.

ਇੰਦਰਾ ਅਤੇ ਸਾਧ ਨੂੰ ਬਰਾਬਰ ਰੱਖ ਕੇ ਤੋਲੋ

ਬਾਦਲ ਅਕਾਲੀ ਦਲ ਵਾਲੇ ਅਤੇ ਭਾਜਪਾ ਵਾਲੇ, ਵੋਟਾਂ ਵੇਲੇ ਦੇਸ਼ ਦੀ ਕਾਗਰਸ ਪਾਰਟੀ ਨੂੰ ਸਿੱਖਾਂ ਦੀ ਦੁਸ਼ਮਣ ਪਾਰਟੀ ਬਣਾ ਕੇ ਪੇਸ਼ ਕਰਦੇ ਹਨ। ਬਹੁਤ ਸਾਰੇ ਸਿੱਖ ਵੀ ਇਨ੍ਹਾਂ ਦੇ ਪ੍ਰਭਾਵ ਥੱਲੇ ਕਾਗਰਸ ਪਾਰਟੀ ਨੂੰ ਸਿੱਖਾਂ ਦੀ ਦੁਸ਼ਮਣ ਪਾਰਟੀ ਮੰਨਦੇ ਹਨ। ਕਿਉਂਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ 1984 ਵੇਲੇ ਸਿੱਖਾਂ ਦੇ ਦਰਬਾਰ ਸਾਹਿਬ ਅਤੇ ਕਹੇ ਜਾਂਦੇ ਅਕਾਲ ਤਖ਼ਤ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ। ਇਹ ਗੱਲ ਤਾਂ ਬਿੱਲਕੁੱਲ ਠੀਕ ਹੈ ਕਿ ਹਮਲਾ ਕੀਤਾ ਸੀ। ਪਰ ਹਮਲਾ ਕਿਉਂ ਕੀਤਾ ਸੀ? ਇਸ ਬਾਰੇ ਸਾਰਿਆਂ ਦੀ ਇੱਕ ਰਾਏ ਨਹੀਂ ਹੈ। ਨਿਰਪੱਖ ਸੋਚ ਰੱਖਣ ਵਾਲੇ ਅਤੇ ਇੰਡੀਆ ਦੀ ਗੁਪਤਚਰ ਏਜੰਸੀ ਵਿੱਚ ਕੰਮ ਕਰਨ ਵਾਲੇ ਸਾਬਕਾ ਅਫਸਰ ਇਸ ਗੱਲ ਨੂੰ ਮੰਨਦੇ ਹਨ ਕਿ ਇਹ ਇੰਦਰਾ ਗਾਂਧੀ ਦਾ 1985 ਦੀਆਂ ਇਲੈਕਸ਼ਨ ਜਿੱਤਣ ਵਾਲਾ ਇੱਕ ਦਾਅ ਪੇਚ ਸੀ। ਜਾਂ ਇਉਂ ਕਹਿ ਲਓ ਕਿ ਇੱਕ ਸਿਆਸੀ ਪੱਤਾ ਸੀ ਜੋ ਉਸ ਨੇ ਖੇਡਿਆ। ਸਿੱਖਾਂ ਨੂੰ ਕੁੱਟ ਕੇ ਉਹ ਹਿੰਦੂ ਬਹੁ ਸੰਮਤੀ ਦੀਆਂ ਵੋਟਾਂ ਵਟੋਰਨੀਆਂ ਚਾਹੁੰਦੀ ਸੀ। ਹੋ ਸਕਦਾ ਹੈ ਕਿ ਪਹਿਲਾਂ ਐਂਮਰਜੰਸੀ ਲਉਣ ਵੇਲੇ ਦੀ ਵੀ ਕੁੱਝ ਰੰਜਸ ਕੱਢਣੀ ਚਾਹੁੰਦੀ ਹੋਵੇ। ਜੋ ਕੁੱਝ ਵੀ ਸੀ ਇੱਕ ਗੰਦੀ ਰਾਜਨੀਤੀ ਦੀ ਖੇਡ ਸੀ। ਜਿਸ ਦਾ ਖਮਿਆਜਾ ਉਸ ਨੂੰ ਆਪ ਨੂੰ ਅਤੇ ਉਸ ਵਲੋਂ ਖੜੇ ਕੀਤੇ ਗਏ ਦੈਂਤ ਨੂੰ, ਦੋਹਾਂ ਨੂੰ ਹੀ ਭੁਗਤਣਾ ਪਿਆ ਸੀ। ਇੰਦਰਾ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਰਾਜੀਵ ਗਾਂਧੀ ਦੀ ਕਾਂਗਰਸ ਸਰਕਾਰ ਨੇ ਜਿਸ ਤਰ੍ਹਾਂ ਸਾਰੇ ਦੇਸ਼ ਵਿੱਚ ਜਿੱਤ ਪ੍ਰਾਪਤ ਕੀਤੀ ਉਹ ਇਤਿਹਾਸ ਵਿੱਚ ਦਰਜ ਹੈ। ਇੰਦਰਾ ਗਾਂਧੀ ਦੀ ਮੌਤ ਬਾਰੇ ਹੋਰ ਰਹੱਸ ਆਉਣ ਵਾਲੇ ਸਮੇਂ ਵਿੱਚ ਖੁੱਲਣ ਦੀ ਆਸ ਹੈ।
1984 ਵਾਲੀ ਗੇਮ ਵਿੱਚ ਇਕੱਲੀ ਇੰਦਰਾ ਗਾਂਧੀ ਦੋਸ਼ੀ ਨਹੀਂ। ਭਾਜਪਾ ਵਾਲੇ ਅਤੇ ਬਾਦਲ ਅਕਾਲੀ ਦਲ ਵਾਲੇ ਵੀ ਬਰਾਬਰ ਦੇ ਦੋਸ਼ੀ ਹਨ। ਸਿੱਖਾਂ ਦੇ ਕਹੇ ਜਾਂਦੇ ਵਿਦਵਾਨ ਵੀ ਕੋਈ ਘੱਟ ਦੋਸ਼ੀ ਨਹੀਂ ਹਨ। ਭਾਜਪਾ ਦਾ ਲੀਡਰ ਐਡਵਾਨੀ ਤਾਂ ਆਪ ਹੀ ਆਪਣੀ ਲਿਖਤ ਵਿੱਚ ਮੰਨ ਚੁੱਕਾ ਹੈ ਕਿ ਇੰਦਰਾ ਤਾਂ ਥੋੜੀ ਜਿਹੀ ਹਿਚਕਾਹਟ ਮਹਿਸੂਸ ਕਰਦੀ ਸੀ ਪਰ ਅਸੀਂ ਉਸ ਨੂੰ ਮਜਬੂਰ ਕੀਤਾ ਸੀ ਕਿ ਅਟੈਕ ਕਰਕੇ ਅੰਦਰ ਲੁਕੇ ਦੈਂਤ ਤੋਂ ਛੇਤੀਂ ਖਹਿੜਾ ਛੁਡਾਓ। ਅਕਾਲੀ ਦਲ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਵੀ ਚਿੱਠੀਆਂ ਲਿਖ ਕੇ ਕਿਹਾ ਸੀ ਕਿ ਸਾਡੇ ਵਿਸੋਂ ਹੁਣ ਬਾਹਰ ਦੀ ਗੱਲ ਹੈ ਇਸ ਲਈ ਇਸ ਤੋਂ ਸਾਡਾ ਖਹਿੜਾ ਛੁਡਾਓ। ਸਿੱਖਾਂ ਦੇ ਵਿਦਵਾਨ ਇਸ ਕਰਕੇ ਦੋਸ਼ੀ ਹਨ ਕਿ ਉਨ੍ਹਾਂ ਨੇ ਕਦੀ ਵੀ ਸਹੀ ਸਮੇਂ ਤੇ ਸਹੀ ਸੇਧ ਕਦੀ ਵੀ ਨਹੀਂ ਦਿੱਤੀ। ਹੁਣ ਵਾਲੇ ਅੰਮ੍ਰਿਤਪਾਲ ਵਾਲੇ ਵਰਤਾਰੇ ਬਾਰੇ ਵੀ ਦੇਖ ਲਓ ਕਿਵੇਂ ਕਲਾਬਾਜ਼ੀਆਂ ਮਾਰ ਰਹੇ ਹਨ। ਕੁੱਝ ਕੁ ਵਿਦਵਾਨ ਤਾਂ ਉਹ ਹਨ ਜਿਹੜੇ ਸਦਾ ਹੀ ਅੱਗ ਲਾਊ ਵਾਲਾ ਬਿਰਤਾਂਤ ਸਿਰਜਦੇ ਰਹਿੰਦੇ ਹਨ। ਇਨ੍ਹਾਂ ਦੇ ਕੁੱਝ ਨਾਮ ਮੈਂ ਆਪਣੇ ਪਿਛਲੇ ਕੁੱਝ ਦਿਨ ਪਹਿਲੇ 2 ਅਪ੍ਰੈਲ ਵਾਲੇ ਲੇਖ ਵਿੱਚ ਲਿਖੇ ਸਨ। ਇਨ੍ਹਾਂ ਨਾਲ ਦਾ ਹੀ ਇੱਕ ਪ੍ਰਭਸ਼ਰਨਬੀਰ ਸਿੰਘ ਹੈ। ਉਹ ਭਾਵੇਂ ਬਹੁਤਾ ਅੱਗ ਲਾਊ ਤਾਂ ਨਹੀਂ ਪਰ ਹੈ ਇਨ੍ਹਾਂ ਦੀ ਵਿਚਾਰਧਾਰਾ ਵਾਲਾ ਹੀ। ਕੁੱਝ ਦਿਨ ਪਹਿਲਾਂ ਉਸ ਦਾ ਇੱਕ ਲੇਖ ਸਰਬੱਤ ਖਾਲਸਾ ਬਾਰੇ ਛਪਿਆ ਸੀ। ਇਨ੍ਹਾਂ ਦੀ ਸੋਚ ਹਮੇਸ਼ਾਂ ਹੀ ਗਰਬੜ ਕਰਨ ਵਾਲੇ ਭੜਕਾਊ ਤੱਤਾਂ ਮਗਰ ਖੜੀ ਹੁੰਦੀ ਹੈ। ਅੱਜਕੱਲ ਸ਼ੋਸ਼ਲ ਮੀਡੀਏ ਦਾ ਜੁੱਗ ਹੋਣ ਦੇ ਕਾਰਨ ਹਰ ਕੋਈ ਜਣਾ ਖਣਾਂ ਆਪਣਾ ਯੂ-ਟਿਊਬ ਚੈਨਲ ਖੋਲ ਕੇ ਖੜਾ ਹੈ। ਜਿਨ੍ਹਾਂ ਵਿਚੋਂ ਬਹੁਤੇ ਸਸਤੀ ਸ਼ੋਹਰਤ ਅਤੇ ਸੌਖੀ ਕਮਾਈ ਕਰਨ ਵਾਸਤੇ, ਇਕਪਾਸੜ ਭੜਕਾਊ ਸਮਗਰੀ ਹੀ ਪੇਸ਼ ਕਰਦੇ ਹਨ। ਜਿਸ ਨਾਲ ਨੌਜੁਆਨ ਹੋਰ ਗੁਮਰਾਹ ਹੁੰਦੇ ਹਨ। ਹੁਣ ਪਤਾ ਲੱਗਾ ਹੈ ਕਿ ਸਰਕਾਰ ਨੇ ਕਈਆਂ ਦੇ ਚੈਨਲ ਬੰਦ ਕਰ ਦਿੱਤੇ ਹਨ। ਜਿਨ੍ਹਾਂ ਨੂੰ ਕਿ ਮੁੱਢ ਵੇਲੇ ਹੀ ਵਾਰਨਿੰਗ ਦੇ ਦੇਣੀ ਚਾਹੀਦੀ ਸੀ।
ਸਿੱਖਾਂ ਦੀ ਅਤੇ ਖਾਸ ਕਰਕੇ ਵਿਦਵਾਨਾਂ ਦੀ ਤਰਾਸਦੀ ਇਹ ਹੈ ਕਿ ਇਹ ਕਦੀ ਵੀ ਸਿੱਧੀ ਸਪੱਸ਼ਟ ਅਤੇ ਸੱਚੀ ਗੱਲ ਨਹੀਂ ਕਰਦੇ। ਇਹ ਹਮੇਸ਼ਾਂ ਹੀ ਗੋਲ-ਮੋਲ ਗੱਲਾਂ ਕਰਦੇ ਹਨ ਅਤੇ ਜਾਂ ਫਿਰ ਸਾਰਾ ਦੋਸ਼ ਦੂਸਰੀ ਧਿਰ ਤੇ ਸੁੱਟ ਦਿੰਦੇ ਹਨ। 1984 ਵੇਲੇ ਦੇ ਘਟਨਾਕਰਮ ਬਾਰੇ ਜੇ ਕਰ ਕੇਂਦਰ ਦੀ ਕਾਗਰਸ ਸਰਕਾਰ ਅਤੇ ਇੰਦਰਾ ਗਾਂਧੀ ਦੋਸ਼ੀ ਹੈ ਤਾਂ ਭਿੰਡਰਾਂਵਾਲਾ ਸਾਧ ਉਤਨਾ ਦੋਸ਼ੀ ਕਿਉਂ ਨਹੀਂ? ਜਿਹੜਾ ਉਨ੍ਹਾਂ ਦੇ ਜਾਲ ਵਿੱਚ ਫਸ ਕੇ ਆਪ ਹੁਦਰੀਆਂ ਗਲਤ ਕਾਰਵਾਈਆਂ ਕਰਦਾ ਰਿਹਾ ਸੀ। ਉਸ ਨੂੰ ਤਾਂ ਤੁਸੀਂ ਵੀਹਵੀਂ ਸਦੀ ਦਾ ਮਹਾਨ ਸ਼ਹੀਦ ਦੱਸ ਰਹੇ ਹੋ ਅਤੇ ਜੇ ਕਰ ਰਾਹੁਲ ਗਾਂਧੀ ਨੇ ਆਪਣੀ ਦਾਦੀ ਨੂੰ ਸ਼ਹੀਦ ਕਹਿ ਦਿੱਤਾ ਤਾਂ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਇਹ ਕਿਉਂ? ਤੁਸੀਂ ਤਾਂ ਉਸ ਹਰਦੀਪ ਸਿੰਘ ਡਿਬਡਿਬੇ ਨੂੰ ਹੀ ਮਿਹਣੇ ਮਾਰਨ ਲੱਗ ਪਏ ਕਿ ਉਹ ਰਾਹੁਲ ਗਾਂਧੀ ਦੇ ਪੈਦਲ ਮਾਰਚ ਵਿੱਚ ਸ਼ਾਮਲ ਕਿਉਂ ਹੋਇਆ ਸੀ? ਦਰਅਸਲ ਤਾਂ ਤੁਹਾਨੂੰ ਬਹੁਤੀ ਤਕਲੀਫ ਤਾਂ ਅੰਮ੍ਰਿਤਪਾਲ ਬਾਰੇ ਥੋੜਾ ਜਿਹਾ ਸੱਚ ਬੋਲਣ ਬਾਰੇ ਹੈ। ਕਿਉਂਕਿ ਤੁਹਾਡੀ ਸਿੱਖਾਂ ਦੀ ਮਾਨਸਿਕਤਾ ਹੀ ਇਹੋ ਜਿਹੀ ਬਣੀ ਹੋਈ ਹੈ। ਤੁਹਾਨੂੰ ਧਰਮ ਦੇ ਨਾਮ ਤੇ ਕੀਤੀ ਜਾ ਰਹੀ ਗੁੰਡਾਗਰਦੀ, ਬਦਮਾਸ਼ੀ, ਹੁਲੜਬਾਜ਼ੀ ਅਤੇ ਝੂਠ ਹੀ ਚੰਗਾ ਲਗਦਾ ਹੈ। ਜਿਹੜਾ ਕੋਈ ਭਿੰਡਰਾਂਵਾਲੇ ਸਾਧ ਬਾਰੇ, ਦੀਪ ਸਿੱਧੂ ਬਾਰੇ ਅਤੇ ਜਾਂ ਫਿਰ ਅੰਮ੍ਰਿਤਪਾਲ ਬਾਰੇ ਵੱਧ ਤੋਂ ਵੱਧ ਝੂਠ ਬੋਲ ਕੇ ਇਨ੍ਹਾਂ ਦੀਆਂ ਸਿਫਤਾਂ ਕਰੇ ਉਹ ਤੁਹਾਡੇ ਲਈ ਮਹਾਨ ਪੰਥਕ ਬਣ ਜਾਂਦਾ ਹੈ ਅਤੇ ਬਾਕੀ ਸਾਰੇ ਕਾਮਰੇਡ ਜਾਂ ਗਦਾਰ ਫਿਰ ਉਹ ਤੁਹਾਡੀਆਂ ਗਾਲ੍ਹਾਂ ਦੇ ਹੱਕਦਾਰ ਬਣ ਜਾਂਦੇ ਹਨ। ਵਾਹ ਗੁਰੂ ਦਿਓ ਸਿੱਖੋ ਕੀ ਤੁਹਾਡਾ ਗੁਰੂ ਹੀ ਤੁਹਾਨੂੰ ਇਹ ਕੁੱਝ ਸਿਖਾਲ ਕੇ ਗਿਆ ਸੀ ਜਾਂ ਤੁਹਾਡੀ ਆਪਣੀ ਹੀ ਬੁੱਧੀ ਭਰਿਸ਼ਟ ਹੋਈ ਪਈ ਹੈ ਜਾ ਕਰ ਦਿੱਤੀ ਗਈ ਹੈ?
ਰਾਹੁਲ ਗਾਂਧੀ ਜਦੋਂ ਪੈਦਲ ਯਾਤਰਾ ਕਰ ਰਿਹਾ ਸੀ ਤਾਂ ਉਸ ਨੇ ਇੱਕ ਬਿਆਨ ਦਿੱਤਾ ਸੀ ਕਿ ਮੈਂ ਆਪਣਾ ਗਲਾ ਤਾਂ ਕਟਾ ਸਕਦਾ ਹਾਂ ਪਰ ਮੈਂ ਕਦੀ ਆਰ. ਐੱਸ. ਐੱਸ. ਦੇ ਦਫਤਰ ਵਿੱਚ ਨਹੀਂ ਜਾ ਸਕਦਾ। ਪਰ ਸਿੱਖਾਂ ਦੇ 100% ਸਾਧ ਅਤੇ ਖਾਸ ਕਰਕੇ ਭਿੰਡਰਾਂਵਾਲਾ ਸਾਧ ਦੀ ਸਾਰੀ ਵਿਚਾਰਧਾਰਾ ਤਾਂ ਆਰ. ਐੱਸ. ਐੱਸ. ਦੀ ਵਿਚਾਰਧਾਰਾ ਤੇ ਖੜੀ ਹੈ। ਕਿਉਂਕਿ ਉਹ ਕੂੜ ਪੋਥੇ ਦਸਮ ਗ੍ਰੰਥ ਦਾ ਮੁਦਈ ਸੀ। ਇਹ ਦਸਮ ਗ੍ਰੰਥ ਤਾਂ ਗੁਰੂ ਨਾਨਾਕ ਨੂੰ ਲਵ ਕੁੱਸ਼ ਨਾਲ ਜੋੜਦਾ ਹੈ। ਜੇ ਕਰ ਕਿਸੇ ਨੂੰ ਸ਼ੱਕ ਹੋਵੇ ਤਾਂ ਉਹ ਗੁਰਬਚਨ ਸਿੰਘ ਦੀ ਕਿਤਾਬ ਪਾਠ ਦਰਪਣ ਪੜ੍ਹ ਸਕਦਾ ਹੈ ਜਿਸ ਤੋਂ ਇਹ ਭਿੰਡਰਾਂਵਾਲਾ ਸਾਧ ਸਾਰੀ ਸਿੱਖਿਆ ਲੈ ਕੇ ਆਇਆ ਸੀ। ਥੋੜੇ ਜਿਹੇ ਸਮੇ ਲਈ ਬਣਿਆਂ ਕਥਿਤ ਜਥੇਦਾਰ, ਗਿ: ਪੂਰਨ ਸਿੰਘ, ਜਿਹੜਾ ਕਿ ਇਸੇ ਡੇਰੇ ਨਾਲ ਸੰਬੰਧ ਰੱਖਦਾ ਸੀ ਤਾਂ ਸ਼ਰੇਆਮ ਕਹਿੰਦਾ ਹੁੰਦਾ ਸੀ ਕਿ ਮੇਰੇ ਨਾਲ ਕੋਈ ਵੀ ਵਿਚਾਰ ਕਰਕੇ ਦੇਖ ਲਵੇ, ਸਿੱਖ ਲਵ ਕੁਸ਼ ਦੀ ਔਲਾਦ ਹਨ। ਹੁਣ ਵਾਲਾ ਮੁਖੀ ਤਾਂ ਭਗਵੇਂ ਕੱਪੜੇ ਪਾ ਕੇ ਹਰਿਦੁਆਰ ਵਾਲਾ ਪਾਂਡਾ ਵੀ ਸਿੱਧ ਕਰ ਚੁੱਕਾ ਹੈ। ਸੋ ਜਿਨਾਂ ਦੀ ਵਿਚਾਰਧਾਰਾ ਕੱਟੜ ਹਿੰਦੂਵਾਦ ਨਾਲ ਮਿਲਦੀ ਹੈ ਉਹ ਸਿੱਖਾਂ ਲਈ ਮਹਾਨ ਹਨ ਪਰ ਜਿਹੜੇ ਜੰਗੇ ਸਮਾਜ ਦੀ ਆਸ ਲਾ ਕੇ ਇਸ ਤੋਂ ਉਪਰ ਉਠਣ ਦੀ ਕੋਸ਼ਿਸ਼ ਕਰਦੇ ਹਨ ਉਹ ਤੁਹਾਡੇ ਲਈ ਹਾਲੇ ਵੀ ਦੋਸ਼ੀ ਹਨ। ਕਿਉਂਕਿ ਉਨ੍ਹਾਂ ਦੇ ਵੱਡੇ ਵਡੇਰਿਆਂ ਨੇ ਜੋ ਗਲਤੀਆਂ ਕੀਤੀਆਂ ਸਨ ਉਹ ਤਾਂ ਤੁਹਾਨੂੰ ਭੁੱਲਦੀਆਂ ਨਹੀਂ ਪਰ ਤੁਹਾਡੇ ਸਾਧ ਨੇ ਜੋ ਗਲਤੀਆਂ ਉਨ੍ਹਾਂ ਦੇ ਜਾਲ ਵਿੱਚ ਫਸ ਕੇ ਕੀਤੀਆਂ ਹਨ ਉਨ੍ਹਾਂ ਨੂੰ ਤੁਸੀਂ ਮੰਨਣ ਲਈ ਤਿਆਰ ਨਹੀਂ। ਕਿਉਂਕਿ ਤੁਸੀਂ ਹਮੇਸ਼ਾਂ ਆਪਣੇ ਆਪ ਨੂੰ ਦੁੱਧ ਧੋਤੇ ਹੀ ਸਮਝਦੇ ਹੋ। ਨਹੀਂ ਭਾਈ ਅਸਲੀਅਤ ਨੂੰ ਸਾਰੀ ਦੁਨੀਆਂ ਜਾਣਦੀ ਹੈ ਪਰ ਕਿਸੇ ਕਾਰਨ ਜਾਂ ਡਰਦੇ ਮਾਰੇ ਬੋਲਦੇ ਨਹੀਂ। ਸੋ ਸੱਚ ਨੇ ਹਮੇਸ਼ਾਂ ਸੱਚ ਹੀ ਰਹਿਣਾ ਹੈ। ਉਸ ਸੱਚ ਨੂੰ ਬਹੁਤ ਚਿਰ ਧੱਕੇ ਧੌਂਸ ਨਾਲ ਦਬਾ ਕੇ ਨਹੀਂ ਰੱਖਿਆ ਜਾ ਸਕਦਾ ਉਸ ਨੇ ਕਦੀਂ ਨਾ ਕਦੀਂ ਬਾਹਰ ਆ ਕੇ ਹੀ ਰਹਿਣਾ ਹੈ। ਜੇ ਕਰ ਇੰਦਰਾ ਗਾਂਧੀ ਅਤੇ ਕਾਂਗਰਸ ਨੂੰ ਦੋਸ਼ੀ ਮੰਨਣਾ ਹੈ ਤਾਂ ਭਿੰਡਰਾਂਵਾਲੇ ਸਾਧ ਅਤੇ ਉਸ ਦੇ ਚੇਲਿਆਂ ਨੂੰ ਵੀ ਮੰਨੋ। ਦੋਹਾਂ ਨੂੰ ਤੱਕੜੀ ਵਿੱਚ ਪਾ ਕੇ ਬਰਾਬਰ ਤੋਲੋ ਤਾਂ ਹੀ ਤੁਹਾਡੇ ਵਿੱਚ ਕੋਈ ਧਰਮ ਜਾਂ ਇਨਸਾਨੀਅਤ ਦਿਖਾਈ ਦੇਵੇਗੀ। ਨਹੀਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਗੁੰਡਾ ਗਰਦੀ ਅਤੇ ਬਦਮਾਸ਼ੀ ਨੂੰ ਹੀ ਧਰਮ ਬਣਾ ਕੇ ਪੇਸ਼ ਕਰਦੇ ਹਨ।
ਮੱਖਣ ਪੁਰੇਵਾਲ,
ਅਪ੍ਰੈਲ 08, 2023.
.