.

ਹਰਮਿੰਦਰ ਸਿੰਘ ਸੰਧੂ! ਸਾਡਾ ਡੁੱਬਿਆ ਸੂਰਜ ਚੜ੍ਹੇਗਾ! !

(ਸਿੱਖ ਵਿਦਵਾਨ ਸ. ਗੁਰਤੇਜ ਸਿੰਘ ਨੂੰ ਕੁੱਝ ਸਿੱਧੇ ਸਵਾਲ……)

ਪਿਛਲੇ ਦਿਨੀਂ ਸਾਬਕਾ ਆਈ. ਏ. ਐਸ. ਅਤੇ ਸੰਤ ਭਿੰਡਰਾਂਵਾਲ਼ਿਆਂ ਦੇ ਕਰੀਬੀ ਰਹੇ ਸਿੱਖ ਵਿਦਵਾਨ ਸਰਦਾਰ ਗੁਰਤੇਜ ਸਿੰਘ ਹੋਰਾਂ ਆਪਣਾ ਇੱਕ ਆਰਟੀਕਲ ‘ਸਾਡਾ ਡੁੱਬਿਆ ਸੁਰਜ ਚੜ੍ਹੇਗਾ’ ਆਪਣੇ ਫੇਸਬੁੱਕ ਪੇਜ਼ ਤੇ ਸ਼ੇਅਰ ਕੀਤਾ ਸੀ। ਜਿਸ ਵਿੱਚ ਉਹ 1984 ਤੋਂ ਪਹਿਲੇ ਖਾੜਕੂ ਸੰਘਰਸ਼ ਦੇ ਪ੍ਰਮੁੱਖ ਲੀਡਰ ਤੇ ਸੰਤ ਭਿੰਡਰਾਵਾਲ਼ਿਆਂ ਦੇ ਕਰੀਬੀ ਸਾਥੀ ਭਾਈ ਹਰਮਿੰਦਰ ਸਿੰਘ ਸੰਧੂ ਦੇ ਡਾ. ਸੋਹਣ ਸਿੰਘ ਵਾਲ਼ੀ ਪੰਥਕ ਕਮੇਟੀ ਤੇ ਦਲਜੀਤ ਸਿੰਘ ਬਿੱਟੂ ਵਾਲ਼ੀ ਫੈਡਰੇਸ਼ਨ ਵਲੋਂ ਕੀਤੇ ਗਏ ਬੇਕਿਰਕ ਕਤਲ ਬਾਰੇ ਲਿਖਦੇ ਹਨ:

ਉਜੱਡ ਹਥਿਆਰਬੰਦ ਬੁਰਛਿਆਂ ਨੇ ਕਿਸੇ ਝੂਠੀ ਸਤ੍ਹਾ ਦੇ ਲੋਭੀ ਦੀ ਚੁੱਕ ਵਿੱਚ ਆ ਕੇ ਹਰਮਿੰਦਰ ਸਿੰਘ ਸੰਧੂ ਅਤੇ ਓਸ ਤੋਂ ਪਹਿਲਾਂ ਗੁਰਿੰਦਰ ਸਿੰਘ ਭੋਲੇ, ਸਰਬਜੀਤ ਸਿੰਘ ਰੋਪੜ, ਸੁਖਵੰਤ ਸਿੰਘ ਅੱਕਾਂਵਾਲ਼ੀ ਤੇ ਮਗਰੋਂ ਚਮਕੌਰ ਸਿੰਘ ਰੋਡੇ, ਭੁਪਿੰਦਰ ਸਿੰਘ ਲੌਂਗੀਆ ਤੇ ਹੋਰ ਅਨੇਕਾਂ ਗੁਰੂ ਦੇ ਰਾਹ ਚੱਲੇ ਗੁਰਸਿੱਖਾਂ ਨੂੰ ਕਤਲ ਕਰਕੇ ਸਦ-ਰਹਿਣੇ ਖ਼ਾਲਸਾ ਰਾਜ ਦੇ ਲਾਲ ਨੂੰ ਖ਼ਾਲਿਸਤਾਨ (ਬੇਗਾਨੀ ਦਾਤ) ਦੇ ਲਫ਼ਜ਼ ਦੀ ਕਉਡੀ ਵੱਟੇ ਵਟਾ ਲਿਆ। ਇਨ੍ਹਾਂ ਬੁਰਛਿਆਂ ਦੇ ਸਰਗਣੇ ਅਤੇ ਮਰਾਸੀ ਅੱਜ ਵੀ ਬੇਹੱਦ ਢੀਠਤਾਈ ਨਾਲ ਸਦੀ ਦੀ ਵੱਡੀ ਤ੍ਰਾਸਦੀ ਹੋ ਨਿੱਬੜੇ ਕਤਲਾਂ ਨੂੰ ਸਹੀ ਪ੍ਰਚਾਰਨ ਲਈ ਬਜ਼ਿੱਦ ਹਨ। ਕਤਲ ਤਾਂ ਕਦੇ ਦੁਸ਼ਮਣ ਦਾ ਵੀ ਜਾਇਜ਼ ਨਹੀਂ ਹੁੰਦਾ, ਸਿਰਫ਼ ਮਜਬੂਰੀ ਹੁੰਦਾ ਹੈ। ਸਿੱਖ ਕੌਮ ਦੀ ਅਣਗਹਿਲੀ ਦੀ ਹੱਦ ਹੈ ਕਿ ਸਾਜ਼ਸ਼ੀ ਟੋਲਿਆਂ ਦੇ ਕਤਲਾਂ ਸਬੰਧੀ ‘ਪ੍ਰਵਚਨਾਂ’, ਹਰਕਤਾਂ ਨੂੰ ਅੱਜ ਤੱਕ ਸ਼ੀਰੇ-ਮਾਦਰ ਸਮਝ ਕੇ ਡਕਾਰ ਰਹੀ ਹੈ।’

ਸਰਦਾਰ ਸਾਹਿਬ ਦੇ ਪੂਰੇ ਆਰਟੀਕਲ ਨੂੰ ਪੜ੍ਹਨ ਤੋਂ ਬਾਅਦ ਇਹ ਪ੍ਰਭਾਵ ਬਣਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਝੋਰਾ ਹੈ ਕਿ 84 ਦੀ ਹਥਿਆਰਬੰਦ ਮੂਵਮੈਂਟ ਦੇ ਖਾੜਕੂ, 18ਵੀਂ ਸਦੀ ਦੇ ਖਾਲਸਿਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਲਸਾਈ ਫੌਜਾਂ ਵਾਲ਼ਾ ਸਿੱਖੀ ਕਿਰਦਾਰ ਨਿਭਾਉਣ ਦੀ ਥਾਂ ਬੁਰਛਾਗਰਦ ਟੋਲੇ ਹੋ ਨਿਬੜੇ, ਜੋ ਆਪਣੇ ਹੀ ਧਰਮ ਭਾਈਆਂ ਦੇ ਕਤਲ ਕਰਨ ਲੱਗ ਪਏ ਸਨ। ਸ. ਗੁਰਤੇਜ ਸਿੰਘ ਹੋਰਾਂ ਨੂੰ ਇਨ੍ਹਾਂ ਧਿਰਾਂ ਉਤੇ ਇਹ ਵੀ ਗਿਲਾ ਹੈ ਕਿ ਜਿਸ ‘ਖਾਲਿਸਤਾਨ’ ਦੇ ਸ਼ਬਦ ਨੂੰ ਲੈ ਕੇ ਇਨ੍ਹਾਂ ਨੇ ਬੇਮੁਹਾਰੀ ਕਤਲੋਗਾਰਤ ਕੀਤੀ ਸੀ, ਉਹ ‘ਖਾਲਿਸਤਾਨ’ ਦੀ ਮੰਗ ਸਿੱਖਾਂ ਦੀ ਨਹੀਂ ਸੀ, ਸਗੋਂ ਸਿੱਖ ਵਿਰੋਧੀ ਤਾਕਤਾਂ ਨੇ ਸਿੱਖਾਂ ਸਿਰ ਬੜੀ ਸਾਜ਼ਿਸ਼ ਤਹਿਤ ਮੜੀ ਸੀ। ਅਸੀਂ ਸਰਦਾਰ ਸਾਹਿਬ ਦੀਆਂ ਇਨ੍ਹਾਂ ਗੱਲਾਂ ਨਾਲ਼ ਬਿਲਕੁਲ ਸਹਿਮਤ ਹਾਂ ਕਿ 84 ਦੀ ਜਜ਼ਬਾਤੀ ਖਾੜਕੂ ਲਹਿਰ ਬਿਨਾਂ ਕਿਸੇ ਸਪੱਸ਼ਟ ਤੇ ਦੂਰ-ਅੰਦੇਸ਼, ਪੰਜਾਬ ਤੇ ਸਿੱਖ ਪੱਖੀ ਨਿਸ਼ਾਨੇ ਦੇ, ਬੇਮੁਹਾਰੀ ਹਿੰਸਾ ਹੋ ਨਿਬੜੀ ਸੀ। ਜਿਸਦਾ ਅੰਤ ਵੀ ਪੁਲਿਸ ਦੇ ਜ਼ਬਰ ਨਾਲ਼ ਬੜਾ ਭਿਆਨਕ ਹੋਇਆ ਸੀ। ਇੱਥੇ ਸਰਦਾਰ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ 18ਵੀਂ ਸਦੀ ਦੀਆਂ ਸਿੱਖ ਮਿਸਲਾਂ ਦੇ ਇਤਿਹਾਸ ਬਾਰੇ ਨਵੇਂ ਖਾਲਿਸਤਾਨੀ ਲੀਡਰ ਭਾਈ ਅੰਮ੍ਰਿਤਪਾਲ ਸਿੰਘ (ਜੋ ਅੱਜ ਕੱਲ੍ਹ ਅਸਾਮ ਦੀ ਡਿਬਰੂਗੜ੍ਹ ਜ਼ੇਲ੍ਹ ਵਿੱਚ ਨਜ਼ਰਬੰਦ ਹਨ) ਦੇ ਇੱਕ ਬਿਆਨ ਵੱਲ ਦਿਵਾਉਣਾ ਚਾਹੁੰਦੇ ਹਾਂ, ਜਦੋਂ ਉਨ੍ਹਾਂ ਨੇ ਪੰਥਕ ਧਿਰਾਂ ਵਿੱਚ ਫੁੱਟ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਸੀ: ‘ਅਸੀਂ ਤਾਂ ਅੱਜ ਬਹੁਤ ਚੰਗੇ ਹਾਲਾਤਾਂ ਵਿੱਚ ਹਾਂ, 18ਵੀਂ ਸਦੀ ਦੇ ਖਾਲਸੇ ਤਾਂ ਵਿਰੋਧੀ ਮਿਸਲਾਂ ਦੇ 4-5 ਸੌ ਬੰਦੇ ਮਾਰ ਕੇ ਰਾਤ ਦਾ ਪ੍ਰਸ਼ਾਦਾ ਛਕਦੇ ਸਨ।’ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਲਸਾਈ ਫੌਜਾਂ ਵਲੋਂ ਮਹਾਰਾਜੇ ਦੀ ਮੌਤ ਤੋਂ ਬਾਅਦ ਆਪਸੀ ਖਾਨਾਜ਼ੰਗੀ ਵਿੱਚ ਜੋ ਮੌਤ ਦਾ ਨੰਗਾ ਨਾਚ ਨੱਚਿਆ, ਉਸ ਬਾਰੇ ਸ਼ਾਹ ਮੁਹੰਮਦ ਦੇ ‘ਜੰਗਨਾਮਾ ਸਿੰਘਾਂ ਫਿਰੰਗੀਆਂ’ ਦੀਆਂ ਇਹ ਕੁੱਝ ਲਾਈਨਾਂ ਹੀ ਖਾਲਸਿਆਂ ਦੀ ਭਰਾ-ਮਾਰੂ ਜੰਗ ਨੂੰ ਸਮਝਣ ਲਈ ਕਾਫੀ ਹਨ: ‘ਸਿੰਘਾਂ, ਮਾਰ ਸਰਦਾਰਾਂ ਦਾ ਨਾਸ਼ ਕੀਤਾ, ਸਭੋ ਕਤਲ ਹੋਏ ਵਾਰੋ-ਵਾਰ ਮੀਆਂ। ਸਿਰ ਤੇ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਇਆ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ। ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ।’ ਮੈਨੂੰ ਲਗਦਾ ਹੈ ਕਿ 84 ਦੇ ਦੌਰ ਵਿੱਚ ਵੀ ਖਾੜਕੂਆਂ ਨੇ ਸਾਡੇ ਪੁਰਾਤਨ ਕੌਮੀ (ਕਬੀਲਾ) ਸੁਭਾਅ ਅਨੁਸਾਰ ਹੀ ਸਭ ਕੁੱਝ ਕੀਤਾ ਸੀ। ਇਹ ਕੋਈ ਨਵੀਂ ਗੱਲ ਨਹੀਂ ਸੀ। ਪਰ ਬਦਕਿਸਮਤੀ ਨਾਲ਼ ਸਾਡੇ ਵਿਦਵਾਨ ਸਮੱਸਿਆਵਾਂ ਦੀ ਜੜ੍ਹ ਤੱਕ ਪਹੁੰਚਣ ਲਈ ਇਤਿਹਾਸ ਦਾ ਨਿਰਪੱਖ ਵਿਸ਼ਲੇਸ਼ਣ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕਰਦੇ?

ਇਸ ਲੇਖ ਤੇ ਮੈਂ ਸਰਦਾਰ ਸਾਹਿਬ ਦੀ ਪੋਸਟ ਹੇਠ ਇਹ ਕੁਮੈਂਟ ਕੀਤਾ ਸੀ: ‘ਗੁਰਤੇਜ ਸਿੰਘ ਜੀ ਜਦੋਂ ਤੱਕ ਤੁਹਾਡੇ ਵਰਗੇ ਵਿਦਵਾਨ ਗੁਰਬਾਣੀ ਦੇ ਸਰਬਸਾਂਝੀਵਾਲਤਾ ਤੇ ਮਨੁੱਖੀ ਬਰਾਬਰੀ ਦੇ ਸਿਧਾਂਤਕ ਨਜ਼ਰੀਏ ਤੋਂ ਸਿੱਖੀ ਨੂੰ ਨਹੀਂ ਸਮਝਦੇ, ਉਦੋਂ ਤੱਕ ਸਿੱਖਾਂ ਦਾ ਕਦੇ ਨਾ ਭਲਾ ਹੋਣਾ ਹੈ ਤੇ ਨਾ ਹੀ ਕੋਈ ਜਿੱਤ ਹੋਣੀ ਹੈ ਕਿਉਂਕਿ ਅਸੀਂ ਗੁਰੂਆਂ ਦੇ ਬੁਨਿਆਦੀ ਸਿਧਾਂਤਾਂ ਨੂੰ ਤਿਲਾਂਜਲੀ ਦੇ ਚੁੱਕੇ ਹਾਂ। ਬਾਕੀ ਚਾਹੇ ਕੋਈ ਵਿਰੋਧੀਆਂ ਨੂੰ ਮਾਰ-ਮੁਕਾਏ ਅਤੇ ਚਾਹੇ ਇੱਕ ਦੂਜੇ ਨਾਲ਼ ਮੇਹਣੋ ਮੋਹਣੀ ਹੋਈ ਜਾਏ। ਕੁੱਝ ਫਰਕ ਨਹੀਂ ਪੈਣਾ। ਅਨੰਦਪੁਰ ਸਾਹਿਬ ਦੇ ਮਤੇ ਦੇ ਅਧਾਰ ਤੇ 1978 ਤੋਂ ਚੱਲੇ ਕੌਮੀ ਸੰਘਰਸ਼ ਦਾ ਅਧਾਰ ਹੀ ਗੁਰਮਤਿ ਤੇ ਸਿੱਖ ਵਿਰੋਧੀ ਸੀ? ਇਹ ਸੱਚ ਅੱਜ ਮੰਨ ਲਓ ਤੇ ਚਾਹੇ 100 ਸਾਲ ਬਾਅਦ ਮੰਨ ਲਿਉ? ਪਰ ਜੋ ਕੁੱਝ ਤੁਸੀਂ ਲੋਕ ਕਰ ਰਹੇ ਹੋ, ਕੀ ਉਹ ਗੁਰੂ ਨਾਨਕ ਸੰਦੇਸ਼ ਅਤੇ ਮੂਲ ਸਿੱਖ ਸਿਧਾਂਤਾਂ ਦੀ ਨਜ਼ਰ-ਅੰਦਾਜੀ ਨਹੀਂ? ਤੁਹਾਡੀ ਉਪਰਲੀ ਲਿਖਤ ਇਸਦਾ ਸਪੱਸ਼ਟ ਸਬੂਤ ਹੈ। ਗੁਸਤਾਖ਼ੀ ਮਾਫ।’

ਮੇਰੇ ਇਸ ਕੁਮੈਂਟ ਦੇ ਜਵਾਬ ਵਿੱਚ ਗੁਰਤੇਜ ਸਿੰਘ ਹੋਰਾਂ ਨੇ ਇਹ ਕੁਮੈਂਟ ਲਿਖਿਆ: ‘ਜੀ ਤੁਹਾਨੂੰ ਮੇਰੀ, ਹਥਲੀ ਲਿਖਤ ਸਮੇਤ ਕਿਹੜੀ ਲਿਖਤ ਵਿੱਚ ਸਰਬ ਸਾਂਝੀਵਾਲਤਾ ਅਤੇ ਮਨੁੱਖੀ ਬਰਾਬਰੀ ਦੀ ਅਣਹੋਂਦ ਦਿਸੀ ਹੈ? ਜੇ ਕਿੰਤੂ ਕਰਨਾ ਹੀ ਵਿਦਵਤਾ ਹੈ ਤਾਂ ਤੁਹਾਨੂੰ ਮੁਬਾਰਕ ਹੋਵੇ।’

ਫਿਰ ਇਸੇ ਕੁਮੈਂਟ ਤੇ ਖਾੜਕੂ ਸਫਾਂ ਅਤੇ ਫੈਡਰੇਸ਼ਨ ਵਿੱਚ ਮੋਢੀ ਆਗੂ ਰਹੇ, ਭਾਈ ਅਮਰੀਕ ਸਿੰਘ ਮੁਕਤਸਰ ਨੇ ਇਹ ਕੁਮੈਂਟ ਕੀਤਾ: ‘ਹਰਚਰਨ ਜੀ, ਸ. ਗੁਰਤੇਜ ਸਿੰਘ ਦੇ ਆਰਟੀਕਲ ਵਿੱਚ ਮੈਨੂੰ ਤਾਂ ਕੋਈ ਸਿਧਾਂਤਕ ਕੁਤਾਹੀ ਨਹੀਂ ਜਾਪੀ। ਸਗੋਂ ਉਨ੍ਹਾਂ ਨੇ ਖਾੜਕੂ ਲਹਿਰ ਦੀਆਂ ਬੁਰਛਾਗਰਦ ਅਤੇ ਭਰਾ-ਮਾਰੂ ਪ੍ਰਵਿਰਤੀਆਂ ਖ਼ਿਲਾਫ਼ ਖੁੱਲ਼੍ਹ ਕੇ ਸਟੈਂਡ ਲਿਆ ਹੈ। ਉਨ੍ਹਾਂ ਨੇ ਖਾੜਕੂ ਲਹਿਰ ਦੀਆਂ ਸਿਆਸੀ ਨਾ-ਸਮਝੀਆਂ ਉਪਰ ਵੀ ਉਂਗਲ ਧਰੀ ਹੈ। ਪਰ ਤੁਸੀਂ ਤਾਂ ਧਰਮ ਯੁੱਧ ਮੋਰਚੇ ਦੀ ਬੁਨਿਆਦ ਨੂੰ ਹੀ ਸਿੱਖ ਸਿਧਾਂਤਾਂ ਵਿਰੋਧੀ ਆਖ ਕੇ ਸੰਵਾਦ ਦੀ ਸੰਭਾਵਨਾ ਤੱਕ ਖਤਮ ਕਰ ਦਿੱਤੀ ਹੈ।’

ਅੱਗੇ ਮੇਰੇ ਇਸੇ ਕੁਮੈਂਟ ਤੇ ਸਿੱਖ ਵਿਦਵਾਨ ਪ੍ਰੋ ਬਲਵਿੰਦਰਪਾਲ ਸਿੰਘ ਇਉਂ ਲਿਖਦੇ ਹਨ: ‘ਗੁਰਤੇਜ ਸਿੰਘ ਤੋਂ ਵੱਧ ਕੌਣ ਸਾਂਝੀਵਾਲਤਾ ਤੇ ਮਨੁੱਖੀ ਬਰਾਬਰੀ ਨੂੰ ਸਮਝ ਲਵੇਗਾ। ਉਸਦਾ ਰੋਮ-ਰੋਮ ਪੰਥ ਨੂੰ ਸਮਰਪਿਤ ਹੈ। ਉਸਦੀ ਰੂਹ ਵਿੱਚ ਗੁਰੂ ਦੇ ਸਮਾਜ ਤੇ ਸੱਚੀ ਪਾਤਸ਼ਾਹੀ ਦੀ ਰਾਜਨੀਤੀ ਦਾ ਪੈਗਾਮ ਹੈ। ਹਰਚਰਨ ਭਾਜੀ, ਇਸ ਲਿਖਤ ਵਿੱਚ ਜੋ ਗੱਲ ਤੁਹਾਨੂੰ ਸਹੀ ਨਹੀਂ ਲੱਗੀ ਜਾਂ ਨਹੀਂ ਕਹੀ, ਉਸ ਬਾਰੇ ਵਿਸਥਾਰ ਸਹਿਤ ਚਰਚਾ ਕਰੋ।’

ਇਸੇ ਲਿਖਤ ਬਾਰੇ ਕੁੱਝ ਦਿਨ ਪਹਿਲਾਂ ਅਮਰੀਕ ਸਿੰਘ ਮੁਕਤਸਰ ਹੋਰਾਂ ਨਾਲ਼ ਫੋਨ ਤੇ ਇੱਕ ਘੰਟੇ ਤੋਂ ਵੱਧ ਵਿਸਤਾਰਤ ਚਰਚਾ ਹੋਈ। ਨਿੱਜੀ ਜੀਵਨ ਵਿੱਚ ਬਿਜ਼ੀ ਹੋਣ ਕਾਰਨ ਇਸ ਪੋਸਟ ਤੇ ਦੁਬਾਰਾ ਕੋਈ ਕੁਮੈਂਟ ਨਹੀਂ ਲਿਖ ਸਕਿਆ। ਪਰ ਅਮਰੀਕ ਸਿੰਘ ਮੁਕਤਸਰ ਹੋਰਾਂ ਨਾਲ਼ ਫੋਨ ਤੇ ਲੰਬੀ ਗੱਲਬਾਤ ਤੋਂ ਬਾਅਦ ਮੈਂ ਆਪਣੀ ਗੱਲ ਨੂੰ ਸਪੱਸ਼ਟ ਕਰਨ ਅਤੇ ਮੇਰੇ ਮਨ ਵਿੱਚ ਸਿੱਖ ਵਿਦਵਾਨਾਂ ਤੇ ਲੀਡਰਾਂ ਪ੍ਰਤੀ ਜੋ ਸਵਾਲ ਹਨ, ਉਹ ਇਸ ਲੇਖ ਰਾਹੀਂ ਸਾਂਝੇ ਕਰਨ ਦਾ ਯਤਨ ਕਰ ਰਿਹਾ ਹਾਂ। ਮੈਂ ਸੁਹਿਰਦ ਸਿੱਖ ਵਿਦਵਾਨਾਂ ਨੂੰ ਚਰਚਾ ਦਾ ਸੱਦਾ ਦਿੰਦਾ ਹਾਂ, ਜੇ ਉਹ ਇੱਥੇ ਨਹੀਂ ਤਾਂ ਪੰਥ ਤੇ ਪੰਜਾਬ ਦੇ ਭਲੇ ਹਿੱਤ ਆਪਣੇ ਕਿਸੇ ਪਲੈਟਫਾਰਮ ਤੇ ਜਰੂਰ ਚਰਚਾ ਕਰਨ ਤਾਂ ਕਿ ਪੰਥ ਤੇ ਪੰਜਾਬ ਲਈ ਕੁੱਝ ਚੰਗਾ ਸਿਰਜਿਆ ਜਾ ਸਕੇ?

ਮੈਨੂੰ ਲਗਦਾ ਹੈ ਕਿ ਸਾਡੀਆਂ ਮੌਜੂਦਾ ਜਾਂ ਪਹਿਲੀਆਂ ਬਹੁਤੀਆਂ ਸਮੱਸਿਆਵਾਂ ਸਾਡੀ ਕਬੀਲਾ ਮਾਨਸਿਕਤਾ ਅਤੇ ਸਿੱਖ ਸਪਿਰਟ ਬਾਰੇ ਅਗਿਆਨਨਤਾ ਦੀਆਂ ਸਮੱਸਿਆਵਾਂ ਹਨ? ਮੇਰਾ ਇਹ ਵੀ ਮੰਨਣਾ ਹੈ ਕਿ ਅਸੀਂ ਘਟਨਾਵਾਂ ਅਧਾਰਿਤ ਜਜਬਾਤੀ ਨਾਹਰੇਬਾਜੀ ਦੀ ਸਿਆਸਤ ਤਾਂ ਜਰੂਰ ਕਰਦੇ ਹਾਂ, ਪਰ ਵਾਰ-ਵਾਰ ਉਠਾਏ ਜਾ ਰਹੇ ਮਸਲਿਆਂ ਨੂੰ ਗੰਭੀਰਤਾ ਤੇ ਦੂਰ-ਅੰਦੇਸ਼ੀ ਨਾਲ਼ ਸਮਝਣ ਜਾਂ ਵਿਚਾਰਨ ਦਾ ਸ਼ਾਇਦ ਸਾਡੇ ਕੋਲ਼ ਸਹਿਜ ਤੇ ਠਰੰਮਾ ਨਹੀਂ ਹੈ? ਮੇਰੀ ਸਮਝ ਅਨੁਸਾਰ ਗੁਰਬਾਣੀ ਵਿਚਾਰਧਾਰਾ ਦਾ ਮੁੱਖ ਅਧਾਰ ਸਾਂਝੀਵਾਲਤਾ, ਮਨੁੱਖੀ ਬਰਾਬਰੀ, ਸਮਾਜਿਕ ਤੇ ਰਾਜਸੀ ਨਿਆਂ ਹੈ। ਪਰ ਕੀ ਮੌਜੂਦਾ ਦੌਰ ਦੀਆਂ ਦੇਸ਼-ਵਿਦੇਸ਼ ਵਿੱਚ ਖਿੰਡਰੀਆਂ-ਪੁੰਡਰੀਆਂ ਪੰਥਕ ਧਿਰਾਂ ਆਪਣੇ ਇਨ੍ਹਾਂ ਬੁਨਿਆਦੀ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਹਿੰਸਾ ਤੇ ਨਫਰਤ ਅਧਾਰਿਤ ਫਿਰਕੂ ਰਾਜਨੀਤੀ ਨਹੀਂ ਕਰ ਰਹੀਆਂ? ਉਨ੍ਹਾਂ ਦੀ ਇਹ ਨੀਤੀ ਨਾ ਸਿਰਫ ਪੰਜਾਬ ਵਿੱਚ ਵਸਦੇ ਹਿੰਦੂਆਂ, ਦਲਿਤਾਂ ਤੇ ਹੋਰ ਭਾਈਚਾਰਿਆਂ ਦੇ ਹਿੱਤਾਂ ਨੂੰ ਵਿਸਾਰ ਚੁੱਕੀ ਹੈ, ਸਗੋਂ ਸਿੱਖਾਂ ਵਿਚਲੇ ਨਾਮਧਾਰੀ, ਰਾਧਾ ਸਵਾਮੀ, ਸਹਿਜਧਾਰੀ ਆਦਿ ਅਨੇਕਾਂ ਛੋਟੇ ਭਾਈਚਾਰੇ ਵੀ ਉਨ੍ਹਾਂ ਦੇ ਕਿਸੇ ਏਜੰਡੇ ਤੇ ਨਹੀਂ ਹਨ। ਉਨ੍ਹਾਂ ਦੀ ਸਾਰੀ ਰਾਜਨੀਤੀ ਕੁੱਝ ਧੜਿਆਂ ਦੀਆਂ ਸਿਆਸੀ ਅਕਾਂਖਿਆਵਾਂ ਦੀ ਪੂਰਤੀ ਤੋਂ ਅੱਗੇ ਨਹੀਂ ਵੱਧਦੀ, ਜਿਸਨੂੰ ਉਹ ਸਿੱਖ ਕੌਮ ਦੀ ਅਜ਼ਾਦੀ ਦਾ ਨਾਮ ਦਿੰਦੇ ਹਨ?

ਹੁਣ ਸ. ਗੁਰਤੇਜ ਸਿੰਘ ਹੋਰਾਂ ਵਰਗੇ ਸੂਝਵਾਨ ਵਿਦਵਾਨ ਭਾਈ ਹਰਮਿੰਦਰ ਸਿੰਘ ਸੰਧੂ ਸਮੇਤ ਸੈਂਕੜੇ ਫੈਡਰੇਸ਼ਨ ਤੇ ਵਿਰੋਧੀ ਗੁੱਟਾਂ ਦੇ ਖਾੜਕੂਆਂ ਨੂੰ ਮਾਰਨ ਦੇ ਭਰਾ-ਮਾਰੂ ਰੁਝਾਨ ਦੀ ਤਾਂ ਵਿਰੋਧਤਾ ਕਰਦੇ ਹਨ, ਜੋ ਕੀਤੀ ਵੀ ਜਾਣੀ ਚਾਹੀਦੀ ਹੈ ਅਤੇ ਅਸੀਂ ਉਨ੍ਹਾਂ ਦੇ ਇਸ ਦਲੇਰਾਨਾ ਕਦਮ ਦੀ ਸ਼ਲਾਘਾ ਵੀ ਕਰਦੇ ਹਾਂ। ਪਰ ਮਸਲਾ ਤਾਂ ਇਹ ਹੈ ਕੀ ਖਾੜਕੂਆਂ ਨੇ 1982-1995 ਤੱਕ ਸਿਰਫ 100-200 ਆਪਣੇ ਖਾੜਕੂ ਸਾਥੀ ਹੀ ਮਾਰੇ ਸਨ? ਇਸ ਵਿੱਚ ਵੀ ਕੋਈ ਸੰਦੇਹ ਨਹੀਂ ਕਿ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਅਨੇਕਾਂ ਸੁਹਿਰਦ ਸਿੱਖ ਨੌਜਵਾਨਾਂ ਨੇ ਜਜ਼ਬਾਤੀ ਰੌਂਅ ਵਿੱਚ ਹਥਿਆਰ ਚੁੱਕੇ ਤੇ ਸਿੱਖੀ ਸਿਦਕ ਨਿਭਾਉਂਦੇ ਹੋਏ ਤਸੀਹੇ ਝੱਲ ਕੇ ਬੇਗਰਜ ਸ਼ਹਾਦਤਾਂ ਦਿੱਤੀਆਂ, ਪਰ ਸਵਾਲ ਤਾਂ ਇਹ ਹੈ ਕਿ ਉਨ੍ਹਾਂ ਹਜ਼ਾਰਾਂ ਬੇਗੁਨਾਹਾਂ ਦੇ ਕਤਲਾਂ ਬਾਰੇ ਅਸੀਂ ਕਦੋਂ ਵਿਚਾਰ ਕਰਾਂਗੇ, ਜਿਨ੍ਹਾਂ ਨੂੰ ਬੱਸਾਂ, ਟ੍ਰੇਨਾਂ, ਬਜ਼ਾਰਾਂ, ਸਿਨਮਿਆਂ, ਭੱਠਿਆਂ, ਨਹਿਰਾਂ ਤੇ ਗੋਲ਼ੀਆਂ ਨਾਲ਼ ਭੁੰਨ ਦਿੱਤਾ ਗਿਆ ਸੀ? ਕੀ ਉਦੋਂ ਖਾੜਕੂ ਧਿਰਾਂ ਵਲੋਂ ਹਰ ਵਿਰੋਧੀ ਆਵਾਜ ਨੂੰ ਦਬਾਉਣ ਲਈ ਗੋਲੀ ਹੀ ਇੱਕ ਮਾਤਰ ਸਾਧਨ ਨਹੀਂ ਮਿਥ ਲਿਆ ਗਿਆ ਸੀ? ਕੀ ਉਸ ਦੌਰ ਵਿੱਚ ਵਿਰੋਧੀ ਵਿਚਾਰ ਰੱਖਣ ਵਾਲ਼ੇ ਮਾਰੇ ਗਏ ਸਿਆਸੀ ਕਾਰਕੁੰਨਾਂ, ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ਦੀ ਅਵਾਜ਼ ਬੰਦ ਕਰਾਉਣ ਲਈ ਗੋਲ਼ੀ ਹੀ ਇੱਕ ਮਾਤਰ ਰਾਹ ਬਚਿਆ ਸੀ? ਕੀ 30-35 ਸਾਲ ਬੀਤਣ ਤੋਂ ਬਾਅਦ ਵੀ ਸਾਡੇ ਬੁੱਧੀਜੀਵੀ ਅਜਿਹੇ ਮਸਲਿਆਂ ਤੇ ਸਿੱਖੀ ਦੀ ਸਾਂਝੀਵਾਲਤਾ ਦੀ ਸਪਿਰਟ ਅਨੁਸਾਰ ਵਿਚਾਰ ਕਰਨ ਤੋਂ ਅਸਮਰਥ ਰਹਿਣ ਦੇ ਦੋਸ਼ੀ ਨਹੀਂ? ਅਸੀਂ ਕਦੋਂ ਤੱਕ ਬੇਗੁਨਾਹਾਂ ਦੇ ਕਤਲਾਂ ਨੂੰ ਏਜੰਸੀਆਂ ਸਿਰ ਮੜ੍ਹ ਕੇ ਸਚਾਈ ਤੋਂ ਮੂੰਹ ਮੋੜਦੇ ਰਹਾਂਗੇ? ਕੀ ਗੁਰਤੇਜ ਸਿੰਘ, ਅਮਰੀਕ ਸਿੰਘ ਮੁਕਤਸਰ, ਦਲਜੀਤ ਸਿੰਘ ਬਿੱਟੂ ਆਦਿ ਅਨੇਕਾਂ ਵਿਦਵਾਨਾਂ ਤੇ ਲੀਡਰਾਂ ਨੂੰ ਪਤਾ ਨਹੀਂ ਕਿ ਕਿਹੜੇ ਐਕਸ਼ਨ ਕਿਹੜੀ ਜਥੇਬੰਦੀ ਤੇ ਕਿਹੜੇ ਖਾੜਕੂਆਂ ਨੇ ਕੀਤੇ ਸਨ? ਪਰ ਇਹ ਤਾਂ ਹੀ ਸੰਭਵ ਹੈ, ਜੇ ਅਸੀਂ ਸੌੜੀ ਫਿਰਕੂ ਸੋਚ ਦੀ ਥਾਂ ਸਾਂਝੀਵਾਲਤਾ ਵਾਲ਼ੀ ਸੋਚ ਅਪਨਾਵਾਂਗੇ? ਆਪਣੀਆਂ ਗਲਤੀਆਂ ਨੂੰ ਮੰਨਣ ਦਾ ਜ਼ੇਰਾ ਦਿਖਾਵਾਂਗੇ? ਕੋਈ ਸ਼ੱਕ ਨਹੀਂ ਕਿ ਭਾਰਤੀ ਸਟੇਟ ਨੇ ਜਬਰ ਦਾ ਰਸਤਾ ਅਪਨਾਉਣ ਦੀ ਬੱਜ਼ਰ ਗਲਤੀ ਕੀਤੀ? ਪਰ ਕੀ ਇਸ ਨਾਲ਼ ਅਸੀਂ ਆਪਣੇ ਗੁਨਾਹਾਂ ਤੋਂ ਬਚ ਜਾਵਾਂਗੇ? ਕੀ ਅਸੀਂ ਕਦੇ ਸੋਚਿਆ ਹੈ ਕਿ ਹਜਾਰਾਂ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲ਼ੀਆਂ ਧਿਰਾਂ ਦੀ ਥਾਂ ਲੋਕਾਂ ਨੇ ਪਿਛਲੇ 30 ਸਾਲਾਂ ਵਿੱਚ ਵਾਰ-ਵਾਰ ਅਕਾਲੀਆਂ ਤੇ ਕਾਂਗਰਸੀਆਂ ਤੇ ਹੁਣ ਆਮ ਆਦਮੀ ਪਾਰਟੀ ਨੂੰ ਰਾਜਸੀ ਤੌਰ ਤੇ ਪ੍ਰਵਾਨਿਆ, ਪਰ ਪੰਥਕ ਧਿਰਾਂ ਕਦੇ ਕੋਈ ਅਹਿਮੀਅਤ ਕਿਉਂ ਨਹੀਂ ਦਿੱਤੀ?

ਭਾਈ ਸੰਧੂ ਦੇ ਕਤਲ ਬਾਰੇ ਆਸਟਰੇਲੀਆਂ ਰਹਿੰਦੇ ਉਸਦੇ ਸਾਥੀ ਤੇ ਸਾਬਕਾ ਖਾੜਕੂ ਵਿਜੈ ਪਾਲ ਸਿੰਘ ਕਹਿੰਦੇ ਹਨ ਕਿ ਸੰਧੂ ਦੀ ਪ੍ਰੀਤਿਭਾ ਹੀ ਉਸਦੇ ਕਤਲ ਦੀ ਵੱਡੀ ਦੁਸ਼ਮਣ ਹੋ ਨਿਬੜੀ। ਕੋਈ ਸ਼ੱਕ ਨਹੀਂ ਕਿ ਹਰਮਿੰਦਰ ਸਿੰਘ ਸੰਧੂ ਸਮੇਤ ਅਨੇਕਾਂ ਫੈਡਰੇਸ਼ਨ ਆਗੂਆਂ ਤੇ ਖਾੜਕੂਆਂ ਦੇ ਭਰਾ-ਮਾਰੂ ਜੰਗ ਵਿੱਚ ਹੋਏ ਕਤਲ ਨਿੰਦਣਯੋਗ ਹਨ। ਪਰ ਹਰਮਿੰਦਰ ਸਿੰਘ ਸੰਧੂ ਵਲੋਂ ਜਨਰਲ ਸਰਦੂਲ ਸਿੰਘ ਦੇ ਫਰਜੀ ਨਾਮ ਹੇਠ ਬਣਾਈ ਹੋਈ, ‘ਦਸ਼ਮੇਸ਼ ਰੈਜਮੈਂਟ’ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ, ਦਿੱਲੀ ਦੇ ਸਿੱਖ ਲੀਡਰ ਹਰਬੰਸ ਸਿੰਘ ਮਨਚੰਦਾ, ਕਾਂਗਰਸ ਦੇ ਰਾਜ ਸਭਾ ਐਮ. ਪੀ. ਵਿਸ਼ਵਨਾਥ ਤਿਵਾੜੀ, ਹਿੰਦ ਸਮਾਚਾਰ ਗਰੁੱਪ ਦੇ ਐਡੀਟਰ ਰਮੇਸ਼ ਚੰਦਰ ਆਦਿ ਦੇ ਕਤਲਾਂ ਅਤੇ ਇੱਕੋ ਰਾਤ ਨੂੰ 36 ਰੇਲਵੇ ਸਟੇਸ਼ਨਾਂ ਨੂੰ ਸਾੜਨ ਵਰਗੀਆਂ ਅਨੇਕਾਂ ਹਿੰਸਕ ਵਾਰਦਾਤਾਂ ਨੂੰ ਚੱਲ ਰਹੇ ਸ਼ਾਤਮਈ ‘ਧਰਮ ਯੁੱਧ ਮੋਰਚੇ’ ਦੌਰਾਨ ਕਰਨਾ ਕਿਤਨਾ ਕੁ ਜਾਇਜ਼ ਕਿਹਾ ਜਾ ਸਕਦਾ ਹੈ? ਇਸੇ ਤਰ੍ਹਾਂ ਢਿੱਲਵਾਂ ਬੱਸ ਕਾਂਡ, ਪੱਟੀ ਤੇ ਨੌਸ਼ਹਿਰਾ ਪੰਨੂੰਆਂ ਵਾਲ਼ੇ ਬੇਗੁਨਾਹ ਹਿੰਦੂਆਂ ਦੇ ਕਤਲਾਂ ਨੂੰ ਅਸੀਂ ਕਦੋਂ ਤੱਕ ਏਜੰਸੀਆਂ ਸਿਰ ਮੜ੍ਹਦੇ ਰਹਾਂਗੇ?

ਸਾਡੇ ਵਿਦਵਾਨ ਅਕਸਰ ਇਹ ਇਲਜ਼ਾਮ ਲਗਾਉਂਦੇ ਹਨ ਕਿ ਭਾਰਤ ਸਰਕਾਰ ਨੇ ਜੂਨ 84 ਤੋਂ ਸਾਲ ਪਹਿਲਾਂ ਹਰਿਮੰਦਰ ਸਾਹਿਬ `ਤੇ ਹਮਲਾ ਕਰਨ ਦੀ ਪਲੈਨ ਤਿਆਰ ਕਰ ਲਈ ਸੀ? ਖੁਫੀਆ ਏਜੰਸੀ ਰਾਅ ਦੇ ਸਾਬਕਾ ਸੀਨੀਅਰ ਅਧਿਕਾਰੀ ਜੀ ਬੀ ਸਿੱਧੂ ਆਪਣੀ ਕਿਤਾਬ ‘ਖਾਲਿਸਤਾਨ ਸਾਜਿਸ਼’ ਵਿੱਚ ਤਾਂ ਇੱਥੇ ਤੱਕ ਇਲਜ਼ਾਮ ਲਗਾਉਂਦੇ ਹਨ ਕਿ ਅਜਿਹੀ ਸਾਜ਼ਿਸ਼ ਦੀ ਸ਼ੁਰੂਆਤ 1980 ਦੇ ਸ਼ੁਰੂਆਤੀ ਦੌਰ ਵਿੱਚ ਹੀ ਸ਼ੁਰੂ ਹੋ ਚੁੱਕੀ ਸੀ? ਕੀ ‘ਦਸ਼ਮੇਸ਼ ਰੈਜਮੈਂਟ’ ਵਲੋਂ 84 ਵਿੱਚ ਵਾਰ-ਵਾਰ ਕੀਤੀਆਂ ਭੜਕਾਊ ਹਿੰਸਕ ਕਾਰਵਾਈਆਂ, ਮੈਡਮ ਇੰਦਰਾ ਗਾਂਧੀ ਨੂੰ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਲਈ ਬਹਾਨਾ ਨਹੀਂ ਦੇ ਰਹੀਆਂ ਸਨ? ਕੀ ਅਸੀਂ ਇਸ ਬਾਰੇ ਵੀ ਕਦੇ ਵਿਚਾਰ ਕਰਾਂਗੇ ਕਿ ਸ਼ਾਂਤਮਈ ਧਰਮ ਯੁੱਧ ਮੋਰਚੇ ਵਿੱਚ ਵਾੜੀ ਗਈ ਹਿੰਸਾ ਵੀ ਕਿਸੇ ਅਜਿਹੀ ਸਾਜਿਸ਼ ਦਾ ਹਿੱਸਾ ਤੇ ਨਹੀਂ ਸੀ? ਜੇ ਅਸੀਂ ਬੇਗੁਨਾਹਾਂ ਦੇ ਕਤਲਾਂ ਤੇ ਚੁੱਪ ਹਾਂ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਡੇ ਰੋਮ-ਰੋਮ ਵਿੱਚ ਗੁਰੂ ਦੇ ਪੰਥ ਦੀ ਸੋਚ ਵਸਦੀ ਹੈ?

ਭਾਈ ਅਮਰੀਕ ਸਿੰਘ ਮੁਕਤਸਰ ਵਲੋਂ ਮੇਰੇ ਤੇ ਇਤਰਾਜ ਉਠਾਇਆ ਗਿਆ ਹੈ ਕਿ ਮੈਂ ‘ਧਰਮ ਯੁੱਧ ਮੋਰਚੇ’ ਦੀ ਬੁਨਿਆਦ ਤੇ ਹੀ ਸਵਾਲ ਉਠਾ ਕੇ ਕਿਸੇ ਸੰਭਾਵੀ ਸੰਵਾਦ ਦੀ ਸੰਭਾਵਨਾ ਹੀ ਖਤਮ ਕਰ ਦਿੱਤੀ ਹੈ। ਮੈਂ ਭਾਈ ਅਮਰੀਕ ਸਿੰਘ ਜੀ ਨੂੰ ਨਿੱਜੀ ਗੱਲਬਾਤ ਵਿੱਚ ਸਪੱਸ਼ਟ ਕੀਤਾ ਸੀ ਕਿ ਤੁਸੀਂ ਜਾਂ ਪੰਥ ਦੇ ਸਿਰਮੌਰ ਵਿਦਵਾਨ, ਕੀ ਇਹ ਦੱਸ ਸਕਦੇ ਹਨ ਕਿ 1982 ਵਿੱਚ ‘ਸਿੱਖ ਪੰਥ’ ਜਾਂ ‘ਸਿੱਖ ਧਰਮ’ ਨੂੰ ਅਜਿਹਾ ਕਿਹੜਾ ‘ਧਰਮ ਸੰਕਟ’ ਪੈਦਾ ਹੋ ਗਿਆ ਸੀ ਕਿ ਸਾਨੂੰ ‘ਧਰਮ ਯੁੱਧ’ ਲੜਨ ਦੀ ਲੋੜ ਪੈ ਗਈ ਸੀ? ਇਸ ‘ਧਰਮ ਯੁੱਧ’ ਮੋਰਚੇ ਦੀਆਂ 90% ਮੰਗਾਂ ਤਾਂ ਸਿਆਸੀ ਸਨ ਤਾਂ ਇਸਦਾ ਨਾਮ ‘ਧਰਮ ਯੁੱਧ ਮੋਰਚਾ’ ਰੱਖਣਾ ਕਿਤਨਾ ਕੁ ਜਾਇਜ ਸੀ? ‘ਸਿੱਖ ਪੰਥ’ ਦੀ ਪੰਚ ਪ੍ਰਧਾਨੀ ਪ੍ਰੰਪਰਾ ਨੂੰ ਛੱਡ ਕੇ ਮੋਰਚੇ ਦੇ ਮੁੱਖੀ ਨੂੰ ‘ਡਿਕਟੇਟਰ’ ਦਾ ਅਹੁਦਾ ਦੇਣ ਤੋਂ ਸਾਨੂੰ ਕਿਉਂ ਤਕਲੀਫ ਨਹੀਂ ਹੋਈ ਕਿ ‘ਸਿੱਖੀ ਵਿੱਚ ਕਿਸੇ ਡਿਕਟੇਟਰਸ਼ਿਪ’ ਨੂੰ ਕੋਈ ਥਾਂ ਨਹੀਂ? ਜਦੋਂ ਮੋਰਚਾ ਨਿਰੋਲ ਸਿਆਸੀ ਮੰਗਾਂ ਅਧਾਰਿਤ ਸੀ ਤਾਂ ਉਸਨੂੰ ਸਰਬ ਸਾਂਝੇ ਧਾਰਮਿਕ ਅਸਥਾਨ ਹਰਿਮੰਦਰ ਸਾਹਿਬ ਵਿੱਚ ਲਿਜਾਣ ਦੀ ਕਵਾਇਦ ਨੂੰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਤਖਤਾਂ ਦੇ ਜਥੇਦਾਰਾਂ ਨੇ ਰੋਕਿਆ ਕਿਉਂ ਨਹੀਂ? ਮੰਨ ਲਿਆ, ਜੇ ਪੁਰਾਣੀਆਂ ਸਿੱਖ ਰਵਾਇਤਾਂ ਦੀ ਆੜ ਹੇਠ ਮੋਰਚਾ ਪਵਿੱਤਰ ਧਾਰਮਿਕ ਅਸਥਾਨ ਤੋਂ ਸ਼ਾਂਤਮਈ ਰਾਜਨੀਤਕ ਮੋਰਚਾ ਸ਼ੁਰੂ ਕਰ ਹੀ ਲਿਆ ਸੀ ਤਾਂ ਉਥੇ ਭਾਂਤ-ਭਾਂਤ ਦੇ ਹਥਿਆਰ ਇਕੱਠੇ ਕਿਉਂ ਹੋਣ ਦਿੱਤੇ ਗਏ? ਉਸ ਸਾਰੇ ਅਰਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਦਰਬਾਰ ਸਾਹਿਬ ਕੰਪਲੈਕਸ ਦੇ ਕਸਟੋਡੀਅਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਸ ਰੁਝਾਨ ਨੂੰ ਰੋਕਣ ਲਈ ਇੱਕ ਵਾਰ ਵੀ ਜ਼ੁਬਾਨ ਖੋਲਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਫੌਜੀ ਘੇਰਾ ਪੈ ਜਾਣ ਤੱਕ ਸਾਰੀ ਲੀਡਰਸ਼ਿਪ ਨੇ ਕਬੂਤਰ ਵਾਂਗ ਅੱਖਾਂ ਮੀਟੀ ਰੱਖਣ ਦੀ ਨੀਤੀ ਕਿਉਂ ਅਪਨਾਈ ਰੱਖੀ? ਕੀ ਇਹ ਸਭ ਵੀ ਕਿਸੇ ਸਾਜ਼ਿਸ਼ ਦਾ ਹਿੱਸਾ ਤੇ ਨਹੀਂ ਸੀ, ਜਿਸ ਬਾਰੇ ਜੀ. ਬੀ. ਸਿੰਘ ਸਿੱਧੂ ਤੇ ਹੋਰ ਅਨੇਕਾਂ ਕਿਤਾਬਾਂ ਇਸ਼ਾਰਾ ਕਰਦੀਆਂ ਹਨ? ਕੀ ਅਜੇ ਵੀ ਸਾਨੂੰ ਸਪੱਸ਼ਟ ਨਹੀਂ ਹੋ ਰਿਹਾ ਕਿ ਪੰਥ ਉਸ ਵਕਤ ਸੌੜੀ ਰਾਜਨੀਤੀ ਦੇ ਰਾਹ ਪੈ ਚੁੱਕਾ ਸੀ?

ਇਸ ‘ਧਰਮ ਯੁੱਧ ਮੋਰਚੇ’ ਦਾ ਅਧਾਰ ‘ਅਨੰਦਪੁਰ ਦਾ ਮਤਾ’ ਸੀ, ਜਿਸ ਬਾਰੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਉਹ ਪੰਜਾਬ ਦੀਆਂ ਸਾਂਝੀਆਂ ਹੱਕੀ ਮੰਗਾਂ ਦੇ ਨਾਲ਼-ਨਾਲ਼ ਭਾਰਤ ਦੇ ਸਾਰੇ ਰਾਜਾਂ ਲਈ ਵੱਧ ਅਧਿਕਾਰਾਂ ਵਾਲ਼ੇ ਫੈਡਰਲ ਢਾਂਚੇ ਦੀ ਮੰਗ ਕਰਦਾ ਹੈ, ਜਦਕਿ ਉਸ ਦੀਆਂ ਮੁਢਲੀਆਂ ਲਾਈਨਾਂ ‘ਪੰਜਾਬ ਵਿੱਚ ਸਿੱਖਾਂ ਦੇ ਬੋਲ-ਬਾਲੇ’ ਦੀ ਵਕਾਲਤ ਕਰਦੀਆਂ ਹਨ? ਜੇ ਇਸ ਤੋਂ ਅਨੰਦਰਪੁਰ ਸਾਹਿਬ ਦਾ ਮਤਾ ਬਣਾਉਣ ਵਾਲ਼ਿਆਂ ਦੀ ਰੀਝ ਸਿੱਖਾਂ ਦੀ ਚੜ੍ਹਦੀ ਕਲਾ ਵੇਖਣ ਤੋਂ ਸੀ ਤਾਂ ਦੱਸੋ ਦੁਨੀਆਂ ਭਰ ਵਿੱਚ ਬੈਠਾ ਕਿਹੜਾ ਸਿੱਖ ਹੈ, ਜੋ ਸਿੱਖਾਂ ਦੀ ਚੜ੍ਹਦੀ ਕਲਾ ਨਹੀਂ ਚਾਹੁੰਦਾ? ਕੀ ਇਸ ਰੀਝ ਦਾ ਪ੍ਰਗਟਾਵਾ ਅਜੋਕੇ ਜਮਹੂਰੀ ਮਾਡਰਨ ਵਰਲਡ ਦੀਆਂ ਹਕੀਕਤਾਂ ਦੇ ਸੰਦਰਭ ਵਿੱਚ ਕਿਸੇ ਹੋਰ ਢੰਗ ਨਾਲ਼ ਨਹੀਂ ਸੀ ਕੀਤਾ ਜਾ ਸਕਦਾ? ਜੇ ਇਸਦਾ ਜਵਾਬ ਨਹੀਂ ਵਿੱਚ ਸੀ ਤਾਂ ਫਿਰ ਵਿਰੋਧੀ ਸਾਡੇ ਇਰਾਦਿਆਂ ਤੇ ਸ਼ੱਕ ਕਿਉਂ ਨਾ ਕਰਨ ਕਿ ਅਸੀਂ ‘ਧਰਮ ਯੁੱਧ ਮੋਰਚੇ’ ਦੀ ਆੜ ਵਿੱਚ ਦੇਸ਼ ਤੋੜਨ ਦੀ ਸਾਜ਼ਿਸ਼ ਕਰ ਰਹੇ ਸੀ? ਕੀ ਅਸੀਂ ‘ਪੰਜਾਬੀ ਸੂਬਾ’ ਮੋਰਚੇ ਵੇਲੇ ਵੀ ਅਜਿਹੀ ਹੀ ਗਲਤੀ ਨਹੀਂ ਕੀਤੀ ਸੀ ਕਿ ਮੰਗ ਤਾਂ ਬੋਲੀ ਅਧਾਰਿਤ ਸੂਬੇ ਦੀ ਕਰ ਰਹੇ ਸੀ ਤੇ ਮਨਸ਼ਾ ਪੰਜਾਬ ਵਿੱਚ ਬਹੁ-ਗਿਣਤੀ ਸਿੱਖ ਸੂਬਾ ਬਣਾਉਣ ਦਾ ਸੀ ਤਾਂ ਕਿ ਅਕਾਲੀਆਂ ਲਈ ਆਪਣੀਆਂ ਸਰਕਾਰਾਂ ਬਣਾਉਣ ਲਈ ਰਾਹ ਪੱਧਰਾ ਹੋ ਜਾਵੇ? ਫਿਰ ਕਿਵੇਂ ਦੂਜਿਆਂ ਨੂੰ ਦੋਸ਼ ਦੇਈਏ ਕਿ ਹਿੰਦੂਆਂ ਜਾਂ ਦੂਜੇ ਸੂਬਿਆਂ ਦੇ ਲੋਕਾਂ ਨੇ ਸਾਡਾ ਸਾਥ ਨਹੀਂ ਦਿੱਤਾ? ਕੀ ਅਕਾਲੀਆਂ ਨੇ ਆਪਣੀ ਅਜਿਹੀ ਰਾਜਨੀਤੀ ਅਧੀਨ ਰਾਜਸੀ ਮੋਰਚੇ ਨੂੰ ਸਿਰਫ ਇੱਕ ਧਰਮ ਅਸਥਾਨ ਨਾਲ਼ ਜੋੜ ਕੇ ਪੰਜਾਬ ਵਿੱਚ ਬਾਕੀ ਵੱਸਦੇ ਸਾਰੇ ਭਾਈਚਾਰਿਆਂ ਨੂੰ ਬਾਹਰ ਦਾ ਰਸਤਾ ਨਹੀਂ ਦਿਖਾ ਦਿੱਤਾ ਸੀ?

ਸਰਦਾਰ ਗੁਰਤੇਜ ਸਿੰਘ ਆਪਣੀਆਂ ਲਿਖਤਾਂ ਵਿੱਚ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਜਨਰਲ ਜਸਵੰਤ ਸਿੰਘ ਭੁੱਲਰ, ਜੋ ਕਿ ਭਾਰਤੀ ਖੁਫੀਆ ਏਜੰਸੀ ਰਾਅ ਦਾ ਏਜੰਟ ਸੀ, ਉਨ੍ਹਾਂ ਕੋਲ਼ ਹਰਿਮੰਦਰ ਸਾਹਿਬ ਹਥਿਆਰ ਪਹੁੰਚਾਣ ਵਿੱਚ ਮੱਦਦ ਮੰਗਣ ਆਇਆ ਸੀ? ਜੇ ਗੁਰਤੇਜ ਸਿੰਘ ਹੋਰਾਂ ਨੂੰ ਜਨਰਲ ਭੁੱਲਰ ਦੇ ਰਾਅ ਦਾ ਏਜੰਟ ਹੋਣ ਬਾਰੇ ਪਤਾ ਸੀ ਤਾਂ ਉਨ੍ਹਾਂ ਸੰਤ ਭਿੰਡਰਾਂਵਾਲ਼ਿਆਂ ਦੇ ਸਲਾਹਕਾਰ ਹੋਣ ਨਾਤੇ ਉਨ੍ਹਾਂ ਨੂੰ ਕਿਉਂ ਨਹੀਂ ਦੱਸਿਆ ਕਿ ਭਾਰਤ ਸਰਕਾਰ ਭੁੱਲਰ ਰਾਹੀਂ ਅੰਦਰ ਹਥਿਆਰ ਭੇਜ ਕੇ ਹਮਲਾ ਕਰਨ ਦੀ ਸਾਜਿਸ਼ ਕਰ ਰਹੀ ਹੈ? ਜੇ ਗੁਰਤੇਜ ਸਿੰਘ ਨੇ ਨਹੀਂ ਦੱਸਿਆ ਸੀ ਤਾਂ ਸੰਤਾਂ ਨੇ ਰਾਅ ਦੇ ਏਜੰਟਾਂ ਤੋਂ ਹਥਿਆਰ ਕਿਵੇਂ ਜਾਂ ਕਿਉਂ ਲਏ? ਕੀ ਸਾਰੀ ਲੀਡਰਸ਼ਿਪ ਸਾਜਿਸ਼ਾਂ ਦਾ ਸ਼ਿਕਾਰ ਸੀ ਜਾਂ ਉਹੀ ਕੁੱਝ ਕਰੀ ਜਾ ਰਹੀ ਸੀ, ਜੋ ਏਜੰਸੀਆਂ ਚਾਹੁੰਦੀਆਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਕੌਣ ਦੇਵੇਗਾ? ਪੰਥ ਨੂੰ ਸਮਰਪਿਤ ਸਿਰਮੌਰ ਵਿਦਵਾਨ ਕਦੋਂ ਅਜਿਹੇ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਹਿੰਮਤ ਕਰਨਗੇ?

ਗੁਰਤੇਜ ਸਿੰਘ ਹੋਰੀਂ 1992 ਦੀਆਂ ਚੋਣਾਂ ਦੇ ਬਾਈਕਾਟ ਦਾ ਦਰਦ ਤਾਂ ਮਹਿਸੂਸ ਕਰਦੇ ਹਨ, ਪਰ ਉਨ੍ਹਾਂ ਚੋਣਾਂ ਦੇ ਬਾਈਕਾਟ ਨੂੰ ਸਿਰੇ ਚੜ੍ਹਾਉਣ ਲਈ ਕਿਤਨੇ ਸਿੱਖ ਨੌਜਵਾਨਾਂ ਨੇ ਆਪਣੀ ਜਾਨ ਦੀਆਂ ਅਹੂਤੀਆਂ ਦਿੱਤੀਆਂ, ਜਿਨ੍ਹਾਂ ਨਾਲ਼ ਸਾਡੀ ਵੀ ਪੂਰੀ ਹਮਦਰਦੀ ਹੈ ਤੇ ਅਜਿਹਾ ਕਰਦਿਆਂ ਉਨ੍ਹਾਂ ਨੇ ਕਿਤਨੀਆਂ ਬੱਸਾਂ, ਟਰੇਨਾਂ, ਭੱਠਿਆਂ, ਨਹਿਰਾਂ ਤੇ ਬੇਗੁਨਾਹ ਹਿੰਦੂ ਤੇ ਪ੍ਰਵਾਸੀ ਮਾਰੇ ਸਨ। ਉਸ ਬੇਮੁਹਾਰੀ ਹਿੰਸਾ ਦੀ ਭੇਟ ਚੜ੍ਹੇ ਬੇਗੁਨਾਹਾਂ ਦੇ ਪਰਿਵਾਰਾਂ ਦਾ ਦਰਦ ‘ਸਰਬੱਤ ਦਾ ਭਲਾ’ ਮੰਗਣ ਵਾਲ਼ੇ ਪੰਥ ਦਾ ਦਰਦ ਕਦੋਂ ਬਣੇਗਾ? ਸ਼ਾਇਦ ਉਸ ਦਿਨ, ਜਿਸ ਦਿਨ ਸਾਡੀ ਸੋਚ ਮਨੁੱਖਾਤਾਵਾਦੀ ਤੇ ਸਾਂਝੀਵਾਲਤਾ ਵਾਲ਼ੀ ਹੋਵੇਗੀ? ਸ. ਗੁਰਤੇਜ ਸਿੰਘ ਜੀ ਇਹ ਸਵਾਲ ਤੁਹਾਡੇ ਵਰਗੇ ਕਿਸੇ ਜਿੰਮੇਵਾਰ ਪੰਥ ਹਿਤੈਸ਼ੀ ਵਿਦਵਾਨ ਤੋਂ ਹੀ ਪੁਛਿਆ ਜਾ ਸਕਦਾ ਹੈ? ਸ. ਅਜਮੇਰ ਸਿੰਘ ਵਰਗੇ ਵਿਦਵਾਨਾਂ ਨੂੰ ਅਜਿਹਾ ਸਵਾਲ ਕਰਨ ਦੀ ਗੁਸਤਾਖੀ ਤਾਂ ਕੀਤੀ ਹੀ ਨਹੀਂ ਜਾ ਸਕਦੀ? ਉਹ ਤਾਂ ਆਪਣੇ ਭਾਸ਼ਨਾਂ ਤੇ ਲਿਖਤਾਂ ਵਿੱਚ ਵਾਰ-ਵਾਰ ਸੰਧੂ ਤੇ ਸਾਥੀਆਂ ਦੇ ਕਤਲਾਂ ਨੂੰ ਜਾਇਜ਼ ਠਹਿਰਾਈ ਜਾਂਦਾ ਹੈ। ਫਰਵਰੀ, 1992 ਦੀਆਂ ਚੋਣਾਂ ਦੇ ਬਾਈਕਾਟ ਨੂੰ ਉਹ ਅੱਜ ਵੀ ਗੱਜ-ਵੱਜ ਕੇ ਜਾਇਜ਼ ਠਹਿਰਾਉਂਦਾ ਹੈ। ਉਨ੍ਹਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜੇ ਬਾਈਕਾਟ ਨਾ ਹੁੰਦਾ ਤਾਂ ਪੰਥ ਦਾ ਬਹੁਤ ਭਾਰੀ ਨੁਕਸਾਨ ਹੋਣਾ ਸੀ ਤੇ ਪੰਥ ਨੇ ਉਨ੍ਹਾਂ ਹਜ਼ਾਰਾਂ ਸ਼ਹਾਦਤਾਂ ਤੋਂ ਬਾਂਝੇ ਰਹਿ ਜਾਣਾ ਸੀ, ਜਿਹੜੀਆਂ ਸ਼ਹਾਦਤਾਂ ਦੀ ਦਾਤ ਗੁਰੂ ਸਾਹਿਬ ਨੇ ਖਾੜਕੂ ਸੂਰਮਿਆਂ ਦੀ ਝੋਲ਼ੀ ਪਾਉਣੀ ਸੀ। ਮੇਰੀ ਤੁਹਾਨੂੰ, ਅਮਰੀਕ ਸਿੰਘ ਮੁਕਤਸਰ ਆਦਿ ਵਰਗੇ ਸੁਹਿਰਦ ਪੰਥ ਹਿਤੈਸ਼ੀ ਵਿਦਵਾਨਾਂ ਨੂੰ ਸਨਿਮਰ ਬੇਨਤੀ ਹੈ ਕਿ ਤੁਹਾਨੂੰ ਅਜਮੇਰ ਸਿੰਘ ਤੇ ਉਸ ਵਰਗੀ ਸੋਚ ਵਾਲ਼ੇ ਸਿੱਖ ਚਿੰਤਕਾਂ ਤੋਂ ਸਪੱਸ਼ਟ ਨਿਖੇੜਾ ਜਰੂਰ ਕਰਨਾ ਚਾਹੀਦਾ ਹੈ? ਪਰ ਉਸ ਤਰ੍ਹਾਂ ਦਾ ਨਿਖੇੜਾ ਨਹੀਂ, ਜਿਸ ਤਰ੍ਹਾਂ ਦਾ ਨਿਖੇੜਾ ਧਰਮ ਯੁੱਧ ਮੋਰਚੇ ਦੇ ‘ਕਲੋਜ਼ਰ’ ਦੀ ਵਾਰ-ਵਾਰ ਮੰਗ ਕਰਨ ਵਾਲ਼ਾ ਇੱਕ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਧਰਮ ਯੁੱਧ ਮੋਰਚੇ ਦੌਰਾਨ ਕੰਪਲੈਕਸ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਦੇ ਬਿਆਨ ਤੋਂ ਬਾਅਦ ਗਿਆਨੀ ਪ੍ਰਤਾਪ ਸਿੰਘ ਦੀ ਹੱਤਿਆ ਨੂੰ ਆਪਣੀਆਂ ਕਿਤਾਬਾਂ ਵਿੱਚ ਦਰਜ ਨਾ ਕਰਨ `ਤੇ ਪੱਤਰਕਾਰ ਰਜਿੰਦਰ ਸਿੰਘ ਤੱਗੜ੍ਹ ਵਲੋਂ ਸਵਾਲ ਪੁੱਛੇ ਜਾਣ ਤੇ ਇੰਟਰਵਿਊ ਦੌਰਾਨ ਹੀ ਉਸਨੂੰ ਪੈ ਨਿਕਲ਼ਿਆ ਸੀ: ‘ਤੂੰ ਮੇਰੀ ਇੰਟਰਵਿਊ ਲੈਣ ਆਇਆ ਹੈਂ ਜਾਂ ਮੇਰੀ ਇੰਟੈਰੋਗੇਸ਼ਨ ਕਰਨ ਆਇਆ ਹੈਂ।’ ਇਹ ਕਹਿ ਕਿ ਉਸਨੇ ਇੰਟਰਵਿਊ ਵਿੱਚੇ ਛੱਡ ਦਿੱਤੀ ਸੀ…।

ਮੇਰੇ ਦਿਮਾਗ ਵਿੱਚ ਵਾਰ-ਵਾਰ ਇਹ ਸਵਾਲ ਉਠਦਾ ਹੈ ਕਿ ਸਾਡੇ ਵਿਦਵਾਨ ਕਦੋਂ ਇਹ ਵਿਚਾਰ ਕਰਨਗੇ ਕਿ ਪੰਜਾਬ ਵਿੱਚ ਅੱਧੋਂ ਵੱਧ ਵਸਦੇ ਗੈਰ ਸਿੱਖ ਭਾਈਚਾਰਿਆਂ ਦਾ ਭਵਿੱਖ ਤੁਹਾਡੇ ਵਲੋਂ ਕਲਪੇ ਜਾ ਰਹੇ ‘ਸਿੱਖਾਂ ਦੇ ਬੋਲ-ਬਾਲੇ’ ਵਾਲ਼ੇ ਪੰਜਾਬ ਵਿੱਚ ਕੀ ਹੋਵੇਗਾ? ਜਿਨ੍ਹਾਂ ਨੂੰ ਤਕਰੀਬਨ ਸਾਰੀ ਪੰਥਕ ਲੀਡਰਸ਼ਿਪ ਸਿੱਖਾਂ ਦੇ ਦੁਸ਼ਮਣ ਮੰਨਦੀ ਹੈ? ਉਥੇ ਸਿੱਖਾਂ ਵਿਚਲੇ ਰਾਧਾ ਸਵਾਮੀਆਂ, ਨਾਮਧਾਰੀਆਂ, ਸਹਿਜਧਾਰੀਆਂ ਆਦਿ ਵੱਖਰੇ ਫਿਰਕਿਆਂ ਨਾਲ਼ ਕੀ ਵਾਪਰੇਗੀ? ਜਿਨ੍ਹਾਂ ਨੂੰ ਭਾਰੂ ਪੰਥਕ ਧਿਰਾਂ ਸਿੱਖ ਹੀ ਨਹੀਂ ਮੰਨਦੀਆਂ? ਅਸੀਂ ਵੀ ਗੁਰੂਆਂ ਦੇ ਨਾਮ ਤੇ ਵਸਦੇ ਪੰਜਾਬ ਤੇ ਪੰਥ ਦੀ ਖ਼ੈਰ ਮੰਗਦੇ ਹਾਂ, ਪਰ ਦੇਸ਼-ਵਿਦੇਸ਼ ਵਿੱਚ ਹਿੰਸਾ, ਨਫਰਤ ਤੇ ਧੌਂਸ ਦੀ ਰਾਜਨੀਤੀ ਅਪਨਾ ਕੇ ਗੁਰੂਆਂ ਦਾ ਸਾਂਝੀਵਾਲਤਾ ਵਾਲ਼ਾ ਸਮਾਜ ਨਹੀਂ ਸਿਰਜਿਆ ਜਾ ਸਕਦਾ? ਤੇ ਨਾ ਹੀ ਇਹ ਖ਼ੈਰ ਦੂਜਿਆਂ ਨੂੰ ਬਲ਼ੀ ਦਾ ਬੱਕਰਾ ਬਣਾ ਕੇ ਮੰਗੀ ਜਾ ਸਕਦੀ ਹੈ?

ਅੱਜ ਪੰਜਾਬ ਵਿੱਚ ਹਰ ਪਾਸੇ ਸੰਕਟ ਹੀ ਸੰਕਟ ਹੈ? ਖੇਤੀ, ਸਿੱਖਿਆ, ਸਿਹਤ, ਗੰਦਾ ਤੇ ਮੁੱਕ ਰਿਹਾ ਪਾਣੀ, ਬੰਜਰ ਹੋ ਰਹੀ ਜਮੀਨ, ਉਦਯੋਗ, ਨਸ਼ੇ, ਖੁਦਕੁਸ਼ੀਆਂ, ਪ੍ਰਵਾਸ, ਕੁਰਪਸ਼ਨ, ਮਾਫੀਆ, ਗੈਂਗ, ਜ਼ੁਰਮ, ਖਾਲੀ ਖਜ਼ਾਨੇ ਆਦਿ ਦਾ ਵੱਡੇ ਸੰਕਟ ਹਨ। ਪਿੱਛੇ ਜਿਹੇ ਪੰਜਾਬ ਦੇ ਇੱਕ ਅਰਥ ਸ਼ਾਸਤਰੀ ਦੇ ਲੇਖ ਅਨੁਸਾਰ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਹਰ ਸਾਲ 20 ਤੋਂ 25 ਹਜ਼ਾਰ ਕਰੋੜ ਦਾ ਘਾਟਾ ਪੈ ਰਿਹਾ ਹੈ? ਜਿਸ ਨਾਲ਼ ਪੰਜਾਬ ਦਿਨੋਂ ਕੰਗਾਲ ਤੇ ਕਰਜ਼ਾਈ ਹੋ ਰਿਹਾ ਹੈ? ਪੰਜਾਬ ਦੇ ਲੋਕਾਂ ਲਈ ਧਰਮ ਦੀ ਰਾਜਨੀਤੀ ਨਾਲ਼ੋਂ ਵੱਡੇ ਸਵਾਲ ਉਪਰ ਦੱਸੇ ਸੰਕਟ ਹਨ? ਪਰ ਪਿਛਲੇ 30-35 ਸਾਲਾਂ ਤੋਂ ਪੰਥਕ ਲੀਡਰਸ਼ਿਪ ਦਾ ਇਨ੍ਹਾਂ ਸੰਕਟਾਂ ਵੱਲ ਉਕਾ ਧਿਆਨ ਨਹੀਂ? ਉਨ੍ਹਾਂ ਕੋਲ਼ ਪਿਛਲ਼ੇ ਦੋ ਦਹਾਕਿਆਂ ਤੋਂ ਘੁਮਾ ਫਿਰਾ ਕੇ ਬੇਅਦਬੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੀ ਦੋ ਮੁੱਦੇ ਹਨ? ਜਿਨ੍ਹਾਂ ਬਾਰੇ ਵੀ ਉਹ ਕਈ ਮੋਰਚੇ ਲਾ ਕੇ ਕਦੇ ਕਾਮਯਾਬ ਨਹੀਂ ਹੋਏ? ਬੇਸ਼ੱਕ ਇਹ ਮੁੱਦੇ ਵੀ ਜਰੂਰੀ ਹਨ, ਪਰ ਉਪਰਲੇ ਸੰਕਟ ਜ਼ਿਆਦਾ ਵੱਡੇ ਹਨ? ਅੱਜ ਗੁਰੂਆਂ ਦੇ ਨਾਮ ਤੇ ਵਸਦੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਦਾ ਪੰਜਾਬ ਵਿੱਚ ਵਸਣ ਦਾ ਸੁਪਨਾ ਚਕਨਾਚੂਰ ਹੋ ਚੁੱਕਾ ਹੈ। ਉਨ੍ਹਾਂ ਲਈ ਪੰਥਕ ਮੁੱਦਿਆਂ ਨਾਲ਼ੋਂ ਆਰਥਿਕ ਮੁੱਦੇ ਵੱਡੇ ਹਨ, ਇਸੇ ਲਈ ਅੱਜ ਹਰ ਸਿੱਖ ਨੌਜਵਾਨ ਪਾਸਪੋਰਟ ਚੁੱਕੀ ਫਿਰਦਾ ਹੈ ਕਿ ਕਿਸੇ ਹੀਲੇ ਪੰਜਾਬ ਛੱਡ ਕੇ ਭੱਜ ਜਾਵੇ? ਪਰ ਇਹ ਵੱਡਾ ਸੰਕਟ ਕਿਸੇ ਪੰਥਕ ਧਿਰ ਦੀ ਸਿਆਸਤ ਦੇ ਏਜੰਡੇ ਤੇ ਨਹੀਂ?

ਮੇਰੀ ਸਮਝ ਅਨੁਸਾਰ ਸਵਾਲਾਂ ਦਾ ਸਵਾਲ 50 ਸਾਲ ਤੋਂ ਇਸ ਜਵਾਬ ਦੀ ਉਡੀਕ ਵਿੱਚ ਹੈ ਕਿ ਸਿੱਖਾਂ ਤੋਂ ਬਿਨਾਂ ਪੰਜਾਬ ਵਿੱਚ ਵੱਸਦੇ ਹੋਰ ਭਾਈਚਾਰਿਆਂ ਨੂੰ ਨਾਲ਼ ਲਏ ਬਿਨਾਂ ਪੰਜਾਬ ਤੇ ਪੰਥ ਦਾ ਭਲਾ ਕਿਵੇਂ ਹੋ ਸਕੇਗਾ…? ਸ. ਗੁਰਤੇਜ ਸਿੰਘ ਜੀ, ਪੰਜਾਬ ਦੀ ਅਜੋਕੀ ਸਥਿਤੀ ਨੂੰ ਵੇਹਿੰਦਿਆਂ ਜੇਕਰ ਅਸੀਂ ਆਪਣੇ ਪ੍ਰਵਚਨ ਤੇ ਮੁਹਾਵਰੇ ਨੂੰ ਨਹੀਂ ਬਦਲਦੇ ਤਾਂ ਨਾ ਪੰਜਾਬ ਦਾ ਤੇ ਨਾ ਪੰਥ ਦਾ ਭਲਾ ਹੋ ਸਕਣਾ ਹੈ ਅਤੇ ਨਾ ਹੀ ਪੰਜਾਬ ਦੀ ਬਰਬਾਦੀ ਦੇ ਵਹਿਣ ਨੂੰ ਹੀ ਠੱਲ੍ਹ ਪਾਈ ਜਾ ਸਕਣੀ ਹੈ…?

ਹਰਚਰਨ ਸਿੰਘ ਪ੍ਰਹਾਰ Tel.: 403-681-8689 Email: [email protected]

20/08/2023




.