.

ਸੋਚਕੇ ਵੇਖੋ ਇਹ 'ਸੰਵਿਧਾਨ' ਜ਼ਿਆਦਾ ਕੀਹਦੇ ਹੱਕ ਵਿੱਚ ਭੁਗਤਦਾ ਹੈ ?

ਦੇਸ਼ ਵਿੱਚ 'ਸੰਵਿਧਾਨ' ਬਚਾਉਣ ਦੇ ਨਾਮ ਤੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹਨ ਅਤੇ ਕਾਫ਼ੀ ਸਾਰੀਆਂ ਜਥੇਬੰਦੀਆਂ ਵੱਲੋਂ ਕਿਤੇ ਨਾ ਕਿਤੇ ਪ੍ਰੋਗਰਾਮ ਕਰਕੇ 'ਸੰਵਿਧਾਨ' ਬਚਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ।
ਇਹਨਾਂ ਲੋਕਾਂ ਵੱਲੋਂ 'ਮੋਦੀ ਸਰਕਾਰ' ਅੰਦਰ 'ਸੰਵਿਧਾਨ' ਨੂੰ ਸੁਰੱਖਿਅਤ ਨਹੀਂ ਮੰਨਿਆ ਜਾ ਰਿਹਾ। ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ 'ਮੋਦੀ' ਸਰਕਾਰ ਵੱਲੋਂ ਇਹ ਮੌਜੂਦਾ 'ਸੰਵਿਧਾਨ' ਨੂੰ ਖ਼ਤਮ ਕਰਕੇ ਦੇਸ਼ ਦੀਆਂ ਘੱਟ ਗਿਣਤੀਆਂ ਅਤੇ ਦੱਬੇ ਕੁੱਚਲੇ ਲੋਕਾਂ ਲਈ ਅਤਿ ਮਾੜਾ 'ਸੰਵਿਧਾਨ' ਹੋਰ ਲਿਆਂਦਾ ਜਾਵੇਗਾ। ਤਾਂ ਕਿ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਹੋਰ ਕਮਜ਼ੋਰ ਬਣਾਇਆ ਜਾ ਸਕੇ, ਇਹਨਾਂ ਨੂੰ ਭਿੱਖ ਮੰਗੇ ਬਣਾਇਆ ਜਾ ਸਕੇ।
'ਸੰਵਿਧਾਨ' ਬਚਾਉਣ ਵਾਲਿਓ ਸਾਥੀਓ! ਜਿਹਨਾਂ ਤੋਂ 'ਸੰਵਿਧਾਨ' ਬਚਾਉਣ ਦੀ ਗੱਲ ਕਰਦੇ ਹੋਂ, ਉਹਨਾਂ ਲਈ ਇਸ ਤੋਂ ਵਧੀਆ 'ਸੰਵਿਧਾਨ' ਹੋਰ ਕੀ ਹੋ ਸਕਦਾ? ਤੁਸੀਂ ਸੋਚਕੇ ਵੇਖੋ ਇਹ 'ਸੰਵਿਧਾਨ' ਜ਼ਿਆਦਾ ਕੀਹਦੇ ਹੱਕ ਵਿੱਚ ਭੁਗਤਦਾ, ਤੁਹਾਡੇ, ਕਿ ਉਨ੍ਹਾਂ ਦੇ ?
ਇਸ 'ਸੰਵਿਧਾਨ' ਸਬੰਧੀ ਡਾਕਟਰ ਭੀਮ ਰਾਓ 'ਅੰਬੇਡਕਰ' ਜੀ ਨੇ 2 ਸਤੰਬਰ 1953 ਨੂੰ ਰਾਜ ਸਭਾ ਵਿੱਚ ਜ਼ੋਰ ਦੇਕੇ ਕਿਹਾ ਸੀ, ਕਿ "ਮੇਰੇ ਮਿੱਤਰ ਮੈਨੂੰ ਕਹਿੰਦੇ ਨੇ ਕਿ ਮੈਂ 'ਸੰਵਿਧਾਨ' ਬਣਾਇਆ ਹੈ ,ਪਰ ਮੈਂ ਇਹ ਕਹਿਣ ਨੂੰ ਤਿਆਰ ਹਾਂ ਕਿ ਮੈਂ ਇਸ ਨੂੰ ਸਾੜ ਦੇਣ ਵਾਲਾ ਵੀ ਪਹਿਲਾ ਵਿਅਕਤੀ ਹੋਵਾਂਗਾ, ਕਿਉਂਕਿ ਇਹ ਸਾਡੇ ਕਿਸੇ ਕੰਮ ਦਾ ਨਹੀਂ ਹੈ।" ਇੱਕ ਰੋਜ਼ਾਨਾ ਵੱਡੇ ਅਖ਼ਬਾਰ ਦੇ ਸੰਪਾਦਕ ਨੇ ਆਪਣੇ ਸੰਪਾਦਕੀ ਲੇਖ ਵਿੱਚ ਤਾਂ ਇਥੋਂ ਤੱਕ ਲਿਖਿਆ ਹੈ ਕਿ "ਅੰਬੇਡਕਰ ਜੀ ਨੇ ਆਪ ਮੰਨਿਆ ਹੈ ਕਿ ਉਹਨਾਂ ਉਹੀ ਕੁਝ ਕੀਤਾ, ਜ਼ੋ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ ਤੇ ਇਹ ਉਨ੍ਹਾਂ ਆਪਣੀ ਮਰਜ਼ੀ ਦੇ ਵਿਰੁੱਧ ਕੀਤਾ ਅਤੇ ਸੰਵਿਧਾਨ ਲਿਖਣ ਲਈ ਮੈਨੂੰ ਵਰਤਿਆ ਗਿਆ ਹੈ।" ਇਸ ਸੰਪਾਦਕ ਵੱਲੋਂ ਇਹ ਗੱਲਾਂ 'ਰਾਜ ਸਭਾ' ਦੇ ਰਿਕਾਰਡ 'ਚ ਦੱਸੀਆਂ ਜਾ ਰਹੀਆਂ ਹਨ।
ਹੁਣ ਮੈਂ ਤੁਹਾਡੇ ਨਾਲ ਇੱਕ ਨਵੀਂ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਜਿਹੜੀ ਕਿ ਮੈਂ ਅੱਜ ਤੱਕ ਨਾ ਕਿਸੇ ਕੈਡਰ ਕੈਂਪ ਵਿੱਚ, ਨਾ ਕਿਸੇ ਕਾਨਫਰੰਸ ਵਿੱਚ ਅਤੇ ਨਾ ਕਿਸੇ ਥਾਂ ਪੜ੍ਹੀ ਸੁਣੀ ਸੀ। ਜਿਸ ਤੋਂ ਪਤਾ ਲਗਦਾ ਹੈ, ਜੇ ਸਾਰੀ ਦਾਲ 'ਕਾਲੀ' ਨਹੀਂ, ਤਾਂ 'ਦਾਲ' ਵਿੱਚ ਸ਼ਰੇਆਮ 'ਕਾਲਾ' ਨਜ਼ਰ ਆਉਂਦਾ ਹੈ। ਇਹ ਜਾਣਕਾਰੀ ਇਸ ਤਰਾਂ ਹੈ ਕਿ ਸਾਡੇ ਇਸ ਸੰਵਿਧਾਨ ਨੂੰ 22 ਭਾਗਾਂ ਵਿੱਚ ਲਿਖਿਆ ਗਿਆ ਹੈ, ਹਰ ਭਾਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਉੱਪਰ ਇੱਕ ਤਸਵੀਰ ਛਾਪੀ ਗਈ,ਉਸ ਤੋਂ ਬਾਅਦ ਉਸ ਭਾਗ ਦਾ ਕਾਰਜ ਦਰਜ ਕੀਤਾ ਗਿਆ ਹੈ।
ਜੋ ਕਿ ਇਸ ਤਰਾਂ ਹਨ:-
1- ਪਹਿਲੇ ਭਾਗ ਤੇ ਸਿੰਧ ਘਾਟੀ ਨਾਲ ਸਬੰਧਤ ਇੱਕ ਤਾਕਤਵਰ 'ਬੈਲ' ਦੀ ਤਸਵੀਰ ਹੈ।
2- ਤੇ ਵੈਦਿਕ ਕਾਲ ਨਾਲ ਸਬੰਧਿਤ ਗੁਰੂਕੁਲ ਦੀ ਹੈ।
3- ਭਾਗ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ, ਜਿਸ ਤੇ ਰਾਮ, ਸੀਤਾ, ਲਛਮਣ ਦੀ ਤਸਵੀਰ ਹੈ, ਇਹ ਭਾਗ ਦੇਸ਼ ਵਾਸੀਆਂ ਨੂੰ ਮੌਲਿਕ ਅਧਿਕਾਰਾਂ ਦੀ ਗੱਲ ਕਰਦਾ ਹੈ (ਰਮਾਇਣ ਮੁਤਾਬਿਕ ਹਰ ਸਾਲ ਸਟੇਜਾਂ ਤੋਂ ਜੋ ਵਿਖਾਇਆ ਜਾ ਹੈ, ਉਹ ਸਭ ਨੂੰ ਯਾਦ ਹੀ ਹੈ।) ਅਤੇ ਇਕ ਚੈਨਲ ਵੱਲੋਂ ਤਾਂ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ "ਸੰਵਿਧਾਨ ਦਾ ਇਹ (ਤੀਜਾ) ਭਾਗ 'ਰਾਮ ਰਾਜ' ਸਥਾਪਤ ਕਰਨ ਦੀ ਗੱਲ ਵੀ ਕਰਦਾ ਹੈ।"
4- ਚੌਥੇ ਭਾਗ ਤੇ ਮਹਾਂਭਾਰਤ ਸਮੇਂ ਕੁਰੂਕਸ਼ੇਤਰ ਵਿਖੇ ਕ੍ਰਿਸ਼ਨ ਜੀ ਵੱਲੋਂ ਅਰਜਨ ਨੂੰ ਗੀਤਾ ਦਾ ਉਪਦੇਸ਼ ਦੇਣ ਵੇਲੇ ਦੀ ਤਸਵੀਰ ਹੈ।

5- ਤੇ ਮਹਾਤਮਾ 'ਬੁੱਧ' ਜੀ ਉਪਦੇਸ਼ ਦੇ ਰਿਹਾ ਹੈ।

6- ਤੇ ਜੈਨ ਧਰਮ ਦੇ 'ਮਹਾਂਵੀਰ' ਜੀ ਦੀ ਤਸਵੀਰ ਹੈ।

7- ਤੇ ਸਮਰਾਟ ਰਾਜੇ ਅਸ਼ੋਕ ਦੀ ਹੈ।

8- ਭਾਗ ਉਤੇ ਹਨੂੰਮਾਨ ਜੀ ਸੀਤਾ ਜੀ ਦੀ ਭਾਲ 'ਚ ਅਸਮਾਨ ਵਿੱਚ ਉੱਡੇ ਜਾ ਰਹੇ ਹਨ।

9- ਤੇ ਉਜੈਨ ਦੇ ਰਾਜਾ ਬ੍ਰਿਕਮਦੱਤ ਦੀ ਹੈ।

10- ਤੇ ਨਲਦਾ ਪ੍ਰਾਚੀਨ ਵਿਸਵਵਿਦਆਲੇ ਦੀ ਮੋਹਰ ਹੈ।

11- ਤੇ ਰਾਜਾ ਭਰਤ ਜਿਸ ਕਰਕੇ ਦੇਸ਼ ਦਾ ਨਾਂ 'ਭਾਰਤ ਵਰਸ਼' ਪਿਆ ਸੀ।

12- ਤੇ 'ਨਟਰਾਜ' ਦੀ ਹੈ, 'ਨਟਰਾਜ' ਹਿੰਦੂ ਭਗਵਾਨ ਸ਼ਿਵ ਦੁਆਰਾ ਸ਼੍ਰਿਸ਼ਟੀ ਦੇ ਵਿਨਾਸ਼ ਸਮੇਂ ਕੀਤਾ ਬ੍ਰਹਮ ਨਾਚ ਜਿਸ ਨੂੰ ਤਾਂਡਵ ਕਿਹਾ ਜਾਂਦਾ ਹੈ। ਉਸ ਸਮੇਂ ਸ਼ਿਵ ਨਾਚ ਦੀ ਉਸ ਪ੍ਰਤਿਮਾ ਨੂੰ 'ਨਟਰਾਜ' ਦਾ ਨਾਮ ਦਿਤਾ ਗਿਆ ਹੈ। (ਹਵਾਲਾ-ਵਿਕੀਪੀਡੀਆ)
13- ਤੇ ਮਹਾਂਵਲੀ ਦੇ ਮੰਦਰ ਤੇ ਸ਼ੇਸ਼ ਨਾਗ, 'ਗੰਗਾ' ਮਈਆ ਅਤੇ ਗੰਗਾ ਮਈਆ ਨੂੰ ਹਜ਼ਾਰਾਂ ਸਾਲ ਭਗਤੀ ਕਰਕੇ (ਰਾਜਾ ਸਗਰ ਦੇ 60 ਹਜ਼ਾਰ ਭਸਮ ਹੋਏ ਪੁੱਤਰਾਂ ਦੀ ਮੁਕਤੀ ਲਈ) ਸਵਰਗ ਵਿਚੋਂ ਧਰਤੀ ਤੇ ਲਿਆਉਣ ਵਾਲੇ 'ਭਗੀਰਥ' ਸਮੇਤ ਕਈ ਦੇਵੀ ਦੇਵਤਿਆਂ ਦੀ ਤਸਵੀਰ ਹੈ।

14- ਤੇ ਰਾਜੇ ਅਕਬਰ ਦੇ ਦਰਬਾਰ ਦੀ ਹੈ।

15- ਤੇ ਛੱਤਰਪਤੀ ਸ਼ਿਵਾ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਹੈ।

16- ਰਾਣੀ ਲਕਸ਼ਮੀ ਬਾਈ ਅਤੇ ਟੀਪੂ ਸੁਲਤਾਨ ਹੈ।

17- ਤੇ ਡਾਡੀਂ ਮਾਰਚ ਕਰਦੇ ਹੋਏ ਮਹਾਤਮਾ ਗਾਂਧੀ ਦੀ ਹੈ।
18- ਤੇ ਫਿਰ ਦੂਜੀ ਵਾਰ ਮਹਾਤਮਾ ਗਾਂਧੀ ਵੱਲੋਂ ਕਿਸੇ ਯਾਤਰਾ ਦੀ ਦੱਸੀ ਜਾ ਰਹੀ ਹੈ।

19- ਤੇ ਸੁਭਾਸ਼ ਚੰਦਰ ਬੋਸ ਆਜ਼ਾਦ ਹਿੰਦ ਫੌਜ ਦੇ ਝੰਡੇ ਨੂੰ ਸਲਾਮੀ ਦੇ ਰਹੇ ਹਨ।

20- ਤੇ ਹਿਮਾਲਿਆ ਪਰਬਤ ਦੀ ਹੈ।

21- ਤੇ ਰੇਗਿਸਤਾਨ ਵਿੱਚ ਊਠਾਂ ਦੇ ਕਾਫ਼ਲੇ ਦੀ ਹੈ।
22- ਤੇ ਇਕ ਸਮੁੰਦਰੀ ਜਹਾਜ਼ ਦੀ ਤਸਵੀਰ ਹੈ।
ਇਸ ਤੋਂ ਇਲਾਵਾ ਹੱਥੀਂ ਲਿਖਣ ਵਾਲੇ 'ਸੰਵਿਧਾਨ' ਦੇ ਲੇਖਕ ਨੇ ਹਰ ਪੰਨੇ ਉੱਪਰ ਆਪਣਾ ਨਾਮ 'ਪ੍ਰੇਮ' ਲਿਖਿਆ ਹੈ, ਜਿਸ ਦਾ ਪੂਰਾ ਨਾਮ 'ਪ੍ਰੇਮ ਬਿਹਾਰੀ ਨਾਰਾਇਣ ਰਾਯਜਾਦਾ' ਹੈ ਅਖੀਰ ਵਿੱਚ ਇਸ ਲੇਖਕ ਵੱਲੋਂ ਆਪਣੇ ਦਾਦੇ 'ਰਾਮ ਪ੍ਰਸਾਦ' ਦਾ ਨਾਮ ਵੀ ਲਿਖਿਆ ਗਿਆ ਹੈ।
ਨੋਟ ਕਰਨ ਵਾਲੀ ਗੱਲ ਇਹ ਵੀ ਹੈ, ਡਾਕਟਰ ਅੰਬੇਡਕਰ ਜੀ ਦੇ ਵੱਡੇ ਵਿਰੋਧੀ ਰਹੇ ਮਹਾਤਮਾ ਗਾਂਧੀ ਨੂੰ ਸੰਵਿਧਾਨ ਦੇ ਪੰਨਿਆਂ ਤੇ ਵਿਸ਼ੇਸ਼ ਦੋ ਭਾਗਾਂ ਵਿੱਚ ਥਾਂ ਦਿੱਤੀ ਗਈ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਛਤਰਪਤੀ ਸ਼ਿਵਾਜੀ ਦੇ ਨਾਲ ਇੱਕ ਪੰਨੇ ਤੇ ਅੱਧੀ ਥਾਂ ਦਿੱਤੀ ਗਈ ਹੈ।
ਫਿਰ ਜਦੋਂ 1949 ਵਿੱਚ ਸੰਵਿਧਾਨ ਅੰਦਰ, ਸੰਵਿਧਾਨ ਸਭਾ ਦੇ ਇੱਕ ਮੈਂਬਰ ਨੇ ਦੇਸ਼ ਲਈ 'ਸੈਕੁਲਰ' ਸ਼ਬਦ ਜੋੜਨ ਲਈ ਸੋਧ ਬਿਲ ਪੇਸ਼ ਕੀਤਾ ਤਾਂ ਇਸ ਬਿਲ ਨੂੰ ਖਾਰਜ ਕਰ ਦਿੱਤਾ ਸੀ। ਬਾਅਦ ਵਿੱਚ 'ਸੈਕੁਲਰ' ਸ਼ਬਦ ਇੰਦਰਾ ਗਾਂਧੀ ਵੱਲੋਂ 42ਵੀਂ ਸੋਧ ਵੇਲੇ ਜੋੜਿਆ ਗਿਆ।
ਇਸ ਸੰਵਿਧਾਨ ਉਤੇ 299 ਵਿਚੋਂ ਪੰਜ ਮੈਂਬਰਾਂ ਨੂੰ ਛੱਡਕੇ 294 ਮੈਂਬਰਾਂ ਨੇ ਸਮੇਤ ਡਾ.ਭੀਮ ਰਾਓ 'ਅੰਬੇਡਕਰ' ਜੀ ਨੇ ਦਸਤਕ ਕੀਤੇ ਹੋਏ ਹਨ।
ਹੁਣ ਤੁਸੀਂ ਆਪ ਨਿਰਣਾ ਕਰੋ ਬਾਬਾ ਸਾਹਿਬ 'ਅੰਬੇਡਕਰ' ਜੀ ਐਸਾ ਕਰ ਸਕਦੇ ਹਨ ? ਅੰਬੇਡਕਰ ਜੀ, ਗਾਂਧੀ ਸਮੇਤ ਜਿਹਨਾਂ ਦੇਵੀ ਦੇਵਤਿਆਂ ਨੂੰ ਮੰਨਦਾ ਨਹੀਂ ਸੀ, ਉਹਨਾਂ ਦੀ ਤਸਵੀਰਾਂ ਨੂੰ ਐਨਾ ਮਹੱਤਵ ਦੇ ਸਕਦੇ ਹਨ ? ਡਾਕਟਰ ਅੰਬੇਡਕਰ ਜੀ ਨੂੰ 'ਸੈਕੁਲਰ' ਸ਼ਬਦ ਤੋਂ ਕੋਈ ਖ਼ਤਰਾ ਜਾ ਨਫ਼ਰਤ ਹੋ ਸਕਦੀ ਹੈ ?
ਹੁਣ ਤੁਸੀਂ ਅੱਗੇ ਹੋਰ ਵੇਖੋ, ਇਹ ਸੰਵਿਧਾਨ (26 ਜਨਵਰੀ 1950) ਨੂੰ ਲਾਗੂ ਹੋਣ ਤੋਂ ਬਾਅਦ, ਘੱਟ ਗਿਣਤੀਆਂ ਦੇ ਅਤੇ ਸਦੀਆਂ ਤੋਂ ਸਤਾਈਆਂ ਦੱਬੀਆਂ ਕੁਚਲੀਆਂ ਜ਼ਾਤਾਂ ਦੇ ਕਿੰਨਾਂ ਕੁ ਜ਼ਿਆਦਾ ਹੱਕ ਵਿੱਚ ਭੁਗਤਿਆ, ਜਾ ਭੁਗਤ ਰਿਹਾ ਹੈ ? ਦੱਬੀਆਂ ਕੁਚਲੀਆਂ ਨੀਵੀਂਆਂ ਕਹੀਆਂ ਜਾਂਦੀਆਂ ਜ਼ਾਤਾਂ ਦੇ ਕੁਝ ਕੁ ਲੋਕਾਂ ਨੂੰ ਨੌਕਰੀਆਂ ਤੇ ਅਹੁਦੇ ਦੇਕੇ ਪ੍ਰਚਾਰਿਆ ਇਸ ਤਰਾਂ ਜਾ ਰਿਹਾ, ਜਿਵੇਂ ਅਜ਼ਾਦੀ ਸਿਰਫ਼ ਇਹਨਾਂ ਨੂੰ ਹੀ ਮਿਲੀ ਹੋਵੇ ਅਤੇ ਬਾਕੀ ਦੇਸ਼ ਦੇ ਲੋਕ ਫਾਡੀ ਰਹਿ ਗ‌ਏ ਹੋਣ। ਜਦੋਂ ਕਿ ਸ਼ਾਸਨ ਪ੍ਰਸ਼ਾਸਨ ਵਿੱਚ ਇੱਕਾ ਦੁੱਕਾ ਅਹੁਦੇ ਛੱਡਕੇ, ਹਾਈ ਫਾਈ,ਮੱਖਣ ਮਲਾਈ ਵਾਲੇ ਉੱਚ ਆਹੁਦੇ, ਸੰਵਿਧਾਨ ਤੇ ਕਾਬਜ਼ ਲੋਕ (ਇਸੇ ਸੰਵਿਧਾਨ ਦੇ ਜ਼ਰੀਏ) ਆਪ ਸਾਂਭੀ ਬੈਠੇ ਹਨ।
ਜਿਸ ਸੰਵਿਧਾਨ ਦੇ ਹੁੰਦਿਆਂ ਦੇਸ਼ ਦੀ ਨਵੀਂ ਪਾਰਲੀਮੈਂਟ ਦੇ ਉਦਘਾਟਨ ਸਮੇਂ ਦੇਸ਼ ਦੀ ਪ੍ਰਮੁੱਖ ਹਸਤੀ 'ਰਾਸ਼ਟਰਪਤੀ' ਨੂੰ ਸੱਦਾ ਪੱਤਰ ਨਾ ਦੇਕੇ ਨੀਵਾਂ ਹੋਣ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੋਵੇ।
ਜਿਸ 'ਸੰਵਿਧਾਨ' ਦੇ ਜ਼ਰੀਏ ਹਾਕਮ ਜਮਾਤ ਦੇ ਆਪਣੀ ਮਨਮਰਜ਼ੀ ਦੇ ਹੁਕਮ ਚਲਦੇ ਤੇ ਹੋਣ 'ਤੇ ਉਹ ਕਾਨੂੰਨ ਦੀਆਂ ਧੱਜੀਆਂ ਉਡਾ ਸਕਦੇ ਹੋਣ। ਘੱਟ ਗਿਣਤੀਆਂ ਨੂੰ ਅਤੇ ਦਲਿਤ ਪਛੜਿਆਂ ਅਤਿ ਪਛੜਿਆਂ ਦਾ ਸੌਖਿਆਂ ਘਾਣ ਕੀਤਾ ਜਾ ਸਕਦਾ ਹੋਵੇ, ਇਹਨਾਂ ਨੂੰ ਦਬਾਉਣ ਲਈ ਹੋਏ ਦੰਗਿਆਂ ਵਿਚੋਂ ਕਿਸੇ ਇੱਕੇ ਦੁੱਕੇ ਨੂੰ ਛੱਡਕੇ ਬਹੁਤੇ ਸਾਫ਼ ਬਰੀ ਹੋ ਜਾਂਦੇ ਹੋਣ, ਦੂਜੇ ਪਾਸੇ ਲੋਕ ਸਜ਼ਾ ਪੂਰੀਆਂ ਹੋਣ ਦੇ ਬਾਵਜੂਦ ਜੇਲਾਂ ਵਿੱਚ ਤਿਲ ਤਿਲ ਕਰਕੇ ਮਰਦੇ ਹੋਣ, ਅਤੇ ਹਾਕਮ ਲੋਕ ਸੰਵਿਧਾਨ ਦੇ ਜਿਵੇਂ ਮਰਜ਼ੀ ਕੰਨ ਮਰੋੜਕੇ ਕੰਮ ਲਈ ਜਾਣ ਅਤੇ ਵੱਡੀ ਤਦਾਦ ਵਿੱਚ ਸੰਵਿਧਾਨ ਬਚਾਉਣ ਲਈ ਵੱਡੇ ਸੰਘਰਸ਼ ਦੀ ਚਿਤਾਵਨੀ ਆ ਰਹੀ ਹੋਵੇ, ਮੈਨੂੰ ਨੀਂ ਲਗਦਾ ਉਹਨਾਂ ਨੂੰ ਕਿਸੇ ਹੋਰ ਸੰਵਿਧਾਨ ਦੀ ਲੋੜ ਹੋਵੇਗੀ ? ਅਗਲੀ ਸਭ ਤੋਂ ਵੱਡੀ ਬੇਹੱਦ ਖ਼ਤਰਨਾਕ ਗੱਲ, ਇਸ 'ਸੰਵਿਧਾਨ' ਅੰਦਰ ਇਹ ਹੋਈ ਕਿ ਨੀਵੀਂਆਂ ਮੰਨੀਆਂ ਗਈਆਂ ਜਾਤੀਆਂ ਨੂੰ ਇਸ ਸੰਵਿਧਾਨ ਦੇ ਅੰਦਰ ਰਿਜ਼ਰਵੇਸ਼ਨ ਦਾ ਚੋਗਾ ਪਾਕੇ 'ਮੰਨੂ' ਦੀ ਜ਼ਾਤ ਪ੍ਰਣਾਲੀ ਸਦਾ ਲਈ ਪੱਕੀ ਕਰਨ ਵਿੱਚ ਉਹ ਲੋਕ ਕਾਮਯਾਬ ਹੋ ਗਏ, ਤਾਂ ਜੋ ਜ਼ਾਤਾਂ ਦੇ ਆਧਾਰ ਤੇ ਪਾਈ ਗਈ ਫੁੱਟ ਦਾ ਸਦਾ ਲ‌ਈ ਫਾਇਦਾ ਉਠਾਇਆ ਜਾ ਸਕੇ ਅਤੇ ਉਠਾਇਆ ਵੀ ਜਾ ਰਿਹਾ ਹੈ।
ਜਿਹਨਾਂ ਲੋਕਾਂ ਨੂੰ 'ਸੰਵਿਧਾਨ' ਰਾਹੀਂ ਪੱਕੀ ਕੀਤੀ ਗਈ ਇੱਕ 'ਜ਼ਾਤ' ਕਰਕੇ ਸਭ ਤੋਂ ਵੱਧ ਜ਼ਲੀਲ ਕੀਤਾ ਤੇ ਹੋਣਾ ਪੈ ਰਿਹਾ, ਉਹੀ ਲੋਕ 'ਸੰਵਿਧਾਨ' ਬਚਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ, ਜਦੋਂ ਕਿ ਸੰਘਰਸ਼ 'ਸੰਵਿਧਾਨ' ਵਿੱਚੋਂ 'ਜ਼ਾਤ' ਨੂੰ ਖ਼ਤਮ ਕਰਨ ਲਈ ਹੋਣਾ ਚਾਹੀਦਾ ਸੀ ਅਤੇ ਚਾਹੀਦਾ ਹੈ।
ਬਾਕੀ ਇਸ 'ਸੰਵਿਧਾਨ' ਰਾਹੀਂ ਜਿੰਨੇ ਕੁ ਹਾਕਮ ਲੋਕ ਅੱਧੇ ਅਧੂਰੇ ਹੱਕ ਘੱਟ ਗਿਣਤੀਆਂ ਅਤੇ ਦੱਬੇ ਕੁੱਚਲੇ ਸਮਾਜ (ਅਖੌਤੀ ਨੀਵੀਂਆਂ ਜ਼ਾਤਾਂ) ਨੂੰ ਦੇ ਰਹੇ ਨੇ, ਉਨੇ ਕੁ ਤਾਂ ਸਾਡੇ ਉਤੇ ਰਾਜ ਭਾਗ ਕਰਨ ਲਈ ਹੁਣ ਦੇਣੇ ਹੀ ਪੈਣਗੇ, ਨਹੀਂ ਤਾਂ ਸ਼ਾਹੀ ਰਾਜ ਭੋਗ ਰਹੇ ਉਹਨਾਂ ਲੋਕਾਂ ਨੂੰ ਵੱਡੀ ਸੱਮਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚਲੋ ਮੰਨ ਲਵੋ, ਇਹ ਮੌਜੂਦਾ ਸੰਵਿਧਾਨ ਨੂੰ ਬਦਲਣ ਵੀ ਦੇਣ, ਨਵੇਂ 'ਸੰਵਿਧਾਨ' ਵਿੱਚ ਇਹ ਆਪਣੇ ਲਈ ਹੋਰ ਕੀ ਕਰ ਸਕਦੇ ਹਨ ? 'ਮੰਨੂ ਸਿਮਰਤੀ' ਮੁਤਾਬਿਕ ਵੱਡਾ ਕੰਮ ਜ਼ਾਤ ਪਾਤ,ਛੂਆ ਛਾਤ ਵਿਤਕਰਾ ਤਾਂ ਪਹਿਲਾਂ ਹੀ ਕਾਇਮ ਹੈ, ਮਤਲਬ 'ਮੰਨੂ ਸਿਮਰਤੀ' (ਜੇ 100% ਨਹੀਂ ਜਿੰਨੀ ਘੱਟ ਲਗਦੀ ਹੈ ,ਓਨੀ ਮੰਨ ਲ‌ਓ) ਇਸ ਸੰਵਿਧਾਨ ਵਿੱਚ ਪਹਿਲਾਂ ਹੀ ਲਾਗੂ ਹੈ। ਅਜ਼ਾਦੀ ਤੋਂ ਬਾਅਦ ਜੇ ਅਖੌਤੀ ਨੀਵੀਂਆਂ ਜਾਤੀਆਂ ਦੇ ਨਾਲ ਹੋਏ ਜ਼ੁਲਮ ਇਕੱਠੇ ਕਰਕੇ ਲੇਖਕ ਲਿਖਣ ਤਾਂ ਕ‌ਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਹੋਰ ਹੁਣ ਪਹਿਲਾਂ ਵਾਲਾ ਰਾਜ (ਸਮਾਂ) ਗਲਾਂ ਵਿੱਚ ਕੁੱਜੇ ਬੰਨ੍ਹਣ ਵਾਲਾ ਤਾਂ ਆਉਣ ਨਹੀਂ ਲੱਗਿਆ। ਇੱਕੋ ਕੰਮ ਰਹਿੰਦਾ ਹੈ, ਉਹ ਹੈ ਘੱਟ ਗਿਣਤੀਆਂ ਅਤੇ ਖ਼ਾਸ ਕਰਕੇ ਅਖੌਤੀ ਨੀਵੀਂਆਂ ਮੰਨੀਆਂ ਗਈਆਂ ਜਾਤੀਆਂ ਤੋਂ ਵੋਟ ਦਾ ਅਧਿਕਾਰ ਖੋਹਣ ਦਾ, ਜਿਹੜਾ ਕਿ ਕਦੇ ਹੋ ਹੀ ਨਹੀਂ ਸਕਦਾ। ਇਹ ਕੰਮ ਲਈ ਕੀਤੀ ਗਈ ਹਰ ਕੋਸ਼ਿਸ ਕਾਮਯਾਬ ਹੋਣ ਦੀ ਬਜਾਇ, ਹਾਕਮ ਜਮਾਤ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ। ਇਸ ਲਈ ਮੇਰਾ ਖਿਆਲ ਹੈ ਕਿ ਮਨਮਰਜ਼ੀ ਦੇ ਚੱਲ ਰਹੇ ਸੋਹਣੇ ਰਾਜ ਭਾਗ ਨੂੰ ਦਾਅ ਤੇ ਲਾਕੇ ਕੌਣ ਖ਼ਤਰੇ ਵਿੱਚ ਪਾਉਂਣਾ ਚਾਹੇਗਾ ? ਅੰਤ ਵਿੱਚ ਇਹੀ ਕਹਾਂਗਾ - 'ਵੇਖੋ ਚੰਗੀ ਤਰਾਂ ਕਰਕੇ ਗੌਰ'
'ਸੰਵਿਧਾਨ' ਅੰਦਰ ਜ਼ਾਤਾਂ ਨੂੰ ਕਰ ਗਏ ਪੱਕਾ,
ਚੋਗਾ ਪਾਕੇ 'ਰਿਜ਼ਰਵੇਸ਼ਨ' ਦਾ ਕਰੋ ਗੌਰ ਲੋਕੋ।
'ਜ਼ਾਤਾਂ' ਬੈਠੀਆਂ ਉਹਨਾਂ ਦੇ ਫਿੱਟ ਬਹੁਤਾ,
ਕਿਉਂਕਿ ਇਹ ਰਹੀਆਂ ਲੋਕਾਂ ਨੂੰ ਤੋੜ ਲੋਕੋ।
ਉਹ 'ਸੋਧ' ਕਰ ਲੈਂਦੇ ਜੈਸੀ ਚਾਹੁਣ ਓਹੋ,
'ਸੰਵਿਧਾਨ' ਕਰੇ ਉਹਨਾਂ ਦੀ ਪੂਰੀ ਲੋੜ ਲੋਕੋ!
'ਜ਼ਾਤਾਂ' ਖ਼ਤਮ ਕਰਨ ਲਈ 'ਸੋਧ' ਕਰਵਾਓ ਤੁਸੀਂ,
ਇਸ ਲਈ ਜਿੰਨਾਂ ਲੱਗਦਾ ਲਾਓ ਜ਼ੋਰ ਲੋਕੋ।
ਮੇਜਰ ਸਿੰਘ 'ਬੁਢਲਾਡਾ'
94176 42327
.