.

ਸਿੱਖ - ਸਿੰਘ - ਕੌਰ - ਖ਼ਾਲਸਾ

ਖ਼ਾਲਿਸਤਾਨ!

(2)

ਲੇਖ ਦੇ ਪਹਿਲੇ ਭਾਗ ਵਿੱਚ ਦੱਸਿਆ ਗਿਆ ਹੈ ਕਿ, ਗੁਰਬਾਣੀ ਵਿੱਚ ਵਰਤਿਆ ਗਿਆ ਸਿੱਖ ਸ਼ਬਦ ਸਿੱਧਾਂਤਕ ਹੈ! ਸਿੱਧਾਂਤਕ ਸ਼ਬਦ ਸੰਪੂਰਨ, ਸਦੀਵੀ, ਸਰਬਵਿਆਪਕ ਅਤੇ ਸਾਰੀ ਮਨੁੱਖਤਾ ਵਾਸਤੇ ਹੁੰਦੇ ਹਨ; ਕਿਸੇ ਇੱਕ ਯੁਗ, ਇੱਕ ਇਲਾਕੇ ਜਾਂ ਇੱਕ ਫ਼ਿਰਕੇ/ਸੰਪਰਦਾਇ ਦੇ ਲੋਕਾਂ ਵਾਸਤੇ ਨਹੀਂ! । ਇਸ ਲਈ, ਸਿੱਖ ਸ਼ਬਦ ਨੂੰ ਕਿਸੇ ਵਿਸ਼ੇਸ਼ ਧਰਮ, ਫ਼ਿਰਕੇ, ਜਾਤ-ਜਨਮ, ਪੇਸ਼ੇ, ਲਿਬਾਸ, ਪਹਿਰਾਵੇ, ਸੱਭਿਆਚਾਰ ਜਾਂ ਕਿਸੇ ਖ਼ਾਸ ਇਲਾਕੇ ਨਾਲ ਨਹੀਂ ਜੋੜਿਆ ਜਾ ਸਕਦਾ! ਇਸ ਕਥਨ ਦਾ ਪੁਖ਼ਤਾ ਪ੍ਰਮਾਣ ਗੁਰੁਬਾਣੀ ਗ੍ਰੰਥ ਵਿੱਚ ਸੰਕਲਿਤ ਸਿੱਧਾਂਤਕ ਬਾਣੀ ਹੈ! ਬਾਣੀ ਰਚਨ ਵਾਲੇ ਆਤਮਗਿਆਨੀ ਬਾਣੀਕਾਰ ਭਾਰਤ ਦੇ ਵੱਖ ਵੱਖ ਪ੍ਰਾਂਤਾਂ (ਪੰਜਾਬ, ਬੰਗਾਲ, ਮਹਾਂਰਾਸ਼ਟਰ, ਸਿੰਧ, ਉੱਤਰ ਪ੍ਰਦੇਸ, ਮੱਧ ਪ੍ਰਦੇਸ, ਰਾਜਸਥਾਨ, ਗੁਜਰਾਤ ਅਤੇ ਦਿੱਲੀ) ਦੇ ਰਹਿਣ ਵਾਲੇ ਸਨ। ਧਰਮ, ਜਨਮ-ਜਾਤ ਅਤੇ ਪੇਸ਼ੇ ਪੱਖੋਂ ਉਹ ਸੂਫ਼ੀ, ਬ੍ਰਾਹਮਣ, ਮੁਸਲਮਾਨ, ਖੱਤਰੀ, ਛੀਂਬਾ, ਕਸਾਈ, ਚਮਾਰ, ਨਾਈ, ਜੁਲਾਹਾ, ਜਾਟ, ਮੀਰਾਸੀ (ਮੁਸਲਮਾਨ ਡੂਮ) ਅਤੇ ਭੱਟ (ਹਿੰਦੂ ਡੂਮ) ਸਨ। ਉਨ੍ਹਾਂ ਦਾ ਪਹਿਨਾਵਾ ਵੀ ਉਨ੍ਹਾਂ ਦੇ ਪ੍ਰਾਂਤਾਂ ਤੇ ਇਲਾਕਿਆਂ ਦੇ ਸਭਿਆਚਾਰ ਅਨੁਸਾਰ ਹੀ ਸੀ! ਉਨ੍ਹਾਂ ਸਾਰਿਆਂ ਵਿੱਚ ਸਿਰਫ਼ ਇੱਕ ਗੁਣ ਸਾਂਝਾ ਸੀ: ਉਹ ਸਾਰੇ ਇੱਕ ਅਕਾਲ ਪੁਰਖ ਵਿੱਚ ਦ੍ਰਿੜ ਵਿਸ਼ਵਾਸ ਰੱਖਣ ਵਾਲੇ ਅਧਿਆਤਮਵਾਦੀ ਸੱਚੇ ਇਨਸਾਨ ਸਨ। ਉਨ੍ਹਾਂ ਦਾ ਧਰਮ/ਮਜ਼੍ਹਬ ਇਨਸਾਨੀਅਤ ਸੀ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਇਨਸਾਨੀਅਤ ਦਾ ਧਰਮ ਕਮਾਉਣ ਅਤੇ ਇਸ ਸੱਚ ਧਰਮ ਦਾ ਨਿਸ਼ਕਾਮ ਪ੍ਰਚਾਰ ਕਰਨ ਦੇ ਲੇਖੇ ਲਾ ਦਿੱਤਾ।

ਸਿੱਧਾਂਤਾਂ ਦਾ ਸੰਬੰਧ ਮਨ/ਆਤਮਾ/ਅੰਤਹਕਰਣ, ਨੇਕ ਚਲਣ ਅਤੇ ਦੈਵੀ ਗੁਣਾਂ ਨਾਲ ਹੁੰਦਾ ਹੈ, ਬਾਹਰੀ ਦਿੱਖ ਨਾਲ ਬਿਲਕੁਲ ਨਹੀਂ। ਗੁਰਮਤਿ ਦੇ ਦੁਸ਼ਮਨਾਂ ਦੀ ਕਾਲੀ ਕਰਤੂਤ ਦੇਖੋ, ਇਨ੍ਹਾਂ ਨੇ ਗੁਰਬਾਣੀ ਦੀ ਇੱਕ ਸਿੱਧਾਂਤਕ ਤੁਕ (……ਸਾਬਤ ਸੂਰਤਿ ਦਸਤਾਰ ਸਿਰਾ॥ …) ਦੇ ਗ਼ਲਤ ਅਰਥ ਕਰਕੇ ਲੋਕਾਂ ਨੂੰ, ਆਪੂੰ ਨਿਰਧਾਰਤ ਕੀਤੇ ਇੱਕ ਭੇਖ ਦੇ ਗ਼ੁਲਾਮ ਬਣਾ ਕੇ ਰੱਖ ਦਿੱਤਾ ਹੈ! ਅਤੇ, ਉਨ੍ਹਾਂ ਚਾਲਬਾਜ਼ਾਂ ਨੇ ਇਸ ਭੇਖ ਵਿਸ਼ੇਸ਼ ਨੂੰ ਸਿੱਖੀ ਸਰੂਪ ਦਾ ਨਾਮ ਦੇ ਕੇ ਲੋਕਾਂ ਨੂੰ ਗੁਮਰਾਹ ਕੀਤਾ ਹੋਇਆ ਹੈ! ਪਾਖੰਡਬਾਜ਼ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਸਾਰੇ ਬਾਣੀਕਾਰਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਵੀ ਕਾਲਪਨਿਕ ਚਿੱਤਰਾਂ ਰਾਹੀਂ ਉਸੇ ਭੇਖ ਵਿੱਚ ਦਿਖਾ ਕੇ ਧਾਰਮਿਕ ਭੇਖ ਦਾ ਪੁਰਜ਼ੋਰ ਖੰਡਨ ਕਰਨ ਵਾਲੇ ਸਾਰੇ ਆਤਮਗਿਆਨੀ ਬਾਣੀਕਾਰਾਂ ਅਤੇ ਉੇਨ੍ਹਾਂ ਦੁਆਰਾ ਰਚੀ ਗਈ ਪਵਿੱਤਰ ਬਾਣੀ ਦੀ ਘੋਰ ਬੇਅਦਬੀ ਵੀ ਕੀਤੀ ਹੈ! ਦੂਜਾ, ਇਸ ਭੇਖ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਦੱਸਦਿਆਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਇਸ ਪਾਖੰਡ ਨੂੰ ਪ੍ਰਚਾਰਿਆ ਵੀ ਜਾ ਰਿਹਾ ਹੈ!

(ਨੋਟ:- ਉਪਰੋਕਤ ਕਥਨ ਦੀ ਪੁਸ਼ਟੀ ਵਾਸਤੇ ਮੇਰਾ ਲੇਖ “…ਸਾਬਤ ਸੂਰਤਿ ਦਸਤਾਰ ਸਿਰਾ॥” ਪੜ੍ਹਿਆ ਜਾ ਸਕਦਾ ਹੈ।)

ਮਨੁੱਖਤਾ ਦੇ ਦਰਦੀ ਬਾਬੇ ਨਾਨਕ ਦੁਆਰਾ, ਹਰ ਤਰ੍ਹਾਂ ਦੇ ਭੇਦ-ਭਾਵ ਨੂੰ ਨਕਾਰ ਕੇ, ਪੋਥੀ (ਗੁਰਬਾਣੀ ਗ੍ਰੰਥ) ਰਾਹੀਂ ਇਕਮੁੱਠ ਕੀਤੀ ਮਨੁੱਖਤਾ ਨੂੰ ਇਨਸਾਨੀਅਤ ਤੋਂ ਗਿਰੇ ਹੋਏ ਇਨ੍ਹਾਂ ਪਾਖੰਡਬਾਜ਼ਾਂ ਨੇ ਇੱਕ ਵਾਰ ਫਿਰ ਖੇਰੂੰ-ਖੇਰੂੰ ਕਰ ਕੇ ਰੱਖ ਦਿੱਤਾ ਹੈ! ਇਸ ਕਥਨ ਦਾ ਪਹਿਲਾ ਪੁਖ਼ਤਾ ਪ੍ਰਮਾਣ ਇਹ ਹੈ ਕਿ ‘ਸਿੱਖ ਧਰਮ’ ਦੇ ਫ਼ਰੇਬੀ ਠੇਕੇਦਾਰਾਂ ਨੇ ਸਚਿਆਰ ਸਿੱਖ ਬਣਨ ਵਾਸਤੇ ਗੁਰਬਾਣੀ ਵਿੱਚ ਨਿਰਧਾਰਤ ਕੀਤੇ ਨਿਯਮਾਂ, ਨੈਤਿਕ ਗੁਣਾਂ ਅਤੇ ਫ਼ਰਮਾਨਾਂ (ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ ਕਬੀਰ ਜੀ; ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮਾੑਰਾ॥ …ਮ: ੩) ਨੂੰ ਦਰਕਿਨਾਰ ਕਰਕੇ ਇੱਕ ਆਪੂੰ ਨਿਰਧਾਰਤ ਕੀਤੇ ਭੇਖ ਨੂੰ ਹੀ ਸਿੱਖੀ ਦਾ ਨਾਮ ਦੇ ਕੇ ਪਿਛਲੱਗ ਸਿੱਖਾਂ ਦੇ ਸਿਰ ਮੜ੍ਹ ਦਿੱਤਾ ਹੈ। ਦੂਜਾ, ਸਾਰੀ “ਸਿੱਖ ਰਹਿਤ ਮਰਯਾਦਾ” ਵਿੱਚ, ਛੇ ਬਾਣੀਕਾਰ ਗੁਰੂਆਂ ਤੋਂ ਸਿਵਾ, ਹੋਰ ਕਿਸੇ ਵੀ ਬਾਣੀਕਾਰ ਦਾ ਜ਼ਿਕਰ ਤਕ ਨਹੀਂ ਹੈ! ! ! ਤੀਜਾ, ਇਨ੍ਹਾਂ ਹੰਕਾਰੀ ਨੌਸਰਬਾਜ਼ਾਂ ਨੇ ਸਾਰੀ ਮਨੁੱਖਤਾ ਤਾਂ ਕੀ ਇਕੱਲੀ ‘ਸਿੱਖ ਕੌਮ’ ਨੂੰ ਵੀ ਜਾਤ-ਜਨਮ ਅਤੇ ਪੇਸ਼ੇ ਦੇ ਆਧਾਰ `ਤੇ ਛੋਟੇ-ਛੋਟੇ ਫ਼ਿਰਕਿਆਂ ਵਿੱਚ ਵੰਡ ਕੇ ਖੇਰੂੰ-ਖੇਰੂੰ ਕਰ ਦਿੱਤਾ ਹੈ! ਸਹਿਜਧਾਰੀ ਸਿੱਖ, ਮਜ਼੍ਹਬੀ ਸਿੱਖ, ਰਵਿਦਾਸੀਏ ਸਿੱਖ, ਨਾਮਧਾਰੀ ਸਿੱਖ, ਨਿਰੰਕਾਰੀ ਸਿੱਖ, ਲੁਬਾਣੇ ਸਿੱਖ, ਜੱਟ ਸਿੱਖ, ਭਾਪੇ ਸਿੱਖ, ਵਣਜਾਰੇ ਸਿੱਖ, ਸਿਕਲੀਗਰ ਸਿੱਖ, ਰਾਮਗੜ੍ਹੀਏ ਸਿੱਖ, ਡੇਰਦਾਰਾਂ ਦੇ ਸਿੱਖ……!

ਤਿਣਕਾ ਤਿਣਕਾ ਹੋ ਕੇ ਬੁਰੀ ਤਰ੍ਹਾਂ ਬਿਖਰੀ ਹੋਈ ‘ਸਿੱਖ ਕੌਮ’ ਦੀ ਸਾਰੇ ਸੰਸਾਰ ਵਿੱਚ ਜੋ ਖਿੱਲੀ ਉੱਡਾਈ ਜਾ ਰਹੀ ਹੈ, ਉਸ ਦਾ ਮੋਟੀ ਚਮੜੀ ਵਾਲੇ ‘ਸਿੱਖਾਂ’ ਉੱਤੇ ਕੋਈ ਅਸਰ ਨਹੀਂ! ਅੱਜ ਮਨੁੱਖਾ ਸਮਾਜ ਵਿੱਚ ਕੁਟਿਲ ਤੇ ਭ੍ਰਸ਼ਟ ਧਰਮ-ਤੰਤਰੀ ਰਾਜਨੀਤੀ ਅਤੇ ਪਾਖੰਡ ਧਰਮ ਦੇ ਘਾਤਿਕ ਜਾਲ ਵਿੱਚ ਉਲਝੀ ਹੋਈ ‘ਸਿੱਖ’ ਕੌਮ ਦੀ ਹਾਲਤ ਬੜੀ ਖਸਤਾ ਅਤੇ ਤਰਸਯੋਗ ਬਣੀ ਹੋਈ ਹੈ।

ਗੁਰਬਾਣੀ ਵਿੱਚ ਵਰਤੇ ਗਏ ਸਿੱਧਾਂਤਕ ਸ਼ਬਦ ਸਿੱਖ ਪ੍ਰਤੀ ਅੰਧਵਿਸ਼ਵਾਸੀ ਸ਼ਰੱਧਾਲੂਆਂ ਦੇ ਮਨਾਂ ਵਿੱਚ ਅੰਨ੍ਹੀ ਸ਼ਰੱਧਾ ਹੈ। ਇਸ ਅੰਨ੍ਹੀ ਸ਼ਰੱਧਾ-ਵੱਸ, ਆਤਮ-ਗਿਆਨ-ਵਿਹੂਣੇ ਪਿਛਲੱਗ ‘ਸਿੱਖ’ ਜਿੱਥੇ ਕਿਤੇ ਵੀ ਇਸ ਸ਼ਬਦ ਨੂੰ ਵੇਖਦੇ ਹਨ, ਬਿਨਾਂ ਸੋਚੇ-ਵਿਚਾਰੇ ਉੱਧਰ ਨੂੰ ਨੱਠ ਤੁਰਦੇ ਹਨ। ਸਿੱਖਾਂ ਦੀ ਇਸ ਮਾਨਸਿਕ ਕਮਜ਼ੋਰੀ ਨੂੰ ਭਾਂਪਦਿਆਂ ਸੱਚੀ ਸਿੱਖੀ ਦੇ ਦੋਖੀ, ਆਪਣੇ ਸੁਆਰਥ ਦੀ ਖ਼ਾਤਿਰ, ਆਏ ਦਿਨ, ਕਈ ਨਵੀਆਂ ਨਵੀਆਂ ਸਿੱਖ ਜਥੇਬੰਦੀਆਂ ਬਣਾਉਂਦੇ ਰਹਿੰਦੇ ਹਨ ਅਤੇ ਇਨ੍ਹਾਂ ਜਥੇਬੰਦੀਆਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਕੇ ਭੌਂਦੂ ਬਣਾਉਂਦੇ ਅਤੇ ਭੌਂਦਲਾਏ ਹੋਏ ਲੋਕਾਂ ਨੂੰ ਨਿਰਲੱਜ ਹੋ ਕੇ ਠੱਗਦੇ ਰਹਿੰਦੇ ਹਨ! ਸਿੱਖ ਹੋਮਲੈਂਡ, ਸਿੱਖ ਰਾਜ, ਸਿੱਖ ਮੰਚ, ਸਿੱਖ ਧਰਮ ਯੁੱਧ ਮੋਰਚਾ, ਪੰਥਕ ਰਾਜ, ਪੰਥਕ ਰਾਜਸੀ ਨਿਸ਼ਾਨਾ, ਸਿੱਖ ਧਰਮ ਤੰਤਰ, ਸਿੱਖਜ਼ ਫ਼ਾਰ ਜਸਟਿਸ (Sikhs for Justice), ਸਿੱਖ ਬੁੱਲਟਿਨ, ਯੁਨਾਈਟਡ ਸਿੱਖਜ਼……।

ਜੇ ਨਿਰਪੱਖ ਹੋ ਕੇ, ਆਏ ਦਿਨ ਬਣਦੀਆਂ ਇਨ੍ਹਾਂ ‘ਸਿੱਖ’ ਜਥੇਬੰਦੀਆਂ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਉੱਤੇ ਨਿਗਾਹ ਮਾਰੀਏ ਤਾਂ ਇਹ ਨਿਰਾਸ਼ਾਜਨਕ ਸੱਚ ਸਾਹਮਨੇ ਆਉਂਦਾ ਹੈ ਕਿ ਇਨ੍ਹਾਂ ਜਥੇਬੰਦੀਆਂ ਦੀ ਦਿਖਾਵੇ ਦੀ ਕਾਰਗੁਜ਼ਾਰੀ ਕਿਸੇ ਸੁਆਰਥੀ ਮਕਸਦ ਦੀ ਪੂਰਤੀ ਵਾਸਤੇ ਹੈ ਅਤੇ ਗੁਰਮਤਿ-ਗਿਆਨ ਅਤੇ ਪ੍ਰਚਾਰ ਪੱਖੋਂ ਇਨ੍ਹਾਂ ਦੀਆਂ ਪ੍ਰਾਪਤੀਆਂ ਸ਼ੁੰਨ (ਜ਼ੀਰੋ) ਦੇ ਸਮਾਨ ਹਨ! ਹਾਂ, ਇਸ ਸੱਚ ਵਿੱਚ ਕੋਈ ਸ਼ੰਕਾ ਨਹੀਂ ਰਹਿ ਜਾਂਦਾ ਕਿ, ਇਹ ਸੰਸਥਾਵਾਂ ਸੱਚੀ ਗੁਰਸਿੱਖੀ ਨੂੰ ਬੜੀ ਸਫ਼ਲਤਾ ਨਾਲ ਖੋਰਾ ਲਾ ਰਹੀਆਂ ਹਨ। ਇਸ ਕੌੜੇ ਪਰ ਸੱਚੇ ਕਥਨ ਦੀ ਪੁਸ਼ਟੀ ਅਖ਼ਬਾਰਾਂ ਵਿੱਚ ਹਰ ਰੋਜ਼ ਛਪਦੀਆਂ ਖ਼ਬਰਾਂ ਤੋਂ ਹੁੰਦੀ ਹੈ!

ਗੁਰਸਿੱਖੀ ਦਾ ਮਾਪਦੰਡ ਗੁਰਬਾਣੀ ਦੇ ਸਿੱਧਾਂਤ ਹਨ; ਦੇਸ-ਬਿਦੇਸ ਵਿੱਚ ਵੱਸੇ ‘ਸਿੱਖਾਂ’ ਵਿੱਚੋਂ ਕੋਈ ਵੀ ‘ਸਿੱਖ’ ਇਸ ਮਾਪਦੰਡ ਉੱਤੇ ਖਰਾ ਉਤਰਦਾ ਨਜ਼ਰ ਨਹੀਂ ਆਇਆ। ਜੇ ਕਿਸੇ ਸੱਜਨ ਨੂੰ ਗੁਰਸਿੱਧਾਂਤਾਂ ਦਾ ਅਨੁਯਾਈ ਸੱਚਾ ਗੁਰਸਿੱਖ ਮਿਲੇ ਤਾਂ ਸਾਨੂੰ ਵੀ ਉਸ ਦੇ ਦਰਸ਼ਨ ਕਰਵਾ ਦੇਣਾ! ਧੰਨਵਾਦੀ ਹੋਵਾਂਗੇ!

ਸਿੰਘ ਸੰਸਕ੍ਰਿਤ ਦੇ ਸ਼ਬਦ ਸਿਂਹ ਦਾ ਤਦਭਵ ਰੂਪ ਹੈ ਅਤੇ ਇਸ ਦੇ ਅਰਥ ਹਨ ਸ਼ੇਰ। ਸ਼ੇਰ ਨੂੰ ਹਮੇਸ਼ਾ ਤੋਂ ਬਹਾਦੁਰੀ ਅਤੇ ਨਿਡਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਰਿਹਾ ਹੈ। ਸਿਂਹਾਰ (ਸਿੰਘਾਰ), ਸਿਂਹਆਸਨ (ਸਿੰਘਾਸਨ) ਅਤੇ ਸਿਂਹਨੀ (ਸਿੰਘਨੀ) ਸਿਂਹ ਜਾਂ ਸਿੰਘ ਤੋਂ ਹੀ ਬਣੇ ਸ਼ਬਦ ਹਨ। ਸਿੰਘ ਪਦ ਉੱਤੇ ਹੋਰ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਇਸ ਸ਼ਬਦ (ਸਿੰਘ) ਦੀ ਤਿੰਨ ਪੱਖਾਂ ਤੋਂ ਵਿਚਾਰ ਕਰ ਲੈਣੀ ਚਾਹੀਦੀ ਹੈ। ਪਹਿਲਾ, ਮਿਥਿਹਾਸ ਅਤੇ ਇਤਿਹਾਸ ਦੇ ਪ੍ਰਸੰਗ ਵਿੱਚ; ਦੂਜਾ, ਸਨ 1999 ਦੀ ਵੈਸਾਖੀ ਵਾਲੇ ਦਿਨ ਦੇ ਪਰਿਪੇਖ ਵਿੱਚ; ਅਤੇ ਤੀਜਾ, ਗੁਰਬਾਣੀ ਦੇ ਸੰਦਰਭ ਵਿੱਚ। ਸਿੰਘ ਸ਼ਬਦ ਦੀ ਵਰਤੋਂ ਹਜ਼ਾਰਾਂ ਸਾਲ ਪੁਰਾਣੇ ਪ੍ਰਾਚੀਨ ਭਾਰਤੀ ਮਿਥਿਹਾਸ ਵਿੱਚ ਕੀਤੀ ਮਿਲਦੀ ਹੈ! ਇਤਿਹਾਸਕ ਪੱਖੋਂ ਕੀਤੀ ਗਈ ਖੋਜ ਤੋਂ ਇਹ ਤੱਥ ਸਾਹਮਨੇ ਆਇਆ ਹੈ ਕਿ ਸਿਂਹ ਅਥਵਾ ਸਿੰਘ ਭਾਰਤ ਦੇ ਕਈ ਪ੍ਰਾਂਤਾਂ (ਮੇਵਾੜ, ਰਾਜਿਸਥਾਨ, ਹਿਮਾਚਲ, ਅੱਜ ਦਾ ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ ਅਤੇ ਗੜ੍ਹਵਾਲ ਆਦਿਕ) ਵਿੱਚ ਨਾਮ ਨਾਲ ਸਿੰਘ ਪਿਛੇਤਰ ਲਾਉਣ ਦਾ ਰਿਵਾਜ ਸਦੀਆਂ ਪੁਰਾਣਾ ਹੈ। ਇਹ ਰਿਵਾਜ ਹਿੰਦੂ ਰਾਜਪੂਤ ਰਾਜੇ-ਰਜਵਾੜਿਆਂ ਤੋਂ ਸ਼ੁਰੂ ਹੋਇਆ ਸੀ। ਮੇਵਾੜ ਦੇ ਰਾਣੇ-ਮਹਾਂਰਾਣਿਆਂ (13ਵੀਂ ਸਦੀ ਤੋਂ ਅੱਜ ਤੀਕ) ਦੇ ਨਾਂਵਾਂ ਨਾਲ ਸਿੰਘ ਪਿਛੇਤਰ ਲਾਇਆ ਜਾ ਰਿਹਾ ਹੈ। ਸਨ 1613 ਵਿੱਚ ਝਾਂਸੀ ਸ਼ਹਿਰ ਵਸਾਉਣ ਵਾਲੇ ਰਾਜਪੂਤ ਰਾਜੇ ਦਾ ਨਾਮ ਵੀਰ ਸਿੰਘ ਸੀ। ਬੀਬੀ ਮੀਰਾਂ ਬਾਈ ਦੇ ਪਿਤਾ ਦਾ ਨਾਮ ਰਾਠੌਰ ਰਤਨ ਸਿੰਘ ਸੀ। ……

ਨਾਮ ਨਾਲ ਲਾਏ ਸਿੰਘ ਪਿਛੇਤਰ ਨੂੰ ਰਾਜ-ਸੱਤਾ, ਉੱਚੇ ਸੰਸਾਰਕ ਰੁਤਬੇ ਅਤੇ, ਇਸ ਸੰਸਾਰਕ ਸੱਤਾ ਤੇ ਰੁਤਬੇ ਕਾਰਣ ਮਨ ਵਿੱਚ ਪੈਦਾ ਹੋਈ ਹੈਂਕੜ ਦਾ ਪ੍ਰਤੀਕ ਮੰਨਿਆ ਜਾਂਦਾ ਸੀ/ਹੈ।

ਰਾਜੇ-ਰਜਵਾੜਿਆਂ ਦੀ ਰੀਸੋ-ਰੀਸੀ ਹੈਂਕੜਬਾਜ਼ ਆਮ ਲੋਕ ਵੀ ਸਦੀਆਂ ਤੋਂ ਆਪਣੇ ਨਾਵਾਂ ਨਾਲ ਸਿੰਘ ਪਿਛੇਤਰ ਦੀ ਵਰਤੋਂ ਕਰਦੇ ਆ ਰਹੇ ਹਨ। ……

ਹੁਣ ਗੱਲ ਕਰਦੇ ਹਾਂ ਸਨ 1699 ਦੀ ਵੈਸਾਖੀ ਵਾਲੇ ਇਤਿਹਾਸਕ ਦਿਨ ਦੀ। ਮੁਸਲਮਾਨ ਅਤੇ ਮੁਗ਼ਲ ਧਾੜਵੀਆਂ ਦੇ ਹਮਲਿਆਂ ਅਤੇ ਉਨ੍ਹਾਂ ਦੀ ਦਰਿੰਦਿਆਂ ਵਾਲੀ ਦੀਨੀ ਹਕੂਮਤ (ਧਰਮਤੰਤਰੀ ਰਾਜ) ਦੇ ਸਮੇਂ ਰੱਬ ਦੀ ਰਿਆਇਆ ਉੱਤੇ ਅਕਹਿ ਜ਼ੁਲਮ ਕੀਤੇ ਗਏ। ਇਸ ਦੀਨੀ ਹਕੂਮਤ ਵਿੱਚ ਗ਼ੈਰ ਮੁਸਲਮਾਨਾਂ ਨੂੰ ਕਾਫ਼ਿਰ ਕਹਿ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਸੀ। ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦੁਰ ਜੀ ਅਤੇ ਉਨ੍ਹਾਂ ਦੇ ਕਈ ਪੈਰੋਕਾਰਾਂ ਦੀ ਸ਼ਹੀਦੀ ਵੀ ਇਸੇ ਧਰਮਤੰਤਰੀ ਕਹਿਰ ਦਾ ਨਤੀਜਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਜ਼ਾਲਿਮਾਂ ਨਾਲ ਲੋਹਾ ਲੈਣ ਵਾਸਤੇ ਸਿਰਲੱਥ ਗੁਰਸਿੱਖਾਂ ਦੀ ਇੱਕ ਫ਼ੌਜ ਦੀ ਸਥਾਪਨਾ ਕੀਤੀ। ਇਸ ਫ਼ੌਜ ਵਿੱਚ ਭਰਤੀ ਹੋਣ ਵਾਲੇ ਗੁਰਸਿੱਖ ਯੋਧਿਆਂ ਨੂੰ ਭਰਤੀ ਦੀ ਰਸਮ ਵਜੋਂ ਪਹੁਲ ਦਿੱਤੀ ਜਾਂਦੀ ਸੀ। ਅਤੇ, ਭਰਤੀ ਹੋਏ ਪਹੁਲਧਾਰੀ ਸਿੱਖ ਦੇ ਨਾਮ ਨਾਲ ਸਿੰਘ ਪਿਛੇਤਰ ਲਾਇਆ ਜਾਂਦਾ ਸੀ! ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਹੁਲਧਾਰੀ ਸਿੱਖਾਂ ਦੇ ਨਾਵਾਂ ਨਾਲ ਲਗਾਇਆ ਗਿਆ ਸਿੰਘ ਪਿਛੇਤਰ ਉਨ੍ਹਾਂ ਦੀ ਅਣਖ, ਬਹਾਦੁਰੀ, ਨਿਡਰਤਾ ਅਤੇ ਨਿਧੜਕਤਾ ਦਾ ਪ੍ਰਤੀਕ ਸੀ। ਸਾਨੂੰ ਇਸ ਇਤਿਹਾਸਕ ਤੱਥ ਤੋਂ ਅੱਖਾਂ ਨਹੀਂ ਮੀਚਣੀਆਂ ਚਾਹੀਦੀਆਂ ਕਿ, ਪਹੁਲ ਲੈ ਕੇ ਸਿੰਘ ਬਣਨ ਵਾਸਤੇ ਸੱਚਾ ਗੁਰਸਿੱਖ ਹੋਣਾ ਲਾਜ਼ਮੀ ਸੀ/ਹੈ; ਪਰੰਤੂ, ਸੱਚੇ ਗੁਰਸਿੱਖ ਵਾਸਤੇ ਪਹੁਲ ਲੈਣਾ ਤੇ ਨਾਮ ਨਾਲ ਸਿੰਘ ਪਿਛੇਤਰ ਲਾਉਣਾ ਜ਼ਰੂਰੀ ਨਹੀਂ ਸੀ ਅਤੇ ਨਾ ਹੀ ਹੋਣਾ ਚਾਹੀਦਾ ਹੈ! ! ! ਜੇ ਇਹ ਜ਼ਰੂਰੀ ਹੁੰਦਾ ਤਾਂ ਗੁਰੂ ਜੀ ਉਸ ਸਮੇਂ ਇਕੱਠੇ ਹੋਏ ਹਜ਼ਾਰਾਂ ਸਿੱਖਾਂ (ਜਿਨ੍ਹਾਂ ਦੀ ਗਿਣਤੀ ਅੱਸੀ ਹਜ਼ਾਰ ਦੱਸੀ ਜਾਂਦੀ ਹੈ) ਨੂੰ ਵੀ ਪਹੁਲ ਲੈਣ ਅਤੇ ਨਾਮ ਨਾਲ ਸਿੰਘ ਪਿਛੇਤਰ ਲਾਉਣ ਦਾ ਹੁਕਮ ਦੇ ਦਿੰਦੇ; ਪਰੰਤੂ ਇਸ ਤਰ੍ਹਾਂ ਨਹੀਂ ਹੋਇਆ! ! !

ਗੁਰਬਾਣੀ ਵਿੱਚ ਸਿੰਘ ਪਦ ਨੂੰ ਕਈ ਅਰਥਾਂ ਵਿੱਚ ਵਰਤਿਆ ਗਿਆ ਹੈ। ਸਧਨਾ ਜੀ ਨੇ ਆਪਣੀ ਬਾਣੀ ਵਿੱਚ ਜਗਤ-ਗੁਰੂ ਪ੍ਰਭੂ-ਪਰਮਾਤਮਾ ਵਾਸਤੇ ਰੂਪਕ ਦੇ ਤੌਰ `ਤੇ ਸਿੰਘ ਸ਼ਬਦ ਦੀ ਵਰਤੋਂ ਕੀਤੀ ਹੈ:

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨਾ ਨਾਸੈ॥

ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗਰਾਸੈ॥ ਸਧਨਾ ਜੀ

{ਜਗਤ ਗੁਰਾ: ਹੇ ਜਗਤ ਦੇ ਗੁਰੂ ਪ੍ਰਭੂ। ਸਿੰਘ: ਜਗਤ ਦਾ ਗੁਰੂ ਸਰਵਗਿਆਨੀ ਪਰਮਾਤਮਾ। ਜੰਬੁਕੁ: ਗਿੱਦੜ, ਵਿਕਾਰ ਰੂਪੀ ਗਿੱਦੜ। ਸਿੰਘ (ਪ੍ਰਭੂ) ਦੇ ਸਾਹਮਨੇ ਵਿਕਾਰ ਗਿੱਦੜ ਦੇ ਸਮਾਨ ਹਨ।}

ਕਬੀਰ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਵੀ ਆਪਣੀ ਬਾਣੀ ਵਿੱਚ ਸਿੰਘ ਪਦ ਨੂੰ ਵਿਕਾਰਾਂ ਵਾਸਤੇ ਰੂਪਕ ਦੇ ਤੌਰ `ਤੇ ਵਰਤਿਆ ਹੈ:

ਜਬ ਲਗੁ ਸਿੰਘੁ ਰਹੈ ਬਨ ਮਾਹਿ॥ ਤਬ ਲਗੁ ਬਨੁ ਫੂਲੈ ਹੀ ਨਾਹਿ॥

ਜਬ ਹੀ ਸਿਆਰੁ ਸਿੰਘ ਕਉ ਖਾਇ॥ ਫੂਲਿ ਰਹੀ ਸਗਲੀ ਬਨਰਾਇ॥ ਭੈਰਉ ਕਬੀਰ ਜੀ

(ਸਿੰਘ: ਸ਼ੇਰ, ਹਉਮੈਂ-ਹੰਕਾਰ ਵਾਸਤੇ ਵਰਤਿਆ ਗਿਆ ਰੂਪਕ। ਸਿਆਰ: ਸਿੰਹਾਰ, ਸ਼ਰਭ: ਸ਼ੇਰ (ਹੰਕਾਰ) ਨੂੰ ਖਾ ਜਾਣ ਵਾਲਾ, ਬ੍ਰਹਮ ਗਿਆਨੀ, ਆਤਮ ਗਿਆਨ।)

ਪੰਚ ਸਿੰਘ ਰਖੇ ਪ੍ਰਭਿ ਮਾਰਿ॥ ਰਾਮਕਲੀ ਮ: ੫

{ਪੰਚ ਸਿੰਘ: ਪੰਜ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ)।}

ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰੁ ਦਿਖੀਤਾ॥ ਬਿਲਾਵਲ ਮ: ੫

(ਸਿੰਘ: ਹੰਕਾਰ ਰੂਪੀ ਸ਼ੇਰ, ਦਰਿੰਦਾ। ਬਨ: ਮਨ/ਹਿਰਦਾ ਰੂਪੀ ਜੰਗਲ। ਬਿਲਾਈ: ਬਿੱਲੀ; ਨਮ੍ਰਤਾ, ਨਿਮਾਣਾਪਣ।)

ਨਾਮ ਦੇਵ ਜੀ ਨੇ ਆਪਣੀ ਬਾਣੀ ਵਿੱਚ ਸਿੰਘ ਪਦ ਦੀ ਵਰਤੋਂ ਮਾਨਸਖਾਣੇ, ਹਰਾਮਖ਼ੋਰ ਠਗਵਾੜਿਆਂ ਵਾਸਤੇ ਵੀ ਕੀਤੀ ਹੈ:

ਸਿੰਘਚ ਭੋਜਨੁ ਜੋ ਨਰੁ ਜਾਨੈ॥ ਐਸੇ ਹੀ ਠਗਦੇਉ ਬਖਾਨੈ॥ ਆਸਾ ਨਾਮਦੇਵ ਜੀ

(ਸਿੰਘਚ ਭੋਜਨ: ਸ਼ੇਰ ਵਾਲਾ ਭੋਜਨ।)

ਸ਼ੇਰ, ਚੀਤੇ ਅਤੇ ਬਾਘ ਆਦਿਕ ਦਰਿੰਦੇ ਆਪਣਾ ਪੇਟ ਭਰਨ ਵਾਸਤੇ ਕੁੱਝ ਨਹੀਂ ਕਰਦੇ ਸਗੋਂ ਦੂਜੇ ਜੀਵ ਜੋ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਭਰਨ ਵਾਸਤੇ ਖਾਜੇ ਦੀ ਭਾਲ ਵਿੱਚ ਦਿਨ ਰਾਤ ਭਟਕਦੇ ਫਿਰਦੇ ਹਨ, ਉਨ੍ਹਾਂ ਜੀਵਾਂ ਨੂੰ ਬੇਰਹਿਮੀ ਨਾਲ ਮਾਰ ਕੇ ਖਾ ਜਾਂਦੇ ਹਨ।

ਸਿੰਘ ਪਦ ਉੱਤੇ ਕੀਤੀ ਗਈ ਵਿਸਤ੍ਰਿਤ ਵਿਚਾਰ ਉਪਰੰਤ ਨਿਰਸੰਦੇਹ ਅਤੇ ਬੇਝਿਜਕ ਹੋ ਕੇ ਕਿਹਾ ਜਾ ਸਕਦਾ ਹੈ ਕਿ, ਅਜੋਕੇ, ਲਗਪਗ, ਸਾਰੇ ਸਿੰਘਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਾਲਾ ਕੋਈ ਸਿੰਘ ਨਜ਼ਰ ਨਹੀਂ ਆਉਂਦਾ! ਤਕਰੀਬਨ, ਸਾਰੇ ਸਿੰਘ ਵਿਕਾਰਗ੍ਰਸਤ, ਹੈਂਕੜਬਾਜ਼ ਅਤੇ ਸਿੰਘਚ ਭੋਜਨੁ ਕਰਨ ਵਾਲੇ ਨਕਲੀ ਸਿੰਘ ਹਨ!

ਚਲਦਾ……

ਗੁਰਇੰਦਰ ਸਿੰਘ ਪਾਲ

ਜੁਲਾਈ 14, 2023.
.