.


07/01/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਸਮਾਧ ਤੇ ਸਮਾਧੀ ਦੀ ਵਿਆਖਿਆ-੫੩

ਅਵਤਾਰ ਸਿੰਘ ਮਿਸ਼ਨਰੀ (510-432-5827)

ਸਮਾਧ, ਸਮਾਧੀ ਤੇ ਸਮਾਧਿ ਸੰਸਕ੍ਰਿਤ ਦੇ ਸ਼ਬਦ ਹਨ। ਸਮਾਧ-ਮੜੀ, ਮੁਰਦੇ ਦੀ ਮਰਨ ਥਾਂ, ਮੱਠ। ਸਮਾਧੀ-ਚੰਗੀ ਤਰਾਂ ਚਿੱਤ ਠਹਿਰਾਉਣ ਦੀ ਕ੍ਰਿਆ, ਲਿਵਲੀਣਤਾ (ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ॥(੬) ਸਮਾਧਿ-ਧਿਆਨ ਦੀ ਲੀਨਤਾ, ਚਿਤ ਦੀਆਂ ਬਿਰਤੀਆਂ ਨੂੰ ਜੋੜ ਕੇ, ਆਤਮ ਧਿਆਨ ਵਿੱਚ ਜੁੜਨਾ, ਮਨ ਦਾ ਪੂਰਨ ਟਿਕਾਉ (ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ॥(੬੭) ਸਹਿਜ ਸਮਾਧਿ ਅਨੰਦ॥(੮੦੭)
ਗੁਰਮਤਿ-
ਗੁਰਮਤਿ ਮੜੀ ਮੱਠਾਂ (ਸਮਾਧਾਂ) ਬਣਾ ਕੇ ਪੂਜਣ ਦੀ ਹਾਮੀ ਨਹੀਂ ਸਗੋਂ ਇਹ ਸਨਾਤਨ, ਜੋਗੀ ਤੇ ਸਾਧ ਮੱਤ ਦੀ ਮਨੌਤ ਹੈ-ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੇ ਮਸਾਣਿ ਨ ਜਾਈ॥(੬੩੫) ਜਿਨਿ ਜੀਉ ਪਿੰਡ ਦਿਤਾ ਤਿਸੁ ਚੇਤਹਿ ਨਾਹਿ॥ਮੜੀ ਮਸਾਣੀ ਮੂੜੇ ਜੋਗੁ ਨਾਹਿ॥੯॥(੧੧੯੦)ਕਿਸੇ ਪੁਜਾਈ ਸਿਲਾ ਸੁੰਨ ਕੋਈ ਗੋਰੀ ਮੜ੍ਹੀ ਪੁਜਾਵੈ। ਫੋਕਟ ਧਰਮੀ ਭਰਮ ਭੁਲਾਵੈ॥੧੮॥ (ਵਾਰ-੧ ਭਾ. ਗੁ) ਅਤੇ ਸਿੱਖ ਰਹਿਤ ਮਰਯਾਦਾ ਵਿੱਚ ਵੀ ਮੜੀ, ਮੱਠ, ਮਸਾਣੀ ਪੂਜਨ ਦਾ ਸਖਤ ਵਿਰੋਧ ਹੈ। ਸੋ ਥਾਂ ਥਾਂ ਮੁਰਦਿਆਂ ਦੀਆਂ ਬਣਾਉਣੀਆਂ ਗਲਤ ਹਨ ਪਰ ਡੇਰੇਦਾਰ, ਸੰਪ੍ਰਦਾਈ ਟਕਸਾਲੀ ਆਪਣੇ ਮਰ ਚੁੱਕੇ ਸਾਧਾਂ ਸੰਤਾਂ ਮਹੰਤਾਂ ਦੀਆਂ ਸਮਾਧੀਆਂ ਬਣਾਉਂਦੇ ਹਨ। ਇਨ੍ਹਾਂ ਭੱਦਰਪੁਰਸ਼ਾਂ ਦੀ ਬਦੌਲਤ ਹੀ ਪੰਜਾਬ ਬਲਕਿ ਭਾਰਤ ਦੇ ਕੋਨੇ ਕੋਨੇ ਵਿੱਚ ਸਮਾਧੀਆਂ (ਮੜੀਆਂ) ਬਣੀਆਂ ਹੋਈਆਂ ਹਨ। ਹਾਂ ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਸ਼ਹੀਦਾਂ ਦੇ ਇਤਿਹਾਸਕ ਥਾਵਾਂ ਤੇ ਪ੍ਰਚਾਰ ਨੂੰ ਮੁੱਖ ਰੱਖ ਕੇ ਯਾਦਗਾਰੀ ਗੁਰਦੁਆਰੇ (ਧਰਮ ਪ੍ਰਚਾਰ ਕੇਂਦਰ) ਬਣਾਏ ਜਾ ਸਕਦੇ ਹਨ।

ਡਾ. ਹਰਜਿੰਦਰ ਸਿੰਘ ਦਿਲਗੀਰ ਵੀ ਸਿੱਖ ਫਿਲਾਸਫੀ ਵਿੱਚ ਲਿਖਦੇ ਹਨ ਕਿ ਕਿਸੇ ਮਰੇ ਹੋਏ ਇਨਸਾਨ ਦੀਆਂ ਹੱਡੀਆਂ ਦੱਬ ਕੇ ਜਾਂ ਉਸ ਦੇ ਸਸਕਾਰ ਵਾਲੀ ਜਗ੍ਹਾ ਉਪਰ ਬਣਾਏ ਗਏ ਢਾਂਚੇ/ਚਬੂਤਰੇ/ਗੁੰਬਦ ਨੂੰ ਸਮਾਧ ਕਿਹਾ ਜਾਂਦਾ ਹੈ (ਹਿੰਦੂਆਂ ਮੁਤਾਬਿਕ ਇਸ ਦਾ ਮਕਸਦ ਹੈ ਕਿ ਉਹ ਸ਼ਕਸ ਮਰਿਆ ਨਹੀਂ ਬਲਕਿ ਉਸ ਥਾਂ ਤੇ ਸਮਾਧੀ ਲਾ ਅਰਾਮ ਕਰ ਰਿਹਾ ਹੈ) ਜਿਵੇਂ ਮੁਸਲਮਾਨਾਂ ਲਈ ਕਬਰ ਇਵੇਂ ਹੀ ਹਿੰਦੀਆਂ ਲਈ ਸਮਾਧ ਹੈ। ਸਿੱਖ ਧਰਮ ਵਿੱਚ ਅਜਿਹਾ ਢਾਂਚਾ ਸਮਾਧ ਵਗੈਰਾ ਬਨੌਣ ਦੀ ਸਖਤ ਮਨਾਹੀ ਹੈ। ਉਂਝ ਕਿਸੇ ਸ਼ਹੀਦ , ਵਿਦਵਾਨ, ਆਗੂ ਜਾਂ ਕਿਸੇ ਹੋਰ ਅਹਿਮ ਸਿੱਖ ਦੀ ਯਾਦ ਵਿੱਚ ਯਾਦਗਾਰ ਮੰਜੀ ਸਾਹਿਬ ਜਾਂ ਗੁਰਦਵਾਰਾ ਬਣਾਉਣ ਦੀ ਮਨਾਹੀ ਨਹੀਂ (ਪਰ ਸਸਕਾਰ ਜਾਂ ਹੱਡੀਆਂ ਦੀ ਜਗਾ ਤੇ ਇਸ ਦੀ ਇਜ਼ਾਜ਼ਤ ਨਹੀਂ ਹੈ) ਜੇ ਕਦੇ ਕਿਸੇ ਸਿੱਖ ਵਾਸਤੇ ਕੋਈ ਸਮਾਧ ਜਾਂ (ਅਖੌਤੀ ਅੰਗੀਠਾ) ਬਣਾਈ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦੇ ਉਲਟ ਹੈ।

ਸਮਾਧੀ ਜਾਂ ਸਮਾਧਿ-ਇਹ ਵੀ ਸਨਾਤਨ ਸਾਧਾਂ ਸੰਤਾਂ ਤੇ ਸਿੱਧ ਜੋਗੀਆਂ ਨਾਲ ਸਬੰਧਤ ਹੈ। ਇਨ੍ਹਾਂ ਵੱਲੋਂ ਮਿਥੇ ਪ੍ਰਾਣਾਯਾਮ ਦੇ ਅੱਠ ਪ੍ਰਕਾਰ ਹਨ ਸਮਾਧੀ ਓਨ੍ਹਾਂ ਚੋਂ ਇੱਕ ਹੈ। ਇਹ ਲੋਕ ਘਰ ਬਾਰ ਛੱਡ ਕੇ ਜੰਗਲਾਂ ਜਾਂ ਪਹਾੜੀ ਮੱਠਾਂ ਜਾਂ ਕੰਦਰਾਂ ਵਿੱਚ ਅੰਖਾਂ ਮੀਟ ਸਮਾਧੀ ਲਾ ਕੇ ਸਰੀਰ ਨੂੰ ਗੈਰ ਕੁਦਰਤੀ ਕਸ਼ਟ ਦਿੰਦੇ ਪਰ ਪੰਜ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਨਾਲ ਹੀ ਲੈ ਜਾਂਦੇ ਹਨ-ਦੇਸੁ ਛੋਡਿ ਪਰਦੇਸਹਿ ਧਾਇਆ॥ ਪੰਚ ਚੰਡਾਲ ਨਾਲੇ ਲੈ ਆਈਆ॥(੧੩੪੮) ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ-ਗਾਏਂ ਸੁਨੇ ਆਂਖੇਂ ਮੀਚੈਂ ਪਾਈਐ ਨਾਂ ਪਰਮਪਦ ਗੁਰ ਉਪਦੇਸ਼ ਗਹਿ ਜਉ ਲਉ ਨਾ ਕਮਾਈਐ॥ ਅਜੋਕੇ ਸਾਧ ਸੰਤ ਡੇਰੇਦਾਰ ਸੰਪ੍ਰਦਾਈ ਅੱਖਾਂ ਮੀਚ ਸਮਾਧੀਆਂ ਵਾਂਗ ਹੀ ਅੱਖ ਮੀਚੇ ਸਿਮਰਨ, ਮਾਲਾ ਫੇਰਨੀਆਂ ਅਤੇ ਆਲਤੀ ਪਾਲਤੀ ਆਸਨ ਕਰਵਾ ਰਹੇ ਹਨ। ਰੱਬੀ ਸਿਸਟਮ ਨੂੰ ਸਮਝ ਉਸ ਨਾਲ ਜੁੜਨਾ, ਰੰਗ ਚ ਰੰਗੇ ਰਹਿਣਾ ਅਤੇ ਭਾਣੇ ਵਿੱਚ ਰਹਿਣਾ ਹੀ ਸਹਿਜ ਸਮਾਧਿ ਹੈ-ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸ ਸੋਈ ਜਾਣੈ ਜੀਉ॥ (੧੦੬) ਰੱਬੀ ਗੁਣਾਂ ਨੂੰ ਧਾਰਨ ਕਰਕੇ, ਗੁਰੂ ਦੀ ਕ੍ਰਿਪਾ ਨਾਲ ਉਸ ਦੇ ਗੁਣ ਗਾਉਣੇ ਸਹਜ ਸਮਾਧੀ ਵਿੱਚ ਸਮਾਉਣਾ ਭਾਵ ਮਨ ਇਕਾਗਰ ਕਰਕੇ, ਸ਼ੁੱਧ ਮਨ ਨਾਲ ਮਨੁੱਖਤਾ ਦੀ ਸੇਵਾ ਕਰਨੀ ਸਹਜ ਸਮਾਧਿ ਹੈ ਨਾਂ ਕਿ ਘਰ ਬਾਰ ਛੱਡ ਜੰਗਲਾਂ, ਪਹਾੜਾਂ ਜਾਂ ਮੱਠਾਂ ਵਿੱਚ ਅੱਖਾਂ ਮੀਟ ਬੈਠ ਕੇ ਭੀਖ ਜਾਂ ਲੋਕਾਂ ਦੀ ਦਾਨ ਦਸ਼ਣਾ ਸੇਵਾ ਤੇ ਆਸ ਰੱਖ ਸੰਸਾਰਕ ਜੁਮੇਵਾਰੀਆਂ ਤੋਂ ਭੱਜਣਾ ਸਹਜ ਸਮਾਧੀ ਹੈ-ਗੁਰ ਪ੍ਰਸਾਦਿ ਗਾਵੈ ਗੁਣ ਨਾਨਕ ਸਹਜਿ ਸਮਾਧਿ ਸਮਾਹਿਓ॥(੧੨੯੯)


06/24/18
ਗਿ: ਸੰਤੋਖ ਸਿੰਘ ਅਸਟ੍ਰੇਲੀਆ

ਇਹ ਲੇਖ ਗੁਰਦੁਆਰਾ ਸਾਹਿਬ ਵੱਲੋਂ ਛਪਣ ਵਾਲ਼ੇ ਪਰਚੇ ਦੇ ਬਣਾਏ ਗਏ ਸੰਪਾਦਕ ਦੇ ਕਹੇ ਤੇਂ ਮੈਂ ਲਿਖਿਆ ਸੀ, ਉਸ ਛਪਣ ਵਾਲ਼ੇ ਪਰਚੇ ਵਿੱਚ ਛਾਪਣ ਲਈ ਪਰ ਵਾਹਵਾ ਸਮਾ ਬੀਤ ਜਾਣ ਤੇ ਵੀ ਉਹ ਪਰਚਾ ਨਹੀਂ ਛਪ ਸਕਿਆ। ਸਰਕਾਰਾਂ ਤੇ ਕਮੇਟੀਆਂ ਦੇ ਕਾਰਜ ਕਰਨ ਦਾ ਤਰੀਕਾ ਇਵੇਂ ਹੀ ਹੁੰਦਾ ਹੈ। ਫਿਰ ਮੈਂ ਸੋਚਿਆ ਕਿ ਏਨਾ ਸਮਾ ਲਾ ਕੇ ਇਹ ਲੇਖ ਮੈਂ ਲਿਖਿਆ ਹੈ ਤੇ ਇਉਂ ਹੀ ਨਾ ਮੇਰੇ ‘ਮੈਜਿਕ ਬਾੱਕਸ’ ਵਿੱਚ ਪਿਆ ਰਹੇ। ਇਹ ਪਾਠਕਾਂ ਦੀ ਨਜ਼ਰ ਵਿੱਚ ਜਾਣਾ ਚਾਹੀਦਾ ਹੈ।
ਇਸ ਲਈ ਆਪ ਜੀ ਦੀ ਸੇਵਾ ਵਿੱਚ ਭੇਜ ਰਿਹਾ ਹਾਂ। ਤੁਸੀਂ ਇਸ ਨੂੰ ਸਮਾ ਹੋਵੇ ਤਾਂ ਪੜ੍ਹ ਵੀ ਸਕਦੇ ਹੋ ਤੇ ਚਾਹੋ ਤਾਂ ਆਪਣੇ ਪਰਚੇ ਵਿੱਚ ਛਾਪ ਵੀ ਸਕਦੇ ਹੋ। ਇਸ ਵਾਸਤੇ ਇਸ ਨੂੰ ਦੋਹਾਂ ਤਰੀਕਿਆਂ ਨਾਲ਼ ਭੇਜ ਰਿਹਾ ਹਾਂ; ਅਰਥਾਤ ਵਰਡ ਡਾਕੂੰਮੈਂਟ ਵੀ ਤੇ ਪਡਫ਼ ਵਿੱਚ ਵੀ।

ਗੁਰਦੁਆਰਾ ਸਿੱਖ ਸੈਂਟਰ ਪਾਰਕਲੀ
ਸਾਲ ੧੯੬੯ ਵਿਚ, ਸਾਰੇ ਸੰਸਾਰ ਅੰਦਰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਬੜੇ ਉਤਸ਼ਾਹ ਨਾਲ਼, ਮਨਾਇਆ ਗਿਆ। ਉਸ ਸਮੇ ਸਿਡਨੀ ਵਿੱਚ ਬਹੁਤ ਥੋਹੜੇ ਸਿੱਖ ਰਹਿੰਦੇ ਸਨ। ਇਹਨਾਂ ਨੇ ਵੀ ਆਪਣੀ ਹੈਸੀਅਤ ਅਨੁਸਾਰ ਇਸ ਸ਼ੁਭ ਅਵਸਰ ਨੂੰ ਮਨਾਉਣ ਦਾ ਉਦਮ ਕੀਤਾ। ਇਹ ਪ੍ਰੋਗਰਾਮ ਪਿੱਟ ਸਟਰੀਟ, ਸਿਡਨੀ ਵਿੱਚ ਮਨਾਇਆ ਗਿਆ। ਭਾਰਤ ਸਰਕਾਰ ਦੇ ਦਫ਼ਤਰ ਕੌਂਸੂਲੇਟ ਜਨਰਲ ਅਤੇ ਏਅਰ ਇੰਡੀਆ ਦੇ ਸਟਾਫ਼ ਨੇ ਵੀ ਇਸ ਉਦਮ ਵਿੱਚ ਸਹਿਯੋਗ ਦਿਤਾ। ਬਾਰਾਂ ਸਿੱਖ ਪਰਵਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਅਧਿਆਂ ਦੀਆਂ ਪਤਨੀਆਂ ਆਸਟ੍ਰੇਲੀਅਨ ਮੇਮਾਂ ਸਨ। ਮੋਹਰੀ ਹਿੱਸਾ, ਏਥੇ ਕੋਲੰਬੋ ਪਲਾਨ ਅਧੀਨ ਪੜ੍ਹਨ ਆਏ, ਡਾ. ਗੁਰਚਰਨ ਸਿੰਘ ਸਿਧੂ ਨੇ ਪਾਇਆ, ਜੋ ਕਿ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਚਲੇ ਗਏ ਸਨ ਤੇ ਦੇਸ ਜਾ ਕੇ ਲੁਧਿਆਣਾ ਯੂਨੀਵਰਸਟੀ ਡੀਨ ਦੀ ਪਦਵੀ ਉਪਰ ਸੇਵਾ ਕਰ ਰਹੇ ਸਨ ਅਤੇ ਆਪਣੀ ਵਿਦਿਅਕ ਯੋਗਤਾ ਦਾ ਸਦਕਾ, ਏਥੇ ਦੁਬਾਰਾ ਮਾਈਗ੍ਰੈਂਟ ਹੋ ਕੇ ਆਏ ਸਨ। ਸਿੱਖ, ਹਿੰਦੂ, ਆਸਟ੍ਰੇਲੀਅਨ, ਸਾਰੇ ਮਿਲਾ ਕੇ ਇਸ ਵਿੱਚ ਕੁੱਲ ਸਾਢੇ ਕੁ ਤਿੰਨ ਸੌ ਵਿਆਕਤੀਆਂ ਨੇ ਸ਼ਮੂਲੀਅਤ ਕੀਤੀ।
ਇਸ ਉਤਸ਼ਾਹਤ ਪ੍ਰੋੋਗਰਾਮ ਦੀ ਸਮਾਪਤੀ ਤੇ, ਸਾਰਾ ਖ਼ਰਚ ਕਰਨ ਉਪੰਤ, ੮੬ ਡਾਲਰ ਬਚ ਗਏ। ਕਿਸੇ ਸੱਜਣ ਦੇ ਸੁਝਾ ਦੇਣ ਤੇ ਇਹ ਡਾਲਰ, ‘ਸਿੱਖ ਕਲਚਰਲ ਸੋਸਾਇਟੀ’ ਦੇ ਨਾਂ ਹੇਠ, ਬੈਂਕ ਵਿੱਚ ਅਕਾਊਂਟ ਖੋਹਲ ਕੇ ਜਮ੍ਹਾ ਕਰਵਾ ਦਿਤੇ ਗਏ। ਡਾਕਟਰ ਸਿਧੂ ਜੀ, ਇਸ ਸੋਸਾਇਟੀ ਦੇ ਮੁਢਲੇ ਪ੍ਰਧਾਨ ਚੁਣੇ ਗਏ ਅਤੇ ਸੋਸਾਇਟੀ, ਨਿਊ ਸਾਊਥ ਵੇਲਜ਼ ਸਰਕਾਰ ਨਾਲ਼, ਨਾਨ-ਪ੍ਰੋਫਿਟੇਬਲ ਚੈਰਿਟੇਬਲ ਐਸੋਸੀਏਸ਼ਨ, ੧੯੭੧-੭੨ ਦੇ ਕਾਨੂੰਨ ਅਧੀਨ, ਰਜਿਸਟਰ ਕਰਵਾ ਦਿਤੀ ਗਈ।
ਇਹ ਮੁਢਲੀ ਸੰਸਥਾ ਸੀ, ਜਿਸ ਤੋਂ ਫਿਰ ਸਿਡਨੀ ਦੇ ਬਾਕੀ ਸਾਰੇ ਗੁਰਦੁਆਰੇ ਹੋਂਦ ਵਿੱਚ ਆਏ। ੧੯੭੨ ਵਿਚ, ਗਫ਼ ਵਿਟਲਮ ਦੀ ਅਗਵਾਈ ਹੇਠ, ਲੇਬਰ ਸਰਕਾਰ ਨੇ ‘ਵਾਈਟ ਓਨਲੀ’ ਪਾਲਿਸੀ, ਕਾਨੂੰਨੀ ਤੌਰ ਤੇ ਸਮਾਪਤ ਕਰ ਦਿਤੀ ਤਾਂ ਫਿਰ ਅਫ਼੍ਰੀਕਾ ਤੇ ਇੰਗਲੈਂਡੋ ਕੁੱਝ ਹੋਰ ਸਿੱਖ ਪਰਵਾਰ ਆਏ। ਕਿਉਂਕਿ ‘ਸਿੱਖ ਕਲਚਰਲ ਸੋਸਾਇਟੀ’ ਦਾ ਅਸਲੀ ਨਿਸ਼ਾਨਾ ਕਲਚਰਲ ਸਰਗਮੀਆਂ ਨੂੰ ਚਲਾਉਣ ਦਾ ਸੀ ਤੇ ਧਾਰਮਿਕ ਸਰਗਰਮੀਆਂ ਨੂੰ ਪਹਿਲ ਨਹੀਂ ਸੀ ਦਿਤੀ ਜਾਂਦੀ, ਇਸ ਲਈ ਇਸ ਤੋਂ ਵੱਖ ਹੋ ਕੇ, ੧੯੭੮ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰੀਵਜ਼ਬੀ ਸਬਅਰਬ ਅੰਦਰ, ਹੋਂਦ ਵਿੱਚ ਆਇਆ। ਫਿਰ ੧੯੮੦ ਦੇ ਜਨਵਰੀ ਮਹੀਨੇ ਵਿੱਚ ਗੁਰਦੁਆਰਾ ਤਾਰਾਮਾਰਾ ਸਬਅਰਬ ਵਿੱਚ ਸ਼ੁਰੂ ਹੋਇਆ। ਦੋ ਜਥੇਬੰਦੀਆਂ ਹੋਰ ਬਣਨ ਨਾਲ਼ ਸਿੱਖ ਕਲਚਰਲ ਸੋਸਾਇਟੀ ਦੀ ਮੈਂਬਰਸ਼ਿਪ ਅਤੇ ਸਰਗਮੀਆਂ ਵਿੱਚ ਖਾਸੀ ਕਮੀ ਆ ਗਈ। ਸੋਸਾਇਟੀ ਦੇ ਆਗੂਆਂ ਨੇ ਅਖੀਰ ਜਦੋਂ ਵੇਖਿਆ ਕਿ ਸਿੱਖਾਂ ਦਾ ਰੁਝਾਨ ਮੁਖ ਤੌਰ ਤੇ ਗੁਰਦੁਆਰਾ ਬਣਾਉਣ ਵਾਲ਼ੇ ਪਾਸੇ ਹੈ ਤਾਂ ਉਹਨਾਂ ਨੇ, ਪਾਰਕਲੀ ਸਬਅਰਬ ਵਿੱਚ ਦੋ ਬਲਾਕਾਂ ਦਾ ਇੱਕ ਪੁਰਾਣੇ ਘਰ, ਦਾ ਬਿਆਨਾ ਦੇ ਕੇ ਗੁਰਦੁਆਰਾ ਬਣਾਉਣ ਵੱਲ ਧਿਆਨ ਦਿਤਾ। ਇਸ ਥਾਂ ਦੀ ਕੀਮਤ ੬੫੦੦੦ ਡਾਲਰ ਸੀ। ਫਿਰ ਥਾਂ ਦੀ ਕੀਮਤ ਦੇਣ ਵਾਸਤੇ ਫੰਡ ਇਕੱਠੇ ਨਾ ਹੋ ਸਕੇ ਤੇ ਬਿਆਨਾ ਵੀ ਜਬਤ ਜੋ ਜਾਣ ਦੀ ਸੰਭਾਵਨਾ ਹੋ ਗਈ। ਉਸ ਸਮੇ ਵਿਚਾਰ ਕਰਨ ਉਪ੍ਰੰਤ, ਸੋਸਾਇਟੀ ਦੀ ਅਗਵਾਈ, ਡਾ. ਗੁਰਚਰਨ ਸਿੰਘ ਸਿਧੂ ਨੂੰ ਸੌਂਪੀ ਗਈ। ਡਾਕਟਰ ਸਾਹਿਬ ਨੇ ਅੱਗੇ ਲੱਗ ਕੇ ਮਾਇਆ ਦਾ ਪ੍ਰਬੰਧ ਕੀਤਾ। ਸਿਡਨੀ ਵਿੱਚ ਹੀ ਸਿੱਖ ਕਲੱਬ ਦੇ ਨਾਂ ਹੇਠ ਇੱਕ ਹੋਰ ਸੰਸਥਾ ਤਾਜੀ ਹੀ ਬਣੀ ਸੀ। ਉਹਨਾਂ ਪਾਸ ਸੱਤ ਹਜ਼ਾਰ ਡਾਲਰ ਬੈਂਕ ਵਿੱਚ ਜਮ੍ਹਾ ਸਨ। ਉਹਨਾਂ ਨੂੰ ਪ੍ਰੇਰ ਕੇ, ਕਲੱਬ ਨੂੰ ਸੋਸਾਇਟੀ ਦੇ ਵਿੱਚ ਮਰਜ ਕਰਕੇ, ਨਵੀਂ ਜਥੇਬੰਦੀ, ‘ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ’ ਦੇ ਨਾਂ ਹੇਠ ਰਜਿਸਟਰ ਕਰਵਾਈ ਗਈ। ੩੦੦੦੦ ਡਾਲਰ ਬੈਂਕ ਕੋਲ਼ੋਂ ਕਰਜ਼ਾ ਲਿਆ ਗਿਆ, ਜੋ ਕਿ ਤਿੰਨ ਸਾਲਾਂ ਵਿੱਚ ਵਾਪਸ ਕਰਨਾ ਸੀ। ਮੇਰੀ ਜਾਣਕਾਰੀ ਵਿੱਚ ਇਹ ਪਹਿਲੀ ਹੀ ਕਰਾਮਾਤ ਹੋਈ ਕਿ ਦੋ ਜਥੇਬੰਦੀਆਂ ਮਿਲ਼ ਕੇ ਇੱਕ ਬਣੀ; ਨਹੀਂ ਤਾਂ ਹਮੇਸਾਂ ਹੀ ਇੱਕ ਤੋ ਦੋ, ਦੋ ਤੋਂ ਤਿੰਨ …. . ਬਣਦੀਆਂ ਰਹੀਆਂ ਹਨ। ਇਸ ਗੱਲ ਦਾ ਜ਼ਿਕਰ ਕਰਕੇ ਵਧਾਈ, ਮੈਂ ਨਵੀਂ ਜਥੇਬੰਦੀ ਦੀ ਪਹਿਲੀ ਜਨਰਲ ਮੀਟਿੰਗ ਵਿੱਚ ਹੀ ਦਿਤੀ ਤੇ ਨਾਲ਼ ਹੀ ਆਸ ਪਰਗਟ ਕੀਤੀ ਕਿ ਭਵਿਖ ਵਿੱਚ ਇਕੋ ਕਾਰਜ ਕਰਨ ਵਾਸਤੇ, ਵਧੇਰੇ ਜਥੇਬੰਦੀਆਂ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ ਤੇ ਬਣੀਆਂ ਹੋਈਆਂ ਆਪਸ ਵਿੱਚ ਵਿਰੋਧ ਦੇ ਥਾਂ, ਮਿਲਵਰਤਣ ਨਾਲ਼ ਭਲਾਈ ਦੇ ਕਾਰਜ ਕਰਨ।
ਕਲੱਬ ਦੇ ਮੁਖੀਆਂ ਨੇ ਨਵੀਂ ਬਣੀ ਜਥੇਬੰਦੀ ਦੀ ਤਰੱਕੀ ਵਾਸਤੇ ਗਾੜੀ ਲੱਗ ਕੇ, ਬਹੁਤ ਉਦਮ ਕੀਤਾ। ਭਾਵੇਂ ਕਿ ਇਸ ਸਭ ਕਾਸੇ ਪਿੱਛੇ ਪ੍ਰੁੇਰਨਾ ਦੇਣ ਵਾਲ਼ੀ ਸ਼ਖ਼ਸੀਅਤ ਡਾ. ਗੁਰਚਰਨ ਸਿੰਘ ਸਿਧੂ ਹੀ ਸੀ ਪਰ ਉਦਮ ਸਾਰੀ ਸੰਗਤ ਦਾ ਅਤੇ ਬਖ਼ਸ਼ਿਸ਼ ਗੁਰੂ ਜੀ ਦੀ ਸੀ।
ਸਬੱਬ ਨਾਲ਼ ਉਹਨੀਂ ਦਿਨੀਂ, ਸ੍ਰੀ ਹਰਿਮੰਦਰ, ਅੰਮ੍ਰਿਤਸਰ ਦੇ ਹਜੂਰੀ ਰਾਗੀ, ਗਿ. ਹਰਜੀਤ ਸਿੰਘ ਜੀ ਏਥੇ ਮੇਰੇ ਕੋਲ਼ ਆਏ ਹੋਏ ਸਨ। ਡਾਕਟਰ ਜੀ ਨੇ ਮੇਰੇ ਰਾਹੀਂ ਉਹਨਾਂ ਨੂੰ ਪਰੇਰ ਕੇ, ਬਿਨਾ ਤਨਖਾਹ ਅਤੇ ਕਿਸੇ ਤਰ੍ਹਾਂ ਦੇ ਹੋਰ ਮਾਇਕ ਇਵਜ਼ਾਨੇ ਤੋਂ ਬਿਨਾ ਹੀ ਆਨਰੇਰੀ ਗ੍ਰੰਥੀ ਦੀ ਸੇਵਾ ਵਾਸਤੇ ਮਨਾ ਲਿਆ। ਆਪਣੇ ਨਿਜੀ ਖ਼ਰਚ ਵਾਸਤੇ ਗਿਆਨੀ ਜੀ ਇੱਕ ਫੈਕਟਰੀ ਵਿੱਚ ਪੰਜ ਦਿਨ ਮਜ਼ਦੂਰੀ ਕਰਨ ਵਾਸਤੇ ਜਾਇਆ ਕਰਦੇ ਸਨ। ਉਹਨਾਂ ਨੇ ਤਕਰੀਬਨ ਸਾਢੇ ਅੱਠ ਸਾਲ ਦਾ ਸਮਾ ਇਹ ਸੇਵਾ ਨਿਭਾਈ। ਇਸ ਤਰ੍ਹਾਂ ਗ੍ਰੰਥੀ ਸਿੰਘ ਦੀ ਸੇਵਾ ਪ੍ਰਾਪਤ ਹੋ ਜਾਣ ਤੇ ਫਿਰ ਇਸ ਸਥਾਨ ਉਪਰ ਮਹੀਨੇ ਵਿੱਚ ਦੋ ਐਤਵਾਰ ਦੀਵਾਨ ਲੱਗਣਾ ਸ਼ੁਰੂ ਹੋ ਗਿਆ।
੧੯੮੪ ਦੇ ਜੂਨ ਮਹੀਨੇ ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਹਿੰਦ ਸਰਕਾਰ ਵੱਲੋਂ ਫੌਜੀ ਹਮਲਾ ਹੋਣ ਦਾ ਮਾੜਾ ਅਸਰ ਸਾਰੀ ਦੁਨੀਆਂ ਵਿੱਚ ਵੱਸਣ ਵਾਲ਼ੀ ਸਿੱਖ ਕੌਮ ਉਪਰ ਪਿਆ। ਆਸਟ੍ਰੇਲੀਆ ਦੀ ਸਿੱਖ ਸੰਗਤ ਵੀ ਇਸ ਤੋਂ ਬਚ ਨਾ ਸਕੀ। ਇਸ ਦੇ ਅਸਰ ਵਜੋਂ ਤਾਰਾਮਾਰਾ ਗੁਰਦੁਆਰਾ ਸਾਹਿਬ ਬੰਦ ਹੋ ਗਿਆ ਤੇ ਓਥੋਂ ਦੀ ਸੰਗਤ ਵੀ ਏਥੇ ਆਉਣੀ ਸ਼ੁਰੂ ਹੋ ਗਈ।
ਉਸ ਸਮੇ ਇਸ ਸੰਸਥਾ ਵਿਰੁਧ ਵਿਰੋਧੀਆਂ ਵੱਲੋਂ ਲਗਾਤਾਰ ਬਹੁਤ ਗ਼ਲਤ ਪ੍ਰਚਾਰ ਕੀਤਾ ਗਿਆ। ਝੂਠੀਆਂ ਅਫ਼ਵਾਹਵਾਂ ਉਡਾਈਆਂ ਗਈਆਂ, ਜਿਨ੍ਹਾਂ ਵਿਚੋਂ ਇੱਕ ਇਹ ਵੀ ਸੀ ਕਿ ਗੁਰਦੁਆਰੇ ਦੀ ਜ਼ਮੀਨ ਦੇ ਵਿਚਕਾਰੋਂ ਦੀ ਹਾਈਵੇ ਨਿਕਲ ਜਾਣਾ ਹੈ, ਜਿਸ ਨਾਲ਼ ਹਾਈਵੇ ਦੇ ਦੋਹੀਂ ਪਾਸੀਂ ਦੋ ਲੀਰਾਂ ਜ਼ਮੀਨ ਦੀਆਂ ਬਚਣਗੀਆਂ, ਜਿਨ੍ਹਾਂ ਦੋ ਟੋਟਿਆਂ ਵਿੱਚ ਕੁੱਝ ਨਹੀਂ ਬਣ ਸਕੇ ਗਾ। ਇਸ ਵਸਤੇ ਸੰਗਤਾਂ ਨੂੰ ਇਹ ਯਕੀਨ ਨਹੀਂ ਸੀ ਕਿ ਏਥੇ ਗੁਰਦੁਆਰਾ ਬਣਾਇਆ ਜਾਵੇਗਾ ਜਾਂ ਬਣ ਵੀ ਸਕੇ ਗਾ। ਬੈਂਕ ਦੇ ਕਰਜ਼ੇ ਦੀ ਕਿਸ਼ਤ ਦੇਣ ਵਿੱਚ ਵੀ ਮੁਸ਼ਕਲਾਂ ਆਈਆਂ। ਫਿਰ ਬੈਂਕ ਨਾਲ਼ ਰੀ-ਨੈਗੋਸ਼ੀਏਟ ਕਰਕੇ, ਤਿੰਨ ਸਾਲਾਂ ਦੀ ਥਾਂ ਕਰਜ਼ਾ ੧੦ ਸਾਲਾਂ ਵਿੱਚ ਮੋੜਨਾ ਕੀਤਾ। ਇਸ ਨਾਲ਼ ਕਿਸ਼ਤ ਦੇ ਪੈਸੇ ਘੱਟ ਮੋੜਨ ਦੀ ਸਹੂਲਤ ਮਿਲ਼ ਗਈ।
੧੯੮੫ ਵਿੱਚ ਐਸੋਸੀਏਸ਼ਨ ਦੇ ਅਧੀਨ ਚੈਰਿਟੇਬਲ ਕੌਂਸਲ ਵੀ ਰਜਿਸਟਰ ਕਰਵਾਈ ਗਈ ਜਿਸ ਕਰਕੇ ਭੇਟਾ ਅਤੇ ਉਗਰਾਹੀ ਦੇਣ ਵਾਲ਼ਿਆਂ ਨੂੰ ਸਰਕਾਰ ਨੇ ਇਨਕਮ ਟੈਕਸ ਦੀ ਛੋਟ ਦੇ ਦਿਤੀ।
ਇਸ ਦੇ ਨਾਲ਼ੋਂ ਹਾਈਵੇ ਤਾਂ ਲੰਘਿਆ ਪਰ ਉਸ ਨੇ ਇੱਕ ਪਾਸਿਉਂ ਬਹੁਤ ਹੀ ਥੋਹੜਾ ਥਾਂ ਮੱਲਿਆ ਤੇ ਉਸ ਦੇ ਚੰਗੇ ਪੈਸੇ ਵੀ ਸੰਸਥਾ ਨੂੰ ਦਿਤੇ। ਵਲੈਤੋਂ ਆਏ ਪਰਵਾਰਾਂ ਅਤੇ ਸਿੱਖ ਕਲੱਬ ਵਾਲ਼ੇ ਸੱਜਣਾਂ ਨੇ ਬੜੀ ਹਿੰਮਤ ਨਾਲ਼, ਪੁਰਾਣੇ ਮਕਾਨ ਨੂੰ ਰੈਨੋਵੇਟ ਰਾਹੀਂ, ਇਸ ਵਿੱਚ ਬਹੁਤ ਸਾਰਾ ਵਾਧਾ ਕਰਕੇ, ਇਸ ਨੂੰ ਦੀਵਾਨ ਲਾਉਣ ਦੇ ਯੋਗ ਬਣਾਇਆ। ਜਿਵੇਂ ਜਿਵੇਂ ਸੰਗਤ ਵਧਦੀ ਗਈ, ਇਸ ਦੀ ਇਮਾਰਤ ਵਿੱਚ ਓਵੇਂ ਸਮੇ ਸਮੇ ਹੋਰ ਵਾਧਾ ਕੀਤਾ ਜਾਂਦਾ ਰਿਹਾ।
ਡਾਕਟਰ ਸਿੱਧੂ ਜੀ ਅਮ੍ਰੀਕਾ, ਕੈਨੇਡਾ ਦੀ ਯਾਤਰਾ ਉਪਰ ਗਏ ਤਾਂ ਆਪਣੇ ਸ਼ਾਗਿਰਦਾਂ ਪਾਸੋਂ ੭੦੦੦੦ (ਸੱਤਰ ਹਜ਼ਾਰ ਡਾਲਰ) ਉਗਰਾਹ ਕੇ ਲੈ ਆਏ। ਡਾਕਟਰ ਸਿਧੂ, ਸ. ਅਜਾਇਬ ਸਿੰਘ ਸਿਧੂ ਤੇ ਸ. ਕ੍ਰਿਪਾਲ ਸਿੰਘ ਪੰਨੂੰ ਨੇ ਆਪਣੇ ਘਰਾਂ ਦੀ ਗਰੰਟੀ ਦੇ ਕੇ, ਬੈਂਕ ਤੋਂ ਕਰਜ਼ਾ ਲਿਆ ਤੇ ਨਾਲ਼ ਲਗਵੀਂ ਤਿੰਨ ਏਕੜ ਜ਼ਮੀਨ ਹੋਰ ਖ਼ਰੀਦ ਲਈ, ਜਿਥੇ ਹੁਣ ਗੁਰਦੁਆਰਾ ਸਾਹਿਬ ਦਾ ਵਿਸ਼ਾਲ ਹਾਲ ਉਸਾਰਿਆ ਗਿਆ। ਇਸ ਜਿਡਾ ਹਾਲ ਆਸਟ੍ਰੇਲੀਆ ਵਿੱਚ ਹੋਰ ਕਿਸੇ ਗੁਰਦੁਆਰਾ ਸਾਹਿਬ ਦਾ ਤਾਂ ਕੀ, ਕਿਸੇ ਹੋਰ ਚਰਚ ਦਾ ਵੀ ਏਡਾ ਵੱਡਾ ਹਾਲ ਸ਼ਾਇਦ ਨਹੀਂ ਹੈ।
ਇਸ ਵਿਸ਼ਾਲ ਬਿਲਡਿੰਗ ਦੀਆਂ ਨੀਹਾਂ ਪੁੱਟੀਆਂ ਜਾ ਰਹੀਆਂ ਸਨ ਕਿ ਇੱਕ ਦਿਨ ਐਤਵਾਰ ਦੇ ਦੀਵਾਨ ਸਮੇ, ਠਕਰਾਲ ਪਰਵਾਰ ਆਇਆ। ਲੈਮੋਜ਼ੀਨ ਕਾਰਾਂ, ਗੋਰੇ ਸ਼ੋਫ੍ਹਰ, ਗੋਰੇ ਹੀ ਸੈਕਿਉਰਟੀ ਗਾਰਡਾਂ ਨਾਲ਼ ਉਹ ਪੁੱਜੇ ਅਤੇ ਗੁਰੂ ਜੀ ਅੱਗੇ ਮੱਥਾ ਟੇਕ ਕੇ ਦੀਵਾਨ ਵਿੱਚ ਸਜ ਗਏ। ਲੰਗਰ ਛਕਣ ਸਮੇ, ਇੱਕ ਪਾਸੇ ਪੁੱਟੀ ਹੋਈ ਮਿੱਟੀ ਦੇ ਲੱਗੇ ਹੋਏ ਢੇਰਾਂ ਨੂੰ ਵੇਖ ਕੇ, ਉਹਨਾਂ ਦੇ ਪੁੱਛਣ ਤੇ ਜਦੋਂ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਜਾ ਰਹੀ ਹੈ ਤਾਂ ਉਹਨਾਂ ੫੧੦੦੦ ਡਾਲਰ ਦੇਣ ਦਾ ਇਕਰਾਰ ਕੀਤਾ। ਆਸਟ੍ਰੇਲੀਆ ਵਿੱਚ ਉਹਨਾਂ ਦੇ ਮੈਨੇਜਰ, ਸ. ਮਨਜੀਤ ਸਿੰਘ ਗਿੱਲ ਨੇ ਚੱਲ ਰਹੇ ਕੰਮ ਦੀਆਂ ਫ਼ੋਟੋ ਲਾਹ ਕੇ ਭੇਜੀਆਂ ਤਾਂ ਉਹਨਾਂ ਵੱਲੋਂ ੫੧੦੦੦ ਦਾ ਚੈਕ ਵੀ ਆ ਗਿਆ। ਫਿਰ ਇੱਕ ਦਿਨ ਸਮੇਤ ਪਰਵਾਰ ਆਏ ਤਾਂ ਅੱਗੋਂ ਕੰਧਾਂ ਉਸਰੀਆਂ ਵੇਖ ਕੇ ਉਹਨਾਂ ਨੇ ਹੈਰਾਨੀ ਭਰੀ ਖ਼ੁਸ਼ੀ ਪਰਗਟ ਕੀਤੀ ਤੇ ੩੫੦੦੦੦ ਦਾ ਚੈਕ ਹੋਰ ਭੇਟਾ ਕਰ ਗਏ। ਗੁਰਦੁਆਰਾ ਸਾਹਿਬ ਦੀ ਓਪਨਿੰਗ ਵੇਲ਼ੇ ੧੦੦੦੦੦ ਹੋਰ ਦੇ ਗਏ। ਇਸ ਤਰ੍ਹਾਂ ਇਕੋ ਪਰਵਾਰ ਵੱਲੋਂ ੫੦੧੦੦੦ (ਪੰਜ ਲੱਖ ਇੱਕ ਹਜ਼ਾਰ ਡਾਲਰ), ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਸੇਵਾ ਵਿੱਚ ਪਾਏ ਗਏ। ਇਸ ਗੁਰਦੁਅਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਬਾਰੇ ਸੰਗਤਾਂ ਵਿੱਚ ਏਨਾ ਉਤਸ਼ਾਹ ਸੀ ਕਿ ਹਰੇਕ ਸਿੱਖ ਨੇ, ਆਪਣੀ ਕਿਰਤ ਕਮਾਈ ਵਿਚੋਂ, ਹੈਸੀਅਤ ਅਨੁਸਾਰ ਹਿੱਸਾ ਪਾਇਆ। ਕੁੱਝ ਸੱਜਣਾਂ ਨੇ ਤਾਂ ਦਸ ਦਸ ਹਜ਼ਾਰ ਡਾਲਰ ਤੱਕ ਵੀ ਉਗਰਾਹੀ ਦਿਤੀ। ਮੈਲਬਰਨ ਤੋਂ ਉਪਲ ਪਰਵਾਰ ਨੇ ੨੫੦੦੦ ਡਾਲਰ ਭੇਟਾ ਕੀਤੇ।
ਠਕਰਾਲ ਕੰਪਨੀ ਦਾ ਹੈਡ ਕੁਆਰਟਰ ਤੇ ਭਾਵੇਂ ਸਿੰਗਾਪੁਰ ਵਿੱਚ ਹੈ ਪਰ ਬਹੁਤ ਸਾਰੇ ਮੁਲਕਾਂ ਵਿੱਚ ਇਹਨਾਂ ਦਾ ਕਾਰੋਬਾਰ ਹੈ। ਉਸ ਸਮੇ ਆਸਟ੍ਰੇਲੀਆ ਵਿੱਚ ਇਹਨਾਂ ਦੀਆ ਸਤਾਰਾਂ ਜਾਇਦਾਦਾਂ ਸਨ ਜਿਨ੍ਹਾਂ ਦਾ ਪ੍ਰਬੰਧ ਸ. ਮਨਜੀਤ ਸਿੰਘ ਗਿੱਲ ਕਰਦੇ ਸਨ। ਇਹਨਾਂ ਆਸਟ੍ਰੇਲੀਆ ਵਿਚਲੇ ਹੋਰ ਵੀ ਕਈ ਗੁਰਦੁਆਰਾ ਸਾਹਿਬਾਨ ਨੂੰ ਸਮੇ ਸਮੇ ਚੋਖੀ ਮਾਇਆ ਭੇਟਾ ਕੀਤੀ ਸੀ।
ਸ਼ਾਇਦ ਇਸ ਘਟਨਾ ਦਾ ਏਥੇ ਵਰਨਣ ਪਾਠਕਾਂ ਨੂੰ ਹੈਰਾਨ ਕਰੇ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਸਮੇ, ਚੈਰਿਟੇਬਲ ਕੌਂਸਲ ਦੇ ਚੇਅਰਮੈਨ, ਸ. ਮਹਿੰਦਰ ਸਿੰਘ ਮਿਨਹਾਸ ਸਨ। ਉਹਨਾਂ ਦਾ ਉਚ ਪਾਏ ਦਾ ਆਪਣਾ ਰੈਸਟੋਰੈਂਟ ਸੀ। ਸਮੇ ਸਮੇ ਉਸ ਵਿੱਚ ਪ੍ਰਸ਼ਾਦੇ ਛਕਣ ਹਰੇਕ ਪ੍ਰਕਾਰ ਦੇ ਗਾਹਕ ਆਇਆ ਕਰਦੇ ਸਨ। ਇਸ ਕਰਕੇ ਉਹਨਾਂ ਦੀ ਵੱਡੇ ਵੱਡੇ ਵਿਅਕਤੀਆਂ ਨਾਲ਼ ਜਾਣ ਪਛਾਣ ਅਤੇ ਮੂੰਹ ਮੁਲਾਹਜ਼ਾ ਸੀ। ਗੁਰਦੁਆਰਾ ਸਾਹਿਬ ਦੀ ਇਮਾਰਤ ਵਾਸਤੇ ਉਹਨਾਂ ਨੇ ਇੱਕ ਬੈਂਕ ਮੈਨੇਜਰ ਨਾਲ਼ ਗੱਲ ਕਰਕੇ ਕਰਜ਼ਾ ਮਨਜ਼ੂਰ ਕਰਵਾ ਲਿਆ। ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋ ਕੇ, ਇੱਕ ਕਿਸ਼ਤ ਦਾ ਬੈਂਕ ਨੇ ਭੁਗਤਾਨ ਵੀ ਕਰ ਦਿਤਾ। ਪਤਾ ਨਹੀਂ ਕਿਸ ਭਾਨੀਮਾਰ ਸੱਜਣ ਨੇ ਭਾਨੀ ਵਾਲ਼ਾ ਤੀਰ ਏਨਾ ਕੱਸ ਕੇ ਨਿਸ਼ਾਨੇ ਉਪਰ ਮਾਰਿਆ ਕਿ ਉਸ ਮੈਨੇਜਰ ਨੂੰ ਬੌਂਦਲਾ ਕੇ ਰੱਖ ਦਿਤਾ। ਉਸ ਨੇ ਸ. ਮਹਿੰਦਰ ਸਿੰਘ ਨੂੰ ਸੱਦ ਕੇ, ਅੱਗੋਂ ਕਰਜ਼ਾ ਜਾਰੀ ਰੱਖਣ ਤੋਂ ਦ੍ਰਿੜ੍ਹਤਾ ਨਾਲ਼ ਕੋਰੀ ਨਾਂਹ ਕਰ ਦਿਤੀ ਤੇ ਇਹ ਵੀ ਆਖਿਆ ਕਿ ਜੇਹੜੀ ਕਿਸ਼ਤ ਮੈਂ ਦਿਤੀ ਹੈ ਉਹ ਵੀ ਤੁਹਾਨੂੰ ਛੱਡੀ; ਅੱਗੇ ਤੋਂ ਤੁਸੀਂ ਮੈਨੂੰ ਮੁਆਫ਼ੀ ਦਿਓ। ਕਰਜ਼ਾ ਕਿਸੇ ਹਾਲਤ ਵਿੱਚ ਵੀ ਨਹੀਂ ਦਿਤਾ ਜਾ ਸਕਦਾ। ਕਰਜ਼ੇ ਤੋਂ ਨਾਂਹ ਹੋ ਜਾਣ ਤੇ ਉਸਾਰੀ ਰੁਕ ਜਾਣੀ ਸੀ।
ਸ. ਮਹਿੰਦਰ ਸਿੰਘ ਨੇ ਕਿਸੇ ਹੋਰ ਨਾਲ਼ ਇਹ ਭੇਤ ਸਾਂਝਾ ਕਰਨ ਤੋਂ ਪਹਿਲਾਂ ਮੇਰੇ ਨਾਲ਼ ਇਹ ਗੱਲ ਕਰ ਦਿਤੀ ਤੇ ਮੇਰੀ ਸਲਾਹ ਪੁੱਛੀ। ਮੈਂ ਜੋ ਉਸ ਨੂੰ ਕਿਹਾ ਉਸ ਦਾ ਸਾਰਅੰਸ਼ ਕੁੱਝ ਇਸ ਪ੍ਰਕਾਰ ਸੀ:
ਮੈਨੂੰ ਤਾਂ ਇਹ ਗੱਲ ਦੱਸ ਦਿਤੀ, ਹੋਰ ਕਿਸੇ ਕੋਲ਼ ਇਸ ਦੀ ਭਿਣਖ ਵੀ ਨਾ ਕਢੀਂ। ਸੰਗਤ ਵਿੱਚ ਹਫ਼ੜਾ ਦਫ਼ੜੀ ਮਚ ਜਾਵੇ ਗੀ। ਹੁਣ ਤੁਸੀਂ ਕਾਮਨਵੈਲਥ ਬੈਂਕ ਕੋਲ਼ ਜਾਓ। ਉਸ ਦੇ ਮੈਨੇਜਰ ਨੂੰ ਆਖੋ ਕਿ ਫਲਾਣੀ ਬੈਂਕ ਨੇ ਕਰਜ਼ਾ ਤਾਂ ਮਨਜ਼ੂਰ ਕਰ ਦਿਤਾ ਹੈ ਪਰ ਸਾਡਾ ਭਾਈਚਾਰਾ ਸਾਡੇ ਨਾਲ਼ ਨਾਰਾਜ਼ਗੀ ਪਰਗਟ ਕਰ ਰਿਹਾ ਹੈ ਕਿ ਜਦੋਂ ਏਨੇ ਸਾਲਾਂ ਤੋਂ ਸੰਸਥਾ ਦਾ ਅਕਾਊਂਟ ਕਾਮਨਵੈਲਥ ਬੈਂਕ ਨਾਲ਼ ਹੈ ਤਾਂ ਤੁਸੀਂ ਕਰਜ਼ਾ ਕਿਸੇ ਹੋਰ ਬੈਂਕ ਤੋਂ ਕਿਉਂ ਲਿਆ! ਇਸ ਲਈ ਮੈਨੂੰ ਸਾਡੀ ਕਮੇਟੀ ਨੇ ਤੁਹਾਡੇ ਕੋਲ਼ ਭੇਜਿਆ ਹੈ ਕਿ ਜੇਕਰ ਤੁਸੀਂ ਇਹ ਕਰਜ਼ਾ ਆਪਣੀ ਬੈਂਕ ਵੱਲ ਟ੍ਰਾਂਸਫ਼ਰ ਕਰ ਲਵੋ ਤਾਂ ਸਾਡੀ ਕਮਿਊਨਿਟੀ ਨੂੰ ਬੜੀ ਖ਼ੁਸ਼ ਹੋਵੇਗੀ।
ਸ. ਮਹਿੰਦਰ ਸਿੰਘ ਨੇ ਪਤਾ ਨਹੀਂ ਜਾ ਕੇ ਕੀ ਤੇ ਕਿਵੇਂ ਕਿਹਾ ਤੇ ਬੈਂਕ ਮੈਨੇਜਰ ਦੇ ਕੰਨ ਵਿੱਚ ਕਿਵੇਂ ਫੂਕ ਮਾਰੀ ਕਿ ਉਸ ਨੇ ਫੌਰਨ ਹੀ ਸਾਰਾ ਕਰਜ਼ਾ ਆਪਣੀ ਬੈਂਕ ਵੱਲ ਟ੍ਰਾਂਸਫਰ ਕਰ ਲਿਆ ਤੇ ਟ੍ਰਾਂਸਫਰ ਕਰਨ ਦੀ ਬਣਦੀ ਫੀਸ ਵੀ ਨਾ ਲਈ।
ਇਸ ਤਰ੍ਹਾਂ ਇਹ ਕਿਸੇ ਸੱਜਣ ਪੁਰਸ਼ ਦੀ ਕਿਰਪਾ ਨਾਲ਼ ਆਇਆ ਕਰਜ਼ੇ ਵਾਲ਼ਾ ਸੰਕਟ ਟਲ਼ ਗਿਆ।
ਆਖਰ ੩੦ ਨਵੰਬਰ, ੧੯੯੭ ਵਾਲ਼ਾ ਉਹ ਭਾਗਾਂ ਭਰਿਆ ਸਮਾ ਆਇਆ, ਜਦੋਂ ਭਾਰਤੀਆਂ ਦੇ ਵਿਸ਼ਾਲ ਜਨ ਸਮੂੰਹ ਨੇ, ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਵਿੱਚ ਦੀਵਾਨ ਲੱਗੇ ਦੇ ਦਰਸ਼ਨ ਕੀਤੇ। ਸੰਗਤ ਵਿੱਚ ਬਹੁਤ ਭਾਰੀ ਉਤਸ਼ਾਹ ਵੇਖਣ ਵਿੱਚ ਆਇਆ। ਤਿੰਨ ਦਿਨ ਸੰਗਤਾਂ ਨੇ ਬੜੇ ਉਤਸ਼ਾਹ ਨਾਲ਼, ਹਰ ਪ੍ਰਕਾਰ ਦੀ ਸੇਵਾ ਵਿੱਚ ਹਿੱਸਾ ਪਾਇਆ। ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮੇ ਜਿੰਨਾ ਇਕੱਠ ਹੋਇਆ, ਓਨਾ ਅੱਜ ਤੱਕ ਵੀ ਭਾਰਤੀ ਸਮਾਜ ਦਾ ਆਸਟ੍ਰੇਲੀਆ ਵਿੱਚ ਨਹੀਂ ਹੋਇਆ। ਸਿੱਖਾਂ ਨਾਲ਼ੋਂ ਕਿਤੇ ਵਧੇਰੇ ਦੂਸਰੇ ਧਰਮਾਂ ਨੂੰ ਮੰਨਣ ਵਾਲ਼ੇ ਪ੍ਰੇਮੀਆਂ ਨੇ ਵੀ ਵਧ ਚੜ੍ਹ ਕੇ, ਇਸ ਯਾਦਗਾਰੀ ਮਹਾਨ ਸਮਾਗਮ ਵਿੱਚ ਸ਼ਾਮਲ ਹੋ ਕੇ ਤੇ ਰੌਣਕਾਂ ਵਧਾ ਕੇ, ਗੁਰੂ ਕੀਆਂ ਖ਼ੁਸ਼ੀਆ ਪ੍ਰਾਪਤ ਕੀਤੀਆਂ।
੧੯੮੨ ਦੌਰਾਨ ਮਹੀਨੇ ਵਿੱਚ ਦੋ ਦਿਨ ਵਾਸਤੇ ਦੀਵਾਨ ਸਜਣ ਤੋਂ ਆਰੰਭ ਹੋ ਕੇ, ਅੱਜ ਇਸ ਸਥਾਨ ਉਪਰ ਹਰ ਰੋਜ ਦੀਵਾਨ ਸਜਦਾ ਹੈ ਤੇ ਸਾਰਾ ਦਿਨ ਹੀ ਲੰਗਰ ਵਰਤਦਾ ਹੈ। ੧੯੮੨ ਵਿੱਚ ਇੱਕ ਆਨਰੇਰੀ ਗ੍ਰੰਥੀ, ਜੋ ਆਪਣੇ ਗੁਜ਼ਾਰੇ ਵਾਸਤੇ ਪੰਜ ਦਿਨ ਫੈਕਟਰੀ ਵਿੱਚ ਮਜ਼ਦੂਰੀ ਕਰਨ ਜਾਂਦਾ ਸੀ, ਤੋਂ ਆਰੰਭ ਹੋ ਕੇ, ਅੱਜ ਇੱਕ ਹੈਡ ਗ੍ਰੰਥੀ, ਇੱਕ ਮੈਨੇਜਰ, ਦੋ ਲਾਂਗਰੀ, ਦੋ ਲਾਇਬ੍ਰੇਰੀਅਨ, ਛੇ ਰਾਗੀ ਸਿੰਘ, ੩੦ ਤੋਂ ਉਪਰ ਪੰਜਾਬੀ ਟੀਚਰ ਤਨਖਾਹ ਤੇ ਸੇਵਾ ਕਰ ਰਹੇ ਹਨ। ਜੇਹੜੇ ਬਿਨਾ ਤਨਖਾਹੋਂ ਸੇਵਾ ਕਰਦੇ ਹਨ ਉਹਨਾਂ ਦੀ ਗਿਣਤੀ ਹੋਰ ਵੀ ਵਧੇਰੇ ਹੈ। ਇਹਨਾਂ ਤੋਂ ਇਲਾਵਾ ਸੰਸਾਰ ਭਰ ਵਿਚੋਂ ਵਿੱਦਵਾਨ, ਕਥਾਵਾਚਕ, ਪ੍ਰਚਾਰਕ, ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ ਜਥੇ, ਸੰਤ ਮਹਾਂ ਪੁਰਸ਼ ਵੀ ਆ ਕੇ, ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਦੇ ਹਨ। ਇੱਕ ਢੁਕਵੀਂ ਭਾਈ ਗੁਰਦਾਸ ਲਾਇਬ੍ਰੇਰੀ, ਪੰਜਾਬੀ ਸਕੂਲ ਆਦਿ ਬਹੁਤ ਸਾਰੀਆਂ ਹੋਰ ਸੇਵਾਵਾਂ ਵੀ ਚੱਲ ਰਹੀਆਂ ਹਨ। ਰਿਟਾਇਰ ਵਿਅਕਤੀਆਂ ਦੇ ਰੁਝੇਵੇਂ ਵਾਸਤੇ ਵੀ ਢੁਕਵੇਂ ਪ੍ਰਬੰਧ ਕੀਤੇ ਜਾਂਦੇ ਹਨ। ਬਾਬਾ ਬੁਢਾ ਹਾਲ ਅਤੇ ਇਸ ਦੇ ਨਾਲ਼ ਲੱਗਵੇਂ ਕਮਰਿਆਂ ਵਿੱਚ ਧਾਰਮਿਕ, ਸਾਹਿਤਕ, ਭਾਈਚਾਰਕ ਸਮਾਗਮਾਂ ਵਾਸਤੇ ਵੀ ਢੁਕਵਾਂ ਪ੍ਰਬੰਧ ਹੈ। ਉਸ ਸਮੇ ਗੈਰਾਜ ਵਿੱਚ ਆਰਜ਼ੀ ਜਿਹਾ ਲੰਗਰ ਬਣਾਉਣ ਦਾ ਪ੍ਰਬੰਧ ਹੁੰਦਾ ਸੀ। ਅੱਜ ਢੁਕਵਾਂ ਵਿਸ਼ਾਲ ਲੰਗਰ ਹੈ। ਇਸ ਵਿੱਚ ਆਟਾ ਗੁੰਨ੍ਹਣ ਅਤੇ ਰੋਟੀਆਂ ਪਕਾਉਣ ਵਾਲ਼ੀ ਮਸ਼ੀਨ ਸਮੇਤ ਹਰੇਕ ਲੋੜੀਂਦੀ ਵਸਤੂ ਮੌਜੂਦ ਹੈ। ਲੰਗਰ ਦੀ ਇਮਾਰਤ ਦਾ ਹੋਰ ਵਿਸਥਾਰ ਕਰਨ ਬਾਰੇ ਵੀ ਉਦਮ ਕੀਤਾ ਜਾ ਰਿਹਾ ਹੈ।
ਕੁਝ ਸਾਲਾਂ ਤੋਂ ਸਰਕਾਰ ਵੱਲੋਂ ਕਮੇਟੀ ਨੂੰ ਲਿਖਿਆ ਜਾ ਰਿਹਾ ਸੀ ਕਿ ਐਸੋਸੀਏਸ਼ਨ ਦਾ ਬਜਟ, ਆਮਦਨ, ਵਸੀਲੇ ਆਦਿ ਏਨੇ ਵਧ ਗਏ ਹਨ ਕਿ ਇਹ ਹੁਣ, ਕਾਨੂੰਨ ਅਨੁਸਾਰ, ਐਸੋਸੀਏਸ਼ਨ ਨਹੀਂ ਰਹਿ ਸਕਦੀ; ਇਸ ਨੂੰ ਕੰਪਨੀ ਵਿੱਚ ਤਬਦੀਲ ਕਰਨਾ ਪਵੇ ਗਾ। ਕਈ ਕਾਰਨਾਂ ਕਰਕੇ ਇਹ ਕਾਰਜ ਪਿੱਛੇ ਪੈਂਦਾ ਆ ਰਿਹਾ ਸੀ, ਜਿਨ੍ਹਾਂ ਵਿਚੋਂ ਮੈਂਬਰਾਂ ਵਿੱਚ ਇੱਕ ਕੰਪਨੀ ਦੇ ਕਾਂਸਟੀਚਿਊਸ਼ਨ ਦੀਆਂ ਕੁੱਝ ਮੱਦਾਂ ਬਾਰੇ ਵੀ ਮੱਤਭੇਦਾਂ ਦਾ ਹੋਣਾ ਵੀ ਸੀ। ਅੰਤ ਵਿੱਚ ਗੁਰਦੁਆਰਾ ਸਾਹਿਬ ਵਿਖੇ ਹੋਈ ਇੱਕ ਸ਼ਾਮ ਦੀ ਇਕੱਤਰਤਾ ਵਿੱਚ ਇਹ ਮਸਲਾ ਵੀ ਨਜਿਠਿਆ ਗਿਆ ਤੇ ਕਾਂਸਟੀਚਿਊਸ਼ਨ ਪਾਸ ਹੋ ਗਿਆ।
ਇਸ ਵੇਲ਼ੇ ਸੰਸਥਾ ਪਾਸ ਨਾਲ਼ ਲਗਵੇਂ ਤਿੰਨ ਮਕਾਨ ਵੀ ਹਨ ਜਿਥੇ ਸਟਾਫ਼ ਅਤੇ ਬਾਹਰੋਂ ਆਏ ਵਿੱਦਵਾਨਾਂ ਦੇ ਠਹਿਰਨ ਦਾ ਪ੍ਰਬੰਧ ਹੈ। ਨਾਲ਼ ਲੱਗਵਾਂ ਇੱਕ ਡਾਕਟਰ ਦਾ ਮਕਾਨ ਖ਼ਰੀਦ ਕੇ, ਉਸ ਨੂੰ ਢੁਕਵਾਂ ਬਣਾ ਕੇ, ਓਥੇ ਪੰਜਾਬੀ ਸਕੂਲ਼ ਲੱਗਦਾ ਹੈ। ਇਸ ਤੋਂ ਇਲਾਵਾ ਬਹੁਤ ਦੂਰ, ਵਾਹਵਾ ਸਾਲ ਹੋ ਗਏ, ਕੁੱਝ ਜ਼ਮੀਨ ਵੀ ਖ਼ਰੀਦੀ ਹੋਈ ਹੈ। ਵੇਖੋ, ਉਹ ਜ਼ਮੀਨ ਕਿਸ ਕਾਰਜ ਵਾਸਤੇ ਵਰਤੀ ਜਾਵੇ ਗੀ!
ਹੁਣ ਇਹ ਜਥੇਬੰਦੀ ਐਸੋਸੀਏਸ਼ਨ ਨਾ ਰਹਿ ਕੇ, ਕੰਪਨੀ ਬਣ ਗਈ ਹੈ। ਇਸ ਦਾ ਪ੍ਰਬੰਧ ਕਰਨ ਵਾਸਤੇ, ਤਿੰਨਾਂ ਕਮੇਟੀਆਂ: ਗੁਰਦੁਆਰਾ ਪ੍ਰਬੰਧਕ ਕਮੇਟੀ, ਬੋਰਡ ਆਫ਼ ਟ੍ਰੁਸਟੀਜ਼ ਅਤੇ ਚੈਰਿਟੇਬਲ ਕੌਂਸਲ ਦੇ, ੨੭ ਮੈਂਬਰਾਂ ਦੀ ਬਜਾਇ, ਹੁਣ ੧੫ ਡਾਇਰੈਕਟਰ ਚੁਣੇ ਜਾਣੇ ਸਨ। ਪਿਛਲੇ ਦਿਨੀਂ ਇਹਨਾਂ ਪੰਦਰਾਂ ਡਾਇਰੈਕਟਰਾਂ ਦੀ ਇਲੈਕਸ਼ਨ ਬੜੇ ਜੋਸ਼ੋ ਖਰੋਸ਼ ਅਤੇ ਧੂਮ ਧੜੱਕੇ ਨਾਲ਼ ਹੋ ਗਈ ਹੈ। ਇਸ ਕੰਪਨੀ ਦੇ ਪ੍ਰਬੰਧ ਉਪਰ ਕਬਜ਼ਾ ਕਰਨ ਵਾਸਤੇ, ਜਿਵੇਂ ਕਿ ਇਲੈਕਸ਼ਨ ਸਮੇ ਹੁੰਦਾ ਹੀ ਹੈ, ਕਿਸੇ ਪਾਸਿਉਂ ਵੀ ਕੋਈ ਕਸਰ ਨਹੀਂ ਛੱਡੀ ਗਈ। “ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥” (੪੬੯)। ਅਖੀਰ ਗੁਰੂ ਫੁਰਮਾਣ, “ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ॥” (੪੫੭) ਅਨੁਸਾਰ, ਜਿਨ੍ਹਾਂ ਸੱਜਣਾਂ ਤੇ ਬੀਬੀਆਂ ਪਾਸੋਂ ਗੁਰੂ ਜੀ ਨੇ ਸੇਵਾ ਲੈਣੀ ਸੀ, ਉਹਨਾਂ ਨੂੰ ਜਿੱਤ ਪ੍ਰਾਪਤ ਹੋ ਗਈ। ੧੫ ਡਾਇਰੈਕਟਰ ਇਲੈਕਸ਼ਨ ਜਿੱਤ ਗਏ ਤੇ ਉਹਨਾਂ ਨੇ ਕੰਪਨੀ ਦਾ ਪ੍ਰਬੰਧ ਸੰਭਾਲ਼ ਲਿਆ ਹੈ। ਗੁਰਦੁਆਰਾ ਸਾਹਿਬ ਦਾ ਕਾਰਜ ਪਹਿਲੇ ਵਾਂਙ ਹੀ ਚੱਲ ਰਿਹਾ ਹੈ; ਇਸ ਵਿੱਚ ਕੋਈ ਰੁਕਾਵਟ ਜਾਂ ਅਦਲਾ ਬਦਲੀ ਨਹੀਂ ਹੋਈ। ਪੰਦਰਾਂ ਡਾਇਰੈਕਟਰ ਮੁਕਾਲਬਤਨ ਨੌਜਵਾਨ ਚੁਣੇ ਗਏ ਹਨ। ਇਹਨਾਂ ਵਿਚੋਂ, ਇੱਕ ਸ. ਨਿਰਮਲ ਸਿੰਘ ਸੰਧਰ ਜੇਹੜਾ ਇਮਾਰਤ ਬਣਨ ਸਮੇ ਸਕੱਤਰ ਸੀ, ਤੋਂ ਇਲਾਵਾ, ਕੋਈ ਵੀ ਹੋਰ ਨਸਹੀਂ ਜਿਸ ਨੇ ਇਸ ਸੰਸਥਾ ਦੇ ਹੋਂਦ ਵਿੱਚ ਆਉਣ ਦੇ ਮੁਢਲੇ ਸਮੇ ਨੂੰ ਹੰਡਾਇਆ ਹੋਵੇ! ਪਰ ਤਬਦੀਲੀ ਕੁਦਰਤ ਦਾ ਕਾਨੂੰਨ ਹੈ ਅਤੇ ਹਰੇਕ ਤਬਦੀਲੀ ਤੋਂ ਚੰਗੇਰੇ ਦੀ ਆਸ ਕੀਤੀ ਜਾਂਦੀ ਹੈ। ਇਸ ਮੁਕਾਬਲਤਨ ਨਵੇਂ ਗਰੁਪ ਪਾਸੋਂ ਵੀ ਆਸ ਹੈ ਕਿ ਇਹ ਆਪਣੇ ਨਿੱਤ ਦੇ ਰੁਝੇਵਿਆਂ ਵਿਚੋਂ ਸਮਾ ਕਢ ਕੇ, ਇਸ ਸੰਸਥਾ ਨੂੰ ਹੋਰ ਵੀ ਅਗੇਰੇ ਲੈ ਕੇ ਜਾਣ ਗੇ। ਇਹਨਾਂ ਦੀ ਅਗਵਾਈ ਹੇਠ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਿੱਖੀ ਦੀ ਉਨਤੀ ਅਤੇ ਮਨੁਖਤਾ ਦੀ ਭਲਾਈ ਵਾਸਤੇ ਹੋਰ ਵੀ ਅੱਗੇ ਉਦਮ ਕਰਨ ਗੇ। ਅਜੇ ਬਹੁਤ ਸਾਰੇ ਕਾਰਜ ਹੋਰ ਵੀ ਕਰਨ ਵਾਲ਼ੇ ਪਏ ਹਨ, ਜਿਨ੍ਹਾਂ ਵਿਚੋਂ ਇੱਕ ਅਤੀ ਮਹੱਤਵਪੂਰਨ ‘ਓਲਡ ਪੀਪਲ ਹੋਮ’ ਵਾਲ਼ਾ ਵੀ ਜਰੂਰੀ ਹੈ। ਇਸ ਬਾਰੇ ਕੁੱਝ ਸਾਲ ਪਹਿਲਾਂ ਮੈਂ ਇੱਕ ਲੇਖ ਵੀ ਲਿਖਿਆ ਸੀ ਜਿਸ ਵਾਸਤੇ ਕੁੱਝ ਸੱਜਣਾਂ ਵੱਲੋਂ ਹਾਮੀ ਭਰੀ ਗਈ ਸੀ ਪਰ ਕਿਸੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਸ ਗੱਲ ਦਾ ਨੋਟਿਸ ਨਹੀਂ ਗਿਆ ਸੀ। ਇਸ ਦਾ ਸ਼ਾਇਦ ਕਾਰਨ ਉਹਨਾਂ ਦੀ ਮੁਕਾਬਲਤਨ ਜਵਾਨ ਉਮਰ ਦਾ ਹੋਣਾ ਹੋਵੇ!


06/17/18
ਗੁਰਮੀਤ ਸਿੰਘ ਕਾਦੀਆਨੀ (ਕਪੂਰਥਲਾ)

ਜਿਸ ਤਰਾਂ ਉਮੀਦ ਕੀਤੀ ਜਾ ਰਹੀ ਸੀ, 14 ਜੂਨ 2018 ਨੂੰ ਰੇਡੀਓ ਵਿਰਸਾ ਨਿਊਜੀਲੈਂਡ ਦੇ ਭਾਈ ਹਰਨੇਕ ਸਿੰਘ ਨੂੰ ਅਕਾਲ ਤਖਤ ਤੋਂ ਛੇਕਣ ਵਾਲੀ ਕਾਰਵਾਈ ਕੀਤੀ ਗਈ ਹੈ| ਫੇਸਬੁਕ ਉਪਰ ਤਾਂ ਹਰਨੇਕ ਸਿੰਘ ਜੀ ਨਾਲ ਕਾਫੀ ਚਿਰ ਤੋਂ ਕੋਈ ਸੰਪਰਕ ਨਹੀਂ ਸੀ| ਪਰ ਵੱਟਸਐਪ ਦੇ ਕੁੱਝ ਗਰੁੱਪਾਂ ਦੇ ਮਾਧਿਅਮ ਰਾਹੀਂ ਅਤੇ ਉਸ ਤੋਂ ਬਾਦ ਰੇਡੀਓ ਵਿਰਸਾ ਰਾਹੀਂ ਹਰਨੇਕ ਸਿੰਘ ਜੀ ਦੇ ਵੀਚਾਰਾਂ ਨਾਲ ਸਾਂਝ ਬਣੀ ਹੈ|

ਪਰਮੁੱਖ ਵਿਦਵਾਨ ਸਰਦਾਰ ਗੁਰਬਖਸ਼ ਸਿੰਘ ਜੀ ਕਾਲਾਅਫਗਾਨਾ ਨੇ ਆਪਣੀਆਂ ਖੋਜ ਭਰਪੂਰ ਕਿਤਾਬਾਂ ਰਾਹੀਂ ਅਖੌਤੀ ਦਸਮ ਗਰੰਥ ਅਤੇ ਉਸ ਤੋਂ ਬਾਦ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀਆਂ ਅਤਿਕਥਨੀਆਂ ਬਾਰੇ ਸਿੱਖ ਸੰਗਤਾਂ ਨੂੰ ਸੁਚੇਤ ਕਰਨ ਦੀ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ, ਜਿਸਦੇ ਇਵਜਾਨੇ ਵਜੋਂ ਉਸ ਮਹਾਨ ਪੰਥਕ ਸ਼ਖਸੀਅਤ ਨੂੰ ਮਹਾਂ ਮੂਰਖ ਜਥੇਦਾਰਾਂ ਨੇ ਸਾਲ 2003 ਵਿੱਚ ਛੇਕ ਕੇ ਬਰਾਹਮਣਵਾਦੀ ਸੋਚ ਵਾਲੇ ਡੇਰੇਦਾਰਾਂ ਦੀ ਪਿੱਠ ਪੂਰੀ ਸੀ| ਜੇਕਰ ਕਾਲਾਅਫਗਾਨਾ ਜੀ ਨੇ ਅਖੌਤੀ ਦਸਮ ਗਰੰਥ ਅਤੇ ਗੁਰਬਿਲਾਸ ਪਾਤਸ਼ਾਹੀ 6ਵੀਂ ਬਾਰੇ ਸੱਚ ਸੰਗਤਾਂ ਦੇ ਸਨਮੁੱਖ ਰੱਖਿਆ ਸੀ, ਤਾਂ ਉਸੇ ਤਰਾਂ ਭਾਈ ਹਰਨੇਕ ਸਿੰਘ ਨੇ ਵੀ ਕਾਲਾਅਫਗਾਨਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਗਿਆਨੀ ਸੰਤੋਖ ਸਿੰਘ ਦੇ ਸੂਰਜ ਪਰਕਾਸ਼ ਗਰੰਥ ਬਾਰੇ ਸੱਚ ਨੂੰ ਸੰਗਤਾਂ ਸਨਮੁੱਖ ਰੱਖਿਆ ਹੈ| ਟਕਸਾਲੀਆਂ ਨੂੰ ਤਾਂ ਭਾਵੇਂ ਇਸ ਗਰੰਥ ਵਿੱਚ ਕੁੱਝ ਵੀ ਗਲਤ ਨਹੀਂ ਲੱਗਦਾ, ਪਰ ਹੁਣ ਤੱਕ ਅਸੀਂ ਮਿਸ਼ਨਰੀ ਪਰਚਾਰਕਾਂ ਕੋਲੋਂ ਇਹੀ ਸੁਣਦੇ ਆਏ ਹਾਂ ਕਿ ਸੂਰਜ ਪਰਕਾਸ਼ ਗਰੰਥ ਦੀਆਂ ਗਲਤ ਬਿਆਨੀਆਂ ਨੂੰ ਨਜਰ ਅੰਦਾਜ ਕਰਕੇ ਬਾਕੀ ਹਿੱਸੇ ਦੀ ਕਥਾ ਗੁਰਦੁਆਰਿਆਂ ਵਿੱਚ ਕੀਤੀ ਜਾ ਸਕਦੀ ਹੈ| ਪਰ ਇਸ ਗਰੰਥ ਵਿੱਚ ਕੀ ਕੀ ਗਲਤ ਬਿਆਨੀਆਂ ਕੀਤੀਆਂ ਹੋਈਆਂ ਹਨ, ਇਸ ਬਾਰੇ ਚੁੱਪ ਰਹਿਣਾ ਹੀ ਠੀਕ ਸਮਝਿਆ ਗਿਆ ਹੈ|

*ਸੂਰਜ ਪਰਕਾਸ਼ ਵਿੱਚਲੀਆਂ ਇਹਨਾਂ ਗਲਤ ਬਿਆਨੀਆਂ ਨੂੰ ਮੌਜੂਦਾ ਸੰਦਰਭ ਵਿੱਚ ਵਾਚਿਆ ਜਾਵੇ ਤਾਂ ਸਹਿਜੇ ਹੀ ਇਹ ਗਿਆਤ ਹੋ ਜਾਵੇਗਾ ਕਿ ਸੂਰਜ ਪਰਕਾਸ਼ ਗਰੰਥ ਦੀਆਂ ਅਤਿਕਥਨੀਆਂ ਰਾਹੀਂ ਹੀ ਬਰਾਹਮਣਵਾਦੀ ਸੋਚ ਵਾਲੇ ਡੇਰੇਦਾਰਾਂ ਵਲੋਂ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ| ਜਿੱਥੇ ਕਿਤੇ ਵੀ ਮਿਸ਼ਨਰੀ ਸੋਚ ਅਤੇ ਟਕਸਾਲੀ ਡੇਰੇਦਾਰਾਂ ਦੀ ਸੋਚ ਆਪਸ ਵਿੱਚ ਟਕਰਾਉਂਦੀ ਹੈ, ਉਸ ਵੱਖਰੇਵੇਂ ਦੀ ਜੜ ਇਸ ਸੂਰਜ ਪਰਕਾਸ਼ ਗਰੰਥ ਵਿੱਚ ਹੀ ਹੈ|*

ਭਾਈ ਹਰਨੇਕ ਸਿੰਘ ਨੇ ਸੂਰਜ ਪਰਕਾਸ਼ ਦੀਆਂ ਇਹਨਾਂ ਅਤਿਕਥਨੀਆਂ ਨੂੰ ਹੀ ਰੇਡੀਓ ਵਿਰਸਾ ਦੇ ਮਾਧਿਅਮ ਰਾਹੀਂ ਸੰਗਤਾਂ ਸਨਮੁੱਖ ਰੱਖਿਆ ਹੈ| ਪਰ ਅਖੌਤੀ ਜਥੇਦਾਰਾਂ ਨੇ ਵਾਇਆ ਮਹਿਤਾ ਡੇਰਾ ਆਏ ਅਖੌਤੀ ਕੂੜਨਾਮੇ ਰਾਹੀਂ ਹਮੇਸ਼ਾਂ ਦੀ ਤਰਾਂ ਸਿੱਖ ਵਿਚਾਰਵਾਨਾਂ ਨੂੰ ਗੁੱਠੇ ਲਾਉਣ ਵਾਲੀ ਕਾਰਵਾਈ ਤਹਿਤ ਹੁਣ ਭਾਈ ਹਰਨੇਕ ਸਿੰਘ ਨੂੰ ਛੇਕਣ ਦੀ ਰਸਮ ਨਿਭਾਈ ਹੈ| ਅਸੀਂ ਅਖੌਤੀ ਜਥੇਦਾਰਾਂ ਦੀਆਂ ਕਾਰਵਾਈਆਂ ਦੀ ਸਖਤ ਨਿੰਦਾ ਕਰਦੇ ਹੋਏ ਭਾਈ ਹਰਨੇਕ ਸਿੰਘ ਨੂੰ ਲਾਸਾਨੀ ਦਰਿੜਤਾ ਲਈ ਵਧਾਈਆਂ ਪੇਸ਼ ਕਰਦੇ ਹਾਂ|

ਇਸ ਵਰਤਾਰੇ ਵਿੱਚ ਟਕਸਾਲੀ ਡੇਰੇਦਾਰਾਂ ਦਾ ਰੋਸ ਤਾਂ ਕੁੱਝ ਸਮਝ ਵਿੱਚ ਆਉਂਦਾ ਹੈ ਕਿਉਂਕਿ ਹਰਨੇਕ ਸਿੰਘ ਨੇ ਮੇਹਤੇ ਡੇਰੇ ਵਾਲਿਆਂ ਦੀਆਂ ਅਖੌਤੀ ਬਰਾਹਮਣਵਾਦੀ ਮਨੌਤਾਂ ਦਾ ਚੌਰਾਹੇ ਭਾਂਡਾ ਭੰਨਣ ਦੇ ਨਾਲ ਨਾਲ ਉਹਨਾਂ ਦੇ 14ਵੇਂ ਮੁੱਖੀ ਦੇ ਰੋਲ ਦੀ ਪਹਿਲੀ ਵਾਰ ਪੜਚੋਲ ਕਰਨ ਦੀ ਹਿੰਮਤ ਦਿਖਾਈ ਹੈ| ਪਰ ਇਸ ਸਮੁੱਚੇ ਚੈਪਟਰ ਵਿੱਚ ਜਾਗਰੂਕ ਅਖਵਾਉਣ ਵਾਲੇ ਲੋਕਾਂ ਦਾ ਰੋਲ ਬਹੁਤ ਹੀ ਮਾਯੂਸ ਕਰਨ ਵਾਲਾ ਹੈ| ਉਹ ਸ਼ਾਇਦ ਈਰਖਾ ਦੇ ਚੱਕਰ ਵਿੱਚ ਇਹ ਭੁੱਲ ਗਏ ਹਨ ਕਿ ਅਖੌਤੀ ਜਥੇਦਾਰਾਂ ਦਾ ਕਹਿਰ ਉਹਨਾਂ ਦੇ ਨਾਲ ਕਿਸੇ ਵੀ ਸਮੇਂ ਵੀ ਵਾਪਰ ਸਕਦਾ ਹੈ| ਹੁਣ ਵੀ ਭਾਈ ਹਰਨੇਕ ਸਿੰਘ ਦੇ ਨਾਲ ਖੜੋਣ ਦੀ ਬਜਾਏ ਕਈ ਜਾਗਰੂਕ ਅਖਵਾਉਣ ਵਾਲੇ ਲੋਕ ਕੱਛਾਂ ਵਜਾ ਰਹੇ ਹਨ| ਭਾਵੇਂਕਿ ਕਈ ਜਾਗਰੂਕ ਵੀਰਾਂ ਨੇ ਅਖੌਤੀ ਦਸਮ ਗਰੰਥ ਦੀਆਂ ਕੁੱਝ ਰਚਨਾਵਾਂ ਦਾ ਪਾਠ ਕਰਦਿਆਂ ਦੀਆਂ ਵੀਡੀਓ ਬਣਾ ਕੇ ਟਕਸਾਲੀਆਂ ਨਾਲ ਵਿਚੋਲਗੀ ਵਾਲਾ ਰਾਹ ਅਖਤਿਆਰ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਇਹਨਾਂ ਡੇਰੇਦਾਰਾਂ ਨੇ ਲਗਾਤਾਰ ਇਹਨਾਂ ਜਾਗਰੂਕਾਂ ਦੇ ਪਰੋਗਰਾਮਾਂ ਵਿੱਚ ਵੀ ਰੁਕਾਵਟਾਂ ਪਾ ਕੇ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਸਾਡੇ ਲਈ ਤੁਸੀਂ ਜਾਗਰੂਕ ਤੇ ਅਪਗਰੇਡ ਇੱਕ ਬਰਾਬਰ ਹੀ ਹੋ| ਕਾਸ਼, ਕਿਤੇ ਸਾਡੇ ਵੀਰ ਸਾਰੇ ਵੱਖਰੇਵੇਂ ਭੁੱਲ ਭੁਲਾਕੇ ਇਹਨਾਂ ਡੇਰੇਦਾਰਾਂ ਦਾ ਮੂੰਹ ਤੋੜ ਜਵਾਬ ਦੇਣ ਦੀ ਸਥਿਤੀ ਵਿੱਚ ਹੁੰਦੇ|

(ਸੰਪਾਦਕੀ ਟਿੱਪਣੀ:- ਸ: ਗੁਰਮੀਤ ਸਿੰਘ ਕਾਦੀਆਨੀ ਜੀ, ਤੁਹਾਡੀ ਲਿਖਤ ਭਾਂਵੇਂ ਕਦੀ ਕਤਾਂਈਂ ਹੀ ਪੜ੍ਹਨ ਨੂੰ ਮਿਲਦੀ ਹੈ ਪਰ ਤੁਸੀਂ ਪਹਿਲਾਂ ਤੋਂ ਹੀ ਧੜੇਬੰਦੀ ਤੋਂ ਨਿਰਪੱਖ ਰਹਿ ਕੇ ਲਿਖਣ ਦਾ ਜਤਨ ਕਰਦੇ ਹੋ। ਪਿਛਲੇ 20-25 ਸਾਲਾਂ ਤੋਂ ਮੈਂ ਕਿਸੇ ਵੀ ਕਥਿਤ ਜਥੇਦਾਰ ਦੇ ਕਿਸੇ ਵੀ ਕਥਿਤ ਹੁਕਮਨਾਮੇ ਨੁੰ ਕੋਈ ਵੀ ਮਹਾਨਤਾ ਨਹੀਂ ਦਿੱਤੀ ਅਤੇ ਨਾ ਹੀ ਹੁਣ ਦਿੰਦਾ ਹਾਂ। ਇਹਨਾ ਹੁਕਮਨਾਮਿਆਂ ਨੂੰ ਮਹਾਨਤਾ ਦੇ ਕੇ ਮੰਨਣਾ ਤਾਂ ਉਸੇ ਪੁਜਾਰੀਵਾਦ ਦੀ ਮਾਨਸਿਕ ਗੁਲਾਮੀ ਵਿੱਚ ਫਸਣਾ ਹੈ ਜਿਸ ਨੂੰ ਕਿ ਗੁਰੂ ਸਾਹਿਬ ਨੇ ਕੱਢਣ ਦਾ ਉਪਰਾਲਾ ਕੀਤਾ ਸੀ। ਕਿਸੇ ਵੀ ਵਿਆਕਤੀ ਵਲੋਂ ਕਹੀ ਹੋਈ ਕੋਈ ਵੀ ਗੱਲ ਜਿਹੜੀ ਕਿ ਸੱਚ ਤੇ ਪੂਰੀ ਉਤਰਦੀ ਹੋਵੇ, ਉਸ ਨੂੰ ਮੰਨਣ ਵਿੱਚ ਕੋਈ ਹਰਜ ਨਹੀਂ ਹੈ ਪਰ ਝੂਠ ਦਾ ਸਾਥ ਦੇਣਾ ਗਲਤ ਹੈ। ਹਰਨੇਕ ਸਿੰਘ ਨੇਕੀ ਭਾਵੇਂ ਬਹੁਤ ਕੁੱਝ ਠੀਕ ਕਰ ਰਿਹਾ ਹੈ ਪਰ ਇਸ ਦੀ ਬੋਲ-ਬਾਣੀ ਬਹੁਤੀ ਚੰਗੀ ਨਾ ਹੋਣ ਕਰਕੇ ਇਸ ਨੇ ਖੁਦ ਹੀ ਆਪਣੇ ਵਿਰੋਧੀਆਂ ਵਿੱਚ ਵਾਧਾ ਕੀਤਾ ਹੈ। ਇਸ ਦੇ ਹੋਰ ਸਾਥੀ ਕਾਫੀ ਹੱਦ ਤੱਕ ਠੀਕ ਬੋਲਦੇ ਹਨ। ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹੱਦ ਤੋਂ ਵੱਧ ਪ੍ਰਸੰਸਾ ਅਤੇ ਬਾਕੀ ਹੋਰ ਪ੍ਰਚਾਰਕਾਂ ਦੀ ਨਿੰਦਾ ਇਸ ਦੇ ਵਿਰੋਧੀਆਂ ਵਿੱਚ ਵਾਧੇ ਦਾ ਇੱਕ ਕਾਰਨ ਹੈ। ਜਿਹੜੇ ਟਕਸਾਲੀ ਇਸ ਨੂੰ ਚੰਗਾ ਮੰਦਾ ਬੋਲਦੇ ਹਨ ਉਹਨਾ ਨੂੰ ਉਸੇ ਬੋਲੀ ਵਿੱਚ ਜਵਾਬ ਦੇਣਾ ਤਾਂ ਕੋਈ ਗਲਤ ਨਹੀਂ ਕਿਹਾ ਜਾ ਸਕਦਾ ਪਰ ਹਰ ਇੱਕ ਲਈ ਹੀ ਮਾੜੀ ਸ਼ਬਦਾਵਲੀ ਵਰਤਣੀ ਕੋਈ ਸਿਆਣਪ ਵਾਲੀ ਗੱਲ ਨਹੀਂ ਕਹੀ ਜਾ ਸਕਦੀ। ਜਿਹੜੀ ਇੱਕ ਗੱਲ ਮੈਂ ਸਾਲ ਕੁ ਪਹਿਲਾਂ ਢੱਡਰੀਆਂ ਵਾਲੇ ਬਾਰੇ ਕਹੀ ਸੀ ਕਿ ਉਹ ਟਕਸਾਲੀਆਂ ਤੋਂ ਆਪਣਾ ਸਾਥੀ ਮਰਵਾ ਕੇ ਵੀ ਹਾਲੇ ਭਿੰਡਰਾਂਵਾਲੇ ਸਾਧ ਦੀਆਂ ਸਿਫਤਾਂ ਕਰਦਾ ਹੈ। ਜੇ ਕਰ ਭਿੰਡਰਾਂਵਾਲਾ ਇਤਨਾ ਹੀ ਠੀਕ ਸੀ ਤਾਂ ਆਪ ਉਸ ਦੇ ਰਹਿੰਦੇ ਕੰਮ ਨੂੰ ਹਿੰਸਕ ਤਰੀਕਿਆਂ ਨਾਲ ਪੂਰਾ ਕਰ ਦੇਵੇ। ਇਸ ਨੇ ਮੇਰੀ ਇਸ ਗੱਲ ਦਾ ਵੀ ਬੁਰਾ ਮਨਾਇਆ ਸੀ। ਭਾਂਵੇਂ ਹੁਣ ਇਹ ਆਪ ਵੀ ਇਹੀ ਗੱਲ ਟਕਸਾਲੀਆਂ ਨੂੰ ਕਹਿਣ ਲੱਗ ਪਿਆ ਹੈ।)


06/17/18
ਡਾ. ਸਰਬਜੀਤ ਸਿੰਘ

ਪੰਜਾਬੀਆਂ ਦਾ ਸਾਦਗੀ ਵੱਲ ਮੋੜਾ ਜ਼ਰੂਰੀ

ਡਾ. ਸਰਬਜੀਤ ਸਿੰਘ

ਪ੍ਰੋਫੈਸਰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਪ੍ਰਿੰਸੀਪਲ ਇਨਵੈਸਟੀਗੇਟਰ,

ਕਿਸਾਨ ਖੁਦਕੁਸ਼ੀਆਂ ਰੋਕਣ ਲਈ NASF (ICAR) ਪ੍ਰਾਜੈਕਟ

99142-42004

[email protected]

ਸਮਾਜਿਕ ਬੁਰਾਈਆਂ ਦੀ ਸੂਚੀ ਬਹੁਤ ਲੰਮੀ ਹੈ। ਇਸ ਵਿੱਚ ਇੱਕ ਹੋਰ ਨਵੀਂ ਬੁਰਾਈ ਵੀ ਜੁੜ ਗਈ ਹੈ - ਫਜ਼ੂਲ ਖਰਚੀ। ਜਿੱਥੇ 100 ਰੁਪਏ ਨਾਲ ਸਰ ਸਕਦਾ ਹੈ ਓਥੇ 500 ਰੁਪਏ ਖਰਚਨੇ। ਕੇਵਲ ਵਿਖਾਵੇ ਹਿਤ। ਆਪਣੀ ਟੌਹਰ ਬਣਾਉਣ ਤੇ ਵਿਖਾਉਣ ਹਿਤ।

ਪੁਰਾਨੀ ਵਸਤ ਵਿੱਚ ਥੋੜੀ ਜਿਹੀ ਖਰਾਬੀ ਆਈ – ਚਲੋ ਸੁੱਟੋ ਤੇ ਨਵੀਂ ਲੈ ਲਵੋ। ਇਹ ਰੁਝਾਨ ਕੇਵਲ ਅਮੀਰ ਘਰਾਂ ਵਿੱਚ ਹੀ ਨਹੀਂ ਸਗੋਂ ਮੱਧ ਵਰਗੀ ਪਰਿਵਾਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹਵਾ ਹੀ ਐਸੀ ਵਗੀ ਪਈ ਹੈ ਕਿ ਹੁਣ ਤਾਂ ਜੁੱਤੀ ਗੰਢਾਉਣ ਦਾ ਰਿਵਾਜ ਹੀ ਖਤਮ ਹੋ ਗਿਆ ਹੈ। ਮੋਚੀ ਲੱਭਣੇ ਪੈਂਦੇ ਹਨ। ਇਸੇ ਤਰ੍ਹਾਂ ਇਲੈਕਟ੍ਰਾਨਿਕ ਸਮਾਨਾਂ ਦਾ ਗੰਦ ਤਾਂ ਸਾਰੇ ਵਿਸ਼ਵ ਵਿੱਚ ਸਮੱਸਿਆ ਬਣ ਗਿਆ ਹੈ। ਦੇਖਾ ਦੇਖੀ ਹਰ ਕੋਈ ਵੱਧ ਤੋਂ ਵੱਧ ਖਰਚ ਕਰਨ ਵਿੱਚ ਹੀ ਆਪਣੀ ਸ਼ਾਨ ਸਮਝਨ ਲੱਗ ਗਿਆ ਹੈ।

ਇਸ ਦਾ ਨਤੀਜਾ ਹੈ ਕਿ ਜਿੱਥੇ ਪੈਸੇ ਦੀ ਬਰਬਾਦੀ ਹੋ ਰਹੀ ਹੈ, ਖਪਤਕਾਰੀ ਸਭਿਆਚਾਰ ਵੱਧ ਰਿਹਾ ਹੈ। ਲੋਕਾਂ ਦਾ ਬੱਚਤ ਖਾਤਾ ਘੱਟ ਰਿਹਾ ਹੈ ਤੇ ਬਹੁਤੇ ਤਾਂ ਕਰਜ਼ਾਈ ਵੀ ਹੋਈ ਜਾ ਰਹੇ ਹਨ। ਚਾਦਰ ਵੇਖ ਕੇ ਪੈਰ ਪਸਾਰਨੇ ਦੀ ਗੱਲ ਵਿਸਰ ਚੁੱਕੀ ਹੈ। ਅਮੀਰਾਂ ਦੀ ਨਕਲ ਕਰਦਿਆਂ ਮੱਧ ਵਰਗ ਆਪਣਾ ਝੁੱਗਾ ਚੌੜ ਕਰੀ ਜਾ ਰਿਹਾ ਹੈ।

ਫਜ਼ੂਲ ਖਰਚੀ ਦਾ ਸੱਭ ਤੋਂ ਵੱਧ ਪ੍ਰਗਟਾਵਾ ਹੁੰਦਾ ਹੈ ਵਿਆਹਾਂ ਤੇ। ਪੰਜਾਬ ਨੇ ਤਾਂ ਹੱਦ ਹੀ ਮੁਕਾ ਦਿੱਤੀ ਹੈ। ਵਿਆਹ ਹੀ ਨਹੀਂ ਸਗੋਂ ਭੋਗ ਵੀ ਵਿਖਾਵਿਆਂ ਨਾਲ ਭਰਪੂਰ ਹੋ ਗਏ ਹਨ। ਕਹਿੰਦੇ ਹਨ – ਹੁਣ ਪੰਜਾਬ ਵਿੱਚ ਮਰਨਾ ਵੀ ਮਹਿੰਗਾ ਹੋਈ ਜਾ ਰਿਹਾ ਹੈ। ਪਿੱਛੇ ਜਿਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ‘ਸਾਦੇ ਵਿਆਹ ਸਾਦੇ ਭੋਗ…ਨਾ ਕਰਜ਼ਾ ਨਾ ਚਿੰਤਾ ਰੋਗ’ ਦਾ ਨਾਅਰਾ ਵੀ ਬੁਲੰਦ ਕੀਤਾ ਗਿਆ ਸੀ।

ਸਾਦੇ ਵਿਆਹ ਦਾ ਮਤਲਬ ਇਹ ਨਹੀਂ ਹੈ ਕਿ ਬਿਲਕੁਲ ਬੇਰੌਣਕਾ ਵਿਆਹ, ਕੇਵਲ 5-7 ਬਰਾਤੀਆਂ ਵਾਲਾ ਵਿਆਹ, 500-1000 ਦੇ ਖਰਚੇ ਵਾਲਾ ਵਿਆਹ। ਬਲਕਿ ਸਾਦੇ ਵਿਆਹ ਤੋਂ ਭਾਵ ਹੈ ਜਿੱਥੇ ਬੇਲੋੜਾ ਇਕੱਠ ਨਹੀਂ, ਵਾਧੂ ਸਜਾਵਟ ਨਹੀਂ, ਪੈਲਸਾਂ ਵਿੱਚ ਪਕਵਾਨਾਂ ਦਾ ਵਿਖਾਵਾ ਨਹੀਂ, ਵਾਧੂ ਸਮਾਗਮ ਨਹੀਂ, ਇੱਕੋ ਵਾਰੀ ਪਾਈ ਜਾਣ ਵਾਲੀ ਮਹਿੰਗੀ ਵਿਆਹ ਵਾਲੀ ਪੋਸ਼ਾਕ ਨਹੀਂ। ਸੰਖੇਪ ਵਿੱਚ ਜੇ ਕਹਿਣਾ ਹੋਵੇ ਤਾਂ ਸਾਦਾ ਵਿਆਹ ਹੈ ਘੱਟ ਸਮਾਗਮ, ਘੱਟ ਮਿਹਮਾਨ, ਘੱਟ ਪਕਵਾਨ, ਕੋਈ ਵਿਖਾਵਾ ਨਹੀਂ ਪਰ ਵੱਧ ਹਾਸਾ-ਠੱਠਾ, ਵੱਧ ਦਾਨ ਤੇ ਵੱਧ ਮਾਣ।

ਪਿਛਲੇ ਦਿਨੀ ਲੁਧਿਆਣਾ ਦੇ ਇੱਕ ਨੌਜਵਾਨ ਜਿਸਨੇ ਅਮਰੀਕਾ ਤੋਂ ਪੜਾਈ ਕੀਤੀ ਹੋਈ ਹੈ ਦਾ ਵਿਆਹ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਦੀ ਰੋਡਸ ਸਕਾਲਰ ਬੀਬੀ ਨਾਲ ਹੋਇਆ। ਇਹ ਵਿਆਹ ਇੱਕ ਮਿਸਾਲ ਹੀ ਹੋ ਨਿਬੜਿਆ।

ਦੋਹਾਂ ਪਰਿਵਾਰਾਂ ਨੇ ਕੇਵਲ ਇੱਕ-ਇੱਕ ਸਮਾਗਮ ਹੀ ਕੀਤਾ, ਉਹ ਵੀ ਸਾਂਝਾ। ਲੜਕੇ ਵਾਲਿਆਂ ਨੇ ਰਾਤ ਨੂੰ ਲੇਡੀਜ਼ ਸੰਗੀਤ ਕੀਤਾ ਤੇ ਲੜਕੀ ਵਾਲਿਆਂ ਨੇ ਅਨੰਦ ਕਾਰਜ। ਲੇਡੀਜ਼ ਸੰਗੀਤ ਤੇ ਮਿਹਮਾਨ ਦੋਹਾਂ ਪਰਿਵਾਰਾਂ ਦੇ ਮਿਲਾ ਕੇ 100 ਤੋਂ ਵੱਧ ਨਹੀਂ ਸਨ ਅਤੇ ਅਨੰਦ ਕਾਰਜ ਸਮੇਂ 300 ਦੇ ਕਰੀਬ।

ਦੋਹਾਂ ਸਮਾਗਮਾਂ ਤੇ ਕੋਈ ਬੇਲੋੜੀ ਸਜਾਵਟ, ਲਾਈਟਾਂ ਆਦਿ ਨਹੀਂ ਸਨ ਤੇ ਯਤਨ ਕੀਤਾ ਗਿਆ ਕਿ ਕੇਵਲ ਪੌਸ਼ਟਿਕ ਖਾਨਾ ਹੀ ਹੋਵੇ। ਜਿਵੇਂ ਕੋਲਡ ਡਰਿੰਕ ਦੀ ਥਾਂ ਤੇ ਲੱਸੀ ਤੇ ਨਿੰਬੂ ਪਾਣੀ, ਆਦਿ। ਹੱਥ ਦੀ ਇੱਕ ਮੁੰਦਰੀ ਤੋਂ ਇਲਾਵਾ ਕੋਈ ਸੋਨਾ, ਗਹਿਣਾ ਨਵਾਂ ਨਹੀਂ ਖਰੀਦਿਆ। ਕਹਿੰਦੇ ਜੇ ਸੋਨਾ ਔਖੇ ਸਮੇਂ ਦੀ ਲੋੜ ਲਈ ਦੇਣਾ ਹੀ ਹੈ ਤਾਂ ਫਿਰ ਸੁਨਿਆਰੇ ਨੂੰ ਢਲਵਾਈ ਤੇ ਬਨਵਾਈ ਦੇ ਵਾਧੂ ਪੈਸੇ ਕਿਉਂ ਦੇਈਏ। ਲੇਡੀਜ਼ ਸੰਗੀਤ ਭਰਪੂਰ ਅਨੰਦ ਵਾਲਾ ਸਮਾਗਮ ਸੀ ਪਰ ਕੋਈ ਗਾਇਕ ਜਾਂ ਨੱਚਣ ਵਾਲੇ ਨਹੀਂ ਸਨ ਬੁਲਾਏ। ਸਗੋਂ ਦੋਹਾਂ ਪਰਿਵਾਰਾਂ ਦੇ ਬੱਚੇ ਤੋਂ ਲੈ ਕੇ ਵੱਡੀ ਉਮਰ ਵਾਲਿਆਂ ਨੇ ਆਪੋ ਆਪਣੇ ਗੁਣਾਂ ਤੇ ਜੌਹਰ ਦਾ ਪ੍ਰਗਟਾਵਾ ਕੀਤਾ।

ਅੰਮ੍ਰਿਤ ਵੇਲੇ 6 ਤੋਂ 8 ਵਜੇ ਤੱਕ ਆਸਾ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਅਨੰਦ ਕਾਰਜ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਵਿਦਵਾਨ ਬੁਲਾਏ ਜਿਹਨਾਂ ਨੇ ਬੱਚਾ-ਬੱਚੀ ਦੋਹਾਂ ਨੂੰ ਮਰਯਾਦਾ ਤੇ ਜੀਵਨ-ਜਾਚ ਦ੍ਰਿੜ ਕਰਵਾਈ। ਨਾਸ਼ਤਾ ਕਰਨ ਤੋਂ ਬਾਅਦ ਦਸ ਵਜੇ ਤੱਕ ਦੋਵੇਂ ਪਰਿਵਾਰ ਆਪੋ ਆਪਣੇ ਘਰ ਵੀ ਪੁੱਜ ਗਏ ਸਨ। ਡੋਲੀ ਗੁਰਦੁਆਰਾ ਸਾਹਿਬ ਤੋਂ ਹੀ ਤੋਰੀ ਗਈ। ਭਾਵ ਹਰ ਰਸਮ ਵਿੱਚ ਸਾਦਗੀ ਤੇ ਅਨੰਦ ਭਰਨ ਦੀ ਕੋਸ਼ਿਸ਼ ਕੀਤੀ ਗਈ।

ਜੇ ਸਮਾਜ ਦੇ ਐਨਾ ਪੜੇ ਲਿਖੇ ਨੌਜਵਾਨ ਅਤੇ ਦੋਨੋ ਪਰਿਵਾਰ ਜੋ ਚੰਗੇ ਸਰਦੇ ਪੁਜਦੇ ਹਨ ਅਜਿਹਾ ਵਿਆਹ ਕਰ ਸਕਦੇ ਹਨ ਤਾਂ ਬਾਕੀ ਸਮਾਜ ਕਿਉਂ ਨਹੀਂ। ਦੋਹਾਂ ਪਰਿਵਾਰਾਂ ਨੇ ਵਿਖਾਵੇ ਤੋਂ ਬਚਾਈ ਗਈ ਮਾਇਆ, ਲਗਭਗ ਦੱਸ ਲੱਖ ਦੇ ਨਾਲ ਗਰੀਬ ਤੇ ਲੋੜਵੰਦ ਬੱਚਿਆਂ ਦੀ ਪੜਾਈ ਲਈ ਇੱਕ ਫੰਡ ਵੀ ਕਾਇਮ ਕੀਤਾ।

ਨਾਮਵਰ ਇਤਿਹਾਸਕਾਰ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਜੀ ਨੇ ਬੜੀ ਖੂਬਸੂਰਤ ਗਲ ਸੁਣਾਈ। ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਬਰਾਤ ਬੜੀ ਹੀ ਸਾਦੀ ਸੀ, ਸਾਧਾਰਨ ਸੀ। ਬਰਾਤ ਵੇਖ ਕੇ ਪਿੰਡ ਵਾਲੇ ਕਹਿਣ -- ‘ਪਟਵਾਰੀ ਦਾ ਮੁੰਡਾ ਹੈ, ਸਾਦਾ ਜਿਹਾ ਹੀ ਬਣ ਕੇ ਆ ਗਿਆ ਹੈ’। ਤਾਂ ਹੀ ਉਹਨਾਂ ਨੂੰ ਉਸ ਕੰਧ ਦੇ ਕੋਲ ਬਿਠਾਇਆ ਗਿਆ, ਜੋ ਡਿਗਣ ਵਾਲੀ ਸੀ।

ਇਸੇ ਤਰਾਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਵਿੱਚ ਵੀ ਬਰਾਤ ਵਿੱਚ ਬਹੁਤੇ ਸਾਦੇ ਤੇ ਸਾਧਾਰਨ ਸਿੱਖ ਹੀ ਸ਼ਾਮਲ ਸਨ। ਲੋਕ ਹੈਰਾਨ ਸਨ ਕਿ ਉਂਝ ਤਾਂ ਇਹ ਗੁਰੂ ਹਨ ਪਰ ਬਰਾਤ ਕਿੰਨੀ ਹੀ ਆਮ ਜਿਹੀ ਲੈ ਕੇ ਆਏ ਹਨ। ਤਾਂ ਹੀ ਉਹਨਾਂ ਚਾਲ ਚਲੀ ਕਿ ਕਿੱਲਾ ਪੁਟੋਗੇ ਤਾਂ ਹੀ ਵਿਆਹ ਕੀਤਾ ਜਾਵੇਗਾ। ਗੁਰ ਇਤਿਹਾਸ ਵਿੱਚ ਤਾਂ ਵਿਆਹਾਂ ਸਮੇਂ ਗਰੀਬਾਂ ਲਈ ਕਪੜੇ ਆਦਿ ਭੇਂਟ ਕਰਨ ਦੇ ਉਦਾਹਰਨ ਵੀ ਮਿਲਦੇ ਹਨ।

ਅੱਜ ਲੋੜ ਹੈ ਸਾਰੇ ਪੰਜਾਬ ਵਾਸੀ ਪ੍ਰਣ ਕਰਨ ਕਿ ਵਿਆਹ ਸਮੇਂ ਸੀਮਤ ਇਕੱਠ ਕਰਾਂਗੇ, ਘੱਟ ਤੋਂ ਘੱਟ ਜਾਂ ਇੱਕ ਹੀ ਸਮਾਗਮ ਰੱਖਾਂਗੇ, ਬੇਲੋੜੇ ਪਕਵਾਨਾਂ ਤੇ ਸਜਾਵਟਾਂ ਵਿੱਚ ਨਹੀਂ ਪਵਾਂਗੇ, ਲੋੜਵੰਦਾਂ ਲਈ ਚੰਗੀ ਰਕਮ ਕੱਢਾਂਗੇ ਤੇ ਵੰਡ ਛਕਾਂਗੇ। ਵਾਧੂ ਇਕੱਠ ਸੰਬੰਧੀ ਕਈ ਲੋਕਾਂ ਦੀ ਰਾਇ ਹੁੰਦੀ ਹੈ ਕਿ ਅਸੀਂ ਐਨਾ ਸਗਨ ਦਿੱਤਾ ਹੋਇਆ ਹੈ ਹੁਣ ਵਾਪਿਸ ਕਿਉਂ ਨਾ ਲਈਏ। ਆਰਥਿਕ ਮਾਹਰ ਦੱਸਦੇ ਹਨ ਕਿ ਅਜੋਕੇ ਮਹਿੰਗੇ ਵਿਆਹਾਂ ਤੇ 1100 ਰੁਪਏ ਦਾ ਸ਼ਗਨ ਵਾਪਿਸ ਲੈਣ ਲਈ ਤੁਸੀਂ ਉਸ ਪਰਿਵਾਰ ਤੇ ਘੱਟੋਂ ਘੱਟ 3000 ਰੁਪਏ ਦਾ ਖਰਚ ਕਰਦੇ ਹੋ। ਸ਼ਗਨ ਵਾਪਸ ਨਹੀਂ ਆਂਦਾ ਸਗੋਂ ਤੁਹਾਨੂੰ ਹੋਰ ਵਾਧੂ ਖਰਚਾ ਕਰਨਾ ਪੈਂਦਾ ਹੈ।

ਜਿੱਥੇ ਵਿਆਹ ਸਾਦੇ ਕਰਨ ਦੀ ਲੋੜ ਹੈ ਉੱਥੇ ਨਾਲ ਹੀ ਮ੍ਰਿਤਕ ਦੇ ਭੋਗ ਦੀਆਂ ਰਸਮਾਂ ਦੇ ਸਮੇਂ ਵੀ ਬੇਲੋੜਾ ਖਰਚਾ ਨਹੀਂ ਕਰਨਾ ਚਾਹੀਦਾ। ਮ੍ਰਿਤਕ ਦੇ ਭੋਗ ਸਮੇਂ ਰੋਟੀ ਹੀ ਅੱਜ ਕੱਲ ਵਿਆਹਾਂ ਵਰਗੀ ਹੋਣ ਲੱਗ ਪਈ ਹੈ। ਭੋਗ ਸਮੇਂ ਰੋਟੀ ਕੇਵਲ ਦੂਰੋਂ ਆਏ ਰਿਸ਼ਤੇਦਾਰਾਂ ਜਾਂ ਮਿਹਮਾਨਾਂ ਲਈ ਹੀ ਹੋਣੀ ਚਾਹੀਦਾ ਹੈ। ਪਿਛਲੇ ਦਿਨੀ ਵਾਟਸਐਪ ਰਾਹੀਂ ਇੱਕ ਬੜਾ ਹੀ ਚੰਗਾ ਸੁਨੇਹਾ ਅਇਆ ਜੋ ਪ੍ਰੇਰਣਾ ਕਰਦਾ ਹੈ ਕਿ ਨਗਰ ਨਿਵਾਸੀ ਮ੍ਰਿਤਕ ਦੇ ਭੋਗ ਦੀ ਰੋਟੀ ਨਾ ਖਾਣ। ਚੰਗਾ ਹੋਵੇ ਜੇ ਹਰ ਪਿੰਡ-ਨਗਰ-ਮੁਹੱਲੇ ਵਿੱਚ ਐਸੇ ਰੱਜੇ ਪੁਰਸ਼-ਇਸਤਰੀਆਂ ਹੋਣ ਜੋ ਆਪੇ ਹੀ, ਆਪੇ ਨਾਲ ਫੈਂਸਲਾ ਕਰ ਲੈਣ ਕਿ ਅਸਾਂ ਭੋਗ ਸਮੇਂ ਕਿਸੇ ਤੇ ਬੋਝ ਨਹੀਂ ਬਣਨਾ। ਉੱਥੇ ਰੋਟੀ ਨਹੀਂ ਖਾਣੀ।

ਸਾਦਗੀ ਲਈ ਜੰਗ ਕਰੀਏ

ਇਹ ਜੰਗ ਇਸ ਲਈ ਹੈ ਕਿ ਸਥਾਪਿਤ ਤੇ ਪ੍ਰਚਲਿਤ ਵਿਚਾਰਾਂ ਨੂੰ ਬਦਲਨਾ ਬਹੁਤ ਔਖਾ ਹੁੰਦਾ ਹੈ। ਇਸ ਲਈ ‘ਨਿਸ਼ਚਾ’ ਤੇ ‘ਨਿਰੰਤਰਤਾ’ ਜ਼ਰੂਰੀ ਹੈ। ਸੱਚਮੁਚ ਇਹ ਬੜਾ ਹੀ ਔਖਾ ਹੈ ਤੇ ਇਸ ਲਈ ਹੁਣ ਜੰਗ ਛੇੜਨੀ ਤੇ ਜੰਗ ਜਿੱਤਣੀ ਹੋਵੇਗੀ। ਕਿਵੇਂ?

ਪਹਿਲੀ ਜੰਗ - ਆਪਣੇ ਆਪ ਨਾਲ, ਆਪਣੇ ਮਨ ਨਾਲ ਕਰਨੀ ਹੋਵੇਗੀ।

ਦੂਜੀ ਜੰਗ - ਸ਼ੁਰੂ ਹੋਵੇਗੀ ਪਰਿਵਾਰ ਵਿੱਚ। ਜੇ ਬੱਚੇ ਮਨ ਵੀ ਜਾਣ ਤਾਂ ਹੋ ਸਕਦਾ ਮਾਤਾ-ਪਿਤਾ ਨਾ ਮੰਨਣ। ਘਰ ਦੀਆਂ ਬੁੜੀਆਂ ਤੇ ਦੋਸ਼ ਲਗਦੇ ਹਨ ਕਿ ਉਹ ਸ਼ਰੀਕੇ ਦੇ ਡਰੋਂ ਸਾਦਗੀ ਲਈ ਰਾਜੀ ਨਹੀਂ ਹੁੰਦੀਆਂ। ਪਰ ਜੇ ਲਗਾਤਾਰ ਘਰ ਵਿੱਚ ਸੰਵਾਦ ਜਾਰੀ ਰੱਖੀਏ ਤਾਂ ਸਹਿਜੇ ਸਭ ਮੰਨ ਸਕਦੇ ਹਨ। ਹਿੰਮਤ ਨਹੀਂ ਹਾਰਨੀ, ਹਰ ਰਸਮ ਵਿੱਚ ਸਾਦਗੀ ਲਿਆਉਣ ਦਾ ਉਪਰਾਲਾ ਕਰਨਾ ਹੈ। ਸਮੁੱਚੇ ਤੌਰ ਤੇ ਜੇ 50 ਫੀਸਦੀ ਸਫਲਤਾ ਵੀ ਮਿਲੇ ਓਹੀ ਭਲੀ। ਫਿਰ ਤੁਹਾਨੂੰ ਦੇਖ ਕੇ ਹੋਰ ਵੀ ਉਦਮ ਕਰਨਗੇ।

ਤੀਜੀ ਜੰਗ ਹੈ ਬਾਹਰਲਿਆਂ ਨਾਲ ਜਿਸ ਦੀ ਲੋੜ ਹੀ ਨਹੀਂ ਪੈਣੀ ਜੇ ਪਰਿਵਾਰ ਇੱਕ ਮੁੱਠ ਹੋ ਕੇ ਫੈਂਸਲਾ ਕਰ ਲਵੇ ਤਾਂ ਕਿਸੇ ਦੀ ਹਿੰਮਤ ਨਹੀਂ ਪੈਣੀ ਕਿ ਉਹ ਜੋਰ ਪਾ ਜਾਵੇ।

‘ਸਾਦੇ ਵਿਆਹ ਸਾਦੇ ਭੋਗ’ ਪੰਜਾਬ ਦੀ ਕਿਰਸਾਨੀ ਤੇ ਆਮ ਜਵਾਨੀ ਲਈ ਅਤਿ ਲੋੜੀਂਦਾ ਕਦਮ ਹੈ। ਬਸ ਲੋੜ ਹੈ ਇਸਨੂੰ ਪ੍ਰਚੰਡ ਕਰਨ ਦੀ ਤਾਂ ਜੋ 10 ਸਾਲਾਂ ਦਾ ਟੀਚਾ ਪੰਜਾਂ ਸਾਲਾਂ ਵਿੱਚ ਸਰ ਕਰ ਲਿਆ ਜਾਵੇ। ਸਾਰੇ ਆਪੋ ਆਪਣਾ ਯੋਗਦਾਨ ਪਾਉਣ। ਪ੍ਰਣ ਕਰੀਏ ਸਾਦਾ ਜੀਵਨ ਜੀਵਾਂਗੇ, ਵਿਆਹ ਅਤੇ ਭੋਗ ਸਾਦੇ ਹੀ ਕਰਾਂਗੇ।

ਅਖਬਾਰੀ ਖਬਰਾਂ ਅਨੁਸਾਰ ਹੁਣ ਤੱਕ ਬਲਾਕ ਤਲਵੰਡੀ ਸਾਬੋ (ਬਠਿੰਡਾ) ਦੇ ਘਟੋਂ ਘੱਟ 23 ਪਿੰਡਾਂ ਨੇ ਸਾਦਗੀ ਲਈ ਮਤੇ ਪਾਏ ਹਨ। ਇਹ ਹਨ: ਲਹਿਰੀ, ਸੀਂਗੋ ਮੰਡੀ, ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ, ਜਗਾ ਰਾਮ ਤੀਰਥ, ਜੱਜਲ, ਲਾਲੇਆਣਾ, ਫੱਤਾ ਬਾਲ, ੂ ਕਮਾਲੂ, ਲੇਲੇਵਾਲਾ, ਟਾਂਡੀਆਂ, ਰਾਈਆ, ਜੀਵਨ ਸਿੰਘ ਵਾਲਾ, ਭਾਗੀਵਾਂਦਰ, ਮਾਨਵਾਲਾ, ਕੋਟ ਬਖਤੂ, ਮਲਵਾਲਾ, ਪੱਕਾ ਕਲਾਂ, ਸੰਗਤ ਖੁਰਦ, ਬੰਗੀ ਰੁਘੂ, ਬੰਗੀ ਦੀਪਾ, ਮਲਕਾਣਾ, ਕੌਰੇਆਣਾ। ਇਸੇ ਤਰ੍ਹਾਂ ਮਾਨਸਾ ਜਿਲ੍ਹੇ ਦੇ ਪਿੰਡ ਝੁਨੀਰ, ਖੀਵਾਕਲਾ, ਅਲੀਸ਼ੇਰਾ, ਮੱਤੀ, ਖੀਵਾ, ਧਰਮਪੁਰਾ ਅਤੇ ਹੋਰ ਵੀ ਕਈ ਜਿਲ੍ਹਿਆਂ ਵਿੱਚ ਅਜਿਹੇ ਮਤੇ ਪਾਏ ਜਾ ਰਹੇ ਹਨ। ਇੰਝ ਲੱਗਦਾ ਹੈ ਕਿ ਪੰਜਾਬੀਆਂ ਦਾ ਸਾਦਗੀ ਵੱਲ ਮੋੜਾ ਪੈਣਾ ਸ਼ੁਰੂ ਹੋ ਗਿਆ ਹੈ। ਪਰ ਇਸ ਲਈ ਹਾਲੀ ਵੀ ਬਹੁਤ ਉਦੱਮ ਕਰਨ ਦੀ ਲੋੜ ਹੈ।

ਮੁਕਦੀ ਗੱਲ, ਬਿਨਾਂ ਫਜ਼ੂਲ ਖਰਚੀ ਵਿੱਚ ਕਟੌਤੀ ਕੀਤਿਆਂ ਹੁਣ ਨਹੀਂ ਸਰਨਾ। ਅਸਲ ਮਾਣ ਸਾਦਗੀ ਵਿੱਚ ਹੁੰਦਾ ਹੈ। ਸਰਦੇ ਪੁਜਦੇ ਲੋਕ ਜੇਕਰ ਸਾਦਗੀ ਅਪਨਾਉਣਗੇ ਤਾਂ ਸਾਰਾ ਸਮਾਜ ਉਨ੍ਹਾਂ ਦੀ ਰੀਸ ਕਰੇਗਾ। ਜੇ ਕਿਸੇ ਕੋਲ ਚਾਰ ਪੈਸੇ ਵਾਧੂ ਹਨ ਤਾਂ ਉਹ ਉਸਦਾ ਅਜਿਹਾ ਪ੍ਰਗਟਾਵਾ ਨਾ ਕਰੇ ਜਿਸ ਨਾਲ ਸਮਾਜ ਵਿੱਚ ਵਿਗਾੜ ਪੈਦਾ ਹੋਵੇ। ਕਹਿੰਦੇ ਹਨ ਜੇ ਆਮਦਨ ਵੱਧ ਜਾਵੇ ਤਾਂ ਖਰਚੇ ਨਹੀਂ ਵਧਾਉਣੇ ਚਾਹੀਦੇ ਸਗੋਂ ਲੋੜਵੰਦਾਂ ਦੀ ਮਦਦ ਵੱਧ ਕਰਨੀ ਚਾਹੀਦੀ ਹੈ। ਵਾਧੂ ਪੈਸੇ ਦਾ ਵਿਖਾਵਾ ਨਾ ਕਰੀਏ ਸਗੋਂ ਸੇਵਾ ਤੇ ਲਾਈਏ।


06/17/18
ਗਿ: ਸੰਤੋਖ ਸਿੰਘ

ਗ੍ਰਿਫ਼ਿਥ ਦੀਆਂ ਬਾਈਵੀਆਂ ਸਿੱਖ ਖੇਡਾਂ
ਸੋਚ ਰਿਹਾ ਸਾਂ ਕਿ ਇਸ ਵਾਰੀ ਗ੍ਰਿਫ਼ਿਥ ਦੇ ਸਾਲਾਨਾ ਸ਼ਹੀਦੀ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਲਈ ਜਾਵਾਂ ਕਿ ਨਾ। ਬੁੱਢੇ ਵਾਰੇ ਇਹ ਮੈਨੂੰ ਖ਼ਫ਼ਤ ਜਿਹਾ ਹੀ ਹੋ ਗਿਆ ਹੈ ਕਿ ਗੁਰਮੁਖੀ ਅੱਖਰਾਂ ਵਿੱਚ ਅਤੇ ਸਮਝ ਆਉਣ ਵਾਲ਼ੀ ਪੰਜਾਬੀ ਬੋਲੀ ਵਿੱਚ ਲਿਖੀਆਂ ਆਪਣੀਆਂ ਕਿਤਾਬਾਂ ਨੂੰ, ਇਸ ਜਹਾਨੋ ਕੂਚ ਕਰਨ ਤੋਂ ਪਹਿਲਾਂ ਪਹਿਲਾਂ, ਵਧ ਤੋਂ ਵਧ ਪਾਠਕਾਂ ਦੇ ਹੱਥਾਂ ਤੱਕ ਪੁਚਾ ਸਕਾਂ। ਇਸ ਕਾਰਜ ਲਈ ਅਜਿਹੇ ਮੇਲਿਆਂ ਤੋਂ ਚੰਗੇਰਾ ਹੋਰ ਮੌਕਾ ਕੇਹੜਾ ਮਿਲ਼ ਸਕਦਾ ਹੈ, ਜਿਥੇ ਕਿ ਦੂਰ ਦੁਰਾਡੇ ਸ਼ਹਿਰਾਂ ਤੋਂ ਆਏ ਪਾਠਕਾਂ ਦੇ ਹੱਥਾਂ ਵਿੱਚ ਇਹ ਕਿਤਾਬਾਂ ਇਕੋ ਥਾਂ ਤੋਂ ਹੀ ਪੁਚਾਈਆਂ ਜਾ ਸਕਦੀਆਂ ਹਨ! ਇਸ ਤਰ੍ਹਾਂ ਕਰਨ ਨਾਲ਼ ਵੱਖ ਵੱਖ ਸ਼ਹਿਰਾਂ ਵਿੱਚ ਜਾਣ ਵਾਲ਼ੇ ਸਫ਼ਰ ਅਤੇ ਖ਼ਰਚ ਦੀ ਬੱਚਤ ਹੋ ਜਾਂਦੀ ਹੈ; ਪਰ ਦੂਜੇ ਪਾਸੇ ਪਾਲ਼ੇ ਤੋਂ ਵੀ ਡਰਦਾ ਸਾਂ। ਪਰਥ ਵਾਲ਼ੀਆਂ ਗੇਮਾਂ ਸਮੇ, ਜਦੋਂ ਇਹ ਐਲਾਨ ਹੋਇਆ ਕਿ ਅਗਲੇ ਸਾਲ ਇਹ ਖੇਡਾਂ ਵੁਲਗੂਲਗੇ ਵਿਖੇ ਹੋਣਗੀਆਂ ਤਾਂ ਮੈਂ ਆਖਿਆ ਕਿ ਮੈਂ ਵੀ ਓਥੇ ਉਸ ਸਮੇ ਆਵਾਂਗਾ। ਲਾਗੋਂ ਹੀ ਅਮਨਦੀਪ ਸਿੰਘ ਸਿਧੂ ਨੇ ਝੱਟ ਚੁਟਕੀ ਲਈ, “ਜੇ ਤੂੰ ਸਿਆਲ਼ ਕੱਢ ਗਿਆ, ਤਾਇਆ ਤਾਂ! “ਗੱਲ ਤਾਂ ਭਤੀਜ ਦੀ ਠੀਕ ਹੀ ਸੀ। ਪੰਗਾ ਲੈ ਲਿਆ ਮੈਲਬਰਨ ਤੋਂ ਪਰਥ ਕਾਰ ਰਾਹੀਂ ਜਾਣ ਦਾ। ਜਾਂਦੇ ਸਮੇ ਤਾਂ ਪਹੁੰਚ ਗਏ ਪਰ ਮੁੜਦਿਆਂ ਰਸਤੇ ਵਿੱਚ ਮੈਂ ਪੈਂਚਰ (ਕਾਰ ਨਹੀਂ, ਮੈਂ ਖ਼ੁਦ) ਹੋ ਗਿਆ। ਸੋਚਿਆ ਕਿ ਠੀਕ ਹੋ ਜਾਵਾਂਗਾ ਪਰ ਰਿਵਰਲੈਂਡ ਵਿੱਚ ਇਹ ਯਾਤਰਾ ਰੋਕਣੀ ਹੀ ਪਈ। ਨਾਲ਼ਦਿਆਂ ਨੂੰ ਆਖਿਆ ਕਿ ਉਹ ਮੈਲਬਰਨ ਨੂੰ ਚਾਲੇ ਪਾਉਣ ਅਤੇ ਮੈਨੂੰ ਮੇਰੇ ਹਾਲ ਤੇ ਛੱਡ ਦੇਣ। ਓਥੇ ਫਿਰ ਸੱਜਣਾਂ ਨੇ ਸੇਵਾ ਸੰਭਾਲ਼ ਕਰਕੇ ਮੈਨੂੰ ਇਸ ਸੰਸਾਰ ਦੇ ਵਿੱਚ ਹੀ ਰੱਖ ਲਿਆ। ਐਵੇਂ ਜਾਹ ਜਾਂਦੀ ਹੋਣ ਲੱਗੀ ਸੀ!
ਗੱਲ ਤਾਂ ਕਰਨ ਲੱਗੇ ਸੀ ਗ੍ਰਿਫ਼ਿਥ ਦੇ ਸ਼ਹੀਦੀ ਟੂਰਨਾਮੈਂਟ ਦੀ ਪਰ ਜਾ ਵੜੇ ਹੋਰ ਹੀ ਪਾਸੇ। ਕਿਤਾਬਾਂ ਤੇ ਪਾਲ਼ੇ ਦੀ ਉਧੇੜ-ਬੁਣ ਜਿਹੀ ਦੌਰਾਨ ਹੀ ਗ੍ਰਿਫ਼ਿਥ ਤੋਂ ਸ. ਸਰਵਨ ਸਿੰਘ ਜੀ ਦਾ ਫ਼ੋਨ ਆ ਗਿਆ ਕਿ ਮੈਂ ਆਵਾਂ ਤੇ ਪਹਿਲਾਂ ਵਾਂਗ ਹੀ, ਖੇਡਾਂ ਦੌਰਾਨ, ਮਾਈਕ ਦੀ ਸੇਵਾ ਨਿਭਾਵਾਂ। ਫਿਰ ਤਾਂ ਦੁਚਿਤੀ ਵਾਲ਼ੀ ਕੋਈ ਗੱਲ ਹੀ ਨਹੀਂ ਸੀ ਰਹਿਣੀ; ਜਾਣਾ ਹੀ ਜਾਣਾ ਸੀ। ਮਾਈਕ ਦੇ ਹੀ ਤਾਂ ਬਹੁਤੇ ਝਗੜੇ ਨੇ। ਗੁਰਦੁਆਰਾ ਸਾਹਿਬਾਨ ਵਿੱਚ ਚਾਰ ਹੀ ਤਾਂ ਵਸਤੂ ਹੁੰਦੀਆਂ ਨੇ: ਕੁਣਕਾ ਤੇ ਫੁਲਕਾ; ਮਾਈਕ ਤੇ ਮਾਇਆ। ਕੁਣਕਾ ਤੇ ਫੁਲਕਾ ਸੰਗਤਾਂ ਵਾਸਤੇ ਅਤੇ ਮਾਈਕ ਤੇ ਮਾਇਆ ਆਗੂਆਂ ਵਾਸਤੇ। ਇਸ ਮਾਈਕ ਵਾਸਤੇ ਤਾਂ ਏਡੇ ਵੱਡੇ ਲੀਡਰ, ਘੱਲੂਘਾਰੇ ਦੀ ਯਾਦ ਵਾਲ਼ੇ ਦੀਵਾਨ ਸਮੇ, ਹਰ ਵਾਰੀਂ ਸ੍ਰੀ ਅਕਾਲ ਤਖ਼ਤ ਉਪਰ ਜਾ ਕੇ, ਮਾਈਕ ਖੋਹਣ ਦੇ ਯਤਨਾਂ ਵਿੱਚ ਹੰਗਾਮਾ ਕਰ ਦਿੰਦੇ ਹਨ। ਫਿਰ ਮਾਈਕ ਤੇ ਮਾਇਆ ਦੋਹਾਂ ਵਿਚੋਂ ਸਮਝਦਾਰ ਬੰਦਾ ਤਾਂ ਮਾਇਆ ਨੂੰ ਕੰਟ੍ਰੋਲ ਕਰਦਾ ਹੈ ਤੇ ਮੇਰੇ ਵਰਗਾ, ਜਿਸ ਦੇ ਸਿਰ ਵਿਚਲਾ ਕੋਈ ਸਕਰੂ ਢਿੱਲਾ ਹੁੰਦਾ ਹੈ, ਉਹ ਭੱਜ ਕੇ ਮਾਈਕ ਨੂੰ ਪੈਂਦਾ ਹੈ। ਇਸ ਵਿੱਚ ਖਾਣ ਪੀਣ ਨੂੰ ਕੁੱਝ ਨਹੀਂ ਹੁੰਦਾ ਤੇ ਨੁਕਤਾਚੀਨੀ ਦਾ ਸਾਹਮਣਾ ਸਾਰੇ ਪਾਸਿਆਂ ਤੋਂ ਕਰਨਾ ਪੈਂਦਾ ਹੈ। ਸਿੱਖਾਂ ਦੇ ਸਟੇਜ ਸੈਕਟਰੀ ਦੀ ਡਿਊਟੀ ਉਸਤਰਿਆਂ ਦੀ ਮਾਲ਼ਾ ਹੀ ਹੁੰਦੀ ਹੈ। ਉਸ ਉਪਰ ਕੋਈ ਵੀ ਖ਼ੁਸ਼ ਨਹੀਂ ਹੁੰਦਾ; ਨਾ ਬੋਲਣ ਵਾਲ਼ੇ ਤੇ ਨਾ ਹੀ ਸੁਣਨ ਵਾਲ਼ੇ।
ਮੇਰੇ ਬਹੁਤ ਹੀ ਪੁਰਾਣੇ ਮਿੱਤਰ, ਫ਼ਸਟ ਸਿੱਖ ਟੈਂਪਲ ਆਫ਼ ਆਸਟ੍ਰੇਲੀਆ ਦੇ ਮੁਖ ਗ੍ਰੰਥੀ, ਗਿ. ਹਰਜਿੰਦਰ ਸਿੰਘ ਜੀ ਹੰਬੜਾਂ ਵਾਲ਼ਿਆਂ ਨਾਲ਼, ਉਹਨਾਂ ਦੀ ਕਾਰ ਰਾਹੀਂ ਜਾਣ ਦਾ ਪ੍ਰੋਗਰਾਮ ਬਣ ਗਿਆ। ਉਹ ਵੀਰਵਾਰ ਦੀਆਂ ਤਕਾਲ਼ਾਂ ਨੂੰ ਮੇਰੇ ਕੋਲ਼ ਆ ਗਏ ਤੇ ਸ਼ੁੱਕਰਵਾਰ ਸਵੇਰੇ ਅਸੀਂ ਗ੍ਰਿਫ਼ਿਥ ਨੂੰ ਤੁਰ ਪਏ। ਜਦੋਂ ਚਾਰ ਕੁ ਵਜੇ ਅਸੀਂ ਗੁਰਦੁਆਰਾ ਸਾਹਿਬ ਦੀ ਨਵੀਂ ਤੇ ਵਿਸ਼ਾਲ ਇਮਾਰਤ ਵਿੱਚ ਦਾਖਲ ਹੋਏ ਤਾਂ ਓਥੇ ਗਹਿਮਾ ਗਹਿਮ, ਰੌਣਕ ਮੇਲਾ। ਬੀਬੇ, ਬੀਬੀਆਂ, ਬੱਚੇ, ਬੱਚੀਆਂ ਖੇਡਾਂ ਵਿੱਚ ਸ਼ਾਮਲ ਹੋਣ ਲਈ ਬਾਹਰੋਂ ਆ ਰਹੀਆਂ ਸੰਗਤਾਂ ਵਾਸਤੇ, ਕਈ ਪ੍ਰਕਾਰ ਦੀਆਂ ਮਿਠਿਆਈਆਂ ਅਤੇ ਬਹੁ ਪ੍ਰਕਾਰੀ ਭੋਜਨ ਤਿਆਰ ਕਰਨ ਵਿੱਚ ਰੁੱਝੀਆਂ ਹੋਈਆਂ ਸਨ। ਹਫ਼ਤਿਆਂ ਤੋਂ ਹੀ ਸਦਾ ਵਾਂਗ ਗ੍ਰਿਫ਼ਿਥ ਦੀਆਂ ਸੰਗਤਾਂ ਭੋਜਨ ਸਮੱਗਰੀ ਤਿਆਰ ਕਰ ਰਹੀਆਂ ਹਨ। ਫਿਰ ਅਧੀ ਰਾਤ ਤੋਂ ਲੱਗ ਕੇ ਦਿਨ ਚੜ੍ਹਨ ਤੱਕ ਬੱਚੇ ਬੱਚੀਆਂ ਸਮੇਤ ਤਾਜੇ ਫੁਲਕੇ ਬਣਾਉਣ ਦੀ ਸੇਵਾ ਵਿੱਚ ਸ਼ਰਧਾ ਸਹਿਤ ਲੱਗੀਆਂ ਹੋਈਆਂ, ਨਾਲ ਨਾਲ਼ ਬਾਣੀ ਦਾ ਪਾਠ ਕਰਦੀਆਂ ਸਨ।
ਖੇਡਾਂ ਸਿੱਖ ਇਤਿਹਾਸ ਵਿਚ:
ਸਿੱਖ ਧਰਮ ਵਿੱਚ ਖੇਡਾਂ ਦਾ ਵਾਹਵਾ ਹੀ ਮਹੱਤਵ ਹੈ। ਸਿੱਖ ਇਤਿਹਾਸ ਪੜ੍ਹਿਆਂ ਸਾਨੂੰ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ, ਖਡੂਰ ਸਾਹਿਬ ਵਿਖੇ ਰੋਜ਼ਾਨਾ ਬੱਚਿਆਂ ਅਤੇ ਨੌਜਵਾਨਾਂ ਦੇ ਘੋਲ਼ ਕਰਵਾਇਆ ਕਰਦੇ ਸਨ। ਇੱਕ ਸਮੇ ਅਜਿਹਾ ਵੀ ਹੋਇਆ ਕਿ ਬੱਚਿਆਂ ਦੇ ਘੋਲ਼ ਸਮੇ ਬਾਦਸ਼ਾਹ ਹਿਮਾਯੂੰ ਵੀ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਆਇਆ ਤਾਂ ਵੀ ਗੁਰੂ ਜੀ ਨੇ ਬੱਚਿਆਂ ਦੀਆਂ ਖੇਡਾਂ ਵੱਲੋਂ ਧਿਆਨ ਨਾ ਹਟਾਇਆ। ਇਸ ਦੀ ਯਾਦ ਵਿਚ, ਓਥੇ ਇਸ ਸਮੇ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਸੁਸ਼ੋਭਤ ਹੈ। ਉਹ ਗੁਰਦੁਆਰਾ ਅਸਾਨੂੰ ਗੁਰੂ ਸਾਹਿਬ ਜੀ ਦਾ ਕੌਮ ਦੇ ਬੱਚਿਆਂ ਦੀ ਸਰੀਰਕ ਸੇਹਤ ਵਾਸਤੇ, ਖੇਡਾਂ ਦੁਆਰਾ ਸੁਚੱਜੇ ਉਦਮ ਦੀ ਯਾਦ ਦਿਵਾਉਂਦਾ ਹੈ।
ਫਿਰ, ਸਤਿਗੁਰੂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਆਪਣੇ ਸਿੱਖਾਂ ਨੂੰ ਜਿਥੇ ਸ਼ਸ਼ਤਰ ਵਿੱਦਿਆ ਦੇ ਨਾਲ਼ ਨਾਲ਼ ਸ਼ਿਕਾਰ, ਘੋੜ ਸਵਾਰੀ ਆਦਿ ਮਾਰਸ਼ਲ ਖੇਡਾਂ ਵਾਸਤੇ ਉਤਸ਼ਾਹਤ ਕਰਦੇ ਸਨ ਓਥੇ ਉਹਨਾਂ ਨੇ ਘੋਲ਼ ਵਾਸਤੇ ਅਖਾੜੇ ਵੀ ਬਣਾਏ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਸ਼ਨੀ ਡਿਉੜੀ ਦੇ ਵਿਚਕਾਰ ਜੋ ਖੁਲ੍ਹਾ ਸਥਾਨ ਹੈ, ਏਥੇ ਘੋਲ਼, ਗਤਕਾ ਆਦਿ ਖੇਡਾਂ, ਗੁਰੂ ਸਾਹਿਬਾਨ ਦੇ ਸਮੇ ਅਤੇ ਬਾਅਦ ਵਿਚ, ਦਲ ਖ਼ਾਲਸਾ ਅਤੇ ਮਿਸਲਾਂ ਵੇਲ਼ੇ ਖੇਡੀਆਂ ਜਾਇਆ ਕਰਦੀਆਂ ਸਨ। ਸਤਿਗੁਰੂ ਹਰਿ ਗੋਬਿੰਦ ਸਾਹਿਬ ਜੀ ਆਪ ਵੀ ਅਖਾੜੇ ਵਿੱਚ ਘੁਲ਼ਿਆ ਕਰਦੇ ਸਨ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਸਰੀਰਕ ਤੌਰ ਤੇ ਏਨੇ ਬਲੀ ਸਨ ਕਿ ਇੱਕ ਪੈਂਦੇ ਖਾਨ ਤੋਂ ਬਿਨਾ ਹੋਰ ਕੋਈ ਆਪ ਜੀ ਦਾ ਅਖਾੜੇ ਵਿੱਚ ਜੋਰ ਨਹੀਂ ਸੀ ਕਰਵਾ ਸਕਦਾ।
ਸਤਿਗੁਰੂ ਕਲਗੀਧਰ ਪਾਤਿਸ਼ਾਹ ਨੇ ਤਾਂ ਪਹਿਲੇ ਗੁਰੂ ਸਾਹਿਬਾਨ ਦੀ ਪ੍ਰੰਪਰਾ ਨੂੰ ਚਾਲੂ ਰੱਖਣ ਦੇ ਨਾਲ਼ ਨਾਲ਼, ਹਿੰਦੁਸਤਾਨ ਦੇ ਇੱਕ ਮੌਸਮੀ ਤਿਉਹਾਰ ਹੋਲੀਆਂ ਨੂੰ ਵੀ ਮਾਰਸ਼ਲ ਰੂਪ ਵਿੱਚ ਬਦਲ ਦਿਤਾ। ਲੋਕਾਂ ਨੂੰ ਇਸ ਸਮੇ ਅਸ਼ਲੀਲ ਤੇ ਗੰਦੀਆਂ ਹਰਕਤਾਂ ਤੋਂ ਛੁਟਕਾਰਾ ਦਿਵਾ ਕੇ, ਗੁਰੂ ਜੀ ਨੇ ਉਸ ਤਿਉਹਾਰ ਨੂੰ ਹੋਲੇ ਮਹੱਲੇ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ। ਬਜਾਇ ਨਸ਼ੇ ਵਰਤ ਕੇ ਇੱਕ ਦੂਜੇ ਉਪਰ ਗੰਦ ਉਛਾਲਣ ਅਤੇ ਬੇਢੱਬੀਆਂ ਹਰਕਤਾਂ ਕਰਨ ਦੇ, ਉਹਨਾਂ ਨੇ ਇਸ ਸਮੇ ਗਤਕੇ ਦੇ ਜੌਹਰ ਵਿਖਾਉਣ, ਮਸਨੂਈ ਯੁਧ, ਦੁਸ਼ਮਣ ਤੇ ਚੜ੍ਹਾਈ, ਘੋੜ ਸਵਾਰੀ ਸਮੇ ਦੇ ਕਰਤਬ ਆਦਿ ਜੁਝਾਰੂ ਖੇਡਾਂ ਨੂੰ ਉਤਸ਼ਾਹਤ ਕੀਤਾ। ਅੱਜ ਵੀ ਸਿੱਖ ਪੰਥ ਵਿੱਚ ਇਹ ਪ੍ਰੰਪਰਾ ਚੱਲਦੀ ਆ ਰਹੀ ਹੇ ਤੇ ਇਸ ਦਾ ਸਭ ਤੋਂ ਵਿਸ਼ੇਸ਼ ਪ੍ਰਗਟਾਵਾ, ਹਰੇਕ ਸਾਲ ਮਾਰਚ ਮਹੀਨੇ ਸਮੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੁੰਦਾ ਹੈ।
ਏਸੇ ਪਿਛੋਕੜ ਨੂੰ ਅੱਗੇ ਤੋਰਦੇ ਹੋਏ, ਜਿਸ ਵੀ ਦੇਸ਼ ਵਿੱਚ ਸਿੱਖ ਗਏ ਹਨ, ਓਥੇ ਖੇਡਾਂ ਲਈ, ਆਪਣੇ ਵਸੀਲਿਆਂ ਅਨੁਸਾਰ, ਉਦਮ ਕਰਦੇ ਹਨ। ਏਥੇ ਆਸਟ੍ਰੇਲੀਆ ਵਿੱਚ ਵੀ, ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਤੋਂ ੧੯੮੮ ਦੇ ਈਸਟਰ ਦੇ ਸਮੇ ਤੋਂ ਸ਼ੁਰੂ ਕਰਕੇ, ਹਰ ਸਾਲ ਸਾਰੇ ਆਸਟ੍ਰੇਲੀਆ ਵਿੱਚ ਵਸਦੇ ਸਿੱਖਾਂ ਵੱਲੋਂ, ਵੱਡੇ ਪੈਮਾਨੇ ਉਪਰ ਖੇਡ ਮੇਲਾ ਕਰਾਇਆ ਜਾਂਦਾ ਹੈ। ਇਸ ਸਾਲ ਦੀਆਂ ਸਿੱਖ ਖੇਡਾਂ, ਗੇਟਵੇ ਆਫ਼ ਆਸਟ੍ਰੇਲੀਆ ਕਰਕੇ ਜਾਣੇ ਜਾਂਦੇ, ਸਭ ਤੋਂ ਵੱਡੇ ਸ਼ਹਿਰ, ਸਿਡਨੀ ਵਿੱਚ ਹੋ ਕੇ ਹਟੀਆਂ ਹਨ ਤੇ ਅਗਲੇ ਸਾਲ ਵਾਸਤੇ, ਦੂਜੇ ਵੱਡੇ ਸ਼ਹਿਰ, ਮੈਲਬਰਨ ਵਿੱਚ ਇਸ ਦੀਆਂ ਤਿਅਰੀਆਂ ਖਿੱਚੀਆਂ ਜਾ ਰਹੀਆਂ ਹਨ। ਇਹਨਾਂ ਵੱਡੀਆਂ ਸਾਲਾਨਾ ਖੇਡਾਂ ਤੋਂ ਇਲਾਵਾ ਕੁੱਝ ਸਥਾਨਕ ਤੌਰ ਤੇ ਵੀ ਸਿੱਖ ਖੇਡਾਂ ਕਰਵਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਗ੍ਰਿਫ਼ਿਥ ਦੀਆਂ ਸਿੱਖ ਖੇਡਾਂ ਆਪਣਾ ਨਿਵੇਕਲਾ ਸਥਾਨ ਰੱਖਦੀਆਂ ਹਨ। ਇਹ ਖੇਡਾਂ ਹਰੇਕ ਸਾਲ ਜੂਨ ਦੇ ਪਹਿਲੇ ਹਫ਼ਤੇ ਦੇ ਲੌਂਗ ਵੀਕਐਂਡ ਉਪਰ ਹੁੰਦੀਆਂ ਹਨ। ਇਸ ਸਮੇ ੯ ਤੇ ੧੦ ਜੂਨ ਨੂੰ ਹੋਈਆਂ ਹਨ। ਇਹ ਖੇਡਾਂ ੧੯੯੫ ਵਿਚ, ਸ. ਰਣਜੀਤ ਸਿੰਘ ਸ਼ੇਰਗਿੱਲ ਨੇ, ਕੁੱਝ ਸਾਥੀਆਂ ਦੇ ਸਹਿਯੋਗ ਨਾਲ਼, ਪੰਜਾਬ ਪੁਲਿਸ ਵੱਲੋਂ, ਤਸੀਹੇ ਦੇਣ ਉਪ੍ਰੰਤ, ਸ਼ਹੀਦ ਕਰ ਕੇ ਲਾਪਤਾ ਕੀਤੇ ਗਏ ਆਪਣੇ ਵੱਡੇ ਭਰਾ, ਸ. ਅਜਮੇਰ ਸਿੰਘ ਦੀ ਯਾਦ ਵਿੱਚ ਸ਼ੁਰੂ ਕੀਤੀਆਂ ਸਨ। ਸ਼ਹੀਦ ਅਜਮੇਰ ਸਿੰਘ ਜੀ ਕਬੱਡੀ ਦੇ ਹੋਣਹਾਰ ਖਿਡਾਰੀ ਸਨ; ਇਸ ਲਈ ਪਹਿਲੇ ਸਾਲ ਉਹਨਾਂ ਅਤੇ ਬਾਕੀ ਸ਼ਹੀਦਾਂ ਦੀ ਯਾਦ ਵਿੱਚ ਸਿਰਫ਼ ਕਬੱਡੀ ਦਾ ਮੈਚ ਹੀ ਕੀਤਾ ਗਿਆ ਸੀ। ਦੋ ਸਾਲ ਦੇ ਵਕਫ਼ੇ ਪਿੱਛੋਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਸੁਚੱਜੀ ਕਮੇਟੀ ਦੀ ਅਗਵਾਈ ਹੇਠ ਹਰੇਕ ਸਾਲ, ਹਿੰਦੁਸਤਾਨ ਦੀ ਸਰਕਾਰ ਵੱਲੋਂ ਕੀਤੇ ਗਏ ਸਿੱਖ ਸ਼ਹੀਦਾਂ ਦੀ ਯਾਦ ਨੂੰ ਇਹ ਸਮੱਰਪਤ ਖੇਡਾਂ, ਜੂਨ ੧੯੮੪ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਸ ਸਾਕੇ ਦੀ ਯਾਦ ਨੂੰ ਕਾਇਮ ਰੱਖਣ ਵਾਸਤੇ ਕਰਵਾਈਆਂ ਜਾਂਦੀਆਂ ਹਨ।
ਹੋਰ ਵੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਕਿਉਂਕਿ ਸ਼ਹੀਦਾਂ ਦੀ ਯਾਦ ਵਿੱਚ ਕੀਤੀਆਂ ਜਾਂਦੀਆਂ ਹੋਣ ਕਰਕੇ, ਇਹਨਾਂ ਖੇਡਾਂ ਸਮੇ ਹੋਰ ਲਚਰ ਪ੍ਰੋਗਰਾਮ ਨਹੀਂ ਕੀਤੇ ਜਾਂਦੇ। ਨਾ ਤੇ ਰਾਤ ਨੂੰ ਡਿਨਰ ਡਾਂਸ ਕੀਤਾ ਜਾਂਦਾ ਹੈ ਤੇ ਨਾ ਹੀ ਅਸ਼ਲੀਲ ਗੀਤ ਗਾਉਣ ਵਾਲ਼ਿਆਂ ਦਾ ਅਖਾੜਾ ਲਾਇਆ ਜਾਂਦਾ ਹੈ। ਨਸ਼ਾ ਕਰਕੇ ਖੇਡ ਮੈਦਾਨ ਵਿੱਚ ਆਉਣ ਦੀ ਪੂਰੀ ਮਨਾਹੀ ਹੁੰਦੀ ਹੈ। ਇਸ ਕਰਕੇ ਇਹ ਖੇਡਾਂ ਆਪਣਾ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਚੰਗੀ ਗੱਲ ਇਹ ਹੈ ਕਿ ਬਾਕੀ ਖੇਡਾਂ ਜਿਥੇ ਵੱਖਰੀਆਂ ਕਮੇਟੀਆਂ ਦੀ ਅਗਵਾਈ ਹੇਠ ਹੁੰਦੀਆਂ ਹਨ ਓਥੇ ਗ੍ਰਿਫ਼ਿਥ ਦੀਆਂ ਖੇਡਾਂ ਦਾ ਪ੍ਰਬੰਧ ਏਥੋਂ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆਪ ਅੱਗੇ ਲੱਗ ਕੇ ਖ਼ੁਦ ਕਰਦੀ ਹੈ। ਕਮੇਟੀ ਦੇ ਆਗੂ ਹਰ ਸਾਲ ਸਿੱਖਾਂ ਦੇ ਘਰ ਘਰ ਜਾ ਕੇ ਉਗਰਾਹੀ ਕਰਦੇ ਹਨ ਅਤੇ ਏਥੋਂ ਦੀਆਂ ਸਿੱਖ ਬੀਬੀਆਂ, ਇਸ ਖੇਡ ਮੇਲੇ ਉਪਰ ਬਾਹਰੋਂ ਆਉਣ ਵਾਲ਼ੇ ਖਿਡਾਰੀਆਂ ਅਤੇ ਦਰਸ਼ਕਾਂ ਵਾਸਤੇ, ਉਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ, ਲੰਗਰ ਅਤੇ ਕਈ ਪ੍ਰਕਾਰ ਦੀਆਂ ਮਿਠਿਆਈਆਂ ਬਣਾਉਣ ਦੀ ਸੇਵਾ ਕਰਦੀਆਂ ਹਨ। ਇਸ ਕਾਰਜ ਲਈ ਹਫ਼ਤਿਆਂ ਬੱਧੀ ਉਤਸ਼ਾਹ ਨਾਲ਼ ਸਾਰੇ ਭਰਾਵਾਂ ਅਤੇ ਭੈਣਾਂ ਵੱਲੋਂ ਨਿਰਇੱਛਤ ਸੇਵਾ ਕੀਤੀ ਜਾਂਦੀ ਹੈ। ਇਹ ਉਤਸ਼ਾਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਪੁਰਾਣੇ ਸਮੇ ਵਿਆਹ ਵਾਲ਼ੇ ਘਰ ਵਿੱਚ ਹੋਇਆ ਕਰਦਾ ਸੀ। ਗ੍ਰਿਫ਼ਿਥ ਅਤੇ ਗਿਰਦ ਨਿਵਾਹੀ ਦੇ ਕੁੱਝ ਹੋਰ ਛੋਟੇ ਮੋਟੇ ਟਾਊਨਾਂ ਦੇ ਸਾਰੇ ਸਿੱਖ ਵਸਨੀਕ, ਇਸ ਨੂੰ ਆਪਣੇ ਘਰ ਦਾ ਕਾਰਜ ਸਮਝ ਕੇ, ਇਸ ਉਦਮ ਵਿੱਚ ਤਨ, ਮਨ ਅਤੇ ਧਨ ਨਾਲ਼ ਹਿੱਸਾ ਪਾਉਂਦੇ ਹਨ। ਇਸ ਵਾਰ ਵੀ ਸ੍ਰੀ ਗੁਰੂ ਸਿੰਘ ਸਭਾ ਦੀ ਅਗਵਾਈ ਹੇਠ, ਸਾਰੀ ਕਮੇਟੀ ਅਤੇ ਗ੍ਰਿਫ਼ਿਥ ਦੀ ਸਮੂੰਹ ਸਾਧ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ਼ ਤਿਆਰੀ ਕਰ ਕੇ ਖੇਡਾਂ ਕਰਵਾਈਆਂ ਗਈਆਂ ਹਨ। ਇਸ ਵਾਰੀ ਪਿਛਲੇ ਸਾਲ ਨਾਲ਼ੋਂ ਸੰਗਤਾਂ ਵਧੇਰੀ ਗਿਣਤੀ ਵਿੱਚ ਸ਼ਾਮਲ ਹੋਈਆਂ।
ਰੱਬ ਕਰੇ, ਗ੍ਰਿਫ਼ਿਥ ਦੀਆਂ ਸੰਗਤਾਂ ਵਿੱਚ ਇਹ ਉਤਸ਼ਾਹ ਏਸੇ ਤਰ੍ਹਾਂ ਹੀ ਬਣਿਆ ਰਹੇ ਅਤੇ ਬਾਕੀ ਖੇਡ ਮੇਲਿਆਂ ਦੇ ਪ੍ਰਬੰਧਕ ਵੀ ਇਸ ਤੋਂ ਉਤਸ਼ਾਹ ਅਤੇ ਅਗਵਾਈ ਪਰਾਪਤ ਕਰਦੇ ਰਹਿਣ। ਚੰਗੇ ਕਾਰਜ ਨੂੰ ਵੀ ਚੰਗੇਰਾ ਬਣਾਉਣ ਦੀ ਹਮੇਸ਼ਾਂ ਗੁੰਜਾਇਸ਼ ਹੁੰਦੀ ਹੈ। ਜੇਕਰ ਕਿਤੇ ਕੋਈ ਕਮੀ ਰਹਿੰਦੀ ਜਾਪੇ ਤਾਂ ਉਸ ਨੂੰ ਦੂਰ ਕਰਨ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਹਨਾਂ ਖੇਡਾਂ ਨੂੰ ਬੇਲੋੜੀਆਂ ਕੰਪਲੀਕੇਟਿਡ ਨਹੀਂ ਬਣਨ ਦੇਣਾ ਚਾਹੀਦਾ। ਭਵਿਖ ਵਿੱਚ ਵੀ ਚੌਧਰਤਾ, ਲਚਰਤਾ, ਨਸ਼ੇ ਆਦਿ ਵਰਗੀਆਂ ਬੀਮਾਰੀਆਂ ਤੋਂ ਇਹਨਾਂ ਨੂੰ ਬਚਾਈ ਰੱਖਣ ਲਈ ਸੁਚੇਤ ਰਹਿਣਾ ਚਾਹੀਦਾ ਹੈ। ਕਿਰਤੀ ਸਿੱਖਾਂ ਤੋਂ ਉਗਰਾਹੀ ਕਰਕੇ ਇਕੱਠੇ ਕੀਤੇ ਗਏ ਧਨ ਨੂੰ ਅਤਿ ਮਹਿੰਗੇ ਕੌਮੈਂਟੇਟਰ, ਲਚਰ ਗਵੱਈਏ ਆਦਿ ਬਾਹਰੋਂ ਮੰਗਵਾ ਕੇ, ਉਹਨਾਂ ਉਪਰ ਨਹੀਂ ਰੋੜ੍ਹਨਾ ਚਾਹੀਦਾ। ਆਸਟ੍ਰੇਲੀਆ ਦੇ ਸਿੱਖਾਂ ਵਿੱਚ ਹਰ ਪ੍ਰਕਾਰ ਦੀ ਟੇਲੈਂਟ ਮੌਜੂਦ ਹੈ; ਉਸ ਤੋਂ ਹੀ ਲਾਭ ਲੈਣਾ ਚਾਹੀਦਾ ਹੈ। ਫਿਰ ਆਮ ਕਰਕੇ, ਅਤੇ ਖਾਸ ਕਰਕੇ ਇਹਨਾਂ ਖੇਡਾਂ ਸਮੇ, ਨਸ਼ੇ ਵਰਤਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਤਾਂ ਖੇਡਾਂ ਹੀ ਸ਼ਹੀਦਾਂ ਦੀ ਯਾਦ ਵਿੱਚ ਕਰਵਾਈਆਂ ਜਾਂਦੀਆਂ ਹਨ। ਪ੍ਰਬੰਧਕਾਂ ਵੱਲੋਂ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਹਰ ਵਾਰ ਨਿਮਰਤਾ ਸਹਿਤ ਵਾਰ ਵਾਰ, ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਸੱਜਣ ਖੇਡ ਗਰਾਊਂਡ ਵਿੱਚ ਨਸ਼ਾ ਪੀ ਕੇ ਨਾ ਆਵੇ।
ਇਸ ਸਮੇ ਸੰਗਤਾਂ ਵੱਲੋਂ ਭੇਟ ਕੀਤੀ ਗਈ ਮਾਇਆ, ਜੋ ਖੇਡਾਂ ਤੋਂ ਵਧ ਜਾਵੇ, ਉਹ ਗੁਰਦੁਆਰਾ ਸਾਹਿਬ ਦੇ ਖ਼ਜ਼ਾਨੇ ਵਿੱਚ ਜਮ੍ਹਾ ਕਰ ਲਈ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਦੋ ਮੰਜ਼ਲਾ ਇਮਾਰਤ, ਸਾਢੇ ਛੇ ਏਕੜ ਥਾਂ ਉਪਰ ਉਸਾਰੀ ਗਈ ਹੈ।
ਖੇਡਾਂ ਵਿੱਚ ਕੇਹੜੀਆਂ ਕੇਹੜੀਆਂ ਤੇ ਕਿਥੋਂ ਕਿਥੋਂ ਟੀਮਾਂ ਆਈਆਂ, ਕਿਸ ਕਿਸ ਦਾ ਕਿਸ ਕਿਸ ਨਾਲ਼ ਮੈਚ ਹੋਇਆ। ਕੌਣ ਕੌਣ ਇੱਕ ਨੰਬਰ ਤੇ ਰਿਹਾ ਤੇ ਕੌਣ ਕੌਣ ਦੂਜੇ ਨੰਬਰ ਉਪਰ ਰਹੇ, ਇਹ ਸਭ ਖੇਡਾਂ ਦੇ ਜਾਣੂਆਂ ਨੇ ਪਾਠਕਾਂ ਨੂੰ ਦੱਸ ਹੀ ਦਿਤਾ ਹੋਵੇਗਾ; ਮੈਂ ਤਾਂ ਆਪਣੀ ਸਮਝ ਮੁਤਾਬਿਕ ਕੁੱਝ ਗੱਲਾਂ ਦਾ ਏਥੇ ਜ਼ਿਕਰ ਕਰਨ ਲੱਗਾ ਹਾਂ:
ਵੈਸੇ ਤਾਂ ਹਰੇਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਆਪਣੇ ਸ਼ਹਿਰ ਦੇ ਹਿੱਸੇ ਆਈਆਂ ਖੇਡਾਂ ਸਮੇ, ਹਰ ਪ੍ਰਕਾਰ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ ਪਰ ਜੋ ਪਿਆਰ ਤੇ ਸਤਿਕਾਰ ਨਾਲ਼ ਲੰਗਰ ਦੀ ਸੇਵਾ ਗ੍ਰਿਫ਼ਿਥ ਦੀਆਂ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ, ਇਸ ਦਾ ਜਵਾਬ ਨਹੀਂ। ਫਿਰ ਇਸ ਸਮੇ ਤੇ ਸ਼ਹੀਦਾਂ ਦੇ ਸਤਿਕਾਰ ਨੂੰ ਮੁਖ ਰੱਖਦਿਆਂ ਹੋਇਆਂ ਕੋਈ ਵੀ ਕਾਰਜ ਧਰਮ ਤੇ ਸਿੱਖ ਸਦਾਚਾਰ ਤੋਂ ਉਲ਼ਟ ਨਹੀਂ ਕੀਤਾ ਜਾਂਦਾ; ਸਭ ਕੁੱਝ ਸ਼ਰਧਾ ਅਤੇ ਭਾਵਨੀ ਸਹਿਤ ਕੀਤਾ ਜਾਂਦਾ ਹੈ।
ਹੋਰ ਵੀ ਵਧੀਆ ਗੱਲ ਇਹ ਕਿ ਦੋਵੇਂ ਦਿਨਾਂ ਦੀਆਂ ਸ਼ਾਮਾਂ ਨੂੰ ਗੁਰਦੁਆਰਾ ਸਾਹਿਬ ਵਿਖੇ, ਖੇਡਾਂ ਦੀ ਸਮਾਪਤੀ ਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ। ਦੀਵਾਨ ਵਿੱਚ ਬੋਲਣ ਵਾਲ਼ੇ ਬੁਲਾਰਿਆਂ ਨੂੰ, ਬੋਲਣ ਸਮੇ ਆਪਣੀ ਹੱਦ ਵਿੱਚ ਰਹਿਣ ਦੀ ਹਿਦਾਇਤ ਵੀ, ਪ੍ਰਬੰਧਕਾਂ ਨੂੰ ਦੇਣੀ ਚਾਹੀਦੀ ਹੈ। ਇਸ ਬਾਰੇ ਮੈਂ ਇੱਕ ਵੱਖਰਾ ਲੇਖ ਵੀ ਲਿਖਾਂਗਾ। ਹੋਰ ਵੀ ਚੰਗਾ ਹੋਵੇ ਜੇ ਤੀਜੀ ਸ਼ਾਮ ਨੂੰ ਵੀ ਦੀਵਾਨ ਸਜਾਉਣ ਦਾ ਪ੍ਰਬੰਧ ਕੀਤਾ ਜਾਇਆ ਕਰੇ।
ਕਬੱਡੀ ਦੇ ਖੇਡ ਮੈਦਾਨ ਵਿਚ, ਕੁਮੈਂਟਰੀ ਕਰਨ ਵਾਸਤੇ ਇਸ ਵਾਰੀ ਇਕੱਲੇ ਸ. ਚਰਨਾਮਤ ਸਿੰਘ ਜੀ ਹੀ ਸ਼ਾਮਲ ਹੋਏ; ਉਹ ਵੀ ਦੂਜੇ ਦਿਨ। ਪਹਿਲਾ ਦਿਨ ਉਹਨਾਂ ਦੀ ਗ਼ੈਰ ਹਾਜਰੀ ਵਿੱਚ ਹੀ ਲੰਘ ਗਿਆ। ਉਹਨਾਂ ਦੇ ਸਾਥੀ ਸ. ਰਣਜੀਤ ਸਿੰਘ ਖੈੜਾ ਦੋਵੇਂ ਦਿਨ ਹੀ ਖੁੰਝੇ ਰਹੇ। ਦੋਹਾਂ ਦੀ ਜੋੜੀ ਹੋਵੇ ਕਬੱਡੀ ਦੇ ਮੈਦਾਨ ਵਿੱਚ ਤਾਂ ਕਬੱਡੀ ਦੀ ਖੇਡ ਨੂੰ ਚਾਰ ਚੰਨ ਲੱਗ ਜਾਂਦੇ ਹਨ। ਵੈਸੇ ਇੱਕ ਹੋਰ ਸੱਜਣ ਦੋਵੇਂ ਦਿਨ ਬੜੀ ਸ਼ਾਨਦਾਰ ਕੁਮੈਂਟਰੀ ਕਰਦੇ ਰਹੇ ਪਰ ਨਾਂ ਮੈਂ ਉਹਨਾਂ ਦਾ ਜਾਣ ਨਹੀਂ ਸਕਿਆ। ਇਸ ਲਈ ਗੁਸਤਾਖ਼ੀ ਦੀ ਮੁਆਫ਼ੀ। ਇਸ ਮੇਲੇ ਵਿੱਚ ਹਾਕੀ ਬਿਲਕੁਲ ਹੀ ਨਹੀਂ ਦਿਸਦੀ। ਇਸ ਬਾਰੇ ਪ੍ਰਬੰਧਕਾਂ ਨਾਲ਼ ਗੱਲ ਕੀਤੀ ਤਾਂ ਉਹਨਾਂ ਨੇ ਕੁੱਝ ਗਰਾਊਂਡ ਦੀ ਬਣਤਰ ਬਾਰੇ ਸਮੱਸਿਆ ਦਾ ਜ਼ਿਕਰ ਕੀਤਾ। ਵਿਚਾਰ ਆਈ ਕਿ ਜਿਸ ਗਰਾਊਂਡ ਵਿੱਚ ਏਥੋਂ ਦੇ ਵਸਨੀਕ ਹਾਕੀ ਖੇਡ ਸਕਦੇ ਹਨ ਓਸੇ ਗਰਾਊਂਡ ਵਿੱਚ ਆਪਣੇ ਖਿਡਾਰੀ ਕਿਉਂ ਨਹੀਂ ਖੇਡ ਸਕਦੇ! ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ।
ਗ੍ਰਿਫ਼ਿਥ ਦੀ ਸਿੰਘ ਸਭਾ ਦੇ ਲੰਗਰ ਤੋਂ ਇਲਾਵਾ, ਮੈਲ਼ਬਰਨ ਤੋਂ ਬਾਬਾ ਬਿਧੀ ਚੰਦ ਜੀ ਦੇ ਨਾਂ ਨਾਲ਼ ਜਾਣੀ ਜਾਂਦੀ ਨਿਹੰਗ ਸਿੰਘਾਂ ਦੀ ਸੰਪਰਦਾ ਦੇ ਆਗੂ, ਸਿੰਘ ਸਾਹਿਬ ਭਾਈ ਗੁਰਦਰਸ਼ਨ ਸਿੰਘ ਜੀ ਦੀ ਅਗਵਾਈ ਹੇਠ, ਮੈਲਬਰਨ ਦੀਆਂ ਸੰਗਤਾਂ ਵੱਲੋਂ ਵੀ ਦੋਵੇਂ ਦਿਨ ਅਣਥੱਕ ਸੇਵਾ ਕੀਤੀ ਗਈ। ਇਸ ਵਾਰ ਵਾਧਾ ਇਹ ਵੀ ਹੋਇਆ ਕਿ ਮਲਦੂਰਾ ਦੀ ਸੰਗਤ ਵੱਲੋਂ ਗਰੇਵਾਲ ਭਰਾਵਾਂ ਅਤੇ ਬਾਕੀ ਨੌਜਵਾਨਾਂ ਦੀ ਅਗਵਾਈ ਹੇਠ, ਮਾਲਟਿਆਂ ਦੇ ਤਾਜੇ ਜੂਸ ਦਾ ਦੋਵੇਂ ਦਿਨ ਖੁਲ੍ਹਾ ਲੰਗਰ ਵਰਤਿਆ। ਬਦਾਮ ਤਾਂ ਉਹ ਹਰੇਕ ਖੇਡ ਸਮੇ ਖਿਡਾਰੀਆਂ ਨੂੰ ਵੰਡਦੇ ਹੀ ਹਨ ਇਸ ਵਾਰੀ ਉਹਨਾਂ ਨੇ ਮੈਨੂੰ ਵੀ ਦੇ ਦਿਤੇ ਜੇਹੜੇ ਮੈਂ ਤੇ ਗਿ. ਹਰਜਿੰਦਰ ਸਿੰਘ ਜੀ ਨੇ ਆਪਸ ਵਿੱਚ ਵੰਡ ਲਏ।
ਹੋਰ ਵੀ ਵਧੀਆ ਗੱਲ ਇਸ ਵਾਰੀ ਵੀ ਇਹ ਹੋਈ ਕਿ ਨੌਜਵਾਨਾਂ, ਬੱਚੇ ਅਤੇ ਬੱਚੀਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ। ਸਦਾ ਵਾਂਗ ਇਸ ਵਾਰੀ ਵੀ ਸ. ਗੁਰਤੇਜ ਸਿੰਘ ਸਮਰਾ ਨੇ ਸਾਥੀਆਂ ਦੇ ਸਹਿਯੋਗ ਨਾਲ਼, ਬੱਚਿਆਂ ਦੇ ਸਿੱਖ ਧਰਮ ਬਾਰੇ ਗਿਆਨ ਵਿੱਚ ਵਾਧਾ ਕਰਨ ਵਾਲ਼ਾ ਬੜਾ ਸ਼ਾਨਦਾਰ ਪ੍ਰੋਗਰਾਮ ਕੀਤਾ।
ਹਾਂ ਸੱਚ ਇੱਕ ਬਹੁਤ ਜਰੂਰੀ ਗੱਲ ਰਹਿ ਹੀ ਚੱਲੀ ਸੀ। ਸ. ਰਣਜੀਤ ਸਿੰਘ ਸ਼ੇਰਗਿੱਲ, ਜਿਨ੍ਹਾਂ ਨੇ ਆਪਣੇ ਭਰਾ ਦੀ ਯਾਦ ਵਿੱਚ ਇਹ ਖੇਡ ਮੇਲਾ ਸਭ ਤੋਂ ਪਹਿਲਾਂ ਆਰੰਭ ਕੀਤਾ ਸੀ, ਉਹ ਸੇਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਹਰੇਕ ਸਾਲ ਇਸ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ। ਇਸ ਵਾਰੀ ਪ੍ਰਬੰਧਕਾਂ ਨੇ ਬਹੁਤ ਹੀ ਚੰਗਾ ਕਾਰਜ ਕੀਤਾ ਕਿ ਸਰਦਾਰ ਸ਼ੇਰਗਿੱਲ ਨੂੰ ਸਨਮਾਨਤ ਕੀਤਾ ਗਿਆ। ਇਸ ਕਾਰਜ ਦੀ ਸੰਗਤਾਂ ਵੱਲੋਂ ਬਹੁਤ ਪ੍ਰਸੰਸਾ ਹੋਈ।
ਇਸ ਵਾਰੀ ਦਾ ਇਹ ਸ਼ਹੀਦੀ ਟੂਰਨਾਮੈਂਟ ਹਰੇਕ ਪੱਖੋਂ ਪਿਛਲੇ ਸਾਲਾਂ ਨਾਲ਼ੋਂ ਵਧ ਸਫ਼ਲਤਾ ਸਹਿਤ ਨੇਪਰੇ ਚੜ੍ਹਿਆ। ਇਸ ਲਈ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ, ਬੀਬੀਆਂ, ਬੱਚੇ, ਖਿਡਾਰੀ ਟੀਮਾਂ, ਟੀਮਾਂ ਦੇ ਪ੍ਰਬੰਧਕ, ਕੁਮੈਂਟੇਟਰ ਆਦਿ ਵਧਾਈ ਦੇ ਪਾਤਰ ਹਨ। ਇਸ ਵਾਰੀ ਵੀ, ਇਸ ਟੂਰਨਾਮੈਂਟ ਸਮੇ, ਪੰਜਾਬੀ ਪ੍ਰਿੰਟ ਅਤੇ ਇਲਟ੍ਰੌਨਿਕ ਮੀਡੀਆ ਨੇ ਵੀ ਬਹੁਤ ਹੀ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਨਾਲ਼ ਹੀ ਢੁਕਵੇਂ ਸੁਝਾ ਦਿਤੇ ਅਤੇ ਅੱਗੇ ਤੋਂ ਵਧੇਰੇ ਸਹਿਯੋਗ ਦੇਣ ਦੀ ਪੇਸ਼ਕਸ਼ ਵੀ ਕੀਤੀ। ਮੀਡੀਏ ਦੇ ਨਾਂ ਮੈਂ ਜਾਣ ਕੇ ਨਹੀਂ ਲਿਖ ਰਿਹਾ ਕਿ ਅਜਿਹਾ ਕਰਨ ਨਾਲ਼ ਕਿਸੇ ਦਾ ਨਾਂ ਰਹਿ ਗਿਆ ਤਾਂ ਉਸ ਨਾਲ਼ ਬੇਇਨਸਾਫੀ ਹੋਵੇਗੀ।
ਸੰਤੋਖ ਸਿੰਘ
0435 060 970, 02 9864 5268
[email protected]


06/10/18
ਸਰਵਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਮ ਇਕ ਖ਼ੱਤ
ਸ. ਗੋਬਿੰਦ ਸਿੰਘ ਲੋਂਗੋਵਾਲ ਜੀ,
ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।
ਵਿਸ਼ਾ:-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ‘ਤੇ ਜਥਾ ਨਾ ਭੇਜਣ ਬਾਰੇ।
ਮਿਤੀ:- 26 ਜੇਠ, 550 ਨਾਨਕਸ਼ਾਹੀ (9 ਜੂਨ 2018 ਈ:)

ਸ. ਗੋਬਿੰਦ ਸਿੰਘ ਲੋਂਗੋਵਾਲ ਜੀ, 8 ਜੂਨ ਦੀਆਂ ਅਖ਼ਬਾਰਾਂ ਵਿਚ ਛਪਿਆ, ਆਪ ਜੀ ਦਾ ਬਿਆਨ ਪੜ੍ਹ ਕੇ ਹੈਰਾਨੀ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਾਲ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਭੇਜੇ ਜਾਣ ਵਾਲੇ ਜਥੇ ਨੂੰ ਨਾ ਭੇਜਣ ਦਾ ਐਲਾਨ ਕੀਤਾ ਹੈ। ਪ੍ਰਧਾਨ ਜੀ, ਜਦੋਂ ਤੁਹਾਡੇ ਜਥੇ ਨੂੰ ਵੀਜ਼ਾ ਹੀ ਨਹੀਂ ਮਿਲਿਆ, ਤੁਸੀਂ ਜਥਾ ਭੇਜ ਕਿਵੇਂ ਸਕਦੇ ਸੀ? ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਤੁਸੀਂ ਇਸ ਲਈ ਪਾਕਿਸਤਾਨ ਦੀ ਅੰਬੈਸੀ ਨੂੰ ਜਿੰਮੇਵਾਰ ਦੱਸਿਆ ਹੈ। ਜੋ ਕਿ ਸਹੀ ਨਹੀਂ ਹੈ। ਪਾਕਿਸਤਾਨ ਦੀ ਅੰਬੈਸੀ ਵੱਲੋਂ ਸਿੱਖ ਸੰਗਤਾਂ ਨੂੰ ਲਾਹੌਰ ਜਾਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀਜੇ ਦਿੱਤੇ ਗਏ ਹਨ ਅਤੇ ਸਿੱਖ ਸੰਗਤਾਂ ਬੜੇ ਉਤਸ਼ਾਹ ਨਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਲਾਹੌਰ ਪੁੱਜੀਆਂ ਹਨ। ਜੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਨੂੰ ਵੀਜ਼ਾ ਨਹੀਂ ਮਿਲਿਆ ਤਾਂ ਇਸ ਲਈ ਪਾਕਿਸਤਾਨ ਦੀ ਅੰਬੈਸੀ ਨਹੀਂ, ਸ਼੍ਰੋਮਣੀ ਕਮੇਟੀ ਖ਼ੁਦ ਜਿੰਮੇਵਾਰ ਹੈ।
ਸ. ਗੋਬਿੰਦ ਸਿੰਘ ਲੋਂਗੋਵਾਲ ਜੀ, ਤੁਹਾਡੇ ਵੱਲੋਂ ਸੰਗਤਾਂ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣ ਲਈ ਪਾਕਿਸਤਾਨ ਦੀ ਅੰਬੈਸੀ ਨੂੰ ਉਲਾਂਭਾ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਜਦੋਂ ਕਿ ਸੱਚ ਇਹ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ਸਿਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ। ਕੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਂਦੇ ਹਨ ਅਤੇ ਇਸੇ ਮੁਤਾਬਕ ਹੀ ਪਾਕਿਸਤਾਨ ਦੀ ਅੰਬੈਸੀ ਵੱਲੋਂ ਹਰ ਸਾਲ ਸਿੱਖ ਸ਼ਰਧਾਲੂਆਂ ਨੂੰ ਵੀਜੇ ਜਾਰੀ ਕੀਤੇ ਜਾਂਦੇ ਹਨ? ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 2 ਹਾੜ (16 ਜੂਨ) ਨੂੰ ਮਨਾਇਆ ਜਾਂਦਾ ਹੈ। ਅਤੇ ਹਰ ਸਾਲ ਪਾਕਿਸਤਾਨ ਦੀ ਅੰਬੈਸੀ ਵੱਲੋਂ ਜਥਿਆਂ ਨੂੰ ਵੀਜੇ ਜਾਰੀ ਕੀਤੇ ਜਾਂਦੇ ਹਨ। ਜਦੋਂ ਸ਼੍ਰੋਮਣੀ ਕਮੇਟੀ ਨੂੰ ਪਤਾ ਹੈ ਕਿ ਪਾਕਿਸਤਾਨ ਦੀ ਅੰਬੈਸੀ ਨੇ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਵੀਜੇ ਨਹੀ ਦੇਣੇ ਤਾਂ ਕਿਉਂ ਹਰ ਸਾਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਸ਼ਰਧਾਲੂਆਂ ਨੂੰ ਖੱਜਲ ਕਰਦੇ ਹਨ? ਹਰ ਸਾਲ ਸ਼੍ਰੋਮਣੀ ਕਮੇਟੀ, ਸੰਗਤਾਂ ਨੂੰ ਪਾਸਪੋਰਟ ਜਮਾਂ ਕਰਵਾਉਣ ਲਈ ਸੱਦਾ ਦਿੰਦੀ ਹੈ। ਜਦੋਂ ਸ਼ਰਧਾਲੂ ਆਪਣੇ ਕਾਗਜ-ਪੱਤਰ ਪੂਰੇ ਕਰਕੇ, ਜਮਾ ਕਰਵਾਉਂਦੇ ਹਨ ਤਾਂ ਅੱਗੋਂ ਕਮੇਟੀ ਇਹ ਕਹਿ ਕੇ ਸਾਰ ਦਿੰਦੀ ਹੈ ਕਿ “ਪਾਕਿਸਤਾਨ ਅੰਬੈਸੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਵੀਜੇ ਨਾ ਦੇ ਕੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ”।
ਸ. ਗੋਬਿੰਦ ਸਿੰਘ ਲੋਂਗੋਵਾਲ ਜੀ, ਪਿਛਲੇ ਕਈ ਸਾਲਾਂ ਤੋਂ, ਜਦੋਂ ਸ਼੍ਰੋਮਣੀ ਕਮੇਟੀ ਵੱਲੋਂ, ਸਿੱਖ ਸ਼ਰਧਾਲੂਆਂ ਨੂੰ ਆਪਣੇ ਪਾਸਪੋਰਟ ਜਮਾ ਕਰਵਾਉਣ ਦਾ ਸੱਦਾ ਦਿੱਤਾ ਜਾਂਦਾ ਹੈ, ਮੈਂ ਉਸੇ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਕੱਤਰ ਜਾਂ ਸਕੱਤਰ ਧਰਮ ਪ੍ਰਚਾਰ ਕਮੇਟੀ (ਤਿੰਨ ਲੱਖੀਏ ਸਕੱਤਰ ਸਮੇਤ) ਨੂੰ ਪੱਤਰ ਲਿਖ ਕੇ ਜਾਣੂ ਕਰਵਾਉਂਦਾ ਰਿਹਾ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਵੀਜ਼ਾ ਨਹੀਂ ਮਿਲਣਾ, ਸੰਗਤਾਂ ਨੂੰ ਖੱਜਲ ਨਾ ਕਰੋ। ਇਹ ਜਾਣਦੇ ਹੋਏ ਵੀ ਕੇ ਪਾਕਿਸਤਾਨ ਦੀ ਅੰਬੈਸੀ ਨੇ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਵੀਜ਼ਾ ਨਹੀਂ ਦੇਣਾ, ਹਰ ਸਾਲਾਂ ਇਸ ਅਮਲ ਨੂੰ ਦੁਹਰਾਈ ਜਾਣਾ, ਅਣਜਾਣੇ ਵਿੱਚ ਹੋਈ ਭੁੱਲ ਤਾਂ ਨਹੀਂ ਮੰਨੀ ਜਾ ਸਕਦੀ।
ਪ੍ਰਧਾਨ ਜੀ, ਮੈਂ ਅੱਜ ਫੇਰ ਆਪਣੀ ਜਿੰਮੇਵਾਰੀ ਸਮਝਦਾ ਹੋਇਆ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਜੇ ਸ਼੍ਰੋਮਣੀ ਕਮੇਟੀ ਨੇ ਧੁਮੱਕਸ਼ਾਹੀ ਕੈਲੰਡਰ ਦਾ ਖਹਿੜਾ ਨਾ ਛੱਡਿਆ ਤਾਂ ਆਉਣ ਵਾਲੇ 10 ਸਾਲ ਵੀ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਪਾਸਪੋਰਟਾਂ ਉਪਰ ਪਾਕਿਸਤਾਨ ਦੀ ਅੰਬੈਸੀ ਨੇ ਵੀਜ਼ਾ ਨਹੀਂ ਦੇਣਾ। ਸੰਮਤ 553 ਨਾਨਕਸ਼ਾਹੀ (ਜੂਨ 2021) ਨੂੰ ਜਥਾ ਭੇਜ ਤਾਂ ਸਕਦੇ ਹੋ ਪਰ ਉਸ ਜਥੇ ਨੂੰ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਸਮਾਗਮਾਂ ਵਿਚ ਸ਼ਾਮਿਲ ਹੋਣ ਬਿਨਾ ਹੀ ਵਾਪਸ ਪਰਤਣਾ ਪਵੇਗਾ। ਯਾਦ ਰਹੇ ਸੰਮਤ 543 ਨਾਨਕਸ਼ਾਹੀ (ਜੂਨ 2013 ਈ:) ਵਿੱਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਭੇਜਿਆ ਗਿਆ ਜਥਾ ਵੀ 8 ਜੂਨ ਨੂੰ ਗਿਆ ਸੀ ਅਤੇ 13 ਜੂਨ ਨੂੰ, ਉਥੇ ਉਲੀਕੇ ਸਮਾਗਮਾਂ ਵਿਚ ਸ਼ਾਮਿਲ ਹੋਣ ਤੋਂ ਬਿਨਾ ਹੀ ਵਾਪਸ ਆ ਗਿਆ ਸੀ। ਸ਼੍ਰੋਮਣੀ ਕਮੇਟੀ ਸੰਮਤ 561 ਨਾਨਕਸ਼ਾਹੀ (ਜੂਨ 2029 ਈ:) ਵਿੱਚ ਹੀ ਜਥਾ ਭੇਜ ਸਕੇਗੀ।

ਸੰਮਤ 535 ਤੋਂ ਸੰਮਤ 541 ਨਾਨਕਸ਼ਾਹੀ (2003-4 ਤੋਂ 2009-10 ਈ:) ਦੇ ਸਮੇਂ ਦੌਰਾਨ, ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਰੇ ਗੁਰਪੁਰਬ ਅਤੇ ਹੋਰ ਦਿਹਾੜੇ ਮਨਾਏ ਜਾਂਦੇ ਰਹੇ ਹਨ ਤਾਂ ਅਜੇਹੀ ਕੋਈ ਸਮੱਸਿਆ ਨਹੀਂ ਸੀ ਆਈ। ਹੁਣ ਪਿਛਲੇ 8 ਸਾਲਾਂ ਤੋਂ, ਹਰ ਸਾਲ ਇਹ ਸਮੱਸਿਆ ਆ ਰਹੀ ਹੈ ਅਤੇ ਭਵਿੱਖ ਵਿਚ ਵੀ ਹਰ ਸਾਲ ਆਵੇਗੀ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਭੇਜੇ ਜਾਣ ਵਾਲੇ ਜਥੇ ਨੂੰ ਕਦੇ ਕੋਈ ਸਮੱਸਿਆ ਨਹੀ ਆਈ। ਇਸ ਸਾਲ ਵੀ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਜਥਾ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਮੁਤਾਬਕ (15 ਹਾੜ) ਹੀ ਭੇਜਿਆ ਜਾਣਾ ਹੈ। ਜੇ ਵਿਰੋਧ ਕਰਨਾ ਹੀ ਹੈ ਤਾਂ ਜਿਸ ਜਥੇ ਨੂੰ ਵੀਜੇ ਮਿਲ ਚੁੱਕੇ ਹਨ, ਉਸ ਨੂੰ ਨਾ ਭੇਜਣ ਦਾ ਐਲਾਨ ਕਰੋ।
ਪ੍ਰਧਾਨ ਜੀ, ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਜਾਂਦਾ ਕੈਲੰਡਰ ਸੂਰਜੀ ਕੈਲੰਡਰ ਹੈ। ਜਿਸ ਦੇ ਸਾਲ ਦੇ 365 ਦਿਨ (1 ਚੇਤ ਤੋਂ 30 ਫੱਗਣ) ਹੁੰਦੇ ਹਨ। ਇਸ ਕੈਲੰਡਰ ਮੁਤਾਬਕ ਤਾਂ ਹਰ ਸਾਲ, ਹਰ ਦਿਹਾੜਾ ਮੁੜ ਉਸੇ ਤਾਰੀਖ ਨੂੰ ਆਉਂਦਾ ਹੈ। ਜੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹਰ ਸਾਲ 15 ਹਾੜ ਨੂੰ ਮਨਾਈ ਜਾ ਸਕਦੀ ਹੈ, ਜੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾਇਆ ਜਾ ਸਕਦਾ ਹੈ, ਜੇ ਵੈਸਾਖੀ ਹਰ ਸਾਲ 1 ਵੈਸਾਖ ਨੂੰ ਮਨਾਈ ਜਾ ਸਕਦੀ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਹਰ ਸਾਲ 2 ਹਾੜ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ? ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਸ ਦਿਹਾੜੇ ਦੀ ਤਾਰੀਖ, ਹਰ ਸਾਲ ਬਦਲ ਕਿਉਂ ਜਾਂਦੀ ਹੈ? ਕੀ ਇਹ ਸੱਚ ਨਹੀਂ ਹੈ ਕਿ ਜਿਸ ਦਿਨ ਗੁਰੂ ਜੀ ਦੀ ਸ਼ਹੀਦੀ ਹੋਈ ਸੀ ਉਸ ਦਿਨ 2 ਹਾੜ ਸੀ? ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦੇਸ਼-ਵਿਦੇਸ਼ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਜੋ ਹਰ ਸਾਲ, ਇਹ ਦਿਹਾੜਾ 2 ਹਾੜ ਨੂੰ ਮਨਾਉਂਦੀਆਂ ਹਨ ਉਹ ਗੁਰਮਤਿ ਦੇ ਕਿਸ ਸਿਧਾਂਤ ਦੀ ਅਵੱਗਿਆ ਕਰਦੀਆਂ ਹਨ? ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 2 ਹਾੜ/16ਜੂਨ ਜੇ ਸਿੱਖ ਸੰਗਤਾਂ ਨੂੰ ਯਾਦ ਹੋ ਜਾਵੇ ਤਾਂ ਸ਼੍ਰੋਮਣੀ ਕਮੇਟੀ ਨੂੰ ਕੀ ਇਤਰਾਜ਼ ਹੈ?
ਸ. ਗੋਬਿੰਦ ਸਿੰਘ ਲੋਂਗੋਵਾਲ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਧੁਮੱਕੜਸ਼ਾਹੀ ਨੂੰ ਰੱਦ ਕਰਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਤੁਹਾਡੇ ਅਧਿਕਾਰ ਖੇਤਰ ਵਿਚ ਨਹੀਂ ਹੈ ਤਾਂ ਘੱਟੋ ਘੱਟ ਅਜੇਹਾ ਪੱਕਾ ਪ੍ਰਬੰਧ ਕਰ ਦਿਓ ਤਾਂ ਜੋ ਆਉਣ ਵਾਲੇ ਸਾਲਾਂ ਵਿੱਚ, ਜਦੋਂ ਇਹ ਪਹਿਲਾਂ ਹੀ ਪਤਾ ਹੋਵੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਥੇ ਨੂੰ ਵੀਜ਼ਾ ਨਹੀਂ ਮਿਲਣਾ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਸ਼ਹੀਦੀ ਦਿਹਾੜੇ `ਤੇ ਜਥਾ ਭੇਜਣ ਦੇ ਨਾਮ ਤੇ ਸੰਗਤਾਂ ਨੂੰ ਖੱਜਲ-ਖੁਆਰ ਨਾ ਕਰ ਸਕਣ।
ਪ੍ਰਧਾਨ ਜੀ, ਜੇ ਆਪ ਜੀ ਨੂੰ ਯਾਦ ਹੋਵੇ ਤਾਂ ਪਿਛਲੇ ਮਹੀਨੇ ( 3 ਮਈ ) ਆਪਣੀ ਫੂਨ ਤੇ ਹੋਈ ਗੱਲ ਬਾਤ ਦੌਰਾਨ, ਮੇਰੀ ਸ਼ਿਕਾਇਤ ਰੂਪੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਆਪ ਜੀ ਨੇ ਵਾਇਦਾ ਕੀਤਾ ਸੀ ਕਿ, ਅੱਗੋਂ ਤੋਂ ਆਉਣ ਵਾਲੇ ਹਰ ਪੱਤਰ ਜਾਂ ਈ ਮੇਲ ਦਾ ਜਵਾਬ ਦੇਣ ਦਾ ਪੱਕਾ ਪ੍ਰਬੰਧ ਕਰ ਦਿੱਤਾ ਜਾਵੇਗਾ। ਪਰ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਆਪ ਜੀ ਦਾ ਉਹ ਵਾਇਦਾ ਵਫ਼ਾ ਨਹੀ ਹੋਇਆ। ਖਿਆਲ ਰੱਖੋ, ਹੁਣ ਆਪ ਜੀ ਸਿਆਸੀ ਲੀਡਰ ਨਹੀਂ ਸਗੋਂ ਧਾਰਮਿਕ ਸੰਸਥਾ ਦੇ ਮੁਖੀ ਹੋ। ਧਾਰਮਿਕ ਵਿਅਕਤੀਆਂ ਨੂੰ ਸਿਆਸੀ ਲੀਡਰਾਂ ਵਾਂਗ ਫੋਕੇ ਲਾਰੇ ਲਾਉਣੇ ਸ਼ੋਭਾ ਨਹੀ ਦਿੰਦੇ। ਆਸ ਕਰਦੇ ਹਾਂ ਕਿ ਆਪ ਜੀ ਇਸ ਪਾਸੇ ਜਰੂਰ ਧਿਆਨ ਦਿਓਗੇ।
ਧੰਨਵਾਦ
ਸਤਿਕਾਰ ਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ


06/10/18
ਯੂਨਾਈਟਿਡ ਸਿੱਖ ਐਸੋਸੀਏਸ਼ਨ

ਲੋੜਵੰਦ ਸਿੱਖ ਬੱਚਿਆਂ ਲਈ ਮੁਫ਼ਤ ਕੰਪਿਊਟਰ ਸਿੱਖਿਆ ਕੇਂਦਰ ਦਾ ਉਦਘਾਟਨ

ਨਵੀਂ ਦਿੱਲੀ, 5 ਜੂਨ


ਯੂਨਾਈਟਿਡ ਸਿੱਖ ਐਸੋਸੀਏਸ਼ਨ ਵੱਲੋਂ ਗਰੀਬ ਤੇ ਲੋੜਵੰਦ ਸਿੱਖ ਬੱਚਿਆਂ ਦੇ ਲਈ ਮੁਫ਼ਤ ਕੰਪਿਊਟਰ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਮੁਖੀ ਦਮਨਦੀਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਵੱਲੋਂ ਲੋੜਵੰਦ ਸਿੱਖ ਬੱਚਿਆਂ ਨੂੰ ਮੁਫ਼ਤ ਕੰਪਿਊਟਰ ਸਿੱਖਿਆ ਉਪਲਬਧ ਕਰਵਾਉਣ ਵਾਸਤੇ ਤਿਲਕ ਨਗਰ ਮੈਟਰੋ ਸਟੇਸ਼ਨ ਦੇ ਨੇੜੇ ਅਸ਼ੋਕ ਨਗਰ ਵਿਖੇ ਇੱਕ ਕੇਂਦਰ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਕੇਂਦਰ ਦੀ ਸ਼ੁਰੂਆਤ ਕਰਨ ਦੇ ਪਹਿਲੇ ਦਿਨ ਹੀ ਕਰੀਬ 35 ਬੱਚਿਆਂ ਨੇ ਹਿੱਸਾ ਲਿਆ।ਕੰਪਿਊਟਰ ਸਿੱਖਿਆ ਪ੍ਰਾਪਤ ਕਰਨ ਲਈ ਪੁੱਜਣ ਵਾਲੇ ਇਨ੍ਹਾਂ ਬੱਚਿਆਂ ਵਿਚ ਵੱਖ ਵੱਖ ਉਮਰਾਂ ਦੇ ਬੱਚੇ ਸ਼ਾਮਿਲ ਸਨ। ਦਮਨਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਦਾ ਮਿਸ਼ਨ ਹੈ ਕਿ ਹਰੇਕ ਸਿੱਖ ਬੱਚਾ ਪੜ੍ਹਿਆ ਲਿਖਿਆ ਹੋਵੇ ,ਕੰਪਿਊਟਰ ਸਿੱਖਿਆ ਵਿਚ ਵੀ ਮਾਹਿਰ ਹੋਵੇ ਅਤੇ ਉਸ ਨੂੰ ਰੁਜ਼ਗਾਰ ਵੀ ਜ਼ਰੂਰ ਪ੍ਰਾਪਤ ਹੋਵੇ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਕੰਪਿਊਟਰ ਸਿੱਖਿਆ ਪ੍ਰਾਪਤ ਕਰਨ ਲਈ ਪੁੱਜਣ ਵਾਲੇ ਬੱਚਿਆਂ 'ਚ ਕਾਫੀ ਉਤਸਾਹ ਸੀ ਅਤੇ ਉਨ੍ਹਾਂ ਨੇ ਬੁਨਿਆਦੀ ਚੀਜ਼ਾ ਸਿੱਖਣ 'ਚ ਕਾਫੀ ਦਿਲਚਸਪੀ ਵਿਖਾਈ। ਦਮਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਸ਼ੁਰੂ ਕੀਤੇ ਗਏ ਕੇਂਦਰ ਦੀ ਜ਼ਿੰਮੇਵਾਰੀ ਸੁਚੱਜੇ ਢੰਗ ਨਾਲ ਨਿਭਾਉਣ ਲਈ ਸੰਸਥਾ ਵੱਲੋਂ ਐਜੂਕੇਸ਼ਨ ਵਿੰਗ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਇੰਚਾਰਜ ਤਜਿੰਦਰ ਸਿੰਘ ਖਾਲਸਾ ਅਤੇ ਮਨਮੀਤ ਸਿੰਘ ਨੂੰ ਬਣਾਇਆ ਗਿਆ ਹੈ ਜੋ ਕਿ ਦੋਵੇਂ ਹੀ ਆਈ.ਟੀ. ਪ੍ਰੋਫੈਸ਼ਨਲ ਹਨ ਅਤੇ ਆਪਣੀ ਨਿਸ਼ਕਾਮ ਸੇਵਾਵਾਂ ਸੰਸਥਾ ਨੂੰ ਦੇਣਗੇ। ਇਸ ਮੌਕੇ ਮਾਨਕ ਸਿੰਘ ਬੇਦੀ,ਹਰਪਾਲ ਸਿੰਘ ਪਟੇਲ ਨਗਰ ,ਗੁਰਮੀਤ ਸਿੰਘ,ਗੁਰਪਾਲ ਸਿੰਘ ਤੇ ਅਮਨਦੀਪ ਸਿੰਘ ਵੀ ਮੌਜੂਦ ਸਨ।


06/03/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਸਹਜ ਅਵੱਸਥਾ-੫੨

ਸਹਜ ਪਦ ਦਾ ਪਿਛੋਕੜ ਸੰਸਕ੍ਰਿਤ ਤੇ ਹੁਣ ਪੰਜਾਬੀ ਵਿੱਚ ਵੀ ਵਰਤਿਆ ਜਾਂਦਾ ਹੈ। ਪ੍ਰਕਰਣ ਅਨੁਸਾਰ ਇਸ ਦੇ ਵੱਖ ਵੱਖ ਅਰਥ ਹਨ। ਸਹਜ-ਸਾਥ ਪੈਦਾ ਹੋਣ ਵਾਲਾ (ਜੌੜਾ) ਭਾਈ, ਸੁਭਾਵ, ਆਦਤ, ਫਿਦਰਤ, ਅਸਲ ਪ੍ਰਕਿਰਤੀ, ਵਿਚਾਰ, ਵਿਵੇਕ, ਗਿਆਨ, ਕਰਤਾਰ, ਸਨਮਾਨ, ਆਦਰ, ਨਿਰਯਤਨ, ਸੁਭਾਵਿਕ, ਅਸਾਨੀ ਨਾਲ ਅਤੇ ਸਿੰਧੀ ਬੋਲੀ ਵਿੱਚ ਘੋਟੀ ਭੰਗ ਹਨ। 

ਗੁਰਬਾਣੀ ਅਨੁਸਾਰ-ਬ੍ਰਹਮ ਗਿਆਨ (ਸਹਿਜ ਅਵੱਸਥਾ) ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ॥(੯੭) ਭਾਵ ਸਤਿਗੁਰੂ ਦੀ ਰਹਿਮਤ ਨਾਲ ਮੈ ਆਤਮਕ ਅਡੋਲ ਗੁਫਾ ਵਿੱਚ ਮਨ ਨੂੰ ਟਿਕਾਇਆ ਅਤੇ ਸਭ ਤੋਂ ਉੱਚੇ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਸੁਹਣਾ ਆਸਣ ਲਾਇਆ ਹੋਇਆ ਹੈ। ਅਨੰਦ, ਬੇਫਿਕਰੀ-ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ॥(੧੦੦) ਭਾਵ ਪ੍ਰਭੂ ਨੇ ਸਾਨੂੰ ਅਰਾਮ ਲਈ  ਸੁਖਦਾਈ ਮੰਜੇ ਬਿਸਤਰੇ, ਠੰਡੀ ਹਵਾ ਦਿੱਤੀ ਹੋਈ ਹੈ ਅਤੇ ਅਸੀਂ ਬੇਫਿਕਰੀ (ਸਹਜ) ਦੇ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ। ਸਹਜ ਕਥਾ-ਸਹਜ ਕੀ ਅਕਥ ਕਥਾ ਹੈ ਨਿਰਾਰੀ॥(੩੩੩) ਭਾਵ ਮਨੁੱਖ ਦੇ ਮਨ ਦੀ ਅਡੋਲਤਾ ਇੱਕ ਐਸੀ ਹਾਲਤ, ਨਿਰਾਰੀ ਜੋ ਆਪਣੇ ਵਰਗੀ ਆਪ ਹੀ ਹੈ ਇਸ ਵਾਸਤੇ ਉਸ ਅਗੰਮੀ ਅਵੱਸਥਾ ਦਾ ਅੱਖਰਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਨਿਰਯਤਨ, ਸੁਭਾਵਿਕ-ਸਹਜ ਭਾਇ ਸਚੀ ਲਿਵ ਲਾਗੀ॥(੧੦੬੩) ਭਾਵ ਕਿਸੇ ਖਾਸ ਯਤਨ ਤੋਂ ਬਿਨਾਂ ਸਦਾ ਥਿਰ ਪ੍ਰਭੂ ਨਾਲ ਸੱਚੀ ਲਗਨ ਲੱਗ ਗਈ। ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ॥(੯੩੮) ਭਾਵ ਹੇ ਨਾਨਕ ਸੰਤ ਗੁਰੂ ਮਿਲ ਪਏ ਤਾਂ ਸੱਚਾ ਪ੍ਰਭੂ ਮਿਲ ਪੈਂਦਾ ਅਤੇ ਮੈਂ ਸਹਜ ਸੁਭਾ (ਸੁਖੈਨ) ਹੀ ਉਸ ਦੇ ਗੁਣ ਗਾਉਣ ਲੱਗ ਜਾਂਦਾ ਹਾਂ। ਅਸਾਨੀ ਨਾਲ (ਸੁਖਾਲੇ)-ਮਨ ਮੇਰੇ ਸੂਖ ਸਹਜ ਸੇਤੀ ਜਪਿ ਨਾਉ॥(੪੪) ਭਾਵ ਹੇ ਮੇਰੇ ਮਨ ਸੁਖਾਲੇ ਹੀ ਅਨੰਦ ਤੇ ਆਤਮਕ ਅਡੋਲਤਾ ਨਾਲ ਪ੍ਰਭੂ ਨੂੰ ਯਾਦ ਰੱਖ। ਤੁਰੀਆ ਅਵੱਸਥਾ, ਪੂਰਨ ਗਿਆਨ,, ਟਿਕਾਉ, ਆਤਮਕ ਅਡੋਲਤਾ ਦੀ ਅਵੱਸਥਾ-ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ॥(੧੦੭) ਭਾਵ ਉਸ ਰੱਬੀ ਰਸ (ਅਨੰਦ) ਨੂੰ ਓਹੀ ਜਾਣਦਾ ਹੈ ਜਿਸਦੀ ਸਹਜ ਸੁਭਾ ਹੀ ਲਗਨ (ਲਿਵ) ਲੱਗੀ ਭਾਵ ਮਨ ਟਿਕਿਆ ਹੋਵੇ। ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ, ਨਾਨਕ! ਸਰਬ ਸਮਾਹਿਆ ਜੀਉ॥(੧੦੭) ਭਾਵ  ਹੇ ਨਾਨਕ ਸੇਵਕ ਸਹਜ ਵਿੱਚ ਉਸ ਗੋਬਿੰਦ ਪ੍ਰਭੂ ਦੇ ਗੁਣ ਗਾਂਦੇ ਹਨ ਜੋ ਸਰਬ ਵਿਆਪਕ ਹੈ। ਨਿਸ਼ਕਾਮ ਪ੍ਰੇਮ ਉਹ ਪਿਆਰ ਜਿਸ ਵਿੱਚ ਸਰੀਰਕ ਚੇਸ਼ਟਾ ਨਾ ਹੋਵੇ-ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ॥(੫੪੪) ਭਾਵ ਸਰੀਰਕ ਮੋਹ ਤੋਂ ਉਪਰ ਉੱਠ ਕੇ ਪਿਆਰੇ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ, ਸਹਜ ਚ ਮਸਤ ਆਤਮਾ ਹੀ ਭੈੜੀ ਮੱਤ ਤਿਆਗ ਸਕਦੀ ਹੈ।

ਭਾਈ ਕਾਹਨ ਸਿੰਘ ਨਾਭਾ ਜੀ ਗੁਰਮਤਿ ਮਾਰਤੰਡ ਵਿੱਚ ਲਿਖਦੇ ਹਨ ਕਿ ਸਹਜ ਪਦ ਦੇ ਅਰਥ ਸੁਭਾਵ, ਸੁਭਾਵਿਕ, ਸਨੇ ਸਨੇ (ਹੌਲੀ ਹੌਲੀ) ਸ਼ਾਤੀ, ਸੁਖਦਾਇਕ ਆਦਿਕ ਹਨ ਪਰ ਗੁਰੂ ਗ੍ਰੰਥ ਸਾਹਿਬ ਵਿਖੇ ਵਿਸ਼ੇਸ਼ ਕਰਕੇ ਇਹ ਸ਼ਬਦ ਆਤਮ ਗਿਆਨ ਲਈ ਆਉਂਦਾ ਹੈ। ਜਿਵੇਂ-ਭਾਈ ਗੁਰ ਬਿਨੁ ਸਹਜੁ ਨ ਹੋਇ॥ ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ॥(੬੮) ਸੱਚਾ ਗਿਆਨ ਗੁਰੂ ਰਾਹੀਂ ਚੌਥੇ ਪਦ ਵਿੱਚ ਹੀ ਪਾਇਆ ਜਾ ਸਕਦਾ ਹੈ-ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ॥੬॥(੬੮)  ਚਉਥਾ ਪਦ=ਪੂਰਨ ਅਡੋਲਤਾ ਦਾ ਗਿਆਨ। ਕਿਆ ਪੜੀਐ ਕਿਆ ਗੁਨੀਐ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥੧॥(੬੫੫) ਭਾਵ ਜੇ ਸੱਚਾ ਗਿਆਨ ਹੀ ਪ੍ਰਾਪਤ ਨਾ ਹੋਇਆ ਫਿਰ  ਬਹੁਤੇ ਧਰਮ ਗ੍ਰੰਥ ਪੜ੍ਹਨ ਦਾ ਕੀ ਫਾਇਦਾ? ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥...ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ॥੧੮॥(੯੧੯) ਭਾਵ ਅਗਨੀ ਹੋਤਰੀ, ਯਗ, ਮੂਰਤੀ ਪੂਜਾ ਆਦਿਕ ਧਰਮ ਦੇ ਨਾਂ ਤੇ ਕੀਤੇ ਕਰਮਕਾਂਡਾਂ ਨਾਲ ਸੱਚਾ ਗਿਆਨ ਪ੍ਰਾਪਤ ਨਹੀਂ ਹੁੰਦਾ ਅਤੇ ਯਥਾਰਥ ਗਿਆਨ ਤੋਂ ਬਿਨਾ ਸ਼ੰਕਾ ਦੂਰ ਨਹੀਂ ਹੁੰਦਾ।

ਡਾ. ਹਰਜਿੰਦਰ ਸਿੰਘ ਦਿਲਗੀਰ ਵੀ ਲਿਖਦੇ ਹਨ ਕਿ ਸਹਜ ਇੱਕ ਮਾਨਸਿਕ ਰੂਹਾਨੀ ਅਹਿਸਾਸ ਹੈ ਜਿਸ ਵਿਚ ਇਨਸਾਨ ਫਿਕਰ, ਸੋਚ, ਬੋਝ, ਰਹਿਤ ਰੱਬੀ ਮਸਤੀ ਭਾਵ ਅਗੰਮੀ ਮੌਜ ਵਿੱਚ ਰਹਿੰਦਾ ਹੇ। ਇਹ ਮੁਕਾਮ ਰੱਬੀ ਧਿਆਨ ਵਿੱਚ ਹਉਮੈ ਤੋਂ ਛੁਟਕਾਰਾ ਪਾ, ਸੱਚਾ ਜੀਵਨ ਜੀਅ ਕੇ ਹੀ ਹਾਸਿਲ ਕੀਤਾ ਜਾ ਸਕਦਾ ਹੈ। ਸਹਜ ਇੱਕ ਅਜਿਹੀ ਹਾਲਤ ਹੈ ਜਿਸ ਵਿੱਚ ਇਨਸਾਨ ਖੁਦੀ ਤੋਂ ਅਜ਼ਾਦ ਹੁੰਦਾ ਅਤੇ ਉਸ ਦੇ ਦਿਲ ਤੇ ਰੂਹ ਵਿੱਚ ਕੁਦਰਤੀ ਅਰਾਮ ਤੇ ਸਕੂਨ ਦਾ ਮਹੌਲ ਛਾ ਜਾਂਦਾ ਹੈ। ਸਹਜ ਦੇ ਮੁਕਾਮ ਤੇ ਪਹੁੰਚਣ ਵਾਸਤੇ ਇਨਸਾਨ ਨੂੰ ਨਾਂ ਤਾਂ ਦੁਨੀਆਂ ਛੱਡਣ ਤੇ ਨਾਂ ਹੀ ਕਿਸੇ ਕਰਮਕਾਂਡ ਨੂੰ ਨਿਭਾਉਣ ਦੀ ਲੋੜ ਹੁੰਦੀ ਹੈ।

ਸੋ ਅਖੌਤੀ ਬ੍ਰਹਮ ਗਿਆਨੀ, ਡੇਰੇਦਾਰ ਤੇ ਸੰਪ੍ਰਦਾਈ ਸੰਤਾਂ ਮਹੰਤਾਂ ਵੱਲੋਂ ਸਹਜ ਅਵੱਸਥਾ ਬਾਰੇ ਪਾਏ ਔਖੇ ਔਖੇ ਭੁਲੇਖੇ ਤੇ ਡਰਾਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਨਿਰੋਲ ਵਿਚਾਰ ਸਹਿਜੇ ਹੀ ਕੱਢ ਦਿੰਦੀ, ਮਨ ਸ਼ੰਕਿਆ ਤੇ ਅਗੰਮੀ ਡਰਾਵਿਆਂ ਤੋਂ ਸਹਿਜੇ ਹੀ ਮੁਕਤ ਹੋ ਹੌਲਾ ਫੁੱਲ ਹੋ ਜਾਂਦਾ ਅਤੇ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ।


05/27/18
ਦਲੇਰ ਸਿੰਘ ਜੋਸ਼

ਗਾਉੜੀ ਗੁਆਰੇਰੀ ਮਹਲਾ ੫।।
ਅਨਿਕ ਜਤਨ ਨਹੀ ਹੋਤ ਛੁਟਾਰਾ।।
ਬਹੁਤ ਸਿਆਣਪ ਆਗਲ ਭਾਰਾ।।
ਹਰਿ ਕੀ ਸੇਵਾ ਨਿਰਮਲ ਹੇਤ।।
ਪ੍ਰਭ ਕੀ ਦਰਗਹ ਸੋਭਾ ਸੇਤ।। ੧।।
ਮਨ ਮੇਰੇ ਗਹੁ ਹਰਿ ਨਾਮ ਕਾ ਓਲਾ।।
ਤੁਝੈ ਨ ਲਾਗੈ ਤਾਤਾ ਝੋਲਾ।।
ਜਿਉ ਬੋਹਿਥ ਭਏ ਸਾਗਰ ਮਾਹਿ।।
ਅੰਧਕਾਰ ਦੀਪਕ ਦੀਪਾਹਿ।।
ਅਗਨਿ ਸੀਤ ਕਾ ਲਾਹਿਸ ਦੂਖ।।
ਨਾਮ ਜਪਤ ਮਨ ਹੋਵਤ ਸੂਖ।। ੨।।
ਉਤਰਿ ਜਾਇ ਤੇਰੇ ਮਨ ਕੀ ਪਿਆਸ।। ਪੂਰਨ ਹੋਵੈ ਸਗਲੀ ਆਸ।।
ਡੋਲੈ ਨਾਹੀ ਤੁਮਰਾ ਚੀਤੁ।।
ਅੰਮ੍ਰਿਤ ਨਾਮ ਜਪਿ ਗੁਰਮਖਿ ਮੀਤ।। ੩।।
ਨਾਮ ਅਉਖਧੁ ਸੋਈ ਜਨੁ ਪਾਵੈ।।
ਕਰਿ ਕਿਰਪਾ ਜਿਸੁ ਆਪਿ ਦਿਵਾਵੈ।।
ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ।।
ਦੂਖ ਦਰਦੁ ਤਿਹ ਨਾਨਕ ਨਸੈ।। ੪।।

ਸ਼ਬਦ ਦੀ ਅਸਥਾਈ ਦੀ ਪੰਕਤੀ ਵਿੱਚ ਇੱਕ ਸਬਦ ਆਇਆ ਹੈ ਓਲਾ। ਇਸ ਸ਼ਬਦ ਬਾਰੇ ਪਹਿਲਾਂ ਅਸੀ ਜਾਣਕਾਰੀ ਲਈਏ ਕਿ ਓਲਾ ਸ਼ਬਦ ਕੀ ਹੁੰਦਾਂ ਹੈ। ਇਸਦੇ ਕੀ ਅਰਥ ਭਾਵ ਹਨ। ਜੇ ਕਰ ਗਹੁ ਨਾਲ ਵਿਚਾਰੀਏ ਤਾਂ ਇਸਦੇ ਦੋ ਅਰਥ ਸਾਹਮਣੇ ਆਉਦੇਂ ਹਨ। ਪਹਿਲਾ ਅਰਥ ਹੈ ਆਸਰਾ ਜਾਂ ਟੇਕ, ਦੂਸਰਾ ਅਰਥ ਬਣਦਾ ਹੈ ਪੜਦਾ। ਗੁਰੂ ਅਰਜਨ ਦੇਵ ਜੀ ਪੰਨਾਂ ੧੩੧ ਤੇ ਜਿਕਰ ਕਰਦੇ ਹਨ, ਹੇ ਪ੍ਰਭੂ ਤੂੰ ਮੇਰੇ ਲਈ ਪਰਬਤ ਸਮਾਨ ਸਹਾਰਾ ਹੈਂ ਤੂੰ ਮੇਰਾ ਆਸਰਾ ਹੈਂ। ਮੈ ਤੇਰੇ ਨਾਲ ਕਿਸੇ ਹੋਰ ਨੂੰ ਬਰਾਬਰੀ ਨਹੀ ਦੇ ਸਕਦਾ। ਪਰਮਾਣ ਹੈ।
ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ, ਤੁਮ ਸੰਗਿ ਲਵੈ ਨ ਲਾਵਣਿਆ।। । ਪੰਨਾਂ ੧੩੧।। ਮ: ੫।।
ਏਸੇ ਤਰ੍ਹਾਂ ਹੀ ਰਾਗ ਆਸਾ ਵਿੱਚ ਗੁਰੂ ਅਰਜਨ ਦੇਵ ਜੀ ਦਾ, ਇੱਕ ਹੋਰ ਪਰਮਾਣ ਪਰਾਪਤ ਹੁੰਦਾਂ ਹੈ।
ਪ੍ਰੀਤਮ ਭਾਈ ਬਾਪੁ ਮੋਰੋ ਮਾਈ, ਭਗਤਨ ਕਾ ਓਲ੍ਹਾ।।
ਉਹ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ, ਮੇਰਾ ਭਰਾ ਹੈ, ਮੇਰਾ ਪਿਉ ਹੈ ਅਤੇ ਮੇਰੀ ਮਾਂ ਹੈ। ਉਹ ਪਰਮਾਤਮਾ ਹੀ ਅਪਣੇ ਭਗਤਾਂ ਦਾ ਸਹਾਰਾ ਹੈ।
ਇਸੇ ਸਬੰਧ ਵਿੱਚ ਤੀਸਰਾ ਪਰਮਾਣ ਰਾਗ ਆਸਾ ਵਿੱਚ ਗੁਰੂ ਅਰਜਨ ਦੇਵ ਜੀ ਬਖਸ਼ਸ ਕਰ ਰਹੇ ਹਨ।
ਹੇ ਪ੍ਰਭੂ; ਉਦੋਂ ਤੋਂ ਤੇਰੇ ਆਸਰੇ –ਪਰਨੇ ਰਹਿਣ ਨਾਲ, ਮੇਰੇ ਵਾਸਤੇ ਸਾਰੇ ਸੁਖ ਹੀ ਸੁਖ ਬਣ ਗਏ ਹਨ।
ਸਰਬ ਸੁਖਾ ਬਣੇ ਤੇਰੇ ਓਲੈ।। ਭ੍ਰਮ ਕੇ ਪਰਦੇ ਸਤਿਗੁਰ ਖੋਲੇ।। ਆਸਾ ਮ: ੫।।
ਜਦੋਂ ਤੋਂ ਸਤਿਗੁਰੂ ਨੇ ਮੇਰੇ ਅੰਦਰੋਂ ਮਾਇਆਂ ਦੀ ਖਾਤਰ, ਭਟਕਨਾ ਪੈਦਾ ਕਰਨ ਵਾਲੇ ਪੜਦੇ ਖੋਹਲ ਦਿਤੇ ਹਨ। ਹੁਣ ਤੇਰੇ ਨਾਲੋਂ ਮੇਰੀ ਵਿੱਥ ਭੀ ਮੁਕ ਗਈ ਹੈ।
ਦੂਸਰਾ ਅਰਥ ਹੈ- ਪਰਦਾ। ਜਿਸ ਸਬੰਧੀ ਗੁਰਬਾਣੀ ਵੱਚ ਜਿਕਰ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫੁਰਮਾਣ ਕਰਦੇ ਹਨ। ਜਿਸ ਪਰਮਾਤਮਾ ਦੀ ਕਿਰਪਾ ਨਾਲ ਤੇਰਾ ਪੜਦਾ ਬਣਿਆ ਰਹਿੰਦਾ ਹੈ ਭਾਵ ਇਜ਼ਤ ਬਚਦੀ ਹੈ।
ਜਿਹ ਪ੍ਰਸਾਦਿ ਤੇਰਾ ਓਲਾ ਰਹਤ।। ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ।।
ਜਿਸਦੀ ਕਿਰਪਾ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਹੈ। ਹੇ ਮਨ ਉਸ ਹਰੀ ਦੀ ਸਿਫਤ ਸਲਾਹ ਕਰਕੇ ਸੁਖ ਪ੍ਰਾਪਤ ਕਰ।
ਮਨ ਮੇਰੇ ਗਹੁ ਹਰਿ ਨਾਮ ਕਾ ਓਲਾ।। ਤੁਝੈ ਨ ਲਾਗੇ ਤਾਤਾ ਝੋਲਾ।।
ਇਹ ਸਬਦ ਦੀਆਂ ਰਹਾਉ ਦੀਆ ਪੰਕਤੀਆਂ ਹਨ। ਜੋ ਸਮੁੰਚੇ ਸਬਦ ਦਾ ਕੇਦਰੀ ਭਾਵ ਹੈ। ਜਿਸ ਵਿੱਚ ਜਿਕਰ ਕਰ ਰਹੇ ਹਨ –ਹੇ ਮੇਰੇ ਮਨ ਪਰਮਾਤਮਾ ਦੇ ਨਾਮ ਦਾ ਆਸਰਾ ਫੜ। ਤੈਨੂੰ ਦੁਨੀਆਂ ਦੇ ਦੁਖ ਕਲੇਸ਼ਾਂ ਦੀ ਤੱਤੀ ਹਵਾ ਦਾ ਬੁਲਾ ਪੋਹ ਨਹੀ ਸਕੇਗਾ।
ਗੁਰੂ ਸਾਹਿਬ ਸਾਨੂ ਕਿਡੇ ਵੱਡੇ ਭਰੋਸੇ ਨਾਲ ਜੋੜ ਰਹੇ ਹਨ। ਜਿਨ੍ਹਾਂ ਖੁਦ ਆਪ ਭੀ ਆਪਣਾ ਭਰੋਸਾ ਉਸ ਨਿੰਰਕਾਰ ਨੂੰ ਬਣਾਇਆ ਤੇ ਸਾਨੂੰ ਭੀ ਉਸ ਦਾਤੇ ਤੇ ਭਰੋਸਾ ਬਣਾਉਣ ਲਈ ਪਰ੍ਰੇਤ ਕਰ ਰਹੇ ਹਨ। ਗੁਰੂ ਜੀ ਦਾ ਆਪਣੇ ਭਰੋਸੇ ਦੀ ਦ੍ਰਿੜਤਾ ਦਾ ਸਬੂਤ ਵੇਖੋ।
ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ।।
ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ।। ਬਿ: ਮ: ੫।।
ਇਹ ਹੈ ਭੀ ਸੱਚ ਜੋ ਸੱਭ ਤੋਂ ਵੱਡੇ ਪਰੀ ਪੂਰਨ ਪਰਮਾਤਮਾ ਦੀ ਟੇਕ ਪਰਾਪਤ ਕਰਦਾ ਹੈ ਉਸਨੂੰ ਹੋਰ ਆਸਰਿਆ ਪਰਨਿਆ ਦੀ ਜਰੂਰਤ ਨਹੀ ਰਹਿ ਜਾਂਦੀ। ਉਹ ਤਾਂ ਇਸ ਤਰ੍ਹਾਂ ਗਾ ਗਾ ਕੇ ਆਪਣੇ ਮਨ ਨੂੰ ਬਲਵਾਨ ਬਣਾ ਲੈਦਾਂ ਹੈ ਜਿਸ ਤਰਾਂ ਗੁਰੂ ਅਰਜਨ ਦੇਵ ਜੀ ਰਾਮਕਲੀ ਦੀ ਵਾਰ ਵਿੱਚ ਆਪਣੇ ਮਨ ਨੂੰ ਇਹ ਵਡਾ ਸਹਾਰਾ ਚੇਤੇ ਕਰਵਾਉਦੇ ਰਹਿੰਦੇ ਹਨ।
ਕਾਹੇ ਮਨ ਤੂੰ ਡੋਲਦਾ, ਹਰਿ ਮਨਸਾ ਪੂਰਨਹਾਰ।।
ਸਤਿਗੁਰੁ ਪੁਰਖ ਧਿਆਏ ਤੂੰ ਸਭਿ ਦੂਖ ਵਿਸਾਰਣਹਾਰ।। ਮ: ੫ ਪੰਨਾ ੯੫੯।।
ਜਾਂ ਫਿਰ।
ਹਰਿ ਸਿਮਰਤ ਤੇਰੀ ਜਾਇ ਬਲਾਇ।। ਸਰਬ ਕਲਿਆਣ ਵਸੈ ਮਨਿ ਆਇ।।
ਭਜ ਮਨ ਮੇਰੇ ਏਕੋ ਨਾਮੁ।। ਜੀਅ ਤੇਰੇ ਕੈ ਆਵੈ ਕਾਮ ਰਹਾਉ।।
ਰੈਣਿ ਦਿਨਸ ਗੁਣ ਗਾਉ ਅਨੰਤਾ।। ਗੁਰ ਪੂਰੇ ਕਉ ਨਿਰਮਲ ਮੰਤਾ।।
ਛੋਡਿ ਉਪਾਵ ਏਕ ਟੇਕ ਰਾਖੁ।। ਮਹਾ ਪਦਾਰਥੁ ਅੰਮ੍ਰਿਤ ਰਸੁ ਚਾਖੂ।।
ਬਿਖਮ ਸਾਗਰ ਤੇਈ ਜਨ ਤਰੇ।। ਨਾਨਕ ਜਾ ਕਉ ਕਿਰਪਾ ਕਰੇ।।

ਜਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰੇ ਬਚਨਾਂ ਵਾਂਗ ਆਪਣੇ ਮਨ ਨੂੰ ਨਿੰਰਕਾਰ ਦੇ ਨਾਲ ਇੳਂ ਜੋੜ ਲਵੇ ਜਿਵੇ ਇਸ ਸ਼ਬਦ ਦੇ ਵਿੱਚ ਦਰਸਾਇਆ ਹੈ।
ਰੇ ਮਨ ਓਟ ਲੇਹੁ ਹਰਿ ਨਾਮਾ।।
ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵੈ ਪਦ ਨਿਰਬਾਨਾ।। ਰਹਾਉ।।
ਬਡਭਾਗੀ ਤਿਹ ਜਨ ਕਉ ਜਾਨਉ ਜੋ ਹਰਿ ਕੇ ਗੁਨ ਗਾਵੈ।।
ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ।। ੧।।
ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ।।
ਜਾ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ।। ੨।।
ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨ ਗਜਿ ਕੀਨਾ।।
ਨਾਨਕ ਬਿਰਦੁ ਰਾਮ ਕਾ ਦੇਖਹੁ ਅਭੇ ਦਾਨੁ ਤਿਹ ਦੀਨਾ।। ੩।।
ਓਟ ਲੇਹੁ ਹਰਿ ਨਾਮਾ ਦਾ ਸਹਾਰਾ ਸਦਾ ਨਿਭਣ ਵਾਲਾ ਹੈ ਜੋ ਇਸ ਸ਼ਬਦ ਵਿੱਚ ਦਰਸਾਇਆ ਗਿਆ ਹੈ। ਬਰੀਕੀ ਨਾਲ ਇਸ ਸ਼ਬਦ ਨੂੰ ਵਿਚਾਰਨ ਦਾ ਜਤਨ ਕਰਾਂਗੇ ਤਾਂ ਕਿਤਨੇ ਭੇਦ ਗੁਰੂ ਸਾਹਿਬ ਜੀ ਉਦਾਰਨਾ ਦੇ ਕੇ ਸਮਝਾ ਰਹੇ ਹਨ। ਆਪ ਹੀ ਵੇਖ ਲਵੋ। ਬੰਦਾ ਕਿਤਨੇ ਜਤਨ ਕਰਦਾ ਹੈ ਕਿ ਮਾਇਆ ਦੇ ਬੰਧਨਾਂ ਤੋਂ ਮੈ ਮੁਕਤ ਹੋ ਜਾਂਵਾ, ਬਹੁਤ ਮੁਸ਼ਕਲ ਹੈ, ਪਰ ਵਾਹਿਗੁਰ ਦਾ ਨਾਮ ਇਕਲੀ ਮਾਇਆ ਦੇ ਬੰਧਨਾਂ ਤੋ ਹੀ ਮਨੁਖ ਨੂੰ ਖਲਾਸੀ ਨਹੀ ਕਰਵਾਉਦਾ ਸਮੁੰਚੇ ਵਿਕਾਰਾਂ ਤੋਂ ਇਨਸਾਨ ਨੂੰ ਮੁਕਤ ਕਰਵਾ ਦੇਦਾਂ ਹੈ।
ਅਨਿਕ ਜਤਨ ਨਹੀ ਹੋਤ ਛੁਟਾਰਾ।।
ਹੇ ਮੇਰੇ ਮਨ ਅਨੇਕਾ ਜਤਨਾਂ ਦੇ ਨਾਲ ਭੀ ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਏ ਦੁਖ ਕਲੇਸ਼ਾਂ ਤੋਂ ਖਲਾਸੀ ਨਹੀ ਹੋ ਸਕਦੀ।
ਬਹੁਤ ਸਿਆਣਪ ਆਗਲ ਭਾਰਾ।।
ਸਗੋਂ ਮਾਇਆ ਦੀ ਖਾਤਰ ਕੀਤੀ ਹੋਈ ਬਹੁਤੀ ਚਤੁਰਾਈ ਹੋਰ ਹੋਰ ਦੁਖਾਂ ਦਾ ਬਹੁਤਾ ਭਾਰ ਸਿਰ ਉਤੇ ਪਾ ਦੇਂਦੀ ਹੈ।
ਹਰਿ ਕੀ ਸੇਵਾ-- ਨਿਰਮਲ ਹੇਤ।।
ਜੇ ਕਰ ਪਿਆਰ ਨਾਲ ਹਰੀ ਦੀ ਸੇਵਾ ਭਗਤੀ ਕਰੀਏ ਤਾਂ।
ਪ੍ਰਭ ਕੀ ਦਰਗਹ ਸੋਭਾ ਸਹਿਤ।।
ਤਾਂ ਹਰੀ ਦੀ ਦਰਗਾਹ ਵਿੱਚ ਆਦਰ ਵਡਿਆਈ ਨਾਲ ਪਹੂੰਚ ਜਾਈਦਾ ਹੈ।। ਇਸ ਕਰਕੇ ਅਖਿਆ ਗਿਆ ਕਿ।
ਮਨ ਮੇਰੇ --ਗਹੁ ਹਰਿ ਨਾਮ ਕਾ ਓਲਾ।।
ਹੇ ਮੇਰੇ ਮਨ ਪਰਮਾਤਮਾ ਦੇ ਨਾਮ ਦਾ ਆਸਰਾ ਫੜ।
ਤੂਝੈ ਨ ਲਾਗੈ -ਤਾਤਾ ਝੋਲਾ।। ਰਹਾਉ।।
ਤੈਨੂੰ ਦੁਨੀਆਂ ਦੇ ਦੁਖਾਂ ਕਲੇਸ਼ਾਂ ਦੀ ਤੱਤੀ ਹਵਾ ਦਾ ਬੁਲਾ ਨਹੀ ਪੋਹ ਸਕੇਗਾ।
ਹੁਣ ਉਦਾਹਰਣਾ ਦੇ ਕੇ ਸਮਝਾਉਦੇ ਹਨ। ਭਲਾ ਕਿਵੇ। ਤਾਂ ਫੁਰਮਾਨ ਕਰਦੇ ਹਨ।
ਜਿਉ ਬੋਹਿਥੁ ਭੈ ਸਾਗਰ ਮਾਹਿ।।
ਜਿਵੇ ਡਰਾਵਣੇ ਸਮੁੰਦਰ ਵਿੱਚ ਜਹਾਜ਼ ਮਨੁਖ ਨੂੰ ਡੁਬਣੋਂ ਬਚਾਂਦਾ ਹੈ।।
ਅੰਧਕਾਰ -ਦੀਪਕ ਦੀਪਾਹਿ।।
ਜਿਵੇ ਹਨੇਰੇ ਵਿੱਚ ਦੀਵੇ ਚਾਨਣ ਕਰਦੇ ਹਨ ਤੇ ਠੇਡਾ ਲਗਨ ਤੋਂ ਬਚਾਦੇ ਹਨ।
ਅਗਨਿ --ਸੀਤ ਕਾ ਲਾਹਿਸ ਦੂਖ।।
ਜਿਵੇ ਅੱਗ ਪਾਲੈ ਦਾ ਦੁਖ ਦੂਰ ਕਰ ਦੇਂਦੀ ਹੈ।
ਨਾਮ ਜਪਤ --ਮਨਿ ਹੋਵਤ ਸੂਖ।। ੨।।
ਤਿਵੈ ਪਰਮਾਤਮਾ ਦਾ ਨਾਮ ਸਿਮਰਿਆਂ ਮਨ ਵਿੱਚ ਆਨੰਦ ਪੈਦਾ ਹੁੰਦਾਂ ਹੈ।।
ਉਤਰਿ ਜਾਇ ਤੇਰੇ ਮਨ ਕੀ ਪਿਆਸ।।
ਨਾਮ ਦੀ ਬਰਕਤਿ ਨਾਲ ਤੇਰੇ ਮਨ ਦੀ ਮਾਇਆ ਦੀ ਤ੍ਰਿਸ਼ਨਾ ਲਹਿ ਜਾਏਗੀ.
ਪੂਰਨ ਹੋਵੈ --ਸਗਲੀ ਆਸ।।
ਤੇਰੀਆਂ ਸਾਰੀਆਂ ਹੀ ਆਸਾਂ ਪੂਰੀਆਂ ਹੋ ਜਾਣਗੀਆ।
ਡੋਲੇ ਨਾਹੀ --ਤੁਮਰਾ ਚੀਤੁ।।
ਤੇਰਾ ਮਨ ਮਾਇਆ ਦੀ ਲਾਲਸਾ ਵਿੱਚ ਡੋਲੇਗਾ ਨਹੀ।
ਅੰਮ੍ਰਿਤ ਨਾਮ -ਜੁਪਿ ਗੁਰਮੁਖਿ ਮੀਤ।।
ਤਾਂ ਤੇ ਹੇ ਮਿਤਰ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰੀ ਦਾ ਨਾਮ ਜਪਿ।।
ਨਾਮ ਅਉਖਖਧ ਸੋਈ ਜਨੁ ਪਾਵੈ।।
ਪਰ ਇਹ ਹਰਿ ਨਾਮ ਦਵਾਈ-- ਉਹੀ ਮਨੁਖ ਪਰਾਪਤ ਕਰਦਾ ਹੈ।
ਕਰਿ ਕਿਰਪਾ-- ਜਿਸੁ ਆਪਿ ਦਿਵਾਵੈ।।
ਜਿਸ ਨੂੰ ਪ੍ਰਭੂ ਆਪ ਕਿਰਪਾ ਕਰਕੇ ਗੁਰੂ ਕੋਲੋ ਦਿਵਾਦਾਂ ਹੇ
ਹਰਿ ਹਰਿ ਨਾਮ --ਜਾ ਕੈ ਹਿਰਦੈ ਵਸੈ।।
ਹੇ ਨਾਨਕ ਜਿਸ ਮਨੁਖ ਦੇ ਹਿਰਦੇ ਵਿੱੱਚ ਪਰਮਾਤਮਾ ਦਾ ਨਾਮ ਵੱਸ ਪੈਦਾ ਹੇ।
ਦੂਖ ਦਰਦ ਤਿਹ ਨਾਨਕ ਨਸੈ।।
ਉਸਦਾ ਸਾਰਾ ਦੂਖ ਦਰਦ ਦੂਰ ਹੋ ਜਾਂਦਾ ਹੇ।
ਇਸ ਲਈ ਤੇ ਇਹ ਆਖਿਆ ਗਿਆ ਹੈ ਕਿ
ਮਨ ਮੇਰੇ ਗਹੁ ਹਰਿ ਨਾਮ ਕਾ ਓਲਾ.


05/27/18
ਗਿ: ਸੰਤੋਖ ਅਸਟ੍ਰੇਲੀਆ

ਜਥੇਦਾਰ ਮੋਹਨ ਸਿੰਘ ਤੁੜ

“ਜਥੇਦਾਰ ਤੁੜ ਫੜਿਆ ਗਿਆ” ਜਿਉਂ ਹੀ ਇਹ ਖ਼ਬਰ ਪੰਥਕ ਸੋਚ ਵਾਲ਼ੇ ਸਿਖਾਂ ਦੇ ਕੰਨੀ ਪਈ ਤਾਂ ਅਸੀਂ ਸਾਰੇ ਹੱਕੇ ਬੱਕੇ ਰਹਿ ਗਏ। ਜਥੇਦਾਰ ਜੀ ਸਦਾ ਵਾਂਗ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਸੁਣ ਕੇ ਬਾਬਾ ਬੁਢਾ ਜੀ ਦੀ ਬੇਰ ਵਾਲ਼ੇ ਪਾਸਿਉਂ ਪ੍ਰਕਰਮਾ ਵਿੱਚ ਆ ਰਹੇ ਸਨ। ਜਦੋਂ ਬ੍ਰਹਮ ਬੂਟਾ ਵਾਲ਼ੀ ਨੁੱਕਰ ਉਪਰ ਪਹੁੰਚਣ ਹੀ ਵਾਲ਼ੇ ਸਨ ਤਾਂ ਇੱਕ ਚੰਗੀ ਸੇਹਤ ਅਤੇ ਸਾਦੇ ਕੱਪੜਿਆਂ ਵਾਲ਼ੇ ਪੁਲਿਸ ਅਫ਼ਸਰ ਨੇ, ਫ਼ਤਿਹ ਬੁਲਾਉਣ ਦੇ ਨਾਲ਼ ਹੀ ਜਥੇਦਾਰ ਜੀ ਦੇ ਗੋਡੀਂ ਹੱਥ ਲਾਉਣ ਪਿਛੋਂ, ਉਹਨਾਂ ਦੇ ਹੱਥ ਵਿੱਚ ਫੜੀ ਕ੍ਰਿਪਾਨ ਨੂੰ ਮਜਬੂਤ ਹੱਥ ਪਾ ਲਿਆ ਤੇ ਇਹ ਵੇਖ ਕੇ ਕਈ ਹੱਟੇ ਕੱਟੇ ਪੁਲਸੀਏ ਬ੍ਰਹਮ ਬੂਟੇ ਦੀ ਉਚੀ ਗੈਲਰੀ `ਚੋਂ ਛਾਲਾਂ ਮਾਰ ਕੇ, ਪ੍ਰਕਰਮਾਂ ਵਿੱਚ ਆ ਡਿੱਗੇ ਤੇ ਵੇਖਦਿਆਂ ਵੇਖਦਿਆਂ ਅੱਖ ਪਲਕਾਰੇ ਵਿੱਚ ਜਥੇਦਾਰ ਜੀ ਨੂੰ ਜੱਫਾ ਮਾਰ ਕੇ, ਭੁਆਂ ਕੇ ਬ੍ਰਹਮ ਬੂਟੇ ਦੀ ਗੈਲਰੀ ਵਿੱਚ ਮਾਰਿਆ ਤੇ ਓਥੋਂ ਪਹਿਲਾਂ ਹੀ ਤਿਆਰ ਕਿਸੇ ਗੱਡੀ ਵਿੱਚ ਲੱਦ ਕੇ, ਨੌਂ ਦੋ ਯਾਰਾਂ ਹੋ ਗਏ। ਇਹ ਵਾਕਿਆ ਕੋਈ ੧੯੬੧ ਦੇ ਅੰਤਲੇ ਸਮੇ ਦਾ ਹੈ।
ਕੌਣ ਸੀ, ਇਹ ਜਥੇਦਾਰ ਮੋਹਨ ਸਿੰਘ ਤੁੜ?
ਵਾਕਿਆ ਇਹ ੧੯੫੫ ਦੇ ਫਰਵਰੀ ਦੇ ਅੰਤ ਜਾਂ ਮਾਰਚ ਦੇ ਸ਼ੁਰੂ ਦਾ ਹੈ ਕਿ ਮੇਰੇ ਭਾਈਆ ਜੀ, ਸ੍ਰੀ ਦਰਬਾਰ ਸਾਹਿਬ ਮੁਕਤਸਰ ਤੋਂ ਬਦਲ ਕੇ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਆ ਰਹੇ ਸਨ ਤੇ ਉਹਨਾਂ ਨੂੰ ਬਾਕੀ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦਿਤੀ ਜਾ ਰਹੀ ਸੀ। ਐਨ ਓਸੇ ਸਮੇ ਇੱਕ ਕਾਲ਼ੇ ਦਾਹੜੇ ਵਾਲ਼ਾ, ਗੋਡਿਆਂ ਤੱਕ ਚਿੱਟਾ ਕੁੜਤਾ ਪਾਈ, ਤੇੜ ਚੂੜੀਦਾਰ ਪਜਾਮਾ, ਕੁੜਤੇ ਉਪਰ ਦੀ ਕਾਲ਼ਾ ਗਾਤਰਾ, ਹੱਥ ਵਿੱਚ ਵੱਡੀ ਕ੍ਰਿਪਾਨ, ਅਤੇ ਉਪਰ ਲੋਈ ਦੀ ਅਧੋਰਾਣੀ ਜਿਹੀ ਬੁੱਕਲ਼ ਮਾਰੀ ਹੋਈ, ਇੱਕ ਖਾਂਦੇ ਪੀਂਦੇ ਅਕਾਲੀ ਵਰਕਰ ਵਰਗੀ ਦਿੱਖ ਵਾਲ਼ਾ ਸੱਜਣ, ਪਾਰਟੀ ਵਾਲ਼ੇ ਹਾਲ ਵਿੱਚ ਦਾਖਲ ਹੋਇਆ। ਮੈਨੇਜਰ ਸਾਹਿਬ ਨੇ ਦੱਸਿਆ ਕਿ ਇਹ ਜਥੇਦਾਰ ਮੋਹਨ ਸਿੰਘ ਤੁੜ ਜੀ ਹਨ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਜਥੇਦਾਰ ਜੀ ਨੇ ਉਸ ਸਮੇ ਲੈਕਚਰ ਕੀਤਾ, ਜਿਸ ਦੀ ਬਹੁਤ ਛੋਟਾ ਤੇ ਕੋਈ ਦਿਲਚਸਪੀ ਨਾ ਹੋਣ ਕਰਕੇ, ਮੈਨੂੰ ਕੁੱਝ ਸਮਝ ਜਿਹੀ ਨਾ ਆਈ ਪਰ ਹਾਂ ਏਨੀ ਜਰੂਰ ਸਮਝ ਲੱਗੀ ਕਿ ਬੋਲਣ ਵਾਲ਼ਾ ਕੋਈ ਚੰਗੀਆਂ ਗੱਲਾਂ ਹੀ ਕਰ ਰਿਹਾ ਸੀ ਤੇ ਬੋਲਣ ਲੱਗਾ ਕਿਤੇ ਰੁਕਦਾ ਵੀ ਨਹੀਂ ਸੀ।
ਓਸੇ ਸਾਲ ਜਨਵਰੀ ਜਾਂ ਫਰਵਰੀ ਮਹੀਨੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਕੇ ਹੱਟੀ ਸੀ ਜਿਸ ਵਿੱਚ ਸ਼੍ਰੋਮਣੀ ਕਮੇਟੀ ਉਪਰ ਕਾਬਜ਼, ਕਾਂਗਰਸ ਪੱਖੀ ਖ਼ਾਲਸਾ ਦਲ ਨੂੰ ਹਰਾ ਕੇ, ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੋਇਆ ਸੀ। ੧੪੦ ਵਿਚੋਂ ਖ਼ਾਲਸਾ ਦਲ ਦੇ ਹੱਥ ਤਿੰਨ ਕਾਣੇ ਹੀ ਆਏ ਸਨ। ਸ਼ਾਇਦ ਜਥੇਦਾਰ ਜੀ ਉਸ ਇਲੈਕਸ਼ਨ ਵਿੱਚ ਹੀ ਇਸ ਸੰਸਥਾ ਦੇ ਪਹਿਲੀ ਵਾਰ ਮੈਂਬਰ ਬਣੇ ਸਨ!
ਜਥੇਦਾਰ ਮੋਹਨ ਸਿੰਘ ਜੀ ਦਾ ਜਨਮ, ੧੯੧੬ ਵਿਚ, ਉਸ ਸਮੇ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਵਿਖੇ, ਜਥੇਦਾਰ ਜਗਤ ਸਿੰਘ ਤੁੜ ਦੇ ਘਰ, ਪਿੰਡ ਤੁੜ ਵਿਖੇ ਹੋਇਆ। ਆਪ ਜੀ ਛੋਟੀ ਉਮਰ ਦੇ ਹੀ ਸਨ ਕਿ ਉਸ ਸਮੇ ਜੈਤੋ ਦਾ ਮੋਰਚਾ ਲੱਗਾ ਹੋਇਆ ਸੀ। ਜਥੇਦਾਰ ਜੀ ਦੇ ਪਿਤਾ ਜ. ਜਗਤ ਸਿੰਘ ਕਣਕ ਦਾ ਗੱਡਾ ਭਰ ਕੇ ਅੰਮ੍ਰਿਤਸਰ ਵਿੱਚ ਆਏ, ਨਾਲ਼ ਆਪਣੇ ਪੁੱਤਰ ਮੋਹਨ ਸਿੰਘ ਨੂੰ ਵੀ ਲਿਆਏ। ਕਣਕ ਲੰਗਰ ਵਿੱਚ ਪਾ ਦਿਤੀ, ਪੁੱਤਰ ਪੰਥ ਦੇ ਹਵਾਲੇ ਕਰ ਦਿਤਾ ਤੇ ਆਪ ਜੈਤੋ ਨੂੰ ਜਾ ਰਹੇ ਜਥੇ ਵਿੱਚ ਸ਼ਾਮਲ ਹੋ ਗਏ। ਆਪ ਜੀ ਨੂੰ ਜਾ ਰਹੇ ਜਥੇ ਦਾ ਮੀਤ ਜਥੇਦਾਰ ਬਣਾ ਕੇ ਸਤਿਕਾਰ ਸਹਿਤ ਤੋਰਿਆ ਗਿਆ।
ਗੱਲ ਆਈ ਗਈ ਹੋ ਗਈ। ਸ਼੍ਰੋਮਣੀ ਅਕਾਲੀ ਦਲ ਨੇ, ਆਪਣੇ ਚੋਣ ਮੈਨੀਫ਼ੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਉਹ, ਇਹ ਇਲੈਕਸ਼ਨ ਜਿੱਤਣ ਪਿੱਛੋਂ, ਪੰਜਾਬੀ ਸੂਬਾ ਬਣਾਉਣ ਵਾਸਤੇ ਸਰਕਾਰ ਦੇ ਖ਼ਿਲਾਫ਼ ਮੋਰਚਾ ਲਾਵੇਗਾ। ੧੯੫੫ ਵਾਲ਼ਾ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਮੋਰਚਾ ਲੱਗਿਆ। ਲਾਲਾ ਭੀਮ ਸੈਨ ਸੱਚਰ ਪੰਜਾਬ ਦਾ ਮੁਖ ਮੰਤਰੀ ਸੀ। ਉਸ ਨੇ, ਡੀ. ਆਈ. ਜੀ. ਅਸ਼ਵਨੀ ਕੁਮਾਰ ਦੀ ਗਵਾਈ ਹੇਠ, ਸ੍ਰੀ ਦਰਬਾਰ ਸਾਹਿਬ ਵਿੱਚ ਪੁਲਿਸ ਭੇਜ ਕੇ ਇਹ ਮੋਰਚਾ ਮੁਕਾਉਣਾ ਚਾਹਿਆ। ਇਹ ਸੁਣ ਕੇ ਸਾਰੇ ਸਿੱਖ ਪੰਥ ਵਿੱਚ ਜੋਸ਼ ਫੈਲ ਗਿਆ ਤੇ ਸੰਗਤਾਂ ਨੇ ਅੰਮ੍ਰਿਤਸਰ ਵੱਲ ਵਹੀਰਾਂ ਘੱਤ ਦਿਤੀਆਂ। ਮਾਨੋ ਵਿਚਾਰਾ ਭੀਮ ਸੈਨ ਸੱਚਰ ਭੂੰਡਾਂ ਦੀ ਖੱਖਰ ਨੂੰ ਹੱਥ ਪਾ ਬੈਠਾ ਤੇ ਉਸ ਨੇ ਸਾਰੀਆਂ ਪਾਬੰਦੀਆਂ ਵਾਪਸ ਲੈ ਲਈਆਂ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ, ਹੱਥ ਜੋੜ ਕੇ, ਆਪਣੀ ਗ਼ਲਤੀ ਦੀ ਮੁਆਫ਼ੀ ਵੀ ਮੰਗ ਗਿਆ ਤੇ ਚੀਫ਼ ਮਨਿਸਟਰੀ ਦੀ ਪਦਵੀ ਤੋਂ ਅਸਤੀਫਾ ਵੀ ਦੇ ਗਿਆ। ਇਸ ਮੋਰਚੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ। ਇਸ ਪ੍ਰਥਾਇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਇੱਕ ਵਿਦਿਆਰਥੀ, ਦਲੀਪ ਸਿੰਘ ਫੱਕਰ ਨੇ, ਤੂੰਬੀ ਨਾਲ਼ ਗਾਉਣ ਵਾਲ਼ਾ ਇੱਕ ਲੰਮਾ ਗੀਤ ਵੀ ਲਿਖਿਆ ਸੀ:
ਤੁਣ ਤੁਣ ਤੁਣ, ਗੱਲ ਫੱਕਰਾਂ ਦੀ ਸੁਣ, ਹੱਥ ਖੱਖਰਾਂ ਨੂੰ ਸੱਚਰਾ ਤੈਂ ਪਾ ਲਿਆ।
ਲਾਲਾ ਭੀਮ ਸੈਨ ਸੱਚਰ ਜੀ ਦੀ ਮੁਖ ਮੰਤਰੀ ਦੀ ਗੱਦੀ ਗਈ ਤੇ ਪੰਡਤ ਨਹਿਰੂ ਨੇ ਉਸ ਦੀ ਥਾਂ ਸ. ਪ੍ਰਤਾਪ ਸਿੰਘ ਕੈਰੋਂ ਨੂੰ ਗੱਦੀ ਤੇ ਬਿਠਾ ਦਿਤਾ। ਇਹਨਾਂ ਘਟਨਾਵਾਂ ਦਾ ਜ਼ਿਕਰ ਮੈਂ ਹੋਰ ਥਾਂਈਂ ਆਪਣੇ ਇੱਕ ਤੋਂ ਵਧੇਰੇ ਲੇਖਾਂ ਵਿੱਚ ਕਰ ਚੁੱਕਾ ਹਾਂ।
੧੯੫੫ ਵਾਲ਼ੇ ‘ਪੰਜਾਬੀ ਸੂਬਾ ਜਿੰਦਾਬਾਦ’ ਵਾਲ਼ੇ ਮੋਰਚੇ ਦੀ ਸ਼ਾਨਦਾਰ ਫ਼ਤਿਹ ਉਪ੍ਰੰਤ, ੧੯੫੬ ਦੀ ਫਰਵਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਬ ਹਿੰਦ ਕਾਨਫ਼੍ਰੰਸ ਕਾਮਯਾਬ ਹੋਈ। ਇਹ ਪੌਣਾ ਕੁ ਸਾਲ ਸ਼੍ਰੋਮਣੀ ਅਕਾਲੀ ਦਲ ਦਾ ਡੈਪੂਟੇਸ਼ਨ, ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਵਿਚ, ਦੇਸ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ਼ ਮੁਲਾਕਾਤਾਂ ਕਰਦਾ ਰਿਹਾ। ਮਾਸਟਰ ਜੀ ਆਪਣੇ ਨਾਲ਼ ਗਿਆਨੀ ਕਰਤਾਰ ਸਿੰਘ, ਸ. ਗਿਆਨ ਸਿੰਘ ਰਾੜੇਵਾਲ਼ਾ, ਸ. ਹੁਕਮ ਸਿੰਘ ਤੇ ਸਰਕਾਰ ਪੱਖੀ ਚੀਫ਼ ਖ਼ਾਲਸਾ ਦੀਵਾਨ ਦੇ ਨੁਮਾਇੰਦੇ, ਡਾ. ਭਾਈ ਜੋਧ ਸਿੰਘ ਨੂੰ ਲੈ ਕੇ ਜਾਂਦੇ ਰਹੇ। ਮਾਸਟਰ ਜੀ ਤੋਂ ਬਿਨਾ ਬਾਕੀ ਦੇ ਚਾਰੇ ਆਗੂ ਪੰਡਿਤ ਨਹਿਰੂ ਦੇ ਵਿਚਾਰਾਂ ਨਾਲ਼ ਸਹਿਮਤ ਹੋ ਗਏ ਤੇ ਪੰਜਾਬੀ ਸੂਬੇ ਦੀ ਥਾਂ ਰੀਜਨਲ ਫਾਰਮੂਲਾ ਮਿਲ਼ਿਆ ਜਿਸ ਨੂੰ ਬਾਅਦ ਵਿੱਚ ਸ. ਪ੍ਰਤਾਪ ਸਿੰਘ ਕੈਰੋਂ ਨੇ ਚੱਲਣ ਨਾ ਦਿਤਾ। ਇਸ ਸਮਝੌਤੇ ਅਧੀਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸੁਤੰਤਰ ਸਿਆਸਤ ਤਿਆਗ ਕੇ, ਕਾਂਗਰਸ ਦੇ ਪਲੇਟ ਫਾਰਮ ਤੋਂ ਸਿਆਸਤ ਵਿੱਚ ਹਿੱਸਾ ਲੈਣ ਦਾ ਫੈਸਲਾ ਕਰ ਲਿਆ। ਜੇਕਰ ਪੰਜਾਬ ਵਿੱਚ ਕਾਂਗਰਸ ਤੇ ਅਕਾਲੀ ਇਕੱਠੇ ਹੋ ਜਾਣ ਤਾਂ ਪੰਜਾਬ ਅਸੈਂਬਲੀ ਵਿੱਚ ਅਪੋਜ਼ੀਸ਼ਨ ਰਹਿੰਦੀ ਹੀ ਨਹੀਂ। ਕਾਂਗਰਸ ਸਰਕਾਰ ਦੀ ਸਹਾਇਤਾ ਨਾਲ਼, ਜਥੇਦਾਰ ਊਧਮ ਸਿੰਘ, ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਆਦਿ ਦੇ ਗਰੁਪ ਨੇ, ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਸ਼੍ਰੋਮਣੀ ਕਮੇਟੀ, ਨਵੰਬਰ ੧੯੫੮ ਵਿੱਚ ਫਿਰ ਖੋਹ ਲਈ। ੧੯੬੦ ਵਾਲ਼ੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੇ, ਕਾਂਗਰਸੀ ਪੱਖੀ ਸਾਧ ਸੰਗਤ ਬੋਰਡ ਨੂੰ ਹਰਾ ਕੇ ਜਿੱਤ ਲਈਆਂ। ਇਹ ਸਾਰਾ ਇਤਿਹਾਸ ਬਹੁਤ ਵਿਸਥਾਰ ਮੰਗਦਾ ਹੈ।
ਇਸ ਦੌਰਾਨ ਪੰਜ ਸਾਲ ਬੀਤ ਗਏ ਸਨ। ਵਾਅਦਾ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਸਿੱਖਾਂ ਨਾਲ਼ ਪੰਜਾਬੀ ਸੂਬਾ ਲੈਣ ਦਾ ਕੀਤਾ ਸੀ ਤੇ ਇਸ ਲਈ ਫਿਰ ਮੋਰਚਾ ਲਾਇਆ ਗਿਆ। ਸੱਤਿਆਗ੍ਰਹੀ ਜਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਤਖ਼ਤ ਦੇ ਜਥੇਦਾਰ ਵੱਲੋਂ ਸਿਰੋਪੇ ਦੇ ਕੇ ਤੋਰੇ ਜਾਣੇ ਸਨ ਤੇ ਜਥੇਦਾਰ, ਉਸ ਸਮੇ ਬਹੁਤ ਚੜ੍ਹਦੀਕਲਾ ਵਾਲ਼ੇ ਪੰਥਕ ਵਿਦਵਾਨ ਗਿਆਨੀ ਅੱਛਰ ਸਿੰਘ ਜੀ ਸਨ। ਉਹ ਬੜੇ ਕੁਰਬਾਨੀ ਵਾਲ਼ੇ ਸਿੰਘ ਸਨ। ਅੰਗ੍ਰੇਜ਼ ਅਤੇ ਕਾਂਗਰਸ ਦੇ ਰਾਜ ਦੌਰਾਨ ਕਈ ਵਾਰ ਮੋਰਚਿਆਂ ਦੀ ਅਗਵਾਈ ਵੀ ਕਰ ਚੁੱਕੇ ਸਨ ਤੇ ਜੇਹਲਾਂ ਵੀ ਕੱਟ ਚੁੱਕੇ ਸਨ ਪਰ ਹੁਣ, ਸ਼ਾਇਦ ਵਡੇਰੀ ਉਮਰ ਹੋ ਜਾਣ ਕਰਕੇ, ਹੋਰ ਕੌਮੀ ਅਗਵਾਈ ਨਹੀਂ ਸਨ ਕਰ ਸਕਦੇ। ਇਸ ਸਮੇ ਉਹਨਾਂ ਦੀਆਂ ਸੇਵਾਵਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਵਜੋਂ ਤੇ ਜਾਰੀ ਰਹੀਆਂ ਪਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਜੁੰਮੇਵਾਰੀ, ਉਹਨਾਂ ਦੀ ਥਾਂ ਜਥੇਦਾਰ ਮੋਹਨ ਸਿੰਘ ਤੁੜ ਜੀ ਨੂੰ ਸੌਂਪੀ ਗਈ ਤੇ ਜਥੇਦਾਰ ਤੁੜ ਜੀ ਹਰ ਰੋਜ ਜੇਹਲ ਜਾਣ ਵਾਲ਼ੇ ਜਥਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਅਤੇ ਸਿਰੋਪਾ ਦੇ ਕੇ ਤੋਰਦੇ ਸਨ। ਇਸ ਮੋਰਚੇ ਦੌਰਾਨ ਹੀ ਖ਼ਬਰ ਆਈ ਕਿ ਜਾਟ ਆਈ. ਜੀ. ਰਾਮ ਸਿਹੁੰ ਨੇ, ਬਠਿੰਡਾ ਜੇਹਲ ਵਿੱਚ ਅਕਾਲੀ ਕੈਦੀਆਂ ਉਪਰ ਗੋਲ਼ੀਆਂ ਚਲਾ ਕੇ ਉਹਨਾਂ ਨੂੰ ਮਾਰ ਦਿਤਾ ਹੈ। ਇਹ ਕੈਰੋਂ ਸਰਕਾਰ ਦੀ ਨਵੀਂ ਵਧੀਕੀ ਸੀ। ਇਸ ਤੋਂ ਪਹਿਲਾਂ ਨਾ ਕਾਂਗਰਸ ਸਰਕਾਰ ਅਤੇ ਨਾ ਹੀ ਅੰਗ੍ਰੇਜ਼ ਸਰਕਾਰ ਨੇ ਜੇਹਲ ਵਿੱਚ ਬੰਦ ਕਿਸੇ ਕੈਦੀ ਨੂੰ ਮਾਰਿਆ ਸੀ। ਬਠਿੰਡਾ ਜੇਹਲ ਦੇ ਸ਼ਹੀਦਾਂ ਦੀਆਂ ਅਸਥੀਆਂ ਅੰਮ੍ਰਿਤਸਰ ਵਿੱਚ ਪੁੱਜੀਆਂ। ਅਕਾਲੀ ਵਰਕਰ ਤਾਂ ਭਾਵੇਂ ਚੜ੍ਹਦੀਕਲਾ ਵਿੱਚ ਸਨ ਪਰ ਉਂਜ ਅੰਮ੍ਰਿਤਸਰ ਵਿੱਚ ਬੜਾ ਡਰ ਦਾ ਮਾਹੌਲ ਛਾਇਆ ਹੋਇਆ ਸੀ। ਅਫਵਾਹ ਸੀ ਕਿ ਜੇ ਇਹਨਾਂ ਅਸਥੀਆਂ ਦਾ ਜਲੂਸ ਕਢਿਆ ਗਿਆ ਤਾਂ ਕੈਰੋਂ ਦੇ ਹੁਕਮ ਨਾਲ਼ ਜਲੂਸ ਉਪਰ ਗੋਲ਼ੀ ਚਲਾ ਦਿਤੀ ਜਾਵੇਗੀ। ਜਥੇਦਾਰ ਮੋਹਨ ਸਿੰਘ ਤੁੜ ਨੇ ਕਾਲ਼ਾ ਚੋਲ਼ਾ, ਕਾਲ਼ਾ ਪਜਾਮਾ ਤੇ ਕਾਲ਼ੀ ਹੀ ਦਸਤਾਰ ਸਜਾ ਕੇ, ਆਪਣੇ ਸਿਰ ਉਪਰ ਅਸਥੀਆਂ ਵਾਲ਼ਾ ਟੋਕਰਾ ਰੱਖ ਕੇ, ਇਸ ਜਲੂਸ ਦੀ ਅਗਵਾਈ ਕੀਤੀ। ਸ਼ਹਿਰ ਵਿੱਚ ਜਲੂਸ ਘੁੰਮ ਕੇ ਵਾਪਸ ਸ੍ਰੀ ਦਰਬਾਰ ਸਾਹਿਬ ਵਿੱਚ ਆ ਗਿਆ ਪਰ ਪੁਲਿਸ ਨੂੰ ਜਲੂਸ ਉਪਰ ਗੋਲ਼ੀ ਚਲਾਉਣ ਦੀ ਜੁਰਅਤ ਨਾ ਪਈ।
ਲੰਮਾ ਸਮਾ ਮੋਰਚਾ ਚੱਲਿਆ। ਇਸ ਮੋਰਚੇ ਦੇ ਡਿਕਟੇਟਰ, ਸ੍ਰੀ ਮਾਨ ਸੰਤ ਫ਼ਤਿਹ ਸਿੰਘ ਜੀ ਸਨ ਉਹਨਾਂ ਨੇ ਆਪਣਾ ਡੇਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ਼ ਲੱਗਵੇਂ, ਗ੍ਰੰਥੀ ਸਿੰਘ ਦੀ ਰਿਹਾਇਸ਼ ਵਾਲ਼ੇ ਮਕਾਨ ਵਿੱਚ ਲਾ ਕੇ, ਬਾਜ਼ਾਰ ਵੱਲੋਂ ਉਸ ਦੀਆਂ ਪੌੜੀਆਂ ਨੂੰ ਬੰਦ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ਼ ਲੱਗਵੀਂ ਸਾਂਝੀ ਕੰਧ ਨੂੰ ਪਾੜ ਲਾ ਕੇ ਦਰਵਾਜ਼ਾ ਕੱਢ ਲਿਆ। ਸਤਵੰਜਾ ਹਜ਼ਾਰ ਤੋਂ ਉਤੇ ਗ੍ਰਿਫ਼ਤਾਰੀਆਂ ਹੋਈਆਂ। ਬਠਿੰਡਾ ਜੇਹਲ ਵਿੱਚ ਕੈਰੋਂ ਨੇ ਗੋਲ਼ੀ ਚਲਵਾ ਕੇ ਕੁੱਝ ਕੈਦੀ ਸਿੰਘਾਂ ਨੂੰ ਸ਼ਹੀਦ ਵੀ ਕਰ ਦਿਤਾ। ਸੰਤ ਜੀ ਨੇ ਮਰਨ ਵਰਤ ਰੱਖਿਆ। ਸਰਕਾਰੀ ਇਕਰਾਰਾਂ ਤੇ ਭਰੋਸਾ ਕਰਕੇ ਮੋਰਚਾ ਵਾਪਸ ਲਿਆ ਗਿਆ। ਸੰਤ ਜੀ ਤੇ ਪੰਡਿਤ ਨਹਿਰੂ ਜੀ ਦੀਆਂ ਮੁਲਾਕਾਤਾਂ ਦਾ ਦੌਰ ਚੱਲਿਆ। ਵਿਚੋਂ ਕੀ ਨਿਕਲ਼ਿਆ, “ਵੋਹੀ ਢਾਕ ਕੇ ਤੀਨ ਪਾਤ। “ਲਾਰੇ ਲੱਪਿਆਂ ਤੋਂ ਬਿਨਾ ਕੁੱਝ ਹੱਥ ਪੱਲੇ ਨਾ ਪਿਆ। ਫਿਰ ਮਾਸਟਰ ਜੀ ਨੇ ਵਰਤ ਰੱਖਿਆ। ਉਸ ਵਿਚੋਂ ਵੀ ਕੁੱਝ ਨਾ ਨਿਕਲ਼ਿਆ।
ਇਸ ਸਾਰੇ ਸਮੇ ਦੌਰਾਨ ਜਥੇਦਾਰ ਤੁੜ ਜੀ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਹੀ ਰਹੇ। ਉਹਨਾਂ ਨੂੰ ਉਪਰ ਦੱਸੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਚੋਂ ਫੜ ਕੇ, ਯੂ. ਪੀ ਦੀ ਸਹਾਰਨਪੁਰ ਜੇਹਲ ਵਿੱਚ ਡੱਕੀ ਰੱਖਿਆ। ਇਸ ਉਧੇੜ ਬੁਣ ਵਿੱਚ ਹੀ ੧੯੬੨ ਵਾਲ਼ੀਆਂ ਚੋਣਾਂ ਆ ਗਈਆਂ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਦਾ ਗੱਠ ਜੋੜ ਬਣਾ ਕੇ, ਲੋਕ ਸਭਾ ਤੇ ਪੰਜਾਬ ਅਸੈਂਬਲੀ ਦੀਆਂ ਚੋਣਾਂ ਲੜੀਆਂ। ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਚੌਧਰੀ ਦੇਵੀ ਲਾਲ ਨੇ, ਕੈਰੋਂ ਨਾਲ਼ ਗੁੱਸੇ ਹੋ ਕੇ ਵੱਖਰੀ ਹਰਿਆਣਾ ਪਾਰਟੀ ਬਣਾ ਕੇ ਚੋਣਾਂ ਲੜੀਆਂ। ਜਥੇਦਾਰ ਤੁੜ ਜੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਹਲਕਾ ਸਰਹਾਲ਼ੀ ਤੋਂ ਪ੍ਰਤਾਪ ਸਿੰਘ ਕੈਰੋਂ ਦੇ ਮੁਕਾਬਲੇ ਉਪਰ, ਅਤੇ ਪਹਿਲਾਂ ਕੈਰੋਂ ਦੇ ਹਿਮਾਇਤੀ ਰਹੇ ਤੇ ਫਿਰ ਮੋਰਚੇ ਕਰਕੇ ਕੈਰੋਂ ਦੇ ਵਿਰੋਧੀ ਹੋ ਚੁੱਕੇ ਸ. ਹਜਾਰਾ ਸਿੰਘ ਗਿੱਲ ਨੇ, ਸਰਦਾਰ ਕੈਰੋਂ ਦੇ ਨਜ਼ਦੀਕੀ ਰਿਸ਼ਤੇਦਾਰ, ਸ. ਹਰਦੀਪ ਸਿੰਘ ਪੱਟੀ ਦੇ ਖ਼ਿਲਾਫ਼ ਪੱਟੀ ਤੋਂ ਚੋਣ ਲੜੀ। ਹਜਾਰਾ ਸਿੰਘ ਗਿੱਲ ਵੀ ਜੇਹਲ ਵਿੱਚ ਸੀ। ਇਹਨਾਂ ਦੋਹਾਂ ਸੀਟਾਂ ਦੀ ਇਲੈਕਸ਼ਨ ਦੀ ਪੂਰੀ ਜੁੰਮੇਵਾਰੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਫ਼ਤਿਹ ਸਿੰਘ ਜੀ ਨੂੰ ਸੌਂਪੀ ਗਈ ਸੀ। ਇਹ ਦੋਵੇਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਬੜੀ ਸ਼ਾਨ ਨਾਲ਼ ਜਿੱਤੀਆਂ। ਪੰਡਿਤ ਨਹਿਰੂ ਦੀ ਹਿਦਾਇਤ ਉਪਰ ਹਜਾਰਾਂ ਵੋਟਾਂ ਤੇ ਹਾਰ ਚੁੱਕੇ, ਸ. ਪ੍ਰਤਾਪ ਸਿੰਘ ਕੈਰੋਂ ਨੂੰ ਰਾਤ ਦੇ ਸਵਾ ਯਾਰਾਂ ਵਜੇ ਰੇਡੀਉ ਤੋਂ, `ਚੌਤੀ’ ਵੋਟਾਂ ਤੇ ਜੇਤੂ ਕਰਾਰ ਦੇ ਦਿਤਾ ਗਿਆ। ਹਜਾਰਾ ਸਿੰਘ ਦੀ ਜਿੱਤ ਦਾ ਐਲਾਨ ਤੇ ਹੋ ਗਿਆ ਪਰ ਉਸ ਨੂੰ ਵੀ, ਜਥੇਦਾਰ ਤੁੜ ਵਾਂਗ ਸਰਦਾਰ ਕੈਰੋਂ ਨੇ ਜੇਹਲੋਂ ਨਾ ਨਿਕਲਣ ਦਿਤਾ।
ਇਸ ਦੌਰਾਨ ਜਥੇਦਾਰ ਤੁੜ ਜੀ ਦੀ ਜਾਇਦਾਦ, ਮਾਲ ਡੰਗਰ ਦੀ ਦੋ ਵਾਰ ਕੁਰਕੀ ਹੋਈ। ਪੁਲਿਸ ਦੁਆਰਾ ਘਰ ਢਾਹ ਦਿਤਾ ਗਿਆ। ਪਰਵਾਰ ਨੂੰ ਰਾਤਾਂ ਸੜਕਾਂ ਉਪਰ ਕੱਟਣੀਆਂ ਪਈਆਂ। ਜਥੇਦਾਰ ਜੀ ਉਪਰ ਕਈ ਪ੍ਰਕਾਰ ਦਾ ਤਸ਼ੱਦਦ ਕੀਤਾ ਗਿਆ। ਸਰਦੀਆਂ ਦੇ ਦਿਨੀਂ ਬਰਫ ਉਪਰ ਲਿਟਾਇਆ ਗਿਆ। ਸ਼ਾਇਦ ਜਥੇਦਾਰ ਨਾਲ਼ ਕੈਰੋਂ ਨੇ, ਸਿਆਸੀ ਦੁਸ਼ਮਣੀ ਤੋਂ ਬਹੁਤ ਅੱਗੇ ਵਧ ਕੇ, ਨਿਜੀ ਦੁਸ਼ਮਣੀ ਪਾ ਕੇ ਏਨੀਆਂ ਵਧੀਕੀਆਂ ਕਰਵਾਈਆਂ। ਹੋਰ ਬਹੁਤ ਸਾਰੇ ਮੁਕੱਦਮਿਆਂ ਦੇ ਨਾਲ਼ ਇੱਕ ਮੁਕੱਦਮਾ, ਕੈਰੋਂ ਨੂੰ ਕਤਲ ਕਰਨ ਦੀ ਸਾਜਸ਼ ਰਚਣ ਦਾ ਵੀ ਜਥੇਦਾਰ ਜੀ ਉਪਰ ਪਾਇਆ ਗਿਆ। ਕੁੱਲ ੫੨ ਮੁਕੱਦਮੇ ਜਥੇਦਾਰ ਜੀ ਉਪਰ ਪਾਏ ਗਏ ਸਨ। ਕੁੱਝ ਲੋਕਾਂ ਨੂੰ ਇਸ ਮੁਕੱਦਮੇ ਦਾ ਗਵਾਹ ਬਣਾਉਣ ਲਈ ਲਾਲਚ ਵੀ ਦਿਤੇ ਗਏ ਤੇ ਨਾ ਮੰਨਣ ਕਰਕੇ ਪੁਲਿਸ ਨੇ ਟਾਰਚਰ ਵੀ ਕੀਤੇ। ਉਹਨਾਂ ਵਿੱਚ ਗੁਰਦੁਆਰਾ ਬਾਬਾ ਅਟੱਲ ਸਾਹਿਬ ਜੀ ਦੇ ਜਥੇਦਾਰ ਮਾਹਣਾ ਸਿੰਘ ਜੀ ਨੂੰ ਵੀ ਬਹੁਤ ਬੁਰੀ ਤਰ੍ਹਾਂ ਟਾਰਚ ਕੀਤਾ ਗਿਆ ਪਰ ਮਾਹਣਾ ਸਿੰਘ ਜੀ ਟੱਸ ਤੋਂ ਮੱਸ ਨਾ ਹੋਏ। ਜ. ਮਾਹਣਾ ਸਿੰਘ ਜੀ ਜਥੇਦਾਰ ਤੁੜ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਸਨ। ਚੇਲੇਆਣੇ ਵਾਲ਼ੀ ਨਿਹੰਗ ਸਿੰਘਾਂ ਦੀ ਜਥੇਬੰਦੀ ਦੇ ਆਪ ਜੀ ਮੀਤ ਜਥੇਦਾਰ ਰਹੇ ਸਨ। ਜਥੇਦਾਰ ਤੁੜ ਜੀ ਦਾ ਨਿਹੰਗ ਸਿੰਘ ਜਥੇਬੰਦੀਆਂ ਨਾਲ਼, ਬਾਕੀ ਅਕਾਲੀ ਆਗੂਆਂ ਦੇ ਮੁਕਾਬਲੇ, ਵਧੇਰੇ ਨੇੜ ਹੁੰਦਾ ਸੀ। ਜਥੇਦਾਰ ਮਾਹਣਾ ਸਿੰਘ ਦੀ ਗਵਾਹੀ ਬਾਕੀਆਂ ਦੇ ਮੁਕਾਬਲੇ ਵਧੇਰੇ ਇਤਬਾਰ ਯੋਗ ਮੰਨੀ ਜਾਣੀ ਸੀ ਇਸ ਲਈ, ਉਹਨਾਂ ਨੂੰ ਗਵਾਹ ਬਣਾਉਣ ਲਈ, ਉਹਨਾਂ ਉਪਰ ਵਧੇਰੇ ਸਖ਼ਤੀ ਕੀਤੀ ਗਈ ਸੀ।
ਸ. ਪ੍ਰਤਾਪ ਸਿੰਘ ਕੈਰੋਂ, ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਕਿਰਪਾ ਨਾਲ਼, ਹਾਰ ਕੇ ਵੀ ਮੁਖ ਮੰਤਰੀ ਰਿਹਾ ਤੇ ਜਥੇਦਾਰ ਮੋਹਣ ਸਿੰਘ ਤੁੜ ਜਿੱਤ ਕੇ ਵੀ ਕੈਦੀ ਰਿਹਾ।
ਕੁਝ ਸਮੇ ਬਾਅਦ, ਜਦੋਂ ਸੰਤ ਫ਼ਤਿਹ ਸਿੰਘ ਜੀ ਦੀ ਅਗਵਾਈ ਹੇਠ, ਮਾਸਟਰ ਜੀ ਨਾਲ਼ੋਂ ਵੱਖਰਾ ਸ਼੍ਰੋਮਣੀ ਅਕਾਲੀ ਦਲ ਸਾਜ ਲਿਆ ਗਿਆ ਤੇ ਸੰਤ ਚੰਨਣ ਸਿੰਘ ਜੀ, ਮਾਸਟਰ ਜੀ ਦੇ ਬਣਾਏ ਹੋਏ ਪ੍ਰਧਾਨ, ਸ. ਕ੍ਰਿਪਾਲ ਸਿੰਘ ਨੂੰ ਹਰਾ ਕੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਤਾਂ ਇਹਨਾਂ ਦੀ ਅਗਵਾਈ ਹੇਠ, ਇੱਕ ਡੈਪੂਟੇਸ਼ਨ, ਮੁਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੂੰ ਮਿਲ਼ਿਆ। ਉਸ ਮੁਲਾਕਾਤ ਰਾਹੀਂ ਜਥੇਦਾਰ ਮੋਹਨ ਸਿੰਘ ਤੁੜ ਅਤੇ ਸ. ਹਜਾਰਾ ਸਿੰਘ ਗਿਲ ਦੀ ਜੇਹਲੋਂ ਰਿਹਾਈ ਹੋਈ। ਇਸ ਦੌਰਾਨ ਬਹੁਤ ਸਾਰਾ ਪਾਣੀ ਪੁਲ਼ਾਂ ਹੇਠੋਂ ਲੰਘ ਗਿਆ ਸੀ। ਪੰਡਿਤ ਨਹਿਰੂ ਮਰ ਗਿਆ। ਕੈਰੋਂ ਗੱਦੀ ਤੋਂ ਲਹਿ ਗਿਆ ਤੇ ਕਤਲ ਵੀ ਹੋ ਗਿਆ। ਪੰਜਾਬੀ ਸੂਬਾ ਵੀ ੧ ਨਵੰਬਰ, ੧੯੬੬ ਵਾਲ਼ੇ ਦਿਨ ਹੋਂਦ ਵਿੱਚ ਆ ਗਿਆ। ੧੯੬੭ ਵਾਲ਼ੀਆਂ ਚੋਣਾਂ ਵੀ ਆ ਗਈਆਂ। ਇਸ ਜੇਹਲ ਕਾਰਨ ੧੯੬੭ ਵਾਲ਼ੀ ਇਲੈਕਸ਼ਨ ਵਾਸਤੇ ਜਥੇਦਾਰ ਜੀ ਦੇ ਭਰੇ ਕਾਗਜ਼ ਰੱਦ ਹੋ ਗਏ ਪਰ ਸ. ਹਜਾਰਾ ਸਿੰਘ ਗਿੱਲ ਦੇ ਨਾ ਰੱਦ ਹੋਏ।
ਏਥੋਂ ਤੱਕ ਤੇ ਦੂਰੋਂ ਦੂਰੋਂ ਹੀ ਜਥੇਦਾਰ ਮੋਹਨ ਸਿੰਘ ਤੁੜ ਜੀ ਬਾਰੇ ਮੈਂ ਵੇਖਦਾ ਤੇ ਸੁਣਦਾ ਰਿਹਾ ਤੇ ਉਹਨਾਂ ਦੀਆਂ ਫ਼ੋਟੋਆਂ ਰਾਹੀਂ, ਉਹਨਾਂ ਦੇ ਪਹਿਰਾਵੇ ਅਤੇ ਸਮੁਚੀ ਸ਼ਖ਼ਸੀਅਤ ਤੋਂ ਪ੍ਰਭਾਵਤ ਰਿਹਾ। ਮੇਰਾ ਸਿਧਾ ਵਾਹ ਉਹਨਾਂ ਨਾਲ਼ ਓਦੋਂ ਪਿਆ ਜਦੋਂ ਅਸੀਂ ੧੯੬੮ ਦੇ ਕਿਸੇ ਮਹੀਨੇ, ਅੰਮ੍ਰਿਤਸਰੋਂ ਇਕੋ ਕਾਰ ਵਿੱਚ ਜ਼ਿਲਾ ਲੁਧਿਆਣਾ ਵਿਚ, ਪਿੰਡ ਧਾਲੀਆਂ ਦੇ ਮੱਸਿਆ ਦੇ ਦੀਵਾਨ ਵਿੱਚ ਸ਼ਾਮਲ ਹੋਣ ਲਈ ਗਏ। ਜਥੇਦਾਰ ਜੀ ਨੇ ਤੇ ਓਥੇ ਮੱਸਿਆ ਦੇ ਦੀਵਾਨ ਵਿੱਚ ਲੈਕਚਰ ਦੇਣਾ ਸੀ ਤੇ ਮੈਨੂੰ ਨਹੀਂ ਯਾਦ ਕਿ ਮੈਂ ਕਿਉਂ ਨਾਲ਼ ਸੀ। ਸ਼ਾਇਦ ਮੁਫ਼ਤ ਦਾ ਹੂਟਾ ਲੈਣ ਦੇ ਸ਼ੌਕ ਵਿੱਚ ਹੀ ਨਾਲ਼ ਕਾਰ ਵਿੱਚ ਬਹਿ ਗਿਆ ਹੋਵਾਂ! ਥੋਹੜੀ ਜਿਹੀ ਦੂਰ ਹੀ ਜਾਣ ਤੇ ਜਥੇਦਾਰ ਜੀ ਕਾਰ ਰੁਕਵਾ ਕੇ ਸ਼ਰਲਾ ਛੱਡਣ ਬਹਿ ਜਾਇਆ ਕਰਨ। ਯਾਦ ਨਹੀਂ ਕਿੰਨੀ ਕੁ ਵਾਰੀ ਜਥੇਦਾਰ ਜੀ ਨੇ ਅੰਮ੍ਰਿਤਸਰ ਤੋਂ ਧਾਲੀਆਂ ਤੱਕ ਇਸ ਕਿਰਿਆ ਨੂੰ ਸਰੰਜਾਮ ਦਿਤਾ। ਮੇਰੇ ਪੁੱਛਣ ਤੇ ਡਰਾਈਵਰ ਪਿਰਥੀ ਸਿੰਘ ਨੇ ਦੱਸਿਆ ਕਿ ਜਥੇਦਾਰ ਜੀ ਸ਼ੂਗਰ ਦੇ ਮਰੀਜ ਹਨ। ਇਸ ਕਰਕੇ ਇਹਨਾਂ ਨੂੰ ਘੜੀ ਮੁੜੀ ਪਿਸ਼ਾਬ ਆਉਂਦਾ ਹੈ। ਇਸ ਤੋਂ ਪਹਿਲਾਂ ਸੰਤ ਫ਼ਤਿਹ ਸਿੰਘ ਜੀ ਬਾਰੇ ਤੇ ਪਤਾ ਸੀ ਕਿ ਉਹਨਾਂ ਨੂੰ ਇਹ ਕਸਰ ਹੈ ਤੇ ਦੂਜਾ ਵਿਅਕਤੀ ਮੇਰੀ ਜਾਣਕਾਰੀ ਵਿੱਚ ਜਥੇਦਾਰ ਜੀ ਹੋ ਗਏ ਜੋ ਇਸ ਮਰਜ਼ ਦੇ ਮਰੀਜ਼ ਸਨ। ਧਾਲੀਆਂ ਪਿੰਡ ਦੇ ਮੱਸਿਆ ਦਾ ਦੀਵਾਨ ਲੱਗਣ ਵਾਲ਼ੇ ਗੁਰਦੁਆਰੇ ਦੇ ਖੁਲ੍ਹੇ ਵੇਹੜੇ ਵਿੱਚ ਅਸੀਂ ਸਾਰੇ ਬੈਠੇ ਸਾਂ। ਪ੍ਰਬੰਧਕਾਂ ਨੇ ਜੱਗਾਂ ਵਿੱਚ ਪਾ ਕੇ ਚਾਹ ਲਿਆਂਦੀ ਤੇ ਨਾਲ਼ ਪਿੱਤਲ ਦੇ ਗਲਾਸ ਲਿਆਂਦੇ। ਮੇਲੇ ਵਿੱਚ ਵਿਕਣ ਵਾਲ਼ੀ ਨਿਰੀ ਖੰਡ ਦੀ ਮਠਿਆਈ ਵੀ ਆਈ। ਮੈਂ ਬੜੀ ਹੈਰਾਨੀ ਨਾਲ਼ ਵੇਖ ਰਿਹਾ ਸੀ ਕਿ ਜਥੇਦਾਰ ਜੀ ਵੀ ਸਾਡੇ ਵਾਂਗ ਹੀ ਬੇਝਿਜਕ ਉਹ ਮਠਿਆਈ ਛਕੀ ਜਾ ਰਹੇ ਸਨ। ਚਾਹ ਵੀ ਮਾਲਵੇ ਦੇ ਪਿੰਡਾਂ ਦੀ ਚੰਗੀ ਕਾਹੜਵੀਂ ਤੇ ਸੱਬਰਕੱਤੇ ਮਿੱਠੇ ਵਾਲੀ ਜਥੇਦਾਰ ਜੀ ਵਾਹਿਗੁਰੂ ਕਹਿਕੇ ਚਾਹੜ ਗਏ। ਮੈਂ ਤੇ ਸੰਤ ਫ਼ਤਿਹ ਸਿੰਘ ਜੀ ਨੂੰ ਸ਼ੂਗਰ ਦੇ ਮਰੀਜ਼ ਵਜੋਂ ਵੇਖਿਆ ਸੀ ਤੇ ਉਹ ਤਾਂ ਮਿੱਠੇ ਦੇ ਨੇੜੇ ਨਹੀਂ ਸਨ ਜਾਂਦੇ। ਨਿੰਬੂ ਵਾਲ਼ੀ ਫਿੱਕੀ ਚਾਹ ਪੀਂਦੇ ਸਨ। ਇਸ ਤੋਂ ਇਲਾਵਾ ਹਰ ਰੋਜ ਉਹਨਾਂ ਦਾ ਸੇਵਾਦਾਰ ਇੱਕ ਕੱਚ ਦੀ ਟਿਊਬ ਵਿੱਚ ਉਹਨਾਂ ਦਾ ਪਿਸ਼ਾਬ ਪਾ ਕੇ ਤੇ ਥੱਲੇ ਅੱਗ ਬਾਲ਼ ਕੇ ਟੈਸਟ ਕਰਦਾ ਤੇ ਉਸ ਦਾ ਰੀਜ਼ਲਟ ਡਾਕਟਰ ਨੂੰ ਦੱਸਦਾ ਹੁੰਦਾ ਸੀ। ਜਦੋਂ ਅੰਮ੍ਰਿਤਸਰ ਵਿੱਚ ਹੋਣ ਤਾਂ ਰੋਟੀ ਉਹਨਾਂ ਦੀ ਦੋਵੇਂ ਵੇਲ਼ੇ, ਸ੍ਰੀ ਗੁਰੂ ਰਾਮ ਦਾਸ ਹਸਪਤਾਲ ਦੇ ਇਨਚਾਰਜ, ਡਾਕਟਰ ਭਗਤ ਸਿੰਘ ਦੇ ਘਰੋਂ ਬਣ ਕੇ ਆਉਂਦੀ ਸੀ। ਰੋਟੀ ਉਹਨਾਂ ਦੀ ਬੀਮਾਰੀ ਦਾ ਧਿਆਨ ਰੱਖ ਕੇ ਬਣਾਈ ਜਾਂਦੀ ਸੀ। ਬਾਕੀ ਸੇਵਾਦਾਰ ਤੇ ਡਰਾਈਵਰ ਲੰਗਰ ਵਿਚੋਂ ਪ੍ਰਸ਼ਾਦਾ ਛਕਿਆ ਕਰਦੇ ਸਨ। ਇੱਕ ਦਿਨ ਮੈਂ ਘਰ ਤੋਂ ਰੋਟੀ ਖਾ ਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨੂੰ ਜਾ ਰਿਹਾ ਸਾਂ ਤੇ ਰਾਹ ਵਿੱਚ ਇੱਕ ਰੇਹੜੀ ਉਪਰ ਅੰਬ ਵਿਕ ਰਹੇ ਸਨ। ਅੰਬ ਬਹੁਤ ਹੀ ਸੋਹਣੇ ਅਤੇ ਵਾਹਵਾ ਮੋਟੇ ਸਨ। ਮੈਂ ਸੰਤ ਜੀ ਵਾਸਤੇ ਚਾਰ ਕੁ ਖ਼ਰੀਦ ਲਏ। ਉਹਨਾਂ ਨੇ ਆਪਣੀ ਸ਼ੂਗਰ ਵਾਲ਼ੀ ਗੱਲ ਦੱਸ ਕੇ ਅੰਬ ਖਾਣੋ ਨਾਂਹ ਕਰ ਦਿਤੀ ਤੇ ਮੈਂ ਓਹੀ ਅੰਬ ਜਾ ਸੰਤ ਚੰਨਣ ਸਿੰਘ ਜੀ ਨੂੰ ਅਰਪਣ ਕਰ ਦਿਤੇ ਤੇ ਉਹਨਾਂ ਨੇ ਪ੍ਰਸੰਨਤਾ ਸਹਿਤ ਛਕ ਲਏ।
ਉਸ ਸਮੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸੰਤ ਫ਼ਤਿਹ ਸਿੰਘ ਜੀ ਦੀ, ਸ਼੍ਰੋਮਣੀ ਕਮੇਟੀ ਵਾਲ਼ੇ ਪਾਸੇ, ਧਰਮ ਪ੍ਰਚਾਰ ਕਮੇਟੀ ਦਫ਼ਤਰ ਨੂੰ ਚੜ੍ਹਦੀਆਂ ਪਉੜੀਆਂ ਦੇ ਲਾਗੇ, ਸ੍ਰੀ ਗੁਰੂ ਰਾਮਦਾਸ ਸਰਾਂ ਦੇ ਦੋ ਕਮਰਿਆਂ ਵਿੱਚ ਰਿਹਾਇਸ਼ ਹੁੰਦੀ ਸੀ। ਇਹ ਦੋ ਕਮਰੇ ਆਹਮੋ ਸਾਹਮਣੇ ਸਨ ਤੇ ਦੋਹਾਂ ਦੇ ਦਰਮਿਆਨ ਬਰਾਂਡਾ ਹੁੰਦਾ ਸੀ। ਇੱਕ ਕਮਰੇ ਵਿੱਚ ਸੰਤ ਜੀ ਦਾ ਮੰਜਾ ਹੁੰਦਾ ਸੀ ਤੇ ਦੂਸਰੇ ਕਮਰੇ ਵਿੱਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਹੁੰਦੀਆਂ ਸਨ। ਉਹਨਾਂ ਦਾ ਸੇਵਾਦਾਰ ਬਾਬਾ ਅਰਜਨ ਸਿੰਘ ਬਰਾਂਡੇ ਵਿੱਚ ਸੌਂਦਾ ਹੁੰਦਾ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਦਾ ਡੇਰਾ, ਦਫ਼ਤਰ ਦੀ ਦੂਜੀ ਮਨਜ਼ਲ ਉਪਰ ਇੱਕ ਕਮਰੇ ਵਿੱਚ ਹੁੰਦਾ ਸੀ। ਇਹ ਇਕੋ ਕਮਰਾ, ਦਿਨੇ ਉਹਨਾਂ ਦਾ ਦਫ਼ਤਰ ਤੇ ਰਾਤ ਸਮੇ ਬੈਡਰੂਮ ਹੁੰਦਾ ਸੀ। ਬੈਡ ਉਹਨਾਂ ਦਾ ਸੋਫ਼ੇ ਦੇ ਉਪਰ ਹੀ ਲੱਗਦਾ ਹੁੰਦਾ ਸੀ। ਹੁਣ ਸਮੇ ਨਾਲ਼ ਬੜਾ ਕੁੱਝ ਬਦਲ ਚੁੱਕਾ ਹੈ। ਪਿਛਲੀ ਅਧੀ ਸਦੀ ਦੇ ਸਮੇ ਦੌਰਾਨ ਬਹੁਤ ਸਾਰਾ ਪਾਣੀ ਪੁਲ਼ਾਂ ਦੇ ਹੇਠੋਂ ਦੀ ਲੰਘ ਚੁੱਕਾ ਹੈ।
ਸ਼ਾਇਦ ਏਸੇ ਬਦ ਪ੍ਰਹੇਜ਼ੀ ਕਾਰਨ ਹੀ, ਜਥੇਦਾਰ ਜੀ ਦੇ ਹੱਥ ਉਪਰ ਭਾਰੀ ਜ਼ਖ਼ਮ ਹੋ ਗਏ, ਸ਼ਾਇਦ ਦੋਹਾਂ ਹਥਾਂ ਉਪਰ। ਤਰਨ ਤਾਰਨ ਦੇ ਹਸਪਤਾਲੋਂ, ਅੰਮ੍ਰਿਤਸਰ ਦੇ ਹਸਪਤਾਲ ਵਿੱਚ ਆ ਗਏ। ਉਹਨੀਂ ਦਿਨੀਂ ਮੇਰੇ ਭਾਈਆ ਜੀ ਵੀ ਓਸੇ ਹਸਪਤਾਲ ਵਿੱਚ ਦਾਖਲ ਸਨ। ਇਉਂ ਮੈਨੂੰ ਦੋਹਾਂ ਦੀ ਦੇਖ ਭਾਲ਼ ਕਰਨੀ ਸੌਖੀ ਹੋ ਗਈ। ਹੋਰ ਵੀ ਲਾਭ ਇਹ ਹੋਇਆ ਕਿ ਭਾਈਆ ਜੀ ਤੇ ਆਮ ਮਰੀਜ਼ਾਂ ਵਾਲ਼ੇ ਵਾਰਡ ਵਿੱਚ ਹੀ ਦਾਖਲ ਸਨ ਪਰ ਜਥੇਦਾਰ ਜੀ ਸਪੈਸ਼ਲ ਵਾਰਡ ਵਿੱਚ ਸਨ। ਲੰਗਰੋਂ ਆਇਆ ਪ੍ਰਸ਼ਾਦਾ ਛਕ ਲੈਣ ਅਤੇ ਰਾਤ ਨੂੰ ਸੌਣ ਵਾਸਤੇ ਜਥੇਦਾਰ ਜੀ ਵਾਲ਼ੇ ਸਥਾਨ ਵਿੱਚ ਹੀ ਥਾਂ ਹੈਗੀ ਸੀ। ਇੱਕ ਦਿਨ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਆਏ ਤੇ ਜਥੇਦਾਰ ਜੀ ਨੂੰ ਆਖਿਆ ਕਿ ਉਹਨਾਂ ਨੂੰ ਸੀ. ਐਮ ਸਾਹਿਬ (ਗਿਆਨੀ ਜ਼ੈਲ ਸਿੰਘ) ਨੇ ਭੇਜਿਆ ਹੈ ਕਿ ਜਥੇਦਾਰ ਜੀ ਦਾ ਹਾਲ ਪੁੱਛ ਕੇ ਆਉ ਤੇ ਨਾਲ਼ੇ ਦੱਸ ਕੇ ਆਉ ਕਿ ਉਹਨਾਂ ਦੇ ਇਲਾਜ ਉਪਰ ਆਉਣ ਵਾਲ਼ਾ ਹਸਪਤਾਲ ਦਾ ਸਾਰਾ ਖ਼ਰਚ ਸਰਕਾਰ ਵੱਲੋਂ ਹੋਵੇਗਾ।
ਏਨੀ ਲੰਮੀ ਗੱਲ ਲਿਖਣ ਦਾ ਮਤਲਬ ਸੀ ਕਿ ਜਥੇਦਾਰ ਜੀ ਨੇ ਆਪਣੀ ਬੀਮਾਰੀ ਦੀ ਬਿਲਕੁਲ ਪ੍ਰਵਾਹ ਨਾ ਕੀਤੀ ਤੇ ਨਿਰੀ ਖੰਡ ਰੂਪ ਮਠਿਆਈ ਬਿਨਾ ਝਿਜਕ ਛਕ ਗਏ। ਕੋਈ ਪਰਹੇਜ਼ ਨਹੀਂ, ਕੋਈ ਕਿੰਤੂ ਪ੍ਰੰਤੂ ਨਹੀਂ। ਇਹ ਮੇਰੇ ਵਾਸਤੇ ਬੜੀ ਹੈਰਾਨੀ ਵਾਲ਼ੀ ਗੱਲ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ੨ ਅਕਤੂਬਰ, ੧੯੬੨ ਤੋਂ ਸੰਤ ਚੰਨਣ ਸਿੰਘ ਜੀ ਦੇ ਨਾਲ਼ ਚਲੇ ਆ ਰਹੇ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਹਰਚਰਨ ਸਿੰਘ ਹੁਡਿਆਰਾ, ਮੁਖ ਮੰਤਰੀ ਬਣਨ ਦੇ ਲਾਲਚ ਵਿਚ, ੧੯੬੭ ਦੀਆਂ ਗਰਮੀਆਂ ਵਿਚ, ਜਦੋਂ ਕਾਂਗਰਸ ਨਾਲ਼ ਰਲ਼ ਗਏ ਤਾਂ ਫਿਰ ਉਹਨਾਂ ਦੇ ਥਾਂ ਜਥੇਦਾਰ ਤੁੜ ਜੀ ਨੂੰ ਇਹ ਸੇਵਾ ਸੌਂਪੀ ਗਈ
੧੯੬੯ ਦੀ ਇਲੈਕਸ਼ਨ ਤੋਂ ਪਿੱਛੋਂ ਸਾਂਝੇ ਫਰੰਟ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਅਤੇ ਜਨ ਸੰਘ ਦੀ ਕੁਲੀਸ਼ਨ ਵਜ਼ਾਰਤ ਬਣੀ। ਜਥੇਦਾਰ ਤੁੜ ਜੀ ਇਸ ਸਰਕਾਰ ਵਿੱਚ ਰਾਜ ਮੰਤਰੀ ਬਣੇ। ਇਹਨਾਂ ਨੂੰ ਸ. ਬਲਵੰਤ ਸਿੰਘ ਖ਼ਜ਼ਾਨਾ ਮੰਤਰੀ ਨਾਲ਼ ਅਟੈਚ ਕੀਤਾ ਗਿਆ ਤੇ ਮਹਿਕਮਾ ਗੁਰਦੁਆਰਾ ਚੋਣਾਂ ਦਾ ਆਜ਼ਾਦਾਨਾ ਤੌਰ ਤੇ ਦਿਤਾ ਗਿਆ। ਇਸ ਤੋਂ ਪਹਿਲਾਂ ਮੈਂ ਕਦੀ ਇਸ ਮਹਿਕਮੇ ਦਾ ਨਾਂ ਨਹੀਂ ਸੀ ਸੁਣਿਆਂ। ਮੈਨੂੰ ਇਹ ਗੱਲ ਬੜੀ ਚੁਭੀ ਕਿ ਸਾਡੇ ਜਥੇਦਾਰ ਜੀ ਨੂੰ ਪੂਰੀ ਵਜ਼ੀਰੀ ਵੀ ਨਹੀਂ ਦਿਤੀ ਗਈ ਤੇ ਨਾ ਹੀ ਮਹਿਕਮਾ ਕੋਈ ਮਹੱਤਵਪੂਰਣ ਦਿਤਾ ਗਿਆ।
ਚੰਡੀਗੜ੍ਹ ਵਿੱਚ ਵਜ਼ੀਰੀ ਵਜੋਂ ਮਿਲ਼ੀ ਸਰਕਾਰੀ ਕੋਠੀ ਵਿਚਲੇ, ਜਥੇਦਾਰ ਜੀ ਦਾ ਆਪਣੇ ਸਟਾਫ਼ ਨੂੰ ਹੁਕਮ ਸੀ ਕਿ ਭਾਵੇਂ ਕੋਈ ਉਹਨਾਂ ਦੀ ਗੈਰ ਹਾਜਰੀ ਵਿੱਚ ਵੀ ਆਵੇ, ਉਸ ਨੂੰ ਰੋਟੀ ਵੇਲ਼ੇ ਰੋਟੀ ਤੇ ਚਾਹ ਵੇਲ਼ੇ ਚਾਹ ਮਿਲ਼ੇ। ਰਾਤ ਰਹਿਣਾ ਹੋਵੇ ਤਾਂ ਵੀ ਉਸ ਦੇ ਰਹਿਣ ਦਾ ਕੋਠੀ ਵਿੱਚ ਪ੍ਰਬੰਧ ਕੀਤਾ ਜਾਵੇ। ਉਹਨਾਂ ਦੀ ਮੌਜੂਦਗੀ ਵਿੱਚ ਤਾਂ ਹਰੇਕ ਦੀ ਆਉ ਭਗਤ ਹੁੰਦੀ ਹੀ ਸੀ, ਗੈਰ ਹਾਜਰੀ ਵਿੱਚ ਵੀ ਆਏ ਨੂੰ ਆਦਰ ਮਿਲ਼ਦਾ ਸੀ। ਕੋਠੀ ਵਿਚਲੇ ਲੰਗਰ ਵਾਸਤੇ ਆਟਾ ਉਹਨਾਂ ਦੇ ਪਿੰਡੋਂ ਆਉਂਦਾ ਹੁੰਦਾ ਸੀ। ਇੱਕ ਦਿਨ ਮੈਂ ਤੇ ਇੱਕ ਹੋਰ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ, ਸ. ਅਜੀਤ ਸਿੰਘ ਮੌਲਵੀ ਜਥੇਦਾਰ ਜੀ ਦੀ ਕੋਠੀ ਉਹਨਾਂ ਨੂੰ ਮਿਲਣ ਚਲੇ ਗਏ। ਮੌਲਵੀ ਜੀ ਬੜੇ ਬੇਬਾਕ ਸੱਜਣ ਸਨ ਤੇ ਮੂੰਹ ਆਈ ਗੱਲ ਵੱਡੇ ਤੋਂ ਵੱਡੇ ਬੰਦੇ ਨੂੰ ਕਹਿਣੋ ਵੀ ਕਦੀ ਨਹੀਂ ਸਨ ਝਿਜਕਦੇ। ਉਹਨਾਂ ਨੇ ਜਥੇਦਾਰ ਜੀ ਦੀ ਪੌਣੀ ਵਜ਼ੀਰੀ ਨੂੰ ਲੈ ਕੇ ਵਾਹਵਾ ਵੱਡਾ ਲੈਕਚਰ ਝਾੜ ਦਿਤਾ। ਜਥੇਦਾਰ ਜੀ ਆਪਣੇ ਠੰਡੇ ਸੁਭਾ ਕਰਕੇ ਸੁਣਦੇ ਰਹੇ ਤੇ ਫਿਰ ਕਹਿਣ ਲੱਗੇ, “ਮਿੱਤਰੋ, ਇਸ ਵਜ਼ੀਰੀ ਕਰਕੇ ਮਾਝੇ ਦੇ ਪੇਂਡੂ ਪੰਥਕ ਵਰਕਰਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਾਰ ਹੁੰਦੇ ਰਹਿੰਦੇ ਨੇ। ਝੰਡੀ ਵਾਲ਼ੀ ਕਾਰ ਤੇ ਵਜ਼ੀਰੀ ਦਾ ਸਰਕਾਰੀ ਅਫ਼ਸਰ ਰੋਹਬ ਮੰਨਦੇ ਨੇ। ਜਿਸ ਵੀ ਅਫ਼ਸਰ ਨੂੰ ਕਿਸੇ ਵਰਕਰ ਦੇ ਕੰਮ ਲਈ ਫ਼ੋਨ ਕਰੀਏ ਉਹ ਧਿਆਨ ਨਾਲ਼ ਸੁਣਦਾ ਹੈ ਤੇ ਕੰਮ ਵੀ ਹੋ ਸਕਦਾ ਹੋਵੇ ਤਾਂ ਕਰ ਦਿੰਦਾ ਹੈ। ਅਸੀਂ ਚੰਗੇ ਮਹਿਕਮੇ ਤੇ ਵੱਡੀ ਵਜ਼ੀਰੀ ਤੋਂ ਕੇਹੜੇ ਕੋਈ ਮਹਿਲ ਪਾਉਣੇ ਨੇ!”
ਜਿਵੇਂ ਕਿ ਹਮੇਸ਼ਾਂ ਹੀ ਦਿੱਲੀ ਸਰਕਾਰ ਦੀ ਨੀਤੀ ਹੁੰਦੀ ਸੀ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲ਼ੀ ਇਹ ਸਰਕਾਰ ਵੀ, ਵਿਚੋਂ ਗ਼ਦਾਰ ਖ਼ਰੀਦ ਕੇ, ਤੋੜ ਦਿਤੀ ਗਈ। ਛੇ ਮਹੀਨੇ ਦੇ ਗਵਰਨਰੀ ਰਾਜ ਪਿਛੋਂ ਚੋਣਾਂ ਹੋਈਆਂ ਤੇ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਹੇਠ, ਕਾਂਗਰਸ ਦੀ ਸਰਕਾਰ ਬਣ ਗਈ। ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ੨੪ ਐਮ. ਐਲ. ਏ. ਹੀ ਜਿੱਤ ਸਕੇ। ਇੱਕ ਸ. ਸੁਖਦੇਵ ਸਿੰਘ ਢੀਂਡਸਾ ਆਜ਼ਾਦ ਜਿੱਤ ਕੇ ਦਲ ਵਿੱਚ ਸ਼ਾਮਲ ਹੋਏ ਤੇ ਇਸ ਤਰ੍ਹਾਂ ਕੁੱਲ ੧੦੪ ਵਿਚੋਂ ੨੫ ਅਕਾਲੀ ਦਲ ਦੇ ਸਨ। ਇਸ ਹਾਰ ਦਾ ਅਸਰ ਅਕਾਲੀ ਲੀਡਰਸ਼ਿੱਪ ਤੇ ਮਾੜਾ ਪਿਆ। ਦਲ ਦੇ ਪ੍ਰਧਾਨ ਸੰਤ ਫ਼ਤਿਹ ਸਿੰਘ ਜੀ ਨੇ ਇਸ ਹਾਰ ਦੀ ਜੁੰਮੇਵਾਰੀ ਕਬੂਲਦਿਆਂ, ਜਥੇਦਾਰ ਮੋਹਨ ਸਿੰਘ ਤੁੜ ਜੀ ਨੂੰ ਦਲ ਦਾ ਪ੍ਰਧਾਨ ਥਾਪ ਕੇ, ਆਪ ਪ੍ਰਧਾਨਗੀ ਛੱਡ ਦਿਤੀ। ਸੰਤ ਫ਼ਤਿਹ ਸਿੰਘ ਜੀ ਅਕਤੂਬਰ ਅਤੇ ਸੰਤ ਚੰਨਣ ਸਿੰਘ ਜੀ ਨਵੰਬਰ, ੧੯੭੨ ਵਿੱਚ ਅਕਾਲ ਚਲਾਣਾ ਕਰ ਗਏ। ਏਥੋਂ ਪੰਥ ਦੀ ਅਗਵਾਈ ਜਥੇਦਾਰ ਮੋਹਨ ਸਿੰਘ ਤੁੜ ਨੇ ਆਜ਼ਾਦਾਨਾ ਤੌਰ ਤੇ ੧੯੭੮ ਤੱਕ ਕੀਤੀ।
ਦੋਹਾਂ ਸੰਤ ਜੀਆਂ ਦੇ ਅਕਾਲ ਚਲਾਣੇ ਪਿੱਛੋਂ ਜਥੇਦਾਰ ਤੁੜ ਜੀ ਨੇ ਮੈਨੂੰ ਆਖਿਆ ਕਿ ਜਿਵੇਂ ਮੈਂ ਸੰਤ ਜੀ ਨਾਲ਼ ਪੀ. ਏ. ਦੀ ਸੇਵਾ ਕਰਦਾ ਸਾਂ ਓਵੇਂ ਹੁਣ ਉਹਨਾਂ ਨਾਲ਼ ਕਰਾਂ। ਉਹਨਾਂ ਨੇ ਆਪਣੇ ਪੀ. ਏ. ਦਾ ਨਾਂ ਲੈ ਕੇ ਦੱਸਿਆ ਕਿ ਇਲਾਕੇ ਦੇ ਅਕਾਲੀ ਵਰਕਰ ਉਸ ਨੂੰ ਪਸੰਦ ਨਹੀਂ ਕਰਦੇ। ਮੈਂ ਹਾਂ ਜੀ ਤੇ ਆਖ ਦਿਤਾ ਤੇ ਕੁੱਝ ਸਮਾ ਇਹ ਸੇਵਾ ਜਥੇਦਾਰ ਜੀ ਨਾਲ਼ ਕੀਤੀ ਵੀ ਪਰ ਅੰਦਰੋਂ ਮੈਂ ਬਾਹਰ ਨਿਕਲਣ ਦੀ ਤਿਆਰੀ ਕਰ ਰਿਹਾ ਸਾਂ। ਬਾਹਰ ਦੀ ਦੁਨੀਆਂ ਵੇਖਣ ਦੇ ਲਾਲਚ ਵਿੱਚ ਮੈਂ ਆਰਜ਼ੀ ਤੌਰ ਤੇ ਦੇਸ ਵਿਚਲੇ ਸਾਰੇ ‘ਲਾਲਚ’ ਕੁਰਬਾਨ ਕਰਨ ਲਈ ਤਿਆਰ ਸਾਂ। ਉਸ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਚਾਰਕ, ਗੁਰੂ ਨਾਨਕ ਯੂਨੀਵਰਸਿਟੀ ਦੀ, ਉਸ ਸਮੇ ਪੋਸਟ ਗਰੈਜੂਏਟ ਡਿਗਰੀ (ਆਦਿ ਗ੍ਰੰਥ ਅਚਾਰੀਆ) ਦੀ ਪੜ੍ਹਾਈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਪੀ. ਏ. ਬਣਨ ਦਾ ਲਾਲਚ, ਮੇਰੇ ਵਾਸਤੇ ਕੋਈ ਰੁਕਾਵਟ ਵਾਲ਼ੀ ਗੱਲ ਨਹੀਂ ਸਨ ਬਣ ਸਕੇ। ਵਿਚੇ ਵਿੱਚ ਮੈਂ ਮਨ ਹੀ ਮਨ ਬਾਹਰ ਦੀ ਯਾਤਰਾ ਦੇ ਘੋੜੇ ਦੌੜਾ ਰਿਹਾ ਸਾਂ। ਅਖੀਰ, ਨੌ ਸਾਲਾਂ ਦੀ ਤਿਆਰੀ ਤੇ ਉਡੀਕ ਪਿੱਛੋਂ ਉਹ ਘੜੀ ਆ ਪਹੁੰਚੀ ਜਿਸ ਲਈ ਮੈਂ ਏਨਾ ਉਤਸੁਕ ਸਾਂ। ਮੈਨੂੰ ਦੋ ਸਾਲਾਂ ਦਾ ਵਰਕ ਪਰਮਿਟ ਮਲਾਵੀ ਮੁਲਕ ਤੋਂ ਗ੍ਰੰਥੀ ਵਜੋਂ ਆ ਗਿਆ। ਘਰ ਦਿਆਂ ਨੇ ਬਿਨਾ ਵਿਆਹ ਤੋਂ ਮੇਰਾ ਬਾਹਰ ਚਲੇ ਜਾਣਾ ਠੀਕ ਨਾ ਸਮਝਿਆ ਤੇ ਇਹ ਕਾਰਜ ਕਰ ਦਿਤਾ। ੨੧ ਫਰਵਰੀ ੧੯੭੩ ਵਾਲ਼ੇ ਦਿਨ ਆਨੰਦ ਕਾਰਜ ਹੋ ਗਿਆ ਤੇ ਉਸ ਦਿਨ ਤੋਂ ਹੀ ਕਿਸੇ ਪੰਥਕ ਸਰਗਰਮੀ ਵਿੱਚ ਹਿੱਸਾ ਲੈਣਾ ਤਿਆਗ ਕੇ, ਸਿਰਫ ਤੇ ਸਿਰਫ ਬਾਹਰ ਦੀ ਤਿਆਰੀ ਵਿੱਚ ਹੀ ਰੁਝ ਗਿਆ ਤੇ ੭ ਮਾਰਚ, ੧੯੭੩ ਵਾਲ਼ੇ ਦਿਨ, ਅੰਮ੍ਰਿਤਸਰ ਤੋਂ ਅਫ਼੍ਰੀਕਾ ਦੇ ਇੱਕ ਨਿੱਕੇ ਜਿਹੇ ਮੁਲਕ ਮਲਾਵੀ ਵੱਲ ਚਾਲੇ ਪਾ ਦਿਤੇ।
ਇਹ ਮਲਾਵੀ ਮੁਲਕ ਅਜਿਹਾ ਸੀ ਕਿ ਜਿਥੇ ਦੇਸ ਦੀ ਨਾ ਅਖ਼ਬਾਰ, ਨਾ ਰੇਡੀਉ; ਟੀ. ਵੀ. ਦੀ ਓਦੋਂ ਗੱਲ ਹੀ ਕੀ ਕਰਨੀ ਹੈ! ਸਵਾ ਦੋ ਸਾਲ ਤੱਕ ਕਿਸੇ ਵੀ ਪ੍ਰਕਾਰ ਦਾ ਦੇਸ ਨਾਲ਼ ਕੋਈ ਸੰਪਰਕ ਨਾ ਰਿਹਾ, ਸਿਵਾਇ ਵਾਹਵਾ ਦੇਰ ਨਾਲ਼ ਆਉਣ ਵਾਲ਼ੀ ਚਿੱਠੀ ਤੋਂ। ਇਸ ਦੌਰਾਨ ਬਟਾਲੇ ਤੋਂ ਮੇਰੇ ਮਿੱਤਰ ਸ. ਹਰਭਜਨ ਸਿੰਘ ਬਾਜਵੇ ਦੀ ਚਿੱਠੀ ਆਈ, ਜਿਸ ਵਿੱਚ ਉਸ ਨੇ ਦੱਸਿਆ ਕਿ ਅਕਾਲੀਆਂ ਨੇ ਬੰਸੀ ਲਾਲ ਦੀ ਬੰਸਰੀ ਵਜਾ ਦਿਤੀ। ਬਾਅਦ ਵਿੱਚ ਹੌਲ਼ੀ ਹੌਲ਼ੀ ਪਤਾ ਲੱਗਾ ਕਿ ਸਰਦਾਰ ਕੈਰੋਂ ਦੇ ਪਦ ਚਿਨ੍ਹਾਂ ਤੇ ਚੱਲਣ ਵਾਲ਼ੇ ਹਰਿਆਣਵੀ ਮੁਖ ਮੰਤਰੀ ਚੌਧਰੀ ਬੰਸੀ ਲਾਲ ਨੂੰ ਮਜਬੂਰ ਕਰ ਦਿਤਾ ਕਿ ਉਹ ਸ਼ਹਿਰੀ ਆਜ਼ਾਦੀ ਉਪਰ ਲਾਈ ਗਈ ਪਾਬੰਦੀ ਨੁੰ ਚੁੱਕ ਕੇ ਅਕਾਲੀਆਂ ਦਾ ਮੋਰਚਾ ਬੰਦ ਕਰਵਾਏ। ਇਹ ਮੋਰਚਾ ਕਰਨਾਲ ਵਿੱਚ ਲੱਗਾ ਸੀ। ਇਹ ਤਾਂ ਸਿੱਖਾਂ ਦਾ ਮੁਢ ਕਦੀਮ ਤੋਂ ਹੀ ਰਵਈਆ ਰਿਹਾ ਹੈ ਕਿ ਦੂਜਿਆਂ ਦੇ ਹੱਕਾਂ ਲਈ ਖ਼ੁਦ ਨੂੰ ਖ਼ਤਰੇ ਵਿੱਚ ਪਾ ਲੈਣਾ। ਇਸ ਮੋਰਚੇ ਵਾਲ਼ੀ, ਜਥੇਦਾਰ ਮੋਹਨ ਸਿੰਘ ਤੁੜ ਜੀ ਦੀ ਦਲੇਰਾਨਾ ਤੇ ਸੁਚੱਜੀ ਅਗਵਾਈ ਸਦਕਾ, ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ। ਇਹ ਸ਼ਾਨਦਾਰ ਘਟਨਾ ੧੯੭੪ ਵਿੱਚ ਘਟੀ।
੨੫ ਜੂਨ ੧੯੭੫ ਨੂੰ ਇੰਦਰਾ ਗਾਂਧੀ ਨੇ ਦੇਸ ਵਿੱਚ ਐਮਰਜੈਂਸੀ ਲਾਗੂ ਕਰ ਦਿਤੀ। ਮੈਂ ਕੁੱਝ ਅਫ਼੍ਰੀਕਨ ਤੇ ਕੁੱਝ ਯੂਰਪ ਦੇ ਦੇਸਾਂ ਵਿੱਚ ਦੀ ਘੁੰਮਦਾ ਹੋਇਆ ਲੰਡਨ ਪਹੁੰਚ ਗਿਆ। ਲੰਡਨ ਵਿੱਚ ਸਾਊਥਾਲ ਤੋਂ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਬਹੁਤ ਸੰਗਤਾਂ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਅੱਗੇ, ਐਮਰਜੈਂਸੀ ਦੇ ਖ਼ਿਲਾਫ਼ ਮੁਜ਼ਾਹਰਾ ਕਰਨ ਜਾਂਦੀਆਂ ਸਨ। ਮੈਂ ਵੀ ਵਿੱਚ ਸ਼ਾਮਲ ਹੋ ਗਿਆ। ਪਰਵਾਰ ਵਿੱਚ ਇੱਕ ਘਟਨਾ ਘਟ ਜਾਣ ਕਰਕੇ, ਮੈਂ ਅੰਮ੍ਰਿਤਸਰ ਮੁੜਨ ਦਾ ਮਨ ਬਣਾ ਲਿਆ। ਜਦੋਂ ਓਥੇ ਦੇ ਅਕਾਲੀ ਆਗੂਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੈਨੂੰ ਬੜਾ ਰੋਕਿਆ। ਡਰਾਇਆ ਵੀ ਕਿ ਐਮਰਜੈਂਸੀ ਦੇ ਦੌਰਾਨ ਮੈਨੂੰ ਸਰਕਾਰ ਫੜ ਕੇ ਜੇਹਲ ਵਿੱਚ ਵੀ ਦੇ ਸਕਦੀ ਹੈ ਪਰ ਮੈਂ ਆਪਣੇ ਫੈਸਲੇ ਤੇ ਅਟੱਲ ਰਿਹਾ ਤੇ ੧੮ ਅਗਸਤ, ੧੯੭੫ ਨੂੰ ਅੰਮ੍ਰਿਤਸਰ ਆ ਉਤਰਿਆ। ਮੈਨੂੰ ਸਰਕਾਰ ਨੇ ਕੀ ਫੜਨਾ ਫੁੜਨਾ ਸੀ! ਮੈਂ ਕੇਹੜੀ ਕੋਈ ਭੰਗੀਆਂ ਵਾਲ਼ੀ ਤੋਪ ਸਾਂ।
ਜਥੇਦਾਰ ਮੋਹਨ ਸਿੰਘ ਤੁੜ ਜੀ ਇਸ ਐਮਰਜੈਂਸੀ ਦੇ ਖ਼ਿਲਾਫ਼ ਲੱਗੇ ਮੋਰਚੇ ਦੀ, ਮੋਰਚੇ ਦੇ ਡਿਕਟੇਟਰ ਵਜੋਂ, ਅਗਵਾਈ ਕਰ ਰਹੇ ਸਨ। ਇਸ ਦੌਰਾਨ ਇੱਕ ਦਿਨ ਮੈਂ ਜਥੇਦਾਰ ਜੀ ਨੂੰ, ਉਹਨਾਂ ਦੀ ਰਿਹਾਇਸ਼ ਵਾਲ਼ੇ ਕਮਰੇ ਵਿਚ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ਼ ਲੱਗਣ ਵਾਲ਼ੇ ਕਮਰੇ ਵਿੱਚ ਜਾ ਕੇ ਮਿਲ਼ਿਆ। ਜਥੇਦਾਰ ਜੀ ਉਚੇਚੇ ਪਿਆਰ ਨਾਲ਼ ਪੇਸ਼ ਆਏ। ਆਪਣੇ ਨਾਲ਼ ਹੀ ਮੰਜੇ ਉਪਰ ਬਿਠਾ ਲਿਆ। ਮੈਂ ਜਥੇਦਾਰ ਜੀ ਨੂੰ ਇੰਗਲੈਂਡ ਦੇ, ਅਕਾਲੀ ਆਗੂਆਂ ਦੇ ਉਦਮ ਸਬੰਧੀ ਜਾਣਕਾਰੀ ਦਿਤੀ। ਉਹ ਬਹੁਤ ਖ਼ੁਸ਼ ਹੋਏ। ਅਗਲੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਣ ਵਾਲ਼ੀ ਕਨਵੈਨਸ਼ਨ ਵਿੱਚ ਮੈਨੂੰ ਸ਼ਾਮਲ ਹੋ ਕੇ, ਬੋਲਣ ਲਈ ਵੀ ਆਖਿਆ ਪਰ ਮੈਂ ਉਸ ਕਨਵੈਨਸ਼ਨ ਵਿੱਚ ਸ਼ਾਮਲ ਨਹੀਂ ਹੋ ਸਕਿਆ। ਇਸ ਦਾ ਕਾਰਨ ਹੁਣ ਯਾਦ ਨਹੀਂ ਰਿਹਾ।
ਜਥੇਦਾਰ ਜੀ ਦੀ ਅਗਵਈ ਹੇਠ, ਐਮਰਜੈਂਸੀ ਦੇ ਖ਼ਿਲਾਫ਼ ਮੋਰਚਾ ਬੜੀ ਸਫ਼ਲਤਾ ਸਹਿਤ ਚੱਲਦਾ ਰਿਹਾ। ਮੈਂ ਮੋਰਚੇ ਦੇ ਦੌਰਾਨ ਹੀ ਮੁੜ ਪਰਵਾਰ ਸਮੇਤ ਮਲਾਵੀ ਚਲਿਆ ਗਿਆ। ਪਿੱਛੋਂ ਪਤਾ ਲੱਗਾ ਕਿ ਕੁੱਝ ਮੱਤਭੇਦ ਪੈਦਾ ਹੋ ਜਾਣ ਕਰਕੇ, ਜਥੇਦਾਰ ਜੀ ਮੋਰਚੇ ਦੀ ਅਗਵਾਈ ਸੰਤ ਹਰਚੰਦ ਸਿੰਘ ਜੀ ਨੂੰ ਸੌਂਪ ਕੇ, ਆਪ ਜਥਾ ਲੈ ਕੇ, ਜੇਹਲ ਚਲੇ ਗਏ ਗਏ। ਮੋਰਚਾ ੧੯ ਮਹੀਨੇ ਓਦੋਂ ਤੱਕ ਚੱਲਦਾ ਰਿਹਾ ਜਿੰਨਾ ਚਿਰ ਇੰਦਰਾ ਗਾਂਧੀ ਨੇ ਐਮਰਜੈਂਸੀ ਉਠਾ ਕੇ ਚੋਣਾਂ ਦਾ ਐਲਾਨ ਨਹੀਂ ਕਰ ਦਿਤਾ।
ਪਾਰਲੀਮੈਂਟ ਦੀ ਇਹ ਚੋਣ ਭਾਰਤ ਦੇ ਸਿਆਸੀ ਇਤਿਹਾਸ ਵਿੱਚ ਇੱਕ ਅਤੀ ਹੀ ਮੱਹਤਵਪੂਰਣ ਘਟਨਾ ਹੋ ਨਿੱਬੜੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ ਪੁੱਤਰ ਸਮੇਤ ਚੋਣ ਹਾਰ ਗਈ। ਇਹਨਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ, ਜਥੇਦਾਰ ਤੁੜ ਜੀ ਦੀ ਅਗਵਾਈ ਹੇਠ, ਸੌ ਫ਼ੀ ਸਦੀ ਜਿੱਤ ਪ੍ਰਾਪਤ ਹੋਈ। ਮੇਰੀ ਜਾਣਕਾਰੀ ਅਨੁਸਾਰ, ਨਾ ਇਸ ਤੋਂ ਪਹਿਲਾਂ ਤੇ ਨਾ ਹੀ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ, ਜਨਤਾ ਨੇ ਏਨੀ ਸ਼ਾਨਦਾਰ ਜਿੱਤ ਦਿਤੀ। ਜਥੇਦਾਰ ਜੀ ਦੀ ਅਗਵਾਈ ਹੇਠ, ਸਮੇਤ ਜਥੇਦਾਰ ਜੀ ਦੇ, ਸਣੇ ਸਹਿਯੋਗੀ ਜਨਤਾ ਪਾਰਟੀ ਦੇ, ਉਮੀਦਵਾਰਾਂ ਦੇ, ਸਾਰੇ ਦੇ ਸਾਰੇ ਪਾਰਲੀਮੈਂਟ ਲਈ ਚੁਣੇ ਗਏ। ਫਿਰ ਪੰਜਾਬ ਅਸੈਂਬਲੀ ਦੀ ਚੋਣ ਹੋਈ ਤਾਂ ਉਸ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਤੇ ਜਨਤਾ ਪਾਰਟੀ ਨੇ ਜਿੱਤ ਉਪ੍ਰੰਤ ਸਰਕਾਰ ਬਣਾਈ।
੧੯੭੮ ਵਿੱਚ ਜਥੇਦਾਰ ਮੋਹਨ ਸਿੰਘ ਤੁੜ ਜੀ ਦੇ ਥਾਂ ਸ. ਜਗਦੇਵ ਸਿੰਘ ਤਲਵੰਡੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਪਰ ਜਥੇਦਾਰ ਮੋਹਨ ਸਿੰਘ ਤੁੜ ਜੀ, ਆਪਣੇ ਅੰਤਮ ਸਮੇ ਜੁਲਾਈ, ੧੯੭੯ ਤੱਕ ਪੰਥ ਦੇ ਸਨਮਾਨਤ ਆਗੂ ਵਜੋਂ ਸੇਵਾ ਕਰਦੇ ਰਹੇ।
ਜਥੇਦਾਰ ਮੋਹਨ ਸਿੰਘ ਤੁੜ ਜੀ, ਆਪਣੇ ਲਿਬਾਸ, ਸ਼ਕਲ ਸੂਰਤ, ਬੋਲ ਬਾਣੀ, ਸੋਚ ਵਿਚਾਰ, ਕੁਰਬਾਨੀ ਤਿਆਗ, ਰਹਿਤ ਬਹਿਤ ਦੇ ਰੂਪ ਵਿਚ, ਉਸ ਸਮੇ, ਸ਼੍ਰੋਮਣੀ ਅਕਾਲੀ ਦੇ ਵਰਕਰ ਅਤੇ ਆਗੂ ਵਜੋਂ ਇੱਕ ਆਦਰਸ਼ਕ, ਰੀਸ ਕਰਨ ਦੇ ਯੋਗ ਸ਼ਖ਼ਸੀਅਤ ਸਨ।
ਜਥੇਦਾਰ ਜੀ ਦੀ ਪ੍ਰਧਾਨਗੀ ਦਾ ਸਮਾ, ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ ਸੁਨਹਿਰੀ ਸਮਾ ਸੀ। ਜਥੇਦਾਰ ਜੀ ਦੇ ੧੯੪੫ ਵਿਚ, ਸਰਕਲ ਸਿਰਹਾਲੀ ਦੇ ਜਥੇਦਾਰ ਬਣਨ ਤੋਂ ਸ਼ੁਰੂ ਹੋ ਕੇ, ੧੯੭੨ ਵਿੱਚ ਦਲ ਦੇ ਪ੍ਰਧਾਨ ਬਣਨ ਤੱਕ, ੧੯੫੫ ਵਿੱਚ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਮੈਂਬਰ ਬਣਨ ਤੋਂ ਲੈ ਕੇ, ਇਸ ਦੇ ੧੯੬੮ ਵਿੱਚ ਸੀਨੀਅਰ ਮੀਤ ਪ੍ਰਧਾਨ ਬਣਨ ਤੱਕ, ਪੰਜਾਬ ਸਰਕਾਰ ਵਿੱਚ ਵਜ਼ੀਰ ਬਣਨ ਅਤੇ ਐਮ. ਪੀ. ਬਣਨ ਤੱਕ ਵੀ ਜਥੇਦਾਰ ਜੀ ਹਸਮੁਖ, ਨਿਰਮਾਣ, ਵਰਕਰਾਂ ਦੇ ਕਦਰਦਾਨ, “ਮੈ ਮਰਾਂ ਪਥ ਜੀਵੇ” ਵਾਲ਼ੇ ਸਿਧਾਂਤ ਉਪਰ ਹੀ ਚੱਲਦੇ ਰਹੇ। ਭਾਈ ਭਤੀਜਾਵਾਦ ਵਾਲ਼ੀ ਸੋਚ ਤੋਂ ਉਪਰ ਰਹੇ। ਆਪ ਜੀ ਦੇ ਇਸ ਸੰਸਾਰ ਤੋਂ ਚਲੇ ਜਾਣ ਬਾਅਦ, ਉਹਨਾਂ ਦੇ ਦੋ ਸਪੁੱਤਰ, ਸ. ਲਹਿਣਾ ਸਿੰਘ ਤੇ ਸ. ਤਰਲੋਚਨ ਸਿੰਘ ਵੀ, ਵਾਰੀ ਵਾਰੀ ਐਮ. ਪੀ. ਬਣੇ।
ਜਥੇਦਾਰ ਜੀ ਦੇ ਪਰਵਾਰ ਵਿੱਚ ਕੁੱਝ ਅਣਸੁਖਾਵੀਆਂ ਘਟਨਾਵਾਂ ਵੀ ਵਾਪਰੀਆਂ। ਜਥੇਦਾਰ ਜੀ ਦੇ ਆਪਣੇ ਸਰੀਰ ਉਪਰ ਝੱਲੇ ਸਰਕਾਰੀ ਤਸ਼ੱਦਦ ਤੋਂ ਇਲਾਵਾ, ਜਥੇਦਾਰ ਜੀ ਦਾ ਇੱਕ ਸਪੁੱਤਰ ਟੀਚਰ ਸ. ਦੇਸਾ ਸਿੰਘ ਖੇਤਾਂ ਵਿੱਚ ਟ੍ਰੈਕਟਰ ਚਲਾਉਂਦਿਆਂ ਹਾਦਸੇ ਦਾ ਸ਼ਿਕਾਰ ਹੋ ਕੇ ਚਲਾਣਾ ਕਰ ਗਿਆ ਸੀ ਤੇ ਦੂਜਾ ਸਪੁੱਤਰ ਡਾ. ਗੁਰਬਚਨ ਸਿੰਘ, ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਸਮੇ, ਫੌਜ ਦੀ ਗੋਲ਼ੀ ਦਾ ਸ਼ਿਕਾਰ ਹੋ ਗਿਆ ਸੀ।


05/27/18
ਅਕੇਸ਼ ਕੁਮਾਰ

ਸੰਸਥਾਂਵਾਂ ਨੂੰ ਦਾਨ ਦੇਣ ਦੀ ਬਜਾਏ ਖੁਦਕੁਸ਼ੀ ਕਰ ਰਹੇ ਕਿਸਾਨ ਭਰਾਵਾਂ ਦੀ ਮਦਦ ਕਰਨਾ ਹੀ ਸਹੀ ਅਰਥਾ ਵਿੱਚ ਪੁੰਨ ਦਾ ਭਾਗੀ ਬਣਾਉਂਦਾ ਹੈ
ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ। ਹੁਣ ਸੋਸ਼ਲ ਮੀਡੀਆ ਵਿੱਚ ਧਰਮ ਦੇ ਠੇਕੇਦਾਰਾਂ ਵਲੋਂ ਮਚਾਈ ਲੁੱਟ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ। ਹੁਣ ਸਾਡੀ ਵੀ ਲੋਕਾਂ ਨੂੰ ਅਪੀਲ ਹੈ ਕਿ ਉਹ ਸੰਸਥਾਂਵਾਂ ਨੂੰ ਦਾਨ ਦੇਣ ਦੀ ਬਜਾਏ ਖੁਦਕੁਸ਼ੀ ਕਰ ਰਹੇ ਕਿਸਾਨ ਭਰਾਵਾਂ ਦੀ ਮਦਦ ਕਰਨ ਅਤੇ ਸਹੀ ਅਰਥਾਂ ਵਿੱਚ ਪੁੰਨ ਦੇ ਭਾਗੀ ਬਣਨ। ਅੱਜ ਜੋ ਤੁੰਸੀ ਦਾਨ ਦੇ ਰਹੇ ਹੋ ਕੁੱਝ ਹੀ ਧਾਰਮਿਕ ਅਤੇ ਸਮਾਜਿਕ ਸੇਵਾ ਸੰਸਥਾਂਵਾਂ ਅਜਿਹੀਆਂ ਹੋਣਗੀਆਂ ਜੋ ਜਨਤਾ ਤੋਂ ਲਿਆ ਹੋਇਆ ਪੈਸਾ ਜਨਤਾ ਤੇ ਹੀ ਖਰਚਦੀਆਂ ਹਨ। ਸੰਸਥਾਵਾਂ ਨੂੰ ਦਾਨ ਦੇਣ ਤੋਂ ਪਹਿਲਾ ਸੋਚ ਵਿਚਾਰ ਕੇ ਦਾਨ ਦੇਣਾ ਚਾਹੀਦਾ ਹੈ ਕਿ ਕਿਤੇ ਉਸ ਸੰਸਥਾ ਨੂੰ ਦਿੱਤੇ ਦਾਨ ਨਾਲ ਉਸਦੇ ਕੁੱਝ ਓਹਦੇਦਾਰ ਖੁੱਦ ਆਪਣੇ ਘਰ ਤਾਂ ਨਹੀ ਭਰ ਰਹੇ ਕਿਉਕਿ ਅੱਜ ਕੱਲ ਅਜਿਹੇ ਲੋਕਾਂ ਦੀ ਕਮੀ ਨਹੀ ਹੈ ਜੋ ਕੋਈ ਕੰਮ ਕਰਦੇ ਨਹੀ ਅਤੇ ਪੈਸੇ ਮੋਟੇ ਖਰਚਦੇ ਹਨ ਜਾਂ ਫਿਰ ਉਹਨਾਂ ਦਿਖਾਵੇ ਦੇ ਨਾਮ ਤੇ ਕੰਮ ਰੱਖੇ ਹੁੰਦੇ ਹਨ। ਇਸ ਲਈ ਸਾਵਧਾਨ ਹੋ ਕੇ ਦਾਨ ਦਿਓ। ਅੱਜ ਅਜਿਹੇ ਸੰਸਥਾਂ ਦੇ ਪੇਧਾਨਾਂ ਜਾ ਹੋਰ ਓੁਹਦੇਦਾਰਾਂ ਦੀ ਕਮੀ ਨਹੀ ਹੈ ਜੋ ਸੰਸਥਾਵਾਂ ਦੇ ਨਾਮ ਤੇ ਦਾਨ ਲੈ ਕੇ ਲੱਖਾਂ ਰੁਪਏ ਕਮਾਈ ਹਰ ਸਾਲ ਕਰ ਰਹੇ ਹਨ ਅਤੇ ਦਿਖਾਵੇ ਦੇ ਨਾਮ ਤੇ ਕੋਈ ਬਿਜਨੇਸ ਖੜਾ ਕੀਤਾ ਹੋਇਆ ਹੈ ਜਦੋਂ ਕਿ ਅਸਲੀ ਕਮਾਈ ਇਹਨਾ ਸੰਸਥਾ ਰਾਹੀ ਹੀ ਕੀਤੀ ਜਾ ਰਹੀ ਹੁੰਦੀ ਹੈ। ਤੁੰਸੀ ਆਪਣੇ ਆਸ ਪਾਸ ਨਿਗਾਹ ਮਾਰੋ ਤਾਂ ਕੁੱਝ ਲੋਕ ਅਜਿਹੀਆਂ ਸੰਸਥਾਵਾਂ ਦੇ ਓੁਹਦੇਦਾਰ ਬਣਦਿਆਂ ਹੀ ਦਿਨਾਂ ਵਿੱਚ ਹੀ ਲੱਖਪਤੀ ਜਾਂ ਫਿਰ ਕਰੋੜਪਤੀ ਕਿਵੇਂ ਬਣ ਜਾਂਦੇ ਹਨ ਜੱਦਕਿ ਪਹਿਲਾਂ ਇਹਨਾਂ ਦਾ ਬਸ ਤੋਰੀ ਫੁਲਕਾ ਹੀ ਚੱਲ ਰਿਹਾ ਹੁੰਦਾ ਹੈ ਤੇ ਫਿਰ ਦਿਨਾਂ ਵਿੱਚ ਹੀ ਕਾਰਾਂ ਕੋਠੀਆਂ ਕਿਵੇਂ ਬਣ ਜਾਂਦੀਆਂ ਹਨ।
ਅੱਜ ਸਮਾਜ ਸੇਵਾ ਦੇ ਨਾਮ ਤੇ ਨਿਜੀ ਫਾਇਦੇ ਲੈਣ ਦੀ ਹੋੜ ਸਮਾਜ ਦੇ ਕੁੱਝ ਸਵਾਰਥੀ ਵਰਗਾਂ ਵਿੱਚ ਆ ਚੁੱਕੀ ਹੈ। ਸਮਾਜ ਸੇਵਾ ਦੇ ਨਾਮ ਤੇ ਜਨਤਾ ਤੋਂ ਆਏ ਦਿਨ ਪਰਚੀਆਂ ਕੱਟੀਆਂ ਜਾਂਦੀਆਂ ਹਨ ਪਰ ਸੰਸਥਾਂ ਦੀ ਆੜ ਵਿੱਚ ਆਪਣੇ ਨਿਜੀ ਫਾਇਦੇ ਲਏ ਜਾ ਰਹੇ ਹਨ। ਮਾਲ ਜਨਤਾ ਦਾ ਅਤੇ ਫਾਇਦੇ ਆਪਣੇ। ਇਸੇ ਕਰਕੇ ਸਾਡੀ ਦਾਨੀ ਸਜਨਾਂ ਨੂੰ ਅਪੀਲ ਹੈ ਕਿ ਉਹ ਅਜਿਹੀਆਂ ਅਖੌਤੀ ਸੰਸਥਾਂਵਾਂ ਨੂੰ ਦਾਨ ਦੇਣ ਦੀ ਬਜਾਏ ਖੁਦਕੁਸ਼ੀ ਨੂੰ ਮਜਬੂਰ ਕਿਸਾਨ ਭਰਾਵਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਕੋਈ ਪਰਿਵਾਰ ਹੱਸਦਾ ਵਸਦਾ ਰਹਿ ਸਕੇ। ਜਿਹੜੇ ਕਿਸਾਨ ਭਰਾ ਖੁਦਕੁਸ਼ੀ ਕਰ ਚੁੱਕੇ ਹਨ ਉਹਨਾਂ ਦੇ ਪਰਿਵਾਰਾਂ ਵੱਲ ਮਦਦ ਦਾ ਹੱਥ ਵਧਾਓ ਤਾਂ ਜੋ ਤੁਹਾਡਾ ਦਿੱਤਾ ਦਾਨ ਕਿਸੇ ਤੇ ਚਹਿਰੇ ਤੇ ਖੁਸ਼ੀ ਲਿਆ ਸਕੇ।
ਅਕੇਸ਼ ਕੁਮਾਰ
ਲੇਖਕ
98880-31426


05/20/18
ਅਵਤਾਰ ਸਿੰਘ ਮਿਸ਼ਨਰੀ

ਗਿ. ਅਮਰੀਕ ਸਿੰਘ ਚੰਡੀਗੜ੍ਹ ‘ਤੇ ਇੰਗਲੈਂਡ ਚ ਵਿਸਾਹਘਾਤੀ ਹਮਲੇ ਦੀ ਜੋਰਦਾਰ ਨਿਖੇਧੀ ਤੇ ਦਸਤਾਰ ਲਉਣ ਲਈ ਲਾਹਣਤ
(ਦੁਪਾਲਪੁਰ/ਮਿਸ਼ਨਰੀ) ਪਿਛਲੇ ਹਫਤੇ ਗੁਰਦੁਆਰਾ ਸਾਊਥਹਾਲ ਇੰਗਲੈਂਡ ਵਿਖੇ ਵਿਸਾਹਘਾਤ ਕਰਕੇ ਪੰਥ ਦੇ ਸਿਰਮੌਰ ਕਥਾਵਾਚਕ ਗਿ. ਅਮਰੀਕ ਸਿੰਘ ਚੰਡੀਗੜ੍ਹ ਦੀ 50-60 ਦੇ ਕਰੀਬ ਸ਼ੇਰ ਦੀ ਖੱਲ ਪਾਈ ਦਸਤਾਰਧਾਰੀ ਖੋਤਿਆਂ ਨੇ ਪੱਗ ਲਾਹੀ, ਕੇਸ ਪੁੱਟੇ ਅਤੇ ਧੱਕਾ ਮੁੱਕੀ ਕੀਤਾ। ਮੀਡੀਏ ਦੀਆਂ ਖਬਰਾਂ ਅਨੁਸਾਰ ਗਿ. ਅਮਰੀਕ ਸਿੰਘ ਜੀ ਨੂੰ ਕਥਾ ਅਤੇ ਆਪਸੀ ਮੱਤਭੇਦਾਂ ਬਾਰੇ ਵਿਚਾਰਾਂ ਕਰਨ ਲਈ ਬੁਲਾਇਆ ਗਿਆ ਸੀ। ਜਦ ਗਿਆਨੀ ਜੀ ਸਟੇਜ ਤੇ ਬੈਠੇ ਹੁਕਮਨਾਮੇ ਦੀ ਕਥਾ ਕਰਨ ਲੱਗੇ ਸਨ ਤਾਂ ਚਲਦੇ ਹੁਕਮਨਾਮੇ ਦੇ ਵਿੱਚ ਹੀ ਬੁਰਸ਼ਾਗਰਦਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਪਹਿਲਾਂ ਇਹ ਪੰਜ ਸਿੰਘਾਂ ਨਾਲ ਵਿਚਾਰ ਕਰ ਲੈਣ ਪਰ ਗਿਆਨੀ ਜੀ ਨੂੰ ਗੁਰਦਵਾਰੇ ਦੇ ਦਰਵਾਜੇ ਚ ਹੀ ਪਿਛੋਂ ਧੱਕਾ ਮਾਰ ਕੇ ਦਸਤਾਰ ਲਾਹ ਦਿੱਤੀ, ਕੇਸ ਪੁੱਟੇ, ਸਿਰ ਚ ਕੜੇ ਮਾਰੇ ਤੇ ਧੱਕਾ ਮੁੱਕੀ ਕੀਤੀ। ਪ੍ਰਬੰਧਕ ਤੇ ਦਮਦਮੀ ਟਕਸਾਲ ਦੇ ਸੱਜਨ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ।
ਸਾਧ ਸੰਗਤ ਜੀ! ਗੁਰਦੁਆਰੇ ਜੋ ਗਿਆਨ ਦੇ ਸੋਮੇ ਹਨ ਓਥੇ ਹੀ ਗੁਰੂ ਗ੍ਰੰਥ ਦਾ ਗਿਆਨ ਵੰਡਣ ਵਾਲਿਆਂ ਦੀ ਬੇਇਜ਼ਤੀ ਕਰਨ ਵਾਲੇ, ਸਿੱਖ ਨਹੀਂ ਸਗੋਂ ਸਿੱਖੀ ਭੇਸ ਚ ਗੁਰੂ ਗ੍ਰੰਥ ਦੇ ਦੁਸ਼ਮਣ ਹਨ। ਸਿੱਖੀ ਚ ਵਿਚਾਰਾਂ ਦੀ ਅਜ਼ਾਦੀ ਹੈ, ਜੇ ਕਿਸੇ ਦੇ ਵਿਚਾਰ ਸਾਡੇ ਨਾਲ ਨਹੀਂ ਮਿਲਦੇ ਤਾਂ ਸਾਨੂੰ ਕੋਈ ਹੱਕ ਨਹੀਂ ਅਸੀਂ ਉਸ ਦੀ ਬੇਇਜ਼ਤੀ ਕਰੀਏ ਤੇ ਪੱਗਾਂ ਲਾਹੀਏ। ਖਾਸ ਕਰ ਇਹ ਮੁੱਠੀ ਭਰ ਬੁਰਸ਼ਾਗਰਦ ਲੋਕ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਧਾਂਤਕ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦੀ ਹੀ ਵਿਰਧਤਾ ਕਰਦੇ ਨੇ ਪਰ ਇਨ੍ਹਾਂ ਨੇ ਕਦੇ ਹੋਰ ਹੋਰ ਸੰਤਾਂ ਤੇ ਗ੍ਰੰਥਾਂ ਦੇ ਪੁਜਾਰੀਆਂ ਦਾ ਵਿਰੋਧ ਨਹੀਂ ਕੀਤਾ, ਜੋ ਸ਼ਰੇਆਮ ਮਨਘੜਤ ਕਥਾ ਕਹਾਣੀਆਂ ਤੇ ਬ੍ਰਾਹਮਣੀ ਕਰਮਕਾਂਡ ਗੁਰਦੁਆਰਿਆਂ ਚ ਪ੍ਰਚਾਰ ਕੇ ਜਾਂਦੇ ਹਨ। ਇਹ ਲੋਕ ਦੋਗਲੇ ਸਿੱਖ ਲਗਦੇ ਹਨ ਕਿ ਹਰ ਵੇਲੇ “ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ” ਦੀ ਆਰਦਾਸ ਕਰਨ ਵਾਲੇ ਫਿਰ ਆਪੋ ਆਪਣੇ ਸੰਤਾਂ ਮਹੰਤਾਂ ਤੇ ਗ੍ਰੰਥਾਂ ਮਗਰ ਅੱਖਾਂ ਮੀਟ ਲੱਗ ਜਾਂਦੇ ਹਨ। ਇਹ ਲੋਕ ਦੇਸ਼ਾਂ ਵਿਦੇਸ਼ਾਂ ਦੇ ਗੁਰਦੁਆਰਿਆਂ ਚ ਚਲਦੇ ਦਿਵਾਨਾਂ ਚ ਖਲਬਲੀ ਮਚਾ, ਆਪਣੀ ਦਹਿਸ਼ਤ ਫੈਲਾ, ਅੰਤਰਾਸ਼ਟਰੀ ਮੀਡੀਏ ਤੇ ਭਾਈਚਾਰੇ ਚ ਸਿੱਖ ਕੌਮ ਦਾ ਅਕਸ ਖਰਾਬ ਕਰਨ ਦੇ ਦੋਸ਼ੀ ਹਨ।
ਸੁਹਿਰਦ ਪ੍ਰਬੰਧਕਾਂ ਤੇ ਸੰਗਤਾਂ ਨੂੰ ਇਧਰ ਫੌਰੀ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਲੋਕ ਹਰ ਥਾਂ ਕੌਮ ਦੀ ਹੇਠੀ ਕਰਾਉਣਗੇ। ਇੱਕ ਪਾਸੇ ਸਿੱਖ ਕੌਮ ਆਪਣੇ ਕੌਮੀ ਹੱਕ, ਸੱਚ, ਇਨਸਾਫ ਦੀ ਲੜਾਈ ਲੜ ਰਹੀ ਹੈ, ਦੂਜੇ ਪਾਸੇ ਪਾਖੰਡੀ ਡੇਰੇਦਾਰ ਬ੍ਰਾਹਮਣੀ ਕਰਮਕਾਂਡ ਅਤੇ ਅਜਿਹੇ ਹੁਲੜਬਾਜ ਗੁਰਦੁਆਰਿਆਂ ਚ ਹੱਲਾ ਗੁੱਲਾ ਕਰਕੇ ਸਿੱਖਾਂ ਦੀਆਂ ਹੀ ਪੱਗਾਂ ਲਾਹ ਰਹੇ ਹਨ।
ਅਸੀਂ ਇੰਟ੍ਰਨੈਸ਼ਨਲ ਸਿੱਖ ਕੌਂਸਲ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ, ਮਿਸ਼ਨਰੀ ਸੰਸਥਾਵਾਂ, ਸਿੱਖ ਵਿਦਵਾਨਾਂ, ਪ੍ਰਚਾਰਕਾਂ, ਲਿਖਾਰੀਆਂ, ਚਿੰਤਕਾਂ, ਕੌਮੀ ਸਿੱਖ ਨੇਤਾਵਾਂ, ਦਿੱਲੀ ਤੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਇਸ ਬੁਰਸ਼ਾਗਰਦ ਵਿਸ਼ਾਹਘਾਤੀ ਹਮਲੇ ਦੀ ਨਿਖੇਧੀ ਕੀਤੀ ਹੈ।
ਗੁਰਦੁਆਰੇ ਕੌਮ ਦੇ ਸਾਂਝੇ ਧਰਮ ਅਸਥਾਨ ਹਨ ਓਥੇ ਕਿਸੇ ਇੱਕ ਧੜੇਬੰਦੀ, ਸੰਪਰਦਾ ਜਾਂ ਪਾਰਟੀ ਦੇ ਪ੍ਰਚਾਰਕਾਂ ਨੂੰ ਹੀ ਨਹੀਂ ਸਗੋਂ ਸਭ ਨੂੰ ਸਮਾ ਦੇਣਾ ਚਾਹੀਦਾ ਹੈ। ਸੰਗਤ ਜਿਸ ਤੋਂ ਕੁਝ ਸਿਖਣਾ ਚਾਹੇ ਆਪੇ ਸਿੱਖ ਲਵੇਗੀ। ਨਹੀਂ ਤਾਂ ਫਿਰ ਜਾਗਰੂਕ ਸਿੱਖ ਸੰਗਤਾਂ ਤੇ ਪ੍ਰਬੰਧਕਾਂ ਨੂੰ ਆਪਣੇ ਧਰਮ ਅਸਥਾਨ ਬਨਾਉਣੇ ਪੈਣਗੇ ਜਿੱਥੇ ਵਿਦਵਾਨ ਪ੍ਰਚਾਰਕ ਬੇਖੌਫ ਨਿਡੱਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਰਬਸਾਂਝੀ, ਸੱਚੀ-ਸੁੱਚੀ ਵਿਚਾਰਧਾਰਾ ਦਾ ਪ੍ਰਚਾਰ ਕਰ ਸੱਕਣ।
ਅਸੀਂ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਬੀਬੀ ਰਾਵਿੰਦਰ ਕੌਰ ਭੰਗੂ, ਬੀਬੀ ਕਮਲਜੀਤ ਕੌਰ ਫਰੀਮਾਂਟ, ਸ੍ਰ. ਦਰਸ਼ਨ ਸਿੰਘ, ਰਾਗੀ ਹਰਜਿੰਦਰ ਸੰਘ, ਸ੍ਰ. ਸੁਖਵਿੰਦਰ ਸਿੰਘ ਹੇਵਰਡ, ਸ੍ਰ. ਵਰਿੰਦਰ ਸਿੰਘ ਗੋਲਡੀ, ਸ੍ਰ. ਇਕਬਾਲ ਸਿੰਘ ਐਲੇ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ, ਡਾ. ਗੁਰਮੀਤ ਸਿੰਘ, ਡਾ. ਗੁਰਦੀਪ ਸਿੰਘ ਹੋਮਿਓਂਪੈਥੀ, ਸ੍ਰ. ਮਝੈਲ ਸਿੰਘ, ਸੈਨਹੋਜੇ, ਸ੍ਰ. ਜਗਜੀਤ ਸਿੰਘ ਚੌਹਾਨ ਗਿੱਲ ਰਾਏ, ਡਾ. ਗੁਰਪ੍ਰੀਤ ਸਿੰਘ, ਗਿ. ਅਜਮੇਰ ਸਿੰਘ, ਸ੍ਰ. ਚਮਕੌਰ ਸਿੰਘ ਫਰਿਜਨੋ, ਸ੍ਰ. ਸਰਬਜੀਤ ਸਿੰਘ , ਪ੍ਰੋ. ਮੱਖਨ ਸਿੰਘ ਸੈਕਰਾਮੈਂਟੋ, ਗਿ. ਬਲਵਿੰਦਰ ਸਿੰਘ, ਸ੍ਰ. ਬਖਸ਼ੀਸ਼ ਸਿੰਘ, ਰਾਗੀ ਗੋਪਾਲ ਸਿੰਘ, ਬਾਬਾ ਗੁਰਮੇਲ ਸਿੰਘ ਬਿਕਰਸਫੀਲਡ, ਗਿ. ਜਗਤਾਰ ਸਿੰਘ ਜਾਚਿਕ ਨਿਊਯਾਰਕ, ਪ੍ਰਿੰਸੀਪਲ ਜਸਬੀਰ ਸਿੰਘ ਮਿਸ਼ਨਰੀ, ਭਾਈ ਸਵਿੰਦਰ ਸਿੰਘ, ਰਣਜੀਤ ਸਿੰਘ ਅਜਨਾਲਾ ਇੰਡਿਆਨਾ, ਗਿ. ਅਮਰਜੀਤ ਸਿੰਘ, ਸ੍ਰ. ਅਵਤਾਰ ਸਿੰਘ ਲੋਡਾਈ, ਸ੍ਰ. ਜਸਵੰਤ ਸਿੰਘ ਮਿਸ਼ੀਗਨ ਅਤੇ ਸਾਰੇ ਅਮਰੀਕਾ ਕਨੇਡਾ ਦੇ ਪ੍ਰਚਾਰਕ, ਵਿਦਵਾਨ, ਲਿਖਾਰੀ, ਚਿੰਤਕ, ਸੰਗਤਾਂ ਅਤੇ ਸੁਹਿਰਦ ਪ੍ਰਬੰਧਕ ਇਸ ਬੁਰਸ਼ਾਗਰਦੀ ਦੀ ਜੋਰਦਾਰ ਨਿਖੇਧੀ ਕਰਦੇ ਹਾਂ।


05/20/18
ਆਤਮਜੀਤ ਸਿੰਘ, ਕਾਨਪੁਰ

ਸ਼ਸਤਰ ਪੀਰ ਕਿਵੇਂ ...?
ਸਿੱਖ ਅਕਾਲ ਸ਼ਬਦ ਦਾ ਪੁਜਾਰੀ ਹੈ, ਨਾ ਕਿ ਕਿਸੇ ਤਲਵਾਰ ਆਦਿਕ ਸ਼ਸ਼ਤਰ ਦਾ { "ਅਸ ਕ੍ਰਿਪਾਨ ਖੰਡਹੁ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹ ਹਮਾਰੈ ਪੀਰ" (ਅਖੌਤੀ ਦਸਮ ਗ੍ਰੰਥ) } ...। ਸਿੱਖ ਜ਼ੁਲਮ ਵਿਰੁੱਧ ਤਲਵਾਰ ਚੁੱਕਦਾ ਹੈ, ਸ਼ਸ਼ਤਰ ਧਾਰਨ ਕਰਦਾ ਹੈ, ਨਾ ਕਿ ਧੂਫਾਂ ਧੂਖਾ ਕੇ, ਮੱਥੇ ਟੇਕ ਕੇ ਪੂਜਣ ਵਾਸਤੇ। ਆਪਣੇ ਆਪ ਸ਼ਸ਼ਤਰ ਕਿਸੇ ਦੀ ਵੀ ਰੱਖਿਆ ਨਹੀਂ ਕਰਦਾ ਸਗੋਂ ਜਿਸ ਦੇ ਹੱਥ ਵਿੱਚ ਹੁੰਦਾ ਹੈ ਉਹ ਹੀ ਇਸ ਦੀ ਯੋਗ ਵਰਤੋਂ ਕਰਕੇ ਆਪਣੀ ਅਤੇ ਹੋਰਨਾਂ ਦੀ ਰੱਖਿਆ ਕਰ ਸਕਦਾ ਹੈ ...। ਸ਼ਸ਼ਤਰ ਕਿਸੇ ਦਾ ਮਿਤਰ ਨਹੀਂ, ਜੇ ਤੁਹਾਡਾ ਸ਼ਸ਼ਤਰ ਵੈਰੀ ਦੇ ਹੱਥ ਆ ਜਾਵੇ, ਤਾਂ ਓਹੀ ਸ਼ਸ਼ਤਰ ਤੁਹਾਡਾ ਵੈਰੀ ਬਣ ਜਾਂਦਾ ਹੈ ...। ਇਸ ਕਰਕੇ ਪੁਰਾਤਨ ਸਿੱਖ ਸ਼ਸ਼ਤਰ ਦਾ ਵਿਸਾਹ ਨਹੀਂ ਸੀ ਖਾਂਦੇ, ਸਦਾ ਅੰਗ ਸੰਗ ਰੱਖਦੇ ਸਨ, ਇਸ ਕਰਕੇ ਅਰਦਾਸ ਵਿੱਚ ਵੀ ਵਿਸਾਹ ਦਾਨ ਸ਼ਬਦ ਸ਼ਾਮਲ ਕੀਤਾ ਗਿਆ ।
ਸ਼ਸ਼ਤਰ ਸਿੱਖਾਂ ਦੇ ਪੀਰ ਨਹੀਂ ਹਨ, ਸਗੋਂ ਸਿੱਖਾਂ ਦਾ ਪੀਰ ਸ਼ਬਦ ਹੈ ... "ਸ਼ਬਦੁ ਗੁਰੁ ਪੀਰਾ ਗਹਿਰ ਗੰਭੀਰਾ, ਬਿਨ ਸਭਦੈ ਜਗੁ ਬਉਰਾਨੰ" (ਪੰਨਾ: ੬੩੫) ... ਪੀਰ ਦਾ ਅਰਥ ਗੁਰੂ ਹੈ । ਜਦ ਸਿੱਧਾਂ ਨੇ ਗੁਰੂ ਨਾਨਕ ਜੀ ਨੂੰ ਪੁਛਿਆ ਕਿ ਤੁਹਾਡਾ ਗੁਰੂ ਕੌਣ ਹੈ ...? ਤਾਂ ਬਾਬਾ ਨਾਨਕ ਜੀ ਨੇ ਫੁਰਮਾਇਆ ... "ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਪੰਨਾ: ੯੪੩) ।
ਜਿਵੇਂ ਹਿੰਦੂ ਧਰਮ ਵਿੱਚ ਕਲਪਿਤ ਦੇਵੀ ਦੇਵਤਿਆਂ, ਪੱਥਰਾਂ, ਰੁੱਖਾਂ, ਪਸ਼ੂ ਪੰਛੀਆਂ, ਪਾਣੀ, ਹਵਾ, ਅੱਗ, ਧਰਤੀ ਅਤੇ ਅਕਾਸ਼ ਆਦਿਕ ਕਿਰਤਮ ਵਸਤੂਆਂ ਦੀ ਪੂਜਾ ਕੀਤੀ ਜਾਂਦੀ ਹੈ, ਇਵੇਂ ਹੀ ਸਿੱਖ ਵਿਚਾਰਧਾਰਾ ਅਤੇ ਉੱਚਕੋਟੀ ਦੀ ਫਿਲਾਸਫੀ ਨੂੰ ਖਤਮ ਕਰਨ ਵਾਸਤੇ ਹਿੰਦੂਨੁਮਾਂ ਸੰਪ੍ਰਦਾਈ ਸਾਧਾਂ ਸੰਤਾਂ, ਅਖੌਤੀ ਟਕਸਾਲੀਆਂ ਅਤੇ ਡੇਰੇਦਾਰ ਵਿਦਵਾਨਾਂ ਨੇ ਸ਼ਸ਼ਤਰਾਂ ਦੀ ਪੂਜਾ ਰਾਹੀਂ ਸਿੱਖ ਧਰਮ ਦੇ ਸਰਬਕਾਲੀ ਅਤੇ ਸਰਬਦੇਸ਼ੀ ਸਿਧਾਂਤਾਂ ਨੂੰ ਖਤਮ ਕਰਨ ਵਾਸਤੇ "ਪੂਜਾ ਅਕਾਲ ਕੀ" ਦੀ ਥਾਂ "ਸ਼ਸ਼ਤਰਾਂ ਦੀ ਪੂਜਾ" ਸ਼ੁਰੂ ਕਰਵਾ ਦਿੱਤੀ ...।
ਓਇ ਭਲਿਓ! ਜਰਾ ਸੋਚੋ ਜੇ ਪੂਜਾ ਕਰਨ ਨਾਲ ਹੀ ਦੁਸ਼ਮਣ ਮਰ ਜਾਂਦੇ ਤਾਂ ਫਿਰ ਸੰਸਾਰ ਵਿੱਚ ਵੱਡੇ ਜੰਗਾਂ ਦੀ ਕੀ ਲੋੜ ਸੀ ...? ਸੋ ਯੋਧੇ ਨੇ ਸ਼ਸ਼ਤਰ ਦੀ ਚੰਗੀ ਦੇਖ ਭਾਲ ਤੇ ਸੰਭਾਲ ਅਤੇ ਵਰਤੋਂ ਕਰਨੀ ਹੈ ਨਾਂ ਕਿ ਪੂਜਾ ...।
ਹੁਣ ਫੈਸਲਾ ਤੁਹਾਡੇ ਹੱਥ ਹੈ ... ਤੁਸੀਂ ਗੁਰੂ ਦਾ ਫੈਸਲਾ "ਸਬਦੁ ਗੁਰ ਪੀਰਾ" ਨੂੰ ਮੰਨਣਾ ਹੈ, ਜਾਂ ਸ਼ਸਤਰ ਨੂੰ, ਜਿਹੜਾ ਸਕਾ ਹੀ ਨਹੀਂ ... !!!
"ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ"
ਆਤਮਜੀਤ ਸਿੰਘ, ਕਾਨਪੁਰ


05/20/18
ਅਕੇਸ਼ ਕੁਮਾਰ

ਆਤਮਹੱਤਿਆ ਨਾਲ ਮਰਣ ਵਾਲਿਆਂ ਦੀ ਗਿਣਤੀ ਕਤਲ ਜਾਂ ਜੰਗ ਕਾਰਨ ਮਰਣ ਵਾਲਿਆਂ ਦੀ ਕੁੱਲ ਗਿਣਤੀ ਤੋਂ ਵੀ ਜਿਆਦਾ
ਜਿੰਦਗੀ ਸੰਘਰਸ਼ ਦਾ ਦੁਸਰਾ ਨਾਮ ਅਗਰ ਸੰਘਰਸ ਤੋਂ ਡਰ ਕੇ ਜੀਨਾ ਛੱਡ ਦੇਵਾਂਗੇ ਤਾਂ ਆਉਣ ਵਾਲੀ ਪੀੜੀ ਕਿਸ ਤਰ੍ਹਾਂ ਮਾਫ ਕਰ ਪਾਵੇਗੀ
ਅੱਜ ਕੱਲ੍ਹ ਦੀ ਤੇਜ਼ ਰਫਤਾਰ ਜਿੰਦਗੀ ਵਿੱਚ ਮੁਕਾਬਲੇ ਦੀ ਦੌੜ ਵੱਧਣ ਨਾਲ ਤਨਾਅ ਅਤੇ ਗੁੱਸੇ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਇਨਸਾਨ ਵਿੱਚ ਨਿਰਾਸ਼ਾ ਵੱਧ ਰਹੀ ਹੈ। ਇਸ ਤਨਾਅ ਅਤੇ ਨਿਰਾਸ਼ਾ ਕਾਰਨ ਪਿਛਲੇ ਕੁੱਝ ਸਾਲਾਂ ਵਿੱਚ ਆਤਮਹੱਤਿਆ ਦੀ ਸਮਾਜਿਕ ਸਮਸਿਆ ਹਰ ਉਮਰ ਦੇ ਲੋਕਾਂ ਵਿੱਚ ਹੀ ਕਾਫੀ ਵੱਧ ਗਈ ਹੈ। ਦੁਨੀਆ ਭਰ ਵਿੱਚ ਆਤਮਹੱਤਿਆ ਨਾਲ ਮਰਣ ਵਾਲਿਆਂ ਦੀ ਗਿਣਤੀ ਕਤਲ ਜਾਂ ਜੰਗ ਕਾਰਨ ਮਰਣ ਵਾਲਿਆਂ ਦੀ ਕੁੱਲ ਗਿਣਤੀ ਤੋਂ ਵੀ ਜਿਆਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਸਾਲ ਤਕਰੀਬਨ 10 ਲੱਖ ਲੋਕ ਆਤਮਹੱਤਿਆ ਕਰਕੇ ਮਰ ਜਾਂਦੇ ਹਨ। ਵਿਸ਼ਵ ਭਰ ਵਿੱਚ ਆਤਮਹੱਤਿਆ ਨਾਲ ਮਰਣ ਵਾਲਿਆਂ ਦੀ ਦਰ ਇੱਕ ਲੱਖ ਮਗਰ 16 ਹੈ ਯਾਨੀ ਹਰ 40 ਸੈਕਿੰਡ ਵਿੱਚ ਇੱਕ ਮੌਤ। ਪਿਛਲੀ ਅੱਧੀ ਸਦੀ ਵਿੱਚ ਆਤਮਹੱਤਿਆ ਦੀ ਦਰ ਵਿੱਚ 60 ਫ਼ੀਸਦੀ ਦਾ ਵਾਧਾ ਹੋਇਆ ਹੈ। ਜੇ ਅਜਿਹਾ ਹਾਲ ਰਿਹਾ ਤਾ 2020 ਤੱਕ ਇਹ ਆਂਕੜਾ 15 ਲੱਖ ਤੱਕ ਪਹੁੰਚ ਜਾਵੇਗਾ। ਕਈ ਦੇਸ਼ਾਂ ਵਿੱਚ 15-44 ਸਾਲ ਦੀ ਉਮਰ ਦੇ ਲੋਕਾਂ ਦੀ ਮੌਤ ਦੇ ਕਾਰਨਾਂ ਵਿੱਚ ਆਤਮਹੱਤਿਆ ਪਹਿਲੇ ਤਿੰਨ ਕਾਰਨਾਂ ਵਿੱਚੋਂ ਇੱਕ ਹੈ ਤੇ 10-24 ਸਾਲ ਦੀ ਉਮਰ ਵਾਲਿਆਂ ਦੀ ਮੌਤ ਦੇ ਪ੍ਰਮੁੱਖ ਦੋ ਕਾਰਨਾਂ ਵਿੱਚੋਂ ਇੱਕ ਹੈ। ਇਹਨਾਂ ਆਂਕੜਿਆਂ ਵਿੱਚ ਆਤਮਹੱਤਿਆ ਦੀ ਕੋਸ਼ਿਸ਼ ਕਰਣ ਵਾਲਿਆਂ ਦੇ ਆਂਕੜੇ ਸ਼ਾਮਲ ਨਹੀਂ ਹਨ ਜੋਕਿ ਅਨੁਮਾਨ ਮੁਤਾਬਕ ਆਤਮਹੱਤਿਆ ਨਾਲ ਹੋਣ ਵਾਲੀਆਂ ਮੌਤਾਂ ਦਾ 10-20 ਗੁਣਾ ਹੋ ਸਕਦਾ ਹੈ। ਨੋਜਵਾਨਾਂ ਵਿੱਚ ਆਤਮਹੱਤਿਆ ਇੱਕ ਵੱਡਾ ਖਤਰਾ ਬਣ ਕੇ ਸਾਮਣੇ ਆਈ ਹੈ। ਯੁਰੋਪ ਅਤੇ ਉਤਰੀ ਅਮਰੀਕਾ ਵਿੱਚ ਦਿਮਾਗੀ ਸੰਤੁਲਨ ਵਿੱਚ ਕਮੀ ਯਾਨੀ ਕਿ ਤਨਾਵ ਅਤੇ ਨਸ਼ਾ ਆਤਮਹੱਤਿਆ ਦਾ ਕਾਰਨ ਬਣਦੇ ਹਨ ਪਰ ਏਸ਼ੀਆਈ ਦੇਸ਼ਾਂ ਵਿੱਚ ਗੁੱਸਾ, ਆਵੇਗ ਅਤੇ ਉਤੇਜਨਾ ਇਸ ਦਾ ਮੁੱਖ ਕਾਰਨ ਹੈ।
ਪਿਛਲੇ ਕੁੱਝ ਸਮੇਂ ਤੋਂ ਨੋਜਵਾਨਾਂ ਵਲੋਂ ਆਤਮਹੱਤਿਆ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਤੇ ਇਸ ਦਾ ਮੁੱਖ ਕਾਰਨ ਸਿਖਿਆ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਵੱਧ ਰਿਹਾ ਮੁਕਾਬਲਾ ਹੈ। ਮਾਂ ਬਾਪ ਅਤੇ ਅਧਿਆਪਕਾਂ ਵਲੋਂ ਬੱਚਿਆਂ ਉਤੇ ਵੱਧ ਤੋਂ ਵੱਧ ਨੰਬਰ ਲਿਆਉਣ ਅਤੇ ਹਰ ਮੁਕਾਬਲੇ ਵਿੱਚ ਅੱਗੇ ਰਹਿਣ ਦਾ ਦਬਾਅ ਪਾਇਆ ਜਾਂਦਾ ਹੈ ਪਰ ਜਦੋਂ ਬੱਚਾ ਇਸ ਦਬਾਅ ਨੂੰ ਝੱਲ ਨਹੀਂ ਪਾਉਂਦਾ ਜਾਂ ਸਭ ਦੀਆਂ ਉਮੀਦਾਂ ਮੁਤਾਬਕ ਸਫਲਤਾ ਹਾਸਲ ਨਹੀਂ ਕਰ ਪਾਉਂਦਾ ਤਾਂ ਮਾਂ ਬਾਪ ਅਤੇ ਸਮਾਜ ਦਾ ਸਾਮਣਾ ਕਰਣ ਤੋਂ ਡਰਦਿਆਂ ਹੋਏ ਕੁੱਝ ਬੱਚਿਆਂ ਵੱਲੋਂ ਆਤਮਹੱਤਿਆ ਦਾ ਰਾਹ ਚੁਣ ਲਿਆ ਜਾਂਦਾ ਹੈ। ਇਸੇ ਤਰ੍ਹਾਂ ਕਈ ਸਾਲਾਂ ਦੀ ਮਿਹਨਤ ਅਤੇ ਪੜਾਈ ਤੋਂ ਬਾਦ ਜੱਦ ਉਸਨੂੰ ਆਪਣੀ ਸਿਖਿਆ ਅਤੇ ਹੁਨਰ ਮੁਤਾਬਕ ਨੌਕਰੀ ਨਹੀਂ ਮਿਲਦੀ ਤਾਂ ਹਤਾਸ਼ ਹੋਕੇ ਉਸਨੂੰ ਆਪਣੀ ਜਿੰਦਗੀ ਵਿੱਚ ਆਤਮਹੱਤਿਆ ਤੋਂ ਇਲਾਵਾ ਕੋਈ ਰਸਤਾ ਨਹੀਂ ਸੁਝਦਾ।
1980 ਤੋਂ ਹੁਣ ਤੱਕ ਭਾਰਤ ਵਿੱਚ ਆਤਮਹੱਤਿਆ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। 1980 ਵਿੱਚ ਇਹ ਦਰ ਇੱਕ ਲੱਖ ਮਗਰ 6. 3 ਦੀ ਸੀ (ਮਰਦਾਂ ਦੀ ਦਰ 7. 3 ਤੇ ਔਰਤਾਂ ਦੀ 5. 3) ਜੋਕਿ ਵੱਧ ਕੇ 2009 ਵਿੱਚ 10. 5 (ਮਰਦ 13. 0 ਤੇ ਔਰਤਾਂ 7. 8) ਹੋ ਗਈ ਹੈ। ਯਾਨੀ ਆਤਮਹੱਤਿਆ ਦੇ ਮਾਮਲੇ ਲਗਾਤਾਰ ਵਧੇ ਹਨ। ਨੈਸ਼ਨਲ ਇਨਸਟੀਚਉਟ ਆੱਫ ਮੈਂਟਲ ਹੈਲਥ ਐਂਡ ਨਿਉਰੋ ਸਾਂਇਸੰਸ (ਐਨ. ਆਈ. ਐਮ. ਐਚ. ਏ. ਐਨ. ਐਸ) ਦੀ ਰਿਪੋਰਟ ਮੁਤਾਬਕ ਆਤਮਹੱਤਿਆ ਕਾਰਣ ਮਰਣ ਵਾਲੇ ਅਤੇ ਆਤਮਹੱਤਿਆ ਦੀ ਕੋਸ਼ਿਸ਼ ਕਰਣ ਵਾਲਿਆਂ ਦਾ ਅਨੁਪਾਤ 1: 8 ਦਾ ਯਾਨੀ ਹਰ ਇੱਕ ਮੌਤ ਮਗਰ 8 ਲੋਕਾਂ ਵਲੋਂ ਮਰਣ ਦੀ ਕੋਸ਼ਿਸ਼ ਦਾ ਸੀ। ਇਸਤੋਂ ਇਲਾਵਾ ਆਤਮਹੱਤਿਆ ਕਰਣ ਵਾਲੇ ਜਾਂ ਇਸਦੀ ਕੋਸ਼ਿਸ਼ ਕਰਣ ਵਾਲਿਆਂ `ਚੋਂ ਦੋ ਤਿਹਾਈ ਮੱਧਮ ਜਾਂ ਨਿਮਨ ਵਰਗ ਦੇ ਸਨ। ਆਂਕੜਿਆਂ ਤੋਂ ਇੱਕ ਹੋਰ ਤੱਥ ਸਾਮਣੇ ਆਇਆ ਹੈ ਕਿ ਇੱਕ ਚੋਥਾਈ ਮਾਮਲਿਆਂ ਵਿੱਚ ਆਤਮਹਤਿਆਂ ਜਾਂ ਇਸਦੀ ਕੋਸ਼ਿਸ਼ ਉਸ ਸਮੇਂ ਕੀਤੀ ਗਈ ਜਦੋਂ ਆਸ ਪਾਸ ਕੋਈ ਨਹੀਂ ਸੀ।
ਨੌਜਵਾਨਾਂ ਵਿੱਚ ਵੱਧ ਰਹੇ ਆਤਮਹੱਤਿਆ ਦੇ ਰੁਝਾਨ ਨੂੰ ਰੋਕਣ ਲਈ ਜਰੂਰੀ ਹੈ ਕਿ ਉਹਨਾਂ ਤੇ ਜਿਆਦਾ ਦਬਾਅ ਨਾ ਪਾਇਆ ਜਾਵੇ। ਹਰ ਬੱਚੇ ਵਿੱਚ ਆਪਣੀ ਅਲਗ ਕਾਬਲਿਅਤ ਹੁੰਦੀ ਹੈ ਤੇ ਉਹ ਉਸ ਅਨੁਸਾਰ ਹੀ ਨਤੀਜੇ ਵੀ ਲਿਆਉਂਦਾ ਹੈ। ਵੈਸੇ ਵੀ ਹਰ ਬੱਚਾ ਤਾਂ ਪਹਿਲੇ ਨੰਬਰ ਤੇ ਨਹੀਂ ਆ ਸਕਦਾ। ਇਸ ਲਈ ਜਰੂਰੀ ਹੈ ਕਿ ਮਾਂ ਬਾਪ ਬੱਚੇ ਦੀ ਕਾਬਲਿਅਤ ਤੇ ਰੁਝਾਨ ਨੂੰ ਸਮਝਦੇ ਹੋਏ ਉਸਤੇ ਆਪਣੀਆਂ ਉਮੀਦਾਂ ਜਰੂਰਤ ਤੋਂ ਜਿਆਦਾ ਨਾ ਥੋਪਣ ਤਾਂ ਜੋ ਕੱਲ੍ਹ ਨੂੰ ਨਾਕਾਮਯਾਬ ਹੋਣ ਤੇ ਬੱਚਾ ਉਹਨਾਂ ਦਾ ਸਾਮਣਾ ਕਰਣ ਤੋਂ ਡਰਦਾ ਹੋਇਆ ਕੋਈ ਗਲਤ ਕਦਮ ਚੁੱਕੇ।
ਇਸ ਸਭ ਨੂੰ ਰੋਕਣ ਵਿੱਚ ਮੀਡੀਆ ਵੀ ਵੱਡਾ ਯੋਗਦਾਨ ਪਾ ਸਕਦਾ ਹੈ। ਅਗਰ ਮੀਡੀਆ ਆਤਮਹੱਤਿਆ ਕਰਨ ਦੇ ਕਾਰਨਾਂ ਅਤੇ ਉਸ ਤੋਂ ਬਚਾਅ ਦੇ ਉਪਰਾਲਿਆਂ ਉਪਰ ਜੋਰ ਦੇਵੇ ਤਾਂ ਇਹ ਆਂਕੜਾ ਘੱਟ ਸਕਦਾ ਹੈ। ਵੈਸੇ ਵੀ ਕਿਹਾ ਗਿਆ ਹੈ ਕਿ ਜਿੰਦਗੀ ਸੰਘਰਸ਼ ਦਾ ਦੁਸਰਾ ਨਾਮ ਹੈ। ਅਗਰ ਸੰਘਰਸ ਤੋਂ ਡਰ ਕੇ ਜੀਨਾ ਛੱਡ ਦੇਵਾਂਗੇ ਤਾਂ ਆਉਣ ਵਾਲੀ ਪੀੜੀ ਕਿਸ ਤਰ੍ਹਾਂ ਮਾਫ ਕਰ ਪਾਵੇਗੀ। ਇਨਸਾਨ ਦਾ ਕੰਮ ਹੈ ਕਰਮ ਕਰਨਾ। ਹਤਾਸ਼ਾ ਛੱਡ ਕੇ ਪੁਰੇ ਮਨ ਤੇ ਸੱਚੀ ਲਗਨ ਨਾਲ ਮਿਹਨਤ ਕੀਤੀ ਜਾਵੇ ਤਾਂ ਪਰਮਾਤਮਾ ਦੀ ਕ੍ਰਿਪਾ ਨਾਲ ਕਦੇ ਨਾ ਕਦੇ ਸਫਲਤਾ ਵੀ ਜ਼ਰੂਰ ਮਿਲੇਗੀ ਹੀ।

ਅਕੇਸ਼ ਕੁਮਾਰ

M 9888031426


05/06/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਸ਼ਰਧਾ ਬਾਰੇ ਵਿਚਾਰ-੫੧

ਅਵਤਾਰ ਸਿੰਘ ਮਿਸ਼ਨਰੀ (5104325827)

ਸ਼ਰਧਾ ਸੰਸਕ੍ਰਿਤ ਦਾ ਸ਼ਬਦ ਤੇ ਇਸ ਦੇ ਪ੍ਰਕਰਣ ਅਨੁਸਾਰ ਵੱਖ ਵੱਖ ਅਰਥ ਇਹ ਹਨ। ਸ਼ਰਧਾ-ਯਕੀਨ, ਭਰੋਸਾ, ਵਿਸ਼ਵਾਸ਼, ਨਿਸ਼ਚਾ, ਮੁਰਾਦ, ਪ੍ਰੀਤ ਆਦਿਕ। ਸ਼ਰਧਾ ਵੀ ਦੋ ਪ੍ਰਕਾਰ ਦੀ ਹੈ ਗਿਆਨਵਾਨ ਸੱਚੀ ਅਤੇ ਅੰਧਵਿਸ਼ਵਾਸੀ ਝੂਠੀ ਸ਼ਰਧਾ। ਸੱਚੀ ਸ਼ਰਧਾ ਰੱਬ ਦੀ ਕੁਦਰਤ ਰਾਹੀਂ ਰੱਬ ਨਾਲ ਪਿਆਰ ਅਤੇ ਝੂਠੀ ਸ਼ਰਧਾ ਅੰਧਵਿਸ਼ਵਾਸ਼ ਪੈਦਾ ਕਰਦੀ ਹੈ। ਰੱਬ ਜਾਂ ਕਿਸੇ ਨਾਲ ਵੀ ਸੰਪੂਰਨ ਸਮਰਪਣ ਅਤੇ ਵਫਾਦਾਰੀ ਸੱਚੀ ਸ਼ਰਧਾ ਕਹੀ ਜਾ ਸਕਦੀ ਹੈ। ਮਨ ਵਿੱਚ ਅਸਲੀ ਉਤਸ਼ਾਹ, ਲਗਨ, ਤੜਪ, ਪਵਿਤ੍ਰਤਾ ਅਤੇ ਅਰਦਾਸ ਇਸ ਦੀਆਂ ਪ੍ਰਪੱਕ ਨਿਸ਼ਾਨੀਆਂ ਹਨ। ਸਿੱਖ ਮੱਤ ਵਿੱਚ ਸਿੱਖ ਕੇਵਲ ਇੱਕ ਅਕਾਲ ਪੁਰਖ ਕਰਤੇ ‘ਤੇ ਹੀ ਸ਼ਰਧਾ ਰੱਖਦਾ ਹੈ। ਦੂਜੇ ਨੰਬਰ ਤੇ ਰੱਬੀ ਭਗਤਾਂ, ਸਿੱਖ ਗੁਰੂ ਸਹਿਬਾਨਾਂ ਅਤੇ ਬਾਕੀ ਬਾਣੀਕਾਰਾਂ ਤੇ ਸਿਧਾਂਤਕ ਤੌਰ ਤੇ ਸਿੱਖ ਦੀ ਅਟੱਲ ਸ਼ਰਧਾ ਹੁੰਦੀ ਹੈ। ਸ਼ਰਧਾ ਰੱਬੀ ਰੰਗ ਵਿੱਚ ਰੱਬੀ ਗੀਤ ਗਾਉਣ, ਉਸ ਦੇ ਨਿਰਮਲ ਭਉ ਵਿੱਚ ਰਹਿਣ ਅਤੇ ਹੁਕਮ ਰਜ਼ਾਈ ਚੱਲਣ ਦੀ ਆਸਤਾ ਪੈਦਾ ਕਰਦੀ ਹੈ। ਭਾਈ ਕਾਹਨ ਸਿੰਘ ਨਾਭ੍ਹਾ ਗੁਰਮਤਿ ਮਾਰਤੰਡ ਵਿੱਚ ਲਿਖਦੇ ਹਨ ਕਿ ਸ਼ਰਧਾਵਾਨ ਦੇ ਮਨ ਵਿੱਚ ਹੀ ਗੁਰ ਉਪਦੇਸ਼ ਦਾ ਦ੍ਰਿੜ ਨਿਵਾਸ, ਜਿਸ ਤੋਂ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਇਸ ਗੱਲ ਦਾ ਪੂਰਾ ਵਿਸ਼ਵਾਸ਼ ਹੋਣਾ ਚਾਹੀਏ ਕਿ ਇਹ ਸੱਚਾ ਵਿਸ਼ਵਾਸ਼ ਜਾਂ ਮਿਥਿਆ (ਝੂਠਾ) ਹੈ। ਉਹ ਲਿਖਦੇ ਹਨ ਕਿ ਰੇਤ ਨੂੰ ਖੰਡ, ਸੂਰਜ ਦੀਆਂ ਕਿਰਨਾਂ ਨਾਲ ਚਮਕਦੇ ਮਾਰੂਥਲ ਨੂੰ ਜਲ, ਕਿਸੇ ਮੰਤ੍ਰ ਜੰਤ੍ਰ ਤੋਂ ਰੋਗ ਦੀ ਨਵਿਰਤੀ ਅਤੇ ਸੰਤਾਨ ਦੀ ਪ੍ਰਾਪਤੀ ਦਾ ਨਿਸਚਾ ਮਿਥਿਆ ਵਿਸ਼ਵਾਸ਼ (ਸ਼ਰਧਾ) ਹਨ ਜਿਨ੍ਹਾਂ ਤੋਂ ਕਲੇਸ਼ ਅਤੇ ਪਛਤਾਵੇ ਤੋਂ ਛੁੱਟ ਹੋਰ ਕੋਈ ਫਲ ਨਹੀ। ਅਸਾਡੇ ਬਹੁਤੇ ਭਾਈ ਮਿਥਿਆ ਵਿਸ਼ਵਾਸ਼ (ਸ਼ਰਧਾ) ਕਰਕੇ ਧੰਨ ਸੰਪਦਾ, ਸਰੀਰਕ ਸੁੱਖ ਅਤੇ ਪ੍ਰਮਾਰਥ ਖੋ ਬੈਠਦੇ ਹਨ। ਇਸ ਦੇ ਉਲਟ ਅਸਲ ਖੰਡ ਵਿੱਚ ਖੰਡ ਦਾ ਵਿਸ਼ਵਾਸ਼, ਖੂਹ, ਨਦੀ, ਚਸ਼ਮੇ ਤੇ ਸਰੋਵਰ ਤੋਂ ਪਿਆਸ ਬੁਝਣ ਦਾ ਵਿਸ਼ਵਾਸ਼, ਔਖਧ (ਦਵਾਈ) ਤੋਂ ਰੋਗ ਦੂਰ ਹੋਣ ਦਾ ਅਤੇ ਬੁੱਧਿ ਵਿਦਿਆ ਬਲ ਨਾਲ ਧੰਨ ਪ੍ਰਾਪਤੀ ਦਾ ਵਿਸ਼ਵਾਸ਼ ਆਦਿਕ ਸੱਚੇ ਵਿਸ਼ਵਾਸ਼ ਕਹੇ ਜਾ ਸਕਦੇ ਹਨ। ਐਸਾ ਹੀ ਅਸਲੀ ਸਤਿਗੁਰੂ ਅਤੇ ਨਕਲੀ ਪਾਖੰਡੀ ਗੁਰੂ ਵਿੱਚ ਵਿਸ਼ਵਾਸ਼ ਦਾ ਨਫਾ ਤੇ ਨੁਕਸਾਨ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਸ਼ਰਧਾ-ਸੱਚੇ ਗੁਰੂ ਵਿੱਚ ਸ਼ਰਧਾ ਵਾਲੇ ਨੂੰ ਹੀ ਰੱਬ ਚੇਤੇ ਆਉਂਦਾ ਹੈ-ਜਾ ਕੈ ਮਨਿ ਗੁਰ ਕੀ ਪਰਤੀਤ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ॥(੨੮੩) ਗਿਆਨੀ ਸ਼ਰਧਾ ਨਾਲ ਹੀ ਮਨ ਵਿੱਚ ਤੱਤ ਗਿਆਨ ਪ੍ਰਗਟ ਹੁੰਦਾ ਹੈ-ਜਾ ਕੈ ਰਿਦੈ ਬਿਸਵਾਸੁ ਪ੍ਰਭੁ ਆਇਆ॥ ਤਤੁ ਗਿਆਨੁ ਮਨਿ ਪ੍ਰਟਾਇਆ॥ (੨੮੬) ਜਿਸ ਦਾ ਸੱਚੇ ਗੁਰੂ ਤੇ ਵਿਸ਼ਵਾਸ਼ ਤੇ ਭਉ ਨਹੀਂ ਅਤੇ ਸ਼ਬਦ ਭਾਵ ਤੱਤ ਗਿਆਨ ਨਾਲ ਪਿਆਰ ਨਹੀ, ਉਹ ਆਤਮ ਸੁੱਖ ਪ੍ਰਾਪਤ ਨਹੀਂ ਕਰ ਸਕਦਾ ਭਾਵੇਂ ਸੌ ਵਾਰ ਗੁਰੂ ਕੋਲ ਆਵੇ ਜਾਵੇ-ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ॥ (੫੯੧) ਜਿਨ੍ਹਾਂ ਦੇ ਮਨ ਚ ਸੱਚਾ ਵਿਸ਼ਵਾਸ਼ ਹੁੰਦਾ ਹੇ ਉਹ ਆਪਣੇ ਮਾਲਕ ਦੀ ਸ਼ੋਭਾ ਦੇਖ ਕੇ ਸਦਾ ਅਨੰਦ ਪ੍ਰਸੰਨ ਰਹਿੰਦੇ ਹਨ-ਜਿਨ ਕੈ ਮਨਿ ਸਾਚਾ ਬਿਸ਼ਵਾਸੁ॥ਪੇਖਿ ਪੇਖਿ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸੁ॥ (੬੭੭) ਕੋਈ ਕਿਨਾ ਵੀ ਧਨੀ ਜਾਂ ਸ਼ੇਖ ਕਿਉਂ ਨਾ ਹੋਵੇ ਰੱਬੀ ਵਿਸ਼ਵਾਸ਼ ਤੋਂ ਬਿਨਾ ਉਸਦਾ ਮਨ ਸ਼ਾਤ ਨਹੀਂ ਹੋ ਸਕਦਾ ਅਤੇ ਪ੍ਰਭੂ ਨੂੰ ਛੱਡ ਜੋ ਕਿਸੇ ਹੋਰ ਪਾਖੰਡੀ ਸੰਤ ਕੋਲੋਂ ਮੰਗਦਾ ਹੈ ਉਸ ਦੇ ਮੂੰਹ 'ਤੇ ਬੇ ਪ੍ਰਤੀਤੀ ਦੀ ਕਾਲਖ ਹੀ ਲਗਦੀ ਹੈ-ਕਹਤ ਸੁਨਤ ਕਿਛੁ ਸਾਤਿ ਨ ਉਪਜਤ ਬਿਨ ਬਿਸਾਸੁ ਕਿਆ ਸੇਖਾਂ॥ ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ॥ (੧੨੨੧)

ਅਸਲੀ ਸਿੱਖ ਸਚਾਈ ਦਾ ਉਪਾਸ਼ਕ ਅਤੇ ਯਥਾਰਥ ਵਿਸ਼ਵਾਸ਼ੀ ਨਾ ਕਿ ਅੰਧਵਿਸ਼ਵਾਸ਼ੀ ਹੁੰਦਾ ਹੈ। ਅੰਨ੍ਹੀ ਸ਼ਰਧਾ ਡੋਬਦੀ ਤੇ ਸੁਜਾਖੀ ਸ਼ਰਧਾ ਬੇੜੇ ਪਾਰ ਕਰਦੀ ਹੈ। ਜੇ ਕੋਈ ਇਹ ਅੰਨ੍ਹੀ ਸ਼ਰਧਾ ਰੱਖੇ ਕਿ ਮੈਂ ਪੱਥਰ ਦੀ ਬੇੜੀ ਨਾਲ ਪਾਰ ਹੋ ਜਾਵਾਂਗਾ ਉਹ ਆਪ ਤਾਂ ਡੁੱਬੇਗਾ ਨਾਲ ਸਾਥੀਆਂ ਨੂੰ ਵੀ ਡੋਬ ਲਵੇਗਾ-ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ॥੪॥ (੪੨੦) ਜੇ ਕੋਈ ਅੰਨ੍ਹੀ ਸ਼ਰਧਾ ਨਾਲ ਜ਼ਹਿਰ ਖਾ ਲਵੇ ਤਾਂ ਮਰੇਗਾ ਹੀ-ਮਹੁਰਾ ਹੋਵੈ ਹਥਿ ਮਰੀਐ ਚਖੀਐ॥ (੧੪੨) ਜੇ ਕੋਈ ਅੰਨ੍ਹੀ ਸ਼ਰਧਾ ਨਾਲ ਅੱਗ ਵਿੱਚ ਬੈਠੇ ਤਾਂ ਸੜੇਗਾ ਹੀ, ਜੇ ਕੋਈ ਕਿਸੇ ਸਾਧ ਦੇ ਕਹੇ ਤੇ ਡੂੰਘੇ ਪਾਣੀ ਤੇ ਤੁਰੇ ਤਾਂ ਡੁੱਬੇਗਾ ਹੀ। ਜੇ ਕੋਈ ਆਪ ਖਾਣਾ ਖਾਵੇ ਨਾ ਤੇ ਸ਼ਰਧਾ ਨਾਲ ਕਹੇ ਕਿ ਦੂਜੇ ਦਾ ਖਾਧਾ ਮੇਰੇ ਪੇਟ ਵਿੱਚ ਆ ਜਾਵੇਗਾ ਇਹ ਝੂਠੀ ਤੇ ਅੰਨ੍ਹੀ ਸ਼ਰਧਾ ਹੈ। ਕਿਸੇ ਦਾ ਪੀਤਾ ਪਾਣੀ ਦੂਜੇ ਦੀ ਪਿਆਸ ਨਹੀਂ ਮੇਟ ਸਕਦਾ। ਜੇ ਕੋਈ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੂੰ ਅੰਨ੍ਹੀ ਸ਼ਰਧਾ ਜਾਂ ਜਨਮ ਸਾਖੀਆਂ ਦੇ ਅਧਾਰ ਤੇ ਅਕਾਸ਼ ਵਿੱਚ ਉਡਾਵੇ ਤੇ ਕਹੈ ਐਸਾ ਵੀ ਹੋ ਸਕਦਾ ਹੈ ਤਾਂ ਉਹ ਆਪ ਉਸ ਸਾਖੀ ਤੇ ਵਿਸ਼ਵਾਸ਼ ਕਰਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਬਿਨਾ ਜ਼ਹਾਜ਼ ਤੋਂ ਉੱਡ ਕੇ ਨਹੀਂ ਜਾ ਸਕਦਾ। ਜੇ ਕੋਈ ਅੰਨ੍ਹੀ ਸ਼ਰਧਾ ਨਾਲ ਕਹੇ ਕਿ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਵਾਂਗ ਖਾਂਦੇ, ਪੀਦੇ, ਸੌਂਦੇ ਤੇ ਬਾਕੀ ਕਿਰਿਆ ਕਰਮ ਕਰਦੇ ਹਨ ਤਾਂ ਉਹ ਮੂਰਖ ਅਗਿਆਨੀ ਹੀ ਹੈ। ਜਰਾ ਸੋਚੋ ਜੋ ਖਾਂਦਾ ਹੈ ਉਹ ਬਾਥਰੂਮ ਭਾਵ ਟੱਟੀ ਪਿਸ਼ਾਪ ਵੀ ਜਾਂਦਾ ਹੈ ਜਦ ਕਿ ਸ਼ਬਦ ਗੁਰੂ ਐਸਾ ਕੁਛ ਨਹੀਂ ਕਰਦੇ। ਜੇ ਕੋਈ ਅੰਨ੍ਹੀ ਸ਼ਰਧਾ ਚ ਕਹੇ ਕਿ ਸਰੋਵਰਾਂ ਜਾਂ ਧਰਮ ਅਸਥਾਨਾਂ ਦਾ ਪਾਣੀ ਸਾਰੇ ਸਰੀਰਕ ਰੋਗ ਦੂਰ ਕਰ ਦਿੰਦਾ ਹੈ ਤਾਂ ਇਹ ਉਸ ਦੀ ਅੰਨ੍ਹੀ ਸ਼ਰਧਾ ਹੈ ਕਿਉਂਕਿ ਕੇ ਭੁੱਖ, ਪਿਆਸ ਖਾਣ, ਪੀਣ ਨਾਲ ਮਿਟਦੀ ਹੈ ਤਾਂ ਸਰੀਰ ਦੇ ਰੋਗ ਵੀ ਦਵਾਈ ਖਾਣ ਤੇ ਪਰਹੇਜ ਰੱਖਣ ਨਾਲ ਹੀ ਮਿਟਦੇ ਹਨ। ਇਸੇ ਲਈ ਗੁਰੂ ਸਾਹਿਬਾਨਾਂ ਨੇ ਧਰਮ ਅਸਥਾਨਾਂ ਦੇ ਨਾਲ ਦਵਾਖਾਨੇ ਵੀ ਖੁਲ੍ਹਵਾਏ ਸਨ। ਅੱਜ ਵੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ। ਬਾਕੀ ਦਵਾਈ ਨਾਲ ਜੇ ਕਰਤਾਰ ਅੱਗੇ ਦਵਾ ਵੀ ਕੀਤੀ ਜਾਵੇ ਤਾਂ ਐਸੀ ਸ਼ਰਧਾ ਨਾਲ ਰੋਗ ਦੂਰ ਹੋਣ ਚ ਫਾਇਦਾ ਹੁੰਦਾ ਹੈ। ਜੇ ਕਿਸੇ ਦੁਰਘਟਨਾ ਜਾਂ ਕਾਰਨ ਵੱਸ ਸਰੀਰ ਦੇ ਅੰਗ ਕੱਟੇ ਜਾਣ ਤਾਂ ਉਹ ਅਪ੍ਰੇਸ਼ਨ ਕਰਕੇ ਹੀ ਜੋੜੇ ਜਾ ਸਕਦੇ ਹਨ ਨਾ ਕਿ ਅੰਨ੍ਹੀ ਸ਼ਰਧਾਂ ਨਾਲ ਕਿਸੇ ਸ਼ਬਦ ਦਾ ਜਾਪ ਕਰਕੇ।

ਸੋ ਅੰਨ੍ਹੀ ਸ਼ਰਧਾ ਸਾਨੂੰ ਸੱਚ ਜਾਂ ਯਥਾਰਥ ਨਾਲੋਂ ਤੋੜਦੀ ਤੇ ਅਸਲੀ ਸੁਜਾਖੀ ਸ਼ਰਧਾ ਉਸ ਨਾਲ ਜੋੜਦੀ ਹੈ। ਅੰਨ੍ਹੀ ਸ਼ਰਧਾ ਕਰਕੇ ਹੀ ਸੱਚੇ ਸਤਿਗੁਰੂ ਦੇ ਸਿੱਖ ਅੱਜ ਦੇਹਧਾਰੀ ਸਾਧਾਂ ਸੰਤਾਂ ਦੀ ਗੁਰੂ ਨਾਲੋਂ ਵੱਧ ਮੰਨਦੇ ਹਨ। ਅੰਨ੍ਹੀ ਸ਼ਰਧਾ ਕਰਕੇ ਹੀ ਗੁਰੂ ਦੇ ਪੰਥ ਵਿੱਚ ਅਨੇਕਾਂ ਅਖੌਤੀ ਸਾਧ ਸੰਤ ਤੇ ਡੇਰੇਦਾਰ ਪੈਦਾ ਹੋ ਗਏ ਹਨ। ਅੰਨ੍ਹੀ ਸ਼ਰਧਾ ਕਰਕੇ ਹੀ ਬਹੁਤੇ ਸਿੱਖਾਂ ਨੇ ਆਪ ਗੁਰਬਾਣੀ ਪੜ੍ਹਨੀ, ਵਿਚਾਰਨੀ ਛੱਡ ਦਿੱਤੀ ਤੇ ਕੀਤੇ ਕਰਾਏ ਪਾਠਾਂ ਤੇ ਸ਼ਰਧਾ ਰੱਖ ਲਈ ਹੈ। ਭਾਈ! ਸੱਚ, ਯਥਾਰਥ ਅਤੇ ਤਰਕ ਅਧਾਰਤ ਸ਼ਰਧਾ ਹੀ ਬੇੜੇ ਪਾਰ ਕਰਦੀ ਅਤੇ ਸੁਖੀ ਜੀਵਨ ਜੀਵਨ ਦੀ ਸਿਖਿਆ ਦਿੰਦੀ ਹੈ-ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥ ਹੋਇ ਸੁਜਾਖਾ ਨਾਨਕਾ ਸੋ ਕਿਉਂ ਉਝੜਿ ਪਾਇ॥ (੯੫੫) ਇਸ ਲਈ-ਗੁਣ ਨਾਨਕੁ ਬੋਲੈ ਭਲੀ ਬਾਣਿ॥ ਤੁਮ ਹੋਹੁ ਸੁਜਾਖੇ ਲੇਹੁ ਪਛਾਣਿ॥ (੧੧੯੦)


05/06/18
ਪ੍ਰਮਿੰਦਰ ਸਿੰਘ ਸੋਚ

ਗੁਆਚਾ ਦੋਸਤ ਮੁੜ ਸਬੱਬੀ ਮਿਲ ਪਿਆ

ਮੈਂ ਇੱਕ ਉਸ ਬਹੁਤ ਕਰੀਬੀ ਮਿਤਰ ਦੀ ਗਲ ਕਰਨ ਲਗਾ ਹਾਂ, ਜੋ ਮੇਰੀ ਜ਼ਿੰਦਗੀ ਵਿੱਚ ੧੯੬੫ ਵਿੱਚ ਆਇਆ ਤੇ ਆਇਆ ਵੀ ਇੱਕ ਝਖੜ ਵਾਂਗ ਤੇ ਹਨੇਰੀ ਵਾਂਗ ਮੈਨੂੰ ਨਾਲ ਨਾਲ ਲੈ ਉਡਿਆ। ਇਹ ਝਖੜ ਹਮੇਸ਼ਾਂ ਮੈਨੂੰ ਆਪਣੇ ਨਾਲ ਨਾਲ ਉਡਾਉਂਦਾ ਰਿਹਾ। ਵੈਸੇ ਉਸ ਦਰਮਿਆਨ ਤੇ ਮੇਰੇ ਦਰਮਿਆਨ ਬਹੁਤ ਵਡਾ ਫ਼ਰਕ ਸੀ। ਉਹ ਇੱਕ ਬੜੇ ਵਡੇ ਜ਼ਿਮੀਦਾਰ ਦਾ ਪੜ੍ਹਿਆ ਲਿਖਿਆ ਤੇ ਅਸਰ ਰਸੂਖ ਵਾਲਾ ਇਨਸਾਨ ਸੀ ਤੇ ਮੈਂ ਇੱਕ ਸਾਧਾਰਨ ਕਿਸਾਨ ਦਾ ਅੱਧ-ਪੜ੍ਹ ਤੇ ਕੁੱਝ ਘਟ ਅਸਰੋ ਰਸੂਖ ਵਾਲਾ ਸਾਧਾਰਨ ਮਨੁਖ ਸੀ। ਪਰ ਅਸੀਂ ਦੋਵੇਂ ਪਤਰਕਾਰ ਸੀ, ਇਸ ਕਰਕੇ ਸਾਡੇ ਦੋਹਾਂ ਦਰਮਿਆਨ ਪਤਰਕਾਰੀ ਵਾਲੀ ਪੀਡੀ ਸਾਂਝ ਸੀ, ਜੋ ਦਿਨ-ਬਾ-ਦਿਨ ਹੋਰ ਗੂੜ੍ਹੀ ਤੇ ਪਕੇਰੀ ਹੁੰਦੀ ਗਈ। ਉਹ, ਮੇਰਾ ਖਿਆਲ ਹੈ, ਉਨ੍ਹਾਂ ਦਿਨਾਂ ਵਿੱਚ ਅਕਾਸ਼ਵਾਣੀ ਦਾ ਨਾਮਾ ਨਿਗਾਰ ਸੀ ਤੇ ਮੈਂ ਪੰਜਾਬੀ ਦੇ ਸਭ ਤੋਂ ਪੁਰਾਤਨ ਸਪਤਾਹਿਕ ਅਖ਼ਬਾਰ, “ਖਾਲਸਾ ਸਮਾਚਾਰ” ਜੋ ਭਾਈ ਸਾਹਿਬ ਭਾਈ ਵੀਰ ਸਿੰਘ ਰਾਹੀਂ ੧੮੯੯ ਵਿੱਚ ਜਾਰੀ ਕੀਤਾ ਗਿਆ ਸੀ, ਦੀ ਸੰਪਾਦਨਾ ਕਰਦਾ ਸੀ। ਸਾਡੇ ਦੋਹਾਂ ਦਾ ਸਾਂਝਾ ਮਿਤਰ ਸੀ ਸ: ਦਲਬੀਰ ਸਿੰਘ ਪਤਰਕਾਰ, ਜੋ ਉਨ੍ਹਾਂ ਦਿਨਾਂ ਵਿੱਚ ਰੋਜ਼ਾਨਾ ਅੰਗ੍ਰੇਜ਼ੀ ਟ੍ਰਿਬਿਊਨ ਦਾ ਅੰਮ੍ਰਿਤਸਰ ਵਿੱਚ ਵਿਸ਼ੇਸ਼ ਪਤਰ-ਪ੍ਰੇਰਕ ਸੀ। ਭਾਵੇਂ ਦਲਬੀਰ ਸਿੰਘ, ਪਤਰਕਾਰ ਬਰਾਦਰੀ ਵਜੋਂ, ਮੇਰਾ ਪੁਰਾਣਾ ਮਿਤਰ ਸੀ, ਪਰ ਦਲਬੀਰ ਸਿੰਘ ਰਾਹੀਂ ਮਿਲਾਇਆ ਇਹ ਦੋਸਤ, ਪਤਰਕਾਰੀ ਦੀਆਂ ਹੱਦਾਂ ਤੋੜ ਕੇ ਨਿਜੀ ਤੇ ਹਮਰਾਜ਼ ਦੋਸਤ ਬਣਦਾ ਗਿਆ। ਆਹਿਸਤਾ ਆਹਿਸਤਾ ਅਸੀਂ ਦੋਵੇਂ ਇੱਕ ਦੂਜੇ ਦੇ ਏਨੇ ਕਰੀਬ ਹੋ ਗਏ ਕਿ ਹਰ ਰੋਜ਼ ਇੱਕ ਦੂਜੇ ਨੂੰ ਮਿਲਣਾ ਤੇ ਰਲ ਬੈਠ ਕੇ ਰੋਟੀ ਵਗੈਰਹ ਆਦਿ ਖਾਣਾ ਇੱਕ ਆਮ ਜੇਹੀ ਗਲ ਹੋ ਗਈ ਸੀ। ਇੱਕ ਦੂਜੇ ਨਾਲ ਟੈਲੀਫੋਨ ਉਤੇ ਬਣੇ ਰਹਿਣਾ ਤੇ ਬਿਨਾਂ ਮਤਲਬ ਤੋਂ ਗਲਾਂ ਵਿੱਚ ਜੁਟੇ ਰਹਿਣਾ ਇਹ ਇੱਕ ਰੂਹਾਨੀ ਖੁਰਾਕ ਜੇਹੀ ਹੀ ਬਣ ਗਈ ਸੀ।
ਬਹੁਤਾ ਸ਼ਸ਼ੋਪੰਜ ਵਿੱਚ ਨਾ ਪਾਉਂਦਾ ਹੋਇਆ ਕਿ ਮੈਂ ਕਿਸਦਾ ਜ਼ਿਕਰ ਕਰ ਰਿਹਾ ਹਾਂ, ਉਸਦਾ ਨਾਮ ਦਸਣਾ ਬੇਹੱਦ ਜ਼ਰੂਰੀ ਹੈ। ਉਹ ਸੀ ਸ: ਦਿਲਜੀਤ ਸਿੰਘ ਪੰਨੂ।

ਸ: ਦਿਲਜੀਤ ਸਿੰਘ ਪੰਨੂ ਸ: ਮੋਹਨ ਸਿੰਘ ਪੰਨੂ, ਜੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਸਨ, ਦੇ ਦੂਜੇ ਬੇਟੇ ਸਨ, ਜਿਨ੍ਹਾਂ ਨੇ ਗੌਰਮਿੰਟ ਕਾਲਜ ਲੁਧਿਆਣਾ ਤੋਂ ਅੰਗ੍ਰੇਜ਼ੀ ਦੀ ਮਾਸਟਰਜ਼ ਕੀਤੀ ਹੋਈ ਸੀ। ਸ: ਪੰਨੂ ਉਮਰ ਵਿੱਚ ਮੇਰੇ ਤੋਂ ਤਕਰੀਬਨ ਦੋ ਮਹੀਨੇ ਵਡੇ ਸਨ, ਪਰ ਉਨ੍ਹਾਂ ਵਿੱਚ ਸਵੈ-ਮਾਣ ਤੇ ਸਵੈ-ਵਿਸ਼ਵਾਸ ਓੜਕਾਂ ਦਾ ਸੀ। ਉਹ ਰੋਅਬ ਦਾਅਬ ਵਾਲਾ ਜੱਟ ਸੀ, ਪਰ ਨਾਲ ਦੇ ਨਾਲ ਰਹਿਮ ਭਰੀ ਤਬੀਅਤ ਦਾ ਮਾਲਕ ਵੀ। ਉਸਦੀ ਸਰਕਾਰੇ ਦਰਬਾਰੇ ਪੁਗਦੀ ਸੀ। ਜੇ ਉਸਨੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਸ਼ਹਿਰ ਦੇ ਸੀਨੀਅਰ ਸੁਪਰਟੰਡੰਟ ਪੁਲੀਸ ਤੋਂ ਕੋਈ ਜਾਇਜ਼ ਕੰਮ ਕਰਵਾਉਣਾ ਚਾਹਿਆ, ਤਾਂ ਉਸ ਵਿੱਚ ਢਿਲ ਨਹੀਂ ਸੀ ਹੁੰਦੀ। ਉਹ ਕੰਮ ਹੱਥੋ ਹੱਥੀ ਹੋ ਜਾਂਦਾ ਸੀ। ਬਾਹਰੀ ਦੁਨੀਆਂ ਵਿੱਚ ਉਹ ਨੱਟ ਖੱਟ ਸਰਦਾਰ ਸੀ ਤੇ ਉਸਦੀ ਟੈਂ ਮਾਣ ਨਹੀਂ ਸੀ ਹੁੰਦੀ, ਪਰ ਜਦ ਉਹ ਆਪਣੇ ਜੀ. ਟੀ. ਰੋਡ ਵਾਲੇ ਫਾਰਮ ਉਤੇ ਹੁੰਦਾ ਸੀ ਤੇ ਉਸਨੇ ਆਲੂਆਂ ਵਾਲੀ ਫ਼ਸਲ ਦਾ ਧਰਤੀ ਪਧਰ ਉਤੇ ਜਾਇਜ਼ਾ ਲੈਣਾ ਹੁੰਦਾ ਸੀ, ਤਾਂ ਉਸਨੂੰ ਆਪਣੀ ਪੈਂਟ ਦੇ ਪਹੁੰਚੇ ਟੁੰਗ ਕੇ ਵੱਟਾਂ ਉਤੇ ਤੁਰਦਾ ਵੇਖਿਆ ਤੇ ਕਾਮਿਆਂ ਨਾਲ ਹਮਦਰਦੀ ਨਾਲ ਗਲਾਂ ਕਰਦਾ ਵੇਖਿਆ ਜਾ ਸਕਦਾ ਸੀ। ਉਹ ਉਨ੍ਹਾਂ ਖੇਤ ਮਜ਼ਦੂਰਾਂ ਦੀਆਂ ਨਿਜੀ ਔਕੜਾਂ ਸੁਣ ਕੇ ਉਨ੍ਹਾਂ ਦੀ ਹਰ ਹੀਲੇ ਵਸੀਲੇ ਮਦਦ ਵੀ ਕਰਦਾ ਸੀ। ਉਹ ਉਨ੍ਹਾਂ ਦੀਆਂ ਨਿਜੀ, ਮਾਇਕ, ਲੜਾਈ ਝਗੜੇ, ਪੁਲੀਸ ਕੇਸਾਂ ਨੂੰ ਸੁਲਝਾਉਣ ਵਿੱਚ ਵੀ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਦਾ ਸੀ। ਸ: ਦਿਲਜੀਤ ਸਿੰਘ ਪੰਨੂ ਦੇ ਵਡੇ ਭਰਾ ਭਾਊ ਰਘਬੀਰ ਸਿੰਘ ਸਿੱਧ ਪਧਰੇ ਤੇ ਬੜੇ ਮਿਲਾਪੜੇ ਇਨਸਾਨ ਸਨ, ਜੋ ਜ਼ਿਆਦਾ ਤੌਰ ਉਤੇ ਖੇਤੀ ਬਾੜੀ ਦੀ ਨਿਗਰਾਨੀ ਹੀ ਕਰਦੇ ਸਨ। ਮੈਨੂੰ ਸਮੇਂ ਸਮੇਂ ਸਾਰੇ ਪਰਿਵਾਰ ਨੂੰ ਮਿਲਣ ਦੇ ਇੱਕ ਨਹੀਂ, ਸਗੋਂ ਬੇਗਿਣਤ ਮੌਕੇ ਮਿਲਦੇ ਰਹੇ, ਕਦੇ ਤਸੀਲਪੁਰ ਵਾਲੇ ਘਰ, ਕਦੇ ਫਾਰਮ ਉਤੇ, ਕਦੇ ਖਾਨ ਕੋਟ ਦੇ ਖੂਹ ਉਤੇ ਤੇ ਕਦੇ ਜ਼ਮੀਨਾਂ ਉਤੇ।
ਦਿਲਜੀਤ ਸਿੰਘ ਪੰਨੂ ਹਰਮਨ ਪਿਆਰਾ ਇਨਸਾਨ ਸੀ। ਭਾਵੇ ਉਸਦੀ ਉਮਰ ਛੋਟੀ ਸੀ, ਪਰ ਉਸਦੀ ਦੂਰ-ਅੰਦੇਸ਼ੀ, ਉਸਦੀ ਸਿਆਣਪ, ਉਸਦਾ ਸੰਤੁਲਨ ਸੁਭਾਅ ਤੇ ਠਹਿਰੇ ਜਿਗਰੇ ਵਾਲੀ ਤਬੀਅਤ ਕਰਕੇ ਉਸਦਾ ਕਦ ਬਹੁਤ ਵੱਡਾ ਸੀ। ਉਸਨੇ ਆਪਣੀਆਂ ਖ਼ੂਬੀਆਂ ਕਰਕੇ ਪੰਜਾਬ ਦੀਆਂ ਦੋਹਾਂ ਤਾਕਤਵਰ ਪਾਰਟੀਆਂ, ਚਾਹੇ ਉਹ ਅਕਾਲੀ ਦਲ ਸੀ ਜਾਂ ਕਾਂਗਰਸ ਪਾਰਟੀ, ਵਿੱਚ ਆਪਣਾ ਦ੍ਰਿੜ ਵਿਸ਼ਵਾਸ ਖਟਿਆ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਸੰਤ ਫਤਹ ਸਿੰਘ ਅਕਾਲੀ ਦਲ ਦਾ ਤੇ ਸੰਤ ਚੰਨਣ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਵਾਰ ਪ੍ਰਧਾਨ ਸਨ ਤੇ ਉਨ੍ਹਾਂ ਦਾ ਬੋਲ ਬਾਲਾ ਸੀ, ਪਰ ਉਹ ਦੋਵੇਂ ਦਿਲਜੀਤ ਸਿੰਘ ਪੰਨੂ ਦੀ ਸੁਣਦੇ ਵੀ ਸਨ ਤੇ ਮੰਨਦੇ ਵੀ ਸਨ। ਉਹ ਉਨ੍ਹਾਂ ਦਾ ਹਮਰਾਜ਼ ਵੀ ਸੀ ਤੇ ਸਲਾਹਕਾਰ ਵੀ। ਇਥੋਂ ਤਕ ਕਿ ਕਈ ਵਾਰ ਉਕਤ ਲੀਡਰਾਂ ਦੀਆਂ ਲਿਖੀਆਂ ਚਿਠੀਆਂ ਜਾਂ ਜ਼ੁਬਾਨੀ ਪੈਗ਼ਾਮ ਕਾਂਗਰਸੀ ਲੀਡਰਾਂ ਤਕ ਪਹੁੰਚਾਉਣ ਦਾ ਕੰਮ ਵੀ ਪੰਨੂ ਨੇ ਨਿਭਾਹਿਆ। ਕਿਉਂਕਿ ਪੰਨੂ ਹੁਰਾਂ ਨਾਲ ਮੇਰੀ ਬਹੁਤ ਨੇੜਤਾ ਸੀ, ਇਸ ਕਰਕੇ ਮੈਂ ਬਹੁਤ ਵਾਰ ਉਨ੍ਹਾਂ ਨਾਲ ਚੰਡੀਗੜ੍ਹ, ਪੰਜੌਰ, ਦਿਲੀ ਤਕ ਆਦਿ ਦਾ ਸਫ਼ਰ ਕਰਦਾ ਰਿਹਾ ਤੇ ਕਈ ਭੇਦ ਭਰੇ ਵਾਕਿਆਤ ਮੇਰੀ ਨਿਜੀ ਜ਼ਿੰਦਗੀ ਦਾ ਹਿਸਾ ਬਣ ਗਏ। ਇਹ ਸੁਭਾਵਕ ਹੈ ਕਿ ਜਿੰਨੀ ਤੁਹਾਡੀ ਕਿਸੇ ਨਾਲ ਨੇੜਤਾ ਹੁੰਦੀ ਹੈ, ਉਸਦੀ ਖੁਸ਼ੀ ਵਿੱਚ ਤੁਸੀਂ ਖੁਸ਼ ਹੁੰਦੇ ਹੋ ਤੇ ਉਸਦੇ ਗ਼ਮ ਵਿੱਚ ਗ਼ਮਗੀਨ। ਦਿਲਜੀਤ ਸਿੰਘ ਪੰਨੂ ਨਾਲ ਵੀ ਮੇਰਾ ਰਿਸ਼ਤਾ ਇਹੋ ਜਿਹਾ ਸੀ।
ਮੈਨੂੰ ਉਹ ਦਿਨ ਯਾਦ ਹੈ, ਜਦ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ, ਪੰਜਾਬ, ਨੇ ਉਨ੍ਹਾਂ ਨੂੰ ਬੈਕਫਿਨਕੋ
(Backward Classes Financial Corporation) ਦਾ ਚੇਅਰਮੈਨ ਨਿਯੁਕਤ ਕੀਤਾ ਸੀ, ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਪਰ ਪੰਨੂ ਦੀ ਮੇਰੀ ਦੋਸਤੀ ਉਸੇਤਰ੍ਹਾਂ ਬਰਕਰਾਰ ਰਹੀ ਤੇ ਉਸ ਵਿੱਚ ਕੋਈ ਫ਼ਰਕ ਨਹੀਂ ਸੀ ਆਇਆ। ਅਸੀਂ ਪਹਿਲਾਂ ਵਾਂਗ ਹੀ ਇੱਕ ਦੂਜੇ ਨੂੰ ਉਸੇਤਰ੍ਹਾਂ ਮਿਲਦੇ ਰਹੇ। ਉਸ ਪਿਛੋਂ ਨਰਸਿਮਹਾ ਰਾਓ, ਪਰਧਾਨ ਮੰਤਰੀ ਨੇ ਪੰਨੂ ਹੁਰਾਂ ਨੂੰ ਘਾਨਾ ਵਿੱਚ ਹਾਈ ਕਮਿਸ਼ਨਰ ਨਿਯੁਕਤ ਕਰ ਦਿਤਾ। ਮੇਰੀ ਖੁਸ਼ੀ ਦੂਣ ਸਵਾਈ ਹੋ ਗਈ। ਮੇਰੀ ਅਮਰੀਕਾ ਤੋਂ ਭਾਰਤ ਇੱਕ ਫੇਰੀ ਦੌਰਾਨ ਉਹ ਵੀ ਭਾਰਤ ਆਏ ਹੋਏ ਸਨ। ਮੈਂ ਟੈਲੀਫੋਨ ਕੀਤਾ, ਤਾਂ ਮੈਨੂੰ ਇੱਕ ਦਮ ਆਪਣੀ ਕਾਰ ਭੇਜ ਕੇ ਮਿਲਣ ਦੀ ਦਾਅਵਤ ਦਿਤੀ। ਪਰ ਮੇਰੇ ਕੋਲ ਆਪਣੀ ਕਾਰ ਦਾ ਪ੍ਰਬੰਧ ਹੋਣ ਕਰਕੇ ਮੈਂ ਆਪਣੇ ਭਤੀਜੇ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਬਣੇ ਫਾਰਮ ਹਾਊਸ ਉਤੇ ਮਿਲਣ ਗਿਆ। ਉਸ ਪਿਛੋਂ ਉਹ ਘਾਨਾ ਤੋਂ ਇਲਾਵਾ ਮਡਕਾਸਕਰ ਵਿੱਚ ਹਾਈ ਕਮਿਸ਼ਨਰ ਬਣ ਕੇ ਚਲੇ ਗਏ। ਬਾਵਜੂਦ ਉਨ੍ਹਾਂ ਦੇ ਰੁਝੇਵਿਆਂ ਦੇ ਉਹ ਮੇਰੇ ਨਾਲ ਲੰਬੀਆਂ ਲੰਬੀਆਂ ਗਲਾਂ ਕਰਦੇ ਰਹਿੰਦੇ। ਇਹ ਕਹਾਣੀਆਂ ਗਿਣਤੀ ਵਿੱਚ ਇੰਨੀਆਂ ਹਨ, ਕਿ ਲਿਖਦਿਆਂ ਲਿਖਦਿਆਂ ਜ਼ਿੰਦਗੀ ਤਾਂ ਖਤਮ ਹੋ ਸਕਦੀ ਹੈ, ਪਰ ਕਹਾਣੀ ਨਹੀਂ।
ਜੂਨ ਤੋਂ ਬਾਅਦ ੨੦੦੭ ਦੇ ਸ਼ੁਰੂ ਵਿੱਚ ਮੇਰੀ ਪਤਨੀ ਸਤਵੰਤ ਕੌਰ ਸੋਚ ਆਪਣੀ ਭੈਣ ਅੰਮ੍ਰਿਤ ਕੌਰ ਨਾਲ ਦਿਲਜੀਤ ਸਿੰਘ ਪੰਨੂ ਨੂੰ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਘਰ ਮਿਲਣ ਗਈ। ਉਸ ਵਕਤ ਉਹ ਕਿਸੇ ਹਾਦਸਾ ਗ੍ਰਸਤ ਹੋਣ ਕਾਰਨ ਵੀਲ ਚੇਅਰ ਵਿੱਚ ਸਨ ਤੇ ਚਲਣ ਫਿਰਨ ਤੋਂ ਅਸਮਰਥ ਸਨ। ਮੇਰੀ ਸਮੇਂ ਸਮੇਂ ਉਨ੍ਹਾਂ ਨਾਲ ਟੈਲੀਫਨ ਉਤੇ ਗਲਬਾਤ ਹੁੰਦੀ ਰਹਿੰਦੀ। ਉਹ ਮੈਨੂੰ ਬਹੁਤ ਮੋਹ ਕਰਦੇ ਸੀ ਤੇ ਮੇਰਾ ਉਨ੍ਹਾਂ ਨਾਲ ਬਹੁਤ ਪਿਆਰ ਸੀ। ਇਹ ਇੱਕ ਦੁਵਲੇ ਪਿਆਰ, ਇੱਕ ਦੂਜੇ ਦਾ ਦੁਵਲਾ ਸਤਿਕਾਰ ਕਰਨ ਵਾਲੀ ਤੇ ਇੱਕ ਦੂਜੇ ਨੂੰ ਉਸਦੇ ਨੁਕਤਾ ਨਿਗਾਹ ਤੋਂ ਸਮਝਣ ਵਾਲੀ ਅਜੀਬੋ ਗਰੀਬ ਸਾਂਝ ਸੀ। ਖ਼ੈਰ ਇੱਕ ਦਿਨ ਦੁਖਦਾਈ ਘੜੀ ਨੇ ਟਿਕ ਟਿਕ ਕਰਦਿਆਂ ੧੩ ਦਸੰਬਰ, ੨੦੦੭ ਨੂੰ ਇੱਕ ਮਨਹੂਸ ਦਿਨ ਵਾਂਗ ਮੇਰੇ ਬਰੂਹੀਂ ਆ ਦਸਤਕ ਦਿਤੀ, ਪਤਾ ਲਗਾ ਕਿ ਯਾਰ ਟੁਰ ਗਿਆ ਇਸ ਫ਼ਾਨੀ ਦੁਨੀਆਂ ਤੋਂ। ਬਹੁਤ ਦੁਖ ਲਗਾ, ਦੁਖ ਵੀ ਦੂਹਰਾ ਕਿ ਇੱਕ ਤਾਂ ਮੈਂ ਉਸਨੂੰ ਜਾਣ ਤੋਂ ਪਹਿਲਾਂ ਮਿਲਣ ਦਾ ਵਾਅਦਾ ਕਰਕੇ ਵੀ ਮਿਲ ਨਾ ਸਕਿਆ ਤੇ ਦੂਜਾ ਇਹ ਕਿ ਮੈਂ ਹੁਣ ਉਸਨੂੰ ਮੁੜ ਕੇ ਕਦੇ ਵੀ ਮਿਲ ਨਹੀਂ ਸਕਾਂਗਾ। ਉਡਾਰੂ ਪੰਛੀ ਮੁੜ ਹੱਥਾਂ ਵਿੱਚ ਵਾਪਸ ਨਹੀਂ ਆਉਂਦੇ। ਗਗਨੀ ਉਡਦੇ ਬਾਜ਼ ਹੱਥਾਂ ਵਿੱਚ ਨਹੀਂ ਆਉਂਦੇ। ਆਪਣਾ ਆਪ ਸਖਣਾ ਸਖਣਾ ਮਹਿਸੂਸ ਹੋਇਆ। ਪਰ ਕੀ ਹੋ ਸਕਦਾ ਸੀ? ਕੁੱਝ ਵੀ ਨਹੀਂ। ਪਰਦੇਸਾਂ ਦੇ ਦੁੱਖ। ਆਪਣੇ ਘਰ, ਰਾਚੈਸਟਰ, ਅਮਰੀਕਾ ਵਿੱਚ ਇਕਲਾ ਬੈਠਾ ਭੁਬਾਂ ਮਾਰ ਕੇ ਰੱਜ ਕੇ ਰੋਇਆ। ਪਰ ਰੋਂਦਿਆਂ ਯਾਰ ਨੇ ਕਿਹੜਾ ਮੁੜ ਆਉਣਾ ਸੀ ਤੇ ਨਾ ਹੀ ਉਸਨੇ ਮੇਰਾ ਰੋਣ ਸੁਨਣਾ ਸੀ। ਸੋ ਦਿਲ ਨੂੰ ਧਰਵਾਸ ਦੇ ਕੇ ਚੰਡੀਗੜ੍ਹ ਉਨ੍ਹਾਂ ਦੇ ਬੇਟੇ ਡਾਕਟਰ ਗੁਰਬਿਲਾਸ ਸਿੰਘ ਪੰਨੂ ਤੇ ਉਨ੍ਹਾਂ ਦੀ ਪਤਨੀ ਦੀਪ ਭਾਬੀ ਨਾਲ ਗਲਬਾਤ ਕਰਕੇ ਕੁੱਝ ਦਿਲ ਹੌਲਾ ਕੀਤਾ। ਪਰ ਯਾਰ ਦੀ ਤੜਪ ਨੇ ਮੇਰਾ ਖਹਿੜਾ ਕਦੇ ਨਾ ਛਡਿਆ। ਉਸ ਨਾਲ ਬਿਤਾਈਆਂ ਅਭੁਲ ਯਾਦਾਂ ਅੱਜ ਵੀ ਸੀਨੇ ਵਿੱਚ ਤਾਜ਼ਾ ਜੀਉਂਦੀਆਂ ਹਨ।
ਜ਼ਿੰਦਗੀ ਵਿੱਚ ਕੁੱਝ ਨਿਜੀ ਤੇ ਕੁੱਝ ਘਰੋਗੀ ਹਾਲਾਤ ਐਸੇ ਬਣਦੇ ਗਏ ਕਿ ਮੈਂ ੧੨ ਸਾਲ ਤਕ ਭਾਰਤ ਨਾ ਆ ਸਕਿਆ ਤੇ ਹੁਣ ਆਖ਼ਰਕਾਰ ੯ ਤੇ ੧੦ ਮਾਰਚ ਦੀ ਰਾਤ ਨੂੰ ਕਤਰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਆਪਣੇ ਵੱਡੇ ਵੀਰ ਡਾਕਟਰ ਹਰਭਜਨ ਸਿੰਘ ਸੋਚ ਕੋਲ ਪੁੱਜ ਗਿਆ। ਕੁੱਝ ਦਿਨਾਂ ਤੋਂ ਬਾਅਦ ਮੇਰੀ ਭਤੀਜੀ ਡਾਕਟਰ ਹਰਮੀਨ ਕੌਰ ਸੋਚ ਨੇ ਸਹਿਜ ਸੁਭਾਅ ਮੈਨੂੰ ਪੁਛਿਆ, “ਕੀ ਤੁਸੀਂ ਡਾਕਟਰ ਗੁਰਬਿਲਾਸ ਸਿੰਘ ਪੰਨੂ ਨੂੰ ਜਾਣਦੇ ਹੋ?” ਪਹਿਲਾਂ ਤਾਂ ਮੈਂ ਉਸਦੇ ਸੁਆਲ ਨੂੰ ਅਣਗੌਲਿਆ ਕੀਤਾ ਕਿ ਮੈਂ ਕਿਸੇ ਐਸੇ ਨਾਮ ਤੋਂ ਵਾਕਫ਼ਕਾਰ ਨਹੀਂ ਹਾਂ। ਕੁੱਝ ਦਿਨਾਂ ਬਾਅਦ ਉਸਨੇ ਮੈਨੂੰ ਫੇਰ ਪੁਛਿਆ ਤੇ ਨਾਲ ਇਹ ਵੀ ਦਸਿਆ ਕਿ ਉਹ ਉਸਦਾ ਗੈਸਟਰੋਐਂਟਰਾਲੋਜਿਸਟ ਡਾਕਟਰ ਹੈ ਤੇ ਉਸਨੇ ਉਸ ਕੋਲੋਂ ਮੇਰੇ ਬਾਰੇ ਪੁਛਿਆ ਸੀ ਤੇ ਉਹ ਮੈਨੂੰ ਮਿਲਣਾ ਚਾਹੁੰਦਾ ਹੈ। ਹੁਣ ਮੈਂ ਪੂਰੀ ਤਰ੍ਹਾਂ ਸਮਝ ਚੁਕਾ ਸੀ ਕਿ ਉਹ ਕੌਣ ਹੈ ਤੇ ਉਸਨੂੰ ਮਿਲਣ ਲਈ ਬੇਕਰਾਰ ਹੋ ਗਿਆ ਸੀ। ਆਪਣੀ ਭਤੀਜੀ ਤੋਂ ਡਾਕਟਰ ਪੰਨੂ ਦਾ ਟੈਲੀਫੋਨ ਨੰਬਰ ਲੈ ਕੇ ਉਸਨੂੰ ਫੋਨ ਕੀਤਾ। ਆਪਣਾ ਤਾਅਰੁਫ਼ ਕਰਵਾਇਆ। ਟੈਲੀਫੋਨ ਉਤੇ ਗਲਬਾਤ ਕਰਨ ਨਾਲ ਇੰਝ ਮਹਿਸੂਸ ਹੋਇਆ ਕਿ ਇੱਕ ਦੂਜੇ ਨੂੰ ਮਿਲਣ ਦੀ ਇਹ ਖਿਚ ਦੁਵਲੀ ਸੀ। ਅਗਲੇ ਦਿਨ ਡਾਕਟਰ ਗੁਰਬਿਲਾਸ ਸਿੰਘ ਪੰਨੂ ਮਿਥੇ ਸਮੇਂ ਉਤੇ ਮੈਨੂੰ ਮਿਲਣ ਆ ਗਏ। ਪਹਿਲੀ ਨਜ਼ਰੇ ਜਦ ਮੈਂ ਉਸਦੇ ਨਕਸ਼-ਨੈਣ ਦੇਖੇ, ਉਸਦਾ ਮੁਹਾਂਦਰਾ ਤਕਿਆ, ਉਸਦਾ ਚਿਹਰਾ ਮੁਹਰਾ ਭਾਂਪਿਆ, ਉਸਦਾ ਕਦ-ਕਾਠ, ਉਸਦੀ ਦਸਤਾਰ ਆਦਿ ਡਿਠੀ ਤਾਂ ਇੰਝ ਲਗਾ ਜਿਵੇਂ ਅੱਜ ਮੁੜ ਸ: ਦਿਲਜੀਤ ਸਿੰਘ ਪੰਨੂ ਸਾਖਸ਼ਾਤ ਮੇਰੇ ਸਾਹਵੇਂ ਖੜਾ ਹੈ। ਅਸੀਂ ਰਲ ਕੇ ਬੈਠੇ, ਉਸਦੇ ਪਾਪਾ ਦੀਆਂ ਪੁਰਾਣੀਆਂ ਅਨੇਕਾਂ ਕਹਾਣੀਆਂ ਸਾਂਝੀਆਂ ਕੀਤੀਆਂ, ਉਸਨੇ ਆਪਣੀਆਂ ਗਲਾਂ ਕੀਤੀਆਂ, ਮੈਂ ਆਪਣੀਆਂ ਬਾਤਾਂ ਪਾਈਆਂ, ਗੁਰਬਿਲਾਸ ਆਪਣੇ ਪਾਪਾ ਵਾਂਗ ਖੁਲ੍ਹ ਕੇ ਹਸਿਆ।

ਜਦੋਂ ਉਹ ਹਸਦਾ ਸੀ, ਮੈਨੂੰ ਹੋਰ ਵੀ ਚੰਗਾ ਲਗਦਾ ਸੀ, ਕਿਉਂਕਿ ਮੈਨੂੰ ਉਸ ਵਿਚੋਂ ਉਸਦਾ ਪਾਪਾ ਤੇ ਆਪਣਾ ਪਿਆਰਾ ਤੇ ਗੂੜ੍ਹਾ ਦੋਸਤ ਨਜ਼ਰ ਆਉਂਦਾ ਸੀ। ਮੈਨੂੰ ਇਉਂ ਭਾਸਦਾ ਸੀ ਜਿਵੇਂ ਕਿ ਗੁਰਬਿਲਾਸ ਰਾਹੀਂ ਮੈਨੂੰ ਮੇਰਾ ਗੁਆਚਾ ਦੋਸਤ ਦਿਲਜੀਤ ਸਿੰਘ ਪੰਨੂ ਮੁੜ ਸਬੱਬ ਨਾਲ ਮਿਲ ਪਿਆ ਹੋਵੇ।
ਮੈਨੂੰ ਅੰਮ੍ਰਿਤਸਰ ਵਿੱਚ ਆਪਣੀ ਇਸ ਫੇਰੀ ਦੌਰਾਨ ਡਾਕਟਰ ਗੁਰਬਿਲਾਸ ਸਿੰਘ ਪੰਨੂ, ਜੋ ਫੋਰਟਿਸ ਹਸਪਤਾਲ ਵਿੱਚ ਪੇਟ ਦੇ ਰੋਗਾਂ ਦੇ ਵਿਸ਼ੇਸ਼ ਡਾਕਟਰ (ਗੈਸਟਰੋਐਂਟਾਲੋਜਿਸਟ) ਦੇ ਤੌਰ ਉਤੇ ਕੰਮ ਕਰਦੇ ਹਨ, ਨੂੰ ੪ ਵਾਰੀ ਮਿਲਣ ਦਾ ਖੁਸ਼ਨਸੀਬ ਮੌਕਾ ਮਿਲਿਆ। ਮੈਨੂੰ ਹਰ ਇੱਕ ਮੁਲਾਕਾਤ ਵਿੱਚ ਇੰਞ ਮਹਿਸੂਸ ਹੋਇਆ, ਜਿਵੇਂ ਸ: ਦਿਲਜੀਤ ਸਿੰਘ ਪੰਨੂ ਮੇਰੇ ਸਾਹਵੇਂ ਬੈਠਾ ਹੋਵੇ ਤੇ ਅਸੀਂ ਪਹਿਲਾਂ ਵਾਂਗ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰ ਰਹੇ ਹੋਈਏ। ਕਮਾਲ ਦੀ ਗਲ ਇਹ ਸੀ ਕਿ ਇਨ੍ਹਾਂ ਮਿਲਣੀਆਂ ਦੌਰਾਨ ਮੈਨੂੰ ਆਪਣੀ ਤੇ ਗੁਰਬਿਲਾਸ ਦੀ ਉਮਰ ਵਿੱਚ ਕੋਈ ਫ਼ਰਕ ਨਹੀਂ ਮਹਿਸੂਸ ਹੋਇਆ, ਸਗੋਂ ਉਹ ਉਮਰ ਵਿੱਚ ਛੋਟਾ ਹੋਣ ਦੇ ਬਾਵਜੂਦ ਮੈਨੂੰ ਹਮਉਮਰ ਲਗਾ। ਮੈਂ ਗੁਰਬਿਲਾਸ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜਿਸਨੇ ਮੈਨੂੰ ਆਪਣੇ ਯਾਰ ਦੀ ਅਣਹੋਂਦ ਨੂੰ ਕਾਫ਼ੀ ਹੱਦ ਤਕ ਭੁਲਾ ਦਿਤਾ ਹੈ, ਕਿਉਂਕਿ ਇੱਕ ਚੰਗੇ ਇਤਫ਼ਾਕ ਨਾਲ ਗੁਰਬਿਲਾਸ ਰਾਹੀਂ ਅੱਜ ਮੈਨੂੰ ਮੇਰਾ ਗੁਆਚਾ ਯਾਰ ਮੁੜ ਨਸੀਬ ਹੋ ਗਿਆ ਹੈ।
ਗਲਾਂ ਬਾਤਾਂ ਦੌਰਾਨ ਡਾਕਟਰ ਗੁਰਬਿਲਾਸ ਸਿੰਘ ਪੰਨੂ ਨੇ ਸਾਨੂੰ ਸਾਰਿਆਂ, ਜਿਨ੍ਹਾਂ ਵਿੱਚ ਮੇਰਾ ਵਡਾ ਵੀਰ, ਭਾਬੀ, ਮੇਰੀ ਭੈਣ ਡਾਕਟਰ ਇੰਦੂ ਸਿੰਘ, ਮੇਰੀ ਭਤੀਜੀ ਸ਼ਾਮਲ ਸਨ, ਨੂੰ ਰਾਤ ਦੇ ਖਾਣੇ ਦੀ ਦਾਅਵਤ ਦਿਤੀ। ਅੰਮ੍ਰਿਤਸਰ ਦੇ ਰਣਜੀਤ ਐਵੇਨੀਊ ਵਿੱਚ ਬਰਿਊਮਾਸਟਰ ਨਾਮ ਦੇ ਹਾਈ ਫਾਈ ਰੈਸਟੋਰੈਂਟ ਵਿੱਚ ਅਸੀਂ ਸਾਰੇ ਪਹੁੰਚ ਗਏ। ਗੁਰਬਿਲਾਸ ਨੇ ਉਚੇਚੇ ਤੌਰ ਉਤੇ ਆਪਣੀ ਮਾਤਾ ਦੀਪ ਪੰਨੂ, ਆਪਣੀ ਮਾਸੀ ਤੇ ਕੁੱਝ ਹੋਰ ਰਿਸ਼ਤੇਦਾਰ ਵੀ ਬੁਲਾਏ ਹੋਏ ਸਨ। ਇਸ ਚਾਰ ਮੰਜ਼ਲਾ ਰੈਸਟੋਰੈਂਟ ਵਿੱਚ ਦਾਖ਼ਲ ਹੋਣ ਉਤੇ ਇਹ ਨਹੀਂ ਸੀ ਮਹਿਸੂਸ ਹੋ ਰਿਹਾ ਕਿ ਅਸੀਂ ਅੰਮ੍ਰਿਤਸਰ ਵਿੱਚ ਬੈਠੇ ਹੋਈਏ। ਗੁਰਬਿਲਾਸ ਨੇ ਇਹ ਵੀ ਦਸਿਆ ਕਿ ਉਹ ਰੈਸਟੋਰੈਂਟ ਉਸਦਾ ਆਪਣਾ ਹੈ। ਗੁਰਬਿਲਾਸ ਹੁਰਾਂ ਕਰਕੇ ਬੇਸ਼ੁਮਾਰ ਤਰ੍ਹਾਂ ਤਰ੍ਹਾਂ ਦੇ ਲਜ਼ੀਜ਼ ਖਾਣਿਆਂ ਨੇ ਸਾਡੇ ਟੇਬਲਾਂ ਉਤੇ ਛਾਉਣੀ ਪਾਈ ਹੋਈ ਲਗਦੀ ਸੀ। ਸਾਫ਼ ਸੁਥਰਾ ਖਾਣਾ ਤੇ ਫੇਰ ਉਸਨੂੰ ਸ਼ਾਇਸਤਗੀ ਨਾਲ ਹਰ ਪਲੇਟ ਵਿੱਚ ਪਰੋਸਣ ਲਈ ਬੇਹੱਦ ਤਹਿਜ਼ੀਬ ਯਾਫ਼ਤਾ ਵੇਟਰਾਂ ਦੀ ਫੌਜ ਹਰ ਇੱਕ ਮਹਿਮਾਨ ਦਾ ਇੰਝ ਖਿਆਲ ਕਰ ਰਹੀ ਸੀ, ਜਿਵੇਂ ਅਸੀਂ ਸ਼ਾਹੀ ਘਰਾਣਿਆਂ ਵਿਚੋਂ ਆਏ ਹੋਈਏ।{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.