.

ਐਰਾ ਗੈਰਾ ਨਥੂ ਖੈਰਾ

ਪੰਜਾਬੀ ਦਾ ਇਕ ਬੜਾ ਹੀ ਪ੍ਰਚਲਤ ਅਖਾਣ ਹੈ *ਐਰਾ ਗੈਰਾ ਨਥੂ ਖੈਰਾ*। ਅਸੀਂ ਤਕਰੀਬਨ ਸਭ ਨੇ ਆਪਣੇ ਜੀਵਨ ਵਿੱਚ ਇਹ ਮੁਹਾਵਰਾ ਕਦੀ ਨ ਕਦੀਂ ਜਰੂਰ ਵਰਤਿਆ ਹੋਵੇਗਾ। ਪਰ ਕੀ ਸਾਨੂੰ ਇਹ ਪੱਤਾ ਹੈ ਕਿ ਇਹ ਅਸਲ ਅਖਾਣ ਦਾ ਵਿਗਾੜਿਆ ਹੋਇਆ ਰੂਪ ਹੈ ਅਤੇ ਅਸਲ ਅਖਾਣ ਹੋਂਦ ਵਿੱਚ ਕਿਵੇਂ ਆਇਆ। ਹਰ ਅਖਾਣ ਜਾਂ ਮੁਹਾਵਰੇ ਪਿੱਛੇ ਉਸ ਦਾ ਆਪਣਾ ਇਕ ਇਤਿਹਾਸ ਹੁੰਦਾ ਹੈ । ਏਸ ਅਖਾਣ ਦਾ ਵੀ ਆਪਣਾਂ ਇਤਿਹਾਸ ਹੈ ਜਿਸ ਨੂੰ ਜਾਨਣ ਲਈ ਸਾਨੂੰ ਇਤਿਹਾਸ ਦੇ ਕਾਫੀ ਪੰਨੇ ਪਲਟਣੇ ਪੈਣਗੇ । ਸਾਨੂੰ ਜਾਣਾ ਪਏਗਾ ਸਨ ੧੭੪੦ ਵਿੱਚ ਜਦੋਂ ਅਮ੍ਰਿਤਸਰ ਦਰਬਾਰ ਸਾਹਿਬ ਤੇ ਮੱਸੇ ਰੰਘੜ ਨੇ ਕਬਜਾ ਕਰ ਲਿਆ ਸੀ ਅਤੇ ਉਥੇ ਹਰ ਤਰਾਂ ਦਾ ਕੁਕਰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਆਉ ਪਹਿਲਾਂ ਇਹ ਜਾਣ ਲਈਏ ਕਿ ਮਸਾ ਰੰਗੜ ਕੋਣ ਸੀ। ਮਸੇ ਰੰਗੜ ਦਾ ਅਸਲੀ ਨਾਮ ਮੀਰ ਮਸਾਲ ਉਲਦੀਨ ਸੀ। ਉਹ ਅਮ੍ਰਿਤਸਰ ਤੋਂ ਅਠ ਕਿਲੋਮੀਟਰ ਦੂਰ ਦੱਖਣ ਵਲ ਮੰਡਿਆਲਾ ਪਿੰਡ ਦਾ ਨਿਵਾਸੀ ਸੀ। ਸਨ ੧੭੪੦ ਵਿੱਚ ਕਾਜੀ ਅਬਦੁੱਲ ਰਜਾਕ ਦੇ ਸਿਖਾਂ ਨਾਲ ਇਕ ਲੜਾਈ ਵਿੱਚ ਮਾਰੇ ਜਾਣ ਤੋਂ ਬਾਅਦ ਜ਼ਕਰੀਆ ਖਾਨ ਸੂਬੇਦਾਰ ਨੇ ਮਸੇ ਰੰਗੜ ਨੂੰ ਅਮ੍ਰਿਤਸਰ ਦਾ ਕੋਤਵਾਲ ਨਿਯੁਕਤ ਕਰ ਦਿੱਤਾ । ਮਸੇ ਰੰਗੜ ਨੇ ਉਥੇ ਆਪਣੀ ਮਨ ਮਾਨੀ ਸ਼ੁਰੂ ਕਰ ਦਿੱਤੀ ਅਤੇ ਦਰਬਾਰ ਸਾਹਿਬ ਤੇ ਕਬਜਾ ਕਰ ਲਿਆ । ਉਸ ਨੇ ਉੱਥੇ ਹਰ ਤਰਾਂ ਦੇ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ । ਜਿੱਥੇ ਪੀੜੇ ਉਤੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੋਂਦ ਸਨ ਉੱਥੇ ਇਸ ਨੇ ਸਭ ਕੁਝ ਹਟਾ ਕੇ ਆਪਣਾ ਪਲੰਘ ਵਿਛਾ ਦਿੱਤਾ ਅਤੇ ਉੱਥੇ ਹੁਕਾ ਪੀਣਾ ਸ਼ਰਾਬ ਪੀਣੀ ਔਰ ਵੇਸਵਾ ਨਚਾੳਣੀਆ ਸ਼ੁਰੂ ਕਰ ਦੀਤੀਆਂ। ਸਰੋਵਰ ਵਿਚ ਮਲਵਾ ਅਤੇ ਹੋਰ ਸਾਰਾ ਗੰਦ ਪਾ ਕੇ ਸਰੋਵਰ ਵੀ ਭਰਵਾ ਦਿੱਤਾ । ਜਦੋਂ ਇਸ ਸਾਰੀ ਗਲ ਦਾ ਸਿਖਾਂ ਨੂੰ ਪਤਾ ਲਗਿਆ ਤਾਂ ਉਨਾਂ ਤੋਂ ਇਹ ਜਰਿਆ ਨਾ ਗਿਆ ਅਤੇ ਬੜੇ ਦੁਖੀ ਹੋਏ।

ਇਸੀ ਦੌਰਾਨ ਗੁਰੂ ਦਾ ਇਕ ਸਿੱਖ ਭਾਈ ਬਲਾਕਾ ਸਿੰਘ ਇਹ ਖਬਰ ਲੈਕੇ ਪੰਜਾਬ ਦੇ ਵਖ ਵਖ ਹਿਸਿਆਂ ਵਿੱਚ ਪ੍ਰਚਾਰਦਾ ਹੋਇਆ ਰਾਜਸਥਾਨ ਦੇ ਸ਼ਹਿਰ ਬੀਕਾਨੇਰ ਦੇ ਜੰਗਲਾਂ ਵਿੱਚ ਪਹੁੰਚਿਆ ਜਿੱਥੇ ਬਹੁਤ ਸਾਰੇ ਸਿੱਖ ਲੁੱਕ ਛਿਪਕੇ ਆਪਣਾਂ ਸਮਾਂ ਕਟ ਰਹੇ ਸਨ। ਜਦੋ ਬਲਾਕਾ ਸਿੰਘ ਨੇ ਰੋ ਰੋ ਕੇ ਸਾਰੀ ਗਲ ਦਸੀ ਤਾਂ ਇਹ ਸੁਣਕੇ ਸਿਖਾਂ ਦੇ ਹਿਰਦੇ ਵਲੂੰਧਰੇ ਗਏ । ਉਥੋਂ ਦੇ ਆਗੂ ਸ਼ਾਮ ਸਿੰਘ ਨੇ ਸਿਖਾਂ ਨੂੰ ਇਕੱਠਾ ਕਰਕੇ ਕਿਹਾ ਕਿ ਹੈ ਕੋਈ ਐਸਾ ਸਿੰਘ ਜੋ ਅਮ੍ਰਿੰਤਸਰ ਜਾਕੇ ਮਸੇ ਰੰਗੜ ਨੂੰ ਸੋਧ ਕੇ ਆਵੇ। ਐਨੀ ਗਲ ਸੁਣਕੇ ਭਾਈ ਮਹਿਤਾਬ ਸਿੰਘ ਜੋ ਕਿ ਮੀਰਾਂਕੋਟ ਪਿੰਡ ਦਾ ਰਹਿਣ ਵਾਲਾ ਸੀ ਖੜਾ ਹੋਇਆ ਅਤੇ ਕਹਿਣ ਲੱਗਾ ਕਿ ਇਹ ਕਮ ਮੈ ਕਰਾਂਗਾ। ਇਤਨੀ ਗਲ ਸੁਣ ਕੇ ਇਕ ਹੋਰ ਭਾਈ ਸੁੱਖਾ ਸਿੰਘ ਜੇਹੜਾ ਮਾੜੀ ਕੰਬੋ ਕੀ ਦਾ ਰਹਿਣ ਵਾਲਾ ਸੀ ਉਠਿਆ ਤੇ ਕਿਹਾ ਕਿ ਭਾਈ ਮਹਿਤਾਬ ਸਿੰਘ ਕਲਾ ਨਹੀਂ ਜਾਵੇਗਾ ਮੈਂ ਵੀ ਉਸ ਦੇ ਨਾਲ ਜਾਵਾਂਗਾ ਅਤੇ ਅਸੀਂ ਦੋਵੇਂ ਰਲਕੇ ਉਸ ਨੂੰ ਸੋਧਾਂ ਲਾਵਾਂਗੇ । ਏਸ ਤਰਾਂ ਉਹ ਵਿਉਂਤ ਬਣਾਕੇ ੧੭ ਅਗਸਤ ੧੭੪੦ ਨੂੰ ਘੋੜਿਆਂ ਤੇ ਸਵਾਰ ਹੋ ਕੇ ਦਮਦਮਾ ਸਾਹਿਬ ਨੂੰ ਚਲ ਪਏ ਅਤੇ ਉੱਥੇ ਪੁੱਜ ਕੇ ਬਾਬਾ ਦੀਪ ਸਿੰਘ ਜੀ ਤੋ ਆਸ਼ੀਰਵਾਦ ਲੈਕੇ ਅਮ੍ਰਿਤਸਰ ਵਲ ਚਲ ਪਏ । ਰਸਤੇ ਵਿੱਚ ਉਨਾਂ ਨੇ ਪਠਾਣੀ ਭੇਸ ਬਣਾਇਆ ਵਾਲ ਖੋਲ ਕੇ ਪਿੱਛੇ ਨੂੰ ਸੁੱਟ ਲਏ। ਫੇਰ ਉਨ੍ਹਾਂ ਨੇ ਗੁਥੀਆਂ ਲਈਆਂ ਜਿਹਦੇ ਵਿੱਚ ਉਨਾਂ ਨੇ ਠੀਕਰੀਆਂ ਭਰ ਲਈਆਂ ।ਖੜਕਾਉਣ ਨਾਲ ਇਵੇਂ ਜਾਪਦਾ ਸੀ ਜਿਵੇਂ ਸੋਨੇ ਦੀਆਂ ਮੋਹਰਾਂ ਭਰੀਆਂ ਹੋਣ। ਜਦੋਂ ਉਹ ਅਮ੍ਰਿਤਸਰ ਦਰਬਾਰ ਸਾਹਿਬ ਪੁੱਜੇ ਤਾਂ ਉਨ੍ਹਾਂ ਨੂੰ ਉੱਥੇ ਖੜੇ ਹੋਏ ਦਰਬਾਨ ਨੇ ਰੋਕ ਕੇ ਪੁਛਿਆ ਤੁਸੀ ਕੌਣ ਹੋ ਤੇ ਕਿਥੇ ਜਾਣਾ ਹੈ । ਅਗੋਂ ਉਨ੍ਹਾਂ ਨੇ ਜਵਾਬ ਦਿੱਤਾ ਅਸੀਂ ਮਾਮਲਾ ਤਾਰਨ ਆਏ ਹਾਂ । ਜਦੋਂ ਦਰਬਾਨ ਨੇ ਹਥ ਵਿੱਚ ਭਰੀਆਂ ਹੋਈਆਂ ਗੁਥੀਆਂ ਵੇਖੀਆਂ ਤਾਂ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ । ਉਥੋਂ ਅਗੇ ਜਾਕੇ ਉਨ੍ਹਾਂ ਨੇ ਆਪਣੇ ਘੋੜੇ ਬੇਰੀ ਨਾਲ ਬੰਨੇ ਅਤੇ ਅੰਦਰ ਮਸੇ ਰੰਗੜ ਕੋਲ ਪੁੱਜ ਕੇ ਜਦੋਂ ਇੱਥੇ ਦੇ ਹਾਲਾਤ ਦੇਖੇ ਤਾਂ ਉਨ੍ਹਾਂ ਦੇ ਦਿਲ ਬੜੇ ਦੁਖੀ ਹੋਏ । ਉਥੇ ਮਸਾ ਰੰਗੜ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ ਅਤੇ ਹੁਕਾ ਪੀ ਰਿਹਾ ਸੀ ਹਰ ਜਗਾਹ ਤੇ ਪਾਨ ਦੀਆ ਥੁਕਾਂ ਦਾ ਗੰਦ ਸੀ ਅਤੇ ਅਰਧ ਨਗਨ ਵੇਸਵਾਵਾਂ ਨਚ ਰਹੀਆਂ ਸਨ। ਪਰ ਆਪਣੇ ਜਜ਼ਬਾਤ ਉਪਰ ਕਾਬੂ ਰਖ ਕੇ ਉਨ੍ਹਾਂ ਨੇ ਮਸੇ ਰੰਗੜ ਅੱਗੇ ਉਹ ਗੁਥੀਆਂ ਰਖ ਦਿਤੀਆਂ । ਇਤਿਹਾਸ ਕਾਰ ਲਿਖਦੇ ਹਨ ਕਿ ਜਿਉਂ ਹੀ ਉਹ ਗੁਥੀਆ ਚੁਕਣ ਲਈ ਝੁਕਿਆ ਤਾਂ ਮਹਿਤਾਬ ਸਿੰਘ ਨੇ ਆਪਣੀ ਤਲਵਾਰ ਦੇ ਇਕ ਵਾਰ ਨਾਲ ਹੀ ਉਸ ਦਾ ਸਿਰ ਕਲਮ ਕਰ ਦਿਤਾ । ਪਰ ਮੇਰਾ ਮੰਨਣਾ ਇਹ ਹੈ ਕਿ ਸਿੰਘ ਕਦੀ ਧੋਖੋ ਨਾਲ ਵਾਰ ਨਹੀਂ ਕਰਦੇ। ਉਨ੍ਹਾਂ ਨੇ ਉਸ ਨੂੰ ਵੰਗਾਰ ਕੈ ਕਿਹਾ ਹੋਣੈ ਮਸਿਆ ਤੇਰੀ ਮੌਤ ਸਾਹਮਣੇ ਖੜੀ ਹੈ ਜੇਕਰ ਭਜ ਸਕਦੇ ਤਾਂ ਭਜ ਲੈ। ਇਹ ਕੁੱਝ ਕਹਿਣ ਤੋਂ ਬਾਅਦ ਹੀ ਉਸ ੳਤੇ ਵਾਰ ਕੀਤਾ ਹੋਵੇਗਾ । ਇਕੋ ਵਾਰ ਨਾਲ ਹੀ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿਤਾ। ਸੁੱਖਾ ਸਿੰਘ ਨੇ ਉਹ ਸਿਰ ਚੁਕਿਆ ਅਤੇ ਉਹ ਦੋਵੇਂ ਆਪਣੇ ਘੋੜਿਆਂ ਉਤੇ ਸਵਾਰ ਹੋਇ ਇਕ ਗੋਲ ਚਕਰ ਉੱਥੇ ਕੱਟਿਆ ਫੇਰ ਉਥੋਂ ਹਵਾ ਨਾਲ ਗੱਲਾ ਕਰਦੇ ਹੋਏ ਨਿੱਕਲ ਗਏ। ਅਗੇ ਉਨਾਂ ਦਾ ਆਪਣੀ ਮੰਜ਼ਲ ਬੀਕਾਨੇਰ ਦੇ ਜੰਗਲਾਂ ਤਕ ਤਕਰੀਬਨ ਦਸ ਘੰਟਿਆਂ ਦਾ ਸਫਰ ਸੀ ਜੇਹੜਾ ਉਨ੍ਹਾਂ ਨੇ ਬਿਨਾਂ ਰੁਕੇ ਥਿਨਾ ਥੱਕੇ ਅਤੇ ਬਿਨਾਂ ਅੱਕੇ ਤੈ ਕਰਨਾ ਸੀ। ਉਨ੍ਹਾਂ ਨੇ ਰੱਬ ਅਗੇ ਅਰਦਾਸ ਕੀਤੀ ਹੈ ਪਰਮਾਤਮਾ ਐਸੀ ਕਿਰਪਾ ਕਰ ਕੇ ਨਾ ਅਸੀਂ ਥਕੀਏ ਤੇ ਨਾਹੀ ਅਸਾਡੇ ਘੋੜੇ ਥਕਣ ਅਸੀਂ ਸਹੀ ਸਲਾਮਤ ਆਪਣੀ ਮੰਜ਼ਲ ਬੀਕਾਨੇਰ ਦੇ ਜੰਗਲਾਂ ਵਿੱਚ ਪੁੱਜ ਜਾਈਏ ਹੋਇਆ ਵੀ ਇੱਦਾਂ ਹੀ । ਬੀਕਾਨੇਰ ਪਹੁੰਚ ਕੇ ਉਨ੍ਹਾਂ ਨੇ ਉਹ ਸਿਰ ਸਾਰੇ ਸਿਖਾਂ ਨੂੰ ਵਿਖਾ ਕੇ ਕਿਹਾ ਅਸੀਂ ਆਪਣੇ ਧਰਮ ਅਸਥਾਨਾਂ ਦੀ ਹੋਈ ਬੇਅਦਬੀ ਦਾ ਬਦਲਾ ਲੈ ਲਿਆ ਹੈ । ਉਧਰ ਮਸੇ ਰੰਗੜ ਦਾ ਧੜ ਬਿਨਾਂ ਸਿਰ ਦੇਖ ਸਾਰੇ ਪਾਸੇ ਹਾ ਹਾ ਕਾਰ ਮਚ ਗਈ ਸਿੰਘ ਮਸੇ ਰੰਗੜ ਦਾ ਸਿਰ ਵਡ ਕੇ ਲੈ ਗਏ ।ਮੁਸਲਮਾਨਾਂ ਦੀ ਇਹ ਰਿਵਾਇਤ ਹੈ ਕਿ ਅਗਰ ਲਾਸ਼ ਦੇ ਸਾਰੇ ਅੰਗ ਪੁਰੇ ਨਾ ਹੋਣ ਤਾਂ ਉਸਦੀ ਮਈਅਤ ਜਾ ਕਫਨ ਦਫਨ ਨਹੀਂ ਕੀਤਾ ਜਾ ਸਕਦਾ। ਮਸੇ ਰੰਗੜ ਦੇ ਸਾਲੇ ਉਸ ਦੀ ਪਤਨੀ ਅਤੇ ਉਸ ਦੇ ਭਰਾਵਾਂ ਨੇ ਉਹ ਲਾਸ਼ ਚੱਕੀ ਔਰ ਲਾਹੌਰ ਦੇ ਨਵਾਬ ਕੋਲ ਜਾ ਕੇ ਕਿਹਾ ਕਿ ਜਿਨ੍ਹਾਂ ਨੇ ਇਸ ਦਾ ਸਿਰ ਵਡਿਆ ਹੈ ਉਨ੍ਹਾਂ ਦਾ ਕਤਲ ਨਹੀ ਹੁੰਦਾ ਉਦੋਂ ਤੱਕ ਇਸ ਦਾ ਕਫਨ ਦਫਨ ਨਹੀਂ ਹੋਵੇਗਾ । ਐਨੀ ਗਲ ਸੁਣਕੇ ਉਸ ਨੇ ਆਪਣੇ ਫੋਜਦਾਰ ਨੂੰ ਹੁਕਮ ਦਿੱਤਾ ਆਪਣੀਆਂ ਗਸ਼ਤੀ ਫੋਜਾਂ ਆਪਣੇ ਮੁਖਬਰ ਅਤੇ ਖਬਰੀ ਸਾਰਿਆਂ ਨੂੰ ਭੇਜੋ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਨੂੰ ਲੱਭੋ ਅਤੇ ਕਤਲ ਕਰ ਦੇਵੋ। ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਕੁੱਝ ਪਤਾ ਨਹੀਂ ਲਗ ਸਕਿਆ । ਪਰ ਮੁਕਬਰਾਂ ਨੂੰ ਇਹ ਪਤਾ ਲੱਗਾ ਕਿ ਮਹਿਤਾਬ ਸਿੰਘ ਦਾ ਛੇ ਸਾਲ ਦਾ ਬੇਟਾ ਉਸ ਦੇ ਪੱਗ ਵਟ ਭਰਾ ਨਥੂ ਖਹਿਰੇ ਦੇ ਘਰ ਹੈ। ਨੱਥਾ ਖਹਿਰਾ ਪਿੰਡ ਮੀਰਾਂਕੋਟ ਦਾ ਚੌਧਰੀ ਸੀ ਮਹਿਤਾਬ ਸਿੰਘ ਦਾ ਭਰਾ ਬਣਿਆਂ ਹੋਇਆ ਸੀ ।

ਜੰਗਲਾਂ ਵਿਚ ਜਾਣ ਤੋ ਪਹਿਲਾ ਆਪਣਾ ਛੇ ਸਾਲਾਂ ਦਾ ਮੁੰਡਾ ਜਿਸ ਦਾ ਨਾਮ ਰਾਇ ਸਿੰਘ ਸੀ ਨਥੂ ਖਹਿਰੇ ਕੋਲ ਇਹ ਕਹਿ ਕੇ ਛਡ ਗਿਆ ਸੀ ਕਿ ਕੋਈ ਪਤਾ ਨਹੀਂ ਹੁਣ ਮੈਂ ਮੁੜ ਆਵਾਂ ਕੇ ਨਾ ਆਵਾਂ ਏਹ ਬੱਚਾ ਤੇਰੇ ਹਵਾਲੇ ਹੈ ਇਸ ਨੂੰ ਆਪਣਾ ਬੱਚਾ ਸਮਝ ਕੇ ਪਾਲੀਂ । ਅਗੋਂ ਨਥੂ ਖਹਿਰੇ ਨੇ ਕਿਹਾ ਭਰਾ ਤੂੰ ਫਿਕਰ ਨਾ ਕਰੀ ਅਜ ਤੋ ਇਹ ਮੇਰਾ ਬੇਟਾ ਹੋਇਆ । ਮੁਗਲ ਫੋਜਾਂ ਰਾਇ ਸਿੰਘ ਨੂੰ ਲੱਭਦੇ ਹੋਏ ਨਥੇ ਖਹਿਰੇ ਦੇ ਘਰ ਪਜੀਆ ਤਾਂ ਉਨ੍ਹਾਂ ਨੇ ਨਥੇ ਖਹਿਰੇ ਨੂੰ ਕਿਹਾ ਕਿ ਸਾਨੂੰ ਪਤਾ ਲਗਾ ਹੈ ਮਹਿਤਾਬ ਸਿੰਘ ਦਾ ਬੇਟਾ ਰਾਇ ਸਿੰਘ ਤੇਰੇ ਘਰ ਹੈ ਤਾਂ ਪਹਿਲਾਂ ਤਾਂ ਉਸ ਨੇ ਨਾ ਨੁੱਕਰ ਕੀਤੀ ਪਰ ਫੌਜੀਆਂ ਨੇ ਕਿਹਾ ਕਿ ਸਾਡੇ ਕੋਲ ਪੱਕੀ ਖਬਰ ਹੈ ਕਿ ਉਹ ਤੇਰੇ ਘਰ ਵਿੱਚ ਹੀ ਹੈ। ਤੂੰ ਉਸ ਨੂੰ ਸਾਡੇ ਹਵਾਲੇ ਕਰਦੇ ਨਹੀਂ ਤਾ ਅਸੀ ਆਪ ਅੰਦਰ ਜਾ ਕੇ ਲੈ ਆਵੇਗਾ। ਇਹ ਗਲ ਸੁਣ ਕੇ ਨੱਥਾ ਅੰਦਰ ਗਿਆ । ਅੰਦਰ ਇਸ ਦਾ ਆਪਣਾ ਪੁਤਰ ਏਸ ਦਾ ਭਾਂਜਾ ਅਤੇ ਇਕ ਇਸ ਦਾ ਨੌਕਰ ਸਨ। ਨਥੇ ਨੇ ਉਨ੍ਹਾਂ ਸਾਰਿਆਂ ਨਾਲ ਸਲਾਹ ਕੀਤੀ ਜਕਰੀਆ ਖਾਨ ਦੇ ਬੰਦੇ ਰਾਇ ਸਿੰਘ ਨੂੰ ਲੈਣ ਆਏ ਹਨ ਕੀ ਕਰਨਾਂ ਚਾਹੀਦਾ ਹੈ । ਉਸ ਦੇ ਪੁੱਤਰ ਨੇ ਕਿਹਾ ਪਿਤਾ ਜੀ ਇਹ ਤੁਹਾਡੇ ਪੱਗ ਵੱਟ ਭਰਾ ਦਾ ਪੁੱਤਰ ਹੈ ਅਗਰ ਤੁਸੀਂ ਆਪਣੀ ਪੱਗ ਨੂੰ ਦਾਗ ਲਗਾਉਣਾ ਹੈ ਤਾਂ ਬੇਸ਼ਕ ਉਨ੍ਹਾਂ ਦੇ ਹਵਾਲੇ ਕਰ ਦਿਉ। ਅਗਰ ਦਾਗ ਨਹੀਂ ਜੇ ਲੱਗਣ ਦੇਣਾ ਤਾਂ ਰਾਇ ਸਿੰਘ ਨੂੰ ਲੈਕੇ ਪਿੱਛਲੇ ਰਸਤੇ ਨਿੱਕਲ ਜਿਵੋ। ਫੇਰ ਉਹ ਸਾਰੇ ਹੀ ਪਿਛਲੇ ਰਸਤਿਓਂ ਨਿੱਕਲ ਗਏ। ਜਦੋਂ ਕਾਫੀ ਸਮਾਂ ਨੱਥਾ ਖਹਿਰਾ ਬਾਹਰ ਨਾ ਨਿਕਲਿਆ ਤਾਂ ਫੌਜੀ ਅੰਦਰ ਗਏ ਪਰ ਉਥੋਂ ਸਭ ਜਾ ਚੁੱਕੇ ਸਨ । ਫੋਜਾਂ ਉਨ੍ਹਾਂ ਨੂੰ ਲਭਣ ਭਜੀਆਂ ।ਥੋੜੀ ਦੂਰੀ ਉਤੇ ਏਨਾ ਨੂੰ ਰੋਕ ਲਿਆ ਗਿਆ ।ਲੜਾਈ ਹੋਈ ਨਥੇ ਦੀਆਂ ਬੰਦੂਕ ਦੀਆਂ ਗੋਲੀਆਂ ਮੁੱਕ ਗਈਆ । ਤਲਵਾਰਾਂ ਨਾਲ ਲੜਾਈ ਹੋਈ । ਜਿਸ ਵਿੱਚ ਨੱਥਾ ਖਹਿਰਾ ਮਾਰਿਆ ਗਿਆ ਉਸ ਦਾ ਪੁੱਤਰ ਉਸ ਦਾ ਭਾਂਜਾ ਅਤੇ ਉਸ ਦਾ ਨੋਕਰ ਸਾਰੇ ਸ਼ਹੀਦ ਹੋਏ। ਰਾਇ ਸਿੰਘ ਦੇ ਗਲੇ ਤੇ ਡੂੰਘਾ ਫਟ ਸੀ । ਮੁਗਲ ਫੋਜੀ ਇਸ ਨੂੰ ਮਰਿਆ ਸਮਝ ਕੇ ਛਡ ਕੇ ਚਲੇ ਗਏ ਪਰ ਇਹ ਜਿੰਦਾ ਬਚ ਗਿਆ । ਇਹ ਸੀ ਕਿਰਦਾਰ ਨਥੇ ਖਹਿਰੇ ਦਾ। ਇਤਨਾ ਉੱਚਾ ਤੇ ਸੁੱਚਾ ਕਿਰਦਾਰ । ਆਪਣਾਂ ਪਰਵਾਰ ਖਤਮ ਕਰਵਾ ਲਿਆ । ਆਪਣੀ ਕੁਰਬਾਨੀ ਦੇ ਦਿੱਤੀ ਪਰ ਆਪਣੇ ਪੱਗ ਵੱਟ ਭਰਾ ਦੇ ਪੁੱਤਰ ਦੀ ਪੂਰੀ ਪੈਰਵਈ ਕੀਤੀ। ਉਥੋਂ ਇਹ ਮੁਹਾਵਰਾ ਹੋਂਦ ਵਿਚ ਆਇਆ ਜੋ ਕਿ ਇਉਂ ਸੀ *ਐਰਾ ਗੈਰਾ ਨਹਿ ਨਥੂ ਖਹਿਰਾ* ਭਾਵ ਹਰ ਐਰਾ ਗੈਰਾ ਨਥੂ ਖਹਿਰਾ ਵਰਗਾ ਨਹੀ ਹੋ ਸਕਦਾ। ਪਰ ਸਾਡੇ ਵਿਰੋਧੀਆਂ ਦੇ ਵਿਚਾਰਕਾਂ ਬੁੱਧੀ ਜੀਵੀਆ ਨੇ ਏਸਨੂੰ ਵਿਗਾੜ ਕੇ ਸਾਡੇ ਅਗੇ ਇਉਂ ਚਿਤਰਿਆ ਹੈ ਜਿਵੇਂ ਨਥੂ ਖਹਿਰਾ ਕੋਈ ਵੁਕਤ ਹੀ ਨਾ ਰੱਖਦਾ ਹੋਵੇ। ਜਿਸ ਨੂੰ ਅਸੀਂ ਕੁਝ ਨਹੀਂ ਸਮਝਦੇ ਉਸਨੂੰ ਕਹਿ ਦੇਈਂ ਦਾ ਉਹ ਤਾਂ ਕੀ ਹੈ ਐਰਾ ਗੈਰਾ ਨਥੂ ਖੈਰਾ । ਜੋ ਕਮ ਮੈ ਕਰ ਸਕਦਾ ਹਾਂ ਹਰ ਐਰਾ ਗੈਰਾ ਨਥੂ ਖੈਰਾ ਨਹੀਂ ਕਰ ਸਕਦਾ । ਇਹ ਅਸਾਡੇ ਸਿੱਖ ਸਭਿਆਚਾਰ, ਸਾਹਿਤ, ਇਤਿਹਾਸ ਅਤੇ ਸਾਡੀ ਮਾਨਸਿਕਤਾ ਉਪਰ ਬਹੁਤ ਵੱਡਾ ਹਮਲਾ ਸੀ। ਅਸੀਂ ਵੀ ਬਿਨਾਂ ਸੋਚੇ ਸਮਝੇ ਇਸ ਨੂੰ ਇੱਦਾਂ ਹੀ ਅਪਣਾ ਲਿਆ ਹੈ ।ਆਉ ਸਾਰੇ ਮਿੱਲ ਕੇ ਏਸ ਨੂੰ ਬਦਲਣ ਦਾ ਉਪਰਾਲਾ ਕਰੀਏ । ਏਸ ਮੁਹਾਵਰੇ ਨੂੰ ਇਸ ਤਰਾ ਇਸਤੇਮਾਲ ਕਰੀਏ ।
ਐਰਾ ਗੈਰਾ ਨਹਿ ਨਥੂ ਖੈਰਾ
ਧੰਨਵਾਦ ਸਹਿਤ
ਮਹਿੰਦਰ ਸਿੰਘ ਡਿੱਡਨ
8447314744




.