.

ਬੇਅਦਬੀ

(2)

ਭਾਰਤ ਦੇ ਇਤਿਹਾਸ ਉੱਤੇ ਪੰਛੀ ਝਾਤ ਮਾਰਿਆਂ ਇਹ ਕੌੜਾ ਤੇ ਦੁੱਖਦਾਈ ਸੱਚ ਸਪਸ਼ਟ ਹੋ ਜਾਂਦਾ ਹੈ ਕਿ ਇਸ ਦੇਸ਼ ਵਿੱਚ ਹੋਏ ਸਾਰੇ ਖ਼ੂਨ-ਖ਼ਰਾਬਿਆਂ, ਕਤਲੇਆਮ ਅਤੇ ਤਬਾਹੀ ਦਾ ਕਾਰਣ ਧਾਰਮਿਕ ਮੱਤਭੇਦ, ਕੱਟੜਪੁਣਾ, ਅਸਹਿਣਸ਼ੀਲਤਾ ਅਤੇ ਮਜ਼੍ਹਬੀ ਬੇ-ਅਦਬੀ ਹੀ ਰਿਹਾ ਹੈ। ਇਹ ਸਿਲਸਿਲਾ ਮੁਹੰਮਦ ਦੇ ਵਾਰਿਸਾਂ ਨੇ 7ਵੀਂ ਸਦੀ ਵਿੱਚ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ, ਮੁਸਲਮਾਨ ਤੇ ਮੁਗ਼ਲ ਧਾੜਵੀਆਂ ਨੇ ਹਿੰਦੂਸਤਾਨ ਵਿੱਚ ਜੋ ਕਤਲੋਗ਼ਾਰਤ ਅਤੇ ਹਿੰਦੂ ਮੰਦਰਾਂ ਦੀ ਭੰਨ-ਤੋੜ ਤੇ ਤਬਾਹੀ ਕਰਕੇ ਪਵਿੱਤਰ ਮੰਨੇਂ ਜਾਂਦੇ ਧਾਮਾਂ ਦੀ ਬੇਅਦਬੀ ਕੀਤੀ, ਉਸ ਦਾ ਆਧਾਰ ਵੀ ਧਾਰਮਿਕ ਮੱਤ-ਭੇਦ ਅਤੇ ਮਜ਼੍ਹਬੀ ਬੇ-ਅਦਬੀ ਨੂੰ ਹੀ ਬਣਾਇਆ ਗਿਆ ਸੀ। ਉਨ੍ਹਾਂ ਅਨੁਸਾਰ ਮੁਹੰਮਦ ਨੂੰ ਖ਼ੁਦਾ ਦਾ ਪੈਗ਼ੰਬਰ ਨਾ ਮੰਨਣ ਵਾਲੇ ਬਹੁਦੇਵਤਾਵਾਦੀ ਹਿੰਦੂ ਕਾਫ਼ਿਰ ਸਨ! ਕਾਫ਼ਿਰਾਂ ਨੂੰ ਜੀਉਣ ਦਾ ਕੋਈ ਹੱਕ ਨਹੀਂ! ਨਿਰਦੋਸ਼ੇ ਹਿੰਦੂਆਂ ਦਾ ਕਤਲੇਆਮ, ਮੰਦਿਰਾਂ ਦੀ ਤਬਾਹੀ ਤੇ ਲੁੱਟ ਤੋਂ ਬਿਨਾਂ ਹਿੰਦੂ ਔਰਤਾਂ ਦਾ ਉਧਾਲਾ ਅਤੇ ਬੇਪਤੀ ਦਾ ਬਹਾਨਾਂ ਜਾਂ ਕਾਰਣ ਵੀ ਬੇਅਦਬੀ ਆਧਾਰਤ ਮਜ਼੍ਹਬੀ ਜਨੂਨ ਹੀ ਸੀ! ਇਹ ਇੱਕ ਇਤਿਹਾਸਿਕ ਸੱਚ ਹੈ ਕਿ ਹਿੰਦੂਸਤਾਨ ਦੇ ਬਹੁਗਿਣਤੀ ਮੁਸਲਮਾਨ ਤਲਵਾਰ ਦੀ ਧਾਰ ਹੇਠ ਹਿੰਦੂਓਂ ਮੁਸਲਮਾਨ ਬਣਾਏ ਗਏ ਲੋਕਾਂ ਦੀ ਹੀ ਹੈ ਅਤੇ, ਜਾਂ ਫਿਰ ਉਹ ਮੁਸਲਮਾਨ ਧਾੜਵੀਆਂ ਦੁਆਰਾ ਉਧਾਲੀਆਂ ਗਈਆਂ ਭਾਰਤੀ ਔਰਤਾਂ ਦੀ ਔਲਾਦ ਹਨ!

ਅਜੋਕੇ ਹਿੰਦੂਤਵੀ ਭਾਰਤ ਦੀ ਗੱਲ ਕਰੀਏ ਤਾਂ ਸੱਭ ਪਾਸੇ ਬੇਅਦਬੀ, ਬੇਅਦਬੀ ਬੇਅਦਬੀ ਦੀਆਂ ਟਾਹਰਾਂ ਹੀ ਸੁਣਾਈ ਦਿੰਦੀਆਂ ਹਨ। ਇਹ ਟਾਹਰਾਂ ਮਾਰ ਮਾਰ ਕੇ ਲੋਕਾਂ ਦੀਆਂ ਥੋਥੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਉਨ੍ਹਾਂ ਨੂੰ ਧਰਮ ਦੇ ਨਾਮ `ਤੇ ਆਪਸ ਵਿੱਚ ਲੜਵਾ ਕੇ ਖ਼ੂਨ-ਖ਼ਰਾਬੇ ਕਰਵਾਉਣ ਵਾਲੇ ਗੱਦੀਆਂ ਦੇ ਦੀਵਾਨੇ ਸ਼ਾਸਕ/ਸਿਆਸਤਦਾਨ ਅਤੇ ਉਨ੍ਹਾਂ ਦੇ ਜੁੰਡੀਦਾਰ ਪੁਜਾਰੀ ਲਾਣਾ ਹੀ ਹਨ! ਇਉਂ ਲੱਗਦਾ ਹੈ ਕਿ ਹਿੰਦੂ ਰਾਸ਼ਟਰ ਦੇ ਮੁਦਈ ਹਿੰਦੂ ਸ਼ਾਸਕ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਤੋਂ ਸਦੀਆਂ ਪੁਰਾਣੇ ਖ਼ੂਨੀ ਸਾਕਿਆਂ ਦਾ ਬਦਲਾ ਲੈ ਰਹੇ ਹਨ! ਇਸ ਕਥਨ ਦਾ ਪ੍ਰਤੱਖ ਪ੍ਰਮਾਣ: ਹਿੰਦੂਸਤਾਨ ਦੀ ਹਰ ਮਸਜਿਦ ਹੇਠਾਂ ਪ੍ਰਾਚੀਨ ਮੰਦਿਰਾਂ ਦੇ ਸਬੂਤ ਮਿਲਣਾ! ਜਗਤ ਪ੍ਰਸਿੱਧ ਤਾਜ ਮਹਿਲ ਹੇਠਾਂ ਸਵਾਸਤਿਕ ਦੇ ਚਿੰਨ੍ਹ ਵਾਲੇ ਪੱਥਰ ਦੀ ਹੋਂਦ ਦੀ ਖ਼ਬਰ…! ਹੋਰ ਤਾਂ ਹੋਰ, ਅੰਮ੍ਰਿਤਸਰ ਦੇ ਤਾਲਾਬ ਵਿੱਚੋਂ ਇੱਟਾਂ ਮਿਲਣੀਆਂ ਜਿਨ੍ਹਾਂ ਉੱਤੇ ਰਾਮ ਦਾ ਠੱਪਾ ਲੱਗਾ ਹੋਣ ਦੀ ਹਾਸੋ-ਹੀਣੀ ਖ਼ਬਰ……ਵਗ਼ੈਰਾ ਵਗ਼ੈਰਾ! ! ਇੱਕ ਤਾਜ਼ਾ ਖ਼ਬਰ ਅਨੁਸਾਰ ਓਮ ਤੇ ਅੱਲ੍ਹਾ ਨੂੰ ਇੱਕ ਕਹਿਣਾ ਹਿੰਦੂਆਂ ਲਈ ਓਮ ਦੀ ਬੇਅਦਬੀ ਹੈ! (ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥ ਕੋਈ ਸੇਵੈ ਗੁਸਾਈਆ ਕੋਈ ਅਲਾਹਿ॥ …ਰਾਮਕਲੀ ਮ: ੫)। ਵੈਲਿਨਟਾਈਨ ਡੇਅ `ਤੇ ਗਾਂ ਨੂੰ ਜੱਫੀਆਂ ਪਾਉਣ ਲਈ ਦਿੱਤਾ ਗਿਆ ਸਰਕਾਰੀ ਬਿਆਨ……! ਸੰਪਰਦਾਈ ਧਰਮਾਂ (ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈ ਵਗ਼ੈਰਾ) ਦੇ ਸਾਰੇ ਨੇਤਾਵਾਂ ਤੇ ਪੁਜਾਰੀਆਂ ਦੁਆਰਾ ਦਿੱਤੇ ਜਾਂਦੇ ਅਜਿਹੇ ਬੇਹੂਦਾ, ਬੇਤੁਕੇ ਅਤੇ ਭੜਕਾਊ ਬਿਆਨ ਹਰ ਰੋਜ਼ ਪੜ੍ਹਨ-ਸੁਣਨ ਵਿੱਚ ਆਉਂਦੇ ਰਹਿੰਦੇ ਹਨ, ਜੋ ਮਨੁੱਖਾ ਸਮਾਜ ਵਿੱਚ ਨਵੇਂ ਨਵੇਂ ਹਿੰਸਕ ਪੁਆੜਿਆਂ ਦਾ ਕਾਰਣ ਬਣਦੇ ਹਨ! ! ! ਸਮਝ ਨਹੀਂ ਆਉਂਦੀ ਕਿ ਅਤਿ ਦੀ ਬੂਝੜਤਾ ਵਾਲੇ ਅਜਿਹੇ ਬਿਆਨਾਂ ਨੂੰ ਪੜ੍ਹ-ਸੁਣ ਕੇ ਹੱਸੀਏ ਜਾਂ ਰੋਈਏ! ! !

ਆਈ: ਪੀ: ਸੀ: (I.P.C.) ਦੀ ਧਾਰਾ 295-A ਨੂੰ ਜੇ ਵਿਸ਼ਲੇਸ਼ਣਾਤਮਿਕ ਢੰਗ ਨਾਲ ਦੇਖਿਆ ਜਾਵੇ ਤਾਂ ਇਹ ਸੱਚ ਵੀ, ਨਿਰਸੰਦੇਹ, ਸਪਸ਼ਟ ਹੋ ਜਾਂਦਾ ਹੈ ਕਿ ਇਸ ਧਾਰਾ ਦੀ ਵਰਤੋਂ ਵੀ, ਕਾਫ਼ੀ ਹੱਦ ਤਕ, ਲੋਕਾਂ ਨੂੰ ਸੱਚ ਬੋਲਣ ਤੋਂ ਰੋਕਣ ਅਤੇ ਉਨ੍ਹਾਂ ਦੀ ਸੁਤੰਤਰ ਸੋਚ ਨਸ਼ਟ ਕਰਕੇ ਉਨ੍ਹਾਂ ਨੂੰ ਮਾਨਸਿਕ ਤੌਰ `ਤੇ ਅਪਾਹਜ ਤੇ ਗ਼ੁਲਾਮ ਬਣਾਉਣ ਵਾਸਤੇ ਹੀ ਕੀਤੀ ਜਾਂਦੀ ਹੈ। ਇਨਸਾਨੀਯਤ ਤੋਂ ਗਿਰਿਆ ਹੋਇਆ ਇਹ ਪਾਪ-ਕਰਮ ਅਜੋਕੇ ਭਾਰਤ ਵਿੱਚ ਬੜੀ ਬੇਸ਼ਰਮੀ ਤੇ ਢੀਠਤਾ ਨਾਲ ਕੀਤਾ ਜਾ ਰਿਹਾ ਹੈ। ਸ਼ੁਕਰ ਹੈ ਕਿ ਨਿਰਗੁਣ ਭਗਤੀ ਦੇ ਪ੍ਰਚਾਰ ਵਾਲੇ ਮੱਧ ਕਾਲ ਵਿੱਚ ਦਫ਼ਾ 295-A ਨਹੀਂ ਸੀ! ਜੇ ਹੁੰਦੀ ਤਾਂ ਸਾਰੇ ਬਾਣੀਕਾਰ ਅਤੇ ਉਨ੍ਹਾਂ ਦੇ ਪੈਰੋਕਾਰ ਸਲਾਖਾਂ ਪਿੱਛੇ ਹੁੰਦੇ! ! !

ਭਾਰਤ ਵਿੱਚ ਬੇਅਦਬੀ ਦੇ ਹਥਿਅਰ ਦੀ ਵਰਤੋਂ ਦੇ ਇਤਿਹਾਸ ਉੱਤੇ ਇੱਕ ਵੱਡਾ ਗ੍ਰੰਥ ਲਿਖਿਆ ਜਾ ਸਕਦਾ ਹੈ ਪਰੰਤੂ ਇਥੇ ਅਸੀਂ ਕੇਵਲ ‘ਸਿੱਖ ਧਰਮ’ ਵਿੱਚ ਕੀਤੀ ਜਾਂਦੀ ਇਸ ਦੀ ਗ਼ਲਤ ਤੇ ਭੁਲੇਖਾ ਪਾਊ ਵਰਤੋਂ ਦੀ, ਤੱਥਾਂ ਦੇ ਆਧਾਰ `ਤੇ, ਤਰਕਪੂਰਨ ਚਰਚਾ ਕਰਾਂਗੇ:-

‘ਸਿੱਖ ਧਰਮ’ ਦੇ ਅਧਰਮੀ ਤੇ ਠਗਵਾੜੇ ਠੇਕੇਦਾਰਾਂ ( ‘ਸਿੱਖ’ ਸ਼ਾਸਕ/ਸਿਆਸਤਦਾਨ, ਪੁਜਾਰੀ ਲਾਣਾ, ਟਕਸਾਲੀਏ ਤੇ ਡੇਰੇਦਾਰ ਵਗ਼ੈਰਾ) ਨੇ ਗੁਰਮਤਿ ਦੇ ਸੱਚ ਧਰਮ ਜਾਂ ਨਿਰਮਲ ਧਰਮ ਦੇ ਪਵਿੱਤਰ, ਮਾਨਵਵਾਦੀ, ਵਿਸ਼ਾਲ ਅਤੇ ਅਸੀਮ ਵਿਹੜੇ ਨੂੰ ਇੱਕ ਸੰਪਰਦਾਈ ਸੰਕੁਚਿਤ ਤੇ ਤੰਗ ਵਾੜਾ ਬਣਾ ਦਿੱਤਾ ਹੈ। ਇਸ ਭੀੜੇ ਵਾੜੇ ਵਿੱਚ ਉਹ ਆਪਣੇ ਸੁਆਰਥ ਵਾਸਤੇ ਬੇਅਦਬੀ ਦੇ ਘਾਤਿਕ ਹਥਿਆਰ ਦੀ ਵਰਤੋਂ ਹਮੇਸ਼ਾ ਤੋਂ ਕਰਦੇ ਆ ਰਹੇ ਹਨ। ਆਓ! ਵੀਚਾਰੀਏ ਕਿਵੇਂ? ਇਸ ਕਿਵੇਂ ਦਾ ਜਵਾਬ ਲੱਭਣ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ, ‘ਸਿੱਖ ਧਰਮ’ ਵਿੱਚ, ਨਿਰਾਦਰ, ਬੇਹੁਰਮਤੀ ਜਾਂ ਅਪਮਾਨ ਕਿਸ ਦਾ? ਬੇਅਦਬੀ, ਅਵੱਗਿਆ, ਗੁਸਤਖ਼ੀ, ਨਾਫ਼ਰਮਾਂਬਰਦਾਰੀ ਜਾਂ ਹੁਕਮ ਅਦੂਲੀ ਕਿਸ ਦੀ? ਗ੍ਰੰਥ (ਪੁਸਤਕ) ਦੀ ਜਾਂ ਗ੍ਰੰਥ ਵਿੱਚ ਨਿਰਧਾਰਤ ਕੀਤੇ ਮਾਨਵਵਾਦੀ ਪਵਿੱਤਰ ਗੁਰੁਸਿੱਧਾਂਤਾਂ ਜਾਂ ਗੁਰੂ ਦੇ ਫ਼ਰਮਾਨਾਂ/ਹੁਕਮਾਂ ਦੀ? ਆਤਮ ਕੀ ਰਹਿਤ ਦੀ ਜਾਂ ਧਰਮ ਦੇ ਧਾਂਦਲੀਆਂ ਦੁਆਰਾ ਮਾਇਆ ਠੱਗਣ ਵਾਸਤੇ ਬਣਾਈ ਗਈ ਕਰਮਕਾਂਡੀ ‘ਸਿੱਖ ਰਹਿਤ ਮਰਯਾਦਾ’ (ਜਿਸ ਨੂੰ ਗੁਰਮਰਿਆਦਾ ਚਿਤਾਰ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ) ਦੀ? ਗੁਰੂ-ਸਤਿਗੁਰੂ ਦੀ ਜਾਂ ਭੇਖਧਾਰੀ, ਕਪਟੀ, ਪਾਖੰਡੀ ਅਤੇ ਬੇਜ਼ਮੀਰੇ ਅਗਿਆਨੀਆਂ ਦੀ? ਸ੍ਰਿਸ਼ਟੀ ਦੇ ਇੱਕੋ-ਇਕ ਸਾਹਿਬ ਦੀ? ਆਪੂੰ ਹੀ ਧੱਕੇ ਨਾਲ ਸਾਹਿਬ ਜਾਂ ਸਿੰਘ ਸਾਹਿਬ ਬਣੇ ਬੈਠੇ ਕਪਟੀ ਸੰਸਾਰੀਆਂ ਦੀ? ਜਾਂ ਫ਼ਿਰ ਬਿਉਹਾਰੀਆਂ ਦੁਆਰਾ ਬਣਾਏ ਗਏ ਅਣਗਿਣਤ ਨਿਰਜਿੰਦ ਪਦਾਰਥਕ ਸਾਹਿਬਾਂ ਦੀ? ਪੁਜਾਰੀਆਂ ਦੀ? ਪੁਜਾਰੀਆਂ ਦੁਆਰਾ ਨਿਰਧਾਰਤ ਕੀਤੇ ਭੇਖਾਂ ਅਤੇ ਚਿੰਨ੍ਹਾਂ ਵਗ਼ੈਰਾ ਦੀ? ਅਤੇ, ਜਾਂ ਫਿਰ ਕਿਸੇ ਇਮਾਰਤ/ਭਵਨ ਵਗ਼ੈਰਾ ਦੀ? … … ਇਸ ਜਾਇਜ਼ ਸਵਾਲ ਦਾ ਸਹੀ ਜਵਾਬ ਹੈ: ਪ੍ਰਭੂ, ਰੱਬ ਜਾਂ ਖ਼ੁਦਾ ਅਤੇ ਗੁਰੂ ਦੇ ਅਪਮਾਨ ਅਤੇ ਗੁਰੂ ਦੇ ਹੁਕਮਾਂ ਦੀ ਬੇਅਦਬੀ ਤੋਂ ਬਿਨਾਂ ਹੋਰ ਸੱਭ ਅਪਮਾਨ ਅਤੇ ਬੇਅਦਬੀਆਂ ਇਨਸਾਨੀਯਤ ਤੋਂ ਗਿਰੇ ਹੋਏ ਸੁਆਰਥੀ ਤੇ ਪਾਪੀ ਪਾਖੰਡੀਆਂ ਦੇ ਪਾਖੰਡ ਹੀ ਹਨ! ! ਪਾਪੀ ਪਾਖੰਡੀਆਂ ਦੇ ਪਾਖੰਡਾਂ ਦਾ ਮਨੁੱਖ ਦੇ ਅਧਿਆਤਮਿਕ ਜੀਵਨ ਨਾਲ ਕੋਈ ਵਾਸਤਾ ਹੀ ਨਹੀਂ ਹੈ!

ਪ੍ਰਭੂ, ਰੱਬ ਜਾਂ ਖ਼ੁਦਾ ਅਤੇ ਗੁਰੂ ਦੇ ਅਪਮਾਨ ਅਤੇ ਗੁਰੂ ਦੇ ਹੁਕਮਾਂ ਦੀ ਬੇਅਦਬੀ ਸੰਸਾਰ ਦੇ ਹਰ ਗੁਰੂ-ਘਰ (ਗੁਰੂਦਵਾਰੇ) ਵਿੱਚ ਕੀਤੀ/ਕਰਵਾਈ ਜਾ ਰਹੀ ਹੈ। ਅਤੇ ਇਹ ਬੜਾ ਦੁੱਖਦਾਈ ਸੱਚ ਹੈ ਕਿ ਇਹ ਨਿਰਾਦਰ ਅਤੇ ਬੇਅਦਬੀ ਕਰਨ-ਕਰਵਾਉਣ ਵਾਲੇ ਕੋਈ ਹੋਰ ਨਹੀਂ ਸਗੋਂ ਗੁਰਮੱਤ ਦੇ ਜ਼ਮੀਰ ਮਰੇ ਬੇਗ਼ੈਰਤ ਮੁੱਦਈ ( ‘ਸਿੱਖ ਸ਼ਾਸਕ/ਸਿਆਸਤਦਾਨ, ਅਕਾਲੀ, ਸ਼ਿਰੋਮਣੀ ਕਮੇਟੀਆਂ ਦੇ ਪ੍ਰਧਾਨ ਅਤੇ ਹੋਰ ਕਾਰਕੁਨ, ਤਖ਼ਤਾਂ ਦੇ ਜਥੇਦਾਰ ਅਤੇ ਪੁਜਾਰੀ ਲਾਣਾ, ਟਕਸਾਲੀਏ ਅਤੇ ਡੇਰੇਦਾਰ ਵਗ਼ੈਰਾ) ਹੀ ਹਨ!

ਇਸ ਲੇਖ ਦੇ ਲੇਖਕ ਨੇ ‘ਸਿੱਖ ਧਰਮ’ ਦੇ ਮੁਦਈਆਂ ਵੱਲੋਂ ਬਣਾਏ ਗਏ ਪੰਜਾਂ ਤਖ਼ਤਾਂ ਅਤੇ ਉਨ੍ਹਾਂ ਤਖ਼ਤਾਂ ਨਾਲ ਬਣਾਏ ਗਏ ਗੁਰੂਦਵਾਰਿਆਂ ਦੇ ਦਰਸ਼ਨ ਕੀਤੇ ਹਨ। ਇਨ੍ਹਾਂ ਗੁਰੂਦਵਾਰਿਆਂ ਨੂੰ ਹਰਿਮੰਦਿਰ ਕਿਹਾ ਜਾਂਦਾ ਹੈ ਜਿਵੇਂ, ਤਖ਼ਤ ਸ੍ਰੀ ਹਰਮੰਦਿਰ ਜੀ, ਅੰਮ੍ਰਿਤਸਰ ਸਾਹਿਬ ਜਾਂ ਤਖ਼ਤ ਸ੍ਰੀ ਹਰਿਮੰਦਿਰ ਜੀ, ਪਟਨਾ ਸਾਹਿਬ ਆਦਿ। ਪਰੰਤੂ, ਇਨ੍ਹਾਂ ਤਖ਼ਤਾਂ ਦੇ ਹਰਿਮੰਦਿਰਾਂ (ਗੁਰੂਦਵਾਰਿਆਂ) ਵਿੱਚ ਹਰਿ ਕਿਤੇ ਵੀ ਨਜ਼ਰ ਨਹੀਂ ਆਇਆ! ! ਕਿਉਂ? ਕਿਉਂਕਿ ਪਾਪੀ, ਪਾਖੰਡੀ, ਭੇਖਧਾਰੀ ਤੇ ਮਾਇਆਧਾਰੀ ਲੀਡਰਾਂ ਨੇ ਦੇਸ-ਬਿਦੇਸ ਦੇ ਸਾਰੇ ਧਰਮ ਮੰਦਿਰ (ਗੁਰੂਦਵਾਰੇ) ਮਾਇਆ-ਮੰਦਿਰ ਬਣਾ ਦਿੱਤੇ ਹਨ ਜਿੱਥੇ, ਸਿਰਫ਼ ਅਤੇ ਸਿਰਫ਼, ਮਾਇਆ ਦੇਵੀ ਦੀ ਪੂਜਾ-ਭਗਤੀ ਹੁੰਦੀ ਹੈ, ਮਾਇਆ ਦੇ ਦਰਸ਼ਨ ਕੀਤੇ/ਕਰਵਾਏ ਜਾਂਦੇ ਹਨ ਅਤੇ ਕੇਵਲ ਮਾਇਆ ਦਾ ਵਪਾਰ ਹੀ ਕੀਤਾ ਜਾਂਦਾ ਹੈ। ਮਾਇਆ-ਮੰਦਿਰਾਂ ਵਿੱਚ ਨਾਮ ਵਖਰ ਤਾਂ ਕਿਤੇ ਲੱਭਿਆਂ ਵੀ ਨਹੀਂ ਲੱਭਦਾ! ਇਹ ਵੀ ਇੱਕ ਮਨੋਵਿਗਿਆਨਕ ਸੱਚ ਹੈ ਕਿ ਮਾਇਆ ਨਾਲ ਚੁੰਧਿਆਏ ਹੋਏ ਅੰਧਵਿਸ਼ਵਾਸੀ ਸ਼੍ਰਧਾਲੂਆਂ ਨੂੰ ਹਰਿ ਦੇ ਦਰਸ਼ਨਾਂ ਦਾ ਚਿਤ-ਚੇਤਾ ਹੀ ਨਹੀਂ ਰਹਿੰਦਾ:

ਅਜੋਕੇ ਕਪਟੀ ਤੇ ਭੇਖਧਾਰੀ ਮਲਿਕ ਭਾਗੋਆਂ ਅਤੇ ਪੁਜਾਰੀਆਂ ਦਾ ਧਰਮ ਮੰਦਰਾਂ ਜਾਂ ਹਰਿਮੰਦਰਾਂ ਵਿੱਚੋਂ ਹਰਿ (ਪ੍ਰਭੂ, ਕਰਤਾਰ, ਖ਼ੁਦਾ ਅਥਵਾ ਰਬ) ਨੂੰ ਕੱਢ ਕੇ ਜਾਂ ਬੇ-ਦਖ਼ਲ ਕਰਕੇ ਹਰਿ/ਪ੍ਰਭੂ ਅਥਵਾ ਰੱਬ ਦੇ ਘਰਾਂ ਨੂੰ ਮਾਇਆ-ਮੰਦਰ ਬਣਾ ਦੇਣਾ ਹਰਿ ਅਤੇ ਗੁਰੂ ਦੀ ਬੇਅਦਬੀ ਦੀ ਇੰਤਹਾ ਹੈ! ! !

‘ਸਿੱਖ ਧਰਮ’ ਦੇ ਮਾਇਆ-ਮੂਠੇ ਕਪਟੀ ਤੇ ਭ੍ਰਸ਼ਟ ਠੇਕੇਦਾਰ, ਬੇ ਅਦਬੀ ਦਾ ਆਧਾਰ, ਅਧਿਕਤਰ, “ਗੁਰ-ਮਰਯਾਦਾ” ਨੂੰ ਬਣਾਉਂਦੇ ਹਨ! ਪਰੰਤੂ, ਜੇ ਬਿਬੇਕ ਨਾਲ ਬੀਚਾਰਿਆ ਜਾਵੇ ਤਾਂ, ਗੁਰੂ (ਗ੍ਰੰਥ) ਵੱਲੋਂ ਬੇਮੁੱਖ ਹੋ ਕੇ ਅਤੇ ਗੁਰੂਆਂ ਅਤੇ ਪੀਰਾਂ-ਫ਼ਕੀਰਾਂ ਦੁਆਰਾ ਸੁਝਾਈ ਗਈ ਤੱਤਾਂ ਦੀ ਰਹਿਤ ਅਥਵਾ ਆਤਮ ਕੀ ਰਹਿਤ* ਨੂੰ ਨਜ਼ਰਅੰਦਾਜ਼ ਕਰਕੇ ਕਰਮਕਾਂਡੀ ਸਿੱਖ ਰਹਿਤ ਮਰਿਆਦਾਬਣਾਉਣੀ ਅਤੇ ਉਸ ਨੂੰ ਗੁਰ ਮਰਿਆਦਾਚਿਤਾਰ ਕੇ ਸੱਚੀ ਆਤਮ ਕੀ ਰਹਿਤ ਨੂੰ ਨੀਵਾਂ ਦਿਖਾਉਣਾ ਸਤਿਗੁਰੂ ਦੇ ਨਿਰਧਾਰਤ ਕੀਤੇ ਮਾਨਵਵਾਦੀ ਅਧਿਆਤਮਿਕ ਸਿੱਧਾਂਤਾਂ ਦੀ ਘੋਰ ਬੇਅਦਬੀ ਹੈ।

(* ਅਪੁ ਤੇਜੁ ਬਾਇ ਪ੍ਰਿਥਮੀ ਅਕਾਸਾ॥ ਐਸੀ ਰਹਤ ਰਹਉ ਹਰਿ ਪਾਸਾ॥ ਕਬੀਰ ਜੀ।)

ਗੁਰੂ (ਗ੍ਰੰਥ) ਦੀ ਪਾਵਨ ਹਜ਼ੂਰੀ ਵਿੱਚ ਮਾਇਆਧਾਰੀ, ਹੈਂਕੜਬਾਜ਼ ਤੇ ਵਿਕਾਰੀ ਸੰਸਾਰੀਆਂ ਤੋਂ ਮਾਇਆ ਏਂਠਣ ਵਾਸਤੇ ਉਨ੍ਹਾਂ ਨੂੰ ਸਿਰੋਪੇ ਅਤੇ ਚਿੰਨ੍ਹ ਦੇ ਕੇ ਸਨਮਾਨਿਤ ਕਰਨਾ, ਅਤੇ ਉਨ੍ਹਾਂ ਨੀਚਾਂ ਦੀ ਅਤਿ ਨੀਚ ਫ਼ਿਤਰਤ ਦੇ ਉਲਟ ਉਨ੍ਹਾਂ ਦੇ ਨਾਮ ਨਾਲ ਪ੍ਰਸੰਸ਼ਾ ਵਾਲੇ ਲਕਬ ਲਾ ਕੇ ਉਨ੍ਹਾਂ ਦੀ ਝੂਠੀ ਤਅਰੀਫ਼ ਕਰਨੀ ਗੁਰੂ-ਸਤਿਗੁਰੂ ਦੀ ਦੁੱਖਦਾਇਕ ਬੇਅਦਬੀ ਹੈ! !

ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ॥ …ਕਬੀਰ ਜੀ

ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥ …ਮ: ੯

(ਉਸਤਤਿ: ਝੂਠੀ ਪ੍ਰਸ਼ੰਸਾ, ਚਾਪਲੂਸੀ, ਖ਼ੁਸ਼ਾਮਦ। ਨਿੰਦਾ: ਗੁਣਾਂ ਵਿੱਚ ਵੀ ਔਗੁਣ ਲੱਭਣੇ, ਆਧਾਰ ਰਹਿਤ ਨਫ਼ਰਤ।)

ਗੁਰ-ਪੀਰ ਦੀ ਸਿੱਧਾਂਤਕ ਸਿੱਖਿਆ ਚੇਲਿਆਂ-ਚਾਟੜਿਆਂ, ਮੁਰੀਦਾਂ, ਸ਼ਿਸ਼ਾਂ/ਸਿੱਖਾਂ ਅਤੇ ਪੈਰੋਕਾਰਾਂ ਵਾਸਤੇ ਇੱਕ ਆਗਿਆ, ਆਦੇਸ਼, ਫ਼ਰਮਾਨ ਜਾਂ ਹੁਕਮ ਹੁੰਦੀ ਹੈ। ਇਸੇ ਲਈ ਗੁਰਬਾਣੀ ਦੀ ਹਰ ਤੁਕ ਜਾਂ ਸ਼ਬਦ ਨੂੰ ਹੁਕਮਨਾਮਾ ਜਾਂ ਫ਼ਰਮਾਨ ਕਿਹਾ ਜਾਂਦਾ ਹੈ! ਪਰੰਤੂ, ਇਹ ਸੱਚ ਕਿਤਨਾ ਦੁੱਖਦਾਈ ਤੇ ਸ਼ਰਮਨਾਕ ਹੈ ਕਿ ਇਨਸਾਨੀਅਤ ਤੋਂ ਗਿਰੇ ਹੋਏ ਬੇਜ਼ਮੀਰੇ, ਕਪਟੀ ਤੇ ਕੂੜਿਆਰ ਜਥੇਦਾਰਾਂ ਨੇਂ ਗੁਰੂਆਂ ਤੇ ਪੀਰਾਂ-ਫ਼ਕੀਰਾਂ ਦੇ ਮਾਨਵਵਾਦੀ, ਸੱਚੇ ਤੇ ਸਿੱਧਾਂਤਕ ਫ਼ਰਮਾਨਾਂ/ਹੁਕਮਨਾਮਿਆਂ ਨੂੰ ਲਾਂਭੇ ਕਰਕੇ ਕੂੜ-ਕਪਟ ਭਰਪੂਰ ਆਪਣੇ ਹੁਕਮਨਾਮੇਂ (ਦਰਅਸਲ ਕੂੜਨਾਮੇ) ਜਾਰੀ ਕਰਨੇ ਸ਼ੁਰੂ ਕੀਤੇ ਹੋਏ ਹਨ! ਅਧਿਆਤਮਵਾਦੀ ਬਾਣੀਕਾਰਾਂ ਅਤੇ ਉਨ੍ਹਾਂ ਦੀ ਪਵਿੱਤਰ ਬਾਣੀ ਦੀ ਇਸ ਤੋਂ ਵੱਧ ਬੇਅਦਬੀ ਕੀ ਹੋ ਸਕਦੀ ਹੈ! !

ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ॥

ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ॥

ਓਹੁ ਗਲਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ॥

ਓਹੁ ਘਰਿ ਘਰਿ ਹੰਢੈ ਜਿਉ ਰੰਨ ਦ+ਹਾਗਣੀ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ॥ ਸਲੋਕ ਮ: ੪ (ਲਛਣੁ: ਕਲੰਕ।)

ਕੂੜਿਆਰ ਤੇ ਪੈਂਤੜੇਬਾਜ਼ ਜਥੇਦਾਰਾਂ ਨੇ ‘ਸਿੱਖਾਂ’ ਤੋਂ ਆਪਣੇ ਕੂੜਨਾਮੇ ਮੰਨਵਾਉਣ ਵਾਸਤੇ ਇੱਕ ਹੋਰ ਪੈਂਤੜਾ ਲਿਆ ਹੋਇਆ ਹੈ! ਉਹ ਇਹ ਕਿ, ‘ਅਕਾਲ ਤਖ਼ਤ’ ਤੋਂ ਜਾਰੀ ਹੋਏ ਹੁਕਮਨਾਮੇ ਮੰਨਣਾ ਹਰ ਇੱਕ ਸਿੱਖ ਦਾ ਫ਼ਰਜ਼ ਹੈ! ! ! !

ਜੇ ਕੋਈ ਸਿਰ-ਫਿਰਿਆ, ਕਿਸੇ ਬੁਰੇ ਪ੍ਰਭਾਵ ਹੇਠ ਜਾਂ ਕਿਸੇ ਦੋਖੀ ਦੀ ਚੁੱਕ ਵਿੱਚ ਆ ਕੇ, ਗੁਟਕੇ ਜਾਂ ਗੁਰਬਾਣੀ ਗ੍ਰੰਥ (ਪੋਥੀ) ਦੇ ਪੰਨੇਂ ਪਾੜ ਦੇਵੇ ਤਾਂ ਉਸ ਮੂਰਖ ਨੂੰ ਧਰਮ ਦੇ ਨਕਲੀ ਸੈਦਾਈ ਜੋ ਸਜ਼ਾ ਦਿੰਦੇ ਹਨ, ਉਹ ਅਕਹਿ ਹੈ। ਪਰੰਤੂ, ਸੰਸਾਰ ਭਰ ਵਿੱਚ ਛਪਦੇ ਤੇ ਪ੍ਰਕਾਸ਼ਿਤ ਹੁੰਦੇ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਹਰ ਰੋਜ਼ ਗੁਰਬਾਣੀ ਦੇ ਅਨੇਕ ਸ਼ਬਦ, ਅਣਗਿਣਤ ਤੁਕਾਂ ਅਤੇ ਗੁਰੂਆਂ, ਪੀਰਾਂ-ਫ਼ਕੀਰਾਂ ਅਤੇ ਉਨ੍ਹਾਂ ਦੇ ਅਨਿੰਨ ਸ਼ਿਸ਼ਾਂ/ਸਿੱਖਾਂ ਦੀਆਂ ਹਾਸੋਹੀਣੀਆਂ ਕਾਲਪਨਿਕ ਮੂਰਤਾਂ/ਚਿਤ੍ਰ ਛਪਦੇ ਹਨ। ਪੁਰਾਣੇ ਅਖ਼ਬਾਰ ਅਤੇ ਰਸਾਲੇ ਆਦਿਕ ਰੱਦੀ ਵਿੱਚ ਵੇਚੇ ਜਾਂਦੇ ਹਨ। ਇਹ ਰੱਦੀ ਕਿੱਥੇ ਕਿੱਥੇ ਵਿਕਦੀ, ਰੁਲਦੀ ਅਤੇ ਕਿਹੜੇ ਕਿਹੜੇ ਸਰੀਰਿਕ ਅੰਗਾਂ ਦੀ ਪੂੰਝ-ਪੂੰਝਾਈ ਅਤੇ ਗੰਦੀਆਂ-ਗ਼ਲੀਜ਼ ਥਾਵਾਂ ਦੀ ਸਫ਼ਾਈ ਲਈ ਵਰਤੀ ਜਾਂਦੀ ਹੈ? ਕਦੀ ਸੋਚਿਆ ਹੈ? ਰੱਦੀ ਵਿੱਚ ਵਿਕੇ ਗੁਰਬਾਣੀ ਦੀਆਂ ਤੁਕਾਂ/ਸ਼ਬਦਾਂ ਤੇ ਗੁਰੂਆਂ ਤੇ ਪੀਰਾਂ-ਫ਼ਕੀਰਾਂ ਦੇ ਚਿਤ੍ਰਾਂ ਵਾਲੇ ਵਰਕਿਆਂ ਦੇ ਬਣੇ ਲਿਫ਼ਾਫ਼ਿਆਂ ਵਿੱਚ ਤੰਬਾਕੂ ਅਤੇ ਨਸ਼ੇ ਆਦਿਕ ਵੀ ਵਿਕਦੇ ਦੇਖੇ ਹਨ! ‘ਪੰਥ’ ਦੇ ਫ਼ਰੇਬੀ ਅਤੇ ਬਿਉਹਾਰੀ ਠੇਕੇਦਾਰਾਂ, ਲੀਡਰਾਂ, ਜਥੇਦਾਰਾਂ ਅਤੇ ਸਤਿਕਾਰ ਕਮੇਟੀਆਂ ਆਦਿ ਦੇ ਕਪਟੀ ਤੇ ਨਿਪੁੰਸਕ ਗੁੰਡਿਆਂ ਵੱਲੋਂ ਇਸ ਘੋਰ ਬੇ-ਅਦਬੀ ਦਾ ਵਿਰੋਧ ਕਿਉਂ ਨਹੀਂ ਕੀਤਾ ਜਾਂਦਾ? ? ?

ਕੁਝ ਸਮੇਂ ਤੋਂ ਸੂਹਾਂ ਆ ਰਹੀਆਂ ਹਨ ਕਿ ਮੋਦੀ/ਭਾਜਪਾਈਆਂ ਦੇ ਜੁੱਤੀ-ਚੱਟ ‘ਸਿੱਖ’ ਨੇਤਾ (ਖ਼ਾਸ ਕਰਕੇ ਅਕਾਲੀ) ਗੁਰੂਆਂ ਦੇ ਮਿੱਟੀ ਜਾਂ ਧਾਤ ਦੇ ਕਾਲਪਨਿਕ ਪੁਤਲੇ, ਮੂਰਤੀਆਂ ਅਤੇ ਬਾਵੇ ਬਣਵਾ ਕੇ ਉਨ੍ਹਾਂ ਮੂਕ ਬੁੱਤਾਂ ਦੀ ਸਥਾਪਨਾ ਦੀ ਤਾੜ ਵਿੱਚ ਹਨ! ਗੰਦੀਆਂ ਗਲੀਆਂ, ਬਾਜ਼ਾਰਾਂ ਅਤੇ ਸੜ੍ਹਿਆਂਦ ਮਾਰਦੀਆਂ ਸੜਕਾਂ ਉੱਤੇ ਲੱਗੇ ਬੁੱਤਾਂ ਦੀ ਜੋ ਬੇਹੁਰਮਤੀ ਹੋਵੇਗੀ ਉਹ ਭੇਖੀ ਪਾਖੰਡੀਆਂ ਨੂੰ ਨਜ਼ਰ ਨਹੀਂ ਆਉਂਦੀ! !

ਗੁਰਬਾਣੀ ਵਿੱਚ ਕੇਵਲ ਤੇ ਕੇਵਲ ਇੱਕ ਸਾਹਿਬ ਦਾ ਹੀ ਹੋਕਾ ਦਿੱਤਾ ਗਿਆ ਹੈ। ਪਰੰਤੂ ਗੁਰਮਤਿ ਦੇ ਦੋਖੀਆਂ ਨੇ ਉਸ ਇੱਕੋ ਇੱਕ ਸਾਹਿਬ ਦੇ ਅਣਗਿਣਤ ਸ਼ਰੀਕ ਪੈਦਾ ਕਰ ਦਿੱਤੇ ਹਨ ਅਤੇ ਆਏ ਦਿਨ ਹੋਰ ਹੋਰ ਸਾਹਿਬ ਪੈਦਾ ਕੀਤੇ ਜਾ ਰਹੇ ਹਨ! ! ! ! ਤਖ਼ਤਾਂ ਦੇ ਬੇਗ਼ੈਰਤ ਜਥੇਦਾਰਾਂ ਅਤੇ ਹੋਰ ਕਈ ਭੇਖੀ-ਪਾਖੰਡੀ ਸੰਸਾਰੀਆਂ ਨੂੰ ਤਾਂ ਸਿੰਘ ਸਾਹਿਬ ਦਾ ਰੁਤਬਾ ਦੇ ਕੇ ਇੱਕੋ-ਇਕ ਸੱਚੇ ਸਾਹਿਬ ਦੇ ਸਿਰ `ਤੇ ਬਿਠਾ ਕੇ ਬੇਅਦਬੀ, ਢੀਠਤਾ ਅਤੇ ਨਿਰਲੱਜਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ!

ਸੂਰਜ ਪ੍ਰਕਾਸ਼ ਨਾਮੀ ਗ੍ਰੰਥ ਵਿੱਚੋਂ ਇੱਕ ਸਤਰ ਦੇ ਪਹਿਲੇ ਹਿੱਸੇ: ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇਹ। ……ਦੇ ਹਵਾਲੇ ਨਾਲ ਗਰੁਬਾਣੀ ਦੀ ਬੀੜ ਨੂੰ ਦੇਹ ਦਾ ਦਰਜਾ ਦੇ ਕੇ, ਇਸ ਦੇਹ ਦੀ ਸਥੂਲ, ਨਿਰਜਿੰਦ, ਜੜ੍ਹ ਤੇ ਮੂਕ ਮੂਰਤੀਆਂ ਵਾਂਙ ਪੂਜਾ ਕਰਨੀ/ਕਰਵਾਉਣੀ ਅਧਿਆਤਮ ਗਿਆਨ ਦੇ ਅਦੁੱਤੀ ਖ਼ਜ਼ਾਨੇ ਗੁਰਬਾਣੀ ਗ੍ਰੰਥ (ਪੋਥੀ/ਬੀੜ) ਦੀ ਬਿਕਰਾਲ ਬੇਅਦਬੀ ਹੈ!

…ਪ੍ਰਗਟ ਗੁਰਾਂ ਕੀ ਦੇਹ। ਦੀ ਆੜ ਵਿੱਚ ਹੀ ਗੁਰਬਾਣੀ ਦੀ ਬੀੜ ਦੇ ਪੰਨਿਆਂ ਨੂੰ ਅੰਗ ਕਹਿਣਾ, ਗਿਆਨ ਅਤੇ ਗਿਆਨ ਗੁਰੂ ਦਾ ਘੋਰ ਅਪਮਾਨ ਅਤੇ ਪ੍ਰਚੰਡ ਬੇਅਦਬੀ ਹੈ! ਗੁਰੂ ਦੀ ਇਹ ਦੇਹ ਵੀ ਅਤਿ ਵਿਚਿਤ੍ਰ ਹੈ, ਜਿਸ ਦੇਹ ਦੇ ੧੪੨੯ ਅੰਗ ਹਨ! ! ਇੱਕ ਗੁਰੂ ਦੀਆਂ ਸੈਂਕੜੇ-ਹਜ਼ਾਰਾਂ ਜਾਂ ਅਣਗਿਣਤ ਦੇਹਾਂ? ? ? ? ?

ਨਿਰਮਲ ਧਰਮ ਦੇ ਦੋਖੀਆਂ ਦੁਆਰਾ ਪਾਈ ਗਈ ਬਿਰਧ ਦੇਹਾਂ ਦੇ ਅੰਤਿਮ ਸੰਸਕਾਰ (ਅਗਨ-ਭੇਟ) ਕਰਨ ਦੀ ਪਿਰਤ ਵੀ ਅਤਿਅੰਤ ਹਾਸੋਹੀਣਾ, ਨੀਚ ਅਤੇ ਪਾਖੰਡ ਕਰਮ ਹੈ! ਅੰਤਿਮ ਸੰਸਕਾਰ ਤਾਂ ਮੁਰਦਾ ਦੇਹ ਦਾ ਕੀਤਾ ਜਾਂਦਾ ਹੈ, ਬਿਰਧ ਦੇਹ ਦਾ ਨਹੀਂ। ਸੰਸਾਰਕ ਘੱਟੇ ਵਿੱਚ ਰੁਲਣ ਤੋਂ ਬਚਾਉਣ ਵਾਸਤੇ ਜਰਜਰੀ ਹੋ ਚੁੱਕੀ ਪੁਰਾਣੀ ਪੋਥੀ/ਬੀੜ ਜਾਂ ਹੱਥ-ਲਿਖਿਤ ਖਰੜੇ ਨੂੰ ਪੁਰਾਲੇਖ-ਗ੍ਰਹਿ (Archives) ਵਿੱਚ ਸੰਭਾਲ ਕੇ ਰੱਖਣਾ ਤਾਂ ਜਚਦਾ ਹੈ ਪਰ ਜਲਾਉਣਾ ਤਾਂ ਬੂਝੜਤਾ ਦੀ ਇੰਤਿਹਾ ਤੇ ਗੁਰੂ (ਗ੍ਰੰਥ) ਦੀ ਘੋਰ ਬੇ-ਅਦਬੀ ਹੈ।

ਚਲਦਾ……

ਗੁਰਇੰਦਰ ਸਿੰਘ ਪਾਲ

ਫ਼ਰਵਰੀ 25, 2023.




.