.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1015)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Gurmit Singh Barsal (San jose, US)
ਅੱਕਿਆ `ਵਾ ਜੱਟ ਸਲਫਾਸ ਖਾ ਗਿਆ ।
,,,,,,,,,,,,,,,,,,,,,,,,,,,,,
ਘੁੰਡੀਆਂ `ਚੋਂ ਵਾਰ ਵਾਰ ਦਾਣੇ ਛਾਣਕੇ ।
ਤੂੜੀ ਵਾਲੇ ਖੇਤ ਪੱਕੀ ਰਾਖੀ ਠਾਣਕੇ ।
ਦਾਣੇ ਲੈਕੇ ਜੱਟ ਜਦੋਂ ਮੰਡੀ ਆ ਗਿਆ ।
ਆੜਤੀਆ ਜਾਣੇ ਮਿਥ ਬੋਲੀ ਲਾ ਗਿਆ ।
ਆਫਤਾਂ `ਚ ਫਸਲ ਜੋ ਪਾਲੀ ਜੱਟ ਨੇ ।
ਪਿਛਲੇ ਹਿਸਾਬਾਂ `ਚ ਗਵਾਲੀ ਜੱਟ ਨੇ ।
ਲੋੜਾਂ ਵਾਲੀ ਪਰਚੀ ਜੋ ਘਰੋਂ ਆਈ ਸੀ ।
ਹਰ ਸਾਲ ਵਾਂਗੂ ਜਾਣਕੇ ਗਵਾਈ ਸੀ ।
ਭੁੱਖੇ ਢਿੱਡ ਤੁਰ ਮੁੜ ਪਿੰਡ ਆ ਗਿਆ ।
ਅੱਕਿਆ `ਵਾ ਜੱਟ ਸਲਫਾਸ ਖਾ ਗਿਆ ।।

ਬੈਂਕ ਵਾਲਾ ਕਰਜਾ ਨਾ ਮੋੜ ਸਕਿਆ ।
ਮੂਲ ਦਾ ਵਿਆਜ ਵੀ ਨਾ ਜੋੜ ਸਕਿਆ ।
ਠਾਣੇ ਵਾਲੇ ਕੀਤਾ ਰੱਜ ਕੇ ਜਲੀਲ ਸੀ ।
ਕਿਸੇ ਨੇੜੇ ਵਾਲੇ ਸੁਣੀ ਨਾ ਅਪੀਲ ਸੀ ।
ਕਿਡਨੀ ਨੂੰ ਵੇਚ ਵੱਡੀ ਧੀ ਵਿਆਹੀ ਸੀ ।
ਛੋਟੀ ਵੇਲੇ ਨੱਕੋ-ਨੱਕ ਕਰਜਾਈ ਸੀ ।
ਪੈਲੀ ਵੇਚ ਮੁੰਡਾ ਸੀ ਜਹਾਜ ਚਾੜਿਆ ।
ਧੋਖੇ `ਨਾ ਏਜੰਟਾਂ ਨੇ ਯੂਗਾਂਡਾ ਬਾੜਿਆ ।
ਉੱਤੋਂ ਹੋਰ ਪੈਸਿਆਂ ਦਾ ਫੋਨ ਆ ਗਿਆ ।
ਅੱਕਿਆ `ਵਾ ਜੱਟ ਸਲਫਾਸ ਖਾ ਗਿਆ ।।

ਗੀਤਕਾਰ ਏਹਨੂੰ ਫੁਕਰਾ ਦਿਖਾਉਂਦੇ ਨੇ ।
ਏਹਦੀ ਮਜਬੂਰੀ ਨਾ ਕਦੇ ਸੁਣਾਉਂਦੇ ਨੇ ।
ਉੱਤੋਂ ਸਰਕਾਰਾਂ ਬੱਸ ਵੋਟ ਚਾਹੁੰਦੀਆਂ ।
ਆਪਣੀ ਹੀ ਕੁਰਸੀ ਨੂੰ ਲੋਟ ਚਾਹੁੰਦੀਆਂ ।
ਨੀਤੀ ਨਾਲ ਘਰੇ ਇਹਦੇ ਨਸ਼ੇ ਵਾੜਤੇ ।
ਅਣਖ ਅਤੇ ਇਖਲਾਕ ਸੂਲੀ ਚ੍ਹਾੜਤੇ ।
ਉੰਝ ਤਾਂ ਇਹ ਅੰਨਦਾਤਾ ਅਖਵਾਉਂਦਾ ਹੈ ।
ਚੂੰਡ-ਚੂੰਡ ਏਹਨੂੰ ਸਾਰਾ ਦੇਸ਼ ਖਾਂਦਾ ਹੈ ।
ਦਿਖਾਵਿਆਂ `ਚ ਝੱਗਾ ਚੌੜ ਕਰਵਾ ਲਿਆ ।
ਅੱਕਿਆ `ਵਾ ਜੱਟ ਸਲਫਾਸ ਖਾ ਗਿਆ ।।
ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)
1st May 2016 11:01am
Gravatar
Iqbal Singh Dhillon (Chandigarh, India)
ਸ. ਜਰਨੈਲ ਸਿੰਘ ਜੀ, ਆਪ ਜੀ ਮੈਨੂੰ ਸੰਬੋਧਿਤ ਹੋਕੇ ਪਾਈ ਤਕਰੀਬਨ ਹਰ ਪੋਸਟ ਵਿਚ ਮੇਰੇ ‘ਪੜ੍ਹੇ-ਲਿਖੇ’ ਹੋਣ ਦੀ ਗੱਲ ਕਰਦੇ ਹੋ। ਇਹ ਇਕ ਜਾਤੀ ਟਿੱਪਣੀ ਹੈ ਅਤੇ ਮੈਂ ਇਸ ਨੂੰ ਚੰਗਾ ਨਹੀਂ ਸਮਝਦਾ। ਸਨਿਮਰ ਬੇਨਤੀ ਹੈ ਕਿ ਕਿਰਪਾ ਕਰਕੇ ਭਵਿਖ ਵਿਚ ਮੇਰੇ ਬਾਰੇ ਵਿਚ ਇਹੋ ਜਿਹੀ ਜਾਤੀ ਟਿੱਪਣੀ ਨਾ ਕਰਨੀ ਜੀ।
ਆਪ ਜੀ ਦੀ ਹੇਠਾਂ ਪਾਈ ਗਈ ਤਾਜ਼ਾ ਪੋਸਟ ਵਿਚ ਆਪ ਜੀ ਨੇ ਆਪਣੀਆਂ ਪਹਿਲੀਆਂ ਦਲੀਲਾਂ ਨੂੰ ਦੁਹਰਾਇਆ ਹੈ ਜਿਹਨਾਂ ਬਾਰੇ ਸਪਸ਼ਟੀਕਰਨ ਮੈਂ ਆਪਣੀ ਤੁੱਛ ਬੁਧੀ ਅਨੁਸਾਰ ਦੇ ਚੁੱਕਾ ਹੋਇਆ ਹਾਂ। ਫਿਰ ਵੀ ਆਪ ਜੀ ਦੀ ਇਸ ਪੋਸਟ ਦੇ ਸਬੰਧ ਵਿਚ ਕਹਿਣਾ ਚਾਹਾਂਗਾ ਕਿ ਭਾਸ਼ਾ ਵਿਚ ਬਦਲਾਵ ਆਉਣਾ ਭਾਸ਼ਾ ਦੇ ਮੁੱਢਲੇ ਨਿਯਮਾਂ ਵਿੱਚੋਂ ਇਕ ਹੈ ਅਤੇ ਭਾਸ਼ਾ ਦੇ ਮੁੱਢਲੇ ਨਿਯਮਾਂ ਦੇ ਵਿਸ਼ੇ ਤੇ ਮੇਰਾ ਇਕ ਲੇਖ ਪ੍ਰਕਾਸ਼ਿਤ ਵੀ ਹੋ ਚੁੱਕਾ ਹੋਇਆ ਹੈ ਜੋ ‘ਸਿਖਮਾਰਗ’ ਵੈਬਸਾਈਟ ਦੀ ‘ਲੇਖ ਲੜੀ ਚੌਥੀ’ ਵਿਚ ਉਪਲਭਦ ਹੈ। ਭਾਸ਼ਾ ਵਿਚ ਤਬਦੀਲੀ ਆਉਣ ਬਾਰੇ ਮੈਂ ਆਪਣੀ ਪਹਿਲੀ ਪੋਸਟ ਵਿਚ ਲਿਖਿਆ ਹੈ: “ਕਈ ਵਾਰੀ ਕਿਸੇ ਭਾਸ਼ਾ ਦੇ ਅੰਦਰ ਵੀ ਕੋਈ ਤਬਦੀਲੀ ਆ ਸਕਦੀ ਹੈ ਪਰੰਤੂ ਕਿਸੇ ਵੀ ਤਬਦੀਲੀ ਨੂੰ ਮਾਨਤਾ ਉਸ ਵੇਲੇ ਮਿਲਦੀ ਹੈ ਜਦੋਂ ਉਸ ਭਾਸ਼ਾ ਨੂੰ ਬੋਲਣ ਵਾਲਾ ਸਮੁੱਚਾ ਜਨ-ਸਮੂਹ ਉਸ ਤਬਦੀਲੀ ਨੂੰ ਅਪਣਾ ਚੁੱਕਾ ਹੁੰਦਾ ਹੈ”। ਕਿਸੇ ਵਿਸ਼ੇਸ਼ ਭਾਸ਼ਾ ਦੇ ਕਿਸੇ ਵਿਸ਼ੇਸ਼ ਸ਼ਬਦ ਦੇ ਅਰਥਾਂ ਵਿਚਲੇ ਬਦਲਾਵ ਨੂੰ ਮਾਨਤਾ ਮਿਲਣ ਲਈ ਜ਼ਰੂਰੀ ਹੈ ਕਿ ਉਸ ਭਾਸ਼ਾ ਨੂੰ ਬੋਲਣ ਵਾਲਾ ਸਮੁੱਚਾ ਜਨ-ਸਮੂਹ ਉਸ ਸ਼ਬਦ ਦੇ ਪਹਿਲੇ ਅਰਥਾਂ ਨੂੰ ਤਿਆਗ ਕੇ ਨਵੇਂ ਅਰਥਾਂ ਨੂੰ ਅਪਣਾਵੇ। ਹੁਣ ‘ਗੁਰਮੱਤ’ ਦੇ ਮੁੱਢਲੇ ਅਰਥ ਤਾਂ ਕਿਸੇ ਨੇ ਵੀ ਨਹੀਂ ਤਿਆਗੇ ਅਤੇ ਕੋਈ ਨਵੇਂ ਅਰਥ ਹੋਂਦ ਵਿਚ ਨਹੀਂ ਆਏ ਜੋ ਕਿਸੇ ਸ਼ਬਦ-ਕੋਸ਼ ਵਿਚ ਦਰਜ ਹੋਣ ਦੇ ਕਾਬਿਲ ਹੋਣ। ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ‘ਗੁਰਮੱਤ’ ਸ਼ਬਦ ਦੇ ਅਰਥ ਬਦਲ ਗਏ ਹਨ। ਜੇਕਰ ਇਸ ਸ਼ਬਦ ਦੇ ਮੁੱਢਲੇ ਅਰਥਾਂ ਦੇ ਨਾਲ–ਨਾਲ ਕੋਈ ਨਵੇਂ ਅਰਥ ਹੋਂਦ ਵਿਚ ਆ ਵੀ ਗਏ ਹੁੰਦੇ ਅਤੇ ਸ਼ਬਦ-ਕੋਸ਼ਾਂ ਵਿਚ ਉਹਨਾਂ ਦੀ ਐਂਟਰੀ ਮਿਲਦੀ ਹੁੰਦੀ ਤਾਂ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਸ਼ਬਦ ਦੇ ਅਰਥ ਬਦਲ ਗਏ ਹਨ। ਅਸੀਂ ਕੇਵਲ ਇਤਨਾ ਹੀ ਕਹਾਂਗੇ ਕਿ ਇਸ ਸ਼ਬਦ ਦੇ ਅਰਥਾਂ ਦੀ ਦੂਸਰੀ ਵੰਨਗੀ ਹੋਂਦ ਵਿਚ ਆ ਗਈ ਹੈ (ਜਦੋਂ ਕਿ ਮੁੱਢਲੀ ਵੀ ਕਾਇਮ ਹੈ)। ਉਦਾਹਰਨ ਵਜੋਂ ਅੰਗਰੇਜ਼ੀ ਦੇ ਸ਼ਬਦ ‘bear’ ਦੇ ਘਟੋ-ਘਟ ਪੰਜ ਵੰਨਗੀਆਂ ਦੇ ਅਰਥ ਹਨ। ਇਸ ਦਾ ਭਾਵ ਇਹ ਨਹੀਂ ਕਿ ਇਸ ਅੰਗਰੇਜ਼ੀ ਸ਼ਬਦ ਦੇ ਅਰਥ ਬਦਲਦੇ ਆਏ ਹਨ, ਇਸ ਦਾ ਅਰਥ ਕੇਵਲ ਇਤਨਾ ਹੀ ਹੈ ਕਿ ਇਸ ਸ਼ਬਦ ਦੇ ਅਰਥਾਂ ਦੀਆਂ ਨਵੀਆਂ ਵੰਨਗੀਆਂ ਪੈਦਾ ਹੁੰਦੀਆਂ ਆਈਆਂ ਹਨ। ਫਾਰਸੀ ਵਿੱਚੋਂ ਉਦਾਹਰਨ ਲੈਂਦਿਆਂ ਅਸੀਂ ਵੇਖਦੇ ਹਾਂ ਕਿ ‘ਖਸਮ’ ਸ਼ਬਦ ਦਾ ਅਰਥ ‘ਮਾਲਿਕ’ ਵੀ ਹੈ ਅਤੇ ‘ਦੁਸ਼ਮਨ’ ਵੀ। ਇਹ ਵੀ ਅਰਥਾਂ ਦੇ ਬਦਲਾਵ ਦਾ ਮਾਮਲਾ ਨਹੀਂ, ਕੇਵਲ ਅਰਥਾਂ ਦੀ ਅਲੱਗ ਵੰਨਗੀ ਹੋਂਦ ਵਿਚ ਆਉਣ ਦਾ ਮਾਮਲਾ ਹੈ। ਉੱਧਰ ‘ਗੁਰਮੱਤ’ ਸ਼ਬਦ ਦੀ ਤਾਂ ਕੋਈ ਨਵੀਂ ਵੰਨਗੀ ਦੀ ਕਿਸੇ ਸ਼ਬਦ-ਕੋਸ਼ ਵਿਚ ਐਂਟਰੀ ਨਹੀਂ ਮਿਲਦੀ। ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇਸ ਸ਼ਬਦ ਦੇ ਅਰਥਾਂ ਵਿਚ ਬਦਲਾਵ ਆ ਗਿਆ ਹੈ। ਹਾਂ, ਹੋ ਸਕਦਾ ਹੈ ਕਿ ਕੁਝ ਧਿਰਾਂ ਵੱਲੋਂ ਇਸ ਸ਼ਬਦ ਦੀ ਅਨੁਚਿਤ ਵਰਤੋਂ ਕੀਤੀ ਜਾ ਰਹੀ ਹੋਵੇ। ਪਰੰਤੂ ਉਹ ਮਨੁੱਖੀ ਵਿਵਹਾਰ ਦਾ ਮਸਲਾ ਹੈ, ਭਾਸ਼ਾਵਿਗਿਆਨ ਦਾ ਨਹੀਂ। ਆਪ ਜੀ ਵੱਲੋਂ ਦਿੱਤੇ ‘ਭਾਈ, ‘ਗਿਆਨੀ’ ਅਤੇ ‘ਵਾਹਿ ਗੁਰੂ’ ਸ਼ਬਦਾਂ ਦੀ ਸਥਿਤੀ ਵੀ ਇਹੋ ਜਿਹੀ ਹੀ ਹੈ। (ਚਲਦਾ)
............ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
30th April 2016 3:15am
Gravatar
Iqbal Singh Dhillon (Chandigarh, India)
(ਪਿਛਲੀ ਪੋਸਟ ਤੋਂ ਅੱਗੇ)
ਸ. ਜਰਨੈਲ ਸਿੰਘ ਜੀ, ਜੋ ਉਦਾਹਰਨ ਆਪ ਜੀ ਨੇ ਅੰਗਰੇਜ਼ੀ ਸ਼ਬਦ ‘meat’ ਦੀ ਦਿੱਤੀ ਹੈ ਉਹ ਸਹੀ ਨਹੀਂ ਕਿਉਂਕਿ ਜੇਕਰ ਆਪ ਜੀ ਅੰਗਰੇਜ਼ੀ ਦੀ ਕੋਈ ਚੰਗੀ ਡਿਕਸ਼ਨਰੀ ਫੋਲੋਗੇ ਤਾਂ ਆਪ ਜੀ ਵੇਖੋਗੇ ਕਿ ਇਸ ਸ਼ਬਦ ਦੀ ਦੂਸਰੀ ਵੰਨਗੀ ਦੇ ਅਰਥ ਹਨ ‘food in general’ ਭਾਵ ‘ਹਰ ਤਰ੍ਹਾਂ ਦਾ ਖਾਣਾ’। ਆਪ ਜੀ ਦਾ ਇਹ ਕਹਿਣਾ ਸਹੀ ਨਹੀਂ ਕਿ ‘ਭਾਸਾ ਵਗਦਾ ਦਰਿਆ ਹੈ’। ਭਾਸ਼ਾ ਵਿਚ ਤਬਦੀਲੀਆਂ ਦਰਿਆ ਦੇ ਵਹਿਣ ਵਾਂਗ ਤੇਜ਼ੀ ਨਾਲ ਨਹੀਂ ਆਉਂਦੀਆਂ। ਭਾਸ਼ਾ ਦੀਆਂ ਤਬਦੀਲੀਆਂ ਬਹੁਤ ਹੀ ਧੀਮੀ ਗਤੀ ਨਾਲ ਵਾਪਰਦੀਆਂ ਹਨ ਕਿਉਂਕਿ ਹਰੇਕ ਭਾਸ਼ਾ ਇਕ ਅਤੀ ਗੁੰਝਲਦਾਰ ਸਿਸਟਮ ਹੁੰਦਾ ਹੈ ਅਤੇ ਅੱਗੋਂ ਇਸ ਵਿਚ ਅਨੇਕਾਂ ਹੋਰ ਸਿਸਟਮ ਕੰਮ ਕਰ ਰਹੇ ਹੁੰਦੇ ਹਨ। ਆਪ ਜੀ ਨੇ ਗੁਰਬਾਣੀ ਜੋ ਉਦਾਹਰਨ ਦਿੱਤੀ ਹੈ ਉਹ ਵੀ ਸਹੀ ਨਹੀਂ ਕਿਉਂਕਿ ਗੁਰਬਾਣੀ ਵਿਚ ਖਾਲਸ ਪੰਜਾਬੀ ਨਹੀਂ ਵਰਤੀ ਗਈ। ਗੁਰਬਾਣੀ ਦੀ ਭਾਸ਼ਾ ਵੱਖ-ਵੱਖ ਰਚਨਕਾਰਾਂ ਦੇ ਹਿਸਾਬ ਨਾਲ ਸਧੂਕੜੀ, ਬ੍ਰਜ, ਪੰਜਾਬੀ, ਫਾਰਸੀ, ਸੰਸਕ੍ਰਿਤ ਆਦਿਕ ਭਾਸ਼ਾਵਾਂ ਦਾ ਮਿਸ਼ਰਣ ਹੈ ਇਸ ਕਰਕੇ ਗੁਰਬਾਣੀ ਦੀਆਂ ਕੁਝ ਭਾਸ਼ਾਈ ਵਿਸ਼ੇਸ਼ਤਾਈਆਂ ਹਨ ਜਿਹਨਾਂ ਨੂੰ ਕਈ ਵਿਦਵਾਨ ‘ਗੁਰਬਾਣੀ ਦੀ ਵਿਆਕਰਨ’ ਦਾ ਨਾਮ ਦਿੰਦੇ ਹਨ। ਪਰਤੱਖ ਹੈ ਕਿ ਇਹਨਾਂ ਵਿਸ਼ੇਸ਼ਤਾਈਆਂ ਦੇ ਮਦਿਨਜ਼ਰ ਗੁਰਬਾਣੀ ਦੀ ਸਮੁੱਚੀ ਭਾਸ਼ਾ ਅਤੇ ਅਜੋਕੀ ਖਾਲਸ ਪੰਜਾਬੀ ਵਿਚ ਫਰਕ ਹੋਣਾ ਲਾਜ਼ਮੀ ਹੋ ਜਾਂਦਾ ਹੈ। ਪਰੰਤੂ ਇਹ ਮਸਲਾ ਨਿਵੇਕਲੇ ਤੌਰ ਤੇ ਪੰਜਾਬੀ ਭਾਸ਼ਾ ਦੇ ਬਦਲਾਵ ਦਾ ਮਸਲਾ ਨਹੀਂ ਬਣਦਾ।
ਜਿੱਥੋਂ ਤਕ ਸ਼ਬਦਾਂ ਦੀ ਅਨੁਚਿਤ ਵਰਤੋਂ ਦਾ ਸਬੰਧ ਹੈ ਇਸ ਦਾ ਸਬੰਧ ਤਾਂ ਸਿੱਖੀ ਨਾਲ ਹੋ ਸਕਦਾ ਹੈ ਕਿਉਂਕਿ ਇਹ ਮਹੁੱਖੀ ਵਿਵਹਾਰ ਦਾ ਮਸਲਾ ਹੈ ਪਰੰਤੂ ਭਾਸ਼ਾਈ ਵਰਤਾਰੇ ਦਾ ਸਿੱਧਾ ਸਬੰਧ ਕਿਸੇ ਮਜ਼ਹਬ ਨਾਲ ਨਹੀਂ ਹੁੰਦਾ। ਭਾਸ਼ਾ ਕਿਸੇ ਜਨ-ਸਮੂਹ ਨਾਲ ਸਬੰਧਤ ਹੁੰਦੀ ਹੈ ਜਿਸ ਵਿਚ ਕਈ ਫਿਰਕਿਆਂ ਦੇ ਲੋਕ ਸ਼ਾਮਲ ਹੁੰਦੇ ਹਨ। ਪੰਜਾਬੀ ਕੇਵਲ ਕਿਸੇ ਇਕ ਫਿਰਕੇ ਦੇ ਲੋਕਾਂ ਦੀ ਭਾਸ਼ਾ ਨਹੀਂ। ਜੇਕਰ ਕਿਸੇ ਵਿਸ਼ੇਸ਼ ਫਿਰਕੇ ਦੇ ਲੋਕ ਪੰਜਾਬੀ ਦੇ ਕਿਸੇ ਅੰਸ਼ ਦੀ ਅਨੁਚਿਤ ਵਰਤੋਂ ਕਰਦੇ ਹਨ ਤਾਂ ਇਹ ਉਸ ਫਿਰਕੇ ਦੀਆਂ ਪਰੰਪਰਾਵਾਂ ਨਾਲ ਸਬੰਧਤ ਮਸਲਾ ਹੈ ਨਾ ਕਿ ਭਾਸ਼ਾਵਿਗਿਆਨਕ ਮਸਲਾ। ਉਸ ਫਿਰਕੇ ਦੇ ਕੁਝ ਚੋਣਵੇਂ ਲੋਕਾਂ ਦੇ ‘ਅਨੁਚਿਤ’ ਵਿਵਵਹਾਰ ਦਾ ਸੁਧਾਰ ਕਰਨਾ ਉਸ ਫਿਰਕੇ ਦਾ ਅੰਦਰੂਨੀ ਮਾਮਲਾ ਹੈ।
ਸ. ਜਰਨੈਲ ਸਿੰਘ ਜੀ, ਮੈਂ ਜੋ ਪਹਿਲਾ ਸਵਾਲ ਆਪ ਜੀ ਅੱਗੇ ਪੇਸ਼ ਕੀਤਾ ਸੀ ਉਸ ਰਾਹੀਂ ਮੈਂ ਜਾਣਨਾ ਚਾਹੁੰਦਾ ਸੀ ਕਿ ਆਪ ਜੀ ‘ਗੁਰਮੱਤ’ ਦੇ ਮੁੱਢਲੇ ਅਰਥ ਦਿੰਦੇ ਹੋ ਜਾਂ ਕਿ ਕਿਸੇ ਹੋਰ ਦੂਸਰੀ ਵੰਨਗੀ ਦੇ। ਜੋ ਆਪ ਜੀ ਨੇ ਗੁਰਦਵਾਰਿਆਂ ਵਿੱਚੋਂ ਪਰਚਾਰੀ ਜਾ ਰਹੀ ‘ਗੁਰਮੱਤ’ ਬਾਰੇ ਸਵਾਲ ਕੀਤਾ ਹੈ ਇਹ ਸਿਖ ਭਾਈਚਾਰੇ ਦਾ ਅੰਦਰੂਨੀ ਧਾਰਮਿਕ ਮਸਲਾ ਹੈ, ਪੰਜਾਬੀ ਦਾ ਭਾਸ਼ਾਵਿਗਿਆਨਕ ਮਸਲਾ ਨਹੀਂ। ਇਸ ਬਾਰੇ ਵੱਖਰੇ ਤੌਰ ਤੇ ਵਿਚਾਰ ਹੋ ਸਕਦੀ ਹੈ।
,,,,,,,,,,,,,,,ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
30th April 2016 3:21am
Gravatar
Jarnail Singh (sydney, Australia)
ਇਕਬਾਲ ਸਿੰਘ ਜੀ
ਤੁਹਾਡਾ ਇਹ ਕਹਿਣਾ ਗਲਤ ਹੈ ਕਿ ਭਾਈ, ਵਾਹਿਗੁਰੂ ਸ਼ਬਦਾਂ ਦੇ ਨਵੇਂ ਅਰਥ ਕਿਸੇ ਵੀ ਸ਼ਬਦ ਕੋਸ਼ ਵਿਚ ਨਹੀਂ ਮਿਲਦੇ।ਇਹ ਨਵੇਂ ਅਰਥ ਤੁਸੀਂ ਸ ਤੇਜਾ ਸਿੰਘ ਦੇ ਪੰਜਾਬੀ ਅੰਗਰੇਜ਼ੀ ਕੋਸ਼ ਵਿੱਚ ਪੜ੍ਹ ਸਕਦੇ ਹੋ।

ਤੁਹਾਡਾ ਇਹ ਕਹਿਣਾ ਕਿ ਮੇਰੇ ਵਲੋਂ ਦਿੱਤੀ ਗਈ ਅੰਗਰੇਜ਼ੀ ਦੇ ਸ਼ਬਦ ਮੀਟ ਦੀ ਉਦਾਹਰਣ ਸਹੀ ਨਹੀਂ ਹੈ ਵੀ ਸਹੀ ਨਹੀਂ ਹੈ।ਦੁਵਾਰਾ ਗੌਰ ਕਰਕੇ ਵੇਖੋ ਜੋਹਨਸਨ ਨੇ ਮੀਟ ਨੂੰ Fodder ਦੇ ਅਰਥਾਂ ਵਿਚ ਵਰਤਿਆ ਜਾਂਦਾ ਦੱੱਸਿਆ ਹੈ ਨ ਕਿ Food ਜਿਵੇਂ ਤੁਸੀਂ ਸਮਝ ਰਹੇ ਹੋ।ਇਹਨਾਂ ਦੋਨਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ।

ਸ ਇਕਬਾਲ ਸਿੰਘ ਜੀ ਮੇਰੇ ਸਵਾਲ ਦਾ ਉਤਰ ਦੇਣ ਲਈ ਸ਼ੁਕਰੀਆ।ਦਰਅਸਲ ਗੁਰਮਤਿ ਬਨਾਮ ਤੱਤ ਗੁਰਮਤਿ ਮਸਲਾ ਭਾਸ਼ਾ ਵਿਗਿਆਨ ਦਾ ਮਸਲਾ ਹੈ ਹੀ ਨਹੀਂ।ਤੁਸੀ ਆਪਣੀ ਗੱਲ ਸਹੀ ਸਾਬਤ ਕਰਨ ਲਈ ਹੀ ਭਾਸ਼ਾ ਵਿਗਿਆਨ ਨੂੰ ਵਿੱਚ ਘਸੋੜਿਆ।ਬਾਅਦ ਵਿੱਚ ਮੈਂ ਤਾਂ ਤੁਹਾਡੇ ਨਾਲ ਸਵਾਲ ਜਵਾਬ ਰਾਹੀਂ ਸਿਰਫ ਕੁਝ ਸਿੱਖਣ ਦੀ ਹੀ ਕੋਸ਼ਿਸ ਕੀਤੀ ਹੈ।ਇਹ ਮਸਲਾਾ ਗੁਰਮਤਿ ਸ਼ਬਦ ਦਾ ਨਹੀਂ ਬਲਕਿ ਗੁਰਮਤਿ ਸਿਧਾਂਤ ਦਾ ਹੈ।ਗੁਰਮਤਿ ਦੇ ਨਾਾਮ ਤੇ ਹੋ ਰਹੀ ਮਨਮਤ ਦਾਾ ਹੈ।ਕੋਈ ਵੀ ਤੀਸਰਾ ਆਦਮੀ ਸਿਖਾਂ ਦੇ ਵਿਵਹਾਰ ਨੂੰ ਦੇਖ ਕੇ ਇਹੀ ਪ੍ਰਭਾਵ ਲਏਗਾ ਕਿ ਸਿਖਾਂ ਦੀ ਇਹ “ਮਨਮਤ” ਹੀ ਗੁਰਮਤਿ ਹੈ।ਸਿਖਾਂ ਦਾ ਸਿਮਰਣ ਬੱਤੀਆਂ ਬੰਦ ਕਰ ਕੇ ਤੋਤਾ ਰਟਨੀ ਕਰਨਾ ਹੈ।ਮੈ ਤਾਂ ਸਿਰਫ ਇਹ ਸੋਚ ਕੇ ਕਿਹਾ ਸੀ ਕਿ ਤੱਤ ਗੁਰਮਤਿ ਕਹਿਣਾ ਸਹੀ ਲਗਦਾ ਹੈ।ਇਸੇ ਕਰਕੇ ਮੈ ਤੁਹਾਨੂੰ ਇਹ ਵਾਰ ਵਾਰ ਪੁਛ ਰਿਹਾ ਸੀ ਕਿ ਕੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਅਤੇ ਗੁਰਦਵਰਿਆਂ ਵਿਚਲੀ ਗੁਰਮਤਿ ਵਿੱਚ ਕੋਈ ਫਰਕ ਨਜ਼ਰ ਆਉਂਦਾ ਹੈ ਜਾਂ ਨਹੀਂ।ਪਰ ਤੁਸੀਂ ਇਸ ਦਾ ਉਤਰ ਦੇਣਾ ਵਾਜਬ ਨਹੀਂ ਸਮਝਿਆ ਕਿਉਂਕਿ ਸ਼ਾਇਦ ਤੁਸੀਂ ਭਾਸ਼ਾ ਵਿਗਿਆਨ ਦੇ ਪੈਂਤੜੈ ਤੇ ਹੀੇ ਟਿਕੇ ਰਹਿਣਾ ਚਾਹੁੰਦੇ ਸੀ।ਪਰ ਤੁਸੀਂ ਤੱਤ ਗੁਰਮੱਤ ਦੇ ਭਾਸ਼ਾ ਵਿਗਿਆਨ ਅਨੁਸਾਰ ਆਪ ਹੀ ਅਰਥ ਕਰਕੇ ਇਹ ਵੀ ਮੰਨਿਆ ਹੈ ਕਿ ਤੱਤ ਗੁਰਮੱਤ ਪਰਿਵਾਰ “ਸ਼ਬਦ ਜੁਟ ਤੱਤ ਗੁਰਮਤਿ ਦੀ ਵਰਤੋਂ ਵਿਚ ਕੋਈ ਗਲਤੀ ਨਹੀਂ ਕਰ ਰਹੇ ਹੋਣਗੇ”।ਫਿਰ ਇਹ ਸਵਾਲ ਉਠਾਉਣ ਦੀ ਕੀ ਜ਼ਰੂਰਤ ਸੀ।

ਆਦਰ ਸਹਿਤ
ਜਰਨੈਲ਼ ਸਿੰਘ
1st May 2016 12:39am
Gravatar
Sukhwinderjit Singh (Truganina, Australia)
ਮੇਰਾ ਇੱਕ ਸਵਾਲ ਹੈ ਸਾਰੇ ਵੀਰਾਂ ਸਜਣਾ, ਅਤੇ ਵਿਦਵਾਨਾਂ ਲਈ (ਪੁਰੇਵਾਲ ਸਾਹਿਬ, ਇਕਬਾਲ ਸਿੰਘ ਢਿਲੋਂ ਜੀ , ਜੈਰਨੈਲ ਸਿੰਘ ਜੀ, ਗ. ਸ. ਢਿਲੋਂ ਜੀ , ਬਾਗੀ ਜੀ , ਸਤਿਨਾਮ ਸਿੰਘ ਮੌਂਟਰੀਅਲ ਜੀ, ਤੇ ਬਾਕੀ ਸਾਰੇ ) ਲਈ , ਇਹ ਸਵਾਲ ਹੈ ਮਜੂਦਾ ਸਿੱਖ ਰਹਿਤ ਮਰਿਆਦਾ ਬਾਰੇ| ਮੈਂ ਸਿਰਫ ਕੁਝ ਦੇਰ ਤੋਂ ਹੀ ਸੁਣਨਾ ਸ਼ੁਰੂ ਕੀਤਾ ਹੈ ਕੇ ਇਹ ਇੱਕ ਖਰੜਾ ਹੈ ਨਾ ਕੇ ਪ੍ਰਮਾਣਿਤ | ਇਸ ਗੱਲ ਦੀ ਕੀ ਸਚਾਈ ਹੈ ? ਜੇ ਇਹ ਖਰੜਾ ਹੈ ਤਾਂ ਫਿਰ ਮੈਂ ਦਾਵੇ ਨਾਲ ਕਹਿ ਸਕਦਾ ਹਾਂ ਹੁਣ ਫਿਰ ਕਦੇ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਬੰਨਣ ਹੀ ਨਹੀ ਲੱਗੀ | ਹਾਂ ਬਾਕੀ ਮੈਂ ਸਮਝਦਾ ਹਾਂ ਕੇ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਵਿੱਚ ਕਿਸੇ ਰਹਿਤ ਮਰਿਆਦਾ ਦਾ ਕਿੰਨਾ ਕੋ ਸਥਾਨ ਹੈ | ਪਰ ਫਿਰ ਵੀ ਜਾਣਕਾਰੀ ਲਈ ਪੁਛ ਰਿਹਾ ਹਾਂ, ਇਸ ਲਈ ਕੋਈ ਵੀਰ ਅਗਰ ਮੈਨੂੰ ਜਾਣਕਾਰੀ ਦੇ ਸਕੇ |
ਸੁਖਵਿੰਦਰਜੀਤ ਸਿੰਘ
30th April 2016 1:26am
Gravatar
Gurdeep Singh Baaghi (Ambala, India)
ਵੀਰ ਜੀ ਇਹ ਖਰੜਾ ਪੰਥ ਪ੍ਰਵਾਨਿਤ ਨਹੀ ਹੈ, ਇਸ ਨੂੰ ਕੋਈ ਡੇਰੇਦਾਰ ਨਹੀ ਮਨੰਦਾ। ਹਾਂ ਮੀਸ਼ਨਰੀ ਕਾਲੇੇਜ ਵਾਲੇ ਜਰੁਰ ਇਸ ਖਰੜੇ ਨੂੰ ਪੰਥ ਪ੍ਰਵਾਨ ਰਹਿਤ ਮਰਿਆਦਾ ਆਖਦੇ ਹਨ, ਜੋ ਕਿ ਗਲਤ ਹੈ।
30th April 2016 9:26am
Gravatar
Sarbjit Singh (Sacromento, US)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹੁ-ਰੀਤ ਸਬ-ਕਮੇਟੀ ਵੱਲੋਂ ਰਹੁ-ਰੀਤ ਦੇ ਖਰੜੇ ਦੀ ਪ੍ਰਵਾਨਗੀ ‘ਸਰਬ ਹਿੰਦ ਸਿੱਖ ਮਿਸ਼ਨ ਬੋਰਡ’ ਨੇ ਆਪਣੇ ਮਿਤੀ 1-8-36 ਰਾਹੀਂ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੇ ਮਤਾ ਨੰਬਰ 149, ਮਿਤੀ 12-10-36 ਦੁਆਰਾ ਦਿੱਤੀ ਅਤੇ ਮੁੜ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ‘ਧਾਰਮਿਕ ਸਲਾਹਕਾਰ ਕਮੇਟੀ’ ਨੇ ਆਪਣੀ ਇਕੱਤਰਤਾ ਮਿਤੀ 7-1-45 ਵਿਖੇ ਇਸ ਨੂੰ ਵਿਚਾਰ ਕੇ ਇਸ ਵਿੱਚ ਕੁਝ ਵਾਧੇ ਘਾਟੇ ਕਰਨ ਦੀ ਸਿਫ਼ਾਰਿਸ਼ ਕੀਤੀ।
‘ਧਾਰਮਿਕ ਸਲਾਹਕਾਰ ਕਮੇਟੀ’ ਦੀ ਸਿਫ਼ਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਨੇ ਆਪਣੀ ਇਕੱਤਰਤਾ ਮਿਤੀ 3-2-45 ਦੇ ਮਤਾ ਨੰਬਰ 97 ਰਾਹੀਂ ਦਿੱਤੀ। (ਸਿੱਖ ਰਹਿਤ ਮਰਯਾਦਾ ਪੰਨਾ 1)
1st May 2016 9:18am
Gravatar
sarabjit singh (khara, India)
ਗੁਰਦੀਪ ਸਿੰਘ ਬਾਗੀ ਜੀ ਆਹ ਦਸੋ ਆਹ ਹੁਣੇ ਇ ਪੰਥ ਦੋਖੀ ਜਸਵੀਰ ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ਤੋ ਬੋਲਦੇ ਹੋਏ ਕਿਹਾ ਕਿ ਰਹਿਤ ਮਰਿਆਦਾ ਖਰੜਾ ਏ,,ਮਿਸ਼ਨਰੀ ਕਾਲਜ ਤਾਂ ਢੇਰ ਸਮੇ ਤੋ ਇਸ ਮਰਿਆਦਾ ਨੂੰ ਛਾਪ-ਛਾਪ ਵੰਡ ਰਹੇ ਹਨ,,ਉਦੋ ਤੁਸੀ ਤਾਂ ਕੂਏ ਨਹੀ ,ਤੇ ਹੁਣ ਕਿਵੇ ਤੁਸੀ ਸੁਤੇ ਜਾਗ ਪਏ,,,
3rd May 2016 3:56am
Gravatar
Gurdeep Singh (Ambala, India)
ਵੀਰ ਜੀ ਜਦ ਦਾ ਗੁਰਬਾਣੀ ਵਿਚਾਰਨ ਅਤੇ ਇਤਿਹਾਸ ਪੜ੍ਹਨਾ ਸ਼ੁਰੂ ਕੀਤਾ ਹੈ ਤਾਂ ਦਾ ਮੈ ਤੇ ਹਰ ਆਦਮੀ ਨੂੰ ਬਿਚਿਤਰ ਨਾਟਕ ਦੀਆਂ ਲਿਖਤਾਂ ਪੜ੍ਹਨ ਤੂੰ ਮਨਾ ਕਰਦਾ ਹਾਂ, ਇਹ ਗੱਲ ਵੱਖ ਹੈ ਕਿ ਮੇਰੇ ਇਹ ਵਿਚਾਰ ਤੁਹਾਡੇ ਤਕ ੩ ਸਾਲ ਬਾਦ ਪੁੱਜੇ।
3rd May 2016 8:51pm
Gravatar
Iqbal Singh Dhillon (Chandigarh, India)
ਸ. ਜਰਨੈਲ ਸਿੰਘ ਜੀ, ਮੇਰੇ ਦੂਸਰੇ ਸਵਾਲ ਦਾ ਵੀ ਉੱਤਰ ਦੇਣ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਅਤੇ ਕੁਝ ਹੋਰ ਲੇਖਕ ਇਹ ਕਹਿੰਦੇ ਆ ਰਹੇ ਹਨ ਕਿ ‘ਗੁਰਮੱਤ’ ਸ਼ਬਦ ਦੇ ਅਰਥ ਬਦਲ ਗਏ ਹਨ। ਭਾਸ਼ਾਵਿਗਿਆਨਕ ਤੌਰ ਤੇ ਇਸ ਨੂੰ ਸ਼ਬਦ ਦੇ ਅਰਥ ਬਦਲਣਾ ਨਹੀਂ ਕਿਹਾ ਜਾਂਦਾ। ਅਸਲ ਵਿਚ ਇਹ ਵਰਤੋਂ ਦੇ ਵਿਗਾੜ ਦਾ ਮਸਲਾ ਹੈ। ਜਿਵੇਂ ਕੋਈ ਸੰਦ ਜਾਂ ਵਾਹਨ (ਗੱਡੀ) ਤਾਂ ਕਿਸੇ ਖਾਸ ਚੰਗੇ ਮਕਸਦ ਲਈ ਹੋਂਦ ਵਿਚ ਆਉਂਦਾ ਹੈ ਪਰੰਤੂ ਕੁਝ ਲੋਕ ਜਾਣੇ-ਅਣਜਾਣੇ ਉਸ ਦੀ ਵਰਤੋਂ ਬੁਰੇ ਮਕਸਦ ਲਈ ਵੀ ਕਰ ਲੈਂਦੇ ਹਨ। ੳੁਦਾਹਰਨ ਦੇ ਤੌਰ ਤੇ ਕਾਰ ਤਾਂ ਸਵਾਰੀ ਢੋਣ ਲਈ ਵਰਤੋਂ ਵਿਚ ਆਈ ਸੀ ਪਰੰਤੂ ਕਈ ਲੋਕ ਇਸ ਨੂੰ ਚੋਰੀ ਜਾਂ ਸਮਗਲਿੰਗ ਕਰਨ ਲਈ ਵੀ ਵਰਤ ਲੈਂਦੇ ਹਨ। ਇਸ ਨਾਲ ਕਾਰ ਦਾ ਮੁੱਢਲਾ ਮਕਸਦ ਨਹੀਂ ਬਦਲ ਗਿਆ। ਭਾਸ਼ਾ ਵੀ ਇਕ ਤਰ੍ਹਾਂ ਦਾ ਵਾਹਨ ਜਾਂ ਸੰਦ ਹੀ ਹੁੰਦਾ ਹੈ। ਕਈ ਵਾਰੀ ਸ਼ਬਦਾਂ ਦੀ ਦੁਰਵਰਤੋਂ ਹੋ ਜਾਂਦੀ ਹੈ ਪਰੰਤੂ ਉਸ ਨਾਲ ਸਬੰਧਤ ਸ਼ਬਦਾਂ ਦੇ ਮੁੱਢਲੇ ਅਰਥ ਨਹੀਂ ਬਦਲ ਜਾਂਦੇ। ਕਿਸੇ ਸ਼ਬਦ ਦੀ ਦੁਰਵਰਤੋਂ ਕੇਵਲ ਸਬੰਧਤ ਵਿਅਕਤੀ ਦੀ ਸੋਚ ਜਾਂ ਚਰਿੱਤਰ ਨੂੰ ਦਰਸਾਉਂਦੀ ਹੈ ਅਰਥਾਂ ਦੀ ਤਬਦੀਲੀ ਨੂੰ ਨਹੀਂ। ਹੁਣ ‘ਗੁਰਮੱਤ’ ਸ਼ਬਦ ਨੂੰ ਹੀ ਲਵੋ। ਇੱਥੇ ਆਪ ਜੀ ਸਮੇਤ ਲਗ-ਭਗ ਸਾਰਿਆਂ ਨੇ ਮੁੱਢਲੇ ਅਰਥਾਂ ਦੇ ਨੇੜੇ-ਤੇੜੇ ਦੇ ਅਰਥ ਹੀ ਲਏ ਹਨ। ਇਸ ਦਾ ਭਾਵ ਇਹ ਬਣਦਾ ਹੈ ਕਿ ਇਸ ਸ਼ਬਦ ਦੇ ਮੁੱਢਲੇ ਅਰਥ ਤਾਂ ਕਾਇਮ ਹਨ ਪਰੰਤੂ ਕੁਝ ਚੋਣਵੇਂ ਲੋਕ ਹੀ ਹਨ ਜੋ ਇਸ ਸ਼ਬਦ ਦੀ ਸਹੀ ਵਰਤੋਂ ਨਹੀਂ ਕਰ ਰਹੇ। ਇਕ ਹੋਰ ਉਦਾਹਰਨ ‘ਤਰਸ’ ਸ਼ਬਦ ਦੀ ਲੈ ਸਕਦੇ ਹਾਂ। ਫਾਰਸੀ ਵਿਚ ‘ਤਰਸ’ ਦੇ ਅਰਥ ‘ਡਰਨ’ ਤੋਂ ਹਨ ਪਰੰਤੂ ਫਾਰਸੀ ਤੋਂ ਆ ਕੇ ਇਹੋ ਸ਼ਬਦ ਜਦੋਂ ਪੰਜਾਬੀ ਵਿਚ ਵਰਤਿਆ ਜਾਣ ਲੱਗਾ ਤਾਂ ਇਸਦੇ ਅਰਥ ‘ਦਯਾ’ ਤੋਂ ਲਏ ਜਾ ਰਹੇ ਹਨ। ਇਸ ਨੂੰ ਸ਼ਬਦਾ ਦੇ ਅਰਥ ਦਾ ਬਦਲ ਜਾਣਾ ਕਿਹਾ ਜਾਵੇਗਾ (ਪੰਜਾਬੀ ਵਿਚ ਅਨੇਕਾਂ ਸ਼ਬਦ ਫਾਰਸੀ ਮੂਲ ਦੇ ਹਨ--- ‘ਪੰਜਾਬ’ ਵੀ ਫਾਰਸੀ ਦਾ ਹੀ ਸ਼ਬਦ ਹੈ)। ਪਰੰਤੂ ‘ਗੁਰਮੱਤ’ ਦੇ ਸਬੰਧ ਵਿਚ ਅਜਿਹੀ ਕੋਈ ਤਬਦੀਲੀ ਨਹੀਂ ਵਾਪਰੀ। ਕਈ ਵਾਰੀ ਕਿਸੇ ਭਾਸ਼ਾ ਦੇ ਅੰਦਰ ਵੀ ਕੋਈ ਤਬਦੀਲੀ ਆ ਸਕਦੀ ਹੈ ਪਰੰਤੂ ਕਿਸੇ ਵੀ ਤਬਦੀਲੀ ਨੂੰ ਮਾਨਤਾ ਉਸ ਵੇਲੇ ਮਿਲਦੀ ਹੈ ਜਦੋਂ ਉਸ ਭਾਸ਼ਾ ਨੂੰ ਬੋਲਣ ਵਾਲਾ ਸਮੁੱਚਾ ਜਨ-ਸਮੂਹ ਉਸ ਤਬਦੀਲੀ ਨੂੰ ਅਪਣਾ ਚੁੱਕਾ ਹੁੰਦਾ ਹੈ।
.............ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
29th April 2016 12:18am
Gravatar
Jarnail Singh (sydney, Australia)
ਸ ਇਕਬਾਲ ਸਿੰਘ ਜੀ
ਤੁਸੀ ਆਪਣੇ ਹੇਠਲੇ ਖਤ ਵਿੱਚ ਇਹ ਇਕਬਾਲ ਕਰ ਰਹੇ ਹੋ ਕਿ ਅਰਥਾਂ ਵਿੱਚ ਬਦਲਾਅ ਆ ਜਾਂਦਾ ਹੈ ਭਾਂਵੇ ਤੁਸੀ ਇਸ ਨੂੰ “ਵਰਤੋਂ ਦੇ ਵਿਗਾੜ ਦਾ ਮਸਲਾ”ਕਹਿੰਦੇ ਹੋ।ਕਹਿ ਕੁਝ ਵੀ ਲਉ ਪਰ ਅਰਥ ਤਾਂ ਬਦਲੇ ਹੀ ਹਨ।ਤੁਹਾਡਾ ਇਹ ਵੀ ਦਾਅਵਾ ਹੈ ਕਿ ਇਹ ਭਾਸਾ ਵਿਗਿਆਨ ਅਨੁਸਾਰ ਇਹ ਅਰਥ ਬਦਲਣਾ ਨਹੀਂ ਹੈ।ਇਕਬਾਲ ਸਿੰਘ ਜੀ ਭਾਸ਼ਾ ਦੇ ਮਾਹਰਾਂ ਨੈ ਕਈ ਕਿਤਾਬਾ ਲਿਖੀਆਂ ਹਨ ਜਿਨਾਂ ਵਿਚ ਉਹਨਾਂ ਅਰਥਾਂ ਦੇ ਬਦਲਣ ਦੇ ਕਾਰਨ ਬਿਆਨ ਕੀਤੇ ਹਨ।ਮਿਸਾਲ ਤੇ ਤੌਰ ਤੇ ਆਂਦਰੇ ਬਲੈਂਕ ਦੀ ਕਿਤਾਬ ਹੈ Historical Semantics and Cognition . ਅੰਗਰੇਜ਼ੀ ਵਿੱਚ ਕਈ ਅਜਿਹੇ ਸ਼ਬਦ ਹਨ ਜਿਨਾਂ ਦੇ ਅਰਥ ਕਿੰਨ੍ਹੇ ਬਦਲ ਗਏ ਹਨ ਅਸੀਂ ਸੋਚ ਵੀ ਨਹੀਂ ਸਕਦੇ।ਤੁਸੀ ਕਾਫੀ ਪੜ੍ਹੇ ਲਿਖੇ ਹੋ।ਸੈਮੂਯਲ ਜੋਹਨਸਨ ਦਾ ਨਾਮ ਜ਼ਰੂਰ ਸੁਣਿਆ ਹੋਏਗਾ। ਉਹ A Journey to the Western Islands of Scotland ਵਿਚ ਲਿਖਦਾ ਹੈ ਕਿ “Our guides told us, that the horses could not travel all day without rest or meat.” ਹੁਣ ਇਥੇ ਮੀਟ ਨੂੰ ਘੋੜਿਆਂ ਦੇ ਚਾਰੇ ਦੇ ਅਰਥਾਂ ਵਿੱਚ ਵਰਤਿਆ ਹੈ।ਜਦ ਕਿ ਅਜ ਕਲ ਇਸ ਦਾ ਅਰਥ ਮਾਸ ਹੈ।ਭਾਸ਼ਾ ਤਾਂ ਇਕ ਵਗਦਾ ਦਰਿਆ ਹੈ।ਸਮੇ ਸਮੇ ਨਾਲ ਕਈ ਸ਼ਬਦ ਮਰ ਜਾਂਦੇ ਨੈ ਕਈ ਨਵੇਂ ਜਨਮਦੇ ਨੇ।ਸ਼ਬਦ ਤਾਂ ਕੀ ਵਿਆਕਰਣ ਵੀ ਬਦਲ ਜਾਂਦੀ ਹੈ।ਇਸ ਦੀ ਪ੍ਰਤੱਖ ਮਿਸਾਲ ਗੁਰੂ ਗਰੰਥ ਸਾਹਿਬ ਦੀ ਵਿਆਕਰਣ ਅਤੇ ਪੰਜਾਬੀ ਦੀ ਹੁਣ ਦੀ ਵਿਆਕਰਣ ਹੈ।ਪੰਜਾਬੀ ਦੇ ਕਈ ਸ਼ਬਦ ਹਨ ਜਿਨ੍ਹਾਂ ਦੇ ਕਈ ਨਵੇਂ ਅਰਥ ਪੈਦਾ ਹੋਏ ਨੇ।
ਭਾਈ ਸ਼ਬਦ ਦੇ ਹੁਣ ਨਵੈ ਅਰਥ ਹਨ ਗੁਰਦਆਰੇ ਦਾ ਪਾਠੀ ਜਾ ਸੇਵਾਦਾਰ।
ਗਿਆਨੀ ਸ਼ਬਦ ਦੇ ਅਰਥ ਸਕਾਰਾਤਮਿਕ ਤੋਂ ਨਕਾਰਾਤਮਿਕ ਹੋ ਗਏ ਨੇ।
ਵਾਹਿਗੁਰੂ ਸ਼ਬਦ ਦੇ ਨਵੇਂ ਅਰਥ ਅਕਾਲ ਪੁਰਖ ਹੋ ਗਏ ਨੇ।ਇਸ ਸ਼ਬਦ ਦੇ ਅਰਥਾਂ ਦੀ ਇਸ ਤਬਦੀਲੀ ਦਾ Encyclopaedia Britannica ਵਿੱਚ ਵੀ ਜ਼ਿਕਰ ਕੀਤਾ ਗਿਆ ਹੈ।
ਇਹਨਾਂ ਸ਼ਬਦਾ ਦੇ ਅਰਥਾਂ ਵਿੱਚ ਬਦਲਾਅ ਆੳਣਾ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਬੂਤ ਹੈ ਕਿ ਸਿਖੀ ਕਿਥੇ ਸੀ ਅਤੇ ਕਿਥੇ ਆ ਗਈ ਹੈ।

ਸ ਇਕਬਾਲ ਸਿੰਘ ਜੀ ਤੁਸੀਂ ਮੈਨੂੰ ਹਾਲੇ ਤਕ ਇਹ ਨਹੀਂ ਦੱਸਿਆ ਕਿ ਤੁਸੀਂ ਇਹ ਸਵਾਲ ਮੈਨੂੰ ਕਿਉਂ ਕੀਤਾ।ਮੈਨੂੰ ਤੁਹਾਡੇ ਸਵਾਲ ਕਰਨ ਤੇ ਕੋਈ ਇਤਰਾਜ਼ ਨਹੀ ਹੈ ਪਰ ਮੈ ਇਸ ਦੀ ਵਜਹ ਜਾਨਣ ਲਈ ਪੁਛ ਰਿਹਾਂ ਹਾਂ।
ਦੂਜੇ ਮੈ ਤੁਹਾਡੇ ਕੋਲੋ ਇਹ ਪੁਛਿਆ ਸੀ ਕਿ ਜੋ ਗੁਰਮਤਿ ਸਿਧਾਂਤ ਗੁਰੂ ਗ੍ਰੰਥ ਸਾਹਿਬ ਵਿਚ ਹੈ ਅਤੇ ਜੋ ਗੁਰਮਤਿ ਅੱਜ ਕਲ ਗੁਰਦੁਆਰਿਆਂ ਵਿੱਚ ਪ੍ਰਚਾਰੀ ਜਾ ਰਹੀ ਹੈ ਜਾਂ ਆਮ ਸਿਖ ਦੇ ਜੀਵਨ ਵਿੱਚ ਹੈ ਕੀ ਤਹੁਨੂੰ ਇਹਨਾਂ ਦੋਨਾਂ ਵਿਚ ਕੋਈ ਫਰਕ ਨਜ਼ਰ ਆਊਂਦਾ ਹੈ ਜਾਂ ਨਹੀਂ।
ਆਦਰ ਸਹਿਤ
ਜਰਨੈਲ ਸਿੰਘ
29th April 2016 7:14pm
Gravatar
Gurmit Singh Barsal (San jose, US)
ਤੱਤ ਗੁਰਮਤਿ ਸ਼ਬਦ-ਜੋੜ ਵਾਰੇ ਸਾਰੇ ਹੀ ਵੀਰਾਂ ਤੋਂ ਸਿੱਖਣ ਲਈ ਬਹੁਤ ਕੁਝ ਮਿਲਿਆ ਹੈ। ਲਿਖਾਰੀ/ਪਰਚਾਰਕ ਦਾ ਮੁੱਖ ਵਿਸ਼ਾ ਸ਼ਬਦ ਵਿਚਾਰ ਪਾਠਕਾਂ/ਸਰੋਤਿਆਂ ਤੱਕ ਉਸਦੇ ਅਸਲ ਭਾਵ ਅਨੁਸਾਰ ਪਹੁੰਚਾਉਣਾ ਹੁੰਦਾ ਹੈ। ਅਜਿਹਾ ਕਰਦਿਆਂ ਕਈ ਵਾਰ ਕੁਝ ਅਜਿਹੇ ਸ਼ਬਦ ਅਕਸਰ ਹੀ ਸ਼ੁਰੂ ਹੋ ਜਾਦੇ ਹਨ ਜੋ ਸਰੋਤੇ ਨੂੰ ਸੁਤੇ ਸਿੱਧ ਹੀ ਸਮਝ ਆ ਜਾਂਦੇ ਹਨ ਜਿਵੇਂ ਤੱਤ ਗੁਰਮਤਿ,ਜਾਗਰੁਕ ਆਦਿ ਜੋ ਕਈ ਵਾਰ ਵਿਆਕਰਣਿਕ ਨਿਯਮਾ ਅਨੁਸਾਰ ਸਹੀ ਵੀ ਨਹੀਂ ਹੁੰਦੇ ਪਰ ਪਰਚਲਤ ਹੋ ਜਾਂਦੇ ਹਨ । ਮੈਂ ਵੀ ਅਜਿਹੇ ਸ਼ਬਦਾਂ ਨੂੰ ਕਵਿਤਾਵਾਂ ਵਿੱਚ ਸੁੱਤੇ ਸਿਧ ਵਰਤ ਜਾਂਦਾ ਹਾਂ।
28th April 2016 11:30am
Gravatar
Iqbal Singh Dhillon (Chandigarh, India)
‘ਤੱਤ ਗੁਰਮੱਤ’ ਸਬੰਧੀ ਜੋ ਵਿਚਾਰ-ਚਰਚਾ ਹੁਣ ਤਕ ਹੋਈ ਹੈ ਉਹ ‘ਗੁਰਮੱਤ’ਸ਼ਬਦ ਨੂੰ ਲੈ ਕੇ ਹੋਈ ਹੈ ਅਤੇ ਇੱਥੇ ‘ਤੱਤ’ ਨੂੰ ਵਿਸ਼ੇਸ਼ਣ (adjective) ਦੇ ਤੌਰ ਤੇ ਲਿਆ ਗਿਆ ਹੈ ਜਿਸਦਾ ਅਰਥ ‘ਅਸਲੀ/ਸ਼ੁਧ/ਮੌਲਿਕ/ਮੂਲ’ ਦੇ ਤੌਰ ਤੇ ਕੱਢਿਆ ਗਿਆ ਹੈ। ‘ਤੱਤ’ ਸ਼ਬਦ ਦੀ ਇਸ ਢੰਗ ਨਾਲ ਵਰਤੋਂ ਕਰਨ ਦਾ ਮੁੱਢ ਸ਼ਬਦ-ਜੁੱਟ ‘ਤੱਤ ਖਾਲਸਾ’ ਤੋਂ ਬੱਝਦਾ ਹੈ ਜੋ ਕਿ ਅਠਾਰ੍ਹਵੀਂ ਸਦੀ ਈਸਵੀ ਦੇ ਦੂਸਰੇ ਦਹਾਕੇ ਵਿਚ ਸਿਖ ਫਿਰਕੇ ਦੀਆਂ ਫੌਜਾਂ ਦੇ ਇਕ ਧੜੇ ਨੇ ਆਪਣੇ-ਆਪ ਨੂੰ ਬੰਦਾ ਬਹਾਦਰ ਦੇ ਪੈਰੋਕਾਰਾਂ (ਬੰਦਈ ਖਾਲਸਾ) ਤੋਂ ਵੱਖਰਾ ਰੱਖਣ ਲਈ ਚਾਲੂ ਕੀਤਾ ਸੀ। ਪਰੰਤੂ ਵਿਆਕਰਨ ਪੱਖੋਂ ‘ਤੱਤ’ ਸ਼ਬਦ ਇਕ ਵਿਸ਼ੇਸ਼ਣੀ ਸ਼ਬਦ ਹੈ ਹੀ ਨਹੀਂ, ਸਗੋਂ ਇਹ ਇਕ ਸੰਗਿਆ (noun) ਵੰਨਗੀ ਦਾ ਸ਼ਬਦ ਹੈ। ਗੁਰਬਾਣੀ ਵਿਚ ਵੀ ਇਸ ਸ਼ਬਦ ਦੀ ਵਰਤੋਂ ਸੰਗਿਆ ਰੂਪ ਵਿਚ ਹੋਈ ਹੈ, ਵਿਸ਼ੇਸਣ ਰੂਪ ਵਿਚ ਨਹੀਂ। ਇਸ ਤਰ੍ਹਾਂ ਗੁਰਬਾਣੀ ਦੇ ਸੰਦਰਭ ਵਿਚ ‘ਤੱਤ’ ਦੇ ਅਰਥ ‘ਅਸਲੀ/ਸ਼ੁਧ/ਮੌਲਿਕ/ਮੂਲ’ ਬਣਦੇ ਹੀ ਨਹੀਂ। ਗੁਰਬਾਣੀ ਦੇ ਸੰਦਰਭ ਵਿਚ ਸੰਗਿਆ ਰੂਪ ‘ਤੱਤ’ ਦੇ ਅਰਥ ਹਨ: ਬ੍ਰਹਿਮੰਡੀ ਪਾਸਾਰ, ਬ੍ਰਹਿਮੰਡੀ ਅੰਸ਼ ਜਾਂ ਬ੍ਰਹਿਮੰਡੀ ਸਚਾਈ। ਗੁਰਬਾਣੀ ਵਿਚ ਆਉਂਦੀ ਸ਼ਬਦ-ਲੜੀ “ ……ਤਤੁ ਗੁਰਮਤਿ ਕਾਢਿ ਲਈਜੈ” (ਗੁਰਬਾਣੀ-ਗ੍ਰੰਥ ਪੰਨਾਂ 1323) ਵਿਚ ‘ਤਤੁ’ ਦੀ ਵਰਤੋਂ ‘ਬ੍ਰਹਿਮੰਡੀ ਸਚਾਈ’ ਲਈ ਕੀਤੀ ਗਈ ਹੈ ਅਤੇ ਇਸ ਸਤਰ ਦਾ ਜੋ ਅਰਥ ਬਣਦਾ ਹੈ ਉਹ ਹੈ: ਗੁਰਮਤਿ ਰਾਹੀਂ ਬ੍ਰਹਿਮੰਡ ਦੇ ਸੱਚ ਨੂੰ ਸਮਝਣਾ। ‘ਤੱਤ ਖਾਲਸਾ’ ਸ਼ਬਦ-ਜੁੱਟ ਵਿਚ ‘ਤੱਤ’ ਨੂੰ ਵਿਸ਼ੇਸ਼ਣੀ ਰੂਪ (adjectival) ਦੇ ਤੌਰ ਤੇ ਵਰਤ ਕੇ ‘ਤੱਤ ਖਾਲਸਾ’ ਦੇ ਜੋ ਅਰਥ ਕੱਢੇ ਗਏ ਉਹ ਸਨ: ਖਾਲਸੇ ਦਾ ਸੱਚਾ/ਅਸਲੀ ਰੂਪ। ਇੱਥੇ ‘ਤੱਤ’ ਦੇ ਵਿਸ਼ੇਸਣ ਨਾ ਹੋਣ ਤੇ ਵੀ ਉਸ ਨੂੰ ਵਿਸ਼ੇਸ਼ਣੀ-ਰੂਪ (adjectival) ਵਿਚ ਵਰਤਦੇ ਹੋਏ ਵਿਆਕਰਨਕ ਗਲਤੀ ਤਾਂ ਕੀਤੀ ਹੀ ਗਈ ਹੋਈ ਹੈ ਪਰੰਤੂ ਤਰਕ-ਵਿਗਿਆਨ (Logic) ਦੇ ਪੱਖੋਂ ਵੀ ‘ਤੱਤ ਖਾਲਸਾ’ ਦਾ ਕੋਈ ਅਰਥ ਨਹੀਂ ਬਣਦਾ ਕਿਉਂਕਿ ‘ਤੱਤ’ ਦਾ ਅਰਥ ‘ਅਸਲੀ/ਸ਼ੁਧ/ਮੌਲਿਕ/ਮੂਲ’ ਬਣਦਾ ਹੀ ਨਹੀਂ। ਸੋ ‘ਤੱਤ ਖਾਲਸਾ’ ਨੂੰ ਸਾਹਮਣੇ ਰੱਖ ਕੇ ‘ਤੱਤ ਗੁਰਮੱਤ’ ਦੇ ਅਰਥ ‘ਅਸਲੀ/ਸ਼ੁਧ/ਮੌਲਿਕ/ਮੂਲ ਗੁਰਮੱਤ’ ਦੇ ਤੌਰ ਤੇ ਕਰਨਾ ਵਿਆਕਰਨਕ ਅਤੇ ਤਾਰਕਿਕ ਦੋਵ੍ਹਾਂ ਪੱਖਾਂ ਤੋਂ ਸਹੀ ਨਹੀਂ।
ਦੂਸਰੇ ਪਾਸੇ ‘ਗੁਰਮੱਤ’ ਦੇ ਜੋ ਸਹੀ ਅਰਥ ਬਣਦੇ ਹਨ ਉਹ ਹਨ: ਵੱਡਾ/ਉੱਚਾ/ਰੱਬੀ ਸਿਧਾਂਤ (ਕਿਉਂਕਿ ਗੁਰਬਾਣੀ ਵਿਚ ਬਹੁਤਾ ਕਰਕੇ ’ਗੁਰ/ਗੁਰੂ/ਸਤਿਗੁਰ/ਸਤਿਗੁਰੂ’ ਰੱਬ ਲਈ ਵਰਤੇ ਗਏ ਹੋਏ ਹਨ) ਅਤੇ ‘ਤੱਤ ਗੁਰਮੱਤ’ ਦਾ ਜੋ ਅਰਥ ਬਣੇਗਾ ਉਹ ਹੈ: ਗੁਰਬਾਣੀ ਆਧਾਰਿਤ ਬ੍ਰਹਮੰਡੀ ਸੱਚ ਦਾ ਸਿਧਾਂਤ। ਇਸ ਪੱਖੋਂ ਵੇਖੀਏ ਤਾਂ ‘ਤੱਤ ਗੁਰਮਤਿ ਪਰਿਵਾਰ’ ਵਾਲੇ ‘ਗੁਰਮੱਤ’ ਦੇ ਸਹੀ ਅਰਥਾਂ ਦੇ ਬਹੁਤ ਨੇੜੇ ਹਨ ਪਰੰਤੂ ਉਹਨਾਂ ਨੂੰ ਹੋਰ ਸਪਸ਼ਟ ਹੋਣ ਦੀ ਲੋੜ ਹੈ (ਵਿਸ਼ੇਸ਼ ਕਰਕੇ ‘ਤੱਤ’ ਦੇ ਅਰਥਾਂ ਦੇ ਪੱਖੋਂ। ‘ਤੱਤ’ ਅਤੇ ‘ਗੁਰਮੱਤ’ ਦੇ ਇਹਨਾਂ ਅਰਥਾਂ ਨੂੰ ਲੈ ਕੇ ‘ਤੱਤ ਗੁਰਮੱਤ ਪਰਿਵਾਰ’ ਦਾ ਅਰਥ ਇਹ ਹੋਵੇਗਾ: ਗੁਰਬਾਣੀ ਆਧਾਰਿਤ ਬ੍ਰਹਮੰਡੀ ਸੱਚ ਦੇ ਸਿਧਾਂਤ ਨੂੰ ਮਾਨਤਾ ਦੇਣ ਵਾਲਾ ਪਰਿਵਾਰ। ਜੇਕਰ ‘ਤੱਤ ਗੁਰਮਤਿ ਪਰਿਵਾਰ’ ਵਾਲੇ ਇਹਨਾਂ ਅਰਥਾਂ ਨੂੰ ਸਪਸ਼ਟ ਤੌਰ ਤੇ ਲੈਕੇ ਚਲਦੇ ਹਨ ਤਾਂ ਉਹ ਸ਼ਬਦ-ਜੁੱਟ ‘ਤੱਤ ਗੁਰਮਤਿ’ ਦੀ ਵਰਤੋਂ ਵਿਚ ਕੋਈ ਗਲਤੀ ਨਹੀਂ ਕਰ ਰਹੇ ਹੋਣਗੇ।
...............ਇਕਬਾਲ ਸਿਂਘ ਢਿੱਲੋਂ, ਚੰਡੀਗੜ੍ਹ।
27th April 2016 4:02pm
Gravatar
Gursharn Singh Dhillon (Ajax, Canada)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਤਤੁ ਗੁਰਮਤਿ’ ਵਾਲੇ ਸ਼ਬਦ ਦੀ ਪ੍ਰੋ. ਸਾਹਿਬ ਸਿੰਘ ਜੀ ਹੇਠ ਲਿਖੀ ਵਿਆਖਿਆ ਕਰਦੇ ਹਨ :
ਕਲਿਆਨ ਮਹਲਾ ੪ ਅਸਟਪਦੀਆ ॥ ੴ ਸਤਿਗੁਰ ਪ੍ਰਸਾਦਿ ॥ ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥ ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥
ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥ ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥(ਮ: 4,ਪੰਨਾ 1323)
ਅਰਥ:- ਹੇ ਭਾਈ! ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਸੁਣ ਕੇ (ਮਨੁੱਖ ਦਾ) ਮਨ (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ । ਇਹ ਹਰਿ-ਨਾਮ ਆਤਮਕ ਜੀਵਨ ਦੇਣ ਵਾਲਾ ਹੈ ਅਤੇ ਸੁਆਦਲਾ ਹੈ । ਇਹ ਹਰਿ-ਨਾਮ-ਜਲ ਗੁਰੂ ਦੀ ਮਤਿ ਦੀ ਰਾਹੀਂ ਆਤਮਕ ਅਡੋਲਤਾ ਵਿਚ (ਟਿਕ ਕੇ) ਪੀ ਸਕੀਦਾ ਹੈ ।੧।ਰਹਾਉ।

ਹੇ ਭਾਈ! ਜਿਵੇਂ (ਹਰੇਕ) ਲੱਕੜੀ ਵਿਚ ਅੱਗ (ਲੁਕੀ ਰਹਿੰਦੀ) ਹੈ, (ਪਰ ਜੁਗਤਿ ਨਾਲ ਉੱਦਮ ਕਰ ਕੇ ਪਰਗਟ ਕਰ ਸਕੀਦੀ ਹੈ, ਤਿਵੇਂ ਪਰਮਾਤਮਾ ਦਾ ਨਾਮ (ਐਸਾ) ਹੈ (ਕਿ ਇਸ ਦੀ) ਜੋਤਿ ਸਾਰੀ ਸ੍ਰਿਸ਼ਟੀ ਵਿਚ (ਗੁਪਤ) ਹੈ, ਇਸ ਅਸਲੀਅਤ ਨੂੰ ਗੁਰੂ ਦੀ ਮਤਿ ਦੀ ਰਾਹੀਂ ਸਮਝ ਸਕੀਦਾ ਹੈ ।੧।
ਇਸ ਵਿਸ਼ੇ ਬਾਰੇ ਜਾਣਕਾਰੀ ਦੇਣ ਲਈ ਜਿਹੜੇ ਆਪਣਾ ਯੋਗਦਾਨ ਪਾ ਰਹੇ ਹਨ ਉਹਨਾਂ ਸਾਰਿਆਂ ਦਾ ਧੰਨਵਾਦ ।
27th April 2016 5:03am
Gravatar
Sukhwinderjit Singh (Truganina, Australia)
ਮੇਰੀ ਬੇਨਤੀ ਹੈ 'ਤੱਤ' ਸ਼ਬਦ ਦੀ ਗੁਰਮਤਿ ਨਾਲ ਵਰਤੋਂ ਨੂੰ ਲੈ ਕੇ ਹੁੰਦੀ ਵਿਚਾਰ ਬਾਰੇ | ਡਾਕਟਰ ਢਿਲੋਂ ਸਾਹਿਬ ਜੀ ਦੀ ਗੱਲ ਨਾਲ ਮੈਂ ਸਹਿਮਤ ਹਾਂ ਕੇ , ਜੋ ਚੀਜ਼ ਖਰੀ ਹੈ ਉਸ ਨਾਲ 'ਖਰੀ ਲਿਖਣ ਦੀ ਲੋੜ ਨਹੀ ਹੁੰਦੀ | ਪਰ ਇਸ ਤਰਾਂ ਨਹੀ ਹੈ ਅਸੀਂ ਅਕਸਰ ਬਜਾਰ ਵਿੱਚ ਜਾਂ ਵੈਸੇ ਖ਼ਰੀਦਦਾਰੀ ਕਰਦੇ ਹਾਂ ਤਾਂ ਤਕਰੀਬਨ ਹਰ ਵਸਤੂ ਨਾਲ ਹੀ ‘ਖਰੀ/ਖਰਾ/ਅਸਲੀ/ਸਚੀ’ ਲਗਾ ਕੇ ਬੋਲਿਆ ਜਾਂਦਾ ਹੈ/ ਕਿਹਾ ਜਾਂਦਾ ਹੈ | ਇਹ ਤਾਂ ਸਾਬਿਤ ਹੋਣ ਤੋਂ ਬਾਅਦ ਹੀ ਸਪਸੱਟ ਹੁੰਦਾ ਹੈ ਕੇ ਇਸ ਵਸਤੂ ਨਾਲ ‘ਖਰੀ/ਖਰਾ/ ਅਸਲੀ’ ਲਗਣਾ ਹੈ ਕੇ ਨਹੀ ਲੇਕਨ ਤਦ ਤੱਕ ਤਾਂ ਇਸ ਨਾਲ ਇਹਨਾ ਸ਼ਬਦਾ ਦੀ ਵਰਤੋ ਕਰਨੀ ਹੀ ਪਵੇਗੀ| ਹੁਣ ਅਗਰ ਤੁਸੀਂ ਦੁਸੋਨਾ ਵੇਚਦੇ ਹੋ ਤਾਂ ਤੇ ਮਿਲਾਵਟ ਨਹੀ ਕਰਦੇ , ਹੋ ਸਕਦਾ ਤੋਹਾਡਾ ਰੇਟ ਦੂਸਰੇ ਸੋਨਾ ਵੇਚਣ ਵਾਲਿਆਂ ਨਾਲੋ ਜਿਆਦਾ ਹੋਵੇ ਤਾਂ ਪੁਛਣ ਤੇ ਤਹਾਨੂੰ ਕਹਿਣਾ ਪੈ ਸਕਦਾ ਹੈ ਕੇ ਜੀ ਮੈਂ ਖ਼ਾਲਸਾ/ਅਸਲੀ/ਖਰਾ ਸੋਨਾ (ਮਾਲ) ਵੇਚਦਾ ਹਾਂ |
ਅਸੀਂ ਦੇਖਦੇ ਹਾਂ ਕੇ ਗੁਰਬਾਣੀ ਦੇ ਵਿੱਚ ਵੀ ‘ਤਤੁ ਗੁਰਮਤਿ’ ਸ਼ਬਦ ਦੀ ਇਕਠੀ ਵਰਤੋ ਹੁੰਦੀ ਹੈ ‘ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥“ (1323 ਗ.ਗ.ਸ.ਜ) , ਅਤੇ ਹੋਰ ਵੀ ਥਾਵਾਂ ਤੇ ‘ਤਤ, ਨਿਰਮੋਲ, ਸ਼ੁਧ ‘ ਸ਼ਬਦ ਗੁਰਬਾਣੀ ਚ ਲਿਖੇ ਮਿਲਦੇ ਹਨ | ਇਸ ਲਈ ਅਗਰ ‘ਤਤ /ਤੱਤ’ ਗੁਰਮੱਤ ਤੋਂ ਪਹਿਲਾਂ ਕੋਈ ਆਪਣੀ ਗੱਲ ਦੀ ਸਫਾਈ ਦੇਣ ਲਈ ਜਾਂ ਸਮਰਥਨ ਕਰਨ ਲਈ ਲਿਖ ਲੈਂਦਾ ਹੈ ਤਾਂ ਕੋਈ ਇਦਾ ਗੁਨਾਹ ਨਹੀ ਹੈ ਤੇ ਨਾ ਹੀ ਕੋਈ ਕੌਮ ਦਾ ਇਦਾ ਵੱਡਾ ਮਸਲਾ ਕੇ ਇਸ ਉੱਤੇ ਇੱਡੀ ਚਰਚਾ ਕੀਤੀ ਜਾਵੇ | ਬਾਕੀ ਅੰਤ ਚ ਮੈਂ ਫਿਰ ਡਾਕਟਰ ਢਿਲੋਂ ਸਾਹਿਬ ਜੀ ਦੀ ਗੱਲ ਸਹਿਮਤੀ ਦਿਖਾਉਂਦਾ ਹਾਂ ਕੇ ਵਾਕਿਆ ਹੀ ਅਸਲੀ ਚੀਜ ਨਾਲ ‘ਅਸਲੀ’ ਲਿਖਣ ਦੀ ਲੋੜ ਨਹੀਂ, ਇਸੇ ਤਰਾਂ ਗੁਰਮੱਤ ਜਾਂ ਤਾਂ ਤੱਤ ਹੀ ਹੈ ਨਹੀਂ ਤੇ ਫਿਰ ਓਹ ਗੁਰਮੱਤ ਹੀ ਨਹੀ |
27th April 2016 12:18am
Gravatar
Iqbal Singh Dhillon (Chandigarh, India)
ਸ.ਜਰਨੈਲ ਸਿੰਘ ਜੀ ਨੇ ਆਪਣੀ ਹੇਠਾਂ ਪਾਈ ਗਈ ਪੋਸਟ ਵਿਚ ਲਿਖਿਆ ਹੈ: “ਸਮਾ ਪੈਣ ਨਾਲ ਗੁਰਮਤਿ ਦੇ ਸਹੀ ਅਰਥ ਅਲੋਪ ਹੋ ਗਏ ਨੇ........।”
ਸ. ਜਰਨੈਲ ਸਿੰਘ ਜੀ ਨੂੰ ਸਨਿਮਰ ਬੇਨਤੀ ਹੈ ਕਿ ਉਹ ਇਹ ਦੱਸਣ ਦੀ ਖੇਚਲ ਕਰਨ ਕਿ ਉਹਨਾਂ ਅਨੁਸਾਰ ‘ਗੁਰਮਤਿ’ ਦੇ ‘ਸਹੀ’ ਅਰਥ ਕੀ ਹਨ/ਸਨ (ਜੋ ਸਮਾਂ ਪੈਣ ਨਾਲ ਅਲੋਪ ਹੋ ਗਏ ਹਨ)।
...............ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
27th April 2016 12:11am
Gravatar
Jarnail Singh (sydney, Australia)
ਸ ਇਕਬਾਲ ਸਿੰਘ ਜੀ

ਮੈਨੂੰ ਇਹ ਸਮਝ ਨਹੀਂ ਪਈ ਕਿ ਤੁਸੀਂ ਇਸ ਸਵਾਲ ਕਿਉਂ ੁਪੁਛ ਰਹੇ ਹੋ।ਖੈਰ…

ਇਕਬਾਲ ਸਿੰਘ ਜੀ ਮੈਂ ਤੁਹਾਡੇ ਜਿੰਨ੍ਹਾ ਪੜਿਆ ਲਿਖਿਆ ਨਹੀਂ ਹਾਂ।ਫਿਰ ਵੀੋ ਮੈਨੂੰ ਜੋ ਸਮਝ ਪਈ ਹੈ ਉਸ ਅਨੁਸਾਰ ਗੁਰਮਤਿ ਗੁਰੂ ਦੀ ਬਖਸ਼ੀ ਬਿਬੇਕ ਵਿਰਤੀ ਰਾਹੀਂ ਕਰਤਾਰ ਦੇ ਹੁਕਮ ਨੂੰ ਬੁਝ ਤਮਾਮ ਕਰਮ ਕਾਂਢਾਂ ਦੀ ਮੈਲ਼ ਲਾਹ ਸੱਚੀ ਸੁਚੀ ਜ਼ਿੰਦਗੀ ਜੀਉਣਾ ਅਤੇ ਮਰਨਾ ਹੈ।ਪਰ ਜੋ ਗੁਰਦਆਰਿਆਂ ਵਿੱਚ ਅਤੇ ਸਿਖ ਸਮਾਜ ਵਿੱਚ ਹੁਣ ਦੇਖਦੇ ਹਾਂ ਉਸ ਅਨੁਸਾਰ ਤਾਂ ਇਹ ਸ਼ਰਧਾ ਹੇਤ ਸਾਰੇ ਕਰਮ ਕਾਂਢ ਕਰਕੇ ਧਰਮੀ ਹੋਣ ਦਾ ਭਰਮ ਪਾਲਣਾ ਬਣ ਗਈ ਹੈ।ਹੋ ਸਕਦਾ ਤੁਹਾਡਾ ਤਜ਼ਰਬਾ ਮੇਰੇ ਨਾਲੋਂ ਭਿੰਨ ਹੋਵੇ।ਮੈ ਥੋੜੀ ਦੇਰ ਲਈ ਤੁਹਾਡੇ ਸ਼ਹਿਰ ਵੀ ਰਿਹਾਂ ਹਾਂ ਮੇਰਾ ਤਾਂ ਉਥੇ ਦਾ ਤਜਰਬਾ ਵੀ ਇਹੀ ਸੀ।

ਆਦਰ ਸਹਿਤ
ਜਰਨੈਲ ਸਿੰਘ
27th April 2016 7:51pm
Gravatar
Iqbal Singh Dhillon (Chandigarh, India)
ਸ. ਜਰਨੈਲ ਸਿੰਘ ਜੀ, ਉੱਤਰ ਦੇਣ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਨੇ ਇਹ ਜਾਣਨਾ ਚਾਹਿਆ ਹੈ ਕਿ ਮੈਂ ਆਪ ਜੀ ਨੂੰ ਆਪਣੀ ਪੋਸਟ ਵਿਚ ‘ਗੁਰਮੱਤ’ ਬਾਰੇ ਸਵਾਲ ਕਿਉਂ ਕੀਤਾ ਸੀ। ਮੈਂ ਆਪ ਜੀ ਨੂੰ ਇਸਦਾ ਕਾਰਨ ਜ਼ਰੂਰ ਦੱਸਣਾ ਚਾਹਾਂਗਾ ਪਰੰਤੂ ਉਸ ਤੋਂ ਪਹਿਲਾਂ ਆਪ ਜੀ ਨੂੰ ਮੇਰੇ ਇਕ ਹੋਰ ਸਵਾਲ ਦਾ ਉੱਤਰ ਦੇਣਾ ਹੋਏਗਾ। ਉਹ ਸਵਾਲ ਹੈ ਕਿ ਆਪ ਜੀ ਨੇ ‘ਗੁਰਮੱਤ’ਦੇ ਜੋ ਅਰਥ ਕੀਤੇ ਹਨ ਕੀ ਉਹ ਮੁੱਢਲੇ ਅਰਥ ਹਨ ਜਾਂ ਕਿ ਬਦਲੇ ਹੋਏ (ਕਿਉਂਕਿ ਆਪ ਜੀ ਨੇ ਆਪਣੀ ਪਹਿਲੀ ਪੋਸਟ ਵਿਚ ਦਾਵਾ ਕੀਤਾ ਸੀ ਕਿ ਸਮਾਂ ਬੀਤਣ ਨਾਲ ‘ਗੁਰਮੱਤ’ਦੇ ਅਰਥਾਂ ਦਾ ‘ਹੋਰ ਦਾ ਹੋਰ ਬਣ ਗਿਆ ਹੈ’ ਭਾਵ ਇਹ ਅਰਥ ਬਦਲ ਗਏ ਹਨ)। ਆਸ ਹੈ ਕਿ ਆਪ ਜੀ ਮੇਰੇ ਇਸ ਸਵਾਲ ਦਾ ਉੱਤਰ ਜਲਦੀ ਦੇ ਦੇਵੋਗੇ।
.............ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
28th April 2016 9:46am
Gravatar
Jarnail Singh (sydney, Australia)
ਸ਼ ਇਕਬਾਲ ਸਿੰਘ ਜੀ

ਤੁਸੀਂ ਆਪਣੇ ਖਤ ਵਿੱਚ ਇਹ ਪੁੱਛਿਆ ਹੈ ਕਿ ਮੇਰੇ ਦੁਆਰਾ ਕੀਤੇ ਗੁਰਮਤਿ ਦੇ ਅਰਥ “ਮੁਢਲੇ” ਹਨ ਜਾਂ ਬਦਲੇ ਹੋਏ।ਮੈਨੂੰ ਨਹੀਂ ਪਤਾ “ਮੁਢਲੇ” ਤੋਂ ਤੁਹਾਡਾ ਕੀ ਭਾਵ ਹੈ।ਮੈ ਆਪਣੇ ਖਤ ਵਿੱਚ ਦੋੋ ਅਰਥ ਦਿਤੇ ਸਨ।ਇੱਕ ਉਹ ਜੋ ਗੁਰੂ ਗਰੰਥ ਸਾਹਿਬ ਦੀ ਬਾਣੀ ਚੋਂ ਮੈਨੂੰ ਸਮਝ ਪਏ ਨੇ।ਦੂਜੇ ਉਹ ਜੋ ਸਿਖ ਸਮਾਜ ਦੇ (ਉਹਨਾਂ ਵਲੋ ਇਸੇ ਬਾਣੀ ਅਨੁਸਾਰ ਕੀਤੇ) ਅਮਲਾਂ ਵਿੱਚੋਂ ਝਲਕਦੇ ਨੇ।ਤੁਹਾਡੇ ਵਰਗੇ ਵਿਦਵਾਨਾਂ ਦੀ ਗਲ ਹੋਰ ਹੈ ਪਰ ਆਮ ਆਦਮੀ ਲਈ ਹੁਣ ਇਹ ਬਦਲੇ ਹੋੲੈ ਅਰਥ ਹੀ ਗੁਰਮਤਿ ਬਣ ਗਏ ਨੇ।ਜਿਵੇਂ ਵਾਹਿਗੁਰੂ ਲਫ਼ਜ਼ ਦੇ ਵਿਆਕਰਣ ਅਨੁਸਾਰ ਅਰਥ ਤਾਂ ਹੋਰ ਬਣਦੇ ਹਨ ਪਰ ਲੋਕਾਂ ਦੇ ਅਮਲ ਨਾਲ ਹੁਣ ਇਸ ਦੇ ਨਵੇਂ ਅਰਥ “ਅਕਾਲ ਪੁਰਖ” ਬਣ ਗਏ ਨੇ।ਜਿਵੇਂ ਗੁਰੁ ਗਰੰਥ ਸiਾਹਬ ਦੀ ਬਾਣੀ ਕਿਸੇ ਵੀ ਦੁਨਿਆਵੀ ਅਕਾਲ ਤਖਤ ਨੂੰ ਮਾਨਤਾ ਨਹੀ ਦਿੰਦੀ ਪਰ ਸਿਖਾਂ ਦੇ ਅਮਲ ਚੋ ਅਕਾਲ ਤਖਤ ਇਕ ਬਹੁਤ ਵੱਡੀ ਸ਼ਕਤੀ ਬਣ ਕੇ ਇੰਝ ਸਾਹਮਣੇ ਆਉਂਦਾ ਹੈ ਮਾਨੋ ਇਹ ਹੀ ਸਿਖੀ ਦੀ ਇੱਕ ਮਾਤਰ ਬੁਨਿਆਦ ਹੋਵੇ।

ਕੀ ਤੁਹਾਨੂੰ ਇਹ ਫਰਕ ਨਜ਼ਰ ਨਹੀ ਆਉਂਦਾ।

ਆਦਰ ਸਹਿਤ
ਜਰਨੈਲ ਸਿੰਘ
28th April 2016 8:13pm
Gravatar
Jarnail Singh (Normanhurst, Australia)
ਪਿਛਲੇ ਕੁਝ ਦਿਨਾਂ ਤੋਂ ਗੁਰਮਤਿ ਨਾਲ ਤੱਤ ਵਿਸ਼ੇਸ਼ਣ ਲਾਉਣ ਵਾਰੇ ਵਿਚਾਰ ਚਲ ਰਹੀ ਹੈ।ਗੁਰਮਤਿ ਦਾ ਵਿਦਿਆਰਥੀ ਹੋਣ ਨਾਤੇ ਜੋ ਮੈਨੂੰ ਸਮਝ ਪਈ ਹੈ ਉਸ ਅਨੁਸਾਰ ਸ ਰਵਿੰਦਰ ਸਿੰਘ ਜੀ ਸਹੀ ਲਗਦੇ ਨੇ।ਸਮਾ ਪੈਣ ਨਾਲ ਗੁਰਮਤਿ ਦੇ ਸਹੀ ਅਰਥ ਅਲੋਪ ਹੋ ਗਏ ਨੇ ਅਤੇ ਇਸ ਦਾ ਹੋਰ ਦਾ ਹੋਰ ਹੀ ਬਣ ਗਿਆ ਹੈ।ਇਸ ਦੇ ਦੋ ਕਾਰਨ ਨੇ। ਸਭ ਤੋਂ ਵੱਡਾ ਕਾਰਨ ਸਿਖਾਂ ਦਾ ਇਸ ਦੇ ਸਹੀ ਅਰਥਾਂ ਨੂੰ ਆਪਣੇ ਅਮਲਾਂ ਵਿੱਚ ਨਾ ਸੰਭਾਲਣਾ।ਦੂਜ਼ਾ ਭਾਸ਼ਾ ਦਾ ਵਿਕਾਸ।ਅਗਰ ਪਹਿਲਾ ਕਾਰਨ ਗਾਇਬ ਹੋ ਜਾਏ ਤਾਂ ਦੂਜਾ ਕਾਾਰਨ ਆਪਣੇ ਆਪ ਖਤਮ ਹੋ ਜਾਂਦਾ ਹੈ।ਜਿਸ ਨੂੰ ਅਸੀ ਗੁਰਮਤਿ ਦੇ ਤੌਰ ਤੇ ਪ੍ਰਚਾਰਿਆ ਜਾਂਦਾ ਵੇਖਦੇ ਹਾਂ ਉਹ ਪਖੰਡ ਤੋਂ ਕਿਸੇ ਤਰ੍ਹਾਂ ਵੀ ਘਟ ਨਹੀਂ।ਗੁਰੂ ਨਾਨਕ ਸਾਹਿਬ ਦੇ ਵਚਨ ਨੇ, “ਪਾਖੰਡਿ ਰਾਚਿ ਤਤੁ ਨਹੀ ਬੀਨੈ॥” (ਪੰਨਾ 840)। ਪਰ ਇਸ ਚਿਤਾਵਨੀ ਨੂੰ ਸਮਝਣ ਦੀ ਬਜਾਏ ਜੋ ਆਪਣੇ ਆਪ ਨੂੰ “ਸਿੰਘ” ਅਖਵਾਉਂਦੇ ਨੇ ਉਹ ਉਲਟਾ ਲੜਾਈ ਝਗੜਾ ਕਰਦੇ ਹੋਏ ਇਹ ਵੀ ਭੁਲ ਜਾਂਦੇ ਨੇ ਕਿ ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਕੀ ਨੁਕਸਾਨ ਕਰ ਰਹੇ ਨੇ ਕਿਉਂਕਿ “ ਵਾਦੁ ਵਖਾਣਹਿ ਤਤੁ ਨ ਜਾਣਾ॥” ਪੰਨਾ 1032। ਇਸ ਕਰਕੇ ਗੁਰਮਤਿ ਦੇ ਸਹੀ ਅਰਥਾਂ ਨੂੰ ਇਸ ਦੇ ਉਲਟ ਪੁਲਟ ਅਰਥਾਂ ਨਾਲੋਂ ਨਿਖੇੜਨ ਲਈ ਤੱਤ ਵਿਸ਼ੇਸ਼ਣ ਜਰੂਰੀ ਹੋ ਗਿਆ ਹੈ।
ਕਈ ਹੋਰ ਸ਼ਬਦਾਂ ਦੇ ਅਰਥ ਵੀ ਉਪਰੋਕਿਤ ਕਾਰਨਾਂ ਕਰਕੇ ਬਦਲ ਰਹੇ ਨੇ।ਜਿਵੈ ਸਿਮਰਣ,ਸਿੰਘ, ਖਾਲਸਾ ਆਦਿ।
iੱੲਸ ਨੂੰ ਸਹਿਤਕ ਪੱਖ ਤੋਂ ਵੀ ਵਿਚਾਰਿਆਾ ਜਾ ਸਕਦਾ ਹੈ।ਲੇਖਕ ਆਪਣੀ ਰਚਨਾ ਵਿੱਚ ਕਿਸੇ ਗੱਲ ਤੇ ਜ਼ੋਰ ਦੇਣ ਲਈ ਵੀ ਵਿਸ਼ੇਸ਼ਣ ਦੀ ਵਰਤੋਂ ਕਰਦੇ ਨੇ।ਗੁਰੂ ਸਾਹਿਬ ਨੇ ਵੀ ਇਸ ਦੀ ਵਰਤੋਂ ਕੀਤੀ ਹੈ।ਮਿਸਾਲ ਦੇ ਤੌਰ ਤੇ ਲਫ਼ਜ਼ “ਗੁਰੂ”ਆਪਣੇ ਆਪ ਵਿੱਚ ਸੰਪੂਰਣ ਹੈ ਪਰ ਗੁਰੂ ਸਾਹਿਬ ਬਹੁਤ ਜਗਹ “ਪੂਰਾ ਗੁਰੂ” ਜਾਂ “ਪੂਰਾ ਸਤਿਗੁਰ” ਵਰਤਦੇ ਨੇ।ਇਥੇ ਇਹ ਤਰਕ ਕੰਮ ਨਹੀਂ ਕਰਦਾ ਕਿ ਗੁਰੂ ਤਾਂ ਹੁੰਦਾ ਹੀ ਪੂਰਾ ਹੈ ਫਿਰ ਉਸ ਨੂੰ ਪੂਰਾ ਕਹਿਣ ਦੀ ਕੀ ਲੋੜ ਹੈ।
ਇੱਕ ਹੋਰ ਗਲ।ਕਿਸੇ ਵੀ ਰਚਨਾ ਦਾ ਇਕੋ ਇੱਕ ਮਕਸਦ ਪਾਠਕ ਤਕ ਆਪਣੀ ਗੱਲ ਪੁਹੰਚਾਉਣੀ ਹੁੰਦਾ ਹੈ।ਹੁਣ ਸਵਾਲ ਉੱਠਦਾ ਹੈ ਕੀ ਗੁਰਮਤਿ ਨੂੰ ਤੱਤ ਗੁਰਮਤਿ ਕਹਿਣ ਨਾਲ ਪਾਠਕ ਕਿਸੇ ਭੰਬਲਭੂਸੇ ਵਿੱਚ ਪੈਂਦਾ ਹੈ ਜਾਂ ਲੇਖਕ ਦੀ ਗੱਲ ਹੋਰ ਵੀ ਨਿੱਖਰ ਕੇ ਸਾਹਮਣੇ ਆਉਂਦੀ ਹੈ।ਮੇਰੇ ਲਈ ਤਾਂ ਗੱਲ ਜ਼ਿਆਦਾ ਸਾਫ ਹੋ ਗਈ ਸੀ।

ਜਰਨੈਲ਼ ਸਿੰਘ
26th April 2016 5:27pm
Page 35 of 51

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the word shark backwards.
 
Enter answer:
 
Remember my form inputs on this computer.
 
 
Powered by Commentics

.