.

ਕੀ ਕਿਸੇ ਮੰਤਰ ਪੜਨ੍ਹ ਨਾਲ ਕੋਈ ਕਰਾਮਾਤ ਹੋ ਸਕਦੀ ਹੈ?

ਸੰਸਾਰ ਦੇ ਜਿਤਨੇ ਵੀ ਧਰਮ ਹਨ ਅਤੇ ਇਨ੍ਹਾਂ ਧਰਮਾਂ ਨੂੰ ਸ਼ੁਰੂ ਕਰਨ ਵਾਲੇ ਹਨ, ਇਨ੍ਹਾਂ ਸਾਰਿਆਂ ਨਾਲ ਹੀ ਕਰਾਮਾਤਾਂ ਜੋੜੀਆਂ ਹੋਈਆਂ ਹਨ। ਸਿੱਖਾਂ ਦੇ ਗੁਰੂਆਂ ਅਤੇ ਹੋਰ ਭਗਤਾਂ ਨਾਲ ਵੀ ਕਰਾਮਾਤਾਂ ਜੁੜੀਆਂ ਹੋਈਆਂ ਹਨ। ਗੁਰਬਾਣੀ ਵਿੱਚ ਵੀ ਕਈ ਕਰਾਮਾਤੀ ਕਹਾਣੀਆਂ ਦਾ ਜ਼ਿਕਰ ਆਉਂਦਾ ਹੈ ਭਾਂਵੇਂ ਕਿ ਉਹ ਬਹੁਤਾ ਕਰਕੇ ਮਿਥਿਹਾਸਕ ਕਹਾਣੀਆਂ ਨਾਲ ਜੁੜੀਆਂ ਹੋਈਆਂ ਹਨ। ਸਿੱਖਾਂ ਦੇ ਕਈ ਡੇਰਿਆਂ, ਟਕਸਾਲਾਂ ਅਤੇ ਜਥੇਬੰਦੀਆਂ ਦੇ ਕਥਿਤ ਮਹਾਂਪੁਰਸ਼ਾਂ ਨਾਲ ਵੀ ਕਰਾਮਾਤਾਂ ਜੁੜੀਆਂ ਹੋਈਆਂ ਹਨ ਜਾਂ ਜੋੜੀਆਂ ਗਈਆਂ ਹਨ। ਬਹੁਤੇ ਸਿੱਖਾਂ ਦਾ ਇਹੀ ਵਿਸ਼ਵਾਸ਼ ਹੈ ਕਿ ਕਰਾਮਾਤਾਂ ਹੁੰਦੀਆਂ ਹਨ ਅਤੇ ਪਹੁੰਚੀਆਂ ਹੋਈਆਂ ਰੂਹਾਂ ਇਹ ਸਾਰਾ ਕੁੱਝ ਕਰਨ ਦੇ ਸਮਰੱਥ ਹੁੰਦੀਆਂ ਹਨ। ਪਹਿਲਾਂ ਪਹਿਲ ਮੈਂ ਵੀ ਇਨ੍ਹਾਂ ਸਾਰੀਆਂ ਗੱਲਾਂ ਤੇ ਵਿਸ਼ਵਾਸ਼ ਕਰਦਾ ਰਿਹਾ ਹਾਂ। ਪਰ ਹੁਣ ਮੇਰਾ ਇਹ ਵਿਚਾਰ ਹੈ ਕਿ ਇਹ ਨਿਰੀਆਂ ਗੱਪਾਂ ਹੁੰਦੀਆਂ ਹਨ। ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਹੁੰਦਾ ਅਤੇ ਨਾ ਹੀ ਵਾਪਰ ਸਕਦਾ ਹੈ। ਗੁਰਬਾਣੀ ਅਤੇ ਹੋਰ ਬਾਕੀ ਧਰਮਾਂ ਨਾਲ ਸੰਬੰਧਿਤ ਧਾਰਮਿਕ ਗ੍ਰੰਥਾਂ ਵਿਚਲੀਆਂ ਲਿਖਤਾਂ ਕਿਸੇ ਰੱਬ ਕੋਲੋਂ ਨਹੀਂ ਆਈਆਂ ਅਤੇ ਨਾ ਹੀ ਸਾਰਾ ਕੁੱਝ ਪੂਰਾ ਸੱਚ ਹੋ ਸਕਦਾ ਹੈ। ਇਸ ਬਾਰੇ ਤੁਸੀਂ ਮੇਰਾ ਪੁਰਾਣਾ ਲੇਖ, “ਬਾਣੀ ਕਿਹੜੇ ਰੱਬ ਕੋਲੋਂ ਆਈ ਹੈ” ਪੜ੍ਹ ਸਕਦੇ ਹੋ।

ਜਦੋਂ ਬਾਬਰ ਨੇ ਹਿੰਦੋਸਤਾਨ ਤੇ ਹਮਲਾ ਕੀਤਾ ਸੀ ਤਾਂ ਬਾਬਰ ਦੀ ਫੌਜ ਨਾਲ ਲੜਨ ਦੀ ਬਿਜਾਏ ਪੀਰਾਂ ਫਕੀਰਾਂ ਦੀਆਂ ਕਰਾਮਾਤਾਂ ਦਾ ਸਹਾਰਾ ਲਿਆ ਗਿਆ। ਜਿਹੜੇ ਪੀਰ ਫਕੀਰ ਕਹਿੰਦੇ ਸੀ ਕਿ ਕਰਾਮਾਤਾਂ ਨਾਲ ਬਾਬਰ ਦੀਆਂ ਫੌਜਾਂ ਨੂੰ ਅੰਨਾ ਕਰ ਦਿਆਂਗੇ, ਜਿਹ ਕਰ ਦਿਆਂਗੇ ਜਾਂ ਬੋਹ ਕਰ ਦਿਆਂਗੇ। ਪਰ ਹੋਇਆ ਕੁੱਝ ਵੀ ਨਹੀਂ। ਇਹ ਸਾਰਾ ਕੁੱਝ ਸਿੱਖਾਂ ਦੇ ਪਹਿਲੇ ਗੁਰੂ ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਕੋਈ ਵੀ ਮੁਗਲ ਅੰਧਾ ਨਹੀਂ ਹੋਇਆ ਭਾਵ ਕਿ ਕੋਈ ਵੀ ਕਰਾਮਾਤ ਨਹੀਂ ਹੋਈ। ਜਿਸ ਦਾ ਸਾਫ ਮਤਲਬ ਹੈ ਕਿ ਕੋਈ ਵੀ ਕਰਾਮਾਤ ਨਾਮ ਦੀ ਚੀਜ ਹੁੰਦੀ ਹੀ ਨਹੀਂ। ਜੇ ਕਰ ਹੁੰਦੀ ਤਾਂ ਗੁਰੂ ਨਾਨਕ ਨੇ ਕਹਿ ਦੇਣਾ ਸੀ ਕਿ ਇਨ੍ਹਾਂ ਨੇ ਮੰਤਰ ਚੰਗੀ ਤਰ੍ਹਾਂ ਨਹੀਂ ਪੜ੍ਹੇ ਨਹੀਂ ਤਾਂ ਕਰਾਮਾਤ ਵਾਪਰ ਜਾਣੀ ਸੀ। ਜਾਂ ਇਹ ਵੀ ਕਹਿ ਸਕਦੇ ਸੀ ਜਿਹੜਾ ਮੰਤਰ ਅਸੀਂ ਸਿੱਖਾਂ ਨੂੰ ਦੇਣਾ ਹੈ ਜੋ ਜ਼ਿਆਦਾ ਸ਼ਕਤੀਸ਼ਾਲੀ ਹੈ। ਉਸ ਦੇ ਪੜ੍ਹਨ ਨਾਲ ਸਾਰੀਆਂ ਕਰਾਮਾਤਾਂ ਵਾਪਰ ਸਕਦੀਆਂ ਹਨ। ਇਸ ਤਰ੍ਹਾਂ ਦਾ ਤਾਂ ਉਨ੍ਹਾਂ ਸ਼ਬਦਾਂ ਵਿੱਚ ਕੋਈ ਜ਼ਿਕਰ ਨਹੀਂ ਹੈ।

ਸਿੱਖਾਂ ਦੇ ਕਥਿਤ ਮਹਾਂਪੁਰਸ਼ ਗੱਪਾਂ ਮਾਰਨ ਲੱਗੇ ਕੋਈ ਅੱਗਾ ਪਿੱਛਾ ਨਹੀਂ ਦੇਖਦੇ ਕਿ ਇਹ ਸੰਭਵ ਵੀ ਹੋ ਸਕਦੀ ਹੈ ਕਿ ਨਹੀਂ। ਕਾਫੀ ਦੇਰ ਤੋਂ ਮੇਰਾ ਤਾਂ ਇਹ ਵਿਚਾਰ ਬਣਿਆ ਹੋਇਆ ਹੈ ਕਿ ਜਿੱਡਾ ਵੱਡਾ ਗੱਪੀ, ਉੱਡਾ ਵੱਡਾ ਮਹਾਂਪੁਰਸ਼। ਉਂਜ ਤਾਂ ਸਾਰੇ ਹੀ ਡੇਰਿਆਂ ਵਾਲੇ ਗੱਪਾਂ ਮਾਰਨ ਵਿੱਚ ਮਾਹਰ ਹੁੰਦੇ ਹਨ ਪਰ ਗੱਪਾਂ ਮਾਰਨ ਵਿੱਚ ਟਕਸਾਲੀ ਡੇਰੇ ਦਾ ਮੁਕਾਬਲਾ ਕਰਨਾ ਬਹੁਤ ਔਖਾ ਹੈ। ਸੂਰਜ ਨੂੰ ਚੜਨ ਤੋਂ ਰੋਕਣਾ ਇਨਹਾਂ ਦੀ ਸਭ ਤੋਂ ਵੱਡੀ ਗੱਪ ਹੈ। ਇਸ ਦਾ ਜ਼ਿਕਰ ਮੈਂ ਪਹਿਲਾਂ ਵੀ ਕਈ ਲੇਖਾਂ ਵਿੱਚ ਕਰ ਚੁੱਕਾ ਹਾਂ। ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਨਵੰਬਰ 04, 2018 ਵਿੱਚ ਲਿਖਿਆ ਲੇਖ, “ਜਿੰਦਗੀ ਮੌਤ ਦੀ ਚਣੌਤੀ” ਪੜ੍ਹ ਸਕਦੇ ਹੋ। ਅੱਜ ਥੋੜਾ ਹੋਰ ਵਿਸਥਾਰ ਨਾਲ ਲਿਖਦਾ ਹਾਂ। ਗੁਰਬਾਣੀ ਪਾਠ ਦਰਪਣ ਦੇ ਪੰਨਾ 23-24 ਉਪਰ ਪਤੀਬ੍ਰਤਾ ਧਰਮ ਵਾਲੀਆਂ ਬੀਬੀਆਂ ਦਾ ਜ਼ਿਕਰ ਹੈ। ਇਨ੍ਹਾਂ ਵਿੱਚ ਇੱਕ ਬੀਬੀ ਮਾਈ ਸੇਵਾਂ ਸੀ ਜੋ ਹਰ ਰੋਜ ਕਾਬਲ ਤੋਂ ਆ ਕੇ ਬਉਲੀ ਦੀ ਸੇਵਾ ਕਰਦੀ ਹੁੰਦੀ ਸੀ। ਉਸ ਬੀਬੀ ਕੋਲ ਇਤਨੀ ਸ਼ਕਤੀ ਸੀ ਕਿ ਉਹ (600 ਕਿਲੋਮੀਟਰ ਤੋਂ ਵੀ ਵੱਧ ਸਫਰ) ਆਪਣੀ ਰੁਹਾਨੀ ਸ਼ਕਤੀ ਨਾਲ ਕਰਦੀ ਹੁੰਦੀ ਸੀ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਪੁੱਛਿਆ – ਹੇ ਬੀਬੀ ਜੀ! ਸਿੱਖ ਸ਼ੰਕਾ ਕਰਦੇ ਹਨ ਕਿ ਮਾਈ ਸ਼ਾਮ ਨੂੰ ਗੁਪਤ ਹੋ ਜਾਂਦੀ ਹੈ ਅਤੇ ਸਵੇਰੇ ਪ੍ਰਗਟ ਹੋ ਜਾਂਦੀ ਹੈ, ਸਾਰਿਆਂ ਨੂੰ ਦੱਸੋ। ਬੀਬੀ ਨੇ ਦੱਸਿਆ ਕਿ ਪਤੀਬ੍ਰਤਾ ਧਰਮ ਕਰਕੇ ਮੇਰੇ ਵਿੱਚ ਤਾਕਤ ਹੋਈ ਹੈ। ਇਹ ਸੁਣ ਕੇ ਗੁਰੂ ਜੀ ਨੇ ਜੋ ਕਿਹਾ ਉਹ ਅੱਗੇ ਗੁਰਬਾਣੀ ਪਾਠ ਦਰਪਣ ਦਾ ਸਕਰੀਨ ਸ਼ੌਟ ਦੇਖੋ ਤਾਂ ਕਿ ਕਿਸੇ ਨੂੰ ਸ਼ੰਕਾ ਨਾ ਰਹੇ।

ਗੁਰਬਾਣੀ ਪਾਠ ਦਰਪਣ ਵਿੱਚ ਹੀ ਲਿਖਿਆ ਹੋਇਆ ਹੈ ਕਿ ਇਸ ਬੀਬੀ ਦੇ ਨਾਮ ਤੇ ਹੀ ਅੰਮ੍ਰਿਤਸਰ ਸ਼ਹਿਰ ਦੇ ਇੱਕ ਬਾਜ਼ਾਰ ਦਾ ਨਾਮ ਮਾਈ ਸੇਵਾਂ ਬਾਜ਼ਾਰ ਹੈ। ਪਰ ਜਦੋਂ ਇੰਟਰਨੈੱਟ ਤੇ ਚਰਚ ਕੀਤੀ ਤਾਂ ਹੇਠ ਲਿਖੀ ਜਾਣਕਾਰੀ ਮਿਲੀ ਜੋ ਕਿ ਅੰਗ੍ਰੇਜ਼ੀ ਦੇ ਟ੍ਰਬਿਊਨ ਅਖਬਾਰ ਵਿੱਚ ਛਪੀ ਹੋਈ ਹੈ। ਚਲੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ ਪਰ ਸਭ ਤੋਂ ਵੱਡੀ ਗੱਲ (ਗੱਪ) ਤਾਂ ਸੂਰਜ ਨੂੰ ਚੜ੍ਹਨ ਤੋਂ ਰੋਕਣ ਦੀ ਹੈ। ਉਹ ਵੀ ਗੁਰੂ ਦੇ ਮੂੰਹੋਂ ਕਢਵਾਈ ਹੈ। ਭਾਵ ਕਿ ਸਾਡਾ ਗੁਰੂ ਸਾਡੇ ਨਾਲੋਂ ਵੀ ਵੱਧ ਗੱਪੀ ਸੀ।

The Bazaar Mai Sewan started early in the Ranjit Singh era (1780-1839). It was Maharaja Ranjit Singh, who dedicated this bazaar to a lady named Mai Sewan. She was the wife of a military commander Fateh Singh Kaaliawaala. Mai Sewan was known for her dedicated services at the Durbar Sahib and was one of the most respected figures among the locals. Interestingly, a myth also runs parallel to the belief. It is said that it belongs to Mai Sewan, a devotee of the third Sikh Guru — Amardas ji. Once, she expressed her desire of wanting her name to live forever to the master. The Guru is said to have complied with the demand. When fifth Guru Arjan Dev developed the city and allotted land to the settlers, a bazaar leading to Guru Ke Mehal (residence of Guru) was dedicated to Mai Sewan.

ਜਿਨ੍ਹਾਂ ਨੂੰ ਸਿੱਖ, ਬਹੁਤ ਵੱਡੇ ਨਾਮ ਸਿਮਰਨ ਦੀ ਕਮਾਈ ਵਾਲੇ ਮਹਾਂਪੁਰਸ਼ ਕਹਿੰਦੇ ਹਨ ਅਸਲ ਵਿੱਚ ਇਹ ਸਾਰੇ ਹੀ ਸਮਾਜ ਵਿਰੋਧੀ ਸੋਚ ਰੱਖਣ ਵਾਲੇ ਗੁਰੂਆਂ ਦੀ ਨਿਦਿਆਂ ਕਰਨ ਵਾਲੇ ਲੋਕ ਸਨ/ਹਨ। ਜਿਤਨੀਆਂ ਵੀ ਕੂੜ ਕਿਤਾਬਾਂ ਵਿੱਚ ਊਲ ਜਲੂਲ ਲਿਖਿਆ ਹੋਇਆ ਹੈ ਉਨ੍ਹਾਂ ਨੂੰ ਇਹ ਸਾਰੇ ਹੀ ਸੱਚ ਮੰਨ ਕੇ ਉਸ ਦਾ ਪ੍ਰਚਾਰ ਕਰਦੇ ਹਨ। ਇਹ ਭਾਵੇਂ ਦਸਮ ਗ੍ਰੰਥ ਹੋਵੇ, ਸੂਰਜ ਪ੍ਰਕਾਸ਼ ਹੋਵੇ, ਗੁਰ ਬਿਲਾਸ ਪਾਤਸ਼ਾਹੀ ਛੇਵੀਂ ਹੋਵੇ ਜਾਂ ਰਹਿਤਨਾਵੇ ਹੋਣ। ਧਰਮ ਦੇ ਨਾਮ ਤੇ ਗੱਪਾਂ ਮਾਰਨ ਵਾਲਿਆਂ ਨੂੰ ਮਹਾਂਪੁਰਸ਼ ਕਿਹਾ ਜਾਂਦਾ ਹੈ ਅਤੇ ਸਚਾਈ ਦੱਸਣ ਵਾਲਿਆਂ ਨੂੰ ਨਾਸਤਕ ਤੇ ਕਾਮਰੇਡ। ਜੇ ਕਰ ਇਨ੍ਹਾਂ ਦੇ ਕਥਿਤ ਮਹਾਂਪੁਰਸ਼ਾਂ ਦੀ ਵਾਕਿਆ ਹੀ ਬਹੁਤ ਉਚੀ ਅਵਸਥਾ ਸੀ ਫਿਰ ਰਾਗਮਾਲਾ ਬਾਰੇ ਇੱਕ ਸੋਚ ਕਿਉਂ ਨਹੀਂ ਰੱਖਦੇ? ਜੇ ਕਰ ਦਸਮ ਗ੍ਰੰਥ ਅਤੇ ਹੋਰ ਕੂੜ ਕਿਤਾਬਾਂ ਬਾਰੇ ਇਨ੍ਹਾਂ ਦੀ ਸਿਆਣਪ ਅਤੇ ਅਧਿਆਤਮਿਕਤਾ ਕੰਮ ਕਰਦੀ ਹੈ ਉਹ ਰਾਗਮਾਲਾ ਬਾਰੇ ਕਿਉਂ ਨਹੀਂ ਕਰਦੀ? ਜਿਸ ਤੋਂ ਸਾਫ ਜਾਹਰ ਹੈ ਕਿ ਇਹ ਗੱਪੀ ਲੋਕ ਹਨ। ਇਹ ਵੱਡੀਆਂ ਵੱਡੀਆਂ ਗੱਪਾਂ ਰਾਹੀਂ ਦੂਸਰਿਆਂ ਤੇ ਧੌਂਸ ਜਮਾਉਂਦੇ ਹਨ।

ਦਸਮ ਗ੍ਰੰਥ ਬਾਰੇ ਸਿੱਖ ਮਾਰਗ ਤੇ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ ਇਸ ਲੇਖ ਵਿੱਚ ਇੱਕ ਛੋਟੀ ਜਿਹੀ ਉਦਾਹਰਣ ਦੇ ਰਿਹਾ ਹਾਂ। ਚਰਿੱਤ੍ਰ ਪਖਿਆਨ ਵਿੱਚ ਕੁੱਝ ਕੁ (21-23) ਚਰਿੱਤ੍ਰ ਐਸੇ ਹਨ ਜਿਨ੍ਹਾਂ ਨੂੰ ਕਈ ਦਸਮ ਗ੍ਰੰਥੀਏ ਦਸਵੇਂ ਗੁਰੂ ਦੀ ਹੱਡ ਬੀਤੀ ਕਹਿੰਦੇ ਹਨ। ਇਹ ਅਨੂਪ ਕੌਰ ਅਥਵਾ ਨੂਪ ਕੁਅਰਿ ਦੀ ਕਹਾਣੀ ਨਾਲ ਪ੍ਰਸਿੱਧ ਹਨ। ਇਨ੍ਹਾਂ ਚਰਿੱਤ੍ਰਾਂ ਵਿੱਚ ਸਿੱਖਾਂ ਦਾ ਦਸਮਾ ਗੁਰੂ ਰਾਤ ਨੂੰ ਭੇਸ ਵਟਾ ਕੇ ਇਸ ਅਨੂਪ ਕੌਰ ਨਾਮ ਵਾਲੀ ਇਸਤ੍ਰੀ ਕੋਲ ਕੋਈ ਮੰਤਰ ਲੈਣ ਜਾਂਦਾ ਹੈ। ਪਤਾ ਨਹੀਂ ਉਹ ਕਿਹੜਾ ਮੰਤਰ ਸੀ ਜਿਸਦੇ ਬਿਨਾ ਇਨ੍ਹਾਂ ਦੇ ਦਸਵੇਂ ਗੁਰੂ ਦਾ ਸਰਦਾ ਨਹੀਂ ਸੀ। ਫਿਰ ਉਸ ਇਸਤ੍ਰੀ ਦੀ ਸਟੇਜ (ਪਲੰਘ) ਤੇ ਜਾ ਕੇ ਬੈਠ ਜਾਂਦਾ ਹੈ। ਇਸਤ੍ਰੀ ਉਸ ਨੂੰ ਆਪਣੇ ਨਾਲ ਸੰਭੋਗ ਕਰਨ ਲਈ ਕਹਿੰਦੀ ਹੈ। ਪਰ ਗੁਰੂ (ਇਸ ਕਹਾਣੀ ਦਾ ਪਾਤਰ) ਮੰਨਦਾ ਨਹੀਂ। ਕਹਿੰਦਾ ਕਿ ਮੇਰੇ ਗੁਰੂ ਨੇ ਸਿਖਿਆ ਦਿੱਤੀ ਹੋਈ ਹੈ ਕਿ ਆਪਣੀ ਇਸਤ੍ਰੀ ਨਾਲ ਰੋਜ਼ ਪ੍ਰੇਮ ਕਰ ਪਰ ਪਰਾਈ ਇਸਤ੍ਰੀ ਦੀ ਸੇਜ ਤੇ ਭੁੱਲ ਕੇ ਵੀ ਸੁਪਨੇ ਵਿੱਚ ਨਹੀਂ ਜਾਣਾ। ਕੀ ਇਹ ਦੋਗਲਾਪਣ ਨਹੀਂ ਹੈ? ਜਦੋਂ ਭੇਸ ਵਟਾ ਕੇ ਰਾਤ ਨੂੰ ਮੰਤ੍ਰ ਲੈਣ ਗਿਆ ਸੀ ਉਸ ਵੇਲੇ ਇਸ ਗੱਲ ਦਾ ਚੇਤਾ ਕਿਉਂ ਨਹੀਂ ਆਇਆ? ਕੀ ਮੰਤ੍ਰ ਲੈਣ ਰਾਤ ਨੂੰ ਹੀ ਜਾਣਾ ਸੀ? ਦਿਨ ਵੇਲੇ ਵੀ ਜਾਇਆ ਜਾ ਸਕਦਾ ਸੀ। ਇਸ ਕਹਾਣੀ ਵਿੱਚ ਲੰਮੀ ਚੌੜੀ ਵਾਰਤਾ ਹੈ ਜੋ ਕਿ ਸਾਰੀ ਹੀ ਮੇਰੇ ਪੁਰਾਣੇ ਲੇਖਾਂ ਵਿੱਚ ਜਾਂ ਦਸਮ ਗ੍ਰੰਥ ਵਾਲੇ ਲੇਖਾਂ ਵਿੱਚ ਪੜ੍ਹੀ ਜਾ ਸਕਦੀ ਹੈ। ਇਸ ਵਾਰਤਾ ਵਿੱਚ ਹੀ ਜ਼ਿਕਰ ਆਉਂਦਾ ਹੈ ਕਿ ਇਸਤ੍ਰੀ ਜਿਸ ਜੁਆਨ ਪੁਰਸ਼ ਨਾਲ ਜ਼ਿਆਦਾ ਪਿਆਰ ਕਰਦੀ ਹੈ ਉਸ ਦੇ ਸਾਹਮਣੇ ਤੁਰੰਤ ਹੀ ਨਗਨ ਹੋ ਜਾਂਦੀ ਹੈ ਜਾਂ ਆਪਣਾ ਗੁਪਤ ਅੰਗ ਨੰਗਾ ਕਰਕੇ ਉਸ ਦੇ ਅੱਗੇ ਧਰ ਦਿੰਦੀ ਹੈ। ਕੀ ਗੁਰੂ ਸਾਹਮਣੇ ਵੀ ਉਸ ਇਸਤ੍ਰੀ ਅਨੂਪ ਕੌਰ ਨੇ ਵੀ ਐਸਾ ਹੀ ਕੀਤਾ ਸੀ ਜਾਂ ਸਾਰੀਆਂ ਇਸਤ੍ਰੀਆਂ ਇਸੇ ਤਰ੍ਹਾਂ ਹੀ ਕਰਦੀਆਂ ਹਨ? ਕੁੱਝ ਲਿਖਤਾਂ ਨੂੰ ਛੱਡ ਕੇ ਇਹ ਸਾਰਾ ਗ੍ਰੰਥ ਇਸਤ੍ਰੀ ਵਿਰੋਧੀ, ਸਮਾਜ ਵਿਰੋਧੀ ਅਤੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਵਿਰੋਧੀ ਗ੍ਰੰਥ ਹੈ। ਜਦੋਂ ਮੰਤ੍ਰ ਨਾਮ ਦੀ ਚੀਜ ਨਾਲ ਕੁੱਝ ਸੰਵਰ ਹੀ ਨਹੀਂ ਸਕਦਾ ਫਿਰ ਅਜਿਹੇ ਮੰਤ੍ਰ ਦੀ ਗੁਰੂ ਨੂੰ ਕੀ ਲੋੜ ਹੋ ਸਕਦੀ ਸੀ? ਕੀ ਗੁਰੂ ਕੋਈ ਭੁੱਲਿਆ ਭਟਕਿਆ ਇਨਸਾਨ ਸੀ? ਪਰ ਦੁਨੀਆ ਭਰ ਦੇ ਸਮਾਜ ਵਿਰੋਧੀ ਅਤੇ ਇਸਤ੍ਰੀ ਵਿਰੋਧੀ ਸੋਚ ਰੱਖਣ ਵਾਲੇ ਗੰਦੇ ਲੋਕ ਇਸ ਨੂੰ ਗੁਰੂ ਦੀ ਬਾਣੀ ਕਹਿੰਦੇ ਹਨ। ਅਜਿਹੇ ਗੰਦੇ ਲੋਕ ਕੂੜ ਗ੍ਰੰਥਾਂ ਦੀ ਸਚਾਈ ਦੱਸਣ ਵਾਲਿਆਂ ਨੂੰ ਆਪਣੇ ਧਰਮ ਵਿਚੋਂ ਕਥਿਤ ਹੁਕਮਨਾਮਿਆਂ ਰਾਹੀਂ ਬਾਹਰ ਕੱਢਦੇ ਹਨ। ਪਰ ਮੈਂ ਆਪਣੇ ਆਪ ਨੂੰ ਹੀ ਇਨ੍ਹਾਂ ਦੇ ਧਰਮ ਤੋਂ ਬਾਹਰ ਕਰ ਲਿਆ ਹੈ। ਅਤੇ ਇਸ ਤੋਂ ਉਲਟਾ ਕਰਕੇ ਆਪਣੇ ਮਨ ਵਿਚੋਂ ਅਜਿਹੇ ਗੰਦਗੀ ਭਰੀ ਸੋਚ ਵਾਲੇ ਅਤੇ ਪਸ਼ੂ ਬਿਰਤੀ ਵਾਲੇ ਇਨ੍ਹਾਂ ਦੇ ਕਥਿਤ ਮਹਾਂਪੁਰਸ਼ਾਂ ਨੂੰ ਆਪਣੇ ਮਨ ਵਿਚੋਂ ਕੱਢ ਕੇ ਵਗਾਹ ਮਾਰਿਆ ਹੈ। ਜਿਹੜੇ ਸਿੱਖਾਂ ਲਈ ਉਚੀ ਅਵਸਥਾ ਵਾਲੇ ਹਨ ਉਹ ਮੇਰੇ ਲਈ ਸਭ ਤੋਂ ਨੀਚ ਹਨ ਕਿਉਂਕਿ ਇਨ੍ਹਾਂ ਨੇ ਧਰਮ ਦੇ ਨਾਮ ਤੇ ਆਪਣੀਆਂ ਮਾਰੀਆਂ ਗੱਪਾਂ ਰਾਹੀਂ ਸਮਾਜ ਨੂੰ ਗੰਧਲਾ ਕਰਕੇ ਗੁਮਰਾਹ ਕੀਤਾ ਹੈ।

ਮੱਖਣ ਪੁਰੇਵਾਲ,

ਦਸੰਬਰ 18, 2022.
.