.

ਅਯੁੱਧਿਆ ਦੇ 22 ਜਨਵਰੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਹੁਣ ਸੱਪ ਸੁੰਘਦਾ?


ਕੁੱਝ ਦਿਨ ਪਹਿਲਾਂ ਅਖਬਾਰਾਂ ਵਿੱਚ ਇੱਕ ਖਬਰ ਛਪੀ ਸੀ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਜਥੇਦਾਰ ਗਿ: ਰਘਬੀਰ ਸਿੰਘ ਨੂੰ 22 ਜਨਵਰੀ ਨੂੰ ਹੋ ਰਹੇ ਮੂਰਤੀ ਸਥਾਪਨਾ ਸਮਾਗਮ ਵਿੱਚ ਹਿੱਸਾ ਲੈਣ ਬਾਰੇ ਪੁੱਛਿਆ ਗਿਆ ਸੀ। ਪਹਿਲਾਂ ਉਹ ਖਬਰ ਪੜ੍ਹ ਲਓ ਜੋ ਇਸ ਤਰ੍ਹਾਂ ਹੈ:
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਅਪੀਲ ਕੀਤੀ ਹੈ ਕਿ ਉਹ ਸਪਸ਼ਟ ਕਰਨ ਕਿ ਅਯੁੱਧਿਆ ਵਿਚ 22 ਜਨਵਰੀ ਨੂੰ ਹੋ ਰਹੇ ਮੂਰਤੀ ਸਥਾਪਨਾ ਸਮਾਗਮ ’ਚ ਸਿੱਖ ਭਾਈਚਾਰਾ ਹਿੱਸਾ ਲੈ ਸਕਦਾ ਹੈ ਜਾਂ ਨਹੀਂ। ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਨੇ ਕਿਹਾ ਕਿ ਅਯੁੱਧਿਆ ਵਿਚ ਹੋਣ ਵਾਲੇ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੱਖ ਭੂਮਿਕਾ ਹੋਣ ਕਰਕੇ ਭਾਜਪਾ ਤੇ ਆਰ ਐੱਸ ਐੱਸ ਦੇ ਕਾਰਕੁਨ ਸਿੱਖਾਂ ’ਤੇ ਦਬਾਅ ਪਾ ਰਹੇ ਹਨ ਕਿ ਉਹ ਵੱਡੀ ਗਿਣਤੀ ’ਚ ਅਯੁੱਧਿਆ ਪਹੁੰਚਣ ਅਤੇ 22 ਜਨਵਰੀ ਨੂੰ ਗੁਰਦੁਆਰਿਆਂ ’ਚ ਦੀਪਮਾਲਾ ਕਰਨ। ਸਿੱਖ ਅਯੁੱਧਿਆ ਵਿਚ ਸ਼ਮੂਲੀਅਤ ਨੂੰ ਲੈ ਕੇ ਦੁਵਿਧਾ ਵਿੱਚ ਹਨ ਕਿਉਂਕਿ ਸਿੱਖ ਧਰਮ ਮੂਰਤੀ ਪੂਜਾ ਦੀ ਮਨਾਹੀ ਕਰਦਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕਰਨ ਲਈ ਕਿਹਾ ਹੈ ਕਿ ਜਥੇਦਾਰ ਨੂੰ ਇਸ ਸਮਾਗਮ ਲਈ ਸੱਦਾ ਮਿਲਿਆ ਸੀ, ਕੀ ਉਹ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਹਨ ਕਿ ਨਹੀਂ।
ਇਹ ਉਪਰ ਵਾਲੀ ਖਬਰ ਕੁੱਝ ਵਾਧੇ ਘਾਟੇ ਨਾਲ ਕਈ ਥਾਵਾਂ ਤੇ ਛਪੀ ਹੈ। ਹੁਣ ਜੇ ਤਾਂ ਸਿੱਖ ਆਪਣੇ ਮਹਾਂਪੁਰਸ਼ਾਂ ਨੂੰ, ਉੱਚੀ ਅਵਸਥਾ ਵਾਲਿਆਂ ਨੂੰ, ਕਹਿਣੀ ਤੇ ਕਰਨੀ ਵਾਲਿਆਂ ਨੂੰ, ਨਾਮ ਅਭਿਆਸ ਦੀ ਕਮਾਈ ਵਾਲਿਆਂ ਨੂੰ, ਸੀਨਾ-ਬਾਸੀਨਾ ਚਲੀ ਆ ਰਹੀ ਮਰਯਾਦਾ ਨੂੰ, ਵੀਹਵੀਂ ਸਦੀ ਦੇ ਮਹਾਨ ਸ਼ਹੀਦਾਂ ਨੂੰ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਕਹਿਲਾਉਣ ਵਾਲਿਆਂ ਪੂਰੀ ਤਨਦੇਹੀ ਨਾਲ ਤਨੋਂ ਮਨੋਂ ਸਤਿਕਾਰ ਨਾਲ ਮੰਨਦੇ ਹਨ ਤਾਂ ਬਿਨਾ ਕਿਸੇ ਝਿਜਕ ਦੇ ਜਰੂਰ ਸ਼ਾਮਲ ਹੋਣਾ ਚਾਹੀਦਾ ਹੈ। ਕਿਉਂਕਿ ਇਹ ਸਾਰੇ ਹੀ ਦਸਮ ਗ੍ਰੰਥ ਨੂੰ ਦਸਵੇਂ ਗੁਰੂ ਦੀ ਲਿਖਤ ਮੰਨਦੇ ਹਨ। ਇਹ ਸਾਰੇ ਹੀ ਉਸ ਰਾਮ ਦੀ ਵਡਿਆਈ ਹਰ ਰੋਜ਼ ਹੀ ਆਪਣੇ ਨਿੱਤਨੇਮ ਵਿੱਚ ਕਰਦੇ ਹਨ। ਇਹ ਸਾਰੇ ਹੀ ਕਹਿੰਦੇ ਹਨ ਕਿ ਰਾਮ ਦੀ ਕਥਾ ਇਤਨੀ ਅਟੱਲ ਹੈ ਕਿ ਇਹ ਤਾਂ ਜੁਗਾਂ-ਜੁਗਾਂ ਤੱਕ ਰਹਿਣੀ ਹੈ। ਰਾਮ ਆਪ ਹੀ ਇਕੱਲਾ ਸਵਰਗ ਵਿੱਚ ਨਹੀਂ ਗਿਆ ਉਹ ਤਾਂ ਸਾਰੇ ਸ਼ਹਿਰ ਨੂੰ ਹੀ ਨਾਲ ਸਵਰਗ ਵਿੱਚ ਲੈ ਗਿਆ ਸੀ। ਆਹ ਅਗਲੀਆਂ ਪੰਗਤੀਆਂ ਧਿਆਨ ਨਾਲ ਪੜ੍ਹੋ ਜੋ ਕਿ ਸ਼ਾਮ ਨੂੰ ਅਸਲੀ ਰਹਿਰਾਸ ਵਿੱਚ ਪੜ੍ਹੀਆਂ ਜਾਂਦੀਆਂ ਹਨ। ਇਨ੍ਹਾਂ ਦੇ ਅਰਥ ਵੀ ਇਨ੍ਹਾਂ ਦੇ ਕੀਤੇ ਹੋਏ ਹੀ ਹਨ:

ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ॥
੨੪ ਅਵਤਾਰ ਰਾਮ - ੮੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ॥੮੫੮॥
The story of Ram remain immortal throughout the ages and in this way Ram went to abide in heaven alongwith (all the resident of) the city.858.
੨੪ ਅਵਤਾਰ ਰਾਮ - ੮੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ

ਇਸ ਅਸਲੀ ਵੱਡੀ ਰਹਿਰਾਸ ਬਾਰੇ ਇਨ੍ਹਾਂ ਦੇ ਵੱਡੇ ਮਹਾਂਪੁਰਸ਼ ਕੀ ਕਹਿੰਦੇ ਹਨ ਉਸ ਬਾਰੇ ਵੀ ਥੋੜਾ ਜਿਹਾ ਧਿਆਨ ਮਾਰ ਲਓ। ਇੱਥੇ ਇਹ ਗੱਲ ਵੀ ਚੇਤੇ ਰਹੇ ਕਿ ਜਦੋਂ ਜਸਵੀਰ ਸਿੰਘ ਰੋਡੇ ਸਿੱਖਾਂ ਦੇ ਕਥਿਤ ਅਕਾਲ ਤਖ਼ਤ ਦਾ ਕਥਿਤ ਜਥੇਦਾਰ ਬਣਿਆ ਸੀ ਉਸ ਨੇ ਉਥੇ ਪੁਰਾਤਨ ਰਾਮ ਦੀ ਵਡਿਆਈ ਵਾਲੀ ਵੱਡੀ ਰਹਿਰਾਸ ਸੁਰੂ ਕਰ ਦਿੱਤੀ ਸੀ ਜੋ ਕਿ ਇਨ੍ਹਾਂ ਦੇ ਹੀ ਦੱਸਣ ਮੁਤਾਬਕ 1989 ਵਿਚ ਬੰਦ ਕੀਤੀ ਗਈ ਸੀ। ਭਾਵ ਕਿ ਰਾਮ ਦੀ ਵਡਿਆਈ ਬੰਦ ਕਰ ਦਿੱਤੀ ਸੀ। ਇਸ ਦਾ ਸਬੂਤ ਤੁਸੀਂ ਖੁਦ ਹੀ ਇਸ ਸਕਰੀਨ ਸੌਟ ਵਿਚ ਦੇਖ ਸਕਦੇ ਹੋ।

ਹੁਣ ਗੱਲ ਕਰਦੇ ਹਾਂ ਆਪਣਾ ਵੱਖਰਾ ਰਾਜ ਮੰਗਣ ਵਾਲਿਆਂ ਦੀ। ਇਨ੍ਹਾਂ ਵਿਚੋਂ ਵੀ 99% ਉਹੀ ਹਨ ਜਿਹੜੇ ਕਿ ਦਸਮ ਗ੍ਰੰਥ ਨੂੰ ਦਸਵੇਂ ਗੁਰੂ ਦੀ ਬਾਣੀ ਮੰਨਣ ਵਾਲੇ ਹਨ। ਬਿਦੇਸ਼ਾਂ ਵਿੱਚ ਜਿਤਨੇ ਵੀ ਗੁਰਦੁਆਰਿਆਂ ਤੇ ਇਨ੍ਹਾਂ ਦਾ ਕਬਜਾ ਹੈ ਉੱਥੇ ਵੀ ਤਕਰੀਬਨ ਸਾਰੀਆਂ ਹੀ ਥਾਵਾਂ ਤੇ ਪੁਰਾਤਨ ਵੱਡੀ ਰਹਿਰਾਸ ਨਾਲ ਰਾਮ ਚੰਦਰ ਦੇ ਸੋਹਲੇ ਗਾਏ ਜਾਂਦੇ ਹਨ। ਜੇ ਕਰ ਸਾਰੇ ਥਾਵਾਂ ਤੇ ਰਾਮ ਦੇ ਸੋਹਲੇ ਨਹੀਂ ਵੀ ਗਉਂਦੇ ਹੋਣਗੇ ਪਰ ਫਿਰ ਵੀ ਦਸਮ ਗ੍ਰੰਥ ਨੂੰ ਗੁਰੂ ਦੀ ਬਾਣੀ ਤਾਂ ਮੰਨਦੇ ਹੀ ਹਨ। ਰਾਮ ਚੰਦਰ ਦੇ ਨਾਲ ਵਿਸ਼ਨੂੰ ਤੇ ਵੀ ਪੂਰੀ ਸ਼ਰਧਾ ਰੱਖਦੇ ਹਨ। ਕਿਉਂਕਿ ਵਿਸ਼ਨੂੰ ਦੀ ਭਗਤੀ ਦਾ ਫਲ ਹੀ ਇਤਨਾ ਹੈ ਕਿ ਕੋਈ ਵੀ ਦੁੱਖ ਤਕਲੀਫ ਨੇੜੇ ਨਹੀਂ ਆ ਸਕਦੀ। ਨਾਲੇ ਜਿਸ ਅਕਾਲ ਤਖ਼ਤ ਨੂੰ ਮਹਾਨ ਮੰਨਦੇ ਹਨ ਉਹ ਵੀ ਤਾਂ ਵਿਸ਼ਨੂੰ ਨੇ ਆਪਣੇ ਲਈ ਹੀ ਬਣਾਇਆ ਸੀ। ਫਿਰ ਉਸ ਨੂੰ ਕਿਵੇਂ ਨਾ ਮੰਨਣਗੇ। ਜਿਸ ਲਵ ਕੁਛ ਦੀਆਂ ਸਿੱਖ ਔਲਾਦਾਂ ਹਨ ਰਾਮ ਉਨ੍ਹਾਂ ਦਾ ਹੀ ਵਡੇਰਾ ਸੀ। ਜਦੋਂ ਬੇਦੀਆਂ ਸੋਢੀਆਂ ਦੀ ਗੱਲ ਤੁਹਾਡਾ ਦਸਵਾਂ ਗੁਰੂ ਆਪ ਹੀ ਸਪਸ਼ਟ ਕਰ ਗਿਆ ਹੈ ਫਿਰ ਇਤਰਾਜ ਕਾਹਦਾ? ਮੋਦੀ ਵੀ ਤਾਂ ਰਾਮ ਰਾਜ ਹੀ ਬਣਾ ਰਿਹਾ ਹੈ। ਉਹ ਵੀ ਤਾਂ ਤੁਹਾਡਾ ਹੀ ਰਾਜ ਹੈ ਕਿਉਂਕਿ ਤੁਹਾਡੇ ਗੁਰੂਆਂ ਨੂੰ ਜੋ ਕੁੱਝ ਵੀ ਮਿਲਿਆ ਉਹ ਬੇਦ ਪੜ੍ਹਨ ਕਰਕੇ ਰਾਮ ਦੀ ਅਗਾਂਹ ਅੰਸ ਬੰਸ ਕਰਕੇ ਹੀ ਮਿਲਿਆ ਹੈ। ਸੋ ਭਾਈ ਦਸਮ ਗ੍ਰੰਥੀਓ ਅਤੇ ਖਾਲਿਸਤਾਨੀਓ ਗੱਜ ਵੱਜ ਕੇ ਸ਼ਾਮਲ ਹੋਵੇ। ਹੋਰ ਜ਼ਿਆਦਾ ਸਪਸ਼ਟ ਸੇਧ ਲੈਣੀ ਹੈ ਤਾਂ ਨਿਹੰਗਾਂ ਤੋਂ ਖਾਸ ਕਰਕੇ ਨਿਹੰਗ ਧਰਮ ਸਿੰਘ ਤੋਂ ਲੈ ਲਵੋ। ਉਹ ਵੀ ਤਾਂ ਇਹੀ ਕਹਿੰਦਾ ਹੈ ਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਇਹ ਮੰਨਦਾ ਹੈ ਕਿ ਦਸਮ ਗ੍ਰੰਥ ਵਿਚਲੀ ਰਾਮਾਇਣ ਕਥਾ ਦਸਮ ਗੁਰੂ ਦੀ ਬਾਣੀ ਹੈ ਫਿਰ ਕਿੰਤੂ ਪਰੰਤੂ ਕਾਹਦਾ। ਨਾਲੇ ਤੁਹਾਡੇ ਤਾਂ ਮਹਾਂਪੁਰਸ਼ ਗੱਜ ਵੱਜ ਕੇ ਦਸਮ ਗ੍ਰੰਥ ਨੂੰ ਮੰਨਦੇ ਹਨ ਅਤੇ ਇਸ ਦਾ ਪ੍ਰਕਾਸ਼/ਹਨੇਰਾ ਵੀ ਨਾਲ ਹੀ ਆਪਣੇ ਡੇਰੇ/ਟਕਸਾਲਾਂ ਵਿੱਚ ਕਰਦੇ ਹਨ। ਤੁਸੀਂ ਵੀ ਸ਼ੋਸ਼ਲ ਮੀਡੀਏ ਤੇ ਇਸ ਦਾ ਪ੍ਰਚਾਰ ਕਰਦੇ ਹੋ। ਇਸ ਨੂੰ ਨਾ ਮੰਨਣ ਵਾਲਿਆਂ ਨੂੰ ਗਾਲ੍ਹਾਂ ਦਾ ਪ੍ਰਸ਼ਾਦ ਵੀ ਵੰਡਦੇ ਹੋ। ਇਸ ਨੂੰ ਨਾ ਮੰਨਣ ਵਾਲਿਆਂ ਪ੍ਰਚਾਰਕਾਂ ਤੇ ਹਮਲੇ ਵੀ ਕਰਦੇ ਹੋ। ਹੁਣ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ ਆਪਣੇ ਵੱਡੇ ਵਡੇਰਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ। ਐਵੇਂ ਦੁਬਿਧਾ ਦਾ ਸ਼ਿਕਾਰ ਨਾ ਹੋਵੋ ਜਿਵੇਂ ਕੇਂਦਰੀ ਸਿੰਘ ਸਭਾ ਵਾਲੇ ਅਤੇ ਹੋਰ ਸਿੱਖ ਹੋਏ ਹੋਏ ਹਨ। ਤੁਸੀਂ ਮੂਰਤੀ ਪੂਜਾ ਵਿੱਚ ਨਾ ਸ਼ਾਮਲ ਹੋਵੋ। ਰਾਮ ਨੂੰ ਸ਼ਰਧਾਂਜਲੀ ਦੇਣ ਦਾ ਫਰਜ਼ ਤਾਂ ਬਣਦਾ ਹੀ ਹੈ। ਜੇ ਕਰ ਅਯੁੱਧਿਆ ਵਾਲਾ ਰਾਮ ਤੁਹਾਡੇ ਲਈ ਕੋਈ ਮਹੱਤਤਾ ਨਹੀਂ ਰੱਖਦਾ ਤਾਂ ਫਿਰ ਕਰੋ ਦਸਮ ਗ੍ਰੰਥ ਨੂੰ ਰੱਦ ਅਤੇ ਨਾਲ ਹੀ ਇਹ ਵੀ ਕਹੋ ਕਿ ਜਿਨ੍ਹਾਂ ਨੂੰ ਅਸੀਂ ਪਹੁੰਚੇ ਹੋਏ ਮਹਾਂ ਪੁਰਸ਼ ਕਹਿੰਦੇ ਹਾਂ ਉਹ ਸਿਰੇ ਦੇ ਉਜੱਡ ਲੋਕ ਸਨ। ਸੋ ਗੱਲ ਇੱਕ ਪਾਸੇ ਕਰ ਦਿਓ। ਦੋਗਲੇ ਜਿਹੇ ਨਾ ਬਣੋ। ਇਸੇ ਤਰ੍ਹਾਂ ਹੀ ਆਪਣੇ ਆਪ ਨੂੰ ਗਿਆਨਵਾਨ ਕਹਾਉਣ ਵਾਲੇ ਅਤੇ ਹੋਰ ਮਿਸ਼ਨਰੀ ਲਾਣਾ ਸਾਰੇ ਹੀ ਇੱਕ ਵਢਿਉਂ ਦਸਮ ਗ੍ਰੰਥ ਅਤੇ ਹੋਰ ਕੂੜ ਗ੍ਰੰਥਾਂ ਦਾ ਫਸਤਾ ਵੱਢਣ ਨਾ ਕਿ ਹੋਰਨਾ ਵਾਂਗ ਦੋਗਲੀਆਂ ਗੱਲਾਂ ਕਰਨ। ਇੱਕ ਪਾਸੇ ਦਸਮ ਗ੍ਰੰਥ ਦਾ ਵਿਰੋਧ ਵੀ ਕਰੀ ਜਾਣਾ ਦੂਸਰੇ ਪਾਸੇ ਪੁਜਾਰੀਆਂ ਤੋਂ ਡਰਦਿਆਂ ਨੇ ਮੋਕ ਵੀ ਮਾਰੀ ਜਾਣੀ। ਕਿਸੇ ਵਿਰਲੇ ਨੂੰ ਛੱਡ ਕੇ ਉਂਜ ਤਾਂ ਸਾਰੇ ਸਿੱਖ ਹੀ ਇਸੇ ਤਰ੍ਹਾਂ ਦੇ ਹਨ ਜਿਸ ਤਰ੍ਹਾਂ ਦੇ ਮਿਸ਼ਨਰੀ ਅਤੇ ਦਸਮ ਗ੍ਰੰਥੀਏ ਖਾਲਿਸਤਾਨੀ। ਬਿੱਲਕੁੱਲ ਦੋਗਲੀਆਂ ਗੱਲਾਂ ਕਰਨ ਵਾਲੇ। ਹਾਲੇ ਇਹ ਦਾਅਵਾ ਕਰਦੇ ਹਨ ਕਿ ਅਸੀਂ ਵੱਡੇ ਧਰਮੀ ਹਾਂ। ਬਾਕੀ ਸਾਰੇ ਤਾਂ ਨਾਸਤਕ, ਕਾਮਰੇਡ ਜਾਂ ਗੁਰੂ ਦੋਖੀ ਹਨ। ਇਸ ਸਾਰੇ ਆਪਣੇ ਆਪ ਦੀ ਪੜਚੋਲ ਕਰਨ ਕਿ ਤੁਹਾਡਾ ਗੁਰੂ ਵੀ ਤੁਹਾਡੇ ਵਰਗਾ ਦੋਗਲਾ ਹੀ ਸੀ ਜਾਂ ਕਿ ਤੁਸੀਂ ਹੀ ਦੋਗਲੇ ਹੋ? ਜਾਂ ਫਿਰ ਦੋਗਲੇ ਹੋਣਾ ਹੀ ਅਸਲੀ ਸਿੱਖ ਹੋਣ ਦੀ ਨਿਸ਼ਾਨੀ ਹੈ?
ਮੱਖਣ ਪੁਰੇਵਾਲ,
ਜਨਵਰੀ 15, 2024.




.