.

ਕੀ ਸਰਬਲੋਹ ਗ੍ਰੰਥ ਵਿੱਚ ਵੀ ਸਿੱਖਾਂ ਦੇ ਦਸਵੇਂ ਗੁਰੂ ਦੀ ਸਵੈ-ਜੀਵਨੀ ਹੈ?

ਬਚਿੱਤ੍ਰ ਨਾਟਕ ਵਿਚਲੀ ਆਪਨੀ ਕਥਾ ਨੂੰ ਤਾਂ ਦਸਵੇਂ ਗੁਰੂ ਦੀ ਸਵੈ-ਜੀਵਨੀ ਕਿਹਾ ਜਾਂਦਾ ਸੁਣਿਆਂ ਹੈ ਪਰ ਕੀ ਸਰਬਲੋਹ ਗ੍ਰੰਥ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਆਪਣੀ ਕਥਾ ਹੈ? ਜਿਸ ਵਿੱਚ ਆਪਣੇ ਪਿਛਲੇ ਜੀਵਨ ਬਾਰੇ ਜਾਂ ਮੌਜੂਦਾ ਜੀਵਨ ਬਾਰੇ ਦੱਸਿਆ ਗਿਆ ਹੋਵੇ। ਕੀ ਸਰਬਲੋਹ ਗ੍ਰੰਥ ਵਾਕਿਆ ਹੀ ਦਸਵੇਂ ਗੁਰੂ ਦੀ ਆਪਣੀ ਰਚਨਾ ਹੈ ਜਿਸ ਬਾਰੇ ਸਪੋਕਸਮੈਨ ਵਾਲੇ ਬਾਰ-ਬਾਰ ਲਿਖ ਰਹੇ ਹਨ। ਜਿਨ੍ਹਾਂ ਪੰਗਤੀਆਂ ਦਾ ਜ਼ਿਕਰ ਸਪੋਕਸਮੈਨ ਵਾਲੇ ਬਾਰ-ਬਾਰ ਕਰ ਰਹੇ ਹਨ ਉਹ ਸਰਬਲੋਹ ਗ੍ਰੰਥ ਵਿੱਚ ਦਰਜ ਹਨ। “ਯਾ ਮੈ ਰੰਚ ਨਾ ਮਿਥਿਆ ਭਾਖੀ, ਪਾਰਬ੍ਰਹਮ ਗੁਰੂ ਨਾਨਕ ਸਾਖੀ”। ਇਸ ਗ੍ਰੰਥ ਬਾਰੇ ਸਪੋਕਸਮੈਨ ਦੇ ਪਹਿਲਾਂ ਆਪਣੇ ਖਿਆਲ ਕੀ ਸਨ ਅਤੇ ਹੋਰ ਵਿਦਵਾਨ ਇਸ ਬਾਰੇ ਕੀ ਕਹਿੰਦੇ ਹਨ ਲਓ ਧਿਆਨ ਨਾਲ ਪੜ੍ਹੋ ਅਤੇ ਵਿਚਾਰੋ।
ਸਭ ਤੋਂ ਪਹਿਲਾਂ ਸਪੋਕਸਮੈਨ ਦੀ ਐਡੀਟਰ ਬੀਬੀ ਨਿਮਰਤ ਕੌਰ ਦਾ ਐਡੀਟੋਰੀਅਲ ਹੈ ਜੋ ਕਿ ਅਕਤੂਬਰ 2021 ਦਾ ਹੈ। ਉਸ ਤੋਂ ਬਾਅਦ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚੋਂ ਇੱਕ ਲਾਈਨ ਹੈ। ਫਿਰ ਡਾ: ਰਤਨ ਸਿੰਘ ਜੱਗੀ ਅਤੇ ਹੋਰ ਵਿਦਵਾਨਾ ਦੀਆਂ ਲਿਖਤਾਂ ਹਨ। ਇਹ ਸਾਰਾ ਕੁੱਝ ਪੜ੍ਹ ਕੇ ਵਿਚਾਰੋ ਕਿ ਸਪੋਕਸਮੈਨ ਵਾਲੇ ਆਪਣੇ ਵਿਚਾਰ ਬਦਲ ਕੇ ਇੱਕ ਕੂੜ ਗ੍ਰੰਥ ਨੂੰ ਇਤਨੀ ਮਹਾਨਤਾ ਕਿਉਂ ਦੇ ਰਹੇ ਹਨ। ਕੀ ਸਾਰਾ ਮਿਸ਼ਨਰੀ ਲਾਣਾ ਵੀ ਇਸ ਗੱਲ ਨਾਲ ਸਹਿਮਤੀ ਰੱਖਦਾ ਹੈ?
ਮੱਖਣ ਪੁਰੇਵਾਲ,
ਅਪ੍ਰੈਲ 13, 2024.


‘ਸਰਬ ਲੋਹ’ ਤੇ ਗੁਰੂ ਗ੍ਰੰਥ ਸਾਹਿਬ ਨੂੰ ਬਰਾਬਰੀ 'ਤੇ ਰੱਖ ਕੇ ਇਕ ਨਾਲ ਕੀਤੀ ਛੇੜ ਛਾੜ ਨੂੰ ਗੁਰੂ ਦੀ ਬੇਅਦਵੀ ਕਹਿਣਾ ਠੀਕ ਵੀ ਹੈ?

ਹਾਂ, ਅੱਜ ਨਿਰਾਸ਼ਾ ਹੈ ਪਰ ਨਿਰਾਸ਼ਾ ਕਿਸ ਨੇ ਪੈਦਾ ਕੀਤੀ ਹੈ? ਕਿਸ ਨੇ ਆਮ ਸਿੱਖ ਨੂੰ ਇਸ ਤਰ੍ਹਾਂ ਗੁਮਰਾਹ ਕੀਤਾ ਹੈ ਕਿ ਉਹ ਅੱਜ ਇਹ ਸੋਚ ਰਿਹਾ ਹੈ ਕਿ ਤਾਲਿਬਾਨੀ ਕਤਲ ਸਹੀ ਹੈ?
ਸਿੰਘੂ ਬਾਰਡਰ ਤੇ ਇਕ ਤਾਲਿਬਾਨੀ ਤਰਜ਼ ਦੇ ਕਤਲ ਤੋਂ ਬਾਅਦ ਦੋ ਪ੍ਰਸ਼ਨ ਅੱਗੇ ਆ ਰਹੇ ਹਨ ਅਤੇ ਇਹ ਦੋਵੇਂ ਪ੍ਰਸ਼ਨ ਦਰਸਾਉਂਦੇ ਹਨ ਕਿ ਸਿੱਖ ਕੌਮ ਨੂੰ ਕਿਸ ਤਰ੍ਹਾਂ ਬੇਅਦਬੀ ਦੇ ਮਸਲੇ ਤੇ ਉਲਝਾ ਦੇਣ ਮਗਰੋਂ ਮਾਯੂਸੀ ਵਲ ਧਕੇਲ ਦਿਤਾ ਗਿਆ ਹੈ। ਪਹਿਲਾਂ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਅੱਜ ਦੇ ਦਿਨ ਜ਼ਿਆਦਾ ਲੋਕ ਨਿਹੰਗ ਸਿੰਘਾਂ ਦੇ ਤਾਲਿਬਾਨੀ ਤਰਜ਼ ਦੇ ਕਤਲ ਨੂੰ ਸਲਾਹ ਰਹੇ ਹਨ। ਲੋਕ ਖੁਲ੍ਹ ਕੇ ਆਖ ਰਹੇ ਹਨ ਕਿ ਇਸ ਤਰ੍ਹਾਂ ਇਕ ਨਿਹੱਥੇ ਇਨਸਾਨ ਨੂੰ ਝਟਕਾ ਕੇ ਮਾਰਨਾ ਸਹੀ ਹੈ। ਗਿਆਨੀ ਹਰਪ੍ਰੀਤ ਸਿੰਘ ਵਲੋਂ ਵੀ ਇਹੀ ਬਿਆਨ ਦਿਤਾ ਗਿਆ ਹੈ ਕਿ ਸਿੱਖਾਂ ਨੂੰ ਕਿਉਂਕਿ ਬੇਅਦਬੀਆਂ ਦਾ ਇਨਸਾਫ਼ ਨਹੀਂ ਮਿਲਿਆ, ਇਸ ਕਾਰਨ ਉਹ ਇਨਸਾਫ਼ ਨੂੰ ਅਪਣੇ ਹੱਥਾਂ ਵਿਚ ਲੈ ਰਹੇ ਹਨ। ਅੱਜ ਦੇ ਦਿਨ ਕਤਲ ਕਰਨ ਵਾਲੇ ਨਿਹੰਗਾਂ ਨੂੰ ਇਕ ਤਰ੍ਹਾਂ ਦੇ ਲੋਕ-ਨਾਇਕਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਆਮ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ। ਇਹ ਇਕ ਚਿੰਤਾਜਨਕ ਸੋਚ ਹੈ, ਖ਼ਾਸ ਕਰ ਕੇ ਇਸ ਲਈ ਕਿ ‘ਜਥੇਦਾਰ’, ਇਕ ਸਿਆਸੀ ਸੋਚ ਅਧੀਨ ਇਸ ਕਾਰੇ ਦਾ ਸਮਰਥਨ ਕਰਦੇ ਹਨ ਅਤੇ ਜੇ ਬਾਦਲ ਪ੍ਰਵਾਰ ਦੀ ਗੱਲ ‘ਬੇਅਦਬੀ’ ਮਾਸਲੇ ਨੂੰ ਲੈ ਕੇ ‘ਜਥੇਦਾਰ’ ਸਾਹਬ ਦੇ ਸਾਹਮਣੇ ਰੱਖ ਦਿਤੀ ਜਾਏ ਤਾਂ ਉਹ ਚੁੱਪੀ ਧਾਰ ਲੈਣਗੇ। ਇਹ ਵਿਤਕਰਾ ਧਰਮ ਦੀ ਨਹੀਂ, ਸਿਆਸੀ ਮਜਬੂਰੀ ਦੀ ਦੇਣ ਹੈ। ਦੂਜੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਮਾਮਲੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਖਿਆ ਜਾ ਰਿਹਾ ਹੈ, ਕੀ ਉਹ ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੀ ਵੀ? ਜਿਸ ਨੂੰ ਨਿਹੰਗ ਸਿੰਘ ਗੁਰੂ ਸਾਹਿਬ ਆਖ ਰਹੇ ਹਨ, ਉਹ ਗੁਰੂ ਗ੍ਰੰਥ ਸਾਹਿਬ ਨਹੀਂ ਬਲਕਿ ਉਹ ਤਾਂ ਸਰਬ ਲੋਹ ਗ੍ਰੰਥ ਦੇ ਚੁਕੇ ਜਾਣ ਦੀ ਗੱਲ ਕਰ ਰਹੇ ਹਨ। ਹੁਣ ਸਿੱਖ ਧਰਮ ਦੇ ਫ਼ਲਸਫ਼ੇ ਮੁਤਾਬਕ ਸਿੱਖਾਂ ਦੇ ਗੁਰੂ ਸਿਰਫ਼ ਅਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਹਨ ਜਿਸ ਅੱਗੇ ਸਿੱਖਾਂ ਦਾ ਸਿਰ ਝੁਕਦਾ ਹੈ। ਜਿਸ ਨੂੰ ਅੱਜ ਬੇਅਦਬੀ ਆਖਿਆ ਜਾ ਰਿਹਾ ਹੈ, ਉਸ ਤੋਂ ਹਜ਼ਾਰਾਂ ਗੁਣਾਂ ਵੱਧ ਬੇਅਦਬੀ ਹਰ ਰੋਜ਼ ਸਿੱਖਾਂ ਵਲੋਂ ਹੁੰਦੀ ਹੈ ਤੇ ਸ਼ਾਇਦ ਇਸ ਸੂਚੀ ਵਿਚ ਸਿੱਖਾਂ ਦੇ ਧਾਰਮਕ ਆਗੂ ਸੱਭ ਤੋਂ ਵੱਡੇ ਦੋਸ਼ੀ ਮਿਲਣਗੇ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਹੀ ਸਿੱਖਾਂ ਲਈ ‘ਗੁਰੂ’ ਦਾ ਦਰਜਾ ਰਖਦੀ ਹੈ ਤੇ ਸਿੱਖ ਨੂੰ ਉਸ ਫ਼ਲਸਫ਼ੇ ਮੁਤਾਬਕ ਜੀਵਨ ਬਿਤਾਉਣ ਦਾ ਹੁਕਮ ਵੀ ਮਿਲਦੈ। ਜਦ ਅਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਹੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੁਕਮਾਂ ਦੇ ਉਲਟ ਚਲਦੇ ਹਨ ਤਾਂ ਉਹ ਵੀ ਤਾਂ ਬੇਅਦਬੀ ਹੀ ਹੈ। ਇਸ ਸੋਚ ਨਾਲ ਤਾਂ ਦਸਮ ਗ੍ਰੰਥ, ਸੂਰਜ ਪ੍ਰਕਾਸ਼, ਸਰਬ ਲੋਹ ਵਰਗੀਆਂ ਪੋਥੀਆਂ ਨੂੰ ਗੁਰੂ ਦਾ ਦਰਜਾ ਦੇਣਾ ਵੀ ਅਪਣੇ ਆਪ ਵਿਚ ਬੇਅਦਬੀ ਹੈ। ਪਰ ਇਸ ਬਾਰੇ ਕੋਈ ‘ਜਥੇਦਾਰ’ ਜਾਂ ਕੋਈ ਹੋਰ ਆਗੂ ਕੁੱਝ ਨਹੀਂ ਬੋਲਦਾ ਕਿਉਂਕਿ ਉਨ੍ਹਾਂ ਨੇ ਸਿੱਖਾਂ ਨੂੰ ਇਸ ਤਰ੍ਹਾਂ ਦੇ ਭੰਬਲਭੂਸੇ ਵਿਚ ਆਪ ਪਾਇਆ ਹੈ। ਸਿੱਖਾਂ ਨੂੰ ਅਸਲ ਗਿਆਨ ਤੇ ਅਸਲ ਫ਼ਲਸਫ਼ੇ ਤੋਂ ਦੂਰ ਕਰਨ ਵਿਚ ਧਾਰਮਕ ਆਗੂਆਂ ਦਾ ਸੱਭ ਤੋਂ ਨੁਮਾਇਆਂ ਹੱਥ ਹੈ ਤੇ ਇਸ ਪਿਛੇ ਉਨ੍ਹਾਂ ਦੀ ਅਗਿਆਨਤਾ ਨਹੀਂ ਬਲਕਿ ਇਕ ਵੱਡੀ ਰਣਨੀਤੀ ਕੰਮ ਕਰ ਰਹੀ ਲਗਦੀ ਹੈ। ਅੱਜ 19 ਸਾਲ ਬਾਅਦ ਸੌਦਾ ਸਾਧ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਪਰ ਇਨ੍ਹਾਂ 19 ਸਾਲਾਂ ਵਿਚ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੇ ਇਸੇ ਸੌਦਾ ਸਾਧ ਨੂੰ ਪੂਰਾ ਮਾਣ ਸਤਿਕਾਰ ਦਿਤਾ। ਇਸ ਨੂੰ ਸਿੱਖ ਧਰਮ ਦਾ ਅਪਰਾਧੀ ਨਾ ਮੰਨਦੇ ਹੋਏ ਇਸ ਨੂੰ ਮਾਫ਼ ਕਰਵਾ ਦਿਤਾ ਤੇ ਸਿੱਖ ਸ਼ਰਧਾਲੂਆਂ ਵਲੋਂ ਗੁਰੂ ਦੀ ਗੋਲਕ ਵਿਚ ਦਿਤੇ ਦਸਵੰਧ ਨੂੰ ਇਸ ਸਾਧ ਦਾ ਪ੍ਰਚਾਰ ਕਰਨ ਵਾਸਤੇ 90 ਲੱਖ ਰੁਪਿਆ ਖ਼ਰਚਿਆ ਗਿਆ। ਉਹ ਧਨ ਜੋ ਗ਼ਰੀਬਾਂ ਦੀ ਮਦਦ ਲਈ ਵਰਤਣ ਦਾ ਗੁਰੂ ਹੁਕਮ ਸੀ (ਗੁਰੂ ਦੀ ਗੋਲਕ, ਗ਼ਰੀਬ ਦਾ ਮੂੰਹ), ਉਸ ਨੂੰ ਸੌਦਾ ਸਾਧ ਦੀ ਮਦਦ ਵਾਸਤੇ ਖ਼ਰਚਿਆ ਗਿਆ। ਹਾਂ, ਅੱਜ ਨਿਰਾਸ਼ਾ ਹੈ ਪਰ ਨਿਰਾਸ਼ਾ ਕਿਸ ਨੇ ਪੈਦਾ ਕੀਤੀ ਹੈ? ਕਿਸ ਨੇ ਆਮ ਸਿੱਖ ਨੂੰ ਇਸ ਤਰ੍ਹਾਂ ਗੁਮਰਾਹ ਕੀਤਾ ਹੈ ਕਿ ਉਹ ਅੱਜ ਇਹ ਸੋਚ ਰਿਹਾ ਹੈ ਕਿ ਤਾਲਿਬਾਨੀ ਕਤਲ ਸਹੀ ਹੈ? ਇਸ ਉਲਝਣ ‘ਚੋਂ ਅੱਜ ਅਜਿਹੀਆਂ ਆਵਾਜ਼ਾਂ ਨਿਕਲ ਰਹੀਆਂ ਹਨ ਜੋ ਸੱਚ ਤੇ ਖੜੇ ਹੋਣ ਵਾਲੇ ਪੱਤਰਕਾਰਾਂ ਦੇ ਗਲ ਘੁੱਟਣ ਦੀ ਪੁਕਾਰ ਕਰ ਰਹੀਆਂ ਹਨ। ਜਿਸ ਰਾਹ ਤੇ ਸਿਆਸੀ ਤੇ ਧਾਰਮਕ ਲੀਡਰਸ਼ਿਪ ਦੀ ਮਿਲੀਭੁਗਤ ਅੱਜ ਸਿੱਖਾਂ ਨੂੰ ਲਿਜਾ ਰਹੀ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੀ ਸੱਭ ਤੋਂ ਵੱਡੀ ਅਵੱਗਿਆ ਹੈ ਤੇ ਬਹੁਤ ਵੱਡੀ ਬੇਅਦਬੀ ਵੀ ਹੈ। ਸਿੱਖ ਠੰਢੇ ਦਿਲ ਨਾਲ ਸੋਚ ਕੇ ਕੋਈ ਫ਼ੈਸਲਾ ਲੈਣ।
-ਨਿਮਰਤ ਕੌਰ



ਭਾਈ ਕਾਹਨ ਸਿੰਘ ਨਾਭਾ ਨੇ ਵੀ ਕਾਫੀ ਵਿਸਥਾਰ ਨਾਲ ਇਸ ਸਰਬਲੋਹ ਗ੍ਰੰਥ ਬਾਰੇ ਲਿਖਿਆ ਹੈ। ਉਸ ਦੇ ਮਹਾਨ ਕੋਸ਼ ਵਿੱਚ ਇਹ ਕੁੱਝ ਪੰਗਤੀਆਂ ਧਿਆਨ ਮੰਗਦੀਆਂ ਹਨ: ਇਹ ਗ੍ਰੰਥ ਵੀ ਅਞਾਣ ਲਿਖਾਰੀਆਂ ਦੀ ਅਣਗਹਿਲੀ ਨਾਲ ਉਤਨਾ ਹੀ ਅਸ਼ੁੱਧ ਹੈ ਜਿਤਨਾ ਕਿ ਦਸਮ ਗ੍ਰੰਥ।



ਸਰਬਲੋਹ ਗ੍ਰੰਥ ਸਰੋਤ: ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਰਬਲੋਹ ਗ੍ਰੰਥ: ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਸੰਬੰਧਿਤ ਹੈ। ਇਸ ਦੇ ਦੋ ਨਾਂ ਪ੍ਰਚਲਿਤ ਹਨ— (1) ‘ਸਰਬਲੋਹ’ ਅਤੇ (2) ‘ਮੰਗਲਾਚਰਣ ਪੁਰਾਣ ‘। ਇਸ ਦਾ ਅਧਿਕ ਪ੍ਰਚਲਿਤ ‘ਸਰਬਲੋਹ’ ਨਾਂ ਇਸ ਵਿਚ ਵਰਣਿਤ ‘ਸਰਬਲੋਹ ਅਵਤਾਰ’ ਦੇ ਆਖਿਆਨ ਕਾਰਣ ਪਿਆ ਪ੍ਰਤੀਤ ਹੁੰਦਾ ਹੈ। ‘ਮੰਗਲਾਚਰਣ ਪੁਰਾਣ’ ਨਾਂ ਅਧਿਆਇ-ਅੰਤ ਉਤੇ ਲਿਖੀਆਂ ਪੁਸ਼ਪਿਕਾਵਾਂ ਵਿਚ ਅੰਕਿਤ ਹੈ। ਪੁਰਾਤਨ ਹੱਥ- ਲਿਖਿਤਾਂ (ਬੁੰਗਾ ਮਾਈ ਭਾਗੋ-ਹਜ਼ੂਰ ਸਾਹਿਬ ਨਾਂਦੇੜ, ਗੁਰਦੁਆਰਾ ਸਮਾਧੀਆਂ ਮਹਾਰਾਜਗਾਨ ਸੰਗਰੂਰ ਅਤੇ ਅਨੇਕ ਹੋਰ ਵਿਅਕਤੀਆਂ ਅਤੇ ਗੁਰੂ-ਧਾਮਾਂ/ਡੇਰਿਆਂ ਵਿਚ ਸੁਰਖਿਅਤ) ਵਿਚ ਭਾਵੇਂ ਇਸ ਦਾ ਕੋਈ ਵਿਸ਼ੇਸ਼ ਨਾਂ ਲਿਖਿਆ ਨਹੀਂ ਮਿਲਦਾ, ਪਰ ‘ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਜੱਥੇਦਾਰ ਛਿਆਨਵੇਂ ਕ੍ਰਿੋੜੀ, ਗੁਰੂ ਕਾ ਬਾਗ਼ ਸ੍ਰੀ ਆਨੰਦਪੁਰ ਸਾਹਿਬ’ ਦੁਆਰਾ ਪ੍ਰਕਾਸ਼ਿਤ ਸੰਸਕਰਣ (ਕੁਲ 862 ਪੰਨੇ ਅਤੇ 4361 ਛੰਦ) ਵਿਚ ਇਸ ਦਾ ਨਾਂ ‘ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ’ ਲਿਖਿਆ ਹੈ।
ਇਸ ਗ੍ਰੰਥ ਦਾ ਕਰਤ੍ਰਿਤਵ ਸੰਦਿਗਧ ਹੈ। ਆਮ ਤੌਰ ‘ਤੇ ਦੋ ਮਤ ਪ੍ਰਚਲਿਤ ਹਨ। ਪੂਰਵ ਪੱਖ ਦੇ ਵਿਦਵਾਨ (ਸੁਆਮੀ ਹਰਿਨਾਮ ਦਾਸ ਉਦਾਸੀਨ, ਹਜੂਰਾ ਸਿੰਘ ਗ੍ਰੰਥੀ, ਕੌਰ ਸਿੰਘ ਅਕਾਲੀ, ਗਿਆਨੀ ਗਿਆਨ ਸਿੰਘ, ਨਿਹੰਗ ਜੱਥੇਬੰਦੀ ਆਦਿ) ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ। ਇਨ੍ਹਾਂ ਦੀ ਮਾਨਤਾ ਦਾ ਆਧਾਰ ਪਰੰਪਰਾ ਤੋਂ ਇਲਾਵਾ ਇਸ ਗ੍ਰੰਥ ਦੀ ਮੁੱਢਲੀ ਉਕਤੀ ਵੀ ਹੈ:
ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ।
ਸ੍ਰੀ ਭਵਾਨੀ ਜੀ ਸਹਾਇ।
ਸ੍ਰੀ ਮਾਯਾ ਲਛਮੀ ਜੀ ਸਹਾਇ।
ਉਸਤਤਿ ਸ੍ਰੀ ਮਾਯਾ ਲਛਮੀ ਜੀ ਕੀ।
ਸ੍ਰੀ ਮੁਖਿਵਾਕਯ ਪਾਤਿਸ਼ਾਹੀ ੧੦।
ਇਸ ਤੋਂ ਇਲਾਵਾ ਇਸ ਵਚ ‘ਦਾਸ ਗੋਬਿੰਦ’, ‘ਸ਼ਾਹ ਗੋਬਿੰਦ’, ‘ਸਯਾਮ’ ਅਤੇ ‘ਰਾਮ’ ਆਦਿ ਕਵੀ-ਛਾਪਾਂ ਵੀ ਵਰਤੀਆਂ ਗਈਆਂ ਹਨ।
ਉਤਰ ਪੱਖ (ਵਿਰੋਧੀ ਮਤ) ਦੇ ਵਿਦਵਾਨਾਂ ਵਿਚੋਂ ਪੰਡਿਤ ਤਾਰਾ ਸਿੰਘ ਨਰੋਤਮ ਇਸ ਗ੍ਰੰਥ ਨੂੰ ਭਾਈ ਸੁਖਾ ਸਿੰਘ ਗ੍ਰੰਥੀ (ਪਟਨੇ ਵਾਲੇ) ਦੀ ਰਚਨਾ ਮੰਨਦੇ ਹਨ ਕਿਉਂਕਿ ਭਾਈ ਸੁਖਾ ਸਿੰਘ ਨੇ ਪ੍ਰਗਟ ਕੀਤਾ ਹੈ ਕਿ ਇਹ ਗ੍ਰੰਥ ਉਸ ਨੂੰ ਜਗੰਨਾਥ ਦੀ ਝਾੜੀ ਵਿਚ ਰਹਿਣ ਵਾਲੇ ਇਕ ਅਵਧੂਤ ਉਦਾਸੀ ਤੋਂ ਪ੍ਰਾਪਤ ਹੋਇਆ ਸੀ ਅਤੇ ਜੋ ਦਸਮ ਗੁਰੂ ਦੀ ਰਚਨਾ ਹੈ। ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ ਦਾ ਮਤ ਹੈ ਕਿ ਇਸ ਗ੍ਰੰਥ ਵਿਚ ‘ਰੂਪ ਦੀਪ ਭਾਸ਼ਾ ਪਿੰਗਲ’ ਦਾ ਉਲੇਖ ਹੈ ਜਿਸ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੇ ਦੇਹਾਂਤ ਤੋਂ ਬਾਦ ਸੰ। 1776 ਬਿ। (1719 ਈ।) ਵਿਚ ਹੋਈ ਸੀ।
ਉਪਰੋਕਤ ਦੋਹਾਂ ਮਤਾਂ ਦੇ ਆਧਾਰ ਬਹੁਤ ਵਜ਼ਨ- ਦਾਰ ਨਹੀਂ ਹਨ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਤੱਥ ਵੀ ਸਾਹਮਣੇ ਆਏ ਹਨ, ਜਿਵੇਂ:
(1) ਇਸ ਵਿਚ ਗ੍ਰੰਥ ਸਾਹਿਬ ਨੂੰ ਗੁਰੂ-ਪਦ ਦੇਣ ਦਾ ਉਲੇਖ ਹੈ ਜੋ ਦਸਮ ਗੁਰੂ ਦੇ ਦੇਹਾਂਤ ਤੋਂ ਕੁਝ ਪਹਿਲਾਂ ਦੀ ਘਟਨਾ ਹੈ।
(2) ਇਸ ਵਿਚ ਕਈ ਥਾਂਵਾਂ’ ਤੇ ਇਸ ਵਿਚਲੀਆਂ ਕੁਝ ਕੁ ਰਚਨਾਵਾਂ ਨੂੰ ‘ਦਸਮ ਗ੍ਰੰਥ’ ਵਾਲੀਆਂ ਕ੍ਰਿਤੀਆਂ ਦੀਆਂ ਧੁਨੀਆਂ ਉਤੇ ਗਾਉਣ ਦਾ ਸੰਕੇਤ ਹੈ, ਜਿਵੇਂ ‘ਭਗਉਤੀ ਜੀ ਕੀ ਵਾਰ ਕੀ ਧੁਨੀ ‘, ‘ਨਿਹਕਲਿੰਕੀ ਦੀ ਧੁਨੀ’, ‘ਅਸਕੇਤ ਕੀ ਧੁਨੀ’ । ਅਜਿਹਾ ਸੰਕੇਤ ‘ਦਸਮ ਗ੍ਰੰਥ’ ਵਿਚਲੀਆਂ ਕ੍ਰਿਤੀਆਂ ਦੇ ਆਮ ਪ੍ਰਚਲਨ ਤੋਂ ਬਾਦ ਹੀ ਸੰਭਵ ਹੋ ਸਕਦਾ ਹੈ।
(3) ਇਸ ਵਿਚ ਦਸਮ-ਗੁਰੂ ਦੀ ਬੰਸਾਵਲੀ ਦਰਜ ਹੈ।
(4) ਇਸ ਵਿਚ ਕਿਤੇ ਕਿਤੇ ਦਸਮ-ਗੁਰੂ ਪ੍ਰਤਿ ਆਦਰ ਦੀ ਭਾਵਨਾ ਪ੍ਰਗਟ ਕੀਤੀ ਗਈ ਹੈ।
(5) ਇਸ ਦੀ ਕੋਈ ਵੀ ਪੁਰਾਤਨ ਹੱਥ-ਲਿਖਿਤ ਪੋਥੀ ਉਪਲਬਧ ਨਹੀਂ ਹੈ ਜੋ ਦਸਮ-ਗੁਰੂ ਦੇ ਸਮੇਂ ਲਿਖੀ ਗਈ ਹੋਵੇ।
(6) ਇਸ ਗ੍ਰੰਥ ਦਾ ਇਤਿਹਾਸ ਸੰਦੇਹ-ਪੂਰਣ ਹੈ।
(7) ਇਸ ਦੀ ਬਾਣੀ ਦੇ ਰਾਗਾਨੁਸਾਰ ਹੋਣ ਕਾਰਣ ‘ਦਸਮ ਗ੍ਰੰਥ’ (ਸ਼ਬਦਾਂ ਜਾਂ ਪਾਰਸਨਾਥ ਪ੍ਰਸੰਗ ਨੂੰ ਛਡ ਕੇ) ਦੀ ਸ਼ੈਲੀ ਤੋਂ ਬਹੁਤ ਭਿੰਨ ਹੈ।
(8) ਇਸ ਗ੍ਰੰਥ ਦੀ ਬਾਣੀ ਵਿਚ ਨ ਛੰਦ-ਵਿਵਿਧਤਾ ਹੈ ਅਤੇ ਨ ਹੀ ਭਾਸ਼ਾ-ਸ਼ੈਲੀ ਦਾ ਗੌਰਵ ਹੈ।
ਇਸ ਲਈ ਇਸ ਨੂੰ ਦਸਮ-ਗੁਰੂ ਦੀ ਰਚਨਾ ਮੰਨਣੋਂ ਸੰਕੋਚ ਕਰਨਾ ਪੈਂਦਾ ਹੈ। ਪਰ ਜਦੋਂ ਤਕ ਇਸ ਦੇ ਰਚੈਤਾ ਅਤੇ ਰਚਨਾ-ਕਾਲ ਬਾਰੇ ਕੋਈ ਤੱਥ-ਆਧਾਰਿਤ ਸਾਮਗ੍ਰੀ ਨਹੀਂ ਮਿਲ ਜਾਂਦੀ, ਤਦ ਤਕ ਵਿਚਾਰ-ਵਿਸ਼ਲੇਸ਼ਣ ਲਈ ਇਸ ਨੂੰ ਕੇਵਲ ਸਿੱਖ ਸਾਹਿਤ ਦਾ ਅੰਗ ਮੰਨਣਾ ਹੀ ਵਾਜਬ ਹੈ।
ਇਹ ਗ੍ਰੰਥ ਪੰਜ ਅਧਿਆਵਾਂ ਵਿਚ ਵੰਡਿਆ ਹੋਇਆ ਹੈ। ਪਹਿਲੇ ਚਾਰ ਅਧਿਆਇ ਇਸ ਦਾ ਪੂਰਵਾਰਧ ਹਨ ਅਤੇ ਪੰਜਵਾਂ ਅਧਿਆਇ, ਜੋ ਕਾਫ਼ੀ ਵੱਡਾ ਹੈ, ਉੱਤਰਾਰਧ ਹੈ। ਇਸ ਵਿਚ ਕਾਫ਼ੀ ਭਾਸ਼ਾਵਾਂ ਦਾ ਪ੍ਰਯੋਗ ਹੋਇਆ ਹੈ। ਕਪੂਰਥਲਾ ਨਿਵਾਸੀ ਸੁਆਮੀ ਹਰਿਨਾਮ ਦਾਸ ਉਦਾਸੀਨ ਨੇ ਇਕ ਨਿਜੀ ਮੁਲਾਕਾਤ (16 ਅਕਤੂਬਰ 1959 ਈ।) ਵੇਲੇ ਦਸਿਆ ਸੀ ਕਿ ਇਸ ਵਿਚ ਲਗਭਗ 50 ਭਾਸ਼ਾਵਾਂ ਵਰਤੀਆਂ ਹੋਈਆਂ ਹਨ ਅਤੇ 128 ਰਾਗ-ਰਾਗਨੀਆਂ ਅਨੁਸਾਰ ਬਾਣੀ ਰਚੀ ਗਈ ਹੈ। ਇਸ ਵਿਚ ਨ੍ਰਿਤ-ਕਲਾ ਦੇ ਭੇਦ-ਉਪਭੇਦਾਂ ਦਾ ਵੀ ਉਲੇਖ ਹੋਇਆ ਹੈ।
ਇਸ ਗ੍ਰੰਥ ਦੀ ਪ੍ਰਧਾਨ ਭਾਸ਼ਾ ਬ੍ਰਜ ਹੈ ਅਤੇ ਇਸ ਦੀਆਂ ਕੇਵਲ ਗੁਰਮੁਖੀ ਵਿਚ ਲਿਖੀਆਂ ਹੱਥ-ਲਿਖਿਤਾਂ ਉਪਲਬਧ ਹਨ। ਯੁੱਧ-ਵਰਣਨ ਅਤੇ ਰਣ-ਸੱਜਾ ਦਾ ਚਿਤ੍ਰਣ ਬੜੇ ਸੁਭਾਵਿਕ ਢੰਗ ਨਾਲ ਹੋਇਆ ਹੈ। ਪ੍ਰਕਾਸ਼ਿਤ ਸੰਸਕਰਣ ਦੇ ਸ਼ੁਰੂ ਵਿਚ ਇਸ ਵਿਚ ਵਰਤੇ ਗਏ ਰਾਗਾਂ ਅਤੇ ਛੰਦਾਂ ਦੇ ਨਾਂਵਾਂ ਦੀ ਸੂਚੀ ਛਪੀ ਹੋਈ ਹੈ। ਮਹਾਨਕੋਸ਼ਕਾਰ ਭਾਈ ਕਾਨ੍ਹ ਸਿੰਘ ਦੇ ਦਸੇ ਅਨੁਸਾਰ ਭਾਈ ਧਿਆਨ ਸਿੰਘ ਸਾਹਿਬ ਕਟੂ (ਰਿਆਸਤ ਨਾਭਾ) ਨਿਵਾਸੀ ਮਹਾਤਮਾ ਨੇ ‘ਦਸਮ ਗ੍ਰੰਥ’ ਵਿਚੋਂ ਚਰਿਤ੍ਰ ਕਢ ਕੇ ਸਰਬਲੋਹ ਸ਼ਾਮਲ ਕਰਕੇ ਇਕ ਬੀੜ ਤਿਆਰ ਕਰਾਈ ਸੀ ਜਿਸ ਦਾ ਪ੍ਰਚਾਰ ਨਹੀਂ ਹੋਇਆ।
ਇਸ ਗ੍ਰੰਥ ਵਿਚਲੇ ਬ੍ਰਿੱਤਾਂਤ ਦਾ ਸੰਖਿਪਤ ਸਾਰ ਇਸ ਪ੍ਰਕਾਰ ਹੈ:
ਪਹਿਲਾ ਅਧਿਆਇ: ਦੈਂਤਾਂ ਦਾ ਦੇਵਤਿਆਂ ਨਾਲ ਯੁੱਧ ਕਰਨਾ, ਦੇਵਤਿਆਂ ਦਾ ਹਾਰਨਾ, ਦੇਵਤਿਆਂ ਦਾ ਸਹਾਇਤਾ ਲਈ ਦੇਵੀ ਪਾਸ ਜਾਣਾ, ਸਹਾਇਤਾ ਲਈ ਦੇਵੀ ਦਾ ਆਪਣੇ ਨਾਲ ਅਨੇਕ ਦੇਵਤਾ-ਸ਼ਕਤੀਆਂ ਨੂੰ ਮਿਲਾ ਕੇ ਭੀਮ-ਨਾਮ ਦੈਂਤ-ਨਾਇਕ ਨਾਲ ਯੁੱਧ ਕਰਨਾ ਅਤੇ ਭੀਮ-ਨਾਦ ਦਾ ਮਾਰਿਆ ਜਾਣਾ।
ਦੂਜਾ ਅਧਿਆਇ: ਭੀਮ-ਨਾਦ ਦੀ ਮੌਤ ਤੋਂ ਬਾਦ ਉਸ ਦੇ ਪਰਿਵਾਰ ਦਾ ਦੁਖੀ ਹੋਣਾ, ਬਦਲੇ ਲਈ ਵਿਚਾਰ-ਵਟਾਂਦਰਾ ਕਰਨਾ, ਦੈਂਤ ਦੀ ਪਤਨੀ ਦਾ ਸਤੀ ਹੋਣਾ, ਭੀਮ-ਨਾਦ ਦੇ ਭਰਾ ਬ੍ਰਿਜਨਾਦ (ਨਾਮਾਂਤਰ ਵੀਰਯਨਾਦ) ਨੇ ਬਦਲਾ ਲੈਣ ਲਈ ਸੈਨਾ ਇਕੱਠੀ ਕਰਨੀ, ਦੂਜੇ ਪਾਸੇ ਇੰਦ੍ਰ ਅਤੇ ਦੇਵਤਿਆਂ ਵਲੋਂ ਯੁੱਧ ਦੀ ਤਿਆਰੀ ਕਰਨਾ।
ਤੀਜਾ ਅਧਿਆਇ: ਦੈਂਤਾਂ ਅਤੇ ਦੇਵਤਿਆਂ ਦੇ ਦਲਾਂ ਦਾ ਯੁੱਧ ਲਈ ਆਹਮਣੇ-ਸਾਹਮਣੇ ਡਟਣਾ, ਨਾਰਦ ਦਾ ਵਿਸ਼ਣੂ ਦਾ ਦੂਤ ਬਣ ਕੇ ਸੰਧੀ ਲਈ ਵੀਰਯਨਾਦ ਕੋਲ ਜਾਣਾ, ਵੀਰਯਨਾਦ ਦੁਆਰਾ ਸੰਧੀ ਦਾ ਪ੍ਰਸਤਾਵ ਠੁਕਰਾਉਣਾ, ਅੰਤ ਵਿਚ ਘੋਰ ਯੁੱਧ ਹੋਣਾ ਅਤੇ ਵੀਰਯਨਾਦ ਦੇ ਬਹੁਤ ਸਾਰੇ ਸੈਨਿਕਾਂ ਦਾ ਮਾਰਿਆ ਜਾਣਾ।
ਚੌਥਾ ਅਧਿਆਇ: ਫਿਰ ਤੋਂ ਸ਼ੁਰੂ ਹੋਏ ਘੋਰ ਸੰਗ੍ਰਾਮ ਵਿਚ ਬਹੁਤ ਸਾਰੇ ਦੇਵਤਿਆਂ ਦਾ ਮਾਰਿਆ ਜਾਣਾ, ਵਿਸ਼ਣੂ ਦੁਆਰਾ ਅੰਮ੍ਰਿਤ ਪਾਨ ਕਰਵਾ ਕੇ ਉਨ੍ਹਾਂ ਨੂੰ ਪੁਨਰ-ਜੀਵਿਤ ਕਰਨਾ, ਦੈਂਤਾਂ ਦਾ ਯੁੱਧ ਜਿਤਣਾ ਅਤੇ ਇੰਦ੍ਰ ਨੂੰ ਬੰਦੀ ਬਣਾ ਕੇ ਇੰਦ੍ਰਪੁਰੀ ਉਤੇ ਅਧਿਕਾਰ ਸਥਾਪਿਤ ਕਰਨਾ ਅਤੇ ਵਿਸ਼ਣੂ ਨੇ ਆਪਣੀ ਸ਼ਕਤੀ ਰਾਹੀਂ ਇੰਦ੍ਰ ਦੇ ਬੰਧਨ ਕਟਣਾ।
ਪੰਜਵਾਂ ਅਧਿਆਇ: ਹਾਰ ਖਾ ਕੇ ਦੁਖੀ ਹੋਏ ਦੇਵਤਿਆਂ ਦਾ ਮਦਦ ਲਈ ਮਹਾਕਾਲ ਕੋਲ ਪ੍ਰਾਰਥਨਾ ਕਰਨਾ, ਮਹਾਕਾਲ ਦਾ ਸਰਬਲੋਹ ਰੂਪ ਵਿਚ ਅਵਤਾਰ ਧਾਰਣ ਕਰਨਾ, ਸਰਬਲੋਹ ਦਾ ਗਣੇਸ਼ ਨੂੰ ਸੰਧੀ ਲਈ ਬ੍ਰਿਜਨਾਦ ਪਾਸ ਭੇਜਣਾ, ਦੈਂਤ ਦੁਆਰਾ ਸੰਧੀ-ਪ੍ਰਸਤਾਵ ਨੂੰ ਠੁਕਰਾ ਦੇਣਾ, ਸਰਬਲੋਹ ਦਾ ਵੀਰਯਨਾਦ ਤੋਂ ਬਿਨਾ ਸਾਰਿਆਂ ਦੈਂਤਾਂ ਨੂੰ ਆਪਣੇ ਵਿਚ ਲੀਨ ਕਰ ਲੈਣਾ, ਵੀਰਯਨਾਦ ਨਾਲ ਸਰਬਲੋਹ ਦਾ ਪ੍ਰਲਯ ਤਕ ਭਿਆਨਕ ਯੁੱਧ ਕਰਨਾ, ਸਰਬਲੋਹ ਵਲੋਂ ਵੀਰਯਨਾਦ ਦਾ ਸਿਰ ਕਟ ਕੇ ਸ਼ਿਵ ਨੂੰ ਮੁੰਡ-ਮਾਲ ਵਿਚ ਮੇਰੁ ਵਜੋਂ ਪਰੋਣ ਲਈ ਦੇਣਾ।
ਉਪਰੋਕਤ ਘਟਨਾਵਾਂ ਤੋਂ ਇਲਾਵਾ ਇਸ ਗ੍ਰੰਥ ਵਿਚ ਮੋਹ ਅਤੇ ਵਿਵੇਕ ਦੇ ਯੁੱਧ ਦਾ ਵੀ ਵਰਣਨ ਹੈ। ਕਈ ਵਾਰ ਇੰਜ ਮਹਿਸੂਸ ਹੋਣ ਲਗ ਜਾਂਦਾ ਹੈ ਕਿ ਯੁੱਧ ਸਰਬਲੋਹ ਅਤੇ ਵੀਰਯਨਾਦ ਵਿਚ ਹੋ ਰਿਹਾ ਹੈ ਜਾਂ ਵਿਵੇਕ ਅਤੇ ਮੋਹ ਵਿਚ ਹੋ ਰਿਹਾ ਹੈ। ਇਸ ਤੋਂ ਇਲਾਵਾ ਦਸ ਅਵਤਾਰਾਂ ਦੀ ਕਥਾ, ਖ਼ਾਲਸਾ-ਪ੍ਰਕਾਸ਼, ਗੁਰਗਦੀ ਪਾਤਿਸ਼ਾਹੀ ੧੦ ਅਤੇ ਬਖਸਿਸ ਹਜੂਰ ਆਦਿ ਪ੍ਰਸੰਗ ਵੀ ਸ਼ਾਮਲ ਹੋਏ ਹਨ।
ਇਸ ਗ੍ਰੰਥ ਦੀ ਰਚਨਾ-ਸ਼ੈਲੀ ਪੌਰਾਣਿਕ ਢੰਗ ਵਾਲੀ ਹੈ। ਦੇਵ-ਅਸੁਰ-ਸੰਗ੍ਰਾਮ ਪੁਰਾਣ-ਸਾਹਿਤ ਦੇ ਅਨੁਰੂਪ ਹੈ। ਦੇਵੀ ਦੇ ਪ੍ਰਸੰਗ ‘ਦੇਵੀ ਭਾਗਵਤ ਪੁਰਾਣ’ ਅਤੇ ‘ਮਾਰਕੰਡੇਯ ਪੁਰਾਣ’ ਦੇ ਸਮਾਨਾਂਤਰ ਚਲਦੇ ਹਨ। ਬ੍ਰਿਜਨਾਦ ਦੇ ਸੰਘਾਰ ਲਈ ਮਹਾਕਾਲ ਦਾ (ਸ੍ਰੀ ਮਹਾਕਾਲ ਬੈਰਾਟ ਮਹਾ ਪ੍ਰਭੂ ਦੀਪਕ ਵਤ ਪ੍ਰਚੰਡ ਬਲੇ— ਪੰਨੇ 615) ਸਰਬਲੋਹ ਅਵਤਾਰ ਧਾਰਣ ਕਰਨਾ ਪੌਰਾਣਿਕ ਅਵਤਾਰਵਾਦ ਦੀਆਂ ਲੀਹਾਂ ਉਤੇ ਹੋਇਆ ਹੈ। ਗ੍ਰੰਥ ਦੇ ਅੰਤ ਉਤੇ ਸਾਫ਼ ਲਿਖਿਆ ਹੈ— ਸਰਬਲੋਹ ਬੈਰਾਟ ਮਹਾ ਪ੍ਰਭੂ। ਜੁਗ ਜੁਗ ਧਾਰਤਿ ਭਏ ਤਨੰ ਸੁਭ। ਸੁਰ ਛਿਤ ਧੇਨੁ ਸੰਤ ਹਿਤੁ ਕਾਰੀ। ਲੇਤ ਅਉਤਾਰ ਜਗਤਿ ਮਹਿ ਹਰੀ। (ਪੰਨਾ 851) ।
ਸਪੱਸ਼ਟ ਹੈ ਕਿ ਇਸ ਗ੍ਰੰਥ ਦੀ ਰਚਨਾ ਪੌਰਾਣਿਕ ਸਰਣੀ’ ਤੇ ਕੀਤੀ ਗਈ ਹੈ। ‘ਦਸਮ-ਗ੍ਰੰਥ’ ਦੀਆਂ ਅਵਤਾਰ -ਪਰੰਪਰਾਵਾਂ ਅਤੇ ਕਥਾਵਾਂ ਪੁਰਾਣ-ਸਾਹਿਤ ਦੇ ਪਰਿਚਿਤ ਆਖਿਆਨਾਂ’ ਤੇ ਆਧਾਰਿਤ ਹਨ, ਪਰ ਇਸ ਗ੍ਰੰਥ ਦਾ ਅਵਤਾਰ (ਸਰਬਲੋਹ) ਕਵੀ ਦੀ ਮੌਲਿਕ ਕਲਪਨਾ ਹੈ। ਇਹ ਵਖਰੀ ਗੱਲ ਹੈ ਕਿ ਅਨੇਕ ਪੌਰਾਣਿਕ ਆਖਿਆਨਾਂ/ ਪ੍ਰਸੰਗਾਂ ਨੂੰ ਮੋੜ-ਤੋੜ ਕੇ ਇਸ ਵਿਚ ਸਮੋਇਆ ਗਿਆ ਹੈ।
ਸ਼ੈਲੀ ਅਥਵਾ ਰਚਨਾ-ਵਿਧਾਨ ਤੋਂ ਇਹ ਗ੍ਰੰਥ ਪੁਰਾਣ ਜਿਹਾ ਪ੍ਰਤੀਤ ਹੁੰਦਾ ਹੈ। ਪੁਰਾਣਾਂ ਵਾਂਗ ਇਸ ਵਿਚ ਕਈ ਵਕਤਾ-ਸਰੋਤਾ ਆਏ ਹਨ। ਦੂਜੇ ਅਧਿਆਇ ਵਿਚ ਭਗਵਾਨ, ਪ੍ਰਜਾਪਤੀ, ਅਲਕੇਸ਼, ਦੂਤ, ਕਾਲ, ਦੁਆਰਪਾਲ, ਸੇਸਸਈ ਆਦਿ ਅਨੇਕ ਵਕਤਾ ਭਾਗ ਲੈਂਦੇ ਹੋਇਆਂ ਵੀ ਕਥਾ-ਪ੍ਰਵਾਹ ਵਿਚ ਕਿਸੇ ਕਿਸਮ ਦੀ ਕੋਈ ਰੁਕਾਵਟ ਪੈਦਾ ਨਹੀਂ ਕਰਦੇ। ਪਰ ਜਿਥੇ ਪ੍ਰਕਰਣ ਤੋਂ ਹਟ ਕੇ ਕੋਈ ਹੋਰ ਕਥਾ- ਪ੍ਰਸੰਗ ਜੋੜੇ ਗਏ ਹਨ, ਉਥੇ ਕਥਾ ਦੇ ਵਿਕਾਸ ਨੂੰ ਹਾਨੀ ਪਹੁੰਚੀ ਹੈ।
ਭਾਵਨਾ ਦੀ ਦ੍ਰਿਸ਼ਟੀ ਤੋਂ ਇਸ ਵਿਚ ਪੁਜਾਰੀ- ਭਾਵਨਾ ਅਤੇ ਛਤ੍ਰੀ-ਭਾਵਨਾ ਦੋਹਾਂ ਦੇ ਦਰਸ਼ਨ ਹੁੰਦੇ ਹਨ, ਪਰ ਮੁੱਖ ਤੌਰ’ ਤੇ ਵੀਰ-ਰਸ ਦੀ ਵਰਤੋਂ ਹੋਈ ਹੈ। ਇਸ ਕਾਰਣ ਸਿੱਖ-ਯੋਧਿਆਂ ਲਈ ਕਦੇ ਇਹ ਗ੍ਰੰਥ ਉਤਸਾਹ ਵਧਾਉਣ ਦਾ ਵਿਸ਼ੇਸ਼ ਸਰੋਤ ਰਿਹਾ ਹੋਵੇਗਾ। ਇਸ ਗ੍ਰੰਥ ਵਿਚ ਅਵਤਾਰ- ਵਾਦ ਦੇ ਨਾਲ ਨਾਲ ਦੇਵੀ ਅਥਵਾ ਸ਼ਕਤੀ ਦੀ ਉਪਾਸਨਾ ਅਤੇ ਉਸਤਤ ਬਾਰ ਬਾਰ ਕੀਤੀ ਗਈ ਹੈ। ਇਹ ਗ੍ਰੰਥ ਸ਼ਾਕਤ- ਭਗਤੀ ਨਾਲ ਭਰਪੂਰ ਹੈ। ਸ਼ਕਤੀ ਸਾਰੀਆਂ ਸਮਰਥਤਾਵਾਂ ਨਾਲ ਸੰਪੰਨ ਹੈ। ਉਹੀ ਇਸ ਸੰਸਾਰ ਦੀ ਉਤਪੱਤੀ, ਸਥਿਤੀ ਅਤੇ ਸੰਘਾਰ ਦਾ ਕਾਰਣ ਹੈ। ਉਸ ਤੋਂ ਬਿਨਾ ਸੰਸਾਰ ਦਾ ਵਿਕਾਸ ਰੁਕ ਜਾਂਦਾ ਹੈ। ਇਸ ਲਈ ਕਵੀ ਨੂੰ ਜਿਥੇ-ਕਿਥੇ ਵੀ ਅਵਸਰ ਮਿਲਿਆ ਹੈ, ਉਸ ਨੇ ਦੇਵੀ ਪ੍ਰਤਿ ਆਪਣੀ ਭਗਤੀ ਭਾਵਨਾ ਪ੍ਰਗਟ ਕੀਤੀ ਹੈ।
ਸੰਖੇਪ ਵਿਚ ਇਹ ਗ੍ਰੰਥ ਸਰਬਲੋਹ ਅਵਤਾਰ ਦੇ ਕਥਾਨਕ ਨੂੰ ਵਰਣਿਤ ਕਰਨ ਵਾਲਾ ਇਕ ਪ੍ਰਕਾਰ ਦਾ ਭਾਸ਼ਾ -ਪੁਰਾਣ ਹੈ। ਅਨੇਕ ਪੱਖਾਂ ਤੋਂ ਇਸ ਵਿਚ ਵਡਮੁੱਲੀ ਖੋਜ- ਸਾਮਗ੍ਰੀ ਪ੍ਰਾਪਤ ਹੈ। ਇਸ ਦੀ ਪ੍ਰਧਾਨ ਭਾਸ਼ਾ ਪੁਰਾਣੀ ਹਿੰਦੀ ਹੁੰਦੇ ਹੋਇਆਂ ਵੀ ਜਿਥੇ ਇਹ ਹਿੰਦੀ ਦੀ ਇਕ ਮਹੱਤਵਪੂਰਣ ਰਚਨਾ ਹੈ, ਉਥੇ ਉਸ ਵਕਤ ਦੀ ਪੰਜਾਬੀ ਮਾਨਸਿਕਤਾ ਅਤੇ ਵੈਰੀ ਪ੍ਰਤਿ ਸਸ਼ਸਤ੍ਰ ਕਾਰਵਾਈ ਕਰਨ ਲਈ ਵਿਕਸਿਤ ਹੋਈ ਵੀਰ-ਭਾਵਨਾ ਦਾ ਪ੍ਰਭਾਵਸ਼ਾਲੀ ਪ੍ਰੇਰਣਾ-ਸਰੋਤ ਹੈ। ਅਵਤਾਰਵਾਦੀ ਭਾਵਨਾ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਦੁਆਰਾ ਸੰਚਾਲਿਤ ਭਗਤੀ ਲਹਿਰ ਦੀ ਸਰਾਹਨਾ ਵੀ ਕੀਤੀ ਗਈ ਹੈ।
ਲੇਖਕ: ਡਾ। ਰਤਨ ਸਿੰਘ ਜੱਗੀ,



ਸਰੋਤ: ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਰਬਲੋਹ ਗ੍ਰੰਥ ਸਰੋਤ: ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਬਲੋਹ ਗ੍ਰੰਥ: ਇਕ ਅਜਿਹੀ ਰਚਨਾ ਹੈ ਜਿਸ ਵਿਚ ਦੇਵਤਿਆਂ ਅਤੇ ਦਾਨਵਾਂ ਦੀਆਂ ਮਿਥਿਹਾਸਿਕ ਕਥਾਵਾਂ ਦਾ ਜ਼ਿਕਰ ਹੈ। ਸਮਝਿਆ ਜਾਂਦਾ ਹੈ ਕਿ ਇਸ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੈ ਇਸ ਲਈ ਸਿੱਖਾਂ ਨਾਲ ਸੰਬੰਧਿਤ ਕੁਝ ਹਿੱਸੇ ਵਿਚ ਅਤੇ ਵਿਸ਼ੇਸ਼ ਕਰਕੇ ਨਿਹੰਗ ਸਿੱਖਾਂ ਵਿਚ ਇਸ ਨੂੰ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਇਸ ਗ੍ਰੰਥ ਦੀ ਰਚਨਾ ਬਾਰੇ ਕਈ ਕਾਰਨਾਂ ਕਰਕੇ ਸਿੱਖ ਖੋਜਾਰਥੀਆਂ ਅਤੇ ਵਿਦਵਾਨਾਂ ਵਿਚ ਕਾਫੀ ਮਤਭੇਦ ਪਾਇਆ ਜਾਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਰਚਨਾ ਦੀ ਸ਼ੈਲੀ ਵੇਗਮਈ ਅਤੇ ਅਸੰਗਤ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਦੀਆਂ ਦਸਮ ਗ੍ਰੰਥ ਵਿਚ ਅੰਕਿਤ ਰਚਨਾਵਾਂ ਦੀ ਠੋਸ ਅਤੇ ਚੁਸਤ ਸ਼ੈਲੀ ਤੋਂ ਉਲਟ ਹੈ। ਗੁਣਾਤਮਿਕ ਪੱਖੋਂ ਵੀ ਸਰਬਲੋਹ ਦੀ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਚਰਿਤ੍ਰਾਂ ਅਤੇ ਵਾਰ ਦੁਰਗਾ ਕੀ ਨਾਲ ਮੇਲ ਨਹੀਂ ਖਾਂਦੀ, ਜਿਹੜੀ ਕਿ ਉਸੇ ਹੀ ਵਿਸ਼ੇ-ਦੇਵਤਿਆਂ ਅਤੇ ਦਾਨਵਾਂ ਦੇ ਜੰਗਾਂ ਨਾਲ ਸੰਬੰਧਿਤ ਹੈ। ਦਸਮ ਗ੍ਰੰਥ ਵਾਂਗ ਅਲੰਕਾਰਾਂ ਅਤੇ ਬਿੰਬਾਂ ਦੀ ਵਰਤੋਂ ਇਸ ਵਿਚ ਨਹੀਂ ਕੀਤੀ ਗਈ ਹੈ। ਦੂਸਰੀ ਗੱਲ ਇਹ ਹੈ ਕਿ ਸਰਬਲੋਹ ਗ੍ਰੰਥ ਦਾ ਲੇਖਕ ਅਕਸਰ ਆਪਣਾ ਨਾਂ ‘ਦਾਸ ਗੋਬਿੰਦ` ਜਾਂ ਦਾਸ ਗੋਬਿੰਦ ‘ਫਤਿਹ ਸਤਿਗੁਰ ਕੀ` ਦੀ ਵਰਤੋਂ ਕਰਦਾ ਹੈ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਦੀ ਸ਼ੈਲੀ ਨਾਲ ਆਮ ਤੌਰ ਤੇ ਮੇਲ ਨਹੀਂ ਖਾਂਦੀ। ਤੀਸਰਾ, ਸਰਬਲੋਹ ਗ੍ਰੰਥ ਸੰਦਰਭ ਤੋਂ ਬਿਲਕੁਲ ਬਾਹਰ ਸਿੱਖ ਧਰਮ ਦਾ ਵਰਨਨ ਕਰਦਾ ਹੈ; ਇਸ ਵਿਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਗੁਰਗੱਦੀ ਦੇਣ ਦਾ ਸੰਕੇਤ ਸ਼ਾਮਲ ਹੈ (3159-66) । ਇਸ ਤਰ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਰਚਨਾ ਵਿਚ ਹੋਣਾ ਸੰਭਵ ਨਹੀਂ ਜਾਪਦਾ। ਅਖੀਰ ਇਸ ਵਿਚ ਰੂਪ ਦੀਪ ਭਾਸ਼ਾ ਪਿੰਗਲ, (ਪਦੇ 2938/8) ਬਾਰੇ ਵੀ ਜ਼ਿਕਰ ਹੈ। ਇਹ ਰਚਨਾ ਪਿੰਗਲ ਬਾਰੇ ਹੈ ਜਿਸ ਨੂੰ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਗਿਆਰਾਂ ਸਾਲ ਬਾਅਦ 1719 ਵਿਚ ਜੈ ਕ੍ਰਿਸ਼ਨ ਨੇ ਲਿਖਿਆ ਹੈ।
ਉਨ੍ਹੀਂਵੀ ਸਦੀ ਦੇ ਸਿੱਖ ਵਿਦਵਾਨ ਅਤੇ ਖੋਜਾਰਥੀ ਪੰਡਤ ਤਾਰਾ ਸਿੰਘ ਨਰੋਤਮ ਅਨੁਸਾਰ ਸਰਬਲੋਹ ਗ੍ਰੰਥ ਪਟਨਾ ਸਾਹਿਬ ਵਿਖੇ ਸਥਿਤ ਤਖ਼ਤ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਸੁੱਖਾ ਸਿੰਘ ਦੀ ਰਚਨਾ ਹੈ ਜਿਸਦਾ ਇਹ ਦਾਹਵਾ ਹੈ ਕਿ ਉਸਨੇ ਇਸ ਰਚਨਾ ਦਾ ਖਰੜਾ ਜਗਨਨਾਥ (ਉੜੀਸਾ) ਦੇ ਨੇੜੇ ਜੰਗਲ ਵਿਚ ਰਹਿੰਦੇ ਇਕ ਉਦਾਸੀ ਸਾਧੂ ਤੋਂ ਪ੍ਰਾਪਤ ਕੀਤਾ ਸੀ ।
ਇਸ ਦਾ ਸੋਮਾ ਕੁਝ ਵੀ ਹੋਵੇ ਪਰੰਤੂ ਇਹ ਗ੍ਰੰਥ ਪ੍ਰਸਿੱਧ ਹੋ ਗਿਆ ਅਤੇ ਇਸ ਦੇ ਕਈ ਹਥ-ਲਿਖਤ ਉਤਾਰੇ ਉਪਲਬਧ ਹਨ। ਅੱਜ-ਕਲ੍ਹ ਇਹ ਨਿਹੰਗ ਸਿੱਖਾਂ ਦੇ ਬੁੱਢਾ ਦਲ ਦੇ ਜੱਥੇਦਾਰ ਬਾਬਾ ਸੰਤਾ ਸਿੰਘ ਦੁਆਰਾ ਦੋ ਭਾਗਾਂ ਵਿਚ ਛਾਪਿਆ ਹੋਇਆ ਮਿਲਦਾ ਹੈ। ਇਹ ਵੱਖ ਵੱਖ ਛੰਦਾਂ ਵਿਚ ਇਕ ਲੰਮੀ ਰਚਨਾ ਹੈ ਜਿਸ ਦੇ 4361 ਬੰਦ ਅਤੇ 862 ਪੰਨੇ ਛਪੇ ਹੋਏ ਹਨ। ਲੇਖਕ ਅਨੁਸਾਰ ਇਸ ਵਰਨਨ ਦਾ ਅਸਲ ਸ੍ਰੋਤ (ਛੰਦ 2093, 3312, 3409) ਸ਼ੁਕ੍ਰ ਭਾਸ਼ਯ ਹੈ ਜੋ ਹਿੰਦੂ ਮਿਥਹਾਸ ਦੀ ਇਕ ਪੁਰਾਤਨ ਰਚਨਾ ਹੈ। ਇਹ ਪੰਜ ਭਾਗਾਂ ਵਿਚ ਵੰਡੀ ਹੋਈ ਰਚਨਾ ਹੈ। ਭਾਗ ਪਹਿਲੇ ਵਿਚ ਸ੍ਰੀ ਮਾਯਾ ਲਛਮੀ ਦੀ ਉਪਮਾ ਅਤੇ ਮਹਿਮਾ ਗਾਇਨ ਕੀਤੀ ਹੋਈ ਹੈ, ਜਿਸ ਨੂੰ ਆਦਿ ਭਵਾਨੀ, ਦੁਰਗਾ, ਜਵਾਲਾ, ਕਾਲੀ ਜਾਂ ਕਾਲਿਕਾ ਅਤੇ ਚੰਡੀ ਰੂਪ ਵਿਚ ਪਛਾਣਿਆ ਗਿਆ ਹੈ ਅਤੇ ਇਸੇ ਨੂੰ ਪੁਰਸ਼ ਹਰਿ ਅਤੇ ਗੋਪਾਲ ਰੂਪ ਵਿਚ ਵੀ ਦੇਖਿਆ ਗਿਆ ਹੈ। ਇਸਦੇ ਬਹੁਗੁਣੀ ਅਨੇਕਾਂ ਨਾਵਾਂ ਵਿਚੋਂ ਇਕ ਨਾਂ ਸਰਬ ਲੋਹ ਵੀ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਲਈ ਅਕਾਲ ਉਸਤਤਿ ਵਿਚ ਵਰਤਿਆ ਹੈ। ਭਾਗ ਦੂਜੇ ਵਿਚ ਵਿਸ਼ਨੂੰ ਨੂੰ ਸਰਬਲੋਹ ਦਾ ਅਵਤਾਰ ਧਾਰਨ ਲਈ ਬੇਨਤੀ ਕੀਤੀ ਹੈ (ਛੰਦ 1167) । ਪਰੰਤੂ ਭਾਗ 5 ਦੇ ਅਰੰਭ ਵਿਚ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਰਬਲੋਹ ਮਹਾਂਕਾਲ ਜਾਂ ਗੋਪਾਲ (ਛੰਦ 2386) ਦਾ ਅਵਤਾਰ ਹੈ।
ਸਰਬਲੋਹ ਗ੍ਰੰਥ ਦਾ ਕਥਾਨਕ ਚੰਡੀ ਚਰਿਤ੍ਰ ਨਾਲ ਲਗਪਗ ਮਿਲਦਾ ਹੈ। ਦੇਵਤੇ ਦਾਨਵਾਂ ਤੋਂ ਹਾਰ ਖਾ ਕੇ ਦੇਵੀ ਭਵਾਨੀ ਕੋਲ ਜਾਂਦੇ ਹਨ ਜਿਹੜੀ ਕਈ ਦਾਨਵਾਂ ਨੂੰ ਮਾਰ ਦਿੰਦੀ ਹੈ; ਇਥੋਂ ਤਕ ਕਿ ਇਹ ਉਹਨਾਂ ਦੇ ਮੁਖੀ ਭੀਮਨਾਦ ਨੂੰ ਵੀ 7 ਸਾਲ ਦੀ ਲੰਮੀ ਜੰਗ ਵਿਚ ਮਾਰ ਦਿੰਦੀ ਹੈ। ਪਿਛੋਂ ਭੀਮਨਾਦ ਦਾ ਲੜਕਾ ਵੀਰਯਨਾਦ ਤਾਕਤ ਵਿਚ ਆਉਂਦਾ ਹੈ ਅਤੇ ਦੇਵਤਿਆਂ ਦੇ ਵਿਰੁੱਧ ਜੰਗ ਲੜਦਾ ਹੈ। ਇਸ ਸਮੇਂ (ਭਗਵਾਨ) ਵਿਸ਼ਨੂੰ ਇਹਨਾਂ ਦੀ ਰੱਖਿਆ ਲਈ ਆਉਂਦੇ ਹਨ। ਬ੍ਰਹਮਾ ਅਤੇ ਸ਼ਿਵ ਵੀ ਇਹਨਾਂ ਦੀ ਮਦਦ ਕਰਦੇ ਹਨ ਪਰੰਤੂ ਵੀਰਯਨਾਦ ਇਸ 12 ਸਾਲ ਦੀ ਲੰਮੀ ਜੰਗ ਵਿਚ ਵਿਜੇਤਾ ਹੀ ਨਹੀਂ ਰਹਿੰਦਾ ਸਗੋਂ ਉਹ ਦੇਵਤਿਆਂ ਦੇ ਰਾਜੇ ਇੰਦਰ ਨੂੰ ਉਸਦੇ ਪੁੱਤਰਾਂ ਸਮੇਤ ਫੜ ਵੀ ਲੈਂਦਾ ਹੈ। ਵਿਸ਼ਨੂੰ ਉਹਨਾਂ ਨੂੰ ਅਜ਼ਾਦ ਕਰਾਉਂਦਾ ਹੈ ਅਤੇ ਇਹਨਾਂ ਨੂੰ ਮਹਾਂਕਾਲ ਕੋਲ ਲੈ ਕੇ ਚਲਾ ਜਾਂਦਾ ਹੈ ਜੋ ਉਹਨਾਂ ਦੀ ਬੇਨਤੀ ਤੇ ਸਰਬਲੋਹ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ ਅਤੇ ਹੋਰ ਭਿਆਨਕ ਜੰਗਾਂ ਕਰਕੇ ਵੀਰਯਨਾਦ ਅਤੇ ਉਸਦੀ ਸੈਨਾ ਦਾ ਖ਼ਾਤਮਾ ਕਰ ਦਿੰਦਾ ਹੈ। ਇਸ ਸਮੇਂ ਕਵੀ ਮਹਾਂਕਾਵਿ ਨੂੰ ਤਰਕ ਅਤੇ ਤਰਕਹੀਣਤਾ ਵਿਚਕਾਰ ਲੜਾਈ ਦੇ ਤੌਰ ਤੇ ਬਿਆਨਦਾ ਹੈ ਜਿਸ ਵਿਚ ਤਰਕ ਦੀ ਜਿੱਤ ਹੁੰਦੀ ਹੈ।
ਲੇਖਕ: ਮ। ਗ। ਸ। ਅਤੇ ਅਨੁ। ਗ। ਨ। ਸ। ,



ਸਰੋਤ: ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਬਲੋਹ ਗ੍ਰੰਥ ਸਰੋਤ: ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਰਬਲੋਹ (ਗ੍ਰੰਥ) : ਇਹ ਇਕ ਪ੍ਰਸਿੱਧ ਗ੍ਰੰਥ ਹੈ। ਇਸ ਦਾ ਦੂਜਾ ਨਾਂ ‘ਮੰਗਲਾਚਰਣ’ ਹੈ ਪਰ ਵਧੇਰੇ ਕਰਕੇ ਇਸ ਦਾ ਨਾਂ ਸਰਬਲੋਹ ਦੀ ਪ੍ਰਚਲਿਤ ਹੈ। ਇਸ ਗ੍ਰੰਥ ਵਿਚ ‘ਮਹਾਕਾਲ ਸਰਬਲੋਹ’ ਨਾਮੀ ਅਵਤਾਰ ਦੀ ਕਥਾ ਦਰਜ ਹੋਣ ਕਾਰਨ ਇਸ ਦਾ ਨਾਂ ‘ਸਰਬਲੋਹ’ ਪਿਆ ਪ੍ਰਤੀਤ ਹੁੰਦਾ ਹੈ। ਗ੍ਰੰਥ ਦੇ ਕਰਤਾ ਬਾਰੇ ਅਜੇ ਵੀ ਸ਼ੰਕਾ ਹੀ ਚਲਿਆ ਆ ਰਿਹਾ ਹੈ। ਕੁਝ ਵਿਦਵਾਨ ਇਸ ਨੂੰ ਦਸਵੇਂ ਗੁਰੂ ਜੀ ਦੀ ਅਤੇ ਕੁਝ ਵਿਦਵਾਨ ਇਸ ਨੂੰ ਭਾਈ ਸੁੱਖਾ ਸਿੰਘ ਪਟਨੇ ਵਾਲੇ ਦੀ ਰਚਨਾ ਮੰਨਦੇ ਹਨ।
ਇਹ ਗ੍ਰੰਥ ਪੰਜ ਅਧਿਆਵਾਂ ਵਿਚ ਵੰਡਿਆ ਹੋਇਆ ਹੈ। ਪਹਿਲੇ ਅਧਿਆਇ ਵਿਚ ਦੈਂਤਾਂ ਦੇ ਦੇਵਤਿਆਂ ਨਾਲ ਯੁੱਧ ਕਰਨ ਅਤੇ ਉਨ੍ਹਾਂ ਨੂੰ ਹਰਾਉਣ ਅਤੇ ਫਿਰ ਦੇਵੀ ਦੀ ਸਹਾਇਤਾ ਨਾਲ ਦੇਵਤਿਆਂ ਦੇ ਰਾਜੇ ਭੀਮ ਨਾਦ ਨੂੰ ਮਾਰਨ ਸੰਬੰਧੀ ਦ੍ਰਿਸ਼ ਖਿੱਚਿਆ ਗਿਆ ਹੈ। ਦੂਜੇ ਅਧਿਆਇ ਵਿਚ ਰਾਜੇ ਭੀਮ ਨਾਦ ਦੀ ਮੌਤ ਦਾ ਬਦਲਾ ਲੈਣ ਲਈ ਉਸ ਦੇ ਭਰਾ ਬ੍ਰਿਜਨਾਦ (ਵੀਰਯ ਨਾਦ) ਦੀ ਤਿਆਰੀ ਲਈ ਲਿਖੀਆਂ ਚਿੱਠੀਆਂ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਤੀਜੇ ਅਧਿਆਇ ਵਿਚ ਦੈਂਤਾਂ ਅਤੇ ਦੇਵਤਿਆਂ ਦੇ ਦਲਾਂ ਨੂੰ ਰਣਭੂਮੀ ਅੰਦਰ ਆਹਮਣੇ-ਸਾਹਮਣੇ ਹੋਏ ਵਿਆਖਿਆ ਗਿਆ ਹੈ। ਇਸਦੇ ਨਾਲ ਹੀ ਨਾਰਦ ਵਿਸ਼ਨੂੰ ਦਾ ਦੂਤ ਬਣ ਕੇ ਬ੍ਰਿਜਨਾਦ ਕੋਲ ਸੁਲ੍ਹਾ ਲਈ ਜਾਂਦਾ ਹੈ ਪਰ ਹੰਕਾਰੀ ਦੈਂਤ ਯੁੱਧ ਦਾ ਡੰਕਾ ਵਜਾ ਦਿੰਦਾ ਹੈ। ਚੌਥੇ ਅਧਿਆਇ ਵਿਚ ਪੂਰਬ ਯੁੱਧ ਦਾ ਚਿਤਰ ਉਲੀਕਿਆ ਗਿਆ ਹੈ, ਦੈਂਤਾਂ ਦੀ ਫ਼ਤਹਿ ਅਤੇ ਇੰਦਰ ਨੂੰ ਬੰਦੀ ਬਣਾਉਣ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਪੰਜਵੇਂ ਅਧਿਆਇ ਵਿਚ ਦੁਖੀ ਦੇਵਤਿਆਂ ਦੀ ਪ੍ਰਾਰਥਨਾ ਤੇ ‘ਮਹਾਕਲ ਸਰਬਲੋਹ’ ਦੇ ਅਵਤਾਰ ਧਾਰਨ, ਉਸ ਦੇ ਦੈਂਤ ਬ੍ਰਿਜਨਾਦ ਨਾਲ ਹੋਏ ਯੁੱਧ ਅਤੇ ਉਸ ਦੀ ਫ਼ਤਹਿ ਅਤੇ ਦੈਂਤ ਦੀ ਮੌਤ ਨੂੰ ਬਿਆਨ ਕੀਤਾ ਗਿਆ ਹੈ।
ਇਹ ਸਾਰਾ ਗ੍ਰੰਥ ਅਵਤਾਰ ਪਰੰਪਰਾ ਤੇ ਆਧਾਰਿਤ ਹੈ ਅਤੇ ਪੌਰਾਣਿਕ ਸ਼ੈਲੀ ਵਿਚ ਕਲਮਬੰਦ ਕੀਤਾ ਗਿਆ ਹੈ। ਸ਼ੈਲੀ ਦੇ ਪੱਖੋਂ ਇਹ ਗ੍ਰੰਥ ਭਾਸ਼ਾ-ਪੁਰਾਣ ਜਾਪਦਾ ਹੈ। ਪੁਰਾਣਾਂ ਵਾਂਗ ਹੀ ਇਸ ਵਿਚ ਕਈ ਵਕਤੇ ਅਤੇ ਸਰੋਤੇ ਹਨ। ਉਨ੍ਹਾਂ ਅਨੁਸਾਰ ਹੀ ਕਥਾ ਵਿਚੋਂ ਕਥਾ ਜਨਮ ਲੈਂਦੀ ਹੈ। ਬਚਨਿਕਾ ਅਤੇ ਪੁਸ਼ਪਿਕਾ ਸ਼ੈਲੀ ਵੀ ਪੁਰਾਣਾਂ ਵਾਲੀ ਹੀ ਹੈ। ਸਤੋਤ੍ਰ ਕਥਨ ਵੀ ਪੁਰਾਣਾਂ ਵਾਲਾ ਹੀ ਹੈ। ਇਸ ਗ੍ਰੰਥ ਦੇ ਮਹਾਤਮ ਦੀ ਪੌਰਾਣਿਕ ਸ਼ੈਲੀ ਤੇ ਹਨ। ਇਸ ਵਿਚ ਲਗਭਗ 128 ਰਾਗ ਰਾਗਣੀਆਂ ਵਰਤੀਆਂ ਗਈਆਂ ਹਨ ਅਤੇ ਸਾਰੀ ਰਚਨਾ ਗੀਤਬਧ ਹੈ। ਦਸਮ ਗ੍ਰੰਥ ਦੀ ਰਚਨਾ ਤੋਂ ਬਾਅਦ, ਇਹ ਹਿੰਦੀ ਅਤੇ ਪੰਜਾਬੀ ਵਿਚ ਇਕ ਮਹੱਤਵਪੂਰਨ ਪੌਰਾਣਿਕ ਰਚਨਾ ਹੈ।
ਲੇਖਕ: ਭਾਸ਼ਾ ਵਿਭਾਗ, ਪੰਜਾਬ,



ਡਾ: ਗੁਰਮੁਖ ਸਿੰਘ ਨਵੀਂ ਦਿੱਲੀ ਮਈ ੨੦੧੨

ਅਸੀਂ ਹੁਣ, ਸਰਬ ਲੋਹ ਗ੍ਰੰਥ ਸ੍ਰੀ ਮੁਖਵਾਕ ਪਾ: ੧੦ ਦੀ ਵਿਚਾਰ ਕਰਦੇ ਹਾਂ।
ਸਿੱਖ ਜਗਤ ਵਿੱਚ ਸਰਬ ਲੋਹ ਗ੍ਰੰਥ ਪਾ: ੧੦ ਕ੍ਰਿਤ ਮੰਨਿਆ ਗਿਆ ਹੈ। ਇਸ ਦੇ ਅੰਸ਼ ਕੀਰਤਨੀ ਪੋਥੀਆਂ ਵਿੱਚ ਹਨ। ਇਸ ਪੁਸਤਕ ਦੇ 1575 ਪੰਨੇ ਹਨ। ਇਸ ਪੁਸਤਕ ਵਿੱਚ ਸਰਬ ਲੋਹ ਦੇਵਤਾ, ਤੇ ਦੇਵੀ ਦੇਵਤਿਆਂ ਨੇ ਅਨੇਕਾਂ ਸਰੂਪਾਂ ਦੀ ਉਸਤਤਿ ਹੈ, ਤੇ ਦੈਂਤਾਂ ਨਾਲ ਯੁੱਧਾਂ ਦਾ ਵਰਣਨ ਹੈ।
ਇਸ ਰਚਨਾਂ ਵਿੱਚ ਲੇਖਕ ਨੇ ਪਾ: 10 ਦੇ ਮੁਖੋਂ ਅਖਵਾਇਆ ਹੈ ਕਿ ਉਹ ਦੇਵੀ ਦੇਵਤਿਆਂ ਦੀ ਉਸਤਤਿ ਤੇ ਸਿਮਰਣ ਕਰਦੇ ਹਨ। ਇਹਨਾਂ ਦੀ ਸਹਾਇਤਾ ਤੋਂ ਬਿਨਾ ਪਾ: 10 ਕੁੱਝ ਵੀ ਨਹੀਂ ਕਰ ਸਕਦੇ।
ਸ੍ਰੀ ਵਾਹਿਗੁਰੂ ਜੀ ਕੀ ਫਤਹਿ॥
ਸ੍ਰੀ ਭਵਾਨੀ ਜੀ ਸਹਾਇ, ਸ੍ਰੀ ਮਾਯਾ ਲਛਮੀ ਜੀ ਸਹਾਇ॥
ਉਸਤਤਿ ਸ੍ਰੀ ਮਾਇਆ ਲਛਮੀ ਜੀ ਕੀ॥
ਸ੍ਰੀ ਮੁਖਿਵਾਕ ਪਾਤਿਸ਼ਾਹੀ ੧੦॥
ਦੋਹਿਰਾ॥ ਛਾਯਾ ਰੂਪੀ ਹੋਇ ਕੈ ਬਿਚਰਤ ਸ੍ਰੀ ਗੋਪਾਲ॥ ਆਪਹਿ ਲਛਮੀ ਬਪੁ ਧਰੇ, ਜਉ ਜੰਤੁ ਪ੍ਰਤਿਪਾਲ॥ ਸ੍ਰੀ ਮਾਇਆ ਮੁਖ ਕਰੋ ਉਚਾਰ॥ ਦਰਿਦਰ ਸਗਲ ਤੇ ਲੇਹੁ ਉਬਾਰਿ॥
(ਦੇਵੀ ਦੇਵਤਿਆਂ ਦੀ ਆਰਾਧਨਾ ਕਰਨ ਵਾਲੇ ਲਿਖਾਰੀ ਨੇ, ਪਾ: ੧੦ ਦੇ ਮੁਖ ਤੋਂ ਉਚਾਰਣ ਕੀਤਾ ਦਰਸਾਇਆ ਹੈ ਕਿ, ਮੈ ਸ੍ਰੀ ਮਾਯਾ ਦਾ ਨਾਮ ਮੁਖ ਤੋਂ ਉਚਾਰਦਾ ਹਾਂ, ਤੁਸੀਂ ਅਪਨੇ ਸੇਵਕਾਂ ਨੂੰ ਸਭ ਦੁਖਾਂ ਤੋਂ ਉਬਾਰਿ ਲੈਂਦੇ ਹੋ।)
ਸਰਬਲੋਹ ਗ੍ਰੰਥ ਦੇ ਲਿਖਾਰੀ ਨੇ ਸੱਚੇ ਗੁਰੂ ਗੋਬਿੰਦ ਸਿੰਘ ਦਾ ਦੇਵੀ ਦੇਵਤਿਆਂ ਨੂੰ ਅਰਾਧਨ ਵਾਲਾ ਝੂਠਾ ਸਰੂਪ ਘੜਿਆ।)
ਦੋਹਿਰਾ॥ ਆਦਿ ਭਵਾਨੀ ਈਸੁਰੀ ਮਾਯਾ ਜਾ ਕੋ ਨਾਮ॥
ਇਨ ਬਿਨ ਸਰੈ ਨ ਏਕ ਛਿਨ ਪੂਰਨ ਹੋਤ ਨ ਕਾਮ॥
ਸੁਖਦਾਇਕ ਮੰਗਲਕਰਨ, ਪ੍ਰਤਿਪਾਲੇ ਬਹੁ ਭਾਂਤਿ॥
ਸੁਬੁਧਿ ਦੈਨ ਜੈ ਜੈ ਕਰਨਿ ਮਾਯਾ ਸ੍ਰੀ ਜਗਮਾਤਿ॥
(ਆਦਿ ਭਵਾਨੀ ਈਸਰੀ ਦਾ ਨਾਮ ਮਾਯਾ ਹੈ। ਇਸ ਤੋਂ ਬਿਨਾ ਮੈ ਇੱਕ ਛਿਨ ਨਹੀ ਰਹਿ ਸਕਦਾ ਤੇ ਕੋਈ ਕਮ ਪੂਰਾ ਨਹੀਂ ਹੁੰਦਾ। ਤੁਸੀਂ ਸੁਖ ਦਿੰਦੇ ਹੋ, ਹਰ ਤਰਾਂ ਪ੍ਰਤਿਪਾਲਨਾ ਕਰਦੇ ਹੋ ਤੁਹਾਡੀ ਜੈ ਜੈ ਕਾਰ ਹੋਵੇ, ਤੁਸੀਂ ਜਗਤ ਦੀ ਮਾਤਾ ਹੋ।)
ਛਮੋ ਨਾਥ ਹਮਰੀ ਢੀਠਾਈ॥ ਹਮ ਲਹੁਰੇ ਤੁਮ ਅਤਿ ਗੁਰੂਆਈ॥
ਜਹੰ ਬਿਧਿ ਰਖਯਾ ਦੇਵਨ ਕਰੇ॥ ਅਭਯ ਦਾਨ ਦੇ ਅਸੁਰਨ ਮਰੇ॥
ਤਿਮ ਮੁਰ ਰਖਯਾ ਕਰਹੁ ਗੁਸਾਈਂ। ਮੈਂ ਆਯੋ ਤੁਮਰੀ ਸਰਨਾਈ॥
ਦਾਸ ਗੁਬਿੰਦ ਫਤਹ ਨਰਹਰੀ॥ ਸਰਬ ਲੋਹ ਉਚਰਹੁ ਪਲ ਘਰੀ॥
(ਦਾਸ ਗੁਬਿੰਦ, ਲਿਖਨ ਵਾਲੇ ਕਵੀ ਦਾ ਉਪਨਾਮ ਹੈ, ਪਾ; ੧੦ ਦੇ ਮੁਖੋਂ ਸਰਬਲੋਹ ਦੇਵਤਾ ਨੂੰ ਕਿਹਾ ਜਾ ਰਿਹਾ ਹੈ ਮੈਂ ਛੋਟਾ ਹਾਂ ਤੁਸੀਂ ਵਡੇ ਉੱਚੇ ਹੋ। ਜਿਸਤਰ੍ਹਾਂ ਤੁਸੀਂ ਦੇਵਤਿਆਂ ਦੀ ਰਖਯਾ ਕੀਤੀ ਉਹਨਾਂ ਨੂੰ ਅਭਯ ਦਾਨ ਦਿੱਤਾ ਤੇ ਉਹਨਾਂ ਨੇ ਅਸੁਰ ਮਾਰ ਦਿਤੇ, ਇਸ ਤਰਾਂ ਤੁਸੀਂ ਮੇਰੀ ਰਖਿਆ ਵੀ ਕਰੋ, ਮੈਂ ਤੁਹਾਡੀ ਸਰਨ ਆਇਆ ਹਾਂ। ਦਾਸ ਗੁਬਿੰਦ ਨਰਹਰੀ ਦੀ ਫਤਹ ਕਹਿੰਦਾ ਹੈ ਸਰਬ ਲੋਹ ਦਾ ਨਾਮ ਹਰ ਵੇਲੇ ਉਚਾਰੋ।)
ਇਸ ਰਚਨਾ ਵਿਚ, ਗੁਰਬਾਣੀ ਉਪਦੇਸ਼ ਵਿਰੁੱਧ ਦੇਵਤਿਆਂ ਦੀ ਉਸਤਤਿ ਹੈ ਤੇ ਉਹਨਾਂ ਅੱਗੇ ਬੇਨਤੀਆਂ ਹਨ। ਇਹ ਰਚਨਾਂ ਅਕਾਲ ਪੁਰਖ ਰੂਪ ਪਾ: ੧੦ ਦੀ ਨਹੀਂ ਹੋ ਸਕਦੀ।

ਇਸ ਰਚਨਾਂ ਅਨੁਸਾਰ ਤਤ ਖਾਲਸੇ ਦੀ ਸਾਜਨਾਂ ਕਿਵੇਂ ਹੋਈ?
ਜੇ ਜੇ ਅਸੁਰ ਪ੍ਰਭੁ ਸੰਤਨ ਦ੍ਰੋਹੀ, ਹਰਿ ਮਾਰਗ ਮਹਿ ਬਿਘਨ ਕਰੰਤੇ॥
ਤੇ ਤੇ ਦੁਸਟ ਪਛਾਰੇ ਸਤਿਗੁਰ, ਮਨਾਇ ਭਗਵਤੀ ਅਰੁ ਭਗਵੰਤੇ॥
ਭੂਸਰ ਗੋ ਦ੍ਰੋਹੀ ਜੇ ਦੁਸਟਨ ਧਰਮ ਜੁਧ ਕਰ ਅਸੁਰ ਦਲ਼ੰਤੇ॥
ਸੋਧ ਸੁਧਾਰ ਬਰਣ ਆਸਰਮ ਕਓ, ਮਥ ਕਰਿ ਤਤ ਖਾਲਸੇ ਮੰਤੇ॥
(ਜੋ ਜੋ ਅਸੁਰ ਭਾਵ ਮੁਸਲਮਾਨ ਸੰਤਾਂ ਦੇ ਦ੍ਰੋਹੀ ਸਨ, ਜੋ ਭਗਤੀ ਵਿੱਚ ਵਿਘਨ ਪਾਉਂਦੇ ਸਨ ਸਤਿਗੁਰ ਨੇ ਭਗਵਤੀ ਨੂੰ ਮਨਾ ਕੇ ਜਾਨੀ ਆਰਾਧਨਾਂ ਕਰਕੇ ਤੇ ਦੇਵੀ ਤੋਂ ਬਲ ਪ੍ਰਾਪਤ ਕੀਤਾ ਤੇ ਦੁਸਟ ਮੁਗਲਾਂ ਨੂੰ ਹਰਾ ਦਿਤਾ। ਸਤਿਗੁਰ ਨੇ ਗਊਆਂ ਦੇ ਦ੍ਰੋਹੀ ਅਸੁਰਾਂ ਨੂੰ ਧਰਮ ਯੁਧ ਕਰ ਕੇ ਦਲ ਦਿਤਾ। ਇਸਤਰਾਂ ਹਿੰਦੂਆਂ ਦੇ ਬਰਣ ਆਸਰਮ ਨੂੰ ਸੋਧ ਕੇ ਸਿਖਾਂ ਵਿੱਚ ਤਤ ਖਾਲਸਾ ਸਾਜਿਆ।)
ਇਸ ਰਚਨਾਂ ਅਨੁਸਾਰ ਪਾ: ੧੦ ਨੇਂ ਮੁਗ਼ਲਾਂ ਨੂੰ ਯੁਧ ਵਿੱਚ ਹਰਾਨ ਲਈ ਭਗਵਤੀ ਦੇਵੀ ਨੂੰ ਅਰਾਧ ਕੇ ਉਸ ਤੋਂ ਬਲ ਪ੍ਰਾਪਤ ਕੀਤਾ ਤੇ ਅਸੁਰ ਮੁਗ਼ਲਾਂ ਨੂੰ ਹਰਾਇਆ। ਇਸਤਰ੍ਹਾਂ ਸਿੱਖਾਂ ਵਿੱਚ ਤਤ ਖਾਲਸਾ ਸਾਜਿਆ।
ਪਾ: ੧੦ ਆਪ ਅਕਾਲ ਪੁਰਖ ਪਾਰਬ੍ਰਹਮ ਵਿੱਚ ਅਭੇਦ ਸਨ ਉਹ ਦੇਵੀ ਦੇਵਤਿਆਂ ਦੀ ਆਰਾਧਨਾਂ ਨਹੀਂ ਕਰ ਸਕਦੇ।
ਪੰਥ ਖਾਲਸਾ ਭਯੋ ਪੁਨੀਤਾ, ਪ੍ਰਭ ਆਗਯਾ ਕਰਿ ਉਦਿਤ ਭਏ॥
ਮਿਟਯੋ ਦਵੈਤ ਸੰਜੁਗਤਿ ਉਪਾਧਿਨਿ ਅਸੁਰ ਮਲੇਛਨ ਮੂਲ ਗਏ॥
ਧਰਮ ਪੰਥ ਖਾਸ ਪ੍ਰਚੁਰ ਭਯੋ, ਸਤਿ ਸਿਵੰ ਪੁਨਯ ਰੂਪ ਜਏ॥
ਕਛ ਕੇਸ ਕ੍ਰਿਪਾਨਨ ਮੁਦ੍ਰਿਤ ਗੁਰ ਭਗਤਾ ਰਾਮਦਾਸ ਭਏ॥
ਕਾਲ ਉਪਾਸਕ ਛਤ੍ਰਿਯ ਧਰਮਾ, ਰਣ ਕਟਿ ਕਰਿ ਪ੍ਰਦਾਨ ਅਏ॥
ਤਾ ਮਹਿ ਪੰਚ ਚਾਲਿਸ ਪ੍ਰਵਾਨਾਂ ਪੰਚ ਪ੍ਰਧਾਨ ਖਾਲਸਹਿ ਠਏ॥
ਸ੍ਰੀ ਅਜੀਤ ਸਿੰਘ ਜੁਝਾਰ ਸਿੰਘ ਫਤਹ ਸਿੰਘ ਜੋਰਾਵਰ ਸਿੰਘ ਪ੍ਰਿਏ॥
ਪੰਚਮ ਖਾਲਸਹ ਸਤਿਗੁਰ ਪੂਰਾ ਜਿਨ ਏ ਪੰਥ ਸੁਪੰਕ ਪ੍ਰਟਗਏ॥
ਚਾਲਿਸ ਲਰ ਏ ਬੀਜ ਖਾਲ਼ਸਹ, ਮੁਕਤੇ ਪਾਵਨ ਸਿੰਘ ਬਲੀ॥
ਮਾਤ ਭਗਵਤੀ ਪਿਤਾ ਕਾਲ ਪੁਰਖ, ਗੋਦ ਲਿਯੋ ਦੈ ਖਾਲ਼ ਪਲੀ॥
(ਲਿਖਾਰੀ ਕਹ ਰਿਹਾ ਹੈ ਕਿ ਸਿਖ ਕਛ ਕੇਸ ਕ੍ਰਿਪਾਨ ਨਾਲ ਸਜੇ ਹਨ, ਖਾਲਸਾ ਕਾਲ/ਮਹਾਕਾਲ ਉਪਾਸ਼ਕ ਹੈ, ਖਾਲਸੇ ਦਾ ਛਤ੍ਰਿਯ ਧਰਮ ਹੈ ਖਾਲਸੇ ਦੀ ਮਾਤਾ ਭਗਵਤੀ ਹੈ ਪਿਤਾ ਕਾਲ ਪੁਰਖ ਹੈ।)
ਗੁਰਬਾਣੀ ਅਨੁਸਾਰ ਗੁਰਸਿੱਖ ਦਾ ਇਸ਼ਟ ਨਾਮ ਰੂਪ ਅਕਾਲ ਪੁਰਖ ਹੈ, ਸਿੱਖ ਦੇਵਤਿਆਂ ਕਾਲ, ਮਹਾਕਾਲ ਦੇ ਉਪਾਸ਼ਕ ਨਹੀਂ। ਕੀ ਗੁਰਸਿੱਖ ਇਸ ਰਚਨਾਂ ਨੂੰ ਪਾ: ੧੦ ਦੀ ਉਚਾਰੀ ਮੰਨ ਸਕਦੇ ਹਨ? ਕੀ ਸਿੱਖਾਂ ਦੀ ਮਾਤਾ ਭਗਵਤੀ ਹੈ ਤੇ ਪਿਤਾ ਕਾਲ ਪੁਰਖ ਹੈ?
ਮੰਗਲਾਚਰਣ ਵਿੱਚ ਬੋਲ ਵਾਹਿਗੁਰੂ ਜੀ ਕਾ ਖਾਲਸਾ ਬ੍ਰਾਹਮਣ ਦੇ ਘੜੇ ਗੁਰੂ ਗੋਬਿੰਦ ਸਿੰਘ ਜੀ ਦੇ ਝੂਠੇ ਸਰੂਪ ਨੇ ਦਿੱਤਾ। ਗੁਰਬਾਣੀ ਨੇ ਸਿੱਖਾਂ ਨੂੰ ਖਾਲਸਾ ਕਿਤੇ ਨਹੀਂ ਕਿਹਾ।
ਗੁਰੂ ਗ੍ਰੰਥ ਸਾਹਿਬ ਦੇ ਸਿੱਖ ਸਿਮਰਣ ਦੇ ਚਉਥੇ ਪਦ ਵਿੱਚ ਗੁਰਮੁਖਿ ਬ੍ਰਹਮ ਗਿਆਨੀ ਬਨੇ ਤੇ ਮੁਕਤਿ ਹੋ ਗਏ।
ਭਗਤਿ ਕਬੀਰ ਨੇ ‘ਖਾਲਸੇ’ ਅੱਖਰ ਆਪਣੀ ਬਾਣੀ ਵਿੱਚ ਵਰਤਿਆ ਹੈ, “ਖਾਲਸਾ’ ਨਹੀਂ। ਖਾਲਸੇ ਦਾ ਅਰਥ ਹੈ ਮੌਤ ਦੇ ਸਹਿਮ ਤੋਂ ਆਜ਼ਾਦ ਜਾਂ ਮੁਕਤਿ। ਗੁਰਬਾਣੀ ਵਿੱਚ ਅੱਖਰ ਖਾਲਸਾ ਕਿਤੇ ਨਹੀਂ ਆਇਆ।
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ ਪਨਾ ੬੫੪/੬੫੫
(ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ ਭਗਤੀ ਕਰਨੀ ਸਮਝ ਲਈ ਹੈ ਉਹ ਮੌਤ ਦੇ ਸਿਹਮ ਤੋਂ ਆਜ਼ਾਦ ਹੋ ਗਏ ਹਨ।)
ਜੋ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਸਾਰੇ ਅਖੌਤੀ ਸਿਖ ਇਤਿਹਾਸ ਦੀ ਅਸਲੀਅਤ ਨੂੰ ਸਮਝਣ। ਅਸੀਂ ਗੁਰਸਿਖ ਹੀ ਰਹੀਏ ਤਾਂ ਅਸੀਂ ਸਿਖ ਮੱਤ ਵਿੱਚ ਰਹਿ ਸਕਦੇ ਹਾਂ ਨਹੀਂ ਤਾਂ ਅਸੀਂ ਸਨਾਤਨੀ ਸਿੱਖ ਬਨ ਜਾਂਦੇ ਹਾਂ। ਸਿੱਖਾਂ ਵਿੱਚ ਖਾਲਸਾ ਕੂੜੇ ਸਿਖ ਇਤਹਾਸ ਦੀ ਦੇਨ ਹੈ।

 


ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸਰਬ ਲੋਹ ਗ੍ਰੰਥ ਵੀ ਓਨਾ ਹੀ ਅਸ਼ੁੱਧ ਹੈ ਜਿੰਨਾ ਕਿ ਅਖੌਤੀ ਦਸਮ ਗ੍ਰੰਥ
ਪਟਨੇ ਵਾਲ਼ੇ ਗ੍ਰੰਥੀ ਸੁੱਖਾ ਸਿੰਘ ਦੀ ਰਚਨਾ:
“ਪੰਡਿਤ ਤਾਰਾ ਸਿੰਘ ਨਰੋਤਮ ਦੀ ਖੋਜ ਅਨੁਸਾਰ ਇਹ ਗ੍ਰੰਥ ਪਟਨੇ ਵਾਲ਼ੇ ਸੁੱਖਾ ਸਿੰਘ ਦੀ ਰਚਨਾ ਹੈ । ਉਸ ਨੇ ਪ੍ਰਗਟ ਕੀਤਾ ਕਿ ਮੈਨੂੰ ਇਹ ਗ੍ਰੰਥ ਜਗਨ ਨਾਥ ਦੀ ਝਾੜੀ ਵਿੱਚ ਰਹਿਣ ਵਾਲ਼ੇ ਇੱਕ ਅਵਧੂਤ ਤੋਂ ਮਿਲ਼ਿਆ ਹੈ ਜੋ ਕਲਗੀਧਰ ਦੀ ਰਚਨਾ ਹੈ” ।
ਭਾਈ ਕਾਨ੍ਹ ਸਿੰਘ ਨਾਭਾ ਨੇ ਕਿਹਾ:
“ਅਸੀਂ ਭੀ ਸਰਬਲੋਹ ਨੂੰ ਦਸ਼ਮੇਸ਼ ਦੀ ਰਚਨਾ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਇਸ ਵਿੱਚ ਰੂਪ ਦੀਪ ਭਾਸ਼ਾ ਪਿੰਗਲ ਦਾ ਜ਼ਿਕਰ ਆਇਆ ਹੈ । ਰੂਪ ਦੀਪ ਦੀ ਰਚਨਾ ਸੰਮਤ 1776 ਵਿੱਚ ਹੋਈ ਹੈ ਅਤੇ ਕਲਗੀਧਰ ਸੰਮਤ 1765 ਵਿੱਚ ਜੋਤੀ ਜੋਤਿ ਸਮਾਏ ਸਨ ਅਤੇ ਜੇ ਇਹ ਗ੍ਰੰਥ ਅੰਮ੍ਰਿਤ ਸੰਸਕਾਰ ਤੋਂ ਪਹਿਲਾਂ ਦਾ ਹੈ ਤਦ ਖ਼ਾਲਸੇ ਦਾ ਪ੍ਰਸੰਗ ਅਤੇ ਗ੍ਰੰਥ ਪੰਥ ਨੂੰ ਗੁਰਤਾ ਦਾ ਜ਼ਿਕਰ ਕਿਵੇਂ ਆ ਸਕਦਾ ਹੈ? ਜੇ ਅੰਮ੍ਰਿਤ ਸੰਸਕਾਰ ਤੋਂ ਪਿੱਛੋਂ ਦੀ ਰਚਨਾ ਹੈ ਤਦ ਦਾਸ ਗੋਬਿੰਦ, ਸ਼ਾਹ ਗੋਬਿੰਦ ਆਦਿਕ ਨਾਮ ਕਿਉਂ? ਇਹ ਗ੍ਰੰਥ ਵੀ ਅਣਜਾਣ ਲਿਖਾਰੀਆਂ ਦੀ ਅਣਗਹਿਲੀ ਨਾਲ਼ ਉਤਨਾ ਹੀ ਅਸ਼ੁੱਧ ਹੈ ਜਿਤਨਾ ਕਿ ਦਸਮ ਗ੍ਰੰਥ”। {ਦੇਖੋ ਮਹਾਨ ਕੋਸ਼ ਵਿੱਚ ‘ਸਰਬਲੋਹ’ ਸ਼ਬਦ ਪੰਨਾਂ 167 ਪ੍ਰਕਾਸ਼ਨਾ ਸੰਨ 2000, ਪ੍ਰਕਾਸ਼ਕ ਨੈਸ਼ਨਲ ਬੁੱਕ ਸ਼ਾਪ ਦਿੱਲੀ}
ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ॥ {ਗਗਸ ਪੰਨਾਂ 956}
ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ॥ {ਗਗਸ ਪੰਨਾਂ 1248}




.