.

ਜ਼ਾਤੀ ਸਰਟੀਫਿਕੇਟ 'ਜ਼ਾਤੀ ਸਿਸਟਮ' ਨੂੰ ਪੱਕਾ ਕਰ ਰਹੇ ਹਨ'

ਭਾਰਤ ਦੇਸ਼ ਅੰਦਰ 'ਹਿੰਦੂ ਧਰਮ' ਦੇ 'ਜ਼ਾਤੀ ਸਿਸਟਮ' ਦੇ ਤਹਿਤ ਮਨੁੱਖਤਾ ਦੀ ਚਾਰ ਵਰਣਾਂ ਦੀ ਵੰਡ ਅੰਦਰ ਬਹੁਤ ਸਾਰੀਆਂ ਜਾਤਾਂ ਨੂੰ ਧੱਕੇ ਨਾਲ ਨੀਵੀਂਆਂ ਅਤਿ ਨੀਵੀਂਆਂ ਬਣਾਇਆ ਗਿਆ ਹੈ। ਇਹਨਾਂ ਨੀਵੀਂਆਂ ਜ਼ਾਤਾਂ ਅੰਦਰ ਪੈਦਾ ਹੋਏ ਬਹੁਗਿਣਤੀ ਲੋਕਾਂ ਨੂੰ ਨੀਵੀਂ 'ਜਾਤ' ਕਰਕੇ ਸਦੀਆਂ ਤੋਂ ਇਨਸਾਨ ਹੀ ਨਹੀਂ ਮੰਨਿਆ ਜਾ ਰਿਹਾ। ਦੇਸ਼ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਇਹਨਾਂ ਜ਼ਾਤਾਂ ਦੇ ਲੋਕਾਂ ਦਾ ਕੁੱਤਿਆਂ ਬਿੱਲਿਆਂ,ਪਸ਼ੂਆਂ ਤੋਂ ਵੀ ਭੈੜਾ ਹਾਲ ਕੀਤਾ ਹੋਇਆ ਹੈ। ਦੇਸ਼ ਦੀਆਂ ਕ‌ਈ ਥਾਵਾਂ ਤੇ ਅਖੌਤੀ ਉੱਚ ਜਾਤੀ ਦੇ ਲੋਕਾਂ ਅੱਗੋਂ ਲੰਘਣ ਲਈ ਇਹਨਾਂ ਨੂੰ ਪੈਰਾਂ ਵਿੱਚੋਂ ਜੁੱਤੀਆਂ ਲਾਹਕੇ ਲੰਘਣਾਂ ਪੈਂਦਾ ਹੈ, ਕਿਤੇ ਸਾਇਕਲ ਤੋਂ ਹੇਠਾਂ ਉਤਰ ਕੇ ਜਾਣਾ ਪੈਂਦਾ, ਕਿਤੇ ਸੋਹਣੇ ਕੱਪੜੇ ਪਾਕੇ ਨਹੀਂ ਲੰਘਿਆ ਜਾ ਸਕਦਾ, ਕਿਤੇ ਵਿਆਹ ਵਿੱਚ ਬੈਂਡ ਵਾਜੇ ਨਹੀਂ ਵੱਜਣ ਦਿੱਤੇ ਜਾਂਦੇ, ਕਿਤੇ ਵਿਆਹ ਵਾਲੇ ਲਾੜੇ ਨੂੰ ਘੋੜੀ ਤੇ ਚੜਨ ਤੋਂ ਰੋਕਿਆ ਜਾਂਦਾ ਹੈ ਅਤੇ ਹੋਰ ਬਹੁਤ ਸਾਰਾ ਘਟੀਆ ਵਰਤਾਉ ਇਹਨਾਂ ਨੀਵੀਂਆਂ ਜ਼ਾਤਾਂ ਨਾਲ ਕੀਤਾ ਜਾ ਰਿਹਾ ਹੈ।
ਜਿਸ ਕਰਕੇ ਇਹ ਲੋਕ ਅਜ਼ਾਦ ਦੇਸ਼ ਵਿੱਚ ਗੁਲਾਮਾਂ ਤੋਂ ਵੀ ਭੈੜੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਇਹ ਮਜ਼ਬੂਰ ਹਨ। ਇਹਨਾਂ ਨਾਲ ਧੱਕੇਸ਼ਾਹੀ ਦੀ ਕ‌ਈ ਥਾਵਾਂ ਤੇ ਸੁਣਵਾਈ ਹੁੰਦੀ ਹੀ ਨਹੀਂ, ਕਿਤੇ ਸਮੇਂ ਸਿਰ ਨਹੀਂ ਹੁੰਦੀ, ਕਿਸੇ ਨੂੰ ਕਿਸੇ ਕੇਸ ਵਿੱਚ ਪੂਰਾ ਨਿਆਂ ਨਹੀਂ ਮਿਲਦਾ।
ਇਹਨਾਂ ਜਾਤੀਆਂ ਅੰਦਰ ਸਦੀਆਂ ਪਹਿਲਾਂ ਪੈਦਾ ਹੋਏ ਉੱਚ ਕੋਟੀ ਦੇ ਮਹਾਂਪੁਰਸ਼ 'ਨਾਮਦੇਵ' ਜੀ, 'ਰਵਿਦਾਸ' ਜੀ, 'ਕਬੀਰ' ਜੀ ਆਦਿ ਨੇ ਆਪਣੀ ਅਕਲ, ਸਿਆਣਪ ਦਾ ਲੋਹਾ ਮਨਵਾਇਆ ਅਤੇ ਵੱਡੇ ਖੱਬੀ ਖਾਨਾਂ ਨੂੰ ਡੰਡਾਉਤਾਂ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ। ਇਸ 'ਜ਼ਾਤੀ ਸਿਸਟਮ' ਖ਼ਿਲਾਫ਼ ਸੰਘਰਸ਼ 'ਤੇ ਚੈਲੰਜ ਕੀਤਾ, ਜਦ ਸਾਰੇ ਇਨਸਾਨਾਂ ਦਾ ਪੈਂਦਾ ਹੋਣ ਦਾ ਢੰਗ ਇਕੋ ਹੈ, ਫਿਰ ਇਨਸਾਨ ਦੇ ਉਚੇ ਨੀਵੇਂ ਹੋਣ ਦਾ ਸਵਾਲ ਹੀ ਨਹੀਂ ਹੈ। ਪਰ ਇਹ ਸੱਚ ਨੂੰ ਮੰਨਦਿਆਂ ਹੋਇਆਂ ਵੀ ਇਹਨਾਂ ਲੋਕਾਂ ਨਾਲ ਬੇਇਨਸਾਫ਼ੀ ਜਾਰੀ ਹੈ।
ਇਹਨਾਂ ਮਹਾਂਪੁਰਸ਼ਾਂ ਤੋਂ ਬਾਅਦ ਇਹ 'ਜ਼ਾਤੀ ਸਿਸਟਮ' ਨੂੰ ਖ਼ਤਮ ਕਰਨ ਲਈ ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਨੇ ਅਤੇ ਹੋਰ ਬਹੁਤ ਸਾਰੇ ਸੰਤ ਮਹਾਂਪੁਰਸ਼ਾਂ ਅਤੇ ਹੋਰ ਸਮਾਜ ਸੁਧਾਰਕਾਂ ਨੇ ਅੱਡੀ ਚੋਟੀ ਜ਼ੋਰ ਲਾਇਆ ਫਿਰ ਵੀ ਇਹ ਸੱਮਸਿਆ ਖ਼ਤਮ ਨਹੀਂ ਹੋਈ।
ਸਿੱਖ ਗੁਰੂ ਸਾਹਿਬਾਨਾਂ ਨੇ ਤਾਂ ਉੱਚੇ ਨੀਵੇਂ ਲੋਕ ਇੱਕ ਲੰਗਰ ਵਿਚ ਇਕੱਠੇ ਇਕੋ ਪੰਗਤ ਵਿੱਚ ਬਿਠਾ ਦਿੱਤੇ, ਸਾਰਿਆਂ ਨੂੰ ਸਾਂਝੇ ਸਰੋਵਰਾਂ ਵਿੱਚ ਵੀ ਇਸ਼ਨਾਨ ਇਕੱਠਾ ਕਰਵਾ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹੱਦੋਂ ਵਧਕੇ ਕਮਾਲ ਹੀ ਕਰ ਦਿੱਤੀ, ਮੰਨੇ ਜਾ ਰਹੇ ਉਚੇ ਨੀਵਿਆਂ ਨੂੰ 'ਅੰਮ੍ਰਿਤ' ਵੀ ਇੱਕ ਬਾਟੇ ਵਿੱਚ ਪਿਲਾ ਦਿੱਤਾ, ਜਿਸ ਦਾ ਵਕਤੀ ਤੌਰ ਤੇ ਥੋੜ੍ਹੇ ਲੋਕਾਂ ਤੇ ਅਸਰ ਹੋਇਆ ਜੋ ਸਦੀਵੀ ਨਾ ਰਿਹਾ। ਇਸ ਤੋਂ ਇਲਾਵਾ ਹਰ ਵਸਤੂ ਨੂੰ ਸ਼ੁੱਧ ਪਵਿੱਤਰ ਕਰਨ ਵਾਲੀ 'ਗੰਗਾ' ਮਈਆ ਵੀ ਇਹਨਾਂ 'ਜਾਤੀਆਂ' ਨੂੰ ਪਵਿੱਤਰ ਨਹੀਂ ਕਰ ਸਕੀ। ਉਲਟਾ ਪਵਿੱਤਰ 'ਸਿੱਖ ਧਰਮ' ਦੇ ਕੁਝ ਕੁ ਲੋਕਾਂ ਨੂੰ ਛੱਡਕੇ 'ਜਾਤੀ ਵਿਵਸਥਾ' ਨੇ ਇਹਨਾਂ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਵੀ ਨਿਗਲ਼ ਲਿਆ, ਹੁਣ ਇਹ 'ਸਿੱਖ ਧਰਮ' ਵੀ ਜਾਤੀ ਰਹਿਤ ਨਹੀਂ ਰਹਿਣ ਦਿੱਤਾ ਗਿਆ।
ਵੀਹਵੀਂ ਸਦੀ ਦੇ ਆਪਣੇ ਟਾਇਮ ਦਾ ਦੇਸ਼ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਉੱਚ ਕੋਟੀ ਦਾ ਵਿਦਵਾਨ ਢੇਰ ਡਿਗਰੀਆਂ ਦਾ ਮਾਲਕ, ਦੇਸ਼ ਦਾ ਪਹਿਲਾ ਕਾਨੂੰਨ ਮੰਤਰੀ, ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਆਪਣੇ ਹੋਰਾਂ ਲੋਕਾਂ ਦੇ ਨਾਲ ਬੇਹੱਦ ਅਪਮਾਨ ਸਹਿਣਾ ਪਿਆ, ਜਿਸ ਨੂੰ ਕੋਈ ਤਰਸ ਖ਼ਾਕੇ ਪਾਣੀ ਪਿਲਾ ਦਿੰਦਾ ਤਾਂ ਪਿਆਸ ਬੁਝਾ ਲੈਂਦਾ, ਵਰਨਾ ਤਿਹਾਇਆ ਮਰ ਜਾਂਦਾ, ਕੋਈ ਤਾਂਗੇ ਤੇ ਨਹੀਂ ਬਿਠਾਉਂਦਾ ਸੀ। ਵੱਡਾ ਅਫ਼ਸਰ ਲੱਗਣ ਦੇ ਬਾਵਜੂਦ ਕੋਈ ਮਕਾਨ ਕਿਰਾਏ ਤੇ ਨਹੀਂ ਦਿੰਦਾ ਸੀ। ਇਹਦੇ ਥੱਲੇ ਕੰਮ ਕਰਦਾ ਅਖੌਤੀ ਉੱਚ ਜਾਤੀ ਦਾ ਚਪੜਾਸੀ ਵੀ ਫਾਇਲਾਂ ਹੱਥ ਵਿੱਚ ਨਹੀਂ ਫੜਾਉਂਦਾ ਸੀ, ਸਗੋਂ ਦੂਰੋਂ ਸੁੱਟ ਦਿੰਦਾ ਸੀ। ਅਨੇਕਾਂ ਥਾਵਾਂ ਤੇ 'ਜ਼ਾਤ' ਕਰਕੇ ਜ਼ਲੀਲ ਕੀਤਾ ਗਿਆ ਅਤੇ ਹੋਣਾ ਪਿਆ।
ਜੇ ਅੱਜ ਦੀ ਗੱਲ ਕਰੀਏ ਤਾਂ ਦੇਸ਼ ਦੇ ਸਰਬਉੱਚ ਆਹੁਦੇ ਤੇ ਬਿਰਾਜਮਾਨ ਅਖੌਤੀ ਨੀਵੀਂ ਜਾਤ ਦੇ ਰਾਸ਼ਟਰਪਤੀਆਂ ਨੂੰ ਵੀ ਅਪਮਾਨ ਸਹਿਣਾ ਪਿਆ ਹੈ। ਮੌਜੂਦਾ ਰਾਸ਼ਟਰਪਤੀ ਸ੍ਰੀ ਮਤੀ ਦ੍ਰੋਪਤੀ ਮੁਰਮੂ ਨੂੰ ਤਾਂ ਕੁੱਝ ਮਹੀਨੇ ਪਹਿਲਾਂ 28 ਮ‌ਈ 2023 ਵਿੱਚ ਨਵੀਂ ਪਾਰਲੀਮੈਂਟ (ਜੋ ਕਿ ਸ਼ੂਦਰਾਂ ਨੀਚ ਜਾਤਿ ਦੇ ਲੋਕਾਂ ਵੱਲੋਂ ਹੀ ਤਿਆਰ ਕੀਤੀ ਗਈ ਸੀ) ਦੇ ਉਦਘਾਟਨ ਸਮੇਂ (ਇੱਕ ਅਖੌਤੀ ਸ਼ੂਦਰ ਦੂਜੀ ਔਰਤ) ਨੀਵੀਂ 'ਜ਼ਾਤ' ਦੇ ਕਾਰਨ ਸਦਾ ਪੱਤਰ ਨਾ ਦੇਕੇ ਇਕੱਲਾ 'ਜ਼ਾਤ' ਦਾ ਹੀ ਨਹੀਂ ਬਲਕਿ ਦੇਸ਼ ਦੇ ਸਰਬਉੱਚ ਆਹੁਦੇ ਦਾ ਵੀ ਅਪਮਾਨ ਕੀਤਾ ਗਿਆ।
ਇਸ ਦਾ ਭਾਵੇਂ ਸਾਰੇ ਵਿਰੋਧੀ ਦਲਾਂ ਨੇ ਵੱਡਾ ਇਤਰਾਜ਼ ਉਠਾਇਆ ਪਰ ਖੁਦ੍ਹ ਰਾਸ਼ਟਰਪਤੀ ਵੱਲੋਂ (ਸ਼ਾਇਦ ਕਿਸੇ ਖ਼ਤਰੇ ਕਰਕੇ) ਕਿਸੇ ਕਿਸਮ ਦਾ ਕੋਈ ਪ੍ਰਤੀਕਰਮ ਨਹੀਂ ਆਇਆ। ਨਾ ਕਿਸੇ ਦਲਿਤ ਜਥੇਬੰਦੀ ਦਾ ਕੋਈ ਸਖ਼ਤ ਐਕਸ਼ਨ ਵੇਖਣ ਨੂੰ ਮਿਲਿਆ। ਨਾ ਕੋਈ ਕੋਰਟ ਗਿਆ, ਨਾ ਆਪਣੇ ਆਪ ਕਿਸੇ ਕੋਰਟ ਨੇ ਨੋਟਿਸ ਲਿਆ।
ਇਸ ਤੋਂ ਹੇਠਲੇ ਪੱਧਰ ਦੇ ਉਚੇ ਅਹੁਦਿਆਂ ਤੇ ਬਿਰਾਜਮਾਨ ਅਤੇ ਹੋਰ ਵੱਡੇ ਛੋਟੇ ਅਫ਼ਸਰਾਂ ਦਾ ਕੀ ਹਾਲ ਹੋਵੇਗਾ, ਇਹ ਵੀ ਦੇਸ਼ ਦੇ ਪੀੜਤ ਲੋਕ ਅਤੇ ਹੋਰ ਜਾਣਕਾਰ ਚੰਗੀ ਤਰਾਂ ਜਾਣਦੇ ਹਨ। ਨੀਵੀਂ 'ਜਾਤ' ਕਰਕੇ ਬਹੁਤ ਸਾਰੇ ਅਫ਼ਸਰ ਲੋਕ ਦੂਰ ਦੁਰਾਡੇ ਜਾਕੇ ਆਪਣੀ ਜ਼ਾਤ ਛੁਪਾਉਣ ਲਈ ਮਜ਼ਬੂਰ ਵੇਖੇ ਜਾ ਰਹੇ ਨੇ। ਇਹਨਾਂ ਜਾਤੀਆਂ ਦੇ ਬਹੁਤ ਸਾਰੇ ਲੀਡਰ ਆਪਣੀਆਂ ਜ਼ਾਤਾਂ ਲਈ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਖੁੱਲ੍ਹਕੇ ਬੋਲਣ ਲਈ ਕੰਨੀ ਕਤਰਾਉਂਦੇ ਹਨ।
ਇਸ ਤੋਂ ਹੇਠਲੇ ਆਮ ਲੋਕਾਂ ਦੇ ਹਾਲ ਦਾ ਤੁਸੀਂ ਆਪ ਹੀ ਅੰਦਾਜ਼ਾ ਲ‌ਓ, ਇਹਨਾਂ ਨਾਲ ਕੀ ਬੀਤਦੀ ਹੋਵੇਗੀ। ਮੰਨਿਆ ਪਹਿਲਾਂ ਲੋਕ ਅਨਪੜ੍ਹ ਸੀ, ਜ਼ਾਤੀ ਸਿਸਟਮ ਕਰਕੇ ਲੋਕ ਆਪਸ ਵਿੱਚ ਵੰਡੇ ਹੋਏ ਸੀ। ਦੇਸ਼ ਤੇ ਕਬਜ਼ਾ ਕਰਨ ਵਾਲਿਆਂ ਨੂੰ ਇਹ ਵੰਡੇ ਹੋਏ ਲੋਕ ਰਾਸ ਆ ਰਹੇ ਸੀ, ਜਿਸ ਕਰਕੇ ਦੇਸ਼ ਵਾਰ ਵਾਰ ਗ਼ੁਲਾਮ ਹੋਣ ਕਰਕੇ ਇਹ ਸਮੱਸਿਆ ਹੱਲ ਨਹੀਂ ਹੋ ਸਕੀ।
ਜੇ ਅੱਜ ਇੱਕੀਵੀਂ ਸਦੀ ਦੇ ਗਿਆਨ ਵਿਗਿਆਨ ਦੇ ਯੁੱਗ ਵਿੱਚ ਅਤੇ ਖ਼ਾਸ ਕਰਕੇ ਲੋਕਤੰਤਰ ਰਾਜ ਵਿੱਚ ਸੰਵਿਧਾਨ ਲਾਗੂ ਹੋਣ ਬਾਅਦ ਜਿਹੜਾ ਕੋਹੜ ''ਜ਼ਾਤੀ ਸਿਸਟਮ'' ਅੱਜ ਤੱਕ ਖ਼ਤਮ ਹੋ ਜਾਣਾ ਚਾਹੀਦਾ ਸੀ, ਉਹ ਅੱਜ ਵੀ ਉਵੇਂ ਹੀ ਕਾਇਮ ਰੱਖਿਆ ਹੋਇਆ ਹੈ ਤਾਂ ਜੋ ਜ਼ਾਤੀ ਸਿਸਟਮ ਦੇ ਹਮਾਇਤੀਆਂ ਵੱਲੋਂ ਇਸ ਦਾ ਸਦਾ ਲ‌ਈ ਫ਼ਾਇਦਾ ਉਠਾਇਆ ਜਾ ਸਕੇ।
ਹੁਣ ਤੱਕ ਜੋ ਹੋ ਗਿਆ ਸੋ ਹੋ ਗਿਆ, ਹੁਣ ਇਸ ਗਲਤ ਭਿਆਨਕ 'ਜ਼ਾਤੀ ਸਿਸਟਮ' ਨੂੰ ਖ਼ਤਮ ਕਰਨ ਲਈ ਇੱਕੋ ਇੱਕ ਹੱਲ ਹੈ ,ਉਹ ਹੈ ਸੰਵਿਧਾਨ ਵਿੱਚ ਸੋਧ ਕਰਵਾਕੇ ਸਾਰੇ ਲੋਕਾਂ ਦੇ 'ਨਾਮ' ਮਗਰ ਲੱਗੇ ਜ਼ਾਤ ਗੋਤ ਸਮੇਤ ਜਨਰਲ, ਬੀ.ਸੀ, ਐੱਸੀ.ਸੀ, ਐੱਸ.ਟੀ ਸ਼ਬਦ ਵਰਤਣ ਉਤੇ ਸਖ਼ਤ ਪਾਬੰਦੀ ਲਾਕੇ ਹਰ ਤਰਾਂ ਦੇ 'ਜਾਤੀ ਸਰਟੀਫਿਕੇਟ' ਬਣਾਉਣੇ ਬੰਦ ਕਰਵਾ ਦੇਣੇ ਚਾਹੀਦੇ ਹਨ, ਜੋ ਕਿ 'ਜਾਤੀ ਵਿਵਸਥਾ' ਨੂੰ ਪੱਕਾ ਰਹੇ ਹਨ। ਐਸਾ ਕੋਈ ਵੀ ਸ਼ਬਦ ਕਿਸੇ ਨਾਮ ਨਾਲ, ਜਗਾ ਬਸਤੀ ਨਾਲ ਨਹੀਂ ਲੱਗਣਾ ਚਾਹੀਦਾ,ਜਿਸ ਨਾਲ ਕਿਸੇ ਦੀ ਜ਼ਾਤੀ ਵਿਸ਼ੇਸ਼ਤਾ ਦਰਸਾਉਂਦਾ ਹੋਵੇ। ਭਾਵੇਂ ਕਿ ਇਹਨਾਂ 'ਜ਼ਾਤੀ ਸਰਟੀਫਿਕੇਟਾਂ' ਨੇ ਕੁਝ ਕੁ ਲੋਕਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਇਆ ਹੈ, ਵਧੀਆ ਜ਼ਿੰਦਗੀ ਜਿਊਣ ਦੇ ਸਮਰੱਥ ਬਣਾਇਆ ਹੈ ਪਰ ਇਹ ਅਖੌਤੀ ਨੀਵੀਂ ਜਾਤ ਦਾ ਦਾਗ਼ ਨਹੀਂ ਧੋ ਸਕਦੇ, ਸਗੋਂ ਇਹ 'ਜ਼ਾਤੀ' ਸਿਸਟਮ ਨੂੰ ਪੱਕਾ ਕਰ ਰਹੇ ਹਨ। ਅੱਗੇ ਵੀ ਇਹ 'ਜ਼ਾਤੀ ਸਰਟੀਫਿਕੇਟ' ਕੁਝ ਲੋਕਾਂ ਨੂੰ ਆਹੁਦੇ ਦੇ ਸਕਦੇ ਹਨ, ਵਧੀਆ ਜੀਵਨ ਜਿਊਣ ਵਿੱਚ ਸਮਰੱਥ ਬਣਾ ਸਕਦੇ ਹਨ, ਪਰ ਸਾਰਿਆਂ ਲੋਕਾਂ ਨੂੰ ਨਾ ਨੌਕਰੀਆਂ ਨਹੀਂ ਦਿਵਾ ਸਕਦੇ, ਨਾ ਸਾਰਿਆਂ ਦੀ ਜ਼ਿੰਦਗੀ ਬਦਲ ਸਕਦੇ ਹਨ। ਅੱਜ ਲੱਖਾਂ ਕਰੋੜਾਂ ਲੋਕਾਂ ਦੇ ਜਾਤੀ ਸਰਟੀਫਿਕੇਟ ਇਕ ਕਿਸਮ ਦੀ ਰੱਦੀ ਬਣਕੇ ਰਹਿ ਗ‌ਏ ਹਨ। ਅਜ਼ਾਦੀ ਦੇ 73 ਸਾਲਾਂ ਤੇ ਡੂੰਘੀ ਝਾਤ ਮਾਰੋ ਸਭ ਪਤਾ ਲੱਗ ਜਾਵੇਗਾ। ਭਾਵੇਂ ਕਿ 'ਜ਼ਾਤੀ ਸਰਟੀਫਿਕੇਟ' ਬੰਦ ਕਰਨ ਨਾਲ ਸਾਰੇ ਲੋਕ ਵਧੀਆ ਜੀਵਨ ਨਾ ਬਣਾ ਸਕਣ ਪਰ ਜ਼ਾਤੀ ਦੇ ਆਧਾਰ ਉੱਤੇ ਕੀਤਾ ਜਾਂਦਾ ਵਿਤਕਰਾ ਜ਼ੁਲਮ ਤਾਂ ਇਕ ਨਾ ਇਕ ਦਿਨ ਪੂਰਨ ਤੌਰ ਤੇ ਬੰਦ ਹੋ ਸਕਦਾ ਹੈ।
ਇਸ ਲਈ ਮਾਨਵਤਾ ਦੇ ਭਲੇ ਲਈ ਕੰਮ ਰਹੇ ਗਏ ਗਏ ਲੋਕਾਂ ਤੇ ਜਥੇਬੰਦੀਆਂ ਅਤੇ ਇਮਾਨਦਾਰ ਲੀਡਰਾ ਵੱਲੋਂ ਸੰਵਿਧਾਨ ਵਿੱਚ ਸੋਧ ਕਰਵਾਕੇ 'ਜ਼ਾਤੀ ਸਿਸਟਮ' ਨੂੰ ਸਦਾ ਲਈ ਖ਼ਤਮ ਕਰਨ ਲ‌ਈ ਪੂਰਾ ਜ਼ੋਰ ਲਾ ਦੇਣਾ ਚਾਹੀਦਾ ਹੈ। ਤਾਂ ਜੋ ਸਾਰੇ ਲੋਕਾਂ ਨੂੰ 'ਜ਼ਾਤੀ' ਰਹਿਤ ਬਣਾਕੇ ਦੇਸ਼ ਨੂੰ ਦੁਨੀਆਂ ਤੇ ਇੱਕ ਨੰਬਰ ਦਾ ਵਿਲੱਖਣ ਦੇਸ਼ ਬਣਾਇਆ ਜਾ ਸਕੇ। ਯਾਦ ਰੱਖੋ, ਜਿੰਨ੍ਹਾਂ ਚਿਰ 'ਜ਼ਾਤੀ ਸਰਟੀਫਿਕੇਟ' ਬੰਦ ਨਹੀਂ ਕੀਤੇ ਜਾਂਦੇ, ਉਨ੍ਹਾਂ ਚਿਰ ਕਦੇ 'ਜ਼ਾਤ' ਖ਼ਤਮ ਨਹੀਂ ਹੋਵੇਗੀ, ਜਿੰਨ੍ਹਾਂ ਚਿਰ 'ਜ਼ਾਤ' ਖ਼ਤਮ ਨਹੀਂ ਹੋਵੇਗੀ, ਉਨ੍ਹਾਂ ਚਿਰ ਛੂਆ ਛਾਤ, ਭੇਦ ਭਾਵ ਖ਼ਤਮ ਨਹੀਂ ਹੋਵੇਗਾ।
ਸੋ ਅੰਤ ਵਿੱਚ ਫੇਰ ਕਹਾਂਗਾ -
ਸਾਰੇ 'ਜ਼ਾਤੀ ਸਰਟੀਫਿਕੇਟ' ਬੰਦ ਕਰਵਾਓ ਸਾਥੀਓ।
ਇਹ 'ਸੰਵਿਧਾਨ' ਵਿੱਚ 'ਸੋਧ' ਕਰਵਾਓ ਸਾਥੀਓ।

ਜ਼ਾਤੀ ਸਰਟੀਫਿਕੇਟ 'ਜ਼ਾਤੀਆਂ' ਨੂੰ ਕਰਨ ਪੱਕਾ ਸਾਥੀਓ।
ਬਹੁਤੀਆਂ 'ਜ਼ਾਤਾਂ' ਨਾਲ ਤਾਹੀਂ ਹੁੰਦਾ ਧੱਕਾ ਸਾਥੀਓ।

ਇਹ 'ਸਰਟੀਫਿਕੇਟਾਂ' ਨਾਲ ਕਾਇਮ ਰਹਿਣੀ 'ਜ਼ਾਤ' ਜੀ।
'ਜ਼ਾਤ-ਪਾਤ' ਨਾਲ ਕਾਇਮ ਰਹਿਣੀ 'ਛੂਆ-ਛਾਤ' ਜੀ।

'ਰਿਜ਼ਰਵੇਸ਼ਨ' ਨਾਲ ਹੈ ਵਕਤੀ ਸਨਮਾਨ ਸਾਥੀਓ।
ਫਾਇਦਾ ਘੱਟ ਇਹਦਾ ਵੱਡਾ ਨੁਕਸਾਨ ਸਾਥੀਓ।

ਤੁਸੀਂ ਖਿੱਚ ਲ‌ਓ ਤਿਆਰੀ ਭੋਗ 'ਜ਼ਾਤ' ਦਾ ਪਵਾਉਣ ਦੀ।
ਲਵਾਓ ਪਬੰਦੀ ਨਾਮ ਨਾਲ 'ਗੋਤ-ਜ਼ਾਤ' ਉਤੇ ਲਾਉਣ ਦੀ।

ਕਿਸੇ ਥਾਂ, ਬਸਤੀ ਨਾਲ ਨਾ ਲੱਗੇ ਐਸਾ ਨਾਮ ਜੀ।
ਜੋ ਉਚੇ ਨੀਵੇਂ ਦੀ ਵਿਸ਼ੇਸ਼ਤਾ ਕਰੇ ਬਿਆਨ ਜੀ।

ਮੇਜਰ 'ਜ਼ਾਤ' ਮਿਟਾਉਣ ਲਈ ਪਾਓ ਯੋਗਦਾਨ ਸਾਥੀਓ।
ਤਾਂ ਜੋ ਸਾਰੇ ਲੋਕ ਹੋਣ ਇੱਕ ਹੀ ਸਮਾਨ ਸਾਥੀਓ।

ਮੇਜਰ ਸਿੰਘ 'ਬੁਢਲਾਡਾ'
94176 42327

 




.