.

ਰਹਿਤ ਮਰਿਆਦਾ (ਕਿਸ਼ਤ ਦੂਜੀ)

ਦੂਜੀ, ਬ੍ਰਹਮਗਿਆਨੀ ਬਾਣੀਕਾਰਾਂ ਦੁਆਰਾ ਬਣਾਈ ਤੇ ਪ੍ਰਚਾਰੀ ਗਈ ਧਾਰਮਿਕ ਰਹਤ। ਇਸ ਧਾਰਮਿਕ ਰਹਿਤ ਨੂੰ ਅਧਿਆਤਮਿਕ ਰਹਿਤ ਜਾਂ ਆਤਮ ਕੀ ਰਹਤ” ਵੀ ਕਿਹਾ ਜਾਂਦਾ ਹੈ।

ਉਪਾਵ ਸਿਆਨਪ ਸਗਲ ਤੇ ਰਹਤ॥ ਸਭੁ ਕਛੁ ਜਾਨੈ ਆਤਮ ਕੀ ਰਹਤ॥ …ਸੁਖਮਨੀ ਮ: ੫)। ਆਤਮ ਕੀ ਰਹਿਤ ਨੂੰ ਗੁਰਬਾਣੀ ਵਿੱਚ ਸੰਜਮ ਵੀ ਕਿਹਾ ਗਿਆ ਹੈ। ਅਧਿਆਤਮਿਕ ਰਹਿਤ ਦੇ ਵਰਤਾਰੇ ਵਿੱਚ ਤ੍ਰੈ-ਗੁਣੀ ਮਇਆ ਦੀ ਕੋਈ ਭੂਮਿਕਾ ਨਹੀਂ ਹੁੰਦੀ! ਆਤਮਿਕ ਰਹਿਤ ਦਾ ਸੰਬੰਧ ਪਰਮਾਤਮਾ, ਜੀਵ-ਆਤਮਾ, ਮਨ, ਹਰਿਨਾਮ-ਸਿਮਰਨ, ਬਿਬੇਕ, ਆਤਮ-ਗਿਆਨ ਅਤੇ ਦੈਵੀ ਤੇ ਨੈਤਿਕ ਗੁਣਾਂ ਨਾਲ ਹੋਣ ਕਾਰਣ ਇਸ ਦਾ ਵਰਤਾਰਾ ਅੰਤਰਮੁਖੀ ਹੁੰਦਾ ਹੈ। ਗੁਰਮਤਿ ਅਨੁਸਾਰੀ ਅਧਿਆਤਮਿਕ ਰਹਤ, ਅਵਿਨਾਸ਼ੀ ਮੰਡਲ ਵਾਲੀ ਰਹਤ ਹੈ। ਇਸ ਰੂਹਾਨੀ ਰਹਤ ਦਾ ਸੰਬੰਧ ਸੱਚੇ ਸਿਰਜਨਹਾਰ ਦੀ ਸਿਰਜੀ ਅਸੀਮ ਸ੍ਰਿਸ਼ਟੀ ਨਾਲ ਹੈ; ਅਤੇ, ਇਸ ਰਹਿਤ ਦਾ ਕਾਰਜ-ਖੇਤ੍ਰ ਸਾਰਾ ਵਿਸ਼ਵ ਅਤੇ ਇਸ ਦਾ ਸੰਬੰਧ ਸਮੁੱਚੇ ਸੰਸਾਰ ਵਿੱਚ ਵੱਸਦੀ ਸਾਰੀ ਮਨੁੱਖਤਾ ਨਾਲ ਹੈ। ਅਧਿਆਤਮਿਕ ਰਹਿਤ ਦਾ ਸੂਖਮ ਪਰ ਠੋਸ ਨਾਤਾ ਮਨ, ਆਤਮਾ ਅਤੇ ਆਤਮਾ ਦੇ ਮੂਲ ਪਰਮਾਤਮਾ ਨਾਲ ਹੋਣ ਕਾਰਣ, ਇਸ ਰੂਹਾਨੀ ਰਹਤ ਦਾ ਸੰਸਾਰ ਦੀਆਂ ਨਿਗੁਣੀਆਂ ਮਰਯਾਦਾਵਾਂ (ਵੰਡਾਂ-ਵਲਗਣਾਂ) ਤੇ ਇਨ੍ਹਾਂ ਦੇ ਤੰਗ ਤੇ ਸੀਮਿਤ ਘੇਰੇ ਵਿੱਚ ਪ੍ਰਚੱਲਿਤ ਕੀਤੀਆਂ ਕਰਮਕਾਂਡੀ ਰਹਿਤਾਂ ਨਾਲ ਕੋਈ ਜੋੜ ਨਹੀਂ ਹੈ, ਤੇ ਨਾ ਹੀ ਹੋਣਾ ਚਾਹੀਦਾ ਹੈ! ਗੁਰੂ (ਗ੍ਰੰਥ) ਦੇ ਸਿੱਖਾਂ-ਸੇਵਕਾਂ ਨੇ ਇਸੇ ਸੱਚੀ-ਸੁੱਚੀ ਤੇ ਪਵਿਤ੍ਰ ਰਹਤ ਨੂੰ ਅਪਣਾਉਣਾ ਹੈ।

ਮੱਧ ਕਾਲ ਤਕ ਭਾਰਤ ਵਿੱਚ ਚਾਰ ਵੱਡੇ ਧਰਮ ਪ੍ਰਚੱਲਿਤ ਸਨ: ਹਿੰਦੂ ਮੱਤ, ਜੈਨ ਮੱਤ, ਜੋਗ ਮੱਤ ਅਤੇ ਇਸਲਾਮ। ਇਨ੍ਹਾਂ ਮੱਤਾਂ ਦੀਆਂ ਆਪਣੀਆਂ ਆਪਣੀਆਂ ਮਰਯਾਦਿਤ ਰਹਿਤਾਂ ਸਨ/ਹਨ। ਇਨ੍ਹਾਂ ਰਹਿਤਾਂ ਨੂੰ ਮੰਨਣ ਵਾਲੇ ਅੰਧਵਿਸ਼ਵਾਸੀ ਲੋਕ ਰੱਬ ਨਾਲੋਂ ਟੁੱਟ ਕੇ ਪੁਜਾਰੀਆਂ ਤੇ ਪੁਜਾਰੀਆਂ ਦੁਆਰਾ ਪ੍ਰਚੱਲਿਤ ਕੀਤੀਆਂ ਮਰਿਆਦਿਤ ਤੇ ਕਰਮਕਾਂਡੀ ਰਹਿਤਾਂ ਦੇ ਲੜ ਲੱਗ ਕੇ ਆਪਣਾ ਅਨਮੋਲ ਮਾਨਵ-ਜੀਵਨ ਅਜਾਈਂ ਗਵਾਉਣ ਦੇ ਨਾਲ ਨਾਲ, ਧਰਮ ਦੇ ਨਾਮ `ਤੇ, ਆਪਣਾ ਤਨ, ਮਨ ਤੇ ਧਨ ਵੀ ਵਿਅਰਥ ਲੁਟਾ ਰਹੇ ਸਨ। ਮਾਨਵਵਾਦੀ ਬਾਣੀਕਾਰਾਂ ਤੋਂ ਦੁਨਿਆਵੀ ਰਹਿਤਾਂ ਦੀ ਕੈਦ ਦੇ ਅਨ੍ਹੇਰੇ ਵਿੱਚ ਠੇਡੇ ਖਾ ਰਹੀ ਤੇ ਨਿਰਦਈ ਪੁਜਾਰੀਆਂ ਦੁਆਰਾ ਠੱਗੀ ਜਾ ਰਹੀ ਜਨਤਾ ਦੀ ਇਹ ਦੁਰਦਸ਼ਾ ਸਹਿਣ ਨਹੀਂ ਹੋਈ ਤੇ ਉਨ੍ਹਾਂ ਨੇ ਧਾਰਮਿਕ ਮਰਯਾਦਾਵਾਂ ਤੇ ਇਨ੍ਹਾਂ ਵਿੱਚ ਪ੍ਰਚੱਲਿਤ ਸੰਸਾਰਕ ਰਹਿਤਾਂ ਦੇ ਖ਼ਿਲਾਫ਼ ਆਵਾਜ਼ ਉੱਠਾਈ। ਗੁਰਬਾਣੀ-ਗ੍ਰੰਥ ਦੇ ਹਰ ਪੰਨੇ `ਤੇ ਸੰਕੀਰਣ ਧਰਮਾਂ ਦੀਆਂ ਮਰਯਾਦਾਵਾਂ ਅਤੇ ਇਨ੍ਹਾਂ ਮਰਯਾਦਾਵਾਂ ਦੇ ਤੰਗ ਘੇਰੇ ਵਿੱਚ ਪ੍ਰਚੱਲਿਤ ਕੀਤੀਆਂ ਹੋਈਆਂ ਅਧਾਰਮਿਕ ਤੇ ਅਮਾਨਵੀ ਰਹਿਤਾਂ ਦਾ ਤਰਕ ਪੂਰਨ ਖੰਡਨ ਕੀਤਾ ਮਿਲਦਾ ਹੈ। ਇਸ ਖੰਡਨ ਦੇ ਨਾਲ ਨਾਲ, ਭੁੱਲੀ ਭਟਕੀ ਜਨਤਾ ਨੂੰ ਅਧਿਆਤਮਿਕ ਰਹਤ ਅਥਵਾ ਆਤਮ ਕੀ ਰਹਤ ਦੇ ਨਿਯਮਾਂ ਤੋਂ ਜਾਣੂੰ ਕਰਾਉਂਦਿਆਂ, ਗੁਰਮਤਿ ਦੀ ਰੂਹਾਨੀ ਰਹਿਤ ਨੂੰ ਅਪਣਾਉਣ ਦਾ ਸੁਝਾਉ ਵੀ ਦਿੱਤਾ ਗਿਆ ਹੈ। ਪਾਠਕਾਂ ਦੀ ਜਾਣਕਾਰੀ ਲਈ ਗੁਰਬਾਣੀ-ਗ੍ਰੰਥ ਵਿੱਚੋਂ ਕੁੱਝ ਇੱਕ ਪ੍ਰਮਾਣ ਹੇਠਾਂ ਅੰਕਿਤ ਹਨ:-

ਗੁਰੂ ਨਾਨਕ ਦੇਵ ਜੀ ਦਾ ਇੱਕ ਫ਼ਰਮਾਨ ਹੈ:

ਮੰਨੈ ਮਗੁ ਨ ਚਲੈ ਪੰਥੁ॥ …ਜਪੁ ਭਾਵ:- ਜਿਹੜੇ ਲੋਕ ਇੱਕ ਅਕਾਲ ਪੁਰਖ ਵਿੱਚ ਦ੍ਰਿੜ ਵਿਸ਼ਵਾਸ ਰੱਖਦੇ ਹਨ, ਉਹ ਸੰਸਾਰਕ ਧਰਮਾਂ ਦੀਆਂ ਪਾਈਆਂ ਗਈਆਂ ਗੁਮਰਾਹਕੁਨ ਅੰਨ੍ਹੇਰੀਆਂ ਔਝੜਾਂ/ਪਗ-ਡੰਡੀਆਂ ਉੱਤੇ ਨਹੀਂ ਚੱਲਦੇ।

ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੀ ਜੋਗੀਆਂ ਦੀ ਕਰਮਕਾਂਡੀ ਰਹਿਤ ਤੇ ਸੰਪਰਦਾਈ ਸੌੜੀ ਸੋਚ ਨੂੰ ਰੱਦ ਕਰਦੇ ਹੋਏ, ਗੁਰੂ ਨਨਾਨਕ ਦੇਵ ਜੀ ਉਨ੍ਹਾਂ (ਜੋਗੀਆਂ) ਨੂੰ ਸਾਰੀ ਮਨੁੱਖਤਾ ਨਾਲ ਭਾਈ-ਬੰਦੀ ਕਾਇਮ ਕਰਨ ਦਾ ਸੰਦੇਸ਼ ਦਿੰਦੇ ਹੋਏ ਫ਼ਰਮਾਉਂਦੇ ਹਨ:-

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥

ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ ਜਪੁ

“ਸਿੱਖ ਰਹਿਤ ਮਰਯਾਦਾ” ਸਦਕਾ ਮਨ ਦਾ ਸੰਜਮ ਗਵਾ ਚੁੱਕੇ ‘ਸਿੱਖ ਫ਼ਿਰਕੇ’ ਦੇ ਲੋਕ ਆਪਸ ਵਿੱਚ ਹੀ ਹਮ-ਜਮਾਤੀ ਨਹੀਂ ਰਹੇ ਤਾਂ ਉਹ “ਸਗਲ ਜਮਾਤੀ” ਦੇ ਪਵਿਤ੍ਰ ਸਿੱਧਾਂਤ ਨੂੰ ਕਿਵੇਂ ਨੇੜੇ ਲੱਗਣ ਦੇਣਗੇ?

ਮਰਯਾਦਿਤ ਰਹਿਤਾਂ ਕਾਰਣ ਮਨੁੱਖਤਾ ਵਿੱਚ ਪਈ ਹੋਈ ਸੰਪਰਦਾਈ ਵੰਡ ਨੂੰ ਨਕਾਰਦੀਆਂ ਗੁਰਬਾਣੀ ਦੀਆਂ ਕੁੱਝ ਹੋਰ ਤੁਕਾਂ:

ਹਿੰਦੂ ਅੰਨ੍ਹਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥

ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ ਗੌਂਡ ਨਾਮ ਦੇਵ ਜੀ

ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥

ਦਿਲ ਮਹਿ ਸੋਚਿ ਬੀਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ॥ ……

ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ॥

ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ॥ ਆਸਾ ਕਬੀਰ ਜੀ

ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ॥

ਮਨ ਸਮਝਾਵਨ ਕਾਰਨੇ ਕਛੂਅ ਕ ਪੜੀਐ ਗਿਆਨ॥ …ਬਾ: ਅ: ਕਬੀਰ ਜੀ

ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਊ ਪੜਿ ਗਲਿ ਪਾਵੈ॥

ਸੂਤੁ ਪਾਇ ਕਰੇ ਬੁਰਿਆਈ॥ ਨਾਤਾ ਧੋਤਾ ਥਾਇ ਨ ਪਾਈ॥

ਮੁਸਲਮਾਨੁ ਕਰੇ ਵਡਿਆਈ॥ ਵਿਣੁ ਗੁਰੁ ਪੀਰੈ ਕੋ ਥਾਇ ਨ ਪਾਈ॥ …

ਜੋਗੀ ਕੈ ਘਰਿ ਜੁਗਤਿ ਦਸਾਈ॥ ਤਿਤੁ ਕਾਰਣ ਕਨਿ ਮੁੰਦ੍ਰਾ ਪਾਈ॥ …

ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰੁ ਫਕੜੁ ਹਿੰਦੂ ਮੁਸਲਮਣੈ……ਸਲੋਕ ਮ: ੧

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ॥

ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ॥

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥ ੧॥

ਗਲੀ ਜੋਗੁ ਨ ਹੋਈ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ॥ ੧॥ ਰਹਾਉ॥ ਸੂਹੀ ਮ: ੧

ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿਕੰਨ ਪੜਾਇ ਕਿਆ ਖਾਜੈ ਭੁਗਤਿ॥ …ਮ: ੧

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤ॥ ਜਪੁ

ਗੁਰੂ ਨਾਨਕ ਦੇਵ ਜੀ, ਮੁਸਲਮਾਨਾਂ, ਹਿੰਦੂਆਂ ਤੇ ਜੋਗੀਆਂ ਆਦਿ ਦੀਆਂ ਪ੍ਰਚੱਲਿਤ ਕਰਮਕਾਂਡੀ ਰਹਿਤਾਂ ਤੇ ਵਿਸ਼ਵਾਸਾਂ ਦਾ ਬਿਬੇਕ ਪੂਰਨ ਖੰਡਨ ਕਰਕੇ ਅੰਤ ਵਿੱਚ, ਆਤਮ ਕੀ ਰਹਿਤ ਦਾ ਸੁਝਾਉ ਦਿੰਦੇ ਹੋਏ ਫ਼ਰਮਾਉਂਦੇ ਹਨ:

ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ॥

ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰ॥ ……

ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ॥

ਤੀਰਥਿ ਨਾਵਹਿ ਅਰਚਾ ਪੂਜਾ ਅਗਰਵਾਸੁ ਬਹਕਾਰੁ॥ …… …ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ॥ ਸਲੋਕ ਮ: ੧

(ਨੋਟ: ਇਹ ਪੂਰਾ ਸਲੋਕ ਗੁ: ਗ੍ਰੰਥ ਦੇ ਪੰਨਾ ਨੰ: ੪੬੫ `ਤੇ ਪੜ੍ਹਿਆ ਜਾ ਸਕਦਾ ਹੈ।)

ਜੈਨੀਆਂ ਦੇ ਅੰਧਵਿਸ਼ਵਾਸ ਤੇ ਉਨ੍ਹਾਂ ਦੀ ਅਮਾਨਵੀ ਤੇ ਅਨ-ਅਧਿਆਤਮਿਕ ਰਹਿਤ ਦਾ ਖੰਡਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਨਾਮ-ਸਿਮਰਨ ਨੂੰ ਹੀ ਸੱਚੀ ਰਹਿਤ ਦਸਦੇ ਹੋਏ ਕਥਨ ਕਰਦੇ ਹਨ:

ਪਉੜੀ॥ ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ॥ …… ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ॥ ਗੁਰਮੁਖਿ ਓਅੰਕਾਰਿ ਸਚਿ ਸਮਾਇਆ॥ ਮਲਾਰ ਕੀ ਵਾਰ ਮ: ੧ (ਆਚਾਰੁ: ਰਹਿਤ, ਰਹਿਣੀ-ਬਹਿਣੀ।)

ਗੁਰਬਾਣੀ ਦੇ ਨਿਮਨ ਲਿਖਿਤ ਸ਼ਬਦ ਨੂੰ ਜੇ ਧਿਆਨ ਨਾਲ ਪੜ੍ਹ-ਵਿਚਾਰ ਲਈਏ ਤਾਂ ਸੁਤੇਸਿਧ ਸਪਸ਼ਟ ਹੋ ਜਾਂਦਾ ਹੈ ਕਿ ਮਰਿਆਦਿਤ ਧਰਮਾਂ ਦੀਆਂ ਸੰਸਾਰਕ ਰਹਿਤਾਂ ਨੂੰ ਬਾਣੀਕਾਰਾਂ ਨੇ ਕਿਤਨੀ ਦ੍ਰਿੜਤਾ ਤੇ ਬਿਬੇਕ ਨਾਲ ਰੱਦ ਕੀਤਾ ਹੈ:

ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ ਜੋ ਰਖੈ ਨਿਦਾਨਾ॥ ੧॥

ਏਕੁ ਗੁਸਾਈ ਅਲਹੁ ਮੇਰਾਹਿੰਦੂ ਤੁਰਕ ਦੁਹਾਂ ਨੇਬੇਰਾ॥ ੧॥ ਰਹਾਉ॥

ਹਜ ਕਾਬੈ ਜਾਉ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥ ੨॥

ਪੂਜਾ ਕਰਉ ਨ ਨਿਵਾਜ ਗੁਜਾਰਉ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥ ੩॥

ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਨ॥ ੪॥

ਕਹੁ ਕਬੀਰ ਇਹੁ ਕੀਆ ਵਖਾਨਾ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ॥ ੫॥

ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥

ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ ਸਲੋਕ ਮ: ੩

ਗੁਰੂ ਅਰਜਨ ਦੇਵ ਜੀ ਧਨਾਸਰੀ ਰਾਗੁ ਵਿੱਚ ਲਿਖੇ ਆਪਣੇ ਇੱਕ ਸ਼ਬਦ ਵਿੱਚ ਹਿੰਦੂਆਂ, ਜੋਗੀਆਂ ਤੇ ਜੈਨੀਆਂ ਦੀਆਂ ਸਾਰੀਆਂ ਰਹਿਤਾਂ, ਮੂਰਤੀ-ਪੂਜਾ, ਵਰਤ, ਤਿਲਕ, ਤੀਰਥ-ਇਸਨਾਨ, ਪੁੰਨ-ਦਾਨ, ਮਿੱਠੇ ਬੋਲ, ਜਪ, ਤਪ, ਭ੍ਰਮਣ, ਪੁੱਠੇ ਲਟਕ ਕੇ ਤਪ, ਸਵਾਸ ਦਸਵੇਂ ਦੁਆਰ ਚੜ੍ਹਾਉਣ ਅਤੇ ਜੋਗੀਆਂ ਤੇ ਜੈਨੀਆਂ ਵਾਲੀਆਂ ਜੁਗਤਾਂ-ਰਹਿਤਾਂ, ਨੂੰ ਨਕਾਰਦੇ ਹੋਏ ਸੱਚੀ ਅਧਿਆਤਮਿਕ ਰਹਿਤ ਦਰਸਾਉਂਦੇ ਹਨ:

ਪੂਜਾ ਵਰਤ ਤਿਲਕ ਇਸਨਾਨ ਪੁੰਨ ਦਾਨ ਬਹੁ ਦੈਨ॥

ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ॥ ੧॥ ……

ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ॥

ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ॥ ੨॥

ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ॥

ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ॥ ੩॥ ਧਨਾਸਰੀ ਮ: ੫

ਗੁਰਮਤਿ ਅਨੁਸਾਰ, ਨਾਮ-ਅਭਿਆਸ ਤੋਂ ਬਿਨਾਂ ਕਲਿਆਣਕਾਰੀ ਸੱਚੀ ਰਹਿਤ ਦੀ ਜਾਣਕਾਰੀ ਸੰਭਵ ਨਹੀਂ:

ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ॥ …ਮਲਾਰ ਕੀ ਵਾਰ ਮ: ੧

ਸਗਲ ਆਸ੍ਰਮ ਕੀਨੇ ਮਨੂਆ ਨਹ ਪਤੀਨੇ ਬਿਬੇਕ ਹੀਨ ਦੇਹੀ ਧੋਏ॥ ਕੋਈ ਪਾਈਐ ਰੇ ਪੁਰਖੁ ਬਿਧਾਤਾ ਪਾਰਬ੍ਰਹਮ ਕੈ ਰੰਗਿ ਰਾਤਾ ਮੇਰੇ ਮਨ ਕੀ ਦੁਰਮਤਿ ਮਲੁ ਖੋਏ॥ ਰਾਗੁ ਧਨਾਸਰੀ ਅ: ਮ: ੫

ਕਰਮ-ਕਾਂਡੀ ਸੰਸਕਾਰਾਂ, ਭੇਖਾਂ, ਚਿੰਨ੍ਹਾਂ ਤੇ ਰੰਗਾਂ ਦੀਆਂ ਰਹਿਤਾਂ ਦਾ ਸੱਚੇ ਮਾਨਵਵਾਦੀ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ; ਇਹ ਤਾਂ ਪੁਜਾਰੀਆਂ ਤੇ ਧਰਮ ਦੇ ਵਾਪਾਰੀਆਂ ਦਾ ਆਪਣੇ ਅੰਦਰ ਦੀ ਖੋਟ ਉੱਤੇ ਪਰਦਾ ਪਾ ਕੇ, ਲੋਕਾਂ ਨੂੰ ਭਰਮਾਉਣ ਤੇ ਛਲਣ ਦਾ ਅਮਾਨਵੀ ਤੇ ਅਧਾਰਮਿਕ ਪੈਤਰਾ ਹੈ:

ਰਹਤ ਅਵਰ ਕਛੁ ਅਵਰ ਕਮਾਵਤ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ॥

ਜਾਨਨਹਾਰ ਪ੍ਰਭੂ ਪਰਬੀਨ॥ ਬਾਹਰਿ ਭੇਖ ਨ ਕਾਹੂ ਭੀਨ॥

ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥ ਸੁਖਮਨੀ ਮ: ੫

ਸੰਸਾਰੀਆਂ ਦੁਆਰਾ ਪਾਈਆਂ ਗਈਆਂ ਗੁਮਰਾਹਕੁਨ ਪਗਡੰਡੀਆਂ ਉੱਤੇ ਭਟਕੇ ਹੋਏ ਰੱਬ ਦੇ ਸੱਚੇ ਬੰਦੇ ਆਪਣੀ ਅਗਿਆਨਤਾ ਨੂੰ ਸਿਰ-ਮੱਥੇ ਮੰਨਦੇ ਹੋਏ ਗਿਆਨ-ਗੁਰੂ ਅੱਗੇ ਆਜਿਜ਼ੀ ਨਾਲ ਅਰਜ਼ ਕਰਦੇ ਹਨ ਕਿ, ਹੇ ਗੁਰੂ! ਸਾਨੂੰ ਅਗਿਆਨੀਆਂ ਨੂੰ ਆਪਣਾ ਪੱਲਾ ਫੜਾ ਤਾਂ ਜੋ ਅਸੀਂ ਤੇਰੇ ਲੜ ਲੱਗ ਕੇ, ਤੇਰੇ ਸੰਗਿ ਚਲਦਿਆਂ ਤੇਰੇ ਵਾਲੀ ਰੂਹਾਨੀ ਰਹਿਤ `ਤੇ ਚਲ ਸਕੀਏ!

ਹਮ ਅੰਧੁਲੇ ਗਿਆਨ ਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ

ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ॥ ਜੈਤਸਰੀ ਮ: ੪

ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥

ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ॥ ਸਲੋਕ ਮ: ੧

ਸਾਰੇ ਭਾਈ, ਪ੍ਰਚਾਰਕ ਤੇ ਗੁਰਮਤਿ ਦੇ ਹੋਰ ਠੇਕੇਦਾਰ ਇਸ ਗੱਲ `ਤੇ ਜ਼ੋਰ ਦਿੰਦੇ ਹਨ ਕਿ ਬ੍ਰਹਮ-ਗਿਆਨੀ ਬਾਣੀਕਾਰਾਂ ਦੁਆਰਾ ਰਚਿਆ ਗੁਰਬਾਣੀ-ਗ੍ਰੰਥ ਇੱਕ ਪਰਿਪੂਰਨ ਤੇ ਉੱਚਤਮ ਗ੍ਰੰਥ ਹੈ। ਜੇ ਇਹ ਕਥਨ ਸਹੀ ਹੈ (ਜੋ ਕਿ ਹੈ!), ਤਾਂ ਫਿਰ ਸਾਨੂੰ ਸੰਸਾਰੀਆਂ ਦੁਆਰਾ ਬਣਾਈ ਗਈ ਕਿਸੇ ਰੜੀ “ਰਹਿਤ” ਜਾਂ ਮੜੀ “ਮਰਯਾਦਾ” ਦੀ ਲੋੜ ਹੀ ਕੀ ਹੈ? ਅਤੇ ਜੇ ਲੋੜ ਹੈ (ਜੋ ਕਿ ਨਹੀਂ ਹੈ!), ਤਾਂ ਸਪਸ਼ਟ ਹੈ ਕਿ, ਤੱਤ-ਗਿਆਨੀ ਬਾਣੀਕਾਰ ਆਪਣੇ ਪੈਰੋਕਾਰਾਂ ਵਾਸਤੇ ਮਨੁੱਖਾ ਜੀਵਨ ਲਈ ਲੋੜੀਂਦੀ ਰਹਿਤ ਤੇ ਮਰਯਾਦਾ ਨਿਰਧਾਰਤ ਕਰਨ ਦਾ ‘ਅਹਿਮ ਫ਼ਰਜ਼’ ਨਿਭਾਉਣ ਤੋਂ ਖੁੰਝ ਗਏ! ! ਅਤੇ ਉਨ੍ਹਾਂ ਦੀ ਇਸ ਕਥਿਤ ਘਾਟ ਨੂੰ, ਅਧਿਆਤਮ-ਗਿਆਨ ਤੋਂ ਕੋਰੇ, ਅਜੋਕੇ ਮਾਇਆਧਾਰੀ ਸੰਸਾਰੀ, “ਰਹਿਤ ਮਰਯਾਦਾ” ਲਿਖ/ਲਿਖਵਾ ਕੇ ਤੇ ਲਾਗੂ ਕਰਕੇ ਪੂਰੀ ਕਰ ਰਹੇ ਹਨ! ! ਪਾਠਕ ਸੱਜਨੋਂ! ਕ੍ਰਿਤਘਣਤਾ ਤੇ ਨਿਰਲੱਜਤਾ ਦੀ ਵੀ ਕੋਈ ਹੱਦ ਹੁੰਦੀ ਹੈ! ਗੁਰਮਤਿ-ਗਿਆਨ ਨੂੰ ਪਰੋਖੇ ਰੱਖ ਕੇ “ਰਹਿਤ ਮ੍ਰਯਾਦਾ” ਲਿਖਣ/ਲਿਖਵਾਉਣ ਵਾਲੇ ਭੇਖਧਾਰੀ ਪਾਖੰਡੀ ਤਾਂ ਉਹ ਹੱਦ ਵੀ ਪਾਰ ਕਰ ਗਏ ਹਨ!

ਗੁਰੂ (ਗ੍ਰੰਥ) ਦੇ ਸੁਹਿਰਦ ਤੇ ਸੱਚੇ ਸ਼੍ਰੱਧਾਲੂਓ! ਸੱਚ ਤਾਂ ਇਹ ਹੈ ਕਿ:

ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥

ਸਾਸਤੁ ਬੇਦੁ ਨ ਮਾਨੈ ਕੋਇ॥ ਆਪੋ ਆਪੈ ਪੂਜਾ ਹੋਇ॥ ਸਲੋਕ ਮ: ੧

ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ॥ ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ॥

ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁਸਾਰੁ॥ ਸਿਰੀ ਰਾਗੁ ਅ: ਮ: ੧

ਜੇ ਸੰਪਰਦਾਈ ਸੰਸਾਰਕ ਧਰਮਾਂ ਦੀਆਂ ਰਹਿਤਾਂ ਸਹੀ ਨਹੀਂ ਹਨ ਤਾਂ ਫਿਰ, ਗੁਰਮਤਿ ਅਨੁਸਾਰ, ਉਹ ਕਿਹੜੀ ਰਹਿਤ ਹੈ ਜਿਸ ਦਾ ਮਨੁੱਖ ਨੇ ਪਾਲਣ ਕਰਕੇ ਜੀਵਨ ਸਫ਼ਲਾ ਕਰਨਾ ਹੈ? ਪਾਠਕ ਸੱਜਨੋਂ! ਸਾਧਾਰਨ ਮਨੁੱਖ ਵਾਸਤੇ ਬਾਣੀਕਾਰਾਂ ਦੁਆਰਾ ਨਿਰਧਾਰਤ ਰਹਿਤ ਦੀ ਝਲਕ ਗੁਰਬਾਣੀ ਦੇ ਹਰ ਸ਼ਬਦ ਵਿੱਚ ਦਿਖਾਈ ਦਿੰਦੀ ਹੈ! ਸਿਰਫ਼ ਵੇਖਣ ਵਾਲੀ ਅੱਖ ਚਾਹੀਦੀ ਹੈ! --ਚਲਦਾ

ਗੁਰਇੰਦਰ ਸਿੰਘ ਪਾਲ
.