.

ਜੇ ਕਰ ਕੋਈ ਗੁੰਡਾ ਗਰਦੀ ਅਤੇ ਬਦਮਾਸ਼ੀ ਦੀ ਹਾਮੀਂ ਨਾ ਭਰੇ ਤਾਂ--?


ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਮਾਨਿਸਕਤਾ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਜਾਂ ਬਣਾਈ ਗਈ ਹੈ ਕਿ ਉਹ ਆਪ ਤਾਂ 21ਵੀਂ ਸਦੀ ਵਿੱਚ ਜੀਅ ਰਹੇ ਹੁੰਦੇ ਹਨ ਅਤੇ ਸਾਰੀਆਂ ਸਹੂਲਤਾਂ ਵੀ 21ਵੀਂ ਸਦੀ ਦੀਆਂ ਮਾਣ ਰਹੇ ਹੁੰਦੇ ਹਨ ਪਰ ਆਪਣੀ ਧਾਰਮਿਕ ਸੋਚ ਪੰਜ ਸਦੀਆਂ ਪਿੱਛੇ ਵਾਲੀ ਲੈ ਕੇ ਚੱਲ ਰਹੇ ਹੁੰਦੇ ਹਨ। ਸਾਰੀ ਦੁਨੀਆ ਵਿੱਚ ਵਿਚਰ ਰਹੇ ਸਿੱਖ ਪੰਜ ਸਦੀਆਂ ਪਹਿਲਾਂ ਬੀਤ ਚੁੱਕੇ ਇਤਿਹਾਸ ਨੂੰ ਅੱਜ ਵੀ 21ਵੀਂ ਸਦੀ ਵਿੱਚ ਉਸੇ ਤਰ੍ਹਾਂ ਦੁਹਰਾਉਣਾਂ ਚਾਹੁੰਦੇ ਹਨ। ਇਸੇ ਕਰਕੇ ਮਾਰ ਮਰਾਈ ਵਾਲੀ ਪਸ਼ੂ ਬਿਰਤੀ ਇਨ੍ਹਾਂ ਤੇ ਹਮੇਸ਼ਾਂ ਹਾਵੀ ਰਹਿੰਦੀ ਹੈ। ਇਹ ਉਨ੍ਹਾਂ ਨੂੰ ਹੀ ਆਪਣੇ ਹੀਰੋ ਮੰਨਦੇ ਹਨ ਜਿਹੜੇ ਕਿਸੇ ਨੂੰ ਮਾਰਦੇ ਹਨ ਅਤੇ ਫਿਰ ਜੇਲਾਂ ਵਿੱਚ ਰੁਲਦੇ ਹਨ। ਜੇ ਕਰ ਇਨ੍ਹਾਂ ਨੂੰ ਕੋਈ ਮਾਰ ਦੇਵੇ ਫਿਰ ਉਸ ਨੂੰ ਮਹਾਨ ਸ਼ਹੀਦ ਦਾ ਦਰਜਾ ਦਿੰਦੇ ਹਨ। ਸਿੱਖਾਂ ਦੇ ਤਕਰੀਬਨ ਸਾਰੇ ਹੀ ਵਿਦਵਾਨ, ਰਾਗੀ ਢਾਡੀ, ਪ੍ਰਚਾਰਕ, ਕਥਾਵਾਚਕ ਜਾਂ ਆਮ ਸਿੱਖ ਵੀ ਇਨ੍ਹਾਂ ਤੋਂ ਸੁਣ ਕੇ ਇਹੀ ਕੁੱਝ ਪ੍ਰਚਾਰਦਾ ਹੈ। ਜਦੋਂ ਹਰ ਕੋਈ ਇਸੇ ਤਰ੍ਹਾਂ ਦੀਆਂ ਹੀ ਗੱਲਾਂ ਕਰਦਾ ਹੈ ਤਾਂ ਸੁਭਾਵਕ ਹੈ ਕਿ ਇਨ੍ਹਾਂ ਨੂੰ ਸੁਣਨ ਵਾਲੇ ਵੀ ਇਸੇ ਤਰ੍ਹਾਂ ਦੇ ਵਿਚਾਰਾਂ ਦੇ ਧਾਰਨੀ ਬਣ ਜਾਂਦੇ ਹਨ। ਫਿਰ ਉਹ ਇਹੀ ਸਮਝਦੇ ਹਨ ਕਿ ਧਰਮ ਦੇ ਨਾਮ ਤੇ ਕਿਸੇ ਨੂੰ ਮਾਰ ਦੇਣਾ ਜਾਂ ਆਪ ਮਰ ਜਾਣਾ ਹੀ ਅਸਲੀ ਧਰਮ ਹੁੰਦਾ ਹੈ। ਜੇ ਕਿਸੇ ਵਿਰੋਧੀ ਨੂੰ ਮਾਰ ਦਿੱਤਾ ਤਾਂ ਕਹਿੰਦੇ ਹਨ ਕਿ ਸੋਧਾ ਲਾ ਦਿੱਤਾ ਜੇ ਕਰ ਕਿਸੇ ਨੇ ਮਾਰ ਦਿੱਤਾ ਤਾਂ ਸ਼ਹੀਦ ਹੋ ਕਿ ਗੁਰੂ ਦੀ ਗੋਦ ਵਿੱਚ ਚਲੇ ਗਿਆ। ਧਰਮ ਦੇ ਨਾਮ ਤੇ ਮਰਨ ਵਾਲੇ ਮੁਸਲਮਾਨਾ ਲਈ ਅੱਗੇ ਸਵਰਗ ਅਤੇ ਹੂਰਾਂ ਹਨ ਅਤੇ ਸਿੱਖਾਂ ਲਈ ਗੁਰੂ ਦੀ ਗੋਦ ਅਤੇ ਸੱਚਖੰਡ ਜਾਂ ਸਵਰਗ।
ਇਸ ਦੁਨੀਆ ਤੇ ਕੋਈ ਵੀ ਵਿਆਕਤੀ ਦੁੱਧ ਧੋਤਾ ਨਹੀਂ ਹੈ। ਸਾਰਿਆਂ ਨੇ ਆਪਣੇ ਜੀਵਨ ਵਿੱਚ ਕੋਈ ਨਾ ਕੋਈ ਗਲਤੀ ਜਰੂਰ ਕੀਤੀ ਹੁੰਦੀ ਹੈ। ਜਦੋਂ ਵੀ ਇਸ ਗਲਤੀ ਦਾ ਅਹਿਸਾਸ ਹੋ ਜਾਵੇ ਤਾਂ ਉਸ ਨੂੰ ਮੰਨ ਲੈਣਾ ਹੀ ਭਲਾਈ ਵਿੱਚ ਹੈ। ਪਰ ਕਈ ਵਾਰੀ ਆਪਣੀ ਹਉਮੇ ਨੂੰ ਸੱਟ ਵੱਜਦੀ ਹੈ ਫਿਰ ਉਹ ਜਾਣਦੇ ਹੋਏ ਵੀ ਗਲਤੀ ਮੰਨਣ ਲਈ ਤਿਆਰ ਨਹੀਂ ਹੁੰਦਾ। ਮਿਸਾਲ ਦੇ ਤੌਰ ਤੇ ਜਿਹੜੇ ਪੜ੍ਹੇ ਲਿਖੇ ਖਾੜਕੂ ਬਣ ਕੇ ਮਾਰ ਮਰਾਈ ਵਾਲੇ ਪਾਸੇ ਤੁਰੇ ਸਨ ਕੀ ਹੁਣ ਉਨ੍ਹਾਂ ਨੂੰ ਅਹਿਸਾਸ ਨਹੀਂ ਹੋ ਰਿਹਾ ਹੋਵੇਗਾ ਕਿ ਅਸੀਂ ਜਜਬਾਤੀ ਹੋ ਕੇ ਗਲਤ ਰਾਹ ਚੁਣ ਲਿਆ ਸੀ? ਜਰੂਰ ਹੁੰਦਾ ਹੋਵੇਗਾ। ਪਰ ਉਨ੍ਹਾਂ ਵਿਚੋਂ ਬਹੁਤ ਘੱਟ ਹਨ ਜੋ ਖੁੱਲ ਕੇ ਆਪਣੀ ਗਲਤੀ ਮਹਿਸੂਸ ਕਰਦੇ ਹਨ। ਗਲਤੀ ਮੰਨਣ ਲਈ ਵੀ ਬਹੁਤ ਵੱਡਾ ਜਿਗਰਾ ਚਾਹੀਦਾ ਹੁੰਦਾ ਹੈ ਕਿਉਂਕਿ ਲੋਕਾਈ ਦੇ ਬਹੁਤ ਬੋਲ-ਕਬੋਲ ਸੁਣਨੇ ਪੈਂਦੇ ਹਨ। ਕਲਮਾਂ ਛੱਡ ਕੇ ਜਿਨ੍ਹਾਂ ਨੇ ਗੋਲੀ ਨਾਲ ਖੇਡਣ ਦਾ ਰਿਸਕ ਲਿਆ ਸੀ ਉਨ੍ਹਾਂ ਦੀ ਉਸ ਵੇਲੇ ਇਹੀ ਸੋਚ ਸੀ ਕਿ ਇੰਦਰਾ ਸਰਕਾਰ ਸਿੱਖਾਂ ਦੀ ਨਸਲਕੁਸ਼ੀ ਕਰਨਾ ਚਾਹੁੰਦੀ ਹੈ। ਦਰਬਾਰ ਸਾਹਿਬ ਸਾਡਾ ਸਭ ਤੋਂ ਪਵਿੱਤਰ ਅਸਥਾਨ ਹੈ ਸਰਕਾਰ ਨੇ ਉੱਥੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਹੈ। ਇਸ ਤਰ੍ਹਾਂ ਦੀ ਜਲੀਲ ਭਰੀ ਜਿੰਦਗੀ ਨਾਲੋਂ ਤਾਂ ਕਿਸੇ ਨੂੰ ਮਾਰ ਕੇ ਮਰ ਜਾਣਾ ਚੰਗਾ ਹੈ। ਭਿੰਡਰਾਂਵਾਲਾ ਇੱਕ ਪਹੁੰਚਿਆ ਹੋਇਆ ਮਹਾਨ ਸੰਤ ਸੀ। ਸਿੱਖ ਬਿੱਲਕੁੱਲ ਠੀਕ ਸਨ ਜੋ ਆਪਣੇ ਹੱਕ ਮੰਗ ਰਹੇ ਸਨ ਪਰ ਸਰਕਾਰ ਸਰਾਸਰ ਗਲਤ ਸੀ ਇਸ ਲਈ ਸਾਨੂੰ ਮਜਬੂਰੀ ਵੱਸ ਹਥਿਆਰ ਚੁੱਕਣੇ ਪਏ। ਇਸ ਤਰ੍ਹਾਂ ਦੇ ਵਿਚਾਰਾਂ ਦਾ ਮੇਰੇ ਉਪਰ ਵੀ ਥੋੜਾ ਜਿਹਾ ਚਿਰ ਅਸਰ ਰਿਹਾ ਹੈ। ਜੇ ਕਰ ਉਸ ਸਮੇਂ ਮੈਂ ਇੰਡੀਆ ਵਿੱਚ ਹੁੰਦਾ ਤਾਂ ਸ਼ਾਇਦ ਮੈਂ ਵੀ ਹੁਣ ਤੱਕ ਜਾਂ ਮਰ ਮੁੱਕ ਚੁੱਕਾ ਹੁੰਦਾ ਜਾਂ ਜੇਲ ਵਿੱਚ ਹੁੰਦਾ। ਜਿਸ ਤਰ੍ਹਾਂ ਦੇ ਆਮ ਸਿੱਖ ਪਸ਼ੂ ਬਿਰਤੀ ਰੱਖਦੇ ਹਨ ਕਿਸੇ ਸਮੇਂ ਮੈਂ ਵੀ ਇਸੇ ਬਿਰਤੀ ਦਾ ਧਾਰਨੀ ਹੁੰਦਾ ਸੀ। ਪਰ ਆਪ ਪੜ੍ਹ ਕੇ ਵਿਚਾਰਨ ਨਾਲ ਹੌਲੀ-ਹੌਲੀ ਧਰਮ ਦੀ ਸੋਝੀ ਹੁੰਦੀ ਗਈ ਅਤੇ ਅਸਲੀਅਤ ਸਮਝ ਆਉਣ ਲੱਗ ਪਈ, ਇਸ ਲਈ ਖਿਆਲਾਂ ਵਿੱਚ ਵੀ ਤਬਦੀਲੀ ਆਉਣ ਲੱਗ ਪਈ। ਮੈਂ ਸਾਰੀ ਉਮਰ ਕੰਮ ਕਰਕੇ ਬਾਕੀ ਦਾ ਸਮਾ ਕਿਤਾਬਾਂ ਪੜ੍ਹਨ ਤੇ ਹੀ ਲਾਇਆ ਹੈ ਨਾ ਕਿ ਵੱਧ ਤੋਂ ਵੱਧ ਪੈਸੇ ਇਕੱਠੇ ਕਰਨ ਵਿਚ।
ਪਸ਼ੂ ਬਿਰਤੀ ਅਪਣਾ ਕੇ ਧਰਮ ਦੇ ਨਾਮ ਤੇ ਗੁੰਡਾ ਗਰਦੀ ਅਤੇ ਬਦਮਾਸ਼ੀ ਕਰਨੀ ਬਸ ਇਹੀ ਸੋਚ ਸਿੱਖਾਂ ਦਾ ਧਰਮ ਹੈ। ਜਿਹੜਾ ਕੋਈ ਇਸ ਵਿਰੁੱਧ ਬੋਲੇਗਾ ਉਹ ਪੰਥ ਦੋਖੀ ਅਤੇ ਧਰਮ ਦੋਖੀ ਅਖਵਾਏਗਾ। ਕਿਉਂਕਿ ਪ੍ਰਚਾਰ ਹੀ ਸਾਰਾ ਇਸ ਤਰ੍ਹਾਂ ਦਾ ਹੋ ਰਿਹਾ ਹੈ। ਉਹ ਭਾਵੇਂ ਗੁਰਦੁਆਰੇ ਹੋਣ ਅਤੇ ਭਾਵੇਂ ਹੋਰ ਸ਼ੋਸ਼ਲ ਮੀਡੀਆ ਹੋਵੇ। ਸ਼ਰੇਆਮ ਹਿੰਸਕ ਗੱਲਾਂ ਕਰਨੀਆਂ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਮਹਾਨ ਸਿੱਖ ਕਹਿਣਾ ਬਸ ਇਹੀ ਸਿੱਖਾਂ ਦੀ ਸਿੱਖੀ ਹੈ। ਕਈ ਵਾਰੀ ਤਾਂ ਦੇਖ ਸੁਣ ਕੇ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਕਿ ਸਾਰੀ ਦੁਨੀਆ ਵਿਚਲੇ ਮੰਦਬੁੱਧੀ ਧਰਮੀ ਲੋਕ ਸਾਰੇ ਸਿੱਖਾਂ ਵਿੱਚ ਹੀ ਪੈਦਾ ਹੋਏ ਹੋਣ। ਜਦੋਂ ਅੰਮ੍ਰਿਤਪਾਲ ਨੇ ਇੰਡੀਆ ਵਿੱਚ ਜਾ ਕੇ ਖੌਰੂ ਪਉਣਾ ਸ਼ੁਰੂ ਕੀਤਾ ਤਾਂ ਕਈ ਸਮਝਦਾਰ ਲੋਕਾਂ ਨੇ ਖਬਰਦਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਜਿਹੜਾ ਵੀ ਕੋਈ ਇਸ ਤਰ੍ਹਾਂ ਕਰਦਾ ਸੀ ਉਸ ਨੂੰ ਝੱਟ ਪੰਥ ਵਿਰੋਧੀ ਜਾਂ ਕਾਮਰੇਡ ਗਰਦਾਨ ਦਿੱਤਾ ਜਾਂਦਾ ਸੀ। ਧਮਕੀਆਂ ਅਤੇ ਗਾਲ੍ਹਾਂ ਤਾਂ ਆਮ ਗੱਲ ਸੀ। ਬਹੁਤੇ ਚੁੱਪ ਸੀ ਜਾਂ ਅੰਮ੍ਰਿਤਪਾਲ ਦੇ ਹੱਕ ਵਿੱਚ ਹੀ ਬੋਲਦੇ ਸਨ। ਉਨ੍ਹਾਂ ਦੀ ਦਲੀਲ ਸੀ ਕਿ ਉਹ ਗਲਤ ਕੀ ਕਰਦਾ ਹੈ? ਨਸ਼ੇ ਛੁਡਵਾ ਕੇ ਸਿੱਖੀ ਦਾ ਪ੍ਰਚਾਰ ਹੀ ਤਾਂ ਕਰਦਾ ਹੈ। ਉਨ੍ਹਾਂ ਨੂੰ ਇਹ ਨਹੀ ਸੀ ਪਤਾ ਕਿ ਇਹ ਤਾਂ ਇੱਕ ਬਾਹਾਨਾ ਹੈ ਅਸਲ ਮਕਸਦ ਤਾਂ ਕੋਈ ਹੋਰ ਹੈ। ਜਦੋਂ ਉਸ ਨੇ ਅਜਨਾਲੇ ਠਾਣੇ ਉਪਰ ਬੀੜ ਅਤੇ ਪਾਲਕੀ ਨੂੰ ਢਾਲ ਬਣਾ ਕੇ ਥਾਵਾ ਬੋਲਿਆ ਸੀ ਤਾਂ ਮਕਸਦ ਥੋੜਾ ਜਿਹਾ ਹੋਰ ਸਪਸ਼ਟ ਹੋ ਗਿਆ ਸੀ। ਉਸ ਸਮੇ ਬਾਦਲ ਦੀ ਨੂੰਹ ਅਤੇ ਹੋਰ ਕਈਆਂ ਦੇ ਪਤਾ ਕੀ ਬਿਆਨ ਸਨ? ਉਹ ਕਹਿੰਦੇ ਸੀ ਕਿ ਸਰਕਾਰ ਇਨ੍ਹਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ? ਜਦੋਂ ਗ੍ਰਿਫਤਾਰ ਕਰ ਲਏ ਫਿਰ ਕਹਿਣ ਲੱਗ ਪਏ ਹਾਏ ਸਰਕਾਰ ਕਿੰਨਾ ਧੱਕਾ ਕਰਦੀ ਹੈ ਸਾਡੇ ਮੁੰਡਿਆਂ ਨੂੰ ਚੁੱਕ ਕੇ ਡਿਬੜੂਗੜ ਜ਼ੇਲ ਭੇਜ ਦਿੱਤਾ। ਇਹ ਬੁੱਚੜ ਸਰਕਾਰ ਹੈ। ਜਿਨ੍ਹਾਂ ਨੂੰ ਇਨੀ ਗੱਲ ਸਮਝ ਹੀ ਨਹੀਂ ਆਈ ਹੋਰ ਉਨ੍ਹਾਂ ਨੇ ਕੀ ਸਮਝਣਾ? ਸੁਆਹ!
ਅੰਮ੍ਰਿਤਪਾਲ ਦੇ ਨਾਲ ਇੱਕ ਵਿਆਕਤੀ ਹੁੰਦਾ ਸੀ ਜਿਸ ਨੂੰ ਪ੍ਰਧਾਨ ਮੰਤਰੀ ਬਾਜੇਕੇ ਸੱਦਦੇ ਸਨ। ਕਹਿੰਦੇ ਸਨ ਕਿ ਸ਼ੋਸ਼ਲ ਮੀਡੀਏ ਤੇ ਉਸ ਦੇ ਇੰਨੇ ਫੋਲੋਅਰ ਹੁੰਦੇ ਸਨ ਜਿਤਨੇ ਕਿ ਸ਼ਾਇਦ ਹੀ ਕਿਸੇ ਪੜ੍ਹੇ ਲਿਖੇ ਅਕਲ ਦੀ ਗੱਲ ਦੱਸਣ ਵਾਲੇ ਸਿੱਖ ਵਿਦਵਾਨ ਦੇ ਹੋਵਣ। ਜਿਸ ਤੋਂ ਸਾਫ ਅੰਦਾਜਾ ਲਗ ਸਕਦਾ ਹੈ ਕਿ ਸਿੱਖ ਸੋਚਣ ਪੱਖੋਂ ਕਿੰਨੇ ਕੰਗਾਲ ਲੋਕ ਹਨ। ਜਿਸ ਵਿਆਕਤੀ ਨੂੰ ਅਜਨਾਲਾ ਵੀ ਠੀਕ ਤਰ੍ਹਾਂ ਨਾ ਕਹਿਣਾ ਆਉਂਦਾ ਹੋਵੇ ਉਸ ਤੋਂ ਲੋਕੀ ਕੀ ਸਿੱਖਦੇ ਹੋਣਗੇ? ਹਾਂ, ਲੋਕਾਂ ਦੀ ਇੰਟਰਟੇਨਮਿੰਟ ਜਰੂਰ ਕਰ ਦਿੰਦਾ ਹੋਵੇਗਾ। ਹੁਣ ਪਿਛਲੇ ਕੁੱਝ ਹਫਤਿਆਂ ਤੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀਆਂ ਖਬਰਾਂ ਸਾਰੀ ਦੁਨੀਆਂ ਦੀਆਂ ਮੁੱਖ ਅਖਬਾਰਾਂ ਵਿੱਚ ਛਪੀਆਂ ਹਨ। ਖਾਲਿਸਤਾਨੀ ਇਸ ਨਾਲ ਹੀ ਬਾਗੋ-ਬਾਗ ਹੋਏ ਪਏ ਹਨ। ਕਈ ਤਾਂ ਸਿੱਖਾਂ ਦੀਆਂ ਫੋਟੋਆਂ ਅਖਬਾਰਾਂ ਵਿੱਚ ਛਪਣ ਨਾਲ ਹੀ ਬਹੁਤ ਵੱਡੀ ਪ੍ਰਾਪਤੀ ਦੱਸ ਰਹੇ ਹਨ। ਇੱਕ ਵਿਆਕਤੀ ਕਹਿ ਰਿਹਾ ਸੀ ਕਿ ਫਲਾਨੇ ਅਖਬਾਰ ਨੇ ਅੰਮ੍ਰਿਤਪਾਲ ਅਤੇ ਸਾਥੀਆਂ ਦੀ ਫੋਟੋ ਵੱਡੀ ਕਰਕੇ ਲਾਈ ਹੈ। ਉਸ ਨੂੰ ਸੁਣਨ ਵਾਲੇ ਉਸ ਦੀਆਂ ਤਾਰੀਫਾਂ ਕਰ ਰਹੇ ਸਨ। ਜਦੋਂ ਮੈਂ ਸਰਚ ਕਰਕੇ ਦੇਖਿਆ ਤਾਂ ਫੋਟੋ ਤਾਂ ਜਰੂਰ ਵੱਡੀ ਲਾਈ ਸੀ ਪਰ ਕੁੱਝ ਲਾਈਨਾ ਜੋ ਪੜ੍ਹ ਸਕਦਾ ਸੀ ਉਸ ਵਿੱਚ ਤਾਂ ਸਿੱਖਾਂ ਨੂੰ ਹਿੰਸਕ ਦਰਸਾਇਆ ਗਿਆ ਸੀ। ਕਿਉਂਕਿ ਉਹ ਫੋਟੋ ਅਜਨਾਲੇ ਥਾਣੇ ਵਾਲੇ ਹਮਲੇ ਨਾਲ ਸੰਬੰਧਿਤ ਸੀ।
ਨਾ ਤਾਂ ਕੋਈ ਰੱਬ ਕਿਸੇ ਸੱਤਵੇ ਅਸਮਾਨ ਜਾਂ ਕਿਸੇ ਸੱਚਖੰਡ ਵਿੱਚ ਬੈਠਾ ਹੈ ਅਤੇ ਨਾ ਹੀ ਕੋਈ ਵਿਆਕਤੀ ਕਿਸੇ ਰੱਬ ਨੂੰ ਮਿਲ ਕੇ ਆਇਆ ਹੈ। ਇਹ ਸਾਰਾ ਕੁੱਝ ਧਰਮ ਦੇ ਨਾਮ ਤੇ ਗੱਪਾਂ ਤੋਂ ਵੱਧ ਕੁੱਝ ਨਹੀਂ। ਸਮਾਜ ਨੂੰ ਸੋਹਣਾ ਬਣਾਉਣ ਲਈ ਧਾਰਮਿਕ ਰਹਿਬਰਾਂ ਦੇ ਆਪਣੇ ਵਿਚਾਰ ਸਨ। ਜੋ ਉਨ੍ਹਾਂ ਨੂੰ ਉਸ ਵੇਲੇ ਠੀਕ ਲੱਗਿਆ ਉਨ੍ਹਾਂ ਨੇ ਕਹਿ ਦਿੱਤੇ। ਜਰੂਰੀ ਨਹੀਂ ਕਿ ਅੱਜ ਦੇ ਸਮੇਂ ਵਿੱਚ ਉਹ ਸਾਰਾ ਕੁੱਝ ਠੀਕ ਹੀ ਹੋਵੇ। ਜੇ ਕਰ ਕੋਈ ਇਸ ਤਰ੍ਹਾਂ ਦਾ ਰੱਬ ਹੈ ਤਾਂ ਫਿਰ ਸਾਰੇ ਕਥਿਤ ਮਹਾਂਪੁਰਸ਼ਾਂ ਦੇ ਵਿਚਾਰ ਇਕੋ ਜਿਹੇ ਹੋਣੇ ਚਾਹੀਦੇ ਸਨ। ਜੋ ਕਿ ਨਹੀਂ ਹਨ। ਵੱਖਰੇ ਧਰਮਾਂ ਦੀ ਗੱਲ ਤਾਂ ਛੱਡੋ, ਇਕੋ ਧਰਮ ਨੂੰ ਮੰਨਣ ਵਾਲੇ ਆਪਸ ਵਿੱਚ ਕਿਤਨੇ ਵਖਰੇਵੇਂ ਰੱਖਦੇ ਹਨ। ਸਿੱਖਾਂ ਦੇ ਮਹਾਂਪੁਰਸ਼ ਤਾਂ ਹਾਲੇ ਤੱਕ ਰੱਬ ਨੂੰ ਇਹ ਵੀ ਨਹੀਂ ਪੁੱਛ ਸਕੇ ਕਿ ਰਾਗਮਾਲਾ ਗੁਰੂ ਦੀ ਕ੍ਰਿਤ ਹੈ ਜਾਂ ਨਹੀਂ? ਦਾਅਵਾ ਸਾਰੇ ਇਹੀ ਕਰਦੇ ਹਨ ਕਿ ਸਾਡੇ ਮਹਾਂਪੁਰਸ਼ ਬੜੇ ਕਮਾਈ ਵਾਲੇ ਸਨ।
ਸਿੱਖ ਤਾਂ ਆਪੇ ਹੀ ਸਾਬਤ ਕਰੀ ਜਾਂਦੇ ਹਨ ਕਿ ਅਸੀਂ ਤਾਂ ਜੀ ਗੁੰਡੇ ਹੁੰਦੇ ਹਾਂ। ਜਦੋਂ ਅੰਮ੍ਰਿਤਪਾਲ ਨੇ ਸਾਥੀਆਂ ਨਾਲ ਅਜਨਾਲੇ ਥਾਣੇ ਤੇ ਹਮਲਾ ਕੀਤਾ ਸੀ ਤਾਂ ਕਈ ਪੁਲੀਸ ਵਾਲੇ ਜਖਮੀਂ ਹੋ ਗਏ ਸਨ। ਉਸ ਵੇਲੇ ਸਿੱਖ ਬੜੇ ਮਾਣ ਨਾਲ ਕਹਿੰਦੇ ਸਨ ਕਿ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਖਾਲਸਾ ਅਜੇ ਜਿਉਂਦਾ ਹੈ। ਅੰਮ੍ਰਿਤਪਾਲ ਵੀ ਕਹਿੰਦਾ ਹੁੰਦਾ ਸੀ ਕਿ ਤੁਸੀਂ ਮੇਰੀ ਤੜ ਚਿੱਕ ਕਰਨਾ ਚਾਹੁੰਦੇ ਹੋ। ਫਿਰ ਜਲੰਧਰ ਵਿੱਚ ਗੁਰਦੁਆਰੇ ਵਿਚੋਂ ਬੈਂਚ ਕੱਢ ਕੇ ਭੰਨੇ ਅਤੇ ਸਾੜੇ। ਪਤਾ ਨਹੀਂ ਹੁਣ ਡਿਬੜੂਗੜ ਜੇਲ ਵਿੱਚ ਉਨ੍ਹਾਂ ਦੀ ਤੜ ਚਿੱਕ ਹੋ ਗਈ ਜਾਂ ਹਾਲੇ ਰਹਿੰਦੀ ਹੈ। ਇਸੇ ਤਰ੍ਹਾਂ ਦਸਮ ਗ੍ਰੰਥ ਬਾਰੇ ਭਿੰਡਰਾਂਵਾਲੇ ਗੁੰਡੇ ਸਾਧ ਦੀ ਹੁਣ ਤੱਕ ਕਿਤਨੀ ਧੌਂਸ ਦਿੱਤੀ ਜਾਂਦੀ ਰਹੀ ਹੈ ਅਤੇ ਦਿੱਤੀ ਜਾ ਰਹੀ ਹੈ। ਅੰਮ੍ਰਿਤਪਾਲ ਦੇ ਸਪੋਰਟਰ ਜਾਂ ਉਸ ਨੂੰ ਠੀਕ ਕਹਿਣ ਵਾਲੇ ਜਿਹੜੇ ਬਿਦੇਸ਼ਾਂ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਇੱਕ ਕੰਮ ਜਰੂਰ ਕਰਕੇ ਦਿਖਾਉਣਾ ਚਾਹੀਦਾ ਹੈ। ਜਦੋਂ ਕਦੀ ਉਨ੍ਹਾਂ ਦੇ ਕਿਸੇ ਨੇੜਲੇ ਵਿਆਕਤੀ ਤੇ ਪੁਲੀਸ ਵਾਲੇ ਕੋਈ ਕੇਸ ਪਉਣ ਜਾਂ ਕਿਸੇ ਕਾਰਨ ਫੜਕੇ ਜੇਲ ਵਿੱਚ ਸੁੱਟ ਦੇਣ ਤਾਂ ਫਿਰ ਉਸੇ ਤਰ੍ਹਾਂ ਪੁਲੀਸ ਸਟੇਸ਼ਨ ਤੇ ਹਮਲਾ ਕਰਕੇ ਛੁਡਵਾ ਕਿ ਲਿਜਾਣ। ਫਿਰ ਪਤਾ ਲੱਗੇਗਾ ਕਿ ਕਿਸ ਭਾਅ ਵਿਕਦੀ ਹੈ।
ਦਸੰਬਰ 23, 2020 ਦੀ ਰਾਤ ਨੂੰ ਨਿਊਜ਼ੀਲੈਂਡ ਦੇ ਰੇਡੀਓ ਹੋਸਟ ਤੇ ਹਮਲਾ ਕੀਤਾ ਗਿਆ ਸੀ। ਉਸ ਹਮਲੇ ਤੋਂ ਬਾਅਦ ਕਿਤਨੇ ਸਿੱਖ ਸਨ ਜਿਹੜੇ ਕਿ ਇਸ ਹਮਲੇ ਦੀ ਸਲਾਘਾ ਕਰਦੇ ਸਨ। ਇਸ ਨੂੰ ਕਰਿਸਮਿਸ ਦਾ ਗਿਫਟ ਕਹਿੰਦੇ ਸਨ। ਸੁਣਿਆ ਹੈ ਕਿ ਉਸ ਨੂੰ ਮਾਰਨ ਲਈ ਲੱਖਾਂ ਡਾਲਰ ਇਕੱਠੇ ਕੀਤੇ ਗਏ ਸਨ। ਕੋਈ ਵਿਰਲੇ ਹੀ ਹੋਣਗੇ ਜਿਹੜੇ ਇਸ ਤਰ੍ਹਾਂ ਵੱਖਰੇ ਵਿਚਾਰ ਰੱਖਣ ਵਾਲਿਆਂ ਤੇ ਹਮਲੇ ਦੀ ਨਿਖੇਧੀ ਕਰਦੇ ਹੋਣਗੇ। ਜਿਹੜੇ ਵਿਚਾਰ ਉਹ ਦਿੰਦਾ ਸੀ ਜਾਂ ਦਿੰਦਾ ਹੈ ਤੁਸੀਂ ਉਸ ਦੇ ਵਿਚਾਰਾਂ ਨੂੰ ਕੱਟ ਕੇ ਆਪਣੇ ਚੰਗੇ ਵਿਚਾਰ ਲੋਕਾਂ ਅੱਗੇ ਰੱਖ ਦਿਓ। ਕੌਣ ਕਿਤਨਾ ਠੀਕ ਜਾਂ ਗਲਤ ਹੈ ਲੋਕੀ ਆਪੇ ਫੈਸਲਾ ਕਰੀ ਜਾਣਗੇ। ਜੇ ਕਰ ਕਿਸੇ ਦੇ ਵਿਚਾਰ ਨਹੀਂ ਚੰਗੇ ਲਗਦੇ ਤਾਂ ਨਾ ਸੁਣੋਂ। ਕੋਈ ਮਜਬੂਰ ਤਾਂ ਕਰਦਾ ਨਹੀਂ ਕਿ ਕਿਸੇ ਨੂੰ ਜਰੂਰ ਪੜ੍ਹੋ ਜਾਂ ਸੁਣੋਂ। ਪਰ ਨਹੀਂ ਸਿੱਖਾਂ ਦੇ ਸਿਰਾਂ ਵਿਚੋਂ ਪਿਛਲੀਆਂ ਪੰਜ ਸਦੀਆਂ ਦੇ ਇਤਿਹਾਸ ਦਾ ਕੀੜਾ ਸਿਰਾਂ ਵਿਚੋਂ ਨਹੀਂ ਨਿਕਲਦਾ। ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਸਿੱਖ ਆਪ ਤਾਂ ਸਾਰੀਆਂ ਸਹੂਲਤਾਂ ਮਾਣਦੇ ਹੋਏ 21ਵੀਂ ਸਦੀ ਵਿੱਚ ਜੀ ਰਹੇ ਹਨ ਪਰ ਗੁੰਡਾ ਗਰਦੀ ਅਤੇ ਬਦਮਾਸ਼ੀ ਨੂੰ ਜ਼ਾਇਜ਼ ਠਹਿਰਾਉਣ ਲਈ ਮਿਸਾਲਾਂ ਸਦੀਆਂ ਪਹਿਲਾਂ ਦੀਆਂ ਦੇਣਗੇ। ਇਸ ਤਰ੍ਹਾਂ ਦੇ ਇੱਕ ਦੋ ਨਹੀਂ, ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਇਸੇ ਤਰ੍ਹਾਂ ਕਰਦੇ ਹਨ। ਇਹੀ ਮੁੱਖ ਕਾਰਨ ਸੀ ਕਿ ਗੁੰਡਾ ਗਰਦੀ ਅਤੇ ਬਦਮਾਸ਼ੀ ਵਾਲੇ ਧਰਮ ਤੋਂ ਮੈਂ ਆਪਣੇ ਆਪ ਨੂੰ ਬਾਹਰ ਕਰ ਲਿਆ ਸੀ। ਇਸ ਵੇਲੇ ਨਿਊਜ਼ੀਲੈਂਡ ਵਿੱਚ ਉਸ ਹਮਲੇ ਦਾ ਕੇਸ ਚੱਲ ਰਿਹਾ ਹੈ। ਜਿਹੜੇ ਉਸ ਵੇਲੇ ਕਹਿੰਦੇ ਸਨ ਕਿ ਉਸ ਤੇ ਹਮਲਾ ਹੋਣਾ ਠੀਕ ਸੀ ਅਤੇ ਉਸ ਨੂੰ ਸੋਧਾ ਜਰੂਰ ਲੱਗਣਾ ਚਾਹੀਦਾ ਸੀ ਫਿਰ ਹੁਣ ਕਿਉਂ ਚੁੱਪ ਹਨ? ਹੁਣ ਹਮਲਾ ਕਰਨ ਵਾਲਿਆਂ ਦੇ ਹੱਕ ਵਿੱਚ ਕਿਉਂ ਨਹੀਂ ਲੇਖ ਲਿਖਦੇ ਅਤੇ ਪੋਸਟਾਂ ਪਉਂਦੇ? ਹੁਣ ਕਿਉਂ ਨਹੀਂ ਕਹਿੰਦੇ ਕਿ ਉਨ੍ਹਾਂ ਨੇ ਜੋ ਕੀਤਾ ਠੀਕ ਕੀਤਾ ਸੀ। ਜੇ ਕਰ ਉਹ ਜੇਲ ਨਹੀਂ ਜਾਣਾ ਚਾਹੁੰਦੇ ਤਾਂ ਉਨ੍ਹਾਂ ਦੀ ਜਗਾ ਅਸੀਂ ਜੇਲ ਜਾਣ ਲਈ ਤਿਆਰ ਹਾਂ। ਜਿਸ ਤਰ੍ਹਾਂ ਅਸੀਂ ਪਹਿਲਾਂ ਉਨ੍ਹਾਂ ਦੇ ਪ੍ਰਵਾਰਾਂ ਲਈ ਫੰਡ ਇਕੱਠਾ ਕੀਤਾ ਸੀ ਹੁਣ ਵੀ ਕਰਕੇ ਦੇਵਾਂਗੇ। ਪਹਿਲਾਂ ਤਾਂ ਕਹਿੰਦੇ ਸੀ ਗੁਰੂ ਆਪ ਸੇਵਾ ਲੈਂਦਾ ਹੈ ਹੁਣ ਸਾਰੇ ਮੁੱਕਰੀ ਜਾਂਦੇ ਹਨ ਅਤੇ ਖਾਸ ਕਰਕੇ ਕੋਈ ਕਥਿਤ ਢੌਂਗੀ ਜਿਹਾ ਕਰਾਮਾਤੀ ਬਾਬਾ ਇਸ ਕਤਲ ਕਰਨ ਦੀ ਸਾਜਿਸ਼ ਵਿੱਚ ਆਪਣਾ ਹੱਥ ਹੋਣ ਤੋਂ ਸ਼ਰੇਆਮ ਮੁੱਕਰੀ ਜਾ ਰਿਹਾ ਹੈ।
ਸ਼ੋਸ਼ਲ ਮੀਡੀਆ ਨੂੰ ਵਰਤਣ ਵਾਲੇ ਵਿਆਕਤੀ ਮੇਰੇ ਨਾਲੋਂ ਕਿਤੇ ਵੱਧ ਇਸ ਗੱਲ ਦੀ ਜਾਣਕਾਰੀ ਰੱਖਦੇ ਹੋਣਗੇ ਕਿ ਜਿਹੜਾ ਵੀ ਕੋਈ ਵਿਆਕਤੀ ਸਿੱਖਾਂ ਨੂੰ ਕੋਈ ਅਕਲ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਹੋਵੇਗਾ ਜਾਂ ਆਉਣ ਵਾਲੇ ਭਵਿੱਖ ਬਾਰੇ ਪਹਿਲਾਂ ਹੀ ਸੁਚੇਤ ਕਰਦਾ ਹੋਵੇਗਾ ਕਿ ਇਸ ਰਸਤੇ ਤੇ ਚੱਲਦਿਆਂ ਆਹ ਨੁਕਸਾਨ ਹੋਣ ਦਾ ਡਰ ਹੈ ਉਸ ਦੀ ਵਿਰੋਧਤਾ ਅਵੱਸ਼ ਹੁੰਦੀ ਹੋਵੇਗੀ। ਉਸ ਨੂੰ ਨਾਸਤਕ, ਕਾਮਰੇਡ, ਪੰਥ ਵਿਰੋਧੀ, ਸਿੱਖੀ ਵਿਰੋਧੀ, ਸਰਕਾਰੀ ਹੱਕ ਵਿੱਚ ਲਿਖਣ ਬੋਲਣ ਵਰਗੇ ਖਿਤਾਬ ਜਰੂਰ ਮਿਲਦੇ ਹੋਣਗੇ। ਇਸ ਤੋਂ ਵੀ ਅਗਾਂਹ ਲੰਘ ਕੇ ਗੰਦੀਆਂ ਗਾਲ੍ਹਾਂ ਅਤੇ ਫੋਟੋਆਂ ਐਡਿਟ ਕਰਕੇ ਪਉਣ ਦੀ ਕਿਰਿਆ ਸ਼ੁਰੂ ਹੁੰਦੀ ਹੋਵੇਗੀ। ਜਿਸ ਤੋਂ ਸਾਬਤ ਹੁੰਦਾ ਹੈ ਕਿ ਜੇ ਕਰ ਤੁਸੀਂ ਇਨ੍ਹਾਂ ਦੀ ਧਰਮ ਦੇ ਨਾਮ ਤੇ ਕੀਤੀ ਜਾ ਰਹੀ ਗੁੰਡਾ ਗਰਦੀ ਅਤੇ ਬਦਮਾਸ਼ੀ ਦੀ ਹਾਮੀ ਨਹੀਂ ਭਰਦੇ ਤਾਂ ਤੁਸੀਂ ਆਪਣੇ ਆਪ ਤੇ ਪੰਥ ਵਿਰੋਧੀ ਅਤੇ ਧਰਮ ਵਿਰੋਧੀ ਥੱਪਾ ਲਗਵਾਉਣ ਦੇ ਭਾਗੀ ਬਣ ਜਾਂਦੇ ਹੋ। ਇਸੇ ਕਰਕੇ ਬਹੁਤੇ ਲੋਕ ਚੁੱਪ ਰਹਿਣ ਵਿੱਚ ਹੀ ਭਲਾਈ ਸਮਝਦੇ ਹਨ। ਉਹ ਇਹ ਨਹੀਂ ਸੋਚਦੇ ਕਿ ਇਸ ਤਰ੍ਹਾਂ ਚੁੱਪ ਰਹਿਣ ਨਾਲ ਤੁਸੀਂ ਚੰਗੇ ਸਮਾਜ ਦੇ ਭਵਿੱਖ ਲਈ ਆਪਣੀ ਜਿੰਮੇਵਾਰੀ ਤੋਂ ਭਗੌੜੇ ਹੋ ਕਿ ਆਉਣ ਵਾਲੇ ਸਮੇ ਲਈ ਕੰਡੇ ਬੀਜਣ ਦੇ ਭਾਗੀਦਾਰ ਬਣਦੇ ਹੋ। ਜਿਸ ਦਾ ਖਮਿਆਜਾ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਭੁਗਤਣਾ ਪੈਣਾ ਹੈ। ਇਹ ਪਹਿਲਾਂ ਵੀ ਤੁਸੀਂ ਭੁਗਤ ਚੁੱਕੇ ਹੋ। ਧਿਆਨ ਵਿੱਚ ਲਿਆਓ ਤਾਂ ਜਰਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇ ਕਤਲੇਆਮ ਨੂੰ ਅਤੇ ਵਿਧਵਾ ਕਲੋਨੀਆਂ ਨੂੰ।
ਮੱਖਣ ਪੁਰੇਵਾਲ,
ਅਕਤੂਬਰ 01, 2023.




.