.

ਕਮਾਈ ਕਰਣੀ ਅਤੇ ਸਫਾਈ

ਸਿੱਖਾਂ ਵਿੱਚ ਬਹੁਤ ਸਾਰੇ ਕਹੇ ਜਾਂਦੇ ਕਥਿਤ ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਨਾਲ ਬਹੁਤ ਸਾਰੀਆਂ ਅਲੌਕਿਕ ਕਹਾਣੀਆਂ ਜੋੜੀਆਂ ਹੋਈਆਂ ਹਨ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ ਲਿਖੀਆਂ ਅਤੇ ਪ੍ਰਚਾਰੀਆਂ ਜਾਂਦੀਆਂ ਹਨ। ਕਈਆਂ ਨੇ ਤਾਂ ਖੁਦ ਵੀ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਹੋਈਆਂ ਹਨ। ਸਿੱਖਾਂ ਦੇ ਸਾਰੇ ਹੀ 10 ਗੁਰੂਆਂ ਨਾਲ ਵੀ ਕੋਈ ਨਾ ਕੋਈ ਕਰਾਮਾਤ ਜਾਂ ਅਲੌਕਿਕ ਕਹਾਣੀ ਜੋੜੀ ਹੋਈ ਹੈ। ਬਹੁਤੇ ਸਿੱਖ ਇਨ੍ਹਾਂ ਸਾਰੀਆਂ ਕਹਾਣੀਆਂ ਨੂੰ ਸੱਚ ਕਰਕੇ ਮੰਨਦੇ ਹਨ। ਬਹੁਤ ਸਮਾ ਮੈਂ ਵੀ ਇਨ੍ਹਾਂ ਕਹਾਣੀਆਂ ਤੇ ਵਿਸ਼ਵਾਸ਼ ਕਰਦਾ ਰਿਹਾ ਹਾਂ ਅਤੇ ਹੋਰਨਾਂ ਨੂੰ ਦੱਸਦਾ ਵੀ ਰਿਹਾ ਹਾਂ। ਸ਼ਾਇਦ ਹੀ ਕੋਈ ਅਜਿਹਾ ਕਥਿਤ ਮਹਾਂਪੁਰਸ਼ ਹੋਇਆ ਹੋਵੇ ਜਿਸ ਬਾਰੇ ਮੈਂ ਕੋਈ ਕਿਤਾਬ ਨਾ ਪੜ੍ਹੀ ਹੋਵੇ। ਪੜ੍ਹਦਿਆਂ ਵਿਚਾਰਦਿਆਂ ਹੌਲੀ ਹੌਲੀ ਸਮਾ ਪਾ ਕੇ ਇਨ੍ਹਾਂ ਬਾਰੇ ਮੇਰਾ ਦਿਮਾਗ ਇਨਕਾਰੀ ਹੋਣਾ ਸ਼ੁਰੂ ਹੋ ਗਿਆ। ਕੰਮ ਕਰਦੇ ਸਮੇ ਮੈਂ ਬਹੁਤ ਸਾਰੀਆਂ ਡਾਕੂਮਿੰਟਰੀਆਂ ਸੁਣੀਆਂ ਅਤੇ ਹੋਰ ਵੀ ਬਹੁਤ ਸਾਰੇ ਹਰ ਤਰ੍ਹਾਂ ਦੇ ਇੰਟਰਵਿਊ ਸੁਣੇ। ਇਸ ਤਰ੍ਹਾਂ ਸੁਣਦੇ ਸੁਣਦੇ ਇੱਕ ਦਿਨ ਮੈਂ ਅਫਰੀਕਾ ਦੇ ਇੱਕ ਦੇਸ਼ ਦੇ ਕਬੀਲੇ ਬਾਰੇ ਸੁਣਿਆਂ ਕਿ ਉਥੇ ਛੋਟੀਆਂ ਛੋਟੀਆਂ ਲੜਕੀਆਂ ਦੀ ਸੁੰਨਤ ਕੀਤੀ ਜਾਂਦੀ ਹੈ ਅਤੇ ਇਸ ਨਾਲ ਲੜਕੀਆਂ ਨੂੰ ਬਹੁਤ ਹੀ ਦਰਦ ਮਹਿਸੂਸ ਹੁੰਦਾ ਹੈ। ਉਸ ਬਾਰੇ ਬਹੁਤ ਸਾਰੇ ਸਮਾਜ ਸੇਵੀ ਅਵਾਜ ਉਠਾ ਰਹੇ ਸਨ ਕਿ ਇਹ ਪ੍ਰਥਾ ਬੰਦ ਹੋਣੀ ਚਾਹੀਦੀ ਹੈ। ਜਿਹੜੇ ਇਹ ਕਰ ਰਹੇ ਸਨ ਉਹ ਕਹਿੰਦੇ ਸਨ ਕਿ ਸਾਡੀ ਮਨੌਤ ਹਜ਼ਾਰਾਂ ਸਾਲਾਂ ਤੋਂ ਚਲਦੀ ਆ ਰਹੀ ਹੈ ਅਸੀਂ ਬੰਦ ਨਹੀਂ ਕਰ ਸਕਦੇ। ਜਦੋਂ ਹਜ਼ਾਰਾਂ ਸਾਲਾਂ ਦੀ ਗੱਲ ਸੁਣੀ ਤਾਂ ਮੇਰੇ ਇੱਕ ਦਮ ਦਿਮਾਗ ਵਿੱਚ ਆਇਆ ਕਿ ਕਬੀਰ ਸਾਹਿਬ ਤਾਂ ਕਹਿੰਦੇ ਹਨ ਕਿ ਔਰਤਾਂ ਦੀ ਸੁੰਨਤ ਹੋ ਨਹੀਂ ਸਕਦੀ ਇਹ ਕਹਿੰਦੇ ਕਿ ਅਸੀਂ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਹਾਂ। ਉਸ ਵੇਲੇ ਤੱਕ ਮੇਰੇ ਦਿਮਾਗ ਵਿੱਚ ਉਹੀ ਸੀ ਜੋ ਕੁੱਝ ਮੈਂ ਉਦੋਂ ਤੱਕ ਪੜਿਆ ਸੁਣਿਆ ਸੀ ਕਿ ਗੁਰਬਾਣੀ ਅੱਖਰ ਅੱਖਰ ਸੱਚ ਹੈ। ਇਹ ਧੁਰ ਦਰਗਾਹੋਂ ਅਕਾਲ ਪੁਰਖ ਕੋਲੋਂ ਆਈ ਹੈ ਇਸ ਲਈ ਇਹ ਗਲਤ ਸਾਬਤ ਹੋ ਹੀ ਨਹੀਂ ਸਕਦੀ। ਇਸੇ ਕਰਕੇ ਵਿਦਵਾਨ ਖਿੱਚ ਧੂਅ ਕੇ ਉਹੀ ਅਰਥ ਕਰਦੇ ਹਨ ਜਿਹੜੇ ਮੌਜੂਦਾ ਸਮੇ ਸੱਚ ਭਾਸਦੇ ਹੋਣ। ਇਸ ਬਾਰੇ ਕੋਈ 4 ਕੁ ਸਾਲ ਪਹਿਲਾਂ ਮੈਂ ਇੱਕ ਲੇਖ ਵੀ ਲਿਖਿਆ ਸੀ ਕਿ ਬਾਣੀ ਕਿਹੜੇ ਰੱਬ ਕੋਲੋਂ ਆਈ ਹੈ। ਇਹ ਲੇਖ ਤੁਸੀਂ ਮੇਰੇ ਪੁਰਾਣੇ ਲੇਖਾਂ ਵਿੱਚ ਪੜ੍ਹ ਸਕਦੇ ਹੋ।
ਕਰਣੀ ਕਮਾਈ ਕੋਈ ਸ਼ੈਅ ਨਹੀਂ ਹੁੰਦੀ। ਇਹ ਗੱਪਾਂ ਤੋਂ ਵੱਧ ਕੁੱਝ ਨਹੀਂ ਹੈ। ਕੋਈ ਕਰਣੀ ਵਾਲੇ ਮਹਾਂਪੁਰਸ਼ ਨਹੀਂ ਹੋਏ। ਕਿਸੇ ਵੀ ਤਰ੍ਹਾਂ ਦੀ ਕਰਾਮਾਤ ਦੀ ਕੋਈ ਵਸਤੂ ਨਹੀਂ ਹੁੰਦੀ। ਇਸ ਤਰ੍ਹਾਂ ਦਾ ਕੋਈ ਰੱਬ ਨਹੀਂ ਅਤੇ ਨਾ ਹੀ ਕੋਈ ਦੇਵਤੇ ਹਨ ਜਿਹੜੇ ਕਿ ਅਰਦਾਸਾਂ ਬੇਨਤੀਆਂ ਸੁਣ ਕੇ ਜਾਂ ਕਿਸੇ ਤਰ੍ਹਾਂ ਦੀ ਕੋਈ ਲਿਖਤ ਪੜ੍ਹ ਕੇ ਜਾਂ ਬਾਰ ਬਾਰ ਕਿਸੇ ਸ਼ਬਦ ਦਾ ਰਟਨ ਕਰਕੇ ਕਿਸੇ ਰੱਬ ਨੂੰ ਜਾਂ ਦੇਵਤਿਆਂ ਨੂੰ ਖੁਸ਼ ਕੀਤਾ ਜਾ ਸਕਦਾ ਹੈ ਅਤੇ ਫਿਰ ਉਹ ਰੱਬ ਜਾਂ ਦੇਵਤੇ ਹਰ ਤਰ੍ਹਾਂ ਦਾ ਕੰਮ ਕਰ ਦਿੰਦੇ ਹਨ। ਜਿਵੇਂ ਕਿ ਕਹਾਣੀਆਂ ਪ੍ਰਚੱਲਤ ਹਨ ਕਿ ਧੰਨੇ ਭਗਤ ਨੇ ਪੱਥਰ ਵਿਚੋਂ ਹੀ ਰੱਬ ਪਾ ਲਿਆ ਸੀ ਫਿਰ ਰੱਬ ਨੇ ਧੰਨੇ ਭਗਤ ਦੇ ਸਾਰੇ ਕੰਮ ਆਪ ਕੀਤੇ। ਸਿੱਖਾਂ ਦੇ ਪ੍ਰਚਾਰਕ ਬਹੁਤਾ ਕੁੱਝ ਅਜਿਹਾ ਸਣਾਉਂਦੇ ਹਨ ਅਤੇ ਗ੍ਰੰਥਾਂ ਵਿੱਚ ਬਹੁਤ ਕੁੱਝ ਅਜਿਹਾ ਲਿਖਿਆ ਵੀ ਮਿਲਦਾ ਹੈ ਜੋ ਕਿ ਗੱਪਾਂ ਤੋਂ ਵੱਧ ਕੁੱਝ ਨਹੀਂ ਹੈ। ਅਸਲ ਵਿੱਚ ਇਹ ਸਾਰਾ ਕੁੱਝ ਲੋਕਾਂ ਦਾ ਦਿਮਾਗ ਸੁੰਨ ਕਰਨ ਵਾਸਤੇ ਲਿਖਿਆ ਅਤੇ ਪ੍ਰਚਾਰਿਆ ਜਾਂਦਾ ਹੈ।
ਹੁਣ ਆਪਾਂ ਗੱਲ ਕਰਦੇ ਹਾਂ ਸਫਾਈ ਦੀ। ਹਰ ਚੀਜ ਦੀ ਸਫਾਈ ਰੱਖਣੀ ਬਹੁਤ ਜਰੂਰੀ ਹੈ। ਉਹ ਭਾਵੇਂ ਆਪਣਾ ਸਰੀਰ ਹੋਵੇ, ਕਾਰ ਹੋਵੇ ਜਾਂ ਘਰ ਹੋਵੇ। ਜੇ ਕਰ ਸਰੀਰ ਮਿੱਟੀ ਨਾਲ ਲਿੱਬੜ ਜਾਵੇ ਤਾਂ ਸਾਬਣ ਅਤੇ ਪਾਣੀ ਨਾਲ ਸਾਫ ਹੋ ਜਾਂਦਾ ਹੈ ਇਸੇ ਤਰ੍ਹਾਂ ਕੱਪੜਿਆਂ ਦੀ ਸਫਾਈ ਹੋ ਜਾਂਦੀ ਹੈ। ਪਰ ਜੇ ਕਰ ਮੱਤ ਜਾਂ ਦਿਮਾਗ ਮੈਲਾ ਹੋ ਜਾਵੇ ਤਾਂ ਚੰਗੇ ਵਿਚਾਰਾਂ ਨਾਲ ਧੋਤਾ ਜਾ ਸਕਦਾ ਹੈ। ਸਾਡਾ ਜੋ ਦਿਮਾਗ ਹੈ ਉਸ ਦੀ ਸਫਾਈ ਬਹੁਤ ਜਰੂਰੀ ਹੈ। ਉਸ ਨੂੰ ਫੌਰਮੇਟ ਕਰਨਾ ਬਹੁਤ ਜਰੂਰੀ ਹੈ ਜਿਸ ਤਰ੍ਹਾਂ ਕੰਪਿਊਟਰ ਦੀ ਹਾਰਡ ਡਰਾਈਵ ਨੂੰ ਫੋਰਮੇਟ ਕਰੀਦਾ ਹੈ। ਜੋ ਪਹਿਲਾਂ ਉਸ ਤੇ ਲਿਖਿਆ ਹੋਇਆ ਹੈ ਉਸ ਨੂੰ ਮਿਟਾ ਕੇ ਨਵੇਂ ਸਿਰੇ ਤੋਂ ਲਿਖਣਾ ਸ਼ੁਰੂ ਕਰੀਏ। ਧਰਮ ਦੇ ਨਾਮ ਤੇ ਤੁਹਾਡੇ ਦਿਮਾਗ ਵਿੱਚ ਹੁਣ ਤੱਕ ਜੋ ਕੁੱਝ ਵੀ ਭਰਿਆ ਜਾ ਚੁੱਕਾ ਹੈ ਉਸ ਨੂੰ ਫੋਰਮੇਟ ਕਰਕੇ ਸਾਰਾ ਕੁੱਝ ਮਿਟਾ ਦਿਓ ਅਤੇ ਫਿਰ ਆਪਣੇ ਦਿਮਾਗ ਨਾਲ ਸੁਤੰਤਰ ਸੋਚਣਾ ਸ਼ੁਰੂ ਕਰੋ। ਇਸ ਵਿੱਚ ਉਹੀ ਨਵੀਂ ਜਾਣਕਾਰੀ ਭਰੋ ਜੋ ਸੱਚ ਤੇ ਪੂਰੀ ਉਤਰਦੀ ਹੋਵੇ। ਇਹ ਥੋੜਾ ਜਿਹਾ ਔਖਾ ਜਰੂਰ ਹੈ ਪਰ ਨਾ-ਮੁਮਕਿਨ ਨਹੀਂ ਹੈ। ਕਿਉਂਕਿ ਸ਼ਰਧਾ, ਭਾਈਚਾਰਾ, ਮਿੱਤਰ ਦੋਸਤ, ਰਿਸ਼ਤੇਦਾਰ ਅਤੇ ਹੋਰ ਬਹੁਤ ਕੁੱਝ ਇਸ ਵਿੱਚ ਵਿਚਾਰਨਾ ਪਵੇਗਾ ਫਿਰ ਜਾ ਕੇ ਦਿਮਾਗ ਨੇ ਹਰੀ ਝੰਡੀ ਦੇਣੀ ਹੈ ਕਿ ਹਾਂ ਮੈਂ ਹੁਣ ਤਿਆਰ ਹਾਂ ਇਹ ਸਾਰਾ ਕੁੱਝ ਦੀ ਸਫਾਈ ਕਰਨ ਲਈ। ਇਹ ਸਾਰਾ ਕੁੱਝ ਕਰਣੀਆਂ ਕਮਾਈਆਂ ਵਾਲੀ ਸੋਚ ਨੂੰ ਨਿਕਾਰ ਕੇ ਹੀ ਕਰਨਾ ਪੈਣਾ ਹੈ।
ਇਸ ਲੇਖ ਦੇ ਅਖੀਰ ਵਿੱਚ ਮੈਂ ਇੱਕ ਵੀਡੀਓ ਲਿੰਕ ਪਉਣਾ ਹੈ। ਉਸ ਨੂੰ ਜਰੂਰ ਹੀ ਧਿਆਨ ਨਾਲ ਦੇਖਣਾ ਅਤੇ ਸੁਣਨਾ ਹੈ। ਜੇ ਕਰ ਤੁਸੀਂ ਪੱਥਰ ਦਿਲ ਨਾ ਹੋਏ ਤਾਂ ਤੁਹਾਡੇ ਅੱਥਰੂ ਜਰੂਰ ਨਿਕਲਣਗੇ। ਇਹ ਵੀਡੀਓ ਇੱਕ ਡਾ: ਦੇ ਪਰਵਾਰ ਨਾਲ ਸੰਬੰਧਿਤ ਹੈ ਜੋ ਕਿ 1984 ਤੋਂ ਬਾਅਦ ਉਹ ਡਾ: ਕਥਿਤ ਖਾੜਕੂ ਬਣ ਜਾਂਦਾ ਹੈ ਅਤੇ ਪੁਲੀਸ ਉਸ ਨੂੰ ਮਾਰ ਦਿੰਦੀ ਹੈ। ਫਿਰ ਉਸ ਦੇ ਪਰਵਾਰ ਨਾਲ ਜੋ ਬੀਤਦੀ ਹੈ ਉਸ ਕਹਾਣੀ ਦਾ ਇਸ ਵਿੱਚ ਜ਼ਿਕਰ ਹੈ। ਉਸ ਦੇ ਥੱਲੇ ਤੁਹਾਨੂੰ ਤਰ੍ਹਾਂ-ਤਰ੍ਹਾਂ ਦੇ ਕੁਮਿੰਟਸ ਪੜ੍ਹਨ ਨੂੰ ਮਿਲਣਗੇ। ਸੰਨ 1984 ਵਿੱਚ ਅਤੇ ਉਸ ਤੋਂ ਬਾਅਦ ਜੋ ਕੁੱਝ ਵੀ ਹੋਇਆ ਹੈ ਉਸ ਬਾਰੇ ਬਹੁਤੇ ਇੱਕ ਪਾਸੜ ਗੱਲ ਕਰਦੇ ਹਨ। ਮੇਰੇ ਇਸ ਬਾਰੇ ਵਿਚਾਰ ਬਹੁਤਿਆਂ ਨਾਲੋਂ ਵੱਖਰੇ ਹਨ। ਮੈਂ ਦੋਹਾਂ ਧਿਰਾਂ ਨੂੰ ਬਰਾਬਰ ਦਾ ਦੋਸ਼ੀ ਮੰਨਦਾ ਹਾਂ ਅਤੇ ਇਨਹਾਂ ਦੋਹਾਂ ਧਿਰਾਂ ਨਾਲੋਂ ਵੀ ਵੱਧ ਦੋਸ਼ੀ ਮੈਂ ਸਿੱਖਾਂ ਦੇ ਵਿਦਵਾਨਾਂ ਅਤੇ ਪ੍ਰਚਾਰਕਾਂ ਨੂੰ ਮੰਨਦਾ ਹਾਂ ਜੋ ਕਿ ਅਸਲੀਅਤ ਦੱਸਣ ਦੀ ਬਿਜਾਏ ਜਾਂ ਤਾਂ ਦੋਗਲੀਆਂ ਜਿਹੀਆਂ ਗੱਲਾਂ ਕਰਦੇ ਹਨ ਅਤੇ ਜਾਂ ਫਿਰ ਬਿੱਲਕੁੱਲ ਹੀ ਤੱਤੀਆਂ ਅਤੇ ਅੱਗ ਲਉਣ ਵਾਲੀਆਂ ਗੱਲਾਂ ਕਰਦੇ ਹਨ। ਇਨ੍ਹਾਂ ਬਾਰੇ ਮੈਂ ਕਈ ਵਾਰੀ ਪਹਿਲਾਂ ਵੀ ਲਿਖ ਚੁੱਕਾ ਹਾਂ। ਇਹ ਬਲੀ ਦੇ ਬੱਕਰੇ ਬਣਾ ਕੇ ਤੁਹਾਨੂੰ ਝੂਠੇ ਬਿਰਤਾਤਾਂ ਹੇਠ ਗੁਰੂ ਦੀ ਗੋਦੀ ਵਿੱਚ ਭੇਜਦੇ ਹਨ। ਇਸ ਤਰ੍ਹਾਂ ਦੀ ਕੋਈ ਗੁਰੂ ਦੀ ਗੋਦੀ ਨਹੀਂ ਹੈ ਅਤੇ ਨਾ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਹੋਰ ਥਾਵਾਂ ਨਾਲੋਂ ਕੋਈ ਖਾਸ ਪਵਿੱਤਰ ਥਾਂ ਹੈ। ਇਹ ਸਾਰਾ ਕੁੱਝ ਕੁੜ ਗ੍ਰੰਥਾਂ ਦੇ ਅਧਾਰ ਤੇ ਸਿਰਜਿਆ ਹੋਇਆ ਹੈ। ਜੇ ਕਰ ਇਹ ਬਹੁਤ ਹੀ ਪਵਿੱਤਰ ਥਾਂ ਹੁੰਦੀ ਤਾਂ ਦਸਵੇਂ ਗੁਰੂ ਤਾਂ ਸਾਰੀ ਜਿੰਦਗੀ ਇੱਥੇ ਆਏ ਹੀ ਨਹੀਂ। ਉਨ੍ਹਾਂ ਨੇ ਅਣਗੌਲਿਆਂ ਕਿਉਂ ਕੀਤਾ? ਇਨ੍ਹਾਂ ਗ੍ਰੰਥਾਂ ਦੇ ਅਧਾਰ ਤੇ ਹੀ ਸਿੱਖ ਸਭ ਤੋਂ ਵੱਧ ਪਖੰਡ ਅਤੇ ਕਰਮ ਕਾਂਡ ਕਰਦੇ ਹਨ। ਇਸ ਬਾਰੇ ਮੈਂ ਅੱਜ ਤੋਂ ਕੋਈ 9 ਸਾਲ ਪਹਿਲਾਂ ਇੱਕ ਲੇਖ ਲਿਖਿਆ ਸੀ, “ਬਾਣੀ-ਬਾਣੀ ਵਿੱਚ ਫਰਕ, ਇਹ ਬਾਣੀ ਤੇ ਉਹ ਬਾਣੀ”। ਉਸ ਨੂੰ ਜਰੂਰ ਪੜ੍ਹ ਲੈਣਾ। ਅੰਧਵਿਸ਼ਵਾਸ਼ੀ ਅਤੇ ਅਗਿਆਨਤਾ ਕਾਰਨ ਬਹੁਤੇ ਖਾੜਕੂਆਂ ਨੇ ਹਥਿਆਰ ਚੁੱਕੇ ਕਿੳਂਕਿ ਉਨ੍ਹਾਂ ਦੇ ਮਨਾਂ ਵਿੱਚ ਇਹ ਗੱਲ ਪੱਕੀ ਤਰ੍ਹਾਂ ਬੈਠੀ ਹੋਈ ਸੀ ਅਤੇ ਬਹੁਤ ਸਮਾਂ ਮੇਰੇ ਮਨ ਵਿੱਚ ਵੀ ਰਹੀ ਸੀ ਕਿ ਇਹ ਥਾਂ ਖਾਸ ਪਵਿੱਤਰ ਹੈ। ਜੇ ਕਰ ਸਰਕਾਰ ਨੇ ਇਸ ਤੇ ਹੀ ਹਮਲਾ ਕਰ ਦਿੱਤਾ ਫਿਰ ਜੀਣ ਦਾ ਕੀ ਹਰਜ਼ ਹੈ। ਇਸੇ ਗੱਲ ਕਰਕੇ ਫੌਜੀਆਂ ਨੇ ਬਗਾਵਤ ਕੀਤੀ ਸੀ। ਇਸ ਗਲਤ ਧਾਰਨਾ ਕਾਰਨ ਕਿਤਨੇ ਪਰਵਾਰ ਉਜੜੇ ਹਨ ਉਸ ਦੀ ਹੀ ਇਹ ਅੱਜ ਵਾਲੀ ਲਿਖਤ ਅਤੇ ਵੀਡੀਓ ਉਦਾਹਰਣ ਹੈ। ਸੋਚੋ ਅਤੇ ਵਿਚਾਰੋ ਕਿ ਜੇ ਕਰ ਉਹ ਡਾ: ਇਸ ਪਾਸੇ ਨਾ ਪੈਂਦਾ। ਉਹ ਆਪ ਡਾ: ਸੀ ਘਰ ਵਾਲੀ ਨਰਸ ਸੀ। ਉਹ ਆਪਣੇ ਬੱਚਿਆਂ ਡਾ: ਬਣਾਉਂਦੇ ਤਾਂ ਚੰਗੇ ਸਮਾਜ ਦੀ ਸਿਰਜਣਾ ਵਿੱਚ ਕਿਤਨਾ ਯੋਗਦਾਨ ਪੈਣਾ ਸੀ। ਕਿੱਥੇ ਪੰਜ ਪੜ੍ਹੇ ਲਿਖੇ ਪਰਵਾਰ ਦੇ ਮੈਂਬਰ ਕਿੱਥੇ ਸਾਰੇ ਗਲਤ ਭਾਵਨਾਵਾਂ ਦੇ ਅਧੀਨ ਰੁਲ ਗਏ। ਸਾਡਾ ਸਮਾਜ ਇਸ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਕਰਕੇ ਹੀ ਹੋਰ ਬਾਕੀ ਸਮਾਜ ਨਾਲੋਂ ਪਛੜਿਆ ਹੋਇਆ ਹੈ। ਸਾਡੀ ਸੋਚ ਸਿਰਫ ਖਾਹ ਲਿਆ, ਖਵਾ ਦਿੱਤਾ, ਮਰ ਗਏ ਜਾਂ ਮਾਰ ਦਿੱਤਾ। ਭਾਵ ਕਿ ਸੋਧਾ ਲਾ ਦਿੱਤਾ ਜਾਂ ਸਾਡਾ ਲੱਗ ਗਿਆ। ਬਸ ਇਸੇ ਨੂੰ ਹੀ ਧਰਮ ਸਮਝੀ ਬੈਠੇ ਹਨ। ਮੈਂ ਭਾਵੇਂ ਹੁਣ ਸਿੱਖ ਧਰਮ ਨੂੰ ਛੱਡ ਚੁੱਕਾ ਹਾਂ ਪਰ ਫਿਰ ਵੀ ਜੋ ਸਚਾਈ ਹੈ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਤਾਂ ਕਿ ਸ਼ਾਇਦ ਕਿਸੇ ਨੂੰ ਕੋਈ ਗੱਲ ਸਮਝ ਆ ਹੀ ਜਾਵੇ। ਲਓ ਦੇਖੋ ਫਿਰ ਉਹ ਵੀਡੀਓ ਇਸ ਲਿੰਕ ਨੂੰ ਕਲਿਕ ਕਰਕੇ।
https://www.youtube.com/watch?v=m2WVDg9uN08

ਮੱਖਣ ਪੁਰੇਵਾਲ,
ਫਰਵਰੀ 06, 2024.




.