.

ਕਨੇਡਾ ਦੁਨੀਆਂ ਭਰ ਦੇ ਅਪਰਾਧੀਆਂ ਅਤੇ ਅੱਤਵਾਦੀਆਂ ਲਈ ਬਣਿਆ ‘ਸੁਰੱਖਿਅਤ ਪਨਾਹਗਾਹ’ : ਅਮਰੀਕਨ ਥਿੰਕ ਟੈਂਕ ਰਿਪੋਰਟ!

(ਓਟਵਾ): ਕਨੇਡਾ ਦੁਨੀਆਂ ਭਰ ਦੇ ਅਪਰਾਧੀਆਂ, ਡਰੱਗ ਸਮਗਲਰਾਂ, ਕਾਲ਼ੇ ਧਨ ਦੇ ਸਰਗਣਿਆਂ, ਅੱਤਵਾਦੀਆਂ ਲਈ ‘ਸੁਰੱਖਿਅਤ ਪਨਾਹਗਾਹ’ ਬਣ ਚੁੱਕਾ ਹੈ। ਅਜਿਹੇ ਇੰਕਸ਼ਾਫ ਇੱਕ ਅਮਰੀਕਨ ਥਿੰਕ ਟੈਂਕ International Coalition Against Illicit Economies (ICAIE) ਵਲੋਂ ਜਾਰੀ ਇੱਕ ਰਿਪੋਰਟ ਵਿੱਚ ਲਗਾਏ ਹਨ। ਇਸ ਰਿਪੋਰਟ ਅਨੁਸਾਰ ਦੁਨੀਆਂ ਭਰ ਦੇ ਖਤਰਨਾਕ ਗੈਂਗਸਟਰ, ਡਰੱਗ ਸਮਗਲਰ, ਕਾਲ਼ੇ ਧਨ ਨੂੰ ਦੁਨੀਆਂ ਭਰ ਵਿੱਚ ਏਧਰੋਂ-ਓਧਰ ਕਰਨ ਵਾਲ਼ੇ, ਅੱਤਵਾਦੀ ਆਦਿ ਬੜੀ ਅਸਾਨੀ ਨਾਲ਼ ਆਪਣੇ ਗੈਰ-ਕਨੂੰਨੀ ਧੰਦੇ ਕਨੇਡਾ ਤੋਂ ਚਲਾ ਰਹੇ ਹਨ।
‘ਨੈਸ਼ਨਲ ਪੋਸਟ’ ਦੀ ਤਾਜ਼ਾ ਨਿਊਜ਼ ਰਿਪੋਰਟ ਅਨੁਸਾਰ ਕਨੇਡਾ ਵਿੱਚ ਬੜੀ ਅਸਾਨੀ ਨਾਲ਼ ਗੈਰ-ਕਨੂੰਨੀ ਨਸ਼ਿਆਂ ਦੇ ਵਪਾਰ, ਨਸ਼ਿਆਂ ਦੀ ਸਮੱਗਲਿੰਗ, ਨਸ਼ਿਆਂ ਦੀ ਪ੍ਰੋਡੱਕਸ਼ਨ, ਅਮੀਰਾਂ ਕੋਲ਼ੋਂ ਫਿਰੌਤੀਆਂ, ਅਮਰੀਕਾ-ਕਨੇਡਾ ਬਾਰਡਰ ਰਾਹੀਂ ਇਧਰੋਂ-ਉਧਰ ਨਸ਼ੇ ਤੇ ਹਥਿਆਰ ਸਮੱਗਲਿੰਗ, ਕਾਲ਼ਾ ਧਨ ਏਧਰ-ਓਦਰ ਕਰਨਾ ਬੜਾ ਆਸਾਨ ਹੋ ਗਿਆ ਹੈ। ਨਕਲੀ ਡਾਕੂਮੈਂਟਸ ਦੇ ਅਧਾਰ `ਤੇ ਗੈਰ-ਕਨੂੰਨੀ ਢੰਗ ਨਾਲ਼ ਕਨੇਡਾ ਦੀ ਇਮੀਗ੍ਰੇਸ਼ਨ ਲੈਣੀ ਬੜੀ ਅਸਾਨ ਹੋ ਚੁੱਕੀ ਹੈ। ਗੈਂਗਸਟਰ ਖੁੱਲ੍ਹੇਆਮ ਫਿਰੌਤੀਆਂ ਲੈਣ ਲਈ ਘਰਾਂ, ਬਿਜਨੈਸਾਂ ਤੇ ਫਾਇਰਿੰਗ ਕਰਕੇ ਅਤੇ ਨਵੇਂ ਬਣ ਰਹੇ ਘਰਾਂ ਨੂੰ ਅੱਗਾਂ ਲਗਾ ਕੇ ਦਹਿਸ਼ਤ ਪਾਉਣ ਦਾ ਯਤਨ ਕਰ ਰਹੇ ਹਨ। ਅਨੇਕਾਂ ਬਿਜਨੈਸਮੈਨ ਪੁਲਿਸ ਨੂੰ ਦੱਸੇ ਬਗੈਰ ਚੋਰੀਂ ਫਿਰੌਤੀਆਂ ਦੇ ਰਹੇ ਹਨ।
ਕੱਲ੍ਹ ਐਡਮਿੰਟਨ ਪੁਲਿਸ ਵਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਇੰਕਸ਼ਾਫ ਕੀਤਾ ਗਿਆ ਕਿ ਪੰਜਾਬ (ਇੰਡੀਆ) ਨਾਲ ਸਬੰਧਤ ਗੈਂਗਸਟਰ ਪਿਛਲੇ ਤਿੰਨ ਮਹੀਨਿਆਂ ਵਿੱਚ 28 ਨਵੇਂ ਬਣ ਰਹੇ ਘਰਾਂ ਨੂੰ ਸਾੜ ਕੇ ਸੁਆਹ ਕਰ ਚੁੱਕੇ ਹਨ। ਇਸ ਸਬੰਧੀ ਪੁਲਿਸ ਨੇ ਕੁੱਝ ਪੰਜਾਬੀ ਗੈਂਗਸਟਰਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਕੈਲਗਰੀ ਵਿੱਚ ਵੀ ਪਿਛਲੇ ਦਿਨੀਂ ਦੋ ਸੜਨ ਵਾਲ਼ੇ ਘਰ ਸ਼ੱਕ ਦੇ ਘੇਰੇ ਵਿੱਚ ਹਨ। ਟਰਾਂਟੋ ਤੇ ਵੈਕੂਵਰ ਏਰੀਏ ਵਿੱਚ 10-15 ਬਿਜਨੈਸਾਂ, ਬਿਜਨੈਸਮੈਨਾਂ ਤੇ ਪੰਜਾਬੀ ਗਾਇਕਾਂ ਦੇ ਘਰਾਂ ਤੇ ਫਾਇਰਿੰਗ ਹੋ ਚੁੱਕੀ ਹੈ।
ਕਨੇਡਾ ਇਸ ਵਕਤ ਵਿਸਫੋਟ ਤੇ ਬੈਠਾ ਹੈ, ਜੋ ਕਦੇ ਵੀ ਫਟ ਸਕਦਾ ਹੈ। ਇਸ ਰਿਪੋਰਟ ਅਨੁਸਾਰ ਅਗਰ ਕਨੇਡਾ ਦੇ ਰਾਜਨੀਤਕ ਲੀਡਰਾਂ ਨੇ ਅਜੇ ਵੀ ਸਖਤ ਐਕਸ਼ਨ ਨਾ ਲਏ ਤਾਂ ਕਨੇਡਾ ਲਈ ਭਿਆਨਕ ਸਥਿਤੀ ਬਣ ਸਕਦੀ ਹੈ। ਨੈਸ਼ਨਲ ਪੋਸਟ ਦੀ ਰਿਪੋਰਟ ਅਨੁਸਾਰ ਕਨੇਡਾ ਦੀ ਫੈਡਰਲ ਸਰਕਾਰ ਕੋਲ਼ ਅਜਿਹੇ ਕਰਾਈਮ ਰੋਕਣ ਲਈ ਕੋਈ ਐਕਸ਼ਨ ਪਲੈਨ ਨਹੀਂ। ਅਪਰਾਧ ਦੀ ਦੁਨੀਆਂ ਦੇ ਸਰਗਣੇ, ਕਾਲ਼ੇ ਧਨ ਦੇ ਵਪਾਰੀ, ਜ਼ੁਰਮ ਦੀ ਦੁਨੀਆਂ ਦੇ ਬਾਦਸ਼ਾਹ, ਦੂਜੇ ਦੇਸ਼ਾਂ ਦੇ ਕਾਲ਼ੇ ਧਨ ਨੂੰ ਚਿੱਟਾ ਕਰਨ ਵਾਲ਼ੇ ਵੱਡੇ ਰਾਜਸੀ ਲੀਡਰ ਅਤੇ ਕੁਰੱਪਟ ਪ੍ਰਸ਼ਾਨਕ ਅਧਿਕਾਰੀ ਆਪਣੇ ਦੇਸ਼ਾਂ ਦਾ ਕਾਲ਼ਾ ਧਨ ਕਨੇਡਾ ਦੀ ਰੀਅਲ ਇਸਟੇਟ, ਆਇਲ ਇੰਡਸਟਰੀ, ਅਨਰਜੀ ਇੰਡਸਟਰੀ, ਮਾਈਨਿੰਗ ਅਤੇ ਹੋਰ ਕਈ ਸੈਕਟਰਾਂ ਵਿੱਚ ਇਨਵੈਸਟ ਕਰ ਰਹੇ ਹਨ। ਰਿਪੋਰਟ ਅਨੁਸਾਰ ਹਜਾਰਾਂ ਬਿਲੀਅਨ ਡਾਲਰ ਕਾਲ਼ਾ ਧਨ ਹਰ ਸਾਲ ਕਨੇਡਾ ਰਾਹੀਂ ਦੁਨੀਆਂ ਭਰ ਵਿੱਚ ਮਨੁੱਖੀ ਤਸਕਰੀ (ਗੈਰ-ਕਨੂੰਨੀ ਇਮੀਗ੍ਰੇਸ਼ਨ), ਡਰੱਗ ਸਮਗਲਿੰਗ, ਗੈਰ-ਕਨੂੰਨੀ ਹਥਿਆਰਾਂ ਦੀ ਸਮਗਲਿੰਗ ਲਈ ਦੁਨੀਆਂ ਭਰ ਵਿੱਚ ਭੇਜੇ ਜਾਦੇ ਹਨ। ਰਿਪੋਰਟ ਵਿੱਚ ਇਹ ਵੀ ਇੰਕਸ਼ਾਫ ਕੀਤਾ ਗਿਆ ਹੈ ਕਿ ਗੈਰ-ਕਨੂੰਨੀ ਧੰਦੇ ਦੀਆਂ ਮਲਟੀ ਨੈਸ਼ਨਲ ਕੰਪਨੀਆਂ ਦੇ ਕਨੇਡਾ ਵਿੱਚ ਸੁਰੱਖਿਅਤ ਅੱਡੇ ਹਨ। ਕਨੇਡਾ ਇਸ ਵਕਤ ਸਿਰਫ ਆਪਣੇ ਲਈ ਹੀ ਨਹੀਂ, ਬਾਕੀ ਦੁਨੀਆਂ ਲਈ ਵੀ ਖਤਰਨਾਕ ਹਾਲਾਤ ਪੈਦਾ ਕਰ ਰਿਹਾ ਹੈ। ਸੀ ਟੀ ਵੀ ਦੀ ਰਿਪੋਰਟ ਅਨੁਸਾਰ ਕਨੇਡਾ ਦੁਨੀਆਂ ਭਰ ਵਿੱਚ ਅਪਰਾਧ ਲਈ ਲਾਚਿੰਗ ਪੈਡ ਬਣਦਾ ਜਾ ਰਿਹਾ ਹੈ।
ਅਜਿਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਵਲੋਂ ਲੰਬੇ ਸਮੇਂ ਤੋਂ ਕਨੇਡਾ `ਤੇ ਲਗਾਏ ਜਾਂਦੇ ਰਹੇ ਅਜਿਹੇ ਇਲਜ਼ਾਮ ਸੱਚ ਹੋ ਰਹੇ ਹਨ ਕਿ ਕਨੇਡਾ ਵਿੱਚ ਭਾਰਤ ਦੇ ਅਨੇਕਾਂ ਖਤਰਨਾਕ ਅਪਰਾਧੀ ਨਾ ਸਿਰਫ ਸ਼ਰਣ ਲਈ ਬੈਠੇ ਹਨ, ਸਗੋਂ ਉਹ ਕਨੇਡਾ ਤੋਂ ਪੰਜਾਬ (ਇੰਡੀਆ) ਅਤੇ ਪੰਜਾਬ ਤੋਂ ਕਨੇਡਾ ਵਿੱਚ ਬੜੀ ਆਸਨੀ ਨਾਲ਼ ਅਪਰਾਧ ਕਰ ਰਹੇ ਹਨ। ਇੰਡੀਅਨ ਵਿਦੇਸ਼ ਮੰਤਰੀ ਜੈ ਸ਼ੰਕਰ ਦਾ ਕੁੱਝ ਮਹੀਨੇ ਪਹਿਲਾਂ ਦਿੱਤਾ ਬਿਆਨ ਵੀ ਇਸ ਰਿਪੋਰਟ ਅਨੁਸਾਰ ਸੱਚ ਲਗਦਾ ਹੈ ਕਿ ਕਨੇਡਾ ਅਪਰਾਧੀਆਂ ਤੇ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਬਣ ਚੁੱਕਾ ਹੈ। ਅਜਿਹੇ ਮੁੱਦਿਆਂ ਕਾਰਨ ਹੀ ਪਿਛਲੇ ਕਈ ਸਾਲਾਂ ਤੋਂ ਕਨੇਡਾ-ਭਾਰਤ ਦੇ ਸਬੰਧ ਵੀ ਵਿਗੜਦੇ ਜਾ ਰਹੇ ਹਨ। ਟਰੂਡੋ-ਜਗਮੀਤ ਦੇ ਗੱਠਜੋੜ ਵਾਲ਼ੀ ਸਰਕਾਰ ਨੂੰ ਕੋਈ ਚਿੰਤਾ ਨਹੀਂ, ਬੇਸ਼ਕ ਦੋਨੋਂ ਬਹੁ-ਗਿਣਤੀ ਕਨੇਡੀਅਨਾਂ ਵਿੱਚ ਆਪਣਾ ਅਧਾਰ ਗੁਆ ਚੁੱਕੇ ਹਨ। ਦੇਖਣਾ ਹੋਵੇਗਾ ਕਿ ਵਧ ਰਹੇ ਕਰਾਈਮ ਅਤੇ ਅਜਿਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਕਨੇਡੀਅਨ ਸਰਕਾਰ, ਸੁਬਾਈ ਸਰਕਾਰਾਂ ਅਤੇ ਪੁਲਿਸ ਏਜੰਸੀਆਂ ਕਿਸੇ ਸਹਿਮਤੀ ਨਾਲ਼ ਕੀ ਐਕਸ਼ਨ ਲੈਂਦੀਆਂ ਹਨ?
ਹਰਚਨ ਸਿੰਘ ਪ੍ਰਹਾਰ




.