.

ਗੁਰਬਾਣੀ ਵਿੱਚ ਨਾਮ ਜਪਣ ਅਤੇ ਬਾਣੀ ਪੜ੍ਹਨ ਦੀ ਗੱਲ ਇਤਨੀ ਕਿਉਂ ਕੀਤੀ ਗਈ ਹੈ?

ਜਿਹੜੇ ਵੀ ਸੱਜਣ ਗੁਰਬਾਣੀ ਪੜ੍ਹਦੇ ਹਨ ਉਨ੍ਹਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਬਾਣੀ ਵਿੱਚ ਨਾਮ ਜਪਣ ਵਾਲੀ ਗੱਲ ਅਨੇਕਾਂ ਵਾਰੀਂ ਕੀਤੀ ਗਈ ਹੈ। ਇਸੇ ਤਰਹਾਂ ਹੀ ਗੁਰਬਾਣੀ ਪੜ੍ਹਨ ਗਉਣ ਬਾਰੇ ਕਿਹਾ ਗਿਆ ਹੈ ਕਿ ਇਹ ਸਦਾ ਹੀ ਸੁਖਦਾਈ ਹੁੰਦੀ ਹੈ। ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਕਥਾਕਾਰ, ਕੀਰਤਨੀਏ, ਪ੍ਰਚਾਰਕ ਅਤੇ ਸਿੱਖਾਂ ਦੇ ਕਥਿਤ ਬ੍ਰਹਮਗਿਆਨੀ ਇਸ ਗੱਲ ਤੇ ਜੋਰ ਦਿੰਦੇ ਹਨ ਕਿ ਵੱਧ ਤੋਂ ਵੱਧ ਨਾਮ ਸਿਮਰਨ ਕਰਿਆ ਕਰੋ ਅਤੇ ਗੁਰਬਾਣੀ ਦਾ ਪਾਠ ਕਰਿਆ ਕਰੋ। ਕਈਆਂ ਨੇ ਤਾਂ ਗੁਰਬਾਣੀ ਵਿਚੋਂ ਕੁੱਝ ਪੰਗਤੀਆਂ ਲੈ ਕੇ ਆਪਣੀਆਂ ਵੱਖਰੀਆਂ ਜਥੇਬੰਦੀਆਂ ਵੀ ਬਣਾਈਆਂ ਹੋਈਆਂ ਹਨ। ਕਈ ਤਾਂ ਹਰ ਬਿਮਾਰੀ ਦੇ ਇਲਾਜ ਦਾ ਗੁਰਬਾਣੀ ਨਾਲ ਠੀਕ ਹੋਣ ਦਾ ਦਾਅਵਾ ਵੀ ਕਰਦੇ ਹਨ। ਉਹ ਛੋਟੇ-ਛੋਟੇ ਟ੍ਰੈਕਟ ਛਾਪ ਕੇ ਵੀ ਵੰਡਦੇ ਹਨ। ਕਈ ਇਹ ਵੀ ਦਾਅਵਾ ਕਰਦੇ ਹਨ ਕਿ ਅੰਮ੍ਰਿਤਸਰ ਦੇ ਸਰੋਵਰ ਵਿੱਚ ਨਹਾਉਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਪਰ ਜਦੋਂ ਦੋ ਕੁ ਸਾਲ ਪਹਿਲਾਂ ਸੰਨ 2021 ਵਿੱਚ ਕਰੋਨਾ ਵਾਇਰਸ ਨੇ ਸਾਰੀ ਦੁਨੀਆ ਤੇ ਦਸਤਕ ਦਿੱਤੀ ਤਾਂ ਸਾਰੀ ਦੁਨੀਆ ਦੇ ਸਾਰੇ ਧਰਮਾਂ ਦੇ ਦਾਅਵੇ ਖੋਖਲੇ ਸਾਬਤ ਹੋ ਗਏ। ਜਿਹੜੇ ਇਸਾਈ ਅਰਦਾਸਾਂ ਰਾਹੀਂ ਬਿਮਾਰੀਆਂ ਠੀਕ ਹੋਣ ਦਾ ਦਾਅਵਾ ਕਰਦੇ ਸਨ ਅਤੇ ਖਾਸ ਕਰਕੇ ਜਿਸ ਦੇਸ਼ ਵਿੱਚ ਇਸਾਈਆਂ ਦਾ ਪੋਪ ਰਹਿੰਦਾ ਹੈ ਉਸ ਦੇਸ਼ ਵਿੱਚ ਸਭ ਤੋਂ ਪਹਿਲਾਂ, ਸਭ ਤੋਂ ਜਿਆਦਾ ਲੋਕ ਕਰੋਨਾ ਨਾਲ ਮਰੇ ਸਨ। ਸਿੱਖਾਂ ਦੇ ਦਰਬਾਰ ਸਾਹਿਬ ਵਿੱਚ ਸਾਲਾਂ ਵੱਧੀ ਕੀਰਤਨ ਕਰਨ ਵਾਲਾ ਇੱਕ ਰਾਗੀ, ਸ਼ਾਇਦ ਉਸ ਦਾ ਨਾਮ ਨਿਰਮਲ ਸਿੰਘ ਸੀ, ਉਹ ਵੀ ਕਰੋਨਾ ਵਾਇਰਸ ਦੀ ਲਿਪੇਟ ਵਿੱਚ ਆ ਗਿਆ ਸੀ। ਉਸ ਦੀ ਬਿਮਾਰੀ ਤਾਂ ਠੀਕ ਨਹੀਂ ਸੀ ਹੋਈ ਪਰ ਇਸ ਬਿਮਾਰੀ ਨਾਲ ਉਸ ਦੀ ਮੌਤ ਜਰੂਰ ਹੋ ਗਈ ਸੀ। ਇਸ ਗੁਰੂ ਕੇ ਵਜ਼ੀਰ ਕੀਰਤਨੀਏ ਦਾ ਅੰਤਿਮ ਸੰਸਕਾਰ ਵੀ ਸਤਿਕਾਰ ਨਾਲ ਨਹੀਂ ਸਗੋਂ ਤਰਿਸਕਾਰ ਨਾਲ ਕਰਨ ਦਿੱਤਾ ਗਿਆ ਸੀ। ਉਸ ਦੇ ਪੰਜ ਭੂਤਕ ਸਰੀਰ ਨੂੰ ਸਮਸ਼ਾਨ ਭੂਮੀ ਵਿੱਚ ਅਗਨ ਭੇਟ ਕਰਨ ਦੀ ਆਗਿਆ ਵੀ ਨਹੀਂ ਸੀ ਮਿਲੀ।
ਜਦੋਂ ਵੀ ਕੋਈ ਵਿਆਕਤੀ ਕਿਸੇ ਵੀ ਧਰਮ ਨੂੰ ਧਾਰਨ ਕਰਦਾ ਹੈ ਤਾਂ ਉਹ ਇਹੀ ਸੋਚਦਾ ਹੈ ਕਿ ਇਸ ਧਰਮ ਦੇ ਪ੍ਰਚਾਰਕ ਜੋ ਕੁੱਝ ਵੀ ਕਹਿੰਦੇ ਹਨ ਉਹ ਸਾਰਾ ਕੁੱਝ ਠੀਕ ਹੀ ਹੁੰਦਾ ਹੋਵੇਗਾ। ਭਾਵੇਂ ਕੋਈ ਪ੍ਰਚਾਰਕ ਨਾ ਵੀ ਹੋਵੇ ਅਤੇ ਉਹ ਪਹਿਲਾਂ ਕਿਸੇ ਧਰਮ ਨੂੰ ਅਪਣਾ ਚੁੱਕਾ ਹੋਵੇ ਤਾਂ ਉਸ ਦੀਆਂ ਗੱਲਾਂ ਨੂੰ ਵੀ ਠੀਕ ਹੀ ਮੰਨਿਆ ਜਾਂਦਾ ਹੈ। ਕਿਉਂਕਿ ਉਸ ਦੀ ਸਨਿਉਰਟੀ ਜ਼ਿਆਦਾ ਹੁੰਦੀ ਹੈ। ਧਰਮ ਵਿੱਚ ਦਾਖਲਾ ਲੈ ਕੇ ਅਗਾਂਹ ਰੋਜ ਦੀ ਰੋਜ ਸਿੱਖਣਾ ਹੁੰਦਾ ਹੈ। ਜਿਵੇਂ ਕਿ ਇੱਕ ਬੱਚਾ ਪਹਿਲੀ ਕਲਾਸ ਵਿੱਚ ਦਾਖਲ ਹੋ ਕੇ ਹੌਲੀ ਹੌਲੀ ਹਾਈ ਸਕੂਲ, ਫਿਰ ਕਾਲਜ਼ ਜਾਂ ਯੂਨੀਵਰਸਿਟੀ ਦੀ ਪੜਾਈ ਕਰਦਾ ਹੈ। ਇਸੇ ਤ੍ਰਹਾਂ ਧਰਮ ਬਾਰੇ ਵੀ ਹਰ ਰੋਜ ਸਿੱਖਣਾ ਹੁੰਦਾ ਹੈ। ਜਿੱਦਾਂ ਜਿੱਦਾਂ ਸਮਝ ਆਈ ਜਾਵੇ ਉਸੇ ਤਰ੍ਹਾਂ ਕਰਨਾ ਹੁੰਦਾ ਹੈ। ਜੇ ਕਰ ਬੱਚਾ 5-6 ਸਾਲ ਦਾ ਹੋ ਕੇ ਪਹਿਲੀ ਜਮਾਤ ਵਿੱਚ ੳ ਅ ਜਾਂ ਏ ਬੀ ਸੀ ਸਿੱਖਦਾ ਹੈ ਫਿਰ ਅਗਾਂਹ ਸ਼ਬਦ ਜੋੜ ਸਿੱਖ ਜਾਂਦਾ ਹੈ। ਭਾਵ ਕਿ ਹਰੇਕ ਸਾਲ ਨਵੀਂ ਕਲਾਸ ਵਿੱਚ ਕੁੱਝ ਹੋਰ ਨਵਾਂ ਸਿੱਖਣਾ ਹੁੰਦਾ ਹੈ। ਇਸੇ ਤਰ੍ਹਾਂ ਧਰਮ ਵਿੱਚ ਵੀ ਬਹੁਤ ਕੁੱਝ ਨਵਾਂ ਸਿੱਖਣ ਲਈ ਹੁੰਦਾ ਹੈ ਅਤੇ ਪੁਰਾਣਾ ਸਿੱਖਿਆ ਜੇ ਕਰ ਸੱਚ ਤੇ ਪੂਰਾ ਨਾ ਉਤਰਦਾ ਹੋਵੇ ਤਾਂ ਛੱਡਣਾਂ ਪੈਂਦਾ ਹੈ। ਪਰ ਧਰਮ ਵਿੱਚ ਇਸ ਤਰ੍ਹਾਂ ਘੱਟ ਹੁੰਦਾ ਹੈ। ਇੱਥੇ ਤਾਂ ਪ੍ਰੰਪਰਾਵਾਂ ਜਾਂ ਸੀਨਾ ਬਾ ਸੀਨਾ ਚਲੀਆਂ ਆ ਰਹੀਆਂ ਗੱਲਾਂ ਨੂੰ ਜਿਆਦਾ ਮਹਾਨਤਾ ਦਿੱਤੀ ਜਾਂਦੀ ਹੈ। ਉਹ ਭਾਵੇਂ ਹੋਣ ਸਰਾਸਰ ਗਲਤ ਹੀ।
ਮਾਲਵੇ ਵਿੱਚ ਸਾਧ ਬੜੇ ਪ੍ਰਚੱਲਤ ਹਨ ਖਾਸ ਕਰਕੇ ਕਲੇਰਾਂ ਵਾਲੇ। ਇਨ੍ਹਾਂ ਦੀਆਂ ਅਗਾਂਹ ਵੀ ਕਈ ਬਰਾਂਚਾਂ ਬਣੀਆਂ ਹੋਈਆਂ ਹਨ। ਇਹ ਆਪਸ ਵਿੱਚ ਭਾਂਵੇਂ ਡੇਰੇ ਦੀ ਗੱਦੀ ਹਥਿਆਉਣ ਲਈ ਡਾਂਗੋ ਡਾਂਗੀ ਹੋਣ ਪਰ ਆਮ ਸ਼ਰਧਾਲੂ ਜਨਤਾ ਲਈ ਇਹ ਕਰਨੀ ਵਾਲੇ ਮਹਾਂਪੁਰਸ਼ ਹੁੰਦੇ ਹਨ। ਇਨ੍ਹਾਂ ਦੇ ਚੇਲੇ ਤਕਰੀਬਨ ਹਰ ਪਿੰਡ ਸ਼ਹਿਰ ਵਿੱਚ ਮਿਲ ਜਾਣਗੇ। ਇਹ ਕੋਤਰੀਆਂ ਦੇ ਪਾਠ ਵੀ ਕਰਵਾਉਂਦੇ ਹਨ ਅਤੇ ਸਾਲ ਵਿੱਚ ਇੱਕ ਵਾਰੀ ਕੁੱਝ ਦਿਨਾਂ ਦੇ ਅੰਦਰ-ਅੰਦਰ ਜਪੁਜੀ ਦੇ ਪਾਠ ਵੱਧ ਤੋਂ ਵੱਧ ਕਰਨ ਲਈ ਹਰੇਕ ਸ਼ਰਧਾਲੂ ਨੂੰ ਕਹਿੰਦੇ ਹਨ। ਫਿਰ ਇਨ੍ਹਾਂ ਸਾਰਿਆਂ ਦੀ ਇਕੱਠੀ ਅਰਦਾਸ ਆਪਣੇ ਡੇਰੇ ਵਿੱਚ ਕਰਦੇ ਹਨ। ਭਾਵੇਂ ਕਿ ਮੈਂ ਇਨ੍ਹਾਂ ਦਾ ਸ਼ਰਧਾਲੂ ਤਾਂ ਨਹੀਂ ਸੀ ਪਰ ਇੱਕ ਵਾਰੀ ਮੈਂ ਵੀ ਇਨ੍ਹਾਂ ਦੇ ਇੱਕ ਸ਼ਰਧਾਲੂ ਦੇ ਕਹਿਣ ਤੇ ਇਸ ਤਰ੍ਹਾਂ ਕੀਤਾ ਸੀ। ਇਹ ਗੱਲ ਕੋਈ 43 ਕੁ ਸਾਲ ਪੁਰਾਣੀ ਹੈ। ਇਹ ਹੁਣ ਵੀ ਇਸੇ ਤਰ੍ਹਾਂ ਕਰਦੇ ਹਨ ਜਾਂ ਨਹੀਂ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਅਖੰਡ ਕੀਰਤਨੀ ਜਥੇ ਵਾਲੇ ਤੜਕੇ ਉਠ ਕੇ ਨਾਮ ਅਭਿਆਸ ਕਮਾਈ ਕਰਦੇ ਹਨ। ਇਨ੍ਹਾਂ ਦਾ ਅੰਮ੍ਰਿਤ ਵੇਲਾ ਵੀ ਵੱਖ-ਵੱਖ ਸਮੇ ਦਾ ਹੁੰਦਾ ਹੈ। ਕਿਸੇ ਦਾ ਤੜਕੇ 2 ਵਜੇ ਕਿਸੇ ਦਾ ਚਾਰ ਵਜੇ ਅਤੇ ਕਿਸੇ ਦਾ ਇੱਕ ਵਜੇ ਵੀ। ਅੰਮ੍ਰਿਤ ਵੇਲਾ ਕਦੋਂ ਤੋਂ ਗਿਣਨਾ ਹੈ ਇਸ ਬਾਰੇ ਵੀ ਇਨ੍ਹਾਂ ਦੇ ਕਿਸੇ ਸਮੇ ਛਪਦੇ ਰਹੇ ਮਾਸਕ ਰਸਾਲੇ ‘ਸੂਰਾ’ ਵਿੱਚ ਵਿਚਾਰ ਹੁੰਦੀ ਰਹੀ ਹੈ। ਰਾਧਾ ਸੁਆਮੀ ਡੇਰੇ ਦਾ ਮੁਖੀ ਵੀ ਆਪਣੇ ਸ਼੍ਰਧਾਲੂਆਂ ਨੂੰ ਗੁਰਬਾਣੀ ਵਿਚੋਂ ਕੁੱਝ ਸ਼ਬਦ ਚੁਣ ਕੇ ਨਾਮ ਦਿੰਦਾ ਹੈ। ਹੋਰ ਵੀ ਡੇਰਿਆਂ ਵਾਲੇ ਵੱਖਰੇ-ਵੱਖਰੇ ਢੰਗ ਨਾਲ ਨਾਮ ਦਿੰਦੇ ਹਨ। ਕੀ ਨਾਮ ਸਿਮਰਨ ਨਾਲ ਜਾਂ ਵੱਧ ਤੋਂ ਵੱਧ ਗੁਰਬਾਣੀ ਪੜ੍ਹਨ ਨਾਲ ਕੋਈ ਰੱਬ ਮਿਲ ਜਾਂਦਾ ਹੈ ਜਾਂ ਕੋਈ ਆਤਮਿਕ ਸ਼ਕਤੀ ਆ ਜਾਂਦੀ ਹੈ? ਨਹੀਂ ਬਿੱਲਕੁੱਲ ਨਹੀਂ। ਜੇ ਕਰ ਕੋਈ ਰੱਬ ਨਹੀਂ ਮਿਲਦਾ ਜਾਂ ਕੋਈ ਕਰਾਮਾਤੀ ਸ਼ਕਤੀ ਹਾਸਲ ਨਹੀਂ ਹੁੰਦੀ ਤਾਂ ਫਿਰ ਗੁਰਬਾਣੀ ਵਿੱਚ ਬਾਰ-ਬਾਰ ਨਾਮ ਜਪਣ ਜਾਂ ਗੁਰਬਾਣੀ ਪੜ੍ਹਨ ਦੀ ਕਿਉਂ ਤਾਕੀਦ ਕੀਤੀ ਗਈ ਹੈ? ਇਸੇ ਗੱਲ ਦਾ ਆਪਾਂ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।
ਜਿਨ੍ਹਾਂ ਗੁਰੂਆਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਸਾਰੇ 4-5 ਸਦੀਆਂ ਪਹਿਲਾਂ ਹੋ ਚੁੱਕੇ ਹਨ। ਉਸ ਸਮੇਂ ਲੋਕਾਂ ਦਾ ਜੀਵਨ ਇਤਨਾ ਰੁਝੇਵੇਂ ਭਰਿਆ ਨਹੀਂ ਸੀ ਹੁੰਦਾ। ਖੇਤੀ ਬਾੜੀ ਵੀ ਬਹੁਤਾ ਕਰਕੇ ਮੀਂਹ ਤੇ ਹੀ ਨਿਰਭਰ ਹੁੰਦੀ ਸੀ। ਫਿਰ ਹੌਲੀ-ਹੌਲੀ ਹਲਟ ਲੱਗਣੇ ਸ਼ੁਰੂ ਹੋ ਗਏ। ਖੇਤੀ ਦਾ ਮੀਂਹ ਅਤੇ ਹਲਟ ਤੇ ਨਿਰਭਰ ਹੋਣ ਦਾ ਜ਼ਿਕਰ ਗੁਰਬਾਣੀ ਵਿੱਚ ਮਿਲਦਾ ਹੈ। ਮੈਂ ਛੋਟੇ ਹੁੰਦੇ ਨੇ ਤਕਰੀਬਨ ਅੱਜ ਤੋਂ 62 ਕੁ ਸਾਲ ਪਹਿਲਾਂ ਚੜਸ ਚਲਦੇ ਵੇਖੇ ਹਨ। ਹੋ ਸਕਦਾ ਹੈ ਕਿ ਤੁਹਾਡੇ ਵਿਚੋਂ ਵੀ ਕਿਸੇ-ਕਿਸੇ ਨੇ ਦੇਖੇ ਹੋਣਗੇ। ਪਰ ਮੇਰਾ ਖਿਆਲ ਹੈ ਕਿ ਗੁਰਬਾਣੀ ਵਿੱਚ ਇਸ ਦਾ ਜ਼ਿਕਰ ਨਹੀਂ ਹੈ। ਹੋ ਸਕਦਾ ਹੈ ਕਿ ਥੋੜੇ ਸਮੇ ਲਈ ਹੀ ਇਸ ਦੀ ਵਰਤੋਂ ਹੋਈ ਹੋਵੇ। ਕਹਿਣ ਦਾ ਭਾਵ ਇਹ ਹੈ ਕਿ ਪਿਛਲੇ 50 ਕੁ ਸਾਲਾਂ ਵਿੱਚ ਜਿਤਨੀ ਸਾਇੰਸ ਨੇ ਤਰੱਕੀ ਕੀਤੀ ਹੈ ਇਤਨੀ ਪੰਜ ਸਦੀਆਂ ਵਿੱਚ ਬਿੱਲਕੁੱਲ ਨਹੀਂ ਹੋਈ। ਅੱਜ ਤੋਂ 30 ਕੁ ਸਾਲ ਪਹਿਲਾਂ ਜਦੋਂ ਆਮ ਲੋਕਾਂ ਲਈ ਇੰਟਰਨੈੱਟ ਦੀ ਸਹੂਲਤ ਮਿਲਣੀ ਸ਼ੁਰੂ ਹੋਈ ਸੀ ਉਸ ਵੇਲੇ ਸਪੀਡ ਕੁੱਝ ਕਿਲੋਬਾਈਟ ਹੁੰਦੀ ਸੀ ਅਤੇ ਹੁਣ ਗੈਗਾਬਾਈਟ ਤੱਕ ਪਹੁੰਚ ਚੁੱਕੀ ਹੈ। ਸ਼ੋਸ਼ਲ ਮੀਡੀਏ ਦਾ ਤਾਂ ਉਸ ਵੇਲੇ ਨਾਮ ਥੇਵ ਵੀ ਨਹੀਂ ਸੀ। ਪਰ ਉਸ ਵੇਲੇ ਇਹ ਦੱਸਿਆ ਜਾ ਰਿਹਾ ਸੀ ਆਉਣ ਵਾਲੇ ਸਮੇਂ ਵਿੱਚ ਇੰਟਰਨੈੱਟ ਰਾਹੀਂ ਆਹ ਕੁੱਝ ਹੋ ਸਕਦਾ ਹੈ ਅਤੇ ਹੁਣ ਉਹ ਸਾਰਾ ਕੁੱਝ ਪਰਤੱਖ ਹੋ ਰਿਹਾ ਹੈ।
ਕਹਿੰਦੇ ਹਨ ਕਿ ਵਿਹਲਾ ਮਨ ਸ਼ੈਤਾਨ ਦੀ ਟੂਟੀ ਹੁੰਦਾ ਹੈ। ਇਹ ਕੁੱਝ ਨਾ ਕੁੱਝ ਗਲਤ ਹਰਕਤਾਂ ਕਰਨ ਲਈ ਸੋਚਦਾ ਰਹਿੰਦਾ ਹੈ। ਇਸ ਨੂੰ ਕਿਸੇ ਕਾਰੇ ਲਾਈ ਰੱਖਣ ਲਈ ਸਮਾਜ ਲਈ ਚੰਗਾ ਰਹਿੰਦਾ ਹੈ। ਗੁਰੂਆਂ ਭਗਤਾਂ ਦਾ ਮਨੋਰਥ ਵੀ ਸਮਾਜ ਨੂੰ ਚੰਗਾ ਬਣਾਉਣਾ ਸੀ। ਇਸ ਲਈ ਉਹ ਚਾਹੁੰਦੇ ਸਨ ਕਿ ਵਿਹਲੇ ਮਨ ਨੂੰ ਚੰਗੀ ਸਿੱਖਿਆ ਦੇ ਕੇ ਸਮਝਾਉਣ ਲਈ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਇਸ ਲਈ ਜੇ ਕਰ ਕੋਈ ਵੱਧ ਤੋਂ ਵੱਧ ਗੁਰਬਾਣੀ ਪੜ੍ਹਨਾ ਚਾਹੁੰਦਾ ਹੈ ਤਾਂ ਪੜ੍ਹੇ। ਇਸ ਦਾ ਕੋਈ ਨੁਕਸਾਨ ਨਹੀਂ ਹੈ। ਜੇ ਕਰ ਬਾਣੀ ਕਾਫੀ ਸਾਰੀ ਕੰਠ ਹੋਵੇ ਉਹ ਇਕੱਲਤਾ ਸਮੇਂ ਵੀ ਸਹਾਈ ਹੋ ਸਕਦੀ ਹੈ। ਪਰ ਜੇ ਕਰ ਕੋਈ ਇਹ ਸਮਝੇ ਕਿ ਵੱਧ ਤੋਂ ਵੱਧ ਗੁਰਬਾਣੀ ਪੜ੍ਹਨ ਨਾਲ ਕੋਈ ਰੱਬ ਮਿਲ ਜਾਂਦਾ ਹੈ ਜਾਂ ਕੋਈ ਕਰਾਮਾਤੀ ਸ਼ਕਤੀਆਂ ਹਾਸਲ ਹੋ ਜਾਂਦੀਆਂ ਹਨ ਤਾਂ ਬਿੱਲਕੁੱਲ ਗਲਤ ਹੈ। ਇਸ ਤਰ੍ਹਾਂ ਦਾ ਕੁੱਝ ਨਹੀਂ ਹੁੰਦਾ। ਇਹ ਸਭ ਇਤਿਹਾਸ ਦੀਆਂ ਅਤੇ ਕਥਿਤ ਮਹਾਂਪੁਰਸ਼ਾਂ ਦੀਆਂ ਗੱਪਾਂ ਹਨ। ਮੈਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ, ਤਕਰੀਬਨ ਸਾਰੇ ਹੀ ਕਥਿਤ ਮਹਾਂਪੁਰਸ਼ਾਂ ਦੀਆਂ ਗੱਪਾਂ ਪੜ੍ਹੀਆਂ ਸੁਣੀਆਂ ਹੋਈਆਂ ਹਨ। ਜੇ ਕਰ ਕਿਸੇ ਦਾ ਇਨ੍ਹਾਂ ਵਿੱਚ ਯਕੀਨ ਹੈ ਤਾਂ ਕਰ ਕੇ ਦਿਖਾ ਦੇਵੇ ਮੈਂ ਮੌਤ ਕਬੂਲਣ ਲਈ ਤਿਆਰ ਹਾਂ। ਮੇਰੀ ਇਹ ਚਣੌਤੀ ਦੁਨੀਆਂ ਭਰ ਦੇ ਸਾਰੇ ਸਿੱਖਾਂ ਨੂੰ ਆਖਰੀ ਸਾਹ ਤੱਕ ਰਹੇਗੀ। ਇਸ ਬਾਰੇ ਹੋਰ ਜਾਣਕਾਰੀ ਤੁਸੀਂ ਮੇਰੇ ਪਹਿਲਾਂ ਛਪੇ ਹੋਏ ਲੇਖ, “ਜਿੰਦਗੀ ਮੌਤ ਦੀ ਚਣੌਤੀ” ਵਿੱਚ ਪੜ੍ਹ ਸਕਦੇ ਹੋ।
ਗੁਰਬਾਣੀ ਵਿੱਚ ਇਸ ਗੱਲ ਦਾ ਵੀ ਜ਼ਿਕਰ ਆਉਂਦਾ ਹੈ ਕਿ ਹੱਥਾਂ ਨਾਲ ਕੰਮ ਕਰਦੇ ਹੋਏ ਆਪਣੇ ਮਨ/ਚਿਤ ਨਾਲ ਰੱਬ ਨੂੰ ਧਿਆਉਂਦੇ ਰਹਿਣਾ ਚਾਹੀਦਾ ਹੈ। ਪਰ ਇਹ ਗੱਲ 100% ਹਰ ਇੱਕ ਕੰਮ ਤੇ ਨਹੀਂ ਢੁਕ ਸਕਦੀ। ਕਈ ਕੰਮ ਐਸੇ ਹੁੰਦੇ ਹਨ ਕਿ ਉਹ ਕੰਮ ਤੁਹਾਡੇ ਹੱਥਾਂ ਤੇ ਚੜਿਆ ਹੁੰਦਾ ਹੈ ਅਤੇ ਤੁਹਾਨੂੰ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ। ਹੱਥ ਆਪਣੇ ਆਪ ਉਹ ਕੰਮ ਕਰਦੇ ਰਹਿੰਦੇ ਹਨ। ਦਰਜੀ ਕੱਪੜੇ ਸੀਂਉਂਦਾ ਹੋਇਆ ਗੱਲਾਂ ਵੀ ਕਰੀ ਜਾਂਦਾ ਹੈ ਅਤੇ ਕੱਪੜੇ ਵੀ ਸਿਉਂਈਂ ਜਾਂਦਾ ਹੈ। ਇਸੇ ਤਰ੍ਹਾਂ ਬੀਬੀਆਂ ਸਿਰਾਂ ਤੇ ਪਾਣੀ ਵਾਲੇ ਘੜੇ ਜਾਂ ਰੋਟੀਆਂ ਵਾਲੇ ਟੋਕਰੇ ਰੱਖ ਕੇ ਤੁਰੀਆਂ ਵੀ ਜਾਂਦੀਆਂ ਹਨ ਅਤੇ ਗੱਲਾਂ ਵੀ ਕਰੀ ਜਾਂਦੀਆਂ ਹਨ। ਹੋਰ ਵੀ ਬਹੁਤ ਸਾਰੇ ਕੰਮ ਹਨ ਜੋ ਕਿ ਇਸ ਤਰਹਾਂ ਕੀਤੇ ਜਾ ਸਕਦੇ ਹਨ ਪਰ ਸਾਰੇ ਨਹੀਂ। ਜੇ ਕਰ ਕੋਈ ਟੀਚਰ ਬੱਚਿਆਂ ਨੂੰ ਪੜ੍ਹਾਉਂਦਾ ਹੈ, ਕੀ ਬੱਚਿਆਂ ਨੂੰ ਪੜ੍ਹਾਂਉਂਦੇ ਸਮੇਂ ਬਾਣੀ ਪੜ੍ਹ ਸਕਦਾ ਹੈ ਜਾਂ ਸਿਮਰਨ ਕਰ ਸਕਦਾ ਹੈ? ਕੀ ਡਾ: ਅਪਰੇਸ਼ਨ ਕਰਦੇ ਸਮੇਂ ਜਾਂ ਕਿਸੇ ਮਾਰੀਜ ਨੂੰ ਦੇਖਦੇ ਸਮੇ ਅਜਿਹਾ ਕਰ ਸਕਦਾ ਹਨ? ਹੋਰ ਵੀ ਬਹੁਤ ਸਾਰੇ ਕੰਮ/ਜੌਬਾਂ ਐਸੀਆਂ ਹਨ ਕਿ ਤੁਹਾਨੂੰ ਆਪਣਾ ਸਾਰਾ ਧਿਆਨ ਕੰਮ ਤੇ ਦੇਣਾ ਪੈਂਦਾ ਹੈ ਨਹੀਂ ਤਾਂ ਤੁਹਾਡੇ ਲਈ ਅਤੇ ਹੋਰਨਾ ਲਈ ਖਤਰਨਾਕ ਹੋ ਸਕਦਾ ਹੈ।
ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਬਹੁਤ ਸਾਰੇ ਵਿਆਕਤੀ ਕਨੇਡਾ ਅਮਰੀਕਾ ਵਿੱਚ ਟਰੱਕ ਚਲਾਉਂਦੇ ਹਨ। ਗੁਰਬਾਣੀ ਅਨੁਸਾਰ ਜੇ ਕਰ ਭਲਕੇ ਉਠ ਕੇ ਤੜਕੇ ਹਰ ਰੋਜ ਪਹਿਲਾਂ ਕੇਸੀ ਇਸ਼ਨਾਨ ਕਰਕੇ ਕਈ ਘੰਟੇ ਨਾਮ ਜਪਣਾ ਹੈ, ਕੀ ਇਹ ਸੰਭਵ ਹੋ ਸਕਦਾ ਹੈ? ਕੀ ਉਸ ਦਾ ਧਿਆਨ ਅੱਗੇ ਜਾ ਕੇ ਟਾਈਮ ਸਿਰ ਲੌਡ ਲਾਹੁਣ ਅਤੇ ਹੋਰ ਚੱਕਣ ਵੱਲ ਹੋਵੇਗਾ ਜਾਂ ਨਾਮ ਸਿਮਰਨ ਵੱਲ? ਮੁਆਫ ਕਰਨਾ ਮੈਂ ਕਈ ਦਹਾਕੇ ਇਸ ਤਰ੍ਹਾਂ ਰੋਜਾਨਾ ਕੇਸੀ ਇਸ਼ਨਾਨ ਕਰਕੇ ਦੇਖਿਆ ਹੈ। ਮੈਂ ਟਰੱਕ ਤਾਂ ਨਹੀਂ ਚਲਾਇਆ ਪਰ ਮਿੱਲ ਵਿੱਚ ਕੰਮ ਕਰਨ ਦੇ 46 ਸਾਲਾਂ ਵਿਚੋਂ 10 ਕੁ ਸਾਲ ਰਾਤ ਦੀ ਸ਼ਿਫਟ (12-8) ਮਿੱਲ ਵਿੱਚ ਕੰਮ ਜਰੂਰ ਕੀਤਾ ਹੈ। ਇੱਕ ਦਿਨ ਰਾਤ ਨੂੰ 12 ਵਜੇ ਅਤੇ ਚਾਰ ਦਿਨ 1 ਵਜੇ ਤੋਂ ਕੰਮ ਸ਼ੁਰੂ ਹੁੰਦਾ ਸੀ। ਫਿਰ ਮੇਰਾ ਅੰਮ੍ਰਿਤ ਵੇਲਾ ਕਿਹੜਾ ਹੋ ਸਕਦਾ ਸੀ? ਸੋ ਜਦੋਂ ਗੁਰਬਾਣੀ ਰਚੀ ਗਈ ਸੀ ਉਸ ਵੇਲੇ ਕੋਈ ਰਾਤਾਂ ਦੀਆਂ ਸਿਫਟਾਂ ਤੇ ਕੰਮ ਨਹੀਂ ਸੀ ਹੁੰਦਾ। ਉਸ ਵੇਲੇ ਤਾਂ ਬਿਜਲੀ ਵੀ ਨਹੀਂ ਸੀ ਹੁੰਦੀ। ਸਾਰੇ ਲੋਕ ਸਵੇਰੇ ਲੋਅ ਹੋਣ ਤੇ ਕੰਮਾਂ ਤੇ ਜਾਂਦੇ ਸਨ। ਕੰਮਾਂ ਤੇ ਜਾਣ ਤੋਂ ਪਹਿਲਾਂ ਰੱਬ ਦੀ ਯਾਦ ਵਿੱਚ ਜੁੜਨਾ ਚੰਗਾ ਸੀ। ਲੋਕਾਂ ਕੋਲ ਕੰਮ ਤੋਂ ਬਿਨਾ ਬਹੁਤ ਵੇਹਲਾ ਸਮਾ ਹੁੰਦਾ ਸੀ। ਸੋ ਬਾਣੀ ਜਿੰਨੀ ਚਾਹੁਣ ਪੜ੍ਹ ਸਕਦੇ ਸੀ। ਇਸ ਵੇਲੇ ਦੀ ਤੇਜ਼ ਤਰਾਕ ਜਿੰਦਗੀ ਵਿੱਚ ਘੰਟਿਆਂ ਬੱਧੀ ਸਮਾ ਕੱਢਣਾ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੈ। ਉਂਜ ਵੀ ਜਿਹੜੇ ਲੋਕ ਇਮਾਨਦਾਰੀ ਨਾਲ ਆਪਣਾ ਕੰਮ ਕਰਕੇ ਆਪਣਾ ਅਤੇ ਆਪਣੇ ਪ੍ਰਵਾਰ ਦਾ ਗੁਜਾਰਾ ਕਰਦੇ ਹਨ ਉਨ੍ਹਾਂ ਨੂੰ ਕਿਸੇ ਵੀ ਧਾਰਮਿਕ ਪੁਜਾਰੀ ਦੇ ਡਰ ਤੋਂ ਮੁਕਤ ਹੋਣਾ ਚਾਹੀਦਾ ਹੈ। ਇਹ ਕੋਈ ਰੱਬ ਦੇ ਏਜੰਟ ਨਹੀਂ ਹਨ ਕਿ ਜੇ ਕਰ ਤੁਸੀਂ ਪਾਠ ਪੂਜਾ ਨਹੀਂ ਕਰਦੇ ਜਾਂ ਇਨ੍ਹਾਂ ਨੂੰ ਦਾਨ ਪੁੰਨ ਨਹੀਂ ਕਰਦੇ ਤਾਂ ਇਹ ਰੱਬ ਕੋਲ ਚੁਗਲੀ ਕਰਕੇ ਤੁਹਾਨੂੰ ਕਿਸੇ ਨਰਕਾਂ ਵਿੱਚ ਭਿਜਵਾ ਸਕਦੇ ਹਨ। ਇਸ ਡਰ ਤੋਂ ਮੁਕਤ ਹੋਵੋ। ਗੁਰੂ ਅਤੇ ਭਗਤ ਇਹੀ ਡਰ ਕੱਢਣ ਆਏ ਸਨ। ਸੋ ਗੁਰਬਾਣੀ ਅਤੇ ਹੋਰ ਧਾਰਮਿਕ ਲਿਖਤਾਂ ਕੋਈ ਮੰਤ੍ਰ ਨਹੀਂ ਹੁੰਦੇ। ਉਹ ਸਮਾਜ ਨੂੰ ਚੰਗਾ ਬਣਾਉਣ ਲਈ ਭਲੇ ਪੁਰਸ਼ਾਂ ਦੇ ਚੰਗੇ ਵਿਚਾਰ ਹੁੰਦੇ ਹਨ। ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ।
ਮੱਖਣ ਪੁਰੇਵਾਲ,
ਫਰਵਰੀ 19, 2023.




.