.

ਕੀ ਕਨੇਡਾ ਦੇ ਸਿੱਖ ਖਾਲਿਸਤਾਨ ਚਾਹੁੰਦੇ ਹਨ?

ਅਗਲੇ ਮਹੀਨੇ ਸਤੰਬਰ 2023 ਨੂੰ ਕਨੇਡਾ ਦੇ ਸੂਬੇ ਬੀ. ਸੀ. ਵਿੱਚ ਵੀ ਖਾਲ਼ਿਸਤਾਨੀ ਰੈਫਰੈਂਡਮ 2020 ਦੇ ਅਧੀਨ ਵੋਟਾਂ ਪਵਾਉਣ ਜਾ ਰਹੇ ਹਨ। ਕਿਤਨੇ ਸਿੱਖ ਇਸ ਵਿੱਚ ਹਿੱਸਾ ਲੈਂਦੇ ਹਨ ਇਹ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਇਹ ਤੱਥ ਪੇਸ਼ ਕਰਨਗੇ। ਪਰ ਜੋ ਕੁੱਝ ਇਹ ਪੇਸ਼ ਕਰਦੇ ਹਨ ਅਸਲੀਅਤ ਉਸ ਦੇ ਉਲਟ ਕੁੱਝ ਹੋਰ ਹੁੰਦੀ ਹੈ। ਪਰ ਕਥਿਤ ਖਾਲਿਸਤਾਨੀਆਂ ਦੀ ਆਦਤ ਹੈ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨਾ। ਮੇਨ ਸਟਰੀਮ ਮੀਡੀਏ ਸਾਹਮਣੇ ਰੱਜ ਕੇ ਝੂਠ ਬੋਲਣ ਲੱਗੇ ਰਤਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਇਸ ਸਾਲ 2023 ਨੂੰ ਸਰੀ ਨਗਰ ਕੀਰਤਨ ਤੋਂ ਪਹਿਲਾਂ ਅਤੇ ਨਗਰ ਕੀਰਤਨ ਵੇਲੇ ਹੁੱਬ ਕੇ ਦੱਸਦੇ ਸਨ ਕਿ ਇੱਥੇ ਪੰਜ ਛੇ ਲੱਖ ਦਾ ਇਕੱਠ ਹੁੰਦਾ ਹੈ ਅਤੇ ਹੋਇਆ ਹੈ। ਇਸ ਦੇ ਨਾਲ ਇਹ ਵੀ ਗੱਪ ਮਾਰਦੇ ਹਨ ਇੰਨੇ ਲੋਕ ਖਾਲਿਸਤਾਨ ਦੇ ਹੱਕ ਵਿੱਚ ਹਨ। ਇਨ੍ਹਾਂ ਦੀ ਇਸ ਮਾਰੀ ਹੋਈ ਗੱਪ ਦੀ ਹਰ ਕੋਈ ਸਹਿਜੇ ਹੀ ਛਾਣ-ਬੀਣ ਕਰ ਸਕਦਾ ਹੈ। ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਸਕਦੇ ਹੋ ਕਿ ਕਨੇਡਾ ਵਿੱਚ ਸਿੱਖਾਂ ਦੀ ਕਿਤਨੀ ਅਬਾਦੀ ਹੈ। ਸੰਨ 2021 ਦੀ ਮਰਦਮ ਸ਼ੁਮਾਰੀ ਅਨੁਸਾਰ ਕਨੇਡਾ ਵਿੱਚ ਸਿੱਖਾਂ ਦੀ ਅਬਾਦੀ 771790 ਸੀ। ਭਾਵ ਕਿ ਅੱਠ ਲੱਖ ਤੋਂ ਥੋੜੀ ਜਿਹੀ ਘੱਟ। ਇਨ੍ਹਾਂ ਵਿਚੋਂ 300435 ਉਨਟੇਰੀਓ ਵਿਚ, 290870 ਬ੍ਰਿਟਿਸ਼ ਕੋਲੰਬੀਆ ਵਿੱਚ ਸਨ ਅਤੇ ਬਾਕੀ ਹੋਰ ਸੂਬਿਆਂ ਵਿਚ। ਮੰਨ ਲਓ ਕਿ ਦੋ ਸਾਲਾਂ ਵਿੱਚ ਹੋਰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਆ ਗਏ ਹੋਣਗੇ। ਅਮਰੀਕਾ ਵਿਚੋਂ ਵੀ ਕਾਫੀ ਗਿਣਤੀ ਵਿੱਚ ਆਏ ਹੋਣਗੇ। ਫਿਰ ਵੀ ਛੇ ਲੱਖ ਤਾਂ ਹੋ ਨਹੀਂ ਸਕਦੇ ਅਤੇ ਨਾ ਹੀ ਬੀ. ਸੀ. ਦੇ ਸਾਰੇ ਸਿੱਖ ਇਸ ਵਿੱਚ ਸ਼ਾਮਲ ਹੁੰਦੇ ਹਨ। ਬਹੁਤੇ ਕੰਮਾਂ ਕਾਰਾਂ ਤੇ ਵੀ ਹੁੰਦੇ ਹਨ। ਪਰ ਜਿਨ੍ਹਾਂ ਨੂੰ ਗੱਪਾਂ ਮਾਰਨ ਦੀ ਆਦਤ ਪਈ ਹੋਵੇ ਉਸ ਬਾਰੇ ਕੀ ਕੀਤਾ ਜਾ ਸਕਦਾ ਹੈ। ਸੰਨ 2021 ਦੀ ਜਨ ਗਣਨਾ ਅਨੁਸਾਰ ਸਰੀ ਵਿੱਚ ਸਿੱਖਾਂ ਦੀ ਅਬਾਦੀ 154415 ਸੀ। ਸਭ ਤੋਂ ਵੱਧ ਬਰੈਂਪਟਨ ਵਿੱਚ ਹੈ ਅਤੇ ਦੂਸਰੇ ਨੰਬਰ ਤੇ ਸਰੀ ਹੈ। ਇਹ ਨਗਰ ਕੀਰਤਨ ਵਿੱਚ ਲੰਗਰ ਛਕਣ ਆਇਆਂ ਨੂੰ ਵੀ ਖਾਲਿਸਤਾਨੀਆਂ ਦੀ ਗਿਣਤੀ ਵਿੱਚ ਗਿਣਦੇ ਹਨ।
ਅੱਜ ਤੋਂ 45-46 ਸਾਲ ਪਹਿਲਾਂ ਵੈਨਕੂਵਰ ਵਾਲਾ ਰੌਸ ਸਟਰੀਟ ਗੁਰਦੁਆਰਾ ਸਾਰੇ ਨੌਰਥ ਅਮਰੀਕਾ ਵਿਚੋਂ ਵੱਡਾ ਅਤੇ ਇਤਿਹਾਸਕ ਗਿਣਿਆਂ ਜਾਂਦਾ ਸੀ। ਉਥੇ ਦੀ ਮੇਨ ਸਟਰੀਟ ਵਾਲੀ ਪੰਜਾਬੀ ਮਾਰਕੀਟ ਕਾਫੀ ਮਸ਼ਹੂਰ ਹੁੰਦੀ ਸੀ। ਸਾਰੇ ਨੌਰਥ ਅਮਰੀਕਾ ਵਿਚੋਂ ਸਿੱਖ ਉਸ ਦੇ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੇ ਸਨ ਅਤੇ ਪੰਜਾਬੀ ਮਾਰਕੀਟ ਵਿੱਚ ਖਰੀਦਦਾਰੀ ਕਰਦੇ ਹੁੰਦੇ ਸਨ। ਪਰ ਹੁਣ ਉਹ ਗੱਲ ਨਹੀਂ ਹੈ। ਸਰੀ ਵਿੱਚ ਵੈਨਕੂਵਰ ਨਾਲੋਂ ਘਰ ਕਾਫੀ ਸਸਤੇ ਅਤੇ ਵੱਡੇ ਹੁੰਦੇ ਸਨ। ਲੋਕ ਧੜਾ-ਧੜ ਵੈਨਕੂਵਰ ਤੋਂ ਸਰੀ ਮੂਵ ਹੋਣ ਲੱਗ ਪਏ। ਪਰ ਇਸ ਵੇਲੇ ਸਰੀ ਦੇ ਹਾਲਾਤ ਇਹ ਹਨ ਕਿ ਅੱਜ ਹੀ 29 ਅਗਸਤ 2023 ਨੂੰ ਐੱਫ ਐੱਮ ਰੇਡੀਓ ਦੇ ਟਾਕ ਸ਼ੋਅ ਵਿੱਚ ਦੱਸਿਆ ਗਿਆ ਸੀ ਸਾਰੇ ਕਨੇਡਾ ਵਿਚੋਂ ਸਭ ਤੋਂ ਵੱਧ ਕਰਾਈਮ ਇਸ ਵੇਲੇ ਸਰੀ ਵਿੱਚ ਹੋ ਰਹੇ ਹਨ। ਸਾਂਝਾ ਟੀ: ਵੀ: ਤੇ ਵੀ ਦੱਸਦੇ ਸਨ ਕਿ ਲੋਕਾਂ ਦੇ ਘਰਾਂ ਅੱਗੇ ਲਾਏ ਹੋਏ ਬੂਟੇ ਵੀ ਪੁੱਟ ਕੇ ਲੈ ਜਾਂਦੇ ਹਨ ਅਤੇ ਸੰਡਕ ਤੇ ਪਈਆਂ ਚਪਲਾਂ ਵੀ ਚੁੱਕ ਲੈਂਦੇ ਹਨ। ਇੱਥੇ ਹੀ ਬੀ. ਸੀ. ਦੇ ਬਹੁਤੇ ਖਾਲਿਸਤਾਨੀ ਰਹਿੰਦੇ ਹਨ। ਲਿਖਣ ਦਾ ਮਤਲਬ ਇਹ ਨਹੀਂ ਕਿ ਇਹ ਕਰਾਈਮ ਅਤੇ ਚੋਰੀਆਂ ਖਾਲਿਸਤਾਨੀ ਕਰਦੇ ਹਨ। ਪਰ ਇਹ ਤਾਂ ਸਚਾਈ ਹੈ ਕਿ ਆਪਣੇ ਤੋਂ ਵੱਖਰੇ ਵਿਚਾਰਾਂ ਵਾਲਿਆਂ ਨੂੰ ਸਭ ਤੋਂ ਵੱਧ ਧਮਕੀਆਂ ਇਹ ਕਥਿਤ ਖਾਲਿਸਤਾਨੀ ਹੀ ਦਿੰਦੇ ਹਨ। ਦਿਲਚਸਪੀ ਵਾਲੀ ਇੱਕ ਗੱਲ ਹੋਰ ਵੀ ਹੈ ਕਿ ਇੱਥੇ ਪਿਛਲੇ ਸਾਲ ਜਦੋਂ ਸਰੀ ਦੇ ਮੇਅਰ ਅਤੇ ਕੌਂਸਲਰਾਂ ਦੀਆਂ ਚੋਣਾ ਹੋ ਰਹੀਆਂ ਸਨ ਤਾਂ ਕਈ ਪੰਜਾਬੀ/ਸਿੱਖਾਂ ਦੇ ਨੁਮਾਂਇਦੇ ਵੀ ਇਹ ਚੋਣਾ ਲੜ ਰਹੇ ਸਨ। ਜਿਨ੍ਹਾਂ ਵਿੱਚ ਕਈ ਪਾਰਲੀਮੈਂਟ ਮੈਂਬਰ ਵੀ ਸਨ। ਉਸ ਸਮੇਂ ਰੈੱਡ ਐੱਫ ਐੱਮ ਦੇ ਟਾਕ ਸ਼ੋਅ ਤੇ ਬਹੁਤੇ ਕਾਲਰ ਇਹ ਕਹਿ ਰਹੇ ਸਨ ਕਿ ਅਸੀਂ ਮੇਅਰ ਲਈ ਖੜੇ ਕਿਸੇ ਵੀ ਪੰਜਾਬੀ ਨੂੰ ਵੋਟ ਨਹੀਂ ਪਉਣੀ ਅਸੀਂ ਸਿਰਫ ਗੋਰਾ ਜਾਂ ਗੋਰੀ ਹੀ ਮੇਅਰ ਚੁਣਨਾ ਮੰਗਦੇ ਹਾਂ। ਅਤੇ ਹੋਇਆ ਵੀ ਇਸੇ ਤਰ੍ਹਾਂ ਹੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਸਿਟੀ ਦਾ ਇੱਕ ਮੇਅਰ ਚੁਣਨ ਲਈ ਕਿਸੇ ਪੰਜਾਬੀ ਮੇਅਰ ਤੇ ਭਰੋਸਾ ਕਰਨ ਲਈ ਤਿਆਰ ਨਹੀਂ ਹਨ ਕੀ ਉਹ ਇੱਕ ਦੇਸ਼ ਨੂੰ ਚਲਾਉਣ ਦੀ ਸਮਰੱਥਾ ਰੱਖ ਸਕਦੇ ਹਨ?
ਬਹੁਤੇ ਲੋਕ ਅਜ਼ਾਦੀ ਅਤੇ ਖਾਲਿਸਤਾਨ ਦੇ ਨਾਮ ਤੇ ਗੁਮਰਾਹ ਹੋ ਰਹੇ ਹਨ। ਪਹਿਲਾਂ ਪਹਿਲ ਥੋੜਾ ਕੁ ਸਮਾ ਅਸੀਂ ਵੀ ਹੋਏ ਸੀ। ਪਰ ਅਸਲੀਅਤ ਛੇਤੀਂ ਹੀ ਸਮਝ ਆ ਗਈ ਸੀ। ਇਸੇ ਕਰਕੇ ਅਸੀਂ ਲੋਕਾਈ ਨੂੰ ਸੁਚੇਤ ਕਰ ਰਹੇ ਹਾਂ ਕਿ ਆਪਣਾ ਦਿਮਾਗ ਵਰਤੋ ਐਵੇਂ ਹੀ ਕਿਸੇ ਦੇ ਮਗਰ ਨਾ ਲੱਗੋ। ਤੁਹਾਨੂੰ ਕੀ ਪਤਾ ਤੁਹਾਨੂੰ ਧਰਮ ਦੇ ਨਾਮ ਤੇ ਗੁਮਰਾਹ ਕਰਨ ਵਾਲਿਆਂ ਦੀਆਂ ਤਾਰਾਂ ਕਿੱਥੋਂ ਹਿੱਲਦੀਆਂ ਹਨ। ਖਾਲਿਸਤਾਨੀਆਂ ਦਾ ਲੀਡਰ ਸਿਮਰਨਜੀਤ ਸਿੰਘ ਮਾਨ ਇੱਕ ਪਾਸੇ ਖਾਲਿਸਤਾਨੀ ਹੈ ਅਤੇ ਦੂਸਰੇ ਪਾਸੇ ਪਾਰਲੀਮਿੰਟ ਵਿੱਚ ਜਾ ਕੇ ਦੇਸ਼ ਦੀ ਅਖੰਡਤਾ ਦੀ ਸਹੁੰ ਚੁੱਕਦਾ ਹੈ। ਇਹ ਤਾਂ ਇੱਕ ਸਿਆਸੀ ਲੀਡਰ ਦੀ ਗੱਲ ਹੈ ਪਰ ਉਂਗਲਾਂ ਲਾਉਣ ਵਾਲੇ ਹੋਰ ਵਥੇਰੇ ਹਨ। ਇਨ੍ਹਾਂ ਵਿਚੋਂ ਕਈਆਂ ਦਾ ਜ਼ਿਕਰ ਮੈਂ ਆਪਣੇ ਇੱਕ ਲੇਖ ਵਿੱਚ ਵੀ ਕੀਤਾ ਸੀ। ਉਨ੍ਹਾਂ ਵਿਚੋਂ ਇੱਕ ਹੈ ਅਜਮੇਰ ਸਿੰਘ। ਜਦੋਂ ਹਾਲੇ ਸ਼ੋਸ਼ਲ ਮੀਡੀਆ ਬਹੁਤਾ ਪ੍ਰਚਲਤ ਨਹੀਂ ਸੀ ਹੋਇਆ। ਪਹਿਲੇ ਪਹਿਲ ਯੂ-ਟਿਊਬ ਉਪਰ ਵੀ ਵੀਡੀਓ ਪਉਣ ਦੀ ਲਿਮਟ ਹੁੰਦੀ ਸੀ ਅਤੇ ਉਹ 30 ਦਿਨਾਂ ਬਾਅਦ ਆਪਣੇ ਆਪ ਡਿਲੀਟ ਹੋ ਜਾਂਦੀ ਸੀ। ਉਸ ਵੇਲੇ ਇਸ ਬੰਦੇ ਦੀਆਂ ਕੁੱਝ ਲਿਖਤਾਂ ਇਸ ਦਾ ਕੋਈ ਸਾਥੀ ਜਾਂ ਇਹ ਖੁਦ ਆਪ ਹੀ ਨਾਮ ਬਦਲ ਕੇ ਸਿੱਖ ਮਾਰਗ ਦੇ ਇੱਕ ਪੰਨੇ ਤੇ ਜਿਥੇ ਕਿ ਕੋਈ ਵੀ ਆਪ ਪਾ ਸਕਦਾ ਸੀ, ਪਉਣੀਆਂ ਸ਼ੁਰੂ ਕੀਤੀਆਂ ਤਾਂ ਮੈਂ ਉਹ ਡਿਲੀਟ ਕਰ ਦਿੱਤੀਆਂ ਸਨ। ਉਸ ਵੇਲੇ ਮੇਰੇ ਲਈ ਇਹ ਇੱਕ ਸ਼ੱਕੀ ਜਿਹਾ ਬੰਦਾ ਸੀ ਜਿਹੜਾ ਕਿ ਝੂਠ ਬੋਲ ਕੇ ਸਾਧ ਦੀਆਂ ਹੱਦੋਂ ਵੱਧ ਸਿਫਤਾਂ ਕਰਦਾ ਸੀ। ਆਮ ਸਿੱਖਾਂ ਲਈ ਇਹ ਇੱਕ ਪੜ੍ਹਿਆ ਲਿਖਿਆ ਮਹਾਨ ਸਿੱਖ ਲੀਡਰ ਸੀ ਅਤੇ ਹੈ। ਥਾਲੀ ਦੇ ਬੈਂਗਣ ਵਾਂਗ ਆਪ ਘੁੰਮਣ ਦੀ ਅਤੇ ਗੱਲਾਂ ਨੂੰ ਘੁਮਾਉਣ ਦੀ ਇਸ ਵਿੱਚ ਬੜੀ ਮੁਹਾਰਤ ਹੈ। ਇਸ ਤਰ੍ਹਾਂ ਦੇ ਬੰਦਿਆਂ ਦੀਆਂ ਸਿਫਤਾਂ ਕਰਨ ਵਾਲੇ ਬਹੁਤ ਹਨ ਪਰ ਕਦੀ ਕਦੀ ਕੋਈ ਸੱਚੀ ਗੱਲ ਵੀ ਕਰ ਦਿੰਦਾ ਹੈ। ਹੇਠਾਂ ਮੈਂ ਸ਼ੋਸ਼ਲ ਮੀਡੀਏ ਤੋਂ ਲੈ ਕੇ ਕਾਪੀ ਪੇਸਟ ਕਰ ਰਿਹਾ ਹਾਂ। ਇਸ ਬਾਰੇ ਕਿਤਨੀ ਕੁ ਸਚਾਈ ਹੈ ਮੈਨੂੰ ਨਹੀਂ ਪਤਾ। ਪਹਿਲਾਂ ਵੀ ਕੁੱਝ ਕੁ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਸਨ। ਇਸ ਨੂੰ ਪੋਸਟ ਕਰਨ ਵਾਲਾ ਕੋਈ ਅਮਰੀਕ ਸਿੰਘ ਮੁਕਤਸਰ ਹੈ। ਇਸ ਦਾ ਨਾਮ ਤਾਂ ਸੁਣਿਆ ਸੀ ਪਰ ਹੋਰ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਲਓ ਪੜ੍ਹ ਲਓ ਪਹਿਲਾਂ ਇਹ ਅਮਰੀਕ ਸਿੰਘ ਦੀ ਨੀਲੇ ਅੱਖਰਾਂ ਵਾਲੀ ਲਿਖਤ:
Amreek Singh Muktsar
ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਇਹ ਅਖੌਤੀ “ ਵਿਦਵਾਨ “ ਇਸ ਨਵੀਂ ਵੀਡੀਓ ਵਿੱਚ ਭਾਈ ਦਲਜੀਤ ਸਿੰਘ ਅਤੇ ਖਾੜਕੂ ਪਛਾਣ ਵਾਲੀ ਲੀਡਰਸ਼ਿਪ ਨੂੰ ਰੱਦ ਕਰ ਰਿਹਾ ਹੈ, ਜਦੋਂ ਕਿ ਪਿਛਲੇ ਵੀਹ ਸਾਲਾਂ ਤੋਂ ਉਹਨਾਂ ਨੂੰ ਸਿੱਖਾਂ ਦੇ ਰਹਿਬਰਾਂ ਵਜੋਂ ਪੇਸ਼ ਕਰਦਾ ਆ ਰਿਹਾ ਸੀ। ਪੰਜਾਬੀ ਕੌਮ ਦੇ ਸਿਧਾਂਤ ਤੋਂ ਚੱਲ ਖਾਲਿਸਤਾਨ ਤੱਕ ਪਤਾ ਨਹੀ ਕਿੰਨੀਆਂ ਕੂੰ ਰਾਜਸੀ ਪੁਜ਼ੀਸ਼ਨਾਂ ਬਦਲ ਚੁੱਕਿਆ ਇਹ ਬੇਸ਼ਰਮ ਇਨਸਾਨ, ਪਰ ਇੱਕ ਤੋਂ ਬਾਅਦ ਦੂਜੀ ਪੁਜੀਸ਼ਨ ਬਦਲਦੇ ਹੋਏ ਇਸ ਨੂੰ ਰੱਤੀ ਭਰ ਵੀ ਸ਼ਰਮ ਨਹੀ ਆਉਂਦੀ। ਹੁਣ ਬਾਦਲ ਨੂੰ ਪਾਣੀ ਪੀ ਪੀ ਗਾਹਲਾਂ ਕੱਢਦਾ, ਪਰ ਜਦੋ ਅਸੀਂ ਬਾਦਲ ਖ਼ਿਲਾਫ਼ 1994-95 ਵਿੱਚ ਅੰਮ੍ਰਿਤਸਰ ਅਕਾਲੀ ਦਲ ਦੇ ਰੂਪ ਵਿੱਚ ਫੈਸਲਾਕੁੰਨ ਲੜਾਈ ਲੜ ਰਹੇ ਸੀ ਤਾਂ ਇਸ ਮੌਕਾਪ੍ਰਸਤ ਆਦਮੀ ਨੇ ਬਾਦਲ ਦਲ ਦੀ ਹਮਾਇਤ ਕੀਤੀ ਅਤੇ ਅਖਬਾਰਾਂ ਵਿੱਚ ਅੰਮ੍ਰਿਤਸਰ ਐਲਾਨਨਾਮੇ ਖ਼ਿਲਾਫ਼ ਚਾਰ ਆਰਟੀਕਲ ਲਿਖੇ। ਖਾੜਕੂ ਲਹਿਰ ਵਿੱਚ ਹਿੰਦੂ ਭਾਈਚਾਰੇ ਪ੍ਰਤੀ ਨਫਤਰ ਭਰ ਕੇ ਲਹਿਰ ਨੂੰ ਸਿਵਿਆਂ ਦੇ ਰਾਹ ਤੋਰਿਆ, ਭਰਾ ਮਾਰੂ ਪ੍ਰਵਿਰਤੀਆਂ ਨੂੰ ਉਤਸ਼ਾਹ ਕਰਕੇ ਆਪਸੀ ਕਤਲੋਗਾਰਤ ਕਰਵਾਈ, ਚੋਣਾਂ ਦਾ ਬਾਈਕਾਟ ਕਰਵਾਇਆ। ਹੁਣ ਕਹਿੰਦਾ ਕਿ ਕਿਸੇ ਵੀ ਲਹਿਰ ਦੇ ਹਥਿਆਰਬੰਦ ਅਤੇ ਖਾੜਕੂ ਵਿੰਗ ਵਿੱਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ । ਹੁਣ ਬੜੀ ਬੇਸ਼ਰਮੀ ਨਾਲ ਕਹਿ ਰਿਹਾ ਕਿ ਇੱਕ ਚੋਣ ਲੜਨ ਵਾਲੀ ਧਿਰ ਵੀ ਚਾਹੀਦੀ ਹੈ। ਅਜੇ ਪਿਛਲੇ ਮਹੀਨੇ ਤੱਕ ਚੋਣਾਂ ਲੜਨ ਦੀ ਇੱਛਕ ਧਿਰ ਨੂੰ ਸਵਾਰਥੀ ਅਤੇ ਲਹਿਰ ਦੇ ਗਦਾਰ ਦੱਸ ਰਿਹਾ ਸੀ। ਮੈਂ ਹੈਰਾਨ ਹਾਂ ਉਸ ਮੂਰਖ ਟੋਲੇ ਉੱਪਰ ਜਿਹਨਾਂ ਨੇ ਇਸ ਨੂੰ ਪਿਛਲੇ ਤੀਹ ਸਾਲ ਤੋਂ ਵਿਦਵਾਨ ਮੰਨ ਕਿ ਸਾਰੀ ਲਹਿਰ ਦੀ ਵਾਗਡੋਰ ਇਸ ਦੇ ਹੱਥਾਂ ਵਿੱਚ ਦਿੱਤੀ ਹੋਈ ਸੀ। ਇਸ ਵਿਅਕਤੀ ਵੱਲੋਂ ਬੀਤੇ ਸਮੇਂ ਦੀ ਲਹਿਰ ਦੀ ਕੀਤੀ ਬਰਬਾਦੀ ਦਾ ਵਿਸਥਾਰ ਲਿੱਖਣ ਲਈ ਪੂਰੀ ਕਿਤਾਬ ਲਿਖੇ ਜਾਣ ਦੀ ਲੋੜ ਹੈ। ਸਰਕਾਰ ਨੇ ਇਸ ਨੂੰ ਲਹਿਰ ਦੀ ਬਰਬਾਦੀ ਲਈ ਹੀ ਖੁੱਲ੍ਹਾ ਛੱਡੀ ਰੱਖਿਆ ਹੈ। ਨਹੀ ਤਾਂ ਇਹ ਹੋ ਸਕਦਾ ਸੀ ਕਿ ਇੱਕ ਆਦਮੀ ਜੋ ਨਕਸਲੀ ਲਹਿਰ ਦੌਰਾਨ ਪੁਲ਼ਿਸ ਹਿਰਾਸਤ ਵਿੱਚੋਂ ਸਿਪਾਹੀ ਦਾ ਕਤਲ ਕਰਕੇ ਅਤੇ ਹਥਿਆਰ ਖੋਹ ਕੇ ਭੱਜਿਆ ਹੋਵੇ, ਚੋਟੀ ਦੇ ਖਾੜਕੂਆਂ ਨਾਲ ਸਬੰਧ ਰਹੇ ਹੋਣ, ਖਾੜਕੂ ਲਹਿਰ ਦੌਰਾਨ ਲੁੱਟੇ ਬੈਂਕ ਦੀ ਰਕਮ ਨਾਲ ਚੰਡੀਗੜ੍ਹ ਫਾਰਮ ਹਾਊਸ ਵਿੱਚ ਬੰਗਲਾ ਪਾ ਕੇ ਆਨੰਦਮਈ ਜੀਵਨ ਬਤੀਤ ਕਰ ਰਿਹਾ ਹੋਵੇ ਅਤੇ ਇੱਕ ਦਿਨ ਵੀ ਪੁਲਸ ਹਿਰਾਸਤ ਵਿੱਚ ਨਾ ਰਹਿਆ ਹੋਵੇ। ਪੂਰੀ ਦੁਨੀਆ ਵਿੱਚ ਸਪੈਸ਼ਲ ਕਲਾਸ ਹਵਾਈ ਟਿਕਟਾਂ ਲੈ ਕੇ ਘੁੰਮਦਾ, ਵਿਦੇਸ਼ਾਂ ਤੋਂ ਲੱਖਾਂ ਰੁਪਏ ਲੈ ਕੇ ਆਉਂਦਾ, ਪਰ ਕਿਤੇ ਕੋਈ ਰੋਕ ਨਹੀ। ਦੂਜੇ ਪਾਸੇ ਮੇਰੇ ਵਰਗਾਂ ਗਰੀਬ ਜਿਸ ਨੇ ਨਾ ਤਾਂ ਕਦੇ ਹਥਿਆਰ ਚੁੱਕਿਆ ਅਤੇ ਨਾ ਹੀ ਕਦੇ ਹਥਿਆਰ ਦੀ ਵਕਾਲਤ ਕੀਤੀ, ਪਰ ਚਾਰ ਵਾਰ ਅਣਮਨੁੱਖੀ ਤਸਦਦ ਝੱਲਿਆ, ਅੱਠ ਝੂਠੇ ਕੇਸਾਂ ਤਹਿਤ ਕਰੀਬ ਸਾਢੇ ਤਿੰਨ ਸਾਲ ਜੇਲ ਕੱਟੀ, ਮਹੀਨਿਆਂ ਬੱਧੀ ਪੁਲਸ ਦੀ ਗ਼ੈਰ ਕਾਨੂੰਨੀ ਹਿਰਾਸਤ ਝੱਲੀ । ਇਸ ਤੋ ਇਲਾਵਾ ਬੁੱਢੇ ਪਿਓ, ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਅਲੱਗ ਪੁਲਸ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਕੋਈ ਮੈਨੂੰ ਦੱਸ ਸਕਦਾ ਕਿ ਕਾਮਰੇਡ ਅਜਮੇਰ ਨੂੰ ਸਰਕਾਰ ਨੇ ਇਹ ਰਿਆਇਤਾਂ ਕਿਉਂ ਪ੍ਰਦਾਨ ਕੀਤੀਆਂ ਸਨ। ਸ਼ਾਇਦ ਕਾਮਰੇਡ ਦੇ ਮੁਤਾਬਕ ਇਹ ਵੀ ਕੋਈ ਕੁਦਰਤ ਦਾ ਕ੍ਰਿਸ਼ਮਾ ਤਾਂ ਨਹੀ?
ਮੇਰੀ ਬਹੁਤ ਦੇਰ ਤੋਂ ਇਹ ਇੱਕ ਧਾਰਨਾ ਬਣੀ ਹੋਈ ਹੈ ਕਿ ਸਿੱਖਾਂ ਦਾ ਇੱਕ ਵੀ ਕੋਈ ਧਾਰਮਿਕ ਜਾਂ ਸਿਆਸੀ ਲੀਡਰ ਨਹੀਂ ਹੈ ਜੋ ਕਿ ਨਿਰੋਲ ਸੱਚ ਦੇ ਅਧਾਰ ਤੇ ਗੱਲ ਕਰਦਾ ਹੋਵੇ। ਜਿਹੜੇ ਕਾਫੀ ਸੱਚ ਬੋਲਦੇ ਵੀ ਹਨ ਪਰ ਜਾਣ ਬੁੱਝ ਕੇ ਉਹ ਵੀ ਕੁੱਝ ਸੱਚ ਛੁਪਾ ਲੈਂਦੇ ਹਨ। ਇਸੇ ਤਰ੍ਹਾਂ ਸਿੱਖ ਪੱਤਰਕਾਰ ਹਨ ਖਾਸ ਕਰਕੇ ਉਹ ਪੜ੍ਹੇ ਲਿਖੇ ਜਿਨ੍ਹਾਂ ਨੇ ਦਹਾਕਿਆਂ ਬੱਧੀ ਪੱਤਰਕਾਰੀ ਕੀਤੀ ਹੈ ਅਤੇ 1984 ਦੇ ਕਤਲੇਆਮ ਨੂੰ ਅੱਖੀ ਦੇਖਿਆ ਹੈ। ਇਹ ਕਈ ਕਿਤਾਬਾਂ ਦੇ ਲੇਖਕ ਵੀ ਹਨ। ਜੂਨ 1984 ਤੋਂ ਪਹਿਲਾਂ ਜੋ ਕੁੱਝ ਦਰਬਾਰ ਸਾਹਿਬ ਦੇ ਅੰਦਰ ਹੁੰਦਾ ਰਿਹਾ ਹੈ ਉਸ ਬਾਰੇ ਕਾਫੀ ਜਾਣਕਾਰੀ ਵੀ ਰੱਖਦੇ ਹਨ ਪਰ ਮਜਾਲ ਹੈ ਕਿ ਸਚਾਈ ਲੋਕਾਈ ਨੂੰ ਦੱਸ ਸਕਣ। ਅਧੂਰੇ ਸੱਚ ਨਾਲ ਜਾਂ ਨਿਰੇ ਝੂਠ ਨਾਲ ਯੂ-ਟਿਊਬ ਭਰੀ ਪਈ ਹੈ। ਪਰ ਕਿਤੇ ਨਾ ਕਿਤੇ ਕੋਈ ਰੋਸ਼ਨੀ ਦੀ ਕਿਰਨ ਵੀ ਦਿਖਾਈ ਦੇਣ ਲੱਗ ਪੈਂਦੀ ਹੈ ਜਦੋਂ ਕੋਈ ਪੱਤਰਕਾਰ ਕੁੱਝ ਸਚਾਈ ਲੱਭ ਕੇ ਲੋਕਾਂ ਅੱਗੇ ਰੱਖਣ ਦਾ ਯਤਨ ਕਰਦਾ ਹੈ। ਉਨ੍ਹਾਂ ਵਿਚੋਂ ਹੀ ਇੱਕ ਹੈ ਰਜਿੰਦਰ ਸਿੰਘ ਤੱਗੜ। ਇਹ ਪੰਜਾਬ ਦਸਤਾਵੇਜ਼ ਨਾਮ ਦੇ ਯੂ-ਟਿਊਬ ਚੈਨਲ ਤੇ ਇਸ ਤਰ੍ਹਾਂ ਦੀਆਂ ਕੁੱਝ ਵੀਡੀਓ ਪਉਂਦਾ ਹੈ ਜੋ ਕਿ ਸਚਾਈ ਦੇ ਕਾਫੀ ਨੇੜੇ ਲਗਦੀਆਂ ਹਨ। ਇਹ ਇਸੇ ਸਾਲ 2023 ਵਿੱਚ ਹੀ ਕੁੱਝ ਦਿਨ ਕਨੇਡਾ ਵਿੱਚ ਬਿਤਾ ਕੇ ਗਿਆ ਹੈ ਅਤੇ ਖਾਲਿਸਤਾਨ ਬਾਰੇ ਸਚਾਈ ਜਾਨਣ ਦੀ ਕੋਸ਼ਿਸ਼ ਵਿੱਚ ਸੀ। ਇਸ ਨੇ ਇੱਥੋਂ ਦੇ ਕੁੱਝ ਲੀਡਰਾਂ ਦੀਆਂ ਇੰਟਰਵਿਊ ਲੈ ਕੇ ਪਾਈਆਂ ਹਨ। ਅਗਾਂਹ ਇਸ ਦੀ ਹੀ ਇੱਕ ਲਿਖਤ ਹੈ ਜੋ ਕਿ ਕਨੇਡਾ ਵਿਚਲੇ ਖਾਲਿਸਤਾਨੀਆਂ ਬਾਰੇ ਹੈ। ਸਿੱਖ ਮਾਰਗ ਦੇ ਇੱਕ ਪਾਠਕ ਨੇ ਇਹ ਸਾਨੂੰ ਭੇਜੀ ਸੀ ਜੋ ਅਸੀਂ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਲਓ ਹੇਠਾਂ ਪੜ੍ਹ ਲਓ ਰਜਿੰਦਰ ਸਿੰਘ ਤੱਗੜ ਦੀ ਉਹ ਲਿਖਤ:
ਮੱਖਣ ਪੁਰੇਵਾਲ,
ਅਗਸਤ 29, 2023.

ਕੈਨੇਡਾ ਵਿੱਚ ਖਾਲਿਸਤਾਨ: ਸਿੱਖਾਂ ਦੀ ਬਹੁਗਿਣਤੀ ਖਾਲਿਸਤਾਨ ਪੱਖੀ ਦੁਕਾਨਦਾਰਾਂ ਤੋਂ ਖਰੀਦਦਾਰੀ ਕਰਨ ਵਿੱਚ ਹੁਣ ਦਿਲਚਸਪੀ ਨਹੀਂ ਰੱਖਦੀ
ਰਜਿੰਦਰ ਸਿੰਘ ਤੱਗੜ
ਕੰਸਲਟਿੰਗ ਐਡੀਟਰ ਦੀਆਂ ਕੈਨੇਡਾ ਦੌਰੇ ਤੋਂ ਬਾਅਦ ਰਿਪੋਰਟਾਂ।
ਕੈਨੇਡਾ ਵਿੱਚ ਵਸੇ ਬਹੁਤੇ ਸਿੱਖ ਖਾਲਿਸਤਾਨੀਆਂ ਦੁਆਰਾ ਖੋਲ੍ਹੀਆਂ ਗਈਆਂ ਦੁਕਾਨਾਂ ਤੋਂ ਕੁਝ ਵੀ ਖਰੀਦਣ ਵਿੱਚ ਦਿਲਚਸਪੀ ਨਹੀਂ ਰੱਖਦੇ, ਜੋ ਆਪਣੇ ਵੱਖਵਾਦੀ ਏਜੰਡੇ ਨੂੰ ਅੱਗੇ ਵਧਾਉਣ ਲਈ ਲੋੜੀਂਦਾ ਆਧਾਰ ਲੱਭਣ ਵਿੱਚ ਅਸਫਲ ਹੋ ਰਹੇ ਹਨ।
Khalsavox.com ਨੇ ਹਾਲ ਹੀ ਵਿੱਚ ਅਖੌਤੀ ਖਾਲਿਸਤਾਨ ਲਹਿਰ ਦਾ ਅਹਿਸਾਸ ਕਰਨ ਲਈ ਕੈਨੇਡਾ ਦੇ ਦੋ ਪ੍ਰਮੁੱਖ ਪ੍ਰਾਂਤਾਂ, ਓਨਟਾਰੀਓ (ON) ਅਤੇ ਬ੍ਰਿਟਿਸ਼ ਕੋਲੰਬੀਆ (BC) ਦੇ ਕੁਝ ਹਿੱਸਿਆਂ ਦੀ ਯਾਤਰਾ ਕੀਤੀ, ਜੋ ਸਮੇਂ-ਸਮੇਂ ‘ਤੇ ਵਿਦੇਸ਼ਾਂ ਦੀਆਂ ਮੀਡੀਆ ਰਿਪੋਰਟਾਂ ਵਿੱਚ ਥਾਂ ਲੱਭਦੀ ਹੈ। ਟੋਰਾਂਟੋ ਅਤੇ ਵੈਨਕੂਵਰ ਦੇ ਖਾਲਿਸਤਾਨ ਦੇ ਅਦਾਰਿਆਂ ਦੇ ਕੁਝ ਪ੍ਰਬੰਧਕਾਂ ਨੂੰ ਕੈਮਰੇ ‘ਤੇ ਹਾਜ਼ਰੀਨ ਦੇਣ ਦੀ ਬੇਨਤੀ ਬੇਕਾਰ ਗਈ।
ਬੀਸੀ ਦੇ ਸਰੀ ਵਿੱਚ, ਇਸ ਪੱਤਰਕਾਰ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੈਨੇਜਰ ਹਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਜੋ ਭਾਰਤ ਦੇ ਮਨੋਨੀਤ ਅੱਤਵਾਦੀ, ਸਵਰਗੀ ਹਰਦੀਪ ਸਿੰਘ ਨਿੱਝਰ ਦੀ ਅਗਵਾਈ ਵਿੱਚ ਸਿੱਖ ਮੰਦਰ ਦੇ ਪ੍ਰਬੰਧਕਾਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਾ ਸਕੇ। ਬੇਨਤੀ ਦਾ ਕੋਈ ਜਵਾਬ ਨਹੀਂ ਮਿਲਿਆ। ਓਨਟਾਰਿਓ ਦੇ ਟੋਰਾਂਟੋ ਸ਼ਹਿਰ ਵਿੱਚ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ
(ISYF) ਦੇ ਮੁਖੀ ਲਖਬੀਰ ਸਿੰਘ ਰੋਡੇ (ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ) ਦੇ ਪੁੱਤਰ ਭਗਤ ਸਿੰਘ ਨੂੰ – ਇੱਕ ਪੱਤਰਕਾਰ ਮਿੱਤਰ ਰਾਹੀਂ – ਇੱਕ ਅਜਿਹੀ ਹੀ ਬੇਨਤੀ ਕੀਤੀ ਗਈ ਸੀ। ਬਾਅਦ ਵਿੱਚ ਪੱਤਰਕਾਰ ਨੇ ਭਗਤ ਸਿੰਘ ਦੀ ਗੱਲ ਦੱਸੀ: “ਮੈਂ ਭਾਰਤੀ ਮੀਡੀਆ ਨਾਲ ਗੱਲ ਨਹੀਂ ਕਰਾਂਗਾ।” ਇਸ ਤਰ੍ਹਾਂ ਖਾਲਿਸਤਾਨੀ ਨਜ਼ਰੀਏ ਨੂੰ ਮਹਿਸੂਸ ਕਰਨ ਅਤੇ ਸਮਝਣ ਦੇ ਯਤਨ ਅਸਫਲ ਰਹੇ।
ਜ਼ਮੀਨੀ ਹਕੀਕਤਾਂ ਨੂੰ ਮਹਿਸੂਸ ਕਰਨ ਲਈ, ਇਸ ਪੱਤਰਕਾਰ ਨੇ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਸਿੱਖ ਡਾਇਸਪੋਰਾ ਦੇ ਇੱਕ ਕਰਾਸ ਸੈਕਸ਼ਨ ਨੂੰ ਮਿਲਣ ਦਾ ਫੈਸਲਾ ਕੀਤਾ।
ਟੋਰਾਂਟੋ ਦੇ ਨੇੜੇ ਉਨਟਾਰੀਓ ਦੇ ਬਰੈਂਪਟਨ ਸ਼ਹਿਰ ਵਿੱਚ, ਟਰੱਕਿੰਗ ਦੇ ਕਾਰੋਬਾਰ ਵਿੱਚ ਲੱਗੇ ਪੰਜਾਬੀਆਂ ਦੇ ਇੱਕ ਬਹੁਤ ਹੀ ਸਫਲ ਸਮੂਹ ਜੋਕਿ 100 ਤੋਂ ਵੱਧ ਨੌਜਵਾਨ ਸਿੱਖ ਪ੍ਰਵਾਸੀਆਂ ਨੂੰ ਰੁਜ਼ਗਾਰ ਦੇ ਰਹੇ ਹਨ, ਨੇ ਖਾਲਿਸਤਾਨ ਲਹਿਰ ਦੇ ਬਾਰੇ ਗੱਲ ਕਰਨ ਨੂੰ ਸਮੇਂ ਦੀ ਬਰਬਾਦੀ ਸਮਝਿਆ। ਕੰਪਨੀ ਦੇ ਤਿੰਨਾਂ ਭਾਈਵਾਲਾਂ ਨੇ ਇੱਕਮਤ ਹੋ ਕੇ ਕਿਹਾ: “ਉਨ੍ਹਾਂ (ਖਾਲਿਸਤਾਨੀਆਂ) ਨੇ ਉਨ੍ਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਨ ਲਈ ਦੁਕਾਨਾਂ ਖੋਲ੍ਹੀਆਂ ਹਨ, ਜਿਨ੍ਹਾਂ ਕੋਲ ਕਰਨ ਲਈ ਬਹੁਤਾ ਕੰਮ ਨਹੀਂ ਹੈ”, ਉਨ੍ਹਾਂ ਨੇ ਕਿਹਾ, “ਉਹ ਪੰਜਾਬ ਕਿਉਂ ਨਹੀਂ ਜਾ ਕੇ ਲੜਦੇ ਜਿੱਥੇ ਕਿ ਖਾਲਿਸਤਾਨ ਬਣਨਾ ਹੈ।”
ON ਦੇ ਮਾਰਖਮ ਸ਼ਹਿਰ ਵਿੱਚ, ਇੱਕ ਸੇਵਾਮੁਕਤ ਸਿੱਖ ਫੌਜੀ ਨੇ ਕਿਹਾ ਕਿ ‘ਸਾਰੇ ਉਜੱਡ ਇਕਠੇ ਹੋਏ ਨੇ’, ਇਹ ਸਾਰੇ ਅਨਪੜ੍ਹ ਲੋਕ ਹਨ, ਧਰਮ ਦੇ ਨਾਮ ਤੇ ਗੁਰਦੁਆਰੇ ਵਿੱਚ ਬੈਠ ਕੇ ਸਿਆਸਤ ਕਰ ਰਹੇ ਨੇ।
ਟੋਰਾਂਟੋ ਵਿੱਚ ਇੱਕ ਰੇਡੀਓ ਹੋਸਟ ਨੇ
khalsavox ਨੂੰ ਸੂਚਿਤ ਕੀਤਾ ਕਿ ਕੈਨੇਡਾ ਵਿੱਚ ਬਹੁਤੇ ਸਿੱਖ ਉਹਨਾਂ (ਖਾਲਿਸਤਾਨੀਆਂ) ਦੀਆਂ ਗਤੀਵਿਧੀਆਂ ਨੂੰ ਪਸੰਦ ਨਹੀਂ ਕਰਦੇ ਪਰ, ਕਿਉਂਕਿ ਉਹ ਇੱਕ ਛੋਟਾ ਹਿੰਸਕ ਸਮੂਹ ਹੈ, ਕੋਈ ਵੀ ਜੋਖਮ ਨਹੀਂ ਲੈਣਾ ਚਾਹੁੰਦਾ। ਰੇਡੀਓ ਹੋਸਟ ਨੇ ਖੁਲਾਸਾ ਕੀਤਾ, “ਵੱਖਵਾਦੀਆਂ ਦੇ ਅੰਦਰ ਵੰਡੀਆਂ ਹਨ, ਹਰ ਇੱਕ ਦੂਜੇ ‘ਤੇ ਪਾਕਿਸਤਾਨ ਜਾਂ ਭਾਰਤੀ ਏਜੰਸੀਆਂ ਦੇ ‘ਟਾਊਟ’ ਹੋਣ ਦਾ ਦੋਸ਼ ਲਗਾ ਰਿਹਾ ਹੈ।” ਸਿੱਖਸ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤੀ ਏਜੰਸੀਆਂ ਨਾਲ ਜੋੜਨ ਵਾਲੇ ਅਜਿਹੇ ਦੋਸ਼ ਆਮ ਸੁਣਨ ਨੂੰ ਮਿਲਦੇ ਹਨ। ਪੰਨੂ ਉਹ ਵਿਅਕਤੀ ਹੈ ਜੋ ਵਿਦੇਸ਼ ਵਿੱਚ ਰੈਫਰੈਂਡਮ 2020 ਵੋਟਿੰਗ ਕਰਵਾਉਣ ਦੀ ਅਗਵਾਈ ਕਰਦਾ ਹੈ।
ਬੀਸੀ ਦੇ ਕੇਲੋਨਾ ਸ਼ਹਿਰ ਵਿੱਚ, ਇਸ ਪੱਤਰਕਾਰ ਨੇ ਤਿੰਨ ਦਿਨਾਂ ਦੇ ਠਹਿਰਨ ਵਿੱਚ 8 ਵਾਰ ਟੈਕਸੀਆਂ ਕਿਰਾਏ ‘ਤੇ ਲਈਆਂ। ਸਾਰੇ ਡਰਾਈਵਰ ਨੌਜਵਾਨ ਪੰਜਾਬੀ ਸਿੱਖ ਸਨ। ਥੋੜ੍ਹੇ ਸਮੇਂ ਦੀ ਸ਼ਹਿਰ ਅੰਦਰਲੀ ਯਾਤਰਾ ਦੌਰਾਨ, ਕਿਸੇ ਵੀ ਡਰਾਈਵਰ ਨੇ ਖਾਲਿਸਤਾਨ ਲਹਿਰ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਨਹੀਂ ਕੀਤਾ। ਇਹ ਡਰਾਈਵਰ ਮੂਲ ਰੂਪ ਵਿੱਚ ਬਠਿੰਡਾ, ਹੁਸ਼ਿਆਰਪੁਰ, ਫਰੀਦਕੋਟ, ਗੁਰਦਾਸਪੁਰ, ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਪੈਂਦੇ ਪਿੰਡਾਂ ਦੇ ਰਹਿਣ ਵਾਲੇ ਸਨ। ਸਿਰਫ਼ ਇੱਕ ਨੇ ਕਿਹਾ: “ਮੈਂ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ਵੱਲ ਝੁਕਾਅ ਨਹੀਂ ਰੱਖਦਾ, ਪਰ ਕਿਸੇ ਸਿੱਟੇ ‘ਤੇ ਪਹੁੰਚਣ ਲਈ ਇਸ ਵਿਸ਼ੇ ‘ਤੇ ਲੰਮੀ ਚਰਚਾ ਕੀਤੀ ਜਾਣੀ ਚਾਹੀਦੀ ਹੈ।
ਮਾਂਟਰੀਅਲ ਦੇ ਨੇੜੇ ਇੱਕ ਗੁਰਦੁਆਰੇ ਦੇ ਗ੍ਰੰਥੀ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਕਿਉਂਕਿ ਪ੍ਰਬੰਧਕਾਂ ਨੇ ਗੁਰਦੁਆਰੇ ਦੇ ਬੇਸਮੈਂਟ ਵਿੱਚ ‘ਲੰਗਰ’ ਹਾਲ ਵਿੱਚ ਮਾਰੇ ਗਏ ਕੁਝ “ਅੱਤਵਾਦੀਆਂ” ਦੀਆਂ ਤਸਵੀਰਾਂ ਲਗਾ ਦਿੱਤੀਆਂ ਸਨ। ਉਨ੍ਹਾਂ ‘ਵਾਰਿਸ ਪੰਜਾਬ ਦੇ’ ਦੇ ਸੰਸਥਾਪਕ ਦੀਪ ਸਿੱਧੂ ਦੇ ਨਾਂ ਨਾਲ ‘ਸ਼ਹੀਦ’ ਸ਼ਬਦ ਜੋੜਨ ਦਾ ਸਖ਼ਤ ਵਿਰੋਧ ਕੀਤਾ, ਜਿਸ ਦੀ ਆਪਣੀ ਪ੍ਰੇਮਿਕਾ ਨਾਲ ਸਫ਼ਰ ਦੌਰਾਨ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਕੰਮ ਕਰ ਰਹੇ ਉੱਚ ਕਮਾਈ ਕਰਨ ਵਾਲੇ ਪੰਜਾਬੀ ਆਈਟੀ ਪੇਸ਼ੇਵਰਾਂ ਦੇ ਇੱਕ ਸਮੂਹ ਨੇ ਖਾਲਿਸਤਾਨ ਬਾਰੇ ਆਪਣੇ ਵਿਚਾਰ ਦੇਣ ਲਈ ਪੁੱਛੇ ਜਾਣ ‘ਤੇ ਬਹੁਤ ਹੀ ਸਪੱਸ਼ਟ ਪ੍ਰਤੀਕਿਰਿਆ ਦਿੱਤੀ: “ਭਾਜੀ ਛਡੋ, ਕਿਹੜੀਆਂ ਫਜ਼ੂਲ ਗਲਾਂ ਵਿੱਚ ਪੇ ਗਏ ਹੋ… ਚਲੋ ਗਲਾਸ ਚੁਕੋ”। ਸ਼ਾਮ ਦੇ ਗੇਟ-ਟੂ-ਗੈਦਰ ਤੋਂ ਬਾਅਦ ਵੀ, ਅਗਲੀ ਸਵੇਰ ਨੌਜਵਾਨ ਮੁੰਡਿਆਂ ਨੇ ਇਸ ਵਿਸ਼ੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਜ਼ਾਹਰ ਹੈ, ਉਨ੍ਹਾਂ ਲਈ ਜ਼ਿੰਦਗੀ ਵਧੀਆ ਚੱਲ ਰਹੀ ਸੀ। ਮੌਕਿਆਂ ਦੀ ਧਰਤੀ ਵਿੱਚ ਬਹੁਤ ਵਧੀਆ ਅਤੇ ਉਹਨਾਂ ਕੋਲ ਇੱਕ ਗੈਰ-ਮਸਲੇ ਲਈ ਸਮਾਂ ਨਹੀਂ ਸੀ।
Courtesy: Khalsvox.com




.