.

ਖੱਟੀਆਂ ਮਿੱਠੀਆਂ ਯਾਦਾਂ


ਜਰਨੈਲ਼ ਸਿੰਘ
ਸਿਡਨੀ, ਅਸਟ੍ਰੇਲੀਆ

www.understandingguru.com



ਕੁਝ ਐਸਾ ਸਬੱਬ ਬਣਿਆਂ ਕਿ ਮੈਨੂੰ ਸਿਡਨੀ ਦੇ ਗੁਰਦੁਵਾਰੇ ਵਿੱਚ ਚਾਰ ਕੁ ਮਹੀਨੈ ਲਈ ਮੈਨੇਜਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਕਮੇਟੀ ਦੇ ਕੁਝ ਮੈਂਬਰਾਂ ਨੂੰ ਮੈ ਜਾਤੀ ਤੌਰ ਤੇ ਜਾਣਦਾ ਹਾਂ ਜੋ ਸਿੱਖ ਭਾਦੀਚਾਰੇ ਵਿੱਚ ਕਾਫੀ ਪੜ੍ਹੇ ਲਿਖੇ ਤੇ ਸਾਫ ਸੁਥਰੇ ਕਿਰਦਾਰ ਲਈ ਜਾਣੇ ਜਾਂਦੇ ਹਨ।ਇਸੇ ਕਰਕੇ ਮੈਂ ਇਸ ਕੰਮ ਲਈ ਹਾਂ ਕੀਤੀ।ਖੈਰ ਇਸ ਅਰਸੇ ਦੌਰਾਨ ਮੈਨੂੰ ਗੁਰਦਵਾਰੇ ਨੂੰ ਬੜਾ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਵਿਚੋਂ ਕੁਝ ਕੁ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ।
ਗੁਰੂ ਨੇ ਸਿੱਖ ਨੂੰ ਗੁਰੁਦਵਾਰੇ ਜਾ ਸੋਝੀ ਲੈਣ ਦੀ ਹਦਾਇਤ ਕੀਤੀ ਏ ਪਰ ਅਸਲੀਅਤ ਵਿੱਚ ਗੁਰੁਦਵਾਰੇ ਲੋਕ ਸੋਝੀ ਲੈਣ ਬਿਲਕੁਲ ਨਹੀਂ ਆਉਂਦੇ। ਗੁਰਦਵਾਰਾ ਗਿਆਨ ਦਾ ਸੋਮਾ ਬਣਨ ਦੀ ਵਜਾਏ ਮਹਿਜ਼ ਇੱਕ ਭਾਈਚਾਰਕ ਸਾਂਝ ਕੇਂਦਰ ਬਣ ਗਿਆ ਹੈ।
• ਗੁਰੁਦਵਾਰੇ ਲੋਕ ਜਾਂ ਤਾਂ ਸੁੱਖ ਸੁੱਖਣ ਤੇ ਜਾਂ ਫਿਰ ਸੁੱਖ ਲਾਹੁਣ ਆਉਂਦੇ ਨੇ।ਘਰ ‘ਚ ਆਈ ਹਰ ਖੁਸ਼ੀ ਗਮੀ ਦੇ ਮੌਕੇ ਲੋਕ ਗੁਰੂ ਦਾ ਆਸਰਾ ਲੈਂਦੇ ਹੋਏ ਸੁੱਖ ਸ਼ੁੱਖਦੇ ਨੇ। ਇਹ ਸੁੱਖ ਜਾਂ ਤਾਂ ਲੰਗਰ ਸੇਵਾ ਦੀ ਹੁੰਦੀ ਏ, ਜਾਂ ਅਖੰਡ ਪਾਠ, ਜਾਂ ਸਹਿਜ ਪਾਠ, ਜਾਂ ਫਿਰ ਸੁਖਮਨੀ ਸਾਹਿਬ ਦੇ ਪਾਠ ਦੀ।
• ਜਾਂ ਫਿਰ ਉਦੋਂ ਆਉਂਦੇ ਨੇ ਜਦੋਂ ਕਿਸੇ ਧੀ ਪੁੱਤ ਦਾ ਵਿਆਹ ਹੋਵੇ।
• ਜਾਂ ਫਿਰ ਮਰਗ ਦੇ ਮੌਕੇ ਆਉਂਦੇ ਨੇ।
• ਕੁਝ ਖਾਸ ਦਿਨ ਜਿਵੇਂ ਦੀਵਾਲੀ, ਵੈਸਾਖੀ ਜਾਂ ਗੁਰਪੁਰਬ ਦੇ ਮੌਕੇ ਤਾਂ ਲੋਕਾਂ ਦਾ ਹੜ ਆ ਜਾਂਦਾ ਏ।ਜਿਸ ਲਈ ਪ੍ਰਬੰਦਕਾਂ ਨੂੰ ਉਚੇਚਾ ਬੰਦੋਬਸਤ ਕਰਨਾ ਪੈਂਦਾ ਹੈ।
• ਕੁਝ ਲੋਕ ਗੁਰੂਘਰ ਆ ਕੇ ਦਰਬਾਰ ਹਾਲ ਵਿੱਚ ਬੈਠੇ ਪਾਠ ਕਰਦੇ ਰਹਿੰਦੇ ਨੇ।
• ਕੁਝ ਵੈਸੇ ਹੀ ਅੱਖਾਂ ਮੀਚ ਕੇ ਬੈਠੇ ਰਹਿੰਦੇ ਨੇ।
• ਕੁਝ ਲੋਕ ਲੰਗਰ ਹਾਲ ਵਿੱਚ ਢਾਣੀਆਂ ਬਣਾ ਬੈਠੇ ਸਾਰਾ ਦਿਨ ਆਊਦੇ ਜਾਂਦੇ ਨੂੰ ਤਾੜਦੇ ਰਹਿੰਦੇ ਨੇ।
• ਮੈਨੂੰ ਉਦੋਂ ਬਹੁਤ ਹੀ ਹੈਰਾਨੀ ਹੋਈ ਜਦੋੰ ਮੈਨੂੰ ਪਤਾ ਲਗਾ ਕਿ ਇਸ ਗੁਰੂਘਰ ਵਿੱਚ ਕੁਝ ਜਨਾਨੀਂਆਂ ਇਕ ਖਾਸ ਦਿਨ ਨਹਾਉਣ ਆਉਂਦੀਆ ਨੇ ਜਿਵੇਂ ਪੰਜਾਬ ਦੇ ਕਈ ਗੁਰਦਵਾਰਿਆ ਵਿੱਚ ਅਕਸਰ ਮੱਸਿਆ ਆਦਿਕ ਦਿਨਾਂ ਤੇ ਨਹਾਉਣ ਜਾਂਦੀਆਂ ਨੇ। ਇਹ ਰੋਕਣ ਲਈ ਕਮੇਟੀ ਨੂੰ ਗੁਸਲਖਾਨੇ ਦੀਆਂ ਟੂਟੀਆਂ ਬੰਦ ਕਰਨੀਆਂ ਪਈਆਂ।
ਗੁਰੂਘਰ ਦਾ ਰੌਜ਼ਾਨਾ ਕਾਰ ਵਿਹਾਰ ਵੀ ਉਪਰੋਕਤ ਲੋੜਾਂ ਮੁਤਾਬਿਕ ਹੀ ਢਲ ਚੁੱਕਾ ਹੈ। ਸੋਝੀ ਦੇਣਾ ਹੁਣ ਗੁਰੁਘਰਾਂ ਦੀ ਮੁੱਖ ਤਰਜੀਹ ਵੀ ਨਹੀਂ ਰਹੀ।
ਬੇਸ਼ੱਕ ਗੁਰੂਘਰ ਦੇ ਪ੍ਰਬੰਧ ਲਈ ਇੱਕ ਕਮੇਟੀ ਚੁਣੀ ਜਾਂਦੀ ਹੈ ਪਰ ਗੁਰੂਘਰ ਦਾ ਕੰਮ ਸਿਰਫ ਸੇਵਾਦਾਰਾਂ ਦੇ ਸਿਰ ‘ਤੇ ਚਲਦਾ ਹੈ। ਸੇਵਾ ਕਰਨ ਵਿੱਚ ਕਿਆ ਕੋਈ ਮੋਨਾ ਕਿਆ ਸਾਬਤ ਸੂਰਤ ਹਰ ਕੋਈ ਸ਼ਾਮਲ ਹੁੰਦਾ ਹੈ। ਹਿੰਦੂ ਵੀਰ ਵੀ ਸ਼ਾਮਲ ਹੁੰਦੇ ਦੇਖੇ। ਖਾਸ ਕਰਕੇ ਜਦੋਂ ਚਾਰ ਪੰਜ ਸੌ ਬੰਦਾ ਇਕੱਠਾ ਲੰਗਰ ਛਕਣ ਲਈ ਬੈਠ ਜਾਂਦਾ ਹੈ ਤਾਂ ਸੰਗਤ ਵਿੱਚੋਂ ਆਪ ਮੁਹਾਰੇ ਲੋਕ ਸੇਵਾ ਲਈ ਆ ਬਹੁੜਦੇ ਸਨ। ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ। ਕੋਈ ਵਰਤਣਾ ਦੀ ਸੇਵਾ ਕਰਦਾ ਹੈ ਕੋਈ ਲੰਗਰ ਵਰਤਾਉਣ ਦੀ। ਉਸ ਵੇਲੇ ਇਹ ਮਹਿਸੂਸ ਹੁੰਦਾ ਹੈ ਕਿ ਵਾਕਈ ਗੁਰੂ ਖੁਦ ਮੱਦਦ ਲਈ ਬਹੁੜਿਆ ਹੈ। ਇਹਨਾਂ ਸੇਵਾਦਾਰਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਕੌਣ ਗੁਰੂਘਰ ਦਾ ਪ੍ਰਬੰਧ ਚਲਾ ਰਿਹਾ ਹੈ। ਕੌਣ ਪ੍ਰਧਾਨ ਹੈ ਤੇ ਕੌਣ ਖਜ਼ਾਨਚੀ। ਉਹ ਆਪ ਮੁਹਾਰੇ ਲੰਗਰ ਦੀ ਸੇਵਾ ਵਿੱਚ ਲੱਗ ਜਾਂਦੇ ਨੇ।
ਸੇਵਾ ਭਾਵਨਾ ਦੇ ਹੋਰ ਵੀ ਕਈ ਰੂਪ ਦੇਖੇ।
• ਇੱਕ ਸ਼ਖਸ ਹਰ ਹਫਤੇ ਹੱਥ ਧੋਣ ਲਈ ਤਰਲ ਸਾਬਣ ਦੇ ਰੀਫਿਲ ਦੀ ਸੇਵਾ ਆਪਣੇ ਖਰਚੇ ਤੇ ਕਰ ਜਾਂਦਾ। ਉਹਨੇ ਕਦੇ ਇਹ ਨਹੀਂ ਜਤਾਇਆ ਕਿ ਉਹ ਇਹ ਸੇਵਾ ਕਰਦਾ ਹੈ। ਬਲਕਿ ਮੈਨੂੰ ਉਸਦੀ ਹਲੀਮੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।
• ਇੱਕ ਵਾਰੀ ਮੇਰੇ ਕੋਲ ਦੋ ਨੌਜਵਾਨ ਆਏ ਤੇ ਕਹਿਣ ਲੱਗੇ ਕਿ ਅਸੀਂ ਬਾਥਰੂਮ ਦੀ ਸਫਾਈ ਕਰਨੀ ਚਾਹੁੰਦੇ ਹਾਂ। ਉਹ ਆਪ ਜਾ ਕੇ ਸਫਾਈ ਦਾ ਸਾਰਾ ਸਮਾਨ ਲੈਕੇ ਆਏ ਫਿਰ ਮਰਦਾਨਾ ਗੁਸਲਖਾਨੇ ਦੀ ਬਹਤ ਹੀ ਰੂਹ ਨਾਲ ਸਫਾਈ ਕਰ ਕੇ ਗਏ।
• ਕੁਝ ਨੌਜਵਾਨ ਆਪਣੇ ਆਪ ਗੁਰੂਘਰ ਦੀਆ ਪੌੜੀਆ ਵਿੱਚ ਝਾੜੂ ਮਾਰ ਜਾਂਦੇ।
• ਸਵੇਰ ਵੇਲੇ ਕੁਝ ਬੀਬੀਆਂ ਅਤੇ ਬੰਦੇ ਰੋਜ਼ਾਨਾ ਪਰੌਂਠੇ ਜਾਂ ਰੋਟੀਆਂ ਦੀ ਨਿਸ਼ਕਾਮ ਸੇਵਾ ਕਰ ਜਾਂਦੇ।
• ਕੁਝ ਲੋਕ ਸੇਵਾ ਵੀ ਕਰਦੇ ਨੇ ਪਰ ਅਜਿਹੀ ਖੇਡ ਵੀ ਖੇਡਦੇ ਨੇ ਕਿ ਹੋਰ ਕੋਈ ਉਹ ਸੇਵਾ ਨ ਕਰ ਸਕੇ।
• ਕਈ ਡਾਇਰੈਕਟਰ ਨਿਸ਼ਕਾਮ ਸੇਵਾ ਲਈ ਹਰਦਮ ਹਾਜ਼ਰ ਰਹਿੰਦੇ ਸਨ, ਪਰ ਕਈ ਕਦੀ ਕਦਾਈਂ ਹੀ ਨਜ਼ਰ ਆਉਂਦੇ ਸਨ।
ਮੇਰੇ ਕੋਲ ਆ ਕਈ ਵਾਰੀ ਸੋਹਣੀ ਫੱਬ ਵਾਲੇ ਸਾਬਤ ਸੂਰਤ ਨੌਜਵਾਨ ਮੈਨੂੰ ਲਾਇਬਰੇਰੀ ਖੋਲਣ ਲਈ ਕਹਿੰਦੇ ਕਿਉਂਕਿ ਉਹ ਅਮੂਮਨ ਜਿਸ ਜਗ੍ਹਾ ਤੇ ਬੈਠ ਸਿਮਰਣ ਕਰਦੇ ਸਨ ਉਸ ਜਗ੍ਹਾ ਤੇ ਉਸ ਵਕਤ ਅਖੰਠ ਪਾਠ ਚਲ ਰਿਹਾ ਹੁੰਦਾ ਜਿਸ ਕਰਕੇ ਉਹ ਲਾਇਬਰੇਰੀ ਵਿੱਚ ਬੈਠ ਸਿਮਰਣ ਕਰਨਾ ਚਾਹੂੰਦੇ ਸਨ। ਮੈਂ ਉਹਨਾਂ ਨੂੰ ਚਾਬੀ ਤਾਂ ਦੇ ਦਿਂਦਾ ਸੀ ਪਰ ਸੋਚਦਾ ਸੀ ਕਿ ਪ੍ਰੋ ਸਾਹਿਬ ਸਿੰਘ ਅਨਸੁਾਰ ਸਿਮਰਨ ਦੇ ਅਰਥ ਰੱਬ ਨੂੰ ਹਰ ਵੇਲੇ ਯਾਦ ਰੱਖਣਾ ਤੇ ਉਸ ਦੀ ਰਜ਼ਾ ਜਾਂ ਹੁਕਮ ਵਿੱਚ ਰਹਿਣਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਧਰਤੀ ਚੰਦ ਸੁਰਜ ਬਲਕਿ ਪੂਰੇ ਬ੍ਰਹਿਮੰਡ, ਜੋ ਰੱਬ ਦੀ ਰਜ਼ਾ ਵਿੱਚ ਆਪੋ ਆਪਣੀ ਚਾਲੇ ਚੱਲ ਰਹੇ ਨੇ, ਨੂੰ ਸਿਮਰਣ ਕਰਦੇ ਦੱਸਿਆ ਹੈ। ਗੁਰਬਾਣੀ ਅਨੁਸਾਰ ਬੇਲ ਬੂਟੇ, ਪਾਣੀ, ਹਵਾ ਅਤੇ ਅੱਗ ਵੀ ਸਿਮਰਣ ਕਰ ਰਹੇ ਨੇ। ਪਰ ਅਸੀਂ ਇਸ ਦੇ ਅਰਥ ਧੱਕੇ ਨਾਲ ਸਿਰਫ ਰਟਣ ਕਰਨਾ ਬਣਾ ਲਏ ਨੇ। ਅਗਰ ਸਿਮਰਣ ਕੁਝ ਲਫਜ਼ਾਂ ਦਾ ਰਟਣਾ ਹੈ ਤਾਂ ਬੇਲ ਬੂਟੇ ਜਾਂ ਪਹਾੜ ਕਿਵੇਂ ਸਿਮਰਣ ਕਰਦੇ ਹੋਣਗੇ। ਖੈਰ ਮੈਂ ਕਦੇ ਉਹਨਾਂ ਨਾਲ ਕੋਈ ਬਹਿਸ ਨਹੀਂ ਕੀਤੀ ਤੇ ਨ ਹੀ ਮੇਰਾ ਮੈਨੇਜ਼ਰ ਦੀ ਹੈਸੀਅਤ ਵਿੱਚ ਕਰਨਾ ਬਣਦਾ ਸੀ। ਪਰ ਇੱਕ ਗਲ ਮੇਰੇ ਦਿਮਾਗ ਵਿੱਚ ਆਉਂਦੀ ਰਹਿੰਦੀ ਕਿ ਇਹਨਾਂ ਵਿੱਚੋਂ ਕਿਸੇ ਵੀ ਨੌਜਵਾਨ ਨੇ ਕਦੇ ਵੀ ਇਹ ਨਹੀਂ ਪੁਛਿਆ ਕਿ ਉਹ ਗੁਰੂਘਰ ਕੋਈ ਹੋਰ ਸੇਵਾ ਕਰਨਾਂ ਚਾਹੁੰਦੇ ਨੇ।
ਲੋਕ ਗੁਰੂਘਰ ਨੂੰ ਦਾਨ ਵੀ ਖੁੱਲ ਕੇ ਦਿੰਦੇ ਨੇ। ਪਰ ਬਹੁਤੇ ਲੋਕਾਂ ਦਾ ਅਜੇ ਵੀ ਇਹ ਖਿਆਲ ਬਣਿਆ ਹੋਇਆ ਹੈ ਕਿ ਦਾਨ ਗੁਪਤ ਕਰਨਾ ਚਾਹੀਦਾ ਹੈ। ਇਸ ਲਈ ਉਹ ਰਸੀਦ ਲੈਣ ਤੋਂ ਇਨਕਾਰ ਕਰਦੇ ਸਨ। ਮੈਨੂੰ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਰਸੀਦ ਲੈਣੀ ਤੇ ਦੇਣੀ ਦੋਨੋਂ ਬਹੁਤ ਜ਼ਰੂਰੀ ਨੇ। ਦਾਨ ਲੋਕ ਨਕਦ ਵੀ ਕਰਦੇ ਤੇ ਰਾਸ਼ਣ ਦੇ ਰੂਪ ਵਿੱਚ ਵੀ ਕਰਦੇ। ਕਈ ਲੋਕ ਹਰ ਮਹੀਨੇ ਕੁਝ ਮਖਸੂਸ ਰਕਮ ਦਾਨ ਕਰਦੇ ਨੇ। ਬਹੁਤੇ ਲੋਕ ਦਾਨ ਨਕਦ ਦੀ ਵਜਾਏ ਰਾਸ਼ਣ ਦੀ ਸ਼ਕਲ ਵਿੱਚ ਕਰਨਾ ਪਸੰਦ ਕਰਦੇ ਨੇ। ਉਹਨਾਂ ਦਾ ਖਿਆਲ ਹੈ ਕਿ ਇਸ ਤਰ੍ਹਾਂ ਦਾਨ ਸੰਗਤ ਦੇ ਮੂੰਹ ਪੈਂਦਾ ਜਿਸ ਦਾ ਜ਼ਿਆਦਾ ਪੁੰਨ ਲਗਦਾ ਏ। ਪਰ ਲੋਕ ਰਾਸ਼ਣ ਗੁਰੁਘਰ ਦੀ ਜ਼ਰੂਰਤ ਮੁਤਾਬਿਕ ਨਹੀੰ ਬਲਕਿ ਆਪਣੇ ਹਿਸਾਬ ਨਾਲ ਹੀ ਦਾਨ ਕਰਦੇ ਸਨ। ਰਾਸ਼ਣ ਦੇਖ ਕੇ ਸਾਫ ਪਤਾ ਲਗਦਾ ਕਿ ਇਹ ਉਹਨਾ ਕਿਸੇ ਸਿਆਂਣੇ ਤੋਂ, ਜਾਂ ਕਿਸੇ ਬਾਬੇ ਤੋਂ ਜਾਂ ਕਿਸੇ ਪੰਡਿਤ ਤੋਂ ਪੁੱਛ ਕੇ ਦਾਨ ਕੀਤਾ ਹੈ। ਛੋਟੀਆਂ ਛੋਟੀਆਂ ਲਫਾਫੀਆਂ ਵਿੱਚ ਗਿਣ ਮਿਣ ਕੇ ਦਾਲਾਂ ਦੇ ਦਾਣੇ ਪਾ ਕੇ ਦਾਨ ਕਰਨ ਦਾ ਇਹੀ ਮਤਲਬ ਹੋ ਸਕਦਾ ਏ।
ਗੁਰੂਘਰ ਵਿੱਚ ਹਰ ਰੋਜ਼ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਏ ਜਿਸ ਵਿੱਚ ਗੁਰੂ ਸਾਹਿਬ ਬੜ੍ਹੇ ਹੀ ਸਪਸ਼ਟ ਸ਼ਬਦਾਂ ਵਿੱਚ ਸਮਝਾਉਂਦੇ ਨੇ ਕਿ ਸਰਾਧਾਂ ਤੇ ਕੀਤਾ ਦਾਨ ਪਿੱਤਰਾਂ ਨੂੰ ਨਹੀਂ ਪਹੁੰਚਦਾ ਪਰ ਫਿਰ ਵੀ ਸਭ ਤੋਂ ਵੱਧ ਰਾਸ਼ਣ ਗੁਰੂਘਰ ਵਿੱਚ ਸਰਾਧਾਂ ਮੌਕੇ ਹੀ ਚੜ੍ਹਦਾ ਏ। ਇਨ੍ਹਾਂ ਚੜ੍ਹਦਾ ਏ ਕਿ ਸਾਂਭਣਾ ਔਖਾ ਹੋ ਜਾਂਦਾ ਏ। ਇੱਕ ਵਾਰ ਤਾਂ ਕਿਸੇ ਨੇ ਵਾਲ ਸਾਫ ਕਰਨ ਵਾਲੀ ਕਰੀਮ ਵੀ ਸਰਾਧਾਂ ਦੌਰਾਨ ਦਾਨ ਵਿੱਚ ਚੜਾਈ। ਹੋ ਸਕਦਾ ਉਹਨਾਂ ਦੇ ਪਿੱਤਰ ਸ਼ੇਵ ਕਰਦੇ ਹੋਣ। ਰਾਸ਼ਣ ਦੇ ਰੂਪ ਵਿੱਚ ਆਇਆ ਦਾਨ ਗੁਰੂਘਰ ਲਈ ਮਦਦ ਘੱਟ ਤੇ ਸਮੱਸਿਆ ਜ਼ਿਆਦਾ ਹੈ। ਇਹ ਮਦਦ ਤਾਂ ਹੀ ਬਣ ਸਕਦੀ ਏ ਅਗਰ ਗੁਰੂਘਰ ਦੀ ਜ਼ਰੂਰਤ ਮੁਤਾਬਿਕ ਰਾਸ਼ਣ ਦਾਨ ਕੀਤਾ ਜਾਵੇ। ਪੰਡਿਤਾਂ ਜਾਂ ਬਾਬਿਆਂ ਤੋਂ ਪੁੱਛ ਕੇ ਕੀਤਾ ਦਾਨ ਜੋ ਗੁਰੂ ਘਰ ਦੀ ਵਰਤੋਂ ਵਿੱਚ ਨਹੀੰ ਆਉਂਦਾ ਜਾਂ ਤਾਂ ਵਾਪਸ ਵੇਚਣਾ ਪੈੰਦਾ ਏ ਜਾਂ ਮੁਫਤ ਵੰਡਿਆ ਜਾਂਦਾ ਏ ਜਾਂ ਪਿਆ ਪਿਆ ਖਰਾਬ ਹੋ ਜਾਂਦਾ ਏ।
ਇਸ ਸਮੇ ਦੌਰਾਨ ਗੁਰੂਦਵਾਰੇ ਦੀਆਂ ਚੋਣਾਂ ਵੀ ਹੋਈਆਂ ਜਿਸ ਕਰਕੇ ਮੈਨੂੰ ਗੁਰੂਘਰ ਦੀ ਸਿਆਸਤ ਦੇ ਵੀ ਕਈ ਰੂਪ ਵੇਖਣ ਨੂੰ ਮਿਲੇ। ਗੁਰੂਘਰ ਦੇ ਪ੍ਰਬੰਧ ਲਈ ਕਮੇਟੀ ਸਿਰਫ ਪੰਜੀਕ੍ਰਿਤ ਮੈਂਬਰ ਹੀ ਚੁਣ ਸਕਦੇ ਨੇ। ਗੁਰੂ ਦੀ ਸਿਖਿਆ ਦੇ ਉਲਟ ਹੱਕ ਸੱਚ ਦੇ ਧੜ੍ਹੇ ਨਾਲ ਖੜਨ ਦੀ ਵਜਾਏ ਇਹ ਮੈਂਬਰ ਅਨੇਕਾਂ ਧੜਿਆਂ ਵਿੱਚ ਵੰਡੇ ਹੋਏ ਨੇ। ਜਿੱਧਰ ਜ਼ਿਆਦਾ ਧੜੇ ਹੋ ਜਾਂਦੇ ਨੇ ਉਹ ਜਿੱਤ ਜਾਂਦੇ ਨੇ। ਵੋਟਾਂ ਵੇਲੇ ਮੁੱਖ ਮੁੱਦਾ ਹੱਕ ਸੱਚ ਜਾਂ ਗੁਰੂ ਘਰ ਦਾ ਪ੍ਰਬੰਧ ਨਹੀਂ ਹੁੰਦਾ ਬਲਕਿ ਇਹ ਦੇਖਿਆ ਜਾਂਦਾ ਏ ਕਿ ਸਾਡਾ ਧੜਾ ਕਿਹੜੇ ਪਾਸੇ ਹੈ। ਕਿਸੇ ਧੜੇ ਵਿੱਚ ਜਿੰਨੀਆਂ ਜ਼ਿਆਦਾ ਵੋਟਾਂ ਨੇ ਉਨ੍ਹਾਂ ਹੀ ਉਹ ਸ਼ਕਤੀਸ਼ਾਲੀ ਹੁੰਦਾ ਹੈ। ਹਰ ਇੱਕ ਧੜੇ ਵਿੱਚ ਕਈ ਕਈ ਨੇਤਾ ਨੇ ਜੋ ਆਪਸ ਵਿੱਚ ਵੀ ਖਹਿੰਦੇ ਰਹਿੰਦੇ ਨੇ। ਕੁਝ ਨੇਤਾ ਤਾਂ ਪ੍ਰਬੰਧਿਕ ਕਮੇਟੀ ਵਿਚ ਡਾਇਰੈਕਟਰ ਬਣ ਜਾਂਦੇ ਨੇ ਬਾਕੀ ਪਿੱਛਿਓਂ ਪੁਤਲੀਆਂ ਦੇ ਧਾਗੇ ਖਿੱਚ ਅਨੰਦ ਲੈਂਦੇ ਰਹਿੰਦੇ ਨੇ। ਜਿਹੜੀ ਧਿਰ ਹੁਕਮਰਾਨ ਨਹੀਂ ਹੁੰਦੀ ਉਹ ਹਰ ਉਹ ਹੱਥਕੰਡਾ ਅਪਣਾਉਂਦੀ ਏ ਜਿਸ ਨਾਲ ਹੁਕਮਰਾਨ ਧਿਰ ਦੀ ਬਦਨਾਮੀ ਹੋਵੇ। ਇਸ ਲਈ ਝੂਠ ਬੋਲਣ ਤੋਂ ਵੀ ਗੁਰੇਜ਼ ਨਹੀਂ ਕਰਦੇ ਤੇ ਨਾ ਹੀ ਗੁਰੂ ਘਰ ਦੇ ਸਤਿਕਾਰ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਵਿਰੋਧੀ ਧਿਰ ਵਲੋਂ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਗੁਰੂਘਰ ਦੇ ਗੁਸਲਖਾਨੇ ਬਹੁਤ ਮੁਸ਼ਕ ਮਾਰਦੇ ਨੇ। ਵਿੱਚ ਰਹਿੰਦਿਆਂ ਹੋਣ ਕਰਕੇ ਮੈਨੂੰ ਪਤਾ ਸੀ ਕਿ ਕਮੇਟੀ ਇਸ ਸਮੱਸਿਆ ਦੇ ਹੱਲ ਲਈ ਬਹੁਤ ਕੋਸ਼ਿਸ਼ ਕਰ ਰਹੀ ਹੈ। ਪੇਸ਼ਾਵਰ ਸਫਾਈ ਕਰਨ ਵਾਲੇ ਰੱਖੇ ਹੋਏ ਸਨ। ਕਈ ਵਾਰ ਏਅਰ ਫਰੈਸ਼ਨਰ ਬਦਲੇ। ਪਰ ਸਾਰੇ ਹੀਲੇ ਬੇਕਾਰ ਕਿਉਂਕਿ ਲੋਕ
• ਕਦੀ ਗੁਸਲਖਾਨੇ ਵਿਚ ਫਰਸ਼ ਤੇ ਪਿਸ਼ਾਬ ਕਰਕੇ ਚਲੇ ਜਾਂਦੇ।
• ਕਦੀ ਗੁਸਲਖਾਨੇ ਦਾ ਸਫਾਈ ਲਈ ਚਲਦਾ ਪਾਣੀ ਪਿਛਿਓਂ ਬੰਦ ਕਰ ਜਾਂਦੇ।
• ਕਦੀ ਟੱਟੀਖਾਨੇ ਵਿੱਚ ਪੂਰੇ ਦਾ ਪੂਰਾ ਟੁਆਲਿਟ ਰੌਲ ਧੱਕ ਜਾਂਦੇ।
• ਕਦੀ ਲੰਗਰ ਦੀਆਂ ਰੋਟੀਆਂ ਪਾ ਜਾਂਦੇ।
• ਕਦੀ ਆਪਣੇ ਗੰਦ ਨੂੰ ਆਲੇ ਦੁਆਲੇ ਖਿਲਾਰ ਜਾਂਦੇ।
ਅਜਿਹੇ ਲੋਕ ਜਾਂ ਤਾਂ ਜ਼ਿਹਨੀ ਮਰੀਜ਼ ਹੋ ਸਕਦੇ ਨੇ ਜਾਂ ਫਿਰ ਗੰਦੀ ਸਿਆਸਤ ਦੇ ਮਰੀਜ਼। ਜੋ ਨੇਤਾ ਕਮੇਟੀ ਤੋਂ ਨਾਖੁਸ਼ ਸਨ ਉਹ ਕਈ ਹਾਸੋਹੀਣੇ ਇਤਰਾਜ਼ ਵੀ ਕਰਦੇ ਸਨ। ਮਸਲਨ ਗੁਰਦਵਾਰੇ ਵਿੱਚ ਚਾਹ ਨਹੀਂ ਮਿਲਦੀ ਜਾਂ ਸਵੇਰ ਨੂੰ ਪਰੌਂਠੇ ਨਹੀਂ ਮਿਲਦੇ। ਕਈ ਇਹ ਇਤਰਾਜ਼ ਵੀ ਕਰਦੇ ਕਿ ਪਰੌਂਠੇ ਲੋਕ ਖਾਣ ਦੀ ਵਜਾਏ ਨਾਲ ਕਿਉਂ ਲੈਕੇ ਜਾਂਦੇ ਹਨ। ਕਈ ਇਹੀ ਪ੍ਰਚਾਰ ਕਰੀ ਜਾਂਦੇ ਨੇ ਕਿ ਹੁਣ ਸੰਗਤ ਘੱਟ ਆਉਂਦੀ ਏ ਜਾਂ ਸੇਵਾਦਾਰ ਘੱਟ ਗਏ ਨੇ। ਇਸ ਸਾਰਾ ਕੁਝ ਨਿਰਾ ਝੂਠ ਸੀ। ਗੁਰਦਵਾਰੇ ਦੀ ਆਮਦਨ ਦਾ ਵਧਣਾ ਸੰਗਤ ਦੇ ਵਧਣ ਦਾ ਸਬੂਤ ਸੀ ਤੇ ਸੇਵਾਦਾਰਾਂ ਨੂੰ ਤਾ ਮੈਂ ਹਰ ਰੋਜ਼ ਦੇਖਦਾ ਸਾਂ।
ਨਵੀੰ ਕਮੇਟੀ ਦੇ ਆੳਣ ਨਾਲ ਮੈ ਲੋਕਾਂ ਦੇ ਇੱਕਦਮ ਰੰਗ ਵੀ ਬਦਲਦੇ ਦੇਖੇ। ਇਹਨਾਂ ਵਿੱਚ ਸੇਵਾਦਾਰ ਵੀ ਸ਼ਾਮਲ ਸਨ ਤੇ ਪ੍ਰਚਾਰਕ ਵੀ। ਪੁਰਾਣੀ ਕਮੇਟੀ ਪੁਜਾਰੀਵਾਦ ਤੇ ਬਾਬਿਆਂ ਦੇ ਖਿਲਾਫ ਸੀ ਪਰ ਨਵੀਂ ਕਮੇਟੀ ਦੇ ਆਉਣ ਨਾਲ ਹੀ ਪ੍ਰਚਾਰ ਬਦਲ ਗਿਆ ਤੇ ਬਾਬੇ ਵੀ ਆਉਣ ਲਗ ਪਏ। ਬੜਾ ਹੀ ਦਿਲਚਸਪ ਵਰਤਾਰਾ ਹੈ। ਸਥਾਨਿਕ ਨੇਤਾ ਹੁੱਬਦੇ ਫਿਰਦੇ ਨੇ ਕਿ ਹੁਣ ਸਭ ਕੁਝ ਉਹਨਾਂ ਦੇ ਹੱਥ ਵੱਸ ਹੈ ਪਰ ਉਹ ਖੁਦ ਆਪ ਕਿਸੇ ਡੇਰੇ ਜਾਂ ਬਾਬੇ ਦੇ ਇਸ਼ਾਰੇ ਤੇ ਚਲ ਰਹੇ ਨੇ। ਉਹਨਾ ਬਾਬਿਆਂ ਜਾਂ ਡੇਰਿਆਂ ਦੀ ਬਾਗਡੋਰ ਨਾਗੁਪਰ ਦੇ ਹੱਥ ਹੈ। ਨਾਗਪੁਰ ਨੂੰ ਉਪਰ ਵਾਲਾ ਨਚਾ ਰਿਹਾ ਏ। ਗੁਰੂ ਨੇ ਸਿੱਖ ਨੂੰ ਇਸੇ ਪੁਤਲੀ ਦੇ ਨਾਚ ਤੋਂ ਬੇਖਬਰ ਕਰ ਬਿਬੇਕ ਦੇ ਲੜ ਲਾਇਆ ਸੀ ਪਰ ਸਿੱਖ ਖੁਦ ਹੀ ਨੱਚਣ ਲੱਗ ਪਿਆ।
ਗੁਰੂਘਰਾਂ ਵਿੱਚ ਪ੍ਰਚਾਰ ਦੀ ਜੁੰਮੇਵਾਰੀ ਗ੍ਰੰਥੀ ਸਿੰਘਾਂ ਜਾਂ ਰਾਗੀ ਸਿੰਘਾਂ ਕੋਲ ਹੁੰਦੀ ਹੈ। ਸੰਗਤ ਵਿੱਚ ਅਗਰ ਕਿਸੇ ਦਾ ਕੋਈ ਧਰਮ ਸਬੰਧੀ ਸਵਾਲ ਹੈ ਤਾਂ ਉਹ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਹੀ ਪੁੱਛਦਾ ਏ। ਬਦਕਿਸਮਤੀ ਨਾਲ ਅਸੀਂ ਅਜਿਹਾ ਮਹੌਲ ਨਹੀਂ ਸਿਰਜ ਸਕੇ ਜਿਸ ਵਿੱਚ ਸਿੱਖ ਪ੍ਰਚਾਰਕ ਪੇਸ਼ੇਵਰ ਮੁਹਾਰਿਤ ਹਾਸਲ ਕਰਨ ਤਾਂ ਜੋ ਪ੍ਰਚਾਰ ਦੇ ਨਾਲ ਨਾਲ ਉਹਨਾਂ ਦੀ ਰੋਜ਼ੀ ਰੋਟੀ ਦਾ ਮਸਲਾ ਵੀ ਹਲ ਹੋਵੇ। ਅਸੀਂ ਕੁਝ ਨਾਮੀ ਗਰਾਮੀ ਪ੍ਰਚਾਰਕਾਂ ਦੇ ਤਾਂ ਜੁੱਤੇ ਵੀ ਚੱਟਣ ਲਈ ਤਿਆਰ ਹਾਂ ਪਰ ਬਾਕੀ ਪ੍ਰਚਾਰਕਾਂ ਦੀ ਭੋਰਾ ਕਦਰ ਨਹੀਂ ਕਰਦੇ। ਇਸ ਵਿੱਚ ਸਿੱਖ ਸੰਸਥਾਵਾਂ ਅਤੇ ਪ੍ਰਚਾਰਿਕ ਦੋਨੋਂ ਬਰਾਬਰ ਦੇ ਕਸੂਰਵਾਰ ਹਨ ਜਿਸ ਦਾ iਖਮਿਆਜਾ ਦੋਨੋਂ ਹੀ ਭੁਗਤ ਰਹੇ ਨੇ। ਅਜੋਕੀ ਦਸ਼ਾ ਇਹ ਹੈ ਕਿ ਬਹੁਤਾਤ ਪ੍ਰਚਾਰਕਾਂ ਦਾ ਮਕਸਦ ਪ੍ਰਚਾਰ ਨਹੀਂ ਬਲਕਿ ਵੱਧ ਤੋਂ ਵੱਧ ਕਮਾਈ ਕਰਨਾਂ ਹੈ।
• ਮੇਰੇ ਕੋਲ ਗ੍ਰੰਥੀ ਸਿੰਘ ਨੇ ਇਤਰਾਜ਼ ਕੀਤਾ ਕਿ ਅਨੰਦ ਕਾਰਜ਼ ਸਮੇ ਉਹ ਵੀ ਲਾਵਾਂ ਦਾ ਪਾਠ ਕਰਦਾ ਏ ਪਰ ਰਾਗੀ ਸਿੰਘਾਂ ਨੂੰ ਪੈਸੇ ਉਸ ਨਾਲੋਂ ਜ਼ਿਆਦਾ ਬਣਦੇ ਨੇ।
• ਰਾਗੀ/ਪਾਠੀ ਸਿੰਘ ਅਕਸਰ ਲੋਕਾਂ ਦੇ ਘਰਾਂ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਨ ਜਾਂਦੇ। ਅਗਰ ਉਹ ਕੀਰਤਨ ਵੀ ਕਰਦੇ ਤਾਂ ਜ਼ਿਆਦਾ ਪੈਸੇ ਬਣਦੇ ਨੇ। ਉਹਨਾਂ ਦੀ ਇਹ ਕੋਸ਼ਿਸ ਹੁੰਦੀ ਕਿ ਘਰ ਵਾਲੇ ਕੀਰਤਨ ਵੀ ਕਰਾਉਣ। ਤਾਂ ਜੋ ਉਹਨਾਂ ਨੂੰ ਹੋਰ ਮਾਇਆ ਮਿਲੇ।
• ਅਖੰਡ ਪਾਠ ਦੀ ਸੇਵਾ ਕਰਦੇ ਪਾਠੀ ਸਿੰਘ ਮਹਿੰਗੇ ਅਤਰ ਵਾਲੇ ਬਰੈਂਡਡ ਤੇਲ ਤੇ ਹੋਰ ਰੋਜ਼ਮਰ੍ਹਾ ਦੀ ਵਰਤੋ ਵਾਲੀਆਂ ਮਹਿੰਗੀਆਂ ਬਰੈਂਡਡ ਵਸਤੂਆਂ ਦੀ ਮੰਗ ਕਰਦੇ। ਉਹਨਾਂ ਨੂੰ ਸਲੀਕੇ ਨਾਲ ਇਸ ਤੋਂ ਰੋਕਿਆ ਗਿਆ।
• ਇੱਕ ਪਹੁਲਧਾਰੀ ਨੌਜਵਾਨ ਕਿਸੇ ਜਥੇਦਾਰ ਦਾ ਹਵਾਲਾ ਦੇ ਕੇ ਕਹਿਣ ਲਗਾ ਕਿ ਉੁਹ ਗੁਰੁ ਗ੍ਰੰਥ ਸਾਹਿਬ ਜੀ ਦੀ ਸੇਵਾ ਭਾਵ ਪਾਠ ਕਰ ਸਕਦਾ ਹੈ ਅਤੇ ਜਦੋਂ ਸਾਨੂੰ ਲੋੜ ਹੋਵੇ ਉਸ ਨੂੰ ਜ਼ਰੂਰ ਬੁਲਾ ਲਿਆ ਜਾਵੇ। ਪਰ ਜਦੋਂ ਉਸ ਨੂੰ ਬੁਲਾਇਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਹੁਣ ਕੋਲਜ਼ ਵਿੱਚ ਕੰਮ ਕਰਨ ਦੇ ਜ਼ਿਆਦਾ ਪੈਸੇ ਮਿਲਦੇ ਨੇ।
• ਗੁਰੂਘਰ ਵਿੱਚ ਇੱਕ ਪੱਕੇ ਰਾਗਾਂ ਵਿੱਚ ਰਸਭਿੰਨਾਂ ਕੀਰਤਨ ਕਰਨ ਵਾਲੇ ਸੱਜਣ ਸੇਵਾ ਕਰ ਰਹੇ ਸਨ। ਉਸ ਵਾਰੇ ਦੂਸਰਾ ਕੀਰਤਨੀਆਂ ਮੈੰਨੂੰ ਕਹਿਣ ਲੱਗਾ ਕਿ ਉਸ ਵਿੱਚ ਕਲਾ ਤਾਂ ਹੈ ਪਰ ਲੋਕ ਇਸ ਕਲਾ ਨੂੰ ਪਸੰਦ ਨਹੀਂ ਕਰਦੇ ਬਲਕਿ ਜੋ ਮਸਾਲੇਦਾਰ ਕੀਰਤਨ ਉਹ ਕਰਦੇ ਨੇ ਉਸ ਨੂੰ ਜ਼ਿਆਦਾ ਪਸੰਦ ਕਰਦੇ ਨੇ। ਉਹ ਕੋਈ ਜ਼ਿਆਦਾ ਝੂਠ ਵੀ ਨਹੀਂ ਸੀ ਬੋਲ ਰਿਹਾ।
ਮੈਨੂੰ ਸਭ ਤੋਂ ਵੱਧ ਖੁਸ਼ੀ ਦੂਸਰੇ ਫਿਰਕਿਆ ਤੋਂ ਆਏ ਸੱਜਣਾਂ ਦੀ ਮਹਿਮਾਨ ਨਿਵਾਜ਼ੀ ਕਰਕੇ ਮਿਲੀ। ਇਸ ਸਮੇ ਦੌਰਾਨ ਮੈ ਕਈ ਸਕੂਲਾਂ ਦੇ ਬੱਚਿਆਂ ਨੂੰ, ਈਸਾਈ ਅਤੇ ਯਹੂਦੀ ਮਹਿਮਾਨਾਂ ਨੂੰ ਮਿਲਿਆ। ਉਹਨਾਂ ਨਾਲ ਮੈਂ ਆਪਣੀ ਸਮਝ ਮੁਤਾਬਿਕ ਸਿੱਖ ਧਰਮ ਦੀ ਜਾਣਕਾਰੀ ਸਾਂਝੀ ਕੀਤੀ। ਸਭ ਤੋਂ ਪਹਿਲਾਂ ਉਹ ਲੰਗਰ ਹਾਲ ਵਿੱਚ ਲੱਗੀਆਂ ਖਾੜਕੂਆਂ ਦੀਆਂ ਤਸਵੀਰਾਂ ਵਾਰੇ ਪੁਛਦੇ ਕਿ ਇਹ ਕੌਣ ਨੇ। ਕਈ ਔਖੇ ਸਵਾਲ ਵੀ ਪੁਛੇ ਗਏ। ਮਸਲਨ ਸਮਲਿੰਗੀ ਪ੍ਰਵਿਰਤੀ ਵਾਰੇ ਸਿੱਖ ਧਰਮ ਦਾ ਕੀ ਵਿਚਾਰ ਹੈ।
ਅਸਟ੍ਰੇਲੀਆ ਪੜ੍ਹਨ ਲਈ ਆਏ ਨੌਜਵਾਨ ਅਕਸਰ ਗੁਰਦਵਾਰੇ ਵਿੱਚ ਕੰਮ ਦੀ ਤੈਲਾਸ਼ ਲਈ ਆਉਂਦੇ। ਸਭ ਨੂੰ ਤਾਂ ਕੰਮ ਨਹੀਂ ਦਿੱਤਾ ਜਾ ਸਕਦਾ ਸੀ ਪਰ ਜਿਹਨਾਂ ਨੂੰ ਕੰਮ ਤੇ ਰੱਖਿਆਂ ਜਾਂਦਾ ਜਿਵੇਂ ਹੀ ਉਹਨਾ ਨੂੰ ਬਾਹਰ ਕੰਮ ਮਿਲਦਾ ਉਹ ਛੱਡ ਜਾਂਦੇ ਸਨ। ਮੈਂ ਤਾ ਸਗੋਂ ਉਹਨਾ ਨੂੰ ਖੁਦ ਬਾਹਰ ਕੰਮ ਕਰਨ ਲਈ ਪ੍ਰੇਰਦਾ ਰਹਿੰਦਾ ਸਾਂ ਕਿਉਂਕਿ ਇੱਥੇ ਕਾਮਯਾਬ ਹੋਣ ਲਈ ਉਹਨਾਂ ਲਈ ਇਹ ਬਹੁਤ ਜ਼ਰੂਰੀ ਸੀ। ਗੁਰਦਵਾਰੇ ਵਿੱਚ ਕੰਮ ਕਰਦੇ ਉਹ ਇੱਕ ਦੂਜੇ ਨਾਲ ਖਹਿਬਾਜ਼ੀ ਵੀ ਕਰਦੇ, ਝੁਠੇ ਸੱਚੇ ਇਲਜ਼ਾਮ ਵੀ ਲਾਉਂਦੇ। ਸੰਗਤ ਅਤੇ ਕਮੇਟੀ ਵਿੱਚ ਵੀ ਕੁਝ ਲੋਕ ਉਹਨਾ ਨਾਲ ਹਮਦਰਦੀ ਕਰਦੇ ਕੁਝ ਸ਼ਖਤ ਇਤਰਾਜ਼ ਕਰਦੇ ਕਿ ਇਹਨਾਂ ਨੂੰ ਮੁਫਤ ਦੀ ਰਿਹਾਇਸ਼ ਅਤੇ ਰੋਟੀ ਮਿਲ ਰਹੀ ਹੈ। ਉਹ ਕਈ ਪੁੱਠੇ ਸਿੱਧੇ ਕੰਮ ਵੀ ਕਰਦੇ। ਮਸਲਨ ਖਿੜਕੀ ਰਾਹੀਂ ਸੌਣ ਲਈ ਅੰਦਰ ਬੜਨਾ। ਉਹ ਜਿੱਥੇ ਸੌਂਦੇ ਸਨ ਸਫਾਈ ਬਿਲਕੁਲ ਹੀ ਨਹੀਂ ਕਰਦੇ ਸਨ। ਖੈਰ ਰੱਬ ਕਿਸੇ ਦੇ ਵੀ ਧੀ ਪੁੱਤ ਨੂੰ ਅਜਿਹੇ ਹਾਲਾਤਾਂ ਵਿੱਚਦੀ ਨਾ ਲੰਘਾਵੇ।
ਇੱਕ ਵਾਰ ਚਾਰ ਪੰਜ ਨੌਜਵਾਨ ਬੜ੍ਹੇ ਹੀ ਗੁੱਸੇ ਵਿੱਚ ਮੇਰੇ ਕੋਲ ਆਕੇ ਕਹਿਣ ਲੱਗੇ ਕਿ ਜੋ ਸੰਨ 84 ਦੇ ਘਲੂਘਾਰੇ ਵਾਰੇ ਪੋਸਟਰ ਲੱਗੇ ਹੋਏ ਨੇ ਉਹ ਅੰਗਰੇਜ਼ੀ ਵਿੱਚ ਕਿਉਂ ਨੇ। ਜਦੋਂ ਮੈਂ ਉਹਨਾਂ ਨੂੰ ਪੁਛਿਆ ਕਿ ਕੀ ਅਸੀਂ ਇਸ ਘਲੂਘਾਰੇ ਵਾਰੇ ਸਿਰਫ ਪੰਜਾਬੀਆਂ ਨੂੰ ਹੀ ਦੱਸਣਾ ਹੈ ਜਾ ਬਾਕੀ ਦੁਨੀਆਂ ਨੂੰ ਵੀ ਇਸ ਵਾਰੇ ਜਾਣਕਾਰੀ ਦੇਣੀ ਹੈ ਤਾਂ ਉਹ ਸ਼ਾਂਤ ਹੋ ਗਏ। ਫਿਰ ਉਹਨਾ ਨੂੰ ਮੈਂ ਗੁਰਘਰ ਵਲੋ ਚਲਾਏ ਜਾ ਰਹੇ ਬੇਹੱਦ ਸਫਲ ਪੰਜਾਬੀ ਸਕੂਲ਼ ਦੀ ਜਾਣਕਾਰੀ ਵੀ ਦਿੱਤੀ। ਇੱਕ ਹੋਰ ਨੌਜ਼ਵਾਨ ਮੇਰੇ ਕੋਲ ਵਾਰ ਵਾਰ ਇਹ ਗਿਲਾ ਕਰਦਾ ਕਿ ਅੰਦਰ ਆਉਂਦਿਆ ਹੀ ਜਿਹੜੀ ਗੁਰੁ ਦੀ ਵੱਡੀ ਸਾਰੀ ਤਸਵੀਰ ਸੀ ਉਹ ਹੁਣ ਨਹੀਂ ਦਿੱਸ ਰਹੀ। ਉਸ ਨੂੰ ਇਹ ਦੱਸਣ ਦਾ ਕਿ ਗੁਰੂ ਦੀ ਸਹੀ ਤਸਵੀਰ ਤਾਂ ਗੁਰੂ ਦਾ ਸ਼ਬਦ ਹੈ ਉਸਤੇ ਕੋਈ ਅਸਰ ਨਹੀ ਹੋਇਆ। ਉਹ ਵਾਰ ਵਾਰ ਇਹੀ ਕਹਿੰਦਾ ਰਿਹਾ ਕਿ ਬਚਪਨ ਤੋਂ ਹੀ ਉਸਦੀ ਸ਼ਰਧਾ ਗੁਰੁ ਦੀ ਤਸਵੀਰ ਵਿੱਚ ਬਣੀ ਹੋਈ ਹੈ। ਮੈਂ ਸੋਚਦਾ ਸਾ ਇਸੇ ਕਰਕੇ ਕਹਿੰਦੇ ਨੇ ਕਿ ਪਨੀਰੀ ਨੂੰ ਬਚਪਨ ਤੋਂ ਹੀ ਸਾਂਭਣਾ ਜ਼ਰੂਰੀ ਹੈ।
21 ਫਰਵਰੀ 2024




.