.

ਧਾਰਣਾ

ਮਨੁੱਖ ਦੀ ਮਾਨਸਿਕਤਾ ਆਦਿ ਕਾਲ ਤੋਂ ਹੀ ਕਈ ਧਾਰਣਾਵਾਂ ਦੀ ਮੁਥਾਜ ਬਣੀ ਹੋਈ ਹੈ। ਇਹ ਧਾਰਣਾਵਾਂ ਮਨੁੱਖਤਾ ਵਾਸਤੇ ਕਲਿਆਣਕਾਰੀ ਵੀ ਹੋ ਸਕਦੀਆਂ ਹਨ ਅਤੇ ਵਿਨਾਸ਼ਕਾਰੀ ਵੀ। ਪਰੰਤੂ ਮਨੁੱਖ ਦੀ ਇਹ ਬਦਕਿਸਮਤੀ ਹੈ ਕਿ ਪ੍ਰਚੱਲਿਤ ਕੀਤੀਆਂ ਹੋਈਆਂ ਅਧਿਕਤਰ ਧਾਰਣਾਵਾਂ ਮਨੁੱਖਤਾ ਵਾਸਤੇ ਵਿਨਾਸ਼ਕਾਰੀ ਹੀ ਹਨ।

{ਧਾਰਣਾ: ਸੋਚ, ਸੰਕਲਪ, ਭਾਵਨਾ, ਖ਼ਿਆਲ……; conception, notion etc. ਗ਼ਲਤ ਧਾਰਣਾ: ਗ਼ਲਤ ਸੋਚ: ਭਰਾਂਤੀ, ਗ਼ਲਤਫ਼ਹਿਮੀ, ਝੱਖ…… (misconception).}

ਧਾਰਣਾ ਦਾ ਸੰਬੰਧ ਮਨੁੱਖ ਦੀ ਮਾਨਸਿਕਤਾ ਨਾਲ ਹੈ। ਮਨੁੱਖਾ ਸਮਾਜ ਵਿੱਚ ਪ੍ਰਚੱਲਿਤ ਅਧਿਕਤਰ ਧਾਰਣਾਵਾਂ ਦਾ ਜਾਲ ਮਨੁੱਖਾ ਮਨ ਨੂੰ ਵੱਸ ਵਿੱਚ ਕਰਨ ਵਾਸਤੇ ਉਣਿਆ ਜਾਂਦਾ ਹੈ। ਧਾਰਣਾਵਾਂ ਦੇ ਵਿਸ਼ੈਲੇ ਜਾਲ ਵਿੱਚ ਉਲਝਾਈ ਹੋਈ ਜਨਤਾ ਦੇ ਤਨ-ਮਨ ਉੱਤੇ ਰਾਜ ਕਰਨ, ਮਨੁੱਖਤਾ ਉੱਤੇ ਜ਼ੁਲਮ ਢਾਹੁਣ ਅਤੇ ਆਪਣੇ ਸੁੱਖ-ਆਰਾਮ ਅਤੇ ਅਯਾਸ਼ ਜੀਵਨ ਵਾਸਤੇ ਇਨਸਾਨੀਯਤ ਨਾਲ ਅਨਿਆਂ ਕਰਨ ਲਈ ਪ੍ਰਚੱਲਿਤ ਕੀਤੀਆਂ ਜਾਂਦੀਆਂ ਸਨ/ਹਨ। ਇਸੇ ਲਈ ਦਾਰਸ਼ਨਿਕ ਭਾਸ਼ਾ ਵਿੱਚ ਧਾਰਣਾ ਨੂੰ ਮਾਨਸਿਕ ਕੁੜਿੱਕੀ (mental trap) ਵੀ ਕਿਹਾ ਜਾਂਦਾ ਹੈ। ਬਾਬਾ ਆਦਮ ਦੇ ਮਿਥਿਹਾਸਕ ਯੁੱਗ ਤੋਂ ਹੀ ਪ੍ਰਜਾ ਦੀ ਸੋਚ ਗ਼ਲਤ ਧਾਰਣਾਵਾਂ ਦੇ ਫੰਧੇ ਵਿੱਚ ਫਸੀ ਹੋਈ ਹੈ। ਹੱਥਲੇ ਲੇਖ ਵਿੱਚ ਅਸੀਂ ਮਨੁੱਖਤਾ ਲਈ ਕੁਝ-ਇਕ ਅਤਿ ਘਾਤਿਕ ਧਾਰਣਾਵਾਂ ਉੱਤੇ ਵਿਚਾਰ ਕਰਾਂਗੇ।

ਮਾਨਵ ਸਮਾਜ ਵਿੱਚ ਅਮਾਨਵੀ ਧਾਰਣਾਵਾਂ ਪ੍ਰਚੱਲਿਤ ਕਰਨ ਵਾਲੀ ਸਵਾਰਥੀ ਕਪਟੀਆਂ ਦੀ ਇੱਕ ਸ਼ੈਤਾਨ-ਮੰਡਲੀ ਹੈ ਜਿਸ ਨੂੰ ਲੋਕ-ਬੋਲੀ ਵਿੱਚ ਚੰਡਾਲ-ਚੌਕੜੀ ਵੀ ਕਿਹਾ ਜਾਂਦਾ ਹੈ। ਇਸ ਮੰਡਲੀ ਦੇ ਨਾਮੀ ਭਾਈਵਾਲ ਹਨ: ਰਾਜੇ/ਸ਼ਾਸਕ, ਸੰਪਰਦਾਈ ਧਰਮਾਂ ਦੇ ਸੰਸਥਾਪਕ, ਸਮਰਥਕ ਅਤੇ ਪ੍ਰਚਾਰਕ, ਮੁਨਾਫ਼ਾਖ਼ੋਰ ਚੋਰਬਾਜ਼ਾਰੀਏ ਅਤੇ ਇਨ੍ਹਾਂ ਸਾਰਿਆਂ ਦੇ ਮਰੀ ਜ਼ਮੀਰ ਵਾਲੇ ਖ਼ੁਸ਼ਾਮਦੀ ਟੱਟੂ। ਇਤਿਹਾਸਕ ਯੁੱਗ ਵਿੱਚ ਵਿਚਰੇ ਕੁਝ-ਇਕ ਮਾਨਵਵਾਦੀ ਮਹਾਂਪੁਰਖਾਂ ਨੇ, ਸਮੇਂ ਸਮੇਂ, ਇਸ ਚੰਡਾਲ-ਚੌਕੜੀ ਦੀਆਂ ਮਾਨਵ-ਘਾਤਿਕ ਕਰਤੂਤਾਂ ਨੂੰ ਨਿਧੜਕ ਹੋ ਕੇ ਜੱਗ ਜ਼ਾਹਿਰ ਕੀਤਾ ਅਤੇ ਇਨ੍ਹਾਂ ਫ਼ਰੇਬੀਆਂ ਦੀ ਅਸਲੀਯਤ ਦੱਸ ਕੇ ਇਨ੍ਹਾਂ ਪਾਜੀਆਂ ਦੇ ਚੰਗੇ ਬਖੀਯੇ ਉਧੇੜੇ ਹਨ।

ਰਾਜਾ ਬਨਾਮ ਪ੍ਰਜਾ: ਪ੍ਰਜਾ ਵਿੱਚ ਪ੍ਰਚੱਲਿਤ ਕੀਤੀਆਂ ਗਈਆਂ ਗ਼ਲਤ ਧਾਰਨਾਵਾਂ ਵਿੱਚੋਂ ਮਨੁੱਖਤਾ ਵਾਸਤੇ ਸੱਭ ਤੋਂ ਵਧ ਗੁਮਰਾਹਕੁਨ, ਘਾਤਿਕ ਅਤੇ ਹਾਨੀਕਾਰਕ ਧਾਰਨਾ ਹੈ: ਰਾਜੇ (ਸ਼ਾਸਕ) ਦੀ ਪ੍ਰਤਿਸ਼ਠਾ ਪਦਵੀ/ਰੁਤਬੇ ਅਤੇ ਰਾਜੇ ਤੇ ਪ੍ਰਜਾ ਦੇ ਪਰਸਪਰ ਸੰਬੰਧਾਂ ਬਾਰੇ ਪ੍ਰਚੱਲਿਤ ਕੀਤੀ ਹੋਈ ਗ਼ਲਤ ਸੋਚ। ਇਸ ਮੁੱਦੇ ਉੱਤੇ ਵਿਸਤ੍ਰਿਤ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਇਨ੍ਹਾਂ ਦੋਹਾਂ ਪਦਾਂ (ਰਾਜਾ ਅਤੇ ਪ੍ਰਜਾ) ਦੇ ਪ੍ਰਚੱਲਿਤ ਅਰਥਾਂ ਅਤੇ ਇਤਿਹਾਸਕ ਪਿਛੋਕੜ ਨੂੰ ਵਿਸਥਾਰ ਵਿੱਚ ਸਮਝ ਲੈਣਾ ਜ਼ਰੂਰੀ ਹੈ।

ਪ੍ਰਜਾ: ਜਨਤਾ, ਰਈਅਤ, ਕਿਸੇ ਰਾਜਾ ਦੇ ਰਾਜ ਵਿੱਚ ਰਹਿਣ ਵਾਲੇ ਉਹ ਲੋਕ ਜਿਨ੍ਹਾਂ ਉੱਤੇ ਰਾਜੇ ਰਾਜ ਕਰਦੇ ਹਨ; ਦੇਸ ਦੇ ਵਾਸੀ (citizens) ਜੋ ਰਾਜੇ, ਸ਼ਾਸਕ ਜਾਂ ਹਾਕਮ ਨੂੰ ਦੇਸ ਦੀ ਹੁਕੂਮਤ ਚਲਾਉਣ ਵਾਸਤੇ ਕਰ, ਮਹਿਸੂਲ ਜਾਂ ਟੈਕਸ (tax) ਦਿੰਦੇ ਹਨ।

ਰਾਜਾ: ਸੰਸਾਰ ਦੇ ਇਤਿਹਾਸ ਉੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ ਇਹ ਸੱਚ ਸਪਸ਼ਟ ਹੋ ਜਾਂਦਾ ਹੈ ਕਿ ਰਾਜਾ ਪਦ ਨੇ ਸਮੇਂ ਸਮੇਂ ਕਈ ਨਾਮ ਤੇ ਰੂਪ ਬਦਲੇ ਹਨ ਜਿਵੇਂ: ਰਾਜਾ, ਮਹਾਂਰਾਜਾ, ਸ਼ਹਿਨਸ਼ਾਹ (ਰਾਜਿਆਂ ਦਾ ਰਾਜਾ), ਕਿੰਗ (King) ਬਾਦਸ਼ਾਹ, ਪਾਤਸ਼ਾਹ, ਨਿਜ਼ਾਮ, ਡਿਕਟੇਟਰ (Dictator), ਸਮਰਾਟ (Monarch) , ਸੁਲਤਾਨ, ਰਾਸ਼ਟ੍ਰਪਤੀ (President), ਪ੍ਰਧਾਨ ਮੰਤ੍ਰੀ (Prime Minister) ਆਦਿਕ। ਇਨ੍ਹਾਂ ਸਾਰਿਆਂ ਵਾਸਤੇ ਇੱਕ ਸਾਂਝਾ ਸ਼ਬਦ -ਸ਼ਾਸਕ ਜਾਂ ਹਾਕਮ- ਵੀ ਵਰਤਿਆ ਜਾਂਦਾ ਹੈ। ਸ਼ਾਸਕ ਦੀਆਂ ਉਕਤ ਸਾਰੀਆਂ ਪਦਵੀਆਂ ਦੇ ਅਰਥ ਹਨ:

ਰਾਜਾ: ਪ੍ਰਜਾ ਨੂੰ ਪਾਲਣ ਵਾਲਾ, ਪ੍ਰਜਾਪਤਿ, ਪ੍ਰਜਾਨਾਥ, ਪ੍ਰਜਾ ਦਾ ਮਾਲਿਕ। ਮਹਾਂਰਾਜਾ ਜਾਂ ਸ਼ਹਿਨਸ਼ਾਹ: ਰਾਜਿਆਂ ਦਾ ਰਾਜਾ। ਬਾਦਸ਼ਾਹ ਜਾਂ ਪਾਤਸ਼ਾਹ: پدشاہ پدشاہ ਦੋਵੇਂ ਲਫ਼ਜ਼ ਅਰਬੀ ਬੋਲੀ ਦੇ ਹਨ; ਪਾਦ ਜਾਂ ਪਾਤ ਦੇ ਮਅਨੇ ਹਨ: ਤਖ਼ਤ + ਸ਼ਾਹ: ਮਾਲਿਕ; ਅਰਥਾਤ ਤਖ਼ਤ ਜਾਂ ਰਾਜ-ਗੱਦੀ ਦਾ ਮਾਲਿਕ। ਡਿਕਟੇਟਰ: ਬੇ-ਲਗਾਮ ਸ਼ਾਸਕ, ਨਿਰੰਕੁਸ਼ ਸ਼ਾਸਕ, ਤਾਨਾਸ਼ਾਹ। ਪਰੈਜ਼ੀਡੈਂਟ ਜਾਂ ਰਾਸ਼ਟ੍ਰਪਤੀ: ਲੋਕਤੰਤਰੀ ਦੇਸ ਦਾ ਲੋਕਾਂ ਦੁਆਰਾ ਚੁਣਿਆ ਹੋਇਆ ਸ਼ਾਸਕ। ਪ੍ਰਧਾਨ ਮੰਤ੍ਰੀ: ਗਣਤੰਤਰੀ ਦੇਸ ਦਾ ਪ੍ਰਜਾ ਦੇ ਨੁਮਾਇੰਦਿਆਂ ਦੁਆਰਾ ਚੁਣਿਆ ਗਿਆ ਸ਼ਾਸਕ। ਸ਼ਾਸਕ (Ruler): ਕਾਨੂੰਨ/ਨਿਯਮ ਅਥਵਾ ਰੂਲ (rule) ਬਣਾਉਣ ਵਾਲਾ। ਹਾਕਮ: ਹੁਕਮ ਕਰਨ ਵਾਲਾ, ਮੁਲਕ ਦਾ ਮਾਲਿਕ/ਵਾਲੀ।

ਸ਼ਾਸਕ ਦੀਆਂ ਉਪਰੋਕਤ ਪਦਵੀਆਂ ਵਿੱਚੋਂ ਰਾਜਾ-ਮਹਾਂਰਾਜਾ, ਬਾਦਸ਼ਾਹ ਅਤੇ ਸਮਰਾਟ ਆਦਿਕ ਦੀ ਪਦਵੀ, ਗੱਦੀ ਜਾਂ ਤਖ਼ਤ ਪੁਸ਼ਤਾਨੀ, ਵੰਸ਼ਗਤ ਜਾਂ ਵਿਰਾਸਤੀ ਹੁੰਦਾ ਹੈ। ਰਾਜਾ-ਤੰਤਰੀ ਰਾਜ ਦੀ ਹੁਕੂਮਤ ਸ਼ਖ਼ਸੀ ਹੁੰਦੀ ਹੈ ਅਰਥਾਤ ਹੁਕੂਮਤ ਦੇ ਸਾਰੇ ਅਧਿਕਾਰ ਰਾਜੇ ਦੇ ਹੱਥਿ ਹੀ ਹੁੰਦੇ ਹਨ। ਡਿਕਟੇਟਰ, ਸੁਲਤਾਨ ਅਤੇ ਸਮਰਾਟ ਆਦਿਕ ਦੀ ਹੁਕੂਮਤ ਵੀ ਰਾਜੇ ਵਾਂਙ ਇਕਤੰਤਰੀ ਜਾਂ ਸ਼ਖ਼ਸੀ ਹੋਣ ਕਰਕੇ ਨਿਰਅੰਕੁਸ਼ ਹੀ ਹੁੰਦੀ ਹੈ।

ਰਾਸ਼ਟ੍ਰਪਤੀ ਅਤੇ ਪ੍ਰਧਾਨਮੰਤ੍ਰੀ ਦੀਆਂ ਪਦਵੀਆਂ ਸੰਵਿਧਾਨਕ ਹਨ। ਇਨ੍ਹਾਂ ਦੇ ਰਾਜ ਜਾਂ ਸ਼ਾਸਨ ਨੂੰ ਲੋਕਤੰਤਰ, ਲੋਕਰਾਜ, ਜਨਤੰਤਰ, ਪ੍ਰਜਾੰਤਰ ਅਤੇ ਗਣਤੰਤਰ ਵੀ ਕਿਹਾ ਜਾਂਦਾ ਹੈ।

ਜੇ ਉਕਤ ਰਾਜ-ਪਰਨਾਲੀਆਂ ਨੂੰ ਇਤਿਹਾਸਕ ਝਰੋਖੇ ਵਿੱਚੋਂ ਬਿਬੇਕ ਨਾਲ ਵੇਖੀਏ-ਵੀਚਾਰੀਏ ਤਾਂ ਇਹ ਸੱਚ ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਦੇਸਾਂ ਉੱਤੇ ਹੁਕੂਮਤ ਕਰਨ ਵਾਲੇ ਸਾਰੇ ਹਾਕਮਾਂ ਜਾਂ ਸ਼ਾਸਕਾਂ ਦੇ ਕਿਰਦਾਰ ਅਤੇ ਜੀਵਨ-ਸ਼ੈਲੀ (Life Style) ਵਿੱਚ ਕੋਈ ਖ਼ਾਸ ਫ਼ਰਕ ਨਹੀਂ ਹੁੰਦਾ। ਇਸ ਨੁਕਤੇ `ਤੇ ਅਗਲੇਰੇ ਪੰਨਿਆਂ ਉੱਤੇ ਵਿਚਾਰ ਕਰਾਂਗੇ।

19ਵੀਂ ਸਦੀ ਵਿੱਚ ਹੋਏ ਪ੍ਰਸਿੱਧ ਅੰਗਰੇਜ਼ ਫ਼ਿਲਾਸਫ਼ਰ ਲਾਰਡ ਐਕਟਨ

(Lord Acton) ਦੇ ਸਦੀਵੀ ਸੱਚ ਕਥਨ ਅਨੁਸਾਰ, Great men are almost always bad men. Power tends to corrupt, and absolute power corrupts absolutely. It is necessary to check ruler’s power.”

ਉਪਰੋਕਤ ਅਟੱਲ ਕਥਨ ਦੀ ਪੁਸ਼ਟੀ ਇਤਿਹਾਸ ਦੇ ਕਾਲੇ ਪੰਨਿਆਂ ‘ਤੋਂ ਭਲੀਭਾਂਤ ਹੀ ਹੋ ਜਾਂਦੀ ਹੈ।

ਇਤਿਹਾਸ ਸਾਕਸ਼ੀ ਹੈ ਕਿ ਖ਼ੁਦਮੁਖ਼ਤਿਆਰ, ਆਪਹੁਦਰਾ ਅਤੇ ਨਿਰੰਕੁਸ਼ ਸ਼ਾਸਕ ਨਿਰਸੰਦੇਹ, ਤਾਨਾਸ਼ਾਹ, ਧੱਕੇਸ਼ਾਹ, ਭ੍ਰਸ਼ਟ, ਅੱਤਿਆਚਾਰੀ ਅਤੇ ਵਿਭਚਾਰੀ ਹੀ ਹੁੰਦੇ ਹਨ। ਮਾਨਵਵਾਦੀ ਬਾਬਾ ਨਾਨਕ ਰਾਜਿਆਂ ਦੀ ਦ੍ਰਿੰਦਿਆਂ ਵਾਲੀ ਫ਼ਿਤਰਤ ਅਤੇ ਇਨ੍ਹਾਂ ਦ੍ਰਿੰਦਿਆਂ ਦੀ ਜੂਠ ਖਾਣ ਵਾਲੇ ਅਹਿਲਕਾਰਾਂ ਦੇ ਜ਼ਾਲਮਾਨਾ ਸੁਭਾਉ ਦਾ ਉੱਲੇਖ ਕਰਦੇ ਹੋਏ ਫ਼ਰਮਾਉਂਦੇ ਹਨ:

ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥

ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੁ ਚਟਿ ਜਾਹੁ॥ …ਸਲੋਕ ਮ: ੧ ੯/੩੨੧

ਰਾਜ-ਗੱਦੀ ਦੀ ਲਾਲਸਾ, ਮਾਇਕ ਤ੍ਰਿਸ਼ਨਾ ਅਤੇ ਜ਼ਰ, ਜੋਰੂ ਅਤੇ ਜ਼ਮੀਨ ਦੀ ਪ੍ਰਾਪਤੀ ਦੀ ਰੀਝ ਸ਼ਾਸਕਾਂ ਵਿੱਚੋਂ ਇਨਸਾਨੀਯਤ ਨੂੰ ਮਾਰ ਦਿੰਦੀ ਹੈ ਅਤੇ ਉਹ ਆਦਮ-ਖ਼ੋਰ ਰਾਖ਼ਸ਼ਸ਼ ਬਣ ਜਾਂਦੇ ਹਨ। ਪਰੰਤੂ ਲੋਕ ਉਨ੍ਹਾਂ ਖ਼ੂਨਖ਼ਵਾਰ ਸ਼ੈਤਾਨਾਂ ਨੂੰ ਉਨ੍ਹਾਂ ਦੀ ਜ਼ਾਲਮਾਨਾ ਫ਼ਿਤਰਤ ਦੇ ਉਲਟ ਮਹਾਨ ਮੰਨਦੇ ਹਨ। ਇਤਿਹਾਸ ਵਿੱਚ ਮਹਾਨ ਕਹੇ ਜਾਣ ਵਾਲੇ ਸਿਕੰਦਰ ਏ ਆਜ਼ਮ (Alxender the Great), ਸਮਰਾਟ ਅਸ਼ੋਕ (Ashoka the Great) ਆਦਿਕ ਨੇ ਰੱਬ ਦੀ ਰਿਆਇਆ ਉੱਤੇ ਜੋ ਜ਼ੁਲਮ ਢਾਹੇ ਉਨ੍ਹਾਂ ਨੂੰ ਦੇਖ-ਸੁਣ ਕੇ ਸ਼ੈਤਾਨ ਵੀ ਸ਼ਰਮਸਾਰ ਹੁੰਦਾ ਹੋਵੇਗਾ। ਰਾਜ ਦੀ ਸਥਾਪਨਾ ਅਤੇ ਪਰਸਾਰ ਦੀ ਖ਼ਾਤਿਰ ਲੱਖਾਂ ਨਿਹੱਥੇ-ਨਿਮਾਣੇ ਲੋਕਾਂ ਦੇ ਬੇਰਹਿਮੀ ਨਾਲ ਆਹੂ ਲਾਹੁਣ, ਨਿਮਾਣੀਆਂ ਔਰਤਾਂ ਨੂੰ ਉਧਾਲਨ ਅਤੇ ਖ਼ਜ਼ਾਨੇ ਲੁੱਟਣ ਵਾਲੇ ਮੁਹੰਮਦ ਗੌਰੀ, ਜਲਾਲਉੱਦੀਨ ਖ਼ਿਲਜੀ, ਅਲਾਉੱਦੀਨ ਖ਼ਿਲਜੀ, ਬਾਬੁਰ ਅਤੇ ਔਰੰਗਜ਼ੇਬ ਵਗ਼ੈਰਾ ਜ਼ਾਲਿਮ ਧਾੜਵੀਆਂ/ਰਾਜਿਆਂ ਨੂੰ ਇਤਿਹਾਸ ਵਿੱਚ ਜ਼ਿੱਲੇ ਅਲ੍ਹਾ, ਜ਼ਿੱਲੇ ਹਕ ਜਾਂ ਜ਼ਿੱਲੇ ਖ਼ੁਦਾ ਵਰਗੇ ਕੂੜ ਲਕਬਾਂ ਨਾਲ ਜਾਣਿਆ ਜਾਂਦਾ ਹੈ। ਫ਼ਰਾਂਸ ਦੇ ਸਮਰਾਟ ਨੈਪੋਲੀਅਨ, ਰੂਸ ਦੇ ਜ਼ਾਰ ਅਤੇ ਜਰਮਨੀ ਦੇ ਤਾਨਾਸ਼ਾਹ ਸ਼ਾਸਕ ਹਿਟਲਰ ਆਦਿਕ ਨੂੰ ਵੀ ਇਤਿਹਾਸਕ ਨਾਇਕਾਂ ਵਾਂਙ ਪੂਜਿਆ, ਪ੍ਰਚਾਰਿਆ ਤੇ ਯਾਦ ਕੀਤਾ ਜਾਂਦਾ ਹੈ। ਇੰਗਲੈਂਡ ਦੇ ਕਠੋਰਚਿੱਤ ਜ਼ਾਲਿਮ ਰਾਜਿਆਂ ਨੇ ਆਪਣੇ ਰਾਜ ਦੇ ਪਰਸਾਰ ਵਾਸਤੇ ਲੱਖਾਂ-ਕਰੋੜਾਂ ਮਾਅਸੂਮ ਮਨੁੱਖ ਕੀੜਿਆਂ-ਮਕੌੜਿਆਂ ਵਾਂਙ ਬੇਰਹਿਮੀ ਨਾਲ ਮਸਲ ਦਿੱਤੇ। ਇਸ ਦੇ ਬਾਵਜੂਦ ਵੀ ਲੋਕ ਇੰਗਲੈਂਡ ਦੇ ਰਾਜੇ-ਰਾਣੀਆਂ ਨੂੰ ਮਹਾਨ ਮੰਨਦੇ ਹਨ ਅਤੇ ਉਨ੍ਹਾਂ ਰੱਤ-ਪੀਣਿਆਂ ਅੱਗੇ ਘੁਟਣੇ ਟੇਕਦੇ ਅਤੇ ਸਿਰ ਝੁਕਾਉਂਦੇ ਰਹਿੰਦੇ ਹਨ।

(ਜ਼ਿੱਲ: ਸਾਇਆ, ਪਰਛਾਵਾਂ; ਜ਼ਿੱਲੇ ਅਲਹਾ/ਹੱਕ/ਖ਼ੁਦਾ: ਖ਼ੁਦਾ ਦਾ ਸਾਯਾ ਅਰਥਾਤ ਪਰਛਾਵਾਂ; ਰਬ ਦਾ ਰੂਪ।)

ਦੂਜਾ, ਰਾਜਾ ਜਾਂ ਸ਼ਾਸਕ ਨੂੰ ਪ੍ਰਜਾ-ਪਾਲਕ ਅਰਥਾਤ ਪ੍ਰਜਾ ਨੂੰ ਪਾਲਣ ਵਾਲਾ ਅਤੇ ਪ੍ਰਜਾ ਦਾ ਰੱਖਿਅਕ ਸਮਝਣਾ/ਕਹਿਣਾ ਮੂਲੋਂ ਹੀ ਗ਼ਲਤ ਧਾਰਨਾ ਹੈ। ਦਰਅਸਲ, ਸੱਚ ਤਾਂ ਇਹ ਹੈ ਕਿ ਪ੍ਰਜਾ ਰਾਜੇ ਨੂੰ ਪਾਲਦੀ ਅਤੇ ਉਸ ਦੀ ਰੱਖਿਆ ਕਰਦੀ ਹੈ!

ਚਲਦਾ……

ਗੁਰਇੰਦਰ ਸਿੰਘ ਪਾਲ

ਫ਼ਰਵਰੀ 11, 2024.
.