.


09/16/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ‘ਸੋਦਰੁ ਤੇ ਸੋ ਪੁਰਖੁ’-੬੧

ਅਵਤਾਰ ਸਿੰਘ ਮਿਸ਼ਨਰੀ (510-432-5827)

(ਸੋ) ਪੰਜਾਬੀ ਤੇ (ਦਰੁ) ਫਾਰਸੀ ਦਾ ਸ਼ਬਦ ਹੈ। ਸੋ=ਉਹ ਤੇ ਦਰ=ਦਰਵਾਜਾ। ਸੋਦਰੁ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਜੋ ਜਪੁਜੀ ਚ ਸਵੇਰੇ ਤੇ ਸਾਂਝ ਨੂੰ ਰਹਿਰਾਸ ਵਿੱਚ ਪੜੀ ਜਾਂਦੀ ਹੈ। ਭਾਈ ਕਾਨ੍ਹ ਸਿੰਘ ਨ੍ਹਾਭਾ ਜੀ ਲਿਖਦੇ ਹਨ ਕਿ ਇਸ ਸੋਦਰੁ ਬਾਣੀ ਵਿੱਚ ਕਰਤਾਰ ਦਾ ਕੋਈ ਖਾਸ ਦਰ (ਦੁਵਾਰ) ਜੋ ਅਗਿਆਨੀ ਮੰਨਦੇ ਨੇ, ਦਾ ਖੰਡਨ ਕਰਕੇ ਵਾਹਗੁਰੂ ਦਾ ਅਸਲ ਦਰ ਦੱਸਿਆ ਗਿਆ ਹੈ।

ਇਸ ਬਾਰੇ ਡਾ. ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਸੋਦਰੁ ਗੁਰੂ ਨਾਨਕ ਸਾਹਿਬ ਦੇ ਲਿਖੇ ਸ਼ਬਦਾਂ ਦੇ ਸਮੂੰਹ ਦਾ ਨਾਂ ਹੈ। ਇਹ ਜਪੁਜੀ ਸਾਹਿਬ ਦੀ ੨੭ਵੀਂ ਪਾਉੜੀ ਹੈ ਜੋ ਸ਼ਾਮੀ ਰਹਿਰਾਸ ਚ ਵੀ ਪੜ੍ਹੀ ਜਾਂਦੀ ਹੈ। ਇਸ ਸਿਰਲੇਖ ਹੇਠ ਪੰਜ ਸ਼ਬਦ ਹਨ। ਤਿੰਨ ਗੁਰੂ ਨਾਨਕ ਸਾਹਿਬ, ਇੱਕ ਗੁਰੂ ਰਾਮਦਾਸ ਸਾਹਿਬ ਅਤੇ ਇੱਕ ਗੁਰੂ ਅਰਜਨ ਸਾਹਿਬ ਦਾ ਹੈ। ਸਾਰੀ ਰਹਿਰਾਸੁ ਨੂੰ ਵੀ ਸੋਦਰੁ ਰਹਿਰਾਸੁ ਕਿਹਾ ਜਾਂਦਾ ਹੈ ਕਿਉਂਕਿ ਇਹ ਸੋਦਰੁ ਸ਼ਬਦਾਂ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ੩ ਸ਼ਬਦ ਰਾਗ ਆਸਾ ਤੇ ਦੋ ਸ਼ਬਦ ਰਾਗ ਗੂਜਰੀ ਵਿੱਚ ਹਨ। ਸੋਦਰੁ ਰੱਬ ਦੇ ਦਰਵਾਜੇ ਤੇ ਗਾਇਆ ਜਾਣ ਵਾਲਾ ਸ਼ਬਦ ਹੈ। ਇਹ ਸ਼ਬਦ ਦਸਦਾ ਹੈ ਕਿ ਸਾਰੀ ਕੁਦਰਤਿ, ਜਿਸ ਦੀ ਸਿਰਜਣਾ ਰੱਬ ਨੇ ਕੀਤੀ ਹੈ, ਦੀ ਵਡਿਆਈ ਗਾ ਰਹੀ ਹੈ।

ਡਾ. ਰਤਨ ਸਿੰਘ ਜੱਗੀ ਗੁਰੂ ਗ੍ਰੰਥ ਵਿਸ਼ਵ ਕੋਸ਼ ਦੇ ਪੰਨਾ ੨੪੩ ਤੇ ਲਿਖਦੇ ਹਨ ਕਿ ਸੰਪ੍ਰਦਾਈ ਪ੍ਰਚਾਰਕਾਂ ਦੀ ਧਾਰਨਾ ਹੈ ਕਿ ਜਦ ਗੁਰੂ ਜੀ ਵੇਈਂ ਪ੍ਰਵੇਸ਼ ਦੁਆਰਾ ਪ੍ਰਮਾਤਮਾਂ ਦੀ ਦਰਗਾਹ ਚ ਗਏ ਤਾਂ ਓਥੋਂ ਦੀ ਅਜਮਤ ਨੂੰ ਸੋਦਰੁ ਚ ਦਰਸਾਇਆ ਹੈ ਪਰ ਸੋਦਰੁ ਸੰਬੋਧਨ ਇਸ ਉਥਾਨਕਾ ਨੂੰ ਠੀਕ ਸਿੱਧ ਨਹੀਂ ਕਰਦਾ ਕਿਉਂਕਿ ਅਜਿਹੀ ਸਥਿਤੀ ਚ "ਇਹ ਦਰ" ਹੋਣਾ ਚਾਹੀਦਾ ਸੀ। ਇਸ ਸੋਦਰੁ ਦੇ ਪਹਿਲੇ ਸ਼ਬਦ ਚ ਸਾਰੀ ਕਾਇਨਾਤ ਪ੍ਰਭੂ ਉਸਤਤਿ ਕਰਦੀ ਦਰਸਾਈ ਗਈ ਹੈ-ਰੰਗੀ ਰੰਗੀ ਭਾਂਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ॥(9) 

ਸੋਦਰੁ ਦੇ ਦੂਜੇ ਸ਼ਬਦ ਚ ਪ੍ਰਭੂ ਦੀ ਮਹਾਨਤਾ ਅਤੇ ਵਡਿਆਈ ਨੂੰ ਵਰਨਣ ਤੋਂ ਪਰੇ ਦਸਿਆ ਗਿਆ ਹੈ। ਉਸ ਦੀ ਵਿਰਾਟਤਾ ਦਾ ਅਨੁਮਾਨ ਕੋਈ ਨਹੀ ਲਗਾ ਸਕਦਾ-ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥ ਕੋਇ ਨ ਜਾਣੈ ਤੇਰਾ ਕੀਤਾ ਕੇਵਡੁ ਚੀਰਾ॥(9)

ਸੋਦਰ ਦੇ ਤੀਜੇ ਸ਼ਬਦ ਚ ਜਗਿਆਸੂ ਨੂੰ ਪ੍ਰਭੂ ਸਿਮਰਨ ਦੀ ਪ੍ਰੇਰਣਾ ਦਿੱਤੀ ਗਈ ਹੈ। ਕੇਵਲ ਉਹ ਵਿਅਕਤੀ ਹੀ ਨੀਚ ਜਾਤ ਹੈ ਜੋ ਪ੍ਰਭੂ ਨਾਮ ਨੂੰ ਭੁਲਾ ਦਿੰਦਾ ਹੈ-ਖਸਮੁ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥(10)
ਸੋਦਰ ਦੇ ਚਉਥੇ ਸ਼ਬਦ ਚ ਗੁਰੂ ਰਾਮਦਾਸ ਸਾਹਿਬ ਦਰਸਾਂਦੇ ਹਨ ਕਿ ਸਤਿ ਸੰਗਤਿ ਦੇ ਮਹੱਤਵ ਦੀ ਸਥਾਪਨਾ ਸਵੈ ਕਿਰਤ ਦੁਆਰਾ ਬਨਾਏ ਚੰਗੇ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ।

ਸੋਦਰ ਦੇ ਪੰਜਵੇ ਸ਼ਬਦ ਚ ਗੁਰੂ ਅਰਜਨ ਸਾਹਿਬ ਦਰਸਾਂਦੇ ਹਨ ਕਿ ਸਤਿ ਸੰਗਤਿ ਚ ਜਾਣ ਨਾਲ ਹੀ ਜਗਿਆਸੂ ਭਵ ਸਾਗਰ ਤੋਂ ਤਰਦਾ ਅਤੇ ਜੀਵਾਂ ਨੂੰ ਰਿਜ਼ਕ ਉਹ ਪ੍ਰਮਾਤਮਾਂ ਹੀ ਦਿੰਦਾ ਹੈ-ਸਿਰਿ ਸਿਰਿ ਰਿਜ਼ਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥੨॥ (੧੪)

ਸੋ ਪੁਰਖੁ-ਇਹ ਬਾਣੀ ਸੋਦਰੁ ਰਹਿਰਾਸ ਦਾ ਦੂਜਾ ਹਿਸਾ ਹੈ। ਸੋ ਪੁਰਖੁ ਭਾਵ ਉਹ ਰੱਬ ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ। ਇਹ ਗੁਰੂ ਰਾਮਦਾਸ ਸਾਹਿਬ ਵੱਲੋਂ ਲਿਖੇ ਗਏ ਇੱਕ ਸ਼ਬਦ ਦਾ ਸਿਰਲੇਖ ਹੈ। ਇਸ ਚ ਦੋ ਸ਼ਬਦ ਗੁਰੂ ਰਾਮਦਾਸ ਸਾਹਿਬ, ਇੱਕ ਸ਼ਬਦ ਗੁਰੂ ਨਾਨਕ ਸਾਹਿਬ ਅਤੇ ਇੱਕ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ। ਇਹ ਚਾਰੇ ਸ਼ਬਦ ਆਸਾ ਰਾਗ ਵਿੱਚ ਹਨ। ਇਨ੍ਹਾਂ ਸ਼ਬਦਾਂ ਨੂੰ ਵੀ ਗੁਰੂ ਅਰਜਨ ਸਾਹਿਬ ਨੇ ਸੋਦਰੁ ਰਹਿਰਾਸੁ ਵਿੱਚ ਸ਼ਾਮਲ ਕੀਤਾ।ਇਹ ਨਾਮ ਵੀ ਸੋਦਰੁ ਵਾਂਗ ਗੁਰੂ ਰਾਮਦਾਸ ਦੀ ਆਸਾ ਰਾਗ ਵਿੱਚ ਉਚਾਰੀ ਹੇਠਲੀ ਤੁਕ ਚ ਲਿਆ ਹੈ-ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ॥(11)

ਸੋ ਪੁਰਖੁ ਦੇ ਪਹਿਲੇ ਸ਼ਬਦ ਵਿੱਚ ਕਰਤਾਰ ਦੇ ਸਰੂਪ ਸਮਰੱਥਾ ਬਾਰੇ ਸ੍ਰਿਸਟੀ ਦਾ ਕਰਤਾ, ਘਟ ਘਟ ਵਾਸੀ, ਬੇਅੰਤ, ਅੰਤਰਜਾਮੀ, ਅਪਰੰਪਰ, ਆਦਿ ਪੁਰਖ ਅਤੇ ਨਿਹਚਲ ਸਰੂਪ ਵਾਲਾ ਦਰਸਾਇਆ ਹੈ-ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ॥ ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ॥(੧੧)
ਸੋ ਪੁਰਖ ਦਾ ਦੂਜਾ ਸ਼ਬਦ ਵੀ ਗੁਰੂ ਰਾਮਦਾਸ ਦਾ ਉਚਾਰਣ ਹੈ। ਇਸ ਵਿੱਚ ਵੀ ਪ੍ਰਭੂ ਦੇ ਸੱਚੇ, ਸਰਬ ਸ਼ਕਤੀਮਾਨ, ਕਰਣਹਾਰ ਅਤੇ ਅਦੁੱਤੀ ਸਰੂਪ ਉੱਤੇ ਚਾਨਣਾ ਪਾਇਆ ਗਿਆ ਹੈ-ਤੂੰ ਆਪੇ ਕਰਤਾ ਤੇਰਾ ਕੀਆ ਸਭੁ ਹੋਇ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ॥(੧੧-੧੨)


ਸੋ ਪੁਰਖੁ ਦੇ ਤੀਜੇ ਸ਼ਬਦ ਚ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਮਾਇਆਵੀ ਰੂਪ ਅਤੇ ਇਸ ਚ ਪਸਰੀਆਂ ਵਾਸ਼ਨਾਵਾਂ ਨੂੰ ਸ਼ਪੱਸ਼ਟ ਕੀਤਾ ਹੈ। ਉਸ ਕਰਤੇ ਦੀ ਸਦੀਵੀ ਯਾਦ ਤੋਂ ਬਿਨਾ ਸ਼ੰਸਾਰ ਭਵਜਲ ਤੋਂ ਪਾਰ ਹੋਣਾ ਸੰਭਵ ਨਹੀਂ। ਇਸ ਲਈ ਉਸ ਦੀ ਯਾਦ ਵਿੱਚ ਮਗਨ ਸਤਸੰਗੀਆਂ ਦੀ ਸ਼ਰਣ ਚ ਜਾਣ ਦੀ ਤਾਗੀਦ ਦਰਸਾਈ ਹੈ।

ਸੋ ਪੁਰਖੁ ਦੇ ਪੰਜਵੇਂ ਸ਼ਬਦ ਚ ਗੁਰੂ ਅਰਜਨ ਸਾਹਿਬ ਨੇ ਮਨੁੱਖਾ ਜੂਨ ਨੂੰ ਪ੍ਰਭੂ ਪ੍ਰਾਪਤੀ ਦਾ ਸਹੀ ਸਾਧਨ ਦਸਦੇ ਹੋਇਆਂ ਜਗਿਆਸੂ ਨੂੰ ਉਪਦੇਸ਼ ਦਿੱਤਾ ਹੈ ਕਿ ਸੰਸਾਰ ਦੇ ਬਾਕੀ ਕੰਮਾਂ ਤੋਂ ਉੱਤਮ ਸਾਧ ਸੰਗਤ ਹੈ ਜਿਸ ਨਾਲ ਅਧਿਆਤਮਿਕ ਭਵਿੱਖ ਸੁਧਰਦਾ ਅਤੇ ਹਉਮੈ ਦਾ ਤਿਆਗ ਕਰ ਪ੍ਰਭੂ ਸ਼ਰਣ ਚ ਜਾਣਾ ਕਲਿਆਣਕਾਰੀ ਉਪਾ ਹੈ-ਕਹੁ ਨਾਨਕ ਹਮ ਨੀਚ ਕਰੰਮਾ॥ ਸਰਣਿ ਪਰੇ ਕੀ ਰਾਖਹੁ ਸ਼ਰਮਤ॥(੧੨)

ਗੁਰੂ ਗ੍ਰੰਥ ਸਾਹਿਬ ਵਿਖੇ ਸੋਦਰੁ ਰਹਿਰਾਸੁ ਦਾ ਇਹ ੯ ਸ਼ਬਦ ਅਸਲ ਸਰੂਪ ਹਨ ਪਰ ਵੱਖ ਵੱਖ ਗੁੱਟਕਿਆਂ, ਰਹਿਤਨਾਮਿਆਂ ਤੇ ਸਿੱਖ ਰਹਿਤ ਮਰਯਾਦਾ ਵਿੱਚ ਹੋਰ ਸ਼ਬਦ ਤੇ ਅਖੌਤੀ ਦਸਮ ਗ੍ਰੰਥ ਦੀ ਰਚਨਾ, ਚੌਪਈ, ਸਵੀਆ ਤੇ ਦੋਹਿਰਾ ਵੀ ਜੋੜ ਦਿੱਤਾ ਗਿਆ ਹੈ। ਵੱਖ ਵੱਖ ਡੇਰਿਆਂ, ਸੰਪ੍ਰਦਾਵਾਂ ਤੇ ਟਕਸਾਲਾਂ ਦੀ ਵ੍ਖਰੀ ਵੱਖਰੀ ਰਹਿਰਾਸ ਜੋ ਜਿਆਦਾ ਤਰ ਅਖੌਤੀ ਦਸਮ ਗ੍ਰੰਥ ਦੀਆਂ ਇਧਰੋਂ ਓਧਰੋਂ ਲਈਆਂ ਚੌਪਈਆਂ ਤੇ ਦੋਹਿਰੇ ਹਨ। ਜਿਵੇਂ ਰਮਾਇਣ ਦੀ ਕਥਾ-ਰਾਮ ਕਥਾ ਜੁਗ ਜੁਗ ਅਟਲ ਸਭ ਕੋ ਭਾਖਿਤ ਨੇਤਿ॥ ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ॥(ਦਸਮ ਗ੍ਰੰਥ)

ਨੋਟ-ਜੋ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੀ ਕਿਸੇ ਪੁਸਤਕ ਜਾਂ ਗ੍ਰੰਥ ਦੀਆਂ ਹਨ ਉਹ ਬਾਣੀ ਨਹੀਂ ਹੋ ਸਕਦੀਆਂ, ਫਿਰ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਰਲ ਗਡ ਕਿਵੇਂ ਕੀਤਾ ਜਾ ਸਕਦਾ ਹੈ? ਬਾਕੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸੰਪੂਰਨ ਹੋ ਚੁੱਕਾ ਸੀ। ਜੇ ਅਜੋਕੇ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਗੁਰਬਾਣੀ ਹੁੰਦੀਆਂ ਤਾਂ ਦਸ਼ਮੇਸ਼ ਆਪ ਗੁਰੂ ਗ੍ਰੰਥ ਸਾਹਿਬ ਚ ਦਰਜ ਕਰ ਦਿੰਦੇ ਕਿਉਂਕਿ ਉਨ੍ਹਾਂ ਨੇ ਆਪਣੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਪ ਦਰਜ ਕੀਤੀ ਸੀ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਕੀ ਬਾਣੀਆਂ ਜਿਵੇਂ ਜਪੁ ਤੇ ਸੁਖਮਨੀ ਆਦਿਕ ਸੰਪੂਰਨ ਹਨ। ਸਾਨੂੰ ਕਿਸੇ ਨੂੰ ਕੋਈ ਅਧਿਕਾਰ ਨਹੀ ਕਿ ਅਸੀਂ ਗੁਰਬਾਣੀ ਦੀ ਬਣਤਰ ਨੂੰ ਵਿਗਾੜੀਏ। ਜੋ ਗੁਰਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੜ੍ਹੀ ਤੇ ਵਿਚਾਰੀ ਜਾਂਦੀ ਸੀ ਉਹ ਹੀ ਮਰਯਾਦਾ ਬਲਕਿ ਸਮੁੱਚੀ ਬਾਣੀ ਹੀ ਅਸਲ ਮਰਯਾਦਾ ਹੈ। ਗੁਰੂ ਗ੍ਰਂਥ ਸਾਹਿਬ ਜੀ ਦੀ ਬਾਣੀ ਸਿੱਖ ਲਈ ਜੀਵਨਜਾਚ ਹੈ ਜੇ ਸਿੱਖ ਨੇਮ ਨਾਲ ਇੱਕ ਪੰਨਾ ਜਾਂ ਇੱਕ ਸ਼ਬਦ ਵੀ ਪੜਦਾ, ਵਿਚਾਰਦਾ ਤੇ ਜੀਵਨ ਚ ਧਾਰਦਾ ਹੈ ਤਾਂ ਉਹ ਉਸ ਦਾ ਅਸਲ ਨਿਤਨੇਮ ਹੈ। ਰੱਬੀ ਭਗਤਾਂ ਤੇ ਸਿੱਖ ਗੁਰੂ ਸਹਿਬਾਨਾਂ ਨੇ ਸੰਧਿਆ, ਤਰਪਨ, ਮੰਤ੍ਰ ਜਾਪਾਂ, ਸੰਪਟ ਪਾਠਾਂ ਅਤੇ ਗਿਣਤੀ ਦੇ ਪਾਠਾਂ ਵਾਲੇ ਬ੍ਰਾਹਮਣੀ ਕਰਮਕਾਂਡੀ ਲੁੱਟ ਵਾਲੇ ਭਰਮਜਾਲ ਚੋਂ ਕੱਢਿਆ ਸੀ ਜਿਸ ਵਿੱਚ ਸਾਨੂੰ ਮੁੜਕੇ ਸਾਧਾਂ ਸੰਤਾਂ, ਡੇਰੇ, ਸੰਪ੍ਰਦਾਵਾਂ ਤੇ ਟਕਸਾਲਾਂ ਨੇ ਪਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਚ ਵੀ ਡੇਰੇਦਾਰ ਸੰਪ੍ਰਦਾਈ ਸਾਧ ਲਾਣੇ ਦੀ ਭਰਮਾਰ ਹੋਣ ਕਰਕੇ ਸਿੱਖ ਮਰਯਾਦਾ ਤੇ ਇਤਿਹਾਸ ਮਿਲਗੋਭਾ ਹੈ। ਸਿੱਖ ਮਿਸਲਾਂ ਤੋਂ ਬਾਅਦ ਸਾਰੀਆਂ ਮਰਯਾਦਾ ਵਿਗਾੜੀਆਂ ਤੇ ਕਰਮਕਾਂਡ ਸ਼ੁਰੂ ਹੋਏ ਹਨ। ਸਿੱਖ ਇਤਿਹਾਸ ਦਸਦਾ ਹੈ ਕਿ ਪੁਰਾਤਨ ਸਿੰਘ ਸਿੰਘਣੀਆਂ ਤੇ ਸ਼ਰਧਾਲੂਆਂ ਕੋਲ ਕੇਵਲ ਗੁਰਬਾਣੀ ਦੀਆਂ ਪੋਥੀਆਂ ਹੁੰਦੀਆਂ ਸਨ ਜੋ ਉਹ ਉਨ੍ਹਾਂ ਨੂੰ ਇੱਕ ਖਜ਼ਾਨੇ (ਬੈਗ) ਦੇ ਰੂਪ ਵਿੱਚ ਸਫਰ ਵੇਲੇ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਬੀਆਬਾਨਾਂ ਵਿੱਚ ਵੀ ਨਾਲ ਰੱਖਦੇ ਸਨ। ਉਸ ਵੇਲੇ ਬਾਣੀ ਪੜ੍ਹਨ ਦੇ ਅੱਜ ਵਾਲੇ ਸੁੱਚ-ਭਿੱਟ ਆਦਿਕ ਵਹਿਮ ਭਰਮ ਨਹੀਂ ਸਨ। ਦੁਨੀਆਂ ਦਾ ਕੋਈ ਇਨਸਾਨ ਵੀ ਪਾਣੀ ਪੜ੍ਹ ਵਿਚਾਰ ਕੇ ਰੱਬੀ ਗਿਆਨ ਪ੍ਰਾਪਤ ਕਰ ਸਕਦਾ ਸੀ। ਬਾਣੀ ਪੜ੍ਹਨ, ਵਿਚਾਰਨ ਤੇ ਧਾਰਨ ਵਾਲਾ ਹਰੇਕ ਭਾਈ ਭਾਈ ਸਿੱਖ ਗਿਣਿਆਂ ਜਾਂਦਾ ਸੀ। ਤਾਂ ਹੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਮਕਾਲੀ ਇਤਿਹਾਸਕਾਰ ਮਿਸਟਰ ਮੋਹਸਨਫਾਨੀ ਨੇ ਆਪਣੀ ਕਿਤਾਬ ਦਬਸਿਤਾਨੇ- ਮੁਹਜਾਹਿਬ ਵਿੱਚ ਲਿਖਿਆ ਸੀ ਕਿ ਉਸ ਵੇਲੇ ਹਿੰਦੁਸਤਾਨ ਦੀ ੯ ਕਰੋੜ ਅਬਾਦੀ ਚ ੬ ਕਰੋੜ ਗੁਰੂ ਨਾਨਕ ਨਾਮ ਲੇਵਾ ਸਿੱਖ ਸਨ।

ਸੋ ਪਾਠਕ ਜਨੋ ਜਦ ਵੀ ਸਮਾਂ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜ੍ਹੋ, ਵਿਚਾਰੋ, ਸਮਝੋ ਤੇ ਆਪਣੇ ਜੀਵਨ ਚ ਲਾਗੂ ਕਰਕੇ, ਮਨੁੱਖਾ ਜਨਮ ਸਫਲਾ ਕਰੋ ਅਤੇ ਥੋਥੇ ਕਰਮਕਾਂਡੀ ਗਿਣਤੀ ਮਿਣਤੀ ਮੰਤ੍ਰ ਜਾਪਾਂ ਦੇ ਭਰਮਜਾਲ ਚੋਂ ਸਾਵਧਾਨੀ ਤੇ ਨਿਡਰਤਾ ਨਾਲ ਬਾਹਰ ਨਿਕਲੋ, ਫਿਰ ਤੁਹਾਡੀ ਸੋਦਰੁ ਰਹਿਰਾਸੁ ਪੜ੍ਹੀ ਸਫਲੀ ਹੈ।


09/16/18
ਨਿਮਰਤ ਕੌਰ

ਬਲਾਤਕਾਰੀ ਬਾਬਿਆਂ ਦੇ ਭਗਤ ਉਨ੍ਹਾਂ ਦੇ ਸੱਚ ਨੂੰ ਕਿਉਂ ਨਹੀਂ ਵੇਖ ਸਕਦੇ?
ਅਪਣੇ ਆਪ ਨੂੰ ਰੱਬ ਅਖਵਾਉਣ ਵਾਲਾ ਇਕ ਹੋਰ ਬਾਬਾ 'ਆਸ਼ੂ ਮਹਾਰਾਜ' ਇਕ ਮਾਂ-ਧੀ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਵਿਚ ਫੜਿਆ ਗਿਆ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਖ਼ਬਰ ਦਾ ਅਸਰ ਉਸ ਦੇ ਭਗਤਾਂ ਉਤੇ ਨਹੀਂ ਪੈਣ ਵਾਲਾ। ਜਿਸ ਤਰ੍ਹਾਂ ਬਲਾਤਕਾਰੀ ਸੌਦਾ ਸਾਧ ਦੇ ਭਗਤ ਉਸ ਦੀ ਜੇਲ ਦੇ ਬਾਹਰ ਜਾ ਕੇ ਮੱਥਾ ਟੇਕਦੇ ਹਨ, ਸਾਫ਼ ਹੈ ਕਿ ਲੋਕਾਂ ਨੂੰ ਦੰਭੀ ਇਨਸਾਨਾਂ ਵਿਚੋਂ ਵੀ ਰੱਬ ਲੱਭਣ ਦੀ ਬੀਮਾਰੀ ਗੰਭੀਰ ਰੂਪ ਵਿਚ ਲੱਗ ਗਈ ਹੈ। ਅਜਿਹੀ ਬੀਮਾਰੀ ਜਿਸ ਨੂੰ ਲੱਗ ਜਾਂਦੀ ਹੈ, ਉਸ ਨੂੰ ਸੱਚ ਨਜ਼ਰ ਆਉਣੋਂ ਹੀ ਹੱਟ ਜਾਂਦਾ ਹੈ।
ਪਿੱਛੇ ਜਿਹੇ ਜਲੰਧਰ ਦੇ ਇਕ ਚਰਚ ਵਿਚ ਇਕ ਨੰਨ ਵਲੋਂ ਵੀ ਇਕ ਪਾਦਰੀ ਜਾਂ ਬਿਸ਼ਪ ਉਤੇ ਬਲਾਤਕਾਰ ਦੇ ਇਲਜ਼ਾਮ ਲਾਏ ਗਏ ਸਨ ਜਿਸ ਤੋਂ ਬਾਅਦ ਹੋਰ ਔਰਤਾਂ (ਨੰਨਾਂ) ਨੇ ਵੀ ਉਸ ਪਾਦਰੀ ਉਤੇ ਇਲਜ਼ਾਮ ਲਾਏ ਹਨ। ਇਸ ਮਾਮਲੇ ਨੇ ਚਰਚ ਨੂੰ ਹੀ ਆਪਸ ਵਿਚ ਭਿੜਵਾ ਦਿਤਾ ਹੈ। ਉਹ ਪਾਦਰੀ ਅਜੇ ਵੀ ਬਿਸ਼ਪ ਬਣ ਕੇ ਬੈਠਾ ਹੋਇਆ ਹੈ ਅਤੇ ਪੀੜਤ ਵਿਰੁਧ ਟਿਪਣੀਆਂ ਕਰ ਕੇ ਉਸ ਨੂੰ ਈਸਾਈ ਧਰਮ 'ਚੋਂ ਬੇਦਖ਼ਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲੋਕ ਬਿਸ਼ਪ ਦੀ ਗੱਲ ਮੰਨ ਕੇ ਨੰਨ ਨੂੰ ਹੀ ਬੁਰਾ-ਭਲਾ ਆਖ ਰਹੇ ਹਨ।
ਉਸ ਵਿਚਾਰੀ ਦੇ ਜਿਸਮ ਨਾਲ ਕੀਤੀ ਗ਼ੈਰ-ਮਨੁੱਖੀ ਚੀਰ-ਫਾੜ ਨੂੰ ਅੱਜ ਟੀ.ਵੀ. ਚੈਨਲਾਂ ਵਿਚ ਬਹਿਸ ਦਾ ਮੁੱਦਾ ਬਣਾ ਦਿਤਾ ਗਿਆ ਹੈ। ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਘੱਟ ਹੀ ਅਸੀ ਕਦੇ ਵੇਖਿਆ ਹੈ ਕਿ ਇਸ ਮਰਦ ਪ੍ਰਧਾਨ ਦੇਸ਼ ਵਿਚ, ਉੱਚ ਅਹੁਦੇ ਤੇ ਬੈਠੇ ਕਿਸੇ ਮਰਦ ਦੀ, ਉੱਚੀ ਆਵਾਜ਼ ਵਿਚ ਨਿਖੇਧੀ ਕੀਤੀ ਗਈ ਹੋਵੇ। ਇਕ ਮਨੋਵਿਗਿਆਨੀ ਨੇ ਇਸ ਸੋਚ ਨੂੰ ਇਕ 'ਮਰਦ ਕਲੱਬ' ਸੋਚ ਦਾ ਨਾਂ ਦਿਤਾ ਹੈ ਜਿਥੇ ਉਸ ਦੇ ਹਾਣ ਦੇ ਤਾਕਤਵਰ ਆਦਮੀ ਇਕ-ਦੂਜੇ ਦੀ ਨਿੰਦਾ ਨਹੀਂ ਕਰਦੇ ਕਿਉਂਕਿ ਆਦਮੀ ਸਮਾਜ ਨੂੰ ਮਰਦ-ਪ੍ਰਧਾਨ ਬਣਾਈ ਰੱਖਣ ਲਈ ਇਕ-ਦੂਜੇ ਵਾਸਤੇ ਖੜੇ ਹੋ ਜਾਂਦੇ ਹਨ।
ਇਕ ਕਾਰਨ ਤਾਂ ਇਹ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਜ਼ਿੰਦਗੀ ਨੂੰ ਮਰਦ ਬਨਾਮ ਔਰਤ ਵਜੋਂ ਹੀ ਵੇਖਦੇ ਹਨ। ਦੂਜਾ ਇਹ ਕਿ ਉਹ ਸੋਚਦੇ ਹਨ ਕਿ ਅੱਜ ਮੈਂ ਚੁੱਪ ਰਹਾਂ ਤਾਂ ਜੇ ਕਲ ਮੈਂ ਫੱਸ ਗਿਆ ਤਾਂ ਇਹ ਮੇਰੀ ਵਾਰੀ ਵੀ ਚੁਪ ਰਹੇਗਾ। ਇਸ 'ਮਰਦ ਕਲੱਬ' ਸੋਚ ਵਾਲੇ ਮਰਦਾਂ ਨੇ ਅੱਜ ਅਪਣੀ ਇਸੇ ਸੋਚ ਸਦਕਾ ਦੇਸ਼ ਦੇ ਲੋਕਾਂ ਨੂੰ ਗ਼ੁਲਾਮ ਬਣਾ ਰਖਿਆ ਹੈ। ਇਹ ਲੋਕ ਧਰਮ ਵਿਚ, ਸਿਆਸਤ ਵਿਚ, ਵਪਾਰ ਵਿਚ, ਘਰਾਂ ਵਿਚ, ਬਾਕੀਆਂ ਨੂੰ ਅਪਣੇ ਪਿੱਛੇ ਲਾਈ ਰੱਖ ਕੇ ਉਨ੍ਹਾਂ ਉਤੇ ਰਾਜ ਕਰਦੇ ਰਹਿੰਦੇ ਹਨ।
ਸੋਸ਼ਲ ਮੀਡੀਆ ਤੇ ਅਪਣੇ ਆਪ ਨੂੰ 'ਮੋਦੀ ਭਗਤ' ਅਖਵਾਉਣ ਵਾਲੇ ਇਕ ਸ਼ਖ਼ਸ ਨੇ ਲਿਖਿਆ ਸੀ ਕਿ ਜੇ ਪਟਰੌਲ 200 ਰੁਪਏ ਪ੍ਰਤੀ ਲੀਟਰ ਵੀ ਹੋ ਜਾਵੇ ਤਾਂ ਵੀ ਉਹ ਮੋਦੀ ਨੂੰ ਹੀ ਵੋਟ ਪਾਵੇਗਾ। ਇਹ ਉਸੇ ਸੋਚ ਦੀ ਜਿੱਤ ਹੈ ਜਿਸ ਨੇ 'ਨਰਿੰਦਰ ਮੋਦੀ' ਇਕ ਇਨਸਾਨ ਨੂੰ 'ਨਮੋ' ਬਣਾ ਕੇ ਇਕ ਵਰਗ ਦਾ ਰੱਬ ਬਣਾ ਦਿਤਾ ਹੈ ਕਿਉਂਕਿ ਇਹ ਇਨਸਾਨ ਰੱਬ ਦਾ ਰੂਪ ਬਣ ਜਾਂਦੇ ਹਨ ਤੇ 'ਭਗਤ' ਮੰਨਣ ਲਗਦੇ ਹਨ ਕਿ ਇਹ ਤਾਂ ਗ਼ਲਤੀ ਕਰ ਹੀ ਨਹੀਂ ਸਕਦੇ। ਇਨ੍ਹਾਂ ਵਲੋਂ ਕੀਤੀਆਂ ਗ਼ਲਤੀਆਂ ਵੀ ਓਨੀਆਂ ਭਿਆਨਕ ਨਜ਼ਰ ਨਹੀਂ ਆਉਂਦੀਆਂ ਜਿੰਨੀਆਂ ਆਮ ਬੰਦੇ ਦੀਆਂ ਆਉਂਦੀਆਂ ਹਨ।
ਇਸੇ 'ਮਰਦ ਕਲੱਬ' ਦੀ ਸੋਚ ਤੇ ਫ਼ਖ਼ਰ ਕਰਦੇ ਅਮਿਤ ਸ਼ਾਹ ਕਹਿ ਗਏ ਕਿ ਫ਼ਿਰਕੂ ਭੀੜ ਵਲੋਂ ਕੀਤੀਆਂ ਗਈਆਂ ਹਤਿਆਵਾਂ ਦੇ ਬਾਵਜੂਦ ਅਸੀ ਜਿੱਤੇ ਹਾਂ ਅਤੇ ਜਿੱਤਾਂਗੇ। ਇਸੇ ਤਰ੍ਹਾਂ ਸਾਡੇ ਪੁਜਾਰੀ ਵੀ ਆਖ ਦੇਂਦੇ ਹਨ ''ਇਹ ਬੰਦਾ ਹੁਣ ਸਿੱਖ ਨਹੀਂ ਹੈ। ਇਸ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖੋ।'' ਤੇ ਬਹੁਤੇ ਸਿੱਖ ਮੰਨ ਲੈਂਦੇ ਹਨ।ਇਹ ਮੁੱਠੀ ਭਰ 'ਮਰਦ ਕਲੱਬ' ਸੋਚ ਵਾਲੇ ਲੋਕ ਇਸੇ ਤਰ੍ਹਾਂ ਸਾਰੇ ਆਦਮੀਆਂ-ਔਰਤਾਂ ਉਤੇ ਰਾਜ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਹੀ ਇਕ-ਦੂਜੇ ਵਿਰੁਧ ਕਰ ਦੇਂਦੇ ਹਨ!
ਅਸਲ ਵਿਚ ਭਾਰਤ ਮਰਦ-ਪ੍ਰਧਾਨ ਦੇਸ਼ ਨਹੀਂ, ਪਰ ਇਹ ਸੋਚ ਪੱਖੋਂ ਗ਼ੁਲਾਮ ਦੇਸ਼ ਹੈ। ਹਰ ਮਰਦ-ਔਰਤ ਅਪਣੀ ਬੁੱਧੀ ਨੂੰ ਇਸਤੇਮਾਲ ਕਰਨ ਤੋਂ ਕਤਰਾਉਂਦਾ ਹੈ ਅਤੇ ਕਿਸੇ ਨੂੰ ਰੱਬ ਬਣਾ ਕੇ ਉਸ ਦੀ ਪੂਜਾ ਕਰਨ ਲੱਗ ਪੈਂਦਾ ਹੈ, ਭਾਵੇਂ ਉਹ ਇਨਸਾਨ ਬਲਾਤਕਾਰੀ ਹੋਵੇ, ਮਤਲਬੀ ਹੋਵੇ, ਚੋਰ ਹੋਵੇ, ਨਾਲਾਇਕ ਹੋਵੇ, ਭ੍ਰਿਸ਼ਟ ਹੋਵੇ, ਕਾਤਲ ਹੋਵੇ, ਭਗਤਾਂ ਨੂੰ ਕੋਈ ਅਸਰ ਨਹੀਂ ਪੈਂਦਾ।

-ਨਿਮਰਤ ਕੌਰ
(ਧੰਨਵਾਦ ਸਹਿਤ ਸੰਪਾਦਕੀ ਸਪੋਕਸਮੈਂਨ ਵਿਚੋਂ)


09/09/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਸੋਹਿਲਾ-੬੦

ਅਵਤਾਰ ਸਿੰਘ ਮਿਸ਼ਨਰੀ (510-432-5827)

ਮਹਾਨ ਕੋਸ਼ ਅਨੁਸਾਰ ਸੋਹਿਲਾ-ਅਨੰਦ ਦਾ ਗੀਤ, ਸ਼ੋਭਨ ਸਮੇਂ ਵਿੱਚ ਗਾਇਆ ਗੀਤ-ਸਚੁ ਮੰਗਲੁ ਗਾਵਹੁ ਤਾ ਪ੍ਰਭੁ ਭਾਵਹੁ ਸੋਹਿਲੜਾ ਜੁਗ ਚਾਰੇ॥ (੭੬੪) ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ॥(੯੧੯) ਸੁ (ਉਤਮ) ਹੇਲਾ (ਖੇਲ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸੋਹਿਲਾ" ਸਿਰਲੇਖ ਹੇਠ ਇੱਕ ਖਾਸ ਬਾਣੀ ਜਿਸ ਦਾ ਪੜ੍ਹਨਾ ਸੌਣ ਵੇਲੇ ਵਿਧਾਨ ਹੈ।

ਡਾ.ਗੁਰਚਰਨ ਸਿੰਘ ਅਨੁਸਾਰ-ਜਸ, ਕੀਰਤ, ਵਡਿਆਈ ਦਾ ਗੀਤ-ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ॥(੧੨) ਜਸ, ਕੀਰਤ, ਵਡਿਆਈ-ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ॥(੭੬੯) ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ॥(੮੫੪) ਏਹੁ ਸੋਹਿਲਾ ਸਬਦੁ ਸੁਹਾਵਾ॥(੯੧੯) ਖੁਸ਼ੀ ਦਾ ਗੀਤ-ਨਾਨਕ ਤਿਨ ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰਿ ਆਏ॥(੭੭੦)

ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ-ਸੋਹਿਲਾ ਤਿੰਨ ਗੁਰੂ ਸਹਿਬਾਨਾਂ ਵੱਲੋਂ ਲਿਖੇ ਪੰਜ ਸ਼ਬਦਾਂ ਦਾ ਜੋੜ ਹੈ। ਇਸ ਵਿੱਚ ਪਹਿਲੇ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਦੇ, ਚੌਥਾ ਗੁਰੂ ਰਾਮਦਾਸ ਸਾਹਿਬ ਅਤੇ ਪੰਜਵਾਂ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੈ। ਇਸ ਬਾਣੀ ਦਾ ਪਾਠ ਸੌਣ ਤੋਂ ਪਹਿਲਾਂ ਕੀਤਾ ਜਾਂਦਾ ਹੈ। ਇਹ ਬਾਣੀ ਮਿਰਤਕ ਸਸਕਾਰ ਵੇਲੇ ਵੀ ਪੜ੍ਹੀ ਜਾਂਦੀ ਹੈ। ਇਨ੍ਹਾਂ ਸ਼ਬਦਾਂ ਦਾ ਮਤਲਬ ਰੱਬ ਨੂੰ ਸਦਾ ਯਾਦ ਰੱਖਦੇ, ਉਸ ਮਹਾਨ ਹਸਤੀ ਦੀ ਸਿਫਤ ਕਰਨਾ ਹੈ। ਸੋਹਿਲੇ ਨੂੰ ਕੁਝ ਲੋਕਾਂ ਵੱਲੋਂ "ਕੀਰਤਨ ਸੋਹਿਲਾ" ਵੀ ਕਿਹਾ ਜਾਂਦੈ ਜੋ ਗਲਤ ਹੈ। ਇਸ ਬਾਣੀ ਦਾ ਸਿਰਲੇਖ ਸੋਹਿਲਾ ਨਹੀ ਹੈ। ਸੋਹਿਲਾ ਲਫਜ ਪਹਿਲੇ ਸ਼ਬਦ ਦੀ ਤੁਕ ਚ ਆਉਂਦੈ ਪਰ ਇਸ ਬਾਣੀ ਦੇ ਸਿਰਲੇਖ ਦਾ ਆਧਾਰ ਨਹੀ। ਸੋਹਿਲਾ ਸਿਰਲੇਖ ਸ਼੍ਰੋਮਣੀ ਕਮੇਟੀ ਦੀ "ਸਿੱਖ ਰਹਿਤ ਮਰਯਾਦਾ" ਵਿੱਚ ਜਰੂਰ ਦਰਜ ਹੈ।

ਨੋਟ-ਸੋਹਿਲੇ ਬਾਰੇ ਡੇਰੇ, ਸੰਪ੍ਰਦਾਵਾਂ ਅਤੇ ਟਕਸਾਲਾਂ ਨੇ ਇਹ ਭੁਲੇਖਾ ਪਾਇਆ ਹੋਇਆ ਹੈ ਕਿ ਇਸ ਦਾ ਪਾਠ ਕਰਨ ਨਾਲ ਰਾਤ ਨੂੰ ਤੁਹਾਡੇ ਦੁਵਾਲੇ ਲੋਹੇ ਦਾ ਕਿਲਾ ਬਣ ਜਾਂਦਾ ਅਤੇ ਦੁਸ਼ਮਣ ਨੇੜੇ ਨਹੀਂ ਆ ਸਕਦਾ। ਇਹ ਗਲਤ ਧਾਰਨਾ ਹੈ। ਜੇ ਇਵੇਂ ਲੋਹੇ ਦੇ ਕਿਲੇ ਬਣਦੇ ਹੋਣ ਤਾਂ ਫਿਰ ਤਾਂ ਦੇਸ਼ ਨੂੰ ਸਰਹੱਦਾਂ ਉੱਤੇ ਫੌਜਾਂ ਤੇ ਕੰਡਿਆਲੀ ਤਾਰ ਦੀ ਲੋੜ ਹੀ ਨਹੀਂ ਸਗੋਂ ਡੇਰੇਦਾਰਾਂ ਟਕਸਾਲੀਆਂ ਨੂੰ ਫੌਜ ਚ ਭਰਤੀ ਕਰ ਲੈਣ ਜੋ ਸੋਹਿਲੇ ਪੜ੍ਹ ਪੜ੍ਹ ਲੋਹੇ ਦੇ ਕਿਲੇ ਉਸਾਰੀ ਜਾਣ। ਫਿਰ ਜਦ ੧੯੮੪ ਵਿੱਚ ੩੭ ਗੁਰਦੁਵਾਰਿਆਂ 'ਤੇ ਭਾਰਤੀ ਫੌਜ ਨੇ ਹਮਲਾ ਕੀਤਾ ਸੀ ਕੋਈ ਲੋਹੇ ਦਾ ਕਿਲਾ ਨਾ ਬਣਿਆਂ ਓਥੇ ਤਾਂ ਹਰ ਗੁਰਦੁਆਰੇ ਸੋਹਿਲਾ ਪੜਿਆ ਜਾਂਦਾ ਹੈ? ਗੁਰਬਾਣੀ ਨਾਲ ਇਨ੍ਹਾਂ ਦੇ ਵੱਡੇ ਵਡੇਰੇ ਡੇਰੇਦਾਰ ਤੇ ਸੰਪ੍ਰਦਾਈਆਂ ਨੇ ਮਨ ਘੜ੍ਹਤ ਕਹਾਣੀਆਂ, ਸਾਖੀਆਂ ਦੇ ਰੂਪ ਵਿੱਚ ਜੋੜੀਆਂ ਹੋਈਆਂ ਹਨ। ਪਹਿਲੇ ਸੰਗਤ ਇਨ੍ਹਾਂ ਦੇ ਪਾਠੀਆਂ 'ਤੇ ਆਧਾਰਤ ਹੁੰਦੀ ਤੇ ਇਹ ਲੋਕ ਮਨ ਆਈਆਂ ਕਰਦੇ ਸਨ ਪਰ ਹੁਣ ਜਮਾਨਾ ਬਦਲਿਆ, ਇੰਟ੍ਰਨੈੱਟ ਰਾਹੀਂ ਲੋਕ ਗੁਰਬਾਣੀ ਦੇ ਅਰਥ ਘਰ ਘਰ ਪੜ੍ਹਨ ਵਿਚਾਰਨ ਕਰਕੇ ਗਿਆਨਵਾਨ ਹੋ ਰਹੇ ਹਨ। ਹੁਣ ਡੇਰੇਦਾਰ ਸੰਪ੍ਰਦਾਈਆਂ ਦੇ ਪਾਏ ਭਰਮ ਭੁਲੇਖੇ ਤੇ ਡਰਾਵੇ ਖਤਮ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕਿ ਬਾਣੀ ਗਿਆਨ ਲੈ ਕੇ ਜੀਵਨ ਨੂੰ ਸੁਧਾਰਨ ਤੇ ਸਫਲ ਕਰਨ ਲਈ ਪੜ੍ਹਨੀ ਹੈ ਨਾ ਕਿ ਗਿਣਤੀ ਮਿਣਤੀ ਦੇ ਮੰਤ੍ਰ ਜਾਪਾਂ ਲਈ।

ਸੋਹਿਲੇ ਦੇ ਪੰਜਾਂ ਸ਼ਬਦਾ ਦਾ ਲੜੀਵਾਰ ਮੁੱਖ ਭਾਵ-ਪਹਿਲੇ ਸ਼ਬਦ ਚ ਗੁਰੂ ਨਾਨਕ ਸਾਹਿਬ ਨੇ ਦਰਸਾਇਆ ਹੈ ਕਿ ਜਿਵੇਂ ਵਿਆਹ ਵੇਲੇ ਕੁੜੀ ਦੇ ਮਾਈਏਂ ਪੈਣ ਅਤੇ  ਔਰਤਾਂ ਦੁਆਰਾ ਸੁਹਾਗ ਦੇ ਗੀਤ ਗਾਉਣ ਤੇ ਅਸੀਸਾਂ ਦੇਣ ਦੀ ਰਸਮ ਦੇ ਰੂਪਕ ਅਲੰਕਾਰ ਰਾਹੀਂ ਸੰਆਰ ਰੂਪੀ ਪੇਕਾ ਘਰ ਛੱਡ ਕੇ, ਪਤੀ ਰੂਪੀ ਪ੍ਰਮਾਤਮਾਂ ਦੇ ਦੇ ਘਰ ਜਾਣ ਵਾਲੀ ਇਸਤ੍ਰੀ ਰੂਪ ਜਗਿਆਸੂ ਨੂੰ ਸਤਸੰਗ ਚ ਬੈਠ ਕੇ ਹਰਿ-ਜਸ ਰੂਪ ਸੁਹਾਗ ਗੀਤ ਸੁਣਨ ਰੂਪ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ
ਦੂਜੇ ਸ਼ਬਦ ਚ ਗੁਰੂ ਨਾਨਕ ਸਾਹਿਬ ਨੇ ਇਸ ਸਿਧਾਂਤ ਨੂੰ ਸ਼ਪੱਸ਼ਟ ਕੀਤਾ ਹੈ ਕਿ ਜਿਵੇਂ ਸੂਰਜ ਇੱਕ ਹੀ ਹੈ ਪਰ ਅੱਗੇ ਥਿਤਾਂ, ਵਾਰਾਂ, ਮਹੀਨਿਆਂ, ਪਹਿਰਾਂ ਅਤੇ ਘੜੀਆਂ ਵਜੋਂ ਵੱਖ ਵੱਖ ਇਕਾਈਆਂ ਹਨ ਤਿਵੇਂ ਹੀ ਇੱਕ ਕਰਤਾਰ ਦੇ ਕਈ ਸਰੂਪ ਤੇ ਭੇਦ ਹਨ
-ਸੂਰਜੁ ਏਕੋ ਰੁਤਿ ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ॥(੧੨)

ਤੀਜੇ ਸ਼ਬਦ ਚ ਗੁਰੂ ਨਾਨਕ ਸਾਹਿਬ ਨੇ ਤੁਲਨਾਤਮਿਕ ਵਿਧੀ ਰਾਹੀਂ, ਦੁਨਿਆਵੀ ਆਰਤੀ ਦੇ ਮੁਕਾਬਲੇ ਵਿਰਾਟ ਆਰਤੀ  ਦਰਸਾਈ ਹੈ ਕਿ ਪ੍ਰਭੂ ਦੀ ਸਰਬ-ਵਿਆਪਕਤਾ, ਉਸ ਦੀ ਏਕਤਾ ਤੋਂ ਅਨੇਕਤਾ ਵਾਲੀ ਬਿਰਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ।

ਗਾਉੜੀ ਪੂਰਬੀ ਦੇ ਚੌਥੇ ਸ਼ਬਦ ਚ ਗੁਰੂ ਰਾਮਦਾਸ ਜੀ ਨੇ ਦਰਸਾਇਆਂ ਕਿ ਮਨੁੱਖ ਦਾ ਸਰੀਰ ਰੂਪੀ ਨਗਰ ਕਾਮ ਕ੍ਰੋਧ ਆਦਿਕ  ਵਾਸ਼ਨਾਵਾਂ ਨਾਲ ਭਰਿਆ ਪਿਆ ਹੈ ਜਿਸ ਕਰਕੇ ਉਹ ਇਸ ਸੰਸਾਰ ਵਿੱਚ ਜਮ-ਦੰਡ ਸਜਾ ਭਾਵ ਦੁੱਖ  ਸਹਿਨ ਕਰਦਾ ਹੈ। ਦੂਜੇ ਪਾਸੇ ਪ੍ਰਭੂ ਭਗਤੀ ਚ ਮਗਨ ਜਗਿਆਸੂ ਵਾਸ਼ਨਾਵਾਂ ਦੀਆਂ ਰੁਕਾਵਟਾਂ ਨੂੰ ਦੂਰ ਕਰ ਪਰਮ ਧਾਮ ਭਾਵ ਪੂਰਨ ਟਿਕਾਅ ਦੀ ਅਵੱਸਥਾ ਵਿੱਚ ਪਹੁੰਚ ਜਾਂਦੇ ਹਨ।

ਗਾਉੜੀ ਪੂਰਬੀ ਦੇ ਪੰਜਵੇਂ ਸ਼ਬਦ ਚ ਪੰਚਮ ਪਾਤਸ਼ਾਹ ਨੇ ਜਗਿਆਸੂ ਨੂੰ ਦਰਸਾਇਆ ਕਿ ਇਹ ਮਨੁੱਖਾ ਦੇਹ ਰੂਪ ਸਮਾਂ ਆਤਮਿਕ ਕਮਾਈ ਕਰਨ ਦਾ ਹੈ। ਵਿਕਾਰਾਂ ਨਾਲ ਗ੍ਰਸੇ ਸੰਸਾਰ ਚੋਂ, ਸਾਵਧਾਨੀ ਨਾਲ ਨਿਕਲ, ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰਨ ਲਈ ਗੁਰੂ ਦੀ ਰਹਿਮਤ ਅਤੇ ਗੁਰ ਮਾਰਗ ਤੇ ਚੱਲਣ ਦੀ ਬਹੁਤ ਲੋੜ ਹੈ। ਇਸ ਲਈ ਸਿਖਿਆਰਥੀ ਮਨੁੱਖ ਦੀ ਕਰਤਾਰ ਕੋਲ ਆਤਮ ਉਧਾਰ ਲਈ ਬੇਨਤੀ ਹੈ-ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ॥ ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ॥(੧੩) ਸੰਤਨ ਕੀ ਤੋਂ ਭਾਵ ਸਤਿ ਸੰਗੀਆਂ ਦੀ ਹੈ।


09/09/18
ਸਰਦਾਰਾ ਸਿੰਘ ਮਾਹਲ

(ਸੰਪਾਦਕੀ ਨੋਟ:- ਪਾਠਕਾਂ ਦੀ ਜਾਣਕਾਰੀ ਲਈ ਅਸੀਂ ਇਹ ਲੇਖ ਪੰਜਾਬ ਟਾਈਮਜ਼ ਵਿਚੋਂ ਲੈ ਕੇ ਪਾ ਰਹੇ ਹਾਂ। ਲੇਖਕ ਭਾਵੇਂ ਖੱਬੇ ਪੱਖੀ ਲੱਗਦਾ ਹੈ ਪਰ ਉਸ ਨੇ ਇੱਕ ਪਾਸੜ ਗੱਲ ਨਹੀਂ ਕੀਤੀ ਜਿਵੇਂ ਕਿ ਬਹੁਤੇ ਲੇਖਕ ਕਰਦੇ ਹਨ। ਬਹੁਤ ਹੀ ਜਾਣਕਾਰੀ ਭਰਪੂਰ ਲੇਖ ਹੈ। ਕੋਈ ਵਿਰਲਾ ਹੀ ਇਸ ਤਰ੍ਹਾਂ ਸਚਾਈ ਬਿਆਨ ਕਰਦਾ ਹੈ ਨਹੀਂ ਤਾਂ ਬਹੁਤੇ ਇੱਕ ਪਾਸੜ ਗੱਲ ਹੀ ਕਰਦੇ ਹਨ। ਕਈ ਤਾ ਅਧੂਰੀ ਗੱਲ ਕਰਕੇ ਲੋਕਾਂ ਨੂੰ ਭੜਕਾਉਣ ਦਾ ਯਤਨ ਹੀ ਕਰਦੇ ਹਨ)

ਰਿਫਰੈਂਡਮ 2020 ਅਤੇ ਖਾਲਿਸਤਾਨ ਦਾ ਵਪਾਰ
ਭਾਰਤ ਸਮੇਤ ਵਿਦੇਸ਼ਾਂ ਵਿਚਲੇ ਮੀਡੀਆ ਵਿਚ ਇਕ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਉਹ ਹੈ, ਰਿਫਰੈਂਡਮ 2020, ਭਾਵ 2020 ਵਿਚ ਕਰਾਈ ਜਾਣ ਵਾਲੀ ਰਾਇਸ਼ੁਮਾਰੀ। ਰਿਫਰੈਂਡਮ ਅੰਗਰੇਜ਼ੀ ਦੇ ਸ਼ਬਦ ਰੈਫਰ ਤੋਂ ਬਣਿਆ ਹੈ ਜਿਸ ਦਾ ਅਰਥ ਹੈ, ਕਿਸੇ ਕੋਲ ਭੇਜਣਾ। ਰਿਫਰੈਂਡਮ ਦਾ ਅਰਥ ਹੈ, ਕੋਈ ਮੁੱਦਾ ਲੋਕਾਂ ਦੀ ਰਾਇ ਜਾਣਨ ਲਈ ਉਨ੍ਹਾਂ ਕੋਲ ਭੇਜਣਾ। ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਕਿਸੇ ਨਿਸ਼ਚਿਤ ਮੁੱਦੇ ‘ਤੇ ਵੋਟਿੰਗ ਰਾਹੀਂ ਲੋਕਾਂ ਦੀ ਰਾਇ ਜਾਣਨ ਨੂੰ ਰਿਫਰੈਂਡਮ ਕਿਹਾ ਜਾਂਦਾ ਹੈ ਅਤੇ ਪੰਜਾਬੀ/ਉਰਦੂ ਵਿਚ ਰਾਇਸ਼ੁਮਾਰੀ ਕਿਹਾ ਜਾਂਦਾ ਹੈ, ਜੋ ਆਪਣੇ ਆਪ ਵਿਚ ਜਮਹੂਰੀ ਅਮਲ ਹੈ, ਇਹ ਲੋਕਾਂ ਨੂੰ ਫੈਸਲਾ ਕਰਨ ਦਾ ਹੱਕ ਦਿੰਦਾ ਹੈ। ਆਮ ਰੂਪ ਵਿਚ ਅਸੀਂ ਇਸ ਦੇ ਹਮਾਇਤੀ ਹਾਂ, ਪਰ ਇਹ ਨਹੀਂ ਕਿ ਅਸੀਂ ਹਰ ਰਾਇਸ਼ੁਮਾਰੀ ਦੇ ਹਮਾਇਤੀ ਹਾਂ। ਅਸੀਂ ਉਸੇ ਹੀ ਦੇ ਹੱਕ ਵਿਚ ਹਾਂ ਜੋ ਸਮਾਜ ਨੂੰ ਅੱਗੇ ਲਿਜਾਣ ਦਾ ਵਾਹਨ ਬਣਦੀ ਹੈ। ਜੋ ਅੱਜ ਦੇ ਯੁੱਗ ਵਿਚ ਸਾਮਰਾਜ ਤੇ ਇਸ ਦੇ ਸੰਗੀਆਂ ਅਤੇ ਜਗੀਰਦਾਰੀ ਵਿਰੁਧ ਜਾਂਦੀ ਹੈ ਜਾਂ ਉਨ੍ਹਾਂ ਵਿਰੁਧ ਸੇਧਿਤ ਹੈ, ਉਹ ਹੀ ਸਮਾਜ ਨੂੰ ਅੱਗੇ ਲੈ ਜਾਣ ਦਾ ਵਾਹਨ ਬਣ ਸਕਦੀ ਹੈ ਅਤੇ ਅਸੀਂ ਕੇਵਲ ਉਸੇ ਦੇ ਹਮਾਇਤੀ ਹਾਂ।
ਨੇੜਲੇ ਭੂਤਕਾਲ ਵਿਚ ਬਰਤਾਨੀਆ (ਯੂ. ਕੇ.), ਸਪੇਨ ਅਤੇ ਕੋਸੋਵੋ ਵਿਚ ਰਾਇਸ਼ੁਮਾਰੀ ਹੋਈ ਹੈ। ਯੂ. ਕੇ. ਵਿਚ ਦੋ ਵਾਰੀ ਰਾਇਸ਼ੁਮਾਰੀ ਹੋਈ ਹੈ। ਇਕ ਵਾਰੀ ਯੂ. ਕੇ. ਦੇ ਇਕ ਹਿੱਸੇ ਸਕਾਟਲੈਂਡ ਵਿਚ ਹੋਈ, ਮੁੱਦਾ ਸੀ, ਸਕਾਟਲੈਂਡ ਨੂੰ ਯੂ. ਕੇ. ਵਿਚ ਰਹਿਣਾ ਚਾਹੀਦਾ ਹੈ ਜਾਂ ਨਹੀਂ? ਫੈਸਲਾ ਮਾਮੂਲੀ ਜਿਹੇ ਅੰਤਰ ਨਾਲ ਯੂ. ਕੇ. ਵਿਚ ਰਹਿਣ ਦਾ ਆਇਆ। ਦੂਜੀ ਰਾਇਸ਼ੁਮਾਰੀ ਪੂਰੇ ਯੂ. ਕੇ. ਵਿਚ ਹੋਈ। ਮੁੱਦਾ ਸੀ, ਕੀ ਯੂ. ਕੇ. ਨੂੰ ਯੂਰਪੀ ਯੂਨੀਅਨ ਵਿਚ ਰਹਿਣਾ ਚਾਹੀਦਾ ਹੈ ਜਾਂ ਇਸ ਵਿਚੋਂ ਬਾਹਰ ਆ ਜਾਣਾ ਚਾਹੀਦਾ ਹੈ? ਬਹੁਗਿਣਤੀ ਨੇ ਯੂਰਪੀ ਯੂਨੀਅਨ ਵਿਚੋਂ ਬਾਹਰ ਆਉਣ ਦਾ ਫਤਵਾ ਦਿੱਤਾ। ਇਸ ਫਤਵੇ ਦੇ ਲਾਗੂ ਹੋਣ ਦੀ ਪ੍ਰਕ੍ਰਿਆ ਜਾਰੀ ਹੈ। ਸਪੇਨ ਵਿਚ ਕੈਟੇਲੋਨੀਆ ਖਿੱਤੇ ਵਿਚ ਰਾਇਸ਼ੁਮਾਰੀ ਹੋਈ ਤਾਂ ਮੁੱਦਾ ਸੀ, ਕੈਟੇਲੋਨੀਆ ਨੂੰ ਸਪੇਨ ਵਿਚ ਰਹਿਣਾ ਚਾਹੀਦਾ ਹੈ ਜਾਂ ਆਜ਼ਾਦ ਮੁਲਕ ਬਣਨਾ ਚਾਹੀਦਾ ਹੈ। ਰਾਇਸ਼ੁਮਾਰੀ ਕੈਟੇਲੋਨੀਆ ਦੀ ਅਸੈਂਬਲੀ ਨੇ ਕਰਵਾਈ ਸੀ। ਬਹੁਗਿਣਤੀ ਨੇ ਫੈਸਲਾ ਸਪੇਨ ਤੋਂ ਵੱਖ ਹੋ ਕੇ ਵੱਖਰਾ ਦੇਸ਼ ਬਣਾਉਣ ਦਾ ਦਿੱਤਾ ਪਰ ਸਪੇਨ ਦੀ ਪਾਰਲੀਮੈਂਟ ਨੇ ਇਸ ਨੂੰ ਰੱਦ ਕਰ ਦਿੱਤਾ। ਇਸ ਕਰਕੇ ਇਹ ਅਜੇ ਲਾਗੂ ਨਹੀਂ ਹੋ ਸਕਿਆ।
ਕੋਸੋਵੋ ਦੇ ਖਿੱਤੇ ਵਿਚ ਸੋਵੀਅਤ ਯੂਨੀਅਨ ਦੇ ਟੁੱਟਣ, ਸੋਵੀਅਤ ਕੈਂਪ ਦੇ ਖਿੰਡਣ, ਯੂਗੋਸਲਾਵੀਆ ਦੇ ਟੁੱਟਣ ਨਾਲ ਅਤੇ ਸਰਬੀਆ ਵੱਲੋਂ ਆਪਣੀ ਆਜ਼ਾਦੀ ਐਲਾਨਣ ਪਿਛੋਂ, ਕੋਸੋਵੋ ਦੀ ਆਜ਼ਾਦੀ ਦੇ ਮੁੱਦੇ ‘ਤੇ ਰਾਇਸ਼ੁਮਾਰੀ ਹੋਈ ਅਤੇ ਲੋਕਾਂ ਨੇ ਕੋਸੋਵੋ ਦੇ ਇਕ ਆਜ਼ਾਦ ਮੁਲਕ ਬਣਨ ਦਾ ਫੈਸਲਾ ਦਿੱਤਾ। ਰਾਇਸ਼ੁਮਾਰੀ ਜਿਥੇ ਵਿਕਸਿਤ ਪੂੰਜੀਵਾਦੀ/ਸਾਮਰਾਜੀ ਦੇਸ਼ਾਂ ਵਿਚ ਆਮ ਸਿਆਸੀ ਵਰਤਾਰਾ ਹੈ, ਉਥੇ ਭਾਰਤ ਵਰਗੇ ਪਿਛੜੇ ਮੁਲਕਾਂ ਵਿਚ ਅਜਿਹਾ ਨਹੀਂ ਹੈ।
ਕੀ ਹੈ ਰਾਇਸ਼ੁਮਾਰੀ 2020?
ਸੰਨ 1984 ਵਿਚ ਵਿਦੇਸ਼ਾਂ ਵਿਚ ਇਕ ਜਥੇਬੰਦੀ ਸਿੱਖਸ ਫਾਰ ਜਸਟਿਸ ਹੋਂਦ ਵਿਚ ਆਈ, ਜੋ ਆਪਣੇ ਆਪ ਨੂੰ ਜਥੇਬੰਦੀ ਨਹੀਂ ਸਗੋਂ ਮੁਹਿੰਮ ਕਹਿੰਦੀ ਹੈ। ਇਹ ਪੰਜਾਬ ਜਾਂ ਭਾਰਤ ਵਿਚ ਨਹੀਂ ਬਲਕਿ ਵਿਦੇਸ਼ਾਂ ਵਿਚ ਬੈਠੇ ਲੋਕਾਂ ਨੇ ਬਣਾਈ। ਜਥੇਬੰਦੀ ਦਾ ਨਾਂ ਭਾਵੇਂ ਸਿੱਖਸ ਫਾਰ ਜਸਟਿਸ ਹੈ ਪਰ ਇਸ ਦਾ ਮੁੱਖ ਬੁਲਾਰਾ ਤੇ ਵਕੀਲ ਗੁਰਪਤਵੰਤ ਸਿੰਘ ਪੰਨੂ ਅਤੇ ਇਸ ਦਾ ਡਾਇਰੈਕਟਰ ਤਜਿੰਦਰ ਸਿੰਘ ਹਨ, ਦੋਵੇਂ ਦਾੜ੍ਹੀ-ਮੁੱਛਾਂ ਸਫਾਚੱਟ ਅਤੇ ਘੋਨ-ਮੋਨ ਹਨ। ਪੰਨੂ ਪ੍ਰੈਸ ਸਾਹਮਣੇ ਅਤੇ ਚੈਨਲਾਂ ‘ਤੇ ਸਿਰ ਉਤੇ ਰੁਮਾਲ ਬੰਨ੍ਹ ਲੈਂਦਾ ਹੈ ਤੇ ਖਤਮ ਹੁੰਦਿਆਂ ਸਾਰ ਸਿਰ ‘ਤੇ ਰੁਮਾਲ ਦਾ ਭਾਰ ਵੀ ਨਹੀਂ ਝੱਲਦਾ। ਇਸ ਜਥੇਬੰਦੀ ਦੇ ਸਾਰੇ ਮੋਹਰੀ ਸ਼ੱਕੀ ਸ਼ਖਸੀਅਤਾਂ ਹਨ। ਇਸ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਹੀ ਇਸ ਬਾਰੇ ਵਿਵਾਦ ਰਿਹਾ ਹੈ ਅਤੇ ਕਿਆਸ-ਅਰਾਈਆਂ ਲਗਦੀਆਂ ਰਹੀਆਂ ਹਨ ਕਿ ਇਹ ਕਿਸ ਏਜੰਸੀ ਦੀ ਪੈਦਾਵਾਰ ਹਨ? ਇਸ ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਇਹ 2020 ਵਿਚ ਰਾਇਸ਼ੁਮਾਰੀ ਕਰਵਾਏਗੀ ਕਿ ਸਿੱਖਾਂ ਨੂੰ ਆਜ਼ਾਦੀ ਚਾਹੀਦੀ ਹੈ ਜਾਂ ਨਹੀਂ। ਲੰਡਨ ਵਿਚ ਕੀਤੀ ਕਾਨਫਰੰਸ ਇਸੇ ਦਾ ਇਕ ਹਿੱਸਾ ਹੈ।
ਜਿਥੋਂ ਤੱਕ ਪੰਜਾਬ ਦੀ ਸਿਆਸਤ ਦਾ ਸੁਆਲ ਹੈ, ਖਾਲਿਸਤਾਨ ਦੀ ਹਮਾਇਤ ਅਤੇ ਇਸ ਦੀ ਮੰਗ ਕਰਨ ਵਾਲੀਆਂ ਜਥੇਬੰਦੀਆਂ ਸਿਮਰਨਜੀਤ ਸਿੰਘ ਮਾਨ ਦੇ ਧੜੇ ਅਤੇ ਦਲ ਖਾਲਸਾ ਨੇ ਇਸ ਪ੍ਰਤੀ ਅਨੇਕਾਂ ਪ੍ਰਕਾਰ ਦੇ ਸ਼ੰਕੇ ਪ੍ਰਗਟਾਏ ਹਨ। ਬਾਦਲ ਦਲ ਨੇ ਇਸ ਰਾਇਸ਼ੁਮਾਰੀ ਦਾ ਵਿਰੋਧ ਕੀਤਾ ਹੈ। ਆਮ ਆਦਮੀ ਪਾਰਟੀ ਦੇ ਅਸੈਂਬਲੀ ਗਰੁੱਪ ਦੇ ਤਤਕਾਲੀ ਮੁਖੀ (ਸੁਖਪਾਲ ਸਿੰਘ ਖਹਿਰਾ) ਨੇ ਇਸ ਦੀ ਹਮਾਇਤ ਕੀਤੀ ਪਰ ਪਾਰਟੀ ਦੇ ਅੰਦਰੋ ਬਾਹਰੋਂ ਹੋਈ ਆਲੋਚਨਾ ਪਿਛੋਂ ਪਲਟੀ ਮਾਰ ਗਿਆ। ਸਾਬਕਾ ਖਾਲਿਸਤਾਨੀ ਸੰਸਦ ਮੈਂਬਰ ਅਤਿੰਦਰਪਾਲ ਸਿੰਘ ਨੇ ਇਸ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਹੈ ਕਿ ਉਸ ਦੇ ਸੁਆਲਾਂ ਦਾ ਪੰਨੂ ਜਾਂ ਹੋਰ ਕਿਸੇ ਨੇ ਜੁਆਬ ਨਹੀਂ ਦਿੱਤਾ। ਪੰਜਾਬ ਵਿਚ ਸਿਰਫ ਇਕ ਵਿਅਕਤੀ, ਬਿਨਾ ਸਿਆਸੀ ਪਾਰਟੀ ਤੋਂ ਸਿਆਸਤਦਾਨ, ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਦੀ ਹਮਾਇਤ ਕੀਤੀ। ਇਸ ਬਾਰੇ ਬੈਂਸ ਭਰਾਵਾਂ ਦੀ ਪਾਰਟੀ ਦੇ ਮੁਖੀ ਨੇ ਦੋਗਲਾ ਰੁਖ ਲਿਆ ਹੈ। ਸੁਆਲ ਹੈ ਕਿ ਜਦੋਂ ਪੰਜਾਬ ਵਿਚ ਸਿੱਖਸ ਫਾਰ ਜਸਟਿਸ ਦੀ ਜਥੇਬੰਦੀ ਨਹੀਂ, ਉਸ ਨੂੰ ਪੰਜਾਬ ‘ਚ ਕੋਈ ਹਮਾਇਤ ਹਾਸਲ ਨਹੀਂ ਤਾਂ ਪੰਨੂ ਐਂਡ ਕੰਪਨੀ ਇਹ ਸਭ ਕਾਹਦੇ ਲਈ ਕਰ ਰਹੇ ਹਨ?
ਪੰਨੂ ਕਹਿੰਦਾ ਹੈ ਕਿ ਇਸ ਰਾਇਸ਼ੁਮਾਰੀ ਪਿਛੋਂ ਜਥੇਬੰਦੀ ਇਹ ਕੇਸ ਸੰਯੁਕਤ ਰਾਸ਼ਟਰ ਵਿਚ ਲਿਜਾਏਗੀ। ਸੰਯੁਕਤ ਰਾਸ਼ਟਰ ਵੱਖ-ਵੱਖ ਦੇਸ਼ਾਂ ਦੀ ਨੁਮਾਇੰਦਾ ਜਥੇਬੰਦੀ ਹੈ, ਜਿਸ ਦੇ ਨੁਮਾਇੰਦੇ ਦੇਸ਼ਾਂ ਦੀਆਂ ਸਰਕਾਰਾਂ ਨਿਯੁਕਤ ਕਰਦੀਆਂ ਹਨ। ਪੰਨੂ ਇਹ ਨਹੀਂ ਦੱਸਦਾ ਕਿ ਕਿਸ ਦੇਸ਼ ਦੀ ਸਰਕਾਰ ਨੇ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਵਿਚ ਹਮਾਇਤ ਦਾ ਭਰੋਸਾ ਦਿੱਤਾ ਹੈ। ਕਿਸ ਦੇਸ਼ ਦੀ ਸਰਕਾਰ ਹੈ ਜੋ ਭਾਰਤ ਸਰਕਾਰ ਦਾ ਵਿਰੋਧ ਸਹੇੜ ਕੇ ਅਜਿਹੀ ਸ਼ੱਕੀ ਹਸਤੀ ਵਾਲੇ ਲੋਕਾਂ ਦੀ ਹਮਾਇਤ ਵਿਚ ਖੜ੍ਹੇਗੀ?
ਸਿਰਫ ਸ਼ੋਸ਼ਾ ਹੈ ਰਾਇਸ਼ੁਮਾਰੀ 2020
ਅੱਜ ਤੱਕ ਇਤਿਹਾਸ ਵਿਚ ਜਦੋਂ ਵੀ ਅਤੇ ਜਿਥੇ ਵੀ ਰਾਇਸ਼ੁਮਾਰੀ ਹੋਈ ਹੈ, ਉਥੇ ਇਸ ਦੀ ਮੰਗ ਉਸ ਖਿੱਤੇ ਵਿਚ ਵਸਦੇ ਲੋਕਾਂ ਵੱਲੋਂ ਹੋਈ ਹੈ, ਜਿਥੇ ਇਹ ਰਾਇਸ਼ੁਮਾਰੀ ਹੋਣੀ ਹੁੰਦੀ ਹੈ। ਅੱਜ ਤੱਕ ਨਾ ਸਬੰਧਿਤ ਖਿੱਤੇ ਤੋਂ ਬਾਹਰੋਂ ਉਠੀ ਮੰਗ ‘ਤੇ ਅਤੇ ਨਾ ਹੀ ਬਾਹਰਲਿਆਂ ਦੀ ਮੰਗ ‘ਤੇ ਰਾਇਸ਼ੁਮਾਰੀ ਹੋਈ ਹੈ। ਇਥੇ ਮਸਲਾ ਪੰਜਾਬ ਵਿਚ ਰਾਇਸ਼ੁਮਾਰੀ ਕਰਾਉਣ ਦਾ ਹੈ ਪਰ ਪੰਜਾਬ ਵਿਚ ਤਾਂ ਇਹ ਮੰਗ ਨਾ ਪਹਿਲਾਂ ਉਠੀ ਸੀ ਤੇ ਨਾ ਹੀ ਹੁਣ ਕੋਈ ਅਜਿਹੀ ਮੰਗ ਹੈ। ਇਹ ਤਾਂ ਇੰਗਲੈਂਡ-ਕੈਨੇਡਾ-ਅਮਰੀਕਾ ਵਿਚ ਕੁਝ ਲੋਕ ਹਨ ਜੋ ਇਹ ਮਸਲਾ ਉਠਾ ਰਹੇ ਹਨ। ਜੇ ਇਉਂ ਰਾਇਸ਼ੁਮਾਰੀ ਹੋਣ ਲੱਗੇ ਤਾਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਬੈਠੇ ਕੁਝ ਬੰਦੇ, ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਇਸ ਦੀ ਮੰਗ ਕਰ ਸਕਦੇ ਹਨ। ਇਹ ਮਜ਼ਾਕ ਤੋਂ ਵੱਧ ਕੁਝ ਨਹੀਂ।
ਦੂਜਾ ਸੁਆਲ ਹੈ, ਇਹ ਰਾਇਸ਼ੁਮਾਰੀ ਕਰਵਾਏਗਾ ਕੌਣ? ਰਾਇਸ਼ੁਮਾਰੀ ਵਿਚ ਸਭ ਬੰਦੇ, ਜਿਨ੍ਹਾਂ ਨੂੰ ਵੋਟ ਦਾ ਹੱਕ ਹਾਸਲ ਹੈ, ਆਮ ਚੋਣਾਂ ਵਾਂਗ ਹੀ ਨਿਸ਼ਚਿਤ ਮੁੱਦੇ ‘ਤੇ ਵੋਟ ਪਾਉਂਦੇ ਹਨ। ਭਾਰਤ ਵਿਚ ਚੋਣ ਕਮਿਸ਼ਨ ਚੋਣਾਂ ਕਰਵਾਉਂਦਾ ਹੈ ਜੋ ਸਰਕਾਰ ਦੀ ਸਿਫਾਰਿਸ਼ ‘ਤੇ ਕਰਵਾਈਆਂ ਜਾਂਦੀਆਂ ਹਨ ਪਰ ਇਥੇ ਭਾਰਤ ਸਰਕਾਰ ਨੇ ਤਾਂ ਪੰਜਾਬ ਵਿਚ ਰਾਇਸ਼ੁਮਾਰੀ ਦਾ ਫੈਸਲਾ ਨਹੀਂ ਕੀਤਾ, ਸਗੋਂ ਉਹ ਤਾਂ ਇਸ ਦੀ ਕੱਟੜ ਵਿਰੋਧੀ ਹੈ। ਪੰਜਾਬ ਅਸੈਂਬਲੀ ਵੀ ਇਸ ਦੇ ਹੱਕ ਵਿਚ ਨਹੀਂ। ਪੰਜਾਬ ਸਰਕਾਰ ਵੀ ਨਹੀਂ ਕਰਵਾਏਗੀ। ਨਾ ਹੀ ਸੰਯੁਕਤ ਰਾਸ਼ਟਰ ਸੰਗਠਨ ਨੇ ਅਜਿਹਾ ਕੋਈ ਫੈਸਲਾ ਕੀਤਾ ਹੈ। ਉਂਜ ਵੀ ਸੰਯੁਕਤ ਰਾਸ਼ਟਰ ਸਬੰਧਿਤ ਸਰਕਾਰ ਰਾਹੀਂ ਅਤੇ ਉਸ ਸਰਕਾਰ ਦੀ ਮਰਜ਼ੀ ਨਾਲ ਹੀ ਰਾਇਸ਼ੁਮਾਰੀ ਕਰਾ ਸਕਦਾ ਹੈ। ਇਸ ਨੂੰ ਸਿੱਧੇ ਰਾਇਸ਼ੁਮਾਰੀ ਕਰਾਉਣ ਦਾ ਨਾ ਹੱਕ ਹੈ ਅਤੇ ਨਾ ਹੀ ਇਸ ਕੋਲ ਸਾਧਨ ਹਨ। ਸਿੱਖਸ ਫਾਰ ਜਸਟਿਸ ਜਿਸ ਦਾ ਇਹ ਮੁੱਦਾ ਹੈ, ਦੀ ਪੰਜਾਬ ਵਿਚ ਕੋਈ ਹੋਂਦ ਨਹੀਂ। ਫਿਰ ਇਹ ਰਾਇਸ਼ੁਮਾਰੀ ਕਰਾਏਗਾ ਕੌਣ?
ਤੀਜਾ ਪ੍ਰਸ਼ਨ ਹੈ, ਮੰਨ ਲਵੋ, ਇਹ ਰਾਇਸ਼ੁਮਾਰੀ ਹੁੰਦੀ ਹੈ ਤਾਂ ਇਸ ਵਿਚ ਵੋਟ ਕੌਣ ਪਾਏਗਾ? ਕੀ ਇਸ ਵਿਚ ਪੰਜਾਬ ਦੇ ਸਿੱਖ ਹੀ ਵੋਟ ਪਾਉਣਗੇ? ਜਾਂ ਸਾਰੇ ਵੋਟਰ? ਪੰਜਾਬ ਤੋਂ ਬਾਹਰ ਭਾਰਤ ਵਿਚ ਵਸਦੇ ਸਿੱਖ ਵੋਟ ਪਾਉਣਗੇ ਜਾਂ ਨਹੀਂ? ਜੇ ਭਾਰਤੀ ਵੋਟਰ ਹੋਣ ਕਰਕੇ ਉਨ੍ਹਾਂ ਨੂੰ ਇਹ ਹੱਕ ਦੇ ਵੀ ਦਿੱਤਾ ਜਾਂਦਾ ਤਾਂ ਕੀ ਉਹ ਪਰਿਵਾਰਾਂ ਸਮੇਤ ਪੰਜਾਬ ਵਿਚ ਵੋਟਾਂ ਪਾਉਣ ਆਉਣਗੇ? ਜਿਹੜੇ ਪੰਜਾਬੀ ਭਾਰਤ ਵਿਚ ਵੋਟਰ ਨਹੀਂ, ਉਹ ਯੂਰਪੀ, ਉਤਰੀ ਅਮਰੀਕੀ ਮੁਲਕਾਂ ਅਤੇ ਹੋਰ ਮੁਲਕਾਂ ਵਿਚ ਵੋਟਰ ਹਨ, ਉਹ ਪੰਜਾਬ ਵਿਚ ਕਿਵੇਂ ਵੋਟ ਪਾ ਸਕਣਗੇ? ਇਨ੍ਹਾਂ ਸੁਆਲਾਂ ਦਾ ਇਨ੍ਹਾਂ ਲੋਕਾਂ ਕੋਲ ਕੋਈ ਸਪਸ਼ਟ ਉਤਰ ਨਹੀਂ। ਉਹ ਭਾਵੇਂ ਕਹਿੰਦੇ ਹਨ ਕਿ ਉਹ ਟਰਾਂਸ-ਨੈਸ਼ਨਲ ਹਨ ਪਰ ਰਾਇਸ਼ੁਮਾਰੀ ਤਾਂ ਕਿਸੇ ਵੋਟਰ ਲਿਸਟ ਦੇ ਆਧਾਰ ‘ਤੇ ਹੀ ਹੁੰਦੀ ਹੈ ਤੇ ਉਸ ਵਿਚ ਕੋਈ ਟਰਾਂਸ-ਨੈਸ਼ਨਲ ਵੋਟਰ ਨਹੀਂ ਹੁੰਦੇ।
ਚੌਥੇ, ਕੀ ਇਹ ਰਾਇਸ਼ੁਮਾਰੀ ਪੰਜਾਬ ਦੀ ਆਜ਼ਾਦੀ, ਭਾਵ ਭਾਰਤ ਤੋਂ ਵੱਖ ਹੋ ਕੇ ਆਜ਼ਾਦ ਮੁਲਕ ਬਣਾਉਣ ਬਾਰੇ ਹੋਵੇਗੀ ਜਾਂ ਖਾਲਿਸਤਾਨ ਬਣਾਉਣ ਬਾਰੇ? ਪੰਨੂ ਕਹਿੰਦਾ ਹੈ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਹਾ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਵਿਚ ਫੌਜ ਆਈ, ਉਸੇ ਦਿਨ ਆਜ਼ਾਦ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਇਹ ਰਾਇਸ਼ੁਮਾਰੀ ਇਸੇ ‘ਤੇ ਹੋਵੇਗੀ। ਉਹ ਵੱਖਰਾ ਮੁਲਕ ਬਣਾਉਣ ਲਈ ਪੰਜਾਬ ਦੀ ਗੱਲ ਕਰਦਾ ਹੈ ਪਰ ਪੰਜਾਬ ਵਿਚ ਤਾਂ 49 ਫੀਸਦੀ ਗੈਰ-ਸਿੱਖ ਹਨ। ਬਾਕੀਆਂ ਵਿਚੋਂ ਵੀ ਬਹੁਤੇ ਸਹਿਜਧਾਰੀ ਹਨ।
ਕੁੱਲ ਮਿਲਾ ਕੇ ਰਾਇਸ਼ੁਮਾਰੀ ਦੇ ਕਿਸੇ ਵੀ ਪਹਿਲੂ ਬਾਰੇ ਇਨ੍ਹਾਂ ਕੋਲ ਕੋਈ ਸਮਝਦਾਰੀ ਨਹੀਂ। ਸੋ ਰਾਇਸ਼ੁਮਾਰੀ 2020 ਸ਼ੋਸ਼ੇ ਤੋਂ ਵੱਧ ਕੁਝ ਨਹੀਂ।
ਕੀ ਹੈ ਇਸ ਸ਼ੋਸ਼ੇ ਦਾ ਮਕਸਦ?
1980ਵਿਆਂ ਦੇ ਅਰੰਭ ਵਿਚ ਪੰਜਾਬ ਵਿਚ ਦਹਿਸ਼ਤਗਰਦੀ ਦੀ ਸ਼ੁਰੂਆਤ ਹੋਈ ਜਿਸ ਨੇ ਇਕ ਦਹਾਕੇ ਤੋਂ ਵੀ ਵੱਧ ਸਮਾਂ ਪੰਜਾਬ ਨੂੰ ਸਰਕਾਰੀ ਅਤੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਕਾਲੇ ਬੋਲੇ ਹਨੇਰੇ ਵਿਚ ਡੁਬੋਈ ਰੱਖਿਆ। ਹਜ਼ਾਰਾਂ ਬੇਗੁਨਾਹ ਸਿੱਖਾਂ ਅਤੇ ਹਿੰਦੂਆਂ ਦੀਆਂ ਇਸ ਦੌਰਾਨ ਜਾਨਾਂ ਗਈਆਂ। ਸੈਂਕੜਿਆਂ ਦੇ ਘਰ ਉਜੜ ਗਏ। ਸੁਰੱਖਿਆ ਬਲਾਂ ਨੇ ਸੈਂਕੜੇ ਦੋਸ਼ੇ-ਬੇਦੋਸ਼ੇ ਸਿੱਖ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਮੁਕਾਇਆ। ਉਧਰ ਖਾਲਿਸਤਾਨੀਆਂ ਨੇ ਬਾਜ਼ਾਰਾਂ ਵਿਚ ਗੋਲੀਆਂ ਦੇ ਛੱਟੇ ਦੇ ਕੇ, ਬੱਸਾਂ-ਗੱਡੀਆਂ, ਬੱਸ ਅੱਡਿਆਂ, ਸਟੇਸ਼ਨਾਂ ‘ਤੇ ਬੰਬ ਧਮਾਕੇ ਕਰਕੇ ਅਤੇ ਬੱਸਾਂ ਵਿਚੋਂ ਇਕੋ ਫਿਰਕੇ ਦੇ ਲੋਕਾਂ ਨੂੰ ਕਤਾਰ ਵਿਚ ਖੜ੍ਹਾ ਕੇ ਮਾਰ ਮੁਕਾਇਆ। ਇਸ ਤੋਂ ਬਿਨਾ ਸਿਆਸੀ ਵਿਰੋਧੀਆਂ ਨੂੰ ਵੀ ਮਾਰ ਸੁੱਟਿਆ। ‘ਭਾਰਤੀ ਸਾਮਰਾਜ ਵਿਰੁਧ ਜੰਗ’ ਦਾ ਨਿਸ਼ਾਨਾ ਹਜ਼ਾਮ, ਝਟਕਈ, ਅਖਬਾਰਾਂ ਦੇ ਹਾਕਰ, ਮੰਡੀਆਂ ਦੇ ਪੱਲੇਦਾਰ ਮਜ਼ਦੂਰ, ਪਰਵਾਸੀ ਮਜ਼ਦੂਰ ਅਤੇ ਆਮ ਕਿਸਾਨ ਬਣਨ ਲੱਗੇ। ਇੰਦਰਾ ਗਾਂਧੀ ਦੇ ਕਤਲ ਪਿਛੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 4 ਹਜ਼ਾਰ ਦੇ ਕਰੀਬ ਸਿੱਖਾਂ ਦਾ ਕਤਲੇਆਮ ਹੋਇਆ। ਘਰ-ਕਾਰੋਬਾਰ ਸਾੜ ਦਿੱਤੇ ਗਏ। ਪੰਜਾਬ ਦੇ ਸਿੱਖਾਂ ਅਤੇ ਹਿੰਦੂਆਂ ਨੇ ਭਿਆਨਕ ਸੰਤਾਪ ਹੰਢਾਇਆ।
ਆਪਣੇ ਪਿਛਾਂਹਖਿੱਚੂ ਤੇ ਲੋਕ ਵਿਰੋਧੀ ਕਿਰਦਾਰ ਅਤੇ ਆਪਣੀਆਂ ਕਰਤੂਤਾਂ ਕਾਰਨ ਲੋਕਾਂ ‘ਚੋਂ ਨਿਖੜ ਕੇ ਅਤੇ ਪੁਲਿਸ ਜਬਰ ਕਰਕੇ ਇਹ ਲਹਿਰ ਖਤਮ ਹੋ ਗਈ। ਕਈ ਖਾਲਿਸਤਾਨੀ ਯੂਰਪੀ ਅਤੇ ਉਤਰੀ ਅਮਰੀਕੀ ਦੇਸ਼ਾਂ ਵੱਲ ਨਿਕਲ ਗਏ। ਉਥੋਂ ਦੇ ਪੰਜਾਬੀਆਂ ਵਿਚ ਸਾਕਾ ਨੀਲਾ ਤਾਰਾ ਅਤੇ ਦਿੱਲੀ ਕਤਲੇਆਮ ਨੂੰ ਲੈ ਕੇ ਮਨਾਂ ਵਿਚ ਰੋਸ ਸੀ। ਇਹ ਪੰਜਾਬੀ ਪੰਜਾਬ ਤੋਂ ਤਾਂ ਚਲੇ ਗਏ ਪਰ ਉਥੋਂ ਦੇ ਸਮਾਜਾਂ ਵਿਚ ਖਪ ਨਾ ਸਕੇ। ਆਪਣੀਆਂ ਜਗੀਰੂ ਮਾਨਤਾਵਾਂ ਦਾ ਸਾਮਰਾਜੀ ਸਮਾਜ ਦੇ ਅਰਾਜਕਤਾਵਾਦੀ ਚਲਨ ਨਾਲ ਵਿਰੋਧ ਟਕਰਾਅ ਦਾ ਰੂਪ ਵੀ ਧਾਰਦਾ ਰਿਹਾ। ਜਦੋਂ ਉਖੜੇ ਪੌਦੇ ਵਾਂਗ ਇਨ੍ਹਾਂ ਦੇ ਡਾਇਸਪੋਰਕ ਦਵੰਦ ਨੇ ਇਨ੍ਹਾਂ ਨੂੰ ਖਾਲਿਸਤਾਨੀਆਂ ਦੇ ਸਰੋਤੇ ਬਣਾ ਦਿੱਤਾ।
ਬਹਾਦਰੀ-ਪੂਜ ਮਾਨਸਿਕਤਾ ਵਾਲੇ ਪੰਜਾਬੀ ਇਨ੍ਹਾਂ ਨੂੰ ਖੁੱਲ੍ਹੇ ਮਨ ਨਾਲ ਪੈਸਾ ਦੇਣ ਲੱਗੇ। ਇਸ ਤਰ੍ਹਾਂ ਵਿਦੇਸ਼ਾਂ ਵਿਚ ਖਾਲਿਸਤਾਨ ਦਾ ਬਿਜਨਸ ਚੱਲ ਨਿਕਲਿਆ। ਕਈ ਜਥੇਬੰਦੀਆਂ ਹੋਂਦ ਵਿਚ ਆ ਗਈਆਂ। ਕਈ ਚੈਨਲ ਚੱਲ ਪਏ। ਇਨ੍ਹਾਂ ਵਿਚੋਂ ਹੀ ਇਕ, ਸਿੱਖਸ ਫਾਰ ਜਸਟਿਸ ਨਾਂ ਦੀ ਜਥੇਬੰਦੀ ਹੈ (ਇਸ ਬਿਜਨਸ ਵਿਚੋਂ ਲਾਭ ਲੈਣ ਲਈ ਸਿੱਖ ਬੁੱਧੀਜੀਵੀ ਬਣੇ ਕੁਝ ਮੌਕਾਪ੍ਰਸਤ ਲੋਕ ਵਿਦੇਸ਼ਾਂ ਵਿਚ ਗੇੜੇ ‘ਤੇ ਗੇੜਾ ਲਾਉਣ ਲੱਗੇ)। ਖਾਲਿਸਤਾਨ ਬਣੇ ਜਾਂ ਨਾ ਬਣੇ, ਇਹ ਇਨ੍ਹਾਂ ਦਾ ਸਰੋਕਾਰ ਨਹੀਂ। ਇਨ੍ਹਾਂ ਦਾ ਸਰੋਕਾਰ ਹੈ, ਖਾਲਿਸਤਾਨ ਦਾ ਬਿਜਨਸ ਚਲਦਾ ਰਹੇ। ਇਸੇ ਦੀ ਉਪਜ ਰਾਇਸ਼ੁਮਾਰੀ 2020 ਹੈ।
ਦੂਜੇ ਪਾਸੇ, ਪੰਜਾਬ ਵਿਚ ਨਵੀਂ ਪੀੜ੍ਹੀ ਜਵਾਨ ਹੋ ਗਈ ਹੈ ਜਿਸ ਨੇ ਉਹ ਕਾਲਾ ਦੌਰ ਨਹੀਂ ਦੇਖਿਆ ਤੇ ਇਸ ਦਾ ਦਰਦ ਨਹੀਂ ਹੰਢਾਇਆ। ਸੋਸ਼ਲ ਮੀਡੀਆ ‘ਤੇ ਪਰੋਸਿਆ ਜਾ ਰਿਹਾ ਕੂੜ ਪ੍ਰਚਾਰ ਅਤੇ ਕਹਾਣੀਆਂ ਇਸ ਨੌਜੁਆਨ ਪੀੜ੍ਹੀ ਨੂੰ ਰੁਮਾਂਚਿਤ ਕਰਦੀਆਂ ਹਨ। ਇਸ ਦਾ ਇਕ ਹਿੱਸਾ ਇਨ੍ਹਾਂ ਖਾਲਿਸਤਾਨੀਆਂ ਦੀਆਂ ਕਪੋਲ-ਕਲਪਨਾਵਾਂ ‘ਤੇ ਕੰਨ ਧਰਦਾ ਹੈ। ਵਿਦੇਸ਼ੀ ਖਾਲਿਸਤਾਨੀ ਇਸ ਵਰਗ ਨੂੰ ਪ੍ਰਭਾਵਿਤ ਕਰਨ ਅਤੇ ਉਨ੍ਹਾਂ ਦੇ ਮਨਾਂ ਵਿਚ ਫਿਰਕੂ ਜ਼ਹਿਰ ਭਰਨ ਲਈ ਯਤਨ ਕਰਦੇ ਰਹਿੰਦੇ ਹਨ। ਉਨ੍ਹਾਂ ਯਤਨਾਂ ਦਾ ਹਿੱਸਾ ਹੀ ਰਾਇਸ਼ੁਮਾਰੀ 2020 ਹੈ।
ਵਿਦੇਸ਼ੀ ਖਾਲਿਸਤਾਨੀਆਂ ਲਈ ਇਹ ਕਿਉਂ ਜ਼ਰੂਰੀ ਹੈ? ਇੰਗਲੈਂਡ, ਅਮਰੀਕਾ, ਕੈਨੇਡਾ ਤੇ ਹੋਰ ਮੁਲਕਾਂ ਵਿਚ ਖਾਲਿਸਤਾਨ ਦਾ ਬਿਜਨਸ ਵਧਣ ਲਈ ਜ਼ਰੂਰੀ ਹੈ ਕਿ ਪੰਜਾਬ ਵਿਚ ਕੁਝ ਨਾ ਕੁਝ, ਕੋਈ ਖੜਕਾ-ਦੜਕਾ, ਠਾਹ-ਠੂਹ ਹੁੰਦੀ ਰਹੇ। ਜੇ ਪੰਜਾਬ ਵਿਚ ਕੁਝ ਨਹੀਂ ਹੁੰਦਾ ਤਾਂ ਖਾਲਿਸਤਾਨ ਦਾ ਬਿਜਨਸ ਬੰਦ ਹੋ ਜਾਵੇਗਾ। ਕੁਝ ਸੰਘੀਆਂ ਦੇ ਕਤਲ ਇਨ੍ਹਾਂ ਯਤਨਾਂ ਦਾ ਹੀ ਸਿੱਟਾ ਹਨ। ਇਹ ਵੀ ਅਫਵਾਹ ਹੈ ਕਿ ਵਿਦੇਸ਼ੀ ਖਾਲਿਸਤਾਨੀ ਇਸ ਖਾਤਿਰ ਗੈਂਗਸਟਰਾਂ ਨੂੰ ਪੈਸੇ ਦੇ ਕੇ ਸੁਪਾਰੀ ਕਤਲ ਕਰਾਉਣ ਦੇ ਰਸਤੇ ‘ਤੇ ਵੀ ਚੱਲ ਰਹੇ ਹਨ।
ਜੇ ਖਾਲਿਸਤਾਨ, ਵਿਦੇਸ਼ੀ ਖਾਲਿਸਤਾਨੀਆਂ ਲਈ ਅਕੀਦਾ ਹੋਵੇ, ਤਾਂ ਉਹ ਵਿਦੇਸ਼ਾਂ ਵਿਚ ਸੁਰੱਖਿਅਤ ਬੈਠ ਕੇ ਅਜਿਹੇ ਸ਼ੋਸ਼ੇ ਛੱਡਣ ਦੀ ਥਾਂ ਪੰਜਾਬ ਆ ਕੇ ਆਪਣੇ ਅਕੀਦੇ ਨੂੰ ਸਾਕਾਰ ਕਰਨ ਲਈ ਤਾਣ ਲਾਉਣ, ਪਰ ਉਹ ਅਜਿਹਾ ਨਹੀਂ ਕਰਦੇ। ਕੁਝ ਕਹਿੰਦੇ ਹਨ ਕਿ ਉਹ ਇਸ ਕਰਕੇ ਨਹੀਂ ਆਉਂਦੇ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਵੀਜ਼ਾ ਨਹੀਂ ਦਿੰਦੀ। ਜਿਨ੍ਹਾਂ ਨੇ ਰਾਜ ਬਦਲਣੇ ਹੁੰਦੇ ਹਨ, ਉਹ ਵੀਜ਼ੇ ਲੈ ਕੇ ਨਹੀਂ ਆਉਂਦੇ। ਉਹ ਜਿਨ੍ਹਾਂ ਰਾਹਾਂ ਰਾਹੀਂ ਬਾਹਰ ਗਏ ਸੀ, ਉਨ੍ਹਾਂ ਰਾਹਾਂ ਰਾਹੀਂ ਵਾਪਿਸ ਵੀ ਆ ਸਕਦੇ ਹਨ, ਜੇ ਆਉਣਾ ਹੋਵੇ ਤਾਂ। ਫਿਰ ਉਹ ਕਹਿੰਦੇ ਹਨ ਕਿ ਭਾਰਤ ਵਿਚ ਸਿੱਖਾਂ ‘ਤੇ ਜਬਰ ਬਹੁਤ ਹੋ ਰਿਹਾ ਹੈ, ਇਸ ਕਰਕੇ ਨਹੀਂ ਆਉਂਦੇ। ਜੇ ਉਹ ਸਿੱਖ ਹੋਣ ਤਾਂ ਉਹ ਕਦੀ ਜਬਰ ਤੋਂ ਨਾ ਡਰਨ, ਕਿਉਂਕਿ ਗੁਰੂ ਨਾਨਕ ਤੋਂ ਲੈ ਕੇ ਬੰਦਾ ਬਹਾਦਰ ਤੱਕ, ਰਣਜੀਤ ਸਿੰਘ ਦਾ ਜਗੀਰੂ ਰਾਜ ਕਾਇਮ ਹੋਣ ਤੱਕ, ਸਿੱਖ ਲਹਿਰ ਦਾ ਇਤਿਹਾਸ ਜਬਰ ਨਾਲ ਟੱਕਰ ਲੈਂਦਿਆਂ ਕੁਰਬਾਨੀ ਦੇਣ ਦਾ ਇਤਿਹਾਸ ਹੈ। ਜੇ ਸਿੱਖਾਂ ‘ਤੇ ਇੰਨਾ ਜਬਰ ਹੋ ਰਿਹਾ ਹੈ ਤਾਂ ਕੀ ਭਾਰਤ, ਖਾਸ ਕਰਕੇ ਪੰਜਾਬ ਦੇ ਕਰੋੜਾਂ ਸਿੱਖ ਉਨ੍ਹਾਂ ਵਾਂਗੂੰ ਦੇਸ਼ ਛੱਡ ਕੇ ਭੱਜ ਗਏ ਹਨ? ਨਹੀਂ, ਉਹ ਪੰਜਾਬ ਵਿਚ ਹੀ ਰਹਿ ਰਹੇ ਹਨ।
ਹਕੀਕਤ ਇਹ ਹੈ ਕਿ ਵਿਦੇਸ਼ੀ ਖਾਲਿਸਤਾਨੀ ਉਥੇ ਸੁੱਖ-ਆਰਾਮ ਦੀ ਜ਼ਿੰਦਗੀ ਬਤੀਤ ਕਰਦਿਆਂ ਆਪਣਾ ਖਾਲਿਸਤਾਨ ਦਾ ਵਪਾਰ ਚਲਦਾ ਰੱਖਣ ਲਈ ਕਾਲੇ ਦੌਰ ਤੋਂ ਬਾਅਦ ਪੈਦਾ ਹੋਈ ਨੌਜੁਆਨ ਪੀੜ੍ਹੀ ਨੂੰ ਬਲਦੀ ਦੇ ਬੁੱਥੇ ਦੇਣਾ ਚਾਹੁੰਦੇ ਹਨ।
ਸੰਯੁਕਤ ਰਾਸ਼ਟਰ ਅਤੇ ਰਾਇਸ਼ੁਮਾਰੀ
ਪੰਨੂ ਐਂਡ ਕੰਪਨੀ ਦਾ ਦਾਅਵਾ ਹੈ ਕਿ ਉਹ ‘ਸਿੱਖਾਂ ਦੀ ਆਜ਼ਾਦੀ’ ਦੇ ਕੇਸ ਨੂੰ ਸੰਯੁਕਤ ਰਾਸ਼ਟਰ ਕੋਲ ਲੈ ਕੇ ਜਾਣਗੇ। ਪ੍ਰਭਾਵ ਬਣਾਇਆ ਜਾ ਰਿਹਾ ਕਿ ਫਿਰ ਸੰਯੁਕਤ ਰਾਸ਼ਟਰ ਖਾਲਿਸਤਾਨ ਬਣਵਾ ਦੇਵੇਗਾ। ਪਹਿਲਾਂ ਵੀ ਜਦੋਂ ਅਕਾਲ ਤਖਤ ਦੇ ਗ੍ਰੰਥੀ ਮਨਜੀਤ ਸਿੰਘ ਰਾਹੀਂ ਗੁਰਚਰਨ ਸਿੰਘ ਟੌਹੜਾ ਨੇ ਸਭ ਅਕਾਲੀ ਦਲਾਂ ਨੂੰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇਕ ਕਰਕੇ ਅਕਾਲੀ ਦਲ ਬਣਾਇਆ ਸੀ, ਉਦੋਂ ਵੀ ਮਾਨ-ਬਾਦਲ ਜਿਹਿਆਂ ਨੇ ਸੰਯੁਕਤ ਰਾਸ਼ਟਰ ਦੇ ਤਤਕਾਲੀ ਸਕੱਤਰ ਜਨਰਲ ਬੁਤਰਸ ਘਾਲੀ ਦੇ ਨਾਂ ਮੈਮੋਰੰਡਮ ਭੇਜਿਆ ਸੀ। ਉਹੀ ਕੁਝ ਇਹ ਕਰ ਰਹੇ ਹਨ।
ਇਹ ਸਮਝਣ ਲਈ ਸੰਯੁਕਤ ਰਾਸ਼ਟਰ ਦੇ ਕਿਰਦਾਰ ਨੂੰ ਸਮਝਣਾ ਜ਼ਰੂਰੀ ਹੈ। ਦੂਜੀ ਸੰਸਾਰ ਜੰਗ ਦੇ ਖਾਤਮੇ ਪਿਛੋਂ ਅਮਰੀਕਾ ਅਤੇ ਸੋਵੀਅਤ ਯੂਨੀਅਨ-ਦੋ ਵੱਡੀਆਂ ਤਾਕਤਾਂ ਬਣ ਕੇ ਉਭਰੇ। ਉਸ ਨਾਲ ਸੰਸਾਰ ਵਿਚ ਤਾਕਤਾਂ ਦਾ ਤੋਲ ਬਣਿਆ, ਉਸ ਨੂੰ ਬਣਾਈ ਰੱਖਣ ਲਈ ਇਹ ਸੰਗਠਨ ਹੋਂਦ ਵਿਚ ਆਇਆ।
ਇਸ ਵਿਚ ਪੰਜ ਮੁਲਕਾਂ-ਅਮਰੀਕਾ, ਸੋਵੀਅਤ ਯੂਨੀਅਨ, ਬਰਤਾਨੀਆ, ਫਰਾਂਸ ਅਤੇ ਚੀਨ ਨੂੰ ਵੀਟੋ ਦਾ ਹੱਕ ਦਿੱਤਾ ਗਿਆ। ਇਨ੍ਹਾਂ ਦੀ ਸਹਿਮਤੀ ਬਿਨਾ ਵੱਡਾ ਫੈਸਲਾ ਨਹੀਂ ਕੀਤਾ ਜਾ ਸਕਦਾ। ਮਤਲਬ ਸੰਸਾਰ ਦੇ ਸ਼ਕਤੀ ਸਮਤੋਲ ਵਿਚ ਕੋਈ ਫੇਰ-ਬਦਲ ਪੰਜਾਂ ਦੀ ਸਹਿਮਤੀ ਨਾਲ ਹੀ ਹੋ ਸਕਦਾ ਹੈ। 1956 ਵਿਚ ਸੋਵੀਅਤ ਪਾਰਟੀ ਦੀ 20ਵੀਂ ਕਾਂਗਰਸ ਨਾਲ ਸੋਵੀਅਤ ਯੂਨੀਅਨ ਵਿਚ ਸਰਮਾਏਦਾਰੀ ਦੀ ਜਿੱਤ ਹੋ ਕੇ ਸਰਮਾਏਦਾਰੀ ਦੀ ਬਹਾਲੀ ਹੋ ਗਈ। ਸੋਵੀਅਤ ਯੂਨੀਅਨ, ਸਮਾਜਵਾਦ ਦੇ ਬੁਰਕੇ ਹੇਠ ਸਾਮਰਾਜੀ ਦੇਸ਼ ਬਣ ਗਿਆ। ਸੰਸਾਰ ਵਿਚ ਰੂਸ-ਅਮਰੀਕਾ ਦੋ ਮਹਾਂਸ਼ਕਤੀਆਂ ਵਜੋਂ ਉਭਰੇ ਅਤੇ ਇਨ੍ਹਾਂ ਵਿਚ ਸੰਸਾਰ ਚੌਧਰ ਲਈ ਖਹਿ-ਭੇੜ ਸ਼ੁਰੂ ਹੋ ਗਿਆ ਅਤੇ ਇਹ ਸੰਸਥਾ ਵੀ ਇਸ ਭੇੜ ਦਾ ਅਖਾੜਾ ਬਣੀ।
ਨੱਬੇਵਿਆਂ ਦੇ ਸ਼ੁਰੂ ਵਿਚ ਰੂਸ ਦੇ ਮਹਾਂਸ਼ਕਤੀ ਵਜੋਂ ਪਤਨ ਕਾਰਨ ਅਮਰੀਕਾ ਦੀ ਅਗਵਾਈ ਵਿਚ ਇਕ ਧਰੁਵੀ ਸੰਸਾਰ ਬਣ ਗਿਆ ਤਾਂ ਸੰਯੁਕਤ ਰਾਸ਼ਟਰ ਅਮਰੀਕਾ ਦੇ ਹੱਥਠੋਕੇ ਵਜੋਂ ਕੰਮ ਕਰਨ ਲੱਗਾ। ਅਫਗਾਨਿਸਤਾਨ ‘ਤੇ ਹਮਲਾ ਕਰਨ ਲਈ ਅਮਰੀਕਾ ਨੇ ਸੰਯੁਕਤ ਰਾਸ਼ਟਰ ਤੋਂ ਮਤਾ ਪਵਾ ਲਿਆ ਪਰ ਇਹ ਸਥਿਤੀ ਜ਼ਿਆਦਾ ਦੇਰ ਨਾ ਰਹੀ। ਬਹੁ-ਧਰੁਵੀ ਸੰਸਾਰ ਉਭਰਨ ਲੱਗਾ। ਜਦੋਂ ਇਰਾਕ ‘ਤੇ ਹਮਲਾ ਕਰਨ ਲਈ ਮਤਾ ਪਵਾਉਣਾ ਚਾਹਿਆ ਤਾਂ ਅਮਰੀਕਾ ਸਫਲ ਨਾ ਹੋਇਆ। ਅੱਜ ਫਿਰ ਵੱਡੀਆਂ ਤਾਕਤਾਂ ਦੀ ਖਹਿਬਾਜ਼ੀ ਕਾਰਨ ਇਸ ਦੀ ਪ੍ਰਸੰਗਿਕਤਾ ਕਾਫੀ ਘਟ ਗਈ ਹੈ।
1948 ਵਿਚ ਕਸ਼ਮੀਰ ਵਿਚ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਭਾਰਤ ਸਰਕਾਰ ਕਸ਼ਮੀਰ ਦਾ ਮਸਲਾ ਸੰਯੁਕਤ ਰਾਸ਼ਟਰ ਵਿਚ ਲੈ ਗਈ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੇ ਮਤਾ ਪਾਸ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਆਪਣੀਆਂ ਫੌਜਾਂ ਕਸ਼ਮੀਰ ਵਿਚੋਂ ਬਾਹਰ ਕੱਢਣ ਅਤੇ ਜੰਮੂ ਕਸ਼ਮੀਰ ਵਿਚ ਰਾਇਸ਼ੁਮਾਰੀ ਕਰਵਾਈ ਜਾਵੇ। 1957 ਵਿਚ ਇਕ ਵਾਰੀ ਫਿਰ ਇਸੇ ਮਤੇ ਨੂੰ ਦੁਹਰਾਇਆ ਪਰ ਨਾ ਦੋਹਾਂ ਦੇਸ਼ਾਂ ਨੇ ਫੌਜਾਂ ਬਾਹਰ ਕੱਢੀਆਂ ਅਤੇ ਨਾ ਹੀ ਰਾਇਸ਼ੁਮਾਰੀ ਹੋਈ। ਹਜ਼ਾਰਾਂ ਕਸ਼ਮੀਰੀ ਸਵੈ-ਨਿਰਣੇ ਲਈ ਕੁਰਬਾਨੀਆਂ ਦੇ ਚੁੱਕੇ ਹਨ, ਜਾਨਾਂ ਕੁਰਬਾਨ ਕਰ ਚੁੱਕੇ ਹਨ ਪਰ ਰਾਇਸ਼ੁਮਾਰੀ ਨਹੀਂ ਹੋਈ। ਫਲਸਤੀਨ ਵਿਚ ਸੰਯੁਕਤ ਰਾਸ਼ਟਰ ਦੇ ਕਈ ਮਤਿਆਂ ਦੇ ਬਾਵਜੂਦ ਇਜ਼ਰਾਈਲ ਫਲਸਤੀਨੀਆਂ ‘ਤੇ ਅਕਹਿ ਜ਼ੁਲਮ ਢਾਹ ਰਿਹਾ ਹੈ। ਇਸ ਦੇ ਮਤਿਆਂ ਨੂੰ ਪੈਰਾਂ ਹੇਠ ਮਿੱਧ ਕੇ ਨਵੇਂ ਇਲਾਕਿਆਂ ਵਿਚ ਬਸਤੀਆਂ ਵਸਾ ਰਿਹਾ ਹੈ ਪਰ ਸੰਯੁਕਤ ਰਾਸ਼ਟਰ ਅਹਿਲ ਹੈ। ਅਮਰੀਕਾ ਨੇ ਇਰਾਕ ਅਤੇ ਲੀਬੀਆ ਵਿਚ ਮਨਮਰਜ਼ੀ ਨਾਲ ਵਿਧਾਨਕ ਸਰਕਾਰਾਂ ਨੂੰ ਉਲਟਾ ਕੇ ਪਿੱਠੂ ਸਰਕਾਰਾਂ ਬਣਾ ਦਿੱਤੀਆਂ ਅਤੇ ਸੀਰੀਆ ਵਿਚ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਸੰਯੁਕਤ ਰਾਸ਼ਟਰ ਅਹਿਲ ਹੈ।
ਰਿਫਰੈਂਡਮ 2020 ਵਾਲੇ ਕੋਸੋਵੋ ਵਿਚ ਸੰਯੁਕਤ ਰਾਸ਼ਟਰ ਦੇ ਨਾਂ ‘ਤੇ ਰਾਇਸ਼ੁਮਾਰੀ ਦਾ ਹਵਾਲਾ ਦਿੰਦੇ ਹਨ ਪਰ ਜਿਸ ਸਿਆਸੀ ਪ੍ਰਸੰਗ ਵਿਚ ਇਹ ਵਾਪਰਿਆ, ਉਸ ਤੋਂ ਅਨਜਾਣ ਹਨ। ਜਦੋਂ ਸੋਵੀਅਤ ਕੈਂਪ ਖਿੰਡਿਆ ਅਤੇ ਸੋਵੀਅਤ ਯੂਨੀਅਨ ਟੁੱਟਿਆ ਤਾਂ ਇਸ ਕੈਂਪ ਦੇ ਮੁਲਕਾਂ ਵਿਚ ਭਾਰੀ ਉਥਲ-ਪੁਥਲ ਹੋਈ। ਚੈਕੋਸਲੋਵਾਕੀਆ ਦੋ ਮੁਲਕਾਂ-ਚੈੱਕ ਅਤੇ ਸਲੋਵਾਕ ਗਣਰਾਜ ਵਿਚ ਵੰਡਿਆ ਗਿਆ। ਸੰਸਾਰ ਵਿਚ ਹਾਵੀ ਅਮਰੀਕੀ ਅਤੇ ਯੂਰਪੀ ਸਾਮਰਾਜੀਆਂ ਦਾ ਉਦੇਸ਼ ਸੀ ਕਿ ਇਨ੍ਹਾਂ ਨੂੰ ਛੋਟੇ-ਛੋਟੇ ਮੁਲਕਾਂ ਵਿਚ ਵੰਡ ਦਿੱਤਾ ਜਾਵੇ ਤਾਂ ਜੋ ਮਰਜ਼ੀ ਨਾਲ ਉਨ੍ਹਾਂ ਨਾਲ ਖੇਡਿਆ ਜਾ ਸਕੇ ਤੇ ਉਹ ਕੋਈ ਵਿਰੋਧ ਨਾ ਕਰ ਸਕਣ। ਇਸ ਲਈ ਜਦੋਂ ਯੁਗੋਸਲਾਵੀਆ ਟੁੱਟਿਆ ਅਤੇ ਕੋਸੋਵੋ ਵਿਚ ਸਵੈ-ਨਿਰਣੇ ਦੀ ਮੰਗ ਉਠੀ ਤਾਂ ਇਨ੍ਹਾਂ ਸਾਮਰਾਜੀਆਂ ਨੇ ਕੋਸੋਵੋ ਦੇਸ਼ ਬਣਾਉਣ ਲਈ ਸੰਯੁਕਤ ਰਾਸ਼ਟਰ ਨੂੰ ਵਰਤਿਆ। ਸੰਸਾਰ ਇਕ ਧਰੁਵੀ ਬਣ ਗਿਆ ਸੀ ਅਤੇ ਰੂਸ ਵਿਰੋਧ ਕਰਨ ਦੀ ਸਥਿਤੀ ਵਿਚ ਨਹੀਂ ਸੀ। ਇਸ ਸਥਿਤੀ ਦਾ ਪੰਜਾਬ ਦੀ ਵਰਤਮਾਨ ਸਥਿਤੀ ਨਾਲ ਦੂਰ ਦਾ ਵੀ ਸਬੰਧ ਨਹੀਂ। ਇਹ ਸੰਯੁਕਤ ਰਾਸ਼ਟਰ ਦਾ ਸੁਪਨਾ ਦਿਖਾ ਕੇ ਸਿੱਖਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ।
ਹਾਕਮਾਂ ਦੀਆਂ ਭਟਕਾਊ ਚਾਲਾਂ ਅਤੇ ਸਿੱਖਾਂ ‘ਤੇ ਜਬਰ
ਵਿਦੇਸ਼ੀ ਖਾਲਿਸਤਾਨੀ, ਸਿੱਖਾਂ ‘ਤੇ ਜਬਰ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਭਾਰਤ ਵਿਚ ਇਕ ਲੱਖ ਤੋਂ ਵੱਧ ਸਿੱਖ ਮਾਰੇ ਗਏ ਹਨ ਜਦਕਿ ਉਸ ਕਾਲੇ ਦੌਰ ਵਿਚ 45-50 ਹਜ਼ਾਰ ਲੋਕ ਮਰੇ, ਸਮੇਤ 1984 ਦੇ ਕਤਲੇਆਮ ਦੇ। ਇਹ ਸਾਰੇ ਸਿੱਖ ਹੀ ਨਹੀਂ; ਹਿੰਦੂ, ਸਿਆਸੀ ਵਿਰੋਧੀ ਅਤੇ ਪੁਲਿਸ ਮੁਲਾਜ਼ਮ ਵੀ ਸਨ। ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਤੇ ਹੋਰ ਸ਼ਹਿਰਾਂ ਵਿਚ 4 ਹਜ਼ਾਰ ਨਿਰਦੋਸ਼ ਸਿੱਖ ਮਾਰੇ ਗਏ ਪਰ ਪੰਨੂ ਇਨ੍ਹਾਂ ਦੀ ਗਿਣਤੀ 40 ਹਜ਼ਾਰ ਦੱਸਦਾ ਹੈ। ਇਹ ਹਿਮਾਚਲ-ਹਰਿਆਣਾ ਬਣਨ ਨੂੰ ਸਿੱਖਾਂ ਨਾਲ ਧੱਕਾ ਦਸਦੇ ਹਨ ਪਰ ਸਿੱਖਾਂ ਦੀ ਪਾਰਟੀ ਕਹਾਉਣ ਵਾਲੀ ਅਕਾਲੀ ਪਾਰਟੀ ਨੇ ਆਪਣਾ ਰਾਜ ਪੱਕਾ ਕਰਨ ਲਈ ਸਿੱਖ ਬਹੁਗਿਣਤੀ ਵਾਲਾ ਮੌਜੂਦਾ ਸੂਬਾ ਆਪ ਬਣਵਾਇਆ। ਇਸ ਵਿਚੋਂ ਹੀ ਹਿਮਾਚਲ-ਹਰਿਆਣਾ ਬਣੇ। ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ, ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ, ਪੰਜਾਬ ਦਾ ਪਾਣੀ ਖੋਹਿਆ ਗਿਆ, ਪਰ ਇਹ ਪੰਜਾਬੀਆਂ ਨਾਲ ਧੱਕਾ ਹੈ, ਨਿਰੇ ਸਿੱਖਾਂ ਨਾਲ ਨਹੀਂ।
ਫਿਰ ਕੀ ਸਿੱਖਾਂ ਨਾਲ ਧੱਕਾ ਨਹੀਂ ਹੋ ਰਿਹਾ? ਸਿੱਖਾਂ ਸਮੇਤ ਸਭ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ। ਜਵਾਹਰ ਲਾਲ ਨਹਿਰੂ ਨੇ ਜਗੀਰਦਾਰੀ ਖਾਤਮਾ ਕਾਨੂੰਨ ਬਣਾ ਕੇ, ਵੱਡੀ ਸਨਅਤ ਲਾ ਕੇ ਅਤੇ ਪਬਲਿਕ ਸੈਕਟਰ ਦੀ ਉਸਾਰੀ ਕਰਕੇ ਨਹਿਰੂ ਮਾਰਕਾ ਸਮਾਜਵਾਦ ਦੇ ਨਾਂ ‘ਤੇ ਰਾਜ ਕੀਤਾ। ਇੰਦਰਾ ਗਾਂਧੀ ਨੇ ਭੂਮੀ ਸੁਧਾਰ ਕਾਨੂੰਨ ਪਾਸ ਕਰਕੇ, ਰਾਜਿਆਂ ਦੇ ਭੱਤੇ ਬੰਦ ਕਰਕੇ ਅਤੇ ਬੈਂਕਾਂ ਦਾ ਕੌਮੀਕਰਨ ਕਰਕੇ ਗਰੀਬੀ ਹਟਾਓ ਦੇ ਨਾਅਰੇ ਹੇਠ ਰਾਜ ਕੀਤਾ ਪਰ ਅੱਸੀਵਿਆਂ ਤੱਕ ਅਜਿਹੇ ਨਾਅਰਿਆਂ ਦੀ ਪੋਲ ਖੁੱਲ੍ਹ ਚੁੱਕੀ ਸੀ। ਰਾਜਸੀ ਸੰਕਟ ਨੇ ਹਾਕਮ ਜਮਾਤਾਂ ਨੂੰ ਘੇਰ ਲਿਆ ਸੀ ਜਿਸ ‘ਚੋਂ ਨਿਕਲਣ ਲਈ 1983 ਦੀਆਂ ਜੰਮੂ ਕਸ਼ਮੀਰ ਚੋਣਾਂ ‘ਚ ਬਹੁਗਿਣਤੀ ਹਿੰਦੂ ਫਿਰਕਾਪ੍ਰਸਤੀ ਦਾ ਦਾਅ ਖੇਡਿਆ ਗਿਆ। ਇਸ ਦੇ ਨਤੀਜੇ ਤੋਂ ਉਤਸ਼ਾਹਿਤ ਹੋ ਕੇ ਕਾਂਗਰਸ ਨੇ ਮੁਲਕ ਭਰ ਵਿਚ ਇਹੀ ਰਾਹ ਫੜਿਆ। ਇਸ ਲਈ ਜ਼ੈਲ ਸਿੰਘ ਨੇ ਦਲ ਖਾਲਸਾ ਬਣਾਇਆ ਅਤੇ ਭਿੰਡਰਾਂਵਾਲੇ ਨੂੰ ਸਿਆਸਤ ਵਿਚ ਲਿਆਂਦਾ ਤੇ ਉਸ ਨੂੰ ਉਭਾਰਿਆ।
ਐਮ. ਕੇ. ਧਰ ਅਨੁਸਾਰ ਰਾਸ਼ਟਰਪਤੀ ਹੁੰਦਿਆਂ ਵੀ ਜ਼ੈਲ ਸਿੰਘ ਰਾਤ ਦੇ ਹਨੇਰੇ ਵਿਚ ਬੰਗਲਾ ਸਾਹਿਬ ਦੇ ਕਮਰੇ ਵਿਚ ਭਿੰਡਰਾਂਵਾਲੇ ਨੂੰ ਮਿਲਦਾ ਰਿਹਾ। ਪਹਿਲਾਂ ਉਸ ਨੂੰ ਟੀਸੀ ‘ਤੇ ਚੜ੍ਹਾਇਆ, ਫਿਰ ਮਾਰ ਕੇ ਮੁਲਕ ਭਰ ‘ਚੋਂ ਵੋਟਾਂ ਇਕੱਠੀਆਂ ਕੀਤੀਆਂ। ਇਸ ਦੌਰਾਨ ਸਿੱਖਾਂ ਦਾ ਅਕਾਲ ਤਖਤ ਢਾਹ ਦਿੱਤਾ ਗਿਆ, ਮੁਸਲਮਾਨਾਂ ਦੀ ਬਾਬਰੀ ਮਸਜਿਦ ਢਾਹ ਦਿੱਤੀ ਗਈ। ਦਿੱਲੀ ਅਤੇ ਕੁਝ ਹੋਰ ਸ਼ਹਿਰਾਂ ਵਿਚ ਸਿੱਖਾਂ ਨੂੰ ਕਤਲ ਕੀਤਾ ਅਤੇ ਮੁਸਲਮਾਨਾਂ ਦਾ ਮੁੰਬਈ ਤੇ ਗੁਜਰਾਤ ਵਿਚ ਕਤਲੇਆਮ ਕੀਤਾ ਗਿਆ। ਘੱਟ ਗਿਣਤੀਆਂ, ਦਲਿਤਾਂ, ਕਬਾਇਲੀਆਂ ਅਤੇ ਔਰਤਾਂ ‘ਤੇ ਜਬਰ ਹਾਕਮ ਜਮਾਤਾਂ ਦੀ ਨੀਤੀ ਹੈ। ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਜਾਂ ਭਾਜਪਾ ਦੀ।
ਅੱਜ ਜਦੋਂ ਸੰਕਟ ਵਿਚ ਘਿਰੇ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ; ਬੇਰੁਜ਼ਗਾਰੀ ਦੀ ਘੁੰਮਣਘੇਰੀ ਵਿਚ ਫਸੀ ਅਤੇ ਭਵਿਖ ਦੇ ਹਨੇਰੇ ਵਿਚ ਘਿਰੀ ਜਵਾਨੀ ਨਸ਼ਿਆਂ ਦੀ ਦਲਦਲ ਵਿਚ ਗਰਕ ਰਹੀ ਹੈ; ਦਲਿਤਾਂ, ਘੱਟ ਗਿਣਤੀਆਂ, ਕਬਾਇਲੀਆਂ ਤੇ ਔਰਤਾਂ ਉਤੇ ਜਬਰ ਵਧ ਰਿਹਾ ਹੈ; ਹਾਕਮ ਸੰਘੀ ਫਾਸ਼ੀਵਾਦ ਦੇ ਰਾਹ ‘ਤੇ ਵਧਦੇ ਤੁਰੇ ਜਾਂਦੇ ਹਨ; ਤਾਂ ਇਸ ਸਮੇਂ ਜਮਾਤੀ ਘੋਲ ਤਿੱਖੇ ਕਰਨ ਦੀ ਜ਼ਰੂਰਤ ਹੈ। ਆਰ.ਐਸ਼ਐਸ਼ ਦੀ ਸਿਆਸਤ ਅਤੇ ਫਾਸ਼ੀਵਾਦ ਵਿਰੁਧ ਇਨਕਲਾਬੀ ਜਮਹੂਰੀ ਤਾਕਤਾਂ, ਘੱਟ ਗਿਣਤੀਆਂ, ਦਲਿਤਾਂ, ਕਬਾਇਲੀਆਂ ਅਤੇ ਔਰਤਾਂ ਨੂੰ ਇਕ ਮੰਚ ‘ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਣਸਰਦੀ ਲੋੜ ਹੈ। ਇਸ ਸਥਿਤੀ ਵਿਚ ਰਾਇਸ਼ੁਮਾਰੀ ਦਾ ਵਿਦੇਸ਼ੀ ਖਾਲਿਸਤਾਨੀ ਸ਼ੋਸ਼ਾ ਲੋਕਾਂ ਨੂੰ ਇਸ ਸੰਘਰਸ਼ ਦੇ ਰਾਹ ਤੋਂ ਭਟਕਾ ਕੇ ਹਾਕਮ ਜਮਾਤਾਂ ਦੀ ਸੇਵਾ ਵਿਚ ਭੁਗਤਾਣ ਵਾਲੀ ਚਾਲ ਹੈ।

-ਸਰਦਾਰਾ ਸਿੰਘ ਮਾਹਲ


09/09/18
ਨਿਰਮਲ ਸਿੰਘ ਸੁਰ ਸਿੰਘ ਤੋਂ

ਚਰਖੇ ਤੋਂ ਚੈਟ ਤੱਕ ......


ਚਰਖਾ ਹੱਥ ਨਾਲ ਚੱਲਣ ਵਾਲਾ ਲੱਕੜ ਦਾ ਬਣਿਆ ਸੰਦ ਹੈ , ਜਿਸਦੀ ਵਰਤੋਂ ਜਿਆਦਾ-ਤਰ ਪਿੰਡ ਵੱਸਦੀਆਂ ਔਰਤਾਂ ਕਰਿਆ ਕਰਦੀਆਂ ਸਨ, ਕੱਤਣੀ , ਮਾਲ , ਤਕਲਾ ,, ਇਸਦੇ ਅੰਗ ਮੰਨੇ ਗਏ ਹਨ । ਕਪਾਹ ਨੂੰ ਵੇਲਣੇ ਨਾਲ ਪਿੰਝ ਕੇ ਪੂਣੀਆਂ ਵੱਟਣ ਤੋਂ ਬਾਅਦ ਚਰਖਾ ਡਾਹ ਕੱਤਣਾ ਤੇ ਸੂਤ ਤਿਆਰ ਕਰਨਾ , ਏਸ੍ਹੇ ਸੂਤ ਤੋਂ ਦਰੀਆਂ , ਚਾਦਰਾਂ, ਖੇਸ , ਖੱਦਰ , ਬਣਦਾ ਸੀ ।
ਘਰ ਦਾ ਕੰਮ ਕਾਜ ਨਿਭੇੜ ਕੇ ਚਾਰ ਮੁਟਿਆਰਾਂ ਜਦੋਂ ਰਲ ਬਹਿਦੀਆਂ ਤਾਂ ਚਰਖਾ ਕੱਤਣਾ , ਜਿਸਦੇ ਨਾਨ ਨਾਲ ਹੋਰ ਬੁਣਾਈ ਕਢਾਈ ਦਾ ਕੰਮ ਵੀ ਕੀਤਾ ਜਾਂਦਾ ਸੀ । ਚਰਖਾ ਕੱਤਣ ਦੀ ਕਲਾ ਪੰਜਾਬ ਵੱਸਦੀਆਂ ਸੁਆਣੀਆਂ ਦਾ ਸ਼ੌਂਕ ਤੇ ਕਿੱਤੇ ਦੇ ਨਾਲ ਮੰਨੋਰੰਜਨ ਵੀ ਸੀ ਕਿਉਕਿ ....ਚਰਖੇ ਨਾਲ ਸਬੰਧਿਤ ਬਹੁਤ ਸਾਰੀਆਂ ਬੋਲੀਆਂ , ਟੱਪੇ , ਕਵਿ ਟੋਟੇ , ਗਜ਼ਲਾਂ ਪੰਜਾਬੀ ਸਾਹਿਤ ਵਿੱਚ ਅੱਜ ਵੀ ਦਰਜ਼ ਹਨ । ਵਿਆਹ ਸ਼ਾਦੀ ਵੇਲੇ ਇੱਕ ਦੂਜੇ ਨੂੰ ਸਿੱਠਣੀਆਂ ਦੇਣ ਵੇਲੇ ਵੀ ਚਰਖੇ ਦਾ ਜ਼ਿਕਰ ਜ਼ਰੂਰ ਹੁੰਦਾ ਸੀ। ਭਲੇ ਸਮਿਆਂ ਚੋ ਸੁਆਣੀਆਂ ਘਰ ਦੀ ਕਪਾਹ ਦਾ ਸੂਤ ਕੱਤ ਕੇ ਕੱਪੜਾ ਤਿਆਰ ਕਰਦੀਆਂ ਜਿਸ ਨਾਲ ਤਨ ਢੱਕਣ ਦੀ ਜ਼ਰੂਰਤ ਨੂੰ ਪੂਰਿਆਂ ਕੀਤਾ ਜਾਂਦਾ ਸੀ ।
ਵਿਆਹ ਤੋਂ ਪਹਿਲਾਂ ਮੁਟਿਆਰਾਂ ਬੜੇ ਚਾਵਾਂ ਨਾਲ ਚਰਖਾ ਕੱਤ ਆਪਣਾ ਦਾਜ ਹੱਥੀ ਤਿਆਰ ਕਰਦੀਆਂ, ਕਿਉਕਿ ਉਹਨੇ ਦੇ ਮਨ ਦੀ ਰੀਝ ਹੁੰਦੀ ਸੀ ਕਿ ਜਿੰਨਾ ਚਰਖਾ ਕੱਤਣਗੀਆਂ ਉਹਨਾ ਵਧੇਰੇ ਦਰੀਆਂ , ਖੇਸ ਸਹੁਰੇ ਲੈ ਕੇ ਜਾਣਗੀਆਂ । ਜਦੋਂ ਕਿਤੇ ਧੀ ਭੈਣ ਦਾ ਵਿਆਹ ਹੋਣਾ ਤਾਂ ਦਾਜ ਵਿੱਚ ਚਰਖਾ ਤੇ ਬਹਿਕੇ ਕੱਤਣ ਵਾਲੀ ਪੀੜੀ ਜ਼ਰੂਰ ਦਿੱਤੀ ਜਾਂਦੀ ।
ਰਿਸ਼ਤਾ ਕਰਨ ਵੇਲੇ ਇਹ ਵੀ ਜ਼ਰੂਰ ਪੁੱਛਿਆ ਜਾਂਦਾ ਕਿ ਮੁਟਿਆਰ ਚੁੱਲੇ ਚੌਂਕੇ ਦੇ ਨਾਲ ਕੱਤਣਾ ਵੀ ਜਾਣਦੀ ਹੈ ਜਾਂ ਨਹੀ ? ਇਸ ਪ੍ਰਕਾਰ ਚਰਖਾ ਕਿਰਤ ਕਰਨ ਦੀ ਪ੍ਰੇਰਣਾ , ਹੱਸਦੀਆਂ ਵੱਸਦੀਆਂ ਸੁਆਣੀਆਂ , ਨੌਜਵਾਨ ਲੜਕੀਆਂ ਦੇ ਭਵਿੱਖ ਨੂੰ ਲੈ ਕੇ ਚਿਤਵੇ ਹੋਏ ਸੁਪਨਿਆਂ ਤੇ ਸਾਦਗੀ ਦਾ ਗਵਾਹ ਸੀ , ਵਿਆਹੀਆਂ ਅਣ - ਵਿਆਹੀਆਂ ਤੋਂ ਇਲਾਵਾ ਬਜ਼ੁਰਗ ਮਾਤਾਵਾਂ ਵੀ ਕੱਤਣ ਕਤਾਉਣ ਦੇ ਪਿੱੜ ਚੋ ਆਪਣਾ ਹੁਨਰ ਅਜਮਾਉਂਦੀਆਂ ਸਨ, ਤੇ ਛੋਟੀ ਉਮਰ ਵਾਲੀਆਂ ਅਨਜਾਣ ਅੱਲੜਾਂ ਨੂੰ ਕੋਝੀ ਜਾਂ ਚਤਰੋ ( ਚਾਤਰ ) ਕਹਿ ਕੇ ਕੱਤਣ ਦਾ ਚੱਜ ਸਿਖਾਉਂਦੀਆਂ ਸਨ ।


ਪਰ ਅਜੋਕੇ ਸਮੇ ਵਿੱਚ ਚਰਖਾ ਬੀਤੇ ਹੋਏ ਕੱਲ ਦੀ ਗੱਲ ਬਣ ਕੇ ਰਹਿ ਗਿਆ ਹੈ । ਹੁਣ ਕਦੇ ਕਦੇ ਟੀ ਵੀ ਪ੍ਰੋਗਰਾਮਾਂ ਵਿੱਚ ਮੁਟਿਆਰਾਂ ਚਰਖਾ ਕੱਤਦੀਆਂ ਵੇਖੀਆਂ ਜਾਂਦੀਆਂ ਹਨ, ਜਾਂ ਫਿਰ ਕਿਤਾਬਾਂ ਸਾਹਿਤ ਵਿੱਚ ਵੀ ਵੇਖਣ ਨੂੰ ਮਿਲ ਜਾਂਦਾ ਹੈ, ਇਸਨੂੰ ਸਾਡੀ ਤ੍ਰਾਸਦੀ ਵੀ ਕਿਹਾ ਜਾ ਸਕਦਾ ਹੈ । ਮਿਊਜ਼ੀਅਮਾਂ ਤੋਂ ਇਲਾਵਾ ਘਰ ਦੀ ਪੜਸ਼ੱਤੀ ਤੇ ਜਾਂ ਪਸ਼ੂਆਂ ਵਾਲੇ ਢਾਰਿਆਂ ਤੇ ਚਰਖੇ ਦੇ ਟੁੱਟੇ ਭੱਜੇ ਅੰਗ ਅੱਜ ਵੀ ਮਿਲ ਜਾਂਦੇ ਹਨ । ਫਾਲਤੂ ਚੀਜ਼ਾਂ ਦੇ ਵਿੱਚ ਧੂੜ ਮਿੱਟੀ ਦੇ ਨਾਲ ਭਰਿਆ ਚਰਖਾ ਅੱਜ ਖਾਮੋਸ਼ੀ ਦੇ ਆਲਮ ਵਿੱਚ ਹੈ, ਤੇ ਇਸ ਉਮੀਦ ਵਿੱਚ ਹੁਣ ਵੀ ਸਾਹ ਲੈ ਰਿਹਾ ਕਿ ਬਿਊਟੀ ਪਾਰਲਰ , ਪੱਗਾਂ ਕਲੱਬਾਂ , ਟੀ ਵੀ ਸੀਰੀਅਲ , ਨਾਚ ਗਾਣੇ , ਤੋਂ ਵਿਹਲੀ ਹੋ ਸ਼ਾਇਦ ਅਜੋਕੀ ਮੁਟਿਆਰ ਉਸ ਵੱਲ ਧਿਆਨ ਦੇ ਸਕੇ ।
ਪਰ , ਏਥੇ ਚਰਖੇ ਦੀ ਉਮੀਦ ਨੂੰ ਬੂਰ ਪੈਣਾ ਕਾਫੀ ਅਉਖਾ ਲੱਗਦਾ ਹੈ , ਕੰਪਿਉੂਟਰ, ਇੰਟਰਨੈਟ , ਮੋਬਾਇਲ ਚੈਟ ਦੇ ਘੰਟਿਆਂ ਬੱਧੀ ਚੱਲਣ ਵਾਲੇ ਹੱਥਾਂ ਵਿੱਚੋਂ ਮੰਜੇ ਉਨਣਾ,ਪੱਖੀਆਂ ਬਣਾਉਣਾ,ਕਸੀਦਾ ਕੱਢਣਾ,ਚਾਟੀ ਚੋ ਮਧਾਣੀ ਪਾ ਦੁੱਧ ਰਿੜਕਣਾ, ਚੱਕੀਆਂ ਨਾਲ ਆਟਾ ਪੀਹਣਾ , ਖੂਹਾਂ ਚੋ ਪਾਣੀ ਕੱਢਣਾ ਤੇ ਚਰਖਾ ਕੱਤਣ ਦੇ ਹੁਨਰ ਲੱਗਭੱਗ ਗੁਆਚ ਚੁੱਕੇ ਹਨ, ਇਹਨਾ ਸਾਰੇ ਕੰਮਾ ਲਈ ਜਿੱਥੇ ਅਕਲ ਦੀ ਵਰਤੋੰ ਹੁੰਦੀ ਸੀ ਓਥੇ ਖਾਸੀ ਮਿਹਨਤ ਵੀ ਲੱਗਦੀ ਸੀ । ਅੱਜ ਦੀ ਮੁਟਿਆਰ ਜਾਂ ਤਾ ਸਰੀਰਕ ਬਲ ਪੱਖੋਂ ਕੰਮਜ਼ੋਰ ਹੋ ਚੁੱਕੀ ਹੈ ਜਾਂ ਫਿਰ .......।
ਅਣਖੀ ਪੰਜਾਬੀ ਮਾਂ ਦੇ ਜਾਏ ਵੀ......ਅੱਜ ਲੱਖਾਂ ਰੁਪਏ ਲਾ ਕੇ ਆਪਣੀਆਂ ਧੀਆਂ ਨੂੰ ਆਈਲੈਟਸ ਕਰਾ ਵਿਦੇਸ਼ਾਂ ਵਿੱਚ ਭੇਜਣ ਲਈ ਤਿਆਰ ਹਨ, ਪਰ ਪੰਜਾਬੀ ਸੱਭਿਆਚਾਰ ਦਾ ਹਿੱਸਾ( ਚਰਖੇ ) ਵਰਗੇ ਘਰੇਲੂ ਕੰਮਾਂ ਵੱਲ ਪ੍ਰੇਰਤ ਕਰਨ ਲਈ ਤਿਆਰ ਨਹੀ , ਵੈਸੇ ਜੇ ਚਾਹੇ ਤਾਂ ਅੱਜ ਦੀ ਸੁਆਣੀ ਫਿਰ ਦੁਬਾਰਾ ਇਹਨਾ ਕਿੱਤਿਆਂ ਵੱਲ ਆਪਣਾ ਰੁਝਾਣ ਬਣਾ ਪੰਜਾਬ ਵਿੱਚ ਹੋ ਰਹੀਆਂ ਕਿਸਾਨ ਭਰਾਵਾ ਦੀਆਂ ਖੁਦਖੁਸ਼ੀਆਂ ਨੂੰ ਠੱਲ ਪਾਉਣ ਦਾ ਕੰਮ ਵੀ ਕਰ ਸਕਦੀ ਹੈ । ਔਰਤ ਤੋ ਬਿਨਾ ਅਧੂਰੇ ਚਰਖੇ ਦੀ ਚੀਕ ਧਿਆਨ ਰੁਖ਼ਸਤ ਕਰ ਚੁੱਕੀ ਮੁਟਿਆਰ ਦੇ ਕਾਸ਼ ! ਕਿਤੇ ਕੰਨੀ ਪੈ ਜਾਵੇ।


ਨਿਰਮਲ ਸਿੰਘ ਸੁਰ ਸਿੰਘ ਤੋਂ 9888520250


09/09/18
ਮੇਜਰ ਸਿੰਘ ' ਬੁਢਲਾਡਾ '

'ਗੀਤ'
(ਸੁੱਖਾ - ਸਿਮਰੋ)
ਵੇ ਸੁੱਖਿਆ ਮਨ ਮੇਰਾ ਘਬਰਾਵੇ
ਨਾ ਮੈਨੂੰ ਨੀਂਦ ਰਾਤ ਨੂੰ ਆਵੇ।
ਕੋਈ ਗੱਲ ਖਾਨੇ ਵਿਚ ਪਾ ਵੇ
ਮੇਰਾ ਮਨ ਤਨ ਡੋਲੇ ਵੇ
ਗੁਰੂ ਦੀ ਬੇਅਦਬੀ ਵਿੱਚ
ਆਪਣਾ ਨਾ ਪਿਆ ਬੋਲੇ ਵੇ।

ਨੀ ਆਪਣਾ ਬਾਪੂ ਵੱਡਾ ਖਿਡਾਰੀ
ਅੰਦਰੋਂ ਕੈਪਟਨ ਨਾਲ ਹੈ ਯਾਰੀ।
ਆਪਣੀ ਕਰਦਾ ਨੀ ਉਹ ਮਾੜੀ
ਦਿਲ ਟਿਕਾਣੇ ਰੱਖ ਸਿਮਰੋ!
ਕੋਈ ਜਿੰਨ੍ਹਾਂ ਮਰਜੀ ਰੌਲਾ ਪਾਲੇ,
ਹੁੰਦਾ ਨੀ ਕੱਖ ਸਿਮਰੋ!

ਕਹਿੰਦੇ ਜਿਥੇ ਗਿਆ ਸਰਸੇ ਵਾਲਾ।
ਉਥੇ ਭੇਜਣਾ ਜੀਜਾ ਸਾਲਾ।
ਮੈਨੂੰ ਡਰ ਲਗਦਾ ਏ ਬਾਹਲਾ
ਲੋਕੀ ਨਾਹਰੇ ਲਾਵਣ ਵੇ
ਮੈਨੂੰ ਤਾਂ ਹੁਣ ਸੁਪਨੇ ਲੱਗੇ ਮਾੜੇ ਆਵਣ ਵੇ।

ਨੀ ਇਹ ਥੋੜੇ ਚਿਰ ਮਾਰਨਗੇ ਨਾਹਰੇ।
ਮੁੜਕੇ ਸੌਂ ਜਾਣਗੇ ਸਾਰੇ।
ਆਪਾਂ ਲੁੱਟਦੇ ਰਹਿਣਾ ਨਜਾਰੇ
ਏਦਾਂ ਹੀ ਫੁੱਲ ਸਿਮਰੋ
ਇਹ ਥੋੜੇ ਚਿਰ ਦਾ ਰੌਲਾ
ਇਹਨਾਂ ਜਾਣਾ ਭੁੱਲ ਸਿਮਰੋ।

ਵੇ ਇਹ ਦੋਸ਼ ਬੜਾ ਹੈ ਭਾਰੀ।
ਆਪਣੀ ਰੁਲਜੇ ਨਾ ਸਰਦਾਰੀ।
ਇਥੇ ਸਿੱਖਾਂ ਦੀ ਗਿਣਤੀ ਭਾਰੀ
ਮਸਲਾ ਗੁਰੂ ਦੀ ਬੇਅਦਬੀ ਦਾ
ਕੋਈ ਪਤਾ ਨੀ ਲਗਦਾ,
ਲੋਕਾਂ ਦੀ ਅਣਖ਼ ਵੇ ਜਗਦੀ ਦਾ।

ਇਹ ਤਾਂ ਸਿੱਖ ਆਪਣੇ ਨੇ ਪੱਕੇ।
ਜਿਹੜੇ ਚੜ੍ਹਗੇ ਆਪਣੇ ਧੱਕੇ।
ਟੁੱਟੇ ਮੁੜ ਆਉਣਗੇ ਖਾਕੇ  ਧਕ੍ਹੇ।
ਮੈਂ ਸਾਰੀ ਗੱਲ ਸੋਚ ਵਿਚਾਰੀ ਨੀ।
ਤਾਹੀਓਂ ਕੇਸਾਂ ਵਿਚੋਂ ਬਚਾਇਆ
ਨਾ ਕੈਪਟਨ ਕਰੂ ਹੁਣ ਮਾੜੀ ਨੀ।

ਵੇਖ ਹੁਣ ਮੱਕੜ ਵੀ ਮਾਰੇ ਭਕਾਈ।
ਜਿਸ ਨੂੰ ਮਲਾਈ ਖੂਬ ਖਵਾਈ।
ਵਿਰੋਧ ਹੋ ਗਿਆ ਸਭਨੀ ਥਾਈ ।
ਲਗਦਾ ਦਿਨ ਆ ਗਏ ਮਾੜੇ ਵੇ
ਚਰਚਾ ਮੇਜਰ ਵਰਗੇ ਗੀਤਾਂ ਵਿਚ
ਕਰਦੇ ਸਾਰੇ ਵੇ।

ਪਹਿਲਾਂ ਵੀ ਅਜਿਹੇ ਕਈ ਮੱਕੜ।
ਜਿਹਨਾਂ ਲਈ ਆਪਣੇ ਨਾਲ ਟੱਕਰ।
ਬਾਪੂ ਨੇ ਰੋਲਤੇ ਸਭ ਦੇ ਤੱਪੜ।
ਦਿਖਾਏ ਸਭ ਨੂੰ ਦਿਨੇ ਤਾਰੇ ਨੀ
ਹੁਣ ਟਕਸਾਲੀ ਅੱਗੇ ਲਾਕੇ,
ਲਵਾਂਗੇ ਫੇਰ ਨਜ਼ਾਰੇ ਨੀ।
ਹੁਣ ਟਕਸਾਲੀ ਅੱਗੇ ਲਾਕੇ........।

ਮੇਜਰ ਸਿੰਘ 'ਬੁਢਲਾਡਾ'
94176 42327


****************************************

ਗ਼ਜ਼ਲ
ਇਰਾਦੇ ਲਗਦੇ ਹੋਣ ਕਿਸੇ ਦੇ ਭਾਵੇਂ ਨੇਕ ਸੱਜਣਾ।
ਕਦੇ ਦਿਲ ਦਾ ਨਾ ਦੇਈਏ ਸਾਰਾ ਭੇਤ ਸੱਜਣਾ।

ਸੁੱਖਾਂ ਵਿਚ ਮਿਲਦਾ ਏ ਹਰ ਕੋਈ ਭੱਜਕੇ,
ਦੁੱਖਾ ਵਿਚ ਮਿਲੇ ਨਾ ਹਰੇਕ ਸੱਜਣਾ।

ਬਿਰਲੇ ਹੁੰਦੇ ਨੇ ਚਾਹੁਣ ਵਾਲੇ ਦਿਲੋਂ
ਉਂਜ ਦੋਸਤ ਹੁੰਦੇ ਨੇ ਅਨੇਕ ਸੱਜਣਾ।

ਹਰ ਕੋਈ ਦਿਲੋਂ ਨਾ ਹੁੰਦਾ ਹਮਦਰਦ ,
ਦੋਸਤ ਸੰਭਲਕੇ ਕਰੀ ਲਾਇਕ ਸੱਜਣਾ।

ਆਦਤ ਹੈ ਉਹਦੀ ਬੋਲਣ ਦੀ ਸੱਚ,
ਤਾਹੀਂ ਦੁਸ਼ਮਣ ਨੇ ਉਹਦੇ ਅਨੇਕ ਸੱਜਣਾ।

ਝੂਠ ਤਾਂ ਇਥੇ ਆਵੇ ਬਹੁਤਿਆਂ ਦੇ ਫਿੱਟ ,
ਸੱਚ ਕਿਸੇ-ਕਿਸੇ ਦੇ ਆਉਂਦਾ ਮੇਚ ਸੱਜਣਾ।

ਚੰਗੇ ਵਿਚਾਰ ਰੱਖ ਦਿਲ ਵਿਚ ਸਾਂਭਕੇ,
ਤੂੰ ਬੁਰੇ ਵਿਚਾਰ ਦਿਹ ਮੇਟ ਸੱਜਣਾ।

ਖਾਓ-ਪਿਓ ਸਦਾ ਸਬਰ 'ਚ ਰਹਿਕੇ,
ਪਦਾਰਥ ਵਰਤੋ ਨਾ ਵਿਗਾੜੇ ਜੋ ਸਿਹਤ ਸੱਜਣਾ।

ਮੇਜਰ ਸਿੰਘ ' ਬੁਢਲਾਡਾ '
94176 42327


09/09/18
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੁਰਤਿ (Consciousness)
 

ਪਰਮ ਸਤਿ ਪ੍ਰਾਪਤੀ

ਗੁਰਬਾਣੀ ਵਿਚ ਪਰਮਸਤਿ ਦੇ ਪ੍ਰਕਾਸ਼ ਦੇ ਤਿੰਨ ਗੁਣ, ‘ਨਾਮ, ਧੁਨਿ ਅਤੇ ਬਾਣੀ (ਸ਼ਬਦ)’ ਦਸੇ ਗਏ ਹਨ

ਗੁਣ ਗੋਬਿੰਦ ਨਾਮ ਧੁਨਿ ਬਾਣੀ ॥ (ਪੰਨਾ ੨੯੬)

ਪਰਮ ਸਤਿ ‘ਸੁਰਤਿ, ਸ਼ਬਦ ੳਤੇ ਧੁਨਿ’ ਤਿਨਾਂ ਵਿਚ ਹੀ ਵਿਦਮਾਨ ਹੈ। ਇਥੇ ਪਹੁੰਚ ਕੇ ਨਾਮ ਅਤੇ ਨਾਮੀ ਦਾ ਭੇਦ ਖਤਮ ਹੋ ਜਾਂਦਾ ਹੈ। ਇਹ ਪਰਮ ਸਤਿ ਪ੍ਰਾਪਤੀ ਹੈ:

ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥ ਹਰਿ ਆਪੇ ਵੇਖੈ ਵਿਗਸੈ ਆਪੇ ॥ ਹਰਿ ਆਪਿ ਜਪਾਇ ਆਪੇ ਹਰਿ ਜਾਪੇ ॥ ੨ ॥ ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥ ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥ ਹਰਿ ਆਪਿ ਕਰੇ ਆਪੇ ਨਿਸਤਾਰਾ ॥ ੩ ॥ (ਪੰਨਾ ੧੬੫)

ਨਾਮ ਜਗਿਆਸੂ ਦੇ ਹਿਰਦੇ ਅੰਦਰ ਹੁੰਦਾ ਹੈ ਤੇ ਜਦ ਉਜਾਗਰ ਹੁੰਦਾ ਹੈ ਤਾਂ ਧੁਨਿ ਪਰਗਟ ਹੁੰਦੀ ਹੈ। ਬਾਣੀ ਕੇਵਲ ਗੁਰੂ ਹਿਰਦੇ ਅੰਦਰ ਹੀ ਪ੍ਰਗਟ ਹੁੰਦੀ ਹੈ। ਧੁਨਿ ਨਿਰਮਲ ਹੁੰਦੀ ਹੈ;

ਸਤਿਗੁਰ ਤੇ ਪਾਏ ਵੀਚਾਰਾ ॥ ਸੁੰਨ ਸਮਾਧਿ ਸਚੇ ਘਰ ਬਾਰਾ ॥ ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥ ੧੭ ॥ ੫ ॥ (ਪੰਨਾ ੧੦੩੮)

ਨਾਮ ਜਪਣ ਦੀਆਂ ਚਾਰ ਵਿਧੀਆਂ ਦਸਦੇ ਹਨ : ਉਚਾ ਬੋਲ ਕੇ (ਵਾਚਿਕ ਜਪ), ਅਜਪਾ ਜਾਪ (ਉਪਾਂਸ਼ੂ ਜਪ), ਅਜਪਾ ਜਾਪ ਕਰਦਿਆਂ ਨਾਦ ਦੀ ਅਨੁਭੂਤੀ (ਬੰਸਰੀ ਜਪ) ਤੇ ਮਾਨਸਿਕ ਜਪ (ਮਨ ਤੇ ਸ਼ਬਦ ਦੇ ਮੇਲ ਨਾਲ ਕੀਤਾ ਜਪ)। (ਸਵਾਮੀ ਬੁਧਪੁਰੀ ਜੀ ‘ਚਿੰਗਾਰ ਤੋਂ ਬ੍ਰਹਮ ਜੋਤਿ’, ੨੦੦੧, ਪੰਨਾ ੫੨੯-੫੩੧)

ਮਾਨਸਿਕ ਜਪ ਵਿਚ ਸ਼ਬਦ-ਸੁਰਤ ਸੰਯੋਗ ਹੈ। ਜੇ ਪ੍ਰਾਣਾਂ ਵਿਚ ਮਨ ਦਾ ਮੇਲ ਨਾ ਹੋਵੇ ਤਾਂ ਜੜ੍ਹ ਤਮੋਗੁਣੀ ਹੋ ਜਾਂਦੀ ਹੈ। ਇੰਦਰੀਆਂ ਵਿਚ ਮਨ ਦਾ ਮੇਲ ਨਾ ਹੋਵੇ ਤਾਂ ਅਸੀਂ ਸ਼ਬਦ, ਰੂਪ, ਰਸ ਅਤੇ ਗੰਧ ਕਿਸੇ ਵੀ ਵਿਸ਼ੇ ਨੂੰ ਅਨੁਭਵ ਨਹੀਂ ਕਰ ਸਕਦੇ।

ਮਨ ਮੰਨਦਾ ਹੈ ਤਾਂ ਜੀਭ ਹਿਲਦੀ ਹੈ ਤੇ ਪਹਿਲੇ ਤਿੰਨ ਜਪ ਹੋ ਸਕਦੇ ਹਨ।ਮਾਨਸਿਕ ਜਪ ਤਾਂ ਹੀ ਸੰਭਵ ਹੈ ਜਦ ਸੁਰਤਿ ਪ੍ਰਾਣਮਈ ਕੋਸ਼ ਤੋਂ ਉਪਰ ਉਠ ਕੇ ਮਨੋਮਯ ਕੋਸ਼ ਵਿਚ ਦਾਖਿਲ ਹੁੰਦੀ ਹੈ ਭਾਵ ਦਸਾਂ ਇੰਦਰੀਆਂ ਨੂੰ ਬਾਹਰ ਦੇ ਵਿਸ਼ਿਆਂ ਵਿਕਾਰ ਤੋਂ ਰੋਕ ਕੇ, ਪ੍ਰਾਣਾਂ ਦੀ ਗਤੀ ਨੂੰ ਅੰਦਰ ਵਲ ਮੋੜ ਕੇ ਜੀਭ ਦੀ ਥਾਂ ਮਨ ਨਾਲ ਉਚਾਰਣ ਕਰਦੇ ਹਾਂ ਤਾਂ ਉਹ ਹੀ ਅਸਲੀ ਜਪ ਹੈ।

ਬਾਹਰ ਦੇ ਵਿਸ਼ੇ ਵਿਕਾਰ- ਮੋਹ, ਮਾਇਆ, ਮਮਤਾ, ਬਾਦ ਹੰਕਾਰ, ਲੋਭ, ਲਾਲਚ

ਬਚੇ ਨੂੰ ਸਿਖਾਉਣ ਲਈ ਫਟੀ ਤੇ ਪੂਰਨੇ ਪਾਉਂਦੇ ਹਾਂ ਤੇ ਫਿਰ ਬਿਨਾ ਪੂਰਨਿਆਂ ਦੇ ਅਪਣੇ ਆਪ ਲਿਖਣ ਲਈ ਬਾਲ ਮਨ ਤਿਆਰ ਕਰਦੇ ਹਾਂ ਉਵੇਂ ਹੀ ਸੁਰਤ, ਸਥੂਲ ਸਰੀਰ ਤੇ ਦਸਾਂ ਇੰਦਰੀਆਂ ਸਦਕਾ ਵਿਸ਼ਿਆਂ ਵਿਚ ਬੰਨ੍ਹੀ ਹੋਈ ਸੁਰਤ ਨੂੰ ਪਹਿਲਾਂ ਪਾਠ, ਫਿਰ ਜਪ, ਫਿਰ ਅਜਪਾ ਜਪ ਤੇ ਫਿਰ ਸ਼ਬਦ ਸੁਰਤਿ ਸੁਮੇਲ ਨਾਲ ਜਪ ਕੀਤਾ ਜਾਂਦਾ ਹੈ।

ਸੁਰਤਿ ਪ੍ਰੀਭਾਸ਼ਾ

ਕਾਂਸ਼ਸਨੈਸ ਨੂੰ ਪੰਜਾਬੀ ਵਿਚ ਸੁਰਤਿ ਦੇ ਰੂਪ ਵਿਚ ਲਿਆ ਗਿਆ ਹੈ।(ਸ਼ਾਨ: ਗੁਰੂ ਨਾਨਕ ਬਚਨਾਵਲੀ, ਕਾਂਸ਼ਸਨੈਸ =ਸੁਰਤ, ਪੰਨਾ ੯੮) ਸੁਰਤਿ ਸ਼ਬਦ ਦੀ ਉਤਪਤੀ ਸਮ੍ਰਿਤੀ ਵਿਚ ਹੋਣ ਕਰਕੇ ਇਹ ‘ਯਾਦ’ ਵਜੋਂ ਵੀ ਲਿਆ ਗਿਆ ਹੈ। (ਪੀਤਾਂਬਰ ਦਤ ਭੜਥਵਾਲ (ਡਾ:)). ਸਰੁਤੀ ਭਾਵ ਵੇਦ ਵਜੋਂ ਵੀ । ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ। (ਪੰਨਾ ੭੮੫) ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ॥ (ਪੰਨਾ ੩੩੪) ਸੁਰਤਿ ਸ੍ਰੋਤ ਦਾ ਅਪਭ੍ਰੰਸ਼ੀ ਰੂਪ ਹੈ ਇਸ ਕਰਕੇ ‘ਚਿਤਬ੍ਰਿਤੀਆਂ ਦਾ ਪ੍ਰਵਾਹ ਹੈ’॥ (ਸੰਪੂਰਨਾ ਨੰਦ (ਡਾ:) । ਇਹ ‘ਅੰਤ੍ਰਮੁਖੀ ਬਿਰਤੀ’ ਹੈ।(ਅਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ) । ਇਹ ਪ੍ਰੇਮ ਹੈ (ਆਚਾਰੀਆ ਕਸ਼ਤੀ ਮੋਹਨ ਸੇਨ)

ਸਿਖ ਚਿੰਤਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਰਤਿ ਸ਼ਬਦ ੧੨੫ ਵਾਰ ਵਖ ਵਖ ਪ੍ਰਸੰਗਾਂ ਵਿਚ ਆਇਆ ਹੈ। (ਬਲਬੀਰ ਸਿਘ (ਡਾ:), ਪੰਨਾ ੧੨ (ਭੂਮਿਕਾ)) ਇਨ੍ਹਾਂ ਪ੍ਰਸੰਗਾਂ ਕਰਕੇ ਸੁਰਤਿ ਅਨੇਕਾਰਥੀ ਸ਼ਬਦ ਹੈ:

v ਸੁਰਤੀ, ਚੇਤੰਨਤਾ, ਸੁਚੇਤਪੁਣਾ: ਮੰਨੈ ਸੁਰਤਿ ਹੋਵੇ ਮਨਿ ਬੁਧਿ। (ਜਪੁ ਪੰਨਾ ੩) ਪਰਮਾਤਮਾ ਨੂੰ ਮੰਨਿਆਂ ਸੁਰਤੀ ਉਚੀ ਹੋ ਜਾਂਦੀ ਹੈ।
v ਮਾਟੀ ਅੰਧੀ ਸੁਰਤਿ ਸਮਾਈ॥ (ਮਾਝ ਮ:੫, ੧੦੦) (ਜੜ੍ਹ ਦੇਹੀ ਵਿਚ ਚੇਤਨਤਾ ਪਾ ਦਿਤੀ ਹੈ )
v ਮੂਈ ਸੁਰਤਿ ਬਾਦੁ ਅਹੰਕਾਰੁ॥ (ਗਉੜੀ ਮ: ੧, ਪੰਨਾ ੧੫੨)
v ਸਮਝ, ਸੋਝੀ, ਮਤ: ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ। (ਜਪੁ ਮ:੧, ਪੰਨਾ ੫)
v ਸੁਰਤਿ ਹੋਵੈ ਪਤਿ ਉਗਵੈ ਗੁਰਬਚਨੀ ਭਉ ਖਾਇ॥ (ਸਿਰੀ ਮ: ੧,ਪੰਨਾ ੧੮) ਸੋਝੀ ਹੁੰਦੀ ਹੈ, ਸਮਝ ਆਉਂਦੀ ਹੈ।
v ਧਿਆਨ: ਸਭਿ ਸੁਰਤੀ ਮਿਲਿ ਸੁਰਤਿ ਕਮਾਈ॥ (ਆਸਾ ਮ:੧,ਪੰਨਾ ੯) (ਧਿਆਨ ਜੋੜਿਆ, ਸਮਾਧੀ ਲਾਈ) ਫਾਹੀ ਸੁਰਤਿ ਮਲੂਕੀ ਵੇਸੁ॥ (ਸਿਰੀ ਮ:੧, ਪੰਨਾ ੨੪)(ਧਿਆਨ ਫਸਾਉਣ ਵਿਚ ਵੇਸ ਸ਼ਰੀਫਾਂ ਵਾਲਾ ਕੀਤਾ ਹੈ।
v ਬ੍ਰਿਤੀ: ਜੋਤੀ ਜੋਤਿ ਮਿਲਾਈਐ ਸੁਰਤੀਸੁਰਤਿ ਸੰਜੋਗੁ॥ (ਬ੍ਰਿਤੀ ਨੂੰ ਉਚੀ ਬਿਰਤੀ ਨਾਲ ਮਿਲਾਈਏ) (ਸਿਰੀ ਮ:੧ ਪੰਨਾ ੨੧)
v ਹੋਸ਼: ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ। (ਗਉੜੀ ਮ: ੫, ਪੰਨਾ ੧੬੯) ੧੨੧੭ ੧੧੭
v ਸ੍ਰੋਤ: ਨਾਮੈ ਸੁਰਤਿ ਸੁਨੀ ਮਨਿ ਭਾਈ { ਆਸਾ ਮ ੪, ਪੰਨਾ ੫੮ ੩੬੭
v ਖਬਰਗੀਰੀ, ਸੰਭਾਲ: ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨ ਦੀਜੈ ਖੋਲਿ ਕਿਵਾਰ ॥ (ਬਿਲਾਵਲੁ ਕਬੀਰ, ਪੰਨਾ ੮੫੬)
v ਵਿਚਾਰ: ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ॥ (ਮ: ੪, ਪੰਨਾ ੧੩੧੯)
v ਸਿਮ੍ਰਿਤਿ: ਗਿਆਤ ਸੋਝੀ ਵਾਲੀ ਸ਼ਕਤੀ। ਏਕਾ ਸੁਰਤਿ ਜੇਤੇ ਹੈ ਜੀਅ॥ (ਪੰਨਾ ੨੪) ਜਿਤਨੇ ਜੀਵ ਹਨ ਸਭ ਇਕੋ ਹੀ ਗਿਆਨ ਪ੍ਰਾਪਤ ਹਨ।

ਏਥੇ ਕਾਂਸ਼ਸ਼ਨੈਸ ਨੂੰ ਪੰਜਾਬੀ ਵਿਚ ਸੁਰਤਿ ਦੇ ਚੇਤਾ-ਚੇਤੰਨਤਾ-ਸੂਝ-ਗਿਆਨ-ਧਿਆਨ ਰੂਪ ਵਿਚ ਲਿਆ ਗਿਆ ਹੈ।
ਪਰ ਸੰਕਲਪਾਤਮਕ ਰੂਪ ਵਿਚ ਸੁਰਤਿ ਦਾ ਸਬੰਧ ਅੰਤਰੀਵ ਨਾਲ ਹੋਣ ਕਰਕੇ ਇਹ ਅੰਤਹਕਰਣ ਦਾ ਹਿਸਾ ਹੈ। (ਕਾਂਗ, ੨੦੦੫: ੨੧੭) ਮਨ ਦੀਆਂ ਅਵਸਥਾਵਾਂ ਹਨ ਸੁਰਤਿ, ਚਿਤਿ, ਮਤਿ, ਬੁਧਿ, ਅੰਤਹਕਰਣ।
ਭਾਈ ਵੀਰ ਸਿੰਘ ਸ੍ਰੀ ਨੇ ਗੁਰੂ ਗ੍ਰੰਥ ਕੋਸ਼ ਵਿਚ ਸੁਰਤਿ ਨੂੰ ਗਯਾਤ, ਸੋਝੀ ਵਾਲੀ, ਸ਼ਕਤੀ ਵਜੋਂ ਵੀ ਲਿਆ ਹੈ।
ਏਕਾ ਸੁਰਤਿ ਜੇਤੇ ਹੈ ਜੀਅ, ਸੁਰਤਿ ਵਿਹੂਣਾ ਕੋਇ ਨ ਕੀਅ।(ਸਿਰੀ ਰਾਗ ਮ:੧, ਪੰਨਾ ੨੪)
ਜਿਤਨੇ ਵੀ ਜੀਵ ਪ੍ਰਮਾਤਮਾਂ ਨੇ ਪੈਦਾ ਕੀਤੇ ਹਨ ਸਭਨਾਂ ਵਿਚ ਇਕੋ ਹੀ ਗਯਾਤ ਭਾਵ ਸੁਰਤਿ ਪਾਈ ਹੋਈ ਹੈ। ਕੋਈ ਵੀ ਸੁਰਤ ਬਿਨਾ ਨਹੀਂ ਹੈ ਭਾਵ ਸੁਰਤ ਸਾਰਿਆਂ ਵਿਚ ਹੈ।
ਇਸ ਨੂੰ ਚਿਤਬ੍ਰਿਤੀ ਵਜੋਂ ਵੀ ਲਿਆ ਗਿਆ ਹੈ : ਸਬਦੁ ਗੁਰੂ ਸਰਤਿ ਧੁਨਿ ਚੇਲਾ। (ਪੰਨਾ ੯੪੩) ਤੇ ‘ਭਲੀ ਪ੍ਰੀਤੀ’ ਵਜੋਂ ਵੀ ਲਿਆ ਗਿਆ ਹੈ।
ਸੁਰਤਿ ਜਗਿਆਸੂ ਦੀ ਉਹ ਬਿਰਤੀ ਹੈ ਜੋ ਲਿਵ ਦੇ ਰੂਪ ਵਿਚ ਅੰਤਰ ਆਤਮੇ ਵਿਚ ਪਰਮਾਤਮ ਜੋਤਿ ਨਾਲ ਜੁੜੀ ਹੋਈ ਹੈ। (ਗੁਲਜ਼ਾਰ ਸਿੰਘ ਕਾਂਗ, ਪੰਨਾ ੨੧੭) ਇਸ ਇਕਗਰ ਸੁਰਤਿ ਨੂੰ ਲਿਵ ਵੀ ਕਿਹਾ ਜਾਂਦਾ ਹੈ। ਸੁਰਤਿ ਅੰਤਹਕਰਣ ਦਾ ਉਹ ਭੇਦ ਹੈ ਜਿਸ ਦਾ ਕੰਮ ਚੇਤਾ ਹੈ। (ਮਹਾਨਕੋਸ਼: ੧੯੩੦ ਸੁਰਤਿ, ੨੧੯)
ਘੜੀਐ ਸੁਰਤਿ ਮਤਿ ਮਨਿ ਬੁਧਿ। (ਜਪੁਜੀ, ਪੰਨਾ ੩) ਵਿਚ ਇਸ ਨੂੰ ਧਿਆਨ ਵਜੋਂ ਵੀ ਲਿਆ ਗਿਆ ਹੈ: ਫਾਹੀ ਸੁਰਤਿ ਮਲੂਕੀ ਵੇਸ (ਸਿਰੀ ਰਾਗ, ਮ: ੧, ਪੰਨਾ ੨੪) ਯਾਦ, ਚੇਤਾ, ਇਛਾ, ਸਮਝ ਆਦਿ ਲਈ ਵੀ ਸੁਰਤਿ ਨੂੰ ਵਰਤਿਆ ਗਿਆ ਹੈ।
ਗਿ ਗੁਰਚਰਨ ਸਿੰਘ ਜੀ ਨੇ ਸੁਰਤਿ ਨੂੰ ਚੇਤੰਨਤਾ, ਸੁਚੇਤਪੁਣਾ ਵਜੋਂ ਲਿਆ ਹੈ । ਮੰਨੈ ਸੁਰਤਿ ਹੋਵੈ ਮਨਿ ਬੁਧਿ॥ (ਜਪੁਜੀ ਪੰਨਾ ੩) ਭਾਵ ਪਰਮਾਤਮਾ ਨੂੰ ਮੰਨ ਕੇ ਸੁਰਤੀ ਜੋੜਣ ਨਾਲ ਮਨ ਬੁਧੀਮਾਨ ਹੋ ਜਾਂਦਾ ਹੈ। ਤੇ ਮਾਟੀ ਅੰਧੀ ਸੁਰਤਿ ਸਮਾਈ॥(ਮ: ੫, ਪੰਨਾ ੧੦੦) ਭਾਵ ਜੜ੍ਹ ਦੇਹੀ ਵਿਚ ਚੇਤੰਨਤਾ ਪਾ ਦਿਤੀ ਹੈ। ‘ਮੂਈ ਸੁਰਤਿ ਬਾਦੁ ਅਹੰਕਾਰ’ (ਗਉੜੀ ਮ: ੧,ਪੰਨਾ ੧੫੨) ਭਾਵ ਉਸ ਨਾਲ ਸੁਰਤ ਜੁੜੀ ਤਾਂ ਬੁਰੀ ਵਾਦੀ ਤੇ ਹੰਕਾਰ ਖਤਮ ਹੋ ਗਿਆ। ਸਮਝ, ਸੂਝ, ਮਤ ਵਜੋਂ ‘ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ। (ਜਪੁਜੀ ਪੰਨਾ ੫) ਤੇ ਸੁਰਤਿ ਹੋਵੈ ਪਤਿ ਉਗਵੈ ਗਰਬਚਨੀ ਭਉ ਖਾਇ॥ (ਸਿਰੀ ਰਾਗ ਮ: ੧, ਪੰਨਾ ੧੮) (ਸੋਝੀ ਹੁੰਦੀ ਹੈ, ਸਮਝ ਆਉਂਦੀ ਹੈ) ਧਿਆਨ ਵਜੋਂ ‘ਸਭਿ ਸੁਰਤੀ ਮਿਲਿ ਸੁਰਤਿ ਕਮਾਈ॥ (ਪੰਨਾ ੯) (ਧਿਆਨ ਜੋੜਿਆ, ਸਮਾਧੀ ਲਾਈ) ਪ੍ਰੋ ਪੂਰਨ ਸਿੰਘ ਸੁਰਤਿ ਨੂੰ ਧਾਗਾ ਦਸਦੇ ਹਨ ਜੋ ਜਗਿਆਸੂ ਨੂੰ ਰੂਹਾਨੀ ਮੰਡਲਾਂ ਨਾਲ ਜੋੜੀ ਰਖਦਾ ਹੈ।(ਪੂਰਨ ਸਿੰਘ (ਪ੍ਰੋ), ੧੯੭੦, ੧੦੩).
ਗੁਰਬਾਣੀ ਨੂੰ ਸਮਝਿਆ ਨਹੀਂ ਜਾ ਸਕਦਾ, ਗੁਰਬਾਣੀ ਨੂੰ ਜਾਣਿਆ ਜਾ ਸਕਦਾ ਹੈ।ਸਮਝਣਾ ਹੁੰਦਾ ਹੈ ਦਿਮਾਗ ਨਾਲ ਤੇ ਜਾਨਣਾ ਹੁੰਦਾ ਹੈ ਸੁਰਤਿ ਨਾਲ।ਸਵੇਰ ਦੀ ਰਿਵੀ ਦੀ ਠੰਢਕ ਦਾ ਅਨੰਦ ਤਾਂ ਮਹਿਸੂਸ ਕਰਨ ਨਾਲ ਹੀ ਮਿਲਦਾ ਹੈ, ਸੁਰਤੀ ਹੀ ਦਸਦੀ ਹੈ ਕਿ ਰਿਵੀ ਠੰਢੀ ਹੈ ਕਿ ਗਰਮ, ਚੁਭਦੀ ਹੈ ਕਿ ਅਨੰਦ ਦਿੰਦੀ ਹੈ।ਜਦ ਮਹਿਸੂਸ ਕਰਨ ਵਾਲੀ ਸੁਰਤੀ ਗੁਰਬਾਣੀ ਨੂੰ ਜਾਣਦੀ ਹੈ ਤਾਂ ਪਰਮਾਤਮਾ ਦੇ ਦਵਾਰੇ ਖੁਲ੍ਹਦੇ ਹਨ।

ਸੁਰਤੀ ਜੜ੍ਹ ਹੈ ਜਿਸ ਨੂੰ ਬਦਲਣ ਲਈ ਸਿਮਰਨ ਦੀ ਲੋੜ ਹੈ। ਸਿਮਰਨ ਸੁਰਤੀ ਨੂੰ ਸੁਚਾ ਕਰਦਾ ਹੈ ਪਵਿਤਰ ਕਰਦਾ ਹੈ । ‘ਜਤ ਪਾਹਾਰਾ ਧੀਰਜ ਸੁਨਿਆਰ’। ਅਪਣਾ ਜਤ ਰਖਣਾ ਆਪੇ ਤੇ ਕੰਟ੍ਰੋਲ ਕਰਨਾ।ਸੁਰਤੀ ਤੇ ਪੂਰਾ ਕੰਟ੍ਰੋਲ ਕਰਕੇ ਉਸ ਹਾਲਤ ਵਿਚ ਬੈਠਣਾ ਜਿਸ ਹਾਲਤ ਵਿਚ ਕੋਈ ਹੋਰ ਖਿਆਲ ਨਾ ਆਵੇ।ਵਿਚਾਰ ਮਾਰਨਾ ਜ਼ਰੂਰੀ ਹੈ ਸੁਰਤੀ ਨੂੰ ਸੰਵਾਰ ਕੇ ਟਿਕਾਉਣ ਲਈ । ਸੁਰਤੀ ਟਿਕਾਉਂਣ ਵੇਲੇ ਹੋਰ ਕੋਈ ਖਿਆਲ ਮਨ ਵਿਚ ਨਾ ਆਵੇ, ਕੋਈ ਫੁਰਨਾ ਨਾ ਫੁਰੇ।

ਜਪੁਜੀ ਸਾਹਿਬ ਵਿਚ ਪ੍ਰਮਾਤਮਾਂ ਪ੍ਰਾਪਤੀ ਦੇ ਪੰਜ ਖੰਡਾਂ ਦਾ ਵਰਨਣ ਕੀਤਾ ਹੈ

ਮਨ ਦੀਆਂ ਅਵਸਥਾਵਾਂ :
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ (ਜਪੁਜੀ, ਪਉੜੀ ੩੬)

ਉਥੇ ਘੜੀਆਂ ਜਾਂਦੀਆਂ ਹਨ ਸੁਰਤ ਮੰਡਲ ਦੀਆਂ ਪੰਜ ਸਟੇਜਾਂ ਸੁਰਤਿ, ਮਤਿ, ਮਨਿ , ਬੁਧਿ ਤੇ ਸੁਧਿ।

ਸੁਰਤਿ ਆਤਮਿਕ ਮੰਡਲ ਵਿਚ ਪਹਿਲੀ ਸਟੇਜ ਹੈ। ਸਭ ਤੋਂ ਪਹਿਲਾਂ ਬੰਦੇ ਨੂੰ ਅਪਣੀ ਸੁਰਤਿ ਟਿਕਾਉਣੀ ਹੁੰਦੀ ਹੈ। ਦੁਨਿਆਵੀ ਕੰਮਾਂ ਧੰਦਿਆਂ ਵਿਚ ਫਸਿਆਂ ਦੀ ਸੁਰਤੀ ਅੰਤਰ ਆਤਮੇ ਵਿਚ ਘਟ ਹੀ ਟਿਕਦੀ ਹੈ। ਕਈ ਵਾਰੀ ਰੋਟੀ ਖਾ ਰਹੇ ਬੰਦੇ ਨੂੰ ਪੁਛੋ ਲੂਣ ਠੀਕ ਹੈ ਸਬਜ਼ੀ ਵਿਚ ?’ ਤਾਂ ਕਹਿੰਦਾ ਹੇ ਠਹਿਰੋ ਵੇਖ ਕੇ ਦਸਦਾ ਹਾਂ। ਤੇ ਫੇਰ ਬੁਰਕੀ ਖਾ ਕੇ ਕਹਿੰਦਾ ਹੈ "ਓਹੋ, ਲੂਣ ਤਾਂ ਪਾਇਆ ਹੀ ਨਹੀਂ"। ਸੁਰਤ ਕਿਸੇ ਹੋਰ ਪਾਸੇ ਹੋਣ ਕਰਕੇ ਅੱਧੀ ਰੋਟੀ ਬਿਨਾਂ ਲੂਣ ਦੇ ਹੀ ਖਾ ਗਿਆ।ਲੂਣ ਦਾ ਪਤਾ ਹੀ ਨਹੀ ਲੱਗਾ।ਸੁਰਤ ਜੁੜਨ ਤੋਂ ਬਿਨਾ ਕੋਈ ਕੰਮ ਸਹੀ ਨਹੀ ਹੋ ਸਕਦਾ।

ਮਤਿ ਉਸ ਅਵਸਥਾ ਨੂੰ ਕਹਿੰਦੇ ਹਨ ਜਦ ਸੁਰਤੀ ਟਿਕ ਜਾਵੇ, ਮੁੜ ਮੁੜ ਕੇ ਜਿਸ ਵਲ ਸੁਰਤੀ ਦਿਉ ਉਹ ਵਸਤੂ ਸੁਰਤ ਤੋਂ ਅੱਗੇ ਮੱਤ ਵਿਚ ਬੈਠ ਜਾਵੇਗੀ। ਜਦੋਂ ਬੰਦੇ ਨੂੰ ਸਮਝ ਪੈ ਜਾਵੇ ਤਾਂ ਅਸੀਂ ਕਹਿੰਦੇ ਹਾਂ ਹੁਣ ਸੁਰਤ ਆਈ ਹੈ।ਜਦੋਂ ਵਸਤੂ ਅੰਦਰ ਬੈਠ ਜਾਵੇ ਤਾਂ ਅਸੀਂ ਕਹਿੰਦੇ ਹਾਂ ਹੁਣ ਮੱਤ ਆਈ ਹੈ।ਸੁਰਤੀ ਦਿੰਦਿਆਂ ਦਿੰਦਿਆਂ ਜੋ ਵਸਤੂ ਅੰਦਰ ਬੈਠ ਜਾਵੇ ਉਹ ਮਤ ਵਿਚ ਚਲੀ ਜਾਂਦੀ ਹੈ। ਜਿਵੇਂ ਇਕ ਤੁਕ ਮੁੜ ਮੁੜ ਪੜ੍ਹੀ ਜਾਵੇ ਤਾਂ ਪੰਦਰਾਂ ਵੀਹ ਵਾਰ ਪੜ੍ਹਿਆਂ ਉਹ ਯਾਦ ਹੋ ਜਾਂਦੀ ਹੈ, ਅੰਦਰ ਬੈਠ ਜਾਂਦੀ ਹੈ।ਸੁਰਤ ਤੋਂ ਮੱਤ ਵਿਚ ਚਲੀ ਜਾਂਦੀ

ਮਨਿ ਜਾਂ ਮਨੀਖਾ ਨਿਰਣਾ ਸੁਰਤ ਮੰਡਲ ਦੀ ਤੀਸਰੀ ਸਟੇਜ ਹੈ। ਜਿੱਥੇ ਸੁਰਤੀ ਨਿਰਣਾ ਕਰਦੀ ਹੈ, ਇਹ ਕੌੜਾ ਹੈ ਇਹ ਮਿਠਾ ਹੈ ਇਹ ਨਫਾ ਹੈ ਇਹ ਘਾਟਾ ਹੈ। ਚੰਗੇ ਮਾੜੇ ਦੀ ਪਛਾਣ ਕਰਨ ਵਾਲੀ ਬੁਧੀ ਨੂੰ ਨਿਰਣਾ-ਬੁਧੀ ਕਿਹਾ ਜਾਂਦਾ ਹੈ। ਜੋ ਚੰਗਿਆਈਆਂ-ਬੁਰਿਆਈਆਂ ਦਾ ਨਿਰਣਾ ਕਰਦੀ ਹੈ, ਨਿਰਣਾ ਕਰਨ ਵਾਲੀ ਸੁਰਤ।

ਬੁਧਿ ਉਹ ਸਟੇਜ ਹੈ ਜਿਥੇ ਸੁਰਤ ਨਿਰਣਾ ਕਰਨ ਤੋਂ ਬਾਦ ਬੁਰਾਈ-ਭਲਾਈ ਦੀ ਪਛਾਣ ਕਰਕੇ ਬੁਰਾਈ ਦਾ ਤਿਆਗ ਕਰੇ ਅਤੇ ਚੰਗਿਆਈ ਗ੍ਰiਹਣ ਕਰੇ, ਬੁਰਾਈ ਨੂੰ ਬੁਰਾਈ ਸਮਝ ਕੇ ਅੰਦਰੋਂ ਤਿਆਗ ਦੇਵੇ, ਅਸੀਂ ਇਸ ਤੋਂ ਕੀ ਲੈਣਾ ਹੈ।

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ (ਰਾਗ ਸੂਹੀ ਛੰਤ ਮ ੧, ਪੰਨਾ ੭੬੫)
ਗੁਣ ਗ੍ਰਹਣਕਾਰੀ ਇਸ ਅਵਸਥਾ ਨੂੰ ਕਿਹਾ ਜਾਂਦਾ ਹੈ ਜਿਸ ਲਈ ਅਰਦਾਸ ਹੁੰਦੀ ਹੈ, ਜਿਨ੍ਹਾਂ ਨੂੰ ਦੇਖ ਕੇ ਅਣਡਿਠ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਆਪਾ ਪਛਾਨਣਾ: ਚਾਰਿ ਪਦਾਰਥ ਜੇ ਕੋ ਮਾਗੈ। ਸਾਧ ਜਨਾ ਕੀ ਸੇਵਾ ਲਾਗੈ{ (ਪੰਨਾ ੨੬੬): ਧਰਮ, ਅਰਥ, ਕਾਮ, ਮੋਕਸ਼

ਆਪਾ ਪਛਾਨਣ ਵਿਚ ਮਾਨਵੀ ਸੰਤਾਪ:
ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ॥
ਤ੍ਰਿਸਨਾ ਬੁਝੀ ਪੂਰਨ ਸਭ ਆਸਾ ਚੂਕੈ ਸੋਗ ਸੰਤਾਪ॥
ਗੁਣ ਗਾਵਤ ਅਚੁਤ ਅਬਿਨਾਸੀ ਮਨ ਤਨ ਆਤਮ ਧ੍ਰਾਪ॥

ਮਨ ਦੀਆਂ ਸਥਿਤੀਆਂ: ਤਮੋਗੁਣ, ਰਜੋਗੁਣ, ਸਤੋਗੁਣ, ਬੁਧੀ, ਆਤਮ ਪਦ, ਤੁਰੀਆ ਪਦ, ਮਿਲਣ ਮਿਟਣ ਅਵਸਥਾ

ਚੰਗਿਆਈਆਂ: ਨਿਸ਼ਕਾਮ ਸੇਵਾ, ਨਿਰਵੈਰਤਾ, ਅਹੰਗਤਾ, ਨਿਰਮਲਤਾ, ਨਿਮਾਣਤਾ, ਬਖਸਣਾ, ਸਰਬਤ ਦਾ ਭਲਾ, ਸਬਰ, ਸੰਤੋਖ ਸ਼ਹਿਣਸ਼ੀਲਤਾ, ਉਪਰਾਮਤਾ, ਇਨਸਾਫ, ਧੀਰਜ, ਗੰਭੀਰਤਾ, ਸੂਰਬੀਰਤਾ, ਆਪਾ ਕੰਟ੍ਰੋਲ, ਹਿੰਮਤ, ਨਿਰਭੈਤਾ, ਕ੍ਰਿਤਘਣਤਾ

ਬਾਣੀ: ਵਰਣਾਤਮਕ- ਪਰਾ, ਪਸ਼ਯੰਤੀ, ਮਾਧਿਅਮਾ, ਬੈਖਰੀ- ਤ੍ਰੈਗੁਣੀ-ਪਉਣ ਦੀ ਬਾਣੀ ਜਾਂ ਤਤਾਂ ਦੀ ਬਾਣੀ (ਬ੍ਰਹਮ ਜੰਜਾਲ)
ਧੁਨਾਤਮਕ- ਚੌਥੇ ਪਦ ਦੀ ਬਾਣੀ-ਸਾਚੀ ਬਾਣੀ, ਬਾਣੀ ਨਿਰੰਕਾਰ, ਸਹਿਜ ਕਥਾ, ਸਬਦ ਸੋਹਿਲਾ, ਅੰਮ੍ਰਿਤ ਬਾਣੀ, ਅਨਹਦ ਬਾਣੀ- ਸਾਰ ਜਾਂ ਪਾਰਬ੍ਰਹਮ। ਬਾਣੀ ਗੁਰੂ ਗੁਰੂ ਹੈ ਬਾਣੀ-ਗੁਰੂ ਜੋਤਿ ਸਰੂਪ ਹੋਣ ਕਰਕੇ ਤ੍ਰੈਗੁਣਾਂ ਤੋਂ ਉਪਰ ਚਉਥੇ ਪਦ ਵਿਚ ਵਿਚਰਦਾ ਹੈ। ਇਹ ਬਾਣੀ ਚਉਥੇ ਪਦ ਵਿਚੋਂ ਵਿਚਰਦੀ ਹੈ।

ਆਪਾ ਬਾਣੀ ਨਾਲ ਜੋੜਨਾ: ਬਾਣੀ ਸੁਣਨਾ, ਬਾਣੀ ਮਨਨ ਵਿਚਾਰਨ, ਭਉ, ਭਾਉ, ਨਿਸ਼ਚਾ, ਗਿਆਨ, ਕੁਰਬਾਨੀ, ਆਪਾ ਅਰਪਣ

ਨਾਮ ਜਪਣ ਨਾਲ ਪ੍ਰਾਪਤੀਆਂ: ਨਿਧਿ, ਰਿਧਿ, ਸਿਧਿ, ਸਹਜ ਅਵਸਥਾ, ਅਨਭਉ ਪ੍ਰਕਾਸ

ਮਨ- ਵਿਚਾਰਾਂ ਦਾ ਜਮਾ ਜੋੜ: ਵਿਚਾਰ- ਪ੍ਰਾਪਤੀ ਦੀਆ ਤਾਂਘਾਂ: ਤਾਂਘਾਂ-ਦੁਨਿਆਬੀ ਇਛਾਵਾਂ ਦੀਆਂ ਪ੍ਰਾਪਤੀਆਂ, ਆਦਤਾਂ, ਤ੍ਰਿਸ਼ਾਂਨਾਵਾਂ, ਮਾਇਆ ਦੀ ਉਲਝਾਹਟ: ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ॥ (ਪੰਨਾ ੩੨੧)

ਭਗਤੀ ਦੀਆ ਪਉੜੀਆਂ : ਭਉ, ਭਾਉ, ਵੈਰਾਗ, ਬ੍ਰਿਹਾ, ਵਿਵੇਕ, ਬੁਧੀ, ਸਹਿਜ ਅਵਸਥਾ. ਹਜ਼ੂਰੀ

ਸੁਰਤਿ ਸ਼ਬਦ ਸੰਯੋਗ

ਸਿਖ ਚਿੰਤਨ ਵਿਚ ਸੁਰਤਿ ਨੂੰ ਸ਼ਬਦ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ ਅਰਥਾਤ ਸ਼ਬਦ-ਸੁਰਤਿ ਜਾਂ ਸੁਰਤਿ-ਸ਼ਬਦ ਵਜੋਂ ਤੇ ਦੋਹਾਂ ਰੂਪਾਂ ਵਿਚ ਵਰਤਿਆ ਗਿਆ ਹੈ।
ਸੁਰਤਿ-ਸ਼ਬਦ ਵਧੇਰੇ ਕਰਕੇ ਜੋਗੀਆਂ ਦੇ ਸੰਦਰਭ ਵਿਚ ਆਇਆ ਹੈ ਜਿਥੇ ਜ਼ੋਰ ਸੁਰਤਿ ਨੂੰ ਸ਼ਬਦ ਰੂਪ ਵਿਚ ਬਦਲਣ ਉਤੇ ਹੈ ਜਾਂ ਅੰਤਰਿ ਧੁਨੀ ਜਗਾਉਣ ਉਪਰ:

ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ। (ਮ: ੧, ਪੰਨਾ ੧੩੨੨)
ਖਟੁ ਮਟੁ ਦੇਹੀ ਮਨੁ ਬੈਰਾਗੀ ਸੁਰਤਿ ਧੁਨਿ ਅੰਤਰਿ ਜਾਗੀ। (ਮ:੧, ਪੰਨਾ ੯੦੩)
ਜਿਥੇ ਅਵਰੁ ਕਿ ਕਰੀ ਵੀਚਾਰੁ॥ਸਬਦ-ਸੁਰਤਿ ਸੁਖੁ ਉਪਜੈ ਪ੍ਰਭੁ ਰਾਤਉ ਸੁਖ ਸਾਰੁ॥ (ਮ:੧, ਪੰਨਾ ੬੨)

ਗੁਰਮਤਿ ਵਿਚ ਗੁਰਮੁਖ ਸੁਰਤਿ ਸ਼ਬਦ ਨਾਲ ਜੋੜ ਕੇ ਹਿਰਦੇ ਦੀਆ ਭਾਵਨਾਵਾਂ ਤੋਂ ਅਪਣੇ ਆਪ ਨੂੰ ਨਿਰਾਲਾ ਅਤੇ ਪਾਕ-ਸਾਫ ਕਰ ਲੈਂਦਾ ਹੈ।ਇਹ ਪਧਰ ਨਿਰੋਲ ਰਹਸਮਈ ਹੈ।ਜਦ ਤਕ ਸੁਰਤਿ ਦਾ ਸਬੰਧ ਸਰੀਰ ਨਾਲ ਹੈ, ਤਦ ਤਕ ਇਛਾਵਾਂ ਰੁਕਾਵਟਾਂ ਪਾਉਂਦੀਆਂ ਹਨ। ਸਾਧਨਾ ਵਿਚ ਜਦੋਂ ਗੁਰੂ ਸ਼ਬਦ ਅਤੇ ਸਿਖ ਸੁਰਤਿ ਰੂਪ ਵਿਚ ਪਰਗਟ ਹੋ ਜਾਂਦੇ ਹਨ ਤਾਂ ਸ਼ਬਦ-ਸੁਰਤਿ ਦਾ ਮਾਰਗ ਖੁਲ੍ਹ ਜਾਦਾ ਹੈ। ਇਹ ਸਬੰਧ ਸੂਖਮ ਹੈ। ਇਥੇ ਸੁਰਤਿ ਦਾ ਸਬੰਧ ਬਾਹਰਮੁਖੀ ਇੰਦਰੀਆਂ ਨਾਲੋਂ ਟੁਟ ਜਾਦਾ ਹੈ ਅਤੇ ਇਹ ਨਿਰੋਲ ਅੰਤਰਮੁਖੀ ਹੋ ਜਾਂਦਾ ਹੈ। ਇਸੇ ਸੁਰਤਿ ਨੂੰ ਬਲਵਾਨ ਕਰਨਾ ਹੁੰਦਾ ਹੈ। ਬਲਵਾਨ ਸੁਰਤਿ ਦੇ ਸਨਮੁਖ, ਮਨ-ਇਛਾਵਾਂ ਦੀਆਂ ਚਿਤਬ੍ਰਿਤੀਆਂ ਹੀਣੀਆਂ ਅਤੇ ਨੀਵੀਆਂ ਹਨ। ਸਿਖੀ ਅਸਲ ਵਿਚ ਸੁਰਤਿ ਨੂੰ ਬਲਵਾਨ ਕਰਨ ਦੀ ਸਾਧਨਾ ਦਾ ਨਾਮ ਹੈ।

ਸਿਖੀ ਹੈ ਬਲਵਾਨ ਕਰਨਾ ਸੁਰਤਿ ਨੂੰ॥ ਚੜ੍ਹਦੀ ਕਲਾ ਨਿਵਾਸ ਸਦ ਹੀ ਰਖਣਾ॥ (ਭਾਈ ਵੀਰ ਸਿੰਘ, ਰਾਣਾ ਸੂਰਤ ਸਿੰਘ)

ਸੁਰਤਿ ਨੂੰ ਘੜਣ, ਸੰਵਾਰਨ ਅਤੇ ਬਲਵਾਨ ਕਰਨ ਵਿਚ ਭੂਮਿਕਾ ਗੁਰੂ ਦੀ ਹੁੰਦੀ ਹੈ। ਗੁਰੂ ਤੋਂ ਬਿਨਾ ਨਾ ਸੁਰਤਿ ਸਿਧਿ ਪ੍ਰਾਪਤ ਕਰ ਸਕਦੀ ਹੈ ਅਤੇ ਨਾ ਹੀ ਦੁਨਿਆਵੀ ਖਿਚਾਂ ਤੇ ਇਛਾਵਾਂ ਤੋਂ ਮੁਕਤ ਹੋ ਸਕਦੀ ਹੈ। ਗੁਰੂ ਹਰ ਤਰ੍ਹਾਂ ਦੀਆਂ ਤੁਛ ਬਿਰਤੀਆਂ ਤੋਂ ਬੰਦ ਖਲਾਸੀ ਕਰਵਾ ਕੇ ਸਵਛ ਬਿਰਤੀਆਂ ਨਾਲ ਸਿਖ ਨੁੰ ਜੋੜਦਾ ਹੈ।

ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥ ੨ ॥ (ਮ ੩, ਪੰਨਾ ੯੪)

ਸੁਰਤਿ ਦੀ ਇਸ ਸਾਂਝ ਨਾਲ ਹੀ ਜਗਿਆਸੂ ਗੁਰੂ ਨਾਲ ਜੁੜਦਾ ਹੈ। ਗੁਰੂ ਤਾਂ ਇਕੋ ਗਲ ਪੁਛਦਾ ਹੈ ਕਿ ਤੇਰੀ ਸੁਰਤਿ ਕਿਸ ਪਧਰ ਤੇ ਹੈ ਅਤੇ ਕਿਥੇ ਹੈ। (ਪੂਰਨ ਸਿੰਘ (ਪ੍ਰੋ), ਸਪਿਰਿਟ ਬਾਰਨ ਪੀਪਲ , ਪੰਨਾ ੧੦੧)

ਸੁਰਤਿ ਦਾ ਉਪਰੋਕਤ ਪਧਰ ਸੁਰਤਿ ਨੂੰ ਸ਼ਬਦ ਨਾਲ ਜੋੜ ਕੇ ਹੀ ਪ੍ਰਾਪਤ ਹੁੰਦਾ ਹੈ ਅਤੇ ਰਹਸਾਤਮਕ ਧਰਾਤਲ ਉਪਰ ਸ਼ਬਦ ਹੀ ਗੁਰੂ ਹੈ। ਹਰ ਜੀਵ ਦੇ ਅੰਦਰ ਸ਼ਬਦ ਵਿਦਵਾਨ ਹੈ। ਸੁਰਤਿ ਵੀ ਜੀਵ ਅੰਦਰ ਹੀ ਹੈ। ਸੁਰਤਿ ਵਿਹੂਣਾ ਕੋਈ ਵੀ ਜੀਵ ਨਹੀ ਹੋ ਸਕਦਾ । ਫਰਕ ਏਨਾ ਹੈ ਕਿ ਮਨਮੁਖਾਂ ਦੀ ਸੁਰਤਿ ਆਕਾਰਾਂ-ਵਕਾਰਾਂ-ਵਿਚਾਰਾਂ ਵਿਚ ਲਗੀ ਹੋਈ ਹੈ ਅਤੇ ਗੁਰਮੁਖ ਗੁਰੂ ਕਿਰਪਾ ਰਾਹੀਂ ਆਪਣੀ ਸੁਰਤਿ ਨੂੰ ਬਾਹਰਮੁਖਤਾ ਵਿਚੋਂ ਕਢ ਕੇ ਅੰਤਰਮੁਖਤਾ ਨਾਲ ਜੋੜ ਲੈਂਦੇ ਹਨ।

ਏਕਾ ਸੁਰਤਿ ਜੇਤੇ ਹੈ ਜੀਅ ॥ ਸੁਰਤਿ ਵਿਹੂਣਾ ਕੋਇ ਨ ਕੀਅ ॥ ਜੇਹੀ ਸੁਰਤਿ ਤੇਹਾ ਤਿਨ ਰਾਹੁ ॥ ਲੇਖਾ ਇਕੋ ਆਵਹੁ ਜਾਹੁ ॥ ੧ ॥ (ਸਿਰੀਰਾਗੁ ਮਹਲਾ ੧ ਪੰਨਾ ੨੪-੨੫)

ਸੁਰਤਿ ਦੇ ਇਸ ਪਧਰ ਕਰਕੇ ਮਨਮੁਖ ਮਨ ਦੇ ਪਿਛੇ ਲਗੇ ਹੋਏ ਹਨ ਅਤੇ ਉਨ੍ਹਾਂ ਦੇ ਅੰਦਰ ਹਉਮੈਂ ਦੀਆਂ ਲਹਿਰਾਂ ਨੇ ਸ਼ੋਰ ਮਚਾਇਆ ਹੋਇਆ ਹੈ।ਗੁਰਮੁਖ ਹਉਮੈਂ ਨੂੰ ਮਾਰ ਕੇ ਅੰਦਰ ਚੁਪ ਵਰਤਾ ਲੈਂਦੇ ਹਨ ਅਤੇ ਇਸ ਚੁਪ ਵਿਚ ਸੁਰਤਿ ਸ਼ਬਦ ਨਾਲ ਅਭੇਦ ਹੋ ਜਾਂਦੀ ਹੈ। ਗੁਰੁ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਜਿਹੋ ਜਿਹੀ ਸੁਰਤ ਹੁੰਦੀ ਹੈ ਤੇਹੋ ਜਿਹਾ ਉਹ ਰਾਹ ਫੜ ਲੈਂਦੇ ਹਨ:

ਜੇਹੀ ਸੁਰਤਿ ਤੇਹਾ ਤਿਨ ਰਾਹੁ। (ਸਿਰੀ ਰਾਗ ਮ: ੧, ਪੰਨਾ ੨੫)

ਜੋ ਦਿਨ ਰਾਤ ਸੁਰਤ ਤੋਂ ਬਾਝ ਰਹਿੰਦਾ ਹੈ ਉਸ ਲਈ ਘੁਪ ਹਨੇਰਾ ਤੇ ਚਾਨਣ ਇਕੋ ਜਿਹੇ ਹਨ ਭਾਵ ਗਿਆਨ ਵਿਹੂਣਾ ਹੈ ਜੋ ਇਨ੍ਹਾਂ ਦੋਹਾਂ ਵਿਚਕਾਰ ਭੇਦ ਨਹੀਂ ਕਰ ਸਕਦਾ।

ਸੁਰਤਿ ਵਿਹੂਣਾ ਰਾਤਿ ਦਿਹੁ ਚਾਨਣੁ ਤੁਲਿ ਅੰਧੇਰਾ ਘੁਪਾ॥

ਸੁਭਾਉ ਤੇ ਸੁਰਤੀ ਵਿਚ ਅੰਤਰ ਹੈ। ਸਾਨੂੰ ਬਚਪਨ ਤੋਂ ਜੋ ਸਿਖਾਇਆ ਜਾਂਦਾ ਹੈ ਉਹ ਸੁਭਾਉ ਬਦਲਣ ਵਿਚ ਮਦਦ ਕਰਦਾ ਹੈ।ਆਹ ਚੰਗਾ ਹੈ ਆਹ ਮਾੜਾ ਹੈ ਆਹ ਕਰਨਾ ਹੈ ਆਹ ਨਹੀਂ ਕਰਨਾ।ਦਿਮਾਗੀ ਸਮਝ ਭਰ ਕੇ ਸੁਭਾਉ ਬਣਾਇਆ ਜਾਂਦਾ ਹੈ।ਦੁਨੀਆਂ ਤੋਂ ਮਿਲੇ ਸੁਭਾ ਸਦਕਾ ਅਸੀਂ ਚੰਗਾ ਮੰਦਾ ਪਰਖਦੇ ਹਾਂ।ਪਰ ਸੁਭਾਉ ਬਦਲਣਦੀ ਨਹੀਂ ਗਲ ਸੁਰਤੀ ਬਦਲਣ ਦੀ ਹੈ। ਸੁਰਤੀ ਜੜ੍ਹ ਹੈ ਜਿਸ ਨੂੰ ਬਦਲਣ ਲਈ ਸਿਮਰਨ ਦੀ ਲੋੜ ਹੈ। ਸਿਮਰਨ ਸੁਰਤੀ ਨੂੰ ਸੁਚਾ ਕਰਦਾ ਹੈ ਪਵਿਤਰ ਕਰਦਾ ਹੈ ।

ਸ਼ਬਦ ਸੁਰਤਿ ਸੰਯੋਗ

ਸ਼ਬਦ ਸੁਰਤਿ ਸੰਯੋਗ ਦੀ ਵਿਆਖਿਆ ‘ਸਿਧ ਗੋਸ਼ਟਿ’ ਵਿਚ ਗੁਰੂ ਨਾਨਕ ਦੇਵ ਜੀ ਨੇ ਪ੍ਰਸ਼ਨ-ਉਤਰ ਵਿਚ ਕੀਤੀ ਹੈ:

ਪ੍ਰਸ਼ਨ- ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਕਵਣ ਕਥਾ ਲੇ ਰਹਹੁ ਨਿਰਾਲੇ ॥

ਉਤਰ-ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥ ੪੩ ॥ ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥ ੪੪ ॥ (ਪੰਨਾ ੯੪੨-੯੪੩)

ਮਨ ਹੀ ਮੂਲ ਲਗਨ ਹੈ ਜੋ ਪਵਨ ਤੋਂ ਸ਼ੁਰੂ ਹੋ ਕੇ ਸਤਿਗੁਰੂ ਦੀ ਦਿਤੀ ਮਤ ਅਨੁਸਾਰ ਗਤੀ ਫੜਦਾ ਹੈ। ਗੁਰੁ ਸ਼ਬਦ ਰੂਪ ਵਿਚ ਹੁੰਦਾ ਹੈ ਜਿਸ ਦਾ ਚੇਲਾ ਸੁਰਤਿ ਬਣਦੀ ਹੈ।

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਸਿਧਿ ਗੋਸਟਿ, ਮ:੧, ਪੰਨਾ ੯੪੨)

ਇਹ ਸ਼ਬਦ ਨੂੰ ਬੁਝ ਕੇ ਅੰਤਰਿ ਮਨ ਵਿਚ ਪਰਮ ਜੋਤਿ ਦੇ ਦਿਗ ਦਰਸ਼ਨ ਕਰਨ ਦਾ ਨਾਮ ਹੈ। ਹਜ਼ਾਰੀ ਪ੍ਰਸਾਦਿ ਤ੍ਰਿਵੇਦੀ (ਡਾ: ) ਕਬੀਰ ਪੰਨਾ ੪੪) ਪੁਰਸ਼ (ਆਤਮਾ) ਪ੍ਰਕ੍ਰਿਤੀ (ਮਾਇਆ) ਦੇ ਸੰਯੋਗ ਦਾ ਸਕਾਰਾਤਮਕ ਰਵਈਆ ਹੈ ਜਿਸ ਵਿਚ ਹਉਮੈਂ ਤੇ ਭੌਤਿਕ ਤ੍ਰਿਸ਼ਨਾਵਾਂ ਦੀ ਕੰਧ ਢਾਹੁਣ ਦੀ ਲੋੜ ਹੈ। ਸ਼ਬਦ-ਸੁਰਤਿ-ਸੰਯੋਗ- ਵਿਚ ਸੁਰਤਿ ਨਾਲ ਜੋੜਣਾ ਹੈ।ਇਵੇਂ ਇਥੇ ਮਨ ਮਾਰਨ ਦੀ ਥਾਂ ਦਿਸ਼ਾ ਪਰਿਵਰਤਨ ਦੀ ਲੋੜ ਹੈ। ਮਨ ਦੀ ਟੇਕ ਜਾਂ ਢਾਰਸ ‘ਗੁਰ-ਸ਼ਬਦ ਹੈ ਜੋ ਇਸ ਨੂੰ ਡੋਲਣ ਤੋਂ ਬਚਾਉਂਦਾ ਹੈ। ਟਿਕਾਉ ਵਿਚ ਆਏ ਮਨ ਦੇ ਸਾਰੇ ਸੰਸੇ ਖਤਮ ਹੋ ਜਾਂਦੇ ਹਨ। ਇਹ ‘ਏਕਸ ਸਿਉ ਚਿਤਿ ਲਾਇ’ ਦਾ ਰਹਸ ਹੈ। ਨਾਮ ਸਿਮਰਨ ਤੇ ਗੁਰ-ਕ੍ਰਿਪਾ ਜ਼ਰੂਰੀ ਹਨ। ਯੋਗ ਦਾ ਸਥਲ ਸਤਿਸੰਗਤ ਹੈ ਜਿਥੇ ਸ਼ਬਦ ਨਾਲ ਜੁੜੀਦਾ ਹੈ, ਸ਼ਬਦ ਦੀ ਵੀਚਾਰ ਕਰੀਦੀ ਹੈ।ਇਥੇ ਹੀ ਗੁਰ-ਕ੍ਰਿਪਾ ਦੁਆਰਾ ਤ੍ਰੈਕੁਟੀ ਛੁਟਦੀ ਹੈ ਅਤੇ ਜਗਿਆਸੂ ਚਉਥੇ ਪਦ ਵਿਚ ਪ੍ਰਵੇਸ਼ ਹੁੰਦਾ ਹੈ।

ਕਾਇਆ ਸੋਧਿ ਤਰੈ ਭਵ ਸਾਗਰੁ ਆਤਮ ਤਤੁ ਵੀਚਾਰੀ ॥੧੩॥ ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ ॥ ੧੪ ॥ ਆਪੇ ਮੇਲਿ ਲਏ ਗੁਣਦਾਤਾ ਹਉਮੈ ਤ੍ਰਿਸਨਾ ਮਾਰੀ ॥ ੧੫ ॥ ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤਿ ਨਿਰਾਰੀ ॥ ੧੬ ॥ ਗੁਰਮੁਖਿ ਜੋਗ ਸਬਦਿ ਆਤਮੁ ਚੀਨੈ ਹਿਰਦੈ ਏਕੁ ਮੁਰਾਰੀ ॥ ੧੭ ॥ ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ ॥ ੧੮ ॥ ਬੇਦੁ ਬਾਦੁ ਨ ਪਾਖੰਡੁ ਅਉਧੂ ਗੁਰਮੁਖਿ ਸਬਦਿ ਬੀਚਾਰੀ ॥ ੧੯ ॥ ਗੁਰਮੁਖਿ ਜੋਗੁ ਕਮਾਵੈ ਅਉਧੂ ਜਤੁ ਸਤੁ ਸਬਦਿ ਵੀਚਾਰੀ ॥ ੨੦ ॥ ਸਬਦਿ ਮਰੈ ਮਨੁ ਮਾਰੇ ਅਉਧੂ ਜੋਗ ਜੁਗਤਿ ਵੀਚਾਰੀ ॥ ੨੧ ॥ ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ ॥ ੨੨ ॥ ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ ॥ ੨੩ ॥ ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ ॥ ੨੪ ॥ ਆਪੇ ਬਖਸੇ ਮੇਲਿ ਮਿਲਾਏ ਨਾਨਕ ਸਰਣਿ ਤੁਮਾਰੀ ॥ ੨੫ ॥ ੯ ॥ (ਪੰਨਾ ੯੦੮)

ਸ਼ਬਦ ਸੁਰਤਿ ਸੰਜੋਗ ਉਹ ਕਾਰਗਰ ਸਾਧਨ ਹੈ ਜਿਸ ਵਿਚ ਪਰਮ ਸਤਿ ਦੀ ਅਭੇਦਤਾ ਦੀਆਂ ਸਾਰੀਆਂ ਸੰਭਾਵਨਾਵਾਂ ਹਨ। ਸ਼ਬਦ ਸੁਰਤਿ ਸੰਯੋਗ ਨਾਮ ਸਿਮਰਨ ਤੇ ਗੁਰੁ ਕਿਰਪਾ ਰਾਹੀਂ ਪੂਰਾ ਹੁੰਦਾ ਹੈ।ਇਸ ਦਾ ਰਹਸ਼ ‘ਬਿਨ ਸਤਿਗੁਰ ਸੇਵੇ ਜੋਗੁ ਨ ਹੋਈ॥’ ਅਤੇ ਬਿਨ ਸਤਿਗੁਰਿ ਭੇਟੇ ਮੁਕਤਿ ਨ ਕੋਈ॥’ ਵਿਚ ਲੁਪਿਤ ਹੈ। ਸ਼ਬਦ-ਸਰਤਿ ਸੰਯੋਗ ਕਾਇਆ ਨਗਰ ਦੀ ਖੋਜ ਰਾਹੀਂ ਅੰਤਰੀਵ ਨਾਲ ਕੇਂਦਰਿਤ ਹੋਣ ਦੀ ਸ਼ਬਦ ਜੁਗਤਿ ਹੈ। ਸਾਧਨਾ ਦੀਆਂ ਪਰਤਾਂ ਕਾਇਆ ਨਗਰੀ ਦੀ ਖੋਜ ਅਤੇ ਅੰਤਹਕਰਣ ਦੀ ਸ਼ੁਧੀ ਵਿਚ ਖੁਲ੍ਹਦੀਆਂ ਹਨ।( ਕੰਗ, ੨੦੦੫, ਪੰਨਾ ੧੯੮)

ਧੁਨਿ

ਸੁਰਤਿ ਸ਼ਬਦ ਦਾ ਜੁੜਣਾ ਨਾਮ ਅਭਿਆਸ ਦੀ ਸਫਲਤਾ ਹੈ ਇਸ ਨੂੰ ਧੁਨਿ ਵੀ ਕਿਹਾ ਜਾਂਦਾ ਹੈ, ਧੁਨਿ ਦਾ ਭਾਵ ਨਿਰੰਤਰਤਾ ਅਤੇ ਪਰਪਕਤਾ ਹੈ।ਇਕ ਸਿਮਰਨ ਦੂਜਾ ਧਿਆਨ ਇਸ ਦੇ ਦੋ ਪਹਿਲੂ ਹਨ।ਸਿਮਰਨ ਨਾਮ ਅਭਿਆਸ ਹੈ ਤੇ ਧਿਆਨ ਮਨ ਦੀ ਇਕਾਗਰਤਾ। ਸਿਮਰਨ ਤਦ ਮੁਕੰਮਲ ਹੁੰਦਾ ਹੈ ਜਦ ਧਿਆਨ ਕਾਇਮ ਹੋ ਜਾਵੇ ਤੇ ਫਿਰ ਧਿਆਨ ਪਰਪਕ ਹੁੰਦਾ ਹੈ ਜਦੋਂ ਹਿਰਦੇ ਅੰਦਰੋਂ ਧੁਨਿ ਪੈਦਾ ਹੁੰਦੀ ਹੈ, ਇਸ ਧੁਨਿ ਨੂੰ ਗੁਰਬਾਣੀ ਵਿਚ ਨਾਮ ਧੁਨਿ, ਸਹਿਜ ਧੁਨਿ, ਸ਼ਬਦ ਧੁਨਿ ਅਤੇ ਅਨਹਦ ਧੁਨਿ ਨਾਵਾਂ ਨਾਲ ਬਿਅਨਿਆਂ ਹੈ। (ਕੰਗ, ੨੦੦੫, ਪੰਨਾ ੨੧੩)

ਧੁਨਿ ਨਾਮ ਅਭਿਆਸ ਦਾ ਹੀ ਸੂਖਮ ਰੂਪ ਹੈ ਅਤੇ ਇਥੇ ਪਹੁੰਚ ਕੇ ਨਾਮ ਮੰਨੈ (ਜਪ, ਸਿਮਰਨ, ਚਿੰਤਨ, ਧਿਆਨ, ਅਰਾਧਨਾ) ਦਾ ਵਿਸ਼ਾ ਨਹੀਂ ਰਹਿ ਜਾਂਦਾ ਸਗੋਂ ਸੁਣਿਐ ਦਾ ਵਿਸ਼ਾ ਬਣ ਜਾਂਦਾ ਹੈ। (ਜਪੁਜੀ ਪਉਵੀ ੮-੧੧ ਵਿਚ ਇਸ ਦਾ ਵਿਸਥਾਰ ਹੈ)। ਇਸ ਅਵਸਥਾ ਵਿਚ ਨਾਮ ਸੁਰਤਿ ਵਿਚ ਵਸ ਜਾਦਾ ਹੈ ਅਤੇ ਜਗਿਆਸੂ ਦi ਸੁਰਤਿ ਜਾਗ੍ਰਿਤ ਹੋ ਕੇ ਅੰਤਰੀਵ ਸ਼ਬਦ ਨੂੰ ਸੁਣਨ ਲਗ ਪੈਂਦੀ ਹੈ।ਜਿਵੇਂਸਥੂਲ ਸਰੀਰ (ਅੰਨਮਈ ਕੋਸ਼) ਤੋਂ ਸੂਖਮ ਸਰੀਰ (ਅਨੰਦਮਈ ਕੋਸ਼) ਵਲ ਜਾਣਾ ਦੁਰਗਮ ਅਮਲ ਹੈ, ਇਵੇਂ ਬੈਖਰੀ ਨਾਮ ਦਾ ਪਰਾ ਨਾਮ ਵਿਚ ਪੁਜਣਾ ਅਜਿਹਾ ਹੀ ਅਮਲ ਹੈ।(ਕੋਹਲੀ, ਜੂਨ ੧੯੯੦, ਪੰਨਾ ੧੮) ਸੁਰਿੰਦਰ ਸਿੰਘ ਕੋਹਲੀ (ਡਾ) ‘ਨਾਮ ਕੀ, ਕਿਉਂ, ਕਿਵੇਂ ਤੇ ਕਿਹੜਾ’ ਨਾਨਕ ਪ੍ਰਕਾਸ਼ ਪਤ੍ਰਿਕਾ , ਜੂਨ ੧੯੯੯, ਪੰਨਾ ੧੮) ਜੋਗੀਆਂ ਦੀ ਸਾਦਨਾਪ੍ਰਾਣਮਈ ਕੋਸ਼ ਤਕ ਹੀ ਹੈ, ਸੁਰਤਿ ਸ਼ਬਦ ਸੰਯੋਗ ਦੀ ਅਵਸਥਾ ਇਸ ਤੋਂ ਅਗਲੇਰੀ ਹੈ।ਸ਼ਬਦ–ਧੁਨਿ ਦੇ ਪੈਦਾ ਹੋਣ ਨਾਲ ਪਵਨਪਤੀ ਮਨ ਦਾ ਵਾਸਾ ਉਨਮਨ (ਸਹਿਜ ਅਵਸਥਾ) ਵਿਚ ਹੋ ਜਾਂਦਾ ਹੈ।ਇਹ ਇਕਰਸ ਨਿਰੰਤਰਤਾ ਦੀ ਅਵਸਥਾ ਹੈ। ਇਥੇ ਨਾ ਮੌਤ, ਨਾ ਜਨਮ ਨਾ ਬੁਢੇਪਾ ਹੈ।ਇਹ ਸਾਧਨਾ ਦਾ ਨਿਰੋਲ ਸੂਖਮ ਪਖ ਹੈ।

ਪਵਨ ਪਤਿ ਉਨਮਨਿ ਰਹਨ ਖਰਾ॥ ਨਹੀ ਮਿਰਤੁ ਨ ਜਨਮ ਜਰਾ॥ ( ਰਾਮਕਲੀ ਕਬੀਰ, ਪੰਨਾ ੯੭੨)

ਕਿਉਂਕਿ ਸਬਦ ਧੁਨਿ ਉਦੋਂ ਹੀ ਪ੍ਰਗਟ ਹੁੰਦੀ ਹੈ ਜਦੋਂ ਮਨ ਨਿਰਮਲ ਹੋ ਜਾਂਦਾ ਹੈ। ਗਿਆਨ ਅਤੇ ਧਿਆਨ ਧੁਨਿ ਵਿਚੋਂ ਹੀ ਪਾਇਆ ਜਾਂਦਾ ਹੈ ਜਿਸ ਦੀ ਪੁਸ਼ਟੀ ‘ਗਿਆਨ ਧਿਆਨ ਧੁਨਿ ਜਾਣੀਐ (ਸਿਰੀ ਰਾਗ ਮ:੧, ਪੰਨਾ ੫੯) ਰਾਹੀਂ ਹੁੰਦੀ ਹੈ। ਸੋ ਇਵੇਂ ਸਾਧਨਾ ਵਿਚ ਨਾਮ-ਧੁਨਿ ਸੁਰਤਿ ਸ਼ਬਦ ਦੇ ਮਿਲਾਪ ਵਿਚੋਂ ਪੈਦਾ ਹੋਣ ਵਾਲ ਅਨੁਭਵ ਹੈ। ਇਸ ਅਵਸਥਾ ਦਾ ਸਥਲ ਸਾਧਸੰਗਤ ਹੈ।

ਸ਼ਬਦ ਸੁਰਤਿ ਸੰਯੋਗ ਲਈ ਸ਼ਬਦ ਦੀ ਘਾੜਤ ਵੇਲੇ ਸੁਰਤਿ ਦਾ ਵਿਸ਼ੇਸ਼ ਮਹਤਵ ਹੈ ਜੋ ਜਪੁਜੀ ਦੀ ੩੮ਵੀਂ ਪਉੜੀ ਵਿਚ ਦਰਸਾਇਆ ਗਿਆ ਹੈ:

ਜਤ ਪਾਹਾਰਾ ਧੀਰਜ ਸੁਨਿਆਰ।

ਅਪਣਾ ਜਤ ਰਖਣਾ ਆਪੇ ਤੇ ਕੰਟ੍ਰੋਲ ਕਰਨਾ।ਸੁਰਤੀ ਤੇ ਪੂਰਾ ਕੰਟ੍ਰੋਲ ਕਰਕੇ ਉਸ ਹਾਲਤ ਵਿਚ ਬੈਠਣਾ ਜਿਸ ਹਾਲਤ ਵਿਚ ਕੋਈ ਹੋਰ ਖਿਆਲ ਨਾ ਆਵੇ।iਵਿਚਾਰ ਮਾਰਨਾ ਜ਼ਰੂਰੀ ਹੈ ਸੁਰਤੀ ਨੂੰ ਸੰਵਾਰ ਕੇ ਟਿਕਾਉਣ ਲਰੀ । ਸੁਰਤੀ ਟਿਕਾਉਂਣ ਵੇਲੇ ਹੋਰ ਕੋਈ ਖਿਆਲ ਮਨ ਵਿਚ ਨਾ ਆਵੇ, ਕੋਈ ਫੁਰਨਾ ਨਾ ਫੁਰੇ।

ਅੰਤਰਗਤਿ ਤੀਰਥ ਮਲ ਨਾਉ॥

ਮਨ ਦੀ ਮੈਲ ਲਾਹੁਣੀ ਸਭ ਤੋਂ ਜ਼ਰੂਰੀ ਹੈ ਮਨ ਨੂੰ ਸੁਚਾ ਕਰਨ ਲਈ।ਇਹ ਮੈਲ ਤਾਂ ਸਿਮਰਨ ਨਾਲ ਹੀ ਉਤਰਦੀ ਹੈ। ਸਚ ਨਾਲ ਜੁੜ ਕੇ ਸੁਚ ਪ੍ਰਾਪਤ ਹੁੰਦੀ ਹੈ ਤੇ ਸਚ ਨਾਲ ਜੁੜਣ ਲਈ ਸ਼ਬਦ ਦਾ ਸਿਮਰਨ ਜ਼ਰੂਰੀ ਹੈ।

ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥ ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥ ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥ ਗੁਰਮੁਖਿ ਨਿਜ ਘਰਿ ਵਾਸਾ ਹੋਇ ॥ ਗੁਰਮੁਖਿ ਜੋਗੀ ਜੁਗਤਿ ਪਛਾਣੈ ॥ ਗੁਰਮੁਖਿ ਨਾਨਕ ਏਕੋ ਜਾਣੈ ॥ ੬੯ ॥ ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥ ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥ ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥ ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥ ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥ ੭੦ ॥ ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥ ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥ ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥ ਗੁਰਮੁਖਿ ਦਰਗਹ ਨ ਆਵੈ ਹਾਰਿ ॥ ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥ ਨਾਨਕ ਗੁਰਮੁਖਿ ਸਬਦਿ ਪਛਾਣੈ ॥ ੭੧ ॥ ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥ ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥ ੭੨ ॥

ਅਹਿਰਣ ਮਤਿ ਵੇਦ ਹਥਿਆਰ॥

ਅਪਣੀ ਮਤਿ ਨੂੰ ਅਹਿਰਣ ਬਣਾਉਣਾ ਹੈ ਤੇ ਉਸ ਉਪਰ ਸ਼ਬਦ ਦਾ ਹਥੌੜਾ ਵਰਤਣਾ ਹੈ। ‘ਵਾਹਿਗੁਰੂ, ਵਾਹਿਗੁਰੂ’ ਕਰਦੇ ਜਾਉ ਤਾਂ ਦੁਨੀਆਂ ਦੀ ਖਿਚ, ਕਾਮ ਕ੍ਰੋਧ, ਲੋਭ ਮੋਹ ਅਹੰਕਾਰ ਦੀ ਖਿਚ ਮਰ ਜਾਵੇਗੀ ਤੇ ਪਰਮਾਤਮਾਂ ਦੀ ਖਿਚ ਪੈਣ ਲਗ ਜਾਵੇਗੀ। ਇਸ ਖਿਚ ਨੂੰ ਹੋਰ ਪੀਡਾ ਕਰਨ ਲਈ ਖਰਾ ਕਰਨਾ ਹੈ ਜਿਸ ਲਈ ਤਪ ਜ਼ਰੂਰੀ ਹੈ। ਪਰਮਾਤਮਾ ਦਾ ਭਉ ਦੇ ਕੇ ਸੁਰਤੀ ਦੇ ਬਚੇ ਨੂੰ ਉਸ ਵਲ ਜੋੜੀ ਰਖਣਾ ਹੈ।

ਭਉ ਖਲਾ ਅਗਨ ਤਪ ਤਾਉ॥

ਸ਼ਬਦ ਦੇ ਹਥੌੜੇ ਨਾਲ ਨਾਮ ਜਪਦੇ ਜਪਦੇ ਪਖੇ ਦੀ ਹਵਾ ਨਾਲ ਉਸ ਨਾਲ ਜੁੜਣ ਦੀ ਅਗ ਨੂੰ ਤਪਾਈ ਜਾਣਾ ਹੈ, ਉਸ ਵਲ ਖਿਚ ਵਧਾਈ ਜਾਣਾ ਹੈ।ਉਸ ਸੁਰਤੀ ਜਿਸ ਵਿਚੋਂ ਤਪ ਨਾਲ ਮੈਲ ਨਿਕਲ ਗਈ ਉਹ ਸੁਚੀ ਹੋ ਗਈ। ਇਹੋ ਸੁਚੀ ਆਤਮਾ ਪਰਮਾਤਮਾ ਦੇ ਵਾਸੇ ਲਈ ਉਤਮ ਹੁੰਦੀ ਹੈ।

ਭਾਂਡਾ ਭਾਉ ਅੰਮ੍ਰਿਤ ਤਿਤੁ ਢਾਲਿ॥

ਜਦ ਮਨ ਵਿਚ ਪ੍ਰਮਾਤਮਾ ਪ੍ਰਾਪਤੀ ਦੀ ਇਛਾ ਜਾਗਦੀ ਹੈ ਅਤੇ ਪਵਨ ਦੀ ਧਾਰਾ ਅੰਦਰ ਨੂੰ ਗਤੀ ਕਰਨ ਲਗ ਪੈਂਦੀ ਹੈ। ਇੰਦਰੀਆਂ ਅੰਦਰਮੁਖੀ ਹੋਣ ਲਗ ਪੈਂਦੀਆਂ ਹਨ ਉਸ ਵੇਲੇ ਸੁਖਮਨਾ ਧਾਰਾ ਵਿਚ ਅਪਣੇ ਅਰਥ ਵਿਚ ਜਾਗਿਆ ਹੋਇਆ ਸ਼ਬਦ ਸੁਰਤ ਨੂੰ ਅਪਣੇ ਪਿਛੇ ਖਿਚ ਲੈਂਦਾ ਹੈ। ਸ਼ਬਦ ਵਿਚ ਸੁਰਤਿ ਲੀਨ ਹੋਣ ਲਗ ਪੈਂਦੀ ਹੈ ਸ਼ਬਦ ਤੇ ਸੁਰਤਿ ਦੇ ਸੁਮੇਲ ਸਦਕਾ ਸਾਧਕ ਪਰਮ ਤਤ ਨੂੰ ਪ੍ਰਾਪਤ ਕਰਕੇ ਮੁਕਤ ਹੋ ਜਾਂਦਾ ਹੈ।

ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ। ਇਸੁ ਮਟਕੀ ਮਹਿ ਸਬਦੁ ਸੰਜੋਈ।
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ। ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ। (ਆਸਾ ਕਬੀਰ ਪੰਨਾ ੪੭੮)

ਸ਼ਬਦ ਸੁਰਤ ਦਾ ਸੰਗਮ ਆਸਾਨ ਕੰਮ ਨਹੀਂ ਕਿਉਂਕਿ ਸ਼ਬਦ ਦੀ ਰਚਨਾ ਪਰਮਾਤਮਾ ਦੀ ਭਾਵਨਾ ਤੇ ਧਿਆਨ ਤੋਂ ਬਿਨਾ ਸੰਭਵ ਨਹੀਂ ਦੂਜੇ ਮਨ ਵੀ ਇੰਦਰਿਆਂ ਨਾਲ ਬੰਨਿਆਂ ਹੋਣ ਕਰਕੇ ਖਾਸ ਕਰਕੇ ਜੀਭ ਨਾਲ ਜੁੜੇ ਹੋਣ ਕਰਕੇ ਪੂਰੀ ਗਤੀ ਨਹੀਂ ਫੜਦਾ। ਤੀਜੇ ਪ੍ਰਾਣਾਂ ਦੀ ਧਾਰਾ ਦਾ ਵੇਗ ਬਾਹਰ ਦੇ ਵਿਸ਼ਿਆਂ ਵਲ ਜ਼ਿਆਦਾ ਅਹੁਲਦਾ ਹੈ।ਇਸ ਲਈ ਮਨ ਨੂੰ ਇੰਦਰੀਆਂ ਤੋਂ ੳਪਰ ਉਠਣਾ ਹੈ ਤੇ ਬਾਹਰ ਦੇ ਵਿਸ਼ਿਆਂ ਵਲ ਜਾਣੋਂ ਪੂਰੀ ਤਰ੍ਹਾਂ ਕਾਬੂ ਕਰਨਾ ਹੈ।ਇਸ ਦਾ ਭਾਵ ਸੁਰਤ ਨੂੰ ਸਾਰੇ ਬੰਧਨਾਂ ਤੋਂ ਮੁਕਤ ਰਖਣਾ ਹੈ।ਬਾਹਰਮੁਖੀ ਪ੍ਰਭਾਵਾਂ ਤੋਂ ਦੂਰ ਅੰਤਰਮੁਖੀ ਕਰਨਾ ਹੈ, ਸਥੂਲ ਤੋਂ ਸੂਖਮ ਵਲ ਲਿਜਾਣਾ ਹੈ। ਜਦ ਸੁਰਤਿ ਸਥੂਲ ਤੋਂ ਸੂਖਮ ਵਿਚ ਦਾਖਲ ਹੁੰਦੀ ਹੈ ਤਾਂ ਬੁਧ ਤੇ ਪੂਰੇ ਮਾਨਸਿਕ ਜਾਪ ਦੀ ਸ਼ੁਰੂਆਤ ਹੋ ਜਾਂਦੀ ਹੈ।ਮਨ ਦਾ ਫੈਲਾਅ ਅਥਾਹ ਹੈ। ਜਿਸ ਵੇਲੇ ਸੁਰਤ ਮਨ ਦੇ ਖੇਤਰ ਵਿਚ ਦਾਖਿਲ ਹੋ ਕੇ ਨਾਮ ਉਚਾਰਣ ਦੀ ਸਮਰਥਾ ਪ੍ਰਾਪਤ ਕਰ ਲੈਂਦੀ ਹੈ ਉਸ ਵੇਲੇ ਨਾਮ ਦੇ ਅਰਥ ਦਾ ਕੁਝ ਭਾਵ ਵੀ ਮਨ ਵਿਚ ਕੇ ਝਲਕੀਆਂ ਪ੍ਰਗਟ ਕਰਨ ਲਗ ਪੈਂਦਾ ਹੈ।ਨਾਮ ਦੀਆਂ ਟਣਕਾਰਾਂ ਮਨ ਵਿਚ ੳਨੋਖੀ ਮਸਤੀ ਭਰ ਕੇ ਅਲੌਕਿਕ ਨਜ਼ਾਰਿਆ ਦ ਦਰਸ਼ਨ ਕਰਵਾਉਣ ਲਗ ਪੈਂਦੀਆ ਹਨ। ਮਨ ਨੂੰ ਇਕਗਰ ਤੇ ਸ਼ਾਂਤ ਰਖਣ ਦੀ ਅਵਸਥਾ ਆ ਜਾਵੇਗੀ।

ਸੁਣਿਐ ਲਾਗੈ ਸਹਜਿ ਧਿਆਨ।(ਜਪੁਜੀ) ਦੀ ਅਵਸਥਾ ਹੋ ਜਾਂਦੀ ਹੈ। ਵਿਕਾਰਾਂ ਨਾਲੋਂ ਨਾਤਾ ਟੁਟਣ ਦਾ ਅਨੁਭਵ ਵੀ ਹੋਵੇਗਾ।ਨਾਮ ਨਾਲ ਮਨੋਂ ਜੁੜਣ ਨਾਲ ਸਹਿਜ ਧਿਆਨ ਲਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਬਿਖਰੀ ਤੇ ਅੰਨ੍ਹੀ ਸੁਰਤ ਵਿਚ ਨਾਮ ਦੀ ਜੋਤ ਜਗ ਜਾਣ ਕਾਰਣ ਪਰਮਾਤਮਾ ਪ੍ਰਾਪਤੀ ਦਾ ਸੁਖਮਨਾ ਮਾਰਗ ਮਿਲ ਗਿਆ।ਨਾਮ ਦਾ ਰੰਗ ਚੜ੍ਹ ਗਿਆ ਪਾਪਾਂ ਦੇ ਸੰਸਕਾਰ ਸਭ ਧੋਤੇ ਗਏ:

ਭਰੀਐ ਮਤਿ ਪਾਪਾਂ ਕੈ ਸੰਗਿ। ਓਹੁ ਧੋਪੈ ਨਾਵੈ ਕੈ ਰੰਗਿ। (ਜਪੁ ਜੀ)

ਧਿਆਨ ਵੇਲੇ ਵਿਸ਼ੇ ਵਾਸ਼ਨਾਵਾਂ ਤੇ ਪੁਰਾਣੇ ਪਾਪੀ ਸੰਸਕਾਰ ਬਖੇੜਾ ਖੜਾ ਕਰ ਸਕਦੇ ਹਨ ਪਰ ਸੁਰਤਿ ਨੂੰ ਟਿਕਾਉਣ ਲਈ ਨਾਮ ਦੀ ਹੋਰ ਕਰੜੀ ਸਾਧਨਾ ਦੀ ਲੋੜ ਪੈਂਦੀ ਹੈ ਜਿਸ ਨਾਲ ਸੁਰਤਿ ਪਹਿਲਾਂ ਨਾਲੋਂ ਵੀ ਸ਼ਾਂਤ ਹੋ ਕੇ ਗਹਿਰੇ ਸੂਖਮ ਮੰਡਲਾਂ ਵਿਚ ਦਾਖਿਲ ਹੋ ਜਾਵੇ।ਸ਼ਬਦ-ਸੁਰਤਿ ਸੰਯੋਗ ਪ੍ਰਵਿਰਤੀ ਦਾ ਮਾਰਗ ਹੈ। ਗ੍ਰਹਿਸਥੀ ਨਹੀਂ ਵਿਕਾਰ ਤਿਆਗਣੇ ਹਨ, ਮੋਹ, ਮਾਇਆ, ਮਮਤਾ, ਬਾਦ ਹੰਕਾਰ, ਲੋਭ ਲਾਲਚ ਤਿਆਗਣੇ ਹਨ (ਕੰਗ, ਸ਼ਬਦ ਦਾ ਸੰਕਲਪ, ਪੰਨਾ ੧੯੭)

ਇਸ ਤਰ੍ਹਾਂ ਜਪ ਸ਼ੁਰੂ ਹੋਣ ਪਿਛੋਂ ਸ਼ਬਦ ਗੁਰੂ ਅਤੇ ਸੁਰਤ ਚੇਲੇ ਦਾ ਆਪਸ ਵਿਚ ਮੇਲ ਹੋ ਜਾਂਦਾ ਹੈ। ਇਸ ਅਵਸਥਾ ਵਿਚ ਸ਼ਬਦ ਚੇਤੰਨ ਹੋ ਜਾਂਦਾ ਹੈ ਅਤੇ ਗੁਰੂ ਬਣ ਕੇ ਸੁਰਤ ਨੂੰ ਚੇਲਾ ਬਣਾਕੇ ਅਪਣੇ ਨਾਲ ਹੋਰ ਵੀ ਸੂਖਮ ਸਤਰਾਂ ਵਿਚ ਲੈ ਜਾਂਦਾ ਹੈ।

ਜਦ ਤਕ ਸੁਰਤ ਸਥੂਲ ਤੋਂ ਉਪਰ ਉਠ ਕੇ ਸੂਖਮ ਮਨ ਦੇ ਖੇਤਰ ਵਿਚ ਪ੍ਰਵੇਸ਼ ਨਹੀ ਹੋ ਜਾਂਦੀ ਤਦ ਤਕ ਸ਼ਬਦ ਦਾ ਸਹੀ ਅਰਥ ਪਰਗਟ ਹੋਣਾ ਸੰਭਵ ਨਹੀ ਹੈ। ਸਰੀਰਾਂ ਵਿਚ ਸੁਭਾਵਿਕ ਜੜ੍ਹ ਪਿਥਵੀ ਅਤੇ ਜਲ ਤਤਾਂ ਦੀ ਪ੍ਰਧਾਨਤਾ ਹੋਣ ਕਰਕੇ ਵਿਵੇਕ ਤੇ ਵੈਰਾਗ ਵਾਲੀ ਸੂਖਮ ਬੁਧ ਕਿਸੇ ਵਿਰਲੇ ਦੀ ਹੀ ਹੋਵੇਗੀ।

ਸ਼ੁਧ ਅਤੇ ਪੂਰੇ ਮਾਨਸਿਕ ਜਪ ਵਿਚ ਇਤਨੀ ਜ਼ਿਆਦਾ ਸ਼ਕਤੀ ਜਾਗ ਪੈਂਦੀ ਹੈ ਕਿ ਅੰਤਰਮੁਖੀ ਸੁਰਤ ਵਿਚ ਧਿਆਨ ਦੀ ਧਾਰਾ ਵਗਣ ਲਗ ਪੈਂਦੀ ਹੈ। ਸਾਰੇ ਵਿਘਨਾਂ ਤੋਂ ਮੁਕਤ ਹੋ ਸਾਨੂੰ ਨਾਮ ਧਾਰਾ ਸਮਾਧੀ ਮੰਡਲ ਵਿਚ ਸਹਿਜ ਹੀ ਪ੍ਰਵੇਸ਼ ਕਰਵਾ ਦਿੰਦੀ ਹੈ। (ਕੰਗ, ਸ਼ਬਦ ਦਾ ਸੰਕਲਪ, ਪੰਨਾ ੫੫੩-੫੩੫)

ਪਹਿਲਾਂ ਪਰਮਾਤਮਾ ਦਾ ਭਉ ਜਿਸ ਵਿਚੋਂ ਤਪ ਕੀਤਿਆ ਉਸ ਨਾਲ ਭਾਉ ਜਾਗਦਾ ਹੈ। ਜੋ ਸੁਰਤੀ ਸੁਚੀ ਹੋ ਜਾਦੀ ਹੈ, ਪਰਮਾਤਮਾ ਦੇ ਪਿਆਂਰ ਨਾਲ ਗੜੂੰਦੀ ਹੁੰਦੀ ਹੈ।ਇਸ ਪਿਆਰ ਸਦਕਾ ਉਸ ਦੇ ਅੰਦਰ ਦੇ ਅੰਮ੍ਰਿਤ ਦਾ ਫੁਹਾਰਾ ਫੁਟ ਪੈਂਦਾ ਹੈ। ਪਰਮਾਤਮਾ ਦੇ ਪਿਆਰ ਨਾਲ ਉਸ ਨੂੰ ਅਪਣੇ ਨਾਲ ਜੁੜੇ ਪਾਉਣਾ, ਅੰਦਰ ਸ਼ਾਂਤ ਹੋਇਆ ਮਹਿਸੂਸ ਕਰਨਾ, ਅਨੰਦ ਹi ਅਨੰਦ ਦੀ ਅਨੁਭੂਤੀ, ਇਸ ਤਰ੍ਹਾਂ ਇਹ ਸਭ ਉਸ ਨਾਲ ਜੁੜੀ ਸੁਰਤੀ ਸਦਕਾ ਹੋਇਆ।ਅਪਣਾ ਕੁਝ ਨਾ ਰਿਹਾ ਸਭ ਵਾਹਿਗੁਰੂ ਦਾ ਹੋ ਗਿਆ. ਆਤਮਾ ਪ੍ਰਮਾਤਮਾਂ ਨਾਲ ਜਾ ਜੁੜੀ।

ਜੋ ਜੋਗੀ ਗੁਰੁ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ॥(ਰਾਮਕਲੀ ਮ: ੩, ਪੰਨਾ ੯੦੯)

ਇਥੇ ਜੋਗੀ ਤੋਂ ਭਾਵ ਗੁਰਮੁਖ ਹੈ ਜੋ ਸ਼ਬਦ ਸੁਰਤਿ ਦਾ ਯੋਗ ਬਣਾਉਂਦਾ ਹੈ ।

ਗੁਰਪ੍ਰਸਾਦੀ ਤ੍ਰਿਕੁਟੀ ਛੂਟੇ ਚਉਥੇ ਪਦ ਲਿਵ ਲਾਈ।(ਰਾਮਕਲੀ ਮ:੩, ਪੰਨਾ ੯੦੯)

ਅਪਣੀ ਸੁਰਤੀ ਜਦੋਂ ਅਪਣੇ ਅੰਦਰ ਹੀ ਉਸਨੂੰ ਮਹਿਸੂਸ ਕਰੇ ਤੇ ਉਹਦੇ ਨਾਲ ਹੀ ਇਕ ਮਿਕ ਹੋ ਜਾਵੇ ਇਹੋ ਅਮਰ ਪਦ ਹੈ। ਪਰਮਾਤਮਾ ਨੇ ਆਤਮਾ ਨੂੰ ਮਨਜ਼ੂਰ ਕਰ ਲਿਆ ਜਿਸ ਲਈ ਜਪੁਜੀ ਸਲੋਕ ਵਿਚ ਫੁਰਮਾਇਆ ਹੈ

ਜਿਨੀ ਨਾਮ ਧਿਆਇਆ ਗਏ ਮਸਕਤਿ ਘਾਲਿ। ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥(ਜਪੁਜੀ,ਪੰਨਾ ੮)
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.