.

'ਸਾਰੀਆਂ ਜੂਨਾਂ ਦਾ ਸਰਦਾਰ 'ਇਨਸਾਨ' ਨਹੀਂ ਸੁਧਰ ਰਿਹਾ'

ਕਹਿੰਦੇ ਨੇ "ਇਨਸਾਨ' ਨੂੰ ਸਾਰੀਆਂ ਲੱਖਾਂ ਦੀ ਤਦਾਦ ਜੂਨਾਂ ਦਾ ਸਰਦਾਰ ਮੰਨਿਆ ਗਿਆ ਹੈ, ਜੈਸਾ ਦਿਮਾਗ਼ ਇਸਨੂੰ ਮਿਲਿਆ ਹੈ, ਉਹ ਹੋਰ ਕਿਸੇ ਨੂੰ ਨਹੀਂ ਮਿਲਿਆ।" ਦੂਜੇ ਪਾਸੇ ਇਹ ਵੀ ਸੱਚ ਹੈ, ਹੁਣ ਤੱਕ ਸਾਰੀਆਂ ਜੂਨੀਆਂ ਦੇ ਸਰਦਾਰ ਨੂੰ ਜਿੰਨਾਂ ਮੱਤਾਂ ਦੇ ਦੇ ਸਮਝਾਇਆ ਗਿਆ ਜਾ ਸਮਝਾਇਆ ਜਾ ਰਿਹਾ ਹੈ, ਉਨ੍ਹਾਂ ਹੋਰ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ। ਫਿਰ ਵੀ ਇਹ ਸਾਰੀਆਂ ਜੂਨੀਆਂ ਦਾ ਸਰਦਾਰ ਆਟੇ ਵਿੱਚ ਲੂਣ ਦੇ ਬਰਾਬਰ ਲੋਕਾਂ ਨੂੰ ਛੱਡਕੇ ਬਾਕੀ ਹਿੱਸਾ ਅਗਿਆਨਤਾ ਵਿੱਚ ਹੀ ਭਟਕਿਆ ਤੁਰਿਆ ਫਿਰਦਾ ਹੈ। ਇਹਨੇ ਜਿੰਨਾਂ ਆਪਣੀ ਅਕਲ ਦੀ ਗ਼ਲਤ ਵਰਤੋਂ ਕਰਕੇ ਆਪਣੇ ਦਿਮਾਗ਼ ਦਾ ਦਿਵਾਲਾ ਕੱਢਿਆ, ਉਨ੍ਹਾਂ ਹੋਰ ਕਿਸੇ ਨੇ ਨਹੀਂ ਕੱਢਿਆ। ਇਸਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਹੋਰਾਂ ਨੂੰ ਤਾਂ ਕੀ ਬਖਸ਼ਣਾ ਸੀ,ਆਪਣੇ ਖੂਨ ਦੇ ਰਿਸ਼ਤਿਆਂ ਅਤੇ ਨੇੜੇ ਦੇ ਸਾਕ ਸਬੰਧੀਆਂ ਨੂੰ ਵੀ ਨਹੀਂ ਬਖਸ਼ਿਆ।
ਦੁਨੀਆਂ ਵਿੱਚ ਬੇਅੰਤ ਗੈਰ ਕੰਮ, ਇਹਦੀ ਬੇਅਕਲੀ ਦੀ ਦੇਣ ਹਨ। ਇਹਨੂੰ ਸਮਝਾਉਣ ਲਈ ਸਿਆਣੇ ਮਹਾਂਪੁਰਸ਼ਾਂ, ਵਿਦਵਾਨਾਂ ਨੇ ਪਤਾ ਹੀ ਨਹੀਂ ਕਿੰਨਾਂ ਕੁਝ ਲਿਖ ਬੋਲ ਦਿੱਤਾ, ਕਿਨਾਂ ਕੁਝ ਅਜੇ ਹੋਰ ਲਿਖਣਾਂ ਬੋਲਣਾਂ ਪੈਣਾ, ਲਗਦਾ ਪੂਰੀ ਤਰਾਂ ਇਸਨੇ ਫਿਰ ਵੀ ਨਹੀਂ ਸਮਝਣਾ।
ਮੰਨਿਆਂ ਕਿ ਪਹਿਲੇ ਸਮੇਂ ਅੰਦਰ ਪ੍ਰਚਾਰ ਸਾਧਨਾਂ ਦੀ ਘਾਟ ਸੀ, ਹੋ ਸਕਦਾ ਸਾਰੇ ਇਨਸਾਨਾਂ ਕੋਲ ਸੰਤਾਂ ਮਹਾਂਪੁਰਸ਼ਾਂ ਸਿਆਣੇ ਲੋਕਾਂ ਦੀ ਗੱਲ ਨਾ ਵੀ ਪਹੁੰਚਦੀ ਹੋਵੇ, ਪਰ ਹੁਣ ਤਾਂ ਵਿਗਿਆਨ ਦੇ ਯੁੱਗ ਵਿੱਚ ਕੋਈ ਘਾਟ ਨਹੀਂ ਹੈ। ਨੈੱਟ ਰਾਹੀਂ ਕਿਸੇ ਵੀ ਥਾਂ ਬੈਠ ਹਰ ਗਿਆਨ ਭਰਪੂਰ ਪ੍ਰੋਗਰਾਮ ਸੁਣਿਆ ਪੜ੍ਹਿਆ ਜਾ ਸਕਦਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ, ਅੱਜ ਜਦ ਸੰਤਾਂ ਮਹਾਂਪੁਰਸ਼ਾਂ ਵਿਦਵਾਨ ਗਿਆਨੀਆਂ ਦੀ ਕੋਈ ਘਾਟ ਨਹੀਂ, ਥਾਂ ਥਾਂ ਸੰਤ ਬਾਬੇ ਬੈਠੇ ਪ੍ਰਬਚਨ ਕਰ ਰਹੇ ਨੇ, ਉਥੇ ਲੋਕਾਂ ਦਾ ਵੱਡਾ ਇਕੱਠ ਵੀ ਵੇਖਿਆ ਜਾ ਸਕਦਾ ਹੈ, ਧਾਰਮਿਕ ਪ੍ਰੋਗਰਾਮਾਂ ਵਿੱਚ ਸੇਵਾ ਵਿੱਚ ਰੁੱਝੇ ਹੋਏ, ਨਾਮ ਸਿਮਰਨ ਕਰਨ ਵਾਲੇ ਵੀ ਵਧੇਰੇ ਲੋਕ ਵੇਖੇ ਜਾ ਸਕਦੇ ਹਨ। ਫਿਰ ਵੀ ਹੇਰਾਂ ਫੇਰੀ, ਬੇਈਮਾਨੀ, ਅਪਰਾਧੀਆਂ ਤੇ ਭ੍ਰਿਸ਼ਟਾਚਾਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਭਾਰਤ ਵਿੱਚ ਤਾਂ ਇਹ ਲੱਖਾਂ ਜੂਨਾਂ ਦੇ ਸਰਦਾਰ ਨੇ ਸਦੀਆਂ ਤੋਂ ਇਨਸਾਨ ਨੂੰ ਜ਼ਾਤਾਂ ਪਾਤਾਂ ਵਿੱਚ ਵੰਡਕੇ ਅਣਗਿਣਤ ਪਾਬੰਦੀਆਂ ਲਾਕੇ ਮਨੁੱਖੀ ਅਧਿਕਾਰਾਂ ਦਾ ਘਾਂਣ ਕਰ ਛੱਡਿਆ ਹੈ। ਕਿੰਨੇ ਰਾਜ ਭਾਗ ਬਦਲੇ, ਬੜਾ ਸਿਆਣਿਆਂ ਮਹਾਂਪੁਰਸ਼ ਵਿਦਵਾਨ ਲੋਕਾਂ ਨੇ ਸਮਝਾਕੇ ਵੇਖ ਲਿਆ, ਗਿਆਨ ਵਿਗਿਆਨ ਦਾ ਯੁੱਗ ਅੰਦਰ ਸਗੋਂ ਉਲਟਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਣੇ ਸੰਵਿਧਾਨ ਅੰਦਰ ਕੁੱਝ ਕੁ ਰਿਆਇਤਾਂ ਦਾ ਚੋਗਾ ਪਾਕੇ 'ਜ਼ਾਤ' ਨੂੰ 'ਕਾਨੂੰਨੀ' ਬਣਾ ਦਿੱਤਾ ਗਿਆ ਹੈ।
ਇਹ ਲੱਖਾਂ ਜੂਨਾਂ ਦਾ ਸਰਦਾਰ ਨੇ ਇਕ ਦੂਜੇ ਦਾ ਸਾਥ ਦੇਣ ਤੇ ਬਰਾਬਰ ਲੈਕੇ ਜਾਣ ਦੀ ਬਜਾਇ ਆਪਣੀ ਨਿੱਜੀ ਹਿੱਤਾਂ ਦੀ ਪੂਰਤੀ ਲਈ ਆਪਣੇ ਆਪ ਨੂੰ ਉੱਚਾ ਤੇ ਦੂਜੇ ਨੂੰ ਨੀਵਾਂ ਦਿਖਾਉਣ ਲਈ ਵਥੇਰਾ ਕੰਮ ਕੀਤਾ ਅਤੇ ਕੀਤਾ ਜਾ ਰਿਹਾ ਹੈ। ਇਨਸਾਨ ਦੀ ਗ਼ਲਤ ਸੋਚ ਹੀ ਦੁਨੀਆਂ ਤੇ ਦੁੱਖਾਂ ਦਾ ਕਾਰਨ ਬਣੀ ਹੋਈ ਹੈ। ਜਿਸ ਕਰਕੇ ਦੁਨੀਆਂ ਤੇ ਰਾਜੇ ਮਹਾਰਾਜੇ, ਮੰਤਰੀ, ਸੰਤਰੀ, ਲੁਟੇਰੇ, ਪੁਲਿਸ, ਫ਼ੌਜ ਜੇਲਾਂ ਹੋਂਦ ਵਿੱਚ ਆਉਣ ਤੇ ਵੀ ਇਹ ਇਨਸਾਨ ਨਹੀਂ ਸੁਧਰ ਰਿਹਾ।
ਜਿਸ ਦੀ ਵਜ੍ਹਾ ਕਰਕੇ ਇਹ ਦੁਨੀਆਂ ਤੇ ਕਰੋੜਾਂ ਲੋਕਾਂ ਨੂੰ ਭੁੱਖ ਅਤੇ ਬਿਮਾਰੀਆਂ ਨਾਲ ਬੇਵਕਤੀ ਮੌਤ ਮਰਨਾ ਪੈ ਰਿਹਾ ਹੈ। ਕਰੋੜਾਂ ਲੋਕਾਂ ਨੂੰ ਇਕ ਦੋ ਡੰਗ ਰੋਟੀ ਵੱਲੋਂ ਭੁੱਖਾ ਰਹਿਣਾ ਪੈ ਰਿਹਾ। ਵਧੇਰੇ ਲੋਕਾਂ ਨੂੰ ਆਪਣੀ ਲੋੜ ਲਈ ਆਪਣੇ ਬੱਚੇ, ਆਪਣਾ ਜਿਸਮ ਤੱਕ ਵੇਚਣਾ ਪੈ ਰਿਹਾ ਅਤੇ ਅਨੇਕਾਂ ਲੋਕਾਂ ਨੂੰ ਗੈਰ ਕਾਨੂੰਨੀ ਕੰਮ ਕਰਨੇ ਪੈ ਰਹੇ ਹਨ। ਦੂਜੇ ਪਾਸੇ ਥੋੜ੍ਹੀ ਗਿਣਤੀ ਦੇ ਲੋਕ ਦੁਨੀਆਂ ਦੀ ਹਰ ਐਸ਼ੋ ਆਰਾਮ ਦੀਆਂ ਸਹੂਲਤਾਂ ਨਾਲ ਮਾਲੋਮਾਲ ਹੋਏ ਪਏ ਹਨ, ਇਹਨਾਂ ਦੇ ਕੁੱਤੇ ਬਿੱਲੇ ਪਸ਼ੂ ਜਾਨਵਰ ਵੀ ਸ਼ਾਹੀ ਠਾਠ ਨਾਲ ਚੰਗੇ ਤੋਂ ਚੰਗਾ ਖਾਂਦੇ ਪੀਂਦੇ ਰਹਿੰਦੇ ਹਨ, ਜਿਹੜਾ ਕਿਰਤੀ ਲੋਕਾਂ ਨੂੰ ਬਾਰਾਂ ਘੰਟੇ ਕੰਮ ਕਰਨ ਤੇ ਵੀ ਨਸੀਬ ਨਹੀਂ ਹੁੰਦਾ। ਜਦੋਂ ਕਿ ਕੁਦਰਤ "ਰੱਬ, ਰਾਮ, ਅੱਲ੍ਹਾ, ਗੌਡ, ਪ੍ਰਮਾਤਮਾ" ਨੇ ਇਨਸਾਨ ਨੂੰ ਦੂਜਿਆਂ ਤੋਂ ਆਪਣੇ ਆਪ ਨੂੰ ਸ੍ਰੇਸ਼ਟ ਮੰਨਣ ਵਾਲਿਆਂ ਸਮੇਤ ਸਾਰਿਆਂ ਨੂੰ ਇਸ ਤਰਾਂ ਸਾਜਿਆ ਹੈ, ਇਨਸਾਨ ਦੇ ਵਧੀਆ ਤੋਂ ਵਧੀਆ ਵੀ ਛਾਂਟ ਕੇ ਹਰ ਤਰਾਂ ਦੇ ਸਸਤੇ ਮਹਿੰਗੇ ਪਕਵਾਨ ਖਾਧੇ ਪੀਤੇ ਨੂੰ ਇਸ ਸਰੀਰ ਅੰਦਰ 'ਮਲ ਮੂਤਰ' ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਸਵੇਰੇ ਉੱਠਣ ਤੇ ਬਾਅਦ ਪਹਿਲਾਂ ਕੰਮ ਇਨਸਾਨ ਨੂੰ ਆਪਣੇ ਹੱਥਾਂ ਨਾਲ ਖੁੱਦ੍ਹ ਇਹ 'ਮਲ਼ ਮੂਤਰ' ਸਾਫ਼ ਆਪ ਕਰਨਾ ਪੈਂਦਾ ਹੈ। ਜੇ ਇਹ ਮਲ਼ ਮੂਤਰ ਵਾਲੇ ਹੱਥ ਪਾਣੀ ਨਾਲ ਸਾਫ ਪਾਕ ਪਵਿੱਤਰ ਹੋ ਸਕਦੇ ਹਨ, ਫਿਰ ਹੋਰ ਉਹ ਇਨਸਾਨ ਕਿਉਂ ਨਹੀਂ ਹੋ ਸਕਦੇ, ਜਿਹਨਾਂ ਨੂੰ ਤੁਸੀਂ ਜ਼ਾਤ-ਪਾਤ ਕਰਕੇ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹੋਂ ? ਜਿਹੜੇ ਤੁਹਾਡੇ ਘਰਾਂ,ਖੇਤਾਂ, ਦੁਕਾਨਾਂ, ਫੈਕਟਰੀਆਂ, ਕਾਰਖਾਨਿਆਂ ਸੀਵਰੇਜ਼ ਆਦਿ ਵਿੱਚ ਕੰਮ ਕਰਕੇ ਤੁਹਾਡੀ ਕਮਾਈ ਅਤੇ ਵਧੀਆ ਜ਼ਿੰਦਗੀ ਜਿਊਣ ਵਿੱਚ ਕੰਮ ਕਰਦੇ ਹਨ। ਇਹਨਾਂ ਲੋਕਾਂ ਨਾਲ ਇਨਸਾਨਾਂ ਵਾਲਾ ਸਲੂਕ ਕਿਉਂ ਨਹੀਂ ਕੀਤਾ ਜਾ ਰਿਹਾ ?
ਵੱਸ ਇਹੋ ਇਨਸਾਨ ਦੀ ਗ਼ਲਤ ਸੋਚ ਤੇ ਗ਼ਲਤ ਲਾਲਚ ਦੇ ਕਾਰਨ ਹਰ ਤਰਾਂ ਦਾ ਅਪਰਾਧ ਹੋ ਰਿਹਾ ਹੈ।ਦੁਨੀਆਂ ਵਿੱਚ ਮਾਰ-ਮਰਾਈ, ਲੜਾਈ-ਝਗੜੇ ਬੇਇਨਸਾਫ਼ੀ, ਧੋਖੇਬਾਜ਼ੀ, ਆਪਸੀ ਰੰਜਿਸ਼, ਇਕ ਦੇਸ਼ ਦੀ ਦੂਜੇ ਦੇਸ਼ ਨਾਲ ਜੰਗ ਵਿੱਚ ਪਤਾ ਨਹੀਂ ਹੁਣ ਤੱਕ ਕਿੰਨੇ ਕੁ ਲੋਕ ਮਾਰੇ ਜਾ ਚੁੱਕੇ ਹਨ ਪਤਾ ਨਹੀਂ ਕਿੰਨੇ ਹੋਰ ਮਾਰੇ ਜਾਣੇ ਹਨ, ਜਿਸਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਇਨਸਾਨੀਅਤ ਸ਼ਰਮਸਾਰ ਹੋ ਰਹੀ ਹੈ। ਸਾਰੀਆਂ ਜੂਨਾਂ ਦਾ ਸਰਦਾਰ 'ਇਨਸਾਨ' ਫਿਰ ਵੀ ਨਹੀਂ ਸੁਧਰ ਰਿਹਾ।
ਮੇਜਰ ਸਿੰਘ ਬੁਢਲਾਡਾ
94176 42327




.