.

“ਗੁਰੂ ਨਾਨਕ ਜੀ ਦਾ ਵਿਦਿਆਰਥੀ ਜੀਵਨ”


“ਬੰਦੀ ਛੋੜ-ਗੁਰੂ ਨਾਨਕ” ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਇੱਕ ਅਜਿਹੀ ਬਾ-ਕਮਾਲ ਲਿਖਤ ਹੈ, ਜੋ ਅਸਲੀ ਗੁਰੂ ਨਾਨਕ ਦੇ ਸਾਨੂੰ ਦਰਸ਼ਨ ਕਰਵਾਉਦੀ ਹੈ। 124 ਪੰਨਿਆ ਦੀ ਇਹ ਛੋਟੇ ਅਕਾਰ ਦੀ ਸ਼ਾਹਕਾਰ ਲਿਖਤ 600 ਪੰਨਿਆ ਵਾਲੀ ਬਾਲੇ ਵਾਲੀ ਝੂਠੀ ਜਨਮਸਾਖੀ ਦਾ ਤ੍ਰਾਹ ਕੱਢ ਦਿੰਦੀ ਹੈ। ਕੁਦਰਤੀ ਨਿਯਮਾਂ ਦੇ ਉਲਟ ਜਿਥੇ ਬਾਲੇ ਵਾਲੀ ਜਨਮ ਸਾਖੀ ਵਿੱਚ ਬਾਲ ਨਾਨਕ ਜੀ ਨੂੰ ਧੁਰ ਦਰਗਾਹ ਤੋਂ ਹੀ ਪੜਿਆ-ਪੜਾਇਆ ਸਿੱਧ ਕੀਤਾ ਗਿਆ ਹੈ ਉਥੇ ਹੀ ਇਸ ਛੋਟੀ ਜਿਹੀ ਰਚਨਾਂ ਵਿੱਚ ਸਪਸ਼ਟ ਦੱਸਿਆ ਗਿਆ ਹੈ ਕਿ ਬਾਲ ਨਾਨਕ ਬੜਾ ਸੋਹਣਾਂ, ਹੋਣਹਾਰ ਅਤੇ ਤੀਖਣ ਬੁੱਧੀ ਵਾਲਾ ਬਾਲ ਸੀ। ਜਦੋ ਉਹ ਛੇ ਕੁ ਸਾਲ ਦਾ ਹੋਇਆ ਤਾਂ ਉਸ ਨੂੰ ਸੋਹਣੀ ਪੱਟੀ ਅਤੇ ਸੋਹਣੀ ਪੋਥੀ ਦੇ ਕੇ ਸਭ ਤੋਂ ਪਹਿਲਾ ਅੱਖਰੀ ਗਿਆਨ ਲਈ ਉਸ ਨੂੰ ਗੋਪਾਲ ਪੰਡਤ ਕੋਲ ਪੜ੍ਹਨ ਲਈ ਭੇਜਿਆ ਗਿਆ। ਗੋਪਾਲ ਪੰਡਤ ਨੇ ਚਾਈ-ਚਾਈ ਖਿੜੇ ਹੋਏ ਫੁੱਲ਼ ਵਰਗੇ ਬਾਲ ਨਾਨਕ ਨੂੰ ਸਿਖਿਆ ਦੇਣੀ ਸ਼ੁਰੂ ਕਰ ਦਿੱਤੀ, ਬਾਲ ਨਾਨਕ ਨੇ ਵੀ ਸਿੱਖਣ ਵਿੱਚ ਪੁਰੀ ਰੁਚੀ ਅਤੇ ਧਿਆਨ ਲਗਾ ਦਿੱਤਾ, ਉਹ ਅਪਣੇ ਅਧਿਆਪਕ ਦੀ ਗੱਲ ਬੜੀ ਸਮਝਦਾਰੀ ਨਾਲ ਸੁਣਦੇ। ਹੁਣ ਜੇ ਜਰਾ ਕੁ ਧਿਆਨ ਨਾਲ ਸੋਚਿਆ ਜਾਵੇ ਤਾਂ ਇਹ ਗੱਲ ਅੱਜ ਦੇ ਬੱਚਿਆ ਅਤੇ ਨੋਜਵਾਨ ਵਰਗ ਜੋ ਪੜ੍ਹਾਈ ਕਰ ਰਹੇ ਹੂੰਦੇ ਹਨ ਲਈ ਕਿੰਨੀ ਜਿਆਦਾ ਸਿੱਖਿਆ ਦਾਇਕ ਹੈ। ਇਸ ਤੋਂ ਬਾਅਦ ਪੰਡਤ ਬ੍ਰਿਜ ਲਾਲ ਕੋਲੋਂ ਬਾਲ ਨਾਨਕ ਜੀ ਨੇ ਸੰਸਕ੍ਰਿਤ ਦੀ ਵਿਦਿਆ ਹਾਸਲ ਕੀਤੀ ਅਤੇ ਮੋਲਵੀ ਕੁਤਬੁਦੀਨ ਤੇ ਸਯਦ ਹਸਨ ਕੋਲੋ ਉਨ੍ਹਾਂ ਨੇ ਫਾਰਸੀ ਅਰਬੀ ਸਿੱਖੀ। ਜਦੋ ਕਿ ਸਾਖੀਕਾਰਾਂ ਨੇ ਉਹ ਝੁੱਠ ਅਤੇ ਕੁਫਰ ਕਮਾਇਆ ਜਿਸ ਦਾ ਸਿੱਟਾ ਭਿਆਨਕ ਤੋਂ ਵੀ ਭਿਆਨਕ ਨਿਕਲ ਰਿਹਾ ਹੈ। ਅੱਜ ਜਿੰਨਾਂ ਵੀ ਸਾਧ ਲਾਣਾ, ਵਿਹਲੜ ਸੰਤ ਹਨ, ਨੰਗੀਆ ਲੱਤਾ ਵਾਲੇ ਚਿੱਟ ਕੱਪੜੀਏ ਹਨ ਇਸ ਗੱਲ ਦਾ ਪ੍ਰਚਾਰ ਕਿਲ੍ਹ-ਕਿਲ਼੍ਹ ਕੇ ਕਰਦੇ ਹਨ ਕਿ ਦੇਖੋ ਜੀ ਗੁਰੂ ਨਾਨਕ ਦੇਵ ਜੀ ਪੜ੍ਹਨ ਲਈ ਗਏ ਤੇ ਪਾਥੇ ਨੂੰ ਹੀ ਪੜ੍ਹਾ ਆਏ। ਅਸਲ ਵਿੱਚ ਇਹ ਬਾਬੇ ਆਪ ਪੰਜਵੀ ਨਹੀ ਟੱਪਦੇ ਤੇ ਗੁਰੂ ਨਾਨਕ ਜੀ ਨੂੰ ਵੀ ਅਨਪੜ੍ਹ ਹੀ ਸਾਬਤ ਕਰਨਾਂ ਚਾਹੁੰਦੇ ਹਨ। ਅਸਲੀਅਤ ਇਹ ਹੈ ਕਿ ਬਾਲ ਨਾਨਕ ਇੱਕ ਪ੍ਰਤਿਬਾਸ਼ਾਲੀ ਤੇ ਤੇਜ ਦਿਮਾਗ ਬਾਲਕ ਸਨ, ਉਨ੍ਹਾਂ ਦੀ ਸਿੱਖਿਆ ਲੈਣ ਦੀ ਤੇਜ ਰਫਤਾਰ ਹਰ ਕਿਸੇ ਨੂੰ ਹੈਰਾਨ ਕਰਦੀ ਸੀ। ਅਸੀਂ ਅੱਜ ਵੀ ਵੇਖਦੇ ਹਾਂ ਕਿ ਕਈ ਨਿਆਣੇ ਪੜ੍ਹਨ ਵਿੱਚ ਬਾਕੀਆਂ ਨਾਲੋ ਕਾਫੀ ਹੁਸ਼ਿਆਰ ਹੁੰਦੇ ਹਨ। ਬਾਲ ਨਾਨਕ ਦੇ ਤੇਜ ਤਰਾਰ ਦਿਮਾਗ ਦੀ ਸਿਫਤ ਕਰਦਿਆ ਸਯਦ ਗੁਲ਼ਾਮ ਹੁਸੈਨ ਖਾਂਨ ਲਿਖਦਾ ਹੈ ਕਿ, “ਉਹ ਖੱਤਰੀ ਕੁਲ ਦੇ ਜਿਮੀਂਦਾਰ ਪਟਵਾਰੀ ਦੇ ਲੜਕੇ ਸਨ ਅਪਣੇ ਚਾਲਚਲਣ ਵਿੱਚ ਹੋਣਹਾਰ, ਸਿਆਣੇ ਅਤੇ ਖੁਬਸੁਰਤ ਸਨ। ਫਕੀਰ ਸਯਦ ਹਸਨ ਅਪਣੇ ਇਲਾਕੇ ਦਾ ਮੰਨਿਆ ਹੋਇਆ ਅਮੀਰ ਤੇ ਦੋਲਤਮੰਦ ਇਨਸਾਨ ਸੀ। ਉਸ ਦੇ ਘਰ ਕੋਈ ਔਲਾਦ ਨਹੀ ਸੀ। ਜਦੋ ਉਹ ਪਹਿਲੀ ਵਾਰ ਬਾਲ ਨਾਨਕ ਜੀ ਨੂੰ ਮਿਲਿਆ ਤਾਂ ਨਾਨਕ ਜੀ ਉਸ ਸਮੇਂ ਕੁੱਝ ਪੜ੍ਹ ਰਹੇ ਸਨ ਕਿਉਕਿ ਮੋਲਵੀ ਕੁਤਬੁਦੀਨ ਕੋਲੋ ਉਨ੍ਹਾਂ ਨੇ ਫਾਰਸੀ ਭਾਸ਼ਾ ਸਿੱਖ ਲਈ ਸੀ। “ਸਿਵਾਰ-ਉਲ-ਮੁਤਾਖਰੀਨ” ਵਿੱਚ ਲਿਖਿਆ ਹੈ ਕਿ ਜਦੋ ਗੁਰੂ ਨਾਨਕ ਜੀ ਅੱਲੜ੍ਹ ਉਮਰ (ਟੀਨ ਏਜ) ਦੇ ਸਨ ਤਾਂ ਉਹ ਮੁਸਲਮਾਨੀ ਪਵਿਤਰ ਕਿਤਾਬਾ, ਉਨ੍ਹਾਂ ਦੇ ਨਿਯਮ, ਭਗਤਾਂ ਤੇ ਸੁਫੀਆ ਦੇ ਨਿਯਮ ਨੂੰ ਬੜੇ ਹੀ ਧਿਆਨ ਨਾਲ ਪੜ੍ਹਦੇ ਅਤੇ ਸਿੱਖਦੇ। ਨਾਨਕ ਨੂੰ ਇਹ ਸਭ ਕੁੱਝ ਸਿੱਖਣ ਵਿੱਚ ਬੜ੍ਹੀ ਹੀ ਦਿਲਚਸਪੀ ਸੀ। ਉਹ ਘਰ ਆ ਕਿ ਇਹਨਾਂ ਦਾ ਅਧਿਐਨ ਕਰਦੇ। ਫਾਰਸੀ ਅਤੇ ਸਸਕ੍ਰਿਤ ਭਾਸ਼ਾ ਦੇ ਔਖੇ ਸ਼ਬਦਾ ਨੂੰ ਉਹ ਸਰਲ ਅਤੇ ਆਮ ਬੰਦੇ ਨੂੰ ਸਮਝ ਆਉਣ ਵਾਲੀ ਭਾਸ਼ਾ ਵਿੱਚ ਬਦਲਣ ਦੀ ਕੋਸ਼ਿਸ਼ ਕਰਦੇ। ਯਾਦ ਰਹੇ ਕਿ ਇਹ ਸਾਰੀ ਸਿਖਿਆ ਹਾਸਲ ਕਰਨ ਵਿੱਚ ਉਨ੍ਹਾਂ ਦੀ ਮਦਦ ਉਨ੍ਹਾਂ ਦੇ ਉਸ ਸਮੇਂ ਦੇ ਟੀਚਰ ਸਯਦ ਹਸਨ ਨੇ ਜੋ ਕਿ ਫਾਰਸੀ ਤੇ ਅਰਬੀ ਭਾਸ਼ਾ ਦੇ ਮਾਹਰ ਸਨ ਨੇ ਕੀਤੀ। ਸਯਦ ਹਸਨ ਤਾਂ ਇਹ ਵੀ ਆਖਦਾ ਸੀ ਕਿ ਬਾਲ ਨਾਨਕ ਸ਼ਬਦਾ ਨੂੰ ਅੱਖਰਾਂ ਨੂੰ ਸਵਾਰਨ ਵਾਲਾ ਜੋਹਰੀ ਹੈ। ਇਸ ਦੇ ਸ਼ਬਦ, ਅੱਖਰ ਤ੍ਰਾਸ਼ੇ ਹੋਏ ਨਗੀਨੇ ਵਾਗ, ਉੱਚੀ ਵਿਦਵਤਾ ਦੇ ਪੱਧਰ ਦੇ ਹੂੰਦੇ ਹਨ। ਨਾਨਕ ਬਾਣੀ ਦੀ ਅਮੀਰੀ, ਬਿੰਬਾਵਲੀ ਤੇ ਸੰਜਮ ਵਿੱਚ ਉਨ੍ਹਾਂ ਦੇ ਅਰਬੀ ਤੇ ਫਾਰਸੀ ਸਾਹਿਤ ਦੇ ਗੁੱਝੇ ਅਧਿਐਨ ਦਾ ਸਪਸ਼ਟ ਰੂਪ ਵਿੱਚ ਪਤਾ ਲਗਦਾ ਹੈ ਬਾਬਰ ਦਾ ਰਾਜ ਹੋਣ ਕਰ ਕੇ ਸੰਸਕ੍ਰਿਤ ਦੀ ਵਿਦਿਆ ਉਸ ਸਮੇਂ ਪੰਜਾਬ ਵਿੱਚ ਏਨੀ ਪ੍ਰਚਲਤ ਨਹੀ ਸੀ ਤੇ ਨਾਂ ਹੀ ਇਸ ਵਿਦਿਆ ਦੇ ਮਾਹਰ ਉਸ ਸਮੇਂ ਪਿੰਡਾਂ ਵਿੱਚ ਸਨ, ਪਰ ਅਰਬੀ ਤੇ ਫਾਰਸੀ ਦੇ ਆਲਮਾ ਤੇ ਸੂਫੀਆ ਦੀ ਕਦਰ ਆਮ ਸੀ। ਸਯਦ ਹਸਨ ਵਰਗੇ ਆਲਮ ਨਾਲ ਮਿਲਾਪ ਹੋਣ ਕਰਕੇ ਗੁਰੂ ਨਾਨਕ ਜੀ ਦੀ ਪਕੜ ਫਾਰਸੀ ਅਤੇ ਅਰਬੀ ਵਿੱਚ ਹੋਰ ਮਜਬੂਤੀ ਫੜ੍ਹ ਗਈ। ਏਨੀ ਕੁ ਗੱਲ ਬਾਤ ਕਰਨ ਦਾ ਮੇਰਾ ਮਨੋਰਥ ਇਹ ਹੀ ਹੈ ਕਿ ਗੁਰੂ ਨਾਨਕ ਜੀ ਨੇ ਅਪਣੀ ਬਾਲ ਉਮਰੇ ਹੀ ਕਈ ਭਾਸ਼ਾਵਾ ਸਿੱਖ ਲਈਆ ਸਨ ਉਨ੍ਹਾਂ ਨੇ ਕਈ ਗ੍ਰੰਥ ਪੜ੍ਹੇ, ਉਸ ਸਮੇਂ ਦੀ ਪ੍ਰਚੱਲਤ ਅਤੇ ਹੋਰ ਭਾਸ਼ਾਵਾਂ ਵੀ ਸਿੱਖੀਆਂ। ਪਰ ਅੱਜ ਵੱਡੇ ਵੱਡੇ ਪ੍ਰਚਾਰਕ ਉਨ੍ਹਾਂ ਦੇ ਜੀਵਨ ਦੇ ਇਸ ਪੱਖ ਨੂੰ ਅਸਲ ਰੂਪ ਵਿੱਚ ਪੇਸ਼ ਹੀ ਨਹੀ ਕਰ ਸਕੇ। 16 ਸਾਲ ਦੀ ਉਮਰ ਤੱਕ ਨਾਨਕ ਜੀ ਨੇ ਕਾਫੀ ਸੂਫੀ ਅਤੇ ਵੇਦਿਕ ਸਾਹਿਤ ਪੜ੍ਹ ਲਿਆ ਸੀ। ਸੂਫੀ ਤੇ ਵੈਦਿਕ ਸਾਹਿਤ ਨੇ ਉਨ੍ਹਾਂ ਦੇ ਗਿਆਨ ਦੇ ਘੇਰੇ ਨੂੰ ਹੋਰ ਵਧਾ ਦਿੱਤਾ। ਗੁਰੂ ਸਾਹਿਬ ਜੀ ਦੀ ਪਹਿਲੀ ਸਿਖਿਆ ਕਿਸੇ ਵਿਦਿਆਰਥੀ ਨੂੰ ਇਹੀ ਹੂੰਦੀ ਕਿ ਅਪਣੇ ਗੁਰੂ ਦਾ ਸਤਿਕਾਰ ਕਰੋ ਗੁਰੂ ਤੋ ਭਾਵ ਕੋਈ ਰੱਬੀ ਅਵਤਾਰ ਨਹੀ ਉਹ ਵਧੀਆ ਇਨਸਾਨ ਹੈ ਜਿਹੜਾ ਸਾਡਾ ਗਿਆਨ ਵਧਾਵੇ। ਸਾਨੂੰ ਰੋਸ਼ਨੀ ਦੇਵੇ, ਸਾਡਾ ਚਰਿਤਰ ਮਜਬੂਤ ਕਰੇ ਸਾਨੂੰ ਜਿੰਦਗੀ ਜਿਉਣਾ ਅਤੇ ਇਸੇ ਵਿੱਚ ਅਨੰਦ ਦੀ ਪ੍ਰਾਪਤੀ ਕਿਵੇ ਕਰਨੀ ਹੈ ਬਾਰੇ ਸਿਖਾਵੇ। ਗੁਰੂ ਸਾਹਿਬ ਜੀ ਚਾਹੁੰਦੇ ਸਨ ਕਿ ਵਿਦਿਆਰਥੀ ਦਾ ਕੋਈ ਨਾਂ ਕੋਈ ਟੀਚਾ ਹੋਵੇ ਤੇ ਉਸ ਟੀਚੇ ਦੀ ਪ੍ਰਾਪਤੀ ਲਈ ਉਸ ਨੂੰ ਅਪਣੇ ਦਿਮਾਗ ਦੀ ਪੁਰੀ ਸ਼ਕਤੀ ਲਗਾ ਦੇਣੀ ਚਾਹੀਦੀ ਹੈ। ਹਰ ਵਿਦਿਆਰਥੀ ਦੀਆ ਅੱਖਾਂ ਵਿੱਚੋ ਉਸਦੀ ਪੜ੍ਹਾਈ ਪ੍ਰਤੀ ਲਗਨ ਲਿਸ਼ਕਾ ਮਾਰਦੀ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਦੇ ਸਮੇਂ ਭਾਵੇ ਕਿ ਮੁੱਖ ਕਿਤਾ ਖੇਤੀ ਹੀ ਸੀ ਪਰ ਗੁਰੂ ਸਾਹਿਬ ਜੀ ਇਸ ਬਾਰੇ ਵੀ ਸਪਸ਼ਟ ਸਨ ਕਿ ਜੀਵਨ ਦੇ ਨਿਰਬਾਹ ਲਈ ਕਸਬੀ ਵਿਦਿਆ ਬਹੁਤ ਹੀ ਜਰੂਰੀ ਹੈ। ਅਸਲੀ ਵਿਦਵਾਨ ਵੀ ਉਹੀ ਹੈ ਜਿਹੜਾ ਅਪਣੇ ਜੀਵਨ ਦਾ ਨਿਰਬਾਹ ਅਪਣੀਆ ਲੋੜ੍ਹਾਂ ਖੁਦ ਪੁਰੀਆ ਕਰੇ। ਜੀਵਨ ਨੂੰ ਸੋਖੇ ਰਾਹਾਂ ਤੇ ਲੈ ਕੇ ਜਾਣ ਲਈ ਗੁਰੂ ਸਾਹਿਬ ਜੀ ਦੇ ਜੀਵਨ ਵਿੱਚੋ ਜਿਹੜੀ ਸੇਧ ਮਿਲਦੀ ਹੈ ਆਪਾਂ ਉਸ ਬਾਰੇ ਵੀ ਚਰਚਾ ਕਰ ਲੈਦੇ ਹਾਂ।
ਪਹਿਲੀ ਹੈ ਸੂਰਜੀ ਸਿਹਤ, ਗੁਰੂ ਸਾਹਿਬ ਜੀ ਦੀ ਲਿਸ਼ਕਦੀ ਸਿਹਤ ਸੀ, ਉਹ ਕਦੇ ਬੀਮਾਰ ਨਹੀ ਸਨ ਹੋਏ। ੳੇੁਹ ਤੀਹ ਵਰੇ ਪੈਦਲ ਸਫਰ ਕਰਦੇ ਰਹੇ। ਬੇ ਅਰਾਮੀ ਵੀ ਅਪਣੇ ਪਿੰਡੇ ਤੇ ਹਡਾਈ ਤੇ ਇਹ ਸਭ ਚੰਗੀ ਸਿਹਤ ਅਤੇ ਤਗੜੇ ਸਰੀਰ ਕਰਕੇ ਹੀ ਸੰਭਵ ਹੋ ਸਕਿਆ, ਗੁਰੂ ਸਾਹਿਬ ਚੰਗੀ ਸਿਹਤ ਕਰਕੇ ਹੀ ਅਪਣੇ ਜੀਵਨ ਮਨੋਰਥ ਦੀ ਪ੍ਰਾਪਤੀ ਕਰ ਸਕੇ। ਉਸ ਸਮੇਂ ਵਿਦਿਆਰਥੀ ਨੂੰ ਬ੍ਰਹਮਚਾਰੀ ਵੀ ਆਖਿਆ ਜਾਦਾ ਸੀ ਕਿਉਕਿ ਇਹ ਬਹੁਤ ਹੀ ਜਰੂਰੀ ਹੂੰਦਾ ਹੈ ਕਿ ਵਿਦਿਆਰਥੀ ਇਸ ਉਮਰ ਵਿੱਚ ਕਾਮ ਆਦਿਕ ਵਾਸਨਾਵਾਂ ਤੋਂ ਦੂਰ ਰਹੇ ਤੇ ਅਪਣੇ ਟੀਚੇ ਦੀ ਪ੍ਰਾਪਤੀ ਕਰੇ। ਤੰਦਰੁਸਤ ਅਤੇ ਲਿਸ਼ਕਦੀ ਸਿਹਤ ਲਈ ਲਿਸ਼ਕਦੇ ਖਿਆਲਾਂ ਤੇ ਲਿਸ਼ਕਵੀ ਨਿਯਮਬੰਦ ਜਿੰਦਗੀ ਦਾ ਹੋਣਾ ਬਹੁਤ ਜਰੂਰੀ ਹੈ।
ਦੂਜਾ ਸਿੱਖਿਆ ਹੈ ਉੱਦਮ (ਮਿਹਨਤ) ਅਸੀ ਸਾਰੇ ਹੀ ਜਾਣਦੇ ਹਾਂ ਕਿ ਗੁਰੂ ਸਾਹਿਬ ਜੀ ਅਪਣੇ ਅਖੀਰਲੀ ਉਮਰ ਵਿੱਚ ਵੀ ਖੇਤੀ ਕਰਦੇ ਸਨ। ਅਪਣਾ ਕਾਰਜ ਉਹ ਆਪ ਹੀ ਸਵਾਰਦੇ ਸਨ। ਕਿਰਤ ਦੀ ਉਨ੍ਹਾਂ ਬੜੀ ਵਡਿਆਈ ਕੀਤੀ ਹੈ ਇਸ ਨਾਲ ਜੀਵਨ ਵਿੱਚੋ ਦਲਿਦਰਤਾ ਦੂਰ ਹੂੰਦੀ ਹੈ ਤੇ ਪਰਿਵਾਰ ਵਿੱਚ ਖੁਸ਼ਹਾਲੀ ਆਉਦੀ ਹੈ। ਕਿਰਤੀ ਨੂੰ ਉਹ ਜਿੰਦਗੀ ਦਾ ਸੁਲਤਾਨ ਆਖਦੇ ਸਨ। ਗੁਰੂ ਸਾਹਿਬ ਦਾ ਕਹਿਣਾ ਹੈ ਕਿ ਮਨੁੱਖ ਜਿਹੋ ਜਿਹਾ ਵੀ ਸੋਚੇਗਾ ਉਹ ਉਸੇ ਤਰਾਂ ਦਾ ਬਣ ਜਾਵੇਗਾ। ਮਨੁੱਖ ਨੇ ਹੀ ਖੋਜ ਕਰਕੇ ਦੁਨੀਆ ਵਿੱਚ ਵੱਡੀਆ ਵੱਡੀਆ ਪ੍ਰਾਪਤੀਆ ਕੀਤੀਆ ਹਨ।
ਤੀਸਰਾ ਹੈ ਸਦਾ ਆਸ਼ਾਵਾਦੀ ਰਹੋ, ਮਨੁੱਖ ਉਸ ਪਰਮ ਪਿਤਾ ਦੀ ਹੀ ਅੰਸ ਜੋਤ ਸਰੂਪ ਹੈ। ਸ੍ਰਿਸ਼ਟੀ ਦੀ ਰਚਨਾਤਮਕ ਸ਼ਕਤੀ ਦਾ ਤੁਸੀ ਵੀ ਇੱਕ ਅੰਗ ਹੋ, ਚੰਗਾ ਅਤੇ ਵੱਡਾ ਸੋਚੋ, ਉਚੀਆ ਛਾਲਾ ਮਾਰੋ ਤੇ ਵੱਡੀਆ ਪ੍ਰਾਤਪੀਆ ਕਰੋ। ਨੇਮਾਂ ਦਾ ਨੇਮ ਇਹੀ ਹੈ ਕਿ ਹਰ ਖਿਆਲ, ਹਰ ਸੁਪਨਾਂ, ਹਰ ਰੀਝ, ਹਰ ਤਰੰਗ ਉਸੇ ਅਪਰ ਅਪਾਰ ਸ਼ਕਤੀ ਦੀ ਦੇਣ ਹੈ। ਆਲੇ ਦੁਆਲੇ ਵਾਪਰ ਰਹੀਆ ਬੁਰਿਆਈਆ ਦੀ ਨਿਰੀ ਸ਼ਿਕਾਇਤ ਕਰਨੀ ਹੀ ਕਾਫੀ ਨਹੀ ਹੂੰਦੀ ਜੋ ਕੁੱਝ ਮਾੜਾ ਹੋ ਰਿਹਾ ਹੈ ਉਸ ਨੂੰ ਸੁਧਾਰਨ ਲਈ ਵੀ ਕਮਰ ਕੱਸਾ ਹਰੇਕ ਨੂੰ ਕਰਨਾਂ ਚਾਹੀਦਾ ਹੈ। ਜੇ ਕਰ ਤੁਹਾਡੀ ਮਿਹਨਤ ਦਾ ਕੋਈ ਨਤੀਜਾ ਨਹੀ ਨਿਕਲਦਾ ਤਾਂ ਵੀ ਦਿਲ ਨਾ ਛੱਡੋ ਹੋਸਲਾ ਰੱਖੋ ਨਾ ਪੱਖੀ ਵਿਚਾਰ (ਨੇਗਟਿਵ ਸੋਚ) ਅਪਣੇ ਮਨ ਵਿੱਚ ਵੀ ਨਾਂ ਆਉਣ ਦਿਉ ਅੱਜ ਨਹੀ ਕੱਲ, ਕੱਲ ਨਹੀ ਪਰਸੋ ਤੁਹਾਡੇ ਸੁਪਨੇ ਜਰੂਰ ਪੁਰੇ ਹੋਣਗੇ। ਤੁਹਾਨੂੰ ਵਿਸ਼ਵਾਸ਼ ਹੋਣਾ ਚਾਹੀਦਾ ਹੈ ਤੁਹਾਡਾ ਪੁਰਨ ਗੁਰੂ ਤੁਹਾਡੇ ਨਾਲ ਖੜ੍ਹਾਂ ਹੈ ਉਹ ਹਮੇਸ਼ਾ ਤੁਹਾਡੇ ਅੰਗ ਸੰਗ ਹੈ। ਵਿਸ਼ਵਾਸ਼ ਕਰਿਉ ਜੇ ਅੱਜ ਮਾੜਾ ਸਮਾਂ ਹੈ ਤਾਂ ਕੱਲ ਸੂਰਜ ਜਰੂਰ ਨਿਕਲੇਗਾ ਤੇ ਕੱਲ ਦਾ ਸੂਰਜ ਤੁਹਾਡੇ ਜੀਵਨ ਨੂੰ ਜਰੂਰ ਬਦਲੇਗਾ। ਕੁਦਰਤ ਜਾਂ ਸ੍ਰਿਸ਼ਟੀ ਬੇ-ਮਨੋਰਥ ਨਹੀ ਹਨ ਇਹ ਅਪਣੇ ਲਕਸ਼ ਵੱਲ ਵਧਦੀਆ ਹੀ ਜਾ ਰਹੀਆਂ ਹਨ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਉਸ ਨੇ ਤੁਹਾਨੂੰ ਮਨੁੱਖਾ ਜਨਮ ਦਿੱਤਾ ਹੈ।
ਚੋਥਾ ਉਦੇਸ਼ ਗੁਰੂ ਸਾਹਿਬ ਜੀ ਦਾ ਨਿਸ਼ਕਾਮ ਸੇਵਾ ਹੈ। ਮਨੁੱਖ ਇਸ ਲਈ ਨਹੀ ਪੈਦਾ ਹੋਇਆ ਕਿ ਸੰਤਾਨ ਪੈਦਾ ਕਰੇ ਤੇ ਉਸ ਦੇ ਹੀ ਪਾਲਣ ਪੋਸ਼ਣ ਲਈ ਕਮਾਈ ਕਰੇ ਉਸਦੇ ਲਈ ਹੀ ਜਮੀਨ ਜਾਇਦਾਦ ਜੋੜਦਾ ਰਹੇ ਇਹ ਕੋਈ ਮਨੁੱਖਾ ਜੀਵਨ ਨਹੀ ਇਸ ਤਰਾਂ ਤਾਂ ਪਸ਼ੂ ਪੰਛੀ ਵੀ ਅਪਣਾ ਗੁਜਾਰਾ ਕਰੀ ਜਾਂਦੇ ਹਨ ਅਪਣੇ ਬੱਚੇ ਪਾਲੀ ਜਾਂਦੇ ਹਨ ਜੀਵਨ ਇਹ ਹੈ ਕਿ ਜਿੰਦਗੀ ਵਿੱਚ ਅਪਣੀਆ ਲੋੜਾਂ ਪੁਰੀਆ ਕਰ ਕੇ ਕਿਸੇ ਦੂਸਰੇ ਜਰੂਰਤਮੰਦ ਲਈ ਵੀ ਅਪਣਾ ਹੱਥ ਖੁੱਲਾ ਰੱਖੇ। ਤੁਸੀਂ ਦੁਜਿਆਂ ਦੇ ਕੰਮ ਆਉਣ ਲਈ ਹਮੇਸ਼ਾ ਤਿਆਰ ਰਹੋ। ਤੁਸੀ ਵਿੱਚ ਦੁਨੀਆ ਦੇ ਹੀ ਸੇਵਾ ਕਰ ਕੇ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਮਾਣ ਹਾਸਲ ਕਰ ਸਕਦੇ ਹੋ। ਤੁਹਾਡੇ ਅੰਦਰ ਕਿਸੇ ਜਰੂਤਤ ਮੰਦ ਦੀ ਸੇਵਾ ਕਰਨ ਦਾ ਚਾਅ ਠਾਠਾ ਮਾਰਦਾ ਹੋਣਾ ਚਾਹੀਦਾ ਹੈ।
ਪੰਜਵਾ ਸੰਕੇਤ ਗੁਰੂ ਸਾਹਿਬ ਜੀ ਦਾ ਹਲੀਮੀ ਹੈ, ਹਲੀਮੀ (ਸਹਿਣਸ਼ੀਲਤਾ, ਨਿਮਰਤਾ) ਸਹੀ ਮਾਰਗ ਉਤੇ ਤੁਰੇ ਜਾਣ ਦੀ ਨਿਸ਼ਾਨੀ ਹੈ। ਜਿਸ ਵਿਦਿਆਰਥੀ ਵਿੱਚ ਹਲੀਮੀ ਨਹੀਂ, ਉਹ ਸਮਝ ਲਵੇ ਕਿ ਉਹ ਗਲਤ ਮਾਰਗ ਤੇ ਭਟਕ ਰਿਹਾ ਹੈ। ਕੋਈ ਦਿਲਾਂ ਦਾ ਰਾਜਾ ਹੀ ਹਲੀਮੀ ਹੋ ਸਕਦਾ ਹੈ। ਮਨੁੱਖੀ ਗੁਣਾ ਤੋ ਸੱਖਣੇ ਬੰਦੇ ਨੂੰ ਹਲੀਮੀ ਕਮਜੋਰੀ ਤੇ ਘਟੀਆਪਨ ਵੀ ਲਗਦੀ ਹੈ। ਪਰ ਜਿਹੜਾ ਕੋਈ ਵਿਦਿਆਰਥੀ ਅਪਣੇ ਗੁਰੂ ਕੋਲੋਂ ਅਪਣੇ ਅਧਿਆਪਕ ਕੋਲੋਂ ਬਰਕਤਾਂ ਦੇ ਗੱਫੇ ਲੈਣਾ ਚਾਹੁੰਦਾ ਹੈ ਉਸ ਲਈ ਹਲੀਮੀ ਪਾਸਪੋਰਟ ਤੇ ਵੀਜੇ ਦਾ ਕੰਮ ਕਰੇਗੀ। ਜਿਹੜਾ ਵਿਦਿਆਰਥੀ ਨਾਨਕ ਜੀ ਦੀਆਂ ਉਪਰੋਕਤ ਪੰਜ ਗੱਲਾਂ ਮਨ ਵਿੱਚ ਵਸਾ ਲਵੇਗਾ ਉਹ ਗੁਰੂ ਨਾਨਕ ਦੀਆਂ ਖੁਸ਼ੀਆ ਹਾਸਲ ਕਰ ਲਵੇਗਾ ਸਾਨੂੰ ਅਪਣੇ ਸਕੂਲ ਵਿੱਚ ਪੜ੍ਹਦੇ ਬੱਚਿਆ ਨੂੰ, ਕਾਲਜ ਵਿੱਚ ਜਾਂਦੇ ਧੀਆਂ ਪੁੱਤਰਾ ਨੂੰ ਦੱਸਣਾ ਪਵੇਗਾ ਕਿ ਗੁਰੂ ਨਾਨਕ ਕਾਮਲ ਗੁਰੂ ਹੀ ਨਹੀ ਇੱਕ ਕਾਮਲ ਵਿਦਿਆਰਥੀ ਵੀ ਸਨ
ਬੇਨਤੀ ਕਰਤਾ
ਹਰਪ੍ਰੀਤ ਸਿੰਘ ਹਿਸਟੋਰੀਅਨ
98147-02271
.