.

ਜੋ ਸੱਚ ਬੋਲਣ/ਲਿਖਣ ਤੋਂ ਝਿਜਕਦੇ ਹਨ

ਅੱਜ ਤੋਂ ਪੂਰੇ ਚਾਰ ਹਫਤੇ ਪਹਿਲਾਂ ਮੈਂ ਇੱਕ ਲੇਖ ਲਿਖ ਕੇ ਕੁੱਝ ਅਹਿਮ ਮੁੱਦਿਆਂ ਤੇ ਸਵਾਲ ਉਠਾਏ ਸਨ। ਉਸ ਲੇਖ ਦਾ ਸਿਰਲੇਖ ਸੀ, "ਸੱਚ ਦੀ ਤਲਾਸ਼ ਵਿੱਚ ਕੁੱਝ ਅਹਿਮ ਸਵਾਲ" ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਨੂੰ ਇਹਨਾ ਬਾਰੇ ਆਪਣੇ ਵਿਚਾਰ ਦੇਣ ਲਈ ਕਿਹਾ ਸੀ। ਜਿਹਨਾ ਬਾਰੇ ਮੈਨੂੰ ਆਸ ਸੀ ਕਿ ਇਹ ਵਿਚਾਰ ਦੇਣਗੇ ਮੈਂ ਉਹਨਾ 25 ਸੱਜਣਾਂ ਦੇ ਨਾਮ ਵੀ ਲਿਖੇ ਸਨ। ਉਹ ਸਾਰੇ ਨਾਮ ਇੱਥੇ ਦੁਬਾਰਾ ਪਾਏ ਜਾ ਰਹੇ ਹਨ ਜੋ ਕਿ ਇਹ ਹਨ:

1- ਗੁਰਇੰਦਰ ਸਿੰਘ ਪਾਲ

2- ਡਾ: ਗੁਰਮੀਤ ਸਿੰਘ ਬਰਸਾਲ

3- ਡਾ: ਪੂਰਨ ਸਿੰਘ ਗਿੱਲ

4- ਪ੍ਰੀਤਮ ਸਿੰਘ ਔਲਖ

5- ਗਿ: ਜਸਵੀਰ ਸਿੰਘ ਵੈਨਕੂਵਰ

6- ਬਲਦੇਵ ਸਿੰਘ ਟੋਰਾਂਟੋ

7- ਹਾਕਮ ਸਿੰਘ

8- ਸਰਬਜੀਤ ਸਿੰਘ ਸੈਕਰਾਮੈਂਟੋ

9- ਅਵਤਾਰ ਸਿੰਘ ਮਿਸ਼ਨਰੀ

10- ਗਿ: ਜਗਤਾਰ ਸਿੰਘ ਜਾਚਕ

11- ਗੁਰਸ਼ਰਨ ਸਿੰਘ ਕੁਸੇਲ

12- ਹਰਚਰਨ ਸਿੰਘ ਪਰਹਾਰ

13- ਮਨਦੀਪ ਸਿੰਘ ਵਰਨਨ

14- ਦਰਸ਼ਨ ਸਿੰਘ ਵੁਲਵਰਹੈਂਪਟਨ

15- ਗੁਰਮੀਤ ਸਿੰਘ ਅਸਟ੍ਰੇਲੀਆ

16- ਜਰਨੈਲ ਸਿੰਘ ਅਸਟ੍ਰੇਲੀਆ

17- ਬਲਬਿੰਦਰ ਸਿੰਘ ਅਸਟ੍ਰੇਲੀਆ

18- ਇੰਜ: ਦਰਸ਼ਨ ਸਿੰਘ ਅਸਟ੍ਰੇਲੀਆ

19- ਸੁਖਜੀਤ ਸਿੰਘ ਕਪੂਰਥਲਾ

20- ਗੁਰਦੀਪ ਸਿੰਘ ਬਾਗੀ

21- ਤੱਤ ਗੁਰਮਤਿ ਪਰਵਾਰ ਵਾਲੇ

22- ਮਨੋਹਰ ਸਿੰਘ ਪੁਰੇਵਾਲ

23- ਹਰਭਜਨ ਸਿੰਘ

24- ਤਰਨਜੀਤ ਸਿੰਘ ਪਰਮਾਰ

25- ਗੁਰਮੀਤ ਸਿੰਘ ਕਾਦੀਆਨੀ

ਇਹਨਾ 25 ਸੱਜਣਾਂ ਵਿਚੋਂ 17 ਨੇ ਅੱਜ ਤੱਕ ਆਪਣੇ ਵਿਚਾਰ ਦਿੱਤੇ ਹਨ। ਅੱਠ ਨੇ ਨਹੀਂ ਦਿੱਤੇ। ਜਿਹਨਾ ਨੇ ਆਪਣੇ ਵਿਚਾਰ ਦਿੱਤੇ ਹਨ ਉਹਨਾ ਵਿਚੋਂ ਕਈਆਂ ਨੇ ਡੰਕੇ ਦੀ ਚੋਟ ਨਾਲ ਅੰਤਰ ਆਤਮੇ ਤੋਂ ਸੱਚ ਬੋਲਿਆ ਹੈ। ਕਈਆਂ ਨੇ ਅਧੂਰੇ ਵਿਚਾਰ ਦਿੱਤੇ ਹਨ। ਕਈਆਂ ਨੇ ਸਿਰਫ ਇੱਕ ਸਵਾਲ ਦਾ ਹੀ ਜਵਾਬ ਦਿੱਤਾ ਹੈ। ਕਈਆਂ ਦੇ ਜਵਾਬ ਸਿੱਧੇ ਸਪਸ਼ਟ ਦੀ ਬਿਜਾਏ ਡਿਪਲੋਮੈਟਿਕ ਹਨ। ਕਈਆਂ ਨੇ ਸਿੱਧੇ ਜਵਾਬ/ਵਿਚਾਰ ਦੇਣ ਦੀ ਬਿਜਾਏ ਆਪਣੀ ਗੱਲ ਹੋਰ ਤਰੀਕੇ ਨਾਲ ਕੀਤੀ ਹੈ। ਇਹ ਸਾਰਾ ਕੁੱਝ ਤੁਹਾਡੇ ਸਾਹਮਣੇ ਹੈ ਅਤੇ ਤੁਸੀਂ ਖੁਦ ਆਪ ਹੀ ਦੇਖ/ਪੜ੍ਹ ਸਕਦੇ ਹੋ।

ਇਹਨਾ ਸਵਾਲਾਂ ਵਿੱਚ ਮੈਂ ਉਹੀ ਮੁੱਦੇ ਉਠਾਏ ਸਨ ਜਿਹੜੇ ਕਿ ਤੁਹਾਡੇ ਸਾਹਮਣੇ ਹਰ ਰੋਜ਼ ਘਟਦੀਆਂ ਘਟਨਾਵਾਂ ਨਾਲ ਸੰਬੰਧਿਤ ਸਨ ਅਤੇ ਜਾਂ ਫਿਰ ਇਤਿਹਾਸ ਜਾਂ ਪ੍ਰਚਲਤ ਮਿੱਥਾਂ ਬਾਰੇ ਸਨ। ਇਹਨਾ ਵਿੱਚ ਮੈਂ ਕਿਸੇ ਤੋਂ ਉਸ ਦੇ ਕਿਸੇ ਨਿੱਜੀ ਜੀਵਨ ਬਾਰੇ ਸਵਾਲ ਨਹੀਂ ਪੁੱਛੇ। ਜਿਸ ਗੁਰਬਾਣੀ ਗਿਆਨ ਨੂੰ ਸਾਰੇ ਸਿੱਖ ਆਪਣਾ ਗੁਰੂ ਮੰਨਦੇ ਹਨ, ਬਸ ਉਸ ਦੀ ਅਗਵਾਈ ਵਿੱਚ ਆਪਣੇ ਅੰਤਰ ਆਤਮੇਂ ਦੀ ਅਵਾਜ਼ ਸੁਣ ਕੇ ਥੋੜਾ ਜਿਹਾ ਸੱਚ ਹੀ ਬੋਲਣਾ/ਲਿਖਣਾ ਸੀ ਜੋ ਕਿ ਕਈ ਨਹੀਂ ਬੋਲ/ਲਿਖ ਸਕੇ। ਚਲੋ ਕੋਈ ਗੱਲ ਨਹੀਂ ਸਾਨੂੰ ਇਹਨਾ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਗੁੱਸਾ-ਗਿਲਾ ਨਹੀਂ ਹੋਣਾ ਚਾਹੀਦਾ। ਉਂਜ ਤਾਂ ਬਹੁਤੇ ਪਾਠਕ/ਲੇਖਕ ਇਹਨਾ ਬਾਰੇ ਜਾਣਦੇ ਹੀ ਹੋਣਗੇ ਜਿਹਨਾ ਨੇ ਆਪਣੇ ਵਿਚਾਰ ਨਹੀਂ ਦਿੱਤੇ। ਪਰ ਫਿਰ ਵੀ ਥੋੜੀ ਜਿਹੀ ਜਾਣਕਾਰੀ ਮੈਂ ਦੇ ਦਿੰਦਾ ਹਾਂ ਜਿਤਨੀ ਕੁ ਮੈਨੂੰ ਹੈ।

1- ਡਾ: ਪੁਰਨ ਸਿੰਘ ਗਿੱਲ:- ਮੈਂ ਇਹਨਾ ਨੂੰ ਤਕਰੀਬਨ ਪਿਛਲੇ 35 ਕੁ ਸਾਲਾਂ ਤੋਂ ਜਾਣਦਾ ਹਾਂ। ਇਹ ਹੁਣ ਰਿਟਾਇਰ ਹੋ ਚੁੱਕੇ ਹਨ। ਇਹਨਾ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ। ਇਹ ਤਾਂ ਸਾਡੇ ਕੋਲ ਦੋ ਤਿੰਨ ਕੁ ਵਾਰੀ ਹੀ ਆਏ ਹਨ ਪਰ ਅਸੀਂ ਇਹਨਾ ਦੇ ਘਰੇ ਪਰਵਾਰ ਸਮੇਤ ਕਈ ਸਾਲ ਜਾਂਦੇ ਰਹੇ ਹਾਂ ਅਤੇ ਰਹਿੰਦੇ ਰਹੇ ਹਾਂ ਕਿਉਂਕਿ ਸਾਡੇ ਅਤੇ ਇਹਨਾ ਦੇ ਬੱਚੇ ਲੱਗ-ਭੱਗ ਹਾਣੀ ਸਨ। ਪਹਿਲਾਂ ਸਾਡੇ ਵਿਚਾਰ ਵੀ ਕਾਫੀ ਮਿਲਦੇ ਸਨ। ਡਾ: ਗੁਰਬਖ਼ਸ ਸਿੰਘ ਅਤੇ ਹੋਰ ਬਾਹਰੋਂ ਆਉਣ ਵਾਲੇ ਬਹੁਤੇ ਵਿਦਵਾਨ ਇਹਨਾ ਕੋਲ ਹੀ ਠਹਿਰਦੇ ਹੁੰਦੇ ਸਨ। ਇਹਨਾ ਦਾ ਘਰ ਵੈਨਕੂਵਰ ਦੇ ਰੌਸ ਸਟਰੀਟ ਗੁਰਦੁਆਰੇ (ਖਾਲਸਾ ਦੀਵਾਨ ਸੋਸਾਇਟੀ) ਤੋਂ ਬਹੁਤਾ ਦੂਰ ਨਹੀਂ ਹੈ। ਕਿਸੇ ਸਮੇ ਇਹ ਗੁਰਦੁਆਰਾ ਨੌਰਥ ਅਮਰੀਕਾ ਵਿੱਚ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਸਰਗਰਮੀਆਂ ਦਾ ਕੇਂਦਰ ਰਿਹਾ ਹੈ।

2- ਪ੍ਰੀਤਮ ਸਿੰਘ ਔਲਖ:- ਇਹ ਵੀ ਵੈਨਕੂਵਰ ਦੇ ਰਹਿਣ ਵਾਲੇ ਹੀ ਹਨ ਅਤੇ ਰਿਟਾਇਰ ਹੋ ਚੁੱਕੇ ਹਨ। ਵੈਨਕੂਵਰ ਅਤੇ ਆਸ ਪਾਸ ਦੇ ਕਈ ਸ਼ਹਿਰਾਂ ਵਿੱਚ ਇਹ ਖਾਸ ਰਸੂਖ ਰੱਖਦੇ ਹਨ। ਇਹਨਾ ਨੂੰ ਵੀ ਮੈਂ ਤਕਰੀਬਨ 25 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜਾਣਦਾ ਹਾਂ। ਕੋਈ 24 ਸਾਲ ਪਹਿਲਾਂ ਜਦੋਂ ਮੈਂ ਆਪਣਾ ਪਹਿਲਾ ਕੰਪਿਊਟਰ ਖਰੀਦਿਆ ਸੀ ਤਾਂ ਇਹਨਾ ਕੋਲੋਂ ਕੰਪਿਊਟਰ ਬਾਰੇ ਕਈ ਗੱਲਾਂ ਦੀ ਜਾਣਕਾਰੀ ਲਈ ਸੀ। ਇਹ ਕਈ ਵਾਰੀ ਰੇਡੀਓ ਸ਼ੇਰੇ ਪੰਜਾਬ (ਕੇ ਆਰ ਪੀ ਆਈ 1550) ਤੇ ਵੀ ਆਪਣੇ ਵਿਚਾਰ ਦੇ ਦਿੰਦੇ ਹਨ।

3- ਗਿ: ਜਸਵੀਰ ਸਿੰਘ ਵੈਨਕੂਵਰ:- ਇਹ ਵੈਨਕੂਵਰ ਦੇ ਇੱਕ ਗੁਰਦੁਆਰੇ ਵਿੱਚ ਕਾਫੀ ਦੇਰ ਤੋਂ ਗ੍ਰੰਥੀ ਦੀ ਸੇਵਾ ਦੀ ਜਿੰਮੇਵਾਰੀ ਨਿਭਾਉਂਦੇ ਆ ਰਹੇ ਹਨ। ਇਹਨਾ ਨੂੰ ਵੀ ਮੈਂ ਕਾਫੀ ਦੇਰ ਤੋਂ ਜਾਣਦਾ ਹਾਂ। ਇਹਨਾ ਦੇ ਕਾਫੀ ਲੇਖ ਇੱਥੇ ‘ਸਿੱਖ ਮਾਰਗ’ ਤੇ ਛਪੇ ਹੋਏ ਹਨ। ਇਹ ਰੇਡੀਓ ਅਤੇ ਟੈਲੀਵੀਜਨ ਤੇ ਵੀ ਆਪਣੇ ਵਿਚਾਰ ਦਿੰਦੇ ਰਹਿੰਦੇ ਹਨ।

4- ਬਲਦੇਵ ਸਿੰਘ ਟੋਰਾਂਟੋ:- ਇਹ ਰਹਿੰਦੇ ਤਾਂ ਭਾਵੇਂ ਬਰੈਂਪਟਨ ਹਨ ਪਰ ਕਾਫੀ ਦੇਰ ਤੋਂ ਆਪਣੇ ਨਾਮ ਨਾਲ ਟੋਰਾਂਟੋ ਲਿਖਦੇ ਆ ਰਹੇ ਹਨ। ਦੋ ਕੁ ਸਾਲ ਪਹਿਲਾਂ ਸੰਨ 2015 ਵਿੱਚ ਮੈਂ ਟੋਰਾਂਟੋ ਗਿਆ ਸੀ ਤਾਂ ਕੁੱਝ ਘੰਟੇ ਇਹਨਾ ਦੀ ਸੰਗਤ ਵੀ ਕੀਤੀ ਸੀ। ਇਹ ਕਾਫੀ ਮਿਲਣਸਾਰ ਹਨ। ਇਹ ਆਪਣੇ ਕੰਮ-ਕਾਰ ਤੋਂ ਬਿਨਾ ਬਾਕੀ ਸਮਾ ਗੁਰਬਾਣੀ ਦੇ ਅਰਥਾਂ ਵੱਲ ਲਉਂਦੇ ਹਨ ਅਤੇ ਟੀ. ਵੀ. ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਵੀ ਪੇਸ਼ ਕਰਦੇ ਹਨ। ਇਹਨਾ ਦੇ ਕੀਤੇ ਹੋਏ ਗੁਰਬਾਣੀ ਅਰਥ ‘ਸਿੱਖ ਮਾਰਗ’ ਤੇ ਛਪਦੇ ਰਹਿੰਦੇ ਹਨ ਅਤੇ ਹੁਣ ਵੀ ਆਸਾ ਕੀ ਵਾਰ ਦੇ ਛਪ ਰਹੇ ਹਨ।

5- ਗਿ: ਜਗਤਾਰ ਸਿੰਘ ਜਾਚਕ:- ਇਹ ਅੰਤ੍ਰਰਾਸ਼ਟਰੀ ਪ੍ਰਚਾਰਕ ਰਹੇ ਹਨ ਅਤੇ ਆਪਣੇ ਨਾਮ ਨਾਲ, ਆਨਰੇਰੀ ਇੰਨਟਰਨੈਸ਼ਨਲ ਸਿੱਖ ਮਿਸ਼ਨਰੀ ਵੀ ਲਿਖਦੇ ਰਹੇ ਹਨ। ਕੁੱਝ ਸਮਾ ਦਰਬਾਰ ਸਾਹਿਬ ਦੇ ਗ੍ਰੰਥੀ ਵੀ ਰਹੇ ਹਨ। ਉਥੇ ਸੇਵਾ ਕਰਦਿਆਂ ਉਹ ਕੁੱਝ ਵੀ ਦੇਖਿਆ ਹੋਵੇਗਾ ਜਿਹੜਾ ਕਿ ਆਮ ਸਿੱਖਾਂ ਨੂੰ ਨਹੀਂ ਪਤਾ। ਕਈ ਹੱਡ-ਬੀਤੀਆਂ ਵੀ ਹੋਣਗੀਆਂ ਜਿਹਨਾ ਬਾਰੇ ਸ਼ਾਇਦ ਹੀ ਕਦੀ ਖੁਲ ਕੇ ਬੋਲਣਗੇ। ਉਂਜ ਪ੍ਰਚੱਲਤ ਮੁੱਦਿਆ ਬਾਰੇ ਲਿਖਦੇ ਰਹਿੰਦੇ ਹਨ ਪਰ ਹੁਣ ਚੁੱਪ ਹਨ।

6- ਹਰਚਰਨ ਸਿੰਘ ਪਰਹਾਰ:- ਇਹ ਕੈਲਗਰੀ ਰਹਿੰਦੇ ਹਨ ਅਤੇ ਇੱਕ ਮੈਗਜ਼ੀਨ, ‘ਸਿੱਖ ਵਿਰਸਾ’ ਵੀ ਕਾਫੀ ਦੇਰ ਤੋਂ ਕੱਢਦੇ ਆ ਰਹੇ ਹਨ। ਇਹਨਾ ਦੀ ਇੱਕ ਲੇਖ ਲੜੀ, ‘ਧਰਮ ਦੀ ਸਮੱਸਿਆ ਤੇ ਹੱਲ’ 29 ਕਿਸ਼ਤਾਂ ਵਿੱਚ ਛਪਿਆ ਸੀ ਜੋ ਕਿ ਇੱਥੇ ਵੀ ਪੜ੍ਹਿਆ ਜਾ ਸਕਦਾ ਹੈ। ਇਹ ਕਈ ਸੈਮੀਨਾਰ ਵੀ ਕਰਵਾਉਂਦੇ ਰਹਿੰਦੇ ਹਨ। ਮੈਂ ਇਹਨਾ ਨੂੰ ਅੱਜ ਤੱਕ ਕਦੀ ਮਿਲਿਆ ਤਾਂ ਨਹੀਂ ਪਰ ਫੂਨ ਤੇ ਕਈ ਵਾਰੀ ਗੱਲ ਜਰੂਰ ਹੋਈ ਹੈ।

7- ਬਲਬਿੰਦਰ ਸਿੰਘ ਅਸਟ੍ਰੇਲੀਆ:- ਇਹਨਾ ਨੇ ਸਾਲ ਕੁ ਪਹਿਲਾਂ ਹੀ ਇੱਥੇ ਲਿਖਣਾ ਸ਼ੁਰੂ ਕੀਤਾ ਸੀ। ਉਂਜ ਇਹਨਾ ਦੇ ਕਈ ਕੁਮਿੰਟਸ ਇੱਥੇ ਅਤੇ ਕਈ ਹੋਰ ਥਾਵਾਂ ਤੇ ਵੀ ਪੜ੍ਹਨ ਨੂੰ ਮਿਲ ਜਾਂਦੇ ਹਨ।

8- ਸੁਖਜੀਤ ਸਿੰਘ ਕਪੂਰਥਲਾ:- ਇਹਨਾ ਨੇ ਜੋ ਲਿਖਿਆ ਹੈ ਉਹ ਪਾਠਕਾਂ ਨੇ ਪੜ੍ਹ ਹੀ ਲਿਆ ਹੋਵੇਗਾ ਇਸ ਲਈ ਹੋਰ ਬਹੁਤਾ ਕੁੱਝ ਲਿਖਣ ਦੀ ਲੋੜ ਨਹੀਂ ਹੈ।

ਇਸ ਲਿਖਤ ਵਿੱਚ ਜੇ ਕਰ ਕਿਸੇ ਨੂੰ ਕੋਈ ਗੱਲ ਗਲਤ ਲਗਦੀ ਹੋਵੇ ਤਾਂ ਉਹ ਉਸ ਨੂੰ ਠੀਕ ਕਰ ਸਕਦਾ ਹੈ। ਜੇ ਕਰ ਕੋਈ ਵਿਚਾਰ ਨਾ ਦੇ ਸਕਣ ਦਾ ਕਾਰਨ ਦੱਸਣਾ ਚਾਹੁੰਦਾ ਹੈ ਤਾਂ ਉਹ ਵੀ ਦੱਸ ਸਕਦਾ ਹੈ। ਜਵਾਬ/ਵਿਚਾਰ ਦੇਣ ਲਈ ਕਿਸੇ ਨੂੰ ਕੋਈ ਮਜਬੂਰ ਤਾਂ ਨਹੀਂ ਕਰ ਸਕਦਾ ਪਰ ਵਿਚਾਰ ਉਹਨਾ ਮੁੱਦਿਆਂ ਤੇ ਹੀ ਦੇਣ ਨੂੰ ਕਿਹਾ ਸੀ ਜਿਸ ਦਾ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਖੁਦ ਹੀ ਪ੍ਰਚਾਰ ਕਰਦੇ ਹੋ ਅਤੇ ਇਹ ਵਿਚਾਰ ਦੇਣੇ ਵੀ ਗੁਰਬਾਣੀ ਨੂੰ ਮੁੱਖ ਰੱਖ ਕੇ ਹੀ ਸੀ। ਹੋ ਸਕਦਾ ਹੈ ਕਿ ਇਹਨਾ ਵਿਚੋਂ ਕਈਆਂ ਨੇ ਭਾਈਬੰਦੀਆਂ ਜਾਂ ਰਿਸ਼ਤੇਦਾਰੀਆਂ ਦੇ ਕਿਸੇ ਨਿਰਾਜ਼ਗੀ ਕਾਰਨ ਨਾ ਦਿੱਤੇ ਹੋਣ। ਇਸ ਬਾਰੇ ਤਾਂ ਇਹ ਖੁਦ ਆਪ ਹੀ ਦੱਸ ਸਕਦੇ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਗੁਰਮਤਿ ਦੇ ਜਾਣੂ ਹਨ ਜੇ ਕਰ ਉਹਨਾ ਵਿਚੋਂ ਵੀ ਬਹੁਤੇ ਗੂੰਗੇ ਬਣ ਜਾਣ ਤਾਂ ਫਿਰ ਉਜੱਡ ਤੇ ਧੂਤੇ ਕਿਸਮ ਦੇ ਲੋਕ ਧਾਰਮਿਕ ਅਸਥਾਨਾ ਤੇ ਧਰਮ ਦੇ ਠੇਕੇਦਾਰ ਬਣ ਕੇ ਆਪਣੀਆਂ ਮਨਮਾਨੀਆਂ ਕਰਨ ਵਿੱਚ ਫਖਰ ਮਹਿਸੂਸ ਕਰਦੇ ਰਹਿਣਗੇ। ਇਸ ਤਰ੍ਹਾਂ ਕਰਨ ਨਾਲ ਭਾਵੇਂ ਪੁਲੀਸ ਨੰਗੇ ਸਿਰ ਜੁੱਤੀਆਂ ਸਮੇਤ ਆ ਕੇ ਧਾਰਮਿਕ ਅਸਥਾਨਾ ਵਿੱਚ ਸਿੱਖਾਂ ਦੀ ਸਿੱਖੀ ਵਾਲੀ ਅਕਲ ਤੇ ਢਿੱਡੋਂ ਹੱਸਦੇ ਰਹਿਣ। ਇਹੀ ਕੁੱਝ ਥੋੜੇ ਦਿਨ ਪਹਿਲਾਂ ਕੈਲੇਫੋਰਨੀਆਂ ਦੇ ਇੱਕ ਗੁਰਦੁਆਰੇ ਵਿੱਚ ਹੋ ਕੇ ਹਟਿਆ ਹੈ।

ਮੱਖਣ ਸਿੰਘ ਪੁਰੇਵਾਲ,

ਸਤੰਬਰ 24, 2017.
.