.


01/14/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ–੪੨

ਗੁਰਬਾਣੀ ਚਾਨਣ ਵਿੱਚ ਸਰਬਤ ਦਾ ਭਲਾ

ਸਰਬਤ੍ਰ ਸੰਸਕ੍ਰਿਤ, ਸਭ ਅਤੇ ਸਰਬਤ ਪੰਜਾਬੀ ਦੇ ਸ਼ਬਦ ਹਨ। ਇਨ੍ਹਾਂ ਦੇ ਅਰਥ ਹਨ-ਸਭ ਥਾਂ, ਸਭ ਜਗ੍ਹਾ, ਸਾਰੇ ਅਤੇ ਤਮਾਮ।(ਮਹਾਨਕੋਸ਼) ਇਹ ਸਰਬੱਤ ਦਾ ਭਲਾ ਸ਼ਬਦ ਅਰਦਾਸ ਦੇ ਅਖੀਰ ਤੇ ਵੀ ਆਉਂਦਾ ਹੈ-ਨਾਨਕ, ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ (ਅਰਦਾਸ) ਪਰ ਇਹ ਗੁਰਬਾਣੀ ਦੀ ਪੰਕਤੀ ਨਹੀਂ ਸਗੋਂ ਸਿਧਾਂਤਕ ਕਾਵਿ ਹੈ। ਨੋਟ-ਨਾਨਕ ਸ਼ਬਦ ਵਰਤਣ ਦਾ ਸਿੱਖ ਗੁਰੂਆਂ ਨੂੰ ਹੀ ਅਧਿਕਾਰ ਸੀ ਨਾਂ ਕਿ ਕਿਸੇ ਹੋਰ ਨੂੰ, ਅਰਦਾਸ ਵਿੱਚ ਹੋਰ ਵੀ ਲੋੜੀਦੀਆਂ ਸੋਧਾਂ ਹੋਣ ਵਾਲੀਆਂ ਹਨ ਜਿਵੇਂ "ਪ੍ਰਿਥਮ ਭਗੌਤੀ ਸਿਮਰ ਕੈ" (ਸਿੱਖ ਪ੍ਰਿਥਮ ਅਕਾਲ ਪੁਰਖ ਨੂੰ ਸਿਮਰਦਾ ਹੈ ਨਾਂ ਕਿ ਭਗੌਤੀ (ਦੁਰਗਾ) ਨੂੰ) ਦਸਾਂ ਪਾਤਸ਼ਹੀਆਂ ਦੀ ਜੋਤਿ (ਗੁਰੂ ਗ੍ਰੰਥ ਸਾਹਿਬ ਵਿਖੇ 35 ਮਹਾਂਪੁਰਖਾਂ ਦੀ ਬਾਣੀ ਨਾਂ ਕਿ ਕੇਵਲ ਦਸਾਂ ਦੀ ਇਸ ਲਈ ਇੱਥੇ ਗੁਰਆਂ-ਭਗਤਾਂ ਦੀ ਜੋਤਿ ਕਹਿਣਾ ਚਾਹੀਦਾ ਹੈ) ਹਠੀਆਂ, ਜਪੀਆਂ, ਤਪੀਆਂ (ਹੱਠ ਕਰਨਾ, ਜਲਧਾਰੇ ਕਰਦੇ ਤੋਤਾ ਰਟਨੀ ਜਪ ਕਰਨੇ ਅਤੇ ਗੈਰ-ਕੁਦਰਤੀ ਤਰੀਕਿਆਂ ਨਾਲ ਸਰੀਰ ਨੂੰ ਕਸ਼ਟ ਦੇਣੇ) ਆਦਿਕ।

ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਸਰਬੱਤ ਦਾ ਭਲਾ-ਸਿੱਖ ਸਿਧਾਂਤ ਸਭ ਦਾ ਭਲਾ ਮੰਗਦਾ ਹੈ-ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉਂ ਹੋਇ॥ (੩੦੨) ਜਦ ਸਾਰੇ ਜੀਵ ਤੇਰੇ ਹਨ ਫਿਰ ਬੁਰਾ-ਭਲਾ ਕਿਸ ਨੂੰ ਆਖੀਏ-ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹਾਰੇ॥੧॥ (੩੮੩) ਪਰਾਏ ਦਾ ਬੁਰਾ ਚਿੱਤ ਵਿੱਚ ਨ ਰੱਖੋ-ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥੩॥ (੩੮੬) ਜਿੱਥੇ ਵੀ ਜਾਈਏ ਭਲਾ ਹੀ ਕਹੀਏ-ਜਿਥੈ ਜਾਇ ਬਹੀਐ ਭਲਾ ਕਹੀਐ॥(੫੬੬) ਗੁਰਮੁਖ ਆਪਣੇ ਆਪ ਨੂੰ ਮੰਦਾ ਤੇ ਸੰਸਾਰ ਨੂੰ ਭਲਾ ਜਾਣਦਾ ਹੈ-ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ॥੪॥੭॥(੯੯੧) ਤੂੰ ਇੱਕ ਹੀ ਮੂਰਖ ਹੈਂ ਬਾਕੀ ਸੰਸਾਰ ਭਲਾ ਹੈ-ਨਾਨਕ ਮੂਰਖ ਏਕ ਤੂ ਅਵਰੁ ਭਲਾ ਸੰਸਾਰੁ॥(੧੩੨੮) ਵਾਰ ਅਠਵੀਂ ਪੌੜੀ ੨੪ ਵਿੱਚ ਭਾਈ ਗੁਰਦਾਸ ਜੀ ਫੁਰਮਾਂਦੇ ਨੇ ਗੁਰਮੁਖ ਮਿੱਠਾ ਬੋਲਦਾ, ਨਿਮਰਤਾ ਚ ਰਹਿੰਦਾ ਤੇ ਹੱਥੀਂ ਵੰਡ, ਭਲਾ ਮਨਾਉਂਦਾ ਹੈ-ਮਿਠਾ ਬੋਲਣ ਨਿਵ ਚਲਣੁ ਹਥਹੁ ਦੇ ਕੇ ਭਲਾ ਮਨਾਏ॥ (ਵਾਰ-੮/ਪਾਉੜੀ-੨੪) ਆਪ ਭਲਾ ਸਾਰੇ ਜੱਗ ਨੂੰ ਭਲਾ ਹੀ ਦੇਖਦਾ ਹੈ-ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ। (ਵਾਰ ੩੧ ਪਾੳੜੀ-੪)

ਸਰਬੱਤ ਦੇ ਭਲੇ ਦੇ ਸਿਧਾਂਤ ਬਾਰੇ ਸੁਚੇਚਤਾ ਦੀ ਲੋੜ-ਕੁਕਰਮੀਆਂ ਨੂੰ ਸੁਧਾਰਨਾ, ਧੀਆਂ ਭੈਣਾਂ ਨੂੰ ਛੇੜਨ ਵਾਲੇ, ਬਲਾਤਕਾਰੀਆਂ ਤੇ ਕਾਤਲਾਂ ਨੂੰ ਸਖਤ ਸਜਾਵਾਂ ਦੇਣੀਆਂ, ਵਿਹਲੜ ਮੰਗਤਿਆਂ ਨੂੰ ਦਾਨ ਨਾਂ ਦੇਣਾਂ ਸਗੋਂ ਕੰਮੇ ਲਾਉਣਾ ਤੇ ਲੋੜਵੰਦਾਂ ਦੀ ਮਦਦ ਕਰਨਾ, ਸਾਰੀ ਮਨੁੱਖਤਾ ਨੂੰ ਸਰਬਸਾਂਝਾ ਰੱਬੀ ਉਪਦੇਸ਼ ਦੇਣਾ, ਛੂਆ-ਛਾਤ, ਜਾਤ-ਪਾਤ ਤੇ ਊਚ-ਨੀਚ ਛੱਡ ਕੇ, ਮਨੁੱਖਤਾ ਦੀ ਸੇਵਾ ਕਰਨਾ, ਆਪਣੇ ਘਰ ਪ੍ਰਵਾਰ ਦੀ ਸੰਭਾਲ ਕਰਦੇ, ਵਿਤ ਮੁਤਾਬਿਕ ਲੋੜਵੰਦਾਂ ਦੀ ਸੰਭਾਲ ਕਰਨੀ, ਵੱਡੇ ਵੱਡੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਅਦਾਰਿਆਂ ਵੱਲੋਂ ਲੋੜਵੰਦਾਂ ਨੂੰ ਕੰਮ ਦੇ ਕੇ ਜਾਂ ਕੰਮ 'ਤੇ ਲਵਾ ਕੇ ਮਦਦ ਕਰਨੀ ਅਤੇ ਸਭ ਤੋਂ ਵੱਡਾ ਸਰਬੱਤ ਦਾ ਭਲਾ ਸਮੁੱਚੀ ਲੋਕਾਈ ਨੂੰ "ਏਕ ਪਿਤਾ ਏਕਸ ਕੇ ਹਮ ਬਾਰਿਕ" ਦਾ ਸਿਧਾਂਤ ਦ੍ਰਿੜਾਂਦੇ ਆਪਸੀ ਮੇਲ-ਜੋਲ ਰੱਖਣ, ਬੁਹੱਬਤ-ਪਿਆਰ ਅਤੇ ਏਕਤਾ ਪੈਦਾ ਕਰਕੇ, ਨਫਰਤੀ ਜੰਗਾਂ ਨਾਂ ਕਰਨੀਆਂ ਜਾਂ ਰੋਕਣੀਆਂ ਹੀ ਅਸਲ ਸਰਬੱਤ ਦਾ ਭਲਾ ਕਰਨਾ ਹੈ ਨਾਂ ਕਿ ਬੇਗਿਆਨੇ, ਬੇਧਿਆਨੇ ਹੋ ਕੀੜਿਆਂ ਦੇ ਭੌਣ ਤੇ ਮਣਾ ਮੂੰਹੀ ਅਨਾਜ ਸੁੱਟਣਾਂ, ਪੱਥਰ ਦੀਆਂ ਮੂਰਤੀਆਂ ਤੇ ਕੁਵਾਂਟਲ ਕੁਵਾਂਟਲ ਦੁੱਧ ਰੋੜਣਾ, ਹੱਟੇ ਕੱਟੇ ਮੰਗਤਿਆਂ ਨੂੰ ਦਾਨ ਦੇਣਾ, ਪਾਰਟੀ ਜਾਂ ਪ੍ਰਵਾਰਕ ਤੌਰ ਤੇ ਗਲਤ ਬੰਦਿਆਂ ਤੇ ਕਾਤਲਾਂ ਦਾ ਪੱਖ ਪੂਰਨਾ, ਵੱਡੇ ਵੱਡੇ ਡਾਕੇ ਮਾਰ, ਚੋਰੀ ਕਰ, ਦੂਜਿਆਂ ਦਾ ਹੱਕ ਮਾਰ, ਹੇਰਾ ਫੇਰੀ ਨਾਲ ਕਮਾਏ ਧੰਨ ਨਾਲ ਭੰਡਾਰੇ ਕਰਨੇ, ਲੰਗਰ ਤੇ ਛਬੀਲਾਂ ਲਾ ਆਪਣੇ ਆਪ ਨੂੰ ਦਾਨੀ ਤੇ ਧਰਮੀ ਸਮਝਣਾ ਸਰਬੱਤ ਦਾ ਭਲਾ ਨਹੀਂ ਸਗੋਂ ਮਨੁੱਖਤਾ ਦਾ ਆਪਣਾ, ਮਨੁੱਖਤਾ ਦਾ ਘਾਣ ਤੇ ਨੁਕਸਾਨ ਹੈ।


01/14/18
ਰਵਿੰਦਰ ਸਿੰਘ ਪਿੰਜੌਰ

ਪ੍ਰਿੰ: ਨਰਿੰਦਰ ਸਿੰਘ ਜੰਮੂ ਦੇ ਪਿਤਾ ਦਾ ਦੇਹਾਂਤ
ਤੱਤ ਗੁਰਮਤਿ ਪਰਿਵਾਰ


ਤੱਤ ਗੁਰਮਤਿ ਪਰਿਵਾਰ ਦੇ ਇਕ ਮੋਢੀ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਦੇ ਪਿਤਾ ਜੀ ਦਾ ਅਟੱਲ ਕੁਦਰਤੀ ਨਿਯਮਾਂ ਹੇਠ ਦੇਹਾਂਤ 12 ਜਨਵਰੀ ਰਾਤ ਨੂੰ ਹੋ ਗਿਆ। ਐਸੇ ਨਾਜ਼ੁਕ ਮੌਕੇ, ਸਮਾਜ ਵਿੱਚ ਪ੍ਰੱਚਿਲਤ ਮਨਮੱਤੀ ਕਰਮਕਾਂਡ ਨੂੰ ਤਿਲਾਂਜਲੀ ਦਿੰਦੇ, ਬਹੁਤ ਸਾਦੇ ਪਰ ਇਨਕਲਾਬੀ ਤਰੀਕੇ ਨਾਲ 13 ਜਨਵਰੀ ਨੂੰ ਸੰਸਕਾਰ ਕਰ ਦਿੱਤਾ ਗਿਆ । ਇਸ ਮੌਕੇ ਸਮਾਜ ਵਿੱਚ ਚੰਗੀ ਮਿਸਾਲ ਸਥਾਪਿਤ ਕਰਨ ਦੇ ਮਕਸਦ ਨਾਲ ਗੁਰਮਤਿ ਸਮਾਗਮ 21 ਜਨਵਰੀ 2018 ਨੂੰ ਪੁੰਛ ਵਿਖੇ ਕੀਤਾ ਜਾ ਰਿਹਾ ਹੈ। ਨਰਿੰਦਰ ਸਿੰਘ ਜੀ ਦਾ ਸੰਪਰਕ ਨੰਬਰ 9419126791 ਹੈ।

ਰਵਿੰਦਰ ਸਿੰਘ ਪਿੰਜੌਰ


01/14/18
ਹਰਪਾਲ ਸਿੰਘ ਫਿਰੋਜ਼ਪੁਰੀਆ

ਸਿੱਖ ਤੇ ਦਸਤਾਰ

ਅੰਗਰੇਜ਼ੀ ਹਕੂਮਤ ਸਮੇਂ ਇੱਕ ਅੰਗਰੇਜ਼ ਕਮਿਸ਼ਨਰ ਨੇ ਆਪਣੀ ਫੌਜ ਵਿੱਚ ਭਰਤੀ ਇੱਕ ਸਿੱਖ ਨੂੰ ਅਵਾਜ਼ ਦਿੱਤੀ । ਸਰਦਾਰ ਜੀ , ਏਧਰ ਆਉ । ਅਵਾਜ਼ ਸੁਣ ਕੇ , ਸਿੱਖ ਆ ਗਿਆ , ਉਸ ਪਲਟਨ ਦਾ ਮੁੱਖੀ ਵੀ ਆ ਗਿਆ , ਜੋ ਬਿਹਾਰੀ ਸੀ ।
ਕਮਿਸ਼ਨਰ ਸਿੱਖ ਨਾਲ ਗੱਲਬਾਤ ਕਰਨ ਲੱਗ ਪਿਆ । ਬਿਹਾਰੀ ਬੋਲਿਆ , ਸਰਦਾਰ ਤੇ ਮੈਂ ਹਾਂ । ( ਕਿਉਂਕਿ ਉਹ ਮੁੱਖੀ ਹੋਣ ਕਰਕੇ ਆਪਣੇ ਆਪ ਨੂੰ ਸਰਦਾਰ ਸਮਝਦਾ ਸੀ )
ਕਮਿਸ਼ਨਰ ਕਹਿੰਦਾ , ਮੈਂ ਇਸ ਸਰਦਾਰ ਨੂੰ ਬੁਲਾਇਆ ਸੀ । ਬਿਹਾਰੀ ਨੇ ਨਿਰਾਜਗੀ ਜਿਤਾਈ ਕਿ ਮੇਰੇ ਹੁੰਦਿਆਂ , ਕਿਸੇ ਹੋਰ ਨੂੰ ਸਰਦਾਰ ਕਹਿਣਾ ਮੇਰੀ ਬੇਇੱਜਤੀ ਹੈ ।
ਕਮਿਸ਼ਨਰ ਨੇ ਕਿਹਾ , ਦੇਖ ,, ਤੈਨੂੰ ਸਰਦਾਰ ਮੈਂ ਬਣਾਇਆ ਹੈ , ਮੈਂ ਇਹ ਸਰਦਾਰੀ ਕਦੇ ਵੀ ਖੋਹ ਸਕਦਾ ਹਾਂ ।
ਪਰ , ਇਹ ਸਿੱਖ ਜਨਮ ਤੋਂ ਹੀ ਸਰਦਾਰ ਆ, ਜਿਸਦੀ ਸਰਦਾਰੀ ਕੋਈ ਨਹੀਂ ਖੋਹ ਸਕਦਾ ।
ਇਹ ਸੱਚ ਆ ਕਿ ਸਮੇਂ ਦੀਆਂ ਸਰਕਾਰਾਂ ਨੇ ਆਪਣਾ ਸਾਰਾ ਜੋਰ ਸਰਦਾਰੀ ਖੋਹਣ ਤੇ ਲਾਇਆ , ਪਰ ਉਹ ਕਾਮਯਾਬ ਨਹੀਂ ਹੋ ਸਕੇ । ਰਤਨ ਸਿੰਘ ਭੰਗੂ ਨੇ ਪ੍ਚੀਨ ਪੰਥ ਪ੍ਕਾਸ਼ ਵਿੱਚ 278 ਪੰਨਾ ਤੇ ਸਿੰਘਾਂ ਨੂੰ ਦਿੱਤੇ ਜਾਣ ਵਾਲੇ ਤਸੀਹਿਆਂ ਦਾ ਜਿਕਰ ਕੀਤਾ ਏ ।
ਕਈ ਚਰਖ , ਕਈ ਫਾਂਸੀ ਮਾਰੇ ।
ਕਈ ਟੋਕਨ ਕਈ , ਕਈ ਛੁਰੀ ਕਟਾਰੇ ।
ਕਈ ਅਨਕ ਸਿਰ ਮੁੰਗਲੀ ਕੁੱਟੇ ।
ਕਈ ਡੋਬੇ , ਕਈ ਘਸੀਟ ਸੇ ਸੁੱਟੇ ।
ਦਬੇ , ਕਟੇ , ਬੰਦੂਕਨ ਦਏ ਮਾਰ ।
ਕੌਣ ਗਿਣੇ ਜੋ ਮਾਰੇ ਹਜਾਰ ।
ਪਾਤ ਪਾਤ ਕਈ ਪਕੜ ਬਹਾਏ ।
ਸਾਥ ਤੇਗਨ ਕੇ ਸੀਸ ਉਡਾਏ ।
ਕਿਸੇ ਹੱਥ , ਕਿਸੇ ਟੰਗ ਕਟਵਾਏ ।
ਅੱਖ ਕੱਢ , ਕਿਸੇ ਖੱਲ ਲੁਹਾਏ ।
ਕੇਸ ਵਾਲਾ ਜੋ ਨਰ ਹੋਈ ।
ਬਾਲ ਬਿਰਧ ਸਭ ਛਡਿਓ ਨ ਕੋਈ ।
ਪਰ ਅਫਸੋਸ !! ਕਿ ਅੱਜ ਅਸੀਂ ਫੈਸ਼ਨ ਪ੍ਸਤੀ ਦੀ ਦੌੜ ਵਿੱਚ ਆਪਣੀ ਉਸ ਸਰਦਾਰੀ ਨੂੰ ਕੌਡੀਆਂ ਨਾਲੋਂ ਵੀ ਸਸਤੇ ਭਾ ਗਵਾ ਦਿੱਤਾ ਏ । ਇੱਕ ਵਿਦਵਾਨ ਲਿਖਦਾ ਏ :
ਫੈਸ਼ਨਪ੍ਸਤੀ ਵਧਦੀ ਹੋਈ ਬਦਸੂਰਤੀ ਏ ।
ਹੋਰ ਕਿਸੇ ਲਈ ਹੋਵੇ ਜਾਂ ਨਾ ਹੋਵੇ , ਸਾਡੇ ਸਿੱਖ ਸਮਾਜ ਲਈ ਇਹ ਸਚਮੁਚ ਹੀ ਬਦਸੂਰਤੀ ਸਾਬਿਤ ਹੋਈ ਏ ।
ਜਿਸ ਨੇ ਸਾਨੂੰ ਆਪਣੇ ਮਹਾਨ ਵਿਰਸੇ ਤੋ ਜੁਦਾ ਕਰ ਦਿੱਤਾ ਏ ।
ਇਸਾਈਆਂ ਦਾ ਇੱਕ ਸ਼ਹੀਦ ਹੋਇਆ ਏ , ਉਹ ਉਸਦੇ ਸਹਾਰੇ ਤੇ ਵਿਸ਼ਵ ਨੂੰ ਇਸਾਈ ਬਣਾਉਣ ਦੀਆਂ ਸਕੀਮਾਂ ਘੜ ਚੁੱਕੇ ਨੇ । ਜਿਸ ਦਾ ਅਮਲ ਪੰਜਾਬ ਦੀ ਧਰਤੀ ਤੇ ਦੇਖਿਆ ਜਾ ਸਕਦਾ ਏ । ਪਰ , ਅਸੀਂ ਲੱਖਾਂ ਸ਼ਹੀਦਾਂ ਦੇ ਵਾਰਿਸ ਹੋਣ ਦੇ ਬਾਵਜੂਦ ਵੀ, ਗੁਰੂਆਂ ਦੀ ਧਰਤੀ ਪੰਜਾਬ ਤੇ ਹੀ ਸਿੱਖੀ ਨੂੰ ਖਤਰਾ ਮਹਿਸੂਸ ਕਰ ਰਹੇ ਹਾਂ ।
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਰਤਾ ਜਿੰਨਾਂ ਵੀ ਸਾਡੇ ਦਿਲ ਵਿੱਚ ਆਪਣੇ ਸ਼ਹੀਦਾਂ ਦਾ ਸਤਿਕਾਰ ਹੈ ,ਤਾਂ ,ਆਉ ਅੱਜ ਤੋਂ ਕੇਸਾਧਾਰੀ ਹੋ ਕੇ ਦਸਤਾਰ ਬੰਨਣ ਦਾ ਫੈਸਲਾ ਲਈਏ ।
ਅਸੀਂ ਮੰਨੀਏ ਜਾਂ ਨਾਂ ਮੰਨੀਏ , ਇੱਕ ਸਜੇ ਧੱਜੇ ਇੱਕ ਸਰਦਾਰ ਦੀ ਸ਼ਾਨ , ਰਾਜਿਆਂ ਮਹਰਾਜਿਆਂ ਦੀ ਸ਼ਾਨ ਨੂੰ ਵੀ ਮਾਤ ਪਾਉਂਦੀ ਏ । ਇਸ ਗੱਲ ਨੂੰ ਸਾਰੇ ਧਰਮਾਂ ਦਾ ਇਤਿਹਾਸ ਲਿਖਣ ਵਾਲਾ ਵਿਸ਼ਵ ਪਰਸਿੱਧ ਵਿਦਵਾਨ ਮਿ: ਟਿਆਨਬੀ ਵੀ ਮੰਨਦਾ ਏ ਤੇ ਲਿਖਦਾ ਏ :
ਸੋਹਣੀ ਦਸਤਾਰ ਤੇ ਖੁੱਲੇ ਦਾਹੜੇ ਵਾਲਾ ਮਨੁੱਖ, ਦੁਨੀਆਂ ਦਾ ਸਭ ਤੋ ਸੋਹਣਾ ਇਨਸਾਨ ਹੈ ।

ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


01/07/18
ਸਰਵਜੀਤ ਸਿੰਘ ਸੈਕਰਾਮੈਂਟੋ

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।


ਜਿਵੇ ਕਿ ਆਪ ਜੀ ਜਾਣਦੇ ਹੀ ਹੋ ਕੇ, ਪਿਛਲੇ ਮਹੀਨੇ ਮੈਂ ਆਪ ਦੇ ਨਾਮ ਪੰਜ ਪੱਤਰ (3, 10, 17, 24 ਅਤੇ 31 ਦਸੰਬਰ 2017) ਲਿਖੇ ਸਨ। ਇਸ ਸਮੇਂ ਦੌਰਾਨ ਤੁਹਾਡਾ ਇਕ ਪੱਤਰ (30 ਦਸੰਬਰ 2017) ਮਿਲਿਆ ਸੀ। ਜਿਸ ਵਿੱਚ ਤੁਸੀਂ ਲਿਖਿਆ ਸੀ, “ਜੇ ਤੁਸੀਂ 23 ਪੋਹ ਬਿਕਰਮੀ ਅਤੇ 23 ਪੋਹ ਪੁਰੇਵਾਲ ਵਾਲੇ 2003 ਵਾਲੇ ਕੈਲੰਡਰ ਵਿਚ ਅਜੇ ਤੱਕ ਫਰਕ ਨਹੀਂ ਸਮਝ ਸਕੇ ਤਾਂ 1 ਲੱਖ ਇਨਾਮ ਲੈਣ ਲਈ ਤੁਹਾਨੂੰ ਹਾਲੇ ਬਹੁਤ ਮਿਹਣਤ ਕਰਨ ਦੀ ਲੋੜ ਹੈ”। ਇਸ ਦੇ ਜਵਾਬ ਵਿੱਚ ਮੈਂ 31 ਦਸੰਬਰ ਨੂੰ ਪੱਤਰ ਲਿਖਿਆ ਸੀ, “ਇਹ ਨੁਕਤਾ ਤਾਂ ਤੁਹਾਡੇ ਹੱਕ ਵਿੱਚ ਜਾਂਦਾ ਹੈ। ਇਕ ਲੱਖ ਦੀ ਸਿੱਧੀ ਬੱਚਤ ! ਫੇਰ ਦੇਰੀ ਕਿਉ ਕਰਦੇ ਹੋ? ਆਓ ਮੈਦਾਨ ਵਿੱਚ”। ਤੁਸੀਂ ਫੇਰ ਵੀ ਕੋਈ ਹੁੰਗਾਰਾ ਨਹੀ ਭਰਿਆ।

ਅੱਜ ਮੈਂ ਆਪਣੇ ਆਖਰੀ ਪੱਤਰ ਵਿੱਚ ਇਹ ਲਿਖਣ ਲਈ ਮਜਬੂਰ ਹਾਂ ਕਿ, ਕੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਆਪਣੇ ਲਿਖਤੀ ਬਿਆਨ ਤੋਂ ਮੁੱਕਰ ਗਿਆ ਹੈ। ਨਾ ਤਾਂ ਕਰਨਲ ਨਿਸ਼ਾਨ ਵਿਚਾਰ ਕਰਨ ਨੂੰ ਤਿਆਰ ਹੈ ਅਤੇ ਨਾ ਹੀ ਆਪਣੀ ਕਿਤਾਬ ਵਿਚ ਕੀਤੇ ਲਿਖਤੀ ਵਾਅਦੇ ਮੁਤਾਬਕ ਇਕ ਲੱਖ ਦਾ ਇਨਾਮ ਦੇਣ ਨੂੰ ਤਿਆਰ ਹੈ।

ਨਿਸ਼ਾਨ ਜੀ, ਇਸ ਵਿਸ਼ੇ ਤੇ ਆਖਰੀ ਪੱਤਰ ਰਾਹੀ ਬੇਨਤੀ ਹੈ ਕਿ ਹੁਣ ਨਾਨਕਸ਼ਾਹੀ ਕੈਲੰਡਰ ਬਾਰੇ ਗੁੰਮਰਾਹ ਕੁੰਨ ਪ੍ਰਚਾਰ ਕਰਨ ਦੀ ਖੇਚਲ ਨਾ ਕਰਿਓ।

ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ

1/7/2018
Sarbjit Singh
sarbjits@gmail.com


01/07/18
ਵਰਿਆਮ ਸੰਧੂ

(ਸੰਪਾਦਕੀ ਨੋਟ:- ਇਹ ਕਹਾਣੀ/ਹੱਡਬੀਤੀ ਵਰਿਆਮ ਸੰਧੂ ਦੀ ਪੰਜਾਬ ਟਾਇਮਜ਼ ਦੇ ਨਵੰਬਰ 2017 ਦੇ ਅੰਕ ਵਿੱਚ ਛਪੀ ਸੀ। ਉਥੋਂ ਲੈ ਕੇ ਅਸੀਂ ਪਾਠਕਾਂ ਦੀ ਜਾਣਕਾਰੀ ਲਈ ਪਾ ਰਹੇ ਹਾਂ ਤਾਂ ਕਿ ਨਵੀਂ ਜਰਨੇਸ਼ਨ ਨੂੰ ਵੀ ਇਹ ਪਤਾ ਲੱਗ ਸਕੇ ਕਿ 1984 ਤੋਂ ਬਾਅਦ ਕਿਵੇਂ ਜਜ਼ਬਾਤੀ ਰੌਅ ਵਿੱਚ ਆ ਕੇ ਆਪਣੇ ਰਿਸ਼ਤੇਦਾਰਾਂ ਵਿੱਚ ਵੀ ਫਿਕ ਪੈ ਰਹੇ ਸਨ ਅਤੇ ਕਤਲੋ ਗਾਰਤ ਵੀ ਹੋ ਰਹੀ ਸੀ)
ਪੰਜਾਬ `ਤੇ ਵੀ ਉਦੋਂ ਬੜੇ ਮਾੜੇ ਦਿਨ ਚੱਲ ਰਹੇ ਸਨ। ਜਮੀਨ `ਤੇ ਕਾਬਜ਼ ਧਿਰ ਮੈਨੂੰ ‘ਪਾਸੇ’ ਕਰਨ ਲਈ ਕਿਸੇ ਵੀ ਤਥਾ-ਕਥਿਤ ਖਾੜਕੂ ਧਿਰ ਦੀ ਮਦਦ ਲੈ ਸਕਦੀ ਸੀ। ਮੈਨੂੰ ਧੁਰ ਅੰਦਰੋਂ ਇਸ ਖਤਰੇ ਦਾ ਅਹਿਸਾਸ ਵੀ ਸੀ। ਉਹ ਜ਼ਾਹਰਾ ਤੌਰ `ਤੇ ਮੈਨੂੰ ਮਾਰਨ ਦੀਆਂ ਧਮਕੀਆਂ ਤੇ ਡਰਾਵੇ ਦਿੰਦੇ ਵੀ ਰਹੇ। ਪਰ ਮੈਂ ਅਡੋਲ ਰਿਹਾ। ਇਸੇ ਖਤਰੇ ਨੂੰ ਮੁਖ ਰੱਖ ਕੇ ਹੀ ਮੇਰਾ ਸਾਹਿਤਕਾਰ ਮਿੱਤਰ ਅੱਧ-ਵਿਚਾਲਿਓਂ ਜੇ ਮੇਰਾ ਸਾਥ ਛੱਡ ਗਿਆ ਸੀ ਤਾਂ ਉਹ ਅਤੇ ਉਸ ਦੇ ਮਾਪੇ ਆਪਣੀ ਥਾਂ ਬਿਲਕੁਲ ਹੱਕ-ਬ-ਜਾਨਬ ਸਨ ਕਿਉਂਕ ਮੇਰਾ ਆਪਣਾ ਭਰਾ ਵੀ, ਜਿਸ ਨੇ ਜਮੀਨ ਵਿਚੋਂ ਅੱਧ ਲੈਣਾ ਸੀ, ਮੇਰੇ ਨਾਲ ਇਸ ਮਸਲੇ ਵਿੱਚ ਸਰਗਰਮ ਸਹਿਯੋਗ ਤੋਂ ਇਨਕਾਰੀ ਸੀ। ਨਾ ਹੀ ਉਹ ਸਮਾਂ ਅਤੇ ਸਾਥ ਤੇ ਨਾ ਹੀ ਹੋ ਰਹੇ ਖਰਚੇ ਦਾ ਹਿੱਸਾ ਦੇ ਰਿਹਾ ਸੀ। ਕਹਿੰਦਾ ਸੀ, ਜਦੋਂ ਜਮੀਨ ਵਿਕ ਗਈ, ਮੈਂ ਉਸ ਦਾ ਖਰਚੇ ਦਾ ਬਣਦਾ ਹਿੱਸਾ ਕੱਟ ਲਵਾਂ! ਘਰ ਦੇ ਕਾਰੋਬਾਰ ਨੂੰ ਛੱਡ ਕੇ ਮੇਰੇ ਨਾਲ ਖੱਜਲ ਹੋਣਾ ਉਸ ਨੂੰ ਗਵਾਰਾ ਨਹੀਂ ਸੀ। ਉਸ ਨੂੰ ਤੇ ਉਸ ਦੇ ਨਜਦੀਕੀ ਸਲਾਹਕਾਰਾਂ ਨੂੰ ਇਹ ਆਸ ਵੀ ਨਹੀਂ ਸੀ ਕਿ ਏਨੇ ਸਾਲਾਂ ਦੇ ਪਰਾਏ ਕਬਜ਼ੇ ਤੋਂ ਬਾਅਦ ਮੈਂ ਜਮੀਨ ਦਾ ਕੁੱਝ ਕਰ ਕਰਾ ਵੀ ਸਕਾਂਗਾ! ਜਮੀਨ ਦੀ ਨਿਸ਼ਾਨਦੇਹੀ ਲਈ ਜੇ ਉਸ ਨੂੰ ਇੱਕ ਦਿਨ ਲਈ ਮਲੋਟ ਬੁਲਾਇਆ ਵੀ ਤਾਂ ਉਹ, ਇਹ ਜਾਣੇ ਬਿਨਾ ਕਿ ਮੈਂ ਕਿਸ ਹਾਲ ਵਿੱਚ ਹਾਂ, ਮੈਨੂੰ ਮਿਲੇ ਬਿਨਾ ਹੀ ਪਿੰਡ ਪਰਤ ਗਿਆ ਸੀ। ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਉਹ ਗਿਆ ਵੀ ਸੀ ਜਾਂ ਨਹੀਂ! ਇਸ ਜਮੀਨ ਦੇ ਸਿਲਸਿਲੇ ਵਿੱਚ ਜਿਵੇਂ ਪਹਿਲੀਆਂ ਵੇਲੇ ਮਾਮਾ ਹਰਦੀਪ ਬੇਗਰਜ਼ ਹੋ ਕੇ ਮੇਰੇ ਕੰਮ ਆਇਆ ਸੀ ਅਤੇ ਕਈ ਕਈ ਦਿਨ ਮੇਰੇ ਨਾਲ ਖੱਜਲ-ਖਰਾਬ ਹੁੰਦਾ ਰਿਹਾ ਸੀ, ਉਸ ਨੇ ਮੇਰੇ ਮਨ ਵਿੱਚ ਉਸ ਦੀ ਬੜੀ ਡੂੰਘੀ ਕਦਰ ਬਣਾ ਦਿੱਤੀ ਸੀ। ਪਰ ਅਚਨਚੇਤ ਕੁੱਝ ਅਜਿਹਾ ਵਾਪਰ ਗਿਆ ਕਿ ਸਾਡੇ ਦੋਵਾਂ ਦੇ ਰਿਸ਼ਤਿਆਂ ਵਿੱਚ ਡੂੰਘੀ ਦਰਾੜ ਪੈ ਗਈ। ਜਮੀਨ ਦਾ ਸੌਦਾ ਹੋਣ ਵੇਲੇ ਉਸ ਦਾ ਮੇਰੇ ਨਾਲ ਬੋਲਚਾਲ ਉਕਾ ਹੀ ਬੰਦ ਸੀ। ਇਹੋ ਕਾਰਨ ਸੀ ਕਿ ਮੈਂ ਉਨ੍ਹਾਂ ਦਿਨਾਂ ਦਾ ਤਣਾਓ ਇਕੱਲੇ ਨੇ ਹੀ ਆਪਣੇ ਤਨ-ਮਨ `ਤੇ ਭੋਗਿਆ।
ਸਾਡੇ ਆਪਸੀ ਮੋਹ-ਭਿੱਜੇ ਰਿਸ਼ਤੇ ਨੂੰ ਪੰਜਾਬ ਦੇ ਉਨ੍ਹਾਂ ਵੇਲਿਆਂ ਦੇ ਮਾਹੌਲ ਵਿਚਲੇ ਪ੍ਰਦੂਸ਼ਣ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਬਲੂ-ਸਟਾਰ ਆਪ੍ਰੇਸ਼ਨ ਤੋਂ ਲਗਭਗ ਮਹੀਨਾ ਕੁ ਬਾਅਦ ਕੁੱਝ ਨੌਜਵਾਨਾਂ ਨੇ ਰੰਜ ਅਤੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਹਵਾਈ ਜਹਾਜ਼ ਅਗਵਾ ਕਰ ਲਿਆ ਸੀ। ਹਰਦੀਪ ਉਸ ਦਿਨ ਪਿੰਡੋਂ ਅੰਮ੍ਰਿਤਸਰ ਕਿਸੇ ਕੰਮ ਆਇਆ ਹੋਇਆ ਸੀ। ਉਸ ਨੇ ਉਥੇ ਇਹ ਖਬਰ ਸੁਣੀ ਤੇ ਸ਼ਾਮ ਨੂੰ ‘ਇਸ ਖਬਰ ਵਿਚਲੀ ਖੁਸ਼ੀ’ ਮੇਰੇ ਨਾਲ ਸਾਂਝੀ ਕਰਨ ਲਈ ਆਪਣੇ ਪਿੰਡ ਜਾਣ ਦੀ ਥਾਂ ਮੇਰੇ ਕੋਲ ਆ ਗਿਆ। ਜਦੋਂ ਉਹ ਮੇਰੇ ਘਰ ਦੇ ਗਾਡੀ ਦਰਵਾਜ਼ੇ ਦੀ ਵੱਡੀ ਬਾਰੀ ਵਿਚੋਂ ਸਿਰ ਝੁਕਾ ਕੇ ਅੰਦਰ ਲੰਘਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਉਸ ਦੇ ਸਿਰ `ਤੇ ਪੱਗ ਦੀ ਥਾਂ ਕੇਸਰੀ ਪਟਕਾ ਬੱਝਾ ਦਿਖਾਈ ਦਿੱਤਾ। ਉਸ ਦੇ ਹੱਥਾਂ ਵਿੱਚ ਰਸੇ ਹੋਏ ਦੁਸਹਿਰੀ ਅੰਬਾਂ ਵਾਲਾ ਲਿਫਾਫਾ ਸੀ। ਇਸ ਸਮੇਂ ਪੰਜਾਬ ਦੇ ਸਿੱਖਾਂ ਦੀ ਬਹੁਗਿਣਤੀ ਡੂੰਘੇ ਮਾਨਸਿਕ ਸੰਤਾਪ ਵਿਚੋਂ ਲੰਘ ਰਹੀ ਸੀ। ਲੋਕ ਦਰਬਾਰ ਸਾਹਿਬ `ਤੇ ਹੋਏ ਹਮਲੇ, ਕਤਲੋ-ਗਾਰਤ, ਫੌਜ ਦੀਆਂ ਵਧੀਕੀਆਂ ਅਤੇ ਅਕਾਲ ਤਖਤ ਦੇ ਢਹਿ ਜਾਣ ਦੇ ਸਦਮੇ ਨਾਲ ਵੈਰਾਗੇ ਤੇ ਨਮੋਸ਼ੀ ਵਿੱਚ ਢੱਠੇ ਮਹਿਸੂਸ ਕਰ ਰਹੇ ਸਨ। ਉਹ ਡਾਢੇ ਮਾਯੂਸ ਤੇ ਬੇਬੱਸ ਸਨ। ਆਪਣੇ ਰੋਹ ਅਤੇ ਗੁੱਸੇ ਦਾ ਖਾਮੋਸ਼ ਪ੍ਰਗਟਾਵਾ ਕਰਨ ਲਈ ਕੇਸਰੀ ਰੰਗ ਉਨ੍ਹਾਂ ਦਾ ਆਸਰਾ ਬਣਿਆ ਸੀ। ਨੌਜਵਾਨਾਂ ਦੀ ਵੱਡੀ ਗਿਣਤੀ ਕੇਸਰੀ ਪਟਕੇ ਤੇ ਪੱਗਾਂ ਬੰਨ੍ਹਣ ਲੱਗੀ ਸੀ। ਜਹਾਜ਼ ਅਗਵਾ ਦੀ ਘਟਨਾ ਨਾਲ ਉਨ੍ਹਾਂ ਨੇ ਆਪਣੀਆਂ ਸ਼ਰਮਸਾਰ ਅੱਖਾਂ ਉਚੀਆਂ ਕਰ ਕੇ ਉਤਾਂਹ ਨੂੰ ਵੇਖਿਆ। ਮਾਮਾ ਹਰਦੀਪ ਅੱਜ ਇਨ੍ਹਾਂ ਉਚੀਆਂ ਉਠੀਆਂ ਅੱਖਾਂ ਦੇ ਹਵਾਲੇ ਨਾਲ ਪੰਜਾਬ ਦਾ ਭਵਿੱਖ ਵੇਖ ਰਿਹਾ ਸੀ। ਬਲੂ-ਸਟਾਰ ਆਪ੍ਰੇਸ਼ਨ ਤੋਂ ਪਿੱਛੋਂ ਉਹ ਮੈਨੂੰ ਪਹਿਲੀ ਵਾਰ ਮਿਲ ਰਿਹਾ ਸੀ ਅਤੇ ਮੈਂ ਉਸ ਅੰਦਰ ਆਈ ਤਬਦੀਲੀ ਨੂੰ ਭਲੀ-ਭਾਂਤ ਵੇਖ ਤੇ ਸਮਝ ਰਿਹਾ ਸਾਂ। ਮੈਨੂੰ ਉਸ ਦਾ ਗੁੱਸਾ, ਨਮੋਸ਼ੀ ਅਤੇ ਅੱਜ ਦੀ ਘਟਨਾ ਨਾਲ ਪ੍ਰਾਪਤ ਤਸੱਲੀ ਦੇ ਅਰਥ ਸਮਝ ਆਉਂਦੇ ਸਨ। ਅਗਲੇ ਦਿਨਾਂ ਵਿੱਚ ਮੈਨੂੰ ਪਤਾ ਲੱਗਾ ਕਿ ਮਾਮੇ ਦੇ ਕੇਸਰੀ ਪਟਕੇ ਦਾ ਰੰਗ ਉਸ ਦੇ ਦਿਲ ਅੰਦਰ ਵੀ ਘੁਲਣਾ ਸ਼ੁਰੂ ਹੋ ਗਿਆ ਸੀ। ਉਸ ਨੇ ਤੇ ਉਸ ਦੀ ਸਿੰਘਣੀ ਨੇ ਅੰਮ੍ਰਿਤ ਛਕ ਲਿਆ ਸੀ। ਉਸ ਦੇ ਪ੍ਰਭਾਵ ਅਧੀਨ ਹੀ ਕੋਹਾਲੀ ਤੇ ਚੈਨਪੁਰ ਵਾਲੀਆਂ ਮੇਰੀਆਂ ਮਾਸੀਆਂ ਦੇ ਮੁੰਡਿਆਂ ਨੇ ਵੀ ਅੰਮ੍ਰਿਤ ਛਕ ਲਿਆ ਸੀ। ਮਾਮਾ ਸਟੇਨਗੰਨਾਂ ਲੈ ਕੇ ਸਰਕਾਰ ਵਿਰੁੱਧ ਲੜਨ ਵਾਲੇ ਨੌਜਵਾਨਾਂ ਦਾ ਸਹਾਇਕ ਤੇ ਸਲਾਹਕਾਰ ਬਣ ਗਿਆ ਸੀ। ਉਹ ਉਸ ਕੋਲ ਰਾਤ-ਬਰਾਤੇ ਆਉਂਦੇ, ਆਪਣਾ ਘਰ ਸਮਝ ਕੇ ਲੰਗਰ-ਪਾਣੀ ਛਕਦੇ। ਉਹ ਉਨ੍ਹਾਂ ਦਾ ‘ਬਾਪੂ’ ਬਣ ਗਿਆ ਸੀ ਤੇ ਇਲਾਕੇ ਵਿੱਚ ਹਰਦੀਪ ਸਿੰਘ ‘ਖਾਲਸਾ’ ਵਜੋਂ ਪ੍ਰਸਿੱਧ ਹੋ ਗਿਆ ਸੀ।
ਮੈਂ ਉਨ੍ਹੀਂ ਦਿਨੀਂ ਕਦੀ ਉਸ ਕੋਲ ਗਿਆ ਨਹੀਂ ਸਾਂ। ਉਸ ਦੀ ਬਹਿਕ `ਤੇ ਜਾਣਾ ਮੈਨੂੰ ਖਤਰੇ ਵਾਲੀ ਗੱਲ ਲੱਗਦੀ। ਉਸ ਬਾਰੇ ਇਹ ਸਾਰੀ ਸੂਚਨਾ ਮੈਨੂੰ ਬੀਬੀ ਅਤੇ ਛੋਟੇ ਭਰਾ ਸੁਰਿੰਦਰ ਕੋਲੋਂ ਮਿਲਦੀ ਰਹਿੰਦੀ। ਉਹ ਆਪ ਵੀ ਦੋ ਕੁ ਵਾਰ ਮੇਰੇ ਕੋਲ ਉਨ੍ਹੀਂ ਦਿਨੀਂ ਪਿੰਡ ਆਇਆ ਜਦੋਂ ਸਾਡੇ ਸਨੇਹੀ ਰਿਸ਼ਤੇਦਾਰ ਅਜਾਇਬ ਸਿੰਘ ਪੱਟੀ ਵਾਲੇ ਕੋਲੋਂ ਖਾੜਕੂਆਂ ਨੇ ਵੱਡੀ ਰਕਮ ਮੰਗ ਲਈ ਸੀ ਤੇ ਮੰਗ ਪੂਰੀ ਨਾ ਕਰ ਸਕਣ `ਤੇ ਉਨ੍ਹਾਂ ਨੇ ਉਸ ਦੇ ਘਰ `ਤੇ ਦੋ ਵਾਰ ਬੜੀ ਮਾਰੂ ਫਾਇਰਿੰਗ ਕੀਤੀ ਸੀ। ਅਜਾਇਬ ਸਿੰਘ ਨੂੰ ਮੁਸ਼ਕਿਲ ਵਿੱਚ ਜਾਣ ਕੇ ਬੀਬੀ ਨੇ ਹੀ ਹਰਦੀਪ ਸਿੰਘ ‘ਖਾਲਸਾ’ ਨੂੰ ਕਿਹਾ ਸੀ ਕਿ ਉਹ ਆਪਣੇ ਜਾਣਕਾਰ ਗੁਰਬਚਨ ਸਿੰਘ ਮਾਨੋਚਾਹਲ ਨੂੰ ਮਿਲ ਕੇ ਅਜਾਇਬ ਸਿੰਘ ਦਾ ‘ਛੁਟਕਾਰਾ’ ਕਰਾਵੇ, ਕਿਉਂਕਿ ਮਾਨੋਚਾਹਲ ਦੀ ‘ਫੋਰਸ’ ਦੇ ਮੁੰਡੇ ਹੀ ਉਸ ਦੇ ਪਰਿਵਾਰ ਦੀ ਜਾਨ ਦੇ ਦੁਸ਼ਮਣ ਬਣੇ ਬੈਠੇ ਸਨ। ‘ਖਾਲਸਾ’ ਅਜਾਇਬ ਸਿੰਘ ਦੇ ਪਰਿਵਾਰ ਦੀ ‘ਬੰਦ-ਖਲਾਸੀ’ ਵਿੱਚ ਸਹਾਇਕ ਬਣਿਆ ਸੀ।
ਉਹ ਆਪਣੇ ਰਾਹ `ਤੇ ਏਨਾ ਅੱਗੇ ਜਾ ਚੁੱਕਾ ਸੀ ਕਿ ਮੈਂ ਪੁਰਾਣੇ ਮੋਹ ਅਤੇ ਮਾਣ ਦਾ ਵਾਸਤਾ ਦੇ ਕੇ ਉਸ ਨੂੰ ਪਿੱਛੇ ਮੁੜਨ ਲਈ ਨਹੀਂ ਸਾਂ ਆਖ ਸਕਦਾ। ਪਰ ਫਿਰ ਵੀ ਉਹ ਜਦੋਂ ਮੇਰੇ ਕੋਲ ਆਉਂਦਾ ਤਾਂ ਮੈਂ ਖਾੜਕੂਆਂ ਦੇ ਸਿੱਖੀ-ਸੋਚ ਦੇ ਵਿਪਰੀਤ ਭੈੜੇ ਕਿਰਦਾਰ ਬਾਰੇ ਉਸ ਨੂੰ ਪ੍ਰਸ਼ਨ ਜ਼ਰੂਰ ਕਰਦਾ। ਉਸ ਅਨੁਸਾਰ ਉਹ ਆਪ ਉਨ੍ਹਾਂ ਦੇ ਅਜਿਹੇ ਵਿਹਾਰ ਦਾ ਨਿੰਦਕ ਸੀ; ਉਹ ਖਾੜਕੂਆਂ ਦੀਆਂ ਨਜਾਇਜ਼ ਲੁੱਟਾਂ-ਖੋਹਾਂ ਅਤੇ ਬੇਗੁਨਾਹਾਂ ਦੀ ਕਤਲੋ-ਗਾਰਤ ਦਾ ਵਿਰੋਧੀ ਸੀ; ਖਾੜਕੂਆਂ ਦੇ ਧੱਕੇ, ਨਜਾਇਜ਼ ਮੰਗਾਂ ਅਤੇ ਪਾਈਆਂ ਮੁਸ਼ਕਿਲਾਂ ਦੇ ਸਤਾਏ ਲੋਕ ਉਸ ਕੋਲ ਆਪਣੇ ਫੈਸਲੇ ਕਰਵਾਉਣ ਲਈ ਆਉਂਦੇ ਰਹਿੰਦੇ ਸਨ ਤੇ ਉਹ ਜਿੱਥੋਂ ਤੱਕ ਸੰਭਵ ਹੁੰਦਾ ਉਨ੍ਹਾਂ ਦੇ ਕੰਮ ਆਉਂਦਾ; ਖਾੜਕੂਆਂ ਦੇ ਗਲਤ ਵਿਹਾਰ ਪ੍ਰਤੀ ਆਪਣੇ ਗਿਲੇ ਸ਼ਿਕਵੇ ਉਨ੍ਹਾਂ ਦੇ ਵੱਡੇ ਆਗੂਆਂ ਤੱਕ ਪਹੁੰਚਾਉਂਦਾ ਰਹਿੰਦਾ ਅਤੇ ਅਕਸਰ ਆਪਣੇ ਕੋਲ ਆਉਂਦੇ ਰਹਿਣ ਵਾਲਿਆਂ ਨੂੰ ਸਮਝਾਉਂਦਾ ਵੀ ਰਹਿੰਦਾ। ਪਰ, ਉਹ ਆਖਦਾ, ਉਹ ਉਨ੍ਹਾਂ ਦੀ ‘ਕੌਮ ਲਈ ਕਸ਼ਟ ਸਹਿੰਦਿਆਂ ਕੁਰਬਾਨ ਹੋ ਜਾਣ ਦੀ ਭਾਵਨਾ’ ਦਾ ਮੁਦੱਈ ਸੀ ਅਤੇ ਮਦਦਗਾਰ ਵੀ। ਉਹ ‘ਸਿੱਖ-ਪੰਥ `ਤੇ ਬਣੀ ਭੀੜ’ ਸਮੇਂ ਉਨ੍ਹਾਂ ਦੇ ਹਰ ਤਰ੍ਹਾਂ ਅੰਗ-ਸੰਗ ਸੀ; ਪਿੱਛੇ ਮੁੜਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਲਾਕੇ ਦੇ ਲੋਕ ਉਸ ਤੋਂ ਭੈਅ ਵੀ ਮੰਨਦੇ ਸਨ ਪਰ ਉਸ ਦੇ ਬਜ਼ੁਰਗੀ ਵਾਲੇ ਲੋਕ-ਹਿਤੈਸ਼ੀ ਅਕਸ ਦਾ ਆਦਰ ਵੀ ਕਰਦੇ ਸਨ। ਉਹ ਉਨ੍ਹਾਂ ਦੇ ਕੰਮਾਂ ਲਈ ਠਾਣੇ ਠਪਾਣੇ ਵੀ ਜਾਂਦਾ ਰਹਿੰਦਾ ਸੀ। ਪੁਲਿਸ ਵਾਲੇ ਲੁਕਵੇਂ ਭੈਅ ਕਾਰਨ ਉਸ ਦੀ ਸੁਣਦੇ ਵੀ ਸਨ।
ਬੱਸ ਇਨ੍ਹਾਂ ਹੀ ਦਿਨਾਂ ਵਿੱਚ ਕੁੱਝ ਅਜਿਹਾ ਵਾਪਰਿਆ ਕਿ ਸਾਡਾ ਬਹੁਤ ਹੀ ਮਧੁਰ ਤੇ ਸੁਖਾਵਾਂ ਰਿਸ਼ਤਾ ਅਸਹਿਜ ਹੋ ਗਿਆ ਤੇ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ।
ਵੱਡੇ ਮਾਮੇ ਗੁਰਦੀਪ ਦੀ ਧੀ ਦਾ ਵਿਆਹ ਸੀ। ਵਿਆਹ ਤੋਂ ਪਹਿਲੀ ਰਾਤ ਮੈਂ ਦੇਰ ਰਾਤ ਗਏ ਆਪਣੀ ਪਤਨੀ ਤੇ ਬੱਚਿਆਂ ਸਮੇਤ ਉਨ੍ਹਾਂ ਦੀ ਬਹਿਕ `ਤੇ ਪੁੱਜਾ। ਦੋਵਾਂ ਭਰਾਵਾਂ ਦੇ ਘਰ ਨਾਲ ਨਾਲ ਸਨ; ਕੇਵਲ ਵਿਚਕਾਰਲੇ ਵਿਹੜੇ ਵਿੱਚ ਦੋ ਕੁ ਫੁੱਟ ਉਚੀ ਬੰਨੀ ਦੇ ਨਾਲ ਦੋਵੀਂ ਪਾਸੀਂ ਡੰਗਰਾਂ ਦੇ ਬੰਨ੍ਹਣ ਲਈ ਲੰਮੀਆਂ ਖੁਰਲੀਆਂ ਬਣੀਆਂ ਹੋਈਆਂ ਸਨ। ਇਨ੍ਹਾਂ ਖੁਰਲੀਆਂ ਉਤੋਂ ਟੱਪ ਕੇ ਅਸਾਨੀ ਨਾਲ ਇੱਕ-ਦੂਜੇ ਦੇ ਘਰ ਆ-ਜਾ ਸਕੀਦਾ ਸੀ। ਰਾਤ ਨੂੰ ਰੋਟੀ-ਪਾਣੀ ਤੋਂ ਵਿਹਲੇ ਹੋਣ ਪਿੱਛੋਂ ਜਨਾਨੀਆਂ ਨੂੰ ਮਾਮੇ ਗੁਰਦੀਪ ਸਿੰਘ ਦੇ ਘਰ ਠਹਿਰਾਇਆ ਗਿਆ ਅਤੇ ਮਰਦਾਂ ਨੂੰ ਹਰਦੀਪ ਸਿੰਘ ਖਾਲਸਾ ਦੇ ਘਰ। ਉਸ ਨੇ ਅਜੇ ਨਵਾਂ ਨਵਾਂ ਕੋਠੀ-ਨੁਮਾ ਘਰ ਪਾਇਆ ਸੀ ਅਤੇ ਸਾਰੇ ਮਰਦ ਪ੍ਰਾਹੁਣੇ ਵੱਖ ਵੱਖ ਖੁੱਲ੍ਹੇ ਕਮਰਿਆਂ ਵਿੱਚ ਆਪਣੇ ਬਿਸਤਰੇ ਮੱਲ ਕੇ ਬੈਠ ਗਏ। ਅਜਿਹੇ ਮੌਕੇ, ਜਦੋਂ ਸਾਰੇ ਰਿਸ਼ਤੇਦਾਰ ਦੇਰ ਬਾਅਦ ਇਕੱਠੇ ਹੋਏ ਹੁੰਦੇ ਹਨ ਤਾਂ ਸੁੱਖ-ਸਾਂਦ ਪੁੱਛਣ ਤੋਂ ਇਲਾਵਾ ਏਧਰ-ਓਧਰ ਦੇ ਟੋਟਕਿਆਂ ਦੇ ਨਾਲ ਜ਼ਮਾਨੇ ਭਰ ਦੀਆਂ ਗੱਲਾਂ ਵੀ ਹੋਣੀਆਂ ਹੁੰਦੀਆਂ ਹਨ। ਗੱਲਾਂ ਕਰਦਿਆਂ ਅਤੇ ਹਾਸਾ-ਠੱਠਾ ਕਰਦਿਆਂ ਰਾਤ ਦਾ ਇੱਕ-ਡੇਢ ਵੱਜ ਗਿਆ ਜਦੋਂ ‘ਖਾਲਸਾ’ ਨੇ ਐਲਾਨ ਕੀਤਾ ਕਿ ਸਾਰੇ ਸੌਂ ਜਾਣ ਕਿਉਂਕਿ ਵੇਲੇ ਸਿਰ ਉਠ ਕੇ ਤੇ ਨਹਾ ਧੋ ਕੇ ਸਵੇਰੇ ਜੰਝ ਦੇ ਸਵਾਗਤ ਲਈ ਤਿਆਰ ਵੀ ਹੋਣਾ ਹੈ। ਮੇਰੇ ਨੇੜਲੇ ਮੰਜੇ ਵਾਲੇ ਰਿਸ਼ਤੇਦਾਰ ਨੇ ਹੌਲੀ ਜਿਹੀ ਹੱਸਦਿਆਂ ਕਿਹਾ, “ਭਾਈਆ ਸੌਂ ਹੀ ਜਾਈਏ, ਜਥੇਦਾਰ ਦਾ ਕੀ ਪਤਾ, ਜੇ ਹੁਕਮ ਨਾ ਮੰਨਿਆਂ ਤਾਂ ਸਦਾ ਲਈ ਸੁਆ ਦੇਣ ਦਾ ਹੁਕਮ ਹੀ ਨਾ ਸੁਣਾ ਦੇਵੇ!” ਇੱਕ ਤਾਂ ਥਾਂ ਓਪਰਾ ਸੀ ਤੇ ਦੂਜਾ ਅਜਿਹੇ ਇਕੱਠ ਵਿੱਚ ਮੈਨੂੰ ਨੀਂਦ ਵੀ ਛੇਤੀ ਨਹੀਂ ਆਉਂਦੀ। ਮਸਾਂ ਅੱਖ ਲੱਗੀ। ਅਜੇ ਸੁੱਤਿਆਂ ਦੋ-ਢਾਈ ਘੰਟੇ ਹੀ ਹੋਏ ਹੋਣਗੇ ਕਿ ਕਿਸੇ ਨੇ ਉਚੀ ਆਵਾਜ਼ ਵਿੱਚ ਪਾਠ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਅੱਖ ਖੁੱਲ੍ਹ ਗਈ। ਪਾਠ ਕਰਨ ਵਾਲਾ ਹਰਦੀਪ ਸਿੰਘ ‘ਖਾਲਸਾ’ ਸੀ। ਸਾਰੇ ਕਮਰਿਆਂ ਦੇ ਦਰਵਾਜ਼ੇ ਇੱਕ ਦੂਜੇ ਵਿੱਚ ਖੁੱਲ੍ਹਦੇ ਸਨ। ਉਸ ਦੀ ਬੁਲੰਦ ਆਵਾਜ਼ ਸਾਰੇ ਕਮਰਿਆਂ ਵਿੱਚ ਗੂੰਜ ਰਹੀ ਸੀ। ਸੁੱਤੇ ਹੋਏ ਸਾਰੇ ਪ੍ਰਾਹੁਣੇ ਜਾਗ ਪਏ ਤੇ ਉਸਲਵੱਟੇ ਲੈਣ ਲੱਗੇ। ਦਿਨ-ਚੜ੍ਹੇ ਬਾਹਰ ਧੁੱਪ ਵਿੱਚ ਬੈਠ ਕੇ ਸਾਰੇ ਸਵੇਰ ਦਾ ਚਾਹ-ਪਾਣੀ ਛਕ ਰਹੇ ਸਨ। ਗੱਲਾਂ ਬਾਤਾਂ ਚੱਲ ਰਹੀਆਂ ਸਨ। ਕਿਸੇ ਨੇ ਕਿਹਾ ਕਿ ਉਸ ਨੂੰ ਤਾਂ ਖਾਲਸਾ ਜੀ ਦੇ ਪਾਠ ਕਰਨ ਤੋਂ ਪਿੱਛੋਂ ਮੁੜ ਕੇ ਨੀਂਦ ਹੀ ਨਹੀਂ ਆਈ। ਖਾਲਸਾ ਕੋਲ ਹੀ ਬੈਠਾ ਸੀ। ਮੈਂ ਆਖਿਆ, “ਮਾਮਾ! ਨੀਂਦ ਤਾਂ ਮੇਰੀ ਵੀ ਖਰਾਬ ਹੋ ਗਈ। ਤੂੰ ਪਾਠ ਮੂੰਹ ਵਿੱਚ ਕਰਨਾ ਸੀ, ਚੁੱਪ-ਚੁਪੀਤੇ। ਹੋਰਨਾਂ ਨੂੰ ਕਿਉਂ ਜਗਾਇਆ?”
“ਅੰਮ੍ਰਿਤ ਵੇਲੇ ਰੱਬ ਦਾ ਨਾਂ ਲੈਣਾ ਤੇ ਸੁਣਨਾ ਪੁੰਨ ਦਾ ਕੰਮ ਹੁੰਦਾ ਹੈ। ਤੇਰੇ ਵਰਗਿਆਂ ਨੂੰ ਕੀ ਪਤਾ! ਤੂੰ ਤਾਂ ਨਾਸਤਿਕ ਬੰਦਾ ਏਂ। ਤੇਰਾ ਹੱਕ ਹੀ ਨਹੀਂ ਬਣਦਾ ਕਿ ਉਚੀ ਪਾਠ ਕਰਨ ਜਾਂ ਨਾ ਕਰਨ ਬਾਰੇ ਕੁੱਝ ਬੋਲੇਂ।” ਉਸ ਦੇ ਬੋਲਾਂ ਵਿਚਲਾ ਰੁੱਖਾਪਨ ਅਤੇ ਲੁਕਵੀਂ ਜਿਹੀ ਧਮਕੀ ਦਾ ਅਨੁਮਾਨ ਲਾ ਕੇ ਮੈਂ ਤਾਂ ਬੌਂਦਲ ਹੀ ਗਿਆ। ਉਹ ਤਾਂ ਮੇਰਾ ਯਾਰ ਮਾਮਾ ਸੀ। ਮੇਰੇ ਦੁਖ-ਸੁਖ ਦਾ ਨੇੜਲਾ ਭਿਆਲ। ਹਰ ਮੁਸ਼ਕਿਲ ਵੇਲੇ ਮੇਰੀ ਬਾਂਹ ਬਣ ਕੇ ਖਲੋਣ ਵਾਲਾ। ਅਸੀਂ ਇੱਕ ਦੂਜੇ ਨੂੰ ਵੱਡੇ ਤੋਂ ਵੱਡਾ ਮਖੌਲ ਕਰਦੇ ਤੇ ਸਹਿੰਦੇ ਰਹੇ ਸਾਂ। ਮੇਰੇ ਤਾਂ ਚਿੱਤ-ਖਿਆਲ ਵੀ ਨਹੀਂ ਸੀ ਕਿ ਮਾਮਾ ਮੇਰੇ ਪ੍ਰਤੀ ਅਜਿਹਾ ਹਮਲਾਵਰ ਰੁਖ ਅਖਤਿਆਰ ਕਰੇਗਾ।
“ਚਲੋ ਮੈਨੂੰ ਬਹੁਤਾ ਪਤਾ ਨਾ ਵੀ ਹੋਵੇ ਪਰ ਹਜ਼ਾਰਾਂ-ਲੱਖਾਂ ਲੋਕ ਤਾਂ ਰੋਜ਼ ਹੀ ਮੇਰੇ ਵਾਂਗ ਹੀ ਬੋਲਦੇ ਤੇ ਮੰਦਰਾਂ-ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਤਰਲੇ ਮਾਰਦੇ ਰਹਿੰਦੇ ਨੇ ਕਿ ਘੱਟੋ ਘੱਟ ਇਮਤਿਹਾਨਾਂ ਦੇ ਦਿਨਾਂ ਵਿੱਚ ਤਾਂ ਉਹ ਆਪਣੇ ਲਾਊਡ-ਸਪੀਕਰ ਬੰਦ ਜਾਂ ਧੀਮੇ ਰੱਖਣ ਕਿਉਂਕਿ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਤੇ ਭਵਿੱਖ ਦਾ ਸਵਾਲ ਹੈ; ਇਸ ਸ਼ੋਰ ਵਿੱਚ ਉਨ੍ਹਾਂ ਲਈ ਪੜ੍ਹਨਾ ਤੇ ਇਮਤਿਹਾਨ ਦੀ ਤਿਆਰੀ ਕਰਨੀ ਬਹੁਤ ਔਖੀ ਹੁੰਦੀ ਹੈ। ਸਾਰੀ ਦਿਹਾੜੀ ਕੰਮ ਕਰ ਕੇ ਥੱਕੇ ਲੋਕਾਂ ਨੂੰ ਆਈ ਡੂੰਘੀ ਨੀਂਦ `ਚ ਜਿਵੇਂ ਇਹ ਸ਼ੋਰ ਖਲਲ ਪਾਉਂਦਾ ਹੈ ਅਤੇ ਇਸ ਨਾਲ ਬਜ਼ੁਰਗਾਂ ਤੇ ਬੀਮਾਰਾਂ ਨੂੰ ਜਿਹੜੀ ਅਸੁਵਿਧਾ ਹੁੰਦੀ ਹੈ, ਉਸ ਦਾ ਵੀ ਕਦੀ ਕਿਸੇ ਨੂੰ ਖਿਆਲ ਆਇਆ ਹੈ!” ਲਾਗੋਂ ਕਿਸੇ ਹੋਰ ਨੇ ਹੌਲੀ ਜਿਹੀ ਮੇਰੀ ਹਾਮੀ ਭਰੀ, “ਸਾਡੇ ਗੁਰਦਵਾਰੇ ਵਾਲਾ ਬਾਬਾ ਤਾਂ ਸਵੇਰੇ ਚਾਰ ਵਜੇ ਉਠ ਕੇ ਪਾਠ ਦੀ ਕੈਸਿਟ ਲਾ ਦਿੰਦਾ ਹੈ ਤੇ ਬਾਕੀ ਸਾਰੇ ਪਿੰਡ ਨੂੰ ਜਗਾ ਕੇ ਆਪ ਰਜਾਈ ਵਿੱਚ ਵੜ ਕੇ ਕੰਨ ਵਲ੍ਹੇਟ ਸੌਂ ਜਾਂਦਾ ਹੈ।” ਇਸ ਗੱਲ `ਤੇ ਮਾੜਾ ਜਿਹਾ ਹਾਸਾ ਛਣਕਿਆ ਤਾਂ ਮਾਮਾ ਹਰਦੀਪ ਤਣ ਕੇ ਬੈਠ ਗਿਆ ਅਤੇ ਇੱਕ ਹੋਰ ਤਿੱਖਾ ਤੀਰ ਮੇਰੇ ਵੱਲ ਛੱਡਿਆ। “ਇਹ ਬਾਣੀ ਧੁਰੋਂ ਆਈ ਹੈ। ਇਸ ਕਲਜੁਗ ਵਿੱਚ ਇਹੋ ਹੀ ਸਾਡਾ ਸਭ ਤੋਂ ਵੱਡਾ ਆਸਰਾ ਹੈ ਤੇ ਸਾਡੀ ਗੁਰਬਾਣੀ ਬਾਰੇ ਤੇਰਾ ਇਹੋ ਜਿਹੇ ਲਫਜ਼ਾਂ ਵਿੱਚ ਗੱਲ ਕਰਨਾ ਸੋਭਦਾ ਨਹੀਂ। ਤੈਨੂੰ ਪਤਾ ਹੋਣਾ ਚਾਹੀਦੈ ਕਿ ਤੂੰ ਕੀ ਬੋਲ ਰਿਹੈਂ ਤੇ ਕੀਹਦੇ ਅੱਗੇ ਬੋਲ ਰਿਹੈਂ?”
“ਪਿਆਰੇ ਖਾਲਸਾ ਜੀ ਗੁਰਬਾਣੀ ਜਿੰਨੀ ਤੁਹਾਡੇ ਜਿਹੇ ‘ਧਰਮੀਆਂ’ ਦੀ ਹੈ ਓਨੀ ਹੀ ਮੇਰੇ ਵਰਗੇ ‘ਪਾਪੀਆਂ’ ਦੀ ਵੀ ਹੈ। ਇਸੇ ਗੁਰਬਾਣੀ ਨੇ ਮੈਨੂੰ ਵੀ ਸਮਝ ਦਿੱਤੀ ਹੈ ਕਿ ਭਾਵੇਂ ਉਮਰ ਭਰ ਗੱਡਿਆਂ ਦੇ ਗੱਡੇ ਪੁਸਤਕਾਂ ਦਾ ਪਾਠ ਕਰੀ ਜਾਓ ਪਰ ਇਸ ਪਾਠ ਨੂੰ ਪੜ੍ਹਣ-ਪੜ੍ਹਾਉਣ ਦਾ ਓਨਾ ਚਿਰ ਕੋਈ ਲਾਭ ਨਹੀਂ ਜਿੰਨਾਂ ਚਿਰ ਅਸੀਂ ਖੁਦ ਹਉਮੈ ਤੋਂ ਮੁਕਤ ਨਹੀਂ ਹੁੰਦੇ। ਅਗਲੇ ਦੀ ਇੱਛਾ ਅਤੇ ਲੋੜ ਤੋਂ ਬਿਨਾ ਉਚੀ ਉਚੀ ਬੋਲ ਕੇ ਉਸ ਨੂੰ ਪਾਠ ਸੁਨਾਉਣਾ ਆਪਣੀ ਆਤਮਾ ਦੀ ਸ਼ੁਧੀ ਨਾਲੋਂ ਵੱਧ ਆਪਣੀ ਭਗਤੀ ਦੀ ਹਉਮੈ ਦਾ ਵਿਖਾਲਾ ਕਰਨਾ ਹੀ ਹੈ।”
ਮਾਮਾ ਲੰਮੀ ਬਹਿਸ ਵਿੱਚ ਪੈਣ ਦੀ ਥਾਂ ਇੱਕ ਨੁਕਤੇ `ਤੇ ਹੀ ਅੜ ਗਿਆ, “ਨਹੀਂ, ਗੁਰਬਾਣੀ ਤੁਹਾਡੀ ਨਹੀਂ। ਤੁਸੀਂ ਸਾਡੇ ਗੁਰੂਆਂ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਕੁੱਝ ਨਹੀਂ ਲੱਗਦੇ ਅਤੇ ਨਾ ਹੀ ਇਨ੍ਹਾਂ ਬਾਰੇ ਬੋਲਣ ਦਾ ਤੁਹਾਨੂੰ ਹੱਕ ਹੈ। ਤੁਸੀਂ ਤਾਂ ਨਾ ਧਰਮ ਨੂੰ ਮੰਨੋ ਤੇ ਨਾ ਰੱਬ ਨੂੰ। ਅਸੀਂ ਆਪਣੇ ਧਰਮ ਵਿੱਚ ਕਿਸੇ ਨੂੰ ਦਖਲ-ਅੰਦਾਜ਼ੀ ਕਰਨ ਦਾ ਅਤੇ ਫਜ਼ੂਲ ਬੋਲਣ ਦਾ ਹੱਕ ਨਹੀਂ ਦੇ ਸਕਦੇ। ਉਹਦੇ ਤੇਜ਼-ਤਿੱਖੇ ਬੋਲ ਸੁਣ ਕੇ ਕੋਹਾਲੀ ਵਾਲੀ ਮਾਸੀ ਦੇ ਦੋਵੇਂ ਜਵਾਨ ਮੁੰਡੇ ਮਾਮੇ ਦੇ ਸਹਾਇਕ ਤੇ ‘ਅੰਗਰੱਖਿਅਕ’ ਬਣ ਕੇ ਉਹਦੇ ਮੋਢਿਆਂ ਪਿੱਛੇ ਖਲੋ ਗਏ।
“ਠੀਕ ਆ, ਆਹੋ ਕਿ!” ਉਹ ਵੀ ਗੁੱਸੇ ਵਿੱਚ ਨਾਸਾਂ ਫਰਕ ਰਹੇ ਸਨ। ਦਸਵੀਂ ਵਿਚੋਂ ਵਾਰ ਵਾਰ ਫੇਲ੍ਹ ਹੋਣ ਪਿੱਛੋਂ ਤਿੰਨ-ਚਾਰ ਸਾਲ ਪਹਿਲਾਂ ਅੰਤਮ ਆਸਰੇ ਵਜੋਂ ਮੇਰੇ ਸਕੂਲ ਨੂੰ ਸੈਂਟਰ ਬਣਾਇਆ ਸੀ ਤੇ ਮੇਰੇ ਰਾਹੀਂ ਮਰਵਾਈ ਨਕਲ ਨਾਲ ਮਸਾਂ ਦਸਵੀਂ ਜਮਾਤ ਦਾ ਭਵ-ਸਾਗਰ ਟੱਪੇ ਸਨ। ਅੱਜ ਉਹ ਵੀ ਪੰਥ ਦੀ ਬੇੜੀ ਨੂੰ ਮੋਢਾ ਦੇਣ ਵਾਲੇ ਵੱਡੇ ਮਲਾਹ ਬਣੇ ਖਲੋਤੇ ਸਨ ਅਤੇ ਅਗਲੀ ‘ਕਾਰਵਾਈ’ ਲਈ ਆਪਣੇ ਜਥੇਦਾਰ ਦਾ ਹੁਕਮ ਉਡੀਕ ਰਹੇ ਸਨ।
ਸਾਡੀ ਗੱਲ-ਬਾਤ ਵਿਚਲੀ ਤਲਖੀ ਨੂੰ ਭਾਂਪ ਕੇ ਨਾਲ ਬੈਠੇ ਰਿਸ਼ਤੇਦਾਰਾਂ ਵਿਚੋਂ ਇੱਕ ਦੋ ਨੇ ਧੀਮੀ ਆਵਾਜ਼ ਵਿੱਚ ਸਾਨੂੰ ‘ਛੱਡੋ ਪਰ੍ਹੇ’ ਆਖ ਕੇ ਚੁੱਪ ਹੋ ਜਾਣ ਲਈ ਵੀ ਕਿਹਾ। ਪਰ ਖਾਲਸਾ ਜੀ ਵੱਲੋਂ ਲਏ ਪੈਂਤੜੇ ਕਰਕੇ ਮੇਰੇ ਲਈ ਚੁੱਪ ਰਹਿਣਾ ਔਖਾ ਹੋ ਗਿਆ।
“ਜਿਵੇਂ ਗੁਰਬਾਣੀ ਮੇਰੀ ਵੀ ਹੈ ਉਸੇ ਤਰ੍ਹਾਂ ਗੁਰੂ ਵੀ ਮੇਰੇ ਓਨੇ ਹੀ ਆਪਣੇ ਹਨ ਤੇ ਗੁਰੂ ਗ੍ਰੰਥ ਸਾਹਿਬ ਵੀ ਮੇਰਾ ਹੈ। ਤੁਹਾਡੇ ਆਖਣ `ਤੇ ਇਹ ਤੁਹਾਡੇ ਇਕੱਲਿਆਂ ਦੇ ਨਹੀਂ ਹੋ ਜਾਣ ਲੱਗੇ। ਮੈਂ ਸਿੱਖ ਗੁਰੂਆਂ ਵੱਲੋਂ ਦੱਬੇ-ਕੁਚਲੇ ਲੋਕਾਂ ਲਈ ਲੜੇ ਸੰਘਰਸ਼ ਦਾ ਦਿਲੋਂ ਡੂੰਘਾ ਆਦਰ ਵੀ ਕਰਦਾ ਹਾਂ ਅਤੇ ਉਸ ਤੋਂ ਆਪਣੀ ਜ਼ਿੰਦਗੀ ਵਿੱਚ ਅਗਵਾਈ ਵੀ ਲੈਂਦਾ ਹਾਂ। ਮੈਨੂੰ ਆਪਣੀ ਇਸ ਸ਼ਾਨਾਂ-ਮੱਤੀ ਵਿਰਾਸਤ `ਤੇ ਮਾਣ ਵੀ ਹੈ।
“ਅੱਗੇ ਤੂੰ ਬੜਾ ਸੰਘਰਸ਼ ਕੀਤੈ ਕਿ! ਕੀ ਕਰ ਲਿਆ ਸੀ ਤੁਸਾਂ ਆਪਣੇ ਸੰਘਰਸ਼ ਨਾਲ? ਵੱਡੇ ਇਨਕਲਾਬੀ ਬਣੇ ਫਿਰਦੇ ਸੋ। ਕਿੱਥੇ ਹੈ ਤੁਹਾਡਾ ਇਨਕਲਾਬ? ਸਿਵਾਇ ਧਰਮ ਨੂੰ ਗਾਲ੍ਹਾਂ ਕੱਢਣ ਤੋਂ ਤੁਸੀਂ ਕੀਤਾ ਹੀ ਕੀ ਹੈ?” ਹਰਦੀਪ ਮਿਹਣਿਆਂ `ਤੇ ਉਤਰ ਆਇਆ ਸੀ।
“ਮੈਂ ਤਾਂ ਜਿਹੋ ਜਿਹਾ ਤੇ ਜਿੰਨਾ ਕੁ ਸੰਘਰਸ਼ ਕਰ ਸਕਦਾ ਸਾਂ, ਕੀਤਾ ਹੀ ਹੈ। ਨਹੀਂ ਹੋ ਸਕਿਆ ਤਾਂ ਮੇਰੀ ਜਾਂ ਸਾਡੀ ਸੀਮਾ ਹੋ ਸਕਦੀ ਹੈ। ਮੈਂ ਤਾਂ ਦੋ-ਚਾਰ ਵਾਰ ਜੇਲ੍ਹ-ਯਾਤਰਾ ਦਾ ਸਵਾਦ ਵੀ ਚੱਖਿਆ ਹੈ। ਜਿੰਨਾ ਕੁ ਕੀਤਾ ਸੀ ਓਨੀ ਕੁ ਕੀਮਤ ਵੀ ਤਾਰੀ ਹੈ। ਪਰ ਤੁਸੀਂ ਕਿਹੜੇ ਜਮਰੌਦ ਦੇ ਕਿਲ੍ਹੇ ਫਤਿਹ ਕਰ ਲਏ ਨੇ! ਘਰ ਬਹਿ ਕੇ ਜਥੇਦਾਰੀਆਂ ਕਰਨੀਆਂ ਤੇ ਦਹਿਸ਼ਤ ਫੈਲਾਉਣੀ ਸੌਖੀ ਹੈ। ਕੁੱਝ ਚਿਰ ਮੈਦਾਨ ਵਿੱਚ ਉਤਰ ਕੇ ਵੀ ਵਿਖਾਓ ਖਾਲਸਾ ਜੀ!”
ਗੁੱਸੇ ਵਿੱਚ ਮੈਂ ਵੀ ਆਪਣੀ ‘ਏਕੀ ਮੇਕੀ ਢੇਕੀ’ ਕਰੀ ਜਾ ਰਿਹਾ ਸਾਂ ਕਿ ਖਾਲਸਾ ਜੀ ਦੀ ਪਤਨੀ, ਮੇਰੀ ਛੋਟੀ ਮਾਮੀ, ਦੂਜੇ ਘਰੋਂ ਮੇਰੀ ਪਤਨੀ ਨੂੰ ਬਾਹੋਂ ਧੂੰਹਦੀ ਆਣ ਪਹੁੰਚੀ। ਉਹ ਸਾਡੀਆਂ ਗੱਲਾਂ ਸੁਣ ਕੇ ਹੀ ਮੇਰੀ ਪਤਨੀ ਵੱਲ ਭੱਜੀ ਗਈ ਸੀ ਕਿ ਮੈਨੂੰ ਆਪਣੇ ਮਾਮੇ ਨਾਲ ‘ਝਗੜਾ’ ਕਰਨ ਤੋਂ ਰੋਕੇ। ਸਾਡਾ ਵਾਰਤਾਲਾਪ ਸੁਣ ਕੇ ਮਾਮੀ ਤਮਕ ਕੇ ਬੋਲੀ, “ਅਸੀਂ ਤਾਂ ਅੱਗੇ ਰੋਜ਼ ਉਹਦੇ ਅੱਗੇ ਹੱਥ ਜੋੜਦੇ ਆਂ; ਜੇ ਤੇਰੇ ਆਖੇ ਉਹ ਸਟੇਨ ਚੁੱਕ ਕੇ ਤੁਰ ਪਿਆ ਤਾਂ ਮੇਰੇ ਨਿਆਣਿਆਂ ਨੂੰ ਤੂੰ ਰੋਟੀ ਦਵੇਂਗਾ?”
“ਮਾਮੀ, ਜਦੋਂ ਮੈਂ ਤੁਰਿਆ ਸਾਂ ਤਾਂ ਮੇਰੇ ਨਿਆਣਿਆਂ ਨੂੰ ਰੋਟੀ ਦੇਣ ਤੁਸੀਂ ਨਹੀਂ ਸਾਓ ਗਏ। ਸਭ ਕੁੱਝ ਆਪਣੀ ਜੀਅ ਜਵਾਨੀ `ਤੇ ਹੀ ਕਰਨਾ ਪੈਂਦਾ ਹੈ।”
“ਸਭ ਕੁੱਝ ਆਪਣੀ ਜੀਅ ਜਵਾਨੀ `ਤੇ ਹੀ ਕਰਦੇ ਆਂ ਤੇ ਕਰਾਂਗੇ ਵੀ। ਤੈਨੂੰ ਤੁਰ ਕੇ ਵੀ ਵਿਖਾ ਦਿਆਂਗੇ। ਤੇ ਕਿਲ੍ਹੇ ਵੀ ਵੇਖੀਂ; ਕਿਵੇਂ ਫਤਿਹ ਹੁੰਦੇ ਨੇ! ਤੇ ਤੈਨੂੰ ਵੀ ਵੇਖ ਲਵਾਂਗੇ।” ਮਾਮੇ ਨੇ ਅੰਤਿਮ ਐਲਾਨ ਕਰ ਦਿੱਤਾ।
ਮੇਰੀ ਪਤਨੀ ਮੈਨੂੰ ਬਾਹੋਂ ਫੜ ਕੇ ਉਠਾਉਣ ਲੱਗੀ। ‘ਖਾਲਸਾ’ ਬਣੇ ਹਰਦੀਪ ਸਿੰਘ ਦਾ ਵਾਰਤਾਲਾਪ ਸੁਣ ਕੇ ਓਥੇ ਹੋਰ ਬੈਠਣ ਦੀ ਤੁਕ ਵੀ ਕੋਈ ਨਹੀਂ ਸੀ ਰਹਿ ਗਈ। ਮੈਂ ਪਤਨੀ ਨੂੰ ਕਿਹਾ ਕਿ ਉਹ ਦੂਜੇ ਘਰੋਂ ਆਪਣੇ ਸਮਾਨ ਸਮੇਤ ਬੱਚਿਆਂ ਨੂੰ ਵੀ ਲੈ ਆਵੇ।
ਸਾਰੀ ‘ਸੰਗਤ’ ਮੰਜਿਆਂ `ਤੇ ਧੁੱਪੇ ਸੱਜੀ ਬੈਠੀ ਸੀ ਜਦੋਂ ਅਸੀਂ ਉਨ੍ਹਾਂ ਦੇ ਕੋਲੋਂ ਉਠੇ। ਆਪਣਾ ਬੈਗ ਚੁਕਿਆ, ਬੱਚਿਆਂ ਨੂੰ ਉਂਗਲੀ ਲਾਇਆ ਤੇ ਘਰੋਂ ਜਾਣ ਲਈ ਬਾਹਰ ਵੱਲ ਤੁਰਨਾ ਸ਼ੁਰੂ ਕੀਤਾ। ਮੈਨੂੰ ਹੁਣ ਯਾਦ ਨਹੀਂ ਕਿ ਮੇਰੇ ਮਨ ਵਿੱਚ ਇਹ ਖਿਆਲ ਆਇਆ ਵੀ ਸੀ ਕਿ ਨਹੀਂ ਕਿ ਹੁਣੇ ਮਾਮਾ ਹਰਦੀਪ ਉਠੇਗਾ ਤੇ ਮੇਰੇ ਕੋਲ ਆ ਕੇ ਮੇਰਾ ਬੈਗ ਫੜ ਕੇ ਮੋਹ ਨਾਲ ‘ਬੰਦਾ ਬਣ ਕੇ’ ਘਰ ਨੂੰ ਪਿੱਛੇ ਮੁੜ ਆਉਣ ਲਈ ਕਹੇਗਾ। ਪਰ ਨਾ ਉਸ ਨੇ ਅਤੇ ਨਾ ਹੀ ਕਿਸੇ ਹੋਰ ਰਿਸ਼ਤੇਦਾਰ ਨੇ ਸਾਨੂੰ ਰੁਕ ਜਾਣ ਲਈ ਆਖਿਆ। ਮੇਰੀ ਬੱਚੀ ਨੇ ਪੁੱਛਿਆ, “ਡੈਡੀ ਜੰਝ ਤਾਂ ਅਜੇ ਆਈ ਵੀ ਨਹੀਂ ਤੇ ਆਪਾਂ ਚਲੇ ਵੀ ਚੱਲੇ ਹਾਂ।” ਮੈਂ ਬੱਚੀ ਨੂੰ ਚੁੱਪ-ਚਾਪ ਆਪਣੇ ਨਾਲ ਤੁਰੇ ਆਉਣ ਲਈ ਕਿਹਾ।
ਮਾਮੇ ਦੇ ਸਾੜਵੇਂ ਬੋਲਾਂ ਨਾਲ ‘ਸਾਂ ਸਾਂ” ਕਰ ਰਹੇ ਮੇਰੇ ਕੰਨ ਅਜੇ ਵੀ ਪਿੱਛੋਂ ਕਿਸੇ ਦੇ ਪੈਰਾਂ ਦੀ ਬਿੜਕ ਸੁਣਨਾ ਲੋਚਦੇ ਸਨ। ਅਗਲੇ ਦਿਨ ਵਿਆਹ ਤੋਂ ਪਰਤ ਕੇ ਆਏ ਮੇਰੇ ਭਰਾ ਸੁਰਿੰਦਰ ਕੋਲੋਂ ਜਦੋਂ ਮੈਂ ਆਪਣੇ ਤੁਰ ਆਉਣ ਪਿੱਛੋਂ ਕੱਲ੍ਹ ਦੀ ਘਟਨਾ ਬਾਰੇ ਹੋਏ ਪ੍ਰਤੀਕਰਮ ਬਾਰੇ ਪੁੱਛਿਆ ਤਾਂ ਉਸ ਨੇ ਕੋਲ ਖਲੋਤੀ ਬੀਬੀ ਵੱਲ ਵੇਖਿਆ ਤੇ ਛਿੱਥਾ ਜਿਹਾ ਹੱਸਦਿਆਂ ‘ਖੁਸ਼ਖਬਰੀ’ ਦਿੱਤੀ, “ਖਾਲਸਾ ਤੇ ਕੋਹਾਲੀ ਵਾਲੀ ਮਾਸੀ ਦੇ ਮੁੰਡੇ ਤਾਂ ਪੂਰੇ ਗੁੱਸੇ ਵਿੱਚ ਸਨ। ਖਾਲਸਾ ਆਖਦਾ ਸੀ ਕਿ ਜੇ ਅੱਜ ਵਿਆਹ ਵਾਲਾ ਦਿਨ ਨਾ ਹੁੰਦਾ ਤਾਂ ਉਹ ਜਿਉਂਦਾ ਬਚ ਕੇ ਨਹੀਂ ਸੀ ਜਾਂਦਾ।”
ਤਾਂ ਸਾਡੇ ਤੁਰਸ਼ ਵਾਰਤਾਲਾਪ ਦਾ ਇਹ ਅੰਤ ਹੋਣ ਵਾਲਾ ਸੀ! ਨਹੀਂ ਇਹ ਨਹੀਂ ਹੋ ਸਕਦਾ! ਜ਼ਰੂਰ ਝੂਠ ਹੈ। ਮੇਰਾ ਪਿਆਰਾ ਯਾਰ ਮਾਮਾ ਮੈਨੂੰ ਕਤਲ ਕਰਨ ਤੱਕ ਵੀ ਸੋਚ ਸਕਦਾ ਹੈ! ਨਹੀਂ ਹਰਗ਼ਿਜ਼ ਨਹੀਂ! ਮੈਂ ਨੇੜੇ ਖਲੋਤੀ ਬੀਬੀ ਵੱਲ ਵੇਖਿਆ। ਉਹ ਵੀ ਕੱਲ੍ਹ ਸਾਡਾ ਰੌਲਾ ਸੁਣ ਕੇ ਇਕੱਠੀ ਹੋ ਗਈ ਬੰਦੇ-ਬੁਢੀਆਂ ਦੀ ਭੀੜ ਵਿੱਚ ਸ਼ਾਮਲ ਸੀ।
“ਕਿਉਂ ਬੀਬੀ?” ਮੇਰੀਆਂ ਸਵਾਲੀਆ ਨਜ਼ਰਾਂ ਉਸ ਦੇ ਚਿਹਰੇ `ਤੇ ਗੱਡੀਆਂ ਹੋਈਆਂ ਸਨ। ਪਰ ਬੀਬੀ ਕੁੱਝ ਨਾ ਬੋਲੀ। ਉਸ ਨੇ ਘੁੱਟ ਕੇ ਬੁੱਲ੍ਹ ਮੀਚੇ ਹੋਏ ਸਨ ਤੇ ਮੇਰੇ ਵੱਲ ਵੇਖਣ ਦੀ ਥਾਂ ਸਿੱਧਾ ਖਿਲਾਅ ਵੱਲ ਵੇਖੀ ਜਾਂਦੀ ਸੀ। ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਸੀ।
ਪਤਾ ਤਾਂ ਮੈਨੂੰ ਇਹ ਵੀ ਲੱਗ ਗਿਆ ਸੀ ਕਿ ਵਿਆਹ ਉਤੇ ‘ਸਿੰਘ’ ਵੀ ਆਏ ਹੋਏ ਸਨ ਅਤੇ ਉਹ ਮਾਮੇ ਦੀ ਮੈਨੂੰ ਦਿੱਤੀ ਧਮਕੀ ਵਿਚਲੇ ‘ਅਧੂਰੇ ਕਾਰਜ’ ਨੂੰ ਪੂਰਾ ਕਰਨ ਦੀ ‘ਆਗਿਆ’ ਵੀ ਮੰਗ ਰਹੇ ਸਨ!
ਇਸ ਤੋਂ ਦੋ ਦਿਨ ਬਾਅਦ ਮਾਮਾ ਮੇਰੇ ਘਰ ਦੇ ਵੱਡੇ ਦਰਵਾਜ਼ੇ ਦੀ ਬਾਰੀ ਵਿਚੋਂ ਲੰਘਦਾ ਨਜ਼ਰ ਆਇਆ। ਅਸੀਂ ਦੋਵੇਂ ਜੀਅ ਬਾਹਰ ਵਿਹੜੇ ਵਿੱਚ ਧੁੱਪੇ ਬੈਠੇ ਹੋਏ ਸਾਂ। ਉਹ ਤੇਜ਼ ਕਦਮੀ ਦਗੜ ਦਗੜ ਤੁਰਦਾ ਸਾਡੇ ਕੋਲ ਪੁੱਜਾ। ਅਸੀਂ ਉਠ ਕੇ ਖਲੋ ਗਏ। ਇੱਕ ਪਲ ਲਈ ਇਹ ਖਿਆਲ ਵੀ ਮਨ ਵਿੱਚ ਆਇਆ ਕਿ ਖਬਰੇ ਮਾਮਾ ‘ਤੈਨੂੰ ਵੀ ਵੇਖ ਲਵਾਂਗੇ’ ਵਾਲੀ ਧਮਕੀ ਸੱਚ ਕਰਨ ਆਇਆ ਹੋਵੇ। ਮੈਂ ਉਸ ਨੂੰ ਸਾਹਮਣੇ ਕਮਰੇ ਵਿੱਚ ਲਿਜਾ ਕੇ ਬੈਠਣ ਲਈ ਕਿਹਾ ਅਤੇ ਰਜਵੰਤ ਨੂੰ ਕਿਹਾ ਕਿ ਉਹ ਮਾਮੇ ਨੂੰ ਪਾਣੀ ਪਿਆਉਣ ਤੋਂ ਬਾਅਦ ਚਾਹ ਧਰੇ।
ਮਾਮੇ ਨੇ ਬੜੀ ਰੁੱਖੀ ਜ਼ਬਾਨ ਵਿੱਚ ਕਿਹਾ, “ਮੈਂ ਕੋਈ ਚਾਹ-ਪਾਣੀ ਨਹੀਂ ਪੀਣਾ ਤੇ ਨਾ ਹੀ ਬਹਿਣਾ ਹੈ। ਬੱਸ ਮੇਰੇ ਪੈਸੇ ਕੱਢੋ।” ਚਾਰ ਕੁ ਮਹੀਨੇ ਪਹਿਲਾਂ ਮੇਰੀ ਭੈਣ ਗੁਰਮੀਤੋ ਬਾਪੂ ਦੀ ਵਸੀਅਤ ਵਾਲੀ ਆਪਣੇ ਹਿੱਸੇ ਆਉਂਦੀ ਜਮੀਨ ਵੇਚਣ ਲੱਗੀ ਤਾਂ ਨੇੜੇ ਲੱਗਦੀ ਹੋਣ ਕਾਰਨ ਮੈਂ ਆਪ ਹੀ ਜਮੀਨ ਖਰੀਦ ਲੈਣ ਦਾ ਨਿਸਚਾ ਕਰ ਲਿਆ। ਇਸ ਸਮੇਂ ਮੈਨੂੰ ਆਸਿਓਂ ਪਾਸਿਓਂ ਪੈਸੇ ਫੜ੍ਹਨੇ ਪਏ ਸਨ। ਉਦੋਂ ਮੈਂ ਬੀਬੀ ਰਾਹੀਂ ਮਾਮੇ ਤੋਂ ਦੋ ਹਜ਼ਾਰ ਰੁਪੱਈਆ ਮੰਗਵਾਇਆ ਸੀ। ਵਿਆਹ ਵਾਲੇ ਦਿਨ ਹੋਏ ਸਾਡੇ ਆਪਸੀ ਝਗੜੇ ਤੋਂ ਤੀਜੇ ਦਿਨ ਬਾਅਦ ਹੀ ਮਾਮੇ ਵੱਲੋਂ ਇਸ ਤਰ੍ਹਾਂ ਪੈਸੇ ਆਣ ਮੰਗਣੇ ਇੱਕ ਪਲ ਤਾਂ ਮੈਨੂੰ ਬੜੀ ਹੋਛੀ ਗੱਲ ਲੱਗੀ। ਇਹ ਤਾਂ ਉਹਨੂੰ ਵੀ ਪਤਾ ਸੀ ਕਿ ਮੈਂ ਉਸ ਦੇ ਪੈਸੇ ਮਾਰਨ ਨਹੀਂ ਲੱਗਾ। ਉਂਜ ਵੀ ਇਹ ਕਿਹੜੀ ਏਡੀ ਵੱਡੀ ਰਕਮ ਸੀ! ਪਰ ਦੂਜੇ ਪਲ ਸੋਚਿਆ; ਉਸ ਦਾ ਪੈਸੇ ਮੰਗਣ ਆ ਜਾਣਾ ਮੈਨੂੰ ਕਤਲ ਦੀ ਧਮਕੀ ਦੇਣ ਨਾਲੋਂ ਤਾਂ ਹਜ਼ਾਰ ਗੁਣਾ ਛੋਟੀ ਗੱਲ ਸੀ! ਇਸ ਤਰ੍ਹਾਂ ਪੈਸੇ ਲੈਣ ਆ ਕੇ ਉਹ ਮੈਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਮੇਰਾ ਹੁਣ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰਹਿ ਗਿਆ। ਸਗੋਂ ਇਸ ਤੋਂ ਵੀ ਵੱਧ ਇਹ ਇਸ ਗੱਲ ਦਾ ਸੂਚਕ ਸੀ ਕਿ ਉਹ ਮੇਰੇ ਨਾਲੋਂ ਪਿਛਲੇ ਸੰਬੰਧ ਤੋੜ ਕੇ ‘ਨਵੀਂ ਲੜਾਈ’ ਲੜੇ ਜਾਣ ਲਈ ਤਿਆਰ ਸੀ। ਮੇਰੀ ਪਤਨੀ ਦੀ ਮਾਤਾ ਬੀਬੀ ਸਵਰਨ ਕੌਰ ਉਨ੍ਹੀਂ ਦਿਨੀਂ ਸਾਡੇ ਕੋਲ ਰਹਿ ਰਹੀ ਸੀ। ਉਸ ਕੋਲ ਪੰਦਰਾਂ ਸੌ ਰੁਪਏ ਪਏ ਸਨ। ਬਾਕੀ ਪੰਜ ਸੌ ਮੈਂ ਸਾਡੇ ਗਵਾਂਢੀ ਤਾਏ ਲਾਭ ਚੰਦ ਕੋਲੋਂ ਦੁਕਾਨ `ਤੇ ਜਾ ਕੇ ਫੜ ਲਿਆਇਆ। ਜਦੋਂ ਉਸ ਨੇ ਔਖੇ ਸੌਖੇ ਹੋ ਕੇ ਚਾਹ ਦੀ ਆਖਰੀ ਕੌੜੀ ਘੁੱਟ ਅੰਦਰ ਲੰਘਾਈ, ਮੈਂ ਪੈਸੇ ਮਾਮੇ ਦੀ ਤਲੀ `ਤੇ ਰੱਖ ਦਿੱਤੇ। ਉਹ ਜਿਸ ਤੇਜੀ ਨਾਲ ਆਇਆ ਸੀ ਓਸੇ ਤੇਜੀ ਨਾਲ ਬਾਹਰ ਤੁਰ ਗਿਆ।
ਅਗਲੇ ਸਾਲਾਂ ਵਿੱਚ ਸਾਡਾ ਇਕ-ਦੂਜੇ ਵੱਲ ਆਉਣਾ-ਜਾਣਾ, ਮਿਲਣਾ-ਗਿਲਣਾ ਤੇ ਬੋਲਣਾ ਚਾਲਣਾ ਅਸਲੋਂ ਹੀ ਬੰਦ ਹੋ ਗਿਆ। ਮੈਂ ਪਿੰਡ ਛੱਡ ਕੇ ਜਲੰਧਰ ਲਾਇਲਪੁਰ ਖਾਲਸਾ ਕਾਲਜ ਵਿੱਚ ਲੈਕਚਰਾਰ ਆ ਲੱਗਾ। ਉਂਜ ਮੈਨੂੰ ਮਾਮੇ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ। ਉਹ ਪਹਿਲਾਂ ਨਾਲੋਂ ਵੀ ਵੱਧ ਸਰਗਰਮੀ ਨਾਲ ਆਪਣੇ ‘ਪੰਥਕ-ਕਾਰਜਾਂ’ ਵਿੱਚ ਰੁੱਝਿਆ ਹੋਇਆ ਸੀ। ਜਿਹੜੀਆਂ ਚੋਣਾਂ ਹੁੰਦੀਆਂ ਹੁੰਦੀਆਂ ਰਹਿ ਗਈਆਂ, ਉਹ ਉਨ੍ਹਾਂ ਵਿੱਚ ਸਰਗਰਮ ਉਮੀਦਵਾਰ ਵਜੋਂ ਖੜਾ ਸੀ ਤੇ ਕਿਹਾ ਜਾਂਦਾ ਸੀ ਕਿ ਉਸ ਦੇ ਚੁਣੇ ਜਾਣ ਦੀ ਸੰਭਾਵਨਾ ਵੀ ਸੀ।
ਤੇ ਫਿਰ ਜਿਵੇਂ ਮੈਂ ਮੁੱਢ ਵਿੱਚ ਜ਼ਿਕਰ ਕਰ ਆਇਆਂ; ਇੱਕ ਦਿਨ ਬੀਬੀ ਮੇਰੇ ਕੋਲ ਜਲੰਧਰ ਆਈ। ਚਿਹਰਾ ਉਤਰਿਆ ਹੋਇਆ ਤੇ ਡਾਢਾ ਉਦਾਸ ਸੀ। ਅੱਖਾਂ ਡੁੱਲ੍ਹਣ ਡੁੱਲ੍ਹਣ ਕਰਦੀਆਂ ਸਨ। ਪੁੱਛਣ `ਤੇ ਰੋਣ ਲੱਗੀ। ਕਹਿੰਦੀ, “ਤੇਰੇ ਮਾਮੇ ਹਰਦੀਪ ਨੂੰ ਪਰਸੋਂ ਤਕਾਲੀਂ ਪੁਲਿਸ ਨੇ ਚੁੱਕ ਲਿਆ। ਪਹਿਲਾਂ ਤਾਂ ਪਤਾ ਨਹੀਂ ਸੀ ਲੱਗਦਾ ਕਿ ਕਿੱਥੇ ਲੈ ਗਏ ਨੇ। ਬੜੀ ਭੱਜ ਦੌੜ ਪਿੱਛੋਂ ਅੱਜ ਸਵੇਰੇ ਪਤਾ ਲੱਗੈ ਕਿ ਅੰਬਰਸਰ ਮਾਲ-ਮੰਡੀ ਵਿੱਚ ਉਹਦਾ ਕੁੱਟ ਕੁੱਟ ਕੇ ਬੁਰਾ ਹਾਲ ਕੀਤਾ ਪਿਆ ਨੇ। ਘਰਦਿਆਂ ਜਿੱਥੇ ਜਿੱਥੇ ਜੋਰ ਪੈਂਦਾ ਸੀ ਪਾ ਕੇ ਵੇਖ ਲਿਐ। ਛੱਡਣ-ਛੁਡਾਉਣ ਵਾਲੀ ਗੱਲ ਤਾਂ ਦੂਰ; ਅੰਦਰੋਂ ਕਿਸੇ ਆਪਣੇ ਬੰਦੇ ਨੇ ਦੱਸਿਐ ਕਿ ‘ਪੁੱਛ-ਗਿੱਛ ਕਰਕੇ ਅਗਲਿਆਂ ਅੱਜ ਜਾਂ ਕੱਲ੍ਹ ਮੁਕਾਬਲਾ ਬਣਾ ਕੇ ਮਾਰ ਦੇਣੈ। ਜੇ ਕੁੱਝ ਕਰ ਸਕਦੇ ਓ ਤਾਂ ਕਰ ਲਓ।’ ਹੁਣ ਤਾਂ ਤੂੰ ਹੀ ਉਹਨੂੰ ਬਚਾ ਸਕਦੈਂ। ਆਹ ਹੱਥ ਜੋੜੇ, ਪਿਛਲੀਆਂ ਗੱਲਾਂ ਭੁੱਲ ਕੇ ਤੂੰ ਕੋਈ ਚਾਰਾ ਕਰ; ਤੂੰ ਕਰ ਸਕਦਾ ਏਂ!”
ਮੈਂ ਵੀ ਪ੍ਰੇਸ਼ਾਨ ਹੋ ਗਿਆ। ਮੈਂ ਭਲਾ ਕੀ ਕਰ ਸਕਦਾ ਸਾਂ! ਕਿਸੇ ਸਿਆਸੀ ਆਗੂ ਜਾਂ ਕਿਸੇ ਵੱਡੇ ਪੁਲਿਸ ਅਫਸਰ ਤੱਕ ਮੇਰੀ ਤਾਂ ਕਿਤੇ ਦੂਰ ਦੂਰ ਤੱਕ ਪਹੁੰਚ ਨਹੀਂ ਸੀ। ਇਸ ਤਰ੍ਹਾਂ ਦੀ ਪਹੁੰਚ ਬਣਾਉਣੀ ਮੇਰੇ ਸੁਭਾ ਦਾ ਕਦੀ ਹਿੱਸਾ ਹੀ ਨਹੀਂ ਸੀ ਰਹੀ। ਮੈਂ ਕਿਸੇ ਨੁੰ ਪੁਲਿਸ ਤੋਂ ਤਾਂ ਕੀ ਛੁਡਾਉਣਾ ਸੀ, ਮੈਨੂੰ ਤਾਂ ਕਿਸੇ ਨਾ ਕਿਸੇ ਬਹਾਨੇ ਅੱਜ ਤੱਕ ਪੁਲਿਸ ਆਪ ਫੜ੍ਹਨ ਆਉਂਦੀ ਰਹੀ ਸੀ। ਇਹਦੇ ਨਾਲ ਰਲਦੇ ਮਿਲਦੇ ਮਾਮਲੇ ਵਿੱਚ ਸਾਲ ਕੁ ਪਹਿਲਾਂ ਮੈਂ ਆਪਣਾ ਤਾਣ ਲਾ ਕੇ ਵੇਖ ਵੀ ਚੁੱਕਾ ਸਾਂ। ਮੇਰੀ ਪਤਨੀ ਦੇ ਭਣੇਵੇਂ ਨੂੰ ਪੁਲਿਸ ਫੜ੍ਹਨ ਆਉਣ ਲੱਗੀ ਤਾਂ ਡਰਦਿਆਂ ਉਹ ਆਪਣੇ ਨਾਨਕੇ ਝਬਾਲ ਆ ਬੈਠਾ। ਮੇਰੀ ਪਤਨੀ ਦੀ ਭੈਣ ਵੀ ਇਸ ਤਰ੍ਹਾਂ ਹੀ ਮੈਨੂੰ ਰਸੂਖ ਵਾਲਾ ਬੰਦਾ ਸਮਝ ਕੇ ਮੇਰੇ ਕੋਲ ਆਈ ਅਤੇ ਤਰਲਾ ਲਿਆ ਕਿ ਮੈਂ ਉਸ ਦੇ ਮੁੰਡੇ ਨੂੰ ਕਿਸੇ ਵੱਡੇ ਪੁਲਿਸ ਅਫਸਰ ਰਾਹੀਂ ਪੇਸ਼ ਕਰਾ ਦਿਆਂ; ਉਹ ਉਸ ਨੂੰ ਮਾਰਨ ਨਾ, ਕੋਈ ਕੇਸ ਪਾ ਕੇ ਅੰਦਰ ਭਾਵੇਂ ਕਰ ਦੇਣ। ਇੱਕ ਸਮਰੱਥ ਤੇ ਪ੍ਰਭਾਵਸ਼ਾਲੀ ਵੱਡਾ ਪੁਲਿਸ ਅਫਸਰ ਮੇਰੇ ਦੋਸਤ ਦਾ ਅਗਾਂਹ ਦੋਸਤ ਸੀ। ਮੈਂ ਆਪਣੇ ਦੋਸਤ ਦੀ ਮਿੰਨਤ ਕੀਤੀ ਤਾਂ ਉਸ ਨੇ ਪੁਲਿਸ ਅਫਸਰ ਨਾਲ ਗੱਲ ਕਰਨ ਦੀ ਹਾਮੀ ਤਾਂ ਭਰੀ, ਪਰ ਨਾਲ ਹੀ ਮੈਨੂੰ ਚੇਤਾਵਨੀ ਵੀ ਦਿੱਤੀ ਕਿ ਮਾਪੇ ਤਾਂ ਆਪਣੇ ਬੱਚਿਆਂ ਨੂੰ ਬੇਕਸੂਰ ਹੀ ਆਖਦੇ ਹੁੰਦੇ ਨੇ। ਅਸਲ ਵਿੱਚ ਪਤਾ ਨਹੀਂ ਮੁੰਡੇ ਦਾ ਅਪਰਾਧ ਕਿਹੋ ਜਿਹਾ ਹੋਵੇ। ਕੱਲ੍ਹ ਕਲੋਤਰ ਨੂੰ ਜੇ ਅਸੀਂ ਮੁੰਡੇ ਨੂੰ ਪੇਸ਼ ਕਰਾ ਵੀ ਦੇਈਏ ਤੇ ਪੁਲਿਸ ਵਾਲੇ ਅੱਗੋਂ ਕੋਈ ਕਾਰਾ ਦੇਣ ਤਾਂ ਆਪਾਂ ਉਨ੍ਹਾਂ ਦਾ ਭਲਾ ਕਰਦੇ ਕਰਦੇ ਵੱਡੇ ਗੁਨਾਹਗਾਰ ਨਾ ਬਣ ਜਾਈਏ! ਅਜਿਹੇ ਸਮਿਆਂ ਵਿੱਚ ਪੁਲਿਸ `ਤੇ ਕੀ ਇਤਬਾਰ ਕੀਤਾ ਜਾ ਸਕਦਾ ਹੈ! ਮੈਂ ਸਚਮੁਚ ਡਰ ਗਿਆ ਤੇ ਖਾਮੋਸ਼ ਹੋ ਗਿਆ। ਥੋੜ੍ਹੇ ਚਿਰ ਪਿਛੋਂ ਮੇਰੀ ਪਤਨੀ ਦੇ ਭਣੇਵੇਂ ਨੂੰ ਪੁਲਿਸ ਨੇ ਪਰਿਵਾਰ ਦੇ ਜੀਆਂ ਦੇ ਸਾਹਮਣੇ ਕਾਬੂ ਕਰ ਲਿਆ। ਕੁੱਟ ਕੁੱਟ ਕੇ ਲੱਤਾਂ-ਬਾਹਾਂ ਤੋੜ ਦਿੱਤੀਆਂ ਤੇ ਫਿਰ ਚਾਦਰ ਵਿੱਚ ਉਹਦੇ ਭੱਜੇਟੁੱਟੇ ਜਿਸਮ ਦੀ ਪੰਡ ਬੰਨ੍ਹ ਕੇ ਜੀਪ ਵਿੱਚ ਸੁੱਟ ਲਿਆ। ਨਾ ਇਲਾਕੇ ਦੀ ਪੁਲਿਸ ਤੇ ਨਾ ਸੀ ਆਰ ਪੀ ਉਸ ਨੂੰ ਚੁੱਕਣ ਬਾਰੇ ਮੰਨੀ। ਆਖਣ, ਸਾਨੂੰ ਤਾਂ ਪਤਾ ਹੀ ਕੋਈ ਨਹੀਂ! ਕੋਈ ਸੂਹ ਨਾ ਮਿਲੀ, ਕਿੱਥੋਂ ਦੀ ਪੁਲਿਸ ਸੀ ਤੇ ਕਿੱਥੇ ਲੈ ਗਈ? ਕੋਈ ਉਘ-ਸੁੱਘ ਨਾ ਮਿਲੀ। ਅਸੀਂ ਰਲ-ਮਿਲ ਕੇ ਬਥੇਰੀਆਂ ਟੱਕਰਾਂ ਮਾਰੀਆਂ ਪਰ ਕੁੱਝ ਨਾ ਬਣਿਆ। ਪਤਾ ਕੀ ਲੱਗਣਾ ਸੀ! ਉਸ ਨੂੰ ਤਾਂ ਅਗਲਿਆਂ ਅਣਪਛਾਤੀਆਂ ਲਾਸ਼ਾਂ ਦਾ ਹਿੱਸਾ ਬਣਾ ਦਿੱਤਾ ਸੀ। ਮੈਂ ਕੁੱਝ ਵੀ ਨਾ ਕਰ ਸਕਣ ਵਾਲੀ ਆਪਣੀ ਸਥਿਤੀ ਬਾਰੇ ਬੀਬੀ ਨੂੰ ਸਮਝਾਇਆ ਤਾਂ ਉਹ ਕਹਿੰਦੀ, “ਨਹੀਂ, ਤੂੰ ਕਰ ਸਕਦੈਂ। ਜਿਹੜਾ ਐਸ ਐਸ ਪੀ ਅੰਬਰਸਰ ਲੱਗੈ, ਉਹ ਪਿੱਛੋਂ ਆਪਣੇ ਪਿੰਡ ਸੁਰ ਸਿੰਘ ਦਾ ਹੀ ਐ। ਉਹਦੇ ਵੱਡੇ ਭਾਵੇਂ ਪਾਕਿਸਤਾਨ ਬਣਨ ਤੋਂ ਪਹਿਲਾਂ ਈ ਕਿਤੇ ਅੱਗੇ ਜਾ ਵੱਸੇ ਸਨ ਪਰ ਉਹ ਹੁਣ ਵੀ ਆਪਣੇ ਪਿੰਡ ਦੇ ਲੋਕਾਂ ਦੀ ਬੜੀ ਦੀਦ ਕਰਦੈ। ਆਪਣੇ ਪਿੰਡ ਦਾ ਜਿਹੜਾ ਬੰਦਾ ਵੀ ਉਸ ਕੋਲ ਜਾਵੇ ਉਹ ਉਹਦਾ ਕੰਮ ਜ਼ਰੂਰ ਕਰਦੈ। ਮੈਨੂੰ ਮੋਤਾ ਸਿੰਘ ਨੇ ਆਖਿਐ ਕਿ ਜੇ ਤੂੰ ਜਾ ਕੇ ਮਿਲੇਂ ਤਾਂ ਉਹ ਤੇਰਾ ਆਖਾ ਨਹੀਂ ਮੋੜਨ ਲੱਗਾ। ਦੂਜੀ ਗੱਲ, ਤੂੰ ਉਹਨੂੰ ਕਰਤਾਰ ਕੋਲੋਂ ਵੀ ਅਖਵਾ ਸਕਦੈਂ।”
ਮੈਂ ਹੁਣ ਤੱਕ ਹਨੇਰੀ ਸੁਰੰਗ ਅੱਗੇ ਖਲੋਤਾ ਸਾਂ, ਬੀਬੀ ਨੇ ਮੇਰੇ ਅੱਗੇ ਨਿੱਕੀ ਜਿਹੀ ਮੋਮਬੱਤੀ ਬਾਲ ਧਰੀ ਸੀ। ਮੋਤਾ ਸਿੰਘ ਮੇਰੇ ਪਿਤਾ ਦਾ ਪੁਰਾਣਾ ਯਾਰ ਸੀ। ਪਹਿਲਾਂ ਇਹ ਪੁਲਿਸ ਅਫਸਰ ਕਿਸੇ ਹੋਰ ਥਾਂ ਲੱਗਾ ਸੀ ਤੇ ਮੋਤਾ ਸਿੰਘ ਉਸ ਕੋਲ ਬਾਬੇ ਬਿਧੀ ਚੰਦੀਆਂ ਦੇ ਕਿਸੇ ਕੰਮ ਗਿਆ ਸੀ; ਉਸ ਤੋਂ ਬਾਅਦ ਉਹਨੇ ਆਪ ਵੀ ਇੱਕ-ਦੋ ਨਿੱਕੇ ਮੋਟੇ ਕੰਮ ਉਸ ਕੋਲੋਂ ਲਏ ਸਨ। ਮੋਤਾ ਸਿੰਘ ਨੇ ਇੱਕ ਵਾਰ ਪਿੰਡ ਗਏ ਨੂੰ ਮੈਨੂੰ ਦੱਸਿਆ ਵੀ ਸੀ ਕਿ ਉਹ ਅਫਸਰ ਕਿਵੇਂ ਆਪਣੇ ਪਿੰਡ ਵਾਲੇ ਲੋਕਾਂ ਦਾ ਮਾਣ ਰੱਖਦਾ ਹੈ! ਪਰ ਬਿਨਾ ਕਿਸੇ ਜਾਣ-ਪਛਾਣ ਮੇਰੇ ਵਰਗੇ ‘ਹਮਾਤੜ੍ਹ’ ਨੂੰ ਅੱਜ ਕੱਲ੍ਹ ਕਿਸੇ ਵੱਡੇ ਪੁਲਿਸ ਅਫਸਰ ਦੇ ਨੇੜੇ ਕੋਈ ਕਦੋਂ ਜਾਣ ਦੇਣ ਲੱਗਾ ਸੀ! ਮੇਰੇ ਇਸ ਕੰਮ ਵਿੱਚ ਕਰਤਾਰ ਸਹਾਈ ਹੋ ਸਕਦਾ ਸੀ। ਏਸ਼ੀਆਈ ਕੁਸ਼ਤੀਆਂ ਦਾ ਜੇਤੂ ਤੇ ਮੇਰਾ ਗਰਾਈਂ ਪਹਿਲਵਾਨ ਕਰਤਾਰ ਸਿੰਘ ਆਪ ਵੀ ਆਈ ਪੀ ਐਸ ਅਧਿਕਾਰੀ ਸੀ। ਦੋਵਾਂ ਪੁਲਿਸ ਅਫਸਰਾਂ `ਚ ਪਿੰਡ ਦੀ ਸਾਂਝ ਦੇ ਨਾਲ ਨਾਲ ਇਕੋ ਮਹਿਕਮੇ ਅਤੇ ਇੱਕੋ ਰੈਂਕ ਦੇ ਹੋਣ ਕਰਕੇ ਵੀ ਜ਼ਰੂਰ ਨੇੜਤਾ ਹੋਵੇਗੀ। ਕਰਤਾਰ ਮੈਨੂੰ ਵੱਡੇ ਭਰਾਵਾਂ ਜਿਹਾ ਮਾਣ ਦਿੰਦਾ ਹੈ। ਮੈਂ ਫੋਨ ਮਿਲਾਇਆ। ਉਸ ਨੂੰ ਆਖਿਆ ਕਿ ਉਹ ਮੇਰੇ ਬਾਰੇ ਅੰਮ੍ਰਿਤਸਰ ਦੇ ਐਸ ਐਸ ਪੀ ਨੂੰ ਦੱਸ ਕੇ ਸਵੇਰੇ ਉਸ ਕੋਲੋਂ ਮੈਨੂੰ ਮਿਲਣ ਦਾ ਸਮਾਂ ਲੈ ਦੇਵੇ ਤੇ ਮੇਰੀ ਗੱਲ ਹਮਦਰਦੀ ਨਾਲ ਸੁਣਨ ਦੀ ਸਿਫਾਰਿਸ਼ ਵੀ ਕਰ ਦੇਵੇ। ਕਰਤਾਰ ਨੇ ਕੁੱਝ ਚਿਰ ਬਾਅਦ ਮੈਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਐਸ ਐਸ ਪੀ ਨਾਲ ਗੱਲ ਕਰ ਲਈ ਹੈ। ਮੈਂ ਸਵੇਰੇ ਦਸ ਵਜੇ ਉਸ ਨੂੰ ਉਹਦੀ ਕੋਠੀ `ਤੇ ਜਾ ਕੇ ਮਿਲ ਲਵਾਂ। “ਉਹ ਤੁਹਾਨੂੰ ਪਹਿਲਾਂ ਈ ਜਾਣਦੈ। ਮੈਂ ਵੀ ਤੁਹਾਡੇ ਬਾਰੇ ਉਸ ਨੂੰ ਚੰਗੀ ਤਰ੍ਹਾਂ ਦੱਸ ਦਿੱਤਾ ਹੈ।” ਕਰਤਾਰ ਮੇਰੀ ਝਿਜਕ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਐਸ ਐਸ ਪੀ ਨੂੰ ਮਿਲਣ ਲਈ ਮੈਂ ਅੰਮ੍ਰਿਤਸਰ ਰਹਿੰਦੇ ਆਪਣੇ ਪੱਤਰਕਾਰ ਦੋਸਤ ਦੀ ਮਦਦ ਲੈਣ ਬਾਰੇ ਸੋਚਦਿਆਂ ਉਸ ਨੂੰ ਵੀ ਫੋਨ ਕੀਤਾ ਤਾਂ ਉਸ ਦੱਸਿਆ ਕਿ ਐਸ ਐਸ ਪੀ ਉਸ ਦਾ ਜਾਣੂ ਹੈ। ਉਹ ਜ਼ਰੂਰ ਮੇਰੇ ਨਾਲ ਜਾਵੇਗਾ। ਮੈਂ ਬੀਬੀ ਨੂੰ ਕਿਹਾ ਕਿ ਉਹ ਹੁਣੇ ਜਾਵੇ ਤੇ ਵੱਡੇ ਮਾਮੇ ਨੂੰ ਆਖੇ ਕਿ ਉਹ ਸਵੇਰੇ ਨੌਂ ਵਜੇ ਤੱਕ ਪੱਤਰਕਾਰ ਦੀ ਰਿਹਾਇਸ਼ `ਤੇ ਪਹੁੰਚ ਜਾਣ। ਸਾਰੀ ਰਾਤ ਮੈਂ ਗਿਣਤੀਆਂ-ਮਿਣਤੀਆਂ ਵਿੱਚ ਪਿਆ ਰਿਹਾ। ਮੈਨੂੰ ਮਾਮੇ ਦੇ ਤਲਖ ਬੋਲ ਅਤੇ ਮਾਰਨ ਦੀਆਂ ਧਮਕੀਆਂ ਭੁੱਲ ਗਈਆਂ ਸਨ। ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੇ ਰਿਸ਼ਤੇ ਦੀਆਂ ਮੁਹੱਬਤੀ ਤੰਦਾਂ ਨੂੰ ਖੋਲ੍ਹਦਾ ਬੰਨ੍ਹਦਾ ਰਿਹਾ। ਕਦੀ ਕਦੀ ਮੈਨੂੰ ਅਰਧ-ਸੁੱਤੇ ਨੂੰ ਖਿਆਲ ਆਉਂਦਾ ਕਿ ਮਾਮੇ ਦੀ ਗੋਲੀਆਂ ਵਿੰਨ੍ਹੀ ਲਾਸ਼ ਮੇਰੇ ਸਾਹਮਣੇ ਪਈ ਹੈ ਤੇ ਚੀਕ-ਚਿਹਾੜਾ ਮੱਚਿਆ ਹੋਇਆ ਹੈ। ਬੀਬੀ ਦੀਆਂ ਅੱਥਰੂਆਂ ਭਰੀਆਂ ਅੱਖਾਂ ਮੈਨੂੰ ਉਲ੍ਹਾਮਾ ਦਿੰਦੀਆਂ ਜਾਪਦੀਆਂ। ਮੈਂ ਡਰ ਕੇ ਕੰਬਿਆ। ਕਿਤੇ ਉਨ੍ਹਾਂ ਨੇ ਅੱਜ ਰਾਤ ਹੀ ਉਸ ਦਾ ਮੁਕਾਬਲਾ ਨਾ ਬਣਾ ਦਿੱਤਾ ਹੋਵੇ! ਉਹ ਦਿਨ ਹੀ ਅਜਿਹੇ ਸਨ। ਪੁਲਿਸ ਪੂਰੇ ਜ਼ੋਰ ਤੇ ਜੋਸ਼ ਵਿੱਚ ਸੀ ਅਤੇ ਚੁਣ ਚੁਣ ਕੇ ‘ਅਤਿਵਾਦੀਆਂ’ ਨੂੰ ਮਾਰ ਰਹੀ ਸੀ।
ਸਵੇਰੇ ਮੈਂ ਪੱਤਰਕਾਰ ਦੋਸਤ ਦੀ ਰਿਹਾਇਸ਼ `ਤੇ ਪੁੱਜਾ ਤਾਂ ਵੱਡਾ ਮਾਮਾ ਗੁਰਦੀਪ ਤੇ ਉਸ ਦਾ ਇੱਕ ਸਾਥੀ ਪਹਿਲਾਂ ਹੀ ਪਹੁੰਚੇ ਹੋਏ ਸਨ। ਪੱਤਰਕਾਰ ਦੋਸਤ ਘਰ ਇਕੱਲਾ ਹੀ ਸੀ। ਮੈਂ ਸਾਰੀ ਹਕੀਕਤ ਦੱਸੀ ਤਾਂ ਉਹ ਕਹਿੰਦਾ, ਉਹ ਹਰਦੀਪ ਸਿੰਘ ਖਾਲਸਾ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਖਾਲਸਾ ਉਸ ਕੋਲ ਅਕਸਰ ਖਾੜਕੂਆਂ ਦੀਆਂ ਖਬਰਾਂ ਲੈ ਕੇ ਆਉਂਦਾ ਰਿਹਾ ਹੈ। ਉਸ ਨੇ ਕੁੱਝ ਚਿਰ ਪਹਿਲਾਂ ਪੱਤਰਕਾਰਾਂ ਦੀ ਟੋਲੀ ਦੀ ਖਾੜਕੂਆਂ ਨਾਲ ਕਿਸੇ ਗੁਪਤ ਥਾਂ ਮੀਟਿੰਗ ਵੀ ਕਰਵਾਈ ਸੀ। ਮੈਂ ਉਸ ਨੂੰ ਐਸ ਐਸ ਪੀ ਨਾਲ ਕਰਤਾਰ ਦੀ ਹੋਈ ਗੱਲਬਾਤ ਬਾਰੇ ਵੀ ਦੱਸਿਆ ਅਤੇ ਆਪਣੇ ਪਿੰਡ ਦੀ ਸਾਂਝ ਬਾਰੇ ਵੀ। ਵੱਡੇ ਮਾਮੇ ਨੇ ਆਪਣੇ ਸੂਤਰਾਂ ਤੋਂ ਮਿਲੀ ਰਿਪੋਰਟ ਵੀ ਸਾਂਝੀ ਕੀਤੀ ਕਿ ਕਿਵੇਂ ਅੱਜ-ਭਲਕ ਹੀ ਉਸ ਦਾ ਮੁਕਾਬਲਾ ਬਣਾ ਦੇਣ ਦਾ ਖਦਸ਼ਾ ਹੈ! ਉਹ ਤਾਂ ਡਰਦੇ ਸਨ ਕਿ ਹੋ ਸਕਦਾ ਹੈ, ਰਾਤੀਂ ਹੀ ਭਾਣਾ ਵਰਤ ਗਿਆ ਹੋਵੇ! ਪੱਤਰਕਾਰ ਮਿੱਤਰ ਨੇ ਐਸ ਐਸ ਪੀ ਨੂੰ ਫੋਨ ਮਿਲਾਇਆ ਤੇ ਮੇਰੇ ਆਉਣ ਬਾਰੇ ਦੱਸਿਆ। ਅਸੀਂ ਦਸ ਵਜੇ ਐਸ ਐਸ ਪੀ ਦੀ ਕੋਠੀ ਪਹੁੰਚੇ। ਗੇਟ ਤੇ ਬੈਠੀ ਪੁਲਿਸ ਦੀ ਟੁਕੜੀ ਨੇ ਦੱਸਿਆ ਕਿ ‘ਸਾਹਿਬ ਘਰ ਨਹੀਂ ਹਨ!’ ਅਸੀਂ ਉਨ੍ਹਾਂ ਨੂੰ ‘ਸਾਹਿਬ’ ਕੋਲੋਂ ਮਿਲਣ ਦਾ ਟਾਈਮ ਲਿਆ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਅੰਦਰ ਫੋਨ ਕਰਕੇ ਪੁਸ਼ਟੀ ਕੀਤੀ ਤੇ ਸਾਡੇ ਲੰਘਣ ਲਈ ਦਰਵਾਜ਼ਾ ਖੋਲ੍ਹ ਦਿੱਤਾ। ਮਾਮੇ ਹੁਰਾਂ ਨੂੰ ਬਾਹਰ ਛੱਡ ਕੇ ਅਸੀਂ ਦੋਵੇਂ ਅੰਦਰ ਚਲੇ ਗਏ। ਨਾਲ ਗਏ ਪੁਲਿਸ ਮੁਲਾਜ਼ਮ ਨੇ ਸਾਨੂੰ ਦਫਤਰ ਵਿੱਚ ਬਿਠਾ ਦਿੱਤਾ। ਪੰਜ ਕੁ ਮਿੰਟ ਪਿੱਛੋਂ ਐਸ ਐਸ ਪੀ ਦਫਤਰ ਵਿੱਚ ਪਿਛੇ ਖੁੱਲ੍ਹਦੇ ਦਰਵਾਜ਼ੇ ਵਿਚੋਂ ਅੰਦਰ ਆਇਆ।
ਉਹ ਦਰਮਿਆਨੇ ਕੱਦ ਦਾ ਕਲੀਨ-ਸ਼ੇਵਨ ਜਵਾਨ ਸੀ। ਉਸ ਨੇ ਲੱਕ ਨਾਲ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖਣ ਵਾਲੀ ਪੇਟੀ ਬੱਧੀ ਹੋਈ ਸੀ ਤੇ ਹੌਲੀ ਹੌਲੀ ਤੁਰ ਰਿਹਾ ਸੀ। ਸ਼ਾਇਦ ਉਸ ਦਾ ਲੱਕ ਦਰਦ ਕਰਦਾ ਸੀ। ਅਸੀਂ ਉਠ ਕੇ ‘ਸਤਿ ਸ੍ਰੀ ਆਕਾਲ’ ਆਖੀ ਤੇ ਉਸ ਦੇ ਇਸ਼ਾਰੇ `ਤੇ ਵੱਡੇ ਮੇਜ਼ ਦੇ ਉਰਾਰ ਕੁਰਸੀਆਂ `ਤੇ ਬੈਠ ਗਏ। ਉਸ ਨੇ ਕੁਰਸੀ `ਤੇ ਬਹਿੰਦਿਆਂ ਸਾਡੇ ਵੱਲ ਵੇਖਿਆ। ਉਹਦਾ ਚਿਹਰਾ ਭਾਵ-ਰਹਿਤ ਸੀ। ਪਹਿਲੀ ਨਜ਼ਰੇ ਹੀ ਮੈਨੂੰ ਜਾਪਿਆ ਕਿ ਮੈਂ ਗ਼ਲਤ ਥਾਂ `ਤੇ ਆ ਗਿਆ ਹਾਂ। ਇਥੇ ਮੇਰੀ ਕੁੱਝ ਨਹੀਂ ਵੱਟੀ ਜਾਣੀ। ਪੱਤਰਕਾਰ ਨੂੰ ਤਾਂ ਉਹ ਪਹਿਲਾਂ ਹੀ ਜਾਣਦਾ ਸੀ। ਪੱਤਰਕਾਰ ਨੇ ਆਪਣਾ ਫਰਜ਼ ਨਿਭਾਉਂਦਿਆਂ ਮੇਰੀ ਜਾਣ-ਪਛਾਣ ਕਰਾਈ ਤੇ ਮੈਨੂੰ ਪੰਜਾਬੀ ਦਾ ‘ਨਾਮਵਰ’ ਲੇਖਕ ਆਖ ਕੇ ਵਡਿਆਇਆ। ਅਕਸਰ ਮੈਂ ਆਪਣੀ ਅਜਿਹੀ ਪ੍ਰਸ਼ੰਸਾ ਸੁਣ ਕੇ ਸੰਗ ਜਾਂਦਾ ਹਾਂ ਪਰ ਉਸ ਦਿਨ ਮੈਨੂੰ ਪੱਤਰਕਾਰ ਵੱਲੋਂ ਆਪਣੀ ਪ੍ਰਸ਼ੰਸਾ ਚੰਗੀ ਲੱਗੀ। ਇਸ ਪ੍ਰਸ਼ੰਸਾ ਨੇ ਇਸ ਕਮਰੇ ਵਿੱਚ ਮੇਰੀ ਹੋਂਦ ਨੂੰ ਅਰਥਵਾਨ ਬਣਾਉਣਾ ਸੀ ਤੇ ਆਪਣੀ ਗੱਲ ਕਹਿਣ ਜੋਗੀ ਸ਼ਨਾਖਤ ਤੇ ਤਾਕਤ ਦੇਣੀ ਸੀ। ਪੱਤਰਕਾਰ ਨੇ ਨਾਲ ਇਹ ਵੀ ਜੋੜ ਦਿੱਤਾ, “ਰਾਤੀਂ ਪਹਿਲਵਾਨ ਕਰਤਾਰ ਸਿੰਘ ਹੋਰਾਂ ਵੀ ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕੀਤੀ ਹੋਣੀ ਹੈ!” ਉਸ ਨੇ ਮਾੜੀ ਜਿਹੀ ਠੋਡੀ ਹਿਲਾਈ। ਹੁਣ ਚੁੱਪ ਕੀਤਿਆਂ ਤਾਂ ਸਰਨਾ ਨਹੀਂ ਸੀ। “ਕਰਤਾਰ ਮੇਰੇ ਛੋਟੇ ਭਰਾਵਾਂ ਵਰਗਾ ਹੈ। ਮੈਂ ਤੁਹਾਡੇ ਨਾਲ ਕਰਤਾਰ ਦੇ ਹਵਾਲੇ ਨਾਲ ਵੀ ਗੱਲ ਕਰਨ ਆਇਆ ਹਾਂ ਅਤੇ ਆਪਣੇ ਪਿੰਡ ਸੁਰ ਸਿੰਘ ਦੇ ਹਵਾਲੇ ਨਾਲ ਵੀ ਮਿੰਨਤ ਕਰਨੀ ਹੈ। ਮੈਨੂੰ ਪਤਾ ਲੱਗੈ ਕਿ ਤੁਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਮੋਹ ਨੂੰ ਪਾਲਦੇ ਹੋਏ ਆਪਣੇ ਗਿਰਾਈਆਂ ਦੀ ਮਦਦ ਕਰਨ ਲਈ ਸਦਾ ਆਪਣੇ ਦਿਲ ਨੂੰ ਖੁੱਲਾ ਰੱਖਿਆ ਹੈ। ਸਾਰਾ ਪਿੰਡ ਤੁਹਾਡੇ ਵੱਲੋਂ ਆਪਣੇ ਬਜ਼ੁਰਗਾਂ ਦੀ ਜੰਮਣ-ਭੋਇੰ ਦਾ ਮਾਣ ਰੱਖਣ ਦੇ ਹਵਾਲੇ ਦਿੰਦਾ ਨਹੀਂ ਥੱਕਦਾ। ਤੁਹਾਡੇ ਵਡੇਰਿਆਂ ਦੇ ਪਿੰਡ ਦਾ ਵਸਨੀਕ ਹੋਣ ਨਾਤੇ ਮੇਰਾ ਵੀ ਤੁਹਾਡੀਆਂ ਜੜ੍ਹਾਂ ਨਾਲ ਕਿਤੇ ਨਾ ਕਿਤੇ ਅਪਣੱਤ ਤੇ ਸਾਂਝ ਦਾ ਰਿਸ਼ਤਾ ਬਣਦਾ ਹੈ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾਂ ਤਾਂ ਸਾਡੇ ਵਿਚਕਾਰ ਆਪਣੇ ਵਡੇਰਿਆਂ ਦੀ ਜਨਮ ਭੋਇੰ ਦਾ ਮਲੂਕ ਜਿਹਾ ਪਰ ਬੜਾ ਬਲਵਾਨ ਰਿਸ਼ਤਾ ਵੀ ਪਿਆ ਹੈ। ਮੈਂ ਅੱਜ ਤੁਹਾਡੇ ਅੰਦਰ ਪਏ ਉਸ ਕੂਲੇ ਰਿਸ਼ਤੇ ਨੂੰ ਮੁਖਾਤਬ ਹਾਂ। ਉਸ ਰਿਸ਼ਤੇ ਵਿਚਲੇ ਮੋਹ ਅਤੇ ਅਪਣੱਤ ਦਾ ਵਾਸਤਾ ਦੇ ਕੇ ਤੁਹਾਡੇ ਨਾਲ ਗੱਲ ਕਰਨੀ ਹੈ ਹਰਦੀਪ ਸਿੰਘ ਖਾਲਸਾ ਬਾਰੇ, ਜਿਸ ਨੂੰ ਦੋ ਦਿਨ ਹੋਏ ਪੁਲਿਸ ਨੇ ਘਰੋਂ ਚੁੱਕ ਲਿਆ ਹੈ। ਹਰਦੀਪ ਸਿੰਘ ਮੇਰਾ ਸੱਕਾ ਮਾਮਾ ਹੈ। ਮੇਰੇ ਨਾਲ ਉਸ ਦਾ ਪਿਛਲੇ ਕਈ ਸਾਲਾਂ ਤੋਂ ਬੋਲਚਾਲ ਬੰਦ ਹੈ। ਮੈਨੂੰ ਨਹੀਂ ਪਤਾ ਉਸ ਦੀਆਂ ਕੀ ਗਤੀਵਿਧੀਆਂ ਹਨ। ਹੋ ਸਕਦਾ ਹੈ ਉਹ ਤੁਹਾਡੇ ਰਿਕਾਰਡ ਤੇ ਤੁਹਾਡੀਆਂ ਨਜ਼ਰਾਂ ਵਿੱਚ ਬਹੁਤ ਵੱਡਾ ਦੋਸ਼ੀ ਹੋਵੇ। ਮੈਂ ਉਸ ਦੀ ਕਿਸੇ ਵੀ ਕਿਸਮ ਦੀ ਸਫਾਈ ਦੇਣ ਨਹੀਂ ਆਇਆ। ਮੇਰੇ ਕੋਲ ਤਾਂ ਰਾਤੀਂ ਮੇਰੀ ਮਾਂ ਰੋਂਦੀ ਹੋਈ ਗਈ। ਮੇਰੇ ਕੋਲੋਂ ਉਸ ਦੇ ਅੱਥਰੂ ਨਹੀਂ ਵੇਖੇ ਗਏ। ਮੇਰੀ ਮਾਂ ਨੇ ਵੀ ਮੈਨੂੰ ਆਪਣੇ ਪਿੰਡ ਵਾਲਿਆਂ ਪ੍ਰਤੀ ਤੁਹਾਡੇ ਦਿਲ ਵਿੱਚ ਵੱਸਦੀ ਖੁਸ਼ਬੂ ਦੀ ਸੂਹ ਦਿੱਤੀ ਸੀ। ਮਾਂ ਦੀ ਬੇਨਤੀ ਹੀ ਮੈਂ ਆਪਣੇ ਸ਼ਬਦਾਂ ਵਿੱਚ ਤੁਹਾਡੇ ਅੱਗੇ ਦੁਹਰਾ ਰਿਹਾਂ ਕਿ ਤੁਸੀਂ ਖਾਲਸੇ `ਤੇ ਉਹਦੇ ਬਣਦੇ ਅਪਰਾਧ ਮੁਤਾਬਕ ਕੇਸ ਜਿਹੜਾ ਮਰਜ਼ੀ ਪਾ ਦਿਓ ਪਰ ਕਿਰਪਾ ਕਰਕੇ ਉਸ ਨੂੰ ਜਾਨੋਂ ਨਾ ਮਾਰਿਓ।” ਮੈਂ ਇੱਕੋ ਸਾਹੇ ਗੱਲ ਮੁਕਾ ਕੇ ਉਸ ਵੱਲ ਬੜੇ ਧਿਆਨ ਨਾਲ ਵੇਖਿਆ ਤਾਕਿ ਉਸ ਦੇ ਚਿਹਰੇ ਉਤੋਂ ਉਸ ਅੰਦਰਲੇ ਮਨੋਭਾਵ ਪੜ੍ਹ ਸਕਾਂ। ਉਹ ਕੁੱਝ ਨਹੀਂ ਬੋਲਿਆ। ਕੁਰਸੀ ਤੋਂ ਉਠਿਆ ਤੇ ਹੌਲੀ ਹੌਲੀ ਤੁਰਦਾ ਪਿਛਲੇ ਕਮਰੇ ਵਿੱਚ ਅੰਦਰ ਗਿਆ। ਦੋ ਕੁ ਮਿੰਟ ਬਾਅਦ ਵਾਪਸ ਪਰਤਿਆ ਤਾਂ ਉਸ ਦੇ ਹੱਥ ਵਿੱਚ ਇੱਕ ਲਿਫਾਫਾ ਸੀ। ਉਸ ਨੇ ਲਿਫਾਫੇ ਵਿਚੋਂ ਕੁੱਝ ਤਸਵੀਰਾਂ ਕੱਢ ਕੇ ਮੇਜ਼ `ਤੇ ਖਿਲਾਰੀਆਂ ਤੇ ਬੜੇ ਸਹਿਜ ਨਾਲ ਦੱਸਣ ਲੱਗਾ, “ਜੇ ਇਹ ਤੁਹਾਡਾ ਮਾਮਾ ਹੈ ਤਾਂ ਤੁਸੀਂ ਕਦੀ ਤਾਂ ਉਹਦੀ ਬਹਿਕ `ਤੇ ਗਏ ਹੋਵੋਗੇ। ਆਹ ਤਸਵੀਰਾਂ ਵੇਖੋ; ਤੁਹਾਡੇ ਮਾਮੇ ਦੀ ਬਹਿਕ ਦੀਆਂ ਹੀ ਨੇ ਨਾ! ਆਹ ਉਹਦੀ ਮੋਟਰ ਤੇ ਆਹ ਪਿਛਲੀਆਂ ਟਾਹਲੀਆਂ। ਪਛਾਣ ਕੇ ਤਾਂ ਵੇਖੋ! ਆਹ ਜੇ ਉਹਦੇ ਵਿਹੜੇ ਵਿੱਚ ਕਾਤਲ ਅਤੇ ਭਗੌੜੇ ਆਪੇ ਸੱਜੇ ਲੈਫਟੀਨੈਂਟ ਜਨਰਲ …ਸਿੰਘ ਦੇ ਹੋਏ ਵਿਆਹ ਦੀਆਂ ਤਸਵੀਰਾਂ! ਆਹ ਵਿੱਚ ਤੁਹਾਡਾ ਮਾਮਾ ਖਲੋਤਾ। ਇਹ ਵਿਆਹ ਉਹਦੀ ਬਹਿਕ `ਤੇ ਹੋਇਆ। ਅਜੇ ਵੀ ਕੋਈ ਸ਼ੱਕ ਦੀ ਗੁੰਜਾਇਸ਼ ਹੈ? ਕੋਈ ਆਖੇ ਕਿ ਇਹ ਮਾਨੋਚਾਹਲ ਨੂੰ ਨਹੀਂ ਮਿਲਦਾ ਜਾਂ ਉਹ ਇਹਨੂੰ ਨਹੀਂ ਮਿਲਦਾ? ਜਾਂ…।” ਉਹ ਓਸੇ ਧੀਮੇ ਅੰਦਾਜ਼ ਵਿੱਚ ਮਾਮੇ ਦੇ ਸਬੰਧਾਂ ਵਾਲੇ ਤੇ ਉਸ ਦੀ ਬਹਿਕ `ਤੇ ਆਉਂਦੇ ਰਹਿਣ ਵਾਲੇ ਤਥਾ-ਕਥਿਤ ਖਾੜਕੂਆਂ ਦੇ ਨਾਂ ਗਿਣਾਉਣ ਲੱਗਾ।
ਉਹਦੀ ਜਾਣਕਾਰੀ ਤੇ ਵੇਰਵਿਆਂ ਤੋਂ ਇਨਕਾਰੀ ਹੋਣ ਦਾ ਸਵਾਲ ਹੀ ਨਹੀਂ ਸੀ। ਇੱਕ ਵਾਰ ਤਾਂ ਮੇਰੇ ਪੈਰਾਂ ਹੇਠੋਂ ਜਮੀਨ ਨਿਕਲਦੀ ਮਹਿਸੂਸ ਹੋਈ। ਮੈ ਸੰਭਲ ਕੇ ਆਖਿਆ, “ਮੈਂ ਤਾਂ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, ਮਾਮੇ ਦੀ ਕੋਈ ਸਫਾਈ ਦੇਣ ਨਹੀਂ ਆਇਆ। ਉਹ ਸਭ ਕੁੱਝ ਕਰਦਾ ਹੋਵੇਗਾ, ਜੋ ਤੁਸੀਂ ਆਖਿਐ। ਉਸ ਕੋਲ ਇਹ ਬੰਦੇ ਵੀ ਆਉਂਦੇ ਹੋਣਗੇ, ਮੈਂ ਮੁਕਰਦਾ ਨਹੀਂ।” ਇਸ ਵੇਲੇ ਮੇਰੇ ਪੱਤਰਕਾਰ ਦੋਸਤ ਨੇ ਵੇਲਾ ਸਾਂਭਿਆ, “ਜੋ ਤੁਸੀਂ ਕਿਹੈ ਸਭ ਸੱਚ ਹੈ। ਪਰ ਤੁਸੀਂ-ਅਸੀਂ ਇਹ ਤਾਂ ਜਾਣਦੇ ਹੀ ਆਂ ਕਿ ਖਾਲਸੇ ਦਾ ਕਿਸੇ ਕਤਲ ਵਗੈਰਾ ਵਿੱਚ ਕੋਈ ਹੱਥ ਨਹੀਂ।” ਮੈਂ ਉਸ ਅੰਦਰਲੇ ਕੂਲੇ ਹਿੱਸੇ ਨੂੰ ਛੂਹਣ ਦੀ ਮੁੜ ਕੋਸ਼ਿਸ਼ ਕੀਤੀ, “ਮੈਂ ਤਾਂ ਆਪਣੇ ਨਾਲ ਸਭ ਤੋਂ ਵੱਡਾ ਸਿਫਾਰਸ਼ੀ ਆਪਣਾ ਪਿੰਡ ਸੁਰ ਸਿੰਘ ਤੁਹਾਡੇ ਕੋਲ ਲੈ ਕੇ ਆਇਆਂ। ਮੇਰੇ ਤੇ ਤੁਹਾਡੇ ਵਿਚਕਾਰ ਸਾਡਾ ਸਾਂਝਾ ਪਿੰਡ ਸੁਰ ਸਿੰਘ ਹਾਜ਼ਰਨਾਜ਼ਰ ਹੈ ਤੇ ਤੁਹਾਨੂੰ ਇਹੋ ਬੇਨਤੀ ਕਰਦਾ ਹਾਂ ਕਿ ਤੁਹਾਡੇ ਕੋਲ ਚੱਲ ਕੇ ਆਏ ਆਪਣੇ ਪਿੰਡ ਦਾ ਤੁਸੀਂ ਮਾਣ ਰੱਖੋ! ਮਾਮੇ `ਤੇ ਕੇਸ ਜਿਹੜਾ ਮਰਜ਼ੀ ਪਾ ਦਿਓ, ਪਰ ਉਸ ਨੂੰ ਮਾਰਿਓ ਨਾ!” ਉਸ ਨੇ ਇੱਕ ਪਲ ਦੀ ਖਾਮੋਸ਼ੀ ਪਿਛੋਂ ਮੇਰੇ ਨਾਲ ਨਜ਼ਰਾਂ ਮਿਲਾ ਕੇ ਆਖਿਆ, “ਨਹੀਂ ਮਾਰਦੇ।” ਏਨੀ ਆਖ ਕੇ ਉਹ ਕੁਰਸੀ ਤੋਂ ਉਠ ਖਲੋਤਾ। ਅਸੀਂ ਉਸ ਦਾ ‘ਧੰਨਵਾਦ’ ਕਰਕੇ ਬਾਹਰ ਆਏ ਤੇ ਮਾਮੇ ਗੁਰਦੀਪ ਹੁਰਾਂ ਨੂੰ ਹੋਈ ਗੱਲ-ਬਾਤ ਬਾਰੇ ਜਾਣਕਾਰੀ ਦਿੱਤੀ। ਮਨ ਨੂੰ ਅਜੇ ਵੀ ਟਿਕਾਓ ਨਹੀਂ ਸੀ। ਕੀ ਐਸ ਐਸ ਪੀ ਵਚਨਾਂ ਦਾ ਪੂਰਾ ਨਿਕਲੇਗਾ?
ਪੱਤਰਕਾਰ ਦੋਸਤ ਦਾ ਖਿਆਲ ਸੀ, “ਪੁਲਸੀਆਂ ਦਾ ਕੋਈ ਇਤਬਾਰ ਨਹੀਂ ਹੁੰਦਾ। ਆਪਾਂ ਇੰਜ ਕਰੀਏ, ਨੇੜੇ ਹੀ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਰਹਿੰਦਾ ਹੈ, ਉਸ ਕੋਲੋਂ ਵੀ ਅਖਵਾ ਦੇਈਏ।” ਕਲਕੱਤੇ ਦੇ ਘਰ ਦਸ ਬਾਰਾਂ ਬੰਦੇ ਕੰਮਾਂਧੰਦਿਆਂ ਵਾਲੇ ਆਏ ਬੈਠੇ ਸਨ। ਪੱਤਰਕਾਰ ਨੇ ਐਸ ਐਸ ਪੀ ਨੂੰ ਮਿਲ ਕੇ ਆਉਣ ਵਾਲੀ ਗੱਲ ਲੁਕਾ ਕੇ ਖਾਲਸੇ ਦੇ ਫੜ੍ਹੇ ਜਾਣ ਵਾਲੀ ਸਾਰੀ ਕਹਾਣੀ ਦੱਸੀ ਤਾਂ ਕਲਕੱਤੇ ਨੇ ਐਸ ਐਸ ਪੀ ਨੂੰ ਫੋਨ ਮਿਲਾਇਆ। ਅੱਗੋਂ ਜਵਾਬ ਮਿਲਿਆ ਕਿ ‘ਸਾਹਿਬ ਤਾਂ ਪਿਛਲੀ ਰਾਤ ਦੇ ਹੀ ਕਿਤੇ ਬਾਹਰ ਗਏ ਹੋਏ ਨੇ!” ਪੱਤਰਕਾਰ ਦੋਸਤ ਨੂੰ ਤਾਂ ‘ਭਾਵੇਂ ਪੁਲਸੀਆਂ `ਤੇ ਇਤਬਾਰ ਨਹੀਂ ਸੀ।’ ਪੁਲਸੀਆਂ ਦੀ ਬੇਇਤਬਾਰੀ ਜੱਗ-ਜ਼ਾਹਿਰ ਹੈ, ਪਰ ਮੈਨੂੰ ਪਤਾ ਨਹੀਂ ਕਿਉਂ ਤਸੱਲੀ ਜਿਹੀ ਸੀ। ਮੈਂ ‘ਪੁਲਸੀਏ’ ਨਾਲ ਤਾਂ ਗੱਲ ਹੀ ਨਹੀਂ ਸੀ ਕੀਤੀ। ਮੈਂ ਤਾਂ ਉਹਦੇ ਅੰਦਰ ਬੈਠੇ ਕਿਸੇ ਅਸਲੋਂ ਨਿਆਰੇ ਬੰਦੇ ਨੂੰ ਮੁਖਾਤਬ ਹੋਇਆ ਸਾਂ! ਉਸ ਬੰਦੇ `ਤੇ ਇਤਬਾਰ ਕੀਤਾ ਜਾ ਸਕਦਾ ਸੀ ਜਿਹੜਾ ਹੋਰਨਾਂ ਵਾਸਤੇ ਉਸ ਦਿਨ ‘ਆਊਟ ਆਫ ਸਟੇਸ਼ਨ’ ਸੀ ਪਰ ਜਿਸ ਨੇ ਸਾਨੂੰ ਮਿਲਣ ਲਈ ਬੂਹੇ ਖੋਲ੍ਹ ਦਿੱਤੇ ਸਨ।
ਅਗਲੇ ਦਿਨ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਗੱਲ ਹੋਣ ਤੋਂ ਬਾਅਦ ਓਸੇ ਦਿਨ ਹੀ ਮਾਲਮੰਡੀ ‘ਸਾਹਿਬ’ ਦਾ ਫੋਨ ਆ ਗਿਆ ਸੀ। ਉਸ ਫੋਨ ਦੀ ਕਰਾਮਾਤ ਇਹ ਨਹੀਂ ਸੀ ਕਿ ਹਰਦੀਪ ਸਿੰਘ ਦੀ ਕੁੱਟ-ਮਾਰ ਬੰਦ ਹੋ ਗਈ ਸੀ, ਸਗੋਂ ਇਹ ਸੀ ਕਿ ਉਸ ਉਤੇ ਕੋਈ ਵੀ ਕੇਸ ਨਹੀਂ ਸੀ ਪਾਇਆ ਗਿਆ ਤੇ ਉਹਨੂੰ ਤੁਰੰਤ ਰਿਹਾ ਕਰ ਦੇਣ ਦਾ ਹੁਕਮ ਵੀ ਹੋ ਗਿਆ ਸੀ। ਇਹ ਤਾਂ ਸਾਡੀ ਸਭ ਦੀ ਕਲਪਨਾ ਤੋਂ ਬਾਹਰਾ ਵਾਪਰ ਗਿਆ ਸੀ। ਖੁਸ਼ੀ ਵਿੱਚ ਭਿੱਜ ਕੇ ਮੈਂ ਆਪਣੇ ਅੰਦਰ ਬੈਠੀ ਆਪਣੇ ਪਿੰਡ ਦੀ ਆਤਮਾ ਨੂੰ ਨਮਸਕਾਰ ਆਖੀ। ਅੱਜ ਮੈਨੂੰ ਅਹਿਸਾਸ ਹੋਇਆ ਕਿ ਹੋਰਨਾਂ ਰਿਸ਼ਤਿਆਂ ਤੋਂ ਵੀ ਕਿਤੇ ਵਧੇਰੇ ਬਲਵਾਨ ਆਪਣੀਆਂ ਜੜ੍ਹਾਂ ਦੀ ਰਿਸ਼ਤਗੀ ਹੁੰਦੀ ਹੈ! ਮਾਮੇ ਹਰਦੀਪ ਨਾਲ ਮੇਰੀ ਨਰਾਜ਼ਗੀ ਧੁਪ ਗਈ ਸੀ। ਮਹੀਨੇ ਕੁ ਬਾਅਦ ਮੈਂ ਉਨ੍ਹਾਂ ਦੀ ਬਹਿਕ `ਤੇ ਗਿਆ। ਦੋਵੇਂ ਮਾਮੇ ਤੇ ਮੈਂ ਬੜੇ ਸਾਲਾਂ ਬਾਅਦ ਇਕੱਠੇ ਮਿਲ-ਬੈਠੇ ਸਾਂ। ਮੈਂ ਜਾਨਣਾ ਚਾਹਿਆ ਕਿ ਉਸ ਤੋਂ ਬਾਅਦ ਪੁਲਿਸ ਨੇ ਕਦੀ ਤੰਗ ਤਾਂ ਨਹੀਂ ਕੀਤਾ?
ਵੱਡਾ ਮਾਮਾ ਪੁਰਾਣੇ ਅੰਦਾਜ਼ ਵਿੱਚ ਹੱਸਿਆ, “ਪੁਲਿਸ ਤਾਂ ਕਦੀ ਨਹੀਂ ਆਈ। ਪਰ ਸਾਡਾ ਖਾਲਸਾ ਝੋਨੇ `ਚੋਂ ਨਦੀਨ ਕੱਢਦੇ ਭਈਆਂ ਨੂੰ ਖਲੋਤਾ ਵੇਖ ਕੇ ‘ਪੁਲਿਸ ਆ ਗਈ! ਪੁਲਿਸ ਆ ਗਈ’ ਆਖਦਾ ਲੁਕਣ ਨੂੰ ਤੂੜੀ ਦੇ ਮੂਸਲਾਂ ਵੱਲ ਭੱਜਦੈ।”
ਅਸੀਂ ਰਲ ਕੇ ਹੱਸਣ ਲੱਗੇ। ਮਾਮੇ ਹਰਦੀਪ ਦਾ ਹਾਸਾ ਸਭ ਤੋਂ ਉਚਾ ਸੀ। ਉਸ ਨੂੰ ਫਿਰ ਤੋਂ ਮਖੌਲ ਸਹਿਣ ਦੀ ਜਾਚ ਆ ਗਈ ਸੀ।
ਵਰਿਆਮ ਸੰਧੂ


01/07/18
ਸੁਖਵਿੰਦਰ ਕੌਰ 'ਹਰਿਆਓ'

ਮਿੰਨੀ ਕਹਾਣੀ)
ਸੁੱਖ ਦਾ ਸਿਰਨਾਵਾਂ


ਨਸੀਬ ਕੌਰ ਦਾ ਇੱਕਲਾ-ਇੱਕਲਾ ਪੁੱਤਰ ਤੇਜੀ ਜਦੋਂ ਤੋਂ ਗੱਭਰੂ ਹੋਇਆ ਤਾਂ ਉਸ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ। ਸ਼ਰਾਬ ਪੀਂਦੇ ਰਹਿਣਾ, ਵਿਹਲਾ ਰਹਿ ਕੇ ਆਪਣੀ ਮਾਂ ਤੋਂ ਪੈਸੇ ਖੋਹ ਕੇ ਲੈ ਜਾਣਾ ਤੇ ਐਸ਼ਾਂ 'ਤੇ ਉੱਡਾ ਦੇਣਾ ਉਸ ਦਾ ਰੋਜ਼ ਦਾ ਕੰਮ ਹੋ ਗਿਆ ਸੀ। ਪੁੱਤਰ ਦੇ ਨਾ ਸੁਧਰਨ ਦੀ ਉਮੀਦ ਵਿੱਚ ਨਸੀਬ ਕੌਰ ਨੇ ਤੇਜੀ ਦਾ ਵਿਆਹ ਕਰ ਦਿੱਤਾ।
ਹੁਣ ਨੂੰਹ ਕੋਲ ਤਿੰਨ ਕੁ ਮਹੀਨਿਆਂ ਦੀ ਛੋਟੀ ਜਿਹੀ ਬੱਚੀ ਸੀ। ਬਸ ਤੇਜੀ ਦੇ ਉਹੀ ਹਾਲ ਹਿਲੇ ਸਨ। ਕੱਲ੍ਹ ਨੂੰ ਲੋਹੜੀ ਸੀ। ਜੀ ਨੇ ਲੋਹੜੀ 'ਤੇ ਪੀਣ ਖਾਤਿਰ ਸ਼ਹਿਰੋਂ ਮਹਿੰਗੀ ਸ਼ਰਾਬ ਲਿਆਉਣ ਲਈ ਆਪਣੀ ਮਾਂ ਤੋਂ ਪੈਸੇ ਮੰਗੇ। ਨਸੀਬ ਕੌਰ ਨੇ ਬਥੇਰਾ ਸਮਝਾਇਆ ਪਰ ਤੇਜੀ ਮਾਂ ਨੂੰ ਧੱਕਾ ਦੇ ਕੇ ਪੈਸੇ ਚੁੱਕ ਕੇ ਲੈ ਗਿਆ। ਉਸ ਦੀ ਨੂੰਹ ਨੇ ਨਸੀਬ ਕੌਰ ਨੂੰ ਉੱਠਾ ਕੇ ਮੰਜੇ 'ਤੇ ਬਿਠਾਇਆ ਤੇ ਰੋਂਦੀ ਦੇ ਹੰਝੂ ਪੂੰਝਦੀ ਨੇ ਗਲ਼ ਨਾਲ ਲਾਇਆ।
ਲੋਹੜੀ ਵਾਲੇ ਦਿਨ ਨਸੀਬ ਕੌਰ ਦੇ ਘਰੋਂ ਢੋਲ ਤੇ ਨੱਚਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਤੇਜੀ ਘਰ ਪਹੁੰਚਿਆ। "ਬੇਬੇ ਆ ਕੀ ਆ? ਹੁਣੇ ਤਾਂ ਕੁੜੀ ਨੇ ਜਨਮ ਲਿਆ ਫਿਰ ਲੋਹੜੀ ਕਾਹਦੀ!", ਤੇਜੀ ਨੇ ਹੈਰਾਨ ਹੋ ਕੇ ਕਿਹਾ।
"ਲੋਹੜੀ ਤੇ ਖੁਸ਼ੀਆਂ ਤਾਂ ਪੁੱਤ ਮੈਂ ਤੇਰੇ ਜਨਮ 'ਤੇ ਵੀ ਬੜੀਆਂ ਮਨਾਈਆਂ ਸੀ। ਪਰ ਇੱਕ ਦਿਨ ਵੀ ਤੂੰ ਸੁੱਖ ਨਾ ਦੇਖਣ ਦਿੱਤਾ। ਤੇਰੇ ਨਾਲੋਂ ਆ ਬੇਗਾਨੀ ਧੀ ਚੰਗੀ ਏ, ਜਿਹੜੀ ਸਹਾਰਾ ਦਿੰਦੀ ਆ। ਇਹ ਤਾਂ ਫਿਰ ਵੀ ਮੇਰੀ ਆਪਣੀ ਪੋਤੀ ਏ। ਬਥੇਰਾ ਸੁੱਖ ਦੇਊਗੀ। ਤੇਰੇ ਵਰਗੇ ਨਲਾਇਕ ਪੁੱਤਾਂ ਨਾਲੋਂ ਧੀਆਂ ਸੌ ਗੁਣੀ ਚੰਗੀਆਂ, ਜਿਹੜੀਆਂ ਨਸ਼ੇ ਤੇ ਐਸ਼ਾਂ ਖਾਤਿਰ ਮਾਵਾਂ ਨੂੰ ਕੁੱਟ ਕੇ ਨਹੀਂ ਜਾਂਦੀਆਂ। ਰੱਬ ਨਾ ਕਰੇ ਕਿਸੇ ਮਾਂ ਦੀ ਕੁੱਖੋਂ ਤੇਰਾ ਜਿਹਾ ਤੇਜੀ ਜਨਮ ਲਵੇ। ਮੈਨੂੰ ਤਾਂ ਰੱਬ ਨੇ ਧੀ ਨਹੀਂ ਦਿੱਤੀ, ਮੇਰੇ ਨਾਲੋਂ ਤੂੰ ਕਿਸਮਤ ਵਾਲਾ ਐਂ ਕਿ ਤੇਰੇ ਘਰ ਕੋਈ ਤੇਜੀ ਨਹੀਂ ਜੰਮਿਆ। ਮੈਂ ਤਾਂ ਪੁੱਤਾਂ ਨਾਲੋਂ ਵੱਧ ਕੇ ਲੋਹੜੀ ਮਨਾਊਗੀ ਪੋਤੀ ਦੀ। ਧੀਆਂ ਤਾਂ ਸੁੱਖ ਦਾ ਸਿਰਨਾਵਾਂ ਹੁੰਦੀਆਂ ਨੇ", ਨਸੀਬ ਕੌਰ ਨੇ ਕਿਹਾ ਤੇ ਤੇਜੀ ਨੀਵੀਂ ਪਾ ਕੇ ਪਰ੍ਹਾਂ ਨੂੰ ਤੁਰ ਗਿਆ।

- ਸੁਖਵਿੰਦਰ ਕੌਰ 'ਹਰਿਆਓ'
ਉੱਭਾਵਾਲ, ਸੰਗਰੂਰ

+91-8427405492


01/07/18
ਗਿਆਨੀ ਅਵਤਾਰ ਸਿੰਘ

ਨਵੇਂ ਸਾਲ ਦਾ ਧਰਮ ਨਾਲ ਸਬੰਧ

ਗਿਆਨੀ ਅਵਤਾਰ ਸਿੰਘ

ਕੁਦਰਤ ਦੇ ਨਿਯਮਾਂ ਮੁਤਾਬਕ ਹੁੰਦੇ ਮੌਸਮੀ ਬਦਲਾਅ ਨੂੰ ਮਨੁੱਖ ਨੇ ਆਪਣੀ ਸਹੂਲਤ ਲਈ ਇੱਕ ਸਾਲ (ਛੇ ਰੁੱਤਾਂ) ਦਾ ਸਮਾਂ ਲਗਭਗ 365/366 ਦਿਨਾਂ ’ਚ ਵੰਡ ਲਿਆ ਕਿਉਂਕਿ ਸੂਰਜ ਦੁਆਲੇ ਧਰਤੀ ਦਾ ਇੱਕ ਚੱਕਰ 365 ਦਿਨ 5 ਘੰਟੇ 48 ਮਿੰਟ ਤੇ 45 ਸੈਕੰਡ ਦਾ ਹੈ। ਧਰਤੀ ਦੇ ਇਸੇ ਚੱਕਰ ਨਾਲ਼ (ਸਾਲ ਭਰ) ਰੁੱਤਾਂ ਬਦਲਦੀਆਂ ਹਨ। ਛੇ ਰੁੱਤਾਂ ਦੇ ਇਸ ਬਦਲਾਅ ਉਪਰੰਤ ਇੱਕ ਹੋਰ ਨਵਾਂ ਸਾਲ ਆਰੰਭ ਹੋਣਾ, ਨਿਸ਼ਚਿਤ ਕੀਤਾ ਗਿਆ ਤਾਂ ਜੋ ਹਰ ਸਾਲ ਦਾ ਆਰਥਿਕ, ਸਮਾਜਿਕ, ਰਾਜਨੀਤਿਕ, ਆਦਿ ਨਫ਼ੇ-ਨੁਕਸਾਨ ਦੀ ਪੜਚੋਲ ਕਰਨੀ ਅਸਾਨ ਰਹੇ । ਮਨੁੱਖੀ ਲੋੜਾਂ ਨੂੰ ਪੂਰਾ ਕਰਨ ਲਈ ਤਿੰਨ ਦੁਨਿਆਵੀ ਕਿੱਤਿਆਂ (ਕਿਰਸਾਨੀ, ਵਪਾਰ ਤੇ ਨੌਕਰੀ) ਨੂੰ ਆਧਾਰ ਬਣਾਇਆ ਗਿਆ, ਇਸ ਤੋਂ ਇਲਾਵਾ ਇੱਕ ਚੌਥੇ ਕਿੱਤੇ ਭੀਖ ਮੰਗਣਾ, ਚੋਰੀ ਜਾਂ ਡਾਕਾ ਮਾਰਨ ਨੂੰ ਨਿਖਿੱਧ ਕਾਰਜ ਵੱਲੋਂ ਵੇਖਿਆ ਗਿਆ ਕਿਉਂਕਿ ਅਜਿਹਾ ਵਰਗ ਆਪ ਮਿਹਨਤ ਕਰਨ ਦੀ ਬਜਾਇ ਦੂਸਰੇ ਦੁਆਰਾ ਕੀਤੀ ਗਈ ਮਿਹਨਤ ਉੱਤੇ ਹੀ ਜ਼ਿਆਦਾ ਨਿਰਭਰ ਰਹਿੰਦਾ ਹੈ।

ਆਪਣੀ ਵਿਕਸਤ ਹੁੰਦੀ ਸੋਚ ਅਨੁਸਾਰ ਸਦੀਆਂ ਤੋਂ ਮਨੁੱਖ, ਆਪਣੇ ਕਿੱਤਿਆਂ ’ਚ ਵਾਧਾ (ਭਾਵ ਬਦਲਾਅ) ਕਰਦਾ ਆਇਆ ਹੈ, ਪਰ ਕੁਦਰਤੀ ਬਦਲਾਅ (ਨਿਯਮ) ਵਾਙ ਆਪਣੇ ਆਪ ’ਚ ਅੰਦਰੂਨੀ ਬਦਲਾਅ (ਸੁਧਾਰ) ਨਹੀਂ ਕਰ ਸਕਿਆ ਜਦ ਕਿ ਧਰਮ ਇਹ ਅਹਿਸਾਸ ਕਰਵਾਉਂਦਾ ਰਹਿੰਦਾ ਹੈ ਕਿ ਪਿਛਲਾ ਸਾਲ (ਜਾਂ ਦਿਨ) ਬੀਤ ਗਿਆ ਤੇ ਨਵਾਂ ਆ ਗਿਆ, ਬਦਲਿਆ ਕੀ ? ਧਰਮ, ਮਨੁੱਖ ਪਾਸੋਂ ਇਸ ਦਾ ਜਵਾਬ ਮੰਗਦਾ ਹੈ, ‘‘ਅਉਧ ਘਟੈ; ਦਿਨਸੁ ਰੈਣਾਰੇ ॥ ਮਨ ! ਗੁਰ ਮਿਲਿ, ਕਾਜ ਸਵਾਰੇ ॥੧॥ ਰਹਾਉ ॥’’ (ਸੋਹਿਲਾ ਗਉੜੀ/ਮ: ੫/੧੩)

ਸੰਸਾਰੀ ਸੋਚ ਤੇ ਨਿਰਾਕਾਰੀ ਸੋਚ (ਰੱਬੀ ਭਗਤ ਦੀ ਸੋਚ) ’ਚ ਬੁਨਿਆਦੀ ਅੰਤਰ ਇਹ ਹੈ ਕਿ ਸੰਸਾਰੀ ਮਨੁੱਖ ਦਾ ਲੇਖਾ-ਜੋਖਾ ਸਮਾਜਿਕ ਪੱਧਰ (ਨਿੱਜ-ਸੁਆਰਥ, ਪਰਿਵਾਰਕ ਤੇ ਸਮਾਜਿਕ) ਤੱਕ ਸੀਮਤ ਹੁੰਦਾ ਹੈ ਜਦ ਕਿ ਨਿਰਾਕਾਰੀ ਸੋਚ ਵਾਲ਼ਾ ਵਿਅਕਤੀ ਆਪਣੇ ਜੀਵਨ ਦੇ ਵਜੂਦ ਲਈ ਮਿਲੇ ਨਿਸ਼ਚਿਤ ਸਮੇਂ ’ਚ ਇਨ੍ਹਾਂ ਸੰਸਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਕੁਝ ਅਜਿਹਾ ਟੀਚਾ (ਜਿਵੇਂ ਕਿ ਕੁਦਰਤ ਦੇ ਰਚੇਤਾ ਦੀ ਹੋਂਦ ਨੂੰ ਸਵੀਕਾਰਨਾ) ਵੀ ਸਰ (ਫ਼ਤਿਹ) ਕਰਨਾ ਚਾਹੁੰਦਾ ਹੈ, ਜਿਸ ਉਪਰੰਤ ਉਸ ਦਾ ਦੁਨਿਆਵੀ ਸਫ਼ਰ ਇੱਕ ਆਦਰਸ਼ ਤੇ ਮਿਸਾਲ ਵਜੋਂ ਸਦੀਆਂ ਤੱਕ ਯਾਦ ਰੱਖਿਆ ਜਾ ਸਕੇ, ਪਰ ਅਜਿਹੀ ਜੀਵਨਸ਼ੈਲੀ, ਕਿਸੇ ਆਦਰਸ਼ ਜੀਵਨ (ਜਾਂ ਨਿਰਾਕਾਰ ਦੇ ਰੂਪ, ਗੁਰੂ, ਪੀਰ, ਪੈਗ਼ੰਬਰ) ਦੀ ਸਲਾਹ ਨੂੰ ਅਪਣਾਇਆਂ ਹੀ ਅਖ਼ਤਿਆਰ ਕੀਤੀ ਜਾ ਸਕਦੀ ਹੈ।

ਸੰਸਾਰੀ ਮਨੁੱਖ ਆਪਣੇ ਸੰਸਾਰਕ ਨਫ਼ੇ ਲਈ ਉਤਸ਼ਾਹਿਤ ਹੁੰਦਾ ਹੈ ਅਤੇ ਨੁਕਸਾਨ ਲਈ ਦੁਖੀ, ਜਦ ਕਿ ਧਰਮੀ ਵਿਅਕਤੀ ਰੱਬੀ ਯਾਦ ’ਚ ਉਤਸ਼ਾਹਿਤ ਹੁੰਦਾ ਹੈ, ਸਮਾਜਕ ਜੀਵਨ ’ਚ ਮਿਲੇ ਲਾਭ ਨੂੰ ਉਸ ਦੀ ਰਹਿਮਤ ਤੇ ਸਮਾਜਿਕ ਦੁੱਖਾਂ ਨੂੰ ਉਸ ਦੀ ਰਜ਼ਾ ਸਮਝ ਕੇ ਹੌਸਲਾ ਬਣਾਏ ਰੱਖਦਾ ਹੈ ਭਾਵ ਕੁਦਰਤ ਦੇ ਰਚੇਤਾ ਜਾਂ ਆਪਣੇ ਮਾਲਕ ਦੇ ਪ੍ਰੇਮ ’ਚ ਕੋਈ ਕਮੀ ਨਹੀਂ ਆਉਣ ਦਿੰਦਾ। ਸੰਸਾਰਕ ਦੁੱਖਾਂ ਨੂੰ ਕੇਵਲ ਆਪਣੇ ਮਾਲਕ ਵੱਲੋਂ ਮਿਲੀ ਪਰਖ-ਕਸੌਟੀ ਸਮਝਦਾ ਹੈ, ਜਿੱਥੇ ਡੋਲਣਾ ਜਾਂ ਅਡੋਲਤਾ ਹੀ ਚੁਨੌਤੀ ਹੁੰਦੀ ਹੈ।

ਰੱਬੀ ਭਗਤ ਦਾ ਲੁਕਾਈ ਹਿਤਕਾਰੀ ਆਦਰਸ਼ ਜੀਵਨ ਹੋਣ ਦੇ ਬਾਵਜੂਦ ਵੀ ਦੁਨੀਆ ਦੇ ਇਤਿਹਾਸ ’ਚ ਸਮਾਜਿਕ ਜੀਵਨ ਬਤੀਤ ਕਰਨ ਦੇ ਮੁਕਾਬਲੇ ਧਰਮੀ ਜੀਵਨ ਬਤੀਤ ਕਰਨ ਨੂੰ ਵਧੇਰੇ ਕਠਨਾਈ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦੇ ਦੋ ਹੀ ਮੁੱਖ ਕਾਰਨ ਹੁੰਦੇ ਹਨ :

(1). ਸਮਾਜਿਕ ਵਿਅਕਤੀ ਨਿੱਜ ਲਈ ਅਤੇ ਧਰਮੀ ਵਿਅਕਤੀ ਸਮਾਜ ਲਈ ਜਿਊਂਦਾ ਹੈ ਭਾਵ ਸੰਸਾਰੀ ਵਿਅਕਤੀ ਆਪਣੇ ਨਫ਼ੇ ਲਈ ਸਮਾਜ ਨਾਲ਼ ਬੇਇਨਸਾਫ਼ੀ ਕਰ ਸਕਦਾ ਹੈ ਪਰ ਧਰਮੀ ਵਿਅਕਤੀ ਸਮਾਜਿਕ ਨਫ਼ੇ ਲਈ ਆਪਣਾ ਨੁਕਸਾਨ ਕਰਵਾਉਣ ਨੂੰ ਤਰਜੀਹ ਦਿੰਦਾ ਹੈ, ਜਿਸ ਨੂੰ ਪਰਉਪਕਾਰਤਾ ਦਾ ਨਾਂ ਦਿੱਤਾ ਗਿਆ ਹੈ। ਗੁਰਮਤਿ ਅਨੁਸਾਰ ਇਹ ‘ਪੀਰੀ’ ਵਿਸ਼ਾ ਅਖਵਾਉਂਦਾ ਹੈ।

(2). ਸਮਾਜਿਕ ਵਿਅਕਤੀ, ਧਰਮੀ ਵਿਅਕਤੀ ਬਣਨ ਦਾ ਢੌਂਗ (ਪਖੰਡ) ਕਰਦਾ ਹੈ ਜਦ ਕਿ ਧਰਮੀ ਵਿਅਕਤੀ, ਉਸ ਦੇ ਇਸ ਪਾਜ (ਦੰਭ) ਨੂੰ ਨੰਗਾ ਕਰਦਾ ਰਹਿੰਦਾ ਹੈ। ਗੁਰਮਤਿ ਅਨੁਸਾਰ ਇਹ ‘ਮੀਰੀ’ ਵਿਸ਼ਾ ਅਖਵਾਉਂਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਆਮ ਮਨੁੱਖਾ ਸੋਚ ਨੂੰ ਵਿਕਸਤ ਕਰਨ ਲਈ, ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧/੧੪੧੨) ਰਾਹੀਂ ਆਪਣੀ ਆਵਾਜ਼ ਬੁਲੰਦ ਕੀਤੀ, ਗੁਰੂ ਅਰਜਨ ਸਾਹਿਬ ਜੀ ਨੇ, ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ॥’’ (ਮ: ੫/੧੧੦੨) ਫ਼ੁਰਮਾਇਆ ਅਤੇ ਬਾਬਾ ਕਬੀਰ ਜੀ ਨੇ ਇਨ੍ਹਾਂ ਵਚਨਾਂ ਰਾਹੀਂ ਸੁਆਰਥੀ ਸੋਚ ਤੋਂ ਉੱਪਰ ਉੱਠਣ ਲਈ ਵੰਗਾਰਿਆ, ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫), ਆਦਿ।

ਕੇਵਲ ਸਮਾਜਿਕ ਜੀਵਨ, ਬੇਸ਼ੱਕ ਉਸ ਦੀ ਬਾਹਰੋਂ ਕੁਝ ਖ਼ੁਸ਼ੀ ਵੀ ਵਿਖਾਈ ਦਿੰਦੀ ਹੋਵੇ, ਇੱਕ ਰੋਗ ਹੈ, ਪਰ ਇਸ ਦੀ ਉਸ ਨੂੰ ਸਮਝ ਨਹੀਂ ਤਾਂ ਜੋ ਇਸ ਰੋਗ ਦਾ ਇਲਾਜ ਕਰ ਸਕੇ ਜਦ ਕਿ ਇਸ ਦੇ ਮੁਕਾਬਲੇ ਧਰਮੀ ਜੀਵਨ ਇੱਕ ਅਰੋਗ (ਅੰਦਰੂਨੀ ਜ਼ਖ਼ਮ ਰਹਿਤ) ਜ਼ਿੰਦਗੀ ਹੁੰਦੀ ਹੈ, ਜਿਸ ਉੱਤੇ ਕੁਦਰਤੀ ਬਦਲਾਅ (ਸਮੇਂ) ਦਾ ਵੀ ਬਹੁਤਾ ਪ੍ਰਭਾਵ ਨਹੀਂ ਪੈਂਦਾ। ਗੁਰੂ ਅਮਰਦਾਸ ਜੀ, ਜੋ ਆਪ ਵਡੇਰੀ ਸਰੀਰਕ ਉਮਰ ਭੋਗ ਚੁੱਕੇ ਸਨ, ਨੇ ਆਪਣੇ ਜੀਵਨ ਤਜਰਬੇ ਦੇ ਅਨੁਭਵ ਇਉਂ ਵਿਅਕਤ ਕੀਤੇ, ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥’’ (ਮ: ੩/੧੪੧੮)

ਰੋਗੀ ਜੀਵਨ ਤੋਂ ਰੋਗ ਰਹਿਤ (ਸੁਚੇਤ) ਜੀਵਨ ਕਰਨ ਲਈ ਸਮਾਜਿਕ ਮਨੁੱਖਾ ਜੀਵਨ ਦੀਆਂ ਕੁਝ ਊਣਤਾਈਆਂ ਨੂੰ ਸਮਝਣਾ ਅਤਿ ਜ਼ਰੂਰੀ ਹੈ। ਸੰਸਾਰ ’ਚ (ਭਾਵ ਉਕਤ ਤਿੰਨੇ ਕਿੱਤਿਆਂ ’ਚ) ਤਿੰਨ ਪ੍ਰਕਾਰ ਦੀ ਮਨੁੱਖਾ ਸੋਚ ਕਾਰਜਸ਼ੀਲ ਹੈ :

(1). ਜਿਸ ਨੂੰ ਵੰਸ਼ਜ (ਸੰਸਕਾਰਾਂ) ’ਚੋਂ ਮਿੱਟੀ ਮਿਲੀ ਹੋਵੇ ਤੇ ਉਸ ਨੂੰ ਉਸ ਨੇ ਆਪਣੇ ਪੂਰੇ ਜੀਵਨ ’ਚ (ਮਿੱਟੀ ਹੀ) ਸੰਭਾਲ਼ ਕੇ ਰੱਖਿਆ ਹੋਵੇ।

(2). ਜਿਸ ਨੂੰ ਵਿਰਸੇ ’ਚੋਂ ਮਿੱਟੀ ਮਿਲੀ ਹੋਵੇ ਤੇ ਉਸ ਨੂੰ ਉਸ ਨੇ ਆਪਣੇ ਪੂਰੇ ਜੀਵਨ ’ਚ ਸੋਨਾ ਬਣਾ ਦਿੱਤਾ ਹੋਵੇ।

(3). ਜਿਸ ਨੂੰ ਵੰਸ਼ਜ ’ਚੋਂ ਸੋਨਾ ਮਿਲਿਆ ਹੋਵੇ ਤੇ ਉਸ ਨੇ ਉਸ ਨੂੰ ਆਪਣੇ ਪੂਰੇ ਜੀਵਨ ਕਾਲ ’ਚ ਮਿੱਟੀ ਬਣਾ ਦਿੱਤਾ ਹੋਵੇ।

ਉਕਤ ਨੰਬਰ ਇੱਕ ਵਿਅਕਤੀ ਪਾਸ ਆਪਣੇ ਜੀਵਨ ਦੌਰਾਨ ਗੁਆਉਣ ਨੂੰ ਕੁਝ ਬਚਿਆ ਹੀ ਨਹੀਂ ਹੁੰਦਾ ਭਾਵ ਮਿੱਟੀ ਮਿਲੀ ਸੀ, ਜੋ ਉਸ ਨੇ ਪੂਰਨ ਸੰਭਾਲ਼ ਕੇ ਰੱਖੀ, ਨੰਬਰ ਦੋ ਵਿਅਕਤੀ, ਜਿਸ ਨੇ ਵਿਰਸੇ ’ਚ ਮਿਲੀ ਮਿੱਟੀ ਨੂੰ ਸੋਨੇ ’ਚ ਤਬਦੀਲ ਕੀਤਾ, ਉਹ ਬੰਦਾ ਸਮਾਜਿਕ ਜੀਵਨ ’ਚ ਬਹੁਤਾ ਨੁਕਸਾਨਦੇਹ ਨਹੀਂ ਹੁੰਦਾ ਭਾਵ ਉਸ ਉੱਤੇ ਮਿੱਟੀ ਨੂੰ ਸੋਨਾ ਬਣਾਉਣ ਲਈ ਕੋਈ ਬਾਹਰੀ ਦਬਾਅ ਨਹੀਂ ਹੁੰਦਾ ਤਾਂ ਜੋ ਉਹ ਜੀਵਨ ’ਚ ਝੂਠ-ਫ਼ਰੇਬ ਦਾ ਸਹਾਰਾ ਲਵੇ, ਸਮਾਜ ਨੂੰ ਧੋਖਾ ਦੇਵੇ।

ਉਕਤ ਨੰਬਰ ਤਿੰਨ ਵਾਲ਼ਾ ਵਿਅਕਤੀ, ਜਿਸ ਨੂੰ ਵਿਰਸੇ ’ਚ ਸੋਨਾ ਮਿਲਿਆ ਸੀ ਤੇ ਉਸ ਦੀ ਅਸਫਲਤਾ ਕਾਰਨ ਉਹ ਦਿਨ ਬਦਿਨ (ਦਿਨੋ-ਦਿਨ) ਮਿੱਟੀ ਬਣ ਰਿਹਾ ਹੁੰਦਾ ਹੈ ਤੇ ਸਮਾਜ, ਉਸ ਪਾਸੋਂ ਇਸ ਦਾ ਕਾਰਨ ਪੁੱਛਦਾ ਹੈ, ਆਪਣੀ ਮੂਰਖਤਾ ਨੂੰ ਛੁਪਾਉਣ ਲਈ ਉਹ ਛਲ-ਕਪਟ ਦਾ ਸਹਾਰਾ ਲੈਂਦਾ ਹੈ; ਜਿਵੇਂ ਕਿ ਇਹ ਨੁਕਸਾਨ ਮੇਰੀ ਪਤਨੀ ਕਾਰਨ ਹੋਇਆ, ਇਹ ਨੁਕਸਾਨ ਮੇਰੇ ਬੱਚੇ ਕਾਰਨ ਹੋਇਆ, ਇਹ ਨੁਕਸਾਨ ਮੇਰੀ ਮਾਤਾ ਕਾਰਨ ਹੋਇਆ, ਇਹ ਨੁਕਸਾਨ ਮੇਰੇ ਪਤੀ ਕਾਰਨ ਹੋਇਆ, ਧਰਮੀ ਬਣਨ ਲਈ ਅਜੇ ਮੇਰੀ ਉਮਰ ਨਹੀਂ, ਵਗ਼ੈਰਾ-ਵਗ਼ੈਰਾ ਭਾਵ ਉਹ ਆਪਣੀ ਹਰ ਅਸਫਲਤਾ ਦਾ ਕਾਰਨ ਆਪਣੀ ਸੋਚ ਨੂੰ ਨਹੀਂ ਮੰਨਦਾ। ਅਜਿਹੇ ਵਿਅਕਤੀ ਆਮ ਤੌਰ ’ਤੇ ਉਕਤ ਤਿੰਨੇ ਸਮਾਜਿਕ ਕਿੱਤਿਆਂ ਨੂੰ ਨਹੀਂ ਕਰਦੇ ਹੁੰਦੇ ਭਾਵ ਚੌਥੇ ਕਿੱਤੇ ਨੂੰ ਪਿਆਰ ਕਰਦੇ ਹਨ, ਜਿਸ ਵਿੱਚ ਧਾਰਮਿਕ ਪਾਖੰਡੀ-ਲਿਬਾਸ ਵੀ ਆਉਂਦਾ ਹੈ।

ਸਮਾਜ ਦੀ ਰਹਿਨੁਮਾਈ ਕਰਨ ਵਾਲ਼ੇ ਅਜੋਕੇ ਰਾਜਨੀਤਿਕ ਲੀਡਰ, ਜਿਨ੍ਹਾਂ ਨੇ ਆਪਣੀ ਸੋਚ ਰਾਹੀਂ ਸਮਾਜ ਉੱਤੇ ਰਾਜ ਕਾਇਮ ਕਰਨਾ ਹੁੰਦਾ ਹੈ, ਦੁਆਰਾ ਲਗਾਏ ਜਾਂਦੇ ਦਿਨ ਪ੍ਰਤਿਦਿਨ ਧਰਨਿਆਂ ਲਈ ਉਕਤ ਤਿੰਨੇ ਕਿੱਤਿਆਂ (ਕਿਰਸਾਨੀ, ਨੌਕਰੀ ਤੇ ਵਪਾਰ) ਦੇ ਲੋਕ ਸਮਾਂ ਨਹੀਂ ਨਿਕਾਲ ਸਕਦੇ ਅਤੇ ਅਜਿਹੇ ਜ਼ਿਆਦਾਤਰ ਜਜ਼ਬਾਤੀ ਕਾਰਜਾਂ ਲਈ ਚੌਥੇ ਕਿੱਤੇ ਵਾਲ਼ੇ ਲੋਕ ਹੀ ਵਿਹਲੇ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਦਾ ਹਰਾਮ (ਗੁਨਾਹ) ਵੀ ਹਲਾਲ (ਧਰਮ ਅਨੁਸਾਰ ਜਾਇਜ਼) ਬਣ ਜਾਂਦਾ ਹੈ। ਅਗਰ ਇਉਂ ਸਮਝ ਲਿਆ ਜਾਏ ਕਿ ਜ਼ਿਆਦਾਤਰ ਚੌਥੇ ਕਿੱਤੇ ਵਾਲ਼ੇ ਹੀ ਤਿੰਨੇ ਕਿੱਤਿਆਂ ਵਾਲ਼ੇ ਲੋਕਾਂ ’ਤੇ ਰਾਜ ਕਰਦੇ ਹਨ ਤਾਂ ਅਤਿਕਥਨੀ ਨਹੀਂ ਹੋਵੇਗੀ।

ਇੱਥੇ ਇਹ ਪੱਖ ਸ਼ਾਮਲ ਕਰਨਾ ਵੀ ਵਿਸ਼ੇ ਦੀ ਸਪੱਸ਼ਟਤਾ ਲਈ ਲਾਭਕਾਰੀ ਰਹੇਗਾ ਕਿ ਹਰਾਮ ਨੂੰ ਹਲਾਲ ਬਣਾਉਣ ਵਾਲ਼ੀ ਨਿਖਿੱਧ ਸੋਚ ਪਾਸ ਇੱਕ ਦਿਨ ਰਾਜਨੀਤਿਕ ਸ਼ਕਤੀ ਆਉਣ ਦੀ ਉਮੀਦ ਲਗਾਈ ਬੈਠਾ ਕਿਰਤੀ ਮਨੁੱਖ ਵੀ ਇਨ੍ਹਾਂ ਲਈ ਜਾਣੇ-ਅਣਜਾਣੇ ’ਚ ਪ੍ਰਧਾਨ ਸਾਹਿਬ ! ਜਥੇਦਾਰ ਸਾਹਿਬ ! ਆਦਿ ਲਕਬ ਵਰਤਣਾ ਸ਼ੁਰੂ ਕਰ ਦਿੰਦਾ ਹੈ, ਜਿਸ ਰਾਹੀਂ ਇਹ ਨਿਖਿੱਧ, ਆਪਣੀ ਅਸਫਲਤਾ ਛੁਪਾ ਕੇ ਸਫਲ ਜ਼ਿੰਦਗੀ ਪੇਸ਼ ਕਰਨ ’ਚ ਕਾਮਯਾਬ ਹੋ ਜਾਂਦੇ ਹਨ । ਅਜਿਹੇ ਅਘੜ ਜੀਵਨ ਉੱਤੇ ਕੋਈ ਅੰਮ੍ਰਿਤਮਈ ਗੁਰੂ ਵਚਨ ਵੀ ਅਸਰ ਨਹੀਂ ਕਰਦਾ, ਸਗੋਂ ਇਹ ਲੋਕ ਗੁਰੂ ਵਚਨ ਦੇ ਅਰਥ ਵੀ ਆਪਣੀ ਸੋਚ ਮੁਤਾਬਕ ਬਣਾ ਕੇ ਭੋਲ਼ੀ-ਭਾਲ਼ੀ ਜਨਤਾ ਨੂੰ ਗੁਮਰਾਹ ਕਰ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਵਾ ਜਾਂਦੇ ਹਨ।

ਗੁਰੂ ਨਾਨਕ ਸਾਹਿਬ ਜੀ ਨੇ, ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥’’ (ਮ: ੧/੧੨੪੫) ਵਚਨ ਕੀਤੇ ਹੋਣ ਕਾਰਨ ਜ਼ਰੂਰੀ ਹੈ ਕਿ ਗੁਰੂ ਦੇ ਸੱਚੇ ਸਿੱਖ ਅਤੇ ਉਕਤ ਨਿਖਿੱਧ, ਸੁਆਰਥੀ ਤੇ ਛਲ-ਕਪਟੀ ਸੋਚ ਵਿੱਚ ਟਕਰਾਅ ਹੋਣਾ ਸੁਭਾਵਕ ਹੈ, ਜੋ ਬਾਬਰ ਦੁਆਰਾ ਭਾਰਤ ਉੱਤੇ ਕੀਤੇ ਗਏ ਹਮਲਿਆਂ ਤੋਂ ਸਿੱਖਾਂ ਨਾਲ਼ ਹੁੰਦੇ ਸੰਘਰਸ਼ ਦੀ ਦਾਸਤਾਨ (ਕਹਾਣੀ) ਜੁੜੀ ਰਹੀ ਹੈ।

ਹਰ ਕੌਮ ਦਾ ਕੇਂਦਰੀ (ਸਾਂਝਾ) ਸਿਧਾਂਤ ਤੇ ਉਸ ਉੱਤੇ ਪਹਿਰਾ ਦੇ ਕੇ ਸਿਰਜਿਆ ਗਿਆ ਆਪਣਾ ਨਿਵੇਕਲ਼ਾ (ਅਨੋਖਾ) ਇੱਕ ਇਤਿਹਾਸ ਹੁੰਦਾ ਹੈ, ਜਿਸ ਨੂੰ ਆਧਾਰ ਬਣਾ ਕੇ ਆਪ ਸੇਧ ਲੈਣੀ ਤੇ ਲੁਕਾਈ ਨੂੰ ਇਸ ਦੀ ਵਿਲੱਖਣਤਾ ਬਾਰੇ ਸਮਝਾਉਣਾ ਹੁੰਦਾ ਹੈ । ਸਿਧਾਂਤ ਅਤੇ ਇਤਿਹਾਸ ਦੀ ਇਹ ਅਟੁੱਟ ਲੜੀ ਨੂੰ ਆਪਣੇ ਵੰਸ਼ਜ ਤੱਕ ਹੂ-ਬਹੂ ਪਹੁੰਚਾਉਣ ਲਈ ਮਾਸਿਕ ਦਿਹਾੜੇ (ਪ੍ਰੋਗਰਾਮ) ਨਿਰਧਾਰਿਤ ਕੀਤੇ ਜਾਂਦੇ ਹਨ, ਜੋ ਹਰ ਨਵੇਂ ਸਾਲ ’ਚ ਆਉਂਦੇ ਰਹਿੰਦੇ ਹਨ। ਬੱਚਿਆਂ ਲਈ ਸਕੂਲਾਂ ’ਚ ਪਾਠਕ੍ਰਮ ਰਾਹੀਂ ਵੀ ਇਹੀ ਇਤਿਹਾਸ ਤੇ ਇਤਿਹਾਸਕ ਦਿਹਾੜਿਆਂ ਦੀ ਅਹਿਮੀਅਤ ਬਾਰੇ ਦੱਸਿਆ ਜਾਂਦਾ ਹੈ, ਜੋ ਬੱਚਿਆਂ ਦੇ ਕੋਮਲ ਦਿਮਾਗ਼ ’ਤੇ ਅਸਾਨੀ ਨਾਲ਼ ਆਪਣਾ ਪ੍ਰਭਾਵ ਪਾ ਜਾਂਦੇ ਹਨ ਭਾਵ ਜ਼ਬਾਨੀ ਕੰਠ ਹੋ ਜਾਂਦੇ ਹਨ। ਗੁਰੂ ਸਿਧਾਂਤ ਤੇ ਸਿੱਖ ਇਤਿਹਾਸ ਮਹਾਨ ਕੁਰਬਾਨੀਆਂ ਦੇ ਕੇ ਸਿਰਜਣਾ, ਸਿਧਾਂਤ ’ਚ ਅਲੌਕਿਕ ਸ਼ਕਤੀ ਤੇ ਸਿਰਜਣ ਵਾਲ਼ਿਆਂ ’ਚ ਅਥਾਹ ਸਮਰਪਿਤ ਭਾਵਨਾ ਨੂੰ ਪ੍ਰਗਟਾਉਂਦਾ ਹੈ।

ਗੁਰੂ ਦੇ ਅਜੋਕੇ ਸਿੱਖ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਦਿਮਾਗ਼ੀ ਵਿਕਾਸ ਨੂੰ ਨਾਪਣ (ਚੈੱਕ ਕਰਨ) ਲਈ ਕੋਈ ਨਾ ਕੋਈ ਸਵਾਲ ਸਿਧਾਂਤਕ ਜਾਂ ਇਤਿਹਾਸ ਬਾਰੇ ਪੁੱਛਦਾ ਰਹੇ; ਜਿਵੇਂ ਕਿ ਆਪਣਾ ਦੇਸ਼ ਅਜ਼ਾਦ ਕਦੋਂ ਹੋਇਆ ?, ਮਹਾਤਮਾ ਗਾਂਧੀ ਦਾ ਜਨਮ ਦਿਨ ਕਦੋਂ ਹੈ ?, ਕ੍ਰਿਸਮਸ ਡੇ ਕਦ ਆਵੇਗਾ ? ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤਾਰੀਖ਼ ਕਦੋਂ ਆਉਂਦੀ ਹੈ ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿਹੜੀ ਮਿਤੀ ਅਤੇ ਕਿਹੜੇ ਮਹੀਨੇ ’ਚ ਹੁੰਦਾ ਹੈ ?, ਆਦਿ।

ਅਗਰ ਸਿੱਖ ਬੱਚਾ ਹੋ ਕੇ ਵੀ ਅੰਤਮ ਦੋ ਸਵਾਲਾਂ ਦਾ ਜਵਾਬ ਨਾ ਦੇ ਸਕੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਵੋਟ ਸ਼ਕਤੀ ਨਾਲ਼ ਉਕਤ ਚੌਥੇ ਕਿੱਤੇ ਨਾਲ਼ ਸੰਬੰਧਿਤ ਜ਼ਿਆਦਾਤਰ ਨਿਖਿੱਧ ਵਿਅਕਤੀ ਸਾਡੇ ਲੀਡਰ ਬਣ ਗਏ ਹਨ, ਜੋ ਕੌਮੀ ਸਿਧਾਂਤ ਅਤੇ ਸੁਨਹਿਰੇ ਸਿੱਖ ਇਤਿਹਾਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜੋਕੇ ਤਕਨੀਕੀ ਯੁੱਗ ’ਚ ਰੁਕਾਵਟ ਬਣਦੇ ਜਾ ਰਹੇ ਹਨ।

ਨਵਾਂ ਸਾਲ ਈਸਵੀ ਸੰਨ ਹੋਣ ਕਾਰਨ ਈਸਾ ਮਸੀਹ ਜੀ ਨਾਲ਼ ਸੰਬੰਧਿਤ ਵਰ੍ਹਾ ਹੈ; ਜਿਵੇਂ ਕਿ ਹਿਜ਼ਰੀ ਸੰਨ, ਮੁਹੰਮਦ ਹਜ਼ਰਤ ਸਾਹਿਬ ਦੇ ਮੱਕਿਉਂ, ਮਦੀਨੇ ਜਾਣ ਦੇ ਦਿਨ 16 ਜੁਲਾਈ 622 ਈਸਵੀ ਤੋਂ ਸ਼ੁਰੂ ਹੁੰਦਾ ਹੈ। ਆਪਣੇ ਕੌਮੀ ਸਿਧਾਂਤ ਰਾਹੀਂ ਸੁਚੇਤ ਹੋਈਆਂ ਕੌਮਾਂ ਆਪਣੇ ਇਤਿਹਾਸ ’ਚ ਪਈ ਦੁਬਿਧਾ ਨੂੰ ਸਮਾਂ ਰਹਿੰਦੇ ਖ਼ਤਮ ਕਰਨ ’ਚ ਕਾਮਯਾਬ ਹੋ ਜਾਂਦੀਆਂ ਹਨ ਪਰ ਕੌਮ ਦੀ ਅਗਵਾਈ ਕਰ ਰਹੀ ਨਿਖਿੱਧ ਸੋਚ ਲਈ ਕੌਮੀ ਸਿਧਾਂਤ ਦੀ ਰੱਖਿਆ ਕਰਨ ਨਾਲੋਂ ਲੋਕਤੰਤਰੀ ਢਾਂਚੇ ’ਚ ਵੋਟ ਸ਼ਕਤੀ ਵਧੇਰੇ ਅਹਿਮੀਅਤ ਰੱਖਦੀ ਹੈ ਅਤੇ ਹਰ ਕੌਮ ’ਚ ਜਾਗਰੂਕਾਂ ਦੇ ਮੁਕਾਬਲੇ ਨਾਸਮਝ ਜਨਤਾ ਦੀ ਵੋਟ ਵਧੇਰੇ ਮਿਲ ਜਾਂਦੀ ਹੈ।

ਗੁਰੂ ਇਤਿਹਾਸ ’ਚ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ (1469 ਈ.) ਤੋਂ ਦੂਸਰੇ ਪਾਤਿਸ਼ਾਹ ਜੀ ਨੂੰ ਗੁਰਗੱਦੀ ਦੇਣ ਤੱਕ (1539 ਈ. ਨੂੰ) ਸਿੱਖਾਂ ਦੀ ਗਿਣਤੀ ਕੁਝ ਇਤਹਾਸਕਾਰਾਂ ਮੁਤਾਬਕ 3 ਕਰੋੜ ਸੀ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਜੀ ਆਪ ਬਿਆਨ ਕਰਦੇ ਹਨ ਕਿ ਸਿਧਾਂਤਕ ਲੋਕ ਵਿਰਲੇ ਹੁੰਦੇ ਹਨ, ‘‘ਹੈਨਿ ਵਿਰਲੇ; ਨਾਹੀ ਘਣੇ..॥’’ (ਮ: ੧/੧੪੧੧)

ਹੁਣ ਅਗਰ ਵਿਚਾਰੀਏ ਕਿ ਜੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ ਵੋਟ ਗਿਣਤੀ ਰਾਹੀਂ ਪ੍ਰਾਪਤ ਹੁੰਦੀ ਸ਼ਕਤੀ ਨਾਲ਼ ਕੋਈ ਸਿਧਾਂਤਕ ਤਬਦੀਲੀ ਕਰਨੀ ਜ਼ਰੂਰੀ ਹੁੰਦੀ ਤਾਂ ‘‘ਹੈਨਿ ਵਿਰਲੇ’’ ਕਿਵੇਂ ਕਰ ਸਕਦੇ ਸਨ ?

ਨਿਤਨੇਮ ’ਚ ‘ਜਪੁ’ ਬਾਣੀ ਰਾਹੀਂ ਰੋਜ਼ਾਨਾ ਪੜ੍ਹਦੇ ਹਾਂ ਕਿ ਸਿਧਾਂਤਕ ਜੀਵਨ ਕਦੇ ਧੋਖਾ ਨਹੀਂ ਖਾਂਦੇ ‘‘ਨਾ ਓਹਿ ਮਰਹਿ; ਨ ਠਾਗੇ ਜਾਹਿ ॥’’ ਫਿਰ ਕੀ ਕਾਰਨ ਹੈ ਕਿ ਅਸੀਂ ਗ਼ਲਤ ਬੰਦਿਆਂ ਹੱਥ ਧਰਮ ਦਾ ਵਿਕਾਸ ਦੇ ਕੇ ਨੁਕਸਾਨ ਖਾ ਜਾਂਦੇ ਹਾਂ।

ਧਰਮ ਦੀ ਦੁਨੀਆ ’ਚ ‘‘ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ; ਹਰਿ ਸਿਮਰਤ ਅਮਰ ਅਟਾਰੇ ॥’’ (ਮ: ੫/੯੯੯) ਭਾਵ ਪੰਜ ਸਾਲ ਦਾ ਧਰੂ ਭਗਤ ਵੀ ਅਮਰ ਪਦਵੀ ਪਾ ਸਕਦਾ ਹੈ ਤੇ ਸੰਸਾਰਕ ਜੀਵਨ ’ਚ ਬੁਝਦਿਲ ਬਣ ਸੱਪ ਵਾਙ ਸੌ ਸਾਲ ਦੀ ਲੰਮੀ ਉਮਰ ਭੋਗਣੀ ਵੀ ਵਿਅਰਥ ਹੋ ਸਕਦੀ ਹੈ, ‘‘ਬਿਨੁ ਸਿਮਰਨ; ਜੈਸੇ ਸਰਪ ਆਰਜਾਰੀ ॥’’ (ਮ: ੫/੨੩੯)

ਸੋ, ਨਵਾਂ ਸਾਲ ਮਨਾਉਣ ਸਮੇਂ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਂ ’ਤੇ ਰੱਖਿਆ ਗਿਆ ਕੁਦਰਤੀ ਸਮੇਂ ਦੀ ਦਰੁਸਤ ਵੰਡ ਕਰਨ ਵਾਲ਼ਾ ‘ਨਾਨਕਸ਼ਾਹੀ ਕੈਲੰਡਰ’, ਜਿਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ, ਜੋ ਕਿ ਹਰ ਸਾਲ 5 ਜਨਵਰੀ ਨੂੰ ਆਉਂਦਾ ਹੈ, ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ, ਕੌਣ ਲੋਕ ਹਨ ਅਤੇ ਕਿਸ ਕਾਰਨ ਵਿਰੋਧ ਕਰ ਰਹੇ ਹਨ ?{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.