.

ਸਵਾਲਾਂ ਦਾ ਜਵਾਬ ਸੱਚੋ-ਸੱਚ

ਦੋ ਹਫਤੇ ਪਹਿਲਾਂ ਸੰਪਾਦਕ ‘ਸਿਖਮਾਰਗ’ ਵੱਲੋਂ ਇੱਸੇ ਵੈਬਸਾਈਟ ਉੱਤੇ ਪਾਏ ਆਪਣੇ ਲੇਖ ‘ਸੱਚ ਦੀ ਤਲਾਸ਼ ਵਿੱਚ ਕੁੱਝ ਅਹਿਮ ਸਵਾਲ’ ਰਾਹੀਂ ਕੁਝ ਨੁਕਤੇ ਪੇਸ਼ ਕੀਤੇ ਗਏ ਸਨ ਅਤੇ ਉਹਨਾਂ ਸਬੰਧੀ ਸਪਸ਼ਟੀਕਰਨ ਮੰਗੇ ਗਏ ਸਨ। ਇਹ ਸਾਰੇ ਨੁਕਤੇ ‘ਸਿਖ ਸੰਪਰਦਾਈ ਧਰਮ ’ ਨਾਲ ਸਬੰਧਤ ਹਨ। ਇੱਥੇ ‘ਸੰਪਰਦਾਈ’ ਸ਼ਬਦ ਦੀ ਵਰਤੋਂ ਕਰਨ ਸਬੰਧੀ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅੰਗਰੇਜ਼ੀ ਸਬਦ ‘ਰਿਲੀਜਨ’ ਦਾ ਪੰਜਾਬੀ/ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਵਿਚ ਤਰਜਮਾ ਮੌਜੂਦ ਨਹੀਂ (ਫਾਰਸੀ ਵਿਚ ਮੌਜੂਦ ਹੈ ਜੋ ਕਿ ‘ਮਜ਼ਹਬ’ ਹੈ) ਫਿਰ ਵੀ ਇਹਨਾਂ ਭਾਸ਼ਾਵਾਂ ਵਿਚ ‘ਰਿਲੀਜਨ’ ਲਈ ‘ਧਰਮ’ ਸ਼ਬਦ ਦੀ ਵਰਤੋਂ ਦਾ ਰਿਵਾਜ ਆਮ ਹੈ ਜਦੋਂ ਕਿ ‘ਧਰਮ’ ਦੇ ਅਸਲ ਅਰਥ ‘ਨੈਤਿਕਤਾ ਦੇ ਅਸੂਲ’ ਤੋਂ ਬਣਦੇ ਹਨ। ਇਸ ਸਥਿਤੀ ਵਿਚ ‘ਧਰਮ’ ਦੇ ਅਰਥਾਂ ਪ੍ਰਤੀ ਸਪਸ਼ਟ ਹੋਣ ਲਈ ਮੈਂ ਰਿਲੀਜਨ/ਮਜ਼ਹਬ ਲਈ ‘ਸੰਪਰਦਾਈ ਧਰਮ’ ਜਾਂ ‘ਸੰਸਥਾਗਤ ਧਰਮ’ ਸ਼ਬਦ-ਜੁੱਟਾਂ ਦੀ ਵਰਤੋਂ ਕਰਨਾ ਠੀਕ ਸਮਝਦਾ ਹਾਂ। ਸੋ ਮੇਰੇ ਵਿਚਾਰ ਵਿਚ ‘ਸਿਖ ਧਰਮ’ ਨੂੰ ‘ਸਿਖ ਸੰਪਰਦਾਈ ਧਰਮ’ ਜਾਂ ‘ਸਿਖ ਸੰਸਥਾਗਤ ਧਰਮ’ ਕਹਿਣਾ ਵਧੇਰੇ ਉਚਿਤ ਹੈ (ਉਂਜ ‘ਸਿਖ ਸੰਪਰਦਾਈ ਧਰਮ’ ਨੂੰ ‘ਸਿਖ ਮਜ਼ਹਬ’ ਜਾਂ ‘ਸਿਖ ਰਿਲੀਜਨ’ ਵੀ ਕਿਹਾ ਜਾ ਸਕਦਾ ਹੈ)।

ਵਿਚਾਰ-ਅਧੀਨ ਲੇਖ ਵਿਚ ਉਠਾਏ ਗਏ ਨੁਕਤਿਆਂ ਦੇ ਸੰਦਰਭ ਵਿਚ ਪਹਿਲਾਂ ਕੁਝ ਕੁ ਗੱਲਾਂ ਉੱਤੇ ਵਿਚਾਰ ਕਰਨਾ ਜ਼ਰੂਰੀ ਹੈ। ਇਹਨਾਂ ਵਿੱਚੋਂ ਇਕ ਹੈ ‘ਰਿਲੀਜਨ’ ਜਾਂ ‘ਮਜ਼ਹਬ’ ਦੀ ਉਤਪਤੀ। ‘ਰਿਲੀਜਨ/ਮਜ਼ਹਬ’ ਦੀ ਉਮਰ ਪੰਜ ਕੁ ਹਜ਼ਾਰ ਸਾਲ ਹੈ ਜਦੋਂ ਕਿ ਮਨੁੱਖ ਦੀ ਵਿਕਾਸ ਕਿਰਿਆ (evolution) ਵਿਚ ਕਰੋੜਾਂ ਸਾਲ ਲੱਗੇ ਹਨ (ਸਭ ਤੋਂ ਪਹਿਲਾ ਮਜ਼ਹਬ ਯਹੂਦੀ ਮੱਤ ਨੂੰ ਮੰਨਿਆਂ ਜਾਂਦਾ ਹੈ)। ਉੱਧਰ ਮਨੁੱਖੀ ਵਿਕਾਸ ਪ੍ਰੀਕ੍ਰਿਰਿਆ ਦੌਰਾਨ ਨੈਤਿਕਤਾ ਕਈ ਲੱਖ ਸਾਲ ਪਹਿਲਾਂ ਪੈਦਾ ਹੋ ਚੁੱਕੀ ਸੀ ਉਦੋਂ ਤੋਂ ਜਦੋਂ ਉਹ ਹਾਲੇ ਪਸ਼ੂ ਜੀਵਨ ਦੇ ਪੱਧਰ ਤੇ ਹੀ ਸੀ (ਪਸ਼ੂਆਂ ਅਤੇ ਪੰਛੀਆਂ ਵਿਚ ਵੀ ਨੈਤਿਕਤਾ ਪਾਈ ਜਾਂਦੀ ਹੈ)। ਉੱਧਰ ਰੱਬ ਦੇ ਸੰਕਲਪ ਦੀ ਕਾਢ ਵੀ ਕੇਵਲ ਪੰਜ ਕੁ ਹਜ਼ਾਰ ਸਾਲ ਪੁਰਾਣੀ ਹੀ ਹੈ ਜਦੋਂ ਕਿ ਦੇਵੀ/ਦੇਵਤਿਆਂ ਦਾ ਸੰਕਲਪ ਉਸ ਤੋਂ ਸੱਤ-ਅੱਠ ਹਜ਼ਾਰ ਸਾਲ ਪਹਿਲਾਂ ਦਾ ਹੈ ਪਰੰਤੂ ਉਦੋਂ ਹਾਲੇ ਮਜ਼ਹਬ/ਰਿਲੀਜਨ ਪੈਦਾ ਨਹੀਂ ਸੀ ਹੋਇਆ। ਇਹ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਰੱਬ ਅਤੇ ਮਜ਼ਹਬ ਦੀ ਕਾਢ ਉਦੋਂ ਜਾ ਕੇ ਹੋਈ ਜਦੋਂ ਮਨੁੱਖ ਨੇ ਕਿਰਸਾਣੀ ਕਬੀਲਿਆਈ ਜੀਵਨ ਤੋਂ ਅੱਗੇ ਸਭਿਅਤਾ ਦੀ ਪੌੜੀ ਚੜ੍ਹਨਾ ਸ਼ੁਰੂ ਕੀਤਾ। ‘ਸਭਿਅਤਾ’ ਦੀ ਪੌੜੀ ਚੜ੍ਹ ਰਿਹਾ ਮਨੁੱਖ ਚਲਾਕ ਹੋ ਚੁੱਕਾ ਸੀ। ਕੁਝ ਚਲਾਕ ਮਨੁੱਖਾਂ ਨੇ ਕਬੀਲਿਆਈ ਖੇਤਰਾਂ ਤੇ ਕਬਜ਼ੇ ਜਮਾ ਕੇ ਆਪਣੇ-ਆਪਣੇ ਰਾਜ ਸਥਾਪਤ ਕਰਨੇ ਅਰੰਭ ਕਰ ਦਿੱਤੇ। ਕੁਝ ਦੂਸਰੀ ਕਿਸਮ ਦੇ ਚਲਾਕ ਮਨੁੱਖਾਂ ਨੇ ਪਰਲੋਕ (ਇਸ ਧਰਤੀ ਤੋਂ ਕਿਧਰੇ ਦੂਰ ਦਾ ਕਲਪਿਤ ਸਥਾਨ) ਦੀ ਕਲਪਨਾ ਕਰ ਲਈ ਅਤੇ ਉੱਥੇ ਸੰਸਾਰਕ ਰਾਜੇ ਦੇ ਸਮਾਨੰਤਰ ਕਾਲਪਨਿਕ ਸ਼ਾਸਕ ‘ਰੱਬ’ ਨੂੰ ਸਥਾਪਤ ਕਰ ਦਿੱਤਾ। ਦੇਵੀ-ਦੇਵਤੇ ਜੋ ਪਹਿਲਾਂ ਧਰਤੀ ਦੇ ਹੀ ਕਿਸੇ ਅਣਜਾਣ ਹਿੱਸੇ, ਵਿਸ਼ੇਸ਼ ਕਰਕੇ ਉੱਚੇ ਪਰਬਤਾਂ ਦੀਆਂ ਚੋਟੀਆਂ, ਦੇ ਵਸਨੀਕ ਮੰਨੇ ਜਾਂਦੇ ਸਨ ਪਰਲੋਕ ਦੇ ਵਾਸੀ ਬਣਾ ਦਿੱਤੇ ਗਏ ਅਤੇ ਉਹਨਾਂ ਨੂੰ ਰੱਬ ਦੇ ਅਧੀਨ ਕਰ ਦਿੱਤਾ ਗਿਆ। ਇਸ ਕਲਪਿਤ ਸਥਾਨ ਨਾਲ ਆਤਮਾ, ਪਰਮ ਆਤਮਾ ਅਤੇ ਨਰਕ-ਸੁਰਗ ਵਰਗੇ ਸੰਕਲਪ ਜੋੜ ਕੇ ਵੱਖ-ਵੱਖ ਮਜ਼ਹਬ/ਰਿਲੀਜਨ ਉਸਾਰ ਲਏ ਗਏ ਜਿਹਨਾਂ ਦਾ ਸੰਚਾਲਨ ਕਰਨ ਹਿਤ ਪੁਜਾਰੀ ਸ਼੍ਰੇਣੀ ਸਥਾਪਤ ਕਰ ਦਿੱਤੀ ਗਈ। ਰੱਬ, ਦੇਵੀ/ਦੇਵਤੇ ਅਤੇ ਮਜ਼ਹਬ ਤੇ ਹੀ ਅਧਾਰਿਤ ਕਰ ਕੇ ਅਧਿਆਤਮਵਾਦ ਦੀ ਹੋਂਦ ਕਾਇਮ ਕੀਤੀ ਗਈ। ਛੇਤੀ ਹੀ ਇਹਨਾਂ ਦੋਵਾਂ ਵਰਗਾਂ (ਸ਼ਾਸਕ ਅਤੇ ਪੁਜਾਰੀ) ਵਿਚ ਗੱਠ-ਜੋੜ ਪੈਦਾ ਕਰ ਲਿਆ ਗਿਆ ਅਤੇ ਉਦੋਂ ਤੋਂ ਦੋਵੇਂ ਵਰਗ (ਸ਼ਾਸਕ ਅਤੇ ਪੁਜਾਰੀ) ਰਲ ਮਿਲ ਕੇ ਸ਼ਾਸਨ ਅਤੇ ਮਜ਼ਹਬ ਦੋਵ੍ਹਾਂ ਦੀ ਕੁਵਰਤੋਂ ਰਾਹੀਂ ਆਮ ਆਦਮੀ ਨੂੰ ਲੁੱਟਣ ਅਤੇ ਉਸ ਉੱਤੇ ਤਸ਼ੱਦਦ ਢਾਉਣ ਦੇ ਅਨੈਤਿਕ ਕਾਰਜ ਕਰਦੇ ਆ ਰਹੇ ਹਨ। ਸੋ ਜਿੱਥੇ ਸਭਿਅ ਮਨੁੱਖ ਨੇ ਬੜੀਆਂ ਕਰਾਂਤੀਕਾਰੀ ਸਹੂਲਤਾਂ ਪੈਦਾ ਕੀਤੀਆਂ ਉੱਥੇ ਉਸਨੇ ਬੜੀਆਂ ਮਾਰੂ ਚੀਜ਼ਾਂ ਵੀ ਈਜਾਦ ਕੀਤੀਆਂ ਹਨ। ਰੱਬ ਦਾ ਸੰਕਲਪ ਅਤੇ ਉਸ ਵਿੱਚੋਂ ਨਿਕਲੀ ਮਜ਼ਹਬ ਦੀ ਸੰਸਥਾ ਇਹਨਾਂ ਮਾਰੂ ਚੀਜ਼ਾਂ ਵਿਚ ਗਿਣੀਆਂ ਜਾਣੀਆਂ ਚਾਹੀਦੀਆਂ ਹਨ, ਐਟਮ ਬੰਬ ਆਦਿਕ ਤਾਂ ਬਹੁਤ ਬਾਦ ਵਿਚ ਜਾ ਕੇ ਬਣੇ ਹਨ।

ਨੋਟ: ਮਜ਼ਹਬ ਦੀ ਉਤਪਤੀ ਆਦਿਕ ਵਿਸ਼ਿਆਂ ਸਬੰਧੀ ਵਿਸਥਾਰ ਵਿਚ ਜਾਣਕਾਰੀ ਪਰਾਪਤ ਕਰਨ ਲਈ ਪੁਸਤਕ ‘ਪਰਲੋਕ ਦਾ ਭਰਮ’ ਪੜ੍ਹ ਲੈਣੀ ਚਾਹੀਦੀ ਹੈ ਜੋ ਇੰਗਲੈਂਡ ਨਿਵਾਸੀ ਪੂਰਨ ਸਿੰਘ ਦੀ ਲਿਖੀ ਹੋਈ ਹੈ। ਪੁਸਤਕ ਪਰਾਪਤ ਕਰਨ ਲਈ ਫੋਨ ਨੰ. 091 98148 22601 ਅਤੇ 0044 208 863 2018 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਿਖ ਸੰਪਰਦਾਈ ਧਰਮ ਨਾਲ ਸਬੰਧਤ ਲੋਕ ਬੜੇ ਜ਼ੋਰ ਨਾਲ ਕਹਿੰਦੇ ਹਨ ਕਿ ਗੁਰੂ ਨਾਨਕ ਨੇ ਪੁਜਾਰੀ ਵਰਗ ਨੂੰ ਨਕਾਰਿਆ ਸੀ ਅਤੇ ਕਰਮ-ਕਾਂਡਾਂ ਨੂੰ ਵੀ ਰਦ ਕੀਤਾ ਸੀ। ਇਹ ਲੋਕ ਅਜਿਹਾ ਦਾਵਾ ਇਹ ਮੰਨਦੇ ਹੋਏ ਕਰਦੇ ਹਨ ਕਿ ਗੁਰੂ ਨਾਨਕ ਨੇ ਮਜ਼ਹਬ/ਰਿਲੀਜਨ ਤਾਂ ਚਾਲੂ ਕੀਤਾ ਹੀ ਸੀ। ਪਰੰਤੂ ਉਹਨਾਂ ਦਾ ਇਹ ਦਾਵਾ ਇਕ ਅਸੰਗਤੀ (contradiction) ਹੈ, ਇਕ ਭਰਮ ਹੈ ਕਿਉਂਕਿ ਨਾ ਹੀ ਗੁਰੂ ਨਾਨਕ ਜੀ ਨੇ ਕੋਈ ਮਜ਼ਹਬ/ਰਿਲੀਜਨ ਚਾਲੂ ਕੀਤਾ ਸੀ ਨਾ ਹੀ ਉਹਨਾਂ ਤੋਂ ਅਗਲੇ ਕਿਸੇ ਗੁਰੂ ਸਾਹਿਬ ਨੇ। ਅਜਿਹੇ ਲੋਕ ਇਹ ਨਹੀਂ ਸਮਝਦੇ ਕਿ ਜਿੱਥੇ ਮਜ਼ਹਬ ਹੋਵੇਗਾ ਉੱਥੇ ਪੁਜਾਰੀ ਵਰਗ ਵੀ ਜ਼ਰੂਰ ਹੀ ਮੌਜੂਦ ਹੋਵੇਗਾ ਅਤੇ ਕਰਮ-ਕਾਂਡ ਵੀ ਜ਼ਰੂਰ ਹੋਣਗੇ। ਉੱਧਰ ਗੁਰੂ ਨਾਨਕ ਨੇ ਤਾਂ ਮਜ਼ਹਬ ਨੂੰ ਮੂਲੋਂ ਹੀ ਰਦ ਕਰ ਦਿੱਤਾ ਸੀ। ਜਿੱਥੇ ਮਜ਼ਹਬ ਹੀ ਮੌਜੂਦ ਨਹੀਂ ਉੱਥੇ ਪੁਜਾਰੀ ਵਰਗ ਦੀ ਵੀ ਲੋੜ ਨਹੀਂ ਪਵੇਗੀ। ਗੁਰੂ ਨਾਨਕ ਨੇ ਚਾਰ-ਪੰਜ ਹਜ਼ਾਰ ਸਾਲ ਪਹਿਲਾਂ ਤੋਂ ਮੰਨੇ ਜਾ ਰਹੇ ‘ਵਿਅਕਤੀਗਤ’ ਰੂਪ ਵਾਲੇ ਰੱਬ ਜਾਂ ਦੇਵੀ/ਦੇਵਤਿਆਂ ਨੂੰ ਵੀ ਨਕਾਰ ਦਿੱਤਾ ਸੀ। ਜਿੱਥੇ ਇਸ਼ਟ ਦੇ ਤੌਰ ਤੇ ਕੋਈ ਪਰਲੋਕੀ ਸ਼ਕਤੀ (‘ਰੱਬ’ ਜਾਂ ‘ਦੇਵੀ/ਦੇਵਤਾ’) ਮੌਜੂਦ ਨਹੀਂ ਉੱਥੇ ਕਿਸੇ ਮਜ਼ਹਬ ਅਤੇ ਅਧਿਆਤਮਿਕਤਾ ਦੀ ਲੋੜ ਨਹੀਂ ਅਤੇ ਕਿਸੇ ਕਰਮ-ਕਾਂਡ ਦੀ ਵੀ ਲੋੜ ਨਹੀਂ। ਗੁਰੂ ਨਾਨਕ ਬ੍ਰਹਿਮੰਡ ਨੂੰ ਪੈਦਾ ਕਰਨ ਵਾਲੇ ਅਤੇ ਉਸ ਦਾ ਸੰਚਾਲਨ ਕਰਨ ਵਾਲੇ ਇਕ ਸ਼ਕਤੀ-ਕੇਂਦਰ (energy centre) ਨੂੰ ਮਾਨਤਾ ਦਿੰਦੇ ਸਨ ਪਰੰਤੂ ਇਹ ਸ਼ਕਤੀ-ਕੇਂਦਰ ਮਜ਼ਹਬ ਵੱਲੋਂ ਪੇਸ਼ ਕੀਤੇ ਗਏ ਰੱਬ ਜਾਂ ਦੇਵੀ-ਦੇਵਤਿਆਂ ਦੇ ਰੂਪ ਨਾਲ ਨਹੀਂ ਰਲਦਾ। ਗੁਰੂ ਨਾਨਕ ਦਾ ਬ੍ਰਹਿਮੰਡੀ ਸ਼ਕਤੀ-ਕੇਂਦਰ ਵਿਗਿਆਨਕ ਢੰਗ ਨਾਲ ਪੇਸ਼ ਕੀਤਾ ਜਾ ਸਕਣ ਵਾਲਾ ਅਕਾਰ ਰਹਿਤ ਰੂਪ ਰਹਿਤ (abstract) ਅਸਲੀ ‘ਕਰਤਾਰ’ ਹੈ। ਉਹ ‘ਨਿਰੰਕਾਰ’ ਹੈ, ਮਜ਼ਹਬਾਂ ਵੱਲੋਂ ਮੰਨਿਆਂ ਜਾਂਦਾ ਕਲਪਿਤ ਵਿਅਕਤੀਗਤ ਰੂਪ ਨਹੀਂ।

ਗੌਤਮ ਬੁੱਧ ਨੇ ਵੀ ਗੁਰੂ ਨਾਨਕ ਤੋਂ ਲਗ-ਭਗ ਦੋ ਹਜ਼ਾਰ ਸਾਲ ਪਹਿਲਾਂ ਕਾਲਪਨਿਕ ਪਰਲੋਕੀ ਸਕਤੀਆਂ ਅਤੇ ਮਜ਼ਹਬ ਨੂੰ ਨਕਾਰਿਆ ਸੀ। ਉਸ ਨੇ ਨੈਤਿਕਤਾ-ਅਧਾਰਿਤ ਵਿਵਹਾਰ ਨੂੰ ਹੀ ਦੁੱਖਾਂ ਦੇ ਅੰਤ ਅਤੇ ਖੁਸ਼ੀ ਦੀ ਪਰਾਪਤੀ ਦੇ ਵਸੀਲੇ ਦੇ ਤੌਰ ਤੇ ਪੇਸ਼ ਕੀਤਾ ਸੀ। ਪਰੰਤੂ ਬਾਦ ਵਿਚ ਬੁੱਧ ਦੀ ਵਿਚਾਰਾਧਾਰਾ ਨੂੰ ਲੈ ਕੇ ਇਕ ਮਜ਼ਹਬ ਉਸਾਰ ਲਿਆ ਗਿਆ ਅਤੇ ਉਸ ਤੋਂ ਵੀ ਅੱਗੇ ਉਸ ਮਜ਼ਹਬ ਨੂੰ ਭਾਰਤ ਵਿੱਚੋਂ ਨੀਸਤੋ-ਨਾਬੂਦ ਕਰਕੇ ਇਸਦੀ ਰਹਿੰਦ-ਖੂੰਦ ਨੂੰ (ਜੈਨ ਮੱਤ ਸਮੇਤ) ਹਿੰਦੂ ਮਜ਼ਹਬ ਵਿਚ ਸਾਮਲ ਕਰ ਲਿਆ ਗਿਆ। ਗੁਰੂ ਨਾਨਕ ਨੇ ਇਕ ਨਿਵੇਕਲੀ ਗੱਲ ਇਹ ਕੀਤੀ ਕਿ ਉਹਨਾਂ ਨੇ ਆਪਣੀ ਵਿਚਾਰਧਾਰਾ ਦੇ ਪਰਚਾਰ ਲਈ ਜੀਂਦੇ-ਜੀ ਮੁਹਿੰਮ ਸ਼ੁਰੂ ਕਰ ਦਿੱਤੀ। ਉਹ ਮੁਹਿੰਮ ਕੋਈ ਮਜ਼ਹਬ ਨਹੀਂ ਸੀ ਸਗੋਂ ਮਾਨਵਵਾਦ ਦੀ ਲਹਿਰ ਸੀ। ਮਾਨਵਵਾਦ ਦਾ ਅਰਥ ਹੁੰਦਾ ਹੈ ਕਿ ਮਜ਼ਹਬ ਅਤੇ ਗੈਰਵਿਗਿਆਨਕ ਵਰਤਾਰੇ ਨੂੰ ਨਕਾਰਦਿਆਂ ਹੋਇਆਂ ਇਕ ਐਸਾ ਜੀਵਨ-ਢੰਗ (life-stance) ਅਪਣਾਉਣਾ ਜੋ ਮਨੁੱਖੀ ਸਰੋਕਾਰਾਂ ਨੂੰ ਸਮਰਪਿਤ ਹੋਵੇ। ਮਨੁੱਖੀ ਸਰੋਕਾਰਾਂ ਵਿਚ ਮਨੁੱਖੀ ਭਲਾਈ, ਬਰਾਬਰੀ, ਸਾਂਝੀਵਾਲਤਾ, ਸਵੈਸਨਮਾਣ, ਬੁਨਿਆਦੀ ਹੱਕ, ਵਿਕਾਸ, ਨੈਤਿਕਤਾ ਆਦਿਕ ਸ਼ਾਮਲ ਹੁੰਦੇ ਹਨ। ਗੁਰੂ ਸਾਹਿਬਾਨ ਦੀ ਮਾਨਵਵਾਦੀ ਲਹਿਰ ਗੁਰੂ ਨਾਨਕ ਅਤੇ ਉਹਨਾਂ ਤੋਂ ਅਗਲੇ ਨੌਂ ਰਹਿਨੁਮਾਵਾਂ ਦੀ ਅਗਵਾਈ ਵਿਚ ਦੋ ਸੌ ਸਾਲ ਦੇ ਸਮੇਂ ਤੋਂ ਵੱਧ ਤਕ ਪੂਰੀ ਸਫਲਤਾ ਨਾਲ ਚੱਲੀ। ਇਹ ਅਠਾਰ੍ਹਵੀਂ ਸਦੀ ਈਸਵੀ ਦੇ ਪਹਿਲੇ ਅੱਧ ਵਿਚ ਉਦਾਸੀ ਸਾਧੂਆਂ ਦੇ ਯਤਨਾਂ ਨਾਲ ਅਤੇ ਦੂਸਰੇ ਅੱਧ ਵਿਚ ਨਿਰਮਲੇ ਬ੍ਰਾਹਮਣਾਂ ਦੇ ਯਤਨਾ ਨਾਲ ਹੋਇਆ ਕਿ ਗੁਰੂ ਸਾਹਿਬਾਨ ਦੇ ਸਥਾਪਤ ਕੀਤੇ ਪਰਚਾਰ ਕੇਂਦਰਾਂ ਦੀ ਵਰਤੋਂ ਕਰਕੇ ਇਕ ਬਾਂਹਮਣਵਾਦੀ ਮਜ਼ਹਬ/ਰਿਲੀਜਨ ਸਥਾਪਤ ਕਰ ਦਿੱਤਾ ਗਿਆ ਅਤੇ ਉਸ ਸੰਪਰਦਾਈ ਧਰਮ ਨੂੰ ‘ਸਿਖ ਧਰਮ’ ਦਾ ਨਾਮ ਦੇ ਦਿੱਤਾ ਗਿਆ। ਉਦਾਸੀ ਸਾਧੂਆਂ ਅਤੇ ਨਿਰਮਲੇ ਬ੍ਰਾਹਮਣਾਂ ਨੂੰ ਇਹ ਮੌਕਾ ਉਦੋਂ ਮਿਲਿਆ ਜਦੋਂ ਅਪਣੇ-ਆਪ ਨੂੰ ਗੁਰੂ ਸਾਹਿਬਾਨ ਦੇ ਪੈਰੋਕਾਰ ਅਖਵਾਉਣ ਵਾਲੇ ਲੋਕ ਦੱਸਵੇਂ ਗੁਰੂ ਦੇ ਸੰਸਾਰ ਛੱਡਣ ਤੋਂ ਛੇਤੀ ਪਿੱਛੋਂ ਗੁਰੂ ਸਾਹਿਬਾਨ ਵੱਲੌਂ ਦਿੱਤੇ ਗਏ ਸੰਦੇਸ਼ ਵੱਲੋਂ ਮੂੰਹ ਮੋੜਦੇ ਹੋਏ ਰਾਜ-ਸੱਤਾ ਹਥਿਆਉਣ ਦੇ ਲਾਲਚ ਵਿਚ ਫਸ ਗਏ ਸਨ (ਰਾਜ-ਸੱਤਾ ਦੀ ਪਰਾਪਤੀ ਗੁਰੂ ਸਾਹਿਬਾਨ ਦੀ ਮੁਹਿੰਮ ਦਾ ਹਿੱਸਾ ਨਹੀਂ ਸੀ)। ਉਹਨਾਂ ਨੂੰ ਰਾਜ-ਸੱਤਾ ਪਰਾਪਤ ਵੀ ਹੋ ਗਈ ਅਤੇ ਉਦੋਂ ਉਹਨਾਂ ਨੇ ਗੁਰੂ ਸਾਹਿਬਾਨ ਦੀ ਮਾਨਵਵਾਦੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਦੀ ਬਜਾਇ ਬ੍ਰਾਹਮਣਵਾਦੀ ਪੁਜਾਰੀ-ਸ਼੍ਰੇਣੀ ਨਾਲ ਗੰਢ-ਤੁੱਪ ਕਰ ਲਿਆ ਜਿਸ ਦੇ ਨਤੀਜੇ ਸਿਖ ਸੰਪਰਦਾਈ ਧਰਮ ਦਾ ਪੈਰੋਕਾਰ ਸਿਖ ਭਾਈਚਾਰਾ ਅਜ ਤਕ ਭੁਗਤਦਾ ਆ ਰਿਹਾ ਹੈ।

ਸਿਖ ਸੰਪਰਦਾਈ ਧਰਮ (ਆਮ ਬੋਲ-ਚਾਲ ਵਿਚ ‘ਸਿਖ ਧਰਮ’) ਤਾਂ ਗੁਰੂ ਸਾਹਿਬਾਨ ਦਾ ਚਲਾਇਆ ਹੋਇਆ ਹੈ ਨਹੀਂ। ਇਸ ਲਈ ਸਿਖ ਭਾਈਚਾਰੇ ਦੇ ਲੋਕ ਜਿਹੜੀਆਂ ਸਮੱਸਿਆਵਾਂ ਦੀ ਗੱਲ ਕਰਦੇ ਰਹਿੰਦੇ ਹਨ ਅਤੇ ਉਹਨਾਂ ਸਬੰਧੀ ਸਵਾਲ ਉਠਾਉਂਦੇ ਰਹਿੰਦੇ ਹਨ ਉਹਨਾਂ ਸਮੱਸਿਆਵਾਂ ਦਾ ਗੁਰੂ ਸਾਹਿਬਾਨ ਦੇ ਸੰਦੇਸ਼ ਅਤੇ ਕਾਰਗੁਜ਼ਾਰੀ ਨਾਲ ਕੋਈ ਸਬੰਧ ਹੀ ਨਹੀਂ ਬਣਦਾ। ਫਿਰ ਵੀ ਕੁਝ ਸੱਜਣ ਗੁਰੂ ਗੋਬਿੰਦ ਸਿੰਘ ਵੱਲੋਂ ਸਥਾਪਿਤ ਕੀਤੀ ਗਈ ‘ਖਾਲਸਾ’ ਫੌਜ ਦਾ ਹਵਾਲਾ ਦੇ ਕੇ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਗੁਰੂ ਜੀ ਨੇ ਅਜਿਹਾ ਕਰਕੇ ਆਪਣੀ ਲਹਿਰ ਨੂੰ ‘ਧਾਰਮਿਕ’ (ਸੰਪਰਦਾਈ) ਰੂਪ ਦੇ ਦਿੱਤਾ ਸੀ। ਇੱਥੇ ਇਕ ਗੱਲ ਤਾਂ ਇਹ ਕਰਨੀ ਬਣਦੀ ਹੈ ਕਿ ਦੱਸਵੇਂ ਗੁਰੂ ਜੀ ਤੱਕ ਸਾਰੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇ ਮਿਸ਼ਨ ਨੂੰ ਹੂਬਹੂ ਰੂਪ ਵਿਚ ਨਿਭਾਇਆ ਸੀ ਅਤੇ ਉਹ ਮਿਸ਼ਨ ਸੀ ਮਾਨਵਵਾਦ। ਫੌਜ ਤਾਂ ਗੁਰੂ ਹਰਿਗੋਬੰਦ ਨੇ ਹੀ ਖੜ੍ਹੀ ਕਰ ਲਈ ਸੀ ਅਤੇ ਉਸ ਦਾ ਨਿਸ਼ਾਨਾ ਸੀ ਮਨੁੱਖੀ ਹੱਕਾਂ ਦੀ ਬਹਾਲੀ-ਰਖਵਾਲੀ ਲਈ ਹਥਿਆਰਬੰਦ ਸੰਘਰਸ਼ ਨੂੰ ਅਪਣਾਉਣਾ। ਗੁਰੂ ਗੋਬਿੰਦ ਸਿੰਘ ਨੇ ਸਮੇਂ ਦੀ ਮੰਗ ਅਨੁਸਾਰ ਇਸ ਸੰਘਰਸ਼ ਨੂੰ ਹੋਰ ਪਕੇਰਾ ਕੀਤਾ ਸੀ। ‘ਖਾਲਸਾ’ ਦਾ ਅਰਥ ਭਾਈ ਨੰਦ ਲਾਲ ਜੀ ਨੇ ਚੰਗੀ ਤਰ੍ਹਾਂ ਸਮਝਾਇਆ ਹੋਇਆ ਹੈ। ਆਪਣੇ ਪੈਰੋਕਾਰਾਂ ਵਿੱਚੋਂ ਚੰਗੀ ਸਿਖਲਾਈ ਪਰਾਪਤ ਉੱਚੇ-ਸੁੱਚੇ ਕਿਰਦਾਰ ਦੇ ਮਾਲਕ ਤਿਆਰ-ਬਰ-ਤਿਆਰ ਦਸਤੇ ਨੂੰ ‘ਖਾਲਸਾ’ ਨਾਮ ਦੇਣ ਨਾਲ ਉਹ ਸੰਪਰਦਾਈ ਫਿਰਕਾ ਨਹੀਂ ਸੀ ਬਣ ਗਿਆ, ਨਾ ਹੀ ਗੁਰੂ ਸਾਹਿਬਾਨ ਦਾ ਨਿਸ਼ਾਨਾ ਕੋਈ ਸੰਪਰਦਾਈ ਫਿਰਕਾ ਖੜ੍ਹਾ ਕਰਨ ਦਾ ਸੀ । ਉਹ ਮਾਨਵਵਾਦੀ ਸਨ, ਉਹਨਾਂ ਲਈ ਸਾਰਾ ਸੰਸਾਰ ਇਕ ਪਰਿਵਾਰ ਵਾਂਗ ਸੀ ਅਤੇ ਉਹਨਾਂ ਦਾ ਨਿਸ਼ਾਨਾ ਸ਼ਪਸ਼ਟ ਸੀ "ਏਕੁ ਪਿਤਾ ਏਕਸ ਕੇ ਹਮ ਬਾਰਿਕ.......", ‘ਸਭੇ ਸਾਂਝੀਵਾਲ ਸਦਾਇਨਿ......." ਅਤੇ "ਨਾ ਕੋ ਬੈਰੀ ਨਹੀਂ ਬਿਗਾਨਾ....." । ਅਜਿਹੇ ਨਿਸ਼ਾਨੇ ਕਿਸੇ ਸੰਪਰਦਾਈ ਫਿਰਕੇ ਦੇ ਨਹੀਂ ਹੋ ਸਕਦੇ। ਦੂਸਰੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਗੁਰਬਾਣੀ ਗ੍ਰੰਥ ਇਕ ‘ਧਾਰਮਿਕ ਗ੍ਰੰਥ’ (scripture) ਬਣਾਇਆ ਗਿਆ ਸੀ। ਪਰੰਤੂ ਸਚਾਈ ਇਹ ਹੈ ਕਿ ਇਹ ਗ੍ਰੰਥ ਸੰਸਾਰ ਦਾ ਸਭ ਤੌ ਪਹਿਲਾ ਅਤੇ ਸਭ ਤੋਂ ਉੱਤਮ ਮਾਨਵਵਾਦੀ ਗ੍ਰੰਥ ਹੈ। ਇਹਨਾਂ ਅਰਥਾਂ ਵਿਚ ਹੀ ਇਹ ਸਮੁੱਚੀ ਮਨੁੱਖਤਾ ਦਾ ਗ੍ਰੰਥ ਬਣ ਸਕਦਾ ਹੈ ਨਾ ਕਿ ਇਕ ‘ਧਾਰਮਿਕ ਗ੍ਰੰਥ’ ਦੇ ਤੌਰ ਤੇ। ਸਾਰੇ ਮਜ਼ਹਬਾਂ ਕੋਲ ਆਪਣੇ-ਆਪਣੇ ਧਾਰਮਿਕ ਗ੍ਰੰਥ ਤਾਂ ਪਹਿਲਾਂ ਹੀ ਮੌਜੂਦ ਹਨ। ਕੋਈ ਮਜ਼ਹਬ ਕਿਸੇ ਦੂਸਰੇ ਮਜ਼ਹਬ ਦੇ ਧਾਰਮਿਕ ਗ੍ਰੰਥ ਨੂੰ ਮਾਨਤਾ ਨਹੀਂ ਦਿੰਦਾ।

ਸੰਪਰਦਾਈ ਸਿਖ ਭਾਈਚਾਰੇ ਦੇ ਆਮ ਲੋਕਾਂ ਨੂੰ ਇਹ ਸਾਰੀ ਸਥਿਤੀ ਸਮਝਾਉਣੀ ਕੁਝ ਔਖੀ ਲਗਦੀ ਹੈ। ਪਰੰਤੂ ਵੱਡੀ ਸਮੱਸਿਆ ਸਿਖ ਭਾਈਚਾਰੇ ਵਿਚਲੇ ‘ਜਾਗਰੂਕ’ ਅਖਵਾਉਂਦੇ ਲੋਕਾਂ ਦੀ ਹੈ ਜੋ ਵੀਹਵੀਂ ਸਦੀ ਦੇ ਪਿਛਲੇ ਹਿੱਸੇ ਤੋਂ ਲੈਕੇ ਕਾਰਜਸ਼ੀਲ ਹੋਏ ਹਨ। ਅਜਿਹੇ ਸੱਜਣ ‘ਜਾਗਰੂਕ’ ਜ਼ਰੂਰ ਹਨ ਪਰੰਤੂ ਇਸ ਕਰਕੇ ਕਿ ਉਹ ਆਮ ਲੋਕਾਂ ਨਾਲੋਂ ਸਭਿਅਤਾ ਦੇ ਜ਼ਰਾ ਉਚੇਰੇ ਡੰਡੇ ਉੱਤੇ ਬਿਰਾਜਮਾਨ ਹਨ। ਆਮ ਲੋਕ ਤਾਂ ਭੋਲੇ ਹੁੰਦੇ ਹਨ, ਲਾਈਲੱਗ ਹੁੰਦੇ ਹਨ। ‘ਜਾਗਰੂਕ’ ਲੋਕ ਚਲਾਕ ਹੁੰਦੇ ਹਨ। ਸਿਖ ਭਾਈਚਾਰੇ ਦੇ ‘ਜਾਗਰੂਕ’ ਲੋਕਾਂ ਨੂੰ ਫਿਕਰ ਇਸ ਗੱਲ ਦੀ ਨਹੀਂ ਕਿ ਗੁਰੂ ਸਾਹਿਬਾਨ ਦੇ ਅਸਲੀ ਸੰਦੇਸ਼ ਸਬੰਧੀ ਵਿਧੀਵਤ ਖੋਜ ਕਰਕੇ ਇਸ ਨੂੰ ਆਮ ਲੋਕਾਂ ਦੇ ਅੱਗੇ ਰੱਖੀਏ। ਉਹ ਈਰਖਾ, ਖਹਿਬਾਜ਼ੀ ਅਤੇ ਆਪਸੀ ਮੁਕਾਬਲੇ ਦੀਆਂ ਭਾਵਨਾਵਾਂ ਵਿਚ ਉਲਝੇ ਹੋਏ ਹਨ ਅਤੇ ਉਹਨਾਂ ਦਾ ਨਿਸ਼ਾਨਾ ਕੇਵਲ ਸਿਖ ਸੰਪਰਦਾਈ ਧਰਮ ਨਾਲ ਸਬੰਧਤ ਕੁਝ ਮੁੱਦਿਆਂ ਨੂੰ ਉਭਾਰ ਕੇ ਆਪਣੇ ਲਈ ਵਾਹਵਾ ਖੱਟਣ ਅਤੇ ਮਾਰਟਿਨ ਲੂਥਰ ਦਾ ਰੁਤਬਾ ਹਾਸਲ ਕਰਨਾ ਹੀ ਮਹਿਸੂਸ ਹੁੰਦਾ ਹੈ। ਅਜਿਹਾ ‘ਸਿੱਖੀ’ ਨੂੰ ਇਕ ਮਜ਼ਹਬ ਦੇ ਤੌਰ ਤੇ ਪੇਸ਼ ਕਰਕੇ ਹੀ ਹੋ ਸਕਦਾ ਹੈ ਭਾਵ ਗੁਰੂ ਸਾਹਿਬਾਨ ਦੇ ਸੰਦੇਸ਼ ਦੇ ਵਿਰੋਧ ਵਿਚ ਜਾ ਕੇ। ਇੱਸੇ ਕਰਕੇ ਇਹ ‘ਜਾਗ਼ਰੂਕ’ ਲੋਕ ਦੁਬਿਧਾ ਦਾ ਸ਼ਿਕਾਰ ਬਣੇ ਰਹਿੰਦੇ ਹਨ ਅਤੇ ਅਕਸਰ ਹੀ ਅਤਕਥਨੀਆਂ ਪੇਸ਼ ਕਰਦੇ ਰਹਿੰਦੇ ਹਨ। ਵਿਚਾਰ-ਅਧੀਨ ਲੇਖ ਵਿੱਚੋਂ ਹੀ ਕੁਝ ਉਦਾਹਰਨਾਂ ਪੇਸ਼ ਹਨ।

  1. ਡਾ. ਹਰਜਿੰਦਰ ਸਿੰਘ ਦਿਲਗੀਰ ਆਉਡੀਓ ਤਕਰੀਰ ਵਿਚ ਅਖੌਤੀ ‘ਅਕਾਲ ਤਖਤ’ ਦੇ ਜੱਥੇਦਾਰਾਂ ਨੂੰ ਤਾਂ ਰਦ ਕਰਦਾ ਹੈ ਪਰੰਤੂ ਅਖੌਤੀ ‘ਅਕਾਲ ਤਖਤ’ ਨੂੰ ਮਾਨਤਾ ਦਿੰਦਾ ਹੈ (ਕੇਵਲ ਇਸ ਲਈ ਕਿ ਉਹ ਇਸ ਦੀ ਮਹਿਮਾ ਵਿਚ ਦੋ-ਤਿੰਨ ਪੁਸਤਕਾਂ ਲਿਖ ਚੁੱਕਾ ਹੋਇਆ ਹੈ)। ਦੂਸਰੇ ਪਾਸੇ ਉਹ ਦਮਦਮੀ ਟਕਸਾਲ ਨੂੰ ਨਕਾਰਦਾ ਹੈ ਪਰੰਤੂ ਇਸ ਦੇ ਰਹਿ ਚੁੱਕੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ‘ਸ਼ਹੀਦ’ ਐਲਾਨਦਾ ਹੈ (ਭਾਵੇਂ ਕਿ ਉਹ ਜਾਣਦਾ ਹੈ ਕਿ ਭਿੰਡਰਾਂਵਾਲਾ ਕੇਵਲ ਗ੍ਰਿਫਤਾਰੀ ਤੋਂ ਬਚਣ ਲਈ ਹੀ ਅਖੌਤੀ ‘ਅਕਾਲ ਤਖਤ’ ਇਮਾਰਤ ਵਿਚ ਲੁਕਿਆ ਹੋਇਆ ਸੀ)।

  2. ਵਿਚਾਰ-ਅਧੀਨ ਲੇਖ ਵਿਚਲੇ ਸਵਾਲਾਂ ਦਾ ਜਵਾਬ ਦਿੰਦਿਆਂ ਇਕ ਵਿਦਵਾਨ ਲਿਖਦਾ ਹੈ, "ਕੇਸਾਂ ਨੂੰ ਹੀ ਧਰਮ ਸਮਝਣਾ ਮਹਾਂ-ਪਖੰਡ ਹੈ।" ਇਹ ਵਿਦਵਾਨ ਸੱਜਣ ਇਸ ਗੱਲ ਨੂੰ ਛੁਪਾ ਰਿਹਾ ਹੈ ਕਿ ਇੱਥੇ ਨੈਤਿਕਤਾ ਦੇ ਅਰਥਾਂ ਵਾਲੇ ‘ਧਰਮ’ ਜਾਂ ਕਿਸੇ ਹੋਰ ਮਜ਼ਹਬ ਦੀ ਗੱਲ ਨਹੀਂ ਹੋ ਰਹੀ ਸਗੋਂ ਸਿਖ ਭਾਈਚਾਰੇ ਵੱਲੋਂ ਮੰਨੇ ਜਾਂਦੇ ਸੰਪਰਦਾਈ ਧਰਮ (‘ਸਿਖ’ ਮਜ਼ਹਬ) ਦੀ ਗੱਲ ਹੋ ਰਹੀ ਹੈ। ਜੇਕਰ ਇਸ ਵਿਦਵਾਨ ਨੇ ਆਪ ‘ਸਿਖ ਮਜ਼ਹਬ’ ਧਾਰਨ ਨਹੀਂ ਕੀਤਾ ਹੋਇਆ ਤਾਂ ਇਹ ਵੱਖਰੀ ਗੱਲ ਹੈ ਪਰੰਤੂ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ‘ਸਿਖ’ ਮਜ਼ਹਬ ਨੂੰ ਧਾਰਨ ਕਰਨ ਵਾਲਿਆਂ ਲਈ ਇਸ ਦੇ ਨਿਯਮਾਂ ਮੁਤਾਬਿਕ ਕੇਸਾਂ ਨੂੰ ਬਗੈਰ ਕੁਤਰੇ ਅਤੇ ਰੰਗੇ ਕੁਦਰਤੀ ਹਾਲਤ ਵਿਚ ਰੱਖਣਾ ਪਹਿਲੀ ਸ਼ਰਤ ਹੈ ਭਾਵੇਂ ਕਿਸੇ ਨੇ ਅੰਮ੍ਰਿਤਧਾਰੀ ਰੂਪ ਗ੍ਰਹਿਣ ਕਰਨਾ ਹੋਵੇ ਤੇ ਭਾਵੇਂ ਨਾ। ਇਸ ਤਰ੍ਹਾਂ ਪਖੰਡ ਤਾਂ ਸਿਖ ਸੰਪਰਦਾਈ ਧਰਮ (‘ਸਿਖ’ ਮਜ਼ਹਬ) ਦੀ ਗੱਲ ਕਰਦਿਆਂ ਕੇਸਾਂ ਦੇ ਕੁਦਰਤੀ ਰੂਪ ਨੂੰ ਮਹੱਤਵ ਨਾ ਦੇਣ ਵਿਚ ਹੈ। ਜ਼ਾਹਰ ਹੈ ਕਿ ਇਹ ਵਿਦਵਾਨ ਸੱਜਣ ਸਿਖ ਸੰਪਰਦਾਈ ਧਰਮ ਦੇ ਸੰਦਰਭ ਵਿਚ ਕੇਸਾਂ ਦੀ ਮਹੱਤਤਾ ਨੂੰ ਲੈ ਕੇ ਦੁਬਿਧਾ ਵਿਚ ਹੈ।

  3. ਵਿਚਾਰ ਅਧੀਨ ਲੇਖ ਵਿਚ ਅਖੌਤੀ ਅਕਾਲ-ਤਖਤ ਸਬੰਧੀ ਸਪਸ਼ਟੀਕਰਨ ਦਿੰਦਿਆਂ ਬਹੁਤਿਆਂ ਨੇ ਇਸ ਵਿਵਸਥਾ ਨੂੰ ਰਦ ਕੀਤਾ ਹੈ। ਇਹਨਾਂ ਵਿੱਚੋਂ ਲੱਗ-ਭਗ ਸਾਰਿਆਂ ਨੂੰ ਭਲੀ-ਭਾਂਤ ਪਤਾ ਹੈ ਕਿ ‘ਅਕਾਲ-ਤਖਤ’ ਦੀ ਮਿੱਥ ਨੂੰ ਸਭ ਤੋਂ ਪਹਿਲਾਂ ਮੈਂ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਆਪਣੇ ਲੇਖਾਂ ਰਾਹੀਂ ਅਤੇ ਫਿਰ ਇਕ ਪੁਸਤਕ ਲਿਖ ਕੇ ਨੰਗਿਆਂ ਕੀਤਾ ਸੀ। ਇਸ ਜੋਖਮ ਭਰੇ ਕਾਰਜ ਕਰਕੇ ਮੈਨੂੰ ਕਾਫੀ ਮਾਨਸਿਕ ਪਰੇਸ਼ਾਨੀਆਂ ਅਤੇ ਮਾਇਕ ਔਂਕੜਾਂ ਦਾ ਸਾਹਮਣਾ ਕਰਨਾ ਪਿਆ ਜੋ ਹਾਲੇ ਵੀ ਜਾਰੀ ਹਨ। ਪਰੰਤੂ ਇਹਨਾਂ ‘ਜਾਗਰੂਕ’ ਲੇਖਕਾਂ ਵਿੱਚੋਂ ਕਦੀ ਵੀ ਕਿਸੇ ਨੇ ‘ਅਕਾਲ-ਤਖਤ’ ਦੀ ਮਿੱਥ ਨੂੰ ਉਜਾਗਰ ਕਰਨ ਦੇ ਸੰਦਰਭ ਵਿਚ ਮੇਰੇ ਨਾਮ ਦਾ ਜ਼ਿਕਰ ਕਰਨ ਦੀ ਖੇਚਲ ਨਹੀਂ ਕੀਤੀ। ਕਾਰਨ ਮੈਂ ਖੂਬ ਸਮਝਦਾ ਹਾਂ। ਮੈਨੂੰ ਆਪਣੀ ਵਾਹਵਾ ਕਰਵਾਉਣ ਦੀ ਭੁੱਖ ਨਹੀਂ ਪਰੰਤੂ ਮੈਂ ਇਸ ਸਥਿਤੀ ਦਾ ਜ਼ਿਕਰ ਸਿਖ ਭਾਈਚਾਰੇ ਦੇ ‘ਜਾਗਰੂਕ’ ਲੋਕਾਂ ਦੀ ਦੁਬਿਧਾ ਦੀ ਸ਼ਿਕਾਰ ਮਾਨਸਿਕਤਾ ਨੂੰ ਸਾਹਮਣੇ ਲਿਆਉਣ ਹਿਤ ਕੀਤਾ ਹੈ।

  4. ਵਿਚਾਰ-ਅਧੀਨ ਲੇਖ ਦੇ ਲੇਖਕ (ਸੰਪਾਦਕ) ਨੇ ਇਹ ਤਰਕਹੀਣ ਦਾਵੇ ਪੇਸ਼ ਕੀਤੇ ਹਨ ਕਿ " ਸਿੱਖ ਧਰਮ ਨਵੀਨ ਧਰਮ ਹੈ ਅਤੇ ਸਚਾਈ ਭਰਪੂਰ ਅਗਾਂਹ ਵਧੂ ਧਰਮ ਹੈ। ਇਸ ਦੀਆਂ ਸਿਖਿਆਵਾਂ ਸਚਾਈ ਭਰਪੂਰ ਅਤੇ ਵਿਗਿਆਨ ਦੀ ਕਸਵੱਟੀ ਤੇ ਵੀ ਪੂਰੀਆਂ ਉਤਰਦੀਆਂ ਹਨ।" ਇਹ ਸਭ ਹਾਸੋਹੀਣੇ ਦਾਵੇ ਹਨ ਕਿਉਂਕਿ ਕੋਈ ਵੀ ਮਜ਼ਹਬ ‘ਨਵੀਨ’ ਜਾਂ ‘ਅਗਾਂਹ ਵਧੂ’ ਨਹੀਂ ਹੁੰਦਾ, ਸਿਖ ਸੰਪਰਦਾਈ ਧਰਮ ਵੀ ਨਹੀਂ। ਮਜ਼ਹਬ ਅਤੇ ਨਵੀਨਤਾ ਦਾ ਫਰਕ ਛੱਪੜ ਦੇ ਪਾਣੀ ਤੇ ਬਾਰਸ਼ ਦੇ ਪਾਣੀ ਵਾਲਾ ਹੁੰਦਾ ਹੈ ਅਤੇ ਛੱਪੜ ਦਾ ਪਾਣੀ ਬਾਰਸ਼ ਦੇ ਪਾਣੀ ਦਾ ਕੀ ਹਾਲ ਕਰਦਾ ਹੈ ਸਾਨੂੰ ਸਭ ਨੂੰ ਪਤਾ ਹੈ। ਕੰਡਾ ਤਾਂ ਕੰਡਾ ਹੀ ਰਹੇਗਾ, ਉਸ ਵਿਚ ਫੁੱਲ ਵਾਲੀ ਕੋਮਲਤਾ, ਰੰਗੀਨੀ ਅਤੇ ਖੁਸ਼ਬੂ ਨਹੀਂ ਆ ਸਕਦੀ। ਭੇਡਾਂ ਦੇ ਇੱਜੜ ਵਿਚ ਸਾਰੀਆਂ ਭੇਡਾਂ ਇੱਕੋ ਜਿਹੀਆਂ ਹੁੰਦੀਆਂ ਹਨ, ਕੋਈ ਭੇਡ ਦੂਸਰੀਆਂ ਦੇ ਮੁਕਾਬਲੇ ‘ਨਵੀਨ’, ‘ਨਿਵੇਕਲੀ’ ਜਾਂ ਵਧੇਰੇ ਵਿਕਸਤ ਨਹੀਂ ਹੁੰਦੀ। ਜਦੋਂ ਕਿਸੇ ਸੰਪਰਦਾਈ ਧਰਮ ਦੀ ਗੱਲ ਹੁੰਦੀ ਹੈ ਤਾਂ ਇਸ ਦੇ ਵਿਵਹਾਰਕ ਪੱਖਾਂ ਅਤੇ ਵਿਸ਼ਵਾਸਾਂ ਦਾ ਨੋਟਿਸ ਸਭ ਤੋਂ ਪਹਿਲਾਂ ਲੈਣਾ ਹੁੰਦਾ ਹੈ। ਸਿਖ ਸੰਪਰਦਾਈ ਧਰਮ ਨਾਲ ਸਬੰਧਤ ਵਿਵਹਾਰਕਿਤਾ (ਕਰਮ-ਕਾਂਡੀ ਵਰਤਾਰਾ) ਅਤੇ ਵਿਸ਼ਵਾਸਾਂ ਵਿਚ ਕੁਝ ਵੀ ਵਿਗਿਆਨਕ ਅਤੇ ਸਚਾਈ-ਅਧਾਰਿਤ ਨਹੀਂ। ਇਸ ਵਿਚਲਾ ਝੂਠ ਦਾ ਪਸਾਰਾ ਕਿਸੇ ਹੋਰ ਮਜ਼ਹਬ ਤੋਂ ਕਿਸੇ ਤਰ੍ਹਾਂ ਵੀ ਘਟ ਨਹੀਂ। ਗੁਰਬਾਣੀ ਦਾ ਸੰਦੇਸ਼ ਜ਼ਰੂਰ ਇਸਦਾ ਹਾਂ-ਪੱਖੀ ਪਹਿਲੂ ਬਣਦਾ ਹੈ ਪਰੰਤੂ ਸਿਖ ਭਾਈਚਾਰੇ ਵਿੱਚੋਂ ਕੋਈ ਟਾਵਾਂ-ਟਾਵਾਂ ਹੀ ਗੁਰਬਾਣੀ ਨੂੰ ਸਮਝਦਾ ਜਾਂ ਇਸ ਉੱਤੇ ਅਮਲ ਕਰਦਾ ਹੈ, ਸਗੋਂ ਥਾਂ-ਥਾਂ ਤੇ ਗੁਰਬਾਣੀ ਗ੍ਰੰਥ ਦੀ ਮੂਰਤੀ ਵਾਂਗ ਪੂਜਾ ਹੁੰਦੀ ਵੇਖੀ ਜਾ ਸਕਦੀ ਹੈ। ਇਸ ਨਾਲੋਂ ਵੱਧ ਗੈਰਵਿਗਿਆਨਕ ਗੱਲ ਹੋਰ ਕੀ ਹੋ ਸਕਦੀ ਹੇ ?

ਉੱਪਰ ਆਏ ਸਾਰੇ ਵਿਸਥਾਰ ਦੇ ਮਦਿਨਜ਼ਰ ਵਿਚਾਰ-ਅਧੀਨ ਲੇਖ ਵਿਚ ਉਠਾਏ ਗਏ ਨੁਕਤਿਆਂ ਦਾ ਉੱਤਰ ਦੇਣਾ ਬਿਲਕੁਲ ਅਸਾਨ ਹੋ ਜਾਂਦਾ ਹੈ। ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਕਿ ਇਹ ਸਾਰੇ ਨੁਕਤੇ ਸਿਖ ਸੰਪਰਦਾਈ ਧਰਮ ਨਾਲ ਸਬੰਧਤ ਹਨ ਅਤੇ ਇਹਨਾਂ ਦਾ ਗੁਰੂ ਨਾਨਕ ਅਤੇ ਬਾਕੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਤੇ ਉਹਨਾਂ ਵੱਲੋਂ ਚਲਾਈ ਗਈ ਮੁਹਿੰਮ ਨਾਲ ਕੋਈ ਸਬੰਧ ਨਹੀਂ ਬਣਦਾ (ਸਿਖ ਸੰਪਰਦਾਈ ਧਰਮ ਤਾਂ ਉਹਨਾਂ ਦਾ ਚਲਾਇਆ ਹੋਇਆ ਹੈ ਹੀ ਨਹੀਂ)। ਇਹ ਸਥਿਤੀ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਜਦੋਂ ਅਸੀਂ ਪਹਿਲੇ ਹੀ ਨੁਕਤੇ (ਸਵਾਲ) ਸਬੰਧੀ ਸਪਸ਼ਟੀਕਰਨ ਉਪਰੋਕਤ ਵਿਸਥਾਰ ਨੂੰ ਧਿਆਨ ਵਿਚ ਰੱਖਦੇ ਹੋਏ ਪੇਸ਼ ਕਰਨ ਦਾ ਯਤਨ ਕਰਦੇ ਹਾਂ ਜੋ ਹੇਠ ਦਿੱਤੇ ਅਨੁਸਾਰ ਹੋਵੇਗਾ:

  1. ਗੁਰੂ ਸਾਹਿਬਾਨ ਦੀ ਮੁਹਿੰਮ ਦਾ ਨਿਸ਼ਾਨਾ ਮਨੁੱਖਤਾ ਨੂੰ ਮਜ਼ਹਬ ਦੇ ਚੁੰਗਲ ਵਿੱਚੋਂ ਕੱਢਣਾ ਅਤੇ ਮਾਨਵਵਾਦ ਦੀ ਲਹਿਰ ਚਲਾਉਣਾ ਸੀ।
  2. ਉਹ ਆਪਣੇ ਸਹਿਯੋਗੀਆਂ (ਗੁਰੂ ਸਾਹਿਬਾਨ ਆਪਣੇ "ਸਿੱਖਾਂ" ਨੂੰ ਆਪਣੇ ਸਹਿਯੋਗੀ ਹੀ ਸਮਝਦੇ ਸਨ) ਤੋਂ ਭਗਤੀ ਨਹੀਂ ਕਰਵਾਉਣਾ ਚਾਹੁੰਦੇ ਸਨ, ਨਾ ਹੀ ਉਹਨਾ ਨੂੰ ਕਿਸੇ ਕਾਲਪਨਿਕ ਸੱਚਖੰਡ ਜਾਂ ਸਵਰਗ ਵਿੱਚ ਭੇਜਣਾ ਚਾਹੁੰਦੇ ਸਨ ਜਾਂ ਉਹਨਾ ਦਾ ਜਨਮ ਮਰਨ ਕੱਟਣਾ ਚਾਹੁੰਦੇ ਸਨ। ਉਹ ਆਪਣੇ ਸਹਿਯੋਗੀਆਂ ਨੂੰ ਮਾਨਵਵਾਦੀ ਕਾਰਕੁੰਨ (humanist activists) ਬਣਾਉਣਾ ਚਾਹੁੰਦੇ ਸਨ।
  3. ਗੁਰੂ ਸਾਹਿਬਾਨ ਲੋਕਾਂ ਨੂੰ ਮਾਨਸਿਕ ਤੌਰ ਤੇ ਧਾਰਮਿਕ ਆਗੂਆਂ ਦੀ ਗੁਲਾਮੀ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਸਨ।
  4. ਗੁਰੂ ਸਾਹਿਬਾਨ ਦਾ ਰਾਜ-ਸੱਤਾ (ਸਿਆਸੀ ਸ਼ਕਤੀ) ਪਰਾਪਤ ਕਰਨ ਦਾ ਕਦੀ ਕੋਈ ਮਨਸ਼ਾ ਨਹੀਂ ਸੀ ਰਿਹਾ। ਉਹਨਾਂ ਦਾ ਨਿਸ਼ਾਨਾ ਕੇਵਲ ਮਨੁੱਖੀ ਸਰੋਕਾਰਾਂ ਹਿਤ ਸੰਘਰਸ਼ ਕਰਨਾ ਹੀ ਸੀ।
  5. ਗੁਰੂ ਸਾਹਿਬਾਨ ਹਰ ਮਨੁੱਖ ਨੂੰ ਇਕ ਆਦਰਸ਼ਕ ਇਨਸਾਨ ਬਣਾ ਕੇ ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ।

ਇਹ ਕਹਿਣ ਵਿਚ ਕੋਈ ਅਤਕਥਨੀ ਨਹੀਂ ਕਿ ਅਠਾਰ੍ਹਵੀਂ ਸਦੀ ਤੋਂ ਲੈਕੇ ਸਿਖ ਸੰਪਰਦਾਈ ਧਰਮ ਦੇ ਪੈਰੋਕਾਰ ਉਪਰੋਕਤ ਨੁਕਤਿਆਂ ਦੇ ਅਨੁਸਾਰ ਚੱਲਾਣ ਦੀ ਬਜਾਏ ਸਗੋਂ ਉਲਟ ਦਿਸ਼ਾ ਵੱਲ ਚਲਦੇ ਆ ਰਹੇ ਹਨ। ਇਹਯੋ ਹੀ ਸੱਚ ਹੈ ਅਤੇ ਹੈ ਵੀ ਕੌੜਾ। ਇਸ ਵਿਚ "ਨਿਆਣਿਆਂ " ਵਾਲੀ ਕੋਈ ਗੱਲ ਨਹੀਂ ਅਤੇ ਨਾ ਹੀ " ਮਾਈ ਵੇਅ ਔਰ ਹਾਈ ਵੇਅ " ਵਾਲੀ ਭਾਵਨਾ ਹੈ।

ਅਜ ਸਿਖ ਭਾਈਚਾਰੇ ਦੀ ਮੁੱਢਲੀ ਸਮੱਸਿਆ ਸਿਖ ਸੰਪਰਦਾਈ ਧਰਮ ਦੇ ‘ਸੁਧਾਰ’ ਦੀ ਨਹੀਂ ਬਣਦੀ ਸਗੌ ਇਹ ਫੈਸਲਾ ਕਰਨ ਦੀ ਹੈ ਕਿ ਕੀ ਗੁਰੂ ਸਾਹਿਬਾਨ ਦੇ ਨਿਸ਼ਾਨੇ ਦੇ ਅਨੁਸਾਰ ਚੱਲਣਾ ਹੈ ਜਾਂ ਕਿ ਉਦਾਸੀਆਂ/ਨਿਰਮਲਿਆਂ ਦੇ ਬਣਾਏ ਮਜ਼ਹਬ ਦੇ ਅਨੁਸਾਰ। ਇਸ ਲਈ ਕਿਉਂ ਨਹੀਂ ਸਿਖ ਭਾਈਚਾਰੇ ਵਿਚਲੇ ‘ਜਾਗਰੂਕ’ ਸੱਜਣ ਇਸ ਗੱਲ ਦਾ ਅਧਿਐਨ ਕਰਨ ਵੱਲ ਸਮਾਂ ਲਗਾਉਂਦੇ ਕਿ ‘ਰਿਲੀਜਨ/ਮਜ਼ਹਬ’ ਕਿਵੇਂ ਸ਼ੁਰੂ ਹੋਏ ਅਤੇ ਗੁਰੂ ਸਾਹਿਬਾਨ ਨੇ ਮਜ਼ਹਬ ਨੂੰ ਕਿਉਂ ਅਤੇ ਕਿਵੇਂ ਨਕਾਰਿਆ। ਉਹ ਇਹ ਸਮਝਣ ਦਾ ਯਤਨ ਕਿਉਂ ਨਹੀਂ ਕਰਦੇ ਕਿ ਮਜ਼ਹਬਾਂ ਨੇ ਹਮੇਸ਼ਾ ਮਨੁੱਖਤਾ ਵਿਚ ਵੰਡਾਂ ਪਾਈ ਰੱਖੀਆਂ ਹਨ, ਮਾਨਵੀ ਸੋਚ ਦੇ ਕੁਦਰਤੀ ਵਿਕਾਸ ਵਿਚ ਰੋੜੇ ਅਟਕਾਏ ਹਨ, ਮਨੁੱਖ ਦੇ ਹੱਥੋਂ ਮਨੁੱਖ ਉੱਤੇ ਜ਼ੁਲਮ ਕਰਵਾਏ ਹਨ ਅਤੇ ਧਰਤੀ ਨੂੰ ਜੰਗਾਂ ਅਤੇ-ਯੁੱਧਾ ਦਾ ਅਖਾੜਾ ਬਣਾਈ ਰੱਖਿਆ ਹੈ। ਉਹ ਇਹ ਨਹੀਂ ਸਮਝਦੇ ਕਿ ਕਿਸੇ ਵੀ ਮਜ਼ਹਬ ਦਾ ਤਰਕ-ਅਧਾਰਿਤ ਸੁਧਾਰ ਨਹੀਂ ਹੋ ਸਕਦਾ, ਕਿਸੇ ਮਜ਼ਹਬ ਨਾਲ ਸਬੰਧਤ ਲੋਕ ਇਕ ਫਿਰਕਾ ਮਾਤਰ ਹੀ ਹੁੰਦੇ ਹਨ, ਹਰੇਕ ਮਜ਼ਹਬ ਵਿਚ ਸੰਪਰਦਾਵਾਂ/ਉਪ-ਫਿਰਕੇ ਬਣਦੇ ਹੀ ਰਹਿੰਦੇ ਹਨ, ਹਰੇਕ ਮਜ਼ਹਬ ਆਪਣੇ-ਆਪ ਨੂੰ ਦੂਸਰਿਆਂ ਤੋਂ ਵਧੇਰੇ ਚੰਗਾ ਸਮਝਣ ਦੀ ਗਲਤੀ ਕਰਦਾ ਹੈ, ਹਰੇਕ ਮਜ਼ਹਬ ਆਪਣੇ ਅੰਦਰ ਅਤੇ ਬਾਹਰਵਾਰ ਲੜਾਈ-ਝਗੜੇ ਉਪਜਾਉਣ ਦੀ ਸਥਿਤੀ ਬਣਾਈ ਰੱਖਦਾ ਹੈ, ਪੁਜਾਰੀ ਵਰਗ ਤੋਂ ਬਗੈਰ ਕਿਸੇ ਮਜ਼ਹਬ ਦੀ ਹੋਂਦ ਕਿਆਸੀ ਨਹੀਂ ਜਾ ਸਕਦੀ, ਕਿਸੇ ਵੀ ਮਜ਼ਹਬ ਦਾ ਅਵਤਾਰਾਂ/ਪੈਗੰਬਰਾਂ, ਨਰਕ-ਸੁਰਗ ਅਤੇ ਕਰਾਮਾਤਾਂ ਤੋਂ ਬਗੈਰ ਸਰਦਾ ਨਹੀਂ ਅਤੇ ਕਰਮ-ਕਾਂਡ ਹਰ ਮਜ਼ਹਬ ਦਾ ਅਨਿਖੜਵਾਂ ਅੰਗ ਬਣੇ ਰਹਿਣਗੇ। ਇਹ ਸੋਚਣਾ ਕਿ ਸਿਖ ਸੰਪਰਦਾਈ ਧਰਮ ਇਸ ਸਾਰੇ ਕੁਝ ਤੋਂ ਛੁਟਕਾਰਾ ਪਾ ਲਵੇਗਾ ਰਾਤ ਵੇਲੇ ਸੂਰਜ ਚੜ੍ਹਨ ਦੀ ਇੱਛਾ ਕਰਨ ਦੇ ਸਮਾਨ ਹੋਵੇਗਾ। ਇਸ ਵੇਲੇ ਤਾਂ ਇਹ ਵੀ ਸੋਚਣ ਦੀ ਲੋੜ ਹੈ ਕਿ ਅਜੋਕਾ ਸਿਖ ਸੰਪਰਦਾਈ ਧਰਮ ਆਪਣੀ ਪਛਾਣ ਗੁਆ ਚੁੱਕਾ ਹੋਇਆ ਹੈ ਕਿਉਂਕਿ ਵਿਵਹਾਰਕ ਪੱਖੋਂ ਇਹ ਹਿੰਦੂ ਮੱਤ ਦੀ ਇਕ ਸ਼ਾਖ ਹੀ ਪਰਤੀਤ ਹੁੰਦਾ ਹੈ। ਦੋ ਕੁ ਦਹਾਕਿਆ ਵਿਚ ਸਿਖ ਸੰਪਰਦਾਈ ਧਰਮ ਦੀ ਥੋੜ੍ਹੀ-ਬਹੁਤ ਬਚੀ ਹੋਈ ਪਛਾਣ ਵੀ ਖਤਮ ਹੋਣ ਵਾਲੀ ਹੈ ਅਤੇ ਉਸ ਤੋਂ ਪਿੱਛੋਂ ਸਮੇਂ ਨਾਲ ਇਸ ਦਾ ਹਿੰਦੂ ਮਜ਼ਹਬ ਦੇ ਨਾਲ ਹੀ ਭੋਗ ਪੈ ਜਾਵੇਗਾ ਕਿਉਂਕਿ ਹੁਣ ਮਜ਼ਹਬ ਦੀ ਉਮਰ ਪੁੱਗ ਗਈ ਜਾਪਦੀ ਹੈ। ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਆਉਣ ਵਾਲੇ ਪੰਜਾਹ ਤੌ ਅੱਸੀ ਸਾਲਾਂ ਵਿਚ ਸੰਸਾਰ ਦੇ ਨਕਸ਼ੇ ਤੋਂ ਮਜ਼ਹਬਾਂ ਦਾ ਸਫਾਇਆ ਹੋ ਜਾਵੇਗਾ। ਉਦੋਂ ਨਾ ਹੋਵੇਗਾ ਸਿਖ ਸੰਪਰਦਾਈ ਧਰਮ ਅਤੇ ਨਾ ਹੀ ਇਸ ਸਬੰਧੀ ਕੋਈ ਸਵਾਲ।

ਮਜ਼ਹਬ ਨੇ ਪਿਛਲੇ ਪੰਜ ਹਜ਼ਾਰ ਦੇ ਸਮੇਂ ਵਿਚ ਮਨੁੱਖੀ ਸੋਚ ਦੇ ਵਿਕਾਸ ਨੂੰ ਰੋਕੀ ਰੱਖਿਆ ਹੈ। ਸਿੱਟੇ ਵਜੋਂ ਮਨੁੱਖ ਦੀ ਸੋਚ ਵਿਚ ਕੁਦਰਤੀ ਢੰਗ ਨਾਲ ਹੋਣ ਵਾਲੀ ਹਾਂ-ਪੱਖੀ ਤਬਦੀਲੀ ਨਹੀਂ ਆ ਸਕੀ। ਸਮੇਂ-ਸਮੇਂ ਕੁਝ ਚਿੰਤਕਾਂ, ਤਰਕਸ਼ੀਲਾਂ ਅਤੇ ਵਿਗਿਆਨੀਆਂ ਨੇ ਮਜ਼ਹਬੀ ਤਾਕਤਾਂ ਦੇ ਹੱਥੋਂ ਅਨੇਕਾਂ ਤਸੀਹੇ ਸਹਿੰਦੇ ਹੋਏ ਮਨੁੱਖਤਾ ਦੀ ਸੋਚ ਵਿਚ ਉਸਾਰੂ ਮੋੜ ਪੈਦਾ ਕੀਤੇ ਹਨ। ਜੇਕਰ ਉਹਨਾਂ ਦੇ ਰਾਹ ਵਿਚ ਮਜ਼ਹਬ ਨੇ ਅੜਿੱਕੇ ਨਾ ਡਾਹੇ ਹੁੰਦੇ ਤਾਂ ਅਜ ਧਰਤੀ ਦਾ ਨਜ਼ਾਰਾ ਕਿਤੇ ਚੰਗੇਰਾ ਹੁੰਦਾ। ਹੁਣ ਵੀ ਮਾਨਵਵਾਦ ਦੇ ਫਲਸਫੇ ਰਾਹੀਂ ਮਨੁੱਖਤਾ ਨੂੰ ਰਾਹ ਵਿਖਾਉਣ ਦਾ ਕੰਮ ਕੀਤਾ ਜਾ ਸਕਦਾ ਹੈ। ਕਿਉਂਕਿ ਮਾਨਵਵਾਦ ਨੂੰ ਫਲਸਫੇ ਅਤੇ ਲਹਿਰ ਦੇ ਰੂਪ ਵਿਚ ਸਭ ਤੋਂ ਪਹਿਲਾਂ ਸੰਸਾਰ ਵਿਚ ਪੇਸ਼ ਕਰਨ ਦਾ ਸਿਹਰਾ ਗੁਰੂ ਨਾਨਕ ਦੇ ਸਿਰ ਜਾਂਦਾ ਹੈ, ਕਿੰਨਾ ਚੰਗਾ ਹੋਵੇ ਜੇਕਰ ਸਿਖ ਭਾਈਚਾਰੇ ਵਿਚ ਸ਼ਾਮਲ ਲੋਕ ਸੰਪਰਦਾਈ ਧਰਮ ਦਾ ਜਲਦੀ ਤੋਂ ਜਲਦੀ ਤਿਆਗ ਕਰਦੇ ਹੋਏ ਗੁਰੂ ਸਾਹਿਬਾਨ ਦੀ ਮਾਨਵਵਾਦੀ ਲਹਿਰ ਦੇ ਮੁੜ-ਸੁਰਜੀਤੀਕਰਨ (revival) ਦੇ ਕਾਰਜ ਵਿਚ ਜੁੱਟ ਜਾਣ। ਇਸ ਤਰ੍ਹਾਂ ਮਨੁੱਖਤਾ ਦਾ ਕਲਿਆਣ ਤਾਂ ਹੋਵੇਗਾ ਹੀ ਸਿਖ ਭਾਈਚਾਰਾ ਆਪਣੇ ਪੂਰਵਜਾਂ ਵੱਲੋਂ ਅਠਾਰ੍ਹਵੀਂ ਸਦੀ ਵਿਚ ਗੁਰੂ ਸਾਹਿਬਾਨ ਵੱਲ ਲਿਖੇ ਗਏ ਬੇਦਾਵੇ ਨੂੰ ਰਦ ਕਰਵਾਉਣ ਦੇ ਹੱਕਦਾਰ ਵੀ ਹੋ ਜਾਣਗੇ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।

(ਸੰਪਾਦਕੀ ਟਿੱਪਣੀ:- ਇਸ ਲੇਖ ਵਿਚ ਤੁਹਾਡੀਆਂ ਕਈ ਗੱਲਾਂ ਪੂਰੀਆਂ ਠੀਕ ਨਹੀਂ ਹਨ। ਤੁਸੀਂ ਮੇਰੇ ਲੇਖ ਵਿਚੋਂ ਇਕ ਹਵਾਲਾ ਦੇ ਕੇ ਲਿਖਿਆ ਹੈ, ਵਿਚਾਰ-ਅਧੀਨ ਲੇਖ ਦੇ ਲੇਖਕ (ਸੰਪਾਦਕ) ਨੇ ਇਹ ਤਰਕਹੀਣ ਦਾਵੇ ਪੇਸ਼ ਕੀਤੇ ਹਨ ਕਿ " ਸਿੱਖ ਧਰਮ ਨਵੀਨ ਧਰਮ ਹੈ ਅਤੇ ਸਚਾਈ ਭਰਪੂਰ ਅਗਾਂਹ ਵਧੂ ਧਰਮ ਹੈ। ਇਸ ਦੀਆਂ ਸਿਖਿਆਵਾਂ ਸਚਾਈ ਭਰਪੂਰ ਅਤੇ ਵਿਗਿਆਨ ਦੀ ਕਸਵੱਟੀ ਤੇ ਵੀ ਪੂਰੀਆਂ ਉਤਰਦੀਆਂ ਹਨ।" ਇਹ ਵਿਚਾਰ ਮੇਰੇ ਨਹੀਂ ਹਨ। ਇਹ ਵਿਚਾਰ ਉਹਨਾ ਪ੍ਰਚਾਰਕਾਂ/ਵਿਦਵਾਨਾ/ਲਿਖਾਰੀਆਂ ਦੇ ਹਨ ਜੋ ਕਿ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਹਨ। ਇਸ ਲੇਖ ਵਿਚ ਜਿਹਨਾ ਦੇ ਨਾਮ ਲਿਖੇ ਹਨ ਉਹਨਾ ਵਿਚੋਂ ਵੀ ਕਈ ਹੋ ਸਕਦੇ ਹਨ। ਤੁਸੀਂ ਡਾ: ਹੋ ਕਿ ਵੀ ਕਈ ਵਾਰੀ ਸਮਝਣ ਵਿਚ ਟਪਲਾ ਖਾਹ ਜਾਂਦੇ ਹੋ। ਇਹ ਹਨ ਉਸ ਲੇਖ ਦੀਆਂ ਅਖੀਰਲੀਆਂ ਪੰਗਤੀਆਂ ਜੋ ਕਿ ਇਸ ਤਰ੍ਹਾਂ ਹਨ,"ਇਹਨਾ ਦਾ ਸੰਬੰਧ ਤੁਹਾਡੇ ਧਰਮ ਨਾਲ ਹੈ ਜਿਸ ਦਾ ਤੁਸੀਂ ਸਾਰੇ ਪ੍ਰਚਾਰ ਕਰਦੇ ਹੋ ਅਤੇ ਇਹ ਵੀ ਸਮਝਦੇ ਹੋ ਕਿ ਸਿੱਖ ਧਰਮ ਨਵੀਨ ਧਰਮ ਹੈ ਅਤੇ ਸਚਾਈ ਭਰਪੂਰ ਅਗਾਂਹ ਵਧੂ ਧਰਮ ਹੈ। ਇਸ ਦੀਆਂ ਸਿਖਿਆਵਾਂ ਸਚਾਈ ਭਰਪੂਰ ਅਤੇ ਵਿਗਿਆਨ ਦੀ ਕਸਵੱਟੀ ਤੇ ਵੀ ਪੂਰੀਆਂ ਉਤਰਦੀਆਂ ਹਨ। ਹੁਣ ਦੇਖਣਾ ਇਹ ਬਣਦਾ ਹੈ ਕਿ ਤੁਹਾਡੇ ਅੰਦਰ ਵੀ ਕੋਈ ਕਿਣਕਾ ਮਾਤਰ ਸਚਾਈ ਦਾ ਅੰਸ ਮੌਜੂਦ ਹੈ ਜਾਂ ਨਹੀਂ।"  ਤੁਹਾਡੀ ਇਹ ਗੱਲ ਠੀਕ ਹੈ ਕਿ ਅਕਾਲ ਤਖਤ ਦੀ ਮਿੱਥ ਨੂੰ ਤੁਸੀਂ ਸਭ ਤੋਂ ਪਹਿਲਾਂ ਇਕ ਦਮ ਰੱਦ ਕੀਤਾ ਹੈ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਇਸ ਤੇ ਪਹਿਲਾਂ ਕਿਸੇ ਨੇ ਸਵਾਲ ਨਹੀਂ ਉਠਾਏ। ਸੰਨ 1998 ਵਿਚ ਲੰਗਰ ਵਾਲਾ ਹੁਕਮਨਾਮਾ ਆਇਆ ਸੀ। ਜਿਸ ਨੂੰ ਬਹੁਤੇ ਵਿਦਵਾਨ ਅਤੇ ਸਿੱਖ ਰੱਬੀ ਹੁਕਮ ਕਹਿੰਦੇ ਸਨ। ਮੈਂ ਇਸ ਦੀ ਵਿਰੋਧਤਾ ਵਿਚ ਉਦੋਂ ਤੋਂ ਹੀ ਲਿਖਦਾ ਆ ਰਿਹਾ ਹਾਂ। 'ਸਿੱਖ ਮਾਰਗ' ਤੇ ਤੁਹਾਡਾ ਪਹਿਲਾ ਲੇਖ ਮਈ 23, 2010 ਨੂੰ ਛਪਿਆ ਸੀ। ਉਸ ਤੋਂ ਤਕਰੀਬਨ ਦੋ ਸਾਲ ਬਾਅਦ ਤੁਸੀਂ ਅਕਾਲ ਤਖ਼ਤ ਬਾਰੇ ਲਿਖਿਆ ਸੀ। ਤੁਹਾਡੇ ਲਿਖਣ ਤੋਂ ਤਕਰੀਬਨ 9 ਸਾਲ ਪਹਿਲਾਂ ਮੈਂ ਇਸ ਦੀ ਸਰਬਉਚਤਾ ਨੂੰ ਰੱਦ ਕਰ ਚੁੱਕਾ ਸੀ। ਇਹ ਲੇਖ ਮੇਰੇ ਲੇਖਾਂ ਵਿਚ ਪੜ੍ਹਿਆ ਜਾ ਸਕਦਾ ਹੈ। ਜਦੋਂ ਇੱਥੇ ਇਸ ਬਾਰੇ ਵਿਚਾਰ ਹੋ ਰਹੀ ਸੀ ਤਾਂ ਉਸ ਵਿਚ ਹੋਰ ਵੀ ਕਈਆਂ ਨੇ ਤੁਹਾਡਾ ਸਾਥ ਦਿੱਤਾ ਸੀ। ਕਿਉਂਕਿ ਇਸ ਲੇਖ ਦਾ ਸੰਬੰਧ ਮੇਰੇ ਪਹਿਲਾਂ ਲਿਖੇ ਲੇਖ ਨਾਲ ਹੈ ਇਸ ਲਈ ਪਾਠਕ ਆਪਣੀ ਰਾਏ ਉਥੇ ਦੇ ਸਕਦੇ ਹਨ। ਇਸ ਲੇਖ ਦਾ ਲਿੰਕ ਉਥੇ ਪਾ ਦਿੱਤਾ ਜਾਵੇਗਾ।)

http://www.sikhmarg.com/2017/0827-sach-de-tlash.html




.