.

ਵੈਦ ਅਤੇ ਘੋੜੀ

ਪੰਜਾਬ ਦੇ ਪਿੰਡਾਂ ਵਿੱਚ ਇੱਕ ਮੁਹਾਵਰਾ ਪ੍ਰਚੱਲਤ ਹੈ ਕਿ ਜੇ ਕਰ ਸ਼ੌਂਕ ਪਾਲਣ ਲਈ ਕੋਈ ਖੇਤੀ-ਬਾੜੀ ਕਰਨ ਵਾਲਾ ਵਿਆਕਤੀ, ਕੋਈ ਪੁੱਠਾ ਜਿਹਾ ਕੰਮ ਕਰ ਦੇਵੇ ਤਾਂ ਉਸ ਨੂੰ ਕਹਿ ਦਿੰਦੇ ਹਨ ਕਿ, ‘ਜੱਟਾ ਤੇਰੀ ਅਕਲ ਗਈ, ਮੱਝ ਬੇਚ ਕੇ ਘੋੜੀ ਲਈ, ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ’। ਕਿਉਂਕਿ ਜਿਸ ਜ਼ਿਮੀਦਾਰ ਨੇ ਸਾਰੀ ਦਿਹਾੜੀ ਬਾਹਰ ਖੇਤਾਂ ਵਿੱਚ ਸਖਤ ਕੰਮ ਕਰਨਾ ਹੁੰਦਾ ਹੈ ਉਸ ਨੂੰ ਖੁਰਾਕ ਵੀ ਚੰਗੀ ਖਾਣੀ ਪੈਂਦੀ ਹੈ। ਜੇ ਕਰ ਦੁੱਧ ਘਿਓ ਘਰ ਦਾ ਹੋਵੇ ਤਾਂ ਉਸ ਨਾਲ ਦੀ ਰੀਸ ਨਹੀਂ ਹੈ। ਭਾਰੀ ਖੁਰਾਕ ਖਾਹ ਕੇ ਭਾਰਾ ਕੰਮ ਦੇਰ ਤੱਕ ਕੀਤਾ ਜਾ ਸਕਦਾ ਹੈ। ਜੇ ਕਰ ਕੋਈ ਚੰਗਾ ਦੁੱਧ ਦੇਣ ਵਾਲੀ ਮੱਝ ਵੇਚ ਕੇ ਸ਼ੌਂਕ ਲਈ ਘੋੜੀ ਖਰੀਦ ਲਿਆਵੇ, ਆਪ ਅਤੇ ਆਪਣੇ ਟੱਬਰ ਨੂੰ ਦੁੱਧ ਘਿਓ ਤੋਂ ਬਾਂਝਾ ਕਰ ਦੇਵੇ ਤਾਂ ਉਸ ਨੂੰ ਕੋਈ ਬਹੁਤਾ ਸਿਆਣਾ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਜੇ ਕਰ ਕੋਈ ਚੰਗੇ ਵਿਚਾਰਾਂ, ਗੁਰਬਾਣੀ ਨੂੰ ਛੱਡ ਕੇ ਹੋਰ ਕੂੜ ਗ੍ਰੰਥਾਂ ਦੇ ਮਾੜੇ ਵਿਚਾਰਾਂ ਨੂੰ ਵੀ ਗੁਰਬਾਣੀ ਨਾਲ ਤੁਲਨਾ ਦੇਵੇ ਤਾਂ ਉਸ ਨੂੰ ਵੀ ਬਹੁਤਾ ਸਿਆਣਾ ਨਹੀਂ ਕਿਹਾ ਜਾ ਸਕਦਾ। ਜਿਸ ਘੋੜੀ ਦੀ ਗੱਲ ਇਸ ਲੇਖ ਵਿੱਚ ਕਰਨ ਜਾ ਰਹੇ ਹਾਂ, ਉਹ ਹੈ ਦਸਮ ਗ੍ਰੰਥ ਵਾਲੀ ਘੋੜੀ। ਜਿਸ ਦਾ ਜ਼ਿਕਰ 68ਵੇਂ ਚਰਿਤ੍ਰ ਵਿੱਚ ਕੀਤਾ ਹੈ। ਪਹਿਲਾਂ ਪੂਰਾ ਚਰਿਤ੍ਰ ਅਤੇ ਅਰਥ ਪੜ੍ਹ ਲਓ ਬਾਕੀ ਵਿਚਾਰ ਬਾਅਦ ਵਿੱਚ ਕਰਦੇ ਹਾਂ। ਇਸ ਦੇ ਅਰਥ ਡਾ: ਰਤਨ ਸਿੰਘ ਜੱਗੀ ਦੇ ਕੀਤੇ ਹੋਏ ਹਨ।

ਦੋਹਰਾ ॥

ਸਾਹੁ ਏਕ ਗੁਜਰਾਤ ਕੋ ਤਾ ਕੇ ਗ੍ਰਿਹ ਇਕ ਪੂਤ ॥

ਸੌਦਾ ਕੌ ਚੌਕਸ ਕਰੈ ਪਿਤੁ ਤੇ ਭਯੋ ਸਪੂਤ ॥੧॥

ਦੋਹਰਾ

ਗੁਜਰਾਤ ਦੇ ਇਕ ਸ਼ਾਹ ਦੇ ਘਰ ਇਕ ਪੁੱਤਰ ਸੀ। ਜੋ ਪੂਰੀ ਚੌਕਸੀ ਨਾਲ ਸੌਦਾ ਕਰਦਾ ਸੀ ਅਤੇ ਪਿਉ ਦਾ ਸੁਪੁੱਤਰ ਹੈ ਨਿਬੜਿਆ ਸੀ।

ਨਾਊ ਕੇ ਇਕ ਪੁਤ੍ਰ ਸੋ ਤਾ ਕੋ ਰਹੈ ਪ੍ਯਾਰ ॥

ਸੂਰਤਿ ਮੈ ਦੋਊ ਏਕਸੋ ਕੋਊ ਨ ਸਕੈ ਬਿਚਾਰ ॥੨॥

ਉਸ ਦਾ ਪਿਆਰ ਇਕ ਨਾਈ ਦੇ ਪੁੱਤਰ ਨਾਲ ਸੀ। ਸ਼ਕਲੋਂ ਦੋਵੇਂ ਇਕੋ ਜਿਹੇ ਸਨ। ਉਨ੍ਹਾਂ ਨੂੰ ਕੋਈ ਪਛਾਣ ਨਹੀਂ ਸਕਦਾ ਸੀ।2

ਚੌਪਈ ॥

ਸਾਹੁ ਪੁਤ੍ਰ ਸਸੁਰਾਰੇ ਚਲੋ ॥

ਸੰਗ ਲਏ ਨਊਆ ਸੁਤ ਭਲੋ ॥

ਗਹਿਰੇ ਬਨ ਭੀਤਰ ਦੋਊ ਗਏ ॥

ਬਚਨ ਕਹਤ ਨਊਆ ਸੁਤ ਭਏ ॥੩॥

ਚੌਪਈ

ਸ਼ਾਹ ਦਾ ਪੁੱਤਰ ਸੌਹਰੇ ਘਰ ਨੂੰ ਚਲਿਆ ਅਤੇ (ਆਪਣੇ) ਨਾਲ ਨਾਈ ਦੇ ਪੁੱਤਰ ਨੂੰ ਲੈ ਲਿਆ। (ਜਦੋਂ) ਦੋਵੇਂ ਸੰਘਣੇ ਬਨ ਵਿਚ ਗਏ (ਤਾਂ ਉਸ ਨਾਲ) ਨਾਈ ਦੇ ਪੁੱਤਰ ਨੇ ਬੋਲ ਸਾਂਝੇ ਕੀਤੇ ।

ਨਊਆ ਕੇ ਸੁਤ ਬਚਨ ਉਚਾਰੇ ॥

ਸੁਨੋ ਸਾਹੁ ਸੁਤ ਬੈਨ ਹਮਾਰੇ ॥

ਤਬ ਹੌ ਯਾਰ ਤੁਮੈ ਪਹਿਚਾਨੌ ॥

ਮੇਰੇ ਕਹਿਯੋ ਅਬੈ ਜੌ ਮਾਨੌ ॥੪॥

ਨਾਈ ਦੇ ਪੁੱਤਰ ਨੇ ਕਿਹਾ- -ਹੇ ਸ਼ਾਹ ਦੇ ਪੁੱਤਰ ! ਮੇਰੀ ਇਕ ਗੱਲ ਸੁਣੋ। ਮੈਂ ਤਦ ਹੀ ਤੁਹਾਨੂੰ ਆਪਣਾ ਮਿਤਰ ਮੰਨਾਂਗਾ, ਜੇ ਹੁਣੇ ਮੇਰਾ ਕਿਹਾ ਮੰਨੋ।

ਦੋਹਰਾ ॥

ਅਸ੍ਵ ਬਸਤ੍ਰ ਸਭ ਅਪਨੇ ਤਨਕਿਕ ਮੋ ਕੋ ਦੇਹੁ ॥

ਯਹ ਬੁਗਚਾ ਤੁਮ ਲੈ ਚਲੌ ਚਲਿ ਆਗੇ ਫਿਰਿ ਲੇਹੁ ॥੫॥

ਦੋਹਰਾ

ਆਪਣਾ ਘੋੜਾ ਅਤੇ ਸਾਰੇ ਬਸਤ੍ਰ ਥੋੜੀ ਦੇਰ ਲਈ ਮੈਨੂੰ ਦੇ ਦਿਓ ਅਤੇ ਇਹ ਗਠਰੀ ਤੁਸੀਂ ਲੈ ਲਓ ਅਤੇ ਲੈ ਕੇ ਮੇਰੇ ਅਗੇ ਚਲੋ ।

ਚੌਪਈ ॥

ਸਾਹੁ ਪੁਤ੍ਰ ਸੋਈ ਤਬ ਕਰਿਯੋ ॥

ਤਾ ਕੌ ਬੁਗਚਾ ਨਿਜੁ ਸਿਰਿ ਧਰਿਯੋ ॥

ਨਿਜੁ ਘੋਰਾ ਪੈ ਤਾਹਿ ਚਰਾਯੋ ॥

ਅਪੁਨੇ ਬਸਤ੍ਰਨ ਸੋ ਪਹਿਰਾਯੋ ॥੬॥

ਚੌਪਈ

ਸ਼ਾਹ ਦੇ ਪੁੱਤਰ ਨੇ ਉਸੇ ਤਰ੍ਹਾਂ ਕੀਤਾ। ਉਸ ਦੀ ਗਠਰੀ ਆਪਣੇ ਸਿਰ ਉਤੇ ਧਰ ਲਈ। ਉਸ ਨੂੰ ਆਪਣੇ ਘੋੜੇ ਉਤੇ ਚੜ੍ਹਾ ਲਿਆ ਅਤੇ ਆਪਣੇ ਬਸਤ੍ਰ ਉਸ ਨੂੰ ਪਵਾ ਦਿੱਤੇ ।

ਨਊਆ ਸੁਤ ਤਿਹ ਭੇਖ ਬਨਾਯੋ ॥

ਦੇ ਬੁਗਚਾ ਸੁਤ ਸਾਹੁ ਚਲਾਯੋ ॥

ਤਾ ਕੋ ਅਤਿ ਹੀ ਚਿਤ ਹਰਖਾਨੋ ॥

ਸਾਹੁ ਪੁਤ੍ਰ ਕਛੁ ਭੇਦ ਨ ਜਾਨੋ ॥੭॥

ਨਾਈ ਦੇ ਪੁੱਤਰ ਨੇ ਉਸ ਦਾ ਭੇਸ ਬਣਾ ਲਿਆ ਅਤੇ ਗਠਰੀ ਦੇ ਕੇ ਸ਼ਾਹ ਦੇ ਪੁੱਤਰ ਨੂੰ ਚਲਾ ਦਿੱਤਾ। ਉਸ ਦਾ ਚਿਤ ਬਹੁਤ ਖੁਸ਼ ਸੀ, ਪਰ ਸ਼ਾਹ ਦਾ ਪੁੱਤਰ ਕੁਝ ਵੀ ਭੇਦ ਨ ਸਮਝ ਸਕਿਆ।

ਦੋਹਰਾ ॥

ਚਲਤ ਚਲਤ ਸਸੁਰਾਰਿ ਕੌ ਗਾਵ ਪਹੂੰਚ੍ਯੋ ਆਇ ॥

ਉਤਰਿ ਨ ਤਿਹ ਸੁਤ ਸਾਹੁ ਕੋ ਹੈ ਪਰ ਲਿਯੋ ਚਰਾਇ ॥੮॥

ਦੋਹਰਾ

ਤੁਰਦੇ ਤੁਰਦੇ ਉਹ ਸੌਹਰੇ ਪਿੰਡ ਆ ਪਹੁੰਚੇ। ਪਰ ਉਸ ਨੇ ਉਤਰ ਕੇ ਘੋੜੇ ਉਤੇ ਸ਼ਾਹ ਦੇ ਪੁੱਤਰ ਨੂੰ ਨ ਚੜ੍ਹਾਇਆ ।

ਸਾਹੁ ਪੁਤ੍ਰ ਤਿਹ ਕਹਿ ਰਹਿਯੋ ਲਯੋ ਨ ਤੁਰੈ ਚਰਾਇ ॥

ਸਾਹੁ ਪੁਤ੍ਰ ਲਖਿ ਤਿਹ ਧਨੀ ਸਕਲ ਮਿਲਤ ਭੇ ਆਇ ॥੯॥

ਸ਼ਾਹ ਦਾ ਪੁੱਤਰ ਉਸ ਨੂੰ ਕਹਿੰਦਾ ਰਿਹਾ (ਪਰ ਉਸ ਨੇ) ਘੋੜੇ ਉਤੇ ਨ ਚੜ੍ਹਾਇਆ। ਉਸ ਧਨੀ ਨੂੰ ਸ਼ਾਹ ਦਾ ਪੁੱਤਰ ਸਮਝ ਕੇ ਸਭ ਮਿਲਣ ਲਈ ਆਏ ।

ਚੌਪਈ ॥

ਸਾਹੁ ਪੁਤ੍ਰ ਨਊਆ ਕਰਿ ਮਾਨ੍ਯੋ ॥

ਨਊਆ ਸੁਤ ਸੁਤ ਸਾਹੁ ਪਛਾਨ੍ਯੋ ॥

ਅਤਿ ਲਜਾਇ ਮਨ ਮੈ ਵਹੁ ਰਹਿਯੋ ॥

ਤਿਨ ਪ੍ਰਤਿ ਕਛੂ ਬਚਨ ਨਹਿ ਕਹਿਯੋ ॥੧੦॥

ਚੌਪਈ

ਸ਼ਾਹ ਦੇ ਪੁੱਤਰ ਨੂੰ ਨਾਈ ਦਾ ਅਤੇ ਨਾਈ ਦੇ ਪੁੱਤਰ ਨੂੰ ਸ਼ਾਹ ਦਾ ਪੁੱਤਰ ਕਰ ਕੇ (ਸਭ ਨੇ) ਪਛਾਣਿਆ। ਉਹ (ਸ਼ਾਹ ਦਾ ਪੁੱਤਰ) ਮਨ ਵਿਚ ਬਹੁਤ ਸ਼ਰਮਿੰਦਾ ਹੋਇਆ ਪਰ ਉਸ ਪ੍ਰਤਿ ਉਸ ਨੇ ਕੋਈ ਬਚਨ ਨ ਕਿਹਾ।

ਦੋਹਰਾ ॥

ਨਊਆ ਸੁਤ ਕੋ ਸਾਹੁ ਕੀ ਦੀਨੀ ਬਧੂ ਮਿਲਾਇ ॥

ਸਾਹੁ ਪੁਤ੍ਰ ਸੋ ਯੌ ਕਹਿਯੋ ਦੁਆਰੇ ਬੈਠਹੁ ਜਾਇ ॥੧੧॥

ਦੋਹਰਾ

ਨਾਈ ਦੇ ਪੁੱਤਰ ਨੂੰ ਸ਼ਾਹ ਦੇ ਪੁੱਤਰ ਦੀ ਪਤਨੀ ਮਿਲਾ ਦਿੱਤੀ ਅਤੇ ਸ਼ਾਹ ਦੇ ਪੁੱਤਰ ਨੂੰ ਇਸ ਤਰ੍ਹਾਂ ਕਿਹਾ ਕਿ ਉਹ ਦਰਵਾਜ਼ੇ ਉਤੇ ਜਾ ਕੇ ਬੈਠੇ।

ਚੌਪਈ ॥

ਤਬ ਨਊਆ ਯੌ ਬਚਨ ਉਚਾਰੇ ॥

ਕਹੌ ਕਾਜ ਇਹ ਕਰੋ ਹਮਾਰੇ ॥

ਬਹੁ ਬਕਰੀ ਤਿਹ ਦੇਹੁ ਚਰਾਵੈ ॥

ਦਿਵਸ ਚਰਾਇ ਰਾਤਿ ਘਰ ਆਵੈ ॥੧੨॥

ਚੌਪਈ

ਤਦ ਨਾਈ ਦੇ ਪੁੱਤਰ ਨੇ ਇਸ ਤਰ੍ਹਾਂ ਕਿਹਾ- - (ਇਸ ਨੂੰ) ਕਹੋ ਕਿ ਮੇਰਾ ਇਹ ਕੰਮ ਕਰੇ। ਇਸ ਨੂੰ ਬਹੁਤ ਸਾਰੀਆਂ ਬਕਰੀਆਂ ਚਰਾਉਣ ਲਈ ਦਿਓ। ਦਿਨ ਨੂੰ ਚਰਾ ਕੇ ਰਾਤ ਨੂੰ ਘਰ ਆ ਜਾਵੇ ।

ਦੋਹਰਾ ॥

ਸਾਹੁ ਪੁਤ੍ਰ ਛੇਰੀ ਲਏ ਬਨ ਮੈ ਭਯੋ ਖਰਾਬ ॥

ਸੂਕਿ ਦੂਬਰੋ ਤਨ ਭਯੋ ਹੇਰੇ ਲਜਤ ਰਬਾਬ ॥੧੩॥

ਦੋਹਰਾ

ਸ਼ਾਹ ਦਾ ਪੁੱਤਰ ਬਕਰੀਆਂ ਲੈ ਕੇ ਬਨ ਵਿਚ ਖੁਆਰ ਹੁੰਦਾ ਰਿਹਾ ਅਤੇ ਸ਼ਰਮ ਦਾ ਮਾਰਿਆ ਸੁਕ ਕੇ ਰਬਾਬ ਵਰਗਾ ਦੁਬਲਾ ਹੋ ਗਿਆ ।

ਚੌਪਈ ॥

ਅਤਿ ਦੁਰਬਲ ਜਬ ਤਾਹਿ ਨਿਹਾਰਿਯੋ ॥

ਤਬ ਨਊਆ ਸੁਤ ਬਚਨ ਉਚਾਰਿਯੋ ॥

ਏਕ ਖਾਟ ਯਾ ਕੋ ਅਬ ਦੀਜੈ ॥

ਮੇਰੋ ਕਹਿਯੋ ਬਚਨ ਯਹ ਕੀਜੈ ॥੧੪॥

ਚੌਪਈ

ਜਦੋਂ ਉਸ ਨੂੰ ਬਹੁਤ ਦੁਰਬਲ ਵੇਖਿਆ ਤਦ ਨਾਈ ਦੇ ਪੁੱਤਰ ਨੇ ਕਿਹਾ- ਹੁਣ ਇਸ ਨੂੰ ਇਕ ਮੰਜੀ ਦੇ ਦਿਓ ਅਤੇ ਮੇਰੇ ਕਹੇ ਅਨੁਸਾਰ ਇਸ ਤਰ੍ਹਾਂ ਕਰੋ ।

ਦੋਹਰਾ ॥

ਖਾਟ ਸਾਹੁ ਕੋ ਪੁਤ੍ਰ ਲੈ ਅਧਿਕ ਦੁਖ੍ਯ ਭਯੋ ਚਿਤ ॥

ਗਹਿਰੇ ਬਨ ਮੈ ਜਾਇ ਕੈ ਰੋਵਤ ਪੀਟਤ ਨਿਤ ॥੧੫॥

ਦੋਹਰਾ

ਸ਼ਾਹ ਦਾ ਪੁੱਤਰ ਮੰਜੀ ਲੈ ਕੇ ਮਨ ਵਿਚ ਹੋਰ ਵੀ ਦੁਖੀ ਹੋਇਆ। ਸੰਘਣੇ ਬਨ ਵਿਚ ਜਾ ਕੇ ਨਿੱਤ ਰੋਣ ਪਿਟਣ ਲਗਿਆ।

ਮਹਾ ਰੁਦ੍ਰ ਅਰੁ ਪਾਰਬਤੀ ਜਾਤ ਹੁਤੈ ਨਰ ਨਾਹਿ ॥

ਤਾ ਕੋ ਦੁਖਿਤ ਬਿਲੋਕਿ ਕੈ ਦਯਾ ਭਈ ਮਨ ਮਾਹਿ ॥੧੬॥

ਮਹਾ ਰੁਦ੍ਰ ਅਤੇ ਪਾਰਬਤੀ ਸ਼ਾਹ ਦੇ ਪੁੱਤਰ ਕੋਲੋਂ ਲੰਘ ਰਹੇ ਸਨ। ਉਸ ਨੂੰ ਦੁਖੀ ਵੇਖ ਕੇ (ਉਨ੍ਹਾਂ ਦੇ) ਮਨ ਵਿਚ ਦਇਆ ਆ ਗਈ।

ਚੌਪਈ ॥

ਦਯਾ ਮਾਨ ਯੌ ਬਚਨ ਉਚਾਰੇ ॥

ਸੁਨਹੁ ਸਾਹੁ ਕੇ ਸੁਤ ਦੁਖ੍ਯਾਰੇ ॥

ਜਾਇ ਚਮਰੁ ਤੂ ਤੂ ਮੁਖ ਕਹਿ ਹੈ ॥

ਛੇਰੀ ਲਗੀ ਭੂੰਮ ਮੈ ਰਹਿ ਹੈ ॥੧੭॥

ਚੌਪਈ

ਦਇਆਵਾਨ ਹੋ ਕੇ (ਉਨ੍ਹਾਂ ਨੇ) ਇਸ ਤਰ੍ਹਾਂ ਕਿਹਾ ਹੇ ਸ਼ਾਹ ਦੇ ਦੁਖੀ ਪੁੱਤਰ ! ਸੁਣੋ। ਜਿਸ ਨੂੰ ਤੂੰ ਮੂੰਹ ਤੋਂ ਕਹੇਂਗਾ 'ਤੂੰ ਚਿਮਟ ਜਾ', ਤਾਂ ਉਹ ਬਕਰੀ ਭੂਮੀ ਨਾਲ ਜੁੜ ਜਾਏਗੀ।

ਦੋਹਰਾ ॥

ਜਬੈ ਉਝਰੁ ਤੂ ਭਾਖਿ ਹੈ ਤੁਰਤ ਵਹੈ ਛੁਟਿ ਜਾਇ ॥

ਜਬ ਲਗਿਯੋ ਕਹਿ ਹੈ ਨਹੀ ਮਰੈ ਧਰਨਿ ਲਪਟਾਇ ॥੧੮॥

ਦੋਹਰਾ

ਜਦੋਂ ਤੂੰ ਵਖ ਹੋ ਜਾਣ ਲਈ ਕਹੇਂਗਾ, ਉਸੇ ਵੇਲੇ ਉਹ ਖਲਾਸ ਹੋ ਜਾਏਗੀ। ਜਦ ਤਕ ਤੂੰ ਇਸ ਤਰ੍ਹਾਂ ਨਹੀਂ ਕਹੇਂਗਾ, ਉਹ ਧਰਤੀ ਨਾਲ ਲਗ ਕੇ ਮਰ ਜਾਏਗੀ।

ਚੌਪਈ ॥

ਜਬੈ ਚਮਰੁ ਤੂ ਵਹਿ ਮੁਖ ਕਹੈ ॥

ਚਿਮਟਿਯੋ ਅਧਰ ਧਰਨਿ ਸੋ ਰਹੈ ॥

ਸਾਚੁ ਬਚਨ ਸਿਵ ਕੋ ਜਬ ਭਯੋ ॥

ਤਬ ਤਿਹ ਚਿਤ ਯਹ ਠਾਟ ਠਟ੍ਯੋ ॥੧੯॥

ਚੌਪਈ

ਜਦ ਉਸ (ਸ਼ਿਵ) ਨੇ ਮੁਖ ਤੋਂ 'ਤੂੰ ਚਿਮਟ ਜਾ' ਕਿਹਾ ਤਾਂ (ਉਸ ਦਾ) ਹੇਠਲਾ ਹੋਠ (' ਅਧਰ') ਧਰਤੀ ਨਾਲ ਚਿਮਟ ਗਿਆ। ਜਦ ਸ਼ਿਵ ਦੇ ਬਚਨ ਸੱਚੇ ਸਿੱਧ ਹੋਏ, ਤਾਂ ਉਸ ਨੇ ਚਿਤ ਵਿਚ ਇਹ ਬਣਤ ਬਣਾਈ।

ਦੋਹਰਾ ॥

ਸਭੈ ਚਮਰੁ ਤੂ ਮੈ ਬਿਨਾ ਯਾ ਪੁਰ ਮੈ ਹ੍ਵੈ ਜਾਹਿ ॥

ਜਹ ਤਹ ਨਰ ਨਾਰੀ ਹੁਤੀ ਲਗੀ ਰਹੀ ਛਿਤ ਮਾਹਿ ॥੨੦॥

ਦੋਹਰਾ

(ਉਸ ਨੇ ਕਿਹਾ--) ਮੇਰੇ ਬਿਨਾ ਇਸ ਨਗਰ ਦੇ ਸਾਰੇ ਚਿਮਟ ਜਾਣ। ਜਿਥੇ ਕਿਥੇ ਜੋ ਨਰ ਨਾਰੀ ਸੀ, ਸਭ ਧਰਤੀ ਨਾਲ ਚਿਮਟ ਗਈ।

ਸੋਤ ਜਗਤ ਬੈਠਤ ਉਠਤ ਚਿਮਟ ਗਏ ਛਿਨ ਮਾਹਿ ॥

ਕੂਕ ਉਠੀ ਪੁਰ ਮੈ ਘਨੀ ਨੈਕ ਰਹੀ ਸੁਧਿ ਨਾਹਿ ॥੨੧॥

ਸੌਂਦੇ, ਜਾਗਦੇ, ਉਠਦੇ, ਬੈਠਦੇ ਸਾਰੇ ਹੀ ਛਿਣ ਭਰ ਵਿਚ ਚਿਮਟ ਗਏ। ਸ਼ਹਿਰ ਵਿਚ ਬਹੁਤ ਚੀਖ ਚਹਾੜਾ ਪੈ ਗਿਆ ਅਤੇ ਕਿਸੇ ਵਿਚ ਸੁੱਧ ਬੁੱਧ ਨ ਰਹੀ।

ਪਤਿ ਧੋਤੀ ਬਾਧਿਤ ਫਸਿਯੋ ਪਾਕ ਪਕਾਵਤ ਤ੍ਰੀਯ ॥

ਨੌਆ ਤ੍ਰਿਯ ਸੋਵਤ ਫਸਿਯੋ ਕਛੁ ਨ ਰਹੀ ਸੁਧਿ ਜੀਯ ॥੨੨॥

ਪਤੀ ਧੋਤੀ ਬੰਨ੍ਹਦਿਆਂ ਫਸ ਗਿਆ ਅਤੇ ਇਸਤਰੀ ਰਸੋਈ ਤਿਆਰ ਕਰਦੀ ਫਸ ਗਈ। ਨਵੀਂ ਵਿਆਹੀ ਇਸਤਰੀ (ਪਤੀ ਨਾਲ) ਸੁਤੀ ਹੋਈ ਫਸ ਗਈ ਅਤੇ (ਕਿਸੇ ਨੂੰ ਵੀ ਆਪਣੇ) ਜੀ ਦੀ ਹੋਸ਼ ਨ ਰਹੀ।

ਚੌਪਈ ॥

ਸਾਹੁ ਪੁਤ੍ਰ ਤਬਹ ਤਾ ਕੇ ਆਯੋ ॥

ਕਹਾ ਭਯੋ ਕਹਿ ਤਿਸੈ ਸੁਨਾਯੋ ॥

ਜੁ ਕਛੁ ਕਹੋ ਮੁਹਿ ਕਾਜ ਕਮਾਊ ॥

ਬੈਦਹਿ ਢੂਢਿ ਤਿਹਾਰੇ ਲ੍ਯਾਊ ॥੨੩॥

ਚੌਪਈ

ਤਦ ਸ਼ਾਹ ਦਾ ਪੁੱਤਰ ਉਸ (ਨਾਈ ਦੇ ਪੁੱਤਰ) ਕੋਲ ਆਇਆ। ਜੋ (ਉਸ ਨਾਲ) ਹੋਇਆ, ਉਹ ਉਸ ਨੂੰ ਸੁਣਾਇਆ। (ਸ਼ਾਹ ਦੇ ਪੁੱਤਰ ਨੇ ਨਾਈ ਦੇ ਪੁੱਤਰ ਨੂੰ ਕਿਹਾ ਤੁਸੀਂ) ਮੈਨੂੰ ਜੋ ਕੁਝ ਕਹੋ, ਉਹ ਕੰਮ ਕਰਾਂਗਾ। ਤੁਹਾਡੇ ਲਈ ਵੈਦ ਨੂੰ ਲਭ ਲਿਆਵਾਂਗਾ।

ਲੈ ਘੋਰੀ ਸੁਤ ਸਾਹੁ ਸਿਧਾਯੋ ॥

ਖੋਜਿ ਬੈਦ ਕੋ ਸੰਗ ਲੈ ਆਯੋ ॥

ਤਹ ਜੰਗਲ ਕੀ ਹਾਜਤਿ ਭਈ ॥

ਘੋਰੀ ਸਾਹੁ ਪੁਤ੍ਰ ਕੋ ਦਈ ॥੨੪॥

ਘੋੜੀ ਲੈ ਕੇ ਸ਼ਾਹ ਦਾ ਪੁੱਤਰ ਗਿਆ ਅਤੇ ਵੈਦ ਨੂੰ ਲਭ ਕੇ ਨਾਲ ਲੈ ਆਇਆ। ਉਸ ਵੈਦ ਨੂੰ ਜੰਗਲ ਜਾਣ ਦੀ ਹਾਜਤ ਹੋਈ ਅਤੇ ਸ਼ਾਹ ਦੇ ਪੁੱਤਰ ਨੂੰ ਉਸ ਨੇ ਘੋੜੀ ਦੇ ਦਿੱਤੀ ।

ਦੋਹਰਾ ॥

ਜਾਇ ਬੂਟੈ ਤਬ ਬੈਠਿਯੋ ਲਈ ਕੁਪੀਨ ਉਠਾਇ ॥

ਡਲਾ ਭਏ ਪੌਛਨ ਲਗਿਯੋ ਕਹਿਯੋ ਚਮਰੁ ਤੂ ਤਾਹਿ ॥੨੫॥

ਦੋਹਰਾ

ਤਦ ਉਹ ਲੰਗੋਟੀ ਚੁਕ ਕੇ ਇਕ ਬੂਟੇ ਪਾਸ ਜਾ ਬੈਠਾ ਅਤੇ ਜਿਦੀ ਮਿੱਟੀ ਦਾ ਡਲਾ ਲੈ ਕੇ (ਗੁਦਾ ਉਹ ਪੂੰਝਣ ਲਗਿਆ (ਤਾ ਸ਼ਾਹ ਦੇ ਪੁੱਤਰ ਨੇ) ਕਿਹਾ 'ਤੂੰ ਚਿਮਟ ਜਾ' ।

ਹਾਥ ਲਗੋਟੀ ਰਹਿ ਗਈ ਡਲਾ ਫਸਿਯੋ ਬੁਰਿ ਮਾਹਿ ॥

ਚਰਨ ਝਾਰ ਕੇ ਸੰਗ ਰਸੇ ਤਾਹਿ ਰਹੀ ਸੁਧਿ ਨਾਹਿ ॥੨੬॥

ਲੰਗੋਟੀ (ਵੈਦ) ਦੇ ਹੱਥ ਵਿਚ ਰਹਿ ਗਈ ਅਤੇ ਮਿੱਟੀ ਦਾ ਡਲਾ ਗੁਦਾ ਵਿਚ ਫਸ ਗਿਆ। (ਉਸ ਦੇ) ਪੈਰ ਝਾੜੀ ਵਿਚ ਉਲਝ ਗਏ ਅਤੇ ਉਸ ਨੂੰ ਕੋਈ ਸੁੱਧ ਬੁੱਧ ਨ ਰਹੀ।

ਲਏ ਅਸ੍ਵਨੀ ਸਾਹੁ ਕੋ ਪੂਤ ਪਹੂੰਚ੍ਯੋ ਆਇ ॥

ਕਹਿਯੋ ਬੈਦ ਮੈ ਕ੍ਯਾ ਕਰੋਂ ਇਹ ਦੁਖ ਕੋ ਸੁ ਉਪਾਇ ॥੨੭॥

ਸ਼ਾਹ ਦਾ ਪੁੱਤਰ ਘੋੜੀ ਲੈ ਕੇ ਆ ਪਹੁੰਚਿਆ ਅਤੇ ਕਹਿਣ ਲਗਿਆ ਹੇ ਵੈਦ ! ਮੈਂ ਕੀ ਕਰਾਂ, ਇਸ ਦੁਖ ਦਾ ਕੀ ਉਪਾ ਹੈ।

ਚੌਪਈ ॥

ਸਾਹੁ ਪੁਤ੍ਰ ਤਬ ਬਚਨ ਉਚਾਰੋ ॥

ਸੁਨੋ ਬੈਦ ਉਪਚਾਰ ਹਮਾਰੋ ॥

ਹਮਰੋ ਇਹ ਆਗੇ ਦੁਖ ਭਯੋ ॥

ਇਹ ਉਪਚਾਰ ਦੂਰਿ ਹ੍ਵੈ ਗਯੋ ॥੨੮॥

ਚੌਪਈ

ਤਦ ਸ਼ਾਹ ਦੇ ਪੁੱਤਰ ਨੇ ਕਿਹਾ, ਹੇ ਵੈਦ ! ਮੇਰਾ ਇਲਾਜ ਸੁਣੋ। ਮੈਨੂੰ ਵੀ (ਇਕ ਵਾਰ) ਅਗੇ ਇਹ ਦੁਖ ਹੋਇਆ ਸੀ (ਜੋ) ਇਹ ਇਲਾਜ ਕਰਨ ਨਾਲ ਦੂਰ ਹੋ ਗਿਆ ਸੀ।

ਦੋਹਰਾ ॥

ਯਾ ਘੋਰੀ ਕੇ ਭਗ ਬਿਖੈ ਜੀਭ ਦਈ ਸੌ ਬਾਰ ॥

ਤੁਰਤ ਰੋਗ ਹਮਰੋ ਕਟਿਯੋ ਸੁਨਹੁ ਬੈਦ ਉਪਚਾਰ ॥੨੯॥

ਦੋਹਰਾ

ਇਸ ਘੋੜੀ ਦੀ ਭਗ ਵਿਚ ਮੈਂ ਸੌ ਵਾਰ ਜੀਭ ਦਿੱਤੀ ਸੀ। ਹੇ ਵੈਦ ! ਸੁਣੋ, ਇਸ ਇਲਾਜ ਨਾਲ ਮੇਰਾ ਰੋਗ ਤੁਰਤ ਕਟ ਗਿਆ ਸੀ।

ਚੌਪਈ ॥

ਤਬੈ ਬੈਦ ਸੋਊ ਕ੍ਰਿਆ ਕਮਾਈ ॥

ਤਾ ਕੇ ਭਗ ਮੈ ਜੀਭ ਧਸਾਈ ॥

ਕਹਿਯੋ ਚਮਰੁ ਤੂ ਸੋ ਲਗਿ ਗਈ ॥

ਅਤਿ ਹਾਸੀ ਗਦਹਾ ਕੋ ਭਈ ॥੩੦॥

ਚੌਪਈ

ਤਦ ਵੈਦ ਨੇ ਉਹੀ ਕ੍ਰਿਆ ਕੀਤੀ ਅਤੇ ਘੋੜੀ ਦੀ ਭਗ ਵਿਚ ਜੀਭ ਧਸ ਦਿੱਤੀ। (ਸ਼ਾਹ ਦੇ ਪੁੱਤਰ ਨੇ) ਕਿਹਾ---ਤੂੰ ਚਿਮਟ ਜਾਂ ਅਤੇ ਉਹ ਜੁੜ ਗਈ। ਉਸ ਖੋਤੇ ਵੈਦ ਦੀ ਬਹੁਤ ਹਾਸੀ ਹੋਈ।

ਲਏ ਲਏ ਤਾ ਕੋ ਪੁਰ ਆਯੋ ॥

ਸਗਲ ਗਾਵ ਕੋ ਦਰਸ ਦਿਖਾਯੋ ॥

ਬੈਦ ਕਛੂ ਉਪਚਾਰਹਿ ਕਰੌ ॥

ਇਨ ਕੇ ਪ੍ਰਾਨ ਛੁਟਨ ਤੇ ਡਰੌ ॥੩੧॥

ਉਸ ਨੂੰ ਨਾਲ ਲੈ ਕੇ ਪਿੰਡ ਵਿਚ ਆਇਆ ਅਤੇ ਸਾਰੇ ਪਿੰਡ ਨੂੰ ਨਜ਼ਾਰਾ ਵਿਖਾਇਆ। (ਪਿੰਡ ਦੇ ਇਕ ਵੈਦ ਨੂੰ ਕਿਹਾ-) ਹੇ ਵੈਦ ! ਇਸ ਦਾ ਕੁਝ ਉਪਚਾਰ ਕਰੋ ਅਤੇ ਇਸ ਦੇ ਪ੍ਰਾਣ ਨਿਕਲਣ ਤੋਂ ਡਰੋ ।

ਪੁਰ ਜਨ ਬਾਚ ॥

ਦੋਹਰਾ ॥

ਅਧਿਕ ਦੁਖੀ ਪੁਰ ਜਨ ਭਏ ਕਛੂ ਨ ਚਲਿਯੋ ਉਪਾਇ ॥

ਚਲਤ ਫਿਰਤ ਯਾ ਕੋ ਨਿਰਖਿ ਰਹੇ ਚਰਨ ਲਪਟਾਇ ॥੩੨॥

ਪਿੰਡ ਵਾਸੀਆਂ ਨੇ ਕਿਹਾ- -

ਦੋਹਰਾ

ਪਿੰਡ ਦੇ ਲੋਕ ਬਹੁਤ ਦੁਖੀ ਹੋ ਗਏ ਅਤੇ ਉਨ੍ਹਾਂ ਦਾ ਕੋਈ ਉਪਾ ਨ ਚਲਿਆ। (ਸ਼ਾਹ ਨੂੰ) ਚਲਦਾ ਫਿਰਦਾ ਦੇਖ ਕੇ ਸਾਰੇ ਉਸ ਦੇ ਚਰਨੀ ਲਗ ਗਏ।

ਚੌਪਈ ॥

ਹਮਰੇ ਨਾਥ ਉਪਾਇਹਿ ਕੀਜੈ ॥

ਅਪਨੇ ਜਾਨਿ ਰਾਖਿ ਕਰਿ ਲੀਜੈ ॥

ਇਨੈ ਕਰੀ ਕਛੁ ਚੂਕ ਤਿਹਾਰੀ ॥

ਮਹਾ ਰੋਗ ਤੇ ਲੇਹੁ ਉਬਾਰੀ ॥੩੩॥

ਚੌਪਈ

ਹੇ ਨਾਥ ! ਸਾਡਾ (ਕੋਈ) ਉਪਾ ਕਰੋ ਅਤੇ ਆਪਣਾ ਜਾਣ ਕੇ (ਸਾਡੀ) ਰਖਿਆ ਕਰੋ। ਇਨ੍ਹਾਂ ਨੇ ਤੁਹਾਡੀ ਕੋਈ ਗਲਤੀ ਕੀਤੀ ਹੋਵੇਗੀ। (ਇਨ੍ਹਾਂ ਨੂੰ ਇਸ) /ਮਹਾ ਰੋਗ ਤੋਂ ਬਚਾ ਲਵੋ ।

ਸਾਹ ਸੁਤ ਬਾਚ ॥

ਚੌਪਈ ॥

ਸਕਲ ਕਥਾ ਤਿਨ ਭਾਖਿ ਸੁਨਾਈ ॥

ਪੁਰ ਲੋਗਨ ਸਭਹੂੰ ਸੁਨਿ ਪਾਈ ॥

ਲੈ ਦੂਜੀ ਕੰਨ੍ਯਾ ਤਿਹ ਦੀਨੀ ॥

ਭਾਂਤਿ ਭਾਂਤਿ ਉਸਤਤਿ ਮਿਲ ਕੀਨੀ ॥੩੪॥

ਸ਼ਾਹ ਦੇ ਪੁੱਤਰ ਨੇ ਕਿਹਾ-

ਚੌਪਈ

ਉਸ ਨੇ ਸਾਰੀ ਗੱਲ ਦਸ ਦਿੱਤੀ ਅਤੇ ਪਿੰਡ ਦੇ ਸਾਰੇ ਲੋਕਾਂ ਨੇ ਸੁਣ ਲਈ। ਉਸ ਨੂੰ ਦੂਜੀ ਕੰਨਿਆ ਦੇ ਦਿੱਤੀ ਅਤੇ ਮਿਲ ਕੇ ਭਾਂਤ ਭਾਂਤ ਦੀ ਉਸਤਤ ਕੀਤੀ।

ਔਰ ਸਕਲ ਪੁਰ ਛੋਰਿ ਉਬਾਰਿਯੋ ॥

ਨਊਆ ਸੁਤ ਚਿਮਟਿਯੋ ਹੀ ਮਾਰਿਯੋ ॥

ਬ੍ਯਾਹ ਦੂਸਰੋ ਅਪਨੋ ਕੀਨੋ ॥

ਨਿਜੁ ਪੁਰ ਕੋ ਬਹੁਰੋ ਮਗੁ ਲੀਨੋ ॥੩੫॥

ਉਸ ਨੇ ਸਾਰੇ ਪਿੰਡ ਨੂੰ ਮੁਕਤ ਕਰ ਕੇ (ਉਨ੍ਹਾਂ ਨੂੰ) ਉਬਾਰਿਆ ਅਤੇ ਨਾਈ ਦੇ ਪੁੱਤਰ ਨੂੰ ਚਿਮਟਿਆ ਹੋਇਆ ਹੀ ਮਾਰ ਦਿੱਤਾ। ਆਪ ਦੂਜਾ ਵਿਆਹ ਕੀਤਾ ਅਤੇ ਫਿਰ ਆਪਣੇ ਨਗਰ ਦਾ ਰਾਹ ਪਕੜਿਆ।

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੮॥੧੨੨੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤੀ ਭੂਪ ਸੰਬਾਦ ਦੇ 68ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ।68।

ਦੱਸੋ ਭਲਾ ਇਸ ਊਟ-ਪਟਾਂਗ ਕਹਾਣੀ ਵਿੱਚ ਕੋਈ ਕੰਮ ਆਉਣ ਵਾਲੀ ਅਕਲ ਦੀ ਗੱਲ ਹੈ? ਇੱਕ ਹਮ ਸ਼ਕਲ ਨੇ ਧੋਖਾ ਕੀਤਾ ਤਾਂ ਦੂਸਰੇ ਨੇ ਉਸ ਨੂੰ ਮਿਲੇ ਹੋਏ ਸ਼ਿਵ ਅਤੇ ਪਾਰਵਤੀ ਦੇ ਵਰ ਨਾਲ ਮਾਰ ਦਿੱਤਾ। ਕੀ ਇਸ ਤਰ੍ਹਾਂ ਕਦੀ ਰੱਬੀ ਨਿਯਮਾਂ ਦੇ ਉਲਟ ਹੋਇਆ ਹੈ ਕਿ ਕਿਸੇ ਦੇ ਕਹਿਣ ਨਾਲ ਕੋਈ ਵਸਤੂ ਚਿਮਟ ਜਾਂਦੀ ਹੋਵੇ? ਕੀ ਵੈਦ ਦੀ ਜੀਭ ਘੋੜੀ ਦੀ ਭਗ/ਮੂਤਨੀ ਨਾਲ ਜਦੋਂ ਜੁੜ ਗਈ ਸੀ ਤਾਂ ਕੀ ਉਹ ਵੈਦ ਘੋੜੀ ਮਗਰ ਘੜੀਸ ਹੁੰਦਾ ਆਇਆ ਹੋਵੇਗਾ? ਜਦੋਂ ਘੋੜੀ ਪਿਛਲੀਆਂ ਲੱਤਾਂ ਅਗਾਂਹ ਪਿਛਾਂਹ ਕਰਕੇ ਤੁਰਦੀ ਹੋਵੇਗੀ ਤਾਂ ਉਹ ਵੈਦ ਦੇ ਨਾ ਵੱਜਦੀਆਂ ਹੋਣਗੀਆਂ? ਤੁਸੀਂ ਖੁਦ ਆਪਣੀ ਜੀਭ ਫੜਕੇ ਹੱਥ ਨਾਲ ਬਾਹਰ ਨੂੰ ਖਿੱਚ ਕੇ ਦੇਖੋ ਤਾਂ ਕਿਤਨੀ ਕੁ ਜੋਰ ਨਾਲ ਖਿੱਚ ਸਕਦੇ ਹੋ। ਜੇ ਕਰ ਘੋੜੀ ਦੀ ਮੂਤਨੀ ਵਿੱਚ ਸੌ ਵਾਰ ਜੀਭ ਫੇਰਨ ਨਾਲ ਰੋਗ ਹਟ ਜਾਂਦੇ ਹਨ ਤਾਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਆਪਣੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਥਾਂ ਤੇ ਘੋੜੀਆਂ ਰੱਖ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਦੋਵੇਂ ਸੰਸਥਾਵਾਂ ਦਸਮ ਗ੍ਰੰਥ ਦੇ ਕੂੜ ਨੂੰ ਦਸਮੇਂ ਗੁਰੂ ਦੀ ਬਾਣੀ ਮੰਨਦੀਆਂ ਹਨ। ਦਿੱਲੀ ਕਮੇਟੀ ਵਾਲੇ ਤਾਂ ਖਾਸ ਤੌਰ ਤੇ ਦਸਮ ਗ੍ਰੰਥੀਆਂ ਨੂੰ ਸੱਦ ਇਸ ਦਾ ਪ੍ਰਚਾਰ ਕਰਾਉਂਦੇ ਹਨ। ਜੇ ਕਰ ਘੋੜੀ ਦੀ ਮੂਤਨੀ ਵਿੱਚ ਜੀਭ ਫੇਰ ਕੇ ਇਲਾਜ ਕਰਨ ਦੀ ਕੋਈ ਦਿੱਕਤ ਆਉਂਦੀ ਹੋਵੇ ਤਾਂ ਉਹਨਾਂ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ ਜਿਹਨਾ ਨੇ ਇਸ ਗ੍ਰੰਥ ਤੇ ਪੀ. ਐੱਚ. ਡੀ. ਕੀਤੀ ਹੋਈ ਹੈ। ਹੋ ਸਕਦਾ ਹੈ ਕਿ ਉਹ ਜਿਆਦਾ ਤਕਨੀਕਾਂ ਜਾਣਦੇ ਹੋਣਗੇ। ਜਿਤਨੇ ਵੀ ਨੰਗੀਆਂ ਲੱਤਾਂ ਵਾਲੇ ਸਾਧ ਹਨ, ਅਖੌਤੀ ਪਹੁੰਚੇ ਹੋਏ ਬ੍ਰਹਮ ਗਿਆਨੀ ਹਨ, ਭੰਗ ਪੀਣੇ ਹਨ, ਪੀ. ਐੱਚ. ਡੀ. ਦੀ ਡਿਗਰੀ ਵਾਲੇ ਹਨ ਜਾਂ ਹੋਰ ਵੀ ਪੜ੍ਹੇ ਲਿਖੇ ਜਾਂ ਇਹਨਾ ਦੇ ਪਿਛਲੱਗ ਹਨ, ਕੀ ਉਹ ਆਪਣੀ ਬਿਮਾਰੀ ਦਾ ਇਲਾਜ ਘੋੜੀ ਦੀ ਮੂਤਨੀ ਵਿੱਚ ਸੌ ਵਾਰੀ ਜੀਭ ਫੇਰ ਕੇ ਕਰਦੇ ਹਨ ਜਾਂ ਕੋਈ ਮੈਡੀਕਲ ਡਾ: ਦੇਖਦੇ ਹਨ। ਪਾਠਕਾਂ ਵਿਚੋਂ ਜੇ ਕਰ ਕਿਸੇ ਨੇ ਆਪਣਾ ਇਲਾਜ ਇਸ ਤਰ੍ਹਾਂ ਘੋੜੀ ਦੀ ਮੂਤਨੀ ਵਿੱਚ ਜੀਭ ਫੇਰ ਕੇ ਕੀਤਾ ਹੋਵੇ ਤਾਂ ਉਹ ਬਾਕੀ ਪਾਠਕਾਂ ਨਾਲ ਜਰੂਰ ਸਾਂਝਾ ਕਰੇ। ਕਈ ਇਹ ਵੀ ਕਹਿੰਦੇ ਹਨ ਕਿ ਜੋ ਵਿਚਾਰਧਾਰਾ ਗੁਰੂ ਗ੍ਰੰਥ ਦੀ ਹੈ ਅਤੇ ਉਹੀ ਦਸਮ ਗ੍ਰੰਥ ਦੀ ਹੈ। ਕੀ ਗੁਰੂ ਗ੍ਰੰਥ ਵਿੱਚ ਘੋੜੀ ਦੀ ਮੂਤਨੀ ਵਿੱਚ ਸੌ ਵਾਰੀ ਜੀਭ ਫੇਰ ਕੇ ਇਲਾਜ਼ ਕਰਨ ਦੀ ਕੋਈ ਗੱਲ ਆਈ ਹੈ? ਮੈਨੂੰ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲੱਭੀ, ਜੇ ਕਰ ਹੋਰ ਕਿਸੇ ਪਾਠਕ ਨੂੰ ਲੱਭੀ ਹੋਵੇ ਤਾਂ ਉਹ ਜਰੂਰ ਸਾਂਝੀ ਕਰੇ।

ਬਹੁਤੇ ਪਾਠਕਾਂ ਨੂੰ ਪਤਾ ਹੈ ਕਿ ਇੰਟਰਨੈੱਟ ਤੇ ਸਭ ਤੋਂ ਪਹਿਲਾਂ ‘ਸਿੱਖ ਮਾਰਗ’ ਰਾਹੀਂ ਅਸੀਂ ਹੀ ਇਸ ਦਸਮ ਗ੍ਰੰਥ ਦੇ ਕੂੜ ਨੂੰ ਨੰਗਾ ਕਰਨਾ ਸ਼ੁਰੂ ਕੀਤਾ ਸੀ। ਉਸ ਵੇਲੇ ਸਾਡੇ ਨਾਲ ਵੀ ਕੋਈ ਨਹੀਂ ਸੀ ਅਤੇ ਸਾਡਾ ਵਿਰੋਧ ਵੀ ਕਾਫੀ ਹੋਇਆ ਸੀ ਅਤੇ ਹੁਣ ਵੀ ਹੋ ਰਿਹਾ ਹੈ। ਪਰ ਹੁਣ ਤਾਂ ਹਜਾਰਾਂ ਹੀ ਲੋਕ ਇਸ ਕੂੜ ਗ੍ਰੰਥ ਦੀ ਅਸਲੀਅਤ ਜਾਣ ਚੁੱਕੇ ਹਨ ਅਤੇ ਅਨੇਕਾਂ ਹੀ ਵਿਦਵਾਨ ਇਸ ਦੀ ਅਸਲੀਅਤ ਦੱਸਣ ਲਈ ਸਾਹਮਣੇ ਆ ਰਹੇ ਹਨ। ਜੇ ਕਿਸੇ ਵਿਦਵਾਨ ਨੇ ਯੂ-ਟਿਊਬ ਤੇ ਕੋਈ ਵੀਡੀਓ ਪਾ ਕੇ ਦਸਮ ਗ੍ਰੰਥ ਦੀ ਅਸਲੀਅਤ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਸਾਧਾਂ ਦੇ ਚੇਲੇਆਂ ਨੇ ਉਸ ਨੂੰ ਗਾਲ੍ਹੀਂ ਧਰ ਲਿਆ। ਪਰ ਜਦੋਂ ਜਰਮਨੀ ਵਿੱਚ ਨਿਰਮਲ ਸਿੰਘ ਹੰਸਪਾਲ ਨੇ ਆਪਣੇ ਕੋਲੋਂ ਪੈਸੇ ਖਰਚ ਕੇ ਇਸ ਸਾਲ ਮਾਰਚ 2017 ਵਿੱਚ ਦੋਹਾਂ ਪਾਸਿਆਂ ਦੇ ਵਿਦਵਾਨ ਬੁਲਾ ਕੇ ਡੀਬੇਟ/ਵਿਚਾਰ ਕਰਵਾਉਣੀ ਚਾਹੀ ਤਾਂ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਕਈ ਵਿਦਵਾਨ ਤਾਂ ਬਹਾਨਾ ਬਣਾ ਕੇ ਆਏ ਹੋਏ ਮੁੱਕਰ ਗਏ ਅਤੇ ਕਈ ਆਏ ਹੀ ਨਹੀਂ। ਇਹ ਸਾਰਾ ਕੁੱਝ ਇੰਟਰਨੈੱਟ ਤੇ ਖਾਸ ਕਰਕੇ ਯੂ-ਟਿਊਬ ਤੇ ਤੁਸੀਂ ਖੁਦ ਹੀ ਦੇਖ ਸਕਦੇ ਹੋ। ਇਹਨਾ ਲੋਕਾਂ ਕੋਲ, ਗਾਲ੍ਹਾਂ, ਧਮਕੀਆਂ ਜਾਂ ਝੂਠ ਤੋਂ ਸਿਵਾਏ ਕੁੱਝ ਨਹੀਂ ਹੈ। ਇਹ ਗੱਲ ਕੋਈ ਸੁਪਨੇ ਵਿੱਚ ਵੀ ਨਾ ਸੋਚੇ ਕਿ ਅਸੀਂ ਕਿਸੇ ਅਖੌਤੀ ਵਿਦਵਾਨ, ਕਿਸੇ ਅਖੌਤੀ ਜਥੇਦਾਰ ਜਾਂ ਕਿਸੇ ਨੰਗੀਆਂ ਲੱਤਾਂ ਵਾਲੇ ਸਾਧ ਦੇ ਚੇਲੇ ਦੇ ਕਹੇ ਤੇ ਇਸ ਕੂੜ ਗ੍ਰੰਥ ਨੂੰ ਗੁਰੂ ਦੀ ਬਾਣੀ ਮੰਨ ਲਵਾਂਗੇ। ਜੇ ਕਰ ਕਿਸੇ ਪਾਠਕ ਨੂੰ ਇਸ ਲੇਖ ਵਿੱਚ ਲਿਖੀ ਹੋਈ ਕੋਈ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਉਹ ਵੀ ਆਪਣੇ ਵਿਚਾਰ ਦੱਸ ਸਕਦਾ ਹੈ।

ਮੱਖਣ ਸਿੰਘ ਪੁਰੇਵਾਲ,

ਅਗਸਤ 06, 2017.




.