.

ਰਹਿਤ ਮਰਿਆਦਾ (ਕਿਸ਼ਤ ਤੀਜੀ)

ਸੱਚੀ ਰਹਿਤ ਦੀਆਂ ਵਿਚਾਰਣਯੋਗ ਕੁੱਝ ਹੋਰ ਤੁਕਾਂ:

ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ

ਸਤਗੁਰੁ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ॥ ਜੈਤਸਰੀ ਮ: ੪

(ਪਾਲੀ: ਪੱਲੇ ਨਾਲ, ਲੜ ਨਾਲ। ਹਮ ਲਾਵੈ ਆਪਨ ਪਾਲੀ: ਸਾਨੂੰ ਆਪਣੇ ਲੜ ਲਾ ਲਵੇ।)

ਗੁਰਸਿਖ ਮੀਤ ਚਲਹੁ ਗੁਰ ਚਾਲੀਜੋ ਗੁਰ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ ੧॥ ਰਹਾਉ॥ ਧਨਾਸਰੀ ਮ: ੪

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ॥ ਸੂਹੀ ਮ: ੫

(ਸੇਵਾ: ਭਾਣੇ ਵਿੱਚ ਰਹਿੰਦਿਆਂ, ਪ੍ਰਭੂ ਦੇ ਗੁਣ-ਗਾਇਣ ਕਰਨੇ, ਇਨ੍ਹਾਂ ਦੈਵੀ ਗੁਣਾਂ ਨੂੰ ਅਪਣਾਉਣਾ ਅਤੇ ਇਨ੍ਹਾਂ ਅਨੁਸਾਰ ਜੀਵਨ ਵਿਤੀਤ ਕਰਨਾ ਹੀ ਉਸ ਅਕਾਲ ਪੁਰਖ ਦੀ ਸੱਚੀ ਸੇਵਾ ਹੈ!)

ਕਬੀਰ ਜੀ ਦੀਆਂ ਰਾਗੁ ਗਉੜੀ ਵਿੱਚ ਉਚਾਰੀਆਂ ਨਿਮਨ ਲਿਖਿਤ ਤੁਕਾਂ ਗੁਰਮਤਿ ਦੀ ਸੱਚੀ, ਸੁੱਚੀ ਤੇ ਉੱਚੀ ਰਹਿਤ ਨੂੰ ਬਾ-ਖ਼ੂਬੀ ਮੂਰਤੀਮਾਨ ਕਰਦੀਆਂ ਹਨ!

ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ॥ ਐਸੀ ਰਹਤ ਰਹਉ ਹਰਿ ਪਾਸਾ॥ ਕਹੈ ਕਬੀਰੁ ਨਿਰੰਜਨੁ ਧਿਆਵਉ॥ ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ॥ ਗਉੜੀ ਕਬੀਰ ਜੀ

ਭਾਵ ਅਰਥ: ਪ੍ਰਭੂ ਦਾ ਪੱਲਾ ਫੜ ਕੇ ਮੈਂ ਸ੍ਰਿਸ਼ਟੀ ਦੇ ਮੂਲ ਪੰਜ ਤੱਤਾਂ, ਪਾਣੀ (ਅਪੁ), ਅੱਗ (ਤੇਜੁ), ਹਵਾ (ਬਾਇ), ਧਰਤੀ (ਪ੍ਰਿਥਮੀ) ਤੇ ਆਕਾਸ਼ (ਆਕਾਸਾ), ਦੇ ਦੈਵੀ ਗੁਣਾਂ ਵਾਲੀ ਰਹਿਤ ਅਨੁਸਾਰ ਜੀਵਨ ਗੁਜ਼ਾਰ ਰਿਹਾ ਹਾਂ। ਕਬੀਰ ਕਥਨ ਕਰਦਾ ਹੈ! ਮੈਂ ਤ੍ਰੈਗੁਣ ਅਤੀਤ ਪ੍ਰਭੂ ਦਾ ਨਾਮ ਸਿਮਰਦਾ ਹਾਂ। ਨਾਮ-ਸਿਮਰਨ ਸਦਕਾ ਮੈਂ ਉਸ ਉੱਚਤਮ ਆਤਮਿਕ ਅਵਸਥਾ (ਤੁਰੀਆ ਅਵਸਥਾ, ਪਰਮ ਪਦ…) ਵਿੱਚ ਪਹੁੰਚ ਗਿਆ ਹਾਂ ਜਿੱਥੇ ਪਹੁੰਚਿਆ ਮਨੁੱਖ ਵਾਪਸ ਨਹੀਂ ਆਉਂਦਾ!

(ਪੰਜ ਤੱਤਾਂ ਦੀ ਰਹਿਤ ਅਰਥਾਤ ਪੰਜ ਤੱਤਾਂ ਦੇ ਦੈਵੀ ਗੁਣ ਹਨ: ਭਾਣੇ ਵਿੱਚ ਰਹਿਕੇ ਨਾਮ-ਸਿਮਰਨ, ਉੱਦਮ, ਕਿਰਤ, ਸਤੁ, ਸੰਤੋਖ, ਦਯਾ, ਧਰਮ, ਧੀਰਜ, ਖਿਮਾ, ਸਹਿਣਸ਼ੀਲਤਾ, ਮਿੱਠਤ, ਨਮਰਤਾ, ਪਰਉਪਕਾਰਤਾ, ਹੰਕਾਰ ਦੀ ਅਣਹੋਂਦ, ਨਿਸ਼ਕਾਮਤਾ, ਨਿਰਪੱਖਤਾ, ਪ੍ਰਕਾਸ਼, ਬਿਬੇਕਤਾ, ਸ਼ੁੱਧਤਾ, ਸ਼ੀਤਲਤਾ, ਨਿਰਲੇਪਤਾ, ਜੀਵਨ-ਦਾਨ, ਪਰਵਰਿਸ਼, ਤੇ ਵਿਕਾਸ……।)

ਕਾਦਰ ਦੀ ਕੁਦਰਤ ਦੇ ਮੂਲ ਤੱਤਾਂ ਦੇ ਉਪਰੋਕਤ ਗੁਣ ਹੀ ਉਹ ਦੈਵੀ, ਨੈਤਿਕ ਤੇ ਮਾਨਵਵਾਦੀ ਗੁਣ ਹਨ, ਜਿਨ੍ਹਾਂ ਨੂੰ ਦ੍ਰਿੜਤਾ ਨਾਲ ਧਾਰਨ ਕਰਨਾ ਹੀ ਸੱਚੀ, ਸੁੱਚੀ ਤੇ ਉੱਚੀ ਰਹਿਤ ਹੈ। ਇਸ ਰਹਿਤ ਵਿੱਚ ਸਰਪਨੀ ਮਾਇਆ ਦੀ ਕੋਈ ਦਖ਼ਲ-ਅੰਦਾਜ਼ੀ ਨਹੀਂ ਹੈ! ਜਿਹੜੇ ਸੁਭਾਗੇ, ਹਰਿਨਾਮ ਸਿਮਰਨ ਦੀ ਬਰਕਤ ਨਾਲ, ਪ੍ਰਭੂ ਦੇ ਭਾਣੇ ਵਿੱਚ ਰਹਿੰਦਿਆਂ, ਕਾਦਰ ਦੀ ਕੁਦਰਤ ਦੇ ਤੱਤਾਂ ਦੀ ਰਹਤ ਧਾਰਨ ਕਰਦੇ ਹਨ, ਉਹ ਇਸ ਅਧਿਆਤਮਿਕ ਰਹਤ ਸਦਕਾ ਰੱਬ ਨਾਲ ਸਦੀਵੀ ਸਾਂਝ ਪਾ ਕੇ ਅਪਣਾ ਮਾਨਵ-ਜੀਵਨ ਸਫ਼ਲਾ ਕਰ ਜਾਂਦੇ ਹਨ! ਅਤੇ ਇਨ੍ਹਾਂ ਗੁਰਮੁਖਾਂ ਦੀ ਸੰਗਤ ਕਰਨ ਵਾਲੇ ਸੁਭਾਗੇ ਵੀ ਜੀਵਨ-ਮੁਕਤ ਹੋ ਜਾਂਦੇ ਹਨ!

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ ਜਪੁ ਮ: ੧

ਇਹ ਇੱਕ ਪ੍ਰਮਾਣਿਤ ਸੱਚ ਹੈ ਕਿ ਸੰਸਾਰਕ ਰਹਿਤ ਮਰਯਾਦਾਵਾਂ ਬਣਾਉਣ/ਬਣਵਾਉਣ ਤੇ ਲੋਕਾਂ ਉੱਤੇ ਥੋਪਣ ਵਾਲਿਆਂ ਅਤੇ ਇਨ੍ਹਾਂ ਰਹਿਤ ਮਰਯਾਦਾਵਾਂ ਨੂੰ ਸਮਰਪਿਤ ਲੋਕਾਂ ਵਿੱਚ ਪੰਜ ਤੱਤਾਂ ਦੀ ਰਹਿਤ ਵਾਲੇ ਉਪਰੋਕਤ ਦੈਵੀ ਗੁਣ ਨਹੀਂ ਹੁੰਦੇ ਤੇ ਨਾ ਹੀ ਹੋ ਸਕਦੇ ਹਨ! ਪ੍ਰਤੱਖ ਨੂੰ ਪ੍ਰਮਾਣਾਂ ਦੀ ਲੋੜ ਨਹੀਂ!

ਪਾਠਕਾਂ ਦੇ ਧਿਆਨ-ਯੋਗ ਕੁੱਝ ਹੋਰ ਨੁਕਤੇ:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਲਿਖਵਾਈ, ਪ੍ਰਕਾਸ਼ਤ ਕੀਤੀ ਤੇ ਪ੍ਰਚਾਰੀ ਜਾ ਰਹੀ ਅਜੋਕੀ “ਸਿੱਖ ਰਹਿਤ ਮਰਯਾਦਾ” ਦਾ ਪਿਛੋਕੜ ਤੇ ਸਰੋਤ:

ਗੁਰੂ ਕਾਲ ਦੇ ਸਮਾਪਤ ਹੁੰਦਿਆਂ ਹੀ, ਕਈ ਗੁਰਮਤਿ-ਦ੍ਰੋਹੀ ਮਨਮੱਤੀਏ ਲਿਖਾਰੀਆਂ ਨੇ, ਗੁਰਮਤਿ ਸਿੱਧਾਂਤਾਂ ਨੂੰ ਪਰੋਖੇ ਰੱਖਦਿਆਂ, ਦੂਜੇ ਸੰਸਾਰਕ ਧਰਮਾਂ ਦੀਆਂ ਨਿਰਧਾਰਤ ਮਰਯਾਦਾਵਾਂ ਤੇ ਪ੍ਰਚੱਲਿਤ ਰਹਿਤਾਂ ਦੇ ਆਧਾਰ `ਤੇ, ਕਈ ‘ਸਿੱਖ’ ਰਹਿਤਨਾਮਿਆਂ* ਦੀ ਰਚਨਾ ਕਰ ਦਿੱਤੀ। ਇਨ੍ਹਾਂ ਰਹਿਤਨਾਮਿਆਂ ਵਿੱਚ, “ਮਨਮਤਿ ਨਾਲ ਗੁਰਮਤਿ ਨੂੰ ਲੋਪ ਕਰਨ ਦਾ ਯਤਨ” ਸਾਫ਼ ਨਜ਼ਰ ਆਉਂਦਾ ਹੈ! । ਗੁਰਮਤਿ-ਵਿਰੋਧੀ ਇਨ੍ਹਾਂ ਮਨਮਤੀ ਰਹਿਤਨਾਮਿਆਂ ਦੀ ਗਿਣਤੀ ਚਾਲੀ ਦੇ ਕਰੀਬ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਹੁਕਮਾਧੀਨ, ਗੁਰਮਤਿ ਗਿਆਨ ਤੋਂ ਕੋਰੇ ਕਥਿਤ ਵਿਦਵਾਨਾਂ ਨੇ, ਗੁਰਮਤਿ ਦੇ ਪਵਿਤ੍ਰ ਸਿੱਧਾਂਤਾਂ ਵੱਲੋਂ ਅੱਖਾਂ ਮੁੰਦ ਕੇ, ਰਹਿਤਨਾਮਿਆਂ ਤੇ ਦੂਜੇ ਸੰਸਾਰਕ ਧਰਮਾਂ ਦੀਆਂ ਪ੍ਰਚੱਲਿਤ ਰਹਿਤਾਂ ਦੇ ਆਧਾਰ `ਤੇ “ਸਿੱਖ ਰਹਿਤ ਮਰਯਾਦਾ” ਬਣਾਈ ਹੈ। ਇਸ “ਸਿੱਖ ਰਹਿਤ ਮਰਯਾਦਾ” ਨੂੰ, ਨਿਰਸੰਦੇਹ, ਨਵੀਨਤਮ ਰਹਿਤਨਾਮਾ ਕਿਹਾ ਜਾ ਸਕਦਾ ਹੈ! ਇਸ ਨਵੀਨਤਮ ਰਹਿਤਨਾਮੇ ਵਿੱਚ ਵੀ “ਮਨਮਤਿ ਨਾਲ ਗੁਰਮਤਿ ਨੂੰ ਲੋਪ ਕਰਨ ਦਾ ਯਤਨ” ਪ੍ਰਤੱਖ ਦਿਖਾਈ ਦਿੰਦਾ ਹੈ!

(*ਰਹਿਤ ਨਾਮਾ: ਉਹ ਪੁਸਤਕ ਜਿਸ ਵਿੱਚ ਕਿਸੇ ਧਰਮ ਵਿਸ਼ੇਸ਼ ਦੇ ਨਿਯਮਾਂ ਤੇ ਵਿਧੀ-ਵਿਧਾਨ ਦਾ ਵਰਣਨ ਹੋਵੇ।)

ਹਰ ਸੰਪ੍ਰਦਾਈ ਧਰਮ ਦੇ ਆਪੂੰ ਬਣੇ ਠੇਕੇਦਾਰਾਂ ਦਾ ਛਲਾਰ ਲਾਣਾ ਅਣਜਾਣ ਲੋਕਾਂ ਨੂੰ ਮਾਨਸਿਕ ਤੌਰ `ਤੇ ਗ਼ੁਲਾਮ ਬਣਾ ਕੇ ਛਲਣ/ਠੱਗਣ ਲਈ ਜਿਹੜੇ ਘਾਤਿਕ ਜਾਲ ਵਿਛਾਉਂਦਾ ਹੈ, ਉਨ੍ਹਾਂ ਜਾਲਾਂ ਵਿੱਚੋਂ ਇੱਕ ਹੈ: ਮਰਯਾਦਿਤ ਰਹਿਤ ਜਾਂ ਅਜੋਕੇ ‘ਸਿੱਖ ਵਿਦਵਾਨਾਂ’ ਅਨੁਸਾਰ, “ਰਹਿਤ ਮਰਯਾਦਾ” ! ! ਇਹ ਮਰਯਾਦਿਤ ਰਹਿਤਾਂ ਸਾਧਾਰਨ ਮਨੁੱਖਾਂ ਵਾਸਤੇ ਭਰਮ ਦਾ ਇੱਕ ਅਜਿਹਾ ਫੰਧਾ ਹੈ ਜਿਸ ਵਿੱਚ ਫਸੇ ਭੋਲੇ-ਭਾਲੇ ਸਿੱਧੜ ਲੋਕ ਰੱਬ ਨਾਲੋਂ ਟੁੱਟ ਕੇ ਨਾ ਏਧਰ ਦੇ ਰਹਿੰਦੇ ਹਨ ਤੇ ਨਾ ਓਧਰ ਦੇ! “ਸਿੱਖ ਰਹਿਤ ਮਰਯਾਦਾ” ਅਤੇ ਇਸ ਨੂੰ ਸਮਰਪਿਤ ‘ਸਿੱਖਾਂ’ ਦਾ ਜੀਵਨ ਉਕਤ ਕਥਨ ਦਾ ਮੂੰਹ ਬੋਲਦਾ ਪ੍ਰਮਾਣ ਹੈ!

ਮਾਨਵ-ਜੀਵਨ ਉੱਤੇ “ਸਿੱਖ ਰਹਿਤ ਮਰਯਾਦਾ” ਥੋਪਣ ਦੇ ਕੁੱਝ ਇੱਕ ਘਾਤਿਕ ਤੇ ਨੁਕਸਾਨਦੇਹ ਨਤੀਜੇ:

1. ਆਪਣੇ ਆਪ ਨੂੰ ਗੁਰੂ ਗ੍ਰੰਥ ਦੇ ਕਹਿੰਦੇ/ਕਹਾਉਂਦੇ ਸਿੱਖ-ਸੇਵਕ, ਅਕਾਲ ਪੁਰਖ ਤੇ ਗੁਰੂ ਗ੍ਰੰਥ ਵੱਲੋਂ ਬੇਮੁਖ ਹੋ ਕੇ ਨਿਗੁਣੀ ਰਹਿਤ ਮਰਯਾਦਾ ਨੂੰ ਸਮਰਪਿਤ ਹੋ ਕੇ ਏਧਰ ਓਧਰ ਭਟਕ ਰਹੇ ਹਨ।

2. ਪੁਜਾਰੀਆਂ ਦੁਆਰਾ ਮਨੁੱਖਤਾ ਵਿੱਚ ਉਸਾਰੀਆਂ ਗਈਆਂ ਵੰਡ ਦੀਆਂ ਜਿਹੜੀਆਂ ਪੱਕੀਆਂ ਦੀਵਾਰਾਂ ਨੂੰ ਬਾਣੀਕਾਰਾਂ ਨੇ ਆਪਣੇ ਅਧਿਆਤਮ-ਗਿਆਨ ਤੇ ਬਿਬੇਕ ਦੇ ਸ਼ੁੱਧ, ਸੂਖਮ ਪਰ ਠੋਸ ਤੇ ਨਿੱਗਰ ਹਥੌੜੇ ਨਾਲ ਢਹਿ-ਢੇਰੀ ਕਰ ਦਿੱਤਾ ਸੀ, “ਸਿੱਖ ਰਹਿਤ ਮਰਯਾਦਾ” ਦੇ ਪੁੱਠੇ ਪ੍ਰਭਾਵ ਨਾਲ, ਮਾਨਵਤਾ ਦੀਆਂ ਦੁਸ਼ਮਨ ਉਹੀ ਦੀਵਾਰਾਂ ਹੋਰ ਪਕੇਰੀਆਂ ਹੋਕੇ ਫਿਰ ਉਘੜ ਆਈਆਂ ਹਨ। “ਸਿੱਖ ਰਹਿਤ ਮ੍ਰਯਾਦਾ” ਦੀ ‘ਅਪਾਰ ਕ੍ਰਿਪਾ’ ਸਦਕਾ ਗੁਰੂ (ਗ੍ਰੰਥ) ਦੇ ਕਰੋੜਾਂ ਅਨਿੰਨ ਭਗਤ, ਰਵਿਦਾਸੀਏ, ਫ਼ਰੀਦ-ਪੰਥੀਏ, ਕਬੀਰ-ਪੰਥੀਏ, ਸਿੰਧੀ ਭਾਈਚਾਰਾ, ਹਿੰਦੂ, ਮੁਸਲਮਾਨ, ਈਸਾਈ ਅਤੇ ਕਥਿਤ ਨੀਚ ਤੇ ਪਤਿਤ ਗਰਦਾਨੇ ਜਾਂਦੇ ਸੱਚੇ ਸਿੱਖ-ਸੇਵਕ ਜਗਤ-ਗੁਰੂ ਗੁਰੂ ਗ੍ਰੰਥ ਨਾਲੋਂ ਨਾਤਾ ਤੋੜ ਕੇ ਦੂਜੇ ਧਰਮਾਂ ਨਾਲ ਜਾ ਜੁੜੇ ਹਨ ਜਾਂ ਡੇਰਿਆਂ ਦੀ ਸ਼ਾਨ-ਸ਼ੋਭਾ ਵਧਾ ਰਹੇ ਹਨ!

3. ਇਸ “ਸਿੱਖ ਰਹਿਤ ਮਰਯਾਦਾ” ਦੀ ‘ਬਖ਼ਸ਼ਿਸ਼’ ਕਾਰਣ ਗੁਰੂ (ਗ੍ਰੰਥ) ਦੇ ਕਥਿਤ ਸਿੱਖ-ਸੇਵਕ ਰੱਬ ਨਾਲੋਂ ਨਾਤਾ ਤੋੜ ਕੇ ਤ੍ਰੈ-ਗੁਣੀ ਮਾਇਆ, ਕਰਮਕਾਂਡੀ ਸੰਸਕਾਰਾਂ, ਦਿਖਾਵੇ ਦੇ ਲੋਕਾਚਾਰੀ ਧਰਮ-ਕਰਮਾਂ ਤੇ ਭੇਖਾਂ, ਚਿੰਨ੍ਹਾਂ, ਰੰਗਾਂ-ਰੂਪਾਂ ਆਦਿ ਦੇ ਗ਼ੁਲਾਮ ਬਣ ਗਏ ਹਨ।

4. ਗੁਰਬਾਣੀ-ਗਿਆਨ ਨਾਲ ਮਨੁੱਖਤਾ ਨੂੰ ਸੁਤੰਤਰ ਸੋਚ, ਆਤਮ-ਗਿਆਨ ਤੇ ਬਿਬੇਕ ਬੁੱਧ ਪ੍ਰਾਪਤ ਹੁੰਦੀ ਹੈ। ਪੁਜਾਰੀਆਂ, ਪ੍ਰਬੰਧਕਾਂ ਤੇ ਸ਼ਾਸਕਾਂ ਲਈ ਮਨੁੱਖਤਾ ਦੀ ਸੁਤੰਤਰ ਸੋਚ, ਗਿਆਨ ਤੇ ਬਿਬੇਕ ਬੁੱਧਿ ਨਾਗਵਾਰਾ ਹੈ। ਨਤੀਜਤਨ, ਉਕਤ ਤਿੱਕੜੀ ਨੇ “ਰਹਿਤ ਮਰਯਾਦਾ” ਦੇ ਹਥਿਆਰ ਦੇ ਗੁੱਝੇ ਵਾਰ ਨਾਲ ਇਨ੍ਹਾਂ ਤਿੰਨਾਂ ਦੈਵੀ ਗੁਣਾਂ, ਆਜ਼ਾਦ ਸੋਚਣੀ, ਬਿਬੇਕ ਬੁਧਿ ਤੇ ਆਤਮ-ਗਿਆਨ, ਨੂੰ ਨਸ਼ਟ ਕਰਕੇ, ਗੁਰੂ (ਗ੍ਰੰਥ) ਦੇ ਸਿੱਖਾਂ-ਸੇਵਕਾਂ ਤੋਂ ਮਾਨਸਿਕ ਗ਼ੁਲਾਮੀ ਕਬੂਲ ਕਰਵਾ ਲਈ ਹੈ! ਪਰਿਣਾਮ ਸਭ ਦੇ ਸਾਹਮਨੇ ਹੈ! !

ਮਾਨਵ-ਹਿਤੈਸ਼ੀ ਬਾਣੀਕਾਰਾਂ ਨੇ ਰੱਬ ਦੇ ਸਾਰੇ ਬੰਦਿਆਂ ਦੇ ਸਰਬਪਖੀ ਕਲਿਆਣ ਵਾਸਤੇ ਇੱਕ ਸਾਰਥਕ ਸੁਪਨਾ ਵੇਖਿਆ ਸੀ:

ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ……

ਸਭ ਕੋ ਆਸੈ ਤੇਰੀ ਬੈਠਾ॥ ਘਟ ਘਟ ਅੰਤਰਿ ਤੂੰ ਹੈ ਵੁਠਾ॥ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ ਮਾਝ ਮ: ੫

“ਰਹਿਤ ਮਰਯਾਦਾ” ਦੀ ‘ਅਪਰੰਪਾਰ ਕ੍ਰਿਪਾਲਤਾ’ ਸਦਕਾ ਉਕਤ ਸੁਪਨਾ ਇੱਕ ਕਦੇ ਵੀ ਨਾ ਪੂਰਾ ਹੋਣ ਵਾਲਾ ਸੁਪਨਾ ਹੀ ਬਣ ਕੇ ਰਹਿ ਗਿਆ ਹੈ! ! ! “ਰਹਿਤ ਮਰਯਾਦਾ” ਨੂੰ ਸਮਰਪਿਤ ‘ਸਿੱਖ-ਸੇਵਕ’ ਜਦ ਆਪ ਹੀ ਸਾਰੀ ਮਨੁੱਖਤਾ ਦੇ ਸਾਂਝੇ ਬਾਪ ਅਥਵਾ “ਸਾਝਾ ਸਾਹਿਬੁ” ਦੀ ਸੰਤਾਨ ਨਹੀਂ ਰਹੇ, ਤਾਂ ਫਿਰ “ਸਭੇ ਸਾਝੀਵਾਲ” ਅਰਥਾਤ ਸਾਰੀ ਮਨੁੱਖਤਾ ਦੀ ਸਾਂਝੀਵਾਲਤਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ!

ਗੁਰਬਾਣੀ ਉੱਤੇ ਆਧਾਰਿਤ ਉਪਰੋਕਤ ਵਿਚਾਰ ਦਾ ਸੰਖੇਪ ਸਾਰੰਸ਼:- ਗੁਰਮਤਿ ਦਾ ਅਧਿਆਤਮਿਕ ਫ਼ਲਸਫ਼ਾ ਮਰਯਾਦਾ-ਮੁਕਤ ਹੈ। ਇਸ ਅਸੀਮ ਤੇ ਪਰਮ ਪਵਿੱਤਰ ਫ਼ਲਸਫ਼ੇ ਦੇ ਵਿਸ਼ਾਲ ਤੇ ਵਿਆਪਕ ਵਿਹੜੇ ਨੂੰ ਸੰਸਾਰਕ ਮਰਯਾਦਾ ਦੀਆਂ ਕੰਡਿਆਂਲੀਆਂ ਵਾੜਾਂ ਨਾਲ ਸੀਮਾ-ਬੱਧ ਕਰਕੇ ਵਾੜਾ ਬਣਾਉਣਾ ਘੋਰ ਮਨਮਤਿ ਤੇ ਬਜਰ ਪਾਪ ਹੈ।

ਨਿਗੁਣੀਆਂ ਸੰਸਾਰਕ ਰਹਿਤਾਂ ਮਨੁੱਖ ਨੂੰ ਰੱਬ ਵੱਲੋਂ ਬੇਮੁੱਖ ਕਰਕੇ ਦਿਖਾਵੇ ਦੇ ਕਰਮਕਾਂਡਾਂ, ਧਾਰਮਿਕ ਸੰਸਕਾਰਾਂ, ਭੇਖਾਂ, ਚਿੰਨ੍ਹਾਂ ਤੇ ਰੰਗਾਂ-ਰੂਪਾਂ ਆਦਿ ਨਾਲ ਜੋੜਦੀਆਂ ਹਨ। ਇਸ ਲਈ, ਧਾਰਮਿਕ ਰੁਚੀ ਰੱਖਣ ਵਾਲੇ ਸਾਰੇ ਮਨੁੱਖਾਂ ਨੇ ਸੰਸਾਰੀਆਂ ਦੁਆਰਾ ਬਣਾਈਆਂ ਗਈਆਂ ਕੁਰਾਹੇ ਪਾਉਣ ਵਾਲੀਆਂ ਰਹਿਤਾਂ ਤੇ ਮਰਯਾਦਾਵਾਂ ਦਾ ਪੂਰਨ ਪਰਿਤਿਆਗ ਕਰਕੇ, ਬ੍ਰਹਮਗਿਆਨੀ ਬਾਣੀਕਾਰਾਂ ਦੁਆਰਾ ਬਣਾਏ ਗਏ ਸੱਚੇ, ਸੁੱਚੇ ਤੇ ਉੱਚਤਮ ਰਹਿਤ-ਨਾਮੇ, ਗੁਰਬਾਣੀ-ਗ੍ਰੰਥ ਵਿੱਚ ਦੱਸੀ ਅਧਿਆਤਮਿਕ ਰਹਿਤ ਅਥਵਾ ਆਤਮ ਕੀ ਰਹਤ ਦਾ ਹੀ ਪਾਲਣ ਕਰਨਾ ਹੈ।

ਮਨੁੱਖ ਦੁਆਰਾ ਬਣਾਏ ਗਏ ਸੰਸਾਰਕ ਹੱਦ-ਬੰਨਿਆਂ, ਮਰਯਾਦਾਵਾਂ ਤੇ ਰਹਿਤਾਂ ਆਦਿ ਤੋਂ ਨਿਰਲੇਪ ਰਹਿ ਕੇ, ਧਰਤੀ ਦਾ ਸੂਰਜ, ਬਿਨਾਂ ਕਿਸੇ ਭੇਦ-ਭਾਵ ਦੇ, ਸਾਰੇ ਸੂਰਜ-ਮੰਡਲ ਤੇ ਧਰਤੀ ਉੱਤੇ ਵਿਚਰਦੀ ਸਾਰੀ ਮਨੁੱਖਤਾ ਨੂੰ ਜੀਵਨ, ਤਾਪ ਤੇ ਰੌਸ਼ਣੀ ਬਖ਼ਸ਼ਦਾ ਹੈ। ਗੁਰਬਾਣੀ ਗ੍ਰੰਥ ਵੀ, ਬ੍ਰਹਮਗਿਆਨੀਆਂ ਦੁਆਰਾ ਸਾਰੀ ਮਨੁੱਖਤਾ ਵਾਸਤੇ ਰਚਿਆ ਗਿਆ, ਆਤਮ-ਗਿਆਨ ਦੇ ਪ੍ਰਕਾਸ਼ ਦਾ ਲਾਸਾਨੀ ਸੂਰਜ ਹੈ! ਅਧਿਆਤਮ-ਗਿਆਨ ਦੇ ਇਸ ਅਦੁੱਤੀ, ਵਿਆਪਕ (universal), ਸੂਖਮ ਤੇ ਸਦੀਵੀ ਸੂਰਜ ਨੂੰ ਕਿਸੇ ਦੁਨਿਆਵੀ ਮਰਯਾਦਾ ਜਾਂ ਮਰਿਆਦਿਤ ਰਹਿਤ ਦੀ ਕੈਦ ਵਿੱਚ ਨਜ਼ਰ-ਬੰਦ ਕਰਕੇ ਆਪਣੀ ਮਲਕੀਯਤ ਬਣਾਉਣਾ, ਨਾ ਬਖ਼ਸ਼ਿਆ ਜਾਣ ਵਾਲਾ ਬਜਰ ਪਾਪ ਤੇ ਗੁਨਾਹ-ਏ-ਕਬੀਰਾ ਹੈ।

ਗੁਰੂ (ਗ੍ਰੰਥ) ਜੀ ਦੇ ਸੱਚੇ ਤੇ ਸੁਹਿਰਦ ਸਿੱਖਾਂ-ਸੇਵਕਾਂ ਨੂੰ ਇੱਕ ਹੋਰ ਕੋਝੇ ਸੱਚ ਵੱਲੋਂ ਵੀ ਅੱਖਾਂ ਨਹੀਂ ਮੀਟਣੀਆਂ ਚਾਹੀਦੀਆਂ; ਉਹ ਇਹ ਕਿ, ਸਰਵ-ਉੱਚ ਤੇ ਪਰਿਪੂਰਨ ਗੁਰੂ ਗ੍ਰੰਥ ਦੇ ਹੁੰਦਿਆਂ, “ਸਿੱਖ ਰਹਿਤ ਮਰਯਾਦਾ” ਬਣਾਉਣ ਤੇ ਜਬਰੀ ਲਾਗੂ ਕਰਨ ਨਾਲ, ਮਨੁੱਖਤਾ ਦੇ ਅਤਿ ਸਤਿਕਾਰ-ਯੋਗ ਗੁਰੂ, ਗੁਰੂ ਗ੍ਰੰਥ ਜੀ ਦੀ ਸਰਵ-ਉੱਚਤਾ ਅਤੇ ਪਰਿਪੂਰਨਤਾ ਉੱਤੇ ਪ੍ਰਸ਼ਨ-ਚਿੰਨ੍ਹ (?) ਲਗਦਾ ਹੈ! ਅਤੇ ਇਸ ਘਿਣਾਉਣੇ ਪ੍ਰਸ਼ਨ-ਚਿੰਨ੍ਹ ਲੱਗਣ ਦੇ ਜ਼ਿੱਮੇਦਾਰ ਕੋਈ ਹੋਰ ਨਹੀਂ ਸਗੋਂ, “ਪ੍ਰਗਟ ਗੁਰਾਂ ਕੀ ਦੇਹ” ਦੇ ਭੇਖਧਾਰੀ ਪਾਖੰਡੀ ਪੁਜਾਰੀਆਂ, ਪ੍ਰਚਾਰਕਾਂ ਤੇ ਪ੍ਰਬੰਧਕਾਂ ਦਾ ਸਵਾਰਥੀ ਲਾਣਾ ਅਤੇ ਅੰਨ੍ਹੇਵਾਹ ਇਨ੍ਹਾਂ ਦੇ ਮਗਰ ਲੱਗੇ ਅਸੀਂ ਸਾਰੇ ‘ਸਿੱਖ’ ਹੀ ਹਾਂ!

ਮਨੁੱਖਤਾ ਦੇ ਸਰਬਪਖੀ ਕਲਿਆਣ ਵਾਸਤੇ ਬ੍ਰਹਮਗਿਆਨੀ ਬਾਣੀਕਾਰਾਂ ਨੇ ਆਪਣੀ ਰਚੀ ਬਾਣੀ ਵਿੱਚ ਮਨੁੱਖ ਨੂੰ ਨਾਮ-ਸਿਮਰਨ, ਸੁਤੰਤਰ ਸੋਚ, ਬਿਬੇਕ ਬੁੱਧ ਅਤੇ ਆਤਮ-ਗਿਆਨ ਦੀਆਂ ਦੈਵੀ ਦਾਤਾਂ ਦੀ ਬਖ਼ਸ਼ਿਸ਼ ਕੀਤੀ ਹੈ। ਧਰਮ ਦਾ ਧੰਦਾ ਕਰਨ ਵਾਲੇ ਮਾਇਆਧਾਰੀ ਪਾਖੰਡੀ ਪੁਜਾਰੀਆਂ ਤੇ ਪ੍ਰਬੰਧਕਾਂ ਨੇ, ਆਪਣੇ ਧਰਮ ਦੇ ਧੰਦੇ ਨੂੰ ਚੌਪਟ ਹੋਣ ਤੋਂ ਬਚਾਉਣ ਲਈ, ਰਹਿਤਨਾਮਿਆਂ ਦੀ ਠਗਮੂਰੀ ਨਾਲ ਮਾਸੂਮ ਮਨੁੱਖਾਂ ਨੂੰ ਮੁਗਧ ਕਰਕੇ, ਉਨ੍ਹਾਂ ਨੂੰ ਸੱਚੇ ਨਾਮ-ਸਿਮਰਨ ਵੱਲੋਂ ਵਰਜਦਿਆਂ, ਕਰਮਕਾਂਡਾਂ ਦੇ ਲੜ ਲਾ ਲਿਆ ਹੈ! ਸਿੱਧੜ ਸ਼੍ਰੱਧਾਲੂਆਂ ਨੂੰ ਡਰ ਤੇ ਲਾਲਚ ਦੀ ਠਗ-ਬੂਟੀ ਸੁੰਘਾ ਕੇ ਉਨ੍ਹਾਂ ਦੀ ਸੁਤੰਤਰ ਸੋਚ ਨੂੰ ਸੁੰਨ ਕਰ ਦਿੱਤਾ ਹੈ। ਅਤੇ, ਗੁਰੂਆਂ ਦੁਆਰਾ ਬਖ਼ਸ਼ੀ, ਉਨ੍ਹਾਂ ਦੀ ਬਿਬੇਕ ਬੁੱਧਿ ਮਾਰ ਕੇ ਅਗਿਆਨਤਾ ਤੇ ਵਿਚਾਰ-ਹੀਨਤਾ ਉਨ੍ਹਾਂ ਦੀ ਝੋਲੀ ਪਾ ਕੇ ਉਨ੍ਹਾਂ ਨੂੰ “ਪਸੁ ਢੋਰ” ਬਣਾ ਕੇ ਰੱਖ ਦਿੱਤਾ ਹੈ! ਫਲਸਰੂਪ, “ਪਸੁ ਢੋਰ” ਬਣੀਆਂ ਗੁਰੁ-ਗਿਆਨ ਵਿਹੂਣੀਆਂ ‘ਗੁਰੂ ਦੀਆਂ ਸੰਗਤਾਂ’ ਤੌਰ-ਭੌਰ ਹੋਈਆਂ ਫਿਰਦੀਆਂ ਹਨ!

(ਪਸੁ: ਪਸ਼ੂ, ਜਾਨਵਰ। ਪਸ ਢੋਰ: ਭਾਰ ਢੋਣ ਤੇ ਜੋਤਣ ਵਾਲੇ ਪਸ਼ੂ/ਜਾਨਵਰ। ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੈ ਪਸੁ ਢੋਰ॥ ਗਉੜੀ ਮ: ੫।)

ਫ਼ੈਸਲਾ ਗੁਰੂ (ਗ੍ਰੰਥ) ਦੇ ਸਿੱਖਾਂ-ਸੇਵਕਾਂ ਦੇ ਆਪਣੇ ਹੱਥਿ ਹੈ ਕਿ, ਉਨ੍ਹਾਂ ਨੇ ਆਤਮ-ਗਿਆਨ ਦੇ ਅਤੁੱਟ ਭੰਡਾਰ ਗੁਰੂ ਗ੍ਰੰਥ ਦੇ ਲੜ ਲੱਗਣਾ ਹੈ! ਜਾਂ, ਇਸ ਪਵਿੱਤਰ ਗ੍ਰੰਥ ਵੱਲੋਂ ਬੇ-ਮੁਖ ਹੋ ਕੇ ਸੁਆਰਥੀ ਸੰਪਰਦਾਈਆਂ ਦੀਆਂ ਬਣਾਈਆਂ ਹੋਈਆਂ ਕੰਡਿਆਲੀਆਂ ਵਲਗਣਾਂ (ਮਰਯਾਦਾਵਾਂ) ਵਿੱਚ ਕੈਦ ਹੋ ਕੇ, ਧਰਮ ਦੇ ਧਾਂਦਲੀਆਂ ਦੁਆਰਾ ਬਣਾਈਆਂ ਗਈਆਂ ਦਮ-ਘੁੱਟਵੀਆਂ ਤੇ ਗਿਆਨ ਤੇ ਬਿਬੇਕ ਬੁੱਧਿ `ਤੇ ਪੜਦਾ ਪਾਉਣ ਵਾਲੀਆਂ ਸੰਸਾਰਕ ਰਹਿਤਾਂ ਨੂੰ ਸਮਰਪਿਤ ਹੋ ਕੇ “ਪਸੁ ਢੋਰ” ਬਣੇ ਰਹਿਣਾ ਹੈ! ! !

ਗੁਰਇੰਦਰ ਸਿੰਘ ਪਾਲ

(ਨੋਟ:- ਆਪਣੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਪਹਿਲੀਆਂ ਦੋ ਕਿਸ਼ਤਾਂ ਵੀ ਪੜ੍ਹ ਲੈਣੀਆਂ, ਜਿਹਨਾ ਦੇ ਲਿੰਕ ਇਹ ਹੇਠਾਂ ਹਨ।)

http://www.sikhmarg.com/2017/0827-rehit-maryada-1.html


http://www.sikhmarg.com/2017/0903-rehit-maryada-2.html
.