.


11/19/17
ਮੇਜਰ ਸਿੰਘ ਬੁਢਲਾਡਾ

‘ਅਕਾਲ ਤਖਤ' ਦੇ ਜਥੇਦਾਰ’
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਣ ਕੱਚੇ,
ਸਾਡੇ 'ਅਕਾਲ ਤਖਤ' ਦੇ ਜਥੇਦਾਰ ਭਾਈ !
ਇਹ ‘ਗੁਰੂ ਸਾਹਿਬ’ ਦੀ ਘੱਟ ਹੀ ਮੰਨਦੇ ਨੇ,
ਜਿਆਦਾ ਮੰਨਦੇ ਜਿਹਦੇ ਤਨਖ਼ਾਹਦਾਰ ਭਾਈ!
ਇਹਨਾਂ ਦੇ ਸੱਪ ਬਣਕੇ ਹਿੱਕ ਤੇ ਮੇਲ੍ਹਦੇ ਨੇ,
ਜੋ ‘ਤੱਤ ਗੁਰਮਤਿ’ ਦਾ ਕਰਨ ਪ੍ਰਚਾਰ ਭਾਈ!
ਜੋ ਝੁਕੇ ਨਾ ਇਹਨਾਂ ਦੇ ਦਰ ਆਕੇ,
ਮੇਜਰ ਕਰ ਦਿੰਦੇ ਸਿੱਖੀ 'ਚੋ ਬਾਹਰ ਭਾਈ!
ਮੇਜਰ ਸਿੰਘ ਬੁਢਲਾਡਾ
94176 42327

*******************
‘ਲੀਡਰ ਸੁਧਰ ਜਾਣ ਜੇਕਰ’
ਲੀਡਰ ਦੇਸ਼ ਦੇ ਸੁਧਰ ਜਾਣ ਜੇਕਰ ,
ਫਿਰ ਲੋਕਾਂ 'ਚ ਹੋਜੇ ਸੁਧਾਰ ਇੱਥੇ !
ਇਕ ਨੰਬਰ ਤੇ ਆਜੇ ਦੇਸ਼ ਸਾਡਾ,
ਪਵੇ ਕਿਸੇ ਦੇ ਤਾਈਂ ਨਾ ਮਾਰ ਇੱਥੇ!
ਹਰ ਇਕ ਦੀ ਹੋਜੇ ਲੋੜ ਪੂਰੀ,
ਰਹੇ ਕਿਸੇ ਦੇ ਉਤੇ ਨਾ ਭਾਰ ਇੱਥੇ!
ਮੇਜਰ ਹਰ ਚਿਹਰਾ ਖੁਸ਼ ਨਜਰ ਆਵੇ,
ਜੇ ਲੀਡਰ ਚੱਲ ਪੈਣ ਕਰਨ ਉਪਕਾਰ ਇੱਥੇ!
ਮੇਜਰ ਸਿੰਘ ਬੁਢਲਾਡਾ
94176 42327


11/19/17
ਗਿਆਨੀ ਅਵਤਾਰ ਸਿੰਘ

ਗਾਵਹਿ, ਖੰਡ ਮੰਡਲ ਵਰਭੰਡਾ.. ॥


ਗਿਆਨੀ ਅਵਤਾਰ ਸਿੰਘ-94650-40032


ਹਥਲੇ ਲੇਖ ਦਾ ਵਿਸ਼ਾ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ‘ਜਪੁ’ ਬਾਣੀ ਦੀ 27ਵੀਂ ਪਉੜੀ ਤੋਂ ਇਲਾਵਾ ‘ਸੋ ਦਰੁ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 9 ਅਤੇ 347 ਉੱਤੇ ‘‘ਗਾਵਨਿ ਤੁਧ ਨੋ, ਖੰਡ ਮੰਡਲ ਬ੍ਰਹਮੰਡਾ.. ॥ (ਸੋ ਦਰੁ/ ਆਸਾ/੯), ਗਾਵਨਿ੍ ਤੁਧ ਨੋ, ਖੰਡ ਮੰਡਲ ਬ੍ਰਹਮੰਡਾ.. ॥’’ (ਆਸਾ/ ਸੋ ਦਰੁ/੩੪੭) ਰੂਪ ਵਿੱਚ ਵੀ ਸੁਸ਼ੋਭਿਤ ਹਨ। ਲਗਭਗ ਸਾਰੇ ਹੀ ਟੀਕਾਕਾਰਾਂ ਨੇ ਇਨ੍ਹਾਂ ਪਾਵਨ ਪੰਕਤੀਆਂ ਦੇ ਅਰਥ ਕੀਤੇ ਹਨ ਕਿ ‘ਖੰਡ, ਮੰਡਲ, ਬ੍ਰਹਿਮੰਡ’ ਅਕਾਲ ਪੁਰਖ ਨੂੰ ਗਾਉਂਦੇ ਹਨ ਭਾਵ ਉਸ ਦੇ ਹੁਕਮ ਵਿੱਚ ਵਿਚਰਦੇ ਹਨ।

ਸਵਾਲ ਪੈਦਾ ਹੁੰਦਾ ਹੈ ਕਿ ਹਰ ਗੁਰੂ ਘਰ ਵਿੱਚ ਅੰਮਿ੍ਰਤ ਵੇਲ਼ੇ ਤੋਂ ਲੈ ਕੇ ਦੇਰ ਰਾਤ ਤੱਕ ਸੰਗਤਾਂ ਗੁਰਬਾਣੀ ਨੂੰ ਭਿੰਨ-ਭਿੰਨ ਰਚਨਾਵਾਂ ਰਾਹੀਂ ਗਾਉਂਦੀਆਂ ਹਨ, ਬਾਣੀ ਨੂੰ ਉਚਾਰਦੀਆਂ ਹਨ, ਜੋ ਕਿ ਕਰਤਾਰ ਦੀ ਉਸਤਤ ਕਰਨਾ ਹੈ। ਕੀ ਇਸ (ਗਾਉਣ) ਦਾ ਮਤਲਬ ਵੀ ਇਹ ਮੰਨ ਲਿਆ ਜਾਏ ਕਿ ਉਹ ਸਾਰੇ ਹੀ ਹੁਕਮ ਵਿੱਚ ਚੱਲਦੇ ਹਨ ਕਿਉਂਕਿ ਵਿਚਾਰ ਅਧੀਨ ਤੁਕ ’ਚ ‘ਗਾਉਣ’ ਤੋਂ ਭਾਵ ‘ਹੁਕਮ ਵਿੱਚ ਚੱਲਣਾ’ ਕੀਤਾ ਜਾਂਦਾ ਹੈ ? ਮੇਰੇ ਕਹਿਣ ਦਾ ਮਤਲਬ ਹੈ ਕਿ ‘ਗਾਉਣਾ’ ਰੂਹਾਨੀਅਤ ਜੀਵਨ ਦਾ ਪਹਿਲਾ ਪੜਾਅ ਹੈ ਜਦ ਕਿ ‘ਹੁਕਮ ਵਿੱਚ ਚੱਲਣਾ’ ਅੰਤਿਮ ਪੜਾਅ ਜਾਂ ਮੰਜ਼ਿਲ ਪ੍ਰਾਪਤੀ, ਇਸ ਲਈ ‘ਪਹਿਲੇ ਪੜਾਅ’ ਦਾ ਭਾਵਾਰਥ ‘ਅੰਤਲੇ ਪੜਾਅ’ ਵੱਲ ਕਿਵੇਂ ਕੀਤਾ ਜਾ ਸਕਦਾ ਹੈ ?

‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸਵਾਲ ਹੈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥’’, ਜਿਸ ਦਾ ਜਵਾਬ ਵੀ ਨਾਲ਼ ਹੀ ਦਿੱਤਾ ਗਿਆ ਕਿ ‘‘ਹੁਕਮਿ ਰਜਾਈ ਚਲਣਾ.. ॥’’ ਭਾਵ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਕੇ ‘ਕੂੜ ਦੀ ਕੰਧ’ ਢਹਿ ਜਾਂਦੀ ਹੈ ਤੇ ‘ਸਚਿਆਰ ਜੀਵਨ’ ਬਣ ਜਾਂਦਾ ਹੈ।

ਅਗਰ ਹੁਕਮ ਵਿੱਚ ਚੱਲ ਕੇ ‘ਸਚਿਆਰ’ ਜੀਵਨ ਬਣਦਾ ਹੈ ਤਾਂ ਹੁਕਮ ਵਿੱਚ ਚੱਲਣ ਵਾਲ਼ਿਆਂ (ਸਚਿਆਰਾਂ) ਦਾ ਸਤਿਕਾਰ ਵੀ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਕੁਝ ਅਜਿਹਾ ਹੀ ਬਿਆਨ ਕਰ ਰਹੇ ਹਨ ‘‘ਹਉ ਤਿਨ ਕੈ ਬਲਿਹਾਰਣੈ; ਦਰਿ+ਸਚੈ (’ਤੇ) ਸਚਿਆਰ ॥’’ (ਮ: ੧/੫੫) ਭਾਵ ਜੋ ਅਕਾਲ ਪੁਰਖ ਦੇ ਪਰਖ ਨਿਰਣੇ ਉੱਤੇ ਸਚਿਆਰ ਹੁੰਦੇ ਹਨ, ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹੈ ਕਿਉਂਕਿ ਇਸੇ ਜੀਵਨ ਮਨੋਰਥ ਦੀ ਵਿਆਖਿਆ ਤੇ ਪ੍ਰਾਪਤੀ ਕਰਵਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਮਨੁੱਖਾ ਜੀਵਨ ਧਾਰਨ ਕਰਨਾ ਪਿਆ ਸੀ।

ਜਦ ਹੁਕਮ ਵਿੱਚ ਚੱਲਣ ਵਾਲ਼ਾ ‘ਸਚਿਆਰ’ ਹੈ ਤਾਂ ‘ਖੰਡ ਮੰਡਲ ਵਰਭੰਡ’ ਦਾ ਪ੍ਰਚਲਿਤ ਭਾਵਾਰਥ ਹੁਕਮ ਵਿੱਚ ਚੱਲਣਾ, ਸਵੀਕਾਰ ਕਰ ਕੇ ਇਨ੍ਹਾਂ (ਖੰਡ, ਮੰਡਲ, ਵਰਭੰਡਾ) ਨੂੰ ਵੀ ‘ਸਚਿਆਰ’ ਮੰਨਣਾ ਪਵੇਗਾ, ਜਿਸ ਕਾਰਨ ਇਨ੍ਹਾਂ ਦਾ ਸਤਿਕਾਰ ਕਰਨਾ ਵੀ ਬਣਦਾ ਹੈ ਭਾਵ ਇਨ੍ਹਾਂ ਦੇ ਰੁਤਬੇ ਤੋਂ ਮਨੁੱਖ ਨੂੰ ਪ੍ਰਭਾਵਤ ਹੋਣਾ ਚਾਹੀਦਾ ਹੈ ਜਦ ਕਿ ‘ਸੋ ਦਰੁ’ ਸ਼ਬਦ ਨੂੰ ਗੁਰਬਾਣੀ ਵਿੱਚ ਤਿੰਨ ਵਾਰ ਦਰਜ ਕਰਨਾ ਅਤੇ ਸੁਬ੍ਹਾ-ਸ਼ਾਮ (ਜਪੁ ਤੇ ਰਹਰਾਸਿ) ਰਾਹੀਂ ਨਿਤਨੇਮ ਦਾ ਭਾਗ ਬਣਾਉਣ ਦਾ ਮਨੋਰਥ, ਲੁਕਾਈ ਨੂੰ ਇਨ੍ਹਾਂ ਦੇ ਕਾਲਪਨਿਕ ਪ੍ਰਭਾਵ ਤੋਂ ਮੁਕਤ ਕਰਵਾਉਣਾ ਸੀ, ਜੋ ਆਦਿ ਕਾਲ ਤੋਂ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ’ਚ ਪੂਜਦੇ ਆ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਕਾਲਪਨਿਕ ਸ਼ਕਤੀਆਂ ਦੇ ਮੁਕਾਬਲੇ ਵੱਡੀ ਲਕੀਰ ਖਿੱਚੀ ਹੈ ਕਿ ਅਕਾਲ ਪੁਰਖ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਨਾਸ਼ ਕਰਨ ਵਾਲ਼ਾ ਹੈ, ਜਿਸ ਦੇ ਅਧੀਨ ਇਹ ਸਭ ਵਿਚਰਦੇ ਵਿਖਾਏ ਗਏ ਤੇ ‘ਅਕਾਲ ਪੁਰਖ’ ਰੂਪ ਸ਼ਕਤੀ ਪ੍ਰਥਾਇ ਵਚਨ ਕੀਤਾ ਕਿ, ‘‘ਗਾਵਹਿ ਤੁਹ ਨੋ ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ-ਧਰਮੁ, ਦੁਆਰੇ ॥, ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥, ਗਾਵਹਿ ਈਸਰੁ ਬਰਮਾ ਦੇਵੀ.. ॥, ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥, ਗਾਵਹਿ ਸਿਧ ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥, ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ ॥, ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥’’, ਆਦਿ; ਤਾਂ ’ਤੇ ਇਨ੍ਹਾਂ ਸਭ ਪੰਕਤੀਆਂ ਦਾ ਭਾਵਾਰਥ ਇਉਂ ਲੈਂਣਾ ਚਾਹੀਦਾ ਹੈ ਕਿ ‘ਹਵਾ, ਪਾਣੀ, ਅੱਗ, ਆਦਿ ਤੱਤ, ਧਰਮਰਾਜ, ਚਿੱਤ੍ਰ-ਗੁਪਤ, ਸ਼ਿਵ, ਬ੍ਰਹਮਾ, ਸਭ ਦੇਵੀਆਂ, ਦੇਵਤਿਆਂ ਸਮੇਤ ਇੰਦਰ, ਪੂਰਨ ਕਰਾਮਾਤੀ ਯੋਗੀ, ਸੂਰਮੇ ਰਾਜੇ-ਯੋਧੇ, ਆਦਿਕ, ਧਰਤੀ ਦੀ ਰਚਨਾ (ਚਾਰੇ ਖਾਣੀਆਂ), ਬ੍ਰਹਿਮੰਡ ’ਚ ਖੰਡ, ਮੰਡਲ ਤੇ ਵਰਭੰਡਾ, ਆਦਿ ਸਾਰੇ ਹੀ ਕਰਤਾਰ ਦੀ ਸ਼ਕਤੀ ਦੇ ਅਧੀਨ ਵਿਚਰਦੇ ਹਨ, ਇਸ ਲਈ ਇਨ੍ਹਾਂ ਨੂੰ ਮੂਲ ਸ਼ਕਤੀ (ਰੱਬ) ਮੰਨ ਕੇ ਇਨ੍ਹਾਂ ਤੋਂ ਪ੍ਰਭਾਵਤ ਹੋਣਾ ਵਿਅਰਥ ਹੈ। ਗੁਰਮਤਿ ਦੇ ਇਨ੍ਹਾਂ ਭਾਵਾਰਥਾਂ ਦੇ ਮੁਕਾਬਲੇ ‘ਗਾਵਹਿ ਖੰਡ ਮੰਡਲ ਵਰਭੰਡਾ’ ਦਾ ਪ੍ਰਚਲਿਤ ਭਾਵਾਰਥ ਕਿ ‘ਹੁਕਮ ਵਿੱਚ ਚੱਲਦੇ ਹਨ’, (ਜੋ ਕਿ ‘‘ਕਿਵ ਕੂੜੈ ਤੁਟੈ ਪਾਲਿ ?॥’’ ਦਾ ਜਵਾਬ ਪ੍ਰਤੀਤ ਹੁੰਦਾ ਹੈ) ਵਿੱਚ ਭਿੰਨਤਾ ਰੱਖੀ ਜਾ ਸਕਦੀ ਹੈ।

ਦੂਸਰਾ ਪੱਖ ਵੀ ਵਿਚਾਰਨਯੋਗ ਹੈ ਕਿ ਜਦ ਸਾਰੀ ਕਾਇਨਾਤ (ਬ੍ਰਹਿਮੰਡ) ਹੁਕਮ ਵਿੱਚ ਵਿਚਰਦੀ ਹੈ ਤਾਂ ਇਨ੍ਹਾਂ ਨੂੰ ਹੁਕਮ ਵਿੱਚ ਚੱਲਦੇ, ਨਾ ਮੰਨਣਾ ਕਿੱਥੋਂ ਤੱਕ ਸਹੀ ਹੈ ? ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ)

ਅਜੋਕੇ ਕੁਝ ਸਿੱਖ ਪ੍ਰਚਾਰਕ ਮਨਮੁਖ ਤੇ ਕਰਮਕਾਂਡੀ ਦਾ ਕਿਰਦਾਰ ਵੇਖ ਇਨ੍ਹਾਂ ਨੂੰ ਰੱਬੀ ਹੁਕਮ ਵਿੱਚ ਚੱਲਦਾ ਨਹੀਂ ਸਵੀਕਾਰਦੇ, ਜਿਸ ਕਾਰਨ “ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥” ਤੁਕ ਦੇ ਭਾਵਾਰਥ ਕਰਦੇ ਹਨ ਕਿ ‘ਰੱਬੀ ਹੁਕਮ ਵਿੱਚ ਚੱਲਣ ਵਾਲ਼ਾ ਸੁੱਖੀ ਜੀਵਨ ਬਤੀਤ ਕਰਦਾ ਹੈ ਜਦ ਕਿ ‘ਬਾਹਰਿ ਹੁਕਮ’ ਵਾਲ਼ਾ ਮਨਮੁਖੀ ਤੇ ਕਰਮਕਾਂਡੀ ਦੁੱਖੀ ਰਹਿੰਦਾ ਹੈ।’ ਇਨ੍ਹਾਂ ਸੱਜਣਾਂ ਨੇ ‘ਦੁਖੀ-ਸੁਖੀ’ ਸ਼ਬਦ ਆਪਣੇ ਵੱਲੋਂ ਨਿਰਧਾਰਿਤ ਕੀਤੇ ਹਨ, ਜੋ ਕਿ ਸੰਬੰਧਿਤ ਤੁਕ ਵਿੱਚ ਨਹੀਂ ਅਤੇ ਇਸੇ ਪਉੜੀ ਦੀ ਪੰਕਤੀ ‘‘ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥’’ ਭਾਵ ਹੁਕਮ ਵਿੱਚ ਦੁੱਖ-ਸੁੱਖ ਪ੍ਰਾਪਤ ਹੁੰਦੇ ਹਨ, ਦਾ ਖੰਡਨ-ਮੰਡਨ ਕਰ ਆਪ ਹੀ ਮਨਮਤ ਦੇ ਧਾਰਨੀ ਹੋਣ ਦਾ ਸਬੂਤ ਦੇ ਜਾਂਦੇ ਹਨ।

ਚੱਲਦੇ ਪ੍ਰਸੰਗ ਨੂੰ ਸਮਝਣ ਤੋਂ ਪਹਿਲਾਂ ਮਨਮੁਖ ਤੇ ਕਰਮਕਾਂਡੀ ਸਮੇਤ ਹਰ ਵਸਤੂ ਰੱਬੀ ਹੁਕਮ ਵਿੱਚ ਚੱਲਦੀ ਹੈ, ਦੇ ਕੁਝ ਗੁਰਬਾਣੀ ਪ੍ਰਮਾਣ ਇਸ ਤਰ੍ਹਾਂ ਵੀ ਦਰਜ ਹਨ :

(ੳ). ਸਭਿ ਆਏ ਹੁਕਮਿ (’ਚ) ਖਸਮਾਹੁ (ਖ਼ਸਮ ਦਰ ਤੋਂ); ਹੁਕਮਿ (’ਚ) ਸਭ ਵਰਤਨੀ ॥ (ਮ: ੪/੭੨੩) ਭਾਵ ਖਸਮ ਦੇ ਦਰ ਤੋਂ ਸਾਰੇ ਉਸੇ ਦੇ ਹੁਕਮ ’ਚ ਆਏ (ਜੰਮੇ) ਹਨ ਤੇ ਹੁਕਮ ਵਿੱਚ ਵਿਚਰਦੇ ਹਨ।

(ਅ). ਸਭੇ ਸੁਰਤੀ ਜੋਗ ਸਭਿ; ਸਭੇ ਬੇਦ ਪੁਰਾਣ ॥ ਸਭੇ ਕਰਣੇ ਤਪ ਸਭਿ; ਸਭੇ ਗੀਤ ਗਿਆਨ ॥ ਸਭੇ ਬੁਧੀ ਸੁਧਿ ਸਭਿ; ਸਭਿ ਤੀਰਥ ਸਭਿ ਥਾਨ ॥ ਸਭਿ ਪਾਤਿਸਾਹੀਆ ਅਮਰ ਸਭਿ; ਸਭਿ ਖੁਸੀਆ ਸਭਿ ਖਾਨ ॥ ਸਭੇ ਮਾਣਸ ਦੇਵ ਸਭਿ; ਸਭੇ ਜੋਗ ਧਿਆਨ ॥ ਸਭੇ ਪੁਰੀਆ ਖੰਡ ਸਭਿ; ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ (’ਚ); ਕਰਮੀ ਵਹੈ ਕਲਾਮ (ਕਲਮ)॥ ਨਾਨਕ ! ਸਚਾ ਸਚਿ+ਨਾਇ (ਰਾਹੀਂ ਮਿਲਦਾ); ਸਚੁ ਸਭਾ ਦੀਬਾਨੁ ॥ (ਮ: ੧/੧੨੪੧), ਆਦਿ।

ਸੋ, ਅਸਾਂ ਨੂੰ ‘‘ਹੁਕਮਿ ਰਜਾਈ ਜੋ ਚਲੈ; ਸੋ ਪਵੈ ਖਜਾਨੈ ॥ ਖੋਟੇ ਠਵਰ ਨ ਪਾਇਨੀ; ਰਲੇ ਜੂਠਾਨੈ (ਝੂਠ ’ਚ)॥’’ (ਮ: ੧/੪੨੧) ਜਾਂ ‘‘ਹੁਕਮੀ ਆਇਆ, ਹੁਕਮੁ ਨ ਬੂਝੈ; ਹੁਕਮਿ (ਰਾਹੀਂ) ਸਵਾਰਣਹਾਰਾ ॥ (ਮ: ੧/੬੮੮), ਆਦਿ ਵਾਕਾਂ ਦਾ ਭਾਵਾਰਥ ਵਿਚਾਰਨਾ ਪਏਗਾ ਤਾਂ ਜੋ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥’’ ਦੇ ਜਵਾਬ ‘‘ਹੁਕਮਿ ਰਜਾਈ ਚਲਣਾ.. ॥’’ ਵਚਨ ਦੇ ਭਾਵਾਰਥ ’ਚ ਅੰਤਰ ਸਮਝ ਆ ਜਾਏ, ਜੋ ਕਿ ‘‘ਗਾਵਹਿ ਖੰਡ ਮੰਡਲ ਵਰਭੰਡਾ..॥’’ ਵਚਨ ਦੇ ਪ੍ਰਚਲਿਤ ਭਾਵਾਰਥ ਤੋਂ ਭਿੰਨ ਵੀ ਹੋਵੇਗਾ।

ਗੁਰਬਾਣੀ ਦੇ ਸਿਧਾਂਤ ਮੁਤਾਬਕ ਕਰਤਾਰ ਦੀ ਰਚਨਾ (ਭਾਵ ਕੁਦਰਤ) ਇੱਕ ਖੇਡ ਹੈ, ਇਸ ‘ਖੇਡ’ ਦੇ ਅਰਥ ਬੱਚੇ ਤੋਂ ਵਧ ਕੇ ਕੋਈ ਨਹੀਂ ਜਾਣਦਾ, ਜੋ ਆਪਣੀ ਖੇਡ ਰਾਹੀਂ ਦੋ ਨਕਲੀ ਪਾਤਰ ਬਣਾ ਯੁੱਧ ਕਰਦਾ-ਕਰਾਉਂਦਾ ਆਪਣੀ ਖੇਡ ਦੀ ਸਮਾਪਤੀ ਉਪਰੰਤ ਦੋਵੇਂ ਦੁਸ਼ਮਣ ਪਾਤਰਾਂ ਨੂੰ ਆਪਣੀ ਅਗਲੀ ਖੇਡ ਤੱਕ ਆਪਣੇ ਪਾਸ ਹੀ ਸੰਭਾਲ਼ ਕੇ ਰੱਖਦਾ ਹੈ। ਕੁਦਰਤ ਦਾ ਹਰ ਸੁਭਾਅ, ਇਸ ਦੇ ਮਾਲਕ (ਕਰਤਾਰ) ਦਾ ਸੁਭਾਅ ਹੁੰਦਾ ਹੈ, ਜਿਸ ਨੂੰ ਕਰਤਾਰ ਦੇ ਭਗਤ ਹੀ ਸਮਝ ਸਕਦੇ ਹਨ। ਮਨਮੁਖਤਾ ਤੇ ਗੁਰਮੁਖਤਾ ਭਾਸ਼ਾਈ ਦ੍ਰਿਸ਼ਟੀ ਤੋਂ ਕੇਵਲ ਮਨੁੱਖਾ ਸੋਚ ਦੀ ਉਪਜ (ਪੈਦਾਇਸ਼) ਹਨ, ਨਾ ਕਿ ਕਰਤਾਰ ਦੀ ਸੋਚ ਵਿੱਚ ਅਜਿਹਾ ਕੋਈ ਅੰਤਰ ਹੈ ਕਿਉਂਕਿ ਉਹ ਗੁਰਮੁਖਤਾ ਦੇ ‘ਗਾਵਹਿ’ ਕਾਰਨ ‘‘ਵਡਾ ਨ ਹੋਵੈ..॥’’ ਅਤੇ ਮਨਮੁਖਤਾ ਦੇ ‘ਨਾ ਗਾਵਹਿ’ ਕਾਰਨ ‘‘ਘਾਟਿ ਨ ਜਾਇ ॥’’ (ਸੋ ਦਰੁ ਆਸਾ/ਮ: ੧/੯) ਅਜਿਹੀ ਬਾਲ ਅਵਸਥਾ (ਭਾਵ ਦਵੈਤ ਰਹਿਤ ਬਿਰਤੀ) ਦੇ ਹੀ ਗੁਰੂ ਜੀ ਹਮਾਇਤੀ ਬਣ ਰਹੇ ਹਨ। ਭਾਈ ਗੁਰਦਾਸ ਜੀ ਦੇ ਵਚਨ ਹਨ, ‘‘ਸਿਖ ਸੰਤ ਬਾਲਕ ਸ੍ਰੀ ਗੁਰ ਪ੍ਰਤਿਪਾਲਕ ਹੁਇ; ਜੀਵਨ ਮੁਕਤਿ ਗਤਿ ਬ੍ਰਹਮ ਬਿਚਾਰੀ ਹੈ ॥੪੪੮॥’’ (ਭਾਈ ਗੁਰਦਾਸ ਜੀ/ਕਬਿੱਤ ੪੪੮)

ਗੁਰੂ ਨਾਨਕ ਸਾਹਿਬ ਜੀ ਇਸ ਬਾਲਕ ਅਵਸਥਾ ਨੂੰ ਜਿੰਦਗੀ ਦੇ ਪਹਿਲੇ ਪੜਾਅ ’ਚ ਵਿਚਰਦੇ ਜੀਵਨ ਬਾਬਤ ਸਮਝਾਉਂਦੇ ਹਨ, ‘‘ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਬਾਲਕ ਬੁਧਿ ਅਚੇਤੁ ॥’’ (ਮ: ੧/੭੫) ਇਸ ਬਾਲਕ ਬੁਧੀ ਉਪਰੰਤ ਬੱਚਾ ਹਰ ਕਾਰਜ ਦਾ ਮਹੱਤਵ ਆਪਣੀ ਯੋਗਤਾ ਉੱਪਰ ਲੈਣ ਲੱਗ ਜਾਂਦਾ ਹੈ, ਜਿਵੇਂ ਕਿ ਭਾਈ ਗੁਰਦਾਸ ਜੀ ਦੇ ਵਚਨ ਹਨ ਕਿ ਨਿਰਵੈਰ ਭਾਵਨਾ ’ਚ ਬਾਲਕ ਅਵਸਥਾ ਖੇਲਣ ਉਪਰੰਤ, ਮਨੁੱਖ ਆਪਣੀ ਸੁਰਤ ਦੀ ਦੁਰਵਰਤੋਂ (ਮਾਣ, ਹਉਮੈ) ਕਰਨ ਲੱਗ ਜਾਂਦਾ ਹੈ ਭਾਵ ਰੱਬੀ ਹੁਕਮ ਵਿੱਚ ਵਿਚਰਨ ਦਾ ਮਹੱਤਵ ਆਪ ਲੈ ਰਿਹਾ ਹੁੰਦਾ ਹੈ, ‘‘ਬਾਲਕ ਅਚੇਤ ਜੈਸੇ ਕਰਤ ਅਨੇਕ ਲੀਲਾ (ਖੇਡ); ਸੁਰਤ ਸਮਾਰ (ਸੰਭਾਲਦਿਆਂ), ਬਾਲ ਬੁਧਿ ਬਿਸਰਾਤ ਹੈ (ਬਚਪਨ ਭੁੱਲਾ ਦਿੰਦਾ ਹੈ)।’ (ਭਾਈ ਗੁਰਦਾਸ ਜੀ/ਕਬਿੱਤ ੬੦੪) ਗੁਰੂ ਨਾਨਕ ਸਾਹਿਬ ਜੀ ਇਸੇ ਵਿਸ਼ੇ ਨੂੰ ਹੋਰ ਵੀ ਸਪਸ਼ਟ ਕਰਦੇ ਹਨ ਕਿ ਇਹ ਗੱਲ ਕਿਸ ਨੂੰ ਦੱਸੀਏ ਕਿ ਕਰਤਾਰ ਆਪਣੇ ਹੁਕਮ ਵਿੱਚ ਸਭ ਨੂੰ ਰੱਖਦਾ ਹੈ ਪਰ ਮੂਰਖ ਹਰ ਕਾਰਜ ’ਚ ਆਪਣੇ ਆਪ ਨੂੰ ਕਾਬਲ ਗਿਣਦਾ ਹੈ, ਮੰਨਦਾ ਹੈ, ‘‘ਕਿਸ ਨੋ ਕਹੀਐ ਨਾਨਕਾ ! ਕਿਸ ਨੋ ਕਰਤਾ (ਇਹ ਸਮਝ) ਦੇਇ ॥ ਹੁਕਮਿ ਰਹਾਏ ਆਪਣੈ; (ਭਾਵ ਕਿ ਤੂੰ ਮੇਰੇ ਹੁਕਮ ’ਚ ਹੈਂ, ਪਰ) ਮੂਰਖੁ ਆਪੁ ਗਣੇਇ ॥’’ (ਮ: ੧/੧੨੪੧)

ਸੋ, ਰੱਬੀ ਹੁਕਮ ਵਿੱਚ ਸਾਰਾ ਬ੍ਰਹਿਮੰਡ ਵਿਚਰਦਾ ਹੈ, ਪਰ ਇਸ ਦੀ ਸਮਝ ਕੇਵਲ ਉਸ ਦੇ ਭਗਤ ਨੂੰ ਹੀ ਹੁੰਦੀ ਹੈ, ਜੋ ਹਰ ਕੰਮ ਦਾ ਮਹੱਤਵ ਜਿਸ ਦੇ ਹੁਕਮ ’ਚ ਵਿਚਰਦਾ ਹੈ, ਉਸ ਨੂੰ ਦੇਣਾ ਆਰੰਭ ਕਰ ਦਿੰਦਾ ਹੈ, ਇਹੀ ‘‘ਹੁਕਮਿ ਰਜਾਈ ਚਲਣਾ.. ॥’’ ਦਾ ਅਸਲ ਭਾਵਾਰਥ ਹੈ, ਜਦ ਮਨੁੱਖ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਨਹੀਂ ਲਏਗਾ ਤੇ ਜਿਸ ਦੇ ਹੁਕਮ ’ਚ ਵਿਚਰਦਾ ਹੈ, ਉਸ ਨੂੰ ਦੇਵੇਗਾ ਤਾਂ ‘‘ਕੂੜੈ ਪਾਲਿ ॥’’ ਤੁੱਟ ਜਾਂਦੀ ਹੈ ਤੇ ਜੀਵਨ ‘‘ਸਚਿਆਰਾ’’ ਬਣ ਜਾਂਦਾ ਹੈ। ਅਜਿਹੇ ਹੀ ਜੀਵਨ ਤੋਂ ਗੁਰੂ ਨਾਨਕ ਪਾਤਿਸ਼ਾਹ ਕੁਰਬਾਨ ਜਾਂਦੇ ਹਨ, ‘‘ਹਉ ਤਿਨ ਕੈ ਬਲਿਹਾਰਣੈ; ਦਰਿ+ਸਚੈ (’ਤੇ) ਸਚਿਆਰ ॥’’ (ਮ: ੧/੫੫) ਪਰ ਇਹ ਅਵਸਥਾ ਜਾਂ ਹੁਕਮ ’ਚ ਚੱਲ ਰਹੇ ਹਾਂ, ਦੀ ਸਮਝ ‘‘ਖੰਡ ਮੰਡਲ ਵਰਭੰਡਾ’’ ਨੂੰ ਕਦਾਚਿਤ (ਉੱਕਾ ਹੀ) ਨਹੀਂ ਆ ਸਕਦੀ ਕਿਉਂਕਿ ਇਹ ਰਾਜ ਸਮਝਾਉਣ ਵਾਲ਼ਾ ਗੁਰੂ ਉਨ੍ਹਾਂ ਨਿਰਜਿੰਦਾਂ ਦੀ ਅਗਵਾਈ ਨਹੀਂ ਕਰਦਾ। ‘ਨਿਰਜਿੰਦ’ ਸ਼ਬਦ ਦੀ ਵਰਤੋਂ, ਬਾਬਾ ਕਬੀਰ ਜੀ ਦੇ ਉਸ ਸੰਕੇਤ ਤੋਂ ਲਈ ਗਈ ਜਿਸ ਅਨੁਸਾਰ ਮਾਲਨੀ, ਜਿੰਦ ਵਾਲ਼ੇ ਪੌਦੇ ਦੇ ਪੱਤੇ ਤੋੜ ਕੇ ਖ਼ੁਸ਼ ਕਰਨ ਲਈ ਨਿਰਜਿੰਦ ਪੱਥਰ ਉੱਪਰ ਚੜਾਉਂਦੀ ਹੈ, ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ॥’’ (ਭਗਤ ਕਬੀਰ/੪੭੯)

ਉਕਤ ਸਾਰੀ ਵਿਚਾਰ ਦਾ ਸਾਰ ਇਹੀ ਹੈ ਕਿ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਦੇ ਪ੍ਰਚਲਿਤ ਭਾਵਾਰਥ ਅਤੇ ‘‘ਹੁਕਮਿ ਰਜਾਈ ਚਲਣਾ.. ॥’’ ਦਾ ਅਸਲ ਭਾਵਾਰਥ ਇੱਕ ਸਮਾਨ ਨਹੀਂ ਹੈ ਤਾਂ ਜੋ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ) ਤੁਕ ਦੇ ਪ੍ਰਚਲਿਤ ਸ਼ਬਦਾਰਥ ਬਦਲਣ ਦੀ ਨੌਬਤ ਆ ਜਾਵੇ।

ਅੰਤ ’ਚ ਵਿਸ਼ੇ ਨੂੰ ਸੰਖੇਪ ਰੂਪ ਦਿੰਦਿਆਂ ਇਹੀ ਇਸ਼ਾਰਾ ਕਾਫ਼ੀ ਹੋਏਗਾ ਕਿ ਨਿਰਜਿੰਦ ਪਦਾਰਥਾਂ ਵਾਙ ਮਨਮੁਖ ਜਾਂ ਕਰਮਕਾਂਡੀ ਵੀ ਹੁਕਮ ਵਿੱਚ ਹੀ ਵਿਚਰਦਾ ਹੈ ਪਰ ਹੁਕਮ ਵਿੱਚ ਜੀਵਨ ਬਤੀਤ ਹੁੰਦਾ ਜਾ ਰਿਹਾ ਹੈ, ਇਹ ਰਾਜ ਗੁਰੂ ਦੀ ਰਾਹੀਂ ਕੇਵਲ ਮਾਲਕ ਦਾ ਸੇਵਕ (ਭਗਤ) ਹੀ ਸਮਝਦਾ ਹੈ। ਬਾਲਕ ਦੁਆਰਾ ਆਪਣੀ ਖੇਡ ਸਮੇਟਣ ਦੀ ਨਿਆਈਂ ਗੁਰੂ ਜੀ ਨੇ ਵੀ ਗੁਰਬਾਣੀ ’ਚ ਮਨਮੁਖਤਾ ਤੇ ਗੁਰਮੁਖਤਾ ਵਾਲ਼ੇ ‘‘ਰਾਹ ਦੋਵੈ (ਦਾ); ਖਸਮੁ ਏਕੋ ਜਾਣੁ ॥’’ (ਮ: ੧/੨੨੩) ਵਿਸ਼ੇ ਨੂੰ ਹਰ ਲੰਮੀ ਰਚਨਾ ਦੇ ਅੰਤ ’ਚ ਬਾਖ਼ੂਬੀ ਸਪਸ਼ਟ ਕੀਤਾ ਹੈ; ਜਿਵੇਂ ਕਿ

(1). ਆਖਣਿ ਜੋਰੁ; ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ; ਦੇਣਿ ਨ ਜੋਰੁ ॥ ਜੋਰੁ ਨ ਜੀਵਣਿ; ਮਰਣਿ ਨਹ ਜੋਰੁ ॥... ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥ ਭਾਵ ਮਨਮੁਖ ਹੋਵੇ ਜਾਂ ਗੁਰਮੁਖ, ਕਿਸੇ ਦੇ ਹੱਥ ਵਿੱਚ ਕੁਝ ਨਹੀਂ, ਜਿਸ ਦੇ ਹੱਥ ’ਚ ਇਹ ਸਭ ਸ਼ਕਤੀ ਹੈ ਉਹੀ ਇਨ੍ਹਾਂ ਨੂੰ ਪ੍ਰੇਰਨਾ ਕਰਦਾ ਹੈ, ਆਪਣੇ ਆਪ ’ਚ ਕੋਈ ਉੱਚਾ-ਨੀਵਾਂ ਨਹੀਂ ਹੈ।

(ਨੋਟ: ਧਿਆਨ ਰਹੇ ਕਿ ‘ਜਪੁ’ ਦੀ 33ਵੀਂ ਪਉੜੀ ’ਚ ਇਹ ਭਾਵ ਇਸ ਲਈ ਦਰਜ ਕਰਨਾ ਪਿਆ ਕਿਉਂਕਿ ਅਗਲੀਆਂ ਪਉੜੀਆਂ ’ਚ ਵਿਸ਼ਾ ਰੂਹਾਨੀਅਤ ਪੜਾਅ ਨਾਲ਼ ਸੰਬੰਧਿਤ ‘ਧਰਮ ਖੰਡ’ ਤੋਂ ‘ਸਚ ਖੰਡਿ’ ਵੱਲ ਆਰੰਭ ਹੁੰਦਾ ਹੈ।)

(2). ਵਡੇ ਕੀਆ ਵਡਿਆਈਆ (ਭਾਵ ਖੇਡਾਂ, ਜਿਨ੍ਹਾਂ ਬਾਰੇ); ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥(ਜੀਵਾਂ ਨੇ ਤਾਂ) ਸਾਈ (ਉਹੀ) ਕਾਰ ਕਮਾਵਣੀ; (ਜੋ) ਧੁਰਿ (ਤੋਂ) ਛੋਡੀ ਤਿੰਨੈ (ਉਸ ਰੱਬ ਨੇ) ਪਾਇ (ਪਾ ਕੇ)॥ ਨਾਨਕ ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ (ਭਾਵ ਥਾਂ, ਟਿਕਾਣਾ)॥ ਸੋ ਕਰੇ; ਜਿ ਤਿਸੈ ਰਜਾਇ ॥੨੪॥੧॥ ਸੁਧੁ (ਆਸਾ ਕੀ ਵਾਰ/ਮ: ੧/੪੭੫)

(3). ਆਪੇ ਹਰਿ ਇਕ ਰੰਗੁ ਹੈ; ਆਪੇ ਬਹੁ ਰੰਗੀ ॥ (ਜੀਵਾਂ ਲਈ ਤਾਂ) ਜੋ ਤਿਸੁ ਭਾਵੈ ਨਾਨਕਾ ! ਸਾਈ ਗਲ ਚੰਗੀ ॥੨੨॥੨॥ (ਮ: ੪/੭੨੬)

(4). ਆਪੇ ਕੀਤੋ ਰਚਨੁ (ਪਸਾਰਾ); ਆਪੇ ਹੀ ਰਤਿਆ (ਮਾਇਆਧਾਰੀ)॥ ਆਪੇ ਹੋਇਓ ਇਕੁ; ਆਪੇ ਬਹੁ ਭਤਿਆ (ਭਾਵ ਕਈ ਭਾਂਤ ’ਚ ਮਾਇਆਵੀ)॥ ਆਪੇ ਸਭਨਾ ਮੰਝਿ (ਵਿੱਚ); ਆਪੇ ਬਾਹਰਾ ॥ ਆਪੇ ਜਾਣਹਿ ਦੂਰਿ; ਆਪੇ ਹੀ ਜਾਹਰਾ (ਅੰਗ-ਸੰਗ)॥ ਆਪੇ ਹੋਵਹਿ ਗੁਪਤੁ (ਭਾਵ ਮਨਮੁਖ ਲਈ ਅਣਡਿੱਠ)); ਆਪੇ ਪਰਗਟੀਐ (ਭਾਵ ਭਗਤ ਲਈ ਪ੍ਰਤੱਖ)॥ ਕੀਮਤਿ ਕਿਸੈ ਨ ਪਾਇ; ਤੇਰੀ ਥਟੀਐ (ਕੁਦਰਤ ਦੀ)॥ ਗਹਿਰ ਗੰਭੀਰੁ ਅਥਾਹੁ; ਅਪਾਰੁ ਅਗਣਤੁ ਤੂੰ ॥ ਨਾਨਕ ! ਵਰਤੈ ਇਕੁ; ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥ (ਰਾਮਕਲੀ ਕੀ ਵਾਰ:੨/ਮ: ੫/੯੬੬)

(5). ਕਿਥਹੁ ਉਪਜੈ ? ਕਹ ਰਹੈ ? ਕਹ ਮਾਹਿ ਸਮਾਵੈ ? ॥ ਜੀਅ ਜੰਤ ਸਭਿ ਖਸਮ ਕੇ; ਕਉਣੁ ਕੀਮਤਿ ਪਾਵੈ ?॥..॥੩॥੧॥ (ਬਸੰਤੁ ਕੀ ਵਾਰ/ਮ: ੫/੧੧੯੩)

(6). ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ (ਭਾਵ ਖੇਡ) ॥ ਗੁਰ ਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ ॥ ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ !॥ ਆਪਿ ਨਾਥੁ, ਸਭ ਨਥੀਅਨੁ (ਉਸ ਨੇ ਨੱਥੀ); ਸਭ ਹੁਕਮਿ (’ਚ) ਚਲਾਈ ॥ ਨਾਨਕ ! ਹਰਿ ਭਾਵੈ, ਸੋ ਕਰੇ; ਸਭ ਚਲੈ ਰਜਾਈ ॥੩੬॥੧॥ ਸੁਧੁ ॥ (ਸਾਰੰਗ ਕੀ ਵਾਰ/ਮ: ੪/੧੨੫੧)

(ਨੋਟ: ਇਸ ਤੁਕ ਦੇ ਅੰਤ ’ਚ ਹੈ ‘ਸਭ ਚਲੈ ਰਜਾਈ’ ਤਾਂ ਫਿਰ ਨਾਸਮਝ ਲਈ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥’’ ਦਾ ਜਵਾਬ ‘‘ਹੁਕਮਿ ਰਜਾਈ ਚਲਣਾ.. ॥’’ ਭੁਲੇਖਾ ਹੀ ਪਾਏਗਾ ਭਾਵ ਉਸ ਨੂੰ ਜਾਪੇਗਾ ਕਿ ਸਾਡੇ ਹੱਥ ਕੀ ਹੈ ਕਿ ਅਸੀਂ ਹੁਕਮ ਵਿੱਚ ਚੱਲ ਸਕੀਏ ?।)

(7). ਸਿਰਿ ਸਿਰਿ ਹੋਇ ਨਿਬੇੜੁ; ਹੁਕਮਿ ਚਲਾਇਆ ॥ ਤੇਰੈ ਹਥਿ ਨਿਬੇੜੁ; ਤੂਹੈ ਮਨਿ ਭਾਇਆ ॥.. .. ਫਾਥਾ ਚੁਗੈ ਚੋਗ; ਹੁਕਮੀ ਛੁਟਸੀ ॥ ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ (ਖ਼ਤਮ ਹੋਏਗਾ)॥੨੬॥ (ਮਲਾਰ ਕੀ ਵਾਰ (ਮ: ੧/੧੨੯੦)

(ਨੋਟ: ‘ਮਲਾਰ ਕੀ ਵਾਰ’ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ਗਈ ਹੈ, ਜਿਸ ਦੇ ਅੰਤ ’ਚ ਉਕਤ ਵਿਸ਼ਾ ਸਪਸ਼ਟ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਨੇ ‘‘ਪਉੜੀ ਨਵੀ ਮ: ੫ ॥’’ ਸਿਰਲੇਖ ਵਿੱਚ ਦਰਜ ਕਰ ਕੇ ਵਾਰ ਦੀ ਸਮਾਪਤੀ ਆਪਣੀ ਇਸ ਪਉੜੀ ਉਪਰੰਤ ਕੀਤੀ, (8). ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ ॥ ਜਿਤੁ, ਤੂ ਲਾਇਹਿ ਸਚਿਆ ! ਤਿਤੁ, ਕੋ ਲਗੈ; ਨਾਨਕ ! ਗੁਣ ਗਾਈ ॥੨੮॥੧॥ ਸੁਧੁ (ਮਲਾਰ ਕੀ ਵਾਰ/ਮ: ੧/੧੨੯੧)

‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਭਾਵ ‘ਰੱਬੀ ਸ਼ਕਤੀ ਅਧੀਨ ਖੰਡ, ਮੰਡਲ, ਬ੍ਰਹਿਮੰਡ ਘੁੰਮਦੇ ਹਨ’, ਅਰਥ ਕਰਨਾ ਅਤੇ ‘‘ਹੁਕਮਿ ਰਜਾਈ ਚਲਣਾ; ਨਾਨਕ ਲਿਖਿਆ ਨਾਲਿ ॥੧॥ (ਜਪੁ) ਤੁਕ ਦਾ ਭਾਵਾਰਥ ‘ਹੁਕਮ ਵਿੱਚ ਚੱਲ ਰਿਹਾ ਹਾਂ, ਨੂੰ ਸਵੀਕਾਰਨਾ, ਜੋ ਹਰ ਜੂਨੀ ਦੀ ਹੋਂਦ ਤੋਂ ਨਿਰੰਤਰ ਨਾਲ਼ ਵਿਚਰਦਾ ਆ ਰਿਹਾ ਹੈ’, ਅਰਥ ਕਰਨਾ; ਦੋਵੇਂ ਵਿਸ਼ਿਆਂ ’ਚ ਭਿੰਨਤਾ ਤੇ ਗੁਰਮਤਿ ਅਨੁਸਾਰੀ ਜਾਪਦਾ ਹੈ। ਮਨਮੁਖ ਤੇ ਕਰਮਕਾਂਡੀ ਦੇ ਜੀਵਨ ਨੂੰ ਰੱਬ ਦੇ ਹੁਕਮ ਤੋਂ ਆਕੀ ਮੰਨ ਕੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ) ਵਾਕ ਦੇ ਪ੍ਰਚਲਿਤ ਅਰਥ (ਕਿ ਹਰ ਕੋਈ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਕੋਈ ਨਹੀਂ) ਨਾਲ਼ ਅਸਹਿਮਤੀ ਦਰਸਾਉਣਾ, ਨਾ ਸਮਝੀ ਦਾ ਪ੍ਰਤੀਕ ਹੈ।

ਪਾਠਕਾਂ ਦੇ ਸੁਝਾਅ ਵਿਚਾਰੇ ਜਾ ਸਕਦੇ ਹਨ ਅਤੇ ਸਹਿਮਤ ਹੋਣ ’ਤੇ ਹੋਰਾਂ ਨਾਲ਼ ਇਹ ਵਿਸ਼ਾ ਸਾਂਝਾ ਕਰਨ ਲਈ ਬੇਨਤੀ ਕਰਦਾ ਹਾਂ।


11/12/17
ਪੁਸ਼ਪਿੰਦਰ ਸਿੰਘ

ਸਲੋਕ ਮ: ੯ ਦੀ ਵਿਚਾਰ
ਸਲੋਕ ਮਹਲਾ ੯ ਦੀ ਬਾਣੀ ਨੂੰ ਗੁਰਮਤਿ ਸਿਧਾਤਾਂ ਪੱਖੋਂ ਨਾ ਸਮਝਣ ਕਾਰਨ ਭੁਲੇਖਾ ਪੈ ਗਿਆ ਕਿ ਗੁਰੂ ਸਾਹਿਬ ਉਦਾਸੀਨਤਾ ਜਾਂ ਤਿਆਗ ਸਿਖਾ ਰਹੇ ਹਨ ਪਰ ਜਦੋਂ ਇਸ ਬਾਣੀ ਨੂੰ ਗੁਰਮਤਿ ਸਿਧਾਤਾਂ ਪੱਖੋਂ ਸਮਝਣ ਦਾ ਜਤਨ ਕੀਤਾ ਤਾਂ ਪਤਾ ਲਗਿਆ ਕਿ ਇਹ ਬਾਣੀ ਹਰ ਮਨੁੱਖ ਨੂੰ ਸੇਧ ਦੇਂਦੀ ਹੈ ਕਿ ਆਪਣੇ ਜੀਵਨ ਦਾ ਮਿਆਰ ਉੱਚਾ ਕਿਵੇਂ ਕਰਨਾ ਹੈ ਅਤੇ ਧਾਰਮਕਤਾ ਭਰਪੂਰ ਜੀਵਨ ਕਿਸ ਤਰ੍ਹਾਂ ਜਿਊਣਾ ਹੈ...
ਪਾਠਕ ਸੱਜਣਾਂ ਲਈ ਹਾਜ਼ਿਰ ਹੈ... ਵੀਰ ਭੁਪਿੰਦਰ ਸਿੰਘ ਜੀ ਵੱਲੋਂ ਲਿਖੀ ਪੁਸਤਕ
“ਰੱਬੀ ਮਿਲਨ ਦੀ ਬਾਣੀ,
ਸਲੋਕ ਮ: ੯ ਦੀ ਵਿਚਾਰ”

ਇਹ ਪੁਸਤਕ “ਸਲੋਕ ਮ: ੯” ਦੇ ਸਲੋਕਾਂ ਦੇ ਨਾਲ-ਨਾਲ ਸਮੁੱਚੀ ਗੁਰਬਾਣੀ ਦੀ ਬਣਤਰ ਨੂੰ ਸਮਝਣ ਲਈ ਵੀ ਸਹਾਈ ਹੋਵੇਗੀ। ਇਸ ਪੁਸਤਕ ਨੂੰ “ਦੀ ਲਿਵਿੰਗ ਟ੍ਰੈਯਰ” ਦੇ ਦਫਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਫੋਨ ਰਾਹੀਂ ਆਪਣੇ ਪਤੇ ਤੇ ਮੰਗਵਾਉਣ ਲਈ ਸੰਪਰਕ ਕਰੋ –
109, Mukherji Park,
Tilak Nagar,
New Delhi – 110018
Phone: 011-25981163,
9811655321, 7838525758

ਨੋਟ: ਜਿਹੜੇ ਚਾਹਵਾਨ ਸੱਜਨ ਵੈਬਸਾਈਟ ਤੇ ਪੜ੍ਹਨਾ ਚਾਹੁੰਦੇ ਹਨ ਉਹ
www.sikhmarg.com ਤੇ ਹਫਤਾਵਾਰੀ ਪੜ੍ਹ ਸਕਦੇ ਹਨ।


11/12/17
ਇਛਪਾਲ ਸਿੰਘ “ਰਤਨ”

ਸਾਡੀ “ਸੋਦਰ” ਕਿਹੜੀ?

ਸਿੱਖ ਇਤਿਹਾਸ ਦੇ ਪੰਨਿਆ ਨੂੰ ਘੋਖਣ ਤੋਂ ਪਤਾ ਲਗਦਾ ਹੈਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਾਮਾ ਵੇਲੇ ‘ਸੋ ਦਰ’ ਬਾਣੀ ਦਾ ਪਹਿਲਾ ਸ਼ਬਦ “ਸੋ ਦਰ ਤੇਰਾ ਕੇਹਾ ਸੋ ਘਰ ਕੇਹਾ” ਪੜਨ ਦੀ ਮਰਯਾਦਾ ਕਾਇਮ ਕੀਤੀ।
ਪੰਜਵੇਂ ਜਾਮੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਰੂਪ ਵਿੱਚ ਜੱਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਸਭ ਤੋਂ ਪਹਿਲਾਂ ਸਿੱਖ ਦਾ ਨਿਤਨੇਮ ਪਕੇ ਪੈਰੀਂ ਕਾਇਮ ਕੀਤਾ ਅਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਮ੍ਰਿਤ ਵੇਲੇ ਪੜਨ ਜਾਣ ਵਾਲੀ ਬਾਣੀ “ਜਪੁ” ਸ਼ਾਮਾ ਵੇਲੇ “ਸੋ ਦਰ” ਤੇ “ਸੋ ਪੁਰਖ” ਨੂੰ ਇਕਠਾ ਕੀਤਾ। ਸੌਣ ਵੇਲੇ “ਸੋਹਿਲਾ ਸਾਹਿਬ” ਦਾ ਵਿਧਾਨ ਕਾਇਮ ਕੀਤਾ। ਪਹਿਲੇ 13 ਅੰਗਾਂ ਵਿੱਚ ਜਪੁ, ਸੋਦਰ, ਸੋਪੁਰਖ, ਅਤੇ ਸੋਹਿਲਾ ਸਾਹਿਬ ਅੰਕਤ ਕੀਤਾ। ਉਸ ਤੋਂ ਬਆਦ ਰਾਗਾਂ ਦੀ ਤਰਤੀਬ ਬਣਾਕੇ ਸਮੁਚੀ ਬਾਣੀ ਦਰਜ ਕੀਤੀ ਗਈ।
ਸੋ ਦਰ ਬਾਣੀ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ‘ਸੋ ਦਰ ਤੇਰਾ ਕੇਹਾ ਸੋ ਘਰ ਕੇਹਾ’ ਦੇ ਨਾਲ ਬਾਣੀ ਵਿੱਚੋਂ ਅੱਠ (8) ਸ਼ਬਦਾਂ ਦੀ ਆਪ ਚੌਣ ਕਰਕੇ “ਸੋ ਦਰ” ਦਾ ਸਮੁੱਚਾ ਸਰੂਪ ਕਾਇਮ ਕੀਤਾ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਪ੍ਰਕਾਰ ਹੈ:- “ਆਸਾ ਮ: 1, ਸੁਣਿ ਵਡਾ ਆਖੈ ਸਭੁ ਕੋਇ, ਆਸਾ ਮ: 1, ਆਖਾ ਜੀਵਾ ਵਿਸਰੈ ਮਰਿ ਜਾਉ, ਰਾਗ ਗੂਜਰੀ ਮ: 4, ਹਰਿ ਕੇ ਜਨ ਸਤਿਗੁਰ ਸਤ ਪੁਰਖਾ, ਰਾਗ ਗੂਜਰੀ ਮ; 5, ਕਾਹੇ ਰੇ ਮਨ ਚਿਤਵਹਿ ਉਦਮੁ ਅਤੇ ਸੋ ਪੁਰਖ ਸਿਰਲੇਖ ਹੇਠ:-ਰਾਗ ਆਸਾ ਮ: 4 ਸੋ ਪੁਰਖੁ ੴ ਸਤਿਗੁਰ ਪ੍ਰਸਾਦਿ॥ ਸੋ ਪੁਰਖ ਨਿਰਜਨੁ, ਆਸਾ ਮ: 4, ਤੂੰ ਕਰਤਾ ਸਚਿਆਰੁ ਮੈਡਾ ਸਾਈ, ਆਸਾ ਮ: 1 ਤਿਤੁ ਸਰਵਰੜੈ ਭਾਈਲੇ ਨਿਵਾਸਾ, ਆਸਾ ਮ: 5 ਭਾਈ ਪਰਾਪਤਿ ਮਾਨੁਖ ਦੇਹੁਰੀਆ” ਇਹ ਸਮੁਚੇ ਨੌਂ (9) ਸ਼ਬਦਾ ਦਾ ਸੁਮੇਲ ਹੀ “ਸੋ ਦਰ” ਹੈ।
ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ “ਦੇਹਧਾਰੀ ਗੁਰੂ” ਦੀ ਪ੍ਰੰਮਪਰਾ ਨੂੰ ਹਮੇਸ਼ਾ ਲਈ ਸਮਾਪਿਤ ਕਰਕੇ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੰਘਾਸਨ ਤੇ ਪ੍ਰਕਾਸ਼ ਕਰਕੇ ਹਕੁਮ ਕੀਤਾ ਕਿ ਅਜ ਤੋਂ ਬਆਦ ਜੁਗੋ ਜੁੱਗ ਅਟੱਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੋਣਗੇ। ਬਾਣੀ ਅੰਦਰਲੀ ਤਰਤੀਬ, ਮਰਯਾਦਾ ਜੋ ਪੰਜਵੇ ਜਾਮੇ ਵਿੱਚ ਕਾਇਮ ਕੀਤੀ ਉਸ ਨੂੰ ਉਵੇ ਹੀ ਕਾਇਮ ਰਖਿਆ। ਫਿਰ ਕਿਤਨੀ ਅਜੀਬ ਗਲ ਹੈਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਅਨੇਕਾ ਹੀ ਜੱਥੇ, ਟਕਸਾਲਾਂ, ਡੇਰੇਦਾਰਾਂ, ਸ਼ਰੋਮਣੀ ਕਮੇਟੀਆਂ ਨੇ ਆਪੋ ਆਪਣੀਆਂ ਬਣਾਈਆਂ ਮਰਯਾਦਾ ਦੇ ਨਾਮ ਥੱਲੇ “ਸੋ ਦਰ” ਬਾਣੀ ਦਾ ਸਰੂਪ ਜੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕਾਇਮ ਕੀਤਾ ਹੈ ਉਸ ਨੂੰ ਵਿਗਾੜਨ ਦਾ ਕੋਝਾ ਜਤਨ ਕੀਤਾ ਹੈ। ਕੋਈ ਸੋ ਦਰ ਬਾਣੀ ਦੀ ਸ਼ੁਰੂਆਤ ਆਸਾ ਕੀ ਵਾਰ ਦੇ ਸ਼ਲੋਕ “ਦੁਖ ਦਾਰੂ ਸੁਖ ਰੋਗ ਭਇਆ” ਤੋਂ ਕਰਦਾ ਹੈ। ਕੋਈ ‘ਹਰਿ ਜੁਗ ਜੁਗ ਭਗਤ ਉਪਾਇਆ’ ਤੋਂ ਅਤੇ ਵਿੱਚ ਬਚਿੱਤ੍ਰ ਨਾਟਕ ਦੇ ਅੜੀਅਲ, ਸਵਯੇ, ਛੰਤ, ਚੌਪਈਆਂ, ਅਤੇ “ਪੁਨ ਰਾਛਸ ਕਾ ਕਾਟਾ ਸੀਸਾ” ਆਦਿ “ਸੋ ਦਰ” ਵਿੱਚ ਆਪਣੀ ਮਤ ਅਨੁਸਾਰ ਜੋੜ ਦਿਤੇ ਹਨ। ਜੋਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਤੀਬ, ਸਰੂਪ, ਬਣਤਰ, ਸਿਧਾਂਤ ਤੋਂ ਬਿਲਕੁਲ ਉਲੱਟ ਹੈ।
ਜੇ ਡੇਰੇਦਾਰਾਂ ਨੂੰ ਪੁਛੀਏ ਕਿ ਭਾਈ ਸੋ ਦਰ ਵਿੱਚ ਇਹ ਅੜੀਅਲ਼, ਸਵਯੇ, ਛੰਤ, ਚੋਪਈਆਂ ਕਿਉ? ਤਾਂ ਜੁਆਬ ਮਿਲਦਾ ਹੈਕਿ ਇਹ ਮਰਯਾਦਾ ਸਾਡੇ ਮਹਾਂਪੁਰਖ ਕਾਇਮ ਕਰਕੇ ਗਏ ਹਨ। ਜੇ ਪ੍ਰਚਾਰਕਾ ਸ਼੍ਰੋਮਣੀ ਕਮੇਟੀਆ ਨੂੰ ਪੁਛੀਏ ਤਾਂ ਜੁਆਬ ਮਿਲਦਾ ਹੈਕਿ” ਸਿਖ ਰਹਿਤ ਮਰਯਾਦਾ ਵਿੱਚ ਵਿਦਵਾਨਾ ਨੇ “ਸੋਦਰ” ਦਾ ਸਰੂਪ ਤਿਆਰ ਕੀਤਾ ਹੈ ਇਸ ਲਈ ਇਹ ਜ਼ਰੂਰੀ ਹੈ। ਡੇਰੇਦਾਰ ਆਪਣੇ ਮਹਾਂਪੁਰਖਾਂ ਨੂੰ ਅੱਗੇ ਰਖਦੇ ਹਨ ਅਤੇ ਪ੍ਰਚਾਰਕ ਜਨ ਵਿਦਵਾਨਾ ਨੂੰ ਜਾਂ ਫਿਰ ਗੁਰੂ ਪੰਥ ਦਾ ਵਾਸਤਾ ਪਾਉਂਦੇ ਹਨ। ਪਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਕਾਇਮ ਕੀਤਾ ਹੋਇਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋਦਰ ਦਾ ਸਰੂਪ ਜਿਸ ਨੂੰ ਦਸਵੇਂ ਪਾਤਸ਼ਾਹ ਜੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਰਕਰਾਰ ਰਖਿਆ ਜਿਸ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਾਧ ਘਾਟ ਨਹੀ ਕੀਤਾ, ਉਸ ਦੀ ਗਲ ਕੋਈ ਨਹੀ ਕਰਦਾ।
ਪੰਥ ਉਹ ਜਿਹੜਾ ਗੁਰੂ ਸਾਹਿਬਾਨ ਜੀ ਦੀ ਕਾਇਮ ਕੀਤੀ ਹੋਈ ਮਰਯਾਦਾ ਸਿਧਾਂਤ, ਗੁਰਬਾਣੀ ਦੀ ਤਰਤੀਬ ਨੂੰ ਹਮੇਸ਼ਾਂ ਕਾਇਮ ਰਖਣ ਲਈ ਤਤਪਰ ਰਹੇ। ਗੁਰਬਾਣੀ ਦਾ ਤਾਂ ਫੈਸਲਾ ਇਹ ਹੈਕਿ:- “ਜੋ ਗੁਰ ਕਹੈ ਸੋਈ ਭਲ ਮਾਨੋ॥”
ਕੀ ਸਾਡੇ ਮਹਾਂਪੁਰਖ, ਸਾਡੇ ਵਿਦਵਾਨ, ਗੁਰੂ ਸਾਹਿਬਾਨ ਜੀ ਤੋਂ ਵੱਧ ਸਿਆਣੇ ਹਨ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਸੋਦਰ” ਦੀ ਬਾਣੀ ਅਧੂਰੀ ਹੈ? ਜੋ ਇਨ੍ਹਾਂ ਨੇ ਆਪਣੀਆਂ ਮਰਯਾਦਾਵਾਂ ਦੇ ਨਾਮ ਥਲੇ ਪੂਰੀ ਕੀਤੀ ਹੈ?
ਸੋਦਰ ਨਾਲ ਜੋੜੇ ਗਏ ਅੜੀਅਲ, ਚੋਪਈਆਂ, ਸਵੱਯੇ, ਦੋਹਰੇ ਆਦਿ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿਸਾ ਹੀ ਨਹੀ। ਇਨ੍ਹਾਂ ਨੂੰ ਗੁਰੂ ਦਾ ਦਰਜਾ ਵੀ ਪ੍ਰਾਪਤ ਨਹੀ। ਫਿਰ ਇਹ ਕਿਉਂ ਸਿੱਖ ਲਈ ਜ਼ਰੂਰੀ ਹਨ?
ਜਿਹੜਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਚੁਕ ਕੇ ਰੋਜ਼ਾਨਾ ਸੋਦਰ ਬਾਣੀ ਪੜਦਾ ਹੈ। ਕੀ ਉਹ ਅਧੂਰੀ ਸੋਦਰ ਪੜਦਾ ਹੈ? ਕੀ ਅਸੀਂ ਇਹ ਆਖ ਸਕਦੇ ਹਾਂ ਕਿ ਇਸ ਨੇ ਅਧੂਰਾ ਪਾਠ ਕੀਤਾ ਹੈ? ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੇਵਲ ਨੌ ਸ਼ਬਦਾਂ ਦਾ ਹੀ ਸੋਦਰ ਹੈ। ਜੋ ਆਪਣੇ ਆਪ ਵਿੱਚ ਸੰਪੂਰਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਦਾ ਨਿਤਨੇਮ, ਸੋਦਰ ਅਤੇ ਸਮੁਚੀ ਬਾਣੀ ਆਪਣੇ ਆਪ ਵਿੱਚ ਸੰਪੂਰਨ ਹੈ। ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਆਪ ਵਿੱਚ ਪੂਰਾ ਗੁਰੂ ਹੈ ਅਤੇ ਸਾਨੂੰ ਇਹ ਵਿਸ਼ਵਾਸ਼ ਹੈਕਿ:-
ਪੂਰੇ ਕਾ ਕੀਆ ਸਭ ਕਿਛੁ ਪੂਰਾ
ਘਟਿ ਵਧਿ ਕਿਛੁ ਨਾਹੀ॥

ਅਸੀਂ ਭੁਲਣਹਾਰ ਹਾਂ, ਅਵਗੁਣਹਾਰੇ ਹਾਂ, ਗੁਰੂ ਦਾ ਉਪਦੇਸ਼ ਭੁਲ ਜਾਂਦੇ ਹਾਂ ਪਰ ਗੁਰੂ ਨਹੀ ਭੁਲਦਾ:-
ਭੁਲਣ ਅੰਦਰਿ ਸਭ ਕੋ
ਅਭੁਲ ਗੁਰੂ ਕਰਤਾਰ॥
ਗੁਰੂ ਸਾਹਿਬਾਨ ਜੀ ਨੇ ਕੋਈ ਵੀ ਕੰਮ ਅਧੂਰਾ ਨਹੀ ਛਡਿਆ। ਇਸ ਲਈ ਸਿਖ ਨੂੰ ਇਹ ਵਿਸ਼ਵਾਸ਼ ਹੋਣਾ ਚਾਹੀਦਾ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਕਲਾ ਸਮਰਥ ਗੁਰੂ ਹਨ। ਸਾਨੂੰ ਧੰਨ ਸਾਹਿਬ ਸ੍ਰ ਗੁਰੂ ਅਰਜਨ ਸਾਹਿਬ ਜੀ ਦੇ ਇਹ ਬਚਨ ਹਮੇਸ਼ਾਂ ਚੇਤੇ ਰਖਣੇ ਚਾਹੀਦੇ ਹਨ “ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ 1॥ ਰਹਾਉ॥ ਗੁਰੂ ਕ੍ਰਿਪਾ ਕਰੇ ਅਸੀਂ ਸਮੁਚੇ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਈਏ।
ਸ਼ਰੋਮਣੀ ਗੁ: ਪ੍ਰਬੰਦਕ ਕਮੇਟੀ ਅੰਮ੍ਰਿਤਸਰ ਨੂੰ ਨਿਮਰਤਾ ਸਹਿਤ ਬਨੇਤੀ ਹੈਕਿ ਸ੍ਰੀ ਦਰਬਾਰ ਸਾਹਿਬ ਜੀ ਵਿਚੋਂ ਸੋਦਰ ਬਾਣੀ ਦਾ ਪ੍ਰਸਾਰਨ ਟੀਵੀ ਤੇ ਰੋਜ਼ਾਨਾ ਹੁੰਦਾ ਹੈ ਕਿਉਨਾ ਸੋਦਰ ਬਾਣੀ ਦੀ ਡਿਉਟੀ ਨਿਭਾਉਣ ਵਾਲੇ ਗ੍ਰੰਥੀ ਸਿੰਘ ਜੀ ਨੂੰ ਇਹ ਪਕਾ ਕਰ ਦਿਤਾ ਜਾਏ ਕਿ ਸੋਦਰ ਬਾਣੀ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਚੁਕ ਕੇ ਕੀਤਾ ਜਾਏ ਤਾਂਕਿ ਸਾਰਿਆਂ ਦੇ ਭੁਲੇਖੇ ਦੂਰ ਹੋ ਜਾਣ ਕਿ ਸੋਦਰ ਦਾ ਸਰੂਪ ਕਿਹੜਾ ਹੈ। ਇਸ ਤਰਾਂ ਕਰਨ ਨਾਲ ਸਮੁਚੇ ਵਿਸ਼ਵ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਕਾਇਮ ਕੀਤੀ ਸੋਦਰ ਦੀ ਮਰਯਾਦਾ ਪਕੀ ਹੋ ਜਾਏਗੀ। ਕਿਸੇ ਨੂੰ ਕੋਈ ਭੁਲੇਖਾ ਰਹੇ ਗਾ ਹੀ ਨਹੀ।
ਭੁੱਲ ਚੁੱਕ ਦੀ ਖਿਮਾ
ਇਛਪਾਲ ਸਿੰਘ “ਰਤਨ”
9311887100


11/12/17
ਹਰਪਾਲ ਸਿੰਘ ਫਿਰੋਜਪੁਰੀਆ

ਬਾਣੀ ਦਾ ਪਾਠ
ਅਜੇ ਤਾਂ ਸਿੱਖ ਬਾਣੀ ਦਾ ਪਾਠ
ਕਰ ਰਹੇ ਨੇ ਜਾਂ ਕਰਾ ਰਹੇ ਨੇ,,
ਸਵਰਗ ਲੈਣ ਲਈ,
ਰਿਧੀਆਂ ਸਿਧੀਆਂ ਲੈਣ ਲਈ,
ਸਰੀਰਕ ਅਰੋਗਤਾ ਲਈ ,
ਵਿਗੜੇ ਕੰਮਾਂ ਨੂੰ ਸੰਵਾਰਨ ਲਈ,
ਘਰ ਵਿੱਚ ਸੁੱਖਸ਼ਾਤੀ ਲਈ,
ਬੱਚਿਆਂ ਦੇ ਪਾਸ ਹੋਣ ਲਈ,
ਨੌਕਰੀ ਮਿਲ ਜਾਣ ,
ਮੁੰਡੇ ਕੁੜੀ ਦੇ ਵਿਆਹ ਲਈ,
ਵਿਦੇਸ਼ ਜਾਣ ਲਈ ,
ਵਿਦੇਸ਼ਾਂ ਵਿੱਚ ਪੱਕੇ ਹੋਣ ਲਈ,
ਮੁਕੱਦਮੇ ਜਿੱਤਣ ਲਈ ,
ਵੈਰੀਆ ਨੂੰ ਹਰਾਉਣ ਲਈ ,
ਦੁੱਧ ਲੈਣ ਲਈ ,
ਪੁੱਤ ਲੈਣ ਲਈ ,
ਆਦਿ ਆਦਿ ।
ਜਨਮ ਦਿਨ ਮਨਾਉਣ ਲਈ,
ਅੈਨੀਵਰਸਰੀ ਮਨਾਉਣ ਲਈ,
ਜਠੇਰਿਆਂ ਨੂੰ ਖੁਸ਼ ਕਰਨ ਲਈ,
ਮੱਸਿਆ, ਪੁੰਨਿਆ, ਸੰਗਰਾਦਾਂ
ਤੇ ਸਾਧਾਂ ਦੀਆਂ ਬਰਸੀਆਂ
ਮਨਾਉਣ ਲਈ , ਸੁੱਖਣਾ
ਲਾਉਣ ਲਈ ,, ਆਦਿ ਆਦਿ
ਜਿਸ ਦਿਨ ਤੋਂ ਸਿੱਖ ,,,,,,,,,,,,,,,,,,
ਗੁਰਬਾਣੀ ਨੂੰ ਸਮਝਣ ਲਈ ,
ਰੱਬ ਦੀ ਸਿਫ਼ਤ ਸਲਾਹ ਲਈ,
ਰੱਬ ਅੱਗੇ ਅਰਦਾਸ ਕਰਨ ਲਈ ,
ਰੱਬ ਦੇ ਬਾਰੇ ਜਾਨਣ ਲਈ ,
ਰੱਬੀ ਗੁਣਾਂ ਨੂੰ ਹਿਰਦੇ ਵਿੱਚ
ਵਸਾਉਣ ਲਈ ,
ਧਰਮ ਨੂੰ ਸਮਝਣ ਦੇ ਲਈ ,
ਆਪਣੇ ਆਪ ਨੂੰ ਪਹਿਚਾਨਣ ਲਈ,
ਸ਼ੈਤਾਨ ਮਨ ਨੂੰ ਸਮਝਾਉਣ ਲਈ ,
ਜੀਵਨ ਪੱਧਰ ਨੂੰ ਉੁੱਚਾ ਚੁੱਕਣ ਲਈ,
ਜੀਵਨ ਨੂੰ ਸੰਵਾਰਨ ਲਈ ,
ਅਗਿਆਨਤਾ ਦੇ ਹਨੇਰੇ ਨੂੰ
ਦੂਰ ਕਰਨ ਲਈ ,
ਗੁਰਬਾਣੀ ਪੜਣੀ ਸ਼ੁਰੂ ਕਰ ਦੇਣਗੇ। ਉਸ ਦਿਨ ਤੋਂ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਲੋਡ਼ ਖਤਮ ਹੋ ਜਾਵੇਗੀ।
ਗੁਰਬਾਣੀ ਦੀ ਟਕਸਾਲ ਵਿਚੋਂ ਘੜੇ ਹੋਏ ਜੀਵਨ ਨੂੰ ਦੇਖ ਕੇ ਲੋਕ ਆਪਣੇ ਆਪ ਸਿੱਖ ਬਨਣ ਲੱਗ ਪੈਣਗੇ ।,,,,,,
ਇਹ ਮੇਰਾ ਵਿਸ਼ਵਾਸ ਹੈ ।

ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


11/12/17
ਵਰਲਡ ਸਿੱਖ ਫੈਡਰੇਸ਼ਨ(ਅਵਤਾਰ ਸਿੰਘ ਮਿਸ਼ਨਰੀ)

-ਗੁਰਮਤਿ ਪ੍ਰਚਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਕੰਧ ਤੇ ਲਿਖਿਆ ਪੜ੍ਹਨ ਦੀ ਲੋੜ

-ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਖੁਦ ਹੀ ਅਮ੍ਰਿਤਸਰ ਦੇ ਦਿਵਾਨ ਕੈਂਸਲ ਕਰਨੇ ਇਕ ਦੂਰਦ੍ਰਿਸ਼ਟੀ ਵਾਲਾ ਕੰਮ

-ਵਰਲਡ ਸਿੱਖ ਫੈਡਰੇਸ਼ਨ

(ਅਵਤਾਰ ਸਿੰਘ ਮਿਸ਼ਨਰੀ)ਜਦੋਂ ਜਦੋਂ ਸੱਚ ਦਾ ਪਰਚਾਰ ਹੁੰਦਾ ਹੇ ਉਦੋਂ ਉਦੋਂ ਬਿਪਰੀ ਵਿਚਾਰਾਂ ਵਾਲੇ ਅਤੇ ਝੂਠ ਦੇ ਸਹਾਰੇ ਪਨਪ ਰਹੀਆਂ ਜੋਕਾਂ ਨੂੰ ਗੁਰਬਾਣੀ ਦੇ ਬਣਾਏ ਗਏ ਬਿਜਨਸ ਰੁਕਣ ਕਾਰਣ ਖੁਸ ਰਹੀ ਰੋਜੀ-ਰੋਟੀ ਸਦਕੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਡੇਰੇਦਾਰ ਅਤੇ ਸੰਪਰਦਾਈ ਲੋਕ ਆਪਦੇ ਵਡਾਰੂਆਂ ਦੀਆਂ ਮਾਰੀਆਂ ਜੱਭਲੀਆਂ ਦੀ ਨਵੇਂ ਸਮੇ ਵਿੱਚ ਵਿਗਿਆਨਿਕ ਸੋਚ ਰਾਹੀਂ ਹੋ ਰਹੀ ਦੁਰਦਸ਼ਾ ਕਾਰਣ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਵਿਚਾਰਧਾਰਾ ਦਾ ਪਰਚਾਰ ਕਰ ਰਹੇ ਪਰਚਾਰਕਾਂ ਤੋਂ ਬੁਖਲਾਕੇ ਇਖਲਾਕੋਂ ਗਿਰੀਆਂ ਕਾਰਵਾਈਆਂ ਕਰਨ ਲੱਗੇ ਹਨ। ਇਹਨਾ ਲੋਕਾਂ ਦੇ ਉਜੱਡਪੁਣੇ ਕਾਰਣ ਜਿੱਥੇ ਨਵੀਂ ਜਨਰੇਸ਼ਨ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ ਉੱਥੇ ਵੱਖ-ਵੱਖ ਕੌਮਾਂ ਦੇ ਸਾਹਮਣੇ ਸਿੱਖਾਂ ਨੂੰ ਵਾਰ ਵਾਰ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ ਹੈ ਜੋ ਸੋਚਦੇ ਹੋਣਗੇ ਕਿ ਸਿੱਖ ਏਨੇ ਬੂਝੜ ਹਨ ਕਿ ਵਿਚਾਰ ਚਰਚਾ ਵਾਲੇ ਮੁੱਦਿਆਂ ਤੇ ਧੂਤਕੜਾ ਮਚਾਉਂਦੇ ਫਿਰਦੇ ਹਨ।। ਦੇਸ-ਵਿਦੇਸ ਵਿੱਚ ਨਵੀਂ ਜਨਰੇਸ਼ਨ ਦੇ ਬੱਚੇ ਜੋ ਕਿ ਕੇਵਲ ਤੇ ਕੇਵਲ ਲੌਜਿਕ ਨਾਲ ਹੀ ਸਮਝਦੇ ਹਨ ਇਹਨਾ ਅਜੋਕੇ ਬਾਹਮਣਾ ਨੂੰ ਨਕਾਰ ਚੁੱਕੇ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ,ਭਾਈ ਪੰਥਪਰੀਤ ਸਿੰਘ ਬਖਤਾਉਰ ਵਾਲੇ ਅਤੇ ਸਰਬਜੀਤ ਸਿੰਘ ਧੂੰਦਾ ਸਮੇਤ ਮਿਸ਼ਨਰੀ ਕਾਲਜ ਦੇ ਅਨੇਕਾਂ ਪਰਚਾਰਕਾਂ ਦਾ ਵਿਰੋਧ ਦੇਹ-ਪੂਜ ਲੋਕਾਂ ਦੀ ਇਸੇ ਬੁਖਲਾਟ ਦਾ ਨਤੀਜਾ ਹੈ। ਦੁਨੀਆਂ ਦੇਖ ਰਹੀ ਹੈ ਕਿ ਤੱਤ ਗੁਰਮਤਿ ਦਾ ਪਰਚਾਰ ਕਰਨ ਜਾਂ ਸੁਨਣ ਵਾਲਿਆਂ ਨੇ ਸਭ ਕੁਝ ਜਾਣਦੇ ਹੋਏ ਵੀ ਕਦੇ ਵੀ ਸੰਪਰਦਾਈਆਂ/ਡੇਰੇਦਾਰਾਂ ਦਾ, ਸਿਖਾਂ ਦਾ ਜਲੂਸ ਕਢਵਾਉਣ ਵਾਲਾ ਵਿਰੋਧ ਕਦੇ ਨਹੀਂ ਕੀਤਾ ਜਦਕਿ ਇਹ ਬਚਿਤਰੀ/ਅੰਧਵਿਸ਼ਵਾਸੀ ਲੋਗ ਆਪਦੇ ਨਾਲ ਨਾਲ ਪੂਰੀ ਸਿੱਖ ਕੌਮ ਦਾ ਜਲੂਸ ਕੱਢਣੋ ਵੀ ਬਾਜ ਨਹੀਂ ਆਉਂਦੇ। ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਇਕ ਮੀਟਿੰਗ ਦੌਰਾਨ ਤੱਤ ਗੁਰਮਤਿ ਦੇ ਦੁਸ਼ਮਣਾ ਨੂੰ ਕੰਧ ਤੇ ਲਿਖਿਆ ਪੜਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਧੁਤਾਗਿਰੀ ਨਾਲ ਦੁਨੀਆਂ ਨੂੰ ਸਿੱਖ ਕੌਮ ਦਾ ਤਮਾਸ਼ਾ ਬਣਾਕੇ ਦਿਖਾਉਣ ਦੀ ਜਗਹ ਆਪਣੇ ਸੰਪਰਦਾਈ ਗ੍ਰੰਥਾਂ ਅਤੇ ਸੋਚ ਦਾ ਪਰਚਾਰ ਕਰਕੇ ਦੇਖਣ ਕਿ ਸੰਗਤ ਹੁਣ ਇਹਨਾਂ ਦੀਆਂ ਅੰਧਵਿਸ਼ਵਾਸੀ ਗੱਪਾਂ ਨੂੰ ਸੁਣਦੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਦਰਤ ਦੇ ਅੰਗ-ਸੰਗ ਨਿਰੋਲ ਸੱਚ ਦੇ ਗਿਆਨ ਨੂੰ। ਉਹਨਾ ਸੰਸਾਰ ਦੀਆਂ ਸਮੂਹ ਪਰਚਾਰਕ ਜੱਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਬੇਨਤੀ ਕਰਦਿਆ ਕਿਹਾ ਕਿ ਸੱਚ ਦੇ ਗਿਆਨ ਦੇ ਦੁਸ਼ਮਣ ਧੂਤਿਆਂ ਤੋਂ ਡਰਕੇ ਸੱਚ ਦੇ ਪਰਚਾਰ ਦੇ ਵਿਰੁੱਧ ਨਾ ਭੁਗਤਣ ਸਗੋਂ ਧੂਤਾਗਿਰੀ ਖਿਲਾਫ ਸੱਚ ਦਾ ਸਾਥ ਦੇਣ।

ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਮਹੌਲ ਨੂੰ ਤਕਦਿਆਂ ਖੁਦ ਹੀ ਅਮ੍ਰਿਤਸਰ ਦੇ ਦਿਵਾਨ ਕੈਂਸਲ ਕਰਨ ਨੂੰ ਬਹੁਤ ਹੀ ਦੂਰਦ੍ਰਿਸ਼ਟਤਾ ਵਾਲਾ ਕੰਮ ਦੱਸਦਿਆਂ ਕਿਹਾ ਕਿ ਹੁਣ ਤਾਂ ਬੱਚਾ-ਬੱਚਾ ਜਾਣ ਚੁੱਕਾ ਹੈ ਕਿ ਸੰਪਰਦਾਈਆਂ/ਡੇਰੇਦਾਰਾਂ/ਰਾਜਨੀਤਕਾਂ ਦਾ ਉਦੇਸ਼ ਹਰ ਹੀਲੇ ਦੰਗਾ-ਫਸਾਦ ਕਰਵਾਕੇ ਸਰਕਾਰ ਦੀ ਨਿਗਾਹ ਵਿੱਚ ਸੱਚ ਦੇ ਪਰਚਾਰਕਾਂ ਨੂੰ ਹੀ ਅਜਿਹੇ ਹਾਲਾਤਾਂ ਦਾ ਦੋਸ਼ੀ ਠਹਿਰਾਕੇ ਆਪਣਾ ਉੱਲੂ ਸਿੱਧਾ ਕਰਨ ਦਾ ਹੈ ।ਇਹ ਲੋਕ ਜਾਣਦੇ ਹਨ ਕਿ ਇਹਨਾ ਕੋਲ ਲੌਜਿਕ/ਵਿਚਾਰ/ਦਲੀਲ ਨਾਮ ਦੀ ਤਾਂ ਕੋਈ ਚੀਜ ਹੈ ਹੀ ਨਹੀਂ ਇਸ ਲਈ ਆਪਦੀ ਹੋਂਦ ਰਾਜਨੀਤਕ ਪੈਂਤੜਿਆਂ ਨਾਲ ਬਚਾਈ ਰੱਖਣਾ ਚਾਹੁੰਦੇ ਹਨ ।ਏਸੇ ਲਈ ਚੱਲ ਰਹੇ ਦਿਵਾਨਾ ਵਿੱਚ ਧੂਤਕੜਾ ਮਚਾਕੇ ਦੰਗਾ ਫਸਾਦ ਕਰਵਾਉਣ ਦੀ ਤਾਕ ਵਿੱਚ ਹਨ। ਵਿਦੇਸ਼ਾਂ ਵਿੱਚ ਵੀ ਏਸੇ ਫਾਰਮੂਲੇ ਨਾਲ ਪਰਚਾਰਕਾਂ ਨੂੰ ਫਸਾਦ ਦਾ ਦੋਸ਼ੀ ਗਰਦਾਨ ਪਰਚਾਰਕਾਂ ਤੇ ਪਾਬੰਦੀ ਲਗਵਾਉਣ ਦੀਆਂ ਕੋਝੀਆਂ ਚਾਲਾਂ ਚੱਲਦੇ ਹਨ। ਸਮੂਹ ਸੰਗਤਾਂ ਨੂੰ ਦੋਹਾਂ ਧਿਰਾਂ ਦੇ ਵਿਚਾਰ ਸੁਣ ਖੁਦ ਫੈਸਲਾ ਕਰਨ ਲਈ ਆਖਦੇ ਹੋਏ ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਕਿਹਾ ਕਿ ਇਸ ਵਿਰੋਧ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਵਿਚਾਰਧਾਰਾ ਨੂੰ ਬਿਪਰਵਾਦ ਲਈ ਵਰਤਣ ਵਾਲੇ ਸ਼ਰੇਆਮ ਨੰਗੇ ਹੋ ਗਏ ਹਨ।
ਸਮੂਹ ਸੇਵਾਦਾਰ ਵਰਲਡ ਸਿੱਖ ਫੈਡਰੇਸ਼ਨ


11/12/17
ਬੀ. ਐਸ. ਢਿੱਲੋਂ, ਐਡਵੋਕੇਟ

ਪਾਪ ਪੁੰਨ, ਨਰਕ ਸੁਰਗ, ਰੱਬ, ਆਤਮਾਂ, ਕਰਮ ਕੀ ਹੁੰਦੇ ਹਨ? ਅੱਜ ਮੈ ਸਾਡੇ ਪਿੰਡ ਕੋਟ ਫੱਤੇ (ਬਠਿੰਡਾ) ਦੇ ਝਟਕਈ ਤੋਂ ਮੀਟ ਲੈਣ ਗਿਆ! ਮੈ ਮੁੰਡੇ ਨੂੰ ਪੁੱਛਿਆ ਕਿ "ਕਾਕਾ ਆਪਣੇ ਪਿੰਡ ਇੱਕ ਪੁਰਾਣਾ ਝਟਕਈ ਹੁੰਦਾ ਸੀ?ਅਸੀ ਬਚਪਣ ਵਿੱਚ ਉਸਤੋ ਮੀਟ ਲਿਆ ਕਰਦੇ ਸੀ!" "ਤੁਸੀ ਜੰਗੇ ਝਟਕਈ (ਜੰਗ ਸਿੰਘ) ਦੀ ਗੱਲ ਕਰਦੇ ਹੋ? ਜਿਸਦਾ ਟੇਸ਼ਨ (ਸਟੇਸ਼ਨ) ਕੋਲੇ ਘਰ ਸੀ?" ਉਹਨੇ ਮੇਰੇ ਮੂੰਹ ਵੱਲ ਵੇਖਿਆ! "ਹਾਂ ਹਾਂ ਉਹੀ! ਉਹਨੂੰ ਤਾਂ ਮਰੇ ਨੂੰ ਵੀ 25-30. ਸਾਲ ਹੋ ਗਏ ਹੋਣਗੇ?" "ਨਹੀ ਜੀ ਦੋ ਕੁ ਸਾਲ ਹੀ ਹੋਏ ਹਨ! 112 ਸਾਲ ਦਾ ਹੋ ਕੇ ਮਰਿਆ! ਸੌ ਸਾਲ ਦੀ ਉਮਰ ਤੱਕ ਬੱਕਰੇ ਝਟਕਾ ਦਿੰਦਾ ਸੀ! " ਮੈ ਹੈਰਾਂਨ, ਖੁਸ਼ ਤੇ ਸੁੰਨ! ਉਹ 20 ਸਾਲ ਦੀ ਉਮਰ ਵਿੱਚ ਪਿਤਾ ਪੁਰਖੀ ਕਿੱਤੇ ਵਿੱਚ ਝਟਕਈ ਬਣਿਆ ਸੀ! ਜੇ ਸਾਲ ਵਿੱਚ 300 ਬੱਕਰਾ ਵੱਢਿਆ ਤਾਂ 80 ਸਾਲਾਂ ਵਿੱਚ 24000 ਬੱਕਰੇ ਝਟਕੇ ਸਨ! ਦੂਜੇ ਪਾਸੇ ਮੇਰੇ ਪਿੰਡ ਦੇ 25-30 ਸਾਲ ਦੇ 3-4 ਜਵਾਨ ਮੁੰਡੇ ਕੁੜੀਆਂ ਕੈਸਰ ਨਾਲ ਮਰ ਗਏ ਜਿਨ੍ਹਾਂ ਕਦੀ ਕੁੱਤੇ ਦੇ ਸੋਟੀ ਨਹੀਂ ਸੀ ਮਾਰੀ! ਮੀਟ, ਮੁਰਗਾ, ਮੱਛੀ ਬਣੀ ਬਣਾਈ ਵੀ ਨਹੀਂ ਖਾਧੀ ਹੋਣੀ?
B S Dhillon
9988091463


11/05/17
ਹਰਪਾਲ ਸਿੰਘ ਫਿਰੋਜਪੁਰੀਆ

ਦਾਤਾ (ਦਾਤਾਂ ਦੇਣ ਵਾਲਾ) ਕੌਣ ??
ਹਰ ਇਨਸਾਨ ਦਾ ਇਹ ਕਹਿਣਾ ਹੈ ਕਿ ਜਿਸ ਨੂੰ ਮੈਂ ਮੰਨ ਰਿਹਾ ਹਾਂ, ਮੈਨੂੰ ਤੇ ਮੇਰੇ ਪਰਿਵਾਰ ਨੂੰ ਦਾਤਾਂ ਉਹੋ ਦੇ ਰਿਹਾ ਹੈ। ਆਪਣੀ ਹਰ ਕਾਮਯਾਬੀ ਦੇ ਪਿੱਛੇ ਆਪਣੇ ਗੁਰੂ, ਪੀਰ, ਸੰਤ, ਮਹੰਤ, ਸਾਧ, ਬਾਬੇ, ਸਾਂਈ, ਪਾਂਡੇ, ਜਠੇਰੇ ਤੇ ਦੇਵੀ ਦੇਵਤਿਆਂ (ਜਿੰਨੂ ਵੀ ਉਹ ਮੰਨਦਾ ਹੈ) ਆਦਿ ਦੇ ਹੋਣ ਦੀ ਗੱਲ ਕਰਦਾ ਹੈ, ਤੇ ਕਹਿੰਦਾ ਹੈ ਕਿ ਉਹਨਾਂ ਦੀ ਪੂਜਾ ਕਰਕੇ, ਉਹਨਾਂ ਨੂੰ ਪ੍ਰਸੰਨ ਕਰਕੇ ਉਹਨਾਂ ਤੋਂ ਦਾਤਾਂ ਲਈਆਂ ਜਾ ਸਕਦੀਆਂ ਹਨ।
ਉਹਨਾਂ ਨੂੰ ਕੁੱਝ ਸਵਾਲ ਹਨ :
1. ਜਿਹਡ਼ੇ ਤੁਹਾਡੇ ਦਾਤੇ ਨੂੰ ਨਹੀ ਮੰਨਦੇ, ਉਨ੍ਹਾਂ ਨੂੰ ਦਾਤਾਂ ਕੌਣ ਦੇ ਰਿਹਾ ?
2. ਕੁੱਝ ਲੋਕ ਐਸੇ ਹਨ, ਜਿਹਡ਼ੇ ਤੁਹਾਡੇ ਦਾਤਿਆਂ ਦੀ ਬਹੁਤ ਸਰਧਾ ਭਾਵਨਾ ਨਾਲ ਪੂਜਾ ਤੇ ਸੇਵਾ ਕਰਦੇ ਹਨ। ਉਹ ਫਿਰ ਵੀ ਭੁੱਖੇ ਮਰ ਰਹੇ ਹਨ। ਹੋਰ ਵੀ ਕਈ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ । ਇਸ ਤਰ੍ਹਾਂ ਕਿਉਂ ???
3. ਜਿੰਨਾ ਨੂੰ ਤੂੰ ਆਪਣੇ ਦਾਤੇ ਮੰਨਦਾ ਹੈ, ਉਹਨਾਂ ਵਿਚੋਂ ਕਈ ਪੰਜਾਹ (50) ਸਾਲ ਜਾਂ ਉਸਤੋਂ ਵੀ 100 ਜਾਂ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕੇ ਹਨ । ਇਨ੍ਹਾਂ ਦੇ ਜਨਮ ਤੋਂ ਪਹਿਲਾਂ ਤੁਹਾਡੇ ਵਡੇਰਿਆਂ ਨੂੰ ਦਾਤਾਂ ਕੌਣ ਦੇ ਰਿਹਾ ਸੀ ??
4. ਜਿੰਨਾ ਸਹੂਲਤਾਂ ਦਾ ਤੁਸੀਂ ਅਨੰਦ ਲੈ ਰਹੇ ਹੋ, ਮੋਬਾਇਲ, ਕੰਪਿਊਟਰ, ਮੋਟਰਸਾਈਕਲ, ਕਾਰਾਂ ਆਦਿ । ਜੇ ਇਹ ਵੀ ਤੁਹਾਡੇ ਦਾਤਿਆਂ ਦੀ ਦੇਣ ਹੈ ਤਾਂ ਉਹ ਸਨੇਹਿਆਂ ਲਈ ਚਿੱਠੀਆਂ ਦੀ ਤੇ ਆਉਣ ਜਾਣ ਲਈ ਘੋਡ਼ਿਆਂ ਰੇੜਿਆਂ ਟਾਂਗਿਆਂ ਤੇ ਬੈਲ ਗੱਡੀਆਂ ਆਦਿ ਦੀ ਵਰਤੋਂ ਕਿਉਂ ਕਰਦੇ ਸੀ ??
5. ਜਿਹਡ਼ੇ ਤੁਹਾਡੇ ਦਾਤਿਆਂ ਦੀ ਵਿਰੋਧਤਾ ਕਰਦੇ ਨੇ, ਉਹਨਾਂ ਤੋਂ ਉਹ ਦਾਤਾਂ ਖੋਹਦਾ ਕਿਉਂ ਨਹੀ ?? ਕਿਉਂਕਿ ਜਿਹਡ਼ਾ ਦੇ ਸਕਦਾ ਉਹ ਕਿਸੇ ਤੋਂ ਖੋਹ ਵੀ ਸਕਦਾ ।
6. ਇਸ ਸਾਰੇ ਬ੍ਰਹਿਮੰਡ ਵਿੱਚ ਅਨੇਕਾਂ ਜੀਵ ਹਵਾ ਵਿੱਚ , ਅਨੇਕਾਂ ਜੀਵ ਪਾਣੀ ਵਿੱਚ ਤੇ ਅਨੇਕਾਂ ਜੀਵ ਧਰਤੀ ਤੇ ਵੱਖ ਵੱਖ ਥਾਵਾਂ ਤੇ ਵੱਖ ਰੰਗਾਂ ਢੰਗਾਂ ਨਾਲ ਖਾ ਪੀ ਰਹੇ ਨੇ ਤੇ ਬੱਚੇ ਪੈਦਾ ਕਰ ਰਹੇ ਨੇ। ਜਿੰਨਾ ਨੂੰ ਤੇਰੇ ਦਾਤਿਆਂ (ਜਿੰਨਾਂ ਨੂੰ ਤੂੰ ਦਾਤੇ ਮੰਨਦਾ ਹੈ) ਬਾਰੇ ਰਤਾ ਜਿੰਨਾਂ ਵੀ ਗਿਆਨ ਨਹੀ ਹੈ। ਉਹਨਾਂ ਨੂੰ ਦਾਤਾਂ ਕੌਣ ਦੇ ਰਿਹਾ ਹੈ।??
ਸਿੱਖ ਧਰਮ ਦੇ ਧਾਰਮਿਕ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਕੋਈ ਵੀ ਗੁਰੂ, ਪੀਰ, ਸਾਧ, ਬਾਬਾ, ਸਾਂਈ, ਜਠੇਰਾ ਤੇ ਦੇਵੀ ਦੇਵਤਾ ( ਉਹ ਜੀਉਂਦਾ ਹੋਵੇ ਜਾ ਮਰ ਚੁੱਕਾ ਹੋਵੇ) ਦਾਤਾ ਨਹੀ ਹੈ " ਮਾਨੁਖ ਕੈ ਕਿਛੁ ਨਾਹੀ ਹਾਥਿ ॥ ਮਹਲਾ:੫ .੨੮੧ । ਦਾਤਾ ਸਿਰਫ ਤੇ ਸਿਰਫ ਅਕਾਲ ਪੁਰਖ ਰੱਬ ਹੈ " ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ਮਹਲਾ:੫ , ੨੫੭।
ਗੁਰੂਆਂ, ਪੀਰਾਂ, ਸਾਧਾਂ, ਬਾਬਿਆਂ, ਸਾਂਈਆਂ, ਜਠੇਰਿਆਂ ਤੇ ਦੇਵੀ ਦੇਵਤਿਆਂ ਨੂੰ ਵੀ ਰੱਬ ਨੇ ਪੈਦਾ ਕੀਤਾ ਹੈ, ਉਸੇ ਦੇ ਨਿਯਮ ਤਹਿਤ ਇਹ ਮਰ ਚੁੱਕੇ ਨੇ। ਇਹ ਖੁਦ ਰੱਬ ਦੀਆਂ ਦਾਤਾ ਹੀ ਭੋਗਦੇ ਰਹੇ ਹਨ। ਰੱਬ ਨੂੰ ਜਾਣ ਲੈਣ ਤੋਂ ਬਾਅਦ ਰੱਬ ਨਾਲ ਇੱਕ ਸੁਰ ਹੋਏ ਲਗਭਗ ਸਾਰੇ ਗੁਰੂਆਂ ਪੀਰਾਂ ਤੇ ਭਗਤਾਂ ਨੇ ਇੱਕ ਸੁਰ ਹੋ ਕੇ ਕਿਹਾ ਏ, ਕਿ ਅਸੀਂ ਖੁਦ ਰੱਬ ਦੇ ਘਰ ਦੇ ਮੰਗਤੇ ਹਾਂ "ਐ ਸੰਸਾਰ ਦੇ ਲੋਕੋ ਤੁਸੀਂ ਵੀ ਰੱਬ ਕੋਲੋਂ ਹੀ ਮੰਗੋ "।
ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ (ਮਹਲਾ ੧)
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ (ਮਹਲਾ ੩)

ਸੰਸਾਰ ਇਹਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਵੀ ਹਜ਼ਾਰਾਂ ਸਾਲਾਂ ਤੋਂ ਖਾ ਪੀ ਤੇ ਹੰਢਾ ਰਿਹਾ ਸੀ ਤੇ ਜਿੰਨਾਂ ਚਿਰ ਸੰਸਾਰ ਰਹੁ ਖਾਂਦਾ ਪੀਂਦਾ ਤੇ ਹੰਡਾਂਉਦਾ ਰਹੁ ।
ਜੇ ਕਿਸੇ ਕੋਲ ਜਵਾਬ ਹੋਣ ਤਾਂ ਜਰੂਰ ਦੇਵੋ। ਜੇ ਨਹੀ ਤਾਂ ਇਹ ਸਵਾਲ ਉਨ੍ਹਾਂ ਨੂੰ ਕਰੋ ਜਿਹਡ਼ੇ ਤੁਹਾਨੂੰ ਦਾਤਾਂ ਦੇਣ ਦੀ ਜਾਂ ਮਰ ਚੁੱਕੇ ਗੁਰੂ, ਪੀਰ, ਸੰਤ, ਮਹੰਤ, ਸਾਧ, ਬਾਬੇ, ਸਾਂਈ, ਪਾਂਡੇ, ਜਠੇਰੇ ਤੇ ਦੇਵੀ ਦੇਵਤਿਆਂ ਦੇ ਦਾਤਾ ਹੋਣ ਦਾ ਰੌਲਾ ਪਾ ਰਹੇ ਨੇ ਜਾਂ ਤੇ ਕਿਸੇ ਤਰੀਕੇ ਨਾਲ ਇਹਨਾਂ ਕੋਲੋਂ ਦਾਤਾਂ ਦਿਵਾਉਣ ਦੀ ਗੱਲ ਕਰ ਰਹੇ ਨੇ ।

ਹਰਪਾਲ.ਸਿੰਘ.ਫਿਰੋਜਪੁਰੀਆ 88722-19051


11/05/17
ਮੇਜਰ ਸਿੰਘ ' ਬੁਢਲਾਡਾ '

ਹੱਥ ਵਿੱਚ ਫੜ੍ਹ ਗੁੱਟਕਾ

‘ਕੈਪਟਨ’ ਝੂਠ ਬੜੇ ਮਾਰੇ,

ਲਾਕੇ ਲੋਕਾਂ ਤਾਈਂ ਲਾਰੇ

ਲਈ ਸਰਕਾਰ ਬਣਾ।

ਹੱਥ ਵਿੱਚ ਫੜ੍ਹ ਗੁੱਟਕਾ

‘ਬਾਣੀ’ਦੀ ਝੂਠੀ ਸੌਂਹ ਖਾ

ਹੱਥ ਵਿੱਚ ----।

ਜਦ ਹਰ ਇਕ ਨਾਲ

ਵਾਅਦਾ ਇਹਨੇ ਕਰਿਆ।

ਉਦੋ ਦੱਸੋ ਕਿਹੜਾ ਸੀ,

ਖਜਾਨਾ ਇੱਥੇ ਭਰਿਆ ?

ਹੁਣ ਆਖਦਾ “ਖਜਾਨਾ ਖਾਲੀ ਆ।“

ਹੱਥ ਵਿੱਚ ------।

ਚਾਹੁੰਦੇ ਸੀ ਜਿਹੜੇ,

ਬਹੁਤੇ ਇਹਦੀ ਸਰਕਾਰ ਜੀ।

ਹੁਣ ਪਛਤਾਉਂਦੇ ਨੇ,

ਮੱਥੇ ਤੇ ਹੱਥ ਮਾਰ ਜੀ।

ਪਰ ਬਣਦਾ ਕੀ ਹੁਣ ਪਛਤਾ।

ਹੱਥ ਵਿੱਚ -------।

ਇਤਿਹਾਸ ਵਿਚ ਨਵਾਂ ਹੀ

ਚੜਾਉਣ ਲੱਗਾ ਚੰਦ ਤੂੰ!

ਅੱਠ ਸੋ ਸਕੂਲ ਤਾਈਂ

ਕਰਕੇ ਬੰਦ ਤੂੰ !

ਕੁਹਾੜਾ ਗਰੀਬਾਂ ਤੇ

ਰਿਹਾਂ ਤੂੰ ਚਲਾ

ਹੱਥ ਵਿੱਚ -------।

ਐੱਮ.ਐੱਲ.ਏ,ਮੰਤਰੀ ਵੀ,

ਤੇਰੇ ਦਿਸਦੇ ਨਾ ਖੁਸ਼ ਜੀ।

ਰਾਜ ਤੇਰੇ ਵਿਚ,

ਲੱਗੇ ਹੈਨੀ ਪੁੱਛ-ਗਿੱਛ ਜੀ।

ਤਾਂਹੀ ਸੰਘਰਸ਼ ਦੇ

ਪੈਣ ਚੱਲੇ ਰਾਹ

ਹੱਥ ਵਿੱਚ -------।

ਆਖਰੀ ਮੌਕਾ ਤੇਰੇ ,

ਲੱਗਿਆ ਹੱਥ ਓਏ!

ਹੁਣ ਐਸੇ ਕੰਮ ਕਰ,

ਗਾਉਣ ਲੋਕੀ ਜੱਸ ਓਏ!

ਕਹੇ ਮੇਜਰ ਤੂੰ ਮੁੱਖ ਨਾ ਭਵਾਂ,

ਲਾਜ ਰੱਖ ਗੁੱਟਕੇ ਦੀ

ਜੀਹਦੀ ਲੋਕਾਂ ਵਿਚ ਗਿਆ ਸੌਂਹ ਖਾਂ।

ਤੂੰ ਲਾਜ ਰੱਖ ਗੁੱਟਕੇ -------।


ਮੇਜਰ ਸਿੰਘ ' ਬੁਢਲਾਡਾ '

94176 42327

**********************************

'ਨਵੀਆਂ ਲੀਹਾਂ ਪਾਉਣ ਆਗੂ'

ਲੋਕਤੰਤਰ ਵਿਚ ਜਿਹੜਾ ਵੀ ਜਿੱਤ ਜਾਵੇ,

ਉਹਨੂੰ ਮਿਲਣੇ ਚਾਹੀਦੇ ਬਣਦੇ ਹੱਕ ਯਾਰੋ !

ਸਰਕਾਰ ਸਨਮਾਨ ਕਰੇ ਲੋਕ ਫਤਵੇ ਦਾ,

ਵੇਖ ਵਿਰੋਧੀਆਂ ਨੂੰ ਚਾੜ੍ਹੇ ਨਾ ਨੱਕ ਯਾਰੋ!

ਸਤਾਧਾਰੀ ਤੇ ਵਿਰੋਧੀ ਰਲ-ਮਿਲ ਸਾਰੇ,

ਜੜ੍ਹਾਂ ਸਮੱਸਿਆਵਾਂ ਦੀਆਂ ਦੇਣ ਪੱਟ ਯਾਰੋ!

ਮੇਜਰ ਹੁਣ ਨਵੀਆਂ ਲੀਹਾਂ ਪਾਉਣ ਆਗੂ,

ਨੁਕਸਾਨ ਦੇਹ ਨੀਤੀਆਂ ਤੋਂ ਹੱਟ ਯਾਰੋ!

ਮੇਜਰ ਸਿੰਘ 'ਬੁਢਲਾਡਾ'

94176 42327{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.