.

ਰੱਬ, ਗੁਰਬਾਣੀ ਅਤੇ ਕਰਾਮਾਤਾਂ

ਰੱਬ ਕੀ ਹੈ, ਕਿੱਥੇ ਰਹਿੰਦਾ ਹੈ, ਕਿਵੇਂ ਦਾ ਹੈ, ਉਸ ਦੇ ਕੰਮ ਕਿਹੜੇ ਹਨ, ਉਹ ਕੀ ਕਰਦਾ ਹੈ ਅਤੇ ਕੀ ਨਹੀਂ ਕਰਦਾ। ਇਹ ਅਤੇ ਇਸ ਤਰ੍ਹਾਂ ਦੇ ਹੋਰ ਅਨੇਕਾਂ ਹੀ ਸਵਾਲ ਹਨ ਜਿਹੜੇ ਕਿ ਹਰ ਉਸ ਧਾਰਮਿਕ ਵਿਆਕਤੀ ਦੇ ਮਨ ਵਿੱਚ ਆਉਂਦੇ ਹਨ ਜਿਹੜਾ ਕਿਸੇ ਧਰਮ ਅਤੇ ਰੱਬ ਨੂੰ ਮੰਨਣ ਵਾਲਾ ਹੁੰਦਾ ਹੈ। ਸਿੱਖ ਧਰਮ ਨੂੰ ਮੰਨਣ ਵਾਲਿਆਂ ਲਈ ਇਸ ਬਾਰੇ ਜਾਣਕਾਰੀ ਗੁਰਬਾਣੀ ਵਿੱਚ ਦਿੱਤੀ ਗਈ ਹੈ। ਗੁਰਬਾਣੀ ਵਿੱਚ ਇਹ ਸਮਝਾਇਆ ਗਿਆ ਹੈ ਕਿ ਉਸ ਰੱਬ ਦਾ ਕੋਈ ਵੀ ਰੰਗ ਰੂਪ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਖਾਸ ਜਗ੍ਹਾ ਤੇ ਰਹਿੰਦਾ ਹੈ। ਕੋਈ ਜਗ੍ਹਾ ਐਸੀ ਹੈ ਹੀ ਨਹੀਂ ਜਿੱਥੇ ਉਹ ਨਾ ਹੋਵੇ। ਜਿੱਥੇ ਕੁਦਰਤ ਹੈ ਉਥੇ ਹੀ ਰੱਬ ਹੈ। ਉਹ ਕੁਦਰਤ ਵਿੱਚ ਹੀ ਸਮਾਇਆ ਹੋਇਆ ਹੈ। ਪਰ ਆਮ ਲੋਕਾਈ ਇਸ ਤਰ੍ਹਾਂ ਸੋਚਦੀ ਹੈ ਜਿਵੇ ਕਿ ਰੱਬ ਕੋਈ ਵਿਆਕਤੀ ਹੋਵੇ ਅਤੇ ਉਹ ਕਿਸੇ ਖਾਸ ਜਗ੍ਹਾ ਤੇ ਕਿਸੇ ਸੋਨੇ ਦੀ ਕੁਰਸੀ ਤੇ ਕੋਈ ਦਰਬਾਰ ਲਾ ਕੇ ਬੈਠਾ ਹੋਵੇ। ਗੁਰਬਾਣੀ ਬਾਰੇ ਵੀ ਇਸੇ ਤਰ੍ਹਾਂ ਦੇ ਖਿਆਲ ਹਨ ਕਿ ਜਿਵੇਂ ਕਿ ਇਹ ਰੱਬ ਨੇ ਭਗਤਾਂ ਅਤੇ ਗੁਰੂਆਂ ਨੂੰ ਆਪਣੇ ਕੋਲ ਸੱਦ ਕੇ ਅਤੇ ਪਾਸ ਬੈਠ ਕੇ ਲਿਖਾਈ ਹੋਵੇ। ਅਤੇ ਜਾਂ ਫਿਰ ਇਹ ਸੋਚਦੇ ਹਨ ਕਿ ਜਦੋਂ ਗੁਰੂਆਂ ਦੀ ਲਿਵ ਰੱਬ ਨਾਲ ਜੁੜ ਜਾਂਦੀ ਸੀ ਤਾਂ ਬਾਣੀ ਦਾ ਉਚਾਰਨ ਹੁੰਦਾ ਸੀ। ਇੱਕ ਪਾਸੇ ਰੱਬ ਜੀ ਬੋਲ ਕੇ ਦੱਸਦੇ ਸਨ ਅਤੇ ਦੂਸਰੇ ਪਾਸੇ ਗੁਰੂ ਜੀ ਆਪਣੀ ਲਿਵ ਰਾਹੀਂ ਸੁਣ ਕੇ ਉਚਾਰਦੇ ਸਨ। ਜਿਵੇਂ ਕਿ ਅੱਜਕੱਲ ਫੂਨ ਰਾਹੀਂ ਕਿਤੇ ਵੀ ਸੰਪਰਕ ਜੋੜਿਆ ਜਾ ਸਕਦਾ ਹੈ ਅਤੇ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਸ਼ਾਇਦ ਗੁਰੂ ਜੀ ਵੀ ਇਸੇ ਤਰ੍ਹਾਂ ਰੱਬ ਜੀ ਨਾਲ ਗੱਲਾਂ ਕਰਦੇ ਹੋਣਗੇ। ਐਸਾ ਕੁੱਝ ਨਹੀਂ ਹੈ। ਇਹ ਗੁਰੂਆਂ ਅਤੇ ਭਗਤਾਂ ਦੇ ਆਪਣੇ ਵਿਚਾਰ ਸਨ। ਉਹ ਦਿਮਾਗੀ ਤੌਰ ਤੇ ਬਹੁਤ ਸਿਆਣੇ ਅਤੇ ਦੂਰ ਅੰਦੇਸ਼ ਸਨ। ਉਨ੍ਹਾਂ ਦੇ ਆਪਣੇ ਅੰਦਰ ਸੱਚ ਕਹਿਣ ਦੀ ਜ਼ੁਅਰਤ ਹੁੰਦੀ ਸੀ। ਉਹ ਸਮਾਜ ਨੂੰ ਚੰਗਾ ਬਣਾਉਣਾ ਚਾਹੁੰਦੇ ਸਨ। ਰਾਜਿਆਂ ਅਤੇ ਧਾਰਮਿਕ ਆਗੂਆਂ ਦੇ ਭੈਅ ਤੋਂ ਮੁਕਤ ਕਰਾਉਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਹਰ ਇੱਕ ਨੂੰ ਆਪਣੀ ਅਜਾਦੀ ਅਨੁਸਾਰ ਜੀਊਣ ਦਾ ਹੱਕ ਹੋਣਾ ਚਾਹੀਦਾ ਹੈ। ਨਾ ਹੀ ਕਿਸੇ ਨੂੰ ਭੈ ਦਿਓ ਅਤੇ ਨਾ ਹੀ ਕਿਸੇ ਦਾ ਭੈ ਮੰਨੋ।
ਪਿਛਲੇ ਸਾਲ ਅਪ੍ਰੈਲ 12, 2020 ਨੂੰ ਮੈਂ ਇੱਕ ਲੇਖ ਲਿਖ ਕੇ ਪਾਇਆ ਸੀ ਕਿ, “ਬਾਣੀ ਕਿਹੜੇ ਰੱਬ ਕੋਲੋਂ ਆਈ ਹੈ”। ਰੱਬ ਅਤੇ ਗੁਰਬਾਣੀ ਬਾਰੇ ਹੋਰ ਜਾਣਕਾਰੀ ਉਹ ਲੇਖ ਪੜ੍ਹ ਕੇ ਲਈ ਜਾ ਸਕਦੀ ਹੈ। ਉਸ ਦਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ।
http://www.sikhmarg.com/2020/0412-rabbi-bani.html


ਆਓ ਹੁਣ ਥੋੜੀ ਜਿਹੀ ਕਰਾਮਾਤਾਂ ਬਾਰੇ ਗੱਲ ਕਰ ਲਈਏ। ਇਹ ਕਰਾਮਾਤੀ ਕਹਾਣੀਆਂ ਤਕਰੀਬਨ ਸਾਰੇ ਧਰਮਾਂ ਵਿੱਚ ਹੀ ਪਾਈਆਂ ਜਾਂਦੀਆਂ ਹਨ। ਉਸ ਧਰਮ ਨਾਲ ਜੁੜੇ ਹੋਏ ਆਮ ਸ਼ਰਧਾਲੂ ਇਹੀ ਸਮਝਦੇ ਹਨ ਕਿ ਇਹ ਬਿੱਲਕੁੱਲ ਸੱਚ ਹੈ। ਜਰੂਰ ਇਸੇ ਤਰ੍ਹਾਂ ਹੀ ਹੁੰਦੀ ਹੋਵੇਗੀ। ਮੈਂ ਵੀ ਜਿੰਦਗੀ ਦਾ ਕਾਫੀ ਹਿੱਸਾ ਇਨ੍ਹਾਂ ਗੱਲਾਂ ਵਿੱਚ ਵਿਸ਼ਵਾਸ਼ ਕਰਕੇ ਹੀ ਗੁਜਾਰਿਆ ਹੈ। ਗੁਰਬਾਣੀ ਵਿੱਚ ਵੀ ਕਈ ਕਰਾਮਾਤੀ ਕਹਾਣੀਆਂ ਦਾ ਜ਼ਿਕਰ ਆਉਂਦਾ ਹੈ। ਸਿੱਖਾਂ ਦੇ ਕਥਿਤ ਬ੍ਰਹਮ ਗਿਆਨੀਆਂ ਨਾਲ ਵੀ ਅਨੇਕਾਂ ਤਰ੍ਹਾਂ ਦੀਆਂ ਕਰਾਮਾਤੀ ਕਹਾਣੀਆਂ ਜੋੜੀਆਂ ਹੋਈਆਂ ਹਨ। ਇਹ ਤਕਰੀਬਨ ਸਾਰੀਆਂ ਹੀ ਮੈਂ ਪੜ੍ਹੀਆਂ ਹੋਈਆਂ ਹਨ। ਕਈ ਵਾਰੀ ਅਚਾਨਕ ਕੁਦਰਤੀ ਕਈ ਐਸੀਆਂ ਘਟਨਾਵਾਂ ਘਟ ਜਾਂਦੀਆਂ ਹਨ ਜਿਨ੍ਹਾਂ ਨੂੰ ਕਰਾਮਾਤਾਂ ਨਾਲ ਜੋੜ ਦਿੱਤਾ ਜਾਂਦਾ ਹੈ ਪਰ ਉਹ ਹੁੰਦੀ ਨਹੀਂ ਉਸ ਦਾ ਕਾਰਨ ਕੋਈ ਹੋਰ ਹੁੰਦਾ ਹੈ। ਮਿਸਾਲ ਦੇ ਤੌਰ ਤੇ ਜਦੋਂ ਕਦੀਂ ਕੋਈ ਹਵਾਈ ਜਹਾਜ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਵੇ ਅਤੇ ਉਸ ਵਿਚੋਂ ਕੁੱਝ ਵਿਆਕਤੀ ਮਰਨੋਂ ਬਚ ਜਾਣ ਅਤੇ ਬਾਕੀ ਸਾਰੇ ਮਰ ਜਾਣ ਤਾਂ ਇਹ ਸਮਝਿਆ ਜਾਂਦਾ ਹੈ ਕਿ ਇਹ ਕੋਈ ਕਰਾਮਾਤ ਵਾਪਰ ਗਈ ਹੈ। ਕਈ ਇਹ ਵੀ ਸਮਝਦੇ ਹਨ ਕਿ ਫਲਾਨੇ ਬਾਬੇ ਦੀ ਅਰਦਾਸ ਨਾਲ ਇਹ ਹੋਇਆ ਹੈ ਜਾਂ ਪਿਛਲੇ ਕਰਮਾ ਕਰਕੇ ਹੋਇਆ ਹੈ।
ਜਾਦੂ-ਟੂਣੇ, ਜੰਤਰ-ਮੰਤਰ ਅਤੇ ਕਰਾਮਾਤ ਕੋਈ ਛੈ ਨਹੀਂ ਹੁੰਦੀ। ਜੇ ਕਰ ਇਸ ਤਰ੍ਹਾਂ ਹੋ ਸਕਦਾ ਹੁੰਦਾ ਤਾਂ ਗੁਰੂਆਂ ਭਗਤਾਂ ਨੂੰ ਉਸ ਤਰ੍ਹਾਂ ਦੇ ਤਸੀਹੇ ਨਾ ਝੱਲਣੇ ਪੈਂਦੇ ਜਿਸ ਤਰ੍ਹਾਂ ਦੇ ਝੱਲਣੇ ਪਏ ਹਨ। ਅਤੇ ਨਾ ਹੀ ਬਾਬਰ ਦੇ ਹਮਲੇ ਵੇਲੇ ਪੀਰਾਂ ਫਕੀਰਾਂ ਦੇ ਮੰਤਰਾਂ ਦਾ ਜ਼ਿਕਰ ਗੁਰਬਾਣੀ ਵਿੱਚ ਕਰਨਾ ਸੀ। ਅਖੰਡ ਪਾਠ, ਸਹਿਜ ਪਾਠ, ਸੰਪਟ ਪਾਠ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਪਾਠ ਕਰਨ ਨਾਲ ਕੋਈ ਵੀ ਕਰਾਮਾਤ ਨਹੀਂ ਵਾਪਰ ਸਕਦੀ। ਕੋਈ ਸਾਧ, ਸੰਤ, ਅਥਵਾ ਕਥਿਤ ਬ੍ਰਹਮ ਗਿਆਨੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਾਮਾਤ ਨਹੀਂ ਵਰਤਾ ਸਕਦਾ। ਲੋਕਾਈ ਨੂੰ ਬੇਵਕੂਫ ਬਣਾਉਣ ਲਈ ਝੂਠ ਕਹਾਣੀਆਂ ਘੜੀਆਂ ਜਾਂਦੀਆਂ ਹਨ ਅਤੇ ਆਮ ਸ਼ਰਧਾਲੂ ਇਨ੍ਹਾਂ ਤੇ ਵਿਸ਼ਵਾਸ਼ ਕਰ ਲੈਂਦੇ ਹਨ। ਕਿਸੇ ਸਮੇ ਅਸੀਂ ਵੀ ਕਰਦੇ ਰਹੇ ਹਾਂ। ਪਿਛਲੇ ਸਮੇ ਦੀ ਤਾਂ ਗੱਲ ਛੱਡੋ ਆਹ ਮੌਜੂਦਾ ਸਮੇ ਵਿੱਚ ਪਿਛਲੇ 37 ਸਾਲਾਂ ਵਿੱਚ ਕਿਤਨਾ ਕੁਫਰ ਤੋਲਿਆ ਗਿਆ ਹੈ। ਸਰਕਾਰ ਦੇ ਪਾਲੇ ਹੋਏ ਪਸ਼ੂ ਬਿਰਤੀ ਵਾਲੇ ਇੱਕ ਗੁੰਡੇ ਜਿਹੇ ਸਾਧ ਨੂੰ ਝੂਠੀਆਂ ਕਹਾਣੀਆਂ ਘੜ ਕੇ ਅਤੇ ਕਰਾਮਾਤਾਂ ਜੋੜ ਕੇ ਕਿਸਾਂ ਤਰ੍ਹਾਂ ਲੋਕਾਂ ਦੇ ਸਿਰਾਂ ਵਿੱਚ ਧੱਸਿਆ ਜਾ ਰਿਹਾ ਹੈ। ਇਹ ਸਾਰਾ ਕੁੱਝ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਪਰ ਕੋਈ ਵੀ ਮੂੰਹ ਖੋਲਣ ਲਈ ਤਿਆਰ ਨਹੀਂ। ਸਿੱਖਾਂ ਦੇ ਸਾਰੇ ਵਿਦਵਾਨ ਅੱਤ ਨੀਚਤਾ ਦੀ ਹੱਦ ਤੱਕ ਗਿਰ ਚੁੱਕੇ ਹਨ। ਇਨ੍ਹਾਂ ਵਿਚੋਂ ਇਕਨਾ ਦਾ ਕੰਮ ਹੈ ਝੂਠ ਬੋਲ-ਬੋਲ ਲੋਕਾਂ ਨੂੰ ਗੁਮਰਾਹ ਕਰਨਾ ਅਤੇ ਬਾਕੀਆਂ ਦਾ ਕੰਮ ਹੈ ਚੁੱਪ ਵੱਟ ਕੇ ਇਨ੍ਹਾਂ ਨਾਲ ਸਹਿਮਤੀ ਪ੍ਰਗਟਾਉਣੀ। ਯੂ-ਟਿਊਬ ਇਸ ਤਰ੍ਹਾਂ ਦੇ ਕੁਫਰਾਂ ਨਾਲ ਭਰੀ ਪਈ ਹੈ। ਇਸ ਬੇਈਮਾਨੀ ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ। ਜੁਲਾਈ 21, 2019 ਨੂੰ ਮੈਂ ਇੱਕ ਲੇਖ ਲਿਖਿਆ ਸੀ, “ਨਿਗੁਰੇ ਬੇਈਮਾਨਾ ਦੀ ਸੰਗਤ” ਇਸ ਲੇਖ ਵਿੱਚ ਮੈਂ ਕੇ. ਐੱਸ. ਬਰਾੜ ਦੀ ਅਸਲੀ ਕਿਤਾਬ ਅਤੇ ਇਸ ਗੁੰਡੇ ਸਾਧ ਦੇ ਬੇਈਮਾਨ ਚੇਲਿਆਂ ਵਲੋਂ ਉਸ ਦੇ ਨਾਮ ਤੇ ਨਕਲੀ ਜਾਹਲੀ ਕਿਤਾਬ ਛਾਪ ਵੰਡਣ ਦਾ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਆਪਣੇ ਕੋਲੋਂ ਕਈ ਸੌ ਗੁਣਾਂ ਝੂਠ ਬੋਲ ਕੇ ਲੋਕਾਂ ਦੇ ਸਿਰਾਂ ਵਿੱਚ ਧੱਸਿਆ ਜਾ ਰਿਹਾ ਹੈ। ਹੁਣ ਤੱਕ ਤਕਰੀਬਨ 99. 9% ਹਵਾਲੇ ਇਸ ਨਕਲੀ ਜਾਹਲੀ ਕਿਤਾਬ ਵਿਚੋਂ ਪੜ੍ਹਨ ਸੁਣਨ ਨੂੰ ਮਿਲਣਗੇ। ਉਹ ਨਿਗੁਰੇ ਬੇਈਮਾਨਾ ਦੀ ਸੰਗਤ ਵਾਲਾ ਲੇਖ ਤੁਸੀਂ ਹੇਠ ਲਿਖੇ ਲਿੰਕ ਤੇ ਕਲਿਕ ਕਰਕੇ ਪੜ੍ਹ ਸਕਦੇ ਹੋ।
http://www.sikhmarg.com/2019/0721-bayemana-de-sangat.html

ਇਨਸਾਨੀਅਤ ਤੋਂ ਗਿਰੇ ਹੋਏ ਬੇਈਮਾਨ ਲੋਕ ਇਹ ਸਮਝਦੇ ਹਨ ਕਿ ਉਹ ਗੁੰਡਾ ਸਾਧ ਪੰਜਾਬ ਦੇ ਹੱਕਾਂ ਲਈ ਲੜਿਆ। ਪਰ ਅਸਲੀਅਤ ਇਸ ਤੋਂ ਬਿੱਲਕੁੱਲ ਉਲਟ ਹੈ। ਉਹ ਪੰਜਾਬ ਅਤੇ ਸਿੱਖਾਂ ਦੀ ਬਰਬਾਦੀ ਲਈ ਧਰਮ ਦੇ ਨਾਮ ਤੇ ਬਦਮਾਸ਼ੀਆਂ ਕਰਕੇ ਗਿਆ ਹੈ ਜਿਸ ਦਾ ਘਾਟਾ ਕਦੀ ਵੀ ਪੂਰਾ ਨਹੀਂ ਹੋ ਸਕਦਾ। ਇਸ ਬਾਰੇ ਇੱਕ ਛੋਟਾ ਜਿਹਾ ਲੇਖ ਪੰਜਾਬ ਟਾਈਮਜ਼ ਤੋਂ ਲੈ ਕੇ ਹੇਠਾਂ ਪਾ ਰਿਹਾ ਹਾਂ ਜਿਹੜਾ ਕਿ ਐਡਵੋਕੇਟ ਦਲੀਪ ਸਿੰਘ ਵਾਸਨ ਦਾ ਲਿਖਿਆ ਹੋਇਆ ਹੈ ਅਤੇ ਇਹ 24 ਜੁਲਾਈ 2021 ਦੇ ਅੰਕ ਵਿੱਚ ਛਪਿਆ ਸੀ।

ਪੰਜਾਬ ਦਾ ਹੋ ਚੁਕਾ ਨੁਕਸਾਨ ਕਦੀ ਪੂਰਾ ਨਹੀਂ ਹੋਣਾ


1947 ਦਾ ਬਟਵਾਰਾ ਵੀ ਰਾਜਸੀ ਲੋਕਾਂ ਨੇ ਕਰਵਾਇਆ ਸੀ ਅਤੇ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਹੋਇਆ ਸੀ। ਮਾਸੂਮਾਂ ਦਾ ਕਤਲ, ਆਮ ਆਦਮੀ ਦਾ ਉਜਾੜਾ, ਲੁੱਟ ਅਤੇ ਸ਼ਰਨਾਰਥੀ ਬਣ ਕੇ ਰਹਿਣਾ ਜੈਸੀਆਂ ਮੁਸੀਬਤਾਂ ਪੰਜਾਬੀਆਂ ਸਿਰ ਪਈਆਂ ਸਨ। ਰਾਜਸੀ ਲੋਕਾਂ ਨੇ ਇਥੇ ਹੀ ਬਸ ਨਹੀਂ ਸੀ ਕੀਤੀ, ਪੰਜਾਬ ਵਿਚੋਂ ਹਿਮਾਚਲ ਵੱਖਰਾ ਕਰ ਦਿੱਤਾ ਗਿਆ ਅਤੇ ਫਿਰ ਹਰਿਆਣਾ ਵੀ ਪੰਜਾਬ ਵਿਚੋਂ ਬਾਹਰ ਕੱਢ ਕੇ ਇਹ ਨਿੱਕੀ ਜਿਹੀ ਸੂਬੀ ਬਣਾ ਕੇ ਰੱਖ ਦਿੱਤੀ ਗਈ, ਜਿਸ ਪਾਸ ਅੱਜ ਨਾ ਤਾਂ ਪਹਾੜ ਹਨ, ਨਾ ਹੀ ਆਪਣੇ ਦਰਿਆ ਹਨ, ਨਾ ਹੀ ਆਪਣੇ ਜੰਗਲ ਹਨ ਤੇ ਨਾ ਹੀ ਆਪਣਾ ਡੈਮ ਰਿਹਾ ਹੈ ਅਤੇ ਨਾ ਹੀ ਆਪਣੀ ਰਾਜਧਾਨੀ ਹੈ। ਕੋਈ ਇਹ ਆਖੇ ਕਿ ਇਸ ਵੰਡ ਨਾਲ ਪੰਜਾਬੀ ਭਾਸ਼ਾ ਨੂੰ ਕੋਈ ਲਾਭ ਪੁੱਜਾ ਹੈ ਤਾਂ ਐਸਾ ਵੀ ਨਹੀਂ ਹੈ, ਕਿਉਂਕਿ ਅੱਗੇ ਪੰਜਾਬੀ ਦੀਆਂ 1100 ਪੁਸਤਕਾਂ ਦੀਆਂ ਕਾਪੀਆਂ ਛਪਦੀਆਂ ਸਨ ਅਤੇ ਅੱਜ 100-200 ਕਾਪੀ ਛਪਦੀ ਹੈ ਤੇ ਉਹ ਵੀ ਵਿਕਦੀ ਨਹੀਂ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਭਾਈਚਾਰਾ ਗਤੀਸ਼ੀਲ ਤੇ ਪ੍ਰਗਤੀਸ਼ੀਲ ਹੈ ਅਤੇ 1947 ਵਿੱਚ ਹੀ ਭਾਰਤ ਨੂੰ ਆਪਣਾ ਦੇਸ਼ ਮੰਨ ਕੇ ਭਾਰਤ ਦੇ ਹਰ ਕੋਨੇ ਵਿੱਚ ਜਾ ਵਸਿਆ ਸੀ। ਸਿੱਖ ਭਾਈਚਾਰਾ ਦੇਸ਼ ਦੀ ਆਰਮੀ ਤੇ ਪੁਲਿਸ ਵਿਚ, ਦੇਸ਼ ਦੀ ਖੇਤੀਬਾੜੀ, ਵਪਾਰ, ਉਦਯੋਗ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋ ਗਿਆ ਸੀ ਅਤੇ ਹਰ ਕੋਈ ਸਿੱਖਾਂ ਉਤੇ ਵਿਸ਼ਵਾਸ ਕਰਦਾ ਸੀ।
ਖਾਲਿਸਤਾਨੀ ਲਹਿਰ ਦੇ ਜਨਮਦਾਤਾ ਪੰਜਾਬ ਦੇ ਰਾਜਸੀ ਲੋਕ ਹਨ ਅਤੇ ਇਸ ਲਹਿਰ ਨੇ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਦਾ ਵੱਡਾ ਨੁਕਸਾਨ ਕੀਤਾ ਹੈ। ਇਸੇ ਲਹਿਰ ਦੌਰਾਨ ਅਤਿਵਾਦ ਆਇਆ ਅਤੇ ਇਸ ਅਤਿਵਾਦ ਨੇ ਖੱਟਿਆ ਤਾਂ ਕੁੱਝ ਨਹੀਂ, ਪਰ ਸਿੱਖਾਂ ਦਾ ਰੱਜ ਕੇ ਨੁਕਸਾਨ ਕੀਤਾ, ਜਿਹੜਾ ਇਤਿਹਾਸ ਦੇ ਪੰਨਿਆਂ ਉਤੇ ਲਿਖਿਆ ਨਹੀਂ ਜਾ ਸਕਦਾ ਤੇ ਇਹ ਨੁਕਸਾਨ ਇੰਨਾ ਵੱਡਾ ਹੋ ਚੁਕਾ ਹੈ, ਜੋ ਸਦਾ ਹੀ ਬਣਿਆ ਰਹਿਣਾ ਹੈ।
ਸਿੱਖਾਂ ਉਤੇ ਹਮੇਸ਼ਾ ਹੀ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਅਤਿਵਾਦੀ ਹਨ ਤੇ ਖਾਲਿਸਤਾਨੀ ਹਨ। ਖਾਲਿਸਤਾਨ ਵਾਲਾ ਮਸਲਾ 1947 ਵਿੱਚ ਹੀ ਸੁਲਝਾ ਲਿਆ ਗਿਆ ਸੀ, ਪਰ ਪਤਾ ਨਹੀਂ ਇਹ ਰਾਜਸੀ ਲੋਕਾਂ ਦੀ ਇੱਛਾ ਕੀ ਰਹੀ ਹੈ, ਜਿਸ ਨਾਲ ਇਹ ਮਸਲਾ ਫਿਰ ਜਿਉਂਦਾ ਕਰਕੇ ਸਿੱਖਾਂ ਦਾ ਨੁਕਸਾਨ ਕਰਵਾ ਦਿੱਤਾ ਗਿਆ ਹੈ। ਹਾਲੇ ਤੱਕ ਕਿਸੇ ਵੀ ਸਿੱਖ ਸੰਸਥਾ ਨੇ ਇਹ ਗਿਣਤੀ ਹੀ ਨਹੀਂ ਕੀਤੀ ਕਿ ਕਿੰਨੇ ਹੀ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਹੈ। ਕੋਈ ਵੀ ਰਾਜਸੀ ਆਦਮੀ ਇਹ ਨਹੀਂ ਮੰਨ ਰਿਹਾ ਕਿ ਖਾਲਿਸਤਾਨੀ ਲਹਿਰ ਕਿਸ ਨੇ ਚਲਵਾਈ ਹੈ ਅਤੇ ਦਰਬਾਰ ਸਾਹਿਬ ਕੰਪਲੈਕਸ ਇਸ ਕੰਮ ਲਈ ਕਿਉਂ ਵਰਤਿਆ ਗਿਆ ਸੀ? ਜੇ ਘੋਖ ਕੀਤੀ ਜਾਵੇ ਤਾਂ ਨੀਲਾ ਤਾਰਾ ਕਾਰਵਾਈ ਕਰਾਉਣ `ਚ ਵੀ ਰਾਜਸੀ ਲੋਕ ਸ਼ਾਮਲ ਸਨ। ਇਸ ਨੀਲਾ ਤਾਰਾ ਕਾਰਵਾਈ ਕਾਰਨ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਅਤੇ ਰਾਜਸੀ ਲੋਕਾਂ ਨੂੰ ਮੌਕਾ ਮਿਲ ਗਿਆ ਤੇ ਸਿੱਖਾਂ ਖਿਲਾਫ ਦਿੱਲੀ ਦੰਗੇ ਕਰਵਾ ਕੇ ਹਜ਼ਾਰਾਂ ਮਾਸੂਮ ਸਿੱਖਾਂ ਦਾ ਕਤਲ ਕਰ/ਕਰਾ ਦਿੱਤਾ ਗਿਆ। ਰਾਜਸੀ ਲੋਕਾਂ ਨੇ ਆਪਣੀਆਂ ਗਲਤੀਆਂ ਦਾ ਅਫਸੋਸ ਕੀਤਾ ਹੈ ਜਾਂ ਨਹੀਂ, ਪਰ ਇਹ ਗੱਲ ਸਾਫ ਹੈ ਕਿ ਇਹ ਨੀਲਾ ਤਾਰਾ ਅਤੇ ਇਹ ਦਿੱਲੀ ਦੰਗੇ ਅੱਜ ਰਾਜਸੀ ਲੋਕਾਂ ਦਾ ਵੋਟ ਬੈਂਕ ਬਣ ਗਿਆ ਹੈ।
ਪੰਜਾਬ ਦੇ ਰਾਜਸੀ ਲੋਕਾਂ ਨੂੰ ਪਤਾ ਹੈ ਕਿ ਖਾਲਿਸਤਾਨ ਦੀ ਗੱਲ ਬਹੁਤ ਪੁਰਾਣੀ ਹੋ ਗਈ ਹੈ ਅਤੇ ਆਪ ਬਾਕਾਇਦਾ ਚੋਣਾਂ ਜਿੱਤ ਕੇ ਇਥੇ ਸਰਕਾਰਾਂ ਵੀ ਬਣਾਉਂਦੇ ਆ ਰਹੇ ਹਨ ਤੇ ਭਾਰਤ ਦੇ ਵਿਧਾਨ ਦੀਆਂ ਕਸਮਾਂ ਵੀ ਖਾ ਰਹੇ ਹਨ, ਪਰ ਸਿੱਖਾਂ ਦੀਆਂ ਵੋਟਾਂ ਲੈਣ ਲਈ ਕਦੀ ਖਾਲਿਸਤਾਨ, ਕਦੀ ਨੀਲਾ ਤਾਰਾ ਕਾਰਵਾਈ, ਕਦੀ ਦਰਬਾਰ ਸਾਹਿਬ ਉਤੇ ਹਮਲਾ, ਕਦੀ ਸਿੱਖ ਕੈਦੀਆਂ, ਕਦੀ ਕੁੱਝ ਅਤੇ ਕਦੀ ਕੁੱਝ ਗੱਲਾਂ ਕਰਕੇ ਇਹ ਸਿੱਖਾਂ ਦੀਆਂ ਵੋਟਾਂ ਹਾਸਲ ਕਰਕੇ ਭਾਰਤ ਦੇ ਵਿਧਾਨ ਦੀਆਂ ਕਸਮਾਂ ਖਾ ਰਹੇ ਹਨ। ਪੰਜਾਬ ਦੇ ਸਿੱਖ ਰਾਜਸੀ ਲੋਕ ਤਾਂ ਕਈ ਵਾਰ ਖਾਲਿਸਤਾਨ ਦੀ ਪ੍ਰਾਪਤੀ ਲਈ ਮਤੇ ਵੀ ਪਾ ਬੈਠੇ ਹਨ-ਅਰਥਾਤ ਰਾਜਸੀ ਲੋਕਾਂ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਹਨ ਅਤੇ ਇਹ ਕੋਈ ਵੀ ਪੈਂਤੜਾ ਵਰਤ ਸਕਦੇ ਹਨ।
ਅੱਜ ਤਕ ਪੰਜਾਬ ਦਾ ਜਿਹੜਾ ਨੁਕਸਾਨ ਹੋ ਚੁਕਾ ਹੈ, ਇਹ ਗਿਣਿਆ ਨਹੀਂ ਜਾ ਸਕਦਾ। ਖਾਲਿਸਤਾਨ ਅਤੇ ਅਤਿਵਾਦ ਦਾ ਡਰ ਐਸਾ ਪੈ ਗਿਆ ਹੈ ਕਿ ਪੰਜਾਬ ਅੰਦਰ ਕੋਈ ਵੱਡੇ ਉਦਯੋਗ ਨਹੀਂ ਲੱਗੇ ਹਨ ਅਤੇ ਇਸ ਇਲਾਕੇ ਦਾ ਅਨਾਜ ਹੀ ਸੰਭਾਲਣ ਲਈ ਕੋਈ ਅਨਾਜ ਪ੍ਰੋਸੈਸਿਗ ਪਲਾਂਟ ਵੀ ਨਹੀਂ ਲੱਗ ਸਕੇ। ਕਈ ਵੱਡੇ ਕਾਰਖਾਨੇ ਪੰਜਾਬ ਛੱਡ ਗਏ ਹਨ ਅਤੇ ਇਸ ਤਰ੍ਹਾਂ ਪੰਜਾਬ ਹਰ ਤਰ੍ਹਾਂ ਨਾਲ ਤਬਾਹੀ ਕੰਢੇ ਆ ਪੁੱਜਾ ਹੈ। ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ। ਕਈ ਅਮਲੀ ਹੋ ਗਏ ਹਨ, ਕਈ ਅਪਰਾਧੀ ਬਣੀ ਜਾ ਰਹੇ ਹਨ ਅਤੇ ਖੁਦਕੁਸ਼ੀ ਦੀਆਂ ਘਟਨਾਵਾਂ ਵੀ ਵਧ ਗਈਆਂ ਹਨ।
ਪੰਜਾਬ ਦਾ ਜੋ ਵੀ ਹਾਲ ਬਣਾ ਦਿੱਤਾ ਗਿਆ ਹੈ, ਸਿਆਣੇ ਤੋਂ ਵੀ ਸਿਆਣਾ ਆਦਮੀ ਇਸ ਦਾ ਹੱਲ ਨਹੀਂ ਲੱਭ ਸਕਦਾ। ਪੰਜਾਬ ਦਾ ਬੇੜਾ ਗਰਕ ਕੀਤਾ ਜਾ ਚੁਕਾ ਹੈ। ਸਿੱਖਾਂ ਦੀ ਭਾਰਤ ਵਿੱਚ ਜਿਹੜੀ ਸ਼ਾਨ ਬਣ ਆਈ ਸੀ, ਖਤਮ ਹੈ। ਕੋਈ ਇਹ ਆਖੇ ਕਿ ਪੰਜਾਬ ਨੂੰ ਕਦੀ ਆਪਣੇ ਪਹਾੜ, ਆਪਣੇ ਜੰਗਲ, ਆਪਣੇ ਦਰਿਆ, ਆਪਣੇ ਡੈਮ, ਆਪਣੇ ਬਿਜਲੀ ਘਰ, ਆਪਣੇ ਪੰਜਾਬੀ ਬੋਲਦੇ ਇਲਾਕੇ ਵਾਪਸ ਮਿਲ ਜਾਣਗੇ-ਅਨਹੋਣੀਆਂ ਗੱਲਾਂ ਹਨ। ਹੁਣ ਤਾਂ ਪੰਜਾਬ ਬਸ ਖੇਤੀਬਾੜੀ ਵਾਲਾ ਇਲਾਕਾ ਹੀ ਰਹੇਗਾ ਅਤੇ ਵੱਡੇ ਉਦਯੋਗ ਤੇ ਵੱਡੇ ਵਪਾਰਕ ਅਦਾਰੇ ਵੀ ਇਥੇ ਨਹੀਂ ਲੱਗਣਗੇ। ਇਹ ਸਭ ਤੋਂ ਪਛੜਿਆ ਹੋਇਆ ਸੂਬਾ ਬਣ ਚੁਕਾ ਹੈ।
ਦਲੀਪ ਸਿੰਘ ਵਾਸਨ, ਐਡਵੋਕੇਟ
ਫੋਨ: +0175-5191856

ਇਸ ਲੇਖ ਵਿੱਚ ਗੱਲ ਤਾਂ ਮੈਂ ਕਰ ਰਿਹਾ ਸੀ ਰੱਬ, ਗੁਰਬਾਣੀ ਅਤੇ ਕਰਾਮਾਤਾਂ ਦੀ ਪਰ ਜਿਹੜੇ ਇਨ੍ਹਾਂ ਗੱਲਾਂ ਨੂੰ ਨਹੀਂ ਵੀ ਮੰਨਦੇ ਪਰ ਉਸ ਪਸ਼ੂ ਬਿਰਤੀ ਵਾਲੇ ਸਾਧ ਦੀਆਂ ਸਿਫਤਾਂ ਉਹ ਵੀ ਰੱਜ ਕੇ ਕਰਦੇ ਹਨ ਕਿ ਉਸ ਨੇ ਸਿੱਖ ਹੱਕਾਂ ਦੀ ਗੱਲ ਕੀਤੀ ਸੀ। ਇਹ ਤਾਂ ਅਕਾਲੀ ਲੀਡਰ ਪਹਿਲਾਂ ਤੋਂ ਹੀ ਕਰਦੇ ਆ ਰਹੇ ਹਨ। ਕੀ ਹਥਿਆਰਾਂ ਦੀ ਮਾੜ-ਧਾੜ ਨਾਲ ਹੱਕ ਮਿਲ ਗਏ ਹਨ? ਇਨ੍ਹਾਂ ਨੂੰ ਪੰਜਾਬ ਦਾ ਹੋਇਆ ਨੁਕਸਾਨ ਨਹੀਂ ਦਿਸਦਾ ਸਿਰਫ ਧਰਮ ਦੇ ਨਾਮ ਤੇ ਕੀਤੀ ਗਈ ਬਦਮਾਸ਼ੀ ਨੂੰ ਧਰਮ ਬਣਾ ਕੇ ਪੇਸ਼ ਕਰਨਾ ਹੁੰਦਾ ਹੈ। ਰੱਬ ਨੂੰ ਮੰਨਣ ਵਾਲੇ ਧਰਮ ਵਿੱਚ ਵਿਸ਼ਵਾਸ਼ ਰੱਖਣ ਵਾਲੇ ਸਭ ਤੋਂ ਜਿਆਦਾ ਲੋਕ ਭਾਰਤ ਵਿੱਚ ਰਹਿੰਦੇ ਹਨ। ਧਰਮ ਦੇ ਨਾਮ ਤੇ ਸਭ ਤੋਂ ਵੱਧ ਪੁੰਨ-ਦਾਨ ਉਥੇ ਹੀ ਹੁੰਦਾ ਹੈ। ਪਰ ਸਭ ਤੋਂ ਵੱਧ ਭ੍ਰਸ਼ਟ ਅਤੇ ਬੇਈਮਾਨ ਲੋਕ ਵੀ ਉੱਥੇ ਹੀ ਹਨ। ਧਰਮ ਪੁਸਤਕਾਂ ਤੋਂ ਪਾਠ ਅਤੇ ਅਰਦਾਸਾਂ ਪਤਾ ਨਹੀਂ ਰੋਜ ਕਿਤਨੀਆਂ ਕੁ ਹੁੰਦੀਆਂ ਹੋਣਗੀਆਂ। ਕੀ ਇਸ ਨਾਲ ਮਸਲੇ ਹੱਲ ਹੋ ਗਏ ਹਨ ਜਾਂ ਹੱਲ ਹੋ ਜਾਣਗੇ? ਇਸ ਵੇਲੇ ਜਪਾਨ ਵਿੱਚ ਉਲੰਪਕ ਗੇਮਾਂ ਹੋ ਰਹੀਆਂ ਹਨ। ਭਾਰਤ ਦੇ ਗੁਆਂਢ ਵਿੱਚ ਚੀਨ ਦੇਸ਼ ਹੈ। ਅਬਾਦੀ ਦੇ ਪੱਖੋਂ ਤਕਰੀਬਨ ਬਰਾਬਰ ਹੀ ਹਨ। ਚੀਨ ਨੇ ਹੁਣ ਤੱਕ ਕਿਤਨੇ ਮੈਡਲ ਜਿੱਤੇ ਹਨ ਅਤੇ ਭਾਰਤ ਨੇ ਕਿਤਨੇ? ਇਹ ਤੁਸੀਂ ਖੁਦ ਹੀ ਅੰਦਾਜਾ ਲਗਾ ਸਕਦੇ ਹੋ ਕਿ ਚੀਨ ਨੇ ਮੈਡਲ ਪਾਠ ਪੂਜਾ ਜਾਂ ਅਰਦਾਸਾਂ ਨਾਲ ਜਿੱਤੇ ਹਨ ਜਾਂ ਮਿਹਨਤ ਨਾਲ? ਚੀਨ ਇੱਕ ਨਾਸਤਕ ਦੇਸ਼ ਹੈ ਪਰ ਉਸ ਨੇ ਆਪਣੀ ਅਕਲ ਅਤੇ ਮਿਹਨਤ ਨਾਲ ਸਾਰੀ ਦੁਨੀਆ ਵਿੱਚ ਵਕਤ ਪਾਇਆ ਹੋਇਆ ਹੈ। ਸਾਰੀ ਦੁਨੀਆ ਦੀਆਂ ਸਟੋਰਾਂ ਵਿੱਚ ਜੋ ਵੀ ਚੀਜਾਂ ਵਿਕਦੀਆਂ ਹਨ ਉਹ ਕੁੱਝ ਇੱਕ ਨੂੰ ਛੱਡ ਕੇ ਤਕਰੀਬਨ ਸਾਰੀਆਂ ਹੀ ਚੀਨ ਦੀਆਂ ਬਣੀਆਂ ਹੋਈਆਂ ਹੁੰਦੀਆਂ ਹਨ। ਦੁਨੀਆਂ ਦੀਆਂ ਤਕਰੀਬਨ ਸਾਰੀਆਂ ਹੀ ਕੰਪਨੀਆਂ ਉਥੋਂ ਸਮਾਨ ਬਣਾ ਕੇ ਬੇਚਦੀਆਂ ਹਨ। ਕੀ ਭਾਰਤ ਵਿੱਚ ਵੀ ਅਜਿਹਾ ਨਹੀਂ ਹੋ ਸਕਦਾ? ਹੋ ਸਕਦਾ ਹੈ ਪਰ ਉਥੇ ਤਾਂ ਆਪਸ ਵਿੱਚ ਧਰਮ ਦੇ ਨਾਮ ਤੇ ਨਫਰਤ ਫੈਲਾਉਣ ਤੋਂ ਹੀ ਵਿਹਲ ਨਹੀਂ ਮਿਲਦੀ। ਇੱਕ ਸਾਧਾਰਣ ਜਿਹੀ ਗੱਲ ਹੈ ਇਹ ਸਾਰੇ ਹੀ ਆਪਣੇ ਤੇ ਢੁਕਾ ਕੇ ਦੇਖੋ। ਕੀ ਤੁਸੀਂ ਉਸ ਬੰਦੇ ਨੂੰ ਪੈਸੇ ਉਧਾਰ ਦੇ ਸਕਦੇ ਹੋ ਜਿਸ ਦੇ ਟੱਬਰ ਵਿੱਚ ਹਰ ਵੇਲੇ ਲੜਾਈ ਝਗੜਾ ਰਹਿੰਦਾ ਹੋਵੇ ਅਤੇ ਪੈਸੇ ਵਾਪਸ ਮੁੜਨ ਦੀ ਆਸ ਬਹੁਤ ਘੱਟ ਹੋਵੇ? ਕੀ ਦੁਨੀਆ ਦੀ ਕੋਈ ਵੀ ਕੰਪਨੀ ਅਫਗਾਨਿਸਤਾਨ ਵਿੱਚ ਤਾਲਬਾਨਾ ਦੇ ਇਲਾਕੇ ਵਿੱਚ ਕੋਈ ਫੈਕਟਰੀ ਲਗਾ ਸਕਦੀ ਹੈ? ਬਹਾਦਰ ਤਾਂ ਉਹ ਵੀ ਬਹੁਤ ਹਨ। ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਦੀ ਉਨ੍ਹਾਂ ਨੇ ਟੈਂ ਨਹੀਂ ਮੰਨੀ। ਬਸ ਇਹ ਨੁਕਤਾ ਆਪਣੇ ਦਿਮਾਗ ਵਿੱਚ ਵਿਚਾਰ ਕੇ ਦਲੀਪ ਸਿੰਘ ਵਾਸਨ ਦੇ ਲੇਖ ਨੂੰ ਵਿਚਾਰੋ ਤਾਂ ਤੁਹਾਨੂੰ ਸਮਝ ਆ ਜਾਵੇਗੀ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸਾਨੂੰ ਕੀ ਕੁੱਝ ਕਰਨਾ ਚਾਹੀਦਾ ਹੈ ਅਤੇ ਅਸੀਂ ਕੀ ਕਰ ਰਹੇ ਹਾਂ। ਰੱਬ ਅਤੇ ਗੁਰਬਾਣੀ ਦੀ ਵਿਚਾਰ ਸਮਾਜ ਨੂੰ ਚੰਗਾ ਬਣਾਉਣ ਲਈ ਕਰਨੀ ਚਾਹੀਦੀ ਹੈ ਨਾ ਕਿ ਝੂਠੀਆਂ ਕਰਾਮਾਤੀ ਕਹਾਣੀਆਂ ਘੜ ਕੇ ਲੋਕਾਈ ਨੂੰ ਬੇਵਕੂਫ ਬਣਾਉਣ ਲਈ।
ਮੱਖਣ ਪੁਰੇਵਾਲ,
ਅਗਸਤ 03, 2021.




.