.

ਸੱਚ ਦੀ ਤਲਾਸ਼ ਵਿੱਚ ਕੁੱਝ ਅਹਿਮ ਸਵਾਲ

ਇਸ ਲੇਖ ਵਿੱਚ ਮੈਂ ਜੋ ਸਵਾਲ ਕਰਨ ਜਾ ਰਿਹਾ ਹਾਂ ਉਹਨਾ ਦੇ ਜਵਾਬ ਭਾਵੇਂ ਕੋਈ ਵੀ ਦੇ ਸਕਦਾ ਹੈ ਪਰ ਇੱਥੇ ‘ਸਿੱਖ ਮਾਰਗ’ ਤੇ ਲਿਖਣ ਵਾਲੇ ਪਾਠਕਾਂ/ਲੇਖਕਾਂ ਦਾ ਨੈਤਿਕ ਤੌਰ ਫਰਜ ਬਣਦਾ ਹੈ ਕਿ ਉਹ ਜਾਵਬ ਜਰੂਰ ਦੇਣ ਦੀ ਖੇਚਲ ਕਰਨ। ਇਹਨਾ ਸਵਾਲਾਂ ਦੇ ਜਵਾਬ ਆਉਣ ਨਾਲ ਬਹੁਤ ਸਾਰੇ ਭਰਮ-ਭੁਲੇਖੇ ਦੂਰ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਇਹਨਾ ਵਿਚੋਂ ਬਹੁਤੇ ਸਵਾਲ ਬੀਤ ਚੁੱਕੀਆਂ ਘਟਨਾਵਾਂ ਨਾਲ ਅਤੇ ਸਿੱਖ ਫਿਲਾਸਫੀ ਨਾਲ ਸੰਬੰਧਿਤ ਹਨ। ਇਹਨਾ ਸਵਾਲਾਂ ਵਿਚੋਂ ਬਹੁਤੇ ਸਵਾਲ ਰੋਜਾਨਾ ਹੀ ਮੀਡੀਏ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਪੜ੍ਹਨ ਸੁਣਨ ਨੂੰ ਮਿਲਦੇ ਹਨ। ਇਹਨਾ ਸਾਰੇ ਸਵਾਲਾਂ ਦੀ ਕੜੀ ਇੱਕ ਦੂਸਰੇ ਨਾਲ ਜੁੜੀ ਹੋਈ ਹੈ ਅਤੇ ਇੱਕ ਸਵਾਲ ਵਿੱਚ ਕਈ ਸਵਾਲ ਹੋਰ ਵੀ ਬਣ ਜਾਂਦੇ ਹਨ ਪਰ ਉਹ ਮੁੱਖ ਸਵਾਲ ਦਾ ਹੀ ਵਿਸਥਾਰ ਹਨ।
ਸਵਾਲ ਨੰ: 1:- ਸਾਡੇ ਗੁਰੂਆਂ ਦਾ ਇਸ ਸੰਸਾਰ ਤੇ ਆਉਣ ਦਾ ਜਾਂ ਇਉਂ ਕਹਿ ਲਓ ਕਿ ਸਰੀਰਕ ਤੌਰ ਤੇ ਦਸ ਜਾਮੇ ਧਾਰਨ ਦਾ ਅਸਲ ਮਕਸਦ ਕੀ ਸੀ? ਕੀ ਉਹ ਸਿੱਖਾਂ ਤੋਂ ਭਗਤੀ ਕਰਵਾ ਕੇ ਉਹਨਾ ਨੂੰ ਕਿਸੇ ਸੱਚਖੰਡ ਅਥਵਾ ਕਿਸੇ ਕਲਿਪਤ ਸਵਰਗ ਵਿੱਚ ਭੇਜਣਾ ਚਾਹੁੰਦੇ ਸਨ? ਉਹਨਾ ਦਾ ਜਨਮ ਮਰਨ ਕੱਟਣਾ ਚਾਹੁੰਦੇ ਸਨ? ਮਾਨਸਿਕ ਤੌਰ ਤੇ ਧਾਰਮਿਕ ਆਗੂਆਂ ਦੀ ਗੁਲਾਮੀ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਸਨ? ਕਿਸੇ ਰਾਜ-ਭਾਗ ਦੀ ਸਿਰਜਣਾ ਕਰਨਾ ਚਾਹੁੰਦੇ ਸਨ? ਚੰਗਾ ਇਨਸਾਨ ਬਣਾ ਕੇ ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ? ਜਾਂ ਹੋਰ ਕੁੱਝ ਕਰਨਾ ਚਾਹੁੰਦੇ ਸਨ ਜਿਹੜਾ ਕਿ ਤੁਹਾਡੇ ਮੁਤਾਬਕ ਇਸ ਸਵਾਲ ਵਿੱਚ ਮੈਂ ਨਹੀਂ ਦੱਸ ਸਕਿਆ?
ਸਵਾਲ ਨੰ: 2:- ਜੇ ਕਰ ਗੁਰੂਆਂ ਦਾ ਮੁੱਖ ਮਨੋਰਥ ਰਾਜ-ਭਾਗ ਕਾਇਮ ਕਰਨਾ ਸੀ ਤਾਂ ਛੇਵੇਂ ਪਾਤਸ਼ਾਹ ਨੇ ਚਾਰ ਅਤੇ ਦਸਵੇਂ ਪਾਤਸ਼ਾਹ ਨੇ ਤਕਰੀਬਨ 14 ਜੰਗਾਂ ਲੜੀਆਂ। ਇਹ ਸਾਰੀਆਂ ਜੰਗਾਂ ਵਿੱਚ ਜਾਂ ਤਾਂ ਜਿੱਤ ਪ੍ਰਾਪਤ ਕੀਤੀ ਅਤੇ ਜਾਂ ਫਿਰ ਬਿਨਾ ਜਿੱਤ ਹਾਰ ਦੇ ਸਮਾਪਤ ਹੋਈਆਂ। ਤਾਂ ਫਿਰ ਗੁਰੂਆਂ ਨੇ ਆਪਣਾ ਰਾਜ ਭਾਗ ਕਿਉਂ ਕਾਇਮ ਨਹੀਂ ਕੀਤਾ?
ਸਵਾਲ ਨੰ: 3:- ਕੀ ਬੰਦਾ ਸਿੰਘ ਬਹਾਦਰ ਨੂੰ ਦਸਵੇਂ ਗੁਰੂ ਨੇ ਆਪ ਰਾਜ ਭਾਗ ਕਾਇਮ ਕਰਨ ਲਈ ਭੇਜਿਆ ਸੀ? ਸਾਹਿਬ ਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਜਾਂ ਸਜ਼ਾ ਦੇਣ ਲਈ ਭੇਜਿਆ ਸੀ? ਇਹ ਸਾਰਾ ਕੁੱਝ ਗੁਰੂ ਜੀ ਆਪ ਜਾਂ ਉਹਨਾ ਨਾਲ ਰਹਿੰਦੇ ਪਹਿਲੇ ਸਿੱਖ ਕਿਉਂ ਨਹੀਂ ਕਰ ਸਕੇ? ਕੀ ਬੰਦਾ ਸਿੰਘ ਬਹਾਦਰ ਦੀ ਸਾਰਿਆਂ ਨਾਲੋਂ ਭਗਤੀ ਜ਼ਿਆਦਾ ਸੀ ਤਾਂ ਕਰਕੇ? ਪੜ੍ਹਨ ਨੂੰ ਤਾਂ ਇਹ ਵੀ ਮਿਲਦਾ ਹੈ ਕਿ ਬੰਦਾ ਬਹਾਦਰ ਨੂੰ ਤਾਂ ਪੰਜਾਬੀ ਵੀ ਪੜ੍ਹਨੀ ਲਿਖਣੀ ਨਹੀਂ ਆਉਂਦੀ ਸੀ। ਇਹਨਾ ਵਿਚੋਂ ਕਿਹੜੀ ਗੱਲ ਠੀਕ ਹੈ ਜਾਂ ਕੋਈ ਵੀ ਠੀਕ ਨਹੀਂ?
ਸਵਾਲ ਨੰ: 4:- ਇਹ ਆਮ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਸੰਤ ਸਿਪਾਹੀ ਬਣਾਏ। ਸਿੱਖਾਂ ਦੇ ਭਗਤੀ ਅਤੇ ਸ਼ਕਤੀ, ਧਰਮ ਤੇ ਰਾਜਨੀਤੀ ਇਕੱਠੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਧਰਮ ਸਿਰ ਦੀ ਪੱਗ ਹੈ ਅਤੇ ਰਾਜਨੀਤੀ ਪੈਰ ਦੀ ਜੁੱਤੀ। ਭਾਵ ਇਹ ਕਿ ਧਰਮ ਦੀ ਮਹੱਤਤਾ ਨੂੰ ਸਭ ਤੋਂ ਪਹਿਲ ਵਿੱਚ ਰੱਖਣਾ ਹੈ। ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਬਾਕੀ ਦੇ ਦਰਜਨਾ ਕੁ ਅਕਾਲੀ ਦਲ ਐਸਾ ਕਰਦੇ ਹਨ? ਕੀ ਉਹ ਰਾਜਨੀਤੀ ਨੂੰ ਧਰਮ ਅਨੁਸਾਰ ਚਲਾਉਂਦੇ ਹਨ ਜਾਂ ਧਰਮ ਨੂੰ ਰਾਜਨੀਤੀ ਅਨੁਸਾਰ? ਕੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਅਧੀਨ ਹਨ ਜਾਂ ਸ਼੍ਰੋਮਣੀ ਕਮੇਟੀ ਬਾਦਲ ਅਕਾਲੀ ਦਲ ਅਧੀਨ ਹੈ? ਜੇ ਕਰ ਧਰਮ ਸਿਰਮੌਰ ਹੈ ਤਾਂ ਗੁਰਚਰਨ ਸਿੰਘ ਟੌਹੜਾ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 25 ਸਾਲ ਤੋਂ ਵੀ ਵੱਧ ਪ੍ਰਧਾਨ ਰਿਹਾ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੀ ਮਰਨ ਤੱਕ ਕਿਉਂ ਲਾਲਸਾ ਰੱਖਦਾ ਰਿਹਾ? ਇੱਕ ਰਾਜਨੀਤਕ ਬੰਦਾ ਇਤਨੇ ਸਾਲ ਧਾਰਮਿਕ ਮੁਖੀ ਦੀ ਕੁਰਸੀ ਤੇ ਕਿਉਂ ਚਿੰਬੜਿਆ ਰਿਹਾ? ਕੀ ਇਸ ਵਿੱਚ ਸਿੱਖਾਂ ਦੀ ਨਿਲਾਇਕੀ ਹੈ ਜਾਂ ਕੁੱਝ ਹੋਰ?
ਸਵਾਲ ਨੰ: 5:- ਸ਼੍ਰੋਮਣੀ ਅਕਾਲੀ ਦਲ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਪੰਜਾਬ ਦੀਆਂ ਕੁੱਝ ਹੱਕੀ ਮੰਗਾਂ ਬਾਰੇ ਜਿਹਨਾ ਵਿੱਚ ਕੁੱਝ ਧਾਰਮਿਕ ਮੰਗਾਂ ਵੀ ਸ਼ਾਮਲ ਹੁੰਦੀਆਂ ਹਨ, ਗੁਰਦੁਆਰਿਆਂ ਵਿਚੋਂ ਮੋਰਚੇ ਲਾਉਂਦੇ ਰਹੇ ਹਨ। ਇਹ ਬਹੁਤੇ ਸਾਂਤਮਈ ਹੀ ਹੁੰਦੇ ਸਨ, ਸਿਵਾਏ ਧਰਮ ਯੁੱਧ ਮੋਰਚੇ ਦੇ, ਜੋ ਕਿ ਪਹਿਲਾਂ ਸਾਂਤਮਈ ਹੀ ਸੀ ਅਤੇ ਬਾਅਦ ਵਿੱਚ ਬਹੁਤਾ ਕਰਕੇ ਹਿੰਸਕ ਮਈ ਹੋ ਗਿਆ ਸੀ। ਸਾਂਤਮਈ ਨੂੰ ਹਿੰਸਾ ਵਿੱਚ ਬਦਲਣ ਦਾ ਬਹੁਤਾ ਜਿੰਮੇਵਾਰ ਕੌਣ ਸੀ? ਭਿੰਡਰਾਂਵਾਲਾ ਸਾਧ, ਕੇਂਦਰ ਸਰਕਾਰ, ਅਕਾਲੀ ਦਲ ਵਾਲੇ, ਸਰਕਾਰੀ ਏਜੰਸੀਆਂ ਜਾਂ ਕੋਈ ਹੋਰ?
ਸਵਾਲ ਨੰ: 6:- ਇਹ ਆਮ ਕਿਹਾ ਜਾਂਦਾ ਹੈ ਕਿ ਭਿੰਡਰਾਂਵਾਲੇ ਨੇ ਅਕਾਲ ਤਖਤ ਜਾਂ ਹਰਿਮੰਦਰ ਸਾਹਿਬ ਦੀ ਰਾਖੀ ਲਈ ਕੁਰਬਾਨੀ ਦਿੱਤੀ ਅਤੇ ਅਕਾਲੀ ਲੀਡਰ ਬਾਹਾਂ ਖੜੀਆਂ ਕਰਕੇ ਫੌਜ ਅੱਗੇ ਸਮਰਪਣ ਕਰ ਗਏ। ਕੀ ਤੁਸੀਂ ਦੱਸ ਸਕਦੇ ਹੋ ਕਿ ਭਿੰਡਰਾਂਵਾਲੇ ਨੇ ਕਿਹੜੀ ਚੀਜ ਦੀ ਰਾਖੀ ਕੀਤੀ ਹੈ ਅਤੇ ਜੇ ਕਰ ਉਹ ਰਾਖੀ ਨਾ ਕਰਦਾ ਤਾਂ ਸਰਕਾਰ ਨੇ ਢਾਹ ਦੇਣੀ ਸੀ ਜਾਂ ਲੁੱਟ ਕੇ ਲੈ ਜਾਣੀ ਸੀ ਅਤੇ ਉਸ ਨੇ ਉਸ ਚੀਜ ਨੂੰ ਬਚਾ ਲਿਆ ਸੀ? ਕੀ ਗੁਰਦੁਆਰਿਆਂ ਵਿੱਚ ਲੁਕ ਕੇ ਹਥਿਆਰਬੰਦ ਲੜਾਈ ਲੜਨੀ ਠੀਕ ਸੀ? ਜੇ ਠੀਕ ਸੀ ਤਾਂ ਹੋਏ ਨੁਕਸਾਨ ਦਾ ਜਿੰਮੇਵਾਰ ਕੌਣ ਹੈ? ਜੇ ਕਰ ਸਰਕਾਰ ਨੇ ਬਹਾਨਾ ਬਣਾ ਕੇ ਸਿੱਖਾਂ ਨੂੰ ਕੁੱਟਿਆ, ਲੁੱਟਿਆ ਤੇ ਜ਼ਲੀਲ ਕੀਤਾ ਤਾਂ ਸਰਕਾਰ ਨੂੰ ਬਹਾਨਾ ਦੇਣ ਵਿੱਚ ਤੁਸੀਂ ਸਾਰੇ ਸ਼ਾਮਲ ਨਹੀਂ ਸੀ?
ਸਵਾਲ ਨੰ: 7:- ਕਥਿਤ ਦਮਦਮੀ ਟਕਸਾਲ ਵਾਲੇ ਕਹਿੰਦੇ ਹਨ ਕਿ ਇਹ ਦਸਵੇਂ ਗੁਰੂ ਦੀ ਚਲਾਈ ਹੋਈ ਹੈ। ਭਿੰਡਰਾਂਵਾਲਾ ਸਾਧ ਵੀ ਕਹਿੰਦਾ ਹੁੰਦਾ ਸੀ ਕਿ ਮੈਂ ਚੌਦਵੇਂ ਥਾਂ ਤੇ ਹਾਂ। ਕੀ ਤੁਸੀਂ ਸਾਰੇ ਸਹਿਮਤ ਹੋ ਕਿ ਇਹ ਦਸਵੇਂ ਗੁਰੂ ਦੀ ਚਲਾਈ ਹੋਈ ਹੈ? ਜੇ ਸਹਿਮਤ ਹੋ ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾ ਦੀਆਂ ਕਿਤਾਬਾਂ ਵਿੱਚ ਜੋ ਲਿਖਿਆ ਹੈ ਉਹ ਸਾਰਾ ਕੁੱਝ ਗੁਰੂ ਜੀ ਹੀ ਇਹਨਾ ਨੂੰ ਦੱਸ ਕਿ ਗਏ ਸਨ? ਜਿਵੇਂ ਕਿ ਕਛਿਹਰਾ ਹਨੂੰਮਾਨ ਤੋਂ ਲਿਆ, ਪੰਜ ਪਿਆਰੇ ਪਿਛਲੇ ਜਨਮ ਵਿੱਚ ਭਗਤਾਂ ਦਾ ਅਵਤਾਰ ਸਨ, ਭੱਟ ਪਿਛਲੇ ਜਨਮ ਦੇ ਸਰਾਪੇ ਹੋਏ ਸਨ, ਦਸਮ ਗ੍ਰੰਥ ਦੇ ਪਾਠ/ਅਖੰਡਪਾਠ ਅਤੇ ਹੋਰ ਜੋ ਕੁੱਝ ਵੀ ਕਰਮਕਾਂਡ ਅਤੇ ਸੈਂਕੜੇ ਝੂਠ ਹਨ ਉਹ ਸਾਰਾ ਕੁੱਝ ਦਸਵੇਂ ਪਾਤਸ਼ਾਹ ਜੀ ਹੀ ਇਹਨਾ ਨੂੰ ਦੱਸ ਕੇ ਗਏ ਸਨ?
ਸਵਾਲ ਨੰ 8:- ਕੀ ਕਥਿਤ ਦਮਦਮੀ ਟਕਸਾਲ ਵਾਕਿਆ ਹੀ ਦਸਮੇਂ ਗੁਰੂ ਦੀ ਚਲਾਈ ਹੋਈ ਹੈ ਜਾਂ ਕਿ ਹੋਰ ਡੇਰਿਆਂ ਵਾਂਗ ਇਹ ਵੀ ਇੱਕ ਡੇਰਾ ਹੈ? ਜੇ ਕਰ ਗੁਰੂ ਨੇ ਚਲਾਈ ਹੈ ਜਿਵੇਂ ਕਿ ਇਹ ਕਹਿੰਦੇ ਹਨ ਅਤੇ ਆਪਣੀ ਡੇਰਾ ਗੱਦੀ ਅਗਾਂਹ ਚਲਾਉਂਦੇ ਹਨ। ਜਰਨੈਲ ਸਿੰਘ ਆਪਣੇ ਆਪ ਨੂੰ ਚੌਦਵਾਂ ਮੁਖੀ ਕਹਾਉਂਦਾ ਸੀ। ਇਹਨਾ ਸਾਧਾਂ ਦੀਆਂ ਬਰਸੀਆਂ ਵੀ ਮਨਾਈਆਂ ਜਾਂਦੀਆਂ ਹਨ ਜਿਵੇਂ ਕਿ ਹੁਣੇ ਕੁੱਝ ਦਿਨ ਪਹਿਲਾਂ ਕਰਤਾਰ ਸਿੰਘ ਦੀ ਮਨਾਈ ਹੈ ਕਿ ਉਹ ਤੇਰਵੇਂ ਥਾਂ ਤੇ ਮੁਖੀ ਸੀ। ਤਾਂ ਫਿਰ ਕੀ ਜਿਹੜਾ ਇਹ ਨਿਰਾ ਝੂਠ ਪਰਚਾਰਦੇ ਹਨ ਉਹ ਸਾਰਾ ਕੁੱਝ ਇਹਨਾ ਨੂੰ ਦਸਵੇਂ ਪਾਤਸ਼ਾਹ ਹੀ ਦੱਸ ਕੇ ਗਏ ਸਨ, ਜਿਹੜਾ ਕਿ ਇਹ ਸੀਨਾ-ਬਸੀਨਾ ਦੀ ਗੱਲ ਕਰਦੇ ਹਨ? ਹੋਰ ਸੈਂਕੜੇ ਝੂਠਾਂ ਵਿੱਚ ਇੱਕ ਵੱਡਾ ਝੂਠ ਗੁਰਬਾਣੀ ਪਾਠ ਦਰਸ਼ਨ ਵਿੱਚ ਇਹ ਵੀ ਲਿਖਿਆ ਹੈ ਕਿ ਸੁਖਮਨੀ ਸਾਹਿਬ ਦੇ ਚੌਵੀ ਹਜਾਰ ਅੱਖਰ ਹਨ ਅਤੇ ਚੌਬੀ ਘੰਟਿਆਂ ਵਿੱਚ ਬੰਦਾ 24000 ਹੀ ਸਾਹ ਲੈਂਦਾ ਹੈ। ਕੀ ਇਹ 100% ਝੂਠ ਨਹੀਂ ਹੈ? ਅੱਖਰਾਂ ਦੀ ਗਿਣਤੀ ਤਾਂ ਕੰਪਿਊਟਰ ਤੇ ਹਰ ਕੋਈ ਕਰਕੇ ਆਪ ਹੀ ਦੇਖ ਸਕਦਾ ਹੈ। ਇਸ ਬਾਰੇ ਇੱਥੇ ‘ਸਿੱਖ ਮਾਰਗ’ ਤੇ ਲੇਖ ਵੀ ਛਪੇ ਹੋਏ ਹਨ। ਸਾਹ ਲੈਣ ਦੀ ਕਿਰਿਆ ਵੀ ਹਰ ਇੱਕ ਦੀ ਵੱਖ-ਵੱਖ ਹੁੰਦੀ ਹੈ ਅਤੇ ਇਹ ਕੰਮ ਕਰਨ ਤੇ ਵੀ ਨਿਰਭਰ ਕਰਦੀ ਹੈ। ਤੁਸੀਂ ਕੋਈ ਭਾਰਾ ਕੰਮ ਕਰਕੇ ਦੇਖੋ ਜਾਂ ਦੌੜ ਲਾਕੇ ਦੇਖੋ ਤਾਂ ਤੁਹਾਡੀ ਸਾਹ ਦੀ ਕਿਰਿਆ ਤੇਜ ਹੋ ਜਾਵੇਗੀ। ਜੇ ਕਰ ਗੁਰੂ ਜੀ ਅਜਿਹਾ ਝੂਠ ਦੱਸ ਕੇ ਗਏ ਹਨ ਤਾਂ ਦੱਸੋ ਕਿ ਅਜਿਹੇ ਗੁਰੂ ਨੂੰ ਕਿਉਂ ਮੰਨੀਏ? ਜੇ ਕਰ ਹੋਰ ਡੇਰਿਆਂ ਵਾਂਗ ਇਹ ਵੀ ਇੱਕ ਕਰਮਕਾਂਡੀ ਮਨਮਤੀ ਡੇਰਾ ਹੈ ਤਾਂ ਤੁਸੀਂ ਇਸ ਨੂੰ ਬਾਕੀ ਡੇਰਿਆਂ ਵਿੱਚ ਕਿਉਂ ਨਹੀਂ ਗਿਣਦੇ?
ਸਵਾਲ ਨੰ: 9:- ਅਕਾਲ ਤਖ਼ਤ ਦੇ ਅੱਖਰੀ ਅਰਥ ਤਾਂ ਇਹੀ ਬਣਦੇ ਹਨ ਕਿ ਕਾਲ ਤੋਂ ਰਹਿਤ ਅਕਾਲ ਪੁਰਖ ਦਾ ਸਿੰਘਾਸਣ। ਕੀ ਅਕਾਲ ਪੁਰਖ ਇੱਥੇ ਆਪ ਆ ਕੇ ਬੈਠਦਾ ਹੈ? ਕੀ ਉਹ ਸਾਰੇ ਸੰਸਾਰ ਦੀ ਕਾਰ ਇੱਥੋਂ ਹੀ ਚਲਾਉਂਦਾ ਹੈ? ਇਸ ਦੇ ਬਣਨ ਤੋਂ ਪਹਿਲਾਂ ਉਹ ਕਿਥੇ ਬੈਠਦਾ ਸੀ? ਕੀ ਗੁਰਬਾਣੀ ਅਨੁਸਾਰ ਅਕਾਲ ਪੁਰਖ ਦੀ ਕੋਈ ਇੱਕ ਜਗਾਹ/ਥਾਂ ਨਿਸ਼ਚਿਤ ਕੀਤੀ ਜਾ ਸਕਦੀ ਹੈ? ਕਈ ਇਹ ਵੀ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਸਿਧਾਂਤ ਇੱਥੋਂ ਲਾਗੂ ਹੋਣਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਹੁਣ ਤੱਕ ਅਕਾਲ ਪੁਰਖ ਦਾ ਕਿਹੜਾ ਸਿਧਾਂਤ ਇੱਥੋਂ ਲਾਗੂ ਕੀਤਾ ਹੈ? ਕਈ ਇਹ ਵੀ ਕਹਿੰਦੇ ਹਨ ਕਿ ਅਕਾਲ ਤਖ਼ਤ ਗੁਲਾਮ ਹੈ। ਇਸ ਦਾ ਮਤਲਬ ਤਾਂ ਇਹ ਵੀ ਹੋਇਆ ਕਿ ਅਕਾਲ ਪੁਰਖ ਆਪ ਵੀ ਕਿਸੇ ਦਾ ਗੁਲਾਮ ਹੈ। ਕੀ ਉਹ ਅਕਾਲ ਪੁਰਖ ਪਿਉ ਪੁੱਤ ਬਾਦਲਾਂ ਦੀ ਜੇਬ ਵਿੱਚ ਗੁਲਾਮ ਬਣੀ ਬੈਠਾ ਹੈ? ਜਾਂ ਫਿਰ ਤੁਸੀਂ ਇੱਥੇ ਬੈਠੇ ਬੰਦਿਆਂ/ਪੁਜਾਰੀਆਂ ਅਥਵਾ ਅਖੌਤੀ ਜਥੇਦਾਰਾਂ ਨੂੰ ਰੱਬ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹੋ? ਇਸ ਦਾ ਜਵਾਬ ਦੇਣ ਲਈ ਤੁਸੀਂ ਡਾ: ਦਿਲਗੀਰ ਦੀ ਇੱਕ ਵੀਡੀਓ ਤੋਂ ਸਹਾਇਤਾ ਲੈ ਸਕਦੇ ਹੋ ਜਿਸਦਾ ਲਿੰਕ ਇਹ ਹੈ:

https://www.youtube.com/watch?v=bZUcUIA_76E

ਸਵਾਲ ਨੰ: 10:- ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿੱਚ ਕੇਸਾਂ ਦੀ ਬਹੁਤ ਮਹੱਤਤਾ ਦੱਸੀ ਜਾਂਦੀ ਹੈ। ਇਹ ਸਿੱਖਾਂ ਦੀਆਂ ਮਿੱਥੀਆਂ ਰਹਿਤਾਂ ਅਤੇ ਕੁਰਹਿਤਾਂ ਦੋਹਾਂ ਵਿੱਚ ਹੀ ਆਉਂਦੇ ਹਨ। ਗੁਰਬਾਣੀ ਵਿੱਚ ਵੀ ਕੇਸਾਂ ਬਾਰੇ ਕਈ ਸ਼ਬਦ ਮਿਲਦੇ ਹਨ। ਜਿਵੇਂ ਕਿ: ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ।। ਪੰ. ੫੦੦
ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ।। ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ।। ਪੰ. ੭੪੯
ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ।। ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ।। ਪੰ. ੭੪੫

ਪਰ ਗੁਰਬਾਣੀ ਪਾਠ ਦਰਪਣ ਵਿੱਚ ਲਿਖਿਆ ਹੈ ਕਿ ਜੇ ਕਰ ਕਿਸੇ ਕਾਰਣ ਸਿੱਖ ਨਰਕਾਂ ਵਿੱਚ ਵੀ ਪੈ ਜਾਵੇ ਤਾਂ ਸਤਿਗੁਰੂ ਜੀ ਕੇਸਾਂ ਦੀ ਨਿਸ਼ਾਨੀ ਦੇਖ ਕੇ ਕੱਢ ਲੈਂਦੇ ਹਨ। ਹੁਣ ਤੁਸੀਂ ਦੱਸੋ ਕਿ ਕੇਸ ਤੁਸੀਂ ਨਰਕਾਂ ਦੇ ਡਰ ਕਾਰਨ ਰੱਖੇ ਹਨ? ਕੀ ਤੁਸੀਂ ਦੱਸ ਸਕਦੇ ਹੋ ਕਿ ਨਰਕ ਕਿਥੇ ਹੈ? ਕੀ ਗੁਰਬਾਣੀ ਨਰਕਾਂ ਸੁਰਗਾਂ ਨੂੰ ਮੰਨਦੀ ਹੈ? ਇਸ ਤਰ੍ਹਾਂ ਦੀਆਂ ਸਾਰੀਆਂ ਹੀ ਗੱਲਾਂ ਕਥਿਤ ਦਮਦਮੀ ਟਕਸਾਲ ਦੇ ਵੱਡੇ ਬ੍ਰਹਮਗਿਆਨੀ ਸੰਤ ਗੁਰਬਚਨ ਸਿੰਘ ਦੀਆਂ ਲਿਖੀਆਂ ਹੋਈਆਂ ਹਨ। ਜਰਨੈਲ ਸਿੰਘ ਭਿਡਰਾਂਵਾਲਾ ਵੀ ਸਾਰੀ ਸਿੱਖਿਆ ਇਸ ਗੁਰਬਚਨ ਸਿੰਘ ਤੋਂ ਹੀ ਲੈ ਕੇ ਆਇਆ ਸੀ। ਉਸ ਦੇ ਵੀ ਉਹੀ ਵਿਚਾਰ ਸਨ ਜੋ ਇਸ ਕਿਤਾਬ ਵਿੱਚ ਲਿਖੇ ਹੋਏ ਹਨ ਅਤੇ ਜੋ ਗੁਰਬਚਨ ਸਿੰਘ ਨੇ ਕਿਹਾ ਉਹੀ ਕੁੱਝ ਉਹ ਕਹਿੰਦਾ ਸੀ। ਇਸ ਦੀ ਮਿਸਾਲ ਤੁਹਾਨੂੰ ਮਰਦਾਨੇ ਦੇ ਬਰਾਂਡੀ ਪੀਣ ਕਾਰਨ ਮਰਾਸੀਆਂ/ਡੂਮਾਂ ਦੇ ਘਰੇ ਜੰਮਣ ਵਾਲੀ ਸਾਖੀ ਤੋਂ ਮਿਲ ਸਕਦੀ ਹੈ। ਇਹ ਔਡੀਓ ਤੁਸੀਂ ਹੇਠਾਂ ਐਰੋ ਤੇ ਕਲਿਕ ਕਰਕੇ ਸੁਣ ਸਕਦੇ ਹੋ:


ਜਿਵੇਂ ਕਿ ਇਸ ਲੇਖ ਦੇ ਸ਼ੁਰੂ ਵਿੱਚ ਹੀ ਮੈਂ ਲਿਖਿਆ ਸੀ ਕਿ ਇਹਨਾ ਸਵਾਲਾਂ ਦੇ ਜਵਾਬ ਕੋਈ ਵੀ ਦੇ ਸਕਦਾ ਹੈ ਪਰ ‘ਸਿੱਖ ਮਾਰਗ’ ਦੇ ਹੇਠ ਲਿਖੇ ਪਾਠਕ/ਲੇਖਕ ਤਾਂ ਜਰੂਰ ਦੇਣ ਦੀ ਖੇਚਲ ਕਰਨ ਤਾਂ ਕਿ ਕੁੱਝ ਭਰਮ ਭੁਲੇਖੇ ਦੂਰ ਹੋ ਸਕਣ।
1- ਗੁਰਇੰਦਰ ਸਿੰਘ ਪਾਲ
2- ਡਾ: ਗੁਰਮੀਤ ਸਿੰਘ ਬਰਸਾਲ
3- ਡਾ: ਪੂਰਨ ਸਿੰਘ ਗਿੱਲ
4- ਪ੍ਰੀਤਮ ਸਿੰਘ ਔਲਖ
5- ਗਿ: ਜਸਵੀਰ ਸਿੰਘ ਵੈਨਕੂਵਰ
6- ਬਲਦੇਵ ਸਿੰਘ ਟੋਰਾਂਟੋ
7- ਹਾਕਮ ਸਿੰਘ
8- ਸਰਬਜੀਤ ਸਿੰਘ ਸੈਕਰਾਮੈਂਟੋ
9- ਅਵਤਾਰ ਸਿੰਘ ਮਿਸ਼ਨਰੀ
10- ਗਿ: ਜਗਤਾਰ ਸਿੰਘ ਜਾਚਕ
11- ਗੁਰਸ਼ਰਨ ਸਿੰਘ ਕੁਸੇਲ
12- ਹਰਚਰਨ ਸਿੰਘ ਪਰਹਾਰ
13- ਮਨਦੀਪ ਸਿੰਘ ਵਰਨਨ
14- ਦਰਸ਼ਨ ਸਿੰਘ ਵੁਲਵਰਹੈਂਪਟਨ
15- ਗੁਰਮੀਤ ਸਿੰਘ ਅਸਟ੍ਰੇਲੀਆ
16- ਜਰਨੈਲ ਸਿੰਘ ਅਸਟ੍ਰੇਲੀਆ
17- ਬਲਬਿੰਦਰ ਸਿੰਘ ਅਸਟ੍ਰੇਲੀਆ
18- ਇੰਜ: ਦਰਸ਼ਨ ਸਿੰਘ ਅਸਟ੍ਰੇਲੀਆ
19- ਸੁਖਜੀਤ ਸਿੰਘ ਕਪੂਰਥਲਾ
20- ਗੁਰਦੀਪ ਸਿੰਘ ਬਾਗੀ
21- ਤੱਤ ਗੁਰਮਤਿ ਪਰਵਾਰ ਵਾਲੇ
22- ਮਨੋਹਰ ਸਿੰਘ ਪੁਰੇਵਾਲ
23- ਹਰਭਜਨ ਸਿੰਘ
24- ਤਰਨਜੀਤ ਸਿੰਘ ਪਰਮਾਰ
25- ਗੁਰਮੀਤ ਸਿੰਘ ਕਾਦੀਆਨੀ
‘ਸਿੱਖ ਮਾਰਗ’ ਦੇ ਹਜਾਰਾਂ ਪਾਠਕਾਂ/ਲੇਖਕਾਂ ਵਿਚੋਂ ਇਹ ਉਪਰ ਲਿਖੇ ਕੁੱਝ ਨਾਮ ਉਹ ਹਨ ਜਿਹੜੇ ਕਿ ਇੱਥੇ ਕੁਮਿੰਟ ਕਰਦੇ ਰਹਿੰਦੇ ਹਨ ਅਤੇ ਲਿਖਦੇ ਰਹਿੰਦੇ ਹਨ। ਕਈ ਲਿਖਦੇ ਘੱਟ ਹਨ ਪਰ ਉਹ ਕਾਫੀ ਦੇਰ ਦੇ ‘ਸਿੱਖ ਮਾਰਗ’ ਨਾਲ ਜੁੜੇ ਹੋਏ ਹਨ। ਇਹਨਾ ਸਾਰਿਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਿਚਾਰ ਜਰੂਰ ਦੇਣ ਦੀ ਖੇਚਲ ਕਰਨਗੇ। ਇਹਨਾ ਵਿਚੋਂ ਕਿਸੇ ਨੂੰ ਵੀ ਇਹ ਬਹਾਨਾ ਨਹੀਂ ਹੋ ਸਕਦਾ ਕਿ ਮੈਂ ਕੰਪਿਊਰ ਤੇ ਲਿਖ ਨਹੀਂ ਸਕਦਾ ਕਿਉਂਕਿ ਇਹ ਸਾਰੇ ਕੰਪਿਊਟਰ ਵਰਤਦੇ ਹਨ। ਸਾਰਿਆਂ ਦੇ ਜਵਾਬ ਪੰਜਾਬੀ ਵਿੱਚ ਹੋਣ ਤਾਂ ਚੰਗੀ ਗੱਲ ਹੈ ਪਰ ਜੇ ਕਰ ਕਿਸੇ ਨੇ ਅੱਜ ਤੱਕ ਕੰਪਿਉਟਰ ਤੇ ਪੰਜਾਬੀ ਨਹੀਂ ਲਿਖੀ ਜਾਂ ਨਹੀਂ ਸਿੱਖਣੀ ਚਾਹੁੰਦਾ ਤਾਂ ਉਹ ਅੰਗ੍ਰੇਜ਼ੀ ਵਿੱਚ ਵੀ ਦੇ ਸਕਦਾ ਹੈ। ਜਵਾਬ ਪੋਸਟ ਕਰਨ ਵੇਲੇ ਇਹ ਖਿਆਲ ਰੱਖੋ ਕਿ ਉਹ ਯੂਨੀਕੋਡ ਵਿੱਚ ਹੋਣਾ ਚਾਹੀਦਾ ਹੈ। ਫੌਂਟ ਕਰਨਵਰਟ ਕਰਨ ਲਈ ਮੈਂ ਫੌਂਟ ਕਨਵਰਟਰ ਬਣਾ ਕੇ ਪਾਇਆ ਹੋਇਆ ਹੈ। ਜੇ ਕਰ ਕਿਸੇ ਸਹਾਇਤਾ ਦੀ ਲੋੜ ਪਵੇ ਤਾਂ ਦੱਸ ਸਕਦਾ ਹੈ ਪਰ ਜਵਾਬ ਤੁਹਾਨੂੰ ਆਪ ਹੀ ਪੋਸਟ ਕਰਨੇ ਪੈਣੇ ਹਨ। ਇਹ ਜਵਾਬ ਲਿਖਤੀ ਪੋਸਟ ਕਰੋ। ਕਿਰਪਾ ਕਰਕੇ ਕਿ ਫੂਨ ਕਰਕੇ ਕੋਈ ਦੱਸਣ ਦੀ ਖੇਚਲ ਨਾ ਕਰੇ। ਜੇ ਕਰ ਕੋਈ ਆਪਣਾ ਈ-ਮੇਲ ਨਹੀਂ ਭਰਨਾ/ਦੱਸਣਾ ਚਾਹੁੰਦਾ ਤਾਂ ਬੇਸ਼ੱਕ ਨਾ ਲਿਖੇ ਪਰ ਨਾਮ ਠੀਕ ਹੋਣਾ ਚਾਹੀਦਾ ਹੈ। ਉਂਜ ਇੱਥੇ ਲਿਖਿਆ ਈ-ਮੇਲ ਹਰ ਕੋਈ ਨਹੀਂ ਦੇਖ ਸਕਦਾ ਸਿਰਫ ਲਿਖਣੇ ਵਾਲਾ ਹੀ ਦੇਖ ਸਕਦਾ ਹੈ। ਪਬਲਿਕ ਥਾਵਾਂ ਤੋਂ ਕੁਮਿੰਟ ਕਰਨ ਤੋਂ ਗੁਰੇਜ਼ ਕਰੋ।
ਇਹਨਾ ਸਵਾਲਾਂ ਦੇ ਜਵਾਬ ਦੇਣ ਵਾਲੇ ਜੇ ਕਰ ਕਿਸੇ ਵਿਆਕਤੀ ਦੇ ਘਰ ਜਰਨੈਲ ਸਿੰਘ ਭਿੰਡਰਾਂਵਾਲੇ ਸਾਧ ਦੀ ਫੋਟੋ ਲੱਗੀ ਹੋਈ ਹੈ ਤਾਂ ਜਵਾਬ ਬਿੱਲਕੁੱਲ ਨਾ ਦੇਵੇ ਕਿਉਂਕਿ ਅਜਿਹੇ ਵਿਆਕਤੀ ਤੋਂ ਸੱਚ ਬੋਲਣ ਦੀ ਕਦੀ ਵੀ ਆਸ ਨਹੀਂ ਕੀਤੀ ਜਾ ਸਕਦੀ। ਇਹ ਜਾਂ ਤਾਂ ਨਿਰਾ ਝੂਠ ਬੋਲਣਗੇ ਅਤੇ ਜਾਂ ਫਿਰ ਦੋਗਲੀਆਂ ਗੱਲਾਂ ਕਰਨਗੇ। ਉਂਜ ਵੀ ਇਸ ਸਾਧ ਦੀ ਝੂਠੀ ਸਿਫਤ ਕਰਨ ਵਾਲਿਆਂ ਕੋਲ ਸਿਵਾਏ ਝੂਠ ਬੋਲਣ ਦੇ ਕੁੱਝ ਨਹੀਂ ਹੁੰਦਾ। ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਕੁੱਝ ਹਫਤੇ ਪਹਿਲਾਂ ਤਕਦੀਰ ਸਿੰਘ ਨਾਮ ਦੇ ਵਿਆਕਤੀ ਦੇ ਨਾਮ ਥੱਲੇ ਇੱਥੇ ਕੁੱਝ ਪੋਸਟਾਂ ਪਾਈਆਂ ਗਈਆਂ ਸਨ। ਉਸ ਦੇ ਝੂਠ ਬਾਰੇ ਮੈਂ ਪਹਿਲਾਂ ਵੀ ਕਈਆਂ ਨੂੰ ਦੱਸ ਦਿੱਤਾ ਸੀ ਹੁਣ ਤੁਸੀਂ ਵੀ ਸਾਰੇ ਪੜ੍ਹ ਲਓ। ਇਹ ਇੱਕ ਨਹੀਂ ਦੋ ਜਾਂ ਇਸ ਤੋਂ ਜਿਆਦਾ ਵਿਆਕਤੀ ਸਨ। ਜਿਹੜੇ ਇੱਥੇ ਆਏ ਹੀ ਜਾਹਲੀ/ਝੂਠੀਆਂ/ਨਕਲੀ ਕਿਤਾਬਾਂ ਦੇ ਝੂਠ ਦੇ ਹੱਕ ਵਿੱਚ ਬੋਲਣ ਲਈ ਸਨ ਤਾਂ ਤੁਸੀਂ ਉਹਨਾ ਤੋਂ ਕੀ ਆਸ ਰੱਖ ਸਕਦੇ ਸੀ ਕਿ ਉਹ ਆਪਣੇ ਬਾਰੇ ਠੀਕ ਦੱਸਣਗੇ। ਇਹਨਾ ਵਿਚੋਂ ਇੱਕ ਜਾਂ ਇੱਕ ਤੋਂ ਵੱਧ ਜੇ ਕਰ ਇਕੱਠੇ ਹੋ ਕੇ ਪਉਂਦੇ ਸਨ ਤਾਂ ਉਹ ਕੈਲੇਫੋਰਨੀਆਂ ਸਟੇਟ ਦੇ ਸ਼ਹਿਰ ਪੈਸਾਡੀਨਾ ਦੇ ਰਹਿਣ ਵਾਲੇ ਸਨ ਅਤੇ ਕੁੱਝ ਇੰਡੀਆ ਤੋਂ ਸਨ। ਪਰ ਮੋਗੇ ਸ਼ਹਿਰ ਤੋਂ ਬਿੱਲਕੁੱਲ ਨਹੀਂ ਸਨ, ਜਿਵੇਂ ਕਿ ਪੋਸਟ ਵਿੱਚ ਲਿਖਿਆ ਗਿਆ ਸੀ। ਇਹਨਾ ਸਾਰਿਆਂ ਨੇ ਇਕ ਹੀ ਨਾਮ ਅਤੇ ਇਕ ਹੀ ਈ-ਮੇਲ ਵਰਤਿਆ ਸੀ। ਇਸ ਤਰ੍ਹਾਂ ਦੇ ਬੰਦਿਆਂ ਦਾ ਤਾਂ ਮੈਂ ਪਹਿਲਾਂ ਹੀ ਇੰਤਜ਼ਾਮ ਕੀਤਾ ਹੋਇਆ ਸੀ। ਮੈਨੂੰ ਪਤਾ ਸੀ ਕਿ ਜਿਸ ਤਰ੍ਹਾਂ ਫੇਸ ਬੁੱਕ ਤੇ ਨਕਲੀ ਆਈਡੀਆਂ ਬਣਾ ਕੇ ਪੋਸਟਾਂ ਪਉਂਦੇ ਹਨ ਇੱਥੇ ਵੀ ਜਾਹਲੀ ਅਤੇ ਸ਼ਾਜਿਸੀ ਆਉਣਗੇ। ਉਹ ਆਏ ਅਤੇ ਉਹਨਾ ਦਾ ਨਮੂਨਾ ਤੁਹਾਨੂੰ ਦੱਸ ਦਿੱਤਾ ਹੈ।
ਇੱਥੇ ਕੋਈ ਵੀ ਪੋਸਟ ਪਉਂਦਾ ਹੈ ਤਾਂ ਘੱਟੋ ਘੱਟ ਆਪਣਾ ਠੀਕ ਨਾਮ ਅਤੇ ਪਤਾ ਜਰੂਰ ਦੱਸੇ। ਮੈਂ ਤੁਹਾਡੇ ਵਲੋਂ ਠੀਕ ਨਾਮ ਵਰਤ ਕੇ ਇਹਨਾ ਸਵਾਲਾਂ ਦੇ ਜਵਾਬਾਂ ਦੀ ਉਡੀਕ ਕਰਾਂਗਾ। ਜੇ ਕਰ ਤੁਸੀਂ ਇਹਨਾ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਸਮਝ ਲਓ ਕਿ ਸਿੱਖ ਸੱਚ ਬੋਲਣਾ/ਲਿਖਣਾ ਨਹੀਂ ਜਾਣਦੇ ਸਿਰਫ ਝੂਠ ਬੋਲਣਾ ਅਤੇ ਲਿਖਣਾ ਹੀ ਜਾਣਦੇ ਹਨ। ਜਾਂ ਇਉਂ ਕਹਿ ਲਵੋ ਕਿ ਸਿੱਖਾਂ ਵਿੱਚ 1% ਵੀ ਅਜਿਹੇ ਵਿਆਕਤੀ ਨਹੀਂ ਹਨ ਜੋ ਕਿ ਆਪਣੇ ਧਰਮ ਬਾਰੇ ਸੱਚ ਬੋਲਣ ਦੀ ਜੁਅਰਤ ਰੱਖਦੇ ਹੋਣ। ਜੇ ਕਰ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਤਾਂ ਉਹ ਸਿਰਫ ਇਤਨਾ ਹੀ ਲਿਖ ਦੇਵੇ ਕਿ ਮੈਂ ਸੱਚ ਨਹੀਂ ਬੋਲ ਸਕਦਾ ਅਤੇ ਨਾ ਹੀ ਸੱਚ ਲਿਖ ਸਕਦਾ ਹਾਂ। ਜੇ ਕਰ ਉਹ ਨਹੀਂ ਵੀ ਲਿਖਦਾ ਤਾ ਉਸ ਦਾ ਮਤਲਬ ਵੀ ਇਹੀ ਸਮਝਿਆ ਜਾਵੇਗਾ। ਇਹ ਸਵਾਲ ਇੱਕ ਮਹੀਨਾ (ਚਾਰ ਹਫਤੇ) ਮੁੱਖ ਪੰਨੇ ਤੇ ਪਏ ਰਹਿਣਗੇ ਤਾਂ ਕਿ ਕਿਸੇ ਕੋਲ ਇਹ ਬਹਾਨਾ ਨਾ ਹੋਵੇ ਕਿ ਮੈਨੂੰ ਸਮਾ ਨਹੀਂ ਮਿਲਿਆ ਜਾਂ ਮੈਂ ਪੜ੍ਹ ਨਹੀਂ ਸਕਿਆ। ਜਵਾਬ ਸੰਖੇਪ ਵਿੱਚ ਜਾਂ ਵਿਸਥਾਰ ਵਿੱਚ ਜਿਵੇਂ ਚਾਹੋ ਲਿਖ ਸਕਦੇ ਹੋ। ਜੇ ਇਹਨਾ ਦੇ ਜਵਾਬ ਲੇਖਾਂ ਰਾਹੀ ਦੇਣਾ ਚਾਹੁੰਦੇ ਹੋ ਤਾਂ ਵੀ ਦੇ ਸਕਦੇ ਹੋ ਪਰ ਇਸ ਬਾਰੇ ਇੱਥੇ ਜ਼ਿਕਰ ਜਰੂਰ ਕਰੋ। ਇਹ ਸਵਾਲ ਮੇਰੇ ਹੀ ਨਹੀਂ ਹੋਰ ਵੀ ਕਈਆਂ ਦੇ ਹੋ ਸਕਦੇ ਹਨ। ਇਹਨਾ ਦਾ ਸੰਬੰਧ ਤੁਹਾਡੇ ਧਰਮ ਨਾਲ ਹੈ ਜਿਸ ਦਾ ਤੁਸੀਂ ਸਾਰੇ ਪ੍ਰਚਾਰ ਕਰਦੇ ਹੋ ਅਤੇ ਇਹ ਵੀ ਸਮਝਦੇ ਹੋ ਕਿ ਸਿੱਖ ਧਰਮ ਨਵੀਨ ਧਰਮ ਹੈ ਅਤੇ ਸਚਾਈ ਭਰਪੂਰ ਅਗਾਂਹ ਵਧੂ ਧਰਮ ਹੈ। ਇਸ ਦੀਆਂ ਸਿਖਿਆਵਾਂ ਸਚਾਈ ਭਰਪੂਰ ਅਤੇ ਵਿਗਿਆਨ ਦੀ ਕਸਵੱਟੀ ਤੇ ਵੀ ਪੂਰੀਆਂ ਉਤਰਦੀਆਂ ਹਨ। ਹੁਣ ਦੇਖਣਾ ਇਹ ਬਣਦਾ ਹੈ ਕਿ ਤੁਹਾਡੇ ਅੰਦਰ ਵੀ ਕੋਈ ਕਿਣਕਾ ਮਾਤਰ ਸਚਾਈ ਦਾ ਅੰਸ ਮੌਜੂਦ ਹੈ ਜਾਂ ਨਹੀਂ।
ਮੱਖਣ ਸਿੰਘ ਪੁਰੇਵਾਲ,
ਅਗਸਤ 27, 2017.
.