.


08/26/18
ਨਿਰਮਲ ਸਿੰਘ ਸੁਰ ਸਿੰਘ ਤੋਂ

ਮ੍ਰਿਤਕ ਪ੍ਰਾਣੀ ਦੀ ਤਸਵੀਰ...


ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ ੭੭੪
ਵਾਕ ਅਨੁਸਾਰ ਜੋ ਵੀ ਜੀਵ ਸੰਸਾਰ ਤੇ ਆਇਆ ਹੈ ਸਾਰਿਆਂ ਨੇ ਇੱਕ ਦਿਨ ਸਰੀਰ ਨੂੰ ਛੱਡ ਕੇ ਏਥੋਂ ਚਲੇ ਜਾਣਾ ਹੈ ......ਇੱਕ ਅੰਦਾਜ਼ੇ ਮੁਤਾਬਿਕ ਪੂਰੇ ਸੰਸਾਰ ਅੰਦਰ ਹਰ ਵੇਲੇ ਕੋਈ-ਨ- ਕੋਈ ਮਰ ਰਿਹਾ ਹੈ , ਮੌਤ ਦਾ ਕਾਰਨ ਕੋਈ ਵੀ ਹੋ ਸਕਦਾ ਹੈ , ਉਮਰ ਭੋਗ ਕੇ ਮਰਨਾ , ਕਿਸੇ ਰੋਗ ਨਾਲ ਬਚਪਨ ਜਾਂ ਜਵਾਨੀ ਚੋ ਮਰਨਾ , ਅਚਾਨਕ ਮੌਤ , ਦਿਲ ਦੀ ਧੜਕਣ ਦਾ ਰੁੱਕ ਜਾਣਾ , ਦੁਰਘਟਨਾਂ ਵਿੱਚ ਜਾਂ ਫਿਰ ਆਤਮਘਾਤ ਕਰਕੇ ਮਰਨਾ , ਜੰਗ ਦੇ ਮੈਦਾਨ ਅੰਦਰ ਲੜਕੇ ਮਰਨਾ , ਉੱਚੇ ੳਦਰਸ਼ ਦੀ ਪ੍ਰਾਪਤੀ ਲਈ ਮੌਤ ਨੂੰ ਗਲਵੱਕੜੀ ਪਾ ਸ਼ਹੀਦ ਹੋ ਜਾਣਾ, ਇਸ ਸਦੀਵੀਂ ਸੱਚ ( ਮੌਤ ) ਤੋਂ ਨਾ ਤਾਂ ਕੋਈ ਹੁਣ ਤੱਕ ਬਚਿਆ ਹੈ ਤੇ ਨਾ ਹੀ ਕੋਈ ਬਚ ਸਕੇਗਾ ...... ਫਰਕ ਤਾਂ ਕੇਵਲ ਪਹਿਲਾਂ ਜਾਂ ਮਗਰੋਂ ਤੁਰ ਜਾਣ ਦਾ ਹੈ ।

ਗੁਰਬਾਣੀ ਅੰਦਰ ਪ੍ਰਾਣੀ ਦੇ ਅਕਾਲ ਚਲਾਣਾ ਕਰਨ ਤੇ ਰੱਬੀ ਭਾਣੇ ਨੂੰ ਮੰਨਣ ਦਾ ਹੁਕਮ ਹਜ਼ੂਰ ਸੱਚੇ ਪਾਤਸ਼ਾਹ ਵਾਰ ਵਾਰ ਸਮਝਾ ਰਹੇ ਹਨ .....…ਐਸੇ ਸਮੇ ਪਰਿਵਾਰਕ ਮੈਂਬਰ ਵੱਧ ਤੋਂ ਵੱਧ ਆਪਸ ਵਿੱਚ ਗੁਰਬਾਣੀ ਪਾਠ , ਕਥਾ , ਕੀਰਤਨ ਦੇ ਰਾਹੀਂ ਜ਼ਿੰਦਗੀ ਤੇ ਮੌਤ ਸਬੰਧੀ ਵਿਚਾਰਾਂ ਦੀ ਸਾਂਝ ਪਾਉਣ ਤਾਂ ਜੋ ਛੇਤੀ ਸਦਮੇ ਚੋ ਬਾਹਰ ਆਇਆ ਜਾ ਸਕੇ । ਰੋਣਾ ਪਿੱਟਣਾ ਜਾਂ ਵਿਰਲਾਪ ਕਰਨਾ ਨਾ ਤਾਂ ਮਸਲਾ ਦਾ ਹੱਲ ਹੁੰਦਾ ਹੈ ਤੇ ਨਾ ਹੀ ਗੁਰਮਤਿ ਅਨੁਸਾਰੀ ਠੀਕ ਮੰਨਿਆ ਗਿਆ ਹੈ , ਸਗੋਂ ਐਸੇ ਕਰਮ ਆਤਮਿਕ ਕੰਮਜ਼ੋਰੀ ਦੇ ਸੂਚਕ ਹਨ ।

ਵੈਸੇ ਤਾਂ ਪ੍ਰਾਣੀ ਦੇ ਚੜਾਈ ਕਰ ਜਾਣ ਤੋਂ ਲੈ ਕੇ ਪ੍ਰਾਣੀ ਦੀ ਅਖੀਰਲੀ ਰਸਮ ਦਸਹਿਰੇ ਤੱਕ ਸਾਰੀ ਮਰਿਯਾਦਾ ਗੁਰਮਤਿ ਅਨੁਸਾਰੀ ਹੋਣੀ ਚਾਹੀਏ ...........ਪਰ , ਅੱਜਕੱਲ ਅਗਿਆਨਤਾ ਵੱਸ ਜਾਂ ਫਿਰ ਵੇਖਾ ਵੇਖੀ ਬਹੁਤ ਸਾਰੇ ਬੇਲੋੜੋ ਵਹਿਮ ਭਰਮ ਸਾਡੇ ਵਿੱਚ ਪ੍ਰਚਲਿੱਤ ਹੋ ਚੁੱਕੇ ਹਨ । ਜਿਵੇਂ ਸਸਕਾਰ ਕਰਨ ਵੇਲੇ ਦਿਨ ਰਾਤ ਦਾ ਭਰਮ , ਚਉਥੇ ਸਮੇ ਜੀਵ ਦੀਆਂ ਅਸਥੀਆਂ ( ਫੁੱਲਾਂ ) ਨੂੰ ਵਿਸ਼ੇਸ਼ ਥਾਵਾਂ ਤੇ ਲਿਜਾ ਕੇ ਜਲ ਪ੍ਰਵਾਹ ਕਰਨਾ , ਅੰਤਿਮ ਅਰਦਾਸ ਤੋਂ ਪਹਿਲਾਂ ਗੁਜ਼ਰ ਚੁੱਕੇ ਜੀਵ ਨੂੰ ਸ਼ਰਧਾਂਜਲੀ ਦੇਣੀ ਫਿਰ ਵਰੀਣਾ ਤੇ ਸ਼ਰਾਧ ਆਦਿ .....
ਇੱਕ ਹੋਰ ਪਖੰਡ ਸਾਡੇ ਵਿੱਚ ਤੁਰ ਪਿਆ ਹੈ ਅਕਾਲ ਚਲਾਣਾ ਕਰਨ ਵਾਲੇ ਪ੍ਰਾਣੀ ਦੀ ਤਸਵੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖਣਾ ..........ਕਈ ਵਾਰ ਤਾਂ ਤਸਵੀਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁੱਲ ਸਾਹਮਣੇ ਟਿਕਾ ਦਿੱਤਾ ਜਾਂਦਾ ਹੈ, ਜੋ ਕਿ ਬਹੁਤ ਕੋਝਾ ਰੁਝਾਨ ਤੇ ਗੁਰੂ ਸਾਹਿਬ ਜੀ ਦੀ ਨਿਰਾਦਰੀ ਤੁੱਲ ਹੈ । ਭਾਂਵੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੇ ਭਾਂਵੇ ਨਾ , ਬਾਣੀ ਪੜੇ ਜਾਂ ਨਾ , ਉਹ ਕਦੇ ਵੀ ਜਿਊਂਦੇ ਜੀ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਵੱਲ ਪਿੱਠ ਕਰਕੇ ਨਹੀ ਬੈਠਦਾ ਫਿਰ ਤਸਵੀਰ ਨੂੰ ਗੁਰੂ ਸਾਹਿਬ ਜੀ ਦੇ ਅੱਗੇ ਰੱਖਣਾ ਕਿੰਨੀ ਕੁ ਸਿਆਨਪ ਹੈ ? ਵੇਖਣ ਵਿੱਚ ਏਵੇਂ ਲੱਗ ਰਿਹਾ ਹੁੰਦਾ ਹੈ ਜਿਵੇਂ ਗੁਰੂ ਸਾਹਿਬ ਜੀ ਦੇ ਨਾਲ ਨਾਲ ਪ੍ਰਾਣੀ ਦੀ ਤਸਵੀਰ ਨੂੰ ਵੀ ਮੱਥੇ ਟੇਕੇ ਜਾ ਰਹੇ ਹੋਣ ।
ਚੜਾਈ ਕਰ ਚੁੱਕੇ ਪ੍ਰਾਣੀ ਦੀ ਤਸਵੀਰ ਬਣਾਉਣਾ ਕੋਈ ਗਲਤ ਗੱਲ ਨਹੀ , ਗਲਤ ਤਾਂ ਗੁਰਮਤਿ ਵਿਰੋਧੀ ਕਰਮ ਹਨ ਜਿੰਨਾ ਨਾਲ ਅਸੀਂ ਪੂਰੀ ਤਰ੍ਹਾਂ ਜੁੜ ਚੁੱਕੇ ਹਾਂ । ਕੀ ਤਸਵੀਰ ਦਾ ਭੋਗ ਸਮੇ ਹਰ ਹਾਲਤ ਵਿੱਚ ਰੱਖੇ ਜਾਣਾ ਕੋਈ ਮਰਿਯਾਦਾ ਹੈ ? ਜਿਸ ਵਿੱਚ ਵਿਘਨ ਨਹੀ ਪੈਣਾ ਚਾਹੀਦਾ । ਕਿਉਕਿ ਹਰੇਕ ਪਰਿਵਾਰ ਦੀ ਇੱਛਾ ਏਹੀ ਹੁੰਦੀ ਹੈ ਕਿ ਅੰਤਿਮ ਅਰਦਾਸ ਵੇਲੇ ਫੋਟੋ ਓਥੇ ਮੌਜੂਦ ਹੋਵੇ । ਜੇਕਰ ਇਸਦਾ ਦੂਜਾ ਪੱਖ ਇਹ ਵੇਖਿਆ ਜਾਵੇ ਕਿ ਪ੍ਰਾਣੀ ਦੇ ਸਨਬੰਧੀ ਤਸਵੀਰ ਵੇਖ ਲੈਣਗੇ ਤਾਂ ਇਸਨੂੰ ਘਰ ਦੇ ਕਿਸੇ ਹੋਰ ਕਮਰੇ ਵਿੱਚ ਵੀ ਰੱਖਿਆ ਜਾ ਸਕਦਾ ਹੈ , ਪਾਠ ਵਾਲੇ ਅੰਦਰ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਰੱਖਣਾ ਜ਼ਰੂਰੀ ?
ਅਸਲ ਵਿੱਚ ਗੱਲ ਕੋਈ ਹੋਰ ਹੈ ...................ਕਿਤੇ ਇੰਝ ਕਰਨ ਪਿੱਛੇ ਸਾਡੀ ਸੋਚ ਇਹ ਤਾਂ ਨਹੀ ਕਿ ਤੁਰ ਚੁੱਕਾ ਜੀਵ ਫੋਟੋ ਰੂਪ ਵਿੱਚ ਧੁਰ ਕੀ ਬਾਣੀ ਦਾ ਪਾਠ ਸੁਣ ਰਿਹਾ ਹੈ ? ਔਰ ਉਸਦੀ ਮੁਕਤੀ ਲਈ ਅੰਤਿਮ ਅਰਦਾਸ ਤੱਕ ਫੋਟੋ ਹਾਜ਼ਰ ਰਹੇ ।
ਭ੍ਰਮ ਗ੍ਰਸੇ ਲੋਕਾਂ ਦਾ ਕਿਸੇ ਵੀ ਮਨੌਤ ਨੂੰ ਬਿਨਾ ਸੋਚੇ ਸਮਝੇ ਆਪਣੇ ਵਿੱਚ ਰਲਗੱਡ ਕਰ ਲੈਣਾ ਕੋਈ ਵੱਡੀ ਗੱਲ ਨਹੀ ।

ਐਸੇ ਮੌਕੇ ਤੇ ਹਾਜ਼ਰ ਸੂਝਵਾਨ ਸੱਜਣ ਵੀ ਪਰਿਵਾਰਕ ਮੈਂਬਰਾਂ ਜਾਂ ਰਿਸਤੇਦਾਰਾਂ ਦੀ ਨਰਾਜ਼ਗੀ ਦੇ ਡਰ ਖੁਣੋਂ ਕੁੱਝ ਨਹੀ ਬੋਲਦੇ, ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਸਾਹਮਣੇ ਵੇਖ ਕੇ ਵੀ ਗ੍ਰੰਥੀ ਸਿੰਘ ਜਾਂ ਪ੍ਰਚਾਰਕ ਤਬਕੇ ਦਾ ਕੁੱਝ ਨਾ ਬੋਲਣਾ ਘਰ ਵਾਲਿਆਂ ਦੀ ਇਹ ਮਾਨਸਿਕਤਾ ਜ਼ਰੂਰ ਕਾਇਮ ਕਰਦਾ ਹੈ ਕਿ ਭੋਗ ਸਮੇਂ ਉਹਨਾ ਦਾ ਕੀਤਾ ਹਰ ਕਰਮ ਠੀਕ ਹੀ ਹੋਵੇਗਾ ।

ਆਓ ! ਜਿੱਥੇ ਕਿੱਧਰੇ ਵੀ ਏਹੋ ਜਿਹੀਆਂ ਕੁਰੀਤੀਆਂ ਵੇਖਣ ਨੂੰ ਮਿਲਣ ਚੁੱਪ ਕਰਕੇ ਵੇਖਣ ਜਾਂ ਪਰਿਵਾਰਕ ਮੈਬਰਾਂ ਦੀ ਨਰਾਜ਼ਗੀ ਦੇ ਡਰ ਤੋਂ ਮੁਕਤ ਹੋ ਅਵਾਜ਼ ਬੁਲੰਦ ਕਰੀਏ ।
ਤਾਂ ਕਿ ਸਾਡੇ ਵਿੱਚ ਪ੍ਰਚਲਿੱਤ ਹੋ ਚੁੱਕੀਆਂ ਗਲਤ ਰੀਤਾਂ ਨੂੰ ਰੋਕਥਾਮ ਲਾਈ ਜਾ ਸਕੇ ............ਇਹ ਰੁਝਾਨ ਪੇਂਡੂ ਖੇਤਰ ਤੱਕ ਹੀ ਨਹੀ , ਸਗੋਂ ਵੱਡੇ ਵੱਡੇ ਸ਼ਹਿਰਾਂ ਤੇ ਗੁਰਦੁਆਰਿਆਂ ਵਿੱਚ ਵੀ ਵੇਖਿਆ ਜਾਂਦਾ ਹੈ ।
ਐਸੇ ਮਸਲਿਆਂ ਤੇ ਗ੍ਰੰਥੀ ਸਿੰਘ ਪ੍ਰਚਾਰਕਾਂ ਤੋਂ ਇਲਾਵਾ ਗੁਰਦੁਆਰਿਆਂ ਦੇ ਸਕੱਤਰ ਪ੍ਰਧਾਨ ਕਮੇਟੀ ਮੈਂਬਰ ਪੰਥਕ ਮੁਖੀ ਧਾਰਮਿਕ ਵਿਚਾਰਾਂ ਵਾਲੇ ਇਸਤਰੀ , ਪੁਰਸ਼ ਸਾਰਿਆਂ ਦਾ ਧਾਰਨ ਕੀਤਾ ਹੋਇਆ ਮੋਨ ਵਰਤ ਸੋਚਣ ਲਈ ਮਜ਼ਬੂਰ ਜ਼ਰੂਰ ਕਰਦਾ ਹੈ ।

ਨਿਰਮਲ ਸਿੰਘ ਸੁਰ ਸਿੰਘ ਤੋਂ 9888520250


08/26/18
ਜਸਵਿੰਦਰ ਸਿੰਘ ‘ਰੁਪਾਲ’

ਜਦੋਂ ਨਾਇਕ ਦਾ ਅਪਹਰਣ ਹੁੰਦਾ ਹੈ

ਜਸਵਿੰਦਰ ਸਿੰਘ ‘ਰੁਪਾਲ’
ਵੱਖ ਵੱਖ ਸਮੇਂ ਸਮਾਜ ਨੂੰ ਸੇਧ ਦੇਣ ਲਈ ਵੱਖ ਵੱਖ ਮਹਾਨ ਸ਼ਖਸ਼ੀਅਤਾਂ ਨੇ ਆਪਣੇ ਆਪਣੇ ਅੰਦਾਜ ਵਿੱਚ ਯਤਨ ਕੀਤੇ ਹਨ ।ਇਹ ਸ਼ਖਸ਼ੀਅਤਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੀਆਂ ਰਹੀਆਂ ਹਨ ਕਿਉਂਕਿ ਉਨ੍ਹਾਂ ਲੋਕ-ਪੀੜਾ ਨੂੰ ਮਹਿਸੂਸਿਆ, ਬਿਆਨਿਆ,ਅਤੇ ਇਸ ਨੂੰ ਦੂਰ ਕਰਨ ਦੇ ਹਰ ਸੰਭਵ ਤਰੀਕੇ ਅਪਣਾਏ ।ਉਨ੍ਹਾਂ ਆਪਣੇ ਪਿੰਡੇ ਤੇ ਜੁਲਮ ਝੱਲੇ, ਕੁਝ ਹੱਦ ਤੱਕ ਤਬਦੀਲੀ ਲਿਆਉਣ ਵਿੱਚ ਸਫਲ ਵੀ ਹੋਏ ।ਭਾਵੇਂ ਇਹ ਸਮੇਂ ਦੀਆਂ ਸਰਕਾਰਾਂ ਅਤੇ ਜਾਬਰ ਤਾਕਤਾਂ ਵਲੋਂ ਪੀੜੇ ਤੇ ਨਪੀੜੇ ਵੀ ਗਏ ,ਕੁਰਬਾਨ ਵੀ ਹੋਏ ,ਪਰ ਇਨ੍ਹਾਂ ਮਹਾਨ ਇਨਸਾਨਾਂ ਨੇ ਲੋਕ-ਮਨ ਵਿੱਚ ਆਪਣੀ ਖਾਸ ਥਾਂ ਬਣਾ ਲਈ । ਜਨਤਾ ਇਨ੍ਹਾਂ ਨੂੰ ਆਪਣੇ ਰਹਿਬਰ, ਆਗੂ,ਨਾਇਕ ਮੰਨਣ ਲੱਗ ਪਈ ਅਤੇ ਇਨ੍ਹਾਂ ਦੁਆਰਾ ਦੱਸੇ ਗਏ ਮਾਰਗ ਤੇ ਚੱਲਣ ਵਿੱਚ ਆਪਣਾ ਕਲਿਆਣ ਸਮਝਣ ਲੱਗੀ ।ਲੋਕ-ਮਨਾਂ ਵਿੱਚ ਬੀਜੇ ਹੋਏ ਇਹ ਇਨਕਲਾਬ ਦੇ ਬੀਜ ਨਾ ਤਾਂ ਸਮੇਂ ਦੀਆਂ ਸਰਕਾਰਾਂ ਨੂੰ ਭਾਉਦੇ ਹਨ ,ਨਾ ਉਨਾਂ ਤਾਕਤਾਂ ਨੂੰ ਜਿਨਾਂ ਦੀ ਸਥਾਪਤੀ ਨੂੰ ਇਹ ਤਬਦੀਲੀ ਵੰਗਾਰਦੀ ਹੈ । ਇਹ ਤਾਕਤਾਂ ਅਤੇ ਸਰਕਾਰਾਂ ਸੁਚੇਤ ਰੂਪ ਵਿੱਚ ਲੋਕਾਂ ਦੇ ਮਨਾਂ ਚ’ ਵਸੇ ਇਨ੍ਹਾਂ ਨਾਇਕਾਂ ਨੂੰ ਉਨ੍ਹਾਂ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕਰਦੀਆਂ ਰਹਿੰਦੀਆਂ ਹਨ ।ਇਹ ਨਾਇਕ ਜਿੰਨੀ ਦੇਰ ਜਿਉਂਦੇ ਹੁੰਦੇ ਹਨ,ਸਥਾਪਤੀ ਦੀਆਂ ਤਾਕਤਾਂ ਦੇ ਜੁਲਮ ਝੱਲਦੇ ਹਨ । ਬਹੁਤ ਵਾਰੀ ਆਪਣੀ ਕੁਰਬਾਨੀ ਵੀ ਦਿੰਦੇ ਹਨ । ਇਨ੍ਹਾਂ ਦੀ ਸ਼ਹਾਦਤ ਇਨਾਂ ਦੀ ਲੋਕ-ਮਨ ਤੇ ਪਕੜ ਹੋਰ ਮਜਬੂਤ ਬਣਾ ਦਿੰਦੀ ਹੈ ।
ਸਥਾਪਤ-ਨਿਜਾਮ ਨੂੰ ਲੋਕ-ਮਾਨਸਿਕਤਾ ਵਿੱਚ ਪਲ ਰਿਹਾ ਇਨਕਲਾਬ ਦਾ ਇਹ ਬੀਜ ਵਧਦਾ ਕਿਸੇ ਵੀ ਸੂਰਤ ਵਿੱਚ ਨਹੀਂ ਸੁਖ੍ਹਾਂਦਾ ।ਸਿੱਧਾ ਵਾਰ ਕਰਨਾ ਜਾਂ ਇਨਾਂ ਨਾਇਕਾਂ ਦਾ ਵਿਰੋਧ ਹੁਣ ਸੌਖਾ ਨਹੀਂ ਹੁੰਦਾ ।ਤਦ ਇਹ ਲੋਟੂ ਨਿਜਾਮ ਆਪਣੀ ਲੁੱਟ ੳਤੇ ਸਰਦਾਰੀ ਨੂੰ ਬਚਾਉਣ ਲਈ ਅਸਿੱਧੇ ਤੌਰ ਤੇ ਵਾਰ ਕਰਦਾ ਹੈ ।ਨਿਜਾਮ ਇਸ ਗੱਲ ਤੋਂ ਬਾਖੂਬੀ ਵਾਕਿਫ ਹੁੰਦਾ ਏ ਕਿ ਲੋਕ-ਮਨਾਂ ਵਿੱਚ ਵੱਸੇ ਨਾਇਕ ਨੂੰ ਉਨ੍ਹਾਂ ਦੇ ਮਨ ਚੋਂ ਕੱਢਣਾ ਇੰਨਾ ਸੌਖਾ ਨਹੀਂ ।ਇਸ ਲਈ ਇਹ ਸਥਾਪਤੀ ਸ਼ਕਤੀਆਂ ਅਤੇ ਅਸਲ ਵਿੱਚ ਵਿਰੋਧੀ ਧਿਰ ਜਾਹਰਾ ਤੌਰ ਤੇ ਇਨ੍ਹਾਂ ਨਾਇਕਾਂ ਨੂੰ ਮਾਣ ਦਿੰਦੇ ਹਨ ।ਉਨ੍ਹਾਂ ਦੀ ਯਾਦ ਵਿੱਚ ਸਮਾਗਮ ਹੁੰਦੇ ਹਨ,ਉਨ੍ਹਾਂ ਦੇ ਦਿਨ ਮਨਾਏ ਜਾਂਦੇ ਹਨ,ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ, ਕਿਤਾਬਾਂ ਲਿਖੀਆਂ ਜਾਂਦੀਆਂ ਹਨ ਅਤੇ ਹੋਰ ਬਹੁਤ ਕੁਝ ਕੀਤਾ ਜਾਂਦਾ ਹੈ,ਜੋ ਕਿ ਅਸਲ ਵਿੱਚ ‘ਡਰਾਮੇਬਾਜੀ’ ਤੋਂ ਵੱਧ ਕੁਝ ਨਹੀਂ ਹੁੰਦਾ ।ਪੂਰਾ ਖਿਆਲ ਰੱਖਿਆ ਜਾਂਦਾ ਹੈ ਕਿ ਸਿਰਫ ਕਿਤਾਬੀ ਗੱਲਾਂ ਤੱਕ ਹੀ ਸੀਮਿਤ ਰਿਹਾ ਜਾਵੇ,ਅਮਲੀ ਤੌਰ ਤੇ ਕੁਝ ਨਾ ਹੋਵੇ ।ਜਨਤਾ ਦੇ ਮਨ ਵਿੱਚ ਇਹ ਭੁਲੇਖਾ ਬਣਿਆ ਰਹੇ ਕਿ ਉਸ ਨਾਇਕ ਦੀ ਗੱਲ ਹੋ ਰਹੀ ਹੈ ਅਤੇ ਸਭ ਉਸ ਦਾ ਸਤਿਕਾਰ ਕਰ ਰਹੇ ਹਨ ।ਇਨਾਂ ਨਾਇਕਾਂ ਦੇ ਦੱਸੇ ਮਾਰਗ ਤੇ ਤੁਰਨਾ ਤਾਂ ਦੂਰ, ਤੁਰਨ ਦੀ ਗੱਲ ਵੀ ਚੱਲਣ ਦਿੱਤੀ ਜਾਂਦੀ ।……………
ਇਸ ਵਿੱਚ ਵੀ ਦੋ ਰਾਵਾਂ ਨਹੀਂ ਕਿ ਜਾਣੇ-ਅਣਜਾਣੇ ਇਨ੍ਹਾਂ ਨਾਇਕਾਂ ਦੇ ਮਾਰਗ ਨੂੰ ਵਿਸਾਰ ਦੇਣ ਵਿੱਚ ਸਾਡੀ ਜਨਤਾ ਵੀ ਕੁਝ ਹੱਦ ਤੱਕ ਜਿੰਮੇਵਾਰ ਹੁੰਦੀ ਹੈ । ਉਹ ਵਧੇਰੇ ਕੱਟੜਤਾ ਚ’ ਆ ਕੇ, ਸ਼ਰਧਾ ਵਿੱਚ ਆ ਕੇ, ਕਿਸੇ ਖਾਸ ਧੜੇਬੰਦੀ ਦਾ ਸ਼ਿਕਾਰ ਹੋ ਕੇ ਉਸ ਨਾਇਕ ਤੇ ਜੱਫਾ ਮਾਰਨ ਦੀ ਕੋਸ਼ਿਸ਼ ਵਿੱਚ ਦੂਸਰੇ ਅੱਧੇ ਲੋਕਾਂ ਨੂੰ ਤੋੜ ਬਹਿੰਦੇ ਹਨ ।ਇਸ ਵਿੱਚ ਵੀ ਸ਼ੱਕ ਨਹੀਂ ਕਿ ਕੁਝ ਗਲਤ ਪ੍ਰਚਾਰ ਸਾਜਿਸ਼ ਅਧੀਨ ਵੀ ਕਰਵਾਇਆ ਜਾਂਦਾ ਹੈ । ਉਸ ਖਾਸ ਸ਼ਖਸ਼ੀਅਤ ਦੇ ਆਚਰਣ ਬਾਰੇ, ਜੀਵਨ ਬਾਰੇ, ਬਹੁਤ ਕੁਝ ਸੱਚਾ-ਝੂਠਾ ਲਿਖਵਾ ਕੇ ਸਥਾਪਿਤ ਨਿਜਾਮ ਜਨਤਾ ਦੇ ਨਜਰੀਏ ਨੂੰ ਬਦਲਣ ਦੀ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ ਅਤੇ ਕਿਤੇ ਥੋੜਾ , ਕਿਤੇ ਬਹੁਤਾ ਕਾਮਯਾਬ ਵੀ ਹੋ ਜਾਂਦਾ ਹੈ ।…….
ਕੁਝ ਉਦਾਹਰਣਾਂ ਨਾਲ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ।ਸ਼ਹੀਦ ਭਗਤ ਸਿੰਘ ਤੋਂ ਗੱਲ ਆਰੰਭ ਕਰਦੇ ਹਾਂ । ਇਸ ਦਾ ਅਪਹਰਣ ਤਿੰਨ ਪਾਸਿਆਂ ਤੋਂ ਹੋਇਆ –ਪਹਿਲਾਂ ਸਰਕਾਰੀ ਨਿਜਾਮ ,ਜਿਸ ਨੇ ਸਾਰੀ ਮਸ਼ੀਨਰੀ ਲਗਾ ਕੇ ਉਸ ਨੂੰ ‘ਅੰਗਰੇਜਾਂ ਦਾ ਵਿਰੋਧੀ ਅਤੇ ਦੁਸ਼ਮਣ’ ਆਖਿਆ ਅਤੇ ਭਾਰਤ ਦੇਸ਼ ਨੂੰ ਪਿਆਰ ਕਰਨ ਵਾਲਾ “ਦੇਸ਼-ਭਗਤ”ਬਣਾ ਦਿੱਤਾ ।ਉਸ ਦੀ ਗਲਤ ਨੀਤੀਆਂ ਵਿਰੁੱਧ ਵਿਚਾਰਧਾਰਾ ਨੂੰ ਸਮਾਗਮਾਂ, ਸ਼ਰਧਾਂਜਲੀਆਂ ,ਸ਼ਤਾਬਦੀਆਂ ,ਆਦਿ ਵਿੱਚ ਰੋਲ ਕੇ ਰੱਖ ਦਿੱਤਾ ।ਦੂਸਰਾ ਉਸ ਦੀ ਵਿਚਾਰਧਾਰਾ ਦੇ ਕੱਟੜ ਸਮਰਥਕ ਅਤੇ ਪ੍ਰਚਾਰਕ ਕਾਮਰੇਡ ਵੀਰਾਂ ਨੇ ਵੀ ਘੱਟ ਨਹੀਂ ਕੀਤੀ ।ਇੱਕ ਧੜੇ ਨਾਲ ਜੁੜ ਕੇ ਉਸ ਦੇ ਧਰਮ ਵਿਰੱਧ ਹੋਣ ਨੂੰ ਹੀ ਪ੍ਰਚਾਰ ਦਾ ਮੁੱਖ ਵਿਸ਼ਾ ਬਣਾ ਲਿਆ । ਅੱਜ ਦੇ ਜਵਾਨ ਨੂੰ ਉਸ ਦੇ “ਮੈਂ ਨਾਸਤਕ ਕਿਉਂ ਹਾਂ” ਦਾ ਤਾਂ ਇਲਮ ਹੈ, ਉਸ ਦੇ ਲੈਨਿਨ ਦੀ ਜੀਵਨੀ ਪੜ੍ਹਦੇ ਹੋਣ ਦਾ ਗਿਆਨ ਹੈ , ਪਰ ਉਸ ਨੇ ਕਿਸ ਤਬਦੀਲੀ ਦੀ ਗੱਲ ਕੀਤੀ ਸੀ ਤੇ ਉਹ ਅੱਜ ਦੇ ਪ੍ਰਸੰਗ ਵਿੱਚ ਕਿਵੇਂ ਫਿੱਟ ਬੈਠਦੀ ਹੈ,ਨਹੀਂ ਪਤਾ ।ਤੀਸਰਾ ਕਸੂਰ ਸਾਡੇ ਸਿੱਖ ਵੀਰਾਂ ਦਾ ਵੀ ਹੈ ,ਜੋ ਭਾਵੇਂ ਦੂਜੀ ਧਿਰ (ਕਾਮਰੇਡ) ਦੇ ਪ੍ਰਚਾਰ ਦੇ ਅਸਰ ਵਜੋਂ ਹੀ ਹੋਵੇ , ਪਰ ਕੋਈ ਗਲਤ ਨਹੀਂ ਹੋਵੇਗਾ ਇਹ ਕਹਿਣਾ ਕਿ ਸਿੱਖੀ ਨੂੰ ਪਿਆਰ ਕਰਨ ਵਾਲੇ ਅੱਜ ਭਗਤ ਸਿੰਘ ਦੀ ਨਾਸਤਕਤਾ ਕਰਕੇ ਉਸ ਤੋਂ ਦੂਰ ਜਾ ਚੁੱਕੇ ਹਨ ।{ਮੈਨੂੰ ਪੂਰਾ ਯਾਦ ਹੈ ,ਮੇਰਾ ਬਚਪਨ -ਜਦੋਂ ਮੇਰੇ ਪਿੰਡ ਦੇ ਗੁਰਦਵਾਰੇ ਵਿੱਚ ਢਾਡੀ ਭਗਤ ਸਿੰਘ,ਊਧਮ ਸਿੰਘ ਦੀਆਂ ਵਾਰਾਂ ਗਾਇਆ ਕਰਦੇ ਸਨ । ਅੱਜ ਕਿਉਂ ਭਗਤ ਸਿੰਘ ਗੁਰਦਵਾਰੇ ਚੋਂ ਬਾਹਰ ਹੋ ਗਿਆ ਹੈ ਕਿਉਂਕਿ ਉਸ ਦੇ (ਸੱਚ ਜਾਂ ਝੂਠ ) ਨਾਸਤਕ ਹੋਣ ਦਾ ਪ੍ਰਚਾਰ ਲੋੜ ਤੋਂ ਵੱਧ ਹੋਇਆ ਹੈ ।} ਸਰਕਾਰੀ ਧਿਰ ਦੀ ਗੱਲ ਤਾਂ ਸਮਝ ਆਉਂਦੀ ਹੈ ,ਪਰ ਦੂਜੀਆਂ ਧਿਰਾਂ ਕਦੋਂ ਸਵੈ-ਵਿਸ਼ਲੇਸ਼ਣ ਕਰਨਗੀਆਂ ? ਕਿਉਂਕਿ ਹੁਣ ਭਗਤ ਸਿੰਘ ਇੱਕ ਖਾਸ ਧੜੇ ਦਾ ਪ੍ਰਤੀਨਿਧ ਹੈ ,ਲੋਕ-ਮਨ ਦਾ ਨਹੀਂ ।………
ਅੱਗੇ ਚੱਲਦੇ ਹਾਂ-ਗੱਲ ਗੁਰੂ ਨਾਨਕ ਦੀ ਕਰੀਏ ।ਮਨੁੱਖਤਾ ਦਾ ਰਹਿਬਰ,ਚਾਰੇ ਵਰਨਾਂ ਨੂੰ ਇੱਕ ਸਮਝਣ ਵਾਲਾ, ਗਰੀਬਾਂ ਅਤੇ ਲਤਾੜਿਆਂ ਨੂੰ ਗਲ ਲਗਾਣ ਵਾਲਾ, ਹਾਕਮ, ਜਰਵਾਣੇ, ਪਾਖੰਡੀ, ਧਾਰਮਿਕ ਅਤੇ ਰਾਜਨੀਤਿਕ ਨੇਤਾਵਾਂ ਨੂੰ ਖਰੀਆਂ ਸੁਣਾਣ ਵਾਲਾ ਅੱਜ ਇੱਕ ਧਿਰ ਦਾ ਰਹਿਬਰ ਬਣ ਕੇ ਰਹਿ ਗਿਆ ਹੈ ।ਵੱਖ ਵੱਖ ਦੇਸ਼ਾਂ ਵਿੱਚ ਦੂਰ ਦੁਰਾਡੇ ਪੈਦਲ ਚੱਲਣ ਵਾਲੇ ਨਾਨਕ ਦੇ ਪੈਰਾਂ ਦੇ ਛਾਲੇ ਅਸਾਨੂੰ ਤੁਰਨ ਦੀ ਪ੍ਰੇਰਨਾ ਨਹੀਂ ਦਿੰਦੇ । ਸਾਨੂੰ ਕਿਰਤੀ ਭਾਈ ਲਾਲੋ ਨਜਰ ਨਹੀਂ ਆਉਂਦਾ ਸਗੋਂ ਵੱਡੇ ਵੱਡੇ ਲੰਗਰ ਲਗਾ ਕੇ,ਵੱਡੇ ਵੱਡੇ ਗੁਰਦਵਾਰੇ ਬਣਾ ਕੇ,ਸੋਨਾ ਚੜ੍ਹਾ ਕੇ, ਉਸ ਦੀ ਸਰਬ-ਸਾਂਝੀ ਬਾਣੀ ਦੇ ਸੰਦੇਸ਼ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਪੂਜਾ ਕਰਨੀ ਚੰਗੀ ਲੱਗਣ ਲੱਗ ਪਈ ਹੈ । ਇੱਥੇ ਵੀ ਅਪਹਰਣ ਕਰਨ ਵਾਲੇ ਨੇ ਬਹੁਤ ਬਾਰੀਕੀ ਨਾਲ ,ਸੂਖਮਤਾਈ ਨਾਲ ਵਾਰ ਕੀਤਾ ਹੈ । ਜਿਸ ਲੁੱਟ ਤੋਂ ਬਾਬੇ ਨੇ ਵਰਜਿਆ ਸੀ,ਉਸ ਦਾ ਨਾਂ ਲੈ ਕੇ ਉਹੀ ਲੁੱਟ ਸਿੱਧੇ-ਅਸਿੱਧੇ ਫਿਰ ਸ਼ੁਰੂ ਹੋ ਚੁੱਕੀ ਹੈ ।ਧਾਰਮਿਕ ਪੁਜਾਰੀ,ਕਰਮ ਕਾਂਡੀ,ਸਰਮਾਏਦਾਰ ਜਮਾਤ ਅਤੇ ਇਨਾਂ ਜਮਾਤਾ ਦੀ ਪਾਲਕ ਸਰਕਾਰ ਨੇ ਤਾਂ ਇਹ ਸਭ ਕਰਨਾ ਹੀ ਸੀ –ਉਨਾਂ ਦਾ ਸਵਾਰਥ ਅਤੇ ਲੋੜਾਂ ਨੇ ਨਾਨਕ-ਵਿਚਾਰਧਾਰਾ ਨੂੰ ਨਕਾਰਨਾ ਹੀ ਸੀ। ਪਰ ਉਸ ਦੇ ਪੈਰੋਕਾਰ ਬਣੇ ਸਿੱਖਾਂ ਨੇ ਵੀ ਗੁਰੂ ਨਾਨਕ ਨੂੰ ਸਿਰਫ ਪੂਜਾ ਦੀ ਵਸਤੂ ਬਣਾ ਕੇ ਰੱਖ ਛੱਡਿਆ ਹੈ । ਅੱਜ ਉਹ ਹਿੰਦੂਆਂ ਦਾ ਗੁਰੂ ਅਤੇ ਮੁਸਲਮਾਨਾਂ ਦਾ ਪੀਰ ਕਿਉਂ ਨਹੀ ???ਸ਼ਾਤਰ ਹਾਕਮ ਨਾਨਕ ਦੇ ਦਿਨ ਮਨਾਏਗਾ , ਛੁੱਟੀ ਕਰੇਗਾ, ਸਮਾਗਮ ਕਰਵਾਏਗਾ—ਹੋਰ ਸਭ ਕੁਝ ਕਰੇਗਾ ਪਰ ਜੇ ਕਿਸੇ ਨਾਨਕ-ਨਾਮ ਲੇਵਾ ਨੇ ਹਾਕਮ ਨੂੰ ਜਾਬਰ ਕਹਿ ਦਿੱਤਾ ,ਉਹ ਝੱਲ ਨਹੀਂ ਸਕੇਗਾ ।ਜੇ ਅਜੋਕੇ ਕਰਮ-ਕਾਂਡੀਆਂ ਦੇ ਵਿਰੁੱਧ ਬੋਲਣ ਲੱਗਿਆ ਤਾਂ ਬਹੁਤ ਧਾਰਾਵਾਂ ਲਗਾਈਆਂ ਜਾ ਸਕਦੀਆਂ ਹਨ ।ਨਾਨਕ ਦਾ ਪੂਰੀ ਤਰਾਂ ਅਪਹਰਣ ਹੋ ਚੁੱਕਾ ਹੈ ਅਤੇ ਜੋ ਨਾਨਕ ਅੱਜ ਲੋਕਾਂ ਕੋਲ ਹੈ ,ਉਹ ਕਿਸੇ ਸਾਧ-ਬਾਬੇ ਦੇ ਵਿਰੱਧ ਨਹੀਂ ,ਉਹ ਕਿਸੇ ਬਾਬਰ ਜਾਂ ਮਲਕ ਭਾਗੋ ਦੇ ਵਿਰੱਧ ਵੀ ਨਹੀਂ ।ਮਾਲਾ ਫੜੀ ਨਾਮ ਜਪਾਉਂਦਾ ਇਹ ਨਾਨਕ ਕਿਸੇ ਲਈ ਕੋਈ ਖਤਰਾ ਨਹੀਂ ।ਕਿਰਤੀ ਲੋਕ-ਮਨ ਚੋਂ ਦੂਰ ਚਲਾ ਗਿਆ ਏ ਨਾਨਕ ।……..
ਲੇਖ ਦੇ ਲੰਬਾ ਹੋਣ ਤੋਂ ਡਰਦਾ ਮੈਂ ਨਾ ਹੀ ਹੋਰ ਉਦਾਹਰਣਾਂ ਦੇਵਾਂਗਾ ਅਤੇ ਨਾ ਹੀ ਬਹੁਤੀ ਵਿਆਖਿਆ ਕਰਾਂਗਾ ਪਰ ਇਹ ਜਰੂਰ ਕਹਿਣਾ ਚਾਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ----- ਅਤੇ ਇਸੇ ਤਰਾਂ ਕੁਝ ਹੋਰ ..ਅਜਿਹੇ ਨਾਂ ਹਨ ਜਿਨਾਂ ਆਪਣੇ ਸਮੇਂ ਵਿੱਚ ਹੀ ਨਹੀਂ ਸਗੋਂ ਬਾਅਦ ਵਿੱਚ ਵੀ ਲੰਮਾ ਅਰਸਾ ਲੋਕਾਂ ਦੇ ਹਿਰਦਿਆਂ ਤੇ ਰਾਜ ਕੀਤਾ ।ਪਰ ਸ਼ਾਤਰ ਸਰਕਾਰਾਂ ਨੇ, ਵਿਰੋਧੀ ਧਿਰਾਂ ਨੇ ਜਾਣ ਬੁਝ ਕੇ ਚਾਲਾਂ ਨਾਲ ਅਤੇ ਉਨਾਂ ਦੇ ਆਪਣਿਆਂ ਨੇ ਜਿਆਦਾ ਸ਼ਰਧਾ ਵਿੱਚ, ਕੱਟੜਤਾ ਵਿੱਚ, ਜਾਂ ਕਿਸੇ ਇੱਕ ਧਿਰ ਨਾਲ ਜੁੜ ਕੇ ਉਨਾਂ ਦੀ ਵਿਸ਼ਾਲ ਇਨਕਲਾਬੀ ਸੋਚ ਨੂੰ ਤਹਿਸ ਨਹਿਸ ਕਰ ਦਿੱਤਾ । ਅੱਜ ਉਨਾਂ ਦਾ ਨਾਮ ਲਿਆ ਜਾਂਦਾ ਹੈ , ਪਰ ਉਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਗੱਲ ਬਹੁਤ ਦੂਰ ਨਿਕਲ ਗਈ ਹੈ । ਕੁਝ ਮਾਇਆ ਨੇ, ਕੁਝ ਸਵਾਰਥਾਂ ਨੇ, ਕੁਝ ਕੁਰਸੀ ਨੇ, ਕੁਝ ਚੌਧਰ ਨੇ ਕੁਝ ਅਜਿਹਾ ਵਾਤਾਵਰਨ ਬਣਾ ਦਿੱਤਾ ਹੈ ਕਿ ਅਸੀਂ ਆਪਣੇ ਹੀ ਬਣਾਏ ਚੱਕਰਵਿਊ ਵਿੱਚ ਫਸ ਕੇ ਰਹਿ ਗਏ ਹਾਂ ਅਤੇ ਉਸ ਆਪੂਂ ਬਣਾਏ ਦਾਇਰਿਆਂ ਤੋਂ ਬਾਹਰ ਨਿਕਲਣਾ ਤਾਂ ਦੂਰ , ਸੋਚਣਾ ਵੀ ਚੰਗਾ ਨਹੀ ਸਮਝਦੇ ।
ਕਦੋਂ ਉਹ ਵੇਲਾ ਆਏਗਾ ਜਦੋਂ ਅਸੀਂ ਆਪਣੇ ਨਾਇਕਾਂ ਨੂੰ ਆਪਣੇ ਹਿਰਦਿਆਂ ਚੋਂ , ਆਪਣੇ ਵਿਚਾਰਾਂ ਚੋਂ ਜਾਣ ਨਹੀਂ ਦੇਵਾਂਗੇ ਅਤੇ ਲੋਟੂ ਤਾਕਤਾਂ ਦੇ ਡਰਾਮੇ ਪਹਿਚਾਣ ਸਕਾਂਗੇ ।ਵਿਦਵਾਨਾਂ, ਚਿੰਤਕਾਂ, ਲੇਖਕਾਂ ਤੋਂ ਕੁਝ ਆਸ ਹੈ ਜੇ ਉਹ ਮਾਣ-ਸਨਮਾਨ ਤੋਂ ਉਚਾ ਉਠ ਸਕਣ ਅਤੇ ਧੜੇਬੰਦੀ ਦੇ ਗੁਲਾਮ ਨਾ ਬਣਨ ।ਸਿਰਫ ਅਤੇ ਸਿਰਫ ਸੱਚ ਲਿਖ ਸਕਣ………….
--------------------------00000------------------------
ਸਹਿ-ਸੰਪਾਦਕ, ਪੰਜਾਬੀ ਸਾਂਝ,
(ਜਰਮਨ ਤੌਂ ਨਿਕਲਦਾ ਈ-ਪੇਪਰ)


08/19/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ‘ਚ ਸੋਲਾਂ ਜਾਂ ਅਨੰਤ ਕਲਾਂ-੫੯

ਅਵਤਾਰ ਸਿੰਘ ਮਿਸ਼ਨਰੀ (510-432-5827)

ਕਲਾ ਦਾ ਮਤਲਵ ਸ਼ਕਤੀ ਜਾਂ ਹੁਨਰ ਹੈ। ਭਾਈ ਸਾਹਿਬ ਭਾਈ ਕਾਨ ਸਿੰਘ ਨ੍ਹਾਭਾ ਅਨੁਸਾਰ ਕਲਾ ਬਾਰੇ-ਸੋਲਾਂ ਅੰਸ਼, ਸੋਲਾਂ ਭਾਗ, ਜੈਸੇ ਰੁਪਯੇ ਨੂੰ ਸੋਲਾਂ ਆਨੇ ਦਾ ਮੰਨਕੇ ਕਿਸੇ ਵਸਤੂ ਦੀ ਪੂਰਣਤਾ ਪ੍ਰਗਟ ਕਰਨ ਲਈ ਅਸੀਂ ਆਖਦੇ ਹਾਂ ਕਿ ਇਹ ਸੋਲਾਂ ਆਨੇ ਹੈ, ਐਸੇ ਹੀ ਈਸ਼੍ਵਰ ਦੀਆਂ ਸੋਲਾਂ ਸ਼ਕਤੀਆਂ ਮੰਨੀਆਂ ਹਨ। ਬ੍ਰਹਮਵੈਵਰਤ ਪੁਰਾਣ ਵਿੱਚ ਇਹ ਸੋਲਹ ਕਲਾਂ ਹਨ- ਗ੍ਯਾਨ, ਧ੍ਯਾਨ, ਸ਼ੁਭ ਕਰਮ, ਹਠ, ਸੰਜਮ, ਧਰਮਰੁਦਾਨ। ਵਿਦ੍ਯਾ, ਭਜਨ, ਸੁਪ੍ਰੇਮ, ਯਤ, ਅਧ੍ਯਾਤਮ, ਸਤਮਾਨ। ਦਯਾ, ਨੇਮ ਅਰੁ ਚਤੁਰਤਾ ਬੁੱਧ ਸੁੱਧ ਇਹ ਜਾਨ। ਹਿੰਦੂਮਤ ਅਨੁਸਾਰ ਇਨ੍ਹਾਂ ਵਿੱਚੋਂ ਜਿਤਨੀਆਂ ਕਲਾ ਕਿਸੇ ਅਵਤਾਰ ਵਿੱਚ ਹੋਣ, ਉਹ ਉਤਨੀ ਕਲਾ ਵਾਲਾ ਅਵਤਾਰ ਕਹਿਆ ਜਾਂਦਾ ਹੈ, ਜਿਸ ਵਿੱਚ ਸੋਲਾਂ ਹੀ ਹੋਣ ਉਹ ਪੂਰਨ ਕਲਾ ਅਵਤਾਰ ਹੈ। ਚੰਦ੍ਰਮਾਂ ਦੀਆਂ ਭੀ ਸੋਲਾਂ ਕਲਾ ਮੰਨੀਆਂ ਹਨ-ਅਮ੍ਰਿਤਾ, ਮਾਨਦਾ, ਪੂਸਾ, ਪੁਸ੍ਟਿ, ਤੁਸ੍ਟਿ, ਰਤਿ, ਧ੍ਰਿਤਿ, ਸ਼ਸ਼ਿਨੀ, ਚੰਦ੍ਰਿਕਾ, ਕਾਂਤਿ, ਜ੍ਯੋਤਸਨਾ, ਸ਼੍ਰੀ, ਪ੍ਰੀਤਿ, ਅੰਗਦਾ, ਪੂਰਣਤਾ ਅਤੇ ਪੂਰਣਾਮ੍ਰਿਤਾ। ਗੁਰਮਤਿ ਵਿੱਚ ਵਾਹਗੁਰੂ ਨੂੰ ਅਨੰਤ ਕਲਾ ਵਾਲਾ ਲਿਖਿਆ ਹੈ ਜੈਸੇ ਕਿ-ਸੋਲਹ ਕਲਾ ਸੰਪੂਰਨ ਫਲਿਆ॥ ਅਨਤ ਕਲਾ ਹੋਇ ਠਾਕੁਰੁ ਚੜਿਆ॥ (੧੦੮੧) 
ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ-ਸੋਲਾਂ ਤਰ੍ਹਾਂ ਦੀਆਂ ਕਲਾਵਾਂ/ਹੁਨਰ ਜੋ ਸੋਲਾਂ ਕਲਾਂ ਵਿੱਚ ਮਾਹਰ ਹੁੰਦਾ ਹੈ। ਵੈਦਿਕ ਕਿਤਾਬਾਂ ਮੁਤਾਬਿਕ ਰੱਬ ਦੇ ਸੋਲਾਂ ਗੁਣ ਹਨ-ਗਿਆਨ, ਪਿਆਰ, ਸਮਾਧੀ/ਇਕਾਗਰਤਾ, ਚੰਗਿਆਈ ਦ੍ਰਿੜਤਾ, ਸੰਤੋਖ, ਸਦਾਚਾਰ, ਵਿਦਿਆ, ਭਗਤੀ, ਰੂਹਾਨੀਅਤ ਅਤੇ ਸਚਾਈ ਆਦਿ। ਸਿੱਖ ਧਰਮ ਰੱਬ ਦੀਆਂ ਖੂਬੀਆਂ ਦੀ ਹੱਦਬੰਦੀ ਨੂੰ ਰੱਦ ਕਰਦਾ ਹੈ। ਸਿੱਖ ਸਿਧਾਂਤਾਂ ਅਨੁਸਾਰ ਰੱਬੀ ਗੁਣਾਂ ਦੀ ਕੋਈ ਗਿਣਤੀ ਨਹੀ ਸਗੋਂ ਉਸ ਦੇ ਗੁਣ, ਖੂਬੀਆਂ ਅਤੇ ਕਲਾਵਾਂ ਬੇਸ਼ਮਾਰ ਹਨ। ਰੱਬ ਸੋਲਾਂ ਜਾਂ ਸੌ ਨਹੀਂ ਸਗੋਂ ਸਰਬ ਕਲਾ ਸੰਪੂਰਨ ਹੈ।

ਹਿੰਦੂ ਮਿਥ ਅਨੁਸਾਰ ਰਾਮ ਚੰਦਰ ਚੌਦਾਂ, ਕ੍ਰਿਸ਼ਨ ਜੀ ਸੋਲਾਂ ਕਲੀ ਅਵਤਾਰ ਮੰਨੇ ਗਏ ਹਨ। ਬ੍ਰਾਹਮਣੀ ਗ੍ਰੰਥ ਇਨ੍ਹਾਂ ਅਵਤਾਰਾਂ ਨੂੰ ਰੱਬ ਜਾਂ ਭਗਵਾਨ ਮੰਨਦੇ ਹਨ। ਗੁਰਮਤਿ ਇਸ ਨਾਲ ਸਹਿਮਤ ਨਹੀ ਕਿਉਂਕਿ ਰੱਬ ਜਾਂ ਭਗਵਾਨ  ਦੇ ਮਾਤਾ ਪਿਤਾ ਨਹੀਂ ਹੁੰਦੇ ਅਤੇ ਨਾਂ ਹੀ ਉਹ ਜੰਮਦਾ ਮਰਦਾ ਹੈ। ਸ੍ਰੀ ਰਾਮ ਚੰਦ੍ਰ ਤੇ ਸ੍ਰੀ ਕ੍ਰਿਸ਼ਨ ਜੀ ਦੇ ਮਾਤਾ ਪਿਤਾ ਵੀ ਸਨ ਅਤੇ ਸਮੇ ਨਾਲ ਇਨ੍ਹਾਂ ਨਾਂ ਦੀ ਮੌਤ ਵੀ ਹੋਈ। ਇਹ ਆਪੋ ਆਪਣੇ ਸਮੇ ਦੇ ਰਾਜੇ ਸਨ ਤੇ ਉਸ ਵੇਲੇ ਲੋਕ ਰਾਜਿਆਂ ਨੂੰ ਹੀ ਭਗਵਾਨ ਸਮਝ ਲੈਂਦੇ ਸਨ। ਵੇਖੋ! ਗੁਰ ਫੁਰਮਾਨ ਹੈ-ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾਂ ਕਾ ਕਿਆ ਕਰਿ ਆਖਿ ਵੀਚਾਰੀ॥੭॥(੪੨੩) ਹੋਰ ਵੀ ਫੁਰਮਾਨ ਹੈ ਕਿ ਕਹੇ ਜਾਂਦੇ ਅਵਤਾਰ ਤਾਂ ਉਸ ਦਾ ਅੰਤ ਨ ਜਾਣ ਸੱਕੇ-ਅਵਤਾਰ ਨ ਜਾਨਹਿ ਅੰਤੁ॥ ਪਰਮੇਸ਼ਰ ਪਾਰਬ੍ਰਹਮ ਬਿਅੰਤੁ॥ (ਗੁਰੂ ਗ੍ਰੰਥ)

ਸੋ ਗੁਰਮਤਿ ਅਕਾਲ ਪੁਰਖ ਰੱਬ ਜੀ ਨੂੰ ਅਨੰਤ ਕਲਾ (ਸ਼ਕਤੀਆਂ) ਦਾ ਸੋਮਾ ਮੰਨਦੀ ਹੈ। ਪ੍ਰਮਾਤਮਾਂ ਕੁਝ ਕੁ ਮਿਥੀਆਂ ਗਈਆਂ ਕਲਾਵਾਂ ਚ ਹੀ ਸੀਮਤ ਨਹੀ ਹੈ। ਉਸ ਅਨੰਤ ਕਲਾ ਦੇ ਮਾਲਿਕ ਕਰਤਾਰ ਬਾਰੇ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਵਾਲੇ ਲੋਕ ਖੋਜ ਕਰਕੇ, ਉਸ ਦੀਆਂ ਅਸੀਮ ਕਲਾ ਦੇ ਭੰਡਾਰ ਚੋਂ ਨਿਤ ਨਵੀਆਂ ਕਾਢਾਂ ਕੱਢ ਕੇ ਮਨੁੱਖਤਾ ਲਈ ਸਹੂਲਤਾਂ ਪੈਦਾ ਕਰ ਰਹੇ ਹਨ। ਇਸੇ ਕਲਾ ਸਦਕਾ ਹੀ ਅੱਜ ਦੇ ਵਿਗਿਆਨੀ ਮਿਥਿਹਾਸ ਅਨੁਸਾਰ ਮੰਨੇ ਗਏ ਦੇਵੀ ਦੇਵਤੇ, ਗ੍ਰਹਿਆਂ ਆਦਿਕ ਨੂੰ ਵੱਖ ਵੱਖ ਧਰਤੀਆਂ ਸਾਬਤ ਕਰ ਚੁੱਕੇ ਹਨ। ਚੰਦ, ਸ਼ਨੀ, ਮੰਗਲ ਆਦਿਕ ਵੱਖ ਵੱਖ ਗ੍ਰਹਿ ਜਾਂ ਧਰਤੀਆਂ ਹਨ ਅਤੇ ਸ਼ੂਰਜ ਇੱਕ ਵੱਡ ਅਕਾਰੀ ਅੱਗ ਦਾ ਗੋਲਾ ਹੈ। ਸੋ ਸਾਨੂੰ ਵਹਿਮ ਭਰਮ ਅਤੇ ਅੰਧਵਿਸ਼ਵਾਸ਼ ਛੱਡ ਕੇ ਵੱਧ ਤੋਂ ਵੱਧ ਕਲਾ ਸਿੱਖਣੀਆਂ ਅਤੇ ਧਾਰਨ ਕਰਨੀਆਂ ਚਾਹੀਦੀਆਂ ਹਨ ਨਾ ਕਿ ਪੁਰਾਤਨ ਮਿਥ ਮੁਤਾਬਿਕ ਸੋਲਾਂ ਕਲਾ ਦੀ ਗਿਣਤੀ ਤੇ ਹੀ ਅਟਕੇ ਰਹਿਣਾ ਚਾਹੀਦਾ ਹੈ?


08/19/18
ਨਿਰਮਲ ਸਿੰਘ ਸੁਰ ਸਿੰਘ

ਤੀਆਂ ਦੇ ਤਿਉਹਾਰ ਸਬੰਧੀ

.............. ਭਾਈ ਕਾਨ੍ਹ ਸਿੰਘ ਨਾਭਾ .....ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਵਿੱਚ ਤੀਆਂ ਦੇ ਸਿਰਲੇਖ ਹੇਠ ਲਿਖਦੇ ਹਨ । ਤੀਆਂ......ਸੰਗਯਾ - ਸਾਵਣ ਸੁਦੀ ੩ ਦਾ ਤਿਉਹਾਰ , ਜਿਸਨੂੰ ਖਾਸ ਕਰਕੇ ਇਸਤਰੀਆਂ ਮਨਾਉਦੀਆਂ ਹਨ, ਅਤੇ ਪਿੰਡ ਤੋਂ ਬਾਹਰ ਇੱਕਠੀਆਂ ਹੋਕੇ ਪੀਘਾਂ ਝੂਟਦੀਆਂ ਹਨ । ਤੀਜ ਤਿੱਥ ਤੇ ਤਿੰਨ ਦਿਨ ਉਤਸਵ ਰਹਿਣ ਕਰਕੇ ਤੀਆਂ ਸੰਗਯਾ ਹੈ , ਸੰਸਕ੍ਰਿਤ ਗ੍ਰੰਥਾਂ ਵਿੱਚ ਇਸਦਾ ਨਾਉ " ਗੌਰੀ ਤ੍ਰਿਤਯਾ " ਹੈ । ਸਾਉਣ ਮਹੀਨੇ ਸਬੰਧੀ ਗੁਰਬਾਣੀ ਦਾ ਨਜ਼ਰੀਆ ……………। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋ ਰੁੱਤਾਂ , ਵਾਰਾਂ , ਥਿੱਤਾਂ , ਮਹੀਨਿਆਂ ਤੇ ਹੋਰ ਕਈ ਪ੍ਰਕਾਰ ਦੇ ਪ੍ਰਤੀਕ ਲੈ ਕੇ ਮਨੁੱਖੀ ਜੀਵਨ ਨੂੰ ਸੇਧ ਦਿੱਤੀ ਗਈ ਹੈ , ਦੋ ਵਾਰ ਬਾਰਹਮਾਹ ,ਰਾਗ ਮਾਝ ੧੩੩, ਤੇ ਰਾਗ ਤੁਖਾਰੀ ੧੧੦੭, ਅੰਕ ਤੇ ਸਾਲ ਦੇ ਬਾਰ੍ਹਾਂ ਮਹੀਨਿਆਂ ਵਿੱਚੋਂ ਸਾਉਣ ਮਹੀਨੇ ਦੀ ਵਿਸ਼ੇਸਤਾ ਬਾਣੀ ਵਿੱਚ ਕੁੱਝ ਇਸ ਪ੍ਰਕਾਰ ਬਿਆਨ ਕੀਤੀ ਹੈ , ਬੱਦਲਾਂ ਦਾ ਆਉਣਾ , ਫੁੱਲ ਬੂਟੇ ,ਬ੍ਰਿਛਾਂ ਤੇ ਠਾਠਾਂ ਮਾਰਦੀ ਜਵਾਨੀ , ਮੋਰਾਂ ਦੀ ਰੁਣਝੁਣ , ਸਾਉਣ ਮਹੀਨੇ ਵਿੱਚ ਵਰਦੇ ਹੋਏ ਮੀਂਹ ਨਾਲ ਕਿਤੇ ਖੁਸ਼ੀ ਤੇ ਕਿਤੇ ਸੋਗ , ਹਾੜੀ ਦੀ ਫਸਲ ਦਾ ਪੱਕਣਾ , ਸੁਹਾਗਣ ਜੀਵ ਇਸਤਰੀ ਦੀ ਖਸਮ ( ਰੱਬ ) ਪ੍ਰਤੀ ਤੜਪ , ਸੱਚਮੁੱਚ ਹੀ ਇਸ ਮਹੀਨੇ ਸਬੰਧੀ ਬੜੇ ਮਨਮੋਹਕ ਤੇ ਦਿਲ ਟੁੰਬਵੇਂ ਨਜ਼ਾਰੇ ਪੜਣ ਸੁਣਨ ਨੂੰ ਮਿਲਦੇ ਹਨ ਧੁਰ ਕੀ ਬਾਣੀ ਅੰਦਰ । ਗੁਰਬਾਣੀ ਦੇ ਇਸ ਪੱਖ ਤੋਂ ਇਲਾਵਾ ਸਿੱਖ ਧਰਮ ਨਾਲ ਸਬੰਧਿਤ ਸਾਉਣ ਮਹੀਨੇ ਵਿੱਚ ਏਹੋ ਜਿਹੇ ਕਿਸੇ ਹੋਰ ਦਿਨ ਜਾਂ ਤਿਉਹਾਰ ਦਾ ਕੋਈ ਖਾਸ ਜ਼ਿਕਰ ਨਹੀ ਮਿਲਦਾ । ਪਰ , ਪਿਛਲੇ ਕੁੱਝ ਸਮੇ ਤੋਂ ਪੰਜਾਬ ਦੇ ਪਿੰਡਾਂ ਵਿੱਚ ਸਾਉਣ ਮਹੀਨਾ ਆਉਣ ਤੇ ਅਖੌਤੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ .......ਜਿਸ ਵਿੱਚ ਪਿੰਡਾਂ ਦੀ ਵਿਆਹੀਆਂ ਤੇ ਅਣ-ਵਿਆਹੀਆਂ ਮੁਟਿਆਰਾਂ ਬੋਲੀਆਂ ਤੇ ਗਿੱਧਾ ਪਾਉਦੀਆਂ ਹਨ , ਹੁਣ ਤਾਂ ਸਕੂਲਾਂ , ਕਾਲਜਾਂ ,ਯੂਨੀਵਰਸਿਟੀਆਂ ਵਿੱਚ ਵੀ ਇਹ ਤਿਉਹਾਰ ਮਨਾਇਆ ਜਾਣ ਲੱਗ ਪਿਆ ਹੈ , ਦੁਖਾਂਤ ਤਾਂ ਇਹ ਹੈ ਕਿ ਵਿੱਦਿਅਕ ਅਧਾਰਿਆਂ ਵਿੱਚ ਗਿੱਧੇ ਤੇ ਬੋਲੀਆਂ ਤੋਂ ਵੀ ਗੱਲ ਅਗਾਂਹ ਜਾ ਚੁੱਕੀ ਹੈ , ਜਿਹੜੇ ਸਕੂਲ ਕਾਲਜਾਂ ਵਿੱਚ ਪੰਜਾਬ ਵਾਸੀਆਂ ਦੇ ਬੱਚਿਆਂ ਦਾ ਨਿਆਰਾ ਭਵਿੱਖ ਘੜਿਆ ਜਾਣਾ ਸੀ , ਓਥੇ ਉਹਨਾਂ ਨੂੰ ਗੁਰਬਾਣੀ ਇਤਿਹਾਸ ਤੇ ਖਾਲਸਈ ਰਵਾਇਤਾਂ ਤੋਂ ਕੋਹਾਂ ਦੂਰ ਖੜੇ ਐਸੇ ਅਖੌਤੀ ਤਿਉਹਾਰਾਂ ਦੀ ਪੁੱਠ ਚਾੜੀ ਜਾ ਰਹੀ ਹੈ । ਜੋ ਕਿ ਜਾਣੇ ਅਣਜਾਣੇ ਵਿੱਚ ਇੱਕ ਵੱਡੀ ਭੁੱਲ ਹੈ । ਆਖਰ ਕਿਉਂ ਸ਼ੁਰੂ ਹੋਇਆ ਤਿਆਂ ਦਾ ਤਿਉਹਾਰ ?

੧ ...ਤੀਆਂ ਦੇ ਤਿਉਹਾਰ ਸਬੰਧੀ ਵਿਦਵਾਨ ਸੱਜਣਾ ਦੀ ਰਾਇ ਹੈ ਕਿ ਇਸ ਦੀ ਸ਼ੁਰੂਆਤ ਔਰੰਗਜ਼ੇਬ ਵੇਲੇ ਹੋਈ ਸੀ ਜਦੋਂ ਪੰਜਾਬ ਦੀਆਂ ਬਹੂ ਬੇਟੀਆਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਸੱਦ ਕੇ ਉਹਨਾ ਦਾ ਸੁਹੱਪਣ ਪਰਖਣ ਲਈ ਨਾਚ ਕਰਵਾਉਂਦਾ , ਰੱਥ ਤੇ ਬੈਠ ਕੇ ਸ਼ਰਾਬ ਪੀਦਾ ਤੇ ਫਿਰ ਇਹਨਾ ਦੀ ਚੋਣ ਕਰਦਾ । ਮਤਲਬ ਆਪਣੀ ਜਿਸਮਾਨੀ ਭੁੱਖ ਪੂਰੀ ਕਰਨ ਲਈ ਉਹਨਾਂ ਦੀ ਮਰਜੀ ਦੇ ੳਲਟ ਧੱਕੇਸ਼ਾਹੀ ਕਰਨੀ , ਗੋਲੀ ਬਣਾ ਕੇ ਰੱਖਣਾ । ਇਸ ਸਮਾਜਿਕ ਬੁਰਾਈ ਦਾ ਸ਼ਿਕਾਰ ਔਰਤਾਂ ਦੀ ਸਰਕਾਰੇ - ਦਰਬਾਰੇ ਕੋਈ ਦਾਦ ਫਰਿਆਦ ਨਾ ਸੁਣੀ ਜਾਂਦੀ ।

੨ ...... ਪੁਰਾਣੇ ਸਮਿਆ ਵਿੱਚ ਪਿੰਡਾਂ ਦੇ ਲੋਕ ਅਕਸਰ ਹੀ ਬੋਹੜ ਪਿੱਪਲਾਂ ਦੀ ਛਾਂ ਹੇਠ ਦੁਪਹਿਰੇ ਕੱਟਿਆ ਕਰਦੇ ਸਨ । ਕਿਉਕਿ ਬਿਜਲੀ, ਇਟਰਨੈਟ , ਮੋਬਾਇਲ, ਟੈਲੀਵਿਜ਼ਨ ਆਦਿ ਸਹੂਲਤਾਂ ਨਹੀ ਸਨ ਹੁੰਦੀਆਂ , ਇਸ ਕਰਕੇ ਜਿਆਦਾਤਰ ਲੋਕ ਵਿਹਲੇ ਸਮੇ ਪਿੰਡ ਦੀ ਇੱਕ ਸਾਂਝੀ ਥਾਂ ਤੇ ਦਰੱਖ਼ਤ ਦੀ ਛਾਂ ਹੇਠ ਬੈਠਦੇ ਸਨ , ਪਿੰਡਾਂ ਦੇ ਬਜ਼ੁਰਗ ਬਾਬੇ ਤੇ ਅੱਧਖੜ ਉਮਰ ਦੇ ਭਾਊ ਆਪਸੀ ਦੁੱਖ ਸੁੱਖ , ਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਿਤ ਗੱਲਾਂਬਾਤਾਂ ਰਾਹੀ ਮਨ ਦੇ ਖਿਆਲ ਇੱਕ ਦੂਜੇ ਨਾਲ ਸਾਂਝੇ ਕਰਿਆ ਕਰਦੇ ਸਨ । ਮਰਦਾਂ ਤੋਂ ਇਲਾਵਾ ਸਮਾ ਮਿਲਣ ਤੇ ਕਿਤੇ ਕਿਤੇ ਘਰਾਂ ਦੀਆਂ ਸੁਆਣੀਆਂ ਵੀ ਵੱਖਰੀਆਂ ਹੋ ਰਲ ਮਿਲ ਬੈਠਿਆ ਕਰਦੀਆਂ ਸਨ , ਮਰਦ ਤੀਵੀਆਂ ਦੇ ਇੱਕਠਿਆਂ ਬਹਿਣ ਦਾ ਰਵਾਜ਼ ਨਹੀ ਸੀ , ਗੱਲਾਂ ਗੱਲਾਂ ਵਿੱਚ ਛੋਟੇ ਛੋਟੇ ਘਰੇਲੂ ਕਾਰਜ ਵੀ ਕੀਤੇ ਜਾਂਦੇ ਸਨ , ਚਾਰ ਮੁਟਿਆਰਾਂ ਰਲਕੇ ਬੈਠੀਆਂ ਹੋਣ ਤੇ ਬੋਲੀਆਂ , ਗਿੱਧੇ ਦੀ ਗੱਲ ਛਿੜ ਪੈਂਦੀ , ਜਿਸ ਵਿੱਚ ਨਵ ਵਿਆਹੀਆਂ- ਵੁਹਟੀਆਂ ਬੋਲੀਆਂ ਦੇ ਰਾਹੀਂ ਆਪਣੇ ਮਾਹੀਏ ਦੀ ਗੱਲ , ਸੱਸ ਦਾ ਸੁਭਾਅ, ਦਿਉਰ ਭਰਜਾਈ, ਦਰਾਣੀ ਜਠਾਣੀ , ਨਨਾਣ ਭਰਜਾਈ ਆਦਿ ਗੀਤਾਂ ਨੂੰ ਗਾ ਕੇ ਆਪਣੇ ਖਿਆਲ ਪ੍ਰਗਟਾਉਦੀਆਂ ਸਨ , ਸਬੱਬ ਬਨਣ ਤੇ ਸਾਦ ਮੁਰਾਦੇ ਤਰੀਕੇ ਰਾਹੀ ਇਹ ਖਿਆਲਾਂ ਦਾ ਪ੍ਰਗਟਾਵਾ ਪੱਕੇ ਤੌਰ ਤਿਉਹਾਰ ਦਾ ਰੂਪ ਧਾਰਨ ਕਰ ਗਿਆ, ਜੋ ਕਾਫੀ ਲੰਮੇ ਸਮੇ ਤੱਕ ਪੰਜਾਬ ਵਿੱਚ ਮਨਾਇਆ ਜਾਂਦਾ ਰਿਹਾ , ਪਰ ਬੋਲੀਆਂ , ਗਿੱਧੇ , ਗੀਤਾਂ ਦਾ ਅਜੌਕਾ ਰੂਪ ਉਸ ਸਮੇ ਤੋ ਬਿਲਕੁੱਲ ਉਲਟ ਹੈ। ਜਾਂ ਵਿਗੜਿਆ ਹੋਇਆ ਰੂਪ ਕਹਿ ਸਕਦੇ ਹਾਂ । ਭਾਂਵੇ ਕਿ ਹੁਣ ਪਿੰਡਾਂ ਵਿੱਚ ਇਸ ਤਿਉਹਾਰ ਨੂੰ ਬਹੁਤ ਘੱਟ ਮਨਾਇਆ ਜਾਂਦਾ ਹੈ । ਪਰ , ਅੱਜਕਲ ਇਸਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ .........ਉਹ ਹੈ ਧਾਰਮਿਕ ਨਾਵਾਂ ਵਾਲੇ ਸਕੂਲਾਂ ਵਿੱਚ ਪੜ ਰਹੀਆਂ ਛੋਟੀਆਂ ਤੇ ਜਵਾਨ ਬੱਚੀਆਂ ਸਮੇਤ ਸਕੂਲ ਅਧਿਆਪਕਾਵਾਂ ਤੀਆਂ ਦੇ ਤਿਉਹਾਰ ਨੂੰ ਮਨਾਉਦੀਆਂ ਹਨ । ਬੋਲੀਆਂ , ਗਿੱਧੇ , ਭੰਗੜੇ , ਤੇ ਗੀਤਾਂ ਦੀ ਸ਼ਮੂਲੀਅਤ ਨਾਲ ਖੂਬ ਰੰਗ ਬੰਨਿਆ ਜਾਂਦਾ ਹੈ । ਜੋ ਕੇ ਗਲਤ ਰੁਝਾਣ ਹੈ , ਜਾਂ ਫਿਰ ਬੱਚਿਆਂ ਦੇ ਮਾਪਿਆਂ ਦੀਆਂ ਭਾਵਨਾਵਾਂ ਨਾਲ ਧੋਖਾ । ਕਿਉਕਿ ਸੱਭਿਆਚਾਰ ਦੇ ਨਾਮ ਹੇਠ ਪਤਾ ਨਹੀ ਕੀ ਕੀ ਆਪਣੇ ਨਾਲ ਜੋੜ ਲਿਆ ਅਸੀਂ । ਜਿਹੜੇ ਵਿੱਦਿਅਕ ਅਧਾਰੇ ਏਹੋ ਜਿਹੇ ਅਖੌਤੀ ਤਿੳੇਹਾਰਾਂ ਨੂੰ ਨਜ਼ਰ ਅੰਦਾਜ਼ ਕਰਕੇ ਬੱਚਿਆਂ ਦੀ ਪੜਾਈ ਤੇ ਸੋਹਣੇ ਸਮਾਜ ਦੀ ਸਿਰਜਨਾ ਲਈ ਚਿੰਤਤ ਹਨ ਬਾਕੀਆਂ ਨੂੰ ਵੀ ਉਹਨਾ ਤੋਂ ਸੇਧ ਲੈਣੀ ਬਣਦੀ ਹੈ ।

ਵਾਪਸੀ ਦੀ ਉਮੀਦ ਵਿੱਚ ....ਨਿਰਮਲ ਸਿੰਘ ਸੁਰ ਸਿੰਘ ਤੋਂ 9888520250


08/19/18
ਅਦਾਰਾ ਬਰਕਤ

ਪ੍ਰੈਸ ਨੋਟ
੧੪.੦੮.੨੦੧੮
ਭਲੋ ਭਲੋ ਰੇ ਕੀਰਤਨੀਆ ਇੰਟਰਨੈਸ਼ਨਲ ਮੈਲਬਰਨ, ਆਸਟ੍ਰੇਲੀਆ ਵਿਚ।

ਬਰਕਤ ਸੰਸਥਾ ਵੱਲੋਂ, ਭਲੋ ਭਲੋ ਰੇ ਕੀਰਤਨੀਆ ਇੰਟਰਨੈਸ਼ਨਲ ਫਾਈਨਲ ੨੦ ਤੋਂ ੨੬ ਅਗਸਤ, ੨੦੧੮ ਨੂੰ ਮੈਲਬਰਨ ਵਿਚ ਕਰਵਾਇਆ ਜਾ ਰਿਹਾ ਹੈ। ਇਹ ਆਪਣੀ ਕਿਸਮ ਦਾ ਪਹਿਲ ਪਲੇਠੀ ਦਾ ਉਦਮ ਹੈ ਜਿਸ ਦੇ ਅੰਤਰਗਤ ਗੁਰਮਤਿ ਸੰਗੀਤ ਅਤੇ ਕੀਰਤਨ ਦੀ ਪ੍ਰੰਪਰਾ ਨੂੰ ਪ੍ਰਫੁੱਲਤ ਕਰਨ ਲਈ, ਅੰਤਰ ਰਾਸ਼ਟਰੀ ਕੰਪੀਟੀਸ਼ਨ, ਪ੍ਰਸਿਧ ਰਾਗੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ ਦੀ ਸੁਚੱਜੀ ਅਗਵਾਈ ਹੇਠ ਹੋ ਰਿਹਾ ਹੈ।
ਇਸ ਦਾ ਕੁਆਰਟਰ ਫਾਈਨਲ ੨੦, ੨੧ ਅਤੇ ੨੨ ਅਗਸਤ ਨੂੰ ਗੁਰਦੁਆਰਾ ਸਾਹਿਬ ਕਰੇਗੀਬਰਨ ਵਿਖੇ ਹੋਵੇਗਾ ਜਦੋਂ ਕਿ ਸੈਮੀ ਫਾਈਨਲ ੨੩ ਤੇ ੨੪ ਨੂੰ, ਗੁਰਦੁਆਰਾ ਸਾਹਿਬ ਕੀਜ਼ਬਰੋ ਵਿਖੇ ਅਤੇ ਗਰੈਂਡ ਫਾਈਨਲ ੨੫ ਤੇ ੨੬ ਨੂੰ, ਗੁਰਦੁਆਰਾ ਸਾਹਿਬ ਬਲੈਕਬਰਨ ਵਿਚ ਪੇਸ਼ ਕੀਤਾ ਜਾਵੇਗਾ। ਜੂਨ ਅਤੇ ਜੁਲਾਈ ਮਹੀਨਿਆਂ ਦੌਰਾਨ, ਏਜ ਗਰੁਪ ਮੁਤਾਬਿਕ ਪੰਜ ਕੈਟੇਗਰੀਆਂ ਅਨੁਸਾਰ, ਪਹਿਲਾਂ ਬ੍ਰਿਜ਼ਬਿਨ ਅਤੇ ਮੈਲਬਰਨ ਵਿਚ ਔਡੀਸ਼ਨਾਂ ਦੇ ਰਾਊਂਡ ਹੋਏ ਸਨ ਅਤੇ ਜੇਹੜੇ ਕੀਰਤਨੀਏ ਉਹਨਾਂ ਵਿਚੋਂ ਸੀਲੈਕਟ ਹੋਏ ਸਨ, ਉਹ ਅਗਲੇ ਹਫਤੇ ਦੇ ਆਰੰਭ ਵਿਚ ਕੁਆਰਟਰ ਫਾਈਨਲ ਵਿਚ ਹਿੱਸਾ ਲੈਣਗੇ।
"ਗੁਰਬਾਣੀ ਨੂੰ ਰਾਗਾਂ ਵਿਚ ਗਾਉਣ ਨੂੰ ਕੀਰਤਨ ਕਿਹਾ ਜਾਂਦਾ ਹੈ, ਏਸੇ ਕਾਰਨ 'ਭਲੋ ਭਲੋ ਰੇ ਕੀਰਤਨੀਆ' ਨਾਂ ਹੇਠ ਇਹ ਉਦਮ ਆਰੰਭਿਆ ਗਿਆ ਹੈ ਤਾਂ ਕਿ ਸੰਸਾਰ ਭਰ ਵਿਚ ਵੱਸਦੀ ਸਿੱਖ ਸੰਗਤ, ਖਾਸ ਕਰਕੇ ਨਵੀਂ ਪਨੀਰੀ ਗੁਰਮਤਿ ਆਧਾਰੀ ਜੀਵਨ ਸ਼ੈਲੀ ਨਾਲ਼ ਸਾਂਝ ਪਾ ਸਕਣ ਅਤੇ ਜੁੜੇ ਰਹਿਣ ਲਈ ਪ੍ਰੇਰਤ ਹੋਣ", ਭਾਈ ਦਵਿੰਦਰ ਸਿੰਘ ਸੋਢੀ ਹੋਰਾਂ ਨੇ, ਇਸ ਉਦਮ ਨੂੰ ਵਿਸਥਾਰ ਸਹਿਤ ਬਿਆਨ ਕਰਦਿਆਂ ਦੱਸਿਆ। ਭਾਈ ਸਾਹਿਬ ਜੀ ਨੇ ਆਸਟ੍ਰੇਲੀਆ ਵਿਚ ਵੱਸਦੀ ਸਿੱਖ ਸੰਗਤ ਨੂੰ ਇਸ ਧਰਮ ਦੇ ਕਾਰਜ ਨੂੰ ਹਰ ਪ੍ਰਕਾਰ ਸਹਿਯੋਗ ਦੇਣ ਲਈ ਬੇਨਤੀ ਕੀਤੀ ਹੈ।
'ਬਰਕਤ' ਦੇ ਸੰਚਾਲਕ ਰਸਨਾ ਕੌਰ ਅਤੇ ਸ. ਹਰਪ੍ਰੀਤ ਸਿੰਘ, ਵੱਲੋਂ ਭਾਈ ਸਾਹਿਬ ਜੀ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ, ਅੱਗੇ ਲੱਗ ਕੇ ਉਦਮ ਕੀਤਾ ਜਾ ਰਿਹਾ ਹੈ। ਏਸੇ ਸਬੰਧ ਵਿਚ ਉਹਨਾਂ ਵੱਲੋਂ, ਮੈਲਬਰਨ ਵਿਚ ਦੋ ਦਿਨ ਵਾਸਤੇ ਕੀਰਤਨ ਸਬੰਧੀ ਸਪੈਸ਼ਲ ਵਰਕਸ਼ਾਪ ਲਾਉਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਵਰਕਸ਼ਾਪ ਵਿਚ ਹਿੱਸਾ ਲੈਣ ਵਾਲ਼ਿਆਂ ਦੀ ਅਗਵਾਈ ਵਾਸਤੇ, ਵੱਖ ਵੱਖ ਪ੍ਰਸਿਧ ਕੀਰਤਨੀਏ ਮੌਜੂਦ ਹੋਣਗੇ ਜੇਹੜੇ ਕਿ ਗੁਰਮਤਿ ਸੰਗੀਤ ਬਾਰੇ ਜਾਣਕਾਰੀ ਦੇਣ ਦੇ ਨਾਲ਼ ਨਾਲ਼ ਸਵਾਲਾਂ ਦੇ ਜਵਾਬ ਵੀ ਦੇ ਕੇ ਗਿਆਨ ਵਿਚ ਵਾਧਾ ਕਰਨਗੇ। ਸੋਢੀ ਜੀ ਨੇ ਹੋਰ ਵੀ ਦੱਸਿਆ ਕਿ ਬਰਕਤ ਸੰਸਥਾ ਦੇ ਆਗੂ ਬੀਬਾ ਰਸਨਾ ਕੌਰ ਜੀ ਅਤੇ ਸ. ਹਰਪ੍ਰੀਤ ਸਿੰਘ ਜੀ, ਆਸਟ੍ਰੇਲੀਅਨ ਸਿੱਖ ਬੱਚੇ ਬੱਚੀਆਂ ਵਿਚ ਗੁਰਬਾਣੀ ਦੇ ਕੀਰਤਨ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਸਤੇ ਵਧ ਤੋਂ ਵਧ ਉਦਮ ਕਰਦੇ ਹਨ ਅਤੇ ਕਰਦੇ ਰਹਿਣਗੇ।
'ਬਰਕਤ' ਪੰਜਾਬੀ ਦਾ ਪਹਿਲਾ ਅਤੇ ਇਕੋ ਇਕ ਮੈਗਜ਼ੀਨ ਹੈ ਜੇਹੜਾ ਪੰਜਾਬੀ ਬੋਲੀ, ਗੁਰਮੁਖੀ ਲਿੱਪੀ, ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਦੇ ਪ੍ਰਚਾਰ ਨੂੰ ਸਮੱਰਪਤ, ਬੋਲ ਕੇ ਸੁਣਾਉਣ ਵਾਲ਼ਾ ਹੈ। ਅਰਥਾਤ ਜਿਥੇ ਵਿੱਦਵਾਨ ਲੇਖਕ ਦਾ ਲੇਖ ਅੱਖਰਾਂ ਵਿਚ ਪੜ੍ਹਿਆ ਜਾ ਸਕਦਾ ਹੈ ਓਥੇ ਲੇਖਕ ਦੀ ਆਵਾਜ਼ ਵਿਚ ਹੀ ਉਸ ਨੂੰ ਸੁਣਿਆਂ ਵੀ ਜਾ ਸਕਦਾ ਹੈ।
ਜਾਰੀ ਕਰਤਾ: ਅਦਾਰਾ ਬਰਕਤ


08/12/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਸੱਸ ਸਹੁਰਾ ਆਦਿਕ ਰਿਸ਼ਤੇ-੫੮

ਅਵਤਾਰ ਸਿੰਘ ਮਿਸ਼ਨਰੀ (510-432-5827)

ਸੱਸ ਸਹੁਰਾ-ਪਤੀ ਅਤੇ ਪਤਨੀ ਦੇ ਮਾਂ ਬਾਪ। ਇਨ੍ਹਾਂ ਰਿਸ਼ਤਿਆਂ ਬਾਰੇ ਗੱਲ ਬਾਤ ਅਤੇ ਖਹਿਬਾਜੀ ਆਮ ਤੌਰ ਤੇ ਜਿੰਦਗੀ ਚ ਚਲਦੀ ਰਹਿੰਦੀ ਹੈ। ਅਸਲੀ ਸੱਸ ਸਹੁਰਾ ਤੇ ਇਨ੍ਹਾਂ ਦੀਆਂ ਜਿਮੇਵਾਰੀਆਂ ਤੇ ਦੁਸ਼ਵਾਰੀਆਂ ਕੀ ਹਨ?

ਬਾਬਾ ਫਰੀਦ ਜੀ-ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ॥ ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ॥੩੧॥(੧੩੭੯) ਜੇ ਖਸਮ ਕਦੇ ਖ਼ਬਰ ਹੀ ਨਾਹ ਪੁੱਛੇ ਤਾਂ ਨਿਰਾ ਨਾਮ ਹੀ 'ਸੋਹਾਗਣ' ਰੱਖ ਲੈਣਾ ਕਿਸੇ ਕੰਮ ਨਹੀਂ। ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ॥ ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ॥੩੨॥(1379) ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ॥ ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹ॥੨॥ (੧੦੮੮) ਨੋਟ-ਇਹ ਦੋਵੇਂ ਸ਼ਲੋਕ ਗੁਰੂ ਨਾਨਕ ਸਾਹਿਬ ਦੇ ਹਨ। ਗੁਰੂ ਜੀ ਨੇ 'ਸੋਹਾਗਣ' ਦਾ ਅਸਲ ਲੱਛਣ ਭੀ ਇਸ ਸ਼ਲੋਕ ਵਿਚ ਦੱਸ ਕੇ ਫਰੀਦ ਜੀ ਦੇ ਸ਼ਲੋਕ ਦੀ ਹੋਰ ਵਿਆਖਿਆ ਕਰ ਦਿੱਤੀ ਹੈ। ਹੇ ਨਾਨਕ! ਖਸਮ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਤੇ ਬਹੁਤ ਡੂੰਘਾ ਹੈ ਭਾਵ, ਉਹ ਇਤਨਾ ਜਿਗਰੇ ਵਾਲਾ ਹੈ ਕਿ ਭੁੱਲੜਾਂ ਉੱਤੇ ਭੀ ਗੁੱਸੇ ਨਹੀਂ ਹੁੰਦਾ; ਪਰ ਸੋਹਾਗਣ (ਜੀਵ-ਇਸਤ੍ਰੀ) ਉਹੀ ਹੈ ਜੋ ਉਸ ਬੇ-ਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਜੋ ਇਸ ਲੋਕ ਤੇ ਪਰਲੋਕ ਵਿਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ।

ਸਸੁ ਵਿਰਾਇਣ ਨਾਨਕ ਜੀਉ ਸਸੁਰਾਵਾਦੀ ਜੇਠੋ ਪਉ ਪਉ ਲੂਹੈ॥(੯੬੩) ਹੇ ਨਾਨਕ ਦੁੱਖ ਦੇਣ ਵਾਲੀ (ਅਵਿਦਿਆ) ਜੀਵ ਇਸਤਰੀ ਦੀ ਵੈਰਨ ਹੈ। ਸਰੀਰ ਦਾ ਮੋਹ (ਸਹੁਰਾ)ਸਰੀਰ ਦੀ ਪਾਲਣਾ ਲਈ ਨਿਤ ਝਗੜਾ ਕਰਦਾ ਭਾਵ ਖਾਣ ਨੂੰ ਮੰਗਦਾ ਅਤੇ ਜੇਠ ਭਾਵ ਮੌਤ ਦਾ ਡਰ ਮੁੜ ਮੁੜ ਦੁਖੀ ਕਰਦਾ ਹੈ। ਸਸੂ ਤੇ ਪਿਰਿ ਕੀਨੀ ਵਾਖਿ॥ (੩੭੦) ਰਾਵਲਪਿੰਡੀ ਵੱਲ ਸੱਸ ਨੂੰ ਸੱਸੂ ਵੀ ਆਖਦੇ ਹਨ। ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉਂ ਮਿਲਣ ਨ ਦੇਇ ਬੁਰੀ॥ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ॥(੫੫੬) ਮੇਰਾ ਪ੍ਰਭੂ ਪਤੀ ਮੇਰੇ ਹਿਰਦੇ ਘਰ ਵਿੱਚ ਹੀ ਵਸਦੈ ਪਰ ਇਹ ਭੈੜੀ ਸੱਸ (ਮਾਇਆ) ਮੈਨੂੰ ਹਿਰਦੇ ਘਰ ਚ ਟਿਕਣ ਨਹੀਂ ਦਿੰਦੀ ਭਾਵ ਮੇਰੇ ਮਨ ਨੂੰ ਸਦਾ ਬਾਹਰ ਮਾਇਕ ਪਦਾਰਥਾਂ ਦੇ ਪਿੱਛੇ ਭਜਾਈ ਫਿਰਦੀ ਹੈ। ਇਹ ਚੰਦਰੀ ਮੈਨੂੰ ਪ੍ਰਭੂ ਪਤੀ ਨਾਲ ਮਿਲਣ ਨਹੀਂ ਦਿੰਦੀ ਪਰ ਮੈ ਇਸ ਤੋਂ ਬਚਣ ਲਈ ਸਤਿਸੰਗੀ ਸਹੇਲੀਆਂ ਦੇ ਚਰਨਾਂ ਦੀ ਸੇਵਾ ਕਰਦੀ ਹਾਂ। ਸਤਿਸੰਗ ਵਿੱਚ ਗੁਰੂ ਮਿਲਦਾ ਤੇ ਗੁਰੂ ਦੀ ਕ੍ਰਿਪਾ ਨਾਲ ਪਤੀ ਪ੍ਰਭੂ ਮੇਰੇ 'ਤੇ ਮਿਹਰ ਦੀ ਨਜਰ ਕਰਦਾ ਹੈ।

ਸਹੁਰਾ-ਸਸੁਰਾਰ, ਸਹੁਰਾਵਾਦੀ ਭਾਵ ਅਗਿਆਨ ਕਰਕੇ ਝਗੜਾਲੂ ਹੈ। ਇਸ ਲੋਕ ਦੇ ਪੇਕਾ ਘਰ ਦਾ ਵਸੇਬਾ ਸਦਾ ਨਹੀ ਰਹਿ ਸਕਦਾ, ਸਹੁਰੇ ਘਰ (ਪ੍ਰਲੋਕ) ਵਿੱਚ ਜਾਣਾ ਹੀ ਪੈਂਦਾ ਹੈ। ਹੇ ਨਾਨਕ ਜਿਹੜੀ ਜੀਵ ਇਸਤੀ ਪੇਕੇ ਘਰ (ਇਸ ਲੋਕ) ਵਿੱਚ ਗਾਫਲਤਾ ਦੀ ਨੀਂਦ ਸੁੱਤੀ ਰਹੀ,ਮਾਨੋ ਉਸ ਦੇ ਗੁਣਾਂ ਨੂੰ ਦਿਨ ਦਿਹਾੜੇ ਹੀ ਸੰਨ੍ਹ ਲੱਗੀ ਰਹੀ। ਉਸ ਨੇ ਗੁਣਾਂ ਦੀ ਗੰਠੜੀ ਗਵਾ ਲਈ ਤੇ ਅਵਗਣਾਂ ਦੀ ਪੰਡ ਬੰਨ੍ ਲੈ ਤੁਰੀ-ਲਗੀ ਆਵੈ ਸਹੁਰੇ ਨਿਤ ਨ ਪੇਈਆ ਹੋਇ॥ ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ॥ ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ॥੪॥(੨੪)

ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖੁ॥੧॥ ਕਹਣਾ ਹੈ, ਕਿਛੁ ਕਹਣੁ ਨ ਜਾਇ॥ ਤਉ ਕੁਦਰਤਿ ਕੀਮਤਿ ਨਹੀ ਪਾਇ॥੧॥ਰਹਾਉ॥ ਸਰਮ ਸੁਰਤਿ ਦੁਇ ਸਸੁਰ ਭਏ॥ ਕਰਣੀ ਕਾਮਣਿ ਕਰਿ ਮਨ ਲਏ॥੨॥ ਸਾਹਾ ਸੰਜੋਗੁ ਵੀਆਹੁ ਵਿਜੋਗੁ॥ ਸਚੁ ਸੰਤਤਿ ਕਹੁ ਨਾਨਕ ਜੋਗੁ॥੩॥੩॥(੧੫੧-੫੨) ਜੇ ਕਰ ਜੀਵ ਇਸਤਰੀ ਉੱਚੀ ਮਤਿ ਨੂੰ ਮਾਂ ਤੇ ਸੰਤੋਖ ਨੂੰ ਆਪਣਾ ਪਿਤਾ ਬਣਾ ਲਵੇ ਭਾਵ ਸੰਤੋਖ ਦੀ ਨਿਗਰਾਨੀ ਚ ਰਹਿ ਕੇ, ਲੋਕਾਈ ਦੀ ਸੇਵਾ ਨੂੰ ਉਚੇਚਾ ਭਰਾ ਬਨਾਏ ਤਾਂ ਇਸ ਭਰਾ ਦਾ ਜੀਵਨ 'ਤੇ ਵਿਸ਼ੇਸ਼ ਅਸਰ ਪਵੇਗਾ। ਇਸ ਮਿਲਾਪ ਅਵਸਥਾ ਨੂੰ ਬਿਆਨ ਨਹੀਂ ਜਾ ਸਕਦਾ ਤੇ ਉਸ ਦੀ ਕੁਦਰਤ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਉਦਮ ਤੇ ਉਚੀ ਸੁਰਤਿ ਦੋਵੇ ਉਸ ਜੀਵ ਇਸਤਰੀ ਦੇ ਸੱਸ ਸਹੁਰਾ ਹੋਣ। ਹੇ ਮਨ ਜੇ ਜੀਵ, ਸੁਚੱਜੀ ਜਿੰਦਗੀ ਨੂੰ ਇਸਤਰੀ ਬਣਾ ਲਏ ਅਤੇ ਸਤਸੰਗ ਵਿੱਚ ਜਾਣਾ ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ(ਜਿਵੇਂ ਵਿਆਹ ਵੇਲੇ ਸੋਧਿਆ ਸਾਹਾ ਟਾਲਿਆ ਨਹੀਂ ਜਾ ਸਕਦਾ ਤਿਵੇ ਸਤਸੰਗ ਚੋਂ ਕਦੇ ਨਾ ਕੁੰਝੇ। ਹੇ ਨਾਨਕ ਸਤਸੰਗ ਚ ਰਹਿ ਕੇ ਦੁਨੀਆਂ ਨਾਲੋਂ ਨਿਰਮੋਹਤਾ ਰੂਪ ਪ੍ਰਭੂ ਨਾਲ ਵਿਆਹ ਹੋ ਜਾਏ ਤਾਂ ਇਸ ਵਿਆਹ ਚੋਂ ਸੱਚ ਭਾਵ ਪ੍ਰਭੂ ਦਾ ਸਦਾ ਹਿਰਦੇ ਚ ਟਿਕੇ ਰਹਿਣਾ, ਇਹ ਹੈ ਸੱਚਾ ਪ੍ਰਭੂ ਮਿਲਾਪ, ਇਸ ਮਿਪਾਪ ਚੋਂ ਜੀਵ ਇਸਤਰੀ ਦੀ ਸੱਚੀ ਸੰਤਾਨ ਪੈਦਾ ਹੋਵੇਗੀ।

ਜਿਵੇਂ ਨੂੰਹ ਪੁੱਤ, ਨੂੰਹ ਸੱਸ, ਸੱਸ ਸਹੁਰਾ ਆਪਣੀਆਂ ਦੁਨਿਆਵੀ ਜਿਮੇਵਾਰੀਆਂ ਤੋਂ ਭੱਜ ਕੇ, ਫੋਕੇ ਹਉਮੇ ਹੰਕਾਰ ਅਤੇ ਚੌਧਰ ਆਦਿਕ ਔਗੁਣਾਂ ਕਰਕੇ ਲੜਦੇ ਦੁਖੀ ਅਤੇ ਸਤ, ਸੰਤੋਖ ਤੇ ਹਲੀਮੀ ਆਦਿਕ ਸ਼ੁਭ ਗੁਣਾਂ ਕਰਕੇ ਸੁਖੀ ਰਹਿੰਦੇ ਹਨ।

ਨੋਟ-ਜੇ ਸੱਸ, ਨੂੰਹ ਨੂੰ ਧੀ ਤੇ ਧੀ, ਸੱਸ ਨੂੰ ਮਾਂ ਵਾਲਾ ਪਿਆਰ ਸਤਿਕਾਰ ਦੇਵੇ, ਨੂੰਹ ਪੁੱਤ ਦੋਵੇਂ ਇੱਕ ਦੂਜੇ ਦੇ ਮਾਂ ਬਾਪ ਨੂੰ ਬਰਾਬਰ ਸਮਝਣ ਤਾਂ ਦੁਨਿਆਵੀ ਝਗੜੇ ਘਟਦੇ ਘਟਦੇ ਮੁੱਕ ਜਾਂਦੇ ਹਨ। ਉਪ੍ਰੋਕਤ ਗੁਰਬਾਣੀ ਵਿਚਾਰ ਤੋਂ ਸ਼ਪੱਸ਼ਟ ਹੋ ਜਾਂਦਾ ਹੈ ਕਿ ਅੱਜ ਇਨ੍ਹਾਂ ਰਿਸ਼ਤਿਆਂ ਚ ਤਰੇੜਾਂ ਹੀ ਅਵਿਦਿਆ,ਅਗਿਆਨਤਾ, ਹਉਮੇ ਹੰਕਾਰ, ਅੰਧ ਵਿਸ਼ਵਾਸ਼ ਤੇ ਭਰਮ ਭੁਲੇਖਿਆਂ ਚ ਫਸਨ ਕਰਕੇ ਆ ਰਹੀਆਂ ਹਨ। ਇਨਾਂ ਆ ਰਹੀਆਂ ਗਿਰਾਵਟਾਂ ਅਤੇ ਬੁਰਾਈਆਂ ਨੂੰ ਜੀਵਨ ਦੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਤੇ ਕਿਰਦਾਰ ਨੂੰ ਸਮਝ ਕੇ ਦੂਰ ਕੀਤਾ ਜਾ ਸਕਦਾ ਹੈ। ਇਸ ਸਭ ਵਿੱਚ ਸਹਿਣਸੀਲਤਾ ਕੜੀ ਦਾ ਕੰਮ ਕਰਦੀ ਹੈ। ਗੁਰਬਾਣੀ ਦੇ ਉਦੇਸ਼ਾਂ ਨੂੰ ਅੱਖਰੀ ਅਰਥਾਂ ਦੇ ਨਾਲ ਨਾਲ ਭਾਵ ਅਰਥ ਕਰਕੇ ਹੀ ਸਮਝਿਆ ਜਾ ਸਕਦਾ ਹੈ।


08/05/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਸੰਸਕਾਰ-੫੭

ਮਹਾਨਕੋਸ਼ ਅਨੁਸਾਰ ਸੰਸਕਾਰ ਦਾ ਅਰਥ ਸੁਧਾਰਨਾ, ਸ਼ੁੱਧ ਕਰਨਾ, ਕਿਸੇ ਕਰਮ ਦੇ ਕਰਨ ਤੋਂ ਪੈਦਾ ਹੋਇਆ ਖਿਆਲ, ਧਰਮਰੀਤ ਨਾਲ ਕੀਤਾ ਹੋਇਆ ਕਰਮ ਜਿਸ ਦਾ ਅਸਰ ਚਿੱਤ ਤੇ ਬਣਿਆ ਰਹੇ ਜੈਸੇ ਜਨਮ, ਅੰਮ੍ਰਿਤ, ਵਿਆਹ ਆਦਿ ਸੰਸਕਾਰ। ਵਿਦਵਾਨਾਂ ਨੇ ਧਰਮ ਸੰਸਕਾਰ ਤਿੰਨ ਪ੍ਰਕਾਰ ਦੇ ਮੰਨੇ ਹਨ-ਉੱਤਮ, ਮਧਮ ਅਤੇ ਨਸ਼ਿੱਧ। (ੳ) ਉੱਤਮ-ਉਹ ਸੰਸਕਾਰ ਹਨ ਜਿੰਨਾਂ ਕਰਕੇ, ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ ਅਤੇ ਉਹ ਚਿੰਨ੍ਹ ਧਾਰੇ ਜਾਣ ਜੋ ਸਰੀਰ ਤਥਾ ਦੇਸ਼ ਦੀ ਰੱਖਿਆ ਦਾ ਕਾਰਣ ਹੋਣ ਜੈਸੇ ਅੰਮ੍ਰਿਤ ਸੰਸਕਾਰ ਸਮੇ ਸਿੱਖ ਕਛ ਕ੍ਰਿਪਾਨ ਧਾਰਦੇ ਹਨ। (ਅ) ਮੱਧਮ-ਉਹ ਸੰਸਕਾਰ ਜਿੰਨ੍ਹਾਂ ਦੁਆਰਾ ਰੱਬੀ ਰਚਨਾ ਬੁਰੀ ਸ਼ਕਲ ਵਿੱਚ ਕੀਤੀ ਜਾਵੇ ਤੇ ਚਿੰਨ੍ਹ ਐਸੇ ਧਾਰੇ ਜਾਣ ਜਿੰਨ੍ਹਾਂ ਤੋਂ ਸਰੀਰ ਅਤੇ ਦੇਸ਼ ਨੂੰ ਕੋਈ ਲਾਭ ਨਾ ਪਹੁੰਚੇ। ਜੈਸੇ-ਜਟਾ ਭਸਮ ਜਨੇਊ, ਕੰਠੀ  ਆਦਿਕ ਲੋਕ ਧਾਰਨ ਕਰਦੇ ਹਨ। (ੲ) ਨਸ਼ਿੱਧ-ਉਹ ਸੰਸਕਾਰ, ਜਿੰਨਾਂ ਕਰਕੇ ਸਿਰਜਨਹਾਰ ਦੀ ਰਚਨਾ ਖੰਡਿਤ ਕੀਤੀ ਜਾਵੇ, ਦੇਹ ਅਰ ਦੇਸ਼ ਦਾ ਕੋਈ ਹਿੱਤ ਨ ਹੋ ਸਕੇ, ਜੈਸੇ ਯੋਗੀਆਂ ਦਾ ਕਰਨਵੇਧ, ਸੁੰਨਤ (ਖਤਨਾ) ਮੁੰਡਨ ਆਦਿਕ। 

ਡਾ. ਦਿਲਗੀਰ ਜੀ ਇਸ ਬਾਰੇ ਲਿਖਦੇ ਹਨ ਕਿ ਉਹ ਕਰਮ ਜੋ ਅਖੌਤੀ ਪਿਛਲੇ ਜਨਮ ਚੋਂ ਮਜੂਦਾ ਜੀਵਨ ਚ ਆ ਗਏ ਹੋਣ (ਇਹ ਸਿਰਫ ਹਿੰਦੂ ਅਕੀਦਾ ਹੈ ਸਿੱਖ ਪਿਛਲੇ ਜਨਮ ਨੂੰ ਨਹੀਂ ਮੰਨਦੇ। ਸੰਸਕਾਰ ਦਾ ਮਤਲਬ ਇਹ ਵੀ ਹੈ ਜੋ ਕੁਝ ਮਾਪਿਆਂ ਤੋਂ ਸਿਖਿਆ ਹੋਵੇ।  ਹਿੰਦੂ ਧਰਮ ਮੁਤਾਬਿਕ ਇਹ ਵੀ ਕਿ ਮਨ ਦੀ ਪਵਿਤ੍ਰਤਾ ਵਾਸਤੇ ਧਰਮ ਰਸਮਾਂ ਨਿਭਾਉਣਾ। ਸਿੱਖ ਸਿਧਾਂਤ ਮੁਤਾਬਿਕ ਰੱਬ ਨਾਲ ਦਿਲੋਂ ਜੁੜਨਾ ਹੀ ਇੱਕੋ ਇੱਕ ਸੰਸਕਾਰ ਹੈ। ਸਿੱਖ ਮੱਤ ਕਿਸੇ ਵੀ ਤਰ੍ਹਾਂ ਦੀ ਕਰਮਕਾਂਡੀ ਰਸਮ ਅਪਨਾਉਣ ਨੂੰ ਰੱਦ ਕਰਦਾ ਹੈ। ਕੁਝ ਲਿਖਾਰੀ ਇਹ ਸਮਝਦੇ ਹਨ ਕਿ ਬੱਚੇ ਦਾ ਜਨਮ ਤੇ ਨਾਮ ਸੰਸਕਾਰ, ਅੰਮ੍ਰਿਤ ਸੰਸਕਾਰ, ਅਨੰਦ ਸੰਸਕਾਰ ਅਤੇ ਅੰਤਮ ਸੰਸਕਾਰ ਪਰ ਇਹ ਚਾਰ ਰਸਮਾਂ ਹਨ ਸੰਸਕਾਰ ਨਹੀਂ।

ਬਹੁਤੇ ਗੁਰਮੱਤੀ ਵਿਦਵਾਨਾਂ ਅਨੁਸਾਰ ਪਹਿਲੇ ਮਨ ਚ ਫੁਰਨਾ ਫੁਰਦਾ, ਫਿਰ ਉਸ ਨੂੰ ਪੂਰਾ ਕਰਨ ਲਈ ਕਰਮ ਕੀਤਾ ਜਾਂਦਾ, ਫਿਰ ਉਹ ਸੁਭਾਅ ਬਣਦਾ ਤੇ ਬਾਰ ਬਾਰ ਉਹੀ ਕਰਮ ਕਰਨ ਨਾਲ ਸੰਸਕਾਰ ਬਣ ਜਾਂਦਾ ਹੈ। ਇਸ ਦਾ ਮਤਲਬ ਹੋਇਆ ਕਿ ਸੰਸਕਾਰ ਵੀ ਮਨੁੱਖ ਆਪ ਬਣਾਉਂਦਾ ਹੈ। ਸੰਸਕਾਰ ਚੰਗੇ ਕਰਮਾਂ ਕਰਕੇ ਚੰਗੇ ਅਤੇ ਮਾੜੇ ਕਰਮਾਂ ਕਰਕੇ ਮਾੜੇ ਬਣ ਜਾਂਦੇ ਹਨ। ਇਨਸਾਨ ਜੋ ਧਰਤੀ ਚ ਬੀਜ ਬੀਜਦਾ ਉਹ ਹੀ ਉਗਦਾ ਹੈ-ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ॥॥ (੧੩੪) ਚੰਗਾ ਵਿਰਸਾ, ਚੰਗੇ ਮਾਂ-ਬਾਪ, ਦੋਸਤ ਅਤੇ ਰਿਸ਼ਤੇਦਾਰ, ਚੰਗੇ ਸੰਸਕਾਰ ਅਤੇ ਮੰਦਾ ਵਿਰਸਾ, ਮੰਦੇ ਮਾਂ-ਪਾਪ, ਦੋਸਤ ਤੇ ਰਿਸ਼ਤੇਦਾਰ ਮੰਦੇ ਸੰਸਕਾਰ ਦੇ ਜਾਂਦੇ ਹਨ। ਇਸ ਲਈ ਚੰਗੀ ਸੰਗਤਿ ਕਰਕੇ ਚੰਗੇ ਤੇ ਮੰਦੀ ਕਰਕੇ ਮੰਦੇ ਸੰਸਕਾਰ ਬਣਦੇ ਹਨ। ਉੱਤਮ ਸੰਸਕਾਰ ਚੰਗੀ ਸੰਗਤ ਚੰਗੇ ਲੋਕਾਂ ਦਾ ਸਾਥ, ਚੰਗੀਆਂ ਪੁਸਤਕਾਂ ਪੜ੍ਹਨ, ਵਿਚਾਰਨ ਅਤੇ ਅਮਲ ਕਰਨ ਨਾਲ ਬਣਦੇ ਹਨ। ਇਸ ਲਈ ਫੁਰਮਾਨ ਹੈ-ਸਤੀ ਪਹਰੀ ਸਤੁ ਭਲਾ ਬਹੀਐ ਪੜਿਆਂ ਪਾਸਿ॥ ਓਥੈ ਪਾਪ ਪੁੰਨ ਬੀਚਾਰੀਐ ਕੂੜੈ ਘਟੈ ਰਾਸਿ॥ (੧੪੭) ਸੋ ਚਾਰ ਮੰਨੇ ਗਏ ਸੰਸਕਾਰ ਜੀਵਨਬਧਤਾ ਦਾ ਸੇਧਕ ਮੂਲ ਹਨ। ਚੰਗੀ ਡਾਇਰੈਕਸ਼ਨ ਹਨ ਪਰ ਡਾਇਰੈਕਸ਼ਨ ਨੂੰ ਫੜ ਕੇ ਓਥੇ ਨਹੀਂ ਬੈਠ ਜਾਣਾ ਸਗੋਂ ਮੰਜ਼ਿਲ ਵੱਲ ਵਧਣਾ ਹੈ। ਜੇ ਇਲੱਲਾ ਪੜੀ ਹੀ ਜਾਂਵਾਂਗੇ ਪਰ ਡਾਇਰੈਕਸ਼ਨ ਨੂੰ ਫਾਲੋ ਕਰਕੇ ਅੱਗੇ ਨਹੀਂ ਵਧਾਂਗੇ ਤਾਂ ਇਹੀ ਸੰਸਕਾਰ ਕੇਵਲ ਮੀਲ ਪੱਥਰ ਬਣ ਕੇ ਰਹਿ ਜਾਣ ਅਤੇ ਕਰਮਕਾਂਡਾਂ ਦੀਆਂ ਸੰਗਲੀਆਂ ਬਣ ਜਾਣਗੇ।

ਮੰਨੂੰ ਬਾਮਣ ਨੇ ਜਿੰਦਗੀ ਦੇ ਚਾਰ ਪੜਾਵਾਂ (ਸੰਸਕਾਰਾਂ) ਨਾਲ ਵੀ ਥੋਥੇ ਤੇ ਲੋਟੂ ਕਰਮਕਾਂਡ ਜੋੜ ਦਿੱਤੇ। ਜਿਵੇਂ ਜਨਮ ਨਾਲ ਸੂਤਕ-ਪਾਤਕ ਤੇ ਗੁੜਤੀ, ਨਾਮ ਨਾਲ ਜਾਤਾਂ ਗੋਤਾਂ ਦੀ ਸੰਗਲੀ, ਅੰਮ੍ਰਿਤ ਨਾਲ ਕੋਈ ਚਸ਼ਮਾਂ ਤੇ ਗਿਣਤੀ ਦੇ ਮੰਤ੍ਰ ਪਾਠ, ਵਿਆਹ ਨਾਲ ਸਗਨ-ਅਪਸਗਨ, ਅਗਨੀ ਫੇਰੇ ਅਤੇ ਮਿਰਤਕ ਸੰਸਕਾਰ ਨਾਲ ਰੋਣਾ ਪਿਟਣਾ, ਧਾਹ ਮਾਰਨਾ, ਘੜਾ ਭੰਨਣਾ, ਦੱਬਣਾ, ਸਾੜਨਾ, ਪਾਣੀ ਚ ਰੋੜਨਾ, ਅਸਤੀਆਂ ਹਰਦਵਾਰ ਜਾਂ ਕੀਰਤਪੁਰ ਪ੍ਰਵਾਹ, ਨਮਿਤ ਪਾਠ, ਨਮਿਤ ਦਾਨ, ਵੱਡਾ ਕਰਨਾ, ਦਸਵਾਂ, ਸਤਾਰੀਆ, ਵਰੀਨਾ ਅਤੇ ਨਰਕ ਸਵਰਗ ਆਦਿਕ ਅੰਧਵਿਸ਼ਵਾਸ਼ੀ ਲੋਟੂ ਥੋਥੇ ਕਰਮ ਤੇ ਰਸਮਾਂ ਜੋੜ ਦਿੱਤੇ ਜਿੰਨ੍ਹਾਂ ਦਾ ਚੰਗੇ ਸੰਸਕਾਰਾਂ ਅਤੇ ਸਫਲ ਜੀਵਨ ਯਾਤਰਾ ਨਾਲ ਦੂਰ ਦਾ ਵੀ ਸਬੰਧ ਨਹੀਂ ਤੇ ਅਸੀਂ ਅੰਨ੍ਹੇਵਾਹ ਇਹ ਮੰਨੂੰ ਛੱਟ ਢੋਈ ਜਾ ਰਹੇ ਹਾਂ। ਸੋ ਸਾਨੂੰ ਚੰਗੇ ਸੰਸਕਾਰ ਧਾਰਨ ਦੀ ਲੋੜ ਹੈ ਨਾ ਕਿ ਜਨਤਾ ਲੋਟੂ ਥੋਥੇ ਤੇ ਅੰਧਵਿਸ਼ਵਾਸ਼ੀ ਕਰਮ ਰਸਮਾਂ ਅੱਖਾਂ ਮੀਟ ਨਿਭਾਈ ਜਾਣ ਦੀ।


08/05/18
ਹਰਲਾਜ ਸਿੰਘ ਬਹਾਦਰਪੁਰ

ਨਾ ਸਾਰੇ ਅਮੀਰ ਮਾੜੇ ਹੁੰਦੇ ਹਨ, ਨਾ ਗਰੀਬ, ਮਾੜੀ ਤਾਂ ਮਾੜੀ ਸੋਚ ਹੀ ਹੁੰਦੀ ਹੈ।
ਆਰਥਿਕ ਤੌਰ ਤੇ ਸੱਭ ਨੂੰ ਬਰਾਬਰ ਕਦੇ ਵੀ ਨਹੀਂ ਕੀਤਾ ਜਾ ਸਕਦਾ, ਹਾਂ ਇਸ ਆਰਥਿਕ ਪਾੜੇ ਨੂੰ ਕੁੱਝ ਹੱਦ ਤੱਕ ਘਟਾਇਆ ਜਰੂਰ ਜਾ ਸਕਦਾ ਹੈ। ਜੇ ਸਾਰੀ ਸੰਪਤੀ ਸੱਭ ਨੂੰ ਬਰਾਬਰ ਵੀ ਵੰਡ ਦਿੱਤੀ ਜਾਵੇ, ਤਾਂ ਵੀ ਕੁੱਝ ਹੀ ਸਾਲਾਂ ਵਿੱਚ ਕਈ ਮੇਹਨਤੀ ਜਾਂ ਊੱਚੀ ਸੋਚ ਵਾਲੇ ਜਾਇਦਾਦ ਖਰੀਦ ਲੈਣਗੇ ਅਤੇ ਕਈ ਕਮਚੋਰ ਜਾਂ ਮਾੜੀ ਸੋਚ ਵਾਲੇ ਆਪਣੀ ਜਾਇਦਾਦ ਬੇਚ ਦੇਣਗੇ। ਇਹ ਆਮ ਹੀ ਵਰਤਾਰਾ ਹੈ ਜੋ ਅਮੀਰਾਂ ਅਤੇ ਮਜਦੂਰਾਂ ਵਿੱਚ ਵੇਖਿਆ ਜਾ ਸਕਦਾ ਹੈ। ਦੋ ਜਿਮੀਦਾਰ ਭਰਾ ਜਦੋਂ ਆਪਣੀ ਜਾਇਦਾਦ ਬਰਾਬਰ ਵੰਡ ਕੇ ਅੱਡ ਹੁੰਦੇ ਹਨ ਤਾਂ ਕੁੱਝ ਹੀ ਸਾਲਾਂ ਵਿੱਚ ਇੱਕ ਗਰੀਬ ਤੇ ਦੂਜਾ ਅਮੀਰ ਹੋ ਜਾਂਦਾ ਹੈ। ਇਸੇ ਤਰਾਂ ਮਜਦੂਰੀ ਕਰਨ ਵਾਲੇ ਭਰਾ ਵੀ ਇੱਕ ਪੈਸੇ ਵਾਲਾ ਹੋ ਜਾਂਦਾ ਹੈ ਤੇ ਇੱਕ ਨੂੰ ਕੋਈ ਦਿਹਾੜੀ ਤੇ ਵੀ ਨਹੀਂ ਲੈ ਕੇ ਜਾਂਦਾ। ਆਰਥਿਕ ਪੱਖ ਤੋਂ ਕਮਜੋਰ ਕਦੇ ਵੀ ਆਪਣੀ ਕਮਜੋਰੀ/ਘਾਟ ਨੂੰ ਨਹੀਂ ਵਿਚਾਰਦੇ ਉਹ ਬੱਸ ਆਪ ਤੋਂ ਅੱਗੇ ਲੰਘੇ ਨੂੰ ਠੱਗ, ਚੋਰ, ਬੇਈਮਾਨ ਹੀ ਸਮਝਦੇ ਹਨ। ਆਮ ਹੀ ਕਿਹਾ ਜਾਂਦਾ ਹੈ ਕਿ ਅਮੀਰ ਲੋਕ ਬਹੁਤ ਮਾੜੇ ਹੁੰਦੇ। ਲੜਾਈ ਦੀ ਖੱਟੀ ਖਾਣ ਵਾਲੇ ਸਾਡੇ (ਗਰੀਬਾਂ, ਕਿਸਾਨਾ ਅਤੇ ਬਾਣੀਆਂ ਦੇ) ਆਗੂ ਕਹਾਉਣ ਵਾਲੇ ਇਹੀ ਪ੍ਰਚਾਰਕੇ ਨਫਰਤ ਫੈਲਾਉਂਦੇ ਰਹਿੰਦੇ ਹਨ, ਕਿ ਅਮੀਰ ਗਰੀਬਾਂ ਦਾ ਖੂਨ ਚੂਸਦੇ ਹਨ ਮਜਦੂਰ ਚੰਗੇ ਨਹੀਂ ਹੁੰਦੇ ਜਾਂ ਕਿਸ਼ਾਨ ਬਹੁਤ ਮਾੜੇ ਹੁੰਦੇ ਹਨ। ਹਾਂ ਕੁੱਝ ਅਮੀਰ ਮਾੜੇ ਵੀ ਹੋ ਸਕਦੇ ਹਨ ਪਰ ਸਾਰਿਆਂ ਨੂੰ ਮਾੜੇ ਨਹੀਂ ਕਿਹਾ ਜਾ ਸਕਦਾ। ਜਿੱਥੇ ਬਹੁਤ ਅਮੀਰ ਚੰਗੀ ਸੋਚ ਵਾਲੇ ਵੀ ਹੁੰਦੇ ਹਨ ਉੱਥੇ ਬਹੁਤ ਮਜਦੂਰਾਂ ਦੀ ਸੋਚ ਮਾੜੀ ਵੀ ਹੁੰਦੀ ਹੈ, ਨਾ ਹੀ ਸਾਰੇ ਕਿਸਾਨ ਚੰਗੇ ਹੁੰਦੇ ਹਨ। ਚੰਗੇ ਮਾੜੇ ਬੰਦੇ ਹਰ ਸਮਾਜ ਵਿੱਚ ਹੁੰਦੇ ਹਨ, ਕਈ ਕਿਸਾਨ ਆਪਣੇ ਆੜਤੀਏ (ਬਾਣੀਏ) ਦੇ ਪੈਸੇ ਲੈ ਕੇ ਮੁਕਰ ਜਾਂਦੇ ਹਨ ਜੋ ਫਿਰ ਆੜਤੀਆਂ ਨੂੰ ਬੇਈਮਾਨ ਕਹਿਣਾ ਸ਼ੁਰੂ ਕਰ ਦਿਂਦੇ ਹਨ। ਕਈ ਮਜਦੂਰ ਕਿਸਾਨਾ ਦੇ ਪੈਸੇ ਲੈ ਕੇ ਮੁਕਰ ਜਾਂਦੇ ਹਨ ਉਹ ਫਿਰ ਕਿਸ਼ਾਨਾ ਨੂੰ ਬੇਈਮਾਨ ਕਹਿਣਾ ਸੁਰੂ ਕਰ ਦਿੰਦੇ ਹਨ। ਬੇਸ਼ੱਕ ਆਪਣੇ ਤੋਂ ਕਮਜੋਰ ਨੂੰ ਕਰਜਾ ਦੇਣ ਵਾਲੇ ਕੁੱਝ ਮਾੜੇ ਵੀ ਹੋ ਸਕਦੇ ਹਨ ਪਰ ਸਾਰੇ ਮਾੜੇ ਨਹੀਂ ਹੁੰਦੇ, ਅਸਲ ਗੱਲ ਤਾਂ ਇਹ ਹੁੰਦੀ ਹੈ ਕਿ ਤੁਹਾਨੂੰ (ਕਿਸੇ ਨੂੰ ਵੀ) ਕਰਜਾ ਦੇਣ ਵਾਲਾ ਤੁਹਾਡੇ ਉੱਤੇ ਵਿਸ਼ਵਾਸ ਕਰਕੇ ਹੀ ਕਰਜਾ ਦੇ ਰਿਹਾ ਹੁੰਦਾ ਹੈ, ਜਦੋਂ ਤੁਸੀਂ ਉਸ ਦੇ ਪੈਸੇ ਮੁਕਰਦੇ ਹੋਂ ਤਾਂ ਤੁਸੀਂ ਪੈਸੇ ਮੁਕਰਨ ਦੇ ਨਾਲ ਨਾਲ ਵਿਸ਼ਵਾਸ ਦਾ ਵੀ ਕਤਲ ਕਰ ਰਹੇ ਹੁੰਦੇ ਹੋਂ ਜੋ ਬਹੁਤ ਮਾੜਾ ਹੁੰਦਾ ਹੈ। ਇਸ ਲਈ ਸਾਨੂੰ ਇੱਕ ਦੂਜੇ ਨੂੰ ਮਾੜਾ ਜਾਂ ਬੇਈਮਾਨ ਕਹਿਣ ਦੀ ਥਾਂ ਆਪਣੇ ਔਗੁਣਾ ਵੱਲ ਵੀ ਝਾਤ ਮਾਰ ਲੈਣੀ ਚਾਹੀਂਦੀ ਹੈ। ਆਰਥਿਕਤਾ ਦੇ ਨਾਲ ਨਾਲ ਇੱਕ ਨਾਜਾਇਜ ਸਰੀਰਕ ਸਬੰਧਾਂ ਦੀ ਸਮੱਸਿਆ ਸਾਡੀ ਸਾਰਿਆਂ ਦੀ ਸਾਂਝੀ ਸਮੱਸਿਆ ਹੈ, ਇਹ ਸਬੰਧ ਕਿਸੇ ਦੇ ਵੀ ਕਿਸੇ ਨਾਲ ਹੋ ਸਕਦੇ ਹਨ। ਕਿਸ਼ਾਨਾਂ ਜਾਂ ਬਾਣੀਆਂ ਦੇ ਮਜਦੂਰਾਂ ਦੀਆਂ ਇਸਤਰੀਆਂ ਨਾਲ ਵੀ ਨਾਜਾਇਜ ਸਬੰਧ ਹੋ ਜਾਂਦੇ ਹਨ ਅਤੇ ਮਜਦੂਰਾਂ ਦੇ ਕਿਸ਼ਾਨ ਜਾਂ ਬਾਣੀਆਂ ਦੀਆਂ ਇਸਤਰੀਆਂ ਨਾਲ ਵੀ ਨਾਜਾਇਜ ਸਬੰਧ ਹੋ ਜਾਂਦੇ ਹਨ। ਜਾਂ ਕਿਸ਼ਾਨਾ ਦੇ ਕਿਸ਼ਾਨਾਂ ਦੀਆਂ ਇਸਤਰੀਆਂ ਨਾਲ, ਬਾਣੀਆਂ ਦੇ ਬਾਣੀਆਂ ਦੀਆਂ ਇਸਤਰੀਆਂ ਨਾਲ ਜਾਂ ਮਜਦੂਰਾਂ ਦੇ ਮਜਦੂਰਾਂ ਦੀਆਂ ਇਸਤਰੀਆਂ ਨਾਲ ਵੀ ਨਾਇਜ ਸਬੰਧ ਹੋ ਜਾਂਦੇ ਹਨ। ਮੈਂ ਨਾ ਹੀ ਨਾਜਾਇਜ ਸਬੰਧਾਂ ਨੂੰ ਚੰਗੇ ਸਮਝਦਾ ਹਾਂ ਤੇ ਨਾ ਹੀ ਆਪਸੀ ਸਹਿਮਤੀ ਨਾਲ ਪੜਦੇ ਵਿੱਚ ਚਲਦੇ ਸਬੰਧਾਂ ਦੇ ਬੇਪੜਦ ਹੋਣ ਤੇ ਇੱਕ ਦੂਜੇ ਨੂੰ ਬਲੈਕਮੇਲ ਕਰਨ ਦੇ ਹੱਕ ਵਿੱਚ ਹਾਂ। ਜੇ ਕਿਸੇ ਮਜਦੂਰ ਦੀ ਇਸਤਰੀ ਨਾਲ ਬਾਣੀਏ ਦੇ ਸਹਿਮਤੀ ਨਾਲ ਚਲਦੇ ਨਾਜਾਇਜ ਸਬੰਧ ਨੰਗੇ ਹੋ ਜਾਣ ਤਾਂ ਮਜਦੂਰ/ਕਿਸ਼ਾਨ ਆਗੂ ਉਸ ਨੂੰ ਧਨਾਢਾਂ ਦਾ ਮਜਲੂਮਾਂ ਨਾਲ ਧੱਕੇ ਦਾ ਨਾਮ ਦੇ ਕੇ ਉਸ ਨੂੰ ਬਲੈਕਮੇਲ ਕਰਨ ਦੇ ਨਾਲ ਨਾਲ ਉਸ ਦਾ ਜਲੂਸ ਕੱਢ ਦਿੰਦੇ ਹਨ। ਜੇ ਇਹੀ ਸਬੰਧ ਕਿਸੇ ਮਜਦੂਰ ਦੇ ਬਾਣੀਏ ਦੀ ਇਸਤਰੀ ਨਾਲ ਹੋ ਜਾਣ ਜਾਂ ਮਜਦੂਰ ਦੇ ਮਜਦੂਰ ਦੀ ਇਸਤਰੀ ਨਾਲ ਹੋ ਜਾਣ, ਮਾੜੇ ਤਾਂ ਉਹ ਵੀ ਹੁੰਦੇ ਹਨ ਪਰ ਉੱਥੇ ਅਜਿਹੀ ਗੱਲ ਰਫਾ ਦਫਾ ਕਰ ਦਿੱਤੀ ਜਾਂਦੀ ਹੈ। ਇਸ ਲਈ ਨਾ ਸਾਰੇ ਅਮੀਰ ਮਾੜੇ ਹੁੰਦੇ ਹਨ, ਨਾ ਗਰੀਬ, ਮਾੜੀ ਤਾਂ ਮਾੜੀ ਸੋਚ ਹੀ ਹੁੰਦੀ ਹੈ, ਉਹ ਕਿਸੇ ਦੀ ਵੀ ਹੋ ਸਕਦੀ ਹੈ। ਮੇਰਾ ਇਹ ਲਿਖਣ ਦਾ ਮਤਲਬ ਕਿਸੇ ਸਮਾਜ ਨੂੰ ਚੰਗਾ ਜਾਂ ਮਾੜਾ ਸਿੱਧ ਕਰਨਾ ਨਹੀਂ ਹੈ, ਮੈਂ ਨਾ ਹੀ ਕਿਸੇ ਦੇ ਪੈਸੇ ਮੁਕਰਨ ਦੇ ਹੱਕ ਵਿੱਚ ਹਾਂ ਅਤੇ ਨਾ ਹੀ ਨਾਜਾਇਜ ਸਬੰਧਾਂ ਨੂੰ ਜਾਇਜ ਠਹਿਰਾਉਣਾ ਮੇਰਾ ਮਕਸਦ ਹੈ। ਮੇਰਾ ਮਕਸਦ ਤਾਂ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਪਿਆਰ ਨਾਲ ਰਹਿਣਾ ਚਾਹੀਂਦਾ ਹੈ, ਕਿਸੇ ਵੀ ਸਮਾਜ (ਮਜਦੂਰ, ਕਿਸ਼ਾਨ ਜਾਂ ਬਾਣੀਆਂ) ਦਾ ਬੰਦਾ ਚੰਗਾ ਜਾਂ ਮਾੜਾ ਹੋ ਸਕਦਾ ਹੈ, ਸਾਨੂੰ ਕਿਸੇ ਤੋਂ ਵੀ ਕੁੱਝ ਲੈ ਕੇ ਮੁਕਰਨਾ ਨਹੀਂ ਚਾਹੀਂਦਾ, ਨਾ ਹੀ ਕਿਸੇ ਨੂੰ ਬਲੈਕ ਮੇਲ ਕਰਨਾ ਚਾਹੀਂਦਾ ਹੈ। ਕਿਸੇ ਦੀ ਨਿੰਕੀ ਜਿਹੀ ਗੱਲ ਨੂੰ ਉਛਾਲ ਕੇ ਸਾਨੂੰ ਸਮਜਿਕ ਨਫਰਤ ਨਹੀਂ ਫੈਲਾਉਣੀ ਚਾਹੀਂਦੀ, ਸਾਨੂੰ ਆਪਣੇ ਆਪਣੇ ਸਮਾਜਾਂ ਦੀਆਂ ਵੱਖੋ ਵੱਖਰੀਆਂ ਜੱਥੇਵੰਦੀਆਂ ਬਣਾ ਕੇ ਆਪਸ ਵਿੱਚ ਲੜਨ ਦੀ ਥਾਂ ਇੰਨਸਾਨੀਅਤ ਦੇ ਤੌਰ ਦੇ ਇੱਕਠੇ ਹੋ ਕੇ ਮਾੜੀਆਂ ਸਮਾਜਿਕ ਕੁਰੀਤੀਆਂ ਅਤੇ ਮਾੜੇ ਬੰਦਿਆਂ ਦਾ ਵਿਰੋਧ ਕਰਨਾ ਚਾਹੀਂਦਾ ਹੈ ਉਹ ਚਾਹੇ ਕਿਸੇ ਵੀ ਸਮਾਜ ਨਾਲ ਸਬੰਧਤ ਹੋਣ। ਪੰਜਾਬ ਵਿੱਚ ਅਜਿਹੇ ਧੱਕੇ ਵਾਲੀ ਘਟਨਾ ਨਾ ਮਾਤਰ ਹੀ ਹੁੰਦੀ ਹੈ, ਪਰ ਉਸ ਨੂੰ ਸਾਡੇ ਆਗੂਆਂ ਵੱਲੋਂ ਸਿਆਸੀ ਰੰਗਤ ਦੇ ਕੇ ਧੱਕਾ ਬਣਾ ਦਿੱਤਾ ਜਾਂਦਾ ਹੈ ਜੋ ਕਿਸੇ ਲਈ ਵੀ ਸਮਾਜ ਲਈ ਚੰਗਾ ਨਹੀਂ ਹੁੰਦਾ। ਹਾਂ ਸਾਡੇ ਦੇਸ਼ ਦੇ ਕਈ ਸੂਬੇ ਅਜਿਹੇ ਵੀ ਹਨ ਜਿੱਥੇ ਗਰੀਬਾਂ/ਮਜਦੂਰਾਂ ਨਾਲ ਅਮੀਰ ਧੱਕਾ ਕਰਦੇ ਹਨ, ਕਹੀ ਜਾਂਦੀ ਊਚੀ ਜਾਤ ਵਾਲੇ ਨੀਵੀਂ ਜਾਤ ਵਾਲੇ ਨੂੰ ਘੋੜੀ ਤੇ ਵੀ ਨਹੀਂ ਚੜਨ ਦਿੰਦੇ, ਜਾਂ ਧੱਕੇ ਨਾਲ ਗਰੀਬਾਂ ਦੀਆਂ ਇਸਤਰੀਆਂ ਨੂੰ ਚੁੱਕ ਕੇ ਲੈ ਜਾਂਦੇ ਹਨ ਅਜਿਹੇ ਲੋਕਾਂ ਦਾ ਵਿਰੋਧ ਹੋਣਾ ਜਰੂਰੀ ਹੈ, ਇਸ ਦੇ ਵਿਰੁੱਧ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਆਪਣੇ ਸਮਾਜ ਅਤੇ ਸੂਬੇ ਤੋਂ ਉਪਰ ਉਠ ਕੇ ਮਜਲੂਮਾਂ ਦੇ ਹੱਕ ਵਿੱਚ ਅਵਾਜ ਉਠਾਉਣੀ ਚਾਹੀਂਦੀ ਹੈ।

ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ,
ਜਿਲਾ ਮਾਨਸਾ ਪੰਜਾਬ।
ਪਿੰਨ ਕੋਡ:-151501
ਫੋਨ ਨੰਬਰ:- 9417023911

************************************************************

ਇੰਨਸਾਫ ਲੈਣ ਲਈ ਸੜਕਾਂ ਤੇ ਧਰਨੇ ਲਾ ਕੇ ਆਮ ਜਨਤਾ ਨਾਲ ਬੇਇਨਸਾਫੀ ਕਿਉਂ?

ਆਮ ਲੋਕਾਂ ਦੀ ਭਲਾਈ ਲਈ ਚੁਣੇ ਜਾਂਦੇ ਸਾਡੇ ਐਮ ਪੀ/ਐਮ ਐਲ ਏ (ਸਰਕਾਰਾਂ) ਭਲਾਈ ਦੀ ਥਾਂ ਆਪ ਤਾਂ ਗੁੰਡਾਗਰਦੀ ਕਰਦੇ ਹੀ ਹਨ, ਇਹਨਾ ਨੇ ਤਾਂ ਆਮ ਲੋਕਾਂ ਨੂੰ ਵੀ ਗੁੰਡੇ ਬਣਾ ਦਿੱਤਾ ਹੈ। ਭਾਵ ਕਿ ਆਮ ਲੋਕਾਂ ਨੂੰ ਆਪਣੀਆਂ ਜਾਇਜ ਮੰਗਾਂ ਦੀ ਆਵਾਜ ਸਰਕਾਰ ਤੱਕ ਪਹੁੰਚਾਉਣ ਲਈ, ਸੜਕਾਂ ਉਤੇ ਧਰਨੇ ਲਾ ਕੇ ਆਮ ਲੋਕਾਂ ਨਾਲ ਬੇਇਨਸਾਫੀ ਕਰਨੀ ਪੈਂਦੀ ਹੈ ਫਿਰ ਸਾਡੀ ਅਵਾਜ ਸਰਕਾਰ ਤੱਕ ਪਹੁੰਚਦੀ ਹੈ। ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਇਕੱਠਾ ਹੋਇਆ ਹਜੂਮ ਇਹ ਵੀ ਭੁੱਲ ਜਾਂਦਾ ਹੈ ਕਿ ਉਹ ਆਪ ਇੰਨਸਾਫ ਲੈਣ ਲਈ ਆਪਣਿਆਂ ਨਾਲ ਹੀ ਬੇਇੰਨਸਾਫੀ ਕਰ ਰਿਹਾ ਹੈ। ਅੱਜ ਬੁਢਲਾਡੇ ਵਾਲਿਆਂ ਵੱਲੋਂ ਧਰਨਾ ਲਗਾ ਕੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜੇ ਸਾਂਨੂੰ ਕਦੇ ਅਕਾਲ ਆ ਜਾਵੇ ਤਾਂ ਅਸੀਂ ਪਾਰਟੀ ਬਾਜੀ ਤੋਂ ਉਪਰ ਉਠ ਕੇ ਆਪਣੇ ਲੋਕਾਂ ਨੂੰ ਘੇਰਨ ਦੀ ਥਾਂ ਸਾਡੇ ਐਮ ਪੀ/ਐਮ ਐਲ ਏ ਅਤੇ ਸਬੰਧਤ ਅਧਿਕਾਰੀਆਂ ਨੂੰ ਘੇਰੀਏ। ਉਹਨਾ ਨੂੰ ਮਜਬੂਰ ਕਰੀਏ ਕਿ ਉਹ ਸਾਡੀ ਗੱਲ ਸਰਕਾਰ ਤੱਕ ਪਹੁੰਚਾਉਣ, ਜੇ ਸਰਕਾਰ ਉਹਨਾ ਦੀ ਸੁਣਦੀ ਨਹੀਂ ਹੈ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਘਰ ਬੈਠ ਜਾਣ। ਕਿਉਂਕਿ ਜੇ ਉਹਨਾ ਨੇ ਸਾਡਾ ਭਲਾ ਨਹੀਂ ਕਰਨਾ ਜਾਂ ਭਲਾ ਕਰ ਨਹੀਂ ਸਕਦੇ ਤਾਂ ਉਹ ਸਾਡੇ ਉਤੇ ਬੋਝ ਵੀ ਨਾ ਬਣਨ, ਤਾਂ ਉਹ ਸਾਡੀ ਕਮਾਈ ਵਿੱਚੋਂ ਤਨਖਾਹਾਂ/ਭੱਤੇ ਲੈਣੇ ਵੀ ਬੰਦ ਕਰ ਦੇਣ। ਸਾਡੇ ਬੁਢਲਾਡੇ ਹਲਕੇ ਦਾ ਕਾਫੀ ਮੰਦਾ ਹਾਲ ਹੈ, ਪਹਿਲਾਂ ਪੰਜ ਸਾਲ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਜੀ ਰਹੇ, ਸਰਕਾਰ ਅਕਾਲੀਆਂ ਦੀ ਸੀ, ਕੰਮ ਨਹੀਂ ਬਣੇ। ਫਿਰ ਪੰਜ ਸਾਲ ਅਕਾਲੀ ਵਿਧਾਇਕ ਚਤਿੰਨ ਸਿੰਘ ਸਮਾਓ ਜੀ ਰਹੇ, ਸਰਕਾਰ ਵੀ ਅਕਾਲੀਆਂ ਦੀ ਸੀ ਫਿਰ ਵੀ ਸਾਡੇ ਕੰਮ ਨਹੀਂ ਬਣੇ। ਹੁਣ ਸਾਡੇ ਵਿਧਾਇਕ ਆਮ ਆਦਮੀ ਪਾਰਟੀ ਦੇ ਬੁੱਧ ਰਾਮ ਜੀ ਹਨ, ਸਰਕਾਰ ਕਾਂਗਰਸ ਦੀ ਹੈ ਸਾਡੇ ਕੰਮ ਹੁਣ ਵੀ ਨਹੀਂ ਹੋ ਰਹੇ। ਕੀ ਸਿਸਟਮ ਹੈ ਇਹ ਸਾਡੇ ਕੰਮ ਕਦੋਂ ਹੋਣਗੇ? ਬੱਸ ਇਕੋ ਗੱਲ ਹੋਣੀ ਚਾਹੀਂਦੀ ਹੈ ਕਿ ਸਰਕਾਰ ਚਾਹੇ ਕਿਸੇ ਪਾਰਟੀ ਦੀ ਹੋਵੇ, ਵਿਧਾਇਕ ਚਾਹੇ ਕਿਸੇ ਪਾਰਟੀ ਦਾ ਹੋਵੇ, ਜਾਂ ਤਾਂ ਸਾਡੇ ਹਲਕੇ ਦੇ ਸਾਝੇ ਕੰਮ ਹੋਣ, ਜਾਂ ਫਿਰ ਅਸਤੀਫਾ ਦੇ ਕੇ ਆਪਣੇ ਘਰ ਬੈਠਣ। ਲੋਕਾਂ ਨੂੰ ਘੇਰਨ ਵਾਲਿਓ ਵਿਧਾਇਕਾਂ ਨੂੰ ਘੇਰੋ। ਜੇ ਲੋਕਾਂ ਨੂੰ ਘੇਰ ਕੇ ਤੁਹਾਡੀ ਮੰਗ ਮੰਨੀ ਵੀ ਗਈ ਤਾਂ ਇਹ ਵੀ ਇੱਕ ਮਾੜੀ ਪਿਰਤ ਹੀ ਪਵੇਗੀ। ਅੱਜ ਬੁਢਲਾਡੇ ਤਕੋਨੀ ਚੌਕ ਵਿੱਚ ਸਵੇਰੇ ਬੱਸ ਰੋਕੀ ਗਈ, ਬੱਸ ਵਿੱਚ ਸਵਾਰ ਮਰਦ /ਇਸਤਰੀਆਂ ਧਰਨੇ ਦਾ ਵਿਰੋਧ ਕਰ ਰਹੇ ਸਨ, ਇਸਤਰੀਆਂ ਕਹਿ ਰਹੀਆਂ ਸਨ ਕਿ ਅਸੀਂ ਹੁਣ ਕਿੱਧਰ ਜਾਈਏ, ਤਾਂ ਧਰਨੇ ਵਾਲੇ ਉਹਨਾ ਦੀ ਗੱਲ ਸੁਣਨ ਦੀ ਥਾਂ ਇਨਕਲਾਬ ਜ਼ਿੰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸੀ, ਨਾਲੇ ਕਹਿ ਰਹੇ ਸੀ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਮੈ ਹੈਰਾਨ ਸੀ ਕਿ ਇਹੀ ਭਗਤ ਸਿੰਘ ਜੀ ਦੀ ਸੋਚ? ਓ ਭਗਤ ਸਿੰਘ ਦੇ ਵਾਰਸੋ ਭਗਤ ਸਿੰਘ ਨੇ ਲੋਕ ਨਹੀਂ ਸੀ ਘੇਰੇ, ਉਸ ਨੇ ਆਪਣੀ ਆਵਾਜ ਅਸੈਂਬਲੀ ਵਿੱਚ ਸੁਣਾਈ ਸੀ। ਮੇਰਾ ਇੱਥੇ ਇਹ ਵੀ ਭਾਵ ਨਹੀਂ ਹੈ ਲਿ ਤੁਸੀਂ ਅਸੈਂਬਲੀ ਵਿੱਚ ਬੰਬ ਸੁਟੋ, ਕਿਉਂਕਿ ਭਗਤ ਸਿੰਘ ਨੇ ਵੀ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸੀ ਸੁਟਿਆ, ਉਸ ਨੇ ਬੇਗਾਨਿਆਂ ਨੂੰ ਆਪਣੀ ਆਵਾਜ ਸੁਣਾਉਣ ਲਈ ਇਹ ਕਾਰਾ ਕੀਤਾ ਸੀ, ਹੁਣ ਅਸੈਂਬਲੀ ਵਿੱਚ ਬੇਗਾਨੇ ਨਹੀਂ ਹਨ, ਜਿੰਨਾ ਨੂੰ ਬੰਬ ਦੇ ਖੜਕੇ ਨਾਲ ਆਪਣੀ ਆਵਾਜ ਸੁਣਾਉਣੀ ਪਵੇ, ਹੁਣ ਅਸੈਂਬਲੀ ਵਿੱਚ ਤੁਹਾਡੇ ਆਪਣੇ ਹਲਕੇ ਦੇ ਆਪਣੇ ਲੋਕ ਬੈਠੇ ਹਨ ਜਿੰਨਾ ਨੂੰ ਤੁਹਾਡੀਆਂ ਸਮੱਸਿਆਵਾਂ ਦਾ ਚੰਗੀ ਤਰਾਂ ਪਤਾ ਵੀ ਹੈ, ਉਹਨਾ ਦੀਆਂ ਰੈਲੀਆਂ ਵਿੱਚ ਜਾਣ ਦੀ ਥਾਂ ਉਹਨਾ ਦਾ ਘਿਰਾਓ ਕਰਿਆ ਕਰੋ। ਇੰਨਸਾਫ ਮੰਗਣ ਲਈ ਧਰਨਾ ਬਰਗਾੜੀ ਵੀ ਲੱਗਿਆ ਹੋਇਆ ਹੈ ਕੀ ਉਹਨਾਂ ਵਾਂਗ ਰੋਸ ਜਾਹਿਰ ਨਹੀਂ ਕੀਤਾ ਜਾ ਸਕਦਾ? ਇੰਨਸਾਫ ਲੈਣ ਲਈ ਸੜਕਾਂ ਤੇ ਧਰਨੇ ਲਾ ਕੇ ਆਮ ਜਨਤਾ ਨਾਲ ਬੇਇਨਸਾਫੀ ਕਰਨੀ ਇੰਨਸਾਨੀਅਤ ਨਹੀ ਹੈ, ਸਰਕਾਰਾਂ ਅਤੇ ਲੀਡਰ ਵੀ ਇਹੀ ਚਾਹੁੰਦੇ ਹਨ ਕਿ ਇਹ ਲੋਕ ਸਾਡੇ ਨਾਲ ਲੜਨ ਜਾਂ ਸਾਨੂੰ ਘੇਰਨ ਦੀ ਥਾਂ ਆਪਸ ਵਿੱਚ ਲੜਦੇ ਅਤੇ ਆਪਣਿਆਂ ਨੂੰ ਹੀ ਘੇਰਦੇ ਰਹਿਣ। ਲਿਖਣ ਨੂੰ ਤਾਂ ਹੋਰ ਵੀ ਬਹੁਤ ਕੁੱਝ ਹੈ ਪਰ ਸਮਝਣ ਲਈ ਤਾਂ ਇਹ ਵੀ ਬਹੁਤ ਹੈ।

ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ,
ਜਿਲਾ ਮਾਨਸਾ ਪੰਜਾਬ।
ਪਿੰਨ ਕੋਡ:-151501
ਫੋਨ ਨੰਬਰ:- 9417023911


08/05/18
ਮੇਜਰ ਸਿੰਘ 'ਬੁਢਲਾਡਾ'

'ਬੋਲੀਆਂ'
ਲੋਕੋ! ਬਹੁਤੇ ਸਾਧ ਪਖੰਡੀ ਹੁੰਦੇ,,
ਨਾ ਜਾਇਆ ਕਰੋ ਸਾਧਾਂ ਦੇ ਡੇਰੇ।
ਕਿੰਨੇ ਸਾਧ ਜੇਲ੍ਹ ਵਿਚ ਹੋ ਗਏ,
ਅਜੇ ਹੋਣੇ ਹੋਰ ਵਧੇਰੇ।
ਖਬਰਾਂ ਦੱਸਦੀਆਂ ਨੇ,
ਸਾਧ ਬੜੇ ਨੇ ਭੇੜੇ
ਖਬਰਾਂ ਦੱਸਦੀਆਂ ਨੇ ........।

ਸਾਧਾਂ ਪਿੱਛੇ ਲੱਗਕੇ ਲੋਕੋ!
ਕਿਉਂ ਫਿਰਦੇ ਵਿਚ ਹਨੇਰੇ।
ਇਹ ਸੋਡੇ ਸਿਰਾਂ ਤੇ ਐਸ਼ਾਂ ਕਰਦੇ,
ਚਲਣ ਸੋਡੇ ਸਿਰਾਂ ਤੇ ਡੇਰੇ।
ਇਹਨਾਂ ਦੇ ਕੰਮਾਂ ਨੇ,
ਪੱਟਤੇ ਲੋਕ ਵਧੇਰੇ
ਇਹਨਾਂ ਦੇ ਕੰਮਾਂ ਨੇ ......।

ਕੁਝ ਕੁ ਸਾਧ ਤਾਂ ਹੋਣਗੇ ਚੰਗੇ,
ਬਹੁਤੇ ਸਾਧ ਨੇ ਮਾੜੇ।
ਕੁਝ ਕੁ ਕਰਦੇ ਕੰਮ ਇਹ ਚੰਗੇ,
ਬਹੁਤੇ ਕਰਦੇ ਮਾੜੇ।
ਅੰਧਵਿਸ਼ਵਾਸੀਆਂ ਦੇ,
ਸਿਰ ਤੇ ਲੈਣ ਨਜਾਰੇ
ਸਾਧ ਅੰਧਵਿਸ਼ਵਾਸੀਆਂ ਦੇ .........।

ਚਾਰ-ਚੁਫੇਰੇ ਦੀਆਂ ਦੱਸਣ ਖਬਰਾਂ,
ਜੋ ਸਾਧਾਂ ਕੀਤੇ ਕੰਮ ਘਿਨਾੳੇਣੇ।
ਇਹਨਾਂ ਦੇ ਪੱਟੇ ਬਹੁਤੇ ਲੋਕੀ,
ਕਦੇ ਤਾਬ ਨੀ ਆਉਣੇ।
ਲੋਕੋ! ਹੋਸ਼ ਕਰੋ,
ਛੱਡ ਦਿਉ ਸਾਧ ਵਿਡਾਆਉਣੇ
ਲੋਕੋ! ਹੋਸ਼ ਕਰੋ .......।

ਮੇਜਰ ਸਿੰਘ 'ਬੁਢਲਾਡਾ'
94176 42327


08/05/18
ਅਮਨਦੀਪ ਸਿੰਘ ਸਿੱਧੂ

32ਵੀਆਂ ਸਾਲਾਨਾ ਸਿੱਖ ਖੇਡਾਂ 2019 ਮੈਲਬੋਰਨ ਦੀ ਪ੍ਰਬੰਧਕ ਕਮੇਟੀ ਵੱਲੋਂ ਲੋਗੋ ਅਤੇ ਮੁੱਢਲੀ ਜਾਣਕਾਰੀ ਜਾਰੀ।


ਪ੍ਰਬੰਧਕ ਕਮੇਟੀ ਦੇ ਸਪੋਕਸਮੈਨ ਨਵਦੀਪ ਪਾਂਗਲੀ ਨੇ ਖੇਡਾਂ ਵਾਸਤੇ ਤਿ‍ਆਰ ਕੀਤੇ ਲੋਗੋ, ਖੇਡ ਚਿੰਨ੍ਹ, ਕਮੇਟੀ ਫ਼ੋਟੋਆਂ, ਗਰਾਉਂਡਾ ਦੀ ਜਾਣਕਾਰੀ ਅਤੇ ਰਹਾਇਸ਼ ਸੰਬੰਧੀ ਮੁੱਢਲੀ ਜਾਣਕਾਰੀ ਖੇਡਾਂ ਦੇ ਵੈੱਬਸਾਈਟ ਤੇ ਜਾਰੀ ਕੀਤੀ। 19-21 ਅਪ੍ਰੈਲ, 2019 ਨੂੰ ਸਿੱਖ ਖੇਡਾਂ ਨੂੰ ਮੈਲਬੋਰਨ ਦੇ ਸਾਰੇ ਕਲੱਬ, ਗੁਰਦੁਆਰੇ ਅਤੇ ਸਭਿ‍ਆਚਾਰਕ ਜਥੇਬੰਦੀਆਂ ਰਲ ਕੇ ਯਾਦਗਾਰੀ ਬਣਾਉਣ ਲਈ ਬਚਨਬੱਧ ਹਨ। ਉਮੀਦ ਕੀਤੀ ਜਾਂਦੀ ਹੈ ਕਿ ਇਸ ਵਾਰੀ 3500 ਤੋਂ ਵੱਧ ਖਿਡਾਰੀ ਅਤੇ ਡੇਢ ਲੱਖ ਤੋਂ ਵੱਧ ਦਰਸ਼ਕ ਹਿੱਸਾ ਲੈਣਗੇ। ਕਮੇਟੀ ਦੇ ਸਕੱਤਰ ਸਤਨਾਮ ਸਿੰਘ ਪਾਬਲਾ ਅਤੇ ਮੀਤ ਪ੍ਰਧਾਨ ਰੁਪਿੰਦਰ ਸਿੰਘ ਬਰਾੜ ਨੇ ਭਰੋਸਾ ਦਵਾਇਆ ਕਿ ਸਿੱਖ ਖੇਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਾਰ ਹੋਰ ਸਥਾਨਿਕ ਟੂਰਨਾਮੈਂਟਾਂ ਨੂੰ ਸੰਵਿਧਾਨ ਦੇ ਮੁਤਾਬਿਕ ਮੁਲਤਵੀ ਕਰ ਦਿੱਤਾ ਜਾਵੇਗਾ। ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਦਲਵਿੰਦਰ ਗਰਚਾ ਅਤੇ ਕੌਮੀ ਕਮੇਟੀ ਨੇ ਖ਼ੁਸ਼ੀ ਜ਼ਾਹਿਰ ਕੀਤੀ। ਖੇਡਾਂ ਸੰਬੰਧੀ ਹਰ ਜਾਣਕਾਰੀ
www.anssacc.org ਤੇ ਉਪਲਬਧ ਹੈ।


07/22/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਸੂਤਕ ਬਾਰੇ-੫੬

ਅਵਤਾਰ ਸਿੰਘ ਮਿਸ਼ਨਰੀ (510-432-5827)

ਸੂਤਕ ਸੰਸਕ੍ਰਿਤ ਦਾ ਸ਼ਬਦ (ਲਫਜ਼) ਤੇ ਇਸ ਦਾ ਮਤਲਵ ਅਪਵਿਤ੍ਰਤਾ ਹੈ। ਇਸ ਬਾਰੇ ਭਾਈ ਕਾਹਨ ਸਿੰਘ ਨਾਭ੍ਹਾ ਲਿਖਦੇ ਹਨ ਕਿ ਸੂਤ(ਪ੍ਰਸੂਤ) ਸਮੇ ਦੀ ਅਸ਼ੁੱਧੀ। ਹਿੰਦੂ ਧਰਮ ਦੇ ਸ਼ਾਸ਼ਤਰਾਂ ਅਨੁਸਾਰ ਇਹ ਅਸ਼ੁੱਧੀ ਬ੍ਰਾਹਮਣ ਦੇ ੧੧ ਦਿਨ, ਛਤ੍ਰੀ ਦੇ ੧੩ ਦਿਨ, ਵੈਸ਼ ਦੇ ੧੭ ਦਿਨ ਅਤੇ ਸ਼ੂਦਰ ਦੇ ੩੦ ਦਿਨ ਰਹਿੰਦੀ ਹੈ। ਡਾ. ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਹਿੰਦੂਆਂ ਮੁਤਾਬਿਕ ਸਾਰੀਆਂ ਔਰਤਾਂ ਮਹਾਂਵਾਰੀ ਦੇ ਦਿਨਾਂ ਵਿੱਚ ਵੀ ਅਪਵਿਤ੍ਰ ਹੁੰਦੀਆਂ ਹਨ। ਜੋ ਵੀ ਕਿਸੇ ਸ਼ੂਦਰ ਨੂੰ ਛੂਹ ਜਾਂਦੇ ਹਨ ਉਹ ਵੀ ਅਪਵਿਤ੍ਰ ਹੋ ਜਾਂਦੇ ਹਨ। ਹਿੰਦੂ ਮਤ ਵਿੱਚ ਅਜਿਹੇ ਸੈਂਕੜੇ ਤਰ੍ਹਾਂ ਦੇ ਸੂਤਕ ਦੇ ਭਰਮ ਹਨ।

ਭਰਮ ਮਨੁੱਖੀ ਮਨ ਦੇ ਮਾਰੂ ਰੋਗਾਂ ਵਿੱਚੋਂ ਇੱਕ ਵੱਡਾ ਰੋਗ ਹੈ। ਜੋ ਮਨ ਨੂੰ ਸਹਿਜੇ ਹੀ ਕਮਜ਼ੋਰ ਕਰ ਦਿੰਦਾ ਹੈ।  ਕਮਜ਼ੋਰ ਮਨ ਵਾਲੇ ਮਨੁੱਖ ਨੂੰ ਮਾਨਸਿਕ ਤੌਰ 'ਤੇ ਵੱਸ ਵਿੱਚ ਕਰਕੇ ਠੱਗਣਾ ਬਹੁਤ ਹੀ ਆਸਾਨ ਹੁੰਦਾ ਹੈ। ਮਨੁੱਖ ਦੀ ਇਸ ਮਾਨਸਿਕ ਕਮਜ਼ੋਰੀ ਤੋਂ ਜਾਣੂ ਅਰਥਵਾਦੀ ਫ਼ਰੇਬੀ ਪੁਜਾਰੀਆਂ ਨੇ ਆਦਿ ਕਾਲ ਤੋਂ ਹੀ, ਮਨੁੱਖੀ ਮਨਾਂ ਵਿੱਚ ਕਈ ਤਰ੍ਹਾਂ ਦੇ ਵਹਿਮਾਂ-ਭਰਮਾਂ ਦਾ ਅਜਿਹਾ ਜ਼ਹਿਰ ਘੋਲਿਆ ਕਿ ਨਾ ਤਾਂ ਉਹ ਜਿਊਂਦਿਆਂ 'ਚ ਰਹੇ ਤੇ ਨਾ ਹੀ ਮਰਿਆਂ ਵਿੱਚ। ਸੂਤਕ ਦਾ ਵਹਿਮ ਵੀ ਅਜਿਹੇ ਭਰਮਾਂ ਵਿੱਚੋਂ ਇੱਕ ਵੱਡਾ ਭਰਮ ਹੈ। ਠੱਗ ਸੰਤਾਂ ਮਹੰਤਾਂ ਤੇ ਪੁਜਾਰੀਆਂ ਨੇ ਭਾਰਤ ਦੇ ਬਹੁਤੇ ਪਰਿਵਾਰਾਂ ਨੂੰ ਸੂਤਕ ਦੇ ਡਰਾਉਣੇ ਭਰਮ-ਜਾਲ ਵਿੱਚ ਅਜਿਹਾ ਉਲਝਾ ਰੱਖਿਆ ਹੈ ਕਿ ਇਸ ਵਿੱਚੋਂ ਨਿਕਲਣਾ ਅਸੰਭਵ ਲਗਦਾ ਹੈ। ਸੂਤਕ ਦੇ ਭਰਮ ਦਾ ਪਿਛੋਕੜ ਪ੍ਰਾਚੀਨ ਭਾਰਤੀ ਗ੍ਰੰਥਾਂ ਵਿੱਚ ਵੇਖਿਆ ਜਾ ਸਕਦਾ ਹੈ।

ਜਨੇਪੇ ਸਮੇਂ ਉਪਜੀ ਕਥਿਤ ਅਪਵਿੱਤ੍ਰਤਾ ਤੇ ਅਸ਼ੁੱਧਤਾ ਨੂੰ ਸੂਤਕ ਕਿਹਾ ਜਾਂਦਾ ਹੈ। ਸੂਤਕ ਦੇ ਦਿਨਾਂ ਵਿੱਚ ਪ੍ਰਸੂਤਾ ਨੂੰ, ਅਪਵਿਤ੍ਰ ਜਾਣ ਕੇ, ਰਸੋਈ ਚੌਂਕੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ। ਕਿਸੇ ਓਪਰੇ ਜਾਂ ਬਾਹਰਲੇ ਬੰਦੇ ਨੂੰ ਵੀ ਪ੍ਰਸੂਤਾ ਦੇ ਕਮਰੇ ਵਿੱਚ ਜਾਣ ਤੋਂ ਰੋਕਿਆ ਜਾਂਦੈ ਤਾਂ ਜੋ ਕੋਈ ਬੁਰੀ ਬਲਾ ਨਵਜਾਤ ਬੱਚੇ ਕੋਲ ਨਾ ਚਲੀ ਜਾਵੇ। ਸੂਤਕ ਦੀ ਮਿਆਦ ਮੁੱਕਣ ਤੋਂ ਬਾਅਦ ਪ੍ਰਸੂਤਾ ਨੂੰ ਨੁਹਾ-ਧੁਆ ਕੇ, ਉਸ ਦੀ ਸ਼ੁੱਧ-ਸ਼ੁਧਾਈ ਕਰ, ਹਵਨ ਵਗ਼ੈਰਾ ਕਰਵਾ ਕੇ ਚੌਂਕੇ ਚੜ੍ਹਾਇਆ ਜਾਂਦਾ ਹੈ। ਸੂਤਕ ਦੇ ਦਿਨਾਂ ਵਿੱਚ ਘਰ-ਪਰਿਵਾਰ ਦੇ ਸਾਰੇ ਮੈਂਬਰਾਂ ਵਾਸਤੇ ਧਰਮ-ਕਾਰਜਾਂ ਵਿੱਚ ਹਿੱਸਾ ਲੈਣ ਤੇ ਮੰਦਰ ਆਦਿ ਵਿੱਚ ਜਾਣ ਦੀ ਮਨਾਹੀ ਹੁੰਦੀ ਹੈ। ਇਸ ਸਭ ਕੁੱਝ ਦਾ ਧਾਰਮਿਕ ਜਾਂ ਆਤਮਿਕ ਪੱਖੋਂ ਕੀ ਮਹੱਤਵ ਹੈ? ਇਸ ਬਾਰੇ ਕਿਤੋਂ ਵੀ ਕੋਈ ਤਸੱਲੀਬਖ਼ਸ਼ ਜਾਣਕਾਰੀ ਨਹੀਂ ਮਿਲਦੀ। ਸੂਤਕ ਦੀ ਮਿਆਦ, ਆਮ ਤੌਰ 'ਤੇ ਸਵਾ ਮਹੀਨਾ ਜਾਂ ਚਾਲੀ ਦਿਨ ਮੰਨੀ ਜਾਂਦੀ ਹੈ ਪ੍ਰੰਤੂ ਬ੍ਰਾਹਮਣੀ ਗ੍ਰੰਥਾਂ ਵਿੱਚ ਇਹ ਮਿਆਦ ਪ੍ਰਸੂਤਾ ਦੇ ਵਰਣ ਅਨੁਸਾਰ ਵੱਧ-ਘੱਟ ਰੱਖੀ ਜਾਂਦੀ ਹੈ। ਬ੍ਰਾਹਮਣੀ ਦੇ ਸੂਤਕ ਦੀ ਸੱਭ ਤੋਂ ਘਟ ਤੇ ਸ਼ੂਦਰ ਪ੍ਰਸੂਤਾ ਦੀ ਸੱਭ ਤੋਂ ਜ਼ਿਆਦਾ। 

ਬਾਬਾ ਕਬੀਰ ਜੀ ਵੀ ਸੂਤਕ ਬਾਰੇ ਬੁਲੰਦ ਬਾਂਗ ਫਰਮਾਂਦੇ ਹਨ ਕਿ-ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ॥ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਵਿ ਗੋਈ॥੧॥ ਕਹੁ ਰੇ ਪੰਡੀਆ ਕਉਨ ਪਵੀਤਾ॥ ਐਸਾ ਗਿਆਨ ਜਪਹੁ ਮੇਰੇ ਮੀਤਾ॥੧॥ਰਹਾਉ॥ ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ॥ਊਠਤ ਬੈਠਤ ਸੂਤਕੁ ਲਾਗੇ ਸੂਤਕੁ ਪਰੇ ਰਸੋਈ॥੨॥ ਫਾਸਨ ਕੀ ਬਿਧਿ ਸਭੁ ਕੋ ਜਾਨੈ ਛੂਟਨ ਕੀ ਇਕੁ ਕੋਈ॥ ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕ ਤਿਨੈ ਨ ਹੋਈ॥੩॥੪੧॥ (੩੩੧) ਹਰੇਕ ਪੌਣ, ਪਾਣੀ, ਹਵਾ, ਦਾਣੇ ਆਦਿਕ ਵਸਤੂਆਂ ਅਤੇ ਪਦਾਰਥਾਂ ਵਿੱਚ ਸੂਤਕ ਹੈ ਭਾਵ ਹਰ ਥਾਂ ਜੀਵ ਜੰਮਦੇ ਤੇ ਮਰਦੇ ਹਨ ਫਿਰ ਬ੍ਰਾਹਮਣੀ ਸੂਤਕ ਵਾਲੇ ਭਰਮ ਤੋਂ ਰਮੇ ਰਾਮ (ਨਿਰੰਕਾਰ) ਨੂੰ ਯਾਦ ਕਰਕੇ ਹੀ ਬਚਿਆ ਜਾ ਸਕਦਾ ਹੈ।

ਗੁਰਮਤਿ ਸਭ ਤਰ੍ਹਾਂ ਦੇ ਵਹਿਮਾਂ, ਭਰਮਾਂ ਅਤੇ ਕਰਮਕਾਂਡਾਂ ਦਾ ਖੰਡਨ ਕਰਦੀ ਦਰਸਾਉਂਦੀ ਹੈ ਕਿ ਬੁਰਾਈਆਂ ਤੇ ਨੀਚ ਬਿਰਤੀਆਂ ਹੀ ਸੂਤਕ ਹਨ। ਬਾਬਾ ਨਾਨਕ ਜੀ ਬੜੇ ਭਾਵਪੂਰਤ ਸ਼ਬਦਾਂ ਵਿੱਚ ਸੂਤਕ ਬਾਰੇ ਦਰਸਾਂਦੇ ਹਨ ਕਿ-ਜੇ ਕਰਿ ਸੂਕਤੁ ਮੰਨੀਐ ਸਭ ਤੈ ਸੂਤਕ ਹੋਇ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥ਨਾਨਕ ਸੂਤਕੁ ਏਵ ਨ ਉਤਰੈ ਗਿਆਨ ਉਤਾਰੈ ਧੋਇ॥ ੧॥ ਸਲੋਕ ਮ: ੧ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜ॥ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ॥ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ॥ਨਾਨਕ ਹੰਸਾ ਆਦਮੀ ਬਧੇ ਜਮਪੁਰਿ ਜਾਹਿ॥੨॥ ਸਲੋਕ ਮ: ੧ ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥ਨਾਨਕ ਜਿਨੀੑ ਗੁਰਮੁਖਿ ਬੁਝਿਆ ਤਿਨਾੑ ਸੂਤਕੁ ਨਾਹਿ॥ ੩॥ (੪੭੨) ਭਾਵ ਜੇ ਪ੍ਰਾਚੀਨ ਭਾਰਤੀ ਗ੍ਰੰਥਾਂ ਵਿੱਚ ਲਿਖੇ ਤੇ ਪਾਂਡਿਆਂ ਦੁਆਰਾ ਪ੍ਰਚਾਰੇ ਜਾਂਦੇ ਜਨੇਪੇ ਦੇ ਸੂਤਕ ਨੂੰ ਮੰਨ ਵੀ ਲਿਆ ਜਾਏ ਤਾਂ ਸਵਾਲ ਇਹ ਉੱਠਦਾ ਹੈ ਕਿ ਸੂਤਕ (ਸੂਖਮ ਜੀਵਾਂ ਦੇ ਮਲ ਦੀ ਕਥਿਤ ਅਸ਼ੁੱਧੀ) ਤਾਂ ਹਰ ਥਾਂ ਮੌਜੂਦ ਹੈ। ਗੋਹੇ ਅਤੇ ਲਕੜੀ ਵਿੱਚ ਵੀ ਇਹ ਸੂਤਕ ਮੌਜੂਦ ਹੈ। ਅਨਾਜ ਜੋ ਮਨੁੱਖ ਤੇ ਹੋਰ ਸਾਰੇ ਪ੍ਰਾਣੀ ਖਾਂਦੇ ਆ, ਦੇ ਜਿਤਨੇ ਵੀ ਦਾਣੇ ਨੇ, ਉਹ ਸਾਰੇ ਸੂਖਮ ਜੀਵਾਂ ਤੋਂ ਬਿਨਾਂ ਨਹੀਂ ਹਨ। ਪਾਣੀ ਜੋ ਕਿ ਪ੍ਰਾਕ੍ਰਿਤੀ ਦਾ ਇੱਕ ਮੂਲ ਤੱਤ ਅਤੇ ਪਹਿਲਾ ਜੀਵ ਹੈ ਜਿਸ ਨਾਲ ਹੋਰ ਸਾਰੇ ਸਵਾਸਧਾਰੀ (ਜੀਵ ਤੇ ਵਣਸਪਤੀ) ਸਜੀਵ ਹੁੰਦੇ ਤੇ ਖਿੜਦੇ ਹਨ ਫਿਰ ਕਥਿਤ ਸੂਤਕ ਤੋਂ ਪਰਹੇਜ਼ ਕਿਵੇਂ ਰੱਖਿਆ ਜਾ ਸਕਦਾ ਹੈ? ਕਿਉਂਕਿ ਰਸੋਈ (ਜਿੱਥੇ ਖਾਧਾ ਜਾਣ ਵਾਲਾ ਅਨਾਜ ਰੱਖਿਆ ਤੇ ਪਕਾਇਆ ਜਾਂਦਾ ਹੈ) ਵਿੱਚ ਵੀ ਇਹ ਸੂਤਕ ਹੁੰਦਾ ਹੈ। ਹੇ ਨਾਨਕ ਸੂਤਕ ਦਾ ਇਹ ਭਰਮ ਕਿਸੇ ਵੀ ਵਹਿਮੀ ਪਰਹੇਜ਼ ਨਾਲ ਦੂਰ ਨਹੀਂ ਹੋ ਸਕਦਾ ਸਗੋਂ ਆਤਮਿਕ ਗਿਆਨ ਦਾ ਦਾਰੂ ਹੀ ਇਸ ਭਰਮ ਰੋਗ ਨੂੰ ਮਨ ਤੋਂ ਧੋ ਕੇ ਲਾਹ ਸਕਦਾ ਹੈ।੧। 

ਸੂਤਕ ਦੇ ਵਿਆਪਕ ਵਹਿਮ ਨੂੰ ਦਲੀਲਾਂ ਨਾਲ ਰੱਦ ਕਰਨ ਉਪ੍ਰੰਤ ਗੁਰੂ ਨਾਨਕ ਸਾਹਿਬ ਭਟਕੇ ਹੋਏ ਮਨ ਅਤੇ ਬੇਕਾਬੂ ਗਿਆਨ ਇੰਦ੍ਰੀਆਂ ਦੇ ਕੁੱਝ ਇੱਕ ਉਨ੍ਹਾਂ ਘਾਤਿਕ ਸੂਤਕਾਂ ਦਾ ਵਰਣਨ ਕਰਦੇ ਹਨ ਜਿਨ੍ਹਾਂ ਕਾਰਨ ਮਨੁੱਖ ਦਾ ਮਨ ਮਲੀਨ ਤੇ ਭ੍ਰਸ਼ਟ ਹੋ ਕੇ, ਸੱਭ ਪਾਸੇ ਅਪਵਿੱਤ੍ਰਤਾ ਫ਼ੈਲਾਉਂਦਾ ਹੈ। ਅਸਲ ਵਿੱਚ ਮਨੁੱਖ ਨੂੰ ਜਨੇਪੇ ਦੇ ਕਥਿਤ ਸੂਤਕ ਦੀ ਬਜਾਏ, ਭ੍ਰਿਸ਼ਟ ਮਨ ਅਤੇ ਬੇਲਗਾਮ ਇੰਦ੍ਰੀਆਂ ਦੇ ਮਾਰੂ ਸੂਤਕਾਂ ਤੋਂ ਬਚਨ ਦੀ ਜ਼ਰੂਰਤ ਹੈ। ਲਾਲਚ, ਝੂਠ-ਫ਼ਰੇਬ, ਕੂੜ-ਕੁਸੱਤ, ਮੈਲੀ ਨਜ਼ਰ ਤੇ ਕਾਮ, ਦੂਸਰਿਆਂ ਦੀ ਨਿੰਦਾ ਕਰਨ ਤੇ ਸੁਣਨ ਦਾ ਝੱਸ ਅਤੇ ਭੇਖ ਆਦਿਕ ਅਸਲੀ ਸੂਤਕ ਹਨ ਜਿਨ੍ਹਾਂ ਤੋਂ ਮਨੁੱਖ ਨੂੰ ਬਚਨ ਦੀ ਲੋੜ ਹੈ। ਭਾਵ ਮਨ ਨੂੰ ਮਲੀਨ ਤੇ ਅਪਵਿੱਤ੍ਰ ਕਰਨ ਵਾਲਾ ਸੂਤਕ ਲੋਭ, ਤ੍ਰਿਸ਼ਨਾ ਅਤੇ ਝੂਠ ਬੋਲਨਾ ਜ਼ੁਬਾਨ ਦਾ ਸੂਤਕ ਹੈ। ਪਰਾਈ ਇਸਤ੍ਰੀ, ਪਰਾਇਆ ਧਨ ਤੇ ਪਰਾਈ ਸੁੰਦਰਤਾ ਨੂੰ ਮੈਲੀਆਂ ਅੱਖਾਂ ਨਾਲ ਤੱਕਣਾ ਅੱਖਾਂ ਦਾ ਸੂਤਕ ਹੈ। ਦੂਸਰਿਆਂ ਦੀ ਚੁਗ਼ਲੀ ਨਿੰਦਾ ਨੂੰ ਕੰਨ ਲਾ ਕੇ ਧਿਆਨ ਨਾਲ ਸੁਣਨਾ ਕੰਨਾਂ ਦਾ ਸੂਤਕ ਹੈ। ਬਾਬਾ ਨਾਨਕ ਕਥਨ ਕਰਦੇ ਹਨ ਕਿ ਮਨ ਅਤੇ ਇੰਦ੍ਰੀਆਂ ਦੇ ਉਪ੍ਰੋਕਤ ਸੂਤਕਾਂ ਦੇ ਰੋਗੀ ਮਨੁੱਖ ਨਿਸ਼ਚੇ ਹੀ ਜਮਪੁਰਿ ਜਾਂਦੇ ਭਾਵ ਮੌਤ ਦੇ ਮੂੰਹ ਪੈਂਦੇ ਹਨ।੨।
ਪਹਿਲੇ ਦੋ ਸ਼ਲੋਕਾਂ ਵਿੱਚ ਸੂਤਕ ਦੇ ਭਰਮ ਬਾਰੇ ਕੀਤੀ ਗਈ ਵਿਚਾਰ ਦੇ ਸਿੱਟੇ ਵਜੋਂ ਗੁਰੂ ਸਾਹਿਬ ਦਰਸਾਂਦੇ ਹਨ ਕਿ ਸੂਤਕ ਨਿਰਾ ਭਰਮ ਹੈ ਇਹ ਭਰਮ ਉਸੇ ਮਨੁੱਖ ਨੂੰ ਹੁੰਦਾ ਹੈ ਜਿਹੜਾ ਰੱਬ ਨਾਲੋਂ ਟੁੱਟ ਕੇ ਮਾਇਆ ਨਾਲ ਮਨ ਜੋੜਦਾ ਹੈ। ਜੀਵਾਂ ਦਾ ਜੰਮਨਾ ਮਰਨਾ ਰੱਬ ਦੇ ਹੁਕਮ ਵਿੱਚ ਹੀ ਹੈ ਪ੍ਰਾਣੀ ਇਸ ਸੰਸਾਰ ਵਿੱਚ ਰੱਬ ਦੀ ਰਜ਼ਾ ਵਿੱਚ ਹੀ ਆਉਂਦੇ ਤੇ ਜਾਂਦੇ ਹਨ। ਉਸ ਪਾਲਣਹਾਰ ਦਾਤੇ ਦੇ ਦਿੱਤੇ ਪਦਾਰਥਾਂ ਵਿੱਚ ਜੀਵ ਹੁੰਦੇ ਨੇ, ਦਾ ਖਾਣਾ ਪੀਣਾ ਜਾਇਜ਼ ਤੇ ਪਵਿਤ੍ਰ ਹੈ। ਬਾਬਾ ਨਾਨਕ ਵਿਚਾਰਦੇ ਨੇ ਕਿ ਗਿਆਨ-ਗੁਰੂ ਦੀ ਸਿੱਖਿਆ 'ਤੇ ਚੱਲਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁੱਖ ਹੋ ਕੇ ਉਪ੍ਰੋਕਤ ਸੱਚ ਸਮਝ ਲਿਆ ਹੈ, ਉਹ ਸੂਤਕ ਦਾ ਵਹਿਮ ਨਹੀਂ ਕਰਦੇ।੩।

ਬਾਬਾ ਨਾਨਕ ਜੀ ਦੇ ਉਪਰਲੇ ਸ਼ਲੋਕਾਂ ਵਿੱਚੋਂ ਉੱਘੜ ਕੇ ਆਏ ਤੱਥ ਹਨ ਕਿ ਸੂਤਕ ਦਾ ਭਰਮ ਪੁਜਾਰੀਆਂ ਦੁਆਰਾ ਫ਼ੈਲਾਇਆ ਗਿਆ ਇੱਕ ਮਾਨਸਿਕ ਰੋਗ ਹੈ। ਇਸ ਮਾਨਸਿਕ ਰੋਗ ਤੋਂ ਛੁਟਕਾਰਾ ਪਾਉਣ ਵਾਸਤੇ ਆਤਮ-ਗਿਆਨ ਦੀ ਲੋੜ ਅਤੇ ਇਹ ਗਿਆਨ ਗੁਰੂ ਗ੍ਰੰਥ ਦੀ ਸਿੱਖਿਆ ਦੁਆਰਾ ਹੀ ਮਿਲ ਸਕਦਾ ਹੈ। ਪ੍ਰਭੂ ਦੇ ਭਾਣੇ ਵਿੱਚ ਜੋ ਕੁੱਝ ਵੀ ਹੁੰਦੈ, ਉਹ ਅਪਵਿਤ੍ਰ ਤੇ ਨਾਪਾਕ ਨਹੀਂ। ਕਿਸੇ ਵੀ ਕੁਦਰਤੀ ਵਰਤਾਰੇ ਦਾ ਭਰਮ ਕਰਨਾ ਵੱਡੀ ਮੂਰਖਤਾ ਹੈ। ਇਸ ਲਈ ਜਨੇਪੇ ਦੇ ਕਥਿਤ ਸੂਤਕ ਦੀ ਬਜਾਏ, ਮਨ ਦੀਆਂ ਵਿਕਾਰੀ ਰੁਚੀਆਂ ਦੇ ਸੂਤਕ ਤੋਂ ਪਰਹੇਜ਼ ਕਰਨ ਦੀ ਲੋੜ ਹੈ।

ਅਸਲ ਵਿੱਚ ਜਨੇਪੇ ਦੇ ਸੂਤਕ ਦੀ ਭਿੱਟ ਜਾਂ ਅਪਵਿੱਤ੍ਰਤਾ ਦਾ ਭਰਮ ਤੇ ਸਫ਼ਾਈ ਦੋਵੇਂ ਅਲੱਗ ਵਿਸ਼ੇ ਹਨ। ਸੂਤਕ ਦੇ ਭਰਮ ਵਿੱਚ ਪੈਣ ਦੀ ਬਜਾਏ ਜਨੇਪੇ ਵਾਲੇ ਘਰ ਵਿੱਚ ਸਫ਼ਾਈ ਰੱਖਣੀ ਜਰੂਰੀ ਹੈ। ਬਹੁਤੇ ਮੱਤਾਂ ਵਿੱਚ ਵਿਆਪਕ ਕਰਮ-ਕਾਂਡਾਂ ਵਿੱਚ ਅਟੁੱਟ ਵਿਸ਼ਵਾਸ ਦਾ ਮੂਲ ਕਾਰਣ ਅਗਿਆਨੀ ਤੇ ਲੋਭੀ ਪੁਜਾਰੀਆਂ ਦੁਆਰਾ ਪ੍ਰਚੱਲਿਤ ਕੀਤੇ ਤੇ ਪ੍ਰਚਾਰੇ ਜਾਂਦੇ ਬੇਹੂਦਾ ਵਹਿਮ-ਭਰਮ ਤੇ ਇਨ੍ਹਾਂ ਦਾ ਦਿੱਤਾ ਗਿਆ ਭੈ ਅਤੇ ਇਸ ਦੇ ਹਊਏ ਤੋਂ ਬਚਣ ਲਈ ਕੀਤੇ ਜਾਂਦੇ ਪਾਖੰਡ ਕਰਮਕਾਂਡ ਹੀ ਹਨ। ਗੁਰਮਤਿ ਦੇ ਵਿਹੜੇ ਵਿੱਚ ਵੀ ਅੱਜ ਜਿਤਨੇ ਕਰਮ-ਕਾਂਡ ਕੀਤੇ ਜਾ ਰਹੇ ਨੇ, ਉਨ੍ਹਾਂ ਦਾ ਮੂਲ ਵੀ ਪੁਜਾਰੀਆਂ ਦੁਆਰਾ, ਝੂਠੀਆਂ ਮਨਘੜਤ ਕਹਾਣੀਆਂ ਅਤੇ ਸਾਖੀਆਂ ਸੁਣਾ ਸੁਣਾ ਕੇ, ਲੋਕਾਂ ਦੇ ਮਨਾਂ ਵਿੱਚ ਪੈਦਾ ਕੀਤਾ ਗਿਆ ਵਹਿਮਾਂ-ਭਰਮਾਂ ਦਾ ਡਰ ਤੇ ਅੰਧਵਿਸ਼ਵਾਸ ਹੀ ਹੈ।


07/22/18
ਗਿਆਨੀ ਅਵਤਾਰ ਸਿੰਘ

ਕੀ ਗੁਰਮਤ ਅਨੁਸਾਰ ਕੁਦਰਤ ਦਾ ਨਿਯਮ ਹੀ ਰੱਬ ਹੈ ?
ਗਿਆਨੀ ਅਵਤਾਰ ਸਿੰਘ-98140-35202
ਹਥਲਾ ਲੇਖ ਲਿਖਣ ਦਾ ਕਾਰਨ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੁਆਰਾ ਮਿਤੀ 19 ਜੁਲਾਈ 2018 ਨੂੰ ਫੇਸਬੁੱਕ ’ਤੇ ਪਾਈ ਗਈ ਇੱਕ ਵੀਡੀਓ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਕੁਦਰਤ ਹੀ ਰੱਬ ਹੈ, ਕੁਦਰਤ ਦੀ ਸ਼ਰਨ ਵਿੱਚ ਰਹਿਣਾ ਹੀ ਰੱਬੀ ਸ਼ਰਨ ’ਚ ਰਹਿਣਾ ਹੈ, ‘ਜਪੁ’ ਦਾ ਅਰਥ ਹੈ ‘ਕੁਦਰਤ ਦੇ ਨਿਯਮਾਂ ਦੀ ਸਮਝ’, (ਨਾ ਕਿ ਕਿਸੇ ਅਦ੍ਰਿਸ਼ ਸ਼ਕਤੀ ਦੀ ਉਸਤਤ ਕਿਉਂਕਿ) ਆਪਣੀਆਂ ਲੋੜਾਂ ਲਈ 33 ਕਰੋੜ ਦੇਵਤਿਆਂ ਅੱਗੇ ਅਰਦਾਸ ਕਰਨੀ ਜਾਂ ਕਿਸੇ ਇੱਕ ਅਦ੍ਰਿਸ਼ ਸ਼ਕਤੀ ਅੱਗੇ ਅਰਦਾਸ ਕਰਨੀ ਬਰਾਬਰ ਕਰਮ-ਕਾਂਡ ਹੈ। ਅਜਿਹੇ ਰੱਬ ਪੁਜਾਰੀਵਾਦ ਦੀ ਕਾਢ ਹਨ। ਗੁਰਮਤ ਦਾ ਰੱਬ; ਆਪਣਿਆਂ ’ਤੇ ਕਿਰਪਾ ਕਰ ਕੇ ਬੇਗਾਨਿਆਂ ਨੂੰ ਦੰਡ ਨਹੀਂ ਦਿੰਦਾ। ਨਾ ਉਹ ਚਾਪਲੂਸੀਆਂ (ਆਪਣੀ ਉਸਤਤ) ਕਰਵਾਉਂਦਾ ਜਾਂ ਸੁਣਦਾ ਹੈ। ਅਗਰ ਪੁਜਾਰੀਵਾਦ ਵਾਲ਼ਾ ਰੱਬ ਕਿਤੇ ਹੈ ਤਾਂ ਉਹ ਸਮਾਜਕ ਝਗੜੇ ਕਿਉਂ ਪੈਦਾ ਹੋਣ ਦਿੰਦਾ ਹੈ ? ਮੈਨੂੰ ਭਾਵੇਂ ਕੋਈ ਨਾਸਤਿਕ ਕਹੇ ਪਰ ਮੈਂ ਪੁਜਾਰੀ ਦੁਆਰਾ ਕੀਤੀ ਗਈ ਅਜਿਹੇ ਰੱਬ ਦੀ ਕਾਢ ਨੂੰ ਨਹੀਂ ਮੰਨਦਾ। ਰੱਬ ਇੱਕ ਸੀ ਪਰ ਅਸੀਂ ਦੋ ਬਣਾ ਲਏ। ਅਸੀਂ ਗੁਰਮਤ ਦੇ ਰੱਬ ਨੂੰ ਬਾਕੀ ਮਜ਼੍ਹਬਾਂ ਵਾਙ ਹੀ ਲਿਆ ਕੇ ਖੜ੍ਹਾ ਕਰ ਦਿੱਤਾ, ਜਿਸ ਨਾਲ ਸਾਡਾ ਨਿਆਰਾਪਣ ਖ਼ਤਮ ਹੋ ਗਿਆ, ਆਦਿ। (ਭਾਈ ਰਣਜੀਤ ਸਿੰਘ)
ਵੈਸੇ ਕਿਸੇ ਇੱਕ ਵਿਅਕਤੀ-ਵਿਸ਼ੇਸ਼ ਦੀ ਸੋਚ ਨੂੰ ਆਧਾਰ ਬਣਾ ਕੇ ਸੰਪਾਦਕੀ ਲਿਖਣਾ, ਬਹੁਤੀ ਸਿਆਣਪ ਨਹੀਂ, ਪਰ ਭਾਈ ਸਾਹਿਬ ਜੀ ਦੀ ਇਸ ਸੋਚ ਵਾਙ ਅੱਜ ਸਿੱਖੀ ਸਰੂਪ ’ਚ ਕਈ ਹੋਰ ਵੀ ਸਿੱਖ ਪ੍ਰਚਾਰਕ ਵਿਚਰਦੇ ਵੇਖੇ ਗਏ ਹਨ। ਅਜਿਹੀ ਸੋਚ ਉਤਪੰਨ ਹੋਣ ਦਾ ਮੂਲ ਕਾਰਨ ਅਜੋਕੇ ਵਿਗਿਆਨਕ ਯੁੱਗ ਦਾ ਇੱਕ ਤਰਫ਼ਾ ਪ੍ਰਭਾਵ ਹੈ ਕਿਉਂਕਿ ਵਿਗਿਆਨ; ਧਾਰਮਿਕ ਅਸੂਲਾਂ ਨੂੰ ਰੱਦ ਨਹੀਂ ਕਰਦੀ ਬਲਕਿ ਧਰਮ ਦੇ ਨਾਂ ’ਤੇ ਫੈਲਾਏ ਜਾ ਰਹੇ ਅੰਧਵਿਸ਼ਵਾਸ ’ਤੇ ਟਿੱਪਣੀ ਕਰਦੀ ਹੈ। ਗੁਰਬਾਣੀ; ਜਿਸ ਵਿੱਚ ਅੰਧਵਿਸ਼ਵਾਸ ਨੂੰ ਪਹਿਲਾਂ ਹੀ ਕੋਈ ਸਥਾਨ ਨਹੀਂ, ਵਾਲ਼ੀ ਵਿਚਾਰਧਾਰਾ ਲਈ ਵਿਗਿਆਨ ਕਈ ਪੱਖਾਂ ਤੋਂ ਸਹਾਇਕ (ਸਹਿਯੋਗੀ) ਵੀ ਹੈ ਪਰ ਫਿਰ ਵੀ ਵਿਗਿਆਨ ਦੇ ਅਧੀਨ ਗੁਰਮਤ ਨਹੀਂ ਬਲਕਿ ਗੁਰਮਤ ਦੇ ਅਧੀਨ ਵਿਗਿਆਨ ਹੈ ਭਾਵ ਗੁਰਮਤ ਦੁਆਰਾ ਉਲੀਕੀ ਗਈ ਪੂਰਨ ਸਚਾਈ ਦਾ ਬਹੁਤ ਥੋੜ੍ਹਾ ਭਾਗ ਹੀ ਅਜੇ ਵਿਗਿਆਨਕ ਕਾਢ ਦੇ ਹਿੱਸੇ ਆਇਆ ਹੈ, ਪਰ ਕੁਝ ਸਿੱਖ ਪ੍ਰਚਾਰਕ, ਜਿਨ੍ਹਾਂ ਨੇ ਗੁਰਮਤ ਨੂੰ ਬਾਰੀਕੀ ਨਾਲ਼ ਨਹੀਂ ਸਮਝਿਆ ਉਨ੍ਹਾਂ ਨੇ ਗੁਰਮਤ ਅਤੇ ਵਿਗਿਆਨ ਨੂੰ ਬਰਾਬਰ ਦ੍ਰਿਸ਼ਟੀ ਨਾਲ਼ ਵੇਖਣਾ ਸ਼ੁਰੂ ਕਰ ਦਿੱਤਾ ਹੈ ਭਾਵੇਂ ਕਿ ਇਨ੍ਹਾਂ ਨੂੰ ਵੀ ਵਾਹ ! ਵਾਹ ! ਕਰਨ ਵਾਲ਼ੇ ਸਿੱਖੀ ਸਰੂਪ ਬਥੇਰੇ ਮਿਲ ਜਾਂਦੇ ਹਨ।
ਉਕਤ ਵਿਸ਼ੇ ਦਾ ਸਬੰਧ ਜ਼ਿਆਦਾਤਰ ਕੁਦਰਤ (ਆਕਾਰ, ਦ੍ਰਿਸ਼ਟੀਗੋਚਰ ਜਗਤ) ਨਾਲ਼ ਹੈ ਇਸ ਲਈ ਹੁਣ ਤੱਕ ਹੋਈ ਤਾਰਾ ਵਿਗਿਆਨ ਦੀ ਖੋਜ ਨੂੰ ਵਿਚਾਰਨਾ ਹਥਲੇ ਵਿਸ਼ੇ ਨੂੰ ਸਮਝਣ ਲਈ ਮਦਦ ਕਰੇਗਾ। ਸੰਨ 1927 ਈਸਵੀ ’ਚ ਪਹਿਲੀ ਵਾਰ ਇੱਕ ਬੈਲਜੀਅਮ ਤਾਰਾ ਵਿਗਿਆਨੀ ਜੌਰਜ ਹੈਨਰੀ ਜੋਸੇਫ ਈਡੋਵਾਡ ਲੇਮਾਈਤਰੇ
(Georges Lemaitre: 17 ਜੁਲਾਈ 1894 – 20 ਜੂਨ 1966), ਜੋ ਕਿ ਖਗੋਲ (ਤਾਰਾ) ਵਿਗਿਆਨੀ ਤੇ ਭੌਤਿਕ ਵਿਗਿਆਨ ਦੇ ਪ੍ਰੋਫ਼ੈਸਰ ਅਤੇ ਕੈਥੋਲਿਕ ਯੂਨੀਵਰਸਿਟੀ ਵਿੱਚ ਇੱਕ ਪਾਦਰੀ (ਪੁਜਾਰੀ) ਵੀ ਸਨ, ਨੇ ਖੋਜ ਕੀਤੀ ਕਿ ਅੱਜ ਤੋਂ 13.8 ਅਰਬ ਸਾਲ ਪੂਰਵ ਪੁਲਾੜ (ਅੰਤਰਿਕਸ਼) ’ਚ ਬਹੁਤ ਵੱਡਾ ਧਮਾਕਾ ਹੋਇਆ, ਜਿਸ ਨੂੰ ‘ਬਿਗ ਬੈਂਗ’ ਨਾਂ ਦਿੱਤਾ ਗਿਆ। ਧਮਾਕੇ ਦੌਰਾਨ ਤਾਪਮਾਨ 141, 679, 000, 000, 000, 000, 000, 000, 000, 000, 000 ਡਿਗਰੀ ਭਾਵ ਲਗਭਗ 14 ਨਾਲ਼ 31 ਜੀਰੋ ਸੀ, ਜੋ ਕਿ ਇੱਕ ਸੈਕਿੰਡ ਤੋਂ ਵੀ ਬਹੁਤ ਘੱਟ ਸਮੇਂ ’ਚ ਮਾਤਰ 10 ਅਰਬ ਡਿਗਰੀ ਰਹਿ ਗਿਆ। ਭਾਵੇਂ ਕਿ ਇੰਨਾ ਵੱਡਾ ਵਿਸਫੋਟ ਹੋਇਆ ਪਰ ਰੌਸ਼ਨੀ ਨਹੀਂ ਸੀ। ਇਹ ਅੰਧਕਾਰ 3 ਲੱਖ 80 ਹਜ਼ਾਰ ਸਾਲ ਤੱਕ ਰਿਹਾ। ਇਸ ਦੌਰਾਨ ਜਿੱਥੇ ਤਾਪਮਾਨ ਘਟਦਾ ਗਿਆ ਓਥੇ ਨਿਊਟਰੋਨ ਅਤੇ ਪਰੋਟੋਨ ਬਣਨ ਲੱਗੇ, ਜਿਨ੍ਹਾਂ ਦੇ ਸੁਮੇਲ ਨਾਲ਼ ਹਾਈਡਰੋਜਨ ਗੈਸ ਬਣੀ, ਜੋ ਗੁਰੁਤਾਕਰਸ਼ਨ (Gravity attraction) ਨਾਲ਼ ਹੀਲੀਅਸ ’ਚ ਤਬਦੀਲ ਹੁੰਦੀ ਗਈ, ਜਿਸ ਨੇ ਊਰਜਾ ਪੈਦਾ ਕਰ ਬ੍ਰਹਿਮੰਡ ’ਚ ਅਨੇਕਾਂ ਤਾਰਿਆਂ (ਸੂਰਜਾਂ) ਨੂੰ ਜਨਮ ਦਿੱਤਾ ਤੇ ਬ੍ਰਹਿਮੰਡ ਰੌਸ਼ਨ ਹੁੰਦਾ ਗਿਆ।
13.8 ਅਰਬ ਸਾਲ ਪਹਿਲਾਂ ਹੋਏ ਧਮਾਕੇ ਉਪਰੰਤ ਪਦਾਰਥਾਂ ਦੀ ਗਤੀ, ਜੋ ਅੱਜ ਵੀ ਲਗਭਗ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਨਾਲ਼ ਫੈਲ ਰਹੀ ਹੈ, ਦੇ ਪਿੱਛੇ ਕਾਰਜਸ਼ੀਲ ਸ਼ਕਤੀ ਦੀ ਖੋਜ ਵੀ ਸੰਨ 1990 ਤੱਕ ਕਰ ਲਈ ਗਈ, ਜਿਸ ਦਾ ਨਾਂ ‘ਡਾਰਕ ਐਨਰਜੀ’ ਰੱਖਿਆ ਗਿਆ, ਜੋ ਮੌਜੂਦਾ ਬ੍ਰਹਿਮੰਡ ’ਚ 68.3% ਹੈ। ਸ਼ੱਕ ਪੈਦਾ ਹੁੰਦਾ ਹੈ ਕਿ ਅਗਰ ਹੁਣ ਵੀ ਆਕਾਸ਼ ਤੇਜ਼ੀ ਨਾਲ਼ ਫੈਲ ਰਿਹਾ ਹੈ ਤਾਂ ਧਰਤੀ ਨਾਲ਼ੋਂ ਸੂਰਜ ਤੇ ਚੰਦਰਮਾ ਦੂਰ ਕਿਉਂ ਨਹੀਂ ਜਾ ਰਹੇ ? ਇਸ ਦਾ ਕਾਰਨ ਹੈ ਕਿ ਆਕਾਸ ਵਿੱਚ 26.8% ਡਾਰਕ ਮੈਟਰ ਵੀ ਮੌਜੂਦ ਹੈ ਜੋ ਗੁਰੁਤਾਕਰਸ਼ਨ ਨੂੰ ਪੈਦਾ ਕਰ ਇਨ੍ਹਾਂ ਦੀ ਦੂਰੀ ਨੂੰ ਸਥਿਰ ਰੱਖਦਾ ਹੈ। ਡਾਰਕ ਐਨਰਜੀ ਅਤੇ ਡਾਰਕ ਮੈਟਰ (ਦੋਵੇਂ) ਦ੍ਰਿਸ਼ ਬ੍ਰਹਿਮੰਡ ’ਚ 95.1% ਹੋਣ ਦੇ ਬਾਵਜੂਦ ਵੀ ਇਹ ਕਿਸੇ ਵਿਗਿਆਨਕ ਯੰਤਰ ਨਾਲ਼ ਵਿਖਾਈ ਨਹੀਂ ਦਿੰਦੇ, ਪਰ ਹਨ ਜ਼ਰੂਰ। ਅੱਖਾਂ ਅਤੇ ਵਿਗਿਆਨਕ ਯੰਤਰਾਂ ਨਾਲ਼ ਵਿਖਾਈ ਦੇਣ ਵਾਲ਼ਾ ਬਾਕੀ ਦ੍ਰਿਸ਼ ਬ੍ਰਹਿਮੰਡ ਮਾਤਰ 4.9% ਹੀ ਹੈ, ਜਿਸ ਵਿੱਚ 2 ਕਰੋੜ ਤੋਂ ਵੱਧ ਗਲੈਕਸੀਆਂ (ਕਰੋੜਾਂ ਤਾਰਿਆਂ ਦੇ ਝੁੰਡ) ਹਨ। ਸਾਡੀ ਗਲੈਕਸੀ ਦਾ ਨਾਂ ਮਿਲਕੀ ਵੇਅ ਹੈ, ਜਿਸ ਵਿੱਚ ਸਾਡੇ ਸੂਰਜ ਨਾਲੋਂ ਕਰੋੜਾਂ ਗੁਣਾਂ ਵੱਡੇ ਅਤੇ ਕਈ ਗੁਣਾਂ ਵੱਧ ਚਮਕਣ ਵਾਲ਼ੇ ਅਨੇਕਾਂ ਤਾਰੇ (ਸੂਰਜ) ਮੌਜੂਦ ਹਨ, ਜਿਨ੍ਹਾਂ ਦੇ ਵਿਚਕਾਰ ਇੱਕ ਬਲੈਕ ਹੋਲ ਹੈ, ਜਿਸ ਦੇ ਇਰਦ-ਗਿਰਦ ਗਲੈਕਸੀ ਘੁੰਮਦੀ ਹੈ। ਬਲੈਕ ਹੋਲ; ਇੱਕ ਕਾਲ ਗਹਿਰਾ ਖੱਡਾ ਹੈ, ਜਿਸ ਦਾ ਗੁਰੁਤਾਕਰਸ਼ਨ ਬਹੁਤ ਜ਼ਿਆਦਾ ਹੋਣ ਕਾਰਨ ਰੌਸ਼ਨ ਵੀ ਅਲੋਪ ਹੋ ਜਾਂਦੀ ਹੈ। ਉਸ ਨੂੰ ਵੇਖਣਾ ਅਸੰਭਵ ਹੋਣ ਕਾਰਨ ‘ਬਲੈਕ ਹੋਲ’ ਨਾਂ ਦਿੱਤਾ ਗਿਆ।
ਤਾਰਾ ਵਿਗਿਆਨੀਆਂ ਮੁਤਾਬਕ ਬ੍ਰਹਿਮੰਡ ਦੋ ਪ੍ਰਕਾਰ ਦੇ ਹਨ : (1) ਅਦ੍ਰਿਸ਼ ਬ੍ਰਹਿਮੰਡ (2) ਦ੍ਰਿਸ਼ ਬ੍ਰਹਿਮੰਡ। ਉਲਕਾ-ਪਿੰਡ, ਗਲੈਕਸੀਆਂ, ਬਲੈਕ ਹੋਲ, ਡਾਰਕ ਮੈਟਰ, ਡਾਰਕ ਐਨਰਜੀ, ਗਤੀ, ਰੌਸ਼ਨੀ, ਗੁਰੁਤਾਕਰਸ਼ਨ ਆਦਿ ‘ਦ੍ਰਿਸ਼ ਬ੍ਰਹਿਮੰਡ’ ਹੈ ਅਤੇ ਇਸ ਦੀਆਂ ਹੱਦਾਂ ਤੋਂ ਬਾਹਰ ‘ਅਦ੍ਰਿਸ਼ ਬ੍ਰਹਿਮੰਡ’ ਹੈ, ਜਿਸ ਬਾਰੇ ਅਜੋਕੀ ਸਾਇੰਸ 0.0001% ਵੀ ਨਹੀਂ ਜਾਣਦੀ, ਪਰ ਹੈ ਜ਼ਰੂਰ। ਇਸ ‘ਦ੍ਰਿਸ਼ ਬ੍ਰਹਿਮੰਡ’ ਨੂੰ ਮਾਪਣ ਲਈ ਰੌਸ਼ਨੀ ਦੀ ਰਫ਼ਤਾਰ ਨੂੰ ਪੈਮਾਨਾ ਮੰਨਿਆ ਗਿਆ, ਜਿਸ ਦੀ ਸਪੀਡ 299. 792 ਕਿਲੋਮੀਟਰ ਪ੍ਰਤੀ ਸੈਕਿੰਡ ਹੈ ਭਾਵ 9500 ਅਰਬ (9,500,000,000,000) ਕਿਲੋਮੀਟਰ ਪ੍ਰਤੀ ਸਾਲ (365 ਦਿਨ), ਜਿਸ ਨੂੰ ਰੌਸ਼ਨੀ (ਪ੍ਰਕਾਸ਼) ਵਰ੍ਹਾ ਆਖਦੇ ਹਨ। ਪੂਰਾ ਦ੍ਰਿਸ਼ ਬ੍ਰਹਿਮੰਡ ਕੇਵਲ 93 ਅਰਬ ਪ੍ਰਕਾਸ਼ ਬਰਸ ’ਚ ਫੈਲਿਆ ਹੋਇਆ ਹੈ, ਇਸ ਤੋਂ ਬਾਹਰ ਵਾਲ਼ੀ ਕੁਦਰਤ (ਵਿਸਥਾਰ) ਨੂੰ ਅਜੋਕੇ ਵਿਗਿਆਨੀ ਕੇਵਲ ‘ਅਦ੍ਰਿਸ਼ ਬ੍ਰਹਿਮੰਡ’ ਕਹਿ ਕੇ ਖ਼ਾਮੋਸ਼ ਹੋ ਜਾਂਦੇ ਹਨ।
ਭਾਵੇਂ ਕਿ ਸਾਡੀ ਛੋਟੀ ਉਮਰ ਹੋਣ ਕਾਰਨ ਚਿੰਤਾਵਾਂ ਵੱਧ ਪ੍ਰਭਾਵ ਪਾਉਂਦੀਆਂ ਹਨ ਪਰ ਕੁਦਰਤ, ਆਪਣੀ ਗਤੀ ’ਚ ਮਸਤ ਹੈ ਭਾਵ ਉਸ ਲਈ ਕੋਈ ਜਲਦੀ ਨਹੀਂ। ਬਿਗ ਬੈਂਗ ਦੇ ਧਮਾਕੇ ਉਪਰੰਤ 9 ਅਰਬ ਸਾਲ ਤੱਕ ਵਿਨਾਸ਼ ਤੇ ਨਿਰਮਾਣ ਦਾ ਸਿਲਸਿਲਾ ਜਾਰੀ ਰਿਹਾ। 4.5 ਅਰਬ ਸਾਲ ਪਹਿਲਾਂ ਸਾਡਾ ਸੂਰਜ ਪਰਿਵਾਰ ਵਜੂਦ ’ਚ ਆਇਆ, ਜਿਸ ਦੇ ਘੁੰਮਣ ਦੀ ਰਫ਼ਤਾਰ ਹੁਣ ਨਾਲ਼ੋਂ ਕਾਫ਼ੀ ਤੇਜ਼ ਸੀ; ਜਿਵੇਂ ਕਿ ਧਰਤੀ ਦਾ ਇੱਕ ਦਿਨ 9 ਘੰਟੇ ਦਾ ਸੀ ਤੇ ਪ੍ਰਿਥਵੀ ਦਾ ਤਾਪਮਾਨ 1200% ਡਿਗਰੀ। ਧਰਤੀ ’ਚੋਂ ਜੁਆਲਾਮੁਖੀ ਰਾਹੀਂ ਨਿਕਲਣ ਵਾਲ਼ਾ ਲਾਵਾ ਤੇ ਗੈਸ ਨੇ ਬੱਦਲਾਂ ਦਾ ਰੂਪ ਧਾਰਨ ਕਰ ਲਿਆ ਜੋ ਠੰਡਾ ਹੋ ਕੇ ਹਜ਼ਾਰਾਂ ਸਾਲ ਵਰਖਾ ਕਰਦਾ ਰਿਹਾ, ਜਿਸ ਨਾਲ਼ ਠੰਢੀ ਹੋਈ ਧਰਤੀ ਨੂੰ ਕੁਝ ਪਾਣੀ ਮਿਲ ਗਿਆ। 3.5 ਅਰਬ ਸਾਲ ਪਹਿਲਾਂ ਪਾਣੀ ’ਚ ਹਾਈਡਰੋਜਨ, ਆਕਸੀਜਨ ਤੇ ਕਾਰਬਨ ਗੈਸਾਂ ਦੇ ਸੁਮੇਲ ਨਾਲ਼ ਜੀਵ ਰਚਨਾ ਆਰੰਭ ਹੋਈ, ਜਿਨ੍ਹਾਂ ’ਚੋਂ ਪਹਿਲਾਂ ਪਾਣੀ ਵਾਲ਼ੇ, ਫਿਰ ਧਰਤੀ ’ਤੇ ਚੱਲਣ ਵਾਲ਼ੇ ਤੇ ਅੰਤ ਨੂੰ ਆਕਾਸ਼ ’ਚ ਉੱਡਣ ਵਾਲ਼ੇ ਜੀਵ ਪੈਦਾ ਹੋਏ, ਜਿਨ੍ਹਾਂ ਦਾ ਸੁਧਰਿਆ ਹੋਇਆ ਰੂਪ ‘ਮਨੁੱਖ’ ਹੈ, ਜੋ ਹੁਣ ਵੀ ਆਕਾਸ਼ ਵੱਲ ਹੋਰ ਉੱਡਣ ਦੀ ਸਦਾ ਤਾਕ ’ਚ ਰਹਿੰਦਾ ਹੈ।
ਕੁਦਰਤ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਸ੍ਪੇਸ) ਤੋਂ ਬਣੀ ਹੈ, ਛੇਵਾਂ ਤੱਤ ਨਹੀਂ ਮੰਨਿਆ ਗਿਆ; ਜਿਵੇਂ ਕਿ ‘‘ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ, ਜੇ ਕਿਛੁ ਕੀਤਾ ਹੋਵੈ ॥’’ (ਮ: ੪/੭੩੬) ਪਰ ਕੁਦਰਤ ਨੂੰ ਬਣਾਉਣ ਵਾਲ਼ਾ ਰੱਬ, ਨਾ ਤਾਂ ਇਨ੍ਹਾਂ ਪੰਜ ਤੱਤਾਂ ’ਚ ਆਉਂਦਾ ਹੈ ਅਤੇ ਨਾ ਹੀ ਇਨ੍ਹਾਂ ਤੱਤਾਂ ਵਾਙ ਖ਼ਤਮ ਹੁੰਦਾ ਹੈ, ‘‘ਰੂਪੁ ਨ ਰੇਖ, ਨ ਪੰਚ ਤਤ; ਠਾਕੁਰ ਅਬਿਨਾਸ ॥’’ (ਮ: ੫/੮੧੬) ਗੁਰਮਤ ਨੇ ਵਿਸ਼ਾਲ ਕੁਦਰਤ ਨੂੰ ਇੱਕ ਦਰਖ਼ਤ (ਬ੍ਰਿਛ) ਮੰਨਿਆ ਹੈ। ਦਰਖ਼ਤ ਦੇ ਉੱਪਰ ਕਈ ਟਹਿਣੀਆਂ ਹੁੰਦੀਆਂ ਹਨ ਪਰ ਹੇਠਾਂ ਬੁਨਿਆਦ (ਜੜ੍ਹ) ਇੱਕ ਹੁੰਦੀ ਹੈ। ਇਸੇ ਤਰ੍ਹਾਂ ਗੁਰਮਤ ਅਨੁਸਾਰ ਕੁਦਰਤ (ਭਾਵ ਦਰਖ਼ਤ) ਦੀ ਜੜ੍ਹ ਅਕਾਲ ਪੁਰਖ (ਅਦ੍ਰਿਸ਼ ਗ਼ੈਬੀ ਸ਼ਕਤੀ) ਇੱਕ ਹੈ ਪਰ ਟਹਿਣੀਆਂ (ਭਾਵ ਕੁਦਰਤ) ਬਹੁ ਭਾਂਤੀ। ਪਾਵਨ ਵਚਨ ਹਨ, ‘‘ਤੂੰ ਪੇਡੁ; ਸਾਖ ਤੇਰੀ ਫੂਲੀ ॥’’ (ਮ: ੫/੧੦੨)
ਜਿਵੇਂ ਮਨੁੱਖ ਦੇ ਕੱਪੜੇ ਸਰੀਰ ਦਾ ਭਾਗ ਹਨ, ਪਰ ਕੱਪੜੇ ਸਰੀਰ ਨਹੀਂ ਬਣ ਸਕਦੇ; ਇਸੇ ਤਰ੍ਹਾਂ ਕੱਪੜੇ ਕੁਦਰਤ ਹਨ ਤੇ ਸਰੀਰ ਰੱਬ ਭਾਵ ਰੱਬ ਦਾ ਹਿੱਸਾ ਕੁਦਰਤ ਹੈ ਪਰ ਕੁਦਰਤ, ਰੱਬ ਨਹੀਂ। ਗੁਰਬਾਣੀ; ਕੁਦਰਤ ਨੂੰ ਰੱਬ ਦਾ ਸਰਗੁਣ ਹਿੱਸਾ ਮੰਨਦੀ ਹੈ ਤੇ ਰੱਬ ਨੂੰ ਨਿਰਗੁਣ ਹਿੱਸਾ, ਜਿੱਥੇ ਸਰਗੁਣ ਸਦੀਵੀ ਸਥਿਰ ਨਹੀਂ ਰਹਿੰਦਾ ਓਥੇ ਨਿਰਗੁਣ ਸਦਾ ਸਥਿਰ ਹੈ, ‘‘ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ..॥’’ (ਮ: ੫/੯੮) ਸਰਗੁਣ ਦਾ ਮਤਲਬ ਹੈ ਮਾਇਆ ਦੇ ਤਿੰਨ ਗੁਣ ‘ਰਜੋ, ਤਮੋ, ਸਤੋ’ ਅਤੇ ਨਿਰਗੁਣ ਦਾ ਮਤਲਬ ਹੈ, ਜਿਸ ਵਿੱਚ ਇਹ ਤਿੰਨੇ ਗੁਣ ਨਾ ਹੋਣ। ਅਗਰ ਕੁਦਰਤ ਜਾਂ ਕੁਦਰਤ ਦਾ ਨਿਯਮ ਹੀ ਰੱਬ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਜੀ ਕੁਦਰਤ ਨੂੰ ‘ਦੁਯੀ ਕੁਦਰਤਿ’ ਨਾ ਆਖਦੇ ਭਾਵ ਕੋਈ ਇੱਕ ਹੋਏਗਾ ਤਾਂ ਹੀ ਕੁਦਰਤ ਨੂੰ ‘ਦੁਯੀ’ ਕਿਹਾ ਗਿਆ, ‘‘ਦੁਯੀ ਕੁਦਰਤਿ ਸਾਜੀਐ… ॥’’ (ਆਸਾ ਕੀ ਵਾਰ /ਮ: ੧/੪੬੩) ਕੀ ਹੇਠਲੇ ਪਾਵਨ ਵਚਨਾਂ ’ਚ ਕੁਦਰਤ ਅਤੇ ਸਚੇ ਪਾਤਿਸ਼ਾਹ ਨੂੰ ਇੱਕ ਮੰਨਿਆ ਜਾ ਸਕਦਾ ਹੈ, ‘‘ਸਚੀ ਤੇਰੀ ਕੁਦਰਤਿ; ਸਚੇ ਪਾਤਿਸਾਹ ! ॥ (ਆਸਾ ਕੀ ਵਾਰ /ਮ: ੧/੪੬੩), ਤੂ ਅਚਰਜੁ; ਕੁਦਰਤਿ ਤੇਰੀ ਬਿਸਮਾ ॥ (ਮ: ੫/੫੬੩), ਕੁਦਰਤਿ ਕਰਿ ਕੈ, ਵਸਿਆ ਸੋਇ ॥ (ਮ: ੧/੮੩), ਸਭ ਕਿਛੁ ਤੂੰ ਹੈ, ਤੂੰ ਹੈ ਮੇਰੇ ਪਿਆਰੇ ! ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥’’ (ਮ: ੫/੯੮), ਆਦਿ ਤੋਂ ਸਪਸ਼ਟ ਹੈ ਕਿ ਕਰਤਾਰ ਅਤੇ ਕੁਦਰਤਿ ਦੋ ਵੱਖ-ਵੱਖ ਸ਼ਕਤੀਆਂ ਹਨ, ਜਿਨ੍ਹਾਂ ’ਚੋਂ ਕਰਤਾਰ ਨੇ ਕੁਦਰਤਿ ਰਚੀ ਹੈ, ਨਾ ਕਿ ਕੁਦਰਤ ਨੇ ਕਰਤਾਰ।
ਵਿਗਿਆਨ ਨੇ ਕੁਦਰਤ ਨੂੰ ਦ੍ਰਿਸ਼ ਬ੍ਰਹਿਮੰਡ ਇਸ ਲਈ ਨਾਂ ਦਿੱਤਾ ਕਿਉਂਕਿ ਇਹ ਵਿਗਿਆਨਕ ਯੰਤਰਾਂ ਨਾਲ਼ ਵਿਖਾਈ ਦਿੰਦਾ ਹੈ ਜਦਕਿ ਗੁਰਬਾਣੀ ਕਰਤਾਰ ਦੇ ਰੂਪ-ਰੰਗ ਨੂੰ ਵੇਖਣ ਅਤੇ ਲਿਖਣ ਤੋਂ ਰਹਿਤ ਮੰਨਦੀ ਹੈ, ‘‘ਤੇਰਾ ਵਰਨੁ ਨ ਜਾਪੈ; ਰੂਪੁ ਨ ਲਖੀਐ; ਤੇਰੀ ਕੁਦਰਤਿ (ਭਾਵ ਤਾਕਤ) ਕਉਨੁ ਬੀਚਾਰੇ ?॥’’ (ਮ: ੫/੬੭੦) ਗੁਰਮਤ ਅਨੁਸਾਰ ਕੁਦਰਤ ਕਈ ਵਾਰ ਬਣੀ ਤੇ ਨਾਸ ਹੋਈ ਪਰ ਇਸ ਨੂੰ ਬਣਾਉਣ ਵਾਲ਼ਾ (ਕਰਤਾਰ) ਸਦਾ ਅਬਿਨਾਸੀ ਹੈ, ‘‘ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥’’ (ਸੁਖਮਨੀ/ਮ: ੫/੨੭੬) ਹੁਣ ਕੁਦਰਤੀ ਨਿਯਮਾਂ ਨੂੰ ਰੱਬ ਮੰਨਣ ਵਾਲ਼ਿਆਂ ਲਈ ਇਹ ਵੀ ਮੰਨਣਾ ਪਏਗਾ ਕਿ ਕੁਦਰਤ ਦੇ ਨਾਸ ਹੋਣ ਨਾਲ਼ ਕੁਦਰਤੀ ਨਿਯਮ ਭਾਵ ਉਨ੍ਹਾਂ ਦੁਆਰਾ ਨਿਰਧਾਰਿਤ ਕੀਤਾ ਗਿਆ ਰੱਬ ਵੀ ਨਾਸ ਹੋ ਜਾਏਗਾ, ਜੋ ਕਿ ਗੁਰਮਤ ਅਨੁਕੂਲ ਨਹੀਂ।
ਗਿਆਨ ਇੰਦ੍ਰਿਆਂ (ਅੱਖ, ਕੰਨ, ਜੀਭ, ਨੱਕ ਤੇ ਤ੍ਵਚਾ) ਨੂੰ ਕੈਮਰਾ ਬਣਾ ਕੇ ਮਨੁੱਖ ਸੰਸਾਰਕ ਜ਼ਿੰਦਗੀ ’ਚ ਫੋਟੋਆਂ ਖਿੱਚ-ਖਿੱਚ ਕੇ ਆਪਣੇ ਦਿਮਾਗ਼ ਦਾ ਸਟੋਰ ਫੁਲ ਕਰੀ ਰੱਖਦਾ ਹੈ, ਪਰ ਜਿਸ ਨੇ ਇਹ ਸੰਸਾਰ ਰੂਪ ਫੋਟੋ (ਚਿਤਰਕਾਰੀ) ਕੀਤੀ ਉਸ ਕਲਾਕਾਰ (ਰੱਬ) ਨੂੰ ਯਾਦ ਨਹੀਂ ਕਰਦਾ, ‘‘ਚਚਾ; ਰਚਿਤ ਚਿਤ੍ਰ ਹੈ ਭਾਰੀ ॥ ਤਜਿ ਚਿਤ੍ਰੈ; ਚੇਤਹੁ ਚਿਤਕਾਰੀ ॥ ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥ ਤਜਿ ਚਿਤ੍ਰੈ; ਚਿਤੁ ਰਾਖਿ ਚਿਤੇਰਾ (ਚਿਤਰਕਾਰ ਰੱਬ ਵੱਲ)॥ (ਗਉੜੀ ਬਾਵਨ ਅਖਰੀ/ਭਗਤ ਕਬੀਰ/੩੪੦)
ਗੁਰੂ ਨਾਨਕ ਸਾਹਿਬ ਜੀ ਸੋਹਿਲਾ ਸਾਹਿਬ (ਬਾਣੀ) ਰਾਹੀਂ ਸਮਝਾਉਂਦੇ ਹਨ ਕਿ ਰੱਬ ਦੀਆਂ ਸਰਗੁਣ ਰੂਪ ’ਚ ਹਜ਼ਾਰਾਂ ਅੱਖਾਂ, ਹਜ਼ਾਰਾਂ ਹੱਥ, ਹਜ਼ਾਰਾਂ ਨੱਕ, ਹਜ਼ਾਰਾਂ ਪੈਰ, ਆਦਿਕ ਹਨ ਪਰ ਨਿਰਗੁਣ ਰੂਪ ’ਚ ਇਨ੍ਹਾਂ ’ਚੋਂ ਕੋਈ ਵੀ ਅੰਗ ਨਹੀਂ, ‘‘ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ; ਸਹਸ ਮੂਰਤਿ, ਨਨਾ ਏਕ ਤੁੋਹੀ ॥ ਸਹਸ ਪਦ ਬਿਮਲ, ਨਨ ਏਕ ਪਦ; ਗੰਧ ਬਿਨੁ, ਸਹਸ ਤਵ ਗੰਧ; ਇਵ ਚਲਤ ਮੋਹੀ ॥’’ (ਮ: ੧/੧੩) ਇਨ੍ਹਾਂ ਵਿਸਮਾਦਿਕ ਕੌਤਕਾਂ ਨੂੰ ਅਨੁਭਵ ਕਰ ਕੇ ਅਨੰਦਿਤ ਹੋਣ ਦੀ ਬਜਾਇ ਖ਼ੁਸ਼ਕ ਦਿਮਾਗ਼ ਨਾਲ਼ ਸਮਾਜ ਸੁਧਾਰਕ ਬਣਨਾ ਨਾਸਤਿਕ ਬੰਦੇ ਦਾ ਕੰਮ ਹੈ, ਜੋ ਦਾਹਵੇ ਨਾਲ਼ ਆਖਦਾ ਹੈ ਕਿ ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ ਭਾਵੇਂ ਉਹ ਦੈਵੀ ਸ਼ਕਤੀ ਹੋਵੇ ਜਾਂ ਕੁਦਰਤ ਦੇ ਨਿਯਮ, ਪਰ ਸਿੱਖੀ ਸਰੂਪ ’ਚ ਵਿਚਰਨ ਵਾਲ਼ੇ ਕੁਝ ਸਿੱਖ ਪ੍ਰਚਾਰਕ ਆਪਣੇ ਆਪ ਨੂੰ ਦਾਹਵੇ ਨਾਲ਼ ਨਾਸਤਿਕ ਵੀ ਨਹੀਂ ਅਖਵਾ ਸਕਦੇ ਕਿਉਂਕਿ ਇਨ੍ਹਾਂ ਦੀਆਂ ਸਮਾਜਕ ਲੋੜਾਂ ਧਾਰਮਿਕ ਆਦਾਰਿਆਂ (ਸੰਗਤਾਂ) ਰਾਹੀਂ ਪੂਰੀਆਂ ਹੁੰਦੀਆਂ ਹਨ।
ਕੁਝ ਸਮੇਂ ਲਈ ਕੁਦਰਤ ਦੇ ਨਿਯਮਾਂ ਨੂੰ ਹੀ ਰੱਬ ਮੰਨ ਲੈਂਦੇ ਹਾਂ। ਕੁਦਰਤ ਦਾ ਨਿਯਮ ਹੈ ‘ਵਿਨਾਸ਼ ਤੇ ਨਿਰਮਾਣ’ ਜਦਕਿ ਕਰਤਾਰ ਦਾ ਨਿਯਮ ਹੈ ‘ਨਿਰਮਾਣ ਤੇ ਵਿਨਾਸ਼’ ਭਾਵ ਕੁਦਰਤ ਦੇ ਨਿਯਮ ਦੇ ਵਿਪਰੀਤ, ਕਿਉਂਕਿ ਕੁਦਰਤ ਪਾਸ ਹਰ ਵਸਤੂ ਨਿਰਮਾਣ ਹੋ ਕੇ ਆਉਂਦੀ ਹੈ, ਜਿਸ ਦਾ ਵਿਨਾਸ਼ ਕਰਨਾ ਹੀ ਬਾਕੀ ਹੁੰਦਾ ਹੈ ਜਦਕਿ ਕਰਤਾਰ ਨੇ ਤਾਂ ‘‘ਸਦਾ ਸਦਾ ਇਕੁ ਏਕੰਕਾਰ ॥’’ ਭਾਵ ਆਪਣੇ ਆਪ ’ਚੋਂ ਕੁਦਰਤ ਦਾ ਨਿਰਮਾਣ ਕਰਨਾ ਹੁੰਦਾ ਹੈ, ਇਸ ਲਈ ਕਰਤਾਰ ਦੇ ਨਿਯਮ ’ਚ ‘ਨਿਰਮਾਣ’ ਅਤੇ ਕੁਦਰਤ ਦੇ ਨਿਯਮ ’ਚ ‘ਵਿਨਾਸ਼’ ਪਹਿਲਾਂ ਹੈ। ਅਕਾਸ਼ ਗੰਗਾ ’ਚ ਇੱਕ ਗ੍ਰਹਿ ਦੂਸਰੇ ਗ੍ਰਹਿ ਨਾਲ਼ ਟਕਰਾਅ ਕੇ, ਜਿੱਥੇ ਇੱਕ ਮਿੰਟ ਬਾਅਦ ਅਜਿਹੀ ਘਟਨਾ ਵਾਪਰਦੀ ਹੈ, ਨਾਸ ਹੋ ਜਾਂਦਾ ਹੈ, ਜਿਸ ਉੱਤੇ ਪਲ਼ਦੇ ਸਭ ਜੀਵ ਵੀ ਖ਼ਤਮ ਹੋ ਜਾਂਦੇ ਹਨ। 6.5 ਕਰੋੜ ਸਾਲ ਪਹਿਲਾਂ ਜਦ ਧਰਤੀ ਨਾਲ਼ 10 ਕਿਲੋਮੀਟਰ ਲੰਬਾ ਪੱਥਰ ਟਕਰਾਇਆ ਤਾਂ 20 ਕਰੋੜ ਸਾਲਾਂ ਤੋਂ ਧਰਤੀ ’ਤੇ ਰਾਜ ਕਰ ਰਹੇ ਡਾਇਨਾਸੌਰਾਂ ਦਾ ਅੰਤ ਹੋ ਗਿਆ। ਤਦ ਧਰਤੀ ’ਤੇ ਰਹਿਣ ਵਾਲ਼ੇ 25 ਕਿਲੋਗ੍ਰਾਮ ਤੋਂ ਭਾਰੇ ਸਾਰੇ ਜੀਵ ਮਾਰੇ ਗਏ ਕਿਉਂਕਿ ਧਰਤੀ ’ਤੇ ਕਈ ਮਹੀਨੇ ਸੂਰਜ ਦੀਆਂ ਕਿਰਨਾਂ ਨਾ ਆਉਣ ਕਾਰਨ ਉਨ੍ਹਾਂ ਨੂੰ ਪ੍ਰਾਪਤ ਆਕਸੀਜਨ ਨਾ ਮਿਲੀ। ਮੀਂਹ, ਹਨ੍ਹੇਰੀ-ਤੁਫ਼ਾਨ, ਹੜ੍ਹ (ਸੈਲਾਬ), ਔੜ (ਸੋਕਾ) ਆਦਿ ਕੁਦਰਤੀ ਆਫ਼ਤਾਂ ਨੇ ਜੀਵ-ਜੰਤਾਂ ਦੇ ਪੂਰੇ ਦੇ ਪੂਰੇ ਪਰਿਵਾਰ ਨਸ਼ਟ ਕੀਤੇ ਹਨ। ਚੋਗਾ ਲੈਣ ਗਏ ਪੰਛੀ ਵਾਪਸ ਨਾ ਮੁੜੇ ਤੇ ਪਿੱਛੇ ਰਹੇ ਬੱਚੇ ਦੁਬਾਰਾ ਮਾਤਾ-ਪਿਤਾ ਦਾ ਪਿਆਰ ਨਾ ਮਾਣ ਸਕੇ। ਸ਼ੇਰ ਨਵੇਂ ਝੁੰਡ ’ਚ ਜਾਂਦਿਆਂ ਹੀ ਉਸ ਦੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਮਾਰਦਾ ਹੈ ਤਾਂ ਜੋ ਆਪਣੇ ਬੱਚੇ ਪੈਦਾ ਕਰ ਸਕੇ। ਹਰ ਜੀਵ-ਜੰਤ ਕੁਦਰਤ ਹੈ, ਜੋ ਇੱਕ ਨੂੰ ਖ਼ਤਮ ਕਰਦੀ ਹੈ ਤਾਂ ਜੋ ਦੂਸਰੇ ਦਾ ਨਿਰਮਾਣ ਹੋ ਸਕੇ ਭਾਵ ਕੁਦਰਤ ’ਚ ਰਹਿਮਦਿਲੀ ਦਾ ਅੰਸ਼ ਮੌਜੂਦ ਨਹੀਂ। ਹੁਣ ਸਵਾਲ ਹੈ ਕਿ ਜਦ ਮਨੁੱਖਾ ਜੂਨੀ ’ਚ ਕੁਦਰਤ ਦਾ ਨਿਯਮ (ਸੁਭਾਅ) ਇੱਕ ਨੂੰ ਮਾਰ ਕੇ ਦੂਸਰੇ ਨੂੰ ਲਾਭ ਪਹੁੰਚਾਦਾ ਹੈ ਤਾਂ ਅਸੀਂ ਬਿਲਕਦੇ ਕਿਉਂ ਹਾਂ ਕਿ ਰੱਬ ਅਜਿਹਾ ਕਿਉਂ ਹੋਣ ਦਿੰਦਾ ਹੈ ? ਚਾਹੀਦਾ ਤਾਂ ਇਹ ਸੀ ਕਿ ਕੁਦਰਤ ਦੇ ਨਿਯਮਾਂ ਨੂੰ ਰੱਬ ਮੰਨਣ ਵਾਲ਼ੇ ਬੁਰਾ ਨਾ ਮਨਾਉਂਦੇ। ‘ਧਰਮ’ ਹੀ ਸਾਨੂੰ ਇਸ ਕੁਦਰਤੀ ਸੁਭਾਅ ਦਾ ਮੁਕਾਬਲਾ ਕਰਨ ਲਈ ਹਥਿਆਰ ਪਕੜਾਉਂਦਾ ਹੈ ਤਾਂ ਜੋ ਸਾਡਾ ਸੁਭਾਅ ਕੁਦਰਤੀ ਸੁਭਾਅ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਦੀ ਬਜਾਇ ਰੱਬੀ ਸੁਭਾਅ (ਸਤ, ਸੰਤੋਖ, ਦਇਆ, ਧਰਮ, ਧੀਰਜ) ’ਚ ਤਬਦੀਲ ਹੋ ਸਕੇ ।
ਧਰਮ ਕੀ ਹੈ ?-ਮਨੁੱਖੀ ਹਿਰਦੇ ’ਚ ਕੁਦਰਤ ਦੇ ਰਚੇਤਾ ਦੀ ਮੌਜੂਦਗੀ ਨੂੰ ਦ੍ਰਿੜ੍ਹ ਕਰਨਾ ਹੀ ਧਰਮ ਹੈ ਭਾਵ ਰੱਬ ’ਤੇ ਯਕੀਨ ਬਣਾਉਣਾ ਹੀ ਧਰਮ ਹੈ। ਜਦ ਮਨੁੱਖ ਹਰ ਕੰਮ ਦਾ ਮਹੱਤਵ ਕੁਦਰਤ ਦੇ ਕਰਤਾ-ਕਾਦਰ ਨੂੰ ਦੇਵੇਗਾ ਤਾਂ ਸੁੰਦਰਤਾ, ਸਮਰੱਥਾ, ਪਦਾਰਥਾਂ ਆਦਿ ਰਾਹੀਂ ਅਹੰਕਾਰ ਪੈਦਾ ਨਹੀਂ ਹੋਏਗਾ ਕਿਉਂਕਿ ਸਮਝ ਆਏਗੀ ਕਿ ‘‘ਦਦਾ; ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥’’ (ਮ: ੫/੨੫੭) ਅਤੇ ਗੁਰੂ ਅੱਗੇ ਫ਼ਰਿਆਦੀ ਬਣ ‘‘ਗੁਰਾ ! ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ ॥੫॥’’ ਬੋਲਣ ਨਾਲ਼ ਆਪਣੀ ਨਿਰਬਲਤਾ ਵੇਖ ਕੇ ਨਿਮਰਤਾ ਆਏਗੀ ਪਰ ਅਗਰ ਕੁਦਰਤ ਦੇ ਨਿਯਮ ਨੂੰ ਰੱਬ ਮੰਨੀਏ ਤਾਂ ਤਾਕਤ, ਪਦਾਰਥਾਂ ਆਦਿ ਦੀ ਪ੍ਰਾਪਤੀ ਦਾ ਮਹੱਤਵ ਆਪਣੇ ਉੱਪਰ ਲੈ ਕੇ ਅਹੰਕਾਰ ਵਧੇਗਾ। ਇਹੀ ਕਾਰਨ ਹੈ ਕਿ ਅਜਿਹੇ ਪ੍ਰਚਾਰਕਾਂ ’ਚ ਕਠੋਰਤਾ ਵੇਖਣ ਨੂੰ ਮਿਲਦੀ ਹੈ, ਜੋ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ’ਚ ਵਿਘਨ ਪਾਉਂਦੀ ਹੈ। ਗੁਰਬਾਣੀ ਦਾ ਫ਼ੁਰਮਾਨ ਵੀ ਹੈ, ‘‘ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥ ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥’’ (ਮ: ੪/੧੦੭੧)
ਸਿੱਖ, ਸਾਰੀ ਉਮਰ ਇੱਕ ਵਿਦਿਆਰਥੀ ਰਹਿੰਦਾ ਹੈ, ਜੋ ਆਪਣੇ ਅਨੁਭਵ ਦੀ ਮਿਸਾਲ ਨਾਲ਼ ਸੰਗਤਾਂ ’ਚ ਕੋਈ ਵਿਚਾਰ ਸਾਂਝਾ ਨਹੀਂ ਕਰ ਸਕਦਾ ਕਿਉਂਕਿ ਸਿੱਖ ਦਾ ਅਨੁਭਵ ਵਿਕਾਸ ਸ਼ੀਲ ਹੈ ਅਤੇ ਗੁਰੂ ਪਾਸ ਵਿਕਸਿਤ ਅਨੁਭਵ, ਇਸ ਲਈ ਗੁਰੂ, ਆਪਣੇ ਵਿਕਸਿਤ ਅਨੁਭਵ ’ਚੋਂ ਜੋ ਵਚਨ ਕਰਦਾ ਹੈ ਉਹ ਅਟੁੱਟ (ਅਭੁੱਲ) ਹੁੰਦੇ ਹਨ, ਪਰ ਸਾਡੇ ਨਾਸਮਝ ਪ੍ਰਚਾਰਕ ਵੀ ਇਹ ਕਹਿੰਦੇ ਸੁਣੇ ਗਏ ਕਿ ਮੈਂ ਇਹ ਗੱਲ ਆਪਣੇ ਅਨੁਭਵ ’ਚੋਂ ਦਾਹਵੇ ਨਾਲ਼ ਆਖਦਾ ਹਾਂ ਜਦਕਿ ਇਹ ਦਾਹਵਾ ਇੱਕ ਸੰਸਥਾ ਤੋਂ ਦੂਜੀ ’ਚ ਜਾਂਦਿਆਂ ਟੁੱਟਦਾ ਵੀ ਵੇਖਿਆ ਹੈ।
ਗੁਰਬਾਣੀ; ਅਨੁਭਵੀ ਅੱਖਾਂ ਨਾਲ਼ ਕਰਤਾਰ ਦਾ ਦਰਸ਼ਨ ਕਰਵਾਉਂਦੀ ਹੈ, ਨਾ ਕਿ ਦੁਨਿਆਵੀ ਅੱਖਾਂ ਨਾਲ਼, ‘‘ਸੇ ਅਖੜੀਆਂ ਬਿਅੰਨਿ (ਹੋਰ); ਜਿਨੀ ਡਿਸੰਦੋ ਮਾ ਪਿਰੀ ॥’’ (ਮ: ੫/੫੭੭) ਫਿਰ ਉਸ ਨੂੰ ਦੁਨਿਆਵੀ ਅੱਖਾਂ ਜਾਂ ਵਿਗਿਆਨਕ ਯੰਤਰ ਨਾਲ਼ ਕਿਵੇਂ ਵੇਖੀਏ ? ਬਾਬਾ ਸੱਤਾ ਬਲਵੰਡ ਜੀ ਅਨੁਸਾਰ ਬੰਦੇ ਨੂੰ ਪ੍ਰਸਿੱਧ (ਉੱਚਾ) ਕੁਦਰਤ ਜਾਂ ਕੁਦਰਤ ਦੇ ਨਿਯਮ ਨਹੀਂ ਕਰਦੇ ਬਲਕਿ ਕੁਦਰਤ ਨੂੰ ਬਣਾਉਣ ਵਾਲ਼ਾ ਕਾਦਰ-ਕਰੀਮ ਕਰਦਾ ਹੈ, ‘‘ਨਾਉ ਕਰਤਾ ਕਾਦਰੁ ਕਰੇ; ਕਿਉ ਬੋਲੁ ਹੋਵੈ ਜੋਖੀਵਦੈ ?॥’’ (ਬਲਵੰਡ ਸਤਾ/੯੬੬) ਅਗਰ ਖੰਡ, ਮੰਡਲ, ਵਰਭੰਡ, ਅੱਗ, ਪਾਣੀ, ਹਵਾ ਆਦਿ (ਕੁਦਰਤ) ਦੇ ਨਿਯਮ ਨੂੰ ਰੱਬ ਮੰਨੀਏ ਤਾਂ ਫਿਰ ਇਹ, ਗੁਣ ਕਿਸ ਦੇ ਗਾ ਰਹੇ ਹਨ; ਜਿਵੇਂ ਕਿ ‘‘ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ…॥, ਗਾਵਹਿ ਖੰਡ ਮੰਡਲ ਵਰਭੰਡਾ….॥’’ ਅਗਰ ਕੁਦਰਤ ਹੀ ਰੱਬ ਹੈ ਤਾਂ ਫਿਰ ਇਹ ਗੁਣ ਆਪਣੇ ਹੀ ਗਾ ਰਹੇ ਹੋਣਗੇ, ਮੰਨਣਾ ਪਏਗਾ, ਪਰ ਇਹ ਮਨਮਤ ਹੈ, ਗੁਰਮਤ ਨਹੀਂ।
ਸੋ ਗੁਰਮਤ ਦਾ ਰੱਬ; ਕੁਦਰਤ ਜਾਂ ਇਸ ਦੇ ਨਿਯਮ ਨਹੀਂ ਬਲਕਿ ਕੁਦਰਤ ਅਤੇ ਕੁਦਰਤ ਦੇ ਨਿਯਮਾਂ ਨੂੰ ਬਣਾਉਣ ਵਾਲ਼ਾ ਮਾਲਕ ਹੈ। ਉਹ ਜਿਸ ਤਰ੍ਹਾਂ ਸੂਰਜ ਨੂੰ ਜੀਵਤ ਰੱਖਣ ਲਈ ਹਾਈਡਰੋਜਨ (ਖ਼ੁਰਾਕ) ਦਿੰਦਾ ਹੈ ਉਸੇ ਤਰ੍ਹਾਂ ਸਭ ਜੀਵਾਂ ਨੂੰ ਭੋਜਨ ਮੁਹੱਈਆ ਕਰਵਾਉਂਦਾ ਹੈ। ਮਨੁੱਖ ਨੂੰ ਸਮਝਾਉਣ ਲਈ ਇਸ ਭੋਜਨ ਨੂੰ ਰੱਬੀ ਦਾਤ (ਭਾਵ ਬਖ਼ਸ਼ਸ਼) ਕਿਹਾ ਗਿਆ। ਜਪੁ ਜੀ ਦੀ 25ਵੀਂ ਪਉੜੀ ’ਚ ਜ਼ਿਕਰ ਹੈ ਕਿ ਰੱਬ; ਜੀਵਾਂ ਉੱਤੇ ਅਥਾਹ ਬਖ਼ਸ਼ਸ਼ ਕਰਦਾ ਹੈ, ਜੋ ਬਿਆਨ ਨਹੀਂ ਕੀਤੀ ਜਾ ਸਕਦੀ, ਨਾ ਹੀ ਇਸ ਦਾਤ ਦੇਣ ਬਦਲੇ ਉਸ ਨੂੰ ਕੋਈ ਤਮੰਨਾ ਹੈ, ਅਣਗਿਣਤ ਸੂਰਬੀਰ ਉਸ ਦੇ ਦਰ ਤੋਂ ਦਾਤਾਂ ਮੰਗਦੇ ਹਨ ਜਿਨ੍ਹਾਂ ਦੀ ਗਿਣਤੀ ਕਰਨੀ ਅਸੰਭਵ ਹੈ, ‘‘ਬਹੁਤਾ ਕਰਮੁ (ਬਖ਼ਸ਼ਸ਼); ਲਿਖਿਆ ਨਾ ਜਾਇ ॥ ਵਡਾ ਦਾਤਾ; ਤਿਲੁ ਨ ਤਮਾਇ ॥ ਕੇਤੇ ਮੰਗਹਿ; ਜੋਧ ਅਪਾਰ ॥ ਕੇਤਿਆ; ਗਣਤ ਨਹੀ ਵੀਚਾਰੁ ॥’’ ਇਸੇ ਪਉੜੀ ਦੀ ਸਮਾਪਤੀ ’ਚ ਭਗਤ ਬਿਰਤੀ ਨੂੰ ਸੁਰਜੀਤ ਕਰਨ ਲਈ ਵੀ ਰੱਬੀ ਦਾਤ ’ਚ ਲਿਆਂਦਾ ਗਿਆ ਹੈ। ਮਾਲਕ ਤਰੁਠ ਕੇ ਆਪਣੇ ਸੇਵਕ ਨੂੰ ਇਹ ਦਾਤ ਬਖ਼ਸ਼ਦਾ ਹੈ ਤੇ ਉਹ ਦੁਨੀਆਵੀ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ, ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥’’
‘ਜਪੁ’ ਬਾਣੀ ਦੀ 21ਵੀਂ ਪਉੜੀ ’ਚ ਇਹ ਵਚਨ ਦਰਜ ਹਨ ਕਿ ਹੇ ਮਾਲਕ ! ਮੇਰੇ ਅੰਦਰ ਆਈ ਤਬਦੀਲੀ ਰਾਹੀਂ ਪੈਦਾ ਹੋਏ ਸਾਰੇ ਗੁਣ, ਤੇਰੀ ਮਿਹਰ ਦਾ ਨਤੀਜਾ ਹਨ, ਅਗਰ ਤੂੰ ਇਹ ਉਪਕਾਰ ਨਾ ਕਰਦਾ ਤਾਂ ਮੈਥੋਂ ਤੇਰੀ ਭਗਤੀ ਵੀ ਨਾ ਹੁੰਦੀ, ‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ; ਭਗਤਿ ਨ ਹੋਇ ॥’’ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਤਮ ਸ਼ਬਦ, ਜੋ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਅਕਾਲ ਪੁਰਖ ਦੇ ਧੰਨਵਾਦ ਵਜੋਂ ਉਚਾਰਿਆ ਗਿਆ, ਇਉਂ ਹੈ, ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ॥’’ (ਮ: ੫/੧੪੨੯) ਹੁਣ ਅਗਰ ਕੋਈ ਸਿੱਖੀ ਸਰੂਪ ’ਚ ਵਿਚਰਦਾ ਪ੍ਰਚਾਰਕ ਇਹ ਕਹੇ ਕਿ ਰੱਬ ਦੀ ਮਿਹਰ ਨਾਲ਼ ਬੰਦੇ ਅੰਦਰ ਗੁਣ ਪੈਦਾ ਨਹੀਂ ਹੋ ਸਕਦੇ ਤਾਂ ਗੁਰੂ ਉਪਦੇਸ਼ (ਰੱਬੀ ਹੁਕਮ) ਤੋਂ ਅਜਿਹੇ ਇਨਕਾਰੀ ਨੂੰ ਫਲ਼ ‘‘ਓਹੁ ਜਾਣੈ; ਜੇਤੀਆ ਮੁਹਿ ਖਾਇ ॥’’ ਹੀ ਮਿਲੇਗਾ।
ਗੁਰਬਾਣੀ ’ਚ ‘‘ਅੰਤਰਗਤਿ ਤੀਰਥਿ, ਮਲਿ ਨ੍ਾਉ ॥’’ (ਜਪੁ) ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੈ, ਇਸ ਲਈ ਜਿਨ੍ਹਾਂ ਨੇ ਅੰਦਰਲੇ ਤੀਰਥ ’ਤੇ ਇਸ਼ਨਾਨ ਕੀਤਾ, ਉਨ੍ਹਾਂ ਦੇ ਅੰਦਰੋਂ ਇਉਂ ਵਚਨ ਪ੍ਰਗਟ ਹੋਏ, ‘‘ਗੁਨਹੀ ਭਰਿਆ ਮੈ ਫਿਰਾ; ਲੋਕੁ ਕਹੈ ਦਰਵੇਸੁ ॥ (ਬਾਬਾ ਫਰੀਦ/੧੩੮੧), ਨਾਨਕੁ ਨੀਚੁ, ਕਹੈ ਵੀਚਾਰੁ ॥ (ਜਪੁ), ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ ॥’’ (ਮ: ੪/੧੬੭), ਕਬੀਰ ! ਸਤਿਗੁਰ ਸੂਰਮੇ; ਬਾਹਿਆ ਬਾਨੁ ਜੁ ਏਕੁ ॥ ਲਾਗਤ ਹੀ ਭੁਇ ਗਿਰਿ ਪਰਿਆ; ਪਰਾ ਕਰੇਜੇ ਛੇਕੁ ॥’’ (੧੩੭੪) ਪਰ ਜਿਨ੍ਹਾਂ ਦੀ ਬੋਲੀ ਫਿਰ ਵੀ ਅੰਤਰ ਮੁਖੀ ਨਹੀਂ ਹੋਈ, ਉਨ੍ਹਾਂ ਲਈ ਵੀ ਪਾਵਨ ਵਚਨ ਦਰਜ ਕੀਤੇ ਗਏ, ‘‘ਅੰਧੇ ਏਕ ਨ ਲਾਗਈ; ਜਿਉ ਬਾਂਸੁ ਬਜਾਈਐ ਫੂਕ ॥’ (ਭਗਤ ਕਬੀਰ ਜੀ/੧੩੭੨), ਰੱਬੀ ਅਦ੍ਰਿਸ਼ ਸ਼ਕਤੀ ਤੋਂ ਇਨਕਾਰੀ ਅਜੋਕੇ ਕੁਝ ਸਿੱਖ ਪ੍ਰਚਾਰਕਾਂ ਦੀ ਮਨੋਦਸ਼ਾ ਵੀ ਇਉਂ ਹੈ,‘‘ਸਿਖ ਸਾਖਾ ਬਹੁਤੇ ਕੀਏ; ਕੇਸੋ (ਰੱਬ) ਕੀਓ ਨ ਮੀਤੁ ॥’’ (ਭਗਤ ਕਬੀਰ/੧੩੬੯)
ਗਿਆਨੀ ਜਗਤਾਰ ਸਿੰਘ ਜੀ ਜਾਚਕ, ਜਿਨ੍ਹਾਂ ਕੁਝ ਦਿਨ ਪਹਿਲਾਂ ਹੀ ਇਸ ਵਿਸ਼ੇ ’ਤੇ ਆਪਣੇ ਵਿਚਾਰ ਲਿਖਤੀ ਰੂਪ ’ਚ ਸਾਝੇ ਕੀਤੇ ਹਨ, ਦੇ ਹਵਾਲੇ ਨਾਲ਼ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ ਇਹ (ਭਾਵ ਰੱਬ ਅਤੇ ਕੁਦਰਤ ਦੋ ਸ਼ਕਤੀਆਂ ਹਨ) ਪੁਜਾਰੀ ਵਰਗ ਦੀ ਸੋਚ ਹੈ, ਸ਼ਾਇਦ ਭਾਈ ਰਣਜੀਤ ਸਿੰਘ ਦੁਆਰਾ ਅਜਿਹਾ ਕਹਿਣ ਦਾ ਪਿਛੋਕੜ ਗਿਆਨੀ ਜਗਤਾਰ ਸਿੰਘ ਜੀ ਦਾ ਦਰਬਾਰ ਸਾਹਿਬ (ਅੰਮ੍ਰਿਤਸਰ) ’ਚ ਗ੍ਰੰਥੀ (ਪੁਜਾਰੀ) ਹੋਣਾ ਰਿਹਾ ਹੋਵੇਗਾ, ਪਰ ਗਿਆਨੀ ਜੀ ਦੇ ਇਹ ਵਿਚਾਰ ਤਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਕੀਤੇ ਗਏ ਗੁਰਬਾਣੀ ਦੇ ਟੀਕੇ ’ਤੇ ਆਧਾਰਿਤ ਹਨ ਫਿਰ ਇਹ ਵੀ ਮੰਨਣਾ ਪਏਗਾ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਵੀ ਪੁਜਾਰੀ ਸਨ। ਅਨੇਕਾਂ ਮਿਸ਼ਨਰੀ ਪ੍ਰਚਾਰਕ, ਜੋ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ’ਚ ਸੀਮਤ ਸਾਧਨਾਂ ਰਾਹੀਂ ਆਪਣੀ ਬਣਦੀ ਭੂਮਿਕਾ ਨਿਭਾ ਰਹੇ ਹਨ, ਸਾਰੇ ਹੀ ਪੁਜਾਰੀ ਹਨ। ਕੁਦਰਤ ਦੇ ਨਿਯਮਾਂ ਨੂੰ ‘ਬਿਗ ਬੈਂਗ ਥਿਊਰੀ’ ਰਾਹੀਂ ਉਜਾਗਰ ਕਰਨ ਵਾਲ਼ਾ ਜੌਰਜ ਲੇਮਾਈਤਰੇ ਵੀ ਇੱਕ ਪੁਜਾਰੀ (ਪਾਦਰੀ) ਹੀ ਸੀ।
ਇਸ ਸਚਾਈ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਰਮ-ਕਾਂਡ ਦੀ ਜਨਨੀ ਪੰਡਿਤ ਨੇ ਕੁਦਰਤ (ਅੱਗ, ਹਵਾ, ਸੂਰਜ, ਚੰਦ, ਦਰਖ਼ਤ, ਆਦਿ) ਨੂੰ ਹੀ ਰੱਬ ਮੰਨਿਆ ਅਤੇ ਸਮਾਜ ਪਾਸੋਂ ਇਸ ਦੀ ਪੂਜਾ ਕਰਵਾਈ ਤੇ ਕਰਵਾ ਰਿਹਾ ਹੈ। ਕੁਦਰਤ ਦੇ ਨਿਯਮਾਂ ਨੂੰ ਰੱਬ ਮੰਨਣ ਵਾਲ਼ੇ ਸਿੱਖ ਪ੍ਰਚਾਰਕ ਵੀ ਪੰਡਿਤ ਦੀ ਇਸ ਸੋਚ ਦੇ ਆਸ-ਪਾਸ ਹੀ ਹਨ ਭਾਵ ਕੁਦਰਤ ਦੀ ਪੂਜਾ ਕਰ ਕੇ ਇਸ ਨਾਲ਼ ਜੁੜਨਾ ਜਾਂ ਕੁਦਰਤ ਦੇ ਨਿਯਮਾਂ ਨੂੰ ਰੱਬ ਮੰਨ ਕੇ ਇਸ ਨਾਲ਼ ਜੁੜਨਾ, ਦੋਵਾਂ ’ਚ ਕੀ ਫ਼ਰਕ ਹੈ ? ਕੀ ਇਸ ਤਰ੍ਹਾਂ ਦੇ ਪ੍ਰਚਾਰ ਨਾਲ਼ ਗੁਰਮਤ ਦੀ ਵਿਲੱਖਣਤਾ ਸਪਸ਼ਟ ਹੋ ਰਹੀ ਹੈ ? ਜਦ ਕਿ ਗੁਰਬਾਣੀ ਵਾਰ-ਵਾਰ ਵਚਨ ਕਰਦੀ ਪਈ ਹੈ ਕਿ ‘‘ਕੀਤੇ ਕਉ ਮੇਰੈ ਸੰਮਾਨੈ; ਕਰਣਹਾਰੁ ਤ੍ਰਿਣੁ ਜਾਨੈ ॥’’ (ਮ: ੫/੬੧੩) ਭਾਵ ਕੁਦਰਤ ਨੂੰ ਵੱਡਾ ਸੁਮੇਰ ਪਰਬਤ ਬਣਾ ਕੇ ਅਸਲ ਕਰਤਾਰ ਨੂੰ ਘਾਹ-ਫੂਸ ਵਾਙ ਛੋਟਾ ਨਾ ਸਮਝੋ।
ਗੁਰਬਾਣੀ ਬੜੇ ਸਪਸ਼ਟ ਸ਼ਬਦਾਂ ’ਚ ਸਮਝਾਉਂਦੀ ਹੈ ਕਿ ਰੱਬ; ਆਪਣੇ ਭਗਤਾਂ ਦੀ ਸਦਾ ਤੋਂ ਰੱਖਿਆ ਕਰਦਾ ਆਇਆ ਹੈ, ‘‘ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ! ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ! ਹਰਣਾਖਸੁ ਮਾਰਿ ਪਚਾਇਆ ॥’’ (ਮ: ੩/੬੩੭) ਰੱਬ ਦੇ ਇਸ ਪਹਿਰੇਦਾਰੀ ਫ਼ਰਜ਼ ਉਪਰੰਤ ਇਹ ਵੀ ਸਪਸ਼ਟ ਕੀਤਾ ਗਿਆ ਕਿ ਗੁਰਮੁਖ ਇਸ ਸਿਧਾਂਤ ’ਤੇ ਭਰੋਸਾ ਕਰ ਲੈਂਦੇ ਹਨ ਪਰ ਮਨਮੁਖ ਅਵਿਸ਼ਵਾਸ ਕਾਰਨ ਦੁੱਖੀ ਹੁੰਦੇ ਹਨ, ‘‘ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ! ਮਨਮੁਖ ਭਰਮਿ ਭੁਲਾਇਆ ॥੧॥’’ (ਮ: ੩/੬੩੭) ਫਿਰ ਇਹ ਕਹਿਣਾ ਕਿ ਰੱਬ ਆਪਣਿਆਂ ਦੀ ਰਾਖੀ ਕਰ ਕੇ ਬੇਗਾਨਿਆਂ ਨੂੰ ਦੰਡ ਨਹੀਂ ਦਿੰਦਾ, ਕੀ ਬੇਪ੍ਰਤੀਤੀ ਨਹੀਂ ?
ਗੁਰਬਾਣੀ ਵਿੱਚ ‘ਜਪੁ’ (ਰੱਬੀ ਉਸਤਤ) ਅਤੇ ‘ਅਰਦਾਸ’ ਕਰਨ ਨੂੰ ਸਰਬੋਤਮ ਕਾਰਜ ਮੰਨਿਆ ਗਿਆ ਹੈ, ਜਿਸ ਬਾਬਤ ਵਾਰ-ਵਾਰ ਇਉਂ ਉਪਦੇਸ਼ ਕੀਤਾ ਗਿਆ, ‘‘ਬਿਖੁ ਭਉਜਲ ਡੁਬਦੇ ਕਢਿ ਲੈ; ਜਨ ਨਾਨਕ ਕੀ ਅਰਦਾਸਿ ॥ (ਮ: ੪/੪੦), ਤੂ ਠਾਕੁਰੁ; ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ; ਤੇਰੀ ਰਾਸਿ ॥ (ਮ: ੫/੨੬੮), ਤੁਧੁ ਆਗੈ ਅਰਦਾਸਿ ਹਮਾਰੀ; ਜੀਉ ਪਿੰਡੁ ਸਭੁ ਤੇਰਾ ॥ ਕਹੁ ਨਾਨਕ ਸਭ ਤੇਰੀ ਵਡਿਆਈ; ਕੋਈ ਨਾਉ ਨ ਜਾਣੈ ਮੇਰਾ ॥ (ਮ: ੫/੩੮੩), ਸਾਹਿਬ ਸੇਤੀ ਹੁਕਮੁ ਨ ਚਲੈ; ਕਹੀ ਬਣੈ ਅਰਦਾਸਿ ॥ (ਆਸਾ ਕੀ ਵਾਰ/ਮ: ੨/੪੭੪), ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥’’ (ਮ: ੫/੫੧੯) ਆਦਿ ਵਚਨਾਂ ਦੀ ਮੌਜੂਦਗੀ ਦੇ ਬਾਵਜੂਦ ਅਗਰ ਕੋਈ ਕਹੇ ਕਿ 33 ਕਰੋੜ ਦੇਵਤਿਆਂ ਅੱਗੇ ਅਰਦਾਸ ਅਤੇ ਇੱਕ ਅੱਗੇ ਅਰਦਾਸ ਇੱਕ ਸਮਾਨ ਹੈ। ਕੀ ਮਨਮਤ ਨਹੀਂ ?
ਧਿਆਨ ਦੇਣ ਯੋਗ ਹੈ ਕਿ
(1). ਮੀਂਹ ਵਰਸਾਉਣ ਵਾਸਤੇ ਗੁਰੂ ਘਰਾਂ ’ਚ ਕਿੰਨੀਆਂ ਕੁ ਅਰਦਾਸਾਂ ਕੀਤੀਆਂ ਜਾਂਦੀਆਂ ਹਨ ?
(2). ਸਿੱਖੀ ਸਰੂਪ ਵਾਲ਼ੇ ਪੁਜਾਰੀ ਵਰਗ ਨੇ ਰੱਬ ਦੀ ਕੀ ਪਰਿਭਾਸ਼ਾ ਦਿੱਤੀ ਹੋਈ ਹੈ ?
ਇਹ ਦੋਵੇਂ ਵਿਸ਼ੇ ਮੰਦਿਰਾਂ ਦੀ ਸ਼ੋਭਾ ਤਾਂ ਵਧਾ ਰਹੇ ਹਨ ਪਰ ਗੁਰੂ ਘਰਾਂ ’ਚ ਅਜਿਹੇ ਵਿਚਾਰ ਉਤਪੰਨ ਨਹੀਂ ਹੋ ਸਕਦੇ, ਫਿਰ ਇਨ੍ਹਾਂ ਨਿਰਮੂਲ ਗੱਲਾਂ ਨੂੰ ਆਧਾਰ ਬਣਾ ਕੇ ਅਰਦਾਸ ਅਤੇ ਅਦ੍ਰਿਸ਼ ਰੱਬੀ ਸ਼ਕਤੀ ਤੋਂ ਇਨਕਾਰੀ ਹੋਣਾ, ਨਾਸਤਿਕਤਾ ਜ਼ਾਹਰ ਕਰਨਾ ਹੀ ਹੈ। ਅਗਰ ਗੁਰਬਾਣੀ, ‘‘ਅਲਹੁ ਏਕੁ ਮਸੀਤਿ ਬਸਤੁ ਹੈ; ਅਵਰੁ ਮੁਲਖੁ ਕਿਸੁ ਕੇਰਾ ॥’’ (ਭਗਤ ਕਬੀਰ/੧੩੪੯) ਵਿਚਾਰ ਪ੍ਰਗਟਾਉਂਦੀ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅੱਲ੍ਹਾ ਮਸੀਤ ’ਚ ਨਹੀਂ ਵੱਸਦਾ ਬਲਕਿ ਇੱਥੇ ਉਸ ਤੰਗਦਿਲੀ ਨੂੰ ਤੋੜਿਆ ਗਿਆ ਹੈ, ਜੋ ਮੰਨਦੀ ਹੈ ਕਿ ਅੱਲ੍ਹਾ ਕੇਵਲ ਮਸੀਤ ’ਚ ਵੱਸਦਾ ਹੈ, ਨਾ ਕਿ ਕਿਸੇ ਹੋਰ ਥਾਂ। ਇਸ ਦੇ ਹਵਾਲੇ ਨਾਲ਼ ਇਹ ਕਹਿਣਾ ਕਿ ਅੱਜ ਮਸਜਿਦ ’ਤੇ ਉਗਲ ਉੱਠੀ ਹੈ, ਕੱਲ੍ਹ ਗੁਰਦੁਆਰਿਆਂ ’ਚ ਰੱਬ ਦੀ ਮੌਜੂਦਗੀ ਮੰਨਣ ਵਾਲ਼ਿਆਂ ’ਤੇ ਵੀ ਉਂਗਲ ਉੱਠੇਗੀ, ਅਢੁੱਕਵੀਂ ਦਲੀਲ ਹੈ ਕਿਉਂਕਿ ਗੁਰਮਤ ਦਾ ਰੱਬ ਸਰਬ ਵਿਆਪਕ ਹੋਣ ਕਾਰਨ ਗੁਰਦੁਆਰਿਆਂ ’ਚ ਵੀ ਮੌਜੂਦ ਹੈ ਤੇ ਮਸੀਤ ਵਿੱਚ ਵੀ, ਪਰ ਇਸਲਾਮ ਦੀ ਤੰਗਦਿਲੀ ਅਜਿਹਾ ਨਹੀਂ ਮੰਨਦੀ, ਇਸ ਲਈ ‘‘ਅਲਹੁ ਏਕੁ ਮਸੀਤਿ ਬਸਤੁ ਹੈ; ਅਵਰੁ ਮੁਲਖੁ ਕਿਸੁ ਕੇਰਾ ॥’’ ਕਹਿਣਾ ਪਿਆ। ਗੁਰਬਾਣੀ ਫ਼ੁਰਮਾਨ ਹੈ, ‘‘ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ; ਬੁਝਹੁ ਸਬਦ ਵੀਚਾਰਿ (ਕੇ) ॥’’ (ਮ: ੪/੧੩੧੪)
ਸਮਾਜਕ ਸਚਾਈ ਹੈ ਕਿ ਬੰਦੇ ਅੰਦਰ ਸਭ ਤੋਂ ਵੱਧ ਨਫ਼ਰਤ ਉਸ ਦੇ ਕਿੱਤੇ ਨਾਲ਼ ਸਬੰਧਤ ਭਾਈਚਾਰੇ ਨਾਲ਼ ਹੀ ਹੁੰਦੀ ਹੈ ਕਿਉਂਕਿ ਇੱਕੋ ਵਪਾਰਕ ਲਾਇਨ ’ਚ ਇੱਕ ਨੂੰ ਨੁਕਸਾਨ ਪਹੁੰਚਾ ਕੇ ਹੀ ਦੂਸਰੇ ਨੂੰ ਲਾਭ ਮਿਲਣ ਦੀ ਉਮੀਦ ਬੱਝਦੀ ਹੈ। ਅਜੋਕਾ ਸੁਆਰਥੀ ਸਮਾਂ ਬੜੇ ਸੰਘਰਸ਼ਮਈ ਦੌਰ ’ਚੋਂ ਗੁਜਰ ਰਿਹਾ ਹੈ। ਪੰਥਕ ਏਕਤਾ ਵਰਗੀ ਅਮੋਲਕ ਸਲਾਹ ਬਹੁਤ ਪਿੱਛੇ ਛੁੱਟ (ਰਹਿ) ਗਈ ਹੈ। ਗੁਰਬਾਣੀ ਦੇ ਲੜ ਲੱਗਣ ਤੋਂ ਪਹਿਲਾਂ ਅਪਣਾਈ ਗਈ ਸੋਚ ਹੀ ਬਾਅਦ ’ਚ ਗੁਰਮਤ ਨੂੰ ਮਨਮਤ ’ਚ ਤਬਦੀਲ ਕਰਨ ’ਚ ਸਹਾਇਕ ਬਣਦੀ ਹੈ। ਬੰਦਾ; ਬਾਹਰੋਂ ਸੰਤ ਤੋਂ ਭਾਈ ਬਣੇ ਜਾਂ ਭਾਈ ਤੋਂ ਸੰਤ, ਉਸ ਦਾ ਅੰਦਰਲਾ ਤਬਦੀਲ ਨਹੀਂ ਹੁੰਦਾ। ਨਹੀਂ ਤਾਂ ਸੋਚੋ ਕਿ ਮੈਂ ਇਹ ਨਹੀਂ ਮੰਨਦਾ ਭਾਵੇਂ ਕੋਈ ਮੈਨੂੰ ਨਾਸਤਿਕ ਕਹੇ, ਵਾਲ਼ੀ ਕਠੋਰਤਾ ਗੁਰਮਤ ’ਚ ਕਿੱਥੇ ਪ੍ਰਵਾਨ ਹੈ ? ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵਿਗਿਆਨ ਨੇ ਕੁਦਰਤ ਨੂੰ ਤਬਾਹੀ ਵੱਲ ਵੀ ਧਕੇਲਿਆ ਹੈ। ਵਿਗਿਆਨ; ਮਨੁੱਖ ਦੀ ਕਾਢ ਹੈ ਅਤੇ ਕੁਦਰਤ; ਕਰਤਾਰ ਦੀ ਕਾਢ, ਫਿਰ ਵੀ ਅਸੀਂ ਵਿਗਿਆਨ ਨੂੰ ਅਪਣਾਅ ਰਹੇ ਹਾਂ, ਜੋ ਕਰਤਾਰ ਦੀ ਕਾਢ (ਕੁਦਰਤ) ਨੂੰ ਤਬਾਹੀ ਵੱਲ ਲੈ ਜਾ ਰਹੀ ਹੈ।
ਦਰਅਸਲ, ਅਜੋਕੇ ਕੁਝ ਸਿੱਖ ਪ੍ਰਚਾਰਕ, ਜੋ ਵਿਗਿਆਨ ਦੀ ਮਿਸਾਲ ਨਾਲ਼ ਗੁਰਮਤ ਦੇ ਬਹੁ ਪੱਖੀ ਵਿਸ਼ਿਆਂ ਨੂੰ ਸੰਗਤਾਂ ’ਚ ਖੋਲ੍ਹਣ ਦਾ ਯਤਨ ਕਰਦੇ ਹਨ ਉਨ੍ਹਾਂ ਦਾ ਆਪਣਾ ਹੀ ਮਨੋਬਲ, ਗੁਰਮਤ ਰਾਹੀਂ ਬਹੁਤਾ ਉੱਚਾ ਨਹੀਂ ਹੋਇਆ ਹੁੰਦਾ। ਚਾਹੀਦਾ ਤਾਂ ਇਹ ਸੀ ਕਿ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰ ਸੰਕਿਆਂ ਤੋਂ ਨਿਰੁਤਰ ਕੀਤਾ ਜਾਂਦਾ ਪਰ ਸੰਦੇਹ ਵਧਦਾ ਜਾ ਰਿਹਾ ਹੈ। ਆਪਣੀ ਅਯੋਗਤਾ ਨੂੰ ਛੁਪਾਉਣ ਲਈ ਵਿਸ਼ੇ ਦੀ ਭੂਮਿਕਾ ’ਚ ਸਿੱਖ ਪੁਜਾਰੀਵਾਦ ਦੀਆਂ ਤਰੁਟੀਆਂ ਅਤੇ ਸਿੱਖ ਸਿਆਸੀ ਚਾਲਾਂ ਨੂੰ ਜ਼ਰੂਰਤ ਤੋਂ ਵੱਧ ਉਛਾਲ ਕੇ ਨੌਜਵਾਨ ਪੀੜੀ ਤੋਂ ਵਾਹ ! ਵਾਹ ! ਨਿਧੜਕ ਪ੍ਰਚਾਰਕ ਅਖਵਾਉਣਾ ਅਤੇ ਉਨ੍ਹਾਂ ਦਾ ਸਿਰ ਆਪਣੀ ਅਖੌਤੀ (ਤਥਾ-ਕਥਿਤ) ਵਿਦਵਤਾ ਅੱਗੇ ਝੁਕਾਉਣ ਨੂੰ ਵਧੇਰੇ ਮਹੱਤਵ ਦਿੱਤਾ ਜਾ ਰਿਹਾ ਹੈ, ਜੋ ਕਿ ਕੌਮੀ ਹਿੱਤ ਲਈ ਨੁਕਸਾਨਦੇਹ ਹੈ।


07/22/18
ਹਰਮਿੰਦਰ ਸਿੰਘ ਭੱਟ

ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ,

ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ,
ਸ਼ੁਰੂ ਤੇਰੇ ਤੋਂ ਹੋਈ ਸੀ
ਖ਼ਤਮ ਮੇਰੇ ਤੇ ਰਹੀ ਐ,
ਹੁਣ ਝੂਠ ਨਹੀਓ ਨਿਭਣਾ
ਗੱਲ ਤੇਰੀ ਵੀ ਸਹੀ ਐ,
ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ,
ਹਰ ਪਲ ਚ ਤੜਫ਼ ਦੀ
ਸਾੜ ਹਿਸਾਬ ਵਹੀ ਐ,
ਜੇ ਤੂੰ ਵਿੱਚ ਤੂੰ ਨਹੀਂ
ਰਹਿਣਾ ਮੈਂ ਵਿੱਚ ਨਹੀਂ ਐ,
ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ,
ਗ਼ਰਜ਼ਾਂ ਦੀ ਭੀੜ ਵਿਚ
ਖ਼ਾਲੀ ਮੁਹੱਬਤੀ ਪਹੀ ਐ,
ਦਿਲ ਵਾਲੇ ਮਹਿਲਾਂ “ਭੱਟ”
ਸੱਧਰ ਦੀ ਛੱਤ ਢਹੀਂ ਐ,
ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ,
----------------------------

ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ) ਸੰਗਰੂਰ
09914062205


07/22/18
ਗੁਰਿੰਦਰ ਸਿੰਘ ਕੋਟਕਪੂਰਾ

ਇਕ ਸਿਰਫਿਰੇ ਲੜਕੇ ਵੱਲੋਂ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਦਸਤਾਰ ਲਾਹੁਣ ਦੀ ਅਸਫਲ ਕੌਸ਼ਿਸ਼!
ਪ੍ਰੋ. ਧੂੰਦਾ ਤੇ ਸਾਥੀਆਂ ਵੱਲੋਂ ਲੜਕੇ ਖਿਲਾਫ ਕੋਈ ਸ਼ਿਕਾਇਤ ਕਰਨ ਤੋਂ ਇਨਕਾਰ
ਸ਼ਰਮਨਾਕ ਕਰਤੂਤ ਦੇ ਬਾਵਜੂਦ ਵੀ ਪ੍ਰਚਾਰਕਾਂ ਦੀ ਲੜਕੇ `ਤੇ ਤਰਸ ਦੀ ਮਿਸਾਲ
ਉਕਤ ਸ਼ਰਮਨਾਕ ਘਟਨਾ ਨੂੰ ਲੈਕੇ ਪੰਥਕ ਹਲਕਿਆਂ `ਚ ਗੁੱਸੇ ਅਤੇ ਰੋਹ ਦੀ ਲਹਿਰ

ਕੋਟਕਪੂਰਾ, 18 ਜੁਲਾਈ (ਗੁਰਿੰਦਰ ਸਿੰਘ) :- ਭਾਂਵੇ ਇੱਕ ਪਤਿੱਤ ਨੋਜਵਾਨ ਵੱਲੋਂ ਉੱਘੇ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਦਸਤਾਰ ਨੂੰ ਹੱਥ ਪਾਉਣ ਦੀ ਅਸਫਲ ਕੌਸ਼ਿਸ਼ ਕੀਤੀ ਗਈ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੇ ‘ਸਿੱਖੀ ਲਹਿਰ’ ਦੀ ਸਮੁੱਚੀ ਪ੍ਰਚਾਰਕ ਟੀਮ ਨੇ ਇਹ ਐਲਾਨ ਵੀ ਕਰ ਦਿੱਤਾ ਕਿ ਦਸਤਾਰਾਂ ਲਾਹੁਣ ਨਾਲ ਕਿਸੇ ਦੇ ਵਿਚਾਰ ਨਹੀਂ ਬਦਲੇ ਜਾ ਸਕਦੇ ਪਰ ਇੱਕ ਪਾਸੇ ਉਕਤ ਘਟਨਾ ਨਾਲ ਪੰਥਕ ਹਲਕਿਆਂ `ਚ ਗੁੱਸੇ ਤੇ ਰੋਹ ਦੀ ਲਹਿਰ ਦੌੜ ਗਈ ਹੈ ਪਰ ਦੂਜੇ ਪਾਸੇ ਪ੍ਰੋ. ਧੂੰਦਾ ਤੇ ਉਸ ਦੇ ਸਾਥੀਆਂ ਦੀ ਟੀਮ ਨੇ ਉਕਤ ਪਤਿੱਤ ਲੜਕੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਬੀਤੀ 16 ਜੁਲਾਈ ਨੂੰ ਰਾਤ ਸਮੇਂ ਗੁਰਦਵਾਰਾ ਬਾਬਾ ਜੀਵਨ ਸਿੰਘ ਜੀ ਪਿੰਡ ਤਰਸਿੱਕਾ, ਜਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਢਾਡੀ ਜੱਥਾ ਵਾਰਾਂ ਗਾਇਣ ਕਰ ਰਿਹਾ ਸੀ ਤਾਂ ਜਦੋਂ ਪ੍ਰੋ. ਧੂੰਦਾ ਜੱਥੇ ਨੂੰ ਮਾਇਆ ਦੇਣ ਲਈ ਅੱਗੇ ਵਧੇ ਤਾਂ ਪਹਿਲਾਂ ਤੋਂ ਹੀ ਤਿਆਰੀ `ਚ ਇਸੇ ਪਿੰਡ ਦੇ ਵਸਨੀਕ ਬਲਰਾਜ ਸਿੰਘ ਬਾਜਾ ਨਾਂਅ ਦੇ ਲੜਕੇ ਨੇ ਪ੍ਰੋ. ਧੂੰਦਾ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੌਸ਼ਿਸ਼ ਕੀਤੀ ਪਰ ਪਹਿਲਾਂ ਤੋਂ ਹੀ ਸੁਚੇਤ ਪ੍ਰੋ ਧੂੰਦਾ ਨੇ ਉਸ ਦਾ ਗੁੱਟ ਫੜ ਲਿਆ। ਉਕਤ ਲੜਕਾ ਆਪਣੇ ਮਨਸੂਬੇ `ਚ ਫੇਲ ਹੁੰਦਾ ਦੇਖ ਕੇ ਬਾਂਹ ਛੁਡਾ ਕੇ ਭੱਜ ਗਿਆ। ਸ਼ੱਕ ਕੀਤਾ ਜਾਂਦਾ ਹੈ ਕਿ ਪਿੰਡ ਤਰਸਿੱਕਾ ਦੇ ਹੀ ਇੱਕ ਗੁਰਦਵਾਰੇ ਦੇ ਮੁਖੀ ਅਤੇ ਉਸ ਦੇ ਵਿਦੇਸ਼ `ਚ ਰਹਿੰਦੇ ਰਿਸ਼ਤੇਦਾਰਾਂ ਨੇ ਇਸ ਲੜਕੇ ਨੂੰ ਪੈਸੇ ਦਾ ਲਾਲਚ ਦੇ ਕੇ ਉਕਤ ਸ਼ਰਮਨਾਕ ਕੰਮ ਕਰਨ ਵਾਸਤੇ ਉਕਸਾਇਆ ਸੀ। ਭਾਂਵੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਾਜਿਸ਼ਕਾਰਾਂ ਦਾ ਪਤਾ ਲਾਉਣ ਲਈ ਕਾਰਵਾਈ ਜਾਰੀ ਹੈ ਪਰ ਪ੍ਰੋ ਧੂੰਦਾ ਨੇ ਉਕਤ ਲੜਕੇ ਖਿਲਾਫ ਸ਼ਿਕਾਇਤ ਇਸ ਕਰਕੇ ਨਹੀਂ ਕੀਤੀ ਕਿ ਪਿੱਛੇ ਉਸ ਦੇ ਮਾਪਿਆਂ ਦਾ ਕੀ ਬਣੇਗਾ। ਕਿਉਂਕਿ ਬਲਰਾਜ ਸਿੰਘ ਬਾਜਾ ਦੀ ਜਵਾਨੀ ਜੇਲ `ਚ ਰੁੱਲ ਜਾਵੇਗੀ ਤੇ ਮਾਪੇ ਬੇਹਾਲ ਹੋ ਕੇ ਰਹਿ ਜਾਣਗੇ। ਪ੍ਰੋ ਸਰਬਜੀਤ ਸਿੰਘ ਧੂੰਦਾ ਨੇ ਆਖਿਆ ਕਿ ਸੰਪਰਦਾਵਾਂ ਦੇ ਹੱਥੇ ਚੜ ਕੇ ਨੌਜਵਾਨਾ ਨੂੰ ਆਪਣੀ ਜਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ, ਕਿਉਂਕਿ ਜੇਕਰ ਰਾਤ ਸਮੇਂ ਕੋਈ ਗੰਨਮੈਨ ਗੋਲੀ ਮਾਰ ਦਿੰਦਾ ਤਾਂ ਬਲਰਾਜ ਸਿੰਘ ਦੇ ਪਰਿਵਾਰਕ ਮੇਂਬਰਾਂ ਦੇ ਦਿਲ `ਤੇ ਕੀ ਬੀਤਦੀ? ਉਨਾ ਹੈਰਾਨੀ ਪ੍ਰਗਟਾਈ ਕਿ ਸ਼ਕਲ ਸੂਰਤ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਬਲਰਾਜ ਸਿੰਘ ਬਾਜਾ ਨੂੰ ਗੁਰਬਾਣੀ ਜਾਂ ਇਤਿਹਾਸ ਬਾਰੇ ਕੁੱਝ ਪਤਾ ਨਹੀਂ ਹੋਵੇਗਾ।


07/15/18
ਅਵਤਾਰ ਸਿੰਘ ਮਿਸ਼ਨਰੀ

ਸੁੰਨਤ ਜਾਂ ਸੁੰਨਤਿ ਦੀ ਵਿਆਖਿਆ-੫੫

ਅਵਤਾਰ ਸਿੰਘ ਮਿਸ਼ਨਰੀ (5104325827)

ਸੁੰਨਤ, ਸੁੰਨਤਿ ਤੇ ਖਤਨਾ ਅਰਬੀ ਦੇ ਸ਼ਬਦ ਹਨ। ਇਸਲਾਮਿਕ ਮਰਯਾਦਾ, ਰੀਤ ਭਾਵ ਜੋ ਕਰਮ ਮੁਹੰਮਦ ਸਾਹਿਬ ਨੇ ਆਪਣੀ ਉਮਤ ਨੂੰ ਸਿਖਿਆ ਦੇਣ ਲਈ ਕੀਤੇ, ਉਹ ਸਭ ਸੁੰਨਤਿ ਰੂਪ ਹਨ। ਮੁਹੰਮਦ ਸਾਹਿਬ ਦਾ ਆਚਰਣ ਹੀ ਮੁਸਲਮਾਨਾਂ ਲਈ ਸੁੰਨਤ ਹੈ। ਸੁੰਨਤ ਨੂੰ ਖਤਨਾ ਵੀ ਆਖਦੇ ਹਨ, ਪੈਗੰਬਰ ਮੁਹੰਮਦ ਨੇ ਆਪ ਖਤਨਾ ਕਰਵਾਇਆ ਸੀ। ਚਾਹੇ ਕੁਰਾਨ ਵਿੱਚ ਇਸ ਦੀ ਆਗਿਆ ਨਹੀਂ ਪਰ ਹਜ਼ਰਤ ਮੁਹੰਮਦ ਦੀ ਸੁੰਨਤ ਇਬਰਾਹੀਮ ਦੀ ਚਲਾਈ ਰੀਤਿ ਅਨੁਸਾਰ ਹੋਈ ਸੀ। ਨੋਟ-ਸੁਨਤ ਦੇ ਅਰਥ ਖਤਨਾ ਨਹੀਂ ਪਰ ਜਦ ਪੁੱਛੀ ਦਾ ਖਤਨਾ ਕਿਉਂ ਕਰਦੇ ਹੋ ਤਦ ਜਵਾਬ ਮਿਲਦੈ, ਇਹ ਸੁੰਨਤਿ (ਸ਼ਰਾਹ-ਮਰਯਾਦਾ) ਹੈ। ਹਜ਼ਰਤ  ਸਾਹਿਬ ਨੇ ਇਹ ਤਰੀਕਾ ਜਾਰੀ ਰੱਖਿਆ ਹੈ। ਇਵੇਂ ਪੰਜਾਬ ਤੇ ਹਿੰਦੁਸਤਾਨ ਚ ਸੁੰਨਤਿ ਦਾ ਅਰਥ ਖਤਨਾ ਹੋਇਆ। ਇਬਰਾਹੀਮ ਵੀ ਅਰਬੀ ਲਫਜ਼ ਹੈ ਭਾਵ ਕੌਮ ਦਾ ਬਾਨੀ ਵੰਸ਼ ਦਾ ਮੁਖੀਆ। ਬਾਈਬਲ ਅਤੇ ਕੁਰਾਨ ਅਨੁਸਾਰ ਖੁਦਾ ਵੱਲੋਂ ਭੇਜਿਆ ਇੱਕ ਪੈਗੰਬਰ ਜੋ ਨੂੰਹ ਦੀ ੧੧ਵੀਂ ਪੀੜੀ ਚੋਂ ਆਜ਼ਰ (ਤੇਰਾਹ) ਦਾ ਪੁੱਤਰ ਸੀ। ਇਸ ਦੀ ਪਹਿਲੀ ਇਸਤ੍ਰੀ "ਸਰਾਹ" ਜਿਸ ਦੇ ਉਲਾਦ ਨਹੀ ਸੀ ਫਿਰ ਇਬਰਾਹੀਮ ਨੇ ਹਾਜਿਰਾ (ਹੈਗਕ) ਨਾਮ ਗੋਲੀ ਨਾਲ ਸ਼ਾਦੀ ਕੀਤੀ ਜਿਸ ਤੋਂ ਇਸਮਾਈਲ ਤੇ "ਸਰਾਹ" ਤੋਂ ਇਸਹਾਕ ਪੁੱਤਰ ਜੰਮਿਆਂ ਜਦ ਸਰਾਹ ਦੇ ਆਪਣੀ ਔਲਾਦ ਹੋ ਪਈ ਦੋਹਾਂ ਸੌਂਕਣਾਂ ਦਾ ਝਗੜਾ ਹੋਣ ਲੱਗਾ ਤਾਂ ਸਰਾਹ ਦੇ ਆਖੇ ਇਬਰਾਹੀਮ ਨੇ "ਹਾਜਿਰਾ" ਨੂੰ ਇਸਮਾਈਲ ਸਮੇਤ ਘਰੋਂ ਕੱਢ ਦਿੱਤਾ। ਜ਼ਮ ਜ਼ਮ ਇਸਹਾਕ ਦੀ ਉਲਾਦ ਇਸਮਾਈਲ ਵੰਸ਼ ਜਿਸ ਤੋਂ ਯਹੂਦੀ ਤੇ ਈਸਾਈ ਚੱਲੇ। ਇਸਮਾਈਲ ਔਲਾਦ ਕੁਰੈਸ਼ ਵੰਸ਼ ਹੈ ਜਿਸ ਚੋਂ ਮੁਹੰਮਦ ਸਾਹਿਬ ਪੈਦਾ ਹੋਏ।

ਸੁੰਨਤ (ਖਤਨੇ) ਦੀ ਰਸਮ ਇਬਰਾਹੀਮ ਨੇ ਹੀ ਚਲਾਈ, ਇਸ ਤੋਂ ਪਹਿਲੇ ਇਸ ਦਾ ਜ਼ਿਕਰ ਕਿਸੇ ਗ੍ਰੰਥ ਵਿੱਚ ਨਹੀਂ ਹੈ। ਯਹੂਦੀ ਤੇ ਮੁਸਲਮਾਨਾਂ ਨੇ ਇਸ ਰਸਮ ਨੂੰ ਇਬਰਾਹੀਮ ਦੁਆਰਾ ਖੁਦਾ ਦਾ ਹੁਕਮ ਆਇਆ ਮੰਨ ਕੇ ਅੰਗੀਕਾਰ ਕੀਤਾ। ਪੁਰਾਣੇ ਸਮੇਂ ਈਸਾਈ ਵੀ ਸੁੰਨਤ ਕਰਾਇਆ ਕਰਦੇ ਸਨ ਬਲਕਿ ਹਜ਼ਰਤ ਈਸਾ ਦੀ ਵੀ ਸੁੰਨਤ ਹੋਈ ਸੀ ਅਤੇ ਐਬਸੀਨੀਆਂ ਦੇ ਈਸਾਈ ਹੁਣ ਤੋੜੀ ਭੀ ਸੁੰਨਤ ਕਰਾਉਂਦੇ ਹਨ। ਜਦ ਇਬਰਾਹੀਮ ਨੇ ਸੁੰਨਤ ਆਪ ਕਰਵਾਈ ਅਤੇ ਆਪਣੀ ਵੰਸ਼ ਚ ਇਸ ਦਾ ਪ੍ਰਚਾਰ ਕੀਤਾ ਤਦ ਉਸ ਦੀ ਉਮਰ ੯੯ ਵਰ੍ਹੇ ਸੀ। ਕੁਰਾਨ ਵਿੱਚ ਇਬਰਾਹੀਮ ਨੂੰ ਖਲੀਲੁੱਲਾ (ਅੱਲ੍ਹਾ ਦਾ ਮਿਤ੍ਰ) ਲਿਖਿਆ ਹੈ। ਇਬਰਾਹੀਮ ਦੀ ਸਾਰੀ ਉਮਰ ੧੭੫ ਵਰ੍ਹੇ ਦੀ ਸੀ। ਇਸ ਦੀ ਕਬਰ ਹਰੂੰ (Habron) ਫਿਲਸਤੀਨ (Palestine)  ਚ ਯਾਤਰਾ ਦਾ ਅਸਥਾਨ ਹੈ। ਕਬੀਰ ਜੀ ਇਸ ਤੁਕ ਦਾ-ਸਕਤਿ ਸਨੇਹ ਕਰਿ ਸੁੰਨਤਿ ਕਰੀਐ ਮੈ ਨ ਬਦਉਂਗਾ ਭਾਈ॥ ਜਉ ਰੇ ਖੁਦਾਇ ਮੁਹਿ ਤੁਰਕ ਕਰੇਗਾ ਆਪਨ ਹੀ ਕਟਿ ਜਾਈ॥ ਦਾ ਅਰਥ ਕਰਦੇ ਗਿਆਨੀ ਇੱਕ ਲੋਕ ਪ੍ਰਸਿੱਧ ਕਥਾ  ਸੁਨਾਇਆ ਕਰਦੇ ਹਨ ਕਿ "ਸਰਾਹ" ਨੇ ਇਬਰਾਹੀਮ ਤੋਂ ਪ੍ਰਣ ਕਰਵਿਆ ਸੀ ਕਿ ਉਹ "ਹਾਜਿਰਾ" ਨਾਲ ਸੰਗ ਨਾ ਕਰੇ, ਜੇ ਕਰੇਗਾ ਤਾਂ ਭਾਰੀ ਦੰਡ ਦਾ ਅਧਿਕਾਰੀ ਹੋਵੇਗਾ ਪ੍ਰਤੂੰ ਇਬਰਾਹੀਮ ਨੇ ਪ੍ਰਤੱਗਿਆ ਭੰਗ ਕੀਤੀ ਜਿਸ ਤੇ "ਸਰਾਹ" ਨੇ ਪਤੀ ਦੇ ਪ੍ਰੇਮ ਵਿੱਚ ਆ ਕੇ, ਵੱਡੀ ਸਜਾ ਨੂੰ ਛੋਟੀ ਵਿੱਚ ਬਦਲ ਦਿੱਤਾ ਅਰਥਾਤ ਮੁੱਛਾਂ ਤੇ ਇੰਦ੍ਰੀ ਦਾ ਅਵਰਨ ਰੂਪ ਮਾਸ ਕੱਟ ਕੇ, ਪ੍ਰਣਭੰਗ ਦਾ ਪ੍ਰਾਸਚਿਤ ਕੀਤਾ। ਚਾਹੇ ਇਹ ਕਥਾ ਬਾਈਬਲ ਤੇ ਕੁਰਾਨ ਵਿੱਚ ਨਹੀ ਪ੍ਰੰਤੂ ਇਸ ਦਾ ਬੀਜ ਮਜ਼ੂਦ ਹੈ ਕਿ "ਸਰਾਹ" ਦੇ ਕਹਿਣ 'ਤੇ ਇਬਰਾਹੀਮ ਨੇ "ਹਾਜ਼ਿਰਾ" ਨੂੰ ਪੁੱਤ੍ਰ ਸਮੇਤ ਘਰੋ ਕੱਢ ਦਿੱਤਾ ਅਤੇ ਸੁੰਨਤ ਦੀ ਰਸਮ ਇਬਰਾਹੀਮ ਤੋਂ ਚੱਲੀ ਸੀ।

ਸੁੰਨਤ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ-ਜੇ ਸ਼ਰਮ ਦੀ ਸੁੰਨਤ ਤੇ ਸੰਜਮ ਦਾ ਰੋਜਾ (ਵਰਤ) ਹੋਵੇ ਤਾਂ ਹੀ ਮੁਸਲਮਾਨ ਹੋਈਦਾ ਹੈ-ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਣੁ॥(੧੪੦) ਕਬੀਰ ਸਾਹਿਬ ਲਿਖਦੇ ਹਨ ਕਿ ਸੁੰਨ ਕਰਨ ਨਾਲ ਜੇ ਤੁਰਕ (ਮੁਸਲਮਾਨ) ਹੋਈਦਾ ਹੈ ਤਾਂ ਔਰਤ ਦੀ ਸੁੰਨਤ ਕਿਵੇਂ ਕਰੋਗੇ? ਪਰ ਤੁਸੀ ਔਰਤ ਨੂੰ ਛੱਡ ਨਹੀਂ ਸਕਦੇ ਤਾਂ ਤੇ ਉਹ ਹਿੰਦੂ ਹੀ ਰਹੇਗੀ। ਇਸ ਲਈ ਕਤੇਬਾਂ ਆਦਿਕ ਸ਼ਰਾ ਵਾਲੇ ਝਗੜੇ ਛੱਡ ਕੇ ਰਮੇ ਰਾਮ ਨੂੰ ਯਾਦ ਕਰੋ ਇਹ ਸਰੀਰਕ ਅੰਗ ਕੱਟਣ ਵਾਲੀ ਜਬਰਦਸਤੀ ਕਰਨੀ ਜ਼ੁਰਮ ਹੈ-ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੇਗਾ ਆਪਨ ਹੀ ਕਟਿ ਜਾਈ॥੨॥ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤਿ ਕਾ ਕਿਆ ਕਰੀਐ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ॥੩॥ ਛਾਡਿ ਕਤੇਬ ਰਾਮੁ ਭਜੁ ਬਉਰੇ ਜ਼ੁਲਮ ਕਰਤ ਹੈ ਭਾਰੀ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ॥੪॥੮॥(੪੭੭)  ਜਿਵੇਂ ਮੁਸਲਮਾਨਾਂ ਨੇ ਕੁਰਾਨ ਤੋਂ ਬਾਹਰ ਜਾ ਕੇ ਕੁਝ ਦੰਦ ਕਥਾਵਾਂ ਨੂੰ ਮੰਨ ਕੇ ਸ਼ਰਾਹ ਬਣਾ ਲਈ ਤੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਛੱਡ ਸਿੱਖਾਂ ਨੇ ਵੀ ਮਰਯਾਦਾ (ਸ਼ਰਾਹ) ਬਣਾ ਲਈ ਹੈ ਤੇ ਮੁਸਲਮਾਨ ਤੇ ਸਿੱਖ ਦੋਵੇਂ ਆਪੋ ਆਪਣੀ ਥਾਈਂ ਮਰਯਾਦਾ (ਸ਼ਰਾਹ) ਦੇ ਨਾਂ ਤੇ ਹੀ ਲੜੀ ਮਰੀ ਜਾ ਰਹੇ ਹਨ। ਸਿੱਖਾਂ ਵਾਸਤੇ ਤਾਂ ਸੋਚਣ ਵਾਲੀ ਗੱਲ ਹੈ ਕਿ ਜੇ ਗੁਰੂ ਨਾਨਕ ਸਾਹਿਬ ਤੋਂ ਸਿੱਖ ਮਿਸਲਾਂ ਤੱਕ "ਗੁਰੂ ਗ੍ਰਥ ਸਾਹਿਬ ਦੇ ਅਟੱਲ ਸਿਧਾਂਤ ਹੀ ਸਿੱਖਾਂ ਦੀ ਮਰਯਾਦਾ ਸੀ" ਤਾਂ ਫਿਰ ੧੯੩੨ ਵੇਲੇ ਪਾਠਾਂ ਦੇ ਕਰਮਕਾਂਡ, ਰਾਗ ਮਾਲਾ ਪੜ੍ਹੋ ਜਾਂ ਨਾ ਪੜ੍ਹੋ ਦੋਗਲੀ ਨੀਤੀ ਅਤੇ ਭਗਾਉਤੀ (ਦੁਰਗਾ) ਦੀ ਅਰਾਧਨਾ ਆਦਿਕ ਲੜਾਈ ਝਗੜੇ ਦੇ ਵਾਦ ਵਿਵਾਦ ਪੈਦਾ ਕਰਨ ਵਾਲੀ ਮਰਯਾਦਾ (ਸ਼ਰਾਹ) ਕਿਉਂ ਚਲਾਈ ਤੇ ਅੱਜ ੨੧ ਵੀਂ ਸਦੀ ਵਿੱਚ ਇਸ ਦਾ ਤਿਆਗ ਕਰਕੇ "ਗੁਰੂ ਗ੍ਰਥ ਸਾਹਿਬ" ਦੀ ਕਸਵੱਟੀ ਤੇ ਸੋਧ ਕਿਉਂ ਨਹੀਂ ਲੈਣੀ ਚਾਹੀਦੀ? 

ਸੋ ਮੁਸਲਮਾਨਾਂ ਤੇ ਸਿੱਖਾਂ ਨੂੰ ਬਦਲਦੇ ਸਮੇਂ ਤੇ ਵਾਤਾਵਰਨ ਅਨੁਸਾਰ ਸ਼ਰਾਹ ਤੇ ਮਰਯਾਦਾ ਨੂੰ ਨਵੇਂ ਯੁੱਗ ਦੇ ਹਾਲਾਤਾਂ ਮੁਤਾਬਿਕ ਸੋਧ ਲੈਣਾ ਚਾਹੀਦਾ ਹੈ ਜੋ ਸਰਬ ਵਿਆਪੀ ਸੰਸਾਰ ਵਿੱਚ ਬਿਨਾ ਮੁਸ਼ਕਲ ਅਪਣਾਈ ਜਾ ਸੱਕੇ।


07/08/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ "ਸੁੰਨ" ਦੀ ਵਿਆਖਿਆ-੫੪

ਅਵਤਾਰ ਸਿੰਘ ਮਿਸ਼ਨਰੀ (510-432-5827)

ਸੁੰਨ-ਸੰਸਕ੍ਰਿਤ ਵਿੱਚ ਸੂਨਯ=ਸੱਖਣਾ, ਪ੍ਰਾਕ੍ਰਿਤ ਵਿੱਚ ਸੁੰਣ ਅਤੇ ਪੰਜਾਬੀ ਵਿੱਚ ਸੁੰਨ ਅਤੇ ਸੂਨ। ਸੁੰਨ ਦੇ ਪ੍ਰਕਰਣ ਅਨੁਸਾਰ ਵੱਖ ਵੱਖ ਅਰਥ-ਸੁੰਨਾ, ਖਾਲੀ, ਜੜ੍ਹ, ਚੇਤਨਤਾ ਰਹਿਤ (ਦਿੱਤੀ ਬਾਂਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ) ਬਿੰਦੀ, ਸਿਫਰ (ਨਉ ਅੰਗ ਨੀਲ ਅਨੀਲ ਸੁੰਨ (ਭਾ.ਗ) ਬਿੰਦੀ ਨੌਂ ਅੰਗਾਂ ਨਾਲ ਮਿਲ ਕੇ ਨੀਲ ਆਦਿਕ ਅਨੰਤ ਗਿਣਤੀ ਬੋਧ ਕਰਾਉਂਦੀ ਹੈ। ਅਕਾਸ਼ (ਸੁੰਨੇ ਸੁੰਨ ਮਿਲਿਆ ਅਕਾਸ) ਭਾਵ ਮਹਾਂ ਅਕਾਸ਼ (ਬ੍ਰਹਮ) ਨੂੰ ਘਟਾ ਅਕਾਸ਼ (ਜੀਵਾਤਮਾਂ) ਮਿਲਿਆ। ਸੁੰਨ-ਜਿਸ ਵਿੱਚ ਮਾਇਆ ਦੀ ਚੇਸ਼ਟਾ ਨਹੀਂ, ਅਫੁਰ ਬ੍ਰਹਮ (ਘਟਿ ਘਟਿ ਸੁੰਨ ਕਾ ਜਾਣੈ ਭੇਉ-੯੪੩) ਸੁੰਨ-ਪ੍ਰਕਿਰਤੀ, ਮਾਇਆ ਕਿਉਂਕਿ ਉਹ ਬ੍ਰਹਮ ਦੀ ਸਤਾ ਬਿਨਾ ਸੁੰਨ ਹੈ (ਸੁਨਹੁ ਧਰਤਿ ਅਕਾਸ਼ ਉਪਾਏ- ੧੦੩੭) ਸੁੰਨ-ਜੜ੍ਹਤਾ ਜਾਂ ਜੜ੍ਹ ਅਵਸਥਾ। ਸੁੰਨ-ਮਹਾਂ ਪ੍ਰਲੈ ਦੀ ਉਹ ਦਸ਼ਾ ਜਦ ਕੁਝ ਰਚਨਾਂ ਨਹੀਂ ਸੀ (ਸੁੰਨੇ ਵਰਤੇ ਜਗ ਸਬਾਏ) ਸੁੰਨ-ਧੁਨਿ, ਸ਼ੋਰ, ਸ਼ਬਦ (ਸੁੰਨ ਸਮਾਧਿ ਦੋਊ ਤੇ ਨਾਹੀ) ਸੁੰਨ-ਨਾਂ ਸ਼ੋਰ ਨਾ ਸਮਾਧੀ (ਅਨਹਤ ਸੁੰਨ ਕਹਾ ਤੇ ਹੋਈ-੯੪੩) ਸੁੰਨ-ਸੁੰਝ (ਉਹ ਅਵਸਥਾ ਜਦ ਕੁਝ ਵੀ ਨਹੀਂ ਸੀ)-ਆਪੇ ਸੁੰਨ ਆਪਹਿ ਸੁਖ ਆਸਨ॥(੨੫੦) ਸੁੰਨ-ਅਫੁਰ, ਵਿਕਲਪ ਰਹਿਤ, ਨਿਰਵਿਕਲਪ (ਜਦ ਕੋਈ ਖਿਆਲ ਫੁਰਨਾਂ ਨ ਫੁਰੇ, ਜੋਗੀਆਂ ਅਵੁਸਾਰ ਡੂੰਗੀ ਸਮਾਧੀ)-ਸੁੰਨ ਸਮਾਧਿ ਨਾਮ ਰਸ ਮਾਤੇ॥(੨੬੫) ਸੁੰਨ-ਅਫੁਰ, ਸੁਨਮਸੁੰਨ ਅਵਸਥਾ ਵਿੱਚ ਰਹਿਣ ਵਾਲਾ ਅਕਾਲ ਪੁਰਖ। ਸੁੰਨ-ਸੁਰਤ ਪ੍ਰਭੂ ਦੇ ਪ੍ਰੇਮ ਵਾਲੀ ਹੋ ਗਈ-ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ॥(੩੩੩) ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾਂ ਘਰ ਵਾਸੋ॥(੯੪੦) ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਰੰਤਰ ਵਾਸੁ ਲੀਆ॥(੯੪੦) ਅਤੇ ਘਟਿ ਘਟਿ ਸੁੰਨ ਕਾ ਜਾਣੈ ਭੇਉ॥(੯੪੩) ਸੁੰਨ-ਅਜਪਾ-ਜਾਪ-ਸੁੰਨ ਸਬਦੁ ਅਪਰੰਪਰਿ ਧਾਰੈ॥(੯੪੪) ਸੁੰਨ-ਪ੍ਰਭੂ ਨਾਮ-ਤ੍ਰੈ ਸਤ ਅੰਗੁਲ ਵਾਈ ਅੳਧੂ ਸੁੰਨ ਸਚੁ ਆਹਾਰੋ॥ (੯੪੪) ਸੁੰਨ-ਜੰਗਲ, ਬੀਆਬਾਨ, ਸੁੰਨਸਾਨ-ਨ ਭੀਜੈ ਬਾਹਰਿ ਬੈਠਿਆ ਸੁੰਨ॥੯॥੧੧੩੭)

ਡਾ. ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਜਦ ਦੁਨੀਆਂ ਖਤਮ ਹੋ ਜਾਂਦੀ ਤੇ ਬਾਕੀ ਅਸਥੂਲ ਕੁਝ ਨਹੀਂ ਹੁੰਦਾ ਪਰ ਰੱਬ ਸੁੰਨ ਅਵਸਥਾ ਵਿੱਚ ਸਥਿਰ ਰਹਿੰਦਾ ਹੈ। ਸਿੱਖ ਧਰਮ ਮੁਤਾਬਿਕ ਸੁੰਨ ਦਾ ਇਹ ਮੁਕਾਮ ਜਦ ਰੱਬ ਨੇ ਅਜੇ ਕੋਈ ਵੀ ਰਚਨਾ ਨਹੀਂ ਸੀ ਰਚੀ-

ਮਾਰੂ ਮਹਲਾ ੧॥ ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥੧॥ ਪਉਣੁ ਪਾਣੀ ਸੁੰਨੈ ਤੇ ਸਾਜੇ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ॥੨॥ ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ॥ ਸੁੰਨੇ ਵਰਤੇ ਜੁਗ ਸਬਾਏ॥ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ॥੩॥ ਸੁੰਨਹੁ ਸਪਤ ਸਰੋਵਰ ਥਾਪੇ॥ ਜਿਨਿ ਸਾਜੇ ਵੀਚਾਰੇ ਆਪੇ॥ ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ॥੪॥ ਸੁੰਨਹੁ ਚੰਦੁ ਸੂਰਜੁ ਗੈਣਾਰੇ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ॥ ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ॥੫॥ ਸੁੰਨਹੁ ਧਰਤਿ ਅਕਾਸੁ ਉਪਾਏ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ॥ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ॥੬॥ ਸੁੰਨਹੁ ਖਾਣੀ ਸੁੰਨਹੁ ਬਾਣੀ॥ ਸੁੰਨਹੁ ਉਪਜੀ ਸੁੰਨਿ ਸਮਾਣੀ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ॥੭॥ ਸੁੰਨਹੁ ਰਾਤਿ ਦਿਨਸੁ ਦੁਇ ਕੀਏ॥ ਓਪਤਿ ਖਪਤਿ ਸੁਖਾ ਦੁਖ ਦੀਏ॥ ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ॥੮॥ ਸਾਮ ਵੇਦੁ ਰਿਗੁ ਜੁਜਰੁ ਅਥਰਬਣੁ॥ ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ॥ ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ॥੯॥ ਸੁੰਨਹੁ ਸਪਤ ਪਾਤਾਲ ਉਪਾਏ॥ ਸੁੰਨਹੁ ਭਵਣ ਰਖੇ ਲਿਵ ਲਾਏ॥ ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ॥੧੦॥ ਰਜ ਤਮ ਸਤ ਕਲ ਤੇਰੀ ਛਾਇਆ॥ ਜਨਮ ਮਰਣ ਹਉਮੈ ਦੁਖੁ ਪਾਇਆ॥ ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ॥੧੧॥ ਸੁੰਨਹੁ ਉਪਜੇ ਦਸ ਅਵਤਾਰਾ॥ ਸ੍ਰਿਸਟਿ ਉਪਾਇ ਕੀਆ ਪਾਸਾਰਾ॥ ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ॥੧੨॥ ਗੁਰਮੁਖਿ ਸਮਝੈ ਰੋਗੁ ਨ ਹੋਈ॥ ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ॥ ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ॥੧੩॥ ਪੰਚ ਤਤੁ ਸੁੰਨਹੁ ਪਰਗਾਸਾ॥ ਦੇਹ ਸੰਜੋਗੀ ਕਰਮ ਅਭਿਆਸਾ ॥ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ॥੧੪॥ ਊਤਮ ਸਤਿਗੁਰ ਪੁਰਖ ਨਿਰਾਲੇ॥ ਸਬਦਿ ਰਤੇ ਹਰਿ ਰਸਿ ਮਤਵਾਲੇ॥ ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ॥੧੫॥ ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥ ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ॥ ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ॥੧੬॥ ਸਤਿਗੁਰ ਤੇ ਪਾਏ ਵੀਚਾਰਾ॥ ਸੁੰਨ ਸਮਾਧਿ ਸਚੇ ਘਰ ਬਾਰਾ॥ ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ॥੧੭॥੫॥੧੭॥(੧੦੩੭-੩੮)

ਗੁਰਬਾਣੀ ਦੇ ਉਪ੍ਰੋਕਤ ਪ੍ਰਮਾਣਾਂ ਤੋਂ "ਸੁੰਨ" ਸ਼ਬਦ ਬਾਰੇ ਵਿਸਥਾਰਥ ਪਤਾ ਲਗਦਾ ਹੈ ਕਿ ਸੁੰਨ ਖਾਲੀ, ਸੁੰਨਸਾਨ, ਜੰਗਲ ਬੀਆਬਾਨ, ਜੀਰੋ (ਸਿਫਰ) ਧੁਨਿ, ਸ਼ੋਰ, ਸੰਕਲਪ-ਵਿਕਲਪ ਰਹਿਤ ਅਵਸਥਾ, ਅਜਪਾ-ਜਾਪ ਅਤੇ ਅਕਾਲ ਪੁਰਖ ਆਪ (ਸੁੰਨ ਸਮਾਧੀ ਆਪਿ) ਆਦਿਕ ਹੈ। ਸੁੰਨ ਸਮਾਧੀ ਅਵਸਥਾ ਵਿੱਚ ਕੇਵਲ ਨਿਰੰਕਾਰ ਹੁੰਦਾ ਹੈ ਨਾ ਕਿ ਕੋਈ ਸਿੱਧ, ਪੀਰ, ਜੋਗੀ, ਸਾਧ-ਸੰਤ ਜਾਂ ਕੋਈ ਹੋਰ ਧਰਮ ਪੁਜਾਰੀ ਆਦਿ।


07/08/18
ਹਰਲਾਜ ਸਿੰਘ ਬਹਾਦਰਪੁਰ

ਸਰਕਾਰਾਂ ਤੋਂ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ।

ਮੈਂ ਨਸ਼ੇ ਵਿਕਣ ਦੇ ਹੱਕ ਵਿੱਚ ਨਹੀਂ ਹਾਂ, ਜਦੋਂ ਕਿਸੇ ਦਾ ਪੁੱਤ ਮਰਦਾ ਹੈ ਉਸ ਦਾ ਦੁਖ ਵੀ ਹੁੰਦਾ ਹੈ, ਪਰ ਮਨ ਵਿੱਚ ਕੁੱਝ ਸਵਾਲ ਵੀ ਜਰੂਰ ਉੱਠਦੇ ਹਨ। ਠੀਕ ਹੈ ਸਰਕਾਰਾਂ ਚੰਗੀਆਂ ਨਹੀਂ ਹਨ, ਜੋ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਰਹੀਆਂ, ਪਰ ਕੀ ਅਸੀਂ ਆਪਣੀ ਜਿੰਮੇਵਾਰੀ ਸਹੀ ਨਿਭਾ ਰਹੇ ਹਾਂ? ਲੋਕਾਂ ਦੇ ਪੁੱਤ ਨਸ਼ਾ ਖਾ ਕੇ ਮਰ ਗਏ, ਅਸੀਂ ਸਰਕਾਰ ਦੇ ਮਗਰ ਪੈ ਗਏ, ਕੇ ਸਰਕਾਰ ਨਸ਼ਾ ਬੰਦ ਕਰਵਾਵੇ, ਕਿਉਂ ਸਰਕਾਰ ਨਸ਼ਾ ਮੁਫਤ ਵੰਡ ਰਹੀ ਹੈ? ਸਾਨੂੰ ਨਸ਼ਾ ਕੋਈ ਧੱਕੇ ਨਾਲ ਖੁਆ ਰਿਹਾ ਹੈ? ਸਾਡੇ ਬੱਚੇ ਜਾਂ ਅਸੀਂ ਨਸ਼ਾ ਕਿਉਂ ਕਰਦੇ ਹਾਂ? ਇੰਨਾ ਮਹਿੰਗਾ ਨਸ਼ਾ ਜਦੋਂ ਬੱਚੇ ਖਰੀਦਦੇ ਹਨ ਉਹਨਾ ਕੋਲ ਪੈਸੇ ਕਿੱਥੋਂ ਆਉਂਦੇ ਹਨ? ਮਾਂ ਬਾਪ ਆਪਣੇ ਬੱਚਿਆਂ ਨੂੰ ਨਸ਼ਾ ਕਰਨੋ ਕਿਉਂ ਨਹੀਂ ਹਟਾ ਸਕਦੇ? ਕੀ ਅਸੀਂ ਆਪਣੀਆਂ ਕਮਜੋਰੀਆਂ ਦਾ ਦੋਸ਼ ਸਰਕਾਰਾਂ ਨੂੰ ਨਹੀਂ ਦੇ ਰਹੇ? ਕੀ ਅਸੀਂ ਸਾਡੇ ਪਿੰਡਾਂ ਅਤੇ ਸਹਿਰਾਂ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਨਹੀਂ ਜਾਣਦੇ? ਜੇ ਜਾਣਦੇ ਹਾਂ ਤਾਂ ਪੁਲਿਸ ਕੋਲ ਉਹਨਾ ਦੀ ਸਕਾਇਤ ਕਿਉਂ ਨਹੀਂ ਕਰਦੇ? ਲੋਕੋ ਅਸੀਂ ਫੁਕਰੇ ਹੋ ਗਏ ਹਾਂ, ਅਸੀਂ ਵਿਹਲੜ ਹੋ ਗਏ ਹਾਂ, ਕਿਰਤ ਕਰਨ ਨੂੰ ਘੱਟੀਆ ਸਮਝਣ ਲੱਗ ਗਏ ਹਾਂ, ਚਾਦਰ ਵੇਖ ਕੇ ਪੈਰ ਪਸਾਰਨੋ ਹੱਟ ਗਏ ਹਾਂ, ਸਾਡੇ ਬੱਚੇ ਵਿਗੜ ਗਏ ਹਨ, ਅਸੀਂ ਆਪਣੇ ਪ੍ਰੀਵਾਰਾਂ ਨੂੰ ਸੰਭਾਲ ਨੀ ਸਕੇ, ਦੋਸ਼ ਸਰਕਾਰਾਂ ਨੂੰ ਦੇ ਰਹੇ ਹਾਂ, ਪਹਿਲਾਂ ਬਾਦਲ ਨੂੰ ਗਾਲ਼ਾਂ ਕੱਢਦੇ ਸੀ ਹੁਣ ਕੈਪਟਨ ਨੂੰ ਕੱਢਣ ਲੱਗ ਗਏ ਹਾਂ, ਸਦਾ ਸਰਕਾਰ ਕੈਪਟਨ ਦੀ ਵੀ ਨਹੀਂ ਰਹਿਣੀ ਫਿਰ ਕਿਸੇ ਹੋਰ ਨੂੰ ਗਾਲ਼ਾਂ ਕੱਢਣ ਲੱਗ ਜਾਇਓ, ਪਰ ਆਪਣੇ ਘਰ ਦੀ ਰਾਖੀ ਆਪ ਨਾ ਕਰਿਓ। ਸਰਕਾਰਾਂ ਤੋਂ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ।

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
mobwiel-94170-23911
[email protected]


07/08/18
ਪ੍ਰੈਸ ਕਲੱਬ ਕੋਟਕਪੂਰਾ

ਪੰਜਾਬ `ਚ ਫੈਲੇ ਨਸ਼ਿਆਂ ਦੇ ਕੋਹੜ ਦੇ ਖਾਤਮੇ ਲਈ ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਦੇ ਨਾਂਅ ਪੱਤਰ
ਜ਼ਿਲ੍ਹੇ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸ਼ਾਂਤਮਈ ਨਸ਼ਾ ਵਿਰੋਧੀ ਰੋਸ ਪ੍ਰਦਰਸ਼ਨ

ਕੋਟਕਪੂਰਾ, 5 ਜੁਲਾਈ () :- ਬੀਤੀ 1 ਜੁਲਾਈ ਤੋਂ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ `ਚ ਉੱਠੀ ਨਸ਼ਾ ਵਿਰੋਧੀ ਲੋਕ ਲਹਿਰ ਦਾ ਸਮਰਥਨ ਕਰਦਿਆਂ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਨੂੰ ਸੁਚੇਤ ਕਰਨ ਵਾਸਤੇ ਜਿਲਾ ਫਰੀਦਕੋਟ ਦੇ ਵੱਖ-ਵੱਖ ਸਟੇਸ਼ਨਾਂ `ਤੇ ਤੈਨਾਤ ਅਖਬਾਰਾਂ ਤੇ ਟੀ. ਵੀ. ਚੈਨਲਾਂ ਨਾਲ ਜੁੜੇ ਸਮੂਹ ਪੱਤਰਕਾਰਾਂ ਨੇ ਪ੍ਰੈਸ ਕਲੱਬ ਕੋਟਕਪੂਰਾ ਦੀ ਅਗਵਾਈ ਹੇਠ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੋਂਪਿਆ। ਸਥਾਨਕ ਤਹਿਸੀਲ ਕੰਪਲੈਕਸ ਵਿਖੇ ਉਪ ਮੰਡਲ ਮੈਜਿਸਟ੍ਰੇਟ ਦੀ ਗੈਰ ਹਾਜਰੀ ਕਰਕੇ ਉਕਤ ਮੰਗ ਪੱਤਰ ਅਨਿਲ ਕੁਮਾਰ ਸ਼ਰਮਾ ਨਾਇਬ ਤਹਿਸੀਲਦਾਰ ਕੋਟਕਪੂਰਾ ਨੂੰ ਸੋਂਪਿਆ ਗਿਆ ਤੇ ਉਨਾ ਵਿਸ਼ਵਾਸ਼ ਦਿਵਾਇਆ ਕਿ ਇਹ ਮੰਗ ਪੱਤਰ ਜਲਦ ਮੁੱਖ ਮੰਤਰੀ ਦਫਤਰ ਚੰਡੀਗੜ ਵਿਖੇ ਭੇਜ ਦਿੱਤਾ ਜਾਵੇਗਾ। ਨਸ਼ਾ ਵਿਰੋਧੀ ਫਰੰਟ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਲਹਿਰ ਦਾ ਸਮਰਥਨ ਕਰਨ ਲਈ ਪਹਿਲਾਂ ਸਮੂਹ ਪੱਤਰਕਾਰ ਸਥਾਨਕ ਬੱਤੀਆਂ ਵਾਲੇ ਚੋਂਕ `ਚ ਇਕੱਤਰ ਹੋਏ, ਇੱਥੇ ਬਿਜਲਈ ਮੀਡੀਏ ਦੇ ਕੈਮਰਿਆਂ ਸਾਹਮਣੇ ਗੱਲਬਾਤ ਕਰਦਿਆਂ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਖਿਆ ਕਿ ਨਸ਼ਾ ਤਸਕਰਾਂ, ਨਸ਼ੇੜੀਆਂ ਅਤੇ ਇਹਨਾ ਦੀ ਸਰਪ੍ਰਸਤੀ ਕਰਨ ਵਾਲਿਆਂ ਦੀ ਨਸ਼ਾ ਸਪਲਾਈ ਲਾਈਨ ਤੋੜਨ ਦੀ ਜਿੰਮੇਵਾਰੀ ਸਮੇਂ ਦੀ ਸਰਕਾਰ, ਸੁਰੱਖਿਆ ਏਜੰਸੀਆਂ ਅਤੇ ਪ੍ਰਸ਼ਾਸ਼ਨ ਦੀ ਹੁੰਦੀ ਹੈ। ਜੇਕਰ ਸਪਲਾਈ ਲਾਈਨ ਤੋੜਨ ਲਈ ਲੋਕ ਲਹਿਰ ਬਣ ਜਾਵੇ ਅਰਥਾਤ ਲੋਕਾਂ ਨੂੰ ਇਹ ਕੰਮ ਕਰਨ ਦੀ ਨੌਬਤ ਆ ਜਾਵੇ ਤਾਂ ਫਿਰ ਸਰਕਾਰਾਂ ਨੂੰ ਅਮਨ ਕਾਨੂੰਨ ਦੀ ਸਥਿੱਤੀ ਬਰਕਰਾਰ ਰੱਖਣ `ਚ ਮੁਸ਼ਕਿਲ ਪੇਸ਼ ਆ ਸਕਦੀ ਹੈ। ਕਿਉਂਕਿ ਲੋਕ ਰੋਹ ਮੂਹਰੇ ਟਿਕ ਸਕਣਾ ਕਿਸੇ ਲਈ ਵੀ ਬਹੁਤ ਔਖਾ ਕੰਮ ਹੈ। ਉਨਾ ਕਿਹਾ ਕਿ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ `ਚ ਨਸ਼ੇ ਦੀ ਜਿਆਦਾ ਮਾਤਰਾ (ਓਵਰਡੋਜ਼) ਕਾਰਨ ਰੋਜਾਨਾ ਨੌਜਵਾਨਾ ਦੀਆਂ ਹੋ ਰਹੀਆਂ ਮੌਤਾਂ ਦਾ ਸੰਤਾਪ ਸਬੰਧਤ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪੱਤਰਕਾਰਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਕਿਉਂਕਿ ਸਭ ਤੋਂ ਪਹਿਲਾਂ ਘਟਨਾ ਸਥਾਨ `ਤੇ ਪੱਤਰਕਾਰ ਪਹੁੰਚਦੇ ਹਨ ਤੇ ਉਨਾ ਨੂੰ ਮ੍ਰਿਤਕ ਨੋਜਵਾਨ ਦੇ ਮਾਪਿਆਂ ਦੇ ਵੈਣ, ਕੀਰਨੇ, ਬੱਚਿਆਂ ਦਾ ਚੀਕ ਚਿਹਾੜਾ ਆਦਿ ਮਾਤਮ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਕਿ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਪ੍ਰੈਸ ਕਲੱਬ ਦੇ ਮੁੱਖ ਸਰਪ੍ਰਸਤ ਗੁਰਮੀਤ ਸਿੰਘ ਅਤੇ ਚੇਅਰਮੈਨ ਅਮਿਤ ਸ਼ਰਮਾ ਨੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਆਖਿਆ ਕਿ ਨਸ਼ਾ ਵਿਰੋਧੀ ਲਹਿਰ `ਚ ਉੱਘੇ ਸਮਾਜਸੇਵੀਆਂ ਦੇ ਨਾਲ-ਨਾਲ ਬੁੱਧੀਜੀਵੀਆਂ, ਲੇਖਕਾਂ, ਪ੍ਰਚਾਰਕਾਂ ਸਮੇਤ ਪੱਤਰਕਾਰਾਂ ਦੀ ਸ਼ਮੂਲੀਅਤ ਵੀ ਨਸ਼ਾ ਵਿਰੋਧੀ ਮੁਹਿੰਮ ਵਾਸਤੇ ਸ਼ੁੱਭ ਸੰਕੇਤ ਹੈ।


07/01/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਸਮਾਧ ਤੇ ਸਮਾਧੀ ਦੀ ਵਿਆਖਿਆ-੫੩

ਅਵਤਾਰ ਸਿੰਘ ਮਿਸ਼ਨਰੀ (510-432-5827)

ਸਮਾਧ, ਸਮਾਧੀ ਤੇ ਸਮਾਧਿ ਸੰਸਕ੍ਰਿਤ ਦੇ ਸ਼ਬਦ ਹਨ। ਸਮਾਧ-ਮੜੀ, ਮੁਰਦੇ ਦੀ ਮਰਨ ਥਾਂ, ਮੱਠ। ਸਮਾਧੀ-ਚੰਗੀ ਤਰਾਂ ਚਿੱਤ ਠਹਿਰਾਉਣ ਦੀ ਕ੍ਰਿਆ, ਲਿਵਲੀਣਤਾ (ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ॥(੬) ਸਮਾਧਿ-ਧਿਆਨ ਦੀ ਲੀਨਤਾ, ਚਿਤ ਦੀਆਂ ਬਿਰਤੀਆਂ ਨੂੰ ਜੋੜ ਕੇ, ਆਤਮ ਧਿਆਨ ਵਿੱਚ ਜੁੜਨਾ, ਮਨ ਦਾ ਪੂਰਨ ਟਿਕਾਉ (ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ॥(੬੭) ਸਹਿਜ ਸਮਾਧਿ ਅਨੰਦ॥(੮੦੭)
ਗੁਰਮਤਿ-
ਗੁਰਮਤਿ ਮੜੀ ਮੱਠਾਂ (ਸਮਾਧਾਂ) ਬਣਾ ਕੇ ਪੂਜਣ ਦੀ ਹਾਮੀ ਨਹੀਂ ਸਗੋਂ ਇਹ ਸਨਾਤਨ, ਜੋਗੀ ਤੇ ਸਾਧ ਮੱਤ ਦੀ ਮਨੌਤ ਹੈ-ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੇ ਮਸਾਣਿ ਨ ਜਾਈ॥(੬੩੫) ਜਿਨਿ ਜੀਉ ਪਿੰਡ ਦਿਤਾ ਤਿਸੁ ਚੇਤਹਿ ਨਾਹਿ॥ਮੜੀ ਮਸਾਣੀ ਮੂੜੇ ਜੋਗੁ ਨਾਹਿ॥੯॥(੧੧੯੦)ਕਿਸੇ ਪੁਜਾਈ ਸਿਲਾ ਸੁੰਨ ਕੋਈ ਗੋਰੀ ਮੜ੍ਹੀ ਪੁਜਾਵੈ। ਫੋਕਟ ਧਰਮੀ ਭਰਮ ਭੁਲਾਵੈ॥੧੮॥ (ਵਾਰ-੧ ਭਾ. ਗੁ) ਅਤੇ ਸਿੱਖ ਰਹਿਤ ਮਰਯਾਦਾ ਵਿੱਚ ਵੀ ਮੜੀ, ਮੱਠ, ਮਸਾਣੀ ਪੂਜਨ ਦਾ ਸਖਤ ਵਿਰੋਧ ਹੈ। ਸੋ ਥਾਂ ਥਾਂ ਮੁਰਦਿਆਂ ਦੀਆਂ ਬਣਾਉਣੀਆਂ ਗਲਤ ਹਨ ਪਰ ਡੇਰੇਦਾਰ, ਸੰਪ੍ਰਦਾਈ ਟਕਸਾਲੀ ਆਪਣੇ ਮਰ ਚੁੱਕੇ ਸਾਧਾਂ ਸੰਤਾਂ ਮਹੰਤਾਂ ਦੀਆਂ ਸਮਾਧੀਆਂ ਬਣਾਉਂਦੇ ਹਨ। ਇਨ੍ਹਾਂ ਭੱਦਰਪੁਰਸ਼ਾਂ ਦੀ ਬਦੌਲਤ ਹੀ ਪੰਜਾਬ ਬਲਕਿ ਭਾਰਤ ਦੇ ਕੋਨੇ ਕੋਨੇ ਵਿੱਚ ਸਮਾਧੀਆਂ (ਮੜੀਆਂ) ਬਣੀਆਂ ਹੋਈਆਂ ਹਨ। ਹਾਂ ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਸ਼ਹੀਦਾਂ ਦੇ ਇਤਿਹਾਸਕ ਥਾਵਾਂ ਤੇ ਪ੍ਰਚਾਰ ਨੂੰ ਮੁੱਖ ਰੱਖ ਕੇ ਯਾਦਗਾਰੀ ਗੁਰਦੁਆਰੇ (ਧਰਮ ਪ੍ਰਚਾਰ ਕੇਂਦਰ) ਬਣਾਏ ਜਾ ਸਕਦੇ ਹਨ।

ਡਾ. ਹਰਜਿੰਦਰ ਸਿੰਘ ਦਿਲਗੀਰ ਵੀ ਸਿੱਖ ਫਿਲਾਸਫੀ ਵਿੱਚ ਲਿਖਦੇ ਹਨ ਕਿ ਕਿਸੇ ਮਰੇ ਹੋਏ ਇਨਸਾਨ ਦੀਆਂ ਹੱਡੀਆਂ ਦੱਬ ਕੇ ਜਾਂ ਉਸ ਦੇ ਸਸਕਾਰ ਵਾਲੀ ਜਗ੍ਹਾ ਉਪਰ ਬਣਾਏ ਗਏ ਢਾਂਚੇ/ਚਬੂਤਰੇ/ਗੁੰਬਦ ਨੂੰ ਸਮਾਧ ਕਿਹਾ ਜਾਂਦਾ ਹੈ (ਹਿੰਦੂਆਂ ਮੁਤਾਬਿਕ ਇਸ ਦਾ ਮਕਸਦ ਹੈ ਕਿ ਉਹ ਸ਼ਕਸ ਮਰਿਆ ਨਹੀਂ ਬਲਕਿ ਉਸ ਥਾਂ ਤੇ ਸਮਾਧੀ ਲਾ ਅਰਾਮ ਕਰ ਰਿਹਾ ਹੈ) ਜਿਵੇਂ ਮੁਸਲਮਾਨਾਂ ਲਈ ਕਬਰ ਇਵੇਂ ਹੀ ਹਿੰਦੀਆਂ ਲਈ ਸਮਾਧ ਹੈ। ਸਿੱਖ ਧਰਮ ਵਿੱਚ ਅਜਿਹਾ ਢਾਂਚਾ ਸਮਾਧ ਵਗੈਰਾ ਬਨੌਣ ਦੀ ਸਖਤ ਮਨਾਹੀ ਹੈ। ਉਂਝ ਕਿਸੇ ਸ਼ਹੀਦ , ਵਿਦਵਾਨ, ਆਗੂ ਜਾਂ ਕਿਸੇ ਹੋਰ ਅਹਿਮ ਸਿੱਖ ਦੀ ਯਾਦ ਵਿੱਚ ਯਾਦਗਾਰ ਮੰਜੀ ਸਾਹਿਬ ਜਾਂ ਗੁਰਦਵਾਰਾ ਬਣਾਉਣ ਦੀ ਮਨਾਹੀ ਨਹੀਂ (ਪਰ ਸਸਕਾਰ ਜਾਂ ਹੱਡੀਆਂ ਦੀ ਜਗਾ ਤੇ ਇਸ ਦੀ ਇਜ਼ਾਜ਼ਤ ਨਹੀਂ ਹੈ) ਜੇ ਕਦੇ ਕਿਸੇ ਸਿੱਖ ਵਾਸਤੇ ਕੋਈ ਸਮਾਧ ਜਾਂ (ਅਖੌਤੀ ਅੰਗੀਠਾ) ਬਣਾਈ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦੇ ਉਲਟ ਹੈ।

ਸਮਾਧੀ ਜਾਂ ਸਮਾਧਿ-ਇਹ ਵੀ ਸਨਾਤਨ ਸਾਧਾਂ ਸੰਤਾਂ ਤੇ ਸਿੱਧ ਜੋਗੀਆਂ ਨਾਲ ਸਬੰਧਤ ਹੈ। ਇਨ੍ਹਾਂ ਵੱਲੋਂ ਮਿਥੇ ਪ੍ਰਾਣਾਯਾਮ ਦੇ ਅੱਠ ਪ੍ਰਕਾਰ ਹਨ ਸਮਾਧੀ ਓਨ੍ਹਾਂ ਚੋਂ ਇੱਕ ਹੈ। ਇਹ ਲੋਕ ਘਰ ਬਾਰ ਛੱਡ ਕੇ ਜੰਗਲਾਂ ਜਾਂ ਪਹਾੜੀ ਮੱਠਾਂ ਜਾਂ ਕੰਦਰਾਂ ਵਿੱਚ ਅੰਖਾਂ ਮੀਟ ਸਮਾਧੀ ਲਾ ਕੇ ਸਰੀਰ ਨੂੰ ਗੈਰ ਕੁਦਰਤੀ ਕਸ਼ਟ ਦਿੰਦੇ ਪਰ ਪੰਜ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਨਾਲ ਹੀ ਲੈ ਜਾਂਦੇ ਹਨ-ਦੇਸੁ ਛੋਡਿ ਪਰਦੇਸਹਿ ਧਾਇਆ॥ ਪੰਚ ਚੰਡਾਲ ਨਾਲੇ ਲੈ ਆਈਆ॥(੧੩੪੮) ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ-ਗਾਏਂ ਸੁਨੇ ਆਂਖੇਂ ਮੀਚੈਂ ਪਾਈਐ ਨਾਂ ਪਰਮਪਦ ਗੁਰ ਉਪਦੇਸ਼ ਗਹਿ ਜਉ ਲਉ ਨਾ ਕਮਾਈਐ॥ ਅਜੋਕੇ ਸਾਧ ਸੰਤ ਡੇਰੇਦਾਰ ਸੰਪ੍ਰਦਾਈ ਅੱਖਾਂ ਮੀਚ ਸਮਾਧੀਆਂ ਵਾਂਗ ਹੀ ਅੱਖ ਮੀਚੇ ਸਿਮਰਨ, ਮਾਲਾ ਫੇਰਨੀਆਂ ਅਤੇ ਆਲਤੀ ਪਾਲਤੀ ਆਸਨ ਕਰਵਾ ਰਹੇ ਹਨ। ਰੱਬੀ ਸਿਸਟਮ ਨੂੰ ਸਮਝ ਉਸ ਨਾਲ ਜੁੜਨਾ, ਰੰਗ ਚ ਰੰਗੇ ਰਹਿਣਾ ਅਤੇ ਭਾਣੇ ਵਿੱਚ ਰਹਿਣਾ ਹੀ ਸਹਿਜ ਸਮਾਧਿ ਹੈ-ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸ ਸੋਈ ਜਾਣੈ ਜੀਉ॥ (੧੦੬) ਰੱਬੀ ਗੁਣਾਂ ਨੂੰ ਧਾਰਨ ਕਰਕੇ, ਗੁਰੂ ਦੀ ਕ੍ਰਿਪਾ ਨਾਲ ਉਸ ਦੇ ਗੁਣ ਗਾਉਣੇ ਸਹਜ ਸਮਾਧੀ ਵਿੱਚ ਸਮਾਉਣਾ ਭਾਵ ਮਨ ਇਕਾਗਰ ਕਰਕੇ, ਸ਼ੁੱਧ ਮਨ ਨਾਲ ਮਨੁੱਖਤਾ ਦੀ ਸੇਵਾ ਕਰਨੀ ਸਹਜ ਸਮਾਧਿ ਹੈ ਨਾਂ ਕਿ ਘਰ ਬਾਰ ਛੱਡ ਜੰਗਲਾਂ, ਪਹਾੜਾਂ ਜਾਂ ਮੱਠਾਂ ਵਿੱਚ ਅੱਖਾਂ ਮੀਟ ਬੈਠ ਕੇ ਭੀਖ ਜਾਂ ਲੋਕਾਂ ਦੀ ਦਾਨ ਦਸ਼ਣਾ ਸੇਵਾ ਤੇ ਆਸ ਰੱਖ ਸੰਸਾਰਕ ਜੁਮੇਵਾਰੀਆਂ ਤੋਂ ਭੱਜਣਾ ਸਹਜ ਸਮਾਧੀ ਹੈ-ਗੁਰ ਪ੍ਰਸਾਦਿ ਗਾਵੈ ਗੁਣ ਨਾਨਕ ਸਹਜਿ ਸਮਾਧਿ ਸਮਾਹਿਓ॥(੧੨੯੯)


07/01/18
ਗੁਰਿੰਦਰ ਸਿੰਘ ਕੋਟਕਪੂਰਾ

ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਰਿਪੋਰਟ ਤਿਆਰ
ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਗੋਲੀਕਾਂਡ ਸਬੰਧੀ ਹੋਣਗੇ ਵੱਡੇ ਖੁਲਾਸੇ
*ਤਖਤਾਂ ਦੇ ਜਥੇਦਾਰਾਂ, ਅਕਾਲੀਆਂ ਤੇ ਸ਼੍ਰੋਮਣੀ ਕਮੇਟੀ ਲਈ ਪਰਖ ਦੀ ਘੜੀ!
* ਕੀ ਹੁਣ ਦੋਸ਼ੀਆਂ ਖਿਲਾਫ ਸੰਗੀਨ ਧਰਾਵਾਂ ਤਹਿਤ ਮਾਮਲੇ ਹੋਣਗੇ ਦਰਜ?
*30 ਨੂੰ ਰਿਪੋਰਟ ਮੁੱਖ ਮੰਤਰੀ ਨੂੰ ਸੋਂਪ ਦਿੱਤੀ ਜਾਵੇਗੀ: ਜਸਟਿਸ ਰਣਜੀਤ ਸਿੰਘ

ਕੋਟਕਪੂਰਾ, 29 ਜੂਨ (ਗੁਰਿੰਦਰ ਸਿੰਘ) :- ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਦਿਆਂ ਹੀ ਪੰਜਾਬ ਭਰ `ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਗਠਿਤ ਕੀਤੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਕਮਿਸ਼ਨ ਵੱਲੋਂ ਭਲਕੇ 30 ਜੂਨ ਨੂੰ ਆਪਣੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੋਂਪਣ ਦੀ ਸੰਭਾਵਨਾ ਹੈ। ਭਾਵੇਂ ਜਸਟਿਸ ਰਣਜੀਤ ਸਿੰਘ ਖੁਦ ਇਸ ਗੱਲ ਦੀ ਤਾਂ ਪੁਸ਼ਟੀ ਕਰਦੇ ਹਨ ਪਰ ਰਿਪੋਰਟ `ਚ ਕੀ ਕੁੱਝ ਹੈ, ਇਸ ਬਾਰੇ ਕੁੱਝ ਵੀ ਦੱਸਣ ਤੋਂ ਇਨਕਾਰੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਭਰ `ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਮੁਕੰਮਲ ਰਿਪੋਰਟ ਤਾਂ ਕਮਿਸ਼ਨ ਵੱਲੋਂ ਅਜੇ ਦੋ ਮਹੀਨੇ ਰੁਕ ਕੇ ਦਿੱਤੀ ਜਾਵੇਗੀ ਪਰ ਭਲਕੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ਦੇ ਨਾਲ-ਨਾਲ ਮੱਲ ਕੇ ਅਤੇ ਗੁਰੂਸਰ ਭਗਤਾ ਵਿਖੇ ਵਾਪਰੇ ਬੇਅਦਬੀ ਕਾਂਡਾਂ ਨਾਲ ਸਬੰਧਤ ਰਿਪੋਰਟਾਂ ਹੀ ਸੋਂਪੀਆਂ ਜਾਣਗੀਆਂ। ਕੀ ਉਕਤ ਰਿਪੋਰਟ ਸੋਂਪਣ ਤੋਂ ਬਾਅਦ ਦੋਸ਼ੀਆਂ ਖਿਲਾਫ ਕਤਲ, ਸਾੜਫੂਕ ਵਰਗੇ ਸੰਗੀਨ ਧਰਾਵਾਂ ਵਾਲੇ ਪਰਚੇ ਦਰਜ ਹੋਣਗੇ, ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਪਾਵਨ ਸਰੂਪ ਨੂੰ ਚੋਰੀ ਕਰਨ ਤੋਂ ਬਾਅਦ ਦੋ ਨੋਜਵਾਨਾ ਦਾ ਕਤਲ, 100 ਦੇ ਕਰੀਬ ਜਖਮੀ, ਦਰਜਨਾ ਸਰਕਾਰੀ ਤੇ ਗੈਰ ਸਰਕਾਰੀ ਵਾਹਨਾਂ ਦਾ ਨੁਕਸਾਨੇ ਜਾਣ ਦੀਆਂ ਵਾਪਰੀਆਂ ਘਟਨਾਵਾਂ ਦਾ ਸਬੰਧ ਪਾਵਨ ਸਰੂਪ ਦੀ ਚੋਰੀ ਅਤੇ ਬੇਅਦਬੀ ਨਾਲ ਹੀ ਜੁੜਿਆ ਹੋਇਆ ਹੈ।
ਕਰੀਬ ਪੌਣੇ ਤਿੰਨ ਸਾਲ ਪਹਿਲਾਂ ਵਾਪਰੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਕੈਪਟਨ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪਹਿਲੀ ਰਿਪੋਰਟ `ਚ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੇ ਖੁਲਾਸਿਆਂ ਤੋਂ ਬਾਅਦ ਕਾਫੀ ਤਬਦੀਲੀ ਹੋਣ ਦੀ ਖਬਰ ਮਿਲੀ ਹੈ। ਕਿਉਂਕਿ ਪਹਿਲਾਂ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਨੂੰ ਸ਼ੱਕ ਦੇ ਅਧਾਰ `ਤੇ ਦੇਖਿਆ ਜਾ ਰਿਹਾ ਸੀ ਪਰ ਹੁਣ ਵਿਸ਼ੇਸ਼ ਜਾਂਚ ਟੀਮ ਤੋਂ ਇਲਾਵਾ ਮੋਗਾ ਦੀ ਅਦਾਲਤ ਮੂਹਰੇ ਡੇਰਾ ਪ੍ਰੇਮੀਆਂ ਵੱਲੋਂ ਬੇਅਦਬੀ ਕਾਂਡ ਨੂੰ ਅੰਜਾਮ ਦਿੱਤੇ ਜਾਣਾ ਪ੍ਰਵਾਨ ਕਰ ਲੈਣ, 1 ਜੂਨ 2015 ਨੂੰ ਪਾਵਨ ਸਰੂਪ ਦੀ ਚੋਰੀ, 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਲਾਏ ਗਏ ਭੜਕਾਊ ਪੋਸਟਰਾਂ ਦੀ ਲਿਖਾਈ ਵੀ ਡੇਰਾ ਪ੍ਰੇਮੀਆਂ ਦੀ ਲਿਖਾਈ ਨਾਲ ਮੇਲ ਖਾ ਜਾਣ ਕਾਰਨ ਵਿਸ਼ੇਸ਼ ਜਾਂਚ ਟੀਮ ਕੋਲ ਇਕੱਤਰ ਪੁਖਤਾ ਸਬੂਤਾਂ ਦੀ ਜਾਣਕਾਰੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੁੱਜ ਜਾਣ ਤੋਂ ਬਾਅਦ ਰਿਪੋਰਟ `ਚ ਤਬਦੀਲੀ ਹੋਣੀ ਸੁਭਾਵਿਕ ਹੈ। ਕਿਉਂਕਿ ਪਹਿਲਾਂ ਉਕਤ ਜਾਂਚ ਦਾ ਦਾਇਰਾ ਕੁੱਝ ਸਿਆਸਤਦਾਨਾ, ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਦਰਮਿਆਨ ਹੀ ਘੁੰਮਦਾ ਰਿਹਾ। ਉਕਤ ਰਿਪੋਰਟ ਸਬੰਧੀ ਖੁਲਾਸਾ ਹੋਣ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਮੁਖੀ ਸਮੇਤ ਅਨੇਕਾਂ ਉਨਾ ਅਕਾਲੀ ਆਗੂਆਂ ਲਈ ਪ੍ਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਹਨ, ਜਿੰਨਾ ਦੇ ਡੇਰਾ ਪ੍ਰੇਮੀਆਂ ਦੇ ਨਾਲ ਜਾਂ ਸਮਾਗਮਾਂ `ਚ ਸ਼ਮੂਲੀਅਤ ਦੇ ਵੀਡੀਓ ਕਲਿੱਪ ਤੇ ਪੋਸਟਾਂ ਸ਼ੋਸ਼ਲ ਮੀਡੀਏ ਰਾਹੀਂ ਵਾਇਰਲ ਹੁੰਦੀਆਂ ਰਹੀਆਂ। ਉਸ ਸਮੇਂ ਕੁੱਝ ਕੁ ਅਕਾਲੀਆਂ ਨੂੰ ਅਕਾਲ ਤਖਤ `ਤੇ ਤਲਬ ਕਰਕੇ ਡਰਾਮੇਬਾਜੀ ਅਰਥਾਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਮਰਾਹ ਕਰਨ ਦੀਆਂ ਕੌਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਹੁਣ ਉਹ ਡਰਾਮੇਬਾਜੀ ਤਖਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਸਮੇਤ ਸਬੰਧਤ ਅਕਾਲੀ ਆਗੂਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਰਿਪੋਰਟ `ਚ ਜਿੱਥੇ ਮੋਗਾ ਦੇ ਤਤਕਾਲੀਨ ਐਸ. ਐਸ. ਪੀ. ਚਰਨਜੀਤ ਸ਼ਰਮਾਂ, ਫਰੀਦਕੋਟ ਦੇ ਐਸ. ਪੀ. ਬਿਕਰਮਜੀਤ ਸਿੰਘ, ਬਾਜਾਖਾਨਾ ਦੇ ਐਸ. ਐਚ. ਓ. ਅਮਰਜੀਤ ਸਿੰਘ ਕੁਲਾਰ ਸਮੇਤ ਕਰੀਬ 10 ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿੱਧੇ ਤੌਰ `ਤੇ ਇਸ ਗੋਲੀਕਾਂਡ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ, ਉਥੇ ਤਤਕਾਲੀਨ ਡੀ. ਜੀ. ਪੀ ਅਤੇ ਇੱਕ ਆਈ. ਜੀ. ਨੂੰ ਵੀ ਇਸ ਗੋਲੀਕਾਂਡ ਲਈ ਕਟਹਿਰੇ `ਚ ਖੜਾ ਕੀਤਾ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ‘ਰੋਜ਼ਾਨਾ ਸਪੋਕਸਮੈਨ’ ਦੇ ਹੱਥ ਲੱਗੀ ਜਾਣਕਾਰੀ ਮੁਤਾਬਿਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਜਾਰੀ ਕੀਤੀ ਜਾਣ ਵਾਲੀ ਇਸ ਪਹਿਲੀ ਰਿਪੋਰਟ `ਚ ਇਸ ਕਾਂਡ ਲਈ ਪੰਜਾਬ ਦੇ ਤਤਕਾਲੀਨ ਗ੍ਰਹਿ ਮੰਤਰੀ ਅਤੇ ਗ੍ਰਹਿ ਸਕੱਤਰ ਨੂੰ ਵੀ ਬਰਾਬਰ ਦਾ ਜਿੰਮੇਵਾਰ ਮੰਨਿਆ ਗਿਆ ਹੈ। ਦੂਜੇ ਪਾਸੇ ਇਸ ਰਿਪੋਰਟ `ਚ ਵਾਪਰੇ ਇਸ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੇ ਇੱਕ-ਇੱਕ ਪ੍ਰਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, 50-50 ਲੱਖ ਰੁਪਏ ਆਰਥਿਕ ਮੱਦਦ ਦੇਣ ਤੋਂ ਇਲਾਵਾ ਜਖਮੀ ਹੋਏ ਭਾਈ ਅਜੀਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੂੰ ਵੀ ਸਰਕਾਰੀ ਨੌਕਰੀ ਦੇਣ ਅਤੇ 10-10 ਲੱਖ ਰੁਪਏ ਮੁਆਵਜੇ ਦੀ ਸਿਫ਼ਾਰਸ਼ ਕੀਤੀ ਗਈ ਹੈ।
ਇੱਥੇ ਇਹ ਦੱਸਣਾ ਜਰੂਰੀ ਹੈ ਕਿ 1 ਜੂਨ 2015 ਨੂੰ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋ ਗਏ ਸਨ, ਉਪਰੰਤ 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਬਰਗਾੜੀ ਅਤੇ ਆਸ ਪਾਸ ਦੇ ਪਿੰਡਾਂ `ਚ ਲਾਏ ਗਏ ਹੱਥ ਲਿਖਤ ਪੋਸਟਰਾਂ `ਚ ਕੁੱਝ ਸਤਿਕਾਰਤ ਸਿੱਖ ਸ਼ਖਸ਼ੀਅਤਾਂ ਖਿਲਾਫ ਅਪਮਾਨਜਨਕ ਤੇ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਲਿਖਿਆ ਗਿਆ ਸੀ ਕਿ ‘ਸਿੱਖਾਂ ਦਾ ਵੱਡਾ ਗੁਰੂ ਸਾਡੇ ਕਬਜੇ `ਚ ਹੈ, ਲੱਭ ਸਕਦੇ ਹੋ ਤਾਂ ਲੱਭ ਲਵੋ’, ਤੁਸੀ ਸਾਡੇ ਬਾਬੇ ਦੀ ਫਿਲਮ ਨਹੀਂ ਚੱਲਣ ਦਿੱਤੀ, ਇਸ ਲਈ ਸਾਨੂੰ ਤੁਹਾਡਾ ਵੱਡਾ ਗੁਰੂ ਆਪਣੇ ਕਬਜੇ `ਚ ਲੈਣ ਲਈ ਮਜਬੂਰ ਹੋਣਾ ਪਿਆ। ਧੰਨ-ਧੰਨ ਸਤਿਗੁਰੂ ਤੋਂ ਸ਼ੁਰੂ ਕਰਕੇ ਇਸੇ ਸ਼ਬਦਾਵਲੀ ਰਾਹੀਂ ਖਤਮ ਕਰਨ ਵਾਲੇ ਪੋਸਟਰਾਂ ਨੂੰ ਪੁਲਿਸ ਨੇ ਕਬਜੇ `ਚ ਲੈਣ ਤੋਂ ਬਾਅਦ ਨਾ ਤਾਂ ਕਿਸੇ ਡੇਰਾ ਪ੍ਰੇਮੀ ਤੋਂ ਪੁੱਛਗਿੱਛ ਕਰਨ ਦੀ ਜਰੂਰਤ ਸਮਝੀ ਤੇ ਨਾ ਹੀ ਅਕਾਲੀ ਆਗੂਆਂ, ਤਖਤਾਂ ਦੇ ਜਥੇਦਾਰਾਂ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕਿਸੇ ਅਹੁਦੇਦਾਰ, ਮੈਂਬਰ ਜਾਂ ਮੁਲਾਜਮ ਦਾ ਇਸ ਸਬੰਧੀ ਕੋਈ ਪ੍ਰਤੀਕਰਮ ਵਾਲਾ ਬਿਆਨ ਜਾਰੀ ਹੋਇਆ। ਇਸ ਤੋਂ ਬਾਅਦ 11 ਅਤੇ 12 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ `ਚ ਪਾਵਨ ਸਰੂਪ ਦੇ ਅੰਗ ਪਾੜ ਕੇ ਖਿਲਾਰ ਦਿੱਤੇ ਗਏ ਸਨ ਅਤੇ ਫਿਰ ਇਸੇ ਤਰਾਂ ਪਿੰਡ ਮੱਲ ਕੇ ਅਤੇ ਗੁਰੂਸਰ ਭਗਤਾ `ਚ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਖਿਲਾਰਨ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ।
ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸਿੱਖ ਜਗਤ `ਚ ਭਾਰੀ ਰੋਸ ਫੈਲ ਗਿਆ ਸੀ ਅਤੇ ਸਿੱਖ ਸੰਗਤਾਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਆਦਿ ਸਮੇਤ ਉੱਘੀਆਂ ਸਿੱਖ ਸ਼ਖਸ਼ੀਅਤਾਂ ਦੀ ਅਗਵਾਈ `ਚ ਸ਼ਾਂਤਮਈ ਧਰਨੇ ਸ਼ੁਰੂ ਕਰ ਦਿੱਤੇ ਸਨ ਤਾਂ 14 ਅਕਤੂਬਰ 2015 ਨੂੰ ਭਾਰੀ ਪੁਲਿਸ ਫੋਰਸ ਨੇ ਸਿਮਰਨ ਕਰਦੀਆਂ ਸੰਗਤਾਂ ਦੇ ਇਹਨਾਂ ਸ਼ਾਂਤਮਈ ਧਰਨਿਆਂ `ਤੇ ਅੰਨ੍ਹੇਵਾਹ ਗੋਲੀ ਚਲਾ ਦਿੱਤੀ, ਜਿਸ ਵਿੱਚ ਦੋ ਸਿੱਖ ਨੋਜਵਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਸ਼ਹੀਦ ਹੋ ਗਏ, ਜਦਕਿ ਭਾਈ ਅਜੀਤ ਸਿੰਘ ਤੇ ਭਾਈ ਬੇਅੰਤ ਸਿੰਘ ਸਮੇਤ 100 ਦੇ ਕਰੀਬ ਸਿੱਖ ਜਖਮੀ ਹੋ ਗਏ। ਨਿਰਦੋਸ਼ ਸਿੱਖਾਂ ਨੂੰ ਘੇਰ-ਘੇਰ ਕੇ, ਘਰਾਂ ਜਾਂ ਦੁਕਾਨਾ `ਚੋਂ ਕੱਢ-ਕੱਢ ਕੇ ਛੱਲੀਆਂ ਵਾਂਗ ਕੁੱਟਣ ਅਤੇ ਪੁਲਿਸ ਵੱਲੋਂ ਸਿੱਖ ਪ੍ਰਚਾਰਕਾਂ ਦੀਆਂ ਗੱਡੀਆਂ ਦੀ ਭੰਨਤੋੜ ਕਰਨ ਦੇ ਵੀਡੀਓ ਸ਼ੋਸ਼ਲ ਮੀਡੀਏ ਰਾਹੀਂ ਵਾਇਰਲ ਹੋਣ ਤੋਂ ਬਾਅਦ ਰੋਹ `ਚ ਆਈਆਂ ਸਿੱਖ ਸੰਗਤਾਂ ਵੱਲੋਂ ਪੂਰਾ ਇੱਕ ਹਫਤਾ ਸਮੁੱਚੇ ਪੰਜਾਬ ਦੀਆਂ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ, ਬਹਿਬਲ ਕਲਾਂ ਅਤੇ ਕੋਟਕਪੂਰਾ `ਚ ਹੋਏ ਗੋਲੀਕਾਂਡ `ਚ ਸ਼ਹੀਦ ਹੋਏ ਸਿੰਘਾਂ ਦੇ ਕਾਤਲਾਂ ਨੂੰ ਸ਼ਜਾਵਾਂ ਦਿਵਾਉਣ ਲਈ ਸਿੱਖ ਸੰਗਤਾਂ ਵੱਲੋਂ ਲੰਮਾ ਸਮਾਂ ਸੰਘਰਸ਼ ਕੀਤਾ ਗਿਆ। ਜਿਸ ਦੇ ਫਲਸਰੂਪ ਪਹਿਲਾਂ ਤਾਂ ਪੰਜਾਬ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ `ਚ ਦੋ ਨੌਜਵਾਨ ਸਿੱਖ ਭਰਾਵਾਂ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਵਾਸੀ ਪਿੰਡ ਪੰਜਗਰਾਂਈ ਖੁਰਦ (ਫਰੀਦਕੋਟ) ਨੂੰ ਗ੍ਰਿਫਤਾਰ ਕਰ ਲਿਆ ਅਤੇ ਤਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਡੀਜੀਪੀ ਦੀ ਹਾਜਰੀ `ਚ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਕਤ ਨਿਰਦੋਸ਼ ਸਿੱਖ ਭਰਾਵਾਂ ਨੂੰ ਦੋਸ਼ੀ ਐਲਾਨ ਦਿੱਤਾ, ਜੋ ਵੱਖ-ਵੱਖ ਟੀਵੀ ਚੈੱਨਲਾਂ, ਅਖਬਾਰਾਂ ਅਤੇ ਸ਼ੋਸ਼ਲ ਮੀਡੀਏ ਰਾਹੀਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਪਰ ਫਿਰ ਅਸਲੀਅਤ ਜਨਤਕ ਹੋਣ ਅਤੇ ਸਿੱਖ ਕੌਮ ਦਾ ਦਬਾਅ ਵਧਣ `ਤੇ ਕਾਫੀ ਤਸ਼ੱਦਦ ਢਾਹੁਣ ਉਪਰੰਤ ਉਕਤ ਨਿਰਦੋਸ਼ ਸਿੱਖ ਭਰਾਵਾਂ ਨੂੰ ਰਿਹਾਅ ਕਰਨ ਦੀ ਮਜਬੂਰੀ ਬਣ ਗਈ।
ਭਾਂਵੇ ਬਾਦਲ ਸਰਕਾਰ ਵੱਲੋਂ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਉਣ ਅਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੇ ਗਠਨ ਤੋਂ ਇਲਾਵਾ ਜਾਂਚ ਸੀਬੀਆਈ ਹਵਾਲੇ ਕਰਨ ਦਾ ਐਲਾਨ ਕੀਤਾ ਗਿਆ ਪਰ ਕੁੱਝ ਉੱਘੇ ਸਿੱਖ ਵਿਦਵਾਨਾ, ਚਿੰਤਕਾਂ ਅਤੇ ਪੰਥਦਰਦੀਆਂ ਦੀ ਬੇਨਤੀ ਅਤੇ ਉਪਰਾਲਾ ਕਰਨ ਉਪਰੰਤ ਜਸਟਿਸ ਕਾਟਜੂ `ਤੇ ਅਧਾਰਿਤ ਇੱਕ ਪੀਪਲਜ਼ ਕਮਿਸ਼ਨ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਗਈ। ਭਾਂਵੇ 7 ਮਹੀਨੇ ਲਾ ਕੇ ਤਿਆਰ ਕੀਤੀ ਗਈ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਬਾਦਲ ਸਰਕਾਰ ਨੇ ਠੰਡੇ ਬਸਤੇ ਪਾ ਦਿੱਤਾ ਪਰ ਜਸਟਿਸ ਕਾਟਜੂ ਦੀ ਟੀਮ ਵਾਲੀ ਰਿਪੋਰਟ ਨੂੰ ਪੀੜਤ ਪਰਿਵਾਰਾਂ ਤੇ ਸਿੱਖ ਸੰਗਤਾਂ ਵੱਲੋਂ ਮਹੱਤਤਾ ਤੇ ਮਾਨਤਾ ਦੇਣ ਦੇ ਬਾਵਜੂਦ ਬਾਦਲ ਸਰਕਾਰ ਨੇ ਉਕਤ ਰਿਪੋਰਟ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਵਿਧਾਨ ਸਭਾ ਚੋਣਾਂ ਦੌਰਾਨ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਨਿਰਪੱਖ ਜਾਂਚ ਕਰਵਾਉਣ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਉਪਰੰਤ 14 ਅਪ੍ਰੈਲ 2017 ਨੂੰ ਇਹਨਾਂ ਮਾਮਲਿਆਂ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕਰ ਦਿੱਤਾ, ਜਿਸ ਨੇ 17 ਮਈ 2017 ਨੂੰ ਆਪਣੀ ਜਾਂਚ ਸ਼ੁਰੂ ਕੀਤੀ। ਭਰੋਸੇਯੋਗ ਸੂਤਰਾਂ ਮੁਤਾਬਿਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਇਸ ਮਾਮਲੇ ਵਿੱਚ ਇੱਕ ਹੋਰ ਐਫ. ਆਈ. ਆਰ ਦਰਜ ਕਰਨ ਦੀ ਸਿਫਾਰਸ਼ ਵੀ ਕਰ ਸਕਦਾ ਹੈ, ਜੋ ਇਸ ਗੋਲੀਕਾਂਡ ਵਿੱਚ ਜਖਮੀ ਹੋਏ ਭਾਈ ਅਜੀਤ ਸਿੰਘ ਦੇ ਬਿਆਨਾਂ `ਤੇ ਦਰਜ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਰਿਪੋਰਟ `ਚ ਤਤਕਾਲੀਨ ਐਸ. ਡੀ. ਐਮ ਤੋਂ ਗੋਲੀ ਚਲਾਉਣ ਦੇ ਹੁਕਮਾਂ ਦੀ ਇਜਾਜਤ ਕਿਸ ਨੇ ਲਈ ਸੀ? ਇਸ ਸਬੰਧੀ ਵੀ ਅਹਿਮ ਖੁਲਾਸਾ ਹੋ ਸਕਦਾ ਹੈ। ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਨੋਜਵਾਨ ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾਤਾ ਰੇਸ਼ਮ ਸਿੰਘ ਨੇ ਵੀ ਫਰੀਦਕੋਟ ਦੀ ਅਦਾਲਤ `ਚ ਗੋਲੀਕਾਂਡ `ਚ ਸ਼ਾਮਲ ਕੁੱਝ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਨਾਵਾਂ ਸਮੇਤ ਜਿਕਰ ਕੀਤਾ ਹੈ। ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇਸ ਪਹਿਲੀ ਰਿਪੋਰਟ ਵਿੱਚ ਬਹੁਤ ਅਹਿਮ ਖੁਲਾਸੇ ਕੀਤੇ ਗਏ ਹਨ ਪਰ ਕਮਿਸ਼ਨ ਇੱਕ ਹੋਰ ਸਪਲੀਮੈਂਟਰੀ ਰਿਪੋਰਟ ਵੀ ਦਾਖਲ ਕਰ ਸਕਦਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਪੇਸ਼ ਕੀਤੀ ਰਿਪੋਰਟ ਨੂੰ ਕੈਪਟਨ ਸਰਕਾਰ ਵੱਲੋਂ ਜਨਤਕ ਕੀਤਾ ਜਾਵੇਗਾ ਜਾਂ ਨਹੀਂ ਅਤੇ ਇਸ ਰਿਪੋਰਟ ਦੇ ਅਧਾਰ `ਤੇ ਪੰਜਾਬ ਸਰਕਾਰ ਕਿਹੋ ਜਿਹੀ ਕਾਰਵਾਈ ਕਰਦੀ ਹੈ, ਇਸ ਬਾਰੇ ਫਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ। ਸੰਪਰਕ ਕਰਨ `ਤੇ ਜਸਟਿਸ ਰਣਜੀਤ ਸਿੰਘ ਨੇ ਵਿਸਥਾਰ `ਚ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ 30 ਜੂਨ ਨੂੰ ਉਕਤ ਰਿਪੋਰਟ ਸਰਕਾਰ ਨੂੰ ਸੋਂਪ ਦੇਣਗੇ ਪਰ ਰਿਪੋਰਟ `ਚ ਕੀ ਦਰਜ ਹੋਵੇਗਾ, ਇਸ ਬਾਰੇ ਅਜੇ ਉਹ ਕੋਈ ਵੀ ਜਾਣਕਾਰੀ ਨਹੀਂ ਦੇ ਸਕਦੇ।


07/01/18
ਗਿਆਨੀ ਸੰਤੋਖ ਸਿੰਘ/ਮੋਹਨ ਸਿੰਘ ਵਿਰਕ

ਸਿੱਖ ਐਸੋਸੀਏਸ਼ਨ ਦੇ ਸੀਨੀਅਰ ਗਰੁਪ ਵੱਲੋਂ ਮਾਸਕ ਕਵੀ ਦਰਬਾਰ
ਸਿਡਨੀ ੩੦ ਜੂਨ
ਸਿੱਖ ਐਸੋਸੀਏਸ਼ਨ ਦੇ ਸੀਨੀਅਰ ਗਰੁਪ ਵੱਲੋਂ ਹਰੇਕ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ, ਬਾਬਾ ਬੁਢਾ ਹਾਲ ਵਿਚ ਕਵੀ ਦਰਬਾਰ ਸਜਾਇਆ ਗਿਆ। ਸਦਾ ਵਾਂਗ ਇਸ ਦੀ ਸਰਪ੍ਰਸਤੀ ਸ. ਜੀਵਨ ਸਿੰਘ ਦੁਸਾਂਝ ਨੇ ਕੀਤੀ ਅਤੇ ਸਟੇਜ ਦਾ ਸੰਚਾਲਣ ਮੋਹਨ ਸਿੰਘ ਵਿਰਕ ਨੇ ਕੀਤਾ। ਵੱਖ ਵੱਖ ਬੁਲਾਰਿਆਂ ਨੇ ਆਪੋ ਆਪਣਾ ਕਲਾਮ ਪੇਸ਼ ਕਰਕੇ, ਸਰੋਤਿਆਂ ਦਾ ਮਨੋਰੰਜਨ ਅਤੇ ਆਪਣੇ ਫ਼ਨ ਦਾ ਪ੍ਰਗਟਾਵਾ ਕੀਤਾ। ਕਿਸੇ ਸੱਜਣ ਨੇ ਕਵਿਤਾ, ਕਿਸੇ ਨੇ ਨਿਜੀ ਤਜੱਰਬਾ, ਕਿਸੇ ਨੇ ਸੁਲਝੇ ਹੋਏ ਵਿਚਾਰਾਂ ਰਾਹੀਂ ਇਸ ਸਮਾਗਮ ਨੂੰ ਚਾਰ ਚੰਨ ਲਾਏ। ਕਿਸੇ ਨੇ ਆਪਣੇ ਭਾਸ਼ਨ ਰਾਹੀਂ ਪੰਜਾਬੀਅਤ ਦੀ ਭਲਾਈ ਵਾਸਤੇ ਸੁਝਾ ਪੇਸ਼ ਕੀਤੇ।
ਇਸ ਮਹੀਨੇ ਦੇ ਸਮਾਗਮ ਵਿਚ ਇਕ ਵਿਕੋਲਿੱਤਰਾ ਵਾਧਾ ਇਹ ਹੋਇਆ ਕਿ ਇਕ ਹੋਰ ਵਿਦਵਾਨ ਕੈਪਟਨ ਗੁਰਮੇਲ ਸਿੰਘ ਜੀ ਨੇ ਪਹਿਲੀ ਵਾਰ ਸ਼ਾਮਲ ਹੋ ਕੇ, ਪੰਜਾਬ ਦੇ ਵਾਤਾਵਰਣ ਬਾਰੇ, ਪ੍ਰਭਾਵਸ਼ਾਲੀ ਵਿਚਾਰ ਪਰਗਟ ਕਰਨ ਉਪ੍ਰੰਤ, ਆਪਣੀ ਕਵਿਤਾ ਪੇਸ਼ ਕੀਤੀ। ਸਿਡਨੀ ਨਿਵਾਸੀ ਪੰਥਕ ਵਿੱਦਵਾਨ ਗਿਆਨੀ ਸੰਤੋਖ ਸਿੰਘ ਜੀ ਨੇ ਮਹਾਂਰਾਜਾ ਰਣਜੀਤ ਸਿੰਘ ਦੇ ਆਖਰੀ ਦਰਬਾਰ ਵਿਚ ਕੀਤੇ ਗਏ ਪ੍ਰਭਾਵਸ਼ਾਲੀ ਵਿਖਿਆਨ ਨੂੰ ਕਵਿਤਾ ਰਾਹੀਂ ਪੇਸ਼ ਕਰਨ ਤੋਂ ਪਹਿਲਾਂ, ਸਿੱਖ ਰਾਜ ਬਾਰੇ ਜਾਣਕਾਰੀ ਭਰਪੂਰ ਭਾਸ਼ਨ ਦਿਤਾ।
ਸਿੱਖ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ. ਲਾਭ ਸਿੰਘ ਕੂਨਰ ਨੇ ਵੀ ਸਰੋਤਿਆਂ ਨਾਲ਼ ਆਪਣੇ ਵਿਚਾਰ ਸਾਂਝੇ ਕੀਤੇ।
ਸ. ਜੋਗਿੰਦਰ ਸਿੰਘ ਥਿੰਦ, ਸ. ਚੈਂਚਲ ਸਿੰਘ ਸੈਣੀ, ਸੂਬੇਦਾਰ ਮੇਜਰ ਸ. ਬਲਕਾਰ ਸਿੰਘ, ਪ੍ਰੋ. ਮਲਕੀਅਤ ਸਿੰਘ, ਪ੍ਰਿੰ. ਕੰਵਰਜੀਤ ਸਿੰਘ, ਬੀਬੀ ਸਤਵੰਤ ਕੌਰ ਜੀ ਨੇ ਆਪੋ ਆਪਣੇ ਕਲਾਮ ਰਾਹੀਂ ਰੌਣਕ ਵਧਾਈ। ਸੂਝਵਾਨ ਪ੍ਰਬੰਧਕ ਸ. ਜੀਵਨ ਸਿੰਘ ਦੁਸਾਂਝ ਨੇ:
ਬੰਦ ਜ਼ੁਬਾਨੇ ਦੱਸ ਖਾਂ ਮੈਨੂੰ ਕਿੱਦਾਂ ਬੋਲੀਦਾ।
ਸੌ ਦਰਵਾਜੇ ਲੰਘ ਕੇ ਦਸਵਾਂ ਕਿੱਦਾਂ ਖੋਹਲੀਦਾ।
ਸ਼ੇਅਰ ਸੁਣਾ ਕੇ ਵਾਹ ਵਾਹ ਖੱਟੀ।
ਅੰਤ ਵਿਚ ਦੁਸਾਂਝ ਜੀ ਦੁਆਰਾ ਰੀਕਾਰਡਡ ਸਾਜ਼ਾਂ ਨਾਲ਼ ਇਕ ਗੀਤ ਗਾ ਕੇ, ਜੁਲਾਈ ਦੇ ਅਖੀਰਲੇ ਐਤਵਾਰ ਫਿਰ ਮਿਲਣ ਦੇ ਵਾਇਦੇ ਅਤੇ ਬੁਲਾਰਿਆਂ ਤੇ ਸਰੋਤਿਆਂ ਦੇ ਧੰਨਵਾਦ ਨਾਲ਼ ਸਭਾ ਸਮਾਪਤ ਕੀਤੀ।
ਰੀਪੋਰਟਰ:
ਮੋਹਨ ਸਿੰਘ ਵਿਰਕ +੬੧ ੦੪੦੯ ੬੬੦ ੭੦੧



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.