.


04/30/17
ਜਗਤਾਰ ਸਿੰਘ ਜਾਚਕ

ਤਖ਼ਤਾਂ ਦੇ ਮੁਖੀ ਨਾਮਧਾਰੀ ਆਗੂ ਨਾਲ ਵਿਚਾਰ-ਗੋਸ਼ਟੀ ਦਾ ਰਾਹ ਅਪਨਾਉਣ ਦੀ ਥਾਂ ਆਪਣੀਆਂ ਪਦਵੀਆਂ ਦੀ ਸਲਾਮਤੀ ਲਈ ਡੇਰੇਦਾਰਾਂ ਦੀ ਬੋਲੀ ਬੋਲਣ ਲੱਗ ਪਏ ਹਨ ।
ਨਿਊਯਾਰਕ- ਨਾਮਧਾਰੀਆਂ ਨਾਲ ਅੰਮ੍ਰਿਤ-ਸੰਸਕਾਰ ਤੇ ਹਵਨ ਦੀ ਮਰਯਾਦਾ ਦੇ ਮਸਲੇ ’ਤੇ ਉਲਝਣ ਤੋਂ ਪਹਿਲਾਂ ਖ਼ਾਲਸਾ-ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਇਹ ਫੈਸਲਾ ਕਰਨ ਦੀ ਲੋੜ ਹੈ ਕਿ ਅਜੋਕੀ ਪ੍ਰਸਥਿਤੀ ਵਿੱਚ ਉਹ ਨਾਮਧਾਰੀ-ਸੰਪ੍ਰਦਾ ਨੂੰ ਆਪਣਾ ਅੰਗ ਮੰਨਦਾ ਹੈ ਜਾਂ ਨਹੀਂ ? ਕਿਉਂਕਿ, ਜਿਹੜੀ ਸੰਪ੍ਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਥਾਂ ਦਸਮ-ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅੱਗੇ ਵਿਅਕਤੀ-ਗੁਰੂ ਦਾ ਸਿਲਸਲਾ ਜਾਰੀ ਰੱਖ ਰਹੀ ਹੋਵੇ, ਉਸ ਨੂੰ ਖ਼ਾਲਸਾ-ਪੰਥ ਦਾ ਅੰਗ ਮੰਨੇ ਜਾਣਾ ਅਸੰਭਵ ਹੈ ਅਤੇ ਅਜਿਹੀ ਪ੍ਰਸਥਿਤੀ ਵਿੱਚ ਉਸ ਨਾਲ ਮਰਯਾਦਾ ਦੇ ਮਸਲੇ ’ਤੇ ਝਗੜਾ ਬੇਲੋੜਾ ਤੇ ਨੁਕਸਾਨਦਾਇਕ ਹੈ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਭੇਜੇ ਆਪਣੇ ਲਿਖਤੀ ਬਿਆਨ ਵਿੱਚ ਕਹੇ ।
ਉਨ੍ਹਾਂ ਸਪਸ਼ਟ ਕੀਤਾ ਕਿ ਰਾਜ-ਜੋਗੀ ਬਾਬਾ ਰਾਮ ਸਿੰਘ (1816-1885 ਈ.) ਤੋਂ ਸ਼ੁਰੂ ਹੋਈ ਨਾਮਧਾਰੀ ਸੰਪਰਦਾ (ਕੂਕਾ ਲਹਿਰ) ਨੂੰ ਸ਼ੁਰੂਆਤੀ ਦੌਰ ਵੇਲੇ ਖ਼ਾਲਸਾ-ਪੰਥ ਦਾ ਓਵੇਂ ਹੀ ਇੱਕ ਅੰਗ ਮੰਨਿਆ ਜਾਂਦਾ ਸੀ, ਜਿਵੇਂ ਨਿਹੰਗ ਸਿੰਘ, ਨਿਰਮਲੇ, ਉਦਾਸੀ ਤੇ ਸੇਵਾ-ਪੰਥੀ ਆਦਿਕ ਸਿੱਖ ਸੰਪਰਦਾਵਾਂ । ਪਰ, ਉਨ੍ਹਾਂ ਦੇ ਅਕਾਲ-ਚਲਾਣੇ ਉਪਰੰਤ ਕੁਝ ਮਤਲਬਪ੍ਰਸਤ ਮਜ਼੍ਹਬੀ ਮਸੰਦਾਂ ਨੇ ਅਣਇਤਿਹਾਸਕ ਘਾੜਤ ਘੜ ਕੇ ਦਸਾਂ ਗੁਰੂਆਂ ਤੋਂ ਬਾਅਦ ਇਸ ਸੰਪ੍ਰਦਾ ਦੇ ਸੰਚਾਲਕਾਂ ਨੂੰ ਗਿਆਰਵੀਂ, ਬਾਰਵੀਂ, ਤੇਰਵੀਂ, ਚੌਧਵੀਂ ਤੇ ਪੰਦਰਵੀਂ ਗੱਦੀ ਦਾ ਉਤਰਾਧਿਕਾਰੀ ਮੰਨਣ ਦੀ ਬੱਜਰ ਗ਼ਲਤੀ ਕੀਤੀ ਹੈ । ਜਦੋਂ ਕਿ ਖ਼ੁਦ ਬਾਬਾ ਰਾਮ ਸਿੰਘ ਜੀ ਕਾਲੇਪਾਣੀ ਦੀ ਜੇਲ੍ਹ ਵਿੱਚੋਂ ਭੇਜੇ ਪੱਤਰਾਂ ਵਿੱਚ ਬਾਰ ਬਾਰ ਇਹੀ ਸਮਝਾਉਂਦੇ ਰਹੇ ਕਿ “ਮੈਂ ਗੁਰੂ ਨਹੀਂ, ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ । ਮੈਂ ਤਾਂ ਰਪਟੀਏ ਕੀ ਮਾਫ਼ਕ ਹੁਕਮੀ ਬੰਦਾ ਹਾਂ” । ਗੁਰੂ ਕਹਿਣ ਜਾਂ ਮੰਨਣ ਦਾ ਰਿਵਾਜ ਤਾਂ ਭਾਵੇਂ ਹੋਰ ਸਿੱਖ ਸੰਪਰਦਾਵਾਂ, ਸੋਢੀ ਤੇ ਬੇਦੀ ਬਾਬਿਆਂ ਅਤੇ ਕਈ ਹੋਰ ਸਿੱਖ ਡੇਰਦਾਰਾਂ ਵਿੱਚ ਵੀ ਚੱਲ ਰਿਹਾ ਹੈ । ਪਰ, ਉਨ੍ਹਾਂ ਨੇ ਨਾਮਧਾਰੀਆਂ ਵਾਂਗ ਦਸ ਗੁਰੂ-ਰਤਨਮਾਲਾ ਨਾਲ ਆਪਣੇ ਆਪ ਨੂੰ ਜੋੜਣ ਦੀ ਹਮਾਕਤ ਨਹੀਂ ਕੀਤੀ ।
ਹਵਨ ਅਤੇ ਅੰਮ੍ਰਿਤ-ਸੰਚਾਰ ਮਰਯਾਦਾ ਕੂਕਿਆਂ ਵਿੱਚ ਪਹਿਲਾਂ ਤੋਂ ਹੀ ਚੱਲ ਰਹੀ ਸੀ । ਪਰ, ਉਹ ਗਾਤਰੇ ਕ੍ਰਿਪਾਨ ਪਉਣੀ ਲਾਜ਼ਮੀ ਨਹੀਂ ਸਨ ਕਰਦੇ । ਨਾਮਧਾਰੀਆਂ ਦੇ ਵਿਵਾਦਤ ਮੁਖੀ (ਸਤਿਗੁਰੂ) ਠਾਕੁਰ ਦਲੀਪ ਸਿੰਘ ਵੱਲੋਂ ਨਾਮਧਾਰੀਆਂ ਨੂੰ ਕ੍ਰਿਪਾਨਧਾਰੀ ਬਨਾਉਣਾ ਅਤੇ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਤੇ ਵਿਆਹ ਵੇਲੇ ਪੱਲਾ ਫੜਾਉਣ ਦਾ ਅਧਿਕਾਰ ਦੇਣਾ ਗਰੁੂ ਨਾਨਕ-ਵਿਚਾਰਧਾਰਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਣਿਤ ਪੰਥਕ ਮਰਯਾਦਾ ਦੇ ਅਨੁਕੂਲ ਹੈ, ਖ਼ਿਲਾਫ਼ ਨਹੀਂ । ਜਿਥੋਂ ਤੱਕ ਪੰਜ ਦੀ ਥਾਂ ਸੱਤ ਬੀਬੀਆਂ ਲਾਉਣ ਦੀ ਗੱਲ ਹੈ, ਉਹ ਵੀ ਵਿਚਾਰਨ-ਯੋਗ ਹੈ । ਕਿਉਂਕਿ, ਪੰਥਕ ਮਰਯਾਦਾ ਵਿੱਚ ਵੀ ਅੰਮ੍ਰਿਤ ਸੰਸਕਾਰ ਵੇਲੇ ਸੱਤ ਵਿਅਕਤੀ ਹੀ ਗਿਣੇ ਜਾਂਦੇ ਹਨ । ਪੰਜ ਪਿਆਰੇ, ਇੱਕ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਅਤੇ ਇੱਕ ਪਹਿਰੇਦਾਰ ।
ਦਾਸ ਦੇ ਖ਼ਿਆਲ ਮੁਤਾਬਿਕ ਤਾਂ ਨਾਮਧਾਰੀ ਆਗੂ ਦੀ ਉਪਰੋਕਤ ਕਾਰਵਾਈ ਆਪਣੀਆਂ ਭੁੱਲਾਂ ਨੂੰ ਸੁਧਾਰ ਕੇ ਖ਼ਾਲਸਾ-ਪੰਥ ਦੇ ਨੇੜੇ ਵੱਲ ਹੋਣ ਵੱਲ ਵਧਾਇਆ ਇੱਕ ਕਦਮ ਹੈ । ਵੈਸਾਖੀ ਪੁਰਬ ’ਤੇ ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਲੰਗਰ ਵਿਖੇ ਭਾਂਡੇ ਮਾਂਜਣ ਦੀ ਸੇਵਾ ਨਿਭਾਈ ਹੈ । ਪਰ ਇਉਂ ਜਾਪਦਾ ਹੈ ਕਿ ਜਿਹੜੇ ਸਿੱਖ ਡੇਰੇਦਾਰ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਪਾਲਕੀ ਨੂੰ ਮੋਢਾ ਦੇਣ ਤੇ ਕੀਰਤਨ ਕਰਨ ਦਾ ਅਧਿਕਾਰ ਨਹੀਂ ਦੇਣਾ ਚਹੁੰਦੇ, ਉਨ੍ਹਾਂ ਨੂੰ ਖ਼ਤਰਾ ਭਾਸ ਰਿਹਾ ਹੈ । ਇਸ ਲਈ ਉਹ ਆਪਣੀ ਲੀਡਰੀ ਸਥਾਪਤ ਕਰਨ ਲਈ ਸਿੱਖ ਕੌਮ ਨੂੰ ਭੜਕਾਉਣ ਦਾ ਯਤਨ ਕਰ ਰਹੇ ਹਨ । ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਮੂਕ-ਦਰਸ਼ਕ ਬਣੀ ਬੈਠੀ ਹੈ ਅਤੇ ਤਖ਼ਤਾਂ ਦੇ ਮੁਖੀ ਨਾਮਧਾਰੀ ਆਗੂ ਨਾਲ ਵਿਚਾਰ-ਗੋਸ਼ਟੀ ਦਾ ਰਾਹ ਅਪਨਾਉਣ ਦੀ ਥਾਂ ਆਪਣੀਆਂ ਪਦਵੀਆਂ ਦੀ ਸਲਾਮਤੀ ਲਈ ਡੇਰੇਦਾਰਾਂ ਦੀ ਬੋਲੀ ਬੋਲਣ ਲੱਗ ਪਏ ਹਨ ।


04/23/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥-੨੬

ਗੁਰਬਾਣੀ ਦੇ ਚਾਨਣ ਵਿੱਚ "ਨਿਮਰਤਾ"

ਸੰਸਕ੍ਰਿਤ ਦਾ ਸ਼ਬਦ ਨਮ੍ਰਤਵ=ਨਮ੍ਰਤਾ ਜਿਸ ਤੋਂ ਪੰਜਾਬੀ ਸ਼ਬਦ ਨਿਮਰਤਾ ਹੈ-ਭਾਵ ਨੀਵਾਂਪਨ, ਨਿਰਮਾਣਤਾ, ਦੀਨਤਾ, ਹਲੀਮੀ, ਝੁਕਾਉ ਅਤੇ ਨਿਰਅਭਿਮਾਨਤਾ ਕੁੱਝ ਐਸੀਆਂ ਖੂਬੀਆਂ ਹਨ ਜਿਨ੍ਹਾਂ ਨੂੰ ਪ੍ਰਾਮਤਮਾ ਦੀ ਬਖਸ਼ਿਸ਼ ਸਮਝਿਆ ਜਾਂਦਾ ਹੈ। ਗਰੀਬੀ ਧਾਰਨੀ ਮਨੁੱਖ ਵਿੱਚ ਵੀ ਇਹ ਸਿਫਤਾਂ ਪਾਈਆਂ ਜਾਂਦੀਆਂ ਹਨ। ਇਸ ਸਬੰਧ ਵਿੱਚ ਗੁਰੂ ਸਾਹਿਬ ਫੁਰਮਾਉਂਦੇ ਹਨ-ਕਰਿ ਕ੍ਰਿਪਾ ਜਿਸ ਕੈ ਹਿਰਦੇ ਗਰੀਬੀ ਬਸਾਵੈ॥ਨਾਨਕ ਈਹਾ ਮੁਕਤ ਆਗੈ ਸੁਖੁ ਪਾਵੈ॥(੭੭੮) ਬੇਸਮਝ ਲੋਕ ਇਨ੍ਹਾਂ ਗੁਣਾਂ ਦੇ ਧਾਰਨੀ ਨੂੰ, ਉਨ੍ਹਾਂ ਦੀ ਕਮਜ਼ੋਰੀ ਸਮਝਦੇ ਹਨ ਪਰ ਇਹ ਕਮਜ਼ੋਰੀ ਨਹੀਂ ਸਗੋਂ ਇਨਸਾਨ ਦੇ ਸੁਭਾ ਦਾ ਵੱਡਾ ਗੁਣ ਹੈ। 

ਦੇਖੋ!ਸਿੰਬਲ ਦਾ ਰੁੱਖ ਉੱਚਾ, ਲੰਮਾ ਅਤੇ ਮੋਟਾ ਹੁੰਦੈ, ਪੰਛੀ ਉਸ ਨੂੰ ਵੇਖ ਨਿਰਾਸ਼ ਹੋ ਵਾਪਸ ਚਲੇ ਜਾਂਦੇ ਹਨ ਕਿਉਂਕਿ ਉਸ ਦੇ ਫਲ ਫਿੱਕੇ ਤੇ ਫੁੱਲ ਬੇਸੁਆਦੇ ਹੁੰਦੇ ਅਤੇ ਪੱਤਿਆਂ ਦੀ ਵੀ ਛਾਂ ਨਹੀਂ ਹੁੰਦੀ। ਨਾਲ ਹੀ ਧਰਤੀ ਤੇ ਮਲ੍ਹੇ ਆਦਿਕ ਨੂੰ ਫਲ ਲੱਗਦੇ ਤੇ ਟਾਹਣੀਆਂ ਵੀ ਫਲ ਪਾ ਕੇ ਨੀਵੀਂਆਂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਵਿੱਚ ਚੰਗੇ ਗੁਣ ਪੈਦਾ ਹੋ ਜਾਣ, ਉਹ ਨਿਮਰਤਾ ਨਾਲ ਭਰ ਜਾਂਦਾ ਹੈ-ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥(੪੭੧)

ਜਿਸ ਦੇ ਹਿਰਦੇ ਵਿੱਚ ਆਪਣੀ ਵਡਿਆਈ, ਦੌਲਤ ਤੇ ਜਵਾਨੀ ਆਦਿਕ ਹੰਕਾਰ ਦੇ ਪਹਾੜ ਬਣੇ ਹੋਣ, ਉਸ ਦੇ ਹਿਰਦੇ 'ਤੇ ਅਕਾਲ ਪੁਰਖ ਦੀ ਰਹਿਮਤ ਦੀ ਵਰਖਾ ਵੀ ਹੁੰਦੀ ਹੋਵੇ ਤਾਂ ਵੀ ਉਹ ਰਹਿਮਤ-ਜਲ ਵੱਲੋਂ ਸੁੱਕਾ ਹੀ ਰਹਿ ਜਾਂਦਾ ਹੈ। ਜਿਵੇਂ ਮੀਂਹ ਦਾ ਪਾਣੀ ਟਿੱਬਿਆਂ 'ਤੇ ਨਹੀਂ ਟਿਕਦਾ ਨੀਂਵੀ ਥਾਂ ਠਹਿਰਦਾ ਹੈ-ਫਰੀਦਾ ਗਰਬੁ ਜਿਨ੍ਹਾਂ ਵਡਿਆਈਆ ਧਨਿ ਜੋਬਨਿ ਆਗਾਹ॥ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ॥੧੦੫॥(੧੩੮੩) ਚੰਗੇ ਗੁਣ ਉਸ ਦੇ ਹਿਰਦੇ ਵਿੱਚ ਹੀ ਨਿਵਾਸ ਕਰਦੇ ਨੇ ਜਿਸ ਵਿੱਚ ਨਿਮਰਤਾ ਹੋਵੇ। 

ਜੇ ਰੱਬ ਰੂਪੀ ਖੰਡ ਰੇਤ ਵਿੱਚ ਖਿਲਰੀ ਤੇ ਮਨ ਹੰਕਾਰ ਵਿੱਚ ਹਾਥੀ ਬਣਿਆ ਹੋਵੇ ਤਾਂ ਉਹ ਰੱਬੀ ਖੰਡ ਨੂੰ ਪ੍ਰਾਪਤ ਨਹੀਂ ਕਰ ਸਕਦਾ ਪਰ ਜੇ ਕੀੜੀ ਵਾਂਗ ਨਿਮਰਤਾ ਧਾਰ ਲਵੇ ਤਾਂ ਚੁਣ ਚੁਣ ਕੇ ਰੱਬੀ ਮਿਠਾਸ ਪ੍ਰਾਪਤ ਕਰ ਲੈਂਦਾ ਹੈ-ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ॥ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ॥(੧੩੧੭)

ਨਿਮਰਤਾ ਦੇ ਇਹ ਅਰਥ ਨਹੀਂ ਕਿ ਮਨੁੱਖ ਸਵੈਮਾਨ ਨਾ ਰੱਖੇ। ਸਵੈਮਾਨ, ਤਾਕਤ ਦੇ ਹੁੰਦਿਆਂ ਨਿਮਰਤਾ ਹੋਣੀ ਚਾਹੀਦੀ ਹੈ। ਨਿਮਾਣੇ ਹੀ ਮਾਣ ਪਾਉਂਦੇ ਹਨ। ਦੇਖੋ! ਤਰਾਜੂ ਦਾ ਪਲੜਾ ਜੋ ਝੁੱਕਦਾ ਹੈ ਉਹ ਹੀ ਭਾਰੀ ਹੁੰਦਾ ਹੈ-ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥(੪੭੧)

ਸਰੀਰ ਦੇ ਸਾਰੇ ਅੰਗਾਂ ਵਿੱਚੋਂ ਸਿਰ ਉੱਚਾ ਤੇ ਚਰਨ ਨੀਵੇਂ ਹਨ। ਸਿਰ ਅੱਗੇ ਕੋਈ ਨਹੀਂ ਨੀਂਵਦਾ ਸਗੋਂ ਸੀਸ ਚਰਨਾਂ ਤੇ ਝੁੱਕਦਾ ਹੈ। ਸਾਰੇ ਅੰਗਾਂ ਨੂੰ ਛੱਡ ਚਰਨ ਹੀ ਕਿਉਂ ਪੂਜੇ ਜਾਂਦੇ ਹਨ? ਕਿਉਂਕਿ ਇਹ ਇਨਸਾਨ ਨੂੰ ਕਿਸੇ ਭਲੇ ਪਾਸੇ ਲੈ ਜਾਂਦੇ, ਹਨ। ਪਾਉੜੀ ਦੇ ਅਖੀਰ ਤੇ ਦਰਸਾਂਦੇ ਨੇ ਕਿ ਮੇਰੀ ਚਮੜੀ ਦੇ ਜੋੜੇ ਬਣਾ, ਐਸੇ ਗੁਰਸਿੱਖਾਂ ਦੇ ਚਰਨੀਂ ਪਾ ਦਿੱਤੇ ਜਾਣ। ਇਹ ਹੈ ਨਿਮਰਤਾ ਦੀ ਸਿਖਰ-ਸਿਰ ਉਚਾ ਨੀਵੇਂ ਚਰਣ ਸਿਰ ਪੈਰੀਨ ਪਾਂਦੇ॥ ਮੂੰਹ ਅਖੀਂ ਨਕ ਕੰਨ ਹਥ ਦੇਹ ਭਾਰ ਉਚਾਂਦੇ।ਸਭ ਚਿਹਨ ਛਡ ਪੂਜੀਅਨ ਕਉਣ ਕਰਮ ਕਮਾਂਦੇ।ਗੁਰ ਸਰਣੀ ਸਾਧਸੰਗਤੀ ਨਿਤ ਚਲ ਚਲ ਜਾਂਦੇ।ਵਤਨ ਪਰਉਪਕਾਰ ਨੋਂ ਕਰ ਪਾਰ ਵਸਾਂਦੇ। ਮੇਰੀ ਖਲਹੁੰ ਮੌਜੜੇ ਗੁਰਸਿਖ ਹੰਢਾਂਦੇ। ਮਸਤਕ ਲਗੇ ਸਾਧ ਰੇਣੁ ਵਡ ਭਾਗ ਜਿਨਾਂ ਦੇ॥(ਭਾ.ਗੁ)

ਸ਼ੇਖ ਬ੍ਰਹਮ ਨੂੰ ਗੁਰੂ ਨਾਨਕ ਸਾਹਿਬ ਕਹਿਆ ਫੁਵਾਰੇ ਦਾ ਜਲ ਜਿਤਨਾ ਨੀਵਾਂ ਜਾਂਵਦਾ ਹੈ ਤਿਤਨਾ ਹੀ ਉੱਚਾ ਚੜ੍ਹਦਾ ਹੈ। ਤੈਸੇ ਜੋ ਮਨ ਨੀਵਾਂ ਕਰਦੇ ਹਨ ਸੋ ਉੱਚੀ ਪਦਵੀ ਪ੍ਰਾਪਤ ਕਰ ਲੈਂਦੇ ਹਨ।(ਗਿਆਨ ਰਤਨਾਵਲੀ ਪੌੜੀ ੪੪ਵੀਂ)

ਭਾਈ ਨੰਦ ਲਾਲ ਜੀ ਵੀ ਨਿਮਰਤਾ ਬਾਰੇ ਦਰਸਾਂਦੇ ਹਨ-ਮਾਅਨੀਯੇ ਨਰਮੀ ਗਰੀਬੀ ਆਮਦਹ। ਦਰਦੇ ਹਰਕਸ ਰਾ ਤਬੀਬੀ ਆਮਦਹ॥੫੦॥(ਜ਼ਿੰਦਗੀ ਨਾਮਾ) ਭਾਵ ਗਰੀਬੀ ਨਿਰਅਭਿਮਾਨਤਾ ਅਤੇ ਨਰਮੀ ਹਰੇਕ ਦੇ ਅਭਿਮਾਨ ਰੋਗ ਵਾਸਤੇ (ਤਬੀਬੀ) ਉੱਤਮ ਇਲਾਜ ਹੈ। ਨਿਮਰਤਾ ਦਾ ਇਹ ਭਾਵ ਨਹੀਂ ਕਿ ਆਦਮੀ ਸਵੈਮਾਨ ਨਾ ਰੱਖਦਾ ਹੋਵੇ। ਸਵੈਮਾਨ, ਤਾਕਤ ਆਦਿਕ ਉੱਤਮ ਗੁਣਾਂ ਦੇ ਨਾਲ ਨਿਮਰਤਾ ਅਤਿ ਜਰੂਰੀ ਹੈ। ਐਸੇ ਨਿਮਰ ਮਨੁੱਖਾਂ ਨੂੰ ਹੀ ਮਾਣ ਮਿਲਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸੰਤ ਸਿਪਾਹੀ ਹੋਣ ਦਾ ਮਾਣ ਬਖਸ਼ਿਆ। ਖਾਲਸੇ ਦੇ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨਿਮਰਤਾ ਦੀ ਪਾਲਨਾ ਕਰਨ ਲਈ ਕਰੜੀ ਹਦਾਇਤ ਕੀਤੀ। ਆਪਣੇ ਨਿੱਜੀ ਮੁਫਾਦ ਲਈ ਸ਼ਕਤੀ ਦੀ ਵਰਤੋਂ ਮਾੜੀ ਹੈ। ਖਾਲਸੇ ਦਾ ਧਰਮ ਗਰੀਬ ਦੀ ਪਾਲਣਾ, ਮਜ਼ਲੂਮ ਦੀ ਰੱਖਿਆ ਅਤੇ ਬਿਨਾ ਪੱਖਪਾਤ ਕੀਤੇ ਮਨੁੱਖਤਾ ਦੀ ਸੇਵਾ ਹੈ। ਨਿਮਰਤਾ ਦੇ ਧਾਰਨੀ ਇਨਸਾਨ ਪ੍ਰਮਾਤਮਾ ਦੇ ਨੇੜੇ ਹੁੰਦੇ ਅਤੇ ਉਨ੍ਹਾਂ ਵਿੱਚ ਦਇਆ ਆਦਿਕ ਕਈ ਖੂਬੀਆਂ ਪੈਦਾ ਹੋ ਜਾਂਦੀਆਂ ਹਨ। ਗੁਰ ਫੁਰਮਾਨ ਹੈ ਕਿ ਜੋ ਆਪਣੇ ਆਪ ਨੂੰ ਨੀਵਾਂ ਸਮਝੇ, ਉਹ ਅਸਲ ਵਿੱਚ ਉੱਚਾ ਹੁੰਦਾ ਹੈ
-ਆਪਸ  ਕਉ  ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥(ਸੁਖਮਨੀ)

ਨਿਮਰਤਾ ਦੀਆਂ ਕੁਝ ਹੋਰ ਉਦਾਹਰਣਾਂ-ਗੁਰੂ ਅੰਗਦ ਸਾਹਿਬ ਨੂੰ ਨਿਮਰਤਾ ਕਾਰਨ ਹੀ ਗੁਰੂ ਨਾਨਕ ਸਾਹਿਬ ਪਾਸੋਂ ਗੁਰਗੱਦੀ ਮਿਲੀ ਪਰ ਗੁਰੂ ਨਾਨਕ ਸਾਹਿਬ ਦੇ ਪੁੱਤ੍ਰ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਹਊਮੈ ਕਾਰਨ ਇਸ ਦਾਤ ਤੋਂ ਵਾਂਝੇ ਰਹਿ ਗਏ। ਜਦ ਗੁਰੂ ਅੰਗਦ ਸਾਹਿਬ ਦੇ ਬੇਟੇ ਦਾਤੂ ਨੇ ਗੁੱਸੇ ਵਿੱਚ ਬਾਬਾ ਅਮਰਦਾਸ ਜੀ ਨੂੰ ਲੱਤ ਕੱਢ ਮਾਰੀ ਤਾਂ ਨਿਮਰਤਾ ਪੁੰਜ ਵਡੇਰੀ ਉੱਮਰ ਦੇ ਬਾਬੇ ਨੇ ਕਿਹਾ ਬੇਟਾ! ਆਪ ਜੀ ਨੂੰ ਕੋਈ ਚੋਟ ਤਾਂ ਨਹੀਂ ਲੱਗੀ ਕਿਉਂਕਿ ਮੇਰੇ ਬੁੱਢੇ ਦੇ ਹੱਡ ਕਰੜੇ ਹਨ। ਜਦ ਸ੍ਰੀ ਚੰਦ ਨੇ ਗੁਰੂ ਰਾਮਦਾਸ ਜੀ ਤੋਂ ਪੁੱਛਿਆ ਕਿ ਏਨਾਂ ਲੰਬਾ ਦਾਹੜਾ ਕਿਉਂ ਵਧਾਇਆ ਹੈ? ਤਾਂ ਗੁਰੂ ਜੀ ਨੇ ਉੱਤਰ ਦਿੱਤਾ "ਆਪ ਜੀ ਵਰਗੇ ਗੁਰਮੁੱਖਾਂ ਦੇ ਜੋੜੇ ਝਾੜਨ ਲਈ"

ਜਦ ਮੁਗਲ ਬਾਦਸ਼ਾਹ ਹਮਾਯੂੰ ਸ਼ੇਰ ਸ਼ਾਹ ਸੂਰੀ ਪਾਸੋਂ ਹਾਰ ਖਾ, ਗੁਰੂ ਅੰਗਦ ਸਾਹਿਬ ਪਾਸ ਖਡੂਰ ਵਿਖੇ ਅਸ਼ੀਰਵਾਦ ਲੈਣ ਆਇਆ ਤਾਂ ਗੁਰੂ ਜੀ ਰੱਬੀ ਰੰਗ ਵਿੱਚ ਜੁੜੇ ਹੋਏ ਸਨ। ਉਸ ਨੂੰ ਇੰਤਜ਼ਾਰ ਕਰਨੀ ਪਈ ਤਾਂ ਉਨ੍ਹੇ ਗੁੱਸੇ ਨਾਲ ਗੁਰੂ ਤੇ ਤਲਵਾਰ ਕੱਢ ਲਈ। ਇਹ ਦੇਖ ਗੁਰੂ ਜੀ ਹੱਸਦੇ ਹੋਏ ਬੋਲੇ "ਜਿੱਥੇ ਇਸ ਦੀ ਲੋੜ ਸੀ ਉੱਥੇ ਖੁੰਡੀ ਕਿਉਂ ਹੋ ਗਈ? ਤਾਂ ਉਸ ਦਾ ਹੰਕਾਰ ਢੇਰੀ ਹੋ ਗਿਆ। ਜਦ ਆਖਰੀ ਦਮਾਂ ਤੇ ਪਏ ਰਾਵਣ ਨੇ ਲਛਮਣ ਨੂੰ ਉਪਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਸ੍ਰੀ ਰਾਮਚੰਦ ਨੇ ਕਿਹਾ ਕਿ ਰਾਵਣ ਉੱਚ ਦਰਜੇ ਦਾ ਵਿਦਵਾਨ ਹੈ ਤੂੰ ਇਸ ਦੇ ਪੈਰਾਂ ਵੱਲ ਖਲੋ ਕੇ ਨਿਮਰਤਾ ਸਹਿਤ ਬੇਨਤੀ ਕਰ ਕਿਉਂਕਿ ਕੁਝ ਪ੍ਰਾਪਤ ਕਰਨ ਲਈ ਨਿਮਰ ਹੋਣਾਂ ਪੈਂਦਾ ਹੈ। ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਦਾ ਨਿਰਮਾਣ ਆਮ ਜਗ੍ਹਾ ਨਾਲੋਂ ਹੇਠਾਂ ਕਰਵਾਇਆ ਗਿਆ ਜੋ ਨਿਮਰਤਾ ਦਾ ਸੂਚਕ ਹੈ। ਸ਼ਪੱਸ਼ਟ ਹੈ ਕਿ ਨਿਮਰਤਾ ਇੱਕ ਐਸਾ ਗੁਣ ਹੈ ਜੋ ਇਨਸਾਨ ਨੂੰ ਰੱਬ ਦੇ ਨੇੜੇ ਲਿਆਉਂਦਾ ਅਤੇ ਸੰਸਾਰ ਵਿੱਚ ਇੱਜ਼ਤ-ਮਾਣ ਦਿਵਾਉਂਦਾ ਹੈ। ਇਸ ਦੇ ਧਾਰਨੀ ਵਿੱਚ ਕੁਰਬਾਨੀ, ਸਾਂਝੀਵਾਲਤਾ ਦਾ ਭਾਵ ਪੈਦਾ ਹੋ ਜਾਂਦਾ ਹੈ।


04/23/17
ਹਰਲਾਜ ਸਿੰਘ ਬਹਾਦਰਪੁਰ

ਮਸਲਾ ਗੁਰਮੁੱਖ ਸਿੰਘ ਨੂੰ ਕਹੇ ਜਾਂਦੇ ਤਖਤ ਦੀ ਜੱਥੇਦਾਰੀ ਤੋਂ ਹਟਾਉਣ ਦਾ ।
ਇਹ ਕਹੇ ਜਾਂਦੇ ਜੱਥੇਦਾਰ ਸੱਭ ਸਿੱਖੀ ਦੇ ਰਸਤੇ ਦੇ ਰੋੜੇ ਹੀ ਹਨ , ਲੋਕਾਂ ਨੂੰ ਮੂਰਖ ਬਣਾਉਣ ਲਈ ਇੱਕ ਰੋੜਾ ਚੁੱਕ ਕੇ ਦੂਜਾ ਸੁੱਟ ਦਿੱਤਾ ਜਾਂਦਾ ਹੈ , ਸਾਡੀ ਵੀ ਅਕਲ ਦਾ ਪੱਧਰ ਇੰਨਾ ਕੁ ਹੀ ਹੈ ਕਿ ਜਿਸ ( ਕਹੇ ਜਾਂਦੇ ਗੁਰਮੁੱਖ ਸਿੰਘ ਵਰਗੇ ) ਨੂੰ ਪਹਿਲਾਂ ਗਾਲਾਂ ਕੱਢਦੇ ਨਹੀਂ ਸੀ ਥੱਕਦੇ ਫਿਰ ਉਸ ਦੇ ਹੱਕ ਵਿੱਚ ਖੜ ਜਾਂਦੇ ਹਾਂ ਕਿ ਫਲਾਣੇ ਜੱਥੇਦਾਰ ਦੀ ਜਮੀਰ ਜਾਗ ਗਈ ਹੈ , ਕਿਸੇ ਜੱਥੇਦਾਰ ਦੀ ਕੋਈ ਜਮੀਰ ਨੀ ਜਾਗਦੀ , ਇਹ ਮਰੀਆਂ ਜਮੀਰਾਂ ਵਾਲੇ ਹੀ ਹੁੰਦੇ ਹਨ , ਜਿਸ ਦੀ ਜਮੀਰ ਜਾਗਦੀ ਜਾਂ ਜਿਉਦੀ ਹੋਵੇਗੀ ਉਹ ਜੱਥੇਦਾਰ ਹੀ ਨਹੀਂ ਬਣਦਾ, ਇਹ ਨਾ ਜੱਥੇਦਾਰ ਬਣਨ ਤੋਂ ਪਹਿਲਾਂ ਚੰਗੇ ਹੁੰਦੇ ਹਨ , ਨਾ ਜੱਥੇਦਾਰੀ ਖੁਸਣ ਤੋਂ ਬਾਅਦ ਚੰਗੇ ਹੁੰਦੇ ਹਨ । ਇਹ ਤਾਂ ਬੱਸ ਅਹੁੱਦਾ ਖੁਸਣ ਦਾ ਸੁਭਾਵਿਕ ਵਿਰੋਧ ਹੁੰਦਾ ਹੈ ਇਸ ਤੋਂ ਵੱਧ ਹੋਰ ਕੁੱਝ ਨੀ ਹੁੰਦਾ , ਅਸੀਂ ਐਵੇਂ ਇਹਨਾ ਦੇ ਮਗਰ ਲੱਗ ਜਾਂਦੇ ਹਾਂ ਕਿ ਫਲਾਣੇ ਜੱਥੇਦਾਰ ਦੀ ਜਮੀਰ ਜਾਗ ਪਈ ਹੈ , ਉਹ ਹੁਣ ਸੱਚ ਬੋਲਣ ਲੱਗ ਪਿਆ ਹੈ , ਸੱਚ ਤਾਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਬੋਲਦੇ ਹਨ ਉਹ ਅਸੀਂ ਸੁਣਨ ਨੂੰ ਤਿਆਰ ਨਹੀਂ ਹਾਂ , ਕਿਉਂਕਿ ਸੱਚ ਨੂੰ ਜਾਗਦੀ ਜਮੀਰ ਵਾਲੇ ਹੀ ਪਸੰਦ ਕਰਦੇ ਹਨ , ਜਮੀਰਾਂ ਸਾਡੀਆਂ ਵੀ ਸੁਤੀਆਂ ਹੀ ਹੋਈਆਂ ਹਨ, ਇਸ ਲਈ ਅਗਵਾਈ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਕਿਸੇ ਬੰਦੇ ਦੀ ਹੀ ਭਾਲਦੇ ਹਾਂ, ਬੰਦਾ ਕੋਈ ਵੀ ਕਿੰਨਾ ਵੀ ਮਾੜਾ ਹੋ ਸਕਦਾ ਹੈ , ਅਸੀਂ ਪਰਕਾਸ ਸਿੰਘ ਬਾਦਲ ਤੋਂ ਦੁਖੀ ਹਾਂ ਕਿ ਜੱਥੇਦਾਰਾਂ ਦੀ ਚੋਣ ਇਹ ਕਰਦਾ ਹੈ , ਇਹ ਹੱਟ ਜਾਵੇਗਾ ਫਿਰ ਸਿਮਰਨਜੀਤ ਸਿੰਘ ਮਾਨ ਕਰਨ ਲੱਗ ਜਾਵੇਗਾ ,ਫਰਕ ਕੋਈ ਨੀ ਪੈਣਾ, ਇਹ ਅਕਾਲ ਤਖਤ ਜਾਂ ਤਖਤਾਂ ਦੇ ਕਹੇ ਜਾਂਦੇ ਜੱਥੇਦਾਰ ਕਿਸੇ ਦੇ ਗੁਲਾਮ ਹੀ ਰਹਿਣਗੇ । ਇਸ ਲਈ ਸਾਨੂੰ ਪਰਕਾਸ ਸਿੰਘ ਬਾਦਲ ਜਾਂ ਸਿਮਰਨ ਜੀਤ ਸਿੰਘ ਮਾਨ ਆਦਿ ਦੇ ਚੁਣੇ ਹੋਏ ਅਕਾਲ ਤਖਤ ਜਾਂ ਤਖਤਾਂ ਦੇ ਕਹੇ ਜਾਂਦੇ ਜੱਥੇਦਾਰਾਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲੈਣੀ ਚਾਹੀਂਦੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਨਾ ਕਿ ਕਿਸੇ ਤਖਤ ਜਾਂ ਬੰਦੇ ਦੇ । ਸਿੱਖ ਕੌਮ ਲਈ ਸਰਵਉੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਸਿੱਖ ਕੌਮ ਨੇ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ । ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਹੈ । ਸਿੱਖ ਕੌਮ ਲਈ ਮਹਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਸਿੱਖ ਕੌਮ ਦੀ ਸ਼ਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਇਸ ਲਈ ਸਿੱਖਾਂ ਦੀ ਸ਼ੀਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ । ਨਾ ਕਿ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਸਿਆਸੀ ਹੁਕਮਨਾਮਿਆਂ ਅੱਗੇ । ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ । ਪਰ ਜਦ ਮਸੰਦਾਂ ਵਿੱਚ ਗਿਰਾਵਟ ਆ ਗਈ ਤਾਂ ਜਿੱਥੇ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਉੱਥੇ ਅੱਗੇ ਤੋਂ ਮਸੰਦ ਪ੍ਰਥਾ ਵੀ ਖਤਮ ਕਰ ਦਿੱਤੀ ਸੀ । ਪਰ ਅਸੀਂ ਆਪਣੇ ਵੱਲੋਂ ਬਣਾਏ ਗਏ ਅਕਾਲ ਤਖਤ ਦੇ ਜਥੇਦਾਰੀ ਦੇ ਅਹੁਦੇ ਨੂੰ ਸਿਰੇ ਦੀ ਹੱਦ ਤੱਕ ਗਿਰ ਜਾਣ ਤੇ ਵੀ ਖਤਮ ਕਰਨ ਦੀ ਥਾਂ ਸਗੋਂ ਹੋਰ ਉੱਚਾ, ਸਰਵਉੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਬਣਾ ਰਹੇ ਹਾਂ । ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੇ ਰਹਾਂਗੇ, ਉਨਾ ਚਿਰ ਅਸੀਂ ਚੜ੍ਹਦੀਕਲਾ ਦੀ ਥਾਂ ਗਿਰਾਵਟ ਵੱਲ ਹੀ ਗਰਕਦੇ ਜਾਵਾਂਗੇ । ਸਿੱਖ ਕੌਮ ਅਕਾਲ ਤਖਤ ਦੇ ਨਾਮ ’ਤੇ ਗੁਮਰਾਹ ਹੋ ਕੇ ਗੂੜ੍ਹੀ ਨੀਂਦ ਸੋ ਚੁੱਕੀ ਹੈ। ਹੋ ਸਕਦੈ ਇਹ ਹੁਣ ਜਾਗ ਵੀ ਨਾ ਸਕੇ, ਪਰ ਆਉਣ ਵਾਲੇ ਸਮੇਂ ਵਿੱਚ ਜਦੋਂ ਖੋਜੀ ਵਿਦਵਾਨ ਖੋਜਾਂ ਕਰਨਗੇ ਤਾਂ ਇਹ ਗੱਲ ਵਿਸ਼ੇਸ਼ ਖੋਜ ਦਾ ਵਿਸ਼ਾ ਹੋਵੇਗੀ ਕਿ ਜਿੰਨ੍ਹਾਂ ਨੂੰ ਅਕਾਲ ਤਖਤ ਤੋਂ ਮਾਨ ਸਨਮਾਨ ਮਿਲਦੇ ਰਹੇ ਹਨ ਉਨ੍ਹਾਂ ਨੇ ਸਿੱਖ ਕੌਮ ਨਾਲ ਕੀ-ਕੀ ਗੱਦਾਰੀਆਂ ਕੀਤੀਆਂ ਹਨ, ਅਤੇ ਜਿੰਨ੍ਹਾਂ ਨੂੰ ਅਕਾਲ ਤਖਤ ਦੇ ਨਾਮ ਤੇ ਪੰਥ ਵਿੱਚੋਂ ਛੇਕਿਆ ਜਾਂਦਾ ਰਿਹਾ ਹੈ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀ-ਕੀ ਘਾਲਣਾ ਤੇ ਕੁਰਬਾਨੀਆਂ ਹਨ । ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਤਖਤ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 9417023911
e-mail : [email protected]


04/23/17
ਆਤਮਜੀਤ ਸਿੰਘ, ਕਾਨਪੁਰ

ਅੱਜ ਮਨੁੱਖ ਲਈ ਧਰਮ ਇੱਕ ਬੇਜਾਨ ਖਿਡੌਣੇ ਵਾਂਗ ਹੈ:

ਖਿਲੌਣਾ ਕੀ ਹੁੰਦਾ ਹੈ?, ਇੱਕ ਬੇਜਾਨ ਸ਼ਕਲ, ਅਸਲ ਦੀ ਨਕਲ। ਭਾਵੇਂ ਵੇਖਣ ਵਿੱਚ ਕਾਰ ਹੈ ਪਰ ਚਲਦੀ ਨਹੀਂ। ਇਸ ਲਈ ਇਸ 'ਤੇ ਸਵਾਰ ਹੋ ਕੇ ਕਿਸੇ ਮੰਜਿ਼ਲ 'ਤੇ ਪੁੱਜਣ ਦੀ ਆਸ ਵੀ ਨਹੀਂ ਰੱਖੀ ਜਾ ਸਕਦੀ। ਪਰ ਬੱਚਾ ਉਸ ਨਾਲ ਖੇਡ ਰਿਹਾ ਹੈ। ਵੇਖਣ ਨੂੰ ਪੰਛੀ ਹੈ, ਵੇਖਣ ਨੂੰ ਸ਼ਕਲ ਮਨੁੱਖ ਦੀ ਹੈ ਪਰ ਬੇ-ਜਾਨ ਹੈ। ਜੀਊਂਦੇ ਦੋਸਤ ਨਾਲ ਖੇਡਣ ਵਕਤ ਉਸ ਦੀਆਂ ਭਾਵਨਾਵਾਂ ਦਾ ਖਿਆਲ ਵੀ ਰੱਖਣਾ ਪੈਂਦਾ ਹੈ ਕਿ ਕਿਤੇ ਨਾਰਾਜ਼ ਨਾ ਹੋ ਜਾਵੇ, ਕਲ ਕਿਸ ਨਾਲ ਖੇਡਾਂਗਾਂ, ਦੋਸਤ ਤੋਂ ਬਿਨਾ ਉਦਾਸ ਹੋ ਜਾਵਾਂਗਾ। ਪਰ ਬੇ-ਜਾਨ ਖਿਲੌਣੇ ਦੀਆਂ ਆਪਣੀਆਂ ਕੋਈ ਭਾਵਨਾਵਾਂ ਨਹੀਂ ਹੁੰਦੀਆਂ। ਜਦੋਂ ਤਕ ਦਿਲ ਚਾਹੇ ਉਸ ਨਾਲ ਖੇਡੋ ਤੇ ਜਦੋਂ ਦਿਲ ਚਾਹੇ ਉਸ ਨੂੰ ਸੁੱਟ ਦਿਉ।
ਅੱਜ ਮਨੁੱਖ ਧਰਮ ਦੀ ਦੁਨਿਆ ਵਿੱਚ ਵੀ ਚਾਹੁੰਦਾ ਹੈ ਕਿ ਮੇਰੇ ਲਈ ਧਰਮ ਇੱਕ ਬੇ-ਜਾਨ ਖਿਡੌਣੇ ਵਾਂਗ ਹੋਵੇ, ਧਰਮ ਦੀ ਅਪਣੀ ਕੋਈ ਮਰਯਾਦਾ ਨ ਹੋਵੇ, ਤਾਂ ਕਿ ਮੇਰੇ 'ਤੇ ਕੋਈ ਪਾਬੰਦੀ ਨਾ ਲਗੇ। ਜੀਉਂਦਾ ਧਰਮ ਆਖੇਗਾ
ਬੋਲੀਐ ਸਚੁ ਧਰਮੁ ਝੂਠ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ: ੪੮੮}
ਜਿਸਦਾ ਮੈਨੂੰ ਧਿਆਨ ਰੱਖਣਾ ਪਵੇਗਾ। ਧਰਮ ਮੇਰੀ ਮੁੱਠੀ ਦਾ ਖਿਡੌਣਾ ਹੋਵੇ, ਜਿਸ ਨਾਲ ਖੇਡਣ ਦੀ ਮਰਯਾਦਾ ਮੈਂ ਜਿਵੇਂ ਚਾਹਾਂ ਬਣਾਵਾਂ, ਜਿਸ ਨਾਲੋਂ ਜਦੋਂ ਚਾਹਾਂ ਖੇਡਾਂ, ਜਦੋਂ ਗਾਵਾ ਵਗ੍ਹਾ ਸੁੱਟਾਂ। ਮੇਰੇ ਧੰਦੇ ਦੀ ਦੁਨਿਆ ਵਿੱਚ ਧਰਮ ਦੀ ਕੀ ਕੰਮ ਹੈ?, ਸ਼ਾਮਾਂ ਨੂੰ ਗੁਰਦੁਆਰੇ ਜਾ ਕੇ ਫਿਰ ਉਸੇ ਹੀ ਧਰਮ ਦੇ ਖਿਡੌਣੇ ਨਾਲ ਖੇਡ ਸਕਦਾ ਹਾਂ। ਬਸ! ਇਉਂ ਬਣਾਵਟੀ ਵਸਤੂਆਂ ਵਿੱਚ ਘਿਰਿਆ ਹੋਇਆ ਮਨੁੱਖ ਜੀਵਨ ਵਿਚੋਂ ਕਾਦਰ ਅਤੇ ਕੁਦਰਤ ਦੋਹਾਂ ਨੂੰ ਗੁਆ ਬੈਠਾ ਹੈ।

ਆਤਮਜੀਤ ਸਿੰਘ, ਕਾਨਪੁਰ


04/23/17
ਗਿਆਨੀ ਅਵਤਾਰ ਸਿੰਘ

ਗੁਰਬਾਣੀ ਲਿਖਤ ਬਨਾਮ ਅਜੋਕੀ ਪੰਜਾਬੀ ਭਾਸ਼ਾ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)-94650-40032

ਕੌਮੀ ਭਾਸ਼ਾ ਕਿਸੇ ਸਮੁਦਾਇ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਅਹਿਮ ਕੜੀ ਹੁੰਦੀ ਹੈ। ਸੰਸਾਰ ’ਚ ਤਮਾਮ ਦੇਸ਼ਾਂ ਦੀ ਮਰਦਮ ਸ਼ੁਮਾਰੀ ਇਕ ਸਾਥ ਨਾ ਹੋਣ ਕਾਰਨ, ਕਈ ਦੇਸ਼ਾਂ ਵਿੱਚ ਭਾਸ਼ਾ ਨੂੰ ਮਰਦਮ ਸ਼ੁਮਾਰੀ ਕਰਨ ਸਮੇਂ ਰਿਕਾਰਡ ’ਚ ਦਰਜ ਨਾ ਕਰਨ ਕਾਰਨ ਜਾਂ ਇੱਕ-ਇੱਕ ਵਿਅਕਤੀ ਦੁਆਰਾ ਆਪਣੀ ਬੋਲੀ ਇੱਕ ਤੋਂ ਵੱਧ ਭਾਸ਼ਾਵਾਂ ਲਿਖਵਾਉਣ ਕਾਰਨ, ਆਦਿ ਅੰਕੜਿਆਂ ਦੀ ਰਾਹੀਂ ਸੰਸਾਰ ਦੀਆਂ ਤਮਾਮ ਭਾਸ਼ਾਵਾਂ ਦੀ ਕੁੱਲ ਗਿਣਤੀ ਅਤੇ ਉਨ੍ਹਾਂ ਨੂੰ ਬੋਲਣ ਵਾਲਿਆਂ ਦੀ ਸੰਖਿਆ ਦਾ ਸਹੀ-ਸਹੀ ਮੁਲੰਕਣ ਕਰਨਾ ਬੜਾ ਕਠਿਨ ਹੁੰਦਾ ਹੈ, ਪਰ ਫਿਰ ਵੀ ਭਾਸ਼ਾ ਵਿਗਿਆਨੀਆਂ ਵੱਲੋਂ ਸੰਨ 2007 ਤੋਂ 2010 ਈਸਵੀ ਤੱਕ ਇਕੱਠੇ ਕੀਤੇ ਗਏ ਕੁਝ ਕੁ ਅੰਕੜਿਆਂ ਮੁਤਾਬਕ ਸੰਸਾਰ ਭਰ ਵਿੱਚ ਲਗਭਗ 7 ਅਰਬ ਲੋਕਾਂ ਦੁਆਰਾ ਕੁੱਲ 6900 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ 100 ਭਾਸ਼ਾਵਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਅਤੇ 10 ਭਾਸ਼ਾਂਵਾਂ ਵਧੀਕ ਬੋਲਣ ਵਾਲੀਆਂ ਸ਼੍ਰੇਣੀਆਂ ’ਚ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਐਥਨੋਲੋਗ 2005 ਵਿਸ਼ਵ ਗਿਆਨ ਕੋਸ਼ ਮੁਤਾਬਕ ਪੰਜਾਬੀ ਭਾਸ਼ਾ ਦਾ 10ਵਾਂ ਸਥਾਨ ਹੈ, ਜਿਸ ਨੂੰ 8.8 ਕਰੋੜ ਲੋਕ ਮਾਂ ਬੋਲੀ ਵਜੋਂ ਮਾਨਤਾ ਦਿੰਦੇ ਹਨ। ਅਗਰ ਪੰਜਾਬੀ ਬੋਲੀ ਨੂੰ ਦੂਸਰੀ ਤੇ ਤੀਸਰੀ ਭਾਸ਼ਾ ਵਜੋਂ ਮੰਨਣ ਵਾਲਿਆਂ ਦੀ ਗਿਣਤੀ ਵੀ ਸ਼ਾਮਲ ਕਰ ਲਈਏ ਤਾਂ ਇਹ 10.8 ਕਰੋੜ ਲੋਕਾਂ ਦੀ ਬੋਲੀ ਹੈ। ਪਾਕਿਸਤਾਨ ਵਿੱਚ ਪੰਜਾਬੀ ਬੋਲੀ ਨੂੰ ਮਾਤ ਭਾਸ਼ਾ ਵਜੋਂ 44.15% ਲੋਕ ਅਪਣਾਉਂਦੇ ਹਨ ਅਤੇ 70% ਲੋਕ ਪਹਿਲੀ, ਦੂਜੀ ਤੇ ਤੀਜੀ ਭਾਸ਼ਾ ਵਜੋਂ ਮਾਨਤਾ ਦਿੰਦੇ ਹਨ। ਭਾਰਤ ਵਿੱਚ 3 ਕਰੋੜ ਲੋਕਾਂ ਲਈ ਪੰਜਾਬੀ ਭਾਸ਼ਾ ਪਹਿਲਾ, ਦੂਜਾ ਜਾਂ ਤੀਜਾ ਸਥਾਨ ਰੱਖਦੀ ਹੈ। ਦੁਨੀਆਂ ਦੀ ਕੁੱਲ ਆਬਾਦੀ ਦਾ 1.44% ਭਾਗ ਪੰਜਾਬੀ ਬੋਲੀ ਨਾਲ਼ ਲਗਾਅ (ਮੁਹੱਬਤ) ਰੱਖਦਾ ਹੈ, ਇਸ ਭਾਸ਼ਾ ਦੀਆਂ ਕੁਝ ਉਪ ਬੋਲੀਆਂ ਵੀ ਪ੍ਰਚਲਿਤ ਹੋ ਚੁੱਕੀਆਂ ਹਨ।

ਸੰਸਾਰ ਦੀ ਅਬਾਦੀ 7 ਅਰਬ ਮੰਨ ਕੇ ਅਤੇ ਮਰਦਮ ਸ਼ੁਮਾਰੀ ਦੌਰਾਨ ਇੱਕ-ਇੱਕ ਬੰਦੇ ਲਈ ਤਿੰਨ-ਤਿੰਨ ਭਾਸ਼ਾਵਾਂ (ਪਹਿਲਾ, ਦੂਜਾ ਤੇ ਤੀਜਾ ਸਥਾਨ) ਲਿਖਣ ਦੀ ਸੁਵਿਧਾ ਹੋਣ ਕਾਰਨ ਭਾਸ਼ਾਈ ਵਿਸ਼ੇ ਬਾਰੇ 7 ਅਰਬ ਦੀ ਬਜਾਇ 21 ਅਰਬ ਦੀ ਰਾਇ ਬਣ ਜਾਂਦੀ ਹੈ, ਜਿਸ ਵਿੱਚ ਪੰਜਾਬੀ ਭਾਸ਼ਾ ਨਾਲ਼ ਸੰਬੰਧਿਤ ਨਫ਼ਰੀ 1 ਅਰਬ ਨੂੰ ਵੀ ਪਾਰ ਕਰ ਜਾਏਗੀ ਕਿਉਂਕਿ ਵਿਦੇਸ਼ਾਂ ’ਚ ਕੈਨੇਡਾ ਵਰਗੇ ਦੇਸ਼ ਨੇ ਵੀ ਪੰਜਾਬੀ ਨੂੰ ਤੀਜੀ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦੇ ਦਿੱਤੀ ਹੈ।

ਇਤਨਾ ਵਰਣਨ ਕਰਨ ਦਾ ਮਤਲਬ ਇਸ ਲੇਖ ਰਾਹੀਂ ਇਹ ਸਿੱਧ ਕਰਨਾ ਹੈ ਕਿ ਪੰਜਾਬੀ ਭਾਸ਼ਾ ਵਿਸ਼ਵ ਪੱਧਰੀ ਬੋਲੀ ਹੋਣ ਦੇ ਬਾਵਜੂਦ ਵੀ ਵਿਸ਼ੇ ਨੂੰ ਸੰਖੇਪ ’ਚ ਸਪੱਸ਼ਟ ਕਰਨ ਵਿੱਚ ਗੁਰਮੁਖੀ ਲਿਪੀ ਦੇ ਮੁਕਾਬਲੇ ਬਹੁਤ ਹੀ ਪਿੱਛੇ ਹੈ। ਆਮ ਧਾਰਨਾ ਹੈ ਕਿ ਅਜੋਕੀ ਪੰਜਾਬੀ ਭਾਸ਼ਾ ਹੀ ਗੁਰਬਾਣੀ ਲਿਖਤ ਹੈ, ਪਰ ਇਹੀ ਸੋਚ ਸਾਨੂੰ ਗੁਰਬਾਣੀ ਦੇ ਵਿਸ਼ੇ ਨੂੰ ਸਮਝਣ ਤੋਂ ਬਹੁਤ ਦੂਰ ਲੈ ਜਾਂਦੀ ਹੈ, ਜਿਸ ਕਾਰਨ ਸਿੱਖ ਕੌਮ ਵਿੱਚ ਕਈ ਮਤਭੇਦਾਂ ਨੇ ਜਨਮ ਲੈ ਲਿਆ ਹੈ, ਜੋ ਆਏ ਦਿਨ ਵਧ ਰਹੇ ਹਨ। ਇਸ ਲੇਖ ਰਾਹੀਂ ਮੈ ਇੱਕ ਸਧਾਰਨ ਪਾਠਕ ਦੀ ਤਰ੍ਹਾਂ ਵਿਸ਼ੇ ਦੇ ਕੁਝ ਕੁ ਭਾਗ ਨੂੰ ਸਾਂਝਾ ਕਰਨ ਦਾ ਯਤਨ ਕਰਾਂਗਾ।

(1). ਪੰਜਾਬੀ ਭਾਸ਼ਾ ’ਚ ਲਿਖਿਆ ‘ਰਾਮ ਦਾ ਪੈੱਨ’, ਗੁਰਬਾਣੀ ਲਿਖਤ ’ਚ ‘ਰਾਮ ਦਾ ਪੈੱਨੁ’ ਲਿਖਿਆ ਜਾਂਦਾ ਹੈ, ਨਾ ਕਿ ‘ਰਾਮੁ ਦਾ ਪੈੱਨੁ’

(ੳ). ਉਕਤ ਵਾਕ ਨੂੰ ਗਹੁ ਨਾਲ਼ ਵੇਖਿਆਂ ਜਾਪਦਾ ਹੈ ਕਿ ‘ਰਾਮ’ ਅਤੇ ‘ਪੈੱਨ’ ਇੱਕ ਵਚਨ ਨਾਂਵ ਹਨ, ਪਰ ਇਹ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਕੇਵਲ ‘ਦਾ’ (ਸੰਬੰਧਕੀ) ਚਿੰਨ੍ਹ ਹੀ ਉਪਲਬਧ ਕਰਵਾਉਂਦਾ ਹੈ ਭਾਵ ਅਗਰ ‘ਰਾਮ ਦੇ ਪੈੱਨ’ ਵਾਕ ਹੁੰਦਾ ਤਾਂ ‘ਪੈੱਨ’ ਇੱਕ ਵਚਨ ਦੀ ਬਜਾਇ ਬਹੁ ਵਚਨ ਹੁੰਦੇ, ਜਦ ਕਿ ਗੁਰਮੁਖੀ ਲਿਪੀ ’ਚ ‘ਪੈੱਨੁ’ ਨੂੰ ਲੱਗਾ ਅੰਤ ਔਂਕੜ ਵੀ ‘ਪੈੱਨ’ ਬਾਰੇ ਇੱਕ ਵਚਨ ਦਾ ਸੰਕੇਤ ਦੇ ਰਿਹਾ ਹੈ।

(ਅ). ਜਦ ਗੁਰਬਾਣੀ ਲਿਖਤ ਦਾ ਅੰਤ ਔਂਕੜ, ਕਿਸੇ ਸ਼ਬਦ ਨੂੰ ਇੱਕ ਵਚਨ ਪੁਲਿੰਗ ਨਾਂਵ ਮੰਨਦਾ ਹੈ ਤਾਂ ‘ਰਾਮ’ ਸ਼ਬਦ ਨੂੰ ਅੰਤ ਔਂਕੜ ਨਾ ਲਗਾ ਕੇ ਗੁਰਮੁਖੀ ਲਿਪੀ ਇਹ ਵੀ ਬੋਧ ਕਰਾਉਂਦੀ ਹੈ ਕਿ ਸੰਬੰਧਕੀ ਚਿੰਨ੍ਹ ਆਪਣੇ ਤੋਂ ਪਹਿਲੇ (ਅਗੇਤਰ) ਸ਼ਬਦ ਨੂੰ ਅੰਤ ਮੁਕਤਾ ਕਰ ਦਿੰਦਾ ਹੈ ਭਾਵ ‘ਗੁਰ ਪ੍ਰਸਾਦਿ’ ਸੰਯੁਕਤ ਸ਼ਬਦਾਂ ’ਚ ‘ਗੁਰ’ ਅੰਤ ਮੁਕਤੇ ਨੇ ‘ਦਾ, ਦੀ, ਦੇ’ ਲੁਪਤ (ਸੰਬੰਧ ਸੂਚਕ ਪਿਛੇਤਰ) ਸੰਬੰਧਕੀ ਚਿੰਨ੍ਹ ਮਿਲਣ ਵੱਲ ਵੀ ਸੰਕੇਤ ਕਰ ਦਿੱਤਾ, ਜਿਸ ਕਾਰਨ ‘ਗੁਰ ਪ੍ਰਸਾਦਿ’ ਦਾ ਅਰਥ ‘ਗੁਰ ਦੀ ਕਿਰਪਾ ਨਾਲ਼’ ਬਣ ਗਿਆ, ਜਦ ਕਿ ਅਜੋਕੀ ਪੰਜਾਬੀ ਭਾਸ਼ਾ ਕਿਸੇ ਵੀ ਇੱਕ ਵਚਨ ਪੁਲਿੰਗ ਨਾਂਵ ਤੋਂ ਬਾਅਦ ’ਚ ਮਿਲਣ ਵਾਲ਼ੇ ਅਜਿਹੇ ਲੁਪਤ ਜਾਂ ਪ੍ਰਗਟ ਸੰਕੇਤ (ਦਾ, ਦੇ, ਦੀ) ਬਾਰੇ ਖ਼ਾਮੋਸ਼ ਹੈ। ਇਹੀ ਕਾਰਨ ਸੀ ਕਿ ਗੁਰਬਾਣੀ ਲਿਖਤ ’ਚ ‘ਰਾਮੁ ਦਾ ਪੈੱਨੁ’ ਗ਼ਲਤ ਵਾਕ ਹੈ।

(ਨੋਟ: ਧਿਆਨ ਰਹੇ ਕਿ ‘‘ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ ॥’’ ਤੁਕ ’ਚ ਦਰਜ ਤਮਾਮ ਅੰਤ ਔਂਕੜ ਵਾਲ਼ੇ ਸ਼ਬਦਾਂ ਤੋਂ ਬਾਅਦ ਕਿਸੇ ਵੀ ਲੁਪਤ ਸੰਬੰਧਕੀ ਚਿੰਨ੍ਹ ਦਾ ਸੰਕੇਤ ਨਹੀਂ ਮਿਲੇਗਾ, ਇਸੇ ਕਾਰਨ ਅੰਤ ਔਂਕੜ ਕਾਇਮ ਹੈ।)

(2). ਪੰਜਾਬੀ ਭਾਸ਼ਾ ’ਚ ‘ਰਾਮ ਦੇ ਪੈੱਨ’ ਵਾਕ ਨੂੰ ਗੁਰਮੁਖੀ ਲਿਪੀ ’ਚ ‘ਰਾਮ ਕੇ ਪੈੱਨ’ ਕਰਕੇ ਲਿਖਿਆ ਮਿਲਦਾ ਹੈ ਭਾਵ ਕਿਸੇ ਦੋ ਨਾਂਵ ਸ਼ਬਦਾਂ (ਜਾਂ ਅਗੇਤਰ ਪੜਨਾਂਵ ਤੇ ਪਿਛੇਤਰ ਨਾਂਵ) ਦੇ ਵਿਚਕਾਰ ਆਉਣ ਵਾਲ਼ੇ ‘ਦੇ’ ਸੰਬੰਧਕੀ ਚਿੰਨ੍ਹ ਨੂੰ ਗੁਰਮੁਖੀ ਲਿਪੀ ਆਮ ਤੌਰ ’ਤੇ ਹਿੰਦੀ ਤੇ ਸੰਸਕ੍ਰਿਤ ਭਾਸ਼ਾ ਵਾਲ਼ਾ ‘ਕੇ’ ਚਿਨ੍ਹ ਮੰਨਦੀ ਹੈ, ਜੋ ਕਿ ਗੁਰਬਾਣੀ ਵਿੱਚ 1271 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੰਬੰਧਕੀ ਚਿੰਨ੍ਹ ਹੀ ਹਨ।

(ਨੋਟ: ਧਿਆਨ ਰਹੇ ਕਿ ਗੁਰਬਾਣੀ ਲਿਖਤ ’ਚ ‘ਦੇ’ ਸ਼ਬਦ ਵੀ 208 ਵਾਰ ਦਰਜ ਹੈ, ਪਰ ਇਨ੍ਹਾਂ ਵਿੱਚੋਂ ਕੇਵਲ ਹੇਠ ਦਿੱਤੀਆਂ 7 ਤੁਕਾਂ ’ਚ ਹੀ ‘ਦੇ’ ਸੰਬੰਧਕੀ ਚਿੰਨ੍ਹ ਹੈ:

ਪਰਵਦਗਾਰੁ (ਨੂੰ) ਸਾਲਾਹੀਐ; ‘ਜਿਸ ਦੇ ਚਲਤ’ ਅਨੇਕ ॥ (ਮ: ੫/੪੯)

ਓਇ ‘ਭੁਲਾਏ ਕਿਸੈ ਦੇ’ ਨ ਭੁਲਨ੍ੀ; ਸਚੁ ਜਾਣਨਿ ਸੋਈ ॥ (ਮ: ੩/੪੨੫)

ਨਾਨਕ ! ਜਿਨ ਅੰਦਰਿ ਸਚੁ ਹੈ; ਸੇ ਜਨ ਛਪਹਿ ਨ, ‘ਕਿਸੈ ਦੇ ਛਪਾਏ’ ॥ (ਮ: ੩/੮੫੦)

ਜਨ ਨਾਨਕ ! ‘ਜਿਸ ਦੇ ਏਹਿ ਚਲਤ’ ਹਹਿ; ਸੋ ਜੀਵਉ ਦੇਵਣਹਾਰੁ ॥ (ਮ: ੩/੯੫੧)

ਗੁਰਮੁਖਿ ਸਦਾ ਸਲਾਹੀਐ; ਸਭਿ ‘ਤਿਸ ਦੇ ਜਚਾ’ (ਕੌਤਕ)॥ (ਮ: ੩/੧੦੯੪)

ਆਪਨੜੈ ਘਰਿ ਜਾਈਐ; ‘ਪੈਰ ਤਿਨ੍ਾ ਦੇ’ ਚੁੰਮਿ (ਕੇ)॥ (ਬਾਬਾ ਫਰੀਦ/੧੩੭੮)

‘ਬਾਜ ਪਏ ਤਿਸੁ ਰਬ ਦੇ’; ਕੇਲਾਂ ਵਿਸਰੀਆਂ ॥ ਬਾਬਾ ਫਰੀਦ/੧੩੮੩) (ਰਬ ਦੇ ਬਾਜ ਭਾਵ ਮੌਤ)

(ੳ). ਪੰਜਾਬੀ ’ਚ ‘ਦੇ’ ਸੰਬੰਧਕੀ ਚਿਨ੍ਹ ਨੂੰ ਗੁਰਬਾਣੀ ਲਿਖਤ ’ਚ ‘ਦੈ’ (34 ਵਾਰ) ਕਰਕੇ ਲਿਖਿਆ ਮਿਲਦਾ ਹੈ ਅਤੇ ‘ਰਾਮ ਦੈ ਪੈੱਨ’ ਲਿਖਣ ਦੇ ਬਾਵਜੂਦ ਵੀ ਗੁਰਮੁਖੀ ਲਿਪੀ ‘ਪੈੱਨ’ ਨੂੰ ਬਹੁ ਵਚਨ ਨਹੀਂ ਮੰਨਦੀ; ਜਿਵੇਂ ਕਿ ਪੰਜਾਬੀ ’ਚ ‘ਰਾਮ ਦੇ ਪੈੱਨ’ ਬਹੁ ਵਚਨ ਹੈ।

ਗੁਰਬਾਣੀ ’ਚ ‘ਰਾਮ ਦੈ ਪੈੱਨ’ ਵਾਕ ’ਚ ‘ਪੈੱਨ’ ਇੱਕ ਵਚਨ ਹੋਣ ਦੇ ਬਾਵਜੂਦ ਵੀ ‘ਪੈੱਨੁ’ ਅੰਤ ਔਂਕੜ ਨਹੀਂ ਹੁੰਦਾ ਬਲਕਿ ਅੰਤ ਸਿਹਾਰੀ ‘ਰਾਮ ਦੈ ਪੈੱਨਿ’ ਹੋਏਗਾ ਭਾਵ ‘ਦੈ’ ਚਿੰਨ੍ਹ, ਆਪਣੇ ਤੋਂ ਪਿਛੇਤਰ ਇੱਕ ਵਚਨ ਨਾਂਵ ਨੂੰ ਬਹੁ ਵਚਨ ਵੀ ਨਹੀਂ ਮੰਨਦਾ ਅਤੇ ਅੰਤ ਔਂਕੜ ਲਗਾਉਣ ਦੀ ਇਜਾਜ਼ਤ ਵੀ ਨਹੀਂ ਦਿੰਦਾ, ਜਿਸ ਕਾਰਨ ਅੰਤ ਸਿਹਾਰੀ ਲਗਾਉਣੀ ਪਈ। ਇਸ ਤੋਂ ਸਪੱਸ਼ਟ ਹੈ ਕਿ ਗੁਰਬਾਣੀ ਲਿਖਤ ਵਿੱਚ ਅੰਤ ਦੁਲਾਵਾਂ (ਦੈ) ਅਤੇ ਅੰਤ ਸਿਹਾਰੀ (ਪੈੱਨਿ) ਸ਼ਬਦਾਂ ਲਈ ਨਿਯਮ ਇੱਕ ਸਮਾਨ ਹੀ ਹੁੰਦੇ ਹਨ।

(ਅ). ਅਜੋਕੀ ਪੰਜਾਬੀ ਬੋਲੀ ’ਚ ‘ਰਾਮ ਦੇ ਪੈੱਨ’ ਲਿਖਣ ਨਾਲ਼ ‘ਪੈੱਨ’ ਦੀ ਕਿਰਿਆ (ਕਿ ਇਹ ਕਾਹਦੇ ਲਈ ਹੈ) ਜ਼ਾਹਰ ਨਹੀਂ ਹੁੰਦੀ ਜਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ‘ਰਾਮ ਦੈ ਪੈੱਨਿ’ ਲਿਖਤ ਨਾਲ਼ ਅਰਥ ਬਣਦੇ ਹਨ ‘ਰਾਮ ਦੇ ਪੈੱਨ ਨਾਲ਼’ ਭਾਵ ‘ਪੈੱਨਿ’ ਦੇ ਅਰਥ ‘ਪੈੱਨ ਨਾਲ਼’ ਕਰਨ ਉਪਰੰਤ ਜ਼ਾਹਰ ਹੋ ਜਾਂਦਾ ਹੈ ਕਿ ‘ਪੈੱਨ ਨਾਲ਼’ ਕੁਝ ਕਿਰਿਆ ਹੋਣ ਵਾਲ਼ੀ ਹੈ।

(ਨੋਟ: ਵਿਸ਼ੇਸ਼ ਧਿਆਨਯੋਗ ਹੈ ਕਿ ਗੁਰਬਾਣੀ ਲਿਖਤ ’ਚ ਇੱਕ ਤੋਂ ਵੱਧ ਭਾਸ਼ਾਵਾਂ ਹਨ ਤੇ ਸੰਖੇਪਤਾ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਜਿੱਥੇ ਗੁਰਮੁਖੀ ਚਿੰਨ੍ਹ ‘ਦੈ’ ਦੀ ਮਦਦ ਲਈ ਸੰਸਕ੍ਰਿਤ ਜਾਂ ਹਿੰਦੀ ਦਾ ‘ਕੈ’ ਵੀ ਉਪਲਬਧ ਹੈ, ਇਸ ਲਈ ‘ਦੈ’ ਅਤੇ ‘ਕੈ’ ਦੇ ਨਿਯਮ ਸਮਾਨੰਤਰ ਹੀ ਹਨ ਭਾਵ ‘ਰਾਮ ਦੈ ਪੈੱਨਿ’ ਜਾਂ ‘ਰਾਮ ਕੈ ਪੈੱਨਿ’ ਦਾ ਅਰਥ ਇੱਕੋ ਹੀ ਹੋਏਗਾ। ਇਸ ਲਈ ਗੁਰਬਾਣੀ ’ਚ ‘ਪ੍ਰਭ ਦੈ ਸਿਮਰਨਿ’ ਦੀ ਬਜਾਇ ‘ਪ੍ਰਭ ਕੈ ਸਿਮਰਨਿ’ ਲਿਖਿਆ ਗਿਆ ਭਾਵ ‘ਪ੍ਰਭੂ ਦੇ ਸਿਮਰਨ ਨਾਲ਼’।)

(3). ਅਜੋਕੀ ਪੰਜਾਬੀ ’ਚ ‘ਰਾਮ ਦਾ ਪੈੱਨ’ (ਜਾਂ ‘ਇਸ ਦਾ ਪੈੱਨ’) ਅਤੇ ‘ਰਾਮ ਦੇ ਪੈੱਨ’ (ਜਾਂ ‘ਉਸ ਦੇ ਪੈੱਨ’) ਦਾ ਅਰਥ-ਭਾਵ ਵੀ ਇੱਕ ਸਮਾਨ ਹੁੰਦਾ ਹੈ, ਸਿਰਫ਼ ਅਗੇਤਰ ਸ਼ਬਦ ਨਾਂਵ ਦੀ ਬਜਾਇ ਪੜਨਾਂਵ ਹੀ ਬਦਲਿਆ ਗਿਆ ਹੈ।

ਪੰਜਾਬੀ ਵਾਲ਼ੇ ‘ਇਸ ਦੇ’ ਜਾਂ ‘ਉਸ ਦੇ’ (ਪੜਨਾਂਵ) ਸ਼ਬਦਾਂ ਨੂੰ ਗੁਰਬਾਣੀ ਲਿਖਤ ’ਚ ‘ਇਸ ਦੈ’ ਜਾਂ ‘ਉਸ ਦੈ’ ਨਹੀਂ ਲਿਖਿਆ ਜਾਂਦਾ ਕਿਉਂਕਿ ਇਨ੍ਹਾਂ ਦੀ ਬਜਾਇ ਗੁਰਬਾਣੀ ’ਚ ‘ਤਿਸ ਦੈ’ (ਪੜਨਾਂਵ) ਉਪਲਬਧ ਹੈ, ਇਸ ਲਈ ਆਧੁਨਿਕ ਪੰਜਾਬੀ ਵਾਲ਼ੇ ‘ਇਸ ਦਾ ਪੈੱਨ’ ਜਾਂ ‘ਉਸ ਦੇ ਪੈੱਨ’ ਨੂੰ ਗੁਰਮੁਖੀ ’ਚ ‘ਤਿਸ ਦੈ ਪੈੱਨਿ’ ਲਿਖਿਆ ਜਾਏਗਾ, ਜਿਸ ਦਾ ਅਰਥ ਹੋਏਗਾ ‘ਉਸ ਦੇ ਪੈੱਨ ਨਾਲ਼’; ਜਿਵੇਂ ਕਿ

‘ਤਿਸ ਦੈ ਚਾਨਣਿ’ (ਨਾਲ਼); ਸਭ ਮਹਿ ਚਾਨਣੁ ਹੋਇ ॥ (ਮ: ੧/੧੩)

‘ਤਿਸ ਦੈ ਦਿਤੈ’ (ਨਾਲ਼) ਨਾਨਕਾ ! ਤੇਹੋ ਜੇਹਾ ਧਰਮੁ ॥ (ਮ: ੩/੯੪੯)

‘ਤਿਸ ਦੈ ਸਬਦਿ’ (ਨਾਲ਼); ਨਿਸਤਰੈ ਸੰਸਾਰਾ ॥ (ਮ: ੩/੧੦੫੫), ਆਦਿ।

(4). ਉਕਤ ਕੀਤੀ ਗਈ ਤਮਾਮ ਵਿਚਾਰ, ਜਿੱਥੇ ਅਜੋਕੀ ਪੰਜਾਬੀ ਦੇ ਵਾਕ ‘ਇਸ ਦੇ ਪੈੱਨ’ ਜਾਂ ‘ਉਸ ਦੇ ਪੈੱਨ’ ’ਚ ਅਖ਼ੀਰਲਾ ਸ਼ਬਦ ‘ਪੈੱਨ’ ਬਹੁ ਵਚਨ ਹੋਵੇ, ਦੀ ਗੁਰਮੁਖੀ ਲਿਪੀ ’ਚ ਸੰਕੇਤ ਮਾਤਰ ਹੀ ਉਪਰੋਕਤ ਵਿਚਾਰ ਕੀਤੀ ਗਈ ਹੈ; ਜਿਵੇਂ ਕਿ ਪੰਜਾਬੀ ਦਾ ‘ਦੇ’ ਗੁਰਮੁਖੀ ’ਚ ‘ਕੇ’ ਬਣ ਜਾਂਦਾ ਹੈ, ਇਸ ਦੀਆਂ ਕੁਝ ਕੁ ਹੋਰ ਉਦਾਹਰਨਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ:

‘ਪ੍ਰਭ ਕੇ ਸੇਵਕ’; ਊਚ ਤੇ ਊਚੇ ॥ (ਮ: ੫/੨੮੫)

‘ਪ੍ਰਭ ਕੇ ਸੇਵਕ’; ਪ੍ਰਭਿ (ਨੇ) ਆਪਿ ਸਵਾਰੇ ॥ (ਮ: ੫/੭੩੯)

‘ਤਾ ਕੇ ਰੂਪ’; ਨ ਕਥਨੇ ਜਾਹਿ ॥ (ਜਪੁ)

‘ਗੁਰ ਕੇ ਚਰਣ’; ਧੋਇ ਧੋਇ (ਕੇ) ਪੀਵਾ ॥ (ਮ: ੫/੨੩੯)

‘ਗੁਰ ਕੇ ਚਰਨ’; ਹਿਰਦੈ (’ਚ) ਵਸਾਏ ॥ (ਮ: ੫/੩੯੫)

‘ਗੁਰ ਕੇ ਚਰਣ’; ਵਿਟਹੁ ਬਲਿ ਜਾਉ ॥ (ਮ: ੫/੧੨੭੦), ਆਦਿ।

ਉਕਤ ਵਿਚਾਰ ਉਪਰੰਤ ਧਿਆਨ ਮੰਗਦੇ ਕੁਝ ਕੁ ਲਿਖਤ ਨਿਯਮ:

ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਅੰਦਰ ‘ਦੇ’ ਸ਼ਬਦ 208 ਵਾਰ ਦਰਜ ਹੈ, ਜੋ ਕਿ (ਉਕਤ ਕੀਤੀ ਗਈ 7 ਤੁਕਾਂ ਦੀ ਵਿਚਾਰ ਵਾਙ) ਸੰਬੰਧਕੀ ਚਿੰਨ੍ਹ ਦਾ ਭੁਲੇਖਾ ਪਾ ਸਕਦਾ ਹੈ, ਇਸ ਲਈ ਇਸ ਦੀ ਕੁਝ ਹੋਰ ਵਿਚਾਰ ਵੀ ਲਾਭਕਾਰੀ ਰਹੇਗੀ। ਗੁਰਮੁਖੀ ਲਿਪੀ ਦਾ ‘ਦੇ’ (201 ਵਾਰ) ਸ਼ਬਦ ਗੁਰਬਾਣੀ ’ਚ ਦੋ ਅਰਥ ਦਿੰਦਾ ਹੈ।

ਅਜੋਕੀ ਪੰਜਾਬੀ ਭਾਸ਼ਾ ’ਚ ‘(ਪਾਠ) ਬੈਠ ਕੇ ਸੁਣ’ ਵਾਕ ’ਚ ‘ਬੈਠ ਕੇ’ ਕਿਰਿਆ ਵਿਸ਼ੇਸ਼ਣ ਹੈ ਅਤੇ ‘ਸੁਣ’ ਮੂਲ ਕਿਰਿਆ, ਜੋ ਗੁਰਮੁਖੀ ’ਚ ‘ਬੈਠਿ ਸੁਣੁ’ ਜਾਂ ‘ਬੈਠਿ ਸੁਣਿ’ ਲਿਖਿਆ ਜਾਵੇਗਾ। ਇਹ ਇੱਕ ਮਿਸਾਲ ਸੀ, ਜਿਸ ਦਾ ਵਿਸਥਾਰ ਅਗਲੇ ਲੇਖ (ਭਾਗ 2) ’ਚ ਵਿਚਾਰਿਆ ਜਾਏਗਾ, ਪਰ ਇੱਥੇ ਕੇਵਲ ‘ਕਿਰਿਆ ਵਿਸ਼ੇਸ਼ਣ’ ਤੇ ‘ਮੂਲ ਕਿਰਿਆ’ ਦਾ ਅੰਤਰ ਸਮਝਣਾ ਜ਼ਰੂਰੀ ਹੈ।

‘ਮੂਲ ਕਿਰਿਆ’ ਨੂੰ ਘਰ ’ਚ ‘ਪਿਤਾ’ ਅਤੇ ‘ਕਿਰਿਆ ਵਿਸ਼ੇਸ਼ਣ’ ਨੂੰ ‘ਮਾਤਾ’ (ਸਹਾਇਕ) ਮੰਨਣਾ, ਵਿਸ਼ਾ ਸਮਝਣ ਲਈ ਸਰਲ ਹੋਵੇਗਾ, ਜਦ ਪਿਤਾ ਨਾ ਹੋਵੇ ਤਾਂ ‘ਕਿਰਿਆ ਵਿਸ਼ੇਸ਼ਣ’ (ਮਾਤਾ) ਹੀ ‘ਮੂਲ ਕਿਰਿਆ’ (ਪਿਤਾ) ਬਣ ਜਾਂਦੀ ਹੈ ਅਤੇ ਜਦ ਤੱਕ ਪਿਤਾ (ਮੂਲ ਕਿਰਿਆ) ਹੈ ਤਦ ਤੱਕ ਮਾਤਾ (ਕਿਰਿਆ ਵਿਸ਼ੇਸ਼ਣ) ਸਹਾਇਕ ਹੀ ਰਹੇਗੀ ਭਾਵ ਵਾਕ ’ਚ ‘ਕਿਰਿਆ ਵਿਸ਼ੇਸ਼ਣ’ (ਮਾਤਾ, ਸਹਾਇਕ) ਦੇ ਵਜੂਦ ਲਈ ‘ਮੂਲ ਕਿਰਿਆ’ (ਪਿਤਾ) ਦਾ ਹੋਣਾ ਅਤਿ ਜ਼ਰੂਰੀ ਹੈ। ਗੁਰਮੁਖੀ ਲਿਪੀ ’ਚ ‘ਦੇ’ (201 ਵਾਰ) ਕਿਰਿਆ ਵਿਸ਼ੇਸ਼ਣ (ਮਾਤਾ) ਵੀ ਹਨ ਅਤੇ ਮੂਲ ਕਿਰਿਆ (ਪਿਤਾ) ਵੀ।

(ੳ). ਮੂਲ ਕਿਰਿਆ ‘ਦੇ’, ਜਿਸ ਦਾ ਅਰਥ ਹੈ: ‘ਦੇਂਦਾ ਹੈ’:

ਦੇਦਾ ‘ਦੇ’; ਲੈਦੇ ਥਕਿ ਪਾਹਿ ॥ (ਜਪੁ) ਭਾਵ ਦੇਣ ਵਾਲ਼ਾ ਅਕਾਲ ਪੁਰਖ ਦੇਂਦਾ ਰਹਿੰਦਾ ਹੈ ਤੇ ਲੈਣ ਵਾਲ਼ੇ ਜੀਵ ਹਾਰ ਜਾਂਦੇ ਹਨ।

ਨਾਨਕ ! ਸੋਭਾ ਸੁਰਤਿ ਦੇਇ ਪ੍ਰਭੁ ਆਪੇ; ਗੁਰਮੁਖਿ ‘ਦੇ’ (ਦੇਂਦਾ ਹੈ) ਵਡਿਆਈ ॥ (ਮ: ੩/੩੨)

ਜਿਸੁ ਬਖਸੇ; ਤਿਸੁ ‘ਦੇ’ (ਦੇਂਦਾ ਹੈ) ਵਡਿਆਈ ॥ (ਮ: ੩/੧੧੦)

ਚਹੁ ਵਰਨਾ ਕਉ; ‘ਦੇ’ (ਦੇਂਦਾ ਹੈ) ਉਪਦੇਸੁ ॥(ਮ: ੫/੨੭੪)

ਜੇ ਤਿਸੁ ਭਾਵੈ, ‘ਦੇ’ (ਦੇਂਦਾ ਹੈ) ਵਡਿਆਈ; ਜੇ ਭਾਵੈ, ਦੇਇ ਸਜਾਇ ॥ (ਮ: ੧/੪੧੭)

ਸੋ ਕਰਤਾ ਕਾਦਰ ਕਰੀਮੁ; ‘ਦੇ’ (ਦੇਂਦਾ ਹੈ) ਜੀਆ ਰਿਜਕੁ ਸੰਬਾਹਿ (ਇਕੱਠੇ ਕਰਕੇ)॥ (ਮ: ੧/੪੭੫)

ਨਾਨਕ ! ਸੋ ਸਾਲਾਹੀਐ; ਜਿ ਸਭਸੈ ‘ਦੇ’ (ਦੇਂਦਾ ਹੈ) ਆਧਾਰੁ ॥ (ਮ: ੨/੭੯੧), ਆਦਿ।

(ਨੋਟ: ਉਕਤ ਤਮਾਮ ਤੁਕਾਂ ’ਚ ‘ਦੇ’ ਤੋਂ ਇਲਾਵਾ ਕੋਈ ਮੂਲ ਕਿਰਿਆ ਨਹੀਂ, ਇਸ ਲਈ ‘ਦੇ’ ਕਿਰਿਆ ਵਿਸ਼ੇਸ਼ਣ ਨਹੀਂ ਬਣ ਸਕਿਆ।)

(ਅ). ਕਿਰਿਆ ਵਿਸ਼ੇਸ਼ਣ (ਜਾਂ ਸਹਾਇਕ) ‘ਦੇ’, ਜਿਸ ਦਾ ਅਰਥ ਹੈ: ‘ਦੇ ਕੇ’:

‘ਦੇ’ (ਦੇ ਕੇ) ਸਾਬੂਣੁ; ਲਈਐ ਓਹੁ ਧੋਇ ॥ (ਜਪੁ)

ਜਿਸੁ ਤੂੰ ਰਖਹਿ ਹਥ ‘ਦੇ’ (ਦੇ ਕੇ); ਤਿਸੁ ਮਾਰਿ ਨ ਸਕੈ ਕੋਇ ॥ (ਮ: ੫/੪੩)

ਮਨੁ ‘ਦੇ’ (ਦੇ ਕੇ); ਰਾਮੁ ਲੀਆ ਹੈ ਮੋਲਿ ॥ (ਭਗਤ ਕਬੀਰ/੩੨੭)

ਗਰਹ ਨਿਵਾਰੇ ਸਤਿਗੁਰੂ; ‘ਦੇ’ (ਦੇ ਕੇ) ਅਪਣਾ ਨਾਉ ॥ (ਮ: ੫/੪੦੦)

‘ਦੇ ਦੇ’ (ਦੇ ਦੇ ਕੇ) ਮੰਗਹਿ, ਸਹਸਾ ਗੂਣਾ; ਸੋਭ ਕਰੇ ਸੰਸਾਰੁ ॥ (ਮ: ੧/੪੬੬)

ਕਰਵਟੁ ‘ਦੇ’ (ਦੇ ਕੇ); ਮੋ ਕਉ ਕਾਹੇ ਕਉ ਮਾਰੇ ? ॥ (ਭਗਤ ਕਬੀਰ/੪੮੪)

ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ; ਜਿਨਿ ਹਰਿ ਉਪਦੇਸੁ ‘ਦੇ’ (ਦੇ ਕੇ), ਸਭ ਸ੍ਰਿਸਿ੍ਟ ਸਵਾਰੀ ॥ (ਮ: ੪/੫੮੬)

ਖਤ੍ਰੀ ਬ੍ਰਾਹਮਣ ਪਿਠਿ ‘ਦੇ’ (ਦੇ ਕੇ) ਛੋਡੇ; ਹਰਿ ਨਾਮਦੇਉ ਲੀਆ ਮੁਖਿ ਲਾਇ ॥ (ਮ: ੪/੭੩੩)

ਸਹੰਸਰ ਦਾਨ ‘ਦੇ’ (ਦੇ ਕੇ); ਇੰਦ੍ਰੁ ਰੋਆਇਆ ॥ (ਮ: ੧/੯੫੩)

ਛਤ੍ਰੁ ਸਿੰਘਾਸਨੁ ਪਿਰਥਮੀ; ਗੁਰ ਅਰਜੁਨ ਕਉ ‘ਦੇ’ (ਦੇ ਕੇ) ਆਇਅਉ ॥ (ਭਟ ਹਰਿਬੰਸ/੧੪੦੯), ਆਦਿ।

(ਨੋਟ: ਉਕਤ ਤਮਾਮ ਤੁਕਾਂ ’ਚ ‘ਦੇ’ ਤੋਂ ਇਲਾਵਾ ਮੂਲ ਕਿਰਿਆ ਵੀ ਮੌਜੂਦ ਹੈ; ਜਿਵੇਂ ਕ੍ਰਮਵਾਰ ‘ਲਈਐ, ਰਖਹਿ, ਲੀਆ, ਨਿਵਾਰੇ, ਮੰਗਹਿ, ਮਾਰੇ, ਸਵਾਰੀ, ਛੋਡੇ, ਰੋਆਇਆ, ਆਇਅਉ’, ਇਸ ਲਈ ਹੀ ‘ਦੇ’ ਕਿਰਿਆ ਵਿਸੇਸ਼ਣ (ਮਾਤਾ) ਰਹਿ ਗਿਆ।)

ਸਾਰ: ਉਕਤ ਕੀਤੀ ਗਈ ਤਮਾਮ ਵਿਚਾਰ ਦਾ ਮਕਸਦ ਅਜੋਕੀ ਪੰਜਾਬੀ ਭਾਸ਼ਾ ਦੇ ਮੁਕਾਬਲੇ ਗੁਰਮੁਖੀ ਲਿਪੀ; ਹਰ ਵਿਸ਼ੇ ਨੂੰ ਸੰਖੇਪ ’ਚ ਵਧੇਰੇ ਸਪੱਸ਼ਟ ਕਰਦੀ ਹੈ, ਬਾਰੇ ਤੁਲਨਾਤਮਿਕ ਵਿਚਾਰ ਕਰਨਾ ਸੀ। ਇਸ ਵਿਚਾਰ ਰਾਹੀਂ ਪੰਜਾਬੀ ਦੇ ਮੁਕਾਬਲੇ ਗੁਰਬਾਣੀ ਲਿਖਤ ’ਚ ਇਹ ਵਿਲੱਖਣਤਾ ਤੇ ਸੰਖੇਪਤਾ ਵੇਖੀ ਗਈ:

(1). ਪੰਜਾਬੀ ਭਾਸ਼ਾ ’ਚ ‘ਰਾਮ ਦਾ ਪੈੱਨ’ ਵਾਕ ਨੂੰ ਗੁਰਮੁਖੀ ਲਿਪੀ ’ਚ ‘ਰਾਮ ਦਾ ਪੈੱਨੁ’ ਲਿਖਣ ਨਾਲ਼, ਵਾਕ ’ਚ ‘ਰਾਮ ਤੇ ਪੈੱਨ’ ਨੂੰ ਗੁਰਮੁਖੀ ’ਚ ਤਿੰਨ ਨਿਯਮ (ਅੰਤ ਔਂਕੜ, ਅਗੇਤਰ ਸ਼ਬਦ (ਰਾਮ) ਅੰਤ ਮੁਕਤਾ ਹੋਣਾ ਤੇ ਸੰਬੰਧਕੀ ‘ਦਾ’) ਇੱਕ ਵਚਨ ਹੋਣ ਬਾਰੇ ਸੰਕੇਤ ਕਰਦੇ ਹਨ ਜਦਕਿ ਮਾਡਰਨ ਪੰਜਾਬੀ ਭਾਸ਼ਾ ਵਿੱਚ ਕੇਵਲ ‘ਦਾ’ (ਸੰਬੰਧਕੀ) ਹੀ ਇੱਕ ਵਚਨ ਹੋਣ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।

(2). ਅਜੋਕੀ ਪੰਜਾਬੀ ਭਾਸ਼ਾ ’ਚ ਲਿਖੇ ‘ਰਾਮ ਦੇ ਪੈੱਨ’ ਨੂੰ ਗੁਰਮੁਖੀ ਲਿਪੀ ’ਚ ‘ਰਾਮ ਦੈ ਪੈੱਨਿ’ ਲਿਖਣ ਉਪਰੰਤ ਅਰਥਾਂ ਵਿੱਚ ਵਧੇਰੇ ਸਪੱਸ਼ਟਤਾ ਆ ਜਾਂਦੀ ਹੈ ਭਾਵ ਪੰਜਾਬੀ ’ਚ ‘ਰਾਮ ਦੇ ਪੈੱਨ’ ਵਾਕ ਦੇ ਮੁਕਾਬਲੇ ਗੁਰਬਾਣੀ ਲਿਖਤ ’ਚ ‘ਰਾਮ ਦੇ ਪੈੱਨ ਨਾਲ਼’ ਅਰਥ ਮਿਲਦੇ ਹਨ, ਜਦ ਕਿ ਗੁਰਬਾਣੀ ਲਿਖਤ ’ਚ ਇੱਕ ਤੋਂ ਵੱਧ ਭਾਸ਼ਾਵਾਂ ਮੌਜੂਦ ਹੋਣ ਦੇ ਬਾਵਜੂਦ ਕਾਵਿ ਤੋਲ ਨੂੰ ਵੀ ਪ੍ਰਮੁਖਤਾ ਮਿਲੀ ਹੋਈ ਹੈ, ਆਦਿ।

ਸੋ, ਗੁਰਸਿੱਖਾਂ ਲਈ ਪੰਜਾਬੀ ਭਾਸ਼ਾ ਨੂੰ ਮਾਤ ਭਾਸ਼ਾ ਮੰਨਣ ਦੀ ਨਾਲ਼-ਨਾਲ਼ ਗੁਰਬਾਣੀ ਲਿਖਤ ਨੂੰ ਵੀ ਸਮਝਣ-ਸਮਝਾਉਣ ਲਈ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਸਾਡੇ ਵਿਚਾਰਕ ਮਤਭੇਦ ਘਟ ਜਾਣ। ਸਾਨੂੰ ਅਜੋਕੀ ਹਰ ਪੰਜਾਬੀ ਕਵਿਤਾ ਦੇ ਅਰਥ ਕਰਨ ਦੀ ਜ਼ਰੂਰਤ ਇਸ ਲਈ ਮਹਿਸੂਸ ਨਹੀਂ ਹੁੰਦੀ ਕਿਉਂਕਿ ਕਵਿਤਾ ਮਾਤ ਭਾਸ਼ਾ ਵਿੱਚ ਲਿਖੀ ਹੁੰਦੀ ਹੈ, ਅਗਰ ਗੁਰਮੁਖੀ ਲਿਪੀ ਦਾ ਪ੍ਰਯੋਗ ਵੀ ਬਰਾਬਰ ਹੋਣ ਗੱਲ ਜਾਏ ਤਾਂ ਗੁਰਬਾਣੀ ਦਾ ਵੀ ਕੋਈ ਟੀਕਾ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਏਗੀ। ਹਰ ਗੁਰਸਿੱਖ ਗੁਰੂ ਉਪਦੇਸ਼ ਨੂੰ ਸਹਿਜੇ ਹੀ ਸਮਝ ਜਾਇਆ ਕਰੇਗਾ ਤੇ ਧਰਮ ਦੇ ਨਾਂ ’ਤੇ ਅੰਧ ਵਿਸ਼ਵਾਸ ਫੈਲਾਉਣ ਵਾਲੀਆਂ ਸ਼ਕਤੀਆਂ ਕਮਜੋਰ ਹੋ ਕੇ ਆਖ਼ਿਰ ਅਲੋਪ ਹੋ ਜਾਣਗੀਆਂ।

ਅਗਰ ਆਪ ਇਸ ਵਿਸ਼ੇ ਦੀ ਗੰਭੀਰਤਾ ਨੂੰ ਸਮਝਦੇ ਹੋ ਤਾਂ ਵੱਧ ਤੋਂ ਵੱਧ ਦੋਸਤਾਂ ਨਾਲ਼ ਇਸ ਵਿਸ਼ੇ ਬਾਰੇ ਵਿਚਾਰ ਸਾਂਝੇ ਕਰੋ, ਜੀ।


04/23/17
ਸਰਪੰਚ ਯਾਦਵਿੰਦਰ ਸਿੰਘ ਸਿੱਧੂ

24 ਅਪ੍ਰੈਲ “ਰਾਸ਼ਟਰੀ ਪੰਚਾਇਤੀ” ਦਿਵਸ `ਤੇ ਵਿਸ਼ੇਸ਼
24 ਸਾਲਾਂ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਪੇਂਡੂ ਸਵਰਾਜ 73ਵੀਂ ਸੰਵਿਧਾਨਿਕ ਸੋਚ ਨੂੰ ਲਾਗੂ ਕਰਨ ਤੋਂ ਮੁਨਕਰ
1992 ਵਿੱਚ ਹੋਈ 73ਵੀਂ ਸੰਵਿਧਾਨਿਕ ਸੋਚ ‘ਪੰਚਾਇਤੀ ਰਾਜ ਐਕਟ’ ਜੋ ਪਿੰਡ ਵਾਸੀਆਂ ਨੂੰ ਆਪਣੇ ਪਿੰਡਾਂ ਤੇ ਇਲਾਕੇ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਵਿਕਾਸ ਸਕੀਮਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਉਲੀਕਣ ਤੇ ਪਾਰਦਰਸ਼ਤਾ ਨਾਲ ਸਿਰੇ ਚੜਾਉਣ ਦੇ ਅਧਿਕਾਰ ਦਿੰਦਾ ਹੈ ਪਰ ਪੰਜਾਬ ਦੀਆਂ ਵੱਖ-ਵੱਖ ਸਮੇਂ ਬਣਦੀਆਂ ਆ ਰਹੀਆਂ ਰਾਜ ਸਰਕਾਰਾਂ ਨੇ 24 ਸਾਲ ਬੀਤ ਜਾਣ `ਤੇ ਵੀ ਇਸ ਨੂੰ ਅਸਲ ਰੂਪ `ਚ ਲਾਗੂ ਨਹੀਂ ਕੀਤਾ, ਮਈ 2014 ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਅੰਦਰ 4 ਮੈਂਬਰ ਪਾਰਲੀਮੈਂਟ ਦੇ ਜੇਤੂ ਹੋ ਜਾਣ ਨਾਲ ਪੇਂਡੂ ਸਵਰਾਜ ਵਾਲੇ ਕ੍ਰਾਂਤੀਕਾਰੀ ਕਾਨੂੰਨ ‘ਪੰਚਾਇਤੀ ਰਾਜ ਐਕਟ’ (73ਵੀਂ ਸੋਧ) ਦੇ ਲਾਗੂ ਹੋ ਜਾਣ ਲਈ ਵੱਡੀ ਆਸ ਬੱਝੀ ਸੀ। ਕਿਉਂਕਿ ‘ਆਪ’ ਦੇ ਚੋਣ ਮੈਨੀਫ਼ੈਸਟੋ ਵਿੱਚ ਗ੍ਰਾਮ ਸਭਾਵਾਂ ਨੂੰ ਅਧਿਕਾਰ ਦੇਣ ਦਾ ਵਾਅਦਾ ਸੀ ਪਰ ਪੰਜਾਬ ਅੰਦਰ ਹਾਲੇ ਤੱਕ ਗ੍ਰਾਮ ਪੰਚਾਇਤਾਂ ਤੋਂ ਅੱਗੇ ਵਧ ਕੇ ‘ਪੰਚਾਇਤਾਂ’ ਦੀ ਸਥਾਪਤੀ ਲਈ ਕੋਈ ਗੱਲ ਨਹੀਂ ਤੁਰੀ।
ਦੇਸ਼ ਦੀ ਪਾਰਲੀਮੈਂਟ ਵੱਲੋਂ ਪੇਂਡੂ ਲੋਕਾਂ ਨੂੰ ਆਪਣਾ ਆਰਥਿਕ, ਸਮਾਜਿਕ, ਸਭਿਆਚਾਰਕ ਜੀਵਨ ਪੱਧਰ ਉੱਚਾ ਚੁੱਕਣ, ਭਰਿਸ਼ਟਾਚਾਰ ਨੂੰ ਠੱਲ ਪਾਉਣ, ਪਿੰਡ ਦੀ ਤਰੱਕੀ ਵਿੱਚ ਹਰ ਇੱਕ ਪਿੰਡ ਵਾਸੀ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਤੇ ਰਾਜ ਸੱਤਾ ਦੀ ਵੰਡ ਹੇਠਲੇ ਪੱਧਰ ਤੱਕ ਕਰਨ ਅਤੇ ਪੇਂਡੂ ਤਰੱਕੀ ਲਈ ਕੇਂਦਰ ਸਰਕਾਰ ਵੱਲੋਂ ਭੇਜੇ ਜਾ ਰਹੇ ਫੰਡ ਨੂੰ ਰਾਸਤੇ ਵਿੱਚ ਹੀ ਅੱਧੋ ਵੱਧ ਨੌਕਰਸ਼ਾਹੀ ਤੇ ਸੱਤਾ ਦੇ ਦਲਾਲਾਂ ਵੱਲੋਂ ਹੜਪ ਕੀਤੇ ਜਾਣ ਨੂੰ ਰੋਕਣ ਦੇ ਢੰਗ ਤਰੀਕੇ ਲੱਭਣ ਲਈ ਵੱਖ ਵੱਖ ਸਮੇਂ ਮਾਹਿਰਾਂ ਦੀਆਂ ਕਮੇਟੀਆਂ ਬਣਾ ਸੁਝਾਓ ਲਏ ਗਏ ਜਿਨਾਂ ਵਿੱਚ ਬਲਵੰਤ ਰਾਏ ਕਮੇਟੀ, ਅਸ਼ੋਕ ਮਹਿਤਾ ਕਮੇਟੀ, ਬੀ ਕੇ ਰਾਓ ਕਮੇਟੀ ਤੇ ਸਿੰਘਵੀ ਕਮੇਟੀਆਂ ਪ੍ਰਮੁੱਖ ਹਨ ਤੇ ਇਹਨਾਂ ਮਾਹਿਰਾਂ ਦੀ ਰਾਇ `ਤੇ 1992 ਵਿੱਚ ‘73ਵੀਂ ਸੰਵਿਧਾਨ ਸੋਧ’ ਐਕਟ ਪਾਸ ਕੀਤਾ ਗਿਆ। ਇਹ ਪੰਚਾਇਤੀ ਰਾਜ ਪ੍ਰਣਾਲੀ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਵਾਂਗ ਪੰਚਾਇਤਾਂ “ਸਥਾਨਕ ਸਵੈ-ਸਰਕਾਰ’ ਨੂੰ ਸਾਰੀਆਂ ਸ਼ਕਤੀਆਂ ਕਾਨੂੰਨ ਵਿੱਚ ਉਪਲਬਧ ਕਰਵਾਈਆਂ ਗਈਆਂ। ਪਿੰਡ ਦੀ ਤਰੱਕੀ ਵਿੱਚ ਹਰ ਪਿੰਡ ਵਾਸੀ ਦਾ ਯੋਗਦਾਨ, ਪਾਰਦਰਸ਼ਤਾ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਬੰਧ ਰੱਖਣ ਲਈ ਇਸਨੂੰ ਤਿੰਨ ਪੜਾਵਾਂ ਜਿਲਾ ਪ੍ਰੀਸ਼ਦ, ਪੰਚਾਇਤ ਸੰਮਤੀ ਤੇ ਪਿੰਡ ਪੱਧਰ ਦੀਆਂ ਪੰਚਾਇਤਾਂ ਵਿੱਚ ਵੰਡਿਆ ਗਿਆ। ਇਸ ਸੰਪੂਰਨ ਪੰਚਾਇਤੀ ਰਾਜ ਪ੍ਰਣਾਲੀ ਸਿਸਟਮ ਦੇ ਐਕਟ ਨੂੰ 20 ਅਪ੍ਰੈਲ 1993 ਨੂੰ ਰਾਸ਼ਟਰਪਤੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਅਤੇ 24 ਅਪ੍ਰੈਲ 1993 ਤੋਂ ਲਾਗੂ ਹੋ ਗਿਆ ਤੇ ਹਰ ਸਾਲ 24 ਅਪ੍ਰੈਲ ਨੂੰ ਭਾਰਤ ਵਿੱਚ ਪੰਚਾਇਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। 73ਵੀਂ ਸੰਵਿਧਾਨਕ ਸੋਧ ਫੈਡਰਲ ਢਾਂਚੇ ਦੀ ਸਹੀ ਅਰਥਾਂ ਵਿੱਚ ਤਰਜੁਮਾਨੀ ਹੈ। ਜਿਸ ਤਰਾਂ ਕੇਂਦਰ ਵੱਲੋਂ ਪ੍ਰਾਤਾਂ ਨੂੰ ਕਈ ਅਧਿਕਾਰ (ਹੱਕ) ਮਿਲੇ ਹੋਏ ਹਨ ਉਸੇ ਤਰਾਂ ਪ੍ਰਾਂਤਾਂ ਨੇ ਪੰਚਾਇਤਾਂ ਨੂੰ ਹੱਕ ਮੁਹੱਈਆ ਕਰਵਾਉਣੇ ਹਨ।
ਪੰਜਾਬ ਪਰਦੇਸ਼ ਦੀਆਂ ਪ੍ਰਾਂਤਕ ਸਰਕਾਰਾਂ ਤੇ ਅਫਸਰਸ਼ਾਹੀ ਨੇ ਆਪਣੀਆਂ ਮਨਮਾਨੀਆਂ ਚਲਾਉਣ ਤੇ ਰਾਜ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਕੋਲ ਬਣਾਈ ਰੱਖਣ ਲਈ ਹੀ ਅੱਜ ਤੱਕ ਰਾਜ ਅੰਦਰ ‘73ਵੀਂ ਸੰਵਿਧਾਨਕ ਸੋਧ’ ਨੂੰ ਸਹੀ ਤਰੀਕੇ ਨਾਲ ਲਾਗੂ ਤਾਂ ਕੀ ਕਰਨਾ ਸੀ, ਬਹੁਤੇ ਪੰਜਾਬੀਆਂ ਜਿਹਨਾਂ ਵਿੱਚ ਪ੍ਰੈਸ, ਬੁੱਧੀਜੀਵੀ ਤੇ ਆਮ ਲੋਕ ਵੀ ਆਉਂਦੇ ਹਨ ਨੂੰ ਪੰਚਾਇਤ ਦੀ ਰੂਪ ਰੇਖਾ (ਪਰਿਭਾਸ਼ਾ) ਤੋਂ ਜਾਣੂ ਹੀ ਨਹੀਂ ਹੋਣ ਦਿੱਤਾ। ਗ੍ਰਾਮ ਪੰਚਾਇਤ (ਪੰਚਾਂ, ਸਰਪੰਚਾਂ) ਨੂੰ ਹੀ ਪੰਚਾਇਤ ਸਮਝਿਆ ਲਿਖਿਆ ਤੇ ਕਿਹਾ ਜਾ ਰਿਹਾ ਹੈ। ਇੱਕ ਪੰਚਾਇਤ ਵਿੱਚ ਗ੍ਰਾਮ ਸਭਾ (ਜਿਸਨੂੰ ਉਸ ਪਿੰਡ ਦਾ ਹੀ ਨਾਂ ਦਿੱਤਾ ਜਾਂਦਾ ਹੈ), ਗ੍ਰਾਮ ਪੰਚਾਇਤ ਤੇ ਸਥਾਈ ਕਮੇਟੀਆਂ ਹੁੰਦੀਆਂ ਹਨ। ਪੰਜਾਬ ਦੀ ਪ੍ਰਾਂਤਕ ਸਰਕਾਰ ਨੇ 1994 ਵਿੱਚ ਪੰਜਾਬ ਪੰਚਾਇਤੀ ਰਾਜ ਐਕਟ ਤਾਂ ਪਾਸ ਕਰ ਲਿਆ, ਪਰ ਇਸਨੂੰ ਸਹੀ ਤਰੀਕੇ ਨਾਲ ਅਮਲ ਵਿੱਚ ਅੱਜ ਤੱਕ ਲਿਆਂਦਾ ਨਹੀਂ ਗਿਆ। ਕੇਂਦਰ ਸਰਕਾਰ ਵੱਲੋਂ ਕਈ ਪ੍ਰਾਂਤਾ ਦੀਆਂ ਗੁੰਝਲਦਾਰ ਭੂਗੋਲਿਕ ਪ੍ਰਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਪੰਚਾਇਤੀ ਰਾਜ ਐਕਟ 1992 73ਵੀਂ ਸੰਵਿਧਾਨਕ ਸੋਧ ਨੂੰ ਸਾਰੇ ਦੇਸ਼ ਵਿੱਚ ਇੱਕ ਸਾਰ ਲਾਗੂ ਨਾ ਕੀਤਾ ਗਿਆ। ਉਸ ਸਮੇਂ ਇੱਕ ਸਾਰ ਕੇਂਦਰੀ ਪੰਚਾਇਤੀ ਐਕਟ ਬਨਾਉਣ ਵਿੱਚ ਕੇਂਦਰ ਸਰਕਾਰ ਨੂੰ ਇਹ ਮੁਸ਼ਕਲ ਪੇਸ਼ ਆਈ ਕਿ ਨਾਗਾਲੈਂਡ, ਮੇਘਾਲਿਆ ਅਤੇ ਮਿਜੋਰਮ ਦੇ ਰਾਜਾਂ ਮਨੀਪੁਰ ਰਾਜ ਵਿਚਲੇ ਪਹਾੜੀ ਖੇਤਰ ਜਿੰਨਾਂ ਵਿੱਚ ਵਕਤੀ ਤੌਰ ਤੇ ਲਾਗੂ ਕਿਸੇ ਕਾਨੂੰਨ ਤਹਿਤ ਜਿਲਾ ਕੌਂਸਲਾਂ ਆਪਣੀ ਹੋਂਦ ਰੱਖਦੀਆਂ ਸਨ, ਪੱਛਮੀ ਬੰਗਾਲ ਰਾਜ ਵਿੱਚ ਦਾਰਜਲਿੰਗ ਦੇ ਪਹਾੜੀ ਖੇਤਰਾਂ ਜਿੱਥੇ ਵਕਤੀ ਤੌਰ ਤੇ ਕਿਸੇ ਕਾਨੂੰਨ ਤਹਿਤ ਗੋਰਖਾ ਹਿੱਲ ਕੌਂਸਲ ਹੋਂਦ ਰੱਖਦੀ ਸੀ, ਇੰਨਾਂ ਕਾਰਨਾਂ ਕਰਕੇ ਹੀ ਕੇਂਦਰ ਨੇ ਪ੍ਰਾਂਤਾਂ ਨੂੰ ਪੰਚਾਇਤੀ ਕਾਨੂੰਨੀ ਆਪ ਬਨਾਉਣ ਦੀ ਤੇ ਇਸ ਵਿੱਚ ਤਬਦੀਲੀਆਂ ਕਰਨ ਦੀ ਖੁੱਲ ਦੇ ਦਿੱਤੀ। ਇਹ ਦਿੱਤੀ ਖੁਲ੍ਹਹੀ ਇਸ ਪੇਂਡੂ ਕ੍ਰਾਂਤੀਕਾਰੀ ਕਾਨੂੰਨ ਦੇ ਲਾਗੂ ਹੋਣ ਵਿੱਚ ਵੱਡਾ ਅੜਿੱਕਾ ਹੈ। ਜਿਸਦਾ ਫਾਇਦਾ ਉਠਾਉਂਦਿਆਂ ਕਈ ਪ੍ਰਾਂਤਕ ਸਰਕਾਰਾਂ ਇਸਨੂੰ ਲਾਗੂ ਕਰਨ ਤੋਂ ਬੱਚ ਰਹੀਆਂ ਹਨ, ਜਦ ਕਿ ਕਈ ਰਾਜਾਂ ਨੇ ਇਸ ਸਿਸਟਮ ਨੂੰ ਅਪਣਾ ਲਿਆ ਹੈ। ਆਓ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕਰੀਏ।
ਪਿੰਡ ਪੰਚਾਇਤ: ਖਾਸ ਦਾਇਰੇ ਦੇ ਰਜਿਸਟਰ ਵੋਟਰਾਂ ਦੀ ਇੱਕ ‘ਗਰਾਮ ਸਭਾ’ ਪਿੰਡ ਦੇ ਨਾਮ ਦੀ ਹੋਵੇਗੀ, ਜੋ ਗਰਾਮ ਪੰਚਾਇਤ (ਪੰਚ, ਸਰਪੰਚ) ਦੀ ਚੋਣ ਕਰੇਗੀ (ਪੰਜਾਬ ਵਿੱਚ 300 ਤੋਂ ਵੱਧ ਪਰ 1000 ਤੋਂ ਘੱਟ ਵੋਟਰਾਂ ਲਈ 5 ਪੰਚ, 1000 ਤੋਂ ਵੱਧ ਪਰ 2000 ਤੋਂ ਘੱਟ 7, 2000 ਤੋਂ ਵੱਧ ਪਰ 5000 ਤੋਂ ਘੱਟ 9, 5000 ਤੋਂ ਵੱਧ ਪਰ 1000 ਤੋਂ ਘੱਟ 11, 10000 ਤੋਂ ਵੱਧ 13 ਪੰਚਾਂ ਦੀ ਚੋਣ ਹੁੰਦੀ ਹੈ) ਸਰਪੰਚ ਦੀ ਚੋਣ ਸਿੱਧੇ ਵੋਟਰਾਂ ਦੁਆਰਾ ਜਾਂ ਪੰਚਾਂ ਦੁਆਰਾ ਕੀਤੀ ਜਾਵੇਗੀ। ਪਾਰਲੀਮੈਂਟ ਦੀਆਂ ਕਮੇਟੀਆਂ ਵਾਂਗ ਪੰਚਾਇਤ ਦੀਆਂ ਸਥਾਈ ਕਮੇਟੀਆਂ ਹੌਣਗੀਆਂ 1) ਜਰਾਇਤ ਉਤਪਾਦ, ਪਸ਼ੂ ਪਾਲਣ, ਪੇਂਡੂ ਉਦਯੋਗ ਅਤੇ ਗਰੀਬੀ ਹਟਾਓ ਪ੍ਰੋਗਰਾਮਾਂ ਨਾਲ ਸਬੰਧਤ ਕੰਮਾਂ ਲਈ ਉਤਪਾਦਨ ਕਮੇਟੀ 2) ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਕਮਜ਼ੋਰ ਤਬਕਿਆਂ ਦੀ ਸਿੱਖਿਆ, ਆਰਥਿਕ, ਸਮਾਜਿਕ, ਸਭਿਆਚਾਰਕ ਤੇ ਦੂਸਰੇ ਹਿੱਤਾਂ ਨੂੰ ਉਤਸ਼ਾਹਿਤ ਕਰਨ ਅਤੇ ਇਸਤਰੀਆਂ ਤੇ ਬੱਚਿਆਂ ਦੀ ਭਲਾਈ ਲਈ ਸਮਾਜਿਕ ਨਿਆਂ ਕਮੇਟੀ 3) ਪਿੰਡ ਵਿੱਚ ਸਿੱਖਿਆ, ਜਨਹਿੱਤ, ਲੋਕ ਕਾਰਜਾਂ ਅਤੇ ਦੂਜੇ ਕੰਮਾਂ ਲਈ ਸ਼ਮੂਲੀਅਤ ਕਮੇਟੀ। ਇਹਨਾਂ 3 ਤੋਂ 5 ਮੈਂਬਰਾਂ ਵਾਲੀਆਂ ਕਮੇਟੀਆਂ ਦੇ ਨੁਮਾਇੰਦਿਆਂ ਵਿੱਚ ਔਰਤਾਂ ਅਨੁਸੂਚਿਤ ਜਾਤੀ ਜਾਂ ਪੱਛੜੀਆਂ ਸ਼੍ਰੇਣੀਆਂ, ਕਿਸਾਨ ਕਲੱਬਾਂ, ਮਹਿਲਾ ਮੰਡਲ, ਯੁਵਕ ਮੰਡਲ ਅਤੇ ਰਾਜ ਸਰਕਾਰ ਤੋਂ ਮਾਨਤਾ ਪ੍ਰਾਪਤ ਅਦਾਰਿਆਂ ਦੇ ਮੈਂਬਰ ਨਾਮਜਦ ਕੀਤੇ ਜਾਣਗੇ। ਸਹਿਕਾਰੀ ਸੰਮਤੀ ਦੇ ਮੈਂਬਰ ਵੀ ਉਤਪਾਦਨ ਕਮੇਟੀ ਵਿੱਚ ਨਾਮਜ਼ਦ ਕੀਤੇ ਜਾ ਸਕਦੇ ਹਨ। ਗ੍ਰਾਮ ਪੰਚਾਇਤ ਦੀ ਮਹੀਨੇ ਵਿੱਚ ਘੱਟੋ ਘੱਟ ਇੱਕ ਮੀਟਿੰਗ ਬੁਲਾਉਣੀ ਸਰਪੰਚ ਲਈ ਅਤਿਅੰਤ ਜਰੂਰੀ ਹੈ। ਸਰਪੰਚ ਦੇ ਮੀਟਿੰਗ ਬੁਲਾਊਣ ਤੇ ਅਸਫਲ ਰਹਿਣ ਤੇ ਕੋਈ ਵੀ ਪੰਚ ਜਾਂ ਪੰਚਾਇਤ ਸਕੱਤਰ, ਪੰਚਾਂ ਤੇ ਸਰਪੰਚ ਨੂੰ ਹਫਤੇ ਦਾ ਨੋਟਿਸ ਦੇ ਕੇ ਜਰੂਰੀ ਕੰਮ ਲਈ ਮੀਟਿੰਗ ਬੁਲਾ ਸਕਦਾ ਹੈ। ਸਰਪੰਚ ਨੇ ਸਾਲ ਵਿੱਚ ਗ੍ਰਾਮ ਸਭਾ ਦੀਆਂ 4 ਬੈਠਕਾਂ ਮਿਥੀਆਂ ਤਰੀਖਾਂ 08 ਮਾਰਚੀ ਅੰਤਰਾਸ਼ਟਰੀ ਮਹਿਲਾ ਦਿਸਵ, 14 ਨਵੰਬਰ ਬਾਲ ਦਿਵਸ, 26 ਜਨਵਰੀ ਗਣਤੰਤਰ ਦਿਵਸ ਅਤੇ 24 ਅਪ੍ਰੈਲ ਰਾਸ਼ਟਰੀ ਪੰਚਇਤੀ ਦਿਵਸ ਮੋਕੇ ਲਾਜ਼ਮੀ ਬੁਲਾਉਣੀਆਂ ਹਨ। ਲਗਾਤਾਰ ਦੋ ਗ੍ਰਾਮ ਸਭਾ ਦੀਆਂ ਬੈਠਕਾਂ ਬੁਲਾਉਣ ਵਿੱਚ ਅਸਫਲ ਰਹਿਣ ਵਾਲਾ ਸਰਪੰਚ ਦੂਸਰੀ ਬੈਠਕ ਬੁਲਾਉਣ ਦੀ ਤਾਰੀਖ ਤੋਂ ਆਪਣੇ ਆਪ ਹਟਿਆ ਸਮਝਿਆ ਜਾਵੇਗਾ। ਦਸੰਬਰ ਦੀ ਗ੍ਰਾਮ ਸਭਾ ਬੈਠਕ ਵਿੱਚ ਗ੍ਰਾਮ ਪੰਚਾਇਤ ਆਮਦਨ ਅਤੇ ਖਰਚ ਸਬੰਧੀ ਬਜਟ ਤਿਆਰ ਕਰਕੇ ਅਪ੍ਰੈਲ ਤੋਂ ਵਿਕਾਸ ਦੇ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਗਰਾਮ ਸਭਾ ਵਿੱਚ ਰੱਖੇਗੀ। ਸਰਪੰਚ ਚੇਅਰਮੈਨ ਵਜੋਂ ਗ੍ਰਾਮ ਸਭਾ ਦੀ ਬੈਠਕ ਵਿੱਚ ਹਿੱਸਾ ਲਵੇਗਾ। ਬਜਟ ਬਹੁ ਸੰਮਤੀ ਨਾਲ ਪਾਸ ਕੀਤਾ ਜਾਵੇਗਾ। ਸਰਪੰਚ, ਪੰਚ ਅਤੇ ਰਜਿਸਟਰ ਵੋਟਰ ਗਰਾਮ ਸਭਾ ਦੇ ਬਰਾਬਰ ਮੈਂਬਰ ਹੋਣਗੇ, ਮੀਟਿੰਗ ਵਿੱਚ ਮੈਂਬਰਾਂ ਦਾ ਪੰਜਵਾਂ ਹਿੱਸਾ ਹੋਣਾ ਲਾਜ਼ਮੀ ਹੈ। ਜੂਨ ਮਹੀਨੇ ਦੀ ਗ੍ਰਾਮ ਸਭਾ ਦੀ ਬੈਠਕ ਵਿੱਚ ਬੀਤੇ ਸਾਲ ਦੇ ਲੇਖਿਆਂ ਦੀ ਸਲਾਨਾ ਰਿਪੋਰਟ ਅਤੇ ਚਾਲੂ ਸਾਲ ਦੇ ਵਿਕਾਸ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਪੰਚਾਇਤ ਦਸੰਬਰ ਦੀ ਬੈਠਕ ਵਿੱਚ ਬਜਟ ਪ੍ਰੋਗਰਾਮ ਦੀ ਯੋਜਨਾ ਪੇਸ਼ ਕਰਨ ਵਿੱਚ ਅਫਸਲ ਰਹਿੰਦੀ ਹੈ ਤਾਂ ਪੰਚਾਇਤ ਸੰਮਤੀ ਅਜਿਹੇ ਪਿੰਡ ਸਬੰਧੀ ਯੋਜਨਾ ਤਿਆਰ ਕਰੇਗੀ ਅਤੇ ਗਰਾਮ ਸਭਾ ਦੀ ਬੁਲਾਈ ਅਸਾਧਾਰਨ ਸਭਾ ਵਿੱਚ ਇਸਨੂੰ ਪਾਸ ਕਰੇਗੀ। ਪੰਚਾਇਤ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਨਾਲ ਬਦਸਲੂਕੀ ਕਰਨ ਵਾਲੇ ਛੋਟੇ ਮੁਲਾਜ਼ਮ ਜਿਵੇਂ ਚਪੜਾਸੀ, ਕਰਿੰਦਾ, ਚੌਕੀਦਾਰ, ਸਿਪਾਹੀ, ਹੌਲਦਾਰ, ਪਟਵਾਰੀ, ਵੈਕਸੀਨੇਟਰ, ਨਹਿਰੀ ਉਵਰਸ਼ੀਅਰ, ਫਾਰੈਸਟ ਗਾਰਡ ਜਾਂ ੳ ੁਹ ਸਰਕਾਰੀ ਕਰਮਚਾਰੀ ਜੋ ਰਾਜ ਸਰਕਾਰ ਵੱਲੋਂ ਅਧਿਸੂਚਨਾ ਦੁਆਰਾ ਸੌਂਪੇ ਮਹਿਕਮਿਆਂ ਦੇ ਕਰਮਚਾਰੀ ਹੋਣ ਤੇ ਪੰਚਾਇਤ ਕਾਰਵਾਈ ਕਰਕੇ ਤੱਥਾਂ ਸਮੇਤ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਪੇਸ਼ ਕਰੇਗੀ। ਪੰਚਾਇਤ ਹੇਠ ਸੁਤੰਤਰ ਰੂਪ ਵਿੱਚ 29 ਮਹਿਕਮੇ ਹੋਣਗੇ, ਜਿਨਾਂ ਦੀ ਦੇਖ ਰੇਖ ਦਾ ਕੰਮ ਪੰਚਾਇਤ ਕਰੇਗੀ। ਪੰਚਾਇਤਾਂ ਕੋਲ ਛੋਟੇ ਫੌਜਦਾਰੀ ਤੇ ਦੀਵਾਨੀ ਕੇਸਾਂ ਦੀ ਸੁਣਵਾਈ ਕਰਨ ਦੇ ਵੀ ਅਧਿਕਾਰ ਹਨ।
ਪੰਚਾਇਤ ਸੰਮਤੀ: ਹਰੇਕ ਬਲਾਕ ਵਿੱਚ ਇੱਕ ਪੰਚਾਇਤ ਸੰਮਤੀ ਗਠਨ ਕੀਤੇ ਜਾਣ ਦਾ ਪ੍ਰਬੰਧ ਹੈ। ਇਸਦਾ ਸਭਾਪਤੀ ਤੇ ਉਪ ਸਭਾਪਤੀ ਚੁਣੇ ਹੋਏ ਮੈਂਬਰਾਂ ਵਿਚੋਂ ਹੋਵੇਗਾ। ਮੈਂਬਰਾਂ ਦੀ ਗਿਣਤੀ 15 ਤੋਂ 25 ਤੱਕ ਹੋ ਸਕਦਾ ਹੈ। ਸੰਮਤੀ ਦੀ ਦੋ ਮਹੀਨਿਆਂ ਵਿੱਚ ਘੱਟੋ ਘੱਟ ਇੱਕ ਬੈਠਕ ਬੁਲਾਉਣੀ ਲਾਜ਼ਮੀ ਹੋਵੇਗੀ, ਬਹੁਸੰਮਤੀ ਮੈਂਬਰਾਂ ਦੀ ਬੇਨਤੀ ਤੇ 15 ਦਿਨਾਂ ਦੇ ਅੰਦਰ ਅੰਦਰ ਵੀ ਦੂਜੀ ਬੈਠਕ ਬੁਲਾਈ ਜਾ ਸਕਦੀ ਹੈ। ਸੰਮਤੀ ਦੇ ਪਾਸ ਹਰ ਮਤੇ ਦੀ ਨਕਲ 3 ਦਿਨਾਂ ਦੇ ਅੰਦਰ ਅੰਦਰ ਡਾਇਰੈਕਟਰ ਨੂੰ ਭੇਜੀ ਜਾਣੀ ਲਾਜ਼ਮੀ ਹੈ। ਸੰਮਤੀ ਗ੍ਰਾਮ ਪੰਚਾਇਤ ਦੇ ਕੰਮਾਂ ਦੀ ਦੇਖ ਰੇਖ ਦੇ ਨਾਲ ਨਾਲ ਵਿਕਾਸ ਸਕੀਮਾਂ ਨੂੰ ਪਾਸ ਕਰਨ, ਲਾਗੂ ਕਰਨ ਅਤੇ ਸਿਰੇ ਚਾੜਣ ਖਾਤਰ ਤਕਨੀਕੀ ਅਤੇ ਵਿੱਤੀ ਸਹਾਇਤਾ ਦੇਵੇਗੀ ਤੇ ਕੋਈ ਵੀ ਸੰਮਤੀ ਹੇਠਲਾ ਪ੍ਰਬੰਧਕੀ ਮਾਮਲਾ ਜਾਇਦਾਦ ਦੀ ਉਸਾਰੀ, ਰੱਖ ਰਖਾਅ ਤੇ ਉਸ ਵਿੱਚ ਸੁਧਾਰ ਦੇ ਕੰਮ ਕਿਸੇ ਪੰਚਾਇਤ ਨੂੰ ਸੌਂਪ ਸਕਦੀ ਹੈ। ਸੰਮਤੀ ਦੀਆਂ ਕਮੇਟੀਆਂ 1) ਆਮ ਕਮੇਟੀ (2) ਵਿੱਤ ਆਡਿਟ ਯੋਜਨਾ ਕਮੇਟੀ (3) ਸਮਾਜਿਕ ਨਿਆਂ ਕਮੇਟੀ ਹੋਣਗੀਆਂ, ਜਿਨਾਂ ਵਿੱਚ ਸਭਾਪਤੀ ਸਮੇਤ 6 ਮੈਂਬਰ ਹੋਣਗੇ। ਪਹਿਲੀਆਂ 2 ਦਾ ਸਭਾਪਤੀ ਅਤੇ ਤੀਜੀ ਕਮੇਟੀ ਦਾ ਚੇਅਰਮੈਨ ਉਪ ਸਭਾਪਤੀ ਹੋਵੇਗਾ। ਪੰਚਾਇਤ ਸੰਮਤੀ ਦਾ ਕਾਰਜਕਾਰੀ ਅਫਸਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਹੋਵੇਗਾ। ਸੰਮਤੀ ਕਾਰਜਕਾਰੀ ਅਫਸਰ ਉਪਰ ਨਿਗਰਾਨੀ ਅਤੇ ਨਿਯੰਤਰਨ ਰੱਖਣ ਸਮੇਤ 27 ਮਹਿਕਮਿਆਂ ਦੇ ਕੰਮਾਂ ਦੀ ਦੇਖ ਰੇਖ ਵਿੱਚ ਸ਼ਮੂਲੀਅਤ ਕਰੇਗੀ। 20 ਲੱਖ ਤੋਂ ਘੱਟ ਜਨਸੰਖਿਆ ਵਾਲੇ ਰਾਜਾਂ ਵਿੱਚ ਪੰਚਾਇਤ ਸੰਮਤੀ ਸਥਾਪਤ ਨਹੀਂ ਕੀਤੀ ਜਾ ਸਕਦੀ।
ਜਿਲਾ ਪ੍ਰੀਸ਼ਦ: ਇਸਦੇ ਮੈਂਬਰ ਵੀ ਵੋਟਰਾਂ ਦੁਆਰਾ ਚੁਣੇ ਜਾਣਗੇ। ਚੁਣੇ ਗਏ ਮੈਂਬਰ ਆਪਣੇ ਸਭਾਪਤੀ ਅਤੇ ਉਪ ਸਭਾਪਤੀ ਦੀ ਚੋਣ ਕਰਨਗੇ। ਇਸਦਾ ਕਾਰਜਕਾਰੀ ਅਫਸਰ ਵਧੀਕ ਡਿਪਟੀ ਕਸਿਮਨਰ (ਵਿਕਾਸ) ਹੋਵੇਗਾ। ਇਸ ਦੀਆਂ ਵੀ 5 ਕਮੇਟੀਆਂ ਹੋਣਗੀਆਂ। (1) ਆਮ ਕਮੇਟੀ (2) ਵਿੱਤ ਕਮੇਟੀ (3) ਸਮਾਜਿਕ ਨਿਆਂ ਕਮੇਟੀ (4) ਸਿੱਖਿਆ ਤੇ ਸਿਹਤ ਕਮੇਟੀ (5) ਖੇਤੀਬਾੜੀ ਤੇ ਉਦਯੋਗ ਕਮੇਟੀ। ਪਹਿਲੀਆਂ ਤਿੰਨ ਕਮੇਟੀਆਂ ਦਾ ਚੇਅਰਮੈਨ ਸਭਾਪਤੀ ਹੋਵਗੇਾ ਅਤੇ ਦੂਸਰੀਆਂ ਕਮੇਟੀਆਂ ਆਪਣਾ ਸਭਾਪਤੀ ਆਪ ਚੁਣਨਗੀਆਂ। ਮੁੱਖ ਕਾਰਜਕਾਰੀ ਅਫਸਰ ਅਹੁਦੇ ਦੇ ਅਧਾਰ ਤੇ ਸਕੱਤਰ ਨਿਯੁਕਤ ਕਰੇਗਾ। ਜਿਲਾ ਪ੍ਰੀਸ਼ਦ ਹੇਠ 22 ਮਹਿਕਮੇ ਹੋਣਗੇ ਜਿਨਾਂ ਦੀ ਦੇਖ ਰੇਖ ਅਤੇ ਕੰਟਰੋਲ ਉਹ ਕਰੇਗੀ। ਜਿਲਾ ਪ੍ਰੀਸ਼ਦ ਪੰਚਾਇਤ ਸੰਮਤੀ ਤੇ ਪੰਚਾਇਤਾਂ ਦੇ ਆਪਸ ਵਿੱਚ ਕੰਮ ਤੇ ਸ਼ਕਤੀਆਂ ਜੁੜੀਆਂ ਹੌਣ ਕਾਰਨ ਹੀ ਇਸ ਤਿੰਨ ਪੜਾਵੀ ਸਿਸਟਮ ਨੂੰ ਸੰਪੂਰਨ ਪੰਚਾਇਤੀ ਰਾਜ ਪ੍ਰਣਾਲੀ ਸਿਸਟਮ ਕਿਹਾ ਜਾਂਦਾ ਹੈ।
ਪੰਚਾਇਤੀ ਰਾਜ ਪ੍ਰਣਾਲੀ ਦਾ ਵਿੱਤੀ ਪ੍ਰਬੰਧ: ਰਾਜ ਦਾ ਰਾਜਪਾਲ 73ਵੀਂ ਸੰਵਿਧਾਨਕ ਸੋਧ ਲਾਗੂ ਹੋਣ ਤੋਂ ਇੱਕ ਸਾਲ ਦੇ ਅੰਦਰ -ਅੰਦਰ ਤੇ ਹਰ ਪੰਜ ਸਾਲ ਬਾਅਦ ਵਿੱਤ ਕਮਿਸ਼ਨ ਨਿਯੁਕਤ ਕਰੇਗਾ ਜੋ ਪੰਚਾਇਤਾਂ ਦੀ ਮਾਲੀ ਸਥਿਤੀ ਤੇ ਉਸਦੇ ਪ੍ਰਬੰਧ ਦੀਆਂ ਸਿਫਾਰਸ਼ਾਂ ਕਰੇਗਾ ਜਿਵੇਂ (1) ਰਾਜ ਦੁਆਰਾ ਲੈਵੀ ਯੋਗ ਟੈਕਸ, ਡਿਊਟੀਆਂ, ਟੋਲ ਟੈਕਸਾਂ ਅਤੇ ਫੀਸਾਂ ਦੀ ਨਿਰੋਲ ਕਮਾਈ ਰਾਜ ਸਰਕਾਰ ਅਤੇ ਪੰਚਾਇਤਾਂ ਵਿੱਚ ਵੰਡਣਾ (2) ਪੰਚਾਇਤਾਂ ਨੂੰ ਸਪੁਰਦ ਕੀਤੇ ਜਾ ਸਕਣ ਵਾਲੇ ਟੈਕਸਾਂ, ਡਿਊਟੀਆਂ, ਟੋਲ ਟੈਕਸਾਂ ਅਤੇ ਫੀਸਾਂ ਬਾਬਤ ਨਿਰਣਾ ਕਰਕੇ ਵਿੱਤੀ ਪ੍ਰਬੰਧ ਕਰਨਾ (3) ਰਾਜ ਦੇ ਸੰਗਠਤ ਫੰਡ ਵਿਚੋਂ ਪੰਚਾਇਤਾਂ ਨੂੰ ਗਰਾਟਾਂ ਦੇਣਾ, (4) ਪੰਚਾਇਤਾਂ ਦੀ ਮਾਲੀ ਸਥਿਤੀ ਸੁਧਾਰਨ ਵਾਸਤੇ ਯਤਨ ਕਰਨਾ। ਪੰਚਾਇਤਾਂ ਦੇ ਠੋਸ ਮਾਲੀ ਹਿੱਤਾਂ ਕਾਰਨ ਰਾਜਪਾਲ ਦੁਆਰਾ ਵਿੱਤ ਕਮਿਸ਼ਨ ਦੇ ਹਵਾਲੇ ਕੀਤੀਆਂ ਹੋਰ ਮੱਦਾਂ ਸਬੰਧੀ ਵੀ ਵਿੱਤ ਕਮਿਸ਼ਨ ਆਪਣੀਆਂ ਸਿਫਾਰਸ਼ਾਂ ਦੇਵੇਗਾ। ਇਹ ਸਾਰੇ ਵਿੱਤੀ ਪ੍ਰਬੰਧ ਤੋਂ ਇਲਾਵਾ ਕੇਂਦਰ ਸਰਕਾਰ ਸਿੱਧੀਆਂ ਗਰਾਟਾਂ ਸੁਚਾਰੂ ਪੰਚਾਇਤ ਰਾਜ ਪ੍ਰਬੰਧ ਨੂੰ ਚਲਾਉਣ ਲਈ ਦਿੱਤੀਆਂ ਜਾਣਗੀਆਂ ਅਤੇ ਪੰਚਾਇਤਾਂ ਮਿਲੇ ਅਧਿਕਾਰਾਂ ਅਤੇ ਆਪਣੇ ਸਾਧਨਾਂ ਦੁਆਰਾ ਵੀ ਮਾਲੀ ਪ੍ਰਬੰਧ ਕਰਨਗੀਆਂ। ਇਹ ਭ੍ਰਿਸ਼ਟਾਚਾਰ ਰੋਕੂ ਪਾਰਦਰਸ਼ਤਾ ਵਾਲੇ ਕ੍ਰਾਂਤੀਕਾਰੀ ਪੰਚਾਇਤੀ ਰਾਜ ਪ੍ਰਬੰਧ ਨੂੰ ਪੰਜਾਬ ਵਿੱਚ ਰਾਜ ਸਰਕਾਰਾਂ ਨੇ ਸਹੀ ਤਰੀਕੇ ਨਾਲ ਲਾਗੂ ਕਰਨ ਵਿੱਚ ਕਦੇ ਵੀ ਕੋਈ ਦਿਲਚਸਪੀ ਨਹੀਂ ਲਈ। ਖਾਨਾਪੂਰਤੀ ਵਜੋਂ ਗ੍ਰਾਮ ਪੰਚਾਇਤਾਂ, ਪੰਚਾਇਤ ਸੰਮਤੀਆਂ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾ ਤਾਂ ਹਰ ਵਾਰ ਕਰਵਾ ਲਈਆਂ ਜਾਂਦੀਆਂ ਹਨ ਪਰ ਉਹਨਾਂ ਨੂੰ ਕਾਨੂੰਨ ਮੁਤਾਬਕ ਬਣਦੇ ਹੱਕ ਅੱਜ ਤੱਕ ਨਹੀਂ ਦਿੱਤੇ ਗਏ। (73ਵੀਂ ਸੋਧ ਵਾਂਗ 74ਵੀਂ ਸੋਧ ਵਿੱਚ ਅਜਿਹੇ ਅਧਿਕਾਰ ਸ਼ਹਿਰਾਂ ਦੇ ਵੋਟਰਾਂ ਨੂੰ ਮਿਲੇ ਹਨ)

ਸੰਸਥਾਪਕ ਪੰਚਾਇਤ ਯੂਨੀਅਨ ਪੰਜਾਬ
ਪਿੰਡ ਤੇ ਡਾਕਖਾਨਾ ਕਾਸਮ ਭੱਟੀ ਜ਼ਿਲ੍ਹਾ ਫਰੀਦਕੋਟ।
ਮੋ: ਨੰ: 98148-08798


04/16/17
ਤੱਤ ਗੁਰਮਤਿ ਪਰਿਵਾਰ

ਕ੍ਰਾਂਤੀਕਾਰੀ ਅੰਦਾਜ਼ ਵਿੱਚ ਜੰਮੂ ਵਿਖੇ ਮਨਾਇਆ ਗਿਆ ‘ਗੁਰਮਤਿ ਇਨਕਲਾਬ ਪੁਰਬ’
ਪਹਿਲੀ ਵਾਰ ਤੱਤ ਗੁਰਮਤਿ ਪਰਿਵਾਰ ਦੇ ਮੰਚ ਤੋਂ ਹਇਆ ਫਿਰਕਾਪ੍ਰਸਤੀ ਨੂੰ ਤਿਆਗਣ ਦਾ ਇਤਿਹਿਾਸਕ ਐਲਾਨ
(ਸੀ ਡੀ ਸਿੰਘ ਜੰਮੂ)

ਤੱਤ ਗੁਰਮਤਿ ਪਰਿਵਾਰ ਵਲੋਂ ਬਾਬਾ ਨਾਨਕ ਜੀ ਅਤੇ ਮਗਰਲੇ ਨੌ ਨਾਨਕ ਰਹਿਬਰਾਂ ਨੂੰ ਸਮਰਪਿਤ ‘ਗੁਰਮਤਿ ਇਨਕਲਾਬ ਪੁਰਬ’ 1 ਵੈਸਾਖ 549 ਨਾਨਕਸ਼ਾਹੀ (14 ਅਪਰੈਲ 2107 ਈਸਵੀ) ਨੂੰ ਜੰਮੂ ਵਿਖੇ ਬਹੁਤ ਹੀ ਅਨੋਖੇ ਅਤੇ ਕ੍ਰਾਂਤੀਕਾਰੀ ਢੰਗ ਨਾਲ ਮਨਾਇਆ ਗਿਆ। ਇਹ ਪੁਰਬ ਗੁਰਮਤਿ ਦੀ ਰੋਸ਼ਨੀ ਵਿੱਚ ਪੰਥ ਦੇ ਸੁਚੇਤ ਤਬਕੇ ਵਲੋਂ ਸਾਂਝੇ ਸੁਧਾਰ ਉਪਰਾਲੇ ਰਾਹੀਂ ਤਿਆਰ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ’ ਅਨੁਸਾਰ ਪਹਿਲਾ ਪੁਰਬ ਹੈ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਨੇ ਕੁੰਜੀਵਤ ਭਾਸ਼ਨ ਰਾਹੀਂ ਕੀਤੀ। ਇਸ ਵਿੱਚ ਉਨ੍ਹਾਂ ਬਾਬਾ ਨਾਨਕ ਜੀ ਦੇ ਜਨਮ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦੇ ਗੁਰਮਤਿ ਸਫਰ ਦਾ ਸੰਖੇਪ ਇਤਿਹਾਸ ਬਿਆਨ ਕਰਦਿਆਂ ਚਾਨਣਾ ਪਾਇਆ ਕਿ ਅਸੀਂ ਕਿਸ ਤਰਾਂ, ਸਾਜਿਸ਼ਾਂ ਅਤੇ ਪੁਜਾਰੀਵਾਦ ਦੇ ਮਾਨਸਿਕ ਗੁਲਾਮੀ ਦਾ ਸ਼ਿਕਾਰ ਹੋਕੇ, ਲਾਸਾਣੀ ਗੁਰਮਤਿ ਇਨਕਲਾਬ ਨੂੰ ਇੱਕ ਫਿਰਕੇ ਦਾ ਰੂਪ ਦੇ ਕੇ ਬਾਬੇ ਨਾਨਕ ਨਾਲ ਧਰੋਹ ਕਮਾਇਆ। ਉਨ੍ਹਾਂ ਉਸ ਗੁਰਮਤਿ ਇਕਲਾਬ ਵੱਲ ਵਾਪਸੀ ਦਾ ਸਫਰ ਕਰਨ ਦੇ ਤੱਤ ਗੁਰਮਤਿ ਪਰਿਵਾਰ ਦੇ ਦ੍ਰਿੜ ਸੰਕਪਲ ਦਾ ਵਿਸ਼ਵਾਸ ਦੁਆਂਦਿਆਂ ਸਮੂਹ ਸੁਚੇਤ ਮਨੁਖਾਂ ਨੂ ਇਸ ਸਫਰ ਦਾ ਹਮਸਫਰ ਬਣਨ ਦਾ ਹੋਕਾ ਦਿਤਾ। ਇਸ ਉਪਰੰਤ ਪੁਜਾਰੀ ਸ਼ਰੇਣੀ ਦੇ ਰਾਗੀਪੁਣੇ ਦਾ ਤਿਆਗ ਕਰ ਕੇ ਨਿਸ਼ਕਾਮ ਕੀਰਤਨੀਏ ਬਨਣ ਵਾਲੇ ਤਜਿੰਦਰਪਾਲ ਸਿੰਘ ਦਰਦੀ ਦੇ ਰਾਗੀ ਜਥੇ ਨੇ ਬਾਬਾ ਕਬੀਰ ਜੀ ਦੇ ਇਨਕਲਾਬੀ ਕਲਾਮ ‘ਨਾ ਹਮ ਹਿੰਦੂ ਨ ਮੁਸਲਮਾਨ’ ਦਾ ਗਾਇਨ ਕੀਤਾ।। ਇਸ ਉਪਰੰਤ ਨੌਜਵਾਣ ਹਰਪ੍ਰਸਾਦ ਸਿੰਘ ਨੇ ਵੀਹਵੀਂ ਸਦੀ ਦੇ ਗੁਰਮਤਿ ਦੇ ਇਨਕਲਾਬੀ ਸ਼ਾਇਰ ‘ਦਰਸ਼ਨ ਸਿੰਘ ਅਵਾਰਾ’ ਦੀ ਕਵਿਤਾ ‘ਰੱਬ ਨਾਨਕ ਨੂੰ’ ਪੇਸ਼ ਕੀਤੀ। ਇਸ ਕਵਿਤਾ ਵਿੱਚ ਸਿੱਖ ਸਮਾਜ ਦੇ ਗੁਰਮਤਿ ਦੋਂ ਭਟਕਾਵ ਦੀ ਝਾਕੀ ਬਹੁਤ ਹੀ ਬੇਬਾਕ ਅਤੇ ਸਰਲ ਢੰਗ ਨਾਲ ਪੇਸ਼ ਕੀਤੀ ਗਈ ਹੈ।
ਸਮਾਗਮ ਦੇ ਅਗਲੇ ਬੁਲਾਰੇ ਗੁਰਦੇਵ ਸਿੰਘ ਬਲਾਵੀ ਨੇ ਇੱਕ ਬਹੁਤ ਹੀ ਵਾਜ਼ਿਬ ਸਵਾਲ ‘ਕਿ ਅੱਜ ਦੇ ਸਮੇਂ ਗੁਰਦੁਆਰੇ ਕਿਸ ਵਾਸਤੇ ਜਾਇਆ ਜਾਵੇ?’ ਖੜਾ ਕਰਕੇ ਮੰਦਿਰਾਂ ਦਾ ਰੂਪ ਧਾਰ ਕਰ ਚੁੱਕੀ ਗੁਰਦੁਆਰਾ ਵਿਵਸਥਾ ਦਾ ਪਾਜ ਉਘੇੜਿਆ। ਦਲਜੀਤ ਸਿੰਘ ਲੁਧਿਆਣਾ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਬਹੁਤ ਹੀ ਕਮਾਲ ਦਾ ਨੁਕਤਾ ਉਠਾਇਆ ਕਿ ਅਸੀਂ ‘ਸਾਖੀਆਂ ਵਾਲੇ ਬਾਬਾ ਨਾਨਕ ਨੂੰ ਨਹੀਂ, ਗੁਰਬਾਣੀ ਵਾਲੇ ਬਾਬਾ ਨਾਨਕ ਨੂੰ’ ਅਪਨਾਈਏ। ਲੁਧਿਆਣੇ ਤੋਂ ਆਏ ਨੌਜਵਾਣ ਤਨਵੀਰ ਸਿੰਘ ਦੇ ਬਹੁਤ ਹੀ ਖੁਬਸੂਰਤ ਅਤੇ ਜ਼ਜਬਾਤੀਂ ਅੰਦਾਜ਼ ਵਿਚ, ਲਫਜਾਂ ਰਾਹੀਂ, ਸਿੱਖ ਸਮਾਜ ਵਿੱਚ ਘਰ ਕਰ ਚੁੱਕੀਆਂ ਮਨਮੱਤਾਂ ਦੀ ਝਾਕੀ ਪੇਸ਼ ਕੀਤੀ। ਇਸ ਉਪਰੰਤ ਬੀਬੀ ਮਨਜੀਤ ਕੌਰ ਜੀ ਨੇ ਦਰਸ਼ਨ ਸਿੰਘ ਵੁਹਵਲੈਨਟਨ (ਯੁ. ਕੇ.) ਦਾ ਲਿਖਿਆ ਲੇਖ ‘ਕੀ ਧਰਮ ਸੰਪਰਦਾ ਹੈ?’ ਪੇਪਰ ਵਜੋਂ ਪੜਿਆ। ਇਹ ਲੇਖ ਅੱਜ ਦੇ ਸਮਾਗਮਾਂ ਦੀ ਮੂਲ਼ ਭਾਵਨਾਵਾਂ ਨਾਲ ਬਹੁਤ ਹੱਦ ਤੱਕ ਮੇਲ ਖਾਂਦਾ ਹੋਇਆ ਇਹ ਹਕੀਕਤ ਬਿਆਨ ਕਰਦਾ ਹੈ ਕਿ ਅਸਲ ਧਰਮ ਇਕੋ ਹੈ ਅਤੇ ਉਹ ਕੋਈ ਸੰਪਰਦਾ ਨਹੀਂ ਹੈ।
ਇਸ ਸਮਾਗਮ ਦਾ ਅਗਲਾ ਅਤੇ ਮੁੱਖ ਆਕਰਸ਼ਨ ਇੱਕ ‘ਇਤਹਾਸਿਕ ਐਲਾਨ-ਨਾਮਾ’ ਸੀ ਜਿਸ ਵਿੱਚ ਸਮਾਜ ਦੇ ਸੁਚੇਤ ਮਨੁੱਖਾਂ ਵਲੋਂ ਬਾਬਾ ਨਾਨਕ ਦੀ ਸਮਝਾਈ ਗੁਰਮਤਿ ਦੀ ਰੋਸ਼ਨੀ ਵਿੱਚ ਰੱਬੀਂ ਰਜ਼ਾ ਦੇ ਵਿਰੁਧ ਬਣ ਚੁੱਕੇ ਫਿਰਕਿਆਂ ਦੀ ਵਲਗਣ ਤੋਂ ਆਜ਼ਾਦ ਹੋ ਕੇ ਇਕੋ ਇੱਕ ਅਤੇ ਅਸਲੀ ਰੱਬੀ ਧਰਮ ਨੂੰ ਅਪਨਾਉਣ ਦਾ ਐਲਾਣ ਕੀਤਾ ਗਿਆ। ਇਸ ਦਲੇਰਾਣਾ ਕਦਮ ਵਿੱਚ 47 ਸੱਜਣਾਂ ਨੇ ਸੰਕਲਪ ਕੀਤਾ।
ਇਸ ਤੁਪਰੰਤ ਨੌਜਵਾਣ ਤਰਨਦੀਪ ਸਿੰਘ ਪੁੰਛ ਨੇ ਦਲੀਲ ਨਾਲ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਬੇਬਾਕੀ ਨਾਲ ਸੱਚ ਦੀ ਗੱਲ ਕਰਨ ਦੀ ਲੋੜ ਹੈ ਅਤੇ ਅੱਧ-ਪਚੱਧਾ ਸੱਚ ਬੋਲ ਕੇ ਗੁਰਮਤਿ ਨਾਲ ਸਮਝੌਤੇ ਨਹੀਂ ਕਰਨੇ ਚਾਹੀਦੇ। ਸਮਾਗਮ ਦੇ ਅੰਤਿਮ ਬੁਲਾਰੇ ਵਜੋਂ ਲੇਖਕ ਰਵਿੰਦਰ ਸਿੰਘ ਪਿੰਜੌਰ ਨੇ ਪੁਜਾਰੀ ਅਤੇ ਫਿਰਕਾ ਰਹਿਤ ਸਮਾਜ ਬਣਾਉਣ ਦਾ ਹੋਕਾ ਦਿੰਦੀ ਆਪਣੀ ਕਵਿਤਾ ‘ਆ! ਇੱਕ ਐਸਾ ਨਗਰ ਵਸਾਈਏ ਜਿਥੇ ਬੰਦਾ ਤੇ ਬਸ ਅੱਲ੍ਹਾ, ਵਿੱਚ ਵਿਚਾਲੇ ਕੋਈ ਨਾ ਹੋਵੇ ਪੰਡਿਤ ਭਾਈਂ ਨਾ ਮੁੱਲਾ’ ਰਾਹੀਂ ਦਿੱਤਾ।
ਮੰਚ ਸੰਚਾਲਣ ਦੀ ਭੁਮਿਕਾ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਨੇ ਨਿਭਾਹੁਂਦਿਆਂ ਗੁਰਬਾਣੀ ਅਤੇ ਦਰਸ਼ਨ ਸਿੰਘ ਅਵਾਲਰਾ ਦੇ ਸ਼ੇਅਰਾਂ ਰਾਹੀਂ ਇਨਕਲਾਬੀ ਰੰਗ ਬੰਣ੍ਹੀ ਰੱਖਿਆ। ਸਾਰੇ ਹਾਜ਼ਰੀਨ ਨੇ ਬਹੁਤ ਹੀ ਗੰਭੀਰਤਾ, ਸ਼ਾਂਤਮਈ ਅਤੇ ਸਹਜਿ ਨਾਲ ਵਿਚਾਰਾਂ ਨੂੰ ਸੁਣਿਆ। ਤੱਤ ਗੁਰਮਤਿ ਪਰਿਵਾਰ ਵਲੋਂ ਸੰਯੋਜਿਤ ਗੁਰਮਤਿ ਇਨਕਲਾਬ ਪੁਰਬ ਦਾ ਇਹ ਸਮਾਗਮ ‘ਤੱਤ ਗੁਰਮਤਿ ਵੱਲ ਵਾਪਸੀ ਦੇ ਸਫਰ’ ਵਿੱਚ ਇੱਕ ਮੀਲ ਦੇ ਪੱਥਰ ਦੀ ਛਾਪ ਛੱਡ ਗਿਆ।

(ਨੋਟ:- ਪੂਰੀ ਵੱਡੀ ਫੋਟੋ ਦੇਖਣ ਲਈ ਛੋਟੀ ਫੋਟੋ/ਥੰਬ ਨੇਲ ਤੇ ਕਲਿਕ ਕਰੋ)


04/16/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥-੨੫

ਗੁਰਬਾਣੀ ਦੇ ਚਾਨਣ ਵਿੱਚ ਬੇਗਮਪੁਰਾ ਸ਼ਹਿਰ ਦੀ ਵਿਆਖਿਆ

ਵਕਤੀ ਧਰਮ ਦੇ ਠੇਕੇਦਾਰਾਂ ਅਤੇ ਹੰਕਾਰੀਆਂ ਅਮੀਰ ਅਤੇ ਉੱਚ ਜਾਤੀਆਂ ਨੇ ਬਾਬਾ ਰਵਿਦਾਸ ਜੀ ਨੂੰ ਸਵਾਲ ਕੀਤੇ ਕਿ ਤੁਹਾਡਾ ਅਸਲੀ ਸ਼ਹਿਰ ਕਿਹੜਾ ਅਤੇ ਕਿਹੋ ਜਿਹਾ ਹੈ? ਓਥੇ ਕੀ ਕਾਨੂੰਨ ਅਤੇ ਕਿਹੋ ਜਿਹੇ ਲੋਕ ਵਸਦੇ ਅਤੇ ਤੁਹਾਡੇ ਮਿੱਤ੍ਰ ਕੌਣ ਹਨ? ਤਾਂ ਐਸੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੂੰ ਜਿਹੜੀ ਬੇਬਾਕੀ ਅਤੇ ਬੇਗਮਤਾ ਨਾਲ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਨੇ ਬੇਝਕ, ਨਿਡਰ ਅਤੇ ਬੇਖੌਫਤਾ ਨਾਲ ਜਵਾਬ ਦਿੰਦੇ, ਦਬਲੀ ਕੁਚਲੀ ਜਨਤਾ ਨੂੰ ਹਲੂਣ ਕੇ ਜਗਾਇਆ, ਦਾ ਵਰਨਣ ਇਸ ਕ੍ਰਾਂਤੀਕਾਰੀ ਸ਼ਬਦ ਵਿੱਚ ਇਉਂ ਕੀਤਾ ਗਿਆ ਹੈ-ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥੧॥ ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥੧॥ਰਹਾਉ॥ ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ, ਏਕ ਸੋ ਆਹੀ॥ ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥੩॥੨॥ (੩੪੫)
ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ੩੪੫ ਅੰਗ 'ਤੇ ਅੰਕਿਤ ਹੈ। ਇਸ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਪਦ ਅਰਥ ਹਨ-ਬੇਗਮ=ਜਿੱਥੇ ਕੋਈ ਗ਼ਮ ਨਹੀਂ। ਪੁਰਾ-ਸ਼ਹਿਰ। ਕੋ=ਦਾ। ਅੰਦੋਹੁ=ਚਿੰਤਾ। ਤਿਹਿ ਠਾਉ=ਉਸ ਥਾਂ ਤੇ, ਉਸ ਆਤਮਕ ਅਵਸਥਾ ਵਿੱਚ। ਤਸਵੀਸ=ਸੋਚ, ਘਬਰਾਹਟ। ਖਿਰਾਜ=ਕਰ, ਮਸੂਲ, ਟੈਕਸ। ਖਤਾ=ਦੋਸ਼, ਪਾਪ। ਤਰਸੁ=ਡਰ। ਜਵਾਲ=ਘਾਟਾ। ਮੋਹਿ=ਮੈਂ। ਵਤਨ ਗਹ=ਵਤਨ ਵਿੱਚ ਰਹਿਣ ਦੀ ਥਾਂ। ਖੈਰਿ=ਖ਼ੈਰੀਅਤ, ਸੁਖ। ਕਾਇਮੁ=ਥਿਰ ਰਹਿਣ ਵਾਲੀ। ਦਾਇਮੁ=ਸਦਾ। ਦੋਮ ਸੇਮ=ਦੂਜਾ ਤੀਜਾ ਦਰਜਾ। ਏਕ ਸੋ=ਇਕੋ ਜੈਸੇ। ਆਹੀ=ਹਨ। ਆਬਾਦਾਨੁ=ਆਬਾਦ, ਵੱਸਦਾ। ਗਨੀ=ਧਨੀ, ਧਨਾਢ। ਮਾਮੂਰ=ਰੱਜੇ ਹੋਏ। ਸੈਲ ਕਰਹਿ=ਮਨ-ਮਰਜ਼ੀ ਨਾਲ ਤੁਰਦੇ ਫਿਰਦੇ ਹਨ। ਮਹਰਮ ਮਹਲ=ਮਹਿਲ ਦੇ ਵਾਕਿਫ਼। ਕੋ ਨ ਅਟਕਾਵੈ= ਕੋਈ ਰੋਕਦਾ ਨਹੀਂ। ਕਹਿ=ਆਖਦਾ ਹੈ। ਖਲਾਸ=ਮੁਕਤ, ਅਜ਼ਾਦ-ਜਿਸ ਨੇ ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾਈ ਹੈ। ਹਮ ਸਹਰੀ=ਇੱਕੋ ਸ਼ਹਿਰ ਦੇਵੱਸਣ ਵਾਲਾ, ਹਮ-ਵਤਨ, ਸਤਸੰਗੀ।

ਨੋਟ-ਇਸ ਸ਼ਬਦ ਵਿੱਚ ਵੱਖ ਵੱਖ ਧਰਮ ਆਗੂਆਂ ਦੇ ਮਿਥੇ ਹੋਏ ਸੁਰਗ-ਭਿਸ਼ਤ ਦੇ ਮੁਕਾਬਲੇ 'ਤੇ ਇਸ ਦੀ ਅਸਲੀ ਤਸਵੀਰ ਪੇਸ਼ ਕੀਤੀ ਹੈ। ਸੁਰਗ-ਭਿਸ਼ਤ ਦੇ ਤਾਂ ਸਿਰਫ਼ ਝੂਠੇ ਲਾਰੇ ਹੀ ਹਨ, ਮਨੁੱਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ, ਜੀਵਨ ਦੇ ਸਹੀ ਰਾਹ ਤੇ ਤੁਰਦਾ ਮਨੁੱਖ, ਉਸ ਨੂੰ ਇਸ ਜ਼ਿੰਦਗੀ ਵਿੱਚ ਹੀ ਅਨੁਭਵ ਕਰ ਸਕਦਾ ਹੈ।

ਹੁਣ ਅੱਗੇ ਵਿਸਥਾਰ ਨਾਲ ਇਸ ਸ਼ਬਦ ਦਾ ਭਾਵ ਹੈ ਕਿ ਹੇ ਮੇਰੇ ਭਾਈ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਅਤੇ ਉੱਥੇ ਸਦਾ ਸੁਖ ਹੀ ਸੁਖ ਹੈ।ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ, ਉਸ ਸ਼ਹਿਰ ਦਾ ਨਾਮ ਹੈ ਬੇਗ਼ਮਪੁਰਾ ਭਾਵ ਉਸ ਅਵਸਥਾ ਵਿੱਚ ਕੋਈ ਗ਼ਮ ਨਹੀਂ। ਉਸ ਥਾਂ ਨਾਂ ਕੋਈ ਦੁੱਖ, ਚਿੰਤਾ ਅਤੇ ਨਾਂ ਕੋਈ ਘਬਰਾਹਟ ਹੈ। ਉੱਥੇ ਦੁਨੀਆਵੀ ਜਾਇਦਾਦ ਨਹੀਂ ਅਤੇ ਨਾਂ ਹੀ ਉਸ ਜਾਇਦਾਦ ਨੂੰ ਮਸੂਲ ਲਗਦਾ ਹੈ। ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ ਕੋਈ ਖ਼ਤਰਾ, ਡਰ ਅਤੇ ਗਿਰਾਵਟ ਨਹੀਂ। ਉਹ ਅਵੱਸਥਾ ਇੱਕ ਐਸੀ ਪਾਤਸ਼ਾਹੀ ਹੈ ਜੋ ਸਦਾ ਬਹਾਰ ਅਤੇ ਓਥੇ ਕੋਈ ਦੂਜ ਤੀਜ ਨਹੀਂ ਸਗੋਂ ਸਭ ਬਰਾਬਰ ਹਨ। ਉਹ ਸ਼ਹਿਰ ਸਦਾ ਉੱਘਾ, ਘੁੱਗ ਵੱਸਦਾ, ਓਥੇ ਧਨੀ ਅਤੇ ਰੱਜੇ ਹੋਏ ਬੰਦੇ ਵੱਸਦੇ ਹਨ। ਉਸ ਉੱਚ ਦਰਜੇ 'ਤੇ ਜੋ ਜੋ ਪਹੁੰਚਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਅਤੇ ਉਨ੍ਹਾਂ ਨੂੰ ਦੁਨੀਆਂ ਦੀ ਭੁੱਖ ਨਹੀਂ ਰਹਿੰਦੀ। ਉਸ ਆਤਮਕ ਸ਼ਹਿਰ ਦੇ ਵਾਸੀ ਉਸ ਅਵਸਥਾ ਵਿੱਚ ਅਨੰਦ ਨਾਲ ਵਿਚਰਦੇ ਹੋਏ, ਉਸ ਰੱਬੀ ਮਹਲ ਦੇ ਭੇਤੀ ਹੁੰਦੇ ਨੇ, ਇਸ ਕਰਕੇ ਕੋਈ ਉਨ੍ਹਾਂ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ। ਸ਼ਬਦ ਦੇ ਅਖੀਰ ਵਿੱਚ ਫੁਰਮਾਂਦੇ ਹਨ ਕਿ ਅਸਲੀ ਚਮਾਰ ਰਵਿਦਾਸ ਨੇ, ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਅਤੇ ਸਾਡਾ ਮਿੱਤ੍ਰ ਉਹ ਹੈ ਜੋ ਇਸ ਅਵਸਥਾ ਧਾਰਨੀ ਹੈ।

ਨੋਟ-ਇਸ ਸ਼ਬਦ ਵਿੱਚ ਆਏ ਲਫਜ "ਜੋ ਹਮ ਸ਼ਹਿਰੀ ਸੋ ਮੀਤ ਹਮਾਰਾ" ਦਾ ਕਦਾਚਿਤ ਵੀ ਇਹ ਭਾਵ ਨਹੀਂ ਕਿ ਮੇਰੇ ਸ਼ਹਿਰ ਦਾ ਵਾਸੀ ਹੀ ਮੇਰਾ ਮਿੱਤ੍ਰ ਅਤੇ ਬਾਕੀ ਸ਼ਹਿਰਾਂ ਦੇ ਦੁਸ਼ਮਣ ਹਨ। "ਜੋ ਹਮ ਸ਼ਹਿਰੀ" ਤੋਂ ਭਾਵ ਜੋ ਉੱਚੀ-ਸੁੱਚੀ ਅਵੱਸਥਾ ਵਾਲੇ ਹਿਰਦੇ ਰੂਪੀ ਸ਼ਹਿਰ ਦਾ ਵਸਿੰਦਾ ਹੈ। ਇੱਥੇ ਕਿਸੇ ਦੁਨਿਆਵੀ ਰਾਜ ਦੀ ਗੱਲ ਨਹੀਂ ਜੋ ਹੱਦ ਬੰਦੀਆਂ ਵਿੱਚ ਘਿਰਿਆ ਹੁੰਦਾ ਹੈ। ਰੱਬੀ ਭਗਤ ਤਾਂ ਸਾਰੇ ਸੰਸਾਰ ਨੂੰ ਹੀ ਆਪਣਾ ਸ਼ਹਿਰ ਮੰਨਦੇ ਹਨ।

ਇਸੇ ਨੂੰ ਗੁਰੂ ਅਰਜਨ ਸਾਹਿਬ ਨੇ "ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ" ਕਿਹਾ ਹੈ ਜਿਸ ਅਨੁਸਾਰ ਹੁਣ ਮਿਹਰਬਾਨ ਅਕਾਲ ਪੁਰਖ ਦਾ ਹੁਕਮ ਹੋ ਗਿਆ ਹੈ ਕਿ ਕੋਈ ਕਿਸੇ 'ਤੇ ਪ੍ਰਬਲ ਹੋ, ਉਸ ਨੂੰ ਦੁੱਖ ਨਹੀਂ ਦੇ ਸਕੇਗਾ। ਸਾਰੀ ਪਰਜਾ ਸੁਖ ਨਾਲ ਵਸੇਗੀ ਕਿਉਂਕਿ ਹੁਣ ਨਰਮੀ ਵਾਲਾ ਰਾਜ ਹੋ ਗਿਆ ਹੈ। ਇਹ ਬਾਣੀ ਦਾ ਅਧਿਆਤਮਕ ਪੱਖ ਅਤੇ ਇਸ ਦੇ ਅਰਥ ਕਰਦਿਆਂ "ਬੇਗਮਪੁਰਾ" ਨੂੰ ਆਤਮਕ ਅਵਸਥਾ-ਰੂਪ ਸ਼ਹਿਰ ਦੇ ਅਰਥਾਂ ਵਿੱਚ ਲਿਆ ਗਿਆ ਹੈ। ਮਨੁੱਖ ਨੇ ਹਰ ਤਰ੍ਹਾਂ ਦੀਆਂ ਅੜਚਣਾਂ ਨੂੰ ਦੂਰ ਕਰ, ਇਸ ਅਵਸਥਾ 'ਤੇ ਪਹੁੰਚਣਾ ਹੈ। ਇਹ ਤੱਥ ਧਿਆਨ ਯੋਗ ਹੈ ਕਿ ਗੁਰੂ ਸਾਹਿਬਾਨ ਨੇ ਬਾਣੀ ਵਿੱਚ ਕੋਈ ਵੀ ਅਜਿਹਾ ਸੰਕਲਪ ਜਾਂ ਸਿਧਾਂਤ ਦਰਜ ਨਹੀਂ ਕੀਤਾ ਜਿਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਅਮਲਾਂ ਤੋਂ ਬਿਨਾ ਸਿਧਾਂਤ ਬੇਕਾਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਅਜਿਹੇ ਹੀ ਹਮ ਸ਼ਹਿਰੀਆਂ ਦੀ ਪਵਿਤ੍ਰ ਰਚਨਾ ਦਰਜ ਹੈ ਜੋ ਆਤਮਕ ਅਵਸਥਾ ਕਰਕੇ, ਸਾਰੇ ਹਮ ਸ਼ਹਿਰੀ ਅਵੱਸਥਾ ਦੇ ਮਾਲਕ ਸਨ। ਅਸਲੀ ਸ਼ਹਿਰ ਗੁਰੂ ਗ੍ਰੰਥ ਸਾਹਿਬ ਅਤੇ ਉੱਚ ਅਵਸੱਥਾ ਦੇ ਵਾਸੀ ਰੱਬੀ ਭਗਤ ਅਤੇ ਗੁਰੂ ਬਰਾਬਰ ਵਾਸੀ ਹਨ।

ਹਾਂ ਜੇ ਕਿਤੇ ਦੇਵਨੇਤ ਨਾਲ ਐਸੀ ਅਵੱਸਥਾ ਵਾਲੇ ਮਾਈਆਂ-ਭਾਈਆਂ ਕੋਲ ਦੁਨਿਆਵੀ ਰਾਜ ਆ ਜਾਵੇ ਤਾਂ ਪਰਜਾ ਦਾ ਭਲਾ ਹੋ ਸਕਦਾ ਹੈ। ਬੀਜ ਨਾਸ ਨਹੀਂ ਸਗੋਂ ਸੰਸਾਰ ਦੇ ਕੋਨੇ ਕੋਨੇ ਵਿੱਚ ਅਜਿਹੀ ਅਵੱਸਥਾ ਵਾਲੇ ਲੋਕ ਉਪਲਬਦ ਹੋਣ ਕਰਕੇ, ਇਸ ਸ਼ਬਦ ਵਿਚਲਾ ਸਿਧਾਂਤ ਸਾਨੂੰ ਸਾਰੀ ਦੁਨੀਆਂ ਨਾਲ ਜੋੜਦਾ ਹੈ। ਇਸ ਅਵੱਸਥਾ ਦੇ ਵਾਸੀ ਦੁਨਿਆਵੀ ਮੋਹ ਮਾਇਆ ਤੋਂ ਨਿਰਲੇਪ ਹੁੰਦੇ ਹਨ। ਜੇ ਅਸੀਂ ਵੀ ਐਸੇ ਬੇਗਮਪੁਰੇ ਦੇ ਵਾਸੀ ਬਣ ਜਾਈਏ ਤਾਂ ਸਾਡੇ ਵਿੱਚੋਂ ਬਦਨੀਤ ਬ੍ਰਾਹਮਣਾਂ ਦੀ ਪੈਦਾ ਕੀਤੀ, ਊਚ-ਨੀਚ, ਜਾਤ-ਪਾਤ ਅਤੇ ਛੂਆ-ਛਾਤ ਖਤਮ ਹੋ ਸਕਦੀ ਹੈ।

ਅਸੀਂ ਸਾਰੇ ਜੀਵ ਚਮੜੀ ਵਾਲੇ ਹੋਣ ਕਰਕੇ ਖਲਾਸ ਚਮਾਰ ਹਾਂ। ਚਮਾਰ ਕੋਈ ਨੀਵੀਂ ਜਾਤੀ ਨਹੀਂ ਸਗੋਂ ਸਾਰੇ ਚੰਮ ਤੋਂ ਪੈਦਾ ਹੋਣ ਕਰਕੇ ਸਰੀਰਕ ਤੌਰ 'ਤੇ ਚਮਾਰ ਹੀ ਹਨ। ਦੁਨਿਆਵੀ ਚਿੰਤਾ, ਫਿਕਰਾਂ ਅਤੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਹੀ ਬੇ-ਗਮਪੁਰੇ ਦੇ ਵਾਸੀ ਬਣਿਆ ਜਾ ਸਕਦਾ ਹੈ। ਗੁਰੂ ਬਾਬਾ ਜੀ ਵੀ ਇਹ ਹੀ ਉਪਦੇਸ਼ ਦਿੰਦੇ ਹਨ ਕਿ-ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥(੧੨੯੯) ਅਤੇ ਸਭ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥(੬੭੧) ਬਾਬਾ ਰਵਿਦਾਸ ਜਿਸ ਸਮਾਜ ਵਿੱਚ ਪਲੇ, ਵੱਡੇ ਹੋਏ, ਉਸ ਸਮਾਜ ਵਿੱਚ ਸਮਾਜਕ ਗਤੀਸ਼ੀਲਤਾ ਦੀ ਆਗਿਆ ਨਹੀਂ ਸੀ। ਮਨੁੱਖ ਦਾ ਇੱਕ ਵਰਣ ਤੋਂ ਦੂਸਰੇ ਵਿੱਚ ਪ੍ਰਵੇਸ਼, ਆਪਣਾ ਕਿੱਤਾ ਤਿਆਗ ਕੋਈ ਦੂਸਰਾ ਅਪਨਾਉਣਾ, ਸਿੱਖਿਆ ਪ੍ਰਾਪਤ ਕਰਨਾ, ਇਨ੍ਹਾਂ ਸਭ ਦੀ ਮਨਾਹੀ ਸੀ। ਇਸ ਸਮਾਜ ਵਿੱਚ ਤਾਂ ਮਨੁੱਖ ਦੇ ਰਹਿਣ ਦੀ ਥਾਂ ਵੀ ਉਸ ਦੇ ਵਰਣ ਅਨੁਸਾਰ ਨਿਸਚਿਤ ਕੀਤੀ ਹੋਈ ਸੀ ਅਤੇ ਹੈ। ਇੱਥੋਂ ਤੱਕ ਕਿ ਕਿਸੇ ਬ੍ਰਾਹਮਣ ਕਥਿਤ ਉੱਚ ਜਾਤੀ ਵਾਲੇ ਉੱਤੇ ਕਿਸੇ ਦਲਿਤ ਕਹੇ ਜਾਣ ਵਾਲੇ ਦਾ ਪਰਛਾਵਾਂ ਪੈਣਾ ਵੀ ਗੁਨਾਹ ਮੰਨਿਆਂ ਜਾਂਦਾ ਸੀ ਤੇ ਕਈ ਥਾਂ ਭਾਰਤ ਵਿੱਚ ਅੱਜ ਵੀ ਹੈ। ਜੀਵਨ ਹਰ ਤਰ੍ਹਾਂ ਦੇ ਅੰਦੇਸ਼ਿਆਂ, ਦੁੱਖਾਂ-ਤਕਲੀਫਾਂ ਨਾਲ ਭਰਿਆ ਪਿਆ ਹੈ। ਭਗਤ ਬਾਬਾ ਰਵਿਦਾਸ ਜੀ ਇਸ ਸਮਾਜਕ ਅਵਸਥਾ ਤੋਂ ਪੂਰੀ ਤਰ੍ਹਾਂ ਚੇਤੰਨ ਹੋ, ਦਲਿਤ ਚੇਤਨਾ ਦਾ ਹੀ ਪ੍ਰਗਟਾਵਾ ਕਰਦੇ ਹਨ ਕਿ-ਕਹਿ ਰਵਿਦਾਸ ਖਲਾਸ ਚਮਾਰਾ..॥

ਸੋ ਇਸ ਉੱਪ੍ਰੋਕਤ ਸ਼ਬਦ ਵਿੱਚ ਸਭ ਪ੍ਰਕਾਰ ਦੀਆਂ ਬੰਦਸ਼ਾਂ ਤੋਂ ਛੁਟਕਾਰਾ, ਦਲਿਤ ਚੇਤਨਾ ਵੱਲ ਸੰਕੇਤਕ ਹੈ। ਬਾਬਾ ਜੀ ਨੇ ਉਨ੍ਹਾਂ ਦੁਸ਼ਵਾਰੀਆਂ, ਸਮਾਜਕ ਨਾ-ਬਰਾਬਰੀ, ਦੁੱਖਾਂ-ਤਕਲੀਫਾਂ, ਸਮਾਜਕ ਗ਼ੁਲਾਮੀ, ਸਮਾਜਕ ਗਤੀਹੀਣਤਾ ਦੀ ਗੱਲ ਕੀਤੀ ਜਿਨ੍ਹਾਂ ਨੂੰ ਬੇਗਮਪੁਰੇ ਵਿੱਚ ਕੋਈ ਥਾਂ ਨਹੀਂ। ਇਸ ਤੋਂ ਪਤਾ ਚੱਲਦਾ ਹੈ ਕਿ ਰਾਜਸੀ ਅਤੇ ਧਾਰਮਿਕ ਸ਼ਕਤੀਆਂ ਦਾ ਨਪਾਕ ਗੱਠਜੋੜ ਜਿਸ ਦੀ ਬੁਨਿਆਦ ਝੂਠ ਅਤੇ ਲੁੱਟ-ਖਸੁੱਟ 'ਤੇ ਟਿਕੀ ਹੋਈ ਜੋ "ਬੇਗਮਪੁਰਾ" ਦੇ ਅਮਲ ਵਿੱਚ ਸਭ ਤੋਂ ਵੱਡਾ ਰੋੜਾ ਹੈ। ਅੱਜ ਵੀ ਭਾਵੇਂ ਭਾਰਤੀ ਸੰਵਿਧਾਨ ਵਿੱਚ ਪੱਛੜੀਆਂ ਜਾਤਾਂ ਅਤੇ ਕਬੀਲਿਆਂ ਲਈ ਹੱਕ ਰਾਖਵੇਂ ਕਰ ਦਿੱਤੇ ਗਏ ਅਤੇ ਸੰਵਿਧਾਨ ਦੀ ਨਿਗਾਹ ਵਿੱਚ ਸਾਰੇ ਬਰਾਬਰ ਸ਼ਹਿਰੀ ਹਨ ਪਰ ਜੋ ਕੁੱਝ ਭਾਰਤ ਵਿੱਚ ਵਾਪਰਦਾ ਰਿਹਾ, ਪਿਛਲੇ ਦਿਨੀਂ ਵਾਪਰਿਆ, ਉਸ ਦਾ ਕਾਰਨ ਰਾਜ-ਸ਼ਕਤੀ ਅਤੇ ਕਟੜ ਹਿੰਦੂਤਵ ਸ਼ਕਤੀਆਂ ਦਾ ਮਨੁੱਖਤਾ ਵਿਰੋਧੀ ਨਪਾਕ ਗੱਠਜੋੜ ਹੈ, ਜਿਸ ਨੂੰ ਬੇਗਮਪੁਰੇ ਦੇ ਸੂਝਵਾਨ, ਸੱਚੇ-ਸੁੱਚੇ, ਨਿਡੱਰ, ਨਿਧੱੜਕ, ਜਾਤ-ਪਾਤ ਰਹਿਤ, ਸਭ ਨੂੰ ਬਰਾਬਰ ਸਮਝਣ ਤੇ ਹੱਕ ਦੇਣ ਵਾਲੇ ਕ੍ਰਾਂਤੀਕਾਰੀ ਵਾਸੀ ਹੀ ਸਮਝ ਸਕਦੇ ਹਨ। ਐਸੀ ਕ੍ਰਾਂਤੀਕਾਰੀ ਅਵੱਸਥਾ ਦਾ ਬੇਖੌਫ ਜਿਕਰ ਹੀ ਬਾਬਾ ਰਵਿਦਾਸ ਜੀ ਨੇ, ਇਸ ਸ਼ਬਦੀ ਪੈਗਾਮ ਵਿੱਚ ਕੀਤਾ ਹੈ ਪਰ ਅੱਜ ਬਾਬਾ ਜੀ ਦੇ ਬਹੁਤੇ ਅਨੁਯਾਈ ਵੀ ਇਸ ਤੋਂ ਥਿੜਕਦੇ ਜਾ ਰਹੇ ਹਨ, ਨੂੰ ਸਮਝਣ ਦੀ ਅਤਿਅੰਤ ਲੋੜ ਹੈ।


04/16/17
ਜਸਪ੍ਰੀਤ ਕੌਰ ਫਰੀਦਾਬਾਦ

ਫ਼ਰੀਦਾਬਾਦ ਵਿਖੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਿਆਂ ਮਨਾਇਆ ਹੋਲਾ ਮਹੱਲਾ
ਲ਼ੱਚਰ ਗਾਇਕੀ ਦਾ ਲਾਜਵਾਬ ਬਦਲ ਪੇਸ਼ ਕੀਤਾ ਸਿੰਘ ਰੌਕਸ ਇੰਟਰਨੈਸ਼ਨਲ ਦੀ ਟੀਮ ਨੇ
(ਜਸਪ੍ਰੀਤ ਕੌਰ ਫਰੀਦਾਬਾਦ: ਅਪ੍ਰੈਲ ੨੦੧੭)
ਹਰ ਸਾਲ ਵਾਂਗ ਇਸ ਸਾਲ ਵੀ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਵੱਲੋਂ ਨਵੇਕਲੇ ਢੰਗ ਨਾਲ ਹੋਲਾ ਮਹੱਲਾ ਮਨਾਇਆ ਗਿਆ। ਜਿਸ ਦੀ ਅਰੰਭਤਾ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ ਦੇ ਵਿਦਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਕੀਤੀ ਗਈ। ਮਾਤਾ ਸਾਹਿਬ ਕੌਰ ਗੁਰਮਤਿ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸ. ਕ੍ਰਿਪਾਲ ਸਿੰਘ ਨੇ ਸੰਗਤਾਂ ਨੂੰ ‘ਜੀ ਆਇਆਂ’ ਆਖਿਆ ਅਤੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫਰੀਦਾਬਾਦ ਨੇ ਸਟੇਜ ਸੰਚਾਲਕ ਦੀ ਸੇਵਾ ਨਿਭਾਈ, ਜਿਸ ਨੁੰ ਚੰਗੀ ਤਰ੍ਹਾਂ ਨਿਭਾਉਣ ਵਿੱਚ ਸ. ਭੁਪਿੰਦਰ ਸਿੰਘ ਫਰੀਦਾਬਾਦ ਨੇ ਭਰਪੂਰ ਸਹਿਯੋਗ ਦਿੱਤਾ। ਉਪਰੰਤ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫਰੀਦਾਬਾਦ ਦੇ ਹੈਡ ਪ੍ਰਚਾਰਕ ਬੀਬੀ ਪਰਮਜੀਤ ਕੌਰ (ਅੰਮ੍ਰਿਤਸਰ) ਵੱਲੋਂ ਗੁਰਬਾਣੀ ਦੇ ਪਰਿਪੇਖ ਵਿੱਚ ਮਨੁੱਖੀ ਅਧਿਕਾਰਾਂ ਉਤੇ ਚਾਨਣਾ ਪਾਇਆ ਗਿਆ। ਨਿੱਕੀ ਬੱਚੀ ਜਪਨੂਰ ਕੋਰ ਅੰਮ੍ਰਿਤਸਰ ਵੱਲੋਂ ਸੁਣਾਈ ਕਵਿਤਾ ਵਿੱਚ ਬਾਬੇ ਨਾਨਕ ਅੱਗੇ ਪੁਕਾਰ ਕਰਦਿਆਂ ਦਸਿਆਂ ਕਿ ਕਿਸ ਤਰ੍ਹਾਂ ਤੇਰੇ ਸਿੱਖਾਂ ਨੇ ਸਿੱਖੀ ਨੂੰ ਕਿਥੇ ਕਿਥੇ ਦਾਗ ਲਾਇਆ ਨੇ ਸ੍ਰੋਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਮੌਕੇ ਅੰਮ੍ਰਿਤਸਰ ਤੋਂ ਪੁੱਜੇ ਵੀਰ ਰਾਜਬੀਰ ਸਿਘ ਰਿਕਸ਼ਾ ਚਾਲਕ ਨੇ ਅਪਣੀ ਪੁਸਤਕ ‘ਰਿਕਸ਼ੇ `ਤੇ ਚਲਦੀ ਜਿੰਦਗੀ’ ਉਤੇ ਚਾਨਣਾ ਪਾਇਆ, ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਤੋਂ ਬਾਦ ਬੀਬੀ ਅਮਰਜੀਤ ਕੋਰ ਐਡਵੋਕੇਟ ਨੇ ਸੰਵਿਧਾਨ ਮੁਤਾਬਕ ਮਨੁੱਖੀ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ ਗਈ। ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਬਲੱਬਗੜ ਜਿੱਥੇ ਬੀਬੀਆਂ ਪ੍ਰਬੰਧ ਸੰਭਾਲਦੀਆਂ ਹਨ ਉਨ੍ਹਾਂ ਨੂੰ ਵੀ ਸੰਗਤ ਦੇ ਰੂ-ਬ-ਰੂ ਕਰਵਾਇਆ ਅਤੇ ਸਨਮਾਨਤ ਕੀਤਾ ਗਿਆ। ਸ. ਦੀਦਾਰ ਸਿੰਘ ਫਰੀਦਾਬਾਦ ਨੇ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ਚਲਾਏ ਜਾ ਰਹੇ ਟਿਯੂਸ਼ਨ ਸੈਂਟਰ, ਮਾਰਸ਼ਲ ਆਰਟ ਅਤੇ ਜੀਵਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਉੜਤਾ ਪੰਜਾਬ ਨਾਂ `ਤੇ ਕੋਰਿਉਗ੍ਰਾਫੀ ਰਾਹੀਂ ਪਹਿਲਾਂ ਵਾਲਾ ਰੰਗਲਾ ਪੰਜਾਬ ਅਤੇ ਅੱਜ ਨਸ਼ਿਆਂ ਅਤੇ ਸਮਾਜਕ ਬੁਰਾਈਆਂ ਵਿੱਚ ਲਿਪਤ ਪੰਜਾਬ ਨੂੰ ਕੋਰਿਉਗ੍ਰਾਫੀ ਰਾਹੀਂ ਵਿਖਾਇਆ ਗਿਆ ਜਿਸ ਨੂੰ ਵੇਖਦੇ ਸਾਰ ਹੀ ਪੰਜਾਬ ਦੀਆਂ ਤਸਵੀਰਾਂ ਅੱਖਾਂ ਸਾਹਮਣੇ ਆ ਗਈਆਂ। ਮਿੱਠੀ ਅਵਾਜ ਵਿੱਚ ਨਿੱਕੇ ਕਲਾਕਾਰਾਂ ਵੱਲੋਂ ਸੱਭਿਅਕ ਗੀਤ ਪੇਸ਼ ਕੀਤੇ ਗਏ। ਸਮਾਗਮ ਵਿੱਚ ਉਚੇਚੇ ਸੱਦੇ’ ਤੇ ਪੁੱਜੇ ਸਿੰਘ ਰੌਕਸ ਇੰਟਰਨੈਸ਼ਨਲ ਦੀ ਟੀਮ ਅਤੇ ਸੰਚਾਲਕ ਵੀਰ ਗੁਰਸੇਵਕ ਸਿੰਘ ਮਦਰੱਸਾ ਵੱਲੋਂ ਸਾਫ ਸੁਥਰੀ ਗੀਤਕਾਰੀ ਰਾਹੀਂ ਲੱਚਰ ਤੇ ਭੱਦੀ ਗਾਇਕੀ ਦਾ ਬਦਲ ਪੇਸ਼ ਕੀਤਾ ਗਿਆ। ਜਿਸ ਵਿੱਚ ਉਚਾ ਕਿਰਦਾਰ, ਪੱਗ ਸਰਦਾਰੀ, ਰੰਗਲਾ ਪੰਜਾਬ, ਮਾਂ ਬੋਲੀ ਪੰਜਾਬੀ, ਨਸ਼ੇ, ਪਰਵਾਰਕ ਰਿਸ਼ਤਿਆਂ ਆਦਿ ਵਿਸ਼ਿਆਂ ਉਤੇ ਗੀਤ ਤੇ ਗਜਲਾਂ ਪੇਸ਼ ਕੀਤੀਆਂ। ਇਸ ਮੌਕੇ ਕਰਨਲ ਗੁਰਦੀਪ ਸਿੰਘ ਦੀ ਨਵੀਂ ਪੁਸਤਕ ‘ਗੁਰੂ ਗ੍ਰ੍ਰੰਥ ਸਾਹਿਬ ਤੇ ਵਿਸ਼ਵ ਸ਼ਾਂਤੀ’ ਭਾਗ ੪ ਵੀ ਰਿਲੀਜ਼ ਕੀਤੀ ਗਈ। ਇਸ ਤੋਂ ਬਾਦ ਵੀਰ ਭੁਪਿੰਦਰ ਸਿੰਘ ਯੂ. ਐਸ. ਏ ਨੇ ਗੁਰਬਾਣੀ ਅਨੁਸਾਰ ਜੀਵਨ ਜਾਂਚ ਬਾਰੇ ਵਿਚਾਰ ਰੱਖੇ, ਇਸ ਦੌਰਾਨ ਸੰਗਤਾਂ ਵੱਲੋਂ ਸਵਾਲ-ਜਵਾਬ ਵੀ ਕੀਤੇ ਗਏ। ਗੁਰੁ ਨਾਨਕ ਮਿਸ਼ਨ ਗੱਤਕਾ ਅਖਾੜਾ ਫ਼ਰੀਦਾਬਾਦ ਵੱਲੋਂ ਗਤਕੇ ਦੇ ਜੌਹਰ ਵਿਖਾਏ ਗਏ। ਇਸ ਮੌਕੇ ਗੁਰਮਤਿ ਗਿਆਨ ਭਰਪੂਰ ਪੁਸਤਕਾਂ ਦਾ ਸਟਾਲ ਵੀ ਲਾਇਆ ਗਿਆ। ਬਲੱਭਗੜ ਅਤੇ ਫਰੀਦਾਬਾਦ ਇਲਾਕੇ ਤੋਂ ਲਗਭਗ ੧੫ ਸਿੰਘ ਸਭਾ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਅਤੇ ਮੈਂਬਰਜ਼ ਹਾਜ਼ਰ ਸਨ। ਯੰਗ ਸਿੱਖ ਐਸੋਸਿਏਸ਼ਨ ਦੇ ਸ. ਗੁਰਿੰਦਰ ਸਿੰਘ, ਜਤਿੰਦਰ ਸਿੰਘ, ਜਸਪ੍ਰੀਤ ਕੌਰ, ਅਤੇ ਕਈ ਨੌਜਵਾਨ ਸਾਥੀਆਂ ਵੱਲੋਂ ਵੱਖ ਵੱਖ ਸੇਵਾਵਾਂ ਵਿੱਚ ਹਿੱਸਾ ਪਾਇਆ ਗਿਆ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ਚਲਾਏ ਜਾ ਰਹੇ ਟਿਯੂਸ਼ਨ ਸੈਂਟਰ ਵਿੱਚ ਵਿਸ਼ੇਸ਼ ਸੇਵਾਵਾਂ ਦੇ ਰਹੇ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਦੇ ਆਗੂ ਸ. ਬਲਦੇਵ ਸਿੰਘ ਵੀ ਦਿੱਲੀ ਤੋਂ ਬਸ ਲੈ ਕੇ ਆਪਣੇ ਸਾਥੀਆਂ ਸਮੇਤ ਪੁੱਜੇ। ਦਲਿਤ ਵਰਗ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜਨ ਵਾਲੇ ਵੀਰ ਨਿਰੰਜਨ ਸਿੰਘ ਨੇ ਵੀ ਪਿੰਡਾਂ ਵਿਚੋਂ ਇਸ ਵਰਗ ਦੇ ਲੋਕਾਂ ਨੂੰ ਲਿਆਉਣ ਦੀ ਸੇਵਾ ਨਿਭਾਈ। ਇਸ ਕਾਰਜ ਨੂੰ ਨੇਪਰੇ ਚਾੜਨ ਵਿੱਚ ਵਿਚ ਜਿਥੇ ਸੰਗਤਾਂ ਵੱਲੋਂ ਮਾਇਕ ਸਹਿਯੋਗ ਮਿਲਿਆ ਉਥੇ ਵੱਖ ਵੱਖ ਗੁਰਦੁਆਰਾ ਕਮੇਟੀਆਂ ਨੇ ਵੀ ਭਰਪੂਰ ਸਹਿਯੋਗ ਦਿੱਤਾ।

(ਨੋਟ:- ਪੂਰੀ ਵੱਡੀ ਫੋਟੋ ਦੇਖਣ ਲਈ ਛੋਟੀ ਫੋਟੋ/ਥੰਬ ਨੇਲ ਤੇ ਕਲਿਕ ਕਰੋ)


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


04/16/17
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

ਸਿਮਰਨਜੀਤ ਸਿੰਘ ਮਾਨ ਦਾ ਸੱਚ -ਪ੍ਰੋ. ਮੋਹਿੰਦਰ ਪਾਲ ਸਿੰਘ ਦੀ ਵੰਗਾਰ ਦਾ ਜਵਾਬ ਲਿਆਓ ਮਾਨ ਨੂੰ ਮੇਰੇ ਸਾਹਮਣੇ ਬਿਠਾਓ
ਇਹ ਫਾਈਲ 72 ਦਸਤਾਵੇਜ਼ਾਂ ਵਾਲੀ ਵੱਡੀ ਫਾਈਲ ਹੈ ਤੇ ਹੋ ਸੱਕਦਾ ਹੈ ਉਚਿਤ ਇੰਟਰਨੈਟ ਕਨੈਕਸ਼ਨ ਤੋਂ ਬਿਨਾ ਨ੍ਹਾ ਖੁੱਲੇ । ਇਸ ਦਾ ਮੈਨੂੰ ਅਫ਼ਸੋਸ ਹੋਵੇਗਾ ਪਰ ਆਪ ਜੀ ਉਚਿਤ ਅਤੇ ਫਾਸਟ ਨੈੱਟ ਕਨੈਕਸ਼ਨ ਤੇ ਜਾ ਕੇ ਇਸ ਨੂੰ ਇੱਕ ਵਾਰ ਡਾਉਨਲੋਡ ਕਰ ਕੇ ਅਵੱਸ਼ ਪੜ੍ਹਨ ਦੀ ਕਿਰਪਾ ਕਰਨੀ।
ਸ਼ੇਰੇ ਪੰਜਾਬ ਰੇਡੀਉ ਤੇ ਹੋਈ ਗੱਲਬਾਤ ਤੋਂ ਬਾਅਦ ਮਾਨ ਦੇ ਗੁਰਗਿਆ ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਦਾ ਤੱਥਾਂ ਅਤੇ ਸਬੂਤਾਂ ਨਾਲ ਜਵਾਬ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਹੇਠਲੇ ਲਿੰਕ ਤੇ ਕਲਿੱਕ ਕਰਨ ਦੀ ਕਿਰਪਾ ਕਰਨੀ ਜੀ:


http://www.atinderpalsingh.com/article.php?entry_id=1491574627&title=%E0E0%A8%A0%E0%A8%BE%E0%A8%93#.WOe6XFg2szw.gmail


04/09/17
ਤੱਤ ਗੁਰਮਤਿ ਪਰਿਵਾਰ

ਸਮਾਗਮ-ਸੂਚਨਾ
ਗੁਰਬਾਣੀ ਦੀ ਰੋਸ਼ਨੀ ਵਿੱਚ ਤਿਆਰ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ’ ਅਨੁਸਾਰ ਤੱਤ ਗੁਰਮਤਿ ਪਰਿਵਾਰ ਵਲੋਂ ‘ਗੁਰਮਤਿ ਇਨਕਲਾਬ ਪੁਰਬ’ 1 ਵੈਸਾਖ 549 ਨਾਨਕਸ਼ਾਹੀ (14 ਅਪ੍ਰੈਲ 2017) ਨੂੰ ਸ਼ਾਮ 5 ਤੋਂ 6 ਵਜੇ (ਭਾਰਤੀ ਸਮੇਂ ਅਨੁਸਾਰ) ਦੌਰਾਣ ਜੰਮੂ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਸਿੱਧਾ ਪ੍ਰਸਾਰਨ ਤੱਤ ਗੁਰਮਤਿ ਪਰਿਵਾਰ ਦੇ ਯੂ-ਟਿਉਬ ਚੈਨਲ ਅਤੇ ਫੇਸ ਬੁਕ ਤੇ ਲਾਈਵ ਕੀਤਾ ਜਾਵੇਗਾ। ਇਸ ਸਮਾਗਮ ਨੂੰ ਵੇਖਣ ਦੇ ਚਾਹਵਾਣ ਨਿਰਧਾਰਿਤ ਸਮੇਂ ਤੇ ਇੰਟਰਨੈਟ ਰਾਹੀਂ ਹੇਠ ਲਿਖੇ ਲਿੰਕ ਤੇ ਵੇਖ ਸਕਦੇ ਹਨ।
https://www.youtube.com/channel/UCS5RROsdlXQhUGWWDHiljfw

ਧੰਨਵਾਦ
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
ਜੰਮੂ
09 ਅਪ੍ਰੈਲ 2017 ਈਸਵੀ


04/09/17
ਹਰਮਿੰਦਰ ਸਿੰਘ “ਭੱਟ”

ਨਿੱਜੀ ਆਮਦਨ ਨੂੰ ਵਧਾਉਣ ਲਈ ਦੇਸ਼ ਦੇ ਭਵਿੱਖ ਨਾਲ ਕਰ ਰਹੇ ਨੇ ਕੋਝਾ ਮਜ਼ਾਕ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਕੁੱਝ ਸਾਲ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਦਾ ਮਿਆਰ ਘੱਟ ਹੋਣ ਕਾਰਨ ਮਾਪੇ ਆਪਣੇ ਬੱਚਿਆ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਉਚੇਰੀ ਵਿੱਦਿਆ ਗ੍ਰਹਿਣ ਕਰਨ ਲਈ ਦਾਖਲਾ ਕਰਵਾਉਂਦੇ ਸਨ ਜਿਸ ਕਾਰਨ ਪ੍ਰਾਈਵੇਟ ਸਕੂਲ ਲਗਭਗ ਹਰੇਕ ਪਿੰਡਾਂ ਵਿੱਚ ਅਤੇ ਸ਼ਹਿਰਾਂ ਵਿੱਚ ਪ੍ਰਤੇਕ ਗਲੀ ਵਿੱਚ ਖੁੱਲ ਗਏ ਸਨ। ਇਹ ਸੱਚ ਵੀ ਤਾਂ ਸੀ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਬਣਾਈਆਂ ਨਿਯਮਾਂ ਤੇ ਨਿਗਰਾਨੀ ਘੱਟ ਹੋਣ ਕਾਰਨ ਤਨਖ਼ਾਹਾਂ ਹਜ਼ਾਰਾਂ ਵਿੱਚ ਲੈ ਰਹੇ ਅਧਿਆਪਕ ਡਿਊਟੀ ਟਾਈਮ ਕੁੱਝ ਘੰਟਿਆਂ ਦੀ ਦੇ ਕੇ ਸਮਾਂ ਵਿਹਲ ਪੁਣੇ ਵਿੱਚ ਬਤੀਤ ਕਰਨ ਦੇ ਆਦੀ ਹੋ ਗਏ ਸਨ ਸਰਕਾਰਾਂ ਦੁਆਰਾ ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਨਵੀਨ ਨੀਤੀਆਂ ਅਨੁਸਾਰ ਸਖ਼ਤ ਹਿਦਾਇਤਾਂ ਬਣਾਈਆਂ ਗਈਆਂ ਅਤੇ ਵਿਸ਼ੇਸ਼ ਨਿਰੀਖਣ ਟੀਮਾਂ ਦਾ ਗਠਨ ਕੀਤਾ ਗਿਆ ਅਧਿਆਪਕਾਂ ਦੀਆਂ ਠੇਕੇ ਤੇ ਭਰਤੀ ਕੀਤੇ ਗਏ ਜਿਸ ਕਰ ਕੇ ਹੁਣ ਅਧਿਆਪਕ ਵਿੱਦਿਆ ਵੀ ਵਿਦਿਆਰਥੀਆਂ ਨੂੰ ਸਖ਼ਤੀ ਅਤੇ ਮਿਹਨਤ ਨਾਲ ਕਰਵਾ ਰਹੇ ਹਨ ਪਰ ਮਾਪਿਆਂ ਦੇ ਮਨਾਂ ਵਿੱਚ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣ ਦੀ ਇੱਕ ਦੇਖੋ ਦੇਖ ਰੀਤ ਜਿਹੀ ਬਣ ਗਈ ਹੈ ਜੋ ਕਿ ਅਜੇ ਵੀ ਬਰਕਰਾਰ ਹੈ ਅਤੇ ਮਾਪਿਆਂ ਦਾ ਸਟੇਟਸ ਵੀ ਬਣ ਗਿਆ ਹੈ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪੇ ਆਪਣੇ ਆਪ ਨੂੰ ਨੀਵਾਂ ਸਮਝਣ ਲੱਗ ਪਏ ਹਨ।
ਚਾਹੇ ਲੱਖ ਅੱਜ ਕਲ ਸਰਕਾਰ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਦੇਣ ਦਾ ਯਤਨ ਕਰ ਰਹੀ ਹੈ ਪਰ ਸ਼ਾਇਦ ਲੋਕਾਂ ਦੇ ਦਿਲਾਂ ਵਿੱਚ ਪਿਆ ਵਹਿਮ ਹੋਲੀ ਹੋਲੀ ਹੀ ਦੂਰ ਹੋਵੇਗਾ ਪਰ ਇਸ ਦਾ ਲਾਭ ਜਿਨ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਹੋ ਰਿਹਾ ਹੈ ਅਤੇ ਉਹ ਆਪਣੀ ਆਮਦਨ ਦਾ ਸਾਧਨ ਤਰਾਂ ਤਰਾਂ ਦੇ ਤਰੀਕਿਆਂ ਰਾਹੀ ਮਾਪਿਆਂ ਤੋ ਲੈਣ ਲਈ ਜੋ ਕਿ ਭਾਰੀ ਦਾਖ਼ਲੇ ਫ਼ੀਸ ਤੋ ਇਲਾਵਾ ਵੀ ਕਈ ਇਹੋ ਜਿਹੇ ਖ਼ਰਚੇ ਫ਼ੰਡਾਂ ਦੇ ਰੂਪ ਵਿੱਚ ਵੀ ਲੈ ਰਹੇ ਹਨ ਜੋ ਕਿ ਦਾਖ਼ਲੇ ਦੇ ਸਮੇਂ ਨਹੀਂ ਦੱਸੇ ਜਾਂਦੇ ਜੋ ਕਿ ਬੇਫਜੂਲ ਹਨ ਜਿਨ੍ਹਾਂ ਨੂੰ ਦਿਨ ਪਰ ਦਿਨ ਵਧਾਇਆ ਜਾ ਰਿਹਾ ਹੈ ਉਸ ਤੋ ਅਣਜਾਣ ਮਾਪੇ ਆਪਣੇ ਬੱਚੇ ਦੇ ਭਵਿੱਖ ਨੂੰ ਉੱਜਵਲ ਹੋਣ ਦੇ ਸੁਪਨੇ ਦੇਖ ਰਹੇ ਹਨ ਦਾਸ ਅਗਰ ਆਪਣੇ ਅਸਲ ਮੁੱਦੇ ਤੇ ਆਵੇ ਤਾਂ ਕਈ ਸਵਾਲ ਮੇਰੇ ਮਨ ਵਿੱਚ ਆ ਜਾਂਦੇ ਹਨ ਜਿਵੇਂ ਕਿ ਇਹਨਾਂ ਸਕੂਲਾਂ ਵਿੱਚ ਵਿੱਦਿਆ ਦੇ ਰਹੇ ਅਧਿਆਪਕਾਵਾਂ ਦੀਆਂ ਯੋਗਤਾਵਾਂ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਪੂਰਨ ਹਨ, ਕੀ ਉਨ੍ਹਾਂ ਕੋਲ ਕੋਈ ਪੂਰਵਕ ਤਜਰਬਾ ਹੁੰਦਾ ਹੈ, ਕੀ ਟਰਾਂਸਪੋਰਟ ਦੀ ਸਹੂਲਤਾਂ ਸਰਕਾਰ ਦੁਆਰਾ ਦਿੱਤੇ ਨਿਰਦੇਸ਼ਾਂ ਮੁਤਾਬਿਕ ਪੂਰਨ ਹਨ, ਕੀ ਇਹਨਾਂ ਸਕੂਲਾਂ ਵਿੱਚ ਕੋਈ ਪਲੇਅਗਰਾਉੰਡ ਦੀ ਸਹੂਲਤਾਂ ਖੇਡਾਂ ਅਨੁਸਾਰ ਹਨ, ਕੀ ਅੱਗ ਬੁਝਾਉਣ ਜਾਂ ਮੁੱਢਲੀ ਸਿਹਤ ਸਹੂਲਤਾਂ ਤੋ ਇਲਾਵਾ ਕੋਈ ਇਹੋ ਜਿਹੇ ਸਮਾਗਮ ਕਰਵਾਏ ਜਾਂਦੇ ਹਨ ਜਿਸ ਨਾਲ ਵਿਦਿਆਰਥੀਆਂ ਦਾ ਸਰੀਰਕ ਤੇ ਬੌਧਿਕ ਵਿਕਾਸ ਹੋ ਸਕੇ ਇਹੋ ਜਿਹੇ ਹਜ਼ਾਰਾਂ ਸਵਾਲਾਂ ਦੇ ਘੇਰਿਆਂ ਵਿੱਚ ਫਸਿਆ ਦਾਸ ਆਪਣੇ ਆਪ ਹੀ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦਾ ਯਤਨ ਕਰਦਾ ਰਹਿੰਦਾ ਹੈ ਕਿਉਂਕਿ ਇਹੋ ਜਿਹੀਆਂ ਸਰਗਰਮੀਆਂ ਸਿਰਫ਼ ਇੱਕ ਆਮਦਨ ਨੂੰ ਵਧਾਉਣ ਦੇ ਰੂਪ ਵਿੱਚ ਹੀ ਕਰਵਾਈਆਂ ਜਾਂਦੀਆਂ ਹਨ।
ਚਾਹੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਪੜੇ ਵਿਦਿਆਰਥੀ ਜਿਨ੍ਹਾਂ ਨੇ ਪੜਾਈ ਦੀ ਸ਼ੁਰੂਆਤ ਫੱਟੀ ਉੱਤੇ ੳ ਅ ਲਿਖ ਕੇ ਕੀਤੀ ਸੀ ਉਪਰੰਤ ਅਧਿਆਪਕ ਦੁਆਰਾ ਲਿਖਾਈ ਨੂੰ ਸੁਧਾਰਿਆ ਜਾਂਦਾ ਸੀ ਜਿਸ ਨਾਲ ਮਲੋ ਮਲੀ ਅਧਿਆਪਕ ਦਾ ਸਤਿਕਾਰ ਦਿਲੋਂ ਵਧਦਾ ਜਾਂਦਾ ਸੀ ਉਨ੍ਹਾਂ ਸਮਿਆਂ ਵਿੱਚ ਪੜੇ ਵਿਦਿਆਰਥੀ ਕੀ ਉੱਚ ਪਦਵੀਆਂ ਤੇ ਨਹੀਂ ਪਹੁੰਚੇ ਜੱਦੋ ਕੋਈ ਨਵੀਂ ਤਕਨਾਲੋਜੀ ਵੀ ਨਹੀਂ ਹੁੰਦੀ ਸੀ। ਮਾਪਿਆਂ ਤੋ ਬਾਅਦ ਉਹੀ ਅਧਿਆਪਕ ਰੱਬੀ ਰੂਪ ਵਿੱਚ ਗੁਰੂ ਦਾ ਪੂਜਨੀਕ ਅਸਥਾਨ ਗ੍ਰਹਿਣ ਕਰ ਲੈਂਦੇ ਸਨ ਪਰ ਅਜੋਕੇ ਸਮੇਂ ਵਿੱਚ ਅਧਿਆਪਕ ਨੂੰ ਗੁਰੂ ਨਾ ਸਮਝ ਕਿ ਮਿੱਤਰ ਜ਼ਿਆਦਾ ਸਮਝਣਾ ਜ਼ਰੂਰੀ ਹੁੰਦਾ ਜਾ ਰਿਹਾ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ। ਇੰਜ ਨਹੀਂ ਕਿ ਪ੍ਰਤੇਕ ਪ੍ਰਾਈਵੇਟ ਸਕੂਲ ਇੱਕੋ ਹੀ ਨੀਤੀਆਂ ਤੇ ਹਨ ਇਹਨਾਂ ਤੋ ਇਲਾਵਾ ਕਈ ਸਕੂਲ ਜੋ ਕਿ ਟਰੱਸਟਾਂ ਦੇ ਅਧੀਨ ਸੇਵਾਵਾਂ ਨਿਭਾ ਰਹੇ ਹਨ ਉਹ ਵਿਦਿਆਰਥੀਆਂ ਦੀਆਂ ਪ੍ਰਤੇਕ ਜ਼ਰੂਰਤਾਂ ਨੂੰ ਪੂਰਨ ਕਰਦੇ ਹਨ ਪਰ ਜੇ ਮੈ ਗੱਲ ਕਰਾਂ ਨਿੱਜੀ ਅਦਾਰਿਆਂ ਦੀ ਜੋ ਕਿ ਟਰੱਸਟਾਂ ਤੋ ਬਗੈਰ ਚੱਲ ਰਹੇ ਹਨ ਅਤੇ ਉਨ੍ਹਾਂ ਸਕੂਲਾਂ ਦੇ ਸੰਸਥਾਪਕ ਵੀ ਖ਼ੁਦ ਸਰਕਾਰੀ ਨੌਕਰੀਆਂ ਦਾ ਅਨੰਦ ਵੀ ਲੈ ਰਹੇ ਹਨ ਖ਼ਾਸ ਕਰ ਕੇ ਸਰਕਾਰੀ ਸਕੂਲਾਂ ਵਿੱਚ ਪਰ ਆਪਣੇ ਨਿੱਜੀ ਸਕੂਲਾਂ ਵਿੱਚ 10ਵੀ ਜਾਂ 12ਵੀ ਪੜੇ ਵਿਦਿਆਰਥੀ ਜੋ ਕਿ ਅਜੇ ਤਜਰਬੇ ਤੋ ਵਹੀਣੋਂ ਹੁੰਦੇ ਹਨ ਉਨ੍ਹਾਂ ਨੂੰ ਸਿਰਫ਼ ਥੋੜ੍ਹੀਆਂ ਜਿਹੀਆਂ ਤਨਖ਼ਾਹਾਂ ਕਰੀਬ 1000/- ਜਾਂ 1500/- ਰੁਪਏ ਤੋ ਰੱਖ ਲਿਆ ਜਾਂਦਾ ਹੈ ਜਦਕਿ ਉਨ੍ਹਾਂ ਬਦਲੇ ਵਿਦਿਆਰਥੀਆਂ ਤੋ ਫ਼ੀਸਾਂ ਵਧੇਰੇ ਲਈਆਂ ਜਾਂਦੀਆਂ ਹਨ ਫਿਰ ਕੀ ਆਸ ਕੀਤੀ ਜਾ ਸਕਦੀ ਹੈ ਕਿ ਵਿਦਿਆਰਥੀਆਂ ਨੂੰ ਸਿੱਖਿਆ ਕਿਸ ਪ੍ਰਕਾਰ ਦੀ ਦਿੱਤੀ ਜਾ ਰਹੀ ਹੈ ਜੇਕਰ ਇਹਨਾਂ ਅਦਾਰਿਆਂ ਦੀਆਂ ਟਰਾਂਸਪੋਰਟਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਖ਼ਰਚੇ ਵੀ ਕਿੱਲੋਮੀਟਰਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਵਸੂਲੇ ਜਾਂਦੇ ਹਨ ਜੋ ਕਿ ਇਹਨਾਂ ਦੀਆਂ ਟਰਾਂਸਪੋਰਟਰਾਂ ਦੀਆਂ ਬਸਾਂ ਜੋ ਕਿ ਨਕਾਰਾ ਹੋਈਆਂ ਹੁੰਦੀਆਂ ਹਨ ਅਤੇ ਉਹ ਡਰਾਈਵਰ ਰੱਖੇ ਜਾਂਦੇ ਹਨ ਜਿਨ੍ਹਾਂ ਕੋਲ ਲਾਇਸੈਂਸ ਤਾਂ ਸ਼ਾਇਦ ਹੁੰਦੇ ਹੀ ਨਹੀਂ ਹਨ ਜਾਂ ਨਜ਼ਰ ਪੱਖੋਂ ਕਮਜ਼ੋਰ ਹੁੰਦੇ ਹਨ ਕਈ ਬਸਾਂ ਦੁਆਰਾ ਤਾਂ ਦੋ ਦੋ ਬਾਰ ਚੱਕਰ ਲਗਾ ਕੇ ਵਿਦਿਆਰਥੀਆਂ ਨੂੰ ਲੈ ਕੇ ਜਾਇਆ ਜਾਂਦਾ ਹੈ ਇਹਨਾਂ ਨਕਾਰਾ ਬਸਾਂ ਨੂੰ ਵਰਤੋ ਵਿੱਚ ਲਿਆਉਣ ਨਾਲ ਕਈ ਪ੍ਰਕਾਰ ਦੀਆਂ ਜਾਨਲੇਵਾ ਦੁਰਘਟਨਾਵਾਂ ਵੀ ਆਮ ਹੀ ਸੁਣੀਆਂ ਤੇ ਪੜ੍ਹੀਆਂ ਗਈਆਂ ਹਨ ਪਰ ਕਿਸੇ ਵੀ ਕਾਨੂੰਨੀ ਟਰੈਫ਼ਿਕ ਨਿਯਮਾਂ ਦੇ ਅਧਿਕਾਰੀਆਂ ਵੱਲੋਂ ਇਹਨਾਂ ਦੀ ਚੈਕਿੰਗ ਨਿਯਮਿਤ ਰੂਪ ਵਿੱਚ ਨਹੀਂ ਕੀਤੀ ਜਾਂਦੀ। ਇਹਨਾਂ ਤੋ ਇਲਾਵਾ ਵੀ ਇਹਨਾਂ ਸਕੂਲਾਂ ਵਿੱਚ ਲੱਗੀਆਂ ਕੈਨਟੀਨਾਂ ਦੇ ਰੂਪ ਵਿੱਚ ਦੁਕਾਨਾਂ ਵੀ ਲਗਾਈਆਂ ਦੇਖੀਆਂ ਜਾ ਰਹੀਆਂ ਹਨ ਜਿਨ੍ਹਾਂ ਉੱਤੇ ਸਫ਼ਾਈ ਨਾਮ ਦੀ ਕੋਈ ਗੱਲ ਸ਼ਾਇਦ ਹੀ ਦਿਖਾਈ ਦਿੰਦੀ ਹੈ ਜਿਸ ਕਾਰਨ ਬੱਚੇ ਦਾ ਬਿਮਾਰ ਹੋਣਾ ਸੁਭਾਵਿਕ ਹੀ ਹੁੰਦਾ ਹੈ ਪਰ ਇਹਨਾਂ ਤੋ ਅਣਭੋਲ ਜਿੱਥੇ ਬੱਚੇ ਘਰਾਂ ਵਿਚੋਂ ਪੈਸੇ ਲੈ ਕੇ ਜਾਣ ਦੇ ਕਈ ਤਰੀਕੇ ਜਾਂ ਬਹਾਨਿਆਂ ਦੁਆਰਾ ਲੈ ਜਾਂਦੇ ਹਨ ਕਈ ਬਾਰ ਤਾਂ ਚੋਰੀ ਕਰਨ ਵਰਗੇ ਜੁਰਮਾਂ ਦੀ ਸ਼ੁਰੂਆਤ ਵੀ ਇੱਥੋਂ ਹੀ ਸ਼ੁਰੂ ਹੁੰਦੀ ਹੈ। ਕਈ ਸਕੂਲਾਂ ਵਿੱਚ ਤਾਂ ਦਾਸ ਨੇ ਇਹ ਵੀ ਦੇਖਿਆ ਕਿ ਸੁੱਧ ਪਾਣੀ ਲਈ ਫ਼ਿਲਟਰ ਤਾਂ ਹਨ ਪਰ ਉਨ੍ਹਾਂ ਦਾ ਪਾਣੀ ਫ਼ਿਲਟਰ ਕਰਨਾ ਸ਼ੁਰੂ ਤਾਂ ਹੋਇਆ ਪਰ ਸਿਰਫ਼ ਉਦਘਾਟਨ ਤੱਕ ਹੀ ਸੀਮਿਤ ਰਿਹਾ ਇਸ ਤੋ ਇਲਾਵਾ ਜੁਰਮਾਨਿਆਂ ਦੀ ਲੜੀ ਵੀ ਲੱਗੀ ਹੀ ਰਹਿੰਦੀ ਹੈ ਅਗਰ ਕੋਈ ਐਨੁਅਲ ਫੰਕਸ਼ਨ ਜਾਂ ਸਟਾਫ਼ ਦੀ ਕੋਈ ਟੀ ਪਾਰਟੀ ਵੀ ਕਰਨੀ ਹੋਵੇ ਤਾਂ ਵੀ ਵਿਦਿਆਰਥੀਆਂ ਤੋ ਕਲੈਕਸ਼ਨ ਲਈ ਜਾਂਦੀ ਹੈ ਜਾਂ ਕੋਈ ਟੂਰ ਹੋਵੇ ਤਾਂ ਵੀ ਇਹਨਾਂ ਤੋ ਇਲਾਵਾ ਵਰਦੀ ਦਾ ਖਰਚਾ ਤਾਂ ਹਫ਼ਤੇ ਵਿੱਚ ਦੋ ਵਾਰ ਦਾ ਹੈ ਜੋ ਕਿ ਹਰੇਕ ਪ੍ਰਾਈਵੇਟ ਅਦਾਰੇ ਦਾ ਆਪਣਾ ਹੈ।
ਦਾਸ ਕਿਸੇ ਅਦਾਰੇ ਦੇ ਖ਼ਿਲਾਫ਼ ਨਹੀਂ ਪਰ ਇੱਕ ਅਰਜ਼ ਜ਼ਰੂਰ ਕਰਨਾ ਚਾਹਾਂਗਾ ਕਿ ਜੇਕਰ ਇਹਨਾਂ ਵਿੱਦਿਅਕ ਅਦਾਰਿਆਂ ਨੂੰ ਆਮਦਨ ਦਾ ਸਾਧਨ ਨਾ ਸਮਝ ਕੇ ਇਹਨਾਂ ਦੇ ਸੰਸਥਾਪਕ ਜੇਕਰ ਇਹਨਾਂ ਅਸਥਾਨਾ ਨੂੰ ਵਿੱਦਿਅਕ ਮੰਦਿਰਾ ਦਾ ਦਰਜਾ ਦੇ ਕੇ ਵਿਦਿਆਰਥੀਆਂ ਦੇ ਮਨਾਂ ਵਿੱਚ ਵਿੱਦਿਆ ਪ੍ਰਤੀ ਸ਼ਰਧਾ ਦਾ ਜਨਮ ਦੇਣ ਤਾਂ ਦਾ ਸ਼ਰਤਾਂ ਨਾਲ ਕਿਹਾ ਜਾ ਸਕਦਾ ਹੈ ਕਿ ਰਹਿੰਦੀ ਦੁਨੀਆ ਤੱਕ ਉਸ ਅਦਾਰੇ ਦਾ ਨਾਮ ਚਮਕਦੇ ਸਿਤਾਰਿਆਂ ਵਾਂਗ ਚਮਕਦਾ ਰਹੇਗਾ ਅੰਤ ਵਿੱਚ ਮੈ ਬੇਨਤੀ ਕਰਦਾ ਹਾਂ ਸਰਕਾਰ ਦੇ ਸੰਬੰਧਿਤ ਸਿੱਖਿਅਕ ਮਹਿਕਮਿਆਂ ਨੂੰ ਇਹਨਾਂ ਪ੍ਰਾਈਵੇਟ ਸਕੂਲਾਂ ਨੂੰ ਸਿਰਫ਼ ਮਾਨਤਾਵਾਂ ਦੇਣ ਤੱਕ ਸੀਮਿਤ ਨਾ ਰੱਖ ਕੇ ਇਹਨਾਂ ਦਾ ਸਮੇਂ ਸਮੇਂ ਸਿਰ ਨਿਰੀਖਣ ਕਰ ਕੇ ਇਹਨਾਂ ਵਿੱਚ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਜ਼ਰੂਰੀ ਜ਼ਰੂਰਤਾਂ ਨੂੰ ਪੂਰਾ ਕਰਵਾਇਆ ਜਾ ਸਕੇ ਤਾਂ ਕਿ ਮੇਰੇ ਦੇਸ਼ ਦਾ ਆਉਣ ਵਾਲਾ ਭਵਿੱਖ ਉੱਜਵਲ ਤੇ ਸੁਨਹਿਰਾ ਹੋ ਸਕੇ ਅਤੇ ਮਾਪਿਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਵਿਦੇਸ਼ੀ ਬੋਲੀ ਦੇ ਲਾਲਚ ਵਿੱਚ ਪੈ ਕੇ ਮਾਂ ਬੋਲੀ ਪੰਜਾਬੀ ਨੂੰ ਨਾ ਵਿਸਾਰ ਕੇ ਆਪਣੇ ਜਾਨੋਂ ਪਿਆਰੇ ਸਭਿਆਚਾਰਕ ਵਿਰਸੇ ਨੂੰ ਭੁਲਾਇਆ ਨਾ ਜਾਵੇ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਰਕਾਰ ਦੁਆਰਾ ਦਿੱਤੀ ਜਾ ਰਹੀਆਂ ਸਹੂਲਤਾਂ ਤੋ ਇਲਾਵਾ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਵੀ ਦਿੱਤਾ ਜਾਵੇ ਕਿਉਂਕਿ ਹੁਣ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲਾਂ ਤੋ ਕਿੱਤੇ ਉੱਚ ਪੱਧਰ ਤੇ ਵਿੱਦਿਆ ਤੋ ਇਲਾਵਾ ਖੇਡ ਅਤੇ ਹੋਰ ਸਰਗਰਮੀਆਂ ਵਿੱਚ ਹਿੱਸਾ ਲੈ ਕਿ ਅੱਵਲ ਦਰਜੇ ਪ੍ਰਾਪਤ ਕਰ ਕੇ ਵਜ਼ੀਫ਼ੇ ਪ੍ਰਾਪਤ ਕਰ ਕੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

ਭੁੱਲ ਚੁੱਕ ਦੀ ਖਿਮਾ
ਹਰਮਿੰਦਰ ਸਿੰਘ “ਭੱਟ”
ਬਿਸਨਗੜ੍ਹ (ਬਈਏਵਾਲ)
ਸੰਗਰੂਰ 09914062205


04/09/17
ਅਕੇਸ਼ ਕੁਮਾਰ

ਪੱਤਰਕਾਰ ਅਤੇ ਲੇਖਕ ਅਕੇਸ਼ ਕੁਮਾਰ ਤੇ ਗੁੰਡੇ ਅਨਸਰਾਂ ਨੇ ਕੀਤਾ ਹਮਲਾ
ਸਰਕਾਰ ਅਤੇ ਡੀ ਜੀ ਪੀ ਤੋਂ ਕੀਤੀ ਕਾਰਵਾਈ ਦੀ ਮੰਗ

ਅਕੇਸ਼ ਕੁਮਾਰ
ਬਰਨਾਲਾ - ਬਰਨਾਲਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਸਰਕਾਰ ਬਦਲਣ ਦੇ ਨਾਲ ਹੀ ਵੱਧ ਗਿਆ ਹੈ। ਜਿੱਥੇ ਆਮ ਸ਼ਹਿਰੀ ਇਹ ਉਮੀਦ ਕਰ ਰਿਹਾ ਸੀ ਕਿ ਕਾਂਗਰਸ ਸਰਕਾਰ ਆਉਣ ਦੇ ਨਾਲ ਪੰਜਾਬ ਵਿੱਚ ਗੁੰਡਾਗਰਦੀ ਨੂੰ ਨੱਥ ਪਵੇਗੀ ਪਰ ਹੋ ਇਸ ਤੋਂ ਉਲਟ ਰਿਹਾ ਹੈ। ਆਮ ਜਨਤਾ ਦੇ ਨਾਲ ਨਾਲ ਪੱਤਰਕਾਰਾਂ ਤੇ ਵੀ ਹਮਲੇ ਵੱਧ ਰਹੇ ਹਨ। ਅਜਿਹਾ ਹੀ ਮਾਮਲਾ ਅੱਜ ਪੱਤਰਕਾਰ ਅਤੇ ਵਪਾਰੀ ਅਕੇਸ਼ ਕੁਮਾਰ ਨਾਲ ਵਾਪਰਿਆ। ਅੱਜ ਦੁਪਹਿਰ ਇੱਕ ਵਜੇ ਦੇ ਕਰੀਬ ਜੱਦ ਉਹ 16 ਏਕੜ ਤੋਂ ਹੁੰਦੇ ਹੋਏ ਆਪਣੇ ਘਰ ਜਾ ਰਹੇ ਸਨ ਤਾਂ ਚਾਰ ਗੁੰਡੇ ਅਨਸਰਾ ਵੱਲੋਂ ਜੋ ਕਿ ਚਿੱਟੇ ਰੰਗ ਦੀ ਸਵਿਫਟ ਕਾਰ ਪੀ ਬੀ 19 ਪੀ 5116 ਤੇ ਸਵਾਰ ਸਨ ਨੇ ਮੋਟਰਸਾਇਕਲ ਤੇ ਆ ਰਹੇ ਪੱਤਰਕਾਰ ਦੇ ਪਿੱਛੋਂ ਕਾਰ ਦੇ ਨਾਲ ਟੱਕਰ ਮਾਰੀ ਅਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਧਮਕੀ ਦਿੰਦੇ ਹੋਏ ਚਲੇ ਗਏ ਕਿ ਸਾਡਾ ਪੁਲਿਸ ਕੀ ਬਿਗਾੜ ਸਕਦੀ ਹੈ, ਤੁੰਸੀ ਜਿੱਥੇ ਮਰਜੀ ਸ਼ਕਾਇਤ ਕਰ ਦੇਵੋ। ਅਕੇਸ਼ ਕੁਮਾਰ ਵਲੋਂ ਪੁਲਿਸ ਨੂੰ ਉਸ ਸਮੇਂ ਕਾਰ ਨੰਬਰ ਲਿਖਵਾ ਕੇ ਸ਼ਕਾਇਤ ਦੇਣ ਦੇ ਬਾਵਜੂਦ ਖੱਬਰ ਲਿਖੇ ਜਾਣ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਐਫ ਆਈ ਆਰ ਦਰਜ ਕੀਤੀ ਗਈ।
ਜਰਨਲਿਸਟ ਅਸੋਸੀਏਸ਼ਨ ਪੰਜਾਬ ਵੱਲੋਂ ਸੀ ਐਮ ਕੈਪਟਨ ਸੇ ਅਮਿਰੰਦਰ ਸਿੰਘ ਤੋਂ ਮੰਗ ਕੀਤੀ ਗਈ ਹੈ ਕਿ ਪੱਤਰਕਾਰ ਤੇ ਹਮਲਾ ਕਰਨ ਵਾਲਿਆਂ ਖਿਲਾਫ ਜਾਨ ਤੋਂ ਮਾਰਨ ਦਾ ਮਾਮਲਾ ਦਰਜ਼ ਕੀਤਾ ਜਾਵੇ ਅਤੇ ਪੁਲਿਸ ਅਤੇ ਪੇਸ਼ਾਸਨ ਨੂੰ ਚੁਸਤ ਕੀਤਾ ਜਾਵੇ ਤਾਂ ਜੋ ਜਨਤਾ ਅਤੇ ਪੱਤਰਕਾਰ ਤੇ ਹੋ ਰਹੇ ਹਮਲੇ ਬੰਦ ਹੋ ਸਕਣ। ਵਪਾਰ ਮੰਡਲ ਬਰਨਾਲਾ ਦੇ ਪੇਧਾਨ ਨੈਬ ਸਿੰਘ ਕਾਲਾ ਨੇ ਕਿਹਾ ਕਿ ਪੱਤਰਕਾਰ ਅਤੇ ਵਪਾਰੀ ਤੇ ਕੀਤਾ ਗਿਆ ਹਮਲਾ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪੁਲਿਸ ਫੋਰਨ ਅਪਰਾਧੀਆਂ ਦੇ ਖਿਲਾਫ ਮਾਮਲਾ ਦਰਜ਼ ਕਰੇ ਨਹੀ ਤਾਂ ਵਪਾਰੀਆਂ ਵੱਲੋਂ ਪੇਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਦੀ ਸ਼ਕਾਇਤ ਸੀ ਐਮ ਨੂੰ ਕੀਤੀ ਜਾਵੇਗੀ। ਪੱਤਰਕਾਰ ਰਾਕੇਸ਼ ਕੁਮਾਰ, ਜਗਤਾਰ ਸਿੰਘ ਸੰਧੂ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਵਿੱਚ ਤਾਂ ਗੁੰਡਾਗਰਦੀ ਦਾ ਨੰਗਾ ਨਾਚ ਸੀ ਪਰ ਲੋਕਾਂ ਤੇ ਪੱਤਰਕਾਰਾਂ ਨੇ ਵੋਟਾਂ ਪਾ ਕੇ ਕਾਂਗਰਸ ਸਰਕਾਰ ਲਿਆਉਂਦੀ ਅਤੇ ਉਮੀਦ ਕੀਤੀ ਕਿ ਹੁਣ ਤਾਂ ਗੁੰਡਾਗਰਦੀ ਦਾ ਨੰਗਾ ਨਾਚ ਬੰਦ ਹੋਵੇਗਾ ਪਰ ਗੁੰਡਾਗਰਦੀ ਦਾ ਨੰਗਾ ਨਾਚ ਤਾ ਕੀ ਬੰਦ ਹੋਣਾ ਸੀ ਉਲਟਾ ਪੱਤਰਕਾਰ ਨੂੰ ਕਾਰ ਨਾਲ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕਾਰ ਦਾ ਨੰਬਰ ਦੇਣ ਦੇ ਬਾਦ ਵੀ ਪੁਲਿਸ ਨੇ ਨਾ ਤਾ ਕੋਈ ਐਫ ਆਈ ਆਰ ਦਰਜ਼ ਕੀਤੀ ਅਤੇ ਨਾ ਹੀ ਕਾਰ ਟਰੇਸ ਕੀਤੀ। ਕਿ ਹੁਣ ਕਾਂਗਰਸ ਰਾਜ ਵਿੱਚ ਵੀ ਆਮ ਜਨਤਾ ਤੇ ਪੱਤਰਕਾਰ ਤੇ ਹਮਲੇ ਇਸੇ ਤਰ੍ਹਾਂ ਹੁੰਦੇ ਰਹਿਣਗੇ ਅਤੇ ਅਪਰਾਧੀ ਆਪਣਾ ਗੁੰਡਾਰਾਜ ਇਸੇ ਤਰ੍ਹਾਂ ਸਥਾਪਿਤ ਰੱਖਣਗੇ। ਹੁਣ ਦੇਖਣ ਇਹ ਹੈ ਕਿ ਪੇਸ਼ਾਸਨ ਇਸ ਤੇ ਕੀ ਕਾਰਵਾਈ ਕਰਦਾ ਹੈ।


04/09/17
ਹਰਲਾਜ ਸਿੰਘ ਬਹਾਦਰਪੁਰ

ਟਕਸਾਲੀ ਵੀਰੋ ਬਹੁਤ ਮਾਡ਼ੀ ਗੱਲ ਹੈ , ਤੁਸੀ ਵਿਚਾਰਾਂ ਦੇ ਵਿਖਰੇਵੇਂ ਕਾਰਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਫੋਟੋ ਦੇ ਜੁਤੀਆਂ ਮਾਰ ਰਹੇ ਹੋਂ , ਜੇ ਬਾਈ ਜੀ ਕਿਸੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਦੇ ਇਸ ਤਰਾਂ ਜੁਤੀਆਂ ਮਾਰੀਆਂ ਕੀ ਫਿਰ ਆਪਾਂ ਜਰ ਲਵਾਂਗੇ ? ਕਿਉਂਕਿ ਜੋ ਸਲੂਕ ਅਸੀ ਕਿਸੇ ਨਾਲ ਕਰਦੇ ਹਾਂ ਉਸ ਲਈ ਸਾਨੂੰ ਖੁਦ ਨੂੰ ਵੀ ਤਿਆਰ ਰਹਿਣਾ ਚਾਹੀਂਦਾ ਹੈ ਜੀ । ਵੀਰੋ ਤੁਸੀਂ ਇਹ ਉਹ ਰਸਤਾ ਪਾ ਰਹੇ ਹੋਂ ਜਿਸ ਉਤੇ ਚੱਲ ਕੇ ਕੋਈ ਕੱਲ ਨੂੰ ਇਹੀ ਕੁੱਝ ਸੰਤ ਜਰਨੈਲ ਸਿੰਘ ਦੀ ਤਸਵੀਰ ਨਾਲ ਵੀ ਜਰੂਰ ਕਰੇਗਾ । ਫਿਰ ਦੁਖੀ ਹੋਵੋਂਗੇ , ਵੀਰੋ ਫਿਰ ਦੁਖੀ ਨਾ ਹੋਇਓ ਕਿਉਂਕਿ ਸੱਭ ਲਈ ਆਪੋ ਆਪਣੇ ਸੰਤ ਇੱਕੋ ਜਿਹੇ ਪਿਆਰੇ ਹੁੰਦੇ ਹਨ , ਜਿਹਡ਼ੇ ਸੰਤ ਬਾਬਾ ਰਣਜੀਤ ਸਿੰਘ ਨੂੰ ਪਿਆਰ ਕਰਦੇ ਹਨ , ਉਹਨਾ ਦਾ ਸੰਤ ਜਰਨੈਲ ਸਿੰਘ ਵੀ ਕੁੱਝ ਨੀ ਲੱਗਦਾ , ਕਿਉਂਕਿ ਜਿਵੇਂ ਤੁਹਾਡਾ ਸੰਤ ਬਾਬਾ ਰਣਜੀਤ ਸਿੰਘ ਕੁੱਝ ਨੀ ਲੱਗਦਾ । ਟਕਸਾਲੀ ਵੀਰੋ ਜੇ ਤੁਸੀਂ ਇਹ ਕਹੋਂਗੇ ਕਿ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਨਾਲ ਇਸ ਤਰਾਂ ਕਿਉਂ ਕਰਨਗੇ ਉਹ ਕਿਸੇ ਨੂੰ ਕੀ ਕਹਿੰਦਾ ਹੈ , ਵੀਰੋ ਬੇਸੱਕ ਅੱਜ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੰਸਾਰ ਵਿੱਚ ਨਹੀਂ ਹਨ ਪਰ ਉਹਨਾ ਦਾ ਬੋਲਿਆ ਬਹੁਤ ਕੁੱਝ ਮੌਜੂਦ ਹੈ ਉਦਾਰਣ ਦੇ ਤੌਰ ਤੇ ਜਿਵੇਂ ਸੰਤ ਜੀ ਕਹਿ ਰਹੇ ਹਨ , ਕਿ ਮਰਦਾਨੇ ਨੇ ਬਰਾਂਡੀ ਪੀ ਲਈ ਸੀ ਤਾਂ ਉਹਨਾ ਨੂੰ ਸਰਾਪ ਲੱਗ ਗਿਆ ਸੀ ਆਦਿ , ਅਜਿਹਾ ਕੁੱਝ ਹੋਰ ਵੀ ਬਹੁਤ ਰਿਕਾਰਡ ਹੋਇਆ ਪਿਆ ਹੈ , ਜੋ ਬਹੁਤ ਲੋਕਾਂ ਨੂੰ ਪਸੰਦ ਨਹੀਂ ਹੈ । ਜੋ ਤੁਹਾਨੂੰ ਪਸੰਦ ਨਹੀਂ ਹੈ ਉਸ ਨੂੰ ਨਾ ਸੁਣੋ, ਸੱਭ ਦੀ ਆਪੋ ਆਪਣੀ ਮੱਤ ਹੈ । ਹਰ ਕੋਈ ਤੁਹਾਡੀ ਮੱਤ ਅਨੁਸਾਰ ਨਹੀਂ ਬੋਲ ਸਕਦਾ , ਕੋਈ ਬੋਲੇ ਵੀ ਕਿਉਂ । ਕਿਉਕਿ ਤੁਸੀਂ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਹਡ਼ਾਂ ਸਾਰਾ ਕੁੱਝ ਲੋਕਾਂ ਅਨੁਸਾਰ ਹੀ ਬੋਲਦੇ ਹੋਂ । ਆਹ ਰਿਕਾਰਡਿੰਗ ਵਿੱਚ ਸੰਤ ਜੀ ਕਹਿ ਰਹੇ ਹਨ , ਕਿ ਮਰਦਾਨੇ ਨੇ ਬਰਾਂਡੀ ਪੀ ਲਈ ਸੀ ਤਾਂ ਉਹਨਾ ਨੂੰ ਸਰਾਪ ਲੱਗ ਗਿਆ ਸੀ, ਕੀ ਹੁਣ ਜਿੰਨਾ ਨੂੰ ਇਹ ਪਸੰਦ ਨਹੀਂ ਉਹ ਹੁਣ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਤਸਵੀਰ ਦੇ ਜੁਤੀਆਂ ਮਾਰਨ ਲੱਗ ਜਾਣ ? ਹੋ ਸਕਦੈ ਮੈਂ ਗਲਤ ਹੋਵਾਂ ਵੀਰੋ ਤੁਸੀ ਇਹ ਜੋ ਨਵੀਂ ਪਿਰਤ ਪਾ ਰਹੇ ਇਸ ਤੇ ਚਲਦਿਆਂ ਹੁਣ ਟਕਸਾਲ ਦੇ ਵਿਰੋਧੀ ਜਿੰਨਾ ਨੂੰ ਸੰਤਾਂ ਦਾ ਕਿਹਾ ਬਹੁਤ ਕੁੱਝ ਪਸੰਦ ਨਹੀਂ ਹੈ , ਉਹ ਲੋਕ ਹੁਣ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਨਾਲ ਵੀ ਅਜਿਹਾ ਸਲੂਕ ਕਰਨ ਲੱਗ ਜਾਣਗੇ , ਜਿਹੋ ਜਿਹਾ ਤੁਸੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਤਸਵੀਰ ਨਾਲ ਕਰ ਰਹੇ ਹੋਂ । ਤੁਹਨੂੰ ਸਾਇਦ ਮੇਰੀ ਇਹ ਗੱਲ ਚੰਗੀ ਨਾ ਲੱਗੇ ਕਿ ਸਿੱਖ ਸੰਗਤਾਂ ਲਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕੋ ਜਿਹਾ ਸਤਿਕਾਰ ਰੱਖਦੇ ਹਨ, ਫਰਕ ਬੱਸ ਇਨਾ ਹੀ ਹੈ ਕਿ ਤੁਹਾਡੀ ਸੰਪਰਦਾ ਵਾਲਿਆਂ ਲਈ ਸੰਤ ਜਰਨੈਲ ਸਿੰਘ ਮਹਾਨ ਹੈ , ਪ੍ਰਮੇਸਰ ਦੁਆਰ ਵਾਲਿਆਂ ਲਈ ਭਾਈ ਰਣਜੀਤ ਸਿੰਘ ਵੀ ਉਨਾ ਹੀ ਮਹਾਨ ਹੈ । ਪਰ ਸਾਡੇ ਵਿੱਚ ਇਹ ਬਹੁਤ ਵੱਡੀ ਘਾਟ ਆ ਚੁੱਕੀ ਹੈ ਕਿ ਅਸੀਂ ਆਪਣੇ ਵਾਲੇ ਵਿਚਾਰਾਂ ਜਾਂ ਬੰਦਿਆਂ ਨੂੰ ਹੀਰੋ ਅਤੇ ਦੂਜੇ ਵਾਲੇ ਦੇ ਨੂੰ ਜੀਰੋ ਸਮਝਦੇ ਹਾਂ । ਤਾਂ ਚੇਤੇ ਰੱਖਿਓ ਕਿ ਤੁਹਾਡੇ ਵਿਚਾਰ ਅਤੇ ਬੰਦੇ ਵੀ ਹੋਰਾਂ ਲਈ ਜੀਰੋ ਹੀ ਹਨ । ਵੀਰੋ ਇਹ ਤਾਂ ਇੱਜਤ ਕਰਨ ਨੂੰ ਕਰਵਾਉਣ ਹੈ ।

ਹਰਲਾਜ ਸਿੰਘ ਬਹਾਦਰਪੁਰ

*****************************

ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਅਤੇ ਪੰਨੇ ਪਾੜਨ ਦਾ।

ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੇ ਸਬੰਧ ਵਿੱਚ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚੇ ਦਰਜ ਨਹੀ ਹੁੰਦੇ ਉਨਾ ਚਿਰ ਇਹ ਬੇਅਦਵੀਆਂ ਰੁਕ ਨਹੀਂ ਸਕਦੀਆਂ।


ਪਿੱਛੇ ਜੇ ਫੇਸਬੁੱਕ ਤੇ ਇੱਕ ਪੋਸਟ ਆਮ ਹੀ ਪਾਈ ਜਾਂਦੀ ਸੀ, ਕਿ ਬੁੱਢੇ ਬੰਦੇ ਨੂੰ ਘਰੇਂ ਕੋਈ ਕੰਚ ਦੇ ਗਲਾਸ ਵਿੱਚ ਚਾਹ ਨੀ ਫੜਾੳੁਂਦਾ, ਕਿ ਕਿਤੇ ਭੰਨ ਨਾ ਦੇਵੇ। ਇੱਥੇ ਬੁੱਢੇ ਨੂੰ ਪੰਜਾਬ ਸੰਮਾਅ (ਸੰਭਾਲ) ਰੱਖਿਆ ਹੈ, ਭਾਵ ਕਿ ਬਾਦਲ ਬੁੱਢਾ ਹੈ ਉਹ ਪੰਜਾਬ ਨੂੰ ਸੰਭਾਲ ਨੀ ਸਕਦਾ, ਬਾਦਲ ਨੂੰ ਪੰਜਾਬ ਦੀ ਵਾਂਗ ਡੋਰ ਕਿਉਂ ਫੜਾ ਰੱਖੀ ਹੈ। ਹੁਣ ਸਵਾਲ ਉਠਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਨਹੀਂ ਸਕਦੇ, ਉਸ ਦੀ ਰਾਖੀ ਨਹੀਂ ਕਰ ਸਕਦੇ, ਉਹਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਉਂ ਦੇ ਰੱਖੇ ਹਨ? , ਪਹਿਲਾਂ ਹਰੇਕ ਪਿੰਡ ਵਿੱਚ ਗੁਰੂ ਘਰ ਵੀ ਇੱਕ ਹੀ ਹੁੰਦਾ ਸੀ, ਬਹੁਤੇ ਪਿੰਡਾਂ ਵਿੱਚ ਤਾਂ ੲਿੱਕ ਵੀ ਗੁਰੂ ਘਰ ਵੀ ਨਹੀਂ ਸੀ ਹੁੰਦਾ, ਨੇੜੇ ਦੇ ਪਿੰਡ ਦੇ ਗੁਰੂ ਘਰ ਤੋਂ ਹੀ ਸਰੂਪ ਲੈ ਕੇ ਆਉਂਦੇ ਹੁੰਦੇ ਸੀ। ਇੱਕ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ੲਿੱਕ ਹੀ ਹੁੰਦਾ ਸੀ। ਨਾ ਕਿਸੇ ਗੁਰੂ ਘਰ ਵਿੱਚ ਕਹੇ ਜਾਂਦੇ ਹੁਣ ਵਾਲੇ ਸੱਚਖੰਡ ਹੁੰਦੇ ਸਨ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਲਮਾਰੀ ਵਿੱਚ ਹੀ ਰੱਖੇ ਹੁੰਦੇ ਸਨ। ਨਾਲੇ ਸੁਰੱਖਿਅਤ ਹੁੰਦੇ ਸਨ, ਹੁਣ ਸੱਚਖੰਡਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ। ਕਿਉਂਕਿ ਹੁਣ ਪ੍ਰਧਾਨਗੀ ਦੇ ਭੁੱਖੇ ਅਖੌਤੀ ਸਿੱਖਾਂ ਨੇ ਆਪਣੀ ਚੌਧਰ ਚਮਕਾਉਣ ਲਈ ਥਾਂ- ਥਾਂ ਗੁਰੂ ਘਰ ਬਣਾ ਲਏ ਹਨ। ਇਸ ਲਈ ਹੁਣ ਗੁਰੂ ਘਰ ਦੁਕਾਨਾਂ ਬਣ ਚੁੱਕੇ ਹਨ, ਗੁਰੂ ਗ੍ਰੰਥ ਸਾਹਿਬ ਜੀ ਸੌਦਾ ਅਤੇ ਆਮ ਲੋਕ ਗ੍ਰਾਹਕ, ਕਮੇਟੀ ਅਤੇ ਪਾਠੀ ਦੁਕਾਨਦਾਰ ਹਨ, ਤਾਂ ਕਿ ਜੇ ਕੋਈ ਗ੍ਰਾਹਕ ਪਾਠ ਕਰਵਾਉਣ ਲਈ ਆਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਘਾਟ ਕਾਰਨ ਮੁੜ ਨਾ ਜਾਵੇ, ਇਸ ਲਈ ਇੱਕ-ਇੱਕ ਗੁਰੂ ਘਰ ਵਿੱਚ 10-10, 15-15, ਸਰੂਪ ਰੱਖੇ ਹੋਏ ਹਨ। ਕਿਉਂ? । ਜਿਸ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਹੋਵੇ ਉਸ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚਾ ਦਰਜ ਹੋਣਾ ਚਾਹੀਂਦਾ ਹੈ, ਜਦੋਂ ਸੰਭਾਲ ਨੀ ਸਕਦੇ ਕਿਉਂ ਗੁਰੂ ਘਰ ਬਣਾਉਂਦੇ ਹੋਂ? ਜਦੋਂ ਸੰਭਾਲ ਨੀ ਸਕਦੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਉਂ ਰੱਖਦੇ ਹੋਂ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਦੇ ਸਬੰਧ ਵਿੱਚ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ ਦੇ ਵਿਰੁੱਧ ਪਰਚੇ ਦਰਜ ਨਹੀ ਹੁੰਦੇ ਉਨਾ ਚਿਰ ਇਹ ਬੇਅਦਵੀਆਂ ਰੁਕ ਨਹੀਂ ਸਕਦੀਆਂ। ਹਰਲਾਜ ਸਿੰਘ ਬਹਾਦਰਪੁਰ


ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 9417023911


04/02/17
ਤੱਤ ਗੁਰਮਤਿ ਪਰਿਵਾਰ

ਪੁਜਾਰੀ ਕੁਹਾੜੇ ਨੂੰ ਇਕ ਵਾਰ ਫੇਰ ਲਗਣ ਲਗੀ ਧਾਰ
ਭਾਈ ਰਣਜੀਤ ਸਿੰਘ ਢੱਢਰੀਆਂ ਨੂੰ ਪੁਜਾਰੀ ਤਖਤ ਤੇ ਬੁਲਾਉਣ ਦੀਆਂ ਤਿਆਰੀਆਂ

ਪੰਥ ਦੇ ਸੁਚੇਤ ਤਬਕੇ ਨਾਲ ਜੁੜੇ ਕੁਝ ਪ੍ਰਚਾਰਕ ਅਤੇ ਵਿਦਵਾਨ ਗੁਰਮਤਿ ਦੇ ਖੇਤਰ ਵਿਚ ਬਹੁੱਤ ਅੱਗੇ ਦੀ ਗੱਲ (ਜੋ ਅੰਨ੍ਹੀ ਸ਼ਰਧਾ ਵਾਲੇ ਮਾਹੌਲ ਵਿਚ ਆਮ ਸਿੱਖਾਂ ਨੂੰ ਨਾਸਤਿਕਤਾ ਹੀ ਲਗਦੀ ਹੈ) ਕਰਦੇ ਰਹੇ ਹਨ ਅਤੇ ਕਰ ਰਹੇ ਹਨ। ਪਰ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਆਪਣੇ ਆਪ ਵਿਚ ਇਕੋ ਇਕ ਐਸਾ ਅਪਵਾਦ ਹੈ ਜੋ ਸੰਪਰਦਾਈ ਅਤੇ ਡੇਰਾਵਾਦੀ ਤਰਜ਼ ਦਾ ਮਨਮੱਤੀ ਪ੍ਰਚਾਰ ਬਹੁਤ ਸਮਾਂ ਕਰਨ ਤੋਂ ਬਾਅਦ ਵੀ ‘ਨਾਨਕ ਫਿਲਾਸਫੀ’ ਨੂੰ ਆਪਣੇ ਖਰੇ ਰੂਪ ਵਿਚ ਸਮਝਣ ਅਤੇ ਅੱਗੇ ਬੇਬਾਕੀ ਨਾਲ ਪ੍ਰਚਾਰਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਦੀ ਸੋਚ ਵਿਚ ਇਹ ਬਦਲਾਅ ਬਹੁਤ ਹੀ ਹਾਂ-ਪੱਖੀ, ਸਲਾਹੁਣ ਅਤੇ ਸੁਆਗਤ ਯੋਗ ਹੈ।
ਦੂਜੀ ਤਰਫ ਇਹ ਵੀ ਅਫਸੋਸਜਨਕ ਹਕੀਕਤ ਹੈ ਕਿ ਪੰਥ ਦੇ ਸੰਪਰਦਾਈ ਅਤੇ ਡੇਰੇਵਾਦੀ ਧੜੇ ਨਾਲ ਜੁੜੇ ਸੱਜਣ ਹਰ ਉਸ ਪ੍ਰਚਾਰਕ ਦੇ ਦੁਸ਼ਮਨ ਬਣ ਜਾਂਦੇ ਹਨ ਜੋ ਬਾਬਾ ਨਾਨਕ ਦੇ ਫਲਸਫੇ ਨੂੰ ਇਸਦੇ ਖਰੇ ਰੂਪ ਵਿਚ ਪ੍ਰਚਾਰਨ ਦਾ ਯਤਨ ਕਰਦਾ ਹੈ, ਉਹ ਇਨ੍ਹਾਂ ਨੂੰ ਬਿਲਕੁਲ ਚੰਗਾ ਨਹੀਂ ਲਗਦਾ। ਕਿਉਂਕਿ ਉਹ ਇਨ੍ਹਾਂ ਦੇ ਪੁਜਾਰੀ- ਖਿਲਾਰੇ ਦਾ ਪਾਜ ਉਘਾੜਦਾ ਹੋਇਆ, ਲੋਕਾਈ ਨੂੰ ਸੱਚ ਨਾਲ ਜੋੜਣ ਦਾ ਯਤਨ ਕਰਦਾ ਹੈ। ਆਮ ਸਿੱਖ ਨੂੰ ਤਾਂ ਇਨ੍ਹਾਂ ਸੰਪਰਦਾਈ ਡੇਰੇਦਾਰ ਨੇ ਅੰਨ੍ਹੀ ਸ਼ਰਧਾ ਦੀ ਅਫੀਮ ਖੁਆ ਕੇ, ਮਾਨਸਿਕ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਸੋ ਉਸਦਾ ਸਮੁੱਚਾ ਜੀਵਨ ਅੰਧ ਵਿਸ਼ਵਾਸਾਂ ਅਤੇ ਕਰਮਕਾਂਡਾਂ ਵਿਚ ਗਰਕ ਹੋ ਜਾਂਦਾ ਹੈ। ਕੋਈ ਵਿਰਲਾ ਹੀ ਇਸ ਪੁਜਾਰੀ-ਹਾਕਮ ਗਠਜੋੜ ਦੇ ਚਕਰਵਿਉਹ ਤੋਂ ਆਜ਼ਾਦ ਹੋ ਕੇ, ਬਾਬਾ ਨਾਨਕ ਦੀ ਫਿਲਾਸਫੀ ਨੂੰ ਸਮਝਣ-ਅਪਨਾਉਣ ਦੇ ਮਾਰਗ ਦਾ ਪਾਂਧੀ ਬਣਦਾ ਹੈ। ਐਸੇ ਜਾਗਦੀ ਜ਼ਮੀਰ ਵਾਲੇ ਲੋਕ ਪੁਜਾਰੀ ਡੇਰੇਦਾਰਾਂ ਨੂੰ ਦੁਸ਼ਮਨ ਜਾਪਣ ਲਗ ਪੈਂਦੇ ਹਨ। ਸੰਵਾਦ ਕਰਨਾ ਤਾਂ ਇਨ੍ਹਾਂ ਸੰਪਦਰਾਈਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ, ਸੋ ਇਨ੍ਹਾਂ ਦਾ ਵਿਰੋਧ ਧਮਕੀਆਂ, ਸ਼ਰੀਰਕ ਹਮਲਿਆਂ ਆਦਿ ਦਾ ਰੂਪ ਧਾਰਨ ਕਰ ਲੈਂਦਾ ਹੈ। ਇਨ੍ਹਾਂ ਸੰਪਰਦਾਈ ਧਿਰਾਂ ਦੇ ਵਿਰੋਧ ਦਾ ਇਕ ਬਹੁਤ ਵੱਡਾ ਹਥਿਆਰ ਹੈ ‘ਅਕਾਲ ਤਖਤ’ ਦੇ ਨਾਂ ਹੇਠ ਚਲਾ ਦਿਤੀ ਗਈ ਪੁਜਾਰੀ ਵਿਵਸਥਾ। ਇਸ ਥਾਣੇ ਵਰਗੀ ਵਿਵਸਥਾ ਦਾ ਪ੍ਰਭਾਵ ਆਪਣੇ ਆਪ ਨੂੰ ਸੁਚੇਤ ਪੰਥ ਦਾ ਹਿੱਸਾ ਮੰਨਣ ਵਾਲੇ, ਮਿਸ਼ਨਰੀ ਕਾਲਜ ਅਤੇ ਹੋਰ ਵਿਦਵਾਨ ਆਦਿ, ਵੀ ਕਬੂਲਦੇ ਹਨ।
ਅਕਾਲ ਤਖਤ ਦੇ ਨਾਂ ਹੇਠ ਤੁਰ ਰਹੀ ਇਸ ਪੁਜਾਰੀ ਪ੍ਰਣਾਲੀ ਨੇ ਆਪਣੇ ਕੁਹਾੜੇ ਨੂੰ ਦੁਬਾਰਾ ਤੋਂ ਧਾਰ ਲਾਉਣੀ ਸ਼ੁਰੂ ਕਰ ਦਿਤੀ ਹੈ। ਇਸ ਵਾਰ ਇਹ ਕੁਹਾੜਾ ਭਾਈ ਰਣਜੀਤ ਸਿੰਘ ਢੱਡਰੀਆਂ ਵਿਰੁਧ ਵਰਤਣ ਦੀ ਤਿਆਰੀ ਹੈ। ਰਣਜੀਤ ਸਿੰਘ ਜੀ ਢੱਡਰੀਆਂ ਦੇ ਪਿਛਲੇ ਸਮੇਂ ਨੌਵੇਂ ਪਾਤਸ਼ਾਹ ਜੀ ਦੇ ਭੋਰੇ ਵਿਚ ਤਪਸਿਆ ਕਰਨ ਦੀ ਮਾਨਤਾ ਨੂੰ ਰੱਦ ਕਰਦੇ ਅਤੇ ਐਸੇ ਕੁਝ ਹੋਰ ਨੁਕਤਿਆਂ ਬਾਰੇ ਪ੍ਰਚਾਰ ਨੂੰ ਆਧਾਰ ਬਣਾ ਕੇ ਉਨ੍ਹਾਂ ਨੂੰ ਪੁਜਾਰੀ-ਕਚਹਿਰੀ ਵਿਚ ਬੁਲਾਉਣ ਦੀਆਂ ਕਨਸੋਆਂ ਸ਼ੁਰੂ ਹੋ ਗਈਆਂ ਹਨ। ਕੁਝ ਸੰਪਰਦਾਈਆਂ ਵਲੋਂ ਇਨ੍ਹਾਂ ਪੁਜਾਰੀਆਂ ਅੱਗੇ ਇਸ ਬਾਬਤ ਰਸਮੀ ਸ਼ਿਕਾਇਤ ਦਰਜ ਕਰਵਾ ਕੇ ਇਸ ਦਾ ਮੁੱਢ ਬੰਨ੍ਹ ਦਿਤਾ ਗਿਆ ਹੈ। ਪੇਸ਼ੀ ਦਾ ਬੁਲਾਵਾ ਕਦੀ ਵੀ ਆ ਸਕਦਾ ਹੈ। ਐਸਾ ਨਹੀਂ ਹੈ ਕਿ ਇਨ੍ਹਾਂ ਨੁਕਤਿਆਂ ਤੇ ਰਣਜੀਤ ਸਿੰਘ ਜੀ ਨੇ ਐਸਾ ਸੱਚ ਪਹਿਲੀ ਵਾਰ ਬੋਲਿਆ ਹੈ। ਇਸ ਤੋਂ ਪਹਿਲਾਂ ਵੀ ਅਨੇਕਾਂ ਸੁਚੇਤ ਵਿਦਵਾਨ ਅਤੇ ਪ੍ਰਚਾਰਕ ਇਸ ਤੋਂ ਵੀ ਅੱਗੇ ਦਾ ਸੱਚ ਪੇਸ਼ ਕਰਦੇ ਰਹੇ ਹਨ। ਪਰ ਪੁਜਾਰੀਆਂ ਨੂੰ ਲਗਦਾ ਹੈ ਕਿ ਇਸ ਸਮੇਂ ਰਣਜੀਤ ਸਿੰਘ ਦਾ ਪ੍ਰਚਾਰ ਪ੍ਰਭਾਵਸ਼ਾਲੀ ਢੰਗ ਨਾਲ ਹੋ ਰਿਹਾ ਹੈ। ਸੋ ‘ਹੁਕਮਨਾਮੇ’ ਦਾ ਕੁਹਾੜਾ ਵਰਤ ਕੇ ਉਨ੍ਹਾਂ ਨੂੰ ਸੱਚ ਦੀ ਰਾਹ ਤੋਂ ਥਿੜਕਾਉਣ ਦਾ ਯਤਨ ਕੀਤਾ ਜਾਵੇਗਾ।
ਐਸੇ ਮਾਹੌਲ ਵਿਚ ਭਾਈ ਢੱਡਰੀਆਂ ਨੂੰ ਬੇਹਦ ਸੁਚੇਤ ਅਤੇ ਦ੍ਰਿੜ ਹੋ ਕੇ ਫੈਸਲਾ ਲੈਣਾ ਪਵੇਗਾ। ਇਸ ਲਈ ਪਿੱਛਲੇ ਸਮੇਂ ਵਿਚ ‘ਤੱਤ ਗੁਰਮਤਿ’ ਦੀ ਗੱਲ ਕਰਵ ਵਾਲੇ ਪ੍ਰਚਾਰਕਾਂ ਵਲੋਂ ਇਸ ਪੁਜਾਰੀ ਵਿਵਸਥਾ ਬਾਰੇ ਲਏ ਸਟੈਂਡ ਦਾ ਵਿਸ਼ਲੇਸ਼ਨ ਲਾਭਦਾਇਕ ਹੋ ਸਕਦਾ ਹੈ। ਤੱਤ ਗੁਰਮਤਿ ਪਰਿਵਾਰ ਆਪਣਾ ਫਰਜ਼ ਤੇ ਹੱਕ ਸਮਝਦੇ ਹੋਏ ਇਸ ਬਾਰੇ ਕੁਝ ਵਿਚਾਰ ਪੇਸ਼ ਕਰ ਰਿਹਾ ਹੈ।
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਬਾਬਾ ਨਾਨਕ ਵਲੋਂ ਸ਼ੁਰੂ ਕੀਤੇ ਇਨਕਲਾਬ ਵਿਚ ਇਸ ਪ੍ਰਕਾਰ ਦੀ ਕਿਸੇ ਵੀ ਪੁਜਾਰੀ ਵਿਵਸਥਾ ਲਈ ਕੋਈ ਥਾਂ ਨਹੀਂ, ਭਾਂਵੇ ਉਸ ਵਿਵਸਥਾ ਲਈ ਕਿਤਨੇ ਵੀ ਲੁਭਾਵਨੇ ਲਕਬ ਕਿਉਂ ਨਾ ਵਰਤ ਲਏ ਜਾਣ ( ਅਕਾਲ ਤਖਤ, ਜਥੇਦਾਰ ਆਦਿ)। ਇਸ ਬਾਰੇ ਪਹਿਲਾਂ ਵੀ ਬਹੁਤ ਕੁਝ ਤੱਥਾਂ ਨਾਲ ਲਿਖਿਆ ਜਾ ਚੁਕਿਆ ਹੈ। ‘ਅਕਾਲ ਤਖਤ’ ਨਾਂ ਦੀ ਇਸ ਪੁਜਾਰੀ ਵਿਵਸਥਾ ਦੇ ਇਤਿਹਾਸ ਦੀ ਪੜਚੋਲ ਤੋਂ ਵੀ ਇਹ ਤੱਥ ਸਪਸ਼ਟ ਹੋ ਜਾਂਦਾ ਹੈ ਕਿ ਇਹ ਵਿਵਸਥਾ ਲਗਭਗ ਹਮੇਸ਼ਾਂ ਹੀ ਹਾਕਮਾਂ ਦੇ ਮੋਹਰੇ ਵਜੋਂ ਵਿਚਰਦੀ ਰਹੀ ਹੈ ਉਹ ਭਾਂਵੇ ਅਰੂੜ ਸਿੰਘ ਹੋਵੇ ਜਾਂ ਅਜੌਕਾ ਮਹਾਂ-ਪੁਜਾਰੀ ਗੁਰਬਚਣ ਸਿੰਘ। ਜਨਰਲ ਡਾਇਰ ਨੂੰ ਸਿਰੋਪਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ’ ਦਾ ਖਿਤਾਬ- ਹੋਰ ਕਿਸੇ ਸਬੂਤ ਦੀ ਲੋੜ ਬਾਕੀ ਹੈ ?
ਸੋ ਇਹ ਖਰਾ ਸੱਚ ਹੈ ਕਿ ਬਾਬਾ ਨਾਨਕ ਦੇ ਇਨਕਲਾਬੀ ਰਾਹ ਦਾ ਪਾਂਧੀ ਇਸ ‘ਪੁਜਾਰੀ-ਵਿਵਸਥਾ’ ਨੂੰ ਮੂਲੋਂ ਨਕਾਰ ਕੇ ਹੀ ਬਣਿਆ ਜਾ ਸਕਦਾ ਹੈ। ਆਨੇ-ਬਹਾਨੇ ਇਸ ਵਿਵਸਥਾ ਨੂੰ ਮਾਨਤਾ ਦੇਣ ਦੇ ਕੁ-ਕਰਮ ਕਾਰਨ ਮਿਸ਼ਨਰੀ ਕਾਲਜਾਂ ਦੀ ਦੁਬਿਧਾਮਈ ਹਾਲਾਤ ਬਾਰੇ ਇਕ ਸ਼ਿਅਰ ਬਹੁਤ ਹੀ ਢੁਕਵਾਂ ਹੈ
“ਨਾ ਖੁਦਾ ਹੀ ਮਿਲਾ, ਨ ਵਿਸਾਲੇ ਸਨਮ। ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।”
ਗੱਲ ਚਲ ਰਹੀ ਸੀ ਇਸ ਪੁਜਾਰੀ ਵਿਵਸਥਾ ਦੇ ਸ਼ਿਕਾਰ ਬਣੇ ਕੁਝ ਪ੍ਰਚਾਰਕਾਂ ਦੀ। ਗਿਆਨੀ ਭਾਗ ਸਿੰਘ ਅੰਬਾਲਾ ਇਨ੍ਹਾਂ ਦਾ ਪਹਿਲਾ ਸ਼ਿਕਾਰ ਬਣੇ। ਅਖੌਤੀ ਦਸਮ ਗ੍ਰੰਥ ਦਾ ਪਾਜ ਉਘਾੜਣ ਵਿਚ ਉਨ੍ਹਾਂ ਦਾ ਯੋਗਦਾਨ ਬਾ-ਕਮਾਲ ਸੀ ਪਰ ਉਹ ਅਕਾਲ ਤਖਤੀ ਪੁਜਾਰੀ ਮਾਨਸਿਕਤਾ ਤੋਂ ਪੂਰੀ ਤਰਾਂ ਆਜ਼ਾਦ ਨਹੀਂ ਹੋ ਸਕੇ ਅਤੇ ਮਸਕੀਨ ਜੀ ਦੀਆਂ ਮੋਮੇਠੱਗਣੀਆਂ ਦੇ ਸ਼ਿਕਾਰ ਹੋ ਕੇ ‘ਮਾਫੀਨਾਮਾ’ ਲਿਖ ਆਏ। ਇਹ ਵੀ ਸੁਨਣ ਵਿਚ ਆਉਂਦਾ ਹੈ ਕਿ ਉਨ੍ਹਾਂ ਨੂੰ ਪੁਜਾਰੀਆਂ ਸਾਹਮਣੇ ਆਪਣੇ ਇਸ ਸਮਰਪਣ ਦਾ ਅਫਸੋਸ ਤਮਾਮ ਉਮਰ ਰਿਹਾ। ਇਸ ਉਪਰੰਤ ਇਸ ਵਿਵਸਥਾ ਦਾ ਸ਼ਿਕਾਰ ਬਣੇ, ਪੁਨਰਜਾਗਰਨ ਲਹਿਰ ਨੂੰ ਮਜ਼ਬੂਤ ਆਧਾਰ ਦੇਣ ਵਾਲੇ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ। ਉਨ੍ਹਾਂ ਨੇ ਇਸ ਪੁਜਾਰੀ ਵਿਵਸਥਾ ਨੂੰ ਨਕਾਰਿਆ ਅਤੇ ਪੁਜਾਰੀਆਂ ਸਾਹਮਣੇ ਪੇਸ਼ ਹੋਣ ਦੀ ਥਾਂ, ਉਨ੍ਹਾਂ ਨੂੰ ਸੰਵਾਦ ਕਰਨ ਦਾ ਚੈਲੰਜ ਕੀਤਾ। ਜਦੋਂ ਇਹ ਪੁਜਾਰੀ ਵੀਡੀਉ ਕਾਨਫਰਾਂਸਿੰਗ ਰਾਹੀਂ ‘ਸੰਵਾਦ’ ਤੋਂ ਬਿਲਕੁਲ ਮੌਕੇ ਵਾਦੇ ਤੋਂ ਭਗੌੜੇ ਹੋ ਗਏ ਤਾਂ ਉਨ੍ਹਾਂ ਨੇ ਵੀ ਇਨ੍ਹਾਂ ਪੁਜਾਰੀਆਂ ਦੀ ਈਨ ਮੰਨਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ।
ਇਨ੍ਹਾਂ ਦੇ ਅਗਲੇ ਸ਼ਿਕਾਰ ਬਣੇ ਸ੍ਰ. ਜੋਗਿੰਦਰ ਸਿੰਘ ਜੀ ਸਪੋਕਸਮੈਨ। ਇਸ ਪੁਜਾਰੀ ਵਿਵਸਥਾ ਬਾਰੇ ਉੁਨ੍ਹਾਂ ਦੇ ਸਪੋਸਕਸਮੈਨ ਰਾਹੀ ਜਿਤਨਾ ਲੋਕਾਂ ਨੂੰ ਜਾਗ੍ਰਿਤ ਕੀਤਾ, ਉਸ ਤੋਂ ਵੱਧ ਸਲਾਹੁਣ ਯੋਗ ਉਨ੍ਹਾਂ ਦਾ ਇਸ ਪੁਜਾਰੀ ਵਿਵਸਥਾ ਬਾਰੇ ਲਿਆ ਸਟੈਂਡ ਰਿਹਾ। ਉਨ੍ਹਾਂ ਨੇ ਇਨ੍ਹਾਂ ਪੁਜਾਰੀਆਂ ਦੀ ਹੋਂਦ ਨੂੰ ਸਿਰੇ ਤੋਂ ਸਿਰਫ ਨਕਾਰਿਆ ਹੀ ਨਹੀਂ ਬਲਕਿ ਇਨ੍ਹਾਂ ਨੂੰ ਕਾਨੂੰਨੀ ਦਾਅ-ਪੇਚ ਵਿਚ ਵੀ ਮਾਤ ਦੇ ਦਿਤੀ। ਉਨ੍ਹਾਂ ਨੇ ਕਦੇ ਪੁਜਾਰੀਆਂ ਦੀ ਈਨ ਨਹੀਂ ਮੰਨੀ। ਇਸ ਤੋਂ ਅਗਲਾ ਨੰਬਰ ਪ੍ਰੋ. ਦਰਸ਼ਨ ਸਿੰਘ ਜੀ ਦਾ ਲਗਿਆ। ਉਨ੍ਹਾਂ ਨੇ ਪੁਜਾਰੀਆਂ ਸਾਹਮਣੇ ਬੰਦ-ਕਮਰੇ ਵਿਚ ਪੇਸ਼ ਨਾ ਹੋਣ ਅਤੇ ਸੰਗਤ ਵਿਚ ਸੰਵਾਦ ਰਚਾਉਣ ਦਾ ਦਾ ਸਟੈਂਡ ਤਾਂ ਲਿਆਂ ਪਰ ਇਸ ਵਿਵਸਥਾ ਨੂੰ ਪੂਰੀ ਤਰਾਂ ਰੱਦ ਨਾ ਕਰਦੇ ਹੋਏ ਗੋਲਕ ਤੇ ਆਪਣਾ ਸਪਸ਼ਟੀਕਰਨ ਰੱਖਕੇ, ਇਸਨੂੰ ਛੇਵੇਂ ਪਾਤਸ਼ਾਹ ਨੂੰ ਦਿਤਾ ਸਪਸ਼ਟੀਕਰਨ ਕਿਹਾ, ਜੋ ਕਿ ਕੁੱਝ ਹੱਦ ਤੱਕ ਹਾਸੋਹੀਣੀ ਗੱਲ ਸੀ। ਕਿਉਂਕਿ ਉਨ੍ਹਾਂ ਕੋਲੋਂ ਸਪਸ਼ਟੀਕਰਨ ਛੇਵੇਂ ਪਾਤਸ਼ਾਹ ਨੇ ਨਹੀਂ, ਪੁਜਾਰੀਆਂ ਨੇ ਮੰਗਿਆ ਸੀ। ਉਨ੍ਹਾਂ ਦੇ ਮਨ ਵਿਚ ਇਸ ਪੁਜਾਰੀ ਵਿਵਸਥਾ ਨੂੰ ਮਾਨਤਾ ਦਾ ਇਕ ਵੱਡਾ ਕਾਰਨ ਉਨ੍ਹਾਂ ਦਾ ਕਿਸੇ ਸਮੇਂ ਇਸ ਵਿਵਸਥਾ ਹੇਠ ‘ਮੁੱਖ-ਪੁਜਾਰੀ’ ਹੋਣਾ ਹੈ। ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਹੁਣ ਵੀ ਉਨ੍ਹਾਂ ਦੇ ਨਾਂ ਨਾਲ ਲਿਖਿਆ ਜਾਂਦਾ ਉਸ ਪੁਜਾਰੀ ਵਿਵਸਥਾ ਦਾ ਲਕਬ ‘ਸਾਬਕਾ ਮੁੱਖ ਸੇਵਾਦਾਰ’ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸ਼ਾਇਦ ਉਨ੍ਹਾਂ ਦੀ ਇਸ ਪੁਜਾਰੀ ਵਿਵਸਥਾ ਬਾਰੇ ਦੁਬਿਧਾ ਅਤੇ ਮੋਹ ਹਾਲੀਂ ਵੀ ਪੂਰੀ ਤਰਾਂ ਖਤਮ ਨਹੀਂ ਹੋਇਆ। ਇਸਦੇ ਮੁਕਾਬਲੇ ਭਾਈ ਢੱਢਰੀਆਂ ਵਾਲੇ ਵਲੋਂ ਆਪਣੇ ਇਕ ਤਾਜ਼ਾ ਵੀਡੀਉ ਵਿਚ ਇਹ ਗੱਲ ਬਹੁਤ ਖੁੱਲ ਕੇ ਮੰਨੀ ਗਈ ਹੈ ਕਿ ਉਹ ਵੀ ਗਲਤ ਸੋਚ ਹੇਠ ਮਨਮੱਤੀ ਡੇਰੇਵਾਦੀ ਵਿਵਸਥਾ ਦਾ ਹਿੱਸਾ ਹੁੰਦੇ ਹੋਏ ਐਸੀਆਂ ਮਨਮੱਤਾਂ ਕਰਦੇ ਰਹੇ ਹਨ। ਇਹ ਇਕ ਬਹੁਤ ਹੀ ਸਹੀ, ਦ੍ਰਿੜ ਅਤੇ ਦਲੇਰਾਨਾ ਪਹੁੰਚ ਹੈ ਜਿਸਦੀ ਮਿਸਾਲ ਬਹੁੱਤ ਹੀ ਘੱਟ ਮਿਲਦੀ ਹੈ।


ਇਸ ਕੜੀ ਵਿਚ ਪੁਜਾਰੀ ਕਚਹਿਰੀ ਦਾ ਅਗਲਾ ਹੁਕਮ ਜ਼ਾਰੀ ਹੋਇਆ, ਮਿਸ਼ਨਰੀ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ ਦੇ ਨਾਮ। ਧੂੰਦਾ ਜੀ ਇਕ ਸਮੇਂ ਗੁਰਮਤਿ ਦੇ ‘ਸਟਾਰ ਪ੍ਰਚਾਰਕ’ ਵਜੋਂ ਵਿਚਰਦੇ ਸਨ ਅਤੇ ਉਨ੍ਹਾਂ ਦੀ ਕਥਾ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਵੱਡੇ ਚਾਅ ਨਾਲ ਸੁਣਿਆ ਜਾਂਦਾ ਸੀ। ਉਨ੍ਹਾਂ ਦੀ ਇਹ ਮਕਬੂਲੀਅਤ ਸੰਪਰਦਾਈ ਧਿਰਾਂ ਤੋਂ ਸਹਿਣ ਨਹੀਂ ਹੋ ਰਹੀ ਸੀ। ਸੋ ਉਨ੍ਹਾਂ ਦੇ ਲੈਕਚਰ ਵਿਚਲੇ ਕੁਝ ਲਫਜ਼ਾਂ ਨੂੰ ਪ੍ਰਸੰਗ ਤੋਂ ਅਲਗ ਕਰਕੇ ਇਕ ਗੁਨਾਹ ਵਜੋਂ ਪੇਸ਼ ਕੀਤਾ ਗਿਆ ਅਤੇ ਮਿਲੀ ਸ਼ਿਕਾਇਤ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਆਪਣੇ ਪੁਜਾਰੀ ਕਚਹਿਰੀ ਵਿਚ ਪੇਸ਼ ਹੋਣ ਲਈ ਸੱਦ ਲਿਆ ਗਿਆ। ਪਰ ਸਟੇਜਾਂ ਤੇ ਗੁਰਮਤਿ ਦੇ ਵੱਡੇ-ਵੱਡੇ ਦਮਗੱਜੇ ਮਾਰਨ ਵਾਲੇ ਧੂੰਦਾ ਜੀ ਇਸ ਪ੍ਰੀਖਿਆ ਦੀ ਘੜੀ ਵਿਚ ਫੇਲ ਸਾਬਿਤ ਹੋਏ ਅਤੇ ‘ਸਟੇਜਾਂ ਦੇ ਮੋਹ’ ਅਤੇ ਆਪਣੀ ਸੰਸਥਾ ਦੇ ਦਬਾਅ ਆਦਿ ਬਹਾਨੇ ਬਣਾ ਕੇ ਪੁਜਾਰੀਆਂ ਅੱਗੇ ‘ਡੰਡਉਤ’ ਕਰਨ ਪੁੱਜ ਗਏ। ਉਨ੍ਹਾਂ (ਅਤੇ ਉਨ੍ਹਾਂ ਨੂੰ ਪੁਜਾਰੀਆਂ ਦੇ ਬਾੜੇ ਵਿਚ ਭੇਜਣ ਲਈ ਤਿਆਰ ਕਰਨ ਵਾਲੇ ਸੱਜਣਾਂ) ਵਲੋਂ ਆਪਣੇ ਇਸ ਗੀਧੀ ਕਦਮ ਰਾਹੀ ਗੁਰਮਤਿ ਇਨਕਲਾਬ ਦੀ ਕੁਝ ਮਜ਼ਬੂਤ ਹੁੰਦੀ ਲਹਿਰ ਦੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਗਿਆ। ਉਨ੍ਹਾਂ ਦੀ ਇਸ ਕਮਜ਼ੋਰੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਹੋਣ ਵਿਚ ਬਹੁਤ ਸਮਾਂ ਲਗ ਜਾਵੇਗਾ। ਪੁਜਾਰੀਆਂ ਅੱਗੇ ਸਮਰਪਣ ਤੋਂ ਬਾਅਦ ਉਨ੍ਹਾਂ ਦਾ ਪ੍ਰਭਾਵ ਵੀ ਬਹੁੱਤ ਘੱਟ ਗਿਆ। ਉਨ੍ਹਾਂ ਅਤੇ ਉਨ੍ਹਾਂ ਦੀ ਸੰਸਥਾ ਨੇ ‘ਰਾਮ ਰਾਇ’ ਦੀ ਤਰਜ਼ ਤੇ ਬੇਸ਼ਕ ਕੁੱਝ ਸਟੇਜ਼ਾਂ ਬਚਾ ਲਈਆਂ ਹੋਣ ਪਰ ਬਾਬਾ ਨਾਨਕ ਦੇ ਬੇਬਾਕ ਅਤੇ ਖਰੇ ਸੁਭਾਅ ਤੋਂ ਮੁੱਖ ਫੇਰ ਕੇ ਇਕ ਵਾਰ ਇਹ ਸਾਬਿਤ ਕਰ ਦਿਤਾ ਕਿ ਉਹ ਸੱਚਮੁੱਚ ‘ਸਿੱਖ ਮਿਸ਼ਨਰੀ’ ਹੀ ਹਨ, ਜਿਨ੍ਹਾਂ ਲਈ ਸਿਧਾਂਤ ਨਹੀਂ, ਸਮਝੌਤਾਵਾਦੀ ਰੁੱਖ ਹੀ ਪ੍ਰਮੁੱਖ ਹੈ। ਇਹ ਮਿਸ਼ਨਰੀ ਕਾਲਜ ਹੁਣ ਤੱਕ ਵੀ ਰਹਿਤ ਮਰਿਯਾਦਾ ਅਤੇ ਪੰਥ ਪ੍ਰਵਾਨਿਕਤਾ ਦੇ ਦਬਾਅ ਹੇਠ ਗੁਰਮਤਿ ਸਿਧਾਂਤਾ ਨੂੰ ਪਿੱਠ ਵਿਖਾਉਣ ਨੂੰ ਹੀ ‘ਸਿੱਖੀ’ ਮੰਨੀ ਬੈਠੇ ਹਨ। ਤਾਂ ਹੀ ਇਨ੍ਹਾਂ ਦੇ ਪ੍ਰਿੰਸੀਪਲ ਗੁਰਦੁਆਰਾ ਪ੍ਰਬੰਧ ਵਿਚ ਚੌਣ ਸਿਸਟਮ ਨੂੰ ਨਕਾਰਨ ਦੇ ਵੱਡੇ ਵੱਡੇ ਲੇਖ ਲਿਖਯ ਦੇ ਬਾਵਜੂਦ, ਉਸੇ ਚੌਣ ਸਿਸਟਮ ਰਾਹੀਂ ਸ਼੍ਰੋਮਣੀ ਕਮੇਟੀ ਮੈਂਬਰ ਬਣ ਜਾਂਦੇ ਹਨ, ਉਹ ਵੀ ਉਸ ਬਾਦਲ ਦਲ ਦੀ ਟਿਕਟ ਤੇ, ਜਿਸ ਬਾਰੇ ਸਿੱਖ ਸਮਾਜ ਵਿਚ ਸ਼ਾਇਦ ਕਿਸੇ ਵਿਰਲੇ ਨੂੰ ਹੀ ਇਸ ਸੱਚਾਈ ਬਾਰੇ ਕੋਈ ਸ਼ੱਕ ਹੋਵੇਗਾ ਕਿ ਉੁਹ ਪੰਥ ਵਿਰੋਧੀ ਤਾਕਤਾਂ ਦੇ ਇਕ ਮੋਹਰੇ ਵਜੋਂ ਵਿਚਰ ਰਿਹਾ ਹੈ।
ਸੋ ਸਪਸ਼ਟ ਹੈ ਕਿ ਬਾਬਾ ਨਾਨਕ ਜੀ ਦੇ ਗੁਰਮਤਿ ਇਨਕਲਾਬ ਦੇ ਮਾਰਗ ਦੇ ਪਾਂਧੀ ਬਨਣ ਲਈ ਦੁਬਿਧਾ (ਡਗਮਗ) ਅਤੇ ਸਮਝੌਤਾਵਾਦੀ ਪਹੁੰਚ ਤਿਆਗ ਕੇ, ਖਰਾ ਅਤੇ ਸਪਸ਼ਟ ਸਟੈਂਡ ਲੈਣ ਦੀ ਜ਼ਰੂਰਤ ਹੈ। ਅਕਾਲ ਤਖਤ ਜਾਂ ਕਿਸੇ ਵੀ ਹੋਰ ਲੁਭਾਵਨੇ ਨਾਂ ਹੇਠ ਪ੍ਰਚਲਿਤ ਕਿਸੇ ਵੀ ਤਰਾਂ ਦੀ ਪੁਜਾਰੀ-ਵਿਵਸਥਾ ਸਿੱਖੀ ਵਿਚ ਪ੍ਰਵਾਨ ਨਹੀਂ। ਪੰਥ ਪ੍ਰਵਾਨਿਕਤਾ ਅਤੇ ਪ੍ਰਚਲਿਤ ਰਹਿਤ ਮਰਿਯਾਦਾ ਆਦਿ ਦੇ ਬੋਝ ਹੇਠ ਸਿਧਾਂਤ ਨੂੰ ਪਿੱਠ ਵਿਖਾਉਣ ਦੇ ਹਿਮਾਇਤੀ ਇਸ ਰਾਹ ਤੋਂ ਥਿੜਕਦੇ ਹੀ ਰਹੇ ਹਨ ਅਤੇ ਰਹਿਣਗੇ। ਭਾਈ ਰਣਜੀਤ ਸਿੰਘ ਜੀ ਪੁਜਾਰੀਆਂ ਦੇ ਬੁਲਾਵੇ ਤੇ ਕੀ ਸਟੈਂਡ ਲੈਂਦੇ ਹਨ, ਇਹ ਗੱਲ ਮੌਜੂਦਾ ਪੁਨਰਜਾਗਰਨ ਲਹਿਰ ਦਾ ਭਵਿੱਖ ਤੈਅ ਕਰੇਗੀ।
ਤੱਤ ਗੁਰਮਤਿ ਪਰਿਵਾਰ ਨੇ ਪ੍ਰੋ. ਦਰਸ਼ਨ ਸਿੰਘ ਜੀ ਵੇਲੇ ਅਤੇ ਪ੍ਰੋ. ਧੂੰਦਾ ਜੀ ਦੀ ਪੇਸ਼ੀ ਦੇ ਆਦੇਸ਼ ਵੇਲੇ ਵੀ ਨਿਮਰਤਾ ਅਤੇ ਦ੍ਰਿੜਤਾ ਨਾਲ ਇਹ ਹੋਕਾ ਰੂਪੀ ਸੁਝਾਅ ਦਿਤਾ ਸੀ ਕਿ ਨਿਰੋਲ ਗੁਰਮਤਿ ਮਾਰਗ ਦੇ ਹਮਸਫਰ ਅਤੇ ਲੀਡਰ ਬਨਣ ਲਈ ਇਹ ਜ਼ਰੂਰੀ ਹੈ ਕਿ ਇਸ ਪੁਜਾਰੀ ਵਾਦੀ ਵਿਵਸਥਾ ਨੂੰ ਮੂਲੋਂ ਹੀ ਨਕਾਰ ਦਿਤਾ ਜਾਵੇ। ਪਰ ਇਸ ਸਲਾਹ ਨੂੰ ਅਨਗੌਲਿਆ ਕਰਦੇ ਹੋਏ ਇਨ੍ਹਾਂ ਸੱਜਣਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਉਸ ਪੁਜਾਰੀ ਵਿਵਸਥਾ ਨੂੰ ਮਾਨਤਾ ਹੀ ਦਿਤੀ। ਪ੍ਰੋ. ਧੂੰਦਾ ਤਾਂ ਪੁਜਾਰੀਆਂ ਅੱਗੇ ਪੂਰੀ ਤਰਾਂ ਗੋਡੇ ਹੀ ਟੇਕ ਆਏ। ਹਾਂ, ਇਸ ਵਿਸ਼ੇ ਤੇ ਜੋਗਿੰਦਰ ਸਿੰਘ ਜੀ ਸਪੋਕਸਮੈਨ ਦਾ ਸਟੈਂਡ ਸਹੀ ਕਿਹਾ ਜਾ ਸਕਦਾ ਹੈ।
ਤੱਤ ਗੁਰਮਤਿ ਪਰਿਵਾਰ ਭਾਈ ਰਣਜੀਤ ਸਿੰਘ ਜੀ ਢੱਢਰੀਆਂ ਨੂੰ ਇਹ ਨਿਸ਼ਕਾਮ ਸਲਾਹ ਦੇਣਾ ਚਾਹੁੰਦਾ ਹੈ ਕਿ ਉਹ ਜਿਸ ਨਾਨਕ ਇਨਕਲਾਬ ਦੀ ਰਾਹ ਤੇ ਤੁਰਨ ਦੀ ਲਾ-ਮਿਸਾਲ ਹਿੰਮਤ ਵਿਖਾ ਰਹੇ ਹਨ, ਉਸ ਨੂੰ ਅਕਾਲ ਤਖਤ ਦੇ ਜ਼ਜ਼ਬਾਤੀ ਬਹਿਕਾਵੇ ਵਿਚ ਆ ਕੇ ਪਿੱਠ ਨਾ ਵਿਖਾਉਣ। ਬੇਬਾਕੀ ਅਤੇ ਦ੍ਰਿੜਤਾ ਨਾਲ ਇਹ ਐਲਾਣ ਕਰ ਦੇਣ ਕਿ ਉਹ ਇਸ ਪੁਜਾਰੀਵਾਦੀ ਵਿਵਸਥਾ ਨੂੰ ਗੁਰਮਤਿ ਅਨੁਸਾਰ ਗਲਤ ਮੰਨਦੇ ਹੋਏ ਕੋਈ ਮਾਨਤਾ ਨਹੀਂ ਦੇਂਦੇ। ਜੇ ਉਹ ਕਿਸੇ ਵੀ ਰੂਪ ਵਿਚ ਪੁਜਾਰੀ ਆਦੇਸ਼ ਨੂੰ ਪ੍ਰਵਾਨ ਕਰਦੇ ਹਨ ਤਾਂ ਉਹ ਉਸ ਚਕ੍ਰਵਿਉਹ ਵਿਚ ਫਸ ਜਾਣਗੇ।
ਇਸ ਨਾਲ ਹੀ ਅਸੀਂ ਭਾਈ ਰਣਜੀਤ ਸਿੰਘ ਜੀ ਨੂੰ ਇਹ ਵੀ ਨਿਸ਼ਕਾਮ ਸਲਾਹ ਦੇਣਾ ਚਾਹੁੰਦੇ ਹਨ ਕਿ ਉਹ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਤੱਤ ਗੁਰਮਤਿ ਦੇ ਖੇਤਰ ਵਿਚ ਜੋ ਵੀ ਉਨ੍ਹਾਂ ਤੋਂ ਅੱਗੇ ਦੀ ਗੱਲ ਕਰ ਰਿਹਾ ਹੈ, ਉਸ ਦੀ ਨਿੰਦਾ ਜਾਂ ਆਧਾਰ-ਵਿਹੂਣੀ ਆਲੋਚਣਾ ਨਾ ਕਰਨ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਜੋ ਗੱਲ ਹਾਲੀਂ ਪੂਰੀ ਤਰਾਂ ਸਮਝ ਨਹੀਂ ਪਈ, ਉਹ ਨਿਕੱਟ ਭਵਿੱਖ ਵਿਚ ਸਮਝ ਆ ਜਾਵੇ। ਕੁੱਝ ਦਿਨ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਲੈ ਕੇ ਉਨ੍ਹਾਂ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਦੀ ਕੀਤੀ ਹਲਕੇ ਪੱਧਰ ਦੀ ਆਲੋਚਣਾ ਇਸ ਦਾ ਸਬੂਤ ਹੈ। ਬਾਬਾ ਨਾਨਕ ਜੀ ਦੇ ਮਨੁੱਖਤਾਵਾਦੀ ਇਨਕਲਾਬ ਨੂੰ ਸਮੇਂ ਨਾਲ ਪੁਜਾਰੀਆਂ ਨੇ ਕਿਸ ਹੱਦ ਤੱਕ ਭਟਕਾਅ ਦਿੱਤਾ ਹੈ, ਇਸ ਦੀਆਂ ਕਈਂ ਪਰਤਾਂ ਖੁਲਣੀਆਂ ਹਾਲੀਂ ਬਾਕੀ ਹੈ। ਸੋ ਕਈਂ ਵਾਰ ਸਾਨੂੰ ਇਹ ਲਗਦਾ ਹੈ ਕਿ ਅੱਗੇ ਦੀ ਗੱਲ ਕਰ ਰਿਹਾ ਸ਼ਖਸ ਗਲਤ ਹੈ ਪਰ ਸਮਾਂ ਪਾ ਕੇ ਸਾਡੀ ਇਹ ਮਾਨਤਾ ਝੂਠੀ ਪੈ ਜਾਂਦੀ ਹੈ। ਪ੍ਰੋ. ਦਰਸ਼ਨ ਸਿੰਘ ਜੀ ਸਮੇਤ ਸਾਰਿਆਂ ਨੂੰ ਅਸੀਂ ਉਸ ਸਮੇਂ ਵੀ ਇਹ ਸਲਾਹ ਦਿੰਦੇ ਸੀ ਕਿ ਰਹਿਤ ਮਰਿਯਾਦਾ ਵਿਚਲੀਆਂ ਦਸਮ ਗ੍ਰੰਥੀ ਰਚਨਾਵਾਂ ਸਮੇਤ ਅਨੇਕਾਂ ਨੁਕਤਿਆਂ ਤੇ ਸਮਰਥਨ ਜਾਂ ਸਮਝੌਤਾਵਾਦੀ ਰੁੱਖ ਅਪਨਾਉਣ ਦੀ ਥਾਂ ਸਪਸ਼ਟ ਸਟੈਂਡ ਲੈਣਾ ਜ਼ਰੂਰੀ ਹੈ ਪਰ ਉਹ ਅਤੇ ਉਨ੍ਹਾਂ ਦੇ ਸਮਰਥਕ ਸਾਡੀ ਇਸ ਸਲਾਹ ਤੋਂ ਨਰਾਜ਼ ਹੋ ਜਾਂਦੇ ਸਨ। ਅੱਜ ਉਹ ਲਗਭਗ ਉਸੀ ਸੋਚ ਤੇ ਆ ਕੇ ਖੜੇ ਹੋ ਗਏ ਹਨ ਜਿਸ ਬਾਰੇ ਤੱਤ ਗੁਰਮਤਿ ਪਰਿਵਾਰ ਦਾ ਸਪਸ਼ਟ ਸਟੈਂਡ ਸੀ ਅਤੇ ਉਨ੍ਹਾਂ ਨੂੰ ਆਗਾਹ ਕਰਦਾ ਸੀ, ਪਰ ਨੇਕ ਨੀਅਤੀ ਦੀ ਘਾਟ ਕਾਰਨ ਉਹ ਅੱਜ ਵੀ ‘ਤੱਤ ਗੁਰਮਤਿ ਪਰਿਵਾਰ’ ਨਾਲ ਮਨ ਵਿਚ ਖਾਰ ਬਣਾਈ ਬੈਠੇ ਹਨ। ਖੈਰ! ਸਾਡਾ ਮਕਸਦ ਹਾਂ-ਪੱਖੀ ਆਲੋਚਣਾ ਕਰਨਾ ਹੈ, ਉਹ ਅਸੀਂ ਕਰਦੇ ਰਹਾਂਗੇ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਪ੍ਰੋ. ਦਰਸ਼ਨ ਸਿੰਘ ਜੀ ਨੇ ਜਿਸ ਤਰਾਂ (ਭਾਂਵੇ ਦੇਰੀ ਨਾਲ ਹੀ ਸਹੀ) ਗੁਰਮਤਿ ਪ੍ਰਤੀ ਦ੍ਰਿੜਤਾ ਵਿਖਾਉਣੀ ਸ਼ੁਰੂ ਕੀਤੀ ਹੈ, ਉਹ ਵੀ ਆਪਣੇ ਆਪ ਵਿਚ ਲਾ-ਮਿਸਾਲ ਹੈ। ਉਹ ਜੇ ਚਾਹੁੰਦੇ ਤਾਂ ਹੋਰ ਮਸ਼ਹੂਰ ਰਾਗੀਆਂ ਅਤੇ ਕਥਾ ਵਾਚਕਾਂ ਵਾਂਗ ਆਮ ਸਿੱਖਾਂ ਨੂੰ ਕੰਨ ਰਸ ਦਾ ਗੁਲਾਮ ਬਣਾ ਕੇ ਚੰਗੀ ਤਕੜੀ ਕਮਾਈ ਅਤੇ ਮਾਨਤਾ ਦਾ ਮਾਨਸਿਕ ਸੁੱਖ ਭੋਗਦੇ ਰਹਿ ਸਕਦੇ ਸਨ। ਪਰ ਉਨ੍ਹਾਂ ਨੇ ਇਸ ਕੂੜ ਦਾ ਮੋਹ ਤਿਆਗ ਕੇ ਸੱਚ ਦੇ ਰਾਹ ਤੇ ਤੁਰਣ ਦਾ ਫੈਸਲਾ ਕੀਤਾ, ਜੋ ਬਹੁੱਤ ਕਾਬਲ-ਏ-ਤਾਰੀਫ ਹੈ।
ਭਾਈ ਰਣਜੀਤ ਸਿੰਘ ਜੀ ਢੱਡਰੀਆਂ ਜਿਸ ਬੇਬਾਕੀ ਅਤੇ ਦ੍ਰਿੜਤਾ ਨਾਲ ਤੱਤ ਗੁਰਮਤਿ ਦਾ ਪ੍ਰਚਾਰ (ਜਿਥੋਂ ਤੱਕ ਉਨ੍ਹਾਂ ਦੀ ਸਮਝ ਵਿਚ ਆ ਚੁੱਕਾ ਹੈ) ਕਰ ਰਹੇ ਹਨ, ਉਹ ਸੁਆਗਤ ਯੋਗ ਹੈ। ਪਰ ਉਨ੍ਹਾਂ ਨੂੰ ਇਕ ਸਲਾਹ ਹੈ ਕਿ ਸੰਪਰਦਾਈ ਧਿਰਾਂ ਦੇ ਸੱਜਣ ਉਨ੍ਹਾਂ ਨੂੰ ਸਿੱਖ ਸਮਾਜ ਦੀ ਮਾਨਸਿਕਤਾ ਵਿਚ ਘਰ ਕਰ ਚੁੱਕੀਆਂ ਮਨਮੱਤੀਂ ਮਾਨਤਾਵਾਂ ਸੰਬੰਧੀ ਕੁਝ ਨਿੱਕੇ ਨੁਕਤਿਆਂ ਤੇ ਘੇਰ ਕੇ ਉਨ੍ਹਾਂ ਤੇ ਸੰਗਤ ਦਾ ਦਬਾਅ ਦਰਸਾਉਣਗੇ। ਇਸ ਮਸਲੇ ਤੇ ਭਾਈ ਜੀ ਨੂੰ ਇਹ ਫੈਸਲਾ ਦ੍ਰਿੜਤਾ ਨਾਲ ਕਰਨਾ ਹੈ ਕਿ ਉਨ੍ਹਾਂ ਨੇ ਜ਼ਜਬਾਤੀ ਮਾਨਤਾਵਾਂ ਦੇ ਦਬਾਅ ਹੇਠ ‘ਬੈਕ-ਫੁਟ’ ਤੇ ਜਾ ਕੇ ਆਪਣੇ ਆਪ ਨੂੰ ਜਸਟੀਫਾਈ ਕਰਨਾ ਹੈ ਜਾਂ ਗਲਤ ਦਬਾਅ ਨੂੰ ਨਕਾਰਦੇ ਹੋਏ ਨਿਰੋਲ ਸੱਚ ਦਾ ਸਾਥ ਦੇਣਾ ਹੈ। ਇਸ ਦੀ ਤਾਜ਼ਾ ਮਿਸਾਲ ਉਨ੍ਹਾਂ ਦਾ ਇਕ ਵੀਡੀਉ ਹੈ ਜਿਸ ਵਿਚ ਉਹ ਕੁਝ ਲੋਕਾਂ ਵਲੋਂ ਸਰੋਵਰ ਦੇ ਪਾਣੀ ਨੂੰ ‘ਅੰਮ੍ਰਿਤ’ ਦੀ ਬਜਾਇ ‘ਪਾਣੀ’ ਕਹਿਣ ਤੇ ਉਨ੍ਹਾਂ ਨੂੰ ਭੰਡ ਰਹੇ ਸਨ। ਇਸ ਮਸਲੇ ਤੇ ਉਹ ਸਪਸ਼ਟੀਕਰਨ ਦੇਂਦੇ ਹੋਏ ਇਕ ਥਾਂ ਕਹਿ ਰਹੇ ਹਨ ਮੈਂ ਸਰੋਵਰ ਦਾ ਪਾਣੀ ਲਿਆਉਣ ਤੋਂ ਮਨਾ ਨਹੀਂ ਕੀਤਾ ਬਲਕਿ ਇਹ ਕਿਹਾ ਸੀ ਕਿ ‘ਪਾਣੀ ਵੀ ਲਿਆਉ ਤੇ ਬਾਣੀ ਵੀ’। ਕੈਨੀਆਂ ਅਤੇ ਬੋਤਲਾਂ ਵਿਚ ਸਰੋਵਰ ਦਾ ਪਾਣੀ ‘ਅੰਮ੍ਰਿਤ’ ਸਮਝ ਕੇ ਲਿਆਉਣਾ ਇਕ ਘੋਰ ਮਨਮੱਤ ਹੈ, ਜੋ ‘ਗੰਗਾ ਜਲੀ’ ਮਨਮੱਤ ਦੀ ਨਕਲ ਹੈ। ਸੋ ਇਸ ਨੂੰ ਕਿਸੇ ਵੀ ਤਰਾਂ ਮਾਨਤਾ ਦੇਣਾ, ਗੁਰਮਤਿ ਨੂੰ ਪਿੱਠ ਵਿਖਾਉਣਾ ਹੈ। ਇਹ ਸਪਸ਼ਟੀਕਰਨ ਦੇਣਾ ਕਿ ਮੈਂ ਤਾਂ (ਸਰੋਵਰ ਦਾ ) ਪਾਣੀ ਲਿਆਉਣ ਨੂੰ ਮਨਾ ਨਹੀਂ ਕੀਤਾ, ਦਬਾਅ ਹੇਠ ਆ ਕੇ ਮਨਮੱਤ ਦਾ ਸਾਥ ਦੇਨਾ ਹੀ ਹੈ। ਐਸੇ ਅਨੇਕਾਂ ਨੁਕਤੇ ਗੁਰਮਤਿ ਇਨਕਲਾਬ ਦੇ ਮਾਰਗ ਤੇ ਅੱਗੇ ਵਧਦਿਆਂ ਸਾਹਮਣੇ ਆਉਣਗੇ, ਜੋ ਹਨ ਤਾਂ ਮਨਮੱਤ, ਪਰ ਸਿੱਖ ਸਮਾਜ ਦੀ ਮਾਨਸਿਕਤਾ ਵਿਚ ਧੁਰ ਅੰਦਰ ਤੱਕ ਘਰ ਕਰ ਚੁੱਕੇ ਹਨ। ਉਨ੍ਹਾਂ ਨੁਕਤਿਆਂ ਬਾਰੇ ਬੇਬਾਕ ਅਤੇ ਦ੍ਰਿੜ ਸਟੈਂਡ ਲੈਣਾ ਬਹੁਤ ਜ਼ਰੂਰੀ ਹੈ।
ਆਸ ਹੈ ਕਿ ਰਣਜੀਤ ਸਿੰਘ ਜੀ ਢੱਢਰੀਆਂ ਅਤੇ ਉਨ੍ਹਾਂ ਦੇ ਸਮਰਥਕ ‘ਤੱਤ ਗੁਰਮਤਿ ਪਰਿਵਾਰ’ ਦੀ ਇਸ ਨਿਸ਼ਕਾਮ ਸਲਾਹ ਤੇ ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰ ਕਰਨਗੇ ਅਤੇ ਪ੍ਰੋ. ਦਰਸ਼ਨ ਸਿੰਘ ਜੀ ਜਾਂ ਧੂੰਦਾ ਜੀ (ਅਤੇ ਉਨ੍ਹਾਂ ਦੇ ਸਮਰਥਕਾਂ ਵਾਂਗ) ਨਰਾਜ਼ਗੀ ਜ਼ਾਹਿਰ ਕਰਦੇ ਹੋਏ ਮਨ ਵਿਚ ਈਰਖਾ ਨਹੀਂ ਰਖਣਗੇ। ਬਾਕੀ ਸੱਚ ਦਾ ਹੋਕਾ ਦੇਂਦੇ ਰਹਿਣਾ ਅਸੀਂ ਬਾਬਾ ਨਾਨਕ ਜੀ ਤੋਂ ਸਿੱਖਿਆ ਹੈ ਅਤੇ ਅੱਗੇ ਵੀ ਦੇਂਦੇ ਰਹਾਂਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
28 ਮਾਰਚ 2017


04/02/17
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -27)

ਗੁਰੂ ਗਿਆਨ ਦੀ ਰੋਸ਼ਨੀ ਵਿੱਚ ਸਿਧਾਂਤ ਨੂੰ ਪ੍ਰਪੱਕ ਰਖਦੇ ਹੋਏ ਸਾਨੂੰ ਸਮੇਂ ਅਨੁਸਾਰ ਕੁੱਝ ਮਰਿਆਦਾਵਾਂ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੈ। ਜਿਵੇਂ ਅੱਜ ਤੋਂ 15-20 ਸਾਲ ਪਹਿਲਾਂ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਨਾਹਰਾ ਦਿਤਾ ਸੀ "ਦੱਬ ਕੇ ਵਾਹ ਰੱਜ ਕੇ ਖਾਹ" ਪਰ ਸਮੇਂ ਅਨੁਸਾਰ ਖੇਤੀਬਾੜੀ ਵਿਭਾਗ ਨੇ ਹੀ ਇਸ ਨਾਹਰੇ ਨੂੰ "ਸਿਆਣਪ ਨਾਲ ਵਾਹ ਰੱਜ ਕੇ ਖਾਹ" ਵਿੱਚ ਬਦਲ ਦਿਤਾ ਹੈ। ਸਿੱਖ ਧਰਮ ਨੂੰ ਚੜ੍ਹਦੀਕਲਾ ਵਿੱਚ ਰੱਖਣ ਲਈ "ਧਰਮ ਸਿਰ ਦਿਤਿਆਂ ਬਾਝ ਨਹੀਂ ਰਹਿਣਾ" ਦੇ ਨਾਲ-ਨਾਲ ਅੱਜ ਦੇ ਸਮੇਂ "ਧਰਮ ਸਿਰ ਵਰਤਿਆਂ ਬਾਝ ਨਹੀਂ ਰਹਿਣਾ" ਵਿੱਚ ਬਦਲਣ ਦੀ ਜ਼ਰੂਰਤ ਹੈ। ਕਿਉਂਕਿ ਸਿਆਣਪ ਇਸ ਗੱਲ ਦੀ ਮੰਗ ਕਰਦੀ ਹੈ ਕਿ ਕੌਮ ਦੇ ਭਲੇ ਨੂੰ ਮੁੱਖ ਰੱਖਦੇ ਹੋਏ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਪ੍ਰਾਪਤੀ ਵੱਧ ਤੋਂ ਵੱਧ ਕੀਤੀ ਜਾਵੇ। ਪਰ ਅਫਸੋਸ ਕਿ ਸਾਡੀ ਸਿੱਖ ਕੌਮ ਦਾ ਬੌਧਿਕ ਪੱਖ ਅਜੇ ਇਸ ਪੱਧਰ ਤੇ ਨਹੀਂ ਪਹੁੰਚਿਆ।

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -28)

ਸਿੱਖ ਧਰਮ ਦਾ ਇਤਿਹਾਸਕ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਹੈ, ਜਿਸ ਦੇ ਦਰਸ਼ਨਾਂ ਹਿਤ ਸਿੱਖ ਰੋਜ਼ਾਨਾ ਅਰਦਾਸ ਕਰਦਾ ਹੈ। ਅਜੋਕੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਯਾਤਰੂਆਂ ਵਿੱਚ ਬਹੁ-ਗਿਣਤੀ ਗੈਰ-ਸਿੱਖਾਂ ਦੀ ਵੇਖਣ ਨੂੰ ਮਿਲਦੀ ਹੈ, ਜੋ ਕਿ As a Tourist to Visit Tourist Place ਦੇ ਮੰਤਵ ਨਾਲ ਆਉਂਦੇ ਹਨ। ਪਰ ਅਫਸੋਸ ਹੁੰਦਾ ਹੈ ਜਦੋਂ ਅੱਜ ਬਹੁ-ਗਿਣਤੀ ਸਿੱਖ ਵੀ ਇਸੇ ਨਜ਼ਰੀਏ ਨਾਲ ਹਾਜ਼ਰੀ ਭਰਦੇ ਹਨ, ਸਾਡਾ ਨਜ਼ਰੀਆ ਅਧਿਆਤਮਕ ਸ਼ਰਧਾਲੂ/ ਜਗਿਆਸੂ ਦਾ ਹੋਣਾ ਚਾਹੀਦਾ ਹੈ। ਜਰਾ! ਸੋਚੋ ਤੇ ਵਿਚਾਰੋ।

ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ)

201, ਗਲੀ ਨਬੰਰ 6, ਸੰਤਪੁਰਾ, ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]

Please Share it to others


04/02/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥ -੨੪

ਰਾਮੁ ਦੀ ਮਹਿਮਾਂ, ਰਾਮ ਚੰਦ ਅਤੇ ਰਾਮ ਰੌਲਾ

ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਸ਼ਬਦ ਰਾਮੁ ਅਤੇ ਰਾਮਚੰਦ ਜਿਨ੍ਹਾਂ ਬਾਰੇ ਭਾਜਪਾ ਆਗੂਆਂ ਅਤੇ ਧੁੰਮੇ ਵਰਗੇ ਸਾਧਾਂ ਵਲੋਂ ਵੋਟਾਂ ਦੀ ਰਾਜਨੀਤੀ ਨੂੰ ਲੈ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਰਾਮਚੰਦ੍ਰ ਜੀ ਕੀ ਉਸਤਤਿ ਕੀਤੀ ਗਈ ਹੈ। ਜਿਥੇ ਮਹਾਂ ਪੁਰਖਾਂ ਦੀਆਂ ਸਚਾਈਆਂ ਦਾ ਅਸੀਂ ਸਤਿਕਾਰ ਕਰਦੇ ਹਾਂ ਓਥੇ ਉਨ੍ਹਾਂ ਨਾਲ ਜੋੜੀਆਂ ਮਿਥਿਹਾਸਕ ਕਹਾਣੀਆਂ ਦਾ ਵਿਰੋਧ ਵੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਖੇ ਚੰਗੇ ਗੁਣ ਧਾਰਨ ਕਰਨ ਅਤੇ ਅਵਗੁਣ ਤਿਆਗਣ ਦਾ ਉਪਦੇਸ਼ ਹੈ-ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ॥ (੭੬੬) ਗੁਰੂ ਗ੍ਰੰਥ ਸਾਹਿਬ ਵਿਖੇ ਆਏ ਰਾਮ ਸ਼ਬਦ ਦਾ ਮਤਲਵ ਹਰ ਥਾਂ "ਰਾਜਾ-ਰਾਮ" ਜਾਂ "ਰਾਮ-ਚੰਦ" ਨਹੀਂ ਜੋ ਰਾਜਾ ਦਸਰਥ ਦਾ ਬੇਟਾ ਸੀ। ਆਓ ਗੁਰੂ ਗ੍ਰੰਥ ਸਾਹਿਬ ਵਿਖੇ ਆਏ "ਰਾਮੁ" ਅਤੇ "ਰਾਮਚੰਦ" ਸ਼ਬਦਾਂ ਦੀ ਵਿਲੱਖਣਤਾ ਬਾਰੇ ਵਿਚਾਰ ਕਰੀਏ। ਰਾਮੁ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਰਮਿਆ ਹੋਇਆ, ਸਰਬ ਨਿਵਾਸੀ, ਪਾਰਬ੍ਰਹਮ ਅਤੇ ਕਰਤਾਰ। ਹੇਠਾਂ ਅਰਥਾਂ ਸਮੇਤ ਗੁਰਬਾਣੀ ਦੀਆਂ ਤੁਕਾਂ ਦੀ ਵਿਚਾਰ-

੧. ਰਮਤ ਰਾਮ ਸਭ ਰਹਿਓ ਸਮਾਇ॥ (੮੬੫) ਰਾਮ ਸਰਬ ਨਿਵਾਸੀ ਹੈ ੨. ਸਭੈ ਘਟਿ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੇ ਰੇ॥ … ਘਟਿ ਘਟਿ ਰਾਮੁ ਸਮਾਨਾ ਰੇ॥ (੯੮੮) ਸਭਨਾ ਵਿੱਚ ਓਹੀ ਬੋਲ ਰਿਹਾ ਹੈ ੩. ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ॥ (੧੧੮੬) ਸਰੀਰ ਮਿਥਿਆ ਹੈ ਰਾਮ ਸਦਾ ਹੈ ੪. ਰਾਮੁ ਰਾਮੁ ਕਰਤਾ ਸਭਿ ਜਗ ਫਿਰੈ ਰਾਮੁ ਨ ਪਾਇਆ ਜਾਇ॥ (੫੫੫) ਤੋਤਾ ਰਟਨੀ ਨਾਲ ਰਮੇ ਹੋਏ ਰਾਮ ਭਗਵਾਨ ਨੂੰ ਪਾਇਆ ਨਹੀਂ ਜਾ ਸਕਦਾ। ੫. ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮੈ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹੈ ਸੋਈ ਕਉਤਕਹਾਰੁ॥ (੧੩੭੪) ਇੱਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ ਇਹ ਹੈ ਸਰਬ-ਵਿਆਪੀ ਰਾਮ ਪਰ ਇੱਕ ਰਾਮ ਕਉਤਕਹਾਰ ਭਾਵ ਰਾਸਧਾਰੀਏ ਰਾਸਾਂ ਪਾਉਂਦੇ ਰਾਮ ਲੀਲਾ ਖੇਡਦੇ ਸਮੇਂ ਜਪਦੇ ਹਨ ਜੋ ਦਸਰਥ ਦਾ ਬੇਟਾ ਰਾਮ ਅਵਤਾਰ ਹੈ ੬. ਰਾਮੁ ਰਾਮੁ ਕਰਤਾ ਸਭ ਜਗੁ ਫਿਰੈ, ਰਾਮ ਨਾ ਪਾਇਆ ਜਾਇ॥ ਅਗਮੁ ਅਗੋਚਰੁ ਅਤਿ ਵਡਾ ਅਤੁਲ ਨਾ ਤੁਲਿਆ ਜਾਇ॥ (੫੫੫) ਰਾਮ ਰਾਮ ਸਾਰਾ ਸੰਸਾਰ ਰਟੀ ਜਾ ਰਿਹਾ ਹੈ ਇਵੇਂ ਰਾਮ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹ ਅਪਹੁੰਚ, ਇੰਦ੍ਰੀਆਂ ਦੀ ਪਕੜ ਤੋਂ ਬਾਹਰ ਸਭ ਤੋਂ ਵੱਡਾ ਅਤੇ ਅਤੁੱਲ ਹੈ ੭. ਤਿਥੈ ਸੀਤੋ ਸੀਤਾ ਮਹਿਮਾ ਮਾਹਿ॥ ਨਾ ਉਹ ਮਰਹਿ ਨਾ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥ (੮) ਇਹ ਜਪੁਜੀ ਸਾਹਿਬ ਜੀ ਦੀ ਪੰਗਤੀ ਹੈ ਅਰਥ ਹਨ ਜਿਨ੍ਹਾਂ ਦਾ ਮਨ ਰੱਬੀ ਰਾਮ ਦੀ ਮਹਿਮਾ ਵਿੱਚ ਸੀਤਾ ਗਿਆ ਭਾਵ ਜੁੜ ਗਿਆ ਉਹ ਆਤਮਕ ਮੌਤੇ ਨਹੀਂ ਮਰਦੇ ਤੇ ਨਾਂ ਹੀ ਸੰਸਾਰੀ ਮੋਹ ਮਾਇਆ ਨਾਲ ਠੱਗੇ ਜਾਂਦੇ ਹਨ। ਇਥੇ ਸੀਤਾ ਸ਼ਬਦ ਦਾ ਅਰਥ ਰਾਮਚੰਦ ਦੀ ਧਰਮ ਪਤਨੀ ਸੀਤਾ ਅਤੇ ਰਾਮ ਦਾ ਅਰਥ ਸ੍ਰੀ ਰਾਮਚੰਦ੍ਰ ਨਹੀਂ, ਧੱਕੇ ਨਾਲ ਡੇਰੇਦਾਰ ਗਲਤ ਅਰਥ ਕਰੀ ਜਾ ਰਹੇ ਹਨ। ਸੋ ਉਪ੍ਰੋਕਤ ਤੁਕਾਂ ਵਿੱਚ ਆਇਆ ਰਾਮ ਸ਼ਬਦ ਨਿਰੰਕਾਰ ਪ੍ਰਭੂ ਦਾ ਲਖਾਇਕ ਹੈ ਅਤੇ ਹੇਠਲੀਆਂ ਤੁਕਾਂ ਵਿੱਚ ਦਸਰਥ ਦਾ ਬੇਟਾ ਰਾਜਾ ਰਾਮ ਚੰਦ ਜੀ-

੧. ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ॥ ਕੇਤੀਆਂ ਕੰਨ੍ਹ ਕਹਾਣੀਆਂ ਕੇਤੇ ਬੇਦ ਬਿਚਾਰ॥ (੪੬੪) ਭਾਵ ਇੱਕ ਨਿਰੰਕਾਰ ਪ੍ਰਭੂ ਹੀ ਭੈ ਰਹਿਤ ਹੈ ਹੋਰ ਕਿਤਨੇ ਰਾਮ ਉਸ ਦੀ ਚਰਨ ਧੂੜ ਹਨ ਅਤੇ ਕਿਤਨੀਆਂ ਹੀ ਕ੍ਰਿਸ਼ਨ ਦੀਆਂ ਕਹਾਣੀਆਂ ਹਨ। ੨. ਪਾਡੇ ਤੁਮਰਾ ਰਾਮ ਚੰਦ ਸੋ ਭੀ ਆਵਤੁ ਦੇਖਿਆ ਥਾ॥ ਰਾਵਣ ਸੇਤੀ ਸਰਬਰ ਹੋਈ ਘਰ ਕੀ ਜਇ ਗਵਾਈ ਥੀ॥ (੮੭੫) ਭਗਤ ਨਾਮਦੇਵ ਜੀ ਦਰਸਾ ਰਹੇ ਹਨ ਕਿ ਹੇ ਪਾਂਡੇ! ਤੁਹਾਡਾ ਰਾਮ ਚੰਦ ਜੋ ਰਾਵਣ ਕੋਲ ਸੀਤਾ ਗਵਾ ਭੈਠਾ ਸੀ ਉਹ ਵੀ ਦੇਖਿਆ ਗਿਆ ੩. ਰੋਵੈ ਰਾਮ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ (੯੫੩) ਰਾਮ ਚੰਦ, ਸੀਤਾ ਅਤੇ ਲਛਮਣ ਦੇ ਵਿਛੋੜੇ ਤੇ ਆਪਣੇ ਆਪ ਨੂੰ ਇਕੱਲਾ ਸਮਝ ਕੇ ਰੋਣ ਲੱਗਾ ੪. ਰਾਮ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰ॥ (੧੪੧੨) ਰਾਮ ਝੂਰਦਾ ਹੋਇਆ ਰਾਵਣ ਤੋਂ ਸੀਤਾ ਛਡਵਾਉਣ ਲਈ ਹਨੂੰਮਾਨ ਦੀ ਬਾਂਦਰ ਸੈਨਾ ਨੂੰ ਯਾਦ ਕਰਨ ਲੱਗਾ ੫. ਮਨ ਮਹਿ ਝੂਰੈ ਰਾਮ ਚੰਦ ਸੀਤਾ ਲਛਮਣ ਜੋਗੁ॥ ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ॥ (੧੪੧੨) -ਰਾਮਚੰਦ ਮਨ ਵਿੱਚ ਝੂਰਦਾ ਹੈ ਕਿ ਹੁਣ ਸੀਤਾ ਲਛਮਣ ਜੋਗੀ ਰਹਿ ਗਈ, ਹਨੂੰਮਾਨ ਨੂੰ ਯਾਦ ਕੀਤਾ ਤਾਂ ਉਹ ਸੰਜੋਗਾਂ ਵੱਸ ਆ ਗਿਆ ੬. ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ॥ (੧੪੨੮) -ਵੱਡੇ ਪ੍ਰਵਾਰਾਂ ਵਾਲੇ ਰਾਮ ਤੇ ਰਾਵਣ ਭੀ ਇਸ ਸੰਸਾਰ ਤੋਂ ਚਲੇ ਗਏ।

ਨੋਟ-ਨਿਰੰਕਾਰ ਪ੍ਰਮੇਸ਼ਰ ਤਾਂ ਕਦੇ ਜੰਮਦਾ-ਮਰਦਾ ਨਹੀਂ, ਖਾਂਦਾ-ਪੀਂਦਾ ਤੇ ਰੋਂਦਾ ਨਹੀਂ ਰਾਮ ਚੰਦ ਸਰੀਰ ਕਰਕੇ ਜੰਮਿਆਂ-ਮਰਿਆ ਅਤੇ ਵਿਛੋੜੇ ਵਿੱਚ ਰੋਂਦਾ ਵੀ ਰਿਹਾ ਪਰ ਭਰਮਾਂ ਵਿੱਚ ਭੁੱਲੇ ਹੋਏ ਲੋਕ ਹੀ ਇਹ ਕੱਚੀਆਂ ਗੱਲਾਂ ਕਰਦੇ ਹਨ ਕਿ ਨਿਰੰਕਾਰ ਜੰਮਦਾ-ਮਰਦਾ ਹੈ-ਭ੍ਰਮ ਭੂਲੇ ਨਰ ਕਰਤ ਕਚਰਾਇਣੁ॥ ਜਨਮ ਮਰਣ ਤੇ ਰਹਿਤ ਨਰਾਇਣੁ॥ (੧੧੩੬)

ਰਾਮੁ ਅਤੇ ਰਾਜਾ ਰਾਮ ਵਿੱਚ ਫਰਕ

ਰਮਿਆਂ ਹੋਇਆ ਰਾਮ ਸਭ ਨਾਲ ਪਿਆਰ ਕਰਦਾ ਹੈ ਪਰ ਰਾਜਾ ਰਾਮ ਸ਼ੂਦਰਾਂ ਦਾ ਤ੍ਰਿਸਕਾਰ ਕਰਦਾ ਸੀ ਜਿਸ ਨੇ ਸ਼ੰਬੂਕ ਨਾਮੀ ਸ਼ੂਦਰ ਨੂੰ ਬ੍ਰਾਹਮਣਾਂ ਦੇ ਕਹਿ ਖੂਹ ਵਿੱਚ ਸੁਟਵਾ ਕੇ ਮਾਰ ਦਿੱਤਾ ਸੀ ਕਿਉਂਕਿ ਉਹ ਸਰਬਨਿਵਾਸੀ ਰਾਮ ਦਾ ਨਾਮ ਜਪਦਾ ਸੀ ਬ੍ਰਾਹਮਣਇਜ਼ਮ ਅਨੁਸਾਰ ਸ਼ੂਦਰ ਨਾਮ ਨਹੀਂ ਜਪ ਸਕਦਾ। ਰਮੇ ਹੋਏ ਰਾਮ ਦਾ ਕੋਈ ਮਾਈ ਬਾਪ ਨਹੀਂ ਰਾਜਾ ਰਾਮ ਦੇ ਸਰੀਰਕ ਤੌਰ ਤੇ ਮਾਤਾ ਪਿਤਾ ਦਸਰਥ ਤੇ ਕੌਸ਼ਲਿਆ ਹਨ। ਸਰਬ ਨਿਵਾਸੀ ਰਾਮ ਸਾਰੀ ਦੁਨੀਆਂ ਦਾ ਰਾਜਾ ਹੈ ਪਰ ਰਾਜਾ ਰਾਮ ਤਾਂ ਅਯੁੱਧਿਆ ਸ਼ਹਿਰ ਦਾ ਰਾਜਾ ਹੀ ਮੰਨਿਆਂ ਜਾਂਦਾ ਹੈ ਜਿਸ ਨੇ ਧੋਬੀ ਦੇ ਕਹੇ ਤੇ ਸਤਵੰਤੀ ਸੀਤਾ ਜੀ ਨੂੰ ਘਰੋਂ ਕੱਢ ਕੇ ਅਗਨ ਪ੍ਰੀਖਿਆ ਵਿੱਚ ਪਾ ਦਿੱਤਾ ਸੀ। ਰਾਮ ਸਦਾ ਹੈ ਪਰ ਰਾਮ ਚੰਦ੍ਰ ਰਾਜਾ ਰਾਮ ਅੱਜ ਨਹੀਂ ਹੈ। ਸੋ ਗੁਰੂ ਗ੍ਰੰਥ ਸਾਹਿਬ ਵਿੱਚ ਅਯੁੱਧਿਆ ਦੇ ਰਾਜੇ ਰਾਮ ਦਾ ਨਾਂ ਕੇਵਲ ਅੱਠਕੁ ਵਾਰ ਆਇਆ ਹੈ ਜਦ ਕਿ ਰਮੇ ਹੋਏ ਰਾਮ ਭਗਵਾਨ ਪ੍ਰਭੂ ਦਾ ਨਾਂ ਬਹੁਤ ਵਾਰੀ ਆਇਆ ਜਿਸ ਦੇ ਅਰਥ ਦਸਰਥ ਦਾ ਬੇਟਾ ਰਾਜਾਰਾਮ ਕਰੀ ਜਾਣਾ ਭਾਰੀ ਭੁੱਲ ਤੇ ਮੂਰਖਤਾ ਦੀ ਹੱਦ ਹੈ। ਬਾਕੀ ਜੋ ਰਾਮ ਸੇਤੂ ਦਾ ਰੌਲਾ ਹੈ ਕਿ ਵਾਂਦਰ ਸੈਨਾ ਤੋਂ ਰਾਮ ਸੇਤੂ ਪੁਲ ਬਣਵਾਇਆ ਸੀ ਜਰਾ ਸੋਚੋ ਬਾਂਦਰ ਘਰ ਬਣਾਉਂਦੇ ਜਾਂ ਉਜਾੜਦੇ ਹਨ!

ਗੁਰੂ ਗ੍ਰੰਥ ਸਾਹਿਬ ਵਿਖੇ 'ਰਾਮ' ਸ਼ਬਦ ਕਿੰਨੀ ਵਾਰੀ ਆਇਆ ਹੈ? ਬਾਰੇ ਸ੍ਰ ਸਰਬਜੀਤ ਸਿੰਘ ਜੀ ਸੈਕਰਾਮੈਟੋ ਲਿਖਦੇ ਹਨ-ਨਵੰਬਰ ੨੦੦੪ ਵਿੱਚ ੫-ਆਬੀ ਤੇ ਸੁਰਜੀਤ ਸਿੰਘ ਮਿਨਹਾਸ ਜੀ ਦਾ ਲੇਖ, 'ਭਾਰਤ ਦਾ ਆਦਿ ਕਵੀ ਮਹਾਂਰਿਸ਼ੀ ਭਗਵਾਨ ਵਾਲਮੀਕ' ਪੜ੍ਹਨ ਉਪ੍ਰੰਤ ਮੈ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਗੁਰਬਾਣੀ ਵਿਚੋਂ ਹਵਾਲੇ ਦੇ ਕੇ ਇਹ ਸਾਬਤ ਕੀਤਾ ਸੀ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 'ਰਾਮ' ਸ਼ਬਦ ਅਕਾਲ ਪੁਰਖ ਵਾਸਤੇ ਅਤੇ ਅਯੁਧਿਆ ਦੇ ਰਾਜੇ 'ਰਾਮ' ਲਈ ਵੱਖ-ਵੱਖ ਵਰਤਿਆ ਗਿਆ ਹੈ ਕਿਉਂਕਿ ਸੁਰਜੀਤ ਸਿੰਘ ਮਿਨਹਾਸ ਨੇ ਆਪਣੇ ਉਪ੍ਰੋਕਤ ਲੇਖ ਵਿੱਚ ਇਸ ਨੂੰ ਰਲ-ਗਡ ਕਰਨ ਦਾ ਕੋਝਾ ਯਤਨ ਕੀਤਾ ਸੀ। ਇਸ ਪਿਛੋ ਡਾ. ਦਲਗੀਰ ਜੀ ਨੇ ਬੁਹਤ ਹੀ ਵਿਸਥਾਰ ਪੂਰਵਕ ਲੇਖ ਲਿਖਿਆ। ਜਿਸ ਵਿੱਚ ਆਪ ਜੀ ਨੇ 'ਰਾਮ' ਸ਼ਬਦ ਦੀ ਗਿਣਤੀ ਬਾਰੇ ਵੀ ਜਿਕਰ ਕੀਤਾ ਸੀ। ਸ: ਸੰਤੋਖ ਸਿੰਘ ਜੀ ਨੇ ਬੁਹਤ ਹੀ ਸੋਹਣੇ ਸ਼ਬਦਾ ਨਾਲ ਪੱਤਰ ਲਿਖ ਕੇ ਡਾ. ਦਲਗੀਰ ਜੀ ਦੇ ਲੇਖ ਤੇ ਪ੍ਰਮਾਣਕਤਾ ਦੀ ਮੋਹਰ ਲਾਈ ਸੀ ਪਰ ਅਚਾਨਕ ਹੀ ਸ: ਸੰਤੋਖ ਸਿੰਘ ਜੀ ਨੇ ਆਪਣੇ ਅੱਗਲੇ ਪੱਤਰ ਵਿੱਚ ਇੱਕ ਸਵਾਲ ਪੈਦਾ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ 'ਰਾਮ' ੨੫੩੩ ਵਾਰੀ ਨਹੀ ਸਗੋ ੨੦੪੬ ਵਾਰੀ ਆਇਆ ਹੈ। ਸ: ਗੁਰਦੇਵ ਸਿੰਘ ਘਣਗਸ ਜੀ ਨੇ ਬਹੁਤ ਹੀ ਦਲੀਲ ਭਰਭੂਰ ਤਰੀਕੇ ਨਾਲ ਇਸ ਸੰਬਾਦ ਨੂੰ ਅੱਗੇ ਤੋਰਿਆ ਹੈ ਅਤੇ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਵੀ ਵਿਦਵਾਨਾਂ ਦੇ ਪੱਤਰ ਪੜ੍ਹ ਕੇ ਇਸ ਵਿੱਚ ਹੋਰ ਵਿਸਥਾਰ ਕਰਨ ਦਾ ਯਤਨ ਕੀਤਾ ਹੈ।

ਇਹ ਠੀਕ ਹੈ ਕਿ ਗਿਣਤੀ ਦਾ ਜਿਆਦਾ ਮਹੱਤਵ ਨਹੀ ਹੈ ਪਰ ਫੇਰ ਵੀ ਅੱਜ ਸਾਡੇ ਪਾਸ ਜੋ ਸਾਧਨ ਹਨ ਉਨ੍ਹਾਂ ਦੀ ਵਰਤੋ ਕਰਕੇ ਅਸੀਂ ਠੀਕ ਗਿਣਤੀ ਕਰ ਸਕਦੇ ਹਾਂ। ਹੋਰ ਵੀ ਵਿਦਵਾਨਾਂ ਨੂੰ, ਖਾਸ ਤੌਰ ਤੇ ਡਾ. ਦਲਗੀਰ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਵਿਸ਼ੇ ਬਾਰੇ ਆਪਣੇ ਖੋਜ ਭਰਭੂਰ ਲੇਖ ਲਿਖੋ ਤਾਂ ਜੋ ਅੱਗੇ ਤੋ ਕੋਈ ਵੀ ਵਿਅਕਤੀ ਲਿਖਣ ਵੇਲੇ ਵੱਖ-ਵੱਖ ਗਿਣਤੀ ਲਿਖਣ ਦੀ ਥਾਂ ਇੱਕੋ ਪ੍ਰਮਾਣਿਕ ਗਿਣਤੀ ਹੀ ਲਿਖ ਸੱਕੇ।

ਸੋ ਉਪ੍ਰੋਕਤ ਵਿਚਾਰ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ ਕਿ "ਰਾਮੁ ਅਤੇ ਰਾਜਾ ਰਾਮ ਚੰਦ੍ਰ" ਵਿੱਚ ਕੀ ਫਰਕ ਸੀ ਅਤੇ ਬਹੁਤੀਂ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਇਆ ਰਾਮ ਸ਼ਬਦ ਸਰਬ ਨਿਵਾਸੀ ਰਾਮੁ ਵਸਤੇ ਹੈ ਅਤੇ ਕੇਵਲ ਅੱਠ ਕੁ ਵਾਰ ਰਾਜਾ ਰਾਮ ਚੰਦ੍ਰ ਜੀ ਵਾਸਤੇ ਆਇਆ ਹੈ ਜੋ ੧੪ ਕਲਾਧਾਰੀ ਤ੍ਰੇਤਾਯੁਗ ਦੇ ਅਵਤਾਰ ਮੰਨੇ ਜਾਂਦੇ ਹਨ। ਧੱਕੇ ਨਾਲ ਰਾਮ ਰੌਲਾ ਪਾਉਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ "ਰਾਜਾ ਰਾਮ" ਦੀ ਹੀ ਮਹਿਮਾਂ ਹੈ ਠੀਕ ਨਹੀਂ ਕਿਉਂਕਿ ਰਾਜਾ ਰਾਮ ਚੰਦ ਬਾਰੇ ਇਹ ਵੀ ਗੁਰੂ ਗ੍ਰੰਥ ਜੀ ਵਿਖੇ ਹੀ ਲਿਖਿਆ ਹੈ ਕਿ-ਰੋਵੈ ਰਾਮ ਨਿਕਾਲਾ ਭਇਆ॥ ਸੀਤਾ ਲਖਮਣ ਵਿਛੁੜ ਗਇਆ॥ ਰਾਮ ਝੁਰੈ ਦਲ ਮੇਲਵੈ ਅਤੇ ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਇ ਗਵਾਈ ਥੀ॥ ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪ੍ਰਵਾਰ …॥ ਕੇਤੀਆਂ ਕੰਨ੍ਹ ਕਹਾਨੀਆਂ ਕੇਤੇ ਰਾਮ ਰਵਾਲ …॥ (ਗੁਰੂ ਗ੍ਰੰਥ ਸਾਹਿਬ) ਧੱਕੇ ਨਾਲ ਕਿਸੇ ਧਰਮ ਗ੍ਰੰਥ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਮਿਥਿਹਾਸਕ ਫਿਲੌਸਫੀ ਨੂੰ ਗੁਰੂ ਗ੍ਰੰਥ ਸਹਿਬ ਜੀ ਦੀ ਸੱਚੀ ਸੁੱਚੀ ਵਿਗਿਆਨਕ ਸਚਾਈਆਂ ਭਰਪੂਰ ਗੁਰਬਾਣੀ ਤੇ ਥੋਪਿਆ ਹੀ ਜਾ ਸਕਦਾ। ਹਾਂ ਜੋ ਗੁਰੂ ਗ੍ਰੰਥ ਸਾਹਿਬ ਵਿਖੇ ਜੋ ਕੁੱਝ ਮੰਨੀਆਂ ਗਈਆਂ ਮਿੱਥਾਂ ਦੇ ਹਵਾਲੇ ਦਿੱਤੇ ਹਨ ਸਿਰਫ ਸਮਝਾਉਣ ਲਈ ਹਨ ਕਿਉਂਕਿ ਉਸ ਵੇਲੇ ਹਿੰਦੂ ਤੇ ਮੁਸਲਿਮ ਭਾਰਤ ਵਿਖੇ ਭਾਰੀ ਗਿਣਤੀ ਵਿੱਚ ਸਨ। ਗੁਰੂ ਗ੍ਰੰਥ ਸਾਰੀ ਦੁਨੀਆਂ ਦਾ ਸਾਂਝਾ ਗ੍ਰੰਥ ਹੈ ਜੋ ਸਾਰੇ ਸੰਸਾਰ ਨੂੰ ਸਰਬਸਾਂਝਾ ਸਰਬਕਾਲੀ ਉਪਦੇਸ਼ ਦਿੰਦਾ ਹੈ। ਸੋ ਭਾਜਪਾ ਦੇ ਲੀਡਰਾਂ ਅਤੇ ਸਿੱਖ ਡੇਰੇਦਾਰ ਸੰਪ੍ਰਦਾਈਆਂ ਨੂੰ "ਰਾਮ" ਸ਼ਬਦ ਦੇ ਨਾਂ ਤੇ ਜਨਤਾ ਦੀਆਂ ਵੋਟਾਂ ਬਟੋਰਨ ਖਾਤਰ ਰਾਮ ਰੌਲਾ ਨਹੀਂ ਪਾਉਣਾ ਚਾਹੀਦਾ ਸਗੋਂ ਰਾਮ ਅਤੇ ਰਾਜਾ ਰਾਮ ਚੰਦ ਸ਼ਬਦਾਂ ਦੀ ਸਹੀ ਵਿਆਖਿਆ ਕਰਨੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਹਉਂਮੈਂ ਹੰਕਾਰ ਅਤੇ ਰਾਜ ਮੱਧ ਦੇ ਨਸ਼ੇ ਵਿੱਚ ਕੋਈ ਸਿਰ ਫਿਰਿਆ ਇਨ੍ਹਾਂ ਸ਼ਬਦਾਂ ਦੀ ਗਲਤ ਵਿਆਖਿਆ ਕਰਦਾ ਹੋਇਆ ਸਿੱਖਾਂ ਨੂੰ ਲਹੂ ਕਛੂ ਦੀ ਉਲਾਦ ਹੀ ਨਾ ਦਸਦਾ ਰਹੇ। ਧਰਮ ਦੇ ਨਾਂ ਤੇ ਵੋਟਾਂ ਦੀ ਨੀਤੀ ਬੰਦ ਹੋਣੀ ਚਾਹੀਦੀ ਹੈ ਨਾ ਕਿ ਰਾਮ ਰੌਲਾ ਪਾ ਕੇ ਧਰਮ ਦੇ ਨਾਂ ਤੇ ਲੜਨਾ ਚਾਹੀਦਾ ਹੈ। ਆਓ ਸਾਰੇ ਸਰਬਨਿਵਾਸੀ ਰਾਮ ਨੂੰ ਜਪਦੇ ਹੋਏ ਆਪਸ ਵਿੱਚ ਭ੍ਰਾਤਰੀਭਾਵ ਪੈਦਾ ਕਰੀਏ-ਰਾਮੁ ਜਪਹੁ ਜੀ ਐਸੇ ਐਸੇ॥ ਧ੍ਰੂਅ ਪ੍ਰਹਿਲਾਦ ਜਪਿਓ ਹਰਿ ਜੈਸੇ॥ (ਗੁਰੂ ਗ੍ਰੰਥ ਸਹਿਬ)

****************************************************

ਸਿਧਾਂਤਕ ਪ੍ਰਚਾਰ ਦਾ ਵਿਰੋਧ ਕਿਉਂ?

ਭਾਈ ਅਵਤਾਰ ਸਿੰਘ ਮਿਸ਼ਨਰੀ (5104325827)

ਅੱਜ ਕੱਲ ਭਾਈ ਰਣਜੀਤ ਸਿੰਘ ਢੱਡਰੀਆਂ ਅਤੇ ਵਿਦਵਾਨਾਂ ਵੱਲੋਂ ਕੀਤੇ ਸਿਧਾਂਤਕ ਪ੍ਰਚਾਰ ਦਾ ਪੁਜਾਰੀ ਜਥੇਦਾਰਾਂ ਅਤੇ ਸੰਪ੍ਰਾਈਆਂ ਵੱਲੋਂ ਵਿਰੋਧ ਕਿਉਂ ਹੋ ਰਿਹਾ ਹੈ ਬਾਰੇ ਕੁਝ ਧਿਆਨ ਮੰਗਦੇ ਵਿਚਾਰ ਇਸ ਪ੍ਰਕਾਰ ਹਨ-

ਡੇਰਾਵਾਦੀ, ਕਰਮਕਾਂਡੀ, ਸੰਪ੍ਰਦਾਈ ਸੀਨਾ-ਬਸੀਨਾਂ ਦੇ ਬਹਾਨੇਬਾਜ, ਗੁੱਸਾਖੋਰ ਕ੍ਰੋਧੀਆਂ ਦਾ ਟਕਰਾ ਸ਼ੁਰੂ ਤੋਂ ਹੀ ਸੱਚ ਬੋਲਣ, ਪ੍ਰਚਾਰਨ ਵਾਲੇ ਨਿਮਰਤਾਵਾਨ ਵਿਦਵਾਨ ਗੁਰਮੁਖਾਂ ਨਾਲ ਰਿਹਾ ਹੈ। ਇਤਿਹਾਸ ਵਿੱਚ ਇਸ ਦੀਆਂ ਮਿਸਾਲਾਂ ਮਿਲਦੀਆਂ ਹਨ। ਜੀਸਸ ਦਾ ਵਿਰੋਧ ਤੇ ਸੂਲੀ ਟੰਗਣਾ, ਸਰਮਦ ਨੂੰ ਸੰਗਸਾਰ ਕਰਨਾ, ਗਲੀਲੀਓ ਦੀ ਜਬਾਨ ਬੰਦ ਕਰਨੀ, ਹੰਕਾਰੀ ਜਾਰਿਆਂ ਤੇ ਧਰਮ ਪੰਡਿਤਾਂ ਦਾ ਰੱਬੀ ਭਗਤਾਂ ਨਾਲ ਟਕਰਾਓ ਤੇ ਤਸੀਹੇ ਦੇਣੇ। ਸਚ ਕੀ ਬਾਣੀ ਆਖਣ ਵਾਲੇ ਬਾਬਾ ਨਾਨਕ ਜੀ ਨੂੰ ਇੱਟੇ ਵੱਟੇ ਮਾਰਨੇ, ਸ੍ਰੀਚੰਦ ਨੂੰ ਬਾਗੀ ਕਰਨਾ, ਹਮਾਯੂੰ ਦਾ ਗੁਰੂ ਅੰਗਦ ਤੇ ਤਲਵਾਰ ਕੱਢਣਾ ਤੇ ਦਾਤੂ ਦਾ ਗੁਰੂ ਅਰਦਾਸ ਨੂੰ ਲੱਤ ਮਾਰਨਾਂ, ਚੰਦੂ, ਬੀਰਬਲ ਤੇ ਜਹਾਂਗੀਰ ਤੜਿਕੀ ਦਾ ਸ਼ਾਂਤੀਪੁੰਜ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇ ਸ਼ਹੀਦ ਕਰਨਾ, ਗੁਰੂ ਤੇਗ ਬਹਾਦਰ ਦੇ ਬਰਾਬਰ ਬਾਬੇ ਬਕਾਲੇ 22 ਗੱਦੀਆਂ ਖੜੀਆਂ ਕਰਨੀਆਂ ਤੇ ਦਿੱਲ੍ਹੀ ਵਿਖੇ ਸੀਸ ਕੱਟਣਾਂ, ਸਿੱਖਾਂ ਨੂੰ ਆਰੇ ਨਾਲ ਚੀਰਨਾਂ, ਸਾੜਨਾ, ਉਬਾਲਣਾ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਿਣਨਾ, ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟਣੇ, ਉਦਾਸੀ ਨਿਰਮਲਿਆਂ ਦਾ ਗੁਰਧਾਮਾਂ ਤੇ ਕਾਬਜ ਹੋਣਾ, ਮਹੰਤਾਂ ਤੇ ਡੋਗਰਿਆਂ ਨੇ ਮਿਲ ਸਿੱਖ ਰਾਜ ਨਾਲ ਧੋਖਾ ਕਰਨਾ, ਨਨਕਾਣਾ ਸਾਹਿਬ ਜੰਡਾਂ ਨਾਲ ਸਾੜਨਾ ਤੇ ਕੰਜਰੀਆਂ ਨਚਾਉਣਾ, ਦਰਬਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ‘ਤੇ ਕਾਬਜ ਹੋ ਮਰਯਾਦਾ ਵਿਗਾੜਨੀ ਅਤੇ ਊਚ-ਨੀਚ ਪੈਦਾ ਕਰਨੀ, ਗੁਰਮੁਖ ਤੇ ਤੇਜ-ਤਰਾਰ ਬੁੱਧੀਜੀਵੀ ਵਿਦਵਾਨ ਭਾਈ ਦਿੱਤ ਸਿੰਘ ਨੂੰ ਜੁੱਤੀਆਂ ਚ ਬੈਠਾਉਣਾ, ਪ੍ਰਕਰਮਾਂ ਵਿੱਚ ਅਖੌਤੀ ਦੇਵੀਆਂ ਦੇਵਤਿਆਂ ਦੀਆਂ ਮੂਰਤਾਂ ਰੱਖਣਾ, ਦਰਬਾਰ ਸਾਹਿਬ ਚੋਂ ਬੀਬੀਆਂ ਦਾ ਕੀਰਤਨ ਬੰਦ ਕਰਨਾ, ਚੌਥੇ ਪਉੜੀਏ ਕਹਿ ਖੰਡੇ ਦੀ ਪਹੁਲ ਅਲੱਗ ਦੇਣਾ, ਡੇਰੇ ਤੇ ਟਕਸਾਲਾਂ ਪੈਦਾ ਕਰਨੀਆਂ, ਗੁਰੂ ਗ੍ਰੰਥ ਸਾਹਿਬ ਬਰਾਬਰ ਅਖੌਤੀ ਦਸਮ ਗ੍ਰੰਥ ਖੜਾ ਕਰਨਾ, ਗੁਰਮਤਿ ਵਿਰੋਧੀ ਗ੍ਰੰਥਾਂ ਦੀ ਗੁਰਦੁਆਰਿਆਂ ਵਿੱਚ ਧੱਕੇ ਨਾਲ ਕਥਾ ਕਰਨੀ, ਮਨਮੱਤਾਂ, ਕਰਾਮਾਤਾਂ ਅਤੇ ਥੋਥੇ ਕਰਮਕਾਂਡਾਂ ਦਾ ਤਲਵਾਰ ਦੇ ਜੋਰ ਨਾਲ ਪ੍ਰਚਾਰ ਕਰਨਾਂ, ਸੱਚੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਵਿਦਵਾਨਾਂ, ਲਿਖਾਰੀਆਂ ਅਤੇ ਪ੍ਰਚਾਰਕਾਂ ਨੂੰ ਪੰਥ ਚੋਂ ਛੇਕਣਾ ਜਾਂ ਛੇਕਣ ਦੀਆਂ ਧਮਕੀਆਂ ਦੇਣੀਆਂ ਜਿਵੇਂ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ, ਤੱਤ ਗੁਰਮਤੀਏ ਪ੍ਰੋ, ਤੇਜਾ ਸਿੰਘ, ਗਿ. ਭਾਗ ਸਿੰਘ ਅੰਬਾਲਾ, ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ, ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ, ਸ੍ਰ. ਇੰਦਰ ਸਿੰਘ ਘੱਗਾ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਆਦਿਕ ਚੋਂ ਕੁਝ ਨੂੰ ਛੇਕਣਾਂ ਅਤੇ ਬਾਕੀਆਂ ਦੀ ਜਬਾਨ ਬੰਦ ਕਰਨ ਲਈ ਧਮਕੀਆਂ ਦੇਣੀਆਂ, ਗੁਰਬਾਣੀ ਵਿਚਾਰ ਦੀ ਥਾਂ ਗਿਣਤੀ ਦੇ ਤਾਂਤ੍ਰਿਕ ਪਾਠ ਕਰਨੇ, ਕੌਮ ਨੂੰ ਮੰਤ੍ਰ ਜਾਪਾਂ ਤੇ ਭੋਰਿਆਂ ਵਿੱਚ ਉਲਝਾਉਣਾ, ਸਰੋਵਰਾਂ ਦੇ ਪਾਣੀ ਨੂੰ ਅੰਮ੍ਰਿਤ ਪ੍ਰਚਾਰਨਾ, ਪੈਰਾਂ ਦੇ ਧੋਣ ਨੂੰ ਚਰਨਾਮ੍ਰਿਤ ਕਹਿਣਾ, ਵਿਗਿਆਨ ਦੀਆਂ ਸਹੂਲਤਾਂ ਮਾਣਦੇ ਵੀ ਇਸ ਦਾ ਵਿਰੋਧ ਕਰਨਾ, ਬੇਲੋੜੀ ਸੁੱਚ ਭਿੱਟ ਪੈਦਾ ਕਰਕੇ, ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ, ਦੁਨੀਆਂ ਭਰ ਦੀਆਂ ਬੋਲੀਆਂ ਅਤੇ ਇਲੈਕਟ੍ਰੌਣਿਕ ਮੀਡੀਏ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪ੍ਰਚਾਰ ਤੇ ਵਿਸਥਾਰ ਦਾ ਵਿਰੋਧ ਕਰਨਾ ਆਦਿਕ ਕਈ ਕਾਰਨ ਹਨ।

ਅੱਜ ਕੱਲ ਡੇਰੇਦਾਰ ਸੰਤ ਤੋਂ ਗੁਰਮਤਿ ਪ੍ਰਚਾਰਕ ਬਣੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਲੱਕ ਬੰਨ੍ਹ ਕੇ, ਛਬੀਲਾਂ ਲਾ ਸਾਥੀ ਮਾਰ, ਡਾਂਗਾਂ ਸੋਟਿਆਂ ਅਤੇ ਮਜਾਰਿਆਂ ਨਾਲ ਵਿਰੋਧ ਕਰਨਾ ਡੇਰਾਵਾਦੀਆਂ ਦੀਆਂ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਸਲੀ ਸੱਚ ਵਿਚਾਰ ਨਾਲੋਂ ਧੱਕੇ, ਧੌਂਸ, ਸੰਤਾਂ ਗ੍ਰੰਥਾਂ ਤੇ ਸੀਨਾ ਬਸੀਨਾ ਸੰਪ੍ਰਦਾਈਆਂ ਦੀ ਮਰਯਾਦਾ ਥੋਪਣਾ, ਮਨਘੜਤ ਸਾਖੀਆਂ, ਇਸੇ ਹੀ ਕੜੀ ਦੀਆਂ ਖਤਰਨਾਕ ਨਿਸ਼ਾਨੀਆਂ ਹਨ।

ਬਿਪਰ ਬਾਣਾਧਾਰੀ ਹੋ ਬਹੁਤੀਆਂ ਸਿੱਖ ਜਥੇਬੰਦੀਆਂ ਵਿੱਚ ਘੁਸੜ ਆਗੂ ਬਣ ਚੁੱਕਾ ਹੈ। ਉਹ ਵਿਚਾਰਾਂ ਨਾਲ ਤਾ ਗੁਰਮਤਿ ਦਾ ਕੁਝ ਵਿਗਾੜ ਨਹੀਂ ਸਕਦਾ ਸਗੋਂ ਵਕਤੀ ਸਰਕਾਰਾਂ ਅਤੇ ਹਥਿਆਰਾਂ ਦਾ ਆਸਰਾ ਲੈ, ਥੋਥੇ ਕਰਮਕਾਂਡਾਂ, ਅੰਧਵਿਸ਼ਵਾਸ਼ਾਂ, ਮਾਲਾ ਤਸਬੀਆਂ, ਜੋਤਾਂ-ਧੂਪਾਂ, ਭੋਰਿਆਂ-ਮੱਠਾਂ, ਹੇਰਾਫੇਰੀਆਂ, ਛੂਆ-ਛਾਤਾਂ, ਜਾਤ-ਪਾਤਾਂ, ਊਚ-ਨੀਚ, ਅਮੀਰ-ਗਰੀਬ ਦੇ ਪਾੜੇ ਆਦਿਕ ਵਿਰੁੱਧ ਖੜੀ ਹੋਈ ਸਿੱਖੀ ਦੀ ਗੁਰਮਤਿ ਲਹਿਰ ਨੂੰ ਬ੍ਰਾਹਮਣਵਾਦ, ਭਗਵਾਵਾਦ, ਸੰਤ ਸੰਪ੍ਰਦਾਈ ਡੇਰਾਵਾਦ, ਪੁਜਾਰੀਵਾਦ, ਅਣਹੋਣੀਆਂ ਕਰਾਮਾਤਾਂ, ਆਪੋ ਆਪਣੇ ਸੰਤਾਂ ਮਹੰਤਾਂ ਅਤੇ ਅੰਧਵਿਸ਼ਵਾਸ਼ਾਂ ਰਾਹੀ ਪੈਦਾ ਕੀਤੇ ਡਰਾਵੇ ਨਾਲ ਦਬਾ ਕੇ ਰੱਖਣਾ ਚਾਹੁੰਦਾ ਹੈ ਤਾਂ ਕਿ ਪੂਜਾ ਪ੍ਰਤਿਸ਼ਟਾ, ਭੇਟਾ, ਤਰ੍ਹਾਂ ਤਰ੍ਹਾਂ ਦੀਆਂ ਕੀਮਤੀ ਸਮਗਰੀਆਂ ਅਤੇ ਗੋਲਕਾਂ ਰਾਹੀਂ ਸ਼ਰਧਾ ਦੇ ਨਾਂ ਤੇ ਸੰਗਤਾਂ ਨੂੰ ਭਰਮਾ ਕੇ ਆਪਣਾ ਹਲਵਾ ਮੰਡਾ ਚਲਦਾ ਅਤੇ ਐਸ਼ ਬਚਾਈ ਜਾ ਸੱਕੇ। ਪਰ ਹੁਣ ਜਦੋਂ ਢੱਡਰੀਆਂ ਵਾਲੇ ਵਰਗੇ ਸੰਤ, ਸੰਤ ਤੋਂ ਭਾਈ ਬਣ, ਸਿੱਖੀ ਦੇ ਸਿਧਾਂਤਕ ਪ੍ਰਚਾਰਕ ਬਣਨ ਲੱਗ ਪਏ ਜੋ ਲੱਖਾਂ ਸਿੱਖਾਂ ਨੂੰ ਧਰਮ ਦੇ ਬੁਰਕੇ ਵਿੱਚ ਹੋ ਰਹੀ ਲੁੱਟ ਬਾਰੇ ਜਾਗ੍ਰਿਤ ਕਰਨ ਲਈ ਮੈਦਾਨ ਵਿੱਚ ਨਿੱਤਰ ਪਏ ਹਨ, ਡੇਰਾਵਾਦੀ ਕਰਮਕਾਂਡੀ ਸੰਪ੍ਰਦਾਈਆਂ ਅਤੇ ਪੁਜਾਰੀ ਜਥੇਦਾਰਾਂ ਦੀ ਅੱਖ ਵਿੱਚ ਰੋੜ ਵਾਂਗ ਰੜਕਦੇ ਹਨ, ਤਾਂ ਹੀ ਗੁਰਮਤਿ ਸਿੱਖੀ ਦੇ ਸਿਧਾਂਤਕ ਪ੍ਰਚਾਰਕਾਂ ਦਾ ਪੁਜਾਰੀ ਜਥੇਦਾਰਾਂ ਅਤੇ ਸੰਤ ਬਾਬਿਆਂ ਸੰਪ੍ਰਾਈਆਂ ਵੱਲੋਂ ਅੱਡੀ ਚੋਟੀ ਨਾਲ ਵਿਰੋਧ ਹੋ ਰਿਹਾ ਹੈ।

ਹੁਣ ਜਿਉਂ ਜਿਉਂ ਜਨਤਾ ਗੁਰੂ ਗਿਆਨ ਨਾਲ ਅਗਿਆਨਤਾ ਦੀ ਨੀਂਦ ਚੋਂ ਜਾਗ ਰਹੀ ਹੈ ਤਿਉਂ ਤਿਉਂ ਇਨ੍ਹਾਂ ਭੱਦਰਪੁਰਸ਼ਾਂ ਦੇ ਪਾਏ ਭਰਮ ਭੁਲੇਖਿਆਂ ਤੇ ਡਰਾਵਿਆਂ ਤੋਂ ਬਾਹਰ ਨਿਕਲ ਰਹੀ ਹੈ। ਇਲੈਕਟ੍ਰੌਣਿਕ ਮੀਡੀਏ ਨੇ ਹਰੇਕ ਨੂੰ ਆਪੋ ਆਪਣੇ ਅਜ਼ਾਦ ਵਿਚਾਰ ਰੱਖਣ ਦਾ ਪਲੇਟ ਫਾਰਮ ਦੇ ਕੇ ਬਹੁਤ ਵੱਡੀ ਕ੍ਰਾਂਤੀ ਲਿਆਂਦੀ ਹੈ ਨਹੀਂ ਤਾਂ ਬਹੁਤੇ ਧਰਮ ਅਸਥਾਨਾਂ ਵਿੱਚ ਸੱਚ ਬੋਲਣ ਤੇ ਪ੍ਰਚਾਰਨ ਨਹੀਂ ਦਿੱਤਾ ਜਾਂਦਾ। ਜਾਗਤ ਸੰਗਤ ਨੂੰ ਸਿਧਾਂਤਕ ਪ੍ਰਚਾਰਕਾਂ ਦਾ ਸਾਥ ਜਰੂਰ ਦੇਣਾ ਚਾਹੀਦਾ ਹੈ ਨਹੀਂ ਤਾਂ ਲੱਠਮਾਰ ਡੇਰੇਦਾਰ ਹਰ ਪਾਸੇ ਕਾਬਜ ਹੋ, ਗੁਰਮਤਿ ਦੀ ਸਿੱਖੀ ਨੂੰ ਗੁਫਾਵਾਂ, ਸੀਨਾ-ਬਸੀਨਾਂ ਮਰਯਾਦਾ, ਅਖੌਤੀ ਸੰਤਾਂ-ਗ੍ਰੰਥਾਂ, ਕਰਮਕਾਂਡਾਂ, ਰੰਗ ਬਰੰਗੇ ਰੁਮਾਲਿਆਂ, ਚੁਬੱਚਿਆਂ ਦੇ ਪਾਣੀਆਂ ਅਤੇ ਸੰਪ੍ਰਦਾਈਆਂ ਦੇ ਤੰਗ-ਦਿਲ ਭੋਰੇ ਵਿੱਚ ਬੰਦ ਕਰ ਦੇਣਗੇ!


04/02/17
ਹਰਲਾਜ ਸਿੰਘ ਬਹਾਦਰਪੁਰ

ਸਤਕਿਾਰ ਯੋਗ ਸਮੁੱਚੇ ਦੋਸਤਾਂ ਵੀਰਾਂ/ਭੈਣਾ ਨੂੰ ਸਤਿ ਸ੍ਰੀ ਅਕਾਲ। ਦੋਸਤੋ ਬੇਨਤੀ ਹੈ ਕਿ ਕੋਈ ਮੈਨੂੰ ਚੰਗਾ ਸਮਝੇ ਜਾਂ ਮਾੜਾ, ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ। ਕਿਉਂਕਿ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ) ਨੂੰ ਹੀ ਆਪਣਾ ਰਾਹ ਦੱਸੇਰਾ ਅਤੇ ਮਹਾਨ ਮੰਨਦਾ ਹਾਂ। ਹੋਰ ਕਿਸੇ ਵੀ ਗ੍ਰੰਥ ਜਾਂ ਕਿਤਾਬ ਨੂੰ ਗੁਰੂ ਗ੍ਰੰਥ ਸਾਹਬਿ ਜੀ ਦੇ ਵਾਂਗ ਜਾਂ ਬਰਾਬਰ ਨਹੀਂ ਮੰਨਦਾ, ਹਾਂ ਚੰਗੇ ਵਿਚਾਰ ਕਿਸੇ ਦੇ ਵੀ ਹੋਣ ਪੜ੍ਹ ਕੇ ਅਮਲ ਕਰ ਸਕਦਾ ਹਾਂ। ਮੇਰਾ ਨਿੱਤਨੇਮ, ਅਰਦਾਸ, ਰਹਿਤ ਮਰਯਾਦਾ ਆਦਿ ਸੱਭ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਵਿੱਚੋਂ ਹੈ। ਮੈਂ ਕਹੇ ਜਾਂਦੇ ਅਖੰਡ ਪਾਠ, ਅਕਾਲ ਤਖਤ ਦੇ ਹੁਕਮਨਾਮੇ ਅਤੇ ਰਹਿਤ ਮਰਯਾਦਾ ਨੂੰ ਨਹੀਂ ਮੰਨਦਾ। ਮੇਰੇ ਲਈ ਸਮੁੱਚੇ ਡੇਰੇ/ਸੰਸਥਾਵਾਂ ਅਤੇ ਸਾਧ (ਬਿਆਸ, ਸਿਰਸਾ, ਰਾੜਾ, ਚੌਂਕ ਮਹਿਤਾ, ਤਖਤ, ਨਾਨਕ ਸਰ ਠਾਠ ਆਦਿ, ਦਮਦਮੀ ਟਕਸਾਲ, ਸਤਿਕਾਰ ਕਮੇਟੀਆਂ, ਅਖੰਡ ਕੀਰਤਨੀ ਜੱਥੇ ਆਦਿ, ਇਹਨਾ ਦੇ ਸੰਸਥਾਪਕ ਸੰਤ, ਸਾਧ, ਮਹਾਂ ਪੁਰਸ, ਬ੍ਰਹਿਮ ਗਿਆਨੀ, ਜੱਥੇਦਾਰ ਆਦਿ) ਇੱਕ ਬਰਾਬਰ ਹਨ, ਮੈਂ ਇਹਨਾ ਕਿਸੇ ਨੂੰ ਨਹੀਂ ਮੰਨਦਾ। ਚੰਗੇ ਵਿਚਾਰ ਕਿਸੇ ਨਾਸਤਿਕ, ਆਸਤਿਕ, ਕਾਮਰੇਡ ਜਾਂ ਮਿਸਨਰੀ, ਪੜੇ ਜਾਂ ਅਣਪੜ ਦੇ ਹੋਣ ਉਹਨਾ ਦਾ ਸਤਿਕਾਰ ਕਰਾਂਗਾ। ਮੇਰਾ ਧਰਮ ਇੰਨਸਾਨੀਅਤ ਦਾ ਭਲਾ ਚਾਹੁੰਣਾ ਅਤੇ ਚੰਗੇ ਕੰਮ ਕਰਨੇ ਹੈ। ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ ਨੰਬਰ 266)। ਮੈਂ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਕਿਸੇ ਧਰਮ, ਹਿੰਦੂ, ਮੁਸਲਿਮ, ਸਿੱਖ, ਇਸਾਈ ਆਦਿ ਨੂੰ ਨਹੀਂ ਮੰਨਦਾ।

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 9417023911


04/02/17
ਗਿਆਨੀ ਅਵਤਾਰ ਸਿੰਘ

ਇਤਿਹਾਸਕ ਵਿਵਾਦ ਮਿਸ਼ਨਰੀ ਬਨਾਮ ਟਕਸਾਲੀ’ ਜਾਂ ‘ਸਾਧ ਬਨਾਮ ਸਿੱਖ’ ਸੋਚ ?

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)

25 ਮਾਰਚ 2017 ਨੂੰ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲ਼ਿਆਂ ਵੱਲੋਂ ਆਪਣੇ ਕਥਾ ਦੇ ਚੱਲਦੇ ਪ੍ਰਸੰਗ ’ਚ ਇਹ ਕਹਿਣਾ ਕਿ ਗੁਰੂ ਤੇਗ ਬਹਾਦਰ ਜੀ 26 ਸਾਲ (ਬਕਾਲੇ) ਭੋਰੇ ’ਚ ਨਹੀਂ ਬੈਠੇ ਰਹੇ ਬਲਕਿ ਉੱਤਰ ਪੂਰਬ ਭਾਰਤ ’ਚ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਸਨ, ਵਿਚਾਰਾਂ ਨਾਲ਼ ਸਿੱਖ ਕੌਮ ’ਚ ਇੱਕ ਹੋਰ ਵਿਵਾਦ ਨੇ (ਭਾਈ ਰਣਜੀਤ ਸਿੰਘ ਤੇ ਟਕਸਾਲ ਵਿੱਚ) ਜਨਮ ਲੈ ਲਿਆ ਹੈ। ਕਈ ਗੁਰੂ ਪਿਆਰਿਆਂ ਨੇ ਸੁਝਾਵ ਦਿੱਤੇ ਕਿ ਇੱਕ ਪਿਤਾ ਦੀ ਔਲਾਦ ਆਪਸ ਵਿੱਚ ਝਗੜਦੀ ਚੰਗੀ ਨਹੀਂ ਲੱਗਦੀ, ਇਸ ਲਈ ਆਪਸੀ ਮਤਭੇਦ ਮਿਲ ਬੈਠ ਹੱਲ ਕਰ ਲੈਣੇ, ਸਿਆਣਪ ਹੁੰਦੀ ਹੈ। ਗੁਰਬਾਣੀ ਵੀ ਵਚਨ ਕਰਦੀ ਹੈ ਕਿ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ, ਲਿਵ ਲਾਇ ॥’’ (ਮ: ੫/੧੧੮੫), ਪਰ ਗੁਰਮਤਿ ਦੀ ਇਸੇ ਤੁਕ ’ਚ ਦੋ ਸ਼ਬਦ ਸ਼ਾਮਲ ਹਨ ‘ਦੁਬਿਧਾ’ ਤੇ ‘ਲਿਵ’ (ਭੋਰਾ), ਜਿਨ੍ਹਾਂ ਦੇ ਮਤਲਬ ਆਪਣੇ ਆਪਣੇ ਅਨੁਸਾਰ ਕੱਢੇ ਜਾ ਰਹੇ ਹਨ। ਇੱਕ ਧੜਾ ਕਹਿੰਦਾ ‘ਦੁਬਿਧਾ’ ਭਾਈ ਰਣਜੀਤ ਸਿੰਘ ਪਾ ਰਿਹਾ ਹੈ ਤੇ ਦੂਜਾ ਕਹਿੰਦਾ ਹੈ ਕਿ ‘ਦੁਬਿਧਾ’ ਬਣੀ ਪਈ ਹੈ ਜਿਸ ਨੂੰ ਕੱਢਣਾ ਜ਼ਰੂਰੀ ਹੈ; ਇਹੀ ਅਜੋਕੇ ਟਕਰਾਅ ਦਾ ਮੂਲ ਕਾਰਨ ਹੈ।

ਸਰਬੱਤ ਖਾਲਸਾ (2015) ਰਾਹੀਂ ਕੇਸਗੜ੍ਹ ਤਖ਼ਤ ਦੇ ਥਾਪੇ ਗਏ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਜੋ ਵਿਚਾਰ-ਚਰਚਾ ਕਰਨ ਦਾ ਫ਼ਾਰਮੂਲ ਲੱਭਿਆ ਉਹ ਸ਼ਾਂਤੀ ਜੀ ਬਜਾਏ ਮਾਹੌਲ ਨੂੰ ਹੋਰ ਤਣਾਅ ਵੱਲ ਲੈ ਜਾਣ ਵਾਲ਼ਾ ਰਿਹਾ, ਜਿਸ ਕਾਰਨ ਪੰਜ-ਪੰਜ ਸਿੰਘਾਂ ਦੁਆਰਾ ਮਿਲ-ਬੈਠਣ ਵਾਲ਼ਾ ਤਰੀਕਾ ਵਿਫਲ ਹੋ ਗਿਆ। ਅਜਿਹੇ ਤਰੀਕੇ ਅਮਰੀਕ ਸਿੰਘ ਕਈ ਵਾਰ ਪਹਿਲਾਂ ਵੀ ਅਜ਼ਮਾ ਚੁੱਕਾ ਹੈ। ਸੋਸ਼ਲ ਮੀਡਿਆ ਰਾਹੀਂ ਕੌਣ ਹਾਰਿਆ ਤੇ ਕੌਣ ਜਿੱਤਿਆ ਚਰਚਾ ਜ਼ੋਰ-ਸ਼ੋਰ ਨਾਲ਼ ਚੱਲ ਰਹੀ ਹੈ।

ਜੋ ਬੰਦੇ ਮਿਲ ਬੈਠਣ ਦਾ ਸੁਝਾਅ ਦੇ ਰਹੇ ਹਨ ਉਨ੍ਹਾਂ ਮੁਤਾਬਕ ਟਕਰਾਅ ਇੱਕ ਦੋ ਮੁੱਦਿਆਂ ਉੱਤੇ ਹੈ, ਜਿਸ ਨੂੰ ਮਿਲ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ, ਪਰ ਮੇਰੀ ਰਾਏ ਇਨ੍ਹਾਂ ਤੋਂ ਬਿਲਕੁਲ ਭਿੰਨ ਹੈ। ਅਗਰ ਸਿੱਖ ਕੌਮ ਅਜਿਹੇ ਵਿਵਾਦਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਕੁਝ ਸਾਰਥਿਕ ਕਦਮ ਪੁੱਟਣੇ ਜ਼ਰੂਰੀ ਹਨ। ਇਸ ਸੰਬੰਧੀ ਕੁਝ ਸੁਝਾਅ ਦੇਣਾ, ਮੈਂ ਆਪਣਾ ਫ਼ਰਜ਼ ਸਮਝਦਾ ਹਾਂ।

ਵਿਸ਼ੇ ਦੀ ਅਰੰਭਤਾ ਹੋ ਰਹੀ ਚਰਚਾ ਦੇ ਇਸ ਪੱਖ ਤੋਂ ਕਰਦਾ ਹਾਂ ਕਿ ਇਹ ਟਕਰਾਅ ਮਿਸ਼ਨਰੀਆਂ ਤੇ ਟਕਸਾਲੀਆਂ ਵਿੱਚ ਹੈ ਜਾਂ ਪੁਰਾਣੀ ਤੇ ਨਵੀਂ ਸੋਚ ਵਿੱਚ ਹੈ। ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਤਰਕ, ਵਿਵਾਦ ਨੂੰ ਬੜਾ ਹਲਕੇ ’ਚ ਲੈ ਰਹੇ ਹਨ। ਸੋਚੋ, ਇਹ ਵਿਸ਼ਾ ਮਿਸ਼ਨਰੀਆਂ ਤੇ ਟਕਸਾਲੀਆਂ ਤੋਂ ਇਲਾਵਾ ਕਿਸੇ ਹੋਰ ਸਿੱਖ ਜਥੇਬੰਦੀ ਲਈ ਕੋਈ ਮਾਇਨਾ ਨਹੀਂ ਰੱਖਦਾ ? ਜਾਂ ਜੋ ਹਵਾਲੇ ਭੱਟ ਵਹੀਆਂ ਵਿੱਚੋਂ ਦਿੱਤੇ ਜਾ ਰਹੇ ਹਨ ਉਸ ਨੂੰ ਨਵੀਂ ਸੋਚ ਕਿਵੇਂ ਕਿਹਾ ਜਾ ਸਕਦਾ ਹੈ ? ਅਗਰ ਭਾਈ ਰਣਜੀਤ ਸਿੰਘ ਲਿਖਤੀ ਮਾਫ਼ੀ ਮੰਗ ਲੈਣ ਜਾਂ ਦ੍ਰਿੜ੍ਹਤਾ ਨਾਲ਼ ਪਹਿਰਾ ਦਿੰਦਿਆਂ ਸ਼ਹੀਦ ਵੀ ਹੋ ਜਾਣ ਤਾਂ ਕੀ ਇਹ ਟਕਰਾਅ ਖ਼ਤਮ ਹੋ ਜਾਏਗਾ ?

ਭਾਈ ਅਜਨਾਲਾ 50-60 ਹਮਖ਼ਿਆਲੀਆਂ ਸਮੇਤ, ਤਿੰਨ ਸਵਾਲਾਂ (ਗੁਰੂ ਤੇਗ ਬਹਾਦਰ ਜੀ ਦੀ ਭੋਰੇ ’ਚ ਬੈਠ ਕੇ ਕੀਤੀ ਭਗਤੀ ਦਾ ਖੰਡਨ, ਦਰਬਾਰ ਸਾਹਿਬ ਦੇ ਸਰੋਵਰ ਜਲ ਨੂੰ ਅੰਮ੍ਰਿਤ ਨਾ ਕਹਿਣਾ ਤੇ ਸੰਤਾਂ ਦਾ ਨਿਰਾਦਰ) ਦੇ ਜਵਾਬ ਲੈਣ ਲਈ ਪਰਮੇਸ਼ਰ ਦੁਆਰ ਅੱਗੇ ਜਾ ਬੈਠਾ, ਪਰ ਇਸ ਟਕਰਾਅ ਦੇ ਕੀ ਇਹੀ ਤਿੰਨ ਕਾਰਨ ਹਨ ? ਅਗਾਂਹ ਵੀ ਗੁਰਮਤਿ ਦੇ ਪ੍ਰਚਾਰ ਦੌਰਾਨ ਕੁਝ ਹੋਰ ਬੋਲਿਆ ਜਾਏਗਾ, ਜੋ ਅਗਲੇ ਟਕਰਾਅ ਦਾ ਕਾਰਨ ਬਣੇਗਾ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਦਰਅਸਲ, ਸਿੱਖ ਕੌਮ ਪਾਸ ਗੁਰੂ ਸਿਧਾਂਤ ਦੀ ਸੰਭਾਲ਼ ਤਾਂ ਗੁਰੂ ਜੀ ਸਰੀਰਕ ਜਾਮੇ ਵਿੱਚ ਹੀ ਕਰ ਗਏ ਸਨ ਤੇ ਇਤਿਹਾਸ, ਜੋ ਕਿਸੇ ਕੌਮ ਦਾ ਸਰਮਾਇਆ ਹੁੰਦਾ ਹੈ, ਅਸੀਂ ਸੰਭਾਲ਼ਨਾ ਸੀ, ਪਰ ਜੰਗਾਂ-ਯੁੱਧਾਂ ਤੇ ਯੋਗ ਲਿਖਾਰੀਆਂ ਦੀ ਕਮੀ ਕਾਰਨ ਨਹੀਂ ਸੰਭਾਲ਼ ਸਕੇ ਜਾਂ ਕਹਿ ਦੇਈਏ ਕਿ ਗੁਰਮਤਿ ਵਿਰੋਧੀ ਤਾਕਤਾਂ ਸਾਡੇ ਸੁਨਹਿਰੇ ਇਤਿਹਾਸ ਨੂੰ ਧੁੰਦਲਾ ਕਰਨ ’ਚ ਸਫਲ ਹੋ ਗਈਆਂ। ਅੱਜ ਥੋੜ੍ਹੀ ਬਹੁਤੀ ਸ਼ਰਧਾ ਰੱਖਣ ਵਾਲ਼ਾ ਸਿੱਖ ਵੀ, ਜਿਸ ਨੂੰ ਅਸਲੀਅਤ ਬਾਰੇ ਪੂਰਨ ਜਾਣਕਾਰੀ ਨਹੀਂ ਹੁੰਦੀ, ਕੇਵਲ ਸ਼ਰਧਾ ਵੱਸ ਗ਼ਲਤ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਆਪਣੀ ਸ਼ਕਤੀ ਨੂੰ ਪੰਥ ਵਿਰੋਧੀ ਭੁਗਤਾ ਕੇ ਖ਼ੁਸ਼ ਹੋ ਜਾਂਦਾ ਹੈ। ਆਧੁਨਿਕ ਯੁੱਗ ਵਿੱਚ ਗੁਰਮਤਿ ਪ੍ਰਚਾਰ ਲਈ ਠੋਸ ਤੇ ਦੀਰਘਕਾਲੀ ਰਣਨੀਤੀ ਚਾਹੀਏ, ਜੋ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਅਜੋਕੇ ਸਿੱਖ ਲੀਡਰਾਂ ਨੇ ਬਣਨ ਨਹੀਂ ਦਿੱਤੀ ਤੇ ਪੰਥਕ ਸ਼ਕਤੀ ਆਪ ਮੁਹਾਰੀ ਹੋ ਕੇ ਖਿਲਰ ਰਹੀ ਹੈ, ਜਿਸ ਦਾ ਲਾਭ ਗੁਰਮਤਿ ਵਿਰੋਧੀ ਤਾਕਤਾਂ ਲੈ ਰਹੀਆਂ ਹਨ।

ਮੇਰੀ ਸਮਝ ਮੁਤਾਬਕ ਉਕਤ ਟਕਰਾਅ ‘ਮਿਸ਼ਨਰੀ ਬਨਾਮ ਟਕਸਾਲੀ’ (ਜਾਂ ਨਵੀਂ ਤੇ ਪੁਰਾਣੀ) ਸੋਚ ਨਹੀਂ ਬਲਕਿ ‘ਸਿੱਖ ਬਨਾਮ ਸਾਧ ਸੋਚ’ ਹੈ। ‘ਸਾਧ ਸੋਚ’ ਉਹੀ ਸੋਚ ਹੈ, ਜੋ ਨਿਰਮਲਿਆਂ ਦੇ ਰੂਪ ’ਚ ਲੰਮੇ ਸਮੇਂ ਤੱਕ ਗੁਰੂ ਘਰਾਂ ਉੱਤੇ ਕਾਬਜ਼ ਰਹੀ। ਇਸੇ ਸਮੇਂ ਭੱਖ-ਅਭੱਖ ਇਤਿਹਾਸ ਕਬੂਲ ਕੀਤਾ ਗਿਆ। ਹਿੰਦੂ ਪੰਡਿਤਾਂ ਨਾਲ਼ ਨੇੜਤਾ ਇਨ੍ਹਾਂ ਦੁਆਰਾ ਸੁਣਾਈਆਂ ਜਾਂਦੀਆਂ ਸਾਖੀਆਂ ਕਿ ਗੁਰੂ ਜੀ ਨੇ ਪੰਜ ਨਿਰਮਲੇ ਸਿੱਖਾਂ ਨੂੰ ਵਾਰਾਨਸੀ ਸੰਸਿਤ ਪੜ੍ਹਨ ਲਈ ਭੇਜਿਆ, ਤੋਂ ਸ਼ੁਰੂ ਹੁੰਦੀ ਹੈ। ਪੰਡਿਤਾਂ (ਆਰ. ਐੱਸ. ਐੱਸ.) ਨਾਲ਼ ਇਨ੍ਹਾਂ ਦਾ ਟਕਰਾਅ ਰਾਜਨੀਤਿਕ ਹੈ, ਸਿਧਾਂਤਕ ਨਹੀਂ; ਵਰਨਾ ਇਨ੍ਹਾਂ ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਨੂੰ ਦੇਵ ਅਵਤਾਰ ਨਾ ਲਿਖਿਆ ਹੁੰਦਾ ਅਤੇ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਨਾ ਕੀਤਾ ਜਾਂਦਾ। ਰਾਜਨੀਤਿਕ ਸੋਚ ਆਰਜ਼ੀ (ਥੋੜ੍ਹੇ ਸਮੇਂ ਨੂੰ ਮੁੱਖ ਰੱਖ ਕੇ ਬਣਾਈ) ਹੁੰਦੀ ਹੈ ਜਦ ਕਿ ਸਿਧਾਂਤਕ ਪੱਖ ਦੀਰਘਕਾਲੀ ਕਾਇਮ ਰਹਿੰਦਾ ਹੈ; ਜਿੱਥੇ ਇਹ ਸਾਧ ਪੰਡਿਤਾਂ ਦੇ ਵਧੇਰੇ ਨਜ਼ਦੀਕ ਹਨ। ਇਸ ਵਿਚਾਰ ਨਾਲ਼ ਇਨ੍ਹਾਂ ਸਾਧਾਂ ਨੂੰ ਬੁਰਾ ਵੀ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਬ੍ਰਾਹਮਣਾਂ ਤੋਂ ਪ੍ਰਭਾਵਤ ਹੋ ਕੇ ਇਨ੍ਹਾਂ ਖ਼ੁਦ ਹੀ ਅਜਿਹਾ ਸਿੱਖ ਇਤਿਹਾਸ ਲਿਖਿਆ ਹੈ।

ਇੰਦਰਾ ਗਾਂਧੀ ਨੇ ਇਸ ਕਮਜ਼ੋਰੀ ਦਾ ਲਾਭ ਉੱਠਾਇਆ, ਜਦ ਬਾਬਾ ਜਰਨੈਲ ਸਿੰਘ ਨੂੰ ਆਪਣੇ ਨਾਲ਼ ਮਿਲਾ ਕੇ ਸਿੱਖ ਸੋਚ ਵਿਰੁਧ ਖੜ੍ਹਾ ਕੀਤਾ। ਬਾਬਾ ਜੀ ਦੀ ਸ਼ਹੀਦੀ, ਸਾਧ ਸੋਚ ਨੂੰ ਨਵੀਂ ਊਰਜਾ ਦੇ ਗਈ। ਜੂਨ 1984 ਸਾਕੇ ਨਾਲ਼ ਸੰਬੰਧਿਤ ਲਿਖਤਾਂ ’ਚ ਇਹ ਸੰਕੇਤ ਮਿਲਦੇ ਹਨ ਕਿ ਬਾਬਾ ਜਰਨੈਲ ਸਿੰਘ ਜੀ ਦਾ ਮਕਸਦ ਕੌਮ ’ਚ ਵੰਡ ਪਾਊ ਸੋਚ ਤੋਂ ਉਪਰ ਉੱਠ ਕੇ ਕੇਵਲ ਪੰਥਕ ਏਕਤਾ ਰਹਿ ਗਿਆ ਸੀ, ਜਿਸ ਕਾਰਨ ਉਨ੍ਹਾਂ ਆਪਣੀ ਟਕਸਾਲ ਦੀ ਮਰਿਆਦਾ ਨੂੰ ਦਰਕਿਨਾਰ ਕਰਦਿਆਂ ਅਕਾਲ ਤਖ਼ਤ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦੀ ਹਮਾਇਤ ਕਰ ਦਿੱਤੀ ਸੀ ਭਾਵ ਬਾਬਾ ਜਰਨੈਲ ਸਿੰਘ ਜੀ ਪੈਦਾ ਸਾਧ ਹੋਏ ਸਨ ਪਰ ਸ਼ਹੀਦੀ ਸਿੱਖ ਬਣ ਕੇ ਦਿੱਤੀ। ਫਿਰ ਵੀ ਉਨ੍ਹਾਂ ਦੀ ਸ਼ਹੀਦੀ ਨੂੰ ਇਸ ਸਾਧ ਸੋਚ ਨੇ ਸਿੱਖ ਕੌਮ ਲਈ ਨਹੀਂ ਬਲਕਿ ਆਪਣੇ ਹੱਕ ਵਿੱਚ ਭੁਗਤਾਇਆ ਹੈ। ਅਗਰ ਬਾਬਾ ਜਰਨੈਲ ਸਿੰਘ ਜੀ, ਆਪਣੇ ਵਿਚਾਰ ਬਦਲ ਕੇ ਵੀ ਇਨ੍ਹਾਂ ਲਈ ਸਤਿਕਾਰਮਈ ਬਣੇ ਹੋਏ ਹਨ ਤਾਂ ਭਾਈ ਰਣਜੀਤ ਸਿੰਘ ਦੇ ਵਿਚਾਰ ਬਦਲਣ ਨਾਲ਼ ਘਬਰਾਹਟ (ਪਰੇਸ਼ਾਨੀ) ਕਿਉਂ ? ਅਗਰ ਕੱਲ ਕਿਸੀ ਕਾਰਨ ਭਾਈ ਰਣਜੀਤ ਸਿਘ ਜੀ ਨੂੰ ਕੁਝ ਹੋ ਜਾਏ ਤਾਂ ਉਹ ਦਿਨ ਦੂਰ ਨਹੀਂ ਹੋਏਗਾ ਜਦ ਇਨ੍ਹਾਂ ਦੀ ਸ਼ਹੀਦੀ ਵਿੱਚੋਂ ਵੀ ਊਰਜਾ ਲਈ ਜਾਏਗੀ। ਇਹ ਨੀਤੀ ਆਰ. ਐੱਸ. ਐੱਸ. ਦੀ ਹੈ ਜਿਨ੍ਹਾਂ ਮਹਾਤਮਾ ਗਾਂਧੀ ਨੂੰ ਮਰਵਾ ਕੇ ਵੀ ਉਸ ਨੂੰ ਆਪਣਾ ਆਦਰਸ਼ ਮੰਨ ਲਿਆ। ਇੱਥੋਂ ਤੱਕ ਕਿ ਗੀਤਾ ਦੇ 18 ਅਧਿਆਇ ਉਪਰੰਤ 19ਵਾਂ ਅਧਿਆਇ ਮਹਾਤਮਾ ਗਾਂਧੀ ਬਾਬਤ ਲਿਖਿਆ ਵੀ ਮਿਲਦਾ ਹੈ।

ਸਿੱਖ ਕੌਮ ਨੇ ਇਸ ਸਾਧ ਅਤੇ ਪੰਡਿਤ ਸੋਚ ਦੀ ਰਾਜਨੀਤਿਕ (ਵਕਤੀ) ਲੜਾਈ ਰਾਹੀਂ ਆਪਣਾ ਬਹੁਤ ਭਾਰੀ ਨੁਕਸਾਨ ਕਰਵਾ ਲਿਆ ਹੈ, ਪਰ ਇਨ੍ਹਾਂ ਦੀ ਸਿਧਾਂਤਕ (ਦੀਰਘਕਾਲੀ) ਏਕਤਾ ਨੇ ਅਕਾਲੀ ਲੀਡਰਾਂ ਨੂੰ ਵੀ ਆਪਣੇ ਸਾਥ ਮਿਲਾ ਲਿਆ। ਹੁਣ ਇਨ੍ਹਾਂ ਵਿਰੁਧ ਲੜੀ ਜਾ ਰਹੀ ਲੜਾਈ ਕੇਵਲ ਭਾਈ ਰਣਜੀਤ ਸਿੰਘ ਜੀ ਦੀ ਨਹੀਂ ਰਹੀ ਤੇ ਨਾ ਹੀ ਉਹ ਇਕੱਲੇ ਇਸ ਵਿੱਚ ਜਿੱਤ ਸਕਦੇ ਹਨ। ਅਗਰ ਸਿੱਖ ਕੌਮ ਆਪਸੀ ਮਤਭੇਦ ਭੁਲਾ ਕੇ ਪੰਥਕ ਏਕਤਾ ਦੇ ਨਾਂ ਤੇ ਕਦਮ ਪੁੱਟੇ ਤਾਂ ਕੁਝ ਸਫਲਤਾ ਮਿਲਣ ਦੀ ਉਮੀਦ ਹੈ। ਇਨ੍ਹਾਂ ਕਦਮਾਂ ਬਾਬਤ ਮੇਰੀ ਰਾਇ ਹੈ:

(1). ਹਰ ਉਹ ਮਸਲਾ, ਜਿਸ ਨੂੰ ਆਧਾਰ ਬਣਾ ਕੇ ਇਹ ਲੋਕ ਸਿੱਖ ਸੰਗਤ ਵਿੱਚ ਆਪਣਾ ਪ੍ਰਭਾਵ ਕਾਇਮ ਕਰਨ ਵਿੱਚ ਸਫਲ ਹੋ ਜਾਂਦੇ ਹਨ, ਨੂੰ ਕੁਝ ਸਮੇਂ ਲਈ ਭੁਲਾਉਣਾ ਪਏਗਾ; ਜਿਵੇਂ ਕਿ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕਿਉਂਕਿ ਇਹੀ ਇੱਕ ਕੜੀ ਹੈ, ਜੋ ਸਾਨੂੰ ਇਕੱਠਾ ਕਰ ਸਕਦੀ ਹੈ। ਗੁਰੂ ਸਿਧਾਂਤ ਅਤੇ ਜ਼ਮੀਨੀ ਹਾਲਾਤਾਂ ਦਰਮਿਆਨ ਕੋਈ ਮਰਿਆਦਾ ਨਿਰਧਾਰਿਤ ਕਰਨਾ ਹੀ ਢੁੱਕਵਾਂ ਸ਼ਸਤਰ ਮੰਨਿਆ ਜਾ ਸਕਦਾ ਹੈ, ਜਿਸ ਵਿੱਚ ਜ਼ਮੀਨੀ ਹਾਲਾਤਾਂ ਦੇ ਤੇਜ਼ੀ ਨਾਲ਼ ਹੋ ਰਹੇ ਬਦਲ ਮੁਤਾਬਕ ਜ਼ਰੂਰੀ ਤਬਦੀਲੀ ਲਈ ਹੋਣ ਵਾਲ਼ੀ ਦੇਰੀ ਵੀ ਨੁਕਸਾਨ ਦਾਇਕ ਰਹੇਗੀ। ਸਿੱਖ ਰਹਿਤ ਮਰਿਆਦਾ ’ਚ ਆਖ਼ਰੀ ਬੰਦ ‘ਗੁਰਮਤਾ ਕਰਨ ਦੀ ਵਿਧੀ’ ਦਰਜ ਹੈ, ਜੋ ਨਵੇਂ ਰਸਤੇ ਭਾਵ ਮਰਿਆਦਾ ’ਚ ਸੁਧਾਰ ਦਾ ਰਾਹ ਖੋਲ੍ਹਦੀ ਹੈ। ਦੁਰਭਾਗ ਕਹੀਏ ਕਿ ਜੋ ਸਾਧ ਸੋਚ ਇਸ ਮਰਿਆਦਾ ਨੂੰ ਹੀ ਨਹੀਂ ਮੰਨਦੀ ਉਹੀ ਇਸ ਦੇ ਹਵਾਲੇ ਰਾਹੀਂ ਸਿੱਖ ਸੰਗਤਾਂ ਨੂੰ ਗੁਮਰਾਹ ਕਰਕੇ ਸਾਨੂੰ ਮਰਿਆਦਾ ਵਿਰੋਧੀ ਗਰਦਾਨਦੀ ਆ ਰਹੀ ਹੈ।

(2). ਗੁਰੂ ਘਰ ਦੀਆਂ ਸਟੇਜਾਂ ਰਾਹੀਂ ਗੁਰਬਾਣੀ ’ਚੋਂ ਕੋਈ ਇੱਕ ਵਿਸ਼ਾ ‘ਸਾਧ ਸੋਚ’ ਤੇ ‘ਸਿੱਖ ਸੋਚ’ ਨੂੰ ਚੁਣ ਕੇ ਦੇਣਾ ਚਾਹੀਦਾ ਹੈ ਤਾਂ ਜੋ ਸਹੀ ਤੇ ਗ਼ਲਤ ਯੋਗਤਾ (ਤੇ ਕਮਾਈ) ਦਾ ਸੰਗਤ ਨਿਰਣਾ ਕਰ ਸਕੇ। ਇਸ ਸੁਝਾ ਨੀਤੀ ’ਚ ਪ੍ਰਚਾਰਕਾਂ ਨੂੰ ਸਖ਼ਤ ਹਦਾਇਤ ਕੀਤੀ ਜਾਏ ਕਿ ਹਰ ਬੁਲਾਰਾ ਕੇਵਲ ਸੰਗਤ ਦੇ ਰੂ-ਬਰੂ ਰਹੇਗਾ, ਨਾ ਕਿ ਕਿਸੇ ਵਿਰੋਧੀ ਖ਼ਿਆਲ ਵਾਲ਼ੇ ਪ੍ਰਚਾਰਕ ਜਾਂ ਜਥੇਬੰਦੀ ਦੇ।

(3). ਸਾਧ ਤੇ ਸਿੱਖ ਸੋਚ ਨੂੰ ਵੱਧ ਤੋਂ ਵੱਧ ਗੁਰੂ ਸ਼ਬਦ ਵਿਚਾਰ ਦੇ ਨੇੜੇ ਰੱਖਣਾ ਚਾਹੀਦਾ ਹੈ, ਨਾ ਕਿ ਗੁਰੂ ਇਤਿਹਾਸ ਜਾਂ ਸਿੱਖ ਇਤਿਹਾਸ ਦੇ।

(2). ਬੇਲੋੜੇ ਤੇ ਅਰਥਹੀਣ ਵਿਵਾਦਾਂ ਨੂੰ ਜਨਮ ਨਹੀਂ ਦੇਣਾ ਚਾਹੀਦਾ, ਜਿਨ੍ਹਾਂ ਤੋਂ ਸਾਧ ਲਾਭ ਉਠਾਉਣ; ਜਿਵੇਂ ਅੰਮ੍ਰਿਤਪਾਨ, ਸਿਮਰਨ, ਆਦਿ ਵਿਸ਼ਿਆਂ ’ਤੇ ਟਿੱਪਣੀ ਕਰਨਾ।

ਅੰਮ੍ਰਿਤਪਾਨ, ਗੁਰੂ ਯੂਨੀਵਰਸਿਟੀ ’ਚ ਦਾਖ਼ਲਾ ਹੈ, ਗੁਰੂ ਪ੍ਰਤੀ ਸਮਰਪਿਤ ਭਾਵਨਾ ਹੈ। ਅਗਰ ਕੋਈ ਬੱਚਾ ਪੇਪਰਾਂ ’ਚ ਅਸਫਲ ਰਹਿ ਜਾਏ ਉਸ ਦੇ ਦਾਖ਼ਲੇ ਉੱਤੇ ਕਿੰਤੂ (ਇਤਰਾਜ਼) ਕਰਨ ਵਾਲ਼ੇ, ਵਾਰ-ਵਾਰ ਫ਼ੇਲ੍ਹ ਹੋ ਰਹੇ ਆਪਣੇ ਬੱਚਿਆਂ ਨੂੰ ਮੁੜ-ਮੁੜ ਸਕੂਲ ਵਿੱਚ ਦਾਖ਼ਲ ਕਿਉਂ ਕਰਵਾਉਂਦੇ ਹਨ ? ਗੁਰਮਤਿ ਦਾ ਅੰਮ੍ਰਿਤਪਾਨ; 30 ਸਾਲ ਦੀ ਉਮਰ ’ਚ ਈਸਾ ਮਸੀਹ ਦੁਆਰਾ ਯੂਹੰਨ (ਜੌਨ) ਪਾਸੋਂ ਬਪਤਿਸਮਾ (ਅੰਮ੍ਰਿਤ ਜਲ) ਗ੍ਰਹਿਣ ਕਰਨ ਵਾਙ ਨਹੀਂ, ਜਿੱਥੇ ਤੁਰੰਤ ਈਸਾ ਉੱਤੇ ਰੂਹ-ਉਲ-ਕੁਦਸ (ਭਾਵ ਰੱਬ ਦੀ ਆਤਮਾ) ਕਬੂਤਰ ਦੀ ਸ਼ਕਲ ’ਚ ਉੱਤਰ ਗਈ ਸੀ।

(3). ਸਿੱਖੀ ਸੋਚ ਵਾਲ਼ੇ ਪੱਖ ਵੱਲੋਂ ਆਪ ਸੰਜਮ ’ਚ ਰਹਿ ਕੇ ਸੋਸ਼ਲ ਮੀਡੀਆ ’ਤੇ ਸਾਧ ਪੱਖ ਦੁਆਰਾ ਵਰਤੀ ਜਾ ਰਹੀ ਅਸੱਭਿਅਕ ਭਾਸ਼ਾ ਨੂੰ ਵੱਧ ਤੋਂ ਵੱਧ ਉਜਾਗਰ ਕਰਨਾ ਚਾਹੀਦਾ ਹੈ ਤਾਂ ਜੋ ਨਕਲੀ ਸੰਤਗਿਰੀ ਜ਼ਾਹਰ ਹੋਵੇ। ਤਰਕ ਦਾ ਜਵਾਬ ਤਰਕ ਨਾਲ਼ ਦੇਣ ਦੀ ਬਜਾਇ ਤਰਕ ਉੱਤੇ ਸਵਾਲ ਕਰਨੇ ਚਾਹੀਦੇ ਹਨ।

(4). ਸੰਤ ਲਿਬਾਸ ਪਹਿਨ ਕਰ ਗੁਰਮਤਿ ਦਾ ਪ੍ਰਚਾਰ ਕਰਨਾ ਲਾਭਕਾਰੀ ਹੋ ਸਕਦਾ ਹੈ।

(5). ਹਮਖ਼ਿਆਲੀ ਜਥੇਬੰਦੀਆਂ ਦੇ ਨੇੜੇ ਰਹਿ ਕੇ ਹਾਲਾਤਾਂ ਮੁਤਾਬਕ ਸਮੇਂ ਸਮੇਂ ਯੋਗ ਰਣਨੀਤੀ ਬਣਾਉਣੀ ਸਾਡੀ ਏਕਤਾ ਨੂੰ ਮਜ਼ਬੂਤ ਕਰੇਗੀ।

(6) ਹੋ ਸਕੇ ਤਾਂ 2018 ’ਚ ਸਰਬੱਤ ਖਾਲਸਾ ਇਕੱਠ ਬੁਲਾਇਆ ਜਾਏ, ਜਿਸ ਦਾ ਪ੍ਰਭਾਵ 2019 ਲੋਕ ਸਭਾ ਚੁਣਾਵ ਉੱਤੇ ਵੀ ਪਵੇ, ਆਦਿ।

ਸਾਧ ਸੋਚ ਨੇ ਸਿੱਖ ਸੰਗਤ ਉੱਤੇ ਰਾਜਨੀਤਿਕ (ਆਰਜ਼ੀ) ਮੁੱਦਿਆਂ ਰਾਹੀਂ ਆਪਣਾ ਵਧੇਰੇ ਪ੍ਰਭਾਵ ਪਾਇਆ ਹੈ, ਜਿਸ ਵਿਚ ਨੌਜਵਾਨੀ ਨੂੰ ਜਜ਼ਬਾਤੀ ਕਰਨਾ, ਕਾਰਗਰ ਹਥਿਆਰ ਰਿਹਾ ਹੈ। ਕੇਵਲ ਜਜ਼ਬਾਤੀ ਹੋਇਆ ਬੰਦਾ ਕੌਮੀ ਸਿਧਾਂਤ ਦੇ ਲਾਭ-ਨੁਕਸਾਨ ਦਾ ਅਨੁਮਾਨ ਨਹੀਂ ਲਗਾ ਸਕਦਾ। ਇਹੀ ਤਰੁਟੀ ਭਾਈ ਗੁਰਦਾਸ ਜੀ ਦੇ ਸੰਕੇਤ ‘ਸਤਿਗੁਰ ਨਾਨਕ ਪ੍ਰਗਟਿਆ’ ਕ੍ਰਾਂਤੀਕਾਰੀ ਲਹਿਰ ਉਪਰੰਤ ਗੁਰਮਤਿ ਦੀ ਵਿਲੱਖਣਤਾ (‘ਮਿਟੀ ਧੁੰਧੁ’) ਨੂੰ ਮੁੜ ਅੰਧਕਾਰ (‘ਧੁੰਧੁ’, ਪ੍ਰਚਲਿਤ ਅਰਥਹੀਣ ਰਵਾਇਤਾਂ) ਵੱਲ ਲੈ ਜਾਣ ਦਾ ਕਾਰਨ ਬਣਦੀ ਜਾ ਰਹੀ ਹੈ।

ਗੁਰੂ ਸ਼ਬਦ ਵਿਚਾਰ ਨੂੰ ਆਧਾਰ ਬਣਾ ਕੇ ਕੀਤੀ ਜਾਂਦੀ ਵਿਚਾਰਾਂ ਦੀ ਸਾਂਝ ਦਾ ਹਰ ਕੋਈ ਗੁਰੂ ਪਿਆਰਾ ਸਤਿਕਾਰ ਕਰੇਗਾ। ਮੈਂ ਵੀ ਭਾਈ ਰਣਜੀਤ ਸਿੰਘ ਜੀ ਦਾ ਸਤਿਕਾਰ ਕਰਦਾ ਹਾਂ, ਜੋ ਬਾਬਾ ਜਰਨੈਲ ਸਿੰਘ ਜੀ ਵਾਙ ਸਮੇਂ ਰਹਿੰਦਿਆਂ ‘ਸਾਧ’ ਤੋਂ ‘ਸਿੱਖ’ਬਣ ਗਏ ਹਨ। ਬਾਬਾ ਜਰਨੈਲ ਸਿੰਘ ਅਗਰ ਅੱਜ ਜੀਵਤ ਹੁੰਦੇ ਤਾਂ ਸਾਧ ਸੋਚ; ਸਿੱਖ ਬਣ ਕੇ ਰਾਜਨੀਤਿਕ ਬੰਦਿਆਂ ਦੇ ਚਰਨੀਂ ਨਾ ਬੈਠਦੀ। ਸਾਡੇ ਰਾਜਨੀਤਿਕ ਬੰਦਿਆਂ ਨੇ ਇੰਦਰਾ ਗਾਂਧੀ ਵਾਙ ਇਨ੍ਹਾਂ ‘ਸਾਧਾਂ’ ਨੂੰ ਵਰਤ ਕੇ ਸੰਨ 2016 ’ਚ ਨਵਰਾਤ੍ਰਿਆਂ ਸਮੇਂ ਚੰਡੀ ਦੀ ਕਥਾ ਬੰਗਲਾ ਸਾਹਿਬ (ਦਿੱਲੀ) ਤੋਂ ਕਰਵਾ ਲਈ, ਤਾਂ ਜੋ ਜਾਗਰੂਕ ਸਿੱਖ ਇਸ ਦਾ ਵਿਰੋਧ ਕਰਨ, ਜਿਨ੍ਹਾਂ ਦੀ ਕੱਟੜਤਾ ਵਿਖਾ ਕੇ ਬਾਕੀ ਸਿੱਖ ਸੰਗਤ ਨੂੰ ਵਰਗਲਾਇਆ ਜਾ ਸਕੇ। ਫ਼ਰਵਰੀ 2017 ’ਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਚੁਣਾਵ ’ਚ ਇਹ ਹਥਿਆਰ ਕੰਮ ਆਇਆ ਕਿ ਦਸਮ ਗ੍ਰੰਥ ’ਚੋਂ ‘ਨਿਤਨੇਮ’ ਤੇ ਗੁਰਬਾਣੀ ’ਚੋਂ ‘ਭੱਟ ਬਾਣੀ’ ਨੂੰ ਖ਼ਤਰਾ ਹੈ, ਜਦ ਕਿ ‘ਚੰਡੀ ਦੀ ਵਾਰ’ ਨਾਲ਼ ਅਸਹਿਮਤੀ ਰੱਖਣ ਵਾਲੇ ਜਿਆਦਾਤਰ ਸਿੱਖ ਅਜਿਹਾ ਨਹੀਂ ਸੋਚਦੇ। ਸੰਗਤਾਂ ਉੱਤੇ ਇਸ ਕੂੜ ਪ੍ਰਚਾਰ ਦਾ ਪ੍ਰਭਾਵ ਪਿਆ।

ਮੋੜ (ਬਠਿੰਡਾ) ਵਿਖੇ ਚੁਣਾਵ ਦੌਰਾਨ ਹੋਇਆ ਬੰਬ ਧਮਾਕਾ ਵੀ ਇੱਕ ਰਾਜਨੀਤਿਕ ਸਟੰਟ ਸੀ, ਜਿਸ ਰਾਹੀਂ ਵਿਰੋਧੀ ਧਿਰ ਨੂੰ ਕੱਟੜ ਹਮਾਇਤੀ ਵਿਖਾ ਕੇ ਲਾਭ ਉਠਾਉਣਾ ਰਿਹਾ। ਸਿੱਖ ਨੂੰ ਫ਼ਿਰਕੂ ਪੇਸ਼ ਕਰਨ ’ਚ ਸਾਡੇ ਆਪਣਿਆਂ ਦਾ ਹੱਥ ਹੈ, ਜਿਨ੍ਹਾਂ ਦੇ ਮੋਹਰੇ ਬਣ ਜਾਂਦੇ ਹਨ: ‘ਸਾਧ’। ਇਹੀ ਕਾਰਨ ਹੈ ਕਿ ਹੁਣ ਇੰਨਾ ਵਾਦ-ਵਿਵਾਦ ਹੋਣ ਉਪਰੰਤ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਦੇ ਜਥੇਦਾਰ ਮੌਨ ਧਾਰੀ ਬੈਠੇ ਹਨ।

ਸਿੱਖ ਇਤਿਹਾਸ ਦੀ ਲਿਖਤ ’ਚ ਊਣਤਾਈਆਂ ਵੇਖੀਏ ਤਾਂ ਭਾਈ ਰਣਜੀਤ ਸਿੰਘ ਜੀ ਦੁਆਰਾ ਉਠਾਏ ਗਏ ਹੁਣ ਤੱਕ ਤਮਾਮ ਮੁੱਦੇ ਬਹੁਤ ਹੀ ਸੀਮਤ ਹਨ, ਫਿਰ ਵੀ ਇੰਨਾ ਹੰਗਾਮਾ ? ਮੈਂ ਭਾਈ ਰਣਜੀਤ ਸਿੰਘ ਜੀ ਨੂੰ ਵੀ ਕੁਝ ਕੁ ਸੁਝਾਅ ਦੇਣਾ ਉਚਿਤ ਸਮਝਦਾ ਹਾਂ:

(1). ਲੰਮੀ ਨੀਂਦਰ ਤੋਂ ਬਾਅਦ; ਸਮੇਂ ਤੋਂ ਪਹਿਲਾਂ ਤੇ ਜ਼ਰੂਰਤ ਤੋਂ ਵਧੀਕ ਬੋਲੇ ਗਏ ਸੱਚ ਨੂੰ ਹਜ਼ਮ ਨਾ ਕਰ ਸਕਣ ਦੀ ਸਥਿਤੀ ’ਚ ਸਚ ਨੂੰ ਕੂੜ ਸਾਬਤ ਕਰਨਾ ਆਸਾਨ ਹੋ ਜਾਂਦਾ ਹੈ ਕਿਉਂਕਿ ‘‘ਵਿਣੁ ਗਾਹਕ, ਗੁਣੁ ਵੇਚੀਐ; ਤਉ ਗੁਣੁ ਸਹਘੋ ਜਾਇ ॥’’ (ਮ: ੧/੧੦੮੬)

(2). ਤਾਜ਼ੇ ਵਿਵਾਦ ਦਾ ਕਾਰਨ ਬਣੇ ਤਿੰਨ ਵਿਸ਼ਿਆਂ (ਸਰੋਵਰ ਜਲ ਨੂੰ ਅੰਮ੍ਰਿਤ ਨਾ ਕਹਿਣਾ, ਸੰਤ ਪਦ ਦਾ ਵਿਰੋਧ ਤੇ ਭੋਰੇ ਦੇ ਜਪ-ਤਪ ਦੇ ਵਿਰੋਧ) ਨਾਲੋਂ ਪਹਿਲਾਂ ਔਰਤ ਜਾਤੀ ਦੇ ਸੰਪੂਰਨ ਅਧਿਕਾਰਾਂ ਬਾਰੇ ਗੱਲ ਕਰਨੀ, ਸਾਧ ਲਿਬਾਸ ਲਈ ਭਾਰੀ ਨੁਕਸਾਨ ਪਹੁੰਚਾ ਸਕਦੀ ਸੀ।

(3). ਦਸਮ ਗ੍ਰੰਥ ਬਾਰੇ ਨਾ ਬੋਲਣਾ ਹੀ ਸਮਝਦਾਰੀ ਹੈ, ਜੋ ਤੁਸਾਂ ਬਾਖ਼ੂਬੀ ਨਿਭਾਈ। ਸ਼ੁਕਰੀਆ, ਅਗਾਂਹ ਵੀ ਜਾਰੀ ਰੱਖਣਾ, ਨਹੀਂ ਤਾਂ ਵਿਰੋਧੀ (ਦੋਵੇਂ ਤਰਫ਼ੋਂ) ਭਾਰੀ ਨੁਕਸਾਨ ਕਰ ਜਾਂ ਕਰਾ ਸਕਦੇ ਹਨ।

ਉਕਤ ਕੀਤੀ ਗਈ ਸੰਖੇਪ ’ਚ ਵਿਵਾਦਿਤ-ਇਤਿਹਾਸਕ ਵਿਚਾਰ ਵੱਲ ‘ਸਾਧ ਸੋਚ’; ਜ਼ਿਆਦਾਤਰ ਸਿੱਖਾਂ ਨੂੰ ਵਾਰ-ਵਾਰ ਲੈ ਕੇ ਜਾਏਗੀ ਕਿਉਂਕਿ ਇਨ੍ਹਾਂ ਲਈ ਗੁਰੂ ਸ਼ਬਦ ਵਿਚਾਰ ਰਾਹੀਂ ਜਿੱਤਣਾ ਆਸਾਨ ਨਹੀਂ। ਸੋਸ਼ਲ ਮੀਡੀਆ ਉੱਤੇ ਹੋ ਰਹੇ ਵਿਚਾਰਕ ਟਕਰਾਅ ਸਮੇਂ ਇਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਜ਼ਬਰਨ ‘ਦਸਮ ਗ੍ਰੰਥ, ਅੰਮ੍ਰਿਤਪਾਨ, ਨਿਤਨੇਮ, ਸਿਮਰਨ’, ਆਦਿ ਵਿਸ਼ਿਆਂ ਰਾਹੀਂ ਉਤੇਜਨਾ ਪੈਦਾ ਕੀਤੀ ਜਾ ਰਹੀ ਹੈ ਜਦ ਕਿ ਵਿਵਾਦ ਦਾ ਕਾਰਨ ਗੁਰੂ ਤੇਗ ਬਹਾਦਰ ਜੀ ਦੀ ਭੋਰੇ ਵਾਲ਼ੀ ਸਾਖੀ, ਸਰੋਵਰ ਜਲ ਨੂੰ ਅੰਮ੍ਰਿਤ ਨਾ ਕਹਿਣਾ ਤੇ ਸੰਤਾਂ ਦਾ ਨਿਰਾਦਰ ਹੈ।

ਕੁਝ ਸਿੱਖ ਵੀ ਜਾਣੇ-ਅਣਜਾਣੇ ਖੜ੍ਹੇ ਹੋਰ ਪਾਸੇ ਹੁੰਦੇ ਹਨ ਪਰ ਲਾਭ ਹੋਰ ਗਰੁਪ ਨੂੰ ਪਹੁੰਚਾਈ ਜਾ ਰਹੇ ਹੁੰਦੇ ਹਨ ਕਿਉਂਕਿ ਇਨ੍ਹਾਂ ਮੁੱਦਿਆਂ ਨਾਲ਼ ਸੰਗਤ ਨੂੰ ਵਰਗਲਾਉਣਾ ਬੜਾ ਆਸਾਨ ਹੈ। ਅਦਾਲਤਾਂ, ਕਿਸੇ ਨਿਰਣੇ ’ਤੇ ਦੇਰ ਸਵੇਰ ਇਸ ਲਈ ਪਹੁੰਚ ਜਾਂਦੀਆਂ ਹਨ ਕਿਉਂਕਿ ਓਥੇ ਕਈ ਮੁੱਦੇ ਇਕੱਠੇ ਨਹੀਂ ਸਵੀਕਾਰੇ ਜਾਂਦੇ, ਜੋ ਦਿਸ਼ਾਹੀਣ (ਚਾਲਾਕ ਬੰਦੇ) ਦੇ ਹਥਿਆਰ ਹੁੰਦੇ ਹਨ।

ਗੁਰਮਤਿ ਦੀ ਰਚਨਾ ਮੰਦਿਰ ਤੇ ਮਸਜਿਦ ਵਿੱਚ ਖੜ੍ਹ ਕੇ ਕੀਤੀ ਗਈ ਹੈ, ਜਿੱਥੇ ‘ਮੁੱਲਾਂ-ਪੰਡਿਤ’ ਨੂੰ ਬਰਾਬਰ ਤਰਕ ਸੰਗਤ ਤੇ ਸਰਬ ਪੱਖੀ ਵਚਨ ਕੀਤੇ ਗਏ ਹਨ, ਇਸ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਇਹ ਵੇਖਣਾ ਜ਼ਰੂਰੀ ਹੈ ਕਿ ਜੋ ਗੁਰਦੁਆਰੇ ਦੀ ਸਟੇਜ ਉੱਤੇ ਬੋਲ ਰਹੇ ਹਾਂ ਉਹ ਮੰਦਿਰ ਜਾਂ ਮਸਜਿਦ ’ਚ ਬੋਲ ਸਕਦੇ ਹਾਂ ? ਅਗਰ ਨਹੀਂ ਤਾਂ ਇਹ ਸੋਚ ਵੀ ਗੁਰਮਤਿ ਦੇ ਵਿਕਾਸ ’ਚ ਵੱਡੀ ਰੁਕਾਵਟ ਹੈ, ਜੋ ਵੇਖਣ ਨੂੰ ਮਿਲ ਰਹੀ ਹੈ।

ਇੱਕ ਸਮਾਜ ਚਿੰਤਕ ਕਵੀ ਜਾਰਜ ਹਰਬਰਟ (1593-1633) ਨੇ ਕਿਹਾ ਸੀ ਕਿ ਤੂਫ਼ਾਨ ਨਾਲ਼ ਦਰਖ਼ਤ ਦੀਆਂ ਜੜ੍ਹਾਂ ਮਜਬੂਤ ਹੁੰਦੀਆਂ ਹਨ। ਹੁਣ ਵੇਖਣ ਹੈ ਕਿ ਕੀ ਸਿੱਖ; ਆਪਣੀਆਂ ਜੜ੍ਹਾਂ ਪੁਖ਼ਤਾ ਕਰ (ਸ਼ਬਦ ਵਿਚਾਰ ਨੂੰ ਹਿਰਦੇ ਦ੍ਰਿੜ੍ਹ ਕਰ) ਇਤਿਹਾਸ ਦੀ ਕਾਲਪਨਿਕ ਟੇਕ ਲੈਣ ਵਾਲ਼ੀ ਸਾਧ ਸੋਚ ਨੂੰ ਖਦੇੜ ਸਕਦੇ ਹਨ ?


03/26/17
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -25)
ਅਜੋਕੇ ਸਮੇਂ ਬਹੁ-ਗਿਣਤੀ ਗੁਰਦੁਆਰਿਆਂ ਅੰਦਰ ਸੰਗਤਾਂ ਵਲੋਂ ਬਿਨਾ ਕਿਸੇ ਦੀਰਘ ਸੋਚ ਤੋਂ ਵੇਖਾ-ਵੇਖੀ ਸ਼ਰਧਾ ਵੱਸ ਭੇਂਟ ਕੀਤੇ ਗਏ ਰੁਮਾਲਾ ਸਾਹਿਬ ਦੀ ਬਹੁਤਾਤ ਹੋਣ ਕਾਰਣ ਸਾਂਭਣ ਅਤੇ ਬਾਰ-ਬਾਰ ਵੇਚ-ਖਰੀਦ ਆਦਿ ਦੀ ਸਮੱਸਿਆ ਆਮ ਵੇਖਣ ਨੂੰ ਮਿਲਦੀ ਹੈ। ਇਸ ਵਿਸ਼ੇ ਉਪਰ ‘ਗਰੀਬ ਦਾ ਮੂੰਹ ਗੁਰੂ ਕੀ ਗੋਲਕ` ਦੇ ਸਿਧਾਂਤ ਨੂੰ ਸਾਹਮਣੇ ਰੱਖਦੇ ਹੋਏ ਸਮਝਣ ਦੀ ਜ਼ਰੂਰਤ ਹੈ ਕਿ ਸਤਿਗੁਰੂ ਜੀ ਲੋੜ ਤੋਂ ਬਿਨਾਂ ਰੁਮਾਲਾ ਸਾਹਿਬ ਅਰਪਣ ਕਰਨ ਨਾਲੋਂ ਕਿਸੇ ਲੋੜਵੰਦ ਨੂੰ ਬਸਤਰ ਭੇਟਾ ਕਰਨ ਨਾਲ ਜਿਆਦਾ ਪ੍ਰਸੰਨਤਾ ਬਖਸ਼ਿਸ਼ ਕਰਦੇ ਹਨ। ਇਸ ਸਬੰਧ ਵਿੱਚ ਸੰਗਤਾਂ ਨੂੰ ਜਾਗਰੂਕ ਕਰਨ ਲਈ ਗੁਰਦੁਆਰਾ ਪ੍ਰਬੰਧਕਾਂ ਵਲੋਂ ਗੁਰਦੁਆਰਾ ਸਾਹਿਬਾਨ ਵਿੱਚ ਬੋਰਡ ਲਗਵਾਉਣ ਅਤੇ ਅਨਾਊਂਸਮੈਂਟਸ ਆਦਿ ਨਾਲ ਸੁਧਾਰ ਦੀ ਆਸ ਕੀਤੀ ਜਾ ਸਕਦੀ ਹੈ।
ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -26)
ਧਰਮ ਤਰਕ ਦਾ ਵਿਸ਼ਾ ਨਾ ਹੋ ਕੇ ਸਗੋਂ ਭਾਵਨਾ/ ਸ਼ਰਧਾ ਦਾ ਹੈ। ਧਰਮ ਪ੍ਰਤੀ ਭਾਵਨਾ ਨੂੰ ਕਿਸੇ ਦੁਨਿਆਵੀ ਲੈਬਾਰਟਰੀ ਆਦਿ ਵਿੱਚ ਟੈਸਟ ਨਹੀਂ ਕੀਤਾ ਜਾ ਸਕਦਾ। ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਮਨ ਵਿੱਚ ਭਾਵਨਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਲਈ ਗੁਰੂ ਹੈ। ਧਰਮ ਦੀ ਦੁਨੀਆਂ ਵਿੱਚ ਵਿਚਰਣ ਵਾਲਿਆਂ ਲਈ ਧਰਮ ਪ੍ਰਤੀ ਸ਼ਰਧਾ ਹੋਣਾ ਲਾਜ਼ਮੀ ਹੈ, ਪਰ ਇਸ ਦੇ ਨਾਲ-ਨਾਲ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਸ਼ਰਧਾ ਅੰਧਮਈ ਨਾ ਹੋ ਕੇ ਸਗੋਂ ਗਿਆਨਮਈ ਹੋਵੇ ਤਾਂ ਹੀ ਕਿਸੇ ਪ੍ਰਾਪਤੀ ਦੀ ਆਸ ਕੀਤੀ ਜਾ ਸਕਦੀ ਹੈ। ਉਦਾਹਰਣ ਦੇ ਤੌਰ ਤੇ ਜਿਵੇਂ ਪਾਣੀ ਨੂੰ ਰਿੜਕਦੇ ਹੋਏ ਜਿੰਨੀ ਮਰਜ਼ੀ ਸ਼ਰਧਾ ਰੱਖ ਲਈ ਜਾਵੇ, ਮੱਖਣ ਦੀ ਆਸ ਰੱਖਣੀ ਬਿਲਕੁਲ ਨਿਰਰਥਕ ਹੀ ਸਿੱਧ ਹੋਵੇਗੀ। ਇਸ ਪ੍ਰਥਾਇ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ‘ਪੋਖਰੁ ਨੀਰੁ ਵਿਰੋਲੀਐ ਮਾਖੁਨ ਨਹੀ ਰੀਸੈ` (੨੨੯) ਸਾਡੀ ਅਗਵਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਹਨ।
ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ)
201, ਗਲੀ ਨਬੰਰ 6, ਸੰਤਪੁਰਾ, ਕਪੂਰਥਲਾ (ਪੰਜਾਬ)
(98720-76876, 01822-276876)

e-mail - [email protected]
Please Share it to others


ਜੀਓ ਤੇ ਜੀਣ ਦਿਓ। ਅਮਰੀਕ ਸਿੰਘ ਅਜਨਾਲਾ ਦੇ ਸਵਾਲਾਂ ਦਾ ਜਵਾਬ। 26.03.17


03/26/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥ (ਗੁਰੂ ਗ੍ਰੰਥ)–੨੩

ਮਾਸ ਖਾਣ ਜਾਂ ਨਾ ਖਾਣ ਬਾਰੇ ਵਿਚਾਰ ਚਰਚਾ

ਦਾਸ ਗੁਰਬਾਣੀ ਅਤੇ ਇਤਿਹਾਸ ਰਾਹੀਂ ਇਸ ਵਿਸ਼ੇ ਤੇ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਰਥਕ ਚਰਚਾ ਕੋਈ ਵੀ ਮਾੜੀ ਨਹੀਂ ਪਰ ਢੁਚਰਾਂ ਢਾਈ ਜਾਣੀਆਂ ਪਾਣੀ ਰਿੜਕਨ ਵਾਲੀ ਗੱਲ ਹੈ। ਜਿਨਾਂ ਚਿਰ ਗੋਲ-ਮੋਲ ਗੱਲਾਂ ਕਰੀ ਜਾਵਾਂਗੇ ਕਿਸੇ ਦੇ ਪੱਲੇ ਕੁਝ ਨਹੀਂ ਪੈਣਾ। ਦੇਖੋ ਸੰਸਾਰ ਵਿੱਚ ਅਨੇਕ ਤਰ੍ਹਾਂ ਦੇ ਭੋਜਨ ਅਤੇ ਖਾਣ ਵਾਲੇ ਵੀ ਅਨੇਕ ਹਨ ਪਰ ਗਊ ਬਕਰੀ ਆਦਿਕ ਜਾਨਵਰਾਂ ਬਾਰੇ ਦੇਖਿਆ ਜਾਂਦਾ ਹੈ ਕਿ ਉਹ ਮਾਸ ਨਹੀਂ ਖਾਂਦੇ ਸਗੋਂ ਘਾਸ ਹੀ ਖਾਂਦੇ ਅਤੇ ਸ਼ੇਰ ਕੇਵਲ ਮਾਸ ਹੀ ਖਾਂਦਾ ਹੈ। ਮਨੁੱਖ ਮਾਸ ਤੇ ਘਾਸ (ਅੰਨ ਜਬਜੀਆਂ ਫਲ) ਆਦਿਕ ਦੋਵੇਂ ਖਾ ਕੇ ਪਚਾ ਸਕਦਾ ਹੈ। ਇਸ ਕਰਕੇ ਮਨੁੱਖ ਨੂੰ ਇਕੱਲਾ ਘਾਸ (ਸਾਕਾਹਾਰੀਆਂ) ਦੀ ਕੈਟਾਗਿਰੀ ਵਿੱਚ ਹੀ ਨਹੀਂ ਰੱਖਿਆ ਜਾ ਸਕਦਾ। ਬਾਕੀ ਜੂਨਾਂ ਸਭ ਮਨੁੱਖ ਲਈ ਅਤੇ ਇਸ ਧਰਤੀ ਤੇ ਰੱਬ ਨੇ ਮਨੁੱਖ ਨੂੰ ਸਿਕਦਾਰੀ ਬਖਸ਼ੀ ਹੈ-ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (੩੭੪) ਸੰਸਾਰ ਵਿੱਚ ਜੀਵ ਜੀਵਾਂ ਦਾ ਅਹਾਰ ਕਰਦੇ ਆ ਰਹੇ ਹਨ-ਜੀਆਂ ਕਾ ਆਹਾਰ ਜੀਅ ਖਾਣਾ ਏਹੁ ਕਰੇਹਿ॥ (੮੨੪) ਕੋਈ ਖਾਈ ਜਾ ਰਿਹਾ ਹੈ, ਕੋਈ ਮਾਰੀ ਜਾ ਰਿਹਾ ਹੈ। ਕਰਤੇ ਦੀ ਵਿਸ਼ਾਲ ਰਚਨਾ ਵਿੱਚ ਐਸਾ ਹੁੰਦਾ ਆ ਰਿਹਾ ਹੈ।

ਮਨੁੱਖ ਨੇ ਆਪਣੀ ਸੀਮਤ ਬੁੱਧੀ ਅਨੁਸਾਰ ਕਿਸੇ ਚੀਜ ਨੂੰ ਪਾਪ ਤੇ ਕਿਸੇ ਚੀਜ ਨੂੰ ਪੁੰਨ ਮੰਨ ਲਿਆ ਹੈ। ਜਿਵੇਂ ਗਊ ਖਾਣੀ ਹਿੰਦੂ ਵਾਸਤੇ ਪਾਪ, ਤੇ ਸੂਰ ਖਾਣਾ ਮੁਸਲਮਾਨ ਵਾਸਤੇ ਹਰਾਮ ਮੰਨਿਆਂ ਗਿਆ ਹੈ। ਹਿੰਦੂਆਂ ਦੇ ਬਹੁਤੇ ਫਿਰਕੇ ਵੈਸ਼ਨੂੰ ਮੰਨੇ ਜਾਂਦੇ ਹਨ। ਸਿੱਖ ਨਾਂ ਹਿੰਦੂ ਤੇ ਨਾਂ ਮੁਸਲਮਾਨ ਹਨ-ਨਾ ਹਮ ਹਿੰਦੂ ਨ ਮੁਸਲਮਾਨ॥ (੧੧੩੬) ਗੁਰੂ ਨਾਨਕ ਜੀ ਨਾਲ ਵੀ ਇਸ ਵਿਸ਼ੇ ਤੇ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਚਰਚਾ ਹੋਈਆਂ, ਪਰ ਗੁਰੂ ਜੀ ਨੇ ਇਸ ਨੂੰ ਮੂਰਖਾਂ ਦਾ ਝਗੜਾ ਕਹਿ ਅਤੇ ਠੋਸ ਦਲੀਲਾਂ ਦੇ ਕੇ ਖਤਮ ਕੀਤਾ-ਮਾਸੁ ਮਾਸੁ ਕਰਿ ਮੂਰਖ ਝਗੜੇ..(੧੨੯੦) ਗੁਰਬਾਣੀ ਵਿੱਚ ਵਿਸ਼ੇ ਵਿਕਾਰਾਂ, ਨਸ਼ਿਆਂ ਅਤੇ ਮਾੜੇ ਕੰਮਾਂ ਦਾ ਤਾਂ ਖੰਡਨ ਹੈ, ਪਰ ਕਿਸੇ ਭੋਜਨ ਮਾਸ ਆਦਿਕ ਦਾ ਨਹੀਂ। ਨਸ਼ੇ ਮਤ ਮਾਰਦੇ ਹਨ-ਜਿਤਿ ਪੀਤੈ ਮਤਿ ਦੂਰਿ ਹੋਇ..॥ (੫੫੪) ਅਤੇ ਵਿਕਾਰ ਆਦਿਕ ਸਰੀਰ ਨੂੰ ਗਾਲਦੇ ਹਨ-ਕਾਮੁ ਕ੍ਰੋਧੁ ਕਾਇਆਂ ਕਉ ਗਾਲੈ॥ ਜਿਉ ਕੰਚਨ ਸੁਹਾਗਾ ਢਾਲੈ॥ (੯੩੨) ਇਸ ਕਰਕੇ ਡਾਕਟਰ ਆਦਿਕ ਵੀ ਨਸ਼ਿਆਂ ਦਾ ਤਿਆਗ ਕਰਨ ਦੀ ਸਿਖਿਆ ਦਿੰਦੇ ਹਨ।

ਖਾਣਾ ਖਾਣ ਬਾਰੇ ਗੁਰੂ ਨਾਨਕ ਜੀ ਦੇ ਵਿਚਾਰ-ਬਾਬਾ ਹੋਰੁ ਖਾਣਾ ਖੁਸ਼ੀ ਖੁਆਰੁ॥ ਜਿਤੁ ਖਾਦੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (੧੬) ਜਿਸ ਵੀ ਭੋਜਨ ਖਾਣ ਨਾਲ ਮਨ ਵਿੱਚ ਵਿਕਾਰ ਪੈਦਾ ਹੋਣ ਅਤੇ ਸਰੀਰ ਪੀੜਤ ਹੋਵੇ ਉਹ ਖਾਣਾ ਨਹੀਂ ਖਾਣਾ ਚਾਹੀਦਾ ਭਾਂਵੇ ਦੁੱਧ ਹੋਵੇ ਜਾਂ ਮਾਸ। ਸੋ ਕਿਸੇ ਵਾਸਤੇ ਦੁੱਧ ਚੰਗਾ ਤੇ ਕਿਸੇ ਵਾਸਤੇ ਮਾਸ, ਕਿਸੇ ਨੂੰ ਦਾਲ ਚੌਲ ਹੀ ਮਾਫਕ ਹਨ। ਗੱਲ ਚਸਕਿਆਂ ਤੇ ਰਸਾਂ ਕਸਾਂ ਤੋਂ ਬਚਣ ਦੀ ਹੈ- ਖਸਮੁ ਵਿਸਾਰਿ ਕੀਏ ਰਸ ਭੋਗ॥ ਤਾ ਤਨਿ ਊਠਿ ਖਲੋਏ ਰੋਗ॥ (੧੨੫੬) ਮਾਲਕ ਨੂੰ ਤਿਆਗ ਕੇ ਖਾਦੇ ਪਦਾਰਥਾਂ, ਭੋਗੇ ਭੋਗਾਂ ਅਤੇ ਰਸਾਂ ਕਰਕੇ ਤਾਂ ਸਰੀਰਕ ਰੋਗ ਲੱਗ ਜਾਂਦੇ ਹਨ। ਇਕੱਲਾ ਮਾਸ ਹੀ ਰਸ ਨਹੀਂ ਸੋਨਾ, ਚਾਂਦੀ, ਇਸਤ੍ਰੀ, ਸੁਗੰਧੀਆਂ, ਘੋੜ ਸਵਾਰੀ, ਸੋਹਣੀਆਂ ਸੇਜਾਂ, ਮਹਿਲ ਮਾੜੀਆਂ, ਮਿੱਠੇ ਪਦਾਰਥ ਅਤੇ ਮਾਸ ਆਦਿਕ ਇਹ ਸਾਰੇ ਹੀ ਰਸ ਹਨ-ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ ਏਤੇ ਰਸੁ ਸਰੀਰ ਕੇ ਕੈ ਘਟਿ ਨਾਮੁ ਨਿਵਾਸ॥ (੧੫) ਲੋੜ (ਹੱਦ) ਲਿਮਿਟ ਵਿੱਚ ਰਹਿਣ ਦੀ ਹੈ ਨਾਂ ਕਿ ਛੱਡਣ ਦੀ-ਥੋੜਾ ਸਵੇਂ ਥੋੜਾ ਹੀ ਖਾਵੈ॥ ਗੁਰਮੁਖ ਰਿਦੈ ਗਰੀਬੀ ਆਵੈ॥ (ਭਾ.ਗੁ.) ਇਕੱਲਾ ਮਾਸ ਛੱਡ ਕੇ ਤੁਸੀਂ ਰਸਾਂ ਤੋਂ ਮੁਕਤ ਨਹੀਂ ਹੋ ਸਕਦੇ। ਭੋਜਨ ਦੇ ਤੌਰ ਤੇ ਮਾਸ ਖਾਣ ਦੀ ਰੀਤ ਤਾਂ ਪਹਿਲਾਂ ਤੋਂ ਹੀ ਚੱਲੀ ਆ ਰਹੀ ਸੀ। ਹਿੰਦੂ ਘਰਾਣੇ ਵਿੱਚ ਜਦ ਬੱਚਾ ੯ ਸਾਲ ਦਾ ਹੋ ਜਾਂਦਾ ਤਾਂ ਜਨੇਊ ਦੀ ਰਸਮ ਬੜੀ ਧੂੰਮ-ਧਾਮ ਨਾਲ ਕੀਤੀ ਜਾਂਦੀ ਅਤੇ ਬਕਰਾ ਰਿਨ੍ਹ ਕੇ ਖਾਦਾ ਜਾਂਦਾ-ਕੁਹਿ ਬਕਰਾ ਰਿੰਨ੍ਹਿ ਖਾਇਆ ਸਭੁ ਕੋ ਆਖੈ ਪਾਇ॥(੪੭੨) ਇੱਥੇ ਗੁਰੂ ਜੀ ਨੇ ਰਸਮੀ ਜਨੇਊ ਦਾ ਖੰਡਨ ਕੀਤਾ, ਨਾ ਕਿ ਮਾਸ ਦਾ ਸਗੋਂ ਇਹ ਵੀ ਦੱਸਿਆ-ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਸਮਾਣਾ॥ ਜਜਿ ਕਾਜਿ ਵਿਆਹਿ ਸੁਹਾਵੇ ਓਥੇ ਮਾਸੁ ਸਮਾਣਾ॥ (੧੨੯੦) ਮੰਨੇ ਗਏ ਚਾਰ ਜੁਗਾਂ ਭਾਵ ਲੰਬੇ ਸਮੇਂ ਤੋਂ ਵੇਦਾਂ ਕਤੇਬਾਂ ਵਿੱਚ ਵੀ ਮਾਸ ਦੀ ਚਰਚਾ ਹੈ, ਕਿਸੇ ਵੱਡੇ ਕਾਜ ਵਿਆਹ ਆਦਿਕ ਵਿੱਚ ਮਾਸ ਇਕੱਠਾ ਹੁੰਦਾ ਹੈ।

ਜਦ ਗੁਰੂ ਨਾਨਕ ਜੀ ਨਾਲ ਪਾਂਡਿਆਂ ਦੀ ਬਹਿਸ ਚਰਚਾ ਹੋਈ, ਤਾਂ ਗੁਰੂ ਜੀ ਨੇ ਫੁਰਮਾਇਆ-ਪਾਂਡੇ ਤੂੰ ਜਾਣੇ ਹੀ ਨਾਹੀ ਕਿਥੋਂ ਮਾਸ ਉਪੰਨਾ॥ ਤੋਇਹੁ ਅੰਨ ਕਮਾਦ ਕਪਾਹਾ ਤੋਇਹੁ ਤ੍ਰੈਭਵਨ ਗੰਨਾ॥ (੧੨੯੦) ਤੋਆ ਨਾਮ ਪਾਣੀ ਦਾ ਹੈ-ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਹੀ ਸਭੁ ਖਾਹਿ॥ (੧੨੪੦) ਹੋਰ ਫੁਰਮਾਨ ਹੈ-ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨ ਕੋਇ॥ (੪੭੨) ਮੁਕਦੀ ਗੱਲ-ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (੪੭੨) ਅਖੌਤੀ ਜੀਵ ਹੱਤਿਆ ਤੋਂ ਤਾਂ ਜੀਵ ਬਚ ਹੀ ਨਹੀਂ ਸਕਦਾ, ਕਿਉਂਕਿ ਪਾਣੀ ਅਤੇ ਅੰਨ ਸਭ ਹੀ ਖਾ-ਪੀ ਰਿਹਾ ਹੈ। ਸਾਹ ਰਾਹੀਂ ਵੀ ਸੂਖਮ ਜੀਵ ਅੰਦਰ ਜਾ ਰਹੇ ਹਨ। ਦਹੀਂ ਵਿੱਚ ਵੀ ਬਕਟੀਰੀਆ ਅਸੀਂ ਖਾਂਦੇ ਹਾਂ। ਬਾਕੀ ਜੇ ਜੀਵ ਹੱਤਿਆ ਹੀ ਪਾਪ ਹੈ ਤਾਂ ਫਿਰ ਕਿਸਾਨ- ਜਿਮੀਦਾਰ ਸਭ ਤੋਂ ਵੱਡੇ ਪਾਪੀ ਹਨ ਕਿਉਂਕਿ ਜੇ ਉਹ ਕੀੜੇ ਮਕੌੜੇ, ਚੂਹੇ ਆਦਿਕ ਨਹੀਂ ਮਾਰਨਗੇ ਤਾਂ ਉਹ ਫਸਲ ਖਾ ਜਾਣਗੇ ਫਿਰ ਵੱਡੇ ਵੈਸ਼ਨੂੰ ਭਗਤਾਂ ਨੂੰ ਅੰਨ ਕਿਥੋਂ ਮਿਲੇਗਾ? ਜੋ ਜੀਵ ਹੱਤਿਆ ਨੂੰ ਪਾਪ ਦੱਸਦੇ ਹਨ। ਦੇਖੋ! ਜੇ ਬਾਈਚਾਂਸ ਉਨ੍ਹਾਂ ਦੇ ਸਿਰ ਵਿੱਚ ਜੂਆਂ ਪੈ ਜਾਣ ਤਾਂ ਜੀਵ ਹੱਤਿਆ ਦੇ ਵਿਰੋਧੀ ਕੀ ਇਨ੍ਹਾਂ ਜੀਵਾਂ ਨੂੰ ਪਾਲਣਗੇ? ਮੱਛਰ ਜੋ ਮਲੇਰੀਆ ਫੈਲਾਉਂਦਾ ਹੈ, ਕੀ ਉਸ ਵਿੱਚ ਜਾਨ ਨਹੀਂ? ਫਿਰ ਮੱਛਰਾਂ ਨੂੰ ਕਿਉਂ ਮਾਰਦੇ ਹੋ? ਕੀ ਸਾਡੀ ਅਕਲ ਗੁਰੂਆਂ ਨਾਲੋਂ ਵੱਡੀ ਹੋ ਗਈ ਹੈ?

ਜਦ ਮੁਗਲੀਆ ਹਕੂਮਤ ਨੇ ਸ਼ਿਕਾਰ ਖੇਡਣ ਅਤੇ ਝਟਕਾ ਮੀਟ ਖਾਣ ਤੇ ਪਾਬੰਦੀ ਲਗਾ ਦਿੱਤੀ, ਤਾਂ ਗੁਰੂ ਜੀ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਕਿਉਂਕਿ ਇਹ ਕੌਮ ਨੂੰ ਨਿਹੱਥੀ ਅਤੇ ਘਸਿਆਰੀ ਬਣਾ ਕੇ ਗੁਲਾਮ ਬਣਾਈ ਰੱਖਣ ਦੀ ਚਾਲ ਸੀ। ਇਸੇ ਕਰਕੇ ਪੰਥ ਪ੍ਰਵਾਣਿਤ "ਸਿੱਖ ਰਹਿਤ ਮਰਯਾਦਾ" ਵਿੱਚ ਵੀ ਇਸ ਰੀਤੀ "ਹਲਾਲ ਮੀਟ" ਖਾਣ ਦੀ ਮਨਾਹੀ ਹੈ। ਗੁਰੂ ਜੀ ਅਤੇ ਗੁਰੂ ਜੀ ਦੇ ਨਿਕਟ ਵਰਤੀ ਸਿੱਖ ਸ਼ਿਕਾਰ ਖੇਡਦੇ ਸਨ, ਕੀ ਉਹ ਮਾਰ ਕੇ ਸੁੱਟਣ ਵਾਸਤੇ ਖੇਡਦੇ ਸਨ? ਅਖੇ ਜੀ! ਗੁਰੂ ਜੀ ਤਾਂ ਉਨ੍ਹਾਂ ਦੀ ਕਲਿਆਣ ਕਰਦੇ ਸਨ! ਕੀ ਕਲਿਆਣ ਮਾਰ ਕੇ ਹੀ ਕੀਤੀ ਜਾ ਸਕਦੀ ਹੈ? ਗੁਰੂ ਜੀ ਦੀ ਤਾਂ ਸਵੱਲੀ ਨਜ਼ਰ ਹੀ ਜੀਵਾਂ ਨੂੰ ਤਾਰ ਦਿੰਦੀ ਹੈ ਫਿਰ ਮਾਰ ਕੇ ਮੁਕਤੀ ਕਿਉਂ? ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨ ਪਾਈ? (੯੩) ਔਖੇ ਵੇਲੇ ਸਿੰਘਾਂ ਨੇ ਘੋੜਿਆਂ ਬਲਕਿ ਆਪਣੇ ਪੱਟਾਂ ਦਾ ਮਾਸ ਵੀ ਖਾਦਾ ਜਰਾ ਸੋਚੋ! ਜਿਸ ਨੇ ਕਦੇ ਪੱਕਾ ਮਾਸ ਨਾਂ ਖਾਦਾ ਹੋਵੇ ਉਹ ਕੱਚਾ ਮਾਸ ਕਿਵੇਂ ਖਾ ਲਵੇਗਾ? ਜੇ ਸਿੰਘ ਖ਼ਾਲਸੇ "ਸਿੰਘ ਭੋਜਨ" ਛਕਦੇ ਸੀ ਤਾਂ ਹੀ ਉਹ-ਖਾਂਹਿ ਕੱਚੇ ਹੀ ਮ੍ਰਿਗ ਮਾਰ (ਪੰਥ ਪ੍ਰਕਾਸ਼) ਜੰਗ-ਯੁੱਧ ਵੇਲੇ ਕੱਚਾ ਮਾਸ ਖਾ ਜਾਂਦੇ ਸਨ। ਕੁਝ ਕੁ ਸਾਧ ਸੰਪ੍ਰਦਾਵਾਂ ਤੇ ਡੇਰਿਆਂ ਨੂੰ ਛੱਡ ਕੇ ਬਾਕੀ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ, ਮਿਸ਼ਨਰੀ ਸੰਸਥਵਾਂ ਅਤੇ ਨਿਹੰਗ ਸਿੰਘ ਅੱਜ ਵੀ ਛਕਦੇ ਹਨ।

ਨੋਟ-ਜਿੰਨਾਂ ਨੁਕਸਾਨ ਇਨ੍ਹਾਂ ਡੇਰੇਦਰਾਂ ਤੇ ਟਕਸਾਲੀ ਸੰਪ੍ਰਦਾਈਆਂ ਨੇ ਸਿੱਖ ਕੌਮ ਦਾ ਕੀਤਾ ਅਤੇ ਜਿਨੇ ਵੱਧ ਬਲਾਤਕਾਰ ਇਹ ਵੈਸ਼ਨੂੰ ਜਾਂ ਸਾਕਾਹਾਰੀ ਕਹਾਉਣ ਵਾਲੇ ਸਾਧ ਅੱਜ ਕਰ ਰਹੇ ਹਨ ਇੰਨੇ ਮਾਸਾਹਾਰੀ ਨਹੀਂ ਕਰਦੇ ਕਿਉਂ? ਇਹ ਲੋਕ ਤਾਂ ਮਾਸ ਨਹੀਂ ਖਾਂਦੇ ਸਗੋਂ ਸਬਜੀਆਂ ਆਦਿਕ ਖਾ ਕੇ ਹੀ ਸਭ ਚੰਦ ਚੜ੍ਹਾਈ ਜਾ ਰਹੇ ਹਨ। ਫਿਰ ਕਉਣ ਠੀਕ ਤੇ ਕਉਣ ਗ਼ਲਤ ਹੈ? ਸਿੰਘ ਦਾ ਅਰਥ ਹੀ ਸ਼ੇਰ ਹੈ, ਗੁਰੂ ਜੀ ਫੁਰਮਾਂਦੇ ਹਨ, ਕਿ ਜਿਵੇਂ ਰਣ ਤੱਤਾ ਦੇਖ ਸੂਰਮੇ ਦੇ ਡੌਲੇ ਫਰਕਦੇ ਹਨ ਇਵੇਂ ਹੀ-ਸਿੰਘ ਰੁਚੈ ਸਦ ਭੋਜਨੁ ਮਾਸ॥ ਰਣ ਦੇਖਿ ਸੂਰੇ ਚਿਤਿ ਉਲਾਸ॥ (੧੧੮੦) ਬਾਕੀ ਵੱਖਰੀ ਗੱਲ ਹੈ ਕਿ ਆਪਣੀ ਸਰੀਰਕ ਸਥਿਤੀ ਅਨੁਸਾਰ ਹੀ ਭੋਜਨ ਕਰਨਾ ਚਾਹੀਦਾ ਹੈ। ਦੁੱਧ ਵਿੱਚ ਵੀ ਬਹੁਤ ਫੈਟ ਹੈ ਜੋ ਕੈਸਟ੍ਰੋਲ ਵਧਾ ਦਿੰਦੀ ਹੈ ਪਰ ਸੈਲਮਨ ਮੱਛੀ ਖਾਦੀ ਜਾਵੇ ਤਾਂ ਕੈਸਟ੍ਰੋਲ ਘਟਉਂਦੀ ਹੈ।

ਵੇਖੋ ਜਿਨੀ ਹੇਰਾ ਫੇਰੀ ਸਾਡੇ ਵੈਸ਼ਨੂੰ ਦੇਸ਼ ਵਿੱਚ ਹੋ ਰਹੀ ਹੈ, ਰਿਸ਼ਵਤ ਦਾ ਬੋਲਬਾਲਾ ਹੈ ਉਨ੍ਹਾਂ ਅਮਰੀਕਾ ਕਨੇਡਾ ਇੰਗਲੈਂਡ ਆਦਿਕ ਮਾਸ ਖਾਣ ਵਾਲੇ ਦੇਸ਼ਾਂ ਵਿੱਚ ਨਹੀਂ ਫਿਰ ਕੌਣ ਚੰਗਾ ਕੌਣ ਮਾੜਾ ਹੈ? ਸਾਡੇ ਅਖੌਤੀ ਸਾਧ-ਸੰਤ, ਸੰਪ੍ਰਦਾਈ-ਪ੍ਰਚਾਰਕ, ਕਥਾਵਾਚਕ, ਰਾਗੀ-ਢਾਡੀ ਅਤੇ ਅਖੌਤੀ ਵਿਦਵਾਨ ਮਾਸ ਖਾਣ ਵਾਲੇ ਨੂੰ ਤਾਂ ਨਿੰਦਦੇ ਅਤੇ ਬੁਰਾ ਕਹਿੰਦੇ ਨਹੀਂ ਥੱਕਦੇ, ਪਰ ਉਨ੍ਹਾਂ ਦੀ ਦਿੱਤੀ ਮਾਇਆ ਬੜੀ ਨਿਮਰਤਾ ਨਾਲ, ਅੱਖਾਂ ਮੀਚ ਜੇਬ ਵਿੱਚ ਪਾ ਲੈਂਦੇ ਹਨ ਫਿਰ ਕੌਣ ਗਲਤ ਤੇ ਕੌਣ ਠੀਕ ਹੈ? ਗੁਰੂ ਨਾਨਕ ਜੀ ਨੇ ਤਾਂ ਬ੍ਰਾਹਮਣਾਂ ਨੂੰ ਕਿਹਾ ਸੀ-ਜੇ ਉਇ ਦਿਸਹਿ ਨਰਕਿ ਜਾਂਦੈ ਤਾਂ ਉਨ ਕਾ ਦਾਨੁ ਨ ਲੈਣਾ॥ (੧੨੯੦) ਭਾਵ ਜੇ ਮਾਸ ਖਾਣ ਵਾਲੇ ਨਰਕਾਂ ਨੂੰ ਜਾਂਦੇ ਹਨ, ਤਾਂ ਤੁਸੀਂ ਉਨ੍ਹਾਂ ਦੀਆਂ ਦਾਨ-ਭੇਟਾ ਕਿਉਂ ਲੈਂਦੇ ਹੋ? ਇਸ ਸਬੰਧ ਵਿੱਚ ਡਾ. ਗੁਰਮੀਤ ਸਿੰਘ ਬਰਸਾਲ ਅਤੇ ਪ੍ਰਿੰਸੀਪਲ ਗਿ. ਸੁਰਜੀਤ ਸਿੰਘ ਦਿੱਲੀ ਵਾਲਿਆਂ ਦੇ ਲੇਖ ਜੋ "ਸਿੱਖ ਮਾਰਗ" ਵੈਬਸਾਈਟ ਤੇ ਕ੍ਰਮਵਾਰ ਛਪੇ ਸਨ, ਬੜੇ ਗਿਆਨਮਈ ਤੇ ਭਾਵ ਪੂਰਤ ਹਨ ਪੜ੍ਹ ਲੈਣਾ ਜੀ। ਜੇ ਫਿਰ ਵੀ ਤਸੱਲੀ ਨਾਂ ਹੋਵੇ ਤਾਂ ਬਾਬਾ ਗੁਰਬਖਸ਼ ਸਿੰਘ "ਕਾਲਾ ਅਫਗਾਨਾ" ਦੀ ਲਿਖੀ ਪੁਸਤਕ "ਮਾਸ ਮਾਸ ਕਰਿ ਮੂਰਖ ਝਗੜੇ" ਤਾਂ ਜਰੂਰ ਪੜ੍ਹਨਾਂ ਦੀ ਖੇਚਲ ਕਰਨਾ ਜੀ।

ਆਓ, ਅਜਿਹੀਆਂ ਫਜ਼ੂਲ ਦੀਆਂ ਬਹਿਸਾਂ ਛੱਡ ਕੇ, ਸਭ ਮਾਈ-ਭਾਈ ਗੁਰਸਿੱਖ ਇਕੱਠੇ ਹੋ ਕੇ ਡੇਰਾਵਾਦ ਅਤੇ ਸੰਤ-ਮਹੰਤਵਾਦ ਦੀ ਅਮਰਵੇਲ ਨੂੰ, ਪੰਥਕ ਬੂਟੇ ਤੋਂ ਲਾਹ ਸੁੱਟੀਏ ਕਿਉਂਕਿ ਇਨ੍ਹਾਂ ਬੁਰਕੇ (ਬਾਣੇ) ਤਾਂ ਸਿੰਘਾਂ ਵਾਲੇ ਪਾਏ ਹੋਏ ਹਨ ਪਰ ਮਰਯਾਦਾ ਸਨਾਤਨੀ ਚਲਾ ਰਹੇ ਹਨ। ਗੁਰਮਤਿ ਮਰਯਾਦਾ ਤੋਂ ਇਹ ਟਕਸਾਲੀ ਸੰਪ੍ਰਦਾਈ ਡੇਰੇਦਾਰ ਬਾਗੀ ਹਨ। ਯਾਦ ਰੱਖੋ ਗੁਰਸਿੱਖ ਕਦੇ ਡੇਰੇਦਾਰ ਅਤੇ ਸੰਪਰਦਾਈ ਨਹੀਂ ਹੋ ਸਕਦਾ। ਸਾਡਾ ਧੁਰਾ ਗੁਰੂ ਗ੍ਰੰਥ ਅਤੇ ਗੁਰੂ ਦਾ ਪੰਥ ਹੈ। ਸਿੱਖ ਨੇ ਸਮੁੱਚੇ ਸੰਸਾਰ ਵਿੱਚ ਵਿਚਰਨਾ ਹੈ ਨਾ ਕਿ ਇਕੱਲੇ ਵੈਸ਼ਨੂੰ ਦੇਸ਼ ਵਿੱਚ। ਵੱਡੀ ਗੱਲ ਗੁਰੂ ਤੋਂ ਵੱਡੇ ਕਦੇ ਨਾਂ ਬਣੋ। ਸਿੱਖ ਵਾਸਤੇ ਗੁਰੂ ਗਿਆਨ ਤੋਂ ਵੱਡਾ ਕੋਈ ਗਿਆਨ ਨਹੀਂ-ਗਿਆਨਨ ਮਹਿ ਗਿਆਨ ਅਰ ਧਿਆਨਨ ਮਹਿ ਧਿਆਨ ਗੁਰਿ, ਸਗਲ ਧਰਮ ਮਹਿ ਗ੍ਰਿਹਸਤ ਪ੍ਰਧਾਨ ਹੈ (ਭਾ.ਗੁ)

ਮਾਸ ਤੇ ਘਾਸ ਦੇ ਝਗੜੇ ਵਿੱਚ ਪੈ ਕੇ "ਸਿੱਖ ਜੋ ਮਾਰਸ਼ਲ ਕੌਮ ਹੈ" ਇਸ ਨੂੰ ਘਸਿਆਰੀ ਨਾਂ ਬਣਾ ਦੇਈਏ। ਪਲੀਜ਼ ਮਾਸ ਤੇ ਘਾਸ ਦਾ ਝਗੜਾ ਬੰਦ ਕਰੋ! ਜੇ ਤੁਸੀਂ ਨਹੀਂ ਖਾਂਦੇ ਤਾਂ ਬਹੁਤ ਚੰਗਾ ਹੈ ਪਰ ਖਾਣ ਵਾਲਿਆਂ ਵਿਰੁੱਧ ਭੰਡੀ ਪ੍ਰਚਾਰ ਨਾ ਕਰੋ ਜੀ! ਅਤੇ ਡਾਲਰਾਂ ਦੀ ਖਾਤਰ ਮਾਸ ਖਾਣ ਵਾਲੇ ਦੇਸ਼ਾਂ ਵੱਲ ਨਾਂ ਭੱਜੋ ਜੀ। ਲੋਕ ਹਸਦੇ ਹਨ ਕਿ ਸਿੱਖਾਂ ਨੇ ਖਾਣਾਂ ਕੀ ਅਤੇ ਕਿਵੇਂ ਖਾਣਾ ਹੈ? ਭੁੰਝੇ ਜਾਂ ਕੁਰਸੀਆਂ ਮੇਜਾਂ ਤੇ ਬੈਠ ਕੇ ਖਾਣਾ ਹੈ? ਇਸ ਤੇ ਹੀ ਲੜੀ ਜਾ ਰਹੇ ਹਨ। ਧਰਮ ਪ੍ਰਚਾਰ ਵੱਲ ਕੋਈ ਧਿਆਨ ਨਹੀਂ, ਜਿਸ ਕਰਕੇ ਧਰਮ ਪ੍ਰਚਾਰ ਰੁਕਿਆ ਪਿਆ ਹੈ ਅਤੇ ਸਿੱਖ ਨੌਜਵਾਨ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ। ਯਾਦ ਰੱਖੋ ਅਸੀਂ ਗੁਰੂ ਦੇ ਸਿੱਖ ਹਾਂ ਨਾਂ ਕਿ ਵੈਸ਼ਣੂ ਸਾਧਾਂ ਦੇ ਚੇਲੇ ਕਿ ਲੱਸੀ ਪੀਣੀ ਅਤੇ ਚੌਲ ਹੀ ਖਾਣੇ ਹਨ। ਜਰਾ ਸੋਚੋ! ਜਦ ਗੁਰੂ ਨਾਨਕ ਅਰਬ ਦੇਸ਼ਾਂ ਦੀ ਯਾਤਰਾ ਕਰਦੇ ਹੋਏ ਇਸਲਾਮ ਦੇ ਕੇਂਦਰੀ ਅਸਥਾਂਨ ਮੱਕੇ ਹਾਜ਼ੀਆਂ ਦਾ ਬਾਣਾ ਪਾ ਕੇ ਗਏ ਸਨ ਅਤੇ ਰਸਤੇ ਵਿੱਚ ਮੁਸਲਮਾਨ ਹਾਜ਼ੀਆਂ ਦੇ ਕਾਫਲੇ ਵਿੱਚ ਹੀ ਪੜਾ ਕਰਦੇ ਅਤੇ ਭੋਜਨ ਪਾਣੀ ਵੀ ਇਕੱਠਾ ਕਰਦੇ ਸਨ। ਗੁਰੂ ਜੀ ਕੋਈ ਚੌਲਾਂ ਜਾਂ ਆਟੇ ਦੀਆਂ ਬੋਰੀਆਂ ਨਾਲ ਨਹੀਂ ਸਨ ਚੁੱਕੀ ਫਿਰਦੇ। ਜੇ ਜਰਾ ਜਿਨਾਂ ਵੀ ਮੁਸਲਮਾਨ ਹਾਜ਼ੀਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਸ਼ਖਸ਼ ਗੈਰ ਮੁਸਲਮਾਨ ਜਾਂ ਹਿੰਦੂ ਹੈ ਤਾਂ ਉਹ ਗੁਰੂ-ਬਾਬਾ ਜੀ ਦੇ ਵਿਰੁੱਧ ਰੌਲਾ ਪਾ ਦਿੰਦੇ। ਗੁਰੂ ਜੀ ਤਾਂ ਕਟੜਵਾਦੀ ਮੁਸਲਮਾਨ ਆਗੂਆਂ ਨੂੰ ਰੱਬੀ ਗਿਆਨ ਦੇਣ ਲਈ ਮੱਕੇ ਗਏ ਸਨ ਨਾਂ ਕਿ ਕੋਈ ਕਰਾਮਾਤ ਵਿਖਾ ਕੇ ਮੱਕਾ ਘੁਮਾਉਣ ਲਈ। ਜੇ ਗੁਰੂ ਜੀ ਰਸਤੇ ਵਿੱਚ ਖਾਣ-ਪੀਣ ਦਾ ਝਗੜਾ ਖੜਾ ਕਰ ਲੈਂਦੇ ਤਾਂ ਉਹ ਮੱਕੇ ਨਹੀਂ ਸਨ ਜਾ ਸਕਦੇ। ਉਨ੍ਹਾਂ ਨੇ ਖਾਣ-ਪੀਣ ਦੇ ਝਗੜੇ ਨਾਲੋਂ ਰੱਬੀ ਉਪਦੇਸ਼ ਦੇਣ ਨੂੰ ਪਹਿਲ ਦਿੱਤੀ। ਉਨ੍ਹਾਂ ਦੀ ਨਿਗ੍ਹਾ ਵਿੱਚ ਮਾਸ ਖਾਣ ਜਾਂ ਨਾਂ ਖਾਣ ਵਾਲੇ ਦੋਵੇਂ ਬਰਾਬਰ ਸਨ। ਉਹ ਸਭ ਵਿੱਚ ਰੱਬੀ ਜੋਤ ਦਾ ਹੀ ਵਾਸ ਵੇਖਦੇ ਸਨ-ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (੬੬੩) ਕਬੀਰ ਸਾਹਿਬ ਵੀ ਦਰਸਾਂਦੇ ਹਨ ਕਿ-ਅਵਲਿ ਅਲਾਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥(੧੩੪੯) ਗੁਰੂ ਨਾਨਕ ਸਾਹਿਬ ਤਾਂ ਫੁਰਮਾਂਦੇ ਹਨ ਕਿ-ਜੇ ਰਤੁ ਲਗੈ ਕਪੜੇ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਨਸਾਂ ਤਿਨ ਕਿਉਂ ਨਿਰਮਲੁ ਚੀਤੁ॥(੧੪੦) ਹੇ ਕਾਜ਼ੀਓ ਜੇ ਰਤਾ ਰੱਤ (ਲਹੂ) ਲੱਗਣ ਨਾਲ ਜਾਮਾਂ ਪਲੀਤ ਹੁੰਦਾ ਹੈ ਤਾਂ ਫਿਰ ਜੋ ਪਰਾਇਆ ਹੱਕ ਮਾਰ ਕੇ ਗਰੀਬ ਇਨਸਾਨਾਂ ਦਾ ਲਹੂ ਪੀਂਦੇ ਹਨ ਉਨ੍ਹਾਂ ਦਾ ਹਿਰਦਾ ਕਿਵੇਂ ਸਾਫ ਹੋ ਸਕਦਾ ਹੈ? ਗੁਰੂ ਤਾਂ ਹਿੰਦੂ-ਮੁਸਲਮਾਨ ਦੋਹਾਂ ਨੂੰ ਸਾਂਝਾ ਉਪਦੇਸ਼ ਦਿੰਦੇ ਹਨ-ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾਂ ਭਰੇ ਜਾਂ ਮੁਰਦਾਰੁ ਨਾ ਖਾਇ॥

ਭਾਵ ਪਰਾਇਆ ਹੱਕ ਮਾਰਨਾਂ ਮੁਸਲਮਾਨ ਲਈ ਸੂਰ ਅਤੇ ਹਿੰਦੂਆਂ ਲਈ ਗਊ ਦਾ ਮੁਰਦਾਰ ਖਾਣ ਬਰਾਬਰ ਹੈ। ਖਾਣ-ਪੀਣ ਦੇ ਝਗੜੇ ਨੂੰ ਛੱਡ ਕੇ ਬੁਰੇ ਕਰਮਾਂ ਦਾ ਤਿਆਗ ਕਰਨਾ ਚਾਹੀਦਾ ਹੈ। ਜੀਵ ਉਸ ਦੇ ਹੁਕਮ ਵਿੱਚ ਹੀ ਮਾਰੇ ਤੇ ਰੱਖੇ ਜਾ ਰਹੇ ਹਨ। ਪੂਰਾਂ ਦੇ ਪੂਰ ਜੀਵ ਆ ਰਹੇ ਹਨ ਅਤੇ ਪੂਰਾਂ ਦੇ ਪੂਰ ਜਾ ਰਹੇ ਹਨ। ਇਹ ਸਾਰਾ ਚੱਕਰ ਉਸ ਕਰਤਾਰ ਦਾ ਹੈ। ਮਾਸ ਖਾਣ ਵਾਲੇ ਵੀ ਇਕ ਦਿਨ ਇਸ ਸੰਸਾਰ ਤੋਂ ਤੁਰ ਜਾਣੇ ਹਨ ਅਤੇ ਘਾਸ ਖਾਣ ਵਾਲੇ ਵੀ ਸਦਾ ਬੈਠੇ ਨਹੀਂ ਰਹਿਣੇ। ਇਸੇ ਕਰਕੇ ਬਾਬਾ ਨਾਨਕ ਜੀ ਨੇ ਮਾਸ ਤੇ ਝਗੜਾ ਕਰਨ ਵਾਲਿਆਂ ਨੂੰ ਮੂਰਖ ਕਿਹਾ ਹੈ-ਮਾਸੁ ਮਾਸੁ ਕਰਿ ਮੂਰਖ ਝਗੜੇ ਗਿਆਨੁ ਧਿਆਨੁ ਨਹੀਂ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥ (੧੨੮੯) ਗੁਰੂ ਜੀ ਨੇ ਸਾਨੂੰ ਸ਼ੇਰ (ਸਿੰਘ) ਦੀ ਉਪਾਧੀ ਦਿੱਤੀ ਹੈ ਨਾਂ ਕਿ ਗਊ ਜਾਂ ਭੇਡ ਦੀ ਜੇ ਮਾਸ ਖਾਣ ਵਾਲਾ ਸ਼ੇਰ ਇਨ੍ਹਾਂ ਹੀ ਮਾੜਾ ਹੁੰਦਾ ਫਿਰ ਉਸ ਦੀ ਉਪਾਧੀ ਨਾਂ ਦਿੰਦੇ। ਸ਼ੇਰ ਅਤੇ ਭੇਡ ਦੇ ਹੋਰ ਕਾਰਨਾਮਿਆਂ ਦੇ ਫਰਕ ਨਾਲ ਭੋਜਨ ਵਿੱਚ ਵੀ ਵੱਡਾ ਫਰਕ ਹੈ ਜੋ ਸਦਾ ਰਹਿਣਾ ਹੈ। ਦੇਖੋ ਕੋਈ ਸੌ ਤਰੀਕੇ ਵਰਤ ਕੇ ਵੀ ਸ਼ੇਰ ਨੂੰ ਘਾਹ ਅਤੇ ਗਊ ਨੂੰ ਮਾਸ ਨਹੀਂ ਖਵਾ ਸਕਦਾ ਪਰ ਮਨੁੱਖ ਜੋ ਦੋਹਾਂ ਦਾ ਸਰਦਾਰ ਹੈ ਮਾਸ ਤੇ ਘਾਸ ਦੋਵੇਂ ਖਾ ਸਕਦਾ ਹੈ। ਜਬਰਦਸਤੀ ਕਿਸੇ ਨੂੰ ਕੁਝ ਵੀ ਖਵਾਉਣਾ ਨਹੀਂ ਚਾਹੀਦਾ। ਸਰੀਰ ਦੀ ਤੰਦਰੁਸਤੀ ਅਤੇ ਬਲ ਨੂੰ ਦੇਖ ਕੇ ਹੀ ਭੋਜਨ ਕਰਨਾ ਚਾਹੀਦਾ ਹੈ ਪਰ ਬ੍ਰਾਹਮਣ ਦੇ ਪੈਦਾ ਕੀਤੇ ਕਿਸੇ ਪਾਪ-ਪੁੰਨ ਜਾਂ ਵਹਿਮ-ਭਰਮ ਵਿੱਚ ਨਹੀਂ ਪੈਣਾ ਚਾਹੀਦਾ।


03/26/17
ਹਰਪਾਲ ਸਿੰਘ ਫਿਰੋਜ਼ਪੁਰੀਆ

ਮੌਡਰਨ ਭੰਡ -: ਹਰਪਾਲ ਸਿੰਘ ਫਿਰੋਜ਼ਪੁਰੀਆ
ਗਿਆਨ ਸਿੰਘ ਬਾਜ ਦੀ ਅੱਖ ਵਾਲੇ ਨੂੰ ਜਾਗਰ ਸਿਓ ਕਹਿੰਦਾ, ਬਾਬਾ,, ਆ ਢਾਡੀਆਂ ਕਵੀਸ਼ਰਾਂ ਨੇ ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕਢਵਾਉਣ ਦਾ ਨਵਾਂ ਹੀ ਢੰਗ ਕੱਢਿਆ ਏ। ਬਾਬਾ ਕਹਿੰਦਾ, ਜਾਗਰ ਸਿਆ ਕੀ ਹੋ ਗਿਆ, ਬੜਾ ਔਖਾ ਹੋ ਰਿਹਾ ਏ ਢਾਡੀਆਂ ਕਵੀਸ਼ਰਾਂ ਤੇ ? ਜਾਗਰ ਸਿਓ ਕਹਿੰਦਾ, ਬਾਬਾ ਮੈਂ ਆਪਣੇ ਸਾਲੇ ਦੇ ਮੁੰਡੇ ਦੇ ਵਿਆਹ ਤੇ ਗਿਆ, ਉੁੱਥੇ ਪਾਠ ਦੀ ਸਮਾਪਤੀ ਤੋਂ ਬਾਅਦ ਢਾਡੀ ਜੱਥਾ ਲੱਗਣਾ ਸੀ ।ਧਰਮ ਦੇ ਪ੍ਰਚਾਰਕ ਹੋਣ ਕਰਕੇ ਮੈਂ ਉਹਨਾਂ ਦੀ ਕਾਫੀ ਸੇਵਾ ਕੀਤੀ। ਪ੍ਰਚਾਰਕ ਨੇ ਮੇਰਾ ਨਾਂ ਪਤਾ ਸਾਰਾ ਕੁੱਝ ਪੁਛ ਲਿਆ। ਸਟੇਜ ਤੇ ਚੜਦਿਆਂ ਸਾਰ ਹੀ ਪ੍ਰਚਾਰਕ ਨੇ ਲੰਮੀ ਸਾਰੀ ਫਤਹਿ ਬੁਲਾ ਕੇ ਮੇਰੇ ਸਾਢੂੰ ਦੇ ਗੁਣਗਾਨ ਕਰਕੇ ਸ਼ੁਰੂ ਕਰ ਦਿੱਤੇ, ਮੇਰੇ ਸਾਢੂੰ ਨੇ 500 ਦਾ ਨੋਟ ਪ੍ਰਚਾਰਕ ਦੀ ਤਲੀ ਤੇ ਧਰ ਦਿੱਤਾ । ਮੈਂ ਕਿੱਥੇ ਪਿੱਛੇ ਰਹਿਣ ਵਾਲਾ ਸੀ, ਮੈਂ ਵੀ ਕੱਢ ਲਿਆ ਪੰਜ ਸੌ ਰੁਪਇਆ ਜੇਬ ਵਿਚੋਂ। ਪਰ ਮੇਰੇ ਬਾਰੇ ਉਹ ਕੁੱਝ ਨਹੀ ਬੋਲਿਆ । ਪੌਣੇ ਕੁ ਘੰਟੇ ਬਾਅਦ ਮੇਰੀਆਂ ਸਿਫਤਾਂ ਦੇ ਐਹੋ ਜਿਹੇ ਪੁਲ ਬੰਨੇ, ਮੈਨੂੰ ਪਤਾ ਹੀ ਨਹੀ ਮੈਂ 500 ਦਾ ਇੱਕ ਹੋਰ ਨੋਟ ਜੇਬ ਵਿਚੋਂ ਕੱਢਿਆ ਤੇ ਜਾ ਪ੍ਰਚਾਰਕ ਦੀ ਤਲੀ ਤੇ ਜਾ ਧਰਿਆ। ਮੇਰੇ ਵੱਲ ਦੇਖ ਕੇ ਮੇਰੇ ਸਾਢੂੰ ਨੇ ਵੀ ਪੰਜ ਸੌ ਰੁਪਏ ਦਾ ਇੱਕ ਹੋਰ ਨੋਟ ਪ੍ਰਚਾਰਕ ਦੀ ਤਲੀ ਤੇ ਧਰ ਦਿੱਤਾ। ਬਾਬਾ ਗਿਆਨ ਸਿੰਘ ਹੱਸਦਾ ਹੋਇਆ ਕਹਿਣ ਲੱਗਾ, ਜਾਗਰ ਸਿਆ, ਤੇਰੇ ਸਾਲੇ ਦਾ ਇੱਕੋ ਇੱਕ ਤਾਂ ਮੁੰਡਾ ਏ, ਫਿਰ ਕੀ ਹੋਇਆ, ਜੇ ਤੂੰ ਹਜ਼ਾਰ ਦੇ ਦਿੱਤਾ ਤਾਂ, ਬੱਲੇ ਬੱਲੇ ਵੀ ਤੇਰੀ ਹੋਈ ਹੋਵੇਗੀ। ਜਾਗਰ ਸਿਓ ਕਹਿਣ ਲੱਗਾ, ਬਾਬਾ ਅੱਗੇ ਤਾਂ ਸੁਣ ਕੀ ਹੋਇਆ । ਬਾਬਾ ਕਹਿੰਦਾ , ਦੱਸ ਫਿਰ ਕੀ ਹੋਇਆ ? ਜਾਗਰ ਸਿਓ ਕਹਿੰਦਾ, ਸਮਾਪਤੀ ਤੋਂ ਬਾਅਦ ਮੈਂ ਸਾਢੂੰ ਨੂੰ ਪੁੱਛਿਆ ਤੇਰੀ ਤਾਂ ਢਾਡੀਆਂ ਨਾਲ ਪੁਰਾਣੀ ਜਾਣ ਪਛਾਣ ਲੱਗਦੀ ਏ, ਉਹ ਕਹਿੰਦਾ ਕਿੱਥੇ ; ਮਹੀਨਾ ਕੁ ਪਹਿਲਾਂ ਮੇਰੇ ਭਤੀਜੇ ਦੇ ਵਿਆਹ ਤੇ ਆਏ, ਮੈਂ ਚਾਹ ਪਾਣੀ ਦੀ ਸੇਵਾ ਕੀਤੀ, ਇਹਨਾਂ ਮੇਰਾ ਨਾਂ ਪਤਾ ਪੁੱਛ ਲਿਆ। ਮੈਨੂੰ ਕਹਿੰਦਾ,, ਤੇਰੀ ? ਮੈਂ ਕਿਹਾ, ਮੈਂ ਅੱਜ ਚਾਹ ਪਾਣੀ ਦੀ ਸੇਵਾ ਕੀਤੀ ਸੀ। ਵਿਆਹ ਤੋਂ ਬਾਅਦ ਜਦੋਂ ਘਰ ਨੂੰ ਆਉਣ ਲੱਗੇ, ਤਾਂ ਚੰਗੀ ਕਿਸਮਤ ਨੂੰ ਮੈਂ ਬਟੂਆ ਖੋਲ ਕੇ ਦੇਖਿਆ ਤਾਂ ਵਿੱਚ ਸਿਰਫ ਸੌ ਰੁਪਇਆ। ਮੈਂ ਭਿੰਦੇ ਦੀ ਮੰਮੀ ਨੂੰ ਜਾ ਕੇ ਪੁੱਛਿਆ ਤਾਂ ਉਹ ਕਹਿਣ ਲੱਗੀ, ਮੇਰੇ ਕੋਲ ਤਾਂ ਕੋਈ ਪੈਸਾ ਨਹੀ, ਮੈਂ ਲਾਗਾਂ ਵਾਲਿਆਂ ਨੂੰ ਦੇ ਦਿੱਤੇ। ਪਿੰਡ ਨੂੰ ਆਉਣ ਦਾ ਕਿਰਾਇਆ ਲੱਗਣਾ ਸੀ ਦੋ ਰੁਪਇਆ। ਫਿਰ ਸ਼ਰਮਿੰਦਗੀ ਜਿਹੀ ਵਿੱਚ ਕਿਸੇ ਕੋਲੋਂ ਪੈਸੇ ਫੜ ਕੇ ਘਰ ਆਏ । ਗਿਆਨ ਸਿੰਘ ਕਹਿੰਦਾ, ਜਾਗਰ ਸਿਆ ਫਿਰ ਤਾਂ ਬੜੀ ਮਾੜੀ ਹੋਈ।
ਜਾਗਰ ਸਿਓ ਕਹਿੰਦਾ, ਬਾਬਾ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਮੈਨੂੰ ਪੈਸਿਆਂ ਦਾ ਦੁੱਖ ਨਹੀ। ਮੈਨੂੰ ਉਹਨਾਂ ਦੀ ਇਹ ਗੱਲ ਬਹੁਤ ਮਾੜੀ ਲੱਗੀ । ਉਹਨਾਂ ਨੂੰ ਦੋ ਘੰਟੇ ਦਾ ਸਮਾਂ ਮਿਲਿਆ ਸੀ, ਅੱਧਾ ਘੰਟਾ ਮਾਮਿਆਂ, ਫੁਫੜਾਂ, ਮਾਸੜਾਂ, ਤੇ ਚਾਚਿਆਂ, ਤਾਇਆਂ ਦੀਆਂ ਸਿਫਤਾਂ ਕਰਨ ਤੇ ਕਿਸ ਕਿਸ ਨੇ ਕਿੰਨੇ ਪੈਸੇ ਦਿੱਤੇ ਇਹ ਦੱਸਣ ਵਿੱਚ ਹੀ ਲਾ ਦਿੱਤਾ। ਸਮਾਂ ਪੂਰਾ ਹੋਣ ਤੇ ਅੱਧ ਅਧੂਰਾ ਪ੍ਰਸੰਗ ਛੱਡ ਕੇ ਚੌੜਾ ਹੋ ਹੋ ਕੇ ਦੱਸਣ ਲੱਗ ਪਿਆ ਕਿ ਮੈਂ ਕਦੇ ਵੀ ਮਿਲੇ ਸਮੇਂ ਤੋਂ ਉਪਰ ਸਮਾਂ ਨਹੀ ਲਾਇਆ, ਇਸ ਲਈ ਸਾਰੇ ਮੇਰੀ ਸਿਫ਼ਤ ਕਰਦੇ ਨੇ। ਰਹਿੰਦਾ ਪ੍ਰਸੰਗ ਆਪਾਂ, ਜਦੋਂ ਰੱਬ ਵਿਆਹ ਵਾਲੇ ਮੁੰਡੇ ਨੂੰ ਕਾਕਾ ਦੇਵੇਗਾ, ਉਦੋਂ ਸਾਂਝਾ ਕਰਾਂਗੇ। ਪ੍ਰਸੰਗ ਪੂਰਾ ਕਰਨ ਲਈ ਦੋ ਘੰਟੇ ਹੋਰ ਚਾਹੀਦੇ ਨੇ । ਗਿਆਨ ਸਿੰਘ ਕਹਿੰਦਾ , ਜਾਗਰ ਸਿਆ,,, ਇਹ ਧਰਮ ਦੇ ਪ੍ਰਚਾਰਕ ਨਹੀ, ਏ ਤਾਂ ਮੌਡਰਨ ਭੰਡ ਨੇ । ਜਾਗਰ ਸਿਓ ਕਹਿੰਦਾ,, ਬਾਬਾ ਓਹ ਕਿਵੇਂ ?? ਗਿਆਨ ਸਿੰਘ ਕਹਿੰਦਾ,,, ਥੋਡ਼ਾ ਕੁ ਸਮਾਂ ਪਹਿਲਾਂ ਹੀ ਵਿਆਹ ਸ਼ਾਦੀਆਂ ਤੇ ਭੰਡ ਜਰੂਰ ਆਉਂਦੇ ਸੀ, ਜਾਂ ਰੌਣਕ ਤੇ ਟਾਈਮ ਪਾਸ ਕਰਨ ਲਈ ਬੁਲਾਏ ਜਾਂਦੇ ਸੀ। ਉਹ ਆਣ ਕੇ ਨਾਲੇ ਗੀਤ ਗਾਉਂਦੇ ਤੇ ਨਾਲੇ ਚੁਟਕਲੇ ਸੁਣਾਉਂਦੇ, ਲੋਕ ਤੇ ਰਿਸਤੇਦਾਰ ਖੁਸ਼ ਹੋ ਕੇ ਪੈਸੇ ਦਿੰਦੇ। ਜਦੋਂ ਕੋਈ ਉਹਨਾਂ ਨੂੰ ਪੈਸਾ ਦਿੰਦਾ, ਉਹ ਗੀਤ ਜਾਂ ਚੁਟਕਲਾ ਵਿੱਚੇ ਛੱਡ ਕੇ ਪੈਸੇ ਦੇਣ ਵਾਲੇ ਦੀਆਂ ਸਿਫਤਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੰਦੇ। ਮਾਮਿਆਂ ਚਾਚਿਆਂ ਤਾਇਆ ਮਾਸੜਾਂ ਫੁਫੜਾਂ ਤੇ ਹੋਰ ਖਾਸ ਰਿਸਤੇਦਾਰਾਂ ਦੀ ਰੱਜ ਕੇ ਤਾਰੀਫ਼ ਕਰਦੇ, ਤਾ ਕਿ ਉਹ ਖੁਸ਼ ਹੋ ਕੇ ਵੱਧ ਤੋਂ ਵੱਧ ਪੈਸੇ ਦੇਣ। ਕੀ ਅੱਜ ਦੇ ਜਿਆਦਾਤਰ ਢਾਡੀ ਕਵੀਸ਼ਰ ( ਵਿਰਲੇ ਵਾਂਝੇ ਰਾਗੀ ਤੇ ਕਥਾਵਾਚਕ ਵੀ) ਧਰਮ ਪ੍ਰਚਾਰ ਲਈ ਮਿਲੇ ਹੋਏ ਸਮੇਂ ਨੂੰ ਪੈਸੇ ਦੇਣ ਵਾਲਿਆਂ ਤੇ ਪ੍ਰੋਗਰਾਮ ਤੇ ਬੁਲਾਉਂਣ ਵਾਲਿਆਂ ਦੀਆਂ ਤਰੀਫਾਂ ਵਿੱਚ ਬਰਬਾਦ ਨਹੀ ਕਰਦੇ ? ਸਮੇਂ ਦੇ ਬਦਲਣ ਨਾਲ ਪਹਿਰਾਵਾ ਤੇ ਬੋਲਣ ਦਾ ਵਿਸ਼ਾ ਹੀ ਬਦਲਿਆ ਏ, ਬਾਕੀ ਤਾਂ ਸਾਰਾ ਕੁੱਝ ਓਹੋ ਹੀ ਆ। ਜਾਗਰ ਸਿਆ ਦੱਸ ਫਿਰ ਏ ਕੌਣ ਹੋਏ ? ਜਾਗਰ ਸਿਓ ਕਹਿੰਦਾ,, ਮੌਡਰਨ ਭੰਡ । ਜਾਗਰ ਸਿਓ ਫਿਰ ਕਹਿੰਦਾ, ਬਾਬਾ ਕੀ ਸਾਰੇ ਢਾਡੀ ਕਵੀਸ਼ਰ ਏਦਾਂ ਹੀ ਕਰਦੇ ਨੇ ? ਬਾਬਾ ਗਿਆਨ ਸਿੰਘ ਕਹਿੰਦਾ ,, ਨਹੀ ਜਾਗਰ ਸਿਆ ਸਾਰੇ ਇੱਕੋ ਜਿਹੇ ਨਹੀ ਹੁੰਦੇ, ਆਹ ਆਪਣੇ ਪਿੰਡ ਵਾਲੇ ਢਾਡੀ ਨੂੰ ਤੇ ਕਈ ਹੋਰ ਕਈ ਵਿਦਵਾਨ ਢਾਡੀਆਂ ਨੂੰ ਸੁਣਿਆ ਮੈਂ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੋਕਾਂ ਨੂੰ ਵੱਧ ਵੱਧ ਗੁਰਬਾਣੀ ਤੇ ਇਤਿਹਾਸ ਤੋਂ ਜਾਣੂੰ ਕਰਵਾਕੇ, ਲੋਕਾਂ ਅੰਦਰ ਧਰਮ ਪ੍ਰਤੀ ਪਿਆਰ ਤੇ ਸਤਿਕਾਰ ਭਰੀਏ, ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਸੱਚ ਜੋੜੀਏ । ਓਹੁ ਭੰਡਾ ਵਾਂਗ ਵੇਲਾ ਨਹੀ ਕਰਦੇ, ਅਖੀਰ ਤੇ ਇਹੋ ਕਹਿੰਦੇ ਨੇ, ਜਿੰਨਾਂ ਭੈਣਾਂ ਭਰਾਵਾਂ ਨੇ ਇਤਿਹਾਸ ਦੇ ਮਾਣ ਸਤਿਕਾਰ ਵਜੋਂ ਬਹੁਤ ਸਾਰੀ ਮਾਇਆ ਭੇਟ ਕੀਤੀ ਏ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ।


03/26/17
ਬਲਦੇਵ ਸਿੰਘ ਬੁੱਧ ਸਿੰਘ ਵਾਲਾ

ਹਾਂਗ ਕਾਂਗ ਵਿੱਚ ਪ੍ਰਸਿੱਧ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ, ਪ੍ਰਿੰ: ਗੁਰਬਚਨ ਸਿੰਘ ਪੰਨਵਾਂ ਅਤੇ ਸੁਖਵਿੰਦਰ ਸਿੰਘ ਦਦੇਹਰ!
ਹਾਂਗ ਕਾਂਗ (ਬਲਦੇਵ ਸਿੰਘ ਬੁੱਧ ਸਿੰਘ ਵਾਲਾ) 20 ਮਾਰਚ-ਪਿਛਲੇ ਤਿੰਨ ਦਿਨਾਂ ਤੋਂ ਇਹ ਤਿੰਨੇ ਪ੍ਰਚਾਰਕ ਹਾਂਗ ਕਾਂਗ ਆਏ ਹੋਏ ਸਨ। ਇਹਨੇ ਦੀਆਂ ਵੀਚਾਰਾਂ ਸੁਨਣ ਵਾਸਤੇ ਹਾਂਗ ਕਾਂਗ ਦੇ ਇੱਕੋ ਇੱਕ ਗੁਰਦਵਾਰਾ ਖਾਲਸਾ ਵੀਵਾਨ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਹਨਾ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਫਾਲਤੂ ਦੀ ਪੂਜਾ ਨੂੰ ਨਾ ਕਰਨ ਵਾਸਤੇ ਚਾਨਣਾ ਪਾਇਆ ਜਿਵੇਂ ਕਿ ਪਾਠ ਦੌਰਾਨ ਕੁੰਭ ਰੱਖਣਾ ਜੋਤ ਜਗਾਉਣੀ ਧੂਫ ਕਰਨੀ। ਉਹਨਾ ਕਿਹਾ ਕਿ ਧੂਫ ਸਿਰਫ ਸੁਗੰਧ ਵਾਸਤੇ ਹੁੰਦੀ ਹੈ ਇਸਦਾ ਬਾਣੀ ਨਾਲ ਕੋਈ ਸਬੰਧ ਨਹੀਂ। ਇਹਨਾ ਨੇ ਰੁਮਾਲੇ ਚੜਾਂਉਣ ਦੀ ਵੀ ਨਿਖੇਧੀ ਕੀਤੀ ਤੇ ਨਾਲ ਇਹ ਵੀ ਕਿਹਾ ਕਿ ਇਹ ਕੱਪੜਾ ਕਿਸੇ ਗਰੀਬ ਨੂੰ ਦਿੱਤਾ ਜਾ ਸਕਦਾ ਹੈ। ਇਹਨਾ ਨੇ ਸਵਗਵਾਸ ਹੋਏ ਪ੍ਰਾਣੀ ਵਾਸਤੇ ਕਿਹਾ ਕਿ ਲੋਕ ਕਨੇਡਾ ਅਮਾਰੀਕਾ ਤੋਂ ‘ਫੁੱਲ’ ਲੈ ਕੇ ਆਉਂਦੇ ਹਨ ਇਹ ਗਲਤ ਹੈ। ਬਾਹਰਲੇ ਲੋਕਾਂ ਨੂੰ ਕਿਸੇ ਪਾਣੀ ਦੇ ਤੇਜ਼ ਵਹਾ ਵਿੱਚ ਫੁੱਲ ਤਾਰ ਦੇਣੇ ਚਾਹੀਦੇ ਹਨ। ਅਤੇ ਮਰੇ ਪ੍ਰਾਣੀ ਨੂੰ ਨਵੇਂ ਕੱਪੜੇ ਪਵਾਉਣ ਦੀ ਵੀ ਕੋਈ ਲੋੜ ਨਹੀਂ। ਉਸਦੇ ਪੁਰਾਣੇ ਕੱਪੜੇ ਪਵਾ ਕੇ ਵੀ ਸੰਸਕਾਰ ਕੀਤਾ ਜਾ ਸਕਦਾ ਹੈ। ਅਤੇ ਬਜੁਰਗ ਨੂੰ ਲਿਖਕੇ ਰੱਖ ਦੇਣਾ ਚਾਹੀਦਾ ਹੈ ਕਿ ਮੇਰੇ ਮਰਨ ਤੋਂ ਬਾਅਦ ਕੋਈ ਪਖੰਡ ਨਾ ਕੀਤਾ ਜਾਵੇ। ਉਹਨਾ ਨੇ ਕਿਹਾ ਨੇ ਛੋਟੇ ਬੱਚਿਆ ਨੂੰ ਹੁਣੇ ਤੋਂ ਹੀ ਪੰਜਾਬੀ ਪੜ੍ਹਾ ਕੇ ਗੁਰਬਾਣੀ ਨਾਲ ਜੋੜੋ ਅਤੇ ਇੰਡੀਆ ਵਿੱਚ ਆਪੋ ਆਪਣੇ ਗੁਰਦਵਾਰਿਆਂ ਵਿੱਚ ਚੰਗਾ ਪੜ੍ਹਿਆ ਲਿਖਿਆ ਗ੍ਰੰਥੀ ਰੱਖੋ ਜੋ ਕਿ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਸਕੇ ਅਤੇ ਉਸਦੀ ਤਨਖਾਹ 25-30 ਹਜ਼ਾਰ ਹੋਵੇ, ਤਾਂ ਕਿ ਉਹ ਵੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੇ। ਇਸ ਸਮਾਗਮ ਦੌਰਾਨ ਪੰਜਾਬੀ ਪੜ੍ਹ ਰਹੇ ਬੱਚਿਆਂ ਨੂੰ ਸਾਰਟੀਫੀਕੇਟ ਵੀ ਵੰਡੇ। ਸੈਮੀਨਾਰ ਦੋਰਾਨ ਸਾਧ ਸੰਗਤ ਦੇ ਸਵਾਲਾਂ ਦੇ ਜਵਾਬ ਵੀ ਭਾਈ ਦਦੇਹਰ ਜੀ ਨੇ ਬੜੇ ਸੁਚੱਜੇ ਤਰੀਕੇ ਨਾਲ ਦੇਕੇ ਸਾਧ ਸੰਗਤ ਨੂੰ ਸੰਤੁਸ਼ਟ ਕੀਤਾ। ਇਹਨਾ ਨੂੰ ਹਾਂਗ ਕਾਂਗ ਲਿਆਉਣ ਦਾ ਉਪਰਾਲਾ ਖਾਲਸਾ ਦੀਵਾਨ ਅਤੇ ਸਿੰਘ ਸਭਾ ਸਪੋਰਟ ਕਲੱਬ ਨੇ ਕੀਤਾ ਸੀ।


03/19/17
ਤੱਤ ਗੁਰਮਤਿ ਪਰਿਵਾਰ

ਪ੍ਰਿੰਸੀਪਲ ਵਲੋਂ ਕਾਲਜ ਵਿੱਚ ਅਖੰਡ ਪਾਠ ਦੀ ਮਨਾਹੀ ਦਾ ਵਿਰੋਧ ਕਿਉਂ?
ਕੁਝ ਦਿਨ ਪਹਿਲਾਂ ਇੱਕ ਖਬਰ ਪੰਜਾਬੀ ਅਖਬਾਰਾਂ ਅਤੇ ਸ਼ੋਸ਼ਲ ਮੀਡੀਆ ਤੇ ਛਾਈ ਰਹੀ ਜਿਸ ਵਿੱਚ ਪਟਿਆਲੇ ਦੇ ਕਿਸੇ ਕਾਲਜ ਵਿੱਚ ਇੱਕ ਮਹਿਲਾ ਪ੍ਰਿੰਸੀਪਲ ਵਲੋਂ ਅਖੰਡ ਪਾਠ ਕਰਵਾਉਣ ਦੀ ਆਗਿਆ ਨਾ ਦਿਤੀ ਗਈ। ਇਸ ਵਿੱਚ ਸਿੱਖਾਂ ਅਤੇ ਉਨ੍ਹਾਂ ਦੀ ਕਈ ਸੰਸਥਾਵਾਂ ਨੇ ਇਸ ਨੂੰ ਇੱਕ ਵੱਡਾ ਗੁਨਾਹ ਮੰਨਦਿਆਂ, ਸੋਸ਼ਲ ਮੀਡੀਆ ਤੇ ਉਸ ਬੀਬੀ ਨੂੰ ਗਾਲਾਂ, ਧਮਕੀਆਂ ਅਤੇ ਊਲ-ਜਲੂਲ ਵੀ ਬਹੁਤ ਕਿਹਾ। ਇਸ ਸੰਬੰਧਿਤ ਇੱਕ ਦੋ-ਤਿੰਨ ਮਿਨਟ ਦੀ ਵੀਡੀਉ ਵੀ ਕਾਫੀ ਵਾਇਰਲ ਹੋਈ ਹੈ ਜਿਸ ਵਿੱਚ ਉਸ ਮਹਿਲਾ ਪ੍ਰਿੰਸੀਪਲ ਦੇ ਕਮਰੇ ਵਿੱਚ ਕੁੱਝ ਵਿਦਿਆਰਥੀ ਇਸ ਮਸਲੇ ਤੇ ਉਸ ਨਾਲ ਬਹਿਸ ਕਰਦੇ ਵੇਖੇ ਜਾ ਸਕਦੇ ਹਨ। ਇਸ ਮਸਲੇ ਨੂੰ ਸਿੱਖਾਂ ਨਾਲ ਇੱਕ ਬਹੁੱਤ ਵੱਡਾ ਧੱਕਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਮਸਲੇ ਨੂੰ ਗੁਰਮਤਿ ਦੀ ਕਸਵੱਟੀ ਅਤੇ ਮੌਜੂਦਾ ਸਮਾਜਿਕ ਤਾਨੇ-ਬਾਨੇ ਦੇ ਆਧਾਰ `ਤੇ ਪੜਚੋਲਣ ਦਾ ਯਤਨ ਕਰਦੇ ਹਾਂ।
ਗੁਰਮਤਿ ਦੀ ਕਸਵੱਟੀ ਅਨੁਸਾਰ ‘ਅਖੰਡ ਪਾਠ’ ਦੀ ਰਸਮ ਇੱਕ ਤੋਤਾ ਰਟਨੀ ਵਰਗਾ ਕਰਮਕਾਂਡ ਮਾਤਰ ਹੈ, ਜੋ ਪ੍ਰਵਾਨ ਨਹੀਂ। ਗੁਰਮਤਿ ਅਨੁਸਾਰ ਗੁਰਬਾਣੀ ਦਾ ਜਿਤਨਾ ਵੀ ਪਾਠ ਕੀਤਾ ਜਾਏ ਉਸਦਾ ਇਕੋ ਇੱਕ ਮਕਸਦ ਗੁਰਬਾਣੀ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਢਾਲਣ ਦਾ ਜਤਨ ਹੋਣਾ ਚਾਹੀਦਾ ਹੈ। ਪਰ ਸਿੱਖ ਸਮਾਜ ਵਿੱਚ ਫੈਲ ਚੁਕੀਆਂ ‘ਅਖੰਡ ਪਾਠ’ ਜਿਹੀਆਂ ਬਹੁੱਤੀਆਂ ਰਸਮਾਂ ਵਿਚੋਂ ‘ਵਿਚਾਰ’ ਦਾ ਅੱਤ-ਜ਼ਰੂਰੀ ਅੰਸ਼ ਮਨਫੀ ਹੋਣ ਕਾਰਨ, ਇਹ ‘ਪਾਖੰਡ’ ਦਾ ਰੂਪ ਹੀ ਧਾਰਨ ਕਰ ਗਈਆਂ ਹਨ। ਇਸਦਾ ਮਕਸਦ ਮਨੋਕਾਮਨਾਵਾਂ ਦੀ ਪੂਰਤੀ, ਸ਼ੁਕਰਾਨੇ ਦੇ ਸਾਧਨ ਜਾਂ ਸਮਾਜਿਕ ਰਸਮਾਂ ਲਈ ਇੱਕ ਅਖੌਤੀ ਧਾਰਮਿਕ ਕਰਮ ਹੀ ਬਣ ਗਿਆ ਹੈ। ਬਾਬਾ ਨਾਨਕ ਦੀ ਕਰਮਕਾਂਡ ਦਾ ਖੰਡਨ ਕਰਦੀ ਫਿਲਾਸਫੀ ਦਾ ਸੱਚਾ ਸਮਰਥਕ ਕੋਈ ਵੀ ਸੱਜਣ ਐਸੀਆਂ ਮਨਮੱਤਾਂ ਦੀ ਪ੍ਰੋੜਤਾ ਨਹੀਂ ਕਰ ਸਕਦਾ। ਸੋ ਇਹ ਸਪਸ਼ਟ ਹੈ ਕਿ ਗੁਰਮਤਿ ਅਨੁਸਾਰ ‘ਅਖੰਡ ਪਾਠ’ ਕਰਾਉਣ ਦੀ ਜ਼ਿਦ ਹੀ ਆਪਣੇ ਆਪ ਵਿੱਚ ਇੱਕ ਵੱਡੀ ਮਨਮੱਤ ਹੈ।
ਜੇ ਮੌਜੂਦਾ ਸਮਾਜਿਕ ਤਾਨੇ ਬਾਨੇ ਦੇ ਨਜ਼ਰੀਏ ਤੋਂ ਗੱਲ ਕਰੀਏ ਤਾਂ ਅੱਜ ਦਾ ਭਾਰਤੀ ਸਮਾਜ ਅਖੌਤੀ ਧਰਮਾਂ ਦੀਆਂ ਮਿਲਗੋਭਾ ਫਿਲਾਸਫੀਆਂ ਦੇ ਕਾਰਨ ਅੰਧ ਵਿਸ਼ਵਾਸ, ਕਰਮਕਾਂਡਾਂ, ਵਹਿਮਾਂ-ਭਰਮਾਂ ਵਿੱਚ ਧਰਮ ਦੇ ਭੁਲੇਖੇ ਹੇਠ ਨਕੋ-ਨੱਕ ਡੁਬਿਆ ਪਿਆ ਹੈ। ਐਸੇ ਹਾਲਾਤਾਂ ਵਿੱਚ ਇੱਕ ਨੌਜਵਾਣ ਹੁੰਦੇ ਬੱਚੇ-ਬੱਚੀ ਵਿਚੋਂ ਬਿਬੇਕਸ਼ੀਲ਼ ਹੋ ਕੇ ਐਸੇ ਪਾਖੰਡਾਂ ਬਾਰੇ ਜਾਗਰੂਕ ਹੋਣ ਦੀ ਆਸ, ਪਰਿਵਾਰ, ਅਖੌਤੀ ਧਰਮ ਅਸਥਾਨਾਂ ਅਤੇ ਸਮਾਜ ਵਿਚੋਂ, ਬਹੁਤ ਹੀ ਮੁਸ਼ਕਿਲ ਲਗਦੀ ਹੈ। ਉਲਟਾ ਸਾਰੇ ਉਸ ਨੂੰ ਪੁਜਾਰੀਵਾਦ ਦੇ ਮਾਨਸਿਕ ਗੁਲਾਮ ਬਣਾੳੇੁਣ ਦੇ ਗੁਨਾਹਗਾਰ ਹੀ ਸਾਬਿਤ ਹੁੰਦੇ ਹਨ।
ਐਸੇ ਤਾਨੇ ਬਾਨੇ ਵਿੱਚ ਸਕੂਲ/ਕਾਲਜ ਹੀ ਇਕੋ-ਇਕ ਐਸਾ ਸਾਧਨ ਲਗਦੇ ਹਨ ਜਿਸ ਤੋਂ ਆਸ ਦੀ ਇੱਕ ਕਿਰਨ ਨਜ਼ਰ ਆਉਂਦੀ ਹੈ। ਕਿਉਂਕਿ ਇਥੇ ਉਨ੍ਹਾਂ ਦਾ ਵਾਸਤਾ ਵੱਖਰੇ ਵੱਖਰੇ ਮੱਤ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਪੈਂਦਾ ਹੈ। ਅਫਸੋਸ ਦੀ ਗੱਲ ਹੈ ਕਿ ਅੱਜ ਭਾਰਤੀ ਸਮਾਜ ਦੇ ਬਹੁਤੇ ਸਕੂਲਾਂ/ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇ ਨਾਂ ਹੇਠ ਉਸੇ ਪੁਜਾਰੀਵਾਦ ਦਾ ਮਾਨਸਿਕ ਗੁਲਾਮ ਬਣਾਇਆ ਜਾ ਰਿਹਾ ਹੈ। ਲੋੜ ਹੈ ਕਿ ਸਮਾਜ ਦੇ ਸਕੂਲਾਂ/ਕਾਲਜਾਂ ਦਾ ਢਾਂਚਾ ‘ਸੈਕੂਲਰ’ ਕੀਤਾ ਜਾਵੇ ਖਾਸਕਰ ਸਰਕਾਰੀ ਸਕੂਲਾਂ/ਕਾਲਜਾਂ ਦਾ। ਇਨ੍ਹਾਂ ਵਿੱਚ ਵਿਦਿਆਰਥੀਆਂ ਵਿੱਚ ਤਰਕ ਸ਼ਕਤੀ ਅਤੇ ਜਾਗਰੂਕਤਾ ਦੇ ਗੁਣ ਵਿਕਸਿਤ ਕਰਨੇ ਚਾਹੀਦੇ ਹਨ। ਸਕੂਲਾਂ/ਕਾਲਜਾਂ ਵਿੱਚ ਕਿਸੇ ਵੀ ਮੱਤ ਦੇ ਰਸਮਾਂ/ਰਿਵਾਜਾਂ ਨੂੰ ਮਾਨਤਾ ਨਹੀਂ ਦਿਤੀ ਜਾਣੀ ਚਾਹੀਦੀ।
ਸਿਧਾਂਤਕ ਵਿਚਾਰ ਉਪਰੰਤ ਉਸ ਘਟਨਾ ਤੇ ਵਿਚਾਰ ਕਰਦੇ ਹਾਂ। ਵਾਈਰਲ ਵੀਡੀਉ ਵਿੱਚ ਪ੍ਰਿੰਸੀਪਲ ਠੀਕ ਹੀ ਕਹਿ ਰਹੀ ਸੀ ਕਿ ਕਾਲਜ ਇੱਕ ਸੈਕੂਲਰ ਥਾਂ ਹੈ ਅਤੇ ਇਸ ਵਿੱਚ ਕਿਸੇ ਖਾਸ ਮੱਤ ਦੀ ਰਸਮ (ਅਖੰਡ ਪਾਠ ਆਦਿ) ਨੂੰ ਮਾਨਤਾ ਨਹੀਂ ਦਿਤੀ ਜਾ ਸਕਦੀ। ਇਥੇ ਇਹ ਸਮਝਣਾ ਜ਼ਰੂਰੀ ਹੈ ਕਿ ਪ੍ਰਿੰਸੀਪਲ ਦਾ ਇਹ ਸਟੈਂਡ ਤਾਂ ਹੀ ਸਹੀ ਮੰਨਿਆ ਜਾ ਸਕਦਾ ਹੈ, ਅਗਰ ਉਹ ਕਾਲਜ ਵਿੱਚ ਕਿਸੇ ਹੋਰ ਮੱਤ (ਹਿੰਦੂ, ਇਸਲਾਮ, ਈਸਾਈ ਆਦਿ) ਨੂੰ ਵੀ ਐਸੀ ਕੋਈ ਧਾਰਮਿਕ ਰਸਮ ਕਰਨ ਦੀ ਇਜ਼ਾਜਤ ਨਾ ਦੇਵੇ। ਕਿਸੇ ਵੀ ਸਕੂਲ ਮੁੱਖੀ ਦੇ ਐਸੇ ‘ਮੱਤ-ਨਿਰਪੱਖ’ ਸਟੈਂਡ ਦਾ ‘ਤੱਤ ਗੁਰਮਤਿ ਪਰਿਵਾਰ’ ਭਰਪੂਰ ਸਮਰਥਨ ਕਰਦਾ ਹੈ। ਸਮਾਜ ਦੇ ਹਰ ਸੁਚੇਤ ਸ਼ਖਸ (ਖਾਸਕਰ ਨਾਨਕ ਫਿਲਾਸਫੀ ਦੇ ਸੱਚੇ ਸਮਰਥਕਾਂ) ਨੂੰ ਇਸ ਪਹੁੰਚ ਦਾ ਸਮਰਥਨ ਕਰਨਾ ਬਣਦਾ ਹੈ। ਪਰ ਅਗਰ ਉਹ ਪ੍ਰਿੰਸੀਪਲ ਸਿਰਫ ਸਿੱਖ ਮੱਤ ਦੀਆਂ ਰਸਮਾਂ ਨੂੰ ਮਨਾਹੀ ਕਰਦੀ ਹੈ ਅਤੇ ਹੋਰ ਮੱਤਾਂ ਨੂੰ ਰਸਮਾਂ ਦੀ ਇਜ਼ਾਜਤ ਦਿੰਦੀ ਹੈ ਤਾਂ ਉਸਦੀ ਸੋਚ ਫਿਰਕੂ ਮੰਨੀ ਜਾਵੇਗੀ, ਜੋ ਇੱਕ ਸਕੂਲ ਮੁੱਖੀ ਦੇ ਤੌਰ ਤੇ ਬਿਲਕੁਲ ਗਲਤ ਹੈ। ਵੀਡੀਉ ਵਿੱਚ ਕੁੱਝ ਸਿੱਖ ਵਿਦਿਆਰਥੀ ‘ਅਖੰਡ ਪਾਠ’ ਦੀ ਰਸਮ ਨੂੰ ‘ਅਧਿਆਤਮਕਤਾ’ ਵਜੋਂ ਪੇਸ਼ ਕਰਦੇ ਵੀ ਨਜ਼ਰੀ ਪੈਂਦੇ ਹਨ। ਜਿਸ ਦਾ ਜਵਾਬ ਦੇਂਦੇ ਹੋਏ ਪ੍ਰਿੰਸੀਪਲ ਸਹੀ ਕਹਿੰਦੀ ਹੈ ਕਿ ਉਸ ਬਾਰੇ ਵੱਖਰੀ ਡਿਬੇਟ ਕਰਵਾਈ ਜਾ ਸਕਦੀ ਹੈ। ਸਮਾਜ ਵਿੱਚ ਧਰਮ ਦੇ ਨਾਂ ਉਤੇ ਫੈਲਾ ਦਿਤੇ ਗਏ ਕਰਮਕਾਂਡਾਂ ਬਾਰੇ ਸਕੂਲਾਂ/ਕਾਲਜਾਂ ਵਿੱਚ ‘ਸੰਵਾਦ’ ਇੱਕ ਬਹੁਤ ਹੀ ਵਧੀਆ ਢੰਗ ਹੈ।
ਆਪਣੇ ਆਪ ਨੂੰ ਬਾਬਾ ਨਾਨਕ ਦੇ ਪੈਰੋਕਾਰ ਹੋਣ ਦਾ ਭਰਮ ਪਾਲੀ ਬੈਠੇ ਸਿੱਖ ਸਮਾਜ ਨੂੰ ‘ਤੱਤ ਗੁਰਮਤਿ ਪਰਿਵਾਰ’ ਨਿਮਰਤਾ ਸਹਿਤ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਹੈ ਕਿ ਅਸੀਂ ਬਾਬਾ ਨਾਨਕ ਵਲੋਂ ਸ਼ੁਰੂ ਕੀਤੇ ਇਨਕਲਾਬ ਨੂੰ ‘ਇਕ ਤਾਲੀਬਾਨੀ’ ਫਿਰਕੂ ਸੋਚ ਵਿੱਚ ਬਦਲਣ ਦੇ ਸਮਾਜਿਕ ਗੁਨਾਹਗਾਰ ਬਨਣ ਦੀ ਥਾਂ ਉਸਦੀ ਫਿਲਾਸਫੀ ਨੂੰ ਸਹੀ ਰੂਪ ਵਿੱਚ ਸਮਝਣ ਦਾ ਯਤਨ ਕਰੀਏ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
19 ਮਾਰਚ 2017 (ਈਸਵੀ)


03/19/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)–੨੨

ਹਰਾਮਖੋਰ ਕੀ ਕਰਦਾ ਹੈ?

ਹਰਾਮਖੋਰ ਵੀ ਫਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ-ਹਰਾਮ ਖਾਣ ਵਾਲਾ, ਧਰਮ ਅਨੁਸਾਰ ਵਰਜਿਤ ਕੀਤਾ ਹੋਇਆ ਅਤੇ ਬੇਈਮਾਨੀ ਦਾ ਖੱਟਿਆ ਖਾਣ ਵਾਲਾ, ਨਿੰਦਤ ਕਰਮ ਕਰਨ ਵਾਲਾ, ਹੱਟਾ-ਕੱਟਾ ਹੋ ਕੇ ਵੀ ਦੂਜਿਆਂ ਦੀ ਕਮਾਈ ਤੇ ਟੇਕ ਰੱਖਣ ਵਾਲਾ। ਜਿਵੇਂ ਅੱਜ ਦੇ ਭੇਖੀ ਸਾਧ ਸੰਤ ਜੋ ਦਸਾਂ ਨੌਹਾਂ ਦੀ ਕਿਰਤ ਨਹੀਂ ਕਰਦੇ ਸਦਾ ਦੂਜਿਆਂ ਤੇ ਹੀ ਟੇਕ ਰੱਖਦੇ, ਇਹ ਸਭ ਹਰਾਮਖੋਰ ਹਨ। ਇਨ੍ਹਾਂ ਹਰਾਮਖੋਰਾਂ ਦੇ ਢਿੱਡ ਭਰਨ ਵਾਲੇ ਵੀ ਕੋਈ ਸਿਆਣੇ ਨਹੀਂ ਕਹੇ ਜਾ ਸਕਦੇ ਸਗੋਂ ਅੰਧ ਵਿਸ਼ਵਸਾਸ਼ੀ ਹੁੰਦੇ ਹਨ। ਸੰਸਾਰ ਵਿਖੇ ਅਜਿਹੇ ਲੱਖਾਂ ਹੀ ਹਨ-ਅਸੰਖ ਚੋਰ ਹਰਾਮਖੋਰ॥(੪) ਦਾਤਾਰ ਦਾ ਦਿੱਤਾ ਖਾ ਕੇ, ਤੂੰ ਬੜੀ ਬੇਸ਼ਰਮੀ ਨਾਲ ਹਰਾਮਖੋਰੀ ਕਰ ਰਿਹਾ ਹੈਂ ਭਾਵ ਹਰਾਮਖੋਰ ਜਿਸ ਥਾਲੀ ਵਿੱਚ ਖਾਂਦੇ ਉਸੇ ਵਿੱਚ ਹੀ ਛੇਕ ਕਰਦੇ ਹਨ-ਲੂਣੁ ਖਾਇ ਕਰਹਿ ਹਰਾਮਖੋਰੀ॥ ਪੇਖਤ ਨੈਨ ਬਿਦਾਰਿਓ॥(੧੦੦੧) ਭਾਈ ਗੁਰਦਾਸ ਜੀ ਅਨੁਸਾਰ ਵੀ ਕਈ ਆਪਣੇ ਹੀ ਮਾਲਕ ਦਾ ਬੁਰਾ ਤੱਕਣ ਵਾਲੇ, ਵਿਸ਼ਵਾਸ਼ ਘਾਤਕ ਅਤੇ ਲੂਣ ਹਰਾਮੀ ਹਨ-ਸਵਾਮਿ ਧ੍ਰੋਹੀ ਵਿਸ਼ਵਾਸ਼ ਘਾਤ ਲੂਣ ਹਰਾਮੀ ਰਖ ਭਾਰੀ॥ (ਵਾਰ-੮,ਪਾਉੜੀ-੧੫) ਅਤੇ ਆਪਣੇ ਮਨ ਪਿੱਛੇ ਤੁਰਨ ਵਾਲੇ ਲੂਣਹਰਾਮੀ ਬੰਦੇ ਪ੍ਰਮਾਤਮਾਂ ਦੇ ਕੀਤੇ ਉਪਕਾਰ ਦੀ ਸਾਰ ਨਹੀਂ ਜਾਣਦੇ-ਮਨਮੁਖ ਲੂਣ ਹਰਾਮ ਕਿਆ ਨ ਜਾਣਿਆ॥ (੧੪੩)

ਇਹ ਲੋਕ ਹਰੇਕ ਮਹਿਕਮੇ ਵਿੱਚ ਹੀ ਮਿਲ ਜਾਂਦੇ ਨੇ ਜੋ ਦੁਜਿਆਂ ਦੀ ਗੱਲ ਵਧਾ ਚੜ੍ਹਾ ਕੇ ਚੁਗਲੀ ਨਿੰਦਿਆ ਅਤੇ ਹਰਾਮਖੋਰੀ ਕਰਨੋ ਬਾਜ ਨਹੀਂ ਅਉਂਦੇ।ਇਹ ਲੋਕ "ਅੱਗ ਲਾਈ ਤੇ ਡੱਬੂ ਬਨੇਰੇ ਤੇ" ਵਾਂਗ "ਬਲਦੀ ਤੇ ਤੇਲ ਪਾਉਣ" ਵਾਲੇ ਹੁੰਦੇ ਹਨ। ਦੂਜੇ ਦਾ ਚੰਗਾ ਕਾਰੋਬਾਰ ਜਾਂ ਤਰੱਕੀ ਹੁੰਦੀ ਦੇਖ ਕੇ ਜਰ ਨਹੀਂ ਸਕਦੇ ਸੜ ਬਲ ਜਾਂਦੇ ਹਨ। ਹੋਰ ਨਹੀ ਤਾਂ ਦੂਜੇ ਦੇ ਕਸਟਮਰ ਹੀ ਚੋਰੀ ਕਰੀ ਜਾਂਦੇ ਹਨ। ਹੱਥਾਂ ਵਿੱਚ ਗੁਟਕੇ ਤਸਬੀਆਂ ਲੈ ਕੇ ਵੀ ਦੂਜੇ ਦਾ ਹੱਕ ਮਾਰੀ ਜਾਂਦੇ ਹਨ। ਹੱਕ ਮਾਰਨ ਵਾਲੇ ਨੂੰ ਗੁਰੂ ਸਾਹਿਬ ਨੇ ਕਿਹਾ ਹੈ-ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ॥ਗੁਰ ਪੀਰੁ ਹਾਮਾ ਤਾਂ ਭਰੈ ਜਾਂ ਮੁਰਦਾਰੁ ਨ ਖਇ॥(੧੪੧) ਕੀਤਾ ਨਾ ਜਾਨਣ ਵਾਲਾ (ਸੈਲਫਿਸ਼)-ਮੈ ਕੀਤਾ ਨ ਜਾਤਾ ਹਰਾਮਖੋਰੁ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ॥ (੨੪) ਅਤਿ ਦੀ ਨਿਮਰਤਾ ਭਾਵ ਆਪਾ ਨਾ ਜਨਾਉਣਾ-ਮੈ ਜੇਹਾ ਨ ਹਰਾਮਖੋਰੁ॥ (ਭਾ.ਗੁ-ਵਾਰ-੩੭ ਪਾਉੜੀ-੨੯)

ਇਨ੍ਹਾਂ ਦੀ ਮੁੱਖ ਪਹਿਚਾਣ ਹੈ ਕਿ ਇਹ ਲੋਕ ਬੋਲਦੇ ਵੱਧ ਅਤੇ ਅਮਲ ਘੱਟ ਕਰਦੇ ਹਨ।ਤੁਹਾਡੀਆਂ ਗੱਲਾਂ ਬੜੇ ਮਿੱਠੇ ਪਿਆਰੇ ਹੋ ਕੇ ਸੁਣਦੇ ਅਤੇ ਫਿਰ ਤੁਹਾਡੇ ਹੀ ਵਿਰੁੱਧ ਦੂਜਿਆਂ ਨੂੰ ਮਸਾਲੇ ਲਾ ਲਾ ਕੇ ਭੜਕਾਉਂਦੇ ਹਨ।ਇਹ ਲੋਕ ਪਤੀ ਨੂੰ ਪਤਨੀ, ਭੈਣ ਨੂੰ ਭਰਾ, ਇੱਕ ਘਰ ਨੂੰ ਦੂਜੇ ਘਰ, ਇੱਕ ਪਿੰਡ ਨੂੰ ਦੂਜੇ ਪਿੰਡ, ਇੱਕ ਦੇਸ਼ ਨੂੰ ਦੂਜੇ ਦੇਸ਼ ਇੱਥੋਂ ਤੱਕ ਕਿ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਦਿੰਦੇ ਹਨ। ਇਨ੍ਹਾਂ ਨੂੰ ਗੁਰਬਾਣੀ ਵਿਖੇ ਚੰਡਾਲ ਚੌਂਕੜੀ ਵੀ ਕਿਹਾ ਹੈ-ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ॥(੬੦੧)ਸਾਨੂੰ ਅਜਿਹੇ ਲੋਕਾਂ ਦਾ ਸੰਗ ਨਹੀ ਕਰਨਾ ਚਾਹੀਦਾ। ਕਬੀਰ ਸਾਹਿਬ ਵੀ ਫੁਰਮਾਂਦੇ ਹਨ ਕਿ-ਕਬੀਰ ਸਾਕਤ ਸੰਗੁ ਨ ਕੀਜੀਐ ਦੁਰਹ ਜਾਈਐ ਭਾਗੁ॥ ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗ॥(੧੩੭੧) ਇਸ ਦੇ ਉਲਟ ਭਲੇ ਪੁਰਖਾਂ ਦਾ ਸੰਗ ਕਰਨਾ ਚਾਹੀਦਾ ਹੈ। ਭਲੇ ਪੁਰਖ ਉਹ ਹਨ ਜੋ ਧਰਮ ਦੀ ਕਿਰਤ ਕਰਦੇ, ਵੰਡ ਕੇ ਛੱਕਦੇ ਅਤੇ ਕੇਵਲ ਤੇ ਕੇਵਲ ਰੱਬ ਦਾ ਹੀ ਨਾਮ ਜਪਦੇ ਹਨ ਭਾਵ ਹਰ ਵੇਲੇ ਰੱਬ ਨੂੰ ਯਾਦ ਰੱਖਦੇ ਹਨ ਅਤੇ ਹੋਰਨਾਂ ਨੂੰ ਇਸ ਮਾਰਗ ਤੇ ਚੱਲਣ ਦਾ ਉਪਦੇਸ਼ ਕਰਦੇ ਹਨ। ਸਾਨੂੰ ਕਦੇ ਵੀ ਚੋਲਿਆਂ, ਗੋਲ ਪੱਗਾਂ ਅਤੇ ਚਿੱਟੇ ਤੇ ਭਗਵੇ ਭੇਸ ਵਾਲਿਆਂ ਨੂੰ ਭਲੇ ਪੁਰਖ ਸੰਤ ਨਹੀਂ ਸਮਝ ਲੈਣਾ ਚਾਹੀਦਾ। ਅਜਿਹੇ ਭੇਖੀ-ਲੋਕਾਂ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨਾ ਨਿੰਦਿਆ ਨਹੀਂ ਸਗੋਂ ਅਸਲੀਅਤ ਦਰਸਾਉਣਾਂ ਹੈ। ਇਹ ਲੋਕ ਹਰਾਮ ਦੀ ਕਮਾਈ ਅਤੇ ਦੂਜਿਆਂ ਦੀ ਕਿਰਤ ਤੇ ਸਦਾ ਟੇਕ ਰੱਖਦੇ ਹਨ। ਅਜਿਹੇ ਪਾਮਰ ਲੋਕਾਂ ਤੋਂ ਸਦਾ ਹੀ ਬਚ ਕੇ ਰਹਿਣਾ ਚਾਹੀਦਾ ਹੈ।


03/19/17
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -23)
ਗੁਰਬਾਣੀ ਸਿੱਖੀ ਦੀ ਆਧਾਰ-ਸ਼ਿਲਾ ਆਤਮਾ ਹੈ। ਸਿੱਖ ਨੂੰ ਇਸ ਮੂਲ ਸੋਮੇ ਨਾਲੋਂ ਤੋੜਣ ਲਈ ਅਨੇਕ ਯਤਨ ਹੋ ਰਹੇ ਹਨ। ਵੱਖ-ਵੱਖ ਡੇਰੇਦਾਰ ਆਪਣੇ ਨਾਲ ਜੋੜਣ ਲਈ ਗੁਰਬਾਣੀ ਦੀ ਵਰਤੋਂ ਆਪਣੇ ਸਵਾਰਥ ਦੀ ਪੂਰਤੀ ਹਿਤ ਕਰ ਰਹੇ ਹਨ ਜਿਸ ਤੋਂ ਅਸੀਂ ਅਕਸਰ ਭੁਲੇਖਾ ਖਾ ਰਹੇ ਹਾਂ। ਇਸ ਨੂੰ ਡੂੰਘਾਈ ਵਿੱਚ ਸਮਝਣ ਦੀ ਲੋੜ ਹੈ, ਡੇਰੇਦਾਰਾਂ ਵਲੋਂ ਗੁਰਬਾਣੀ ਦੀ ਵਰਤੋਂ ਇਸ ਤਰਾਂ ਹੀ ਹੈ ਜਿਵੇਂ ਚੂਹੇ ਨੂੰ ਫੜ੍ਹਣ ਲਈ ਚੂਹੇਦਾਨੀ ਵਿੱਚ ਲਾਈ ਬੁਰਕੀ। ਗੁਰਬਾਣੀ ਅੰਦਰ ਦਰਸਾਏ ‘ਕੇਤੇ ਗੁਰ ਚੇਲੇ ਫੁਨਿ ਹੂਆ।। ਕਾਚੇ ਗੁਰ ਤੇ ਮੁਕਤਿ ਨ ਹੂਆ।। ` (੯੨੯) ਫੁਰਮਾਣ ਅਨੁਸਾਰ ਇਸ ਸਬੰਧੀ ਯੋਗ ਫੈਸਲਾ ਲੈਣਾ ਚਾਹੀਦਾ ਹੈ।
ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -24)
ਸੁਚੱਜੀ ਜੀਵਨ ਜਾਚ ਲਈ ਭੂਤ- ਵਰਤਮਾਨ-ਭਵਿੱਖ ਕਾਲ ਦੀ ਸਹੀ ਵਰਤੋਂ ਸਿੱਖਣ ਦੀ ਲੋੜ ਹੈ। ਭੂਤਕਾਲ ਬੀਤ ਗਿਆ ਜੋ ਕਿਸੇ ਵੀ ਤਰਾਂ ਵਾਪਸ ਨਹੀਂ ਆਉਣਾ, ਭਵਿੱਖ ਕਾਲ ਦਾ ਭਰੋਸਾ, ਦਾਅਵਾ ਕੋਈ ਨਹੀਂ ਆਵੇਗਾ ਵੀ ਜਾਂ ਨਹੀਂ, ਬਸ ਵਰਤਮਾਨ ਹੀ ਸਾਡੇ ਕੋਲ ਹੈ ਇਸ ਨੂੰ ਗੁਰੂ ਦਰਸਾਈ ਜੁਗਤਿ ਰਾਹੀਂ ਸਫਲ ਕਰਨ ਲਈ ਯਤਨਸ਼ੀਲ ਹੋਈਏ। ਇਸੇ ਵਿੱਚ ਹੀ ਭਲਾ ਹੈ। ਭੂਤ ਕਾਲ ਦੀ ਸਵੈ-ਪੜਚੋਲ ਕਰਦੇ ਹੋਏ ਵਰਤਮਾਨ ਦੀ ਸਦ-ਵਰਤੋਂ ਕਰਨ ਨਾਲ ਭਵਿੱਖ ਦੇ ਸੁਧਾਰ ਹੋਣ ਦੀ ਪੂਰਨ ਆਸ ਕੀਤੀ ਜਾ ਸਕਦੀ ਹੈ। ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹੋਣ ਲਈ ਸਹਿਮਤ ਹਾਂ ਜਾਂ ਨਹੀਂ?
ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ)
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - [email protected]
Please Share it to others


03/19/17
ਗਿਆਨੀ ਅਵਤਾਰ ਸਿੰਘ

ਕਰਤੂਤਿ ਪਸੂ ਕੀ; ਮਾਨਸ ਜਾਤਿ ॥

ਗਿਆਨੀ ਅਵਤਾਰ ਸਿੰਘ (ਸੰਪਾਦਕ ਮਿਸ਼ਨਰੀ ਸੇਧਾਂ (gurparsad.com) -94650-40032

ਵਿਚਾਰ ਅਧੀਨ ਵਿਸ਼ਾ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’; ਪੰਜਵੇਂ ਨਾਨਕ (ਗੁਰੂ ਅਰਜਨ ਸਾਹਿਬ) ਜੀ ਦੁਆਰਾ ਸੁਖਮਨੀ ਬਾਣੀ ਦੀਆਂ ਕੁਲ 24 ਅਸ਼ਟਪਦੀਆਂ ’ਚੋਂ ਚੌਥੀ ਅਸ਼ਟਪਦੀ ਦੇ ਪੰਜਵੇਂ ਬੰਦ ਦੀ ਪਹਿਲੀ ਤੁਕ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 267 ’ਤੇ ਸੁਭਾਇਮਾਨ ਹੈ। ਇਸ ਦੇ ਅੱਖਰੀਂ ਅਰਥ ਹਨ: ‘ਮਨੁੱਖਾ ਜਾਤੀ ਪਸ਼ੂ ਸਮਾਨ ਹੈ’। ਜ਼ਰੂਰੀ ਹੈ ਕਿ ਭਗਤੀ ਭਾਵਨਾ ਵਾਲ਼ਾ ਹਰ ਵਿਅਕਤੀ ਇਸ ਤੁਕ ਦਾ ਇਹ ਮਤਲਬ ਬਣਾ ਲਏਗਾ ਕਿ ਭਗਤੀ ਵਿਹੂਣਾ ਮਨੁੱਖਾ ਜੀਵਨ ਪਸ਼ੂ ਵਰਗਾ ਹੁੰਦਾ ਹੈ, ਪਰ ਪ੍ਰਸੰਗ (ਤੇ ਸਿਧਾਂਤ) ਦੀ ਲੜੀ ਨੂੰ ਨਾ ਸਮਝਣ ਕਾਰਨ ਇਹ ਧਾਰਨਾ ਗੁਰਮਤਿ ਸਿਧਾਂਤ ਦੇ ਵਿਪਰੀਤ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਪਸ਼ੂ (ਮੱਝ/ਗਾਂ ਆਦਿ) ਨੂੰ ਕੌੜੀ ਖਲ਼ (ਸਰੋਂ ਬੀਜ ਦੇ ਤੇਲ ਕੱਢਣ ਉਪਰੰਤ ਬਚਿਆ ਫ਼ੋਗ/ਵਸਤੂ) ਦੇਣ ਦੇ ਬਾਵਜੂਦ ਵੀ ਉਹ ਸਾਨੂੰ ਮਿੱਠਾ ਦੁੱਧ (ਅੰਮ੍ਰਿਤ) ਦਿੰਦਾ ਹੈ, ਇਸ ਲਈ ਪਸ਼ੂ ਸਲਾਹੁਣਯੋਗ ਹੈ: ‘‘ਪਸੂ ਮਿਲਹਿ ਚੰਗਿਆਈਆ; ਖੜੁ ਖਾਵਹਿ, ਅੰਮ੍ਰਿਤੁ ਦੇਹਿ ॥’’ (ਮ: ੧/੪੮੯) ਤਾਂ ਫਿਰ ਕਿਵੇਂ ਮੰਨ ਲਈਏ ਕਿ ਮੂਰਖ ਬੰਦਾ; ਪਸ਼ੂ ਵਰਗਾ ਹੁੰਦਾ ਹੈ ?

ਗੁਰਬਾਣੀ ਵਿੱਚ ਜਦ ਮਨੁੱਖ ਜਾਤੀ ਦੀ ਤੁਲਨਾ ਅਨ੍ਯ ਜਾਤੀ (ਪਸ਼ੂ/ਪੰਛੀ) ਨਾਲ਼ ਕੀਤੀ ਜਾਂਦੀ ਹੈ ਤਾਂ ਮਨੁੱਖ ਦਾ ਰੁਤਬਾ (ਕਿਰਦਾਰ) ਨੀਵਾਂ ਰਹਿ ਜਾਂਦਾ ਹੈ, ਨਾ ਕਿ ਉਸ ਦੇ ਬਰਾਬਰ; ਜਿਵੇਂ ਕਿ

(1). ਕਬੀਰ ਜੀ ਦਾ ਵਚਨ ਹੈ ਕਿ ਰੱਬ ਤੋਂ ਬੇਮੁੱਖ ਬੰਦੇ ਨਾਲ਼ੋਂ ਸੂਰ ਚੰਗਾ ਹੈ, ਜੋ ਪਿੰਡ ਦੀ ਗੰਦਗੀ (ਮਲ) ਖਾ ਕੇ ਸਫ਼ਾਈ ਕਰਦਾ ਹੈ: ‘‘ਕਬੀਰ ! ਸਾਕਤ ਤੇ ਸੂਕਰ ਭਲਾ; ਰਾਖੈ ਆਛਾ ਗਾਉ ॥’’ (ਭਗਤ ਕਬੀਰ/੧੩੭੨)

(2). ਭਗਤ ਰਵਿਦਾਸ ਜੀ ਦਾ ਵਚਨ ਹੈ ਕਿ ਅਨ੍ਯ ਜੂਨੀ ਜੀਵ: ਹਿਰਨ (ਨਾਦ, ਕੰਨ ਰਸ), ਮੀਨ (ਮੱਛੀ, ਜੀਭ ਰਸ), ਭ੍ਰਿੰਗ (ਭੌਰਾ, ਨੱਕ ਭਾਵ ਸੁਗੰਧ ਰਸ), ਪਤੰਗ (ਅੱਖ, ਦ੍ਰਿਸ਼ਟੀ ਰਸ) ਤੇ ਹਾਥੀ (ਕਾਮ, ਸਪਰਸ ਰਸ) ਭਾਵ ਇੱਕ-ਇੱਕ ਰੋਗ ਕਾਰਨ ਆਪਣਾ ਜੀਵਨ ਗਵਾ ਲੈਂਦੇ ਹਨ, ਪਰ ਮਨੁੱਖ ’ਚ ਤਾਂ ਕਾਬੂ ਨਾ ਹੋਣ ਵਾਲ਼ੇ ਇਹ ਪੰਜੇ ਰੋਗ ਹਨ ਉਸ ਦੀ ਬੇੜੀ ਕਿਵੇਂ ਪਾਰ ਹੋਵੇ ਜਾਂ ਅਜਿਹੇ ਜੀਵਨ ਤੋਂ ਕੀ ਆਸ ਰੱਖੀਏ ? ‘‘ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ; ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ? ॥ (ਭਗਤ ਰਵਿਦਾਸ/੪੮੬)

(3). ਤਤਕਾਲੀ ਹਾਲਾਤਾਂ ਦੇ ਹਵਾਲੇ ਨਾਲ਼ ਕਬੀਰ ਜੀ ਤਾਂ ਇੱਥੋਂ ਤੱਕ ਬਿਆਨ ਕਰਦੇ ਹਨ ਕਿ ਮਰਨ ਉਪਰੰਤ ਵੀ ਪਸ਼ੂ ਦੇ ਸਰੀਰ ਕੰਮ ਆਉਂਦੇ ਹਨ, ਪਰ ਬੰਦੇ ਦਾ ਨਹੀਂ ‘‘ਨਰੂ ਮਰੈ, ਨਰੁ ਕਾਮਿ ਨ ਆਵੈ ॥ ਪਸੂ ਮਰੈ; ਦਸ ਕਾਜ ਸਵਾਰੈ ॥’’ (ਭਗਤ ਕਬੀਰ/੮੭੦), ਆਦਿ ਗੁਰ ਉਪਦੇਸ਼ਾਂ ਦੇ ਬਾਵਜੂਦ ਕੇਵਲ ‘‘ਪਸੂ ਮਾਣਸ ਚੰਮਿ ਪਲੇਟੇ; ਅੰਦਰਹੁ ਕਾਲਿਆ ॥’’ (ਮ: ੧/੧੨੮੪) ਭਾਵ ਪਸ਼ੂ ਵਰਗੇ ਮਨੁੱਖ ਬਾਹਰੋਂ ਚੰਮ ਨਾਲ਼ ਵਲ੍ਹੇਟੇ ਹਨ ਪਰ ਅੰਦਰੋਂ ਕਾਲੇ ਹਨ; ਕੇਵਲ ਸ਼ਬਦਾਰਥ ਹਨ, ਨਾ ਕਿ ਭਾਵਾਰਥ, ਜਿਨ੍ਹਾਂ ਦੇ ਸਾਰ ਨੂੰ ਸਮਝਣ ਲਈ ਗੁਰਬਾਣੀ ਸਿਧਾਂਤ ਨੂੰ ਥੋੜ੍ਹਾ ਗਹੁ ਨਾਲ਼ ਵਿਚਾਰਨਾ ਪਏਗਾ, ਨਹੀਂ ਤਾਂ ਅਨਰਥ ਹੋ ਜਾਏਗਾ। ਜੈਸੇ ਕਿ ਕੁਝ ਅਜੋਕੇ ਸਿੱਖ ਪ੍ਰਚਾਰਕ ਕਰ ਵੀ ਰਹੇ ਹਨ।

ਗੁਰਬਾਣੀ ’ਚ ਮਨੁੱਖ ਜਾਤੀ ਨੂੰ ਤਿੰਨ ਭਾਗਾਂ ’ਚ ਵੰਡਿਆ ਗਿਆ ਹੈ। ਮਨੁੱਖ ਜਾਤੀ ਦੀ ਅਰੰਭਕ ਮਾਨਸਿਕ ਦਸ਼ਾ ਨੂੰ ਇਸਤ੍ਰੀ (ਮਾਤਾ) ਘੜਦੀ (ਤਰਾਸ਼ਦੀ) ਹੈ, ਇਸ ਲਈ ਗੁਰਬਾਣੀ ਵੀ ਤਿੰਨ ਤਰ੍ਹਾਂ ਦੀ ਮਾਤਾ ਅਗਵਾਈ ਦੇ ਪ੍ਰਥਾਇ ਵਚਨ ਕਰਦੀ ਹੈ; ਜਿਵੇਂ ਕਿ

(ੳ). ਉਹ ਮਨੁੱਖ; ਜੋ ਕਿਸੇ ਰੱਬੀ ਅਦ੍ਰਿਸ਼ ਸ਼ਖ਼ਸੀਅਤ ਉੱਤੇ ਵਿਸ਼ਵਾਸ ਨਹੀਂ ਰੱਖਦੇ, ਉਸ ਦੇ ਡਰ-ਅਦਬ ’ਚ ਨਹੀਂ ਰਹਿੰਦੇ, ਜਿਸ ਕਾਰਨ ਰਾਖਸ਼ ਬਿਰਤੀ ਬਣ ਜਾਂਦੀ ਹੈ, ਬਾਰੇ ਗੁਰੂ ਵਚਨ ਹਨ: ‘‘ਪੁਤੁ ਜਿਨੂਰਾ, ਧੀਅ ਜਿੰਨੂਰੀ; ਜੋਰੂ ਜਿੰਨਾ ਦਾ ਸਿਕਦਾਰੁ ॥’’ (ਮ: ੧/੫੫੬) ਭਾਵ ਜਦ ਪੁੱਤਰ ਤੇ ਧੀ ਦੈਂਤ (ਦਾਨਵ) ਬਣ ਜਾਣ ਤਾਂ ਸਮਝੋ ਕਿ ਉਨ੍ਹਾਂ ਦੀ ਅਗਵਾਈ ਕਰਨ ਵਾਲ਼ੀ ਮਾਤਾ ਹੀ ਰਾਖਸ਼ ਸੀ।

(ਅ). ਉਹ ਮਨੁੱਖ; ਜੋ ਕਿਸੇ ਦੀ ਥੋੜ੍ਹੀ ਬਹੁਤ ਪ੍ਰੇਰਨਾ ਸਦਕਾ ਧਰਮ ਪ੍ਰਤੀ ਜਜ਼ਬਾਤੀ ਤਾਂ ਬਣ ਗਏ, ਪਰ ਯੋਗ ਅਗਵਾਈ ਨਾ ਮਿਲਣ ਕਾਰਨ ਟੀਚਾ ਪ੍ਰਾਪਤ ਕਰਨ ’ਚ ਅਸਫਲ ਰਹਿ ਗਏ, ਜਿਨ੍ਹਾਂ ਨੂੰ ਗੁਰਬਾਣੀ ਕਰਮਕਾਂਡੀ ਬਿਆਨ ਕਰਦੀ ਹੈ: ‘‘ਕਬੀਰ ! ਮਾਇ ਮੂੰਡਉ ਤਿਹ ਗੁਰੂ ਕੀ; ਜਾ ਤੇ ਭਰਮੁ ਨ ਜਾਇ ॥’’ (ਭਗਤ ਕਬੀਰ/੧੩੬੯) ਭਾਵ ਜਿਸ ਗੁਰੂ ਦੀ ਚਰਨੀਂ ਲੱਗਿਆਂ ਵੀ ਦੁਬਿਧਾ (ਅਦ੍ਰਿਸ਼ ਸ਼ਕਤੀ ’ਤੇ ਬਣੇ ਜਜ਼ਬਾਤੀ ਵਿਸ਼ਵਾਸ ਨੂੰ ਯਕੀਨ ’ਚ ਨਾ ਬਦਲ ਸਕਣਾ) ਬਣੀ ਰਹੇ, ਉਸ (ਗੁਰੂ) ਦੀ ਮਾਂ ਦਾ ਮੈਂ ਸਿਰ ਮੁੰਨ ਦਿਆਂ ਜਾਂ ਉਸ ਦਾ ਸਿਰ ਮੁੰਨਣਯੋਗ ਹੈ ਭਾਵ ਉਹ ਵਿਧਵਾ ਰਹਿੰਦੀ, ਉਸ ਦੀ ਕੁੱਖੋਂ ਜਨਮ ਲੈਣ ਵਾਲ਼ਾ ਕੋਈ ਅਖੌਤੀ ਗੁਰੂ, ਕਿਸੇ ਦੀਆਂ ਜਜ਼ਬਾਤੀ ਭਾਵਨਾਵਾਂ ਦਾ ਦੁਰਪ੍ਰਯੋਗ ਤਾਂ ਨਾ ਕਰਦਾ। ਹਿੰਦੂ ਭਾਈਚਾਰੇ ’ਚ ਸਿਰ ਮੁੰਨਣ ਤੋਂ ਭਾਵ ਪਤੀ ਦੀ ਮੌਤ ਅਤੇ ਵਿਧਵਾ ਹੋਣ ਦਾ ਪ੍ਰਤੀਕ ਹੈ।

(ੲ). ਉਹ ਮਨੁੱਖ; ਜੋ ਮਾਤਾ ਦੀ ਪ੍ਰੇਰਨਾ ਸਕਦਾ ਧਰਮ ਪ੍ਰਤੀ ਜਜ਼ਬਾਤੀ ਹੋ ਕੇ ਮੰਜ਼ਲ ਤੱਕ ਪਹੁੰਚ ਗਏ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਆਪਣੀ ਮਾਤਾ ਪ੍ਰਤੀ ਭਾਵਨਾ ਵਿਅਕਤ ਕਰਦੇ ਹਨ: ‘‘ਪੂਤਾ ! ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ, ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥’’ (ਮ: ੫/੪੯੬), ਅਜਿਹੀ ਇਸਤ੍ਰੀ (ਮਾਤਾ) ਲਈ ਗੁਰਬਾਣੀ ਉਪਦੇਸ਼ ਹੈ: ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩)

ਉਕਤ ਕੀਤੀ ਗਈ ‘ੳ, ਅ, ੲ’ ਅੱਖਰ ਰਾਹੀਂ ਵਿਚਾਰ ਵੰਡ; ਵਿਸ਼ੇਸ਼ ਧਿਆਨ ਮੰਗਦੀ ਹੈ। ‘ੳ’ ਸੰਦੇਸ਼ ਵਾਲ਼ਾ ਜੀਵਨ ਕਿਸੇ ਲਕਸ਼ ਦੀ ਪ੍ਰਾਪਤੀ ਤੋਂ ਬਿਨਾਂ ਪਸ਼ੂ ਵਾਙ ਕੇਵਲ ਮਨੁੱਖਾ ਜੂਨ ਭੋਗਦਾ ਹੈ, ਜਿਸ ਦਾ ਉਸ ਨੂੰ ਕੋਈ ਅਹਿਸਾਸ ਜਾਂ ਗ਼ਮ ਵੀ ਨਹੀਂ ਹੁੰਦਾ ਭਾਵ ਉਹ ਨਾਸਤਿਕਤਾ ’ਚ ਖ਼ੁਸ਼ ਹੈ।

‘ਅ’ ਵਿਸ਼ੇ ਨਾਲ਼ ਸੰਬੰਧਿਤ ਜੀਵਨ ਧਰਮ ਪ੍ਰਤੀ ਜਜ਼ਬਾਤੀ ਹੈ, ਪਰ ਯੋਗ ਸਮਝ ਦੀ ਅਣਹੋਂਦ ਕਾਰਨ ਹਰ ਧਾਰਮਿਕ ਕਾਰਜ ਨੂੰ ਕਰਮਕਾਂਡ (ਮਾਤਰ ਵਿਖਾਵੇ ਲਈ, ਜਿਸ ਦਾ ਆਤਮਾ ਨੂੰ ਕੋਈ ਲਾਭ ਨਾ ਹੋਵੇ) ਬਣਾ ਲੈਂਦਾ ਹੈ, ਇਸ ਲਈ ਗੁਰੂ ਜੀ ਇਸ ਦੀ ਤੁਲਨਾ ‘ੳ’ ਨਾਸਤਿਕ ਜੀਵਨ ਜਾਂ ਮੰਜ਼ਲ ਵਿਹੂਣੇ ਪਸ਼ੂ ਜੂਨੀ ਦੀ ਮਿਸਾਲ ਦੇ ਕੇ ਸਮਝਾਉਂਦੇ ਹਨ: ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥ ਲੋਕ ਪਚਾਰਾ (ਵਿਖਾਵਾ, ਪਾਖੰਡ) ਕਰੈ ਦਿਨੁ ਰਾਤਿ ॥ ਬਾਹਰਿ ਭੇਖ; ਅੰਤਰਿ ਮਲੁ ਮਾਇਆ ॥ ਛਪਸਿ ਨਾਹਿ; ਕਛੁ ਕਰੈ ਛਪਾਇਆ ॥ ਬਾਹਰਿ; ਗਿਆਨ, ਧਿਆਨ, ਇਸਨਾਨ ॥ ਅੰਤਰਿ ਬਿਆਪੈ; ਲੋਭੁ ਸੁਆਨੁ ॥’’ ਧਿਆਨ ਰਹੇ ਕਿ ਨਾਸਤਿਕ ਜੀਵਨ ਅਜਿਹੇ ਕਰਮਕਾਂਡ ਨਹੀਂ ਕਰਦੇ। ਇਸ ਲਈ ਇਹ ਮਿਸਾਲ ਉਕਤ ‘ੳ’ ਸੰਦੇਸ਼ ਵਾਲ਼ੇ ਜੀਵਨ ਲਈ ਮੰਨਣੀ ਵਿਸ਼ੇ ਦੇ ਪ੍ਰਸੰਗ ਅਨੁਕੂਲ ਨਹੀਂ ਹੋਵੇਗੀ।

ਸੁਖਮਨੀ ਬਾਣੀ ਦੀ ਇਸ ਚੌਥੀ ਅਸ਼ਟਪਦੀ ’ਚ ਵਿਸ਼ੇ ਦਾ ਅਰੰਭਕ ਪ੍ਰਸੰਗ ਤਮਾਮ ਮਨੁੱਖਾ ਜੂਨੀ ਨਾਲ਼ ਸੰਬੰਧਿਤ ਹੈ ਅਤੇ ਸੰਬੰਧਿਤ ਤੁਕ (ਭਾਵ ਤੀਜੇ, ਚੌਥੇ, ਪੰਜਵੇਂ ਬੰਦ) ਤੱਕ ਕੇਵਲ ਕਰਮਕਾਂਡੀ ਜੀਵਨਸ਼ੈਲੀ ਦਾ ਵਖਿਆਨ ਹੈ, ਜਿਸ ਦਾ ਮਤਲਬ ਹੈ ਕਿ ਧਰਮ ਪ੍ਰਤੀ ਜਜ਼ਬਾਤੀ ਹੋਇਆ ਕਰਮਕਾਂਡੀ ਜੀਵਨ ਵੀ ਅਸ਼ਟਪਦੀ ਦੇ ਪਹਿਲੇ, ਦੂਜੇ ਬੰਦ ਦੇ ਪ੍ਰਸੰਗ ਵਾਙ ਹੀ ਟੀਚਾ ਰਹਿਤ ਮਨੁੱਖਾ ਜੂਨੀ (ਪਸ਼ੂ ਵਾਙ) ਭੋਗ ਰਿਹਾ ਹੈ; ਜਿਵੇਂ

ਸਲੋਕ: ‘‘ਨਿਰਗੁਨੀਆਰ ਇਆਨਿਆ ! ਸੋ ਪ੍ਰਭੁ ਸਦਾ ਸਮਾਲਿ ॥ ਜਿਨਿ ਕੀਆ ਤਿਸੁ ਚੀਤਿ ਰਖੁ; ਨਾਨਕ ! ਨਿਬਹੀ ਨਾਲਿ ॥੧॥’’ (ਤਮਾਮ ਮਨੁੱਖਾ ਜੂਨੀ ਲਈ)

(1). ਪਹਿਲਾ ਪਦਾ: ‘‘ਰਮਈਆ ਕੇ ਗੁਨ; ਚੇਤਿ ਪਰਾਨੀ ! ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ? ॥੧॥’’ (ਤਮਾਮ ਮਨੁੱਖਾ ਜੂਨੀ ਲਈ)

(2). ਦੂਜਾ ਪਦਾ: ‘‘ਦੀਨੇ; ਹਸਤ, ਪਾਵ, ਕਰਨ, ਨੇਤ੍ਰ, ਰਸਨਾ ॥ ਤਿਸਹਿ ਤਿਆਗਿ (ਕੇ); ਅਵਰ (ਹੋਰ ਮਾਯਾ) ਸੰਗਿ ਰਚਨਾ ॥੨॥’’ (ਤਮਾਮ ਮਨੁੱਖਾ ਜੂਨੀ ਲਈ)

(3). ਤੀਜਾ ਪਦਾ: ‘‘ਆਦਿ ਅੰਤਿ; ਜੋ ਰਾਖਨਹਾਰੁ ॥ ਤਿਸ ਸਿਉ ਪ੍ਰੀਤਿ; ਨ ਕਰੈ ਗਵਾਰੁ ॥..... ਜੋ ਠਾਕੁਰੁ; ਸਦ ਸਦਾ ਹਜੂਰੇ ॥ ਤਾ ਕਉ ਅੰਧਾ; ਜਾਨਤ ਦੂਰੇ ॥੩॥’’ (ਨੋਟ: ਕੀ ਨਾਸਤਿਕ ਰੱਬ ਨੂੰ ਦੂਰ ਜਾਣਦਾ ਹੈ, ਜੋ ਉਸ ਦੀ ਹਸਤੀ ਤੋਂ ਹੀ ਮੁਨਕਰ ਹੈ ? ਭਾਵ ਇੱਥੇ ਪ੍ਰਸੰਗ ਕਰਮਕਾਂਡੀ ਜੀਵਨ ਬਾਬਤ ਸ਼ੁਰੂ ਹੋ ਗਿਆ।)

(4). ਚੌਥਾ ਪਦਾ: ‘‘ਚੰਦਨ ਲੇਪੁ; ਉਤਾਰੈ ਧੋਇ ॥ ਗਰਧਬ ਪ੍ਰੀਤਿ; ਭਸਮ ਸੰਗਿ ਹੋਇ... ॥੪॥’’ (ਨੋਟ: ਭਸਮ, ਸੁਆਹ ਤੋਂ ਭਾਵ ਕਰਮਕਾਂਡ, ਖ਼ੱਜਲ਼-ਖ਼ੁਆਰੀ ਹੈ; ਜਿਵੇਂ ਖੋਤਾ ਸੁਆਹ ’ਚ ਲਿਟਣਾ ਨਹੀਂ ਤਿਆਗਦਾ ਇਉਂ ਕਰਮਕਾਂਡੀ ਕਰਮਕਾਂਡ ਤੇ ਮਾਯਾ ਪ੍ਰਤੀ ਲਗਾਅ ਨਹੀਂ ਛੱਡਦਾ।)

(5). ਪੰਜਵਾਂ ਪਦਾ: ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥ ਲੋਕ ਪਚਾਰਾ; ਕਰੈ ਦਿਨੁ ਰਾਤਿ ॥ ਬਾਹਰਿ ਭੇਖ; ਅੰਤਰਿ ਮਲੁ ਮਾਇਆ ॥੫॥’’, ਆਦਿ, ਪਰ ਵਿਸ਼ੇ ਦੀ ਸਮਾਪਤੀ ’ਚ ਨਾਸਤਿਕ ਤੇ ਕਰਮਕਾਂਡੀ (ਦੋਵੇਂ ਹੀ) ਜੀਵਨ ਦਾ ਮਾਰਗ ਰੱਬੀ ਹੁਕਮ ਦੁਆਰਾ ਨਿਰਧਾਰਿਤ ਹੋਣ ਕਾਰਨ ਕੁਦਰਤ ਦੇ ਰਚੇਤਾ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਗਈ ਹੈ; ਜਿਵੇਂ ਕਿ

(8). ਅੱਠਵਾਂ ਪਦਾ: ‘‘ਤੂ ਠਾਕੁਰੁ; ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ; ਤੇਰੀ ਰਾਸਿ ॥ ਤੁਮ ਮਾਤ ਪਿਤਾ; ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ; ਸੂਖ ਘਨੇਰੇ ॥੮॥’’

‘ੲ’ ਸੰਦੇਸ਼ ਵਾਲ਼ਾ ਜੀਵਨ ਕਰਮਕਾਂਡ ਮੁਕਤ ਹੋ ਕੇ ਕੁਦਰਤ ਦੇ ਰਚੇਤਾ ਨਾਲ਼ ਜੁੜਿਆ ਹੋਇਆ ਸਰਬੋਤਮ ਜੂਨੀ ਦਾ ਅਨੰਦ ਮਾਣਦਾ ਹੈ: ‘‘ਅਵਰ ਜੋਨਿ; ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥’’ (ਮ: ੫/੩੭੪)

‘ਜਪੁ’ ਬਾਣੀ ’ਚ ਧਰਤੀ ਨੂੰ ‘ਧਰਮਸਾਲ’ ਕਿਹਾ ਗਿਆ ਹੈ: ‘‘ਤਿਸੁ ਵਿਚਿ; ਧਰਤੀ ਥਾਪਿ ਰਖੀ, ਧਰਮਸਾਲ ॥’’ ਧਰਮਸਾਲ ਦਾ ਅਰਥ ਹੈ ‘ਧਰਮ ਕਮਾਉਣ ਦੀ ਜਗ੍ਹਾ’। ‘ਧਰਮਸਾਲ’ (ਨਾਂ) ਦਾ ਸੰਬੰਧ ਅਨ੍ਯ ਜੂਨੀ ਨਾਲ਼ ਨਹੀਂ ਭਾਵ ਧਰਮਸਾਲ (ਧਰਤੀ) ’ਤੇ ਧਰਮ ਕਮਾਈ ਮਨੁੱਖ ਤੋਂ ਬਿਨਾਂ ਕੋਈ ਹੋਰ ਜੂਨ ਨਹੀਂ ਕਰ ਸਕਦੀ।

ਗੁਰਮਤ ’ਚ ਧਰਮ ਦਾ ਸਰਬ ਸ੍ਰੇਸ਼ਟ ਵਿਸ਼ਾ ‘ਰੱਬੀ ਹਸਤੀ ਨੂੰ ਮਨੁੱਖਾ ਹਿਰਦੇ ’ਚ ਯਕੀਨੀ ਬਣਾਉਣਾ’ ਹੈ, ਤਾਂ ਜੋ ਮਨੁੱਖ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਲੈ ਕੇ ਆਪਣੀ ਹਉਮੈ ਨੂੰ ਪ੍ਰਬਲ ਕਰਦਿਆਂ ਮਾਨਵਤਾ ’ਚ ਦਵ੍ਵੈਤ ਭਾਵਨਾ ਪੈਦਾ ਕਰ ਕਰ ਵੰਡੀਆਂ ਨਾ ਪਾਵੇ।

ਕੁਦਰਤ ਨੂੰ ਇੱਕ ਸਿਲੇਬਸ ਮੰਨ ਲਈਏ ਤਾਂ ਇਸ ਦਾ ਇਮਤਿਹਾਨ; ਮਨੁੱਖਾ ਜੂਨੀ ਰਾਹੀਂ ਕੁਦਰਤ ਦੇ ਰਚੇਤਾ ਦੀ ਹੋਂਦ ਨੂੰ ਸਵੀਕਾਰਨਾ ਹੈ। ਕੁਦਰਤ ’ਚ ਧਰਤੀ ’ਤੇ ਜੀਵਾਂ ਦੀ ਰੱਖਿਆ ਲਈ ਹੀ ਹਵਾ, ਪਾਣੀ, ਰੁੱਤ, ਆਕਾਸ਼, ਸੂਰਜ, ਚੰਦ, ਦਿਨ, ਰਾਤ’, ਆਦਿ ਬਣਾਏ ਗਏ, ਨਾ ਕਿ ਮੌਸਮ ਲਈ ਧਰਤੀ ਭਾਵ ‘ਧਰਮਸਾਲ’ ਬਣੀ। ਜਦ ‘ਧਰਤੀ’ ਦੀ ਹਿਫ਼ਾਜ਼ਤ ਜੀਵਾਂ ਕਾਰਨ ਹੈ ਤਾਂ ਤਮਾਮ ਜੀਵਾਂ ’ਚੋਂ ਸਿਰਮੋਰ ਮਨੁੱਖਾ ਜੂਨੀ ਹੈ, ਜਿਸ ਵਿੱਚ ਗੁਰੂ ਰਾਹੀਂ ਰੱਬੀ ਸ਼ਕਤੀ ਨੂੰ ਯਾਦ ਕਰਨਾ, ਭਗਤ ਦਾ ਮੰਤਵ (ਟੀਚਾ) ਹੈ, ਇਸੇ ਲਈ ਧਰਤੀ ਨੂੰ ‘ਧਰਮਸਾਲ’ ਨਾਂ ਦਿੱਤਾ ਗਿਆ ਭਾਵ ਕੁਦਰਤ ਸਿਲੇਬਲ ਵਿੱਚੋਂ ਰੱਬੀ ਸ਼ਕਤੀ ਨੂੰ ਹਿਰਦੇ ’ਚ ਯਕੀਨੀ ਬਣਾਉਣਾ ਹੀ ਇਮਤਿਹਾਨ ’ਚੋਂ ਪਾਸ ਹੋਣਾ ਹੈ, ਜਿਸ ਦਾ ਹੱਕਦਾਰ ਕੇਵਲ ਭਗਤ ਹੈ, ਉਸ ਲਈ ਧਰਤੀ, ‘ਧਰਮਸਾਲ’ ਬਣ ਗਈ।

ਕਰਤਾਰ ਦੀ ਮੌਜੂਦਗੀ ਨੂੰ ਹਿਰਦੇ ’ਚ ਯਕੀਨਨ ਬਣਾਉਣਾ ਕੇਵਲ ਤਰਕ (ਗਿਆਨ) ਦਾ ਭਾਗ ਨਹੀਂ, ਇਸ ਲਈ ਵਿਸ਼ਵਾਸ ਵੀ ਚਾਹੀਏ ਕਿਉਂਕਿ ਰੱਬੀ ਸ਼ਕਤੀ, ਅਦ੍ਰਿਸ਼ ਹੋਣ ਕਾਰਨ ਕੇਵਲ ਤਰਕ (ਗਿਆਨ ਇੰਦ੍ਰਿਆਂ) ਨਾਲ਼ ਮਹਿਸੂਸ ਨਹੀਂ ਹੁੰਦੀ: ‘‘ਨਾਨਕ ! ਸੇ ਅਖੜੀਆਂ ਬਿਅੰਨਿ (ਹੋਰ, ਦੂਜੀਆਂ); ਜਿਨੀ ਡਿਸੰਦੋ ਮਾ ਪਿਰੀ ॥’’ (ਮ: ੫/੫੭੭) ਭਾਵ ਮੇਰੇ ਅਸਲ ਪਤੀ-ਪ੍ਰਮੇਸ਼੍ਵਰ (ਅਕਾਲ ਪੁਰਖ) ਨੂੰ ਅਨੁਭਵ ਕਰਨ ਲਈ ਦੁਨੀਆਵੀ ਅੱਖਾਂ ਦੇ ਨਾਲ਼-ਨਾਲ਼ ਵਿਸ਼ਵਾਸ (ਸ਼ਰਧਾ) ਵਾਲ਼ੀਆਂ ਅੱਖਾਂ ਹੋਣੀਆਂ ਵੀ ਜ਼ਰੂਰੀ ਹਨ। ਗੁਰਬਾਣੀ ’ਚ ਇਨ੍ਹਾਂ ਅੱਖਾਂ ਨੂੰ ਵਿਵੇਕ ਕਿਹਾ ਗਿਆ, ਜੋ ਪੂਰਨ ਅਨੁਭਵੀ ਰੁਤਬੇ ਵਜੋਂ ਗੁਰੂ ਸ਼ਖ਼ਸੀਅਤ ਮੰਨੀ ਗਈ: ‘‘ਕਹੁ ਕਬੀਰ ! ਮੈ ਸੋ ਗੁਰੁ ਪਾਇਆ; ਜਾ ਕਾ ਨਾਉ ਬਿਬੇਕ ॥’’ (ਭਗਤ ਕਬੀਰ/੭੯੩), ਵਿਵੇਕ ਤੋਂ ਭਾਵ ਤਰਕ ਅਤੇ ਨਿਸ਼ਚਾ (ਵਿਸ਼ਵਾਸ) ਦਾ ਸੁਮੇਲ ਹੈ। ਅਗਰ ਕੇਵਲ ਨਿਸ਼ਚਾ ਹੋਵੇ ਤਾਂ ਗੁਰਬਾਣੀ ਮੁਤਾਬਕ ਅੰਧਵਿਸ਼ਵਾਸ (ਕੁਦਰਤ ਪ੍ਰਤੀ ਲਗਾਅ, ਰਵਾਇਤੀ ਅਧਾਰਹੀਣ ਮਨੌਤਾਂ ਪ੍ਰਤੀ ਵਿਸ਼ਵਾਸ) ਵਧੇਗਾ ਅਤੇ ਕੇਵਲ ਤਰਕ; ਨਾਸਤਿਕ (ਨਾ-ਨਿਸ਼ਚਾ, ਨਿਰਾਕਾਰ ਪ੍ਰਤੀ ਅਵਿਸ਼ਵਾਸ) ਨੂੰ ਜਨਮ ਦੇਂਦਾ ਹੈ।

ਗੁਰਮਤਿ ਦੇ ਉਕਤ ਸਿਧਾਂਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜੋਕੀ ਸਿੱਖ ਸੋਚ, ਤਿੰਨ ਤਰ੍ਹਾਂ ਨਾਲ਼ ਵਿਚਰਦੀ ਹੈ:

(1). ਨਿਰਾਕਾਰ ਪ੍ਰਤੀ ਵਿਸ਼ਵਾਸ ਅਤੇ ਕੁਦਰਤ ਪ੍ਰਤੀ ਸ਼ਰਧਾ, ਜਿਸ ਵਿੱਚ ਰਵਾਇਤੀ ਖ਼ਿਆਲਾਂ ਨੂੰ ਨਵੀਂ ਪਰਿਭਾਸ਼ਾ ਦਿੱਤੀ ਗਈ; ਜਿਵੇ ਕਿ

(ੳ). ਨਿਰਾਕਾਰ ਤੇ ਆਕਾਰ (ਕੁਦਰਤ) ਦੇ ਵਿਚਕਾਰ ਇੱਕ ਕਾਲਪਨਿਕ ਨਗਰੀ ਸਵਰਗ ਜਾਂ ਬਹਿਸ਼ਤ (ਜੰਨਤ) ਰਵਾਇਤੀ (ਪਰੰਪਰਾਵਾਦੀ) ਧਾਰਨਾ ਸੀ। ਇਸ ਕਾਲਪਨਿਕ ਨਗਰੀ ਵਾਙ ਹੀ ਸਿੱਖਾਂ ਦੀ ਇੱਕ ਸੋਚ ਨੇ ਸ਼ਹੀਦ ਨਗਰੀ ਬਣਾ ਲਈ ਭਾਵ ਕੁਝ ਸਿੱਖ ਸ਼ਹੀਦ ਅਜੇ ਤੱਕ ਅਕਾਲ ਪੁਰਖ ’ਚ ਲੀਨ ਨਹੀਂ ਹੋਏ, ਜੋ ਸ਼ਹੀਦ ਨਗਰੀ ’ਚ ਰਹਿੰਦੇ ਹਨ ਤੇ ਖਾਲਿਸਤਾਨ ਬਣਾਉਣ ਲਈ ਧਰਤੀ ’ਤੇ ਆ ਕੇ (ਦੁਰਗਾ, ਚੰਡੀ ਦੇਵੀ ਵਾਙ) ਸਾਡੀ ਮਦਦ ਕਰਨਗੇ।

(ਅ). ਹਿੰਦੂ ਮਤ ਦੇ ਆਮ ਨਾਗਰਿਕਾਂ ’ਚ ਦੇਵੀ-ਦੇਵਤਿਆਂ ਨੂੰ ਖ਼ਾਸ ਮੰਨਿਆ ਜਾਂਦਾ ਹੈ ਤੇ ਸ਼ਹੀਦ ਨਗਰੀ ਦੇ ਵਜੂਦ ਨੂੰ ਮੰਨਣ ਵਾਲ਼ਿਆਂ ਨੇ ਵੀ ਦੇਵਤਿਆਂ ਵਾਙ ਸੰਤ, ਬ੍ਰਹਮਗਿਆਨ, ਸ਼੍ਰੀ ਸ਼੍ਰੀ 1008, ਆਦਿ ਬੰਦੇ ਆਮ ਤੋਂ ਖ਼ਾਸ ਬਣਾ ਲਏ, ਜਿਨ੍ਹਾਂ ਦੇ ਪ੍ਰਭਾਵ ਨੂੰ ਕਿਆਮਤ ਤੱਕ ਕਾਇਮ ਰੱਖਣ ਲਈ ਦੇਵ-ਮੂਰਤੀਆਂ ਵਾਙ ਬਰਸੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿ ਇੱਕ ਦਿਨ 33 ਕਰੋੜ ਹੋ ਸਕਦੇ ਹਨ, ਆਦਿ।

ਵੱਡਾ ਦੁਖਾਂਤ ਇਹ ਵਾਪਰਿਆ ਕਿ ਬਣਾਏ ਗਏ ਇਨ੍ਹਾਂ ਖ਼ਾਸ ਸਿੱਖ ਮਹਾਂ ਪੁਰਸ਼ਾਂ ਨੇ ਕਾਲਪਨਿਕ ਹਿੰਦੂ ਵਿਸ਼ਵਾਸ ਵਾਙ ਬਹੁਤ ਕੁਝ ਗੁਰਮਤ ਵਿਰੋਧੀ ਵੀ ਗੁਰਬਾਣੀ ਸਿਧਾਂਤ ਸਮਝ ਕੇ ਮੰਨ ਲਿਆ; ਜਿਵੇਂ ਕਿ ‘ਗੁਰੂ ਨਾਨਕ ਸਾਹਿਬ ਜੀ; ਰਾਮਚੰਦਰ ਜੀ ਦੇ ਪੁੱਤਰ ਕੁਸ਼ ਦੇ ਵੰਸ਼ਜ ਹਨ, ਗੁਰੂ ਅੰਗਦ ਦੇਵ ਜੀ ਲਛਮਣ ਦੇ ਪੁੱਤਰ ਤੱਖ ਦੇ ਵੰਸ਼ਜ, ਗੁਰੂ ਅਮਰਦਾਸ ਜੀ; ਰਾਮ ਚੰਦਰ ਦੇ ਪੁੱਤਰ ਭਰਥ ਦੇ ਵੰਸ਼ਜ, ਗੁਰੂ ਰਾਮਦਾਸ ਜੀ; ਰਾਮ ਚੰਦਰ ਜੀ ਦੇ ਪੁੱਤਰ ਲਵ ਦੇ ਵੰਸ਼ਜ ਹਨ, ਆਦਿ।

ਪੰਜ ਪਿਆਰਿਆਂ ’ਚੋਂ ਭਾਈ ਦਇਆ ਸਿੰਘ; ਲਊ ਦਾ ਅਵਤਾਰ, ਭਾਈ ਧਰਮ ਸਿੰਘ; ਭਗਤ ਧੰਨੇ ਜੀ ਦਾ ਅਵਤਾਰ, ਭਾਈ ਮੁਹਕਮ ਸਿੰਘ ਜੀ; ਭਗਤ ਨਾਮਦੇਵ ਜੀ ਦਾ ਅਵਤਾਰ, ਭਾਈ ਸਾਹਿਬ ਸਿੰਘ ਜੀ; ਭਗਤ ਸੈਣ ਜੀ ਦਾ ਅਵਤਾਰ’ ਭਾਵ ਇਨ੍ਹਾਂ ਦੀ ਅਖੋਤੀ ਜਾਤੀ ਪਿਛਲੇ ਜਨਮ ਤੋਂ ਨਿਰੰਤਰ ਚੱਲ ਆ ਰਹੀ ਸੀ, ਪਰ ਇਸ ਮਨੌਤ ਬਾਬਤ ਗੁਰ ਨਾਨਕ ਦੇਵ ਜੀ ਦਾ ਉਪਦੇਸ਼ ਹੈ: ‘‘ਅਗੈ ਜਾਤਿ ਨ ਜੋਰੁ ਹੈ; ਅਗੈ ਜੀਉ ਨਵੇ ॥’’ (ਮ: ੧/੪੬੯)

ਇਸੇ ਸੰਤ (ਖ਼ਾਸ) ਪਦ ਦੀ ਦੇਣ ਹੈ ਕਿ ਮੂਲ ਮੰਤਰ ‘‘ਨਾਨਕ ! ਹੋਸੀ ਭੀ ਸਚੁ॥੧॥’’ ਤੱਕ ਹੈ, ਮਹਲਾ ੧ ਦਾ ਉਚਾਰਨ ‘ਮਹੱਲਾ ਪਹਿਲਾ’ ਹੈ, ਰਾਗਮਾਲਾ ਗੁਰੂ ਕ੍ਰਿਤ ਹੈ, ਵੱਡੀ ਰਹਰਾਸਿ ਦਾ ਪਾਠ ਕਰਵਾਉਣਾ, ਸੰਪੂਰਨ ਦਸਮ ਗ੍ਰੰਥ; ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਣਾ, ਔਰਤ ਜਾਤੀ ਨੂੰ ਪੰਜ ਪਿਆਰਿਆਂ ’ਚ ਨਾ ਸ਼ਾਮਲ ਕਰਨਾ, ਦਰਬਾਰ ਸਾਹਿਬ ਵਿਖੇ ਔਰਤ ਨੂੰ ਕੀਰਤਨ ਦੀ ਸੇਵਾ ਤੋਂ ਵਾਂਝੇ ਰੱਖਣਾ, ਆਦਿ। ਇਨ੍ਹਾਂ ਨੇ ਪੰਥਕ ਏਕਤਾ ਦਾ ਪ੍ਰਤੀਕ ਮੰਨੀ ਜਾਂਦੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਨੂੰ ਕਦੇ ਨਹੀਂ ਸਵੀਕਾਰਿਆ, ਸਗੋਂ ਆਪਣੀ ਵੱਖਰੀ ਮਰਿਆਦਾ ਬਣਾ ਲਈ। ਵਗ਼ੈਰਾ-ਵਗ਼ੈਰਾ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਦਾ ਨਿਰਾਕਾਰ ਪ੍ਰਤੀ ਨਿਸ਼ਚਾ ਤਾਂ ਹੈ, ਪਰ ਵਿਵੇਕੀ ਬਣਨ ਲਈ ਆਕਾਰ (ਕੁਦਰਤ) ਪ੍ਰਤੀ ਤਰਕ ਨੂੰ ਬਿਲਕੁਲ ਵੀ ਮਹੱਤਵ ਨਾ ਦਿੱਤਾ ਤੇ ਪ੍ਰਚਲਿਤ ਰਵਾਇਤਾਂ ਨੇ ਸੰਤ, ਬ੍ਰਹਮ ਗਿਆਨੀ ਪਦ ਰਾਹੀਂ ਗੁਰਮਤਿ ਦੀ ਵਿਲੱਖਣਤਾ ਹੀ ਅਲੋਪ ਕਰ ਦਿੱਤੀ।

ਗੁਰਬਾਣੀ; ਕੁਦਰਤ ਪ੍ਰਤੀ ਝੁਕਾਅ (ਆਕਾਰ ਪੂਜਾ ਜਾਂ ਆਮ ਤੋਂ ਖ਼ਾਸ ਬਣਨ) ਨੂੰ ਇਸ ਲਈ ਵੱਡਾ ਖ਼ਤਰਾ ਮੰਨਦੀ ਹੈ ਕਿਉਂਕਿ ਇਹ ਅੰਨ੍ਹੀ ਸ਼ਰਧਾ, ਨਿਰਾਕਾਰ ਵੱਲੋਂ ਦੂਰੀ ਬਣਾਉਂਦੀ ਹੈ। ਪਹਿਲੇ ਨਾਨਕ ਤੇ ਪੰਜਵੇਂ ਨਾਨਕ ਦੀ ਇਸ ਵਿਸ਼ੇ ਬਾਰੇ ਬੇਮਿਸਾਲ ਦਲੀਲ ਹੈ; ਜਿਵੇਂ ਕਿ

(1). ਗੁਰੂ ਨਾਨਕ ਸਾਹਿਬ ਜੀ ਦਰਖ਼ਤ ਦੇ ਵਿਸਥਾਰ ਨੂੰ ਕੁਦਰਤ (ਆਕਾਰ) ਅਤੇ ਬਿ੍ਰਛ ਦੇ ਮੂਲ (ਜੜ੍ਹ) ਨੂੰ ਨਿਰਾਕਾਰ ਪੇਸ਼ ਕਰਕੇ ‘‘ਤੂੰ ਪੇਡੁ; ਸਾਖ ਤੇਰੀ ਫੂਲੀ ॥’’ (ਮ: ੫/੧੦੨) ਵਿਸ਼ੇ ਨੂੰ ਸਪਸ਼ਟ ਕਰਦਿਆਂ ਵਚਨ ਕਰਦੇ ਹਨ ਕਿ ਮੂਲ ਨੂੰ ਤਿਆਗਣ ਵਾਲ਼ੇ ਟਹਿਣੀਆਂ (ਕੁਦਰਤ) ਨਾਲ਼ ਜੁੜ ਕੇ ਕੀ ਸੁਆਹ ਪਾਉਣਗੇ: ‘‘ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ ? ॥’’ (ਮ: ੧/੪੨੦)

(2). ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ਕਿ ਆਮ ਬੰਦੇ ਤੋਂ ਖ਼ਾਸ ਬਣਾ ਕੇ ਉਸ ਪ੍ਰਤੀ ਸ਼ਰਧਾ ਰੱਖਣੀ, ਧਰਤੀ ਉੱਤੇ ਮੇਰੂ (ਸਭ ਤੋਂ ਵੱਡੇ) ਪਰਬਤ ਵਾਙ ਹੈ, ਜਿਸ ਦੇ ਪਰਦੇ ’ਚ ਨਿਰਾਕਾਰ (ਮੇਰੂ ਦਾ ਰਚੇਤਾ) ਬਹੁਤ ਛੋਟਾ (ਘਾਹ-ਫੂਸ) ਜਾਪਦਾ ਹੈ ਭਾਵ ਉਧਰੋਂ ਧਿਆਨ ਹਟ ਜਾਂਦਾ ਹੈ: ‘‘ਕੀਤੇ ਕਉ ਮੇਰੈ ਸੰਮਾਨੈ; ਕਰਣਹਾਰੁ ਤ੍ਰਿਣੁ ਜਾਨੈ ॥’’ (ਮ: ੫/੬੧੩), ਆਦਿ ਪਾਵਨ ਵਚਨਾਂ ਦੇ ਪਹਿਰੇਦਾਰ ਅਖਵਾਉਣ ਵਾਲ਼ੇ ਸਿੱਖੀ ਸਰੂਪ, ਅਗਰ ਫਿਰ ਵੀ ਆਮ ਬੰਦੇ ਤੋਂ ਖ਼ਾਸ (ਮੇਰੂ) ਬਣਾ ਕੇ ਅਕਾਲ ਪੁਰਖ ਨੂੰ ਘਾਹ-ਫੂਸ ਬਣਾਉਣ ਦਾ ਯਤਨ ਕਰਨ ਤਾਂ ਉਨ੍ਹਾਂ ਲਈ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਕਹਿਣਾ ਦਰੁਸਤ ਹੋਵੇਗਾ ਕਿਉਂਕਿ ਇੱਥੇ ਵਿਵੇਕਤਾ ’ਚੋਂ ਤਰਕ ਵਿਸ਼ਾ ਅਲੋਪ ਹੈ।

(2). ਦੂਸਰੀ ਸਿੱਖ ਸੋਚ; ਉਕਤ ਆਕਾਰ (ਆਮ ਤੋਂ ਖ਼ਾਸ ਬਣਨ) ਪ੍ਰਤੀ ਧਾਰੇ ਨਿਸ਼ਚੇ (ਅੰਧਵਿਸ਼ਵਾਸ) ਨੂੰ ਆਪਣੇ ਤਰਕ (ਗਿਆਨ ਇੰਦ੍ਰਿਆਂ) ਨਾਲ਼ ਮੂਲੋਂ ਹੀ ਰੱਦ ਕਰਦੀ ਹੈ, ਜਿਸ ਦੇ ਨਾਲ਼-ਨਾਲ਼ ਅਦ੍ਰਿਸ਼ ਸ਼ਕਤੀ (ਵਿਸ਼ਿਆਂ) ਪ੍ਰਤੀ ਬਣੇ ਗੁਰਸਿੱਖ ਦੇ ਨਿਸ਼ਚੇ ਨੂੰ ਵੀ ਤਰਕ ਨਾਲ਼ ਵੇਖਦੀ ਹੈ; ਜਿਵੇਂ ਕਿ ‘ਜੂਨਾਂ ਦਾ ਆਵਾਗਮਣ’। ਇਨ੍ਹਾਂ ਮੁਤਾਬਕ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਦਾ ਮਤਲਬ ਹੈ ਕਿ ਜੋ ਮਨੁੱਖ ਜਾਗਰੂਕ ਨਹੀਂ ਉਹ ਪਸ਼ੂ ਵਰਗਾ ਹੈ ਭਾਵ ਇਨ੍ਹਾਂ ਅਨੁਸਾਰ ਪਸ਼ੂ ਨਿਖਿੱਧ (ਘਟੀਆ, ਬੁਰੀ, ਨਿਕੰਮੀ) ਜੂਨ ਹੈ।

ਵਿਚਾਰਨ ਦਾ ਵਿਸ਼ਾ ਹੈ ਕਿ ਗੁਰੂ ਜੀ ਨਿਖਿੱਧ ਪਸ਼ੂ ਨਾਲ਼ ਨਿਖਿੱਧ ਮਨੁੱਖ ਦੀ ਤੁਲਨਾ ਕਰਕੇ ਕਿਸ ਨੂੰ ਅਹਿਸਾਸ ਕਰਵਾਉਣਾ ਚਾਹੁੰਦੇ ਹਨ ? ਪਸ਼ੂ ਨੂੰ ਜਾਂ ਮਨੁੱਖ ਨੂੰ; ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਪਸ਼ੂ ਤੋਂ ਨੀਵਾਂ ਵਿਖਾ ਕੇ ਮਨੁੱਖ ਨੂੰ ਅਹਿਸਾਸ ਕਰਵਾਇਆ ਜਾਏ।

ਜੂਨਾਂ ਦੀ ਹੋਂਦ (ਆਵਾਗਮਣ) ਤੋਂ ਮੁਨਕਰ ਹੋਣ ਵਾਲ਼ੇ ਸਿੱਖ, ਗੁਰਬਾਣੀ ’ਚ ਵਰਤੇ ਗਏ ਪਸ਼ੂ ਸੁਭਾਅ ਨੂੰ ਮਨੁੱਖਾ ਸੁਭਾਅ ਨਾਲ਼ ਜੋੜਦੇ ਹਨ। ਕੀ ਪਸ਼ੂ ਸ਼ਰਾਬ (ਨਸ਼ਾ) ਪੀਦੇ ਹਨ ?, ਕੀ ਪਸ਼ੂ ਬਲਾਤਕਾਰ ਕਰਦੇ ਹਨ ? ਕੀ ਪਸ਼ੂ ਆਪਣੇ ਹੀ ਵੰਸ਼ਜ ਨੂੰ ਕਿਸੇ ਲਾਲਚ ਵੱਸ ਮਾਰਦੇ ਹਨ ?, ਆਦਿ। ਅਗਰ ਜਵਾਬ ਨਾ ਵਿੱਚ ਹੈ ਤਾਂ ਤਮਾਮ ਜੂਨਾਂ ਦੇ ਸੁਭਾਅ ਨਾਲ਼ ਮਨੁੱਖਾ ਸੋਚ ਦੀ ਤੁਲਨਾ ਕਰਨ ਦੀ ਬਜਾਇ ਉਨ੍ਹਾਂ ਦੀ ਮੰਜ਼ਲ ਰਹਿਤ ਜ਼ਿੰਦਗੀ ਦੀ ਮਿਸਾਲ ਨਾਲ਼ ਮਨੁੱਖ ਨੂੰ ਆਪਣੇ ਟੀਚੇ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ ਭਾਵ ਕਿ ਤੂੰ ਪਸ਼ੂ ਵਰਗਾ ਨਹੀਂ ਕਿ ਤੇਰਾ ਕੋਈ ਲਕਸ਼ ਹੀ ਨਾ ਹੋਵੇ।

ਮੇਰਾ ਮਤਲਬ ਕੇਵਲ ਜੂਨਾਂ ਦੇ ਆਵਾਗਮਣ ਨੂੰ ਯਕੀਨੀ ਬਣਾਉਣਾ ਨਹੀਂ ਬਲਕਿ ਇਸ ਪਾਸੇ ਧਿਆਨ ਕੇਂਦ੍ਰਿਤ ਕਰਨਾ ਹੈ ਕਿ ਅਗਰ ਮਨੁੱਖਾ ਸਰੀਰ ਦੀ ਮੌਤ ਉਪਰੰਤ ਕੋਈ ਅਦ੍ਰਿਸ਼ ਸ਼ਕਤੀ (ਜੋਤ, ਆਤਮਾ, ਰੂਹ, ਆਦਿ) ਨਹੀਂ ਰਹਿ ਜਾਂਦੀ ਤਾਂ ਕੁਦਰਤ ਦੀ ਸਮਾਪਤੀ (ਕਿਆਮਤ) ਉਪਰੰਤ ਵੀ ਕੋਈ ਨਿਰਾਕਾਰੀ ਅਦ੍ਰਿਸ਼ ਸ਼ਕਤੀ ਨਹੀਂ ਬਚੇਗੀ ਤੇ ਗੁਰਬਾਣੀ ਦੇ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥ (ਜਪੁ), ਕਈ ਜੁਗਤਿ; ਕੀਨੋ ਬਿਸਥਾਰ ॥ ਕਈ ਬਾਰ; ਪਸਰਿਓ ਪਾਸਾਰ ॥ ਸਦਾ ਸਦਾ; ਇਕੁ ਏਕੰਕਾਰ ॥’’ (ਮ: ੫/੨੭੬), ਆਦਿ ਵਚਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਏਗਾ।

ਗੁਰੂ ਨਾਨਕ ਸਾਹਿਬ ਜੀ ਦੇ ‘ਜੁਗਾਦਿ ਸਚੁ’ ਨੂੰ ਕੁਦਰਤ ਦਾ ਭਾਗ ਮੰਨ ਸਕਦੇ ਹਾਂ ਕਿਉਂਕਿ ਮਨੌਤ ਅਨੁਸਾਰ ਤਦ ਜੁਗਾਂ ਨੂੰ ਨਿਰਧਾਰਿਤ ਕਰਨ ਵਾਲ਼ਾ ਵਿਅਕਤੀ ਜੀਵਤ ਸੀ, ਪਰ ‘ਆਦਿ ਸਚੁ’ ਦਾ ਅਰਥ ਕੁਦਰਤ ਦੀ ਅਰੰਭਤਾ ਤੋਂ ਬਾਹਰ ਚਲਾ ਜਾਂਦਾ ਹੈ ਕਿਉਂਕਿ ਇਸ ਦਾ ਅਰਥ ਕੁਦਰਤ ਦਾ ਆਦਿ (ਮੁੱਢ, ਮੂਲ, ਸਿਰਾ, ਜੜ੍ਹ) ਹੈ, ਜਦ ਕੁਦਰਤ ਨਹੀਂ ਸੀ ਅਤੇ ‘ਹੋਸੀ ਭੀ ਸਚੁ’ ਦਾ ਅਰਥ ਵੀ ਕੁਦਰਤ ਦੀ ਸਮਾਪਤੀ ਉਪਰੰਤ ਹੈ ਭਾਵ ‘ਕਿਆਮਤ ਉਪਰੰਤ ਹੋਏਗਾ ਜਾਂ ਰਹੇਗਾ ਵੀ ਸਚੁ’।

ਇਹ ਸਿੱਖ ਸੋਚ ਆਕਾਰ ਪ੍ਰਤੀ ਸ਼ਰਧਾ ’ਤੇ ਤਰਕ ਕਰਕੇ ਸਹੀ ਕਰ ਰਹੀ ਹੈ, ਪਰ ਨਿਰਾਕਾਰ (ਅਦ੍ਰਿਸ਼) ਵਿਸ਼ਿਆਂ ਉੱਤੇ ਤਰਕ ਕਰਕੇ ਨਾਸਤਿਕਤਾ ਦਾ ਸਬੂਤ ਵੀ ਦੇ ਦੇਂਦੀ ਹੈ ਕਿਉਂਕਿ ਫਿਰ ਵਿਸ਼ਵਾਸ ਤਾਂ ਕਿਸੇ ਉੱਤੇ ਵੀ ਨਾ ਰਿਹਾ, ਜੋ ਵਿਵੇਕਤਾ ਦਾ ਦੂਸਰਾ ਹਿਸਾ (ਪਹਿਲੂ) ਹੈ। ਕੇਵਲ ਗੁਰੂ ਗਿਆਨ ਪ੍ਰਾਪਤ ਕਰਨਾ ਵਿਸ਼ਵਾਸ ਧਾਰਨਾ ਨਹੀਂ ਹੁੰਦਾ। ਅਗਰ ਗਿਆਨ (ਤਰਕ) ਨੂੰ ਹੀ ਵਿਸ਼ਵਾਸ ਮੰਨ ਲਈਏ ਤਾਂ ਪੂਰਾ ਸਮਾਜ ਹੀ ਕੋਈ ਨਾ ਕੋਈ ਗਿਆਨ ਗ੍ਰਹਿਣ ਕਰ ਰਿਹਾ ਹੈ, ਤਾਂ ਭਿੰਨਤਾ ਜਾਂ ਵਿਲੱਖਣਤਾ ਕਾਹਦੀ ਰਹੀ ? ਕੀ ਸਾਰੇ ਹੀ ਰੱਬੀ ਭਗਤ ਹਨ ?

ਜੋ ਸਿੱਖ ਸੋਚ ਨਿਰਾਕਾਰ ਸ਼ਕਤੀ ਪ੍ਰਤੀ ਕੋਈ ਵਿਸ਼ਵਾਸ ਨਹੀਂ ਰੱਖਦੀ ਉਹ ਮੰਜ਼ਲ ਵਿਹੂਣੀ ਹੈ; ਜਿਵੇਂ ਪਸ਼ੂ, ਇਸ ਲਈ ਇਨ੍ਹਾਂ ਨੂੰ ਵੀ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਕਹਿਣਾ ਦਰੁਸਤ ਹੋਏਗਾ। ਗੁਰਬਾਣੀ ਦਾ ਉਪਦੇਸ਼ ‘‘ਪਰਥਾਇ ਸਾਖੀ ਮਹਾ ਪੁਰਖ ਬੋਲਦੇ..॥’’ ਤੋਂ ਸ਼ੁਰੂ ਜ਼ਰੂਰ ਹੁੰਦਾ ਹੈ, ਪਰ ਸਮਾਪਤੀ ‘‘ਸਾਝੀ ਸਗਲ ਜਹਾਨੈ ॥’’ (ਮ: ੩/੬੪੭) ਨਾਲ਼ ਹੁੰਦੀ ਹੈ।

ਔਗੁਣਾਂ ਭਰਪੂਰ ਜੀਵਨ ਵਾਲ਼ੇ ਨਾਸਤਿਕ ਬੰਦੇ ਨੂੰ, ਜੋ ਕਿਸੇ ਸ਼ਕਤੀ ਦੇ ਡਰ-ਅਦਬ ’ਚ ਨਾ ਰਹਿਣ ਕਾਰਨ ਆਪਣੇ ਟੀਚੇ ਪ੍ਰਤੀ ਆਕਰਸ਼ਕ ਹੀ ਨਹੀਂ ਹੋਣਾ ਚਾਹੁੰਦਾ, ਉਸ ਮੰਜ਼ਲ ਵਿਹੂਣਾ ਨੂੰ ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’ ਮੰਨਣਾ ਗ਼ਲਤ ਨਹੀਂ, ਪਰ ਉਸ ਦੀ ਮਿਸਾਲ ਨਾਲ਼ ਮੈਂ ਆਪਣਾ ਟੀਚਾ ਨਿਰਧਾਰਿਤ ਨਾ ਕਰਾਂ ਤੇ ਇਹ ਤੁਕ ਉਸੇ ਤੱਕ ਸੀਮਤ ਰੱਖਾਂ, ਮੂਰਖਤਾ ਦੀ ਨਿਸ਼ਾਨੀ ਹੋਵੇਗੀ।

ਦਰਅਸਲ ਇਸ ਦੂਸਰੀ ਸੋਚ ਨੂੰ ਸਮਝਣ ਲਈ ਥੋੜ੍ਹਾ ਭਾਰਤ ਦੇ ਇਤਿਹਾਸ ਵੱਲ ਪਰਤਣਾ (ਮੁੜਨਾ) ਪਏਗਾ। ਸੰਨ 1947 ’ਚ ਭਾਰਤ-ਪਾਕਿ ਵੰਡ ਦੌਰਾਨ ਧਰਮ ਦੇ ਨਾਂ ’ਤੇ ਦੰਗੇ ਹੋਏ। ਅਨੇਕਾਂ ਬੇਕਸੂਰ ਲੋਕ ਮਾਰੇ ਗਏ, ਔਰਤਾਂ ਦੀ ਬੇਪਤੀ ਤੇ ਸੰਪੱਤੀ ਲੁੱਟੀ ਗਈ। ਇਸ ਸੰਘਰਸ਼ ’ਚੋਂ ਇੱਕ ਅਧਰਮੀ ਸ਼੍ਰੇਣੀ (ਕਮਿਊਨਿਸਟ) ਪੰਜਾਬ ਤੇ ਬੰਗਾਲ ਦੇ ਸੀਮਾ ਵਰਤੀ ਇਲਾਕੇ ’ਚ ਸੁਰਜੀਤ ਹੋਈ, ਜਿਸ ਨੇ ਪੰਜਾਬ ’ਚ 1977 ਤੱਕ ਆਪਣਾ ਪ੍ਰਭਾਵ ਕਾਇਮ ਰੱਖਿਆ।

(ਨੋਟ: ਧਿਆਨ ਰਹੇ ਕਿ ਪੰਜਾਬੀ ਸੂਬਾ ਬਣਨ ਉਪਰੰਤ ਸੰਨ 1966 ਤੋਂ 1977 ਤੱਕ 104 ਐੱਮ. ਐੱਲ. ਏ. ਚੁਣੇ ਜਾਂਦੇ ਸੀ ਜਿਨ੍ਹਾਂ ’ਚ ਹੋਏ ਚੁਣਾਵ ਦੌਰਾਨ ਕਮਿਊਨਿਸਟਾਂ ਨੇ 1957 ’ਚ 6, 1962 ’ਚ ਮਿਲ ਕੇ 45, 1967 ’ਚ 8, 1969 ’ਚ 5 ਤੇ 1977 ’ਚ 15 ਸੀਟਾਂ ਜਿੱਤੀਆਂ, ਪਰ ਕੀ ਕਾਰਨ ਹੈ ਕਿ ਇਸ ਤੋਂ ਬਾਅਦ ਕਮਿਊਨਿਸਟ ਖ਼ਤਮ ਹੋ ਗਏ ?)

ਇਸ ਲਹਿਰ ਨੇ ਨਿਰਾਕਾਰ ਦੀ ਹਸਤੀ ਤੋਂ ਆਮ ਬੰਦੇ ਦਾ ਵਿਸ਼ਵਾਸ ਤੋੜਿਆ, ਜਿਸ ਦੇ ਮੁਕਾਬਲੇ ’ਚ ‘ਨਿਰੰਕਾਰੀ’ ਲਹਿਰ ਚੱਲੀ ਜਿਸ ਨੇ 1978 ਦਾ ਸਾਕਾ (ਅੰਮ੍ਰਿਤਸਰ) ਵਰਤਾਇਆ। ਸਿੱਖੀ ਜਜ਼ਬਾਤਾਂ ਨੇ ਮੁੜ ਆਪਣਾ ਵਿਰਸਾ ਸੰਭਾਲ਼ਿਆ ਤੇ ਜ਼ਿਆਦਾਤਰ ਕਮਿਊਨਿਸਟ ਸੋਚ ਸਿੱਖੀ ਸਰੂਪ ’ਚ ਤਬਦੀਲ ਹੋ ਗਈ ਜਾਂ ਕਹਿ ਲਈਏ ਕਿ ਕਈ ਸਿੱਖ ਪ੍ਰਚਾਰਕ ਕਮਿਊਨਿਸਟ ਪ੍ਰਭਾਵ ਅਧੀਨ ਆ ਗਏ, ਜਿਨ੍ਹਾਂ ਦੁਆਰਾ ਕੀਤੀ ਜਾਂਦੀ ਗੁਰਮਤਿ ਦੀ ਵਿਆਖਿਆ ਸਾਡੇ ਸਾਮ੍ਹਣੇ ਹੈ। ਇਨ੍ਹਾਂ ਵਿੱਚ ਖ਼ੁਸ਼ਕੀ ਵਧੇਰੀ ਤੇ ਤ੍ਰਿਪਤੀ (ਸੰਤੁਸ਼ਟੀ) ਘੱਟ ਹੈ। ਰੱਬੀ ਡਰ-ਅਦਬ ਤੋਂ ਮੁਕਤ ਅਤੇ ਮੰਜ਼ਲ ਵਿਹੂਣੇ ਅਜਿਹੇ ਜੀਵਨ ਨੂੰ ਗੁਰਬਾਣੀ ਪਸ਼ੂ ਸਮਾਨ ਮੰਨਦੀ ਹੈ: ‘‘ਕਰਤੂਤਿ ਪਸੂ ਕੀ; ਮਾਨਸ ਜਾਤਿ ॥’’


03/19/17
ਹਰਲਾਜ ਸਿੰਘ ਬਹਾਦਰਪੁਰ

ਜਿੱਤ ਦੇ ਚਾਹਵਾਨੋ ਹਾਰ ਕਬੂਲਣ ਦਾ ਵੀ ਜਿਗਰਾ ਰੱਖੋ।
ਆਪ ਭਗਤੋ ਵੀਰੋ ਇਹ ਤਾਂ ਆਮ ਕਹਾਵਤ ਹੈ ਕਿ ਗੰਡਾਸੇ ਦਾ ਫੱਟ ਮਿਟ ਜਾਂਦਾ ਹੈ ਪਰ ਜੁਬਾਨ ਦਾ ਫੱਟ ਨੀ ਮਿਟਦਾ ਹੁੰਦਾ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜੋ ਚਾਰ ਫਰਵਰੀ ਨੂੰ ਹੋ ਚੁੱਕੀਆਂ ਸਨ, ਜਿਸ ਦੇ ਨਤੀਜੇ 11 ਮਾਰਚ ਨੂੰ ਆ ਗਏ ਹਨ, ਜਿੰਨ੍ਹਾ ਵਿੱਚ ਕਾਂਗਰਸ ਨੂੰ 77, ਆਪ ਨੂੰ 20, ਅਕਾਲੀਆਂ ਨੂੰ 18 ਅਤੇ ਲੋਕ ਇੰਨਸਾਫ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ। ਸਾਰੀਆਂ ਪਾਰਟੀਆਂ ਦਾ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਜੋਰ ਲੱਗਿਆ ਹੋਇਆ ਸੀ ਜੋ ਲੱਗਣਾ ਵੀ ਚਾਹੀਂਦਾ ਹੈ। ਆਮ ਆਦਮੀ ਪਾਰਟੀ ਦੇ ਹਮਾਇਤੀ ਵੀਰਾਂ ਨੇ ਫੇਸਬੁੱਕ ਤੇ ਬਹੁਤ ਜੋਰ ਲਾਇਆ ਹੋਇਆ ਸੀ, ਜੋਰ ਲਾਉਣਾ ਉਹਨਾ ਦਾ ਹੱਕ ਵੀ ਸੀ ਤੇ ਲਾਉਣਾ ਵੀ ਚਾਹੀਦਾ ਸੀ, ਪਰ ਮੈਨੂੰ ਲੱਗਦੈ ਕਿ ਉਹ ਕੁੱਝ ਗਲਤ ਵੀ ਕਰ ਰਹੇ ਸਨ, ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵਿਰੁੱਧ ਥੋੜੀ ਜਿਹੀ ਵੀ ਵਿਚਾਰ ਰੱਖਣ ਜਾਂ ਵੋਟ ਨਾ ਪਾਉਣ ਵਾਲੇ ਨੂੰ ਗਦਾਰ ਤੱਕ ਕਹਿ ਦੇਣਾ ਜਾਂ ਹੋਰ ਮਾੜੇ ਲਫਜ ਵਰਤਣੇ, ਕਿਉਂਕਿ ਇਹ ਵੀਰ ਆਮ ਆਦਮੀ ਪਾਰਟੀ ਤੋਂ ਬਿਨਾ ਹੋਰ ਕੁੱਝ ਸੁਣਨਾ ਹੀ ਨਹੀਂ ਸੀ ਚਾਹੁੰਦੇ। ਇਹੀ ਇਹਨਾ ਦੀ ਸੱਭ ਤੋਂ ਵੱਡੀ ਘਾਟ ਸੀ। ਆਪਣੇ ਵਿਰੁੱਧ ਕੁੱਝ ਵੀ ਨਾ ਸੁਣਨ ਵਾਲੀ ਸੋਚ ਨੂੰ ਉਸਾਰੂ ਸੋਚ ਦੀ ਥਾਂ ਹੰਕਾਰੀ, ਔਰੰਜੇਬੀ ਜਾਂ ਤਾਲੇਬਾਨੀ ਸੋਚ ਕਿਹਾ ਜਾਂਦਾ ਹੈ ਇਸ ਨੂੰ ਆਮ ਲੋਕ ਪਸੰਦ ਨਹੀਂ ਕਰਦੇ। ਆਮ ਲੋਕਾਂ ਦੇ ਵਿੱਚ ਜਾਣ ਲਈ ਸਾਨੂੰ ਖਾਸ ਦੀ ਥਾਂ ਆਮ ਬਣਨਾ ਪੈਦਾ ਹੈ, ਪਰ ਆਮ ਆਦਮੀ ਪਾਰਟੀ ਦੇ ਨਾਮ ਤੇ ਹੋਂਦ ਵਿੱਚ ਆਈ ਪਾਰਟੀ ਦੇ ਵਰਕਰ ਆਪਣੇ ਆਪ ਨੂੰ ਆਮ ਦੀ ਥਾਂ ਖਾਸ ਸਮਝਣ ਲੱਗ ਗਏ ਸਨ ਜੋ ਪਾਰਟੀ ਲਈ ਮਾੜੇ ਸਾਬਤ ਹੋਏ ਹਨ। ਮੈ ਵੋਟ ਕਾਂਗਰਸ ਨੂੰ ਪਾਈ ਹੈ, ਪਰ ਮੈ ਆਮ ਆਦਮੀ ਪਾਰਟੀ ਦਾ ਕਦੇ ਵੀ ਵਿਰੋਧ ਨਹੀਂ ਕੀਤਾ, ਫੇਸਬੁੱਕ ਤੇ ਮੇਰੇ ਅੱਗੇ ਆਈ ਉਹ ਕੋਈ ਪੋਸਟ ਨਹੀਂ ਸੀ ਜੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੋਵੇ ਤੇ ਮੈਂ ਉਸ ਨੂੰ ਲਾਇਕ ਨਾ ਕੀਤਾ ਹੋਵੇ। ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਆਮ ਆਦਮੀ ਦੀ ਸਪੋਰਟ ਕਰ ਰਹੇ ਸਨ ਤੇ ਨਾ ਹੀ ਮੈਂ ਖੁਦ ਆਮ ਆਦਮੀ ਪਾਰਟੀ ਨੂੰ ਮਾੜੀ ਸਮਝਦਾ ਸੀ। ਕਿਉਕਿ ਮੈ ਸਿਰਫ ਬਾਦਲ + ਭਾਜਪਾ ਦੇ ਵਿਰੋਧੀ ਹਾਂ ਤੇ ਰਹਾਂਗਾ ਵੀ, ਇਹਨਾਂ ਦੇ ਵਿਰੋਧ ਵਿੱਚ ਮੈਂ ਕਿਸੇ ਨੂੰ ਵੀ ਵੋਟ ਪਾ ਸਕਦਾ ਹਾਂ। ਮੇਰਾ ਭਰਾ ਵੀ ਬਾਦਲ ਵਿਰੋਧੀ; ਕਾਂਗਰਸੀ ਹੈ, ਪਰ ਉਸ ਨੇ ਮੈਨੂੰ ਕਾਂਗਰਸ ਨੂੰ ਵੋਟ ਪਾਉਣ ਲਈ ਨਹੀਂ ਸੀ ਕਿਹਾ। ਪਰ ਇੱਕ ਆਪ ਭਗਤ ਮੇਰੇ ਭਰਾ ਨੂੰ ਕਹਿੰਦਾ ਤੇਰੇ ਘਰ ਵਿੱਚੋਂ ਵੀ ਵੋਟਾਂ ਸਨੂੰ ਪੈਣਗੀਆਂ ਮੇਰਾ ਭਰਾ ਕਹਿੰਦਾ ਇਹ ਨਹੀਂ ਹੋ ਸਕਦਾ। ਉਸ ਨੇ ਮੈਨੂੰ ਘਰ ਆ ਕੇ ਇਹ ਦੱਸਿਆ। ਬੇਸੱਕ ਸਾਡਾ ਦੋਹਾਂ ਭਰਾਵਾਂ ਦਾ ਆਪਿਸ ਵਿੱਚ ਕੋਈ ਫਰਕ ਨਹੀਂ ਹੈ ਪਰ ਮੇਰੀ ਖੁਦ ਦੀ ਹੀ ਸਲਾਹ ਇਸ ਵਾਰ ਆਮ ਆਦਮੀ ਨੂੰ ਵੋਟ ਪਾਉਣ ਦੀ ਸੀ, ਪਰ ਆਪ ਭਗਤਾਂ ਦੀ ਸੋਚ ਕਾਰਨ ਮੈਨੂੰ ਇਹ ਕਹਿਣਾ ਪਿਆ (ਮੈ ਫੇਸਬੁੱਕ ਤੇ ਕਹਿ ਦਿੱਤਾ) ਕੇ ਮੈ ਵੋਟ ਕਾਂਗਰਸ ਨੂੰ ਪਾਵਾਂਗਾ। ਫੇਰ ਮੈਨੂੰ ਫੇਸਬੁੱਕ ਤੇ ਕਹਿਣ ਲੱਗ ਗਏ ਕਿ ਭਰਾ ਦਾ ਕੀ ਹੈ ਭਰਾ ਮਗਰ ਲੱਗ ਕੇ ਕਿਉਂ ਖੂਹ ਵਿੱਚ ਛਾਲ ਮਾਰਦੇ ਹੋਂ ਇਹ ਕਿਹੜਾ ਤੁਹਾਡੇ ਨਾਲ ਖੜੇਗਾ। ਮੈ ਸੋਚਿਆ ਵੀ ਕਮਾਲ ਹੈ ਕਿ ਦੁਨਿਆਵੀ ਰਿਸਤੇ ਵਿੱਚ ਭਰਾ ਤੋਂ ਨੇੜੇ ਹੋਰ ਕੌਣ ਹੋ ਸਕਦਾ ਹੈ, ਜੋ ਲੋਕ ਮੈਨੂੰ ਇਹ ਕਹਿ ਰਹੇ ਸੀ ਕੀ ਉਹ ਮੇਰੇ ਭਰਾ ਨਾਲੋਂ ਮੇਰੇ ਵੱਧ ਹਮਦਰਦੀ ਹੋ ਸਕਦੇ ਹਨ, ਨਹੀਂ ਕਦੇ ਵੀ ਨਹੀਂ। ਚਲੋ ਇਹ ਵੀ ਕੋਈ ਖਾਸ ਗੱਲ ਨਹੀਂ ਹੈ ਜਿੱਤਾਂ ਹਾਰਾਂ ਤਾਂ ਬਣੀਆਂ ਹੀ ਹਨ, ਬੇਸੱਕ ਹਰ ਕੋਈ ਜਿੱਤ ਦੀ ਆਸ ਲੈ ਕੇ ਚਲਦਾ ਹੈ ਜੋ ਹੋਣੀ ਵੀ ਚਾਹੀਂਦੀ ਹੈ ਪਰ ਹਾਰ ਕਬੂਲਣ ਦਾ ਜਿਗਰਾ ਵੀ ਹੋਣਾ ਚਾਹੀਂਦਾ ਹੈ। ਇਹ ਜਿੱਤਾਂ ਹਾਰਾਂ ਕੋਈ ਚੰਗੇ ਹੋਣ ਦਾ ਸਬੂਤ ਵੀ ਨਹੀਂ ਹੁੰਦੀਆਂ। ਚੰਗੇ ਇੰਨਸਾਨ ਹਾਰਨ ਤੋਂ ਬਾਅਦ ਵੀ ਚੰਗੇ ਹੀ ਰਹਿੰਦੇ ਹਨ, ਮਾੜੇ ਜਿੱਤ ਕੇ ਵੀ ਮਾੜੇ ਹੀ ਰਹਿਣਗੇ, ਜਿਸ ਦੀ ਉਦਾਰਣ ਹੈ ਕਿ ਮੋਦੀ ਪੂਰੇ ਦੇਸ਼ ਵਿੱਚ ਜਿੱਤ ਕੇ ਵੀ ਮਾੜਾ (ਫਿਰਕੂ ਘੱਟ ਗਿਣਤੀਆਂ ਦਾ ਕਾਤਲ) ਹੀ ਰਹੇਗਾ ਜਿੱਤਣ ਨਾਲ ਮੋਦੀ ਇੰਨਸਾਨ ਨਹੀਂ ਬਣ ਸਕਦਾ। ਮਨੀ ਪੁਰ ਦੀ ਲੋਹ ਇਸਤਰੀ ਇਰੋਮ ਸ਼ਰਮੀਲਾ ਜਿਸ ਨੇ ਲੋਕ ਹੱਕਾਂ ਲਈ 16 ਸਾਲ ਸੰਘਰਸ ਕੀਤਾ ਉਸ ਨੂੰ ਕੁੱਲ 90 ਵੋਟਾਂ ਮਿਲੀਆਂ ਹਨ ਕੀ ਉਹ ਮਾੜੀ ਸੀ? ਜਾਂ ਹੁਣ ਮਾੜੀ ਹੋ ਜਾਵੇਗੀ? ਨਹੀਂ। ਇਸ ਲਈ ਚੋਣਾ ਵਿੱਚ ਹੋਈ ਜਿੱਤ ਹਾਰ ਨੂੰ ਅਣਖਾਂ ਇੱਜਤਾਂ ਸੱਚਿਆਂ ਝੂਠਿਆਂ, ਦੇਸ਼ ਭਗਤਾਂ, ਗਦਾਰਾਂ ਅਤੇ ਜਮੀਰਾਂ ਆਦਿ ਨਾਲ ਨਹੀਂ ਜੋੜਨਾ ਚਾਹੀਂਦਾ। ਆਮ ਆਦਮੀ ਪਾਰਟੀ ਪੰਜਾਬ ਵਿੱਚ ਚੰਗੀ ਥਾਂ ਬਣਾ ਗਈ ਹੈ ਪਹਿਲੀ ਵਾਰ ਲੜੀਆਂ ਚੋਣਾਂ ਵਿੱਚ ਕਾਂਗਰਸ ਤੋਂ ਬੇਸੱਕ ਹਾਰ ਗਈ ਪਰ ਸੱਤਾ ਧਾਰੀ ਬਾਦਲ ਬੀਜੇਪੀ ਨੂੰ ਹਰਾ ਕੇ ਵਿਰੋਧੀ ਧਿਰ ਬਣਨ ਵਿੱਚ ਸਫਲ ਹੋ ਗਈ ਹੈ। ਆਮ ਆਦਮੀ ਨੂੰ ਪੰਜਾਬ ਵਾਸੀਆਂ ਦਾ ਧੰਨਵਾਦ ਕਰਨਾ ਚਾਹੀਂਦਾ ਹੈ ਜਿੰਨਾ ਨੇ ਵਿਸਵਾਸ ਕਰਕੇ 20 ਸੀਟਾਂ ਆਮ ਆਦਮੀ ਦੀ ਝੋਲੀ ਪਾਈਆਂ ਹਨ। ਲੋਕ ਬਾਦਲਾਂ ਤੋਂ ਦੁਖੀ ਹੋਏ ਬਦਲ ਤਾਂ ਜਰੂਰ ਚਾਹੁੰਦੇ ਸੀ, ਪਰ ਉਹਨਾ ਨੂੰ ਇਹ ਬਦਲ ਆਪ ਦੀ ਥਾਂ ਕਾਂਗਰਸ ਵਿੱਚ ਨਜਰ ਆਇਆ, ਉਹਨਾ ਨੂੰ ਪਿਛਲੇ ਤੁਜਰਬੇ ਤੋਂ ਡਰ ਸੀ ਕਿ ਕਿਤੇ ਮਨਪ੍ਰੀਤ ਸਿੰਘ ਬਾਦਲ ਵਾਲੀ ਨਾ ਬਣੇ ਇਸ ਲਈ ਉਹਨਾ ਨੇ ਆਪ ਦੀ ਥਾਂ ਕਾਂਗਰਸ ਨੂੰ ਪਹਿਲ ਦਿੱਤੀ ਹੈ। ਇਸ ਦਾ ਬੁਰਾ ਨਾ ਮਨਾਓ ਲੋਕਾਂ ਦੇ ਵਿਸਵਾਸ ਪਾਤਰ ਬਣੋ, ਅੱਗੇ ਨੂੰ ਹੋਰ ਸੰਭਲ ਕੇ ਚੱਲੋ, ਰਹਿ ਗਈਆਂ ਕਮੀਆਂ ਨੂੰ ਦੂਰ ਕਰਕੇ 2022 ਦੀਆਂ ਚੋਣਾ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿਓ। ਜਿੰਨਾ ਆਮ ਆਦਮੀ ਪਾਰਟੀ ਨੇ ਸੋਚਿਆ ਸੀ ਲੋਕਾਂ ਨੇ ਉਨਾ ਸਾਥ ਨਹੀਂ ਦਿੱਤਾ, ਇਸ ਤੇ ਗੁੱਸੇ ਥੋੜਾ ਹੀ ਹੋਣਾ ਹੈ ਜਿੰਨਾ ਦਿੱਤਾ ਹੈ ਉਨੇ ਦਾ ਧੰਨਵਾਦ ਕਰੋ, ਅੱਗੇ ਨੂੰ ਹੋਰ ਵਿਸਵਾਸ ਪੈਦਾ ਕਰੋ। ਕਿਉਂਕਿ ਹਾਰੇ ਵੀ ਲੋਕਾਂ ਵਿੱਚੋਂ ਹੀ ਹਾਂ ਜਿੱਤਣਾ ਵੀ ਲੋਕਾਂ ਵਿੱਚੋਂ ਹੀ ਹੈ, ਇਹ ਗੱਲ ਠੀਕ ਨਹੀਂ ਹੈ ਕਿ ਤੁਸੀਂ ਆਪਣੀ ਸੋਚ ਮੁਤਾਬਿਕ ਹੋਈ ਹਾਰ ਕਾਰਨ ਹੁਣ ਲੋਕਾਂ ਨੂੰ ਗਦਾਰ, ਪਿੱਠ ਵਿੱਚ ਛੁਰਾ ਮਾਰਨ ਵਾਲੇ ਕਹਿਣ ਲੱਗ ਜਾਵੋਂ। ਯਾਦ ਰੱਖੋ ਜਿੰਨਾ ਨੂੰ ਤੁਸੀਂ ਅੱਜ ਫੇਸਬੁੱਕ ਤੇ ਗਦਾਰ ਜਾਂ ਪਿੱਠ ਵਿੱਚ ਛੁਰਾ ਮਾਰਨ ਵਾਲੇ ਕਹਿ ਰਹੇ ਹੋਂ, ਕੱਲ ਨੂੰ ਇਹਨਾ ਕੋਲ ਹੀ ਵੋਟਾਂ ਮੰਗਣ ਜਾਣਾ ਹੈ ਤੇ ਜਿੱਤਾਉਣਾ ਵੀ ਇਹਨਾ ਨੇ ਹੀ ਹੈ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਤੁਹਾਨੂੰ ਇਹਨਾ ਕੋਲ ਜਾਣਾ ਵੀ ਔਖਾ ਹੋ ਜਾਵੇ, ਫੇਸਬੁੱਕ ਨੇ ਵੋਟਾਂ ਨਹੀਂ ਪਾਉਣੀਆਂ। ਚੋਣਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿਣਗੀਆਂ ਇਹ ਤੁਹਾਡੀ ਕੋਈ ਆਖਰੀ ਚੋਣ ਨਹੀਂ ਸੀ, ਪਰ ਕਿਤੇ ਲੋਕਾਂ ਨੂੰ ਗਾਲਾਂ ਕੱਢ ਕੱਢ ਮਾੜਾ ਬੋਲ ਬੋਲ ਕੇ ਇਸ ਜਿੱਤ ਨੂੰ ਆਖਰੀ ਨਾਂ ਬਣਾ ਲਿਓ। ਮੈ ਆਮ ਆਦਮੀ ਪਾਰਟੀ ਦਾ ਵਿਰੋਧੀ ਨਹੀਂ ਹਾਂ, ਪਰ ਜੋ ਆਮ ਆਦਮੀ ਦੇ ਪੱਖ ਵਿੱਚ ਨਾ ਭੁਗਤਣ ਵਾਲਿਆਂ ਨੂੰ ਫੇਸਬੁੱਕ ਤੇ ਮਾੜਾ ਬੋਲ ਰਹੇ ਹਨ ਉਹ ਮੈਨੂੰ ਆਪ ਦੇ ਹਮਾਇਤੀ ਵੀ ਨਹੀ ਲੱਗਦੇ। ਕਿਉਕਿ ਤੁਹਾਡੇ ਵਿਰੋਧੀ ਵੀ ਇਹੀ ਕੁੱਝ ਚਾਹੁੰਦੇ ਹਨ ਕਿ ਤੁਸੀਂ ਲੋਕਾਂ ਨੂੰ ਗਾਲਾਂ ਕੱਢੋਂ ਤਾਂ ਕਿ ਲੋਕ ਤੁਹਾਡੇ (ਆਮ ਆਦਮੀ ਪਾਰਟੀ) ਤੋਂ ਦੂਰ ਹੋਣ। ਦੋਸਤੋ ਤੁਹਾਡਾ ਸਭ ਦਾ ਹੱਕ ਹੈ ਜਿਸ ਪਾਰਟੀ ਜਾਂ ਲੀਡਰ ਦੀ ਆਪਣੀ ਮਰਜੀ ਨਾਲ ਹਮਾਇਤ ਕਰੋ ਪਰ ਪਾਰਟੀਆਂ ਜਾਂ ਲੀਡਰਾਂ ਲਈ ਆਪਣੀ ਭਾਈ ਚਾਰਕ ਸਾਂਝ ਨੂੰ ਖਰਾਬ ਨਾ ਕਰੋ। ਆਪ ਭਗਤੋ ਵੀਰੋ ਇਹ ਤਾਂ ਆਮ ਕਹਾਵਤ ਹੈ ਕਿ ਗੰਡਾਸੇ ਦਾ ਫੱਟ ਮਿਟ ਜਾਂਦਾ ਹੈ ਪਰ ਜੁਬਾਨ ਦਾ ਫੱਟ ਨੀ ਮਿਟਦਾ ਹੁੰਦਾ। ਆਪ ਨੂੰ ਵੋਟਾਂ ਨਾ ਪਾਉਣ ਵਾਲੇ ਪੰਜਾਬੀਆਂ ਨੂੰ ਪੱਕੇ ਵਿਰੋਧੀ ਨਾ ਬਣਾਓ, ਕਿਉਂਕਿ ਤੁਹਾਨੂੰ ਪੰਜਾਬ ਦੀ ਵਾਂਗ-ਡੋਰ ਇਹਨਾ ਪੰਜਾਬੀਆਂ ਨੇ ਹੀ ਸੌਪਣੀ ਹੈ, ਜਿੰਨਾ ਨੂੰ ਤੁਸੀਂ ਅੱਜ ਫੇਸਬੁੱਕ ਤੇ ਬੇਕੂਫ, ਗਦਾਰ, ਪਿੱਠ ਵਿੱਚ ਛੁਰਾ ਮਾਰਨ ਤੇ ਮਰੀਆਂ ਜਮੀਰਾਂ ਵਾਲੇ ਆਦਿ ਕਹਿ ਰਹੇ ਹੋਂ॥ ਧੰਨਵਾਦ॥
ਮੇਰੇ ਇਸ ਲੇਖ ਲਿਖਣ ਦਾ ਕਾਰਨ ਵੀ ਮੇਰਾ ਇੱਕ ਫੇਸਬੁੱਕੀ ਬਜੁਰਗ ਦੋਸਤ (ਜਿਸ ਨੂੰ ਮੈਂ ਨਿੱਜੀ ਤੌਰ ਤੇ ਜਾਂਣਦਾ ਪਹਿਚਾਣਦਾ ਹਾਂ ਤੇ ਉਸ ਦੀ ਕਦਰ ਵੀ ਕਰਦਾ ਹਾਂ ਉਹ ਵੀ ਮੇਰੀ ਇੱਜਤ ਕਰਦਾ ਸੀ) ਹੈ। ਮੈਂ ਉਸ ਦੀ ਫੇਸਬੁੱਕ ਉਤੇ ਪਾਈ ਪੋਸਟ ਤੇ ਇਹ ਕੁਮੈਂਟ ਕਰ ਦਿੱਤਾ ਕਿ -: ਬਾਬਿਓ (ਇੰਦਰਜੀਤ ਸਿੰਘ ਖਾਲਸਾ ਜੀ) ਹੁਣ ਤਾਂ ਚੁਪ ਕਰ ਜਾਓ, ਲੋਕ ਫਤਵੇ ਨੁੰ ਸਵੀਕਾਰ ਕਰੋ, ਲੋਕਾਂ ਜਾਂ ਪੰਜਾਬ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ ਨਾ ਕਰੋ, ਅੱਗੇ ਦੀ ਤਿਆਰੀ ਸ਼ੁਰੂ ਕਰੋ। ਜੇ ਕੈਪਟਨ ਲੋਕਾਂ ਦਾ ਕੁੱਝ ਨਹੀਂ ਸੰਵਾਰ ਸਕਦਾ ਤਾਂ 10 ਸਾਲਾਂ ਵਿੱਚ ਜਿੰਨਾ ਨੁਕਸਾਨ ਬਾਦਲ ਨੇ ਕੀਤਾ ਹੈ, ਕੈਪਟਨ ਜੋਰ ਲਾ ਕੇ ਵੀ ਬਾਦਲ ਜਿੰਨਾ ਪੰਜਾਬ ਨੂੰ ਬਰਬਾਦ ਨਹੀਂ ਕਰ ਸਕਦਾ। ਤੁਹਾਡੇ ਅਨੁਸਾਰ ਚੰਗਾ ਸੀ ਜੇ ਤੀਜੀ ਧਿਰ ਆ ਜਾਂਦੀ, ਪਰ ਲੋਕਾਂ ਨੇ ਕੇਜਰੀਵਾਲ ਦੇ ਮੁਕਾਬਲੇ ਕੈਪਟਨ ਨੂੰ ਠੀਕ ਸਮਝਿਆ, ਲੋਕਾਂ ਦੀ ਮਰਜੀ ਹੈ। ਨਾਲੇ ਤੁਸੀਂ ਇੱਕ ਖਿਆਲ ਕਰੋ ਕਿ ਤੁਸੀਂ ਕਾਂਗਰਸ ਦੀ ਵਿਰੋਧਤਾ ਕਰਕੇ ਅਸਿੱਧੇ ਰੂਪ ਵਿੱਚ ਆਰ ਐੱਸ ਐੱਸ ਦਾ ਪੱਖ ਪੂਰ ਰਹੇ ਹੋਂ। ਆਂਰ ਐੱਸ ਐੱਸ /ਭਾਜਪਾ, ਕਾਂਗਰਸ ਨਾਲੋਂ ਬਹੁਤ ਮਾੜੀ ਹੈ। ਸਿਆਸੀ ਤੌਰ ਤੇ ਲੜਨ ਲਈ ਤੁਹਾਨੂੰ ਕਿਸੇ ਇੱਕ ਪਾਰਟੀ ਨਾਲ ਖੜਨਾ ਪਵੇਗਾ (ਇਹ ਸਬਦ ਮੈਂ ਉਸ ਨੂੰ ਸਿੱਖ ਹੋਣ ਤੇ ਕਹੇ ਸਨ, ਨਾ ਕਿ ਆਪ ਪਾਰਟੀ ਦੇ ਲਈ)। ਕਾਂਗਰਸ ਜਾਂ ਭਾਜਪਾ ਨਾਲ, ਹਾਂ ਜੇ ਆਮ ਆਦਮੀ ਦੀ ਥਾਂ ਬਣਦੀ ਹੈ ਤਾਂ ਜਰੂਰ ਬਣਾਓ, ਜੇ ਉਹ ਸਿੱਖਾਂ ਨੂੰ ਇੰਨਸਾਫ ਦੇ ਦੇਵੇ, ਪਰ ਲੱਗਦਾ ਨੀ। ਕਿਉਂਕਿ ਜਦੋਂ ਸਾਡੇ ਅਕਾਲੀ ਦਲ, ਸ੍ਰੋਮਣੀ ਕਮੇਟੀ, ਅਕਾਲ ਤਖਤ ਹੀ ਸਾਡੇ ਵਿਰੁੱਧ ਹਨ, ਫਿਰ ਕਿਸੇ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਇੰਨੇ ਭਾਵੁਕ ਨਾ ਹੋਵੋ ਚੋਣਾ ਦੁਬਾਰੇ 5 ਸਾਲਾਂ ਨੂੰ ਫਿਰ ਆ ਜਾਣਗੀਆਂ, ਜਿੰਨਾ ਨੂੰ ਅੱਜ ਪਿੱਠ ਵਿੱਚ ਛੁਰਾ ਮਾਰਨ ਵਾਲੇ ਜਾਂ ਹੋਰ ਵਿਸ਼ੇਸਣਾ ਨਾਲ ਸੰਬੋਧਨ ਕਰ ਰਹੇ ਹੋਂ ਕੱਲ ਨੂੰ ਇਹਨਾਂ ਕੋਲ ਕੀ ਮੂੰਹ ਲੈ ਕੇ ਜਾਉਂਗੇ ਵੋਟਾਂ ਮੰਗਣ। ਤੁਹਾਡੇ ਇਹ ਮੇਹਣੇ ਪੰਜਾਬੀਆਂ ਨੂੰ ਗਾਲਾਂ ਕੱਢਣੀਆਂ ਆਉਂਦੇ ਪੰਜ ਸਾਲਾ ਲਈ ਆਂਮ ਆਦਮੀ ਨੂੰ ਫਿਰ ਹਰਾਉਣ ਦੀ ਤਿਆਰੀ ਦਾ ਮੁੱਢ ਹੋਣਗੀਆਂ। ਮੈਂ ਬਾਦਲ + ਆਰ ਐੱਸ ਐੱਸ ਦਾ ਵਿਰੋਧੀ ਹਾਂ, ਇਹਨਾ ਦੇ ਵਿਰੋਧ ਵਿੱਚ ਕਿਸੇ ਵੀ ਜਿੱਤਣ ਵਾਲੇ ਨੂੰ ਵੋਟ ਪਾਉਣ ਲਈ ਤਿਆਰ ਹਾਂ ਤੇ ਰਹਾਂਗਾ ਵੀ। ਬੱਸ ਇੰਨਾ ਲਿਖਣ ਦੀ ਦੇਰ ਸੀ ਮੇਰਾ ਪੁਰਾਣਾ ਦੋਸਤ ਇੱਕ ਮਿੰਟ ਵਿੱਚ ਮੈਨੂੰ ਬਲੌਕ ਕਰ ਗਿਆ, ਇਸੇ ਕਾਰਨ ਮੈਨੂੰ ਇਹ ਲੇਖ ਲਿਖਣਾ ਪਿਆ ਕਿ ਜਿੱਤ ਦੇ ਚਾਹਵਾਨੋ ਹਾਰ ਕਬੂਲਣ ਦਾ ਵੀ ਜਿਗਰਾ ਰੱਖੋ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911
e-mail : harlajsingh7@ gmail.com


03/12/17
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -20)

ਅਜੋਕੇ ਸਮੇਂ ਦੌਰਾਨ ਬਹੁਗਿਣਤੀ ਸਿੱਖ ਸੰਗਤਾਂ ਦੀ ਸੋਚ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਦਬੰਦੀ ਗੁਰਦੁਆਰਾ ਕੰਪਲੈਕਸ ਦੇ ਅੰਦਰੂਨੀ ਦਾਇਰੇ ਤਕ ਹੀ ਸੀਮਤ ਹੈ। ਕੰਪਲੈਕਸ ਅੰਦਰ ਹੁੰਦਿਆਂ ਅਸੀਂ ਮਾੜਾ ਸੋਚਣ-ਕਰਨ -ਵੇਖਣ-ਬੋਲਣ ਆਦਿ ਤੋਂ ਸੰਕੋਚ ਕਰਦੇ ਹਾਂ, ਸੋਚਦੇ ਹਾਂ ਕਿ ਇਹ ਗੁਰੂ ਦਾ ਘਰ ਹੈ, ਸਾਡੇ ਗੁਰੂ ਸਾਹਿਬ ਦਾ ਇਥੇ ਨਿਵਾਸ ਹੈ, ਗੁਰੂ ਪ੍ਰਤੀ ਭੈ ਰੂਪੀ ਅਦਬ ਹੋਣਾ ਯੋਗ ਹੈ। ਪ੍ਰੰਤੂ ਗੁਰਮਤਿ ਵਿਚਾਰਧਾਰਾ ਅਨੁਸਾਰ ਜੇਕਰ ਅਸੀਂ ਸਿੱਖ ਹਾਂ ਤਾਂ ‘ਗੁਰੁ ਮੇਰੇ ਸੰਗਿ ਸਦਾ ਹੈ ਨਾਲੈ` (੩੯੪) ਅਨੁਸਾਰ ਗੁਰੂ ਤਾਂ ਗਿਆਨ-ਵਿਚਾਰ ਰੂਪ ਵਿੱਚ ਹਰ ਸਮੇਂ ਹਰ ਸਿੱਖ ਦੇ ਨਾਲ ਰਹਿੰਦਾ ਹੈ। ਲੋੜ ਵਿਸ਼ਵਾਸ ਕਾਇਮ ਰੱਖਣ ਦੀ ਹੈ। ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹੋਣ ਲਈ ਸਹਿਮਤ ਹਾਂ ਜਾਂ ਨਹੀਂ?

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -22)

ਸਿੱਖ ਰਹਿਤ ਮਰਯਾਦਾ ਅਨੁਸਾਰ- ‘ਸਿੱਖ ਲਈ ਕਛਹਿਰੇ ਤੇ ਦਸਤਾਰ ਤੋਂ ਛੁੱਟ ਪੁਸ਼ਾਕ ਸਬੰਧੀ ਬਾਕੀ ਕੋਈ ਪਾਬੰਦੀ ਨਹੀਂ। ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ ਸਜਾਏ ਦੋਵੇਂ ਠੀਕ ਹਨ` ਦੇ ਭਾਵ ਅਰਥਾਂ ਨੂੰ ਸਮਝਣ ਦੀ ਲੋੜ ਹੈ। ਸਿੱਖ ਲਈ ਪਹਿਰਾਵੇ ਦੇ ਸਬੰਧ ਵਿੱਚ ਫੋਕੇ ਕੱਟੜਵਾਦੀ ਬਨਣ ਦੀ ਥਾਂ ਤੇ ਸਮੇਂ-ਸਥਾਨ-ਮੌਸਮ-ਕਿੱਤੇ-ਇਲਾਕੇ ਦੇ ਸਭਿਆਚਾਰ ਆਦਿ ਦੀ ਲੋੜ ਅਨੁਸਾਰ ਪੰਜ ਕਕਾਰੀ ਬਾਣਾ ਕਾਇਮ ਰੱਖਦੇ ਹੋਏ ਕੋਈ ਵੀ ਸਭਿਅਕ ਪਹਿਰਾਵਾ ਧਾਰਨ ਕੀਤਾ ਜਾ ਸਕਦਾ ਹੈ। ਗੁਰਬਾਣੀ ਅੰਦਰ ਦਰਸਾਏ ‘ਬਾਬਾ ਹੋਰੁ ਪੈਨਣੁ ਖੁਸੀ ਖੁਆਰੁ।। ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।। ` (੧੬) ਫੁਰਮਾਣ ਅਨੁਸਾਰ ਇਸ ਸਬੰਧੀ ਯੋਗ ਫੈਸਲਾ ਲੈਣਾ ਚਾਹੀਦਾ ਹੈ।

ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ/ਲੇਖਕ)

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]

Please Share it to others


03/12/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥ (ਗੁਰੂ ਗ੍ਰੰਥ)– ੨੧

ਨਿੰਦਕ ਕੌਣ ਅਤੇ ਨਿੰਦਿਆ ਕੀ ਹੈ?

ਨਿੰਦਕ-ਨਿੰਦਾ ਕਰਨ ਵਾਲਾ ਭਾਵ ਕਿਸੇ ਦੇ ਗੁਣਾਂ ਨੂੰ ਔਗੁਣ ਅਤੇ ਔਗੁਣਾਂ ਨੂੰ ਗੁਣ ਦੱਸਣ ਵਾਲਾ। ਭਾਵ ਵਧਾਹ ਚੜ੍ਹਾ ਕੇ ਗੱਲ ਕਰਨ ਵਾਲਾ, ਨਾ ਹੋਈ ਨੂੰ ਹੋਈ ਕਹਿਣ ਵਾਲਾ ਨਿੰਦਕ ਹੈ।ਇਸ ਦੇ ਉਲਟ ਸੱਚ ਕਹਿਣ ਵਾਲਾ ਨਿੰਦਕ ਨਹੀਂ।ਸੱਚੇ ਸੁੱਚੇ ਭਗਤਾਂ ਅਤੇ ਗੁਰੂਆਂ ਨੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਮੂੰਹ ਤੇ ਕਿਹਾ ਹੈ। ਬਾਬਰ ਨੂੰ ਜ਼ਾਬਰ ਅਤੇ ਭੇਖੀ ਸੰਤਾਂ ਨੂੰ ਠੱਗ, ਪਾਖੰਡੀਆਂ ਨੂੰ ਪਾਖੰਡੀ ਅਤੇ ਕਰਮਕਾਂਡੀਆਂ ਨੂੰ ਕਰਮਕਾਂਡੀ ਮੂੰਹ ਤੇ ਕਿਹਾ ਹੈ।ਪਰ ਅੱਜ ਕੱਲ ਗੁਰਬਾਣੀ ਨੂੰ ਨਾਂ ਸਮਝਣ ਵਾਲੇ ਭਾਵ ਗਿਣਤੀ ਮਿਣਤੀ ਦੇ ਤੋਤਾ ਰਟਨੀ ਪਾਠ ਕਰਨ ਵਾਲੇ ਵੀਰ, ਗੋਲ ਪੱਗਾਂ, ਲੰਬੇ ਚੋਲਿਆਂ, ਹੱਥਾਂ ਵਿੱਚ ਵੱਡੀਆਂ ਵੱਡੀਆਂ ਮਾਲਾਂ ਫੜੀ ਆਲ੍ਹੀਸ਼ਾਨ ਡੇਰਿਆਂ ਅਤੇ ਕਾਰਾਂ ਵਿੱਚ ਰਹਿਣ ਵਾਲੇ ਠੱਗਾਂ ਨੂੰ ਹੀ ਸੰਤ ਕਹੀ ਜਾਂਦੇ ਹਨ।ਹਾਂ ਜੇ ਕੋਈ ਗੁਰੂ ਪਿਆਰਾ ਇਨ੍ਹਾਂ ਪਾਖੰਡੀਆਂ ਬਾਰੇ ਅਸਲੀਅਤ ਦਸਦਾ ਹੈ ਤਾਂ ਇਹ ਅੰਧ ਵਿਸ਼ਵਾਸ਼ੀ ਲੋਕ ਇਸ ਨੂੰ ਸੰਤਾਂ ਦੀ ਨਿੰਦਿਆ ਕਰਨੀ ਸਮਝਦੇ ਹਨ। ਇਨ੍ਹਾਂ ਨੂੰ ਇਹ ਪਤਾ ਨਹੀਂ ਕਿ ਇਹ ਸੰਤ ਨਹੀਂ ਸਗੋਂ ਸਾਨ੍ਹ ਹਨ ਜੋ ਧਰਮ ਦਾ ਬੁਰਕਾ ਪਾ ਕੇ, ਗਰੀਬ ਲੋਕਾਂ ਦੀਆਂ ਧੀਆਂ ਭੈਣਾਂ ਦੀ ਇਜ਼ਤ ਲੁਟਦੇ ਹਨ। ਅਜਿਹੇ ਭੇਖੀ ਪਾਖੰਡੀਆਂ ਨੂੰ ਬਲਾਤਕਾਰੀ ਕਹਿਣਾ ਨਿੰਦਿਆ ਨਹੀਂ ਸਗੋਂ ਸੱਚ ਹੈ। ਨਿੰਦਕ ਕਦੇ ਵੀ ਸੁਖੀ ਨਹੀਂ ਹੁੰਦਾ ਅਤੇ ਆਪਣੇ ਸਾਥੀਆਂ ਨੂੰ ਵੀ ਨਾਲ ਲੈ ਡੁਬਦਾ ਹੋਇਆ ਅਰੜੌਂਦਾ ਬਿਲਲੌਂਦਾ ਹੈ-ਅਰੜਾਵੈ ਬਿਲਲਾਵੈ ਨਿੰਦਕੁ॥ ਪਾਰਬ੍ਰਹਮੁ ਪਰਮੇਸਰੁ ਬਿਸਰਿਆ, ਆਪਣਾ ਕੀਤਾ ਪਾਵੈ ਨਿੰਦਕੁ॥ ਜੇ ਕੋਈ ਉਸ ਦਾ ਸੰਗੀ ਹੋਵੈ ਨਾਲੇ ਲੇ ਸਿਧਾਵੈ॥ ਅਣਹੋਂਦਾ ਅਜਗਰੁ ਭਾਰੁ ਉਠਾਏ, ਨਿੰਦਕ ਅਗਨੀ ਮਾਹਿ ਜਲਾਵੈ॥(੩੭੩) ਨਿੰਦਕ ਰਾਤ ਦਿਨ ਦੂਜਿਆਂ ਦੀ ਨਿੰਦਿਆ ਦਾ ਭਾਰ ਚੱਕੀ ਫਿਰਦਾ ਹੈ।ਨਿੰਦਕ ਦੂਜਿਆਂ ਦੀ ਨਿੰਦਿਆ ਕਰਕੇ ਮਾਨੋਂ ਉਨ੍ਹਾਂ ਦੇ ਕਪੜੇ ਧੋਂਦਾ ਹੈ ਕਬੀਰ ਸਾਹਿਬ ਜੀ ਫੁਰਮਾਂਦੇ ਹਨ ਕਿ ਇਹ ਪਾਖੰਡੀ ਪੰਡਿਤ ਮੇਰੀ ਫਜ਼ੂਲ ਦੀ ਨਿੰਦਿਆ ਕਰਕੇ ਮੇਰੇ ਕਪੜੇ ਧੋਂਦੇ ਹਨ-ਹਮਰੇ ਕਪਰੇ ਨਿੰਦਕੁ ਧੋਇ॥(੩੩੯)ਨਿੰਦਿਆ ਕਰਨ ਵਾਲੇ ਦਾ ਮੂੰਹ ਲੋਕ ਪ੍ਰਲੋਕ ਵਿਖੇ ਕਾਲਾ ਹੁੰਦਾ ਹੈ ਭਾਵ ਉਹ ਇਸ ਲੋਕ ਵਿੱਚ ਵੀ ਲੋਕਾਂ ਸਾਹਮਣੇ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਅਤੇ ਅੰਦਰੂਨੀ ਵੀ ਉਸ ਦੀ ਮੌਤ ਹੋ ਜਾਂਦੀ ਹੈ। ਨਿੰਦਕ ਸਦਾ ਦੁਸ਼ਟਾਂ ਨਾਲ ਦੋਸਤੀ ਅਤੇ ਸੰਤਾਂ (ਭਲੇ ਪੁਰਖਾਂ) ਨਾਲ ਵੈਰ ਰੱਖਦਾ ਹੈ-ਦੁਸਟਾਂ ਨਾਲਿ ਦੋਸਤੀ ਨਾਲਿ ਸੰਤਾਂ ਵੈਰੁ ਕਰੰਨਿ॥(੩੩੯)ਪਰਾਏ ਔਗੁਣ ਦੇਖ ਕੇ ਨਿੰਦਕ ਪ੍ਰਸੰਨ ਅਤੇ ਗੁਣ ਦੇਖ ਕੇ ਦੁਖੀ ਹੁੰਦਾ ਹੈ-ਜਉ ਦੇਖੈ ਛਿਦ੍ਰ (ਔਗੁਣ) ਤਉ ਨਿੰਦਕੁ ਉਮਾਹੈ, ਭਲੋ ਦੇਖਿ ਦੁਖ ਭਰੀਐ॥(੮੨੩) ਨਿੰਦਕ ਨੂੰ ਗੁਰਬਾਣੀ ਵਿਖੇ ਦੂਜਿਆਂ ਦਾ ਗੰਦ ਖਾਣ ਵਾਲਾ ਕਪਟੀ ਦਰਸਾਇਆ ਗਿਆ ਹੈ-ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓੁਹ ਮਲਭਖੁ (ਮੈਲ ਖਾਣਾ) ਮਾਇਆਧਾਰੀ (ਛਲੀਆ)॥ (੫੦੭)


03/12/17
ਆਤਮਜੀਤ ਸਿੰਘ, ਕਾਨਪੁਰ

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾੑ ਨ ਮਾਰੇ ਘੁੰਮਿ ॥ ਆਪਨੜੈ ਘਰਿ ਜਾਈਐ ਪੈਰ ਤਿਨਾੑ ਦੇ ਚੁੰਮਿ ॥੭॥ { 1378 }
ਕਿਤੇ ਅਸੀ ਬਾਬਾ ਫਰੀਦ ਜੀ ਦੇ ਇਸ ਸਲੋਕ ਦੇ ਅਰਥ ਇਹ ਨ ਸਮਝ ਲਈਐ ਕਿ ਜੇ ਤੁਹਾਨੂੰ ਕੋਈ ਮੁਕੀਆਂ ਮਾਰੇ ਤੇ ਉਹਨਾਂ ਨੂੰ ਪਰਤ ਕੇ ਮਾਰੋ, ਸਗੋਂ ਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਿਚ ਸ਼ਾਤ ਬਹਿ ਜਾਓ। ਸਗੋਂ ਇਸ ਸਲੋਕ ਦੇ ਅਰਥ ਕੁਝ ਹੋਰ ਹੀ ਹਨ, ਆਓ ਇਹ ਜਾਣਨ ਦਾ ਜਤਨ ਕਰੀਏ ਕੀ ਬਾਬਾ ਫਰੀਦ ਜੀ ਇਸ ਸਲੋਕ ਰਾਹੀਂ ਕੀ ਸਮਝਾ ਰਹੇ ਹਨ।
ਜੋ ਤੈ = ਜੋ ਤੈਨੂ , ਮਾਰਨਿ ਮੁਕੀਆਂ = ਮੰਦੇ ਕੰਮਾਂ ਤੋ ਰੋਕਣਾ ( ਰੋਕਣ ਦੀ ਕੋਸ਼ਿਸ਼ ) , ਮਾਰੇ = ਮਾਰੇਂ (ਮਾਰ ਨਾ ਦੇਵੀਂ , ਵੀਸਾਰ ਨਾਂ ਦੇਵੀਂ ) , ਘੁੰਮਿ = ਪਲਟ ਕੇ ( ਫਿਰ ਕੇ , ਮੁੜ ਕੇ ) , ਆਪਨੜੈ ਘਰਿ ਜਾਈਐ = ਆਪਣੇ ਅੰਦਰ ਜਿਥੈ ਰੱਬੀ ਗੁਣਾਂ ਦਾ ਵਾਸਾ ਹੈ ਨੂੰ ਪਛਾਣ ਕੇ , ਪੈਰ ਤਿਨ੍ਹਾ ਦੇ ਚੁੰਮਿ = ਸ਼ਰਣ ਵਿੱਚ ਆ ਜਾ।
ਬਾਬਾ ਫ਼ਰੀਦ ਜੀ ਇਸ ਸਲੋਕ ਰਾਹੀਂ ਇੱਕ ਇਨਸਾਨ ਦੇ ਅੰਦਰ ਜੋ ਚੰਗੇ ਗੁਣ (ਆਤਮਾ , ਜੋਤ , ਰੱਬੀ ਨੂਰ ) ਉਸ ਨੂੰ ਮੰਦੇ ਕੰਮ ਕਰਨ ਤੋਂ ਰੋਕਦੇ ਹਨ, ਉਸ ਦੀ ਗਲ ਕਰ ਰਹੇ ਹਨ ( ਕੁਦਰਤੀ ਨਿਯਮ ਮੁਤਾਬਿਕ ਮੰਦੇ ਕੰਮ ), ਇਨਸਾਨ ਨੂੰ ਉਸ ਦੀ ਆਪਣੀ ਆਤਮਾ ( ਜੋਤ ) ਵਲੋਂ ਲਾਹਣਤ ਪਾਈ ਜਾਂਦੀ ਹੈ ਜਿਸ ਨੂੰ ਫ਼ਰੀਦ ਜੀ " ਮਾਰਨਿ ਮੁਕੀਆਂ " ਸ਼ਬਦ ਨਾਲ ਦਰਸਾਉਂਦੇ ਹਨ। ਫਰੀਦਾ ਜੋ ਤੈ ਮਾਰਨਿ ਮੁਕੀਆਂ = ਹੇ ਫਰੀਦ ! ਜਿਹੜੇ ਤੇਰੇ ਅੰਦਰਲੇ ਚੰਗੇ ਗੁਣ ( ਆਤਮਾ , ਜੋਤ ) ਤੈਨੂੰ ਮੰਦੇ ਕੰਮਾਂ ਤੋਂ ਰੋਕਦੇ ਹਨ (ਮਾਰਨਿ ਮੁਕੀਆਂ) ਦੇਖੀ ਕਿਤੇ ਤੂੰ ਪਲਟ ਕੇ ਉਨ੍ਹਾਂ ਚੰਗੇ ਗੁਣਾਂ ਨੂੰ ਹੀ ਨਾ ਮਾਰਨ ਲੱਗ ਜਾਵੀਂ (ਤਿਨਾੑ ਨ ਮਾਰੇ ਘੁੰਮਿ ) । ਆਪਨੜੈ ਘਰਿ ਜਾਈਐ = ਤੇਰੇ ਅੰਦਰ ਜਿਥੈ ਇਹਨਾਂ ਰੱਬੀ ਗੁਣਾਂ ਦਾ ਵਾਸਾ ਹੈ ਓਹਨਾਂ ਨੂੰ ਪਛਾਣਕੇ, ਇਹਨਾ ਗੁਣਾਂ ਦੀ ਸ਼ਰਣ ਵਿੱਚ ਆ ਜਾ ( ਪੈਰ ਤਿਨਾੑ ਦੇ ਚੁੰਮਿ ) । ਭਾਵ… ਆਪਣੇ ਅੰਦਰਲੇ ਰੱਬੀ ਗੁਣਾਂ ( ਜੋ ਹਰ ਇਨਸਾਨ ਵਿੱਚ ਮਜੂਦ ਨੇ ) ਤੋਂ ਸਿਖਿਆ ਲੈ ਕੇ ਆਪਣਾ ਜੀਵਨ ਸੁਧਾਰ , ਨਾ ਕੇ ਦੁਨਿਆਵੀ ਚਕਰਾਂ ਵਿੱਚ ਪੈ ਕੇ ਉਨ੍ਹਾਂ ਰੱਬੀ ਗੁਣਾਂ ਨੂੰ ਹੀ ਵੀਸਾਰ ਦੇਵੀਂ ( ਮਾਰ ਦੇਵੀਂ ) ।
ਆਤਮਜੀਤ ਸਿੰਘ, ਕਾਨਪੁਰ


03/12/17
ਤੱਤ ਗੁਰਮਤਿ ਪਰਿਵਾਰ

ਅੰਤਰ-ਰਾਸ਼ਟਰੀ ਮਹਿਲਾ ਦਿਵਸ ’ਤੇ ਵਿਸ਼ੇਸ਼
ਇਸਤਰੀਆਂ ਨੂੰ ਆਪਣੇ ਤੇ ਲਗਿਆ ਇਹ ਕਲੰਕ ਧੋ ਦੇਣਾ ਚਾਹੀਦਾ ਹੈ|
੮ ਮਾਰਚ ਨੂੰ ‘ਅੰਤਰ-ਰਾਸ਼ਟਰੀ ਮਹਿਲਾ’ ਦਿਵਸ ਦੇ ਮੌਕੇ ਸਮਾਜ ਦੇ ਲਗਭਗ ਹਰ ਇਕ ਅਖਬਾਰ ਵਿਚ ਇਸਤਰੀਆਂ ਬਾਰੇ ਲੇਖ ਛਪਦੇ ਹਨ| ਇਸ ਵਾਰ ਵੀ ਛਪਣਗੇ| ਬਹੁਤਿਆਂ ਟੀ ਵੀ ਚੈਨਲਾਂ ਤੇ ਵੀ ਇਸ ਦਿਨ ਇਸਤਰੀਆਂ ਨੂੰ ਸਮਰਪਿਤ ਕਈ ਪ੍ਰੋਗਰਾਮ ਵਿਖਾਏ ਜਾਣਗੇ| ਇਨ੍ਹਾਂ ਲੇਖਾਂ ਅਤੇ ਪ੍ਰੋਗਰਾਮਾਂ ਵਿਚ ਇਸਤਰੀ ਦੀ ਸ਼ਖਸੀਅਤ ਦੀਆਂ ਵੱਖ ਵੱਖ ਪੱਖਾਂ ਤੋਂ (ਸ਼ਰੀਰਕ, ਮਾਨਸਿਕ, ਆਰਥਿਕ ਆਦਿ) ਆਜ਼ਾਦੀ ’ਤੇ ਜ਼ੋਰ ਦਿਤਾ ਜਾਂਦਾ ਹੈ| ਇਹ ਹੈ ਵੀ ਜ਼ਰੂਰੀ ਕਿਉਂਕਿ ਇਸਤਰੀ ਸਮਾਜ ਦਾ ਜ਼ਰੂਰੀ ਥੰਮ ਹੈ| ਜੇ ਥੰਮ ਹੀ ਕਮਜ਼ੋਰ ਹੋਵੇਗਾ ਤਾਂ ਚੰਗੇ ਅਤੇ ਸੁਅਸਥ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ|
ਪਰ ਅਸੀਂ ਅੱਜ ਉਸ ਵਿਸ਼ੇ ਤੇ ਵਿਚਾਰ ਕਰਾਂਗੇ ਜੋ ਨਾਰੀ ਮਜ਼ਬੂਤੀ ਦੇ ਨਾਰਿਆਂ ਵਿਚ ਲਗਭਗ ਅਣਛੂਹਿਆ ਅਤੇ ਅਣਗੌਲਿਆ ਹੀ ਰਹਿ ਜਾਂਦਾ ਹੈ| ਭਾਰਤੀ ਸਮਾਜ ਦੇ ਸੰਦਰਭ ਵਿਚ ਤਾਂ ਇਹ ਵਿਸ਼ਾ ਬਹੁਤ ਹੀ ਮਹੱਤਵ ਪੂਰਨ ਹੈ| ਇਹ ਵਿਸ਼ਾ ਉਸ ‘ਕਲੰਕ’ ਨਾਲ ਹੈ ਜੋ ਭਾਰਤੀ ਨਾਰੀ ਦੇ ਮੱਥੇ ਤੇ ਮਜ਼ਬੂਤੀ ਨਾਲ ਲਗਿਆ ਹੋਇਆ ਹੈ| ਇਹ ਕਲੰਕ ਹੈ, ਪੁਜਾਰੀ ਜਮਾਤ ਦੀ ਮਾਨਸਿਕ ਗੁਲਾਮ ਹੋਣ ਦਾ| ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤੀ ਸਮਾਜ ਪੁਜਾਰੀ ਸ਼੍ਰੇਣੀ ਦਾ ਮਾਨਸਿਕ ਗੁਲਾਮ ਹੈ| ਪਰ ਇਸ ਦਾ ਦੋਸ਼ ਅਕਸਰ ਨਾਰੀਆਂ ਤੇ ਹੀ ਲਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਵਜਹ ਨਾਲ ਹੀ ਇਸ ਨੂੰ ਬੜਾਵਾ ਮਿਲਦਾ ਹੈ| ਹੋ ਸਕਦਾ ਹੈ ਕਿ ਇਸ ਦੋਸ਼ ਵਿਚ ਅਤਿਕਥਨੀ ਹੈ ਪਰ ਇਹ ਦੋਸ਼ ਪੂਰੀ ਤਰਾਂ ਨਿਰਮੂਲ ਵੀ ਨਹੀਂ ਹੈ| ਭਾਰਤੀ ਸਮਾਜ ਵਿਚ ਪੁਜਾਰੀ ਸ਼੍ਰੇਣੀ ਵਲੋਂ, ਧਰਮ ਅਤੇ ਪੂਜਾ ਦੇ ਨਾਂ ਤੇ, ਫੈਲਾਏ ਗਏ ਵਹਿਮ-ਭਰਮ, ਅੰਧਵਿਸ਼ਵਾਸ, ਕਰਮਕਾਂਡ ਆਦਿ ਨੂੰ ਮਾਨਤਾ ਦਿਵਾਉਣ ਵਿਚ ਇਸਤਰੀ ਦਾ ਯੋਗਦਾਨ ਕਾਫੀ ਜ਼ਿਆਦਾ ਹੈ| ਬਹੁਤੇ ਵਿਦਵਾਨ ਇਸ ਦਾ ਕਾਰਨ ਨਾਰੀਆਂ ਵਿਚ ਸਿੱਖਿਆ ਦੀ ਘਾਟ ਨੂੰ ਮੰਨਦੇ ਹਨ ਪਰ ਅੱਜ ਦੇ ਸ਼ਹਿਰੀ ਸਮਾਜ ਵਿਚ ਵਿਸ਼ਲੇਸ਼ਨ ਕਰਨ ਤੇ ਇਹ ਧਾਰਨਾ ਬਹੁਤੀ ਮਜ਼ਬੂਤ ਨਹੀਂ ਲਗਦੀ| ਅੱਜ ਦੇ ਸ਼ਹਿਰੀ ਸਮਾਜ ਵਿਚ ਬਹੁੱਤੀਆਂ ਇਸਤਰੀਆਂ ਸਿੱਖਿਅਤ ਹਨ ਪਰ ਉਹ ਪੁਜਾਰੀਆਂ ਦੀ ਮਾਨਸਿਕ ਗੁਲਾਮੀ ਵਿਚ ਹੋਰਨਾਂ ਨਾਲੋਂ ਬਹੁਤਾ ਪਿੱਛੇ ਨਹੀਂ ਹਨ| ਸਿੱਖ ਸਮਾਜ ਦੇ ਸੁਚੇਤ ਮੰਨੇ ਜਾਂਦੇ ਤਬਕੇ ਵੱਲ ਵੀ ਝਾਤ ਮਾਰ ਲਈਏ ਤਾਂ ਨਾਮ ਮਾਤਰ ਕੁ ਇਸਤਰੀਆਂ ਨੂੰ ਛੱਡ ਕੇ, ਬਾਕੀ ਇਸ ਅਲਾਮਤ ਤੋਂ ਪੂਰੀ ਤਰਾਂ ਮੁਕਤ ਨਹੀਂ ਹੋ ਪਾਈਆਂ|
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਇਸਤਰੀ ਇਕ ਪਰਿਵਾਰ ਦਾ ਸਭ ਤੋਂ ਜ਼ਰੂਰੀ ਅੰਗ ਹੈ| ਕਿਸੇ ਵੀ ਪਰਿਵਾਰ ਨੂੰ ਘੜਣ ਵਿਚ ਇਸਤਰੀ ਦਾ ਯੋਗਦਾਨ (ਮਾਂ, ਪਤਨੀ ਆਦਿ ਦੇ ਰੂਪ ਵਿਚ) ਮਰਦ ਤੋਂ ਜ਼ਿਆਦਾ ਹੈ | ਸੋ ਜੇ ਇਸਤਰੀ ਇਸ ਪੁਜਾਰੀ ਜਮਾਤ ਦੀ ਮਾਨਸਿਕ ਗੁਲਾਮੀ ਤੋਂ ਮੁਕਤ ਹੋ ਜਾਵੇ ਤਾਂ ਪਰਿਵਾਰ ਨੂੰ ਮੁਕਤ ਕਰ ਸਕਦੀ ਹੈ ਅਤੇ ਸਮਾਜ ਇਸ ਮਹਾਂ-ਮਾਰੀ ਤੋਂ ਨਿਜਾਤ ਪਾ ਸਕਦਾ ਹੈ|
ਅੱਜ ਵਿਸ਼ਵ ਵਿਚ ਨਾਰੀ ਦੀ ਆਰਥਿਕ, ਸ਼ਰੀਰਕ, ਸਮਾਜਿਕ ਆਜ਼ਾਦੀ ਲਈ ਅਨੇਕਾਂ ਸੰਸਥਾਵਾਂ ਸਰਗਰਮ ਹਨ ਪਰ ਇਸਤਰੀ ਨੂੰ ਪੁਜਾਰੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਸ਼ਾਇਦ ਹੀ ਕੋਈ ਸੰਸਥਾ ਕਾਰਜਰਤ ਹੋਵੇ| ਜਦੋਂ ਕਿ ਇਸ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨਾ ਸਭ ਤੋਂ ਵੱਧ ਜ਼ਰੂਰੀ ਹੈ| ਜੇ ਇਸਤਰੀਆਂ ਇਸ ਮੂਲ ਬੀਮਾਰੀ ਤੋਂ ਨਿਜ਼ਾਤ ਪਾ ਲੈਣ ਤਾਂ ਬਾਕੀ ਤਰਾਂ ਦੀ ਆਜ਼ਾਦੀ ਆਸਾਨੀ ਨਾਲ ਮਿਲ ਸਕਦੀ ਹੈ|
ਪੁਜਾਰੀ ਜਮਾਤ ਨੇ ਧਰਮ ਦੇ ਨਾਮ ਤੇ ਇਸਤਰੀ ਨੂੰ ਨੀਂਵਾ ਦੱਸਣ ਅਤੇ ਦਬਾਉਣ ਵਿਚ ਕੋਈ ਕਸਰ ਨਹੀਂ ਛੱਡੀ| ਪੁਜਾਰੀਆਂ ਨੇ ਅਖੌਤੀ ਧਰਮ-ਪੁਸਤਕਾਂ ਵਿਚ ਵੀ ਇਸਤਰੀਆਂ ਬਾਰੇ ਬਹੁਤ ਨੀਂਵੇ ਪੱਧਰ ਦੀਆਂ ਟਿੱਪਣੀਆਂ ਕੀਤੀਆਂ| ਹਿੰਦੂ ਸਮਾਜ ਦੀ ਦੇਵਦਾਸੀ ਪ੍ਰਥਾ ਅਤੇ ਤੁਲਸੀਦਾਸ ਜਿਹੇ ਮਹਾਨ ਮੰਨੇ ਜਾਂਦੇ ਕਵੀਆਂ ਵਲੋਂ ਇਸਤਰੀ ਨੂੰ ਢੋਲ, ਪਸ਼ੂ ਆਦਿ ਬਰਾਬਰ ਐਲਾਣਨਾ ਹੀ ਇਸ ਤਲਖ ਸੱਚਾਈ ਨੂੰ ਸਾਬਿਤ ਕਰਨ ਲਈ ਕਾਫੀ ਹਨ| ਹੋਰ ਮੱਤਾਂ ਵਿਚੋਂ ਵੀ ਇਸਤਰੀ ਨੂੰ ਲੈ ਕੇ ਹਲਕੀਆਂ ਅਤੇ ਗਲਤ ਟਿੱਪਣੀਆਂ ਮਿਲਦੀਆਂ ਹਨ ਸਿਵਾਏ ਬਾਬਾ ਨਾਨਕ ਦੇ ਦਰਸਾਏ ਗੁਰਮਤਿ ਇਨਕਲਾਬ ਦੇ ਜਿਸ ਨੇ ਇਸਤਰੀ ਨੂੰ ਬੇਹਦ ਮਾਨ ਅਤੇ ਇੱਜ਼ਤ ਦਿਤੀ|
ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਮ ਦੇ ਨਾਮ ਤੇ ਸਥਾਪਿਤ ਕੀਤੇ ਗਏ ਮੰਦਰ, ਮਸਜ਼ਿਦ, ਗੁਰਦਵਾਰੇ, ਗਿਰਜ਼ੇ ਆਦਿ ਵਿਚ ਅੱਜ ਪੁਜਾਰੀ ਜਮਾਤ ਇਸਤਰੀ ਨੂੰ ਕਿਸੇ ਨਾ ਕਿਸੇ ਰੂਪ ਵਿਚ ਨੀਂਵਾ ਅਤੇ ਕਮਜ਼ੋਰ ਹੀ ਦਰਸਾਉਂਦੀ ਹੈ| ਦੱਖਣ ਦੇ ਕਿਸੇ ਮੰਦਿਰ ਵਿਚ ਇਸਤਰੀਆਂ ਦੇ ਦਾਖਲੇ/ਪੂਜਾ ਤੇ ਲਗੀ ਰੋਕ ਨੂੰ ਹਟਾਉਣ ਲਈ ਚਲਾਇਆ ਅੰਦੋਲਣ ਪਿਛਲੇ ਦਿਨੀ ਕਾਫੀ ਚਰਚਾ ਵਿਚ ਰਿਹਾ| ਦਰਬਾਰ ਸਾਹਿਬ ਦੇ ਕੇਂਦਰੀ ਗੁਰਦੁਆਰੇ ਵਿਚ ਵੀ ਇਸਤਰੀਆਂ ਵਲੋਂ ਕੀਰਤਨ ਕਰਨ ਤੇ ਲਗੀ ਪਾਬੰਦੀ ਨੂੰ ਹਟਾਉਣ ਲਈ ਵੀ ਮੰਗ ਗਾਹੇ-ਬਗਾਹੇ ਉਠਦੀ ਰਹਿੰਦੀ ਹੈ| ਐਸੀਆਂ ਹੋਰ ਵੀ ਮੰਗਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ|
ਸਾਡੀ ਸਮਝ ਅਨੁਸਾਰ ਇਸਤਰੀਆਂ ਨੂੰ ਐਸੇ ਅਖੌਤੀ ਧਰਮ ਅਸਥਾਨਾਂ ਤੇ ਕਰਮਕਾਂਡਾਂ ਵਿਚ ਹੱਕ ਲੈਣ ਦੀ ਥਾਂ, ਪੁਜਾਰੀਆਂ ਦੇ ਅੱਡੇ ਬਣੇ ਐਸੇ ਅਸਥਾਨਾਂ ਦਾ ਸੰਪੂਰਨ ਬਾਈਕਾਟ ਕਰਨਾ ਚਾਹੀਦਾ ਹੈ| ਸਾਨੂੰ ਐਸੇ ਅੰਦੋਲਣਾਂ ਨਾਲ ਕੁੱਝ ਕਰਮਕਾਂਡ ਕਰਨ ਦੀ ਆਗਿਆ ਬੇਸ਼ਕ ਮਿੱਲ ਜਾਵੇ, ਮਾਨਸਿਕ ਗੁਲਾਮੀ ਤੋਂ ਨਿਜਾਤ ਨਹੀਂ ਮਿਲ ਸਕਦੀ| ਇਸ ਗੁਲਾਮੀ ਤੋਂ ਆਜ਼ਾਦੀ ਲਈ ਪੁਜਾਰੀ ਜਮਾਤ ਦਾ ਸੰਪੂਰਨ ਬਾਈਕਾਟ ਕਰਨਾ ਜ਼ਰੁਰੀ ਹੈ| ਅੱਜ ਡੇਰਿਆਂ ਆਦਿ ਪੁਜਾਰੀਆਂ ਦੇ ਗੜ ਤੇ ਇਸਤਰੀਆਂ ਦੇ ਭਰਮਾਰ ਵੇਖੀ ਜਾ ਸਕਦੀ| ਬਹੁਤੇ ਪਤੀ ਇਹ ਕਹਿੰਦੇ ਸੁਣੇ ਹਨ ਕਿ ਮੈਂ ਤਾਂ ਕਰਮਕਾਂਡਾਂ ਅਤੇ ਅੰਧਵਿਸ਼ਵਾਸਾਂ ਤੇ ਵਿਸ਼ਵਾਸ ਨਹੀਂ ਕਰਦਾ ਪਰ ਮੇਰੀ ਪਤਨੀ ਕਾਰਨ ਮੈਨੂੰ ਵੀ ਜਾਣਾ ਪੈਂਦਾ ਹੈ|
ਸੋ ਅੱਜ ਅੰਤਰ-ਰਾਸ਼ਟਰੀ ਮਹਿਲਾ ਦਿਵਸ ਵਿਖੇ ਘੱਟੋ-ਘੱਟ ਕੁਝ ਇਸਤਰੀਆਂ ਨੂੰ ਤਾਂ ਇਹ ਖੁੱਲ ਕੇ ਐਲਾਨ ਕਰਨਾ ਚਾਹੀਦਾ ਹੈ ਕਿ ਅਸੀਂ ਪੁਜਾਰੀਵਾਦ ਦੀ ਗੁਲਾਮੀ ਤੋਂ ਪੂਰੀ ਤਰਾਂ ਮੁਕਤ ਹੋ ਚੁੱਕੀਆਂ ਹਾਂ| ਐਸੀਆਂ ਸੰਸਥਾਵਾਂ ਅਤੇ ਐਨ ਜੀ ੳ ਵਗੈਰਹ ਬਣਾਉਣੇ ਚਾਹੀਦੇ ਹਨ ਜੋ ਆਮ ਸਮਾਜ ਦੀਆਂ ਔਰਤਾਂ ਨੂੰ ਧਰਮ ਦੇ ਨਾਮ ਤੇ ਫੈਲਾਏ ਜਾ ਰਹੇ ਪੁਜਾਰੀਵਾਦ ਅਤੇ ਪਾਖੰਡਵਾਦ ਬਾਰੇ ਜਾਗਰੂਕ ਕਰਨ| ਜੇ ਅਸੀਂ ਪਰਿਵਾਰ ਦੀ ਨੀਂਹ ਇਸਤਰੀ ਨੂੰ ਪੁਜਾਰੀ ਦੀ ਮਾਨਸਿਕ ਗੁਲਾਮੀ ਤੋਂ ਮੁਕਤ ਕਰਵਾਉਣ ਵਿਚ ਕਾਮਯਾਬ ਹੋ ਜਾਂਦੇ ਹਾਂ ਤਾਂ ਐਸੇ ਸਮਾਜ ਦੀ ਸਥਾਪਨਾ ਦਾ ਸੁਪਨਾ ਵੇਖਿਆ ਜਾ ਸਕਦਾ ਹੈ ਜਿਸ ਵਿਚ ਪੁਜਾਰੀਵਾਦ ਦਾ ਪ੍ਰਭਾਵ ਨਾਮ ਮਾਤਰ ਹੋਵੇ| ਤੱਤ ਗੁਰਮਤਿ ਪਰਿਵਾਰ ਆਸ ਕਰਦਾ ਹੈ ਕਿ ਜਲਦ ਹੀ ਕੁਝ ਐਸੀਆਂ ਸੁਚੇਤ ਇਸਤਰੀਆਂ ਸਮਾਜ ਵਿਚ ਸਾਹਮਣੇ ਆਉਣਗੀਆਂ ਜੋ ਨਾਰੀ ਸਮਾਜ ਦੇ ਮੱਥੇ ਤੇ ਲਾਏ ਜਾਂਦੇ ‘ਪੁਜਾਰੀ ਗੁਲਾਮੀ’ ਦੇ ਕਲੰਕ ਨੂੰ ਦੂਰ ਕਰਨ ਲਈ ਠੋਸ ਐਲਾਣ ਕਰਨਗੀਆਂ ਅਤੇ ਹੋਰਨਾਂ ਲਈ ਪ੍ਰੇਰਨਾਸ੍ਰੋਤ ਬਣਨਗੀਆਂ| ਐਸੀਆਂ ਵੀਰਾਂਗਨਾਵਾਂ ਨੂੰ ‘ਤੱਤ ਗੁਰਮਤਿ ਪਰਿਵਾਰ’ ਆਪਣਾ ਹਰ ਸੰਭਵ ਸਹਿਯੋਗ ਦੇਣ ਦਾ ਵਿਸ਼ਵਾਸ ਦੁਆਉਂਦਾ ਹੈ|

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
੦੮ ਮਾਰਚ ੨੦੧੭

*************************************************************

ਸਿਧਾਂਤਕ ਖਬਰ ਤਰਾਸ਼ੀ
ਦਿੱਲੀ ਗੁਰਦੁਆਰਾ ਚੌਣਾਂ ਦੇ ਨਤੀਜੇ।



ਦਿੱਲੀ ਗੁਰਦੁਆਰਾ ਚੌਣਾਂ ਦੇ ਨਤੀਜੇ ਆ ਗਏ ਹਨ ਅਤੇ ਜਿਵੇਂ ਕਿ ਆਸ ਸੀ ਸਿਆਸੀ ਕਲਾਬਾਜ਼ੀਆਂ ਵਿਚ ਮਾਹਿਰ, ਅਕਾਲ ਤਖਤੀ ਪੁਜਾਰੀ ਵਿਵਸਥਾ ਦੇ 'ਪੰਥ-ਰਤਨ', ਬਾਦਲ ਦੀ ਸਰਪ੍ਰਸਤੀ ਵਿਚ ਵਿਚਰਦਾ ਅਕਾਲੀ ਦਲ ਇਕ ਵਾਰ ਫੇਰ ਗੁਰਦੁਆਰਾ ਵਿਵਸਥਾ ਤੇ ਕਾਬਿਜ਼ ਹੋ ਗਿਆ। ਦਿਲਚਸਪ ਗੱਲ ਇਹ ਹੈ ਕਿ ਇਕ ਅਨੁਮਾਨ ਮੁਤਾਬਿਕ, ਦਿੱਲੀ ਵਿਚਲੇ ਲਗਭਗ ੧੫ ਲੱਖ 'ਸਿਖਾਂ' ਦੀ ਸ਼ਰਧਾ ਦੇ ਕੇਂਦਰਾਂ ਤੇ ਸਿਰਫ ੧ ਲੱਖ ੫੦ ਹਜ਼ਾਰ ਦੇ ਲਗਭਗ (ਮਾਤਰ ੧੦ %) ਵੋਟਾਂ ਪ੍ਰਾਪਤ ਕਰਕੇ ਬਾਜ਼ੀ ਮਾਰ ਗਿਆ ਹੈ। ਇਹੀ ਵੋਟਾਂ ਦੇ ਸਿਸਟਮ ਦੀ ਸਭ ਤੋਂ ਵੱਡੀ ਖਾਮੀ ਹੈ ਕਿ ਜ਼ਰੂਰੀ ਨਹੀਂ ਚੁਣੀ ਜਾਣ ਵਾਲੀ ਧਿਰ ਬਹੁਤ ਵੱਡੀ ਪੱਧਰ ਤੇ ਲੋਕਾਂ ਦੀ ਪਸੰਦ ਹੋਵੇ। ਹਾਂ, ਉਸਨੁੰ ਚੌਣ ਲੜ ਰਹੀ ਧਿਰਾਂ ਵਿਚੋਂ ਸਭ ਤੋਂ ਵੱਧ ਵੋਟਾਂ ਪ੍ਰਾਪਤ ਹੋਣੀਆਂ ਚਾਹੀਦੀਆਂ ਹਨ, ਫੇਰ ਉਹ ਭਾਂਵੇ ਕੁਲ ਦੀਆਂ ੧੦% ਹੀ ਕਿਉਂ ਨਾ ਹੋਣ?


ਵੈਸੇ ਇਹ ਅਫਸੋਸਜਨਕ ਅਤੇ ਤਲੱਖ ਹਕੀਕਤ ਹੈ ਕਿ ਗੁਰਦੁਆਰਾ ਚੌਣਾਂ ਵਿਚ ਭਾਂਵੇ ਕੋਈ ਵੀ ਜਿਤੇ, ਬਾਬਾ ਨਾਨਕ ਦੀ ਸਿਧਾਂਤਕ ਸੇਧ ਪੱਖੋਂ ਸਮਾਜ ਹਾਰ ਹੀ ਰਿਹਾ ਹੈ। ਕਾਰਨ ਬਹੁਤਿਆਂ ਦੀ ' ਅੰਧ ਸ਼ਰਧਾਮਈ ਸਮਝ' ਤੋਂ ਬਾਹਰ, ਪਰ ਬਹੁਤ ਹੀ ਸਰਲ ਅਤੇ ਸਪਸ਼ਟ ਹੈ ਕਿ ਗੁਰਦੁਆਰੇ ਨਾਨਕ ਫਲਸਫੇ ਦੇ ਗਿਆਨ ਕੇਂਦਰ ਨਹੀਂ ਰਹੇ। ਬਲਕਿ ਉਹ ਤਾਂ ਅਨਮੱਤੀਆਂ ਵਾਂਗੂ ਪੁਜਾਰੀ ਖਿਲਾਰ ਨਾਲ ਭਰਪੂਰ 'ਪੂਜਾ-ਸਥਲ' ਬਣ ਚੁੱਕੇ ਹਨ। ਇਸ ਲਈ ਕੋਈ ਵੀ ਧਿਰ ਜਿੱਤ ਜਾਵੇ, ਸਿਰਫ ਕਬਜ਼ਾ ਹੀ ਬਦਲਨਾ ਹੈ, ਸੁਧਾਰ ਨਹੀਂ ਹੋਣਾ।
ਜੇ ਸਰਨਾ ਦਲ ਜਾਂ ਕੋਈ ਹੋਰ ਵੀ ਜਿੱਤ ਜਾਂਦਾ ਤਾਂ ਕਹਾਨੀ ਬਹੁਤੀ ਵੱਖਰੀ ਨਹੀਂ ਹੋਣੀ ਸੀ। ਜਿਨ੍ਹਾਂ ਗੁਰਮੱਤ ਦੇ ਮੂਲ਼ ਸਿਧਾਂਤਾਂ ਤੋਂ ਇਹ ਗੁਰਦੁਆਰਾ ਵਿਵਸਥਾ ਪੂਰੀ ਤਰਾਂ ਭਟਕ ਚੁੱਕੀ ਹੈ, ਉਸ ਬਾਰੇ ਸੱਚੀ ਅਤੇ ਖਰੀ ਗੱਲ ਕਰਨ ਦੀ ਹਿੰਮਤ ਕਿਸੇ ਵੀ ਮੌਜੂਦਾ ਧੜੇ ਕੌਲ ਨਹੀਂ ਹੈ, ਅਮਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਸੰਗਤਾਂ ਦੀ ਅੰਨ੍ਹੀ ਸ਼ਰਧਾ ਨੂੰ ਠੇਸ ਪਹੁੰਚਾaੇਣ ਦੀ 'ਹਾਂ-ਪੱਖੀ ਗਲਤੀ' ਉਹ ਕਦੀ ਨਹੀਂ ਕਰ ਸਕਦੇ ਕਿਉਂਕਿ ਵੋਟਾਂ ਜੋ ਟੁਟਦੀਆਂ ਹਨ।


ਇਹ ਇਕ ਹੋਰ ਕੜਵੀ ਸੱਚਾਈ ਹੈ ਕਿ ਮੌਜੂਦਾ ਸਿੱਖ ਸਮਾਜ ਬਾਬਾ ਨਾਨਕ ਦੇ ਸਮਝਾਏ ਮੂਲ ਫਲਸਫੇ ਤੋਂ ਪੂਰੀ ਤਰਾਂ ਭਟਕ ਕੇ, ਪਹਿਲਾਂ ਮੌਜੂਦ ਉਨ੍ਹਾਂ ਫਿਰਕਿਆਂ ਵਾਂਗੂ, ਇਕ ਹੋਰ ਫਿਰਕੇ ਦਾ ਰੂਪ ਧਾਰਨ ਕਰ ਗਿਆ ਹੈ, ਜਿਸ ਫਿਰਕਾਪ੍ਰਸਤੀ ਦੇ ਬਾਬਾ ਨਾਨਕ ਸ਼ੁਰੂ ਤੋਂ ਆਲੋਚਕ ਰਹੇ ਹਨ। ਸੋ ਇਸਦਾ ਸੁਧਾਰ ਸੰਭਵ ਨਹੀਂ। ਆਮ ਸਿੱਖ ਨੂੰ ਪੁਜਾਰੀਆਂ ਨੇ ਅੰਨ੍ਹੀ ਸ਼ਰਧਾ ਰਾਹੀ ਇਸ ਕਦਰ ਮਾਨਸਿਕ ਗੁਲਾਮ ਬਣਾ ਛੱਡਿਆ ਹੈ ਕਿ ਉਸ ਤੋਂ ਕਿਸੇ ਪੁਜਾਰੀ ਖਿਲਾਫ, ਹਾਂ-ਪੱਖੀ ਵਿਰੋਧੀ ਸੁਰ ਦੀ ਆਸ ਰੱਖਣੀ ਫਜ਼ੂਲ ਹੈ। ਪਰ ਸਾਨੂੰ ਹੈਰਾਨੀ ਉਨ੍ਹਾਂ ਸੱਜਣਾਂ ਅਤੇ ਧਿਰਾਂ ਦੇ ਸਟੈਂਡ ਤੇ ਹੁੰਦੀ ਹੈ ਜੋ ਆਪਣੇ ਆਪ ਨੂੰ ਜਾਗਰੂਕ ਹੋਣ ਦਾ ਸਰਟੀਫਿਕੇਟ ਦੇਂਦੇ ਨਹੀਂ ਥੱਕਦੇ।ਇਨ੍ਹਾਂ ਨੂੰ ਦਿੱਲੀ ਚੌਣਾਂ ਵਿਚ ਸਰਨਾ ਦਲ ਦੀ ਪਿੱਠ ਤੇ ਖੜੇ ਹੋਣ ਵਿਚ ਪਤਾ ਨਹੀਂ ਕਿਹੜੀ ਪੰਥਕ ਜਾਗਰੂਕਤਾ ਮਹਿਸੂਸ ਹੋਈ? ਸਰਨਾ ਧੜਾ ਵੀ ਕਾਫੀ ਸਮਾਂ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਰਿਹਾ ਪਰ ਸਿਧਾਂਤਕ ਪੱਖੋਂ ਗੁਰਦੁਆਵਾਰਿਆਂ ਵਿਚ ਕੀ ਮੂਲ ਸੁਧਾਰ ਹੋਇਆ ? ਸ਼ਾਇਦ ਇਨ੍ਹਾਂ ਦੀ ਲਾਲਚ ਇਹ ਸੀ ਕਿ ਸਾਨੂੰ ਦਿਲੀ ਗੁਰਦੁਆਰਿਆਂ ਦੀਆਂ ਸਟੇਜਾਂ ਪ੍ਰਚਾਰ ਲਈ ਮਿਲ ਜਾਣਗੀਆਂ। ਪਰ ਸਰਨਾ ਧੜੇ ਦੇ ਕਬਜ਼ੇ ਦਾ ਸਮਾਂ ਚੇਤੇ ਕਰ ਕੇ ਵੇਖੋ ! ਉਸ ਸਮੇਂ ਕੁਝ ਦਿਨ ਮਿਸ਼ਨਰੀ ਸੋਚ ਦਾ ਬੰਦਾ ਸਟੇਜ਼ ਤੇ ਪ੍ਰਚਾਰ ਕਰ ਕੇ ਜਾਂਦਾ ਸੀ ਤਾਂ ਕੁਝ ਸਮੇਂ ਬਾਅਦ ਸੰਪਰਦਾਈ ਸੋਚ ਦਾ ਪ੍ਰਚਾਰਕ ਉਸ ਦੇ ਉਲਟ ਪ੍ਰਚਾਰ ਕਰ ਕੇ ਚਲਾ ਜਾਂਦਾ ਸੀ। 'ਸਿੱਖ ਸੰਗਤ' ਤਾਂ ਵੈਸੇ ਵੀ ਸ਼ਰਧਾ ਦੀ ਉਨ ਵਿਚ ਲਿਪਟੀ ਹੁੰਦੀ ਹੈ, ਉਸ ਨੂੰ ਗਿਆਨ ਲੈਣ ਦੀ ਥਾਂ 'ਗੁਰੂ ਘਰ ਵਿਚ ਹਾਜ਼ਰੀ ਲਗਾਉਣਾ' ਹੀ ਧਰਮੀ ਹੋਣ ਦਾ ਰਾਹ ਲਗਦਾ ਹੈ। ਉਸ ਸਮੇਂ ਮਿਸ਼ਨਰੀ ਸੋਚ ਦੇ ਜਾਗਰੂਕ ਮੰਨੇ ਜਾਂਦੇ ਪ੍ਰਚਾਰਕਾਂ ਨੇ ਬੇਸ਼ਕ ਸਿੱਧੇ ਅਸਿੱਧੇ ਤਰੀਕੇ ਬਾਦਲ ਦਲ ਦਾ ਵਿਰੋਧ (ਜੋ ਸਰਨਾ ਧੜੇ ਨੂੰ ਚੰਗਾ ਲਗਦਾ ਸੀ) ਤਾਂ ਕੀਤਾ ਪਰ ਕਦੇ ਗੁਰਮਤਿ ਦੇ ਮੂਲ ਸਿਧਾਂਤਾਂ ਤੋਂ ਭਟਕਾਵ ਬਾਰੇ ਵਿਚਾਰ ਸ਼ਾਇਦ ਹੀ ਕੀਤਾ। 'ਬੰਗਲਾ ਸਾਹਿਬ' ਦੇ ਗੁਰਦੁਆਰੇ ਦੀ ਸਟੇਜ ਤੋਂ ਕਿਸੇ ਵੀ 'ਜਾਗਰੂਕ' ਪ੍ਰਚਾਰਕ ਨੇ ਇਸੇ ਗੁਰਦੁਆਰੇ ਵਿਚ ਹੁੰਦੀਆਂ ਘੋਰ ਮਨਮਤਾਂ ਬਾਰੇ ਜ਼ਿਕਰ ਤੱਕ ਵੀ ਸ਼ਾਇਦ ਨਹੀਂ ਕੀਤਾ? ਐਸੇ ਮਿਸ਼ਨਰੀ ਪ੍ਰਚਾਰਕ 'ਪ੍ਰੀਖਿਆ ਦੀ ਘੜੀ' ਵਿਚ ਪੁਜਾਰੀਆਂ ਸਾਹਮਣੇ ਘੁਟਣੇ ਟੇਕਦੇ ਸਭ ਨੇ ਵੇਖੇ। ਹੁਣ ਦੱਸੋ! ਐਸੀਆਂ ਸਟੇਜਾਂ ਅਤੇ ਐਸੇ ਪ੍ਰਚਾਰਕਾਂ ਤੋਂ ਨਾਨਕ ਇਨਕਲਾਬ ਦੀ ਰਾਹ ਤੇ ਵਾਪਿਸ ਆਉਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਅਸੀਂ ਕਦੋਂ ਤੱਕ ਗੁਰਦੁਆਰਾ ਸੁਧਾਰ ਦੇ ਛੁਣਛੁਣਿਆਂ ਨਾਲ ਅਪਣਾ ਦਿਲ ਪ੍ਰਚਾਵਾ ਕਰਦੇ ਹੋਏ, ਅਸਲ ਨਾਨਕ ਇਨਕਲਾਬ ਤੋਂ ਮੁੰਹ ਫੇਰੀ ਰੱਖਾਂਗੇ ?

ਪ੍ਰੋ. ਘੱਗਾ ਤੇ ਹਮਲਾ

ਕੁੱਝ ਕੁ ਦਿਨ ਪਹਿਲਾਂ ਮਲੇਸ਼ਿਆਂ ਦੇ ਇਕ ਗੁਰਦੁਆਰੇ ਵਿਚ ਕਥਾ ਕਰਦੇ ਵਕਤ ਪ੍ਰੋ. ਇੰਦਰ ਸਿੰਘ ਘੱਗਾ ਤੇ ੇ ਸੰਗਤ ਵਿਚ ਸ਼ਾਮਿਲ ਕਿਸੇ ਸੱਜਣ ਵਲੋਂ ਹਮਲਾ ਕੀਤਾ ਗਿਆ। ਕਿਸੇ ਵਿਚਾਰ ਤੋਂ ਚਿੜ੍ਹ ਕੇ ਸ਼ਰੀਰਕ ਹਮਲਾ ਕਰਨ ਦੀ ਨਾਨਕ ਵਿਰੋਧੀ ਸੋਚ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਤਿਹਾਸ ਵਿਚ ਸੰਪਰਦਾਈ ਸੋਚ ਨਾਲ ਲਬਰੇਜ਼ ਧਿਰਾਂ ਐਸਾ ਕਰਦੀਆਂ ਹੀ ਰਹੀਆਂ ਹਨ। ਕੁਝ ਸਮਾਂ ਪਹਿਲਾਂ ਭਾਈ ਰਣਜੀਤ ਸਿੰਘ ਢੱਢਰੀਆਂ ਵਾਲੇ ਦੇ ਕਾਫਲੇ ਤੇ ਟਕਸਾਲੀ ਸੱਜਣਾਂ ਵਲੋਂ ਕੀਤਾ ਦੱਸਿਆ ਜਾਂਦਾ ਹਮਲਾ ਇਸਦੀ ਇਕ ਹੋਰ ਤਾਜ਼ਾ ਮਿਸਾਲ ਹੈ। ਪ੍ਰੋ. ਘੱਗਾ ਜੀ ਤੇ ਵੀ ਇਸ ਤੋਂ ਪਹਿਲਾਂ ਪਟਿਆਲਾ ਅਤੇ ਹੋਰ ਕਈ ਥਾਵਾਂ ਤੇ ਐਸੇ ਬੁਜ਼ਦਿਲਾਨਾ ਹਮਲੇ ਹੋ ਚੁੱਕੇ ਹਨ। ਤੱਤ ਗੁਰਮਤਿ ਪਰਿਵਾਰ ਐਸੇ ਹਮਲਿਆਂ ਦੀ ਪੁਰਜ਼ੋਰ ਆਲੋਚਣਾ ਕਰਦਾ ਹੋਇਆ, ਸਾਰੀਆਂ ਧਿਰਾਂ ਨੂੰ ਇਹ ਚੇਤੇ ਕਰਵਾਉਣ ਚਾਹੁੰਦਾ ਹੈ ਕਿ ਜੇ ਅਸੀਂ ਕਿਸੀ ਵੀ ਤਰਾਂ ਐਸੇ ਹਮਲਿਆਂ ਦਾ ਦਾ ਤਿੱਖਾ ਵਿਰੋਧ ਨਹੀਂ ਕਰਦੇ ਹਾਂ ਤਾਂ ਸਾਨੂੰ ਬਾਬਾ ਨਾਨਕ ਦੇ ਪੈਰੋਕਾਰ ਹੋਣ ਦਾ ਭਰਮ ਦਿਲ ਵਿਚੋਂ ਕੱਡ ਦੇਣਾ ਚਾਹੀਦਾ ਹੈ। ਐਸੀ ਤਾਲੀਬਾਨੀ ਸੋਚ ਦੀ ਬਾਬਾ ਨਾਨਕ ਦੇ ਫਲਸਫੇ ਵਿਚ ਕੋਈ ਥਾਂ ਨਹੀਂ।

ਪੰਜਾਬ ਵਿਚ ਨਾਮ ਚਰਚਾ ਰੁਕਵਾਨ ਲਈ ਗੁਰਮਤਿ ਵਿਰੋਧੀ ਜ਼ੋਰ ਅਜ਼ਮਾਇਸ਼

ਇਹ ਇਕ ਤਲਖ ਸੱਚਾਈ ਹੈ ਕਿ ਸਿੱਖ ਸਮਾਜ ਵਿਚ ਡੇਰਾਵਾਦ ਦੀ ਬੀਮਾਰੀ ਅਟੂੱਟ ਅਤੇ ਪ੍ਰਵਾਨਿਤ ਹਿੱਸਾ ਬਣ ਚੁੱਕੀ ਹੈ। ਆਮ ਸਿੱਖ ਕਿਸੇ ਨਾ ਕਿਸੇ ਡੇਰੇ (ਇਕ ਤੋਂ ਵੱਧ ਦਾ ਵੀ ਹੋ ਸਕਦਾ ਹੈ) ਦੀ ਮਾਨਸਿਕ ਗੁਲਾਮੀ ਹੰਡਾ ਰਿਹਾ ਹੈ। ਸਿੱਖ ਸਮਾਜ ਤੋਂ ਹੀ ਨਿਕਲੇ, ਪਰ ਵੱਖਰੀ ਪਹਿਚਾਨ ਬਣਾ ਚੁੱਕੇ ਕੁਝ ਡੇਰੇਵਾਦੀਆਂ ਨਾਲ ਸਿੱਖ ਸਮਾਜ ਦਾ ਟਕਰਾਵ ਵੀ ਰਿਹਾ ਹੈ। ਨਿਰੰਕਾਰੀ ਅਤੇ ਰਾਧਾਸੁਆਮੀ ਇਸ ਦੀ ਮਿਸਾਲ ਹਨ। ਡੇਰਾ ਸੱਚਾ ਸੌਦਾ ਸਿਰਸਾ ਨਾਲ ਸਿੱਖਾਂ ਦਾ ਟਕਰਾਅ ਪਿੱਛਲੇ ਕੁਝ ਸਮੇਂ ਤੋਂ ਪੰਜਾਬ ਦੀ ਕਾਨੂੰਨ ਵਿਵਸਥਾ ਲਈ ਇਕ ਵੱਡੀ ਚੁਣੌਤੀ ਬਣ ਚੁਕਿਆ ਹੈ।


ਤਾਜ਼ਾ ਵਿਵਾਦ ਦਾ ਕਾਰਨ ਬਣ ਰਿਹਾ ਹੈ ਕੁਝ ਸਿੱਖ ਸੰਸਥਾਵਾਂ ਵਲੋਂ ਪੰਜਾਬ ਵਿਚ ਹੋ ਰਹੀਆਂ ਡੇਰਾ 'ਸੱਚਾ ਸੌਦਾ' ਸਿਰਸਾ ਦੇ ਸ਼ਰਧਾਲੂਆਂ ਵਲੋਂ ਕੀਤੀ ਜਾਂਦੀ 'ਨਾਮ ਚਰਚਾ' ਨੂੰ ਜਬਰਨ ਰੁਕਵਾਉਣ ਦੀ ਜ਼ੋਰ ਅਜ਼ਮਾਇਸ਼। ਇਸ ਕਾਰਵਾਈ ਨੂੰ ਗੁਰਮਤਿ ਦੀ ਕਸਵੱਟੀ ਤੇ ਨਿਰਪੱਖ ਹੋ ਕੇ ਪਰਖਦੇ ਹਾਂ। ਇਸ ਵਿਚ ਕੀ ਹੁੰਦਾ ਹੈ? ਡੇਰੇ ਦੇ ਸ਼ਰਧਾਲੂ ਘਰਾਂ ਵਿਚ ਜਾਂ ਕੁਝ ਸਥਾਪਿਤ ਸਥਾਨਾਂ ਤੇ ਕੁਝ ਨਿਸ਼ਚਿਤ ਕਿਰਿਆਵਾਂ (ਕਰਮਕਾਂਡ) ਕਰਦੇ ਹੋਣਗੇ ਜਾਂ ਕੁਝ ਪ੍ਰਵਚਨ/ਵਿਚਾਰ ਕਰਦੇ/ਸੁਣਦੇ ਹੋਣਗੇ। ਇਹ ਵੀ ਮੰਨ ਲੈਂਦੇ ਹਾਂ ਕਿ ਉਹ ਇਨ੍ਹਾਂ ਚਰਚਾਵਾਂ ਵਿਚ ਸਿੱਖ ਮੱਤ ਬਾਰੇ/ਦਸ ਪਾਤਸ਼ਾਹੀਆਂ/ਗੁਰਬਾਣੀ ਆਦਿ ਬਾਰੇ ਕਈ ਵਿਵਾਦਿਤ ਅਤੇ ਆਲੋਚਣਾਤਮਕ ਟਿੱਪਣੀਆਂ ਵੀ ਕਰਦੇ ਹੋਣਗੇ। ਇਸ ਲਈ ਕੀ ਉਨ੍ਹਾਂ ਨਾਲ ਹਿੰਸਕ ਟਕਰਾਅ ਕਰਨਾ ਜ਼ਰੂਰੀ ਅਤੇ ਜਾਇਜ਼ ਹੈ ?


'ਵਿਚਾਰ ਵਿਅਕਤ ਕਰਨ ਦੀ ਆਜ਼ਾਦੀ' ਕੁਝ ਮੂਲ਼ ਮਨੁੱਖੀ ਅਧਿਕਾਰਾਂ ਵਿਚੋਂ ਇਕ ਹੈ। ਸੰਸਾਰ ਦਾ ਹੋਰ ਕੋਈ ਫਿਰਕਾ/ਦੇਸ਼/ਮੱਤ ਇਸ ਨੂੰ ਮਾਨਤਾ ਦੇਵੇ ਨਾ ਦੇਵੇ ਪਰ ਅਗਰ ਬਾਬਾ ਨਾਨਕ ਦਾ ਸਿੱਖ ਅਖਵਾਉਣ ਦਾ ਦਾਅਵਾ ਕਰਨ ਵਾਲਾ ਕੋਈ ਸੱਜਣ/ਸੰਸਥਾ ਇਸ ਨੂੰ ਮਾਨਤਾ ਨਹੀਂ ਦੇਂਦਾ ਤਾਂ ਉਸ ਦਾ ਇਹ ਦਾਅਵਾ ਖੋਖਲਾ ਅਤੇ ਝੂਠਾ ਹੀ ਮੰਨਿਆ ਜਾਵੇਗਾ। ਕਿਉਂਕਿ ਵਿਸ਼ਵ ਦੇ ਕੁਲ ਇਤਿਹਾਸ ਵਿਚ ਬਾਬਾ ਨਾਨਕ ਹੀ ਇਸ ਮੂਲ ਅਧਿਕਾਰ ਦਾ ਸਭ ਤੋਂ ਵੱਡਾ ਸਮਰਥਕ ਅਤੇ ਝੰਡਾ-ਬਰਦਾਰ ਰਹੇ ਹਨ। 'ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ' ਅਤੇ 'ਰੋਸੁ ਨ ਕੀਜੈ ਉਤਰੁ ਦੀਜੈ' ਜਿਹੇ ਵਾਕਾਂ ਰਾਹੀਂ 'ਵਿਚਾਰ ਵਿਅਕਤ ਕਰਨ ਦੀ ਆਜ਼ਾਦੀ' ਦਾ ਹੋਕਾ ਦਿੰਦੇ ਬਾਬਾ ਨਾਨਕ ਨੂੰ ਕਿਵੇਂ ਅਣਦੇਖਿਆ ਕੀਤਾ ਜਾ ਸਕਦਾ ਹੈ? ਸੋ ਜੇ ਐਸੇ ਨਾਨਕ ਪਾਤਸ਼ਾਹ ਦੇ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਸੱਜਣ ਧਿਰਾਂ ਜੇ ਸਿਰਫ ਆਪਣੀ ਆਲੋਚਣਾ/ਨਿੰਦਾ ਸੁਣਕੇ 'ਰੋਸ' ਵਿਚ ਆ ਜਾਣ ਅਤੇ ਕਤਲੋਗਾਰਤ ਮਚਾਉਣ ਤੋਂ ਵੀ ਪਰਹੇਜ਼ ਨਾ ਕਰਨ ਤਾਂ ਇਸ ਤੋਂ ਵੱਡਾ ਧ੍ਰੋਹ ਬਾਬਾ ਨਾਨਕ ਦੀ ਸੋਚ ਨਾਲ ਹੋ ਵੀ ਕੀ ਸਕਦਾ ਹੈ? ਚਲੋ, ਜੇ ਕਿਸੇ ਨੇ ਜ਼ਜ਼ਬਾਤੀ ਮੂਰਖਤਾ ਵਿਚ ਆ ਕੇ ਕਿਸੇ ਦਾ ਕਤਲ ਕਰ ਵੀ ਦਿਤਾ ਹੈ ਤਾਂ ਹੋਰਨਾਂ ਦਾ ਫਰਜ਼ ਬਣਦਾ ਹੈ ਐਸੀ ਫਜ਼ੂਲ ਜ਼ਜਬਾਤੀਂ ਪਹੁੰਚ ਨੂੰ ਘਟਾਉਣ ਦੇ ਜਤਨ ਕੀਤੇ ਜਾਣ ਤਾਂ ਕਿ ਆਪਸੀ ਨਫਰਤ ਹੋਰ ਨਾ ਵਧੇ। ਪਰ ਹੁੰਦਾ ਬਿਲਕੁਲ ਉਲਟ ਹੈ। ਐਸੇ ਜ਼ਜਬਾਤੀਂ ਕਾਤਲਾਂ ਨੂੰ ਸਮਾਜ ਵਿਚ 'ਹੀਰੋ' ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਨਾਲ ਇਹ ਜ਼ਜਬਾਤੀ ਫਿਰਕਾਪ੍ਰਸਤੀ ਅਤੇ ਨਫਰਤ ਹੋਰ ਵੱਧਦੀ ਹੈ।
ਕਿਸੇ ਵਲੋਂ ਵਿਚਾਰਾਂ ਰਾਹੀਂ ਆਪਣੇ ਪਾਤਸ਼ਾਹਾਂ/ਰਸਮਾਂ/ਮਾਨਤਾਵਾਂ ਆਦਿ ਦੀ ਆਲੋਚਣਾ/ਨਿੰਦਾ ਤੋਂ ਬੌਖਲਾ ਕੇ ਭੜਕ ਅਤੇ ਭਟਕ ਜਾਣ ਵਾਲੇ ਤਥਾਕਥਿਤ ਸਿੱਖਾਂ ਨੂੰ ਅਗਲੀ ਵਿਚਾਰ ਗੰਭੀਰਤਾ ਨਾਲ ਸਮਝਣੀ ਪਵੇਗੀ। ਜੇ ਸਿਰਫ ਵਿਚਾਰਾਂ ਰਾਹੀਂ ਕਿਸੇ ਦੇ ਇਸ਼ਟ/ਧਰਮ ਗ੍ਰੰਥ/ਮਾਨਤਾਵਾਂ ਆਦਿ ਦੀ ਆਲੋਚਣਾ/ਨਿੰਦਾ ਨੂੰ ਅਪਰਾਧ ਮੰਨ ਕੇ, ਫਸਾਦਾਂ ਜਾਂ ਕਾਨੂੰਨ ਨਾਲ ਰੋਕਣਾ ਜਾਇਜ਼ ਮੰਨ ਲਿਆ ਜਾਵੇ ਤਾਂ ਇਸ ਦਾ ਪਹਿਲਾ ਸ਼ਿਕਾਰ 'ਸਿੱਖ ਸਮਾਜ' ਹੀ ਬਣੇਗਾ। ਇਸ ਗੱਲ ਤੋਂ ਕੌਣ ਮੁਨਕਰ ਹੋ ਸਕਦਾ ਹੈ ਕਿ 'ਸ਼ਬਦ ਗੁਰੂ ਗ੍ਰੰਥ ਸਾਹਿਬ' ਜੀ ਦੇ ਮੌਜੂਦਾ ਪ੍ਰਚਲਿਤ ਸਰੂਪ ਵਿਚ ਪਹਿਲਾਂ ਪ੍ਰਚਲਿਤ ਮੱਤਾਂ (ਬ੍ਰਾਹਮਣੀ/ਇਸਲਾਮ/ਜੈਣ ਆਦਿ) ਦੇ ਇਸ਼ਟਾਂ/ਧਰਮ ਗ੍ਰੰਥਾਂ/ਮਾਨਤਾਵਾਂ ਬਾਰੇ ਬਹੁਤ ਹੀ ਬੇਬਾਕ, ਤਲਖ ਅਤੇ ਉਸਾਰੂ ਖੰਡਨਾਤਮਕ ਟਿੱਪਣੀਆਂ ਦੇ ਰੂਪ ਵਿਚ ਆਲੋਚਣਾ ਮਿਲਦੀ ਹੈ। ਇਸ ਨੂੰ ਕੋਈ ਵੀ ਮੱਤ ਆਸਾਨੀ ਨਾਲ ਆਪਣੀ ਇਸ਼ਟ ਨਿੰਦਾ ਸਾਬਿਤ ਕਰ ਸਕਦਾ ਹੈ ਅਤੇ ਸਮਾਜ ਵਿਚ ਨਫਰਤ ਦਾ ਮਾਹੌਲ ਖੜਾ ਕਰ ਸਕਦਾ ਹੈ। ਇਸ ਤੋਂ ਵੱਧ ਕੇ ਜੇ ਕੋਈ ਅਦਾਲਤ ਵਿਚ ਇਸ ਮਸਲੇ ਨੂੰ ਲੈ ਗਿਆ ਤਾਂ ਫੇਰ 'ਜਜ਼ਬਾਤਾਂ ਨੂੰ ਠੇਸ' ਦੇ ਬਹਾਨੇ ਹੇਠ ਧਾਰਾ '੨੯੫-ਏ' ਦਾ ਕੁਹਾੜਾ ਚਲਾ ਕੇ 'ਗੁਰਬਾਣੀ ਵਿਚਾਰ' ਤੇ ਹੀ ਪਾਬੰਦੀ ਲਗਾਈ ਜਾ ਸਕਦੀ ਹੈ। ਐਸੀ ਸਥਿਤੀ ਵਿਚ ਸਿਰਫ 'ਨਾਮ ਚਰਚਾ' ਤੋਂ ਚਿੜ੍ਹ ਕੇ 'ਕਤਲੋ ਗਾਰਤ' ਮਚਾਉਣ ਵਾਲੇ ਵੱਡੇ 'ਪੰਥਕਾਂ' ਨੂੰ ਮੁੰਹ ਛਿਪਾਉਣ ਦੀ ਕੋਈ ਥਾਂ ਨਹੀਂ ਲੱਭਣੀ।


ਸੋ ਲੌੜ ਹੈ, ਸਹਿਜ ਨਾਲ ਗੁਰਬਾਣੀ ਦੀ ਰੋਸ਼ਨੀ ਵਿਚ ਤੁਰਨ ਦੀ (ਜਿਸ ਦੀ ਉਮੀਦ ਸਿੱਖ ਸਮਾਜ ਤੋਂ ਬਹੁਤ ਘੱਟ ਹੀ ਹੈ) ਅਤੇ ਬਾਬਾ ਨਾਨਕ ਦੀ ਸੇਧ ਵਿਚ 'ਵਿਚਾਰ ਵਿਅਕਤ ਕਰਨ ਦੀ ਆਜ਼ਾਦੀ' ਦੇ ਮਨੁੱਖੀ ਹੱਕ ਦੇ ਸਮਰਥਨ ਲਈ ਹਾਂ-ਪੱਖੀ ਲਹਿਰ ਚਲਾਉਣ ਦੀ। ਆਪਣੀ ਆਲੋਚਣਾ/ਨਿੰਦਾ ਨੂੰ ਖਿੜ੍ਹੇ ਮੱਥੇ ਸਵੀਕਾਰ ਕਰਦੇ ਹੋਏ, ਤੱਥਾਂ ਅਤੇ ਤਰਕ ਆਧਾਰਿਤ ਉਸ ਦਾ ਜਵਾਬ ਦੇਣ ਦੀ।


'ਤੱਤ ਗੁਰਮਤਿ ਪਰਿਵਾਰ' ਬਾਬਾ ਨਾਨਕ ਜੀ ਦੀ ਸੇਧ ਵਿਚ 'ਵਿਚਾਰ ਵਿਅਕਤ ਕਰਨ ਦੀ ਆਜ਼ਾਦੀ' ਦੇ ਮਨੁੱਖੀ ਅਧਿਕਾਰ ਦਾ ਪੁਰਜ਼ੋਰ ਸਮਰਥਨ ਕਰਦਾ ਹੈ ਅਤੇ ਕੁਝ ਸੱਜਣਾਂ/ਸੰਸਥਾਵਾਂ ਵਲੋਂ ਨਾਮ ਚਰਚਾ ਰੁਕਵਾਉਣ ਲਈ ਕੀਤੀ ਜਾ ਰਹੀ ਜ਼ਬਰਦਸਤੀ ਅਤੇ ਕਤਲੋ-ਗਾਰਤ ਦੀ ਪਹੁੰਚ ਨੂੰ ਗਲਤ ਮੰਨਦੇ ਹੋਏ ਉਸ ਦੀ ਆਲੋਚਣਾ ਕਰਦਾ ਹੈ। ਅਸੀਂ ਭਾਰਤੀ ਕਾਨੂੰਨ ਦੀ ਇਸ ਆਜ਼ਾਦੀ ਤੇ ਆਨੇ-ਬਹਾਨੇ ਅੰਕੁਸ਼ ਲਾਉਣ ਲਈ ਵਰਤੀ ਜਾਂਦੀ 'ਧਾਰਾ ੨੯੫-ਏ' ਨੂੰ ਪੂਰੀ ਤਰਾਂ ਸਹੀ ਨਹੀਂ ਮੰਨਦੇ ਅਤੇ ਸਮਾਜ ਦੇ ਸੁਚੇਤ ਸੱਜਣਾਂ ਨੂੰ ਇਸ ਦੇ ਪੁਨਰ-ਪੜਚੋਲ ਕਰਵਾਉਣ ਲਈ ਇਕ ਸਾਂਝੀ ਲਹਿਰ ਚਲਾਉਣ ਦੀ ਕੋਸ਼ਿਸ਼ ਕਰਨ ਦਾ ਗੁਜ਼ਾਰਿਸ਼ ਕਰਦੇ ਹਾਂ। ਵਿਸ਼ਵ ਦੇ ਹਰ ਸਮਝਦਾਰ ਅਤੇ ਸੁਚੇਤ ਮਨੁੱਖ ਨੂੰ, ਫਿਰਕਾਪ੍ਰਸਤੀ ਤੋਂ ਉਪਰ ਉਠ ਕੇ, ਇਸ ਹੱਕ ਦਾ ਸਮਰਥਨ ਕਰਨਾ ਚਾਹੀਦਾ ਹੈ।


ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
੦੫ ਮਾਰਚ ੨੦੧੭ (ਈਸਵੀ)


03/12/17
ਗਿਆਨੀ ਅਵਤਾਰ ਸਿੰਘ

ਸਿੱਖ; ਕੇਜਰੀਵਾਲ ਦੀ ਸੋਚ ਨੂੰ ਕਿਉਂ ਸਮਰਪਿਤ ਹੋਣਾ ਚਾਹੁੰਦੇ ਹਨ ?

ਗਿਆਨੀ ਅਵਤਾਰ ਸਿੰਘ-94650-40032

11 ਮਾਰਚ 2017 ਨੂੰ ਆਏ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ’ਚ ਕਾਂਗਰਸ ਨੂੰ 77, ਆਪ/ਲੋਕ ਇਨਸਾਫ਼ ਪਾਰਟੀ ਨੂੰ 22 ਤੇ ਭਾਜਪਾ/ਅਕਾਲੀ ਦਲ ਨੂੰ 18 ਸੀਟਾਂ ਮਿਲੀਆਂ ਹਨ। 4 ਫ਼ਰਵਰੀ 2017 ਨੂੰ ਪੰਜਾਬ ਦੇ 1.9 ਕਰੋੜ ਵੋਟਰਾਂ ’ਚੋਂ 78.62% ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ। ਭੁਗਤ ਚੁੱਕੀ ਇਸ ਵੋਟ ਨੂੰ 100% ਮੰਨਣ ਉਪਰੰਤ ਕਾਂਗਰਸ ਨੇ 38.5%, ਆਪ ਨੇ 23.7% ਤੇ ਅਕਾਲੀ/ਭਾਜਪਾ ਨੇ 30.6% ਵੋਟ ਪ੍ਰਾਪਤ ਕੀਤੀ, ਜੋ ਕਿ ਭੁਗਤੀ ਕੁੱਲ ਵੋਟ ਦਾ 92.8% ਬਣਦਾ ਹੈ ਅਤੇ ਬਾਕੀ ਬਚੀ 7.22% ਵੋਟ ਨੂੰ ਰਾਜਨੀਤਿਕ ਲੋਕ ਸਿੱਧੇ ਜਾਂ ਅਸਿੱਧੇ ਰੂਪ ’ਚ ਅਜਾਈਂ ਗਵਾਉਣ ਵਿੱਚ ਸਫਲ ਹੋ ਗਏ। ਇਹ ਪਹਿਲਾ ਮੌਕਾ ਨਹੀਂ ਕਿ ਪੰਜਾਬ ਦੀ 8, 24, 167 ਵੋਟ ਵਿਅਰਥ ਗਈ, ਪਰ ਇਨ੍ਹਾਂ ’ਚੋਂ ਆਪਣਾ ਪੰਜਾਬ ਪਾਰਟੀ 37,476 (.2%) ਤੇ ਅਕਾਲੀ ਦਲ ਮਾਨ ਦੀ 49, 260 (.3%) ਵੋਟ ਵੀ ਸ਼ਾਮਲ ਹੈ, ਜੋ ਸਿਮਰਨਜੀਤ ਸਿੰਘ ਮਾਨ ਨੂੰ 2014 (ਲੋਕ ਸਭਾ ’ਚ ਮਿਲੀ 35. 516) ਵੋਟ ਤੋਂ 13,744 ਵੱਧ ਗਈ। ਇਸ ਸੰਘਰਸ਼ ਲਈ ਦੋ ਵਾਰ ਸਰਬਤ ਖਾਲਸਾ ਵੀ ਬੁਲਾਇਆ ਗਿਆ।

ਪੰਜਾਬ ਦੇ ਹਾਲਾਤਾਂ ਤੋਂ ਅਸੀਂ ਸਾਰੇ ਹੀ ਵਾਕਫ਼ ਹਾਂ, ਪਰ ਗੁਰੂ ਗ੍ਰੰਥ ਸਾਹਿਬ (ਸਰਬੋਤਮ ਗਿਆਨ) ਦੀ ਰੌਸ਼ਨੀ ਦੇ ਬਾਵਜੂਦ ਸਾਡਾ ਨਜ਼ਰੀਆ ਭਿੰਨ-ਭਿੰਨ ਪਾਰਟੀਆਂ (ਜਾਂ ਨੀਤੀਆਂ) ਦਾ ਹਮਾਇਤੀ ਰਿਹਾ ਹੈ। ਕੁਝ ਲਈ ਅਕਾਲੀ ਦਲ ਬਾਦਲ ਪੰਥਕ ਪਾਰਟੀ ਹੈ, ਕੁਝ ਲਈ ਕਾਂਗਰਸ, ਕੁਝ ਲਈ ਮਾਨ ਦਲ ਤੇ ਕੁਝ ਲਈ ਆਮ ਆਦਮੀ ਪਾਰਟੀ। ਪਿਛਲੇ ਕੁਝ ਸਮੇਂ ਤੋਂ ਸਿੱਖਾਂ ਦੇ ਵਿਚਾਰ ਪੜ੍ਹਨ ਸੁਣਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਸਿੱਖ ਸਮਾਜਿਕ ਮੁੱਦਿਆਂ ਨੂੰ ਪੰਥਕ ਮੁੱਦਿਆਂ ਤੋਂ ਘੱਟ ਤਰਜੀਹ ਦਿੰਦੇ ਹਨ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਮਾਜਿਕ ਰਿਸ਼ਤਿਆਂ ਦੇ ਹਰ ਪਹਿਲੂ ਦੀ ਵਕਾਲਤ ਕਰਦੀ ਹੈ। ਅਗਰ ਪੰਜਾਬ ਦੇ ਜ਼ਮੀਨੀ ਹਾਲਾਤ ਸੁਧਰਨਗੇ ਤਾਂ ਇੱਥੇ ਵਧਣ ਫੁੱਲਣ ਵਾਲ਼ੀ ਸਾਡੀ ਨਵੀਂ ਪੀੜ੍ਹੀ (ਬੱਚੇ) ਸ਼ਾਂਤੀ ਮਹਿਸੂਸ ਕਰੇਗੀ, ਜਿਸ ਦੀ ਇਜਾਜ਼ਤ ਅਜੋਕੇ ਹਾਲਾਤ ਨਹੀਂ ਦਿੰਦੇ, ਪਰ ਜਿਨ੍ਹਾਂ ਨੇ ਅਜਿਹਾ ਮਾਹੌਲ ਸਿਰਜਿਆ ਹੈ ਉਹ ਕਿਸੇ ਵੀ ਲਹਿਰ ਨੂੰ ਪਨਪਣ ਨਹੀਂ ਦੇਣਗੇ ਕਿਉਂਕਿ ਇਹ ਉਨ੍ਹਾਂ ਦੀ ਹੇਠੀ ਹੈ ਤੇ ਅਜਿਹਾ ਹੀ ਸਦੀਆਂ ਤੋਂ ਹੁੰਦਾ ਆਇਆ ਹੈ। ਇੱਕ ਘਰ ਦਾ ਬਜ਼ੁਰਗ ਆਪਣੇ ਬੱਚੇ ਦੇ ਨਿਵੇਕਲ਼ੇ ਵਿਚਾਰਾਂ ਨਾਲ਼ ਅਸਹਿਮਤ ਹੋ ਜਾਂਦਾ ਹੈ; ਜਿਵੇਂ ਕਿ ਯੂਪੀ ’ਚ ਬੇਟੇ ਅਖਿਲੇਸ਼ ਤੇ ਬਾਪ ਮੁਲਾਯਮ ਯਾਦਵ ’ਚ ਟਕਰਾਅ ਚੱਲ ਰਿਹਾ ਹੈ।

ਸਿੱਖ ਇੱਕ ਕ੍ਰਾਂਤੀਕਾਰੀ ਕੌਮ ਹੈ, ਜਿਸ ਨੇ ਹਮੇਸ਼ਾਂ ਕਿਸੇ ਲਹਿਰ ਦੀ ਅੱਗੇ ਹੋ ਕੇ ਅਗਵਾਈ ਕੀਤੀ ਪਰ ਅਜੋਕੇ ਸੁਆਰਥੀ ਯੁਗ ’ਚ ਸਿੱਖ ਭਾਰਤ ਦੇ ਭਵਿੱਖ ਲਈ ਬਣਾਈ ਜਾ ਰਹੀ ਹਿੰਦੂਕਰਨ ਕੂਟਨੀਤੀ ਤੋਂ ਅਣਜਾਣ ਆਪਣੇ ਹੀ ਇਤਿਹਾਸ ਨੂੰ ਦੁਹਰਾਉਣ ਦਾ ਯਤਨ ਨਹੀਂ ਕਰਦੇ। ਸੰਨ 1978 ਤੋਂ ਲੈ ਕੇ ਸਾਡੀ ਇਤਿਹਾਸਕ ਸਮੱਗਰੀ ਦੀ ਚੋਰੀ, ਅਕਾਲ ਤਖ਼ਤ ਸਮੇਤ ਇਤਿਹਾਸਕ ਇਮਾਰਤਾਂ ਨੂੰ ਢਾਹੁਣਾ, ਧੀਆਂ-ਭੈਣਾ ਦੀ ਬੇਪਤੀ, 2 ਲੱਖ ਬੇਗੁਨਾਹਾਂ ਦਾ ਕਤਲ, ਆਦਿ ਨਾਲ਼ ਕੌਮ ਨੇ ਇੰਨੀ ਮਾਰ ਖਾਈ, ਜੋ ਸ਼ਾਇਦ ਯਹੂਦੀਆਂ ਨੇ ਨਾ ਖਾਧੀ ਹੋਵੇ, ਪਰ ਅਸਾਂ ਪ੍ਰਾਪਤੀ ਕੀ ਕੀਤੀ ? ਜਿਨ੍ਹਾਂ ਨੂੰ ਉਮੀਦ ਨਾਲ਼ ਫ਼ਖਰ-ਏ-ਕੌਮ ਨਾਲ਼ ਸਨਮਾਣਿਤ ਕੀਤਾ ਉਹ ਆਪਣੇ ਗੁਰੂ ਦੀ ਹੋਈ ਬੇਅਦਬ ਦਾ ਕਾਰਨ ਨਾ ਲੱਭ ਸਕਿਆ।

ਮੇਰੇ ਵਰਗੇ ਕਈ ਸਿੱਖ ਹੋਣਗੇ ਜੋ ਪ੍ਰਚਲਿਤ ਅਣਉਚਿਤ ਰਵਾਇਤਾਂ ਦਾ ਭਾਰ ਢੋਣਾ ਪਸੰਦ ਨਾ ਕਰਨ, ਪਰ ਕਈ ਬਦਲਾਅ ਨੂੰ ਜ਼ਰੂਰੀ ਨਹੀਂ ਸਮਝਦੇ, ਉਨ੍ਹਾਂ ਦੁਆਰਾ ਘੜੀ ਗਈ ਆਪਣੀ ਸੋਚ ਇਹ ਇਜਾਜ਼ਤ ਨਹੀਂ ਦਿੰਦੀ, ਜਿਸ ਕਾਰਨ ਅਣਉਚਤਿ ਨੂੰ ਉਚਿਤ ਬਣਾਉਣਾ ਉਨ੍ਹਾਂ ਦੀ ਮਜਬੂਰੀ ਬਣ ਜਾਂਦਾ ਹੈ ਬੇਸ਼ੱਕ ਇਸ ਦੀ ਹਮਾਇਤੀ ਗੁਰੂ ਸਿਧਾਂਤ ਤੇ ਸਿੱਖ ਇਤਿਹਾਸ ਵੀ ਨਾ ਕਰੇ ।

ਪੰਜਾਬ ’ਚ ਬਾਦਲ ਦੀ ਬਜਾਇ ਕੈਪਟਨ (ਕਾਂਗਰਸ) ਸਰਕਾਰ ਆ ਗਈ ਹੈ ਸ਼ਾਇਦ ਕੁਝ ਇਸ ਨੂੰ ਬਦਲਾਅ ਹੋਇਆ ਸਮਝ ਕੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਕੁਝ ਸਮੇਂ ਲਈ ਦਬਾਅ ਲਿਆ ਜਾਏ, ਪਰ ਸੋਚੋ ਕਿ ਪੰਜਾਬ ਵਿੱਚੋਂ ਸ਼ਰਾਬ ਤਸਕਰ, ਵਿਦਿਆ ਤਸਕਰ, ਚਕਿਤਸਾ ਤਸਕਰ, ਭ੍ਰਿਸ਼ਟਾਚਾਰ, ਆਦਿ ਨੂੰ ਨਵੀਂ ਸਰਕਾਰ ਕਾਬੂ ਕਰ ਸਕਦੀ ਹੈ ਕਿਉਂਕਿ ਅਕਾਲੀ ਤੇ ਕਾਂਗਰਸੀ ਇਸ ਵਾਪਾਰ ’ਚ ਬਰਾਬਰ ਦੇ ਭਾਗੀਦਾਰ ਹਨ।

ਸਿੱਖ; ਇੱਕ ਗੁਰੂ ਦੇ ਹੋ ਕੇ ਵੀ ਇੱਕ ਦੇ ਨਾ ਰਹੇ। ਭਾਰਤ ’ਚ ਲੋਕਤੰਤਰੀ ਢਾਂਚਾ ਪਿਛਲੇ 70 ਸਾਲਾਂ ਤੋਂ ਜਾਰੀ ਹੈ, ਪਰ ਸਿੱਖਾਂ ਨੇ ਕੀ ਖੱਟਿਆ ? ਪਾਕਿਸਤਾਨ ’ਚ ਹਿੰਦੂ ਤੇ ਸਿੱਖ ਮੈਰਿਜ ਐਕਟ ਬਣ ਗਿਆ, ਪਰ ਅਜਿਹੀ ਸੁਵਿਧਾ ਭਾਰਤ ਸਰਕਾਰ ਨਹੀਂ ਦੇ ਰਹੀ। ਇਹ ਹੈ ਭਾਰਤ ਦੀ ਘੱਟ ਗਿਣਤੀ ਜਨਤਾ ਪ੍ਰਤੀ ਸੋਚ ਤੇ ਅਸੀਂ ਇਨ੍ਹਾਂ ਨੂੰ ਵੋਟ ਪਾ ਕੇ ਆਪਣੀ ਕੌਮ ਵਿਰੁਧ ਸੋਚ ਨੂੰ ਉਜਾਗਰ ਕਰਦੇ ਆ ਰਹੇ ਹਾਂ। ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਕਿ ਸਾਡੀ ਸਰਕਾਰ ਬਣਨ ਉਪਰੰਤ ਖਾਲਿਸਤਾਨ ਦੇ ਨਾਹਰੇ ਲੱਗਣੇ ਬੰਦ ਹੋ ਜਾਣਗੇ। ਇਸ ਦਾ ਪਿਛੋਕੜ ਸੀ ਕਿ ਘੱਟ ਗਿਣਤੀ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਏਗਾ, ਪਰ ਮਰੀ ਹੋਈ ਮੱਤ ਨੇ ਕਿਹਾ ਕਿ ਇਹ ਕੌਣ ਹੁੰਦਾ ਹੈ ਸਾਨੂੰ ਖਾਲਿਸਤਾਨ ਦੇ ਨਾਹਰੇ ਲਗਾਉਣ ਤੋਂ ਰੋਕਣ ਵਾਲ਼ਾ ? ਦੋ ਸਾਲ ਪਹਿਲਾਂ ਦੇਹਰਾਦੂਨ (ਉਤਰਾਖੰਡ) ’ਚ ਨੰਗੇ ਸਿਰ ਕਰਕੇ ਖਾਲਿਸਤਾਨ ਦੇ ਨਾਹਰੇ ਲਗਾਏ ਗਏ, ਆਖ਼ਿਰ ਕਿਉਂ ? ਗੁਰਮਤਿ ਦੀ ਸਮਦ੍ਰਿਸ਼ਟੀ ਦਾ ਪ੍ਰਭਾਵ ਭਾਰਤ ਦੀ ਲੁਕਾਈ ’ਤੇ ਨਾ ਪਵੇ ਇਹ ਉਸ ਨੂੰ ਰੋਕਣ ਦਾ ਇੱਕ ਯਤਨ ਸੀ, ਪਰ ਅਜਿਹੀਆਂ ਘਟਨਾਵਾਂ ਨੂੰ ਬਿਬੇਕੀ ਬੰਦਾ ਸਮਝ ਕੇ ਆਪਣੀ ਰਣਨੀਤੀ ਤਹਿ ਕਰਦਾ ਹੈ, ਮੂਰਖ ਨਹੀਂ।

ਦਿੱਲੀ ’ਚ ਜੋ ਆਪ ਸਰਕਾਰ ਕਰ ਰਹੀ ਹੈ ਉਸ ਦੀ ਚਰਚਾ ਦੇਸ਼-ਵਿਦੇਸ਼ ਵਿੱਚ ਹੁੰਦੀ ਹੈ। ਭਾਰਤ ਦੀ ਸਰਕਾਰ ਦੇ ਡਰ ਕਾਰਨ ਉਸ ਨੂੰ ਭਾਰਤੀ ਤੇ ਵਿਦੇਸ਼ੀ ਮੀਡੀਆ ਅਣਗੌਲ਼ਿਆ ਕਰਦਾ ਆ ਰਿਹਾ ਹੈ। ਅਗਰ ਇਸ ਸਰਕਾਰ ਨੂੰ ਪੰਜਾਬ ’ਚ ਇੱਕ ਮੌਕਾ ਦੇ ਕੇ ਵੇਖਿਆ ਜਾਂਦਾ ਤਾਂ ਇਸ ਵਿੱਚ ਕੀ ਹਰਜ ਸੀ ? ਪੰਜਾਬ ਦੇ ਸ਼ਿਵ ਸੈਨਿਕਾਂ ਨੇ 2014 ਵਾਙ ਚੁਣਾਵ ਲੜ ਕੇ ਆਪਣੀ ਵੋਟ ਖ਼ਰਾਬ ਕਰਨੀ ਮੁਨਾਸਬ ਨਹੀਂ ਸਮਝੀ। ਦੂਸਰੇ ਪਾਸੇ ਸਿੱਖਾਂ ਨੇ ਟੋਪੀ ਵਾਲ਼ਾ, ਟੋਪੀ ਵਾਲ਼ਾ ਕਹਿ ਕੇ ਇਸ ਮੁਹਿਮ ਨੂੰ ਰੋਕਣ ਦੇ ਤਮਾਮ ਯਤਨ ਕੀਤੇ, ਇਹੀ ਉਹ ਲੋਕ ਚਾਹੁੰਦੇ ਸਨ, ਜਿਨ੍ਹਾਂ ਨੇ ਅਜੋਕਾ ਮਾਹੌਲ ਸਿਰਜਿਆ ਤੇ ਭਾਰਤ ਨੂੰ ਹਿੰਦੂਕਰਨ ਵੱਲ ਲੈਜਾਣਾ ਚਾਹੁੰਦੇ ਹਨ। ਭਗਵੰਤ ਮਾਨ ਸ਼ਰਾਬੀ ਹੈ, ਮੰਨ ਲਿਆ; ਪਰ ਉਨ੍ਹਾਂ ਕਲਾਕਾਰਾਂ ਬਾਰੇ ਸਾਡੀ ਕੀ ਰਣਨੀਤੀ ਹੈ, ਜੋ ਅਸਭਿਅਕ ਸਮਾਜ ਸਿਰਜ ਰਹੇ ਹਨ ? ਵਿਦੇਸ਼ ’ਚ ਵਸਦੇ ਸਿੱਖਾਂ ਨੇ ਪਹਿਲੀ ਵਾਰ ਪੰਜਾਬ ਦੇ ਹਾਲਾਤਾਂ ਨੂੰ ਬਦਲਣ ਲਈ ਆਪਣੀ ਬਣਦੀ ਭੂਮਿਕਾ ਨਿਭਾਈ, ਉਨ੍ਹਾਂ ਨੂੰ ਇਸ ਕੈਪਟਨ ਸਰਕਾਰ ਨੇ ਅਤਿਵਾਦੀ ਕਿਹਾ, ਜਿਸ ਨੂੰ ‘ਆਪ’ ਸਰਕਾਰ ਦੀ ਬਜਾਇ ਬਣਦੀ ਵੇਖ ਅਸੀਂ ਖੁਸ਼ ਹੋ ਰਹੇ ਹਾਂ। ਮੈ ਕੋਈ ਰਾਜਨੀਤਿਕ ਬੰਦਾ ਨਹੀਂ, ਪਰ ਪੰਥਕ ਦਰਦ ਕਾਰਨ ਇਨ੍ਹਾਂ ਵਿਸ਼ਿਆਂ ਦੇ ਲਿਖ ਰਿਹਾ ਹਾਂ। ਮੈਂ ਅਕਾਲੀਆਂ ਦੀ ਬਜਾਇ ਕਾਂਗਰਸ ਸਰਕਾਰ ਬਣਨ ਨੂੰ ਬਦਲਾਅ ਨਹੀਂ ਮੰਨਦਾ, ਬੇਸ਼ੱਕ ਮੇਰੇ ਨਾਲ਼ ਕੋਈ ਸਹਿਮਤ ਜਾਂ ਅਸਹਿਮਤ ਹੋਵੇ।

ਪੰਜਾਬੀਆਂ ਨੇ ਇੱਕ ਸੁਨਹਿਰਾ ਮੌਕਾ ਆਪਣੇ ਹੱਥੋਂ ਗਵਾ ਲਿਆ, ਜੋ ਸਮਾਜਿਕ ਸੁਧਾਰ ਦੇ ਨਾਲ਼ ਨਾਲ਼ ਸਾਡੀਆਂ ਕੁਝ ਕੁ ਪੰਥਕ ਮੰਗਾਂ ਵੀ ਜ਼ਰੂਰ ਪੂਰੀਆਂ ਕਰਦਾ। ਸ਼ਾਇਦ ਹੁਣ ਬਾਪੂ ਸੂਰਤ ਸਿੰਘ ਜੀ ਦਾ ਮਰਨ ਵਰਤ ਉਨ੍ਹਾਂ ਦੇ ਅੰਤਿਮ ਸਮੇਂ ਤੱਕ ਜਾਰੀ ਰਹੇਗਾ।



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.