.

ਮਨੌਤਾਂ ਦੀ ਗੁਲਾਮੀ

ਸਦੀਆਂ ਪਹਿਲਾਂ ਇੱਕ ਆਵਾਜ਼ ਉਠੀ ਸੀ ਕਿ: ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥1410 ਇਹ ਗਿਆਨ ਦੀ ਗਲ ਇਕੱਲੇ ਵਸਤੂਆਂ ਦੇ ਵਾਪਾਰ ਬਾਰੇ ਹੀ ਨਹੀ ਬਲਿਕੇ ਮਨੁੱਖ ਦੇ ਕਿਸੇ ਵੀ ਕੰਮ ਲਈ ਕਦਮ ਚੁੱਕਣ ਤੋਂ ਪਹਿਲਾਂ ਦੀ ਚਿਤਾਵਨੀ ਹੈ ਜਿਵੇਂ ਅੰਗਰੇਜ਼ੀ ਦੀ ਕਹਾਵਤ ਹੈ ਕਿ “think before you leap”। ਬਿਨਾ ਘੋਖੇ, ਬਿਨਾ ਪਰਖੇ ਕਿਸੇ ਗਲ ਤੇ ਇਤਬਾਰ ਕਰ ਲੈਣਾ ਜਾਂ ਸੱਚ ਮੰਨ ਲੈਣਾ ਹਾਨੀ ਕਾਰਕ ਜਾਂ ਅਫਸੋਸ ਮਈ ਵੀ ਹੋ ਸਕਦਾ ਹੈ, ਇਸ ਲਈ ਹਰ ਫੈਸਲੇ ਤੋਂ ਪਹਿਲਾਂ ਘੋਖ ਪੜਤਾਲ ਜਾਂ ਵਿਚਾਰ ਕਰ ਲੈਣੀ ਲਾਭਦਾਇਕ ਤੇ ਸਮਝਦਾਰੀ ਸਾਬਤ ਹੋ ਸਕਦੀ ਹੈ। ਜੋ ਕੁਛ ਅੱਜ ਮਨ ਨੂੰ ਸੱਚ ਜਾਂ ਚੰਗਾ ਲਗਦਾ ਹੈ, ਸਮੇ, ਵਾਤਾਵਰਨ ਜਾਂ ਮਨ ਦੀ ਸਥਿੱਤੀ ਦੇ ਬਦਲਾਉ ਨਾਲ ਕਲ ਨੂੰ ਉਹੀ ਬੁਰਾ ਤੇ ਝੂਠ ਵਿੱਚ ਵੀ ਬਦਲ ਸਕਦਾ ਹੈ ਜਿਵੇਂ ਕਲ ਜੋ (ਅਗਿਆਨਤਾ ਕਾਰਨ) ਧਰਮ ਦੇ ਕਰਮ ਕਾਂਡ ਸੱਚ, ਸਹੀ ਤੇ ਪਿਆਰੇ ਲਗਦੇ ਸਨ, ਜਿਨ੍ਹਾਂ ਨੂੰ ਬੜੀ ਸ਼ਰਧਾ ਨਾਲ ਨਿਭਾਇਆ ਜਾਂਦਾ ਸੀ, ਉਹੀ ਅੱਜ ਗਿਆਨ ਦੀ ਰੌਸ਼ਨੀ ਵਿੱਚ ਘੋਖ ਪੜਤਾਲ ਕੀਤਿਆਂ ਨਿਸਫਲ਼ ਤੇ ਵਿਅਰਥ ਜਾਪਦੇ ਹਨ। ਆਮ ਤੌਰ ਤੇ, ਅਗਿਆਨਤਾ ਕਾਰਨ ਡਰਿਆ ਮਨੁੱਖ ਆਪਣੀ ਸੁਰੱਖਿਆ ਜਾਂ ਲੋੜਾਂ ਦੀ ਪੂਰਤੀ ਲਈ ਕਿਸੇ ਗੈਬੀ ਸ਼ਕਤੀ ਦੇ ਸਹਾਰੇ ਦੀ ਕਲਪਣਾ ਕਰਦਾ ਹੈ ਜਿਵੇਂ ਰੱਬ, ਦੇਵੀ, ਦੇਵਤੇ, ਸੰਤ, ਫਕੀਰ ਅਤੇ ਔਲੀਏ -- ਆਦਿਕ -- ਅਤੇ ਇਥੇ ਹੀ ਬਸ ਨਹੀ ਫੇਰ ਉਹ ਆਕਾਰਾਂ ਨੂੰ ਜਿਵੇਂ ਸੂਰਜ, ਪਾਣੀ, ਅੱਗ, ਸੱਪ, ਅਤੇ ਆਪੇ ਘੜੀ ਪੱਥਰ ਦੀ ਮੂਰਤੀ ਅਗੇ ਵੀ ਮਨੋਰਥਾਂ ਦੀ ਪੂਰਤੀ ਲਈ ਮੰਨਤਾਂ ਮੰਨਦਾ ਹੈ। ਮਨੁੱਖ ਦੀ ਪੱਥਰ ਵਿਚੋਂ ਆਪੇ ਘੜੀ ਦੇਵੀ ਦੇਵਤਿਆਂ ਦੀ ਮੂਰਤੀ ਜਾਂ ਕਾਗਜ਼ਾਂ ਤੇ ਬਣਾਈ ਮੂਰਤ ਵਿੱਚ ਕੋਈ ਅਸੀਮ ਸ਼ਕਤੀ ਨਹੀ ਹੁੰਦੀ, ਅਤੇ ਨਾ ਹੀ ਮੜ੍ਹੀਆਂ, ਮਸਾਣਾਂ, ਸ਼ਹੀਦਾਂ ਤੇ ਗੁੱਗਿਆਂ ਵਿੱਚ ਕੋਈ ਅਸੀਮ ਸ਼ਕਤੀ ਹੈ, ਇਸ ਲਈ ਇਹਨਾਂ ਦੀ ਮਨੌਤ ਅਤੇ ਪੂਜਾ ਇੱਕ ਵਿਅਰਥ ਤੇ ਨਿਸਫਲ ਕਰਮ ਕਾਂਡ ਦੀ ਗੁਲਾਮੀ ਤੋਂ ਬਿਨਾ ਕੁਛ ਨਹੀ ਪਰ ਮਨੁੱਖ ਦੇ ਅੰਦਰ ਬੈਠਾ ਚਿਰਾਂ ਦਾ ਡਰ ਤੇ ਮਜਬੂਰੀ ਅਜੇ ਵੀ ਇਸ ਨੂੰ ਮੁਕਤ ਨਹੀ ਹੋਣ ਦਿੰਦੀ। ਪੁਜਾਰੀ ਨੇ ਅਖੌਤੀ ਧਰਮ ਨੂੰ ਮਨੌਤਾਂ, ਪੂਜਾ ਪਾਠਾਂ ਤੇ ਹੋਰ ਅਨੇਕਾਂ ਕਰਮ ਕਾਂਡਾਂ ਨੂੰ ਗੁਲਾਮੀ ਦਾ ਜ਼ਰੀਆ ਬਣਾ ਰਖਿਆ ਹੈ।

ਹਰ ਕੋਈ ਜਾਣਦਾ ਹੈ ਕਿ ਸਰੀਰਕ ਰੋਗ ਦਵਾ ਲੈਣ ਨਾਲ ਦੂਰ ਹੁੰਦਾ ਹੈ, ਦਵਾ ਨੂੰ ਪੂਜਣ ਨਾਲ ਨਹੀ ਤੇ ਅਗਿਆਨਤਾ ਕਾਰਨ ਵਿਅਰਥ ਧਾਰਮਿਕ ਮਨੌਤਾਂ ਵੀ ਇੱਕ ਆਤਮਿਕ ਰੋਗ ਹੀ ਹਨ ਜਿਸਦੀ ਦਵਾ ਕੇਵਲ ਗਿਆਨ ਹੈ। ਹੁਣ, ਗਿਆਨ (ਦਵਾ) ਨੂੰ ਵਰਤਣ ਨਾਲ ਹੀ ਇਹਨਾਂ ਵਿਅਰਥ ਮਨੌਤਾਂ ਦਾ ਰੋਗ ਦੂਰ ਹੋ ਸਕਦਾ ਹੈ, ਪੂਜਣ ਨਾਲ ਨਹੀ। ਪੜਿਆ ਜਾਂਦਾ ਹੈ ਕਿ ਸਰਬ ਰੋਗ ਕਾ ਅਉਖਦੁ ਨਾਮੁ ॥ ਕਲਿਆਣ ਰੂਪ ਮੰਗਲ ਗੁਣ ਗਾਮ ॥274 ਅਗਰ ਸਾਰੇ ਆਤਮਿਕ ਰੋਗਾਂ ਦੀ ਦਵਾ ਨਾਮ (ਗਿਆਨ) ਹੈ ਤਾਂ ਇਸ ਗਿਆਨ (ਦਵਾ) ਦੀ ਵਰਤੋਂ ਹੀ ਮਨੌਤ ਦੇ ਰੋਗ ਨੂੰ ਦੂਰ ਕਰ ਸਕਦੀ ਹੈ, ਇਸ ਦੀ ਪੂਜਾ ਕਰਨ ਨਾਲ ਜਾਂ ਇਸ ਨੂੰ ਰਟਣ ਨਾਲ ਕੁਛ ਨਹੀ ਸੌਰਨਾ। ਧੂਪਾਂ, ਦੀਪਾਂ, ਫੁੱਲਾਂ, ਨਾਰੀਅਲਾਂ, ਰੁਮਾਲਿਆਂ, ਅਨੇਕ ਤਰਾਂ ਦੇ ਇਕੱਲੇ ਪਾਠਾਂ ਦੀਆਂ ਲੜੀਆਂ, ਅਰਦਾਸਾਂ ਤੇ ਆਰਤੀਆਂ ਨਾਲ ਇਹ ਰੋਗ ਦੂਰ ਨਹੀ ਹੋਣਾ।

ਧਰਮ ਦੀ ਦੁਨੀਆਂ ਵਿੱਚ ਜਦੋਂ ਕੋਈ ਅਗਿਆਨਤਾ ਭਰੀ ਮਨੌਤ ਮਨੁਖੀ ਮਨ ਵਿੱਚ ਦ੍ਰਿੜ (ਪੱਕੀ) ਹੋ ਜਾਵੇ, ਤਾਂ ਉਸ ਨੂੰ ਦੂਰ ਕਰਨਾ ਬਹੁਤ ਕਠਨ ਹੁੰਦਾ ਹੈ। ਉਹ (ਮਨੌਤ) ਮਨੁੱਖ ਦੀ ਸੋਚ ਦੇ ਵਿਕਾਸ ਨੂੰ ਰੋਕ ਕੇ ਉਸ ਨੂੰ ਹੱਠੀ ਜਾਂ ਕੱਟੜ ਸੁਭਾਉ ਵਾਲਾ ਬਣਾ ਦਿੰਦੀ ਹੈ ਜਿਵੇਂ ਚਲਦੇ ਪਾਣੀ ਦੀ ਰੋਕ ਉਸ ਰੁਕੇ ਪਾਣੀ ਨੂੰ ਬਦਬੂਦਾਰ ਬਣਾ ਦਿੰਦੀ ਹੈ। ਵਿਦਵਾਨਾਂ ਦਾ ਕਥਨ ਹੈ ਕਿ ਇਹ ਮਨੌਤ ਹੀ ਸੂਝ ਬੂਝ ਜਾਂ ਗਿਆਨ ਦੀ ਮੌਤ ਹੈ। ਠਾਠ, ਟਕਸਾਲ, ਦਰਬਾਰ ਤੇ ਸੰਤਾਂ ਦੇ ਡੇਰੇ ਮਨੁੱਖ ਦੀ ਰੁਕੀ ਸੋਚ ਦਾ ਪ੍ਰਤੱਖ ਪ੍ਰਮਾਣ ਹਨ। ਮਨੁੱਖ ਦੀ ਇਹ ਰੁਕੀ ਹੋਈ ਸੋਚ ਜਾਂ ਮਨੌਤ ਉਸ ਨੂੰ ਬਦਲਦੇ ਸਮੇ ਨਾਲ ਚੱਲਣ ਨਹੀ ਦਿੰਦੀ ਜਿਵੇਂ ਮੌਜੂਦਾ ਮੇਜ਼ਾਂ ਕੁਰਸੀਆਂ ਦਾ ਮਸਲਾ ਹੈ, ਤੇ ਸਮੇ ਤੋਂ ਪੱਛੜ ਕੇ ਉਸ ਨੂੰ ਪਛਤਾਉਣਾ ਜਾਂ ਦੁਖੀ ਹੋਣਾ ਪੈਂਦਾ ਹੈ। ਜਿਨੀ ਦੇਰ ਮਨੁੱਖ ਦੇ ਮਨ ਦੀ ਸੋਚ ਵਿਸ਼ਾਲ ਹੈ, ਭਾਵ ਖੁੱਲੀ ਸੋਚ ਵਾਲਾ (open minded) ਹੈ ਉਨੀ ਦੇਰ ਨਿਤ ਨਵੇਂ ਗਿਆਨ ਦੀ ਉਤਸੁਕਤਾ ਰਹੇਗੀ, ਤੇ ਮਨ ਦਾ ਵਿਕਾਸ ਹੁੰਦਾ ਰਹੇਗਾ, ਪਰ ਜਦੋਂ ਮਨ ਵਿੱਚ ਕਿਸੇ ਮਨੌਤ ਦੀ ਪਕੜ ਆ ਜਾਵੇ ਤਾਂ ਗਿਆਨ ਦਾ ਵਿਕਾਸ ਰੁਕ ਜਾਂਦਾ ਹੈ। ਇਸ ਲਈ ਸਮੇ ਤੋਂ ਪੱਛੜੇ ਮਨ ਨੂੰ ਸਮਾਜ ਵੀ ਪਛਾੜ ਦਿੰਦਾ ਹੈ।

ਇਹ ਇੱਕ ਅਕੱਟ ਸਚਾਈ ਹੈ ਕਿ ਕੋਈ ਮਨੁੱਖ ਆਪਣੇ ਭਵਿੱਖ ਬਾਰੇ ਨਹੀ ਜਾਣਦਾ, ਕੋਈ ਨਹੀ ਜਾਣਦਾ ਕਿ ਜੀਵ ਕਿਥੋਂ ਆਉਂਦਾ ਹੈ ਤੇ ਮੌਤ ਉਪਰੰਤ ਕਿਥੇ ਚਲਿਆ ਜਾਂਦਾ ਹੈ, ਕਿਸੇ ਨੇ ਸਵਰਗਾਂ ਦੇ ਸਾਰੇ ਸੁੱਖ ਦੇਣ ਵਾਲੀ ਕਾਮਧੇਨ (ਗਊ) ਨਹੀਂ ਵੇਖੀ, ਕਿਸੇ ਨੇ ਸਵਰਗਾਂ ਵਿੱਚ ਵਗਦੇ ਦੁੱਧ ਦੇ ਦਰਿਆ, ਖਜੂਰਾਂ ਤੇ ਹੂਰਾਂ ਨਹੀ ਵੇਖੀਆਂ, ਕਿਸੇ ਨੇ ਨਰਕਾਂ ਦੇ ਤਪਦੇ ਤੇਲ ਕੜਾਹੇ ਤੇ ਉਬਲਦੀਆਂ ਦੇਗਾਂ ਨਹੀ ਦੇਖੀਆਂ, ਕਿਸੇ ਦੀ ਧਰਮਰਾਜ ਜਾਂ ਉਹਦੇ ਚਿਤ੍ਰ ਗੁਪਤਾਂ ਨਾਲ ਗੁਫਤਗੂ ਨਹੀ ਹੋਈ, ਕਿਸੇ ਨੇ ਪਾਪਾਂ ਪੁੰਨਾਂ ਵਾਲੀ ਵਹੀ ਨਹੀ ਦੇਖੀ, ਕਿਸੇ ਨੇ ਆਤਮਾ ਨੂੰ ਨਹੀ ਵੇਖਿਆ, ਕਿਸੇ ਨੇ (ਚਉਰਾਸੀ ਲੱਖ) ਜੂਨਾਂ ਦੀ ਗਿਣਤੀ ਮਿਣਤੀ ਨਹੀ ਕੀਤੀ, ਕਿਸੇ ਨੇ ਦੇਵੀ ਦੇਵਤੇ ਨਹੀ ਵੇਖੇ, ਪਰ ਇਹ ਕਲਪਨਿਕ ਮਨੌਤਾਂ ਕਿਸੇ ਨਾ ਕਿਸੇ ਰੂਪ ਵਿੱਚ ਤਕਰੀਬਨ ਹਰ ਧਰਮ ਵਿੱਚ ਡੇਰਾ ਜਮਾਈ ਬੈਠੀਆਂ ਹਨ ਤੇ ਮਨੁੱਖ ਅਜ ਵੀ ਆਪਣੀਆਂ ਹੀ ਇਹਨਾਂ ਮਨੌਤਾਂ ਦੀ ਗੁਲਾਮੀ ਭੋਗ ਰਿਹਾ ਹੈ। ਪੜੇ ਲਿਖੇ ਮਨੁੱਖ ਨੂੰ ਮਨੌਤਾਂ ਦੀ ਗੁਲਾਮੀ ਭੋਗਦੇ ਦੇਖ ਕੇ ਬੜੀ ਅਸਚਰਜਤਾ ਹੁੰਦੀ ਹੈ ਕਿ ਮਨੁੱਖ ਨੇ ਪੜ੍ਹ ਲਿਖ ਕੇ ਸਰੀਰਕ ਸੁੱਖ ਦੀਆਂ ਸਹੂਲਤਾ ਲਈ ਤਾਂ ਵਿਕਾਸ ਬਹੁਤ ਕੀਤਾ ਪਰ ਆਤਮਿਕ ਗਿਆਨ ਵਿੱਚ ਕੋਈ ਵਿਕਾਸ ਨਾ ਹੋ ਸਕਿਆ। ਉਹੀ ਪੁਰਾਨਿਕ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੀਆਂ ਮਨੌਤਾ ਨੇ ਹੀ ਆਤਮਿਕ ਵਿਕਾਸ ਨੂੰ ਰੋਕ ਰਖਿਆ ਹੈ। ਵੇਦ ਕਤੇਬ ਤੇ ਹੋਰ ਅਨੇਕਾਂ ਗ੍ਰੰਥ ਤਾਂ ਬਹੁਤ ਪੜ੍ਹੇ, ਨਿਤਨੇਮ, ਅਨੇਕਾਂ ਪਾਠ, ਜਾਪ ਤੇ ਸੋਹਿਲੇ ਵੀ ਬੜੇ ਗਾਏ, ਸਭ ਕਿਛ ਰਸਮੀ ਤੌਰ ਤੇ ਕੀਤਾ ਪਰ ਗੁਰੂ (ਗਿਆਨ) ਦੀ ਸ਼ਰਨ ਪੈਣ ਤੋਂ ਬਿਨਾ ਸਭ ਕੀਤਾ ਕਤਾਇਆ ਵਿਰਥਾ ਹੀ ਚਲਾ ਗਿਆ ਕਿਉਂਕਿ ਵਿਕਾਰਾਂ ਦੀ ਗੁਲਾਮੀ ਤੋਂ ਮੁਕਤੀ ਫੇਰ ਵੀ ਨਾ ਹੋਈ।

ਮਨੁੱਖ ਸ਼ਬਦ ਗੁਰੂ ਨੂੰ ਛੱਡ ਕੇ ਬਿਨਸਣਹਾਰ ਆਕਾਰਾਂ (ਸ਼ਸਤ੍ਰਾਂ) ਨੂੰ ਪੀਰ (ਗੁਰੂ) ਮੰਨੀ ਜਾ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਗੁਰੂ ਦੀ ਬੇਅਦਬੀ ਦੇ ਅਨੇਕਾਂ ਮਸਲੇ ਮਨੁੱਖ ਦੇ ਹਿਰਦੇ ਨੂੰ ਨਿੱਤ ਵਲੂੰਧਰੀ ਜਾ ਰਹੇ ਹਨ, ਭਾਵਨਾਵਾਂ ਭੜਕ ਰਹੀਆਂ ਹਨ ਤੇ ਆਪਸੀ ਰੋਸ ਤੇ ਵੈਰ ਵਿਰੋਧ ਨਿੱਤ ਵਧ ਰਹੇ ਹਨ। ਅਜ ਤਕ ਰੱਬ ਦੀ ਬੇਅਦਬੀ ਹੁੰਦੀ ਕਦੇ ਨਹੀ ਵੇਖੀ ਕਿਉਂਕਿ ਉਹ ਨਿਰਆਕਾਰ ਹੈ, ਅਤੇ ਜੇ ਗੁਰੂ ਤੇ ਪ੍ਰਮੇਸ਼ਵਰ ਨੂੰ ਇਕੋ ਜਾਨਣਾ ਹੈ ਤਾਂ ਗੁਰੂ ਨਿਰਾਕਾਰ ਦੀ ਬੇਅਦਬੀ ਕਿਵੇਂ ਸੰਭਵ ਹੈ? ਗੁਰੂ ਆਤਮਿਕ ਤੌਰ ਤੇ ਉਚਾ ਹੈ ਤੇ ਉਸ ਤੋਂ ਉਚੀ ਕਿਉਂਕਿ ਕੋਈ ਆਤਮਿਕ ਪਦਵੀ ਹੀ ਨਹੀ ਇਸ ਲਈ ਉਸ ਤੋਂ ਉਚਾ ਹੋਣ ਦੀ ਕਿਸੇ ਵੀ ਤਰਾਂ ਦੀ ਕੋਸ਼ਿਸ਼ ਸੰਭਵ ਹੀ ਨਹੀ। ਜੇ ਉਹ “ਸਭ ਮਹਿ ਰਹਿਆ ਸਮਾਈ” ਹੈ ਤਾਂ ਕੌਣ ਕਿਸ ਦੀ ਬੇਅਦਬੀ ਕਰ ਰਿਹਾ ਹੈ? ਕੀ ਆਪਣੇ ਅਦਬ ਲਈ ਗੁਰੂ, ਮਨੁੱਖ ਜਾਂ ਉਸ ਦੇ ਦਿਤੇ ਉਚੇ ਮਾਣ ਸਤਿਕਾਰ ਤੇ ਨਿਰਭਰ ਹੈ? ਨਾ ਗੁਰੂ ਨੂੰ ਕੋਈ ਅਦਬ ਪੋਹ ਸਕਦਾ ਹੈ ਤੇ ਨਾ ਬੇਅਦਬੀ, ਉਹ ਨਿਰੰਕਾਰ ਹੋਣ ਕਰਕੇ ਦੋਨਾਂ ਤੋਂ ਨਿਰਲੇਪ ਹੈ, ਤਾਂ ਫਿਰ ਕਿਸ ਆਧਾਰ ਤੇ ਗੁਰੂ ਦੀ ਬੇਅਦਬੀ ਹੋਣੀ ਮੰਨੀ ਜਾ ਸਕਦੀ ਹੈ? ਗੁਰੂ ਨੇ ਸਿੱਖ ਦੀ ਰਖਿਆ ਕਰਨੀ ਹੈ ਜਾਂ ਸਿੱਖ ਨੇ ਗੁਰੂ ਦੀ? ੀੲਹ ਬੇਅਦਬੀ ਦਾ ਮਸਲਾ ਸਭ ਦੇਹ ਨੂੰ ਗੁਰੂ ਮੰਨਣ ਦਾ ਹੀ ਨਤੀਜਾ ਹੈ। ਇਹੋ ਜੇਹੀਆਂ ਅਗਿਆਨਤਾ ਭਰੀਆਂ ਭੜਕਾਊ ਤੇ ਵਿਅਰਥ ਮਨੌਤਾਂ ਮਨੁੱਖੀ ਮਨ ਨੂੰ ਤਾਂ ਪ੍ਰਭਾਵਤ ਕਰ ਸਕਦੀਆਂ ਹਨ ਪਰ ਗੁਰੂ ਦਾ ਇਸ ਪ੍ਰਕਾਰ ਦੇ ਅਦਬ ਸਤਿਕਾਰ ਨਾਲ ਕੋਈ ਵਾਸਤਾ ਨਹੀ। ਇਹ ਸਭ ਮਨੁੱਖ ਦੀਆਂ ਆਪੂ ਘੜੀਆਂ ਮਨੌਤਾਂ ਹਨ ਜਿਨ੍ਹਾਂ ਦਾ ਉਹ ਆਪ ਹੀ ਗੁਲਾਮ ਹੈ।

ਇਹਨਾਂ ਮਨੌਤਾਂ ਦੀ ਗੁਲਾਮੀ ਜਾਂ ਸੁਤੰਤ੍ਰਤਾ ਦੀ ਚੋਣ ਮਨੁਖ ਦੇ ਆਪਣੇ ਵਸ ਹੈ ਤੇ ਇਸ ਮਨੌਤਾਂ ਦੀ ਗੁਲਾਮੀ ਦਾ ਦੋਸ਼ ਕਿਸੇ ਦੂਸਰੇ ਤੇ ਨਹੀ ਮੜਿਆ ਜਾ ਸਕਦਾ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ ਕੇ




.