.

ਬਦੀ ਦਾ ਤੰਦੂਆ ਜਾਲ਼ ਅਤੇ ਪੱਤਰਕਾਰ ਰਜਿੰਦਰ ਸਿੰਘ ਤੱਗੜ!

-ਹਰਚਰਨ ਸਿੰਘ ਪ੍ਰਹਾਰ-

Email: [email protected]

‘ਪਿਛਲੇ ਕੁੱਝ ਦਹਾਕਿਆਂ ਤੋਂ ਨਵੀਂਆਂ ਆਰਥਿਕ ਨੀਤੀਆਂ ਅਤੇ ਖੁੱਲ੍ਹੀ ਮੰਡੀ ਦੇ ਮੌਜੂਦਾ ਦੌਰ ਵਿੱਚ ਭਾਰਤੀ ਮੀਡੀਆ (ਵੈਸੇ ਇਹ ਰੁਝਾਨ ਸਾਰੀ ਦੁਨੀਆਂ ਵਿੱਚ ਹੀ ਚੱਲ ਰਿਹਾ ਹੈ) ਸਿਰਫ ਮੁਨਾਫੇ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਬਹੁ-ਗਿਣਤੀ ਮੀਡੀਆ ਅਤੇ ਖਾਸਕਰ ਕਾਰਪੋਰੇਟ ਮੀਡੀਆ ਨੇ ਲੋਕਤੰਤਰ ਦੇ ਚੌਥੇ ਥੰਮ ਦੇ ਰੂਪ ਵਿੱਚ ਆਪਣੀ ਭੂਮਿਕਾ ਤਿਆਗ ਕੇ ਸਰਮਾਏਦਾਰੀ ਦੀ ਰਖੇਲ ਦਾ ਰੋਲ ਹੀ ਅਪਨਾ ਲਿਆ ਹੈ। ਅਜਿਹੇ ਹਾਲਾਤਾਂ ਵਿੱਚ ਤਾਰੀਫ ਤਾਂ ਦੂਰ ਦੀ ਗੱਲ ਹੈ, ਸਗੋਂ ਚੰਗੀ ਰਿਪੋਰਟਿੰਗ ਨੂੰ ਸੈਂਸਰ ਕਰ ਦਿੱਤਾ ਜਾਂਦਾ ਹੈ। ਕਾਰੋਬਾਰੀ ਲਿਬਾਸ ਬਣਾਈ ਰੱਖਦੇ ਸੰਪਾਦਕ ਵੱਖ-ਵੱਖ ਹਿੱਤਾਂ ਨੂੰ ਸੰਤੁਲਤ ਕਰਨ ਦੇ ਦਲਾਲਾਂ ਦਾ ਕੰਮ ਕਰਦੇ ਹਨ ਅਤੇ ਮੀਡੀਆ ਅਦਾਰਿਆਂ ਦੇ ਧਨਾਢ ਮਾਲਕ; ਰਾਜਨੀਤਕ ਤੇ ਕਾਰੋਬਾਰੀ ਮਹਿਰਮਾਂ ਲਈ ਆਪਣੇ ਬ੍ਰੈਂਡਾਂ ਦਾ ਇਸਤੇਮਾਲ ਪਿਆਦਿਆਂ ਦੇ ਤੌਰ `ਤੇ ਕਰਦੇ ਹਨ। ਸਭ ਤੋਂ ਤੇਜ਼ ਤਰੱਕੀ ਅਤੇ ਸਭ ਤੋਂ ਮੋਟੀ ਤਨਖਾਹ ਜਾਂ ਪੈਕੇਜ ਜ਼ਿਆਦਾਤਰ ਅਜਿਹੇ ਦਲਾਲ ਪੱਤਰਕਾਰਾਂ ਲਈ ਰਾਖਵੇਂ ਹਨ। ਕਾਰਪੋਰੇਟ ਪੱਤਰਕਾਰ, ਆਪਣੀ ਪੱਤਰਕਾਰੀ ਤੇ ਲੋਕਾਂ ਨਾਲ਼ ‘ਮਸਖਰੀ’ ਹੀ ਕਰ ਰਹੇ ਹਨ। ਇਹ ਹੀ ਮੁੱਖ ਰੂਪ ਵਿੱਚ ਬਲੈਕਮੇਲਿੰਗ ਲਈ ਸੌਦੇ ਤੈਅ ਕਰਦੇ ਹਨ। ਜਿਨ੍ਹਾਂ ਵਿੱਚ ਨੇਤਾ, ਟੈਕਸ ਅਧਿਕਾਰੀ, ਪੁਲਿਸ ਵਗੈਰਾ ਸਭ ਸ਼ਾਮਿਲ ਹਨ।’ ਇਹ ਕੁੱਝ ਲਾਈਨਾਂ ਖੋਜੀ ਪੱਤਰਕਾਰ ਅਤੇ ਉਘੇ ਲੇਖਕ ਜੋਸੀ ਜੋਸਫ ਦੇ ਇੱਕ ਅੰਗਰੇਜੀ ਲੇਖ ‘ਭਾਰਤੀ ਮੀਡੀਆ ਵਿੱਚ ਖੋਜੀ ਪੱਤਰਕਾਰੀ ਦਾ ਦੁਖਾਂਤ’ ਵਿੱਚੋਂ ਹਨ।

2016 `ਚ ਖੋਜੀ ਪੱਤਰਕਾਰ ਅਤੇ ਲੇਖਕ ਜੋਸੀ ਜੋਸਫ ਦੀ ‘ਏ ਫੀਸਟ ਆਫ ਵਲਚਰਜ਼: ਦੀ ਹਿਡਨ ਬਿਜਨੈਸ ਆਫ ਡੈਮੋਕਰੇਸੀ ਇਨ ਇੰਡੀਆ’ (A Feast of Vultures: The Hidden Business of Democracy in India) ਨਾਮ ਦੀ ਬਹੁਤ ਹੀ ਚਰਚਿਤ ਕਿਤਾਬ, ਜਦੋਂ ਪ੍ਰਕਾਸ਼ਤ ਹੋਈ ਤਾਂ ਸਤ੍ਹਾ `ਤੇ ਕਾਬਿਜ ਧਿਰਾਂ ਦੇ ਮਾਨੋ ਇੱਕ ਵਾਰ ਤਾਂ ਥੰਮ ਹਿੱਲ ਗਏ ਸਨ। ਖੋਜੀ ਪੱਤਰਕਾਰੀ ਦੀ ਕਲਾਸਿਕ ਮੰਨੀ ਗਈ, ਇਸ ਪੁਸਤਕ ਵਿੱਚ ਅਨੇਕਾਂ ਹੋਰ ਖੁਲਾਸਿਆਂ ਦੇ ਨਾਲ਼-ਨਾਲ਼ ਖੋਜੀ ਪੱਤਰਕਾਰ ਨੇ ਜੈੱਟ ਏਅਰਲਾਈਨਜ਼ ਦੇ ਬਾਨੀ ਨਰੇਸ਼ ਗੋਇਲ ਦੇ ਬਦਨਾਮ ਬਦਮਾਸ਼, ਡਰੱਗ ਸਮਗਲਰ, ਅੱਤਵਾਦੀ ਦਾਊਦ ਇਬਰਾਹਿਮ ਨਾਲ਼ ਪੀਚਵੇਂ ਦੋਸਤਾਨਾ ਸਬੰਧਾਂ ਦਾ ਬੜੀ ਬੇਬਾਕੀ ਨਾਲ਼ ਪਰਦਾਫਾਸ਼ ਕੀਤਾ ਸੀ। ਇਸਦੇ ਨਾਲ਼ ਹੀ ਉਸਨੇ 2010 ਦਾ ਕਾਮਨਵੈਲਥ ਖੇਡ ਘੁਟਾਲ਼ਾ, ਮੁੰਬਈ ਦਾ ਬਦਨਾਮ ਆਦਰਸ਼ ਹਾਊਸਿੰਗ ਸੁਸਾਇਟੀ ਸਕੈਮ ਅਤੇ ਕਿਤਨੇ ਹੀ ਹੋਰ ਕੇਸ ਬੇਪਰਦ ਕਰ ਦਿੱਤੇ ਸਨ। ਦਾਊਦ ਨਾਲ਼ ਸਬੰਧਾਂ ਵਾਲਾ ਸਕੈਂਡਲ ਨੰਗਾ ਕੀਤੇ ਜਾਣ ਤੋਂ ਚਿੜ ਕੇ ਸਤ੍ਹਾ ਦੇ ਖਿਾਡਾਰੀਆਂ ਨੇ ਜੋਸਫ ਨੂੰ ਸਬਕ ਸਿਖਾਉਣ ਲਈ 2-4 ਕਰੋੜ ਦਾ ਹੀ ਨਹੀਂ ਬਲਕਿ ਉਸਦੇ ਖਿਲਾਫ 3 ਹਜਾਰ ਕਰੋੜ ਦੇ ਇਵਜਾਨੇ ਦਾ ਕੇਸ ਦਰਜ ਕਰਵਾ ਦਿੱਤਾ ਸੀ। ਇਸ ਪੱਤਰਕਾਰ ਦੀ ਨਿੱਡਰ ਪ੍ਰਤੀਬੱਧਤਾ ਦਾ ਜਲਵਾ, ਜੇਕਰ ਕਿਸੇ ਨੇ ਦੇਖਣਾ ਹੈ ਤਾਂ ਉਹ ਅੱਜ ਵੀ ‘ਨਿਊਜ਼ ਲਾਂਡਰੀ’ (News Laundry) ਨਾਮ ਦੇ ਵਕਾਰੀ ਯੂ ਟਿਊਬ ਚੈਨਲ `ਤੇ 26 ਦਸੰਬਰ, 2016 ਦੀ ਉਸਦੀ ਲੰਬੀ ਇੰਟਰਵਿਊ ਵਿੱਚ ਦੇਖਿਆ ਜਾ ਸਕਦਾ ਹੈ। (Interview Link: NL Interviews: Josy Joseph On Rs 1000-Crore Civil Defamation Case Against Him (youtube.com) ਉਸਨੇ ਇਸ ਵਿੱਚ ਵਿਸਤਾਰ ਨਾਲ਼ ਦੱਸਿਆ ਸੀ ਕਿ ਕਿਵੇਂ ਨਵੀਆਂ ਆਰਥਿਕ ਨੀਤੀਆਂ (ਨਵ-ਉਦਾਰਵਾਦੀ) ਨੇ ਸਤ੍ਹਾ `ਤੇ ਕਾਬਿਜ਼ ਧਿਰਾਂ, ਅਫਸਰਸ਼ਾਹੀ, ਪੁਲਿਸ, ਕਰੋਨੀ ਕੈਪਟੀਲਿਸਟਾਂ ਨੇ ਪੈਸੇ ਦੀ ਅੰਨ੍ਹੀ ਅੱਗ ਭੜਕਾਈ ਕੇ ਜਿਸ ਅੰਦਰ ਸਾਰਾ ਸਮਾਜ ਹੀ ਧਸਿਆ ਗਿਆ ਹੈ, ਅਜੇ ਵੀ ਇਸ ਵਰਤਾਰੇ ਨੂੰ ਠੱਲ੍ਹ ਪੈਂਦੀ ਦਿਖਾਈ ਨਹੀਂ ਦੇ ਰਹੀ। ਜੋਸੀ ਜੋਸਫ ਤੋਂ ਵੀ ਪਹਿਲਾਂ ਸਾਡੇ ਪਾਠਕਾਂ ਨੂੰ ਯਾਦ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ 2002-07 ਸਰਕਾਰ ਦੇ ਸ਼ੁਰੂਆਤੀ ਮਹੀਨਿਆਂ ਦੋਰਾਨ ਸੁਮੇਧ ਸੈਣੀ ਅਤੇ ਉਸਦੀ ਟੀਮ ਨੇ ਪਬਲਿਕ ਸਰਵਿਸ ਕਮਿਸ਼ਨ ਦੇ ਰਵੀ ਸਿੱਧੂ ਦੇ ਬੈਂਕ ਲਾਕਰਾਂ ਵਿੱਚੋਂ ਕਰੋੜਾਂ ਰੁਪਇਆਂ ਦੀਆਂ ਥੱਬੀਆਂ ਫੜ ਕੇ ਸਨਸਨੀ ਫੈਲਾ ਦਿੱਤੀ ਸੀ। ਉਸ ਬਦਨਾਮ ਸਕੈਂਡਲ ਬਾਰੇ ਸਾਡੇ ਆਪਣੇ ਪੰਜਾਬ ਦੇ ‘ਜੋਸੀ ਜੋਸਫ’, ਰਿਤੇਸ਼ ਲੱਖੀ ਨੇ ਅਜੇ ਦੋ ਕੁ ਸਾਲ ਪਹਿਲਾਂ ਹੀ ਵਿਸਤਾਰਤ ਵੀਡੀਓ ਬਣਾਈ ਹੈ, ਜੋ ਕਿ ਉਸਦੇ ਯੂ ਟਿਊਬ ‘ਰਿਤੇਸ਼ ਲੱਖੀ: ਅੱਨਪਲੱਗ’ 16 ਨਵੰਬਰ, 2021 `ਤੇ ਸੁਣਨਯੋਗ ਹੈ। ਪ੍ਰੈਸ ਦੀ ਸੁਤੰਤਰਤਾ ਅਤੇ ਖੋਜੀ ਪੱਤਰਕਾਰਾਂ ਦੀ ਹਾਜਰੀ, ਕਿਸੇ ਵੀ ਜਿਉਂਦੇ ਜਾਗਦੇ ਸਮਾਜ ਦੀ ਜਿੰਦ-ਜਾਨ ਹੁੰਦੀ ਹੈ। ਇਸ ਖੋਜੀ ਪੱਤਰਕਾਰੀ ਦਾ ਹੀ ਪ੍ਰਤਾਪ ਸੀ ਕਿ ਅੱਜ ਤੋਂ 40-50 ਸਾਲ ਪਹਿਲਾਂ ‘ਵਾਟਰਗੇਟ ਸਕੈਂਡਲ’ ਨੰਗਾ ਕਰਕੇ ਵੀਹਵੀਂ ਸਦੀ ਦੇ ਸਭ ਤੋਂ ਸਮਾਰਟ ਰਾਸ਼ਟਰੀ ਰਿਚਰਡ ਨੈਕਸਨ ਨੂੰ ਅਗਲਿਆਂ ਨੇ ਘਰੇ ਤੋਰ ਦਿੱਤਾ ਸੀ।

ਬੜੇ ਹੀ ਅਫਸੋਸ ਦੀ ਗੱਲ ਹੈ ਕਿ ਸਾਰੀ ਦੁਨੀਆਂ ਵਿੱਚ ਮੀਡੀਆ ਹੁਣ ਆਪਣਾ ਲੋਕ-ਪੱਖੀ ਰੋਲ ਅਦਾ ਕਰਨ ਤੋਂ ਕਿਨਾਰਾ ਕਰਦਾ ਜਾ ਰਿਹਾ ਹੈ। ਖੋਜੀ ਪੱਤਰਕਾਰਤਾ ਅਲੋਪ ਹੁੰਦੀ ਜਾ ਰਹੀ ਹੈ। ਮੀਡੀਆ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਜਾਣ ਨਾਲ਼ ਮਹਿਜ ਇੱਕ ਬਿਜਨੈਸ ਬਣ ਚੁੱਕਾ ਹੈ। ਜੋ ਕਿ ਵੱਡੀਆਂ ਰਾਜਸੀ ਪਾਰਟੀਆਂ ਅਤੇ ਕਾਰਪੋਰੇਟਾਂ ਦੇ ਹਿੱਤ ਹੀ ਪੂਰਦਾ ਹੈ। ਫਿਰ ਵੀ ਅਜਿਹੇ ਘੁੱਪ ਹਨ੍ਹੇਰੇ ਵਿੱਚ ਕਿਤੇ-ਕਿਤੇ ਚਾਨਣ ਦੀ ਲੋਅ ਦਿਸਦੀ ਹੈ। ਕੁੱਝ ਗਿਣੇ-ਚੁਣੇ ਜਨੂੰਨੀ ਕਿਸਮ ਦੇ ਪੱਤਰਕਾਰ ਕੁੱਝ ਨਾ ਕੁੱਝ ਕਰਨ ਦਾ ਯਤਨ ਕਰਦੇ ਰਹਿੰਦੇ ਹਨ। ਐਮਨੈਸਟੀ ਇੰਟਨੈਸ਼ਨਲ ਅਤੇ ਯੁਨਾਈਟਿਡ ਨੇਸ਼ਨ ਦੀਆਂ ਰਿਪੋਰਟਾਂ ਅਨੁਸਾਰ ਪਿਛਲੇ 20 ਸਾਲਾਂ ਵਿੱਚ 2 ਹਜਾਰ ਤੋਂ ਵੱਧ ਅਜਿਹੇ ਖੋਜੀ ਪੱਤਰਕਾਰ ਮਾਰੇ ਜਾ ਚੁੱਕੇ ਹਨ। ਇਨ੍ਹਾਂ ਹੀ ਸੰਸਥਾਵਾਂ ਦੀ ਇੱਕ ਹੋਰ ਰਿਪੋਰਟ ਅਨੁਸਾਰ ਪਿਛਲੇ ਇੱਕ ਦਹਾਕੇ ਵਿੱਚ 1500 ਤੋਂ ਵੱਧ ਪੱਤਰਕਾਰ ਝੂਠੇ ਕੇਸਾਂ ਵਿੱਚ ਗ੍ਰਿਫਤਾਰ ਕੀਤੇ ਗਏ ਅਤੇ 1000 ਤੋਂ ਵੱਧ ਅਗਵਾ ਕੀਤੇ ਗਏ। ਇਸ ਤੋਂ ਇਲਾਵਾ ਦੁਨੀਆਂ ਭਰ ਵਿੱਚ ਇਨਵੈਸਟੀਗੇਟਿਵ ਪੱਤਰਕਾਰਾਂ ਨੂੰ ਧਮਕੀਆਂ ਵੱਖਰੀਆਂ ਆਉਂਦੀਆਂ ਹਨ, ਜੋ ਅਕਸਰ ਕਿਸੇ ਰਿਕਾਰਡ ਵਿੱਚ ਦਰਜ ਹੀ ਨਹੀਂ ਹੁੰਦੀਆਂ ਅਤੇ ਉਹ ਹਮੇਸ਼ਾਂ ਭੈ ਦੇ ਸਾਏ ਹੇਠ ਜੀਉਂਦੇ ਹਨ।

ਕਿਸੇ ਵੀ ਕਿਸਮ ਦੀ ਸਮਾਜਿਕ ਜ਼ਿੰਮੇਵਾਰੀ ਤੋਂ ਮੁਕਤ ਸਾਡੇ ਸਰਾਪੇ ਸਮਿਆਂ ਵਿੱਚ ਨਵ-ਉਦਾਰਵਾਦ ਅਤੇ ਕਥਿਤ ਖੁੱਲ੍ਹੇ ਬਾਜ਼ਾਰ ਦੀਆਂ ਨੀਤੀਆਂ ਦਾ ਨਿਜ਼ਾਮ ਹੀ ਹੈ, ਜਿਸਨੇ ਜੀਵਨ ਦੇ ਹਰ ਖੇਤਰ ਅੰਦਰ ਮਨੁੱਖ ਜਾਤੀ ਅੰਦਰ ਇੱਕ ਦੂਜੇ ਨੂੰ ਮਿੱਧ ਕੇ ਰਾਤੋ-ਰਾਤ ਕ੍ਰੋੜਪਤੀ ਬਣਨ ਦੀ ਬਣਨ ਦੀ ਹਾਬੜ ਮਚਾਈ ਹੋਈ ਹੈ। ਅਜਿਹੀ ਨਿਰਾਸ਼ਾਜਨਕ ਸਥਿਤੀ ਵਿੱਚ ਨਿਰਪੱਖ ਖੋਜੀ ਪੱਤਰਕਾਰਤਾ ਦੀ ਜਿਤਨੀ ਲੋੜ ਪੰਜਾਬ (ਦੁਨੀਆਂ) ਨੂੰ ਅੱਜ ਹੈ, ਉਹ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਸੀ। ‘ਪੰਜਾਬ ਅਗੈਂਸਟ ਕੁਰੱਪਸ਼ਨ’ ਗਰੁੱਪ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਵਰਗੇ ‘ਜਿੰਦਾ ਸ਼ਹੀਦ’ ਹੀ ਹਨ, ਜਿਨ੍ਹਾਂ ਨੇ ਮੋਹਾਲ਼ੀ ਉਦਯੋਗ ਪਲਾਟ ਘੁਟਾਲ਼ਾ, ਅਮਰੂਦ ਬਾਗ ਘੋਟਾਲ਼ਾ, ਬਿਲਡਰਜ਼ ਘੋਟਾਲ਼ਾ, ਲੈਂਡ ਮਾਫੀਆ ਘੁਟਾਲ਼ਾ, ਗਊਸ਼ਾਲਾ ਘੁਟਾਲ਼ਾ ਵਰਗੇ ਅਨੇਕਾਂ ਸਕੈਂਡਲਾਂ ਦਾ ਪਰਦਾਫਾਸ਼ ਕਰਨ ਦੀ ਜੁਰਅਤ ਕੀਤੀ। ਪੰਜਾਬ ਵਿੱਚ ਵਾਪਰੇ ‘ਉਦੋਯੋਗ ਪਲਾਟ ਘੁਟਾਲ਼ੇ’ ਬਾਰੇ ਅਜਿਹੇ ਲੋਕਾਂ ਦੀ ਮੁਹੰਮ ਹੀ ਸੀ ਕਿ ਜਿਸਦੇ ਸਿੱਟੇ ਵਜੋਂ ਮਹਾਰਾਜਾ ਅਮਰਿੰਦਰ ਸਿੰਘ ਦੇ ‘ਸਨਅਤ ਅਤੇ ਕਮਰਸ’ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਉਨ੍ਹਾਂ ਦੇ ਸਹਿਯੋਗੀ ਅਫਸਰਾਂ-ਖਾਸਕਰ ‘ਪੰਜਾਬ ਸਟੇਟ ਇੰਡਸਟਰਰੀਅਲ਼ ਕਾਰਪੋਰੇਸ਼ਨ’ ਦੀ ਮੈਨਜਿੰਗ ਡਾਇਰੈਕਟਰ ਨੀਲਮਾ ਸਮੇਤ ਦਰਜਨਾਂ ਆਈ ਏ ਐਸ ਅਧਿਕਾਰੀਆਂ ਨੂੰ ਭਾਜੜਾਂ ਪਈਆਂ ਸਨ। ਸ਼ਾਮ ਸੁੰਦਰ ਅਰੋੜਾ ਤਾਂ ਇਤਨਾ ਘਬਰਾਇਆ ਕਿ 50 ਲੱਖ ਰੁਪਈਏ ਦੀਆਂ ਗੁੱਥੀਆਂ ਦਾ ਅਟੈਚੀ ਭਰ ਕੇ ਮੁਹਾਲੀ ਵਿਜੀਲੈਂਸ ਵਾਲ਼ਿਆਂ ਨੂੰ ਨਜਰਾਨਾ ਦੇਣ ਚਲਾ ਗਿਆ, ਜੋ ਕਿ ਵਿਜੀਲੈਂਸ ਅਧਿਕਾਰੀ ਮਨੋਹਰ ਲਾਲ਼ ਦੀ ਇਮਾਨਦਾਰੀ ਸਦਕਾ, ਉਸਨੂੰ ਪੁੱਠਾ ਪੈ ਗਿਆ। ਜਿਸ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਸੀ ਬੀ ਆਈ ਦੇ ਹਵਾਲੇ ਕਰ ਦਿੱਤੀ ਸੀ। ਸੀ ਬੀ ਆਈ ਵਾਲ਼ਿਆਂ ਨੇ ਮੁੱਢਲੀ ਜਾਂਚ-ਪੜਤਾਲ ਕਰਕੇ ਬੀਬੀ ਨੀਲਮਾ ਅਤੇ ਵਿਭਾਗ ਦੇ ਜੀ ਐਮ ਦਵਿੰਦਰਪਾਲ ਸਿੰਘ ਅਤੇ ਚੀਫ ਜਨਰਲ ਮੈਨੇਜਰ ਪਲੈਨਿੰਗ ਜੇ ਐਸ ਭਾਟੀਆ, ਸਮੇਤ 17 ਅਫਸਰਾਂ ਵਿਰੁੱਧ ਕੇਸ ਦਰਜ ਕੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਸਿਫਾਰਸ਼ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਗੇ ਕੀਤੀ ਸੀ। ਇਸ ਘੁਟਾਲ਼ੇ ਦੇ ਸਾਹਮਣੇ ਆਉਣ ਨਾਲ਼ ਪੰਜਾਬ ਦੀ ਅਫਸਰਸ਼ਾਹੀ ਵਿੱਚ ਹਫੜਾ-ਦਫੜੀ ਮਚ ਗਈ ਸੀ, ਉਨ੍ਹਾਂ ਨੇ ਸਰਕਾਰ ਨੂੰ ਹੜਤਾਲ਼ `ਤੇ ਚਲੇ ਜਾਣ ਦੀ ਧਮਕੀ ਦੇ ਮਾਰੀ। ਉਸ ਵਕਤ ਚਰਚਾ ਸੀ ਕਿ 70 ਦੇ ਕਰੀਬ ਸੀਨੀਅਰ ਆਈ ਏ ਐਸ ਅਧਿਕਾਰੀ ਮੁੱਖ ਮਤਰੀ ਦੇ ਪੇਸ਼ ਹੋਏ ਤੇ ਇਹ ਢੁੱਚਰ ਖੜੀ ਕੀਤੀ ਕਿ ਕਿਸੇ ਉਚ ਅਧਿਕਾਰੀ ਨੂੰ ਅਗਾਊਂ ਮਨਜੂਰੀ ਤੋਂ ਬਿਨਾਂ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਦਾ ਹੈ। ਹਾਲਾਂਕਿ ਵਿਜੀਲੈਂਸ ਵਾਲ਼ਿਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਭ੍ਰਿਸ਼ਾਟਚਾਰ ਰੋਕੂ ਕਨੂੰਨ ਦੀ ਧਾਰਾ 17ਏ ਦੇ ਤਹਿਤ ਅਜਿਹੀ ਕੋਈ ਰੁਕਾਵਟ ਨਹੀਂ ਸੀ। ਹਾਈਕੋਰਟ ਨੇ ਵੀ ਵਿਜੀਲੈਂਸ ਨਾਲ਼ ਸਹਿਮਤ ਹੁੰਦਿਆਂ, ਉਚ ਅਧਿਕਾਰੀਆਂ ਨੂੰ ਅਗਾਊਂ ਜਮਾਨਤ ਦੀ ਅਰਜੀ ਰੱਦ ਕਰ ਦਿਤੀ ਸੀ, ਪ੍ਰੰਤੂ ਇਹ ਅਫਸਰ ਲੋਕ ਕਰੋੜਾਂ ਰੁਪਇਆਂ ਦੀ ਫੀਸ ਦੇ ਕੇ ਸ਼ਾਤਰ ਵਕੀਲਾਂ ਵਲੋਂ ਪੇਸ਼ ਕੀਤੀਆਂ ਕਨੂੰਨੀ ਘੁੰਡੀਆਂ ਨਾਲ਼ 8 ਅਪਰੈਲ, 2023 ਵਿੱਚ ਅਗਾਊਂ ਜਮਾਨਤਾਂ ਲੈਣ ਵਿੱਚ ਸਫਲ ਹੋ ਗਏ ਸਨ।

ਅਜੋਕੇ ਸਮੇਂ ਵਿੱਚ ਜਦੌਂ ਹਰ ਕੋਈ ਦੜ ਵੱਟ ਜਮਾਨਾ ਕੱਟ ਦੀ ਨੀਤੀ ਤਹਿਤ ਦਿਨ ਕਟੀ ਕਰ ਰਿਹਾ ਹੈ; ਨਿੱਕੇ ਵੱਡੇ ਸਭ ਅਖ਼ਬਾਰਾਂ ਤੇ ਕੌਮੀ ਮੀਡੀਆ ਨੂੰ ਰਾਜਸੀ ਪਾਰਟੀਆਂ ਅਤੇ ਕਾਰਪੋਰੇਟਾਂ ਨੇ ਲੱਖਾਂ ਕਰੋੜਾਂ ਦੇ ਲਾਲਚ ਦੇ ਕੇ ਜਾਂ ਈ ਡੀ ਰਾਹੀਂ ਬਲੈਕਮੇਲ ਕਰਕੇ ਲੰਮਿਆਂ ਪਾਇਆ ਹੋਇਆ ਹੈ ਤਾਂ ਅਜਿਹੇ ਦੌਰ ਵਿੱਚ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਖੋਜੀ ਪੱਤਰਕਾਰੀ ਦੀ ਕਿਤਨੀ ਲੋੜ ਹੈ ਅਤੇ ਇਹ ਕਿਤਨਾ ਜ਼ੋਖਮ ਭਰਿਆ ਕੰਮ ਹੈ। ਜੋ ਕਿ ਰਿਤੇਸ਼ ਲੱਖੀ, ਰਜਿੰਦਰ ਤੱਗੜ, ਸਤਨਾਮ ਸਿੰਘ ਦਾਊਂ, ਬਲਵਿੰਦਰ ਸਿੰਘ ਸੇਖੋਂ, ਮਾਲਵਿੰਦਰ ਸਿੰਘ ਸਿੱਧੂ ਵਰਗੇ ਚੰਦ ਕੁ ਉਂਗਲ਼ਾਂ ਤੇ ਗਿਣੇ ਜਾਣ ਵਾਲ਼ੇ ਹਿੰਮਤੀ ਲੋਕ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਅਤੇ ਆਪਣਾ ਸਭ ਕੁੱਝ ਦਾਅ `ਤੇ ਲਗਾ ਕੇ ਜਨਤਾ ਨੂੰ ਜਾਗਰੂਕ ਕਰਨ ਲਈ, ਜੇ ਮਾੜਾ ਮੋਟਾ ਓੜ ਪੋੜ ਕਰ ਰਹੇ ਹਨ ਤਾਂ ਉਨ੍ਹਾਂ ਨਾਲ਼ ਖੜਨ ਦੀ ਸਖਤ ਲੋੜ ਹੈ। ਨਹੀਂ ਤਾਂ ਪੰਜਾਬੀ ਸਮਾਜ ਅੰਦਰ ਜਗਦੀ ਜਮੀਰ ਵਾਲ਼ੇ ਥੋੜੇ ਜਿਹੇ ਲੋਕਾਂ ਨੇ ਵੀ ਬਿੱਲੀ ਨੂੰ ਦੇਖ ਕੇ ਕਬੂਤਰ ਵਾਲ਼ੀ ਨੀਤੀ ਅਪਨਾਈ ਰੱਖੀ ਤਾਂ ਜਰਮਨੀ ਵਿੱਚ ਨਾਜੀਆਂ ਵਿਰੁੱਧ ਖੜੇ ਹੋਣ ਵਾਲ਼ੇ ਪਾਦਰੀ ਨਿਲੋਫਰ ਦੀ ਚਰਚਿੱਤ ਕਵਿਤਾ

ਪਹਿਲਾਂ ਉਹ ਯਹੂਦੀਆਂ ਲਈ ਆਏ,

ਮੈਂ ਸਮਝਿਆ, ਮੈਨੂੰ ਕੀ, ਮੈਂ ਕਿਹੜਾ ਯਹੂਦੀ ਹਾਂ।

ਫਿਰ ਉਹ ਕਾਮਰੇਡ ਲਈ ਆਏ,

ਮੈਂ ਸਮਝਿਆ, ਮੈਨੂੰ ਕੀ, ਮੈਂ ਕਿਹੜਾ ਕਾਮਰੇਡ ਹਾਂ। …

ਫਿਰ ਉਨ੍ਹਾਂ ਸਭ ਨੂੰ ਹੀ ਦਰੜ ਦਿੱਤਾ…

ਵਾਲ਼ੀ ਕਹਾਣੀ ਨਾ ਹੋ ਜਾਵੇ।

ਅਜਿਹੇ ਖੋਜੀ ਪੱਤਰਕਾਰਾਂ ਵਿੱਚੋਂ ਇੱਕ ‘ਇੰਡੀਅਨ ਐਕਸਪ੍ਰੈਸ’ ਵਿੱਚ ਲੰਬਾ ਸਮਾਂ ਕੰਮ ਕਰਦੇ ਰਹੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਹਨ, ਜੋ ਕਿ ਹੁਣ ਦੋ ਕੁ ਸਾਲਾਂ ਤੋਂ ‘ਪੰਜਾਬ ਦਸਤਾਵੇਜ’ ਨਾਮ ਦਾ ਯੂ ਟਿਊਬ ਚੈਨਲ ਚਲਾ ਰਹੇ ਹਨ। ਜਿੱਥੇ ਉਹ ਆਪਣੇ ਵਿੱਤ ਅਨੁਸਾਰ ਵੱਖ-ਵੱਖ ਮੁੱਦੇ ਉਭਾਰਦੇ ਰਹਿੰਦੇ ਹਨ। ਉਹ ਭ੍ਰਿਸ਼ਾਟਾਚਾਰ ਦੇ ਮੁੱਦੇ `ਤੇ ਅਕਸਰ ਆਪਣੇ ਸ਼ੌਅ ਪੇਸ਼ ਕਰਦੇ ਰਹੇ ਹਨ। ਇੰਡੀਆ ਵਿੱਚ ਸਰਕਾਰਾਂ, ਰਾਜਸੀ ਨੇਤਾਵਾਂ, ਪੁਲਿਸ, ਅਫਸਰਸ਼ਾਹੀ ਦਾ ਇੱਕ ਨਾਪਾਕ ਗੱਠਜੋੜ ਵੱਖ-ਵੱਖ ਪੱਧਰ ਤੇ ਚੱਲਦਾ ਰਹਿੰਦਾ ਹੈ। ਮੀਡੀਆ ਦੇ ਅਜਿਹੇ ਖੋਜੀ ਪੱਤਰਕਾਰ ਅਕਸਰ ਅਜਿਹੇ ਗੱਠਜੋੜਾਂ ਲਈ ਖਤਰਾ ਬਣਦੇ ਰਹਿੰਦੇ ਹਨ। ਇੰਡੀਆ ਦੇ ਸੂਬੇ ਮੱਧ ਪ੍ਰਦੇਸ਼ ਵਿੱਚ ਕੁੱਝ ਸਾਲ ਪਹਿਲਾਂ ਹੋਏ ‘ਵਿਆਪਮ’ ਘੁਟਾਲ਼ੇ ਬਾਰੇ ਤਾਂ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਵੱਡੀਆਂ ਨੌਕਰੀਆਂ ਲਈ ਇਮਤਿਹਾਨਾਂ ਵਿੱਚ ਹੋ ਰਹੇ ਘੁਟਾਲ਼ੇ ਦੇ ਮੀਡੀਆ ਵਿੱਚ ਆਉਣ ਨਾਲ਼ 30-40 ਪੱਤਰਕਾਰਾਂ, ਪ੍ਰੋਫੈਸਰਾਂ, ਵਿਦਿਆਰਥੀਆਂ, ਨੇਤਾਵਾਂ ਆਦਿ ਦੀਆਂ ਭੇਦ ਭਰੇ ਢੰਗ ਨਾਲ਼ ਮੌਤਾਂ ਹੋਈਆਂ ਸਨ। ਅਜਿਹੇ ਘੁਟਾਲ਼ਿਆਂ ਬਾਰੇ ‘ਪੰਜਾਬ ਅਗੇਂਸਟ ਕੁਰੱਪਸ਼ਨ’ ਦੇ ਸੋਸ਼ਲ ਐਕਟੀਵਿਸਟ ਸਤਨਾਮ ਸਿੰਘ ਦਾਊਂ ਨਾਲ਼ ਮਿਲ ਕੇ ਰਜਿੰਦਰ ਤੱਗੜ ਕਈ ਘੁਟਾਲ਼ਿਆਂ ਦਾ ਪਰਦਾਫਾਸ਼ ਕਰ ਚੁੱਕੇ ਹਨ। ਜਿਸ ਕਾਰਨ ਉਹ ਪੁਲਿਸ, ਅਪਸਸ਼ਾਹੀ ਤੇ ਰਾਜਸੀ ਨੇਤਾਵਾਂ ਦੀਆਂ ਨਿਗਾਹਾਂ ਵਿੱਚ ਰੜਕ ਰਹੇ ਸਨ।

ਮੋਹਾਲੀ ਪੁਲਿਸ ਖਿਲਾਫ ਲਗਾਤਾਰ ਆਪਣੇ ਚੈਨਲ ‘ਪੰਜਾਬ ਦਸਤਾਵੇਜ’ `ਤੇ ਸਟੋਰੀ ਕਰਨ ਕਾਰਣ ਅਤੇ ਜਾਅਲੀ ਦਲਿਤ ਸਰਟੀਫਕੇਟਾਂ ਦੇ ਆਧਾਰ `ਤੇ ਨੌਕਰੀਆਂ ਲੈਣ ਵਾਲਿਆਂ ਖਿਲਾਫ ਮਾਮਲੇ ਉਜਾਗਰ ਕਰਨ ਕਾਰਨ ਪੰਜਾਬ ਪੁਲੀਸ ਦੇ ਏ. ਆਈ. ਜੀ. ਮਾਲਵਿੰਦਰ ਸਿੰਘ ਸਿੱਧੂ, ਜਿਸਨੂੰ ਪੱਤਰਕਾਰ ਰਜਿੰਦਰ ਸਿੰਘ ਤੱਗੜ ਮੁਤਾਬਿਕ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਜਿਸ ਅਧੂਰੀ ਅਤੇ ਅਧੂਰਾ ਸੱਚ ਪੇਸ਼ ਕਰਦੀ ਆਡੀਓ ਦੇ ਆਧਾਰ `ਤੇ ਏ. ਆਈ. ਜੀ. ਨੂੰ ਫਸਾਇਆ ਗਿਆ, ਉਸੇ ਆਡੀਓ ਦੇ ਆਧਾਰ `ਤੇ ਹੁਣ ਵਿਜੀਲੈਂਸ ਬਿਊਰੋ ਦੇ ਕੁੱਝ ਅਫਸਰ ਅਤੇ ਮੋਹਾਲੀ ਪੁਲਿਸ ਮਿਲ ਕੇ ਪੱਤਰਕਾਰ ਰਜਿੰਦਰ ਤੱਗੜ ਨੂੰ ਫਸਾਉਣਾ ਚਾਹੁੰਦੇ ਸਨ। ਜਿਸਦੀ ਉਹ ਕਈ ਦਿਨਾਂ ਤੋਂ ਆਪਣੇ ਚੈਨਲ `ਤੇ ਸ਼ੰਕਾ ਪ੍ਰਗਟ ਕਰ ਰਹੇ ਸਨ ਅਤੇ ਕੁੱਝ ਦਿਨ ਪਹਿਲਾਂ ਉਹ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਨ ਤੋਂ ਬਾਅਦ ਮੁੱਖ ਮੰਤਰੀ ਰਿਹਾਇਸ਼ `ਤੇ ਜਾਕੇ ਉਹਨਾਂ ਦੇ ਪੀਏ ਨੂੰ ਮੰਗ ਪੱਤਰ ਵੀ ਦੇ ਕੇ ਆਏ ਸਨ, ਜਿਸਨੇ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣ ਦਾ ਵਾਅਦਾ ਵੀ ਕੀਤਾ ਸੀ। ਇਸ ਤੋਂ ਇਲਾਵਾ ਅਦਾਲਤ ਨੇ ਪੁਲਿਸ ਨੂੰ ਹੁਕਮ ਕੀਤੇ ਹੋਏ ਸਨ ਕਿ ਜੇਕਰ ਪੁਲਿਸ ਨੂੰ ਗ੍ਰਿਫਤਾਰੀ ਲੋੜੀਂਦੀ ਲੱਗੇ ਤਾਂ ਇੱਕ ਹਫਤੇ ਦਾ ਨੋਟਿਸ ਦੇਣਾ ਪਏਗਾ ਤਾਂ ਕਿ ਪੱਤਰਕਾਰ ਆਪਣੇ ਬਚਾਓ ਲਈ ਕਾਨੂੰਨੀ ਚਾਰਾਜੋਈ ਕਰ ਸਕੇ। ਪਰ ਇਸਦੇ ਬਾਵਜੂਦ ਪੁਲਿਸ ਵਲੋਂ ਕੋਰਟ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਰਜਿੰਦਰ ਸਿੰਘ ਤੱਗੜ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੇ ਕਿਸੇ ਮੀਡੀਆ ਵਿੱਚ ਤੱਗੜ ਦੀ ਗ੍ਰਿਫਤਾਰੀ ਦੀ ਉਸ ਤਰ੍ਹਾਂ ਚਰਚਾ ਨਹੀਂ ਹੋਈ, ਜਿਵੇਂ ਹੋਣੀ ਚਾਹੀਦੀ ਸੀ। ਜਿਵੇਂ ਪੰਜਾਬੀ ਮੀਡੀਆ ਨੇ ਇਸ ਗ੍ਰਿਫਤਾਰੀ ਨੂੰ ਨਜ਼ਰ-ਅੰਦਾਜ ਕੀਤਾ ਹੈ, ਉਹ ਬੇਹੱਦ ਅਫਸੋਸਨਾਕ ਹੈ। ਹੋ ਸਕਦਾ ਹੈ ਕਿ ਜਜਬਾਤੀ ਰੌਂਅ ਵਿੱਚ ਤੱਗੜ ਨੇ ਕੁੱਝ ਗਲਤੀਆਂ ਕੀਤੀਆਂ ਹੋਣ, ਪੁਲਿਸ ਕੋਲ਼ ਉਸਨੂੰ ਗ੍ਰਿਫਤਾਰ ਕਰਨ ਦੇ ਟੈਕਨੀਕਲ ਕਾਰਨ ਹੋਣ, ਪਰ ਇਸ ਗੱਲ ਨੂੰ ਨਜ਼ਰ-ਅੰਦਾਜ ਨਹੀਂ ਕੀਤਾ ਜਾ ਸਕਦਾ ਕਿ ਜੋ ਮੁੱਦੇ ਸ. ਤੱਗੜ ਜਾਂ ਉਨ੍ਹਾਂ ਦੇ ਸਾਥੀ ਜਾਂ ਹੋਰ ਖੋਜੀ ਪੱਤਰਕਾਰ ਉਭਾਰ ਰਹੇ ਸਨ, ਆਪਣੀ ਜਾਨ ਅਤੇ ਪੇਸ਼ਾ ਜ਼ੋਖਮ ਵਿੱਚ ਪਾ ਕੇ ਪਬਲਿਕ ਸਾਹਮਣੇ ਪੇਸ਼ ਕਰ ਰਹੇ ਸਨ, ਉਨ੍ਹਾਂ `ਤੇ ਜਰੂਰ ਚਰਚਾ ਹੋਣੀ ਬਣਦੀ ਸੀ। ਹੋ ਸਕਦਾ ਰਜਿੰਦਰ ਤੱਗੜ ਜਾਂ ਮਾਲਵਿੰਦਰ ਸਿੱਧੂ ਜਾਂ ਅਜਿਹੇ ਬਿਸਲ ਬਲੋਅਰਾਂ ਦੇ ਕੰਮ ਕਰਨ ਦਾ ਤਰੀਕਾ ਠੀਕ ਨਾ ਹੋਵੇ, ਪਰ ਕੀ ਸਰਕਾਰਾਂ, ਪ੍ਰਸ਼ਾਸਨ ਜਾਂ ਪੁਲਿਸ ਦਾ ਇਹ ਫਰਜ ਨਹੀਂ ਬਣਦਾ ਕਿ ਉਹ ਉਭਾਰੇ ਜਾ ਰਹੇ ਮੁੱਦਿਆਂ `ਤੇ ਗੰਭੀਰਤਾ ਨਾਲ਼ ਵਿਚਾਰ ਕਰਕੇ ਕੋਈ ਐਕਸ਼ਨ ਲੈਣ? ਕੀ ਇਸਦਾ ਮਤਲਬ ਇਹ ਸਮਝਿਆ ਜਾਵੇ ਕਿ ਇਸ ਹਮਾਮ ਵਿੱਚ ਸਭ ਨੰਗੇ ਹਨ? ਜੇ ਸਰਕਾਰਾਂ ਜਾਂ ਪ੍ਰਸ਼ਾਸਨ ਆਪਣੇ ਨਿੱਜੀ ਤੇ ਸਵਾਰਥੀ ਹਿੱਤਾਂ ਲਈ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਪ੍ਰਤੀ ਸੰਜੀਦਾ ਨਹੀਂ, ਫਿਰ ਲੋਕ ਕਿੱਧਰ ਜਾਣ? ਜੇ ਸਰਕਾਰਾਂ ਦਾ ਇਹੀ ਰਵਈਆ ਹੋਵੇਗਾ ਤਾਂ ਕੌਣ ਸਮਾਜ ਦੇ ਸਰੋਕਾਰਾਂ ਹਿੱਤ ਕੰਮ ਕਰਨ ਲਈ ਅੱਗੇ ਆਵੇਗਾ? ਜੇ ਤੱਗੜ ਜਾਂ ਉਨ੍ਹਾਂ ਦੇ ਸਹਿਯੋਗੀਆਂ ਕੋਲ਼ੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਕੋਈ ਕਨੂੰਨੀ ਕੁਤਾਹੀਆਂ ਹੋਈਆਂ ਹਨ ਤਾਂ ਉਨ੍ਹਾਂ `ਤੇ ਐਕਸ਼ਨ ਲੈਣ ਤੋਂ ਪਹਿਲਾਂ ਵੱਖ-ਵੱਖ ਖੇਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ `ਤੇ ਕਾਰਵਾਈ ਕਰਨ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਕੁਰਪੱਸ਼ਨ ਦੇ ਮੁੱਦੇ ਨੂੰ ਲੈ ਕੇ ਬਣੀ ‘ਆਪ’ ਦੀ ਸਰਕਾਰ ਆਪਣੇ ਵਾਅਦਿਆਂ ਪ੍ਰਤੀ ਗੰਭੀਰ ਹੈ?

ਮਾਲਵਿੰਦਰ ਸਿੰਘ ਸਿੱਧੂ ਅਡੀਸ਼ਨਲ ਇੰਸਪੈਕਟਰ ਜਨਰਲ ਪੁਲਿਸ ਮਾਨਵੀ ਅਧਿਕਾਰ ਦੇ ਅਸਿਸਟੈਂਟ ਬਾਰੇ ਇਹ ਗੱਲ ਸ਼ਰੇਆਮ ਜਨਤਾ ਦੀ ਕਚਿਹਰੀ ਵਿੱਚ ਹੈ ਕਿ ਉਸਦੀ ਧੀ ਕਿਸੇ ਹਰਪ੍ਰੀਤ ਸਿੰਘ ਨਾਮ ਦੇ ਆਈ ਏ ਐਸ ਅਧਿਕਾਰੀ ਨਾਲ਼ ਵਿਆਹੀ ਹੋਈ ਸੀ, ਉਸਦਾ ਝਗੜਾ ਚੱਲ ਰਿਹਾ ਸੀ ਤੇ ਮਾਮਲਾ ਤਲਾਕ ਤੱਕ ਚਲਾ ਗਿਆ। ਲੜਕੀ ਨੂੰ ਆਪਣੇ ਸਾਬਕਾ ਪਤੀ ਦੇ ਸ਼ਡੂਲ ਕਾਸਟ ਦਾ ਜਾਅਲੀ ਸਰਟੀਫਿਕੇਟ ਲਗਾ ਕੇ ਨੌਕਰੀ ਲੈਣ ਦਾ ਪਤਾ ਸੀ, ਮਾਲਵਿੰਦਰ ਸਿੰਘ ਨੇ ਆਪਣੇ ਸਾਬਕਾ ਜਵਾਈ ਵਿਰੁੱਧ ਕੇਸ ਤਾਂ ਕੀਤਾ ਹੀ, ਸਗੋਂ ਉਸਨੇ ਦਲਿਤ ਹੋਣ ਦੇ ਫਰਜੀ ਸਰਟੀਫਿਕੇਟ ਲਗਾ ਕੇ ਹੋਰ ਅਨੇਕਾਂ ਉਚੇ ਅਹੁੱਦੇ ਲੈ ਕੇ ਬੈਠੇ ਅਫਸਰਾਂ ਨਾਲ਼ ਜੁੜੇ ਸਕੈਂਡਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਮੁਹਿੰਮ ਵੀ ਵਿੱਢ ਦਿੱਤੀ। ਇਸ ਦੌਰਾਨ ਉਸਨੇ ਸਭ ਤੋਂ ਵੱਡੀ ‘ਕੁਤਾਹੀ’, ਇਹ ਕੀਤੀ ਕਿ ਵਿਜੀਲੈਂਸ ਦੇ ਉਚ ਜਾਂਚ ਅਧਿਕਾਰੀ ਦਾ ਜ਼ਆਲੀ ਬੈਚ ਦਫਤਰਾਂ ਵਿੱਚੋਂ ਰੋਅਬ ਨਾਲ਼ ਜਾਣਕਾਰੀ ਇਕੱਤਰ ਕਰਨ ਲੱਗਾ। ਉਹ ਅਜਿਹੀ ਜਾਣਕਾਰੀ ਇਕੱਤਰ ਕਰਨ ਦੌਰਾਨ ਆਪਣੀ ਅੰਡਰਵੀਅਰ ਵਿੱਚ ਡਿਕਟਾ ਵੁਆਇਸ ਰਿਕਾਰਡਰ ਰੱਖ ਲੈਂਦਾ ਸੀ ਤਾਂ ਕਿ ਜਾਣਕਾਰੀ ਰਿਕਾਰਡ ਕਰ ਸਕੇ। ਉਹ ਰਿਕਾਰਡਰ ਪੁਲਿਸ ਛਾਪੇ ਦੌਰਾਨ ਅਧਿਕਾਰੀਆਂ ਦੇ ਹੱਥ ਆ ਗਿਆ, ਜਿਸ ਨਾਲ਼ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਦਾ ਮੌਕਾ ਮਿਲ ਗਿਆ। ਰਜਿੰਦਰ ਤੱਗੜ, ਬਲਵਿੰਦਰ ਸੇਖੋਂ ਤੇ ਮਾਲਵਿੰਦਰ ਸਿੱਧੂ ਦੀ ਬਦਨਸੀਬੀ ਦੇ ਇਨ੍ਹਾਂ ਕੇਸਾਂ ਬਾਰੇ ਪੱਤਰਕਾਰ ਰਿਤੇਸ਼ ਲੱਖੀ ਨੇ ਆਪਣੇ ਯੂ ਟਿਊਬ ਚੈਨਲ ‘ਰਿਤੇਸ਼ ਲੱਖੀ: ਅਨਪਲੱਗ’ `ਤੇ 28 ਅਤੇ 30 ਅਪਰੈਲ, 2024 ਦੀਆਂ ਵਡਿੀਓਜ਼ ਵਿੱਚ ਵਿਸਤਾਰਤ ਚਰਚਾ ਕੀਤੀ ਹੈ। ਜੋ ਕਿ ਪਾਠਕ ਨਾਲ਼ ਦਿੱਤੇ ਜਾ ਰਹੇ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹਨ। (Why Journalist Taggar being framed ? Is SAS Nagar POLICE framing whistleblowers ? (youtube.com) and Could AIG's audio Sting capture anything incriminating wrt journo Rajinder Taggar & whistleblowers ? (youtube.com).

ਰਿਤੇਸ਼ ਲੱਖੀ ਦੀਆਂ ਦਲੀਲਾਂ ਨਾਲ਼ ਪੂਰਨ ਵਿੱਚ ਸਹਿਮਤ ਹੁੰਦਿਆਂ, ਸਾਡੀ ਸਮੇਂ ਦੇ ਹਾਕਮਾਂ ਅੱਗੇ ਸਿਰਫ ਇਤਨੀ ਕੁ ਦਲੀਲ ਹੈ ਕਿ ਤੱਗੜ, ਮਾਲਵਿੰਦਰ ਸਿਧੂ, ਜਾਂ ਸਤਨਾਮ ਦਾਊਂ ਵਰਗੇ ਲੋਕ ਜੇਕਰ ਕਨੂੰਨ ਦੀਆਂ ਨਜ਼ਰਾਂ ਵਿੱਚ ਸਚੀਮੁੱਚੀਂ ਕਿਸੇ ਵੱਡੇ ਗੁਨਾਹ ਦੇ ਭਾਗੀ ਹਨ ਤਾਂ ਉਨ੍ਹਾਂ ਨੂੰ ਬੇਸ਼ਕ ਸੂਲ਼ੀ ਤੇ ਟੰਗ ਦਿਉ, ਪਰ ਬਰਾਏ ਮਿਹਰਬਾਨੀ ਉਨ੍ਹਾਂ ਦੇ ਨਾਲ਼ ਹੀ, ਉਨ੍ਹਾਂ ਵਲੋਂ ਭ੍ਰਿਸ਼ਟਾਚਾਰ ਸਬੰਧੀ ਉਭਾਰੇ ਜਾ ਰਹੇ ਅਤੀ ਗੰਭੀਰ ਮੁੱਦਿਆਂ ਨੂੰ ਵੀ ਨਾਲ਼ ਹੀ ਫਾਹੇ ਨਾ ਟੰਗੋ? ਉਨ੍ਹਾਂ `ਤੇ ਕਨੂੰਨੀ ਕਾਰਵਾਈ ਕਰਕੇ ਲੋਕਾਂ ਨੂੰ ਇਨਸਾਫ ਦਿਓ ਅਤੇ ਭ੍ਰਿਸ਼ਾਟਾਚਾਰ ਮੁਕਤ ਸਰਕਾਰ ਹੋਣ ਦਾ ਸਬੂਤ ਪੇਸ਼ ਕਰੋ।

ਹੇਠਾਂ ‘ਪੰਜਾਬ ਅਗੇਂਸਟ ਕੁਰੱਪਸ਼ਨ’ ਦੇ ਮੁੱਖ ਕਾਰਕੁੰਨ ਸਤਨਾਮ ਦਾਊਂ ਦੀ ਸੋਸ਼ਲ ਮੀਡੀਆ ਪੋਸਟ ਹੂ-ਬ-ਹੂ ਸਾਂਝੀ ਕਰ ਰਹੇ ਹਾਂ ਤਾਂ ਕਿ ਉਨ੍ਹਾਂ ਦਾ ਪੱਖ ਵੀ ਪਾਠਕ ਜਾਣ ਲੈਣ ਕਿ ਸਮਾਜ ਦੇ ਬਿਸਲ ਬਲੋਅਰਾਂ ਨਾਲ਼ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਧੱਕੇਸ਼ਾਹੀ ਕਿਉਂ ਕਰ ਰਹੀ ਹੈ?

ਅਸੀਂ ਕਿਹੜੇ ਲੋਕਾਂ ਨੂੰ ਬਲੈਕਮੇਲਰ ਲੱਗਦੇ ਹਾਂ ਅਤੇ ਕਿਉਂ ਲੱਗਦੇ ਹਾਂ?

(1) ਅਮਰੂਦ ਬਾਗ਼ ਘਪਲ਼ੇ ਵਿੱਚ ਸ਼ਾਮਿਲ ਉਹ ਲੋਕ, ਜਿਹਨਾਂ ਨੇ ਸੈਂਕੜੇ ਕਰੋੜਾਂ ਦਾ ਘਪਲ਼ਾ ਕੀਤਾ ਅਤੇ 58 ਕਰੋੜ ਪੰਜਾਬ ਦੇ ਖਜ਼ਾਨੇ ਵਿੱਚ ਅਦਾਲਤੀ ਹੁਕਮਾਂ ਕਾਰਨ ਵਾਪਿਸ ਹੋਏ ਹਨ। ਹੁਣ ਉਹ ਗੈਂਗ ਸਾਡੇ ਖ਼ਿਲਾਫ਼ ਵਿਜੀਲੈਂਸ ਬਿਊਰੋ ਨੂੰ ਝੂਠੀ ਸ਼ਿਕਾਇਤ ਦੇ ਕੇ ਅਤੇ ਅਦਾਲਤ ਵਿੱਚ ਮੇਰੇ ਅਤੇ ‘ਪੰਜਾਬ ਦਸਤਾਵੇਜ਼’ ਚੈਨਲ ਦੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਕੇ ਡਰਾਉਣਾ ਚਾਹੁੰਦੇ ਹਨ। ਅਜਿਹੇ ਠੱਗ ਲੋਕ ਸਾਡੇ ਖ਼ਿਲਾਫ਼ ਇਲਜ਼ਾਮ ਲਗਾਉਂਦੇ ਹੀ ਰਹਿਣਗੇ।

ਨੋਟ:- ਪੱਤਰਕਾਰ ਰਜਿੰਦਰ ਸਿੰਘ ਤੱਗੜ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ, ਸ਼ਾਇਦ ਅਗਲਾ ਨੰਬਰ ਮੇਰਾ ਹੋਵੇ।

(2) ਪੰਜਾਬ ਦੇ ਉਦਯੋਗਾਂ ਨੂੰ ਉਜਾੜਨ ਵਾਲੇ ਅਤੇ ਹਜਾਰਾਂ ਕਰੋੜਾਂ ਦੇ ਉਦਯੋਗਿਕ ਘਪਲ਼ੇ ਦੇ ਦੋਸ਼ੀ, ਸਾਡੇ ਇੱਕ ਸਹਿਯੋਗੀ ਰਹੇ ਨਿਰਦੋਸ਼ ਵਿਅਕਤੀ ਨੂੰ ਗ੍ਰਿਫ਼ਤਾਰ ਕਰਵਾਉਂਦੇ ਹਨ ਕਿ ਅਸੀਂ ਸ਼ਿਕਾਇਤ ਕਰਤਾਵਾਂ ਦਾ ਇੱਕ ਗ੍ਰੋਹ ਹਾਂ, ਜੋ ਵੱਡੇ ਵਪਾਰੀਆਂ ਖ਼ਿਲਾਫ਼ ਝੂਠੀਆ ਸ਼ਿਕਾਇਤਾਂ ਦੇ ਕੇ ਬਲੈਕਮੇਲ ਕਰਦੇ ਹਨ। ਮੈਨੂੰ ਧਮਕੀ ਮਿਲੀ ਕਿ ਚੁੱਪ ਕਰ, ਨਹੀਂ ਤਾਂ ਉਸ ਪਰਚੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਥਾਂ ਤੇਰਾ ਨਾਮ ਪੁਆ ਦਿੱਤਾ ਜਾਵੇਗਾ। ਅਸੀ ਉਦਯੋਗ ਪਲਾਟ ਘਪਲੇ ਕਰਨ ਵਾਲਿਆਂ ਲਈ ਵੀ ਬਲੈਕਮੇਲਰ ਹਾਂ। ਪਰ ਮੁੱਖ ਮੰਤਰੀ ਸਾਹਿਬ ਨੇ ਘਪਲੇਬਾਜ਼ਾਂ ਖ਼ਿਲਾਫ਼ ਦੋ ਪਰਚੇ ਦਰਜ ਕਰਕੇ, ਜੇਲ੍ਹ ਭਿਜਵਾ ਦਿੱਤਾ ਸੀ, ਬਾਅਦ ਵਿੱਚ ਘਪਲ਼ੇਬਾਜ਼ਾਂ ਵਲੋ ਕਿਸੇ ਸਰਕਾਰ ਨਾਲ ਕੋਈ ਸੈਟਿੰਗ ਕਰ ਲਈ ਜਾਵੇ, ਉਸਦੀ ਕੋਈ ਗਰੰਟੀ ਨਹੀਂ।

(3) ਉਨ੍ਹਾਂ ਬਿਲਡਰਾਂ ਲਈ ਵੀ ਅਸੀਂ ਬਲੈਕਮੇਲਰ ਹਾਂ, ਜਿਨ੍ਹਾਂ ਨੇ EWS ਕੋਟੇ ਦੇ ਹਜਾਰਾਂ ਘਰਾਂ ਦਾ ਘਪਲਾ ਕੀਤਾ, ਜਿਸਨੂੰ ਅਸੀਂ ਅਦਾਲਤਾਂ ਅਤੇ ਦੇਸ਼ ਦੀ ਪਾਰਲੀਮੈਂਟ ਤੱਕ ਲੈਕੇ ਗਏ, ਉਹ ਬਿਲਡਰ ਵੀ ਸਾਨੂੰ ਬਲੈਕਮੇਲਰ ਦੱਸਦੇ ਹਨ। ਭਾਵੇਂ ਕਿ EWS ਕੋਟੇ ਦੀ ਸੈਂਕੜੇ ਏਕੜ ਜ਼ਮੀਨ ਸਾਡੇ ਸੰਘਰਸ਼ ਕਾਰਣ ਪੰਜਾਬ ਸਰਕਾਰ ਨੂੰ ਮਿਲੀ ਹੋਈ ਹੈ ਅਤੇ ਉਸ ਜਮੀਨ ਵਿੱਚ ਗਰੀਬ ਲੋਕਾਂ ਨੂੰ ਸਸਤੇ ਘਰ ਵੀ ਮਿਲ ਸਕਦੇ ਹਨ, ਜਿਸ ਲਈ ਅੱਜ ਵੀ ਸੰਘਰਸ਼ ਜਾਰੀ ਹੈ।

(4) ਅਸੀਂ ਉਸ ਲੈਂਡ ਮਾਫੀਏ ਲਈ ਵੀ ਬਲੈਕਮੇਲਰ ਹਾਂ, ਜੋ ਪੁਲਿਸ ਦੀਆਂ ਕਾਲੀਆਂ ਭੇਡਾਂ ਨਾਲ ਮਿਲ ਕੇ ਲੋਕਾਂ ਦੀਆਂ ਜਾਇਦਾਦਾਂ `ਤੇ ਕਬਜ਼ੇ ਕਰਦੇ ਰਹੇ ਹਨ। ਜੋ ਲੈਂਡ ਮਾਫੀਏ ਮੌਹਾਲੀ ਦੇ ਪਿੰਡ ਫਤਹਿਉਲਾ ਪੁਰ ਪਿੰਡ ਦੇ ਗੁਰਦੀਪ ਸਿੰਘ ਦਾ ਕਤਲ ਕਰਵਾਉਂਦੇ ਰਹੇ ਹਨ ਅਤੇ ਜਿਨ੍ਹਾਂ ਨੇ ਐਲ ਆਈ ਸੀ ਏਜੰਟ ਰਾਮ ਕਿਰਪਾਲ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਹੈ। ਖ਼ਿਲਾਫ਼ ਅਵਾਜ ਬੁਲੰਦ ਕਰਨ ਅਤੇ ਉਨ੍ਹਾਂ ਖ਼ਿਲਾਫ਼ ਕੇਸ ਲੜਨ ਕਾਰਣ ਵੀ ਉਹ ਸਾਡੇ `ਤੇ ਬਲੈਕਮੇਲ ਹੋਣ ਦਾ ਠੱਪਾ ਲਗਾ ਲਗਾਉਂਦੇ ਰਹੇ ਹਨ।

(4) ਅਸੀ ਉਨ੍ਹਾਂ ਟਰੈਵਲ ਏਜੰਟਾਂ ਅਤੇ ਸਰਕਾਰੀ ਅਫ਼ਸਰਾਂ ਲਈ ਵੀ ਬਲੈਕਮੇਲਰ ਹਾਂ, ਜਿਨ੍ਹਾਂ ਦੇ ਗੱਠਜੋੜ ਖ਼ਿਲਾਫ਼ ਅਸੀਂ ਅਵਾਜ਼ ਬੁਲੰਦ ਕਰਕੇ ਟਰੈਵਲ ਏਜੰਟਾਂ ਦੇ ਹਜ਼ਾਰਾਂ ਪੀੜਤਾਂ ਦੇ ਕਰੋੜਾਂ ਰੁਪਏ ਵਾਪਿਸ ਕਰਵਾਏ ਅਤੇ ਦਰਜਨਾਂ ਲੋਕਾਂ ਨੂੰ ਜੇਲ੍ਹ ਭੇਜਣ ਵਿੱਚ ਮੱਦਦ ਕੀਤੀ ਹੈ। ਠੱਗ ਏਜੰਟਾਂ ਅਤੇ ਉਹਨਾਂ ਦੀ ਕਾਲੀ ਕਮਾਈ ਵਿੱਚੋਂ ਹਿੱਸੇ ਲੈਣ ਵਾਲੇ ਵੀ ਸਾਨੂੰ ਬਲੈਕਮੇਲਰ ਦੱਸਦੇ ਹਨ।

(5) ਮੋਹਾਲੀ ਅਤੇ ਲੁਧਿਆਣੇ ਦੇ ਕੁੱਝ ਬਿਲਡਰ ਸਕਾਈ ਰੌਕ ਸਿਟੀ, RKM ਸਿਟੀ, ਸ਼ਿਵਾਲਕ ਸਿਟੀ, ਜੀ ਕੇ ਅਸਟੇਟ ਆਦਿ ਵੀ ਸਾਨੂੰ ਬਲੈਕਮੇਲਰ ਦੱਸਦੇ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਅਸੀਂ ਪਰਚੇ ਦਰਜ ਕਰਵਾਏ ਅਤੇ ਇਨ੍ਹਾਂ ਦੇ ਕੁੱਝ ਪੀੜਤਾਂ ਦੇ ਕਰੋੜਾਂ ਰੁਪਏ ਵਾਪਿਸ ਕਰਵਾਏ। ਸ਼ਿਵਾਲਕ ਸਿਟੀ ਮੋਹਾਲੀ ਦਾ ਕੇਸ ਤਾਂ ਸਾਨੂੰ ਆਮ ਆਦਮੀ ਪਾਰਟੀ ਮੋਹਾਲੀ ਵਲੋ ਲੋਕਾਂ ਦੀ ਮਦਦ ਕਰਨ ਲਈ ਦਿੱਤਾ ਗਿਆ ਸੀ। ਇਸ ਬਿਲਡਰ ਖ਼ਿਲਾਫ਼ ਦਰਜ਼ ਇੱਕ ਪਰਚੇ ਮੁਤਾਬਿਕ, ਇਸਨੇ 1800 ਕਰੋੜ ਰੁਪਏ ਦੀ ਠੱਗੀ ਮਾਰੀ ਹੋਈ ਹੈ। ਇਹ ਬਿਲਡਰ ਵੀ ਸਾਡੀ ਟੀਮ ਦੀ ਮੱਦਦ ਨਾਲ 7-8 ਸਾਲ ਪਹਿਲਾਂ ਜੇਲ੍ਹ ਗਿਆ ਸੀ। ਜਿਸਦੀ ਅੱਜ ਤੱਕ ਜਮਾਨਤ ਨਹੀਂ ਹੋਈ। ਅਜਿਹੇ ਠੱਗ ਬਿਲਡਰ ਵੀ ਸਾਨੂੰ ਬਲੈਕਮੇਲਰ ਦੱਸਦੇ ਹਨ ਅਤੇ ਇਲਜਾਮ ਲਗਾਉਂਦੇ ਰਹਿੰਦੇ ਹਨ।

(6) ਸਾਨੂੰ ਉਹ ਲੋਕ ਵੀ ਬਲੈਕਮੇਲਰ ਦੱਸਦੇ ਹਨ, ਜਿਨ੍ਹਾਂ ਨੇ ਆਪਣਾ ਰਸੂਖ ਵਰਤ ਕੇ ਮੋਹਾਲੀ ਦੇ ਪਿੰਡ ਬਲੌਂਗੀ ਅਤੇ ਫੇਜ਼ ਇੱਕ ਵਿੱਚ ਗਊਸ਼ਾਲਾ ਦੇ ਨਾਮ `ਤੇ ਅਰਬਾਂ ਰੁਪਏ ਦੀਆਂ ਜਮੀਨਾਂ ਹੜੱਪੀਆਂ ਹਨ। ਜਿਨ੍ਹਾਂ ਨੇ ਮੋਹਾਲੀ ਦੇ ਪਿੰਡ ਚੰਦਪੁਰ, ਸੁੱਘੜ, ਕੁਰੜਾ ਆਦਿ ਅਤੇ ਗੋਲਡਨ ਫੌਰੈਸਟ ਵਾਲੀ ਸੈਕੜੇ ਏਕੜ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਕਾਰਣ, ਉਹ ਮਾਫੀਏ ਵੀ ਸਾਡੇ ਖ਼ਿਲਾਫ਼ ਇਲਜ਼ਾਮ ਲਗਾਉਂਦੇ ਰਹਿੰਦੇ ਹਨ।

(7) ਪਿਛਲੇ 10 ਸਾਲਾਂ ਵਿੱਚ ਦਰਜਨਾਂ ਹੀ ਹੋਰ ਵੱਡੇ-ਛੋਟੇ ਘਪਲ਼ੇ ਹਨ, ਜਿਨ੍ਹਾਂ ਵਿੱਚ ਅਸੀਂ ਸੈਂਕੜੇ ਪੀੜਤਾਂ ਦੀ ਮੱਦਦ ਕੀਤੀ ਹੈ। ਜਿਸ ਕਾਰਨ ਘਪਲ਼ੇਬਾਜ਼ਾਂ ਵਲੋ ਸਾਡੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਅਤੇ ਇਲਜ਼ਾਮ ਲਗਾਏ ਜਾਂਦੇ ਰਹੇ ਹਨ। ਉਨ੍ਹਾਂ ਲਈ ਵੀ ਅਸੀਂ ਬਲੈਕਮੇਲਰ ਹਾਂ।

(ਲੋਕਲ ਲੋਕ ਅਤੇ ਸਰਕਾਰੀ ਏਜੰਸੀਆਂ ਗਵਾਹ ਹਨ ਕਿ ਮੇਰੇ ਵਲੋ ਜਾਂ ਮੇਰੇ ਕਿਸੇ ਨਜਦੀਕੀ ਰਿਸਤੇਦਾਰ ਵਲੋ ਹੁਣ ਤੱਕ ਭ੍ਰਿਸ਼ਟਾਚਾਰ ਕਰਕੇ, ਕੋਈ ਜਮੀਨ-ਜਾਇਦਾਦ ਨਹੀਂ ਬਣਾਈ ਗਈ ਅਤੇ 20 ਸਾਲਾਂ ਤੋਂ ਇੱਕ ਹੀ ਥਾਂ ਕਿਰਾਏ ਦੇ ਘਰ ਵਿੱਚ ਮੇਰੀ ਰਿਹਾਇਸ ਹੈ। ਹਰਾਮ ਦੀ ਕਮਾਈ ਦੀ ਸਾਨੂੰ ਕਦੇ ਲੋੜ ਨਹੀਂ ਪਈ, ਪਰ ਇੱਕ ਖ਼ੁਸ਼ੀ ਹੈ ਕਿ ਹੁਣ ਮੇਰਾ ਆਪਣਾ ਘਰ ਵੀ ਬਣ ਰਿਹਾ ਹੈ।

ਮਾਫੀਏ ਗਠਜੋੜ ਅਤੇ ਸਾਡੇ ਖ਼ਿਲਾਫ਼ ਬਲੈਕਮੇਲਰ ਹੋਣ ਦੇ ਇਲਜਾਮ ਲਗਾਉਣ ਵਾਲੇ ਯਾਦ ਰੱਖਣ ਕੇ ਤੁਸੀਂ ਅੱਜ ਵੀ ਮੈਨੂੰ/ਸਾਨੂੰ ਕਤਲ ਕਰਵਾਉਣ, ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹ ਭੇਜਣ ਅਤੇ ਝੂਠਾ ਬਦਨਾਮ ਕਰਕੇ ਕਿਰਦਾਰਕੁਸ਼ੀ ਕਰਨਾ ਚਹੁੰਦੇ ਹੋ ਅਤੇ ਅਜਿਹਾ ਕਰਨ ਦੀ ਤੁਸੀਂ ਤਾਕਤ ਵੀ ਰੱਖਦੇ ਹੋ। ਪਰ ਇਹ ਵੀ ਯਾਦ ਰੱਖੋ ਕਿ ਅਸੀਂ ਤਾਂ ਉਦੋ ਵੀ ਤੁਹਾਡੇ ਕੋਲੋ ਨਹੀਂ ਡਰੇ, ਜਦੋਂ ਅਸੀਂ ਤੁਹਾਨੂੰ ਨੰਗ ਲਗਦੇ ਸੀ ਤਾਂ ਫੇਰ ਹੁਣ ਤਾਂ ਤੁਹਾਡੇ ਕੋਲੋਂ ਡਰਨਾ ਹੀ ਕਿਉ ਹੈ? ਤੁਸੀਂ ਇਹ ਵੀ ਯਾਦ ਰੱਖੋ ਕਿ ਬਹੁਤ ਪੈਸੇ ਅਤੇ ਜਾਇਦਾਦਾਂ ਇਕੱਠੀਆਂ ਕਰਨੀਆਂ ਅਸੀਂ ਵੀ ਜਾਣਦੇ ਹਾਂ, ਪਰ ਅਸੀਂ ਤੁਹਾਡੇ ਕੋਲੋ ਹਿੱਸੇ ਲੈ ਕੇ ਅਜਿਹਾ ਨਹੀਂ ਕੀਤਾ ਅਤੇ ਤੁਹਾਡੇ ਮੁਤਾਬਿਕ ਨੰਗ ਰਹਿਣ ਦਾ ਰਸਤਾ ਵੀ ਅਸੀ ਪੀੜਿਤਾਂ ਦੀ ਮੱਦਦ ਕਰਨ ਅਤੇ ਲੋੜ ਪੈਣ `ਤੇ ਤੁਹਾਡੇ ਨਾਲ ਟੱਕਰ ਲੈਣ ਲਈ ਹੀ ਚੁਣਿਆ ਹੈ, ਨਹੀਂ ਤਾਂ ਅਸੀਂ ਵੀ ਤੁਹਾਡੇ ਕੋਲੋਂ ਹੀ ਕਰੋੜਾਂ ਅਰਬਾਂ ਰੁਪਏ ਦੀ ਕਮਾਈ ਕਰਕੇ ਸਫੈਦਪੋਸ਼ ਅਤੇ ਅਖੌਤੀ ਸਮਾਜਸੇਵੀ ਬਣੇ ਰਹਿਣਾ ਸੀ।

ਸਤਨਾਮ ਸਿੰਘ ਦਾਊਂ

ਪੰਜਾਬ ਅਗੇਂਸਟ ਕੁਰੱਪਸ਼ਨ

0000000
.