.

ਔਰਤ ਦੀ ਬਰਾਬਰਤਾ

ਸਦੀਆਂ ਤੋਂ ਇਸਤ੍ਰੀ ਨੂੰ ਮਰਦਾਂ ਨਾਲੋਂ ਨੀਵੇਂ ਪੱਧਰ ਦੀ ਆਖ ਕੇ ਬਰਾਬਰਤਾ ਦੇ ਹੱਕਾਂ ਤੋਂ ਵਾਂਝੇ ਰਖਿਆ ਗਿਆ ਤੇ ਧਾਰਮਿਕ ਮੰਦਰਾਂ ਦੇ ਆਗੂਆਂ ਨੇ ਵੀ ਦਾਸੀਆਂ ਬਣਾ ਕੇ ਮੰਦਰਾਂ ਵਿੱਚ ਇਹਨਾਂ ਦੀ ਬੇਪਤੀ ਕੀਤੀ। ਘਰ ਵਿੱਚ ਲੜਕੀ ਦੇ ਪੈਦਾ ਹੋਣ ਤੇ ਸੋਗ ਮਨਾਇਆ ਜਾਂਦਾ ਸੀ/ਹੈ। ਕੋਈ ਕਹਿੰਦਾ ਸੀ ਕਿ ਇਸਤ੍ਰੀ ਵਿੱਚ ਆਤਮਾ ਹੀ ਨਹੀ, ਕੋਈ ਕਹਿੰਦਾ ਇਹ ਅੱਧੀ ਜ਼ਹਿਰ ਤੇ ਅੱਧੀ ਅੰਮ੍ਰਿਤ ਹੈ, ਇਸਦਾ ਕਦੇ ਇਤਬਾਰ ਨਾ ਕਰੋ, ਕੋਈ ਸਲਾਹ ਦਿੰਦਾ ਸੀ ਕਿ ਇਹਨੂੰ ਦਬਾ ਕੇ ਰਖਿਆ ਜਾਣਾ ਚਾਹੀਦਾ ਹੈ, ਅਖੌਤੀ ਧਰਮੀਆਂ ਦਾ ਮੰਨਣਾ ਸੀ ਕਿ ਇਹ ਰੁਹਾਨੀਅਤ ਦੇ ਰਾਹ ਦਾ ਰੋੜਾ ਹੈ। ਯੋਗ ਮਤ ਦੇ ਗੋਰਖ ਨਾਥ ਜੀ ਦਾ ਕਹਿਣਾ ਸੀ ਕਿ “ਇਨ ਬਾਗਨ ਤੇ ਲੋਈ ਖਾਈ॥” ਭਾਵ, ਇਹ ਇਸਤ੍ਰੀ ਬਘਿਆੜ ਹੈ ਜੋ ਜਗਤ ਨੂੰ ਨਿਗਲ ਜਾਂਦਾ ਹੈ। ਇਸਤ੍ਰੀ ਦਾ ਤਿਆਗ (ਗ੍ਰਿਸਤ ਦਾ ਤਿਆਗ) ਰੁਹਾਨੀਅਤ ਦੀ ਸਫਲਤਾ ਲਈ ਜ਼ਰੂਰੀ ਮੰਨਿਆ ਜਾਂਦਾ ਸੀ, ਗ੍ਰਿਸਤ ਜੀਵਨ ਨੂੰ ਤਿਆਗ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿਣ ਨੂੰ ਧਰਮ ਦੀ ਪ੍ਰਾਪਤੀ ਮੰਨਿਆ ਜਾਂਦਾ ਸੀ, ਤੇ ਅੱਜ ਵੀ ਸੰਤ ਬਾਬੇ ਤੇ ਕਈ ਲੋਕ ਬਹਿੰਘਮ (ਗ੍ਰਿਸਤ ਦੇ ਤਿਆਗੀ) ਹੋਣ ਨੂੰ ਧਰਮ ਦੀ ਪ੍ਰਾਪਤੀ ਮੰਨਦੇ ਹਨ, ਪਰ ਆਪਣੀ ਉਪਜੀਵਕਾ ਲਈ ਗ੍ਰਿਸਤੀਆਂ ਤੇ ਹੀ ਨਿਰਭਰ ਹਨ। ਕੋਈ ਵੀ ਇਸਤ੍ਰੀ ਦਾਰਸ਼ਨਿਕ ਨਾ ਬਣ ਸਕੀ, ਪੜ੍ਹ ਨਾ ਸਕੀ, ਸੰਤ ਨਾ ਬਣ ਸਕੀ ਤੇ ਇਸ ਨੂੰ ਸਮਾਜ ਨੇ ਪਤੀ (ਮਰਦ) ਦੀ ਮੌਤ ਪਿਛੋਂ ਉਸ ਨਾਲ ਸਤੀ ਹੋਣ ਲਈ ਮਜਬੂਰ ਕੀਤਾ ਜਦ ਕੇ ਇਹੀ ਮਰਯਾਦਾ ਮਰਦ ਤੇ ਲਾਗੂ ਨਹੀ ਹੁੰਦੀ। ਕਿਸੇ ਨੂੰ ਟੂਣੇਹਾਰ, ਪ੍ਰੇਤ ਯਾ ਭੂਤਨੀ ਆਖ ਕੇ ਅੱਗ ਵਿੱਚ ਸਾੜਿਆ ਜਾਂਦਾ ਤੇ ਕਿਸੇ ਨੂੰ ਵੇਸਵਾ ਕਹਿ ਕੇ ਪੱਥਰਾਂ ਨਾਲ ਮਾਰਿਆ ਜਾਂਦਾ, ਵਿਧਵਾ ਇਸਤ੍ਰੀ ਨੂੰ ਜੀਵਨ ਸਾਥੀ ਚੁਨਣਾ ਇੱਕ ਘਟੀਆ ਕਰਮ ਮੰਨਿਆ ਜਾਂਦਾ ਸੀ। ਰਾਵਣ ਨਾਲ ਜੰਗ ਕਰਕੇ ਸੀਤਾ ਨੂੰ ਉਸ ਦੀ ਕੈਦ ਚੋਂ ਛੁਡਵਾਇਆ ਗਿਆ ਤੇ ਫੇਰ ਉਸ ਨੂੰ ਆਪਣੀ ਪਵਿੱਤ੍ਰਤਾ ਸਾਬਤ ਕਰਨ ਲਈ ਠੁਕਰਾਇਆ ਗਿਆ। ਅਜ ਤਕ ਕਿਸੇ ਮਰਦ ਨੂੰ ਆਪਣੀ ਪਵਿੱਤ੍ਰਤਾ ਸਾਬਤ ਨਹੀ ਕਰਨੀ ਪਈ, ਫਿਰ ਇਹ ਫਤਵਾ ਇਸਤ੍ਰੀ ਤੇ ਕਿਉਂ? ਅਗਰ ਇਹ ਸਭ ਜ਼ੁਲਮ ਨੂੰ ਧਰਮ ਮੰਨਿਆ ਜਾਂਦਾ ਹੈ ਤਾਂ ਅਧਰਮ ਕਿਸ ਨੂੰ ਕਿਹਾ ਜਾਵੇ? ਇੱਕ ਪਾਸੇ ਇਸਤ੍ਰੀ ਨੂੰ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ, ਵਰ ਮੰਗੇ ਜਾਂਦੇ ਹਨ, ਮਨੋਕਾਮਨਾਵਾਂ ਦੀ ਪੂਰਤੀ ਲਈ ਪੂਜਾ ਕੀਤੀ ਜਾਂਦੀ ਹੈ, ਬੇਨਤੀਆਂ ਕੀਤੀਆਂ ਜਾਦੀਆਂ ਹਨ ਤੇ ਦੂਜੇ ਪਾਸੇ ਉਸ ਦੀ ਪਵਿਤ੍ਰਤਾ ਤੇ ਸ਼ਕ ਕੀਤਾ ਜਾਂਦਾ ਹੈ। ਆਪਣੇ ਆਪ ਨੂੰ ਰੱਬ ਦੇ ਭਗਤ ਸਦਾਉਣ ਵਾਲੇ ਭਗਤ ਪੀਲੂ ਜੀ ਆਪਣੀ ਬਾਣੀ ਗੁਰੂ ਗ੍ਰੰਥ ਜੀ ਵਿੱਚ ਦਰਜ ਕਰਾਵਣ ਲਈ ਲੈ ਕੇ ਆਏ “ਭਠ ਰੰਨਾਂ ਦੀ ਦੋਸਤੀ, ਖੁਰੀ ਜਿਨਾਂ ਦੀ ਮਤ॥” ਜਿਸ ਨੂੰ ਅਪ੍ਰਵਾਨ ਕੀਤਾ ਗਿਆ ਪਰ ਕੀ ਔਰਤਾਂ ਬਾਰੇ ਐਸੀ ਸ਼ਬਦਾਵਲੀ ਤੇ ਸੋਚ ਰੱਖਣ ਵਾਲਾ ਭਗਤ ਕਹਿਲਾਉਣ ਦਾ ਹੱਕਦਾਰ ਹੋ ਸਕਦਾ ਹੈ? ਸਿੱਖ ਧਰਮ ਜੋ ਨਵਾਂ ਤੇ ਸ੍ਰੇਸ਼ਟ ਧਰਮ ਹੋਣ ਦੀਆਂ ਡੀਂਗਾਂ ਮਾਰਦਾ ਹੈ, ਵੀ ਇਸਤ੍ਰੀ ਨੂੰ ਮਰਦ ਨਾਲ ਬਰਾਬਰਤਾ ਨਹੀ ਦੇ ਸਕਿਆ ਜਦ ਕੇ ਗੁਰਬਾਣੀ ਅਨੁਸਾਰ ਲਿੰਗ ਭੇਦ (ਵਖਰੇਵੇਂ) ਨੂੰ ਕੋਈ ਪ੍ਰਵਾਨਗੀ ਹੀ ਨਹੀ। ਅਗਰ ਇਸਤ੍ਰੀ ਬਿਨਾ ਮਰਦ ਪੈਦਾ ਨਹੀ ਹੋ ਸਕਦਾ ਤਾਂ ਮਰਦ ਬਿਨਾ ਇਸਤ੍ਰੀ ਵੀ ਪੈਦਾ ਨਹੀ ਹੋ ਸਕਦੀ ਕਿਉਂਕਿ ਉਹ ਦੋ ਨਹੀ ਇੱਕ ਹੀ ਹੈ। ਅਸਥੂਲ ਨੂੰ ਤਾਂ ਦੁਨਿਆਵੀ ਅੱਖ ਵੇਖ ਸਕਦੀ ਹੈ ਪਰ ਸੂਖਮ ਨੂੰ ਕੇਵਲ ਆਤਮਿਕ ਅੱਖ (ਤੀਜੇ ਨੇਤ੍ਰ) ਨਾਲ ਹੀ ਵੇਖਿਆ ਜਾ ਸਕਦਾ ਹੈ। ਗਿਆਨ ਨੇਤ੍ਰ ਨਾਲ ਵੇਖਿਆਂ ਜੇ ਮਰਦ ਦੀ ਹੋਂਦ ਇਸਤ੍ਰੀ ਬਿਨਾ ਨਹੀ ਤੇ ਇਸਤ੍ਰੀ ਦੀ ਹੋਂਦ ਮਰਦ ਬਿਨਾ ਨਹੀ ਤਾਂ ਉਹ ਇਕੋ ਸਿਕੇ ਦੇ ਦੋ ਪਾਸੇ ਹੀ ਹਨ।

ਇਸਤ੍ਰੀ ਵਿੱਚ ਮਰਦ ਵੇਖਣ ਨੂੰ ਨਜ਼ਰ ਨਹੀ ਆਉਂਦੇ ਕਿਉਂਕਿ ਇਹ ਤੀਜੇ (ਗਿਆਨ) ਨੇਤ੍ਰ ਦੀ ਪ੍ਰਕਿਰਿਆ ਹੈ ਇੱਕ ਵਕਤ ਇੱਕ ਹੀ ਨਜ਼ਰ ਆਵੇਗਾ। ਇੱਕ ਦੀ ਹੋਂਦ ਹੀ ਦੂਜੇ ਦੀ ਅਣਹੋਂਦ ਹੈ, ਇਕੋ ਸਿਕੇ ਦੇ ਦੋ ਪਾਸੇ ਹਨ।

ਗੁਰਬਾਣੀ ਤੋਂ ਸੂਝ ਮਿਲਦੀ ਹੈ ਕਿ:- ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥879 ਜਿਵੇਂ ਸਰੀਰਕ ਅੱਖਾਂ ਨਾਲ ਸਾਗਰ ਤੇ ਬੂੰਦ ਦੋ ਦਿਸਦੇ ਹੋਏ ਵੀ ਇਕੋ ਸਾਗਰ ਹੀ ਹੈ ਕਿਉਂਕਿ ਸਾਗਰ ਬਿਨਾ ਬੂੰਦ ਨਹੀ ਤੇ ਬੂੰਦ ਬਿਨਾ ਸਾਗਰ ਨਹੀ, ਤਿਵੇਂ ਨਾਰੀ ਤੇ ਪੁਰਖ ਸਰੀਰਕ ਤੌਰ ਤੇ ਦੋ ਦਿਸਦੇ ਹੋਏ ਇਕੋ ਹੀ ਹੈ। ਕਿਉਂਕਿ ਦੋਵਾਂ ਸਰੀਰਾਂ ਵਿੱਚ ਇਕੋ ਵਸਦਾ ਹੈ ਤੇ ਇਕੋ ਵਿੱਚ ਦੋਵੇਂ ਵਸਦੇ ਹਨ ਤਾਂ ਇਹਨਾਂ ਨੂੰ ਆਤਮਿਕ ਪਖੋਂ ਦੋ ਨਹੀ ਮੰਨਿਆ ਜਾ ਸਕਦਾ ਹੈ। ਇਕੋ ਹੀ ਅਨੇਕਤਾ ਦਾ ਰੂਪ ਧਾਰ ਗਿਆ।

ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥983 ਨਾਰੀ ਤੇ ਪੁਰਖ ਸਭ ਇਕੋ ਦੇ ਹੀ ਦੋ ਰੂਪ ਹਨ, ਇੱਕ ਤੋਂ ਬਿਨਾ ਦੂਜਾ ਹੋ ਨਹੀ ਸਕਦਾ, ਦਿਸਦੇ ਦੋਨਾਂ ਸਰੀਰਾਂ ਦੀ ਇੱਕ (ਕਰਤੇ) ਬਿਨਾ ਕੋਈ ਹੋਂਦ ਨਹੀ। ਇਸ ਲਈ ਇਹ ਸਾਰੀ ਖੇਡ ਇਕੋ ਦੀ ਹੀ ਹੈ ਪਰ ਜਦੋਂ ਅਨੇਕਤਾ ਹੈ ਉਦੋਂ ਇੱਕ ਨਜ਼ਰ ਨਹੀ ਆਉਂਦਾ ਤੇ ਜਦੋਂ ਇੱਕ ਹੈ ਉਦੋਂ ਅਨੇਕਤਾ ਨਜ਼ਰ ਨਹੀ ਆਉਂਦੀ।

ਆਪੇ ਪੁਰਖੁ ਆਪੇ ਹੀ ਨਾਰੀ ॥ ਆਪੇ ਪਾਸਾ ਆਪੇ ਸਾਰੀ ॥1020 ਕਰਤਾ ਆਪ ਹੀ ਪੁਰਖ ਹੈ ਤੇ ਆਪ ਹੀ ਨਾਰੀ ਹੈ, ਆਪ ਹੀ ਚੌਪੜ (ਜਗਤ) ਦੀ ਖੇਡ (ਦਾ ਰਚਣਹਾਰਾ) ਹੈ ਤੇ ਆਪ ਹੀ ਖੇਡ ਖੇਡਣ ਵਾਲਾ ਹੈ। ਜੇ ਦੋਨਾਂ ਵਿੱਚ ਇਕੋ ਆਪ ਹੀ ਹੈ ਤਾਂ ਉਹ ਦੋ ਕਿਵੇਂ? ਇਸ ਲਈ ਦੋ ਲਗਦੇ ਹੋਏ ਵੀ ਇਕੋ ਹੀ ਹੈ ਕਿਉਂਕਿ ਇੱਕ ਬਿਨਾ ਦੋ ਹੋ ਹੀ ਨਹੀ ਸਕਦੇ।

ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥879 ਅਗਰ ਪੁਰਖ ਤੇ ਨਾਰ ਇੱਕ ਦੂਜੇ ਦੇ ਵਿੱਚ ਹਨ ਤਾਂ ਦੋ ਕਿਵੇਂ ਹੋ ਸਕਦੇ ਹਨ। ਜਿਵੇਂ ਸਾਗਰ ਵਿੱਚ ਬੂੰਦ ਹੈ ਤੇ ਬੂੰਦ ਵਿੱਚ ਸਾਗਰ ਹੈ, ਰਾਤ ਵਿੱਚ ਦਿਨ ਹੈ ਤੇ ਦਿਨ ਵਿੱਚ ਰਾਤ ਹੈ, ਗਰਮੀ ਵਿੱਚ ਠੰਡ ਹੈ ਤੇ ਠੰਡ ਵਿੱਚ ਗਰਮੀ ਹੈ ਤੇ ਇਹ ਦੋ ਲਗਦੇ ਹੋਏ ਵੀ ਇਕੋ ਹੈ ਕਿਉਂਕਿ ਇੱਕ ਬਿਨਾ ਦੂਜੇ ਦੀ ਹੋਂਦ ਨਹੀ, ਇਸੇ ਤਰਾਂ ਮਰਦ ਤੇ ਇਸਤ੍ਰੀ ਦੋ ਹੁੰਦੇ ਹੋਏ ਵੀ ਇਕੋ ਹੀ ਹੈ। ੴ  ਦਾ ਸਿਧਾਂਤ ਵੀ ਇਹੋ ਹੀ ਹੈ ਕਿ ਉਸ (ਇਕ ਕਰਤੇ) ਤੋਂ ਬਿਨਾ ਦੂਜੀ ਕੋਈ ਹੋਂਦ ਹੀ ਨਹੀ। ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥483

ਹੁਣ ਜਦੋਂ ਦੋਨਾਂ ਵਿੱਚ ਇਕੋ ਹੀ ਵਸਦਾ ਹੈ ਤਾਂ ਵਡ੍ਹੇ ਛੋਟੇ, ਚੰਗੇ ਮਾੜੇ ਜਾਂ ਉਤਮ ਨੀਚ ਦਾ ਵਖਰੇਵਾਂ ਕਿਵੇਂ ਹੋ ਸਕਦਾ ਹੈ। ਵਖਰੇਵਾਂ ਦੋ ਵਿੱਚ ਹੋ ਸਕਦਾ ਹੈ ਇੱਕ ਵਿੱਚ ਨਹੀ। ਦੋਹਾਂ ਨੂੰ ਇੱਕ ਜਾਨਣ ਵਿੱਚ ਹੀ ਬਰਾਬਰਤਾ ਹੈ। ਇਹ ਦੋ ਦਾ ਭੁਲੇਖਾ ਸਰੀਰਕ ਅੱਖ ਨੂੰ ਤਾਂ ਭਾਵੇਂ ਹੈ ਪਰ ਆਤਮਿਕ (ਗਿਆਨ ਦੀ) ਅੱਖ ਨੂੰ ਨਹੀ। ਇਸਤ੍ਰੀ ਨੂੰ ਮੰਦਾ ਕਹਿਣ ਵਾਲਾ, ਨਿੰਦਣ ਵਾਲਾ ਜਾਂ ਨੀਵੇਂ ਪੱਧਰ ਦੀ ਸਮਝਣ ਵਾਲਾ ਅਸਲ ਵਿੱਚ ਆਪਣੇ ਆਪ ਨੂੰ ਹੀ ਮੰਦਾ ਕਹਿ ਰਿਹਾ ਹੁੰਦਾ ਹੈ। ਦੋਨਾਂ (ਮਰਦ, ਇਸਤ੍ਰੀ) ਵਿਚੋਂ ਕਿਸੇ ਇੱਕ ਦੀ ਨਾ ਨਿੰਦਾ ਕੀਤੀ ਜਾ ਸਕਦੀ ਹੈ ਤੇ ਨਾ ਵਡਿਆਈ ਕਿਉਂਕਿ ਉਹ ਦੋ ਨਹੀ ਇੱਕ ਹੀ ਹੈ। ਇੱਕ ਦੀ ਵਡਿਆਈ ਦੂਜੇ ਦੀ ਨਿੰਦਾ ਬਣ ਜਾਂਦੀ ਹੈ ਪਰ ਬਰਾਬਰਤਾ ਇਹ ਵਖਰੇਵਾਂ ਮਿਟਾ ਦਿੰਦੀ ਹੈ। ਗੁਰਬਾਣੀ ਦੀ ਇੱਕ ਬੜੀ ਪ੍ਰਸਿੱਧ ਪੰਗਤੀ ਹੈ ਜੋ ਆਮ ਤੌਰ ਤੇ ਇਸਤ੍ਰੀ ਦੀ ਮਹੱਤਾ ਲਈ ਵਰਤੀ ਜਾਂਦੀ ਹੈ: ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥473 ਪਹਿਲੀ ਗਲ ਕਿ ਇਸਤ੍ਰੀ ਨੂੰ ਮੰਦਾ ਕਹਿਣਾ, ਕਾਦਰ (ਰਚਣਹਾਰੇ) ਦੀ ਨਿੰਦਾ ਹੈ, ਦੂਜੀ ਗਲ ਕਿ ਇਸਤ੍ਰੀ ਬਿਨਾ ਸੰਸਾਰੀ ਮਨੁਖੀ ਜੀਵਨ ਚਲ ਹੀ ਨਹੀ ਸਕਦਾ, ਇਸ ਲਈ ਨਿੰਦਣ ਵਾਲਾ ਆਪਣੀ (ਹੋਂਦ) ਮਾਂ ਨੂੰ ਹੀ ਨਹੀ ਬਲਿਕੇ ਆਪਣੇ ਆਪ ਨੂੰ ਹੀ ਨਿੰਦ ਰਿਹਾ ਹੁੰਦਾ ਹੈ। ਗੁਰਬਾਣੀ ਅਨੁਸਾਰ ਨਿੰਦਾ ਇਸਤ੍ਰੀ ਦੀ ਤਾਂ ਕੀ, ਕਿਸੇ ਦੀ ਵੀ ਭਲੀ ਨਹੀ ਕਿਉਂਕਿ ਸਭਿ ਘਟ ਤੇਰੇ ਤੂ ਸਭਨਾ ਮਾਹਿ ॥ ਤੁਝ ਤੇ ਬਾਹਰਿ ਕੋਈ ਨਾਹਿ ॥ 1134 ਇੱਕ ਹੋਰ ਹਕੀਕਤ ਨੂੰ ਨਜ਼ਰ ਅੰਦਾਜ਼ ਨਹੀ ਕੀਤਾ ਜਾ ਸਕਦਾ ਕਿ ਆਪਾ ਵਿਰੋਧੀ ਪੱਖਾਂ ਬਿਨਾ ਸੰਸਾਰ ਚਲ ਨਹੀ ਸਕਦਾ। ਬੁਰਿਆਈ ਬਿਨਾ ਚੰਗਿਆਈ ਨੂੰ ਜਾਣਿਆ ਨਹੀ ਜਾ ਸਕਦਾ ਤੇ ਦੋਨਾ ਦਾ ਇੱਕ ਥਾਂ ਜੁੜੇ ਹੋਣਾ ਹੀ ਬਰਾਬਰਤਾ ਦਾ ਪ੍ਰਤੀਕ ਹੈ। ਇਸਤ੍ਰੀ ਬਿਨਾ ਮਰਦ ਤੇ ਮਰਦ ਬਿਨਾ ਇਸਤ੍ਰੀ ਦੀ ਹੋਂਦ ਨਹੀ, ਇਹੀ ਕੁਦਰਤੀ ਬਰਾਬਰਤਾ ਦਾ ਪ੍ਰਤੀਕ ਹੈ। ਇੱਕ ਪੱਖ ਦੀ ਵਡਿਆਈ ਦੂਜੇ ਪੱਖ ਦੀ ਨਿੰਦਾ ਆਪਣੇ ਆਪ ਬਣ ਜਾਂਦੀ ਹੈ। ਗੁਣਾਂ ਤੇ ਅਉਗਣਾਂ ਨੂੰ ਵੱਖ ਨਹੀ ਕੀਤਾ ਜਾ ਸਕਦਾ, ਦੋਨੋ ਇਕੱਠੇ ਹਨ, ਇਸ ਲਈ ਇਹਨਾਂ ਦੀ ਕੁਦਰਤੀ ਬਰਾਬਰਤਾ ਹੀ ਸਹਿਜ ਅਵਸਥਾ ਕਹਿਲਾਉਂਦੀ ਹੈ ਜੋ ਜੀਵਨ ਨੂੰ ਅਨੰਦਿਤ ਬਨਾਉਂਣ ਯੋਗ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.