.

ਧਾਰਣਾ

(3)

ਦੇਸ-ਬਿਦੇਸ ਦੇ ਰਾਜਿਆਂ ਦੇ ਇਨਸਾਨੀਯਤ ਤੋਂ ਗਿਰੇ ਹੋਏ ਫ਼ਜ਼ੂਲਖ਼ਰਚ, ਭ੍ਰਸ਼ਟ, ਵਿਸ਼ੇਈ, ਕੋਝੇ ਅਤੇ ਗ਼ਲੀਜ਼ ਕਿਰਦਾਰ ਉੱਤੇ ਇੱਕ ਪੋਥਾ ਲਿਖਿਆ ਜਾ ਸਕਦਾ ਹੈ। ਪਰੰਤੂ, ਇੱਥੇ ਅਸੀਂ ਕੇਵਲ ਹਿੰਦੁਸਤਾਨ ਦੇ ਰਾਜਿਆਂ ਬਾਰੇ ਹੀ ਸੰਖੇਪ ਜਿਹਾ ਜ਼ਿਕਰ ਕਰਾਂਗੇ।

ਹਿੰਦੁਸਤਾਨ ਵਿੱਚ ਗ਼ੁਲਾਮੀ ਨੂੰ ‘ਜੀ ਆਇਆਂ ਨੂੰ’ ਕਹਿਣ ਵਾਲੇ ਇੱਥੋਂ ਦੇ ਹਿੰਦੂ ਰਾਜੇ ਹੀ ਸਨ। ਵਿਦੇਸੀ ਧਾੜਵੀਆਂ ਦੇ ਹਮਲਿਆਂ ਸਮੇਂ ਸਾਰਾ ਦੇਸ 600-700 ਹਿੰਦੂ ਰਾਜਾਂ ਵਿੱਚ ਵੰਡਿਆ ਹੋਇਆ ਸੀ। ਸਭ ਪਾਸੇ ਆਪੋਧਾਪੀ ਪਸਰੀ ਹੋਈ ਸੀ। ਸਾਰੇ ਰਾਜੇ ਇਕ-ਦੂਜੇ ਨਾਲ ਵੈਰ-ਵਿਰੋਧ ਅਤੇ ਈਰਖਾ ਰੱਖਦੇ ਸਨ। ਉਹ ਆਪਣੇ ਫ਼ਰਜ਼ ਭੁਲਾ ਕੇ ਰੰਗ-ਰਲੀਆਂ ਮਨਾਉਣ ਅਤੇ ਅਯਾਸ਼ ਜੀਵਨ ਜੀਉਣ ਵਿੱਚ ਮਸਤ ਸਨ। ਇਸ ਇਤਿਹਾਸਕ ਸੱਚ ਦਾ ਜ਼ਿਕਰ ਬਾਬੇ ਨਾਨਕ ਦੀ ਬਾਣੀ ਵਿੱਚ ਵੀ ਆਉਂਦਾ ਹੈ:

……ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥

ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ ……ਆਸਾ ਅ: ਮ: ੧

ਰਾਜਿਆਂ ਦੀ ਆਪਸੀ ਫੁੱਟ, ਆਪੋਧਾਪੀ ਅਤੇ ਆਪਣੇ ਫ਼ਰਜ਼ਾਂ ਵੱਲੋਂ ਅਵੇਸਲੇਪਣ ਦਾ ਫ਼ਾਇਦਾ ਉਠਾਉਂਦਿਆਂ, ਵਿਦੇਸੀ ਧਾੜਵੀਆਂ ਨੇ ਹਿੰਦੂਸਤਾਨ ਉੱਤੇ ਧੜਾ-ਧੜ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਇੱਥੋਂ ਦੀ, ਰਾਜਿਆਂ ਵੱਲੋਂ ਨਜ਼ਰਅੰਦਾਜ਼ ਕੀਤੀ, ਪ੍ਰਜਾ ਨੂੰ ਬੇਰਹਿਮੀ ਨਾਲ ਦਰੜਿਆ, ਕੁਚਲਿਆ ਅਤੇ ਲੁੱਟਿਆ। ਅਯਾਸ਼ ਰਾਜਿਆਂ ਦੀ ਦੇਸ਼-ਦਰੋਹਤਾ ਦਾ ਸੰਤਾਪ ਮਾਸੂਮ ਪ੍ਰਜਾ ਨੂੰ ਭੁਗਤਣਾ ਪਿਆ।

ਇਥੇ ਰਾਜਿਆਂ ਦੇ ਘਿਨਾਉਣੇ ਕਿਰਦਾਰ ਦੇ ਇਨਸਾਨੀਅਤ ਤੋਂ ਗਿਰੇ ਹੋਏ ਇੱਕ ਹੋਰ ਕਾਲੇ ਪਖ ਦਾ ਵਰਨਣ ਵੀ ਜ਼ਰੂਰੀ ਹੈ। ਰਾਜ-ਗੱਦੀਆਂ ਦੇ ਸੌਦਾਈ ਅਨੈਤਿਕ, ਬੇਗ਼ੈਰਤ ਅਤੇ ਨਿਰਲੱਜ ਰਾਜੇ ਆਪਣੇ ਹੀ ਦੇਸ, ਪਰਿਵਾਰਿਕ ਮੈਂਬਰਾਂ ਅਤੇ ਪ੍ਰਜਾ ਨਾਲ ਗ਼ੱਦਾਰੀ ਕਰਨ ਅਤੇ ਉਨ੍ਹਾਂ ਨੂੰ ਦਾਵ `ਤੇ ਲਾਉਣ ਤੋਂ ਜ਼ਰਾ ਵੀ ਸੰਕੋਚ ਨਹੀਂ ਕਰਦੇ। ਇਤਿਹਾਸ ਗਵਾਹ ਹੈ ਕਿ ਰਾਜੇ ਆਪਣੀਆਂ ਰਾਜ-ਗੱਦੀਆਂ ਅਤੇ ਜਾਨਾਂ ਬਚਾਉਣ ਵਾਸਤੇ ਆਪਣੀਆਂ ਰਾਣੀਆਂ, ਭੈਣਾਂ, ਬਾਲੜੀ ਉਮਰ ਦੀਆਂ ਮਾਸੂਮ ਸ਼ਾਹਜ਼ਾਦੀਆਂ ਅਤੇ ਆਪਣੀ ਹੀ ਪ੍ਰਜਾ ਤੋਂ ਜ਼ੋਰ-ਜ਼ੁਲਮ ਨਾਲ ਲੁੱਟੀ ਹੋਈ ਦੌਲਤ ਧਾੜਵੀਆਂ ਨੂੰ ਨਜ਼ਰਾਨੇ ਵਜੋਂ ਭੇਟ ਕਰਦੇ ਰਹੇ ਹਨ। ਇਤਿਹਾਸ ਵਿੱਚ ਇਸ ਕਥਨ ਦੇ ਕਈ ਪੁਖ਼ਤਾ ਪ੍ਰਮਾਣ ਮਿਲਦੇ ਹਨ:

ਸਿਕੰਦਰ ਦੇ ਹਮਲੇ ਸਮੇਂ ਟੈਕਸਲਾ ਦੇ ਰਾਜੇ ਅੰਭੀ ਨੇ ਆਪਣੀ ਜਾਨ ਤੇ ਗੱਦੀ ਬਚਾਉਣ ਵਾਸਤੇ ਸਿਕੰਦਰ ਨੂੰ ਨਜ਼ਰਾਨੇ ਦਿੱਤੇ, ਆਪਣੇ ਗੁਆਂਢੀ ਰਾਜੇ ਪੋਰਸ ਨਾਲ ਧੋਖਾ ਅਤੇ ਹਿੰਦੂਸਤਾਨ ਨਾਲ ਗ਼ੱਦਾਰੀ ਕੀਤੀ ਸੀ। ……

ਮੁਗ਼ਲ ਅਤੇ ਮੁਸਲਮਾਨ ਧਾੜਵੀ ਰਾਜਿਆਂ ਦੇ ਹਰਮ ਵਿੱਚ ਹਿੰਦੂ ਰਾਜਿਆਂ ਦੁਆਰਾ ਨਜ਼ਰਾਨੇ ਵਜੋਂ ਭੇਟ ਕੀਤੀਆਂ ਹੋਈਆਂ ਹਿੰਦੂ ਰਾਜ-ਘਰਾਣਿਆਂ ਦੀਆਂ ਔਰਤਾਂ ਵੀ ਹੁੰਦੀਆਂ ਸਨ। ਉਦ੍ਹਾਰਣ ਵਜੋਂ, ਸ਼ਾਹਜਹਾਂ ਦੀ ਮਾਂ ਮਾਨਮਤੀ ਬਾਈ ਮਾਰਵਾੜ ਦੇ ਰਾਜਪੂਤ ਰਾਜੇ ਉਦੇਯ ਸਿੰਘ ਦੀ ਸ਼ਾਹਜ਼ਾਦੀ ਸੀ। …… ਔਰੰਗਜ਼ੇਬ ਨੇ ਰਾਜ ਹਥਿਆਉਣ ਵਾਸਤੇ ਆਪਣੇ ਪਿਉ ਸ਼ਾਹਜਹਾਂ ਨੂੰ ਕੈਦ ਵਿੱਚ ਸੁੱਟਿਆ ਅਤੇ ਦਾਰਾ ਸ਼ਿਕੋਹ ਆਦਿਕ ਭਰਾਵਾਂ ਨੂੰ ਮੌਤ ਦੇ ਘਾਟ ਉਤਾਰਿਆ। ……ਹਿੰਦੂਸਤਾਨ ਉੱਤੇ ਮੁਗ਼ਲ-ਸਾਮਰਾਜ ਦੇ ਅੰਤ ਦਾ ਮੂਲ ਕਾਰਣ ਵੀ ਤਖ਼ਤ ਦੀ ਖ਼ਾਤਿਰ ਹੋਈ ਖ਼ਾਨਾਜੰਗੀ ਹੀ ਸੀ। ……

18ਵੀਂ ਸਦੀ ਵਿੱਚ ਕੁੱਝ ਸਾਲਾਂ ਵਾਸਤੇ ਪੰਜਾਬ ਉੱਤੇ ਮਿਸਲ-ਰਾਜ ਰਿਹਾ। ਇਸ ਰਾਜ ਨੂੰ ਰਈਸ-ਤੰਤਰੀ ਰਾਜ (Aristocratic Republic) ਕਿਹਾ ਜਾਂਦਾ ਹੈ। 12 ਸਰਬਸੱਤਾਧਾਰੀ ਰਿਆਸਤਾਂ (Soveriegn States) ਵਿੱਚ ਵੰਡੇ ਹੋਏ ਪੰਜਾਬ ਨੂੰ ਮਹਾਂਰਾਜਾ ਰਣਜੀਤ ਸਿੰਘ ਨੇ ਆਪਣੀ ਕੂਟਨੀਤੀ ਨਾਲ ਖ਼ਤਮ ਕਰਕੇ ਆਪਣਾ ਇੱਕ ਵਿਸ਼ਾਲ ਰਾਜ ਕਾਇਮ ਕਰ ਲਿਆ ਸੀ। ਮਹਾਂਰਾਜੇ ਨੇ ਆਪਣੇ ਰਾਜ ਦੇ ਪਰਸਾਰ ਤੇ ਵਿਸਤਾਰ ਵਾਸਤੇ ਕਈ ਵਿਆਹ ਕੀਤੇ। ਇਤਿਹਾਸ ਅਨੁਸਾਰ, ਉਸ ਦੇ ਮਹੱਲਾਂ ਵਿੱਚ 20 ਵਿਆਹੀਆਂ ਹੋਈਆਂ ਰਾਣੀਆਂ ਸਨ ਜਿਨ੍ਹਾਂ ਵਿੱਚੋਂ 2 (ਮੋਰਾਂ ਸਰਕਾਰ ਅਤੇ ਗੁਲ ਬਹਾਰ ਬੇਗਮ) ਮੁਜਰਾ ਕਰਨ ਵਾਲੀਆਂ ਮੁਸਲਮਾਨ ਔਰਤਾਂ ਸਨ। ਇਸ ਤੋਂ ਬਿਨਾਂ, ਉਸ ਦੇ ਹਰਮ ਵਿੱਚ 25-30 ਰਖੇਲਾਂ ਜਾਂ ਕਨੀਜ਼ਾਂ ਵੀ ਸਨ! ! ਰਾਣੀ ਜਿੰਦਾਂ ਉਸ ਤੋਂ 37 ਸਾਲ ਛੋਟੀ ਸੀ! ! ਉਸ ਨੇ ਆਪਣੀ ਅੱਧਖੜ ਉਮਰੇ ਕਈ ਬਾਲੜੀ ਉਮਰ ਦੀਆਂ ਸ਼ਾਹਜ਼ਾਦੀਆਂ ਨਾਲ ਵਿਆਹ ਵੀ ਰਚਾਇਆ ਸੀ। ਇਨ੍ਹਾਂ ਸਾਰੀਆਂ ਸੁੰਦਰੀਆਂ ਦੇ ਸੁਖ-ਭੋਗੀ ਜੀਵਨ ਵਾਸਤੇ ਉਸ ਨੇ ਪ੍ਰਜਾ ਤੋਂ ਲੁੱਟੀ ਹੋਈ ਜੋ ਦੌਲਤ ਖ਼ਰਚ ਕੀਤੀ, ਉਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ! …. .

ਪਟਿਆਲਾ ਦੇ ਮਹਾਂਰਾਜਾ ਭੂਪਿੰਦਰ ਸਿੰਘ ਨੂੰ ਸੰਸਾਰ ਦਾ ਸਭ ਤੋਂ ਵੱਧ ਫ਼ਜ਼ੂਲਖ਼ਰਚ, ਵਿਸ਼ਈ, ਵਿਲਾਸੀ, ਵਿਭਚਾਰੀ ਅਤੇ ਲਚਰ ਰਾਜਾ ਮੰਨਿਆਂ ਜਾਂਦਾ ਹੈ। ਉਸ ਦੀ ਲਾਸਾਨੀ ਫ਼ਜ਼ੂਲ਼ਖ਼ਰਚੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਜੋ ਪਟਿਆਲਾ ਹਾਰ (Patiala Necklace) ਉਹ ਪਹਿਨਦਾ ਸੀ, ਉਹ 2900 ਬੇਸ਼ਕੀਮਤੀ ਹੀਰਿਆਂ ਦਾ ਬਣਿਆ ਹੋਇਆ ਸੀ ਅਤੇ ਉਸ ਦੀ ਕੀਮਤ ਅਰਬਾਂ ਰੁਪਏ ਦੱਸੀ ਜਾਂਦੀ ਹੈ! ! ਉਹ 40-45 ਰੋਲਜ਼ ਰੌਇਸ (Rolls Royce) ਕਾਰਾਂ ਦਾ ਮਾਲਿਕ ਵੀ ਸੀ! ! … … ਇਹ ਵੀ ਕਿਹਾ ਜਾਂਦਾ ਹੈ ਕਿ “ਪਟਿਆਲਾ ਪੈੱਗ” (Patiala Peg) ਦੀ ਸ਼ੁਰੂਆਤ ਵੀ ਉਸੇ ਨੇ ਹੀ ਕੀਤੀ ਸੀ! … …

ਇਤਿਹਾਸਕ ਲਿਖਤਾਂ ਅਨੁਸਾਰ, ਉਸ ਦੀਆਂ 10 ਰਾਣੀਆਂ ਸਨ ਜਿਨ੍ਹਾਂ ਦੀ ਕੁੱਖੋਂ 80-82 ਸਾਹਜ਼ਾਦੇ-ਸ਼ਾਹਜ਼ਾਦੀਆਂ ਨੇ ਜਨਮ ਲਿਆ! ! ਰਾਣੀਆਂ ਤੋਂ ਬਿਨਾਂ, ਉਸ ਦੇ ਜ਼ਨਾਨਖ਼ਾਨੇ (ਹਰਮ) ਵਿੱਚ 365 ਸੁੰਦਰੀਆਂ ਸਨ! ! ! ਉਨ੍ਹਾਂ ਸੁੰਦਰੀਆਂ ਦੀ ਰਿਹਾਇਸ਼ ਵਾਸਤੇ ਉਸ ਨੇ ਮੋਤੀ ਮਹਲ, ਲੀਲ੍ਹਾ ਭਵਨ ਅਤੇ ਚੈਅਲ ਵਗ਼ੈਰਾ ਕਈ ਮਹਲ-ਮਾੜੀਆਂ ਅਤੇ ਹਵੇਲੀਆਂ ਬਣਵਾਈਆਂ ਜਿੱਥੇ ਉਹ ਉਨ੍ਹਾਂ ਲਾਚਾਰ, ਨਿਮਾਣੀਆਂ ਅਤੇ ਨਿਤਾਣੀਆਂ ਰੂਪ-ਰਾਣੀਆਂ ਨਾਲ ਅਯਾਸ਼ੀ ਅਤੇ ਮਨਭਾਉਂਦੀ ਕਾਮਕ੍ਰੀੜਾ ਕਰਿਆ ਕਰਦਾ ਸੀ। ਹਿੰਦੁਸਤਾਨ ਵਿੱਚ ਰਾਜਾਤੰਤਰੀ ਰਾਜ ਸਮੇਂ ਦੇ ਰਾਜਿਆਂ ਦੇ ਲੰਡਰਪੁਣੇ ਉੱਤੇ ਇਸ ਲੇਖ ਵਿੱਚ ਹੋਰ ਲਿਖਣਾ ਸਾਡੇ ਲਈ ਸੰਭਵ ਨਹੀਂ ਹੈ! ਰਾਜਿਆਂ ਦੀ ਅਯਾਸ਼ ਜੀਵਨ-ਸ਼ੈਲੀ ਬਾਰੇ ਵਿਸਥਾਰ ਵਿੱਚ ਜਾਣਨ ਲਈ ਸਮੇਂ ਦੇ ਰਾਜਿਆਂ ਦੇ ਇੱਕ ਮੰਤ੍ਰੀ, ਦੀਵਾਨ ਜਰਮਨੀ ਦਾਸ ਦੀ ਲਿਖੀ ਕਿਤਾਬ Maharaja(“ਮਹਾਰਾਜਾ”) ਪੜ੍ਹੀ ਜਾ ਸਕਦੀ ਹੈ। ਇਸ ਪੁਸਤਕ ਨੂੰ ਪੜ੍ਹਨ ਨਾਲ ਇਸ ਤੱਥ ਦੀ ਪੁਸ਼ਟੀ ਵੀ ਹੋ ਜਾਂਦੀ ਹੈ ਕਿ ਨਿਮਾਣੀ-ਨਿਤਾਣੀ ਪ੍ਰਜਾ ਤੋਂ ਜਬਰ-ਜ਼ੁਲਮ ਨਾਲ ਲੁੱਟੀ ਹੋਈ ਧਨ-ਸੰਪਤੀ ਦਾ 80-90% ਹਿੱਸਾ ਰਾਜੇ ਆਪਣੇ ਉੱਤੇ ਹੀ ਖ਼ਰਚ ਕਰਦੇ ਸਨ ਅਤੇ ਬਾਕੀ ਦਾ 10-20% ਗ਼ਰੀਬੀ ਅਤੇ ਮੰਦਹਾਲੀ ਦੀ ਧੂੜ ਵਿੱਚ ਰੁਲਦੀ ਪ੍ਰਜਾ ਉੱਤੇ।

{ਨੋਟ:- ਹਥਲੇ ਲੇਖ ਦੇ ਲੇਖਕ ਨੇ ਇਹ ਪੁਸਤਕ “Maharaja” (ਮਹਾਰਾਜਾ) ਲਗ-ਪਗ 50 ਸਾਲ ਪਹਿਲਾਂ ਪੜ੍ਹੀ ਸੀ।}

ਪਟਿਆਲਾ, ਨਾਭਾ ਅਤੇ ਜੀਂਦ ਆਦਿਕ ਰਿਆਸਤਾਂ ਦੇ ‘ਸਿੱਖ’ ਰਾਜਿਆਂ ਨੇ ਅੰਗਰੇਜ਼ਾਂ ਅਤੇ ਮਹਾਂਰਾਜਾ ਰਣਜੀਤ ਸਿੰਘ ਵਿਚਾਲੇ ਹੋਈ ਸੰਨ 1809 ਦੀ ਸੰਧੀ ਸਮੇਂ ਗੱਦੀ ਦੀ ਖ਼ਾਤਿਰ ਦੇਸ ਨਾਲ ਗ਼ੱਦਾਰੀ ਕੀਤੀ ਸੀ। ਉਨ੍ਹਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਅਰਬਾਂ ਦੇ ਤੋਹਫ਼ੇ ਪੇਸ਼ ਕਰਕੇ ਗੋਰਿਆਂ ਦੀ ਗ਼ੁਲਾਮੀ ਕਬੂਲ ਕਰ ਲਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਅੰਤ ਦਾ ਮੂਲ ਕਾਰਣ ਵੀ ਰਾਜ-ਗੱਦੀ ਲਈ ਹੋਈ ਖ਼ਾਨਾਜੰਗੀ ਹੀ ਸੀ। ਦੂਜਾ, ਰਾਜ-ਭਾਗ ਦੇ ਭੁੱਖੇ, ਗੁਲਾਬ ਸਿੰਘ ਅਤੇ ਧਿਆਨ ਸਿੰਘ ਨੇ ਗੱਦੀ ਦੀ ਖ਼ਾਤਿਰ ਖ਼ਾਲਸਾ ਰਾਜ ਨਾਲ ਜੋ ਬੇਵਫ਼ਾਈ ਕੀਤੀ, ਉਹ ਇਤਿਹਾਸ ਦੇ ਕਾਲੇ ਪੰਨਿਆਂ ਉੱਤੇ ਹਮੇਸ਼ਾ ਵਾਸਤੇ ਉਕਰੀ ਗਈ ਹੈ। ਨਮਕ-ਹਰਾਮੀ ਅਤੇ ਵਿਸਾਹਘਾਤੀ ਤੇਜ ਸਿੰਘ ਅਤੇ ਲਾਲ ਸਿੰਘ ਦੀ ਸਿਖ ਰਾਜ ਨਾਲ ਕੀਤੇ ਗਈ ਗ਼ੱਦਾਰੀ ਵੀ ਬੇਮਿਸਾਲ ਹੈ। ……

ਸੰਨ 1857 ਵਿੱਚ ਆਜ਼ਾਦੀ ਲਈ ਹੋਈ ਬਗ਼ਾਵਤ ਸਮੇਂ ਹਿੰਦੂਸਤਾਨ ਦੇ ਅਧਿਕਤਰ ਰਿਆਸਤੀ ਰਾਜਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ! ਸੰਸਾਰ ਦੇ ਇਤਿਹਾਸ ਵਿੱਚ, ਦੇਸ ਨਾਲ ਗ਼ੱਦਾਰੀ ਅਤੇ ਆਪਣੀ ਹੀ ਪ੍ਰਜਾ ਨਾਲ ਵਿਸਾਹਘਾਤ ਦੀ ਇਹ ਘਿਨਾਉਣੀ ਤੇ ਸ਼ਰਮਨਾਕ ਮਿਸਾਲ ਵੀ ਬੇਮਿਸਾਲ ਹੈ! !

ਇਹ ਇੱਕ ਇਤਿਹਾਸਕ ਸੱਚ ਹੈ ਕਿ ਰਾਜਿਆਂ ਦੁਆਰਾ ਸਹੇੜੀ ਗਈ ਨਾਮੁਰਾਦ ਗ਼ੁਲਾਮੀ ਦੇ ਸੰਗਲਾਂ ਨੂੰ ਕੱਟ ਕੇ ਸਦੀਆਂ ਤੋਂ ਗ਼ੁਲਾਮ ਹਿੰਦੁਸਤਾਨ ਨੂੰ ਆਜ਼ਾਦੀ ਪ੍ਰਜਾ ਨੇ ਆਪਣੀਆਂ ਜਾਨਾਂ ਵਾਰ ਕੇ ਹੀ ਦਿਵਾਈ ਸੀ।

ਉਪਰੋਕਤ ਇਤਿਹਾਸਕ ਤੱਥਾਂ ਤੋਂ, ਨਿਰਸੰਦੇਹ, ਸਪਸ਼ਟ ਹੋ ਜਾਂਦਾ ਹੈ ਕਿ ਰਾਜਿਆਂ ਨੂੰ ਜ਼ਿੱਲ੍ਹੇ ਖ਼ੁਦਾ, ਪ੍ਰਜਾ-ਪਿਤਾ, ਪ੍ਰਜਾ-ਪਾਲਕ ਤੇ ਪ੍ਰਜਾ ਦਾ ਰੱਖਿਅਕ ਕਹਿਣ/ਸਮਝਣ ਦੀ ਧਾਰਨਾ ਮੂਲੋਂ ਹੀ ਗ਼ਲਤ ਹੈ! !

ਪ੍ਰਾਚੀਨ ਕਾਲ ਵਿੱਚ ਹਿੰਦੁਸਤਾਨ ਉੱਤੇ ਹਮਲਾ ਕਰਨ ਵਾਲੇ ਸ਼ਕਤੀਸ਼ਾਲੀ ਧਾੜਵੀ ਹੁੰਦੇ ਸਨ। ਉਨ੍ਹਾਂ ਦੇ ਹਮਲੇ ਦਾ ਇਕੋ-ਇਕ ਮਕਸਦ ਹੁੰਦਾ ਸੀ: ਮਾਰ-ਧਾੜ। ਉਹ ਜ਼ਰ (ਸੋਨਾ, ਧਨ-ਦੌਲਤ) ਅਤੇ ਜੋਰੂਆਂ (ਔਰਤਾਂ) ਦੀ ਲੁੱਟ ਤੋਂ ਬਿਨਾਂ ਕਈ ਨਿਮਾਣ-ਨਿਤਾਣੇ ਨਾਗਰਿਕਾਂ ਨੂੰ ਵੀ ਗ਼ੁਲਾਮ ਬਣਾ ਕੇ ਆਪਣੇ ਦੇਸ ਵਾਪਸ ਪਰਤ ਜਾਂਦੇ ਸਨ। ਇਸ ਇਤਿਹਾਸਕ ਤੱਥ ਦੀ ਪੁਸ਼ਟੀ ਲਈ ਸਿਕੰਦਰ ਅਤੇ ਮੁਸਲਮਾਨ ਧਾੜਵੀਆਂ ਦੇ ਹਮਲਿਆਂ ਦੀ ਉਦ੍ਹਾਰਣ ਕਾਫ਼ੀ ਹੈ।

(ਧਾੜਵੀ:- ਮਾਰ-ਧਾੜ ਕਰਕੇ ਜ਼ੋਰ-ਜ਼ੁਲਮ ਨਾਲ ਲੁੱਟਣ ਵਾਲਾ ਡਾਕੂ-ਲੁਟੇਰਾ।)

ਚਲਦਾ……

ਗੁਰਇੰਦਰ ਸਿੰਘ ਪਾਲ

ਮਾਰਚ 31, 2024.




.