.

ਧਰਮ ਤੋਂ ਬਾਹਰ ਹੋਏ ਨੂੰ ਅੱਜ ਪੂਰੇ ਪੰਜ ਸਾਲ ਹੋ ਗਏ ਹਨ

ਅੱਜ ਜੂਨ 07, 2025 ਦਾ ਦਿਨ ਹੈ। ਅੱਜ ਤੋਂ ਠੀਕ ਪੰਜ ਸਾਲ ਪਹਿਲਾਂ ਮੈਂ ਧਰਮ ਦੇ ਨਾਮ ਤੇ ਫੁਕਰੀਆਂ ਮਾਰ ਕੇ ਗੁਮਰਾਹ ਕਰਨ ਵਾਲੇ ਗੁੰਡਿਆਂ ਅਤੇ ਬਦਮਾਸ਼ਾਂ ਦੇ ਧਰਮ ਤੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਸੀ। ਪਿਛਲੇ ਪੰਜ ਸਾਲਾਂ ਵਿੱਚ ਮੈਂ ਇਸ ਧਰਮ ਦੀ ਕਿਸੇ ਵੀ ਧਰਮ ਵਾਲੀ ਰਸਮ ਵਿੱਚ ਸ਼ਾਮਲ ਨਹੀਂ ਹੋਇਆ ਅਤੇ ਨਾ ਹੀ ਕਿਸੇ ਗੁਰਦੁਆਰੇ ਦੇ ਅੰਦਰ ਗਿਆ ਹਾਂ। ਹਾਂ, ਪਾਰਕਿੰਗ ਲਾਟ ਵਿੱਚ ਜਰੂਰ ਗਿਆ ਸੀ। ਧਰਮ ਤੋਂ ਬਾਹਰ ਹੋਣ ਦਾ ਨਾ ਹੀ ਮੈਨੂੰ ਕੋਈ ਅਫਸੋਸ ਹੈ ਅਤੇ ਨਾ ਹੀ ਪਛਤਾਵਾ। ਇਸ ਗੱਲ ਦਾ ਮੇਰੇ ਮਨ ਤੇ ਇੱਕ ਵੀ ਪਰਸਿੰਟ ਕੋਈ ਬੋਝ ਨਹੀਂ ਹੈ ਅਤੇ ਨਾ ਹੀ ਮੈਂ ਕੋਈ ਇਕੱਲਤਾ ਮਹਿਸੂਸ ਕਰਦਾ ਹਾਂ। ਸਮਾਜਿਕ ਤੌਰ ਤੇ ਕਿਸੇ ਵੀ ਵਿਆਕਤੀ ਨੂੰ ਮਿਲਣ ਗਿਲਣ ਵਿੱਚ ਮੈਨੂੰ ਕੋਈ ਸਮੱਸਿਆ ਨਹੀਂ ਹੈ ਪਰ ਧਰਮ ਦੀਆਂ ਗੱਲਾਂ ਵਿੱਚ ਮੈਨੂੰ ਹੁਣ ਉੱਕਾ ਹੀ ਕੋਈ ਦਿਲਚਸਪੀ ਨਹੀਂ ਹੈ। ਕਿਉਂਕਿ ਧਾਰਮਿਕ ਲੋਕਾਂ ਨੂੰ ਧਰਮ ਦੀਆਂ ਗੱਲਾਂ ਨੂੰ ਮੈਂ ਪਿਛਲੇ 50 ਸਾਲਾਂ ਤੋਂ ਬਹੁਤ ਨੇੜੇ ਹੋ ਕੇ ਦੇਖਿਆ ਹੈ। ਮੈਂ ਆਪ ਜਾਂ ਕੋਈ ਵੀ ਹੋਰ ਵਿਆਕਤੀ 100% ਦੁੱਧ ਧੋਤਾ ਨਹੀਂ ਹੋ ਸਕਦਾ। ਹਰ ਵਿੱਚ ਔਗਣ ਹੋ ਸਕਦੇ ਹਨ। ਪਰ ਧਰਮ ਦੇ ਨਾਮ ਤੇ ਜਾਣ ਬੁੱਝ ਕੇ ਝੂਠ ਬੋਲ ਕੇ ਗੁਮਰਾਹ ਕਰਨਾ ਇਹ ਬਰਦਾਸ਼ਤ ਤੋਂ ਬਾਹਰ ਹੈ ਅਤੇ ਨਾ ਹੀ ਮੈਂ ਅੱਜ ਤੱਕ ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ ਹੈ। ਜਿਹੜੇ ਲੋਕ ਇੱਕ ਇਨਸਾਨੀਅਤ ਤੋਂ ਗਿਰੇ ਹੋਏ ਸਾਧ ਨੂੰ ਮਹਾਨ ਬਣਾਉਣ ਲਈ ਕਿਸੇ ਦੂਸਰੇ ਦੇ ਨਾਮ ਜਾਹਲੀ ਕਿਤਾਬਾਂ ਛਾਪ ਕੇ ਗੁਰਦੁਆਰਿਆਂ ਵਿੱਚ ਪਰਚਾਰ ਸਕਦੇ ਹਨ ਉਨ੍ਹਾਂ ਤੋਂ ਸੱਚ ਬੋਲਣ ਦੀ ਕਿਥੋਂ ਕੋਈ ਆਸ ਕੀਤੀ ਜਾ ਸਕਦੀ ਹੈ। ਹਰੇਕ ਸਾਲ ਜੂਨ ਦਾ ਪਹਿਲਾ ਹਫਤਾ ਇਨ੍ਹਾਂ ਸਿੱਖਾਂ ਲਈ ਧਰਮ ਦੇ ਨਾਮ ਤੇ ਝੂਠ ਬੋਲ ਬੋਲ ਕੇ ਗੁਮਰਾਹ ਕਰਨ ਦਾ ਇੱਕ ਧੰਦਾ ਹੁੰਦਾ ਹੈ।

ਜੂਨ 1984 ਦੇ ਦੁਖਾਂਤ ਨੂੰ 41 ਸਾਲ ਹੋ ਗਏ ਹਨ ਸਿੱਖ ਹਾਲੇ ਵੀ ਇਸ ਬਾਰੇ ਰੱਜ ਕੇ ਝੂਠ ਬੋਲਦੇ ਹਨ ਅਤੇ ਗੁਮਰਾਹ ਕਰਦੇ ਹਨ। ਇੱਕ ਪਾਸੇ ਤਾਂ ਆਪਣੇ ਆਪ ਨੂੰ ਬਹੁਤ ਬਹਾਦਰ ਦੱਸਦੇ ਹਨ ਅਤੇ ਨਾਲ ਹੀ ਨਸਲ ਕੁਸ਼ੀ ਦਾ ਆਰਾਟ ਪਉਣ ਲੱਗ ਪੈਂਦੇ ਹਨ। ਸਰਕਾਰਾਂ ਦੇ ਵਿੱਚ ਕੰਮ ਕਰਨ ਵਾਲੇ ਸਿੱਖ ਵੀ ਕਾਂਗਰਸ ਅਤੇ ਇੰਦਰਾ ਗਾਂਧੀ ਬਾਰੇ ਵੀ 180 ਡਿਗਰੀ ਵਾਲੀ ਵਿਰੋਧੀ ਰਾਏ ਰੱਖਦੇ ਹਨ। ਇੱਕ ਕਹਿੰਦੇ ਹਨ ਕਿ ਜੇ ਕਰ ਇੰਦਰਾ ਗਾਂਧੀ ਦਾ ਕਤਲ ਨਾ ਹੁੰਦਾ ਤਾਂ ਉਸ ਨੇ ਕਿਸੇ ਬਹਾਨੇ ਪੰਜਾਬ ਦੇ ਸਾਰੇ ਸਿੱਖਾਂ ਨੂੰ ਕਤਲ ਕਰ ਦੇਣਾ ਸੀ। ਦੂਸਰੇ ਕਹੀ ਜਾਂਦੇ ਹਨ ਕਿ 1984 ਦੇ ਅਟੈਕ ਤੋਂ ਬਾਅਦ ਉਹ ਬਹੁਤ ਡਰੀ ਹੋਈ ਸੀ ਅਤੇ ਉਹ ਕਿਸੇ ਬਹਾਨੇ ਸਿੱਖਾਂ ਤੋਂ ਮੁਆਫੀ ਮੰਗਣਾ ਚਾਹੁੰਦੀ ਸੀ। ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਲਿਜਾਣ ਦੀ ਗੱਲ ਹੈ। ਇੱਕ ਕਹੀ ਜਾਂਦੇ ਹਨ ਕਿ ਜਨਰਲ ਭੁੱਲਰ ਰਾਹੀਂ ਸਰਕਾਰ ਨੇ ਆਪ ਹੀ ਹਥਿਆਰ ਅੰਦਰ ਭੇਜੇ ਸਨ। ਦੂਸਰੇ ਕਹੀ ਜਾਂਦੇ ਹਨ ਕਿ ਭੁੱਲਰ ਤਾਂ ਸੰਤਾਂ ਦਾ ਖਾਸ ਬੰਦਾ ਸੀ ਅਤੇ ਉਹ ਆਪ ਵੀ ਕਨੇਡਾ ਅਮਰੀਕਾ ਵਿੱਚ ਆ ਕੇ ਇਹੀ ਗੱਲ ਕਹਿੰਦਾ ਰਿਹਾ ਹੈ।

ਪਿਛਲੇ 50 ਸਾਲਾਂ ਵਿੱਚ ਅਤੇ ਖਾਸ ਕਰਕੇ 1984 ਤੋਂ ਬਾਅਦ ਪੰਜਾਬ ਵਿੱਚ ਜੋ ਕੁੱਝ ਵਾਪਰਦਾ ਰਿਹਾ ਹੈ ਉਸ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਹਨ। ਜਦੋਂ ਦਾ ਸ਼ੋਸ਼ਲ ਮੀਡੀਆ ਹੋਂਦ ਵਿੱਚ ਆਇਆ ਹੈ ਉਸ ਤੋਂ ਬਾਅਦ ਤਾਂ ਹਜਾਰਾਂ ਹੀ ਲੋਕਾਂ ਨੇ ਆਪਣੇ ਵਿਚਾਰ ਇਸ ਬਾਰੇ ਦਿੱਤੇ ਹਨ ਅਤੇ ਦੇ ਰਹੇ ਹਨ। ਪਰ ਸਭ ਤੋਂ ਵੱਧ ਭਰੋਸੇ ਯੋਗ ਅਤੇ ਕਾਫੀ ਹੱਦ ਤੱਕ ਨਿਰਪੱਖਤਾ ਵਾਲੇ ਵਿਚਾਰ ਮੇਰੇ ਖਿਆਲ ਮੁਤਾਬਕ ਜੇ ਕਰ ਕਿਸੇ ਨੇ ਦਿੱਤੇ ਹਨ ਤਾਂ ਉਹ ਦੋ ਵਿਆਕਤੀ ਉਹ ਹਨ ਜਿਨ੍ਹਾਂ ਨੇ ਆਪ ਆਪਣੀਆਂ ਅੱਖਾਂ ਨਾਲ ਬਹੁਤਾ ਕੁੱਝ ਦੇਖਿਆ ਸੀ। ਉਹ ਹਨ ਅਸੰਤ ਕੁਲਜਿੰਦਰ ਸਿੰਘ ਢਿੱਲੋਂ ਅਤੇ ਸੁਖਵਿੰਦਰ ਦਿਆਲ ਸਿੰਘ ਉਰਫ ਕਾਕਾ। ਇਨ੍ਹਾਂ ਦੋਹਾਂ ਦੀਆਂ ਕਾਫੀ ਇੰਟਰਵਿਊ ਯੂ-ਟਿਉਬ ਉਪਰ ਪਈਆਂ ਹਨ। ਪਰ ਝੂਠ ਬੋਲ ਕੇ ਗੁਮਰਾਹ ਕਰਨ ਵਾਲੇ ਕੱਟੜਵਾਦੀ ਇਨ੍ਹਾਂ ਨੂੰ ਜਲੀਲ ਕਰਦੇ ਰਹਿੰਦੇ ਹਨ ਤਾਂ ਕਿ ਸੱਚ ਨੂੰ ਵੱਧ ਤੋਂ ਵੱਧ ਦਬਾਇਆ ਜਾ ਸਕੇ।

ਸਿੱਖ ਧਰਮ ਵਿੱਚ ਝੂਠ ਬੋਲ ਕੇ ਗੁੰਡਿਆਂ ਨੂੰ ਸੰਤ ਬਣਾਇਆ ਜਾਂਦਾ ਹੈ ਅਤੇ ਅਸਲੀ ਸੰਤਾਂ ਦੀ ਨਿੰਦਿਆ ਕੀਤੀ ਜਾਂਦੀ ਹੈ। ਮੇਰੇ ਲਈ ਜਰਨੈਲ ਸਿੰਘ ਭਿੰਡਰਾਂ ਵਾਲਾ ਸਰਕਾਰ ਦਾ ਪਾਲਿਆ ਹੋਇਆ ਇੱਕ ਗੁੰਡਾ ਸੀ ਅਤੇ ਡਾ: ਮਨਮੋਹਨ ਸਿੰਘ ਇੱਕ ਸੰਤ ਸੀ। ਹੁਣ ਤੁਸੀਂ ਕਹੋਂਗੇ ਕਿ ਉਹ ਗੁੰਡਾ ਕਿਵੇਂ ਸੀ? ਜੇ ਕਰ ਥੋੜਾ ਜਿਹਾ ਵੀ ਆਪਣੇ ਦਿਮਾਗ ਤੇ ਬੋਝ ਪਾ ਕੇ ਸੋਚੋਂਗੇ ਤਾਂ ਆਪਣੇ ਆਪ ਹੀ ਸਪਸ਼ਟ ਹੋ ਜਾਵੇਗਾ ਕਿ ਉਸ ਦੀ ਸੋਚ ਬਿਪਰਵਾਦੀ ਸੀ ਅਤੇ ਸੁਭਾਅ ਨਿਰਾ ਗੁੰਡਿਆਂ ਵਰਗਾ। ਜਿਸ ਨੂੰ ਸਿੱਖ ਬਹਾਦਰੀ ਦਾ ਨਾਮ ਦਿੰਦੇ ਹਨ। ਸੋਚ ਬਿਪਰਵਾਦੀ ਕਿਵੇਂ ਸੀ? ਇਸ ਨੂੰ ਸੌਖਾ ਸਮਝਣ ਲਈ ਗੁਰਬਾਣੀ ਪਾਠ ਦਰਪਣ ਕਿਤਾਬ ਪੜ੍ਹ ਲਓ ਜਿਹੜੀ ਕਿ ਗਿ: ਗੁਰਬਚਨ ਸਿੰਘ ਦੀ ਲਿਖੀ ਹੋਈ ਹੈ। ਉਸ ਵਿੱਚ ਸ਼ਾਇਦ ਹੀ ਕੋਈ ਗੱਲ ਗੁਰਮਤਿ ਅਨੁਸਾਰੀ ਹੋਵੇ, ਬਹੁਤਾ ਬਿਪਰਵਾਦ ਹੀ ਹੈ। ਬਿਪਰ ਵੀ ਇਹੀ ਕਹਿੰਦਾ ਹੈ ਕਿ ਜਨਮ ਮਰਨ, ਦੁੱਖ ਸੁੱਖ, ਅਤੇ ਜਾਤ ਪਾਤ ਆਦਿਕ ਪਿਛਲੇ ਕਰਮਾ ਕਰਕੇ ਹੈ। ਬਚਿੱਤਰ ਨਾਟਕ ਦੀ ਆਤਮ ਕਥਾ ਵਿੱਚ ਵੀ ਇਹੀ ਵਰਨਣ ਹੈ ਜਿਸ ਨੂੰ ਗੁਰਬਾਣੀ ਪਾਠ ਦਰਪਣ ਵਿੱਚ ਖਾਸ ਤੌਰ ਤੇ ਮਹਾਨਤਾ ਦਿੱਤੀ ਗਈ ਹੈ ਕਿ ਗੁਰੂ ਜੀ ਦਾ ਪਿਛਲਾ ਜਨਮ ਰਾਮ ਚੰਦਰ ਦੀ ਵੰਸ ਨਾਲ ਜੁੜਦਾ ਹੈ ਭਾਵ ਕਿ ਸਿੱਖ ਲਉ ਕੁਸ਼ ਦੀਆਂ ਔਲਾਦਾਂ ਹਨ। ਇਹੀ ਵਿਚਾਰ ਇਸ ਭਿੰਡਰਾਂਵਾਲੇ ਸਾਧ ਦੇ ਸੀ ਜੋ ਕਿ ਧੱਕੇ ਨਾਲ ਹੀ ਸਾਰਿਆਂ ਤੇ ਥੋਪਣਾ ਚਾਹੁੰਦਾ ਸੀ। ਗਿ: ਜਗਤਾਰ ਸਿੰਘ ਨਾਲ ਵੀ ਲੁਧਿਆਣੇ ਦੇ ਕਿਸੇ ਗੁਰਦੁਆਰੇ ਵਿੱਚ ਮਰਯਾਦਾ ਬਾਰੇ ਮੱਤਭੇਦ ਦੇ ਕਾਰਨ ਇਸ ਦੇ ਨਾਲ ਦੇ ਸਾਥੀ ਠਾਰਾ ਸਿੰਘ ਵਰਗੇ ਕਹਿੰਦੇ ਸਨ ਕਿ ਬੰਦੂਕ ਦੀ ਗੋਲੀ ਪਿੱਛੇ ਬੁੰ--- ਵਿੱਚ ਦੀ ਮਾਰ ਕੇ ਮੂੰਹ ਰਾਹੀਂ ਕੱਢ ਦੇਵਾਂਗੇ। ਇਸ ਦੇ ਚੇਲੇ ਬਾਲਕੇ ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਕਿਸ ਤਰ੍ਹਾਂ ਦੀਆਂ ਧਮਕੀਆਂ ਸ਼ੋਸ਼ਲ ਮੀਡੀਆ ਤੇ ਦਿੰਦੇ ਹਨ ਇਹ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ ਹੈ। ਢੱਡਰੀਆਂ ਵਾਲੇ ਸਾਧ ਨੂੰ ਵੀ ਛੇ ਦੀਆਂ ਛੇ ਗੋਲੀਆਂ ਵੱਖੀ ਵਿੱਚ ਲੰਘਾਉਣ ਦੀਆਂ ਧਮਕੀਆਂ ਦਿੰਦੇ ਸਨ। ਉਸ ਦੇ ਸਾਥੀ ਦਾ ਕਤਲ ਕਰਕੇ ਅਪਰਾਧੀਆਂ ਤੇ ਫੁੱਲਾਂ ਦੀ ਵਰਖਾ ਕਰਦੇ ਸਨ। ਹੋਰਨਾ ਦੀ ਗੱਲ ਤਾਂ ਛੱਡੋ, ਪਿੰਦਰਪਾਲ ਵਰਗਾ ਇੱਕ ਕਥਾਕਾਰ ਵੀ ਆਪਣੀ ਅਤੇ ਸਾਧ ਦੀ ਬਦਮਾਸ਼ੀ ਛੁਪਾ ਨਹੀਂ ਸਕਿਆ। ਇਸ ਤਰ੍ਹਾਂ ਦੇ ਗਿਰੇ ਹੋਏ ਕਥਾਕਾਰਾਂ ਨੂੰ ਮੈਂ ਕਦੀ ਵੀ ਨਹੀਂ ਸੀ ਸੁਣਿਆ। ਇਹ ਗੱਲ ਤਾਂ ਅਚਾਨਕ ਹੀ ਸੁਣੀ ਗਈ ਸੀ ਜਦੋਂ ਮੈਂ ਕਿਸੇ ਰਿਸ਼ਤੇਦਾਰ ਦੇ ਘਰੇ ਬੈਠਾ ਸੀ ਅਤੇ ਟੀ: ਵੀ: ਤੇ ਇਸ ਦੀ ਕਥਾ ਚੱਲ ਰਹੀ ਸੀ। ਇਹ ਪਿੰਦਰਪਾਲ ਪਤਾ ਕੀ ਕਹਿੰਦਾ ਸੀ? ਕਹਿੰਦਾ ਸੀ ਜਦੋਂ ਬਾਬਾ ਜਰਨੈਲ ਸਿੰਘ ਜਿਉਂਦਾ ਸੀ ਤਾਂ ਕਿਸੇ ਦੀ ਜ਼ੁਅਰਤ ਨਹੀਂ ਸੀ ਪਈ ਦਸਮ ਗ੍ਰੰਥ ਤੇ ਉਂਗਲੀ ਚੁੱਕਣ ਦੀ। ਭਾਵ ਕਿ ਨੰਗੀ ਚਿੱਟੀ ਬਦਮਾਸ਼ੀ। ਦਸਮ ਗ੍ਰੰਥ ਵਿਚਲੀ ਊਟ ਪਟਾਂਗ ਦੀ ਥੋੜੀ ਜਿਹੀ ਝਲਕ ਤੁਸੀਂ ਅਗਾਂਹ ਲੇਖ ਵਿੱਚ ਪੜ੍ਹ ਸਕਦੇ ਹੋ।

ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਖਾਲਿਸਤਾਨੀ ਅਤੇ ਖਾਸ ਕਰਕੇ ਭਿੰਡਰਾਂਵਾਲੇ ਸਾਧ ਦੇ ਚੇਲੇ ਡਾ: ਮਨਮੋਹਨ ਸਿੰਘ ਦੀ ਵਿਰੋਧਤਾ ਕਰਦੇ ਹਨ। ਸਭ ਤੋਂ ਪਹਿਲਾਂ ਡਾ: ਜਗਜੀਤ ਸਿੰਘ ਚੌਹਾਨ ਨੇ ਕੀਤੀ ਸੀ ਜਦੋਂ ਡਾ: ਮਨਮੋਹਨ ਸਿੰਘ ਨੂੰ ਦੇਸ਼ ਦਾ ਖਜ਼ਾਨਾ ਮੰਤਰੀ ਬਣਾਇਆ ਗਿਆ ਸੀ। ਉਸ ਦਾ ਤਰਕ ਸੀ ਕਿ ਦੇਸ਼ ਦਾ ਦੁਵਾਲਾ ਨਿਕਲਣ ਵਾਲਾ ਹੈ ਇਸ ਨੂੰ ਹੁਣ ਕੋਈ ਨਹੀਂ ਰੋਕ ਸਕਦਾ। ਇਹ ਕਾਂਗਰਸ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਹੋਰ ਸਾਜਿਸ਼ ਹੈ ਤਾਂ ਕਿ ਦੇਸ਼ ਦੇ ਦੁਵਾਲਾ ਨਿਕਲਣ ਵਾਲੀ ਗੱਲ ਦਾ ਭਾਂਡਾ ਵੀ ਸਿੱਖਾਂ ਸਿਰ ਹੀ ਭੰਨਿਆ ਜਾ ਸਕੇ। ਹੁਣ ਦੇ ਕਈ ਵਿਰੋਧੀ ਵੀ ਇਹੀ ਕਹਿੰਦੇ ਹਨ ਕਿ ਉਸ ਨੇ ਸਿੱਖਾਂ ਲਈ ਕੀ ਕੀਤਾ? ਪੰਜਾਬ ਲਈ ਕੀ ਕੀਤਾ? ਉਸ ਨੇ ਫਲਾਨਾਂ ਜਾਂ ਧਿਮਕੜਾ ਫੰਡ ਜਾਰੀ ਕੀਤਾ ਸੀ ਜੋ ਕਿ ਸਿੱਖਾਂ ਨੂੰ ਮਾਰਨ ਲਈ ਵਰਤਿਆ ਗਿਆ ਸੀ। ਭਾਜਪਾ ਵਾਲੇ ਕਹੀ ਜਾਂਦੇ ਸਨ ਕਿ ਉਹ ਇੱਕ ਰਿਮੋਟ ਨਾਲ ਚੱਲਣ ਵਾਲਾ ਪਰਧਾਨ ਮੰਤਰੀ ਸੀ। ਕਾਂਗਰਸ ਸਰਕਾਰ ਤੇ ਕਈ ਭ੍ਰਿਸ਼ਟਾਚਾਰ ਦੇ ਵੀ ਦੋਸ਼ ਲਗਦੇ ਰਹੇ ਹਨ। ਇਸ ਵਿੱਚ ਮਨਮੋਹਨ ਸਿੰਘ ਨੂੰ ਵੀ ਵਿਚੇ ਘੜੀਸਿਆ ਜਾਂਦਾ ਰਿਹਾ ਸੀ। ਹੋਰ ਵੀ ਬਹੁਤ ਕੁੱਝ ਉਸ ਦੇ ਸਿਰ ਮੜਿਆ ਜਾਂਦਾ ਰਿਹਾ ਸੀ। ਉਹ ਸਾਰਾ ਕੁੱਝ ਆਪਣੀ ਝੋਲੀ ਵਿੱਚ ਪਵਾਉਂਦਾ ਰਿਹਾ ਤੇ ਦੇਸ਼ ਲਈ ਅਤੇ ਲੋਕਾਂ ਲਈ ਜੋ ਚੰਗਾ ਸਮਝਦਾ ਸੀ ਕਰਦਾ ਰਿਹਾ। ਹੁਣ ਜੇ ਕਰ ਦੇਸ਼ ਤਰੱਕੀ ਦੇ ਰਾਹ ਚੱਲ ਰਿਹਾ ਹੈ ਤਾਂ ਇਸ ਵਿੱਚ ਬਹੁਤ ਵੱਡੀ ਉਸ ਦੀ ਹੀ ਦੇਣ ਹੈ। ਸਾਰੀ ਦੁਨੀਆ ਵਿੱਚ ਉਸ ਨੇ ਇਸ ਗੱਲ ਦੀ ਧਾਂਕ ਜਮਾਈ ਸੀ ਕਿ ਇੱਕ ਪੱਗ ਬੰਨਣ ਵਾਲਾ ਵੀ ਬਹੁਤ ਸਿਆਣਾ ਹੋ ਸਕਦਾ ਹੈ। ਨਹੀਂ ਤਾਂ ਪੱਗ ਬੰਨਣ ਵਾਲਿਆਂ ਨੂੰ ਬਿਨ ਲੈਡਨ ਵਰਗੇ ਅੱਤਵਾਦੀ ਹੀ ਸਮਝਿਆ ਜਾਂਦਾ ਸੀ। ਇਸੇ ਭੁਲੇਖੇ ਵਿੱਚ ਅਮਰੀਕਾ ਵਿੱਚ ਕਈ ਸਿੱਖਾਂ ਤੇ ਹਮਲੇ ਵੀ ਹੋਏ ਸਨ। ਲੋਕਾਂ ਦੇ ਤਾਹਨੇ ਮਿਹਣੇ ਸੁਣ ਕੇ ਵੀ ਸ਼ਾਂਤ ਚਿਤ ਰਹਿ ਕੇ ਪੱਗ ਦੀ ਅਹਿਮੀਅਤ ਨੂੰ ਸਾਰੀ ਦੁਨੀਆ ਵਿੱਚ ਪਹੁੰਚਾਣਾ ਅਤੇ ਆਪਣੀ ਅਕਲ ਦੀ ਧਾਂਕ ਜਮਾਉਣਾ, ਕੀ ਇਹ ਕਿਸੇ ਕਥਿਤ ਸੰਤ ਦੀ ਪਦਵੀ ਤੋਂ ਘੱਟ ਹੈ?

ਧਰਮ ਵਿੱਚ ਅੰਨੇ ਹੋਏ ਜਨੂੰਨੀ ਕਾਂਗਰਸ ਨੂੰ ਆਪਣੇ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਹਨ ਪਰ ਨਾਲ ਹੀ ਪੰਜਾਬ ਵਿੱਚ ਕਈ ਵਾਰੀ ਕਾਂਗਰਸ ਦੀ ਸਰਕਾਰ ਵੀ ਬਣਾ ਚੁੱਕੇ ਹਨ। ਜੇ ਕਰ ਇੰਦਰਾ ਗਾਂਧੀ ਨੇ ਹਿੰਦੂਆਂ ਦੀਆਂ ਵੋਟਾਂ ਲੈਣ ਲਈ 1984 ਵਾਲਾ ਅਟੈਕ ਜਾਣ ਬੁੱਝ ਕੇ ਕਰਵਾਇਆ ਸੀ ਫਿਰ ਤੁਹਾਡੇ ਉਸ ਸਾਧ ਨੇ ਸਰਕਾਰ ਨੂੰ ਅਟੈਕ ਕਰਨ ਦਾ ਬਹਾਨਾ ਕਿਉਂ ਦਿੱਤਾ? ਕਿਉਂ ਉਸ ਨੇ ਸ਼ਾਂਤਮਈ ਚਲਦੇ ਮੋਰਚੇ ਨੂੰ ਹਿੰਸਕ ਰੂਪ ਵਿੱਚ ਬਦਲਿਆ? ਕੀ ਸਿੱਖਾਂ ਦੇ ਲੀਡਰਾਂ ਨੂੰ ਅਤੇ ਬੁੱਧੀਜੀਵੀਆਂ ਨੂੰ ਇਹ ਪਤਾ ਨਹੀਂ ਸੀ ਕਿ ਹਥਿਆਰਬੰਦ ਲੜਾਈ ਸਰਕਾਰ ਨਾਲ ਨਹੀਂ ਲੜੀ ਜਾ ਸਕਦੀ? ਜੇ ਕਰ ਪਤਾ ਸੀ ਤਾਂ ਇਸ ਪਾਸੇ ਵੱਲ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਜੇ ਕਰ ਤੁਹਾਨੂੰ ਇਹ ਭਰਮ ਸੀ ਕਿ ਉਹ ਸਾਧ ਇੱਕ ਪਹੁੰਚਿਆ ਹੋਇਆ ਸੰਤ ਹੈ ਅਤੇ ਉਸ ਕੋਲ ਅਧਿਆਤਮਕ ਸ਼ਕਤੀ ਬਹੁਤ ਹੈ ਅਤੇ ਪਤਾ ਨਹੀਂ ਉਸ ਨੇ ਕੀ ਕਲਾ ਵਰਤਾ ਦੇਣੀ ਹੈ। ਫਿਰ ਕੋਈ ਕਲਾ ਵਰਤੀ ਕਿਉਂ ਨਹੀਂ? ਹਾਂ, ਝੂਠ ਦੀ ਕਲਾ ਤੁਸੀਂ ਬਹੁਤ ਵਰਤਾਈ ਹੈ ਅਤੇ ਹਾਲੇ ਵੀ ਵਰਤਾ ਰਹੇ ਹੋ। ਬਿਨਾ ਸਿਰ ਪੈਰ ਤੋਂ ਫੁਕਰੀਆਂ ਵੀ ਬਹੁਤ ਮਾਰ ਰਹੇ ਹੋ ਅਤੇ ਨਾਲ ਹੀ ਨਸਲਕੁਸ਼ੀ ਦਾ ਅਰਾਟ ਵੀ ਪਾ ਰਹੇ ਹੋ। ਪਹਿਲਾਂ ਭਿੰਡਰਾਂ ਵਾਲੇ ਸਾਧ ਨੇ ਫੁਕਰੀਆਂ ਮਾਰੀਆਂ, ਫਿਰ ਦੀਪ ਸਿੱਧੂ ਨੇ ਮਾਰੀਆਂ ਅਤੇ ਹੁਣ ਪਿਛਲੇ ਕੁੱਝ ਸਾਲਾਂ ਤੋਂ ਅੰਮ੍ਰਿਤਪਾਲ ਮਾਰ ਰਿਹਾ ਹੈ। ਫੁਕਰਿਆਂ ਲਈ ਫੁਕਰੀਆਂ ਮਾਰਨ ਵਾਲੇ ਯੋਧੇ ਹਨ। ਫੁਕਰਿਆਂ ਨੂੰ ਫੁਕਰੀਆਂ ਮਾਰਨ ਵਾਲਿਆਂ ਨੂੰ ਮਹਾਨ ਯੋਧੇ ਸਿੱਧ ਕਰਨ ਲਈ ਜਿਤਨਾ ਵੀ ਕੁਫਰ ਤੋਲਣਾਂ ਪਵੇ, ਨਿਸੰਗ ਹੋ ਕੇ ਤੋਲਦੇ ਹਨ। ਜੋ ਕੁੱਝ ਸਾਰਿਆਂ ਦੇ ਸਾਹਮਣੇ ਸ਼ਰੇਆਮ ਵਰਤਿਆ ਹੋਵੇ ਉਸ ਤੋਂ ਹੀ ਮੁਕਰੀ ਜਾਣਗੇ। ਅਖੇ ਜੀ ਅੰਮ੍ਰਿਤਪਾਲ ਤਾਂ ਨਸ਼ੇ ਛੁਡਾਉਂਦਾ ਸੀ ਅਤੇ ਗੁਰੂ ਨਾਲ ਜੋੜਦਾ ਸੀ ਉਸ ਨੂੰ ਤਾਂ ਐਂਵੇਂ ਹੀ ਐੱਨ: ਐੱਸ: ਏ: ਲਗਾ ਕੇ ਡਿਬੜੂਗੜ ਭੇਜ ਦਿੱਤਾ। ਨਸ਼ਿਆਂ ਦੀ ਸਚਾਈ ਤਾਂ ਉਸ ਦੇ ਭਰਾ ਨੇ ਹੀ ਸਿੱਧ ਕਰ ਦਿੱਤੀ ਸੀ ਕਿ ਉਹ ਕਿਤਨਾ ਕੁ ਨਸ਼ੇੜੀ ਹੈ। ਉਸ ਦੇ ਮਾਂ ਬਾਪ ਸਾਫ ਹੀ ਮੁਕਰੀ ਜਾਂਦੇ ਸੀ ਜਦੋਂ ਪੁਲੀਸ ਨੇ ਉਸ ਨਸ਼ੇੜੀ ਨੂੰ ਫੜਿਆ ਸੀ। ਅੰਮ੍ਰਿਤਪਾਲ ਬਾਰੇ ਵਕੀਲ ਨਵਕਿਰਨ ਸਿੰਘ ਦੀ ਇੱਕ ਟਿੱਪਣੀ ਹੀ ਕਾਫੀ ਵਜ਼ਨ ਰੱਖਦੀ ਹੈ ਜਿਹੜੀ ਕਿ ਉਸ ਨੇ ਇੱਕ ਇੰਟਰਵਿਊ ਵਿਚ, ਅਜਨਾਲੇ ਥਾਣੇ ਦੇ ਹਮਲੇ ਬਾਰੇ ਕਹੀ ਸੀ। ਉਸ ਦੇ ਕਹਿਣ ਮੁਤਾਬਕ ਜੇ ਕਰ ਉਸ ਤੇ ਉਹ ਠਾਣੇ ਵਾਲਾ ਕੇਸ ਹੀ ਚਲਦਾ ਤਾਂ ਉਸ ਨੂੰ 10 ਸਾਲ ਦੀ ਜੇਲ ਹੋ ਸਕਦੀ ਸੀ। ਫਿਰ ਡਿਬੜੂਗੜ ਜੇਲ ਵਿੱਚ ਭੇਜਣ ਦੀ ਲੋੜ ਹੀ ਨਹੀਂ ਸੀ ਪੈਣੀ। ਪਰ ਸਰਕਾਰ ਦੀ ਇਸ ਪਿੱਛੇ ਮਨਸਾ ਕੀ ਹੈ ਇਸ ਬਾਰੇ ਤਾਂ ਸਮਾ ਹੀ ਦਸੱਗੇ। ਪਰ ਫੁਕਰਿਆਂ ਨੂੰ ਕੋਈ ਨਹੀਂ ਸਮਝਾ ਸਕਦਾ ਜਿੰਨੇ ਮਰਜੀ ਸਬੂਤ ਸਾਹਮਣੇ ਪਏ ਹੋਣ। ਇਨ੍ਹਾਂ ਨੇ ਤਾਂ ਸਿਰਫ ਨਾਮ ਸੁਣ ਕੇ ਜ਼ਿੰਦਾਬਾਦ ਹੀ ਕਹਿਣੀ ਹੁੰਦੀ ਹੈ ਅਤੇ ਯੋਧਾ ਸਿੱਧ ਕਰਨਾ ਹੁੰਦਾ ਹੈ।

ਜਿਨ੍ਹਾਂ ਦੀ ਸਿੱਖੀ ਹੀ ਸਾਰੀ ਕੂੜ ਗ੍ਰੰਥਾਂ ਤੇ ਟਿਕੀ ਹੋਈ ਹੋਵੇ ਉਹ ਸੱਚ ਨੂੰ ਕਦੋਂ ਅਪਣਾ ਸਕਦੇ ਹਨ। ਅੱਜ ਤੋਂ 60-70 ਸਾਲ ਪਹਿਲਾਂ ਜਦੋਂ ਪਿੰਡਾਂ ਵਿੱਚ ਮਕਾਨ ਬਣਾਉਂਦੇ ਹੁੰਦੇ ਸਨ ਤਾਂ ਕਈ ਵਾਰੀ ਜਦੋਂ ਕੋਈ ਖੁੱਲਾ ਜਿਹਾ ਮਕਾਨ ਬਣਾਉਂਣਾ ਹੁੰਦਾ ਸੀ ਤਾਂ ਵਿਚਕਾਰ/ਗੱਭੇ ਸੈਂਟਰ ਵਿੱਚ ਇੱਕ ਥਮਲਾ ਬਣਾ ਲੈਂਦੇ ਸਨ। ਫਿਰ ਚੌਹਾਂ ਪਾਸਿਆਂ ਤੋਂ ਉਸ ਉਪਰ ਸ਼ਤੀਰੀਆਂ ਪਾਈਆਂ ਜਾਂਦੀਆਂ ਸਨ। ਸੋ ਉਸ ਮਕਾਨ ਦਾ ਸਾਰਾ ਭਾਰ ਉਸ ਥਮਲੇ ਉਪਰ ਹੁੰਦਾ ਸੀ। ਜੇ ਕਰ ਥਮਲਾ ਮਜਬੂਤ ਨਾ ਹੋਵੇ ਅਤੇ ਕਿਸੇ ਕਾਰਨ ਡਿਗ ਪਵੇ ਤਾਂ ਸਾਰੇ ਮਕਾਨ ਦੀ ਛੱਤ ਹੀ ਡਿਗ ਪਵੇਗੀ। ਗੁਰਬਾਣੀ ਵਿੱਚ ਵੀ ਇਸ ਥਮਲੇ/ਥੰਮਣ ਦਾ ਕਈ ਵਾਰੀ ਜ਼ਿਕਰ ਆਉਂਦਾ ਹੈ। ਸਿੱਖਾਂ ਦੀ ਸਿੱਖੀ ਪਤਾ ਕਿਸ ਥਮਲੇ ਤੇ ਟਿਕੀ ਹੋਈ ਹੈ? ਉਹ ਹੈ ਕੂੜ ਗ੍ਰੰਥ ਵਿਚਲੀ ਚੌਟੰਗੀ। ਭਾਵ ਕਿ ਚਾਰ ਪਦਾਂ ਵਾਲੀ ਚੌਪਈ ਤੇ। ਇਹ ਉਸੇ ਚਰਿੱਤਰ ਪਖਯਾਨ ਦਾ ਹਿੱਸਾ ਹੈ। ਜਿਸ ਨੂੰ ਕਈ ਸਿੱਖ ਕਹਿ ਦਿੰਦੇ ਹਨ ਕਿ ਗੁਰੂ ਜੀ ਨੇ ਸਿੱਖਾਂ ਨੂੰ ਸਿੱਖਿਆ ਦੇਣ ਲਈ ਲਿਖੇ ਸਨ ਅਤੇ ਇਨ੍ਹਾਂ ਵਿੱਚ ਕਈ ਗੁਰੂ ਜੀ ਦੇ ਹੱਡ ਬੀਤੀਆਂ ਵਾਲੇ ਚਰਿੱਤਰ ਵੀ ਹਨ। ਕਈ ਕਹਿ ਦਿੰਦੇ ਹਨ ਕਿ ਇਹ ਸਨਾਤਨ ਮੱਤ ਦੇ ਗ੍ਰੰਥਾਂ ਦਾ ਉਲਥਾ ਹੈ। ਭਾਵ ਕਿ ਦਸਮ ਗ੍ਰੰਥ ਅਥਵਾ ਬਚਿੱਤਰ ਨਾਟਕ ਨੂੰ ਮੰਨਣ ਵਾਲੇ ਵੀ ਇੱਕ ਮੱਤ ਨਹੀਂ ਹਨ ਕਿ ਇਹ ਗੁਰੂ ਦੀ ਆਪਣੀ ਲਿਖਤ ਹੈ ਜਾਂ ਦੂਸਰੇ ਗ੍ਰੰਥਾਂ ਦਾ ਉਲਥਾ ਹੈ। ਕਈ, ਸਾਰੇ ਹੀ ਦਸਮ ਗ੍ਰੰਥ ਨੂੰ ਦਸਵੇਂ ਗੁਰੂ ਦੀ ਲਿਖਤ ਮੰਨਦੇ ਹਨ ਅਤੇ ਕਈ ਆਪਣੀ ਕਥਾ ਤੋਂ ਬਿਨਾ ਬਾਕੀ ਸਾਰੀਆਂ ਲਿਖਤਾਂ ਨੂੰ ਦੂਸਰਿਆਂ ਮਤਾਂ ਦੇ ਗ੍ਰੰਥਾਂ ਦਾ ਉਲਥਾ ਮੰਨਦੇ ਹਨ। ਮਸਕੀਨ ਵੀ ਆਮ ਹੀ ਕਿਹਾ ਕਰਦਾ ਸੀ, “ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ।” ਹੁਣ ਜੇ ਉਲਥਾ ਮੰਨਣਾ ਹੈ ਤਾਂ ਫਿਰ ਇਹ ਚੌਪਈ ਤਾਂ ਗੁਰੂ ਜੀ ਦੀ ਆਪਣੀ ਬਾਣੀ ਨਾ ਹੋਈ? ਪਰ ਸਿੱਖਾਂ ਦੀ ਸਿੱਖੀ ਸਾਰੀ ਇਸ ਉਪਰ ਹੀ ਟਿਕੀ ਹੋਈ ਹੈ। ਭਾਵ ਕਿ ਇਹ ਸਿੱਖੀ ਦਾ ਥੰਮ ਹੈ। ਜੇ ਕਿਸੇ ਨੂੰ ਇਸ ਥੰਮ ਬਾਰੇ ਸ਼ੰਕਾ ਹੈ ਤਾਂ ਸੰਨ 1977 ਵਿੱਚ ਗਿ: ਭਾਗ ਸਿੰਘ ਬਾਰੇ ਜੋ ਸਿੱਖਾਂ ਦੇ ਕਹੇ ਜਾਂਦੇ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਉਸ ਨੂੰ ਪੜ੍ਹੋ। ਉਸ ਵਿੱਚ ਸਾਫ ਲਿਖਿਆ ਹੋਇਆ ਹੈ ਕਿ ਅਰਦਾਸ ਅਤੇ ਚੌਪਈ ਸਿੱਖੀ ਦੇ ਥੰਮ ਹਨ। ਭਾਵ ਕਿ ਸਿੱਖਾਂ ਦੀ ਸਾਰੀ ਸਿੱਖੀ ਦਾ ਭਾਰ ਇਨ੍ਹਾਂ ਦੋ ਥੰਮਾ ਨੇ ਹੀ ਚੁੱਕਿਆ ਹੋਇਆ ਹੈ। ਜੇ ਕਰ ਇਹ ਦੋ ਥੰਮ ਨਾ ਹੋਣ ਤਾਂ ਸਿੱਖੀ ਨਹੀਂ ਰਹਿਣੀ।

ਜੇ ਕਰ ਇੱਕ ਸਾਧਾਰਣ ਜਿਹਾ ਆਮ ਵਿਆਕਤੀ ਵੀ ਦਸਮ ਗ੍ਰੰਥ ਦੇ ਅਰਥਾਂ ਨੂੰ ਪੜ੍ਹ ਸੁਣ ਲਵੇ, ਉਹ ਭਾਂਵੇਂ ਦਸਮ ਗ੍ਰੰਥ ਨੂੰ ਮੰਨਣ ਵਾਲਿਆ ਦੇ ਵੀ ਕੀਤੇ ਹੋਣ ਉਹ ਕਦੀ ਵੀ ਨਹੀਂ ਕਹਿ ਸਕਦਾ ਕਿ ਇਸ ਵਿਚੋਂ ਸਮਾਜ ਨੂੰ ਕੋਈ ਚੰਗੀ ਸੇਧ ਮਿਲ ਸਕਦੀ ਹੈ ਜਾਂ ਜੀਵਨ ਨੂੰ ਸੇਧ ਦੇਣ ਵਾਲੀਆਂ ਕੋਈ ਲਿਖਤਾਂ ਹਨ। ਪਰ ਸਿੱਖਾਂ ਦੇ ਸਾਰੇ ਕਥਿਤ ਬ੍ਰਹਮ ਗਿਆਨੀ ਇਨ੍ਹਾਂ ਕੂੜ ਗ੍ਰੰਥਾਂ ਨੂੰ ਮੰਨਣ ਵਾਲੇ ਹਨ। ਇਨ੍ਹਾਂ ਦੇ ਚੇਲੇ ਜਿੰਨੇ ਮਰਜੀ ਪੜ੍ਹੇ ਲਿਖੇ ਹੋਣ ਉਹ ਵੀ ਬਹੁਤੇ ਅੱਖਾਂ ਮੀਟ ਕੇ ਇਨ੍ਹਾਂ ਦੇ ਮਗਰ ਲੱਗਣ ਵਾਲੇ ਹੀ ਹੁੰਦੇ ਹਨ। ਪ੍ਰੋ: ਉਦੇ ਸਿੰਘ ਨੂੰ ਬਹੁਤੇ ਸੱਜਣ ਜਾਣਦੇ ਹੋਣਗੇ। ਉਹ ਉਨਟੇਰੀਓ ਕਨੇਡਾ ਵਿੱਚ ਰਹਿੰਦਾ ਸੀ ਅਤੇ ਹੁਣ ਤਾਂ ਉਸ ਦੀ ਮੌਤ ਹੋ ਚੁੱਕੀ ਹੈ। ਉਹ ਖਾਲਿਸਤਾਨੀ ਵੀ ਸੀ ਅਤੇ ਭਾਈ ਰਣਧੀਰ ਸਿੰਘ ਦਾ ਚੇਲਾ ਵੀ ਸੀ। ੳਹ ਭਾਂਵੇਂ ਪੜ੍ਹਿਆ ਲਿਖਿਆ ਸੀ ਪਰ ਉਸ ਦੇ ਦਿਮਾਗ ਵਿੱਚ ਕੱਟੜਤਾ ਅਤੇ ਸਕਰੀਨਤਾ ਇਤਨੀ ਭਰੀ ਹੋਈ ਸੀ ਬਸ ਰਹੇ ਰੱਬ ਦਾ ਨਾਮ। ਉਹ ਦਸਮ ਗ੍ਰੰਥ ਦਾ ਹੱਦੋਂ ਵੱਧ ਹਮਾਇਅਤੀ ਸੀ। ਉਹ ਸਮਝਦਾ ਸੀ ਕਿ ਸਾਡੇ ਬ੍ਰਹਮ ਗਿਆਨੀ ਜੋ ਹੋਏ ਹਨ ਉਹ ਦਸਮ ਗ੍ਰੰਥ ਦੀਆਂ ਬਾਣੀਆਂ ਪੜ੍ਹ ਕੇ ਹੀ ਹੋਏ ਹਨ। ਮੈਂ ਇੱਕ ਦੋ ਵਾਰੀ ਉਸ ਨੂੰ ਮਿਲਿਆ ਸੀ। ਉਹ ਦਿਲ ਦਾ ਮਾੜਾ ਨਹੀਂ ਸੀ ਪਰ ਉਸ ਦਾ ਦਿਮਾਗ ਇੱਕ ਖਾਸ ਥਾਂ ਤੇ ਬੱਝਾ ਹੋਇਆ ਸੀ। ਆਪਣੀ ਇਸ ਕੱਟੜਤਾ ਕਰਕੇ ਕਈ ਵਾਰੀ ਮੱਲੋ ਮੱਲੀ ਜਾਣ ਬੁੱਝ ਕੇ ਚਿੰਜੜੀ/ਮੁਸੀਬਤ ਸਹੇੜ ਲੈਂਦਾ ਸੀ। ਇੱਕ ਵਾਰੀ ਉਹ ਬੱਸ ਤੇ ਚੜਨ ਲੱਗਾ ਤਾਂ ਬੱਸ ਡਰਾਈਵਰ ਨੂੰ ਕਹਿੰਦਾ ਕਿ ਮੈਂ ਕਿਰਪਾਨ ਧਾਰੀ ਹਾਂ ਅਤੇ ਮੈਂ ਇਸ ਨੂੰ ਲਾਹ ਨਹੀਂ ਸਕਦਾ ਅਤੇ ਤੂੰ ਮੈਨੂੰ ਬੱਸ ਚੜ੍ਹਨ ਤੋਂ ਰੋਕ ਨਹੀਂ ਸਕਦਾ। ਉਹ ਬੱਸ ਡੀਪੂ ਤੇ ਹੀ ਬੱਸ ਡਰਾਈਵਰ ਨਾਲ ਧੱਕਾ ਮੁੱਕੀ ਹੋ ਪਿਆ ਸੀ।

ਅੱਜ ਤੋਂ ਕੋਈ ਅੱਠ ਕੁ ਸਾਲ ਪਹਿਲਾਂ ਮੈਂ ਦਸਮ ਗ੍ਰੰਥ ਦੇ ਚਰਿਤਰ ਨੰ: 68 ਬਾਰੇ ਇੱਕ ਛੋਟਾ ਜਿਹਾ ਲੇਖ ਲਿਖਿਆ ਸੀ। ਇਸ ਚਰਿਤਰ ਵਿੱਚ ਜੋ ਊਟ ਪਟਾਂਗ ਗੱਲਾਂ ਕੀਤੀਆਂ ਹੋਈਆਂ ਹਨ ਉਸ ਨੂੰ ਪੜ੍ਹ ਕਿ ਇੱਕ ਸਾਧਾਰਣ ਬੁੱਧੀ ਵਾਲਾ ਵਿਆਕਤੀ ਵੀ ਕਹਿ ਸਕਦਾ ਹੈ ਕਿ ਕੋਈ ਵੀ ਭਲਾ ਪੁਰਸ਼ ਅਜਿਹੀ ਲਿਖਤ ਨਹੀਂ ਲਿਖ ਸਕਦਾ ਹੈ ਜਿਸ ਵਿੱਚ ਨਿਰੇ ਗਪੌੜ ਅਤੇ ਬੇਸ਼ਰਮੀ ਵਾਲੀਆਂ ਗੱਲਾਂ ਲਿਖੀਆਂ ਹੋਈਆਂ ਹਨ। ਉਸ ਕਹਾਣੀ ਵਿਚਲੀਆਂ ਦੋ ਕੁ ਗੱਲਾਂ ਦਾ ਮੈਂ ਜ਼ਿਕਰ ਕਰਦਾ ਹਾਂ ਬਾਕੀ ਤੁਸੀਂ ਅਗਾਂਹ ਦਿੱਤੇ ਲਿੰਕ ਤੇ ਕਲਿਕ ਕਰਕੇ ਪੜ੍ਹ ਸਕਦੇ ਹੋ। ਉਨ੍ਹਾਂ ਦੋ ਗੱਲਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਅੱਜ ਤੋਂ 50-60 ਸਾਲ ਪਹਿਲਾਂ ਆਮ ਪੇਂਡੂ ਜੀਵਨ ਦਾ ਜੋ ਵਰਤਾਰਾ ਸੀ ਉਸ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਪਿੰਡਾਂ ਵਿੱਚ ਰਹਿਣ ਵਾਲੇ ਤਕਰੀਬਨ ਸਾਰੇ ਹੀ ਲੋਕ ਹਾਜ਼ਤ ਕਰਨ ਲਈ ਬਾਹਰ ਖੇਤਾਂ ਵਿੱਚ ਜਾਂਦੇ ਹੁੰਦੇ ਸਨ। ਪੇਟ ਸਾਫ ਕਰਨ ਤੋਂ ਬਾਅਦ ਆਪਣੇ ਪਿਛਵਾੜੇ ਨੂੰ ਪਹਿਲਾਂ ਮਿੱਟੀ ਦੇ ਡਲੇ ਨਾਲ ਸਾਫ ਕਰਦੇ ਹੁੰਦੇ ਸਨ। ਫਿਰ ਲਾਗੇ ਕਿਤੇ ਚਲਦੇ ਪਾਣੀ ਨਾਲ ਸਾਫ ਕਰਿਆ ਕਰਦੇ ਸਨ ਜਾਂ ਘਰੇ ਜਾ ਕੇ ਨਲਕੇ ਦੇ ਪਾਣੀ ਨਾਲ ਬਾਥਰੂਮ ਵਿੱਚ ਜਾ ਕੇ ਸਾਫ ਕਰਦੇ ਹੁੰਦੇ ਸਨ। ਲਓ ਹੁਣ ਤੁਹਾਨੂੰ ਸਮਝ ਆ ਜਾਵੇਗੀ ਉਨ੍ਹਾਂ ਦੋ ਗੱਲਾਂ ਵਿਚੋਂ ਇੱਕ ਦੀ ਜਿਸ ਦਾ ਇਸ 68ਵੇਂ ਚਰਿਤਰ ਵਿੱਚ ਜ਼ਿਕਰ ਹੈ। ਮਹਾਂ ਰੁਦ੍ਰ ਅਤੇ ਪਾਰਬਤੀ ਦੇ ਵਰ ਨਾਲ ਚਿਮਟ ਜਾ ਕਹਿਣ ਨਾਲ ਸਾਰੀਆਂ ਚੀਜਾਂ ਜਿੱਥੇ ਹੁੰਦੀਆਂ ਸਨ ਇੱਕ ਦੂਜੇ ਨਾਲ ਚਿਮਟ ਜਾਂਦੀਆਂ ਸਨ। ਜਿਹੜੇ ਚਿਮਟ ਜਾ ਕਹਿਣ ਦੇ ਸਮੇਂ ਮਿੱਟੀ ਦੇ ਡਲੇ ਨਾਲ ਆਪਣੇ ਪਿਛਵਾੜੇ (ਚਿਤੜ) ਸਾਫ ਕਰ ਰਹੇ ਸਨ ਉਹ ਮਿੱਟੀ ਦੇ ਡਲੇ ਉਨ੍ਹਾਂ ਦੇ ਚਿਤੜਾਂ ਨਾਲ ਚਿਪਟ ਗਏ ਸਨ। ਦੂਸਰੀ ਗੱਲ ਇਸ ਚਰਿਤਰ ਵਿੱਚ ਇਹ ਹੈ ਕਿ ਘੋੜੀ ਦੀ ਮੂਤਨੀ ਵਿੱਚ ਜੀਭ ਫੇਰਨ ਨਾਲ ਰੋਗ ਵੀ ਦੂਰ ਹੋ ਜਾਂਦੇ ਹਨ। ਪੂਰੀ ਜਾਣਕਾਰੀ ਲਈ ਲੇਖ ਦਾ ਲਿੰਕ ਇਹ ਹੈ:

https://www.sikhmarg.com/2017/0806-vaid-ate-ghori.html

ਜੇ ਕਰ ਮਾੜੀ ਮੋਟੀ ਤੁਹਾਨੂੰ ਅਕਲ ਹੋਵੇਗੀ ਤਾਂ ਉਪਰਲੀ ਕਹਾਣੀ ਪੜ੍ਹ ਕੁ ਤੁਹਾਨੂੰ ਸਮਝ ਆ ਜਾਵੇਗੀ ਕਿ ਦਸਮ ਗ੍ਰੰਥ ਵਿੱਚ ਕੀ ਕੂੜ ਕਬਾੜ ਲਿਖਿਆ ਹੋਇਆ ਹੈ। ਜੇ ਕਰ ਅੱਖਾਂ ਤੇ ਦਿਮਾਗ ਬੰਦ ਕਰਕੇ ਅੰਨੀ ਸ਼ਰਧਾ ਵਸ ਘੋੜਿਆਂ ਦੀ ਲਿੱਦ ਖਾਣ ਵਾਲੀ ਬਿਰਤੀ ਦੇ ਮਾਲਕ ਹੋ ਤਾਂ ਤੁਹਾਨੂੰ ਕੋਈ ਨਹੀਂ ਸਮਝਾ ਸਕਦਾ।

ਜਿਨ੍ਹਾਂ ਦੇ ਦਿਮਾਗਾਂ ਵਿੱਚ ਕਥਿਤ ਮਹਾਂਪੁਰਸ਼ਾਂ ਦੀ ਸੋਚਣੀ ਭਰੀ ਪਈ ਹੋਵੇ ਉਹ ਕਦੀ ਵੀ ਉਸ ਦਾਇਰੇ ਤੋਂ ਬਾਹਰ ਨਿਕਲ ਕੇ ਸੋਚ ਹੀ ਨਹੀਂ ਸਕਦੇ। ਜਦੋਂ ਉਹ ਉਸ ਦਾਇਰੇ ਵਿਚੋਂ ਬਾਹਰ ਨਹੀਂ ਆ ਸਕਦੇ ਫਿਰ ਉਹ ਨਿਰਪੱਖਤਾ ਨਾਲ ਸੋਚ ਵਿਚਾਰ ਵੀ ਨਹੀਂ ਕਰ ਸਕਦੇ। ਇਸ ਦੀ ਤਾਜ਼ਾ ਮਿਸਾਲ ਤੁਸੀਂ ਪਿਛਲੇ ਕੁੱਝ ਦਿਨਾ ਤੋਂ ਦੇਖ ਸੁਣ ਸਕਦੇ ਹੋ। ਜਦੋਂ ਦੀ ਕੇ: ਪੀ: ਐੱਸ: ਗਿੱਲ ਦੇ ਭਰਾ ਦੀ ਇੰਟਰਵਿਊ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਿਤਨੀਆਂ ਵੀਡੀਓ ਪਾਈਆਂ ਜਾ ਚੁੱਕੀਆਂ ਹਨ। ਤਕਰੀਬਨ 99. 99% ਉਸ ਦੇ ਵਿਰੋਧ ਵਿੱਚ ਹੀ ਹਨ ਕਿ ਉਹ ਬੁੱਚੜ ਸੀ, ਸ਼ਰਾਬੀ ਸੀ ਜਾਨਾਨੀ ਬਾਜ਼ ਸੀ, ਫਲਾਨਾ ਦੁੱਧ ਚੁੰਘਦਾ ਬੱਚਾ ਮਾਰਤਾ ਸੀ, ਫਲਾਨੀ ਬੁੱਢੀ ਮਾਂ ਮਾਰਤੀ ਸੀ, ਫਲਾਨਾ ਨਿਰਦੋਸ਼ਾ ਮਾਰ ਦਿੱਤਾ ਅਤੇ ਹੋਰ ਵੀ ਬਹੁਤ ਕੁੱਝ। ਮੰਨ ਲਓ ਕਿ ਇਹ ਸਾਰੇ ਐਬ ਉਸ ਵਿੱਚ ਸਨ ਪਰ ਕੀ ਦੂਸਰੇ ਪਾਸੇ ਸਾਰੇ ਹੀ ਸਾਊ ਅਤੇ ਦੁੱਧ ਧੋਤੇ ਸਨ? ਕਾਲੀ ਗਰਜ ਕਾਰਵਾਈ ਵੀ ਇਸ ਕਹੇ ਜਾਂਦੇ ਬੁੱਚੜ ਨੇ ਹੀ ਕੀਤੀ ਸੀ। ਜਿਹੜੇ ਉਥੇ ਦਰਬਾਰ ਸਾਹਿਬ ਵਿੱਚ ਬੈਠੇ ਫਿਰੌਤੀਆਂ ਲੈ ਰਹੇ ਸਨ, ਕੁੜੀਆਂ ਦੀਆਂ ਇੰਜਤਾਂ ਨਾਲ ਖੇਲ ਰਹੇ ਸਨ ਅਤੇ ਕਤਲ ਕਰ ਰਹੇ ਸਨ। ਜਦੋਂ ਕਾਰਵਾਈ ਹੋਈ ਫਿਰ ਉਨ੍ਹਾਂ ਨੇ ਟੱਟੀ ਪਿਸ਼ਾਬ ਵੀ ਕਹਿੰਦੇ ਹਨ ਕਿ ਕੜਾਹ ਵਾਲੇ ਵਰਤਨਾ ਵਿੱਚ ਹੀ ਕੀਤਾ ਸੀ। ਬਾਹਾਂ ਖੜੀਆਂ ਕਰਕੇ ਬਾਹਰ ਆਉਂਦੇ ਵੀ ਸਾਰਿਆਂ ਨੇ ਦੇਖੇ ਸਨ ਜੇ ਕਰ ਨਹੀਂ ਦੇਖੇ ਤਾਂ ਹੁਣ ਵੀ ਯੂ-ਟਿਊਬ ਉਪਰ ਲੱਭ ਕੇ ਦੇਖੇ ਜਾ ਸਕਦੇ ਹਨ। ਕੀ ਇਸ ਬਾਰੇ ਵੀ ਗਿੱਲ ਨੂੰ ਬੁੱਚੜ ਕਹਿਣ ਵਾਲੇ ਕਿਸੇ ਨੇ ਕੋਈ ਚਾਨਣਾ ਪਾਇਆ ਹੈ? ਜਾਂ ਕੀ ਫਿਰ ਉਨ੍ਹਾਂ ਧਰਮੀ ਯੋਧਿਆਂ ਲਈ ਇਹ ਸਾਰਾ ਕੁੱਝ ਕਰਨਾ ਜ਼ਾਇਜ਼ ਸੀ? ਕੀ ਫਿਰੌਤੀਆਂ ਅਤੇ ਬਲਾਤਕਾਰ ਵੀ ਤੁਹਾਡੇ ਧਰਮ ਦਾ ਇੱਕ ਹਿੱਸਾ ਹੀ ਹਨ?

ਜੇ ਕਰ ਕੋਈ ਸੱਚੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇੱਕ ਦਮ, ਕਾਮਰੇਡ, ਸਿੱਖ ਵਿਰੋਧੀ, ਸਰਕਾਰੀ ਦੱਲਾ, ਗਦਾਰ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਫਤਵੇ ਜਾਰੀ ਕਰਦੇ ਹਨ। ਆਪ ਭਾਂਵੇਂ ਸਿਰੇ ਦੇ ਕਪਟੀ, ਬੇਈਮਾਨ, ਗੁੰਡੇ, ਲੁੱਚੇ ਲਫੰਗੇ ਅਤੇ ਬਦਮਾਸ਼ ਕਿਉਂ ਨਾ ਹੋਵਣ। ਜਿਹੜੇ ਇੱਕ ਇਨਸਾਨੀਅਤ ਤੋਂ ਗਿਰੇ ਹੋਏ ਸਾਧ ਨੂੰ ਮਹਾਨ ਬਣਾਉਣ ਲਈ ਜਾਹਲੀ ਕਿਤਾਬਾਂ ਛਾਪ ਛਾਪ ਕੇ ਗੁਰਦੁਆਰਿਆਂ ਵਿੱਚ ਪ੍ਰਚਾਰ ਕਰਦੇ ਹੋਣ ਉਨ੍ਹਾਂ ਤੋਂ ਭਲਾਈ ਅਤੇ ਸਚਿਆਈ ਦੀ ਕੀ ਆਸ ਕੀਤੀ ਜਾ ਸਕਦੀ ਹੈ? ਜਿਨ੍ਹਾਂ ਨੂੰ ਸਦੀਆਂ ਤੋਂ ਲੈ ਕੇ ਹੁਣ ਤੱਕ ਕੂੜ ਗ੍ਰੰਥਾਂ ਦੀ ਸਮਝ ਨਾ ਆਈ ਹੋਵੇ ਉਨ੍ਹਾਂ ਨੂੰ ਕੌਣ ਸਮਝਾ ਸਕਦਾ ਹੈ? ਬਥੇਰਿਆਂ ਨੇ ਕੋਸ਼ਿਸ਼ ਕੀਤੀ ਸੀ ਅਤੇ ਅਸੀਂ ਵੀ ਕੀਤੀ ਸੀ ਪਰ ਜਦੋਂ ਲੱਗਿਆ ਕਿ ਇੱਥੇ ਤਾਂ ਆਵਾ ਹੀ ਊਤਿਆ ਹੋਇਆ ਹੈ ਫਿਰ ਐਵੇਂ ਇਨਹਾਂ ਨਾਲ ਮਗਜ਼ ਖਪਾਈ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜਿਹੜੇ ਪਿਛਲੇ 41 ਸਾਲਾਂ ਤੋਂ ਸਾਰਾ ਕਸੂਰ ਸਰਕਾਰਾਂ ਦਾ ਕੱਢਦੇ ਆ ਰਹੇ ਹਨ ਉਨ੍ਹਾਂ ਸਾਹਮਣੇ ਜਿਤਨੇ ਮਰਜੀ ਪਰੂਫ ਪਏ ਹੋਣ ਉਹ ਕਦੀ ਸਚਾਈ ਨੂੰ ਮੰਨ ਹੀ ਨਹੀਂ ਸਕਦੇ। ਸਰਕਾਰਾਂ ਦੀਆਂ ਗੁਪਤ ਏਜੰਸੀਆਂ ਕਿਵੇਂ ਕੰਮ ਕਰਦੀਆਂ ਹਨ ਇਸ ਦੀਆਂ ਕੁੱਝ ਮਿਸਾਲਾਂ ਤੁਹਾਡੇ ਸਾਹਮਣੇ ਰੱਖਦਾ ਹਾਂ। ਇਜ਼ਰਾਈਲ ਜੋ ਫਲਸਤਾਈਨ ਵਿੱਚ ਕਰ ਰਿਹਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਕਿਤਨੇ ਵਿਆਕਤੀ ਰੋਜ ਮਰ ਰਹੇ ਹਨ ਇਹ ਵੀ ਸਭ ਨੂੰ ਪਤਾ ਹੈ। ਕਿਤਨੇ ਇਸਲਾਮ ਨੂੰ ਮੰਨਣ ਵਾਲੇ ਦੇਸ਼ ਹਨ। ਇਨ੍ਹਾਂ ਵਿਚੋਂ ਵੀ ਕੋਈ ਸਿੱਧੇ ਤੌਰ ਤੇ ਹਾਂ ਦਾ ਨਾਹਰਾ ਨਹੀਂ ਮਾਰਦਾ। ਹਮਾਂਸ ਵਾਲੇ ਕਿਤਨੇ ਬਹਾਦਰ ਹਨ ਇਹ ਵੀ ਸਭ ਨੂੰ ਪਤਾ ਹੀ ਹੈ। ਪਰ ਇਹ ਸ਼ਾਇਦ ਸਾਰਿਆਂ ਨੂੰ ਨਾ ਪਤਾ ਹੋਵੇ ਕਿ ਹਿਮਾਸ ਨੂੰ ਪੀ: ਐੱਲ: ਓ: ਵਿਰੁੱਧ ਖੜਾ ਵੀ ਇਜ਼ਰਾਈਲ ਦੀ ਖੁਫੀਆ ਏਜੰਸੀ ਮੌਸਾਦ ਨੇ ਹੀ ਕੀਤਾ ਸੀ। ਕਹਿਣ ਤੋਂ ਭਾਵ ਹੈ ਕਿ ਜਿਨ੍ਹਾਂ ਨੂੰ ਖਤਮ ਕਰਨ ਲਈ ਇਤਨੇ ਬੰਬਾਂ ਦਾ ਮੀਂਹ ਵਰਸਾ ਰਿਹਾ ਹੈ ਉਸ ਨੂੰ ਖੜੇ ਕਰਨ ਵਾਲੇ ਵੀ ਖੁਦ ਆਪ ਹੀ ਹਨ। ਇਸੇ ਤਰ੍ਹਾਂ ਅਮਰੀਕਾ ਕਰਦਾ ਆ ਰਿਹਾ ਹੈ। ਬਿਨ ਲੈਦਿਨ ਨੂੰ ਖੜਾ ਵੀ ਅਮਰੀਕਾ ਨੇ ਕੀਤਾ ਸੀ ਅਤੇ ਖਤਮ ਵੀ ਅਮਰੀਕਾ ਨੇ ਹੀ ਕੀਤਾ ਸੀ। ਸਾਰੀ ਦੁਨੀਆ ਤੇ ਇਹੀ ਕੁੱਝ ਚਲਦਾ ਹੈ। ਅਮਰੀਕਾ ਹੁਣ ਤੱਕ 50 ਤੋਂ ਉਪਰ ਸਰਕਾਰਾਂ ਪਲਟ ਚੁੱਕਾ ਹੈ ਅਤੇ ਭਾਰਤ ਨੇ ਸਿਰਫ ਇੱਕ ਵਾਰੀ ਫਿਜੀ ਵਿੱਚ ਹੀ ਕੀਤਾ ਸੀ। ਕਿਸ ਬੰਦੇ ਨੂੰ ਕਿਸ ਤਰ੍ਹਾਂ ਉਪਰ ਚੁੱਕਣਾ ਹਾਂ, ਜੇਲ ਵਿੱਚ ਸੁੱਟਣਾ ਹੈ ਜਾਂ ਖਤਮ ਕਰਨਾ ਹੈ। ਇਹ ਸਾਰੀਆਂ ਗੱਲਾਂ ਆਮ ਬੰਦੇ ਦੀ ਸਮਝ ਵਿੱਚ ਆਉਣੀਆਂ ਮੁਸ਼ਕਲ ਹਨ।

ਜਸਵੀਰ ਸਿੰਘ ਰੋਡੇ ਜਿਹੜਾ ਆਪਣੇ ਆਪ ਨੂੰ ਸਿੰਘ ਸਾਹਿਬ ਅਖਵਾਉਂਦਾ ਹੈ ਖੁੱਲੇ ਭੇਦ ਵਾਲੀ ਕਿਤਾਬ ਵਿੱਚ ਸਭ ਤੋਂ ਵੱਧ ਜ਼ਿਕਰ ਉਸ ਦਾ ਹੀ ਆਉਂਦਾ ਹੈ। ਹਰਦੀਪ ਸਿੰਘ ਡਿਬਡਬਾ ਜਿਹੜਾ ਕਿ ਜਸਵੀਰ ਸਿੰਘ ਰੋਡੇ ਦਾ ਪੀ: ਏ: ਰਿਹਾ ਹੈ। ਉਸ ਨੇ ਜਸਵੀਰ ਸਿੰਘ ਰੋਡੇ ਅਤੇ ਹੋਰ ਬਹੁਤ ਸਾਰੇ ਸਿੱਖ ਲੀਡਰਾਂ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਹੈ। ਉਸ ਨੇ ਇੱਕ ਕਿਤਾਬ ਲਿਖੀ ਹੈ, “ਸਾਕਾ ਨੀਲਾ ਤਾਰਾ ਤੋਂ ਬਾਅਦ”। ਉਸ ਨੂੰ ਵੀ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਸ਼ਾਇਦ ਕਿਸੇ ਦੀ ਅਸਲੀਅਤ ਸਾਹਮਣੇ ਆ ਗਈ ਹੋਵੇ? ਜਦੋਂ ਜਸਵੀਰ ਸਿੰਘ ਰੋਡੇ ਜੇਲ ਵਿੱਚ ਸੀ ਤਾਂ ਇਹ ਅਫਵਾਹ ਫੈਲਾਈ ਗਈ ਸੀ ਕਿ ਸਰਕਾਰ ਸਿੱਖਾਂ ਤੇ ਇਤਨਾ ਜੁਲਮ ਕਰਦੀ ਹੈ ਕਿ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਦੇ ਜੇਲ ਵਿੱਚ ਜੰਬੂਰਾਂ ਨਾਲ ਨਹੁੰ ਖਿੱਚ ਲਏ ਹਨ। ਕੁੱਝ ਇਸ ਤਰ੍ਹਾਂ ਦੇ ਵਿਚਾਰ ਹੀ ਸੁੱਚਾ ਸਿੰਘ ਪੁਰੇਵਾਲ ਨੇ ਮੈਨੂੰ ਦੱਸੇ ਸਨ ਜੋ ਕਿ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਸੀ। ਜਿਸ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਨਹੁੰ ਖਿੱਚਣ ਦੀ ਗੱਲ ਅਤੇ ਹੋਰ ਤਸ਼ੱਦਦ ਦੀ ਕਹਣੀ ਸਿਮਰਨਜੀਤ ਸਿੰਘ ਮਾਨ ਨਾਲ ਵੀ ਜੋੜੀ ਗਈ ਸੀ। ਫਿਰ ਪਤਾ ਲੱਗਿਆ ਕਿ ਜੇਲ ਸੁਪਰਡਿੰਟ ਤਾਂ ਮਾਨ ਸਾਹਿਬ ਨੂੰ ਖਾਸ ਮਹਿਮਾਨਾ ਵਾਂਗ ਰੱਖਦਾ ਸੀ। ਫਿਰ ਮਾਨ ਦਲ ਦੇ ਆਗੂ ਕਹਿਣ ਲੱਗੇ ਕਿ ਜੇ ਕਰ ਇਸ ਤਰ੍ਹਾਂ ਦੀਆਂ ਕਹਾਣੀਆਂ ਨਾ ਘੜਦੇ ਤਾਂ ਮਾਨ ਦੀ ਪਾਰਟੀ ਨੂੰ ਹਮਦਰਦੀ ਦੀਆਂ ਵੋਟਾਂ ਨਹੀਂ ਸੀ ਮਿਲਣੀਆਂ। ਭਾਵ ਕਿ ਅਸਲੀਅਤ ਕੁੱਝ ਹੋਰ ਹੁੰਦੀ ਹੈ ਅਤੇ ਲੀਡਰ ਲੋਕਾਈ ਨੂੰ ਦੱਸਦੇ ਕੁੱਝ ਹੋਰ ਹੁੰਦੇ ਹਨ। ਹੁਣ ਦੀ ਤਾਜਾ ਮਿਸਾਲ ਹੀ ਲੈ ਲਓ। ਕੁੱਝ ਦਿਨਾ ਬਾਅਦ ਜੂਨ 17, 2025 ਨੂੰ ਅਲਬਰਟਾ ਵਿੱਚ ਜੀ-7 ਦੀ ਮੀਟਿੰਗ ਹੋ ਰਹੀ ਹੈ। ਕਨੇਡਾ ਦੇ ਸਿੱਖਾਂ ਦਾ ਜੋਰ ਲੱਗਿਆ ਹੋਇਆ ਸੀ ਕਿ ਮੋਦੀ ਨੂੰ ਇਸ ਮੀਟਿੰਗ ਵਿੱਚ ਸੱਦਾ ਪੱਤਰ ਨਾ ਦਿੱਤਾ ਜਾਵੇ ਕਿਉਂਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੀਲੀਅਤ ਹੋਣ ਦਾ ਸ਼ੱਕ ਹੈ। ਪਰ ਕਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕੱਲ ਸੱਦਾ ਪੱਤਰ ਭੇਜ ਦਿੱਤਾ ਸੀ ਅਤੇ ਸਿੱਖ ਹੁਣ ਪ੍ਰੋਟੈਸਟ ਕਰਨ ਦੀ ਤਿਆਰੀ ਕਰ ਰਹੇ ਹਨ। ਕਿਸੇ ਤੇ ਵੀ ਇਲਜਾਮ ਲਾ ਕੇ ਕਤਲ ਕਰਨਾ ਗਲਤ ਗੱਲ ਹੈ ਭਾਂਵੇਂ ਉਹ ਕਿਸੇ ਵੀ ਧਿਰ ਵਲੋਂ ਕੀਤਾ ਜਾਵੇ। ਪਰ ਸਰਕਾਰਾਂ ਆਪਣੀ ਧੌਂਸ ਜਮਾਉਣ ਲਈ ਜਾਂ ਦੇਸ਼ ਦੀ ਸੁਰੱਖਿਆ ਲਈ ਇਸ ਤਰ੍ਹਾਂ ਕਰਦੀਆਂ ਹਨ। ਚੀਨ, ਰੂਸ, ਇਜ਼ਰਾਈਲ ਅਤੇ ਹੋਰ ਵੀ ਬਥੇਰੇ ਕਰਦੇ ਹਨ ਪਰ ਸਭ ਤੋਂ ਵੱਧ ਅਮਰੀਕਾ ਇਸ ਤਰ੍ਹਾਂ ਕਰਦਾ ਹੈ। ਨਿੱਜਰ ਦਾ ਕਤਲ ਗਲਤ ਹੈ ਨਹੀਂ ਸੀ ਹੋਣਾ ਚਾਹੀਦਾ ਪਰ ਜਿਹੜੇ ਸਿੱਖ, ਆਪ ਕਤਲ ਕਰਕੇ ਮਾਣ ਮਹਿਸੂਸ ਕਰਦੇ ਹਨ ਫਿਰ ਉਨ੍ਹਾਂ ਦਾ ਕੀ ਕਰੀਏ? ਨਿੱਜਰ ਦੇ ਕਤਲ ਪਿੱਛੇ ਕਿਸ ਦਾ ਹੱਥ ਸੀ ਇਹ ਤਾਂ ਕੋਰਟ ਨੇ ਫੈਸਲਾ ਕਰਨਾ ਹੈ। ਪਰ ਜਿਹੜੇ ਇਲਜ਼ਾਮ ਨਿੱਜਰ ਤੇ ਲਗਦੇ ਸਨ ਉਸ ਬਾਰੇ ਇਹ ਕਿਉਂ ਚੁੱਪ ਹਨ? ਇੰਡੀਆ ਵਿੱਚ ਉਸ ਉਪਰ ਕਤਲ ਕਰਨ ਦੇ ਕਈ ਦੋਸ਼ ਲਗਦੇ ਸਨ ਕੀ ਉਹ ਸਾਰੇ ਝੂਠੇ ਹੀ ਸਨ? ਉਸ ਦੇ ਕਤਲ ਹੋਣ ਤੋਂ ਪਹਿਲਾਂ ਉਸ ਤੋਂ ਖਤਰਾ ਜਾਣ ਕੇ ਕਨੇਡਾ ਸਰਕਾਰ ਵਲੋਂ ਉਸ ਉਪਰ ਨੋ ਫਲਾਈ ਜ਼ੋਨ ਦੀ ਪਬੰਦੀ ਲੱਗੀ ਹੋਈ ਸੀ। ਭਾਵ ਕਿ ਆਮ ਜਨਤਾ ਨੂੰ ਉਸ ਤੋਂ ਖਤਰਾ ਸੀ ਇਸ ਲਈ ਉਹ ਕਨੇਡਾ ਦੀ ਧਰਤੀ ਤੋਂ ਜਹਾਜ ਵਿੱਚ ਸਫਰ ਨਹੀਂ ਸੀ ਕਰ ਸਕਦਾ। ਉਸ ਦੇ ਕਤਲ ਤੋਂ ਪਹਿਲਾਂ ਉਹ ਕਨੇਡਾ ਦੀ ਟਰੂਡੋ ਸਰਕਾਰ ਵਲੋਂ ਅਤੇ ਦੇਸ਼ ਦੀ ਖੁਫੀਆ ਏਜੰਸੀ ਵਲੋਂ ਇੱਕ ਅੱਤਵਾਦੀ ਸੀ ਅਤੇ ਮਰਨ ਤੋਂ ਬਾਅਦ ਇਕਦਮ ਸ਼ਹੀਦ ਬਣ ਗਿਆ। ਹੈ ਨਾ ਕਮਾਲ ਦੀ ਗੱਲ?

ਹੋਰ ਸੁਣੋਂ! ਅਰਸ਼ ਡੱਲਾ ਜੋ ਕਿ ਹਰਦੀਪ ਸਿੰਘ ਨਿੱਜਰ ਦਾ ਹੀ ਸਾਥੀ ਦੱਸਿਆ ਜਾਂਦਾ ਹੈ ਅਤੇ ਕਨੇਡਾ ਵਿੱਚ ਹੀ ਰਹਿੰਦਾ ਹੈ। ਅਰਸ਼ ਡੱਲਾ ਇੰਡੀਆ ਵਿੱਚ ਕਤਲ ਹੋਏ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਦੀ ਜਿੰਮੇਵਾਰੀ ਲੈਂਦਾ ਹੈ। ਉਹ ਵੀ ਕਈ ਦਿਨਾ ਬਾਅਦ ਜਦੋਂ ਇਸ ਕਤਲ ਦੀ ਸੂਈ ਪੰਜਾਬ ਪੁਲੀਸ ਵਲੋਂ ਅੰਮ੍ਰਿਤਪਾਲ ਵੱਲ ਘੁਮਾਈ ਗਈ ਸੀ। ਉਹ ਵੀ ਇੱਕ ਛੋਟੇ ਬੱਚੇ ਦਾ ਬਾਪ ਸੀ। ਅੰਮ੍ਰਿਤਪਾਲ ਦੀ ਮਾਤਾ ਹਰੀ ਨੌਂ ਦੇ ਕਤਲ ਅਤੇ ਖੰਡੇ ਦੇ ਕਤਲ ਨੂੰ ਕੁੱਤੇ ਬਿੱਲਿਆਂ ਨਾਲ ਤੁਲਨਾ ਦਿੰਦੀ ਦੇਖੀ ਜਾ ਸਕਦੀ ਹੈ। ਇਹ ਉਹੀ ਖੰਡਾ ਹੈ ਜਿਸ ਨੂੰ ਕਥਿਤ ਖਾਲਿਸਤਾਨੀ ਨਿੱਜਰ ਦੀ ਤਰ੍ਹਾਂ ਖਾਲਿਸਤਾਨ ਦਾ ਮਹਾਨ ਸ਼ਹੀਦ ਮੰਨਦੇ ਸਨ। ਗੁਰਪ੍ਰੀਤ ਸਿੰਘ ਦੇ ਭਰਾ ਜਾਂ ਚਚੇਰੇ ਭਰਾ ਨੇ ਇੱਕ ਔਡੀਓ ਰਿਲੀਜ ਕੀਤੀ ਸੀ। ਅਸਲ ਵਿੱਚ ਇਹ ਔਡੀਓ ਹਰੀ ਨੌਂ ਦੇ ਕਤਲ ਕੇਸ ਵਿੱਚ ਪੁਲੀਸ ਕੋਲ ਮੌਜੂਦ ਸੀ। ਸਰਕਾਰ ਦੇ ਕਿਸੇ ਪੁਰਾਣੇ ਸੰਬੰਧਾਂ ਦੇ ਕਾਰਨ ਇਹ ਬਿਕਰਮ ਸਿੰਘ ਮਜੀਠੀਏ ਨੇ ਕਿਸੇ ਤਰ੍ਹਾਂ ਪ੍ਰਾਪਤ ਕਰਕੇ ਰਿਲੀਜ਼ ਕਰ ਦਿੱਤੀ ਸੀ। ਪਹਿਲਾਂ ਕਹਿੰਦੇ ਕਿ ਏ: ਆਈ: ਨਾਲ ਬਣਾਈ ਹੋਈ ਹੈ। ਜਦੋਂ ਇਸ ਬਾਰੇ ਹਰੀ ਨੌਂ ਦੇ ਭਰਾ ਨੇ ਕਿਹਾ ਕਿ ਇਹ ਅਸਲੀ ਹੈ ਅਤੇ ਮੇਰੇ ਪੁਰਾਣੇ ਫੂਨ ਵਿੱਚ ਮੌਜੂਦ ਹੈ। ਫਿਰ ਉਸ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਔਡੀਓ ਵਿੱਚ ਅੰਮ੍ਰਿਤਪਾਲ ਦੇ ਗੈਂਗਸਟਰਾਂ ਨਾਲ ਵੀ ਸੰਬੰਧ ਜੁੜਦੇ ਹਨ ਅਤੇ ਸਭ ਤੋਂ ਵੱਡੀ ਸੋਨੇ ਦੀ ਡਕੈਤੀ ਨਾਲ ਵੀ। ਪਰ ਫੁਕਰਿਆਂ ਲਈ ਭਿੰਡਰਾਂਵਾਲੇ ਸਾਧ ਅਤੇ ਦੀਪ ਸਿੱਧੂ ਦੀ ਤਰ੍ਹਾਂ ਮਹਾਨ ਯੋਧਾ ਹੈ। ਕਿਉਂਕਿ ਫੁਕਰੀਆਂ ਉਸੇ ਤਰ੍ਹਾਂ ਮਾਰਦਾ ਸੀ।

ਅਸਲੀਅਤ ਨੂੰ ਸਮਝਣ ਵਾਲਿਆਂ ਵਿਚੋਂ ਥੋੜੇ ਕੁ ਐਸੇ ਹਨ ਜੋ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਵਿਚੋਂ ਹੀ ਇੱਕ ਹਨ ਸ: ਬਲਦੇਵ ਸਿੰਘ ਜੀ ਐੱਮ: ਏ: ਜੋ ਕਿ ਯੂ-ਟਿਊਬ ਉਪਰ ਸੱਚ ਦੱਸਣ ਦੀ ਕੋਸ਼ਿਸ ਕਰਦੇ ਹਨ। ਇਸੇ ਤਰ੍ਹਾਂ ਵਿਰਲੇ ਵਿਰਲੇ ਫੇਸਬੁੱਕ ਤੇ ਵੀ ਹਨ। ਇਸ ਬਾਰੇ ਮੈਨੂੰ ਬਹੁਤ ਘੱਟ ਜਾਣਕਾਰੀ ਹੈ। ਕਿਉਂਕਿ ਦਸ ਸਾਲ ਤਾਂ ਮੈਂ ਆਪਣਾ ਫੇਸਬੁੱਕ ਅਕਾਂਉਂਟ ਬੰਦ ਹੀ ਰੱਖਿਆ ਸੀ। ਕਿਉਂਕਿ ਉਥੇ ਦਾ ਮਾਹੌਲ ਹੀ ਕੁੱਝ ਇਸ ਤਰਹਾਂ ਦਾ ਸੀ ਕਿ ਜਣਾ ਖਣਾ ਆ ਕੇ ਤੁਹਾਨੂੰ ਜੋ ਮਰਜੀ ਬੋਲ ਜਾਂਦਾ ਸੀ। ਹੁਣ ਜਾਂ ਤਾਂ ਢੀਠ ਬਣ ਕੇ ਉਸੇ ਭਾਸ਼ਾ ਵਿੱਚ ਜਵਾਬ ਦਿਓ ਜਾਂ ਚੁੱਪ ਰਹੋ। ਕਈ ਤਾਂ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਮਾਂ, ਧੀ, ਭੈਣ ਦੀ ਗਾਲ ਤੋਂ ਬਿਨਾ ਹੋਰ ਗੱਲ ਹੀ ਨਹੀਂ ਕਰਦੇ। ਹੁਣ ਮਜਬੂਰੀ ਵੱਸ ਦੁਬਾਰਾ ਐਕਟਿਵ ਕੀਤਾ ਸੀ ਤਾਂ ਕਿ ਥੋੜੀ ਜਿਹੀ ਜਾਣਕਾਰੀ ਹੋਰ ਹਾਂਸਲ ਕੀਤੀ ਜਾ ਸਕੇ। ਪਹਿਲਾਂ ਵੀ ਥੋੜੀ ਜਿਹੀ ਜਾਣਕਾਰੀ ਮਿਲ ਜਾਂਦੀ ਸੀ ਪਰ ਹੁਣ ਕੁੱਝ ਸਮੇ ਤੋਂ ਇੱਕ ਪੌਪ ਅੱਪ ਵਿੰਡੋ ਸਕਰੀਨ ਰੋਕ ਲੈਂਦੀ ਸੀ ਅਤੇ ਕੁੱਝ ਵੀ ਪੜ੍ਹਿਆ ਨਹੀ ਜਾ ਸਕਦਾ ਸੀ। ਹੁਣ ਅਕਾਉਂਟ ਦੁਬਾਰਾ ਐਕਟਿਵ ਤਾਂ ਜਰੂਰ ਕੀਤਾ ਹੈ ਪਰ ਮੈਂ ਕਿਤੇ ਵੀ ਕੋਈ ਵੀ ਕੁਮਿੰਟ ਨਹੀਂ ਕੀਤਾ ਅਤੇ ਨਾ ਹੀ ਕਰਨ ਦੀ ਕੋਈ ਮਨਸ਼ਾ ਹੈ। ਮੇਰਾ ਕੋਈ ਖਾਸ ਮਿੱਤਰ ਨਹੀਂ ਅਤੇ ਨਾ ਹੀ ਕੋਈ ਖਾਸ ਦੁਸ਼ਮਣ ਹੈ। ਇਸ ਲਈ ਫਰੈਂਡ ਰੁਕਐਸਟ ਕੋਈ ਨਾ ਹੀ ਭੇਜੇ ਤਾਂ ਚੰਗਾ ਹੈ ਅਤੇ ਨਾ ਹੀ ਮੈਂ ਕਿਸੇ ਨੂੰ ਭੇਜਣੀ ਹੈ। ਹਾਂ ਜਿਹੜੇ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਦਾ ਸਤਿਕਾਰ ਮਨ ਵਿੱਚ ਜਰੂਰ ਹੈ। ਪਰ ਮੈਂ ਸਿੱਖ ਨਹੀਂ ਹਾਂ ਪਹਿਲਾਂ ਜਰੂਰ ਸੀ। ਧਰਮ ਦੇ ਨਾਮ ਤੇ ਫੁਕਰੀਆਂ ਮਾਰਨ ਵਾਲੇ ਫੁਕਰਿਆਂ ਦਾ ਕਿਰਦਾਰ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ। ਕਿਉਂਕਿ ਕਿਸੇ ਵਿਰਲੇ ਨੂੰ ਛੱਡ ਕੇ ਤੁਹਾਡੀ ਸਾਰੀ ਸਿੱਖੀ ਫੁਕਰੀਆਂ ਮਾਰਨ ਵਿੱਚ ਅਤੇ ਧਰਮ ਦੇ ਨਾਮ ਤੇ ਗੁੰਡਾ ਗਰਦੀ ਕਰਨ ਅਤੇ ਬਦਮਾਸ਼ੀਆਂ ਕਰਨ ਤੇ ਟਿਕੀ ਹੋਈ ਹੈ। ਮੈਨੂੰ ਅਜਿਹੀ ਸਿੱਖੀ ਦੀ ਕੋਈ ਲੋੜ ਨਹੀਂ। ਜੋ ਖਿਆਲ ਅੱਜ ਤੋਂ ਪੰਜ ਸਾਲ ਪਹਿਲਾਂ ਲਿਖ ਕੇ ਇੱਥੇ ਪਾਏ ਸਨ, ਹੁਣ ਵੀ ਉਹੀ ਹਨ। ਕੋਈ ਤਬਦੀਲੀ ਨਹੀਂ ਆਈ। ਪੜ੍ਹਨ ਲਈ ਧੰਨਵਾਦ!

ਮੱਖਣ ਪੁਰੇਵਾਲ,

ਜੂਨ 07, 2025.




.