਜਿਸ ਦਿਨ ਪੂਰੀ ਤਰ੍ਹਾਂ ਸੁਲਝ ਗਏ, ਫੇਰ......? ਮੈਂ ਸਤਰ ਪੂਰੀ ਨਹੀਂ ਕਰਨੀ... ਸਮਝ ਗਏ ਹੋਂਵੋਂਗੇ! ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ...ਤੁਸੀਂ ਮੇਰੇ ਸਾਹਿਤਕ ਪਰਿਵਾਰ ਦੇ ਇੱਕ ਵੱਡੇ ਮੈਂਬਰ ਹੋ... ਪੰਜਾਬ ਨੂੰ, ਪੰਜਾਬੀਆਂ ਨੂੰ, ਖਾਸ ਕਰਕੇ ਸਿੱਖਾਂ ਨੂੰ ਹੋਰ ਨਾ ਉਲਝਾਓ! ਜਿਊਣ ਦਿਓ ਪੰਜਾਬੀਆਂ ਨੂੰ! ਆਪਣੀ ਕਿਰਤ ਲਈ ਉਹ ਜੋ ਸੰਘਰਸ਼ ਕਰਨਾ ਚਾਹੁੰਦੇ ਨੇ, ਉਨ੍ਹਾਂ ਨੂੰ ਕਰਨ ਦਿਓ! ਨਾ ਉਲਝਾਓ! ਇਤਿਹਾਸਕ ਕਲੰਕ ਆਪਣੇ ਮੱਥੇ `ਤੇ ਲੱਗਣ ਤੋਂ ਬਚਾ ਲਓ... ਸੰਭਲ ਜਾਓ! ਤੇ ਆਪਣੇ ਉਸ ਨਾਇਕ ਨੂੰ ਵੀ ਸਮਝਾਓ ਕਿ ਆਪਣੀ ਲਕੀਰ ਵੱਡੀ ਕਰਨ ਲਈ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਵੱਡੀ ਲਕੀਰ ਨੂੰ ਮੇਟਣ ਦੀ ਅਸਫਲ ਕੋਸ਼ਿਸ਼ ਕਰੋ... ਆਪਣੀ ਲਕੀਰ ਖੁਦ ਖਿੱਚੋ!`
ਹੁਣ ਇਹ ਘਟਨਾ ਹੋਰ ਵੀ ਮਹੱਤਵਪੂਰਨ ਬਣ ਗਈ ਹੈ, ਜਦੋਂ ਪ੍ਰਸਿੱਧ ਅਤੇ ਨਿਰਪੱਖ ਮੈਗਜ਼ੀਨ 'ਕਾਰਵਾਂ` ਦੀ ਪੱਤਰਕਾਰ ਜਤਿੰਦਰ ਕੌਰ ਤੁੜ ਦੀ ਰਿਪੋਰਟ 'ਸਿੰਘੂ ਲਿੰਚਿੰਗ: ਪੀੜਤ ਦੇ ਪਿੰਡ ਚੀਮਾ ਕਲਾਂ ਦੇ ਵਸਨੀਕਾਂ ਨੇ ਮੁੱਖ ਦੋਸ਼ੀ ਪਛਾਣਿਆ' ਛਪੀ ਹੈ। ਇਹ ਰਿਪੋਰਟ ਜਤਿੰਦਰ ਕੌਰ ਨੇ ਮਰਨ ਵਾਲੇ ਲਖਬੀਰ ਸਿੰਘ ਦੇ ਪਿੰਡ ਚੀਮਾ ਕਲਾਂ ਵਿਚ ਜਾ ਕੇ ਪਿੰਡ ਦੇ ਲੋਕਾਂ ਨਾਲ਼ ਮੁਲਾਕਾਤਾਂ ਕਰਕੇ ਤਿਆਰ ਕੀਤੀ ਹੈ। ਇਸ ਵਿਚ ਉਹ ਸਪਸ਼ਟ ਲਿਖਦੀ ਹੈ ਕਿ ਮਰਨ ਵਾਲੇ ਲਖਬੀਰ ਸਿੰਘ ਦੇ ਪਿੰਡ ਵਿਚ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਨਿਹੰਗ ਸਰਬਜੀਤ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਕਈ ਵਾਰ ਬਲੈਰੋ ਕੈਂਪਰ ਗੱਡੀ ਵਿਚ ਘੁੰਮਦਾ ਦੇਖਿਆ ਗਿਆ ਸੀ। ਇਸ ਰਿਪੋਰਟ ਅਨੁਸਾਰ ਕਈ ਸਿਆਸਤਦਾਨ ਅਤੇ ਧਾਰਮਿਕ ਲੋਕ ਪਿੰਡ ਦੇ ਲੋਕਾਂ 'ਤੇ ਗਵਾਹੀ ਨਾ ਦੇਣ ਲਈ ਦਬਾਅ ਪਾ ਰਹੇ ਹਨ। ਸਿਰਫ ਸਰਬਜੀਤ ਸਿੰਘ ਨੇ ਹੀ ਲਖਬੀਰ ਸਿੰਘ 'ਤੇ ਬੇਅਦਬੀ ਦੇ ਦੋਸ਼ ਲਗਾਏ ਸਨ ਤੇ ਉਸ ਨੇ ਹੀ ਸਭ ਤੋਂ ਪਹਿਲਾਂ ਉਸ ਦਾ ਗੁੱਟ ਵੱਢ ਕੇ ਮਾਰਨ ਦੀ ਸ਼ੁਰੂਆਤ ਕੀਤੀ ਸੀ ਤੇ ਬਾਕੀਆਂ ਨੂੰ ਅਜਿਹਾ ਕਰਨ ਲਈ ਉਕਸਾਇਆ ਸੀ ਜਿਸ ਤੋਂ ਬਾਅਦ ਨਿਹੰਗ ਨਰਾਇਣ ਸਿੰਘ ਨੇ ਉਸ ਦੀ ਇੱਕ ਲੱਤ ਕਿਰਪਾਨ ਮਾਰ ਕੇ ਵੱਢ ਦਿੱਤੀ। ਇਸ ਰਿਪੋਰਟ ਤੋਂ ਇਹ ਸ਼ੱਕ ਹੋਰ ਪੱਕਾ ਹੁੰਦਾ ਹੈ ਕਿ ਸਰਬਜੀਤ ਸਿੰਘ ਹੀ ਲਖਬੀਰ ਸਿੰਘ ਨੂੰ ਕੋਈ ਲਾਲਚ ਦੇ ਕੇ ਸਿੰਘੂ ਬਾਰਡਰ ਲੈ ਕੇ ਗਿਆ ਹੋ ਸਕਦਾ ਹੈ, ਕਿਉਂਕਿ ਪਿੰਡ ਵਾਸੀਆਂ ਅਨੁਸਾਰ, ਉਹ ਆਪਣੇ ਤੌਰ 'ਤੇ ਦਿੱਲੀ ਜਾਣ ਦੇ ਸਮਰੱਥ ਨਹੀਂ ਸੀ। ਇਸ ਸਾਜ਼ਿਸ਼ ਦਾ ਪਰਦਾ ਉਦੋਂ ਹੋਰ ਚੁੱਕਿਆ ਗਿਆ, ਜਦੋਂ 2-3 ਦਿਨ ਬਾਅਦ ਇਸੇ ਨਿਹੰਗ ਜਥੇ ਦੇ ਮੁਖੀ ਦੀਆਂ ਫੋਟੋਆਂ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਅਤੇ ਸਾਬਕਾ ਪੁਲਿਸ ਅਫਸਰ ਗੁਰਮੀਤ ਪਿੰਕੀ (ਉਰਫ ਪਿੰਕੀ ਕੈਟ) ਤੇ ਭਾਜਪਾ ਨੇਤਾਵਾਂ ਨਾਲ ਨਸ਼ਰ ਹੋ ਗਈਆਂ। ਹੁਣ ਇਹ ਤੱਥ ਵੀ ਸਾਹਮਣੇ ਆ ਰਹੇ ਹਨ ਕਿ ਮਰਨ ਵਾਲੇ ਨੂੰ ਜਿਸ'ਸੰਧੂ ਸਾਹਿਬ` ਦੇ ਫੋਨ ਆਉਂਦੇ ਸਨ, ਉਹ ਕੋਈ ਹੋਰ ਨਹੀਂ, ਗੁਰਮੀਤ ਸਿੰਘ ਸੰਧੂ ਉਰਫ ਗੁਰਮੀਤ ਪਿੰਕੀ ਹੀ ਸੀ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜੋ ਵਿਵਾਦ ਸਿੱਖਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਹੈ ਤੇ ਜਿਸ ਤਰ੍ਹਾਂ ਉਸ ਦਾ ਸਿਆਸੀਕਰਨ ਕੀਤਾ ਗਿਆ ਹੈ, ਉਸ ਨੂੰ ਸਮਝਣ ਲਈ 100 ਕੁ ਸਾਲ ਪਹਿਲਾਂ ਦੀਆਂ ਹਿੰਦੂ-ਮੁਸਲਿਮ ਪਾੜੇ ਦੀਆਂ ਘਟਨਾਵਾਂ ਨੂੰ ਸਮਝਣਾ ਲਾਹੇਵੰਦ ਰਹੇਗਾ ਕਿ ਕਿਵੇਂ ਹਿੰਦੂਮੁਸਲਿਮ ਪਾੜਾ ਪਾਇਆ ਗਿਆ ਜੋ ਅਖੀਰ ਮੁਲਕ ਦੀ ਵੰਡ ਅਤੇ ਲੱਖਾਂ ਲੋਕਾਂ ਦੇ ਕਤਲੇਆਮ ਨਾਲ ਵੀ ਖਤਮ ਨਹੀਂ ਹੋਇਆ ਅਤੇ ਅੱਜ ਵੀ ਬਦਸਤੂਰ ਜਾਰੀ ਹੈ।
1920 ਵਿਚ ਬੇਨਾਮ ਲੇਖਕਾਂ ਦੀਆਂ ਤਿੰਨ ਕਿਤਾਬਾਂ 'ਕ੍ਰਿਸ਼ਨਾ ਤੇਰੀ ਗੀਤਾ ਜਲਾਨੀ ਪੜੇਗੀ`,'ਉਨੀਸੀਵੀਂ ਸਦੀ ਕਾ ਲੰਪਟ ਮਹਾਂਰਿਸ਼ੀ` (ਸਵਾਮੀ ਦਇਆਨੰਦ ਬਾਰੇ) ਅਤੇ 'ਸੀਤਾ ਕਾ ਛਿਨਾਲਾ` (ਭਾਵ ਸੀਤਾ ਦਾ ਵਿਭਚਾਰ) ਵੱਡੀ ਪੱਧਰ 'ਤੇ ਛਾਪੀਆਂ ਗਈਆਂ ਜਿਨ੍ਹਾਂ ਨੂੰ ਕੱਟੜਪੰਥੀ ਮੁਸਲਮਾਨਾਂ ਵਲੋਂ ਮਸਜਿਦਾਂ ਤੇ ਮਦਰੱਸਿਆਂ ਵਿਚ ਵੰਡਿਆ ਗਿਆ। ਇਸ ਤੋਂ ਬਾਅਦ ਹਿੰਦੂਆਂ ਦੇ ਇੱਕ ਵਰਗ ਵਲੋਂ ਸਖਤ ਵਿਰੋਧ ਕੀਤਾ ਗਿਆ ਕਿ ਉਨ੍ਹਾਂ ਦੇ ਦੇਵੀਦੇਵਤਿਆਂ ਜਾਂ ਧਾਰਮਿਕ ਸ਼ਖਸੀਅਤਾਂ ਦਾ ਅਪਮਾਨ ਕੀਤਾ ਗਿਆ ਹੈ ਪਰ ਉਸ ਸਮੇਂ ਦੀ ਹਿੰਦੂ ਲੀਡਰਸ਼ਿਪ, ਖਾਸਕਰ ਮਹਾਤਮਾ ਗਾਂਧੀ ਨੇ ਆਪਣੇ ਅਖਬਾਰ 'ਯੰਗ ਇੰਡੀਆ` ਵਿਚ ਲੇਖ ਲਿਖ ਕੇ ਇਸ ਨੂੰ 'ਵਿਚਾਰਾਂ ਦੀ ਆਜ਼ਾਦੀ` ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ। ਇਸ ਤੋਂ 3 ਸਾਲ ਬਾਅਦ ਹਿੰਦੂਆਂ ਦੇ ਕੁਝ ਕੱਟੜਪੰਥੀ ਧੜਿਆਂ ਵਲੋਂ ਬੇਨਾਮ ਲੇਖਕਾਂ ਦੇ ਨਾਮ 'ਤੇ ਦੋ ਕਿਤਾਬਾਂ 'ਸ਼ੈਤਾਨ` (ਪੈਗੰਬਰ ਮੁਹੰਮਦ ਸਾਹਿਬ ਬਾਰੇ) ਅਤੇ 'ਰੰਗੀਲਾ ਰਸੂਲ` (ਮੁਹੰਮਦ ਸਾਹਿਬ ਵਲੋਂ ਸਵਰਗਾਂ ਆਦਿ ਦੇ ਵਾਅਦਿਆਂ ਬਾਰੇ) ਲਿਖ ਕੇ ਵੱਡੀ ਗਿਣਤੀ ਵਿਚ ਵੰਡਣੀਆਂ ਸ਼ੁਰੂ ਕਰ ਦਿੱਤੀਆਂ। 'ਰੰਗੀਲਾ ਰਸੂਲ` ਲਾਹੌਰ ਦੀ ਮਹਾਸ਼ਾ ਪ੍ਰੈਸ 'ਰਾਜਪਾਲ ਪਬਲਸ਼ਿਰ` ਦੇ ਬੈਨਰ ਹੇਠ ਛਾਪੀ ਗਈ। ਇਸ ਤੋਂ ਬਾਅਦ ਮੁਸਲਿਮ ਜਗਤ ਭੜਕ ਉਠਿਆ। ਇਸ ਤੋਂ ਬਾਅਦ ਮੁਸਲਮਾਨਾਂ ਨੂੰ ਸ਼ਾਂਤ ਕਰਨ ਲਈ ਗਾਂਧੀ ਨੇ 'ਯੰਗ ਇੰਡੀਆ` ਵਿਚ ਇਨ੍ਹਾਂ ਕਿਤਾਬਾਂ ਦੀ ਸਖਤ ਨਿੰਦਾ ਕਰਦੇ ਹੋਏ ਸਖਤ ਸਜ਼ਾਵਾਂ ਦੇਣ ਦੀ ਗੱਲ ਕੀਤੀ। ਇਸ ਨਾਲ ਮੁਹੰਮਦ ਅਲੀ ਜਿਨਾਹ ਵਰਗੇ ਵੱਡੇ ਮੁਸਲਿਮ ਲੀਡਰਾਂ ਨੇ ਇਸ ਮਸਲੇ ਨੂੰ ਹੋਰ ਤੂਲ ਦਿੱਤਾ। ਮਹਾਤਮਾ ਗਾਂਧੀ ਨੇ 3 ਅਗਸਤ, 1924 ਨੂੰ ਆਪਣੇ ਅਖਬਾਰ 'ਯੰਗ ਇੰਡੀਆ` ਵਿਚ ਸਿੱਖ ਵਿਦਵਾਨ ਅਜਮੇਰ ਸਿੰਘ ਤੇ ਕਰਮਜੀਤ ਸਿੰਘ ਵਾਂਗ ਦੋ ਕਦਮ ਅੱਗੇ ਵਧਦੇ ਹੋਏ ਲੇਖ ਲਿਖਿਆ ਜਿਸ ਵਿਚ ਉਸ ਨੇ ਕਿਹਾ: ਜਦੋਂ ਲੋਕਾਂ ਨੂੰ ਅਦਾਲਤਾਂ ਵਿਚੋਂ ਇਨਸਾਫ ਨਾ ਮਿਲੇ ਤਾਂ ਉਸ ਨੂੰ ਆਪ ਜੱਜ ਬਣ ਕੇ ਫੈਸਲੇ ਕਰਨੇ ਚਾਹੀਦੇ ਹਨ।` ਜਿਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਵਲੋਂ ਭਾਰੀ ਦਬਾਅ ਅਧੀਨ 1927 ਵਿਚ 'ਹੇਟ ਸਪੀਚ ਲਾਅ ਸੈਕਸ਼ਨ 295 ਏ` ਲਿਆਂਦਾ ਜਿਸ ਅਧੀਨ 'ਈਸ਼ਵਰ ਜਾਂ ਪੈਗੰਬਰ ਨਿੰਦਾ` ਨੂੰ ਅਪਰਾਧਿਕ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਗਿਆ (ਯਾਦ ਰਹੇ, 2018 ਵਿਚ ਇਸੇ ਕਾਨੂੰਨ ਵਿਚ ਸੋਧ ਕਰਕੇ ਪੰਜਾਬ ਸਰਕਾਰ ਨੇ 295 ਏ.ਏ. ਨਵਾਂ ਕਾਨੂੰਨ ਬਣਾਇਆ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਸਮੇਤ ਗੀਤਾ, ਕੁਰਾਨ, ਬਾਈਬਲ ਆਦਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਅਤੇ ਕਿਸੇ ਧਾਰਮਿਕ ਅਸਥਾਨ ਦੀ ਬੇਅਦਬੀ ਕਰਨ ਵਾਲ਼ੇ ਨੂੰ 10 ਸਾਲ ਦੀ ਸਜ਼ਾ ਰੱਖੀ ਗਈ)।
ਇਸ ਤੋਂ ਬਾਅਦ ਰਾਜਪਾਲ ਮਹਾਸ਼ਾ ਅਤੇ ਉਸ ਦੀ ਪ੍ਰੈਸ 'ਤੇ 4 ਵਾਰ ਹਮਲੇ ਕੀਤੇ ਗਏ। ਲਾਹੌਰ ਦੀ ਅਦਾਲਤ ਵਿਚ ਇਸ ਬਾਰੇ 'ਹੇਟ ਸਪੀਚ ਐਕਟ` ਅਧੀਨ ਕੇਸ ਚੱਲਿਆ ਜਿਸ ਵਿਚ ਚਾਰ ਮੁਸਲਿਮ ਸਕਾਲਰ ਅਤੇ ਵਕੀਲ 'ਰੰਗੀਲਾ ਰਸੂਲ` ਕਿਤਾਬ ਵਿਚੋਂ ਕੁਝ ਅਜਿਹਾ ਸਾਬਿਤ ਨਹੀਂ ਕਰ ਸਕੇ ਜੋ ਪਹਿਲਾਂ ਹੀ ਅਨੇਕਾਂ ਇਸਲਾਮਿਕ ਸਕਾਲਰਾਂ ਵਲੋਂ ਪੈਗੰਬਰ ਮੁਹੰਮਦ ਸਾਹਿਬ ਦੇ ਜੀਵਨ ਬਾਰੇ ਇਕੱਠੀਆਂ ਕੀਤੀਆਂ ਹਦੀਸਾਂ ਵਿਚ ਦਰਜ ਨਾ ਹੋਵੇ ਅਤੇ ਅਦਾਲਤ ਨੇ 1929 ਵਿਚ ਮਹਾਸ਼ਾ ਰਾਜਪਾਲ ਨੂੰ ਬਰੀ ਕਰ ਦਿੱਤਾ ਪਰ ਮੁਸਲਿਮ ਲੀਡਰਾਂ ਤੇ ਸਕਾਲਰਾਂ ਨੇ ਲੋਕਾਂ ਨੂੰ ਧਰਮ ਦੇ ਨਾਮ 'ਤੇ ਭੜਕਾਉਣਾ ਜਾਰੀ ਰੱਖਿਆ ਜਿਸ ਦੇ ਨਤੀਜੇ ਵਜੋਂ ਉਸੇ ਸਾਲ ਪੰਜਵੇਂ ਹਮਲੇ ਵਿਚ 20-21 ਸਾਲਾ ਨੌਜਵਾਨ ਮੁਹੰਮਦ ਇਲਮੂਦੀਨ ਨੇ ਮਹਾਸ਼ਾ ਰਾਜਪਾਲ ਨੂੰ ਛੁਰੇ ਮਾਰ ਕੇ ਕਤਲ ਕਰ ਦਿੱਤਾ। ਮੁਸਲਿਮ ਲੀਡਰ ਜਿਨਾਹ ਨੇ ਇਲਾਮਾ ਇਕਬਾਲ ਦੇ ਕਹਿਣ 'ਤੇ ਇਸਲਾਮ ਦੇ ਇਸ ਰਾਖੇ ਦਾ ਕੇਸ ਕੋਰਟ ਵਿਚ ਲੜਿਆ ਪਰ ਕੋਰਟ ਨੇ ਹਿੰਦੂਆਂ ਦੇ ਭਾਰੀ ਦਬਾਅ ਅਧੀਨ ਮੁਹੰਮਦ ਇਲਮੂਦੀਨ ਨੂੰ 31 ਅਕਤੂਬਰ, 1929 ਨੂੰ ਫਾਂਸੀ ਦੇ ਦਿੱਤੀ। ਮੁਸਲਮਾਨਾਂ ਨੇ ਉਸ ਨੂੰ 'ਹਜ਼ਰਤ ਗਾਜੀ`,'ਸ਼ਹੀਦ` ਆਦਿ ਦੇ ਖਿਤਾਬ ਦਿੱਤੇ ਅਤੇ ਉਸ ਦੇ ਜਨਾਜ਼ੇ ਵਿਚ ਲੱਖਾਂ ਲੋਕ ਸ਼ਾਮਿਲ ਹੋਏ ਜਿਨ੍ਹਾਂ ਵਿਚ ਜਿਨਾਹ ਅਤੇ ਇਲਾਮਾ ਇਕਬਾਲ ਵੀ ਸ਼ਾਮਿਲ ਸਨ। ਉਦੋਂ ਇਕਬਾਲ ਨੇ ਭਰੀ ਸਭਾ ਵਿਚ ਇਹ ਸ਼ਬਦ ਕਹੇ: 'ਅਸੀਂ ਦੇਖਦੇ ਰਹਿ ਗਏ ਤੇ ਇਹ ਤਰਖਾਣਾਂ ਦਾ ਮੁੰਡਾ ਬਾਜ਼ੀ ਲੈ ਗਿਆ।`
ਇਹੀ ਉਹ ਸਮਾਂ ਸੀ, ਜਦੋਂ ਲੀਡਰਾਂ ਤੇ ਸਕਾਲਰਾਂ ਵਲੋਂ ਹਿੰਦੂਆਂ ਤੇ ਮੁਸਲਮਾਨਾਂ ਵਿਚ ਧਾਰਮਿਕ ਕੱਟੜਤਾ ਤੇ ਨਫਰਤ ਦੇ ਫਿਰਕੂ ਬੀਜ ਬੀਜੇ ਗਏ। ਇਹੀ ਉਹ ਨਫਰਤ ਸੀ ਜਿਸ ਨੇ ਮੁਲਕ ਦੀ ਵੰਡ ਅਤੇ 1947 ਦੇ ਲੱਖਾਂ ਲੋਕਾਂ ਦੇ ਕਤਲੇਆਮ ਦੀ ਨੀਂਹ ਰੱਖੀ। ਮੁਹੰਮਦ ਇਲਮੂਦੀਨ ਨੂੰ ਅੱਜ ਵੀ ਪਾਕਿਸਤਾਨ ਵਿਚ ਕੌਮੀ ਸ਼ਹੀਦ ਮੰਨਿਆ ਜਾਂਦਾ ਹੈ ਅਤੇ ਇਸ ਦੇ ਜੀਵਨ ਦੇ ਆਧਾਰ 'ਤੇ 1978 ਵਿਚ 'ਗਾਜ਼ੀ ਇਲਮੂਦੀਨ` ਨਾਮ ਦੀ ਫਿਲਮ ਵੀ ਪਾਕਿਸਤਾਨ ਵਿਚ ਬਣੀ। ਪਾਕਿਸਤਾਨ ਵਿਚ ਉਸ ਦੇ ਨਾਮ'ਤੇ ਮਸਜਿਦ ਵੀ ਬਣੀ ਹੋਈ ਹੈ। 2013 ਵਿਚ ਲਾਹੌਰ ਦੀ ਹਾਈਕੋਰਟ ਵਿਚ ਇਹ ਕੇਸ ਦੁਬਾਰਾ ਖੋਲ੍ਹਣ ਲਈ ਇੱਕ ਪਟੀਸ਼ਨ 'ਤੇ ਸੁਣਵਾਈ ਹੋਈ ਤਾਂ ਕਿ ਮੁਹੰਮਦ ਇਲਮੂਦੀਨ 'ਤੇ ਲੱਗੇ ਕਤਲ ਦੇ ਕੇਸਾਂ ਨੂੰ ਰੱਦ ਕਰਕੇ ਉਸ ਨੂੰ ਇਸਲਾਮ ਦੇ ਰਾਖੇ ਦੀ ਮਾਨਤਾ ਮਿਲ ਸਕੇ। ਉਸੇ ਸਾਲ ਉਸ ਦੀ ਕਬਰ 'ਤੇ ਹਜ਼ਾਰਾਂ ਲੋਕ ਹਾਜ਼ਰ ਹੋਏ (ਇਹ ਜਾਣਕਾਰੀ 'ਆਊਟ ਲੁੱਕ` ਮੈਗਜ਼ੀਨ ਦੇ ਜੂਨ, 2020 ਦੇ ਅੰਕ ਅਤੇ ਲਾਹੌਰ ਹਾਈਕੋਰਟ ਦੇ ਆਰਕਾਈਵਸ ਵਿਚੋਂ ਲਈ ਗਈ ਹੈ)।
ਅੱਜ ਦੇ ਦੌਰ ਵਿਚ ਜਦੋਂ ਸਿੱਖ ਵਿਦਵਾਨਾਂ ਦੇ ਸਿੰਘੂ ਬਾਰਡਰ ਜਾਂ ਬੇਅਦਬੀਆਂ ਦੇ ਮਸਲੇ 'ਤੇ ਵਿਚਾਰ ਦੇਖਦੇ ਹਾਂ ਤਾਂ ਲਗਦਾ ਹੈ ਕਿ ਉਹ ਬੀਤੇ ਤੋਂ ਕੁਝ ਸਿੱਖਣ ਦੀ ਥਾਂ ਬਲਦੀ 'ਤੇ ਤੇਲ ਪਾਉਣ ਦੇ ਆਹਰ ਵਿਚ ਹਨ। ਸੋਸ਼ਲ ਮੀਡੀਆ 'ਤੇ ਕੁਝ ਸਿੱਖ ਵਿਦਵਾਨਾਂ ਦੀ ਪੋਸਟ ਘੁਮਾਈ ਜਾ ਰਹੀ ਹੈ ਜਿਸ ਵਿਚ ਕਿਹਾ ਗਿਆ ਹੈ: 'ਸਵਰਾਜਬੀਰ ਦੀ ਸੰਪਾਦਕੀ ਪੜ੍ਹ ਕੇ ਹੁਣ ਸਮਝ ਪੈਂਦੀ ਹੈ ਕਿ 80ਵਿਆਂ ਵਿਚ ਸਿੰਘਾਂ ਨੇ ਲਾਲਾ ਜਗਤ ਨਰਾਇਣ ਗੱਡੀ ਕਿਉਂ ਚਾੜਿਆ ਸੀ?` ਇਹ ਉਹੀ ਬਿਆਨ ਹਨ ਜੋ ਕਦੇ ਪਾਕਿਸਤਾਨ ਦੇ ਕੌਮੀ ਕਵੀ ਇਲਾਮਾ ਇਕਬਾਲ ਵਰਗਿਆਂ ਨੇ ਦਿੱਤੇ ਸਨ, ਜਿਸ ਨੇ ਮੁਹੰਮਦ ਇਲਮੂਦੀਨ ਵਰਗੇ ਗਾਜ਼ੀ ਪੈਦਾ ਕੀਤੇ। ਕੀ ਸਾਡੇ ਵਿਦਵਾਨ ਵੀ ਕੁਝ ਅਜਿਹਾ ਨਹੀਂ ਕਰ ਰਹੇ? ਜਿਸ ਤਰ੍ਹਾਂ ਬਹੁਤ ਲੋਕਾਂ ਦਾ ਮੰਨਣਾ ਹੈ ਕਿ 84 ਦੀ ਖਾੜਕੂ ਲਹਿਰ ਵਿਚ ਵੀ ਇਸ ਤਰ੍ਹਾਂ ਦੇ ਵਿਦਵਾਨ ਖਾੜਕੂਆਂ ਦੇ ਮਨਾਂ ਵਿਚ ਚੰਗਿਆੜੀ ਸੁੱਟ ਦਿੰਦੇ ਸਨ ਜਿਸ ਨਾਲ਼ ਅਨੇਕਾਂ ਮਹਾਸ਼ਾ ਰਾਜਪਾਲ ਵਰਗੇ ਲੋਕ ਕਤਲ ਹੋਏ।
ਇਸ ਸਾਰੀ ਜਾਣਕਾਰੀ ਦੇਣ ਦਾ ਮਕਸਦ ਇਹ ਹੈ ਕਿ ਸਿਆਸੀ ਤੇ ਧਾਰਮਿਕ ਜਨੂਨੀ ਲੋਕ ਆਪਣੇ ਹਿੱਤਾਂ ਅਤੇ ਧਾਰਮਿਕ ਕੱਟੜਤਾ ਅਧੀਨ ਅਜਿਹਾ ਕੁਝ ਕਰਦੇ ਹਨ ਜਿਸ ਨਾਲ ਮੁਹੰਮਦ ਇਲਮੂਦੀਨ ਵਰਗੇ ਭਾਵੁਕ ਨੌਜਵਾਨ ਕਤਲਾਂ ਤੱਕ ਪਹੁੰਚ ਜਾਂਦੇ ਹਨ। ਅਜਿਹੇ ਹਾਲਾਤ ਵਿਚੋਂ ਹੀ ਸਿੰਘੂ ਬਾਰਡਰ ਵਰਗੇ ਕਤਲ ਨਿਕਲਦੇ ਹਨ। ਸਾਡਾ ਸਿੱਖ ਲੀਡਰਾਂ ਅਤੇ ਵਿਦਵਾਨਾਂ ਨੂੰ ਸਵਾਲ ਹੈ ਕਿ ਕੀ ਅਸੀਂ ਇਤਿਹਾਸ ਦੇ ਕਾਲੇ ਦੌਰਾਂ ਤੋਂ ਕੋਈ ਸਬਕ ਲਵਾਂਗੇ? ਕਿਸਾਨੀ ਸੰਘਰਸ਼ ਚਲਾ ਰਹੀਆਂ ਜਥੇਬੰਦੀਆਂ ਪਹਿਲੇ ਦਿਨ ਤੋਂ ਕਹਿ ਰਹੀਆਂ ਹਨ ਕਿ ਇਹ ਸੰਘਰਸ਼ ਕਿਸੇ ਧਰਮ, ਕੌਮ, ਜਾਤ, ਫਿਰਕੇ, ਇਲਾਕੇ ਵਿਸ਼ੇਸ਼ ਦਾ ਨਹੀਂ, ਇਹ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਲੋਕ ਸੰਘਰਸ਼ ਹੈ। ਇਹ ਉਹ ਸੰਘਰਸ਼ ਹੈ ਜਿਸ ਨੂੰ ਦੁਨੀਆ ਭਰ ਵਿਚੋਂ ਸਹਿਯੋਗ ਮਿਲ ਰਿਹਾ ਹੈ। ਇਸ ਸੰਘਰਸ਼ ਵਿਚ ਸਿੱਖਾਂ ਦੇ ਲਾਏ ਲੰਗਰਾਂ ਅਤੇ ਸੇਵਾ ਕਰਕੇ ਦੁਨੀਆ ਭਰ ਵਿਚ ਸਿੱਖਾਂ ਦਾ ਚੰਗਾ ਨਾਮ ਬਣਿਆ ਹੈ ਪਰ ਅਜਿਹੀਆਂ ਘਟਨਾਵਾਂ ਨਾਲ ਸਿੱਖਾਂ ਦਾ ਅਕਸ ਖਰਾਬ ਹੁੰਦਾ ਹੈ, ਖਾਸਕਰ ਉਨ੍ਹਾਂ ਵਿਕਸਤ ਮੁਲਕਾਂ ਵਿਚ ਜਿੱਥੇ ਅਸੀਂ ਵਿਦੇਸ਼ਾਂ ਵਿਚ ਵਸਦੇ ਹਾਂ। ਇਸ ਸੰਘਰਸ਼ ਨੇ ਦੁਨੀਆ ਭਰ ਵਿਚ ਆਪਣੀ ਵੱਖਰੀ ਛਾਪ ਛੱਡੀ ਹੈ।
ਇਸ ਕਰਕੇ ਸੰਘਰਸ਼ 'ਤੇ ਟਿੱਪਣੀ ਕਰਦੇ ਹੋਏ ਸੰਸਾਰ ਪ੍ਰਸਿੱਧ ਚਿੰਤਕ, ਫਿਲਾਸਫਰ, ਲੋਕ ਪੱਖੀ ਲੇਖਕ ਨੌਮ ਚੌਮਸਕੀ ਨੇ ਕਿਹਾ ਸੀ: 'ਇਹ ਸੰਘਰਸ਼ ਹਨੇਰੇ ਸਮਿਆਂ ਵਿਚ ਰੌਸ਼ਨੀ ਦੀ ਕਿਰਨ ਹੈ। ਕਿਸਾਨਾਂ ਦਾ ਇਹ ਸੰਘਰਸ਼ ਸਿਰਫ ਉਨ੍ਹਾਂ ਦੇ ਆਪਣੇ ਹਿੱਤਾਂ ਲਈ ਹੀ ਨਹੀਂ ਸਗੋਂ ਸਮਾਜ ਵਿਚ ਦੱਬੇ-ਕੁਚਲੇ, ਲਤਾੜੇ ਲੋਕਾਂ ਲਈ ਆਸ ਦੀ ਕਿਰਨ ਹੈ। ਇਹ ਉਨ੍ਹਾਂ ਲੋਕਾਂ ਲਈ ਆਸ ਦੀ ਕਿਰਨ ਹੈ ਜਿਨ੍ਹਾਂ ਦਾ ਸਭ ਕੁਝ ਵੱਡੀਆਂ ਸਰਮਾਏਦਾਰ ਕਾਰਪੋਰੇਸ਼ਨਾਂ ਹੜੱਪਣਾ ਚਾਹੁੰਦੀਆਂ ਹਨ।`
ਪਰ ਸਾਡੇ ਇਹ ਸਕਾਲਰ ਪਤਾ ਨਹੀਂ ਕਿਉਂ, ਇਸ ਸਾਂਝੇ ਲੋਕ ਸੰਘਰਸ਼ ਵਿਚੋਂ ਆਪਣਾ ਧਾਰਮਿਕ ਏਜੰਡਾ ਕਿਉਂ ਕੱਢਣਾ ਚਾਹੁੰਦੇ ਹਨ?{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.