.

ਬਾਣੀ ਕਿਹੜੇ ਰੱਬ ਕੋਲੋਂ ਆਈ ਹੈ?

ਗੁਰਬਾਣੀ ਵਿੱਚ ਬਹੁਤ ਸਾਰੀਆਂ ਪੰਗਤੀਆਂ ਐਸੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਲਗਦਾ ਹੈ ਕਿ ਇਹ ਕਿਸੇ ਰੱਬ ਦੀ ਦਰਗਾਹ ਤੋਂ ਆਈ ਹੈ। ਬਹੁਤੇ ਸਿੱਖ ਵੀ ਆਮ ਬੋਲ-ਬਾਣੀ ਵਿਚ, ਬਾਣੀ ਨੂੰ ਰੱਬੀ ਬਾਣੀ ਸਮਝਦੇ ਹਨ। ਭਾਵ ਕਿ ਇਹ ਸਿੱਧੀ ਰੱਬ ਕੋਲੋਂ ਗੁਰੂਆਂ ਅਤੇ ਭਗਤਾਂ ਨੂੰ ਹਾਂਸਲ ਹੋਈ ਹੈ। ਬਹੁਤ ਸਾਰੀਆਂ ਕਿਤਾਬਾਂ ਵਿੱਚ ਵੀ ਐਸਾ ਹੀ ਲਿਖਿਆ ਮਿਲਦਾ ਹੈ ਕਿ ਜਦੋਂ ਗੁਰੂ ਜੀ ਰੱਬ ਜੀ ਨਾਲ ਇੱਕ-ਮਿੱਕ ਹੁੰਦੇ ਸਨ ਤਾਂ ਬਾਣੀ ਉਚਾਰਨ ਕਰਦੇ ਸਨ। ਗੁਰੂ ਨਾਨਕ ਦੀਆਂ ਸਾਖੀਆਂ ਵਿੱਚ ਵੀ ਆਮ ਪੜ੍ਹਨ ਨੂੰ ਮਿਲਦਾ ਹੈ ਕਿ ਗੁਰੂ ਜੀ ਮਰਦਾਨੇ ਨੂੰ ਕਹਿੰਦੇ ਹੁੰਦੇ ਸਨ ਕਿ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਉਂਜ ਤਾਂ ਸਾਰੇ ਧਰਮਾ ਵਾਲੇ ਇਹੀ ਸਮਝਦੇ ਹਨ ਕਿ ਜੋ ਕੁੱਝ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਉਹੀ ਪੂਰਾ ਸੱਚ ਹੈ ਅਤੇ ਉਹ ਸਿੱਧਾ ਹੀ ਰੱਬ ਜੀ ਵਲੋਂ ਸਾਡੇ ਪੈਗੰਬਰ/ਗੁਰੂ ਨੂੰ ਨਾਜ਼ਲ ਹੋਇਆ ਸੀ। ਇਸ ਤਰ੍ਹਾਂ ਦਿਆਂ ਵਿਚਾਰਾਂ ਬਾਰੇ ਜੋ ਹਵਾਲੇ ਗੁਰਬਾਣੀ ਵਿਚੋਂ ਮਿਲਦੇ ਹਨ ਉਨ੍ਹਾਂ ਵਿਚੋਂ ਕੁੱਝ ਇੱਥੇ ਲਿਖ ਰਿਹਾ ਹਾਂ। ਜੈਸੀ ਮੈ ਆਵੈ ਖਸਮ ਕੀ ਬਾਣੀ, ਵਾਲਾ ਪੂਰਾ ਸ਼ਬਦ ਪਾ ਰਿਹਾ ਹਾਂ ਅਤੇ ਨਾਲ ਹੀ ਸਾਰੇ ਸ਼ਬਦ ਦੇ ਅਰਥ ਪਾ ਰਿਹਾ ਹਾਂ ਜੋ ਕਿ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਏ ਹਨ। ਕਿਉਂਕਿ ਇਸ ਸ਼ਬਦ ਦੇ ਅਰਥ ਤਿੰਨਾ ਸਮਿਆਂ, (ਪਰ ਖਾਸ ਕਰਕੇ ਹੁਣ ਵਾਲੇ ਅਤੇ ਅਗਲੇ) ਪਿਛਲੇ/ਪਾਸਟ, ਹੁਣ ਦੇ/ਪਰੈਸੈਂਟ ਅਤੇ ਅਗਲੇ/ਫਿਊਚਰ ਵਿੱਚ ਕੀਤੇ ਹੋਏ ਹਨ। ਇਹ ਸ਼ਬਦ ਖਾਸ ਧਿਆਨ ਮੰਗਦਾ ਹੈ।

ਧੁਰ ਕੀ ਬਾਣੀ ਆਈ।। ਤਿਨਿ ਸਗਲੀ ਚਿੰਤ ਮਿਟਾਈ।। ਦਇਆਲ ਪੁਰਖ ਮਿਹਰਵਾਨਾ।। ਹਰਿ ਨਾਨਕ ਸਾਚੁ ਵਖਾਨਾ।। ੨।। ੧੩।। ੭੭।। {ਪੰਨਾ ੬੨੮}

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ।। ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ।। ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ।। ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ।। ੩।। {ਪੰਨਾ ੭੬੩}

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰੁਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥ {ਪੰਨਾ ੩੦੮}

 ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ।। ਬੋਲਾਇਆ ਬੋਲੀ ਖਸਮ ਦਾ।। ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ।। ੧੪।। {ਪੰਨਾ ੭੪}

ਤਿਲੰਗ ਮਹਲਾ ੧।। ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।। ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।। ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।। ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ।। ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ।। ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ।। ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ।। ੧।। ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ।। ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ।। ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ।। ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ।। ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।। ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ।। ੨।। ੩।। ੫।। {ਪੰਨਾ ੭੨੨-੭੨੩}

ਪਦ ਅਰਥ: —ਮੈ—ਮੈਨੂੰ। ਬਾਣੀ—ਪ੍ਰੇਰਨਾ। ਕਰੀ—ਮੈਂ ਕਰਦਾ ਹਾਂ। ਗਿਆਨੁ—ਵਾਕਫ਼ੀਅਤ, ਜਾਣ-ਪਛਾਣ। ਕਰੀ ਗਿਆਨੁ—ਮੈਂ ਵਾਕਫ਼ੀਅਤ ਕਰਾਂਦਾ ਹਾਂ, ਮੈਂ ਹਾਲ ਦੱਸਦਾ ਹਾਂ। ਵੇ—ਹੇ! ਕਾਬਲਹੁ—ਕਾਬਲ ਤੋਂ। ਧਾਇਆ—ਹੱਲਾ ਕਰ ਕੇ ਆਇਆ। ਜੋਰੀ—ਧੱਕੇ ਨਾਲ, ਜੋਰ ਨਾਲ। ਦਾਨੁ— {ਨੋਟ: —ਵਿਆਹ ਦੇ ਸਮੇ ਲੜਕੀ ਵਾਲੇ ਦੇ ਘਰ ਮੁੰਡੇ ਵਾਲੇ ਜੰਞ ਬਣਾ ਕੇ ਆਉਂਦੇ ਹਨ। ਖ਼ੁਸ਼ੀ ਦੇ ਗੀਤ ਗਾਏ ਜਾਂਦੇ ਹਨ। ਹਿੰਦੂਆਂ ਦਾ ਵਿਆਹ ਬ੍ਰਾਹਮਣ ਤੇ ਮੁਸਲਮਾਨਾਂ ਦਾ ਕਾਜ਼ੀ ਪੜ੍ਹਾਂਦਾ ਹੈ। ਹਿੰਦੂ ਕੰਨਿਆ-ਦਾਨ ਕਰਦੇ ਹਨ, ਦਾਨ ਦੇ ਤੌਰ ਤੇ ਕੰਨਿਆ ਭੇਟ ਕਰਦੇ ਹਨ। ਉਸ ਸੁਹਾਵਣੇ ਸਮੇ ਜਾਂਞੀਆਂ ਉਤੇ ਕੇਸਰ ਛਿੜਕਿਆ ਜਾਂਦਾ ਹੈ। ਵਿਆਹ ਦਾ ਇਹ ਦ੍ਰਿਸ਼ਟਾਂਤ ਦੇ ਕੇ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਦੀ ਰਾਹੀਂ ਦੱਸਦੇ ਹਨ ਕਿ ਬਾਬਰ ਕਾਬਲ ਤੋਂ ਫ਼ੌਜ ਲੈ ਕੇ ਚੜ੍ਹਿਆ, ਮਾਨੋ, ਪਾਪ-ਜ਼ੁਲਮ ਦੀ ਜੰਞ ਲੈ ਕੇ ਹਿੰਦ ਦੀ ਹਕੂਮਤ-ਰੂਪ ਲਾੜੀ ਵਿਆਹੁਣ ਆਇਆ। ਬਾਬਰ ਦੇ ਫ਼ੌਜੀਆਂ ਨੇ ਸੈਦਪੁਰ (ਐਮਨਾਬਾਦ) ਦੀਆਂ ਇਸਤ੍ਰੀਆਂ ਦੀ ਬਹੁਤ ਬੇ-ਪਤੀ ਕੀਤੀ, ਇਹ, ਮਾਨੋ, ਕਾਜ਼ੀ ਤੇ ਬ੍ਰਾਹਮਣ ਦੇ ਥਾਂ ਸ਼ੈਤਾਨ ਵਿਆਹ ਪੜ੍ਹਾ ਰਿਹਾ ਸੀ। ਕਤਲਾਮ ਨਾਲ ਸ਼ਹਰ ਦੀਆਂ ਗਲੀਆਂ ਬਜ਼ਾਰਾਂ ਵਿੱਚ ਲਹੂ ਹੀ ਲਹੂ ਸੀ, ਇਹ, ਮਾਨੋ ਉਹ ਖ਼ੂਨੀ ਵਿਆਹ ਵਿੱਚ ਕੇਸਰ ਛਿੜਕਿਆ ਜਾ ਰਿਹਾ ਸੀ। ਵਿਆਹਾਂ ਦੇ ਖ਼ੁਸ਼ੀ ਦੇ ਸੋਹਿਲਿਆਂ ਦੇ ਥਾਂ ਖ਼ੂਨ ਦੇ ਸੋਹਿਲੇ ਗਾਏ ਜਾ ਰਹੇ ਸਨ, ਹਰ ਪਾਸੇ ਮੌਤ ਦੇ ਕਾਰਨ ਵੈਣ ਹੀ ਵੈਣ ਪੈ ਰਹੇ ਹਨ}।

ਸਰਮੁ—ਸ਼ਰਮ, ਹਯਾ। ਪਰਧਾਨੁ—ਚੌਧਰੀ। ਥਕੀ—ਰਹਿ ਗਈ, ਮੁੱਕ ਗਈ। ਅਗਦੁ—ਅਕਦ, ਨਕਾਹ, ਵਿਆਹ। ਕਰਹਿ ਖੁਦਾਇ—ਖ਼ੁਦਾ ਖ਼ੁਦਾ ਕਰਦੀਆਂ ਹਨ, ਖ਼ੁਦਾ ਅੱਗੇ ਪੁਕਾਰ ਕਰਦੀਆਂ ਹਨ। ਸਨਾਤੀ—ਨੀਵੀਂ ਜਾਤਿ। ਏਹਿ ਭੀ—ਇਹ ਭੀ ਸਾਰੀਆਂ। ਲੇਖੈ ਲਾਇ—ਉਸ ਜ਼ੁਲਮ ਦੇ ਲੇਖੇ ਵਿੱਚ ਹੀ ਗਿਣ। ਖੂਨ ਕੇ ਸੋਹਿਲੇ—ਕੀਰਨੇ, ਵਿਰਲਾਪ, ਵੈਣ। ਰਤੁ—ਲਹੂ। ਕੁੰਗੂ—ਕੇਸਰ। ੧।

ਅਰਥ: —ਹੇ (ਭਾਈ) ਲਾਲੋ! ਮੈਨੂੰ ਜਿਹੋ ਜਿਹੀ ਖਸਮ-ਪ੍ਰਭੂ ਵਲੋਂ ਪ੍ਰੇਰਨਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ (ਉਸ ਦੂਰ-ਘਟਨਾ ਦੀ) ਵਾਕਫ਼ੀਅਤ ਦੇਂਦਾ ਹਾਂ (ਜੋ ਇਸ ਸ਼ਹਿਰ ਸ਼ੈਦਪੁਰ ਵਿੱਚ ਵਾਪਰੀ ਹੈ)। (ਬਾਬਰ) ਕਾਬਲ ਤੋਂ (ਫ਼ੌਜ ਜੋ, ਮਾਨੋ) ਪਾਪ-ਜ਼ੁਲਮ ਦੀ ਜੰਞ (ਹੈ) ਇਕੱਠੀ ਕਰ ਕੇ ਆ ਚੜ੍ਹਿਆ ਹੈ, ਅਤੇ ਜ਼ੋਰ-ਧੱਕੇ ਨਾਲ ਹਿੰਦ-ਦੀ-ਹਕੂਮਤ ਰੂਪ ਕੰਨਿਆ-ਦਾਨ ਮੰਗ ਰਿਹਾ ਹੈ। (ਸੈਦਪੁਰ ਵਿਚੋਂ) ਹਯਾ ਤੇ ਧਰਮ ਦੋਵੇਂ ਲੋਪ ਹੋ ਚੁਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ। (ਬਾਬਰ ਦੇ ਸਿਪਾਹੀਆਂ ਵਲੋਂ ਸੈਦਪੁਰ ਦੀਆਂ ਇਸਤ੍ਰੀਆਂ ਉਤੇ ਇਤਨੇ ਅੱਤਿਆਚਾਰ ਹੋ ਰਹੇ ਹਨ ਕਿ, ਮਾਨੋ) ਸ਼ੈਤਾਨ (ਇਸ ਸ਼ਹਿਰ ਵਿਚ) ਵਿਆਹ ਪੜ੍ਹਾ ਰਿਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ (ਸਾਊਆਂ ਵਾਲੀ) ਮਰਯਾਦਾ ਮੁੱਕ ਚੁਕੀ ਹੈ। ਮੁਸਲਮਾਨ ਔਰਤਾਂ (ਭੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ) ਇਸ ਬਿਪਤਾ ਵਿੱਚ (ਆਪਣੀ ਧਰਮ-ਪੁਸਤਕ) ਕੁਰਾਨ (ਦੀਆਂ ਆਇਤਾਂ) ਪੜ੍ਹ ਰਹੀਆਂ ਹਨ ਤੇ ਖ਼ੁਦਾ ਅੱਗੇ ਪੁਕਾਰ ਕਰ ਰਹੀਆਂ ਹਨ। ਉੱਚੀਆਂ ਜਾਤਾਂ ਦੀਆਂ, ਨੀਵੀਆਂ ਜਾਤਾਂ ਦੀਆਂ ਅਤੇ ਹੋਰ ਭੀ ਸਭ ਹਿੰਦੂ ਇਸਤ੍ਰੀਆਂ—ਇਹਨਾਂ ਸਾਰੀਆਂ ਉਤੇ ਇਹੀ ਅੱਤਿਆਚਾਰ ਹੋ ਰਹੇ ਹਨ।

ਹੇ ਨਾਨਕ! (ਇਸ ਖ਼ੂਨੀ ਵਿਆਹ ਵਿੱਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ) ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ। ੧।

ਪਦ ਅਰਥ: —ਮਾਸਪੁਰੀ—ਉਹ ਨਗਰ ਜਿਥੇ ਹਰ ਪਾਸੇ ਮਾਸ ਹੀ ਮਾਸ ਖਿਲਰਿਆ ਪਿਆ ਹੈ, ਜਿਥੇ ਲੋਥਾਂ ਦੇ ਢੇਰ ਲੱਗੇ ਪਏ ਹਨ, ਲੋਥਾਂ-ਭਰਿਆ ਸ਼ਹਿਰ। ਆਖੁ— (ਹੇ ਭਾਈ ਲਾਲੋ! ਤੂੰ ਭੀ) ਕਹੁ। ਮਸੋਲਾ—ਮਸਅਲਾ, ਅਸੂਲ ਦੀ ਗੱਲ, ਅਟੱਲ ਨਿਯਮ। ਜਿਨਿ—ਜਿਸ (ਮਾਲਕ-ਪ੍ਰਭੂ) ਨੇ। ਰੰਗਿ—ਰੰਗ ਵਿਚ, ਮਾਇਆ ਦੇ ਮੋਹ ਵਿਚ। ਰਵਾਈ—ਰਚਾਈ, ਪਰਵਿਰਤ ਕੀਤੀ। ਵਖਿ—ਵੱਖਰਾ ਹੋ ਕੇ, ਨਿਰਲੇਪ ਰਹਿ ਕੇ। ਇਕੇਲਾ—ਨਿਵੇਕਲਾ ਹੋ ਕੇ। ਸਚਾ—ਸਦਾ-ਥਿਰ, ਅਟੱਲ ਨਿਯਮ ਵਾਲਾ। ਤਪਾਵਸੁ—ਇਨਸਾਫ਼। ਕਰੇਗੁ—ਕਰੇਗਾ, ਕਰ ਰਿਹਾ ਹੈ। ਟੁਕੁ ਟੁਕੁ—ਟੁਕੜੇ ਟੁਕੜੇ। ਹੋਸੀ—ਹੋਵੇਗਾ, ਹੋ ਰਿਹਾ ਹੈ। ਸਮਾਲਸੀ—ਯਾਦ ਰੱਖੇਗਾ। ਬੋਲਾ—ਗੱਲ, ਦੁਰ-ਘਟਨਾ। ਆਵਨਿ—ਆਉਂਦੇ ਹਨ, ਆਏ ਹਨ। ਅਠਤਰੈ—ਅਠੱਤਰ ਵਿਚ, ਸੰਮਤ ੧੫੭੮ ਵਿੱਚ (ਸੰਨ ੧੫੨੧ ਵਿਚ। ਨੋਟ: —ਗੁਰੂ ਨਾਨਕ ਦੇਵ ਜੀ ਤੀਜੀ ‘ਉਦਾਸੀ` ਸਮੇ ਸੰਨ ੧੫੧੮ ਵਿੱਚ ਮੱਕੇ ਨੂੰ ਗਏ ਸਨ। ਉਥੋਂ ਈਰਾਨ ਦੇਸ ਤੇ ਅਫ਼ਗ਼ਾਨਿਸਤਾਨ ਦੇਸ ਦੇ ਹਾਜੀਆਂ ਦੇ ਨਾਲ ਮਿਲ ਕੇ ਬਗ਼ਦਾਦ ਤੇ ਕਾਬਲ ਦੇ ਰਸਤੇ ਵਾਪਸ ਆ ਕੇ ਐਮਨਾਬਾਦ ਸੰਨ ੧੫੨੧ ਵਿੱਚ ਉਸ ਵੇਲੇ ਪਹੁੰਚੇ ਸਨ, ਜਦੋਂ ਬਾਬਰ ਸ਼ਹਿਰ ਸਿਆਲਕੋਟ ਨੂੰ ਮਾਰ ਕੇ ਇਥੇ ਪਹੁੰਚਿਆ ਸੀ)। ਜਾਨਿ—ਜਾਂਦੇ ਹਨ, ਜਾਣਗੇ। ਸਤਾਨਵੈ—ਸੰਮਤ ੧੫੯੭ ਵਿੱਚ (ਸੰਨ ੧੫੪੦ ਵਿਚ)। ਉਠਸੀ—ਉੱਠੇਗਾ, ਤਾਕਤ ਫੜੇਗਾ। ਮਰਦ ਕਾ ਚੇਲਾ—ਸੂਰਮਾ {ਨੋਟ: —ਸ਼ੇਰ ਸ਼ਾਹ ਸੂਰੀ ਨੇ ਬਾਬਰ ਦੇ ਪੁੱਤਰ ਹਮਾਯੂੰ ਨੂੰ ਹਿੰਦੁਸਤਾਨ ਵਿਚੋਂ ਮਾਰ ਭਜਾਇਆ ਤੇ ਆਪ ਸੰਨ ੧੫੪੦ ਵਿੱਚ ਇਥੋਂ ਦਾ ਰਾਜ ਸਾਂਭਿਆ ਸੀ}। ਸਚ ਕੀ ਬਾਣੀ—ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਆਖੈ—ਆਖਦਾ ਹੈ, ਉਚਾਰਦਾ ਹੈ। ਸੁਣਾਇਸੀ—ਸੁਣਾਂਦਾ ਰਹੇਗਾ, ਉਚਾਰਦਾ ਰਹੇਗਾ, ਆਖਦਾ ਰਹੇਗਾ। ਬੇਲਾ—ਸਮਾ, ਮਨੁੱਖਾ ਜਨਮ ਦਾ ਸਮਾ। ਸਚ ਕੀ ਬੇਲਾ—ਸਿਮਰਨ, ਸਿਫ਼ਤਿ-ਸਾਲਾਹ ਦਾ ਹੀ ਇਹ ਸਮਾ ਹੈ। ੨।

ਅਰਥ: — (ਸੈਦਪੁਰ ਦੀ ਕਤਲਾਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿੱਚ ਸਭ ਕੁੱਝ ਮਾਲਕ-ਪ੍ਰਭੂ ਦੀ ਰਜ਼ਾ ਵਿੱਚ ਹੋ ਰਿਹਾ ਹੈ, ਇਸ ਵਾਸਤੇ) ਲੋਥਾਂ-ਭਰੇ ਇਸ ਸ਼ਹਿਰ ਵਿੱਚ ਬੈਠ ਕੇ ਭੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ, (ਹੇ ਭਾਈ ਲਾਲੋ! ਤੂੰ ਭੀ ਇਸ) ਅਟੱਲ ਨਿਯਮ ਨੂੰ ਉਚਾਰ (ਚੇਤੇ ਰੱਖ ਕਿ) ਜਿਸ ਮਾਲਕ-ਪ੍ਰਭੂ ਨੇ (ਇਹ ਸ੍ਰਿਸ਼ਟੀ) ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿੱਚ ਪਰਵਿਰਤ ਕੀਤਾ ਹੋਇਆ ਹੈ, ਉਹ ਆਪ ਹੀ ਨਿਰਲੇਪ ਰਹਿ ਕੇ (ਉਹਨਾਂ ਦੁਰ-ਘਟਨਾਵਾਂ ਨੂੰ) ਵੇਖ ਰਿਹਾ ਹੈ (ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ)।

ਉਹ ਮਾਲਕ-ਪ੍ਰਭੂ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ (ਹੁਣ ਤਕ) ਅਟੱਲ ਹੈ, ਉਹ (ਅਗਾਂਹ ਨੂੰ ਭੀ) ਅਟੱਲ ਨਿਯਮ ਵਰਤਾਇਗਾ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ। (ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿੱਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇੱਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ।

(ਪਰ ਹੇ ਭਾਈ ਲਾਲੋ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿੱਚ ਪਰਵਿਰਤ ਹਨ, ਅਜੇਹੇ ਘੱਲੂ-ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗ਼ਲ ਅੱਜ) ਸੰਮਤ ਅਠੱਤਰ ਵਿੱਚ ਆਏ ਹਨ, ਇਹ ਸੰਮਤ ਸਤਾਨਵੇ ਵਿੱਚ ਚਲੇ ਜਾਣਗੇ, ਕੋਈ ਹੋਰ ਸੂਰਮਾ ਭੀ ਉੱਠ ਖੜਾ ਹੋਵੇਗਾ। (ਜੀਵ ਮਾਇਆ ਦੇ ਰੰਗ ਵਿੱਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ) ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਫ਼ਤਿ-ਸਾਲਾਹ ਵਾਸਤੇ ਹੀ ਮਿਲਿਆ ਹੈ। ੨। ੩। ੫।

ਇਸ ਉਪਰ ਵਾਲੇ ਸ਼ਬਦ ਵਿੱਚ ਇੱਕ ਕਿਸਮ ਦੇ ਭਵਿੱਖਤ ਵਾਕ ਦਰਜ਼ ਹਨ। ਇਸ ਸ਼ਬਦ ਵਿੱਚ ਸੰਮਤ 78 ਅਤੇ 97 ਦੀ ਗੱਲ ਕੀਤੀ ਗਈ ਹੈ। ਸੰਮਤ 1597 ਨੂੰ ਪ੍ਰੋ: ਸਾਹਿਬ ਸਿੰਘ ਨੇ ਸੰਨ 1540 ਕਰਕੇ ਲਿਖਿਆ ਹੈ। ਗੁਰੂ ਨਾਨਕ ਜੀ 1539 ਵਿੱਚ ਜੋਤੀ ਜੋਤ ਸਮਾ ਗਏ ਸਨ। ਇਸ ਲਈ ਇਹ ਹੋਣਾ ਅਸੰਭਵ ਹੈ ਕਿ ਇਸ ਸ਼ਬਦ ਦੀ ਸੁਧਾਈ ਕਰਕੇ ਇਸ ਨੂੰ ਦੁਬਾਰਾ ਆਪਣੀ ਅਖੀਰਲੀ ਉਮਰ ਵਿੱਚ ਲਿਖਿਆ ਹੋਵੇਗਾ। ਹੁਣ ਜਾਂ ਤਾਂ ਇਸ ਨੂੰ ਭਵਿੱਖਤ ਵਾਕ ਮੰਨਣਾ ਪਵੇਗਾ ਅਤੇ ਜਾਂ ਫਿਰ ਇਸ ਦੇ ਅਰਥ ਕੋਈ ਹੋਰ ਹੋਣਗੇ ਜੋ ਕਿ ਵਿਦਵਾਨ ਹੀ ਦੱਸ ਸਕਦੇ ਹਨ।

ਪ੍ਰਿੰ: ਤੇਜਾ ਸਿੰਘ ਜੀ ਨੇ ਸ਼ਬਦਾਰਥ ਵਿੱਚ ਵੀ ਇਹੀ ਅਰਥ ਕੀਤੇ ਹਨ ਅਤੇ ਗਿਆਨੀ ਹਰਬੰਸ ਸਿੰਘ ਨੇ ਵੀ। ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਵੀ ਮਹਾਨ ਕੋਸ਼ ਵਿੱਚ ਇਹੀ ਅਰਥ ਕੀਤੇ ਹਨ। ਪਰ ਉਨ੍ਹਾਂ ਨੇ ਨਾਲ ਇਹ ਵੀ ਲਿਖਿਆ ਹੈ ਕਿ, “ਕਈ ਵਿਦਵਾਨ ਇਸ ਪੇਸ਼ਨਗੋਈ ਨੂੰ ਬਿਕ੍ਰਮੀ ਸੋਲਵੀਂ ਸਦੀ ਤੋਂ ਲੈ ਕੇ ਬੀਸਵੀਂ ਸਦੀ ਤੱਕ ਵਰਤਦੇ ਹਨ ਅਰ ‘ਮਰਦ ਕਾ ਚੇਲਾ’ ਦਸ਼ਮੇਸ਼ ਅਤੇ ਖ਼ਾਲਸਾ ਪੰਥ ਨੂੰ, ਤਥਾ ਬੰਦਾ ਬਹਾਦਰ ਆਦਿ ਅਨੇਕਾਂ ਨੂੰ ਕਲਪਦੇ ਹਨ, ਪਰ ਇਹ ਉਨ੍ਹਾਂ ਦੀ ਭੁੱਲ ਹੈ, ਕਿਉਂਕਿ ਸਦੀ ਦਾ ਅੰਗ ਸਾਥ ਲਏ ਬਿਨਾ ਵਿਚਕਾਰਲੇ ਅੰਗ ਕੇਵਲ ਵਰਤਮਾਨ ਸਦੀ ਦੇ ਹੀ ਵਰਤੇ ਜਾ ਸਕਦੇ ਹਨ, ਜੋ ਸੋਲਵੀਂ ਸਦੀ ਤੋਂ ਬਾਹਰ ਦੀ ਘਟਨਾ ਸਤਿਗੁਰੂ ਵਰਣਨ ਕਰਦੇ, ਤਦ ਸਦੀ ਦਾ ਅੰਗ ਜਰੂਰ ਜੋੜਦੇ। ਏਥੇ ਕੇਵਲ ਸੋਲਵੀਂ ਸਦੀ ਦਾ 78 ਅਤੇ 97 ਹੈ।”

ਅੱਗੇ ਚੱਲਣ ਤੋਂ ਪਹਿਲਾਂ ਰੱਬ ਜੀ ਬਾਰੇ ਕੁੱਝ ਵਿਚਾਰ ਕਰ ਲੈਂਦੇ ਹਾਂ। ਗੁਰਬਾਣੀ ਵਿੱਚ ਅਕਾਲ ਪੁਰਖ/ਰੱਬ ਜੀ ਦੇ ਸਰੂਪ ਦਾ ਜੋ ਵਰਨਣ ਮਿਲਦਾ ਹੈ ਉਸ ਦੇ ਅਨੁਸਾਰ ਉਸ ਦਾ ਕੋਈ ਖਾਸ ਸਰੂਪ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਖਾਸ ਥਾਂ ਤੇ ਟਿਕਾਣਾ ਕਰਕੇ ਬੈਠਾ ਸਾਰੇ ਜਗਤ ਨੂੰ ਦੇਖ ਰਿਹਾ ਹੈ। ਜਦੋਂ ਉਸ ਦਾ ਕੋਈ ਰੂਪ, ਰੇਖ, ਰੰਗ ਹੈ ਹੀ ਨਹੀਂ ਤਾਂ ਫਿਰ ਉਸ ਦਾ ਸਰੂਪ ਅਤੇ ਕੋਈ ਖਾਸ ਟਿਕਾਣਾ ਕਿਵੇਂ ਮਿੱਥਿਆ ਜਾ ਦੱਸਿਆ ਜਾ ਸਕਦਾ ਹੈ। ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭੁ ਭਿੰਨ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥ ੧॥ {ਪੰਨਾ ੨੮੩} ਹਾਂ ਕਈ ਕਥਿਤ ਮਹਾਂ ਪੁਰਸ਼ ਉਸ ਨੂੰ ਜਪੁ ਬਾਣੀ ਵਿੱਚ ਆਏ ਸੱਚ ਖੰਡ ਦੇ ਜ਼ਿਕਰ ਨੂੰ ਕਿਸੇ ਖਾਸ ਜਗਾਹ ਨੂੰ ਮਿੱਥ ਕੇ ਉਸ ਸੱਚਖੰਡ ਵਿੱਚ ਅਕਾਲ ਪੁਰਖ ਦਾ ਵਾਸਾ ਜਰੂਰ ਕਰਾ ਦਿੰਦੇ ਹਨ। ਅਤੇ ਇਸ ਸੱਚ ਖੰਡ ਵਾਲੇ ਰੱਬ ਦੀ ਤੁਲਨਾ ਸੂਰਜ ਨਾਲ ਕਰਕੇ ਦਲੀਲ ਦਿੰਦੇ ਹਨ ਕਿ ਜਿਵੇਂ ਸੂਰਜ ਦੀ ਆਪਣੀ ਥਾਂ ਵੀ ਹੈ ਅਤੇ ਉਸ ਦੀ ਰੋਸ਼ਨੀ ਸਾਰੇ ਸੰਸਾਰ ਵਿੱਚ ਵੀ ਹੁੰਦੀ ਹੈ। ਸੂਰਜ ਦੀ ਰੋਸ਼ਨੀ ਤਾਂ ਸਾਰਾ ਸਮਾ ਇਸ ਧਰਤੀ ਤੇ ਵੀ ਨਹੀਂ ਹੁੰਦੀ ਤਾਂ ਸਾਰੀ ਸ਼੍ਰਿਸ਼ਟੀ ਤੇ ਇਕੋ ਸਮੇ ਕਿਵੇਂ ਹੋ ਸਕਦੀ ਹੈ? ਉਨ੍ਹਾਂ ਦੀ ਇਹ ਦਲੀਲ ਕਿਤਨੀ ਕੁ ਢੁਕਵੀਂ ਹੈ ਇਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਾ ਸਕਦੇ ਹੋ। ਗੁਰਬਾਣੀ ਵਿਚ, ਰੱਬ ਜੀ/ਅਕਾਲ ਪੁਰਖ ਦੇ ਰਹਿਣ ਦੀ ਥਾਂ ਦਾ ਜੋ ਵਰਨਣ ਮਿਲਦਾ ਹੈ ਉਸ ਬਾਰੇ ਕੁੱਝ ਕੁ ਹੋਰ ਹਵਾਲੇ ਇਸ ਤਰ੍ਹਾਂ ਹਨ:

ੴ ਸਤਿਗੁਰ ਪ੍ਰਸਾਦਿ॥ ਧਨਾਸਰੀ ਮਹਲਾ ੯॥ ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ ੧॥ ਰਹਾਉ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥ ੧॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ॥ ੨॥ ੧॥ {ਪੰਨਾ ੬੮੪}

ਅਰਥ: —ਹੇ ਭਾਈ! (ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਕਿਉਂ ਜਾਂਦਾ ਹੈਂ? ਪਰਮਾਤਮਾ ਸਭ ਵਿੱਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ। ੧। ਰਹਾਉ।

ਹੇ ਭਾਈ! ਜਿਵੇਂ ਫੁੱਲ ਵਿੱਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿੱਚ (ਸ਼ੀਸ਼ਾ ਵੇਖਣ ਵਾਲੇ ਦਾ) ਅਕਸ ਵੱਸਦਾ ਹੈ, ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿੱਚ ਹੀ ਲੱਭ। ੧।

ਹੇ ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇੱਕ ਪਰਮਾਤਮਾ ਨੂੰ (ਵੱਸਦਾ) ਸਮਝੋ। ਹੇ ਦਾਸ ਨਾਨਕ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ)। ੨। ੧।

ੴਸਤਿਗੁਰ ਪ੍ਰਸਾਦਿ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥ ੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ॥ ੧॥ ਰਹਾਉ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ॥ ੨॥ ੧॥ ੨੯॥ {ਪੰਨਾ ੬੧੭}

ਅਰਥ: —ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿੱਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿੱਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿੱਚ ਹੈ ਧਰਤੀ ਵਿੱਚ ਹੈ। ੧। ਰਹਾਉ।

ਹੇ ਭਾਈ! ਜਿਵੇਂ ਸਭ ਬੂਟਿਆਂ ਵਿੱਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿੱਚ ਘਿਉ (ਮੱਖਣ) ਗੁਪਤ ਮੌਜੂਦ ਹੈ, ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿੱਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿੱਚ ਹੈ, ਸਭ ਜੀਵਾਂ ਵਿੱਚ ਹੈ। ੧।

ਹੇ ਭਾਈ! ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ (ਤਾਂਹੀਏਂ ਨਾਨਕ ਨੂੰ ਯਕੀਨ ਹੈ ਕਿ) ਪਰਮਾਤਮਾ ਸਭ ਜੀਵਾਂ ਵਿੱਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿੱਚ ਸਮਾ ਰਿਹਾ ਹੈ। ੨। ੧। ੨੯।

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ॥ ੧॥ ਰਹਾਉ॥ ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈਂ ਬਹੁ ਨਾਨਾੑ ਰੇ॥ ਅਸਥਾਵਰ ਜੰਗਮ ਕੀਟ ਪਤੰਗਮ, ਘਟਿ ਘਟਿ ਰਾਮੁ ਸਮਾਨਾ ਰੇ॥ ੧॥ ਏਕਲ ਚਿੰਤਾ ਰਾਖੁ ਅਨੰਤਾ, ਅਉਰ ਤਜਹੁ ਸਭ ਆਸਾ ਰੇ॥ ਪ੍ਰਣਵੈ ਨਾਮਾ ਭਏ ਨਿਹਕਾਮਾ, ਕੋ ਠਾਕੁਰੁ ਕੋ ਦਾਸਾ ਰੇ॥ ੨॥ ੩॥ {ਪੰਨਾ ੯੮੮}

ਅਰਥ: —ਹੇ ਭਾਈ! ਸਾਰੇ ਘਟਾਂ (ਸਰੀਰਾਂ) ਵਿੱਚ ਪਰਮਾਤਮਾ ਬੋਲਦਾ ਹੈ, ਪਰਮਾਤਮਾ ਹੀ ਬੋਲਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ। ੧। ਰਹਾਉ।

ਹੇ ਭਾਈ! ਜਿਵੇਂ ਇਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹਨ, ਤਿਵੇਂ ਹਾਥੀ ਤੋਂ ਲੈ ਕੇ ਕੀੜੀ ਤਕ, ਨਿਰਜਿੰਦ ਪਦਾਰਥ ਅਤੇ ਸਜਿੰਦ ਜੀ, ਕੀੜੇ-ਪਤੰਗੇ—ਹਰੇਕ ਘਟ ਵਿੱਚ ਪਰਮਾਤਮਾ ਹੀ ਸਮਾਇਆ ਹੋਇਆ ਹੈ। ੧।

ਹੇ ਭਾਈ! ਹੋਰ ਸਭਨਾਂ ਦੀ ਆਸ ਛੱਡ, ਇੱਕ ਬੇਅੰਤ ਪ੍ਰਭੂ ਦਾ ਧਿਆਨ ਧਰ (ਜੋ ਸਭਨਾਂ ਵਿੱਚ ਮੌਜੂਦ ਹੈ)। ਨਾਮਦੇਵ ਬੇਨਤੀ ਕਰਦਾ ਹੈ—ਜੋ ਮਨੁੱਖ (ਪ੍ਰਭੂ ਦਾ ਧਿਆਨ ਧਰ ਕੇ) ਨਿਸ਼ਕਾਮ ਹੋ ਜਾਂਦਾ ਹੈ ਉਸ ਵਿੱਚ ਅਤੇ ਪ੍ਰਭੂ ਵਿੱਚ ਕੋਈ ਭਿੰਨ-ਭੇਦ ਨਹੀਂ ਰਹਿ ਜਾਂਦਾ। ੨। ੩।

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ॥ ੧੯॥ {ਪੰਨਾ ੧੩੭੮}

ਅਰਥ: — ਹੇ ਫਰੀਦ! ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ? ਜੰਗਲ ਵਿੱਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ? ਰੱਬ (ਤਾਂ ਤੇਰੇ) ਹਿਰਦੇ ਵਿੱਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ? । ੧੯।

ਇਹ ਅਤੇ ਇਸ ਤਰ੍ਹਾਂ ਦੇ ਅਨੇਕਾਂ ਹੀ ਹੋਰ ਸ਼ਬਦ ਹਨ ਜਿਹੜੇ ਇਹ ਦੱਸਦੇ ਹਨ ਕਿ ਰੱਬ ਜੀ ਅਕਾਲ ਪੁਰਖ ਜੀ ਕਿੱਥੇ ਵਸਦੇ ਹਨ। ਰੱਬ ਜੀ ਕਿਤੇ ਅਸਮਾਨ ਵਿੱਚ ਨਹੀਂ ਬੈਠੇ ਅਤੇ ਨਾ ਹੀ ਕਿਸੇ ਹੋਰ ਗ੍ਰਹਿ/ਪਲਾਨਿਟ ਤੇ ਰਹਿੰਦੇ ਹਨ। ਉਸ ਦਾ ਨਿਵਾਸ ਹਿਰਦੇ ਵਿੱਚ ਹੈ ਅਤੇ ਸਾਰੀ ਕਾਦਰ ਦੀ ਕੁਦਰਤ ਵਿੱਚ ਸਮਾਇਆ ਹੋਇਆ ਹੈ। ਸਾਰਾ ਸੰਸਾਰ ਹੀ ਉਸ ਦਾ ਸਰਗੁਣ ਸਰੂਪ ਹੈ ਅਤੇ ਇਸ ਦੇ ਵਿੱਚ ਹੀ ਉਹ ਨਿਰਗੁਣ ਰੂਪ ਵਿੱਚ ਰਹਿੰਦੇ ਹਨ। ਜਿਸ ਤੋਂ ਸਾਬਤ ਹੁੰਦਾ ਹੈ ਧਰਮੀ ਪੁਰਸ਼ਾਂ ਦੇ ਜਿਹੜੇ ਵੀ ਬੋਲ ਹਨ ਜਾਂ ਜੋ ਵੀ ਗੁਰਬਾਣੀ ਦੇ ਸ਼ਬਦ ਹਨ ਉਹ ਉਨ੍ਹਾਂ ਦੇ ਹਿਰਦੇ ਵਿਚੋਂ ਨਿਕਲੇ ਬੋਲ ਹਨ। ਜੋ ਵੀ ਸੱਚ ਉਸ ਵੇਲੇ ਉਨ੍ਹਾਂ ਦੀ ਸਮਝ ਵਿੱਚ ਆਇਆ ਸੀ ਉਹ ਬੇਖੌਫ ਹੋ ਕੇ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਸੀ। ਇਹ ਜਰੂਰੀ ਨਹੀਂ ਕਿ ਉਸ ਵੇਲੇ ਜੋ ਸੱਚ ਉਨ੍ਹਾਂ ਨੂੰ ਸਮਝ ਆਇਆ ਸੀ ਉਹ ਹੁਣ ਵੀ ਸਾਰਾ ਉਵੇਂ ਹੀ ਸੱਚ ਹੋਵੇ। ਉਸ ਵਿੱਚ ਕੁੱਝ ਅਜਿਹਾ ਵੀ ਹੋ ਸਕਦਾ ਹੈ ਜੋ ਅੱਜ ਪੂਰਾ ਸੱਚ ਨਾ ਸਾਬਤ ਹੋ ਸਕੇ। ਇਸ ਬਾਰੇ ਦਸੰਬਰ 2018 ਵਿੱਚ ਵੀ ਮੈਂ ਇੱਕ ਲੇਖ ਲਿਖਿਆ ਸੀ ਉਸ ਦਾ ਸਿਰਲੇਖ ਸੀ, “ਬੇਸੁਆ ਕੈ ਘਰਿ ਬੇਟਾ ਜਨਮਿਆ” ਇਸ ਲੇਖ ਪ੍ਰਤੀ ਕਾਫੀ ਲੇਖਕਾਂ ਨੇ ਆਪਣੇ ਵਿਚਾਰ ਦਿੱਤੇ ਸਨ। ਇਸੇ ਤਰ੍ਹਾਂ ਇੱਕ ਲੇਖ ਅਗਲੇ ਪਿਛਲੇ ਜਨਮਾ ਬਾਰੇ, “ਰੂਹਾਂ ਦੀ ਚੋਰੀ” ਦੇ ਸਿਰਲੇਖ ਹੇਠ ਲਿਖਿਆ ਸੀ। ਅੱਜ ਦੇ ਇਸ ਲੇਖ ਵਿੱਚ ਕੁੱਝ ਹੋਰ ਸ਼ਬਦ ਲਿਖ ਕੇ ਇਹ ਜਾਨਣਾਂ ਚਾਹਾਂਗਾ ਕਿ ਜੇ ਰੱਬ ਜੀ ਇਸ ਹਿਰਦੇ ਘਰ ਵਿੱਚ ਹੀ ਵੱਸਦੇ ਹਨ ਤਾਂ ਫਿਰ ਉਹ ਸੱਚ ਹਿਰਦੇ ਵਿਚੋਂ ਨਿਕਲ ਕੇ ਦਿਮਾਗ ਵਿੱਚ ਦੀ ਹੁੰਦਾ ਹੋਇਆ ਰਸਨਾ ਰਾਹੀਂ ਪ੍ਰਗਟ ਹੋਇਆ ਹੋਵੇਗਾ। ਅਤੇ ਜੇ ਕਰ ਰੱਬ ਜੀ ਕਿਤੇ ਹੋਰ ਬੈਠੇ ਹਨ ਫਿਰ ਤਾਂ ਉਹ ਗੁਰੂ ਜੀ ਨੂੰ ਆਪਣੇ ਕੋਲ ਬੁਲਾ ਕੇ ਸਾਰਾ ਕੁੱਝ ਬੋਲ ਕੇ ਦੱਸਦੇ ਹੋਣਗੇ ਜਿਵੇਂ ਕਿ ਗੁਰੂ ਨਾਨਕ ਨਾਲ ਇੱਕ ਸਾਖੀ ਜੋੜੀ ਗਈ ਹੈ ਕਿ ਜਦੋਂ ਵੇਈਂ ਨਦੀ ਵਿੱਚ ਕਈ ਦਿਨ ਅਲੋਪ ਰਹੇ ਸਨ ਤਾਂ ਉਹ ਰੱਬ ਜੀ ਦੀ ਦਰਗਾਹ ਵਿੱਚ ਜਾ ਕੇ ਉਥੇ ਰੱਬ ਜੀ ਨਾਲ ਕੁੱਝ ਵਿਚਾਰਾਂ ਕਰ ਰਹੇ ਸਨ।

ਇਹ ਗੱਲ ਤਾਂ ਠੀਕ ਹੈ ਕਿ ਗੁਰਬਾਣੀ ਵਿੱਚ ਆਮ ਪ੍ਰਚੱਲਤ ਕਥਾਵਾਂ ਅਤੇ ਮੁਹਾਵਰੇ ਵਰਤੇ ਗਏ ਹਨ। ਕਈ ਥਾਵਾਂ ਤੇ ਪ੍ਰਚੱਲਤ ਗੱਲਾਂ ਦਾ ਜ਼ਿਕਰ ਮਿਲਦਾ ਹੈ ਜੋ ਕਿ ਉਸ ਵੇਲੇ ਆਮ ਹੀ ਪ੍ਰਚੱਲਤ ਸਨ। ਜੋ ਕਿ ਇਸ ਵੇਲੇ ਦੇਖਣ ਸੁਣਨ ਨੂੰ ਨਹੀਂ ਮਿਲਦੀਆਂ। ਜਿਵੇਂ ਕਿ ਪਿਛਲੇ ਸਮਿਆਂ ਵਿੱਚ ਕਣਕ ਵਿਚੋਂ ਦਾਣੇ ਕੱਢਣ ਲਈ ਫਲਹਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਜਿਸ ਨੂੰ ਆਸਾ ਕੀ ਵਾਰ ਵਿੱਚ ਅਨਗਾਹ ਦਾ ਨਾਮ ਦਿੱਤਾ ਹੋਇਆ ਹੈ। ਪਰ ਜਦੋਂ ਕਿਸੇ ਗੱਲ ਤੇ ਤਰਕ ਕੀਤਾ ਜਾਵੇ ਤਾਂ ਉਸ ਨੂੰ ਪ੍ਰਚੱਲਤ ਕਥਾਵਾਂ ਜਾਂ ਮੁਹਾਵਰੇ ਕਹਿਣਾ ਇਤਨਾ ਜਚਦਾ ਨਹੀਂ ਹੈ। ਮਿਸਾਲ ਦੇ ਤੌਰ ਤੇ ਜੇ ਕਰ ਕਬੀਰ ਸਾਹਿਬ ਤਰਕ ਕਰਦੇ ਹਨ ਕਿ ਜੇ ਕਰ ਸੁੰਨਤ ਕਰਨ ਨਾਲ ਮੁਸਲਮਾਨ/ਤੁਰਕ ਬਣਦਾ ਹੈ ਤਾਂ ਇਸਤ੍ਰੀ ਦੀ ਸੁੰਨਤ ਤਾਂ ਹੋ ਨਹੀਂ ਸਕਦੀ।

ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤ ਕਾ ਕਿਆ ਕਰੀਐ॥ ਪੰਨਾ 477॥

ਹੁਣ ਇਹ ਗੱਲ ਤਾਂ ਸੱਚ ਤੇ ਪੂਰੀ ਨਹੀਂ ਉਤਰਦੀ। ਕਈ ਅਫਰੀਕਾ ਦੇ ਦੇਸ਼ਾਂ ਵਿੱਚ ਹਜ਼ਾਰਾਂ ਸਾਲਾਂ ਤੋਂ ਇਸਤ੍ਰੀਆਂ ਦੀ ਸੁੰਨਤ ਕੀਤੀ ਜਾਂਦੀ ਹੈ। ਇਸ ਬਾਰੇ ਕਈ ਡਾਕੂਮਿੰਟਰੀਆਂ ਬਣੀਆਂ ਹੋਈਆਂ ਹਨ ਜਿਸ ਦਾ ਲਿੰਕ ਮੈਂ ਪਿਛਲੇ ਲੇਖਾਂ ਵਿੱਚ ਪਾਇਆ ਸੀ। ਹੁਣ ਕੁੱਝ ਹਫਤੇ ਪਹਿਲਾਂ ਸਪੋਕਸਮੈਨ ਅਖਬਾਰ ਵਿੱਚ ਵੀ ਇੱਕ ਖਬਰ ਛਪੀ ਸੀ ਕਿ ਇੰਡੀਆ ਵਿੱਚ ਹੀ ਕਈ ਕਬੀਲੇ ਹਨ ਜਿਨ੍ਹਾਂ ਵਿੱਚ ਹਜਾਰਾਂ ਸਾਲਾਂ ਤੋਂ ਇਸਤ੍ਰੀਆਂ ਦੀ ਸੁੰਨਤ ਕੀਤੀ ਜਾਂਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਰੱਬ ਜੀ ਨੇ ਕਬੀਰ ਜੀ ਨੂੰ ਝੂਠ ਹੀ ਦੱਸ ਦਿੱਤਾ ਸੀ ਜਾਂ ਰੱਬ ਜੀ ਨੂੰ ਖੁਦ ਹੀ ਨਹੀਂ ਪਤਾ ਸੀ ਕਿ ਇਸਤ੍ਰੀਆਂ ਦੀ ਵੀ ਸੁੰਨਤ ਕੀਤੀ ਜਾਂਦੀ ਹੈ?

ਜਿਨ੍ਹਾਂ ਨੇ ਗਿ: ਸੰਤ ਸਿੰਘ ਮਸਕੀਨ ਦੀ ਕਥਾ ਸੁਣੀ ਹੈ ਉਹ ਜਾਣਦੇ ਹੋਣਗੇ ਕਿ ਗੁਰਬਾਣੀ ਦੀ ਇਹ ਪੰਗਤੀ ਜੋ ਕਿ ਬਾਣੀ ਸੁਖਮਨੀ ਵਿਚੋਂ ਹੈ, “ਪਿਤਾ ਕਾ ਜਨਮੁ ਕਿ ਜਾਨੈ ਪੂਤੁ” ਬਾਰੇ ਉਹ ਬੜੇ ਫਖਰ ਨਾਲ ਕਹਿੰਦੇ ਹੁੰਦੇ ਸਨ ਕਿ ਜਦੋਂ ਕਦੀ ਇਨ੍ਹਾਂ ਦੀ ਨਾਸਤਕਾਂ ਨਾਲ ਰੱਬ ਬਾਰੇ ਬਹਿਸ ਹੁੰਦੀ ਸੀ ਤਾਂ ਇਹ ਪੰਗਤੀ ਸੁਣਾ ਕੇ ਚੁੱਪ ਕਰਾਉਂਦੇ ਹੁੰਦੇ ਸਨ ਕਿ ਮੈਨੂੰ ਤਾਂ ਤੇਰੇ ਪਿਉ ਤੇ ਵੀ ਸ਼ੱਕ ਹੈ ਕਿ ਵਾਕਿਆ ਈ ਉਹ ਤੇਰਾ ਬਾਪ ਹੋਵੇਗਾ। ਕਿਉਂਕਿ ਪੁੱਤਰ ਪਿਉ ਦੇ ਜਨਮ ਬਾਰੇ ਨਹੀਂ ਜਾਣ ਸਕਦਾ। ਪਰ ਹੁਣ ਤਾਂ ਡੀ. ਐਨ. ਏ. ਰਾਹੀਂ ਕਈ ਪੀੜੀਆਂ ਬਾਰੇ ਜਾਣਿਆ ਜਾ ਸਕਦਾ ਹੈ। ਇਸ ਲਈ ਇਹ ਗੱਲ ਨਿਰਮੂਲ ਸਿੱਧ ਹੁੰਦੀ ਹੈ। ਇਸੇ ਤਰ੍ਹਾ ਕਿਸੇ ਸਮੇ ਵੇਸਵਾ ਦੀ ਔਲਾਦ ਬਾਰੇ ਜਾਨਣਾ ਸੰਭਵ ਨਹੀਂ ਸੀ ਪਰ ਹੁਣ ਤਾਂ ਸਾਰਾ ਕੁੱਝ ਸੰਭਵ ਹੈ। ਭਾਵੇਂ ਉਹ ਵੇਸਵਾ ਹਜਾਰਾਂ ਆਦਮੀਆਂ ਨਾਲ ਵੀ ਭੋਗ ਕਰ ਲਵੇ ਪਰ ਫਿਰ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਉਸ ਦੀ ਔਲਾਦ ਦਾ ਅਸਲੀ ਬਾਪ ਕੌਣ ਹੈ।

ਗੁਰੂ ਗ੍ਰੰਥ ਦੇ ਪੰਨਾ 1133 ਤੋਂ ਇੱਕ ਪੂਰਾ ਸ਼ਬਦ ਅਤੇ ਦੂਸਰੇ ਸ਼ਬਦ ਦੀਆਂ ਕੁੱਝ ਪੰਗਤੀਆਂ ਲਿਖ ਰਿਹਾ ਹਾਂ। ਇਨ੍ਹਾਂ ਸ਼ਬਦਾਂ ਵਿੱਚ ਦੱਸਿਆ ਗਿਆ ਹੈ ਕਿ ਰੱਬ ਜੀ ਇੱਕ ਭਿਆਨਕ ਰੂਪ ਧਾਰ ਕੇ ਥੰਮ ਵਿਚੋਂ ਨਿੱਕਲ ਆਏ ਸਨ ਅਤੇ ਉਸ ਰੱਬ ਜੀ ਨੇ ਹਰਨਾਖਸ਼ ਨੂੰ ਆਪਣੇ ਨਹੁੰਆਂ ਨਾਲ ਚੀਰ ਦਿੱਤਾ, ਤੇ, ਪ੍ਰਹਿਲਾਦ ਨੂੰ ਬਚਾ ਲਿਆ ਸੀ। ਇੱਕ ਪੂਰਾ ਸ਼ਬਦ ਅੱਗੇ ਹੈ ਅਤੇ ਇਸ ਦੇ ਅਰਥ ਪ੍ਰੋ: ਸਾਹਿਬ ਜੀ ਦੇ ਕੀਤੇ ਹੋਏ ਹਨ।

ਭੈਰਉ ਮਹਲਾ ੩॥ ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ॥ ਦੂਜੈ ਭਾਇ ਫਾਥੇ ਜਮ ਜਾਲਾ॥ ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ॥ ਹਰਿ ਸੁਖਦਾਤਾ ਮੇਰੈ ਨਾਲਾ॥ ੧॥ ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ॥ ਸਾਸਨਾ ਤੇ ਬਾਲਕੁ ਗਮੁ ਨ ਕਰੈ॥ ੧॥ ਰਹਾਉ॥ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ॥ ਪੁਤ੍ਰ ਰਾਮਨਾਮੁ ਛੋਡਹੁ ਜੀਉ ਲੇਹੁ ਉਬਾਰੇ॥ ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ॥ ਰਾਮਨਾਮੁ ਨ ਛੋਡਾ ਗੁਰਿ ਦੀਆ ਬੁਝਾਇ॥ ੨॥ ਸੰਡਾ ਮਰਕਾ ਸਭਿ ਜਾਇ ਪੁਕਾਰੇ॥ ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ॥ ਦੁਸਟ ਸਭਾ ਮਹਿ ਮੰਤ੍ਰੁ ਪਕਾਇਆ॥ ਪ੍ਰਹਿਲਾਦ ਕਾ ਰਾਖਾ ਹੋਇ ਰਘੁਰਾਇਆ॥ ੩॥ ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ॥ ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮੑ ਉਪਾੜਿ॥ ਹਰਣਾਖਸੁ ਨਖੀ ਬਿਦਾਰਿਆ ਪ੍ਰਹਿਲਾਦੁ ਲੀਆ ਉਬਾਰਿ॥ ੪॥ ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ॥ ਪ੍ਰਹਿਲਾਦ ਜਨ ਕੇ ਇਕੀਹ ਕੁਲ ਉਧਾਰੇ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੇ॥ ਨਾਨਕ ਰਾਮ ਨਾਮਿ ਸੰਤ ਨਿਸਤਾਰੇ॥ ੫॥ ੧੦॥ ੨੦॥ {ਪੰਨਾ ੧੧੩੩}

ਅਰਥ: —ਹੇ ਭਾਈ! (ਆਪਣੇ) ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਹਿਲਾਦ ਪਰਮਾਤਮਾ ਦਾ ਨਾਮ ਜਪਦਾ ਹੈ। ਬਾਲਕ (ਪ੍ਰਹਿਲਾਦ) ਕਿਸੇ ਭੀ ਸਰੀਰਕ ਕਸ਼ਟ ਤੋਂ ਡਰਦਾ ਨਹੀਂ। ੧। ਰਹਾਉ।

ਹੇ ਭਾਈ! (ਪ੍ਰਹਿਲਾਦ ਆਪਣੇ ਪੜ੍ਹਾਉਣ ਵਾਲਿਆਂ ਨੂੰ ਨਿੱਤ ਆਖਦਾ ਹੈ—) ਮੇਰੀ ਪੱਟੀ ਉਤੇ ਹਰੀ ਦਾ ਨਾਮ ਲਿਖ ਦਿਉ, ਗੋਬਿੰਦ ਦਾ ਨਾਮ ਲਿਖ ਦਿਉ, ਗੋਪਾਲ ਦਾ ਨਾਮ ਲਿਖ ਦਿਉ। ਜਿਹੜੇ ਮਨੁੱਖ ਨਿਰੇ ਮਾਇਆ ਦੇ ਪਿਆਰ ਵਿੱਚ ਰਹਿੰਦੇ ਹਨ, ਉਹ ਆਤਮਕ ਮੌਤ ਦੇ ਜਾਲ ਵਿੱਚ ਫਸੇ ਰਹਿੰਦੇ ਹਨ। ਮੇਰਾ ਗੁਰੂ ਮੇਰੀ ਰਾਖੀ ਕਰ ਰਿਹਾ ਹੈ। ਸਾਰੇ ਸੁਖ ਦੇਣ ਵਾਲਾ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਵੱਸਦਾ ਹੈ। ੧।

ਹੇ ਭਾਈ! (ਪ੍ਰਹਿਲਾਦ ਨੂੰ ਉਸ ਦੀ) ਮਾਂ ਸਮਝਾਂਦੀ ਹੈ—ਹੇ ਪਿਆਰੇ ਪ੍ਰਹਿਲਾਦ! ਹੇ (ਮੇਰੇ) ਪੁੱਤਰ! ਪਰਮਾਤਮਾ ਦਾ ਨਾਮ ਛੱਡ ਦੇਹ, ਆਪਣੀ ਜਿੰਦ ਬਚਾ ਲੈ। (ਅੱਗੋਂ) ਪ੍ਰਹਿਲਾਦ ਆਖਦਾ ਹੈ—ਹੇ ਮੇਰੀ ਮਾਂ! ਸੁਣ, ਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ (ਇਹ ਨਾਮ ਜਪਣਾ ਮੈਨੂੰ ਮੇਰੇ) ਗੁਰੂ ਨੇ ਸਮਝਾਇਆ ਹੈ। ੨।

ਹੇ ਭਾਈ! ਸੰਡ ਅਮਰਕ ਤੇ ਹੋਰ ਸਾਰਿਆਂ ਨੇ ਜਾ ਕੇ (ਹਰਨਾਖਸ਼ ਕੋਲ) ਪੁਕਾਰ ਕੀਤੀ—ਪ੍ਰਹਿਲਾਦ ਆਪ ਵਿਗੜਿਆ ਹੋਇਆ ਹੈ, (ਉਸ ਨੇ) ਸਾਰੇ ਮੁੰਡੇ ਭੀ ਵਿਗਾੜ ਦਿੱਤੇ ਹਨ। ਹੇ ਭਾਈ! (ਇਹ ਸੁਣ ਕੇ) ਉਹਨਾਂ ਦੁਸ਼ਟਾਂ ਨੇ ਰਲ ਕੇ ਸਲਾਹ ਪੱਕੀ ਕੀਤੀ (ਕਿ ਪ੍ਰਹਿਲਾਦ ਨੂੰ ਮਾਰ ਮੁਕਾਈਏ। ਪਰ) ਪ੍ਰਹਿਲਾਦ ਦਾ ਰਾਖਾ ਆਪ ਪਰਮਾਤਮਾ ਬਣ ਗਿਆ। ੩।

ਹੇ ਭਾਈ! (ਹਰਨਾਖਸ਼) ਹੱਥ ਵਿੱਚ ਤਲਵਾਰ ਫੜ ਕੇ ਬੜੇ ਅਹੰਕਾਰ ਨਾਲ (ਪ੍ਰਹਿਲਾਦ ਉੱਤੇ) ਟੁੱਟ ਪਿਆ (ਅਤੇ ਕਹਿਣ ਲੱਗਾ—ਦੱਸ) ਕਿੱਥੇ ਹੈ ਤੇਰਾ ਹਰੀ, ਜਿਹੜਾ (ਤੈਨੂੰ) ਬਚਾ ਲਏ? (ਇਹ ਆਖਣ ਦੀ ਢਿੱਲ ਸੀ ਕਿ ਝੱਟ) ਇੱਕ ਖਿਨ ਵਿੱਚ ਹੀ (ਪਰਮਾਤਮਾ) ਭਿਆਨਕ ਰੂਪ (ਧਾਰ ਕੇ) ਥੰਮ੍ਹ ਪਾੜ ਕੇ ਨਿਕਲ ਆਇਆ। (ਉਸ ਨੇ ਨਰਸਿੰਘ ਰੂਪ ਵਿਚ) ਹਰਨਾਖਸ਼ ਨੂੰ (ਆਪਣੇ ਨਹੁੰਆਂ ਨਾਲ ਚੀਰ ਦਿੱਤਾ, ਤੇ, ਪ੍ਰਹਿਲਾਦ ਨੂੰ ਬਚਾ ਲਿਆ। ੪।

ਹੇ ਭਾਈ! ਪਰਮਾਤਮਾ ਸਦਾ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰਦਾ ਹੈ (ਵੇਖ! ਉਸ ਨੇ) ਪ੍ਰਹਿਲਾਦ ਦੀਆਂ ਇੱਕੀ ਕੁਲਾਂ (ਭੀ) ਤਾਰ ਦਿੱਤੀਆਂ। ਹੇ ਨਾਨਕ! ਪਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਵਿੱਚ ਜੋੜ ਕੇ (ਉਹਨਾਂ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀ ਹਉਮੈ ਮੁਕਾ ਦੇਂਦਾ ਹੈ, ਤੇ, ਹਰਿ-ਨਾਮ ਵਿੱਚ ਜੋੜ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ। ੫। ੧੦। ੨੦।

ਇਸ ਤੋਂ ਅਗਲਾ ਸ਼ਬਦ ਵੀ ਇਸ ਨਾਲ ਮਿਲਦਾ ਜੁਲਦਾ ਹੈ ਉਸ ਦੀ ਅਖੀਰਲੀ ਇੱਕ ਹੀ ਪੰਗਤੀ ਲਿਖ ਰਿਹਾ ਹਾਂ:

ਨਾਨਕ ਹਰਣਾਖਸੁ ਨਖੀ ਬਿਦਾਰਿਆ, ਅੰਧੈ ਦਰ ਕੀ ਖਬਰਿ ਨ ਪਾਈ॥ ੫॥ ੧੧॥ ੨੧॥

ਅਰਥ:- ਹੇ ਨਾਨਕ! (ਪਰਮਾਤਮਾ ਨੇ ਨਰਸਿੰਘ ਰੂਪ ਧਾਰ ਕੇ) ਹਰਨਾਖਸ਼ ਨੂੰ (ਆਪਣੇ) ਨਹੁੰਆਂ ਨਾਲ ਚੀਰ ਦਿੱਤਾ। (ਤਾਕਤ ਦੇ ਮਾਣ ਵਿਚ) ਅੰਨ੍ਹੇ ਹੋ ਚੁਕੇ (ਹਰਨਾਖਸ) ਨੇ ਪਰਮਾਤਮਾ ਦੇ ਦਰ ਦਾ ਭੇਤ ਨਾਹ ਸਮਝਿਆ

ਹੁਣ ਉਪਰ ਵਾਲੇ ਪੂਰੇ ਸ਼ਬਦ ਵਿੱਚ ਜੇ ਕਰ ਇਹ ਸਮਝੀਏ ਕਿ ਇਸ ਸ਼ਬਦ ਵਿੱਚ ਇੱਕ ਮਿਥਿਹਾਸਕ ਘਟਨਾ ਦਾ ਜ਼ਿਕਰ ਹੈ ਤਾਂ ਦੂਸਰੇ ਸ਼ਬਦ ਵਿੱਚ ਤਾਂ ਤੀਜਾ ਨਾਨਕ ਖੁਦ ਆਪਣੇ ਵਲੋਂ ਕਹਿ ਰਿਹਾ ਹੈ ਕਿ ਹਰਨਾਖਸ ਨੂੰ ਪਰਮਾਤਮਾ ਨੇ ਆਪਣੇ ਨਹੁੰਆਂ ਨਾਲ ਚੀਰ ਦਿੱਤਾ। ਹੁਣ ਜੇ ਕਰ ਗੁਰਬਾਣੀ ਦਾ ਮੂਲ ਸਿਧਾਂਤ ਇਹ ਕਹਿੰਦਾ ਹੈ ਕਿ ਰੱਬ ਜੀ ਦਾ ਕੋਈ ਵੀ ਰੂਪ ਰੰਗ ਨਹੀਂ ਹੈ ਤਾਂ ਫਿਰ ਨਰਸਿੰਘ ਦਾ ਰੂਪ ਕਿਵੇਂ ਧਾਰਨ ਕਰ ਲਿਆ? ਕੀ ਰੱਬ ਜੀ ਸਰੀਰ ਧਾਰੀ ਵੀ ਬਣ ਜਾਂਦੇ ਹਨ? ਜਿਸ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਪ੍ਰਚੱਲਤ ਕਹਾਣੀ ਅਨੁਸਾਰ ਪੱਥਰ ਵਿਚੋਂ ਪ੍ਰਗਟ ਹੋ ਕੇ ਭਗਤ ਧੰਨਾ ਜੀ ਨੂੰ ਦਰਸ਼ਨ ਦਿੱਤੇ ਸਨ? ਅਤੇ ਜਿਸ ਤਰ੍ਹਾਂ ਸੈਣ ਨਾਈ ਦਾ ਰੂਪ ਧਾਰ ਕੇ ਰਾਜੇ ਦੀ ਮੁੱਠੀ-ਚਾਪੀ ਕੀਤੀ ਸੀ। ਉਮੀਦ ਹੈ ਕਿ ਇਸ ਬਾਰੇ ਵਿਦਵਾਨ ਜੀ ਸੱਜਣ ਜਰੂਰ ਚਾਨਣਾ ਪਉਣਗੇ। ਇਸ ਤਰ੍ਹਾਂ ਦਾ ਇੱਕ ਸ਼ਬਦ ਪੰਨਾ 1154 ਤੇ ਵੀ ਦਰਜ਼ ਹੈ ਜਿਸ ਵਿੱਚ ਵੀ ਰੱਬ ਜੀ ਥੰਮ ਵਿਚੋਂ ਪ੍ਰਗਟ ਹੁੰਦੇ ਹਨ। ਭਗਤ ਨਾਮਦੇਵ ਜੀ ਅਤੇ ਕਬੀਰ ਜੀ ਨੇ ਵੀ ਇਸ ਕਹਾਣੀ ਦਾ ਜ਼ਿਕਰ ਕੀਤਾ ਹੈ। ਇਸ ਤਰ੍ਹਾਂ ਦੇ ਅਨੇਕਾਂ ਹੀ ਸ਼ਬਦ ਗੁਰਬਾਣੀ ਵਿੱਚ ਮੌਜੂਦ ਹਨ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੀਆਂ ਮਿਥਿਹਾਸਕ ਕਹਾਣੀਆਂ ਦਾ ਜ਼ਿਕਰ ਹੈ। ਜੇ ਕਰ ਇਹ ਮਿਥਿਹਾਸ ਨਹੀਂ ਇਤਿਹਾਸ ਹੈ ਤਾਂ ਫਿਰ ਇਹ ਵੀ ਮੰਨਣਾ ਪਵੇਗਾ ਕਿ ਰੱਬ ਜੀ ਸਰੀਰਧਾਰੀ ਵੀ ਬਣ ਸਕਦੇ ਹਨ। ਫਿਰ ਗੁਰਬਾਣੀ ਦੇ ਮੁੱਢਲੇ ਸਿਧਾਂਤ ਦਾ ਵੀ ਖੰਡਣ ਕਰਨਾ ਪਵੇਗਾ। ਹੁਣ ਤੁਸੀਂ ਇਨ੍ਹਾਂ ਗੱਲਾਂ ਬਾਰੇ ਖੁੱਲ ਕੇ ਚਾਨਣਾ ਪਾਓ ਜੀ। ਕੀ ਗੁਰਬਾਣੀ ਅੱਖਰ-ਅੱਖਰ ਸੱਚ ਹੈ ਜਾਂ ਇਸ ਵਿੱਚ ਮਿਥਿਹਾਸ ਵੀ ਹੈ?

ਸੁਖਮਨੀ ਬਾਣੀ ਦੀ ਤੇਰਵੀਂ ਅਸਟਪਦੀ ਵਿੱਚ ਸੰਤ ਦੀ ਨਿਦਿਆਂ ਕਰਨ ਬਾਰੇ ਲਿਖਿਆ ਹੈ ਕਿ ਉਸ ਨੂੰ ਕੀ ਕੁੱਝ ਹੁੰਦਾ ਹੈ ਅਤੇ ਕੀ ਕੁੱਝ ਨਹੀਂ ਮਿਲਦਾ। ਇਸ ਵਿੱਚ ਭਾਵੇਂ ਗੁਰੂ ਨੂੰ ਸੰਤ ਮੰਨ ਲਓ ਤੇ ਭਾਵੇਂ ਰੱਬ ਨੂੰ ਸੰਤ ਮੰਨ ਲਓ। ਇਸ ਨੂੰ ਮਿਥਿਹਾਸ ਜਾਂ ਇਤਿਹਾਸ ਵੀ ਨਹੀਂ ਕਹਿ ਸਕਦੇ। ਇਹ ਤਾਂ ਇੱਕ ਕਿਸਮ ਦਾ ਸਰਾਪ ਲੱਗਦਾ ਹੈ। ਪਰ ਜਿਹੜੇ ਦੇਸ਼ ਜਾਂ ਲੋਕ ਰੱਬ ਦੀ ਹੋਂਦ ਨੂੰ ਹੀ ਨਹੀਂ ਮੰਨਦੇ ਕੀ ਉਨ੍ਹਾਂ ਦੀ ਉਮਰ ਰੱਬ ਨੂੰ ਮੰਨਣ ਵਾਲਿਆਂ ਤੋਂ ਘੱਟ ਹੁੰਦੀ ਹੈ ਜਾਂ ਉਹ ਸੁਖ ਅਰਾਮ ਤੋਂ ਬਾਂਝੇ ਰਹਿੰਦੇ ਹਨ। ਜਾਂ ਹੋਰ ਵੀ ਜੋ ਕੁੱਝ ਲਿਖਿਆ ਹੈ ਕੀ ਉਹ ਸੱਚ ਤੇ ਪੂਰਾ ਉੱਤਰ ਸਕਦਾ ਹੈ? ਕਿਸੇ ਵਿਦਵਾਨ ਸੱਜਣ ਨੂੰ ਇਸ ਤੇ ਵੀ ਚਾਨਣਾ ਪਉਣਾ ਚਾਹੀਦਾ ਹੈ।

ਹੁਣ ਜੇ ਕਰ ਗੁਰਬਾਣੀ ਦੇ ਮੂਲ ਸਿਧਾਂਤ ਨੂੰ ਸਾਹਮਣੇ ਰੱਖ ਕੇ ਰੱਬ ਦੀ ਗੱਲ ਕਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਰੱਬ ਜੀ ਰੂਪ ਰੰਗ ਤੋਂ ਨਿਰਲੇਪ ਸਾਡੇ ਹਿਰਦੇ ਵਿੱਚ ਹੀ ਵੱਸਦੇ ਹਨ। ਜਿਨ੍ਹਾਂ ਦਾ ਆਈ ਕਿਊ ਬਹੁਤ ਉਚਾ ਹੁੰਦਾ ਹੈ ਉਨ੍ਹਾਂ ਦੀ ਕਹੀ ਹੋਈ ਗੱਲ ਆਮ ਸਾਧਾਰਨ ਬੁੱਧੀ ਵਾਲੇ ਲੋਕਾਂ ਦੀ ਸੋਚ ਤੋਂ ਬਹੁਤ ਉਪਰ ਹੁੰਦੀ ਹੈ ਉਹ ਉਸ ਨੂੰ ਕਰਾਮਾਤ ਜਾਂ ਅਲੌਕਿਕ ਸਮਝਣ ਲੱਗ ਪੈਂਦੇ ਹਨ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਛੋਟੀ ਉਮਰ ਤੋਂ ਹੀ ਬਹੁਤ ਸਿਆਣੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਵੇਂ ਕਿ 9 ਸਾਲ ਦੀ ਉਮਰ ਵਿੱਚ ਹੀ ਜਨੇਊ ਪਉਣ ਤੋਂ ਇਨਕਾਰ ਕਰਨਾ। ਕਈ ਪਾਠਕਾਂ/ਲੇਖਕਾਂ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਨਵੰਬਰ 2019 ਨੂੰ ਇੱਕ ਖਬਰ ਸਾਰੀ ਦੁਨੀਆ ਦੇ ਮੀਡੀਏ ਵਿੱਚ ਆਈ ਸੀ ਕਿ ਬੈਲਜ਼ੀਅਮ ਦੇ ਇੱਕ 9 ਸਾਲ ਦੇ ਬੱਚੇ ਨੇ ਯੂਨੀਵਰਸਿਟੀ ਤੋਂ ਇਲੈਕਟਰੀਕਲ ਇੰਜਨੀਅਰਿੰਗ ਦੀ ਡਿਗਰੀ ਪਰਾਪਤ ਕੀਤੀ ਹੈ। ਇਸ ਦਾ ਆਈ ਕਿਊ 130 ਤੋਂ ਉਪਰ ਸੁਣਿਆਂ ਸੀ ਜੋ ਕਿ ਸਾਰੀ ਦੁਨੀਆਂ ਦੀ ਅਬਾਦੀ ਵਿਚੋਂ ਸਿਰਫ 2. 1% ਦਾ ਹੀ ਹੁੰਦਾ ਹੈ। ਜਿਵੇਂ ਕਿ ਆਈਨ ਸਟਾਈਨ ਦਾ ਸੀ। ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ ਪਰ ਮੇਰੀ ਸਮਝ ਵਿੱਚ ਤਾਂ ਇਹੀ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਆਈ ਕਿਊ ਵੀ 130 ਤੋਂ ਉਪਰ ਹੋਵੇਗਾ ਜਿਹੜਾ ਕਿ ਛੋਟੀ ਉਮਰ ਤੋਂ ਹੀ ਇਤਨੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਿਆ ਸੀ। ਇਸ ਆਈ ਕਿਊ ਦਾ ਪੂਰਾ ਨਾਮ intelligence quotient ਹੈ। ਜਿਸ ਨੂੰ ਅਸੀਂ ਪੰਜਾਬੀ ਵਿੱਚ ਬੁੱਧੀ ਦਾ ਭਾਗਫਲ ਕਹਿ ਸਕਦੇ ਹਾਂ। ਜੇ ਕਰ ਮੈਂ ਗਲਤ ਹਾਂ ਤਾਂ ਪੜ੍ਹੇ ਲਿਖੇ ਸੱਜਣਾ ਨੂੰ ਇਸ ਦਾ ਨਾਮ ਠੀਕ ਕਰ ਦੇਣਾ ਚਾਹੀਦਾ ਹੈ।

ਅੰਤ ਵਿੱਚ ਮੈਂ ਪਾਠਕਾਂ/ਲੇਖਕਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਦੱਸੋ ਕਿ ਰੱਬ ਜੀ ਕਿੱਥੇ ਰਹਿੰਦੇ ਹਨ? ਇਹ ਬਾਣੀ ਰੱਬ ਜੀ ਤੋਂ ਕਿਸ ਤਰ੍ਹਾਂ ਗੁਰੂਆਂ ਅਤੇ ਭਗਤਾਂ ਰਾਹੀਂ ਇਸ ਸੰਸਾਰ ਵਿੱਚ ਆਈ ਹੈ? ਸੱਤਾ ਬਲਵੰਡ ਅਤੇ ਭੱਟਾਂ ਨੂੰ ਰੱਬ ਜੀ ਨੇ ਕਦੋਂ ਅਤੇ ਕਿਸ ਰੂਪ ਵਿੱਚ ਦਰਸ਼ਨ ਦੇ ਕੇ ਬਾਣੀ ਲਿਖਵਾਈ ਸੀ? ਕੀ ਕਬੀਰ ਜੀ ਅਤੇ ਗੁਰੂਆਂ ਨੂੰ ਰੱਬ ਜੀ ਨੇ ਸੱਚ ਨਹੀਂ ਸੀ ਦੱਸਿਆ ਕਿ ਮੁਸਲਮਾਨ ਔਰਤਾਂ ਦੀ ਵੀ ਕਈ ਦੇਸ਼ਾਂ ਵਿੱਚ ਸੁੰਨਤ ਕੀਤੀ ਜਾਂਦੀ ਹੈ? ਉਹ ਰੱਬ ਕਿਹੜਾ ਹੈ ਜਿਹੜਾ ਕਿ ਥੰਮ ਵਿਚੋਂ ਨਿਕਲ ਕੇ ਹਰਨਾਖਸ਼ ਨੂੰ ਆਪਣੇ ਨਹੁੰਆਂ ਨਾਲ ਮਾਰ ਦਿੰਦਾ ਹੈ? ਪਰ ਉਸ ਰੱਬ ਨੇ ਉਦੋਂ ਕਿਉਂ ਨੀ ਸਰੀਰ ਧਾਰ ਕੇ ਦੁਸ਼ਟਾਂ ਨੂੰ ਮਾਰਿਆ ਜਦੋਂ ਗੁਰੂ ਅਰਜਨ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਨੌਮੇਂ ਗੁਰੂ ਨੂੰ ਸ਼ਹੀਦ ਕੀਤਾ ਗਿਆ, ਚਾਰੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਤੇ ਦਸਮੇਂ ਗੁਰੂ ਦੇ ਛੁਰਾ ਮਾਰਿਆ ਗਿਆ? ਕੀ ਇਹ ਸਾਰੇ ਰੱਬ ਦੇ ਭਗਤ ਨਹੀਂ ਸਨ ਜਾਂ ਫਿਰ ਕਿਸੇ ਗੱਲੋਂ ਰੱਬ ਜੀ ਇਨ੍ਹਾਂ ਨਾਲ ਨਾਰਾਜ਼ ਹੋ ਗਏ ਸਨ? ਇਸ ਲੇਖ ਵਿੱਚ ਮੈਂ ਜੋ ਵੀ ਹੋਰ ਹਵਾਲੇ ਦਿੱਤੇ ਹਨ ਉਨ੍ਹਾਂ ਬਾਰੇ ਉਮੀਦ ਹੈ ਕਿ ਤੁਸੀਂ ਉਨ੍ਹਾਂ ਨੂੰ ਸਪਸ਼ਟ ਕਰਨ ਦੀ ਖੇਚਲ ਕਰੋਂਗੇ।

ਮੱਖਣ ਸਿੰਘ ਪੁਰੇਵਾਲ,

ਅਪ੍ਰੈਲ 12, 2020.




.