ਸਾਕਾ ਨੀਲਾ ਤਾਰਾ ਦੁਖਾਂਤ; ਸਿੱਖ ਸੰਤਾਪ ਅਤੇ ਪ੍ਰੋ ਹਰਵਿੰਦਰ ਭੱਟੀ ਦੀਆਂ ਨੇਕ ਸਲਾਹਾਂ!
ਹਰਚਰਨ ਸਿੰਘ ਪ੍ਰਹਾਰ Email: [email protected] 403-681-8689
ਮੈਂ ਪਹਿਲੀ ਜੂਨ ਨੂੰ ਸਵੇਰੇ-ਸਵੇਰੇ ਇੰਟਰਨੈਟ ਖੋਲਿਆ ਤਾਂ ਸਭ ਤੋਂ ਪਹਿਲਾਂ ‘ਸਿੱਖ ਵਿਊ ਪੁਆਇੰਟ’ `ਤੇ ਸਿੱਖ ਚਿੰਤਕ ਸ. ਅਜਮੇਰ ਸਿੰਘ ਦੀ ‘ਜੂਨ, 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਅਸਲ ਹੱਕਦਾਰ ਕੌਣ ਹਨ’ ਦੇ ਸਿਰਲੇਖ ਹੇਠਲੀ ਵੀਡੀਓ ਸਾਹਮਣੇ ਆ ਗਈ। ਆਪਣੀ ਆਦਤ ਅਨੁਸਾਰ ਮੈਂ ਇਕਾਗਰ ਚਿੱਤ ਹੋ ਕੇ ਸੁਣਨੀ ਸ਼ੁਰੂ ਕਰ ਦਿੱਤੀ। ਇਹ ਵੇਖਣ ਲਈ ਕਿ ਸਿੱਖ ਚਿੰਤਕ ਨੇ ਐਤਕਾਂ ਦੇ ਵਰ੍ਹੇ ਕਿਸ ਕਿਸਮ ਦੀ ਕੋਈ ਨਵੀਂ ਅੰਤਰ ਝਾਤ ਪੁਆਈ ਹੈ। ਰੂਸ-ਯੁਕਰੇਨ ਜੰਗ, ਇਜਰਾਈਲ ਵਲੋਂ ਗਾਜਾ ਦੇ ਲੋਕਾਂ ਦੇ ਨਸਲਘਾਤ ਜਾਂ ਭਾਰਤ-ਪਾਕਿਸਤਾਨ ਦੀ ਖਤਰਨਾਕ ਢਾਈ-ਫੱਟ ਜੰਗ ਵਰਗੇ ਭਿਆਨਕ ਕਾਂਡਾਂ ਤੋਂ ਕੋਈ ਸਬਕ ਸਿੱਖਿਆ ਹੈ ਜਾਂ ਨਹੀਂ। ਪਰ ਸੁਣ ਕੇ ਅਫਸੋਸ ਹੋਇਆ ਕਿ ਭਾਈ ਸਾਹਿਬ ਨੇ ਇਸ ਵਾਰ ਵੀ ਨਵੀਂ ਪੀੜ੍ਹੀ ਨੂੰ ਵਕਤ ਅਨੁਸਾਰ ਨਵੀਂ ਸੇਧ ਦੇਣ ਦੀ ਥਾਂ ਲਗਾਤਾਰ ਨੌਜਵਾਨਾਂ ਨੂੰ ਜਜ਼ਬਾਤੀ ਤੌਰ `ਤੇ ਭੜਕਾਈ ਰੱਖਣ ਲਈ ਆਪਣੀ ਸਾਰੀ ਵੀਡੀਓ ਵਿੱਚ ਬਿਨਾਂ ਅੱਖ ਝਮੱਕੇ ਅਤੇ ਬਿਨਾਂ ਸਾਹ ਲਏ, ਉਹੋ ਘੋੜਾ ਦਬਾਈ ਰੱਖਿਆ ਹੈ, ਜਿਸਤੇ ਉਸਨੇ ਪਿਛਲੇ 2 ਦਹਾਕਿਆਂ ਤੋਂ ਦਾਬ ਦਿੱਤੀ ਹੋਈ ਹੈ।
ਸ. ਅਜਮੇਰ ਸਿੰਘ ਦੀ ਵੀਡੀਓ ਸੁਣ ਹੀ ਰਿਹਾ ਸਾਂ ਕਿ ਇੱਕ ਪੁਰਾਣੇ ਦੋਸਤ ਸੁਲੱਖਣ ਸਿੰਘ ਦਾ ਫੋਨ ਖੜਕ ਪਿਆ। ਕੋਈ ਦੁਆ ਸਲਾਮ ਤੋਂ ਬਿਨਾਂ ਹੀ ਉਸਨੇ ਸਿੱਧਾ ਸਵਾਲ ਕੀਤਾ: ਹਰਚਰਨ, ਤੂੰ 27 ਮਈ ਨੂੰ ‘ਪੰਜਾਬ ਟੈਲੀਵਿਯਨ’ `ਤੇ ‘ਖੁੱਲ ਗਏ ਭੇਦ! ਰਸ਼ੀਅਨ ਖੁਫੀਆ ਜਾਣਕਾਰੀ `ਤੇ ਹੋਇਆ ਸੀ, ਸਾਕਾ ਨੀਲਾ ਤਾਰਾ’ ਵਾਲ਼ੀ ਵੀਡੀਓ ਦੇਖੀ ਹੈ। ਅਗਲਾ ਰਾਕਟ, ਉਸਨੇ ਇਹ ਕਹਿੰਦਿਆਂ ਦਾਗ ਦਿੱਤਾ ਕਿ ਸਿੱਖਾਂ ਵਿੱਚ ਵੀ ਠੰਡੇ ਦਿਮਾਗ ਨਾਲ਼ ਸੋਚ ਕੇ ਗੱਲ ਕਰਨ ਵਾਲ਼ੇ ਬੁੱਧੀਜੀਵੀ ਵੀ ਅਜੇ ਹੈਗੇ! ਮੈਂ ਪਿਛਲੇ ਕਈ ਮਹੀਨਿਆਂ ਦੌਰਾਨ ਸੁਖਬੀਰ ਬਾਦਲ ਦੇ ਰਾਜਨੀਤਕ ਵਿਰੋਧੀਆਂ ਵਲੋਂ ਜਥੇਦਾਰਾਂ ਨੂੰ ਅੱਗੇ ਲਗਾ ਕੇ ਉਸਦੀ ਜਕੜ ਤੋਂ ਅਕਾਲੀ ਦਲ ਅਜ਼ਾਦ ਕਰਾਉਣ ਲਈ ਬਾਹਰੋਂ ਇਸ ਚੈਨਲ ਵਲੋਂ ਹੱਲਾਸ਼ੇਰੀ ਦਿੰਦਿਆਂ, ਇੱਕ ਪਾਸੜ ਮੁਹਿੰਮ ਚਲਾਈ ਹੋਈ ਸੀ ਅਤੇ ਪਿਛਲੇ ਦੋ ਕੁ ਮਹੀਨਆਂ ਤੋਂ ਅੱਕ ਕੇ ਇਸ ਚੈਨਲ ਨੂੰ ਸੁਣਨਾ ਬੰਦ ਕੀਤਾ ਹੋਇਆ ਸੀ। ਪਰ ਸੁਲੱਖਣ ਕਹਿ ਰਿਹਾ ਸੀ ਕਿ ਤੂੰ ਹੋਰ ਨਹੀਂ ਤਾਂ ਘੱਟੋ-ਘੱਟ ਉਪਰ ਦੱਸੀ ਵੀਡੀਓ ਵਿੱਚ ਪ੍ਰੋ ਹਰਵਿੰਦਰ ਭੱਟੀ ਵਾਲ਼ਾ ਹਿੱਸਾ ਜਰੂਰ ਸੁਣ ਤਾਂ ਕਿ ਪਤਾ ਲੱਗ ਸਕੇ ਕਿ ਸਾਡੇ ਬੁੱਧੀਜੀਵੀਆਂ ਵਿੱਚ ਵੀ ‘ਕੋਈ ਹਰਿਆ ਬੂਟਾ ਰਹਿਓ ਰੀ’ ਵਾਲ਼ੀ ਗੱਲ ਅਜੇ ਕਾਇਮ ਹੈ।
ਹਰਜਿੰਦਰ ਸਿੰਘ ਰੰਧਾਵੇ ਦਾ ਚੈਨਲ `ਤੇ ਕੱਲ੍ਹ ਗੱਲ ਸ਼ੁਰੂ ਕਰਨ ਦਾ ਆਪਣੀ ਹੀ ਕਿਸਮ ਦਾ ਖਚਰਾ ਅੰਦਾਜ ਸੀ। ਉਹ ‘ਸਾਕਾ ਨੀਲਾ ਤਾਰਾ’ ਬਾਰੇ ਸਮਝਣ ਲਈ ਸ. ਤਰਲੋਚਨ ਸਿੰਘ ਦਿੱਲੀ ਨੂੰ ਬੜੇ ਨਾਟਕੀ ਢੰਗ ਨਾਲ ਗੱਲਬਾਤ ਦੀ ਸੱਥ `ਚ ਉਤਾਰਦਾ ਹੈ। ਪਰ ਉਹ ਅੱਗਿਉਂ ਰੰਧਾਵੇ ਦੀ ਚਾਲ ਤੋਂ ਬੇਖ਼ਬਰ ਆਪਣਾ ਪੁਰਾਣਾ ਘਸਿਆ-ਪਿਟਿਆ ਘਰਾਟ ਰਾਗ ਅਲਾਪਣਾ ਸ਼ੁਰੂ ਕਰ ਦਿੰਦਾ ਹੈ। ਉਸ ਤੋਂ ਬਾਅਦ ਸਿੱਖ ਇਤਿਹਾਸਕਾਰ/ਪੱਤਰਕਾਰ, ਜਗਤਾਰ ਸਿੰਘ ਉਸ ਤੋਂ ਵੀ ਚਾਰ ਕਦਮ ਅੱਗੇ ਵਧ, ਰਹਿੰਦੀ ਕਸਰ ਕੱਢ ਦਿੰਦਾ ਹੈ। ਸੁਖਬੀਰ ਬਾਦਲ ਖਿਲਾਫ ਜਿਹਾਦ ਦੌਰਾਨ ਤਾਂ ਪ੍ਰੋ ਭੱਟੀ ਸਾਹਿਬ ਉਨ੍ਹਾਂ ਦੇ ਨਾਲ਼ ਪਾਸ ਦੇ ਕੇ ਖੇਡਦੇ ਰਹੇ ਸਨ। ਪਰ ਇਸ ਵਾਰ ਕਹਾਣੀ ਬਿਲਕੁਲ ਵੱਖਰੀ ਸੀ। ਮੈਨੂੰ ਅਚੰਭੇ ਭਰੀ ਹੈਰਾਨੀ ਹੁੰਦੀ ਹੈ, ਪ੍ਰੋ ਭੱਟੀ ਨੇ ਜਿਸ ਬੇਬਾਕੀ ਨਾਲ਼ ਖਰੀਆਂ ਗੱਲਾਂ ਕੀਤੀਆਂ ਹਨ, ਉਸ ਲਈ ਉਹ ਸਤਿਕਾਰ ਦਾ ਹੱਕਦਾਰ ਹੈ। ਸੁਲੱਖਣ ਦੀ ਗੱਲ ਸੋਲ਼ਾਂ ਆਨੇ ਸੱਚੀ ਲੱਗਦੀ ਹੈ। ਇਸ ਬਾਰੇ ਪ੍ਰੋ ਭੱਟੀ ਦੀ ਇੰਟਰਵੈਨਸ਼ਨ ਇਸ ਤਰ੍ਹਾਂ ਲਗਦੀ ਹੈ, ਜਿਵੇਂ ਚੱਲਦੇ ਘਰਾਟ ਰਾਗ ਅੰਦਰ ਕੋਈ ਪੰਡਤ ਸ਼ਿਵ ਕੁਮਾਰ ਵਾਂਗ ਠੰਡ ਵਰਤਾਉਣ ਵਾਲ਼ਾ ਆਪਣਾ ਸੰਤੂਰ ਵਜਾਉਣਾ ਸ਼ੁਰੂ ਕਰ ਦੇਵੇ। ਜਿਵੇਂ ਜੂਨ ਮਹੀਨੇ ਦੀ ਤਪਦੀ ਦੁਪਹਿਰ ਮੌਕੇ ਕਿਸੇ ਪਿਆਸੇ ਮੁਸਾਫਿਰ ਨੂੰ ਛਬੀਲ ਦਾ ਠੰਡਾ-ਮਿੱਠਾ ਸ਼ਰਬਤ ਪੀਣ ਨੂੰ ਮਿਲ਼ ਜਾਵੇ। ਭੱਟੀ ਦੀਆਂ ਨਿਮਰ ਦਲੀਲਾਂ ਤੋਂ ਪ੍ਰਭਾਵਤ ਹੋ ਕੇ ਸ. ਤਰਲੋਚਨ ਸਿੰਘ ਤਾਂ ਸੋਚੀਂ ਪੈਂਦਾ ਨਜ਼ਰ ਆਉਣ ਲੱਗਦਾ ਹੈ। ਪਰ ਜਗਤਾਰ ਸਿੰਘ, ਆਪਣੇ ਸੂਤਰਧਾਰ ਹਰਜਿੰਦਰ ਸਿੰਘ ਰੰਧਾਵੇ ਤੋਂ ਵੀ ਵੱਧ ਚਲਾਕੀ ਨਾਲ਼ ਘੇਸਲ਼ ਮਾਰਦਿਆਂ ਪ੍ਰੋ ਭੱਟੀ ਨੂੰ ਝਕਾਨੀ ਦੇ ਜਾਂਦਾ ਹੈ। ਉਹ ਆਪਣਾ ਪਹਿਲਾ ਪ੍ਰਵਚਨ ਉਵੇਂ ਹੀ ਜਾਰੀ ਰੱਖਦਾ ਹੈ, ਜਿਵੇਂ ਉਸਨੇ ਭੱਟੀ ਦੀ ਕੋਈ ਗੱਲ ਸੁਣੀ ਹੀ ਨਾ ਹੋਵੇ।
ਪ੍ਰੋ ਭੱਟੀ ਅਨੁਸਾਰ ਉਸਨੇ ਨਵੰਬਰ 84 ਬਾਰੇ ਕਿਤਾਬ ਵਿੱਚੇ ਛੱਡ ਦਿੱਤੀ ਸੀ, ਪਰ ਸਾਡੀ ਸਲਾਹ ਹੈ ਕਿ ਉਹ ਜੂਨ 84 ਬਾਰੇ ਕਿਤਾਬ ਜਰੂਰ ਲਿਖਣ। ਜਿਸ ਵਿੱਚ ਉਹ ਸਿੱਖਾਂ ਦੇ ਸੰਤਾਪ ਵਿੱਚ ਪੱਤਰਕਾਰ ਦਲਬੀਰ ਸਿੰਘ, ਇਤਿਹਾਸਕਾਰ ਜਗਤਾਰ ਸਿੰਘ ਅਤੇ ਸਿੱਖ ਚਿੰਤਕ ਅਜਮੇਰ ਸਿੰਘ ਵਰਗੇ ਬੇਚੈਨ ਕਾਮਰੇਡਾਂ ਵਲੋਂ ਪਾਈ ਤਿਲ-ਫੁੱਲ ਸੇਵਾ ਬਾਰੇ ਵੀ ਸਿੱਖ ਪੰਥ ਨੂੰ ਜਾਣੂ ਕਰਵਾ ਛੱਡਣ। ਅਜਿਹਾ ਕੰਮ ਉਨ੍ਹਾਂ ਵਰਗੇ ਦਾਨਸ਼ਵਰ ਪ੍ਰੋਫੈਸਰ ਤੋਂ ਬਿਨਾਂ ਕਿਸੇ ਤੋਂ ਹੋਣਾ ਨਹੀਂ ਹੈ।
ਇਹ ਸਾਰੀ ਵੀਡੀਓ ਸੁਣਨ ਵਾਲ਼ੀ ਹੈ, (ਵੀਡੀਓ ਸੁਣਨ ਲਈ ਲਿੰਕ `ਤੇ ਕਲਿੱਕ ਕਰੋ:
(https://www.youtube.com/watch?v=8sR0Y4cZgAw )
ਪਰ ਥਾਂ ਦੀ ਕਮੀ ਕਾਰਨ ਸਿਰਫ ਪ੍ਰੋ ਭੱਟੀ ਵਾਲ਼ਾ ਹਿੱਸਾ ਹੀ ਪਾਠਕਾਂ ਨਾਲ਼ ਸਾਂਝਾ ਕਰ ਰਹੇ ਹਾਂ:
ਅੱਜ ਅਸੀਂ ਜੂਨ, 84 ਦੀਆਂ ਦੁਖਦਾਈ ਅਤੇ ਨਿੰਦਣਯੋਗ ਘਟਨਾਵਾਂ ਬਾਰੇ ਚਰਚਾ ਕਰ ਰਹੇ ਹਾਂ। ਜਦੋਂ ਕਿਸੇ ਕੌਮ ਦੀ ਕੋਈ ਸਾਂਝੀ ਪੀੜਾ ਹੁੰਦੀ ਹੈ। ਉਸਨੂੰ ਅੱਜਕਲ ਮਨੋ-ਵਿਗਿਆਨ `ਚ ‘ਪੇਨ ਬੌਡੀ’ ਕਹਿੰਦੇ ਹਨ। ਕਈ ਵਾਰ ਅਸੀਂ ਆਪ ਹੀ ਉਸ ‘ਪੇਨ ਬੌਡੀ’ ਨੂੰ ਪੁਨਰ ਸਥਾਪਿਤ ਕਰਦੇ ਰਹਿੰਦੇ ਹਾਂ। ਇਸ ਨਾਲ਼ ਸਾਨੂੰ ਕੁੱਝ ਸਮੇਂ ਲਈ ਰਾਹਤ ਮਹਿਸੂਸ ਹੁੰਦੀ ਹੈ। ਸਾਡੇ ਸਿੱਖਾਂ ਨਾਲ਼ ਇਹ ਟਰੈਜਡੀ ਬਣੀ ਹੋਈ ਹੈ ਕਿ ਗੁਰੂ ਸਾਹਿਬ ਵਲੋਂ ਆਨੰਦਪੁਰ ਸਾਹਿਬ ਤੋਂ ਨਿਕਲਣ ਤੋਂ ਬਾਅਦ 1947 ਤੱਕ ਆਉਂਦਿਆਂ, ਸਾਡੇ `ਤੇ ਜਿਤਨੇ ਵੀ ਜ਼ੁਲਮ ਹੋਏ ਸਨ, ਅਸੀਂ ਉਹ ਸਭ ਆਪਣੀ ਰੋਜ਼ਾਨਾ ਦੀ ਅਰਦਾਸ ਦਾ ਹਿੱਸਾ ਬਣਾਏ ਹੋਏ ਹਨ। ਜਿਨ੍ਹਾਂ ਨੂੰ ਵਾਰ-ਵਾਰ ਯਾਦ ਕਰਦੇ ਹਾਂ, ਦਿਨ-ਰਾਤ ਯਾਦ ਕਰਦੇ ਹਾਂ, ਪਰ ਉਸ ਵਿੱਚੋਂ ਨਿਕਲਣ ਦਾ ਰਸਤਾ ਗੁਰਬਾਣੀ ਵਿੱਚੋਂ ਨਹੀਂ ਲੱਭਦੇ ਅਤੇ ਨਾ ਹੀ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚੋਂ ਨਹੀਂ ਲੱਭਦੇ ਹਾਂ। 1984 ਵਿੱਚ ਵਾਪਰਿਆ ਸਾਕਾ ਨੀਲਾ ਤਾਰਾ ਸਾਡੀ ਕਮਿਉਨਿਟੀ ਲਈ ਇੱਕ ਭਿਆਨਕ ਇਤਿਹਾਸਕ ਹਾਦਸਾ ਸੀ। ਮੈਂ 1947 ਬਾਰੇ ਕਿਤਾਬ ਲਿਖੀ ਸੀ, ਮੈਨੂੰ ਦੋਸਤਾਂ ਨੇ ਕਿਹਾ ਕਿ ਤੁਸੀਂ ਨਵੰਬਰ, 1984 ਬਾਰੇ ਵੀ ਲਿਖੋ। ਮੈਂ ਦੰਗਾ ਪੀੜ੍ਹਤਾਂ ਦੇ ਐਫੀਡੈਵਿਟ ਵੀ ਪੜ੍ਹੇ। ਮੈਂ ਆਪਣੇ ਦਿਲ ਦੀ ਗੱਲ ਦੱਸਦਾ ਹਾਂ ਕਿ ਮੈਨੂੰ ਉਹ ਪੜ੍ਹ ਕੇ ਲੱਗਾ ਕਿ ਮੇਰੇ ਵਿੱਚ ਉਹ ਹਿੰਮਤ ਹੀ ਨਹੀਂ ਸੀ ਕਿ ਮੈਂ ਉਹ ਦਰਦ ਬਰਦਾਸ਼ਤ ਕਰ ਸਕਾਂ। ਤੁਹਾਡਾ ਸਰੀਰ ਅਤੇ ਮਨ ਪਹਿਲਾਂ ਉਹ ਦਰਦ ਝੱਲੇ ਤਾਂ ਉਸਨੂੰ ਤੁਸੀਂ ਸ਼ਬਦਾਂ ਵਿੱਚ ਉਤਾਰ ਸਕਦੇ ਹੋ। ਮੇਰੇ ਕੋਲ਼ ਅਜੇ ਵੀ ਸਮੱਗਰੀ ਪਈ ਹੈ, ਪਰ ਮੈਂ ਛਾਪਣ ਦੀ ਹਿੰਮਤ ਨਹੀਂ ਕਰ ਸਕਿਆ।
ਅਸੀਂ ਹੁਣ ‘ਪੇਨ ਬੌਡੀ’ ਦੀ ਕਮਿਉਨਿਟੀ ਬਣ ਚੁੱਕੇ ਹਾਂ। ਸਾਨੂੰ ਪੇਨ ਵਿੱਚੋਂ ਹੀ ਆਨੰਦ ਆਉਣ ਲੱਗਾ ਹੈ। ਜਿਵੇਂ ਸਰੀਰ `ਤੇ ਕਿਤੇ ਖਾਰਸ਼ ਹੋ ਜਾਵੇ ਤਾਂ ਹੱਥ ਵਾਰ-ਵਾਰ ਖਾਰਸ਼ ਕਰਨ ਲਈ ਉਧਰ ਜਾਂਦਾ ਹੈ, ਇੱਕ ਵਕਤ ਅਜਿਹਾ ਵੀ ਆਉਂਦਾ ਹੈ ਕਿ ਖਾਰਸ਼ ਕਰਨ ਵਿੱਚੋਂ ਹੀ ਵਿਅਕਤੀ ਸੁੱਖ ਮਹਿਸੂਸ ਕਰਨ ਲੱਗਦਾ ਹੈ। ਸਾਡੇ ਨਾਲ਼ ਵੀ ਕੁੱਝ ਅਜਿਹਾ ਹੀ ਲਗਾਤਾਰ ਵਾਪਰ ਰਿਹਾ ਹੈ। ਮੈਂ ਕਹਿੰਦਾ ਹਾਂ ਕਿ 84 ਵਿੱਚ ਵਾਪਰਿਆ ਸਾਰਾ ਕੁੱਝ ਬਹੁਤ ਦੁਖਦਾਈ ਸੀ। ਇਸ ਸਭ ਕੁੱਝ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਪਰ ਕੀ ਅਜਿਹੇ ਕੌਮੀ ਦੁਖਾਂਤਾਂ ਵਿੱਚੋਂ ਕਦੇ ਅਸੀਂ ਆਪ ਬਾਹਰ ਨਿਕਲ਼ਾਂਗੇ ਜਾਂ ਸਾਨੂੰ ਕੋਈ ਹੋਰ ਕੱਢੇਗਾ? 18ਵੀਂ ਸਦੀ ਦੇ ਸ਼ੁਰੂਆਤ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਅਸੀਂ ਬਹੁਤ ਜਲਦੀ ਉਸ ਤੋਂ ਬਾਹਰ ਨਿਕਲ਼ ਜਾਂਦੇ ਹਾਂ। ਬੰਦਾ ਸਿੰਘ ਬਹਾਦਰ ਪੰਜਾਬ ਆਉਂਦੇ ਹਨ, ਉਹ ਇਨ੍ਹਾਂ ਸ਼ਹਾਦਤਾਂ ਦਾ ਬਦਲਾ ਵੀ ਲੈਂਦੇ ਹਨ। ਪਰ ਅਸੀਂ ਬੜੇ ਸਹਿਜ ਭਾਅ ਹੀ ਉਸ ਤੋਂ ਬਹੁਤ ਜਲਦ ਉਪਰ ਉਠ ਜਾਂਦੇ ਹਾਂ। ਉਨ੍ਹਾਂ ਦੇ ਯਾਦਗਾਰੀ ਦਿਨਾਂ ਨੂੰ ਸ਼ਹੀਦੀ ਜੋੜ-ਮੇਲੇ ਕਹਿਣ ਲੱਗਦੇ ਹਾਂ। ਬੇਸ਼ੱਕ ਹੁਣ ਕੁੱਝ ਸਾਲਾਂ ਤੋਂ ਉਨ੍ਹਾਂ ਸ਼ਹੀਦੀ ਜੋੜ ਮੇਲਿਆਂ ਨੂੰ ਸੋਗਮਈ ਦਿਨ ਮਨਾਉਣ ਦੀਆਂ ਹਦਾਇਤਾਂ ਜਾਰੀ ਹੁੰਦੀਆਂ ਹਨ ਕਿ ਸੰਗਤ ਬੈਡ ਦੀ ਥਾਂ ਜਮੀਨ `ਤੇ ਸੌਵੇ, ਕੋਈ ਮਿੱਠਾ ਨਾ ਖਾਧਾ ਜਾਵੇ, ਕੋਈ ਖੁਸ਼ੀ ਦਾ ਸਮਾਗਮ ਨਾ ਕੀਤਾ ਜਾਵੇ ਆਦਿ। ਅਜਿਹੀਆਂ ਇਤਿਹਾਸਕ ਘਟਨਾਵਾਂ ਬਹੁਤ ਛੋਟੀਆਂ ਹਨ, ਸਾਡੀ ਰੂਹ ਇਸ ਤੋਂ ਕਿਤੇ ਵੱਡੀ ਹੈ। ਅਸਲ ਵਿੱਚ ਸਿੱਖ ਪੰਥ ਵਿੱਚੋਂ ਇਹ ਸਭ ਅਲੋਪ ਹੁੰਦਾ ਜਾ ਰਿਹਾ ਹੈ। ਜਦੋਂ ਕੋਈ ਗੱਲ ਵਾਰ-ਵਾਰ ਕਰਦੇ ਹਾਂ ਤਾਂ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਾਡੇ ਤੋਂ ਗਲਤੀ ਕਿੱਥੇ ਹੋਈ ਸੀ?
ਸਾਡੀ ਕੌਮੀ ਤੌਰ `ਤੇ ਇਹ ਬਹੁਤ ਵੱਡੀ ਦੁਬਿਧਾ ਹੈ ਕਿ ਅਸੀਂ ਫੈਸਲਾ ਨਹੀਂ ਕਰ ਪਾ ਰਹੇ ਕਿ ਕੀ ਅਸੀਂ ਭਾਰਤੀ ਸਟੇਟ ਦਾ ਹਿੱਸਾ ਹਾਂ ਜਾਂ ਸਟੇਟ ਸਾਡੀ ਦੁਸ਼ਮਣ ਹੈ। 1947 ਤੋਂ ਹੀ ਅਸੀਂ ਇਸ ਦੁਬਿਧਾ `ਚੋਂ ਨਿਕਲ਼ ਹੀ ਨਹੀਂ ਪਾ ਰਹੇ? ਅਸੀਂ ਇਹ ਗਿਲਾ ਕਰਦੇ ਹਾਂ ਕਿ ਸਾਡੇ ਗੁਰਧਾਮਾਂ `ਤੇ ਫੌਜੀ ਹਮਲਾ ਕੀਤਾ ਗਿਆ, ਉਸ ਵਿੱਚ ਸ਼ਾਮਿਲ ਫੌਜੀਆਂ ਨੂੰ ਸਨਮਾਨਿਤ ਕੀਤਾ ਗਿਆ। ਪਰ ਦੂਜਾ ਪੱਖ ਇਹ ਵੀ ਹੈ ਕਿ ਕੀ ਭਾਰਤੀ ਫੌਜੀ ਸਾਡੇ ਦੁਸ਼ਮਣ ਸਨ? ਸਾਡੀ ਸਾਰੀ ਕਮਿਉਨਿਟੀ ਅਜਿਹੀਆਂ ਅਨੇਕਾਂ ਦੁਬਿਦਾਵਾਂ ਵਿੱਚ ਫਸੀ ਹੋਈ ਹੈ। ਮੈਂ ਕਹਿਨਾਂ ਉਸ ਵਕਤ ਦਾ ਸਾਰਾ ਸੱਚ ਸਾਹਮਣੇ ਲਿਆਉ। ਉਸਨੂੰ ਲਿਖਤੀ ਰੂਪ `ਚ ਆਪਣੀਆਂ ਅਗਲੀਆਂ ਪੀੜ੍ਹੀਆ ਲਈ ਸਾਂਭ ਕੇ ਰੱਖੋ। ਪਰ ਇਹ ਵੀ ਦੇਖੋ ਕਿ ਇਹ ਕਰਨ ਦਾ ਸਾਡਾ ਦਾ ਮਕਸਦ ਕੀ ਹੈ? ਅਸੀਂ ਆਪਣੀ ਨਿੱਜੀ ਲਾਈਫ ਵਿੱਚ ਵੀ ਦੇਖਦੇ ਹਾਂ ਕਿ ਸਾਡੇ ਅੰਦਰ ਉਹੀ ਪੀੜਾ, ਉਹੀ ਜਿੱਲਤ, ਉਹੀ ਬੇਇਜਤੀ ਜਿਉਂਦੀ ਰਹਿੰਦੀ ਹੈ। ਜੋ ਅਸੀਂ ਵਾਰ-ਵਾਰ ਯਾਦ ਕਰਦੇ ਰਹਿੰਦੇ ਹਾਂ, ਉਸਨੂੰ ਕੁਰੇਦਦੇ ਰਹਿੰਦੇ ਹਾਂ। ਜਿਹੜੀਆਂ ਵੱਡੀਆਂ ਕਮਿਉਨਿਟੀਆਂ ਹੁੰਦੀਆਂ ਹਨ, ਉਨ੍ਹਾਂ ਦੀ ਵੀ ਸਮੂਹਿਕ ਪੀੜਾ ਇਸੇ ਤਰ੍ਹਾਂ ਹੁੰਦੀ ਹੈ। ਇਸ ਵਿੱਚੋਂ ਸਾਡੇ ਲਈ ਨਿਕਲਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਇਸਨੂੰ ਵੀ ਹੁਣ ਅਸੀਂ ਆਪਣੀ ਅਰਦਾਸ ਦਾ ਹਿੱਸਾ ਬਣਾ ਲਿਆ ਹੈ।
ਮੈਨੂੰ ਲੱਗਦਾ ਹੈ ਕਿ ਸਾਡੀ ਕਮਿਉਨਿਟੀ ਅਜਿਹੀ ਦੁਬਿਧਾ ਦੀ ਸ਼ਿਕਾਰ ਬਣਾ ਦਿੱਤੀ ਗਈ ਹੈ। ਸਾਡੇ `ਤੇ ਰਾਜ ਕਰਨ ਵਾਲ਼ਾ ਉਚ ਵਰਗ ਇਸ ਪੀੜ ਦੀ ਖੱਟੀ ਖਾ ਰਿਹਾ ਹੈ। ਹਿੰਦੂ ਰਾਸ਼ਟਰ, ਹਿੰਦੂਆਂ ਦੀ ਹਜਾਰਾਂ ਸਾਲਾਂ ਦੀ ਗੁਲਾਮੀ ਦੀ ਪੀੜਾ ਵਿੱਚੋਂ ਬਣਾਇਆ ਜਾ ਰਿਹਾ ਹੈ। ਪਾਕਿਸਤਾਨ ਮੁਸਲਮਾਨਾਂ ਦੇ ਹਿੰਦੂਆਂ ਤੋਂ ਡਰ ਦੀ ਪੀੜਾ ਵਿੱਚੋਂ ਪੈਦਾ ਹੋਇਆ ਸੀ। ਹੁਣ ਸਿੱਖ ਵੀ 84 ਦੀ ਪੀੜਾ ਵਿੱਚੋਂ ਕੁੱਝ ਕੱਢਣਾ ਚਾਹੁੰਦੇ ਹਨ। ਸਾਡੀ ਲੀਡਰਸ਼ਿਪ ਸਾਨੂੰ ਹਰ ਸਾਲ ਨਵੇਂ ਨਵੇਂ ਢੰਗਾਂ ਨਾਲ਼ ਇਸ ਦਲ-ਦਲ ਵਿੱਚ ਫਸਾਈ ਜਾ ਰਹੀ ਹੈ। ਸਿੱਖੀ ਦਾ ਸਾਰੀ ਮਾਨਵਤਾ ਲਈ ਰੂਹਾਨੀ ਸੁਨੇਹਾ ਸੀ, ਉਸ ਉਪਰ ਇਹ ਪੀੜਾ ਭਾਰੀ ਪੈ ਚੁੱਕੀ ਹੈ। ਆਪਣੇ-ਆਪਣੇ ਜਾਤੀ ਜਾਂ ਜਮਾਤੀ ਹਿੱਤਾਂ ਅਨੁਸਾਰ ਸਾਡੇ ਲੀਡਰ ਸਾਰੇ ਭਾਈਚਾਰੇ ਨੂੰ ਇਸ ਪੀੜਾ ਵਿੱਚੋਂ ਨਿਲਕਣ ਨਹੀਂ ਦੇਣਾ ਚਾਹੁੰਦੇ। ਸਾਡੀ ਰਾਜਸੀ ਲੀਡਰਸ਼ਿਪ ਇਸ ਵਿੱਚੋਂ ਸਿਆਸੀ ਲਾਹੇ ਲੈ ਰਹੀ ਹੈ ਅਤੇ ਸਾਡੀ ਧਾਰਮਿਕ ਲੀਡਰਸ਼ਿਪ ਇਸਦੇ ਭਾਰ ਹੇਠ ਦਬ ਕੇ ਰਹਿ ਗਈ ਹੈ ਕਿ ਉਹ ਗੁਰਬਾਣੀ ਦਾ ਰੂਹਾਨੀ ਸੰਦੇਸ਼ ਦੁਨੀਆਂ ਤਾਂ ਕੀ ਸਿੱਖਾਂ ਵਿੱਚ ਦੇਣ ਤੋਂ ਵੀ ਅਸਮਰਥ ਹੋ ਚੁੱਕੀ ਹੈ।
ਸਾਡੇ ਵਿੱਚ ਮੀਰੀ-ਪੀਰੀ ਦਾ ਇੱਕ ਸੰਕਲਪ ਹੈ। ਮੀਰ ਤਾਂ ਸਭ ਬਣੇ ਫਿਰਦੇ ਹਨ, ਪਰ ਪੀਰ ਕੋਈ ਨਜ਼ਰ ਨਹੀਂ ਆਉਂਦਾ? ਸਾਡੀਆਂ ਅਗਲੀਆਂ ਨਸਲਾਂ ਕਿੱਥੋਂ ਸੇਧ ਲੈਣ, ਕਿਥੋਂ ਆਸ ਰੱਖਣ? ਹੁਣ ਤੱਕ ਜੂਨ 84 ਬਾਰੇ ਸੈਂਕੜੇ ਕਿਤਾਬਾਂ ਮਾਰਕੀਟ ਵਿੱਚ ਆ ਚੁੱਕੀਆਂ ਹਨ। ਇੱਕ ਪੱਖ ਤਾਂ ਇਹ ਹੈ ਕਿ ਉਸ ਸਮੇਂ ਦੀ ਹਕੂਮਤੀ ਧਿਰ ਕਾਂਗਰਸ ਪਾਰਟੀ ਨੇ ਸਿੱਖਾਂ ਦੀ ਰਾਜਸੀ ਪਾਰਟੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸੰਤ ਭਿੰਡਰਾਂਵਾਲ਼ਿਆਂ ਨੂੰ ਖੜਾ ਕਰ ਲਿਆ ਸੀ। ਦੂਜਾ ਪੱਖ ਇਹ ਹੈ ਕਿ ਭਾਰਤੀ ਸਟੇਰਟ ਪਹਿਲੇ ਦਿਨ ਤੋਂ ਹੀ ਸਿੱਖਾਂ ਦੀ ਦੁਸ਼ਮਣ ਜਮਾਤ ਹੈ, ਸਾਡੀ ਹੋਂਦ ਖਤਮ ਕਰਨਾ ਚਾਹੁੰਦੀ ਹੈ, ਸਾਡੀ ਵੱਖਰੀ ਪਛਾਣ ਮਿਟਾਉਣਾ ਚਾਹੁੰਦੀ ਹੈ, ਸਾਨੂੰ ਧਰਮ ਤੇ ਕੌਮ ਦੇ ਤੌਰ `ਤੇ ਮਾਨਤਾ ਨਹੀਂ ਦਿੰਦੀ। ਜਿਸ ਤੋਂ ਅੱਕ ਕੇ ਸੰਤ ਭਿੰਡਰਾਂਵਾਲ਼ਿਆਂ ਨੇ ਨੌਜਵਾਨਾਂ ਨੂੰ ਹਥਿਆਰ ਚੁਕਾ ਕੇ ਦਰਬਾਰ ਸਾਹਿਬ ਦੀ ਰਾਖੀ ਲਈ ਸ਼ਹੀਦੀ ਪਾਈ। ਅਸੀਂ ‘ਪੀੜਤ ਧਿਰ’ ਬਣਨ ਦੀ ਪਹਿਚਾਣ ਬਣਾਉਣ ਵਿੱਚ ਬੁਰ੍ਹੀ ਤਰ੍ਹਾਂ ਫਸ ਚੁੱਕੇ ਹਾਂ। ਅਸੀਂ ਇਸ ਦੁਬਿਧਾ ਵਿੱਚੋਂ ਨਿਕਲ਼ ਨਹੀਂ ਪਾ ਰਹੇ ਕਿ ਜੇ ਭਾਰਤੀ ਸਟੇਟ ਸਾਡੀ ਮੁੱਖ ਦੁਸ਼ਮਣ ਹੈ, ਜੋ ਸਾਨੂੰ ਮਲੀਆਮੇਟ ਕਰਨਾ ਚਾਹੁੰਦੀ ਹੈ ਤਾਂ ਫਿਰ ਅਸੀਂ ਉਸ ਤੋਂ ਕਿਸੇ ਭਲੇ ਦੀ ਆਸ ਕਿਉਂ ਰੱਖਦੇ ਹਾਂ? ਜੇ ਸਟੇਟ ਦੁਸ਼ਮਣ ਨਹੀਂ ਹੈ, ਇੱਕ ਰਾਜਸੀ ਪਾਰਟੀ ਨੇ ਸਾਡੇ ਨਾਲ਼ ਇਹ ਸਭ ਕੁੱਝ ਕੀਤਾ ਸੀ ਤਾਂ ਫਿਰ ਸਾਡੇ ਕੋਲ਼ੋਂ ਗਲਤੀ ਕਿੱਥੇ ਹੋਈ ਹੈ? ਕੀ ਅਸੀਂ ਕਦੇ ਇਸਨੂੰ ਵੀ ਵਿਚਾਰਾਂਗੇ? ਅਸੀਂ ਕਿੱਥੇ ਮਾਰ ਖਾ ਗਏ? ਉਸ ਵਕਤ ਸਰਕਾਰ ਨਾਲ਼ ਲਗਾਤਾਰ ਗੱਲ ਚੱਲਦੀ ਰਹੀ ਸੀ, ਫਿਰ ਉਹ ਸਿਰੇ ਕਿਉਂ ਨਾ ਚੜ੍ਹ ਸਕੀ? ਕਿਉਂ ਹਾਲਾਤ ਇੱਥੇ ਤੱਕ ਪਹੁੰਚੇ ਕਿ ਸਰਕਾਰ ਨੂੰ ਫੌਜੀ ਕਾਰਵਾਈ ਕਰਨ ਤੱਕ ਨੌਬਤ ਆਈ? ਕੀ ਇਸ ਲਈ ਸਰਕਾਰੀ ਧਿਰ ਹੀ ਪੂਰੀ ਤਰ੍ਹਾਂ ਦੋਸ਼ੀ ਸੀ ਜਾਂ ਸਾਡਾ ਵੀ ਕਿਤੇ ਮਾੜਾ-ਮੋਟਾ ਦੋਸ਼ ਸੀ? ਕੀ ਅਸੀਂ ਹਮੇਸ਼ਾਂ ਸਿਰਫ ਪੀੜਤ ਬਣ ਕੇ ਹੀ ਰਹਿਣਾ ਹੈ? ਕੀ ਸਾਡੀ ਕੋਈ ਸਾਂਝੀ ਕੌਮੀ ਪਾਲਿਸੀ ਕਦੇ ਬਣੇਗੀ?
ਜੇ ਸਾਡਾ ਸਾਂਝਾ ਕੌਮੀ ਨਿਸ਼ਾਨਾ ਕੀ ਹੈ, ਬਾਰੇ ਅਸੀਂ ਸਪੱਸ਼ਟ ਨਹੀਂ ਤਾਂ ਕਿਤੇ ਵੀ ਨਹੀਂ ਪਹੁੰਚਾਂਗੇ? ਗੁਰਬਾਣੀ ਸਾਡੀ ਗੁਰੂ ਹੈ, ਕੀ ਸਾਡਾ ਨਿਸ਼ਾਨਾ ਉਸ ਅਨੁਸਾਰ ਹੋਵੇ ਜਾਂ ਮੌਜੂਦਾ ਹਾਲਾਤਾਂ ਅਨੁਸਾਰ ਹੋਵੇ? ਅਸੀਂ ਕਿਤੇ ਤਾਂ ਸਪੱਸ਼ਟ ਹੋਈਏ? ਆਮ ਜੀਵਨ ਵਿੱਚ ਵੀ ਜਦੋਂ ਵੱਡੇ ਹਾਦਸੇ ਵਾਪਰਦੇ ਹਨ ਤਾਂ ਬੇਸ਼ਕ ਉਹ ਕਿਤੇ ਨਾ ਕਿਤੇ ਸਾਡੇ ਚੇਤਿਆਂ ਵਿੱਚ ਤਾਂ ਜਰੂਰ ਰਹਿੰਦੇ ਹਨ, ਪਰ ਆਮ ਤੌਰ `ਤੇ ਵਿਅਕਤੀ ਉਸ ਤੋਂ ਜਲਦੀ ਉਪਰ ਉਠ ਜਾਂਦੇ ਹਨ। ਪਰ ਅਸੀਂ ਕੌਮੀ ਤੌਰ `ਤੇ ਅਜਿਹੇ ਘੱਲੂਘਾਰਿਆਂ ਤੋਂ ਉਪਰ ਨਹੀਂ ਉਠ ਰਹੇ ਜਾਂ ਸਾਨੂੰ ਉਪਰ ਉਠਣ ਨਹੀਂ ਦਿੱਤਾ ਜਾ ਰਿਹਾ? ਜ਼ਖਮਾਂ ਨੂੰ ਵਾਰ-ਵਾਰ ਕੁਰੇਦ ਕੇ ਅਸੀਂ ਕਦੇ ਵੀ ਅੱਗੇ ਨਹੀਂ ਵਧ ਸਕਦੇ? ਹੋਰ ਵੀ ਵੱਡਾ ਮਸਲਾ ਇਹ ਬਣ ਰਿਹਾ ਹੈ ਕਿ ਨਵੀਂ ਪੀੜ੍ਹੀ ਵਿੱਚ ਇਹ ਦਰਦ ਵਧਾ ਚੜ੍ਹਾ ਕੇ ਪੇਸ਼ ਕਰਨ ਨਾਲ਼, ਜਿਨ੍ਹਾਂ ਕੋਲ਼ੋਂ ਇਹ ਪੀੜਾ ਸਹਿਣ ਨਹੀਂ ਹੁੰਦੀ, ਉਹ ਨਸ਼ਿਆਂ `ਚ ਫਸ ਜਾਂਦੇ ਹਨ, ਕੋਈ ਹਿੰਸਾ ਦਾ ਰਾਹ ਫੜ ਲੈਂਦਾ ਹੈ, ਕੋਈ ਜ਼ੁਰਮ ਦੀ ਦਲ-ਦਲ ਵਿੱਚ ਧਸ ਜਾਂਦਾ ਹੈ। ਸਾਡੇ ਕੋਲ਼ ਕੋਈ ਕੌਮੀ ਨਿਸ਼ਾਨਾ ਨਹੀਂ ਹੈ? ਸਾਰਾ ਭਾਈਚਾਰਾ ਵੱਡੀ ਦੁਬਿਧਾ ਦਾ ਸ਼ਿਕਾਰ ਬਣ ਚੁੱਕਾ ਹੈ। ਗੁਰਬਾਣੀ ਜਿਸ ਆਦਰਸ਼ਕ ਮਨੁੱਖ ਦੀ ਸਿਰਜਨਾ ਕਰਨਾ ਚਾਹੁੰਦੀ ਸੀ, ਅਸੀਂ ਉਸ ਮਾਰਗ ਤੋਂ ਭਟਕ ਚੁੱਕੇ ਹਾਂ। ਜਦੋਂ ਤੱਕ ਅਸੀਂ ਇਸ ਪਾਸੇ ਨਹੀਂ ਤੁਰਦੇ ਕਿ ਸਾਡੇ ਤੋਂ ਗਲਤੀਆਂ ਕਿੱਥੇ ਹੋਈਆਂ ਅਤੇ ਹੁਣ ਅਸੀਂ ਅੱਗੇ ਕਿਵੇਂ ਤੁਰਨਾ ਹੈ, ਸਾਡਾ ਮਕਸਦ ਕੀ ਹੈ, ਉਦੋਂ ਤੱਕ ਅਸੀਂ ਇਵੇਂ ਹੀ ਭਟਕਦੇ ਰਹਾਂਗੇ? ਅਸੀਂ ਕਦੋਂ ਵਿਚਾਰ ਕਰਾਂਗੇ ਕਿ ਕੀ ਕੋਈ ਬੱਜ਼ਰ ਗਲਤੀਆਂ ਸਾਡੇ ਤੋਂ ਵੀ ਹੋਈਆਂ ਸਨ ਅਤੇ ਉਹ ਕਿੱਥੇ-ਕਿੱਥੇ ਹੋਈਆਂ ਸਨ?
00000
ਜੂਨ 84 ਬਾਰੇ ਕੁੱਝ ਸਵਾਲ ਸਿੱਖ ਪੰਥ ਦੇ ਰਹਿਬਰਾਂ ਦੀ ਕਚਹਿਰੀ ਵਿੱਚ ਰੱਖੇ ਜਾ ਰਹੇ ਹਨ, ਜਿਨ੍ਹਾਂ ਉਪਰ ਖੁੱਲ੍ਹੇ ਮਨ ਨਾਲ਼ ਵਿਚਾਰ ਕਿਸੇ ਸਮੇਂ ਜਰੂਰ ਕਰ ਲੈਣੀ ਚਾਹੀਦੀ ਹੈ:
ਜੂਨ 84 ਬਾਰੇ ਕਦੋਂ ਤੱਕ ਅਸੀਂ ਗੁਸੈਲ਼ ਸੁਰ ਅਪਣਾਈ ਰੱਖਾਂਗੇ?
ਸਿੱਖ ਲੀਡਰਸ਼ਿਪ ਕਦੋਂ ਦੱਸੇਗੀ ਕਿ ਇਹ ਭਾਣਾ ਕਿਉਂ ਵਾਪਰਿਆ?
ਅੱਜ ਤੋਂ 41 ਸਾਲ ਪਹਿਲਾਂ ਭਾਰਤ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚੋਂ ਸੰਤ ਭਿੰਡਰਾਂਵਾਲ਼ੇ ਅਤੇ ਉਨ੍ਹਾਂ ਦੇ ਹਥਿਆਰਬੰਦ ਖਾੜਕੂਆਂ ਨੂੰ ਬਾਹਰ ਕੱਢਣ ਲਈ ‘ਓਪਰੇਸ਼ਨ ਬਲਿਊ ਸਟਾਰ’ ਨਾਮ ਦੀ ਫੌਜੀ ਕਾਰਵਾਈ ਕੀਤੀ ਸੀ। ਜਿਸ ਵਿੱਚ ਦੋਨਾਂ ਪੱਖਾਂ ਤੋਂ ਸੈਂਕੜੇ ਜਾਨਾਂ ਗਈਆਂ ਤੇ ਕਰੋੜਾਂ ਦੀ ਜਾਇਦਾਦ ਦੇ ਨੁਕਸਾਨ ਨਾਲ਼ ਸ੍ਰੀ ਅਕਾਲ ਤਖ਼ਤ ਦੀ ਬਿਲਡਿੰਗ ਦਾ ਤੋਪ ਦੇ ਗੋਲ਼ਿਆਂ ਨਾਲ਼ ਭਾਰੀ ਨੁਕਸਾਨ ਹੋਇਆ ਸੀ। ਅਸੀਂ ਹਮੇਸ਼ਾਂ ਤੋਂ ਇਹ ਕਹਿੰਦੇ ਆ ਰਹੇ ਹਾਂ ਕਿ ਅਜਿਹੇ ਮਨਹੂਸ ਭਾਣੇ ਕਦੇ ਵੀ, ਕਿਸੇ ਵੀ ਸੂਰਤ ਵਿੱਚ, ਕਿਸੇ ਵੀ ਭਾਈਚਾਰੇ ਨਾਲ਼ ਕਦੇ ਵੀ ਨਹੀਂ ਵਾਪਰਨੇ ਚਾਹੀਦੇ। ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ਼ ਵਲੋਂ ਲਗਾਏ ਗਏ ਸ਼ਾਂਤਮਈ ‘ਧਰਮ ਯੁੱਧ ਮੋਰਚੇ’ ਦੀਆਂ ਜਾਇਜ ਮੰਗਾਂ ਪ੍ਰਵਾਨ ਕੀਤੀਆਂ ਜਾਣੀਆਂ ਚਾਹੀਦੀਆਂ ਸਨ। ਅਜਿਹੀ ਸਖ਼ਤ ਕਾਰਵਾਈ ਤੋਂ ਪਹਿਲਾਂ ਸਰਕਾਰ ਨੂੰ ਕੋਈ ਹੋਰ ਢੰਗ ਤਰੀਕੇ ਲੱਭਣੇ ਚਾਹੀਦੇ ਸਨ। ਇਹ ਅਫਸੋਸਨਾਕ ਸੀ, ਇਸ ਘਟਨਾ ਦੀ ਜਿਤਨੀ ਨਿੰਦਾ ਹੋਵੇ, ਥੋੜੀ ਹੈ।
ਜੇ ਇਹ ਮੰਨ ਵੀ ਲਿਆ ਜਾਵੇ ਕਿ ਇੰਦਰਾ ਗਾਂਧੀ ਨੇ ਆਪਣੇ ਸਵਾਰਥੀ ਰਾਜਨੀਤਨਕ ਹਿੱਤਾਂ ਲਈ ਕਿਸੇ ਡੂੰਘੀ ਸਾਜ਼ਿਸ਼ ਦੇ ਤਹਿਤ ਹੀ ਇਹ ਸਭ ਕੁੱਝ ਕੀਤਾ। ਪਰ ਸਵਾਲ ਤਾਂ ਇਹ ਹੈ ਕਿ ਮੋਰਚੇ ਦੇ ਰਹਿਮਨੁਮਾਵਾਂ ਅਤੇ ਉਨ੍ਹਾਂ ਦੇ ਸਲਾਹਕਾਰਾਂ, ਉਸ ਸਮੇਂ ਦੇ ਬੁੱਧਜਿੀਵੀਆਂ ਅਤੇ ਵੱਡੇ-ਵੱਡੇ ਸਾਬਕਾ ਫੌਜੀ ਜਰਨੈਲਾਂ ਅਤੇ ਪ੍ਰੋਫੈਸਰਾਂ ਨੇ ਇਸ ਨੰਗੀ ਚਿੱਟੀ ਸਾਜ਼ਿਸ਼ ਨੂੰ ਕਿਉਂ ਨਾ ਸਮਝਿਆ? ਉਨ੍ਹਾਂ ਅੰਦਰ ਬੈਠੀ ਖਾੜਕੂ ਧਿਰ ਨੂੰ ਸਮਝਾਉਣ ਦੀ ਕੋਸ਼ਿਸ਼ ਕਿਉਂ ਨਾ ਕੀਤੀ? ਸਰਕਾਰਾਂ ਦੀਆਂ ਚਾਲਾਂ ਤੋਂ ਸਾਵਧਾਨ ਹੋਣ ਦੀ ਥਾਂ ਉਹ ਲਗਾਤਾਰ ਇੱਕ ਤੋਂ ਬਾਅਦ ਇੱਕ ਬਹਾਨਾ ਉਨ੍ਹਾਂ ਨੂੰ ਕਿਉਂ ਦਿੰਦੇ ਚਲੇ ਗਏ।
ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੁਨੀਆਂ ਭਰ `ਚ ਵੱਸਦਾ ਸਿੱਖ ਭਾਈਚਾਰਾ ਇਸ ਦੁਖਾਂਤ ਨੂੰ ਤੀਜੇ ਘੱਲੂਘਾਰੇ ਦੇ ਰੂਪ `ਚ ਮਨਾਉਂਦਾ ਆ ਰਿਹਾ ਹੈ। ਪਿਛਲੇ 41 ਸਾਲਾਂ ਤੋਂ ਹਰ ਸਾਲ ਕੁੱਝ ਚਸ਼ਮਦੀਦ ਗਵਾਹ ਅਤੇ ਸੰਸਥਾਵਾਂ ਜੂਨ ਦੇ ਪਹਿਲੇ ਹਫ਼ਤੇ ਜੂਨ 84 ਦੀਆਂ ਘਟਨਾਵਾਂ ਨੂੰ ਇਵੇਂ ਪੇਸ਼ ਕਰਦੇ ਅਤੇ ਵਾਰ-ਵਾਰ ਦੁਹਰਾਉਂਦੇ ਰਹਿੰਦੇ ਹਨ ਕਿ ਕਿਤੇ ਸਾਡੇ `ਤੇ ਕੋਈ ਇਲਜਾਮ ਨਾ ਲਗਾ ਦੇਵੇ ਕਿ ਇਹ ਹੁਣ 84 ਨੂੰ ਭੁੱਲ ਗਏ ਹਨ ਜਾਂ ਕੋਈ ਅਜਿਹੀ ਗੱਲ ਨਾ ਕਹਿ ਹੋ ਜਾਵੇ, ਜਿਸ ਨਾਲ਼ ਪ੍ਰਭਾਵ ਬਣਦਾ ਹੋਵੇ ਕਿ ਅਸੀਂ ਕੋਈ ਗੱਲ ਸਰਕਾਰ ਪੱਖੀ ਕਰ ਰਹੇ ਹਾਂ। ਇਹੋ ਗੱਲਾਂ ਵਾਰ-ਵਾਰ ਬੜੇ ਸਨਸਨੀਖੇਜ ਢੰਗ ਨਾਲ਼ ਵਧਾ-ਚੜ੍ਹਾ ਕੇ ਪੇਸ਼ ਕੀਤੀਆਂ ਜਾਂਦੀਆਂ ਕਿ ਇਹ ਦੁਖਾਂਤ ਕਿਵੇਂ ਵਾਪਰਿਆ, ਉੱਥੇ ਕੀ-ਕੀ ਹੋਇਆ? ਪਰ ਇਹ ਕਦੇ ਨਹੀਂ ਵਿਚਾਰਿਆ ਜਾਂਦਾ ਕਿ ਇਹ ਕਿਉਂ ਵਾਪਰਿਆ? ਕੀ ਇਸ ਵਿੱਚ ਸਾਰਾ ਦੋਸ਼ ਸਰਕਾਰ ਜਾਂ ਫੌਜ ਦਾ ਹੀ ਸੀ ਜਾਂ ਸਿੱਖ ਲੀਡਰਾਂ ਤੇ ਖਾੜਕੂਆਂ ਦਾ ਵੀ ਕੋਈ ਕਸੂਰ ਸੀ?
ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਕਾਰ ਨੂੰ ਜਾਂ ਫੌਜ ਨੂੰ ਕਿਉਂ ਲੋੜ ਪਈ ਕਿ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਜਾਵੇ? ਸਰਕਾਰ ਨੂੰ ਇਉਂ ਕਿਉਂ ਲੱਗਾ ਕਿ ਇਸ ਫੌਜੀ ਕਾਰਵਾਈ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਸੀ? ਸਰਕਾਰ ਕਿਉਂ ਉਸ ਛੋਟੇ ਜਿਹੇ ਭਾਈਚਾਰੇ ਦੇ ਪ੍ਰਮੁੱਖ ਧਾਰਮਿਕ ਅਸਥਾਨ `ਤੇ ਹਮਲਾ ਕਰਨ ਲਈ ਮਜਬੂਰ ਹੋਈ, ਜਿਸ ਦੀਆਂ ਦੇਸ਼ ਲਈ ਕੁਰਬਾਨੀਆਂ ਦਾ ਸਾਰਾ ਦੇਸ਼ ਕਾਇਲ ਸੀ?
ਹੁਣ ਹਫ਼ਤਾ ਕੁ ਨਾਲ਼ ਦਿੱਤੀਆਂ ਜਾ ਰਹੀਆਂ ਤਸਵੀਰਾਂ ਵਿਚਲੇ ਦਾਅਵਿਆਂ ਵਰਗੀਆਂ ਸਨਸਨੀਖੇਜ਼ ਕਹਾਣੀਆਂ ਸੋਸ਼ਲ ਮੀਡੀਆ ਵਿੱਚ ਛਾਈਆਂ ਰਹਿਣਗੀਆਂ। ਅਜਿਹਾ ਕੁੱਝ ਪਿਛਲੇ 41 ਸਾਲ ਤੋਂ ਲਗਾਤਾਰ ਵਾਪਰ ਰਿਹਾ ਹੈ। ਇੱਕ ਪਾਸੇ ਉਹ ਪ੍ਰਚਾਰਕ ਤੇ ਵਿਦਵਾਨ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਸੰਗਤ ਨੂੰ ਜਜ਼ਬਾਤੀ ਕਰਕੇ ਚੱਲਦੀ ਹੈ। ਦੂਜੇ ਪਾਸੇ ਉਹ ਰਾਜਸੀ ਲੋਕ ਹਨ, ਜਿਨ੍ਹਾਂ ਦੀ ਹਿੰਸਾ ਤੇ ਨਫ਼ਰਤ ਅਧਾਰਿਤ ਰਾਜਨੀਤੀ ਪਿਛਲੇ 41 ਸਾਲ ਤੋਂ ਲੋਕਾਂ ਨੂੰ ਗੁੰਮਰਾਹ ਕਰਕੇ ਚੱਲ ਰਹੀ ਹੈ।
ਸਾਨੂੰ ਪਿਛਲੇ 41 ਸਾਲ ਤੋਂ ਵਾਰ-ਵਾਰ ਇਹ ਤਾਂ ਹਰ ਸਾਲ ਨਵੇਂ-ਨਵੇਂ ਸਨਸਨੀਖੇਜ ਖੁਲਾਸਿਆਂ ਨਾਲ਼ ਦੱਸਿਆ ਜਾਂਦਾ ਰਿਹਾ ਹੈ ਕਿ ਜੂਨ 1 ਤੋਂ 6 ਤੱਕ ਕੀ ਅਤੇ ਕਿਵੇਂ ਵਾਪਰਿਆ? ਪਰ ਅੱਜ ਤੱਕ ਕੋਈ ਵਿਦਵਾਨ, ਲੀਡਰ, ਪ੍ਰਚਾਰਕ, ਖਾੜਕੂ ਇਹ ਨਹੀਂ ਦੱਸ ਸਕਿਆ ਕਿ ਇਹ ਕਿਉਂ ਹੋਇਆ? ਕਿਉਂਕਿ ਦੱਸਣ ਨਾਲ਼ ਸਾਰੀ ਖੇਡ ਪੁੱਠੀ ਪੈ ਸਕਦੀ ਹੈ। ਸਾਡੇ ਵਲੋਂ ਪੀੜ੍ਹਤ ਧਿਰ ਬਣਨ ਦਾ ਰਾਗ ਨਹੀਂ ਅਲਾਪਿਆ ਜਾਣਾ? ਸਾਨੂੰ ਆਪਣੇ ਕੰਮਾਂ ਦੀ ਜ਼ਿੰਮੇਵਾਰੀ ਵੀ ਲੈਣੀ ਪਵੇਗੀ? ਜਦੋਂ ਸਭ ਕੁੱਝ ਸਰਕਾਰਾਂ `ਤੇ ਸੁੱਟ ਕੇ ਸਰ ਸਕਦਾ ਹੈ ਤਾਂ ਆਪਣੇ ਦੋਸ਼ਾਂ ਵੱਲ ਕਿਉਂ ਦੇਖਿਆ ਜਾਵੇ?
ਕਨੇਡਾ-ਅਮਰੀਕਾ ਵਿੱਚ ਸਾਡੇ ਦੇਖਦਿਆਂ ਪਿਛਲੇ 25-30 ਸਾਲਾਂ ਵਿੱਚ ਅਜਿਹੇ ਸੈਂਕੜੇ ਕੇਸ ਹੋਏ ਹਨ, ਜਦੋਂ ਕਥਿਤ ਅਪਰਾਧੀ ਦੇ ਹੱਥ ਵਿੱਚ ਸਿਰਫ ਚਾਕੂ ਸੀ (ਗੰਨ ਜਾਂ ਪਸਤੌਲ ਵੀ ਨਹੀਂ ਸੀ) ਤੇ ਇੱਕ ਪੁਲਿਸ ਵਾਲ਼ਾ ਤਿੰਨ ਵਾਰ ਕਹਿੰਦਾ ਹੈ ਕਿ ‘ਡਰੌਪ ਦਾ ਵੈਪਨ’, ਜੇ ਤੀਜੀ ਵਾਰ ਹੱਥ ਖੜੇ ਨਾ ਹੋਏ ਤਾਂ ਦੂਜਾ ਪੁਲਿਸ ਵਾਲ਼ਾ ਸਿੱਧਾ ਮੱਥੇ ਵਿੱਚ ਗੋਲ਼ੀ ਮਾਰਦਾ ਹੈ ਤੇ ਬੰਦਾ ਥਾਂਹੇ ਢੇਰੀ ਕਰ ਦਿੰਦੇ ਆ। ਹੈਰਾਨੀ ਹੁੰਦੀ ਹੈ ਕਿ 1982 ਵਿੱਚ ਹਰਿਮੰਦਰ ਸਾਹਿਬ ਅੰਦਰ ਚੱਲ ਰਹੇ ਪੂਰਨ ਸ਼ਾਂਤਮਈ ਧਰਮ ਯੁੱਧ ਮੋਰਚੇ ਦੀ ਆੜ ਵਿੱਚ ਅਨੇਕਾਂ ਵਿਅਕਤੀ ਕਤਲ ਕੀਤੇ ਗਏ, ਬੈਂਕਾਂ ਵਿੱਚ ਡਾਕੇ ਮਾਰੇ ਗਏ, ਫਿਰੌਤੀਆਂ ਲਈਆਂ ਗਈਆਂ। ਘੱਟੋ-ਘੱਟ ਦਰਜਨ ਤੋਂ ਵੱਧ ਬੰਦੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਕਤਲ ਹੋਏ। ਪੁਲਿਸ ਦਾ ਡੀ. ਆਈ. ਜੀ. ਅਵਤਾਰ ਸਿੰਘ ਅਟਵਾਲ ਦਰਬਾਰ ਸਾਹਿਬ ਪ੍ਰਕਰਮਾਂ ਤੋਂ ਨਿਕਲਦਾ ਮਾਰ ਦਿੱਤਾ ਗਿਆ ਹੋਵੇ ਤਾਂ ਕੋਈ ਵੀ ਸਰਕਾਰ ਕਿਵੇਂ ਜਾਂ ਕਿਤਨਾ ਚਿਰ ਬਰਦਾਸ਼ਤ ਕਰ ਸਕਦੀ ਸੀ ਕਿ ਲੋਕ ਮਰੀ ਜਾਣ ਤੇ ਸ਼ੱਕੀ ਵਿਅਕਤੀ ਪਵਿੱਤਰ ਧਾਰਮਿਕ ਅਸਥਾਨ ਵਿੱਚ ਲੁਕ ਕੇ ਬੈਠੇ ਰਹਿਣ?
ਅਸੀਂ ਕਿਤਨਾ ਚਿਰ ਅਜਿਹੀ ਬਲੇਮ ਗੇਮ ਖੇਡਦੇ ਰਹਾਂਗੇ? ਅਸੀਂ ਕਦੋਂ ਖਾੜਕੂ ਧਿਰਾਂ ਤੇ ਪੰਥਕ ਜਥੇਬੰਦੀਆਂ ਨੂੰ ਸਵਾਲ ਕਰਾਂਗੇ ਕਿ ਅਕਾਲੀਆਂ ਦੇ ਸ਼ਾਂਤਮਈ ਧਰਮ ਯੁੱਧ ਮੋਰਚੇ ਵਿੱਚ ਹਿੰਸਾ ਤੇ ਕਤਲੋਗਾਰਤ ਕਿਸਦੇ ਇਸ਼ਾਰੇ `ਤੇ ਕੀਤੀ ਗਈ ਸੀ? ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਕਿਸਦੀ ਮੱਦਦ ਨਾਲ਼ ਮਿਲਟਰੀ ਦੀਆਂ ਤੋਪਾਂ ਉਡਾਉਣ ਵਾਲ਼ੇ ਮਾਰੂ ਹਥਿਆਰ ਪਹੁੰਚੇ? ਯਾਦ ਰਹੇ ਸਿੱਖ ਵਿਦਵਾਨ ਸ. ਗੁਰਤੇਜ ਸਿੰਘ (ਸਾਬਕਾ ਆਈ ਏ ਐਸ) ਅਨੁਸਾਰ ਭਾਰਤੀ ਖੁਫੀਆ ਏਜੰਸੀ ਰਾਅ ਦੇ ਏਜੰਟ ਜਨਰਲ ਜਸਵੰਤ ਸਿੰਘ ਭੁੱਲਰ ਨੇ ਇਹ ਹਥਿਆਰ ਅੰਦਰ ਪਹੁੰਚਾਏ ਸਨ। ਫਿਰ ਇਹ ਸ਼ੱਕ ਕਿਉਂ ਨਾ ਕੀਤਾ ਜਾਵੇ ਕਿ ਅੰਦਰ ਹਥਿਆਰ ਪ੍ਰਾਪਤ ਕਰਨ ਵਾਲ਼ੇ ਵੀ ਰਾਅ ਦੇ ਹੀ ਬੰਦੇ ਹੋਣਗੇ? ਜੇ ਉਹ ਸੱਚੇ ਸੁੱਚੇ ਖਾਲਸੇ ਸਨ ਤਾਂ ਉਨ੍ਹਾਂ ਨੇ ਏਜੰਸੀਆਂ ਵਲੋਂ ਪਹੁੰਚਾਏ ਹਥਿਆਰ ਕਿਉਂ ਪ੍ਰਾਪਤ ਕੀਤੇ? ਕਿਉਂ ਸਾਰੀ ਦੁਨੀਆਂ ਨੂੰ ਨਹੀਂ ਦੱਸਿਆ ਕਿ ਸਾਡੇ `ਤੇ ਹਮਲਾ ਕਰਨ ਲਈ ਗੈਰ-ਕਨੂੰਨੀ ਹਥਿਆਰ ਅੰਦਰ ਪਹੁੰਚਾਏ ਜਾ ਰਹੇ ਹਨ? ਇਹ ਗੱਲ ਕਿਉਂ ਲੁਕੋਈ ਜਾਂਦੀ ਰਹੀ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਤੋਂ ਫੌਜ ਨਾਲ਼ ਲੜਨ ਲਈ ਟਰੇਂਡ 40 ਸਿੰਘ ‘ਸਾਕਾ ਨੀਲਾ ਤਾਰਾ’ ਤੋਂ ਕੁੱਝ ਦਿਨ ਪਹਿਲਾਂ ਗੁਪਤ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ `ਤੇ ਕੀ ਸੋਚ ਕੇ ਆਏ ਸਨ? ਕੀ ਉਨ੍ਹਾਂ ਨੂੰ ਪਤਾ ਸੀ ਕਿ ਫੌਜ ਹਮਲਾ ਕਰਨ ਵਾਲ਼ੀ ਹੈ? ਉਨ੍ਹਾਂ ਨੇ ਹੀ ਜਨਰਲ ਸ਼ੁਬੇਗ ਸਿੰਘ ਨਾਲ਼ ਰਲ਼ ਕੇ ਅਸਲੀ ਲੜਾਈ ਲੜੀ ਸੀ। ਸ੍ਰੀ ਅਕਾਲ ਤਖਤ ਸਾਹਿਬ ਅੰਦਰੋਂ ਬੱਬਰਾਂ ਸਮੇਤ ਬਹੁਤੇ ਨਾਮੀ ਖਾੜਕੂ ਤਾਂ ਪਹਿਲਾਂ ਹੀ ਬਾਹਰ ਨਿਕਲ਼ ਗਏ ਸਨ। ਅੱਜ ਤੱਕ ਸਿੱਖ ਪੰਥ ਨੂੰ ਇਹ ਕਿਉਂ ਨਹੀਂ ਦੱਸਿਆ ਗਿਆ ਕਿ ਉਹ ਚਾਲ਼ੀ ਸਿੰਘ ਕੌਣ ਸਨ?
ਸ਼ਾਂਤਮਈ ਮੋਰਚੇ ਵਿੱਚ ਅਜਿਹੇ ਮੋਰਚੇ ਕਿਉਂ ਬਣਾਏ ਗਏ, ਜਿਵੇਂ ਕਿ ਕਿਸੇ ਦੇਸ਼ ਦੀ ਫੌਜ ਨਾਲ਼ ਜੰਗ ਲੜਨੀ ਹੋਵੇ? ਜੇ ਮੋਰਚੇ ਬਣਾਉਣ ਅਤੇ ਹਥਿਆਰ ਜਮ੍ਹਾਂ ਕਰਨ ਵਾਲ਼ਿਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਭਾਰਤੀ ਫੌਜ ਹਮਲਾ ਕਰੇਗੀ ਤਾਂ ਫਿਰ ਇਹ ਗੱਲ ਆਮ ਸੰਗਤ ਨੂੰ ਕਿਉਂ ਨਹੀਂ ਦੱਸੀ ਗਈ ਤਾਂ ਕਿ ਉਹ ਬਾਹਰ ਨਿਕਲ ਜਾਂਦੀ ਕਿਉਂਕਿ ਉਹ ਤਾਂ ਉਥੇ ਲੜਨ ਨਹੀਂ ਆਏ ਸਨ? ਉਹ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਏ ਸਨ। ਕੀ ਅੰਦਰ ਬੈਠੇ ਖਾੜਕੂ ਲੀਡਰ ਚਾਹੁੰਦੇ ਸਨ ਕਿ ਅਜਿਹੇ ਇਤਿਹਾਸਕ ਮੌਕੇ ਸੰਗਤ ਵੱਧ ਤੋਂ ਵੱਧ ਗੋਲ਼ੀਬਾਰੀ ਦਾ ਸ਼ਿਕਾਰ ਹੋਵੇ? ਜੇ ਅੰਦਰ ਬੈਠੇ ਖਾੜਕੂਆਂ ਨੂੰ ਪਤਾ ਸੀ ਕਿ ਭਾਰਤੀ ਫੌਜ ਹਮਲਾ ਕਰੇਗੀ ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਬਚਾਉਣ ਲਈ ਗੁਰੂ ਹਰਿਗੋਬਿੰਦ ਸਾਹਿਬ ਵਾਂਗ ਅੰਮ੍ਰਿਤਸਰ (ਜਾਂ ਗੁਰੂ ਗੋਬਿੰਦ ਸਿੰਘ ਜੀ ਵਾਂਗ ਆਨੰਦਪੁਰ ਸਾਹਿਬ) ਛੱਡ ਕੇ ਬਾਹਰ ਕਿਉਂ ਨਹੀਂ ਚਲੇ ਗਏ ਤਾਂ ਕਿ ਉਥੇ ਹੋਈ ਤਬਾਹੀ ਹੋਣੋਂ ਬਚ ਜਾਂਦੀ? ਉਹ ਭਾਰਤੀ ਫੌਜ ਨੂੰ ਬਾਹਰ ਜਾ ਕੇ ਚੈਲਿੰਜ ਕਰ ਸਕਦੇ ਸਨ ਅਤੇ ਆਪਣੀ ਬਹਾਦਰੀ ਦਿਖਾ ਸਕਦੇ ਸਨ। ਜੇ ਦਰਬਾਰ ਸਾਹਿਬ ਅੰਦਰ ਬੈਠੇ ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ, ਮੇਜਰ ਸਿੰਘ ਨਾਗੋਕੇ ਅਤੇ ਕਈ ਹੋਰ ਨਾਮੀ ਖਾੜਕੂ 1 ਤੋਂ 5 ਜੂਨ ਤੱਕ ਆਪਣੇ ਪਰਿਵਾਰਾਂ ਨੂੰ ਬਾਹਰ ਕੱਢੇ ਸਕਦੇ ਸਨ ਤਾਂ ਇਹ ਮੌਕਾ ਬੇਗੁਨਾਹ ਸ਼ਰਧਾਲੂਆਂ ਨੂੰ ਕਿਉਂ ਨਹੀਂ ਦਿੱਤਾ ਗਿਆ?
ਸ. ਅਜਮੇਰ ਸਿੰਘ, ਜਗਤਾਰ ਸਿੰਘ ਅਤੇ ਹੋਰ ਸਿੱਖ ਵਿਦਵਾਨ ਅਜਿਹਾ ਪ੍ਰਚਾਰ ਲਗਾਤਾਰ ਕਰਦੇ ਆ ਰਹੇ ਹਨ ਕਿ ਭਾਰਤੀ ਫੌਜ ਦਾ ਹਮਲਾ 18ਵੀਂ ਸਦੀ ਦੇ ਮੱਸਾ ਰੰਗੜ ਅਤੇ ਅਬਾਦਲੀ ਦੇ ਹਮਲਿਆਂ ਤੋਂ ਕਿਤੇ ਵੱਧ ਕਹਿਰੀ ਸੀ। ਪਰ ਉਪਰਲੀ ਵੀਡੀਓ ਵਿੱਚ ਸਾਬਕਾ ਐਮ ਪੀ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਸ. ਤਰਲੋਚਨ ਸਿੰਘ ਅਨੁਸਾਰ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਫੌਜੀ ਕਾਰਵਾਈ ਵਰਗਾ ਸਖਤ ਫੈਸਲਾ ਦੁਬਿਧਾ ਵਿੱਚ ਲੈ ਤਾਂ ਬੈਠੀ ਸੀ, ਪਰ ਜਦੋਂ ਹੋਏ ਨੁਕਸਾਨ ਬਾਰੇ ਪਤਾ ਲੱਗਾ ਤਾਂ ਉਹ ਪਛਤਾਵੇ ਦਾ ਸ਼ਿਕਾਰ ਹੋਈ, ਇਸ ਵਿੱਚੋਂ ਨਿਕਲਣ ਲਈ ਹਰ ਹੀਲਾ ਵਰਤ ਰਹੀ ਸੀ। ਕੀ ਇਹ ਵੀ ਸੱਚ ਨਹੀਂ ਹੈ ਕਿ ਮੈਡਮ ਗਾਂਧੀ ਨੇ ਫੌਜੀ ਕਾਰਵਾਈ ਦਾ ਫੈਸਲਾ, ਕਈ ਮਹੀਨਿਆਂ ਦੀ ਦੁਚਿਤੀ ਤੋਂ ਬਾਅਦ ਹੀ ਲਿਆ ਸੀ। ਉਹ ਵੀ ਉਦੋਂ ਜਦੋਂ ਫੌਜੀ ਜਰਨੈਲਾਂ ਵਲੋਂ ਘੱਟ ਤੋਂ ਘੱਟ ਫੋਰਸ ਵਰਤ ਕੇ ਸੰਤ ਅਤੇ ਉਸਦੇ ਸਾਥੀਆਂ ਨੂੰ ਕੰਪਲੈਕਸ ਤੋਂ ਮੁਕਤ ਕਰਾਉਣ ਦਾ ਪੱਕਾ ਯਕੀਨ ਦਿਵਾ ਦਿੱਤਾ ਸੀ। ਕੀ ਸਰਦਾਰ ਜਗਤਾਰ ਸਿੰਘ ਹੋਰਾਂ ਨੂੰ ਪਤਾ ਨਹੀਂ ਹੈ ਕਿ ਜਨਰਲ ਸ਼ੁਬੇਗ ਸਿੰਘ ਵਲੋਂ ਕਰਵਾਈ ਮੋਰਚਾਬੰਦੀ ਕਾਰਨ ਅੰਦਰ ਸੁਰੱਖਿਅਤ ਥਾਵਾਂ `ਤੇ ਪੁਜ਼ੀਸ਼ਨਾਂ ਲਈ ਬੈਠੇ ਟਰੇਂਡ ਸਿੰਘਾਂ ਨੇ 5 ਜੂਨ ਦੀ ਰਾਤ ਨੂੰ ਪਹਿਲੀ ਕਮਾਂਡੋ ਕਾਰਵਾਈ ਦੌਰਾਨ ਵਿਸ਼ੇਸ਼ ਕਮਾਂਡੋ ਫੋਰਸ ਦੇ 50-60 ਜਵਾਨ ਅਕਾਲ ਤਖਤ ਸਾਹਮਣੇ ਹੀ ਢੇਰੀ ਕਰ ਦਿੱਤੇ ਸਨ। ਸਰਕਾਰ ਨੇ ਪੰਜਾਬ ਵਿੱਚ ਵੱਡੀ ਬਗਾਵਤ ਫੈਲ ਜਾਣ ਦੇ ਡਰੋਂ 6 ਜੂਨ ਦੀ ਸਵੇਰ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਓਪਰੇਸ਼ਨ ਖਤਮ ਕਰਨ ਦਾ ਆਦੇਸ਼ ਦੇ ਦਿੱਤਾ ਸੀ। ਫੌਜ ਦਾ ਵੱਡਾ ਨੁਕਸਾਨ ਹੋਣ ਤੋਂ ਬਾਅਦ ਉਨ੍ਹਾਂ ਕੋਲ਼ ਹੁਣ ਟੈਂਕਾਂ ਨਾਲ਼ ਗੋਲ਼ੇ ਸੁੱਟਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ, ਪਰ ਦਿੱਲੀ ਤੋਂ ਟੈਂਕ ਵਰਤਣ ਦੀ ਇਜਾਜ਼ਤ ਨਹੀਂ ਮਿਲ਼ ਰਹੀ ਸੀ ਕਿਉਂਕਿ ਸਰਕਾਰ ਵਲੋਂ ਘੱਟ ਤੋਂ ਘੱਟ ਜਾਨੀ-ਮਾਲੀ ਨੁਕਸਾਨ ਅਤੇ ਖਾਸਕਰ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਵੱਲ ਨੂੰ ਗੋਲ਼ੀ ਮਾਰੇ ਬਿਨਾਂ ਕਾਰਵਾਈ ਖਤਮ ਕਰਨ ਦੇ ਆਦੇਸ਼ ਸਨ। ਅਖੀਰ ਤੜਕੇ 5 ਵਜੇ ਇਜ਼ਾਜਤ ਦਿੱਤੀ ਗਈ ਸੀ। ਸ. ਤਰਲੋਚਨ ਸਿੰਘ ਅਨੁਸਾਰ ਮੈਡਮ ਇੰਦਰਾ ਨੇ ਤੁਰੰਤ ਆਪਣੇ ਖਾਸ ਵਿਅਕਤੀਆਂ ਦੀ ਮੀਟਿੰਗ ਬੁਲਾ ਕੇ ਕੁੱਝ ਕਰਨ ਦੀ ਰਾਏ ਮੰਗੀ ਤਾਂ ਉਹ ਨਾ ਸਿਰਫ ਇਸ ਬੱਜ਼ਰ ਗਲਤੀ ਲਈ ਅੰਮ੍ਰਿਤਸਰ ਜਾ ਕੇ ਮੁਆਫੀ ਮੰਗਣ ਲਈ ਤਿਆਰ ਹੋ ਗਈ ਸੀ, ਸਗੋਂ ਅਕਾਲ ਤਖਤ ਦੀ ਨੁਕਸਾਨੀ ਹੋਈ ਇਮਾਰਤ ਜਲਦੀ ਤੋਂ ਜਲਦੀ ਕਾਰ ਸੇਵਾ ਰਾਹੀਂ ਤਿਆਰ ਕਰਾਉਣ ਲਈ ਰਾਜੀ ਹੋ ਗਈ ਸੀ। ਇਸ ਲਈ ਉਸਨੇ ਸ. ਤਰਲੋਚਨ ਸਿੰਘ ਨੂੰ ਵਿਸ਼ੇਸ਼ ਦੂਤ ਬਣਾ ਕੇ ਪੰਜਾਬ ਵੀ ਭੇਜਿਆ ਸੀ। ਜਿਸ ਤਰ੍ਹਾਂ ਸਿੱਖ ਵਿਦਵਾਨ ਪੇਸ਼ ਕਰਦੇ ਹਨ ਕਿ ਭਾਰਤ ਦੀ ਬ੍ਰਾਹਮਣੀ ਸਰਕਾਰ ਨੇ ਪੰਜ ਸਦੀਆਂ ਦਾ ਵੈਰ ਕਮਾਇਆ ਸੀ ਅਤੇ ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਤਾਂ ਫਿਰ ਉਸਨੂੰ ਸਗੋਂ ਅਕਾਲ ਤਖਤ ਦੀ ਢੱਠੀ ਇਮਾਰਤ ਸ਼ੀਸ਼ੇ `ਚ ਮੜ੍ਹਾ ਕੇ ਰੱਖਣੀ ਚਾਹੀਦੀ ਸੀ ਕਿ ਸਿੱਖ ਸਦੀਆਂ ਤੱਕ ਯਾਦ ਰੱਖਦੇ। ਬਹੁਤ ਸਾਰੇ ਸਿੱਖ ਵਿਦਵਾਨਾਂ ਅਨੁਸਾਰ ਇਹ ਹਮਲਾ ਮੱਸੇ ਰੰਘੜ ਤੇ ਅਬਦਾਲੀ ਤੋਂ ਕਿਸੇ ਗੱਲੋਂ ਘੱਟ ਨਹੀਂ ਸੀ? ਕੀ ਮੱਸੇ ਰੰਗੜ ਜਾਂ ਅਬਦਾਲੀ ਨੇ ਵੀ ਕਦੇ ਦਰਬਾਰ ਸਾਹਿਬ ਦੀ ਇਮਾਰਤ ਢਾਹ ਕੁ ਦੁਬਾਰਾ ਇੰਦਰਾ ਗਾਂਧੀ ਵਾਂਗ ਬਣਾ ਕੇ ਦਿੱਤੀ ਸੀ?
ਇੱਕ ਇਹ ਗੱਲ ਵੀ ਆਮ ਪ੍ਰਚਾਰੀ ਜਾਂਦੀ ਹੈ ਕਿ ਸਰਕਾਰ ਨੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ? ਕੋਈ ਦੱਸ ਸਕਦਾ ਹੈ ਕਿ 1980 ਤੋਂ 1984 ਤੱਕ ਕਿਤਨੇ ਸਿੱਖ ਨੌਜਵਾਨ ਪੁਲਿਸ ਦੇ ਝੂਠੇ-ਸੱਚੇ ਮੁਕਾਬਲਿਆਂ ਵਿੱਚ ਮਰੇ ਸਨ? ਉਸਦੇ ਮੁਕਾਬਾਲੇ ਸਿੱਖ ਖਾੜਕੂਆਂ ਨੇ ਕਿਤਨੇ ਬੇਗੁਨਾਹ ਲੋਕ ਮਾਰੇ ਸਨ? ਪਿਛਲ਼ੇ ਮਹੀਨੇ ਪਹਿਲਗਾਮ ਕਸ਼ਮੀਰ ਹਮਲੇ ਵਿੱਚ ਅੱਤਵਾਦੀਆਂ ਵਲੋਂ ਧਰਮ ਪੁੱਛ ਕੇ ਹਿੰਦੂ ਮਾਰਨ ਦੀ ਬੜੀ ਚਰਚਾ ਚੱਲੀ ਸੀ। ਕੀ ਇਸਦੀ ਸ਼ੁਰੂਆਤ ਪੰਜਾਬ ਵਿੱਚ 6 ਹਿੰਦੂਆਂ ਨੂੰ ਬੱਸ ਵਿੱਚੋਂ ਸਿੱਖਾਂ ਤੋਂ ਵੱਖ ਕਰਕੇ ਢਿੱਲਵਾਂ ਬੱਸ ਕਾਂਡ ਰਾਹੀਂ ਦਰਬਾਰ ਸਾਹਿਬ ਅੰਦਰੋਂ ਗਏ ਖਾੜਕੂਆਂ ਨੇ ਨਹੀਂ ਕੀਤੀ ਸੀ। (ਹਵਾਲਾ ਕਿਤਾਬ: ਬਲ਼ਦੇ ਦਰਿਆਵਾਂ ਦੀ ਗਾਥਾ-ਲੇਖਕ, ਪੱਤਰਕਾਰ ਜਗਤਾਰ ਸਿੰਘ)।
ਇੱਕ ਪ੍ਰਚਾਰਕ ਗੁਰਦੁਆਰੇ ਵਿੱਚ ਕਥਾ ਕਰ ਰਿਹਾ ਸੀ ਕਿ ਸਿੰਘ ਬੀਬੀਆਂ ਨੇ ਬੰਬਾਂ ਨਾਲ਼ ਭਾਰਤੀ ਫੌਜ ਦੇ ਟੈਂਕ 20-20 ਫੁੱਟ ਹਵਾ `ਚ ਉਡਾ ਦਿੱਤੇ। ਇਸੇ ਤਰ੍ਹਾਂ ਕਿਹਾ ਜਾਂਦਾ ਰਿਹਾ ਹੈ ਕਿ ਸਿੰਘਾਂ ਨੇ 800 (ਅਸਲ ਵਿੱਚ 50-60) ਤੋਂ ਵੱਧ ਹਵਾਈ ਜਹਾਜ਼ ਰਾਹੀਂ ਉਤਾਰੇ ਜਾ ਰਹੇ ਸਪੈਸ਼ਲ ਕਮਾਂਡੋ ਹਵਾ ਵਿੱਚ ਹੀ ਉਡਾ ਦਿੱਤੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਪ੍ਰਕਰਮਾਂ ਵਿੱਚ ਖਿਲਰ ਗਏ। ਇਸ ਸਬੰਧੀ ਨਾਭੇ ਵਾਲ਼ੀਆਂ ਢਾਡੀ ਬੀਬੀਆਂ 84 ਦੇ ਦੌਰ ਵਿੱਚ ਇਹ ਕਵਿਤਾ ਆਮ ਹੀ ਸਟੇਜਾਂ `ਤੇ ਸੁਣਾਉਂਦੀਆਂ ਸਨ: ਪਹਿਲੇ ਹੱਲੇ ਸਿੰਘਾਂ ਫੌਜੀ ਮੂਧੇ ਪਾ ਦਿੱਤੇ…। ਇਸੇ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਵੱਡੇ-ਵੱਡੇ ਦਾਅਵੇ ਪਿਛਲੇ 41 ਸਾਲ ਤੋਂ ਲਗਾਤਾਰ ਕੀਤੇ ਜਾ ਰਹੇ ਹਨ ਕਿ ਸਿੰਘਾਂ ਨੇ ਦਸ ਹਜ਼ਾਰ ਤੋਂ ਵਧ ਫੌਜੀ ਮਾਰ ਮੁਕਾਏ ਸਨ। ਇਤਨੇ ਫੌਜੀ ਤਾਂ ਭਾਰਤੀ ਫੌਜ ਦੇ ਭਾਰਤ-ਪਾਕਿਸਤਾਨ ਜੰਗਾਂ ਵਿੱਚ ਨਹੀਂ ਮਰੇ ਸਨ। ਜੇ ਸਾਡੇ ਸਿੰਘਾਂ ਕੋਲ਼ ਇਤਨੇ ਮਾਰੂ ਹਥਿਆਰ ਸਨ ਕਿ ਉਹ, ਉਸ ਭਾਰਤੀ ਫੌਜ ਦੇ 10 ਹਜ਼ਾਰ ਫੌਜੀ ਮਾਰ ਸਕਦੇ ਸਨ, ਜਿਸਨੇ ਅਜੇ 13 ਸਾਲ ਪਹਿਲਾਂ 1971 ਦੀ ਜੰਗ ਵਿੱਚ 90 ਹਜ਼ਾਰ ਪਾਕਿਸਤਾਨੀ ਫੌਜ ਤੋਂ ਹਥਿਆਰ ਸੁਟਵਾ ਲਏ ਸਨ ਤਾਂ ਫਿਰ ਸਾਡੇ ਵਲੋਂ ਪੀੜਤ ਬਣਨ ਦੇ ਕੀ ਅਰਥ ਰਹਿ ਜਾਂਦੇ ਹਨ ਕਿ ਭਾਰਤੀ ਫੌਜ ਨੇ ਸਾਡੇ `ਤੇ ਨਿਹੱਕਾ ਹਮਲਾ ਕੀਤਾ?
ਅਸੀਂ ਗੁਰਦੁਆਰਿਆਂ ਵਿੱਚ ਅਜਿਹਾ ਪ੍ਰਚਾਰ ਕਰਕੇ ਹਾਸਿਲ ਕੀ ਕਰਨਾ ਚਾਹੁੰਦੇ ਹਾਂ? ਸਾਡੀ ਲੀਡਰਸ਼ਿਪ ਨੂੰ 41 ਸਾਲ ਤੋਂ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਪੀੜਤ ਧਿਰ ਹਾਂ ਜਾਂ ਧਾਕੜ ਧਿਰ। ਸਾਡੇ ਲੀਡਰ ਤੇ ਵਿਦਵਾਨ ਹਰ ਪੱਧਰ `ਤੇ ਦੋਗਲੇਪਨ ਦਾ ਸ਼ਿਕਾਰ ਹਨ। ਜੇ ਸਾਡੇ ਕੋਲ਼ ਇਤਨੇ ਘਾਤਕ ਹਥਿਆਰ ਸਨ, ਇਤਨੇ ਟ੍ਰੇਂਡ ਖਾੜਕੂ ਸਨ, ਇਤਨੇ ਜ਼ਬਰਦਸਤ ਮੋਰਚੇ ਸਨ ਤਾਂ ਸਾਡੇ ਇਹ ਕਹਿਣ ਦੀ ਕੀ ਤੁਕ ਬਣਦੀ ਹੈ ਕਿ ਭਾਰਤ ਸਰਕਾਰ ਨੇ ਗੁਰਪੁਰਬ ਮਨਾ ਰਹੀਆਂ ਨਿਹੱਥੀਆਂ ਸਿੱਖ ਸੰਗਤਾਂ `ਤੇ ਸਾਜਿਸ਼ ਨਾਲ਼ ਹਮਲਾ ਕਰਕੇ ਪੰਜ ਸਦੀਆਂ ਦਾ ਵੈਰ ਕਮਾਇਆ ਸੀ? ਹੈਰਾਨੀ ਹੁੰਦੀ ਹੈ, ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਲੋਕਾਂ `ਤੇ ਜਿਨ੍ਹਾਂ ਨੂੰ ਪਤਾ ਹੈ ਕਿ ਪਬਲਿਕ ਸਥਾਨ `ਤੇ ਕਿਚਨ ਵਾਲ਼ਾ ਚਾਕੂ ਫੜ੍ਹ ਕੇ ਫਿਰਨਾ ਵੀ ਗੈਰ-ਕਨੂੰਨੀ ਹੈ ਤਾਂ ਅਸੀਂ ਭਾਰਤ ਸਰਕਾਰ (ਜਿਸ ਬਾਰੇ ਆਪ ਹੀ ਕਹਿੰਦੇ ਹਾਂ ਕਿ ਭਾਰਤੀ ਸਟੇਟ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ 1947 ਤੋਂ ਯਤਨ ਕਰ ਰਹੀ ਸੀ) ਤੋਂ ਆਸ ਰੱਖਦੇ ਸੀ ਕਿ ਉਹ ਆਪਣੇ ਸਿਟੀਜ਼ਨ ਮਰਨੇ ਬਰਦਾਸ਼ਤ ਕਰੀ ਜਾਂਦੀ, ਮਿਲਰਟੀ ਦਾ ਇੱਕ ਸਾਬਕਾ ਜਨਰੈਲ ਫੌਜ ਨਾਲ਼ ਲੜਨ ਦੀ ਮੋਰਚਾਬੰਦੀ ਕਰੀ ਜਾਂਦਾ ਅਤੇ ਸਰਕਾਰ ਚੁੱਪ ਕਰਕੇ ਬੈਠੀ ਰਹਿੰਦੀ? ਕੀ ਅਸੀਂ ਸ਼ਾਂਤਮਈ ਮੋਰਚੇ ਵਿੱਚ ਅਜਿਹੇ ਕੰਮ ਕਰਕੇ ਸਰਕਾਰ ਨੂੰ ਫੌਜ ਭੇਜਣ ਲਈ ਆਪ ਸੱਦਾ ਨਹੀਂ ਦੇ ਰਹੇ ਸੀ? ਅਸੀਂ ਹੁਣ 41 ਸਾਲ ਬਾਅਦ ਤਾਂ ਫੈਸਲਾ ਕਰ ਲਈਏ ਕਿ ਪੀੜ੍ਹਤ ਧਿਰ ਬਣਨਾ ਹੈ ਜਾਂ ਧਾਕੜ ਧਿਰ?
ਉਪਰਲੀਆਂ ਬਹੁਤੀਆਂ ਘਟਨਾਵਾਂ ਦੇ ਵੇਰਵੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਲੀਡਰ ਹਰਮਿੰਦਰ ਸਿੰਘ ਸੰਧੂ ਦੇ ਸਾਬਕਾ ਸਾਥੀਆਂ ਗਵਾਹੀਆਂ ਅਧਾਰਿਤ ਬਲਜੀਤ ਸਿੰਘ ਖਾਲਸਾ ਦੀ ਕਿਤਾਬ, ‘ਰੌਸ਼ਨ ਦਿਮਾਗ ਹਰਮਿੰਦਰ ਸਿੰਘ ਸੰਧੂ’ ਵਿੱਚੋਂ ਪਾਠਕ ਵਿਸਥਾਰ ਨਾਲ਼ ਪੜ੍ਹ ਸਕਦੇ ਹਨ। ਜਿਨ੍ਹਾਂ ਘਟਨਾਵਾਂ ਨੂੰ ਹੁਣ ਏਜੰਸੀਆਂ ਸਿਰ ਮੜ੍ਹਿਆ ਜਾ ਰਿਹਾ ਹੈ, ਉਸ ਕਿਤਾਬ ਅਨੁਸਾਰ ਉਹ ਸਾਰੀਆਂ ਹਰਮਿੰਦਰ ਸੰਧੂ ਵਲੋਂ ਬਣਾਈ ਹੋਈ ਗੁਪਤ ਜਥੇਬੰਦੀ ‘ਦਸ਼ਮੇਸ਼ ਰੈਜਮੈਂਟ’ ਵਲੋਂ ਕੀਤੇ ਗਏ ਸਨ। ਇਹ ਸਾਰੇ ਕਾਰਨਾਮੇ ਹਰਮਿੰਦਰ ਸੰਧੂ, ਸੁਰਿੰਦਰ ਸਿੰਘ ਸੋਢੀ, ਜਨਰਲ ਲਾਭ ਸਿੰਘ, ਵਿਰਸਾ ਸਿੰਘ ਵਲਟੋਹਾ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਹਰਮਿੰਦਰ ਸਿੰਘ ਗਿੱਲ ਆਦਿ ਵਲੋਂ ਸਾਂਝੇ ਰੂਪ ਵਿੱਚ ਕੀਤੇ ਜਾਂਦੇ ਸਨ।
000000