.

ਸਿੱਖ - ਸਿੰਘ - ਕੌਰ - ਖ਼ਾਲਸਾ

ਖ਼ਾਲਿਸਤਾਨ!

(5)

18ਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਖ਼ਾਲਸਾ ਪਦ ਦੀ ਚੜ੍ਹਤ ਸ਼ੁਰੂ ਹੋ ਗਈ ਸੀ। 19ਵੀਂ ਸਦੀ ਵਿੱਚ ਸਿੱਖ, ਸਿੰਘ ਅਤੇ ਖ਼ਾਲਸਾ ਵਿੱਚੋਂ ਖ਼ਾਲਸਾ ਪਦ ਨੇ ‘ਸਿੱਖਾਂ’ ਦੀ ਸੋਚ ਵਿੱਚ ਸਰਵਸ੍ਰੇਸ਼ਟ ਸਥਾਨ ਅਤੇ ਉੱਚਤਮ ਦਰਜਾ ਹਾਸਿਲ ਕਰ ਲਿਆ ਸੀ! ਕੱਚੀਆਂ-ਕੂੜ ਕਿਤਾਬਾਂ ਵਿੱਚੋਂ ਲਈਆਂ ਕੁੱਝ ਇੱਕ ਸਤਰਾਂ ਦੇ ਹਵਾਲੇ ਨਾਲ ‘ਸਿੱਖਾਂ’ ਦੀ ਅਰਦਾਸ ਵਿੱਚ ਵੀ “ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ…” ਜੋੜ ਦਿੱਤਾ ਗਿਆ! ਮਿਸਲਦਾਰਾਂ, ‘ਸਿੱਖ’ ਰਜਵਾੜਿਆਂ ਅਤੇ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਵੀ ਖ਼ਾਲਸਾ ਰਾਜ ਕਿਹਾ ਜਾਣ ਲੱਗਾ!

20ਵੀਂ ਸਦੀ ਦੇ ਦੂਜੇ ਅੱਧ ਤੀਕ ਲਿੰਬੇ-ਪੋਚੇ ਬਣਾਵਟੀ ਰੂਪ ਵਾਲੇ ਸੰਸਾਰੀ ਖ਼ਾਲਸਿਆਂ ਦਾ ਸੱਭ ਪਾਸੇ ਬੋਲ-ਬਾਲਾ ਹੋ ਗਿਆ ਸੀ। ਹਰ ਜਣਾ-ਖਣਾ ‘ਸਿੱਖ’ ਆਪਣੇ ਆਪ ਨੂੰ ਖ਼ਾਲਸਾ ਕਹਿਣ ਵਿੱਚ ਫ਼ਖ਼ਰ ਮਹਿਸੂਸ ਕਰਨ ਲੱਗ ਗਿਆ ਸੀ! ਕਈ ਖ਼ਾਲਸਾ ਜਥੇਬੰਦੀਆਂ ਵੀ ਹੋਂਦ ਵਿੱਚ ਆਈਆਂ। ਵਿੱਦਿਅਕ ਸੰਸਥਾਵਾਂ ਦੇ ਨਾਂਵਾਂ ਨਾਲ ਵੀ ਖ਼ਾਲਸਾ ਅਗੇਤਰ ਜੋੜਨ ਦਾ ਰਿਵਾਜ ਪੈ ਗਿਆ! ਪੰਜਾਬ ਦੀ ਧਰਤੀ `ਤੇ ਸਦੀਆਂ ਤੋਂ ਖੇਡੀਆਂ ਜਾਣ ਵਾਲੀਆਂ ਖੇਡਾਂ ਨੂੰ ਵੀ ਖ਼ਾਲਸਾਈ ਕੌਮੀ ਖੇਡਾਂ ਦਾ ਨਾਮ ਦੇ ਦਿੱਤਾ ਗਿਆ! ਹੋਰ ਤਾਂ ਹੋਰ, ਲੋਕਾਈ ਨੂੰ ਮੂਰਖ ਬਣਾ ਕੇ ਠੱਗਣ ਵਾਸਤੇ ‘ਸਿੱਖਾਂ’ ਦੁਆਰਾ ਸਥਾਪਿਤ ਕੀਤੇ ਜਾਂਦੇ ਕਈ ਛੋਟੇ ਵੱਡੇ ਵਪਾਰਾਂ ਦੇ ਨਾਮ ਨਾਲ ਵੀ ਖ਼ਾਲਸਾ ਅਗੇਤਰ ਲਾਉਣ ਦਾ ਰਿਵਾਜ ਪੈ ਗਿਆ! ……! ਇਨਸਾਨੀਯਤ ਤੋਂ ਗਿਰੇ ਹੋਏ ਚਲਿਤਰਬਾਜ਼ ਸਿੱਖਾਂ ਨੇ ਆਪਣੇ ਭ੍ਰਸ਼ਟ ਤੇ ਗ਼ਲੀਜ਼ ਕਿਰਦਾਰ ਨੂੰ ਕੱਜਣ ਵਾਸਤੇ ਆਪਣੇ ਨਾਂਵਾਂ ਨਾਲ ਖ਼ਾਲਸਾ ਲਕਬ ਲਾਉਣਾ ਸ਼ੁਰੂ ਕਰ ਦਿੱਤਾ। ਅਸੀਂ ਉਨ੍ਹਾਂ ਧਾਰਮਿਕ ਤੇ ਸਿਆਸੀ ਨੇਤਾਵਾਂ, ਪੰਥਕ ਸ਼ਖ਼ਸੀਯਤਾਂ, ਪੰਥਕ ਵਿੱਦਵਾਨਾਂ, ਜਥੇਦਾਰਾਂ, ਕਮੇਟੀਆਂ ਦੇ ਪ੍ਰਧਾਨਾਂ ਤੇ ਹੋਰ ਉਹਦੇਦਾਰਾਂ, ਸੰਤਾਂ-ਮਹੰਤਾਂ, ਡੇਰੇਦਾਰਾਂ ਅਤੇ ਟਕਸਾਲਾਂ ਦੇ ਮੁਖੀਆਂ ਵਗ਼ੈਰਾ ਦੇ ਨਾਂਵਾਂ ਨਾਲ ਖ਼ਾਲਸਾ ਪਿਛੇਤਰ ਲੱਗਿਆ ਦੇਖਿਆ ਹੈ ਜਿਨ੍ਹਾਂ ਦਾ ਗੁਰਬਾਣੀ ਵਾਲੇ ਪਵਿੱਤਰ ਖ਼ਾਲਸਾ ਪਦ ਨਾਲ ਦੂਰ ਦਾ ਵੀ ਕੋਈ ਸਰੋਕਾਰ ਨਹੀਂ ਹੈ! ਸਾਨੂੰ ਇਹ ਕਹਿਣ ਵਿੱਚ ਵੀ ਕੋਈ ਝਿਜਕ ਨਹੀਂ ਹੈ ਕਿ, ਜਿਸ ਕਿਸੇ ਨੇ ਵੀ ਆਪਣੇ ਨਾਮ ਨਾਲ ਖ਼ਾਲਸਾ ਲਕਬ ਲਾਇਆ ਹੋਇਆ ਹੈ, ਉਹ, ਨਿਰਸੰਦੇਹ, ਖ਼ਤਰਨਾਕ ਛਲੀਆ ਹੈ, ਉਸ ਤੋਂ ਸਾਵਧਾਨ ਰਹਿਣ ਅਤੇ ਦੂਰੀ ਬਣਾ ਕੇ ਰੱਖਣ ਵਿੱਚ ਹੀ ਭਲਾ ਹੈ!

ਗੁਰਬਾਣੀ ਵਿੱਚ ਵਰਤੇ ਗਏ ਸ਼ਬਦ -ਸਿੱਖ ਅਤੇ ਖ਼ਾਲਸਾ- ਸਚ ਧਰਮ ਦੇ ਮੂਲ ਸਿੱਧਾਂਤ ਹਨ। ਧਰਮ ਦੀ ਸੋਝੀ ਆਉਂਦੀ ਹੈ ਬਿਬੇਕਬੁੱਧਿ, ਆਤਮਗਿਆਨ ਅਤੇ ਇਸ ਗਿਆਨ ਸਦਕਾ ਪ੍ਰਾਪਤ ਹੋਣ ਵਾਲੇ ਗੁਣਾਂ (ਸੱਚ ਆਚਾਰ, ਸੁਤੰਤਰ ਸੋਚ, ਕਿਰਤ, ਅਣਖ ਜਾਂ ਸਵੈਮਾਨ ਅਤੇ ਸਹਿਨਸ਼ੀਲਤਾ ਆਦਿਕ) ਨਾਲ! ਪਰੰਤੂ, ਬੜੇ ਦੁੱਖ ਦੀ ਗੱਲ ਹੈ ਕਿ, ‘ਸਿੱਖ-ਧਰਮ’ ਦੀ ਵਾਗ-ਡੋਰ ਜਿਨ੍ਹਾਂ ਲੋਕਾਂ ਦੇ ਹੱਥਿ ਹੈ, ਅਤੇ ਜੋ ਆਪਣੇ ਆਪ ਨੂੰ ਖ਼ਾਲਸਾ ਪਦ ਦੇ ਹੱਕਦਾਰ ਹੋਣ ਦਾ ਦਾਅਵਾ ਕਰਦੇ ਹਨ, ਉਹ ਸਾਰੇ ਗਿਆਨ-ਵਿਹੂਣੇ, ਭੇਖੀ-ਪਾਖੰਡੀ, ਹਉਮੈਂ ਰੋਗ ਗ੍ਰਸਤ, ਕਿਰਤ ਤੋਂ ਕੰਨੀਂ ਕਤਰਾਉਣ ਵਾਲੇ ਹੱਡਰੱਖ ਹਰਾਮਖ਼ੋਰ, ਬੂਝੜ, ਬੇਗ਼ੈਰਤ, ਵਿਕਾਊ, ਝੂਠ-ਕਪਟ ਤੇ ਖੋਟ ਦੇ ਖ਼ਜ਼ਾਨੇ, ਪਰਲੇ ਦਰਜੇ ਦੇ ਚਾਪਲੂਸ, ਢੀਠ ਅਤੇ ਮੋਟੀ ਚੱਮੜੀ ਵਾਲੇ ਨਿਰਲੱਜ ਲੋਕ ਹਨ! ! ਇਸ ਕੌੜੇ ਕਥਨ ਦੀ ਪੁਸ਼ਟੀ ਵਾਸਤੇ ਹੇਠ ਲਿਖਿਆ ਇੱਕ ਅਕੱਟ ਤੇ ਠੋਸ ਪ੍ਰਮਾਣ ਹੀ ਕਾਫ਼ੀ ਹੈ:

‘ਸਿੱਖ ਧਰਮ’ ਅਤੇ ‘ਸਿੱਖ’ ਕੌਮ ਦੇ ਵਾਲੀ-ਵਾਰਿਸ ਸਨ/ਹਨ: ‘ਸਿੱਖ’ ਸ਼ਾਸਕ/ਸਿਆਸਤਦਾਨ (ਖ਼ਾਸ ਕਰਕੇ ਅਕਾਲੀ), ਗੁਰੂਦਵਾਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਅਤੇ ਹੋਰ ਕਾਰਕੁਨ ਅਤੇ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਸਾਰੇ ਸੇਵਾਦਾਰ (ਕਰਮਚਾਰੀ), ਤਖ਼ਤਾਂ ਦੇ ਜਥੇਦਾਰ ਅਤੇ ਪੁਜਾਰੀ ਲਾਣਾ ਵਗ਼ੈਰਾ। ਇਨ੍ਹਾਂ ਵਿੱਚੋਂ ਇੱਕਾ-ਦੁੱਕਾ ਨੂੰ ਛੱਡ ਕੇ ਬਾਕੀ ਸੱਭ ਸੁਆਰਥੀ ਹਨ ਜਿਨ੍ਹਾਂ ਨੇ ਆਪਣੇ ਸੁਆਰਥ ਦੀ ਖ਼ਾਤਿਰ ਆਪਣੀ ਜ਼ਮੀਰ ਮਾਰ ਰੱਖੀ ਹੈ ਜਾਂ ਗਹਿਣੇ ਰੱਖੀ ਹੋਈ ਹੈ ਅਤੇ ਜਾਂ ਫਿਰ ਵੇਚ ਦਿੱਤੀ ਹੋਈ ਹੈ! ਇਹ ਇੱਕ ਇਤਿਹਾਸਕ ਅਤੇ ਪ੍ਰਮਾਣਿਤ ਸੱਚ ਹੈ ਕਿ ਇਹ ਸਾਰੇ ਪਰਲੇ ਦਰਜੇ ਦੇ ਝੂਠੇ ਤੇ ਚਾਪਲੂਸ ਲੋਕ ਹਨ। ਪਹਿਲਾਂ ਗੱਲ ਕਰਦੇ ਹਾਂ ‘ਸਿੱਖ’ ਸ਼ਾਸਕਾਂ ਅਤੇ ਸਿਆਸਤਦਾਨਾਂ ਦੀ:

ਇਤਿਹਾਸ ਉੱਤੇ ਪੰਛੀ-ਝਾਤ ਮਾਰਿਆਂ ਸਹਿਲ ਹੀ ਉਕਤ ਕੌੜੇ ਕਥਨ ਦੀ ਪੁਸ਼ਟੀ ਹੋ ਜਾਂਦੀ ਹੈ! ਪਟਿਆਲਾ, ਨਾਭਾ ਅਤੇ ਜੀਂਦ ਆਦਿ ਰਿਆਸਤਾਂ ਦੇ ‘ਸਿੱਖ’ ਰਾਜੇ-ਰਜਵਾੜਿਆਂ ਨੇ ਆਪਣੀਆਂ ਰਿਆਸਤਾਂ ਅਤੇ ਗੱਦੀਆਂ ਨੂੰ ਬਚਾਉਣ ਵਾਸਤੇ ਆਪਣੀਆਂ ਜ਼ਮੀਰਾਂ ਅੰਗਰੇਜ਼ ਸ਼ਾਸਕਾਂ ਕੋਲ ਗਹਿਣੇ ਰੱਖ ਦਿੱਤੀਆਂ ਸਨ! ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਖੁੱਸਣ ਦਾ ਮੂਲ ਕਾਰਣ ਵੀ ਬੇਗ਼ੈਰਤ ਸਿੱਖ ਜਨਰੈਲਾਂ ਦਾ ਅੰਗਰੇਜ਼ਾਂ ਹੱਥਿ ਵਿਕਣਾ ਹੀ ਸੀ! ਭਾਰਤ ਦੀ ਆਜ਼ਾਦੀ ਤੋਂ ਬਾਅਦ ਲਗ-ਪਗ ਸਾਰੇ ਸਿੱਖ ਲੀਡਰ ਗੱਦੀਆਂ ਦੀ ਖ਼ਾਤਿਰ ਵਿਕਣ ਵਾਸਤੇ ਹਰ ਵਕਤ ਤਿਆਰ ਰਹਿੰਦੇ ਹਨ! ! ਉਹ ਇਤਨੇ ਢੀਠ, ਮੋਟੀ ਚਮੜੀ ਵਾਲੇ ਅਤੇ ਨਿਰਲੱਜ ਲੋਕ ਹਨ ਕਿ ਉਨ੍ਹਾਂ ਨੂੰ ਵਿਕਣ ਸਮੇਂ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਹੁੰਦੀ! ਵਿਕਾਊ ਨੇਤਾ, ਨਿਰਸੰਦੇਹ, ਇਨਸਾਨੀਯਤ ਤੋਂ ਗਿਰੇ ਹੋਏ, ਰੱਜ ਕੇ ਸੁਆਰਥੀ, ਭ੍ਰਸ਼ਟ, ਕੂੜ-ਕਬਾੜੀਏ, ਝੂਠੇ ਬਿਆਨ ਬਕਨ ਅਤੇ ਚਾਪਲੂਸੀ ਕਰਨ-ਕਰਵਾਉਣ ਵਾਲ ਬੇ-ਗ਼ੈਰਤੇ ਲੋਕ ਹੀ ਹੁੰਦੇ ਹਨ! ਇਹ ਇਤਿਹਾਸਕ ਸੱਚ ਕਿਸੇ ਤੋਂ ਲੁਕਿਆ ਨਹੀਂ ਕਿ ਬਾਦਲ ਜੁੰਡਲੀ ਨੇ ਗੱਦੀਆਂ ਦੇ ਸੁਆਰਥ ਦੀ ਖ਼ਾਤਿਰ ਆਪਣੀਆਂ ਜ਼ਮੀਰਾਂ ਸਿੱਖ ਵਿਰੋਧੀ ਕੇਂਦਰੀ ਸਰਕਾਰਾਂ (ਖ਼ਾਸ ਕਰਕੇ ਭਾਜਪਾ ਸਰਕਾਰ) ਕੋਲ ਹਮੇਸ਼ਾ ਲਈ ਗਹਿਣੇ ਰੱਖੀਆਂ ਹੋਈਆਂ ਹਨ! ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਨਜ਼ਦੀਕੀ ‘ਸਿੱਖ’ ਸਿਆਸਤਦਾਨ ਅਤੇ ਮਨਜਿੰਦਰ ਸਿੰਘ ਸਿਰਸਾ ਵਰਗੇ ਕਈ ਹੋਰ ਅਣਖ-ਹੀਣੇ, ਵਿਕਾਊ ਅਤੇ ਚਾਪਲੂਸ ਲੀਡਰ ਵੀ ਵਿਕ ਕੇ ਭਾਜਪਾ ਦੇ ਵਾੜੇ ਵਿੱਚ ਜਗ੍ਹਾ ਬਣਾ ਚੁੱਕੇ ਹਨ! ਸੰਖੇਪ ਵਿੱਚ, ਲਗ-ਪਗ ਸਾਰੇ ‘ਸਿੱਖ’ ਨੇਤਾ ਕਠਪੁਤਲੀਆਂ ਹਨ ਜੋ ਆਪਣੇ ਪੁਤਲੀਗਰਾਂ ਦੇ ਇਸ਼ਾਰਿਆਂ `ਤੇ ਨੱਚਦੀਆਂ ਹਨ!

‘ਸਿੱਖਾਂ’ ਦੀ ਦੂਜੀ ਵੱਡੀ ਸੰਸਥਾ ਹੈ: ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ। ਇਹ ਸ਼ਰਮਨਾਕ ਸੱਚ ਜੱਗ-ਜ਼ਾਹਿਰ ਹੈ ਕਿ ਇਨ੍ਹਾਂ ਕਮੇਟੀਆਂ ਦੇ ਪ੍ਰਧਾਨ, ਹੋਰ ਅਧਿਕਾਰੀ ਅਤੇ ਕਰਮਚਾਰੀ ਵਗੈਰਾ ਸਾਰੇ ਸੁਖਬੀਰ ਬਾਦਲ ਦੀ ਡੁਗਡੁਗੀ ਦੀ ਬੇਸੁਰੀ ਤਾਨ ਉੱਤੇ ਜਮੂਰਿਆਂ ਵਾਂਙ ਨੱਚਦੇ ਹਨ! ਇਹੀ ਹਾਲ ਤਖ਼ਤਾਂ ਦੇ ਜਥੇਦਾਰਾਂ ਅਤੇ ਪੁਜਾਰੀ ਟੋਲੇ ਦਾ ਹੈ।

ਸੰਖੇਪ ਵਿੱਚ, ਇਹ ਕਿਹਾ ਜਾ ਸਕਦਾ ਹੈ ਕਿ, ਅਜੋਕੇ ਯੁਗ ਵਿੱਚ ਗੁਰੂ ਦੇ ਭਾਣੇ ਵਿੱਚ ਵਿਚਰਨ ਵਾਲੇ ਬਿਬੇਕੀ ਤੇ ਸੂਝਵਾਨ ਗੁਰਸਿੱਖਾਂ ਦੀ ਜਗ੍ਹਾ, ਮਨਮੱਤੀਆਂ ਦੁਆਰਾ ਨਿਰਧਾਰਤ ਕੀਤੇ, ਸਿੱਖੀ ਸਰੂਪ ਵਾਲੇ ਬਿਬੇਕਹੀਣੇ, ਬੇਗ਼ੈਰਤ, ਮੂੜ੍ਹਮੱਤੀਏ, ਝੂਠੇ ਤੇ ਸੁਆਰਥੀ ਸਿੱਖਾਂ ਨੇ ਲੈ ਲਈ ਹੈ। ਅਜੋਕੇ ਸਿੰਘ ਲਿੰਬੇ-ਪੋਚੇ ਬਣਾਵਟੀ ਰੂਪ ਵਾਲੇ ਨਕਲੀ ਸਿੰਘ ਹਨ; ਅਤੇ, ਦੇਸ-ਵਿਦੇਸ ਦੀ ਧਰਤੀ ਉੱਤੇ ਨਕਲੀ ਖੁੰਬਾਂ ਦੀ ਨਦੀਨ ਵਾਂਙ ਉੱਗੇ ਖ਼ਾਲਸਿਆਂ ਦਾ ਗੁਰਬਾਣੀ ਵਿੱਚ ਦਰਸਾਏ ਗਏ ਪਵਿੱਤਰਤਾ ਦੇ ਪੁੰਜ ਖ਼ਾਲਸੇ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ!

ਇਹ ਅਤਿਅੰਤ ਦੁੱਖ ਅਤੇ ਸ਼ਰਮ ਦੀ ਗੱਲ ਹੈ ਕਿ ਪੰਥਕ ਵਿੱਦਵਾਨ ਵੀ ਇਨਸਾਨੀਅਤ ਤੋਂ ਗਿਰੇ ਹੋਏ ਨੀਚ ਤੇ ਚਾਪਲੂਸ ਕਿਰਦਾਰ ਦੇ ਮਾਲਿਕ ਹਨ। ਉਹ ਆਪਣੀ ਨਿਗੁਣੀ ਹਉਮੈਂ ਅਤੇ ਸੁਆਰਥ ਦੀ ਖ਼ਾਤਿਰ ਹਮੇਸ਼ਾ ਤੋਂ ਹੀ ਸੱਚ ਦੇ ਦੁਸ਼ਮਨ ਤੇ ਗੁਰਮਤਿ ਦੇ ਦੋਖੀ ਰਹੇ ਹਨ! ਉਨ੍ਹਾਂ ਦੀਆਂ ਗੁਰਮਤਿ-ਵਿਰੋਧੀ ਲਿਖਤਾਂ ਨੇ ਸੱਚੀ ਸਿੱਖੀ ਦੇ ਵਿਹੜੇ ਵਿੱਚ ਜੋ ਗੰਦ ਖਿਲਾਰਿਆ ਹੈ, ਉਸ ਨੂੰ ਸਾਫ਼ ਕਰਨਾ ਹੁਣ ਅਸੰਭਵ ਹੋ ਗਿਆ ਲੱਗਦਾ ਹੈ!

ਖ਼ਾਲਸਿਤਾਨ ਦੇ ਮੁੱਦੇ ਉੱਤੇ ਵਿਚਾਰ ਕਰਨ ਤੋਂ ਪਹਿਲਾਂ, ਸਾਨੂੰ ਪੰਜਾਬੀ ਸੂਬੇ ਦੀ ਮੰਗ ਅਤੇ ਪ੍ਰਾਪਤੀ ਉੱਤੇ ਸੰਖੇਪ ਜਿਹੀ ਵਿਚਾਰ ਕਰ ਲੈਣੀ ਕੁਥਾਂ ਨਹੀਂ ਹੋਵੇਗੀ। ਦੂਰਦਰਸ਼ਤਾ ਤੋਂ ਸੱਖਣੇ ਅਕਲ ਦੇ ਸੂਰਦਾਸ ਸਮੇਂ ਦੇ ਸੁਪਨਸਾਜ਼ ‘ਸਿੱਖ’ ਲੀਡਰਾਂ ਵੱਲੋਂ ਪੰਜਾਬੀ ਸੂਬੇ ਦੀ ਸੁਪਨਸਾਜ਼ੀ ਕਾਰਣ ਪੰਜਾਬ ਦੀ ਜੋ ਤਬਾਹੀ ਹੋਈ ਅਤੇ ਪੰਜਾਬੀਆਂ ਨੇ ਜੋ ਦੁੱਖ-ਸੰਤਾਪ ਝੇਲੇ ਅਤੇ ਅਜੇ ਤੀਕ ਝੇਲ ਰਹੇ ਹਨ, ਉਨ੍ਹਾਂ ਬਾਰੇ ਸੋਚ ਕੇ ਦਿਲ ਦਹਿਲ ਜਾਂਦਾ ਹੈ। ਪੰਜਾਬੀ ਸੂਬੇ ਦੀ ਪ੍ਰਾਪਤੀ ਵਾਸਤੇ ਕੀਤੇ ਗਏ ਸੰਘਰਸ਼ਾਂ ਅਤੇ ਅੰਦੋਲਨਾਂ ਵਿੱਚ ਸਾਡੇ ਵਰਗੇ ਭਟਕਾਏ ਹੋਏ ਪਿਛਲੱਗ ਬੂਝੜ ਸਿੱਖਾਂ ਨੇ ਪੁਲਿਸ ਤੋਂ ਚੰਗੀ ਝੰਬ ਲੁਹਾਈ ਅਤੇ ਆਪਣੀਆਂ ਹੱਡੀਆਂ ਵੀ ਤੁੜਵਾਈਆਂ ਜਿਨ੍ਹਾਂ ਵਿਚੋਂ ਅਜੇ ਵੀ ਚੀਸਾਂ ਉੱਠਦੀਆਂ ਰਹਿੰਦੀਆਂ ਹਨ। ਆਖ਼ਿਰ, ਸਨ 1966 ਵਿੱਚ ਸਮੇਂ ਦੀ ਕੇਂਦਰੀ ਸਰਕਾਰ ਨੇ ‘ਸਿੱਖਾਂ’ ਦੀ ਝੋਲੀ ਵਿੱਚ ਪੰਜਾਬੀ ਸੂਬੇ ਦੀ ਭੀਖ ਪਾ ਹੀ ਦਿੱਤੀ! ਪਰੰਤੂ, ਇਹ ਭੀਖ ਜਿਸ ਨੂੰ ਪ੍ਰਾਪਤ ਕਰਕੇ ‘ਸਿੱਖ’ ਕੱਛਾਂ ਵਜਾਉਂਦੇ ਫਿਰਦੇ ਹਨ, ਉਹ, ਦਰਅਸਲ, ਕੋੜ੍ਹਕਿਰਲੀ ਸਾਬਤ ਹੋਈ ਜਿਸ ਨੂੰ ‘ਸਿੱਖ’ ਨਿਗਲਦੇ ਹਨ ਤਾਂ ਕੋੜ੍ਹੀ ਹੁੰਦੇ ਹਨ ਅਤੇ ਜੇ ਨਹੀਂ ਨਿਗਲਦੇ ਤਾਂ ਕਲੰਕੀ ਕਹਿਲਾਉਂਦੇ ਹਨ! ਪੰਜਾਬੀ ਸੂਬੇ ਦੀ ਹੱਦ-ਬੰਦੀ ਅਤੇ ਰੂਪ-ਰੇਖਾ ਤਿਆਰ ਕਰਨ ਵਾਲੇ ਮੱਕਾਰ, ਸ਼ਾਤਰ ਤੇ ਮੁਤੱਸਿਬੀ ਸਿਆਸਤਦਾਨਾਂ ਨੇ ਜੀਉਂਦੇ-ਜਾਗਦੇ ਮਹਾਨ ਪੰਜਾਬ ਦੇ ਸੁੰਦਰ ਸੁਹਾਵਣੇ ਅਤੇ ਨਰੋਏ ਸ਼ਰੀਰ ਵਿੱਚੋਂ ਉਹ ਸਾਰੇ ਜੀਵਨਮਈ ਅੰਗ (vital organs) - ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਭਾਖੜਾ ਆਦਿਕ - ਕੱਢ ਲਏ ਜਿਨ੍ਹਾਂ ਸਦਕਾ ਪੰਜਾਬ ਜੀਉਂਦਾ ਸੀ ਅਤੇ ਉਸਨੂੰ ਬੜੇ ਫ਼ਖ਼ਰ ਨਾਲ ਹੱਸਦਾ-ਖੇਡਦਾ, ਖ਼ੁਸ਼ਹਾਲ ਅਤੇ ਰੰਗਲਾ ਪੰਜਾਬ ਕਿਹਾ ਜਾਂਦਾ ਸੀ! ਹੁਣ ਉਹੀ ਪੰਜਾਬ ਕੋੜ੍ਹੀ, ਗੰਧਲਾ, ਪਿੰਗਲਾ ਤੇ ਅਪੰਗ ਪੰਜਾਬ ਬਣਾ ਦਿੱਤਾ ਗਿਆ ਹੈ ਜਿਸ ਨੂੰ ਪੰਜਾਬ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ! ! ! ! ਪੰਜਾਬ ਤੋਂ ਮੱਕਾਰੀ ਨਾਲ ਖੋਹੇ ਗਏ ਜਾਇਜ਼ ਹੱਕਾਂ ਨੂੰ ਵਾਪਸ ਲੈਣ ਵਾਸਤੇ 60-65 ਸਾਲ ਦੀ ਨਿਸ਼ਫਲ ਜੱਦੋ ਜਹਿਦ ਤੋਂ ਬਾਅਦ ਪੰਜਾਬੀਆਂ ਤੇ ਖ਼ਾਸ ਕਰਕੇ ‘ਸਿੱਖਾਂ’ ਨੂੰ ਦੋਵੇਂ - ਕਲੰਕੀ ਅਤੇ ਕੋੜ੍ਹੀ - ਬਣ ਕੇ ਰਹਿਣ ਦੀ ਆਦਤ ਪੈ ਚੁੱਕੀ ਹੈ! ! !

ਅਸੀਂ ਪੰਜਾਬੀ ਸੂਬੇ ਦੀ ਮੰਗ ਨੂੰ ਗ਼ਲਤ ਨਹੀਂ ਕਹਿ ਰਹੇ; ਗ਼ਲਤ ਤਾਂ ਉਹ ਸਿਰਸੜੇ ਸੁਆਰਥੀ ‘ਸਿੱਖ’ ਲੀਡਰ ਸਨ ਜੋ ਝੂਠੀ ਪ੍ਰਸਿੱਧੀ ਅਤੇ ਗੱਦੀਆਂ ਦੀ ਖ਼ਾਤਿਰ ਪੰਜਾਬੀ ਸੂਬੇ ਦੀ ਮੰਗ ਦੀ ਲਹਿਰ ਦੇ ਮੋਹਰੀ ਬਣ ਬੈਠੇ! ਆਮ ਸੂਝ ਅਨੁਸਾਰ, ਇਹ ਮੰਗ ‘ਸਿੱਖਾਂ’ ਵੱਲੋਂ ਨਹੀਂ ਸਗੋਂ ਸਾਰੇ ਪੰਜਾਬੀਆਂ ਵੱਲੋਂ ਹੋਣੀ ਚਾਹੀਦੀ ਸੀ। ਦੂਜਾ, ਇਹ ਮੰਗ ਰੱਖਣ ਤੋਂ ਪਹਿਲਾਂ ਸੰਭਾਵੀ ਪੰਜਾਬੀ ਸੂਬੇ ਦਾ ਕੋਈ ਹੱਦ-ਬੰਨਾਂ ਜਾਂ ਨਕਸ਼ਾ ਉਲੀਕਣਾ ਵੀ ਜ਼ਰੂਰੀ ਸੀ। ਅਤੇ ਤੀਜਾ, ਵੋਟਾਂ ਦੀ ਖ਼ਾਤਿਰ ਇਸ ਸਿਆਸੀ ਮੰਗ ਨੂੰ ਧਾਰਮਿਕ ਰੰਗਤ ਦੇ ਕੇ ਗੁਰੂਦਵਾਰਿਆਂ ਦੀਆਂ ਸਟੇਜਾਂ ਉੱਤੇ ਉਛਾਲਣਾ ਵੀ ਬਹੁਤ ਵੱਡੀ ਗ਼ਲਤੀ ਤੇ ਪਾਪ ਕਰਮ ਸੀ! … …

(ਨੋਟ:- ਪੰਜਾਬੀ ਸੂਬੇ ਦੇ ਮੁੱਦੇ `ਤੇ ਹੋਰ ਜਾਣਕਾਰੀ ਵਾਸਤੇ ਮੇਰੀ ਪੁਸਤਕ “ਕੌੜਾ ਸੱਚ” ਪੜ੍ਹੀ ਜਾ ਸਕਦੀ ਹੈ। ਇਹ ਪੁਸਤਕ ਪਹਿਲਾਂ “ਸਿੱਖ ਮਾਰਗ” ਉੱਤੇ ਲੜੀਵਾਰ ਪ੍ਰਕਾਸ਼ਤ ਹੋਈ ਸੀ।)

ਪੰਜਾਬੀ ਸੂਬੇ ਦੀ ਮੰਗ ਦੇ ਬੁਰੀ ਤਰ੍ਹਾਂ ਠੁੱਸ ਹੋ ਜਾਣ ਤੋਂ ਬਾਅਦ ਕਈ ਸੁਆਰਥੀ ਸੁਪਨਸਾਜ਼ਾਂ ਨੇ ਸਿੱਧੜ ਅਤੇ ਅਬੋਧ ਸਿੱਖਾਂ ਨੂੰ ਭੁਚਲਾ ਕੇ ਖ਼ਾਲਿਸਤਾਨ ਦੇ ਭ੍ਰਮ-ਜਾਲ ਵਿੱਚ ਉਲਝਾ ਰੱਖਿਆ ਹੈ; ਅਤੇ ਖ਼ਿਆਲੀ ਖ਼ਾਲਿਸਤਾਨ ਵਾਸਤੇ ਭੁਚਲਾਏ ਹੋਏ ਸਿੱਖਾਂ ਨੂੰ ਆਏ ਦਿਨ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ! !

ਖ਼ਾਲਸਿਤਾਨ ਦਾ ਅਰਥ ਹੈ: ਖ਼ਾਲਸਿਆਂ ਦੀ ਧਰਤੀ ਜਾਂ ਦੇਸ! ਖ਼ਾਲਸਿਆਂ ਦਾ ਸਵਰਾਜ ਜਾਂ ਸੁਤੰਤਰ ਦੇਸ। ਖ਼ਾਲਿਸਤਾਨ ਦੇ ਮੁੱਦੇ `ਤੇ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਇਸ ਵਿਸ਼ੇ ਨਾਲ ਸੰਬੰਧਿਤ ਕੁੱਝ ਇੱਕ ਅਹਿਮ ਨੁਕਤਿਆਂ ਉੱਤੇ ਸੰਖੇਪ ਜਿਹੀ ਚਰਚਾ ਕਰ ਲੈਣੀ ਚਾਹੀਦੀ ਹੈ!

1.ਖ਼ਾਲਸਾ ਇੱਕ ਸਿੱਧਾਂਤਕ ਸ਼ਬਦ ਹੈ; ਇਸ ਪਵਿੱਤਰ ਸ਼ਬਦ ਨੂੰ ਸਿਆਸੀ ਲਾਭ ਵਾਸਤੇ ਵਰਤਣਾ ਮਨਮਤਿ ਹੈ! ਜ਼ਾਹਿਰ ਹੈ ਕਿ ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਸੱਚੇ ਖ਼ਾਲਸੇ ਨਹੀਂ ਹੋ ਸਕਦੇ! । 2. ਇਸ ਤੱਥ ਵਿੱਚ ਕੋਈ ਸੰਦੇਹ ਨਹੀਂ ਕਿ ਖ਼ਾਲਿਸਤਾਨ ਇੱਕ ਧਰਮਤੰਤਰੀ ਰਾਜ ਹੋਵੇਗਾ! ਧਰਮਤੰਤਰੀ ਰਾਜ ਮਨੁੱਖਤਾ ਵਾਸਤੇ ਘਾਤਿਕ ਹੁੰਦਾ ਹੈ! 3. ਪੰਜਾਬ ਵਿੱਚ ਕਿਤਨੇ ਕੁ ਖ਼ਾਲਸੇ ਹਨ? 4. ਦੇਸ-ਬਿਦੇਸ ਵਿੱਚ ਸੈਂਕੜੇ ਖ਼ਾਲਸਾ ਜਥੇਬੰਦੀਆਂ ਹਨ ਜੋ ਇਕ-ਦੂਜੇ ਨੂੰ ਬਰਦਾਸ਼ਤ ਨਹੀਂ ਕਰਦੀਆਂ। ਖ਼ਾਲਸਾ ਰਾਜ ਦੀ ਗੱਦੀ ਦੀ ਖ਼ਾਤਿਰ ਖ਼ਾਲਸਾ ਜਥੇਬੰਦੀਆਂ ਦੀ ਆਪਸ ਵਿੱਚ ਖ਼ਾਨਾਜੰਗੀ ਜ਼ਰੂਰ ਹੋਵੇਗੀ ਜਿਸ ਵਿੱਚ ਵੱਖ ਵੱਖ ਧੜਿਆਂ ਦੇ ਖ਼ਾਲਸੇ ਆਪਸ ਵਿੱਚ ਹੀ ਲੜ-ਲੜ ਮਰਨ ਗੇ! 5. ਪੰਜਾਬ ਦੇ ਬਹੁਗਿਣਤੀ ਸਿੱਖ ਇਸ ਮੰਗ ਦੇ ਖ਼ਿਲਾਫ਼ ਹਨ। ਸਾਰੇ ‘ਸਿੱਖ’ ਸਿਆਸੀ ਨੇਤਾ (ਅਕਾਲੀ ਤੇ ਕਾਂਗਰਸੀ ਵਗੈਰਾ) ਵੀ ਖ਼ਾਲਿਸਤਾਨ ਦੀ ਮੰਗ ਦੇ ਵਿਰੁੱਧ ਹਨ। ਹੋਰ ਤਾਂ ਹੋਰ, ਸ਼੍ਰਿੋਮਣੀ ਕਮੇਟੀਆਂ ਦੇ ਪ੍ਰਧਾਨ ਅਤੇ ਹੋਰ ਉਹਦੇਦਾਰ ਅਤੇ ਆਮ ਕਰਮਚਾਰੀ (ਕਥਿਤ ਸੇਵਾਦਰ), ਤਖ਼ਤਾਂ ਦੇ ਜਥੇਦਾਰ ਅਤੇ ਪੁਜਾਰੀ ਟੋਲਾ ਆਦਿਕ ਅਤੇ ਡੇਰੇਦਾਰ ਵਗੈਰਾ ਸੱਭ ਖ਼ਾਲਿਸਤਾਨ ਦੀ ਮੰਗ ਦੇ ਹੱਕ ਵਿੱਚ ਨਹੀਂ ਹਨ! ! 6. ਖ਼ਾਲਿਸਤਾ ਲੈਣਾ ਕਿੱਥੇ ਹੈ? ? ? ਭਾਰਤ ਦੇ ਕਿਹੜੇ ਖੂੰਜੇ ਵਿੱਚ? ਪਿੰਗਲੇ ਪੰਜਾਬ ਵਿੱਚ? ਜਾਂ ਇੰਗਲੈਂਡ, ਅਮਰੀਕਾ, ਕੈਨੇਡਾ ਜਾਂ ਕਿਸੇ ਹੋਰ ਦੇਸ ਵਿੱਚ? ਖ਼ਿਆਲੀ ਖ਼ਾਲਿਸਤਾਨ ਦਾ ਹੱਦ-ਬੰਨਾਂ ਜਾਂ ਨਕਸ਼ਾ ਕੀ ਹੋਵੇਗਾ … …? ਅਸੀਂ ਖ਼ਾਲਿਸਤਾਨੀਆਂ ਅਤੇ ਉਨ੍ਹਾਂ ਦੇ ਕਈ ਸਮਰਥਕਾਂ ਤੋਂ ਉਕਤ ਸਵਾਲਾਂ ਦਾ ਜਵਾਬ ਮੰਗਿਆ ਤਾਂ ਉਹ ਸਾਰੇ ਕੋਈ ਜਵਾਬ ਦੇਣ ਦੀ ਬਜਾਏ ਸਾਨੂੰ ਕੈਰੀ ਅੱਖ ਨਾਲ ਦੇਖਦੇ ਹੋਏ ਚਲਦੇ ਬਣੇ!

ਖ਼ਾਲਿਸਤਾਨ ਦੀ ਮੰਗ ਨੂੰ ਲੈ ਕੇ ਆਪ ਭੜਕਣ ਅਤੇ ‘ਸਿੱਖ’ ਜਨਤਾ ਨੂੰ ਭੜਕਾਉਣ ਵਾਲੇ ਦੇਸ-ਬਿਦੇਸ ਵਿੱਚ ਕਈ ਸਿਰਫਿਰੇ ਦੰਗਈ, ਹੁੱਲੜਬਾਜ਼, ਆਤੰਕੀ ਅਤੇ ਗੁੰਡਾ ਬਿਰਤੀ ਵਾਲੇ ਖ਼ਾਲਸੇ ਹੋਏ ਹਨ ਜਿਨ੍ਹਾਂ ਦੀ ਅਗਿਆਨਤਾ, ਮੂਰਖਤਾ ਅਤੇ ਕਾਲੀਆਂ ਕਰਤੂਤਾਂ ਕਰਕੇ ‘ਸਿੱਖ ਕੌਮ’ ਦੇਸ-ਬਿਦੇਸ ਵਿੱਚ ਨਿਤ ਦਿਨ ਬਦਨਾਮ ਹੋ ਰਹੀ ਹੈ! ਉਨ੍ਹਾਂ ਵਿੱਚੋਂ ਸੁਰਖ਼ੀਆਂ ਵਿੱਚ ਰਹੇ ਜਾਂ ਰਹਿਣ ਵਾਲੇ ਕੁੱਝ ਇੱਕ ਨਾਮੀ ਚਿਹਰਿਆਂ ਦਾ ਜ਼ਿਕਰ ਕਰਦੇ ਹਾਂ:

ਜਗਜੀਤ ਸਿੰਘ ਚੌਹਾਨ ਖ਼ਿਆਲੀ ਖ਼ਾਲਿਸਤਾਨ ਦਾ ਪਹਿਲਾ ਪ੍ਰਤਿਨਿਧੀ ਸੀ। ਉਹ ਕਾਲਪਨਿਕ ਖ਼ਾਲਿਸਤਾਨ ਦਾ ਸਵੈਘੋਸ਼ਿਤ ਆਪੂੰ ਬਣਿਆ ਪਾਖੰਡੀ ਲੀਡਰ ਸੀ। ਉਹ ਗਿਰਗਟ ਤੋਂ ਵੀ ਵਧੇਰੇ ਰੰਗ ਬਦਲਣ ਵਾਲਾ ਮੌਕਾਪਰਸਤ ਬੇਗ਼ੈਰਤ ਵਿਕਾਊ ਬੰਦਾ ਸੀ! ਉਸ ਨੇ ਆਪਣੇ ਗੱਦੀ, ਚੌਧਰ ਅਤੇ ਮਾਇਆ ਦੇ ਸੁਆਰਥ ਵਾਸਤੇ ਕਈ ਸਿਅਸੀ ਪਾਰਟੀਆਂ ਬਦਲੀਆਂ ਸਨ। ਗੱਦੀ ਦੀ ਤ੍ਰਿਸ਼ਨਾ ਪੂਰੀ ਕਰਨ ਵਾਸਤੇ ਉਹ ਕਿਸੇ ਵੀ ਗਹਿਰਾਈ ਤਕ ਗਿਰ ਸਕਦਾ ਸੀ। ਉਹ ਆਪਣੇ ਸਵਾਰਥ ਦੀ ਖ਼ਾਤਿਰ ਕਈ ਵਰ੍ਹੇ ਵਿਦੇਸਾਂ ਵਿੱਚ ਵੀ ਭਟਕਿਆ ਅਤੇ ਭਾਰਤ-ਵਿਰੋਧੀ ਵਿਦੇਸੀ ਏਜੰਸੀਆਂ ਕੋਲ ਨਿਰਲੱਜ ਹੋ ਕੇ ਵਿਕਿਆ! ਇੱਥੋਂ ਤਕ ਕਿ, ਉਸ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ: ਐਸ: ਆਈ: ਨਾਲ ਵੀ ਨਾਤਾ ਜੋੜ ਰੱਖਿਆ ਸੀ। ਉਹ ਪਾਕਿਸਤਾਨ ਦੇ ਡਿਕਟੇਟਰ ਯਹੀਯਾ ਖ਼ਾਨ ਦਾ ਵੀ ਨਜ਼ਦੀਕੀ ਰਿਹਾ ਕਿਹਾ ਜਾਂਦਾ ਹੈ! ਜਗਜੀਤ ਸਿੰਘ 1971 ਵਿੱਚ ਯਹੀਯਾ ਖ਼ਾਨ ਨੂੰ ਮਿਲਿਆ ਵੀ ਸੀ। ਉਸ ਮਿਲਨੀ ਦੌਰਾਨ ਯਹੀਯਾ ਖ਼ਾਨ ਨੇ ਉਸ ਨੂੰ ਯਕੀਨ ਦਿਵਾਇਆ ਸੀ ਕਿ ਉਹ ਨਵੇਂ ਬਣੇ ਦੇਸ ਖ਼ਾਲਿਸਤਾਨ ਦਾ ਪਹਿਲਾ ਰਾਸ਼ਟਰਪਤੀ (ਡਿਕਟੇਟਰ) ਉਸੇ (ਜਗਜੀਤ ਸਿੰਘ) ਨੂੰ ਹੀ ਬਣਾਵੇਗਾ! ਜਗਜੀਤ ਸਿੰਘ ਚੌਹਾਨ ਖ਼ਿਆਲੀ ਪੁਲਾਉ ਪਕਾਉਣ ਵਿੱਚ ਮਾਹਿਰ ਸੀ। ਉਸ ਨੇ ਪਹਿਲਾਂ ਨੈਸ਼ਨਲ ਕੌਂਸਿਲ ਆਫ਼ ਖ਼ਾਲਿਸਤਾਨ ਬਣਾਈ ਅਤੇ ਫਿਰ ਕੁੱਝ ਸਮਾਂ ਬਾਅਦ ਰੀਪਬਲਿਕ ਆਫ਼ ਖ਼ਾਲਿਸਤਾਨ ਸਥਾਪਿਤ ਕੀਤੀ ਅਤੇ ਆਪਣੇ ਆਪ ਨੂੰ ਇਸ ਕਾਲਪਨਿਕ ਰੀਪਬਲਿਕ ਦਾ ਪ੍ਰਧਾਨ ਵੀ ਘੋਸ਼ਿਤ ਕਰ ਦਿੱਤਾ! ਇੱਥੇ ਹੀ ਬਸ ਨਹੀਂ, ਉਸ ਨੇ ਆਪਣੇ ਸਹਿਯੋਗੀਆਂ ਨਾਲ ਰਲ ਕੇ, ਖ਼ਾਲਿਸਤਾਨ ਦਾ ਪਾਸਪੋਰਟ, ਖ਼ਾਲਿਸਤਾਨ ਦੀ ਡਾਕ ਟਿਕਟ ਅਤੇ ਖ਼ਾਲਿਸਤਾਨੀ ਡਾਲਰ (ਖ਼ਾਲਿਸਤਾਨੀ ਮੁਦਰਾ) ਵੀ ਤਿਆਰ ਕਰ ਲਏ ਸਨ! ! ! ਗੱਦੀ ਦੇ ਲਾਲਚ ਵਿੱਚ ਅੰਨ੍ਹਾ ਹੋਇਆ ਉਹ ਪੱਕਾ ਦੇਸ਼-ਦ੍ਰੋਹੀ ਬਣ ਗਿਆ। ਪਰੰਤੂ, ਜਗਜੀਤ ਸਿੰਘ ਦੀ ਬਦਕਿਸਮਤੀ ਨੂੰ, ਉਸ ਦੇ ਹੱਥ-ਪੱਲੇ ਕੁੱਝ ਨਾ ਪਿਆ! ਅਤੇ, ਉਹ ਪੰਜਬ ਵਿੱਚ ਖ਼ਾਲਿਸਤਾਨ ਦੀ ਚੁਆਤੀ ਲਾ ਕੇ ਇਸ ਸੰਸਾਰ ਤੋਂ ਖ਼ਾਲੀ ਹੱਥ ਚਲਦਾ ਬਣਿਆਂ। ਉਸ ਦੀ ਲਾਈ ਹੋਈ ਖ਼ਾਲਿਸਤਾਨ ਦੀ ਉਹ ਚੁਆਤੀ ਭਵਿੱਖ ਵਿੱਚ ਭਾਂਬੜ ਬਣੀ! ਉਸ ਭਿਆਨਕ ਭਾਂਬੜ ਵਿੱਚ ਪੰਜਾਬ ਮੁੜ-ਮੁੜ ਝੁਲਸ ਰਿਹਾ ਹੈ!

ਜਰਨੈਲ ਸਿੰਘ ਭਿੰਡਰਾਂਵਾਲਾ ਵਿੱਦਿਅਕ ਯੋਗਤਾ ਪੱਖੋਂ ਬਿਲਕੁਲ ਕੋਰਾ ਸੀ! ਗੁਰਮਤਿ ਗਿਆਨ ਅਤੇ ਆਤਮਿਕ ਗਿਆਨ ਦਾ ਉਹ ਕੱਟੜ ਦੁਸ਼ਮਨ ਸੀ। ਅਖੌਤੀ ਦਸਮ ਗ੍ਰੰਥ ਦਾ ਉਹ ਕੱਟੜ ਉਪਾਸ਼ਕ ਅਤੇ ਸਮਰਥਕ ਸੀ! ਉਹ ਆਪਣੇ ਨਾਮ ਨਾਲ ਸੰਤ ਅਤੇ ਖ਼ਾਲਸਾ ਲਕਬ ਲਾਉਂਦਾ ਸੀ; ਪਰੰਤੂ ਉਸ ਦੇ ਕਿਰਦਾਰ ਵਿੱਚ ਨਾਂ ਤਾਂ ਸੰਤ ਵਾਲਾ ਕੋਈ ਗੁਣ ਸੀ ਅਤੇ ਨਾ ਹੀ ਖ਼ਾਲਸਾ ਵਾਲਾ ਕੋਈ ਲੱਛਣ ਹੀ ਸੀ। ਉਸ ਦੀਆਂ ਸਪੀਚਾਂ ਵਿੱਚ ਗੁਰਬਾਣੀ ਦਾ ਕੋਈ ਤੱਤ ਨਹੀਂ ਸੀ ਹੁੰਦਾ। ਉਸ ਦੇ ਧਾਰਮਿਕ ਲੈਕਚਰਾਂ ਵਿੱਚ ਸਿਰਫ਼ ਦਹਿਸ਼ਤ, ਹਿੰਸਾ ਅਤੇ ਆਤੰਕ ਵਗੈਰਾ ਦਾ ਜ਼ਿਕਰ ਹੀ ਸੁਣਨ ਵਿੱਚ ਆਉਂਦਾ ਸੀ। ਦੇਸ਼ ਅਤੇ ਕੌਮ-ਵਿਰੋਧੀ ਤਾਕਤਾਂ ਦੇ ਹੱਥਿ ਵਿਕਣ ਦਾ ਉਸ ਨੂੰ ਵੱਲ ਆਉਂਦਾ ਸੀ। ਉਹ ਪਹਿਲਾਂ ਕਾਂਗਰਸ (ਇੰਦਰਾ ਗਾਂਧੀ, ਸੰਜੇ ਗਾਂਧੀ ਅਤੇ ਜ਼ੈਲ ਸਿੰਘ ਵਗ਼ੈਰਾ) ਅਤੇ ਫ਼ਿਰ ਪਾਕਿਸਤਾਨੀ ਏਜੰਸੀਆਂ ਦੇ ਹੱਥੇ ਚੜ੍ਹਿਆ ਰਿਹਾ। ਸਮੇਂ ਦੀਆਂ ਖ਼ਬਰਾਂ ਅਨੁਸਾਰ, 1970ਵਿਆਂ ਵਿੱਚ ਉਹ ਜਗਜੀਤ ਸਿੰਘ ਚੌਹਾਨ ਦੇ ਸੰਪਰਕ ਵਿੱਚ ਵੀ ਰਿਹਾ ਸੀ। ਜੂਨ 1984 ਵਿੱਚ ਅਮਮ੍ਰਿਤਸਰ ਦੇ ਪਵਿੱਤਰ ਗੁਰੂਦਵਾਰੇ ਵਿੱਚ ਜੋ ਖ਼ੂਨੀ ਸਾਕਾ ਵਾਪਅਿਾ ਉਸ ਦਾ ਉਤਨਾ ਹੀ ਜ਼ਿੰਮੇਦਾਰ ਭਿੰਡਰਾਂਵਾਲਾ ਸੀ ਜਿਤਨੀ ਸਮੇਂ ਦੀ ਕਾਂਗਰਸੀ ਸਰਕਾਰ। (ਨੋਟ:- ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਸ ਦੇ ਦਹਿਸ਼ਤਗਰਦ ਆਤੰਕਵਾਦੀ ਸਾਥੀਆਂ ਦੇ ਕਾਲੇ ਕਾਰਨਾਮਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਵਾਸਤੇ ਮੇਰੀ ਪੁਸਤਕ “ਕੌੜਾ ਸੱਚ” ਪੜ੍ਹੀ ਜਾ ਸਕਦੀ ਹੈ”।)

ਅੰਮ੍ਰਿਤਪਾਲ ਸਿੰਘ ਵਿੱਦਿਅਕ ਖੇਤ੍ਰ ਵਿੱਚੋਂ ਭਗੌੜਾ ਹੈ। ਉਹ ਝੂਠ, ਕੁਫ਼ਰ ਤੇ ਪਾਖੰਡ ਦੀ ਪਟਾਰੀ ਹੈ। ਦੀਪ ਸਿੱਧੂ ਤੋਂ ਬਾਅਦ, ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਜ਼ਦੀਕੀਆਂ ਦੀ ਮਦਦ ਨਾਲ ਉਹ “ਵਾਰਿਸ ਪੰਜਾਬ ਦੇ” ਜਥੇਬੰਦੀ ਦਾ ਧੱਕੇ ਨਾਲ ਬਣਿਆ ਲੀਡਰ ਹੈ। ਆਪਣੇ ਆਪ ਨੂੰ ਉਹ ਗੁਰਸਿੱਖੀ ਦਾ ਪ੍ਰਚਾਰਕ ਦੱਸਦਾ ਹੈ। ਉਸ ਦੀ ਅਕਲ ਅਨੁਸਾਰ, ਜਣੇ-ਖਣੇ ਨੂੰ ਅੰਮ੍ਰਿਤ ਛਕਾਉਣਾ, ਗੁੰਡਗਰਦੀ ਦਾ ਰਾਹ ਫੜ ਕੇ ਗੁਰੂਦਵਾਰਿਆਂ ਵਿੱਚ ਭੰਨ-ਤੋੜ ਕਰਨੀ, ਬੈਂਚਾਂ ਕੁਰਸੀਆਂ ਤੇ ਫ਼ਰਨੀਚਰ ਨੂੰ ਅੱਗ ਲਾਉਣਾ ਅਤੇ ਕਾਨੂੰਨ ਤੋਂ ਬਚਣ ਵਾਸਤੇ ਪਵਿਤ੍ਰ ਗੁਰਬਾਣੀ ਗ੍ਰੰਥ ਨੂੰ ਢਾਲ ਬਣਾਉਣਾ ਗੁਰਸਿੱਖੀ ਦਾ ਪ੍ਰਚਾਰ ਹੈ! !

ਗੁਰਬਾਣੀ ਵਿੱਚ ਆਏ ਖ਼ਾਲਸਾ ਪਦ ਤੋਂ ਭਾਵ ਹੈ: ਰੱਬ ਦਾ ਸੱਚਾ ਪ੍ਰੇਮ-ਭਗਤ, ਪਵਿੱਤਰ ਹਿਰਦੇ/ਅੰਤਹਕਰਣ ਵਾਲਾ ਨੇਕ ਤੇ ਨਿਹਕੇਵਲ ਮਨੁੱਖ। ਪਰੰਤੂ ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਅਜੋਕੇ ਖ਼ਾਲਸਿਆਂ ਦੇ ਲੱਛਣ ਹਨ: ਰੱਬ ਵੱਲੋਂ ਬੇਮੁਖ ਹੋ ਕੇ ਇਨਸਾਨੀਯਤ ਤੋਂ ਗਿਰੇ ਹੋਏ ਕਾਲੇ ਕਾਰਨਾਮਿਆਂ ਨੂੰ ਅੰਜਾਮ ਦੇਣਾ! ਆਤੰਕ, ਹਿੰਸਾ, ਦਹਿਸ਼ਤ, ਗੁੰਡਾਗਰਦੀ, ਨਿਰਦੋਸ਼ਾਂ ਦਾ ਕਤਲ, ਉਧਾਲੇ, ਡਕੈਤੀਆਂ, ਫਿਰੌਤੀਆਂ, ਲੁੱਟਾਂ-ਖੋਹਾਂ, ਗੁਰੂਦਵਾਰਿਆਂ ਵਿੱਚ ਨਾਜਾਇਜ਼ ਹਥਿਆਰਾਂ ਦਾ ਜ਼ਖ਼ੀਰਾ ਇਕੱਠਾ ਕਰਕੇ ਗੁਰੂਦਵਾਰਿਆਂ ਨੂੰ ਪਨਾਹ-ਗਾਹ ਬਣਾ ਕੇ ਖ਼ੂਨੀ ਸਾਕਿਆਂ ਦੇ ਅਖਾੜੇ ਬਣਾਉਣਾ ਅਤੇ ਪਵਿੱਤਰ ਸਥਾਨਾਂ ਦੀ ਨਿਸੰਗ ਹੋ ਕੇ ਬੇ-ਹੁਰਮਤੀ ਕਰਨਾ ਆਦਿਕ……। ਬਿਬੇਕ ਬੁਧਿ ਦੀ ਘਾਟ ਕਾਰਣ ਇਨ੍ਹਾਂ ਦੇ ਮੂੜ੍ਹ ਤੇ ਖੜੂਸ ਸੁਭਾਅ ਵਿੱਚ ਵਿਚਾਰ ਗੋਸ਼ਟੀ ਕਰਨ ਦੀ ਉੱਕਾ ਹੀ ਹਿੰਮਤ ਨਹੀਂ ਹੈ! ਇਹ ਤਾਂ ਸਿਰਫ਼ “ਸੋਧਾ ਲਾਉਣਾ” ਹੀ ਜਾਣਦੇ ਹਨ! ਇਨ੍ਹਾਂ ਦੇ ਕਾਲੇ ਕਾਰਨਾਮਿਆਂ ਕਰਕੇ “ਸਿੱਖ ਕੌਮ ਸਾਰੇ ਸੰਸਾਰ ਵਿੱਚ ਬਦਨਾਮ ਹੋ ਰਹੀ ਹੈ! ! !

ਅੰਤ ਵਿੱਚ ਇਸ ਸੱਚ ਦਾ ਖ਼ੁਲਾਸਾ ਕਰ ਦੇਣਾ ਵੀ ਜ਼ਰੂਰੀ ਹੈ ਕਿ, ਵਿਦੇਸਾਂ ਵਿੱਚ ਵੱਸੇ ਮਾਇਆਧਾਰੀ ‘ਸਿੱਖ’ ਖ਼ਾਲਸਿਤਾਨੀਆਂ ਨੂੰ ਖ਼ਿਆਲੀ ਖ਼ਾਲਿਸਤਾਨ ਦੀ ਪ੍ਰਾਪਤੀ ਵਾਸਤੇ ਅੰਨ੍ਹੀ ਮਾਇਆ ਦਾਨ ਕਰਕੇ ਬਲਦੀ `ਤੇ ਤੇਲ ਪਾ ਕੇ ਖ਼ਾਲਿਸਤਨ ਦੀ ਚੰਗਿਆੜੀ ਨੂੰ ਭਾਂਬੜ ਬਣਾ ਰਹੇ ਹਨ। ਇਨ੍ਹਾਂ ਭਾਂਬੜਾਂ ਵਿੱਚ ਪੰਜਬ, ਪੰਜਾਬੀ ਭਾਈਚਾਰਾ ਅਤੇ ਪੰਜਾਬ ਦੀ ਜਵਾਨੀ ਹਰ ਦਿਨ ਸੜ ਰਹੀ ਹੈ! ! !

ਗੁਰਇੰਦਰ ਸਿੰਘ ਪਾਲ

ਸਤੰਬਰ 10, 2023.




.