.


12/31/17
ਸਰਵਜੀਤ ਸਿੰਘ ਸੈਕਰਾਮੈਂਟੋ

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਅੱਜ ਆਪ ਜੀ ਦੀ ਈ ਮੇਲ ਪ੍ਰਾਪਤ ਹੋਈ, ਪੜ੍ਹ ਕੇ ਖੁਸ਼ੀ ਹੋਈ ਕਿ ਮੇਰਾ ਸੁਨੇਹਾ ਆਪ ਜੀ ਤੱਕ ਪੁੱਜ ਗਿਆ ਹੈ। ਸੱਚ ਜਾਣਿਓ, ਮੇਰੀ ਅਜੇਹੀ ਕੋਈ ਇੱਛਾ ਨਹੀ ਸੀ, ਪਰ ਹਰਦੇਵ ਸਿੰਘ ਜੰਮੂ ਕਾਰਨ ਇਹ ਗੱਲ ਹੁਣ ਕਾਫੀ ਅੱਗੇ ਵੱਧ ਚੁੱਕੀ ਹੈ। ਆਓ ਤੁਹਾਡੇ ਪੱਤਰ ਤੇ ਨੁਕਤਾ ਵਾਰ ਵਿਚਾਰ ਕਰੀਏ;

1. ਤੁਹਾਡੇ  ਬਚਨ, "ਤੁਸੀਂ ਹੋਠੀ ਜਾਂ ਪ੍ਰਥੀਪਾਲ ਸਿੰਘ ਨੂੰ ਜੋ ਈ ਭੇਜੀਆਂ ਹਨ ਉਨ੍ਹਾਂ ਬਾਰੇ ਮੈਨੂੰ ਤੁਹਾਡੇ ਇਸ ਪਤਰ ਤੋਂ ਹੀ ਪਤਾ ਲਗਾ ਹੈ"।

ਟਿੱਪਣੀ:- ਨਿਸ਼ਾਨ ਜੀ, ਜਿਵੇ ਕਿ ਮੈਂ ਪਿਛਲੇ ਪੱਤਰ ਵਿੱਚ ਵੀ ਲਿਖਿਆ ਸੀ ਕਿ ਜੂਨ ਦੇ ਦੂਜੇ ਹਫ਼ਤੇ ਆਪਣੀ ਫੂਨ ਤੇ ਗੱਲਬਾਤ ਹੋਈ ਸੀ, ਉਸ ਤੋਂ ਪਿੱਛੋਂ ਕੁਲਦੀਪ ਸਿੰਘ ਨਾਲ ਵੀ ਤੁਹਾਡੀ ਗੱਲਬਾਤ ਹੋਈ ਸੀ। ਇਸ ਗੱਲਬਾਤ ਦੇ ਅਧਾਰ ਤੇ ਹੀ ਮੈਂ 13 ਜੂਨ 2016 ਈ: ਨੂੰ ਆਪ ਜੀ ਨੂੰ ਈ-ਮੇਲ ਭੇਜੀ ਸੀ। ਤੁਹਾਡੇ ਵੱਲੋਂ ਕੋਈ ਜਵਾਬ ਨਾ ਆਉਣ ਕਰਕੇ 28 ਜੂਨ ਨੂੰ ਫੇਰ ਈ ਮੇਲ ਭੇਜੀ ਸੀ। ਉਸ ਦਾ ਵੀ ਜਵਾਬ ਨਹੀਂ ਸੀ ਆਇਆ। ਉਹ ਈ ਮੇਲ ਅੱਜ ਤੱਕ ਮੈਂ ਸਾਂਭੀਂ  ਹੋਈ ਹੈ। ਸਬੂਤ ਨੱਥੀ ਹੈ।

2. "ਮੇਰੇ ਕਿਹੜੇ ਸੁਆਲਾਂ ਦਾ ਜੁਆਬ ਤੁਸੀਂ ਕਿੱਥੇ ਦਿੱਤਾ ਹੈ ਇਸ ਬਾਰੇ ਵੀ ਮੈਨੂੰ ਕੋਈ ਜਾਣਕਾਰੀ ਨਹੀਂ"।

ਟਿੱਪਣੀ:- ਸਬੂਤ ਵੱਜੋਂ ਕੁਝ ਅਖ਼ਬਾਰਾਂ ਦੀਆਂ ਫ਼ੋਟੋ ਨੱਥੀ ਹਨ।

3. "ਮੇਰੇ ਸੁਆਲਾਂ ਦੇ ਜੁਆਬ ਕਿਸੇ ਵੱਲੋਂ ਵੀ ਨਾ ਆਉਣ ਕਾਰਨ ਮੈਂ ਆਪਣੀ ਪੁਸਤਕ ''ਗੁਰਪੁਰਬ ਦਰਪਣ'' ਵਿਚ ਪ੍ਰਸ਼ਨ - ਉੱਤਰ ਦੇ ਰੂਪ  ਵਿਚ ਸਰਲ ਸ਼ਬਦਾਵਲੀ ਵਿਚ ਇਤਿਹਾਸ ਅਤੇ ਵਿਗਿਆਨ ਤੇ ਅਧਾਰਤ ਜਾਣਕਾਰੀ ਦਿੱਤੀ ਹੈ। ਉਸ ਵਿਚ ਜੇ ਕੋਈ ਤੁਹਾਨੂੰ ਸ਼ੰਕਾ ਹੈ ਤਾਂ ਲਿਖ ਭੇਜੋ ਮੈਂ ਜੁਆਬ ਦੇਵਾਂਗਾ"।

ਟਿੱਪਣੀ:- ਤੁਹਾਡੀ ਕਿਤਾਬ "ਗੁਰਪੁਰਬ ਦਰਪਣ" ਦੀ ਪਰਖ-ਪੜਚੋਲ, 15 ਜੁਲਾਈ 2017 ਈ: ਦਿਨ ਸ਼ਨਿਚਰਵਾਰ ਨੂੰ, ਸਿਆਟਲ ਵਿਖੇ ਅੰਤਰ ਰਾਸ਼ਟਰੀ ਸੈਮੀਨਾਰ ਵਿੱਚ ਕੀਤੀ ਸੀ। ਸਬੂਤ ਵੱਜੋਂ ਵੀ ਡੀ ਓ ਦਾ ਲਿੰਕ ਭੇਜ ਰਿਹਾ ਹਾਂ।https://www.youtube.com/edit?o=U&video_id=DFkpsdv9li8

4. "ਪਰ ਪ੍ਰਬੰਧਕ ਕਮੇਟੀ ਵਲੋਂ ਕੋਈ ਸੱਦਾ ਪੱਤਰ ਨਾ ਆਉਣ ਕਾਰਨ ਮੈਂ ਸਿਆਟਲ ਨਹੀਂ ਆਇਆ"।

ਟਿੱਪਣੀ:- ਪ੍ਰਬੰਧਕਾਂ ਵੱਲੋਂ ਅਖ਼ਬਾਰਾਂ ਰਾਹੀ ਖੁੱਲਾਂ ਸੱਦਾ ਦਿੱਤਾ ਗਿਆ ਸੀ, ਕੋਈ ਸਪੈਸ਼ਲ ਸੱਦਾ ਪੱਤਰ ਨਹੀਂ ਸੀ ਭੇਜਿਆ ਗਿਆ। ਪ੍ਰਬੰਧਕਾਂ ਵੱਲੋਂ ਫੂਨ ਜਰੂਰ ਕੀਤੇ ਗਏ ਸਨ। ਇਸੇ ਲੜੀ ਵਿੱਚ ਹੀ ਕੁਲਦੀਪ ਸਿੰਘ ਵੱਲੋਂ ਆਪ ਨੂੰ ਫੂਨ ਕੀਤਾ ਗਿਆ ਸੀ।

5. "ਸਪੋਕਸਮੈਨ ਵਿਚ ਆਮ ਪਾਠਕ ਨੂੰ ਭੰਭਲਭੂਸੇ ਵਿਚ ਪਾਉਣ ਲਈ ਤੁਸੀਂ ਕਿਵੇਂ ਚੰਦ੍ਰਮੀ ਅਤੇ ਸੂਰਜੀ ਤਾਰੀਖ਼ਾਂ ਦਾ ਮਿਲਗੋਭਾ ਪਰੋਸਦੇ ਹੋ ਇਹ ਕਲਾ ਤੁਹਾਨੂੰ ਮੁਬਾਰਕ ਹੋਵੇ"।

ਟਿੱਪਣੀ:- ਮੇਰੇ ਵੱਲੋਂ "ਚੰਦ੍ਰਮੀ ਅਤੇ ਸੂਰਜੀ ਤਾਰੀਖ਼ਾਂ ਦਾ ਮਿਲਗੋਭਾ" ਪਰੋਸਣ ਦਾ ਕੋਈ ਸਬੂਤ ਪੇਸ਼ ਕਰ ਸਕੋ ਤਾਂ ਧੰਨਵਾਦੀ ਹੋਵਾਂਗਾ।

6. "ਜੇ ਤੁਸੀਂ 23 ਪੋਹ ਬਿਕਰਮੀ ਅਤੇ 23 ਪੋਹ ਪੁਰੇਵਾਲ ਵਾਲੇ 2003 ਵਾਲੇ ਕੈਲੰਡਰ ਵਿਚ ਅਜੇ ਤੱਕ ਫਰਕ ਨਹੀਂ ਸਮਝ ਸਕੇ ਤਾਂ 1 ਲੱਖ ਇਨਾਮ ਲੈਣ ਲਈ ਤੁਹਾਨੂੰ ਹਾਲੇ ਬਹੁਤ ਮਿਹਣਤ ਕਰਨ ਦੀ ਲੋੜ ਹੈ"।

ਟਿੱਪਣੀ:- ਇਹ ਨੁਕਤਾ ਤਾਂ ਤੁਹਾਡੇ ਹੱਕ ਵਿੱਚ ਜਾਂਦਾ ਹੈ। ਇਕ ਲੱਖ ਦੀ ਸਿੱਧੀ ਬੱਚਤ ! ਫੇਰ ਦੇਰੀ ਕਿਉ ਕਰਦੇ ਹੋ? ਆਓ ਮੈਦਾਨ ਵਿੱਚ।

ਉਸਾਰੂ ਹੁੰਗਾਰੇ ਦੀ ਉਡੀਕ `ਚ

ਸਰਵਜੀਤ ਸਿੰਘ ਸੈਕਰਾਮੈਂਟੋ

12/30/2017

Sarbjit Singh
[email protected]


12/31/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਨਾਮ-ਸਿਮਰਨ-੪੧

ਸਿਮਰਨ-ਇਹ ਸੰਸਕ੍ਰਿਤ ਦਾ ਸ਼ਬਦ ਤੇ ਅਰਥ ਹਨ ਯਾਦ, ਚੇਤਾ, ਚਿੰਤਨ ਅਤੇ ਅਰਾਧਨਾ। ਜਿਵੇਂ ਮਾਂ ਬਚਿਆਂ ਨੂੰ ਯਾਦ ਕਰਦੀ ਤੇ ਕੂੰਜਾਂ ਸੈਕੜੇ ਕੋਹ ਦੂਰ ਉਡਦੀਆਂ ਵੀ ਆਪਣੇ ਬਚਿਆਂ ਨੂੰ ਯਾਦ ਕਰਦੀਆਂ (ਸਿਮਰਦੀਆਂ) ਹਨ-ਊਡੇ ਊਡਿ ਆਵਹਿ ਸੈ ਕੋਸਾਂ ਤਿਸ ਪਾਛੈ ਬਚਰੇ ਛਰਿਆ॥ ਤਿਨਿ ਕਵਣੁ ਖੁਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨ ਕਰਿਆ॥(੧੦) ਨਾਮ ਸਿਮਰਨ ਕਿਵੇਂ ਕਰਨਾ ਹੈ? ਇਸ ਬਾਰੇ ਬੁਹਤ ਭਲੇਖੇ ਪਾਏ ਗਏ ਹਨ ਜਿਵੇਂ ਮਾਲਾ ਫੇਰ ਕੇ, ਗਿਣਤੀ-ਮਿਣਤੀ ਕਰਕੇ, ਚੌਂਕੜਾ ਮਾਰਕੇ, ਅੱਖਾਂ ਮੀਟ ਕੇ, ਬਾਰ ਬਾਰ ਕਿਸੇ ਸ਼ਬਦ ਦਾ ਰਟਨ ਕਰਕੇ, ਤੜਕੇ ਉੱਠ ਕੇ, ਕਿਸੇ ਸੰਤ ਸਾਧ ਜਾਂ ਜਥੇ ਦੀ ਦੱਸੀ ਵਿਧੀ ਦੁਆਰਾ ਆਦਿਕ। ਪਰ ਗੁਰੂ ਜੀ ਉਪ੍ਰੋਕਤ ਸਭ ਵਿਧੀਆਂ ਦਾ ਖੰਡਨ ਕਰਦੇ ਹੋਏ ਸਿੱਧਾ ਸਾਧਾ ਗੁਰਮਤਿ ਮਾਰਗ ਦਰਸਾਉਂਦੇ ਹਨ-ਊਠਤ ਬੈਠਤ ਸੋਵਤ ਨਾਮੁ॥ ਕਹੁ ਨਾਨਕ ਜਨ ਕੈ ਸਦ ਕਾਮ॥(੨੮੬) ਊਠਤ ਬੈਠਤ ਸੋਵਤ ਧਿਆਈਐ॥ ਮਾਰਗਿ ਚਲਤ ਹਰੇ ਹਰਿ ਗਾਈਐ॥(੩੮੬) ਗੁਰਬਾਣੀ ਵਿੱਚ ਰਸਨਾ ਨੂੰ ਹੀ ਮਾਲਾ ਕਿਹਾ ਗਿਆ ਹੈ-ਕਬੀਰ ਮੇਰੀ ਸਿਮਰਨੀ ਰਸਨਾ ਊਪਰ ਰਾਮੁ॥(੧੩੬੪) ਹਰਿ ਹਰਿ ਅਖਰ ਦੁਇ ਇਹ ਮਾਲਾ॥(੩੮੮)

ਸਿੱਖੀ ਦੇ ਮੂਲ ਉਪਦੇਸ਼ ਵਿੱਚ ਜੋ ਅਕਾਲ ਪੁਰਖ ਦੇ ਗੁਣ ਦੱਸੇ ਹਨ, ਉਨ੍ਹਾਂ ਨੂੰ ਬਾਰ ਬਾਰ ਵਿਚਾਰ ਅਤੇ ਧਾਰ ਕੇ ਸਫਲ ਜੀਵਨ ਜੀਣਾ ਹੀ ਨਾਮ-ਸਿਮਰਨ ਹੈ। ਇਸ ਬਾਰੇ ਗੁਰਬਾਣੀ ਵਿੱਚ ਬਹੁਤ ਮਿਸਾਲਾਂ ਮਿਲਦੀਆਂ ਹਨ ਜਿਵੇਂ ਭਗਤ ਨਾਮਦੇਵ ਅਤੇ ਭਗਤ ਤ੍ਰਿਲੋਚਨ ਜੀ ਦਾ ਸੰਬਾਦ ਹੈ ਕਿ ਨਾਮਿਆਂ ਕਦੇ ਰੱਬ ਦਾ ਨਾਮ ਵੀ ਜਪ ਲਿਆ ਕਰ ਕਿ ਇਕੱਲੇ ਅਮਰੇ ਹੀ ਰੰਗਦਾ ਰਹੇਂਗਾ-ਨਾਮਾ ਮਾਇਆ ਮੋਹਿਆ ਕਹੈ ਤਿਲੋਚਨ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ ਤਾਂ ਭਗਤ ਨਾਮਦੇਵ ਜੀ ਅੱਗੋਂ ਜਵਾਬ ਦਿੰਦੇ ਹਨ-ਨਾਮਾ ਕਹਿ ਤਿਲੋਚਨਾ ਮੁਖਿ ਤੇ ਰਾਮੁ ਸੰਮਾਲਿ॥ ਹਾਥ ਪਾਉਂ ਕਰਿ ਕਾਮ ਸਭੁ ਚੀਤੁ ਨਿਰੰਜਨ ਨਾਲਿ॥(੩੭੫) ਇਸੇ ਤਰ੍ਹਾਂ ਭਗਤ ਨਾਮਦੇਵ ਜੀ ਹੋਰ ਵੀ ਉਦਾਹਰਣਾਂ ਦਿੰਦੇ ਹਨ ਕਿ ਨਾਮ-ਸਿਮਰਨ ਕਿਵੇਂ ਕਰਨਾ ਹੈ-ਆਨੀਲੇ ਕਾਗਦੁ ਕਾਟੀ ਲੇ ਗੂਡੀ ਆਕਾਸ ਮਧੇ ਭਰਮੀਅਲੇ॥ ਪੰਚ ਜਨਾ ਸਿਉਂ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ॥੧॥ ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥1॥ ਰਹਾਉ॥ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ॥ ਹਸਤਿ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ॥2॥ ਮੰਦਰ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਬਛੁਰਾ ਰਾਖੀਅਲੇ॥੩॥ ਕਹਿਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ॥੪॥੧॥(੯੭੨) ਉਪ੍ਰੋਕਤ ਸ਼ਬਦ ਵਿੱਚ ਸਿਮਰਨ ਦੀਆਂ ਪੰਜ ਉਦਾਹਰਣਾਂ ਪਹਿਲੀ-ਸੰਸਾਰੀ ਕਾਰ ਵਿਹਾਰ ਕਰਦੇ ਸਮੇਂ ਜਿਵੇਂ ਬੱਚਿਆਂ ਦਾ ਮਨ ਪਤੰਗ ਵੱਲ। ਦੂਜੀ-ਸੁਨਾਰ ਦਾ ਘਾੜਤ ਵੱਲ। ਤੀਜੀ-ਕੁੜੀਆਂ ਦਾ ਪਾਣੀ ਦੀਆਂ ਗਾਗਰਾਂ ਵੱਲ।ਚੌਥੀ-ਗਊ ਦਾ ਵੱਛੇ ਵੱਲ ਅਤੇ ਪੰਜਵੀਂ-ਮਾਂ ਦਾ ਪੰਗੂੜੇ ਪਏ ਬੱਚੇ ਵੱਲ ਹੁੰਦੈ ਇਵੇਂ ਹੀ ਸਾਡਾ ਮਨ ਵੀ ਪ੍ਰਮਾਤਮਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਹੈ।

ਜਿਵੇਂ ਬੱਚੇ ਦੇ ਹਿਰਦੇ ਵਿੱਚ ਭੋਲੇ ਭਾਇ ਮਾਤਾ ਪਿਤਾ ਦਾ ਪਿਆਰ ਹੁੰਦਾ ਹੈ। ਉਹ ਚਤਰਾਈਆਂ ਛੱਡ, ਆਪਣਾ ਪਿਆਰ ਪ੍ਰਗਟ ਕਰਨ ਦਾ ਯਤਨ ਨਹੀਂ ਕਰਦਾ ਤਿਵੇਂ ਹੀ ਪ੍ਰਮਾਤਮਾਂ ਨਾਲ ਦਿਲੀ ਪਿਆਰ ਹੋਣਾ ਚਾਹੀਦਾ ਹੈ-ਰੇ ਜਨ ਮਨੁ ਮਾਧਉ ਸਿਉਂ ਲਾਈਐ॥ ਚਤੁਰਾਈ ਨ ਚਤੁਰਭੁਜੁ ਪਾਈਐ॥(੩੨੪) ਬੱਚੇ ਦੇ ਸਾਰੇ ਦੁੱਖਾਂ ਰੋਗਾਂ ਦੀ ਦਾਰੂ ਅਤੇ ਸੁੱਖਾਂ ਖੁਸ਼ੀਆਂ ਦਾ ਖ਼ਜਾਨਾ "ਮਾਂ" ਹੈ। ਇਸ ਲਈ ਉਹ ਮਾਂ ਨੂੰ ਹੀ ਪਿਆਰ ਕਰਦੈ ਜੇ ਵਿਛੁੜ ਜਾਵੇ ਤਾਂ ਮਾਂ ਨੂੰ ਮਿਲਣ ਲਈ ਵਿਲਕਦੈ, ਹੋਰ ਕੁੱਝ ਵੀ ਉਸ ਨੂੰ ਪ੍ਰਵਾਨ ਨਹੀਂ ਕਿਉਂਕਿ ਇੱਕ ਮਾਂ ਮਿਲ ਜਾਣ ਨਾਲ, ਉਸ ਨੂੰ ਸਭ ਕੁੱਝ ਪ੍ਰਾਪਤ ਹੋ ਜਾਂਦਾ ਹੈ। ਇਵੇਂ ਮਾਨੁੱਖ ਲਈ ਕਰਤਾ ਹੀ ਮਾਤਾ ਪਿਤਾ ਹੈ-ਬਾਰਿਕ ਵਾਂਗੀ ਹਉ ਸਭ ਕਿਛ ਮੰਗਾਂ॥ ਦੇਂਦੇ ਤੋਟਿ ਨਹੀ ਪ੍ਰਭ ਰੰਗਾ॥(੯੯) ਉਪ੍ਰੋਕਤ ਨਾਮ-ਸਿਮਰਨ ਵਿਧੀ ਵਾਲੀਆਂ ਪੰਗਤੀਆਂ ਦੇ ਭਾਵ ਅਰਥ ਵਿਚਾਰਨ ਨਾਲ ਸ਼ਪੱਸ਼ਟ ਹੋ ਜਾਂਦਾ ਹੈ ਕਿ ਨਾਮ-ਸਿਮਰਨ ਇੱਕ ਅੱਧੇ ਘੰਟੇ ਜਾਂ ਵੱਧ ਸਮਾਂ ਕਿਸੇ ਨਿਵੇਕਲੀ ਥਾਂ ਬੈਠ, ਗੁਰਮੰਤ੍ਰ ਦਾ ਜਾਪ ਕਰ ਲੈਣਾ ਹੀ ਨਹੀਂ ਸਗੋਂ ਪ੍ਰਮਾਤਮਾਂ ਨਾਲ ਪਿਆਰ ਪਾ ਕੇ, ਮਨ ਚੋਂ ਵਿਕਾਰ ਕੱਢਣ ਦਾ ਯਤਨ ਹੈ। ਇਸ ਕਰਕੇ-ਦਿਨ ਰਾਤੀਂ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ॥(੪੯੮)

ਪ੍ਰੋ. ਸਾਹਿਬ ਸਿੰਘ ਡੀ. ਲਿਟ ਅਨੁਸਾਰ-ਜਿਵੇਂ ਸਮੁੰਦਰ ਤੋਂ ਵਿਛੁੜਿਆ ਪਾਣੀ ਨਦੀਆਂ ਨਾਲਿਆਂ ਦਾ ਰੂਪ ਧਾਰਦਾ ਹੋਇਆ ਜਦ ਟੋਬਿਆਂ ਵਿੱਚ ਅਟਕਦਾ, ਜਾਲਾ ਪੈ ਗੰਦਾ ਹੋ ਜਾਂਦਾ, ਉਸ ਵਿੱਚ ਕਿਰਮ ਪੈ ਜਾਂਦੇ ਅਤੇ ਸੁੱਕ ਸੜ ਵੀ ਜਾਂਦਾ ਹੈ। ਇਵੇਂ ਹੀ ਪ੍ਰਮਾਤਮਾਂ ਸਮੁੰਦਰ ਤੋਂ ਵਿਛੁੜੀ ਆਤਮਾਂ ਦਾ ਹਾਲ ਹੈ। ਜਿਵੇਂ ਨਦੀਆਂ ਨਾਲਿਆਂ ਦਾ ਜਲ ਜਦ ਸਮੁੰਦਰ ਵਿੱਚ ਪੈ, ਉਸ ਵਿੱਚ ਸਮਾ, ਉਸ ਦਾ ਹੀ ਰੂਪ ਹੋ ਜਾਂਦਾ ਹੈ। ਇਵੇਂ ਹੀ ਸਾਡੀ ਮਨ ਆਤਮਾ ਜਦ ਮੋਹ ਮਾਇਆ ਦੇ ਜਾਲ ਤੋਂ ਗੁਰੂ ਗਿਆਨ ਦੁਆਰਾ ਮੁਕਤ ਹੋ ਉਸ ਦਾ ਰੂਪ ਹੋ ਜਾਂਦੀ ਹੈ-ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ॥(੮੫੫)

ਗੁਰਮਤਿ ਨਾਮ-ਸਿਮਰਨ ਪੁਰਾਤਨ ਮੱਤਾਂ ਦੀ ਵਿਧੀ ਵਿਧਾਨ ਨਾਲੋਂ ਵਿਲੱਖਣ ਪਰ ਅਸੀਂ ਕਈ ਥਾਵਾਂ ਤੇ ਸਿਮਰਨ ਦੀ ਨਵੀਂ ਮਰਯਾਦਾ ਚਲਾ ਲਈ ਹੈ-ਜਿਵੇਂ ਕਿ ਮਾਲਾ ਕਿਹੜੀ ਚੰਗੀ ਹੁੰਦੀ ਹੈ? ਆਸਣ ਕਿਵੇਂ ਤੇ ਕਿਹੜਾ ਲਾਉਣਾ ਹੈ? ਸੁਰਤੀ ਕਿਵੇਂ ਤੇ ਕਿੱਥੇ ਟਿਕਾਉਣੀ ਹੈ? ਧਿਆਨ ਕਿਸ ਦਾ ਧਰਨਾ ਹੈ? ਸਾਹ ਕਿਵੇਂ ਲੈਣਾ, ਨਾਮ ਕਿਹੜਾ ਅਤੇ ਕਿਵੇਂ ਜਪਣਾ ਹੈ? ਸਾਧਾਂ ਵਲੋਂ ਸਿਮਰਨ ਦੇ ਰਾਹ ਦੇ ਪੜਾ, ਅਨਹਦ ਨਾਦ ਸੁਨਣ ਅਤੇ ਦਸਮ ਦੁਆਰ-ਕਪਾਟ ਖੁੱਲ੍ਹ ਕੇ ਸੱਚਖੰਡ ਦੇ ਦਰਸ਼ਨ ਹੋਣੇ ਵੀ ਦੱਸੇ ਜਾਂਦੇ ਹਨ। ਗੱਲ ਵੱਖਰੇ ਵੱਖਰੇ ਵਿਧੀ ਵਿਧਾਨ ਜਾਂ ਕਰਮਕਾਂਡ ਦੀ ਨਹੀਂ ਸਗੋਂ ਸਿਧਾਂਤ ਸਮਝਣ ਦੀ ਹੈ। ਮਾਲਾ ਜਾਂ ਗਿਣਤੀ ਮਿਣਤੀ ਦੇ ਜਾਪ, ਨਾਮ-ਸਿਮਰਨ ਨਹੀਂ ਸਗੋਂ ਮਕੈਨੀਕਲੀ ਰੈਪੀਟੇਸ਼ਨ ਹੈ-ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੈ ਲੋਇ॥ ਹਿਰਦੈ ਰਾਮੁ ਨਾ ਚੇਤਈ ਇਹੁ ਜਪੁਨੀ ਕਿਆ ਹੋਇ॥(੧੩੬੮) ਮੁਲਾਂ ਮੁਨਾਰੇ ਕਿਆ ਚਢੈ ਜਉ ਸਾਂਈ ਨ ਬਹਿਰਾ ਹੋਇ॥(ਕਬੀਰ) ਸਾਂਈ ਬੋਲਾ ਨਹੀਂ ਕਿ ਬਹੁਤ ਹੀ ਉੱਚੀ-ਉੱਚੀ ਬੋਲਣ ਤੇ ਹੀ ਸੁਣਦੈ ਸਗੋਂ ਉਹ ਤਾਂ-ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ॥(ਗੁਰੂ ਗ੍ਰੰਥ) ਸਿੱਖ ਰਹਿਤ ਮਰਯਾਦਾ ਵਿੱਚ ਵੀ ਵਿਅਕਤੀਗਤ ਸਿਮਰਨ ਦੀ ਹਦਾਇਤ ਹੈ ਨਾ ਕਿ ਸੰਗਤ ਵਿੱਚ ਜਾ ਕੇ ਉੱਚੀ-ਉੱਚੀ ਜਾਪ ਕਰਨ ਦੀ। ਗੁਰਦੁਆਰੇ ਦੇ ਸਿਰਲੇਖ ਹੇਠ ਦਰਜ ਹੈ ਕਿ ਗੁਰਦਆਰੇ ਵਿਖੇ ਗੁਰਬਾਣੀ ਦਾ ਪਾਠ, ਕੀਰਤਨ, ਕਥਾ, ਢਾਡੀ ਵਾਰਾਂ, ਗੁਰਮਤਿ ਵਿਖਿਆਨ, ਸੇਵਾ ਅਤੇ ਲੰਗਰ ਹੋਣੇ ਚਾਹੀਦੇ ਹਨ। ਸੰਗਤ ਗੁਰਦੁਆਰੇ ਸਿੱਖਨ ਅਤੇ ਸੇਵਾ ਲਈ ਆਉਂਦੀ ਹੈ ਨਾ ਕਿ ਸਮਾ ਪਾਸ ਕਰਨ। ਸਿੱਖਾਂ ਨੂੰ ਜਗਰਾਤਿਆਂ ਵਾਲਾ ਰਾਹ ਛੱਡ, ਗੁਰਮੁਖ ਗਾਡੀ ਰਾਹ ਹੀ ਅਪਨਾਉਣਾ ਚਾਹੀਦਾ ਹੈ-ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮਿ ਬੁਝਿ ਸੁਖੁ ਪਾਈਐ ਰੇ॥(੨੦੯) ਸਾਰੇ ਗੁਰ ਇਤਿਹਾਸ ਵਿੱਚ ਗੁਰਬਾਣੀ ਦਾ ਕੀਰਤਨ-ਕਥਾ-ਵਖਿਆਨ, ਢਾਡੀ ਵਾਰਾਂ ਅਤੇ ਸੇਵਾ ਦਾ ਜਿਕਰ ਬਾਰ ਬਾਰ ਆਉਂਦੈ, ਜਿਸ ਦੀ ਮਸਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਿਰੋਲ ਗੁਰਬਾਣੀ ਦਾ ਕੀਰਤਨ, ਅਕਾਲ ਤਖਤ ‘ਤੇ ਢਾਡੀ ਵਾਰਾਂ ਅਤੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਬਾਣੀ ਅਤੇ ਗੁਰ ਇਤਿਹਾਸ ਦਾ ਕਥਾ ਪ੍ਰਚਾਰ ਹੀ ਚਲਦਾ ਹੈ।

ਸੰਖੇਪ ਵਿੱਚ ਨਾਮ-ਸਿਮਰਨ ਦੇ ਅੰਗ

ਪੂਰੇ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸੁਨਣਾ-ਪੂਰੇ ਗੁਰ ਕਾ ਸੁਣਿ ਉਪਦੇਸੁ॥(੨੯੫) ਅਕਾਲ ਪੁਰਖ ਨੂੰ ਹਰ ਵੇਲੇ ਅੰਗ ਸੰਗ ਪ੍ਰਤੀਤ ਕਰਨਾ-ਜਹ ਜਹ ਪੇਖਉ ਤਹਿ ਹਜ਼ੂਰਿ ਦੂਰਿ ਕਤਹੁ ਨ ਜਾਈ॥(੬੭੭) ਪ੍ਰਭੂ ਦੀ ਯਾਦ ਨੂੰ ਹਰ ਵੇਲੇ ਯਾਦ ਰੱਖਣਾ-ਅਠੇ ਪਹਿਰ ਇਕਤੈ ਲਿਵੈ(੯੫੯) ਆਸ਼ਾ ਰੂਪੀ ਨਾ ਰਹਿਣ ਵਾਲੀਆਂ ਤਰੰਗਾਂ ਅਤੇ ਸੰਸਾਰਕ ਵਸਤਾਂ ਦੇ ਮੋਹ ਦਾ ਤਿਆਗ-ਤਿਆਗਨਾ ਤਿਆਗਨ ਨੀਕਾ ਕਾਮੁ ਕ੍ਰੋਧੁ ਲੋਭੁ ਮੋਹੁ ਤਿਆਗਣਾ॥(੧੦੧੮) ਗੁਰਮੁਖਾਂ ਦੀ ਸੇਵਾ ਸੰਗਤ ਕਰਨ ਦੀ ਲਾਲਸਾ ਅਤੇ ਉਤਸ਼ਾਹ-ਸੇਈ ਪਿਆਰੇ ਮੇਲਿ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਿ ਆਵੇ॥(ਅਰਦਾਸਿ) ਆਪਾ ਭਾਵ-ਵੱਖਰੀ ਹੋਂਦ ਦਾ ਅਹਿਸਾਸ ਤਿਆਗ, ਕਰਤਾਰ ਅੱਗੇ ਬੇਨਤੀਆਂ ਕਰਨਾ-ਆਪ ਗਵਾਈਐ ਤਾਂ ਸਹੁ ਪਾਈਐ॥(੭੨੨) ਗੁਰੂ ਦਾ ਹੁਕਮ ਮੰਨਣਾ-ਹੁਕਮਿ ਮੰਨਿਐ ਹੋਵੈ ਪਰਵਾਣ ਤਾਂ ਖਸਮੈ ਕਾ ਮਹਿਲੁ ਪਾਇਸੀ॥(੪੭੧) ਥੋੜਾਂ ਸੌਣਾ ਅਤੇ ਥੋੜਾ ਖਾਣਾ-ਥੋੜਾ ਸਵੈਂ ਥੋੜਾ ਹੀ ਖਾਵੈ।(ਭਾ. ਗੁ) ਬੇਲੋੜੀ ਚੁਗਲੀ ਨਿਦਿਆ ਅਤੇ ਤਾਤ ਪਰਾਈ ਦਾ ਤਿਆਗ ਕਰਨਾ-ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰੰਨ॥(੭੫੫)..ਪਰਹਰਿ ਲੋਭ ਨਿੰਦਾ ਕੂੜ ਤਿਆਗੋ॥(੫੯੮) ਨਿੰਦਿਆ ਤੋਂ ਭਾਵ ਈਰਖਾ ਵੱਸ ਦੂਜੇ ਦੀ ਵਿਰੋਧਤਾ ਕਰਨੀ, ਸੱਚ ਬੋਲਦੇ ਸਿਧਾਂਤ ਦੀ ਗੱਲ ਕਰਨੀ ਨਿੰਦਿਆ ਨਹੀਂ-ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥(੭੨੩) ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਥੋਥੇ ਕਰਮਕਾਂਡਾਂ, ਜਾਤ ਪਾਤ, ਨਾ ਬਰਾਬਰੀ ਜੋ ਉਸ ਵੇਲੇ ਦੇ ਬ੍ਰਾਹਮਣ, ਮੁਲਾਣੇ, ਰਾਜੇ ਅਤੇ ਯੋਗੀ ਆਦਿਕ ਧਾਰਮਿਕ ਲੋਕ ਜਨਤਾ ਵਿੱਚ ਪ੍ਰਚਾਰ ਰਹੇ ਸਨ, ਦਾ ਖੁੱਲ੍ਹੇ ਸ਼ਬਦਾਂ ਵਿੱਚ ਖੰਡਨ ਕੀਤਾ। ਜੇ ਸਿੱਖ ਅੱਜ ਵੀ ਸੱਚੀ ਬਾਣੀ ਦੀ ਗੱਲ ਕਰਦੈ ਤਾਂ ਇਹ ਨਿੰਦਿਆ ਨਹੀਂ ਸਗੋਂ ਯਥਾਰਥ ਕੀ ਬਾਤ ਹੈ। ਜਿਵੇਂ ਉਪ੍ਰੋਕਤ ਆਗੂਆਂ ਨੂੰ ਉਸ ਵੇਲੇ ਸੱਚ ਕੌੜਾ ਲਗਦਾ ਸੀ ਇਵੇਂ ਹੀ ਅੱਜ ਦੇ ਸੰਪ੍ਰਦਾਈ ਸਾਧਾਂ ਜਾਂ ਉਨ੍ਹਾਂ ਦੇ ਪੈਰੋਕਾਰਾਂ ਨੂੰ ਲੱਗ ਰਿਹਾ ਹੈ।

ਧਰਮ ਦੀ ਕਿਰਤ ਕਰਦੇ, ਘਰ ਪ੍ਰਵਾਰ ਵਿੱਚ ਰਹਿੰਦਿਆਂ, ਲੋਕ-ਭਲਾਈ ਦੇ ਕੰਮ ਕਰਦਿਆਂ, ਪ੍ਰਮਾਤਮਾਂ ਦੀ ਯਾਦ ਵਿੱਚ ਸਫਲ ਜੀਵਨ ਜੀਣਾ ਹੀ ਨਾਮ-ਸਿਮਰਨ ਹੈ। ਸਿੱਖ ਧਰਮ ਦੀ ਸਾਰੀ ਟੇਕ ਹੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਸਿਧਾਂਤ ‘ਤੇ ਖੜੀ ਹੈ। ਕਿਸੇ ਇੱਕ ਸ਼ਬਦ ਦਾ ਬਾਰ ਬਾਰ ਰਟਨ ਨਾਮ-ਸਿਮਰਨ ਨਹੀਂ ਬਲਕਿ ਸ਼ਬਦ ਗਿਆਨ ਨੂੰ ਸਮਝ ਕੇ, ਕਰਤੇ ਦੀ ਕੁਦਰਤ ਦੇ ਹੈਰਾਨੀ ਜਨਕ ਕਾਰਨਾਮੇ ਤੱਕ ਅਤੇ ਉਸ ਦੀਆਂ ਵਡਿਆਈਆਂ ਦੀ ਵੀਚਾਰ ਕਰਦੇ, ਸਫਲ ਜੀਵਨ ਜੀਂਦੇ, ਉਸ ਤੋਂ ਸਦਾ ਸਦ ਬਲਿਹਾਰ ਜਾਂਦੇ ਹੋਏ ਰੱਬੀ ਗੁਣਾਂ ਨੂੰ ਧਾਰਨ ਕਰਨਾ ਹੀ ਨਾਮ-ਸਿਮਰਨ ਹੈ (ਗੁਰੂ ਗ੍ਰੰਥ ਸਾਹਿਬ) ਨਹੀਂ ਤਾਂ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ-ਚਿੰਤਾਮਨ ਚਿਤਵਤ ਚਿੰਤਾ ਚਿਤ ਤੇ ਚੁਰਾਈ, ਅਜੋਨੀ ਅਰਾਧੇ ਜੋਨਿ ਸੰਕਟ ਕਟਾਏ ਹੈਂ। ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਨਿਰਭੈ ਭਜਤ ਭ੍ਰਮ ਭੈ ਦਲ ਭਜਾਏ ਹੈਂ।ਸਿਮਰਤ ਨਾਥ ਨਿਰਵੈਰ, ਵੈਰ ਭਾਉ ਤਯਾਗਯੋ, ਭਾਗਯੋ ਭੇਦ ਖੇਦ ਨਿਰਭੇਦ ਗੁਣ ਗਾਏ ਹੈਂ। ਅਕੁਲ ਅੰਚਲ ਗਹਿ ਕੁਲ ਨ ਵਿਚਾਰੈ ਕੋਊ, ਅਟਲ ਸ਼ਰਨ ਆਵਾਗਵਨ ਮਿਟਾਏ ਹੈਂ॥੪੦੮॥ਇਸ ਕਬਿਤ ਦਾ ਸਮੁੱਚਾ ਭਾਵ ਜੋ ਚਿੰਤਾਮਨ ਕਰਤਾਰ ਨੂੰ ਸਿਮਰ ਕੇ ਚਿੰਤਾ ਮੁਕਤ ਨਹੀਂ ਹੋਇਆ। ਅਕਾਲ ਅਕਾਲ ਜਪਦਾ ਹੋਇਆ ਕਾਲ(ਮੌਤ) ਤੋਂ ਡਰਦਾ ਹੈ। ਨਿਰਭੈ ਦਾ ਜਾਪ ਕਰਦਾ ਵੀ ਡਰੀ ਜਾ ਰਿਹਾ ਹੈ। ਨਿਰਵੈਰ ਦਾ ਸਿਮਰਨ ਕਰਦਾ ਵੀ ਵੈਰ ਭਾਵ ਨਹੀਂ ਤਿਆਗਦਾ। ਨਿਰਭੇਦ ਦੇ ਗੁਣ ਗਉਂਦਾ ਹੋਇਆ ਵੀ ਭੇਦ ਭਾਵ ਰੱਖਦਾ ਹੈ। ਜਾਤ, ਪਾਤ, ਕੁਲ ਰਹਿਤ ਪ੍ਰਭੂ ਨੂੰ ਧਿਆਉਂਦਾ ਹੋਇਆ ਵੀ ਜਾਤ-ਪਾਤ ਉੱਚੀ ਨੀਵੀਂ ਕੁਲ ਦਾ ਭਰਮ ਪਾਲਦਾ ਹੈ ਤਾਂ ਉਹ ਤੋਤਾ ਰਟਨੀ ਪਾਖੰਡ ਕਰ ਰਿਹਾ ਹੈ। ਭਾਵ ਜੋ ਕਹਿੰਦੈ, ਕਰਦਾ ਉਸ ਦੇ ਉਲਟ ਏ ਤਾਂ ਉਹ ਸਿਮਰਨ ਨਹੀਂ ਸਗੋਂ ਢੌਂਗ ਤੇ ਧਰਮੀ ਹੋਣ ਦਾ ਵਿਖਾਵਾ ਹੈ। ਗੁਰਮਤਿ ਨਾਮ-ਸਿਮਰਨ ਹੈ-ਗੁਣ ਕਹੈ ਗੁਣੀ ਸਮਾਵਣਿਆਂ॥ ਭਾਈ ਸਾਹਿਬ ਹੋਰ ਫੁਰਮਾਂਦੇ ਹਨ-ਗਾਏ ਸੁਣੇ ਆਂਖੇਂ ਮੀਚੇ ਪਾਈਐ ਨਾ ਪਰਮ ਪਦ ਗੁਰ ਉਪਦੇਸਿ ਗਹਿ ਜਉ ਲਉ ਨਾ ਕਮਾਈਐ।(ਭਾ.ਗੁ) ਭਾਈ ਕਾਨ੍ਹ ਸਿੰਘ ਨਾਭਾ ਵੀ ਗੁਰਮਤਿ ਮਾਰਤੰਡ ਦੇ ਪੰਨਾ-628 ਤੇ ਲਿਖਦੇ ਹਨ ਕਿ ਗੁਰਮਤਿ ਵਿੱਚ ਨਾਮ ਜਪ ਨਾਲੋਂ ਸਿਮਰਨ ਦੀ ਵੱਡੀ ਮਹਿਮਾਂ ਹੈ, ਕਿਉਂਕਿ ਮਨ ਦੀ ਇਕਾਗਰਤਾ ਅਤੇ ਸ਼ੁੱਧ ਪ੍ਰੇਮ ਬਿਨਾ, ਸਿਮਰਨ ਹੋ ਨਹੀਂ ਸਕਦਾ ਅਤੇ ਸਿਮਰਨ ਨਾਲ ਚਿੱਤ-ਬਿਰਤੀ ਨਾਮ ਦੇ ਭਾਵ ਵਿੱਚ ਜੁੜ ਜਾਂਦੀ ਹੈ। ਇਸੇ ਨੂੰ ਸਤਿਗੁਰੂ ਨੇ ਜਪੁ ਦੇ ਅੰਤਿਮ ਸ਼ਲੋਕ ਵਿੱਚ ਨਾਮ ਧਿਆਉਣਾ ਲਿਖਿਆ ਹੈ-ਜਿਨ੍ਹੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥(ਜਪੁਜੀ) ਨਾਮ ਧਿਆਉਣ ਦੀ ਜੁਗਤੀ-ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ॥(੬੬੯) ਨਾਮ ਧਿਆਉਣ, ਸਿਮਰਨ ਕਰਨ ਅਤੇ ਜਾਪ ਕਰਨ ਦਾ ਗੁਰਮਤਿ ਸਿਧਾਂਤ ਅਨੁਸਾਰ ਭਾਵ ਇਹ ਹੈ ਕਿ ਪ੍ਰਭੂ ਪ੍ਰਮਾਤਮਾਂ ਦੇ ਗੁਣ, ਗਾਉਣਾ, ਗੁਣ ਧਾਰਨ ਕਰਨਾ ਅਤੇ ਉਸ ਨਾਲ ਪਿਆਰ ਪਾ, ਅੰਦਰੋਂ ਹਉਂਮੇ ਹੰਕਾਰ ਕੱਢ, ਜੀਵਨ ਦੇ ਕਰਮ ਕਰਨੇ ਨਾ ਕਿ ਕਿਸੇ ਇੱਕ ਸ਼ਬਦ ਦਾ ਜਾਪ ਜਾਂ ਵਾਰ ਵਾਰ ਰਟਨਾ ਸਿਮਰਨ ਹੈ। ਇਸ ਲੇਖ ਵਿੱਚ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਗੁਰਮਤਿ ਨਾਮ-ਸਿਮਰਨ ਦਾ ਸਿਧਾਂਤ ਸਮਝਣਾ ਜਰੂਰੀ ਹੈ। ਬਾਣੀ ਦਾ ਪਾਠ, ਕੀਰਤਨ ਕਥਾ ਵਿਚਾਰ ਜੇ ਕਰਤੇ ਦੇ ਧਿਆਨ ਵਿੱਚ ਕੀਤੇ ਜਾਣ ਤਾਂ ਇਹ ਨਾਮ-ਸਿਮਰਨ ਹੀ ਹੈ। ਬਾਕੀ ਮੱਤਾਂ ਦੀ ਰੀਸ ਸਿੱਖ ਨੇ ਨਹੀਂ ਕਰਨੀ ਕਿਉਂਕਿ ਸਿੱਖ ਧਰਮ ਨਵੀਨ, ਵਿਗਿਆਨਕ ਧਰਮ ਅਤੇ ਇਸ ਦੇ ਸਿਧਾਂਤ ਵੀ ਬਾਕੀ ਧਰਮਾਂ ਨਾਲੋਂ ਵਿਲੱਖਣ ਹਨ। ਹਾਂ ਚੰਗੇ ਗੁਣਾਂ ਦੀ ਸਾਂਝ ਕੀਤੀ ਜਾ ਸਕਦੀ ਹੈ ਨਾ ਕਿ ਕਰਮਕਾਂਡੀ ਰੀਤਾਂ ਦੀ-ਸਾਂਝ ਕਰੀਜੈ ਗੁਣਹ ਕੇਰੀ ਛਾਡਿ ਅਵਗੁਣ ਚਲੀਐ॥(੭੬੬) ਸਿੱਖ ਨੇ ਸਹਿਜ ਅਵੱਸਥਾ ਵਿੱਚ ਸਿਮਰਨ ਕਰਨਾ ਹੈ ਨਾ ਕਿ ਤੋਤਾ ਰਟਨੀ ਜਾਂ ਜਗਰਾਤਾ ਜਾਪ-ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥ ਸਹਿਜ ਬਿਲੋਵਹੁ ਜੈਸੇ ਤਤੁ ਨਾ ਜਾਈ॥(੪੭੮) ਧਿਆਨ ਸਹਿਜ ਵਿੱਚ ਹੀ ਧਾਰਿਆ ਜਾ ਸਕਦਾ ਹੈ ਨਾ ਕਿ ਕਾਹਲੀ ਵਿੱਚ। ਗੁਰਮਤਿ ਗਿਆਨ ਤੇ ਸ਼ਰਧਾ ਦੋਵੇਂ ਜਰੂਰੀ ਹਨ। ਅੰਨ੍ਹੀ ਸ਼ਰਧਾ ਤੇ ਥੋਥਾ ਗਿਆਨ ਦੋਵੇਂ ਹੀ ਨੁਕਸਾਨ-ਦੇਹ ਹਨ। ਸਿੱਖ ਨੇ ਪਹਿਲ ਗਿਆਨ ਨੂੰ ਦੇਣੀ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਸਿੱਖ ਰਹਿਤ, ਫਿਲੌਸਫੀ ਅਤੇ ਇਤਿਹਾਸ ਨੂੰ ਵਾਚ ਕੇ ਚੱਲਣਾ ਹੈ। ਕਿਸੇ ਡੇਰੇਦਾਰ ਜਾਂ ਸੰਪਰਦਾ ਜਾਂ ਟਕਸਾਲ ਦੀ ਮਰਯਾਦਾ ਗੁਰਮਤਿ ਨਹੀਂ ਹੋ ਸਕਦੀ। ਪ੍ਰਚਾਰਕਾਂ ਕਥਾਵਾਚਕਾਂ ਨੂੰ ਵੀ ਕਿਸੇ ਡੇਰੇ ਦੀ ਮਰਯਾਦਾ ਦਾ ਪ੍ਰਚਾਰ ਗੁਰਦੁਆਰੇ ਨਹੀਂ ਕਰਨਾ ਚਾਹੀਦਾ। ਸਿੱਖ ਨੇ ਨਾਮ-ਸਿਮਰਨ ਦੀ ਵੀ ਗੁਰੂ ਗ੍ਰੰਥ ਤੋਂ ਸੇਧ ਲੈਣੀ ਹੈ ਨਾ ਕਿ ਕਿਸੇ ਸਾਧ ਸੰਤ ਤੋਂ। ਸਿੱਖ ਨੇ ਮੂਲ ਮੰਤ੍ਰ ਦੇ ਸਿਧਾਂਤ ਤੋਂ ਬਾਹਰ ਨਹੀਂ ਜਾਣਾ ਕਿਉਂਕਿ ਮੂਲ-ਜੜਾਂ ਨਾਲੋਂ ਟੁੱਟਿਆ ਰੁੱਖ ਸੁੱਕ ਜਾਂਦਾ ਹੈ। ਨਾਮ-ਸਿਮਰਨ ਦਾ ਮਤਲਵ ਵੀ ਮੂਲ ਨਾਲ ਜੁੜੇ ਰਹਿਣਾ ਹੈ-ਮਨ ਤੂੰ ਜੋਤਿ ਸਰੂਪ ਹੈਂ ਆਪਣਾ ਮੂਲੁ ਪਛਾਣੁ॥(੪੪੧)

*****************************************************

ਨਵਾਂ ਸਾਲ ਅਤੇ ਸਾਡੇ ਕਰਮ

ਅਵਤਾਰ ਸਿੰਘ ਮਿਸ਼ਨਰੀ (5104325827)

ਨਵਾਂ ਸਾਲ-ਉਹ ਹਰ ਸਮਾਂ ਹੀ ਨਿੱਤ ਨਵਾਂ ਹੈ ਜੋ-ਸਾਹਿਬ ਮੇਰਾ ਨੀਤਿ ਨਵਾਂ ਸਦਾ ਸਦਾ ਦਾਤਾਰੁ (੬੬੦) ਦੀ ਯਾਦ ਵਿੱਚ ਲੰਘੇ-ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੇ ਪਾਰਬ੍ਰਹਮੁ ਫਿਟੁ ਭੁਲੇਰੀ ਰੁਤਿ (੩੧੮) ਸੋ ਕੋਈ ਵੀ ਨਿਮਖ, ਪਲ, ਘੜੀ, ਪਹਰ, ਮਹੂਰਤ, ਦਿਨ, ਰਾਤ ਹਫਤਾ, ਮਹੀਨਾ ਅਤੇ ਸਾਲ ਮਾੜਾ ਨਹੀਂ ਸਗੋਂ ਚੰਗੇ ਮਾੜੇ ਸਾਡੇ ਕਰਮ ਹਨ। ਜਿਵੇਂ ਹਰ ਸਾਲ ਬਨਾਸਪਤੀ ਨੂੰ ਨਵੇਂ ਫੁੱਲ ਖਿੜਦੇ ਅਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ ਇਵੇਂ ਹੀ ਸਾਡੇ ਹਿਰਦੇ ਵਿੱਚ ਵੀ ਸ਼ੁਭ ਗੁਣਾਂ ਦੇ ਫੁੱਲ ਅਤੇ ਅਗਾਂਹ ਵਧੂ ਵਿਚਾਰਾਂ ਦੀਆਂ ਕਰੂੰਬਲਾਂ ਪੈਦਾ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕੱਟ ਕੇ ਪਰੂਣੀ ਕੀਤੀ ਵੇਲ ਨੂੰ ਵਧੀਆ ਫਲ ਲੱਗਦੇ ਹਨ ਇਵੇਂ ਹੀ ਬੁਰੇ ਕਰਮ, ਗੰਦੀ ਸੋਚ, ਪਿਛਾਂਹ ਖਿੱਚੂ ਪੁਰਾਣੇ ਤੇ ਬੋਸੇ ਵਿਚਾਰ ਜੋ ਭਰਮ-ਗਿਆਨੀਆਂ, ਮਿਥਿਹਾਸਕ ਗ੍ਰੰਥਾਂ ਅਤੇ ਮਨਮਤਿ ਰਾਹੀਂ ਸਾਡੇ ਹਿਰਦੇ-ਦਿਲ, ਦਿਮਾਗ ਵਿੱਚ ਪਾ ਅਤੇ ਅਮਰਵੇਲ ਵਾਂਗ ਉੱਪਰ ਚੜ੍ਹਾ ਦਿੱਤੇ ਹਨ, ਉਨ੍ਹਾਂ ਨੂੰ ਗੁਰੂ ਸ਼ਬਦ ਗਿਆਨ ਦੇ ਨਸ਼ਤ੍ਰ ਨਾਲ ਕੱਟ ਛੱਟ ਕੇ ਹਰ ਸਾਲ ਪਰੂਣੀ ਕਰਨ ਦੀ ਲੋੜ ਹੈ ਤਾਂ ਕਿ ਸ਼ੁਭ ਗੁਣਾਂ ਅਤੇ ਸਰਬ ਪ੍ਰਵਾਣਤ ਅਗਾਂਹ ਵਧੂ ਉਸਾਰੂ ਵਿਚਾਰਾਂ ਦੇ ਚੰਗੇ ਫਲ ਲੱਗ ਸੱਕਣ। ਜਿਵੇਂ ਹਰੇਕ ਕਾਰੋਬਾਰ ਭਾਵ ਕਿਰਤ ਕਮਾਈ ਕਰਨ ਵਾਲਾ ਇਨਸਾਨ ਲਾਭ ਵਾਸਤੇ ਕੰਮ ਕਰਦਾ ਹੈ। ਹਰ ਸਾਲ ਦੇ ਅਖੀਰ ਤੇ ਲੇਖਾ ਜੋਖਾ ਕਰਦਾ ਹੈ ਕਿ ਕਿਨ੍ਹਾ ਲਾਭ, ਘਾਟਾ, ਅਤੇ ਖਰਚਾ ਹੋਇਆ? ਮੈਂ ਅੱਗੇ ਕਿਵੇਂ ਕਰਨਾ ਹੈ? ਇਵੇਂ ਹਿਸਾਬ ਕਿਤਾਬ ਰੱਖਣਵਾਲਾ ਇਨਸਾਨ ਹਾਨ-ਲਾਭ ਬਾਰੇ ਸੋਚ ਕੇ ਆਪਣੀ ਦੁਨੀਆਵੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਬੇਹਿਸਾਬਾ ਵਿਅਕਤੀ ਹਮੇਸ਼ਾਂ ਘਾਟੇ ਵਿੱਚ ਰਹਿੰਦਾ ਅਤੇ ਸੰਸਾਰੀ ਵੀ ਉਸ ਦੀ ਇਜ਼ਤ ਨਹੀਂ ਕਰਦੇ। ਇਵੇਂ ਹੀ ਸਿੱਖ ਨੇ ਵੀ ਇਹ ਲੇਖਾ ਜੋਖਾ ਕਰਨਾ ਹੈ ਕਿ ਮੈ ਹੁਣ ਤੱਕ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ, ਫਿਲੌਸਫੀ ਅਤੇ ਇਤਿਹਾਸ ਤੋਂ ਕੀ ਸਿਖਿਆ ਹੈ? ਸਿੱਖ ਦੇ ਅਰਥ ਹੀ ਸਿਖਿਆਰਥੀ ਹਨ, ਜੋ ਹਮੇਸ਼ਾ ਸਿੱਖਦਾ ਰਹਿੰਦਾ ਹੈ। ਹਰੇਕ ਸਿੱਖ ਨੂੰ ਗੁਰਬਾਣੀ ਦਾ ਆਪ ਪਾਠ ਕਰਨਾ ਅਰਥ ਸਿੱਖਣੇ ਅਤੇ ਕਮਉਣੇ ਚਾਹੀਦੇ ਹਨ। ਸਿੱਖ ਰਹਿਤ ਮਰਯਾਦਾ, ਸਿੱਖ ਫਿਲੌਸਫੀ ਅਤੇ ਇਤਿਹਾਸ ਆਪ ਪੜਦੇ ਜਾਂ ਸੁਣਦੇ ਰਹਿਣਾ ਚਾਹੀਦਾ ਹੈ। ਭੇਖੀ ਸਾਧਾਂ-ਸੰਤਾਂ, ਸੰਪ੍ਰਦਾਈਆਂ ਅਤੇ ਪੁਜਾਰੀਆਂ ਤੇ ਹੀ ਨਿਰੀ ਟੇਕ ਨਹੀਂ ਰੱਖਣੀ ਚਾਹੀਦੀ, ਜੋ ਜੋਕਾਂ ਵਾਂਗ ਸਿੱਖ ਕੌਮ ਦਾ ਖੂਨ ਪੀਂਦੇ ਹੋਏ ਕੌਮ ਵਿੱਚ ਵਹਿਮ-ਭਰਮ, ਫੋਕਟ-ਕਰਮਕਾਂਡ, ਸੁੱਚ-ਭਿੱਟ, ਛੂਆ-ਛਾਤ ਅਤੇ ਜਾਤ-ਪਾਤ ਆਦਿ ਫਲਾ ਰਹੇ ਹਨ। ਜਿਨ੍ਹਾਂ ਨੇ ਅਗਾਂਹ ਵਧੂ ਸਿੱਖੀ ਨੂੰ ਪੱਥਰ ਯੁੱਗ ਦਾ ਧਰਮ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜੋ ਬ੍ਰਾਹਮਣੀ ਗ੍ਰੰਥਾਂ ਦੀਆਂ ਬੇ-ਫਜ਼ੂਲ ਮਿਥਿਹਾਸਕ ਕਥਾ-ਕਹਾਣੀਆਂ, ਗੁਰਦੁਆਰਿਆਂ ਵਿੱਚ ਸੁਣਾ-ਸੁਣਾ ਕੇ, ਸਿੱਖੀ ਦਾ ਬ੍ਰਾਹਮਣੀਕਰਨ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਵਰਗੇ ਅਸ਼ਲੀਲ ਗੰਦੀ ਕਵਿਤਾ ਵਾਲੇ ਗ੍ਰੰਥ ਨੂੰ, ਹਿੱਕ ਦੇ ਜੋਰ ਨਾਲ ਪ੍ਰਕਾਸ਼ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਘਟਾ ਕੇ, ਸਿੱਖ ਸਿਧਾਤਾਂ ਦੀਆਂ ਜੜ੍ਹਾਂ ਵੱਢ ਰਹੇ ਹਨ।


ਨਵੇਂ ਸਾਲ ਵਿੱਚ ਕਰਨ ਤੇ ਛੱਡਣਯੋਗ ਕਰਮ

ਆਓ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਅਸੀਂ ਔਗੁਣਾਂ ਦਾ ਤਿਆਗ ਕੇ ਸ਼ੁਭ ਗੁਣ ਧਾਰਨ ਕਰਾਂਗੇ। ਧਰਮ ਦੀ ਕਿਰਤ ਕਰਦੇ ਵੰਡ ਛਕਦੇ, ਅਕਾਲ ਪੁਰਖ ਦਾ ਨਾਮ ਜਪਾਂਗੇ। ਗੁਰਬਾਣੀ ਆਪ ਪੜ੍ਹਦੇ-ਪੜ੍ਹਾਂਦੇ, ਗਾਂਦੇ, ਵਿਚਾਰਦੇ ਅਤੇ ਧਾਰਦੇ ਹੋਏ ਹੋਰਨਾਂ ਨੂੰ ਵੀ ਸਿਖਾਉਂਦੇ, ਨਿਰਾ ਸਾਰੀ ਉਮਰ ਪਾਠੀਆਂ ਤੋਂ ਪਾਠ ਹੀ ਨਹੀਂ ਕਰਾਈ ਜਾਵਾਂਗੇ। ਹਰ ਗੁਰਦੁਆਰੇ ਨਾਲ ਲਾਇਬ੍ਰੇਰੀ, ਸਕੂਲ, ਕਾਲਜ ਆਦਿਕ ਖੋਲਾਂਗੇ ਜਿੱਥੇ ਦਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ ਜਾ ਸਕੇ। ਗੁਰਦੁਆਰਿਆਂ, ਧਰਮ-ਅਸਥਾਨਾਂ ਵਿੱਚ ਪੜ੍ਹੇ ਲਿਖੇ ਯੋਗ ਪ੍ਰਚਾਰਕਾਂ ਅਤੇ ਰਾਗੀ ਗ੍ਰੰਥੀਆਂ ਨੂੰ ਭਰਤੀ ਕਰਾਂਗੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਦੀ ਮਰਯਾਦਾ ਦੇ ਧਾਰਨੀ ਪ੍ਰਚਾਰਕ ਹੋਣ ਅਤੇ ਕਥਾ ਕੀਰਤਨ ਵਿੱਚ ਬ੍ਰਾਹਮਣੀ ਕਥਾ ਕਹਾਣੀਆਂ ਸੁਣਾ-ਸੁਣਾ ਕੇ ਸਿੱਖੀ ਦਾ ਭਗਵਾਕਰਨ ਨਾਂ ਕਰਨ। ਪੰਥ ਤੋਂ ਬਗੈਰ, ਕਿਸੇ ਭੇਖੀ ਸਾਧ-ਸੰਤ ਸੰਪ੍ਰਦਾਈ ਨੂੰ, ਮਾਨਤਾ ਨਹੀਂ ਦੇਵਾਂਗੇ ਅਤੇ ਨਾਂ ਹੀ ਆਪਣੇ ਜਾਂ ਆਪਣੇ ਤੋਂ ਵੱਡੀ ਕਿਸੇ ਵੀ ਹਸਤੀ ਦੇ ਨਾਂ ਦੇ ਅੱਗੇ-ਪਿਛੇ ਸੰਤ ਸ਼ਬਦ ਵਰਤਾਂਗੇ ਸਗੋਂ ਗੁਰੂ ਸਾਹਿਬ ਦੇ ਦਿੱਤੇ ਹੋਏ ਉਪਨਾਮ ਭਾਈ, ਬਾਬਾ, ਸਿੰਘ ਅਤੇ ਕੌਰ ਸ਼ਬਦਾਂ ਦੀ ਵਰਤੋਂ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੋਥੀ ਜਾਂ ਅਖੌਤੀ ਦਸਮ ਗ੍ਰੰਥ ਆਦਿ ਦਾ ਪ੍ਰਕਾਸ਼ ਨਹੀਂ ਕਰਾਂਗੇ ਅਤੇ ਨਾਂ ਹੀ ਕਿਸੇ ਦੋਖੀ ਨੂੰ ਕਰਨ ਦੇਵਾਂਗੇ। ਨੋਟ-ਡੇਰੇਦਾਰ ਤੇ ਟਕਸਾਲੀ ਅਜਿਹਾ ਅਨਰਥ ਸ਼ਰੇਆਮ ਕਰ ਰਹੇ ਹਨ।

ਸਿੱਖ ਗੁਰਦੁਆਰਿਆਂ ਤੇ ਆਪਣੇ ਘਰਾਂ ਵਿੱਚੋਂ ਕੁੰਭ, ਨਾਰੀਅਲ, ਜੋਤਾਂ, ਮੌਲੀਆਂ, ਹਵਨਨੁਮਾਂ ਗੁਗਲ ਦੀਆਂ ਧੂਫਾਂ ਅਤੇ ਹਵਨ ਸਮੱਗਰੀਆਂ ਕੱਢਾਂਗੇ। ਗੁਰੂ ਗ੍ਰੰਥ ਸਹਿਬ ਜੀ ਦੇ ਪਾਠ ਨਾਲ ਇਹ ਸਾਰੀ ਬ੍ਰਾਹਮਣੀ ਪੂਜਾ ਸਮੱਗਰੀ ਨਹੀਂ ਰੱਖਾਂਗੇ ਅਤੇ ਨਾਂ ਹੀ ਕਿਸੇ ਨੂੰ ਰੱਖਣ ਦਿਆਂਗੇ। ਮਾਰੂ ਨਸ਼ਿਆਂ ਦਾ ਤਿਆਗ ਕਰਦੇ ਹੋਏ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਾਂਗੇ ਕਿਉਂਕਿ ਨਸ਼ਿਆਂ ਨਾਲ ਜਿੱਥੇ ਧੰਨ ਬਰਬਾਦ ਹੁੰਦਾ, ਬੇਇਜ਼ਤੀ ਹੁੰਦੀ, ਭਿਆਨਕ ਰੋਗ ਲਗਦੇ ਓਥੇ ਮਤਿ ਵੀ ਮਾਰੀ ਜਾਂਦੀ ਹੈ-ਜਿਤੁ ਪੀਤੈ ਮਤਿ ਦੂਰਿ ਹੋਏ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ .....ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥(੫੫੪)

ਔਰਤ ਦਾ ਮਰਦ ਦੇ ਬਰਾਬਰ ਸਨਮਾਨ ਤੇ ਧੀਆਂ ਦੀ ਭਰੂਣ ਹਤਿਆ ਨਹੀਂ ਕਰਾਂਗੇ ਕਿਉਂਕਿ ਇਹ ਮਾਨ ਸਿੱਖ ਕੌਮ ਦੇ ਬਾਨੀ ਬਾਬਾ ਨਾਨਕ ਜੀ ਨੇ ਬਖਸ਼ਦਿਆਂ ਫੁਰਮਾਇਆ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (੪੭੩) ਜੇ ਮਰਦ ਗੁਰਬਾਣੀ ਦਾ ਪਾਠ ਕਥਾ ਕੀਰਤਨ ਗੁਰੂ ਘਰ ਦੀ ਹਰੇਕ ਪ੍ਰਕਾਰ ਸੇਵਾ ਕਰ ਸਕਦਾ ਹੈ ਤਾਂ ਔਰਤ ਵੀ ਇਹ ਸਭ ਕੁਝ ਕਰ ਸਕਦੀ ਹੈ ਪਰ ਸੰਪ੍ਰਦਾਈ ਤੇ ਕੇਸਾਧਾਰੀ ਬ੍ਰਾਹਮਣੀ ਟੋਲੇ ਅਜੋਕੇ ਸਿੰਘ ਸਹਿਬਾਨ ਰੂਪੀ ਆਦਿਕ ਅਖੌਤੀ ਆਗੂਆਂ ਨੇ ਬ੍ਰਹਾਮਣਾਂ ਵਾਂਗ ਹੀ ਸਿੱਖ ਔਰਤਾਂ ਤੇ ਵੀ ਅਜਿਹੀ ਮੰਨੂਵਾਦੀ ਪਾਬੰਦੀ ਲਾ ਰੱਖੀ ਹੈ, ਜਿਸ ਨੂੰ ਰਲ ਕੇ ਤੋੜਾਂਗੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਬੀਬੀਆਂ ਨੂੰ ੫੨ ਪੀਹੜੇ ਬਖਸ਼ੇ ਸਨ। ਸਿੱਖ ਧਰਮ ਦੇ ਦਰਵਾਜੇ ਸਭ ਮਾਈ ਭਾਈ ਲਈ ਖੁਲ੍ਹੇ ਰੱਖਾਂਗੇ ਕਿਉਂਕਿ-ਸਭੇ ਸਾਂਝੀਵਾਲ ਸਦਾਇਨਿ (੯੭) ਅਤੇ ਉਪਦੇਸੁ ਚਹੁ ਵਰਨਾ ਕਉ ਸਾਂਝਾ (੭੪੭) ਵੱਧ ਤੋਂ ਵੱਧ ਬੋਲੀਆਂ (ਭਾਸ਼ਾਵਾਂ) ਵਿੱਚ ਗੁਰਬਾਣੀ, ਸਿੱਖ ਇਤਿਹਾਸ ਅਤੇ ਫਿਲੌਸਫੀ (ਸਿਧਾਂਤ) ਆਦਿਕ ਦਾ ਪ੍ਰਚਾਰ ਬੜੀ ਫਰਾਕ ਦਿਲੀ ਨਾਲ ਕਰਾਂਗੇ। ਇਹ ਸਭ ਗੁਰੂ ਦੀ ਗੋਲਕ ਨਾਲ ਅਤੇ ਸਿੱਖਾਂ ਦੇ ਦਸਵੰਧ ਨਾਲ ਹੋ ਸਕਦਾ ਹੈ। ਅੱਜ ਕੱਲ੍ਹ ਅਖਬਾਰਾਂ, ਰਸਾਲੇ, ਫੇਸ ਬੁੱਕ, ਸੀਡੀਆਂ, ਟੀ.ਵੀ., ਮੂਵੀਆਂ ਅਤੇ ਈਮੇਲ ਇੰਟ੍ਰਨੈੱਟ ਆਦਿਕ ਦਾ ਜੁੱਗ ਹੈ। ਇਸ ਸਭ ਪ੍ਰਕਾਰ ਦੇ ਮੀਡੀਏ ਰਾਹੀਂ ਸਿੱਖੀ ਦਾ ਪ੍ਰਚਾਰ ਕਰਾਂਗੇ, ਇਸ ਨੂੰ ਗੁਰਬਾਣੀ ਦਾ ਪ੍ਰਚਾਰ ਸਮਝਾਂਗੇ ਨਾ ਕਿ ਬੇਅਦਬੀ।

ਕੁਝ ਸਵੇਦਨਸ਼ੀਲ ਮਸਲੇ ਜਿਵੇਂ ਰਾਗ ਮਾਲਾ, ਅਖੌਤੀ ਦਸਮ ਗ੍ਰੰਥ, ਸਿੱਖ ਬੀਬੀਆਂ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਅਤੇ ਪੰਜਾਂ ਪਿਆਰਿਆਂ ਵਿੱਚ ਲੱਗਨ ਦੀ ਸੇਵਾ, ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾਂ ਆਦਿਕ ਨੂੰ ਫੌਰਨ ਬੜੀ ਦ੍ਰਿੜਤਾ ਅਤੇ ਸੁਹਿਰਦਤਾ ਨਾਲ, ਨਿਕਟ ਭਵਿੱਖ ਵਿੱਚ ਹੱਲ ਕਰਾਂਗੇ ਨੋਟ (ਮਰਯਾਦਾ ਚੋਂ ਭਗਾਉਤੀ=ਦੁਰਗਾ ਖੂੰਖਾਰ ਕਲਪਿਤ ਦੇਵੀ ਦੀ ਅਰਾਧਨਾ ਅਰਦਾਸ ਚੋਂ ਦ੍ਰਿੜਤਾ ਨਾਲ ਛੱਡਾਂਗੇ। ਆਏ ਦਿਨ ਸਾਧਾਂ ਸੰਪ੍ਰਦਾਈਆਂ ਦੇ ਦਬਾਅ ਥੱਲੇ ਆ ਕੇ, ਅਖੌਤੀ ਜਥੇਦਾਰਾਂ ਵਲੋਂ, ਪੰਥਕ ਵਿਦਵਾਨਾਂ ਨੂੰ ਪੰਥ ਵਿੱਚੋ ਛੇਕਣਾ ਅਤੇ ਛੇਕਣ ਦੀਆਂ ਧਮਕੀਆਂ ਦੇਣ ਦੀ ਬਜਾਏ ਸਗੋਂ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਚਲਾ ਕੇ, ਵਿਚਾਰ ਵਿਟਾਂਦਰੇ ਅਤੇ ਪ੍ਰੇਮ ਪਿਆਰ ਰਾਹੀਂ ਮਸਲੇ ਹੱਲ ਕਰਾਂਗੇ। ਪੰਥਕ ਅਖ਼ਬਾਰਾਂ, ਰਸਾਲੇ, ਰੇਡੀਓ, ਲਿਖਾਰੀ ਅਤੇ ਜੋ ਅਦਾਰੇ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਅਤੇ ਗੁਰੂ ਸਿਧਾਂਤਾਂ ਵਾਲੀ ਸਿੱਖ ਰਹਿਤ ਮਰਯਾਦਾ ਦਾ ਡਟ ਕੇ ਪ੍ਰਚਾਰ ਕਰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਾਂਗੇ। ਮਰਯਾਦਾ ਵਿੱਚ ਕਰਨਣੋਗ ਤਬਦੀਲੀਆਂ ਗੁਰੂ ਗ੍ਰੰਥ ਸਿਧਾਂਤਕ ਕਸਵਟੀ ਤੇ ਕਰਾਂਗੇ। ਜੋ ਡੇਰੇ ਜਾਂ ਗੁਰਦੁਆਰੇ ਗੁਰ ਮਰਯਾਦਾ ਨੂੰ ਨਹੀਂ ਮੰਨਦੇ ਓਥੇ ਜਾਣਾ ਅਤੇ ਖੂਨ ਪਸੀਨੇ ਦੀ ਕੀਤੀ ਕਮਾਈ ਚੋਂ ਭੇਟਾ ਚੜਾਉਣੀ ਬੰਦ ਕਰਾਂਗੇ ਜੋ ਕੌਮੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।

ਛੁੱਟੀਆਂ ਜਾਂ ਜਦੋਂ ਵੀ ਵਿਹਲ ਮਿਲੇ ਇਸਾਈ ਮਿਸ਼ਨਰੀਆਂ ਦੀ ਤਰ੍ਹਾਂ ਡੋਰ-ਟੂ-ਡੋਰ, ਹਰੇਕ ਮਾਈ ਭਾਈ ਪ੍ਰਚਾਰ ਕਰੇ ਅਤੇ ਗੁਰਮਤਿ ਸਬੰਧੀ ਵਧੀਆ ਲਿਟ੍ਰੇਚਰ ਵੰਡਿਆ ਜਾਵੇ। ਜੇ ਅਜਿਹਾ ਕਰਦੇ ਹਾਂ ਤਾਂ ਨਵਾਂ ਸਾਲ ਮੁਬਾਰਕ ਤੇ ਭਾਗਾਂਵਾਲਾ ਹੋ ਸਕਦਾ ਹੈ ਵਰਨਾਂ ਰਸਮੀ ਪਾਠ, ਕੀਰਤਨ, ਕਥਾ, ਢਾਡੀ ਦਰਬਾਰਾਂ, ਵੰਨ ਸੁਵੰਨੇ ਲੰਗਰ ਅਤੇ ਡੈਕੋਰੇਸ਼ਨਾਂ ਦਾ ਸਮੇਂ ਅਤੇ ਧੰਨ ਦੀ ਬਰਬਾਦੀ ਤੋਂ ਬਿਨਾ, ਕੋਈ ਬਹੁਤਾ ਫਾਇਦਾ ਨਹੀਂ ਹੋਣਾ, ਜਿਨ੍ਹਾਂ ਚਿਰ ਗੁਰੂ ਬਾਬਾ ਨਾਨਕ ਜੀ ਦੀ ਸੱਚੀ ਸੁੱਚੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਨਹੀਂ ਅਪਨਾਉਂਦੇ ਅਤੇ ਉਸ ਦਾ ਪ੍ਰਚਾਰ ਅਮਲੀ ਰੂਪ ਵਿੱਚ ਨਹੀਂ ਕਰਦੇ। ਪੁਜਰੀਵਾਦ, ਸਾਧਵਾਦ, ਭੇਖਵਾਦ, ਸੁੱਚ-ਭਿਟ, ਭਰਮ ਅਤੇ ਪਾਖੰਡਵਾਦ ਤੋਂ ਗੁਰੂ ਗਿਆਨ ਆਸਰੇ ਬਚ ਜਾਈਏ ਅਤੇ (ਏਕੁ ਪਿਤਾ ਏਕਸ ਕੇ ਹਮ ਬਾਰਿਕ-੬੧੨) ਦਾ ਗੁਰੂ ਸਿਧਾਂਤ ਅਪਣਾਅ ਲਈਏ ਤਾਂ ਨਵਾਂ ਸਾਲ ਮੁਬਾਰਕ ਹੈ।


12/31/17
ਹਰਲਾਜ ਸਿੰਘ ਬਹਾਦਰਪੁਰ

ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਆਪਣੇ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ, ਹਰਲਾਜ ਸਿੰਘ ਬਹਾਦਰਪੁਰ।
ਮੇਰੇ ਪ੍ਰੀਵਾਰ ਨੂੰ ਮੇਰੇ ਵੱਲੋਂ ਹਦਾਇਤ/ਬੇਨਤੀ ਹੈ ਕਿ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ ਮੇਰੇ ਆਪਣੇ ਲਈ ਇਹ ਹਨ ਕਿ ਮੇਰੀ ਮੌਤ ਤੋਂ ਬਾਅਦ ਜੇ ਕੰਮ ਦੀਆਂ ਹੋਣ ਤਾਂ ਮੇਰੀਆਂ ਅੱਖਾਂ ਜਾਂ ਸਰੀਰ ਦਾ ਕੋਈ ਵੀ ਅੰਗ ਜੋ ਕੰਮ ਆ ਸਕਦਾ ਹੋਵੇ ਉਹ ਕਿਸੇ ਲੋੜਬੰਦ ਜਾਂ ਹਸਪਤਾਲ ਨੂੰ ਦੇ ਦਿੱਤਾ ਜਾਵੇ, ਪੂਰੀ ਬਾਡੀ (ਲਾਸ਼) ਵੀ ਦਿੱਤੀ ਜਾ ਸਕਦੀ ਹੈ। ਮੇਰੀ ਮੌਤ ਤੋਂ ਬਾਅਦ ਘੱਟ ਤੋਂ ਘੱਟ ਲੋਕਾਂ (ਦੋਸਤਾਂ, ਰਿਸਤੇਦਾਰਾਂ) ਨੂੰ ਮੇਰੀ ਮੌਤ ਵਾਰੇ ਦੱਸਿਆ ਜਾਵੇ। ਸਿਰਫ ਖਾਸ ਦੋਸਤ ਜਾਂ ਰਿਸਤੇਦਾਰਾਂ ਜਿੰਨ੍ਹਾ ਨੂੰ ਦੱਸਣਾ ਜਰੂਰੀ ਹੋਵੇ ਨੂੰ ਹੀ ਦੱਸਿਆ ਜਾਵੇ, ਨਾਲ ਉਹਨਾ ਨੂੰ ਇਹ ਵੀ ਕਿਹਾ ਜਾਵੇ ਕਿ ਉਹ ਆਪਣੇ ਨਾਲ ਹੋਰ ਗੁਆਢੀਆਂ ਨੂੰ ਲੈ ਕੇ ਨਾ ਆਉਣ। ਦਾਹ ਸੰਸਕਾਰ ਸਮੇਂ ਘੱਟ ਤੋਂ ਘੱਟ ਲੋਕ ਪਹੁੰਚਣ। ਦਾਹ ਸੰਸਕਾਰ ਸਮੇਂ ਕਿਸੇ ਵੀ ਕਿਸਮ ਦਾ ਕੋਈ ਕਰਮ ਕਾਂਢ ਨਹੀਂ ਕਰਨਾ, ਜੇ ਮ੍ਰਿਤਕ ਸਰੀਰ ਸਾਫ ਹੋਵੇ ਤਾਂ ਇਸ਼ਨਾਨ ਕਰਵਾਉਣ ਦੀ ਵੀ ਕੋਈ ਲੋੜ ਨਹੀਂ, ਨਾ ਹੀ ਕਪੜੇ ਬਦਲਣ ਦੀ ਲੋੜ ਹੈ। ਹਾਂ ਜੇ ਕਿਸੇ ਕਾਰਨ ਮ੍ਰਿਤਕ ਸਰੀਰ ਸਾਫ ਨਾ ਹੋਵੇ ਤਾਂ ਬੇਸੱਕ ਇਸ਼ਨਾਨ ਕਰਵਾ ਦਿਓ, ਨਵੇਂ ਕਪੜੇ ਪਾਉਣ ਦੀ ਕੋਈ ਜਰੂਰਤ ਨਹੀਂ। ਮ੍ਰਿਤਕ ਦੇ ਪੈਰ ਪੂਜਣੇ, ਰਸਤੇ (ਅੱਧ ਮਾਰਗ) ਵਿੱਚ ਲਾਸ਼ ਰੱਖ ਕੇ ਕਾਨੀਏਂ ਬਦਲਣੇ, (ਆਪਣੀ ਸੁਵਿਧਾ ਜਾਂ ਸਮੇ ਅਨੁਸਾਰ ਲਾਸ਼ ਨੂੰ ਕਿਸੇ ਹੋਰ ਸਾਧਨ ਤੇ ਵੀ ਲਿਜਾਇਆ ਜਾ ਸਕਦਾ ਹੈ) ਲਾਸ਼ ਨੂੰ ਰੱਖ ਕੇ ਦੁਆਲੇ ਪਾਣੀ ਦੀ ਕਾਰ ਕਰਨੀ, ਘੜਾ ਭੰਨਣਾ, ਆਟੇ ਦੀਆਂ ਪਿੰਨੀਆਂ ਵੱਟ ਕੇ ਲਾਸ਼ ਦੇ ਸਰਾਣੇ ਰੱਖਣੀਆਂ, ਚਿਖਾ ਨੂੰ ਅੱਗ ਲਾਉਣ ਸਮੇਂ ਦੀਵਾ ਬਾਲਣਾ, ਕਪਾਲ ਕਿਰਿਆ ਕਰਨੀ, ਚਿਖਾ ਦੇ ਦੁਆਲੇ ਅੱਗ ਲਾਉਣ ਲਈ ਗੇੜਾ ਦੇਣਾ, ਸਮਸ਼ਾਨ ਘਾਟ ਵਿੱਚ ਜਾ ਕੇ ਸੋਹਿਲੇ ਦਾ ਪਾਠ ਕਰਨਾ ਜਾਂ ਅਰਦਾਸ ਕਰਨੀ, ਜਾਂ ਫਿਰ ਸਮਸ਼ਾਨ ਘਾਟ ਵਿੱਚੋਂ ਗੁਰਦੁਆਰੇ ਆ ਕੇ ਅਲਾਹਣੀਆਂ ਦਾ ਪਾਠ ਕਰਨਾ ਤੇ ਅਰਦਾਸ ਕਰਨੀ ਆਦਿ ਅਜਿਹਾ ਕੁੱਝ ਵੀ ਨਾ ਕੀਤਾ ਜਾਵੇ। ਹਾਂ ਜੇ ਚਾਹੋਂ ਤਾਂ (ਕੋਈ ਜਰੂਰੀ ਵੀ ਨਹੀਂ) ਅਤੇ ਜੇ ਸਮਾਂ ਹੋਵੇ ਤਾਂ ਸੰਸਕਾਰ ਤੋਂ ਬਾਅਦ ਘਰ ਗੁਰਬਾਣੀ ਦਾ ਸਹਿਜ ਪਾਠ ਰੱਖ ਲੈਣਾ, ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲਿਉਣਾ ਠੀਕ ਸਮਝੋਂ ਤਾਂ ਲੈ ਆਉਣਾ ਨਹੀਂ ਪੋਥੀਆਂ ਤੋਂ ਹੀ ਰਲ ਮਿਲ ਕੇ ਪਾਠ ਕਰ ਲੈਣਾ। ਜਿਵੇਂ ਕਿ ਘਰ ਵਿੱਚ ਹੋਈ ਮੌਤ ਤੋਂ ਬਾਅਦ ਕੁੱਝ ਦਿਨ ਕੁੱਝ ਵੀ ਕਰਨ ਨੂੰ ਜੀਅ ਨਹੀਂ ਕਰਦਾ ਹੁੰਦਾ, ਤਾਂ ਤੁਸੀਂ 8-10 ਦਿਨ (ਇਹ ਦਿਨ ਵੱਧ ਘੱਟ ਵੀ ਹੋ ਸਕਦੇ ਹਨ) ਘਰ ਰਲ ਮਿਲ ਕੇ ਗੁਰਬਾਣੀ ਦਾ ਪਾਠ ਵਿਚਾਰ ਕੇ ਕਰ ਲੈਣਾ, ਗੁਰਬਾਣੀ ਸੱਚ ਹੈ ਇਹ ਤੁਹਾਨੂੰ ਚੰਗੀ ਸੇਧ ਦੇਵੇਗੀ। ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਇਹ ਪਾਠ ਮੇਰੇ ਲਈ ਨਹੀਂ ਹੋਵੇਗਾ, ਇਹ ਤਾਂ ਤੁਹਾਡੇ ਸਮਝਣ ਲਈ ਹੀ ਹੋਵੇਗਾ, ਜਿਹੜਾ ਦਿਨ ਠੀਕ ਲੱਗੇ ਰਿਸਤੇਦਾਰਾਂ ਨੂੰ ਉਸ ਦਿਨ ਦੀ ਸੂਚਨਾ ਦੇ ਦੇਣੀ ਕਿ ਫਲਾਨੇ ਦਿਨ ਦਾ ਭੋਗ ਹੈ, ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਦੇ ਤਿੰਨ ਵਜੇ ਤੱਕ ਕਿਸੇ ਵੀ ਸਮੇਂ ਸਾਡੇ ਘਰ ਪਹੁੰਚ ਜਾਣਾ। ਇਹ ਭੋਗ ਦਾ ਦਿਨ ਅਤੇ ਭੋਗ ਸ਼ਬਦ ਤਾਂ ਸਿਰਫ ਇੱਕ ਦਿਨ ਇਕੱਠੇ ਹੋਣ ਦੇ ਸਾਧਨ ਵਜੋਂ ਹੀ ਵਰਤਣਾ ਹੈ।
(ਨਾਲ ਉਹਨਾ ਨੂੰ ਇਹ ਵੀ ਕਿਹਾ ਜਾਵੇ ਕਿ ਉਹ ਆਪਣੇ ਨਾਲ ਹੋਰ ਗੁਆਢੀਆਂ ਨੂੰ ਲੈ ਕੇ ਨਾ ਆਉਣ, ਕਿਉਂਕਿ ਲੋਕ ਆਪਣੀ ਵਡਿਆਈ ਲਈ ਆਂਢ ਗੁਆਂਢ ਨੂੰ ਇਕੱਠਾ ਕਰਕੇ ਲੈ ਆਂਉਂਦੇ ਹਨ, ਕਿ ਕੋਈ ਇਹ ਨਾ ਕਹੇ ਕੇ ਇਹਨਾ ਨਾਲ ਬੰਦੇ ਘੱਟ ਆਏ ਹਨ, ਅਜਿਹੇ ਨਾਲ ਆਏ ਬੰਦਿਆਂ ਦਾ ਮ੍ਰਿਤਕ ਦੇ ਪ੍ਰੀਵਾਰ ਨਾਲ ਕੋਈ ਸਬੰਧ ਨਹੀਂ ਹੁੰਦਾ, ਉਹ ਪ੍ਰੇਸਾਨੀ ਦਾ ਕਾਰਨ ਹੀ ਬਣਦੇ ਹੁੰਦੇ ਹਨ, ਇਹ ਲੋਕ ਬਾਰਾਂ ਸਵਾ ਬਾਰਾਂ ਵਜੇ ਮ੍ਰਿਤਕ ਪ੍ਰਾਣੀ ਦੇ ਘਰ ਪਹੁੰਚਦੇ ਹਨ, ਉਸ ਸਮੇ ਕਥਾ ਕੀਰਤਨ ਸ਼ੁਰੂ ਹੋ ਰਿਹਾ ਹੁੰਦਾ ਹੈ, ਅਤੇ ਲੰਗਰ ਵੀ ਤਿਆਰ ਹੁੰਦਾ ਹੈ, ਇਸ ਸਮੇਂ ਦੋ ਹੀ ਗੱਲਾਂ ਹੁੰਦੀਆਂ ਹਨ (ਜੋ ਨਹੀਂ ਹੋਣੀਆਂ ਚਾਹੀਂਦੀਆਂ) ਲੰਗਰ ਛੱਕੋ ਜੀ ਤੇ ਕਥਾ/ਕੀਰਤਨ ਸੁਣੋ ਜੀ ਜਾਂ ਰੋਣਾ ਨਹੀਂ ਜੀ ਗੱਲਾਂ ਨਹੀਂ ਕਰਨੀਆਂ ਜੀ, ਜਦੋਂ ਕਿ ਮ੍ਰਿਤਕ ਨਾਲ ਸਾਂਝ ਰੱਖਣ ਵਾਲੇ ਰੋਣ ਜਾਂ ਦੁਖ ਸੁਖ ਦੀਆਂ ਗੱਲਾਂ ਕਰਨ ਹੀ ਆਉਂਦੇ ਹੁੰਦੇ ਹਨ, ਉਹ ਲੰਗਰ ਛੱਕਣ ਜਾਂ ਕਥਾ/ਕੀਰਤਨ ਸੁਣਨ ਨਹੀਂ ਆਏ ਹੁੰਦੇ। ਇੱਕ ਸਵਾ ਇੱਕ ਵਜੇ ਭੋਗ ਪੈ ਜਾਂਦਾ ਹੈ ਫਿਰ ਨਾਲ ਆਏ ਗੁਆਂਢੀ ਵਾਪਸ ਮੁੜਨ ਦੀ ਕਾਹਲ ਕਰਨ ਲੱਗ ਜਾਂਦੇ ਹਨ ਕੇ ਛੇਤੀ ਚਲੋ ਜੀ ਕੁਵੇਲਾ ਨਾ ਹੋ ਜੇ। ਇਸ ਕਾਰਨ ਖਾਸ਼ ਰਿਸਤੇਦਾਰ ਵੀ ਮ੍ਰਿਤਕ ਦੇ ਪ੍ਰੀਵਾਰ ਨਾਲ ਕੋਈ ਦੁੱਖ ਸੁੱਖ ਦੀ ਗੱਲ ਨਹੀਂ ਕਰ ਸਕਦੇ ਹੁੰਦੇ)
ਪਰ ਰਿਸਤੇਦਾਰਾਂ ਦੀ ਹਾਜਰੀ ਵਿੱਚ ਕੋਈ ਪਾਠ, ਕਥਾ, ਕੀਰਤਨ ਜਾਂ ਅਰਦਾਸ ਵਗੈਰਾ ਕਰਨ ਦੀ ਕੋਈ ਲੋੜ ਨਹੀਂ। ਜੇ ਭੋਗ ਵਾਲੇ ਦਿਨ ਤੋਂ ਪਹਿਲਾਂ ਪਾਠ ਪੂਰਾ ਹੋ ਗਿਆ ਤਾਂ ਪਹਿਲਾਂ ਹੀ ਗੁਰੂ ਦਾ ਸ਼ੁਕਰਾਨਾ ਕਰ ਦੇਣਾ ਜੇ ਪਾਠ ਪੂਰਾ ਨਾ ਹੋਇਆ ਤਾਂ ਉਸ ਦਿਨ ਤੋਂ ਬਾਅਦ ਜਦੋਂ ਪਾਠ ਪੂਰਾ ਹੋ ਜਾਵੇ ਉਦੋਂ ਗੁਰੂ ਦਾ ਸ਼ੁਕਰਾਨਾ ਕਰ ਦੇਣਾ। ਕਈ ਦੂਰ ਨੇੜੇ ਦੇ ਰਿਸਤੇਦਾਰ ਆਏ ਹੁੰਦੇ ਹਨ ਉਹ ਪਾਠ ਜਾਂ ਕਥਾ ਕੀਰਤਨ ਸੁਣਨ ਨਹੀਂ ਆਉਂਦੇ ਹੁੰਦੇ, ਉਹ ਤਾਂ ਬੱਸ ਆਪਣੇ ਵੱਲੋਂ ਦੁੱਖ ਸੁੱਖ ਸਾਂਝਾ ਕਰਨ ਆਉਂਦੇ ਹੁੰਦੇ ਹਨ, ਉਹਨਾ ਨਾਲ ਉਸ (ਭੋਗ ਵਾਲੇ) ਦਿਨ ਗੱਲਾਂ ਬਾਤਾਂ ਹੀ ਕਰਨੀਆਂ। ਮੇਰੀ ਮੌਤ ਛੋਟੀ ਉਮਰ ਵਿੱਚ ਹੋਵੇ ਜਾਂ ਵੱਡੀ ਵਿੱਚ, ਰੱਬ ਦਾ ਭਾਣਾ ਮੰਨਣਾ, ਗੁਰਵਾਕ ਹੈ ਕਿ:- ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥ {ਪੰਨਾ ਨੰਬਰ 1429} ਦੁੱਖ ਸੁੱਖ ਸਾਂਝਾ ਕਰਨ ਆਏ ਦੋਸਤਾਂ ਰਿਸਤੇਦਾਰਾਂ ਲਈ ਮਿਠਾਈ, ਖੀਰ, ਕੜਾਹ ਜਾਂ ਵੱਖ-ਵੱਖ ਦਾਲਾਂ ਸਬਜੀਆਂ ਨਹੀਂ ਬਣਾਉਣੀਆਂ, ਸਿਰਫ ਇੱਕ ਹੀ ਦਾਲ ਜਾਂ ਸਬਜੀ ਹੋਵੇ, ਦਾਲ/ਸਬਜੀ ਅਤੇ ਰੋਟੀਆਂ ਵਧੀਆ ਬਣਾਈਆਂ ਹੋਣ ਜੋ ਆਏ ਲੋਕਾਂ ਨੂੰ ਖਾਣ ਨੂੰ ਚੰਗੀਆਂ ਲੱਗਣ, ਕਿਸੇ ਵੀ ਕਿਸਮ ਦਾ ਕੋਈ ਵਿਖਾਵਾ ਨਹੀਂ ਕਰਨਾ। ਬੱਸ ਉਸ ਦਿਨ ਤੋਂ ਬਾਅਦ ਮੇਰੇ ਨਾਮ ਤੇ ਕੋਈ ਪੁੰਨ ਦਾਨ ਜਾਂ ਧਾਰਮਿਕ ਕਰਮ ਕਾਂਢ ਨਹੀਂ ਕਰਨਾ, ਨਾ ਕਦੇ ਬਰਸੀ ਮਨਾਉਣੀ, ਕਿਉਂਕਿ ਮੈਂ ਕਿਸੇ ਵੀ ਧਰਮ (ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨੀ, ਬੋਧੀ ਆਦਿ) ਜਾਂ ਬੰਦਿਆਂ ਦੀ ਬਣਾਈ ਕਿਸੇ ਵੀ ਕਹੇ ਜਾਂਦੇ ਧਰਮ ਦੀ ਧਾਰਮਿਕ ਮਰਯਾਦਾ ਨੂੰ ਨਹੀਂ ਮੰਨਦਾ, ਕਿਉਂਕਿ ਮੇਰੀ ਸੋਚ ਅਨੁਸਾਰ ਇਹ ਸੱਭ ਰੱਬ ਦੇ ਨਾਮ ਤੇ ਧਰਮ ਦੇ ਠੇਕੇਦਾਰਾਂ (ਪੁਜਾਰੀਆਂ) ਵੱਲੋਂ ਖੋਲੀਆਂ ਗਈਆਂ ਦੁਕਾਨਾ ਹੀ ਹਨ। ਮੈਂ ਆਪਣੇ ਅਤੇ ਇੰਸਾਨੀਅਤ ਲਈ ਚੰਗੇ ਕੰਮ ਕਰਨ ਨੂੰ ਹੀ ਸੱਚਾ ਧਰਮ ਮੰਨਦਾ ਹਾਂ, ਮੇਰੇ ਲਈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂਆਂ/ਭਗਤਾਂ ਦੀ ਬਾਣੀ ਹੀ ਸਰਬੋਤਮ ਹੈ।
ਤਾਰੀਖ - 07-11-2017

ਹਰਲਾਜ ਸਿੰਘ ਪੁੱਤਰ ਸ੍ਰ: ਜੱਗਰ ਸਿੰਘ, ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ।
ਪਿੰਨ ਕੋਡ:-151501, ਫੋਨ ਨੰਬਰ:- 9417023911
[email protected]


12/31/17
ਤੱਤ ਗੁਰਮਤਿ ਪਰਿਵਾਰ

ਬਾਬਾ ਨਾਨਕ ਬਨਾਮ ਮੌਜੂਦਾ ਜਾਗਰੂਕ ਕਹਾਉਂਦੇ ਪ੍ਰਚਾਰਕ

ਸ਼ਖਸੀਅਤ-ਪ੍ਰਸਤੀ ਜਾਂ ਬਿਬੇਕ-ਪ੍ਰਸਤੀ ?

ਅਸੀਂ ਬਾਬਾ ਨਾਨਕ ਜੀ ਵਾਂਗੂ ਖਰਾ ਅਤੇ ਪੂਰਾ ਸੱਚ ਪੇਸ਼ ਕਰਨ ਤੋਂ ਕਿਉਂ ਝਿਝਕਦੇ ਹਾਂ ?

ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਈ ਵੀ ਵਿਚਾਰਧਾਰਾ ਕਿਤਨੀ ਵੀ ਮਜ਼ਬੂਤ ਕਿਉਂ ਨਾ ਹੋਵੇ ਉਹ ਬਿਨਾ ਪ੍ਰਚਾਰ ਦੇ ਲੋਕਾਂ ਤੱਕ ਨਹੀਂ ਪਹੁੰਚ ਸਕਦੀ। ਪ੍ਰਚਾਰ ਦੇ ਢੰਗ ਸਮੇਂ ਨਾਲ ਬਦਲਦੇ ਰਹਿੰਦੇ ਹਨ ਪਰ ਪ੍ਰਚਾਰ ਦਾ ਇਕ ਪ੍ਰਭਾਵਸ਼ਾਲੀ ਅੰਗ ਵਿਵਹਾਰ ਵੀ ਹੈ। ਜੇ ਪ੍ਰਚਾਰਕ ਦਾ ਵਿਵਹਾਰ ਉਸ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਉਂਦਾ ਤਾਂ ਪ੍ਰਚਾਰ ਪ੍ਰਭਾਵਸ਼ਾਲੀ ਨਹੀਂ ਹੋ ਸਕਦਾ।

ਗੁਰਮਤਿ ਵਿਚਾਰਧਾਰਾ ਦੇ ਸੂਤਰਧਾਰ ਯੁਗਪੁਰਸ਼ ਬਾਬਾ ਨਾਨਕ ਜੀ ਸਨ। ਬੇਸ਼ਕ ਗੁਰਮਤਿ ਵਿਚਾਰਧਾਰਾ ਦੇ ਅੰਸ਼ ਉਨ੍ਹਾਂ ਤੋਂ ਪਹਿਲਾਂ ਅਤੇ ਸਮਕਾਲੀ ਕੁੱਝ ਮਹਾਂਪੁਰਖਾਂ ਵਿਚ ਵੀ ਮਿਲਦੇ ਹਨ ਪਰ ਮਜ਼ਬੂਤ ਵਿਉਂਤਬੰਦੀ ਅਤੇ ਕਾਮਯਾਬੀ ਨਾਲ ਗੁਰਮਤਿ ਇਨਕਲਾਬ ਨੂੰ ਉਨ੍ਹਾਂ ਨੇ ਲਾਮਬੰਦ ਕੀਤਾ । ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ ਲਈ ਪ੍ਰਚਾਰ ਢੰਗ ਸਿੱਖਣ ਲਈ ਸਭ ਤੋਂ ਵਧੀਆ ਰੋਲ ਮਾਡਲ ‘ਬਾਬਾ ਨਾਨਕ’ ਜੀ ਹੀ ਹੋ ਸਕਦੇ ਹਨ। ਬਾਬਾ ਨਾਨਕ ਜੀ ਦੇ ਪ੍ਰਚਾਰ ਢੰਗ ਦੀਆਂ ਕੁਝ ਖੂਬੀਆਂ ਹੇਠ ਲਿਖੀਆਂ ਹਨ

1. ਉਨ੍ਹਾਂ ਦੀ ਪਕੜ ਵਿਚ ਜੋ ਵੀ ਗੱਲ ਆ ਗਈ ਉਨ੍ਹਾਂ ਨੇ ਪੂਰੀ, ਸਪਸ਼ਟ ਅਤੇ ਖਰੇ ਰੂਪ ਵਿਚ ਲੋਕਾਈ ਸਾਹਮਣੇ ਸੋਹਣੇ ਢੰਗ ਨਾਲ ਪੇਸ਼ ਕਰ ਦਿਤੀ। ਮਿਸਾਲ ਲਈ ਜਨੇਉ ਘਟਨਾਕ੍ਰਮ, ਸੂਰਜ ਨੂੰ ਪਾਣੀ ਦੇਣ ਦਾ ਘਟਨਾਕ੍ਰਮ, ਮੰਦਿਰ ਵਿਚ ਆਰਤੀ ਦੀ ਮਨਮੱਤ ਦਾ ਖੰਡਨ ਜਾਂ ਮੱਕੇ ਨੂੰ ਰੱਬ ਦਾ ਘਰ ਮੰਨਣ ਦੀ ਮਨਮੱਤ ਆਦਿ। ਉਨ੍ਹਾਂ ਦੇ ਸੱਚ ਪੇਸ਼ ਕਰਦੇ ਸਮੇਂ ਬੇਸ਼ਕ ਢੰਗ ਪ੍ਰਭਾਵਸ਼ਾਲੀ ਵਰਤਿਆ ਪਰ ਇਹ ਦਿਮਾਗ ਵਿਚ ਨਹੀਂ ਰੱਖਿਆ ਕਿ ‘ਸੰਗਤ ਹਾਲੀਂ ਤਿਆਰ ਨਹੀਂ ਜਾਂ ਮੇਰਾ ਵਿਰੋਧ ਹੋ ਸਕਦਾ ਹੈ ਜਾਂ ਪੁਜਾਰੀ ਤਬਕਾ ਮੈਨੂੰ ਬਦਨਾਮ ਕਰ ਦੇਵੇਗਾ ਆਦਿ’। ਇਸ ਲਈ ਮੈਂ ਪੂਰਾ ਸੱਚ ਪੇਸ਼ ਕਰਨ ਦੀ ਥਾਂ ਗੱਲ ਥੋੜੀ ਲੁਕੋ ਲਵਾਂ। ਜਦਕਿ ਉਸ ਸਮੇਂ ਮਾਹੌਲ ਐਸਾ ਸੀ ਕਿ ਜਿਨ੍ਹਾਂ ਲੋਕਾਂ ਸਾਹਮਣੇ ਉਹ ਖਰਾ ਸੱਚ ਪੇਸ਼ ਕਰਦੇ ਸਨ ਉਨ੍ਹਾਂ ਵਿਚ ਉਨ੍ਹਾਂ ਨੂੰ ਸਮਝਣ ਵਾਲੇ ਨਾਂ-ਮਾਤਰ ਹੀ ਹੁੰਦੇ ਸਨ।

2. ਬਾਬਾ ਨਾਨਕ ਜੀ ਨੇ ਕਦੇ ਇਹ ਨਹੀਂ ਸੋਚਿਆ ਕਿ ਮੈਨੂੰ ਸੁਣਨ ਵਾਲੇ 100% ਲੋਕ ਮੇਰੀ ਗੱਲ ਮੰਨ ਕੇ ਸੁਧਰ ਹੀ ਜਾਣਗੇ। ਉਨ੍ਹਾਂ ਦੇ ਪ੍ਰਚਾਰ ਢੰਗ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਉਹ ਸਿਰਫ ਲੋਕਾਈ ਸਾਹਮਣੇ ਖਰਾ ਅਤੇ ਪੂਰਾ ਸੱਚ ਪੇਸ਼ ਕਰਨਾ ਚਾਹੁੰਦੇ ਸਨ ਅਤੇ ਉਸ ਨੂੰ ਵਿਵਹਾਰ ਵਿਚ ਵਿਖਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਹਰ ਕਿਸੇ ਨੇ ਨਹੀਂ ਬਦਲ ਜਾਣਾ ਜਿਸ ਨੂੰ ਸਮਝ ਪੈ ਗਈ ਉਸ ਨੇ ਹੀ ਅਪਨਾਉਣਾ ਹੈ।

3. ਬਾਬਾ ਨਾਨਕ ਜੀ ਨੇ ਕਦੇ ਇਹ ਨਹੀਂ ਸੋਚਿਆ ਕਿ ਮੈ ਫਲਾਣਾ ਮੁੱਦਾ ਹਾਲੀਂ ਨਹੀਂ ਛੇੜਣਾ ਜਾਂ ਉਸ ਵਿਸ਼ੇ ਤੇ ਸੱਚ ਪੇਸ਼ ਨਹੀਂ ਕਰਨਾ ਕਿਉਂਕਿ ਉਸ ਨਾਲ ਸਾਰੇ ਹੀ ਮੇਰੇ ਖਿਲਾਫ ਹੋ ਜਾਣਗੇ ਜਾਂ ਪੁਜਾਰੀਆਂ ਨੂੰ ਮੈਨੂੰ ਬਦਨਾਮ ਕਰਨ ਦਾ ਮੌਕਾ ਮਿਲ ਜਾਵੇਗਾ।

4. ਬਾਬਾ ਨਾਨਕ ਜੀ ਨੇ ਕਦੇ ਵੀ ਕਿਸੇ ਮਾਨਤਾ ਜਾਂ ਰਸਮ ਨੂੰ ਧੱਕੇ ਨਾਲ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਸ਼ਰੀਰਕ ਜ਼ੋਰ ਅਜਮਾਇਸ਼ ਨੂੰ ਇਸ ਲਈ ਵਰਤਿਆ। ਉਨ੍ਹਾਂ ਨੇ ਸਿਰਫ ਪ੍ਰਚਾਰ ਅਤੇ ਵਿਚਾਰ ਚਰਚਾ ਦਾ ਢੰਗ ਹੀ ਅਪਨਾਇਆ। ਨਾ ਹੀ ਉਨ੍ਹਾਂ ਨੇ ਕੋਈ ਐਸੀ ਸ਼ਰਤ ਰੱਖੀ ਕਿ ਪਹਿਲਾਂ ਫਲਾਣੀ ਮਨਮੱਤ ਦਾ ਖਾਤਮਾ ਹੋਣ ਦਿਉ ਤਾਂ ਅਗਲੀ ਗੱਲ ਕਰਾਂਗੇ ਆਦਿ ।

ਪਰ ਆਪਣੇ ਆਪ ਨੂੰ ਸਹੀ ਗੁਰਮਤਿ ਦਾ ਪ੍ਰਚਾਰਕ ਹੋਣ ਦਾ ਦਾਅਵਾ ਕਰਨ ਵਾਲੇ ਲਗਭਗ ਸਾਰੇ ਪ੍ਰਚਾਰਕ ਬਾਬਾ ਨਾਨਕ ਤੋਂ ਸੇਧ ਲੈਣ ਦੀ ਲੋੜ ਨੂੰ ਬੇਮਾਅਨਾ ਸਮਝਦੇ ਹਨ। ਉਹ ਬੇਸ਼ਕ ਪ੍ਰੋ. ਦਰਸ਼ਨ ਸਿੰਘ ਹੋਣ, ਪੰਥਪ੍ਰੀਤ ਸਿੰਘ ਹੋਣ, ਸਰਬਜੀਤ ਸਿੰਘ ਧੁੰਦਾ ਜਾਂ ਵੱਖ ਵੱਖ ਮਿਸ਼ਨਰੀ ਕਾਲਜਾਂ ਨਾਲ ਜੁੜੇ ਸਟਾਰ ਪ੍ਰਚਾਰਕ। ਪਿੱਛਲੇ ਲੰਮੇ ਸਮੇਂ ਤੋਂ ‘ਤੱਤ ਗੁਰਮਤਿ ਪਰਿਵਾਰ’ ਇਨ੍ਹਾਂ ਨੂੰ ਵਾਰ ਵਾਰ ਬੇਨਤੀਆਂ ਕਰਦਾ ਰਿਹਾ ਹੈ ਕਿ ਜੇ ਅਸੀਂ ਸਚਮੁੱਚ ਗੁਰਮਤਿ ਇਨਕਲਾਬ ਦੀ ਪੁਨਰਸੁਰਜੀਤੀ ਲਈ ਗੰਭੀਰ ਹਾਂ ਤਾਂ ਸਾਨੂੰ ਪ੍ਰਚਾਰ ਸੇਧ ਬਾਬਾ ਨਾਨਕ ਜੀ ਤੋਂ ਲੈਣੀ ਚਾਹੀਦੀ ਹੈ ਪਰ ਇਹ ਪ੍ਰਚਾਰਕ ਹਮੇਸ਼ਾਂ ਉਨ੍ਹਾਂ ਸੇਧਾਂ ਤੋਂ ਭਟਕੇ ਹੀ ਨਜ਼ਰ ਆਉਂਦੇ ਹਨ। ਕੋਈ ਵੀ ਮਸਲਾ ਚੁੱਕ ਕਿ ਵੇਖ ਲਵੋ ਉਹ ਭਾਂਵੇ ਰਹਿਤ ਮਰਿਯਾਦਾ ਦਾ ਹੋਵੇ, ਦਸਮ ਗ੍ਰੰਥ ਹੋਵੇ, ਨਾਨਕਸ਼ਾਹੀ ਕੈਲੰਡਰ ਹੋਵੇ ਜਾਂ ਹੋਰ ਕੋਈ। ਹਰ ਮੁੱਦੇ ਤੇ ਇਨ੍ਹਾਂ ਨੇ ‘ਮੀਂਗਨਾ ਪਾਕੇ ਦੁੱਧ ਦੇਣ ਵਾਲਾ ਕੰਮ ਹੀ ਕੀਤਾ ਹੈ’। ਮਿਸ਼ਨਰੀ ਕਾਲਜਾਂ ਨਾਲ ਜੁੜੇ ਪ੍ਰਚਾਰਕਾਂ ਦੀ ਜ਼ਮੀਰ ਤਾਂ ‘ਸਿੱਖ ਰਹਿਤ ਮਰਿਯਾਦਾ’ ਦੇ ਬੋਝ ਨੇ ਹੀ ਇਤਨੀ ਸਾਹਸੱਤਹੀਣ ਕਰ ਰੱਖੀ ਹੈ ਕਿ ਉਨ੍ਹਾਂ ਤੋਂ ਖਰਾ ਸੱਚ ਪੇਸ਼ ਕਰਨ ਦੀ ਫਿਲਹਾਲ ਆਸ ਰੱਖਣੀ ਮੂਰਖਤਾ ਤੋਂ ਵੱਧ ਕੁਝ ਨਹੀਂ। ਪ੍ਰੋ. ਦਰਸ਼ਨ ਜੀ ਵਾਲੇ ਧੜੇ ਨੇ ਬੇਸ਼ਕ ‘ਸਿੱਖ ਰਹਿਤ ਮਰਿਯਾਦਾ’ ਵਿਚਲੀ ਕਮੀਆਂ ਦਾ ਵਿਰੋਧ ਕੀਤਾ ਪਰ ਇਹ ਵੀ ‘ਦੁੱਧ ਮੀਂਗਨਾ ਪਾ ਕੇ ਦੇਣ’ ਦੀ ਨੀਤੀ ਵਿਚ ਹੀ ਵਿਸ਼ਵਾਸ ਰੱਖਦੇ ਹਨ । ਮਿਸਾਲ ਲਈ ਦਸਮ ਗ੍ਰੰਥ ਦੇ ਮਸਲੇ ਤੇ ਹੀ ਜਦੋਂ 4-5 ਸਾਲ ਪਹਿਲਾਂ ‘ਤੱਤ ਗੁਰਮਤਿ ਪਰਿਵਾਰ’ ਇਨ੍ਹਾਂ ਨੂੰ ਪੰਥ ਪ੍ਰਵਾਨਿਕਤਾ ਦੀਆਂ ਬੇੜੀਆਂ ਤੋੜਣ ਦੀ ਸਲਾਹ ਦੇਂਦਾ ਸੀ ਅਤੇ ਇਨ੍ਹਾਂ ਵਲੋਂ ‘ਪਹਿਲਾਂ ਦਸਮ ਗ੍ਰਂੰਥ ਦਾ ਪ੍ਰਕਾਸ਼ ਚੁੱਕਵਾ ਲਈਏ’ ਆਦਿ ਕੱਚਘਰੜ ਯੋਜਨਾਵਾਂ ਨੂੰ ਗਲਤ ਕਹਿੰਦਾ ਸੀ ਤਾਂ ਇਨ੍ਹਾਂ ਦੇ ਧੜੇ ਵਾਲੇ ਸਾਡੇ ਖਿਲਾਫ ਕਲਮੀ ਡਾਂਗ-ਸੋਟਾ ਚੁੱਕ, ਫਤਵੇਬਾਜ਼ੀ ਵਿਚ ਸੰਪਰਦਾਈਆਂ ਨੂੰ ਵੀ ਪਿੱਛੇ ਕਰਨ ਵਿਚ ਕਾਹਲੇ ਪਏ ਨਜ਼ਰ ਆਉਂਦੇ ਸਨ। ਅੱਜ ਇਨ੍ਹਾਂ ਨੇ ਬੇਸ਼ਕ ‘ਪੰਥ ਪ੍ਰਵਾਨਿਕਤਾ’ ਦੇ ਭਰਮ ਵਿਚੋਂ ਬਾਹਰ ਨਿਕਲਣ ਦੇ ਯਤਨ ਕੀਤੇ ਹਨ ਪਰ ਉਥੇ ਵੀ ਕੰਮ ਅਧੂਰਾ ਹੀ ਹੈ। ਜੇ ਤੱਤ ਗੁਰਮਤਿ ਪਰਿਵਾਰ ਵਾਂਗੂ ਕਿਸੇ ਨੇ ਵੀ ਖਰਾ ਸੱਚ ਪੇਸ਼ ਕਰਨ ਦੀ ਜੁਰੱਤ ਕੀਤੀ ਹੈ ਤਾਂ ਇਨ੍ਹਾਂ ਨੇ ਸੰਪਰਦਾਈਆਂ ਵਾਂਗੂ ਵਿਰੋਧ ਵਿਚ ਖੜਾ ਹੋਣ ਨੂੰ ਹੀ ਤਰਜੀਹ ਦਿਤੀ ਹੈ। ਐਸੇ ਧੜੇ ਤੋਂ ਗੁਰਮਤਿ ਇਨਕਲਾਬ ਦੇ ਚੰਗੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸ਼ਖਸੀਅਤ ਪ੍ਰਸਤੀ ਦੀ ਕਮਜ਼ੋਰੀ ਤਾਂ ਸਾਡੇ ਸਾਰਿਆਂ ਦੀ ਰੱਗਾਂ ਵਿਚ ਘੁੱਟ-ਘੁੱਟ ਕੇ ਭਰੀ ਪਈ ਹੈ, ਜਿਸ ਵਿਚੋਂ ਬਾਬਾ ਨਾਨਕ ਜੀ ਆਮ ਮਨੁੱਖਤਾਂ ਨੂੰ ਬਾਹਰ ਕੱਢਣਾ ਚਾਹੁੰਦੇ ਸਨ ਅਤੇ ‘ਬਿਬੇਕ-ਪ੍ਰਸਤੀ’ ਵੱਲ ਤੋਰਣਾ ਚਾਹੁੰਦੇ ਸਨ।

ਤੱਤ ਗੁਰਮਤਿ ਦੇ ਪ੍ਰਚਾਰ ਖੇਤਰ ਵਿਚ ਜੁੜਿਆ ਇਕ ਨਵਾਂ ਅਤੇ ਮਸ਼ਹੂਰ ਨਾਂ ਭਾਈ ਰਣਜੀਤ ਸਿੰਘ ਜੀ ਢੱਢਰੀਆਂ ਵਾਲਿਆਂ ਦਾ ਹੈ। ਇਨ੍ਹਾਂ ਵਿਚ ਇਕ ਵੱਡਾ ਫਰਕ ਇਹ ਹੈ ਕਿ ਇਨ੍ਹਾਂ ਦਾ ਪਿਛੋਕੜ ਨਿਰੋਲ ਉਸ ਸੰਪਰਦਾਈ ਅਖੌਤੀ ਬਾਬਾਵਾਦ ਨਾਲ ਜੁੜਿਆ ਹੋਇਆ ਹੈ ਜਿਸ ਨੇ ਸਿੱਖ ਸਮਾਜ ਨੂੰ ਗੁਰਮਤਿ ਇਨਕਲਾਬ ਤੋਂ ਭਟਕਾ ਕਿ ਪੁਜਾਰੀਵਾਦੀ ਮਾਨਤਾਵਾਂ ਅਤੇ ਰਸਮਾਂ ਦਾ ਗੁਲਾਮ ਬਣਾਉਣ ਵਿਚ ਵੱਡਾ ਰੋਲ ਅਦਾ ਕੀਤਾ । ਉਸ ਘੇਰੇ ਵਿਚੋਂ ਨਿਕਲ ਕੇ ਜਿਸ ਸ਼ਿੱਦਤ ਨਾਲ ਉਹ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ, ਇਹ ਆਪਣੇ ਆਪ ਵਿਚ ਅਜੂਬਾ ਨਾ ਵੀ ਹੋਵੇ, ਅਚੰਭਾ ਜ਼ਰੂਰ ਹੈ। ਅਸੀਂ ਉਨ੍ਹਾਂ ਸਮੇਤ ਕਿਸੇ ਦੇ ਵੀ ਸੱਚ ਵੱਲ ਵਾਪਸੀ ਦੇ ਸਫਰ ਦੀ ਇਮਾਨਦਾਰਾਨਾ ਕੋਸ਼ਿਸ਼ ਦਾ ਤਹਿ ਦਿਲੋਂ ਸੁਆਗਤ ਕਰਦੇ ਹਾਂ। ਉਨ੍ਹਾਂ ਦੀ ਤਾਕਤ ਉਨ੍ਹਾਂ ਦੇ ਦੀਵਾਨਾਂ ਵਿਚ ਜੁੜਦੀ ਉਹ ਭੀੜ ਜਾਪਦੀ ਹੈ, ਜੋ ਉਨ੍ਹਾਂ ਦੀ ਸ਼ਖਸੀਅਤ ਨਾਲ ਬਾਬਾਵਾਦ ਦੇ ਦੌਰ ਤੋਂ ਹੀ ਹੈ। ਇਥੇ ਇਹ ਜ਼ਿਕਰ ਕਰਨਾ ਬੇਮਾਅਣਾ ਨਹੀਂ ਕਿ ਦੀਵਾਨ ਵਿਚਲੀਆਂ ਭੀੜਾਂ ‘ਕਾਮਯਾਬ ਪ੍ਰਚਾਰ’ ਦਾ ਪੈਮਾਣਾ ਤਾਂ ਹੋ ਸਕਦੀਆਂ ਹਨ ਪਰ ‘ਸਹੀ ਪ੍ਰਚਾਰ’ ਦਾ ਨਹੀਂ। ਅਖੌਤੀ ਧਰਮ ਦੇ ਖੇਤਰ ਵਿਚ ਵਿਚਰਦੇ ਕਿਸੇ ਵੀ ਅਖੌਤੀ ਬਾਬੇ ਜਾਂ ਡੇਰੇਦਾਰ ਦੇ ਦੀਵਾਨ ਵੇਖ ਲਵੋਂ ਸਾਹਮਣੇ ਭੀੜ ਬਹੁਤ ਹੁੰਦੀ ਹੈ। ਸਹੀ ਪ੍ਰਚਾਰ ਦਾ ਪੈਮਾਣਾ ਇਹ ਹੁੰਦਾ ਹੈ ਕਿ ਅਸੀਂ ਪ੍ਰਚਾਰ ਨਾਲ ‘ਸ਼ਖਸੀਅਤ ਪ੍ਰਸਤ’ ਬਣ ਰਹੇ ਹਾਂ ਜਾਂ ‘ਬਿਬੇਕ-ਪ੍ਰਸਤ’ ? ‘ਸ਼ਖਸੀਅਤ ਪ੍ਰਸਤ’ ਸ਼ਰਧਾਲੂ ਇਹ ਦਾਅਵੇ ਕਰਦੇ ਸੁਣੇ ਜਾ ਸਕਦੇ ਹਨ ਕਿ ਸਾਡਾ ਬਾਬਾ ( ਜਾਂ ਪ੍ਰਚਾਰਕ) ਜੋ ਵੀ ਕਹਿ ਰਿਹਾ ਹੈ ਉਹ ਬਿਲਕੁਲ ਸਹੀ ਹੈ ( ਜਾਂ ਉਸ ਪਿੱਛੇ ਕੋਈ ਲੁਕੀ ਹੋਈ ਯੋਜਨਾ ਹੈ)। ਉਸ ਵਿਚ ਕਮੀਆਂ ਕੱਢਣਾ ਗਲਤ ਹੈ। ਉਸ ਦਾ ਕਿਸੇ ਤਰਾਂ ਵੀ (ਹਾਂ-ਪੱਖੀ ਜਾਂ ਨਾਂਹ-ਪੱਖੀ) ਵਿਰੋਧ ਕਰਨਾ ਗਲਤ ਹੈ। ਦੂਜੀ ਤਰਫ, ‘ਬਿਬੇਕ-ਪ੍ਰਸਤ’ ਕਿਸੇ ਵੀ ਬਾਬੇ ਜਾਂ ਪ੍ਰਚਾਰਕ ਦੀ ਸ਼ਖਸੀਅਤ ਦੇ ਬੇਲੋੜੇ ਪ੍ਰਭਾਵ ਹੇਠ ਨਾ ਆਉਣ ਦੀ ਥਾਂ ਉਸ ਵਲੋਂ ਪੇਸ਼ ਕੀਤੇ ਹਰ ਤੱਥ ਨੂੰ ਬਿਬੇਕ ਅਤੇ ਤਰਕ ਦੇ ਆਧਾਰ ਤੇ ਪਰਖਣ ਦੀ ਰੁੱਚੀ ਪੈਦਾ ਕਰਦਾ ਹੈ। ਬਾਬਾ ਨਾਨਕ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਬਣਦਾ ਹੈ ਕਿ ਨਾਨਕ ਜੀ ਮਨੁੱਖ ਨੂੰ ‘ਸ਼ਖਸੀਅਤ-ਪ੍ਰਸਤ’ ਬਣਾਉਣਾ ਚਾਹੁੰਦੇ ਸਨ ਜਾਂ ‘ਬਿਬੇਕ-ਪ੍ਰਸਤ’ ? ਨਾਲ ਹੀ ਸਾਨੂੰ ਸਵੈ-ਪੜਚੋਲ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਅਸੀਂ ਸ਼ਖਸੀਅਤ-ਪ੍ਰਸਤ ਹਾਂ ਜਾਂ ਬਿਬੇਕ-ਪ੍ਰਸਤ ?

ਗੱਲ ਚਲ ਰਹੀ ਸੀ ਭਾਈ ਰਣਜੀਤ ਸਿੰਘ ਦੇ ਪ੍ਰਚਾਰ ਢੰਗ ਦੀ। ਬੇਸ਼ਕ ਭਾਈ ਜੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਇਮਾਨਦਾਰੀ ਨਾਲ ਪ੍ਰਚਾਰ ਕਰ ਰਹੇ ਹਨ ਪਰ ਉਨ੍ਹਾਂ ਦਾ ਪ੍ਰਚਾਰ ਖਰੇ ਸੱਚ ਕਰਨ ਦੀ ਥਾਂ ਕੱਚਾਪਣ ਜ਼ਿਆਦਾ ਲੱਗ ਰਿਹਾ ਹੈ। ਦੂਜੀ ਤਰਫ ਉਨ੍ਹਾਂ ਦੇ ਪ੍ਰਚਾਰ ਅਤੇ ਵਿਵਹਾਰ ਵਿਚ ਵੀ ਵੱਡਾ ਫਰਕ ਹੈ ਜੋ ‘ਸੱਚ ਦੇ ਪ੍ਰਚਾਰਕ’ ਲਈ ਚੰਗਾ ਨਹੀਂ। ਉਨ੍ਹਾਂ ਦੀ ਪ੍ਰਚਾਰ ਪਹੁੰਚ ਵਿਚਲੀਆਂ ਕੁਝ ਕਮੀਆਂ/ਕਮਜ਼ੋਰੀਆਂ ਦੀ ਪਛਾਣ ਚੰਦ ਨੁਕਤਿਆਂ ਤੇ ਵਿਚਾਰ ਰਾਹੀਂ ਹੇਠਾਂ ਕਰ ਰਹੇ ਹਾਂ। ਉਨ੍ਹਾਂ ਦੀ ਇਮਾਨਦਾਰਾਨਾ ਪਹੁੰਚ ਵੇਖ ਕਿ ਸਾਨੂੰ ਉਮੀਦ ਹੈ ਕਿ ਉਹ ਸਾਡੀ ਇਸ ਆਲੋਚਣਾ ਨੂੰ ਹਾਂ-ਪੱਖੀ ਲੈਣਗੇ। ਅਸੀਂ ਦਿਲੋਂ ਚਾਹੁੰਦੇ ਹਾਂ ਇਨ੍ਹਾਂ ਨੁਕਤiਆਂ ਨੇ ਰਣਜੀਤ ਸਿੰਘ ਜੀ ਆਪ ਆਪਣਾ ਪੱਖ ਪੇਸ਼ ਕਰਨ।

1. ਰਣਜੀਤ ਸਿੰਘ ਜੀ ਜੇ ਕਿਸੇ ਨੁਕਤੇ ਤੇ ਖਰਾ ਸੱਚ ਪੇਸ਼ ਕਰਦੇ ਵੀ ਹਨ ਤਾਂ ਵਿਰੋਧ ਹੋਣ ਤੇ ਪੈਰ ਪਿੱਛੇ ਵੀ ਖਿੱਚ ਲੈਂਦੇ ਹਨ। ਮਿਸਾਲ ਲਈ ਉਨ੍ਹਾਂ ਨੇ ਕਿਸੇ ਦੀਵਾਨ ਵਿਚ ਇਹ ਖਰਾ ਸੱਚ ਪੇਸ਼ ਕੀਤਾ ਕਿ ਅੰਮ੍ਰਿਤਸਰ ਵਿਚਲੇ ਸਰੋਵਰ ਵਿਚੋਂ ਪਾਣੀ ਦੀਆਂ ਕੈਨੀਆਂ ਆਦਿ ਭਰ ਕਿ ਲਿਆਉਣਾ ਗਲਤ ਹੈ। ਪਰ ਜਦੋਂ ਵਿਰੋਧ ਹੋਇਆਂ ਤਾਂ ਆਪਣੇ ਅਗਲੇ ਦੀਵਾਨਾਂ ਵਿਚ ਇਹ ਸਪਸ਼ਟੀਕਰਨ ਦੇਂਦੇ ਸੁਣੇ ਗਏ ਕਿ ਮੈਂ ਪਾਣੀ ਲਿਆਉਣ ਤੋਂ ਕਦ ਮਨਾ ਕੀਤਾ ਹੈ। ਮੈਂ ਤਾਂ ਕਿਹਾ ਸੀ ‘ਪਾਣੀ ਵੀ ਲਿਆਉ ਅਤੇ ਬਾਣੀ ਵੀ’। ਐਸੀ ਪਹੁੰਚ ਕਿਉਂ? ਬਾਬਾ ਨਾਨਕ ਜੀ ਵਾਂਗ ਖਰਾ ਸੱਚ ਇਹ ਹੈ ਕਿ ਅੰਮ੍ਰਿਤਸਰ ਸਮੇਤ ਕਿਸੇ ਵੀ ਸਰੋਵਰ ਦਾ ਪਾਣੀ ਨੂੰ ਪਵਿੱਤਰ/ਅੰਮ੍ਰਿਤ ਸਮਝ ਲਿਆਉਣ ਦੀ ਸੋਚ ਨਿਰੋਲ ਮਨਮੱਤ ਹੈ। ‘ਦਰਬਾਰ ਸਾਹਿਬ’ ਕੰਪਲੈਕਸ ਤਾਂ ਵੈਸੇ ਵੀ ਅਸੀਂ ‘ਮਨਮੱਤਾਂ ਦਾ ਘਰ’ ਬਣਾ ਛੱਡਿਆ ਹੈ। ‘ਬਾਣੀ ਲਿਆਉਣ’ ਦੀ ਗੱਲ ਵੀ ਬਹੁਤੀ ਜਚਦੀ ਨਹੀਂ ਕਿਉਂਕਿ ਬਾਣੀ ਤਾਂ ਅੱਜ-ਕੱਲ ਹਰ ਥਾਂ ਉਪਲਬਦ ਹੈ, ਉਸ ਲਈ ਕਿਸੇ ਥਾਂ ਵਿਸ਼ੇਸ਼ ਜਾਣ ਦੀ ਲੋੜ ਨਹੀਂ। ਸੋ ਕਿਸੇ ਥਾਂ ਵਿਸ਼ੇਸ਼ ਤੋਂ ਪਾਣੀ ਜਾਂ ਬਾਣੀ ਲਿਆਉਣ ਦੀ ਪ੍ਰੋੜਤਾ ਮਨਮੱਤ ਨੂੰ ਬੜਾਵਾ ਦੇਣ ਵਾਲੀ ਗੱਲ ਹੈ। ਬਾਣੀ (ਦੀ ਸੇਧ) ਮਨ (ਵਿਵਹਾਰ) ਵਿਚ ਵਸਾਉਣਾ ਹੀ ਸੱਚ ਵੱਲ ਵੱਧਣ ਦਾ ਇਕੋ ਇਕ ਅਤੇ ਸਰਲ ਰਸਤਾ ਹੈ। ਸਾਨੂੰ ਤਾਂ ਲੋਕਾਈ ਨੂੰ ਅਖੌਤੀ ਧਾਰਮਿਕ ਸਥਾਨਾਂ ਦੀ ਸ਼ਰਧਾਮਈ ਯਾਤਰਾ ਰਾਹੀਂ ਹੁੰਦੀ ਆਪਣੀ ਮਾਨਸਿਕ ਅਤੇ ਆਰਥਿਕ ਲੁੱਟ ਤੋਂ ਬਚਾ ਕੇ, ਸਰਲ ਢੰਗ ਦਾ ਬਿਬੇਕਮਈ ਜੀਵਨ ਜੀਣ ਲਈ ਪ੍ਰੇਰਣਾ ਚਾਹੀਦਾ ਹੈ। ਰਣਜੀਤ ਸਿੰਘ ਜੀ ਦਾ ਐਸਾ ਭੁਲੇਖਾਭਾਉ ਪ੍ਰਚਾਰ ਸਹੀ ਨਹੀਂ ਹੈ।

2. ਇਕ ਹੋਰ ਵੱਡਾ ਨੁਕਤਾ ਉਨ੍ਹਾਂ ਦੀ ਅਖੌਤੀ ਦਸਮ ਗ੍ਰੰਥ ਸੰਬੰਧੀ ਪਹੁੰਚ ਹੈ। ਗੁਰਮਤਿ ਦੀ ਰੋਸ਼ਨੀ ਵਿਚ ਸੱਚ ਨੂੰ ਵਿਚਾਰਨ ਵਾਲਾ ਹਰ ਸ਼ਖਸ ਜਾਣਦਾ ਹੈ ਦਸਮ ਗ੍ਰੰਥ (ਮੂਲ ਨਾਂ ਬਚਿੱਤਰ ਨਾਟਕ), ਗੁਰਮਤਿ ਇਨਕਲਾਬ ਨੂੰ ਆਪਣੇ ਰਸਤੇ ਤੋਂ ਭਟਕਾਉਣ ਲਈ ਪੁਜਾਰੀਵਾਦੀ ਤਾਕਤਾਂ ਵਲੋਂ ਲੰਮੇ ਸਮੇਂ ਵਿਚ ਕੀਤੀਆਂ ਗਈਆਂ ਸਾਜਿਸ਼ਾਂ ਦੇ ਇਕ ਹਥਿਆਰ ਵਜੋਂ, ‘ਸ਼ਬਦ ਗੁਰੂ ਗ੍ਰਂੰਥ ਸਾਹਿਬ ਜੀ’ ਦੇ ਸ਼ਰੀਕ ਬਣਾਉਣ ਦੇ ਮੰਸੂਬੇ ਨਾਲ ਪੇਸ਼ ਕੀਤਾ ਗਿਆ। ਆਪਣੇ ਇਨ੍ਹਾਂ ਯਤਨਾਂ ਵਿਚ ਉਹ ਤਾਕਤਾਂ ਪੂਰੀ ਤਰਾਂ ਕਾਮਯਾਬ ਵੀ ਰਹੀਆਂ। ਅੱਜ ਥੋੜਾ ਵੀ ਸੁਚੇਤ ਸੱਜਣ ਇਸਦਾ ਵਿਰੋਧ, ਕਿਸੇ ਨਾ ਕਿਸੇ ਪੱਧਰ ਤੇ, ਜ਼ਰੂਰ ਕਰਦਾ ਹੈ। ਪਰ ਰਣਜੀਤ ਸਿੰਘ ਜੀ ਦੀ ਇਸ ਵਿਸ਼ੇ ਤੇ ਪਹੁੰਚ ਇਸਦੇ ਹੱਕ ਵਿਚ ਖੜਣ ਵਾਲੀ ਹੈ। ਉਨ੍ਹਾਂ ਨੇ ਆਪਣੇ ਇਕ ਤਾਜ਼ਾ ਬਿਆਨ ਵਿਚ ਫੇਰ ਦੁਹਰਾਇਆ ਹੈ ਕਿ ਉਨ੍ਹਾਂ ਨੇ ਦਸਮ ਗ੍ਰੰਥ ਦਾ ਕਦੀਂ ਵਿਰੋਧ ਨਹੀਂ ਕੀਤਾ। ਇਸਦਾ ਮਤਲਬ ਤਾਂ ਇਹੀ ਬਣਦਾ ਹੈ ਕਿ ਉਹ ਇਸ ਨੂੰ ਮੰਨਦੇ ਹਨ। ਭਾਈ ਰਣਜੀਤ ਸਿੰਘ ਦੇ ਇਕ ਸਾਥੀ ਵੀਰ ਭੁਪਿੰਦਰ ਸਿੰਘ ਜੀ ਦੇ ਕਤਲ ਤੋਂ ਕੁੱਝ ਦਿਨ ਬਾਅਦ ਰਣਜੀਤ ਸਿੰਘ ਦਾ ਇਕ ਵੀਡੀਉ ਸਾਹਮਣੇ ਆਇਆ ਸੀ ਜਿਸ ਵਿਚ ਉਨ੍ਹਾਂ ਨੇ ਕੁਝ ਇਸ ਤਰਾਂ ਕਿਹਾ, "ਮੈਂ ਦਸਮ ਗ੍ਰੰਥ ਦਾ ਕਦੇ ਵਿਰੋਧ ਨਹੀਂ ਕੀਤਾ। ਜੇ ਕੀਤਾ ਹੈ ਤਾਂ ਉਸ ਦਾ ਕੋਈ ਸਬੂਤ ਪੇਸ਼ ਕਰੋ। ਦਰਅਸਲ ਕੁਝ ਧਿਰਾਂ ਮੈਨੂੰ ਦਸਮ ਗ੍ਰੰਥ ਦਾ ਵਿਰੋਧੀ ਦਰਸਾ ਕੇ ਪੰਥ-ਵਿਰੋਧੀ ਸਾਬਿਤ ਕਰਨਾ ਚਾਹੁੰਦੀਆਂ ਹਨ"। ਇਹ ਬਿਆਨ ਤਾਂ ਬਹੁਤ ਹੀ ਗਲਤ ਸੀ। ਕੀ ਜੋ ਵੀ ਦਸਮ ਗ੍ਰੰਥ ਦਾ ਵਿਰੋਧ ਕਰਦਾ ਹੈ ਉਹ ਪੰਥ-ਵਿਰੋਧੀ ਹੈ? ਤੱਤ ਗੁਰਮਤਿ ਦੀਆਂ ਇਤਨੀ ਸੋਹਣੀਆਂ ਗੱਲਾਂ ਕਰਨ ਵਾਲਾ ਪ੍ਰਚਾਰਕ ਜੇ ਦਸਮ ਗ੍ਰੰਥ ਨੂੰ ਮੰਨਦਾ ਹੈ ਅਤੇ ਇਸ ਦੇ ਵਿਰੋਧੀ ਨਾ ਹੋਣ ਦਾ ਦਾਅਵਾ ਕਰਦਾ ਹੈ ਤਾਂ ਇਹ ਪਹੁੰਚ ਸੱਚ ਤੋਂ ਮੁੰਹ ਮੌੜ ਲੈਣ ਵਾਲੀ ਗੱਲ ਹੈ। ਜੇ ਉਨ੍ਹਾਂ ਦਾ ਬਿਬੇਕ ਦਸਮ ਗ੍ਰੰਥ ਨੂੰ ਸਹੀ ਮੰਨਦਾ ਹੈ ਤਾਂ ਉਨ੍ਹਾਂ ਨੂੰ ਇਸਦੇ ਵਿਰੁਧ ਜਾਗਰੂਕ ਮੰਨੇ ਜਾਂਦੇ ਪ੍ਰਚਾਰਕਾਂ ਵਲੋਂ ਉਠਾਏ ਨੁਕਤਿਆਂ ਦਾ ਬਾ-ਦਲੀਲ ਜਵਾਬ ਦੇਣਾ ਚਾਹੀਦਾ ਹੈ ਅਤੇ ਸਪਸ਼ਟ ਕਹਿਣਾ ਚਾਹੀਦਾ ਹੈ ਕਿ ਮੈਂ ਦਸਮ ਗ੍ਰੰਥ ਦੇ ਵਿਰੋਧ ਨੂੰ ਗਲਤ ਮੰਨਦਾ ਹਾਂ। ਦੂਜੀ ਤਰਫ, ਜੇ ਉਹ ਅੰਦਰੋਂ ਇਸ ਨੂੰ ਗਲਤ ਮੰਨਦੇ ਹਨ ਪਰ ਕਿਸੇ ਨੀਤੀ ਅਧੀਨ ਫਿਲਹਾਲ ਇਸ ਦਾ ਵਿਰੋਧ ਨਹੀਂ ਕਰ ਰਹੇ (ਹੈ ਤਾਂ ਐਸੀ ਨੀਤੀ ਹੀ ਬਾਬੇ ਨਾਨਕ ਦੀ ਸੇਧ ਦੇ ਉਲਟ) ਤਾਂ ਘੱਟੋ-ਘੱਟ ਇਹ ਬਿਆਨ ਦੇ ਸਕਦੇ ਹਨ ਕਿ ਮੈਂ ਇਸ ਵਿਸ਼ੇ ਤੇ ਖੋਜ ਨਹੀਂ ਕੀਤੀ ਸੋ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ।

ਭਾਈ ਰਣਜੀਤ ਸਿੰਘ ਦਸਮ ਗ੍ਰੰਥ ਦਾ ਵਿਰੋਧੀ ਨਾ ਹੋਣ ਦਾ ਜੋ ਐਲਾਣ ਕਰ ਰਹੇ ਹਨ ਉਸਦੇ ਨਾਲ ਤਾਂ ਉਨ੍ਹਾਂ ਦਾ ਸਾਰਾ ਪ੍ਰਚਾਰ ਹੀ ਦੋਗਲਾ ਸਾਬਿਤ ਹੋ ਜਾਂਦਾ ਹੈ। ਇਹ ਅਗਲੀ ਵਿਚਾਰ ਤੋਂ ਸਾਬਿਤ ਹੋ ਜਾਵੇਗਾ। ਆਪਣੇ ਦੀਵਾਨਾਂ ਵਿਚ ਭਾਈ ਜੀ ‘ਸੂਰਜ ਪ੍ਰਕਾਸ਼’ ਦੀ ਨਾਨਕ ਸਰੂਪਾਂ ਨਾਲ ਜੋੜੀਆਂ ਗੁਰਮਤਿ ਵਿਰੋਧੀ ਗੱਲਾਂ ਦਾ ਸਹੀ ਖੰਡਨ ਬਹੁਤ ਜ਼ਜਬਾਤੀਂ ਅਤੇ ਦਲੀਲਮਈ ਤਰੀਕੇ ਨਾਲ ਕਰਦੇ ਹੋਏ ਐਸੀਆਂ ਰਚਨਾਵਾਂ ਨੂੰ ਗਲਤ ਐਲਾਣਦੇ ਹਨ। ਸੂਰਜ ਪ੍ਰਕਾਸ਼ ਆਦਿ ਰਚਨਾਵਾਂ ਕਿਸੇ ਸਾਜਿਸ਼ ਜਾਂ ਮੰਦ ਭਾਵਨਾ ਨਾਲ ਲਿਖੀਆਂ ਹੋ ਸਕਦੀਆਂ ਹਨ। ਕੋਈ ਦੂਜਾ ਲੇਖਕ ਐਸਾ ਲਿਖ ਸਕਦਾ ਹੈ। ਪਰ ਦਸਮ ਗ੍ਰੰਥ ਰਾਹੀਂ ਦਾ ਇਹ ਸਿੱਧ ਕੀਤਾ ਗਿਆ ਹੈ ਕਿ ਦਸ਼ਮੇਸ਼ ਜੀ ਆਪ ਹੀ ਇਹ ਬਿਆਨ ਕਰ ਰਹੇ ਹਨ ਕਿ ਉਹ ਅਤੇ ਬਾਬਾ ਤੇਗਬਹਾਦੁਰ ਜੀ ਅਨੇਕਾਂ ਮਨਮੱਤਾਂ (ਦੇਵੀ ਪੂਜਾ, ਤੀਰਥ ਨਹਾਉਣਾ, ਪਹਾੜਾਂ ਦੇ ਤਪ ਕਰਨਾ, ਵੇਸਵਾ ਦੇ ਕੋਠੇ ਤੇ ਜਾਣਾ ਆਦਿ) ਕਰਦੇ ਰਹੇ ਹਨ। ਦਸਮ ਗ੍ਰੰਥ ਤਾਂ ਗੁਰਮਤਿ ਵਿਰੋਧੀ ਅਤੇ ਅਸ਼ਲੀਲ ਰਚਨਾਵਾਂ ਨਾਲ ਨੱਕੋ-ਨੱਕ ਭਰਿਆ ਪਿਆ ਹੈ।

ਕਿਸੇ ਲੇਖਕ ਵਲੋਂ ਨਾਨਕ ਸਰੂਪਾਂ ਬਾਰੇ ਕੀਤੀ ਗਲਤ ਬਿਆਨੀ ਦਾ ਖੁੱਲੇਆਮ ਵਿਰੋਧ ਕਰਨਾ ਪਰ ਦਸਵੇਂ ਨਾਨਕ ਦੇ ਨਾਂ ਨਾਲ (ਗੁਰਮਤਿ ਵਿਰੋਧੀ ਮਸਾਲੇ ਨਾਲ ਭਰੇ) ਜੋੜੇ ਜਾਂਦੇ ਦਸਮ ਗ੍ਰੰਥ ਦਾ ਸਮਰਥਨ (ਵਿਰੋਧ ਨਾ ਕਰਨਾ ਸਮਰਥਨ ਹੀ ਹੈ) ਦੋਗਲਾਪਨ ਨਹੀਂ ਹੈ ਤਾਂ ਹੋਰ ਕੀ ਹੈ? ਸ਼ਾਇਦ ਰਣਜੀਤ ਸਿੰਘ ਜੀ ਨੇ ਕਦੀਂ ਇਸ ਨਜ਼ਰੀਏ ਤੋਂ ਸੋਚਿਆ ਹੀ ਨਹੀਂ ਹੋਣਾ। ਸਾਨੂੰ ਉਮੀਦ ਹੈ ਕਿ ਹੁਣ ਉਹ ਇਸ ਵਿਸ਼ੇ ਤੇ ਸਵੈ-ਪੜਚੋਲ ਕਰ ਲੈਣਗੇ ਅਤੇ ਜਲਦ ਹੀ ਇਸ ਬਾਰੇ ਇਕ ਸਪਸ਼ਟ ਅਤੇ ਖਰਾ ਸਟੈਂਡ ਲੈਣਗੇ। ਇਮਾਨਦਾਰੀ ਤਾਂ ਇਸ ਪਹੁੰਚ ਦੀ ਮੰਗ ਕਰਦੀ ਹੈ।

3. ਭਾਈ ਰਣਜੀਤ ਸਿੰਘ ਆਪਣੇ ਦੀਵਾਨਾਂ ਵਿਚ ਇਹ ਗੱਲ ਖੁੱਲ ਕੇ ਕਰ ਚੁੱਕੇ ਹਨ ਕਿ ਗੁਰਮਤਿ ਅਨੁਸਾਰ ਸ਼ਰੀਰ ਗੁਰੂ ਨਹੀਂ ਹੁੰਦਾ, ਗਿਆਨ ਗੁਰੂ ਹੁੰਦਾ ਹੈ। ਇਹ ਗੁਰਮਤਿ ਇਨਕਲਾਬ ਦਾ ਮੂਲ ਨੁਕਤਾ ਸੀ, ਜਿਸ ਨੂੰ ਬਾਬਾ ਨਾਨਕ ਜੀ ਨੇ ਦ੍ਰਿੜ ਕਰਵਾਇਆ ਸੀ ਪਰ ਸਮੇਂ ਨਾਲ ਸਿੱਖ ਸਮਾਜ ਇਸ ਮੂਲ ਤੱਤ ਤੋਂ ਪੂਰੀ ਤਰਾਂ ਭਟਕ ਗਿਆ। ਅੱਜ ਵਿਰਲੇ ਸੱਜਣ ਹੀ ਹਨ ਜੋ ਇਸ ਸੱਚ ਨੂੰ ਸਮਝਦੇ ਅਤੇ ਵਿਵਹਾਰ ਵਿਚ ਅਪਨਾਉਂਦੇ ਹਨ। ਪੰਥ ਦੇ ਸੁਚੇਤ ਤਬਕੇ ਨਾਲ ਜੁੜੇ ਬਹੁਤੇ ਵਿਦਵਾਨ ਅਤੇ ਪ੍ਰਚਾਰਕ ਬੇਸ਼ਕ ‘ਸ਼ਬਦ (ਗਿਆਨ) ਗੁਰੂ’ ਦੀ ਮੁਹਾਰਨੀ ਰੱਟਦੇ ਤਾਂ ਰਹਿੰਦੇ ਹਨ ਪਰ ਵਿਵਹਾਰ ਵਿਚ ਉਹ ਦਸ ਨਾਨਕ ਸਰੂਪਾਂ, ਪੰਥ ਆਦਿ ਨਾਲ ‘ਗੁਰੂ’ ਵਿਸ਼ੇਸ਼ਨ ਵਰਤ ਕੇ ਇਸ ਮੂਲ ਤੱਤ ਦੇ ਵਿਰੋਧ ਵਿਚ ਹੀ ਖੜੇ ਹਨ ਅਤੇ ਸੱਚ ਤੇ ਪਹਿਰਾ ਦੇਣ ਦਾ ਹੋਕਾ ਦੇਣ ਵਾਲਿਆਂ ਨੂੰ ‘ਕਾਮਰੇਡ-ਨਾਸਤਿਕ’ ਆਦਿ ਫਤਵੇ ਦੇਂਦੇ ਆਮ ਵੇਖੇ ਜਾ ਸਕਦੇ ਹਨ। ਅਫਸੋਸ! ਭਾਈ ਰਣਜੀਤ ਸਿੰਘ ਦੀ ਵੀ ਇਸ ਵਿਸ਼ੇ ਤੇ ਪਹੁੰਚ ਕਾਫੀ ਕੁੱਝ ਉਨ੍ਹਾਂ ਵਰਗੀ ਹੀ ਹੈ। ਉਹ ਤਾਂ ਕੁਝ ਪੱਕੀਆਂ-ਕੱਚੀਆਂ ਬਾਣੀਆਂ ਨੂੰ ਪੜ੍ਹ ਕੇ ਤਿਆਰ ਕੀਤੀ ਪਾਹੁਲ ਨੂੰ ਛੱਕ ਕੇ ਆਏ ਲੋਕਾਂ ਨੂੰ ਹੀ ਦੀਵਾਨ ਵਿਚ ‘ਗੁਰੂ ਵਾਲੇ’ ਹੋ ਜਾਣ ਦਾ ਸਰਟੀਫਿਕੇਟ ਦੇਈ ਜਾਂਦੇ ਹਨ ਜਦਕਿ ਸੱਚਾਈ ਇਹ ਹੈ ਕਿ ਗੁਰਮਤਿ ਐਸੀ ਕਿਸੇ ਰਸਮ ਨਾਲ ਕੋਈ ‘ਅੰਮ੍ਰਿਤ’ ਤਿਆਰ ਹੋਣ ਜਾਂ ‘ਗੁਰੂ ਵਾਲੇ’ ਬਣ ਜਾਣ ਦੀ ਸੋਚ ਦੀ ਪ੍ਰੋੜਤਾ ਨਹੀਂ ਕਰਦੀ। ਇਸ ਪੱਖੋਂ ਵੀ ਭਾਈ ਜੀ ਆਪਣੀ ਪਹੁੰਚ ਦੀ ਸਵੈ-ਪੜਚੋਲ ਕਰਨਗੇ, ਸਾਨੂੰ ਆਸ ਹੈ।

ਨੁਕਤੇ ਤਾਂ ਹੋਰ ਵੀ ਬਹੁਤ ਹਨ, ਪਰ ਸਵੈ-ਪੜਚੋਲ ਦੀ ਬੇਨਤੀ ਲਈ ਫਿਲਹਾਲ ਇਤਨੇ ਹੀ ਕਾਫੀ ਹਨ। ਇਹ ਸੱਚ ਹੈ ਕਿ ਸ਼ਖਸੀਅਤ ਨਾਲ ਜੁੜੀ ਭੀੜ (ਸੰਗਤ) ਕਿਸੇ ਵੀ ਪ੍ਰਚਾਰਕ ਦੇ ਲੈਕਚਰਾਂ ਦਾ ਵਿਸ਼ਲੇਸ਼ਨ ਇਤਨੇ ਸੂਖਮ ਪੱਧਰ ਤੇ ਨਹੀਂ ਕਰਦੀ। ਜੇ ਕਰਦੀ ਹੁੰਦੀ ਤਾਂ ਬਾਬਿਆਂ ਸਾਹਮਣੇ ਨਹੀਂ, ਸੱਚ ਦੇ ਆਸ਼ਿਕਾਂ ਸਾਹਮਣੇ ਭੀੜਾਂ ਹੁੰਦੀਆਂ।

ਲੇਖ ਦੇ ਅੰਤ ਵਿਚ ਕੁਝ ਵਿਚਾਰ ਪੰਥ ਦੇ ਜਾਗਰੂਕ ਮੰਨੇ ਜਾਂਦੇ ਤਬਕੇ ਨਾਲ ਜੁੜੇ ਸੱਜਣਾਂ ਦੀ ਸ਼ਖਸੀਅਤ ਪ੍ਰਸਤੀ ਦੀ ਵੀ ਕਰਨੀ ਗੈਰ-ਵਾਜ਼ਿਬ ਨਹੀਂ ਹੋਵੇਗੀ। ਕਿਸੇ ਸੁਚੇਤ ਮੰਨੇ ਜਾਂਦੇ ਸੱਜਣ ਵਿਚ ‘ਸ਼ਖਸੀਅਤ-ਪ੍ਰਸਤੀ’ ਹੋਣਾ ਹੀ ਇਕ ਕਮਜ਼ੋਰੀ ਦੀ ਨਿਸ਼ਾਨੀ ਹੈ। ਕਿਉਂਕਿ ਸ਼ਖਸੀਅਤ ਪ੍ਰਸਤੀ ਆਪਣੀ ਪਸੰਦੀਦਾ ਸ਼ਖਸੀਅਤ ਦੀ ਆਲੋਚਣਾ ਸਹਿਣ ਨਹੀਂ ਕਰਨ ਦਿੰਦੀ ਅਤੇ ਉਸ ਸ਼ਖਸੀਅਤ ਵਿਚਲੀ ਕਮੀਆਂ ਨੂੰ ਪੜਚੋਲਣ ਦੇ ਕਾਬਿਲ ਨਹੀਂ ਛੱਡਦੀ। ਸ਼ਖਸੀਅਤ ਪ੍ਰਸਤੀ ਸਾਨੂੰ ਇਕ ਤਰਾਂ ਨਾਲ ‘ਅੰਨ੍ਹੇ ਸ਼ਰਧਾਲੂ’ ਹੀ ਬਣਾ ਦਿੰਦੀ ਹੈ। ਪਿੱਛਲੇ ਸਮੇਂ ਵਿਚ ਜਦੋਂ ਵੀ ਤੱਤ ਗੁਰਮਤਿ ਪਰਿਵਾਰ ਨੇ ਪ੍ਰੋ. ਦਰਸ਼ਨ ਸਿੰਘ ਜੀ, ਭਾਈ ਸਰਬਜੀਤ ਸਿੰਘ ਧੁੰਦਾ ਜੀ ਆਦਿ ਪ੍ਰਚਾਰਕਾਂ ਦੀ ਕਮੀਆਂ ਬਾਰੇ ਹਾਂ-ਪੱਖੀ ਸੁਧਾਰਮਈ ਆਲੋਚਣਾ ਕੀਤੀ ਤਾਂ ਇਨ੍ਹਾਂ ਧੜੇ ਦੇ ਸੱਜਣਾਂ ਨੇ ਬਹੁਤ ਬੁਰਾ ਮਨਾਇਆ ਅਤੇ ਸਾਡੇ ਖਿਲਾਫ ਫਤਵੇਬਾਜ਼ੀ ਅਤੇ ਪੀਲੀ ਪੱਤਰਕਾਰੀ (ਖਾਲਸਾ ਨਿਉਜ਼) ਦੀ ਹੱਦ ਤੱਕ ਜਾ ਪਹੁੰਚੇ। ਹੁਣ ਵੀ ਰਣਜੀਤ ਸਿੰਘ ਜੀ ਦੀ ਸ਼ਖਸੀਅਤ ਨਾਲ ਜੁੜੇ ਸੱਜਣ ਸਾਡੇ ਪ੍ਰਤੀ ਐਸਾ ਰਵੱਈਆ ਅਪਨਾਉਣਗੇ ਤਾਂ ਸਾਨੂੰ ਕੋਈ ਅਚੰਭਾ ਨਹੀਂ ਹੋਵੇਗਾ। ਹਾਂ, ਇਸ ਸ਼ਖਸੀਅਤ ਨਾਲ ਜੁੜੀ ਟੀਮ ਰੇਡਿਉ ਵਿਰਸਾ ਜਦੋਂ ਕੱਚਘਰੜ ਦਲੀਲਾਂ ਦੇ ਸਹਾਰੇ ‘ਅੰਨ੍ਹਾ ਸਮਰਥਨ’ ਕਰਦੀ ਹੋਈ ਹੋਰਾਂ ਨੂੰ ਵੀ ਐਸਾ ਕਰਨ ਦਾ ਹੋਕਾ ਦਿੰਦੀ ਹੈ ਤਾਂ ਸਾਨੂੰ ਅਫਸੋਸ ਜ਼ਰੂਰ ਹੁੰਦਾ ਹੈ ਕਿਉਂਕਿ ਇਸ ਟੀਮ ਤੋਂ ਸਾਨੂੰ ਕਾਫੀ ਉਮੀਦਾਂ ਹਨ। ਪ੍ਰੋ. ਧੂੰਦਾ ਦੇ ਮਸਲੇ ਵਿਚ ਉਹ ਇਕ ਵਾਰ ਐਸੀ ਪਹੁੰਚ ਅਪਣਾ ਕੇ ਵੇਖ ਚੁੱਕੇ ਹਨ, ਜੋ ਨਾਕਾਮ ਸਾਬਿਤ ਹੋਈ ਅਤੇ ਲਹਿਰ ਦਾ ਨੁਕਸਾਨ ਹੋਇਆ। ਢੱਢਰੀਆਂ ਵਾਲੇ ਦੇ ਵਿਸ਼ੇ ਤੇ ਵੀ ਉਹ ਇਹੀ ਕੱਚੀ ਦਲੀਲ ਦੇ ਰਹੇ ਹਨ ਕਿ ਉਹ ਜੈਸਾ ਵੀ ਕਰ ਰਹੇ ਹਨ, ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ, ਵਿਰੋਧ ਬਿਲਕੁਲ ਨਹੀਂ ਕਰਨਾ ਚਾਹੀਦਾ। ਭਾਈ ਜੀ ਵਲੋਂ ਦਸਮ ਗ੍ਰੰਥ ਦੇ ਵਿਰੋਧੀ ਨਾ ਹੋਣ ਦੇ ਕੱਚੇ ਬਿਆਨ ਦਾ ਸਮਰਥਨ ਕਰਦੇ ਹੋਏ ਇਸ ਟੀਮ ਦੇ ਹਰਨੇਕ ਸਿੰਘ ਜੀ ਨੇ ਇਹ ਕੱਚੀ ਦਲੀਲ ਵੀ ਦਿਤੀ ਕਿ ਸਾਨੂੰ ਕੁੱਝ ਨੁਕਤਿਆਂ ਤੋਂ ਸਾਈਡ ਤੋਂ ਵੀ ਲੰਘ ਜਾਣਾ ਚਾਹੀਦਾ ਹੈ। ਇੰਜ ਤਾਂ ਬਾਬਾ ਨਾਨਕ ਨੂੰ ਵੀ ਜਨੇਉ, ਹਰਿਦੁਆਰ ਆਦਿ ਤੋਂ ਸਾਈਡ ਤੋਂ ਲੰਘ ਜਾਣਾ ਚਾਹੀਦਾ ਸੀ। ਖੈਰ! ਅਸੀਂ ਤਾਂ ਸਿਰਫ ਸਲਾਹ ਹੀ ਦੇ ਸਕਦੇ ਹਾਂ, ਹਰ ਕੋਈ ਆਪਣੀ ਪਹੂੰਚ ਅਤੇ ਵਿਹਾਰ ਲਈ ਆਪ ਹੀ ਕੁੱਝ ਕਰ ਸਕਦਾ ਹੈ। ਸਾਡੀ ਸਾਰਥਿਕ ਆਲੋਚਣਾ ਪਹਿਲਾਂ ਵੀ ਉਨ੍ਹਾਂ ਨੂੰ ਸਾਜ਼ਗਾਰ ਨਹੀਂ ਗੁਜ਼ਰੀ, ਪਰ ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਾਂਗੇ।

ਸੱਚ ਦਾ ਦੰਮ ਭਰਣ ਵਾਲੇ ਪ੍ਰਚਾਰਕਾਂ ਨੂੰ ਇਹ ਸਵੈ-ਪੜਚੋਲ ਕਰਨੀ ਚਾਹੀਦੀ ਹੈ ਕਿ ਅਸੀਂ ਪ੍ਰਚਾਰ ਸੇਧ ਬਾਬਾ ਨਾਨਕ ਜੀ ਤੋਂ ਲੈਂਦੇ ਹੋਏ ਪੂਰਾ ਅਤੇ ਖਰਾ ਸੱਚ (ਜਿਥੋਂ ਤੱਕ ਸਮਝ ਆ ਗਿਆ) ਪੇਸ਼ ਕਰਨਾ ਹੈ ਜਾਂ ਬਹਾਨੇ-ਬਾਜ਼ੀ ਕਰਕੇ ਸਮਝੌਤਾਵਾਦੀ ਰੁੱਖ ਅਪਨਾਈ ਰੱਖਣਾ ਹੈ? ਨਾਲ ਹੀ ਸਾਨੂੰ ਸਾਰਿਆਂ ਨੂੰ ਇਹ ਸਵੈ-ਪੜਚੋਲ ਵੀ ਕਰਨੀ ਚਾਹੀਦੀ ਹੈ ਕਿ ਅਸੀਂ ਸ਼ਖਸੀਅਤ-ਪ੍ਰਸਤ ਬਣਨਾ ਹੈ ਜਾਂ ਬਿਬੇਕ-ਪ੍ਰਸਤ?

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

20 ਦਿਸੰਬਰ 2017 (ਈਸਵੀ)


12/31/17
ਮਨਮੀਤ ਸਿੰਘ, ਕਾਨਪੁਰ

ਆਖਿਰ ਮੂਲ ਨਾਨਕਸ਼ਾਹੀ ਕੈਲੇਂਡਰ ਹੀ ਕਿਉ???
--------------------
ਪਿਛਲੇ ਕੁਛ ਸਮੇਂ ਤੋਂ ਕੈਲੇਂਡਰ ਨੂੰ ਲੈ ਕੇ ਜੋ ਵਾਦ ਵਿਵਾਦ ਸੰਗਤਾਂ ਵਿਚ ਖੜਾ ਹੋ ਗਿਆ ਹੈ, ਇਹ ਸਿੱਖ ਲੀਡਰਸ਼ਿਪ ਦੀ ਨਾਕਾਮੀ ਦਾ ਸਿੱਟਾ ਹੀ ਹੈ। ਅੱਜ ਵਡੇ ਪੱਧਰ ਦੇ ਮੂਲ ਨਾਨਕਸ਼ਾਹੀ ਕੈਲੇਂਡਰ ਦੇ ਸਮਰਥਕ ਤੇ ਵਿਰੋਧੀ ਆਪਸ ਵਿਚ ਸਿੰਙ ਫਸਾਈ ਬੈਠੇ ਹਨ। ਇਕ ਤੋ ਇਕ ਬੰਪਰ ਵੀਡਿਓ ਤੇ ਆਡਿਓ ਦੋਨੋ ਧਿਰਾਂ ਤੋ ਵੇਖਣ ਸੁਣਨ ਨੂੰ ਮਿਲ ਰਹਿਆ ਹਨ ਤੇ ਸੋਸ਼ਲ ਮੀਡਿਆ ਵਿਚ ਵੀ ਗਾਲਾਂ ਦੀ ਭਰਾ ਮਾਰੂ ਜੰਗ ਨੇ ਸਿੱਖਾਂ ਦੀ ਇਜੱਤ ਤੇ ਆਪਣਾ ਅਸਰ ਪਿਛਲੇ ਝਗੜਿਆ ਮੁਤਾਬਿਕ ਹੀ ਛਡਿਆ ਹੈ। ਭਾਵ ਸਿੱਖੀ ਨੂੰ ਘਾਟਾ ਹੀ ਘਾਟਾ ਕਿਉਕਿ ਕੋਈ ਨਿਰਮਲ ਤੇ ਸਿਆਣਾ ਲੀਡਰ ਹੈ ਹੀ ਨਹੀਂ ਸਾਡੇ ਕੋਲ, ਜੋ ਝਗੜਾ ਮੁਕਾਏ।

ਕੈਲੇਂਡਰ ਦੀ ਵਿਚਾਰ ਕਰਣ ਦੇ ਸੰਦਰਭ ਵਿਚ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਦੇਸ਼ ਸਮਝਾਉਣ ਦੀ ਵਿਚਾਰਧਾਰਾ ਨੂੰ ਸਮਝਣਾ ਅਤਿ ਦਾ ਲੋੜਿਂਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚੋ ਇਹ ਪਾਵਨ ਤੁਕ ਦੇ ਭਾਵ ਨੂੰ ਸਮਝਣਾ ਲਾਹੇਵੰਦ ਹੋਵੇਗਾ-

ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ॥ (ਅੰਕ ੧੦੦੮)

ਅਸੀਂ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਕਿ ਪੰਚਾਲੀ ਮਹਾਭਾਰਤ ਦਾ ਕਿਰਦਾਰ ਹੈ ਤੇ ਮਹਾਭਾਰਤ ਦਾ ਮੁਖ ਇਸ਼ਟ ਕਿਰਦਾਰ ਸ਼੍ਰੀ ਕ੍ਰਿਸ਼ਨ ਜੀ ਹਨ ਤੇ ਸ਼੍ਰੀ ਰਾਮ ਜੀ ਰਮਾਇਣ ਦਾ ਮੁਖ ਇਸ਼ਟ ਹਨ ਜਦਕਿ ਇਥੇਂ ਗੁਰੂ ਸਾਹਿਬ ਦਾ ਰਾਮ ਸਬਦ ਲਈ ਭਾਵ ਪਰਮਤਾਮਾ ਹੈ । ਇਨ੍ਹਾਂ ਪਾਵਨ ਤੁਕਾਂ ਵਿਚ ਗੁਰੂ ਸਾਹਿਬ ਰਾਮਾਇਣ ਤੇ ਮਹਾਭਾਰਤ ਦੇ ਕਿਰਦਾਰਾਂ ਨੂੰ ਰਲਾ ਕੇ ਗਲ ਕਰ ਰਹੇ ਹਨ, ਕਿਉਕਿ ਰਮਾਇਣ ਤੇ ਮਹਾਬਾਰਤ ਦੇ ਕਿਰਦਾਰਾਂ ਦੇ ਬਾਰੇ ਉਸ ਵੇਲੇ ਦਾ ਕੀ ਅੱਜ ਵੀ ਸਮਾਜ ਦਾ ਹਰ ਇਕ ਵਰਗ ਚੰਗੀ ਤਰ੍ਹਾਂ ਨਾਲ ਜਾਣਦਾ ਹੈ। ਇਸ ਕਰਕੇ ਗੁਰੁ ਸਾਹਿਬ ਨੇ ਪਰਮਾਤਮਾ ਦੀ ਭਜਨ ਬੰਦਗੀ ਦੇ ਉਪਦੇਸ਼ ਨੂੰ ਦ੍ਰਿੜ ਕਰਵਾਉਣ ਲਈ ਦੋਨੋ ਹੀ ਗ੍ਰੰਥਾਂ ਦੇ ਕਿਰਦਾਰਾਂ ਨੂੰ ਪਾਵਨ ਸ਼ਬਦ ਵਿਚ ਵਰਤਿਆ ਹੈ। ਇਹ, ਪਾਵਨ ਗੁਰਬਾਣੀ ਵਿਚ ਆਮ ਲੋਕਾਈ ਦੇ ਮਨ ਨੂੰ ਛੁਹ ਕੇ ਉਪਦੇਸ਼ ਕਰਣ ਦਾ ਤਰੀਕਾ ਹੈ। ਜੋ ਤਰੀਕਾ ਤੇ ਭਾਸ਼ਾ ਆਮ ਲੋਕਾਈ ਨੂੰ ਸਮਝ ਆਉਂਦੀ ਸੀ ਗੁਰੂ ਸਾਹਿਬ ਨੇ ਉਹੀ ਵਰਤੀ।

ਇਸੇ ਤਰੀਕੇ ਨੂੰ ਵਰਤਦੇ ਹੋਏ ਗੁਰੂ ਸਾਹਿਬਾਨਾਂ ਤੇ ਭਗਤ ਸਾਹਿਬਾਨਾਂ ਨੇ ਵੀ ਸਮੇਂ ਦੀ ਵੰਡ ਨੁੰ ਲੈ ਕੇ ਜੁਗ, ਸਾਲ, ਮਹੀਨੇ, ਵਾਰ, ਥਿਤੀ ਤੇ ਪਹਰ ਆਦਿਕ ਸਮੇਂ ਦਿਆਂ ਵੰਡਾਂ ਰਾਹੀਂ ਮਨੁਖੀ ਮਨ ਨੁੰ ਸਮਝਾਉਣ ਲਈ ਬਾਣੀ ਰਚੀ ਹੈ। ਜਿਵੇਂ ਗੁਰੂ ਸਾਹਿਬ ਨੇ ਰਮਾਇਣ ਤੇ ਮਹਾਭਾਰਤ ਦੇ ਕਿਰਦਾਰਾਂ ਨੁੰ ਮਿਲਾਕੇ ਮਨ ਨੂੰ ਸਮਝਾਇਆ ਹੈ, ਠੀਕ ਉਸੀ ਤਰੀਕੇ ਰਾਹੀਂ ਗੁਰੂ ਸਾਹਿਬ ਨੇ ਜੁਗ, ਸਾਲ, ਮਹੀਨੇ ਤੇ ਥਿਤਿਆਂ ਆਦਿਕ ਰਾਹੀਂ ਮਨੁਖੀ ਮਨ ਨੂੰ ਸਮਝਾਇਆ ਹੈ। ਇਸ ਵਿਚ ਗੁਰੂ ਸਾਹਿਬ ਨੇ ਕੈਲੇਂਡਰ ਦੇ ਸਿਧਾੰਤਾਂ ਦੀ ਨਾ ਤੇ ਕੋਈ ਨਵੀਂ ਵਿਆਖਿਆ ਕੀਤੀ ਹੈ ਤੇ ਨਾ ਹੀ ਉਸ ਸਮੇਂ ਦੇ ਪ੍ਰਚਲਿਤ ਕੈਲੇਂਡਰ ਦੇ ਸਿਧਾੰਤਾ ਨੂੰ ਅੰਗੀਕਾਰ ਕਿਤਾ ਹੈ। ਇਹ ਵਿਚਾਰ ਦੋਨੋ ਹੀ ਧਿਰਾਂ ਦੇ ਨਿਰਾਧਾਰ ਹਨ ਕਿ ਗੁਰੂ ਸਾਹਿਬ ਨੇ ਕੈਲੇਂਡਰ ਦੇ ਕੋਈ ਸਿਧਾੰਤ ਦਿਤੇ ਹਨ ਕਿਉਕਿ ਜੇ ਗੁਰੂ ਸਾਹਿਬ ਨੇ ਬਾਰਹ ਮਹੀਨੇ ਦਸੇ ਨੇ ਤੇ ਤਰੀਕਾਂ ਪੰਦਰਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਦਸਿਆ ਹਨ। ਦੋਨੋ ਧਿਰਾਂ ਦੀਆਂ ਵਿਚਾਰਾਂ ਸਾਬਤ ਕਰਣਾ ਕੋਈ ਮੁਸ਼ਕਲ ਕੰਮ ਨਹੀਂ ਹੈ। ਸੋ ਇਹ ਝਗੜਾ ਬਿਨਾਂ ਸਿਆਣਪ ਦੇ ਨਿਬਣਨ ਵਾਲਾ ਨਹੀ ਦਿਸਦਾ ਹੈ।ਹਾਂ ਆਪਹੋਦਰੇ ਤੇ ਲੰਡਰ ਲੀਡਰਾਂ ਲਈ ਇਹ ਪੁਰਾਣਿਆ ਕਤਿਣਾਂ ਕੱਢਣ ਤੇ ਝੂਠੀ ਸ਼ੋਹਰਤ ਖਟਣ ਦੇ ਕੰਮ ਇਹ ਮਸਲਾ ਜਰੂਰ ਆ ਰਿਹਾ ਹੈ।

ਸਾਡੇ ਕੋਮੀ ਦਰਦੀ ਸਦਾ ਇਸ ਵਿਚਾਰ ਦਾ ਵਿਰੋਧ ਕਰਦੇ ਹਨ ਕਿ ਸਿੱਖ ਹਿੰਦੁ ਹਨ। ਇਹ ਵਿਚਾਰ ਸੋ ਫਿਸਦੀ ਸੱਚ ਕਿ ਸਿੱਖ ਹਿੰਦੁ ਨਹੀਂ ਹਨ ਕਿਉਕਿ ਸਿੱਖ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਨੇ ਵੀ ਆਪਣੇ ਆਪ ਨੂੰ ਕਦੀ ਵੀ ਹਿੰਦੂ ਜਾਂ ਮੁਸਲਮਾਣਾਂ ਦਾ ਹਿੱਸਾ ਨਹੀਂ ਮੰਨਿਆ ਹੈ। ਭਗਤ ਕਬੀਰ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਵਿਚਾਰਨਾ ਇਥੇਂ ਲੋੜਿਂਦਾ ਹੈ-

ਭੈਰਉ ਮਹਲਾ ੫॥
ਵਰਤ ਨ ਰਹਉ ਨ ਮਹ ਰਮਦਾਨਾ॥
ਤਿਸੁ ਸੇਵੀ ਜੋ ਰਖੈ ਨਿਦਾਨਾ॥
ਏਕੁ ਗੁਸਾਈ ਅਲਹੁ ਮੇਰਾ॥
ਹਿੰਦੁ ਤੁਰਕ ਦੋਹਾਂ ਨੇਬੇਰਾ॥੧॥ਰਹਾਉ॥
ਹਜ ਕਾਬੇ ਜਾਉ ਨ ਤੀਰਥ ਪੂਜਾ॥
ਏਕੁ ਸੇਵੀ ਅਵਰੁ ਨ ਦੂਜਾ॥੨॥
ਪੂਜਾ ਕਰਉ ਨ ਨਿਵਾਜ ਗੁਜਾਰਉ॥
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥੩॥
ਨ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥੪॥
ਕਹੁ ਕਬੀਰ ਇਹੁ ਕੀਆ ਵਖਾਨਾ॥
ਗੁਰ ਪੀਰ ਮਿਲਿ ਖੁਦਿ ਖਸਮੁ ਸਮਾਨਾ॥੫॥

ਕੇਵਲ ਇਹ ਕਹਿ ਦੇਣਾ ਕਿ ਅਸੀ ਕਿਸੇ ਹੋਰ ਧਰਮ ਦਾ ਹਿੱਸਾ ਨਹੀ ਹਾਂ, ਇਸ ਗੱਲ ਨਾਲ ਕੰਮ ਚਲਣ ਵਾਲਾ ਨਹੀਂ ਹੈ। ਸਾਨੂੰ ਵਖਰਾ ਹੋਣ ਲਈ ਆਪਣਿਆਂ ਮਰਿਆਦਾਵਾਂ, ਪਰੰਪਰਾਵਾਂ ਤੇ ਜੀਵਨ ਜਾਚ ਨੂੰ ਵਖਰਾ ਤੇ ਅੱਡ ਰਖ ਕੇ ਆਪਣੀ ਸੁਤੰਤਰਤਾ ਤੇ ਧਾਰਮਕ ਸਂਪ੍ਰਭੁਤਾ
(Sovereignty) ਨੂੰ ਸੰਭਾਲਣਾ ਤੇ ਮਹਿਫੂਜ਼ ਰਖਣਾ ਹੋਵੇਗਾ।

ਮੂਲ ਨਾਨਕਸ਼ਾਹੀ ਕੈਲੇਂਡਰ ਨੂੰ ਸੰਭਾਲਣਾ ਆਪਣੇ ਵਖਰੇ ਤੇ ਨਿਆਰੇ ਵਿਰਸੇ ਤੇ ਸਂਪ੍ਰਭੁਤਾ ਨੂੰ ਮਹਿਫੂਜ਼ ਕਰਣ ਦਾ ਇਕ ਸਾਰਥਕ ਵਸੀਲਾ ਹੈ। ਇਹ ਵਿਚਾਰ ਬਿਲਕੁਲ ਸੱਚ ਹੈ ਕਿ ਸਾਡੇ ਮੂਲ ਇਤਿਹਾਸਕ ਸ੍ਰੋਤ ਬਿਕ੍ਰਮੀ ਕੈਲੇਂਡਰ ਜਾਂ ਹਿਜਰੀ ਕੈਲੇਂਡਰ ਵਿਚ ਹੀ ਲਿਖੇ ਗਏ ਹਨ ਕਿਉਕਿ ਪੰਜਾਬੀ ਦਾ ਬਥੇਰਾ ਸਾਹਿਤ ਜਿਥੇਂ ਬਿਕ੍ਰਮੀ ਕੈਲੇਂਡਰ ਮੁਤਾਬਿਕ ਹੈ, ਉਥੇਂ ਫਾਰਸੀ ਤੇ ਉਰਦੂ ਦੇ ਸ੍ਰੋਤ ਹਿਜਰੀ ਕੈਲੇਂਡਰ ਮੁਤਾਬਿਕ ਵੀ ਹਨ ਕਿਉਕਿ ਉਸ ਸਮੇਂ ਦੇ ਇਹ ਪ੍ਰਚਲਤ ਕੈਲੇਂਡਰ ਹਨ।

ਜੇ ਅੱਜ ਸਿੱਖ ਵਿਦਵਾਨਾਂ ਨੇ ਆਪਣਾ ਕੈਲੇਂਡਰ ਬਣਾਇਆ ਹੈ ਤੇ ਸਿੱਖਾਂ ਨੂੰ ਵੀ ਆਪਣੀ ਵਖਰੀ ਹੋਂਦ ਤੇ ਧਾਰਮਕ ਸਂਪ੍ਰਭੁਤਾ
(Sovereignty) ਲਈ ਇਸ ਨੂੰ ੳਪਨਾਉਣ ਲਈ ਨਾ-ਨੁਕਰ ਨਹੀਂ ਕਰਣੀ ਚਹੀਦੀ ਹੈ। ਹਿਜਰੀ ਕੈਲੇਂਡਰ ਵਿਚ ਵੀ ਕੁਛ ਓੜਤਾਇਆਂ ਹਨ ਲੇਕਿਨ ਮੁਸਲਿਮ ਭਰਾ ਕਦੀ ਵੀ ਆਪਣੇ ਕੈਲੇਂਡਰ ਲਈ ਜੁਤ ਪਤਾਂਗ ਨਹੀ ਕਰਦੇ, ਜੋ ਅੱਜ ਸਿੱਖ ਕਰ ਰਹੇ ਹਨ।


ਜੇ ਮੂਲ ਨਾਨਕਸ਼ਾਹੀ ਕੈਲੇਂਡਰ ਵਿਚ ਸੋਧ ਕਰਣਾ ਹੀ ਚਾਹੁੰਦੇ ਹੋ ਤਾਂ ਉਸ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਤਰੀਕ ਨਿਸ਼ਚਿਤ ਕਰੋ, ਸੰਗ੍ਰਾਂਦਾਂ, ਮਸਿਆ, ਪੁਨਿਆ ਆਦਿਕ ਬੇਲੋੜਿਆਂ ਧਾਰਮਕ ਤਾਰੀਖਾਂ ਤੇ ਅਨਮਤ ਦੀਆਂ ਮਰਿਆਦਵਾਂ ਨੂੰ ਕਢੋ ਨਾ ਕਿ ਆਪਣੇ ਸਤਿਗੁਰੂ ਪਾਤਸ਼ਾਹ ਦੇ ਪ੍ਰਕਾਸ ਗੁਰਪੁਰਬਾਂ ਦੀਆਂ ਤਾਰੀਖਾਂ ਨੂੰ ਦੁਜਿਆਂ ਦੇ ਕੈਲੇਂਡਰਾਂ ਨਾਲ ਮਿਲਗੋਭਾ ਕਰਕੇ ਆਪਣੀ ਧਾਰਮਕ ਅਜਾਦੀ ਤੇ ਸਂਪ੍ਰਭੁਤਾ ਨੂੰ ਹੀ ਖਤਰੇ ਵਿਚ ਪਾ ਕੇ ਮੁਕਾ ਲਵੋਂ।

ਮਨਮੀਤ ਸਿੰਘ, ਕਾਨਪੁਰ।


12/31/17
ਹਰਪਾਲ ਸਿੰਘ ਫਿਰੋਜਪੁਰੀਆ

...ਐ ਨੌਜਵਾਨ ਤੈਨੂੰ ਚਮਕੌਰ ਦੀ ਗੜੀ ਵਾਜਾਂ ਮਾਰਦੀ ਏ,,,,

ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ , ਪਿਤਾ ਜੀ , ਵੱਡੇ ਵੀਰ ਵਾਂਗੂੰ , ਮੈਂ ਵੀ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀਵਾਂਗਾ। ਤਾਂ ਕਲਗੀਧਰ ਪਿਤਾ ਜੀ ਨੇ ਕਿਹਾ ਸੀ , ਜੁਝਾਰ ਸਿੰਘਾਂ ,,, ਤੇਰੀ ਸ਼ਹਾਦਤ ਤੋਂ ਬਾਅਦ , ਜਦੋਂ ਵੀ ਧਰਮ ਤੇ ਸੰਕਟ ਆਵੇਗਾ , ਤਾਂ ਤੁਹਾਡੀ ਸ਼ਹਾਦਤ ਤੋਂ ਪੇ੍ਰਨਾ ਲੈ ਕੇ ਤੁਹਾਡੇ ਵਰਗੇ ਨੌਜਵਾਨ ਧਰਮ ਲਈ ਹੱਸ ਹੱਸ ਕੁਰਬਾਨ ਹੋਣਗੇ , ਆਪਣੀਆਂ ਜੁਆਨੀਆਂ ਭੇਟ ਕਰਨਗੇ ।

ਐ ਸਿੱਖ ਨੌਜਵਾਨ ਵੀਰਾ ,,,,
ਅੱਜ ਤੇਰਾ ਧਰਮ ਸੰਕਟ ਵਿਚੋਂ ਲੰਘ ਰਿਹਾ ਏ ,
ਪਹਿਲਾਂ ਪੰਥ ਤੇ ਹਮਲੇ ਹੁੰਦੇ ਸੀ, ਅੱਜ ਗ੍ਰੰਥ ਤੇ ਵੀ ਹੋ ਰਹੇ ਨੇ ।
ਪਤਾ ਏ ਕਿਉਂ ??? ਕਿਉਂਕਿ ਵੈਰੀ ਜਾਣਦਾ ਏ ,,,

ਤੈਨੂੰ ਹੁਣ ਚਮਕੌਰ ਦੀ ਗੜੀ ਦੀ ਯਾਦ ਨਹੀ ਆਉਂਦੀ , ਹੁਣ ਇਤਿਹਾਸ ਸੁਣ ਕੇ ਤੇਰਾ ਖੂਨ ਨਹੀ ਖੌਲਦਾ, ਤੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਭੁਲ ਗਿਆ ਏ। ਤੂੰ ਭੁੱਲ ਗਿਆ ਏ , ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਹਿੱਕ ਵਿੱਚ ਵੱਜੀਆਂ ਬਰਛੀਆਂ ਨੂੰ , ਤੂੰ ਭੁੱਲ ਗਿਆ ਸਾਹਿਬਜ਼ਾਦਿਆਂ ਦਾ ਸਰੀਰ ਵਿੰਨਦਿਆਂ ਤੀਰਾਂ ਨੂੰ , ਤੂੰ ਭੁੱਲ ਗਿਆ ਸਾਹਿਬਜ਼ਾਦਿਆਂ ਦੇ ਖੂਨ ਦੀਆਂ ਨਦੀਆਂ ਵਹਾਉਂਦੀਆਂ ਕਿਰਪਾਨਾਂ ਨੂੰ । ਤੂੰ ਭੁੱਲ ਗਿਆ ਸਰਬੰਸ ਦਾਨੀ ਦੀ ਐਡੀ ਵੱਡੀ ਕੁਰਬਾਨੀ ਨੂੰ ।

ਤੈਨੂੰ ਤਾਂ ਕੁੱਝ ਯਾਦ ਹੀ ਨਹੀ ਰਿਹਾ ,,,,
ਤੈਨੂੰ ਤਾਂ ਹੁਣ , ਹੀਰ ਰਾਂਝਾ ਤੇ ਮਿਰਜ਼ਾ ਸਾਹਿਬਾਂ ਦੇ ਕਿੱਸੇ ਕਹਾਣੀਆਂ ,ਅਸ਼ਲੀਲ ਗੀਤ, ਪੱਬ ਕਲੱਬ , 3d ਸਿਨੇਮੇਹਾਲ , ਸ਼ਰਾਬੀ ਕਬਾਬੀ ਦੋਸਤ , ਤਰ੍ਹਾਂ ਤਰ੍ਹਾਂ ਦੇ ਫੈਸ਼ਨ , ਸ਼ਰਾਬ ,ਫੀਮ, ਸਮੈਕ, ਸਿਗਰਟਾਂ ਆਦਿ ਬੁਰਾਈਆਂ ਦੀ ਹੀ ਯਾਦ ਆਉਂਦੀ ਏ । ਤੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਭੁਲਾਕੇ , ਆਪਣੀ ਵਿਰਾਸਤ ਨਾਲ ਨਹੀ ਜੁਡ਼ ਸਕਦਾ । ਵਿਰਾਸਤ ਨਾਲ ਜੁਡ਼ਿਆਂ ਬਗੈਰ , ਤੂੰ ਕਦੀ ਵੀ ਧਰਮ ਦਾ ਸੱਚਾ ਪਹਿਰੇਦਾਰ ਨਹੀ ਬਣ ਸਕਦਾ ।

ਐ ਨੌਜਵਾਨ ਵੀਰ , ਧਿਆਨ ਨਾਲ ਸੁਣ , ਪੰਥ ਨੂੰ ਖਤਰੇ ਵਿੱਚ ਵੇਖ ਕੇ , ਤੈਨੂੰ ਚਮਕੌਰ ਦੀ ਗੜੀ , ਆਪਣੇ ਵਿਰਸੇ ਨਾਲ ਜੁੜਨ ਲਈ ਅਵਾਜਾਂ ਮਾਰ ਰਹੀ ਹੈ । ਤੇਰੇ ਜਾਗਣ ਬਿਨਾ ਪੰਥ ਦੀ ਵਿਗੜੀ ਸੁਧਰ ਨਹੀ ਸਕਦੀ ।

ਹਰਪਾਲ ਸਿੰਘ ਫਿਰੋਜਪੁਰੀਆ


12/31/17
ਸੰਦੀਪ ਸਿੰਘ

ਫਰੈਂਕਫਰਟ, ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜ਼ਰ ਕੌਰ ਅਤੇ ਸਮੂਹ ਸ਼ਹੀਦਾ ਦੀ ਯਾਦ ਵਿੱਚ ਦੋ ਰੋਜ਼ਾ ਮਹਾਨ ਸ਼ਹੀਦੀ ਸਮਾਗਮ ਕਰਵਾਏ ਗਏ।ਸਮਾਗਮਾਂ ਚ ਵਿਸ਼ੇਸ਼ ਤੌਰ ਤੇ ਪਹੁੰਚੇ ਸਿੱਖ ਕੌਮ ਦੇ ਨਿੱਧੜਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਨੂੰ ਜਿਥੇ ਗੁਰੂ ਗੰ੍ਰਥ ਸਾਹਿਬ ਜੀ ਆਪ ਪੜ੍ਹਣ ਅਤੇ ਵਿਚਾਰਨ ਦੀ ਸਿੱਖਿਆ ਦਿੱਤੀ, ਉਥੇ ਦੂਜੇ ਪਾਸੇ ਹੀ ਉਹਨਾ ਸਮਾਜਿਕ ਬੁਰਾਇਆਂ ਨੂੰ ਵੀ ਖਤਮ ਕਰਨ ਲਈ ਸੰਗਤਾਂ ਨੂੰ ਪ੍ਰੇਰਿਆ।ਇਸ ਮੋਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਭਾਈ ਸਾਹਿਬ ਦੇ ਵਿਚਾਰ ਸ੍ਰਵਣ ਕੀਤੇ।ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਭਾਈ ਸਰਬਜੀਤ ਸਿੰਘ ਧੂੰਦਾ ਦੀ ਹਾਜ਼ਰੀ ਵਿੱਚ 2018 ਦਾ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ।ਸਟੇਜ਼ ਦੀ ਸੇਵਾ ਨਿਭਾ ਰਹੇ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਅਤੇ ਦੂਰੋ ਨੇੜੀਓ ਆਈਆ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੋਕੇ ਸੇਵਾਦਾਰ ਭਾਈ ਬਲਕਾਰ ਸਿੰਘ ਬਰਿਆਰਾ ਨੇ ਸਮਾਗਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜਣ ਲਈ ਸਹਿਯੋਗੀ ਵੀਰਾਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਉਪਰੰਤ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਨਿੱਘੀ ਵਦਾਇਗੀ ਦਿੱਤੀ।


12/31/17
ਮੇਜਰ ਸਿੰਘ 'ਬੁਢਲਾਡਾ'

‘ਗਾਥਾ’
(ਕਿਲੇ ਅਨੰਦਪੁਰ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ)
ਰਲਕੇ ਹਿੰਦੂ ਮੁਸਲਮ ਫੌਜਾਂ ਨੇ ,
ਘੇਰਾ ਅਨੰਦਪੁਰ ਕਿਲੇ ਨੂੰ ਲਿਆ ਪਾ।
ਜਿਥੇ ਗੁਰੂ ਗੌਬਿੰਦ ਸਿੰਘ ਨੇ ,
ਕੀਤਾ ਸਿੰਘਾਂ ਨਾਲ ਠਹਿਰਾ।
ਇਹ ਕਿਲੇ ਨੂੰ ਖਾਲੀ ਕਰਵਾਉਣ ਲਈ,
ਦੁਸ਼ਮਣਾਂ ਲਾ ਲਈ ਪੂਰੀ ਵਾਹ।
ਆਖਰ ਹਿੰਦੂ ਰਾਜਿਆਂ ਭੇਜ ਏਲਚੀ,
ਲਈ ਕਸਮ ਗਊ ਦੀ ਖਾ।
ਨਾਲੇ ਔਰੰਗਜ਼ੇਬ ਫੌਜ ਨੇ,
ਪੂਰਾ ਦਿੱਤਾ ਵਿਸਵਾਸ ਦਿਵਾ।
"ਕਹਿੰਦੇ ਕਿਲੇ ਨੂੰ ਖਾਲੀ ਕਰ ਦਿਉ,
ਨਹੀਂ ਰੋਕਾਗੇ ਸੋਡਾ ਰਾਹ।"
ਤਾਂ ਗੁਰੂ ਗੌਬਿੰਦ ਸਿੰਘ ਜੀ,
ਕਰਕੇ ਸਿੰਘਾਂ ਨਾਲ ਸਲਾਹ ।
ਰਾਤੀਂ ਕਿਲੇ ਵਿਚੋਂ ਨਿਕਲਕੇ,
ਜਦ ਪੈ ਗਏ ਆਪਣੇ ਰਾਹ।
ਦੁਸ਼ਮਣਾਂ ਨੇ ਹਮਲਾ ਕਰ ਦਿੱਤਾ,
ਸਭ ਕਸਮਾਂ ਵਾਅਦੇ ਭੁਲਾਅ।
ਅੱਗੇ ਚੜੀ ਹੋਈ ਸਰਸਾ ਨਦੀ ਨੇ,
ਦਿੱਤਾ ਪਰਿਵਾਰ ਵਿਛੋੜਾ ਪਾ।
'ਗੰਗੂ' ਘਰ ਆਪਣੇ ਲੈ ਗਿਆ,
ਛੋਟੇ ਬੱਚੇ ਨਾਲ ਗੁਜਰੀ ਮਾਂ।
ਬੇਈਮਾਨ ਚਾਲਚ ਵਿਚ ਆ ਗਿਆ,
'ਗੰਗੂ' ਦਗਾ ਗਿਆ ਕਮਾਅ।
ਰਾਤੀਂ ਮਾਂ ਗੁਜਰੀ ਦਾ ਕੀਮਤੀ,
ਉਹਨੇ ਲਿਆ ਸਮਾਨ ਚੁਰਾਅ।
ਇਨਾਮ ਲੈਣ ਲਈ ਫਿਰ ਸਰਕਾਰ ਤੋਂ,
ਦਿਤੀ ਮੋਰਿੰਡੇ ਥਾਣੇ ਇਤਲਾਹ ।
ਬੱਚਿਆਂ ਸਮੇਤ ਮਾਤਾ ਗੁਜਰੀ,
ਦਿੱਤੇ ਦੁਸ਼ਮਣਾਂ ਕੋਲ ਫੜਵਾ।
ਲਾਲਚ ਡਰਾਵੇ ਆਏ ਕੰਮ ਨਾ,
ਜਾਲਮ ਨਾ ਸਕੇ 'ਈਨ' ਮਨਵਾ।
ਉਹਨਾਂ ਬੱਚਿਆਂ ਤੇ ਮਾਂ ਗੁਜਰੀ,
ਦਿਤੇ ਠੰਢੇ ਬੁਰਜ ਵਿੱਚ ਪਾ।
ਮਾਂ ਗੁਜਰੀ ਬੁੱਕਲ ਵਿੱਚ ਲੈਕੇ
ਭਰਦੀ ਰਹੀ ਬੱਚਿਆਂ ਵਿਚ ਉਤਸ਼ਾਹ।
ਉਹਨਾਂ ਵਿਚ ਕਚਹਿਰੀ ਜਾ ਕੇ,
ਦਿੱਤੀ ਗੱਜਕੇ ਫ਼ਤਹਿ ਬੁਲਾ।
ਕਿਹਾ "ਪੁੱਤਰ ਹਾਂ ਗੁਰੂ ਗੌਬਿੰਦ ਸਿੰਘ ਦੇ,
ਸਾਨੂੰ ਨਹੀਂ ਕੋਈ ਪ੍ਰਵਾਹ।
ਸਾਨੂੰ ਕਿਸੇ ਤਸੀਹੇ ਦਾ ਖੌਫ ਨਾ,
ਜੋ ਮਰਜੀ ਦੇਵੋ ਸਜਾ।“
ਜੋਸ਼ ਵੇਖ ਸੂਬਾ ਸਰਹੰਦ ਨੇ,
ਬੱਚੇ ਦਿੱਤੇ ਨੀਹਾਂ ਵਿਚ ਚਿਣਵਾ।
ਐਦਾਂ ਲਾਲ ਗੁਰੂ ਗੌਬਿੰਦ ਸਿੰਘ ਦੇ,
ਮੇਜਰ ਗਏ ਸ਼ਹੀਦੀ ਪਾ।
ਲੋਕੋ! ਗਏ ਸ਼ਹੀਦੀ ਪਾ ......।
ਮੇਜਰ ਸਿੰਘ ਬੁਢਲਾਡਾ
94176 42327

***************************************************************

' ਬੇਨਤੀ '

ਕਰਾਂ ਬੇਨਤੀ ਹੱਥ ਜੋੜਕੇ ਮੈਂ,

ਲੇਖਕਾਂ 'ਤੇ ਗਾਉਣ ਵਾਲਿਆਂ ਨੂੰ ।

ਨਿਕੱਮੇ ਰਾਂਝੇ ਮਿਰਜ਼ੇ ਆਦਿ ਆਸ਼ਕਾਂ ਨੂੰ

ਲੋਕਾਂ ਵਿੱਚ ਚਮਕਾਉਣ ਵਾਲਿਆਂ ਨੂੰ ।

ਸੱਚੇ ਆਸ਼ਿਕ ਦੱਸ ਸਮਾਜ ਅੰਦਰ ,

ਜਵਾਨੀ ਪੁੱਠੇ ਰਾਹ ਪਾਉਣ ਵਾਲਿਆਂ ਨੂੰ ।

ਛੱਡੋ ਖਹਿੜਾ ਇਹਨਾਂ ਲਫੰਗਿਆਂ ਦਾ

ਲਿਖੋ ਗਾਓ ਚੰਗੇ ਰਾਹ ਪਾਉਣ ਦੇ ਲਈ।

ਮੇਜਰ ਜਵਾਨੀ ਗਲਤ ਰਾਹ ਤੁਰ ਪਈ

ਕੰਮ ਕਰੋ ਇਹਨੂੰ ਬਚਾਉਣ ਦੇ ਲਈ।

----------------------

ਮੇਜਰ ਸਿੰਘ ਬੁਢਲਾਡਾ

94176 42327


********************

'ਪ੍ਰਣਾਮ'

ਲੱਖ ਵਾਰ ਪ੍ਰਣਾਮ ਉਹਨਾਂ ਬਹਾਦਰਾ ਨੂੰ,

ਜੋ ਸੇਵਾ ਦੇਸ਼ ਕੌਮ ਦੀ ਕਰਦੇ ਨੇ।

ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੇ,

ਨਾ ਹੀ ਪ੍ਰਵਾਹ ਕਿਸੇ ਦੀ ਕਰਦੇ ਨੇ।

ਨਾ ਡਰਨ ਮੌਤ ਕੋਲੋ,ਹੱਕ-ਸੱਚ ਖਾਤਰ,

ਹਿੱਕਾਂ ਤਾਣ ਜਾਬਰਾਂ ਅੱਗੇ ਖੜਦੇ ਨੇ।

ਅਮਰ ਰਹਿਣ ਸਦਾ ਉਹ ਜੱਗ ਉੱਤੇ,

ਮੇਜਰ ਜੋ ਦੇਸ਼ ਕੌਮ ਲਈ ਮਰਦੇ ਨੇ।

ਮੇਜਰ ਸਿੰਘ 'ਬੁਢਲਾਡਾ'

94176 42327


12/17/17
ਸਰਵਜੀਤ ਸਿੰਘ ਸੈਕਰਾਮੈਂਟੋ

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਨਿਸ਼ਾਨ ਜੀ, ਜਿਵੇ ਕਿ ਆਪ ਜੀ ਜਾਣਦੇ ਹੀ ਹੋ, ਕਿ ਤੁਹਾਡੇ ਵੱਲੋਂ ਦਿੱਤੀ ਗਈ ਚੁਣੌਤੀ, “ਜੇ ਕਰ ਸ. ਪੁਰੇਵਾਲ ਅਤੇ ਉਨ੍ਹਾਂ ਦੀ 11 ਮੈਂਬਰੀ ਕਮੇਟੀ ਕੈਲੰਡਰ ਦੀ ਇਕ ਵੀ ਸੂਰਜੀ ਤਾਰੀਖ ਇਤਿਹਾਸ ਮੁਤਾਬਿਕ ਸਾਬਿਤ ਕਰ ਦੇਣ, ਤਾਂ ਉਹ ਇਕ ਲੱਖ ਰੁਪਏ ਦਾ ਇਨਾਮ ਦੇਣਗੇ”। (ਗੁਰਪੁਰਬ ਦਰਪਣ, ਪੰਨਾ 95) ਪ੍ਰਵਾਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੂਰਜੀ ਤਾਰੀਖ 23 ਪੋਹ, ਸਹੀ ਸਾਬਿਤ ਕਰ ਦਿੱਤੀ ਹੈ। ਇਸ ਲਈ ਸਬੂਤ ਵੀ ਤੁਹਾਡੀ ਕਿਤਾਬ “ਗੁਰਪੁਰਬ ਦਰਪਣ” ਵਿੱਚੋਂ ਹੀ ਦਿੱਤਾ ਹੈ। ਇਸ ਲਈ, ਇਸ ਤਾਰੀਖ ਬਾਰੇ ਹੋਰ ਪੜਤਾਲ ਕਰਨ ਦੀ ਵੀ ਲੋੜ ਨਹੀਂ ਹੈ।

ਮੈਂ ਆਪਣੇ ਪਿਛਲੇ ਪੱਤਰ (12/10/2017) ਵਿੱਚ ਇਹ ਸਾਬਿਤ ਕਰ ਚੁੱਕਾ ਹਾਂ। ਜਿਸ ਬਾਰੇ ਤੁਸੀਂ ਕੋਈ ਇਤਰਾਜ਼ ਨਹੀ ਕੀਤਾ। ਇਸ ਤੋਂ ਸਪੱਸ਼ਟ ਹੈ ਕਿ ਤੁਸੀਂ ਸ਼ਰਤ ਹਾਰ ਮੰਨ ਲਈ ਹੈ। ਨਿਸ਼ਾਨ ਜੀ, ਬੇਨਤੀ ਹੈ ਕਿ ਤੁਸੀਂ ਆਪਣੇ ਲਿਖਤੀ ਬਿਆਨ `ਤੇ ਅਮਲ ਕਰਦੇ ਹੋਏ, ਇਕ ਲੱਖ ਰੁਪਇਆ ਪੁਜਦਾ ਕਰੋ ਜੀ।

ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
12/17/2017


12/17/17
ਹਰਪਾਲ ਸਿੰਘ ਫਿਰੋਜ਼ਪੁਰੀਆ

ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਨਾਉਂਸਮੈਂਟਾਂ ਦਾ ਪੰਗਾ
ਮੈਂ ਦੁਆਬੇ ਦੇ ਪਿੰਡ ਵਿੱਚ ਡਿਊਟੀ ਕਰ ਰਿਹਾ ਸਾਂ। ਜਿੱਥੇ ਗਰਮੀ ਚੜਦਿਆਂ ਹੀ ਅਨਾਉਂਸਮੈਂਟਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਕਦੇ ਕੋਈ ਆ ਜਾਂਦਾ ਸੀ, ਕਦੇ ਕੋਈ ਆ ਜਾਂਦਾ ਸੀ, ਬਾਬਾ ਜੀ ਲਾਉਸਮੈਂਟ ਕਰਨੀ ਹੈ।
ਮੈਂ ਪੁੱਛਦਾ, ਕਿ ਅਨਾਉਂਸਮੈਂਟ ਕੀ ਕਰਨੀ ਹੈ? ਸਾਡੇ ਵੱਡੇ ਰੋਜੇ ਦਾ ਮੇਲਾ , ਛੋਟੇ ਰੋਜੇ ਦਾ ਮੇਲਾ, ਮੋਹਕਮ ਸਾਹ ਦਾ ਮੇਲਾ , ਅੈਸ ਸ਼ਾਹ ਦਾ ਮੇਲਾ , ਔਸ ਸ਼ਾਹ ਦਾ ਮੇਲਾ, ਜਠੇਰਿਆਂ ਦੇ ਲੰਗਰ ਹੈ, ਵਡੇਰਿਆਂ ਦੇ ਲੰਗਰ ਹੈ, ਜਗਰਾਤਾ ਹੈ।
ਮੈਂ 7 ਅਪ੍ਰੈਲ 2015 ਵਿੱਚ ਡਿਊਟੀ ਸ਼ੁਰੂ ਕੀਤੀ ਸੀ। ਪਹਿਲੀ ਵਾਰ ਕੁੱਝ ਵਾਲਮੀਕ ਵੀਰ 5 ਹਾੜ ਨੂੰ ਹੋਣ ਵਾਲੇ ਆਪਣੇ ਜਠੇਰਿਆਂ ਦੇ ਮੇਲੇ ਦੀ ਅਨਾਉਂਸਮੈਂਟ ਕਰਵਾਉਣ (ਇਹਨਾਂ ਵਿਚੋਂ ਕਈਆਂ ਨਾਲ ਮੇਰੀ ਥੋੜੀ ਬਹੁਤੀ ਸਾਂਝ ਪੈ ਚੁੱਕੀ ਸੀ) ਮੇਰੇ ਕੋਲ ਆਏ। ਮੈਂ ਬੜੇ ਪਿਆਰ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮੜੀਆਂ ,ਮਸਾਣਾ, ਕਬਰਾਂ ਤੇ ਜਠੇਰਿਆਂ ਤੇ ਵੱਡੇ ਵਡੇਰਿਆਂ ਦੀਆਂ ਮਟੀਆਂ ਦੀ ਪੂਜਾ ਕਰਨ ਤੋਂ ਵਰਜਦੇ ਹਨ। ਮੈਂ ਉਸ ਗੁਰੂ ਦੀ ਹਜ਼ੂਰੀ ਵਿੱਚ ਖਲੋਂ ਕੇ ਇਹ ਨਹੀ ਕਹਿ ਸਕਦਾ ਕਿ ਸੰਗਤ ਜੀ ਜਠੇਰਿਆਂ ਦੇ ਹਾਜ਼ਰੀ ਭਰੋ। ਉਹ ਚੁੱਪ ਕਰਕੇ ਚਲੇ ਗਏ । ਰਾਹ ਪੈਂਡੇ ਵਿੱਚ ਮਿਲੇ ਉਨ੍ਹਾਂ ਦੇ ਇੱਕ ਦੋ ਹੋਰ ਮੇਨ ਵੀਰਾਂ ਨੂੰ ਮਿਲ ਕੇ ਵੀ ਮੈਂ ਆਪਣੀ ਮਜਬੂਰੀ ਦੱਸ ਕੇ ਅਨਾਉਂਸਮੈਂਟ ਨਾ ਕਰਨ ਦੀ ਮੁਆਫੀ ਮੰਗੀ। ਉਦੋਂ ਉਨ੍ਹਾਂ ਨੇ ਵੀ ਸਹਿਮਤੀ ਪ੍ਰਗਟਾਈ। ਜਠੇਰਿਆਂ ਦੇ ਮੇਲੇ ਤੋਂ ਦੋ ਦਿਨ ਬਾਅਦ ਸ਼ਾਮ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੇਰੀ ਹਨੇਰੀ ਆ ਗਈ।
ਸਾਰੇ ਕਮੇਟੀ ਵਾਲੇ ਕਹਿਣ ਲੱਗੇ ,ਓਹੁ ਸਾਡੇ ਕੋਲ ਇਕੱਠੇ ਹੋ ਕੇ ਆਏ ਸੀ, ਅਖੇ ਬਾਬਾ ਜੀ ਨੇ ਸਾਡੀ ਅਨਾਉਂਸਮੈਂਟ ਨਹੀ ਕੀਤੀ।ਮੈਂ ਉਹਨਾਂ ਅੱਗੇ ਵੀ ਆਪਣਾ ਪੱਖ ਰੱਖਿਆ। ਉਹਨਾਂ ਦਾ ਕਹਿਣਾ ਸੀ, ਅਸੀਂ ਇੱਕੇ ਪਿੰਡ ਵਿੱਚ ਬੈਠੇ ਹਾਂ, ਇਦਾਂ ਸਾਡੇ ਵਿੱਚ ਫਰਕ ਪੈਂਦਾ ਹੈ। ਆਖਿਰ ਨੂੰ ਫੈਸਲਾ ਹੋਇਆ ਕਿ ਜੇ ਤੁਸੀਂ ਨਹੀ ਕਰਨਾ ਤਾਂ ਬੱਚਿਆਂ ਤੋਂ ਕਰਵਾ ਦਿਆ ਕਰੋ । ( ਓਦੋਂ ਅਸੀਂ ਗੁਰਦੁਆਰੇ ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਲਾਉਂਦੇ ਸਾਂ ) ਮੈਂ ਕਿਹਾ ਚਲੋ ਠੀਕ ਆ । ਖਤਮ ਹੁੰਦਿਆਂ ਹੀ ਮੇਲੇ ਖਤਮ ਹੋ ਗਏ।
ਫਿਰ ਮਈ 2016 ਮਹੀਨੇ ਦੇ ਅੱਧ ਵਿੱਚ ਇੱਕ ਬੀਬੀ ਸ਼ਾਮ ਨੂੰ ਹੁਕਮ ਚਾੜ ਕੇ ਤੁਰ ਗਈ , "ਬਾਬਾ ਜੀ ਹੁਣ ਤੇ ਸਵੇਰੇ ਲਾਉਸਮੈਂਟ ਕਰ ਦੇਵੋ , ਵੱਡੇ ਰੋਜੇ ਦੇ ਮੇਲਾ ਏ, ਵੱਧ ਤੋਂ ਵੱਧ ਹਾਜਰੀ ਭਰੋ ।" ਮੈਂ ਸੰਦੀਪ ਕੌਰ
(wife) ਨਾਲ ਗੱਲ ਕੀਤੀ , ਉਥੇ ਬੈਠੀ ਇੱਕ ਬੀਬੀ ਨੇ ਆਪਣੀਆਂ ਕੁੱਝ ਦਲੀਲਾਂ ਨਾਲ ਸੰਦੀਪ ਕੌਰ ਨੂੰ ਸਹਿਮਤ ਕਰ ਲਿਆ ਕਿ ਤੂੰ ਬੱਸ ਇੰਨਾ ਕਹਿ ਦੇ ਮੇਲਾ ਹੈ , ਜਾਣ ਬਾਰੇ ਨਾ ਕਹੀ । ਸੰਦੀਪ ਨੇ ਲਾਉਸਮੈਂਟ ਕਰ ਦਿੱਤੀ । ਲਾਉਸਮੈਂਟ ਕਰਵਾਉਣ ਵਾਲੀ ਬੀਬੀ ਨੇ ਸਨੇਹਾ ਭੇਜਿਆ , ਬਾਬਾ ਜੀ ਨੂੰ ਕਹੋ ਲਾਉਸਮੈਂਟ ਚੰਗੀ ਤਰ੍ਹਾਂ ਕਰੇ। ਸਨੇਹਾ ਲੈ ਕੇ ਆਉਣ ਵਾਲੇ ਵੀਰ ਨੂੰ ਮੈਂ ਕਹਿ ਦਿੱਤਾ, ਅਸੀਂ ਇਸਤੋਂ ਵੱਧ ਕੁੱਝ ਨਹੀ ਕਹਿ ਸਕਦੇ। ਰਾਤ 9 ਵਜੇ ਪਰਿਵਾਰ ਵਾਲਿਆਂ ਦਾ ਨੌਜਵਾਨ ਲੜਕਾ ਅਾ ਕੇ ਕਹਿੰਦਾ, ਵੀਰ ਜੀ ਮੁਆਫ਼ ਕਰਨਾ, ਮੈਂ ਪੈਗ ਲਾ ਕੇ ਗੁਰਦੁਆਰੇ ਆਇਆ ਹਾਂ , ਸਾਡੀ ਲਾਉਸਮੈਂਟ ਕਰ ਦੇਵੋ। ਮੈਂ ਕਿਹਾ ਵੀਰ ਜੀ ਹੁਣ ਟਾਈਮ ਕਾਫੀ ਹੋ ਗਿਆ ਹੈ , ਸਵੇਰੇ ਕਰ ਦੇਵਾਂਗੇ।
ਮੈਂ ਸਵੇਰੇ ਵੀ ਲਾਉਸਮੈਂਟ ਨਾ ਕੀਤੀ।
ਕੁੱਝ ਦਿਨਾਂ ਬਾਅਦ ਜੋ ਮਾਤਾ ਗੁਰਦੁਆਰੇ ਸਾਫ ਸਫਾਈ ਦਾ ਕੰਮ ਕਰਦੀ ਸੀ, ਆਣ ਕੇ ਕਹਿੰਦੀ, ਬਾਬਾ ਜੀ ਸਾਡੇ ਮੋਹਕਮ ਸਾਹ ਦੇ ਲੰਗਰ ਆ , ਲਾਉਸਮੈਂਟ ਕਰ ਦੇਵੋ । ਮੈਂ ਕੋਰਾ ਜਵਾਬ ਦੇ ਦਿੱਤਾ ਅਸੀਂ ਨਹੀ ਕਰ ਸਕਦੇ। ਫਿਰ ਕਿਸੇ ਵੀਰ ਨੂੰ ਨਾਲ ਲੈ ਕੇ ਆਈ, ਇਹ ਕਰ ਦੇਂਦਾ। ਮੈਂ ਕਿਹਾ ਪਰਧਾਨ ਨਾਲ ਕਰ ਲਵੋ। ਪਰਧਾਨ ਨੇ ਫੋਨ ਨਾ ਚੁੱਕਿਆ। ਰੌਲਾ ਪਾਉਂਦੀ ਚਲੀ ਗਈ ।
ਸੰਦੀਪ ਕੌਰ ਦਾ ਨਕੋਦਰ ਇਤਿਹਾਸਕ ਸਥਾਨ ਮਾਲੜੀ ਸਾਹਿਬ ਪ੍ਰੋਗਰਾਮ ਸੀ, ਅਸੀਂ ਉਥੇ ਚਲੇ ਗਏ। ਪਿੱਛੋਂ ਨਾਲ ਆਏ ਵੀਰ ਦਾ ਫੋਨ ਗਿਆ, ਮੇਰੀ ਗੱਲ ਹੋ ਗਈ ਹੈ, ਮੈ ਲਾਉਸਮੈਂਟ ਕਰਨ ਲੱਗਾ ਹਾਂ। ਮੈਂ ਕਿਹਾ ਠੀਕ ਹੈ ਕਰਦੇ।
ਗੁਰਦੁਆਰੇ ਸੇਵਾ ਕਰਨ ਵਾਲੀ ਬੀਬੀ ਨੇ ਲੋਕਾਂ ਕੋਲ ਰੌਲਾ ਪਾਇਆ। ਪਰ ਅਜੇ ਕਿਸੇ ਕਮੇਟੀ ਮੈਂਬਰ ਨੇ ਕੋਈ ਗੱਲ ਨਹੀ ਕੀਤੀ ਸੀ। ਦੋ ਚਾਰ ਬੀਬੀਆਂ ਕਹਿੰਦੀਆਂ ਸੀ, ਕਰ ਦਿਆ ਕਰੋ ਕੀ ਜਾਂਦਾ ਹੈ ?
ਮੈਂ ਕਿਹਾ, ਜੀ ਮੈਂ ਗੁਰੂ ਵਲੋਂ ਜਾਂਦਾ ਹਾਂ।
ਨੋਟ : ਸਿੱਖ ਧਰਮ ਇੱਕ ਅਕਾਲਪੁਰਖ, ਇੱਕ ਰੱਬ ਦਾ ਪੁਜਾਰੀ ਹੈ। ਗੁਰਦੁਆਰੇ ਸਿੱਖ ਗੁਰੂਆਂ ਵਲੋਂ ਖੋਲ੍ਹੇ ਗਏ , ਸਿੱਖ ਧਰਮ ਦੇ ਪ੍ਰਚਾਰ ਕੇਂਦਰ ਹਨ। ਜਿੱਥੇ ਲੋਕਾਂ ਨੂੰ ਹੋਰ ਸਾਰੇ ਆਸਰੇ ਛੱਡ ਕੇ ਇੱਕ ਰੱਬ ਦੇ ਪੁਜਾਰੀ ਬਨਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਕਿਉਂਕਿ ਸਿੱਖ ਧਰਮ ਸਿਰਫ ਇੱਕ ਰੱਬ ਨੂੰ ਹੀ ਸਰਵ ਸ਼ਕਤੀਮਾਨ , ਸਰਵ ਵਿਆਪਕ ਤੇ ਸਾਰੀ ਕਾਇਨਾਤ ਦਾ ਮਾਲਕ ਸਮਝਦਾ ਹੈਂ। ਇਸ ਲਈ ਗੁਰਦੁਆਰੇ ਵਿਚੋਂ ਮੜੀਆਂ, ਪੀਰਾਂ ਦੀਆਂ ਕਬਰਾਂ ਤੇ ਜਠੇਰਿਆਂ ਤੇ ਜਗਰਾਤਿਆਂ ਤੇ ਜਾਣ ਦੀਆਂ ਲਾਉਸਮੈਂਟਾਂ ਕਰਨੀਆਂ ਆਪਣੇ ਗੁਰੂ ਵਲੋ ਮੁੰਹ ਫੇਰਨਾ ਤੇ ਗੁਰੂ ਨਾਲ ਧੋਖਾ ਕਰਨਾ ਹੈ। ਜੇ ਗੁਰਦੁਆਰੇ ਦਾ ਗ੍ਰੰਥੀ ਜੋ ਅਸਲ ਵਿੱਚ ਸਿੱਖ ਧਰਮ ਦਾ ਪ੍ਰਚਾਰਕ ਹੈ , ਆਪ ਹੀ ਗੁਰੂ ਵਲੋਂ ਮੁੰਹ ਫੇਰੇਗਾ , ਗੁਰੂ ਨਾਲ ਧੋਖਾ ਕਰੇਗਾ ਤਾਂ ਉਹ ਦੂਜਿਆਂ ਨੂੰ ਸੱਚੇ ਸਿੱਖ ਬਨਣ ਦੀ ਪਰੇਰਨਾ ਕਿਵੇਂ ਦੇਵੇਗਾ । ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਤੇ ਆਮ ਲੋਕਾਂ ਨੂੰ ਬੇਨਤੀ ਹੈ ਕਿ ਗ੍ਰੰਥੀ ਸਿੰਘਾਂ ਨੂੰ ਇਹੋ ਜਿਹੀਆਂ ਲਾਉਸਮੈਂਟਾਂ ਕਰਨ ਲਈ ਮਜਬੂਰ ਕਰਕੇ ਗੁਰੂ ਦੇ ਦੋਖੀ ਨਾ ਬਣਾਉ ਤੇ ਨਾ ਹੀ ਅਾਪ ਬਣੋ।

ਹਰਪਾਲ ਸਿੰਘ ਫਿਰੋਜ਼ਪੁਰੀਆ 88722-19051
[email protected]


12/17/17
ਕੁਲਵੰਤ ਸਿੰਘ ਟਿੱਬਾ

ਉੱਤਰ ਪ੍ਰਦੇਸ ਦੀਆਂ ਨਗਰ ਨਿਗਮ ਚੋਣਾਂ ਅਤੇ ਭਾਰਤੀ ਮੀਡੀਆ ਦਾ ਕੱਚ ਸੱਚ
ਹਾਲ ਹੀ ਵਿੱਚ ਹੋਈਆਂ ਉੱਤਰ ਪ੍ਰਦੇਸ ਦੀਆਂ ਕਾਰਪੋਰੇਸ਼ਨ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੇ ਚੋਣ ਨਤੀਜੇ ਲੰਘੀ 2 ਦਸੰਬਰ ਨੂੰ ਆਏ। ਚੋਣ ਨਤੀਜਿਆਂ ਦੀ ਸਮੀਖਿਆ ਵਾਲੇ ਵਿਸ਼ੇਸ਼ ਟੀਵੀ ਸੋਅ ਆਯੋਜਿਤ ਕਰਕੇ ਦੇਸ ਦੇ ਇਲੈਕਟ੍ਰੋਨਿਕ ਮੀਡੀਏ ਨੇ ਜਿਸ ਤਰਾਂ ਭਾਜਪਾ ਦਾ ਗੁਣਗਾਨ ਕੀਤਾ, ਉਹ ਭਾਰਤ ਦੀ ਲੋਕਤੰਤਰਿਕ ਵਿਵਸਥਾ ਦਾ ਚੌਥਾ ਥੰਮ ਮੰਨੇ ਜਾਣ ਵਾਲੇ ਮੀਡੀਏ ਦੀ ਭੂਮਿਕਾ ਨੂੰ ਸ਼ਰਮਸਾਰ ਕਰਦਾ ਹੈ। ਉੱਤਰ ਪ੍ਰਦੇਸ ਦੀਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਦੀ ਆੜ ਹੇਠ ਭਾਰਤ ਦੇ ਇਲੈਕਟ੍ਰੋਨਿਕ ਮੀਡੀਏ ਦੇ ਇੱਕ ਵੱਡੇ ਹਿੱਸੇ ਨੇ ਭਾਜਪਾ ਦੇ ਬੁਲਾਰੇ ਦਾ ਕਿਰਦਾਰ ਨਿਭਾਇਆ ਉਹ ਸੱਚਮੁੱਚ ਹੀ ਨਿੰਦਣਯੋਗ ਹੈ। ਅਜਿਹਾ ਮੀਡੀਏ ਵੱਲੋਂ ਯੋਜਨਾਬੱਧ ਢੰਗ ਨਾਲ ਨਿਸ਼ਚਿਤ ਹੀ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤਾ ਗਿਆ ਤਾਂ ਕਿ ਗੁਜਰਾਤ ਦੇ ਵੋਟਰਾਂ ਦੇ ਮਨਾਂ ਵਿੱਚ ਭਰਮ ਪਾਇਆ ਜਾਵੇ ਕਿ ਭਾਜਪਾ ਅਜਿੱਤ ਹੈ ਅਤੇ ਵਿਰੋਧੀ ਸਿਆਸੀ ਪਾਰਟੀਆਂ ਦੀ ਭਾਜਪਾ ਦੇ ਅੱਗੇ ਕੋਈ ਹਸਤੀ ਨਹੀਂ ਹੈ। ਪਰ ਜਦੋਂ ਅਸੀਂ ਉੱਤਰ ਪ੍ਰਦੇਸ ਦੀਆਂ ਸਥਾਨਕ ਸਰਕਾਰਾਂ ਦੇ ਇਨ੍ਹਾਂ ਚੋਣ ਨਤੀਜਿਆਂ ਦੀ ਸੱਚੀ ਅਤੇ ਸਹੀ ਪੜਚੋਲ ਕਰਦੇ ਹਾਂ ਤਾਂ ਮੀਡੀਏ ਅੰਦਰ ਆ ਚੁੱਕੇ ਨਿਘਾਰ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ। ਵੱਡੇ ਕਾਰਪੋਰੇਟ ਘਰਾਣਿਆਂ ਦੀ ਮਾਲਕੀ ਵਾਲੇ ਮੀਡੀਏ ਵੱਲੋਂ ਪੇਸ਼ ਕੀਤੀ ਭਾਜਪਾ ਦੀ ਵੱਡੀ ਜਿੱਤ ਚੋਣ ਕਮਿਸ਼ਨ ਦੇ ਅਧਿਕਾਰਤ ਅੰਕੜਿਆਂ ਅੱਗੇ ਬੌਣੀ ਪ੍ਰਤੀਤ ਹੁੰਦੀ ਹੈ। ਕਾਰਪੋਰੇਟ ਮੀਡੀਏ ਵੱਲੋਂ ਉੱਤਰ ਪ੍ਰਦੇਸ ਦੇ 16 ਨਗਰ ਨਿਗਮਾਂ ਵਿੱਚੋਂ 14 ਨਗਰ ਨਿਗਮਾਂ ਅੰਦਰ ਭਾਜਪਾ ਦੇ ਮੇਅਰ ਜਿੱਤ ਜਾਣ ਨੂੰ ਵੱਡੀ ਪ੍ਰਾਪਤੀ ਗਰਦਾਨ ਦਿੱਤਾ ਗਿਆ ਜਦਕਿ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਚੋਣ ਨਤੀਜੇ ਅਣਗੌਲੇ ਕਰਕੇ ਇਸ ਤਰਾਂ ਪੇਸ਼ ਕਰਨ ਦਾ ਯਤਨ ਕੀਤਾ, ਜਿਵੇਂ ਉੱਤਰ ਪ੍ਰਦੇਸ ਵਿੱਚ ਸਿਰਫ਼ ਮੇਅਰ ਦੀ ਚੋਣ ਲਈ ਇਲੈੱਕਸ਼ਨ ਹੋਈ ਹੋਵੇ। ਕਾਰਪੋਰੇਟ ਮੀਡੀਏ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦੇਸ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦੇਣ ਵਾਲੇ ਦੋ ਵੱਡੇ ਫ਼ੈਸਲਿਆਂ ਨੂੰ ਸਹੀ ਸਿੱਧ ਕਰਨ ਦੀ ਕਾਹਲ ਪ੍ਰਤੱਖ ਦੇਖਣ ਨੂੰ ਮਿਲੀ। ਇਹ ਸੱਚਾਈ ਹੈ ਕਿ ਮੀਡੀਆ ਦਾ ਵੱਡਾ ਹਿੱਸਾ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸਿਮਟ ਕੇ ਰਹਿ ਗਿਆ ਹੈ ਅਤੇ ਅੱਗੋਂ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਹਿਤ ਸਿਆਸੀ ਸੱਤਾ ਨਾਲ ਜਾ ਮਿਲਦੇ ਹਨ। ਕੇਂਦਰ ਦੀ ਸੱਤਾ ਤੇ ਪਹਿਲਾਂ ਵੀ ਵੱਖ ਵੱਖ ਸਿਆਸੀ ਪਾਰਟੀਆਂ ਦਾ ਸ਼ਾਸਨ ਰਿਹਾ ਹੈ ਪਰ ਮੌਜੂਦਾ ਦੌਰ ਵਿੱਚ ਇਲੈਕਟ੍ਰੋਨਿਕ ਮੀਡੀਏ ਦੀ ਸਿਆਸੀ ਹਿਤਾਂ ਲਈ ਸ਼ਰੇਆਮ ਦੁਰਵਰਤੋਂ ਦੀ ਮਿਸਾਲ ਇਸ ਤੋਂ ਪਹਿਲਾ ਕਦੇ ਨਹੀਂ ਮਿਲਦੀ। ਇਸ ਸਮੁੱਚੇ ਵਰਤਾਰੇ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਮੀਡੀਆ ਦਾ ਆਮ ਜਨਤਾ ਦੇ ਮੁੱਦਿਆਂ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਰਿਹਾ ਹੈ, ਸਗੋਂ ਉਸਦਾ ਇੱਕ ਨੁਕਾਤੀ ਪ੍ਰੋਗਰਾਮ ਭਾਜਪਾ ਦੀ ਜੀ ਹਜੂਰੀ ਕਰਨਾ ਹੀ ਰਹਿ ਗਿਆ ਹੈ। ਖੈਰ ਉੱਤਰ ਪ੍ਰਦੇਸ ਦੀਆਂ ਇਨ੍ਹਾਂ ਚੋਣਾਂ ਦੀ ਚਰਚਾ ਕਰਨ ਤੋਂ ਪਹਿਲਾਂ ਮੈਂ ਯੂ ਪੀ ਦੀਆਂ 2012 ਦੀਆਂ ਨਗਰ ਨਿਗਮ ਚੋਣਾਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ਸਾਲ 2012 ਦੌਰਾਨ ਯੂ ਪੀ ਵਿੱਚ 12 ਨਗਰ ਨਿਗਮ ਸਨ ਅਤੇ ਉਦੋਂ ਭਾਜਪਾ 10 ਮਹਾਂ ਨਗਰਾਂ ਵਿੱਚ ਮੇਅਰ ਬਣਾਉਣ ਵਿੱਚ ਕਾਮਯਾਬ ਰਹੀ ਅਤੇ 2 ਥਾਈਂ ਆਜ਼ਾਦ ਮਹਾਂਨਗਰਾਂ ਦੇ ਮੇਅਰ ਬਣੇ ਸਨ। ਵਰਤਮਾਨ ਵਿੱਚ ਨਗਰ ਨਿਗਮਾਂ ਦੀ ਗਿਣਤੀ ਵੱਧ ਕੇ 12 ਤੋਂ 16 ਹੋ ਗਈ। ਭਾਜਪਾ ਹਾਲ ਹੀ ਵਿੱਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ 16 ਵਿੱਚੋਂ 14 ਮਹਾਂ ਨਗਰਾਂ ਵਿੱਚ ਆਪਣੇ ਮੇਅਰ ਬਣਾਉਣ ਵਿੱਚ ਕਾਮਯਾਬ ਰਹੀ ਜਦਕਿ ਦੋ ਮਹਾਂਨਗਰਾਂ ਅਲੀਗੜ੍ਹ ਅਤੇ ਮੇਰਠ ਵਿੱਚ ਬਹੁਜਨ ਸਮਾਜ ਪਾਰਟੀ ਜਿੱਤ ਗਈ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਭਾਜਪਾ ਸਾਲ 2012 ਵਿੱਚ ਵੀ ਕੁੱਲ ਮੇਅਰਾਂ ਵਿੱਚੋ 2 ਸੀਟਾਂ ਹਾਰਦੀ ਹੈ ਅਤੇ ਵਰਤਮਾਨ ਵਿੱਚ ਵੀ ਉਹ ਦੋ ਮਹਾਂਨਗਰਾਂ ਵਿੱਚ ਜਾਂਦੀ ਹੈ। ਇਸ ਵਿੱਚ ਭਾਜਪਾ ਦਾ ਵਿਕਾਸ ਜਾਂ ਜਿੱਤ ਕਿਵੇਂ ਹੋ ਗਈ। ਇਸ ਤੋਂ ਵੀ ਹੈਰਾਨੀਜਨਕ ਤੱਥ ਹਨ ਕਿ ਉੱਤਰ ਪ੍ਰਦੇਸ ਵਿੱਚ ਸਾਲ 2012 ਦੌਰਾਨ ਭਾਜਪਾ ਦੇ 10 ਮੈਂਬਰ ਪਾਰਲੀਮੈਂਟ ਅਤੇ 47 ਵਿਧਾਇਕ ਸਨ ਜਦਕਿ ਮੌਜੂਦਾ ਸਮੇਂ ਭਾਜਪਾ ਦੇ 71 ਮੈਂਬਰ ਪਾਰਲੀਮੈਂਟ ਅਤੇ 312 ਵਿਧਾਇਕ ਹਨ। ਇਸਤੋਂ ਇਲਾਵਾ ਸੂਬੇ ਅਤੇ ਕੇਂਦਰ ਵਿੱਚ ਭਾਜਪਾ ਦੀ ਦੀ ਸਰਕਾਰ ਹੈ ਅਤੇ ਖ਼ੁਦ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਸਮੇਤ ਕੇਂਦਰੀ ਮੰਤਰੀ ਇਨ੍ਹਾਂ ਚੋਣਾ ਵਿੱਚ ਪ੍ਰਚਾਰ ਕਰਦੇ ਰਹੇ। ਪਰ ਭਾਜਪਾ ਫਿਰ ਵੀ ਨਗਰ ਨਿਗਮ ਚੋਣਾ ਵਿੱਚ ਆਪਣੀ 2012 ਦੀ ਕਾਰਗੁਜ਼ਾਰੀ ਤੋਂ ਬਿਹਤਰ ਨਹੀਂ ਕਰ ਸਕੀ। ਜਦਕਿ ਇਸ ਦੇ ਉਲਟ ਜਦੋਂ ਅਸੀਂ ਬਹੁਜਨ ਸਮਾਜ ਪਾਰਟੀ ਦੀ ਕਾਰਗੁਜ਼ਾਰੀ ਦੇਖਦੇ ਹਾਂ ਤਾਂ ਮੀਡੀਆ ਦਾ ਝੂਠ ਉਜਾਗਰ ਹੁੰਦਾ ਹੈ। ਸਾਲ 2012 ਵਿੱਚ ਬਸਪਾ ਇੱਕ ਵੀ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਤੇ ਕਾਬਜ਼ ਨਹੀਂ ਸੀ। ਉਦੋਂ ਬਸਪਾ ਕੋਲ 80 ਵਿਧਾਇਕ ਸਨ ਜੋ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਘੱਟ ਕੇ 19 ਰਹਿ ਗਏ ਜਦਕਿ 20 ਮੈਂਬਰ ਪਾਰਲੀਮੈਂਟ ਸਨ ਅਤੇ ਮੌਜੂਦਾ ਸਮੇਂ ਬਸਪਾ ਦਾ ਇੱਕ ਵੀ ਲੋਕ ਸਭਾ ਮੈਂਬਰ ਨਹੀ। ਇਸ ਦੇ ਬਾਵਜੂਦ ਵੀ ਬਸਪਾ 2 ਨਗਰ ਨਿਗਮਾਂ ਤੇ ਜਿੱਤ ਦਾ ਝੰਡਾ ਬੁਲੰਦ ਕਰਨ ਤੋਂ ਇਲਾਵਾ 29 ਨਗਰ ਕੌਂਸਲਾਂ ਦੇ ਪ੍ਰਧਾਨ ਅਤੇ 45 ਨਗਰ ਪੰਚਾਇਤਾਂ ਦੇ ਚੇਅਰਮੈਨ ਬਣਾਉਣ ਵਿੱਚ ਵਿੱਚ ਕਾਮਯਾਬ ਰਹੀ। ਜਦਕਿ ਇਨ੍ਹਾਂ ਚੋਣਾਂ ਵਿੱਚ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਰੱਖੀ। ਇਨ੍ਹਾਂ ਤੱਥਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮੀਡੀਆ ਭਾਜਪਾ ਦੇ ਹੱਕ ਵਿੱਚ ਮਾਹੌਲ ਤਿਆਰ ਕਰਨ ਦਾ ਕੰਮ ਕਰਦਾ ਹੈ। ਇਸੇ ਤਰਾਂ ਹੀ ਨਗਰ ਕੌਂਸਲ ਦੇ ਪ੍ਰਧਾਨ ਲਈ ਯੂ ਪੀ ਵਿੱਚ ਕੁੱਲ 198 ਸੀਟਾਂ ਲਈ ਵੋਟਿੰਗ ਹੋਈ ਅਤੇ ਭਾਜਪਾ ਸਿਰਫ਼ 70 ਸੀਟਾਂ ਜਿੱਤ ਸਕੀ, ਜਦਕਿ ਨਗਰ ਪੰਚਾਇਤਾਂ ਦੇ ਚੇਅਰਮੈਨ ਲਈ ਕੁੱਲ 438 ਸੀਟਾਂ ਵਿੱਚੋਂ ਭਾਜਪਾ 100 ਸੀਟਾਂ ਜਿੱਤੀ। ਜਦੋਂ ਅਸੀਂ ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹਾਂ ਤਾਂ ਇਸ ਨੂੰ ਹੂੰਝਾ ਫੇਰ ਜਿੱਤ ਨਹੀਂ ਕਿਹਾ ਜਾ ਸਕਦਾ। ਇਨ੍ਹਾਂ ਚੋਣਾ ਵਿੱਚ ਬਾਗਪਤ ਦੇ ਬੜੌਤ, ਬੁਲੰਦ ਸ਼ਹਿਰ ਦੇ ਡੁਬਾਈ, ਬਿਜਨੌਰ ਦੇ ਕਿਰਤਪੁਰ, ਬਸਰਾਉਂ, ਟਾਂਡਾ ਅਤੇ ਸੇਰਕੋਟ ਵਿੱਚ ਭਾਜਪਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਸੇ ਤਰਾਂ ਹੀ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਵਿੱਚ ਰਾਮਪੁਰ, ਸੰਭਲ, ਏਟਾ, ਆਗਰਾ, ਬੀਸਲਪੁਰ ਅਤੇ ਕਨੌਜ ਵਿੱਚ 14 ਥਾਵਾਂ `ਤੇ ਭਾਜਪਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ। ਸਹੀ ਅਤੇ ਬਿਨਾਂ ਪੱਖਪਾਤ ਤੋਂ ਕਵਰੇਜ ਕਰਕੇ ਮੀਡੀਆ ਨੂੰ ਦੇਸ ਹਿਤ ਵਿੱਚ ਕਾਰਜ ਕਰਨਾ ਚਾਹੀਦਾ ਹੈ ਤਾਂ ਕਿ ਪੱਤਰਕਾਰਤਾ ਵਿੱਚ ਜਨਤਾ ਦਾ ਭਰੋਸਾ ਕਾਇਮ ਰਹਿ ਸਕੇ।
ਕੁਲਵੰਤ ਸਿੰਘ ਟਿੱਬਾ
ਸੰਪਰਕ -92179-71379


12/10/17
ਸਰਵਜੀਤ ਸਿੰਘ ਸੈਕਰਾਮੈਂਟੋ

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਨਿਸ਼ਾਨ ਜੀ, ਜਿਵੇ ਕਿ ਆਪ ਜੀ ਜਾਣਦੇ ਹੀ ਹੋ, ਕਿ 2 ਦਸੰਬਰ 2017 ਈ: ਨੂੰ , ਮੈਂ ਈ-ਮੇਲ ਰਾਹੀਂ ਇਕ ਪੱਤਰ ਭੇਜਿਆ ਸੀ ਅਤੇ ਉਹ ਪੱਤਰ “ਸਿੱਖ ਮਾਰਗ” ਉੱਪਰ ਵੀ 3 ਦਸੰਬਰ 2017 ਈ: ਦਿਨ ਐਤਵਾਰ ਨੂੰ ਛਪਿਆ ਸੀ। ਜਿਸ ਰਾਹੀਂ ਮੈਂ ਤੁਹਾਡੀ ਉਹ ਚੁਣੌਤੀ ਪ੍ਰਵਾਨ ਕੀਤੀ ਸੀ ਜੋ ਤੁਹਾਡੀ ਕਿਤਾਬ “ਗੁਰਪੁਰਬ ਦਰਪਣ” (ਦਸੰਬਰ 2016) ਦੇ ਪੰਨਾ 95 ਉੱਪਰ ਦਰਜ ਹੈ। ਮੈਂ ਇਹ ਬੇਨਤੀ ਵੀ ਕੀਤੀ ਸੀ, “ਜੇ ਕਰ ਆਪ ਜੀ ਇਸ ਚੁਣੌਤੀ ਨੂੰ ਵਾਪਸ ਲੈਣਾ ਚਾਹੋ ਤਾਂ, 9 ਦਸੰਬਰ 2017 ਈ: ਦਿਨ ਸ਼ਨਿਚਰਵਾਰ ਤੋਂ ਪਹਿਲਾ-ਪਹਿਲਾ ਵਾਪਸ ਲੈਣ ਦਾ ਐਲਾਨ ਕਰ ਸਕਦੇ ਹੋ”। ਤੁਹਾਡੇ ਵੱਲੋਂ, ਦਿੱਤੇ ਗਏ ਸਮੇਂ ਵਿਚ ਆਪਣੀ ਚੁਣੌਤੀ ਨੂੰ ਵਾਪਸ ਲੈਣ ਲਈ ਕੋਈ ਬਿਆਨ ਨਹੀਂ ਆਇਆ। ਇਸ ਦਾ ਭਾਵ ਹੈ ਕਿ ਤੁਸੀਂ ਅੱਜ ਵੀ ਆਪਣੇ ਦਾਅਵੇ ਤੇ ਕਾਇਮ ਹੋ।
ਅਖ਼ਬਾਰ ਦੀ ਖ਼ਬਰ ਮੁਤਾਬਕ ਤੁਹਾਡਾ ਦਾਅਵਾ ਇਹ ਹੈ, “ ਸ. ਨਿਸ਼ਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਜੇ ਕਰ ਸ. ਪੁਰੇਵਾਲ ਅਤੇ ਉਨ੍ਹਾਂ ਦੀ 11 ਮੈਂਬਰੀ ਕਮੇਟੀ ਕੈਲੰਡਰ ਦੀ ਇਕ ਵੀ ਸੂਰਜੀ ਤਾਰੀਖ ਇਤਿਹਾਸ ਮੁਤਾਬਿਕ ਸਾਬਿਤ ਕਰ ਦੇਣ, ਤਾਂ ਉਹ ਇਕ ਲੱਖ ਰੁਪਏ ਦਾ ਇਨਾਮ ਦੇਣਗੇ”। (ਗੁਰਪੁਰਬ ਦਰਪਣ, ਪੰਨਾ 95)
ਨਿਸ਼ਾਨ ਜੀ, ਪੁਰਾਤਨ ਵਸੀਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਤਾਰੀਖ, ਚੰਦ ਦੇ ਕੈਲੰਡਰ ਮੁਤਾਬਕ ਪੋਹ ਸੁਦੀ 7 ਅਤੇ ਸੂਰਜੀ ਬਿਕ੍ਰਮੀ ਮੁਤਾਬਕ 23 ਦਰਜ ਹੈ। ਕੈਲੰਡਰ ਕਮੇਟੀ ਵੱਲੋਂ, ਜੋ ਮਾਪਦੰਡ ਨਿਰਧਾਰਿਤ ਕੀਤੇ ਗਏ ਸਨ, ਉਹ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਦਰਜ ਹਨ। “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਵੇਗਾ”। ਇਸੇ ਮਾਪਦੰਡ ਮੁਤਾਬਕ ਹੀ ਨਾਨਕਸ਼ਾਹੀ ਕੈਲੰਡਰ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਤਾਰੀਖ 23 ਪੋਹ ਰੱਖੀ ਗਈ ਹੈ।
ਨਿਸ਼ਾਨ ਜੀ, ਆਪਣੀ ਕਿਤਾਬ ਦੇ ਆਰੰਭ ਵਿੱਚ ਹੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀ ਤਾਰੀਖ 23 ਪੋਹ ਦਰਜ ਕੀਤੀ ਹੈ। ਹੁਣ ਜਦੋਂ ਤੁਸੀਂ ਖ਼ੁਦ ਹੀ 23 ਪੋਹ ਨੂੰ ਸਹੀ ਮੰਨਦੇ ਹੋ, ਤਾਂ ਕਿਸੇ ਹੋਰ ਸਬੂਤ ਦੀ ਲੋੜ ਹੀ ਨਹੀਂ ਰਹਿ ਜਾਂਦੀ। ਹੁਣ, ਮੈਂ ਤੁਹਾਡੇ ਵੱਲੋਂ ਰੱਖੇ ਗਏ ਇਕ ਲੱਖ ਦਾ ਦਾਵੇਦਾਰ ਹਾਂ। ਬੇਨਤੀ ਹੈ ਕਿ ਆਪਣੇ ਲਿਖਤੀ ਦਾਅਵੇ ਨੂੰ ਨਿਭਾਉਂਦੇ ਹੋਏ ਇੱਕ ਲੱਖ ਰੁਪਇਆ ਪੁੱਜਦਾ ਕਰਨ ਦੀ ਕ੍ਰਿਪਾਲਤਾ ਕਰੋ ਜੀ।
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
12/10/2017


12/10/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਦੇ ਚਾਨਣ ਵਿੱਚ ਸੰਗਤਿ ਦਾ ਸੰਕਲਪ–੪੦

ਅਵਤਾਰ ਸਿੰਘ ਮਿਸ਼ਨਰੀ (5104325827)

ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭ੍ਹਾ ਤੇ ਸ੍ਰੀ ਗੁਰੂ ਗ੍ਰੰਥ ਕੋਸ਼ ਦੇ ਲੇਖਕ ਡਾ. ਗੁਰਚਰਨ ਸਿੰਘ ਅਨੁਸਾਰ-ਸੰਗ-ਸਾਥ, ਮਿਲਾਪ, ਸਬੰਧ-ਹਰਿ ਇਕਸੈ ਨਾਲਿ ਮੈ ਸੰਗ॥ (ਗੁਰੂ ਗ੍ਰੰਥ) ਸੰਗ-ਸਾਥੀਆਂ ਦਾ ਗਰੋਹ, ਮੰਡਲੀ, ਟੋਲਾ-ਸੰਗ ਚਲਤ ਹੈ ਹਮ ਭੀ ਚਲਨਾ (ਰਵਿਦਾਸ ਜੀ) ਸੰਗਤ-ਸੰਸਕ੍ਰਿਤ ਦਾ ਲਫਜ਼ ਤੇ ਅਰਥ ਹਨ-ਸਭਾ, ਮਜਲਿਸ, ਸਬੰਧ, ਗੁਰਸਿੱਖਾਂ ਦੇ ਜਮਾ ਹੋਣ ਦੀ ਥਾਂ। ਸੰਗਤਿ-ਮਿਲਾਪ, ਸੁਹਬਤ ਅਤੇ ਇਕੱਠ ਆਦਿਕ ਹਨ।

ਡਾ. ਹਰਜਿੰਦਰ ਸਿੰਘ ਦਲਗੀਰ ਅਨੁਸਾਰ-ਸੰਗਤਿ ਲਫਜ਼ ਦੀ ਜੜ ਬੋਧੀ ਸੰਗ ਜੋ ਪਾਲੀ ਬੋਲੀ ਦਾ ਲਫਜ਼ ਤੇ ਅਰਥ ਹੈ ਇਕੱਠੇ ਹੋਣਾ। ਧਰਮ-ਇਕੱਠ ਵਿੱਚ ਬੈਠੇ ਸਿੱਖ। ਗੁਰੂ ਸਾਹਿਬ ਵੇਲੇ ਕਈ ਹਿੱਸਿਆਂ ਵਿੱਚ ਸੰਗਤਾਂ ਕਾਇਮ ਕੀਤੀਆਂ ਜਾਂਦੀਆਂ ਸਨ, ਦਾ ਮਤਲਵ ਸੀ ਕਿਸੇ ਇੱਕ ਇਲਾਕੇ ਦਾ ਸਿੱਖ ਭਾਈਚਾਰਾ। ਧਾਰਮਿਕ ਪੱਖੋਂ ਸੰਗਤ ਦਾ ਭਾਵ ਪਵਿਤ੍ਰ, ਸਾਊ ਤੇ ਵਧੀਆ ਲੋਕਾਂ ਦਾ ਸਾਥ। ਗੁਰਸਿੱਖਾਂ ਨੂੰ ਆਪਣਾ ਵੱਧ ਤੋਂ ਵੱਧ ਸਮਾਂ ਗੁਰਮੁਖਾਂ ਤੇ ਭਲੇ ਪੁਰਖਾਂ ਦੀ ਸੰਗਤਿ ‘ਚ ਬਤਾਉਣਾ ਚਾਹੀਦਾ ਹੈ। ਸੰਗਤ ਲਈ ਸਾਧ ਸੰਗਤ ਲਫਜ਼ ਵੀ ਵਰਤਿਆ ਜਾਂਦਾ ਹੈ ਜੋ ਕਿਸੇ ਸੰਤ ਜਾਂ ਡੇਰੇ ਮੁਖੀ ਲਈ ਨਹੀਂ। ਸਿੱਖ ਧਰਮ ਮੁਤਾਬਿਕ, ਸਭ ਤੋਂ ਚੰਗੀ ਸੰਗਤ ਓਥੇ ਹੈ ਜਿੱਥੇ ਦੂਜਿਆਂ ਨਾਲ ਮਿਲ ਕੇ, ਰੱਬੀ ਸਿਫਤ ਸਲਾਹ ਕੀਤੀ ਜਾਵੇ। ਸੰਗਤ ਦਾ ਰੋਲ ਸਿਰਫ ਧਾਰਮਿਕ/ਰੂਹਾਨੀ ਹੀ ਨਹੀਂ ਸਗੋਂ ਇੱਕ ਸੁਹਿਰਦ ਭਾਈਚਾਰਾ ਵੀ ਹੈ।

ਗੁਰਬਾਣੀ ਅਨੁਸਾਰ ਸੰਗਤਿ-ਸਤ ਸਗਤਿ ਦਾ ਭਾਵ ਜਿੱਥੇ ਇੱਕ ਪ੍ਰਮੇਸ਼ਰ ਦੇ ਨਾਮੁ (ਨਿਯਮ) ਦੀ ਵਿਆਖਿਆ ਹੋਵੇ-ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ (੭੨) ਚੰਗੀ ਸੰਗਤ ਵਿੱਚ ਉਤਮਤਾ, ਚੰਗੇ ਗੁਣ ਮਿਲਦੇ ਅਤੇ ਅਵਗੁਣ ਧੋਤੇ ਜਾਂਦੇ ਹਨ-ਊਤਮ ਸੰਗਤਿ ਊਤਮੁ ਹੋਵੈ॥ ਗੁਣ ਕਉ ਧਾਵੈ ਅਵਗਣ ਧੋਵੈ॥(੪੧੪) ਹੇ ਮਾਇਆ ਦੇ ਪਤੀ ਪ੍ਰਮਾਤਮਾਂ ਜੀ ਸੱਚੀ ਸੰਗਤ ਕਰਨ ਵਾਲਾ ਸੰਸਾਰ ਦੇ ਵਹਿਮਾਂ-ਭਰਮਾਂ ਦੇ ਸਾਗਰ ਤੋਂ ਤਰਦਾ, ਗੁਰੂ ਰਹਿਮਤ ਨਾਲ ਉੱਚ ਅਵਸਥਾ ਦੀ ਪ੍ਰਾਪਤੀ ਹੁੰਦੀ ਅਤੇ ਵਿਕਾਰਾਂ ਤੇ ਔਗੁਣਾਂ ਦੀ ਤਪਸ਼ ਨਾਲ ਸੁੱਕਾ ਹੋਇਆ, ਹਿਰਦਾ ਕਾਸਟ, ਹਰਿਆ ਹੋ ਜਾਂਦਾ ਹੈ-ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੈ ਕਾਸਟ ਹਰਿਆ॥ (੧੦) ਗੁਰੂ ਦੀ ਸੱਚੀ ਸੰਗਤ ਕਰਨ ਵਾਲੇ ਦਾ ਪਿੰਗਲਾ ਮਨ ਅਗਿਆਨਤਾ ਦੇ ਪਰਬਤ ਨੂੰ ਪਾਰ ਕਰਦਾ, ਮੂਰਖ ਚੰਗਾ ਵਕਤਾ, ਮਨ ਦੇ ਅੰਨ੍ਹੇ ਨੂੰ ਸਮੁੱਚੀ ਮਨੁੱਖਤਾ ਵਿੱਚ ਵਸਦੇ ਰੱਬ ਦਾ ਗਿਆਨ ਹੋ ਜਾਂਦਾ ਹੈ-ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ॥ ਅੰਧੁਲੇ ਤ੍ਰਿਭਵਣ ਸੂਝਿਆ, ਗੁਰ ਭੇਟਿ ਪੁਨੀਤਾ॥੧॥(੮੦੯) ਜਿਵੇਂ ਚੰਦਨ ਦੇ ਨਿਕਟੀ ਹਿਰੰਡ ਵਿੱਚ ਵੀ ਚੰਦਨ ਦੀ ਖੁਸ਼ਬੋ ਆ ਜਾਂਦੀ ਹੈ ਇਵੇਂ ਹੀ ਪਤਿਤ ਭਾਵ ਵਿਕਾਰਾਂ ਵਿੱਚ ਦੁਰਗੰਧਤ ਮਨੁੱਖ ਪਵਿਤ੍ਰ ਹੋ ਪ੍ਰਵਾਨ ਹੋ ਜਾਂਦਾ ਹੈ-ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ, ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ॥੩॥ (੮੬੧) ਸੱਚੇ ਮਾਰਗ ਤੇ ਚੱਲਣ ਵਾਲਿਆਂ ਗੁਰਮੁਖਾਂ ਦੀ ਸੰਗਤ ਕਰਕੇ ਈਰਖਾ ਵੈਰ ਆਦਿਕ ਦੀ ਪਰਾਈ ਤਾਤ ਖਤਮ ਹੋ ਜਾਂਦੀ, ਕੋਈ ਵੈਰੀ, ਬੇਗਾਨਾ ਨਹੀਂ ਦਿਸਦਾ ਸਭ ਨਾਲ ਮਿਤ੍ਰਤਾ ਬਣ ਜਾਂਦੀ ਹੈ-ਬਿਸਰਿ ਗਈ ਸਭ ਤਾਤਿ ਪਰਾਈ॥ ਜਬਤੇ ਸਾਧਸੰਗਤਿ ਮੋਹਿ ਪਾਈ॥ ਨਾ ਕੋ ਬੈਰੀ ਨਹੀਨ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ॥੧॥(੧੨੯੯) ਸਤਸੰਗਤਿ ਸਤਿਗੁਰੂ ਦੀ ਇੱਕ ਪਾਠਸ਼ਾਲਾ ਸਕੂਲ ਹੈ ਜਿੱਥੇ ਰੱਬੀ ਗੁਣ ਸਿੱਖੇ ਜਾਂਦੇ ਹਨ-ਸਤਸੰਗਤਿ ਸਤਿਗੁਰ ਚਟਸਾਲ ਹੈ, ਜਿਤੁ ਹਰਿ ਗੁਣ ਸਿੱਖਾ॥(੧੩੧੬) ਕਬੀਰ ਜੀ ਫੁਰਮਾਂਦੇ ਹਨ ਕਿ ਭਲੇ ਪੁਰਖ ਦੀ ਹੀ ਸੰਗਤਿ ਕਰੀਏ ਜੋ ਅੰਤ ਨਿਰਬਾਹ ਤੇ ਸਾਕਤ (ਗੰਦੇ) ਮਨੁੱਖ ਦੀ ਸੰਗਤ ਵਿਨਾਸ਼, ਹਾਨੀ ਤੇ ਤਬਾਹੀ ਕਰਦੀ ਹੈ-ਕਬੀਰ ਸੰਗਤਿ ਕਰੀਐ ਸਾਧ ਕੀ, ਅੰਤਿ ਕਰੈ ਨਿਰਬਾਹੁ॥ ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ॥੯੩॥ (੧੩੬੯)

ਭਾਈ ਗੁਰਦਾਸ ਜੀ ਅਨੁਸਾਰ-ਭਾਈ ਸਾਹਿਬ ਦਰਸਾਂਦੇ ਹਨ ਕਿ ਜਿਵੇਂ ਜਰਾ ਕੁ ਖੱਟੇ ਦੀ ਜਾਗ ਨਾਲ ਦੁੱਧ ਤੋਂ ਦਹੀਂ ਤੇ ਤਨਕ ਹੀ ਕਾਂਜੀ ਨਾਲ ਦੁੱਧ ਫਟ ਜਾਂਦਾ ਹੈ। ਜਰਾ ਜਿੰਨ੍ਹਾਂ ਬੋਹੜ ਦਾ ਬੀਜ ਬੀਜਣ ਨਾਲ ਉੱਗ ਕੇ ਵੱਡਾ ਵਿਸਥਾਰ ਤੇ ਤਨਕ ਮਾਤ੍ਰ ਅੱਗ ਨਾਲ ਸੜ ਕੇ ਸਵਾਹ ਹੋ ਜਾਂਦਾ ਹੈ। ਰਤੀ ਮਾਤ੍ਰ ਜ਼ਹਿਰ ਖਾਣ ਨਾਲ ਮੌਤ ਤੇ ਤਨਕ ਹੀ ਗੁਰ ਉਪਦੇਸ਼ ਰੂਪ ਨਾਮ ਅੰਮ੍ਰਿਤ ਨਾਲ ਅਮਰ ਜਿੰਦਗੀ ਮਿਲਦੀ ਹੈ। ਇਵੇਂ ਹੀ ਗੁਰਮੁਖਾਂ ਦੀ ਸੰਗਤ ਪਤੀਬਰਤਾ ਉਪਕਾਰ ਤੇ ਮਨਮੁੱਖਾਂ ਦੀ ਵਿਕਾਰਾਂ ਸੰਗ ਵੇਸਵਾ ਨੁਮਾ ਹੈ-

ਤਨਿਕ ਹੀ ਜਾਮਨ ਕੈ ਦੂਧ ਦਧਿ ਹੋਤ ਜੈਸੇ, ਤਨਿਕ ਹੀ ਕਾਂਜੀ ਪਰੈ ਦੂਧ ਫਟ ਜਾਤ ਹੈ।

ਤਨਿਕ ਹੀ ਬੀਜ ਬੋਇ ਬਿਰਖ ਬਿਥਾਰ ਹੋਇ, ਤਨਕਿ ਹੀ ਚਿੰਣਗ ਪਰੈ ਭਸਮ ਹਵੈ ਸਮਾਤ।

ਤਨਿਕ ਹੀ ਖਾਏ ਬਿਖ ਹੋਤ ਹੈ ਬਿਨਾਸ ਕਾਲ, ਤਨਕਿ ਹੀ ਅੰਮ੍ਰਿਤ ਕੈ ਅਮਰ ਹਵੈ ਜਾਤ ਹੈ।

ਸੰਗਤਿ ਅਸਾਧੁ ਸਾਧੁ ਗਣਿਕਾ ਬਿਵਾਹਿਤਾ ਜਿਉ, ਤਨਕਿ ਹੀ ਮੈ ਉਪਕਾਰ ਔ ਬਿਕਾਰ ਘਾਤ ਹੈ।੧੭੪।

ਜਿਵੇਂ ਮਾਰ ਦੇ ਡਰ ਤੋਂ ਵੀ, ਚੋਰ ਚੋਰੀ ਨਹੀਂ ਛਡਦਾ ਤੇ ਡਾਕੂ ਡਾਕੂਆਂ ਦਾ ਸੰਗ ਹੀ ਤੱਕਦਾ ਹੈ। ਬੇਸਵਾਗਾਮੀ ਰਤੀ ਮਾਤ੍ਰ ਸ਼ਰਮ ਨਹੀਂ ਕਰਦਾ ਤੇ ਜੂਏਬਾਰ ਸਭ ਕੁਝ ਹਾਰ ਕੇ ਵੀ ਥੱਕਦਾ ਨਹੀਂ। ਲੋਕਾਂ ਦੀਆਂ ਲਾਹਨਤਾਂ ਦੇ ਬਾਵਜੂਦ ਵੀ ਅਮਲੀ ਨਸ਼ਾ ਨਹੀਂ ਤਿਆਗਦਾ ਸਗੋਂ ਸਭ ਮੰਦਾ ਚੰਗਾ ਸੁਣਦਾ ਛਕੀ ਜਾਂਦਾ ਹੈ। ਇਵੇਂ ਹੀ ਨੀਚ ਪਾਮਰ ਕੁਸੰਗਤ ਨਹੀਂ ਛਡਦਾ ਤੇ ਫਿਰ ਗੁਰਸਿੱਖ ਸਤਸੰਗਤਿ ਕਿਵੇਂ ਛੱਡ ਸਕਦਾ ਹੈ?-

ਮਾਰਬੇ ਕੋ ਤ੍ਰਾਸ ਦੇਖ ਚੋਰ ਨ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹਵੈ ਤਕਤ ਹੈ।

ਵੇਸਵਾਰਤਿ ਬ੍ਰਿਥਾ ਭਏ ਮਨ ਮੈ ਨ ਸ਼ੰਕਾ ਮਾਨੈ, ਜੁਆਰੀ ਨ ਸਰਬਸ ਹਾਰੇ ਸੇ ਥਕਤ ਹੈ।

ਅਮਲੀ ਨ ਅਮਲ ਤਜਤ ਜਯੋਂ ਧਿਕਾਰ ਕੀਏ, ਦੋਖ ਦੁੱਖ ਲੋਗ ਬੇਦ ਸੁਣਤ ਛਕਤ ਹੈ।

ਅਧਮ ਅਸਾਧੁ ਸੰਗ ਛਾਡਿਤ ਨ ਅੰਗੀਕਾਰ, ਗੁਰਸਿੱਖ ਸਾਧੁ ਸਂਗ ਛਾਡ ਜਿਉਂ ਸਕਤ ਹੈ।(੩੨੩)

ਭਾਈ ਨੰਦ ਲਾਲ ਜੀ-ਹੇ ਮਿਤ੍ਰ ਜੇ ਤੈਨੂੰ ਭਲੇ ਲੋਕਾਂ ਦਾ ਸੰਗ ਮਿਲੇ ਤਾਂ ਅਬਿਨਾਸ਼ੀ ਧੰਨ ਦੀ ਪ੍ਰਾਪਤੀ ਹੋਵੇ-ਸੁਹਬਤੇ ਨੇਕਾਂ ਅਗਰ ਬਾਸ਼ਦ ਨਸੀਬ। ਦੌਲਤੇ ਜਾਵੀਦ ਯਾਬੀ ਐ ਹਬੀਬ॥੯॥(ਜਿੰਦਗੀ ਨਾਮਹ) ਸਤਸੰਗਤ ਦੇ ਪ੍ਰਭਾਵ ਕਰਕੇ ਮੈਂ ਧੂੜ ਦੇ ਕਿਣਕੇ ਨੂੰ ਸੰਸਾਰ ਦਾ ਸੂਰਜ ਹੋਇਆ ਡਿੱਠਾ ਹੈ-ਜ਼ਰੱਹ ਰਾ ਦੀਦਮ ਕਿ ਖੁਰਸ਼ੀਦੇ ਜਹਾ। ਸ਼ੁਦ ਜ਼ਿ ਫੈਗ਼ੇ ਸੁਹਬਤੇ ਸਾਹਿਬ ਦਿਲਾਂ॥੧੨੮॥ ਜੋ ਪ੍ਰਭੂ ਪਿਆਰਿਆਂ ਦੀ ਸੰਗਤਿ ਵਿੱਚ ਹੈ, ਦੋਹਾਂ ਲੋਕਾਂ ਦੀ ਮਾਇਆ ਉਸ ਦੇ ਘਰ ਹੈ-ਈਂ ਹਮਹ ਅਜ਼ ਸੁਹਬਤੇ ਮਰਦਾਨਿ ਓਸਤ। ਦੌਲਤੇ ਹਰ ਦੋ ਜ਼ਹਾਂ ਦਰ ਖਵਾਨੇ ਓਸਤ॥੧੯੬॥ ਉਹ ਸਤਸੰਗਤਿ ਧੰਨ ਹੈ ਜਿਸ ਨੇ ਧੂੜਿ ਨੂੰ ਰਸਾਇਣ ਬਣਾ ਦਿੱਤਾ ਤੇ ਨਿਕੰਮੇ ਮੂਰਖ ਨੂੰ ਮਹਾਂ ਚਤੁਰ ਕਰ ਦਿੱਤਾ ਹੈ-ਐ ਜ਼ਹੈ ਸੁਹਬਤ ਕਿ ਖਾਕ ਅਕਸੀਰ ਕਰਦ। ਨਾਕਸੇ ਰਾ ਸਾਹਿਬੇ ਤਦਬੀਰ ਕਰਦ॥੨੬੭॥ ਉਹ ਇਕੱਠ ਭਲਾ ਹੈ ਜੋ ਸੱਚਾ ਜੀਵਨ ਹਾਸਲ ਕਰਨ ਲਈ ਤੇ ਉਹ ਜੋੜ ਮੇਲ ਅੱਛਾ ਹੈ ਜੋ ਰੱਬੀ ਬੰਦਗੀ ਵਾਸਤੇ ਹੈ-ਆਂ ਹਜ਼ੂਮੇ ਖੁਸ਼ ਕਿ ਬਹਿਰਿ ਜਿੰਦਗੀਸਤ। ਆਂ ਹਜੂਮੇ ਖੁਸ਼ ਕਿ ਮਹਿਜੇ ਬੰਦਗੀਸਤ॥੨੩॥

ਇਵੇਂ ਸੰਗਤ ਦੇ ਕਈ ਰੂਪ ਹਨ ਜਿਵੇਂ-ਸੱਚੇ ਗੁਰੂ ਦੀ ਸੰਗਤ, ਸ਼ਬਦ ਗੁਰਬਾਣੀ ਦੀ ਸੰਗਤ, ਸੱਚੇ-ਸੁੱਚੇ ਵਿਚਾਰਾਂ ਦੀ ਸੰਗਤ, ਰਾਗ ਤੇ ਗੀਤਾਂ ਰਾਹੀਂ ਸੱਚ ਦੀ ਸੰਗਤ, ਰੇਡੀਓ-ਟੀਵੀ ਤੇ ਚੰਗੇ ਤੇ ਉਸਾਰੂ ਪ੍ਰੋਗਰਾਮ ਵੇਖਣ ਤੇ ਵਾਚਣ ਦੀ ਸੰਗਤ, ਖੇਡਾਂ ਵਿੱਚ ਚੰਗੀਆਂ ਖੇਡਾਂ ਤੇ ਚੰਗੇ ਖਿਡਾਰੀਆਂ ਦੀ ਸੰਗਤ, ਸੱਚ ਧਰਮ ਤੇ ਮਨੁੱਖਤਾ ਖਾਤਰ ਸ਼ਹੀਦ ਹੋਏ ਪ੍ਰਵਾਨਿਆਂ ਦੀ ਯਾਦਾਸ਼ਤੀ ਸੰਗਤ, ਗੁਰਮੁੱਖਾਂ-ਭਲੇ ਪੁਰਖਾਂ ਦੀ ਸੰਗਤ, ਚੰਗੇ ਗ੍ਰੰਥ ਅਤੇ ਚੰਗੀਆਂ ਪੁਸਤਕਾਂ ਪੜ੍ਹਨ ਦੀ ਸੰਗਤ ਅਤੇ ਆਪਣੇ ਕੰਮ-ਕਾਰ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਆਦਿਕ ਸ਼ੁਭ ਕਰਮਾਂ ਦੀ ਸੰਗਤ ਨਾਲ ਜੀਵਨ ਵਿਕਾਰਾਂ ਤੋਂ ਬਚਿਆ, ਉਸਾਰੂ ਤੇ ਚੜਦੀ ਕਲਾ ਨਾਲ ਬੀਤਦਾ ਹੈ। ਜਿਸ ਇਕੱਠ ਵਿੱਚ ਸੱਚ ਦੀ ਥਾਂ ਝੂਠ ਤੇ ਜਥਾਰਥ ਦੀ ਥਾਂ ਮਿਥਿਹਾਸਕ ਤੇ ਮਨਘੜਤ ਵਿਚਾਰਾਂ ਕੀਤੀਆਂ ਤੇ ਲੋਟੂ ਡੇਰੇਦਾਰ ਸਾਧਾਂ ਸੰਤਾਂ ਦੀਆਂ ਦੰਦ ਕਥਾਵੀ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਵਹਿਮਾਂ-ਭਰਮਾਂ, ਜਾਦੂ ਟੂਣਿਆਂ, ਭੂਤਾਂ-ਪ੍ਰੇਤਾਂ ਆਦਿਕ ਅੰਧਵਿਸ਼ਵਾਸ਼ਾਂ ਅਤੇ ਥੋਥੇ ਕਰਮਕਾਂਡਾਂ ਦੀ ਕੋਝੀ ਤੇ ਬੇ ਬੁਨਿਆਦ ਸਿਖਿਆ ਦਿੱਤੀ ਜਾਂਦੀ ਹੈ, ਉਸ ਨੂੰ ਸਤਸੰਗਤਿ ਨਹੀਂ ਕਿਹਾ ਜਾ ਸਕਦਾ। ਸੋ ਸੰਗਤ ਵੀ ਸੁਚੇਤ ਹੋ ਕੇ ਕਰਨੀ ਚਾਹੀਦੀ ਹੈ।

*********************************************

ਝਗੜੇ ਖਾਣ ਪੀਣ ਦੇ ਜਿੰਨਾਂ ਚੋ ਮਾਸ ਦਾ ਰੌਲਾ

ਅਵਤਾਰ ਸਿੰਘ ਮਿਸ਼ਨਰੀ (5104325827)

ਮਾਸ ਕੋਈ ਖਾਵੇ ਜਾਂ ਨਾਂ ਖਾਵੇ ਪਰ ਪਾਣੀ ਤਾਂ ਸਾਰੇ ਪੀਂਦੇ ਹਨ। ਪਾਣੀ ਦੁਨੀਆਂ ਦਾ ਪਹਿਲਾ ਜੀਵ ਹੈ-ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ।।(ਗੁਰੂ ਗ੍ਰੰਥ) ਫਿਰ ਜਿਹੜੇ ਮਾਸ ਖਾਣ ਵਾਲੇ ਹਨ ਉਹ ਵੀ ਸਾਹ ਲੈਂਦੇ ਹਨ ਜੋ ਹਵਾ ਵਿੱਚ ਮਿਕਸ ਹੋ ਜਾਂਦਾ ਅਤੇ ਸਾਹ ਰਾਹੀਂ ਨਾਂ ਖਾਣ ਵਾਲ਼ਿਆਂ ਦੇ ਅੰਦਰ ਵੀ ਚਲਿਆ ਜਾਂਦਾ ਹੈ ਫਿਰ ਰਣਜੀਤ ਸਿੰਘ ਸਾਬਕਾ ਜਥੇਦਾਰ ਕਿਹੜੀ ਦੁਨੀਆਂ ਵਿੱਚ ਸਾਹ ਲੈਂਦੇ ਹਨ ਜੋ ਮਾਸਾਹਾਰੀਆਂ ਨੂੰ ਭੰਡਦੇ ਹਨ? ਮਾਸ ਵਿਰੋਧੀ ਪ੍ਰਚਾਰਕ ਜਾਂ ਕਥਾਵਾਚਕ ਮਾਸ ਖਾਣ ਵਾਲ਼ਿਆਂ ਦੇ ਪੈਸੇ, ਡਾਲਰ ਅਤੇ ਭੇਟਾਵਾਂ ਕਿਉਂ ਲੈਂਦੇ ਹਨ? ਕੀ ਇਹ ਦੱਸਣਗੇ ਕਿ ਦੁਨੀਆਂ ਦਾ ਕੋਈ ਦੇਸ਼ ੧੦੦% ਵੈਸ਼ਨੂੰ ਹੈ? ਮਾਸ ਖਾਣ ਜਾਂ ਨਾਂ ਖਾਣ ਪਰ ਸਿੱਖ ਵੈਸ਼ਨੂੰ ਨਹੀਂ ਹਨ। ਅਸਲੀ ਵੈਸ਼ਨੂੰ ਤਾਂ ਉਹ ਹੈ-ਕਹੁ ਨਾਨਕ ਨਾਨਕ ਜਿਨ ਤਜੇ ਵਿਕਾਰ॥ ਸੋ ਵੈਸ਼ਨੋ ਹੈ ਅਪਰ ਅਪਾਰ॥ ਸਿੰਘ ਦਾ ਅਰਥ ਸ਼ੇਰ ਹੈ ਜੋ ਮਾਸਾਹਾਰੀ ਹੈ ਉਹਦੀ ਥਾਂ ਤੇ ਗਊ ਜੋ ਸਾਕਾਹਾਰੀ ਹੈ ਫਿਰ ਨਾਮ ਦੇ ਪਿੱਛੇ ਸਿੰਘ ਦੀ ਥਾਂ ਗਾਂ ਜਾਂ ਗਊ ਕਿਉਂ ਨਹੀਂ ਲਿਖ ਲੈਂਦੇ?


12/10/17
ਦਲੇਰ ਸਿੰਘ ਜੋਸ਼ ਲੁਧਿਆਣਾ

ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ
ਸ਼ਬਦ ਦੀ ਸਮੀਖਿਆ
ਅੱਜ ਕੱਲ ਜਿਤਨਾਂ ਮਨਮੱਤ ਦਾ ਜ਼ੋਰ ਹੈ ਸ਼ਾਇਦ ਉਤਨਾਂ ਪਹਿਲੇ ਸਮਿਆ ਵਿੱਚ ਨਾ ਹੋਵੇ ਕਦੀ ਕਦਾਈਂ ਕੋਈ ਮੇਲਾ ਲਗਨਾ ਜਾਂ ਧਾਰਮਿਕ ਇਕੱਠ ਹੋਣਾ ਲੋਕਾ ਚਾਈ ਚਾਈ ਉਸ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰਨੀ। ਕਿਤੇ ਅਖੰਡਪਾਠ ਰਖਿਆ ਜਾਣਾ ਜਾਂ ਭੋਗ ਪੈਣਾ ਤਾਂ ਲੋਕਾਂ ਦੇ ਮਨ ਵਿੱਚ ਚਾਅ ਪੈਦਾ ਹੋ ਜਾਣਾ। ਚਲੋ ਭਾਈ ਕੁੱਝ ਬਾਣੀ ਸੁਣਾਗੇ ਦੁਨੀਆਂ ਦੇ ਧੰਧੇ ਤਾਂ ਕਰਦੇ ਹੀ ਰਹਿੰਦੇ ਹਾਂ ਅੱਜ ਦਾ ਦਿਨ ਗੁਰੂ ਦੇ ਲੇਖੇ ਲਾ ਆਈਏ। ਅਖੰਡਪਾਠ ਰਖਾਉਣ ਵਾਲੇ ਭਾਵੇ ਨਾ ਭੀ ਬੁਲਾਉਣ ਫਿਰ ਭੀ ਮਨ ਵਿੱਚ ਗੁਰੁ ਪ੍ਰਤੀ ਪਿਆਰ ਸ਼ਰਧਾ ਭਾਵਨਾ ਹੁੰਦੀ ਸੀ। ਮੈ ਵੇਖਿਆ ਬਚਪਨੇ ਵਿੱਚ ਬਜੁਰਗਾਂ ਨੇ ਕਿਤੇ ਲੰਗਰ ਵਰਤਣਾ ਤੇ ਇੱਕ ਪ੍ਰਸ਼ਾਦਾ ਉਹਨਾਂ ਨਾਲ ਲੈ ਆਉਣਾ ਤੇ ਰਾਹ ਵਿੱਚ ਜਿਹੜਾ ਭੀ ਮਿਲੇ ਤਾਂ ਉਸਨੂੰ ਥੋੜਾ ਥੋੜਾ ਦੇਂਦੇ ਜਾਣਾ ਲੈ ਬਾਈ ਇਹ ਲੰਗਰ ਦਾ ਪ੍ਰਸ਼ਾਦਾ ਹੈ ਲੋਕਾਂ ਨੇ ਭੀ ਬੜੀ ਸ਼ਰਧਾ ਭਾਵਨਾਂ ਨਾਲ ਸਿਰ ਢੱਕ ਕੇ ਪੂਰੇ ਅਦਬ ਨਾਲ ਉਹ ਬੁਰਕੀ ਭਰ ਲੰਗਰ ਮਸਤਕ ਨਾਲ ਲਾਕੇ ਛਕਣਾ। ਕਿਤਨਾ ਪਿਆਰ ਤੇ ਸਤਿਕਾਰ ਲੋਕ ਕਰਦੇ ਸਨ ਇਹਨਾਂ ਸ਼ਬਦਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਬਰ੍ਹਾਮਣ ਨੇ ਭੋਲੀ ਭਾਲੀ ਜਨਤਾਂ ਨੂੰ ਅਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਆਪਣੇ ਪਿਛੇ ਲਾ ਲਿਆ ਲੋਕ ਉਹੀ ਕੁੱਝ ਕਰਦੇ ਗਏ ਜੋ ਬਰ੍ਹਾਮਣ ਦੇਵਤਾ ਜੀ ਨੇ ਫੁਰਮਾਨ ਕੀਤਾ। ਮੈਨੂੰ ਇੱਕ ਗਾਥਾ ਚੇਤੇ ਵਿੱਚ ਆਈ ਕਿ ਇੱਕ ਪੰਡਤ ਦੇ ਘਰ ਵਾਲੀ ਕਹਿਣ ਲਗੀ ਮਹਾਰਜ਼ ਪੰਡਤ ਜੀ ਕੋਈ ਵਸੀਲਾ ਕਰੋ ਕਿ ਘਰ ਦਾ ਹੀ ਦੁਧ ਹੋ ਜਾਵੇ ਮੁਲ ਲੈ ਕੇ ਕਿਵੇ ਗੁਜਾਰਾ ਹੋਉ। ਪੰਡਤ ਜੀ ਕਹਿਣ ਲਗੇ ਭਾਗਵਾਨੇ ਤੂ ਪਹਿਲਾਂ ਕਿਉ ਨਹੀ ਗੱਲ ਕੀਤੀ ਇਸਦਾ ਜੁਗਾੜ ਤਾਂ ਮੈ ਹੁਣ ਭੀ ਕਰ ਦੇਵਾਂਗਾ। ਪੰਡਤ ਜੀ ਦੇ ਘੱਰ ਅਗੋਂ ਬੰਤਾਂ ਸਿੰਘ ਲੰਘੀ ਜਾ ਰਿਹਾ ਸੀ ਪੰਡਤ ਜੀ ਰੋਕ ਕੇ ਬਹਿ ਗਏ। ਕਹਿਣ ਲਗੇ ਬੰਤਿਆ ਰਾਤ ਤੇਰਾ ਪਿਉ ਮੇ ਸੁਪਨੇ ਵਿੱਚ ਦੇਖਿਆ ਉਹ ਤਾਂ ਅਜੇ ਭੀ ਵਿਚਾਰਾ ਬੈ-ਤਰਨੀ ਨਦੀ ਦੇ ਕਿਨਾਰੇ ਤੇ ਹੀ ਖੜਾ ਹੈ ਪਾਰ ਨਹੀ ਲੰਘ ਸਕਿਆ; ਪੰਡਤ ਜੀ ਇਹ ਤਾਂ ਮਾੜੀ ਗੱਲ ਜੇ ਮੇਰਾ ਬਾਪ ਅਜੇ ਭੀ ਉਸ ਨਦੀ ਤੇ ਕੰਢੇ ਤੇ ਖੜਾ ਹੈ ਤਾਂ ਤੁਸੀ ਪਾਰ ਲੰਘਾ ਦੇਣਾ ਸੀ। ਪੰਡਤ ਜੀ ਕਹਿਣ ਲਗੇ ਬੰਤਿਆਂ ਉਸ ਨਦੀ ਤੋਂ ਪਾਰ ਜਾਣ ਲਈ ਗਉਂ ਮਾਤਾ ਦੀ ਪੂਛ ਪਕੜ ਕੇ ਹੀ ਪਾਰ ਜਾਇਆ ਜਾ ਸਕਦਾ ਹੈ। ਇਸ ਲਈ ਤੈਨੂੰ ਕੋਈ ਲਵੇਰੀ ਗਾਂ ਦਾ ਪਰਬੰਧ ਕਰਨਾ ਪਵੇਗਾ। ਉਹ ਤਾਂ ਪੰਡਤ ਜੀ ਅਪਣੀ ਗਾਂ ਤਾਜ਼ੀ ਸੂਈ ਹੈ। ਬਸ ਗੱਲ ਬਣ ਗਈ ਤੂੰ ਗਾਂ ਸਮੇਤ ਵੱਛੈ ਇਥੇ ਛੱਡ ਜਾਹ ਮੈ ਤੇਰੇ ਬਾਪ ਨੂੰ ਇਸ ਗਾਂ ਦੇ ਸਦਕੇ ਪਾਰ ਕਰ ਦੇਵਾਂਗਾ ਵਿਚਾਰਾ ਬੰਤਾ ਪਿਉ ਨੁੰ ਬੈ-ਤਰਨੀ ਤੋਂ ਪਾਰ ਕਰਾਉਣ ਲਈ ਗਾਂ ਤੇ ਵੱਛੇ ਨੂੰ ਪੰਡਤ ਦੇ ਅਗੇ ਲਾ ਦਿਤੀ। ਬਸ ਜਟ ਦੇ ਘਰ ਜੋ ਲੱਸੀ ਪਾਣੀ ਚਲਦਾ ਸੀ, ਉਹ ਪੰਡਤ ਘੱਰ ਮੋਜਾਂ ਹੋਣ ਲੱਗ ਪਈਆ। ਹੁਣ ਤਾਂ ਬੰਤੇ ਨੂੰ ਚਾਹ ਵਾਸਤੇ ਭੀ ਦੁਧ ਮੁਲ ਹੀ ਲਿਆਉਣਾ ਪਿਆ ਕਰੇ ਲੱਸੀ ਕਿਥੋਂ ਲੱਭਨੀ ਸੀ। ਹਫਤਾ ਦੱਸ ਦਿਨ ਜੱਟ ਦੀ ਘੱਰ ਵਾਲੀ ਨੇ ਬੜੀ ਮੁਸ਼ਕਲ ਨਾਲ ਕਢਿਆ ਕਹਿਣ ਲਗੀ ਕਿੰਨੀ ਮੌਜ਼ ਸੀ ਘੱਰ ਦੇ ਦੁਧ ਦੀ ਬੰਤੇ ਨੇ ਵੇਖਿਆ ਨਾ ਤਾਂ ਚਾਹ ਹੀ ਚੱਜ ਦੀ ਮਿਲਦੀ ਹੈ ਤੇ ਨਾ ਹੀ ਰੋਟੀ ਚੋਪੜੀ ਬੜਾਂ ਔਖਾ ਹੈ। ਇਸ ਢੰਗ ਨਾਲ ਇਹ ਧਰਮ ਦੇ ਠੇਕੇਦਾਰ ਲੋਕਾਂ ਨੂੰ ਅਪਣੇ ਪਿਛੇ ਲਾਕੇ ਜੋ ਕੁੱਝ ਕਰਵਾਉਣਾ ਚਾਹੁਣ ਉਹ ਕਰਵਾਈ ਜਾਂਦੇ ਹਨ।
ਸਾਡੇ ਭੀ ਧਰਮ ਦੇ ਪੁਜਾਰੀਆਂ ਤੇ ਡੇਰੇਦਾਰਾ ਨੇ ਲੋਕਾਂ ਨੂੰ ਇਤਨੀਆਂ ਕੂ ਅਨਮੱਤਾਂ ਨਾਲ ਜੋੜ ਦਿਤਾ ਹੈ ਕਿ ਜਗਿਆਸੂ ਸਮਝਦਾ ਹੈ ਕਿ ਜੇ ਬਾਬਿਆਂ ਦੇ ਕਹੇ ਅਨੁਸਾਰ ਨਾ ਕੀਤਾ ਤਾਂ ਕੋਈ ਨਾ ਕੋਈ ਬਿਘਨ ਜਰੂਰ ਪੈ ਜਾਉ। ਅਖੰਡਪਾਠ ਕਰਵਾਉਣਾ ਹੈ ਤਾਂ ਨਾਲ ਜੋਤ ਜਰੂਰ ਬਾਲੋ ਜੀ। ਦੂਸਰਾ ਬਾਬਾ ਕਹਿੰਦਾ ਕਿ ਕੁੰਭ ਰਖੋ ਤੀਸਰਾ ਸਲਾਹ ਦੇਂਦਾ ਕਿ ਨਾਲ ਜਪੁ ਜੀ ਸਾਹਿਬ ਦਾ ਪਾਠ ਅਰੰਭ ਕਰੋ ਚਾਉਥਾ ਬਾਬਾ ਕਹਿੰਦਾ ਸੰਪਟ ਲਾਉਣ ਤੋ ਬਿਨਾਂ ਤਾਂ ਆਪ ਜੀ ਦੀਆਂ ਕਾਮਨਾਵਾਂ ਪੂਰੀਆਂ ਨਹੀ ਹੋਣ ਲਗੀਆਂ ਹੁਣ ਜਗਿਆਸੂ ਵਿਚਾਰਾ ਕੀ ਕਰੇ ਵਿਚਾਰੇ ਬੰਤੇ ਵਾਂਗ ਗਾਂ ਖੋਲ ਕੇ ਦੇਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀ। ਬਾਬਾ ਜੀ ਸੰਪਟ ਜਰੂਰ ਲਾ ਲਉ ਜੀ। ਇਸ ਢੰਗ ਨਾਲ ਮਨਮਤਾਂ ਦਾ ਪ੍ਰਚਾਰ ਸਾਡੇ ਵਿੱਚ ਭੀ ਹੁੰਦਾ ਹੋਇਆ ਇਤਨਾਂ ਪਸਰ ਗਿਆ ਕਿ ਅਸੀ ਗਿਆਨ ਦੀਆਂ ਅੱਖੀਆਂ ਹੀ ਨਾ ਖੋਲੀਆਂ ਤੇ ਮਤਲਬੀ ਲੋਕਾਂ ਨੇ ਸਾਡੀ ਗੁਰਮਤਿ ਮਰਿਆਦਾ ਦੀ ਖਿਚੜੀ ਬਣਾ ਕੇ ਰੱਖ ਦਿਤੀ।
ਪਾਠ ਦੀ ਅਰੰਭਤਾ ਹੋਈ ਬਹੁਤ ਵਧੀਆਂ ਪਹਿਲਾ ਦਿਨ ਤੇ ਰਾਤ ਬਤੀਤ ਹੋਏ ਦੂਜੇ ਦਿਨ ਸ਼ਾਮ ਨੂੰ ਲੰਗਰ ਪਰਸ਼ਾਦ ਛਕਦੇ ਪਾਠੀ ਸੱਜਨ ਇਕਠੇ ਬੈਠੇ ਸਨ ਕਿ ਰੌਲ ਤੇ ਬੈਠਾ ਪਾਠੀ ਰਾਮਕਲੀ ਰਾਗ ਦੀ ਪਹਿਲੀ ਵਾਰ ਦਾ ਪਾਠ ਪੱੜ ਰਿਹਾ ਸੀ ਜਦੋਂ ਹੀ ਪਹਿਲੀ ਪੌੜੀ ਨਾਲ ਵਾਹੁ ਵਾਹੁ ਸਚੇ ਪਾਤਿਸਾਹ ਤੂੰ ਸਚੀ ਨਾਈ ਪੱੜ ਕੇ ਦੂਜੀਆਂ ਪੌੜੀਆਂ ਨਾਲ ਇਸ ਪੰਕਤੀ ਦਾ ਉਚਾਰਨ ਨਾ ਕੀਤਾ ਤਾਂ ਇੱਕ ਸੰਤ ਸੇਵੀ ਪਾਠੀ ਕਹਿਣ ਲਗਾ ਹਰਬੰਸ ਸਿੰਹਾਂ ਤੇਰਾ ਪਾਠ ਤਾਂ ਖੰਡਨ ਹੋ ਗਿਆ ਹੈ ਇਸ ਪਾਠੀ ਨੇ ਵਾਹੁ ਵਾਹੁ ਸਚੇ ਪਾਤਿਸਾਹ ਤੂੰ ਸਚੀ ਨਾਈ ਬਾਕੀਆਂ ਪੌੜੀਆਂ ਨਾਲ ਨਹੀ ਪੱੜੀਆਂ। ਘੱਰ ਵਾਲਿਆਂ ਦੇ ਮਨ ਵਿੱਚ ਇੱਕ ਵਹਿਮ ਪੈਦਾ ਕਰ ਦਿਤਾ ਕਿ ਪਾਠ ਖੰਡਨ ਹੋ ਗਿਆ। ਹੁਣ ਉਹ ਪਰਵਾਰ ਕਿਸੇ ਬਾਬੇ ਦੇ ਹੱਥੀ ਚੱੜ ਗਿਆ ਤੇ ਬਾਬਾ ਕਹਿੰਦਾ ਹਰਬੰਸ ਸਿੰਹਾ ਕਿ ਭਾਈ ਗੱਲ ਬਹੁਤੀ ਵਿੱਗੜ ਗਈ ਹੈ ਹੁਣ ਇਕੱਲੇ ਵਾਹੁ ਵਾਹੁ ਸਚੇ ਪਾਤਿਸਾਹ ਵਾਲੀ ਪੰਕਤੀ ਨਾਲ ਗੱਲ ਨਹੀ ਬਣਨੀ ਹੁਣ ਤਾਂ ਮਿਤਰਾ ਤੈਨੁੰ ਸੰਪਟ ਪਾਠ ਦੀ ਸੇਵਾ ਲੈਣੀ ਪਵੇਗੀ ਤੇ ਕੋਈ ਦੱਸ ਕੁ ਹਜ਼ਾਰ ਮੋਖ ਪਾਠੀਆ ਦਾ, ਸਮਗਰੀ ਵੱਖਰੀ ਹੋਵੇਗੀ ਜੋ ਬਹੁਤਾ ਤਾਂ ਨਹੀ ਪੰਜ ਕੂ ਹਜ਼ਾਰ ਉਸਤੇ ਭੀ ਖਰਚ ਆ ਹੀ ਜਾਣਾ ਹੈ। ਬਾਕੀ ਕੀਰਤਨ ਭੇਟ ਭਾਈ ਤੂੰ ਜੋ ਮਰਜੀ ਰੱਖ ਦੇਵੀ ਫਿਰ ਭੀ ਤੂੰ ਅਪਣਾ ਬੰਦਾਂ ਏ।
ਸਾਧ ਸੰਗਤ ਜੀ ਸੋਚਨ ਵਾਲੀ ਗੱਲ ਹੈ ਕਿ ਜਿਸ ਪਾਠੀ ਨੇ ਪਾਠ ਗੁਰੁ ਗ੍ਰੰਥ ਸਾਹਿਬ ਜੀ ਤੋਂ ਵੇਖ ਕੇ ਕੀਤਾ ਹੈ ਤੇ ਉਥੇ ਲਿਖਿਆ ਭੀ ਇੱਕ ਹੀ ਵਾਰੀ ਹੈ, ਪੜਿਆ ਭੀ ਇੱਕ ਵਾਰੀ ਹੈ ਉਹ ਪਾਠੀ ਠੀਕ ਹੈ? ਕਿ ਜਾਂ ਵਹਿਮ ਵਿੱਚ ਪਾਉਣ ਵਾਲਾ ਸੰਤ ਸੇਵੀ ਪਾਠੀ ਠੀਕ ਹੈ? ਇਸ ਗੱਲ ਦਾ ਫੈਸਲਾ ਅਸੀ ਗੁਰੁ ਗ੍ਰੰਥ ਸਹਿਬ ਜੀ ਕੋਲੋ ਹੀ ਕਰਵਾ ਲੈਦੇ ਹਾਂ ਜਿਨ੍ਹਾਂ ਦੇ ਫੈਸਲੇ ਤੇ ਕੋਈ ਕਿਤੂੰ ਪਰੰਤੂ ਭੀ ਨਹੀ ਕਰ ਸਕਦਾ। ਕਿਉਕਿ ਇਹ ਗੁਰਬਾਣੀ ਦਾ ਫੈਸਲਾ ਹੈ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ।
ਗੁਰੁ ਗ੍ਰੰਥ ਸਾਹਿਬ ਜੀ ਫੁਰਮਾਂਦੇ ਹਨ ਸਿਖਾ ਤੂੰ ਪਹਿਲੀ ਬਾਣੀ ਹੀ ਜਪੁ ਸਾਹਿਬ ਪੜਿਆ ਗੁਰੁ ਨਾਨਕ ਸਾਹਿਬ ਜੀ ਨੇ ਸੁਣਿਐ ਦੀਆਂ ਚਾਰ ਪਾਉੜੀਆਂ ਦੇ ਅਖੀਰ ਵਿੱਚ ਚਾਰ ਵਾਰ ਹੀ ਲਿਖਿਆ ਨਾਨਕ ਭਗਤਾ ਸਦਾ ਵਿਗਾਸੁ।। ਸੁਣਿਐ ਦੂਖ ਪਾਪ ਕਾ ਨਾਸ।। ਤੂੰ ਭੀ ਚਾਰ ਵਾਰ ਹੀ ਇਨ੍ਹਾਂ ਨੂੰ ਪੜ੍ਹਿਆਂ। ਫਿਰ- ਤੂੰ ਸਦਾ ਸਲਾਮਤਿ ਨਿਰੰਕਾਰ ਦੀਆਂ ਚਾਰ ਪਾਉੜੀਆਂ ਪੜੀਆਂ ਇਨ੍ਹਾਂ ਦਾ ਉਚਾਰਨ ਕਰਨ ਸਮੇ ਤੇਰੇ ਮਨ ਵਿੱਚ ਇਹ ਨਹੀ ਆਇਆ ਕਿ ਵਾਰ ਵਾਰ ਲਿਖਣ ਨਾਲੋ ਗੁਰੁ ਜੀ ਇੱਕ ਵਾਰ ਹੀ ਲਿਖ ਦੇਦੇਂ। ਗੁਰੁ ਨੂੰ ਪਤਾ ਹੈ ਕਿ ਸਿਖ ਕਿਤੇ ਐਸਾ ਨਾ ਕਰੇ ਕਿ ਮਤਾ ਇੱਕ ਵਾਰ ਹੀ ਪੜੈ ਫਿਰ ਨਾਲ ਦੀਆਂ ਪਾਉੜੀਆਂ ਨਾਲ ਪੜੇ ਹੀ ਨਾਂ ਇਸ ਲਈ ਗੁਰੁ ਸਾਹਿਬ ਜੀ ਨੇ ਹਰੇਕ ਪਾਉੜੀ ਨਾਲ ਢੁਕਵੇ ਅੱਖਰ ਲਿਖਕੇ ਪੰਕਤੀਆਂ ਪੂਰੀਆਂ ਕੀਤੀਆਂ। ਉਸ ਰਾਮਕਲੀ ਦੀ ਵਾਰ ਵਿੱਚ ਜੇਕਰ ਵਾਹੁ ਵਾਹੁ ਸਚੇ ਪਾਤਿਸਾਹ ਤੂੰ ਸਚੀ ਨਾਈ ਵਾਰ ਵਾਰ ਪੜਨ ਦੀ ਤਾਕੀਦ ਹੁੰਦੀ ਜਾਂ ਲੋੜ ਹੁੰਦੀ ਤਾਂ ਗੁਰੁ ਸਾਹਿਬ ਜੀ ਨੇ ਉਥੇ ਭੀ ਹਰ ਪਾਉੜੀ ਨਾਲ ਇਹ ਪੰਕਤੀ ਲਿਖ ਦੇਣੀ ਸੀ। ਬਿਲਕੁਲ ਉਸੇ ਤਰ੍ਹਾਂ ਹੀ ਜਿਵੇ ਬਾਵਨ ਅੱਖਰੀ ਵਿੱਚ ਪਹਿਲਾ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਪੂਰਾ ਸ਼ਬਦ ਲਿਖਿਆ ਤੇ ਅਖੀਰ ਵਿੱਚ ਭੀ ਪੂਰਾ ਸ਼ਬਦ ਲਿਖਿਆ ਫਿਰ ਭੀ ਨਾਲ ਹੀ ਗੁਰੁ ਸਾਹਿਬ ਜੀ ਨੇ ਹਦਾਇਤ ਭੀ ਲਿਖ ਦਿਤੀ ਕਿ ਇਹ ਸਲੋਕ ਆਦਿ ਅੰਤ ਪੜਨਾ। ਇਥੇ ਕੋਈ ਸ਼ੱਕ ਨਹੀ ਰਹਿ ਜਾਂਦਾ ਕਿ ਗੁਰੁ ਸਾਹਿਬ ਕਿਤੇ ਗਲਤੀ ਕਰਨ; ਨਾਲੇ ਬਾਣੀ ਇਹ ਭੀ ਕਹਿੰਦੀ ਹੈ ਕਿ।
ਭੁਲਣ ਅੰਦਰਿੁ ਸਭੁ ਕੋ ਅਭੁਲ ਗੁਰੂ ਕਰਤਾਰੁ।। ਸਿਰੀ ਰਾਗ ਮ; ੧।। ਪੰਨਾਂ ੬੦।। ਸੋ ਜੇਕਰ ਇਹ ਪੰਕਤੀ ਇੱਕ ਵਾਰ ਹੀ ਆਂਈ ਹੈ ਤਾਂ ਇੱਕ ਵਾਰ ਹੀ ਪੜ੍ਹਨ ਦੀ ਲੋੜ ਹੈ। ਪਾਠ ਸਹੀ ਹੈ ਕਿਤੇ ਭੀ ਕੋਈ ਗਲਤੀ ਨਹੀ।
ਦਲੇਰ ਸਿੰਘ ਜੋਸ਼ ਲੁਧਿਆਣਾ


12/10/17
ਹਰਪਾਲ ਸਿੰਘ ਫਿਰੋਜ਼ਪੁਰੀਆ

ਗੁਰਦੁਆਰਿਆਂ ਵਿੱਚ ਕੀ ਹੋ ਰਿਹਾ ਏ, ਤੇ ਕੀ ਹੋਣਾ ਚਾਹੀਦਾ ਹੈ ? (ਕਹਾਣੀ)
ਅੱਜ ਗੁਰਦੁਆਰੇ ਦੀ ਕਮੇਟੀ ਦੇ ਮੈਂਬਰਾਂ ਦੀ ਲਾਗੇ ਬੰਨੇ ਦੇ ਗੁਰਦੁਆਰਿਆਂ ਦੇ ਪਰਧਾਨਾਂ ਤੇ ਸਕੱਤਰਾਂ ਨਾਲ ਮੀਟਿੰਗ ਸੀ । ਸਾਰਿਆਂ ਨੂੰ ਮਿਲਣ ਤੋਂ ਬਾਅਦ ਸਕੱਤਰ ਨੇ ਪਰਦੀਪ ਨੂੰ ਪੁੱਛਿਆ , ਬੇਟਾ ,,,ਤੁਸੀਂ ਕਿਸ ਗੁਰਦੁਆਰੇ ਤੋਂ ??? ਪਰਦੀਪ ਨੇ ਕਿਹਾ ,,,,ਅੰਕਲ ਜੀ ਮੈਂ ਆਪਣੇ ਗੁਰਦੁਆਰੇ ਦੀ ਕਮੇਟੀ ਦੇ ਮੈਂਬਰ ਬਹਾਲ ਸਿੰਘ ਦਾ ਬੇਟਾ ਹਾਂ , ਪਿਤਾ ਜੀ ਦੀ ਤਬੀਅਤ ਠੀਕ ਨਹੀ ਸੀ , ਉਹਨਾਂ ਨੇ ਆਪਣੀ ਜਗ੍ਹਾ ਮੈਨੂੰ ਭੇਜਿਆ ਹੈ । ਮੈਂ ਲੰਡਨ ਵਿੱਚੋਂ ਸਟੱਡੀ ਕਰ ਕੇ ਕਾਫੀ ਸਮੇਂ ਬਾਅਦ ਇੰਡੀਆ ਆਇਆ ਹਾਂ , ਇਸ ਲਈ ਤੁਸੀਂ ਮੈਨੂੰ ਪਛਾਣਿਆ ਨਹੀ । ਸਕੱਤਰ ਨੇ ਮੀਟਿੰਗ ਸ਼ੁਰੂ ਕਰਦਿਆਂ ਕਿਹਾ ,, ਬੇਨਤੀ ਇਹ ਹੈ ਕਿ ਅਸੀਂ ਆਪਣੀ ਕਲੋਨੀ ਵਿੱਚ ਇਹ ਨਵਾਂ ਗੁਰਦੁਆਰਾ ਬਣਾਇਆ ਹੈ , ਅਸੀਂ ਸਾਰੇ ਮੈਂਬਰ ਨਵੇਂ ਹੋਣ ਕਰਕੇ ਗੁਰਦੁਆਰੇ ਦੇ ਪ੍ਬੰਧ ਤੋਂ ਅਨਜਾਣ ਹਾਂ , ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ , ਸਾਡੀ ਸੰਗਤ ਬਹੁਤ ਅਮੀਰ ਹੈ , ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਗੁਰਦੁਆਰੇ ਨੂੰ ਥੋੜੇ ਸਮੇਂ ਵਿੱਚ ਹੀ ਨਾਮੀ ਗੁਰਦੁਆਰਿਆਂ ਵਿੱਚ ਸ਼ਾਮਲ ਕਰ ਦਈਏ , ਦੇਸ਼ਾਂ ਵਿਵੇਸ਼ਾ ਵਿੱਚ ਨਾਮ ਹੋਵੇ ,, ਦੱਸੋ ਕੀ ਕਰੀਏ ????

ਇੱਕ ਪਰਧਾਨ ਕਹਿਣ ਲੱਗਾ , *ਆਪਣੇ ਸ਼ਹਿਰ ਵਿੱਚ ਗੁਰਦੁਆਰਿਆਂ ਦੀਆਂ ਇਮਾਰਤਾਂ ਬਹੁਤ ਛੋਟੀਆਂ ਨੇ ,,ਤੁਸੀਂ ਸਭ ਤੋਂ ਵੱਡੀ ਇਮਾਰਤ ਬਣਵਾਓ। ਵਾਰੀ ਵਾਰੀ ਸਭ ਨੇ ਆਪੋ ਆਪਣੀਆਂ ਸਾਲਾਹਾਂ ਦੇਣੀਆਂ ਸ਼ੁਰੂ ਕੀਤੀਆਂ । * ਜੇ ਪੈਸਾ ਹੈ ਤਾਂ ਗੁਰਦੁਆਰੇ ਅੰਦਰ ਪਾਲਕੀ ਉੱਤੇ ਤੇ ਬਾਹਰ ਗੁੰਬਦ ਤੇ ਸੋਨੇ ਦੇ ਕਲਸ ਚੜਵਾ ਦੇਵੋ ਜੀ । * ਦਰਬਾਰ ਨੂੰ ਅੰਦਰੋਂ ਚੰਗਾ ਮਾਰਬਲ ਤੇ ਕੀਮਤੀ ਸ਼ੀਸ਼ਾ ਲਾ ਕੇ ਐਨਾ ਜਿਆਦਾ ਸਜਾਉ,,ਕਿ ਲੋਕੀਂ ਦੇਖਦੇ ਹੀ ਰਹਿ ਜਾਣ । * ਦਰਬਾਰ ਅੰਦਰ ਵਧੀਆ ਤੋਂ ਵਧੀਆ ਕਲੀਨ ਵਿਛਾਉਂ ,ਵਧੀਆ ਏ ਸੀ , ਤੇ ਦਰਵਾਜ਼ੇ ਕੀਮਤੀ ਸੀਸੇ ਦੇ ਲਵਾਉ । * ਸੰਗਤਾਂ ਲੰਗਰ ਨੂੰ ਵੇਖ ਕੇ ਹੀ ਆਉਂਦੀਆਂ ਨੇ ਜੀ , ਤੁਸੀਂ ਹਰ ਪੁੰਨਿਆ , ਮੱਸਿਆ ਤੇ ਸੰਗਰਾਂਦ ਤੇ ਵਧੀਆ ਤੋਂ ਵਧੀਆ ਲੰਗਰ ਲਾਉ ਜੀ । *ਹਰ ਪ੍ਰੋਗਰਾਮ ਤੇ ਅੰਮ੍ਰਿਤਸਰ ਤੋਂ ਹਜੂਰੀ ਰਾਗੀ ਜਥੇ ਜਾ ਕੌਮ ਦੇ ਪ੍ ਸਿੱਧ ਰਾਗੀ ਜਥੇ ਹੀ ਬੁਲਾਉ ਜੀ । * ਪ੍ਰੋਗਰਾਮਾਂ ਤੇ ਕਥਾਵਾਚਕ ਬੁਲਾਉਣ ਦੀ ਵੈਸੇ ਤਾਂ ਲੋੜ ਕੋਈ ਨਹੀਂ ,, ਜੇ ਬੁਲਾਉਣ ਹੋਵੇ ਤਾਂ ਉਹ ਬੁਲਾਇਉ ਜਿਹੜਾ ਮਿੱਠੀਆਂ ਮਿੱਠੀਆਂ ਗੱਲਾਂ ਕਰੇ,,ਅੱਜਕੱਲ ਕਈ ਕਥਾਵਾਚਕਾਂ ਨੂੰ ਤੱਤ ਗੁਰਮਤਿ ਸੁਣਾਉਣ ਦਾ ਭੂਤ ਚੜਿਆ ਹੈ । *ਸਟਾਫ ਨੂੰ ਬਹੁਤੀ ਤਨਖਾਹ ਦੇਣ ਦੀ ਲੋੜ ਨਹੀ , ਗ੍ਰੰਥੀ , ਕਥਾਵਾਚਕ ,ਰਾਗੀ ਜਥੇ ਤੇ ਸੇਵਾਦਾਰ ਵਾਧੂ ਤੁਰੇ ਫਿਰਦੇ ਨੇ । ਜਦੋਂ ਸਾਰੇ ਚੁੱਪ ਹੋ ਗਏ ਤਾਂ ਪਰਦੀਪ ਨੇ ਕੁੱਝ ਬੋਲਣ ਲਈ ਸਮਾਂ ਮੰਗਿਆ ,,,,,,

ਪਰਦੀਪ ਕਹਿਣ ਲੱਗਾ *ਤੁਸੀਂ ਚੰਗੇ ਪਰਚਾਰਕ ਰੱਖੋ , ਉਹਨਾਂ ਨੂੰ ਚੰਗੀਆਂ ਤਨਖਾਹਾਂ ਦਿਓ ਤਾਂ ਕਿ ਉਹਨਾਂ ਨੂੰ ਆਪਣੇ ਪਰਿਵਾਰ ਪਾਲਣ ਦੀ ਫਿਕਰ ਨਾ ਹੋਵੇ । ਉਹਨਾਂ ਤੋਂ ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਤੇ ਵੱਡਿਆਂ ਦੀਆਂ ਸੰਥਿਆ ਦੀਆਂ ਕਲਾਸਾਂ ਲਵਾਉ । ਪਰਚਾਰਕਾਂ ਨੂੰ ਲੈਪਟੌਪ ਤੇ ਪਰੋਜੈਕਟਰ ਲੈ ਕੇ ਦੇਵੋ , ਇਹਨਾਂ ਨੂੰ ਬਾਹਰ ਗੁਰਮਤਿ ਦੇ ਪਰਚਾਰ ਲਈ ਭੇਜੋ । ਓੱਥੇ ਧਾਰਮਿਕ ਫਿਲਮਾਂ ਤੇ ਕਥਾ ਰਾਹੀਂ ਲੋਕਾਂ ਵਿੱਚ ਗੁਰਮਤਿ ਦਾ ਪਰਚਾਰ ਕਰਨ ਲਈ ਭੇਜੋ । ਕਦੇ ਕਦੇ ਤੁਸੀਂ ਵੀ ਮਗਰ ਜਾਉ , ਸਿੱਖੀ ਦਾ ਪਰਚਾਰ ਵੀ ਹੋ ਜਾਵੇਗਾ ਤੇ ਤੁਹਾਡਾ ਨਾਮ ਵੀ ਹੋ ਜਾਵੇਗਾ । *ਲੋਕਾਂ ਲਈ ਖਾਣ ਪੀਣ ਦੇ ਲੰਗਰ ਦੇ ਨਾਲ ਨਾਲ ਫਰੀ ਧਾਰਮਿਕ ਲਿਟ੍ਰੇਚਰ ( ਕਿਤਾਬਾਂ )ਦਾ ਲੰਗਰ ਵੀ ਲਾਇਆ ਕਰੋ । *ਤੁਸੀਂ ਲੋੜਵੰਦ ਗਰੀਬ ਬੱਚਿਆਂ ਦੀ ਪੜਾਈ ਦਾ ਖਰਚਾ ਚੁੱਕੋ ,ਉਹ ਪੜ ਕੇ ਜਿੱਥੇ ਵੀ ਜਾਣਗੇ ,ਗੁਰਦੁਆਰੇ ਦੇ ਗੁਣ ਗਾਉਣਗੇ । *ਤੁਸੀਂ ਲੜਵੰਦ ਲੜਕੀਆਂ ਦੇ ਬਿਨਾਂ ਧਰਮ ਦੇ ਭੇਦ ਭਾਵ ਤੋਂ ਵਿਆਹ ਕਰੋ, ਲੜਕੀ ਦੇ ਪਰਿਵਾਰ ਵਾਲੇ ,ਰਿਸਤੇਦਾਰ ਤੇ ਲੜਕੇ ਸੰਨਬੰਧੀ ਜੋ ਵੱਖ ਵੱਖ ਜਿਲਿਆਂ ਵਿੱਚ ਰਹਿ ਰਹੇ ਹੋਣਗੇ ,,ਸਾਰੇ ਹੀ ਗੁਰੂ ਦੇ ਤੇ ਤੁਹਾਡੇ ਗੁਣ ਗਾਉਣਗੇ । *ਤੁਸੀਂ ਲੋੜਵੰਦ ਗਰੀਬ ਬਿਮਾਰ ਲੋਕਾਂ ਲਈ ਡਿਸਪੈਂਸਰੀ ,,,,,,, ਪਰਦੀਪ ਅਜੇ ਬੋਲ ਹੀ ਰਿਹਾ ਸੀ ਕਿ ਪਰਧਾਨ ਵਿਚੋਂ ਹੀ ਟੋਕਦਿਆਂ ਕਿਹਾ ਮੈਨੂੰ ਬੜਾ ਜਰੂਰੀ ਕੰਮ ਆ ਕਿਤੇ , ਮੈਂ ਜਾਣਾ ਹੈਂ , ਆਪਾ ਅਗਲੇ ਐਤਵਾਰ ਫਿਰ ਮੀਟਿੰਗ ਕਰਦੇ ਹਾਂ । ਪਰਦੀਪ ਜਦੋਂ ਯਾਰਾਂ ਦੋਸਤਾਂ ਨੂੰ ਮਿਲਦਿਆਂ ਘੰਟੇ ਬਾਦ ਘਰ ਪਹੁੰਚਿਆ ਤਾਂ ਬਹਾਲ ਸਿੰਘ ਨੇ ਗਾਲ਼ਾ ਦਾ ਮੀਂਹ ਵਰਸਾਉਣਾ ਸ਼ੁਰੂ ਕਰ ਦਿੱਤਾ , ਤੂੰ ਵੱਡਾ ਸਿਆਣਾ ਆਇਆਂ , ਓੱਥੇ ਜਿਹੜੇ ਤੀਹ ਤੀਹ ਸਾਲਾਂ ਤੋਂ ਗੁਰਦੁਆਰਿਆਂ ਦੀ ਸੇਵਾ ਕਰ ਰਹੇ ਨੇ , ਸਾਰੇ ਮੂਰਖ ਸੀ, ਜਿਹੜਾ ਤੂੰ ਉਹਨਾਂ ਨੂੰ ਸਮਝਾ ਰਿਹਾ ਸੀ ,, ਜਿ ਕੁੱਝ ਪਤਾ ਨਹੀਂ ਹੁੰਦਾ ਤਾਂ ਬੋਲਿਆ ਨਾ ਕਰੋ , ਮੇਰੀ ਬੇਇੱਜਤੀ ਕਰਾ ਦਿੱਤੀ । ਪਰਦੀਪ ਜਿਆਦਾਤਰ ਪਿਤਾ ਤੋਂ ਦੂਰ ਰਹਿਣ ਕਰਕੇ ਕਦੇ ਸੁਆਲਾਂ ਜੁਆਬਾਂ ਵਿੱਚ ਉਲਝਿਆ ਨਹੀਂ ਸੀ । ਪਰਦੀਪ ਕਈ ਦਿਨ ਇਸੇ ਗੱਲ ਨੂੰ ਲੈ ਕੇ ਪਰੇਸ਼ਾਨ ਹੋਇਆ ਰਿਹਾ ਕਿ ਆਖਿਰ ਮੈਂ ਕੀ ਐਸਾ ਕਹਿ ਦਿੱਤਾ , ਜਿਸ ਕਰਕੇ ਡੈਡੀ ਨੂੰ ਮੇਰੇ ਨਾਲ ਇੰਝ ਲੜਨਾ ਪਿਆ ।

ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


12/03/17
ਸਰਵਜੀਤ ਸਿੰਘ ਸੈਕਰਾਮੈਂਟੋ

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਨਿਸ਼ਾਨ ਜੀ, ਜਿਵੇ ਕਿ ਆਪ ਜੀ ਜਾਣਦੇ ਹੀ ਹੋ, ਕਿ ਤੁਹਾਡੀ ਕਿਤਾਬ, “ਗੁਰਪੁਰਬ ਦਰਪਣ” ਦੇ ਪੰਨਾ 95 ਉੱਪਰ ਇਹ ਚੁਣੌਤੀ ਦਰਜ ਹੈ। ਮੈਂ ਇਹ ਚੁਣੌਤੀ ਪ੍ਰਵਾਨ ਕਰਦਾ ਹਾਂ। ਆਪਣੀ ਸਾਰੀ ਗੱਲਬਾਤ ਲਿਖਤੀ ਰੂਪ ਵਿਚ ਹੋਵੇਗੀ ਤਾਂ ਜੋ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੀਆਂ ਸਿੱਖ ਸੰਗਤਾਂ, ਇਸ ਨੂੰ ਨਾਲੋਂ ਨਾਲ ਹੀ ਪੜ੍ਹ ਸਕਣ। ਮੈਂ ਆਪਣੇ ਵੱਲੋਂ,
www.Sikhmarg.com ਪੇਸ਼ ਕਰਦ ਹਾਂ ਜਿਸ ਦਾ ਈ-ਮੇਲ ਪਤਾ ਹੈ, [email protected]. ਜਿਹੜਾ ਮੰਚ ਆਪ ਜੀ ਨੂੰ ਪਸੰਦ ਹੋਵੇ, ਉਸ ਦਾ ਪਤਾ ਤੁਸੀਂ ਦੱਸ ਦਿਓ ਮੈਨੂੰ ਪ੍ਰਵਾਨ ਹੋਵੇਗਾ।
ਨਿਸ਼ਾਨ ਜੀ, ਜੇ ਕਰ ਆਪ ਜੀ ਇਸ ਚੁਣੌਤੀ ਨੂੰ ਵਾਪਸ ਲੈਣਾ ਚਾਹੋ ਤਾਂ, 9 ਦਸੰਬਰ 2017 ਈ: ਦਿਨ ਸ਼ਨਿਚਰਵਾਰ ਤੋਂ ਪਹਿਲਾ-ਪਹਿਲਾ ਵਾਪਸ ਲੈਣ ਦਾ ਐਲਾਨ ਵੀ ਕਰ ਸਕਦੇ ਹੋ। ਨਹੀਂ ਤਾਂ 10 ਦਸੰਬਰ 2017 ਈ: ਦਿਨ ਐਤਵਾਰ ਤੋਂ ਆਪਾ ਵਿਚਾਰ ਚਰਚਾ ਆਰੰਭ ਕਰਾਂਗੇ।
ਸਤਿਕਾਰ ਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ
12/2/2017


12/03/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ–੩੯

ਗੁਰਬਾਣੀ ਚਾਨਣ ਵਿੱਚ ਸੇਵਾ ਦਾ ਸੰਕਲਪ

ਸੇਵਾ ਸੰਸਕ੍ਰਿਤ ਦਾ ਸ਼ਬਦ ਅਤੇ ਪ੍ਰਕਰਣ ਅਨੁਸਾਰ ਇਸ ਦੇ ਵੱਖ ਵੱਖ ਅਰਥ ਹਨ। ਇਹ ਕ੍ਰਿਆਵਾਚੀ ਸ਼ਬਦ ਹੈ। ਅਰਥ ਹਨ-ਖਿਦਮਤ, ਟਹਿਲ, ਸਿਮਰਨ, ਬੰਦਗੀ, ਪੂਜਾ ਅਤੇ ਉਪਾਸ਼ਨਾ। ਫਾਰਸੀ ਵਿੱਚ ਸ਼ੇਵਹ, ਤਰੀਕਾ ਅਤੇ ਕਾਇਦਾ। ਸਿੰਧੀ ਵਿੱਚ ਸੇਵਾ ਦਾ ਉਚਾਰਣ ਸ਼ੇਵਾ ਤੇ ਇਸ ਦਾ ਅਰਥ ਪੂਜਾ ਭੇਟਾ ਵੀ ਹੈ। ਕਿਸੇ ਨਾ ਕਿਸੇ ਰੂਪ ਵਿੱਚ ਹਰ ਕਬੀਲੇ, ਸਮਾਜ ਅਤੇ ਧਰਮ ਵਿੱਚ ਵੱਖ ਤਰੀਕਿਆਂ ਤੇ ਭਾਵਾਂ ਨਾਲ ਸੇਵਾ ਕੀਤੀ ਜਾਂਦੀ ਹੈ। ਲੋਕ ਭਲਾਈ ਦੇ ਕੰਮਾ ਨੂੰ ਸੇਵਾ ਦਾ ਨਾਮ ਦਿੱਤਾ ਜਾਂਦਾ ਹੈ ਪਰ ਗੁਰੂ ਗਿਆਨ ਬਿਨਾ ਸੇਵਾ ਅਹੰਕਾਰ ਦਾ ਰੂਪ ਬਣ ਜਾਂਦੀ ਹੈ। ਅਸਲ ਸੇਵਾ ਮਨ ਵਿੱਚ ਉੱਦਮ, ਨਿਮਰਤਾ, ਪਰਉਪਕਾਰ, ਪਿਆਰ, ਸੰਤੋਖ ਅਤੇ ਗੁਮਾਨ 'ਚ ਕੀਤੀ ਸੇਵਾ ਮਨ ਵਿੱਚ ਹੰਕਾਰ ਪੈਦਾ ਕਰਦੀ ਹੈ। ਗੁਰਮਤਿ ਵਿੱਚ ਆਪਣੇ ਮਨ ਚੋਂ ਹੰਕਾਰ ਤਿਆਗ ਕੇ, ਸ਼ਬਦ ਦੀ ਵਿਚਾਰ ਕਰਨਾ, ਉੱਤਮ ਸੇਵਾ ਹੈ।

ਧਰਮ ਅਤੇ ਸਮਾਜਿਕ ਅਸਥਾਨਾਂ ਵਿੱਚ ਸੇਵਾ ਕਰਨ ਤੋਂ ਭਾਵ ਆਪਣਾ ਮਨ ਸਾਫ ਕਰਨਾ ਹੁੰਦਾ ਹੈ। ਹਉਮੈ ਤੇ ਹੰਕਾਰ ਵਿੱਚ ਕੀਤੀ ਸੇਵਾ ਬਿਰਥੀ ਜਾਂਦੀ ਹੈ-ਹਉਮੈ ਨਾਵੈ ਨਾਲਿ ਵਿਰੋਧੁ ਹੈ ਦੋਇ ਨ ਵਸਹਿ ਇੱਕ ਠਾਇ॥ਹੳਮੈ ਵਿਚਿ ਸੇਵਾ ਨ ਹੋਵਈ ਤਾ ਮਨ ਬਿਰਥਾ ਜਾਇ॥(੫੬੦) ਵਿਚਿ ਹਉਮੈ ਸੇਵਾ ਥਾਇ ਨ ਪਾਏ॥ ਜਨਮਿ ਮਰੈ ਫਿਰਿ ਆਵੈ ਜਾਏ॥(੧੦੭੦) ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥ ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ॥(੨੭) ਹਉਮੈ ਨੂੰ ਦੂਰ ਕਰਨ ਵਾਲੀ ਸੇਵਾ, ਗੁਰ ਗਿਆਨ ਬਿਨਾ, ਇਸ ਨੂੰ ਵਧਾਉਣ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਲੋੜ ਹੈ ਕਿ ਪਹਿਲਾਂ ਸੇਵਾ ਦੇ ਮਨੋਰਥ ਨੂੰ ਗੁਰ ਗਿਆਨ ਰਾਹੀਂ ਸਮਝ ਲਿਆ ਜਾਵੇ। ਗੁਰ ਗਿਆਨ ਹੈ-ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ॥(੬੩੮) ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥ ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚੋਂ ਖੋਇ॥ ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ॥(੬੦) ਭਾਵ ਗੁਰੂ ਮਤਿ ਰਾਹੀਂ ਸੇਵਾ ਕੀਤਿਆਂ ਮਨ ਪਵਿਤ੍ਰ ਹੁੰਦਾ ਤੇ ਆਤਮ ਅਨੰਦ ਮਿਲਦਾ ਹੈ। ਮਨੁੱਖ ਦੇ ਮਨ ਅੰਦਰ ਗੁਰ ਉਪਦੇਸ਼ ਵੱਸਣ ਕਰਕੇ, ਹਉਮੈ ਦੂਰ, ਨਾਮ ਧੰਨ ਦੀ ਪ੍ਰਾਪਤੀ ਅਤੇ ਆਤਮਕ ਗੁਣਾਂ ਦਾ ਲਾਭ ਹੁੰਦਾ ਹੈ।

ਆਪਣੇ ਮਨ ਨੂੰ ਸਾਧਨਾ ਆਪਣੀ ਸੇਵਾ ਆਪ ਕਰਨਾ ਹੈ-ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਿਗੁਰ ਪੂਛਉ ਜਾਇ॥ ਸਤਿਗੁਰ ਕਾ ਭਾਣਾ ਮਨਿ ਲਈ ਵਿਚਹੁ ਆਪੁ ਗਵਾਇ॥ ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ॥ ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ॥(੩੪) ਭਾਵ ਗੁਰ-ਉਪਦੇਸ਼ ਹੈ ਕਿ ਆਪਣੀ ਮਤ ਨੂੰ ਛੱਡ, ਗੁਰੂ ਦੇ ਹੁਕਮ ਵਿੱਚ ਚੱਲਣਾ ਹੈ। ਏਸੇ ਸੇਵਾ ਤੇ ਚਾਕਰੀ ਦੁਆਰਾ ਨਾਮ (ਪ੍ਰਭੂ ਨਿਯਮ-ਸਿਧਾਂਤ) ਮਨ ਵਿੱਚ ਆ ਵਸਦਾ, ਸੱਚੇ ਗਿਆਨ ਨਾਲ ਜੀਵਨ ਸੁਖੀ ਅਤੇ ਸੁਹਾਵਣਾ ਹੋ ਜਾਂਦਾ ਹੈ। ਗੁਰੂ ਸੁਚੇਤ ਕਰਦਾ ਹੈ ਕਿ-ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥(੨੮੬) ਭਾਵ ਜੋ ਸੇਵਕ ਮਨੁੱਖਤਾ ਦੀ ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖਾਹਿਸ਼ ਨਹੀ ਰਖਦਾ, ਉਹ ਮਾਲਕ ਨਾਲ ਮਿਲਿਆ ਰਹਿੰਦਾ ਹੈ। ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ॥ ਸਗਲ ਮਨੋਰਥ ਪੁਨਿਆ ਅਮਰਾ ਪਦੁ ਪਾਈ॥ ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਨਾਈ॥(੩੧੮) ਭਾਵ ਉਸ ਮਾਲਕ ਦੀ ਸੇਵਾ ਨਾਲ ਮਾਇਆ ਦੇ ਫਲ ਦੀ ਭੁੱਖ ਨਹੀਂ ਰਹਿੰਦੀ, ਆਤਮ ਮਨੋਰਥ ਪੂਰੇ ਹੋ ਜਾਂਦੇ ਅਤੇ ਉੱਚ ਅਵੱਸਥਾ ਪ੍ਰਾਪਤ ਹੋ ਜਾਂਦੀ ਹੈ। ਹੇ ਮਾਲਕ! ਤੇਰੇ ਵਰਗਾ ਤੂੰ ਹੀ ਹੈਂ।

ਸਰੀਰ ਨੂੰ ਗੈਰ ਕੁਦਰਤੀ ਕਸ਼ਟ ਦੇਣੇ ਤਪ ਨਹੀਂ ਸਗੋਂ-ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ॥...ਗੁਰ ਸੇਵਾ ਤੇ ਤ੍ਰਿਭਵਨ ਸੋਝੀ ਹੋਇ॥…ਗੁਰ ਸੇਵਾ ਤੇ ਸਭ ਕੁਲ ਉਧਾਰੇ॥(੪੨੩) ਭਾਵ ਕਿ ਗੁਰੂ ਦੀ ਸੇਵਾ ਨਾਲ ਸੰਸਾਰ ਦਾ ਬਾਹਰੀ ਤੇ ਅੰਦਰੂਨੀ ਗਿਆਨ ਹੁੰਦਾ, ਆਉਣ ਵਾਲੀਆਂ ਪੀੜੀਆਂ ਦਾ ਥੋਥੇ ਕਰਮਕਾਂਡਾਂ, ਮੰਦੇ ਕਰਮਾਂ, ਵਹਿਮਾਂ ਭਰਮਾਂ ਆਦਿਕ ਤੋਂ ਛੁਟਕਾਰਾ ਹੋ ਜਾਂਦਾ ਹੈ। ਆਪੂੰ ਬਣੇ ਸੰਤ ਪਾਖੰਡੀ ਵਿਅਕਤੀਆਂ ਦੀ ਸੇਵਾ ਨਾਲੋਂ ਗੁਰੁ-ਸੇਵਾ ਮਹਾਨ ਹੈ ਕਿਉਂਕਿ ਕਿਸੇ ਹੋਰ ਦੀ ਸੇਵਾ ਵਿੱਚ ਜ਼ਿੰਦਗੀ ਵਿਅਰਥ ਚਲੀ ਜਾਂਦੀ ਤੇ ਲੋੜ ਵੀ ਪੂਰੀ ਨਹੀਂ ਹੁੰਦੀ। ਵਿਅਕਤੀ ਵਿਸ਼ੇਸ਼ ਦੀ ਸੇਵਾ ਬੜੀ ਦੁਖਦਾਈ ਤੇ ਸਾਧ (ਗੁਰੂ) ਦੀ ਸੇਵਾ ਸਦਾ ਸੁਖ ਦੇਣ ਵਾਲੀ ਹੁੰਦੀ ਹੈ-ਦੂਜੀ ਸੇਵਾ ਜੀਵਨੁ ਬਿਰਥਾ॥ ਕਛੂ ਨ ਹੋਈ ਹੈ ਪੂਰਨ ਅਰਥਾ ਮਾਣਸ ਸੇਵਾ ਖਰੀ ਦੁਹੇਲੀ॥ ਸਾਧ ਕੀ ਸੇਵਾ ਸਦਾ ਸੁਹੇਲੀ॥(੧੧੮੨) ਇਸ ਦਾ ਇਹ ਭਾਵ ਨਹੀ ਕਿ ਕਿਸੇ ਲੋੜਵੰਦ ਦੀ ਸੇਵਾ ਹੀ ਨਾ ਕੀਤੀ ਜਾਵੇ ਪਰ ਜਦੋਂ ਗੁਰੂ ਦੇ ਗਿਆਨ ਬਿਨਾ ਇਹ ਸੇਵਾ ਕੀਤੀ ਜਾਂਦੀ ਹੈ ਤਾਂ ਉਹ ਹਉਮੈ ਦਾ ਕਾਰਨ ਬਣ ਜਾਂਦੀ ਹੈ। ਪਹਿਲਾਂ ਗੁਰੂ ਸਬਦ ਦੁਆਰਾ ਆਪਣੇ ਮਨ ਦੀ ਸਾਧਨਾ ਆਪਣੀ ਸੇਵਾ ਆਪ ਕਰਨੀ ਫਿਰ ਕਿਸੇ ਦੂਸਰੇ ਦੀ ਕੀਤੀ ਸੇਵਾ ਦੋਨਾਂ ਲਈ ਹੀ ਸੁਖਦਾਇਕ ਬਣ ਜਾਂਦੀ ਹੈ। ਗੁਰ ਗਿਆਨ ਤੋਂ ਪਹਿਲਾਂ ਸੇਵਾ ਦੇ ਕੀਤੇ ਯਤਨਾਂ ਦਾ ਸਿੱਟਾ ਧਰਮ ਅਸਥਾਨਾਂ ‘ਤੇ ਹੋ ਰਹੇ ਝਗੜਿਆਂ ਤੋਂ ਵੇਖਿਆ ਜਾ ਸਕਦਾ ਹੈ।

ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ॥ ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵਹਿ ਸਭ ਥਾਇ॥(੨੭) ਗਾਖੜੀ ਸੇਵਾ ਸਿਰ ਦੇਣਾ (ਆਪਾ-ਮਿਟਾਉਣਾ) ਪੈਂਦਾ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ॥ ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤੁ ਪਿਆਰੁ॥(੧੪੨੨) ਗੁਰੂ ਦੀ ਸੇਵਾ ਬਿਖਮ ਕਿਉਂਕਿ ਇਸ ਵਿੱਚ ਆਪਾ ਵਾਰਨਾ ਪੈਂਦਾ ਹੈ। ਜਿਸ ਉਦਮੀ ਮਨੁੱਖ ਤੇ ਪ੍ਰਭੂ ਮਿਹਰ ਦੀ ਨਿਗਾਹ ਕਰਦੈ, ਉਸਦੇ ਅੰਦਰ ਆਪਣਾ ਪਿਆਰ ਪੈਦਾ ਕਰ ਦਿੰਦਾ ਹੈ। ਬਾਹਰਲੇ ਕਿਸੇ ਕਰਮ ਨਾਲ ਨਹੀਂ ਸਗੋਂ ਸ਼ਬਦ ਵਿਚਾਰ ਨਾਲ ਗੁਰ-ਸੇਵਾ ਕੀਤੀ ਜਾ ਸਕਦੀ ਹੈ-ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥(੨੨੩) ਕਿਸੇ ਆਕਾਰ ਵਾਲੀ ਚੀਜ਼ ਨੂੰ ਮਾਰਿਆ ਜਾ ਸਕਦਾ ਹੈ ਪਰ ਜੋ ਦਿਸਦਾ ਨਹੀਂ ਉਸਨੂੰ ਕਿਵੇਂ ਮਾਰਿਆ ਜਾਵੇ? ਸ਼ਬਦ ਗੁਰੂ ਨੂੰ ਦੇਹ ਬਣਾ, ਉਸ ਦੀ ਪੂਜਾ ਤੇ ਸੇਵਾ ਕਰਨ ਦੀਆਂ ਰਸਮਾਂ ਦੀ ਕਾਢ ਕੱਢ ਕੇ, ਗੁਰ-ਸੇਵਾ ਨੂੰ ਕਿੰਨ੍ਹਾਂ ਸੌਖਾ ਬਣਾ ਦਿੱਤਾ ਗਿਆ ਹੈ। ਕਿਸੇ ਅਖੌਤੀ ਸੰਤ ਨੂੰ ਗੁਰੂ ਬਣਾ ਕੇ ਉਸ ਦੀਆਂ ਸਰੀਰਕ ਤੇ ਮਾਇਕੀ ਲੋੜਾਂ ਨੂੰ ਪੂਰਾ ਕਰਨਾ ਹੀ ਬਹੁਤੇ ਉਤਮ ਸੇਵਾ ਸਮਝਦੇ ਹਨ। ਬਾਹਰਲੀ ਸੇਵਾ ਦਾ ਵਿਖਾਵਾ ਤੇ ਗੁਰੂ ਦੀ ਅੰਦਰੂਨੀ ਸੇਵਾ ਦਾ ਕੋਈ ਪ੍ਰਗਟਾਵਾ ਨਹੀਂ ਹੋ ਸਕਦਾ। ਨਕਲੀ ਗੁਰੂ ਬਣਾਏ, ਅਖੌਤੀ ਸੰਤ ਦੀਆਂ ਬਾਹਰਲੀਆਂ ਸੇਵਾਵਾਂ ਨੂੰ, ਅਸਲੀ ਗੁਰੂ ਇੱਕ ਮਤਲਬੀ ਵਾਪਾਰ ਕਹਿੰਦਾ ਹੈ-ਮੇਰੇ ਠਾਕੁਰ ਰਖ ਲੇਵਹੁ ਕਿਰਪਾ ਧਾਰੀ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰ ਸਗਲੇ ਬਿਉਹਾਰੀ॥(੪੯੫) ਮਨੁੱਖ ਕਈ ਤਰੀਕਿਆਂ ਨਾਲ ਮਾਇਆ ਦੇ ਮੋਹ ਵਿੱਚ ਠੱਗਿਆ ਜਾਂਦਾ ਹੈ। ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਸੇਵਕ ਜਾਂ ਭਗਤ ਹੁੰਦਾ ਹੈ-ਬਹੁ ਬਿਧਿ ਮਾਇਆ ਮੋਹ ਹਿਰਾਨੋ।। ਕੋਟਿ ਮਧੇ ਕੋਊ ਵਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ॥(੧੨੬੯)

ਸੇਵਾ ਸਰੀਰਕ ਅਤੇ ਮਾਨਸਿਕ ਦੋ ਪ੍ਰਕਾਰ ਦੀ ਹੈ। ਸਰੀਰ ਨਾਲ ਹੱਥੀਂ ਤੇ ਮਨ-ਬੁੱਧਿ ਨਾਲ ਗਿਆਨ ਵਿਚਾਰ ਸੇਵਾ ਕੀਤੀ ਜਾਂਦੀ ਹੈ। ਜਿਸ ਨੇ ਕਦੇ ਹੱਥੀਂ ਸਰੀਰਕ ਅਤੇ ਮਨ ਬੁੱਧਿ ਅਕਲ ਨਾਲ ਮਨੁੱਖਤਾ ਦੀ ਸੇਵਾ ਨਹੀਂ ਕੀਤੀ, ਉਸ ਦੇ ਹੱਥ ਪੈਰ ਤੇ ਕਾਰਨਾਮੇ ਸਭ ਬੇਕਾਰ ਹਨ-ਵਿਣੁ ਸੇਵਾ ਧ੍ਰਿਗੁ ਹੱਥ ਪੈਰ ਹੋਰ ਨਿਹਫਲ ਕਰਣੀ।(ਵਾਰ 27, ਪਾਉੜੀ 10/6)

ਅੱਜ ਕੱਲ੍ਹ ਸੇਵਾ ਘੱਟ ਲੋਕ ਦਿਖਾਵਾ ਤੇ ਮਸ਼ਹੂਰੀ ਜਿਆਦਾ ਕੀਤੀ ਜਾਂਦੀ ਹੈ। ਜਿਵੇਂ ਧਰਮ ਅਸਥਾਨਾਂ ਤੇ ਸਾਫ ਜੋੜੇ ਬਾਰ ਬਾਰ ਝਾੜੀ ਜਾਣੇ, ਗੁਰ ਪੁਰਬਾਂ ਜਾਂ ਨਗਰ ਕੀਰਤਨਾਂ ‘ਤੇ ਹਰ ਗਲੀ ਰਾਹ-ਖੇੜਿਆਂ ਤੇ ਬੇਲੋੜੇ ਲੰਗਰ ਤੇ ਛਬੀਲਾਂ ਲਾ, ਰਸਤੇ ਰੋਕ, ਆਵਾਜਾਈ ਵਿੱਚ ਵਿਘਨ ਪਾਉਣਾ, ਰੱਜਿਆਂ ਨੂੰ ਜਬਰੀ ਦੁਬਾਰਾ ਲੰਗਰ ਪਾਣੀ ਛਕਾਉਣਾ ਤੇ ਲੱਖਾਂ ਕ੍ਰੋੜਾਂ ਰੁਪਈਆ ਜਾਂ ਡਾਲਰ ਖਰਚ ਕੇ, ਬਹੁਤੇ ਪਦਾਰਥ ਵਿਅਰਥ ਸੁੱਟਣੇ ਸੇਵਾ ਨਹੀਂ ਸਗੋਂ ਧੰਨ ਦੌਲਤ ਤੇ ਸਮੇਂ ਦੀ ਬਰਬਾਦੀ ਹੈ। ਲੋੜਵੰਦ ਬੱਚਿਆਂ ਨੂੰ ਪੜ੍ਹਾਉਣਾ, ਆਰਥਕ ਤੌਰ ਤੇ ਗਰੀਬਾਂ ਨੂੰ ਕਾਰੋਬਾਰ ਦਿਵਾਉਣਾ, ਲੋੜਵੰਦਾਂ ਲਈ ਕਾਰਖਾਨੇ, ਹਸਪਤਾਲ, ਸਕੂਲ, ਕਾਲਜ, ਯੂਨੀਵਰਸਿਟੀਆਂ, ਗੁਰਬਾਣੀ ਸਿਖਲਾਈ ਵਿਚਾਰ ਕੇਂਦਰ ਆਦਿਕ ਅਦਾਰੇ ਖੋਲ੍ਹਣੇ ਤੇ ਚਲਾਉਣੇ ਅਸਲੀ ਸੇਵਾ ਤੇ ਬਾਕੀ ਵਿਖਾਵੇ ਤੇ ਬਰਬਾਦੀਆਂ ਹੀ ਹਨ। ਗੁਰਬਾਣੀ ਪੜ੍ਹਨੀ, ਸੁਣਨੀ, ਸਮਝਣੀ ਅਤੇ ਉਸ ਅਨੁਸਾਰ ਜੀਵਨ ਜੀਂਦੇ ਆਪਣਾ ਤੇ ਮਨੁੱਖਤਾ ਦਾ ਭਲਾ ਕਰਨਾ ਹੀ ਉੱਤਮ ਸੇਵਾ ਹੈ।


12/03/17
ਗੁਰਮੀਤ ਸਿੰਘ ਬਰਸਾਲ ( ਯੂ ਐਸ ਏ )

ਜਜ਼ਬਾਤ !!
ਤੜਪ ਜਜ਼ਬਾਤ ਪੁੱਛਦੇ ਨੇ ਕਿ ਇਹ ਕੀ ਕਰ ਰਿਹੈਂ ਸ਼ਾਇਰ ।
ਆਪਣੀ ਹੀ ਕਲਮ ਕੋਲੋਂ ਕਿਓਂ ਹੁਣ ਡਰ ਰਿਹੈਂ ਸ਼ਾਇਰ ।।
ਹੋਰਾਂ ਨੂੰ ਤੂੰ ਦਸਦਾਂ ਏਂ ਇਹ ਜੀਵਨ ਜੀਣ ਦੇ ਨੁਸਖੇ,
ਆਪਣੀ ਵਾਰ ਜੀਵਨ ਬਾਝ ਹੀ ਕਿਓਂ ਮਰ ਰਿਹੈਂ ਸ਼ਾਇਰ ।।
ਤੇਰੀ ਕਲਮ ਲਿਖਤੀ ਫਲਸਫੇ ਦੀ ਬਾਤ ਪਾਉਂਦੀ ਏ,
ਕਿਓਂ ਵਿਓਹਾਰ ਵਿੱਚੋਂ ਖੁਦੀ ਪਾਸੇ ਧਰ ਰਿਹੈਂ ਸ਼ਾਇਰ ।।
ਵਰਾਉਣਾ ਜੱਗ ਨੂੰ ਕੀ ਸੀ, ਤੂੰ ਤੇ ਰੋ ਰਿਹੈਂ ਖੁਦ ਹੀ,
ਤਵੱਕੋਂ ਚਿਣਗ ਦੀ ਕਾਹਦੀ, ਤੂੰ ਆਪੇ ਠਰ ਰਿਹੈਂ ਸ਼ਾਇਰ ।।
ਜਿਹੜੀ ਜਿੰਦਗੀ ਗੁਲਾਮ ਵੀ ਸਵੀਕਾਰ ਨਹੀਂ ਕਰਦੇ,
ਆਜਾਦ ਜੀ ਰਹੇ ਤੂੰ ਬੈਠਕੇ ਸਭ ਜਰ ਰਿਹੈਂ ਸ਼ਾਇਰ ।।
ਖੜਨਾ ਸੀ ਤੇਰੇ ਸ਼ਬਦਾਂ ਨੇ ਤਣਕੇ ਜਾਬਰਾਂ ਅੱਗੇ,
ਪਰ ਤੂੰ ਆਪ ਦਿਲ ਦੇ ਵਹਿਣ ਅੱਗੇ ਖਰ ਰਿਹੈਂ ਸ਼ਾਇਰ ।।
ਤੇਰੀ ਲਿਖਤ ਜੇਕਰ ਸਮੇ ਵਿੱਚ ਬਦਲਾਵ ਨਹੀਂ ਚਾਹੁੰਦੀ,
ਕਾਲੇ ਕਰ ਰਿਹੈਂ ਤੇ ਕਾਗਜਾਂ ਨੂੰ ਭਰ ਰਿਹੈਂ ਸ਼ਾਇਰ ।।
ਨਾ ਕੁਝ ਦੇਖਣਾ, ਸੁਨਣਾਂ ਤੇ ਨਾ ਹੀ ਹੱਕ ਲਈ ਕਹਿਣਾ
ਗਾਂਧੀ ਬਾਦਰਾਂ ਵਾਂਗਰ ਬਹਾਨੇ ਘੜ ਰਿਹੈਂ ਸ਼ਾਇਰ ।।।।
ਗੁਰਮੀਤ ਸਿੰਘ ਬਰਸਾਲ ( ਯੂ ਐਸ ਏ )


12/03/17
ਗਿਆਨੀ ਅਵਤਾਰ ਸਿੰਘ

ਸੁਝਾਅ ਉਪਰੰਤ ਕੁਝ ਸਰਲ ਤੇ ਸਪਸ਼ਟ ਕੀਤਾ ਗਿਆ ਵਿਸ਼ਾ

ਗਾਵਹਿ, ਖੰਡ ਮੰਡਲ ਵਰਭੰਡਾ.. ॥


ਗਿਆਨੀ ਅਵਤਾਰ ਸਿੰਘ-94650-40032


ਵਿਚਾਰ ਅਧੀਨ ਤੁਕ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’, ‘ਜਪੁ’ ਬਾਣੀ ਦੀ 27ਵੀਂ ਪਉੜੀ ਤੋਂ ਇਲਾਵਾ ‘ਸੋ ਦਰੁ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 9 ਅਤੇ 347 ਉੱਤੇ ‘‘ਗਾਵਨਿ ਤੁਧ ਨੋ, ਖੰਡ ਮੰਡਲ ਬ੍ਰਹਮੰਡਾ.. ॥ (ਸੋ ਦਰੁ/ ਆਸਾ/੯), ਗਾਵਨਿ੍ ਤੁਧ ਨੋ, ਖੰਡ ਮੰਡਲ ਬ੍ਰਹਮੰਡਾ.. ॥’’ (ਰਾਗ ਆਸਾ/ਸੋ ਦਰੁ/੩੪੭) ਉੱਤੇ ਵੀ ਸੁਸ਼ੋਭਿਤ ਹੈ। ਲਗਭਗ ਸਾਰੇ ਹੀ ਟੀਕਾਕਾਰਾਂ ਨੇ ਇਨ੍ਹਾਂ ਪਾਵਨ ਪੰਕਤੀਆਂ ਦੇ ਅਰਥ ਕੀਤੇ ਹਨ ਕਿ ‘ਖੰਡ, ਮੰਡਲ, ਬ੍ਰਹਿਮੰਡ’ ਅਕਾਲ ਪੁਰਖ ਨੂੰ ਗਾਉਂਦੇ ਹਨ ਭਾਵ ਉਸ ਦੇ ਹੁਕਮ ਵਿੱਚ ਚੱਲਦੇ ਹਨ।

ਹਥਲੇ ਵਿਸ਼ੇ ਦੀ ਵਿਚਾਰ ਲਈ ‘ਜਪੁ’ ਬਾਣੀ ਦੀ ਇਸ ਮੁਕੰਮਲ ਪਉੜੀ ਦੇ ਸ਼ਬਦਾਰਥਾਂ ਨੂੰ ਤਿੰਨ ਭਾਗਾਂ ’ਚ ਵੰਡਣਾ ਲਾਭਕਾਰੀ ਰਹੇਗੀ, ਜੋ ਕਿ ਇਸ ਪ੍ਰਕਾਰ ਹੈ :

(1). (ੳ). ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ; ਕੇਤੇ ਵਾਵਣਹਾਰੇ ॥ ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥

ਭਾਵ ਹੇ ਅਕਾਲ ਪੁਰਖ ! ਤੇਰਾ ਉਹ ਘਰ (ਸਥਾਈ ਨਿਵਾਸ) ਤੇ ਉਸ ਦਾ ਦਰਵਾਜ਼ਾ ਕਿਹੋ ਜਿਹਾ ਅਦਭੁਤ ਹੈ, ਜਿੱਥੇ ਬੈਠ ਕਰ ਤੂੰ ਕੁਦਰਤ ਦੀ ਸੰਭਾਲ਼ ਕਰਦਾ ਹੈਂ ! (ਮਹਿਸੂਸ ਹੁੰਦਾ ਹੈ ਕਿ ਉੱਥੇ) ਅਣਗਿਣਤ ਸੰਗੀਤ ਰਸ ਤੇ ਉਨ੍ਹਾਂ ਨੂੰ ਪ੍ਰਗਟ ਕਰਨ ਵਾਲ਼ੇ ਕਈ ਸਾਜ਼ ਹਨ, ਜਿਨ੍ਹਾਂ ਨੂੰ ਵਜਾਉਣ ਵਾਲ਼ੇ (ਆਗਿਆਕਾਰੀ ਭਗਤ-ਜਨ) ਵੀ ਬੇਅੰਤ ਹਨ। ਕਿਤਨੇ ਹੀ ਗਵੱਈਏ; ਇਨ੍ਹਾਂ ਰਾਗ, ਰਾਗਣੀਆਂ ਰਾਹੀਂ ਤੇਰੀ ਉਸਤਤ ਕਰਦੇ ਹਨ (ਭਾਵ ਬੇਗ਼ਮਪੁਰਾ ਜਾਂ ਸਚ ਖੰਡਿ ਅਵਸਥਾ ਵਿੱਚ ਸੰਗੀਤ ਧੁਨੀ ਵਾਲ਼ਾ ਅਨੰਦ ਹੀ ਅਨੰਦ ਹੈ, ਮਾਨੋ ਇਸ ਅਨੰਦ ਨੂੰ ਅਣਗਿਣਤ ਭਗਤ-ਜਨ ਮਾਣ ਰਹੇ ਹਨ)।

(ਅ). ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਨ ਕਰਣਾ ਜਾਈ ॥

ਭਾਵ ਕੇਵਲ ਉਹੀ ਸਦਾ ਸਥਿਰ ਜਗਤ ਦਾ ਅਸਲ ਮਾਲਕ ਹੈ ਤੇ ਉਸ ਦੀ ਵਡਿਆਈ ਵੀ ਇਕ ਸਮਾਨ ਸਥਿਰ ਹੈ, ਉਹ ਹੁਣ (ਵਰਤਮਾਨ) ’ਚ ਵੀ ਹੈ ਕਿਉਂਕਿ ਨਾ ਜੰਮਦਾ, ਨਾ ਮਰਦਾ ਹੈ, ਜਿਸ ਨੇ ਜਗਤ ਰਚਨਾ ਰਚੀ ਹੈ। ਰੰਗਾਂ-ਰੰਗਾਂ ਦੀ, ਭਾਂਤ-ਭਾਂਤ ਦੀ, ਕਈ ਕਿਸਮਾਂ ਦੀ ਬਣਾ ਕੇ ਜਿਸ ਨੇ ਮਾਇਆ ਵੀ ਪੈਦਾ ਕੀਤੀ ਹੈ। ਜਿਸ ਤਰ੍ਹਾਂ ਦੀ ਉਸ ਦੀ ਪ੍ਰਸਿੱਧੀ (ਸੁਭਾਅ, ਆਚਰਣ) ਹੈ, ਵੈਸਾ ਹੀ ਇਸ ਰਚੇ ਹੋਏ ਆਪਣੇ ਪਸਾਰੇ (ਪਰਿਵਾਰ) ਨੂੰ ਬਣਾ ਬਣਾ ਕੇ ਸੰਭਾਲ਼ਦਾ ਹੈ। ਜੋ ਉਸ ਨੂੰ ਪਸੰਦ ਹੈ, ਉਹੀ (ਜਗਤ ’ਚ) ਹੋਏਗਾ, (ਇਸ ਸਥਾਈ ਪਰੰਪਰਾ ਵਿਰੁਧ ਕੋਈ ਰੁਕਾਵਟ ਜਾਂ) ਆਦੇਸ਼ ਨਹੀਂ ਕੀਤਾ ਜਾ ਸਕਦਾ।

(2). ਗਾਵਹਿ ਤੁਹ ਨੋ, ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥ ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥ ਗਾਵਹਿ ਸਿਧ ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ; ਗਾਵਹਿ ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ॥ ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥.. .. . ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ?॥

ਭਾਵ ਹੇ ਸਥਾਈ ਅਕਾਲ ਪੁਰਖ ! (ਤੇਰੀ ਰਚੀ ਹੋਈ ਇਸ ਚਲਾਇਮਾਨ ਰਚਨਾ ’ਚ ਪੂਜਨੀਕ ਮੰਨੇ ਜਾਂਦੇ, ਜਿਵੇਂ ਕਿ) ਹਵਾ, ਪਾਣੀ, ਅੱਗ, ਧਰਮਰਾਜ, ਚਿੱਤਰ-ਗੁਪਤ, ਸ਼ਿਵ ਜੀ, ਬ੍ਰਹਮਾ, ਦੇਵੀਆਂ, ਆਪਣੇ ਦੇਵਤਿਆਂ ਸਮੇਤ ਸਿੰਘਾਸਣ ’ਤੇ ਬਿਰਾਜਮਾਨ ਇੰਦ੍ਰ, ਸਮਾਧੀ ਲੀਨ ਜੋਗੀ, ਜਤੀ, ਸਤੀ (ਦਾਨੀ), ਸਬਰ-ਸੰਤੋਖੀ, ਤਕੜੇ ਯੋਧੇ, ਵੇਦਾਂ ਰਾਹੀਂ ਬਣੇ ਵਿਦਵਾਨ ਪੰਡਿਤ, ਸੁਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ ਦੀਆਂ ਸੁੰਦਰ ਇਸਤ੍ਰੀਆਂ, 68 ਤੀਰਥਾਂ ਸਮੇਤ 14 ਰਤਨ, ਮਹਾਂਬਲੀ ਸੂਰਮੇ, ਆਦਿ ਸਭ ਤੇਰੇ ਹੀ ਗੁਣ ਗਾਉਂਦੇ ਹਨ। ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ ਤੋਂ ਪੈਦਾ ਹੋਣ ਵਾਲ਼ੇ ਜੀਵ), ਖੰਡ, ਮੰਡਲ, ਵਰਭੰਡ, ਆਦਿ ਸਾਰੇ ਹੀ ਤੇਰੀ ਸਿਫ਼ਤ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਅਣਗਿਣਤ ਤੈਨੂੰ ਗਾਉਂਦੇ ਹਨ, ਜੋ ਮੇਰੇ ਖ਼ਿਆਲ ਵਿੱਚ ਨਹੀਂ ਆ ਰਹੇ, ਨਾਨਕ (ਤੇਰੇ ਵਿਸ਼ਾਲ ਪਸਾਰੇ ਦੀ ਹੋਰ) ਕਿੰਨੀ ਕੁ ਵਿਚਾਰ ਕਰ ਸਕਦਾ ਹੈ ?

(3). ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥…… ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ; ਨਾਨਕ ! ਰਹਣੁ ਰਜਾਈ ॥੨੭॥ (ਜਪੁ)

ਭਾਵ ਹੇ ਨਾਨਕ ! ਆਖ, ਕਿ ਹੇ ਅਕਾਲ ਪੁਰਖ ! (ਅਸਲ ’ਚ) ਉਹੀ ਭਗਤ-ਜਨ ਤੈਨੂੰ ਗਾਉਂਦੇ ਹਨ, ਜੋ ਤੈਨੂੰ ਪਸੰਦ ਆ ਜਾਂਦੇ ਹਨ ਭਾਵ (ਜੋ ਰਾਗ ਰਾਗਣੀਆਂ ਸਮੇਤ) ਤੇਰੇ ਸੰਗੀਤ ਰਸ ਵਿੱਚ ਰੰਗੇ ਰਹਿੰਦੇ ਹਨ। ਜੋ ਤੇਰੀ ਰਜ਼ਾ ਵਿੱਚ ਰਹਿਣਾ ਸਮਝ ਲੈਂਦੇ ਹਨ, ਉਹ ਪਾਤਿਸ਼ਾਹਾਂ ਦੇ ਅਸਲ ਪਾਤਿਸ਼ਾਹ (ਭਾਵ ਲੋਕਾਂ ਦੇ ਦਿਲਾਂ ’ਤੇ ਦੀਰਘ ਕਾਲ ਤੱਕ ਪ੍ਰਭਾਵ ਪਾਉਣ ਵਾਲ਼ੇ) ਬਣ ਜਾਂਦੇ ਹਨ।

ਉਕਤ ਕੀਤੇ ਗਏ ਸੰਖੇਪ ਸ਼ਬਦਾਰਥਾਂ ’ਚ ਪ੍ਰਚਲਿਤ ਟੀਕਾਕਾਰਾਂ ਨੇ ‘ਗਾਵਹਿ’ ਜਾਂ ‘ਗਾਵਨਿ’ ਸ਼ਬਦਾਂ ਦਾ ਭਾਵਾਰਥ ‘ਤੇਰੇ ਹੁਕਮ ਵਿੱਚ ਚੱਲਦੇ ਹਨ।’, ਮੰਨ ਲਿਆ ਗਿਆ ਹੈ ਕਿਉਂਕਿ ‘ਖੰਡ, ਮੰਡਲ, ਵਰਭੰਡਾ’, ਆਦਿ ਨਿਰਜਿੰਦ (ਪੱਥਰ) ਹਨ ਤੇ ‘ਹਵਾ, ਪਾਣੀ, ਅੱਗ’, ਆਦਿ ਤੱਤ ਵੀ ਨਹੀਂ ਗਾ ਸਕਦੇ। ਆਪੂੰ ਬਣੇ ਰੱਬ, ‘ਬ੍ਰਹਮਾ (ਸਭ ਨੂੰ ਪੈਦਾ ਕਰਨ ਵਾਲ਼ਾ), ਵਿਸ਼ਨੂੰ (ਸਭ ਨੂੰ ਰਿਜ਼ਕ ਦੇਣ ਵਾਲ਼ਾ), ਸ਼ਿਵਜੀ (ਸਭ ਨੂੰ ਨਾਸ਼ ਕਰਨ ਵਾਲ਼ਾ)’, ਆਦਿ ਵੀ ਗੁਰਬਾਣੀ ਤੋਂ ਇਲਾਵਾ ਕਿਸੇ ਸਨਾਤਨੀ ਗ੍ਰੰਥ ਵਿੱਚ ਕਿਸੇ ਅਦ੍ਰਿਸ਼ ਰੱਬੀ ਸ਼ਕਤੀ ਨੂੰ ਆਪਣੇ ਤੋਂ ਉੱਪਰ ਨਹੀਂ ਮੰਨਦੇ ਤਾਂ ਜੋ ਉਸ ਦੇ ਗੁਣ ਗਾਉਂਦੇ ਹੋਣ, ਆਦਿ।

ਦਰਅਸਲ, ਸਵਾਲ ਪੈਦਾ ਹੁੰਦਾ ਹੈ ਕਿ ਹਰ ਗੁਰੂ ਘਰ ਵਿੱਚ ਅੰਮ੍ਰਿਤ ਵੇਲ਼ੇ ਤੋਂ ਲੈ ਕੇ ਦੇਰ ਰਾਤ ਤੱਕ ਸੰਗਤਾਂ ਗੁਰਬਾਣੀ ਨੂੰ ਭਿੰਨ-ਭਿੰਨ ਰਚਨਾਵਾਂ ਰਾਹੀਂ ਗਾਉਂਦੀਆਂ ਹਨ, ਬਾਣੀ ਨੂੰ ਉਚਾਰਦੀਆਂ ਹਨ, ਜੋ ਕਿ ਕਰਤਾਰ ਦੀ ਉਸਤਤ ਕਰਨਾ ਹੈ। ਕੀ ਇਸ (ਗਾਉਣ) ਦਾ ਮਤਲਬ ਵੀ ਇਹ ਮੰਨ ਲਿਆ ਜਾਏ ਕਿ ਉਹ ਸਾਰੇ ਹੀ ਹੁਕਮ ਵਿੱਚ ਚੱਲਦੇ ਹਨ ਕਿਉਂਕਿ ਵਿਚਾਰ ਅਧੀਨ ਤੁਕ ’ਚ ‘ਗਾਉਣ’ ਤੋਂ ਭਾਵ ‘ਹੁਕਮ ਵਿੱਚ ਚੱਲਣਾ’ ਕੀਤਾ ਜਾਂਦਾ ਹੈ ? ਮੇਰੇ ਕਹਿਣ ਦਾ ਮਤਲਬ ਹੈ ਕਿ ‘ਗਾਉਣਾ’ ਰੂਹਾਨੀਅਤ ਜੀਵਨ ਦਾ ਪਹਿਲਾ ਪੜਾਅ ਹੈ ਜਦ ਕਿ ‘ਹੁਕਮ ਵਿੱਚ ਚੱਲਣਾ’ ਅੰਤਿਮ ਪੜਾਅ ਜਾਂ ਮੰਜ਼ਿਲ ਪ੍ਰਾਪਤੀ, ਇਸ ਲਈ ‘ਪਹਿਲੇ ਪੜਾਅ’ ਦਾ ਭਾਵਾਰਥ ‘ਅੰਤਲੇ ਪੜਾਅ’ ਵੱਲ ਕਿਵੇਂ ਕੀਤਾ ਜਾ ਸਕਦਾ ਹੈ ?

‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸਵਾਲ ਹੈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥’’, ਜਿਸ ਦਾ ਜਵਾਬ ਵੀ ਨਾਲ਼ ਹੀ ਦਿੱਤਾ ਗਿਆ ਕਿ ‘‘ਹੁਕਮਿ ਰਜਾਈ ਚਲਣਾ.. ॥’’ ਭਾਵ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਕੇ ‘ਕੂੜ ਦੀ ਕੰਧ’ ਢਹਿ ਜਾਂਦੀ ਹੈ ਤੇ ‘ਸਚਿਆਰ ਜੀਵਨ’ ਬਣ ਜਾਂਦਾ ਹੈ।

ਅਗਰ ਹੁਕਮ ਵਿੱਚ ਚੱਲ ਕੇ ‘ਸਚਿਆਰ’ ਜੀਵਨ ਬਣਦਾ ਹੈ ਤਾਂ ਹੁਕਮ ਵਿੱਚ ਚੱਲਣ ਵਾਲ਼ਿਆਂ (ਸਚਿਆਰਾਂ) ਦਾ ਸਤਿਕਾਰ ਵੀ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਕੁਝ ਅਜਿਹਾ ਹੀ ਬਿਆਨ ਕਰ ਰਹੇ ਹਨ ‘‘ਹਉ ਤਿਨ ਕੈ ਬਲਿਹਾਰਣੈ; ਦਰਿ+ਸਚੈ (’ਤੇ) ਸਚਿਆਰ ॥’’ (ਮ: ੧/੫੫) ਭਾਵ ਜੋ ਅਕਾਲ ਪੁਰਖ ਦੇ ਪਰਖ ਨਿਰਣੇ ਉੱਤੇ ਸਚਿਆਰ ਹੁੰਦੇ ਹਨ, ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹੈ ਕਿਉਂਕਿ ਇਸੇ ਜੀਵਨ ਮਨੋਰਥ ਦੀ ਵਿਆਖਿਆ ਕਰਨ ਅਤੇ ਪ੍ਰਾਪਤੀ ਕਰਵਾਉਣ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਮਨੁੱਖਾ ਜੀਵਨ ਧਾਰਨ ਕਰਨਾ ਪਿਆ ਹੈ।

ਜਦ ਹੁਕਮ ਵਿੱਚ ਚੱਲਣ ਵਾਲ਼ਾ ‘ਸਚਿਆਰ’ ਹੈ ਤਾਂ ‘ਖੰਡ, ਮੰਡਲ, ਵਰਭੰਡ’ ਦਾ ਪ੍ਰਚਲਿਤ ਭਾਵਾਰਥ ‘ਹੁਕਮ ਵਿੱਚ ਚੱਲਣਾ’, ਸਵੀਕਾਰ ਕਰ ਕੇ ਇਨ੍ਹਾਂ (ਖੰਡ, ਮੰਡਲ, ਵਰਭੰਡਾ) ਨੂੰ ਵੀ ‘ਸਚਿਆਰ’ ਮੰਨਣਾ ਪਵੇਗਾ, ਜਿਸ ਕਾਰਨ ਇਨ੍ਹਾਂ ਦਾ ਸਤਿਕਾਰ ਕਰਨਾ ਬਣਦਾ ਹੈ ਭਾਵ ਇਨ੍ਹਾਂ ਦੇ ਰੁਤਬੇ ਤੋਂ ਮਨੁੱਖ ਨੂੰ ਪ੍ਰਭਾਵਤ ਹੋਣਾ ਚਾਹੀਦਾ ਹੈ ਜਦ ਕਿ ‘ਸੋ ਦਰੁ’ ਸ਼ਬਦ ਨੂੰ ਗੁਰਬਾਣੀ ਵਿੱਚ ਤਿੰਨ ਵਾਰ ਦਰਜ ਕਰਨਾ ਅਤੇ ਸੁਬ੍ਹਾ-ਸ਼ਾਮ (ਜਪੁ ਤੇ ਰਹਰਾਸਿ) ਰਾਹੀਂ ਨਿਤਨੇਮ ਦਾ ਭਾਗ ਬਣਾਉਣ ਦਾ ਮਨੋਰਥ, ਲੁਕਾਈ ਨੂੰ ਇਨ੍ਹਾਂ ਦੇ ਕਾਲਪਨਿਕ ਪ੍ਰਭਾਵ ਤੋਂ ਮੁਕਤ ਕਰਵਾਉਣਾ ਸੀ, ਜੋ ਆਦਿ ਕਾਲ ਤੋਂ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ’ਚ ਪੂਜਦੇ ਆ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਕਾਲਪਨਿਕ ਸ਼ਕਤੀਆਂ ਦੇ ਮੁਕਾਬਲੇ ਵੱਡੀ ਲਕੀਰ ਖਿੱਚੀ ਹੈ ਕਿ ਅਕਾਲ ਪੁਰਖ ਹੀ ਸਿ੍ਰਸ਼ਟੀ ਨੂੰ ਬਣਾਉਣ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਨਾਸ਼ ਕਰਨ ਵਾਲ਼ਾ ਹੈ, ਜਿਸ ਦੇ ਅਧੀਨ ਇਹ ਸਭ ਵਿਚਰਦੇ ਵਿਖਾਏ ਗਏ ਹਨ; ਜਿਵੇਂ ਕਿ ‘‘ਗਾਵਹਿ ਤੁਹ ਨੋ ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ-ਧਰਮੁ, ਦੁਆਰੇ ॥, ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥, ਗਾਵਹਿ ਈਸਰੁ ਬਰਮਾ ਦੇਵੀ.. ॥, ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥, ਗਾਵਹਿ ਸਿਧ ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥, ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ ॥, ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥’’, ਆਦਿ; ਤਾਂ ’ਤੇ ਇਨ੍ਹਾਂ ਸਭ ਪੰਕਤੀਆਂ ਦਾ ਭਾਵਾਰਥ ਇਉਂ ਲੈਂਣਾ ਚਾਹੀਦਾ ਹੈ ਕਿ ‘ਹਵਾ, ਪਾਣੀ, ਅੱਗ, ਆਦਿ ਤੱਤ, ਧਰਮਰਾਜ, ਚਿੱਤ੍ਰ-ਗੁਪਤ, ਸ਼ਿਵ, ਬ੍ਰਹਮਾ, ਸਭ ਦੇਵੀਆਂ, ਦੇਵਤਿਆਂ ਸਮੇਤ ਇੰਦਰ, ਪੂਰਨ ਕਰਾਮਾਤੀ ਯੋਗੀ, ਸੂਰਮੇ ਰਾਜੇ-ਯੋਧੇ, ਆਦਿਕ, ਧਰਤੀ ਦੀ ਰਚਨਾ (ਚਾਰੇ ਖਾਣੀਆਂ), ਬ੍ਰਹਿਮੰਡ ’ਚ ਖੰਡ, ਮੰਡਲ ਤੇ ਵਰਭੰਡਾ, ਆਦਿ ਸਾਰੇ ਹੀ ਕਰਤਾਰ ਦੀ ਸ਼ਕਤੀ ਨੂੰ ਵੱਡਾ ਮੰਨਦੇ ਹਨ, ਇਸ ਲਈ ਇਨ੍ਹਾਂ ਕਾਲਪਨਿਕ ਕੁਦਰਤੀ ਸ਼ਕਤੀਆਂ ਨੂੰ ਮੂਲ ਸ਼ਕਤੀ (ਰੱਬ) ਮੰਨ ਕੇ ਇਨ੍ਹਾਂ ਤੋਂ ਪ੍ਰਭਾਵਤ ਹੋਣਾ ਵਿਅਰਥ ਹੈ।

ਉਕਤ ਬਣਾਏ ਗਏ ਭਾਵਾਰਥਾਂ ਦੀ ਬਜਾਇ ‘ਗਾਉਣ’ ਦਾ ਪ੍ਰਚਲਿਤ ਭਾਵਾਰਥ ਕਿ ‘ਹੁਕਮ ਵਿੱਚ ਚੱਲਦੇ ਹਨ’, ਆਮ ਸ਼ਰਧਾਲੂ ਲਈ ਦੁਬਿਧਾ ਪੈਦਾ ਕਰ ਸਕਦਾ ਹੈ ਕਿਉਂਕਿ ‘‘ਕਿਵ ਕੂੜੈ ਤੁਟੈ ਪਾਲਿ ?॥’’ ਸਵਾਲ ਦਾ ਵੀ ਜਵਾਬ ਹੈ ਕਿ ‘‘ਹੁਕਮਿ ਰਜਾਈ ਚਲਣਾ.. ॥’’ ਭਾਵ ‘ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲਣ ਨਾਲ਼’ ਕੂੜੈ ਪਾਲਿ (ਝੂਠ ਦਾ ਪਰਦਾ ਜਾਂ ਕੰਧ, ਅਰਥਹੀਣ ਦੀ ਲਈ ਗਈ ਟੇਕ) ਢਹਿ ਜਾਂਦੀ ਹੈ। ਆਮ ਸ਼ਰਧਾਲੂ ਸਮਝਦਾ ਹੋਏਗਾ ਕਿ ਹੁਕਮ ਵਿੱਚ ਚੱਲਣ ਵਾਲ਼ੇ ‘ਖੰਡ, ਮੰਡਲ, ਵਰਭੰਡ’ ਦੀ ‘ਕੂੜੈ ਪਾਲਿ’ ਟੁੱਟ ਗਈ ਹੋਏਗੀ, ਇਸ ਲਈ ਉਹ ਪੂਜਨੀਕ ਹਨ।

ਦੂਸਰਾ ਪੱਖ ਵੀ ਵਿਚਾਰਨਯੋਗ ਹੈ ਕਿ ਜਦ ਸਾਰੀ ਕਾਇਨਾਤ (ਬ੍ਰਹਿਮੰਡ), ਹੁਕਮ ਵਿੱਚ ਵਿਚਰਦੀ ਹੈ ਤਾਂ ਇਨ੍ਹਾਂ ਨੂੰ ਹੁਕਮ ਵਿੱਚ ਚੱਲਦੇ, ਨਾ ਮੰਨਣਾ ਕਿੱਥੋਂ ਤੱਕ ਸਹੀ ਹੈ ? ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਰਾਹੀਂ ਫ਼ੁਰਮਾ ਰਹੇ ਹਨ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’

ਅਜੋਕੇ ਕੁਝ ਸਿੱਖ ਪ੍ਰਚਾਰਕ ਮਨਮੁਖ ਤੇ ਕਰਮਕਾਂਡੀ ਦਾ ਕਿਰਦਾਰ ਵੇਖ ਇਨ੍ਹਾਂ ਨੂੰ ਰੱਬੀ ਹੁਕਮ ਵਿੱਚ ਚੱਲਦਾ ਨਹੀਂ ਸਵੀਕਾਰਦੇ, ਜਿਸ ਕਾਰਨ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦੇ ਭਾਵਾਰਥ ਕਰਦੇ ਹਨ ਕਿ ‘ਰੱਬੀ ਹੁਕਮ ਵਿੱਚ ਚੱਲਣ ਵਾਲ਼ਾ ਸੁੱਖੀ ਜੀਵਨ ਬਤੀਤ ਕਰਦਾ ਹੈ ਜਦ ਕਿ ‘ਬਾਹਰਿ ਹੁਕਮ’ ਵਾਲ਼ਾ ਮਨਮੁਖੀ ਤੇ ਕਰਮਕਾਂਡੀ ਦੁੱਖੀ ਰਹਿੰਦਾ ਹੈ।’ ਇਨ੍ਹਾਂ ਸੱਜਣਾਂ ਨੇ ‘ਦੁਖੀ-ਸੁਖੀ’ ਸ਼ਬਦ ਆਪਣੇ ਵੱਲੋਂ ਨਿਰਧਾਰਿਤ ਕੀਤੇ ਹਨ, ਜੋ ਕਿ ਸੰਬੰਧਿਤ ਤੁਕ ਵਿੱਚ ਨਹੀਂ ਅਤੇ ਇਸੇ ਪਉੜੀ ਦੀ ਪੰਕਤੀ ‘‘ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥’’ ਭਾਵ ਹੁਕਮ ਵਿੱਚ ਦੁੱਖ-ਸੁੱਖ ਪ੍ਰਾਪਤ ਹੁੰਦੇ ਹਨ, ਦਾ ਖੰਡਨ-ਮੰਡਨ ਕਰ ਆਪ ਹੀ ਮਨਮਤ ਦੇ ਧਾਰਨੀ ਹੋਣ ਦਾ ਸਬੂਤ ਦੇ ਜਾਂਦੇ ਹਨ।

ਚੱਲਦੇ ਵਿਸ਼ੇ ਪ੍ਰਸੰਗ ਦੀ ਮਦਦ ਲਈ ਗੁਰਬਾਣੀ ’ਚੋਂ ਮਨਮੁਖ ਤੇ ਕਰਮਕਾਂਡੀ ਸਮੇਤ ਹਰ ਵਸਤੂ ਰੱਬੀ ਹੁਕਮ ’ਚ ਚੱਲਦੀ ਹੈ, ਬਾਰੇ ਕੁਝ ਪ੍ਰਮਾਣ ਇਸ ਤਰ੍ਹਾਂ ਦਰਜ ਹਨ :

(ੳ). ਸਭਿ ਆਏ ਹੁਕਮਿ (’ਚ) ਖਸਮਾਹੁ (ਖ਼ਸਮ ਦਰ ਤੋਂ); ਹੁਕਮਿ (’ਚ) ਸਭ ਵਰਤਨੀ ॥ (ਮ: ੪/੭੨੩) ਭਾਵ ਮਾਲਕ ਦੇ ਦਰ ਤੋਂ ਸਾਰੇ ਉਸੇ ਦੇ ਹੁਕਮ ’ਚ ਆਏ (ਜੰਮੇ) ਹਨ ਤੇ ਹੁਕਮ ਵਿੱਚ ਹੀ ਵਿਚਰਦੇ ਹਨ।

(ਅ). ਸਭੇ ਸੁਰਤੀ ਜੋਗ ਸਭਿ; ਸਭੇ ਬੇਦ ਪੁਰਾਣ ॥ ਸਭੇ ਕਰਣੇ ਤਪ ਸਭਿ; ਸਭੇ ਗੀਤ ਗਿਆਨ ॥ ਸਭੇ ਬੁਧੀ ਸੁਧਿ ਸਭਿ; ਸਭਿ ਤੀਰਥ ਸਭਿ ਥਾਨ ॥ ਸਭਿ ਪਾਤਿਸਾਹੀਆ ਅਮਰ ਸਭਿ; ਸਭਿ ਖੁਸੀਆ ਸਭਿ ਖਾਨ ॥ ਸਭੇ ਮਾਣਸ ਦੇਵ ਸਭਿ; ਸਭੇ ਜੋਗ ਧਿਆਨ ॥ ਸਭੇ ਪੁਰੀਆ ਖੰਡ ਸਭਿ; ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ ; ਕਰਮੀ ਵਹੈ ਕਲਾਮ ॥ ਨਾਨਕ ! ਸਚਾ ਸਚਿ+ਨਾਇ; ਸਚੁ ਸਭਾ ਦੀਬਾਨੁ ॥ (ਮ: ੧/੧੨੪੧) ਅਖ਼ੀਰਲੀਆਂ ਦੋ ਤੁਕਾਂ ਦਾ ਅਰਥ ਹੈ ਕਿ ‘ਸਭ ਨੂੰ (ਮਾਲਕ) ਆਪਣੇ ਹੁਕਮ ਵਿੱਚ ਚਲਾਉਂਦਾ ਹੈ ਤੇ (ਹੁਕਮ ਵਿੱਚ ਚੱਲ ਰਹੇ ਜੀਵਾਂ ਦੇ ਕੀਤੇ) ਕੰਮਾਂ ਮੁਤਾਬਕ (ਉਨ੍ਹਾਂ ਦੀ ਮੁੜ ਤਕਦੀਰ (ਨਸੀਬ) ਲਿਖਣ ਲਈ, ਰੱਬੀ) ਕਲਮ ਚੱਲਦੀ ਹੈ। ਹੇ ਨਾਨਕ ! ਆਖ ਕਿ ਸੱਚ ਨੂੰ ਖ਼ਰੀਦਣ ਵਾਲ਼ੀ ਸੰਗਤ (ਸਭਾ) ’ਚ ਕੇਵਲ ਸੱਚੇ ਨਾਮ ਦੀ ਰਾਹੀਂ ਹੀ ਸੱਚਾ ਦਰਬਾਰ (ਸੋ ਦਰੁ) ਮਿਲਦਾ ਹੈ (ਸਤਸੰਗਤਿ ਕੈਸੀ ਜਾਣੀਐ ? ॥ ਜਿਥੈ, ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ, ਨਾਨਕ ! ਸਤਿਗੁਰਿ (ਨੇ) ਦੀਆ ਬੁਝਾਇ ਜੀਉ ॥ (ਮ: ੧/੭੨), ਆਦਿ।

ਸੋ, ਅਸਾਂ ਨੂੰ ‘‘ਹੁਕਮਿ ਰਜਾਈ ਜੋ ਚਲੈ; ਸੋ ਪਵੈ ਖਜਾਨੈ ॥ ਖੋਟੇ ਠਵਰ ਨ ਪਾਇਨੀ; ਰਲੇ ਜੂਠਾਨੈ (ਝੂਠ ’ਚ)॥’’ (ਮ: ੧/੪੨੧) ਜਾਂ ‘‘ਹੁਕਮੀ ਆਇਆ, ਹੁਕਮੁ ਨ ਬੂਝੈ; ਹੁਕਮਿ (ਰਾਹੀਂ) ਸਵਾਰਣਹਾਰਾ ॥ (ਮ: ੧/੬੮੮), ਆਦਿ ਤੁਕਾਂ ਦਾ ਭਾਵਾਰਥ ਵਿਚਾਰਨਾ ਪਏਗਾ ਤਾਂ ਜੋ ਸਭ ਦਾ ਹੁਕਮ ਵਿੱਚ ਚੱਲਣਾ ਅਤੇ ‘‘ਕਿਵ ਸਚਿਆਰਾ ਹੋਈਐ ? ॥’’ ਦਾ ਜਵਾਬ ‘‘ਹੁਕਮਿ ਰਜਾਈ ਚਲਣਾ.. ॥’’ ਦੇ ਭਾਵਾਰਥ ’ਚ ਅੰਤਰ ਸਮਝ ਆ ਜਾਏ, ਜੋ ਕਿ ‘‘ਗਾਵਹਿ ਖੰਡ ਮੰਡਲ ਵਰਭੰਡਾ..॥’’ ਦੇ ਪ੍ਰਚਲਿਤ ਭਾਵਾਰਥ ਤੋਂ ਭਿੰਨ ਹੋਵੇਗਾ।

ਗੁਰਬਾਣੀ ਦੇ ਸਿਧਾਂਤ ਮੁਤਾਬਕ ਕਰਤਾਰ ਦੀ ਰਚਨਾ (ਭਾਵ ਕੁਦਰਤ) ਇੱਕ ਖੇਡ ਹੈ, ਇਸ ‘ਖੇਡ’ ਦੇ ਅਰਥ ਬੱਚੇ ਤੋਂ ਵਧ ਕੇ ਕੋਈ ਨਹੀਂ ਜਾਣਦਾ, ਜੋ ਆਪਣੀ ਖੇਡ ਰਾਹੀਂ ਦੋ ਨਕਲੀ ਪਾਤਰ ਬਣਾ ਯੁੱਧ ਕਰਦਾ-ਕਰਾਉਂਦਾ ਆਪਣੀ ਖੇਡ ਦੀ ਸਮਾਪਤੀ ਉਪਰੰਤ ਦੋਵੇਂ ਦੁਸ਼ਮਣ ਪਾਤਰਾਂ ਨੂੰ ਆਪਣੀ ਅਗਲੀ ਖੇਡ ਤੱਕ ਆਪਣੇ ਪਾਸ ਹੀ ਸੰਭਾਲ਼ ਕੇ ਰੱਖਦਾ ਹੈ। ਕੁਦਰਤ ਦਾ ਹਰ ਸੁਭਾਅ, ਇਸ ਦੇ ਮਾਲਕ (ਕਰਤਾਰ) ਦਾ ਸੁਭਾਅ ਹੁੰਦਾ ਹੈ, ਜਿਸ ਨੂੰ ਕਰਤਾਰ ਦੇ ਭਗਤ ਹੀ ਸਮਝ ਸਕਦੇ ਹਨ। ਮਨਮੁਖਤਾ ਤੇ ਗੁਰਮੁਖਤਾ ਭਾਸ਼ਾਈ ਦ੍ਰਿਸ਼ਟੀ ਤੋਂ ਕੇਵਲ ਮਨੁੱਖਾ ਸੋਚ ਦੀ ਉਪਜ (ਪੈਦਾਇਸ਼) ਹਨ, ਨਾ ਕਿ (ਬੱਚੇ ਦੀ ਸੋਚ ਵਾਙ) ਕਰਤਾਰ ਦੀ ਸੋਚ ਵਿੱਚ ਅਜਿਹਾ ਕੋਈ ਅੰਤਰ ਹੈ ਕਿਉਂਕਿ ਉਹ ਗੁਰਮੁਖਤਾ ਦੇ ‘ਗਾਵਹਿ’ ਕਾਰਨ ‘‘ਵਡਾ ਨ ਹੋਵੈ..॥’’ ਅਤੇ ਮਨਮੁਖਤਾ ਦੇ ‘ਨਾ ਗਾਵਹਿ’ ਕਾਰਨ ‘‘ਘਾਟਿ ਨ ਜਾਇ ॥’’ (ਸੋ ਦਰੁ, ਆਸਾ/ਮ: ੧/੯) ਅਜਿਹੀ ਬਾਲ ਅਵਸਥਾ (ਭਾਵ ਦਵੈਤ ਰਹਿਤ ਬਚਪਨ ਬਿਰਤੀ) ਦੇ ਹੀ ਗੁਰੂ ਜੀ ਹਮਾਇਤੀ ਬਣਦੇ ਹਨ; ਜਿਵੇਂ ਕਿ ਭਾਈ ਗੁਰਦਾਸ ਜੀ ਦੇ ਵਚਨ ਹਨ, ‘‘ਸਿਖ ਸੰਤ ਬਾਲਕ, ਸ੍ਰੀ ਗੁਰ ਪ੍ਰਤਿਪਾਲਕ ਹੁਇ; ਜੀਵਨ ਮੁਕਤਿ ਗਤਿ, ਬ੍ਰਹਮ ਬਿਚਾਰੀ ਹੈ ॥੪੪੮॥’’ (ਕਬਿੱਤ ੪੪੮)

ਗੁਰੂ ਨਾਨਕ ਸਾਹਿਬ ਜੀ ਇਸ ਬਾਲਕ ਅਵਸਥਾ ਨੂੰ ਜਿੰਦਗੀ ਦੇ ਪਹਿਲੇ ਪੜਾਅ (ਦਵੈਤ ਰਹਿਤ) ’ਚ ਵਿਚਰਦੇ ਜੀਵਨ ਦੀ ਮਿਸਾਲ ਰਾਹੀਂ) ਸਮਝਾਉਂਦੇ ਹਨ, ‘‘ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਬਾਲਕ ਬੁਧਿ ਅਚੇਤੁ ॥’’ (ਮ: ੧/੭੫) ਅਜਿਹੀ ਬਾਲਕ ਅਵਸਥਾ ਭੋਗਣ ਉਪਰੰਤ ਨੌਜਵਾਨ ਹਰ ਕਾਰਜ ਦਾ ਮਹੱਤਵ ਆਪਣੀ ਯੋਗਤਾ ਉੱਪਰ ਲੈਣ ਲੱਗ ਜਾਂਦਾ ਹੈ। ਭਾਈ ਗੁਰਦਾਸ ਜੀ ਵੀ ਇਹੀ ਸਮਝਾਉਂਦੇ ਹਨ ਕਿ ਬਾਲਕ ਦੀ ਅਵਸਥਾ, ਦਵੈਤ ਰਹਿਤ ਖੇਡਦੀ ਲੰਘ ਜਾਣ ਉਪਰੰਤ, ਮਨੁੱਖ ਆਪਣੀ ਸੁਰਤ ਦੀ ਦੁਰਵਰਤੋਂ (ਮਾਣ, ਹਉਮੈ) ਕਰਨ ਲੱਗ ਜਾਂਦਾ ਹੈ ਭਾਵ ਰੱਬੀ ਹੁਕਮ ਵਿੱਚ ਵਿਚਰ ਕੇ ਕੀਤੇ ਜਾਣ ਵਾਲ਼ੇ ਸਾਰੇ ਗੁਣਕਾਰੀ ਕੰਮਾਂ ਦਾ ਮਹੱਤਵ ਆਪ ਲੈ ਰਿਹਾ ਹੁੰਦਾ ਹੈ, ‘‘ਬਾਲਕ ਅਚੇਤ ਜੈਸੇ ਕਰਤ ਅਨੇਕ ਲੀਲਾ (ਖੇਡ); ਸੁਰਤ ਸਮਾਰ (ਸੰਭਾਲਦਿਆਂ), ਬਾਲ ਬੁਧਿ ਬਿਸਰਾਤ ਹੈ (ਬਚਪਨ ਭੁੱਲਾ ਦਿੰਦਾ ਹੈ)।’’ (ਕਬਿੱਤ ੬੦੪) ਗੁਰੂ ਨਾਨਕ ਸਾਹਿਬ ਜੀ ਵੀ ਅਜਿਹੀ ਸੋਚ ਦੀ ਪੁਸ਼ਟੀ ਕਰਦੇ ਹਨ ਕਿ ਇਹ ਗੱਲ ਕਿਸ (ਮਨਮੱਤੀਏ) ਨੂੰ ਸਮਝਾਈਏ ਕਿ ਕਰਤਾਰ ਸਭ ਨੂੰ ਆਪਣੇ ਹੁਕਮ ਵਿੱਚ ਰੱਖਦਾ ਹੈ ਪਰ ਇਸ ਸਚਾਈ ਦੇ ਵਿਪਰੀਤ ਮੂਰਖ ਆਪਣੇ ਆਪ ਨੂੰ ਹੀ ਸਰਬੋਤਮ ਮੰਨਦਾ ਹੈ, ‘‘ਕਿਸ ਨੋ ਕਹੀਐ ਨਾਨਕਾ! ਕਿਸ ਨੋ ਕਰਤਾ (ਮੂਰਖ ਮੱਤ) ਦੇਇ ? ॥ ਹੁਕਮਿ ਰਹਾਏ ਆਪਣੈ; ਮੂਰਖੁ ਆਪੁ ਗਣੇਇ ॥’’ (ਮ: ੧/੧੨੪੧) ਅਖ਼ੀਰਲੀ ਤੁਕ ਦੇ ਅਰਥ ਹਨ ਕਿ ‘ਕੁਦਰਤ ਦਾ ਰਚੇਤਾ, ਆਪਣੇ ਹੁਕਮ ਵਿੱਚ ਸਭ ਨੂੰ ਰੱਖਦਾ ਹੈ ਪਰ ਫਿਰ ਵੀ ਹਰ ਥਾਂ ਆਪਣਾ ਮੂੰਹ ਰੱਖਣ ਵਾਲ਼ਾ (ਮੂਰਖ) ਆਪਣੇ ਆਪ ਨੂੰ ਹੀ ਵੱਡਾ ਗਿਣਦਾ ਹੈ ਕਿ ਆ ਮੈਂ ਕੀਤਾ, ਓਹ ਮੈਂ ਕੀਤਾ (ਨਾ ਕਿ ਇਹ ਮੈਥੋਂ ਕਰਵਾਇਆ ਓਹ ਮੈਥੋਂ ਕਰਵਾਇਆ, ਆਖਦਾ ਹੈ), ਆਦਿ ਜਦ ਕਿ ਅਜਿਹੀ ਮੂਰਖ ਭਾਵਨਾ, ਬਾਲਕ ਬਿਰਤੀ ’ਚ ਨਹੀਂ ਹੁੰਦੀ, ਇਸ ਲਈ ਕਬੀਰ ਜੀ ਬਾਲਕ ਭਾਵਨਾ ਜਾਂ ਬੱਚਾ ਬਿਰਤੀ ਨੂੰ ‘ਭੋਲੇ ਭਾਇ’ ਸ਼ਬਦਾਂ ’ਚ ਪ੍ਰਗਟ ਕਰ ਅਕਾਲ ਪੁਰਖ ਦਾ ਮਿਲਾਪ ਕਰਵਾਉਂਦੇ ਹਨ, ‘‘ਕਹੁ ਕਬੀਰ ! ਭਗਤਿ ਕਰਿ ਪਾਇਆ ॥ ‘ਭੋਲੇ ਭਾਇ’ ਮਿਲੇ ਰਘੁਰਾਇਆ ॥’’ (ਭਗਤ ਕਬੀਰ/੩੨੪)

ਸੋ, ਰੱਬੀ ਹੁਕਮ ਵਿੱਚ ਸਾਰਾ ਬ੍ਰਹਿਮੰਡ ਵਿਚਰਦਾ ਹੈ, ਪਰ ਇਸ ਦੀ ਸਮਝ ਕੇਵਲ ਉਸ ਦੇ ਭਗਤ ਨੂੰ ਹੀ ਹੁੰਦੀ ਹੈ, ਜੋ ਹਰ ਕੰਮ ਦਾ ਮਹੱਤਵ ਜਿਸ ਦੇ ਹੁਕਮ ’ਚ ਵਿਚਰਦਾ ਹੈ, ਉਸ ਨੂੰ ਦੇਣਾ ਆਰੰਭ ਕਰ ਦਿੰਦਾ ਹੈ, ਇਹੀ ‘‘ਹੁਕਮਿ ਰਜਾਈ ਚਲਣਾ.. ॥’’ ਦਾ ਅਸਲ ਭਾਵਾਰਥ ਹੈ, ਜਦ ਮਨੁੱਖ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਨਹੀਂ ਲਏਗਾ ਤੇ ਜਿਸ ਦੇ ਹੁਕਮ ’ਚ ਵਿਚਰਦਾ ਹੈ, ਉਸ ਨੂੰ ਦੇਵੇਗਾ ਤਾਂ ‘‘ਕੂੜੈ ਪਾਲਿ ॥’’ ਤੁੱਟ ਜਾਂਦੀ ਹੈ ਤੇ ਜੀਵਨ ‘‘ਸਚਿਆਰਾ’’ ਬਣ ਜਾਂਦਾ ਹੈ। ਅਜਿਹੇ ਹੀ ਜੀਵਨ ਤੋਂ ਗੁਰੂ ਨਾਨਕ ਪਾਤਿਸ਼ਾਹ ਕੁਰਬਾਨ ਜਾਂਦੇ ਹਨ, ਪਰ ਇਹ ਅਵਸਥਾ ਜਾਂ ਹੁਕਮ ’ਚ ਚੱਲ ਰਹੇ ਹਾਂ, ਦੀ ਸਮਝ ‘‘ਖੰਡ ਮੰਡਲ ਵਰਭੰਡਾ’’ ਨੂੰ ਕਦਾਚਿਤ (ਉੱਕਾ ਹੀ) ਨਹੀਂ ਆ ਸਕਦੀ ਕਿਉਂਕਿ ਇਹ ਰਾਜ਼ (ਭੇਤ, ਰਹੱਸ) ਸਮਝਾਉਣ ਵਾਲ਼ਾ ਗੁਰੂ ਇਨ੍ਹਾਂ ਨਿਰਜਿੰਦਾਂ ਦੀ ਅਗਵਾਈ ਨਹੀਂ ਕਰਦਾ। ‘ਨਿਰਜਿੰਦ’ ਸ਼ਬਦ ਦੀ ਵਰਤੋਂ, ਬਾਬਾ ਕਬੀਰ ਜੀ ਦੇ ਉਸ ਵਚਨ ਤੋਂ ਲਈ ਗਈ ਜਿਸ ਅਨੁਸਾਰ ਮਾਲਨੀ, ਜਿੰਦ ਵਾਲ਼ੇ ਪੌਦੇ ਦੇ ਪੱਤੇ ਤੋੜ ਕੇ ਖ਼ੁਸ਼ ਕਰਨ ਲਈ ਨਿਰਜਿੰਦ ਪੱਥਰ ਉੱਪਰ ਚੜਾਉਂਦੀ ਹੈ, ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ॥’’ (ਭਗਤ ਕਬੀਰ/੪੭੯) ਇਸ ਲਈ ਪੱਥਰ ਰੂਪ ’ਚ ‘ਖੰਡ, ਮੰਡਲ, ਵਰਭੰਡ’ ਨਿਰਜਿੰਦ ਹਨ।

ਉਕਤ ਸਾਰੀ ਵਿਚਾਰ ਦਾ ਸਾਰ ਇਹੀ ਹੈ ਕਿ (ਮਨਮੁਖ, ਕਰਮਕਾਂਡੀ ਸਮੇਤ) ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਦੇ ਪ੍ਰਚਲਿਤ ਭਾਵਾਰਥ ਅਤੇ ‘‘ਹੁਕਮਿ ਰਜਾਈ ਚਲਣਾ.. ॥’’ ਦਾ ਅਸਲ ਭਾਵਾਰਥ ਇੱਕ ਸਮਾਨ ਨਹੀਂ ਹੈ ਤਾਂ ਜੋ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦੇ ਪ੍ਰਚਲਿਤ ਸ਼ਬਦਾਰਥ ਬਦਲਣ ਦੀ ਨੌਬਤ ਆ ਜਾਵੇ।

ਗੁਰਬਾਣੀ ਲਿਖਤ ਦਾ ਇਹ ਅੰਦਾਜ਼ ਵੀ ਵਿਚਾਰਨਯੋਗ ਹੈ ਕਿ ਨਿਰਜਿੰਦ ਪਦਾਰਥਾਂ (ਪੱਥਰ, ਖੰਡ, ਮੰਡਲ, ਵਰਭੰਡ) ਵਾਙ ਮਨਮੁਖ ਜਾਂ ਕਰਮਕਾਂਡੀ ਵੀ ਹੁਕਮ ਵਿੱਚ ਹੀ ਚੱਲਦਾ ਹੈ ਪਰ ਹੁਕਮ ਵਿੱਚ ਜੀਵਨ ਬਤੀਤ ਹੁੰਦਾ ਜਾ ਰਿਹਾ ਹੈ, ਇਹ ਰਾਜ਼ ਗੁਰੂ ਦੀ ਰਾਹੀਂ ਕੇਵਲ ਅਕਾਲ ਪੁਰਖ ਦਾ ਜਿੰਦ-ਜਾਨ ਵਾਲ਼ਾ ਸੇਵਕ (ਭਗਤ) ਹੀ ਸਮਝਦਾ ਹੈ। ਬਾਲਕ ਦੁਆਰਾ ਆਪਣੀ ਖੇਡ ਸਮੇਟਣ ਵਾਙ ਗੁਰੂ ਜੀ ਨੇ ਵੀ ਗੁਰਬਾਣੀ ’ਚ ਮਨਮੁਖ ਤੇ ਗੁਰਮੁਖ ਵਾਲ਼ੇ ‘‘ਰਾਹ ਦੋਵੈ (ਦਾ); ਖਸਮੁ ਏਕੋ ਜਾਣੁ ॥’’ (ਮ: ੧/੨੨੩) ਵਿਸ਼ੇ ਨੂੰ ਹਰ ਲੰਮੀ ਰਚਨਾ ਦੇ ਅੰਤ ’ਚ ਕੁਝ ਇਉਂ ਬਿਆਨ (ਸਪਸ਼ਟ) ਕੀਤਾ ਹੈ :

(1). ਆਖਣਿ ਜੋਰੁ; ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ; ਦੇਣਿ ਨ ਜੋਰੁ ॥ ਜੋਰੁ ਨ ਜੀਵਣਿ; ਮਰਣਿ ਨਹ ਜੋਰੁ ॥… ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥ ਭਾਵ ਮਨਮੁਖ ਹੋਵੇ ਜਾਂ ਗੁਰਮੁਖ, ਕਿਸੇ ਦੇ ਹੱਥ ਵਿੱਚ ਕੁਝ ਨਹੀਂ, ਜਿਸ ਦੇ ਹੱਥ ’ਚ ਇਹ ਸਭ ਸ਼ਕਤੀ ਹੈ ਉਹੀ ਇਨ੍ਹਾਂ ਨੂੰ ਪ੍ਰੇਰਦਾ (ਦਿਸ਼ਾ ਦਿੰਦਾ) ਹੈ, ਆਪਣੇ ਆਪ ’ਚ ਕੋਈ ਉੱਚਾ-ਨੀਵਾਂ ਨਹੀਂ ਹੈ, ‘‘ਨਕਿ ਨਥ, ਖਸਮ ਹਥ; ਕਿਰਤੁ ਧਕੇ ਦੇ ॥ ਜਹਾ ਦਾਣੇ, ਤਹਾਂ ਖਾਣੇ; ਨਾਨਕਾ ! ਸਚੁ ਹੇ ॥’’ (ਮ: ੨/੬੫੩)

(ਨੋਟ: ਧਿਆਨ ਰਹੇ ਕਿ ‘ਜਪੁ’ ਬਾਣੀ ਦੀ 33ਵੀਂ ਪਉੜੀ ’ਚ ਇਹ ਭਾਵ (ਰਚਨਾ ਦੀ ਸਮਾਪਤੀ ਤੋਂ ਕੁਝ ਪਹਿਲਾਂ) ਇਸ ਲਈ ਦਰਜ ਕੀਤਾ ਗਿਆ ਕਿਉਂਕਿ ਅਗਲੀਆਂ ਪਉੜੀਆਂ ’ਚ ਪਿਛਲੇ ਪੜਾਅ ਤੋਂ ਅਗਲੇ ਪੜਾਅ (ਰੂਹਾਨੀਅਤ ਨਾਲ਼ ਸਬੰਧਿਤ ਵਿਸ਼ਾ) ‘ਧਰਮ ਖੰਡ’ ਤੋਂ ‘ਸਚ ਖੰਡਿ’ ਵੱਲ ਆਰੰਭ ਹੁੰਦਾ ਹੈ।)

(2). ਵਡੇ ਕੀਆ ਵਡਿਆਈਆ (ਭਾਵ ਖੇਡਾਂ, ਜਿਨ੍ਹਾਂ ਬਾਰੇ); ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥(ਜੀਵਾਂ ਨੇ ਤਾਂ) ਸਾਈ (ਉਹੀ) ਕਾਰ ਕਮਾਵਣੀ; (ਜੋ) ਧੁਰਿ (ਤੋਂ) ਛੋਡੀ ਤਿੰਨੈ (ਉਸ ਰੱਬ ਨੇ) ਪਾਇ (ਪਾ ਕੇ)॥ ਨਾਨਕ ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ (ਭਾਵ ਥਾਂ, ਟਿਕਾਣਾ)॥ ਸੋ ਕਰੇ; ਜਿ ਤਿਸੈ ਰਜਾਇ ॥੨੪॥੧॥ ਸੁਧੁ (ਆਸਾ ਕੀ ਵਾਰ/ਮ: ੧/੪੭੫)

(3). ਆਪੇ ਹਰਿ ਇਕ ਰੰਗੁ ਹੈ; ਆਪੇ ਬਹੁ ਰੰਗੀ ॥ (ਜੀਵਾਂ ਲਈ ਤਾਂ) ਜੋ ਤਿਸੁ ਭਾਵੈ ਨਾਨਕਾ! ਸਾਈ ਗਲ ਚੰਗੀ ॥੨੨॥੨॥ (ਮ: ੪/੭੨੬)

(4). ਆਪੇ ਕੀਤੋ ਰਚਨੁ (ਪਸਾਰਾ); ਆਪੇ ਹੀ ਰਤਿਆ (ਮਾਇਆਧਾਰੀ)॥ ਆਪੇ ਹੋਇਓ ਇਕੁ; ਆਪੇ ਬਹੁ ਭਤਿਆ (ਭਾਵ ਕਈ ਭਾਂਤ ’ਚ ਮਾਇਆਵੀ)॥ ਆਪੇ ਸਭਨਾ ਮੰਝਿ (ਵਿੱਚ); ਆਪੇ ਬਾਹਰਾ ॥ (ਮਨਮੁਖ ਬਣ) ਆਪੇ ਜਾਣਹਿ ਦੂਰਿ; ਆਪੇ ਹੀ ਜਾਹਰਾ (ਰੱਬ ਨੂੰ ਅੰਗ-ਸੰਗ ਜਾਣਹਿ)॥ ਆਪੇ ਹੋਵਹਿ ਗੁਪਤੁ (ਭਾਵ ਮਨਮੁਖ ਲਈ ਅਣਡਿੱਠ); ਆਪੇ ਪਰਗਟੀਐ (ਭਾਵ ਭਗਤ ਲਈ ਪ੍ਰਤੱਖ)॥ ਕੀਮਤਿ ਕਿਸੈ ਨ ਪਾਇ; ਤੇਰੀ ਥਟੀਐ (ਤੇਰੀ ਕੁਦਰਤ ਦੀ)॥ ਗਹਿਰ ਗੰਭੀਰੁ ਅਥਾਹੁ; ਅਪਾਰੁ ਅਗਣਤੁ ਤੂੰ ॥ ਨਾਨਕ ! ਵਰਤੈ ਇਕੁ; ਇਕੋ ਇਕੁ ਤੂੰ (ਭਾਵ ਮਨਮੁਖ ਤੇ ਗੁਰਮੁਖ ਵਿੱਚ ਕੇਵਲ ਇੱਕ ਤੂੰ ਹੀ ਵਿਚਰਦਾ ਹੈਂ।)॥੨੨॥੧॥੨॥ ਸੁਧੁ ॥ (ਰਾਮਕਲੀ ਕੀ ਵਾਰ:੨/ਮ: ੫/੯੬੬)

(5). ਕਿਥਹੁ ਉਪਜੈ ? ਕਹ ਰਹੈ ? ਕਹ ਮਾਹਿ ਸਮਾਵੈ ? ॥ ਜੀਅ ਜੰਤ ਸਭਿ ਖਸਮ ਕੇ; ਕਉਣੁ ਕੀਮਤਿ ਪਾਵੈ ?॥..॥੩॥੧॥ (ਬਸੰਤੁ ਕੀ ਵਾਰ/ਮ: ੫/੧੧੯੩) ਭਾਵ ਮਨੁੱਖ ਕਿਸੇ ਵੀ ਹੋਰ ਥਾਂ ਤੋਂ ਪੈਦਾ ਨਹੀਂ ਹੁੰਦਾ ਕੇਵਲ ਕਰਤਾਰ ’ਚੋਂ ਬਣਿਆ ਉਸੇ ’ਚ ਲੀਨ ਹੋ ਗਿਆ, ਇਸ ਲਈ ਸਾਰੇ ਜੀਵ ਉਸੇ ਦੇ ਹਨ ਅਜਿਹੀ ਸਮਝ (ਰਵਾਇਤ) ਉੱਤੇ ਕੌਣ ਕਿੰਤੂ-ਪਰੰਤੂ ਕਰ ਸਕਦਾ ਹੈ ? ਜਾਂ ਕੀਮਤ ਪਾ ਸਕਦਾ ਹੈ ?

(6). ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ (ਭਾਵ ਖੇਡ) ॥ ਗੁਰ ਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ ॥ ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ !॥ ਆਪਿ ਨਾਥੁ, ਸਭ ਨਥੀਅਨੁ (ਉਸ ਨੇ ਨੱਥੀ); ਸਭ ਹੁਕਮਿ (’ਚ) ਚਲਾਈ ॥ ਨਾਨਕ ! ਹਰਿ ਭਾਵੈ, ਸੋ ਕਰੇ; ਸਭ ਚਲੈ ਰਜਾਈ ॥੩੬॥੧॥ ਸੁਧੁ ॥ (ਸਾਰੰਗ ਕੀ ਵਾਰ/ਮ: ੪/੧੨੫੧)

(ਨੋਟ: ਇਸ ਤੁਕ ਦੇ ਅੰਤ ’ਚ ਦਰਜ ਹੈ ‘ਸਭ ਚਲੈ ਰਜਾਈ’ ਤਾਂ ਫਿਰ ਮਨਮੁਖ ਲਈ ‘‘ਕਿਵ ਕੂੜੈ ਤੁਟੈ ਪਾਲਿ ?॥’’ ਦਾ ਜਵਾਬ ‘‘ਹੁਕਮਿ ਰਜਾਈ ਚਲਣਾ.. ॥’’ ਭੁਲੇਖਾ ਹੀ ਪਾਏਗਾ ਭਾਵ ਉਸ ਨੂੰ ਜਾਪੇਗਾ ਕਿ ਸਾਰੇ ਹੁਕਮ ਵਿੱਚ ਚੱਲਦੇ ਹਨ ਤਾਂ ਸਾਡੇ ਹੱਥ ’ਚ ਕੀ ਹੈ ਕਿ ਅਸੀਂ ਇੱਧਰ ਤੋਂ ਓਧਰ ਚੱਲ ਸਕੀਏ ?।)

(7). ਸਿਰਿ ਸਿਰਿ ਹੋਇ ਨਿਬੇੜੁ; ਹੁਕਮਿ ਚਲਾਇਆ ॥ ਤੇਰੈ ਹਥਿ ਨਿਬੇੜੁ; ਤੂਹੈ ਮਨਿ ਭਾਇਆ ॥.. .. ਫਾਥਾ ਚੁਗੈ ਚੋਗ; ਹੁਕਮੀ ਛੁਟਸੀ ॥ ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ (ਖ਼ਤਮ ਹੋਏਗਾ)॥੨੬॥ (ਮਲਾਰ ਕੀ ਵਾਰ (ਮ: ੧/੧੨੯੦)

(ਨੋਟ: ‘ਮਲਾਰ ਕੀ ਵਾਰ’ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ਗਈ ਹੈ, ਜਿਸ ਦੇ ਅੰਤ ’ਚ ਉਕਤ ਵਿਸ਼ਾ ਸਪਸ਼ਟ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਨੇ ‘‘ਪਉੜੀ ਨਵੀ ਮ: ੫ ॥’’ ਸਿਰਲੇਖ ਵਿੱਚ ਦਰਜ ਕਰ ਕੇ ਵਾਰ ਦੀ ਸਮਾਪਤੀ ਆਪਣੀ ਇਸ ਪਉੜੀ ਉਪਰੰਤ ਕੀਤੀ :

ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ ॥ ਜਿਤੁ, ਤੂ ਲਾਇਹਿ ਸਚਿਆ ! ਤਿਤੁ, ਕੋ ਲਗੈ; ਨਾਨਕ ! ਗੁਣ ਗਾਈ ॥੨੮॥੧॥ ਸੁਧੁ (ਮਲਾਰ ਕੀ ਵਾਰ/ਮ: ੧/੧੨੯੧), ਆਦਿ।

ਸੋ, ‘‘ਗਾਵਹਿ, ਖੰਡ ਮੰਡਲ ਵਰਭੰਡਾ ॥’’ ਦਾ ਭਾਵਾਰਥ ਗੁਰਮਤਿ ਅਨੁਸਾਰੀ ਤੇ ਭੁਲੇਖਾ ਰਹਿਤ ਇਹੀ ਹੋਏਗਾ ਕਿ (ਮਨਮੁਖ ਤੇ ਕਰਮਕਾਂਡੀ ਦੀ ਜੀਵਨ ਯਾਤਰਾ ਵਾਙ) ‘ਰੱਬੀ ਸ਼ਕਤੀ ਅਧੀਨ; ਖੰਡ, ਮੰਡਲ, ਬ੍ਰਹਿਮੰਡ ਚੱਲਦੇ ਹਨ’ ਅਤੇ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ॥੧॥’’ ਤੁਕ ਦਾ ਭਾਵਾਰਥ ‘ਮਾਲਕ ਦੇ ਹੁਕਮ ਵਿੱਚ ਚੱਲਣ ਨੂੰ ਸਦਾ ਚੇਤੇ ਰੱਖਣਾ, ਜੋ ਹਰ ਜੂਨੀ ਦੀ ਬੁਨਿਆਦ ਤੋਂ ਜੀਵਨ ਦੇ ਸਦਾ ਨਾਲ਼ ਚੱਲਦਾ ਹੈ’ ਭਾਵ ਅਸੀਂ ਪੈਦਾਇਸ਼ ਤੋਂ ਹੀ (ਮਨਮੁਖ, ਕਰਮਕਾਂਡੀ, ਖੰਡ, ਮੰਡਲ, ਵਰਭੰਡ ਵਾਙ) ਹੁਕਮ ਵਿੱਚ ਵਿਚਰ ਰਹੇ ਹਾਂ, ਨੂੰ ਯਾਦ ਰੱਖਣਾ।

ਮਨਮੁਖ ਤੇ ਕਰਮਕਾਂਡੀ ਦੇ ਜੀਵਨ ਨੂੰ ਰੱਬ ਦੇ ਹੁਕਮ ਤੋਂ ਆਕੀ ਮੰਨ ਕੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦੇ ਪ੍ਰਚਲਿਤ ਅਰਥ (ਕਿ ਹਰ ਕੋਈ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਕੋਈ ਨਹੀਂ) ਦਰੁਸਤ ਜਾਪਦੇ ਹਨ।

ਵਿਚਾਰ ਅਧੀਨ ਪਉੜੀ ’ਚ ‘ਗਾਵਹਿ’ ਸ਼ਬਦ ‘ਖੰਡ, ਮੰਡਲ, ਵਰਭੰਡਾ’ ਤੁਕ ’ਚ ਵੀ ਦਰਜ ਹੈ ਤੇ ‘‘ਸੇਈ ਤੁਧੁਨੋ ‘ਗਾਵਹਿ’, ਜੋ ਤੁਧੁ ਭਾਵਨਿ..॥’’ ਤੁਕ ’ਚ ਵੀ, ਇਸ ਲਈ ਇਨ੍ਹਾਂ ਦੇ ਭਾਵਾਰਥ ਇੱਕ ਸਮਾਨ ਕਿਵੇਂ ਹੋ ਸਕਦੇ ਹਨ ? ਉਕਤ ਪਉੜੀ ਵੰਡ ਦੇ ਨੰਬਰ (3). ਭਾਗ ’ਚ ਵਿਚਾਰੇ ਗਏ ਗੁਰੂ ਉਪਦੇਸ਼ ‘‘ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’, ਦੀ ਕਮਾਈ ਕਰਨ ਵਾਲ਼ਾ ਜੀਵਨ ਰੁਤਬਾ (ਆਚਰਣ, ਰੂਹਾਨੀਅਤ ਸਫ਼ਰ) ਅਤੇ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ॥੧॥’’ ਉਪਦੇਸ਼ ਨੂੰ ਕਮਾਉਣ ਵਾਲ਼ਾ ਜੀਵਨ ਇੱਕ ਸਮਾਨ ਹੈ ਕਿਉਂਕਿ ਉਹ ‘‘ਨਾਨਕ ! ਰਹਣੁ ਰਜਾਈ ॥੨੭॥’’ ਭਾਵ ਸਦਾ ਰੱਬੀ ਸ਼ਕਤੀ ਨੂੰ ਚੇਤੇ ਰੱਖਦਾ ਹੈ, ਇਸ ਲਈ ‘‘ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ..॥’’ ਬਣ ਜਾਂਦਾ ਹੈ।

ਦੂਸਰੇ ਪਾਸੇ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਦਾ ਭਾਵਾਰਥ ਅਤੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਦਾ ਭਾਵਾਰਥ ਇੱਕ ਸਮਾਨ ਹੈ। ‘ਰੱਬੀ ਹੁਕਮ ਵਿੱਚ ਇਸ ਦੀ ਸਮਝ ਤੋਂ ਬਿਨਾਂ ਚੱਲਣਾ ਅਤੇ ਹੁਕਮ ਨੂੰ ਸਮਝ ਕੇ ਅਤੇ ਕਰਤਾਰ ਦੇ ਮੁਕਾਬਲੇ ਆਪਣੀ ਹੈਸੀਅਤ ਨੂੰ ਨਾਪ ਕੇ (ਡਰ-ਅਦਬ ਵਿੱਚ ਰਹਿ ਕੇ) ਚੱਲਣ ਵਿੱਚ ਫ਼ਰਕ ਹੁੰਦਾ ਹੈ। ਆਮ ਗੁਰਸਿੱਖ ਨੂੰ ਇਸ ਸੂਖਮ ਅੰਤਰ ਦੀ ਸਮਝ ਨਾ ਹੋਣ ਕਾਰਨ ਉਸ ਲਈ ਕੋਈ ਦੁਬਿਧਾ ਨਾ ਬਣੇ, ਇਸ ਲਈ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਦਾ ਭਾਵ ‘ਖੰਡ, ਮੰਡਲ, ਵਰਭੰਡ, ਆਦਿ ਵੀ ਰੱਬੀ ਸ਼ਕਤੀ ਦੇ ਮੁਕਾਬਲੇ ਅਪੂਰਨ ਹਨ, ਕਰਨਾ ਵਧੇਰੇ ਯੋਗ ਹੈ, ਸਿਵਾਏ ਇਸ ਦੇ ਕਿ ‘ਖੰਡ, ਮੰਡਲ, ਵਰਭੰਡ’ ਹੁਕਮ ਵਿੱਚ ਚੱਲਦੇ ਹਨ।

ਰੱਬੀ ਡਰ-ਅਦਬ ਵਿੱਚ ਰਹਿ ਕੇ ਵਿਕਾਰ ਮੁਕਤ ਹੋਇਆ ਜੀਵਨ ਅਤੇ ਉਸ ਦੀ ਨਾ-ਸਮਝੀ ਜਾਂ ਵਿਸ਼ਵਾਸ ਨਾ ਧਾਰਨ ਵਾਲ਼ਾ ਜੀਵਨ ਜਾਂ ਵਸਤੂ; ਨਿਰੰਤਰ ਨਿਡਰ, ਚਲਾਕੀ, ਸੁਆਰਥ ਭਾਵਨਾ ਨੂੰ ਨਹੀਂ ਤਿਆਗ ਸਕਦੀ, ਜਿਸ ਕਾਰਨ ਬੁਰੇ ਵਕਤ ’ਚ ਹੱਦੋਂ ਵੱਧ ਪਰੇਸ਼ਾਨ ਰਹਿੰਦੀ ਹੈ, ‘‘ਸੋ ਡਰੈ, ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ ॥’’ (ਮ: ੪/੮੪) ਜਦ ਕਿ ਭਗਤ ਦੁੱਖ-ਤਕਲੀਫ਼ ਨੂੰ ‘‘ਏਹਿ ਭਿ ਦਾਤਿ ਤੇਰੀ; ਦਾਤਾਰ ! ॥’’ ਮੰਨਦਾ ਹੋਇਆ ਬੁਰੇ ਵਕਤ ਨੂੰ ਵੀ ਆਸਾਨੀ ਨਾਲ਼ ਲੰਘਾ ਲੈਂਦਾ ਹੈ।

ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ; ਮਨ ! ਹੋਇ ਨਿਚਿੰਦ, ਨਿਸਲੁ (ਬੇਫ਼ਿਕਰ) ਹੋਇ ਰਹੀਐ ॥’’ (ਮ: ੪/੫੯੪) ਉਪਦੇਸ਼ ਨੂੰ ਜੀਵਨ ਦਾ ਆਧਾਰ ਬਣਾਉਣ ਵਾਲ਼ਾ ਬੰਦਾ, ਕੇਵਲ ਸਰੀਰਕ ਦੁੱਖਾਂ ਦੀ ਨਿਵਿਰਤੀ ਲਈ ਗੁਰਬਾਣੀ ਪੜ੍ਹ ਕੇ ਹਾਲਾਤਾਂ ਨਾਲ਼ ਸਮਝੌਤਾ ਕਰ ਬੁਜ਼ਦਿਲ ਨਹੀਂ ਹੋਏਗਾ ਬਲਕਿ ਜੁਝਾਰੂ ਬਿਰਤੀ ਅਪਣਾਏਗਾ। ਬੱਚੇ ਦੀ ਖੇਡ ਵਾਲ਼ੇ ਸੰਘਰਸ਼ ਨੂੰ ਹੀ ਜਗਤ ਖੇਡ ਬਿਆਨਿਆ ਗਿਆ।

ਪਾਠਕਾਂ ਦੇ ਉਸਾਰੂ ਸੁਝਾਵਾਂ ਦਾ ਸਵਾਗਤ ਹੈ।


11/26/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ–੩੮

ਗੁਰਬਾਣੀ ਦੇ ਚਾਨਣ ਵਿੱਚ ਪਰਉਪਕਾਰ

ਇਹ ਕਿਰਿਆਵਾਚੀ ਸ਼ਬਦ ਹੈ। ਉਪਕਾਰ-ਭਲਾ ਕੰਮ, ਪਰਉਪਕਾਰ-ਦੂਸਰੇ ਦੀ ਭਲਾਈ-ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥ (੨੭੩) ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ॥ (੪੯੩) ਪਰਉਪਕਾਰ ਦਾ ਭਾਵ ਦੂਸਰੇ ਲੋੜਵੰਦ ਵਿਅਕਤੀ ਦੀ ਦਿਲੋਂ ਬਿਨਾਂ ਸੁਆਰਥ ਦੇ ਮਦਦ ਕਰਨੀ। ਨਿਮਰ ਹੋਣਾ ਜ਼ਰੂਰੀ ਹੈ ਤਾਂ ਜੋ ਸਹਾਇਤਾ ਲੈਣ ਵਾਲੇ ਨੂੰ ਹੀਨਤਾ ਮਹਿਸੂਸ ਨਾ ਹੋਵੇ। ਪਰਉਪਕਾਰੀ ਨੂੰ ਜਾਤ ਜਾਂ ਧਰਮ ਦਾ ਭੇਦ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਦਿਖਾਵੇ ਜਾਂ ਵਡਿਆਈ ਕਰਾਉਣਾ ਮੁੱਖ ਉਦੇਸ਼ ਹੋਵੇ। ਪਰਉਪਕਾਰ ਕਰਨਾ ਇੱਕ ਰੱਬੀ ਗੁਣ ਹੈ। ਇਸ ਬਾਰੇ ਗੁਰ ਫੁਰਮਾਂਨ ਹੈ ਕਿ-ਪਰਉਪਕਾਰੀ ਸਰਬ ਸਧਾਰੀ ਸਫਲ ਦਰਸਨ ਸਹਜਇਆ।। (੫੩੩) ਗੁਰੂ ਰਾਮਦਾਸ ਸਾਹਿਬ ਫੁਰਮਾਂਦੇ ਹਨ ਕਿ-ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ।। (੯੬) ਕਰਤਾਰ ਨੇ ਮੇਰੇ ਨਾਲ ਭਲਾ ਤੇ ਨੇਕੀ ਕੀਤੀ ਅਤੇ ਮੈਨੂੰ ਕਠਨ ਭਿਆਨਕ ਸਮੁੰਦਰ ਤੋਂ ਪਾਰ ਉਤਾਰਾ ਦਿੱਤਾ ਹੈ-ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ।। (੧੭੧) ਗੁਰਬਾਣੀ ਵਿੱਚ ਪਰਉਪਕਾਰੀ ਮਨੁੱਖ ਦੀ ਮਹਾਨਤਾ ਕਈ ਥਾਂ ਦਰਸਾਈ ਗਈ ਹੈ ਕਿ-ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ।। (੩੧੧) ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ।। (੪੯੩) ਪ੍ਰਭੂ ਸੇਵਕ ਉੱਚੇ ਜੀਵਨ ਵਾਲੇ, ਸ੍ਰੇਸ਼ਟ ਬਚਨਾ ਵਾਲੇ ਹੁੰਦੇ ਅਤੇ ਸ੍ਰੇਸਟ ਬਚਨ ਉਹ ਲੋਕ ਭਲਾਈ ਵਾਸਤੇ ਬੋਲਦੇ ਹਨ-ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ।। (੯੮੩) ਪਰਉਪਕਾਰੀ ਜਨਮ-ਮਰਨ ਤੋਂ ਮੁਕਤ ਹੁੰਦੇ, ਰੂਹਾਨੀ ਜੀਵਨ ਦੀ ਦਾਤ ਦਿੰਦੇ, ਰੱਬੀ ਭਾਵਨਾ ਵੱਲ ਲਾਉਂਦੇ ਅਤੇ ਅਤੇ ਕਰਤੇ ਨਾਲ ਮੇਲਦੇ ਹਨ-ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।। ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ।। (੭੪੯) ਜਿਸ ਸਰੀਰ ਨਾਲ ਪਰਉਪਕਾਰ ਨਹੀਂ ਕੀਤਾ ਜਾਂਦਾ ਉਹ ਮਿਥਿਆ ਬੇਕਾਰ ਹੈ-ਮਿਥਿਆ ਤਨ ਨਹੀ ਪਰਉਪਕਾਰਾ।। (੨੬੯) ਪਰਉਪਕਾਰੀ ਜੀਵ ਨਿਰਵੈਰ ਹੋਵੇ, ਕੋਈ ਲਾਲਚ ਜਾਂ ਈਰਖਾ ਭਾਵ ਉਸ ਦੇ ਮਨ ਵਿੱਚ ਨਾ ਹੋਵੇ। ਲੋੜਵੰਦ ਦੇ ਔਗੁਣ ਨਾਂ ਤੱਕੇ ਸਗੋਂ ਉਨ੍ਹਾਂ ਨੂੰ ਦੂਰ ਕਰਨ ਦਾ ਉਪਰਾਲਾ ਕਰੇ-ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ।। ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ।। (੨੧੮) ਨੇਕ ਪੁਰਸ਼ ਹਮੇਸ਼ਾ ਹੋਰਨਾਂ ਦਾ ਭਲਾ ਕਰਨਾ ਸੋਚਦੇ ਅਤੇ ਕੋਈ ਪਾਪ-ਵਿਕਾਰ ਉਨ੍ਹਾਂ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ-ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ।। (੮੧੫) ਭਾਵ ਪਰਉਪਕਾਰ ਕਰਣ ਲੱਗਿਆਂ ਸਾਨੂੰ ਲੋੜਵੰਦ ਦੇ ਧਰਮ ਜਾਂ ਦੇਸ਼ ਦਾ ਵਿਚਾਰ ਨਹੀਂ ਕਰਨਾ ਚਾਹੀਦਾ। ਸੱਜਨ ਅਤੇ ਦੁਸ਼ਮਨ ਦਾ ਖਿਆਲ ਕੀਤੇ ਬਿਨਾਂ ਜਿੱਥੋਂ ਤੱਕ ਹੋ ਸਕੇ ਹਰ ਲੋੜਵੰਦ ਦੀ ਸਹਾਇਤਾ ਕਰਨੀ ਚਾਹੀਦੀ ਹੈ। ਦੇਖੋ! ਇੱਕ ਮਨੁੱਖ ਨੇ ਇੱਕ ਰੁੱਖ ਨੂੰ ਤੇਜ਼ ਹਥਿਆਰ ਨਾਲ ਕੱਟ ਸੁੱਟਿਆ ਪਰ ਰੁੱਖ ਨੇ ਆਪਣੇ ਮਨ ਵਿੱਚ ਉਸ ਬੰਦੇ ਤੇ ਗੁੱਸਾ ਨਹੀਂ ਕੀਤਾ, ਸਗੋਂ ਉਸ ਮਨੁੱਖ ਦਾ ਕੰਮ ਸਵਾਰ ਦਿੱਤਾ ਅਤੇ ਉਸ ਨੂੰ ਰਤਾ ਭਰ ਵੀ ਕੋਈ ਦੋਸ਼ ਨਹੀਂ ਦਿੱਤਾ-ਸਸਤ੍ਰਿ ਤੀਖਣਿ ਕਾਟਿ ਡਾਰਿੳ ਮਨਿ ਨ ਕੀਨੋ ਰੋਸੁ।। ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ।। (੧੦੧੮) ਪ੍ਰਭੂ ਦਾ ਸਿਮਰਨ ਕਰਨ ਵਾਲੇ ਵੀ ਪਰਉਪਕਾਰੀ ਹੁੰਦੇ ਹਨ ਕਿਉਂਕਿ ਇਵੇਂ ਉਨ੍ਹਾਂ ਵਿੱਚ ਰੱਬੀ ਗੁਣ ਪੈਦਾ ਹੋ ਜਾਂਦੇ ਅਤੇ ਪਰਉਪਕਾਰ ਕਰਨਾ ਉਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ-ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ।। (੨੬੩) ਹੇ ਮੇਰੇ ਸੁਆਮੀ! ਮੈਨੂੰ ਉਨ੍ਹਾਂ ਰੱਬੀ ਪਿਆਰੀਆਂ ਦੀ ਸੰਗਤ ਬਖਸ਼ ਜੋ ਤੇਰੀਆਂ ਨੇਕੀਆਂ ਨੂੰ ਉਚਾਰਦੇ ਅਤੇ ਹੋਰਨਾਂ ਦਾ ਭਲਾ ਕਰਦੇ ਹਨ-ਪਰਉਪਕਾਰ ਬੋਲਹਿ ਬਹੁ ਗੁਣੀਆ ਮੁਖਿ ਸੰਤ ਭਗਤ ਹਰਿ ਦੀਜੈ।। (੧੩੨੬) ਉਹ ਰਸਨਾ ਅਮੋਲਕ ਹੈ ਜੋ ਕੇਵਲ ਸੁਆਮੀ ਦਾ ਜੱਸ ਗਾਇਨ ਕਰਦੀ ਹੈ-ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ।। (੮੨੪)

ਵਿਦਿਆ ਦੀ ਵਿਚਾਰ ਕਰਨਾ ਹੀ ਬਹੁਤ ਵੱਡਾ ਪਰਉਪਕਾਰ ਹੈ ਭਾਵ ਵਿੱਦਿਆ ਪ੍ਰਾਪਤ ਕਰਕੇ ਜੇ ਮਨੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਤਾਂ ਹੀ ਸਮਝੋ ਕਿ ਉਹ ਪਰਉਪਕਾਰੀ ਹੈ-ਵਿਦਿਆ ਵੀਚਾਰੀ ਤਾਂ ਪਰਉਪਕਾਰੀ।। (੩੫੬)

ਗੁਰਮਤਿ ਸਾਨੂੰ ਪਰਉਪਕਾਰ ਸਬੰਧੀ ਪਾਏ ਪੂਰਨਿਆਂ 'ਤੇ ਚੱਲਣ ਦੀ ਸਿੱਖਿਆ ਦਿੰਦੀ ਹੈ। ਜਿੱਥੋਂ ਤੱਕ ਹੋ ਸੱਕੇ, ਹੋਰਨਾਂ ਦੀ ਮਦਦ ਕਰਨੀ ਅਤੇ ਕਰਤਾਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਇਹ ਸਮਝਣਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਪਰਉਪਕਾਰ ਕਰਣ ਦੇ ਯੋਗ ਬਣਾਇਆ ਹੈ। ਇਹ ਯੋਗਤਾ ਹੋਣੀ ਵੀ ਇੱਕ ਰੱਬੀ ਦਾਤ ਹੈ। ਪਰਉਪਕਾਰ ਕਰਣ ਨਾਲ ਜੀਵਨ ਪਵਿਤ੍ਰ ਤੇ ਗੁਣਵਾਨ ਹੋ ਜਾਂਦਾ ਹੈ। ਮਨੁਖੱਤਾ ਦੇ ਭਲੇ ਲਈ ਕੰਮ ਕਰਨਾ ਹੀ ਅਸਲ ਪਰਉਪਕਾਰ ਅਤੇ ਰੱਬੀ ਸੇਵਾ ਹੈ।

ਪਰਉਪਕਾਰ ਕਈ ਤਰ੍ਹਾਂ ਨਾਲ ਕੀਤਾ ਜਾਂਦਾ ਹੈ, ਜਿਵੇਂ ਜਿੱਥੇ ਲੋੜ ਹੋਵੇ ਉੱਥੇ ਲੋੜੀਂਦੀ ਸਮਗਰੀ ਪਹੁੰਚਾਉਣਾ, ਲੋੜਵੰਦਾਂ, ਨਿਘਰਿਆਂ, ਬੇਆਸਰਿਆਂ ਤੇ ਅੰਗਹੀਣਾਂ ਦੀ ਸਹਾਇਤਾ, ਗ਼ਰੀਬ ਵਿਦਆਰਥੀਆਂ ਨੂੰ ਪੜ੍ਹਾਉਣਾ ਅਤੇ ਲੋਕਾਈ ਨੂੰ ਰੱਬੀ ਗਿਆਨ ਵੰਡਣਾ ਆਦਿਕ। ਉਨ੍ਹਾਂ ਤੇ ਪਰਉਪਕਾਰ ਕੀਤਾ ਜਾਵੇ ਜਿਹੜੇ ਕੰਮ ਕਰਣ ਤੋਂ ਅਸਮਰਥ, ਲਾਚਾਰ ਅਤੇ ਮੁਸੀਬਤ ਵਿੱਚ ਹਨ। ਭਿਖਾਰੀਆਂ ਦੀ ਸਹਾਇਤਾ ਕਰਣ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਭੇਖ ਧਾਰਨ ਕਰਕੇ ਦੂਜਿਆਂ ਦੀ ਕਮਾਈ ਲੁੱਟਦੇ ਹਨ। ਉਨ੍ਹਾਂ ਮਨੁੱਖਾਂ ਨੂੰ ਸਾਧੂ ਨਹੀਂ ਕਹਿਣਾ ਚਾਹੀਦਾ ਜੋ ਲੋਕਾਂ ਤੋਂ ਮੰਗ ਕੇ ਖਾਂਦੇ ਅਤੇ ਆਪਣੇ ਪੇਟ ਦੀ ਖਾਤਰ ਕਈ ਭੇਖ ਕਰਦੇ ਹਨ-ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ।। ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ।। (੯੪੯) ਮਨੁੱਖ ਨੂੰ ਐਸਾ ਪਰਉਪਕਾਰੀ ਹੀ ਹੋਣਾ ਚਾਹੀਦਾ ਹੈ। ਗੁਰਸਿੱਖ ਅਹੰਕਾਰੀ ਨਹੀਂ ਸਗੋਂ ਪਰਉਪਕਾਰੀ ਹੁੰਦਾ ਹੈ। ਬਿਨਾ ਸੁਆਰਥ ਪਰਉਪਕਾਰ ਕਰਨਾ ਸਿੱਖੀ ਦਾ ਮਹਾਨ ਗੁਣ ਹੈ।


11/26/17
ਤੱਤ ਗੁਰਮਤਿ ਪਰਿਵਾਰ

ਅਕਾਲ ਤਖਤੀ ਪੁਜਾਰੀ ਵਿਵਸਥਾ : ਤਾਜ਼ਾ ਘਟਨਾਕ੍ਰਮ

ਬਨਾਮ

ਪੰਥ ਦੇ ਜਾਗਰੂਕ ਕਹਾਉਂਦੇ ਤਬਕੇ ਵਿਚੋਂ ਫੇਰ ਉਠਦੀਆਂ ਏਕਤਾ ਦੀਆਂ ਅਵਾਜ਼ਾਂ

ਬਾਬਾ ਨਾਨਕ ਜੀ ਦੇ ਨਾਂ ਨਾਲ ਜੋੜ ਦਿਤੇ ਗਏ ‘ਸਿੱਖ ਫਿਰਕੇ’ ਦੇ ਖੜੇ ਪਾਣੀਆਂ ਵਿਚ ਇਕ ਵਾਰ ਫਿਰ ਕੁੱਝ ਹਲਚਲ ਸ਼ੁਰੂ ਹੋਈ ਹੈ। ਤਾਜ਼ਾ ਖਲਬਲ਼ੀ ਦਾ ਵਕਤੀ ਕਾਰਨ ਹੈਰਾਨੀਜਨਕ ਅਪਵਾਦ ਵਾਂਗ, ਸੰਪਰਦਾਈ ਪਿਛੋਕੜ ਦੇ ਬਾਵਜੂਦ, ਪੁਨਰਜਾਗਰਨ ਦੀ ਲਹਿਰ ਦਾ ਦ੍ਰਿੜਤਾ ਅਤੇ ਦਲੇਰੀ ਨਾਲ ਹਮਸਫਰ ਬਣੇ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਢੱਢਰੀਆਂ ਵਾਲੇ ਹਨ। ਜਦੋਂ ਤੋਂ ਰਣਜੀਤ ਸਿੰਘ ਜੀ ਨੇ ਸੰਪਰਦਾਈ ਚਕਰਵਿਉਹ ਨੂੰ ਤੋੜ ਕੇ ਸੱਚ ਦੇ ਰਾਹ ਵੱਲ ਮੋੜਾ ਪਾਇਆ ਹੈ, ਉਸ ਸਮੇਂ ਤੋਂ ਹੀ ਸਿੱਖ ਕੌਮ ਦੀ ਮੁੱਖ ਧਾਰਾ ਤੇ ਕਾਬਜ਼ ਲੋਕਾਂ ਦੀ ਅੱਖੀਂ ਇਹ ਰੜਕਨ ਲੱਗ ਪਏ ਸਨ। ਇਨ੍ਹਾਂ ਦੇ ਕਾਫਲੇ ਤੇ ਸੰਪਰਦਾਈਂ ਧਿਰਾਂ ਵਲੋਂ ਕੀਤਾ ਜਾਣਲੇਵਾ ਹਮਲਾ ਅਤੇ ਪਿੱਛਲੇ ਸਮੇਂ ਵਿਚ ਇਨ੍ਹਾਂ ਦੇ ਪਟਿਆਲੇ ਵਿਚਲੇ ਪ੍ਰਚਾਰ ਕੇਂਦਰ ਦਾ ਘਿਰਾਉ ਆਦਿ ਇਸ ਦੀਆਂ ਮਿਸਾਲਾਂ ਹਨ। ਜਦੋਂ ਇਨ੍ਹਾਂ ਦੇ ਪ੍ਰਚਾਰ ਵਿਚਲੀਆਂ ਕੁਝ ਤਲਖ ਸੱਚਾਈਆਂ ਨੂੰ ਆਧਾਰ ਬਣਾ ਕੇ ਸੰਪਰਦਾਈ ਧਿਰਾਂ ਵਲੋਂ ਸ਼ਿਕਾਇਤਾਂ ਦੀ ਹਾਲ-ਦੁਹਾਈ ਕੁੱਝ ਸਮਾਂ ਪਹਿਲਾਂ ਪਾਈ ਗਈ ਸੀ ਤਾਂ ਵੀ ਤੱਤ ਗੁਰਮਤਿ ਪਰਿਵਾਰ ਨੇ ਆਪਣੀ ਜਿੰਮੇਵਾਰੀ ਸਮਝਦਿਆਂ ‘ਅਕਾਲ ਤਖਤੀ ਪੁਜਾਰੀ ਵਿਵਸਥਾ’ ਦਾ ਵਿਸ਼ਲੇਸ਼ਨ ਕਰਦਾ ਲੇਖ ‘ਪੁਜਾਰੀ ਕੁਹਾੜੇ ਨੂੰ ਇਕ ਵਾਰ ਫੇਰ ਲਗਣ ਲਗੀ ਧਾਰ : ਭਾਈ ਰਣਜੀਤ ਸਿੰਘ ਢੱਢਰੀਆਂ ਨੂੰ ਪੁਜਾਰੀ ਤਖਤ ਤੇ ਬੁਲਾਉਣ ਦੀਆਂ ਤਿਆਰੀਆਂ’ ਲਿਖਿਆ ਸੀ [

ਤਾਜ਼ਾ ਘਟਨਾਕ੍ਰਮ ਅਨੁਸਾਰ ਭਾਈ ਰਣਜੀਤ ਸਿੰਘ ਦੇ ਅੰਮ੍ਰਿਤਸਰ ਵਿਖੇ ਹੋਣ ਵਾਲੇ ਇਕ ਦੀਵਾਨ ਨੂੰ ਲੈ ਕੇ ਸੰਪਰਦਾਈ ਹੁੜਦੰਗੀਆਂ ਨੇ ਖੁਨ-ਖਰਾਬੇ ਦੀਆਂ ਧਮਕੀਆਂ ਦਿਤੀਆਂ ਅਤੇ ਪੁਜਾਰੀ ਤਖਤ ਤੇ ਸ਼ਿਕਾਇਤਾਂ ਵੀ ਕੀਤੀਆਂ। ਉਸ ਉਪਰੰਤ ਪੁਜਾਰੀਆਂ ਨੇ ਭਾਈ ਰਣਜੀਤ ਸਿੰਘ ਨੂੰ ਆਪਣੇ ਪਿੱਛਲੇ ਸਮਾਗਮਾਂ ਦੀਆਂ ਸੀਡੀਆਂ ਆਪਣੀ ਕਚਿਹਰੀ ਵਿਚ ਪੜਚੋਲ ਲਈ ਪੇਸ਼ ਕਰਨ ਦਾ ਆਦੇਸ਼ ਦਿਤਾ। ਹੁਣ ਤੱਕ ਭਾਈ ਰਣਜੀਤ ਸਿੰਘ ਨੇ ਦੂਰ-ਅੰਦੇਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਜਿਥੇ ਆਪਣੇ ਅੰਮ੍ਰਿਤਸਰ ਵਿਚਲੇ ਦੀਵਾਨ ਰੱਦ ਕਰਨ ਦਾ ਸੁਚੱਜਾ ਫੈਸਲਾ ਲਿਆ, ਉਥੇ ਨਾਲ ਹੀ ਪੁਜਾਰੀਆਂ ਦੇ ਇਸ ਆਦੇਸ਼ ਨੂੰ ਜਨਤਕ ਤੌਰ ਤੇ ਨਕਾਰਦੇ ਹੋਏ ਦਲੇਰੀ ਅਤੇ ਦ੍ਰਿੜਤਾ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਦੇ ਇਸ ਠੋਸ ਕਦਮ ਨੇ, ਆਪਣੀਆਂ ਆਪ-ਹੁੱਦਰੀਆਂ ਕਾਰਨ, ਪਹਿਲਾਂ ਹੀ ਕਮਜ਼ੋਰ ਹੁੰਦੀ ਜਾ ਰਹੀ ਇਸ ਪੁਜਾਰੀ ਵਿਵਸਥਾ ਤੇ ਇਕ ਹੋਰ ਤਕੜਾ ਮਾਰੂ ਵਾਰ ਕੀਤਾ ਹੈ। ਨਿਕਟ ਭਵਿੱਖ ਵਿਚ ਇਸ ‘ਪੁਜਾਰੀ ਪੰਚਾਇਤ’ ਨੇ ਆਪਣਾ ਆਖਰੀ ਹਥਿਆਰ ਵੀ ਭਾਈ ਜੀ ਖਿਲਾਫ ਵਰਤ ਹੀ ਲੈਣਾ ਹੈ, ਉਨ੍ਹਾਂ ਨੂੰ ਆਪਣੀ ਕਚਿਹਰੀ ਵਿਚ ਪੇਸ਼ ਹੋਣ ਦਾ ਫੁਰਮਾਨ ਜ਼ਾਰੀ ਕਰ ਕੇ।

ਉਸ ਵਕਤ ਰਣਜੀਤ ਸਿੰਘ ਜੀ ਦਾ ਲਿਆ ਜਾਣ ਵਾਲਾ ਸਟੈਂਡ, ਪੁਜਾਰੀ ਵਿਵਸਥਾ ਵਿਰੁਧ ਪਿੱਛਲੇ ਸਮੇਂ ਤੋਂ ਚੱਲ ਰਹੇ ਇਸ ਪੁਨਰਜਾਗਰਨ ਲਹਿਰ ਦੇ ਸੰਘਰਸ਼ ਦਾ ਭਵਿੱਖ ਤੈਅ ਕਰੇਗਾ। ਸਾਨੂੰ ਪੂਰੀ ਉਮੀਦ ਹੈ ਕਿ ਉਹ ਉਸ ਵੇਲੇ ਵੀ ਦ੍ਰਿੜ ਅਤੇ ਦਲੇਰਾਣਾ ਸਟੈਂਡ ਹੀ ਲੈਣਗੇ, ਅਤੇ ਸਟੇਜਾਂ ਦੇ ਮੋਹ ਦੇ ਚਕਰਵਿਉਹ ਵਿਚ ਸਰਬਜੀਤ ਸਿੰਘ ਧੂੰਦਾ ਵਾਂਗ ਨਹੀਂ ਫਸ ਜਾਣਗੇ। ਦੂਜੀ ਤਰਫ ਆਪਣੀ ਇਸ ਅਕਾਲ ਤਖਤੀ ਪੁਜਾਰੀ ਵਿਵਸਥਾ ਬਾਰੇ ਆਪਣੀ ਸੋਚ ਨੂੰ ਪੂਰੀ ਤਰਾਂ ਸਪਸ਼ਟ ਕਰਨਗੇ। ਕਿਉਂਕਿ ਉਨ੍ਹਾਂ ਦਾ ਤਾਜ਼ਾ ਆਇਆ ਬਿਆਨ ਕੁੱਝ ਇਸ ਤਰਾਂ ਦਾ ਹੈ, "ਮੈਂ ਅਕਾਲ ਤਖਤ ਨੂੰ ਤਾਂ ਮੰਨਦਾ ਹਾਂ, ਪਰ ਉਥੇ ਕਾਬਜ਼ ਕੁਰਾਹੇ ਪਏ ਜਥੇਦਾਰਾਂ ਨੂੰ ਮਾਨਤਾ ਨਹੀਂ ਦਿੰਦਾ"। ਜੇ ਇਥੇ ਉਹ ਇਹ ਸਪਸ਼ਟ ਕਰ ਦਿੰਦੇ ਕਿ ਉਹ ਕਿਸ ‘ਅਕਾਲ ਤਖਤ’ ਨੂੰ ਮੰਨਦੇ ਹਨ ਤਾਂ ਹੋਰ ਵੀ ਵਧੀਆ ਹੋਣਾ ਸੀ। ਉਨ੍ਹਾਂ ਦੇ ਇਸ ਬਿਆਨ ਨਾਲ ਇਹ ਸਮਝਣ ਵਿਚ ਭੁਲੇਖਾ ਪੈਦਾ ਹੋ ਸਕਦਾ ਹੈ ਕਿ ਉਹ ਕੌਮ ਵਿਚ ਪਹਿਲਾਂ ਤੋਂ ਅਕਾਲ ਤਖਤ ਦੇ ਨਾਂ ਤੇ ਚਲ ਰਹੀ ‘ਪੰਜ ਜਥੇਦਾਰੀ’ ਕਚਿਹਰੀ ਵਿਵਸਥਾ ਨੂੰ ਤਾਂ ਮੰਨਦੇ ਹਨ ਪਰ ਮੌਜੂਦਾ ‘ਜਥੇਦਾਰਾਂ’ ਦੇ ਗਲਤ ਵਿਵਹਾਰੀ ਹੋਣ ਕਾਰਨ ਇਨ੍ਹਾਂ ਨੂੰ ਮਾਨਤਾ ਨਹੀਂ ਦੇਂਦੇ। ਜੇ ਸਾਡਾ ਇਹ ਅੰਦੇਸ਼ਾ ਸਹੀ ਹੈ ਤਾਂ ਭਾਈ ਜੀ ਦੀ ਇਹ ਸੋਚ ਪੂਰੀ ਤਰਾਂ ਸਿਧਾਂਤਕ ਅਤੇ ਸਹੀ ਨਹੀਂ ਮੰਨੀ ਜਾ ਸਕਦੀ। ਕਿਉਂਕਿ ‘ਅਕਾਲ ਤਖਤ’ ਦੇ ਨਾਂ ਉਤੇ ਸ਼ੁਰੂ ਕੀਤੀ ਗਈ ਇਹ ‘ਪੰਜ ਪੁਜਾਰੀ ਕਚਿਹਰੀ ਵਿਵਸਥਾ’ ਭਾਂਵੇ ਕਿਤਨੀ ਵੀ ਪੁਰਾਤਨ ਕਿਉਂ ਨਾ ਹੋਵੇ?, ਇਹ ਗੁਰਮਤਿ ਦੇ ਮੂਲ ਸਿਧਾਂਤਾਂ ਦੇ ਵਿਪਰੀਤ ਹੈ। ਇਸ ਨੂੰ ਪੂਰੀ ਤਰਾਂ ਰੱਦ ਕੀਤੇ ਬਿਨਾ ‘ਪੁਨਰਜਾਗਰਨ’ ਦੇ ਮਾਰਗ ਦੇ ਅਸਲ ਪਾਂਧੀ ਨਹੀਂ ਬਣਿਆ ਜਾ ਸਕਦਾ, ਪ੍ਰਚਾਰਕ ਤਾਂ ਪਾਂਧੀ ਤੋਂ ਵੱਡੀ ਜਿੰੰਮੇਵਾਰੀ ਹੈ। ਐਸਾ ਸਟੈਂਡ ਬਹੁਤ ਹੀ ਹਾਸੋਹੀਣਾ ਹੋ ਜਾਂਦਾ ਹੈ ਕਿ "ਮੈਂ ਇਸ ਫਿਰਕੇ ਦੀ ਚਲੀ ਆ ਰਹੀ ਸੁਪਰੀਮ ਕੋਰਟ ਦੀ ਵਿਵਸਥਾ ਨੂੰ ਤਾਂ ਮੰਨਦਾ ਹਾਂ, ਪਰ ਮੌਜ਼ੂਦਾ ਨਿਯੁਕਤ ਜੱਜਾਂ ਨੂੰ ਮਾਨਤਾ ਨਹੀਂ ਦਿੰਦਾ"।

ਅਕਾਲ ਤਖਤੀ ਪੁਜਾਰੀ ਵਿਵਸਥਾ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਦਾ ਇਕ ਹੋਰ ਅੰਸ਼ ਡਾ. ਹਰਜਿੰਦਰ ਸਿੰਘ ਦਿਲਗੀਰ ਨਾਲ ਜੁੜਿਆ ਹੈ। ਸਾਹਮਣੇ ਆ ਰਹੀਆਂ ਖਬਰਾਂ ਅਨੁਸਾਰ ਉਨ੍ਹਾਂ ਨੇ ਇਨ੍ਹਾਂ ਪੁਜਾਰੀਆਂ ਦੇ ਆਪਣੇ ਪ੍ਰਤੀ ਜ਼ਾਰੀ ਕੀਤੇ ਇਕ ਆਦੇਸ਼ ਨੂੰ ਅਦਾਲਤ ਵਿਚ ਚੁਣੌਤੀ ਦਿਤੀ ਹੈ। ਬਾਬਾ ਨਾਨਕ ਜੀ ਦੀ ਸੇਧ ਵਿਚ, ਫਿਰਕੇ ਦੀਆਂ ਵਲਗਣਾਂ ਤੋਂ ਬਾਹਰ ਹੋਣ ਕਰਕੇ, ਤੱਤ ਗੁਰਮਤਿ ਪਰਿਵਾਰ ਐਸੀ ਫਿਰਕੂ ਪੁਜਾਰੀ ਵਿਵਸਥਾਵਾਂ ਨਾਲ ਬੇਲੋੜਾ ਉਲਝ ਕੇ ਤਾਕਤ ਬਰਬਾਦ ਕਰਨ ਦੀ ਥਾਂ ਇਨ੍ਹਾਂ ਨੂੰ ਮੁੱਢੋਂ ਰੱਦ ਕਰਨ ਨੂੰ ਸਹੀ ਮੰਨਦਾ ਹੈ। ਪਰ ਫੇਰ ਵੀ ਦਿਲਗੀਰ ਜੀ ਦੇ ਇਸ ਮਜ਼ਬੂਤ ਅਤੇ ਦਲੇਰਾਣਾ ਸਟੈਂਡ ਦਾ ਸਮਰਥਨ ਕਰਦਾ ਹੈ ਜਿਸ ਕਾਰਨ ਆਮ ਲੋਕਾਂ ਦੀ ਮਾਨਸਿਕਤਾ ਵਿਚ ਇਨ੍ਹਾਂ ਪੁਜਾਰੀਆਂ ਪ੍ਰਤੀ ਬਣੀ ਅੰਨ੍ਹੀ ਸ਼ਰਧਾ ਨੂੰ ਝੰਝੋੜਿਆ ਜਾ ਸਕੇ। ਐਸਾ ਹੀ ਦਲੇਰਾਣਾ ਸਟੈਂਡ ਜੋਗਿੰਦਰ ਸਿੰਘ ਜੀ ਸਪੋਕਸਮੈਨ ਨੇ ਵੀ ਇਸ ਪੁਜਾਰੀ ਵਿਵਸਥਾ ਵਿਰੁਧ ਲਿਆ ਸੀ ਜਿਸ ਕਾਰਨ ਜਾਗਰੂਕਤਾ ਦਾ ਕੁੱਝ ਮਾਹੌਲ ਤਿਆਰ ਹੋ ਗਿਆ ਜਿਸ ਨਾਲ ਅੱਜ ਕਾਫੀ ਲੋਕ ਇਨ੍ਹਾਂ ਦੀਆਂ ਕਮਜ਼ੋਰੀਆਂ ਬਾਰੇ ਕੇ ਖੁੱਲ ਕੇ ਗੱਲ ਕਰਨ ਲੱਗ ਪਏ ਹਨ। ਅਗਰ ਐਸਾ ਹੀ ਸਟੈਂਡ ਪ੍ਰੋ. ਦਰਸ਼ਨ ਸਿੰਘ ਜੀ ਅਤੇ ਸਰਬਜੀਤ ਸਿੰਘ ਜੀ ਧੂੰਦਾ ਵੀ ਲੈ ਲੈਂਦੇ ਤਾਂ ਅੱਜ ਲਹਿਰ ਹੋਰ ਪ੍ਰਚੰਡ ਹੋਣਾ ਸੀ। ਰਣਜੀਤ ਸਿੰਘ ਜੀ ਕੌਲ ਹੀ ਸ਼ਾਇਦ ਇਸ ਪੁਜਾਰੀ ਵਿਵਸਥਾ ਦੇ ਤਾਬੂਤ ਵਿਚ ਆਖਿਰੀ ਕਿੱਲ੍ਹ ਠੋਕਣ ਦਾ ਮੌਕਾ ਜਲਦ ਆਵੇਗਾ। ਇਹ ਵੀ ਹੋ ਸਕਦਾ ਹੈ ਕਿ ਸਮੇਂ ਦੀ ਨਜ਼ਾਕਤ ਪਛਾਣਿਦਿਆਂ ਪੁਜਾਰੀ ਆਪ ਹੀ ਕੁੱਝ ਸਮਾਂ ਚੁੱਪ ਧਾਰ ਲੈਣ, ਉਨ੍ਹਾਂ ਦਾ ਕਿਹੜਾ ਕੋਈ ਦੀਨ-ਇਮਾਨ ਹੈ। ਤੱਤ ਗੁਰਮਤਿ ਪਰਿਵਾਰ ਨੇ ਤਾਂ 2008 ਵਿਚ ਆਪਣੀ ਕਾਇਮੀ ਦੇ ਸਮੇਂ ਹੀ ਇਸ ‘ਅਕਾਲ ਤਖਤੀਂ ਪੁਜਾਰੀ ਵਿਵਸਥਾ’ ਦਾ ਜੂਲਾ ਪਰ੍ਹਾਂ ਵਗਾਹ ਮਾਰਨ ਦਾ ਐਲਾਣ ਕਰ ਦਿਤਾ ਸੀ। 2015 ਵਿਚ ਗੁਰਮਤਿ ਇਨਕਲਾਬ ਪੁਰਬ ਮੌਕੇ ਐਲਾਣੀਆਂ ਤੌਰ ਤੇ ਕਿਸੇ ਵੀ ਫਿਰਕੂ ਘੇਰੇ ਤੋਂ ਆਜ਼ਾਦ ਹੋਣ ਦਾ ਪ੍ਰਣ ਕਰ ਕੇ, ਬਾਬਾ ਨਾਨਕ ਜੀ ਦੇ ਸਮਝਾਏ ‘ਅਸਲ ਧਰਮ’ (ਜਿਸ ਨੂੰ ਸਿੱਖ ਕੌਮ/ਫਿਰਕੇ ਦੇ ਧੁੰਧਲਕੇ ਹੇਠ ਲੁਕਾ ਦਿਤਾ ਗਿਆ ਹੈ) ਵੱਲ ਵਾਪਸੀ ਦੇ ਸਫਰ ਤੇ ਹੋਰ ਮਜ਼ਬੂਤੀ ਨਾਲ ਤੁਰਨ ਦਾ ਇਰਾਦਾ ਪ੍ਰਕਟ ਕਰ ਦਿਤਾ।

ਜਾਗਰੂਕ ਤਬਕੇ ਵਿਚ ਏਕਤਾਂ ਦੀਆਂ ਫੇਰ ਉਠਦੀਆਂ ਕੂਕਾਂ

ਸਿੱਖ ਫਿਰਕੇ ਦੇ ਜਾਗਰੂਕ ਕਹਾਉਂਦੇ ਤਬਕੇ ਵਿਚ ਐਸਾ ਕੋਈ ਵੀ ਨਵਾਂ ਵਿਵਾਦ ਸਾਹਮਣੇ ਆਉਣ ਤੇ ‘ਏਕਤਾ’ ਦਾ ਰਾਗ ਅਲਾਪਿਆ ਜਾਣ ਲਗ ਪੈਂਦਾ ਹੈ। ਪਹਿਲਾਂ ਵੀ ਅਨੇਕਾਂ ਵਾਰ ਐਸਾ ਹੋਇਆ ਹੈ। ਰਣਜੀਤ ਸਿੰਘ ਨਾਲ ਜੁੜੇ ਤਾਜ਼ਾ ਮਸਲੇ ਦੇ ਉਠਣ ਤੋਂ ਬਾਅਦ ਵੀ ਇਹ ‘ਏਕਤਾ ਰਾਗ’ ਦੁਬਾਰਾ ਸੁਨਣ ਨੂੰ ਮਿਲ ਰਿਹਾ ਹੈ। ਕਾਫੀ ਸਮਾਂ ਪਹਿਲਾਂ ਸਾਨੂੰ ਵੀ ਇਹ ਅਲਾਪ ਚੰਗਾ ਲਗਦਾ ਸੀ ਪਰ ਪਿਛਲੇ 5-7 ਸਾਲਾਂ ਵਿਚ ਜਾਗਰੂਕ ਕਹਾਊਂਦੇ ਤਬਕੇ ਦੇ ਅਮਲੀ ਵਿਵਹਾਰ ਨੂੰ ਪੜਚੋਲਣ ਉਪਰੰਤ ਹੁਣ ਸ਼ੌਰ ਪ੍ਰਦੂਸ਼ਨ ਹੀ ਲਗਦਾ ਹੈ। ਬਾਬਾ ਨਾਨਕ ਦੇ ਗੁਰਮਤਿ ਇਨਕਲਾਬ ਦੇ ਸਫਰ ਨੂੰ ਗੰਭੀਰਤਾ ਨਾਲ ਵਿਸ਼ਲੇਸ਼ਨ ਕਰਨ ਉਪਰੰਤ ਤਾਂ ਇਹ ਪੱਖ ਹੋਰ ਵੀ ਸਪਸ਼ਟ ਹੋ ਜਾਂਦਾ ਹੈ। ਬਾਬਾ ਨਾਨਕ ਜੀ ਨੇ ਸਿਧਾਂਤ ਨੂੰ ਵੱਧ ਤਰਜੀਹ ਦਿੱਤੀ, ਮਿਲਗੋਭੀ ਵਿਚਾਰਧਾਰਕ ਏਕਤਾ ਨੂੰ ਨਹੀਂ। ਬਾਬਾ ਨਾਨਕ ਜੀ ਦੀ ਸੇਧ ਵਿਚ ‘ਗੁਰਮਤਿ ਇਨਕਲਾਬ’ ਵੱਲ ਵਾਪਸੀ ਦੇ ਸਫਰ ਤੇ ਇਕੱਲਾ ਤੁਰਨਾ ਤਾਂ ਸਹੀ ਜਾਪਦਾ ਹੈ, ਪਰ ਦੁਬਿਧਾਮਈ ਅਤੇ ਆਪਾ-ਵਿਰੋਧੀ ਪਹੁੰਚ ਵਾਲੀ ਏਕਤਾ ਨਾਲ ਤਿਆਰ ਹੋਏ ‘ਧੜੇ’ ਦਾ ਹਿੱਸਾ ਬਣ ਕੇ ਨਹੀਂ। ਸਾਡੀ ਇਸ ਸਪਸ਼ਟਗੋਈ ਦਾ ਇਹ ਮਤਲਬ ਨਹੀਂ ਕਿ ਅਸੀਂ ਏਕਤਾ ਦੇ ਵਿਰੋਧੀ ਹਾਂ। ਸਾਰੀ ਮਨੁੱਖਤਾ ਇਕੋ ਰੱਬ ਦੀ ਸਾਂਝੀ ਸੰਤਾਨ ਦੇ ਮੂਲ ਸਿਧਾਂਤ ਦੇ ਪੈਰੋਕਾਰ ਹੋਣ ਵਾਲੇ ਲੋਕ ‘ਏਕਤਾ’ ਦੇ ਵਿਰੋਧੀ ਹੋਣ, ਇਹ ਸੋਚ ਬਿਲਕੁਲ ਸਹੀ ਨਹੀਂ ਹੈ। ਤੱਤ ਗੁਰਮਤਿ ਪਰਿਵਾਰ ਤਾਂ ਹਿੰਦੂ, ਸਿੱਖ, ਮੁਸਲਿਮ, ਈਸਾਈ, ਜੈਨੀ, ਬੋਧੀ ਆਦਿ ਫਿਰਕੂ ਵਲਗਣਾਂ ਤੋਂ ਉਤਾਂਹ ਉੱਠ ਕੇ ਸਾਰੀ ਮਨੁੱਖਤਾ ਦੀ ਉਸ ਵਿਲੱਖਣ ‘ਧਰਮੀ ਏਕਤਾ’ ਦੇ ਮਿਸ਼ਨ ਦਾ ਸੁਪਨਾ ਲੈਣ ਦੀ ਸੋਚ ਰੱਖਦਾ ਹੈ, ਜਿਸ ਦਾ ਮੁੱਢ ਬਾਬਾ ਨਾਨਕ ਜੀ ਨੇ ਗੁਰਮਤਿ ਇਨਕਲਾਬ ਦੇ ਰੂਪ ਵਿਚ ਸ਼ੁਰੂ ਕੀਤਾ ਸੀ ਜੋ ਸਾਜ਼ਿਸ਼ਾਂ ਅਤੇ ਅਣਗਹਿਲੀਆਂ ਦਾ ਸ਼ਿਕਾਰ ਹੋ ਕੇ ਇਕ ਸੌੜੇ ਪੁਜਾਰੀ ਫਿਰਕੇ ਦਾ ਰੂਪ ਧਾਰਨ ਕਰ ਗਿਆ ਅਤੇ ਪਹਿਲਾਂ ਤੋਂ ਪ੍ਰਚਲਤਿ ਫਿਰਕਿਆਂ ਦੀ ‘ਚੂਹਾ-ਦੌੜ’ ਦਾ ਹਮਸਫਰ ਬਣ ਗਿਆ। ਇਤਨੇ ਸੂਖਮ ਪੱਧਰ ਤੇ ‘ਅਸਲ ਧਰਮ’ ਦਾ ਸਿਧਾਂਤਕ ਵਿਸ਼ਲੇਸ਼ਨ ਕਰਨ ਅਤੇ ਐਲਾਣੀਆ ਤੌਰ ਤੇ ਫਿਰਕੂ ਵਲਗਣ ਤੋਂ ਆਜ਼ਾਦ ਹੋਣ ਦੀ ਸੋਚ ਦੇ ਹਾਮੀ ਸਿੱਖ ਕੌਮ ਵਿਚ ਤਾਂ ਕੋਈ ਨਾਂ-ਮਾਤਰ ਹੀ ਹਨ, ਪੂਰੇ ਵਿਸ਼ਵ ਵਿਚ ਵੀ ਸ਼ਾਇਦ ਗਿਣਤੀ ਦੇ ਹੀ ਹੋਣਗੇ। ਪਰ ਬਾਬਾ ਨਾਨਕ ਦੇ ਸਰਬਪੱਖੀ ਮਾਨਵੀ ਇਨਕਲਾਬ ਦੇ ਪੱਕੇ ਪਾਂਧੀ ਬਨਣ ਲਈ ਉਸ ਸੂਖਮ ਸਿਧਾਂਤਕ ਪਕੜ ਦਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਾਡੀਆਂ ਮਾਨਤਾਵਾਂ ਤੇ ਹੁੰਦੇ ਕਿੰਤੂ ਸਾਨੂੰ ਕਿਸੇ ਨਾ ਕਿਸੇ ਪੱਧਰ ਤੇ ਵਿਚਲਿਤ ਕਰਕੇ ‘ਪੁਜਾਰੀ ਮਾਨਸਿਕਤਾ’ ਦੇ ਹਾਣ ਦਾ ਬਣਾ ਦੇਂਦੇ ਹਨ।

ਗੱਲ ਕਿਸੇ ਹੋਰ ਪਾਸੇ ਤੁਰ ਪਈ। ਵਾਪਿਸ ਪਰਤਦੇ ਹਾਂ ਮੌਜੂਦਾ ‘ਏਕਤਾ ਅਲਾਪ’ ਵੱਲ। ਕਿਸੇ ਵੀ ਏਕਤਾ ਦੀ ਗੱਲ ਤੋਂ ਪਹਿਲਾਂ ਇਹ ਤੈਅ ਹੋਣਾ ਜ਼ਰੂਰੀ ਹੈ ਕਿ ਏਕਤਾ ਕਰਨੀ ਕਿਸ ਮਿਸ਼ਨ ਲਈ ਹੈ? ਪੰਥ ਦੇ ਜਾਗਰੂਕ ਕਹਾਉਂਦੇ ਤਬਕੇ ਦੇ ਕਿਸੇ ਵੀ ਧੜੇ ਦਾ ਮਿਸ਼ਨ ਹਾਲੀਂ ਤੱਕ ਵੀ ਪੂਰੀ ਤਰਾਂ ਸਪਸ਼ਟ ਨਹੀਂ ਹੈ। ਕਿਸੇ ਦੀ ਸੂਈ ਸਿੱਖ ਰਹਿਤ ਮਰਿਯਾਦਾ ਤੇ ਅੜੀ ਹੋਈ ਹੈ, ਕਿਸੇ ਦੀ ਅਖੌਤੀ ਦਸਮ ਗ੍ਰੰਥ ਦੀ ਮਾਨਤਾ ਰੱਦ ਕਰਵਾਉਣ ਤੱਕ, ਕਿਸੇ ਦੀ ਜਥੇਦਾਰਾਂ ਨੂੰ ਨੰਗਾ ਕਰਨ ਤੇ, ਕਿਸੀ ਦੀ ਨਾਨਕਸ਼ਾਹੀ ਕੈਲੰਡਰ ਆਦਿ ਆਦਿ। ਕੋਈ ਸਪਸ਼ਟ ਜਾਂ ਪੂਰੀ ਤਰਾਂ ਸਿਧਾਂਤਕ ਮਿਸ਼ਨ ਹੀ ਕਿਸੇ ਨੇ ਵੀ ਅਜੀਂ ਤੱਕ ਸਾਹਮਣੇ ਨਹੀਂ ਰਖਿਆ, ਬਾਕੀ ਰੂਪ-ਰੇਖਾ ਤਾਂ ਬਹੁਤ ਦੂਰ ਦੀ ਗੱਲ ਹੈ। ਬਸ ਹਰ ਵਾਰ ‘ਏਕਤਾ ਹੋਣੀ ਚਾਹੀਦੀ ਹੈ’ ਦਾ ਸ਼ੋਰ-ਗੁੱਲ ਕਰ ਕੇ ਸਭ ਫੇਰ ਬਰਸਾਤੀ ਡੱਡੂਆਂ ਵਾਂਗ ਆਪਣੇ ਖੋਲਾਂ ਦੀ ਕੈਦ ਵਿਚ ਚਲੇ ਜਾਂਦੇ ਹਨ। ਤੱਤ ਗੁਰਮਤਿ ਪਰਿਵਾਰ ਨੇ ਪਹਿਲਾਂ ਵੀ ਘੱਟੋ-ਘੱਟ 2-3 ਵਾਰ ‘ਗੁਰਮਤਿ ਇਨਕਲਾਬ’ ਦੇ ਮੂਲ ਦੀ ਰੋਸ਼ਨੀ ਵਿਚ ‘ਸਿਧਾਂਤਕ ਏਕਤਾ’ ਦੀ ਲਿਖਤੀ ਰੂਪ-ਰੇਖਾ ਇਨ੍ਹਾਂ ਸਾਹਮਣੇ ਰੱਖੀ ਪਰ ਸਾਰੇ ਆਪਣੀ ਹਉਮੈ ਦੀ ਚਾਦਰ ਉਤਾਰ ਕੇ ਨਿਸ਼ਕਾਮਤਾ ਨਾਲ ਮਿਲ ਬੈਠਣ ਨੂੰ ਕਦੇ ਤਿਆਰ ਹੀ ਨਹੀਂ ਹੋਏ। ਉਸ ਤੋਂ ਬਾਅਦ ਦੇ ਸਮੇਂ ਵਿਚ ਇਨ੍ਹਾਂ ਦੀਆਂ ਕਾਰਗੁਜ਼ਾਰੀਆਂ ਵੇਖ ਕੇ ਸਾਨੂੰ ਜਾਪਿਆ ਕਿ ਚੰਗਾ ਹੀ ਹੋਇਆ ਕਿ ਇਨ੍ਹਾਂ ਵਿਚ ਏਕਤਾ ਨਹੀਂ ਹੋਈ, ਨਹੀਂ ਤਾਂ ਇਨ੍ਹਾਂ ਨੇ ‘ਗੁਰਮਤਿ ਇਨਕਲਾਬ’ ਦੇ ਸਫਰ ਵਿਚ ਖਿਲਾਰਾ ਪਾਉਣਾ ਸੀ, ਉਸ ਨਾਲ ਉਸ ‘ਪਵਿੱਤਰ ਮਿਸ਼ਨ’ ਦਾ ਜਲੂਸ ਹੀ ਨਿਕਲ ਜਾਣਾ ਸੀ। ਸਾਨੂੰ ਐਸੇ ਸਖਤ ਸ਼ਬਦ ਲਿਖਦੇ ਹੋਏ ਬੇਸ਼ਕ ਝਿਝਕ ਮਹਿਸੂਸ ਤਾਂ ਹੋਈ ਪਰ ਇਹ ਸਾਡੇ ਅੰਦਰ ਦਾ ਉਹ ਸੁਹਿਰਦ ਦਰਦ ਹੈ ਜੋ ਸਾਨੂੰ, ਮਾਨਵਤਾ ਨੂੰ ‘ਗੁਰਮਤਿ ਇਨਕਲਾਬ’ ਦੀ ਸਮਝ ਤੋਂ ਹੋਰ ਵੱਧ ਸਮੇਂ ਤੱਕ ਦੂਰ ਰੱਖਣ ਦੀਆਂ ਸਾਡੀਆਂ ਕਮਜ਼ੋਰੀਆਂ ਦੇ ਅਹਿਸਾਸ ਵਿਚੋਂ ਉਪਜਿਆ ਹੈ। ਸਾਨੂੰ ਬਿਲਕੁਲ ਜਿੰਮੇਦਾਰੀ ਨਾਲ ਇਹ ਕਹਿਣ ਵਿਚ ਕੋਈ ਝਿਝਕ ਜਾਂ ਸੰਕੋਚ ਨਹੀਂ ਕਿ ਪੰਥ ਦੇ ਜਾਗਰੂਕ ਕਹਾਉਂਦੇ ਤਬਕੇ ਵਿਚਲੇ ਮੌਜੂਦਾ ਆਗੂਆਂ ਵਿਚੋਂ ਕੋਈ ਵੀ ਐਸਾ ਨਹੀਂ ਜਿਸ ਦੀ ਪਕੜ, ਸਮਝ ਜਾਂ ਵਿਵਹਾਰ ਉਸ ਪੱਧਰ ਦਾ ਹੋਵੇ ਜੋ ਮੂਲ ਗੁਰਮਤਿ ਇਨਕਲਾਬ ਵੱਲ ਵਾਪਸੀ ਦੇ ਸਫਰ ਦਾ ‘ਆਗੂ’ ਬਨਣ ਦੀ ਯੋਗਤਾ ਰੱਖਦਾ ਹੋਵੇ। ਬਹੁਤਿਆਂ ਵਿਚ ਤਾਂ ਇਮਾਨਦਾਰੀ ਅਤੇ ਹਉਮੈ ਤੋਂ ਦੂਰ ਰਹਿਣ ਦੇ ਮੂਲ ਗੁਣ ਹੀ ਨਹੀਂ ਹਨ। ਭਾਈ ਰਣਜੀਤ ਸਿੰਘ ਜੀ ਦੇ ਟੋਲੇ ਵਿਚ ਅਸੀਂ ਨਜ਼ਦੀਕੀ ਤੌਰ ਤੇ ਨਹੀਂ ਵਿਚਰੇ ਪਰ ਉਨ੍ਹਾਂ ਦੇ ਜਨਤਕ ਤੌਰ ਤੇ ਸਾਹਮਣੇ ਆ ਰਹੇ ਹੁਣ ਤੱਕ ਦੇ ਪ੍ਰਚਾਰ ਅਤੇ ਵਿਵਹਾਰ ਤੋਂ ਨਿਰਾਸ਼ ਨਾ ਵੀ ਹੋਈਏ, ਤਾਂ ਵੀ ਉਨ੍ਹਾਂ ਦੇ ਇਸ ਸੂਖਮ ਪਕੜ ਵਾਲੀ ਲਹਿਰ ਦੇ ਸੁਯੋਗ ਆਗੂ ਬਨ ਸਕਣ ਦੀ ਆਸ ਰੱਖਣੀ ਵੀ ਫਿਲਹਾਲ ਬਹੁਤ ਕਾਹਲੀ ਵਿਚ ਚੁਕਿਆ ਹੋਵੇਗਾ। ਮਜ਼ਬੂਤ ਆਗੂ ਵਿਚਲੇ ਦੋ ਮੂਲ ਗੁਣਾਂ (ਇਮਾਨਦਾਰੀ ਹੋਣ ਅਤੇ ਹਉਮੈ ਤੋਂ ਰਹਿਤ ਹੋਣ) ਪੱਖੋਂ ਜੇ ਉਹ ਠੀਕ ਵੀ ਹੋਣ ਤਾਂ ਉਸ ਤੋਂ ਬਾਅਦ ਸਿਧਾਂਤ ਦੀ ਸੂਖਮ ਹੱਦ ਤੱਕ ਸਮਝ ਅਤੇ ਉਸ ਪ੍ਰਤੀ ਸਪਸ਼ਟ ਸਟੈਂਡ ਲੈਣ ਦੀ ਪਹੁੰਚ ਪ੍ਰਤੀ ਉਨ੍ਹਾਂ ਦਾ ਬਹੁਤਾ ਪੱਖ ਅਜੀਂ ਸਾਹਮਣੇ ਨਹੀਂ ਆਇਆ। ਪ੍ਰਚਲਿਤ ‘ਨਿਤਨੇਮ ਅਤੇ ਅੰਮ੍ਰਿਤ ਸੰਚਾਰ ਸੰਬੰਧਿਤ ਦਸਮ ਗ੍ਰੰਥੀ ਰਚਨਾਵਾਂ’ ਬਾਰੇ ਪ੍ਰੋ. ਦਰਸ਼ਨ ਸਿੰਘ ਜੀ ਦੇ ਲਏ ਕੁਝ ਸਹੀ ਸਟੈਂਡ ਪ੍ਰਤੀ ਉਨ੍ਹਾਂ ਵਲੋਂ ਕੀਤੀ ਹਲਕੀ ਟਿੱਪਣੀ ਉਨ੍ਹਾਂ ਦੀ ਸਿਧਾਂਤਕ ਪਕੜ ਅਤੇ ਵਿਸ਼ਲੇਸ਼ਨ ਦੀ ਸਮਰੱਥਾ ਬਾਰੇ ਸ਼ੱਕ ਪੈਦਾ ਜ਼ਰੂਰ ਕਰਦੀ ਹੈ ਪਰ ਭਾਈ ਢੱਢਰੀਆਂ ਤੋਂ ਸੁਧਾਰ ਦੀ ਆਸ ਨਹੀਂ ਛੱਡੀ ਜਾ ਸਕਦੀ ਅਤੇ ਗਲਤੀਆਂ ਇੰਸਾਨ ਤੋਂ ਹੀ ਹੁੰਦੀਆਂ ਹਨ। ਜੇ ਅਸੀਂ ਸਮੇਂ ਨਾਲ ਗਲਤੀ ਸੁਧਾਰ ਲਈਏ ਤਾਂ ਇਹ ਚੰਗੇ ਸੰਕੇਤ ਮੰਨੇ ਜਾ ਸਕਦੇ ਹਨ।

ਏਕਤਾ ਦੇ ਮੁੱਢਲੇ ਸੂਤਰ

ਅਸੀਂ ਮਨੁੱਖ ਵਜੋਂ ਹਰ ਕਿਸੇ ਦਾ ਸਤਿਕਾਰ ਕਰਦੇ ਹਾਂ ਅਤੇ ਮਾਨਵਤਾ ਦੇ ਭਲੇ ਲਈ ਇਮਾਨਦਾਰੀ ਨਾਲ ਚੁੱਕੇ ਕਿਸੇ ਦੇ ਵੀ ਛੋਟੇ ਤੋਂ ਵੀ ਛੋਟੇ ਕਦਮ ਦਾ ਤਹਿ ਦਿਲੋਂ ਸਮਰਥਨ ਕਰਦੇ ਹਾਂ। ਇਸ ਲਈ ਜੋ ਜਿਸ ਵੀ ਪੱਧਰ ਤੇ, ਜਿਤਨਾ ਵੀ ਮਾਨਵਤਾ ਦੇ ਹਿਤਾਂ ਲਈ ਇਮਾਨਦਾਰੀ ਨਾਲ ਯਤਨ ਕਰ ਰਿਹਾ ਹੈ, ਉਹ ਮੁਬਾਰਕ ਹੈ। ਪਰ ਇਹ ਵਿਅਕਤੀਗਤ ਅਤੇ ਮਿਲਗੋਭੀ ਸੋਚ ਵਾਲੇ ਯਤਨ ਕੁੱਲ ਮਾਨਵਤਾ ਨੂੰ ਸਹੀ ਧਰਮ ਸਮਝਾਉਣ ਲਈ ਬਹੁਤ ਹੀ ਘੱਟ ਹਨ। ਇਸ ਲਈ ਵੱਡੇ ਅਤੇ ਸਾਂਝੇ ਯਤਨ ਜ਼ਰੂਰੀ ਹਨ। ਪਰ ਉਨ੍ਹਾਂ ਯਤਨਾਂ ਦਾ ਮੂਲ ਆਧਾਰ ਉਹ ‘ਅਸਲ ਗੁਰਮਤਿ ਇਨਕਲਾਬ’ ਹੀ ਬਣ ਸਕਦਾ ਹੈ, ਜਿਸਦਾ ਸੰਕਲਪ ਜ਼ਹਿਣ ਵਿਚ ਲੈ ਕੇ ਬਾਬਾ ਨਾਨਕ ਜੀ ਨੇ ਇਹ ਸਫਰ ਸ਼ੁਰੂ ਕੀਤਾ ਸੀ ਅਤੇ ਜਿਸ ਨੂੰ ਸਾਡੀਆਂ ਨਲਾਇਕੀਆਂ ਨੇ ਇਕ ਫਿਰਕੇ ਦੀ ਵਲਗੱਣ ਵਿਚ ਜਕੜ ਕੇ ਉਸ ਦਾ ਸਾਹ ਘੁੱਟ ਦਿਤਾ ਅਤੇ ਪਹਿਲਾਂ ਤੋਂ ਚਲ ਰਹੇ ਫਿਰਕੂ ਲਾਣਿਆਂ ਦਾ ਹੀ ਇਕ ਨਵਾਂ ਰੂਪ ਬਣਾ ਦਿਤਾ।

‘ਗੁਰਮਤਿ ਇਨਕਲਾਬ’ ਦੇ ਮਾਨਵੀ ਮਿਸ਼ਨ ਦਾ ਕਾਫਿਲਾ ਤਿਆਰ ਕਰਨ ਲਈ ਲੌੜੀਂਦੀ ਏਕਤਾ ਦੇ ਕੁਝ ਮੂਲ਼ ਸੂਤਰ ਹਨ

1. ਇਮਾਨਦਾਰੀ

2. ਹਉਮੈ ਦਾ ਤਿਆਗ

3. ਸਿਧਾਂਤ ਦੀ ਸੂਖਮ ਪਕੜ

4. ਮਜ਼ਬੂਤ ਸਟੈਂਡ ਲੈਣ ਦੀ ਦ੍ਰਿੜਤਾ

5. ਪੁਜਾਰੀ ਮਾਨਸਿਕਤਾ ਤੋਂ ਪੂਰੀ ਤਰਾਂ ਆਜ਼ਾਦੀ

6. ਸ਼ਖਸੀਅਤ ਪ੍ਰਸਤੀ ਦੀ ਥਾਂ ਸਿਧਾਂਤ ਪ੍ਰਸਤੀ ਨੂੰ ਸਹੀ ਮੰਨਣਾ

7. ਸੁਯੋਗ ਆਗੂ ਦੀ ਅਗਵਾਈ

8. ਸੁਚੱਜੀ ਰੂਪ-ਰੇਖਾ ਅਤੇ ਵਿਉਂਤ-ਬੰਦੀ

ਆਮ ਲੋਕਾਈ ਵਿਚ ਪੂਰੀ ਤਰਾਂ ਇਮਾਨਦਾਰ ਅਤੇ ਹਉਮੈ ਰਹਿਤ ਚੰਦ ਸੱਜਣ ਬੇਸ਼ਕ ਹੋਣਗੇ ਪਰ ਆਗੂ/ਪ੍ਰਚਾਰਕ ਕੋਈ ਮੁਸ਼ਕਿਲ ਹੀ ਹੈ। ਪਿੱਛਲੇ ਚੰਦ ਕੁ ਮਹੀਨਿਆਂ ਵਿਚ ਪੰਥ ਦੇ ਕਹਾਉਂਦੇ ਜਾਗਰੂਕ ਤਬਕੇ ਨੇ ਆਪਣੇ ਆਪ ਨੂੰ ਦੋ ਮੁੱਖ ਧੜਿਆਂ ਵਿਚ ਅਣ-ਐਲਾਣਿਆ ਹੀ ਵੰਡ ਲਿਆ ਹੈ। ਇਕ ਧੜਾ ਜੋ ਭਾਈ ਰਣਜੀਤ ਸਿੰਘ ਜੀ ਢੱਢਰੀਆਂ ਨੂੰ ਹੀ ਇਕੋ ਇਕ ਆਸ ਮੰਨੀ ਬੈਠਾ ਹੈ ਅਤੇ ਇਸ ਦਾ ਇਕ ਬੁਲਾਰਾ ਟੀਮ ਰੇਡੀਉ ਵਿਰਸਾ ਹੈ। ਦੂਜੀ ਤਰਫ ਉਹ ਧੜਾ ਹੈ ਜੋ ਸਿਧਾਂਤ ਦੀ ਥਾਂ ਪ੍ਰੋ. ਦਰਸ਼ਨ ਸਿੰਘ ਜੀ, ਸਰਬਜੀਤ ਸਿੰਘ ਜੀ ਧੂੰਦਾ ਅਤੇ ਪੰਥਪ੍ਰੀਤ ਸਿੰਘ ਜੀ ਆਦਿ ਪ੍ਰਚਾਰਕਾਂ ਦੀ ਸ਼ਖਸੀਅਤ ਦੇ ਆਸ ਪਾਸ ਜੁੜਿਆ ਬੈਠਾ ਹੈ। ਇਹ ਦੂਜਾ ਧੜਾ ਕੁਝ ਸਮਾਂ ਪਹਿਲਾਂ ਤੱਕ ਆਪ ਹੀ ਕਈਂ ਵਿਰੋਧੀ ਗੁਟਾਂ ਵਿਚ ਵੰਡਿਆ ਹੋਇਆ ਸੀ ਪਰੰਤੁ ਕੁਝ ਟੀਮ ਰੇਡਿੳੇੁ ਵਿਰਸਾ ਵਿਵਾਦ ਨੇ ਇਨ੍ਹਾਂ ਨੂੰ ਮੌਕਾਪ੍ਰਸਤ ਪਹੁੰਚ ਹੇਠ ਇਕੱਠਾ ਕਰ ਕੇ ਧੜੇ ਦਾ ਰੂਪ ਦੇ ਦਿੱਤਾ। ਇਸ ਧੜੇ ਦਾ ਬੁਲਾਰਾ ‘ਰੇਡਿਉ ਸਿੰਘਨਾਦ’ (ਏਂਕਰ ਪ੍ਰਭਦੀਪ ਸਿੰਘ ਟਾਇਗਰ) ਅਤੇ ‘ਵੈਬਸਾਈਟ ਖਾਲਸਾ ਨਿਉਜ਼’(ਸੰਚਾਲਕ ਬਖਸ਼ੀਸ਼ ਸਿੰਘ ਜੀ) ਹੈ।

ਇਸ ਧੜੇ ਨੇ ਪਿੱਛਲੇ 2 ਕੁ ਮਹੀਨੇ ਵਿਚ ‘ਰੇਡਿਉ ਵਿਰਸਾ ਵਿਵਾਦ’ ਦਾ ਬਹਾਨਾ ਬਣਾ ਕੇ ਜਿਸ ਘਟੀਆ ਅਤੇ ਨੀਵੇਂ ਪੱਧਰ ਤੇ ਜਾ ਕੇ ਟੀਮ ਰੇਡਿਉ ਵਿਰਸਾ ਅਤੇ ਰਣਜੀਤ ਸਿੰਘ ਦਾ ਵਿਰੋਧ ਕੀਤਾ ਹੈ, ਉਸ ਨੇ ਇਨ੍ਹਾਂ ਦੀ ਸਿਧਾਂਤਕ ਸਮਝ ਅਤੇ ਗੁਰਮਤਿ ਵਿਵਹਾਰ ਦਾ ਦੀਵਾਲੀਆਪਨ ਜਗ ਜ਼ਾਹਿਰ ਕਰ ਦਿਤਾ ਹੈ (ਤੱਤ ਗੁਰਮਤਿ ਪਰਿਵਾਰ ਤਾਂ ਇਨ੍ਹਾਂ ਦੇ ਇਸ ਪੱਧਰ ਤੋਂ ਬਹੁਤ ਪਹਿਲਾਂ ਹੀ ਜਾਣੂ ਸੀ)। ਪ੍ਰੋ. ਦਰਸ਼ਨ ਸਿੰਘ ਜੀ ਅਗਰ ਇਨ੍ਹਾਂ ਦੇ ਇਸੇ ਨੀਵੇਂ ਵਿਰੋਧ ਦਾ ਇਕ-ਅੱਧੀਂ ਵਾਰ ਸਪਸ਼ਟ ਖੰਡਨ ਵੀ ਕਰ ਦਿੰਦੇ ਤਾਂ ਘੱਟੋ-ਘੱਟ ਆਪਣੀ ਸਾਖ ਕੁਝ ਬਚਾ ਲੈਂਦੇ। ਪਰ ਚਾਪਲੂਸ ਕਿਸ ਨੂੰ ਚੰਗੇ ਨਹੀਂ ਲਗਦੇ? ਇਹ ਧੜਾ ਤਾਂ ਪ੍ਰੋ. ਜੀ ਨੂੰ ਵਿਵਹਾਰਿਕ ਤੌਰ ‘ਗੁਰੂ’ ਦਾ ਦਰਜ਼ਾ ਹੀ ਦੇਂਦਾ ਜਾਪਦਾ ਹੈ।

ਬਾਕੀ ਇਸ ਧੜੇ ਵਿਚਲੇ ਬਾਕੀ ਦੋ ਹੋਰ ਮੁੱਖ ਪ੍ਰਚਾਰਕਾਂ ਸਰਬਜੀਤ ਸਿੰਘ ਧੂੰਦਾ ਅਤੇ ਪੰਥਪ੍ਰੀਤ ਸਿੰਘ ਦੀ ਗੁਰਮਤਿ ਸਮਝ ਤਾਂ ਬਹੁਤੀਂ ਚੰਗੀ ਨਹੀਂ, ਗੁਰਮਤਿ ਪ੍ਰਤੀ ਦ੍ਰਿੜਤਾ ਵੀ ਸ਼ੱਕੀ ਹੈ। ਇਹ ਤਾਂ ਮਿਸ਼ਨਰੀ ਕਾਲਜਾਂ ਵਾਂਗੂ ਹਾਲੀਂ ਤੱਕ ਦੋਗਲੀ ਸਿੱਖ ਰਹਿਤ ਮਰਿਯਾਦਾ ਦੀ ਘੁੰਮਣਘੇਰੀ ਵਿਚੋਂ ਹੀ ਬਾਹਰ ਨਿਕਲ ਨਹੀਂ ਪਾਏ। ਇਨ੍ਹਾਂ ਤੋਂ ‘ਗੁਰਮਤਿ ਇਨਕਲਾਬ’ ਦੇ ਆਗੂ ਬਣ ਸਕਣ ਦੇ ਯੋਗ ਹੋਣ ਦੀ ਆਸ ਕਰਨਾ ਮੂਰਖਤਾ ਤੋਂ ਵੱਧ ਕੁਝ ਨਹੀਂ। ਹਰ ਮੁੱਦੇ ਵਾਂਗੂ ਇਹ ਧੜਾ ਮਿਲਗੋਭਾ ਨਾਨਕਸ਼ਾਹੀ ਕੈਲੰਡਰ ਹੀ ਚੁੱਕੀ ਫਿਰਦਾ ਹੈ, ਜਿਸਦਾ ਸ਼ੁੱਧ ਰੂਪ ‘ਤੱਤ ਗੁਰਮਤਿ ਪਰਿਵਾਰ’ ਨੇ ਪ੍ਰਕਾਸ਼ਿਤ ਕੀਤਾ ਸੀ।

ਹੁਣ ਵਿਸ਼ਲੇਸ਼ਨ ਕਰਦੇ ਹਾਂ ਦੂਜੇ ਧੜੇ ਦੀ ਵਿਵਹਾਰਿਕ ਕਾਰਗੁਜ਼ਾਰੀ ਦਾ। ਰਣਜੀਤ ਸਿੰਘ ਜੀ ਦੇ ਆਸ ਪਾਸ ਵਿਚਰਦੇ ਨਜ਼ਦੀਕੀ ਸੱਜਣਾਂ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਹਾਂ, ਉਨ੍ਹਾਂ ਵਲੋਂ ਹੁਣ ਤੱਕ ਜਨਤੱਕ ਤੌਰ ਤੇ ਕੀਤੇ ਪ੍ਰਚਾਰ ਦੇ ਆਧਾਰ ਤੇ ਕੁਝ ਨਿਰਪੱਖ ਵਿਸ਼ਲੇਸ਼ਨ ਉਪਰ ਅਸੀਂ ਕਰ ਦਿਤਾ ਹੈ। ਬੇਸ਼ਕ ਉਨ੍ਹਾਂ ਦੇ ਦੀਵਾਨਾਂ ਵਿਚ ਜੁੜਦੀ ਭੀੜ ਕੁਝ ਜਾਗਰੂਕ ਮੰਨੇ ਜਾਂਦੇ ਸੱਜਣਾਂ/ਧਿਰਾਂ ਦੇ ਪ੍ਰਭਾਵ ਪਾਉਂਦੀ ਹੈ ਅਤੇ ਉਹ ਹੱਦੋਂ ਵੱਧ ਆਸਵੰਦ ਹੋ ਜਾਂਦੇ ਹਨ। ਪਰ ਸਾਡੀ ਸਮਝ ਸਾਨੂੰ ਭੀੜ ਦੇ ਆਧਾਰ ਤੇ ਨਹੀਂ, ਗੁਰਮਤਿ ਸਮਝ ਅਤੇ ਉਸ ਅਨੁਸਾਰੀ ਵਿਵਹਾਰ ਦੇ ਆਧਾਰ ਤੇ ਵਿਸ਼ਸ਼ਲੇਣ ਕਰਨ ਲਈ ਪ੍ਰੇਰਦੀ ਹੈ। ਇਸ ਲਈ ਅਸੀਂ ਅੱਜ ਤੱਕ ਕਿਸੇ ਸ਼ਖਸੀਅਤ ਦੇ ਪ੍ਰਭਾਵ ਹੇਠ ਆ ਕੇ ਸਿਧਾਂਤ ਨੂੰ ਨਜ਼ਰ ਅੰਦਾਜ਼ ਨਾ ਕਰਨ ਦਾ ਯਤਨ ਹੀ ਕੀਤਾ ਹੈ। ਸ਼ਖਸੀਅਤ ਪ੍ਰਸਤੀ ਤੋਂ ਨਿਰਲੇਪਤਾ ਹੀ ਹੈ ਜੋ ਸਾਨੂੰ ਗਾਲ੍ਹਾਂ ਕੱਢਣ ਤੱਕ ਦੀ ਨੀਵ੍ਹੀਂ ਪੱਧਰ ਤੱਕ ਨਹੀਂ ਜਾਣ ਦੇਂਦੀ ਅਤੇ ਨਾ ਹੀ ਕਿਸੇ ਨਾਲ ਮਨ ਵਿਚ ਪੱਕੀ ਖਾਰ ਪਾਲ ਲੈਣ ਦੀ ਕਮਜ਼ੋਰੀ ਪੈਦਾ ਹੋਣ ਦਿੰਦੀ ਹੈ। ਇਥੋਂ ਤੱਕ ਕੀ ਅਸੀਂ ‘ਨਾਨਕ ਸਰੂਪਾਂ’ ਦੀ ਸ਼ਖਸੀਅਤਪ੍ਰਸਤੀ ਦੀ ਥਾਂ ਉਨ੍ਹਾਂ ਦੇ ਬਖਸ਼ੇ ‘ਸਿਧਾਂਤਪ੍ਰਸਤੀ’ ਨੂੰ ਹੀ ਤਰਜ਼ੀਹ ਦਿਤੀ ਹੈ। ਤਾਂ ਹੀ ਅਸੀਂ ਵੱਡੀ ਤੋਂ ਵੱਡੀ ਮਾਨਤਾ ਤੇ ਸਵਾਲ ਖੜ੍ਹਾ ਹੋਣ ਤੇ ਵੀ ਵਿਚਲਿਤ ਨਾ ਹੋਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਹਾਂ, ਬੇਸ਼ਕ ਸ਼ੁਰੂਆਤੀ ਦੌਰ ਵਿਚ ਅਸੀਂ ਸਪੋਕਸਮੈਨ ਅਖਬਾਰ (ਜੋਗਿੰਦਰ ਸਿੰਘ) ਵਲੋਂ ‘ਸ਼ਬਦ ਗੁਰੂ ਗੰ੍ਰਥ ਸਾਹਿਬ’ ਜੀ ਦੇ ਮੌਜੂਦਾ ਸਰੂਪ ਬਾਰੇ ਕੀਤੀਆਂ ਟਿੱਪਣੀਆਂ ਤੋਂ ਵਿਚਲਿਤ ਹੋ ਕੇ ਉਸ ਬਾਰੇ ਗਿਲੇ-ਸ਼ਿਕਵੇ ਦੇ ਰੂਪ ਵਿਚ ਇਕ-ਦੋ ਸਖਤ ਲੇਖ ਲਿਖੇ ਸਨ ਪਰ ਸਮੇਂ ਨਾਲ ਅਸੀਂ ਇਸ ਕਮਜ਼ੋਰੀ ਤੇ ਵੀ ਕਾਬੂ ਰੱਖਣ ਦਾ ਮਾਦਾ ਪੈਦਾ ਕਰ ਲਿਆ ਹੈ। ਅਸੀਂ ਇਹ ਫੈਸਲਾ ਕੀਤਾ ਹੈ ਕਿ ਸਾਨੂੰ ਸਵਾਲਾਂ ਤੇ ਵਿਚਲਿਤ ਨਹੀਂ ਹੋਣਾ ਚਾਹੀਦਾ ਬਲਕਿ ਉਨ੍ਹਾਂ ਦੇ ਜਵਾਬ ਲਭਣ ਦਾ ਯਤਨ ਕਰਨਾ ਚਾਹੀਦਾ ਹੈ

ਗੱਲ ਚਲ ਰਹੀ ਸੀ ਰਣਜੀਤ ਸਿੰਘ ਜੀ ਦੀ ਸ਼ਖਸੀਅਤ ਨਾਲ ਜੁੜੇ ਧੜੇ ਦੀ। ਇਸ ਧੜੇ ਦਾ ਇਕ ਬੁਲਾਰਾ ‘ਟੀਮ ਰੇਡਿਉ ਵਿਰਸਾ’ ਹੈ। ਸਾਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਗੁਰਮਤਿ ਦੀ ਸਮਝ ਪੱਖੋਂ ਵੀਰ ਹਰਨੇਕ ਸਿੰਘ ਅਤੇ ਉਨ੍ਹਾਂ ਦੀ ਟੀਮ ਦੂਜੇ ਧੜੇ ਨਾਲੋਂ ਕਾਫੀ ਅੱਗੇ ਹੈ। ਪਰ ਹਾਲੀਂ ਵੀ ਕਾਫੀ ਨੁਕਤੇ ਸਮਝਣੇ ਉਨ੍ਹਾਂ ਲਈ ਬਾਕੀ ਹਨ। ਹੁਣ ਤੱਕ ਉਨ੍ਹਾਂ ਦੀ ਸਮਝ ਅਤੇ ਪ੍ਰਚਾਰ ਦਾ ਘੇਰਾ ‘ਸਿੱਖ ਫਿਰਕਾ/ਕੌਮ’ ਹੀ ਹੈ। ਰਹਿਤ ਮਰਿਯਾਦਾ/ਦਸਮ ਗ੍ਰੰਥ ਆਦਿ ਬਾਰੇ ਉਨ੍ਹਾਂ ਦਾ ਸਟੈਂਡ ਸਹੀ ਹੈ। ‘ਦੇਹ ਗੁਰੂ ਨਹੀਂ’ ਬਾਰੇ ਉਨ੍ਹਾਂ ਦੀ ਸਮਝ ਵੀ ਕਾਬਿਲੇ ਤਾਰੀਫ ਹੈ ਅਤੇ ਉਹ ਇਸ ਨੂੰ ਵਿਵਹਾਰ ਵਿਚ ਵੀ ਲਿਆਉਣ ਦੀ ਹਾਂ-ਪੱਖੀ ਕੋਸ਼ਿਸ਼ ਕਰ ਰਹੇ ਹਨ। ਨਾਨਕ ਸਰੂਪਾਂ ਵਲੋਂ ਲਏ ਕੁਝ ਫੈਸਲਿਆਂ ਦੇ ਆਸ ਮੁਤਾਬਿਕ ਨਤੀਜੇ ਨਾ ਨਿਕਲਣ ਸੰਬੰਧੀ ਵਿਚਾਰਾਂ ਬਾਰੇ ਉਨ੍ਹਾਂ ਨਾਲ ਜੁੜੇ ਵਿਵਾਦ ਵਿਚ ਲਗਭਗ ਸਾਰਾ ਫਿਰਕਾ ਹੀ ਉਨ੍ਹਾਂ ਦੇ ਖਿਲਾਫ ਹੋ ਗਿਆ ਪਰ ਅਸੀਂ ਉਨ੍ਹਾਂ ਦੇ ਵਿਸ਼ਲੇਸ਼ਨ ਨੂੰ ਪੂਰੀ ਤਰਾਂ ਗਲਤ ਨਹੀਂ ਮੰਨਦੇ। ਧਰਤੀ ਤੇ ਪੈਦਾ ਹੋਇਆ ਹਰ ਮਨੁੱਖ ਕੁੱਝ ‘ਕੁਦਰਤੀ ਹੱਦਾਂ’ ਦੇ ਅਧੀਨ ਹੁੰਦਾ ਹੈ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਨ੍ਹਾਂ ਸਾਰੀਆਂ ਹੱਦਾਂ/ਨਿਯਮਾਂ ਤੋਂ ਬਾਹਰ ਮੰਨ ਲੈਣਾ ‘ਪੁਜਾਰੀ ਸੋਚ’ ਹੈ, ਗੁਰਮਤਿ ਨਹੀਂ। ‘ਗੁਰਮਤਿ ਇਨਕਲਾਬ’ ਕਿਸੇ ਫਿਰਕੇ/ਕੌਮ ਦੀ ਸਥਾਪਤੀ ਨੂੰ ਸਹੀ ਨਹੀਂ ਮੰਨਦਾ, ਇਹ ਮੂਲ ਨੁਕਤਾ ਵੀ ਉਹ ਜਲਦੀ ਸਮਝ ਜਾਣਗੇ, ਸਾਨੂੰ ਪੂਰੀ ਆਸ ਹੈ, ਕਿਉਂਕਿ ਉਨ੍ਹਾਂ ਵਿਚ ਹਰ ਸਵਾਲ ਨੂੰ ਵਿਚਾਰਨ ਦਾ ਮਾਦਾ ਹੈ।

ਟੀਮ ਰੇਡਿਉ ਵਿਰਸਾ ਦੇ ਸੁਭਾਅ ਵਿਚਲੀਆਂ ਕੁਝ ਕਮਜ਼ੋਰੀਆਂ ਦਾ ਵਿਸ਼ਲੇਸ਼ਨ ਅਸੀਂ ਆਪਣੇ ਪਿੱਛਲੇ ਲੇਖ ਵਿਚ ਵੀ ਕੀਤਾ ਸੀ। ਪਰ ਮਨੁੱਖੀ ਸੁਭਾਅ ਵਿਚਲੀ ਹਉਮੈਂ ਨੇ, ਉਨ੍ਹਾਂ ਨੂੰ ਇਨ੍ਹਾਂ ਕਮਜ਼ੋਰੀਆਂ ਨੂੰ ਹਲਕੇ ਅੰਦਾਜ਼ ਵਿਚ ਅਣਗੌਲਿਆਂ ਕਰਕੇ, ਉਲਟਾ ਸਾਡੇ ਤੇ ਹੀ ਦੂਜੀ ਧਿਰ ਨੂੰ ਖੁਸ਼ ਕਰਨ ਦਾ ਇਲਜ਼ਾਮ ਲਾ ਦਿਤਾ। ਸਾਡੀ ਕਲਮ ਤੋਂ ਜਾਣੂ ਲੋਕ ਚੰਗੀ ਤਰਾਂ ਜਾਣਦੇ ਹਾਂ ਕਿ ਅਸੀਂ ਕਦੀਂ ਵੀ ਕੋਈ ਲਿਖਤ ਕਿਸੇ ਨੂੰ ਖੁਸ਼ ਕਰਨ ਜਾਂ ਨਰਾਜ਼ ਕਰਨ ਲਈ ਨਹੀਂ ਲਿਖਦੇ। ਹਰ ਮੁੱਦੇ ਤੇ ਬੇਬਾਕੀ ਅਤੇ ਸਪਸ਼ਟਤਾ ਨਾਲ, ਬਿਨਾਂ ਕਿਸੀ ਲੱਗ-ਲਪੇਟ ਦੇ (ਪਰ ਤਹਿਜ਼ੀਬ ਦੇ ਘੇਰੇ ਵਿਚ ਰਹਿੰਦੇ ਹੋਏ) ਤੱਤ ਗੁਰਮਤਿ ਪਰਿਵਾਰ ਆਪਣੇ ਵਿਚਾਰ ਰੱਖਣ ਦਾ ਯਤਨ ਕਰਦਾ ਹੈ। ਜੋ ਗੱਲ ਸਾਡੀ ਪਕੜ ਵਿਚ ਆ ਗਈ, ਅਸੀਂ ਜਲਦ ਹੀ ਉਸਨੂੰ ਵਿਵਹਾਰ ਵਿਚ ਲਾਗੂ ਵੀ ਕਰਨ ਦਾ ਯਤਨ ਕਰਦੇ ਹਾਂ ਅਤੇ ਸੰਗਤ ਹਾਲੀਂ ਤਿਆਰ ਨਹੀਂ ਆਦਿ ਬਹਾਨਿਆਂ ਦੇ ਸਹਾਰੇ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਟਾਲਦੇ ਨਹੀਂ ਰਹਿੰਦੇ।

ਅਸੀਂ ਟੀਮ ਵਿਰਸਾ ਨੂੰ ਬੇਨਤੀ ਕੀਤੀ ਸੀ ਕਿ ਜੇ ਉਹ ਆਪਣੀ ਬੋਲ-ਬਾਣੀ ਅਤੇ ਕਿਸੇ ਧਿਰ ਦੇ ਵਿਰੋਧ ਨੂੰ ਹੀ ‘ਇਕ ਨੁਕਾਤੀ’ ਮਿਸ਼ਨ ਬਣਾਉਣ ਦੀ ਕਮਜ਼ੋਰੀ ਤੇ ਕਾਬੂ ਪਾ ਲੈਣ ਤਾਂ ਬਹੁਤ ਲਾਹੇਵੰਦ ਹੋਵੇਗਾ। ਉਨ੍ਹਾਂ ਦੀ ਟੀਮ ਵਿਚ ਕੰਮ ਕਰਨ ਦੀ ਬਹੁਤ ਊਰਜਾ ਹੈ। ਪਰ ਲਗਭਗ ਪਿੱਛਲੇ ਇਕ ਮਹੀਨੇ ਦੇ ਕੀਤੇ ਪ੍ਰੋਗਰਾਮਾਂ ਨੇ ਸਪਸ਼ਟ ਕਰ ਦਿਤਾ ਹੈ ਇਹ ਕਮਜ਼ੋਰੀਆਂ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀ ਅਤੇ ਇਸ ਬਾਰੇ ਉਹ ਕੋਈ ਸਲਾਹ ਨਹੀਂ ਸੁਨਣਾ ਚਾਹੁੰਦੇ। ਦੂਜੇ ਧੜੇ ਤੋਂ ਤਾਂ ਸਾਨੂੰ ਕੋਈ ਆਸ ਹੀ ਨਹੀਂ ਹੈ। ਟੀਮ ਰੇਡਿਉ ਵਿਰਸਾ ਦੀ ਇਸ ਸੋਚ ਕਿ ਦੁਨੀਆਂ ਦੀਆਂ ਸਾਰੀਆਂ ਬੀਮਾਰੀਆਂ ਦੀ ਜੜ ਇਹ ਤਿੰਨ-ਚਾਰ ਪ੍ਰਚਾਰਕ ਹੀ ਹਨ ਤੇ ਇਸੇ ਉੱਤੇ ਸਾਰੀ ਊਰਜਾ ਬਰਬਾਦ ਕਰੀ ਜਾਣ ਦੀ ਪਹੁੰਚ ਤੇ ਅਫਸੋਸ ਹੀ ਕਰ ਸਕਦੇ ਹਾਂ। ਬੇਸ਼ਕ ਇਸ ਪਹੁੰਚ ਨਾਲ ਕਿਸੇ ਦੇ ਹਉਮੈ ਨੂੰ ਜ਼ਰੂਰ ਪੱਠੇ ਪੈ ਜਾਂਦੇ ਹਨ ਅਤੇ ਈਰਖਾ ਦੀ ਮਾਨਸਿਕ ਤ੍ਰਿਪਤੀ ਜ਼ਰੂਰ ਹੋ ਜਾਂਦੀ ਹੈ, ਪਰ ਮਿਸ਼ਨ ਪਿੱਛੇ ਰਹਿ ਜਾਂਦਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਪ੍ਰਚਾਰਕ ਦੀਆਂ ਕਮੀਆਂ ਦੀ ਪੜਚੋਲ/ਵਿਸ਼ਲੇਸ਼ਨ ਨਹੀਂ ਕਰਨਾ ਚਾਹੀਦਾ। ਉਸ ਲਈ ਤੁਸੀ ਹਫਤੇ ਵਿਚ ਕੋਈ ਇਕ ਦਾ ਰੇਗੁਲਰ ਪ੍ਰੋਗਰਾਮ ਰੱਖ ਲਵੋ। ਪਰ ਇਹ ਨਹੀਂ ਕਿ ਪੂਰਾ ਹਫਤਾ ਸਾਰੀ ਊਰਜਾ ਇਕ ਹੀ ਨੁਕਤੇ ਤੇ ਬਰਬਾਦ ਕਰੀ ਜਾਵੋ ਅਤੇ ਹਰ ਪ੍ਰੋਗਰਾਮ ਵਿਚ ਇਹੀ ਵਿਸ਼ਾ ਲੈ ਕੇ ਬੈਠ ਜਾਵੋ। ਸਾਨੂੰ ਪਤਾ ਹੈ ਇਸ ਟੀਮ ਨੇ ਸਵੈ-ਪੜਚੋਲ ਸ਼ਾਇਦ ਹੁਣ ਵੀ ਨਹੀਂ ਕਰਨੀ, ਪਰ ਜੇ ਮਨ ਹੈ ਤਾਂ ਇਕ ਵਾਰ ਨਿਰਪੱਖ ਹੋ ਕੇ ਸੋਚ ਕੇ ਵੇਖਣ ਅਤੇ ਇਹ ਵੀ ਪੜ੍ਹਚੋਲ ਲੈਣ ਕਿ ਉਨ੍ਹਾਂ ਦੇ ਇਸ ਸੁਧਾਰ ਕਰ ਲੈਣਾ ਨਾਲ, ਤੱਤ ਗੁਰਮਤਿ ਪਰਿਵਾਰ ਦਾ ਕੀ ਸਵਾਰਥ ਪੂਰਾ ਹੋਵੇਗਾ?

ਬਾਕੀ ਰਹੀ ਗੱਲ ਇਸ ਟੀਮ ਦੀ ਭਾਈ ਰਣਜੀਤ ਸਿੰਘ ਜੀ ਦੇ ਸ਼ਖਸੀਅਤ ਪ੍ਰਤੀ ਲੋੜੋਂ ਵੱਧ ਝੂਕਾਅ ਦੀ ਤਾਂ ਇਹ ਇਕ ਹਾਂ-ਪੱਖੀਂ ਆਸ ਤਾਂ ਮੰਨੀ ਜਾ ਸਕਦੀ ਹੈ ਪਰ ਪੂਰੀ ਤਰਾਂ ਸਹੀ ਨਹੀਂ। ਇਨ੍ਹਾਂ ਨੇ ਕੁਝ ਸਾਲ ਪਹਿਲਾਂ ਧੂੰਦਾ ਜੀ ਦੀਸ਼ਖਸੀਅਤ ਨਾਲ ਜੁੜ ਕੇ ਉਨ੍ਹਾਂ ਨੂੰ ਪੁਜਾਰੀਆਂ ਸਾਹਮਣੇ ਗੋਡੇ ਟਿਕਾਉਣ ਵਾਲੇ ਕਾਲੇ-ਬਾਬ ਵਿਚ ਰੋਲ ਨਿਭਾਇਆ ਅਤੇ ਅਤੇ ਉਦੋਂ ਸਾਡੇ ਵਲੋਂ ਆਲੋਚਣਾ ਕਰਨ ਤੇ ਬੁਰਾ ਮਨਾਇਆ। ਪਰ ਅੱਜ ਸੱਚ ਇਨ੍ਹਾਂ ਦੇ ਸਾਹਮਣੇ ਹੀ ਹੈ। ਸਾਡਾ ਇਹ ਗਿਲਾ ਨਹੀਂ, ਕਿਉਂਕਿ ਅਸੀਂ ਗਿਲੇ/ਸ਼ਿਕਵਿਆਂ ਦੀ ਮਾਨਸਿਕਤਾ ਕਦੋਂ ਦੀ ਤਿਆਗ ਦਿਤੀ ਹੈ, ਬਲਕਿ ਇਹ ਸਿਰਫ ਇਕ ਹੋਕਾ ਹੈ ਕਿ ਅਸੀਂ ਫੇਰ ਉਸੇ ਬੇਲੋੜੀ ਸ਼ਖਸੀਅਤ ਪ੍ਰਸਤੀ ਦੇ ਰਾਹ ਪੈਣ ਤੋਂ ਬਚ ਸਕੀਏ।

ਬੇਸ਼ਕ ਇਸ ਸਮੇਂ ਤੱਕ ਰਣਜੀਤ ਸਿੰਘ ਜੀ ਦਾ ਸਟੈਂਡ ਧੂੰਦਾ ਜੀ ਦੇ ਮੁਕਾਬਲੇ ਬਹੁਤ ਮਜ਼ਬੂਤ ਹੈ, ਪਰ ਉਨ੍ਹਾਂ ਦੀ ਗੁਰਮਤਿ ਸਿਧਾਂਤਾਂ ਦੇ ਕੁਝ ਸੂਖਮ ਨੁਕਤਿਆਂ ਦੀ ਸਮਝ ਅਤੇ ਉਸ ਪ੍ਰਤੀ ਦ੍ਰਿੜ ਸਟੈਂਡ ਲੈਣ ਬਾਰੇ ਹਾਲੀਂ ਤੱਕ ਕੁੱਝ ਨਹੀਂ ਕਿਹਾ ਜਾ ਸਕਦਾ। ਉਸ ਬਾਰੇ ਅਸੀਂ ਕਦੀਂ ਕਿਸੇ ਅਗਲੇ ਅੰਕ ਵਿਚ ਲਿਖਾਂਗੇ, ਨਹੀਂ ਤਾਂ ‘ਜਾਗਰੂਕ ਪੰਥ’ ਨੇ ਸਾਡੇ ਤੇ ਇਹ ਇਲਜ਼ਾਮ ਲਾ ਦੇਣਾ ਹੈ ਕਿ ਅਸੀਂ ਇਹ ਨੁਕਤੇ ਜਾਣਬੂਝ ਕੇ ਵਿਰੋਧੀਆਂ ਦੇ ਫਾਇਦੇ ਲਈ ਦੱਸ ਦਿਤੇ। ਹਾਂ, ਜੇ ਸਬੱਬ ਬਣਿਆ ਤਾਂ ਭਾਈ ਰਣਜੀਤ ਸਿੰਘ ਜੀ ਨਾਲ ਨਿੱਜੀ ਤੌਰ ਤੇ ਉਨ੍ਹਾਂ ਨੁਕਤਿਆਂ ਤੇ ਵਿਚਾਰ ਕਰ ਕੇ ਉਨ੍ਹਾਂ ਦਾ ਪੱਖ ਜਾਨਣ ਤੋਂ ਬਾਅਦ ਕੋਈ ਵਿਚਾਰ ਬਣਾਵਾਂਗੇ। ਜੇ ਭਾਈ ਰਣਜੀਤ ਸਿੰਘ ‘ਗੁਰਮਤਿ ਇਨਕਲਾਬ’ ਦੇ ਇਕ ਮਜ਼ਬੂਤ ਆਗੂ ਬਣ ਕੇ ਸਾਹਮਣੇ ਆਉਂਦੇ ਹਨ ਤਾਂ ਸਾਨੂੰ ਖੁਸ਼ੀ ਹੋਵੇਗੀ। ਸਾਡਾ ਕਿਸੇ ਨਾਲ ਵੀ ਕੋਈ ਨਿੱਜੀ ਵਿਰੋਧ ਨਹੀਂ। ਦੂਜੇ ਧੜੇ ਦੇ ਪ੍ਰਚਾਰਕਾਂ ਨੂੰ ਅਸੀਂ ਵੇਖ ਚੁੱਕੇ ਹਾਂ, ਉਨ੍ਹਾਂ ਤੋਂ ਕੋਈ ਆਸ ਨਹੀਂ। ਪਰ ਰਣਜੀਤ ਸਿੰਘ ਜੀ ਬਾਰੇ ਵੀ ਬੇਲੋੜੇ ਆਸਵੰਦ ਵੀ ਨਹੀਂ ਹਾਂ, ਹਾਂ ਕੁੱਝ ਵਿਚਾਰਧਾਰਕ ਸਿਧਾਂਤਕ ਮੁੱਦਿਆਂ ਦੇ ਉਨ੍ਹਾਂ ਦਾ ਸਟੈਂਡ ਇੰਤਜ਼ਾਰ ਜ਼ਰੂਰ ਕਰਨਾ ਚਾਹਾਵਾਂਗੇ।

ਟੀਮ ਰੇਡਿਉ ਵਿਰਸਾ ਵਲੋਂ ਰਣਜੀਤ ਸਿੰਘ ਜੀ ਦ, ਪ੍ਰੋ. ਦਰਸ਼ਨ ਸਿੰਘ ਜੀ ਦੇ ਧੜੇ ਨਾਲ ਵਕਤੀ ਏਕਤਾ ਕਰ ਕੇ ਥਿੜਕ ਜਾਣ ਦੀ ਸੂਰਤ ਵਿਚ, ਨਿਰਾਸ਼ਤਾ ਵਿਚ ਆਪਣਾ ਰੇਡਿਉ ਬੰਦ ਕਰ ਦੇਣ ਦੇ ਐਲਾਣ ਨਾਲ ਅਸੀਂ ਸਹਿਮਤ ਨਹੀਂ। ਉਨ੍ਹਾਂ ਦੀ ਟੀਮ ਦੀ ਊਰਜਾ, ਪਕੜ ਅਤੇ ਸਾਧਨ ਮਨੁੱਖਤਾ ਲਈ ਲਾਹੇਵੰਦ ਹੈ। ਐਸੀ ਮਾਨਸਿਕਤਾ ਕਿਸੇ ਇਕ ਆਗੂ ਦੇ ਥਿੜਕ ਜਾਣ ਤੇ, ਨਿਰਾਸ਼ ਹੋ ਕੇ ਘਰ ਬਹਿ ਜਾਣ ਦੀ ਪੱਧਰ ਤੇ ਨਹੀਂ ਜਾਣੀ ਚਾਹੀਦੀ।

ਜਾਗਰੂਕ ਕਹਾਉਂਦੇ ਪੰਥ ਦੀ ਮਾਨਸਿਕਤਾ ਅਤੇ ਵਿਵਹਾਰ ਦੇ ਨਿਰਪੱਖ ਵਿਸ਼ਲੇਸ਼ਨ ਉਪਰੰਤ ਇਹ ਸਮਝਣ ਵਿਚ ਕੋਈ ਮੁਸ਼ਕਿਲ ਨਹੀਂ ਹੈ ਕਿ ਐਸੀ ਵਕਤੀ ਅਤੇ ਮੌਕਾਪ੍ਰਸਤ ਏਕਤਾ (ਜੇ ਹੋ ਵੀ ਗਈ ਤਾਂ) ਲਾਹੇਵੰਦ ਨਹੀਂ ਹੋਵੇਗੀ ਜਦੋਂ ਤੱਕ ਅਸੀਂ ‘ਸੱਚੀ ਏਕਤਾ’ ਲਈ ਜ਼ਰੂਰੀ ਸੂਤਰਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਵਿਵਹਾਰ ਵਿਚ ਲਿਆਉਣ ਦੇ ਕਾਬਿਲ ਨਹੀਂ ਬਣਦੇ।

ਨਿਸ਼ਕਾਮ ਨਿਮਰਤਾ ਸਾਹਿਤ

ਤੱਤ ਗੁਰਮਤਿ ਪਰਿਵਾਰ

21 ਨਵੰਬਰ 2017 ਈਸਵੀ


11/26/17
ਹਰਪਾਲ ਸਿੰਘ ਫਿਰੋਜ਼ਪੁਰੀਆ

ਇੱਕ '' ਉਲਟੀ ਗੰਗਾ '' ਜੋ ਅਸੀਂ ਵਹਾ ਰਹੇ ਹਾਂ ,,,

ਆਰੀਆ ਸਮਾਜ ਦੇ ਮੁਖੀ ਲਾਲਾ ਦੌਲਤ ਰਾਏ ਲਿਖਦੇ ਨੇ ,,ਮੈਂ ਉਲਟੀ ਗੰਗਾ ਵਹਿੰਦੀ ਸੁਣਿਆ ਸੀ ,ਪਰ ਕਦੇ ਦੇਖੀ ਨਹੀਂ ਸੀ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪੜ ਕੇ ਉਲਟੀ ਗੰਗਾ ਵਹਿੰਦੀ ਦੇ ਅਰਥ ਸਪੱਸ਼ਟ ਹੋ ਗਏ ਨੇ।
ਯੇ ਤੋਂ ਸੁਣਾ ਥਾ,ਕਾਤਲ ਮਕਤੂਲ ਕੇ ਪਾਸ ਜਾਏ ।
ਯਿਹ ਨਹੀਂ ,ਕਿ ਮਕਤੂਲ ਕਾਤਲ ਕੇ ਪਾਸ ਆਏ। ( ਮਕਤੂਲ - ਕਤਲ ਹੋਣ ਵਾਲਾ )
ਅੱਜ ਇੱਕ ਉਲਟੀ ਗੰਗਾ ਅਸੀਂ ਵਹਾਅ ਰਹੇ ਹਾਂ। ਜਿਸ ਦਾ ਜਿਕਰ ਮੈਂ ਇੱਥੇ ਕਰਨਾ ਹੈ।
ਮੈਂ ਹੈਰਾਨ ਹਾਂ, ਕਿ ਦੇਵੀ ਦੇਵਤਿਆਂ ਨੂੰ ਆਪਣਾ ਇਸਟ ਮੰਨਣ ਵਾਲੀ ਤੇ ਬ੍ਰਾਹਮਣ ਨੂੰ ਆਪਣਾ ਗੁਰੂ ਮੰਨਣ ਵਾਲੀ ਪਰਜਾ ਤੇ ਖੁਦ ਬ੍ਰਾਹਮਣ ਉੁੱਤੇ ਜਦੋਂ ਵੀ ਕੋਈ ਭਾਰੀ ਸੰਕਟ ਆਇਆ, ਤਾਂ ਉਨ੍ਹਾਂ ਨੇ ਆਪਣੇ ਬਚਾ ਲਈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਦਰਵਾਜਾ ਖੜਕਾਇਆ ਹੈ।
ਗਵਾਲੀਅਰ ਦੇ ਕਿਲ੍ਹੇ ਵਿੱਚੋਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾ ਹੋਣ ਲੱਗੇ ਤਾਂ 52 ਰਿਆਸਤਾਂ ਦੇ ਹਿੰਦੂ ਰਾਜੇ ਜਿੰਨਾ ਨੂੰ ਉਮਰ ਕੈਦ ਹੋਈ ਸੀ, ਗੁਰੂ ਜੀ ਦੇ ਅੱਗੇ ਹੱਥ ਜੋਡ਼ ਕੇ ਖਲੋ ਗਏ ਤੇ ਗੁਰੂ ਜੀ ਨੂੰ ਕਹਿਣ ਲੱਗੇ ਪਾਤਸ਼ਾਹ ਜੀ ਤੁਹਾਡੇ ਤੋਂ ਬਿਨਾਂ ਸਾਨੂੰ ਕੋਈ ਇਸ ਨਰਕ ਕੁੰਡ ਵਿਚੋਂ ਨਹੀਂ ਕੱਢ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਰਾਜਿਆਂ ਨੂੰ ਰਿਹਾ ਕਰਵਾਇਆ ਸੀ।
ਪਹਾੜੀ ਰਾਜਿਆਂ ਨੇ ਮੁਗ਼ਲ ਹਕੂਮਤ ਨੂੰ ਟੈਕਸ ਭਰਨ ਤੋਂ ਮਨਾ ਕਰਕੇ ਪੰਗਾ ਤਾਂ ਲੈ ਲਿਆ, ਫਿਰ ਜਦੋਂ ਜੰਗ ਦੇ ਮੈਦਾਨ ਵਿੱਚ ਔਰੰਗਜ਼ੇਬ ਦੀ ਫੌਜ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਪਈ, ਤਾਂ ਗੁਰੂ ਗੋਬਿੰਦ ਸਿੰਘ ਜੀ ਅਾ ਗਏ, ਪਹਿਲਾਂ ਤਾਂ ਆਪਣੇ ਵਲੋਂ ਗੁਰੂ ਜੀ ਤੇ ਥੋਪੀ ਗਈ ਭੰਗਾਣੀ ਦੀ ਜੰਗ ਲਈ ਮੁਆਫੀ ਮੰਗੀ, ਫਿਰ ਮਦਦ ਕਰਨ ਲਈ ਬੇਨਤੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੁੱਝ ਸੂਰਮੇ ਭੇਜੇ, ਤਾ ਜਾ ਕੇ ਜੰਗ ਦਾ ਮੈਦਾਨ ਜਿੱਤਿਆ ਗਿਆ।
ਔਰੰਗਜ਼ੇਬ ਵਲੋਂ ਅਪਣਾਏ ਗਏ ਧਰਮ ਪਰਚਾਰ ਦੇ ਗਲਤ ਤਰੀਕੇ ਕਾਰਨ ਜਦੋਂ ਸਮੁੱਚੇ ਹਿੰਦੂ ਸਮਾਜ ( ਪੰਡਤਾਂ, ਬ੍ਰਾਹਮਣਾਂ ਸਮੇਤ ) ਤੇ ਜੁਲਮ ਦਾ ਕਹਿਰ ਟੁੱਟਿਆ ਤਾਂ ਇਹਨਾਂ ਨੇ ਆਪਣੇ ਅਪਨਾਏ ਹੋਏ ਝੂਠੇ ਵਿਸ਼ਵਾਸ ਅਧੀਨ
ਹਵਨ ਕੀਤੇ , ਜਗ ਕਰਵਾਏ , ਬਲੀਆਂ ਦਿੱਤੀਆਂ , ਮੰਦਿਰਾਂ ਵਿੱਚ ਘੰਟਿਆਂ ਬੱਧੀ ਟੱਲ ਖੜਕਾਏ ਪੂਜਾ ਪਾਠ ਦਾਨ ਆਦਿ ਆਪਣੇ ਧਾਰਮਿਕ ਖਿਆਲਾਂ ਮੁਤਾਬਿਕ ਜੋ ਵੀ ਕਰਮ ਆਪਣੇ ਬਚਾ ਲਈ ਠੀਕ ਲੱਗੇ, ਸਾਰੇ ਕੀਤੇ। ਸਾਰਾ ਕੁੱਝ ਕਰਨ ਦੇ ਬਾਵਜੂਦ ਵੀ ਜਦੋਂ ਜਮੀਨ ਪੈਰਾਂ ਹੇਠੋਂ ਖਿਸਕਦੀ ਨਜ਼ਰ ਆਈ ਤਾਂ, ਹਿੰਦੂਆਂ ਦੇ ਪੰਡਤਾਂ ਨੇ ਨੌਵੇਂ ਪਾਤਸ਼ਾਹ ਦੇ ਅੱਗੇ ਆਪਣੇ ਬਚਾ ਲਈ ਬੇਨਤੀ ਕੀਤੀ ।
ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇ ਵੀ ਇਹ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਆਉਂਦੇ ਰਹੇ।
ਨਾਦਰ ਸ਼ਾਹ ਨੇ ਜਦੋਂ ਦਿੱਲੀ ਉੱਤੇ ਹਮਲਾ ਕੀਤਾ, ਉਸਨੇ ਕੋਹਿਨੂਰ ਹੀਰਾ ,ਤਖਤੇ ਤਾਉਸ, ਧਨ ਦੌਲਤ, ਹਾਥੀ ਘੋਡ਼ੇ ਤੇ ਹੋਰ ਬੇਅੰਤ ਸਮਾਨ ਦੇ ਨਾਲ ਇੱਥੋਂ ਦੀਆਂ ਹਜ਼ਾਰਾਂ ਧੀਆਂ ਭੈਣਾਂ, ਨੌਜਵਾਨਾਂ ਤੇ ਚੰਗੇ ਕਾਰੀਗਰਾਂ ਨੂੰ ਵੀ ਲੁੱਟ ਦੇ ਸਮਾਨ ਵਿੱਚ ਸ਼ਾਮਲ ਕਰ ਲਿਆ।
ਇੱਥੋਂ ਦੇ ਕੁੱਝ ਕੁ ਬ੍ਰਾਹਮਣ ਜਿੰਨਾ ਦੇ ਅੰਦਰ ਥੋੜੀ ਬਹੁਤੀ ਅਣਖ ਸੀ, ਉਹ ਸਿੱਖ ਸਰਦਾਰਾਂ ਕੋਲ ਜਾ ਕੇ ਰੋਏ, ਕਿ ਅਸੀਂ ਹੋਰ ਸਾਰਾ ਕੁੱਝ ਬਰਦਾਸ਼ਤ ਕਰ ਸਕਦੇ ਹਾਂ, ਪਰ ਕੋਈ ਸਾਡੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਵੇ, ਇਹ ਸਾਡੇ ਕੋਲੋਂ ਨਹੀਂ ਜਰਿਆ ਜਾਂ ਰਿਹਾ। ਤਾਂ ਸਿੰਘ ਸੂਰਮਿਆਂ ਨੇ ਆਪਣੀ ਜਾਨ ਤੇ ਖੇਡ ਕੇ ਨਾਦਰ ਸ਼ਾਹ ਕੋਲੋਂ ਕੁੜੀਆਂ ਛਡਵਾਈਆਂ ।
ਅਬਦਾਲੀ ਦੇ ਸਮੇਂ ਵੀ ਸਿੰਘਾਂ ਨੇ ਹਜ਼ਾਰਾਂ ਬੰਦੀ ਕੁੜੀਆਂ ਅਬਦਾਲੀ ਦੀ ਸੈਨਾ ਤੋਂ ਛਡਵਾਈਆਂ। ਇਸੇ ਕਰਕੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੂੰ ਵੀ ''ਬੰਦੀ ਛੋੜ'' ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
ਇਤਿਹਾਸ ਅੰਦਰ ਹੋਰ ਵੀ ਬੇਅੰਤ ਘਟਨਾਵਾਂ ਹੋਣਗੀਆਂ ,ਜਿੰਨਾ ਬਾਰੇ ਸ਼ਾਇਦ ਮੈਨੂੰ ਗਿਆਨ ਨਾ ਹੋਵੇ ।
ਮੇਰਾ ਇਹ ਸਾਰਾ ਕੁੱਝ ਦੱਸਣ ਦਾ ਮਤਲਬ ਹਿੰਦੂਆਂ ਨੂੰ ਜਲੀਲ ਕਰਨਾ ਨਹੀ ਹੈ।
ਮੈਂ ਤਾਂ ਆਪਣੇ ਸਿੱਖ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ,
ਕਿ ਕਰਾਮਾਤੀ ਮੰਨੇ ਜਾਂਦੇ ਦੇਵੀ ਦੇਵਤਿਆਂ ਨੂੰ ਆਪਣਾ ਇਸਟ ਮੰਨਣ ਵਾਲੇ ਬ੍ਰਾਹਮਣ ਪੰਡਿਤ ਦੇ ਆਪਣੇ ਉੁੱਤੇ ਜਾਂ ਉਨ੍ਹਾਂ ਦੀ ਪਰਜਾ ਤੇ ਜਦੋਂ ਵੀ ਕੋਈ ਮੁਸ਼ਕਿਲ ਮੁਸੀਬਤ ਆਈ,
ਤਾਂ ਉਹ ਸਿੱਖ ਗੁਰੂ ਸਾਹਿਬਾਨਾਂ ਜਾਂ ਸਿੱਖਾਂ ਦੇ ਕੋਲੇ ਆਪਣੀ ਮੁਸੀਬਤ ਨੂੰ ਦੂਰ ਕਰਨ ਲਈ ਆਉਂਦੇ ਰਹੇ।
ਪਰ ਅੱਜ ਦੇ ਬਹੁਤ ਸਾਰੇ ਅਗਿਆਨੀ ਸਿੱਖ ਆਪਣੀਆਂ ਮੁਸੀਬਤਾਂ ਦੇ ਹੱਲ ਲਈ ਪੰਡਤਾਂ, ਬ੍ਰਾਹਮਣਾਂ ਦਾ ਦਰਵਾਜ਼ਾ ਖੜਕਾ ਰਹੇ ਨੇ।
ਪੰਡਤਾਂ ਤਿਆਰ ਕੀਤੀਆਂ ਜਾਣ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਨਗਾਂ ਵਾਲੀਆਂ ਮੁੰਦਰੀਆਂ ਆਪਣੇ ਭਾਗ ਬਦਲਣ ਲਈ, ਹਨੂੰਮਾਨ ਯੰਤਰ ਆਪਣੀ ਸੁਰੱਖਸ਼ਾ ਲਈ, ਲੱਛਮੀ ਤੇ ਕਬੇਰ ਯੰਤਰ ਧਨ ਪ੍ਰਾਪਤੀ ਲਈ ਤੇ ਹੋਰ ਕਈ ਤਰ੍ਹਾਂ ਦੇ ਧਾਗੇ ਤਵੀਤ ,ਰੱਖਾਂ ਤੇ ਮੌਲੀਆਂ ਆਦਿ ਆਪਣੀਆਂ ਪਰੇਸ਼ਾਨੀਆਂ ਦੂਰ ਕਰਨ ਆਪਣੇ ਗਲ , ਗੁੱਟਾਂ ਤੇ ਡੌਲਿਆਂ ਤੇ ਬੰਨੀ ਫਿਰਦੇ ਆ ।
ਜਿੰਨਾਂ ਵਿੱਚ ਆਮ ਪਬਲਿਕ ਦੇ ਨਾਲ ਨਾਲ ਸਾਡੇ ਕੁੱਝ ਕੁ ਰਾਗੀ, ਢਾਡੀ, ਕਥਾਵਾਚਕ ਵੀ ਸ਼ਾਮਿਲ ਨੇ।
ਬਹੁਤ ਸਾਰੇ ਅਖੌਤੀ ਸਿੱਖ ਪੰਡਤਾਂ ਵਲੋਂ ਗ੍ਰਹਿ, ਪੈਂਚਕਾਂ, ਪੁੰਨਿਆ, ਮੱਸਿਆ, ਸੰਗਰਾਂਦਾਂ, ਵਰਤਾਂ, ਸਰਾਧਾਂ ਭਵਿੱਖਬਾਣੀਆਂ ਤੇ ਚੰਗੇ ਮਾੜੇ ਦਿਨਾਂ ਦੇ ਫੈਲਾਏ ਗਏ ਭਰਮਜਾਲ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਨੇ ।
ਰਾਸ਼ੀਫਲ਼ ਦੇਖੇ ਬਿਨਾਂ ਘਰੋਂ ਬਾਹਰ ਪੈਰ ਨਹੀ ਪੁਟਦੇ।
ਬਹੁਤ ਸਾਰੇ ਸਿੱਖ ਕਹਾਉਣ ਵਾਲਿਆਂ ਦੇ ਘਰ ਮੰਦਰਾਂ ਦਾ ਰੂਪ ਧਾਰਨ ਕਰ ਚੁੱਕੇ ਨੇ, ਹਿੰਦੂਆਂ ਦੇ ਘਰਾਂ ਨਾਲੋਂ ਜਿਆਦਾ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਪੂਜਾ ਦੀ ਸਮੱਗਰੀ ਇਹਨਾਂ ਦੇ ਘਰੋਂ ਮਿਲਦੀ ਹੈ । ਮੰਦਿਰਾਂ ਵਿੱਚ ਜਾ ਕੇ ਟੱਲ ਖੜਕਾਉਣ ਤੇ ਟਿੱਕੇ ਲਾਉਣ ਨੂੰ ਬਹੁਤ ਸਾਰੇ ਸਿੱਖ ਸ਼ਕਲਾਂ ਵਾਲੇ ਸ਼ੁਭ ਕਰਮ ਸਮਝਦੇ ਹਨ।
ਜਿਆਦਾਤਰ ਸ਼ਹਿਰਾਂ ਵਿੱਚ ਜਨਮ ਤੋ ਲੈ ਕੇ ਮਰਨ ਤੱਕ ਹੋਣ ਵਾਲੇ ਸੰਸਕਾਰਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਪੰਡਿਤ ਨੂੰ ਸ਼ਾਮਿਲ ਜਰੂਰ ਕੀਤਾ ਜਾਂਦਾ ਹੈ, ਜਿਵੇਂ ਦਿੱਲੀ ਵਿੱਚ ਮੁਰਦੇ ਨੂੰ ਸਾੜਣ ਤੇ ਅੰਗੀਠੇ ਦੀ ਸੰਭਾਲ ਸਮੇਂ ਪੰਡਤਾਂ ਵਲੋਂ ਹਿੰਦੂ ਧਰਮ ਵਾਲੇ ਸਾਰੇ ਕਰਮਕਾਂਡ ਕੀਤੇ ਜਾਂਦੇ ਨੇ ।
ਮੁਰਦੇ ਦੇ ਮੂੰਹ ਵਿੱਚ ਗੰਗਾ ਦਾ ਜਲ, ਸ਼ਹਿਦ, ਦੇਸੀ ਘਿਉ ਪਾਇਆ ਜਾਂਦਾ ਹੈ , ਚੰਦਨ ਦੀ ਪੰਜ ਲੱਕਡ਼ਾਂ ਰੱਖੀਆਂ ਜਾਂਦੀਆਂ ਨੇ, ਮੁਰਦੇ ਦੀ ਰਾਖ ਨੂੰ ਹੱਡੀਆਂ ਸਮੇਤ ਚੁੱਕਣ ਦੀ ਜਗ੍ਹਾ ਤੇ ਕੱਲੀ ਕੱਲੀ ਹੱਡੀ ਨੂੰ ਚੁੱਕ ਕੇ ਪੰਡਿਤ ਦੇ ਕਹੇ ਅਨੁਸਾਰ ਕੱਚੀ ਲੱਸੀ ਵਿੱਚ ਪਾ ਕੇ ਧੋਣ ਉਪਰੰਤ , ਪੋਟਲੀ ਵਿੱਚ ਪਾ ਕੇ ਨਾਲ ਟੁੱਟੇ ਰੁਪੈ ਪਾਏ ਜਾਂਦੇ ਨੇ , ਫਿਰ ਪੋਟਲੀ ਨੂੰ ਹਾਰ ਪਵਾਇਆ ਜਾਂਦਾ ਤੇ ਮੱਥੇ ਟਿਕਾਏ ਜਾਂਦੇ ਨੇ, ਫਿਰ ਜਿੱਥੇ ਸਸਕਾਰ ਕੀਤਾ ਹੁੰਦਾ ਹੈ, ਓੱਥੇ ਫਲ ਫਰੂਟ ਤੇ ਮਠਿਆਈ ਰੱਖੀ ਜਾਂਦੀ ਏ, ਧੂਪਾਂ ਧੁਖਾਈਆਂ ਜਾਂਦੀਆਂ ਨੇ, ਲੱਕਡ਼ਾਂ ਗੱਡ ਕੇ ਉਪਰ ਕੱਪਡ਼ਾ ਬੰਨ ਕੇ ਬੇਬੇ ਜਾਂ ਬਾਪੂ ਦੇ ਰਹਿਣ ਲਈ ਘਰ ਬਣਾਏ ਜਾਂਦੇ ਨੇ।
ਆਪਣੇ ਆਪ ਨੂੰ ਕੌਮ ਦੇ ਲੰਬਰਦਾਰ ਕਹਾਉਣ ਵਾਲੇ ਮੂਕ ਦਰਸ਼ਕ ਬਣ ਕੇ ਖੜੇ ਰਹਿੰਦੇ ਨੇ। ਜਿਹਡ਼ਾ ਪੰਡਿਤ ਖੁਦ ਹਜਾਰਾਂ ਸਾਲ ਵਿਦੇਸ਼ੀਆਂ ਦੀ ਗੁਲਾਮੀ ਵਿੱਚ ਨਰਕ ਵਰਗੀ ਜਿੰਦਗੀ ਜੀਉਂਦਾ ਰਿਹਾ ਹੈ, ਜਿਸਨੂੰ ਸਿੱਖ ਗੁਰੂ ਸਾਹਿਬਾਨਾਂ ਤੇ ਸਿੱਖਾਂ ਸਰਦਾਰਾਂ ਨੇ ਬਾਹਰ ਕੱਢਿਆ ਹੈ,
ਅੱਜ ਦਾ ਅਗਿਆਨੀ ਸਿੱਖ ਉਸੇ ਨੂੰ ਆਪਣੇ ਵਡੇਰਿਆਂ ਨੂੰ ਸਵਰਗ ਵਿੱਚ ਪਹੁੰਚਾਉਣ ਦਾ ਠੇਕੇਦਾਰ ਸਮਝੀ ਬੈਠਾ ਹੈ।
ਜਿਹਡ਼ੇ ਲੋਕ ਬੋਦੀ ਤੇ ਧੋਤੀ ਵਾਲੇ ਬ੍ਰਾਹਮਣ ਤੋਂ ਬੱਚ ਗਏ, ਉਹ ਸਾਡੇ ਸਿੱਖ ਸਮਾਜ ਵਿੱਚ ਪੈਦਾ ਹੋਏ ਹੋਏ ਕੇਸਾਧਾਰੀ ਬ੍ਰਾਹਮਣਾਂ ਅੱਗੇ ਨੱਕ ਗੋਡੇ ਰਗੜ ਰਹੇ ਨੇ, ਕੁਝ ਕੁ ਨੂੰ ਛੱਡ ਕੇ ਜਿੰਨਾਂ ਦੀਆਂ ਬਾਕੀ ਸਾਰੀਆਂ ਮਨੌਤਾਂ ਧੋਤੀ ਵਾਲੇ ਬ੍ਰਾਹਮਣ ਵਰਗੀਆਂ ਹੀ ਹਨ ।
ਇਹ ਵੀ ਧਾਗਿਆਂ ਤਵੀਤਾਂ, ਗਿਣਤੀ ਦੇ ਪਾਠਾਂ ਤੇ ਕੁਝ ਸ਼ਬਦਾਂ ਦੇ ਮੰਤਰ ਜਾਪ ਰਾਹੀਂ ਘਰ ਵਿੱਚ ਸੁੱਖਸ਼ਾਂਤੀ ਆਉਣ ਤੇ ਸਵਰਗਾਂ ਵਿੱਚ ਸੀਟ ਪੱਕੀ ਹੋਣ ਦੇ ਸਬਜਬਾਗ ਦਿਖਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਂ ਆਸੇ ਪਾਸੇ ਲੋਕਾਂ ਤੋਂ ਮੱਥਾ ਟਿਕਾਉਂਦੇ ਨੇ। ਕਿਸੇ ਦੁੱਖ ਤਕਲੀਫ਼ ਸਮੇਂ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਜਗ੍ਹਾ ਜਾਂ ਉਹਨਾਂ ਦੀ ਬਣਦੀ ਮਦਦ ਕਰਨ ਦੀ ਥਾਂ ਤੇ ਇਹ ਕਹਿਣ ਦੀ ਜਗ੍ਹਾ ਤੇ ਕਿ ਬਾਣੀ ਆਪ ਪੜੋ ਤੇ ਸਮਝੋ, ਤਾਂ ਕਿ ਤੁਹਾਡਾ ਭਲਾ ਹੋ ਸਕੇ।
ਆਪਣੇ ਚੇਲਿਆਂ ਨੂੰ ਆਪਣੇ ਡੇਰੇ ਤੇ ਜਾਂ ਆਪਣੇ ਡੇਰੇ ਦੇ ਸਿੰਘਾਂ ਕੋਲੋਂ ਆਪਣੀ ਘਡ਼ੀ ਹੋਈ ਮਰਯਾਦਾ ਵਾਲਾ ਪਾਠ ਕਰਵਾਉਣ ਲਈ ਕਹਿੰਦੇ ਨੇ ।
ਇਹ ਆਪ ਤੇ ਇਹਨਾਂ ਦੇ ਚੇਲੇ ਚਾਟੜੇ ਰੱਬ ਤੇ ਗੁਰੂ ਨੂੰ ਛੱਡ ਕੇ ਆਪਣੇ ਹੀ ਬਾਬਿਆਂ ਦਾ ਗੁਣ ਗਾਉਂਦੇ ਨੇ। ਅਨੇਕਾਂ ਤਰ੍ਹਾਂ ਦੀਆਂ ਝੂਠੀਆਂ ਕਥਾ ਕਹਾਣੀਆਂ ਰਾਹੀਂ ਇਹ ਗੱਲ ਸਿੱਧ ਕਰਨ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡੇ ਬਾਬਾ ਜੀ ਹੀ ਰੱਬ ਹਨ। ਇਨ੍ਹਾਂ ਦੇ ਪਰਚਾਰ ਦਾ ਮੁੱਖ ਵਿਸ਼ਾ ਇਹੋ ਹੀ ਹੁੰਦਾ ਹੈ ਕਿ ਬਾਬਾ ਜੀ ਨੇ ਇਹਨੂੰ ਤਾਰਿਆਂ, ਉਹਨੂੰ ਤਾਰਿਆਂ, ਇਹਦਾ ਭਲਾ ਕੀਤਾ ਉਹਦਾ ਭਲਾ ਕੀਤਾ ਆਦਿ ਆਦਿ।
ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਥਾਏ ਕਿਸੇ ਕਵੀ ਦਾ ਇੱਕ ਬਚਨ ਪੜਦੇ ਹਾਂ ,,
ਜਬ ਲਗ ਖਾਲਸਾ ਰਹੇ ਨਿਆਰਾ , ਤਬ ਲੱਗ ਤੇਜ ਦੀਊਂ ਮੈ ਸਾਰਾ ।
ਜਬ ਇਹ ਗਹੇ ਬਿਪਰਨ ਕੀ ਰੀਤ , ਮੈਂ ਨਾਂ ਕਰੂੰ ਇਨ ਕੀ ਪਰਤੀਤ ।
ਮੈਨੂੰ ਤਾਂ ਲੱਗਦਾ ਹੈ ਕਿ ਇਹੀ ਕਾਰਨ ਹੈ ਕਿ ਅੱਜ ਸਮਾਜ ਦੇ ਅੰਦਰ ਸਿੱਖਾਂ ਦੀ ਹਾਲਤ ਬੜੀ ਤਰਸਯੋਗ ਆ।
ਕਿਉਂਕਿ ਅਸੀਂ ਆਪਣੇ ਜੀਵਨ ਅੰਦਰ ਅਕਾਲ ਪੁਰਖ ਤੇ ਗੁਰਬਾਣੀ ਦੀ ਓਟ ਛੱਡ ਕੇ ਬ੍ਰਾਹਮਣਵਾਦ ਵਲੋਂ ਫੈਲਾਏ ਕਰਮਕਾਂਡਾਂ ਵਿੱਚ ਕਿਸੇ ਨ ਕਿਸੇ ਰੂਪ ਵਿੱਚ ਉਲਝੇ ਹੋਏ ਆ। ਅਕਾਲ ਪੁਰਖ ਤੇ ਗੁਰਬਾਣੀ ਦੀ ਓਟ ਛੱਡ ਕੇ ਖੁਦ ਬੇਅੰਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਵਿੱਚ ਘਿਰੇ ਹੱਡ ਮਾਸ ਦੇ ਪੁਤਲੇ ਇਨਸਾਨਾਂ ਨੂੰ ਰੱਬ ਸਮਝਣ ਦਾ ਗੁਨਾਹ ਕਰ ਰਹੇ ਹਾਂ।
ਆਉ , ਅਸੀਂ ਖੁਦ ਗੁਰੂ ਗ੍ਰੰਥ ਸਾਹਿਬ ਜੀ ਜੀ ਦੀ ਬਾਣੀ ਪੜੀਏ, ਵਿਚਾਰੀਏ ਤੇ ਸਮਝੀਏ।
ਅਸੀਂ ਪਾਖੰਡ ਤੇ ਪਾਖੰਡੀਆਂ ਤੋਂ ਬਿਨਾਂ ਕਿਸੇ ਦੇ ਕਹਿਣ ਦੂਰ ਹੋ ਜਾਵਾਂਗੇ ।
ਵਾਹਿਗੁਰੂ ਭਲੀ ਕਰੇ ।
ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


11/26/17
ਅਕੇਸ਼ ਕੁਮਾਰ

ਸਰਕਾਰ ਦੀ ਨੋਟਬੰਦੀ ਨੂੰ ਫਲਾਪ ਕਰਨ ਵਿੱਚ ਕੁੱਝ ਭੇਸਟ ਚਾਰਟਰਡ ਅਕਾਉਂਟੈਂਟਾਂ ਨੇ ਦੋ ਨੰਬਰ ਦੇ ਪੈਸੇ ਨੂੰ ਇੱਕ ਨੰਬਰ ਦਾ ਬਣਾਉਣ ਦੀ ਕਲਾ ਬਾਖੂਬੀ ਨਿਭਾਈ
ਕੇਂਦਰ ਸਰਕਾਰ ਵੱਲੋਂ ਨੋਟਬੰਦੀ ਕਰਕੇ ਇਹ ਉਮੀਦ ਕੀਤੀ ਗਈ ਸੀ ਕਿ ਇਸ ਦੇ ਨਾਲ ਦੇਸ਼ ਵਿੱਚ ਫੈਲਿਆ ਕਰੋੜਾਂ ਦਾ ਕਾਲਾ ਧੰਨ ਬਾਹਰ ਆ ਜਾਵੇਗਾ ਪਰ ਇਹ ਹੋਇਆ ਨਹੀਂ। ਸਰਕਾਰ ਦੀ ਨੋਟਬੰਦੀ ਦੀ ਯੋਜਨਾ ਅਤੇ ਕਾਲਾ ਧੰਨ ਬਾਹਰ ਕੱਢਣ ਦੀ ਯੋਜਨਾ ਨੂੰ ਸੀਰੇ ਤੋਂ ਨਾਕਾਮ ਕਰਣ ਵਿੱਚ ਕੁੱਝ ਭੇਸਟ ਬੈਂਕ ਅਧਿਕਾਰੀਆਂ, ਚਾਰਟਰਡ ਅਕਾਉਂਟੈਂਟਾਂ ਅਤੇ ਕੁੱਝ ਭੇਸਟ ਇਨਕਮਟੈਕਸ ਅਧਿਕਾਰੀਆਂ ਦਾ ਵੱਡਾ ਯੋਗਦਾਨ ਰਿਹਾ। ਇਹਨਾਂ ਵੱਲੋਂ ਕਾਲੇ ਧੰਨ ਦੇ ਕੁਬੇਰਾਂ ਨੂੰ ਬਚਾਉਣ ਲਈ ਆਪਣੀ ਪੁਰੀ ਤਾਕਤ ਲਾ ਕੇ ਨਿਯਮਾਂ ਦੀ ਗਲਤ ਵਰਤੋਂ ਕੀਤੀ ਗਈ ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ। ਦੇਸ਼ ਲਾਈਨਾਂ ਵਿੱਚ ਖੜਾ ਰਿਹਾ ਤੇ ਕਾਲੇ ਧੰਨ ਦੇ ਮਾਲਕਾਂ ਨੇ ਘਰ ਬੈਠੇ ਹੀ ਆਪਣੇ ਕਾਲੇ ਧੰਨ ਨੂੰ ਸਫੇਦ ਕਰ ਲਿਆ। ਹੁਣ ਨੋਟਬੰਦੀ ਨੂੰ ਸਾਲ ਬੀਤਣ ਦੇ ਬਾਦ ਇਨਕਮਟੈਕਸ ਵਿਭਾਗ ਵਲੋਂ ਹਜਾਰਾਂ ਨਾਗਰਿਕਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਲਈ ਗਈ ਹੈ ਪਰ ਕੀ ਇਹ ਨੋਟਿਸ ਉਹਨਾਂ ਕੁੱਝ ਭ੍ਰਸ਼ਟ ਬੈਂਕ ਅਧਿਕਾਰੀਆਂ, ਚਾਰਟਰਡ ਅਕਾਉਂਟੈਂਟਾਂ ਅਤੇ ਇਨਕਮਟੈਕਸ ਅਧਿਕਾਰੀਆਂ ਨੂੰ ਵੀ ਭੇਜੇ ਜਾਣਗੇ ਜਿਹਨਾਂ ਦੀ ਮਦਦ ਨਾਲ ਕਰੋੜਾਂ ਰੁਪਏ ਦਾ ਕਾਲਾ ਧੰਨ ਸਫੇਦ ਕਰ ਲਿਆ ਗਿਆ? ਸਰਕਾਰ ਨੂੰ ਅਜਿਹੇ ਕੁੱਝ ਭੇਸਟ ਸੀ ਏ, ਬੈਕ ਮੈਨਜਰਾਂ ਅਤੇ ਇਨਕਮਟੈਕਸ ਅਧਿਕਾਰੀਆਂ ਦੀ ਪਰੋਪਰਟੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ਼ ਕਰਕੇ ਉਹਨਾਂ ਦੀ ਸਾਰੀ ਪਰੋਪਰਟੀ ਜਬਤ ਕੀਤੀ ਜਾਣੀ ਚਾਹੀਦੀ ਹੈ।
ਸਰਕਾਰ ਵੱਲੋਂ ਨੋਟਬੰਦੀ ਕਰਕੇ ਜਿੱਥੇ ਦੇਸ਼ ਨੂੰ ਲਾਈਨਾਂ ਵਿੱਚ ਖੜਾ ਕਰ ਦਿੱਤਾ ਗਿਆ ਅਤੇ ਕਈ ਵਿਅਕਤੀਆਂ ਲਈ ਤਾਂ ਨੋਟਬੰਦੀ ਮੋਤ ਦਾ ਕਾਰਨ ਬਣ ਗਈ ਪਰ ਵਪਾਰ ਦੇ ਹਰ ਤਰ੍ਹਾਂ ਦੇ ਦੇਣ ਲੈਣ ਦੀ ਬਾਰੀਕੀ ਤੋਂ ਜਾਣੂ ਕੁੱਝ ਭੇਸਟ ਚਾਰਟਰਡ ਅਕਾਉਂਟੈਂਟਾਂ ਨੂੰ ਤਾਂ ਦੋ ਨੰਬਰ ਦੇ ਪੈਸੇ ਨੂੰ ਇੱਕ ਨੰਬਰ ਦਾ ਬਣਾਉਣ ਦੀ ਕਲਾ ਬਾਖੂਬੀ ਆਉਂਦੀ ਹੈ ਇਸ ਦੇ ਫਾਇਦੇ ਲੈਂਦੇ ਹੋਏ ਕਾਲੇ ਧੰਨ ਦੇ ਮਾਲਕਾਂ ਨੇ ਭੇਸਟ ਸੀ ਏ ਦੀ ਸਰਵਿਸ ਦਾ ਖੁਲ ਕੇ ਫਾਇਦਾ ਚੁਕਿਆ ਅਤੇ ਭੇਸਟ ਸੀ ਏ ਵੱਲੋਂ ਵੀ ਕਾਨੂੰਨ ਦੀ ਕਮਜੋਰੀ ਦਾ ਫਾਇਦਾ ਲੈਦੇ ਹੋਏ ਬਲੈਕੀਆਂ ਨੂੰ ਬਚਾ ਲਿਆ ਗਿਆ ਅਤੇ ਕਾਲੇ ਧੰਨ ਨੂੰ ਸਫੇਦ ਕਰਣ ਦੀ ਸੇਵਾ ਕਰਣ ਦੇ ਬਦਲੇ ਮੋਟੀ ਫੀਸ ਲਈ ਗਈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕੁੱਝ ਭੇਸਟ ਸੀ ਏ ਕੋਲੇ ਤਾਂ ਕਰੋੜਾ ਰੁਪਏ ਦੀ ਪਰੋਪਰਟੀ ਅਤੇ ਹੋਰ ਬੈਕ ਬੈਲੰਸ ਹਨ। ਇਹਨਾਂ ਭੇਸਟ ਚਾਰਟਰਡ ਅਕਾਉਂਟੈਂਟਾਂ ਵੱਲੋਂ ਖੁਦ ਸਰਕਾਰੀ ਖਜਾਨੇ ਨੂੰ ਚੁਨਾ ਲਗਾਇਆ ਜਾ ਰਿਹਾ ਹੈ। ਕਿਉਕਿ ਇਹ ਹਰ ਬਾਰੀਕੀ ਤੋਂ ਵਾਕਫ ਹੁੰਦੇ ਹਨ ਤਾਂ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਪੈਸਾ ਕਿੱਥੇ ਤੇ ਕਿਸ ਤਰ੍ਹਾਂ ਅਡਜਸਟ ਕਰਨਾ ਹੈ। ਭੇਸਟ ਚਾਰਟਰਡ ਅਕਾਉਂਟੈਂਟਾਂ ਅਤੇ ਹੋਰ ਭ੍ਰਸ਼ਟ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਨਾਲ ਰੱਲ ਮਿਲ ਕੇ ਇਹ ਸਾਰਾ ਖੇਲ ਚਲਦਾ ਹੈ।
ਇੱਥੇ ਧਿਆਨ ਦੇਣ ਵਾਲੀ ਗੱਲ੍ਹ ਹੈ ਕਿ ਕਈ ਚਾਰਟਰਡ ਅਕਾਉਂਟੈਂਟ ਜਦੋਂ ਸੀ ਏ ਪਰੈਕਟਿਸ ਸ਼ੁਰੂ ਕਰਦੇ ਹਨ ਤਾਂ ਇਹਨਾ ਕੋਲੇ ਸਕੂਟਰ ਵੀ ਨਹੀ ਹੁੰਦਾ ਪਰ ਕੁੱਝ ਸਾਲਾਂ ਵਿੱਚ ਹੀ ਕਰੋੜਾਂ ਰੁਪਏ ਦੀਆਂ ਕੋਠੀਆਂ ਅਤੇ ਲੱਖਾਂ ਰੁਪਏ ਦੀਆਂ ਮਹਿੰਗੀਆਂ ਕਾਰਾਂ ਕਿਸ ਤਰ੍ਹਾਂ ਆ ਜਾਂਦੀਆਂ ਹਨ। ਇਹ ਸਭ ਦੋ ਨੰਬਰ ਦੇ ਪੈਸੇ ਨੂੰ ਬਚਾਉਣ ਦਾ ਇਨਾਮ ਹੀ ਮਿਲਦਾ ਹੈ ਅਤੇ ਇਸ ਵਿੱਚ ਇਨਕਮਟੈਕਸ ਵਿਭਾਗ ਦੇ ਕੁੱਝ ਭੇਸਟ ਅਧਿਕਾਰੀਆਂ ਦੀ ਮਿਲੀਭੁਗਤ ਹੁੰਦੀ ਹੈ। ਦੋ ਨੰਬਰ ਦੀ ਕਮਾਈ ਕਰਣ ਵਾਲਿਆਂ ਨੂੰ ਜਦੋਂ ਇਨਕਮਟੈਕਸ ਵਾਲਿਆਂ ਦਾ ਨੋਟਿਸ ਆਉਂਦਾ ਹੈ ਤਾਂ ਉਹ ਸੀ ਏ ਦੀ ਸਰਵਿਸ ਲੈਂਦਾ ਹੈ। ਜੇਕਰ ਇਨਕਮਟੈਕਸ ਅਧਿਕਾਰੀ ਇਮਾਨਦਾਰ ਹੁੰਦਾ ਹੈ ਤਾਂ ਉਹ ਉਚਿਤ ਜੁਰਮਾਨਾ ਲਾ ਕੇ ਸਰਕਾਰੀ ਖਜਾਨੇ ਵਿੱਚ ਪੁਰੇ ਪੈਸੇ ਜਮਾ ਕਰਵਾਉਂਦਾ ਹੈ ਅਤੇ ਜੋ ਭੇਸਟ ਅਧਿਕਾਰੀ ਹੁੰਦਾ ਹੈ ਉਹ ਭੇਸਟ ਸੀ ਏ ਦੇ ਨਾਲ ਰਲ ਕੇ ਦੋ ਨੰਬਰੀ ਨੂੰ ਬਚਾ ਲੈਂਦੇ ਹਨ ਅਤੇ ਰਲ ਮਿਲ ਕੇ ਆਪਣਾ ਹਿਸਾ ਲੈ ਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਉਂਦੇ ਹਨ। ਇਨ੍ਹਾਂ ਹੀ ਨਹੀਂ ਕਾਲੇ ਧੰਨ ਦੇ ਮਾਲਕ ਸੀ ਏ ਦੀ ਮਦਦ ਨਾਲ ਆਪਣੀਆਂ ਬੈਲੰਸ ਸ਼ੀਟਾਂ ਮੈਨਜ ਕਰਕੇ ਬੈਂਕਾਂ ਤੋਂ ਵੀ ਕਰੋੜਾਂ ਰੁਪਏ ਦਾ ਕਰਜਾ ਲੈ ਕੇ ਫਾਇਦਾ ਚੁੱਕਦੇ ਹਨ ਤੇ ਬਦਲੇ ਵਿੱਚ ਭੇਸਟ ਚਾਰਟਰਡ ਅਕਾਉਂਟੈਂਟ ਦਿਨਾਂ ਵਿੱਚ ਕਰੋੜਪਤੀ ਬਣ ਜਾਂਦੇ ਹਨ। ਪਰ ਇਹਨਾ ਦੀ ਜਾਂਚ ਕੋਣ ਕਰੁ? ਜਦੋਂ ਬਾੜ ਹੀ ਖੇਤ ਨੂੰ ਖਾਵੇ ਤਾਂ ਬਚਾਵੇ ਕੌਣ? ਜਿਹਨਾਂ ਨੇ ਦੇਸ਼ ਦਾ ਕਾਲਾ ਧੰਨ ਉਜਾਗਰ ਕਰਣਾ ਹੈ ਜਦੋਂ ਉਹ ਹੀ ਕਾਲੇ ਧੰਨ ਵਾਲਿਆਂ ਦੇ ਰਖਵਾਲੇ ਬਣ ਕੇ ਖੁਦ ਕਾਲਾ ਧੰਨ ਕਮਾ ਰਹੇ ਹਨ ਤਾਂ ਹਿਸਾਬ ਕੋਣ ਮੰਗੂ? ਇਹਨਾਂ ਭੇਸਟ ਇਨਕਮਟੈਕਸ ਅਧਿਕਾਰੀਆਂ, ਚਾਰਟਰਡ ਅਕਾਉਟੈਂਟਾਂ ਅਤੇ ਭੇਸਟ ਬੈਂਕ ਅਧਿਕਾਰੀਆਂ ਤੋਂ ਕੋਣ ਹਿਸਾਬ ਲਉਗਾ? ਪੇਧਾਨਮੰਤਰੀ ਜੀ ਇਹਨਾਂ ਭੇਸ਼ਟਾਚਾਰੀਆਂ ਤੇ ਨੁਕੇਲ ਕਸੋ ਤਾਂ ਹੀ ਦੇਸ਼ ਵਿੱਚੋਂ ਕਾਲਾ ਧੰਨ ਬਾਹਰ ਆਵੇਗਾ ਨਹੀ ਤਾਂ ਸਰਕਾਰ ਕੋਈ ਵੀ ਯੋਜਨਾ ਲੈ ਆਵੇ ਭੇਸ਼ਟਾਚਾਰੀ ਆਪਸ ਵਿੱਚ ਰਲ ਕੇ ਸਰਕਾਰ ਦੀ ਹਰ ਯੋਜਨਾ ਫੇਲ ਕਰ ਦੇਣਗੇ।
ਅਕੇਸ਼ ਕੁਮਾਰ
ਲੇਖਕ
ਮੋ 9888031426


11/19/17
ਮੇਜਰ ਸਿੰਘ ਬੁਢਲਾਡਾ

‘ਅਕਾਲ ਤਖਤ' ਦੇ ਜਥੇਦਾਰ’
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਣ ਕੱਚੇ,
ਸਾਡੇ 'ਅਕਾਲ ਤਖਤ' ਦੇ ਜਥੇਦਾਰ ਭਾਈ !
ਇਹ ‘ਗੁਰੂ ਸਾਹਿਬ’ ਦੀ ਘੱਟ ਹੀ ਮੰਨਦੇ ਨੇ,
ਜਿਆਦਾ ਮੰਨਦੇ ਜਿਹਦੇ ਤਨਖ਼ਾਹਦਾਰ ਭਾਈ!
ਇਹਨਾਂ ਦੇ ਸੱਪ ਬਣਕੇ ਹਿੱਕ ਤੇ ਮੇਲ੍ਹਦੇ ਨੇ,
ਜੋ ‘ਤੱਤ ਗੁਰਮਤਿ’ ਦਾ ਕਰਨ ਪ੍ਰਚਾਰ ਭਾਈ!
ਜੋ ਝੁਕੇ ਨਾ ਇਹਨਾਂ ਦੇ ਦਰ ਆਕੇ,
ਮੇਜਰ ਕਰ ਦਿੰਦੇ ਸਿੱਖੀ 'ਚੋ ਬਾਹਰ ਭਾਈ!
ਮੇਜਰ ਸਿੰਘ ਬੁਢਲਾਡਾ
94176 42327

*******************
‘ਲੀਡਰ ਸੁਧਰ ਜਾਣ ਜੇਕਰ’
ਲੀਡਰ ਦੇਸ਼ ਦੇ ਸੁਧਰ ਜਾਣ ਜੇਕਰ ,
ਫਿਰ ਲੋਕਾਂ 'ਚ ਹੋਜੇ ਸੁਧਾਰ ਇੱਥੇ !
ਇਕ ਨੰਬਰ ਤੇ ਆਜੇ ਦੇਸ਼ ਸਾਡਾ,
ਪਵੇ ਕਿਸੇ ਦੇ ਤਾਈਂ ਨਾ ਮਾਰ ਇੱਥੇ!
ਹਰ ਇਕ ਦੀ ਹੋਜੇ ਲੋੜ ਪੂਰੀ,
ਰਹੇ ਕਿਸੇ ਦੇ ਉਤੇ ਨਾ ਭਾਰ ਇੱਥੇ!
ਮੇਜਰ ਹਰ ਚਿਹਰਾ ਖੁਸ਼ ਨਜਰ ਆਵੇ,
ਜੇ ਲੀਡਰ ਚੱਲ ਪੈਣ ਕਰਨ ਉਪਕਾਰ ਇੱਥੇ!
ਮੇਜਰ ਸਿੰਘ ਬੁਢਲਾਡਾ
94176 42327


11/19/17
ਗਿਆਨੀ ਅਵਤਾਰ ਸਿੰਘ

ਗਾਵਹਿ, ਖੰਡ ਮੰਡਲ ਵਰਭੰਡਾ.. ॥


ਗਿਆਨੀ ਅਵਤਾਰ ਸਿੰਘ-94650-40032


ਹਥਲੇ ਲੇਖ ਦਾ ਵਿਸ਼ਾ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ‘ਜਪੁ’ ਬਾਣੀ ਦੀ 27ਵੀਂ ਪਉੜੀ ਤੋਂ ਇਲਾਵਾ ‘ਸੋ ਦਰੁ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 9 ਅਤੇ 347 ਉੱਤੇ ‘‘ਗਾਵਨਿ ਤੁਧ ਨੋ, ਖੰਡ ਮੰਡਲ ਬ੍ਰਹਮੰਡਾ.. ॥ (ਸੋ ਦਰੁ/ ਆਸਾ/੯), ਗਾਵਨਿ੍ ਤੁਧ ਨੋ, ਖੰਡ ਮੰਡਲ ਬ੍ਰਹਮੰਡਾ.. ॥’’ (ਆਸਾ/ ਸੋ ਦਰੁ/੩੪੭) ਰੂਪ ਵਿੱਚ ਵੀ ਸੁਸ਼ੋਭਿਤ ਹਨ। ਲਗਭਗ ਸਾਰੇ ਹੀ ਟੀਕਾਕਾਰਾਂ ਨੇ ਇਨ੍ਹਾਂ ਪਾਵਨ ਪੰਕਤੀਆਂ ਦੇ ਅਰਥ ਕੀਤੇ ਹਨ ਕਿ ‘ਖੰਡ, ਮੰਡਲ, ਬ੍ਰਹਿਮੰਡ’ ਅਕਾਲ ਪੁਰਖ ਨੂੰ ਗਾਉਂਦੇ ਹਨ ਭਾਵ ਉਸ ਦੇ ਹੁਕਮ ਵਿੱਚ ਵਿਚਰਦੇ ਹਨ।

ਸਵਾਲ ਪੈਦਾ ਹੁੰਦਾ ਹੈ ਕਿ ਹਰ ਗੁਰੂ ਘਰ ਵਿੱਚ ਅੰਮਿ੍ਰਤ ਵੇਲ਼ੇ ਤੋਂ ਲੈ ਕੇ ਦੇਰ ਰਾਤ ਤੱਕ ਸੰਗਤਾਂ ਗੁਰਬਾਣੀ ਨੂੰ ਭਿੰਨ-ਭਿੰਨ ਰਚਨਾਵਾਂ ਰਾਹੀਂ ਗਾਉਂਦੀਆਂ ਹਨ, ਬਾਣੀ ਨੂੰ ਉਚਾਰਦੀਆਂ ਹਨ, ਜੋ ਕਿ ਕਰਤਾਰ ਦੀ ਉਸਤਤ ਕਰਨਾ ਹੈ। ਕੀ ਇਸ (ਗਾਉਣ) ਦਾ ਮਤਲਬ ਵੀ ਇਹ ਮੰਨ ਲਿਆ ਜਾਏ ਕਿ ਉਹ ਸਾਰੇ ਹੀ ਹੁਕਮ ਵਿੱਚ ਚੱਲਦੇ ਹਨ ਕਿਉਂਕਿ ਵਿਚਾਰ ਅਧੀਨ ਤੁਕ ’ਚ ‘ਗਾਉਣ’ ਤੋਂ ਭਾਵ ‘ਹੁਕਮ ਵਿੱਚ ਚੱਲਣਾ’ ਕੀਤਾ ਜਾਂਦਾ ਹੈ ? ਮੇਰੇ ਕਹਿਣ ਦਾ ਮਤਲਬ ਹੈ ਕਿ ‘ਗਾਉਣਾ’ ਰੂਹਾਨੀਅਤ ਜੀਵਨ ਦਾ ਪਹਿਲਾ ਪੜਾਅ ਹੈ ਜਦ ਕਿ ‘ਹੁਕਮ ਵਿੱਚ ਚੱਲਣਾ’ ਅੰਤਿਮ ਪੜਾਅ ਜਾਂ ਮੰਜ਼ਿਲ ਪ੍ਰਾਪਤੀ, ਇਸ ਲਈ ‘ਪਹਿਲੇ ਪੜਾਅ’ ਦਾ ਭਾਵਾਰਥ ‘ਅੰਤਲੇ ਪੜਾਅ’ ਵੱਲ ਕਿਵੇਂ ਕੀਤਾ ਜਾ ਸਕਦਾ ਹੈ ?

‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸਵਾਲ ਹੈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥’’, ਜਿਸ ਦਾ ਜਵਾਬ ਵੀ ਨਾਲ਼ ਹੀ ਦਿੱਤਾ ਗਿਆ ਕਿ ‘‘ਹੁਕਮਿ ਰਜਾਈ ਚਲਣਾ.. ॥’’ ਭਾਵ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਕੇ ‘ਕੂੜ ਦੀ ਕੰਧ’ ਢਹਿ ਜਾਂਦੀ ਹੈ ਤੇ ‘ਸਚਿਆਰ ਜੀਵਨ’ ਬਣ ਜਾਂਦਾ ਹੈ।

ਅਗਰ ਹੁਕਮ ਵਿੱਚ ਚੱਲ ਕੇ ‘ਸਚਿਆਰ’ ਜੀਵਨ ਬਣਦਾ ਹੈ ਤਾਂ ਹੁਕਮ ਵਿੱਚ ਚੱਲਣ ਵਾਲ਼ਿਆਂ (ਸਚਿਆਰਾਂ) ਦਾ ਸਤਿਕਾਰ ਵੀ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਕੁਝ ਅਜਿਹਾ ਹੀ ਬਿਆਨ ਕਰ ਰਹੇ ਹਨ ‘‘ਹਉ ਤਿਨ ਕੈ ਬਲਿਹਾਰਣੈ; ਦਰਿ+ਸਚੈ (’ਤੇ) ਸਚਿਆਰ ॥’’ (ਮ: ੧/੫੫) ਭਾਵ ਜੋ ਅਕਾਲ ਪੁਰਖ ਦੇ ਪਰਖ ਨਿਰਣੇ ਉੱਤੇ ਸਚਿਆਰ ਹੁੰਦੇ ਹਨ, ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹੈ ਕਿਉਂਕਿ ਇਸੇ ਜੀਵਨ ਮਨੋਰਥ ਦੀ ਵਿਆਖਿਆ ਤੇ ਪ੍ਰਾਪਤੀ ਕਰਵਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਮਨੁੱਖਾ ਜੀਵਨ ਧਾਰਨ ਕਰਨਾ ਪਿਆ ਸੀ।

ਜਦ ਹੁਕਮ ਵਿੱਚ ਚੱਲਣ ਵਾਲ਼ਾ ‘ਸਚਿਆਰ’ ਹੈ ਤਾਂ ‘ਖੰਡ ਮੰਡਲ ਵਰਭੰਡ’ ਦਾ ਪ੍ਰਚਲਿਤ ਭਾਵਾਰਥ ਹੁਕਮ ਵਿੱਚ ਚੱਲਣਾ, ਸਵੀਕਾਰ ਕਰ ਕੇ ਇਨ੍ਹਾਂ (ਖੰਡ, ਮੰਡਲ, ਵਰਭੰਡਾ) ਨੂੰ ਵੀ ‘ਸਚਿਆਰ’ ਮੰਨਣਾ ਪਵੇਗਾ, ਜਿਸ ਕਾਰਨ ਇਨ੍ਹਾਂ ਦਾ ਸਤਿਕਾਰ ਕਰਨਾ ਵੀ ਬਣਦਾ ਹੈ ਭਾਵ ਇਨ੍ਹਾਂ ਦੇ ਰੁਤਬੇ ਤੋਂ ਮਨੁੱਖ ਨੂੰ ਪ੍ਰਭਾਵਤ ਹੋਣਾ ਚਾਹੀਦਾ ਹੈ ਜਦ ਕਿ ‘ਸੋ ਦਰੁ’ ਸ਼ਬਦ ਨੂੰ ਗੁਰਬਾਣੀ ਵਿੱਚ ਤਿੰਨ ਵਾਰ ਦਰਜ ਕਰਨਾ ਅਤੇ ਸੁਬ੍ਹਾ-ਸ਼ਾਮ (ਜਪੁ ਤੇ ਰਹਰਾਸਿ) ਰਾਹੀਂ ਨਿਤਨੇਮ ਦਾ ਭਾਗ ਬਣਾਉਣ ਦਾ ਮਨੋਰਥ, ਲੁਕਾਈ ਨੂੰ ਇਨ੍ਹਾਂ ਦੇ ਕਾਲਪਨਿਕ ਪ੍ਰਭਾਵ ਤੋਂ ਮੁਕਤ ਕਰਵਾਉਣਾ ਸੀ, ਜੋ ਆਦਿ ਕਾਲ ਤੋਂ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ’ਚ ਪੂਜਦੇ ਆ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਕਾਲਪਨਿਕ ਸ਼ਕਤੀਆਂ ਦੇ ਮੁਕਾਬਲੇ ਵੱਡੀ ਲਕੀਰ ਖਿੱਚੀ ਹੈ ਕਿ ਅਕਾਲ ਪੁਰਖ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਨਾਸ਼ ਕਰਨ ਵਾਲ਼ਾ ਹੈ, ਜਿਸ ਦੇ ਅਧੀਨ ਇਹ ਸਭ ਵਿਚਰਦੇ ਵਿਖਾਏ ਗਏ ਤੇ ‘ਅਕਾਲ ਪੁਰਖ’ ਰੂਪ ਸ਼ਕਤੀ ਪ੍ਰਥਾਇ ਵਚਨ ਕੀਤਾ ਕਿ, ‘‘ਗਾਵਹਿ ਤੁਹ ਨੋ ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ-ਧਰਮੁ, ਦੁਆਰੇ ॥, ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥, ਗਾਵਹਿ ਈਸਰੁ ਬਰਮਾ ਦੇਵੀ.. ॥, ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥, ਗਾਵਹਿ ਸਿਧ ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥, ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ ॥, ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥’’, ਆਦਿ; ਤਾਂ ’ਤੇ ਇਨ੍ਹਾਂ ਸਭ ਪੰਕਤੀਆਂ ਦਾ ਭਾਵਾਰਥ ਇਉਂ ਲੈਂਣਾ ਚਾਹੀਦਾ ਹੈ ਕਿ ‘ਹਵਾ, ਪਾਣੀ, ਅੱਗ, ਆਦਿ ਤੱਤ, ਧਰਮਰਾਜ, ਚਿੱਤ੍ਰ-ਗੁਪਤ, ਸ਼ਿਵ, ਬ੍ਰਹਮਾ, ਸਭ ਦੇਵੀਆਂ, ਦੇਵਤਿਆਂ ਸਮੇਤ ਇੰਦਰ, ਪੂਰਨ ਕਰਾਮਾਤੀ ਯੋਗੀ, ਸੂਰਮੇ ਰਾਜੇ-ਯੋਧੇ, ਆਦਿਕ, ਧਰਤੀ ਦੀ ਰਚਨਾ (ਚਾਰੇ ਖਾਣੀਆਂ), ਬ੍ਰਹਿਮੰਡ ’ਚ ਖੰਡ, ਮੰਡਲ ਤੇ ਵਰਭੰਡਾ, ਆਦਿ ਸਾਰੇ ਹੀ ਕਰਤਾਰ ਦੀ ਸ਼ਕਤੀ ਦੇ ਅਧੀਨ ਵਿਚਰਦੇ ਹਨ, ਇਸ ਲਈ ਇਨ੍ਹਾਂ ਨੂੰ ਮੂਲ ਸ਼ਕਤੀ (ਰੱਬ) ਮੰਨ ਕੇ ਇਨ੍ਹਾਂ ਤੋਂ ਪ੍ਰਭਾਵਤ ਹੋਣਾ ਵਿਅਰਥ ਹੈ। ਗੁਰਮਤਿ ਦੇ ਇਨ੍ਹਾਂ ਭਾਵਾਰਥਾਂ ਦੇ ਮੁਕਾਬਲੇ ‘ਗਾਵਹਿ ਖੰਡ ਮੰਡਲ ਵਰਭੰਡਾ’ ਦਾ ਪ੍ਰਚਲਿਤ ਭਾਵਾਰਥ ਕਿ ‘ਹੁਕਮ ਵਿੱਚ ਚੱਲਦੇ ਹਨ’, (ਜੋ ਕਿ ‘‘ਕਿਵ ਕੂੜੈ ਤੁਟੈ ਪਾਲਿ ?॥’’ ਦਾ ਜਵਾਬ ਪ੍ਰਤੀਤ ਹੁੰਦਾ ਹੈ) ਵਿੱਚ ਭਿੰਨਤਾ ਰੱਖੀ ਜਾ ਸਕਦੀ ਹੈ।

ਦੂਸਰਾ ਪੱਖ ਵੀ ਵਿਚਾਰਨਯੋਗ ਹੈ ਕਿ ਜਦ ਸਾਰੀ ਕਾਇਨਾਤ (ਬ੍ਰਹਿਮੰਡ) ਹੁਕਮ ਵਿੱਚ ਵਿਚਰਦੀ ਹੈ ਤਾਂ ਇਨ੍ਹਾਂ ਨੂੰ ਹੁਕਮ ਵਿੱਚ ਚੱਲਦੇ, ਨਾ ਮੰਨਣਾ ਕਿੱਥੋਂ ਤੱਕ ਸਹੀ ਹੈ ? ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ)

ਅਜੋਕੇ ਕੁਝ ਸਿੱਖ ਪ੍ਰਚਾਰਕ ਮਨਮੁਖ ਤੇ ਕਰਮਕਾਂਡੀ ਦਾ ਕਿਰਦਾਰ ਵੇਖ ਇਨ੍ਹਾਂ ਨੂੰ ਰੱਬੀ ਹੁਕਮ ਵਿੱਚ ਚੱਲਦਾ ਨਹੀਂ ਸਵੀਕਾਰਦੇ, ਜਿਸ ਕਾਰਨ “ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥” ਤੁਕ ਦੇ ਭਾਵਾਰਥ ਕਰਦੇ ਹਨ ਕਿ ‘ਰੱਬੀ ਹੁਕਮ ਵਿੱਚ ਚੱਲਣ ਵਾਲ਼ਾ ਸੁੱਖੀ ਜੀਵਨ ਬਤੀਤ ਕਰਦਾ ਹੈ ਜਦ ਕਿ ‘ਬਾਹਰਿ ਹੁਕਮ’ ਵਾਲ਼ਾ ਮਨਮੁਖੀ ਤੇ ਕਰਮਕਾਂਡੀ ਦੁੱਖੀ ਰਹਿੰਦਾ ਹੈ।’ ਇਨ੍ਹਾਂ ਸੱਜਣਾਂ ਨੇ ‘ਦੁਖੀ-ਸੁਖੀ’ ਸ਼ਬਦ ਆਪਣੇ ਵੱਲੋਂ ਨਿਰਧਾਰਿਤ ਕੀਤੇ ਹਨ, ਜੋ ਕਿ ਸੰਬੰਧਿਤ ਤੁਕ ਵਿੱਚ ਨਹੀਂ ਅਤੇ ਇਸੇ ਪਉੜੀ ਦੀ ਪੰਕਤੀ ‘‘ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥’’ ਭਾਵ ਹੁਕਮ ਵਿੱਚ ਦੁੱਖ-ਸੁੱਖ ਪ੍ਰਾਪਤ ਹੁੰਦੇ ਹਨ, ਦਾ ਖੰਡਨ-ਮੰਡਨ ਕਰ ਆਪ ਹੀ ਮਨਮਤ ਦੇ ਧਾਰਨੀ ਹੋਣ ਦਾ ਸਬੂਤ ਦੇ ਜਾਂਦੇ ਹਨ।

ਚੱਲਦੇ ਪ੍ਰਸੰਗ ਨੂੰ ਸਮਝਣ ਤੋਂ ਪਹਿਲਾਂ ਮਨਮੁਖ ਤੇ ਕਰਮਕਾਂਡੀ ਸਮੇਤ ਹਰ ਵਸਤੂ ਰੱਬੀ ਹੁਕਮ ਵਿੱਚ ਚੱਲਦੀ ਹੈ, ਦੇ ਕੁਝ ਗੁਰਬਾਣੀ ਪ੍ਰਮਾਣ ਇਸ ਤਰ੍ਹਾਂ ਵੀ ਦਰਜ ਹਨ :

(ੳ). ਸਭਿ ਆਏ ਹੁਕਮਿ (’ਚ) ਖਸਮਾਹੁ (ਖ਼ਸਮ ਦਰ ਤੋਂ); ਹੁਕਮਿ (’ਚ) ਸਭ ਵਰਤਨੀ ॥ (ਮ: ੪/੭੨੩) ਭਾਵ ਖਸਮ ਦੇ ਦਰ ਤੋਂ ਸਾਰੇ ਉਸੇ ਦੇ ਹੁਕਮ ’ਚ ਆਏ (ਜੰਮੇ) ਹਨ ਤੇ ਹੁਕਮ ਵਿੱਚ ਵਿਚਰਦੇ ਹਨ।

(ਅ). ਸਭੇ ਸੁਰਤੀ ਜੋਗ ਸਭਿ; ਸਭੇ ਬੇਦ ਪੁਰਾਣ ॥ ਸਭੇ ਕਰਣੇ ਤਪ ਸਭਿ; ਸਭੇ ਗੀਤ ਗਿਆਨ ॥ ਸਭੇ ਬੁਧੀ ਸੁਧਿ ਸਭਿ; ਸਭਿ ਤੀਰਥ ਸਭਿ ਥਾਨ ॥ ਸਭਿ ਪਾਤਿਸਾਹੀਆ ਅਮਰ ਸਭਿ; ਸਭਿ ਖੁਸੀਆ ਸਭਿ ਖਾਨ ॥ ਸਭੇ ਮਾਣਸ ਦੇਵ ਸਭਿ; ਸਭੇ ਜੋਗ ਧਿਆਨ ॥ ਸਭੇ ਪੁਰੀਆ ਖੰਡ ਸਭਿ; ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ (’ਚ); ਕਰਮੀ ਵਹੈ ਕਲਾਮ (ਕਲਮ)॥ ਨਾਨਕ ! ਸਚਾ ਸਚਿ+ਨਾਇ (ਰਾਹੀਂ ਮਿਲਦਾ); ਸਚੁ ਸਭਾ ਦੀਬਾਨੁ ॥ (ਮ: ੧/੧੨੪੧), ਆਦਿ।

ਸੋ, ਅਸਾਂ ਨੂੰ ‘‘ਹੁਕਮਿ ਰਜਾਈ ਜੋ ਚਲੈ; ਸੋ ਪਵੈ ਖਜਾਨੈ ॥ ਖੋਟੇ ਠਵਰ ਨ ਪਾਇਨੀ; ਰਲੇ ਜੂਠਾਨੈ (ਝੂਠ ’ਚ)॥’’ (ਮ: ੧/੪੨੧) ਜਾਂ ‘‘ਹੁਕਮੀ ਆਇਆ, ਹੁਕਮੁ ਨ ਬੂਝੈ; ਹੁਕਮਿ (ਰਾਹੀਂ) ਸਵਾਰਣਹਾਰਾ ॥ (ਮ: ੧/੬੮੮), ਆਦਿ ਵਾਕਾਂ ਦਾ ਭਾਵਾਰਥ ਵਿਚਾਰਨਾ ਪਏਗਾ ਤਾਂ ਜੋ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥’’ ਦੇ ਜਵਾਬ ‘‘ਹੁਕਮਿ ਰਜਾਈ ਚਲਣਾ.. ॥’’ ਵਚਨ ਦੇ ਭਾਵਾਰਥ ’ਚ ਅੰਤਰ ਸਮਝ ਆ ਜਾਏ, ਜੋ ਕਿ ‘‘ਗਾਵਹਿ ਖੰਡ ਮੰਡਲ ਵਰਭੰਡਾ..॥’’ ਵਚਨ ਦੇ ਪ੍ਰਚਲਿਤ ਭਾਵਾਰਥ ਤੋਂ ਭਿੰਨ ਵੀ ਹੋਵੇਗਾ।

ਗੁਰਬਾਣੀ ਦੇ ਸਿਧਾਂਤ ਮੁਤਾਬਕ ਕਰਤਾਰ ਦੀ ਰਚਨਾ (ਭਾਵ ਕੁਦਰਤ) ਇੱਕ ਖੇਡ ਹੈ, ਇਸ ‘ਖੇਡ’ ਦੇ ਅਰਥ ਬੱਚੇ ਤੋਂ ਵਧ ਕੇ ਕੋਈ ਨਹੀਂ ਜਾਣਦਾ, ਜੋ ਆਪਣੀ ਖੇਡ ਰਾਹੀਂ ਦੋ ਨਕਲੀ ਪਾਤਰ ਬਣਾ ਯੁੱਧ ਕਰਦਾ-ਕਰਾਉਂਦਾ ਆਪਣੀ ਖੇਡ ਦੀ ਸਮਾਪਤੀ ਉਪਰੰਤ ਦੋਵੇਂ ਦੁਸ਼ਮਣ ਪਾਤਰਾਂ ਨੂੰ ਆਪਣੀ ਅਗਲੀ ਖੇਡ ਤੱਕ ਆਪਣੇ ਪਾਸ ਹੀ ਸੰਭਾਲ਼ ਕੇ ਰੱਖਦਾ ਹੈ। ਕੁਦਰਤ ਦਾ ਹਰ ਸੁਭਾਅ, ਇਸ ਦੇ ਮਾਲਕ (ਕਰਤਾਰ) ਦਾ ਸੁਭਾਅ ਹੁੰਦਾ ਹੈ, ਜਿਸ ਨੂੰ ਕਰਤਾਰ ਦੇ ਭਗਤ ਹੀ ਸਮਝ ਸਕਦੇ ਹਨ। ਮਨਮੁਖਤਾ ਤੇ ਗੁਰਮੁਖਤਾ ਭਾਸ਼ਾਈ ਦ੍ਰਿਸ਼ਟੀ ਤੋਂ ਕੇਵਲ ਮਨੁੱਖਾ ਸੋਚ ਦੀ ਉਪਜ (ਪੈਦਾਇਸ਼) ਹਨ, ਨਾ ਕਿ ਕਰਤਾਰ ਦੀ ਸੋਚ ਵਿੱਚ ਅਜਿਹਾ ਕੋਈ ਅੰਤਰ ਹੈ ਕਿਉਂਕਿ ਉਹ ਗੁਰਮੁਖਤਾ ਦੇ ‘ਗਾਵਹਿ’ ਕਾਰਨ ‘‘ਵਡਾ ਨ ਹੋਵੈ..॥’’ ਅਤੇ ਮਨਮੁਖਤਾ ਦੇ ‘ਨਾ ਗਾਵਹਿ’ ਕਾਰਨ ‘‘ਘਾਟਿ ਨ ਜਾਇ ॥’’ (ਸੋ ਦਰੁ ਆਸਾ/ਮ: ੧/੯) ਅਜਿਹੀ ਬਾਲ ਅਵਸਥਾ (ਭਾਵ ਦਵੈਤ ਰਹਿਤ ਬਿਰਤੀ) ਦੇ ਹੀ ਗੁਰੂ ਜੀ ਹਮਾਇਤੀ ਬਣ ਰਹੇ ਹਨ। ਭਾਈ ਗੁਰਦਾਸ ਜੀ ਦੇ ਵਚਨ ਹਨ, ‘‘ਸਿਖ ਸੰਤ ਬਾਲਕ ਸ੍ਰੀ ਗੁਰ ਪ੍ਰਤਿਪਾਲਕ ਹੁਇ; ਜੀਵਨ ਮੁਕਤਿ ਗਤਿ ਬ੍ਰਹਮ ਬਿਚਾਰੀ ਹੈ ॥੪੪੮॥’’ (ਭਾਈ ਗੁਰਦਾਸ ਜੀ/ਕਬਿੱਤ ੪੪੮)

ਗੁਰੂ ਨਾਨਕ ਸਾਹਿਬ ਜੀ ਇਸ ਬਾਲਕ ਅਵਸਥਾ ਨੂੰ ਜਿੰਦਗੀ ਦੇ ਪਹਿਲੇ ਪੜਾਅ ’ਚ ਵਿਚਰਦੇ ਜੀਵਨ ਬਾਬਤ ਸਮਝਾਉਂਦੇ ਹਨ, ‘‘ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਬਾਲਕ ਬੁਧਿ ਅਚੇਤੁ ॥’’ (ਮ: ੧/੭੫) ਇਸ ਬਾਲਕ ਬੁਧੀ ਉਪਰੰਤ ਬੱਚਾ ਹਰ ਕਾਰਜ ਦਾ ਮਹੱਤਵ ਆਪਣੀ ਯੋਗਤਾ ਉੱਪਰ ਲੈਣ ਲੱਗ ਜਾਂਦਾ ਹੈ, ਜਿਵੇਂ ਕਿ ਭਾਈ ਗੁਰਦਾਸ ਜੀ ਦੇ ਵਚਨ ਹਨ ਕਿ ਨਿਰਵੈਰ ਭਾਵਨਾ ’ਚ ਬਾਲਕ ਅਵਸਥਾ ਖੇਲਣ ਉਪਰੰਤ, ਮਨੁੱਖ ਆਪਣੀ ਸੁਰਤ ਦੀ ਦੁਰਵਰਤੋਂ (ਮਾਣ, ਹਉਮੈ) ਕਰਨ ਲੱਗ ਜਾਂਦਾ ਹੈ ਭਾਵ ਰੱਬੀ ਹੁਕਮ ਵਿੱਚ ਵਿਚਰਨ ਦਾ ਮਹੱਤਵ ਆਪ ਲੈ ਰਿਹਾ ਹੁੰਦਾ ਹੈ, ‘‘ਬਾਲਕ ਅਚੇਤ ਜੈਸੇ ਕਰਤ ਅਨੇਕ ਲੀਲਾ (ਖੇਡ); ਸੁਰਤ ਸਮਾਰ (ਸੰਭਾਲਦਿਆਂ), ਬਾਲ ਬੁਧਿ ਬਿਸਰਾਤ ਹੈ (ਬਚਪਨ ਭੁੱਲਾ ਦਿੰਦਾ ਹੈ)।’ (ਭਾਈ ਗੁਰਦਾਸ ਜੀ/ਕਬਿੱਤ ੬੦੪) ਗੁਰੂ ਨਾਨਕ ਸਾਹਿਬ ਜੀ ਇਸੇ ਵਿਸ਼ੇ ਨੂੰ ਹੋਰ ਵੀ ਸਪਸ਼ਟ ਕਰਦੇ ਹਨ ਕਿ ਇਹ ਗੱਲ ਕਿਸ ਨੂੰ ਦੱਸੀਏ ਕਿ ਕਰਤਾਰ ਆਪਣੇ ਹੁਕਮ ਵਿੱਚ ਸਭ ਨੂੰ ਰੱਖਦਾ ਹੈ ਪਰ ਮੂਰਖ ਹਰ ਕਾਰਜ ’ਚ ਆਪਣੇ ਆਪ ਨੂੰ ਕਾਬਲ ਗਿਣਦਾ ਹੈ, ਮੰਨਦਾ ਹੈ, ‘‘ਕਿਸ ਨੋ ਕਹੀਐ ਨਾਨਕਾ ! ਕਿਸ ਨੋ ਕਰਤਾ (ਇਹ ਸਮਝ) ਦੇਇ ॥ ਹੁਕਮਿ ਰਹਾਏ ਆਪਣੈ; (ਭਾਵ ਕਿ ਤੂੰ ਮੇਰੇ ਹੁਕਮ ’ਚ ਹੈਂ, ਪਰ) ਮੂਰਖੁ ਆਪੁ ਗਣੇਇ ॥’’ (ਮ: ੧/੧੨੪੧)

ਸੋ, ਰੱਬੀ ਹੁਕਮ ਵਿੱਚ ਸਾਰਾ ਬ੍ਰਹਿਮੰਡ ਵਿਚਰਦਾ ਹੈ, ਪਰ ਇਸ ਦੀ ਸਮਝ ਕੇਵਲ ਉਸ ਦੇ ਭਗਤ ਨੂੰ ਹੀ ਹੁੰਦੀ ਹੈ, ਜੋ ਹਰ ਕੰਮ ਦਾ ਮਹੱਤਵ ਜਿਸ ਦੇ ਹੁਕਮ ’ਚ ਵਿਚਰਦਾ ਹੈ, ਉਸ ਨੂੰ ਦੇਣਾ ਆਰੰਭ ਕਰ ਦਿੰਦਾ ਹੈ, ਇਹੀ ‘‘ਹੁਕਮਿ ਰਜਾਈ ਚਲਣਾ.. ॥’’ ਦਾ ਅਸਲ ਭਾਵਾਰਥ ਹੈ, ਜਦ ਮਨੁੱਖ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਨਹੀਂ ਲਏਗਾ ਤੇ ਜਿਸ ਦੇ ਹੁਕਮ ’ਚ ਵਿਚਰਦਾ ਹੈ, ਉਸ ਨੂੰ ਦੇਵੇਗਾ ਤਾਂ ‘‘ਕੂੜੈ ਪਾਲਿ ॥’’ ਤੁੱਟ ਜਾਂਦੀ ਹੈ ਤੇ ਜੀਵਨ ‘‘ਸਚਿਆਰਾ’’ ਬਣ ਜਾਂਦਾ ਹੈ। ਅਜਿਹੇ ਹੀ ਜੀਵਨ ਤੋਂ ਗੁਰੂ ਨਾਨਕ ਪਾਤਿਸ਼ਾਹ ਕੁਰਬਾਨ ਜਾਂਦੇ ਹਨ, ‘‘ਹਉ ਤਿਨ ਕੈ ਬਲਿਹਾਰਣੈ; ਦਰਿ+ਸਚੈ (’ਤੇ) ਸਚਿਆਰ ॥’’ (ਮ: ੧/੫੫) ਪਰ ਇਹ ਅਵਸਥਾ ਜਾਂ ਹੁਕਮ ’ਚ ਚੱਲ ਰਹੇ ਹਾਂ, ਦੀ ਸਮਝ ‘‘ਖੰਡ ਮੰਡਲ ਵਰਭੰਡਾ’’ ਨੂੰ ਕਦਾਚਿਤ (ਉੱਕਾ ਹੀ) ਨਹੀਂ ਆ ਸਕਦੀ ਕਿਉਂਕਿ ਇਹ ਰਾਜ ਸਮਝਾਉਣ ਵਾਲ਼ਾ ਗੁਰੂ ਉਨ੍ਹਾਂ ਨਿਰਜਿੰਦਾਂ ਦੀ ਅਗਵਾਈ ਨਹੀਂ ਕਰਦਾ। ‘ਨਿਰਜਿੰਦ’ ਸ਼ਬਦ ਦੀ ਵਰਤੋਂ, ਬਾਬਾ ਕਬੀਰ ਜੀ ਦੇ ਉਸ ਸੰਕੇਤ ਤੋਂ ਲਈ ਗਈ ਜਿਸ ਅਨੁਸਾਰ ਮਾਲਨੀ, ਜਿੰਦ ਵਾਲ਼ੇ ਪੌਦੇ ਦੇ ਪੱਤੇ ਤੋੜ ਕੇ ਖ਼ੁਸ਼ ਕਰਨ ਲਈ ਨਿਰਜਿੰਦ ਪੱਥਰ ਉੱਪਰ ਚੜਾਉਂਦੀ ਹੈ, ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ॥’’ (ਭਗਤ ਕਬੀਰ/੪੭੯)

ਉਕਤ ਸਾਰੀ ਵਿਚਾਰ ਦਾ ਸਾਰ ਇਹੀ ਹੈ ਕਿ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਦੇ ਪ੍ਰਚਲਿਤ ਭਾਵਾਰਥ ਅਤੇ ‘‘ਹੁਕਮਿ ਰਜਾਈ ਚਲਣਾ.. ॥’’ ਦਾ ਅਸਲ ਭਾਵਾਰਥ ਇੱਕ ਸਮਾਨ ਨਹੀਂ ਹੈ ਤਾਂ ਜੋ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ) ਤੁਕ ਦੇ ਪ੍ਰਚਲਿਤ ਸ਼ਬਦਾਰਥ ਬਦਲਣ ਦੀ ਨੌਬਤ ਆ ਜਾਵੇ।

ਅੰਤ ’ਚ ਵਿਸ਼ੇ ਨੂੰ ਸੰਖੇਪ ਰੂਪ ਦਿੰਦਿਆਂ ਇਹੀ ਇਸ਼ਾਰਾ ਕਾਫ਼ੀ ਹੋਏਗਾ ਕਿ ਨਿਰਜਿੰਦ ਪਦਾਰਥਾਂ ਵਾਙ ਮਨਮੁਖ ਜਾਂ ਕਰਮਕਾਂਡੀ ਵੀ ਹੁਕਮ ਵਿੱਚ ਹੀ ਵਿਚਰਦਾ ਹੈ ਪਰ ਹੁਕਮ ਵਿੱਚ ਜੀਵਨ ਬਤੀਤ ਹੁੰਦਾ ਜਾ ਰਿਹਾ ਹੈ, ਇਹ ਰਾਜ ਗੁਰੂ ਦੀ ਰਾਹੀਂ ਕੇਵਲ ਮਾਲਕ ਦਾ ਸੇਵਕ (ਭਗਤ) ਹੀ ਸਮਝਦਾ ਹੈ। ਬਾਲਕ ਦੁਆਰਾ ਆਪਣੀ ਖੇਡ ਸਮੇਟਣ ਦੀ ਨਿਆਈਂ ਗੁਰੂ ਜੀ ਨੇ ਵੀ ਗੁਰਬਾਣੀ ’ਚ ਮਨਮੁਖਤਾ ਤੇ ਗੁਰਮੁਖਤਾ ਵਾਲ਼ੇ ‘‘ਰਾਹ ਦੋਵੈ (ਦਾ); ਖਸਮੁ ਏਕੋ ਜਾਣੁ ॥’’ (ਮ: ੧/੨੨੩) ਵਿਸ਼ੇ ਨੂੰ ਹਰ ਲੰਮੀ ਰਚਨਾ ਦੇ ਅੰਤ ’ਚ ਬਾਖ਼ੂਬੀ ਸਪਸ਼ਟ ਕੀਤਾ ਹੈ; ਜਿਵੇਂ ਕਿ

(1). ਆਖਣਿ ਜੋਰੁ; ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ; ਦੇਣਿ ਨ ਜੋਰੁ ॥ ਜੋਰੁ ਨ ਜੀਵਣਿ; ਮਰਣਿ ਨਹ ਜੋਰੁ ॥... ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥ ਭਾਵ ਮਨਮੁਖ ਹੋਵੇ ਜਾਂ ਗੁਰਮੁਖ, ਕਿਸੇ ਦੇ ਹੱਥ ਵਿੱਚ ਕੁਝ ਨਹੀਂ, ਜਿਸ ਦੇ ਹੱਥ ’ਚ ਇਹ ਸਭ ਸ਼ਕਤੀ ਹੈ ਉਹੀ ਇਨ੍ਹਾਂ ਨੂੰ ਪ੍ਰੇਰਨਾ ਕਰਦਾ ਹੈ, ਆਪਣੇ ਆਪ ’ਚ ਕੋਈ ਉੱਚਾ-ਨੀਵਾਂ ਨਹੀਂ ਹੈ।

(ਨੋਟ: ਧਿਆਨ ਰਹੇ ਕਿ ‘ਜਪੁ’ ਦੀ 33ਵੀਂ ਪਉੜੀ ’ਚ ਇਹ ਭਾਵ ਇਸ ਲਈ ਦਰਜ ਕਰਨਾ ਪਿਆ ਕਿਉਂਕਿ ਅਗਲੀਆਂ ਪਉੜੀਆਂ ’ਚ ਵਿਸ਼ਾ ਰੂਹਾਨੀਅਤ ਪੜਾਅ ਨਾਲ਼ ਸੰਬੰਧਿਤ ‘ਧਰਮ ਖੰਡ’ ਤੋਂ ‘ਸਚ ਖੰਡਿ’ ਵੱਲ ਆਰੰਭ ਹੁੰਦਾ ਹੈ।)

(2). ਵਡੇ ਕੀਆ ਵਡਿਆਈਆ (ਭਾਵ ਖੇਡਾਂ, ਜਿਨ੍ਹਾਂ ਬਾਰੇ); ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥(ਜੀਵਾਂ ਨੇ ਤਾਂ) ਸਾਈ (ਉਹੀ) ਕਾਰ ਕਮਾਵਣੀ; (ਜੋ) ਧੁਰਿ (ਤੋਂ) ਛੋਡੀ ਤਿੰਨੈ (ਉਸ ਰੱਬ ਨੇ) ਪਾਇ (ਪਾ ਕੇ)॥ ਨਾਨਕ ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ (ਭਾਵ ਥਾਂ, ਟਿਕਾਣਾ)॥ ਸੋ ਕਰੇ; ਜਿ ਤਿਸੈ ਰਜਾਇ ॥੨੪॥੧॥ ਸੁਧੁ (ਆਸਾ ਕੀ ਵਾਰ/ਮ: ੧/੪੭੫)

(3). ਆਪੇ ਹਰਿ ਇਕ ਰੰਗੁ ਹੈ; ਆਪੇ ਬਹੁ ਰੰਗੀ ॥ (ਜੀਵਾਂ ਲਈ ਤਾਂ) ਜੋ ਤਿਸੁ ਭਾਵੈ ਨਾਨਕਾ ! ਸਾਈ ਗਲ ਚੰਗੀ ॥੨੨॥੨॥ (ਮ: ੪/੭੨੬)

(4). ਆਪੇ ਕੀਤੋ ਰਚਨੁ (ਪਸਾਰਾ); ਆਪੇ ਹੀ ਰਤਿਆ (ਮਾਇਆਧਾਰੀ)॥ ਆਪੇ ਹੋਇਓ ਇਕੁ; ਆਪੇ ਬਹੁ ਭਤਿਆ (ਭਾਵ ਕਈ ਭਾਂਤ ’ਚ ਮਾਇਆਵੀ)॥ ਆਪੇ ਸਭਨਾ ਮੰਝਿ (ਵਿੱਚ); ਆਪੇ ਬਾਹਰਾ ॥ ਆਪੇ ਜਾਣਹਿ ਦੂਰਿ; ਆਪੇ ਹੀ ਜਾਹਰਾ (ਅੰਗ-ਸੰਗ)॥ ਆਪੇ ਹੋਵਹਿ ਗੁਪਤੁ (ਭਾਵ ਮਨਮੁਖ ਲਈ ਅਣਡਿੱਠ)); ਆਪੇ ਪਰਗਟੀਐ (ਭਾਵ ਭਗਤ ਲਈ ਪ੍ਰਤੱਖ)॥ ਕੀਮਤਿ ਕਿਸੈ ਨ ਪਾਇ; ਤੇਰੀ ਥਟੀਐ (ਕੁਦਰਤ ਦੀ)॥ ਗਹਿਰ ਗੰਭੀਰੁ ਅਥਾਹੁ; ਅਪਾਰੁ ਅਗਣਤੁ ਤੂੰ ॥ ਨਾਨਕ ! ਵਰਤੈ ਇਕੁ; ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥ (ਰਾਮਕਲੀ ਕੀ ਵਾਰ:੨/ਮ: ੫/੯੬੬)

(5). ਕਿਥਹੁ ਉਪਜੈ ? ਕਹ ਰਹੈ ? ਕਹ ਮਾਹਿ ਸਮਾਵੈ ? ॥ ਜੀਅ ਜੰਤ ਸਭਿ ਖਸਮ ਕੇ; ਕਉਣੁ ਕੀਮਤਿ ਪਾਵੈ ?॥..॥੩॥੧॥ (ਬਸੰਤੁ ਕੀ ਵਾਰ/ਮ: ੫/੧੧੯੩)

(6). ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ (ਭਾਵ ਖੇਡ) ॥ ਗੁਰ ਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ ॥ ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ !॥ ਆਪਿ ਨਾਥੁ, ਸਭ ਨਥੀਅਨੁ (ਉਸ ਨੇ ਨੱਥੀ); ਸਭ ਹੁਕਮਿ (’ਚ) ਚਲਾਈ ॥ ਨਾਨਕ ! ਹਰਿ ਭਾਵੈ, ਸੋ ਕਰੇ; ਸਭ ਚਲੈ ਰਜਾਈ ॥੩੬॥੧॥ ਸੁਧੁ ॥ (ਸਾਰੰਗ ਕੀ ਵਾਰ/ਮ: ੪/੧੨੫੧)

(ਨੋਟ: ਇਸ ਤੁਕ ਦੇ ਅੰਤ ’ਚ ਹੈ ‘ਸਭ ਚਲੈ ਰਜਾਈ’ ਤਾਂ ਫਿਰ ਨਾਸਮਝ ਲਈ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥’’ ਦਾ ਜਵਾਬ ‘‘ਹੁਕਮਿ ਰਜਾਈ ਚਲਣਾ.. ॥’’ ਭੁਲੇਖਾ ਹੀ ਪਾਏਗਾ ਭਾਵ ਉਸ ਨੂੰ ਜਾਪੇਗਾ ਕਿ ਸਾਡੇ ਹੱਥ ਕੀ ਹੈ ਕਿ ਅਸੀਂ ਹੁਕਮ ਵਿੱਚ ਚੱਲ ਸਕੀਏ ?।)

(7). ਸਿਰਿ ਸਿਰਿ ਹੋਇ ਨਿਬੇੜੁ; ਹੁਕਮਿ ਚਲਾਇਆ ॥ ਤੇਰੈ ਹਥਿ ਨਿਬੇੜੁ; ਤੂਹੈ ਮਨਿ ਭਾਇਆ ॥.. .. ਫਾਥਾ ਚੁਗੈ ਚੋਗ; ਹੁਕਮੀ ਛੁਟਸੀ ॥ ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ (ਖ਼ਤਮ ਹੋਏਗਾ)॥੨੬॥ (ਮਲਾਰ ਕੀ ਵਾਰ (ਮ: ੧/੧੨੯੦)

(ਨੋਟ: ‘ਮਲਾਰ ਕੀ ਵਾਰ’ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ਗਈ ਹੈ, ਜਿਸ ਦੇ ਅੰਤ ’ਚ ਉਕਤ ਵਿਸ਼ਾ ਸਪਸ਼ਟ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਨੇ ‘‘ਪਉੜੀ ਨਵੀ ਮ: ੫ ॥’’ ਸਿਰਲੇਖ ਵਿੱਚ ਦਰਜ ਕਰ ਕੇ ਵਾਰ ਦੀ ਸਮਾਪਤੀ ਆਪਣੀ ਇਸ ਪਉੜੀ ਉਪਰੰਤ ਕੀਤੀ, (8). ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ ॥ ਜਿਤੁ, ਤੂ ਲਾਇਹਿ ਸਚਿਆ ! ਤਿਤੁ, ਕੋ ਲਗੈ; ਨਾਨਕ ! ਗੁਣ ਗਾਈ ॥੨੮॥੧॥ ਸੁਧੁ (ਮਲਾਰ ਕੀ ਵਾਰ/ਮ: ੧/੧੨੯੧)

‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਭਾਵ ‘ਰੱਬੀ ਸ਼ਕਤੀ ਅਧੀਨ ਖੰਡ, ਮੰਡਲ, ਬ੍ਰਹਿਮੰਡ ਘੁੰਮਦੇ ਹਨ’, ਅਰਥ ਕਰਨਾ ਅਤੇ ‘‘ਹੁਕਮਿ ਰਜਾਈ ਚਲਣਾ; ਨਾਨਕ ਲਿਖਿਆ ਨਾਲਿ ॥੧॥ (ਜਪੁ) ਤੁਕ ਦਾ ਭਾਵਾਰਥ ‘ਹੁਕਮ ਵਿੱਚ ਚੱਲ ਰਿਹਾ ਹਾਂ, ਨੂੰ ਸਵੀਕਾਰਨਾ, ਜੋ ਹਰ ਜੂਨੀ ਦੀ ਹੋਂਦ ਤੋਂ ਨਿਰੰਤਰ ਨਾਲ਼ ਵਿਚਰਦਾ ਆ ਰਿਹਾ ਹੈ’, ਅਰਥ ਕਰਨਾ; ਦੋਵੇਂ ਵਿਸ਼ਿਆਂ ’ਚ ਭਿੰਨਤਾ ਤੇ ਗੁਰਮਤਿ ਅਨੁਸਾਰੀ ਜਾਪਦਾ ਹੈ। ਮਨਮੁਖ ਤੇ ਕਰਮਕਾਂਡੀ ਦੇ ਜੀਵਨ ਨੂੰ ਰੱਬ ਦੇ ਹੁਕਮ ਤੋਂ ਆਕੀ ਮੰਨ ਕੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ) ਵਾਕ ਦੇ ਪ੍ਰਚਲਿਤ ਅਰਥ (ਕਿ ਹਰ ਕੋਈ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਕੋਈ ਨਹੀਂ) ਨਾਲ਼ ਅਸਹਿਮਤੀ ਦਰਸਾਉਣਾ, ਨਾ ਸਮਝੀ ਦਾ ਪ੍ਰਤੀਕ ਹੈ।

ਪਾਠਕਾਂ ਦੇ ਸੁਝਾਅ ਵਿਚਾਰੇ ਜਾ ਸਕਦੇ ਹਨ ਅਤੇ ਸਹਿਮਤ ਹੋਣ ’ਤੇ ਹੋਰਾਂ ਨਾਲ਼ ਇਹ ਵਿਸ਼ਾ ਸਾਂਝਾ ਕਰਨ ਲਈ ਬੇਨਤੀ ਕਰਦਾ ਹਾਂ।


11/12/17
ਪੁਸ਼ਪਿੰਦਰ ਸਿੰਘ

ਸਲੋਕ ਮ: ੯ ਦੀ ਵਿਚਾਰ
ਸਲੋਕ ਮਹਲਾ ੯ ਦੀ ਬਾਣੀ ਨੂੰ ਗੁਰਮਤਿ ਸਿਧਾਤਾਂ ਪੱਖੋਂ ਨਾ ਸਮਝਣ ਕਾਰਨ ਭੁਲੇਖਾ ਪੈ ਗਿਆ ਕਿ ਗੁਰੂ ਸਾਹਿਬ ਉਦਾਸੀਨਤਾ ਜਾਂ ਤਿਆਗ ਸਿਖਾ ਰਹੇ ਹਨ ਪਰ ਜਦੋਂ ਇਸ ਬਾਣੀ ਨੂੰ ਗੁਰਮਤਿ ਸਿਧਾਤਾਂ ਪੱਖੋਂ ਸਮਝਣ ਦਾ ਜਤਨ ਕੀਤਾ ਤਾਂ ਪਤਾ ਲਗਿਆ ਕਿ ਇਹ ਬਾਣੀ ਹਰ ਮਨੁੱਖ ਨੂੰ ਸੇਧ ਦੇਂਦੀ ਹੈ ਕਿ ਆਪਣੇ ਜੀਵਨ ਦਾ ਮਿਆਰ ਉੱਚਾ ਕਿਵੇਂ ਕਰਨਾ ਹੈ ਅਤੇ ਧਾਰਮਕਤਾ ਭਰਪੂਰ ਜੀਵਨ ਕਿਸ ਤਰ੍ਹਾਂ ਜਿਊਣਾ ਹੈ...
ਪਾਠਕ ਸੱਜਣਾਂ ਲਈ ਹਾਜ਼ਿਰ ਹੈ... ਵੀਰ ਭੁਪਿੰਦਰ ਸਿੰਘ ਜੀ ਵੱਲੋਂ ਲਿਖੀ ਪੁਸਤਕ
“ਰੱਬੀ ਮਿਲਨ ਦੀ ਬਾਣੀ,
ਸਲੋਕ ਮ: ੯ ਦੀ ਵਿਚਾਰ”

ਇਹ ਪੁਸਤਕ “ਸਲੋਕ ਮ: ੯” ਦੇ ਸਲੋਕਾਂ ਦੇ ਨਾਲ-ਨਾਲ ਸਮੁੱਚੀ ਗੁਰਬਾਣੀ ਦੀ ਬਣਤਰ ਨੂੰ ਸਮਝਣ ਲਈ ਵੀ ਸਹਾਈ ਹੋਵੇਗੀ। ਇਸ ਪੁਸਤਕ ਨੂੰ “ਦੀ ਲਿਵਿੰਗ ਟ੍ਰੈਯਰ” ਦੇ ਦਫਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਫੋਨ ਰਾਹੀਂ ਆਪਣੇ ਪਤੇ ਤੇ ਮੰਗਵਾਉਣ ਲਈ ਸੰਪਰਕ ਕਰੋ –
109, Mukherji Park,
Tilak Nagar,
New Delhi – 110018
Phone: 011-25981163,
9811655321, 7838525758

ਨੋਟ: ਜਿਹੜੇ ਚਾਹਵਾਨ ਸੱਜਨ ਵੈਬਸਾਈਟ ਤੇ ਪੜ੍ਹਨਾ ਚਾਹੁੰਦੇ ਹਨ ਉਹ
www.sikhmarg.com ਤੇ ਹਫਤਾਵਾਰੀ ਪੜ੍ਹ ਸਕਦੇ ਹਨ।


11/12/17
ਇਛਪਾਲ ਸਿੰਘ “ਰਤਨ”

ਸਾਡੀ “ਸੋਦਰ” ਕਿਹੜੀ?

ਸਿੱਖ ਇਤਿਹਾਸ ਦੇ ਪੰਨਿਆ ਨੂੰ ਘੋਖਣ ਤੋਂ ਪਤਾ ਲਗਦਾ ਹੈਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਾਮਾ ਵੇਲੇ ‘ਸੋ ਦਰ’ ਬਾਣੀ ਦਾ ਪਹਿਲਾ ਸ਼ਬਦ “ਸੋ ਦਰ ਤੇਰਾ ਕੇਹਾ ਸੋ ਘਰ ਕੇਹਾ” ਪੜਨ ਦੀ ਮਰਯਾਦਾ ਕਾਇਮ ਕੀਤੀ।
ਪੰਜਵੇਂ ਜਾਮੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਰੂਪ ਵਿੱਚ ਜੱਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਸਭ ਤੋਂ ਪਹਿਲਾਂ ਸਿੱਖ ਦਾ ਨਿਤਨੇਮ ਪਕੇ ਪੈਰੀਂ ਕਾਇਮ ਕੀਤਾ ਅਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਮ੍ਰਿਤ ਵੇਲੇ ਪੜਨ ਜਾਣ ਵਾਲੀ ਬਾਣੀ “ਜਪੁ” ਸ਼ਾਮਾ ਵੇਲੇ “ਸੋ ਦਰ” ਤੇ “ਸੋ ਪੁਰਖ” ਨੂੰ ਇਕਠਾ ਕੀਤਾ। ਸੌਣ ਵੇਲੇ “ਸੋਹਿਲਾ ਸਾਹਿਬ” ਦਾ ਵਿਧਾਨ ਕਾਇਮ ਕੀਤਾ। ਪਹਿਲੇ 13 ਅੰਗਾਂ ਵਿੱਚ ਜਪੁ, ਸੋਦਰ, ਸੋਪੁਰਖ, ਅਤੇ ਸੋਹਿਲਾ ਸਾਹਿਬ ਅੰਕਤ ਕੀਤਾ। ਉਸ ਤੋਂ ਬਆਦ ਰਾਗਾਂ ਦੀ ਤਰਤੀਬ ਬਣਾਕੇ ਸਮੁਚੀ ਬਾਣੀ ਦਰਜ ਕੀਤੀ ਗਈ।
ਸੋ ਦਰ ਬਾਣੀ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ‘ਸੋ ਦਰ ਤੇਰਾ ਕੇਹਾ ਸੋ ਘਰ ਕੇਹਾ’ ਦੇ ਨਾਲ ਬਾਣੀ ਵਿੱਚੋਂ ਅੱਠ (8) ਸ਼ਬਦਾਂ ਦੀ ਆਪ ਚੌਣ ਕਰਕੇ “ਸੋ ਦਰ” ਦਾ ਸਮੁੱਚਾ ਸਰੂਪ ਕਾਇਮ ਕੀਤਾ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਪ੍ਰਕਾਰ ਹੈ:- “ਆਸਾ ਮ: 1, ਸੁਣਿ ਵਡਾ ਆਖੈ ਸਭੁ ਕੋਇ, ਆਸਾ ਮ: 1, ਆਖਾ ਜੀਵਾ ਵਿਸਰੈ ਮਰਿ ਜਾਉ, ਰਾਗ ਗੂਜਰੀ ਮ: 4, ਹਰਿ ਕੇ ਜਨ ਸਤਿਗੁਰ ਸਤ ਪੁਰਖਾ, ਰਾਗ ਗੂਜਰੀ ਮ; 5, ਕਾਹੇ ਰੇ ਮਨ ਚਿਤਵਹਿ ਉਦਮੁ ਅਤੇ ਸੋ ਪੁਰਖ ਸਿਰਲੇਖ ਹੇਠ:-ਰਾਗ ਆਸਾ ਮ: 4 ਸੋ ਪੁਰਖੁ ੴ ਸਤਿਗੁਰ ਪ੍ਰਸਾਦਿ॥ ਸੋ ਪੁਰਖ ਨਿਰਜਨੁ, ਆਸਾ ਮ: 4, ਤੂੰ ਕਰਤਾ ਸਚਿਆਰੁ ਮੈਡਾ ਸਾਈ, ਆਸਾ ਮ: 1 ਤਿਤੁ ਸਰਵਰੜੈ ਭਾਈਲੇ ਨਿਵਾਸਾ, ਆਸਾ ਮ: 5 ਭਾਈ ਪਰਾਪਤਿ ਮਾਨੁਖ ਦੇਹੁਰੀਆ” ਇਹ ਸਮੁਚੇ ਨੌਂ (9) ਸ਼ਬਦਾ ਦਾ ਸੁਮੇਲ ਹੀ “ਸੋ ਦਰ” ਹੈ।
ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ “ਦੇਹਧਾਰੀ ਗੁਰੂ” ਦੀ ਪ੍ਰੰਮਪਰਾ ਨੂੰ ਹਮੇਸ਼ਾ ਲਈ ਸਮਾਪਿਤ ਕਰਕੇ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੰਘਾਸਨ ਤੇ ਪ੍ਰਕਾਸ਼ ਕਰਕੇ ਹਕੁਮ ਕੀਤਾ ਕਿ ਅਜ ਤੋਂ ਬਆਦ ਜੁਗੋ ਜੁੱਗ ਅਟੱਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੋਣਗੇ। ਬਾਣੀ ਅੰਦਰਲੀ ਤਰਤੀਬ, ਮਰਯਾਦਾ ਜੋ ਪੰਜਵੇ ਜਾਮੇ ਵਿੱਚ ਕਾਇਮ ਕੀਤੀ ਉਸ ਨੂੰ ਉਵੇ ਹੀ ਕਾਇਮ ਰਖਿਆ। ਫਿਰ ਕਿਤਨੀ ਅਜੀਬ ਗਲ ਹੈਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਅਨੇਕਾ ਹੀ ਜੱਥੇ, ਟਕਸਾਲਾਂ, ਡੇਰੇਦਾਰਾਂ, ਸ਼ਰੋਮਣੀ ਕਮੇਟੀਆਂ ਨੇ ਆਪੋ ਆਪਣੀਆਂ ਬਣਾਈਆਂ ਮਰਯਾਦਾ ਦੇ ਨਾਮ ਥੱਲੇ “ਸੋ ਦਰ” ਬਾਣੀ ਦਾ ਸਰੂਪ ਜੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕਾਇਮ ਕੀਤਾ ਹੈ ਉਸ ਨੂੰ ਵਿਗਾੜਨ ਦਾ ਕੋਝਾ ਜਤਨ ਕੀਤਾ ਹੈ। ਕੋਈ ਸੋ ਦਰ ਬਾਣੀ ਦੀ ਸ਼ੁਰੂਆਤ ਆਸਾ ਕੀ ਵਾਰ ਦੇ ਸ਼ਲੋਕ “ਦੁਖ ਦਾਰੂ ਸੁਖ ਰੋਗ ਭਇਆ” ਤੋਂ ਕਰਦਾ ਹੈ। ਕੋਈ ‘ਹਰਿ ਜੁਗ ਜੁਗ ਭਗਤ ਉਪਾਇਆ’ ਤੋਂ ਅਤੇ ਵਿੱਚ ਬਚਿੱਤ੍ਰ ਨਾਟਕ ਦੇ ਅੜੀਅਲ, ਸਵਯੇ, ਛੰਤ, ਚੌਪਈਆਂ, ਅਤੇ “ਪੁਨ ਰਾਛਸ ਕਾ ਕਾਟਾ ਸੀਸਾ” ਆਦਿ “ਸੋ ਦਰ” ਵਿੱਚ ਆਪਣੀ ਮਤ ਅਨੁਸਾਰ ਜੋੜ ਦਿਤੇ ਹਨ। ਜੋਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਤੀਬ, ਸਰੂਪ, ਬਣਤਰ, ਸਿਧਾਂਤ ਤੋਂ ਬਿਲਕੁਲ ਉਲੱਟ ਹੈ।
ਜੇ ਡੇਰੇਦਾਰਾਂ ਨੂੰ ਪੁਛੀਏ ਕਿ ਭਾਈ ਸੋ ਦਰ ਵਿੱਚ ਇਹ ਅੜੀਅਲ਼, ਸਵਯੇ, ਛੰਤ, ਚੋਪਈਆਂ ਕਿਉ? ਤਾਂ ਜੁਆਬ ਮਿਲਦਾ ਹੈਕਿ ਇਹ ਮਰਯਾਦਾ ਸਾਡੇ ਮਹਾਂਪੁਰਖ ਕਾਇਮ ਕਰਕੇ ਗਏ ਹਨ। ਜੇ ਪ੍ਰਚਾਰਕਾ ਸ਼੍ਰੋਮਣੀ ਕਮੇਟੀਆ ਨੂੰ ਪੁਛੀਏ ਤਾਂ ਜੁਆਬ ਮਿਲਦਾ ਹੈਕਿ” ਸਿਖ ਰਹਿਤ ਮਰਯਾਦਾ ਵਿੱਚ ਵਿਦਵਾਨਾ ਨੇ “ਸੋਦਰ” ਦਾ ਸਰੂਪ ਤਿਆਰ ਕੀਤਾ ਹੈ ਇਸ ਲਈ ਇਹ ਜ਼ਰੂਰੀ ਹੈ। ਡੇਰੇਦਾਰ ਆਪਣੇ ਮਹਾਂਪੁਰਖਾਂ ਨੂੰ ਅੱਗੇ ਰਖਦੇ ਹਨ ਅਤੇ ਪ੍ਰਚਾਰਕ ਜਨ ਵਿਦਵਾਨਾ ਨੂੰ ਜਾਂ ਫਿਰ ਗੁਰੂ ਪੰਥ ਦਾ ਵਾਸਤਾ ਪਾਉਂਦੇ ਹਨ। ਪਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਕਾਇਮ ਕੀਤਾ ਹੋਇਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋਦਰ ਦਾ ਸਰੂਪ ਜਿਸ ਨੂੰ ਦਸਵੇਂ ਪਾਤਸ਼ਾਹ ਜੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਰਕਰਾਰ ਰਖਿਆ ਜਿਸ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਾਧ ਘਾਟ ਨਹੀ ਕੀਤਾ, ਉਸ ਦੀ ਗਲ ਕੋਈ ਨਹੀ ਕਰਦਾ।
ਪੰਥ ਉਹ ਜਿਹੜਾ ਗੁਰੂ ਸਾਹਿਬਾਨ ਜੀ ਦੀ ਕਾਇਮ ਕੀਤੀ ਹੋਈ ਮਰਯਾਦਾ ਸਿਧਾਂਤ, ਗੁਰਬਾਣੀ ਦੀ ਤਰਤੀਬ ਨੂੰ ਹਮੇਸ਼ਾਂ ਕਾਇਮ ਰਖਣ ਲਈ ਤਤਪਰ ਰਹੇ। ਗੁਰਬਾਣੀ ਦਾ ਤਾਂ ਫੈਸਲਾ ਇਹ ਹੈਕਿ:- “ਜੋ ਗੁਰ ਕਹੈ ਸੋਈ ਭਲ ਮਾਨੋ॥”
ਕੀ ਸਾਡੇ ਮਹਾਂਪੁਰਖ, ਸਾਡੇ ਵਿਦਵਾਨ, ਗੁਰੂ ਸਾਹਿਬਾਨ ਜੀ ਤੋਂ ਵੱਧ ਸਿਆਣੇ ਹਨ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਸੋਦਰ” ਦੀ ਬਾਣੀ ਅਧੂਰੀ ਹੈ? ਜੋ ਇਨ੍ਹਾਂ ਨੇ ਆਪਣੀਆਂ ਮਰਯਾਦਾਵਾਂ ਦੇ ਨਾਮ ਥਲੇ ਪੂਰੀ ਕੀਤੀ ਹੈ?
ਸੋਦਰ ਨਾਲ ਜੋੜੇ ਗਏ ਅੜੀਅਲ, ਚੋਪਈਆਂ, ਸਵੱਯੇ, ਦੋਹਰੇ ਆਦਿ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿਸਾ ਹੀ ਨਹੀ। ਇਨ੍ਹਾਂ ਨੂੰ ਗੁਰੂ ਦਾ ਦਰਜਾ ਵੀ ਪ੍ਰਾਪਤ ਨਹੀ। ਫਿਰ ਇਹ ਕਿਉਂ ਸਿੱਖ ਲਈ ਜ਼ਰੂਰੀ ਹਨ?
ਜਿਹੜਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਚੁਕ ਕੇ ਰੋਜ਼ਾਨਾ ਸੋਦਰ ਬਾਣੀ ਪੜਦਾ ਹੈ। ਕੀ ਉਹ ਅਧੂਰੀ ਸੋਦਰ ਪੜਦਾ ਹੈ? ਕੀ ਅਸੀਂ ਇਹ ਆਖ ਸਕਦੇ ਹਾਂ ਕਿ ਇਸ ਨੇ ਅਧੂਰਾ ਪਾਠ ਕੀਤਾ ਹੈ? ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੇਵਲ ਨੌ ਸ਼ਬਦਾਂ ਦਾ ਹੀ ਸੋਦਰ ਹੈ। ਜੋ ਆਪਣੇ ਆਪ ਵਿੱਚ ਸੰਪੂਰਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਦਾ ਨਿਤਨੇਮ, ਸੋਦਰ ਅਤੇ ਸਮੁਚੀ ਬਾਣੀ ਆਪਣੇ ਆਪ ਵਿੱਚ ਸੰਪੂਰਨ ਹੈ। ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਆਪ ਵਿੱਚ ਪੂਰਾ ਗੁਰੂ ਹੈ ਅਤੇ ਸਾਨੂੰ ਇਹ ਵਿਸ਼ਵਾਸ਼ ਹੈਕਿ:-
ਪੂਰੇ ਕਾ ਕੀਆ ਸਭ ਕਿਛੁ ਪੂਰਾ
ਘਟਿ ਵਧਿ ਕਿਛੁ ਨਾਹੀ॥

ਅਸੀਂ ਭੁਲਣਹਾਰ ਹਾਂ, ਅਵਗੁਣਹਾਰੇ ਹਾਂ, ਗੁਰੂ ਦਾ ਉਪਦੇਸ਼ ਭੁਲ ਜਾਂਦੇ ਹਾਂ ਪਰ ਗੁਰੂ ਨਹੀ ਭੁਲਦਾ:-
ਭੁਲਣ ਅੰਦਰਿ ਸਭ ਕੋ
ਅਭੁਲ ਗੁਰੂ ਕਰਤਾਰ॥
ਗੁਰੂ ਸਾਹਿਬਾਨ ਜੀ ਨੇ ਕੋਈ ਵੀ ਕੰਮ ਅਧੂਰਾ ਨਹੀ ਛਡਿਆ। ਇਸ ਲਈ ਸਿਖ ਨੂੰ ਇਹ ਵਿਸ਼ਵਾਸ਼ ਹੋਣਾ ਚਾਹੀਦਾ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਕਲਾ ਸਮਰਥ ਗੁਰੂ ਹਨ। ਸਾਨੂੰ ਧੰਨ ਸਾਹਿਬ ਸ੍ਰ ਗੁਰੂ ਅਰਜਨ ਸਾਹਿਬ ਜੀ ਦੇ ਇਹ ਬਚਨ ਹਮੇਸ਼ਾਂ ਚੇਤੇ ਰਖਣੇ ਚਾਹੀਦੇ ਹਨ “ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ 1॥ ਰਹਾਉ॥ ਗੁਰੂ ਕ੍ਰਿਪਾ ਕਰੇ ਅਸੀਂ ਸਮੁਚੇ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਈਏ।
ਸ਼ਰੋਮਣੀ ਗੁ: ਪ੍ਰਬੰਦਕ ਕਮੇਟੀ ਅੰਮ੍ਰਿਤਸਰ ਨੂੰ ਨਿਮਰਤਾ ਸਹਿਤ ਬਨੇਤੀ ਹੈਕਿ ਸ੍ਰੀ ਦਰਬਾਰ ਸਾਹਿਬ ਜੀ ਵਿਚੋਂ ਸੋਦਰ ਬਾਣੀ ਦਾ ਪ੍ਰਸਾਰਨ ਟੀਵੀ ਤੇ ਰੋਜ਼ਾਨਾ ਹੁੰਦਾ ਹੈ ਕਿਉਨਾ ਸੋਦਰ ਬਾਣੀ ਦੀ ਡਿਉਟੀ ਨਿਭਾਉਣ ਵਾਲੇ ਗ੍ਰੰਥੀ ਸਿੰਘ ਜੀ ਨੂੰ ਇਹ ਪਕਾ ਕਰ ਦਿਤਾ ਜਾਏ ਕਿ ਸੋਦਰ ਬਾਣੀ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਚੁਕ ਕੇ ਕੀਤਾ ਜਾਏ ਤਾਂਕਿ ਸਾਰਿਆਂ ਦੇ ਭੁਲੇਖੇ ਦੂਰ ਹੋ ਜਾਣ ਕਿ ਸੋਦਰ ਦਾ ਸਰੂਪ ਕਿਹੜਾ ਹੈ। ਇਸ ਤਰਾਂ ਕਰਨ ਨਾਲ ਸਮੁਚੇ ਵਿਸ਼ਵ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਕਾਇਮ ਕੀਤੀ ਸੋਦਰ ਦੀ ਮਰਯਾਦਾ ਪਕੀ ਹੋ ਜਾਏਗੀ। ਕਿਸੇ ਨੂੰ ਕੋਈ ਭੁਲੇਖਾ ਰਹੇ ਗਾ ਹੀ ਨਹੀ।
ਭੁੱਲ ਚੁੱਕ ਦੀ ਖਿਮਾ
ਇਛਪਾਲ ਸਿੰਘ “ਰਤਨ”
9311887100


11/12/17
ਹਰਪਾਲ ਸਿੰਘ ਫਿਰੋਜਪੁਰੀਆ

ਬਾਣੀ ਦਾ ਪਾਠ
ਅਜੇ ਤਾਂ ਸਿੱਖ ਬਾਣੀ ਦਾ ਪਾਠ
ਕਰ ਰਹੇ ਨੇ ਜਾਂ ਕਰਾ ਰਹੇ ਨੇ,,
ਸਵਰਗ ਲੈਣ ਲਈ,
ਰਿਧੀਆਂ ਸਿਧੀਆਂ ਲੈਣ ਲਈ,
ਸਰੀਰਕ ਅਰੋਗਤਾ ਲਈ ,
ਵਿਗੜੇ ਕੰਮਾਂ ਨੂੰ ਸੰਵਾਰਨ ਲਈ,
ਘਰ ਵਿੱਚ ਸੁੱਖਸ਼ਾਤੀ ਲਈ,
ਬੱਚਿਆਂ ਦੇ ਪਾਸ ਹੋਣ ਲਈ,
ਨੌਕਰੀ ਮਿਲ ਜਾਣ ,
ਮੁੰਡੇ ਕੁੜੀ ਦੇ ਵਿਆਹ ਲਈ,
ਵਿਦੇਸ਼ ਜਾਣ ਲਈ ,
ਵਿਦੇਸ਼ਾਂ ਵਿੱਚ ਪੱਕੇ ਹੋਣ ਲਈ,
ਮੁਕੱਦਮੇ ਜਿੱਤਣ ਲਈ ,
ਵੈਰੀਆ ਨੂੰ ਹਰਾਉਣ ਲਈ ,
ਦੁੱਧ ਲੈਣ ਲਈ ,
ਪੁੱਤ ਲੈਣ ਲਈ ,
ਆਦਿ ਆਦਿ ।
ਜਨਮ ਦਿਨ ਮਨਾਉਣ ਲਈ,
ਅੈਨੀਵਰਸਰੀ ਮਨਾਉਣ ਲਈ,
ਜਠੇਰਿਆਂ ਨੂੰ ਖੁਸ਼ ਕਰਨ ਲਈ,
ਮੱਸਿਆ, ਪੁੰਨਿਆ, ਸੰਗਰਾਦਾਂ
ਤੇ ਸਾਧਾਂ ਦੀਆਂ ਬਰਸੀਆਂ
ਮਨਾਉਣ ਲਈ , ਸੁੱਖਣਾ
ਲਾਉਣ ਲਈ ,, ਆਦਿ ਆਦਿ
ਜਿਸ ਦਿਨ ਤੋਂ ਸਿੱਖ ,,,,,,,,,,,,,,,,,,
ਗੁਰਬਾਣੀ ਨੂੰ ਸਮਝਣ ਲਈ ,
ਰੱਬ ਦੀ ਸਿਫ਼ਤ ਸਲਾਹ ਲਈ,
ਰੱਬ ਅੱਗੇ ਅਰਦਾਸ ਕਰਨ ਲਈ ,
ਰੱਬ ਦੇ ਬਾਰੇ ਜਾਨਣ ਲਈ ,
ਰੱਬੀ ਗੁਣਾਂ ਨੂੰ ਹਿਰਦੇ ਵਿੱਚ
ਵਸਾਉਣ ਲਈ ,
ਧਰਮ ਨੂੰ ਸਮਝਣ ਦੇ ਲਈ ,
ਆਪਣੇ ਆਪ ਨੂੰ ਪਹਿਚਾਨਣ ਲਈ,
ਸ਼ੈਤਾਨ ਮਨ ਨੂੰ ਸਮਝਾਉਣ ਲਈ ,
ਜੀਵਨ ਪੱਧਰ ਨੂੰ ਉੁੱਚਾ ਚੁੱਕਣ ਲਈ,
ਜੀਵਨ ਨੂੰ ਸੰਵਾਰਨ ਲਈ ,
ਅਗਿਆਨਤਾ ਦੇ ਹਨੇਰੇ ਨੂੰ
ਦੂਰ ਕਰਨ ਲਈ ,
ਗੁਰਬਾਣੀ ਪੜਣੀ ਸ਼ੁਰੂ ਕਰ ਦੇਣਗੇ। ਉਸ ਦਿਨ ਤੋਂ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਲੋਡ਼ ਖਤਮ ਹੋ ਜਾਵੇਗੀ।
ਗੁਰਬਾਣੀ ਦੀ ਟਕਸਾਲ ਵਿਚੋਂ ਘੜੇ ਹੋਏ ਜੀਵਨ ਨੂੰ ਦੇਖ ਕੇ ਲੋਕ ਆਪਣੇ ਆਪ ਸਿੱਖ ਬਨਣ ਲੱਗ ਪੈਣਗੇ ।,,,,,,
ਇਹ ਮੇਰਾ ਵਿਸ਼ਵਾਸ ਹੈ ।

ਹਰਪਾਲ ਸਿੰਘ ਫਿਰੋਜ਼ਪੁਰੀਆ 88722-19051


11/12/17
ਵਰਲਡ ਸਿੱਖ ਫੈਡਰੇਸ਼ਨ(ਅਵਤਾਰ ਸਿੰਘ ਮਿਸ਼ਨਰੀ)

-ਗੁਰਮਤਿ ਪ੍ਰਚਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਕੰਧ ਤੇ ਲਿਖਿਆ ਪੜ੍ਹਨ ਦੀ ਲੋੜ

-ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਖੁਦ ਹੀ ਅਮ੍ਰਿਤਸਰ ਦੇ ਦਿਵਾਨ ਕੈਂਸਲ ਕਰਨੇ ਇਕ ਦੂਰਦ੍ਰਿਸ਼ਟੀ ਵਾਲਾ ਕੰਮ

-ਵਰਲਡ ਸਿੱਖ ਫੈਡਰੇਸ਼ਨ

(ਅਵਤਾਰ ਸਿੰਘ ਮਿਸ਼ਨਰੀ)ਜਦੋਂ ਜਦੋਂ ਸੱਚ ਦਾ ਪਰਚਾਰ ਹੁੰਦਾ ਹੇ ਉਦੋਂ ਉਦੋਂ ਬਿਪਰੀ ਵਿਚਾਰਾਂ ਵਾਲੇ ਅਤੇ ਝੂਠ ਦੇ ਸਹਾਰੇ ਪਨਪ ਰਹੀਆਂ ਜੋਕਾਂ ਨੂੰ ਗੁਰਬਾਣੀ ਦੇ ਬਣਾਏ ਗਏ ਬਿਜਨਸ ਰੁਕਣ ਕਾਰਣ ਖੁਸ ਰਹੀ ਰੋਜੀ-ਰੋਟੀ ਸਦਕੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਡੇਰੇਦਾਰ ਅਤੇ ਸੰਪਰਦਾਈ ਲੋਕ ਆਪਦੇ ਵਡਾਰੂਆਂ ਦੀਆਂ ਮਾਰੀਆਂ ਜੱਭਲੀਆਂ ਦੀ ਨਵੇਂ ਸਮੇ ਵਿੱਚ ਵਿਗਿਆਨਿਕ ਸੋਚ ਰਾਹੀਂ ਹੋ ਰਹੀ ਦੁਰਦਸ਼ਾ ਕਾਰਣ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਵਿਚਾਰਧਾਰਾ ਦਾ ਪਰਚਾਰ ਕਰ ਰਹੇ ਪਰਚਾਰਕਾਂ ਤੋਂ ਬੁਖਲਾਕੇ ਇਖਲਾਕੋਂ ਗਿਰੀਆਂ ਕਾਰਵਾਈਆਂ ਕਰਨ ਲੱਗੇ ਹਨ। ਇਹਨਾ ਲੋਕਾਂ ਦੇ ਉਜੱਡਪੁਣੇ ਕਾਰਣ ਜਿੱਥੇ ਨਵੀਂ ਜਨਰੇਸ਼ਨ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ ਉੱਥੇ ਵੱਖ-ਵੱਖ ਕੌਮਾਂ ਦੇ ਸਾਹਮਣੇ ਸਿੱਖਾਂ ਨੂੰ ਵਾਰ ਵਾਰ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ ਹੈ ਜੋ ਸੋਚਦੇ ਹੋਣਗੇ ਕਿ ਸਿੱਖ ਏਨੇ ਬੂਝੜ ਹਨ ਕਿ ਵਿਚਾਰ ਚਰਚਾ ਵਾਲੇ ਮੁੱਦਿਆਂ ਤੇ ਧੂਤਕੜਾ ਮਚਾਉਂਦੇ ਫਿਰਦੇ ਹਨ।। ਦੇਸ-ਵਿਦੇਸ ਵਿੱਚ ਨਵੀਂ ਜਨਰੇਸ਼ਨ ਦੇ ਬੱਚੇ ਜੋ ਕਿ ਕੇਵਲ ਤੇ ਕੇਵਲ ਲੌਜਿਕ ਨਾਲ ਹੀ ਸਮਝਦੇ ਹਨ ਇਹਨਾ ਅਜੋਕੇ ਬਾਹਮਣਾ ਨੂੰ ਨਕਾਰ ਚੁੱਕੇ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ,ਭਾਈ ਪੰਥਪਰੀਤ ਸਿੰਘ ਬਖਤਾਉਰ ਵਾਲੇ ਅਤੇ ਸਰਬਜੀਤ ਸਿੰਘ ਧੂੰਦਾ ਸਮੇਤ ਮਿਸ਼ਨਰੀ ਕਾਲਜ ਦੇ ਅਨੇਕਾਂ ਪਰਚਾਰਕਾਂ ਦਾ ਵਿਰੋਧ ਦੇਹ-ਪੂਜ ਲੋਕਾਂ ਦੀ ਇਸੇ ਬੁਖਲਾਟ ਦਾ ਨਤੀਜਾ ਹੈ। ਦੁਨੀਆਂ ਦੇਖ ਰਹੀ ਹੈ ਕਿ ਤੱਤ ਗੁਰਮਤਿ ਦਾ ਪਰਚਾਰ ਕਰਨ ਜਾਂ ਸੁਨਣ ਵਾਲਿਆਂ ਨੇ ਸਭ ਕੁਝ ਜਾਣਦੇ ਹੋਏ ਵੀ ਕਦੇ ਵੀ ਸੰਪਰਦਾਈਆਂ/ਡੇਰੇਦਾਰਾਂ ਦਾ, ਸਿਖਾਂ ਦਾ ਜਲੂਸ ਕਢਵਾਉਣ ਵਾਲਾ ਵਿਰੋਧ ਕਦੇ ਨਹੀਂ ਕੀਤਾ ਜਦਕਿ ਇਹ ਬਚਿਤਰੀ/ਅੰਧਵਿਸ਼ਵਾਸੀ ਲੋਗ ਆਪਦੇ ਨਾਲ ਨਾਲ ਪੂਰੀ ਸਿੱਖ ਕੌਮ ਦਾ ਜਲੂਸ ਕੱਢਣੋ ਵੀ ਬਾਜ ਨਹੀਂ ਆਉਂਦੇ। ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਇਕ ਮੀਟਿੰਗ ਦੌਰਾਨ ਤੱਤ ਗੁਰਮਤਿ ਦੇ ਦੁਸ਼ਮਣਾ ਨੂੰ ਕੰਧ ਤੇ ਲਿਖਿਆ ਪੜਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਧੁਤਾਗਿਰੀ ਨਾਲ ਦੁਨੀਆਂ ਨੂੰ ਸਿੱਖ ਕੌਮ ਦਾ ਤਮਾਸ਼ਾ ਬਣਾਕੇ ਦਿਖਾਉਣ ਦੀ ਜਗਹ ਆਪਣੇ ਸੰਪਰਦਾਈ ਗ੍ਰੰਥਾਂ ਅਤੇ ਸੋਚ ਦਾ ਪਰਚਾਰ ਕਰਕੇ ਦੇਖਣ ਕਿ ਸੰਗਤ ਹੁਣ ਇਹਨਾਂ ਦੀਆਂ ਅੰਧਵਿਸ਼ਵਾਸੀ ਗੱਪਾਂ ਨੂੰ ਸੁਣਦੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਦਰਤ ਦੇ ਅੰਗ-ਸੰਗ ਨਿਰੋਲ ਸੱਚ ਦੇ ਗਿਆਨ ਨੂੰ। ਉਹਨਾ ਸੰਸਾਰ ਦੀਆਂ ਸਮੂਹ ਪਰਚਾਰਕ ਜੱਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਬੇਨਤੀ ਕਰਦਿਆ ਕਿਹਾ ਕਿ ਸੱਚ ਦੇ ਗਿਆਨ ਦੇ ਦੁਸ਼ਮਣ ਧੂਤਿਆਂ ਤੋਂ ਡਰਕੇ ਸੱਚ ਦੇ ਪਰਚਾਰ ਦੇ ਵਿਰੁੱਧ ਨਾ ਭੁਗਤਣ ਸਗੋਂ ਧੂਤਾਗਿਰੀ ਖਿਲਾਫ ਸੱਚ ਦਾ ਸਾਥ ਦੇਣ।

ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਮਹੌਲ ਨੂੰ ਤਕਦਿਆਂ ਖੁਦ ਹੀ ਅਮ੍ਰਿਤਸਰ ਦੇ ਦਿਵਾਨ ਕੈਂਸਲ ਕਰਨ ਨੂੰ ਬਹੁਤ ਹੀ ਦੂਰਦ੍ਰਿਸ਼ਟਤਾ ਵਾਲਾ ਕੰਮ ਦੱਸਦਿਆਂ ਕਿਹਾ ਕਿ ਹੁਣ ਤਾਂ ਬੱਚਾ-ਬੱਚਾ ਜਾਣ ਚੁੱਕਾ ਹੈ ਕਿ ਸੰਪਰਦਾਈਆਂ/ਡੇਰੇਦਾਰਾਂ/ਰਾਜਨੀਤਕਾਂ ਦਾ ਉਦੇਸ਼ ਹਰ ਹੀਲੇ ਦੰਗਾ-ਫਸਾਦ ਕਰਵਾਕੇ ਸਰਕਾਰ ਦੀ ਨਿਗਾਹ ਵਿੱਚ ਸੱਚ ਦੇ ਪਰਚਾਰਕਾਂ ਨੂੰ ਹੀ ਅਜਿਹੇ ਹਾਲਾਤਾਂ ਦਾ ਦੋਸ਼ੀ ਠਹਿਰਾਕੇ ਆਪਣਾ ਉੱਲੂ ਸਿੱਧਾ ਕਰਨ ਦਾ ਹੈ ।ਇਹ ਲੋਕ ਜਾਣਦੇ ਹਨ ਕਿ ਇਹਨਾ ਕੋਲ ਲੌਜਿਕ/ਵਿਚਾਰ/ਦਲੀਲ ਨਾਮ ਦੀ ਤਾਂ ਕੋਈ ਚੀਜ ਹੈ ਹੀ ਨਹੀਂ ਇਸ ਲਈ ਆਪਦੀ ਹੋਂਦ ਰਾਜਨੀਤਕ ਪੈਂਤੜਿਆਂ ਨਾਲ ਬਚਾਈ ਰੱਖਣਾ ਚਾਹੁੰਦੇ ਹਨ ।ਏਸੇ ਲਈ ਚੱਲ ਰਹੇ ਦਿਵਾਨਾ ਵਿੱਚ ਧੂਤਕੜਾ ਮਚਾਕੇ ਦੰਗਾ ਫਸਾਦ ਕਰਵਾਉਣ ਦੀ ਤਾਕ ਵਿੱਚ ਹਨ। ਵਿਦੇਸ਼ਾਂ ਵਿੱਚ ਵੀ ਏਸੇ ਫਾਰਮੂਲੇ ਨਾਲ ਪਰਚਾਰਕਾਂ ਨੂੰ ਫਸਾਦ ਦਾ ਦੋਸ਼ੀ ਗਰਦਾਨ ਪਰਚਾਰਕਾਂ ਤੇ ਪਾਬੰਦੀ ਲਗਵਾਉਣ ਦੀਆਂ ਕੋਝੀਆਂ ਚਾਲਾਂ ਚੱਲਦੇ ਹਨ। ਸਮੂਹ ਸੰਗਤਾਂ ਨੂੰ ਦੋਹਾਂ ਧਿਰਾਂ ਦੇ ਵਿਚਾਰ ਸੁਣ ਖੁਦ ਫੈਸਲਾ ਕਰਨ ਲਈ ਆਖਦੇ ਹੋਏ ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਕਿਹਾ ਕਿ ਇਸ ਵਿਰੋਧ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਵਿਚਾਰਧਾਰਾ ਨੂੰ ਬਿਪਰਵਾਦ ਲਈ ਵਰਤਣ ਵਾਲੇ ਸ਼ਰੇਆਮ ਨੰਗੇ ਹੋ ਗਏ ਹਨ।
ਸਮੂਹ ਸੇਵਾਦਾਰ ਵਰਲਡ ਸਿੱਖ ਫੈਡਰੇਸ਼ਨ


11/12/17
ਬੀ. ਐਸ. ਢਿੱਲੋਂ, ਐਡਵੋਕੇਟ

ਪਾਪ ਪੁੰਨ, ਨਰਕ ਸੁਰਗ, ਰੱਬ, ਆਤਮਾਂ, ਕਰਮ ਕੀ ਹੁੰਦੇ ਹਨ? ਅੱਜ ਮੈ ਸਾਡੇ ਪਿੰਡ ਕੋਟ ਫੱਤੇ (ਬਠਿੰਡਾ) ਦੇ ਝਟਕਈ ਤੋਂ ਮੀਟ ਲੈਣ ਗਿਆ! ਮੈ ਮੁੰਡੇ ਨੂੰ ਪੁੱਛਿਆ ਕਿ "ਕਾਕਾ ਆਪਣੇ ਪਿੰਡ ਇੱਕ ਪੁਰਾਣਾ ਝਟਕਈ ਹੁੰਦਾ ਸੀ?ਅਸੀ ਬਚਪਣ ਵਿੱਚ ਉਸਤੋ ਮੀਟ ਲਿਆ ਕਰਦੇ ਸੀ!" "ਤੁਸੀ ਜੰਗੇ ਝਟਕਈ (ਜੰਗ ਸਿੰਘ) ਦੀ ਗੱਲ ਕਰਦੇ ਹੋ? ਜਿਸਦਾ ਟੇਸ਼ਨ (ਸਟੇਸ਼ਨ) ਕੋਲੇ ਘਰ ਸੀ?" ਉਹਨੇ ਮੇਰੇ ਮੂੰਹ ਵੱਲ ਵੇਖਿਆ! "ਹਾਂ ਹਾਂ ਉਹੀ! ਉਹਨੂੰ ਤਾਂ ਮਰੇ ਨੂੰ ਵੀ 25-30. ਸਾਲ ਹੋ ਗਏ ਹੋਣਗੇ?" "ਨਹੀ ਜੀ ਦੋ ਕੁ ਸਾਲ ਹੀ ਹੋਏ ਹਨ! 112 ਸਾਲ ਦਾ ਹੋ ਕੇ ਮਰਿਆ! ਸੌ ਸਾਲ ਦੀ ਉਮਰ ਤੱਕ ਬੱਕਰੇ ਝਟਕਾ ਦਿੰਦਾ ਸੀ! " ਮੈ ਹੈਰਾਂਨ, ਖੁਸ਼ ਤੇ ਸੁੰਨ! ਉਹ 20 ਸਾਲ ਦੀ ਉਮਰ ਵਿੱਚ ਪਿਤਾ ਪੁਰਖੀ ਕਿੱਤੇ ਵਿੱਚ ਝਟਕਈ ਬਣਿਆ ਸੀ! ਜੇ ਸਾਲ ਵਿੱਚ 300 ਬੱਕਰਾ ਵੱਢਿਆ ਤਾਂ 80 ਸਾਲਾਂ ਵਿੱਚ 24000 ਬੱਕਰੇ ਝਟਕੇ ਸਨ! ਦੂਜੇ ਪਾਸੇ ਮੇਰੇ ਪਿੰਡ ਦੇ 25-30 ਸਾਲ ਦੇ 3-4 ਜਵਾਨ ਮੁੰਡੇ ਕੁੜੀਆਂ ਕੈਸਰ ਨਾਲ ਮਰ ਗਏ ਜਿਨ੍ਹਾਂ ਕਦੀ ਕੁੱਤੇ ਦੇ ਸੋਟੀ ਨਹੀਂ ਸੀ ਮਾਰੀ! ਮੀਟ, ਮੁਰਗਾ, ਮੱਛੀ ਬਣੀ ਬਣਾਈ ਵੀ ਨਹੀਂ ਖਾਧੀ ਹੋਣੀ?
B S Dhillon
9988091463


11/05/17
ਹਰਪਾਲ ਸਿੰਘ ਫਿਰੋਜਪੁਰੀਆ

ਦਾਤਾ (ਦਾਤਾਂ ਦੇਣ ਵਾਲਾ) ਕੌਣ ??
ਹਰ ਇਨਸਾਨ ਦਾ ਇਹ ਕਹਿਣਾ ਹੈ ਕਿ ਜਿਸ ਨੂੰ ਮੈਂ ਮੰਨ ਰਿਹਾ ਹਾਂ, ਮੈਨੂੰ ਤੇ ਮੇਰੇ ਪਰਿਵਾਰ ਨੂੰ ਦਾਤਾਂ ਉਹੋ ਦੇ ਰਿਹਾ ਹੈ। ਆਪਣੀ ਹਰ ਕਾਮਯਾਬੀ ਦੇ ਪਿੱਛੇ ਆਪਣੇ ਗੁਰੂ, ਪੀਰ, ਸੰਤ, ਮਹੰਤ, ਸਾਧ, ਬਾਬੇ, ਸਾਂਈ, ਪਾਂਡੇ, ਜਠੇਰੇ ਤੇ ਦੇਵੀ ਦੇਵਤਿਆਂ (ਜਿੰਨੂ ਵੀ ਉਹ ਮੰਨਦਾ ਹੈ) ਆਦਿ ਦੇ ਹੋਣ ਦੀ ਗੱਲ ਕਰਦਾ ਹੈ, ਤੇ ਕਹਿੰਦਾ ਹੈ ਕਿ ਉਹਨਾਂ ਦੀ ਪੂਜਾ ਕਰਕੇ, ਉਹਨਾਂ ਨੂੰ ਪ੍ਰਸੰਨ ਕਰਕੇ ਉਹਨਾਂ ਤੋਂ ਦਾਤਾਂ ਲਈਆਂ ਜਾ ਸਕਦੀਆਂ ਹਨ।
ਉਹਨਾਂ ਨੂੰ ਕੁੱਝ ਸਵਾਲ ਹਨ :
1. ਜਿਹਡ਼ੇ ਤੁਹਾਡੇ ਦਾਤੇ ਨੂੰ ਨਹੀ ਮੰਨਦੇ, ਉਨ੍ਹਾਂ ਨੂੰ ਦਾਤਾਂ ਕੌਣ ਦੇ ਰਿਹਾ ?
2. ਕੁੱਝ ਲੋਕ ਐਸੇ ਹਨ, ਜਿਹਡ਼ੇ ਤੁਹਾਡੇ ਦਾਤਿਆਂ ਦੀ ਬਹੁਤ ਸਰਧਾ ਭਾਵਨਾ ਨਾਲ ਪੂਜਾ ਤੇ ਸੇਵਾ ਕਰਦੇ ਹਨ। ਉਹ ਫਿਰ ਵੀ ਭੁੱਖੇ ਮਰ ਰਹੇ ਹਨ। ਹੋਰ ਵੀ ਕਈ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ । ਇਸ ਤਰ੍ਹਾਂ ਕਿਉਂ ???
3. ਜਿੰਨਾ ਨੂੰ ਤੂੰ ਆਪਣੇ ਦਾਤੇ ਮੰਨਦਾ ਹੈ, ਉਹਨਾਂ ਵਿਚੋਂ ਕਈ ਪੰਜਾਹ (50) ਸਾਲ ਜਾਂ ਉਸਤੋਂ ਵੀ 100 ਜਾਂ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕੇ ਹਨ । ਇਨ੍ਹਾਂ ਦੇ ਜਨਮ ਤੋਂ ਪਹਿਲਾਂ ਤੁਹਾਡੇ ਵਡੇਰਿਆਂ ਨੂੰ ਦਾਤਾਂ ਕੌਣ ਦੇ ਰਿਹਾ ਸੀ ??
4. ਜਿੰਨਾ ਸਹੂਲਤਾਂ ਦਾ ਤੁਸੀਂ ਅਨੰਦ ਲੈ ਰਹੇ ਹੋ, ਮੋਬਾਇਲ, ਕੰਪਿਊਟਰ, ਮੋਟਰਸਾਈਕਲ, ਕਾਰਾਂ ਆਦਿ । ਜੇ ਇਹ ਵੀ ਤੁਹਾਡੇ ਦਾਤਿਆਂ ਦੀ ਦੇਣ ਹੈ ਤਾਂ ਉਹ ਸਨੇਹਿਆਂ ਲਈ ਚਿੱਠੀਆਂ ਦੀ ਤੇ ਆਉਣ ਜਾਣ ਲਈ ਘੋਡ਼ਿਆਂ ਰੇੜਿਆਂ ਟਾਂਗਿਆਂ ਤੇ ਬੈਲ ਗੱਡੀਆਂ ਆਦਿ ਦੀ ਵਰਤੋਂ ਕਿਉਂ ਕਰਦੇ ਸੀ ??
5. ਜਿਹਡ਼ੇ ਤੁਹਾਡੇ ਦਾਤਿਆਂ ਦੀ ਵਿਰੋਧਤਾ ਕਰਦੇ ਨੇ, ਉਹਨਾਂ ਤੋਂ ਉਹ ਦਾਤਾਂ ਖੋਹਦਾ ਕਿਉਂ ਨਹੀ ?? ਕਿਉਂਕਿ ਜਿਹਡ਼ਾ ਦੇ ਸਕਦਾ ਉਹ ਕਿਸੇ ਤੋਂ ਖੋਹ ਵੀ ਸਕਦਾ ।
6. ਇਸ ਸਾਰੇ ਬ੍ਰਹਿਮੰਡ ਵਿੱਚ ਅਨੇਕਾਂ ਜੀਵ ਹਵਾ ਵਿੱਚ , ਅਨੇਕਾਂ ਜੀਵ ਪਾਣੀ ਵਿੱਚ ਤੇ ਅਨੇਕਾਂ ਜੀਵ ਧਰਤੀ ਤੇ ਵੱਖ ਵੱਖ ਥਾਵਾਂ ਤੇ ਵੱਖ ਰੰਗਾਂ ਢੰਗਾਂ ਨਾਲ ਖਾ ਪੀ ਰਹੇ ਨੇ ਤੇ ਬੱਚੇ ਪੈਦਾ ਕਰ ਰਹੇ ਨੇ। ਜਿੰਨਾ ਨੂੰ ਤੇਰੇ ਦਾਤਿਆਂ (ਜਿੰਨਾਂ ਨੂੰ ਤੂੰ ਦਾਤੇ ਮੰਨਦਾ ਹੈ) ਬਾਰੇ ਰਤਾ ਜਿੰਨਾਂ ਵੀ ਗਿਆਨ ਨਹੀ ਹੈ। ਉਹਨਾਂ ਨੂੰ ਦਾਤਾਂ ਕੌਣ ਦੇ ਰਿਹਾ ਹੈ।??
ਸਿੱਖ ਧਰਮ ਦੇ ਧਾਰਮਿਕ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਕੋਈ ਵੀ ਗੁਰੂ, ਪੀਰ, ਸਾਧ, ਬਾਬਾ, ਸਾਂਈ, ਜਠੇਰਾ ਤੇ ਦੇਵੀ ਦੇਵਤਾ ( ਉਹ ਜੀਉਂਦਾ ਹੋਵੇ ਜਾ ਮਰ ਚੁੱਕਾ ਹੋਵੇ) ਦਾਤਾ ਨਹੀ ਹੈ " ਮਾਨੁਖ ਕੈ ਕਿਛੁ ਨਾਹੀ ਹਾਥਿ ॥ ਮਹਲਾ:੫ .੨੮੧ । ਦਾਤਾ ਸਿਰਫ ਤੇ ਸਿਰਫ ਅਕਾਲ ਪੁਰਖ ਰੱਬ ਹੈ " ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ਮਹਲਾ:੫ , ੨੫੭।
ਗੁਰੂਆਂ, ਪੀਰਾਂ, ਸਾਧਾਂ, ਬਾਬਿਆਂ, ਸਾਂਈਆਂ, ਜਠੇਰਿਆਂ ਤੇ ਦੇਵੀ ਦੇਵਤਿਆਂ ਨੂੰ ਵੀ ਰੱਬ ਨੇ ਪੈਦਾ ਕੀਤਾ ਹੈ, ਉਸੇ ਦੇ ਨਿਯਮ ਤਹਿਤ ਇਹ ਮਰ ਚੁੱਕੇ ਨੇ। ਇਹ ਖੁਦ ਰੱਬ ਦੀਆਂ ਦਾਤਾ ਹੀ ਭੋਗਦੇ ਰਹੇ ਹਨ। ਰੱਬ ਨੂੰ ਜਾਣ ਲੈਣ ਤੋਂ ਬਾਅਦ ਰੱਬ ਨਾਲ ਇੱਕ ਸੁਰ ਹੋਏ ਲਗਭਗ ਸਾਰੇ ਗੁਰੂਆਂ ਪੀਰਾਂ ਤੇ ਭਗਤਾਂ ਨੇ ਇੱਕ ਸੁਰ ਹੋ ਕੇ ਕਿਹਾ ਏ, ਕਿ ਅਸੀਂ ਖੁਦ ਰੱਬ ਦੇ ਘਰ ਦੇ ਮੰਗਤੇ ਹਾਂ "ਐ ਸੰਸਾਰ ਦੇ ਲੋਕੋ ਤੁਸੀਂ ਵੀ ਰੱਬ ਕੋਲੋਂ ਹੀ ਮੰਗੋ "।
ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ (ਮਹਲਾ ੧)
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ (ਮਹਲਾ ੩)

ਸੰਸਾਰ ਇਹਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਵੀ ਹਜ਼ਾਰਾਂ ਸਾਲਾਂ ਤੋਂ ਖਾ ਪੀ ਤੇ ਹੰਢਾ ਰਿਹਾ ਸੀ ਤੇ ਜਿੰਨਾਂ ਚਿਰ ਸੰਸਾਰ ਰਹੁ ਖਾਂਦਾ ਪੀਂਦਾ ਤੇ ਹੰਡਾਂਉਦਾ ਰਹੁ ।
ਜੇ ਕਿਸੇ ਕੋਲ ਜਵਾਬ ਹੋਣ ਤਾਂ ਜਰੂਰ ਦੇਵੋ। ਜੇ ਨਹੀ ਤਾਂ ਇਹ ਸਵਾਲ ਉਨ੍ਹਾਂ ਨੂੰ ਕਰੋ ਜਿਹਡ਼ੇ ਤੁਹਾਨੂੰ ਦਾਤਾਂ ਦੇਣ ਦੀ ਜਾਂ ਮਰ ਚੁੱਕੇ ਗੁਰੂ, ਪੀਰ, ਸੰਤ, ਮਹੰਤ, ਸਾਧ, ਬਾਬੇ, ਸਾਂਈ, ਪਾਂਡੇ, ਜਠੇਰੇ ਤੇ ਦੇਵੀ ਦੇਵਤਿਆਂ ਦੇ ਦਾਤਾ ਹੋਣ ਦਾ ਰੌਲਾ ਪਾ ਰਹੇ ਨੇ ਜਾਂ ਤੇ ਕਿਸੇ ਤਰੀਕੇ ਨਾਲ ਇਹਨਾਂ ਕੋਲੋਂ ਦਾਤਾਂ ਦਿਵਾਉਣ ਦੀ ਗੱਲ ਕਰ ਰਹੇ ਨੇ ।

ਹਰਪਾਲ.ਸਿੰਘ.ਫਿਰੋਜਪੁਰੀਆ 88722-19051


11/05/17
ਮੇਜਰ ਸਿੰਘ ' ਬੁਢਲਾਡਾ '

ਹੱਥ ਵਿੱਚ ਫੜ੍ਹ ਗੁੱਟਕਾ

‘ਕੈਪਟਨ’ ਝੂਠ ਬੜੇ ਮਾਰੇ,

ਲਾਕੇ ਲੋਕਾਂ ਤਾਈਂ ਲਾਰੇ

ਲਈ ਸਰਕਾਰ ਬਣਾ।

ਹੱਥ ਵਿੱਚ ਫੜ੍ਹ ਗੁੱਟਕਾ

‘ਬਾਣੀ’ਦੀ ਝੂਠੀ ਸੌਂਹ ਖਾ

ਹੱਥ ਵਿੱਚ ----।

ਜਦ ਹਰ ਇਕ ਨਾਲ

ਵਾਅਦਾ ਇਹਨੇ ਕਰਿਆ।

ਉਦੋ ਦੱਸੋ ਕਿਹੜਾ ਸੀ,

ਖਜਾਨਾ ਇੱਥੇ ਭਰਿਆ ?

ਹੁਣ ਆਖਦਾ “ਖਜਾਨਾ ਖਾਲੀ ਆ।“

ਹੱਥ ਵਿੱਚ ------।

ਚਾਹੁੰਦੇ ਸੀ ਜਿਹੜੇ,

ਬਹੁਤੇ ਇਹਦੀ ਸਰਕਾਰ ਜੀ।

ਹੁਣ ਪਛਤਾਉਂਦੇ ਨੇ,

ਮੱਥੇ ਤੇ ਹੱਥ ਮਾਰ ਜੀ।

ਪਰ ਬਣਦਾ ਕੀ ਹੁਣ ਪਛਤਾ।

ਹੱਥ ਵਿੱਚ -------।

ਇਤਿਹਾਸ ਵਿਚ ਨਵਾਂ ਹੀ

ਚੜਾਉਣ ਲੱਗਾ ਚੰਦ ਤੂੰ!

ਅੱਠ ਸੋ ਸਕੂਲ ਤਾਈਂ

ਕਰਕੇ ਬੰਦ ਤੂੰ !

ਕੁਹਾੜਾ ਗਰੀਬਾਂ ਤੇ

ਰਿਹਾਂ ਤੂੰ ਚਲਾ

ਹੱਥ ਵਿੱਚ -------।

ਐੱਮ.ਐੱਲ.ਏ,ਮੰਤਰੀ ਵੀ,

ਤੇਰੇ ਦਿਸਦੇ ਨਾ ਖੁਸ਼ ਜੀ।

ਰਾਜ ਤੇਰੇ ਵਿਚ,

ਲੱਗੇ ਹੈਨੀ ਪੁੱਛ-ਗਿੱਛ ਜੀ।

ਤਾਂਹੀ ਸੰਘਰਸ਼ ਦੇ

ਪੈਣ ਚੱਲੇ ਰਾਹ

ਹੱਥ ਵਿੱਚ -------।

ਆਖਰੀ ਮੌਕਾ ਤੇਰੇ ,

ਲੱਗਿਆ ਹੱਥ ਓਏ!

ਹੁਣ ਐਸੇ ਕੰਮ ਕਰ,

ਗਾਉਣ ਲੋਕੀ ਜੱਸ ਓਏ!

ਕਹੇ ਮੇਜਰ ਤੂੰ ਮੁੱਖ ਨਾ ਭਵਾਂ,

ਲਾਜ ਰੱਖ ਗੁੱਟਕੇ ਦੀ

ਜੀਹਦੀ ਲੋਕਾਂ ਵਿਚ ਗਿਆ ਸੌਂਹ ਖਾਂ।

ਤੂੰ ਲਾਜ ਰੱਖ ਗੁੱਟਕੇ -------।


ਮੇਜਰ ਸਿੰਘ ' ਬੁਢਲਾਡਾ '

94176 42327

**********************************

'ਨਵੀਆਂ ਲੀਹਾਂ ਪਾਉਣ ਆਗੂ'

ਲੋਕਤੰਤਰ ਵਿਚ ਜਿਹੜਾ ਵੀ ਜਿੱਤ ਜਾਵੇ,

ਉਹਨੂੰ ਮਿਲਣੇ ਚਾਹੀਦੇ ਬਣਦੇ ਹੱਕ ਯਾਰੋ !

ਸਰਕਾਰ ਸਨਮਾਨ ਕਰੇ ਲੋਕ ਫਤਵੇ ਦਾ,

ਵੇਖ ਵਿਰੋਧੀਆਂ ਨੂੰ ਚਾੜ੍ਹੇ ਨਾ ਨੱਕ ਯਾਰੋ!

ਸਤਾਧਾਰੀ ਤੇ ਵਿਰੋਧੀ ਰਲ-ਮਿਲ ਸਾਰੇ,

ਜੜ੍ਹਾਂ ਸਮੱਸਿਆਵਾਂ ਦੀਆਂ ਦੇਣ ਪੱਟ ਯਾਰੋ!

ਮੇਜਰ ਹੁਣ ਨਵੀਆਂ ਲੀਹਾਂ ਪਾਉਣ ਆਗੂ,

ਨੁਕਸਾਨ ਦੇਹ ਨੀਤੀਆਂ ਤੋਂ ਹੱਟ ਯਾਰੋ!

ਮੇਜਰ ਸਿੰਘ 'ਬੁਢਲਾਡਾ'

94176 42327



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.