.

ਕੀ ਸਿੱਖਾਂ ਦੇ ਅੱਠਵੇਂ ਗੁਰੂ ਨੇ ਆਤਮ ਹੱਤਿਆ ਕੀਤੀ ਸੀ?

ਸਿੱਖਾਂ ਦੇ ਅੱਠਵੇਂ ਗੁਰੂ, ਗੁਰੂ ਹਰਿਕ੍ਰਿਸ਼ਨ ਜੀ ਨਾਲ ਕਈ ਕਰਾਮਾਤਾਂ ਜੁੜੀਆਂ ਹੋਈਆਂ ਹਨ ਜਾਂ ਜੋੜੀਆਂ ਗਈਆਂ ਹਨ। ਛੱਜੂ ਝਿਉਰ ਕੋਲੋਂ ਗੀਤਾ ਦੇ ਅਰਥ ਕਰਵਾਉਣ ਵਾਲੀ ਸਾਖੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਬਹੁਤ ਸਾਰੇ ਮਿਸ਼ਨਰੀ ਪ੍ਰਚਾਰਕ ਵੀ ਇਹ ਸਾਖੀ ਬੜੇ ਮਾਣ ਨਾਲ ਸੁਣਾਉਂਦੇ ਹਨ। ਸਿੱਖ ਮਾਰਗ ਤੇ ਲਿਖਣ ਵਾਲੇ ਪ੍ਰਿੰ: ਸੁਰਜੀਤ ਸਿੰਘ ਜੀ ਵੀ ਆਪਣੇ ਲੇਖਾਂ ਵਿੱਚ ਇਸ ਸਾਖੀ ਦਾ ਜ਼ਿਕਰ ਬੜੇ ਮਾਣ ਨਾਲ ਕਰਿਆ ਕਰਦੇ ਸਨ। ਸਿੱਖਾਂ ਦੀ ਅਰਦਾਸ ਵਿੱਚ ਹਰ ਰੋਜ਼ ਸਾਰੀ ਦੁਨੀਆ ਵਿੱਚ ਲੱਖਾਂ ਕਰੋੜਾਂ ਵਾਰੀ ਜਿਸ ਡਿੱਠੇ ਸਭ ਦੁਖ ਜਾਇ ਨੂੰ ਪੜ੍ਹਿਆ ਜਾਂਦਾ ਹੈ। ਭਾਵ ਕਿ ਅੱਠਵੇਂ ਗੁਰੂ ਦੇ ਦਰਸ਼ਨ ਕਰਨ ਨਾਲ ਹੀ ਸਾਰੇ ਦੁਖ ਦੂਰ ਹੋ ਜਾਂਦੇ ਹਨ। ਦੂਸਰੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਮੌਤ/ਅਕਾਲ ਚਲਾਣਾ ਚੇਚਕ ਦੇ ਨਿਕਲਣ ਕਾਰਨ ਹੋਇਆ ਸੀ। ਇੱਕ ਗੱਲ ਨਾਲ ਤਾਂ ਤਕਰੀਬਨ ਸਾਰੇ ਹੀ ਸਿੱਖ ਸਹਿਮਤ ਹਨ ਕਿ ਅੱਠਵੇਂ ਗੁਰੂ ਦੀ ਮੌਤ ਦਾ ਕਾਰਨ ਚੇਚਕ ਦੀ ਬਿਮਾਰੀ ਸੀ। ਪਰ ਚੇਚਕ ਦੀ ਬਿਮਾਰੀ ਲੱਗਣ ਦੇ ਕਾਰਨ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਚਾਰਿਆ ਜਾਂਦਾ ਹੈ। ਪਰ ਸਿੱਖਾਂ ਦੇ ਸਭ ਤੋਂ ਵੱਡੇ ਪੜ੍ਹੇ ਲਿਖੇ ਵਿਦਵਾਨ ਜੀ ਕਹਿੰਦੇ ਹਨ ਕਿ ਗੁਰੂ ਜੀ ਨੇ ਇਹ ਬਿਮਾਰੀ ਆਪ ਯੋਗ ਸਾਧਨਾ ਕਰਕੇ ਆਪਣੇ ਆਪ ਨੂੰ ਲਾਈ ਸੀ। ਭਾਵ ਕਿ ਜਾਣ ਬੁੱਝ ਕੇ ਆਤਮ ਹੱਤਿਆ ਕੀਤੀ ਸੀ। ਕਿਉਂਕਿ ਉਹ ਔਰੰਗਜ਼ੇਬ ਨੂੰ ਮਿਲਣਾ ਨਹੀਂ ਚਾਹੁੰਦੇ ਸਨ। ਇਹ ਵਿਦਵਦਨ ਜੀ ਹਨ, ਸਾਚੀ ਸਾਖੀ ਵਾਲੇ ਕਪੂਰ ਸਿੰਘ ਜੀ।
ਜਿਸ ਜੋਗ ਸਾਧਨਾ ਨੂੰ ਪਹਿਲੇ ਸਾਰੇ ਗੁਰੂਆਂ ਨੇ ਰੱਦ ਕੀਤਾ ਹੈ ਪਰ ਉਸੇ ਯੋਗ ਸਾਧਨਾ ਨੂੰ, ਅੱਠਵੇਂ ਗੁਰੂ ਨੂੰ ਕਰਦੇ ਹੋਏ ਦੱਸਿਆ ਗਿਆ ਹੈ। ਇੱਥੇ ਇੱਕ ਗੱਲ ਹੋਰ ਵੀ ਯਾਦ ਰੱਖਣ ਵਾਲੀ ਹੈ ਕਿ ਯੋਗ ਸਾਧਨਾ ਅਤੇ ਯੋਗਾ ਕਰਨਾ ਦੋ ਵੱਖਰੀਆਂ ਚੀਜਾਂ ਹਨ। ਯੋਗ ਸਾਧਨਾ ਦੁਆਰਾ ਆਪਣੇ ਸੁਆਸਾਂ ਨੂੰ ਦਸਵੇਂ ਦੁਆਰ ਚੜ੍ਹਾ ਕੇ ਕੋਈ ਕਰਾਮਾਤ ਹਾਂਸਲ ਕਰਨਾ ਹੁੰਦਾ ਹੈ ਅਤੇ ਯੋਗਾ ਕਰਨਾ ਇੱਕ ਸਰੀਰਕ ਕਸਰਤ ਹੈ। ਇਹ ਯੋਗਾ ਹੁਣ ਤਕਰੀਬਨ ਸਾਰੀ ਦੁਨੀਆ ਵਿੱਚ ਹੀ ਚਲਦਾ ਹੈ। ਇੰਡੀਆ ਵਿੱਚ ਬਾਬਾ ਰਾਮਦੇਵ ਇਸ ਦੇ ਮੁੱਖ ਪ੍ਰਚਾਰਕ ਹਨ ਜੋ ਕਿ ਥੋੜੇ ਜਿਹੇ ਸਮੇਂ ਬਾਅਦ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਕੁੱਝ ਹਫਤੇ ਪਹਿਲਾਂ ਵੀ ਇੱਕ ਵਿਵਾਦਤ ਬਿਆਨ ਦਿੱਤਾ ਸੀ ਅਤੇ ਉਸ ਉਪਰ ਇੱਕ ਮੁਕੱਦਮਾ ਵੀ ਦਰਜ ਹੋਇਆ ਸੀ। ਇਹ ਬਾਬਾ ਰਾਵਦੇਵ ਲੈਕਚਰ ਕਰਦਾ ਕਹਿੰਦਾ ਸੀ ਕਿ ਬੀਬੀਆਂ ਵੈਸੇ ਵੀ ਸੋਹਣੀਆਂ ਲਗਦੀਆਂ ਹਨ ਪਰ ਜੇ ਕਰ ਮੇਰੇ ਵਾਂਗ ਕੱਪੜੇ ਨਾ ਵੀ ਪਉਣ ਫਿਰ ਹੋਰ ਵੀ ਸੋਹਣੀਆਂ ਲੱਗਣਗੀਆਂ। ਦਵਾਈਆਂ ਬਣਾ ਕੇ ਵੇਚਣ ਦਾ ਇਸ ਦਾ ਠਕ ਠਕਾ ਵੀ ਕਾਫੀ ਚੱਲਿਆ ਹੋਇਆ ਹੈ। ਜੋ ਕੁੱਝ ਵੀ ਹੈ ਇਹ ਬੰਦਾ ਚਲਾਕ ਅਤੇ ਅਮੀਰ ਬਿਜਨਸਮੈਨ ਹੈ।
ਕਿਸੇ ਵੀ ਹੱਠ ਕ੍ਰਿਆ ਨੂੰ ਗੁਰਬਾਣੀ ਪਰਵਾਨ ਨਹੀਂ ਕਰਦੀ ਪਰ ਦਸਮ ਗ੍ਰੰਥ ਕਰਦਾ ਹੈ। ਕਿਉਂਕਿ ਗੁਰੂ ਜੀ ਨੇ ਪੁੱਤਰ ਦੀ ਪ੍ਰਾਪਤੀ ਲਈ ਇਹ ਸਾਰਾ ਕੁੱਝ ਕੀਤਾ ਸੀ। ਤੀਰਥਾਂ ਦਾ ਭਰਮਣ ਵੀ ਕੀਤਾ ਅਤੇ ਬਹੁਵਿਧ ਯੋਗ ਸਾਧਨਾ ਵੀ ਕੀਤੀਆਂ ਤਾਂ ਕਿਤੇ ਜਾ ਕੇ ਦਸਮੇਂ ਗੁਰੂ ਦਾ ਜਨਮ ਹੋਇਆ ਸੀ। ਇਹ ਤਾਂ ਹੁਣ ਸਿੱਖਾਂ ਨੇ ਸੋਚਣਾ ਹੈ ਕਿ ਇਨ੍ਹਾ ਦੇ ਗੁਰੂ ਦੋਗਲੇ ਸਨ ਜਾਂ ਫਿਰ ਕੋਈ ਹੋਰ ਘਾਲਾ ਮਾਲਾ ਹੈ? ਇੱਕ ਪਾਸੇ ਤਾਂ ਗੁਰਬਾਣੀ ਵਿੱਚ ਇਹ ਸਾਰਾ ਕੁੱਝ ਰੱਦ ਕਰਦੇ ਹਨ ਪਰ ਦੂਸਰੇ ਪਾਸੇ ਆਪ ਹੀ ਕਰੀ ਜਾਂਦੇ ਹਨ। ਅਗਾਂਹ ਵਿਚਾਰ ਕਰਨ ਤੋਂ ਪਹਿਲਾਂ ਆਹ ਸਕਰੀਨ ਸ਼ੌਟ ਦੇ ਦਰਸ਼ਨ ਕਰ ਲਓ। ਇਹ ਸ: ਕਪੂਰ ਸਿੰਘ ਦੀ ਸਾਚੀ ਸਾਖੀ ਵਿਚੋਂ, ਪੰਨਾ ਨੰ: 29 ਹੈ। ਕਈ ਇਸ ਨੂੰ ਕਾਚੀ ਸਾਖੀ ਵੀ ਕਹਿੰਦੇ ਹਨ ਅਤੇ ਕਈ ਗੱਪ ਕਹਾਣੀਆਂ ਵੀ ਮੰਨਦੇ ਹਨ। ਜੋ ਕੁੱਝ ਵੀ ਹੈ ਸਿੱਖਾਂ ਦੇ ਪੜ੍ਹੇ ਲਿਖੇ ਵਿਦਵਾਨਾ ਵਿਚੋਂ ਗਿਣਿਆਂ ਜਾਂਦਾ ਹੈ ਅਤੇ ਖਾਲਿਸਤਾਨ ਦਾ ਮੁਦਈ ਵੀ ਸੀ।


ਸ: ਕਪੂਰ ਸਿੰਘ ਦੀ ਇਹ ਕਿਤਾਬ ਮੈਂ ਕਾਫੀ ਸਾਲ ਪਹਿਲਾਂ ਇੰਟਰਨੈੱਟ ਤੋਂ ਡਾਉਨਲੋਡ ਕੀਤੀ ਸੀ। ਕੀ ਇਹ ਵੀ ਕਿਤੇ ਜਾਹਲੀ ਤਾਂ ਨਹੀਂ ਹੈ? ਕਿਉਂਕਿ ਸਾਧਾਂ ਦੇ ਚੇਲੇ ਜਾਹਲੀ ਕਿਤਾਬਾਂ ਛਪਵਾ ਕੇ ਵੰਡਣ ਵਿੱਚ ਕਾਫੀ ਮੁਹਾਰਤ ਰੱਖਦੇ ਹਨ। ਜੇ ਕਰ ਇਹ ਲਿਖਤ ਉਨ੍ਹਾਂ ਦੀ ਅਸਲੀ ਕਿਤਾਬ ਵਿੱਚ ਨਹੀਂ ਹੈ ਤਾਂ ਕਿਰਪਾ ਕਰਕੇ ਜਰੂਰ ਦੱਸਣਾ। ਫਿਰ ਮੈਂ ਇਹ ਲਿਖਤ ਹਟਾ ਦੇਵਾਂਗਾ। ਕਿਉਂਕਿ ਧਰਮ ਦੇ ਨਾਮ ਤੇ ਝੂਠੀਆਂ ਲਿਖਤਾਂ ਪਾ ਕੇ ਮੈਂ ਕਿਸੇ ਨੂੰ ਗੁਮਰਾਹ ਨਹੀਂ ਕਰਨਾ ਚਾਹੁੰਦਾ ਜਿਵੇਂ ਸਾਧਾਂ ਦੇ ਚੇਲੇ ਕਰਦੇ ਹਨ। ਖਾਸ ਕਰਕੇ ਭਿੰਡਰਾਂਵਾਲੇ ਸਾਧ ਦੇ ਚੇਲੇ।
ਹੁਣ ਤੁਸੀਂ ਮਹਾਨ ਕੋਸ਼ ਵਿਚੋਂ ਅਗਲਾ ਸਕਰੀਨ ਸ਼ੌਟ ਦੇਖੋ। ਇਸ ਵਿੱਚ ਅੱਠਵੇਂ ਅਤੇ ਨੌਵੇਂ ਗੁਰੂ ਦੀ ਜਨਮ ਤਾਰੀਖ ਲਿਖੀ ਹੋਈ ਹੈ। ਅੱਠਵੇਂ ਦਾ ਜਨਮ 1656 ਈਸਵੀ ਦਾ ਅਤੇ ਨੌਵੇਂ ਦਾ 1621 ਈਸਵੀ ਹੈ। ਭਾਵ ਕਿ ਨੌਂਵੇਂ ਗੁਰੂ ਅੱਠਵੇਂ ਗੁਰੂ ਤੋਂ ਤਕਰੀਬਨ 35 ਸਾਲ ਵੱਡੇ ਸਨ। ਕੀ ਇਹ ਵੀ ਸੰਭਵ ਨਹੀਂ ਹੋ ਸਕਦਾ ਕਿ ਗੁਰੂ ਹਰਿ ਰਾਏ ਜੀ ਨੇ ਗੁਰਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਹੀ ਦਿੱਤੀ ਹੋਵੇ? ਜਾਂ ਕਿ ਉਨ੍ਹਾਂ ਤੋਂ ਹਾਲੇ ਭੋਰੇ ਵਿੱਚ ਬਿਠਾਲ ਕੇ ਭਗਤੀ ਕਰਵਾਉਣੀ ਸੀ ਅਤੇ ਦਸਵੇਂ ਗ੍ਰੰਥ ਵਿਚਲੀ ਅਰਦਾਸ ਨੂੰ ਗੁਰੂ ਦੀ ਲਿਖਤ ਸਿੱਧ ਕਰਨ ਲਈ ਅੱਠਵੇਂ ਗੁਰੂ ਨੂੰ ਵਿੱਚ ਲਿਆਉਣਾ ਜਰੂਰੀ ਸੀ। ਜੇ ਕਰ ਇਸ ਤਰ੍ਹਾਂ ਕਰਨਾ ਪੈਣਾ ਸੀ ਫਿਰ ਇਹ ਵੀ ਸਿੱਧ ਕਰਨਾ ਪੈਣਾ ਸੀ ਗੁਰੂ ਕੋਲ ਕੋਈ ਰੱਬੀ ਅਲੌਕਿਕ ਸ਼ਕਤੀ ਹੁੰਦੀ ਹੈ ਜਿਹੜੀ ਅਗਾਂਹ ਦੇ ਗੁਰੂ ਨੂੰ ਦਿੱਤੀ ਜਾ ਸਕਦੀ ਹੈ। ਜੇ ਕਰ ਇਸ ਤਰ੍ਹਾਂ ਦੀ ਕੋਈ ਸ਼ਕਤੀ ਹੁੰਦੀ ਹੈ ਅਤੇ ਗੁਰੂ ਕੋਲ ਸੀ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਜੀ ਨੇ ਉਹ ਵਰਤੀ ਕਿਉਂ ਨਹੀਂ? ਉਨ੍ਹਾਂ ਨੂੰ ਕਿਲੇ ਬਣਾ ਕੇ ਲੜਾਈਆਂ ਕਿਉਂ ਲੜਨੀਆਂ ਪਈਆਂ? ਜੇ ਕਰ ਅੱਠਵੇਂ ਪਾਤਸ਼ਾਹ ਕੋਲ ਇਤਨੀ ਸ਼ਕਤੀ ਸੀ ਕਿ ਉਹ ਗੁੰਗੇ ਤੋਂ ਵੀ ਗੀਤਾ ਦੇ ਅਰਥ ਕਰਵਾ ਸਕਦੇ ਹਨ ਫਿਰ ਔਰੰਗਜ਼ੇਬ ਨੂੰ ਵੀ ਜਾ ਕੇ ਵੰਗਾਰ ਸਕਦੇ ਸਨ। ਉਸ ਦਾ ਮਨ ਬਦਲ ਸਕਦੇ ਸਨ। ਜੇ ਕਰ ਮੌਤ ਦਾ ਕੋਈ ਖੌਫ ਨਹੀਂ ਸੀ ਅਤੇ ਸਾਰੀਆਂ ਸ਼ਕਤੀਆਂ ਦੇ ਮਾਲਕ ਸਨ ਫਿਰ ਰਾਜੇ ਦਾ ਕੀ ਡਰ? ਉਹ ਵੀ ਗੁਰੂ ਹੋਣ ਦੇ ਨਾਤੇ ਫਿਰ ਬਿਮਾਰ ਹੋ ਕੇ ਕਾਹਤੋਂ ਮਰਨਾ ਸੀ? ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਹਨ ਜੋ ਸੋਚਣ ਲਈ ਮਜ਼ਬੂਰ ਕਰਦੇ ਹਨ ਕਿ ਇਤਿਹਾਸ ਵਿੱਚ ਬਹੁਤ ਘਾਲਾ ਮਾਲਾ ਕੀਤਾ ਗਿਆ ਲਗਦਾ ਹੈ।

ਜੇ ਕਰ ਦਸਮ ਗ੍ਰੰਥ ਅਥਵਾ ਬਚਿੱਤ੍ਰ ਨਾਟਕ ਨੂੰ ਗੁਰੂ ਦੀ ਬਾਣੀ ਮੰਨਣਾ ਹੈ ਫਿਰ ਸਾਰਾ ਕੁੱਝ ਹੀ ਮੰਨਣਾ ਪਵੇਗਾ। ਇਕੱਲੀ ਅਰਦਾਸ ਵਿਚੋਂ ਕੱਢ ਕੇ ਨਹੀਂ ਸਰਨਾ। ਸੂਰਜ ਪ੍ਰਕਾਸ਼ ਅਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਬਾਰੇ ਵੀ ਸਾਰਾ ਕੁੱਝ ਮੰਨਣਾ ਪਵੇਗਾ ਇਕੱਲੇ ਅਕਾਲ ਤਖ਼ਤ ਨੂੰ ਵਿਚੋਂ ਕੱਢ ਕੇ ਨਹੀਂ ਸਰਨਾ। ਫਿਰ ਇਹ ਵੀ ਮੰਨਣਾ ਪੈਣਾ ਹੈ ਕਿ ਅਕਾਲ ਤਖ਼ਤ ਤਾਂ ਵਿਸ਼ਨੂੰ ਨੇ ਆਪਣੇ ਲਈ ਬਣਾਇਆ ਸੀ, ਛੇਵੇਂ ਗੁਰੂ ਪਵਨ ਦੇਵਤਾ ਦੇ ਪੁੱਤਰ ਸਨ ਪੰਜਵੇਂ ਗੁਰੂ ਦੇ ਨਹੀਂ ਕਿਉਂਕਿ ਉਨ੍ਹਾਂ ਦੀ ਮਾਤਾ ਤਾਂ ਬਾਬੇ ਬੁੱਢੇ ਤੋਂ ਵਰ ਲੈ ਕੇ ਆਉਂਦੀ ਰਸਤੇ ਵਿੱਚ ਹੀ ਪਵਨ ਦੇਵਤੇ ਰਾਹੀਂ ਗਰਭਵਤੀ ਹੋ ਗਈ ਸੀ। ਗੁਰੂ ਜੀ ਅੱਧੀਆਂ ਰਾਤਾਂ ਨੂੰ ਲੋਕਾਂ ਦੀਆਂ ਕੁੜੀਆਂ ਵੀ ਕੱਢ ਕੇ ਲਿਆਉਂਦੇ ਸਨ ਅਤੇ ਫਿਰ ਆਪਣੀਆਂ ਮਾਵਾਂ ਤੋਂ ਝਿੜਕੇ ਵੀ ਖਾਂਦੇ ਸਨ ਜਿਵੇਂ ਕਿ ਕੌਲਾਂ ਵਾਰੀ ਹੋਇਆ ਸੀ। ਜੇ ਕਰ ਦੂਸਰਿਆਂ ਦੀਆਂ ਚੀਜਾਂ ਦੇਖ ਕੇ ਮਨ ਡੋਲ ਜਾਵੇ ਫਿਰ ਗੁਰੂਆਂ ਨੂੰ ਚੋਰੀਆਂ ਡਾਕੇ ਵੀ ਮਰਵਾਉਣੇ ਪੈਂਦੇ ਹਨ। ਗੁਰੂ ਅਮਰਦਾਸ ਜੀ ਦੇ ਸਿਰ ਵਿੱਚ ਜੀਵ ਤੇ ਕੀੜੇ ਪਏ ਹੋਏ ਵੀ ਮੰਨਣੇ ਪੈਣਗੇ ਕਿਉਂਕਿ 11 ਸਾਲ ਗੁਰੂ ਅੰਗਦ ਦੇਵ ਜੀ ਵਲੋਂ ਮਿਲੇ ਕੱਪੜੇ ਨੂੰ ਸਿਰ ਤੇ ਬੰਨ ਕੇ ਉਪਰੋਂ ਰੱਸੀ ਨਾਲ ਘੁੱਟ ਕੇ ਬੰਨ ਲੈਂਦੇ ਸਨ। ਭਾਵ ਕਿ 11 ਸਾਲ ਕੇਸੀ ਇਸ਼ਨਾਨ ਹੀ ਨਹੀਂ ਸੀ ਕੀਤਾ। ਰਾਤ ਨੂੰ ਭੇਸ ਵਟਾ ਕੇ ਮੰਤ੍ਰ ਲੈਣ ਦੇ ਬਹਾਨੇ ਪਰਾਈਆਂ ਇਸਤ੍ਰੀਆਂ ਕੋਲ ਵੀ ਜਾਣਾਂ ਪੈਂਦਾ ਹੈ। ਗੁਰੂਆਂ ਨੂੰ ਅਫੀਮ ਵੀ ਖਾਣੀ ਪੈਂਣੀ ਹੈ। ਮਾਤਾ ਭਾਗ ਕੌਰ ਵਰਗੀਆਂ ਨੂੰ ਨਗਨ ਅਵਸਥਾ ਵਿੱਚ ਫਿਰਨਾ ਪੈਂਣਾਂ ਹੈ। ਇਹ ਤਾਂ ਸਿਰਫ ਕਿਨਕਾ ਮਾਤਰ ਹੀ ਦੱਸਿਆ ਹੈ ਹੋਰ ਵੀ ਬਹੁਤ ਕੁੱਝ ਮੰਨਣਾ ਪੈਣਾ ਹੈ। ਚਲੋ ਇਹ ਤਾਂ ਸਿੱਖਾਂ ਦੀ ਮਰਜੀ ਹੈ ਇਨ੍ਹਾਂ ਨੇ ਕੀ ਮੰਨਣਾ ਅਤੇ ਕੀ ਨਹੀਂ ਮੰਨਣਾ। ਉਂਜ ਮੇਰਾ ਤਾਂ ਇਹ ਮੰਨਣਾ ਹੈ ਕਿ ਸਿੱਖਾਂ ਨੂੰ ਅਕਲ ਆਉਣੀ ਬਹੁਤ ਮੁਸ਼ਕਲ ਗੱਲ ਹੈ। ਮੇਰਾ ਤਾਂ ਕੋਈ ਰੌਲਾ ਨਹੀਂ ਜਦੋਂ ਮੈਂ ਆਪਣੇ ਆਪ ਹੀ ਇਨ੍ਹਾਂ ਦੇ ਧਰਮ ਵਿਚੋਂ ਬਾਹਰ ਹੋ ਗਿਆ ਹਾਂ। ਮੈਂ ਤਾਂ ਸਿਰਫ ਸ਼ੀਸ਼ਾ ਦਿਖਾਲਣ ਦੀ ਕੋਸ਼ਿਸ਼ ਕਰਦਾ ਹਾਂ ਕਿ ਸ਼ਾਇਦ ਕਿਸੇ ਇੱਕ ਅੱਧੇ ਨੂੰ ਕੋਈ ਅਕਲ ਆ ਹੀ ਜਾਵੇ ਅਤੇ ਇਹ ਆਪਣੀ ਝਗੜੇ ਘਟਾ ਕੇ ਸਮਾਜ ਦੀ ਉਨਤੀ ਲਈ ਆਪਣਾ ਕੋਈ ਯੋਗਦਾਨ ਪਾ ਸਕਣ। ਹਾਂ ਸੱਚ, ਇਸ ਲੇਖ ਬਾਰੇ ਜਰੂਰ ਸੋਚ ਲਿਓ ਕਿ ਜੋ ਮੈਂ ਕਪੂਰ ਸਿੰਘ ਦੀ ਸਾਚੀ ਸਾਖੀ ਵਿਚੋਂ ਹਵਾਲਾ ਦਿੱਤਾ ਹੈ ਉਸ ਅਨੁਸਾਰ ਆਤਮ ਹੱਤਿਆ ਵਾਲੀ ਗੱਲ ਠੀਕ ਢੁਕਦੀ ਹੈ ਜਾਂ ਨਹੀਂ?
ਮੱਖਣ ਪੁਰੇਵਾਲ,
ਜਨਵਰੀ 01, 2023.
.