.

ਬੇ ਅਦਬੀ

(3)

ਸੰਸਾਰ ਦੇ ਹਰ ਗੁਰੂਦਵਾਰੇ ਵਿੱਚ ਰੱਬ ਜਾਂ ਗੁਰੂ ਦੇ ਨਾਮ `ਤੇ ਜੋ ਕੁੱਝ ਵੀ ਕੀਤਾ/ਕਰਵਾਇਆ ਜਾ ਰਿਹਾ ਹੈ, ਉਹ ਸਰਬਵਿਆਪਕ ਕਰਤਾਰ ਪ੍ਰਤਿ ਸੱਚੀ ਸ਼੍ਰੱਧਾ ਦੀ ਅਣਹੋਂਦ ਦਾ ਅਕੱਟ ਪ੍ਰਮਾਣ ਹੈ! ਅਤੇ, ਉਸ ਸਚੇ ਸਾਹਿਬ ਦਾ ਘੋਰ ਨਿਰਾਦਰ, ਗੁਰੂ ਦਾ ਅਪਮਾਨ ਅਤੇ ਗੁਰੂ ਦੁਆਰਾ ਨਿਰਧਾਰਤ ਕੀਤੇ ਅਧਿਆਤਮਵਾਦੀ ਅਤੇ ਮਾਨਵਵਾਦੀ ਸਿੱਧਾਂਤਾਂ (ਫ਼ਰਮਾਨਾਂ/ਹੁਕਮਾਂ/ਆਦੇਸ਼ਾਂ) ਦੀ, ਪੂਰੀ ਢੀਠਤਾ ਤੇ ਨਿਰਲੱਜਤਾ ਨਾਲ, ਕੀਤੀ/ਕਰਵਾਈ ਜਾ ਰਹੀ ਹੁਕਮਅਦੂਲੀ/ਨਾਫ਼ਰਮਾਂਬਰਦਾਰੀ ਹੈ! ਇਸ ਤਲਖ਼ ਤੇ ਕੌੜੇ ਕਥਨ ਦੀ ਪੁਸ਼ਟੀ ਵਾਸਤੇ ਥੋੜੀ ਹੋਰ ਵਿਚਾਰ ਅਗਲੇਰੇ ਪੰਨਿਆਂ ਉੱਤੇ ਕਰਾਂਗੇ।

ਨੰਮ੍ਰਤਾ, ਹਲੀਮੀ ਜਾਂ ਮਸਕੀਨਤਾ ਗੁਣਵਾਣ ਇਨਸਾਨ ਦੇ ਕਿਰਦਾਰ ਦੇ ਮੁੱਖ ਲੱਛਣ ਹਨ। ਪਰੰਤੂ, ਜਿਹੜਾ ਗੁਣਹੀਣ ਵਿਅਕਤੀ ਆਪਣੇ ਭ੍ਰਸ਼ਟ ਤੇ ਕੋਝੇ ਕਿਰਦਾਰ ਦੇ ਵਿਪ੍ਰੀਤ ਆਪਣੇ ਨਾਮ ਨਾਲ ਗੁਣਵਾਚਕ ਲਕਬ ਜਾਂ ਤਖ਼ੱਲਸ (ਸੰਤ, ਬਾਬਾ, ਖ਼ਾਲਸਾ, ਭਾਈ, ਸ਼੍ਰਿੋਮਣੀ ਸੇਵਾ ਰਤਨ, ਸ਼੍ਰਿੋਮਣੀ ਪੰਥ ਰਤਨ, ਪੰਥ-ਸੇਵਕ ਜਾਂ ਗੁਰੂਪੰਥ ਦਾ ਦਾਸ ਆਦਿਕ) ਲਾਉਂਦਾ ਹੈ, ਉਹ, ਬਿਨਾਂ ਸ਼ੱਕ, ਪਰਲੇ ਦਰਜੇ ਦਾ ਹੰਕਾਰੀ ਅਤੇ ਬੇਅਦਬ ਮਨੁੱਖ ਹੈ ਜੋ, ਨਿਰਲੱਜ ਹੋ ਕੇ ਰੱਬ, ਗੁਰੂ ਅਤੇ ਗੁਰਸਿੱਧਾਂਤਾਂ ਦੀ ਬੇਅਦਬੀ ਕਰਦਾ ਹੈ।

ਗੁਰਹੁਕਮਾਂ ਅਨੁਸਾਰ, ਸੰਸਾਰਕ ਸੰਸਕਾਰ ਅਥਵਾ ਕਰਮਕਾਂਡ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਨਿਰਾਰਥਕ ਹਨ। ਕਰਮਕਾਂਡ ਮਨੁੱਖ ਨੂੰ ਤ੍ਰੈਗੁਣਅਤੀਤ ਰਬ ਵੱਲੋਂ ਬੇਮੁਖ ਕਰਕੇ ਤ੍ਰੈਗੁਣੀਂ ਮਾਇਆ ਦੇ ਮੁਥਾਜ ਬਣਾਉਂਦੇ ਹਨ। ਮਾਇਆ ਦੇ ਮੁਥਾਜ ਇਨਸਾਨ ਵਿੱਚੋਂ ਇਨਸਾਨੀਯਤ ਮਰ ਜਾਂਦੀ ਹੈ ਤੇ ਉਹ ਸ਼ੈਤਾਨ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸੇ ਲਈ, ਅਧਿਆਤਮਵਾਦੀ ਬਾਣੀਕਾਰਾਂ ਨੇ ਕਰਮਕਾਂਡ ਕਰਨ/ਕਰਵਾਉਣ ਦੇ ਅਧਾਰਮਿਕ ਰੀਤੀ-ਰਿਵਾਜਾਂ ਦਾ ਖੰਡਨ ਕਰਦਿਆਂ ਇਨ੍ਹਾਂ ਪਾਖੰਡ ਕਰਮਾਂ ਦਾ ਪਰਿਤਿਆਗ ਕਰਨ ਅਤੇ ਅਧਿਆਤਮ ਕਰਮ ਕਰਨ ਦਾ ਆਦੇਸ਼ ਦਿੱਤਾ ਹੈ। ਕਰਮ ਕਾਂਡ ਬਹੁ ਕਰਹਿ ਆਚਾਰ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ॥ ਗਉੜੀ ਮ: ੩ਅਧਿਆਤਮ ਕਰਮ ਕਰੇ ਤ ਸਾਚਾ॥ ਮੁਕਤਿ ਭੇਦੁ ਕਿਆ ਜਾਣੈ ਕਾਚਾ॥ ਗਉੜੀ ਅ: ਮ: ੧। (ਕਾਚਾ: ਮੂਰਖ, ਅਗਿਆਨੀ, ਕਪਟੀ।) ਪਰੰਤੂ, ‘ਸਿੱਖ ਧਰਮ’ ਦੇ ਕੱਚੇ ਠੇਕੇਦਾਰਾਂ ਦੁਆਰਾ, ਗੁਰਹੁਕਮਾਂ ਦੀ ਅਵੱਗਿਆ ਕਰਕੇ, ਬਣਾਈ ਗਈ ਅਤੇ ਕਰਮਾਕਾਰੀ ਪੁਜਾਰੀਆਂ ਦੁਆਰਾ ਅੱਡੀ-ਚੋਟੀ ਦਾ ਟਿੱਲ ਲਾ ਕੇ ਪ੍ਰਚਾਰੀ ਜਾਂਦੀ “ਸਿੱਖ ਰਹਿਤ ਮਰਿਆਦਾ”, ਸਿਰਫ਼ ਅਤੇ ਸਿਰਫ਼, ਕਰਮਕਾਂਡ (ਦਿਖਾਵੇ ਦੇ ਸੰਸਾਰਕ ਧਰਮ ਕਰਮ) ਕਰਨ/ਕਰਵਾਉਣ ਦਾ ਹੁਕਮ ਅਤੇ ਵਿਧੀ-ਵਿਧਾਨ ਹੀ ਹੈ। ਗੁਰੂ (ਗ੍ਰੰਥ) ਅਤੇ ਗੁਰੁਹੁਕਮਾਂ ਦੀ ਇਸ ਤੋਂ ਵੱਡੀ ਤੇ ਭੀਸ਼ਨ ਬੇਅਦਬੀ ਕੀ ਹੋ ਸਕਦੀ ਹੈ!

ਤੀਰਥ ਯਾਤ੍ਰਾ, ਤੀਰਥ ਦਰਸ਼ਨ ਅਤੇ ਤੀਰਥ-ਇਸ਼ਨਾਨ ਦੀ ਪਾਖੰਡ ਰੀਤੀ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਵਿਅਰਥ ਹੈ। ਮਨ-ਆਤਮਾ ਲਈ ਘਾਤਿਕ ਇਸ ਰੀਤਿ ਸਦਕਾ ਛੂਤ ਦੀਆਂ ਕਈ ਬੀਮਾਰੀਆਂ ਦੇ ਫ਼ੈਲਣ ਦਾ ਖ਼ਦਸ਼ਾ ਹੁੰਦਾ ਹੈ! ਦੂਜਾ, ਤੀਰਥ-ਇਸ਼ਨਾਨੀ ਦੇ ਮਨ ਵਿੱਚ ਹਉਮੈਂ ਆਦਿਕ ਮਾਨਸਿਕ ਰੋਗ ਵੀ ਪੈਦਾ ਹੁੰਦੇ ਹਨ। ਇਸੇ ਲਈ ਗੁਰਬਾਣੀ ਵਿੱਚ ਇਸ ਪਾਖੰਡ ਰੀਤੀ ਦਾ ਪੁਰਜ਼ੋਰ ਖੰਡਨ ਕੀਤਾ ਗਿਆ ਹੈ। ਗੁਰਮਤਿ ਅਨੁਸਾਰ, ਤੀਰਥ ਇਸ਼ਨਾਨ ਬੁਹਤ ਵੱਡਾ ਛਲ-ਭਰਮ ਤੇ ਪਾਖੰਡ ਕਰਮ ਹੈ। ਗੁਰਸਿੱਖ ਵਾਸਤੇ ਗੁਰਬਾਣੀ-ਵੀਚਾਰ ਹੀ ਤੀਰਥ ਹੈ। ਗੁਰਹੁਕਮਾਂ ਦੇ ਵਿਪ੍ਰੀਤ, ‘ਸਿੱਖ ਧਰਮ’ ਦੇ ਸੰਸਥਾਪਕਾਂ ਅਤੇ ਪ੍ਰਬੰਧਕਾਂ ਨੇ ਭਾਰਤ ਦੇ, ਲਗਪਗ, ਸਾਰੇ ਗੁਰੂਦਵਾਰਿਆਂ ਨੂੰ ਤੀਰਥ ਬਣਾ ਲਿਆ ਹੈ। ਅਤੇ, ‘ਸਿੱਖ ਧਰਮ’ ਦੇ ਕੱਚੇ-ਕੂੜਿਆਰ ਪ੍ਰਚਾਰਕਾਂ ਨੇ ਆਪਣੇ ਕੂੜ-ਪ੍ਰਚਾਰ ਨਾਲ ‘ਸਿੱਖਾਂ’ ਨੂੰ ਇਨ੍ਹਾਂ ਤੀਰਥਾਂ `ਤੇ ਡੱਡੂ-ਡੁਬਕੀਆਂ ਲਾਉਣ ਅਤੇ ਅੰਮ੍ਰਿਤ-ਚੂਲੇ ਭਰਨ ਦੀ ਭੈੜੀ ਲਤ ਲਾ ਦਿੱਤੀ ਹੈ।

ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ॥

ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨਾਉਗੋ॥ ਰਾਮਕਲੀ ਨਾਮਦੇਉ ਜੀ

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥

ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ ਆਸਾ ਕਬੀਰ ਜੀ

ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥ ਮ: ੧

ਹਰਿ ਜਲੁ ਨਿਰਮਲੁ ਮਨੁ ਇਸਨਾਨਾਨੀ ਮਜਨੁ ਸਤਿਗੁਰੁ ਭਾਈ॥ ਗੂਜਰੀ ਅ: ਮ: ੧

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥ …ਬਿਲਾਵਲੁ ਮ: ੧

ਅੰਤਰਿ ਗਿਆਨੁ ਮਹਾ ਰਸੁ ਸਾਰਾ॥ ਤੀਰਥ ਮਜਨੁ ਗੁਰ ਵੀਚਾਰਾ॥ …ਆਸਾ ਅ: ਮ: ੧

ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ॥ …ਸੂਹੀ ਮ: ੫

ਮੰਨ ਗਏ ‘ਸਿੱਖ ਧਰਮ’ ਦੇ ਛਲਾਰ ਪ੍ਰਚਾਰਕਾਂ ਨੂੰ ਜਿਨ੍ਹਾਂ ਨੇ ਆਪਣੀ ਛਲ-ਵਿੱਦਿਆ ਨਾਲ ਚੰਗੇ-ਭਲੇ ਮਾਨਸਾਂ ਨੂੰ ਡੱਡੂਆਂ ਤੋਂ ਵੀ ਬਦਤਰ ਜੀਵ ਬਣਾ ਕੇ ਰੱਖ ਦਿੱਤਾ ਹੈ!

ਮਨ ਦੀ ਮਲੀਨਤਾ ਅਤੇ ਕੋਝੇ ਕਿਰਦਾਰ ਨੂੰ ਛੁਪਾਉਣ ਵਾਸਤੇ ਧਾਰੇ ਗਏ ਵਿਸ਼ੇਸ਼ ਲਿਬਾਸ ਨੂੰ ਭੇਖ ਕਹਿੰਦੇ ਹਨ। ਭਰਮਾਊ ਭੇਖਾਂ ਦੀ ਵਰਤੋਂ, ਆਮਤੌਰ `ਤੇ, ਮਨੁੱਖਾ ਸਮਾਜ ਦੇ ਧਾਰਮਿਕ, ਰਾਜਨੈਤਿਕ ਅਤੇ ਚੋਰਬਾਜ਼ਾਰੀ ਦੇ ਖੇਤ੍ਰਾਂ ਵਿੱਚ ਹੀ ਕੀਤੀ ਜਾਂਦੀ ਹੈ! ਗੁਰਹੁਕਮਾਂ ਅਨੁਸਾਰ, ਭੇਖੀ ਮਨੁੱਖ, ਨਿਰਸੰਦੇਹ, ਮਨ ਦੇ ਮੈਲੇ ਤੇ ਕੂੜਕਬਾੜ (ਵਿਕਾਰਾਂ) ਦੀ ਪੰਡ ਹੁੰਦੇ ਹਨ:

ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥ ਮ: ੧

ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ॥ …ਸਿਰੀਰਾਗੁ ਮ: ੩

ਬ੍ਰਹਮਗਿਆਨੀ ਬਾਣੀਕਾਰਾਂ ਨੇ ਧਾਰਮਿਕ ਭੇਖਾਂ, ਰੰਗ-ਬਰੰਗੇ ਬਾਣਿਆਂ ਅਤੇ ਚਿੰਨ੍ਹਾਂ ਦਾ ਖੰਡਨ ਕਰਦਿਆਂ ਭੇਖਧਾਰੀਆਂ ਨੂੰ ਲਾਨਤਾਂ ਪਾਈਆਂ ਹਨ ਅਤੇ ਦਿਖਾਵੇ ਦੇ ਇਨ੍ਹਾਂ ਪਾਖੰਡਾਂ ਤੋਂ ਦੂਰ ਰਹਿਣ ਦਾ ਆਦੇਸ਼ ਦਿੱਤਾ ਹੈ। ਪਰੰਤੂ ‘ਸਿੱਖ ਧਰਮ’ ਦੇ ਦੁਰਮਤੀਏ ਮੁਦਈਆਂ ਦੇ ਹੁਕਮਾਂ ਅਨੁਸਾਰ ਗੁਰੂ ਦੇ ਸਿੱਖਾਂ ਵਾਸਤੇ ਬਾਣੇ (ਭੇਖ) ਨਾਲ ਜੁੜਨਾ ਜ਼ਰੂਰੀ ਹੈ। ਰੰਗ-ਬਰੰਗੇ ਬਾਣੇ (ਭੇਖਾਂ) ਅਤੇ ਚਿੰਨ੍ਹਾਂ (ਖ਼ਾਸ ਕਰਕੇ ਪੰਜ ਕਕਾਰਾਂ) ਖ਼ਾਤਿਰ ‘ਸਿੱਖ’ ਹਰ ਰੋਜ਼ ਦੂਸਰੇ ਸੰਪਰਦਾਈ ਧਰਮਾਂ ਦੇ ਪੈਰੋਕਾਰਾਂ ਅਤੇ ਦੇਸ-ਬਿਦੇਸ ਦੇ ਕਾਨੂਨ ਨਾਲ ਬੇਵਜਹ ਖਹਿਬੜਦੇ ਰਹਿੰਦੇ ਹਨ। ਕਾਨੂਨ ਨਾਲ ਖਹਿਬੜਦਿਆਂ ਇਨ੍ਹਾਂ ਭੇਖੀ ਖਹਿਬੜਬਾਜ਼ਾਂ ਦੀ ਪੱਗ ਲੱਥ ਜਾਵੇ ਤਾਂ ਦਸਤਾਰ ਦੀ ਬੇਅਦਬੀ! ਪਰੰਤੂ, ਦਸਤਾਰ ਦੀ ਅਸਲੀ ਬੇਅਦਬੀ ਤਾਂ ਉਦੋਂ ਹੁੰਦੀ ਹੈ ਜਦੋਂ ਦਸਤਾਰਧਾਰੀ ਜਥੇਦਾਰ ਅਤੇ ਉਨ੍ਹਾਂ ਦੇ ਪਿਛਲੱਗ ਆਪਸ ਵਿੱਚ ਗੁੱਥਮ-ਗੁੱਥਾ ਹੁੰਦੇ ਤੇ ਇਕ-ਦੂਜੇ ਦੀਆਂ ਪੱਗਾਂ ਉਛਾਲਦੇ ਹਨ। ਦਸਤਾਰ ਦੀ ਬੇਅਦਬੀ ਉਦੋਂ ਹੁੰਦੀ ਹੈ ਜਦੋਂ ਦਸਤਾਰਧਾਰੀ ‘ਸਿੱਖ’ ਨਸ਼ੇ ਵੇਚਦੇ, ਨਸ਼ਿਆਂ ਦੀ ਤਸਕਰੀ ਕਰਦੇ ਜਾਂ ਚੋਰੀ ਦਾ ਮਾਲ ਵੇਚਦੇ ਫੜੇ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਪੱਗਾਂ ਲਾਹ ਕੇ ਲਈਆਂ ਗਈਆਂ ਉਨ੍ਹਾਂ ਦੀਆਂ ਹਾਸੋਹੀਣੀਆਂ ਫ਼ੋਟੋਆਂ ਇੰਟਰਨੈੱਟ `ਤੇ ਪਾਕੇ ਜਨਤਕ ਕੀਤੀਆਂ ਜਾਂਦੀਆਂ ਹਨ। ਕੇਸਾਂ ਦੀ ਬੇਅਦਬੀ ਉਦੋਂ ਹੁੰਦੀ ਹੈ ਜਦੋਂ ਸਿੰਘ ਸਾਹਿਬ ਅਤੇ ਉਨ੍ਹਾਂ ਦੇ ਝੋਲੀਚੁਕ ਸਿੰਘ ਆਪਸ ਵਿੱਚ ਜੂੰਡੇ ਪੁੱਟਦੇ ਤੇ ਗੁਰਮੁਖੀ ਦਾੜ੍ਹੇ ਫੜ ਕੇ ਇਕ-ਦੂਜੇ ਨੂੰ ਧੂਹੰਦੇ-ਘਸੀਟਦੇ ਹਨ। ਕਿਰਪਾਨ ਦੀ ਬੇਅਦਬੀ ਓਦੋਂ ਹੁੰਦੀ ਹੈ ਜਦੋਂ ਅੰਮ੍ਰਿਤਧਾਰੀ ਜਥੇਦਾਰ (ਸਿੰਘ ਸਾਹਿਬ) ਅਤੇ ਹੋਰ ਸਿੰਘ ਕਿਰਪਾਨਾਂ ਨਾਲ ਇਕ-ਦੂਜੇ ਦੇ ਸਿਰ ਪਾੜਦੇ ਤੇ ਲਹੂ-ਲੁਹਾਣ ਹੁੰਦੇ ਹਨ। ਕਿਰਪਾਨ ਦੀ ਪ੍ਰਚੰਡ ਬੇ-ਅਦਬੀ ਉਦੋਂ ਹੁੰਦੀ ਹੈ ਜਦੋਂ ਮਾਸੂਮ ਮਜ਼ਲੂਮਾਂ ਦੀ ਜਾਨ ਬਚਾਉਣ ਦਾ ਦਾਅਵਾ ਕਰਨ ਵਾਲੇ ਕਿਰਪਾਨਧਾਰੀ ਸਿੰਘ-ਖ਼ਾਲਸੇ ਮਾਸੂਮ ਲੋਕਾਂ ਦਾ ਨਿਸ਼ਠੁਰਤਾ ਨਾਲ ਕਤਲ ਕਰਦੇ ਹਨ! ਪਰੰਤੂ, ਆਪ ਸਹੇੜੀ ਆਫ਼ਤ ਆਉਣ `ਤੇ, ਆਪਣੀ ਜਾਨ ਬਚਾਉਣ ਵਾਸਤੇ ਗੁਰੂਦਵਾਰਿਆਂ ਵਿੱਚ ਪਨਾਹ ਲੈਂਦੇ ਹਨ ਅਤੇ ਜਾਂ ਫਿਰ ਬੁਜ਼ਦਿਲ ਗੁੰਡਿਆਂ ਦੀ ਤਰ੍ਹਾਂ ਦੁਮ ਦਬਾ ਕੇ ਰਫ਼ੂਚੱਕਰ ਹੋ ਜਾਂਦੇ ਹਨ।

ਮਾਇਆ ਦੀ ਖ਼ਾਤਿਰ ਕੀਤੇ/ਕਰਵਾਏ ਜਾਂਦੇ ਤਰ੍ਹਾਂ ਤਰ੍ਹਾਂ ਦੇ ਭਾੜੇ ਦੇ ਅਣਗਿਣਤ ਪਾਠਾਂ ਦੀਆਂ ਲੜੀਆਂ ਅਤੇ ਅਰਦਾਸਾਂ ਦੀਆਂ ਝੜੀਆਂ ਪਾਠ ਅਤੇ ਅਰਦਾਸ ਦੇ ਪਵਿੱਤਰ ਸਿੱਧਾਂਤਾਂ ਦੀ ਬੇਅਦਬੀ ਹੈ।

ਗੁਰੂਘਰਾਂ ਦੀ ਬੇਅਦਬੀ ਓਦੋਂ ਹੁੰਦੀ ਹੇ ਜਦੋਂ, ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ, ਗੁਰੂਦਵਾਰਿਆਂ ਵਿੱਚ ਗੱਦੀਆਂ ਅਤੇ ਗੋਲਕਾਂ ਦੀ ਖ਼ਾਤਿਰ ਗੁੰਡਾਗਰਦੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕਥਿਤ ਤਖ਼ਤਾਂ ਦੀ ਬੇਅਦਬੀ ਉਦੋਂ ਹੁੰਦੀ ਹੈ ਜਦੋਂ ਤਖ਼ਤਾਂ ਦੇ ਮੂਹਰੇ ਬੱਕਰੇ ਝਟਕਾ ਕੇ ਜਥੇਦਾਰ ਅਤੇ ਪੁਜਾਰੀ ਲਾਣਾ ਜਸ਼ਨ ਕਰਦੇ ਹਨ! ਜਦੋਂ ਇਨ੍ਹਾਂ ਤਖ਼ਤਾਂ ਦੇ ਮਨਮਤੀਏ ਜਥੇਦਾਰ ਅਤਿ ਦੀ ਬੂਝੜਤਾ ਵਾਲੇ ਬੇਤੁਕੇ, ਬੇਹੂਦਾ ਤੇ ਝੂਠੇ ਬਿਆਨ ਦਿੰਦੇ ਹਨ। ਤਖ਼ਤਾਂ ਦੀ ਬੇਹੁਰਮਤੀ ਉਦੋਂ ਹੁੰਦੀ ਹੈ ਜਦੋਂ ਤਖ਼ਤਾਂ ਦੇ ਜਥੇਦਾਰਾਂ (ਸਿੰਘ ਸਾਹਿਬਾਂ) ਉੱਤੇ ਕਰੋੜਾਂ ਦੇ ਘਪਲੇ, ਠੱਗੀ-ਠੋਰੀ ਅਤੇ ਚੋਰੀ ਦੇ ਇਲਜ਼ਾਮ ਲੱਗਦੇ ਹਨ। ……ਜਦੋਂ ਕਿਸੇ ਤਖ਼ਤ ਦਾ ਭੇਖਧਾਰੀ ਜਥੇਦਾਰ ਮਾਇਆ ਦਾ ਡੱਸਿਆ ਅਤੇ ਲੋਭ ਦਾ ਮਾਰਿਆ ਫ਼ਿਲਮਾਂ ਵਿੱਚ ਗੀਤ ਗਾਉਂਦਾ ਫਿਰਦਾ ਹੈ। ਗੁਰੂ ਦੀ ਬੇਅਦਬੀ ਉਦੋਂ ਹੁੰਦੀ ਹੈ ਜਦੋਂ ਪ੍ਰਬੰਧਕਾਂ ਵੱਲੋਂ, ਮਾਇਆ ਦੀ ਖ਼ਾਤਿਰ, ਗੁਰੂ ਘਰਾਂ ਵਿੱਚ ਫ਼ਾਹਿਸ਼ ਫ਼ਿਲਮਾਂ ਦੀ ਸ਼ੂਟਿੰਗ ਦੀ ਆਗਿਆ ਦਿੱਤੀ ਜਾਂਦੀ ਹੈ। ……ਗੁਰਬਾਣੀ ਗ੍ਰੰਥ ਦੀ ਬੇਅਦਬੀ ਉਦੋਂ ਹੁੰਦੀ ਹੈ ਜਦੋਂ ਇਸ ਪਵਿੱਤਰ ਗ੍ਰੰਥ ਦੇ ਬਰਾਬਰ ਕੂੜ ਕਿਤਾਬਾਂ (ਕਥਿਤ ਦਸਮ ਗ੍ਰੰਥ ਵਗੈਰਾ) ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ……ਜਦੋਂ ਪ੍ਰਗਟ ਗੁਰਾਂ ਕੀ ਦੇਹ ਨੂੰ ਸੋਨੇ ਦੀ ਪਾਲਕੀ ਵਿੱਚ ਬਿਰਾਜਮਾਨ ਕਰਾ ਕੇ ਗਲੀਆਂ ਮੁਹੱਲਿਆਂ ਵਿੱਚ ਘੁਮਾ ਕੇ ਦਰਸ਼ਨ-ਦੀਦਾਰੇ ਕਰਾਉਣ ਦੇ ਬਹਾਨੇ ਮਾਇਆ ਠੱਗੀ ਜਾਂਦੀ ਹੈ! … …

ਇਹ ਸੱਚ ਬੜਾ ਦੁਖਦਾਇਕ ਹੈ ਕਿ, ਸੰਸਾਰ ਦੇ ਹਰ ਗੁਰੂਦਵਾਰੇ ਵਿੱਚ ਪ੍ਰਭੂ, ਗੁਰੂ ਅਤੇ ਗੁਰ-ਸਿੱਧਾਂਤਾਂ/ਫ਼ਰਮਾਨਾਂ ਦੀ ਹੁੰਦੀ ਘੋਰ ਬੇ ਅਦਬੀ ਕਿਸੇ ਸਿੱਖ ਨੂੰ ਨਜ਼ਰ ਨਹੀਂ ਆਉਂਦੀ! !

ਉਪਰ ਕੀਤੀ ਗਈ ਵਿਚਾਰ ਤੋਂ, ਨਿਰਸੰਦੇਹ, ਸਾਬਤ ਹੋ ਜਾਂਦਾ ਹੈ ਕਿ ਸਿੱਖ ਕੌਮ ਵਿੱਚ ਪ੍ਰਭੂ, ਗੁਰੁ, ਗੁਰਧਾਮਾਂ ਅਤੇ ਗੁਰੁਸਿੱਧਾਂਤਾਂ ਦੀ ਘੋਰ ਬੇਅਦਬੀ ਕਰਨ ਵਾਲੇ ‘ਸਿੱਖ ਧਰਮ’ ਦੇ ਇਨਸਾਨੀਯਤ ਤੋਂ ਗਿਰੇ ਹੋਏ ਬੇਗ਼ੈਰਤ, ਨੀਚ, ਵਿਕਾਊ, ਵਿਕਾਰੀ, ਸੁਆਰਥੀ ਅਤੇ ਭੇਖੀ ਪਾਖੰਡੀ ਸਿੱਖ ਨੇਤਾ (ਅਕਾਲੀ, ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਤੇ ਹੋਰ ਅਧਿਕਾਰੀ ਅਤੇ ਕਾਰਕੁਨ, ਤਖ਼ਤਾਂ ਦੇ ਜਥੇਦਾਰ ਅਤੇ ਪੁਜਾਰੀ ਲਾਣਾ ਤੇ ਚੋਰਬਾਜ਼ਾਰੀਏ ਵਗ਼ੈਰਾ) ਹੀ ਹਨ।

ਚਲਦਾ……

ਗੁਰਇੰਦਰ ਸਿੰਘ ਪਾਲ

ਅਪ੍ਰੈਲ 07, 2023.
.